ਦੇਹਧਾਰਣ ਦਾ ਰਹੱਸ (4)

ਤੁਹਾਨੂੰ ਬਾਈਬਲ ਦੇ ਪਿੱਛੇ ਦੀ ਕਹਾਣੀ ਅਤੇ ਇਸ ਦੀ ਰਚਨਾ ਬਾਰੇ ਪਤਾ ਹੋਣਾ ਚਾਹੀਦਾ ਹੈ। ਇਹ ਗਿਆਨ ਦਾ ਉਨ੍ਹਾਂ ਨਾਲ ਕੋਈ ਸੰਬੰਧ ਨਹੀਂ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਵੇਂ ਕੰਮ ਨੂੰ ਸਵੀਕਾਰਿਆ ਨਹੀਂ ਹੈ। ਉਹ ਨਹੀਂ ਜਾਣਦੇ ਹਨ। ਜੇ ਤੂੰ ਉਨ੍ਹਾਂ ਨਾਲ ਸਾਰ ਦੀਆਂ ਇਨ੍ਹਾਂ ਗੱਲਾਂ ਬਾਰੇ ਸਪਸ਼ਟ ਰੂਪ ਵਿੱਚ ਬੋਲਣਾ ਹੋਵੇ, ਤਾਂ ਉਹ ਤੇਰੇ ਨਾਲ ਬਾਈਬਲ ਦੇ ਨੇਮੀ ਹੁਣ ਹੋਰ ਨਹੀਂ ਬਣੇ ਰਹਿਣਗੇ। ਉਹ ਨਿਰੰਤਰ ਇਹੀ ਫੋਲਾ-ਫਾਲੀ ਕਰਦੇ ਰਹਿੰਦੇ ਹਨ ਕਿ ਕੀ ਭਵਿੱਖਬਾਣੀ ਕੀਤੀ ਗਈ ਹੈ: ਕੀ ਇਹ ਬਿਰਤਾਂਤ (ਗੱਲ ਵਾਪਰੀ) ਵਾਪਰਿਆ ਹੈ? ਕੀ ਉਹ ਬਿਰਤਾਂਤ (ਗੱਲ ਵਾਪਰੀ) ਵਾਪਰਿਆ ਹੈ? ਉਨ੍ਹਾਂ ਦਾ ਇੰਜੀਲ ਨੂੰ ਸਵੀਕਾਰ ਕਰਨਾ ਬਾਈਬਲ ਦੇ ਅਨੁਸਾਰ ਹੁੰਦਾ ਹੈ, ਅਤੇ ਉਹ ਬਾਈਬਲ ਦੇ ਅਨੁਸਾਰ ਹੀ ਇੰਜੀਲ ਦਾ ਪ੍ਰਚਾਰ ਕਰਦੇ ਹਨ। ਪਰਮੇਸ਼ੁਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਬਾਈਬਲ ਦੇ ਵਚਨਾਂ ’ਤੇ ਟਿਕਿਆ ਹੋਇਆ ਹੈ; ਬਾਈਬਲ ਤੋਂ ਬਿਨਾ, ਉਹ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਨਗੇ। ਇਹ ਉਹ ਤਰੀਕਾ ਹੈ ਜਿਸ ਤਰ੍ਹਾਂ ਉਹ, ਬਾਈਬਲ ਨੂੰ ਮਾਮੂਲੀ ਜਿਹੀ ਜਾਂਚ-ਪੜਤਾਲ ਦੇ ਅਧੀਨ ਰੱਖਦੇ ਹੋਏ ਜੀਉਂਦੇ ਹਨ। ਜਦੋਂ ਉਹ ਇੱਕ ਵਾਰ ਫਿਰ ਬਾਈਬਲ ਦੀ ਫੋਲਾ-ਫਾਲੀ ਕਰਦੇ ਹਨ ਤੇ ਤੈਨੂੰ ਸਮਝਾਉਣ ਲਈ ਕਹਿੰਦੇ ਹਨ, ਤਾਂ ਤੂੰ ਕਹਿੰਦਾ ਹੈਂ, “ਪਹਿਲਾਂ, ਆਓ ਆਪਾਂ ਹਰ ਬਿਰਤਾਂਤ ਦੀ ਪੁਸ਼ਟੀ ਨਾ ਕਰੀਏ। ਇਸ ਦੀ ਬਜਾਏ, ਇਹ ਦੇਖੀਏ ਕਿ ਪਵਿੱਤਰ ਆਤਮਾ ਕਿਵੇਂ ਕੰਮ ਕਰਦਾ ਹੈ। ਆਓ ਅਸੀਂ ਉਸ ਮਾਰਗ ਨੂੰ ਦੇਖੀਏ ਜਿਸ ’ਤੇ ਅਸੀਂ ਚੱਲਦੇ ਹਾਂ ਅਤੇ ਫਿਰ ਇਹ ਦੇਖਣ ਲਈ ਸੱਚਾਈ ਨਾਲ ਇਸ ਦੀ ਤੁਲਨਾ ਕਰੀਏ ਕਿ ਕੀ ਇਹ ਮਾਰਗ ਸੱਚਮੁੱਚ ਪਵਿੱਤਰ ਆਤਮਾ ਦਾ ਕੰਮ ਹੈ, ਅਤੇ ਆਓ ਆਪਾਂ ਇਹ ਜਾਂਚਣ ਲਈ ਪਵਿੱਤਰ ਆਤਮਾ ਦੇ ਕੰਮ ਦਾ ਇਸਤੇਮਾਲ ਕਰੀਏ ਕਿ ਕੀ ਇਹ ਮਾਰਗ ਸਹੀ ਹੈ ਜਾਂ ਨਹੀਂ। ਜਿੱਥੋਂ ਤਕ ਇਸ ਦਾ ਸੰਬੰਧ ਹੈ ਕਿ ਕੀ ਇਹ ਬਿਰਤਾਂਤ ਜਾਂ ਉਹ ਬਿਰਤਾਂਤ ਭਵਿੱਖਬਾਣੀ ਅਨੁਸਾਰ ਵਾਪਰਿਆ ਹੈ ਜਾਂ ਨਹੀਂ, ਸਾਨੂੰ ਮਨੁੱਖਾਂ ਨੂੰ ਇਸ ਵਿੱਚ ਆਪਣੀ ਟੰਗ ਨਹੀਂ ਅੜਾਉਣੀ ਚਾਹੀਦੀ। ਸਾਡੇ ਲਈ ਇਹੀ ਬਿਹਤਰ ਹੈ ਕਿ ਇਸ ਦੀ ਬਜਾਏ ਅਸੀਂ ਪਵਿੱਤਰ ਆਤਮਾ ਦੇ ਕੰਮ ਬਾਰੇ ਅਤੇ ਉਸ ਤਾਜ਼ਾ ਕੰਮ ਬਾਰੇ ਬੋਲੀਏ ਜੋ ਪਰਮੇਸ਼ੁਰ ਕਰਦਾ ਆ ਰਿਹਾ ਹੈ।” ਬਾਈਬਲ ਵਿਚਲੇ ਅਗੰਮ ਵਾਕ ਉਨ੍ਹਾਂ ਨਬੀਆਂ ਦੁਆਰਾ ਉਸ ਸਮੇਂ ਪ੍ਰਸਾਰਤ ਕੀਤੇ ਗਏ ਪਰਮੇਸ਼ੁਰ ਦੇ ਵਚਨ ਅਤੇ ਉਨ੍ਹਾਂ ਮਨੁੱਖਾਂ ਦੁਆਰਾ ਲਿਖੇ ਵਚਨ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਪ੍ਰੇਰਣਾ ਪ੍ਰਾਪਤ ਕਰਨ ਤੋਂ ਬਾਅਦ ਵਰਤਿਆ ਸੀ; ਸਿਰਫ਼ ਖੁਦ ਪਰਮੇਸ਼ੁਰ ਹੀ ਉਨ੍ਹਾਂ ਵਚਨਾਂ ਦੀ ਵਿਆਖਿਆ ਕਰ ਸਕਦਾ ਹੈ, ਸਿਰਫ਼ ਪਵਿੱਤਰ ਆਤਮਾ ਹੀ ਉਨ੍ਹਾਂ ਵਚਨਾਂ ਦੇ ਅਰਥਾਂ ਬਾਰੇ ਦੱਸ ਸਕਦਾ ਹੈ, ਅਤੇ ਸਿਰਫ਼ ਖੁਦ ਪਰਮੇਸ਼ੁਰ ਹੀ ਸੱਤ ਮੋਹਰਾਂ ਨੂੰ ਤੋੜ ਸਕਦਾ ਹੈ ਤੇ ਪੋਥੀ ਨੂੰ ਖੋਲ੍ਹ ਸਕਦਾ ਹੈ। ਤੂੰ ਕਹਿੰਦਾ ਹੈਂ: “ਤੂੰ ਪਰਮੇਸ਼ੁਰ ਨਹੀਂ ਹੈਂ, ਤੇ ਨਾ ਹੀ ਮੈਂ ਹਾਂ, ਤਾਂ ਫਿਰ ਪਰਮੇਸ਼ੁਰ ਦੇ ਵਚਨਾਂ ਦੀ ਸਰਸਰੀ ਜਿਹੇ ਢੰਗ ਨਾਲ ਵਿਆਖਿਆ ਕਰਨ ਦੀ ਹਿੰਮਤ ਕਿਸ ਵਿੱਚ ਹੈ? ਕੀ ਤੇਰੇ ਵਿੱਚ ਉਨ੍ਹਾਂ ਵਚਨਾਂ ਦੀ ਵਿਆਖਿਆ ਕਰਨ ਦੀ ਹਿੰਮਤ ਹੈ? ਭਾਵੇਂ ਨਬੀ ਯਿਰਮਿਯਾਹ, ਯੂਹੰਨਾ ਅਤੇ ਏਲੀਯਾਹ ਨੇ ਆਉਣਾ ਵੀ ਹੁੰਦਾ, ਉਹ ਉਨ੍ਹਾਂ ਵਚਨਾਂ ਦੀ ਵਿਆਖਿਆ ਅਤੇ ਕੋਸ਼ਿਸ਼ ਕਰਨ ਦੀ ਹਿੰਮਤ ਨਾ ਕਰਦੇ, ਕਿਉਂਕਿ ਉਹ ਲੇਲਾ ਨਹੀਂ ਹਨ। ਸਿਰਫ਼ ਲੇਲਾ ਹੀ ਸੱਤ ਮੋਹਰਾਂ ਨੂੰ ਤੋੜ ਸਕਦਾ ਹੈ ਤੇ ਪੋਥੀ ਨੂੰ ਖੋਲ੍ਹ ਸਕਦਾ ਹੈ, ਅਤੇ ਕੋਈ ਹੋਰ ਉਸ ਦੇ ਵਚਨਾਂ ਦੀ ਵਿਆਖਿਆ ਨਹੀਂ ਕਰ ਸਕਦਾ। ਮੈਂ ਪਰਮੇਸ਼ੁਰ ਦੇ ਨਾਮ ਨੂੰ ਖੋਹਣ ਦੀ ਹਿੰਮਤ ਨਹੀਂ ਕਰਦਾ, ਪਰਮੇਸ਼ੁਰ ਦੇ ਵਚਨਾਂ ਦੀ ਵਿਆਖਿਆ ਕਰਨ ਦਾ ਯਤਨ ਤਾਂ ਬਿਲਕੁਲ ਵੀ ਨਹੀਂ। ਮੈਂ ਸਿਰਫ਼ ਉਹੀ ਹੋ ਸਕਦਾ ਹਾਂ ਜੋ ਪਰਮੇਸ਼ੁਰ ਦਾ ਆਗਿਆ ਪਾਲਣ ਕਰਦਾ ਹੈ। ਕੀ ਤੂੰ ਪਰਮੇਸ਼ੁਰ ਹੈਂ? ਪਰਮੇਸ਼ੁਰ ਦੇ ਪ੍ਰਾਣੀਆਂ ਵਿੱਚੋਂ ਕੋਈ ਵੀ ਪੋਥੀ ਨੂੰ ਖੋਲ੍ਹਣ ਜਾਂ ਉਨ੍ਹਾਂ ਵਚਨਾਂ ਦੀ ਵਿਆਖਿਆ ਕਰਨ ਦੀ ਹਿੰਮਤ ਨਹੀਂ ਕਰਦਾ, ਅਤੇ ਇਸੇ ਲਈ ਮੈਂ ਵੀ ਉਨ੍ਹਾਂ ਦੀ ਵਿਆਖਿਆ ਕਰਨ ਦੀ ਹਿੰਮਤ ਨਹੀਂ ਕਰਦਾ। ਬਿਹਤਰ ਹੋਵੇਗਾ ਕਿ ਤੂੰ ਉਨ੍ਹਾਂ ਦੀ ਵਿਆਖਿਆ ਕਰਨ ਦਾ ਯਤਨ ਨਾ ਕਰੇਂ। ਕਿਸੇ ਨੂੰ ਉਨ੍ਹਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਆਓ ਅਸੀਂ ਪਵਿੱਤਰ ਆਤਮਾ ਦੇ ਕੰਮ ਬਾਰੇ ਗੱਲ ਕਰੀਏ; ਮਨੁੱਖ ਇੰਨਾ ਤਾਂ ਕਰ ਹੀ ਸਕਦਾ ਹੈ। ਮੈਂ ਯਹੋਵਾਹ ਅਤੇ ਯਿਸੂ ਦੇ ਕੰਮ ਬਾਰੇ ਥੋੜ੍ਹਾ ਜਿਹਾ ਜਾਣਦਾ ਹਾਂ, ਪਰ ਕਿਉਂਕਿ ਮੇਰੇ ਕੋਲ ਅਜਿਹੇ ਕੰਮ ਦਾ ਕੋਈ ਵਿਅਕਤੀਗਤ ਅਨੁਭਵ ਨਹੀਂ ਹੈ, ਤਾਂ ਮੈਂ ਇਸ ਬਾਰੇ ਕੁਝ ਹੱਦ ਤਕ ਹੀ ਬੋਲ ਸਕਦਾ ਹਾਂ। ਜਿੱਥੋਂ ਤਕ ਯਸਾਯਾਹ ਜਾਂ ਯਿਸੂ ਦੁਆਰਾ ਉਨ੍ਹਾਂ ਦੇ ਸਮੇਂ ਵਿੱਚ ਬੋਲੇ ਗਏ ਵਚਨਾਂ ਦੇ ਅਰਥ ਦਾ ਸੁਆਲ ਹੈ, ਮੈਂ ਕੋਈ ਵਿਆਖਿਆ ਨਹੀਂ ਕਰਾਂਗਾ। ਮੈਂ ਬਾਈਬਲ ਦਾ ਅਧਿਐਨ ਨਹੀਂ ਕਰਦਾ, ਪਰ ਇਸ ਦੀ ਬਜਾਏ ਮੈਂ ਪਰਮੇਸ਼ੁਰ ਦੇ ਵਰਤਮਾਨ ਕੰਮ ਦੇ ਪਿੱਛੇ ਚੱਲਦਾ ਹਾਂ। ਤੂੰ ਅਸਲ ਵਿੱਚ ਬਾਈਬਲ ਨੂੰ ਛੋਟੀ ਜਿਹੀ ਪੋਥੀ ਵਾਂਗ ਸਮਝਦਾ ਹੈਂ, ਪਰ ਕੀ ਇਹ ਅਜਿਹੀ ਚੀਜ਼ ਨਹੀਂ ਜੋ ਸਿਰਫ਼ ਲੇਲਾ ਹੀ ਖੋਲ੍ਹ ਸਕਦਾ ਹੈ? ਲੇਲੇ ਤੋਂ ਇਲਾਵਾ, ਹੋਰ ਕੌਣ ਇਸ ਨੂੰ ਖੋਲ੍ਹ ਸਕਦਾ ਹੈ? ਤੂੰ ਲੇਲਾ ਨਹੀਂ ਹੈਂ, ਅਤੇ ਮੇਰੇ ਵਿੱਚ ਖੁਦ ਪਰਮੇਸ਼ੁਰ ਹੋਣ ਦਾ ਦਾਅਵਾ ਕਰਨ ਦੀ ਹਿੰਮਤ ਤਾਂ ਬਿਲਕੁਲ ਵੀ ਨਹੀਂ ਹੈ, ਇਸ ਲਈ ਆਓ ਆਪਾਂ ਬਾਈਬਲ ਦਾ ਵਿਸ਼ਲੇਸ਼ਣ ਨਾ ਕਰੀਏ ਅਤੇ ਨਾ ਹੀ ਇਸ ਦੀ ਛੋਟੀ-ਮੋਟੀ ਛਾਣਬੀਣ ਕਰੀਏ। ਇਸ ਤੋਂ ਕਿਤੇ ਬਿਹਤਰ ਹੋਵੇਗਾ ਕਿ ਪਵਿੱਤਰ ਆਤਮਾ ਦੁਆਰਾ ਕੀਤੇ ਕੰਮ, ਭਾਵ ਇਹ ਕਿ, ਖੁਦ ਪਰਮੇਸ਼ੁਰ ਦੁਆਰਾ ਇਸ ਸਮੇਂ ਕੀਤੇ ਜਾਂਦੇ ਕੰਮ ਦੀ ਚਰਚਾ ਕੀਤੀ ਜਾਵੇ। ਆਓ ਦੇਖੀਏ ਕਿ ਪਰਮੇਸ਼ੁਰ ਕਿਹੜੇ ਸਿਧਾਂਤਾਂ ਨਾਲ ਕੰਮ ਕਰਦਾ ਹੈ ਅਤੇ ਉਸ ਦੇ ਕੰਮ ਦਾ ਤੱਤ ਕੀ ਹੈ, ਇਨ੍ਹਾਂ ਦੀ ਵਰਤੋਂ ਕਰਕੇ ਇਹ ਪੜਤਾਲ ਕਰੀਏ ਕਿ ਕੀ ਅੱਜ ਅਸੀਂ ਜਿਸ ਮਾਰਗ ’ਤੇ ਚੱਲਦੇ ਹਾਂ ਉਹ ਸਹੀ ਹੈ, ਅਤੇ ਇਸ ਤਰੀਕੇ ਨਾਲ ਇਸ ਨੂੰ ਨਿਸ਼ਚਤ ਕਰੀਏ।” ਜੇ ਤੂੰ ਇੰਜੀਲ ਦਾ ਪ੍ਰਚਾਰ ਕਰਨਾ ਚਾਹੁੰਦਾ ਹੈਂ, ਖਾਸ ਕਰਕੇ ਧਾਰਮਿਕ ਸੰਸਾਰ ਵਿਚਲੇ ਲੋਕਾਂ ਲਈ, ਤਾਂ ਇਹ ਜ਼ਰੂਰੀ ਹੈ ਕਿ ਤੈਨੂੰ ਬਾਈਬਲ ਦੀ ਸਮਝ ਹੋਵੇ ਅਤੇ ਇਸ ਦੇ ਅੰਦਰ ਦੀ ਕਹਾਣੀ ’ਤੇ ਤੇਰੀ ਮੁਹਾਰਤ ਹੋਵੇ; ਨਹੀਂ ਤਾਂ, ਤੇਰੇ ਲਈ ਇੰਜੀਲ ਦਾ ਪ੍ਰਚਾਰ ਕਰਨ ਦਾ ਕੋਈ ਤਰੀਕਾ ਨਹੀਂ ਹੈ। ਇੱਕ ਵਾਰ ਜਦੋਂ ਤੂੰ ਵਿਸਤ੍ਰਿਤ ਨਜ਼ਰੀਏ ’ਤੇ ਮੁਹਾਰਤ ਹਾਸਲ ਕਰ ਲਵੇਂਗਾ, ਅਤੇ ਮਾਮੂਲੀ ਢੰਗ ਨਾਲ ਬਾਈਬਲ ਦੇ ਬੇਜਾਨ ਵਚਨਾਂ ਦੀ ਛਾਣਬੀਣ ਕਰਨੀ ਬੰਦ ਕਰ ਦੇਵੇਂਗਾ, ਸਗੋਂ ਸਿਰਫ਼ ਪਰਮੇਸ਼ੁਰ ਦੇ ਕੰਮ ਅਤੇ ਜੀਵਨ ਦੀ ਸੱਚਾਈ ਬਾਰੇ ਹੀ ਗੱਲ ਕਰੇਂਗਾ, ਤਾਂ ਫਿਰ ਤੂੰ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਸਕੇਂਗਾ ਜੋ ਸੱਚੇ ਹਿਰਦੇ ਨਾਲ ਭਾਲ ਕਰਦੇ ਹਨ।

ਯਹੋਵਾਹ ਦਾ ਕੰਮ, ਉਸ ਨੇ ਜੋ ਕਾਨੂੰਨ ਲਾਗੂ ਕੀਤੇ, ਅਤੇ ਜਿਨ੍ਹਾਂ ਸਿਧਾਂਤਾਂ ਦੁਆਰਾ ਉਸ ਨੇ ਮਨੁੱਖਾਂ ਨੂੰ ਉਨ੍ਹਾਂ ਦੇ ਜੀਵਨ ਜੀਉਣ ਵਿੱਚ ਮਾਰਗ ਦਰਸ਼ਨ ਦਿੱਤਾ, ਸ਼ਰਾ ਦੇ ਯੁਗ ਵਿੱਚ ਉਸ ਨੇ ਜੋ ਕੰਮ ਕੀਤਾ ਉਸ ਵਿਚਲੇ ਵਿਸ਼ੇ, ਉਸ ਦੁਆਰਾ ਆਪਣੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਅਹਿਮੀਅਤ, ਕਿਰਪਾ ਦੇ ਯੁਗ ਲਈ ਉਸ ਦੇ ਕੰਮ ਦੀ ਅਹਿਮੀਅਤ, ਅਤੇ ਪਰਮੇਸ਼ੁਰ ਇਸ ਅੰਤਮ ਪੜਾਅ ਵਿੱਚ ਕੀ ਕੰਮ ਕਰਦਾ ਹੈ: ਇਹ ਉਹ ਗੱਲਾਂ ਹਨ ਜਿਹੜੀਆਂ ਤੁਹਾਨੂੰ ਸਮਝਣੀਆਂ ਚਾਹੀਦੀਆਂ ਹਨ। ਪਹਿਲਾ ਪੜਾਅ ਸ਼ਰਾ ਦੇ ਯੁਗ ਦਾ ਕੰਮ ਹੈ, ਦੂਜਾ ਕਿਰਪਾ ਦੇ ਯੁਗ ਦਾ ਕੰਮ, ਅਤੇ ਤੀਜਾ ਅੰਤ ਦੇ ਦਿਨਾਂ ਦਾ ਕੰਮ ਹੈ। ਪਰਮੇਸ਼ੁਰ ਦੇ ਕੰਮ ਦੇ ਇਨ੍ਹਾਂ ਪੜਾਵਾਂ ਬਾਰੇ ਤੁਹਾਡਾ ਸਪਸ਼ਟ ਹੋਣਾ ਜ਼ਰੂਰੀ ਹੈ। ਅਰੰਭ ਤੋਂ ਲੈ ਕੇ ਅੰਤ ਤਕ, ਕੁੱਲ ਮਿਲਾ ਕੇ ਤਿੰਨ ਪੜਾਅ ਹਨ। ਕੰਮ ਦੇ ਹਰ ਪੜਾਅ ਦਾ ਤੱਤ ਕੀ ਹੈ? ਛੇ-ਹਜ਼ਾਰ-ਸਾਲਾ ਪ੍ਰਬੰਧਨ ਯੋਜਨਾ ਦੇ ਕੰਮ ਵਿੱਚ ਕਿੰਨੇ ਪੜਾਅ ਪੂਰੇ ਕੀਤੇ ਜਾਂਦੇ ਹਨ? ਇਹ ਪੜਾਅ ਕਿਵੇਂ ਪੂਰੇ ਕੀਤੇ ਜਾਂਦੇ ਹਨ, ਅਤੇ ਹਰ ਇੱਕ ਨੂੰ ਆਪਣੇ ਖਾਸ ਹੀ ਤਰੀਕੇ ਨਾਲ ਕਿਉਂ ਪੂਰਾ ਕੀਤਾ ਜਾਂਦਾ ਹੈ? ਇਹ ਸਭ ਨਿਰਣਾਇਕ ਸੁਆਲ ਹਨ। ਹਰ ਯੁਗ ਦੇ ਕੰਮ ਦਾ ਨੁਮਾਇੰਦਗੀ ਪੱਖੋਂ ਮਹੱਤਵ ਹੁੰਦਾ ਹੈ। ਯਹੋਵਾਹ ਨੇ ਕਿਹੜਾ ਕੰਮ ਪੂਰਾ ਕੀਤਾ? ਉਸ ਨੇ ਉਸ ਖਾਸ ਤਰੀਕੇ ਨਾਲ ਇਹ ਕਿਉਂ ਕੀਤਾ? ਉਸ ਨੂੰ ਯਹੋਵਾਹ ਕਿਉਂ ਕਿਹਾ ਜਾਂਦਾ ਸੀ? ਫਿਰ ਤੋਂ, ਕਿਰਪਾ ਦੇ ਯੁਗ ਵਿੱਚ ਯਿਸੂ ਨੇ ਕਿਹੜਾ ਕੰਮ ਪੂਰਾ ਕੀਤਾ ਅਤੇ ਉਸ ਨੇ ਇਹ ਕਿਸ ਤਰੀਕੇ ਨਾਲ ਕੀਤਾ? ਪਰਮੇਸ਼ੁਰ ਦੇ ਸੁਭਾਅ ਦੇ ਕਿਹੜੇ ਪਹਿਲੂ ਕੰਮ ਦੇ ਹਰੇਕ ਪੜਾਅ ਤੇ ਹਰੇਕ ਯੁਗ ਦੁਆਰਾ ਦਰਸਾਏ ਜਾਂਦੇ ਹਨ? ਸ਼ਰਾ ਦੇ ਯੁਗ ਵਿੱਚ ਉਸ ਦੇ ਸੁਭਾਅ ਦੇ ਕਿਹੜੇ ਪਹਿਲੂ ਪਰਗਟ ਕੀਤੇ ਗਏ ਸਨ? ਤੇ ਕਿਹੜੇ ਕਿਰਪਾ ਦੇ ਯੁਗ ਵਿੱਚ? ਤੇ ਅੰਤਮ ਯੁਗ ਵਿੱਚ ਕਿਹੜੇ? ਇਹ ਉਹ ਅਸਲ ਸੁਆਲ ਹਨ ਜਿਨ੍ਹਾਂ ਬਾਰੇ ਤੈਨੂੰ ਸਪਸ਼ਟ ਹੋਣਾ ਪਵੇਗਾ। ਪਰਮੇਸ਼ੁਰ ਦਾ ਸਮੁੱਚਾ ਸੁਭਾਅ ਛੇ-ਹਜ਼ਾਰ-ਸਾਲਾ ਪ੍ਰਬੰਧਨ ਯੋਜਨਾ ਦੇ ਦੌਰਾਨ ਪਰਗਟ ਕੀਤਾ ਗਿਆ ਹੈ। ਇਹ ਸਿਰਫ਼ ਕਿਰਪਾ ਦੇ ਯੁਗ ਵਿੱਚ ਹੀ ਨਹੀਂ ਪਰਗਟ ਕੀਤਾ ਜਾਂਦਾ, ਨਾ ਸਿਰਫ਼ ਸ਼ਰਾ ਦੇ ਯੁਗ ਵਿੱਚ, ਸਿਰਫ਼ ਅੰਤ ਦੇ ਦਿਨਾਂ ਦੇ ਇਸ ਅਰਸੇ ਵਿੱਚ ਤਾਂ ਬਿਲਕੁਲ ਵੀ ਨਹੀਂ। ਅੰਤ ਦੇ ਦਿਨਾਂ ਵਿੱਚ ਕੀਤਾ ਜਾਂਦਾ ਕੰਮ ਨਿਆਂ, ਕ੍ਰੋਧ ਅਤੇ ਤਾੜਨਾ ਦੀ ਨੁਮਾਇੰਦਗੀ ਕਰਦਾ ਹੈ। ਅੰਤ ਦੇ ਦਿਨਾਂ ਵਿੱਚ ਕੀਤਾ ਜਾਂਦਾ ਕੰਮ ਸ਼ਰਾ ਦੇ ਯੁਗ ਦੇ ਕੰਮ ਜਾਂ ਕਿਰਪਾ ਦੇ ਯੁਗ ਦੇ ਕੰਮ ਦੀ ਥਾਂ ਨਹੀਂ ਲੈ ਸਕਦਾ। ਹਾਲਾਂਕਿ, ਤਿੰਨੋ ਪੜਾਅ, ਆਪਸ ਵਿੱਚ ਜੁੜ ਕੇ, ਇੱਕ ਹੋਂਦ ਬਣਾਉਂਦੇ ਹਨ, ਅਤੇ ਸਭ ਇੱਕ ਹੀ ਪਰਮੇਸ਼ੁਰ ਦਾ ਕੰਮ ਹਨ। ਕੁਦਰਤੀ ਤੌਰ ਤੇ, ਇਸ ਕੰਮ ਦਾ ਪਾਲਣ ਵੱਖੋ-ਵੱਖਰੇ ਯੁੱਗਾਂ ਵਿੱਚ ਵੰਡਿਆ ਗਿਆ ਹੈ। ਅੰਤ ਦੇ ਦਿਨਾਂ ਵਿੱਚ ਕੀਤਾ ਕੰਮ ਹਰ ਚੀਜ਼ ਨੂੰ ਅੰਤ ਤਕ ਲਿਆਉਂਦਾ ਹੈ; ਸ਼ਰਾ ਦੇ ਯੁਗ ਵਿੱਚ ਕੀਤਾ ਗਿਆ ਕੰਮ ਅਰੰਭ ਕਰਨ ਦਾ ਕੰਮ ਸੀ; ਅਤੇ ਕਿਰਪਾ ਦੇ ਯੁਗ ਵਿੱਚ ਕੀਤਾ ਗਿਆ ਕੰਮ ਛੁਟਕਾਰੇ ਦਾ ਕੰਮ ਸੀ। ਜਿੱਥੋਂ ਤਕ ਇਸ ਸਮੁੱਚੀ ਛੇ-ਹਜ਼ਾਰ ਸਾਲਾ ਪ੍ਰਬੰਧਨ ਯੋਜਨਾ ਵਿਚਲੇ ਕੰਮ ਦੇ ਦਰਸ਼ਣਾਂ ਦਾ ਸੰਬੰਧ ਹੈ, ਕੋਈ ਵੀ ਇਸ ਬਾਰੇ ਅੰਤਰਦ੍ਰਿਸ਼ਟੀ ਜਾਂ ਸਮਝ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ, ਅਤੇ ਇਹ ਦਰਸ਼ਣ ਬੁਝਾਰਤ ਬਣੇ ਹੋਏ ਹਨ। ਅੰਤ ਦੇ ਦਿਨਾਂ ਵਿੱਚ, ਰਾਜ ਦੇ ਯੁਗ ਨੂੰ ਅਰੰਭ ਕਰਨ ਲਈ ਸਿਰਫ਼ ਵਚਨ ਦਾ ਕੰਮ ਪੂਰਾ ਕੀਤਾ ਜਾਂਦਾ ਹੈ, ਪਰ ਇਹ ਸਾਰੇ ਯੁਗਾਂ ਦੀ ਨੁਮਾਇੰਦਗੀ ਨਹੀਂ ਕਰਦਾ। ਅੰਤ ਦੇ ਦਿਨ, ਅੰਤ ਦੇ ਦਿਨਾਂ ਨਾਲੋਂ ਵੱਧ ਨਹੀਂ ਹੁੰਦੇ ਅਤੇ ਨਾ ਹੀ ਰਾਜ ਦੇ ਯੁਗ ਤੋਂ ਵੱਧ ਹੁੰਦੇ ਹਨ, ਅਤੇ ਉਹ ਕਿਰਪਾ ਦੇ ਯੁਗ ਜਾਂ ਸ਼ਰਾ ਦੇ ਯੁਗ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਸਿਰਫ਼ ਇੰਨਾ ਹੈ ਕਿ, ਅੰਤ ਦੇ ਦਿਨਾਂ ਦੇ ਦੌਰਾਨ, ਛੇ-ਹਜ਼ਾਰ-ਸਾਲਾ ਪ੍ਰਬੰਧਨ ਯੋਜਨਾ ਦਾ ਸਾਰਾ ਕੰਮ ਤੁਹਾਨੂੰ ਪਰਗਟ ਕੀਤਾ ਜਾਂਦਾ ਹੈ। ਇਸ ਨੂੰ ਰਹੱਸ ਤੋਂ ਪਰਦਾ ਹਟਾਉਣਾ ਕਹਿੰਦੇ ਹਨ। ਇਸ ਕਿਸਮ ਦਾ ਰਹੱਸ ਅਜਿਹਾ ਹੈ ਜਿਸ ਤੋਂ ਕਿਸੇ ਵੀ ਮਨੁੱਖ ਦੁਆਰਾ ਪਰਦਾ ਨਹੀਂ ਹਟਾਇਆ ਜਾ ਸਕਦਾ। ਮਨੁੱਖ ਨੂੰ ਭਾਵੇਂ ਬਾਈਬਲ ਦੀ ਕਿੰਨੀ ਵੀ ਸ਼ਾਨਦਾਰ ਸਮਝ ਕਿਉਂ ਨਾ ਹੋਵੇ, ਇਹ ਸ਼ਬਦਾਂ ਤੋਂ ਵੱਧ ਕੁਝ ਵੀ ਨਹੀਂ ਰਹੀ, ਕਿਉਂਕਿ ਮਨੁੱਖ ਬਾਈਬਲ ਦੇ ਸਾਰ ਨੂੰ ਨਹੀਂ ਸਮਝਦਾ। ਬਾਈਬਲ ਨੂੰ ਪੜ੍ਹਦਿਆਂ, ਮਨੁੱਖ ਸ਼ਾਇਦ ਕੁਝ ਸੱਚਾਈਆਂ ਨੂੰ ਸਮਝ ਸਕਦਾ ਹੋਵੇ, ਕੁਝ ਵਚਨਾਂ ਦੀ ਵਿਆਖਿਆ ਕਰ ਸਕਦਾ ਹੋਵੇ, ਜਾਂ ਕੁਝ ਮਸ਼ਹੂਰ ਪੈਰ੍ਹਿਆਂ ਅਤੇ ਅਧਿਆਇਆਂ ਦੀ ਆਪਣੀ ਛੋਟੀ-ਮੋਟੀ ਛਾਣਬੀਣ ਕਰਦਾ ਹੋਵੇ, ਪਰ ਉਹ ਉਨ੍ਹਾਂ ਵਚਨਾਂ ਵਿੱਚ ਮੌਜੂਦ ਅਰਥਾਂ ਨੂੰ ਕਦੇ ਵੀ ਸੁਲਝਾਉਣ ਯੋਗ ਨਹੀਂ ਹੋ ਸਕੇਗਾ, ਕਿਉਂਕਿ ਮਨੁੱਖ ਨੂੰ ਜੋ ਦਿਖਾਈ ਦਿੰਦਾ ਹੈ ਉਹ ਸਭ ਬੇਜਾਨ ਵਚਨ ਹਨ, ਨਾ ਕਿ ਯਹੋਵਾਹ ਅਤੇ ਯਿਸੂ ਦੇ ਕੰਮ ਦੇ ਦ੍ਰਿਸ਼, ਅਤੇ ਨਾ ਹੀ ਮਨੁੱਖ ਕੋਲ ਇਸ ਕੰਮ ਦੇ ਰਹੱਸ ਨੂੰ ਖੋਲ੍ਹਣ ਦਾ ਹੀ ਕੋਈ ਤਰੀਕਾ ਹੈ। ਇਸ ਲਈ, ਛੇ-ਹਜ਼ਾਰ-ਸਾਲਾ ਪ੍ਰਬੰਧਨ ਯੋਜਨਾ ਦਾ ਰਹੱਸ ਸਭ ਤੋਂ ਵੱਡਾ ਰਹੱਸ, ਸਭ ਤੋਂ ਵੱਧ ਡੂੰਘਾਈ ਵਿੱਚ ਛੁਪਿਆ ਹੋਇਆ, ਅਤੇ ਮਨੁੱਖ ਲਈ ਪੂਰੀ ਤਰ੍ਹਾਂ ਕਲਪਨਾ ਤੋਂ ਪਰੇ ਹੈ। ਕੋਈ ਵੀ ਪਰਮੇਸ਼ੁਰ ਦੀ ਇੱਛਾ ਨੂੰ ਸਿੱਧੇ ਤੌਰ ਤੇ ਨਹੀਂ ਸਮਝ ਸਕਦਾ, ਜਦ ਤਕ ਕਿ ਖੁਦ ਪਰਮੇਸ਼ੁਰ ਹੀ ਮਨੁੱਖ ਨੂੰ ਨਹੀਂ ਸਮਝਾਉਂਦਾ ਅਤੇ ਇਸ ਨੂੰ ਮਨੁੱਖ ਅੱਗੇ ਪਰਗਟ ਨਹੀਂ ਕਰਦਾ; ਨਹੀਂ ਤਾਂ, ਇਹ ਗੱਲਾਂ ਹਮੇਸ਼ਾ ਹੀ ਮਨੁੱਖ ਲਈ ਬੁਝਾਰਤਾਂ ਬਣੀਆਂ ਰਹਿਣਗੀਆਂ, ਹਮੇਸ਼ਾ ਲਈ ਮੋਹਰਬੰਦ ਰਹੱਸ ਬਣੀਆਂ ਰਹਿਣਗੀਆਂ। ਧਾਰਮਿਕ ਸੰਸਾਰ ਵਿਚਲੇ ਲੋਕਾਂ ਦੀ ਤਾਂ ਗੱਲ ਹੀ ਛੱਡੋ; ਜੇ ਤੁਹਾਨੂੰ ਅੱਜ ਨਾ ਦੱਸਿਆ ਗਿਆ ਹੁੰਦਾ, ਤਾਂ ਤੁਸੀਂ ਵੀ ਇਸ ਨੂੰ ਨਾ ਸਮਝੇ ਹੁੰਦੇ। ਛੇ ਹਜ਼ਾਰ ਸਾਲਾਂ ਦਾ ਇਹ ਕੰਮ ਨਬੀਆਂ ਦੇ ਸਾਰੇ ਅਗੰਮਵਾਕਾਂ ਨਾਲੋਂ ਵਧੇਰੇ ਰਹੱਸਮਈ ਹੈ। ਇਹ ਸਿਰਜਣਾ ਤੋਂ ਲੈ ਕੇ ਅੱਜ ਤਕ ਦਾ ਸਭ ਤੋਂ ਵੱਡਾ ਰਹੱਸ ਹੈ, ਅਤੇ ਸਾਰੇ ਯੁਗਾਂ ਦੇ ਨਬੀਆਂ ਵਿੱਚੋਂ ਕੋਈ ਵੀ ਕਦੇ ਇਸ ਦੀ ਕਲਪਨਾ ਨਹੀਂ ਕਰ ਸਕਿਆ ਹੈ, ਕਿਉਂਕਿ ਇਸ ਰਹੱਸ ਤੋਂ ਸਿਰਫ਼ ਅੰਤਮ ਯੁਗ ਵਿੱਚ ਹੀ ਪਰਦਾ ਹਟਾਇਆ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਵੀ ਪਰਗਟ ਨਹੀਂ ਕੀਤਾ ਗਿਆ ਹੈ। ਜੇ ਤੁਸੀਂ ਇਸ ਰਹੱਸ ਨੂੰ ਸਮਝ ਸਕਦੇ ਹੋ, ਅਤੇ ਜੇ ਤੁਸੀਂ ਇਸ ਨੂੰ ਸਮੁੱਚੇ ਰੂਪ ਵਿੱਚ ਪ੍ਰਾਪਤ ਕਰਨ ਦੇ ਯੋਗ ਹੋ, ਤਾਂ ਸਾਰੇ ਧਾਰਮਿਕ ਵਿਅਕਤੀਆਂ ਨੂੰ ਇਸ ਰਹੱਸ ਦੁਆਰਾ ਜਿੱਤ ਲਿਆ ਜਾਵੇਗਾ। ਸਿਰਫ਼ ਇਹੀ ਸਭ ਤੋਂ ਵੱਡਾ ਦਰਸ਼ਣ ਹੈ; ਇਹ ਉਹ ਹੈ ਜਿਸ ਨੂੰ ਸਮਝਣ ਦੀ ਮਨੁੱਖ ਸਭ ਤੋਂ ਵੱਧ ਤੀਬਰ ਤਾਂਘ ਰੱਖਦਾ ਹੈ ਪਰ ਇਹ ਉਹ ਵੀ ਹੈ ਜੋ ਉਸ ਲਈ ਸਭ ਤੋਂ ਵੱਧ ਅਸਪਸ਼ਟ ਹੈ। ਜਦੋਂ ਤੁਸੀਂ ਕਿਰਪਾ ਦੇ ਯੁਗ ਵਿੱਚ ਸੀ, ਤਾਂ ਤੁਹਾਨੂੰ ਨਹੀਂ ਪਤਾ ਸੀ ਕਿ ਯਿਸੂ ਦੁਆਰਾ ਕੀਤਾ ਗਿਆ ਕੰਮ ਜਾਂ ਯਹੋਵਾਹ ਦੁਆਰਾ ਕੀਤਾ ਗਿਆ ਕੰਮ ਕਿਸ ਬਾਰੇ ਸੀ। ਲੋਕ ਨਹੀਂ ਸਮਝਦੇ ਸਨ ਕਿ ਯਹੋਵਾਹ ਨੇ ਕਾਨੂੰਨ ਕਿਉਂ ਕਾਇਮ ਕੀਤੇ, ਉਸ ਨੇ ਭੀੜ ਨੂੰ ਕਾਨੂੰਨਾਂ ਦੀ ਪਾਲਣਾ ਕਰਨ ਲਈ ਕਿਉਂ ਕਿਹਾ ਜਾਂ ਹੈਕਲ ਕਿਉਂ ਬਣਾਇਆ ਜਾਣਾ ਪਿਆ, ਅਤੇ ਲੋਕ ਇਹ ਤਾਂ ਬਿਲਕੁਲ ਵੀ ਨਹੀਂ ਸਮਝਦੇ ਸਨ ਕਿ ਇਸਰਾਏਲੀਆਂ ਨੂੰ ਮਿਸਰ ਤੋਂ ਉਜਾੜ ਵਿੱਚ ਅਤੇ ਫਿਰ ਕਨਾਨ ਵੱਲ ਕਿਉਂ ਲਿਜਾਇਆ ਗਿਆ ਸੀ। ਅੱਜ ਤਕ ਇਨ੍ਹਾਂ ਗੱਲਾਂ ਨੂੰ ਪਰਗਟ ਨਹੀਂ ਕੀਤਾ ਗਿਆ ਸੀ।

ਅੰਤ ਦੇ ਦਿਨਾਂ ਦਾ ਕੰਮ ਤਿੰਨਾਂ ਯੁਗਾਂ ਦਾ ਅੰਤਮ ਪੜਾਅ ਹੈ। ਇਹ ਇੱਕ ਹੋਰ ਨਵੇਂ ਯੁਗ ਦਾ ਕੰਮ ਹੈ ਅਤੇ ਪ੍ਰਬੰਧਨ ਦੇ ਸਮੁੱਚੇ ਕੰਮ ਦੀ ਨੁਮਾਇੰਦਗੀ ਨਹੀਂ ਕਰਦਾ। ਛੇ-ਹਜ਼ਾਰ-ਸਾਲਾ ਪ੍ਰਬੰਧਨ ਯੋਜਨਾ ਨੂੰ ਕੰਮ ਦੇ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ। ਕੋਈ ਵੀ ਇਕੱਲਾ ਪੜਾਅ ਤਿੰਨਾਂ ਯੁੱਗਾਂ ਦੇ ਕੰਮ ਦੀ ਨੁਮਾਇੰਦਗੀ ਨਹੀਂ ਕਰ ਸਕਦਾ, ਸਗੋਂ ਸਮੁੱਚੇ ਰੂਪ ਦਾ ਸਿਰਫ਼ ਇੱਕ ਹਿੱਸਾ ਹੈ। ਯਹੋਵਾਹ ਨਾਮ ਪਰਮੇਸ਼ੁਰ ਦੇ ਸਮੁੱਚੇ ਸੁਭਾਅ ਦੀ ਨੁਮਾਇੰਦਗੀ ਨਹੀਂ ਕਰ ਸਕਦਾ। ਇਹ ਤੱਥ ਕਿ ਉਸ ਨੇ ਸ਼ਰਾ ਦੇ ਯੁਗ ਵਿੱਚ ਆਪਣਾ ਕੰਮ ਪੂਰਾ ਕੀਤਾ, ਇਹ ਸਾਬਤ ਨਹੀਂ ਕਰਦਾ ਕਿ ਪਰਮੇਸ਼ੁਰ ਸਿਰਫ਼ ਸ਼ਰਾ ਅਧੀਨ ਹੀ ਪਰਮੇਸ਼ੁਰ ਹੋ ਸਕਦਾ ਹੈ। ਯਹੋਵਾਹ ਨੇ ਮਨੁੱਖ ਲਈ ਕਾਨੂੰਨ ਕਾਇਮ ਕੀਤੇ ਅਤੇ ਉਸ ਨੂੰ ਹੁਕਮ ਸੌਂਪੇ, ਮਨੁੱਖ ਨੂੰ ਹੈਕਲ ਅਤੇ ਜਗਵੇਦੀਆਂ ਬਣਾਉਣ ਲਈ ਕਿਹਾ; ਉਸ ਨੇ ਜੋ ਕੰਮ ਕੀਤਾ ਉਹ ਸਿਰਫ਼ ਸ਼ਰਾ ਦੇ ਯੁਗ ਦੀ ਨੂਮਾਇੰਦਗੀ ਕਰਦਾ ਹੈ। ਇਹ ਕੰਮ ਜੋ ਉਸ ਨੇ ਕੀਤਾ, ਇਹ ਸਾਬਤ ਨਹੀਂ ਕਰਦਾ ਕਿ ਪਰਮੇਸ਼ੁਰ ਸਿਰਫ਼ ਇੱਕ ਪਰਮੇਸ਼ੁਰ ਹੈ ਜੋ ਮਨੁੱਖ ਨੂੰ ਸ਼ਰਾ ਦਾ ਪਾਲਣ ਕਰਨ ਲਈ ਕਹਿੰਦਾ ਹੈ, ਜਾਂ ਉਹ ਹੈਕਲ ਵਿਚਲਾ ਪਰਮੇਸ਼ੁਰ ਹੈ, ਜਾਂ ਉਹ ਜਗਵੇਦੀ ਦੇ ਸਾਮ੍ਹਣੇ ਵਾਲਾ ਪਰਮੇਸ਼ੁਰ ਹੈ। ਅਜਿਹਾ ਕਹਿਣਾ ਗਲਤ ਹੋਵੇਗਾ। ਸ਼ਰਾ ਦੇ ਤਹਿਤ ਕੀਤਾ ਕੰਮ ਸਿਰਫ਼ ਇੱਕ ਯੁਗ ਦੀ ਨੁਮਾਇੰਦਗੀ ਕਰ ਸਕਦਾ ਹੈ। ਇਸ ਲਈ, ਜੇ ਪਰਮੇਸ਼ੁਰ ਸਿਰਫ਼ ਸ਼ਰਾ ਦੇ ਯੁਗ ਵਿੱਚ ਹੀ ਕੰਮ ਕਰਦਾ, ਤਾਂ ਮਨੁੱਖ ਇਹ ਕਹਿੰਦਿਆਂ, ਪਰਮੇਸ਼ੁਰ ਨੂੰ ਅੱਗੇ ਦਿੱਤੀ ਪਰਿਭਾਸ਼ਾ ਵਿੱਚ ਹੀ ਸੀਮਤ ਕਰ ਦਿੰਦਾ, “ਪਰਮੇਸ਼ੁਰ ਹੈਕਲ ਵਿਚਲਾ ਪਰਮੇਸ਼ੁਰ ਹੀ ਹੈ, ਅਤੇ, ਪਰਮੇਸ਼ੁਰ ਦੀ ਸੇਵਾ ਕਰਨ ਲਈ ਸਾਨੂੰ ਜਾਜਕ ਵਾਲੇ ਚੋਗੇ ਪਾ ਕੇ ਹੈਕਲ ਵਿੱਚ ਦਾਖਲ ਹੋਣਾ ਪਵੇਗਾ।” ਜੇ ਕਿਰਪਾ ਦੇ ਯੁਗ ਦਾ ਕੰਮ ਕਦੇ ਵੀ ਨਾ ਕੀਤਾ ਜਾਂਦਾ ਅਤੇ ਸ਼ਰਾ ਦਾ ਯੁਗ ਅੱਜ ਤਕ ਜਾਰੀ ਰਿਹਾ ਹੁੰਦਾ, ਤਾਂ ਮਨੁੱਖ ਨੂੰ ਇਹ ਪਤਾ ਨਹੀਂ ਲਗਣਾ ਸੀ ਕਿ ਪਰਮੇਸ਼ੁਰ ਦਯਾਵਾਨ ਅਤੇ ਪਿਆਰਾ ਹੈ। ਜੇ ਸ਼ਰਾ ਦੇ ਯੁਗ ਦਾ ਕੰਮ ਨਾ ਕੀਤਾ ਜਾਂਦਾ, ਅਤੇ ਇਸ ਦੀ ਬਜਾਏ ਸਿਰਫ਼ ਕਿਰਪਾ ਦੇ ਯੁਗ ਦਾ ਕੰਮ ਹੁੰਦਾ, ਤਾਂ ਮਨੁੱਖ ਨੂੰ ਜੋ ਕੁਝ ਪਤਾ ਹੁੰਦਾ ਉਹ ਸਿਰਫ਼ ਇਹੀ ਕਿ ਪਰਮੇਸ਼ੁਰ ਸਿਰਫ਼ ਮਨੁੱਖ ਨੂੰ ਛੁਟਕਾਰਾ ਦਿਵਾ ਸਕਦਾ ਹੈ ਅਤੇ ਮਨੁੱਖ ਦੇ ਪਾਪਾਂ ਨੂੰ ਮਾਫ਼ ਕਰ ਸਕਦਾ ਹੈ। ਮਨੁੱਖ ਨੂੰ ਸਿਰਫ਼ ਇਹੀ ਪਤਾ ਹੁੰਦਾ ਕਿ ਪਰਮੇਸ਼ੁਰ ਪਵਿੱਤਰ ਅਤੇ ਨਿਰਦੋਸ਼ ਹੈ, ਅਤੇ ਇਹ ਕਿ ਮਨੁੱਖ ਦੀ ਖਾਤਰ ਉਹ ਆਪਣੇ ਆਪ ਨੂੰ ਕੁਰਬਾਨ ਕਰਨ ਅਤੇ ਸਲੀਬ ’ਤੇ ਚੜ੍ਹਾਏ ਜਾਣ ਦੇ ਯੋਗ ਹੈ। ਮਨੁੱਖ ਨੂੰ ਸਿਰਫ਼ ਇਨ੍ਹਾਂ ਗੱਲਾਂ ਬਾਰੇ ਪਤਾ ਹੁੰਦਾ ਪਰ ਉਸ ਨੂੰ ਕਿਸੇ ਹੋਰ ਗੱਲ ਦੀ ਸਮਝ ਨਾ ਹੁੰਦੀ। ਇਸ ਲਈ ਹਰ ਯੁਗ ਪਰਮੇਸ਼ੁਰ ਦੇ ਸੁਭਾਅ ਦੇ ਇੱਕ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ। ਜਿੱਥੋਂ ਤਕ ਇਹ ਸੁਆਲ ਹੈ ਕਿ ਸ਼ਰਾ ਦੇ ਯੁਗ ਵਿੱਚ ਪਰਮੇਸ਼ੁਰ ਦੇ ਸੁਭਾਅ ਦੇ ਕਿਹੜੇ ਪਹਿਲੂਆਂ ਦੀ ਨੁਮਾਇੰਦਗੀ ਕੀਤੀ ਜਾਂਦੀ ਹੈ, ਕਿਹੜਿਆਂ ਦੀ ਕਿਰਪਾ ਦੇ ਯੁਗ ਵਿੱਚ, ਅਤੇ ਕਿਹੜਿਆਂ ਦੀ ਵਰਤਮਾਨ ਪੜਾਅ ਵਿੱਚ, ਤਾਂ: ਜਦੋਂ ਤਿੰਨੋ ਪੜਾਵਾਂ ਨੂੰ ਰਲਾ ਕੇ ਇੱਕੋ ਬਣਾ ਦਿੱਤਾ ਜਾਂਦਾ ਹੈ ਸਿਰਫ਼ ਉਦੋਂ ਹੀ ਉਹ ਪਰਮੇਸ਼ੁਰ ਦੇ ਸਮੁੱਚੇ ਸੁਭਾਅ ਨੂੰ ਪਰਗਟ ਕਰ ਸਕਦੇ ਹਨ। ਜਦੋਂ ਮਨੁੱਖ ਨੂੰ ਤਿੰਨੋਂ ਪੜਾਵਾਂ ਦਾ ਗਿਆਨ ਹੋ ਜਾਂਦਾ ਹੈ, ਸਿਰਫ਼ ਉਦੋਂ ਹੀ ਉਹ ਇਸ ਨੂੰ ਪੂਰੀ ਤਰ੍ਹਾਂ ਨਾਲ ਸਮਝ ਸਕਦਾ ਹੈ। ਤਿੰਨ ਪੜਾਵਾਂ ਵਿੱਚੋਂ ਕਿਸੇ ਨੂੰ ਵੀ ਛੱਡਿਆ ਨਹੀਂ ਜਾ ਸਕਦਾ। ਕੰਮ ਦੇ ਇਨ੍ਹਾਂ ਤਿੰਨੋ ਪੜਾਵਾਂ ਬਾਰੇ ਜਾਣ ਲੈਣ ਤੋਂ ਬਾਅਦ ਹੀ ਤੂੰ ਪਰਮੇਸ਼ੁਰ ਦੇ ਸੁਭਾਅ ਨੂੰ ਸਮੁੱਚੇ ਰੂਪ ਵਿੱਚ ਵੇਖ ਸਕੇਂਗਾ। ਇਹ ਤੱਥ ਕਿ ਪਰਮੇਸ਼ੁਰ ਨੇ ਆਪਣਾ ਕੰਮ ਸ਼ਰਾ ਦੇ ਯੁਗ ਵਿੱਚ ਸੰਪੂਰਣ ਕੀਤਾ, ਇਹ ਸਾਬਤ ਨਹੀਂ ਕਰਦਾ ਕਿ ਉਹ ਸਿਰਫ਼ ਸ਼ਰਾ ਦੇ ਅਧੀਨ ਹੀ ਪਰਮੇਸ਼ੁਰ ਹੈ, ਅਤੇ ਇਸ ਤੱਥ ਕਿ ਉਸ ਨੇ ਛੁਟਕਾਰੇ ਦੇ ਆਪਣੇ ਕੰਮ ਨੂੰ ਪੂਰਾ ਕੀਤਾ, ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ ਮਨੁੱਖਜਾਤੀ ਨੂੰ ਹਮੇਸ਼ਾ ਛੁਟਕਾਰਾ ਦਿਵਾਏਗਾ। ਇਹ ਸਾਰੇ ਮਨੁੱਖ ਦੁਆਰਾ ਕੱਢੇ ਗਏ ਨਤੀਜੇ ਹਨ। ਕਿਰਪਾ ਦੇ ਯੁਗ ਦੇ ਅੰਤ ’ਤੇ ਢੁਕੇ ਹੋਣ ਤੋਂ ਬਾਅਦ, ਤੂੰ ਫਿਰ ਇਹ ਨਹੀਂ ਕਹਿ ਸਕਦਾ ਕਿ ਪਰਮੇਸ਼ੁਰ ਦਾ ਵਾਸਤਾ ਸਿਰਫ਼ ਸਲੀਬ ਨਾਲ ਹੈ ਅਤੇ ਇਹ ਕਿ ਸਿਰਫ਼ ਸਲੀਬ ਹੀ ਪਰਮੇਸ਼ੁਰ ਦੀ ਮੁਕਤੀ ਦੀ ਨੂਮਾਇੰਦਗੀ ਕਰਦਾ ਹੈ। ਅਜਿਹਾ ਕਰਨਾ ਪਰਮੇਸ਼ੁਰ ਦੀ ਪਰਿਭਾਸ਼ਾ ਦੇਣਾ ਹੋਵੇਗਾ। ਵਰਤਮਾਨ ਪੜਾਅ ਵਿੱਚ, ਪਰਮੇਸ਼ੁਰ ਮੁੱਖ ਤੌਰ ਤੇ ਵਚਨ ਦਾ ਕੰਮ ਕਰ ਰਿਹਾ ਹੈ, ਪਰ ਤੂੰ ਫਿਰ ਇਹ ਨਹੀਂ ਕਹਿ ਸਕਦਾ ਕਿ ਪਰਮੇਸ਼ੁਰ ਕਦੇ ਵੀ ਮਨੁੱਖ ਲਈ ਦਯਾਵਾਨ ਨਹੀਂ ਰਿਹਾ ਹੈ ਅਤੇ ਇਹ ਕਿ ਉਹ ਸਿਰਫ਼ ਤਾੜਨਾ ਅਤੇ ਨਿਆਂ ਹੀ ਲਿਆਇਆ ਹੈ। ਅੰਤ ਦੇ ਦਿਨਾਂ ਦਾ ਕੰਮ ਯਹੋਵਾਹ ਤੇ ਯਿਸੂ ਦੇ ਕੰਮ ਅਤੇ ਮਨੁੱਖ ਦੀ ਸਮਝ ਵਿੱਚ ਨਾ ਆਏ ਸਾਰੇ ਰਹੱਸਾਂ ਨੂੰ ਸਾਹਮਣੇ ਲਿਆਉਂਦਾ ਹੈ, ਤਾਂ ਕਿ ਮਨੁੱਖਜਾਤੀ ਦੇ ਅਸਲ ਸਥਾਨ ਅਤੇ ਅੰਤ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਮਨੁੱਖਜਾਤੀ ਦਰਮਿਆਨ ਮੁਕਤੀ ਦੇ ਸਾਰੇ ਕੰਮ ਨੂੰ ਖਤਮ ਕੀਤਾ ਜਾ ਸਕੇ। ਅੰਤ ਦੇ ਦਿਨਾਂ ਵਿੱਚ ਕੰਮ ਦਾ ਇਹ ਪੜਾਅ ਹਰ ਚੀਜ਼ ਦਾ ਅੰਤ ਕਰਦਾ ਹੈ। ਮਨੁੱਖ ਨੂੰ ਸਮਝ ਨਾ ਆਏ ਸਾਰੇ ਰਹੱਸਾਂ ਨੂੰ ਖੋਲ੍ਹਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਨੁੱਖ ਨੂੰ ਭਲੀ-ਭਾਂਤ ਉਨ੍ਹਾਂ ਦੀ ਛਾਣਬੀਣ ਕਰ ਸਕੇ ਅਤੇ ਉਸ ਨੂੰ ਆਪਣੇ ਹਿਰਦੇ ਵਿੱਚ ਪੂਰੀ ਤਰ੍ਹਾਂ ਇੱਕ ਸਪਸ਼ਟ ਸਮਝ ਲਿਆਉਣ ਦਾ ਮੌਕਾ ਮਿਲ ਸਕੇ। ਸਿਰਫ਼ ਤਾਂ ਹੀ ਮਨੁੱਖਜਾਤੀ ਨੂੰ ਕਿਸਮ ਦੇ ਅਨੁਸਾਰ ਵੰਡਿਆ ਜਾ ਸਕਦਾ ਹੈ। ਛੇ-ਹਜ਼ਾਰ-ਸਾਲਾ ਪ੍ਰਬੰਧਨ ਯੋਜਨਾ ਦੇ ਸੰਪੂਰਣ ਹੋਣ ਤੋਂ ਬਾਅਦ ਹੀ ਮਨੁੱਖ ਨੂੰ ਪਰਮੇਸ਼ੁਰ ਦੇ ਸਮੁੱਚੇ ਸੁਭਾਅ ਦੀ ਸਮਝ ਆਵੇਗੀ, ਕਿਉਂਕਿ ਉਸ ਦਾ ਪ੍ਰਬੰਧਨ ਉਦੋਂ ਅੰਤ ’ਤੇ ਢੁੱਕ ਚੁੱਕਾ ਹੋਵੇਗਾ। ਹੁਣ ਜਦੋਂ ਤੁਸੀਂ ਅੰਤਮ ਯੁਗ ਵਿੱਚ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰ ਚੁੱਕੇ ਹੋ, ਤਾਂ ਪਰਮੇਸ਼ੁਰ ਦਾ ਸੁਭਾਅ ਕੀ ਹੈ? ਕੀ ਤੂੰ ਇਹ ਕਹਿਣ ਦੀ ਹਿੰਮਤ ਕਰਦਾ ਹੈਂ ਕਿ ਪਰਮੇਸ਼ੁਰ ਉਹ ਪਰਮੇਸ਼ੁਰ ਹੈ ਜੋ ਮਹਿਜ਼ ਵਚਨ ਹੀ ਬੋਲਦਾ ਹੈ ਤੇ ਹੋਰ ਕੁਝ ਵੀ ਨਹੀਂ ਕਰਦਾ? ਤੂੰ ਅਜਿਹਾ ਕੋਈ ਨਤੀਜਾ ਕੱਢਣ ਦੀ ਹਿੰਮਤ ਨਹੀਂ ਕਰੇਂਗਾ। ਕੁਝ ਲੋਕ ਕਹਿਣਗੇ ਕਿ ਪਰਮੇਸ਼ੁਰ ਉਹ ਪਰਮੇਸ਼ੁਰ ਹੈ ਜੋ ਰਹੱਸਾਂ ਤੋਂ ਪਰਦਾ ਹਟਾਉਂਦਾ ਹੈ, ਕਿ ਪਰਮੇਸ਼ੁਰ ਲੇਲਾ ਹੈ ਅਤੇ ਉਹ ਹੈ ਜੋ ਸੱਤ ਮੋਹਰਾਂ ਨੂੰ ਤੋੜਦਾ ਹੈ। ਪਰ ਕੋਈ ਵੀ ਅਜਿਹਾ ਨਤੀਜਾ ਕੱਢਣ ਦੀ ਹਿੰਮਤ ਨਹੀਂ ਕਰਦਾ। ਦੂਜੇ ਲੋਕ ਕਹਿ ਸਕਦੇ ਹਨ ਕਿ ਪਰਮੇਸ਼ੁਰ ਦੇਹਧਾਰੀ ਰੂਪ ਹੈ, ਪਰ ਤਾਂ ਵੀ ਇਹ ਸਹੀ ਨਹੀਂ ਹੋਵੇਗਾ। ਹੋਰ ਵੀ ਦੂਜੇ ਲੋਕ ਸ਼ਾਇਦ ਇਹ ਕਹਿਣ ਕਿ ਦੇਹਧਾਰੀ ਪਰਮੇਸ਼ੁਰ ਸਿਰਫ਼ ਵਚਨ ਬੋਲਦਾ ਹੈ ਅਤੇ ਨਿਸ਼ਾਨ ਤੇ ਅਚਰਜ ਨਹੀਂ ਵਿਖਾਉਂਦਾ, ਪਰ ਤੂੰ ਇਸ ਤਰੀਕੇ ਨਾਲ ਬੋਲਣ ਦੀ ਹਿੰਮਤ ਤਾਂ ਬਿਲਕੁਲ ਵੀ ਨਹੀਂ ਕਰੇਂਗਾ, ਕਿਉਂਕਿ ਯਿਸੂ ਨੇ ਸਰੀਰ ਧਾਰਨ ਕੀਤਾ ਅਤੇ ਨਿਸ਼ਾਨ ਅਤੇ ਅਚਰਜ ਵਿਖਾਏ ਸਨ, ਇਸ ਲਈ ਤੂੰ ਪਰਮੇਸ਼ੁਰ ਨੂੰ ਇੰਨੇ ਸਰਸਰੀ ਢੰਗ ਨਾਲ ਪਰਿਭਾਸ਼ਾ ਦੇਣ ਦੀ ਹਿੰਮਤ ਨਹੀਂ ਕਰੇਂਗਾ। ਪੂਰੀ ਛੇ-ਹਜ਼ਾਰ-ਸਾਲਾ ਪ੍ਰਬੰਧਨ ਯੋਜਨਾ ਦੇ ਦੌਰਾਨ ਕੀਤਾ ਗਿਆ ਸਾਰਾ ਕੰਮ ਸਿਰਫ਼ ਹੁਣ ਅੰਤ ਤਕ ਪਹੁੰਚਿਆ ਹੈ। ਸਿਰਫ਼ ਇਸ ਸਾਰੇ ਕੰਮ ਨੂੰ ਮਨੁੱਖ ਅੱਗੇ ਉਜਾਗਰ ਕਰ ਦਿੱਤੇ ਜਾਣ ਅਤੇ ਮਨੁੱਖਜਾਤੀ ਦੇ ਦਰਮਿਆਨ ਪੂਰਾ ਕੀਤੇ ਜਾਣ ਤੋਂ ਬਾਅਦ ਹੀ ਮਨੁੱਖਤਾ ਨੂੰ ਪਰਮੇਸ਼ੁਰ ਦੇ ਸਾਰੇ ਸੁਭਾਅ, ਅਤੇ ਪਰਮੇਸ਼ੁਰ ਦੇ ਕੋਲ ਜੋ ਹੈ ਅਤੇ ਜੋ ਉਹ ਹੈ, ਬਾਰੇ ਪਤਾ ਲੱਗੇਗਾ। ਜਦੋਂ ਇਸ ਪੜਾਅ ਦਾ ਕੰਮ ਭਲੀ-ਭਾਂਤ ਪੂਰਾ ਹੋ ਚੁੱਕਾ ਹੋਵੇਗਾ, ਤਾਂ ਮਨੁੱਖ ਨੂੰ ਸਮਝ ਨਾ ਆਏ ਸਾਰੇ ਰਹੱਸਾਂ ਨੂੰ ਉਜਾਗਰ ਕੀਤਾ ਜਾ ਚੁੱਕਾ ਹੋਵੇਗਾ, ਪਹਿਲਾਂ ਸਮਝ ਨਾ ਆਈਆਂ ਸਾਰੀਆਂ ਸੱਚਾਈਆਂ ਸਪਸ਼ਟ ਕੀਤੀਆਂ ਜਾ ਚੁੱਕੀਆਂ ਹੋਣਗੀਆਂ, ਅਤੇ ਮਨੁੱਖੀ ਨਸਲ ਨੂੰ ਉਨ੍ਹਾਂ ਦੇ ਭਵਿੱਖ ਦੇ ਮਾਰਗ ਅਤੇ ਅਸਲ ਸਥਾਨ ਬਾਰੇ ਦੱਸਿਆ ਜਾ ਚੁੱਕਾ ਹੋਵੇਗਾ। ਇਹ ਉਹ ਸਾਰਾ ਦਾ ਸਾਰਾ ਕੰਮ ਹੈ ਜੋ ਮੌਜੂਦਾ ਪੜਾਅ ਵਿੱਚ ਕੀਤਾ ਜਾਣਾ ਹੈ। ਭਾਵੇਂ ਕਿ ਅੱਜ ਮਨੁੱਖ ਜਿਸ ਮਾਰਗ ’ਤੇ ਤੁਰਦਾ ਹੈ ਉਹ ਵੀ ਸਲੀਬ ਦਾ ਮਾਰਗ ਤੇ ਦੁੱਖਾਂ ਦਾ ਮਾਰਗ ਹੈ, ਮਨੁੱਖ ਜੋ ਅਮਲ ਵਿੱਚ ਲਿਆਉਂਦਾ ਹੈ, ਅਤੇ ਜੋ ਉਹ ਅੱਜ ਖਾਂਦਾ, ਪੀਂਦਾ ਤੇ ਅਨੰਦ ਮਾਣਦਾ ਹੈ ਇਹ ਉਨ੍ਹਾਂ ਤੋਂ ਬਹੁਤ ਹੀ ਵੱਖਰੇ ਹਨ ਜੋ ਸ਼ਰਾ ਦੇ ਅਧੀਨ ਅਤੇ ਕਿਰਪਾ ਦੇ ਯੁਗ ਵਿੱਚ ਮਨੁੱਖ ’ਤੇ ਜ਼ਿੰਮੇਦਾਰੀਆਂ ਵਜੋਂ ਆਣ ਪਏ। ਅਜੋਕੇ ਸਮੇਂ ਵਿੱਚ ਮਨੁੱਖ ਤੋਂ ਜੋ ਮੰਗ ਕੀਤੀ ਜਾਂਦੀ ਹੈ ਉਹ ਬੀਤੇ ਸਮੇਂ ਨਾਲੋਂ ਅਲੱਗ ਹੈ ਅਤੇ ਸ਼ਰਾ ਦੇ ਯੁਗ ਵਿੱਚ ਮਨੁੱਖ ਤੋਂ ਕੀਤੀ ਗਈ ਮੰਗ ਤੋਂ ਤਾਂ ਹੋਰ ਵੀ ਜ਼ਿਆਦਾ ਅਲੱਗ ਹੈ। ਤਾਂ, ਜਦੋਂ ਪਰਮੇਸ਼ੁਰ ਇਸਰਾਏਲ ਵਿੱਚ ਆਪਣਾ ਕੰਮ ਕਰ ਰਿਹਾ ਸੀ, ਉਦੋਂ ਸ਼ਰਾ ਦੇ ਅਧੀਨ ਮਨੁੱਖ ਤੋਂ ਕੀ ਮੰਗ ਕੀਤੀ ਗਈ ਸੀ? ਇਸ ਤੋਂ ਵੱਧ ਨਹੀਂ ਕਿ ਮਨੁੱਖ ਨੂੰ ਸਬਤ ਰੱਖਣਾ ਚਾਹੀਦਾ ਹੈ ਅਤੇ ਯਹੋਵਾਹ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਸੇ ਨੇ ਵੀ ਸਬਤ ਦੇ ਦਿਨ ਕੰਮ ਨਹੀਂ ਕਰਨਾ ਸੀ ਅਤੇ ਨਾ ਹੀ ਯਹੋਵਾਹ ਦੇ ਨਿਯਮਾਂ ਦਾ ਉਲੰਘਣ ਕਰਨਾ ਸੀ। ਪਰ ਹੁਣ ਅਜਿਹਾ ਨਹੀਂ ਹੈ। ਸਬਤ ਦੇ ਦਿਨ, ਮਨੁੱਖ ਕੰਮ ਕਰਦਾ ਹੈ, ਇਕੱਠ ਕਰਦਾ ਹੈ, ਤੇ ਆਮ ਵਾਂਗ ਪ੍ਰਾਰਥਨਾ ਕਰਦਾ ਹੈ, ਅਤੇ ਉਸ ਉੱਪਰ ਕੋਈ ਪਾਬੰਦੀਆਂ ਨਹੀਂ ਲਗਾਈਆਂ ਜਾਂਦੀਆਂ। ਕਿਰਪਾ ਦੇ ਯੁਗ ਵਿਚਲੇ ਲੋਕਾਂ ਨੂੰ ਬਪਤਿਸਮਾ ਲੈਣਾ ਪੈਂਦਾ ਸੀ, ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਵਰਤ ਰੱਖਣ, ਰੋਟੀ ਤੋੜਨ, ਮੈ ਪੀਣ, ਆਪਣੇ ਸਿਰ ਕੱਜਣ ਅਤੇ ਦੂਜਿਆਂ ਦੇ ਪੈਰ ਧੋਣ ਲਈ ਕਿਹਾ ਜਾਂਦਾ ਸੀ। ਹੁਣ, ਇਹ ਨਿਯਮ ਖਤਮ ਕੀਤੇ ਜਾ ਚੁੱਕੇ ਹਨ, ਪਰ ਮਨੁੱਖ ਤੋਂ ਹੋਰ ਵੱਡੀਆਂ ਮੰਗਾਂ ਕੀਤੀਆਂ ਜਾਂਦੀਆਂ ਹਨ, ਕਿਉਂਕਿ ਪਰਮੇਸ਼ੁਰ ਦਾ ਕੰਮ ਹਮੇਸ਼ਾ ਹੋਰ ਡੂੰਘਾ ਹੁੰਦਾ ਜਾਂਦਾ ਹੈ ਅਤੇ ਮਨੁੱਖ ਦਾ ਪ੍ਰਵੇਸ਼ ਹਮੇਸ਼ਾ ਹੋਰ ਉੱਚਾ ਹੁੰਦਾ ਜਾਂਦਾ ਹੈ। ਬੀਤੇ ਵੇਲਿਆਂ ਵਿੱਚ, ਯਿਸੂ ਨੇ ਮਨੁੱਖ ਉੱਤੇ ਆਪਣੇ ਹੱਥ ਰੱਖੇ ਅਤੇ ਪ੍ਰਾਰਥਨਾ ਕੀਤੀ, ਪਰ ਹੁਣ ਜਦੋਂ ਸਭ ਕੁਝ ਕਿਹਾ ਜਾ ਚੁੱਕਾ ਹੈ, ਤਾਂ ਸਿਰਾਂ ’ਤੇ ਹੱਥਾਂ ਤੇ ਰੱਖਣ ਦਾ ਕੀ ਲਾਭ ਹੈ? ਇਕੱਲੇ ਵਚਨ ਹੀ ਨਤੀਜੇ ਪ੍ਰਾਪਤ ਕਰ ਸਕਦੇ ਹਨ। ਜਦੋਂ ਉਸ ਨੇ ਬੀਤੇ ਵੇਲਿਆਂ ਵਿੱਚ ਮਨੁੱਖ ਉੱਤੇ ਆਪਣੇ ਹੱਥ ਰੱਖੇ, ਤਾਂ ਇਹ ਮਨੁੱਖ ਨੂੰ ਅਸੀਸ ਦੇਣ ਅਤੇ ਉਸ ਨੂੰ ਉਸ ਦੀਆਂ ਬਿਮਾਰੀਆਂ ਤੋਂ ਨਰੋਏ ਕਰਨ ਲਈ ਵੀ ਸੀ। ਪਵਿੱਤਰ ਆਤਮਾ ਨੇ ਉਸ ਵੇਲੇ ਇੰਝ ਕੰਮ ਕੀਤਾ ਸੀ, ਪਰ ਹੁਣ ਇੰਝ ਨਹੀਂ ਹੈ। ਹੁਣ ਪਵਿੱਤਰ ਆਤਮਾ ਕੰਮ ਕਰਨ ਅਤੇ ਨਤੀਜੇ ਪ੍ਰਾਪਤ ਕਰਨ ਲਈ ਵਚਨਾਂ ਦਾ ਇਸਤੇਮਾਲ ਕਰਦਾ ਹੈ। ਉਸ ਦੇ ਵਚਨ ਤੁਹਾਨੂੰ ਸਪਸ਼ਟ ਕੀਤੇ ਜਾ ਚੁੱਕੇ ਹਨ, ਤੇ ਤੁਹਾਨੂੰ ਉਨ੍ਹਾਂ ਨੂੰ ਉਸੇ ਤਰ੍ਹਾਂ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ। ਉਸ ਦੇ ਵਚਨ ਉਸ ਦੀ ਇੱਛਾ ਹਨ; ਇਹ ਉਹ ਕੰਮ ਹਨ ਜੋ ਉਹ ਕਰਨਾ ਚਾਹੁੰਦਾ ਹੈ। ਉਸ ਦੇ ਵਚਨਾਂ ਰਾਹੀਂ, ਤੁਸੀਂ ਉਸ ਦੀ ਇੱਛਾ ਨੂੰ ਸਮਝੋਗੇ ਅਤੇ ਉਹ ਸਮਝੋਗੇ ਜੋ ਉਹ ਤੁਹਾਨੂੰ ਪ੍ਰਾਪਤ ਕਰਨ ਲਈ ਕਹਿੰਦਾ ਹੈ, ਅਤੇ ਤੁਸੀਂ ਉਸ ਦੇ ਵਚਨਾਂ ਨੂੰ ਹੱਥ ਰੱਖਣ ਦੀ ਲੋੜ ਪਏ ਬਗੈਰ ਹੀ ਸਿੱਧੇ ਅਮਲ ਵਿੱਚ ਲਿਆ ਸਕਦੇ ਹੋ। ਕੁਝ ਲੋਕ ਸ਼ਾਇਦ ਕਹਿਣ, “ਆਪਣੇ ਹੱਥ ਮੇਰੇ ਉੱਤੇ ਰੱਖ! ਆਪਣੇ ਹੱਥ ਮੇਰੇ ਉੱਤੇ ਰੱਖ ਤਾਂ ਜੋ ਮੈਨੂੰ ਤੇਰੀ ਅਸੀਸ ਮਿਲ ਸਕੇ ਤੇ ਮੈਂ ਤੈਨੂੰ ਗ੍ਰਹਿਣ ਕਰ ਸਕਾਂ।” ਇਹ ਸਭ ਬੀਤੇ ਵੇਲਿਆਂ ਦੇ ਪੁਰਾਣੇ ਦਸਤੂਰ ਹਨ, ਜੋ ਹੁਣ ਪ੍ਰਚਲਿਤ ਨਹੀਂ ਹਨ, ਕਿਉਂਕਿ ਯੁਗ ਬਦਲ ਗਿਆ ਹੈ। ਪਵਿੱਤਰ ਆਤਮਾ ਯੁਗ ਦੇ ਅਨੁਸਾਰ ਕੰਮ ਕਰਦਾ ਹੈ, ਨਾ ਤਾਂ ਬੇਤਰਤੀਬੇ ਢੰਗ ਨਾਲ ਅਤੇ ਨਾ ਹੀ ਨਿਰਧਾਰਤ ਨਿਯਮਾਂ ਦੇ ਅਨੁਸਾਰ। ਯੁਗ ਬਦਲ ਗਿਆ ਹੈ, ਅਤੇ ਇੱਕ ਨਵਾਂ ਯੁਗ ਆਪਣੇ ਨਾਲ ਨਵਾਂ ਕੰਮ ਜ਼ਰੂਰ ਲਿਆਉਂਦਾ ਹੈ। ਇਹ ਕੰਮ ਦੇ ਹਰ ਪੜਾਅ ਲਈ ਸੱਚ ਹੈ, ਅਤੇ ਇਸ ਲਈ ਉਸ ਦਾ ਕੰਮ ਕਦੇ ਦੁਹਰਾਇਆ ਨਹੀਂ ਜਾਂਦਾ। ਕਿਰਪਾ ਦੇ ਯੁਗ ਵਿੱਚ, ਯਿਸੂ ਨੇ ਇਸ ਕਿਸਮ ਦਾ ਬਹੁਤ ਸਾਰਾ ਕੰਮ ਕੀਤਾ, ਜਿਵੇਂ ਕਿ ਰੋਗ ਦੂਰ ਕਰਨਾ, ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣਾ, ਮਨੁੱਖ ਲਈ ਪ੍ਰਾਰਥਨਾ ਕਰਨ ਵਾਸਤੇ ਉਸ ਦੇ ਉੱਤੇ ਆਪਣੇ ਹੱਥ ਰੱਖਣੇ, ਅਤੇ ਮਨੁੱਖ ਨੂੰ ਅਸੀਸ ਦੇਣਾ। ਪਰ, ਅਜੋਕੇ ਸਮੇਂ ਵਿੱਚ ਦੁਬਾਰਾ ਅਜਿਹਾ ਕਰਨਾ ਅਰਥਹੀਣ ਹੋਵੇਗਾ। ਪਵਿੱਤਰ ਆਤਮਾ ਨੇ ਉਸ ਸਮੇਂ ਇਸ ਤਰ੍ਹਾਂ ਕੰਮ ਕੀਤਾ ਸੀ, ਕਿਉਂਕਿ ਇਹ ਕਿਰਪਾ ਦਾ ਯੁਗ ਸੀ, ਅਤੇ ਮਨੁੱਖ ਲਈ ਅਨੰਦ ਮਾਣਨ ਵਾਸਤੇ ਬਥੇਰੀ ਕਿਰਪਾ ਸੀ। ਉਸ ਕੋਲੋਂ ਕਿਸੇ ਵੀ ਕਿਸਮ ਦੀ ਭਰਪਾਈ ਨਹੀਂ ਮੰਗੀ ਜਾਂਦੀ ਸੀ, ਅਤੇ ਜਿੰਨਾ ਚਿਰ ਉਸ ਵਿੱਚ ਨਿਹਚਾ ਸੀ, ਉਸ ਨੂੰ ਕਿਰਪਾ ਮਿਲਦੀ ਸੀ। ਸਾਰਿਆਂ ਨਾਲ ਬੜੇ ਕਿਰਪਾ ਭਰੇ ਢੰਗ ਨਾਲ ਵਿਹਾਰ ਕੀਤਾ ਜਾਂਦਾ ਸੀ। ਹੁਣ ਯੁਗ ਬਦਲ ਗਿਆ ਹੈ, ਅਤੇ ਪਰਮੇਸ਼ੁਰ ਦਾ ਕੰਮ ਹੋਰ ਅੱਗੇ ਵੱਧ ਚੁੱਕਾ ਹੈ; ਤਾੜਨਾ ਤੇ ਨਿਆਂ ਨਾਲ ਹੀ ਮਨੁੱਖ ਦੇ ਵਿਦ੍ਰੋਹ ਤੇ ਮਨੁੱਖ ਦੇ ਅੰਦਰਲੀਆਂ ਅਸ਼ੁੱਧ ਚੀਜ਼ਾਂ ਨੂੰ ਸ਼ੁੱਧ ਕੀਤਾ ਜਾਵੇਗਾ। ਉਹ ਪੜਾਅ ਛੁਟਕਾਰੇ ਦਾ ਪੜਾਅ ਹੋਣ ਕਰਕੇ, ਮਨੁੱਖ ਦੇ ਮਾਣਨ ਲਈ ਬਥੇਰੀ ਕਿਰਪਾ ਦਿਖਾਉਂਦੇ ਹੋਏ, ਪਰਮੇਸ਼ੁਰ ਦਾ ਉਸ ਤਰੀਕੇ ਨਾਲ ਕੰਮ ਕਰਨਾ ਉਚਿਤ ਸੀ, ਤਾਂ ਜੋ ਮਨੁੱਖ ਨੂੰ ਪਾਪ ਤੋਂ ਛੁਟਕਾਰਾ ਦਿਵਾਇਆ ਜਾ ਸਕੇ, ਅਤੇ ਕਿਰਪਾ ਦੇ ਜ਼ਰੀਏ, ਉਸ ਦੇ ਪਾਪ ਮਾਫ਼ ਕੀਤੇ ਜਾ ਸਕਣ। ਇਹ ਵਰਤਮਾਨ ਪੜਾਅ ਤਾੜਨਾ, ਨਿਆਂ, ਤੇ ਵਚਨਾਂ ਨਾਲ ਸੱਟ ਮਾਰ ਕੇ, ਅਤੇ ਇਸ ਦੇ ਨਾਲ ਹੀ ਵਚਨਾਂ ਦੀ ਤਾੜਨਾ ਤੇ ਪ੍ਰਕਾਸ਼ਨ ਰਾਹੀਂ ਮਨੁੱਖ ਅੰਦਰਲੇ ਕੁਧਰਮ ਨੂੰ ਉਜਾਗਰ ਕਰਨ ਲਈ ਹੈ, ਤਾਂ ਜੋ ਬਾਅਦ ਵਿੱਚ ਮਨੁੱਖਤਾ ਨੂੰ ਬਚਾਇਆ ਜਾ ਸਕੇ। ਇਹ ਛੁਟਕਾਰੇ ਨਾਲੋਂ ਵਧੇਰੇ ਡੂੰਘਾਈ ਵਾਲਾ ਕੰਮ ਹੈ। ਕਿਰਪਾ ਦੇ ਯੁਗ ਵਿੱਚ ਮਨੁੱਖ ਦੇ ਅਨੰਦ ਮਾਣਨ ਲਈ ਬਥੇਰੀ ਕਿਰਪਾ ਸੀ; ਹੁਣ ਜਦੋਂ ਮਨੁੱਖ ਪਹਿਲਾਂ ਹੀ ਇਸ ਕਿਰਪਾ ਦਾ ਅਨੁਭਵ ਕਰ ਚੁੱਕਾ ਹੈ, ਹੁਣ ਉਹ ਇਸ ਦਾ ਹੋਰ ਅਨੰਦ ਨਹੀਂ ਮਾਣੇਗਾ। ਇਹ ਕੰਮ ਹੁਣ ਆਪਣਾ ਵੇਲੇ ਵਿਹਾ ਚੁੱਕਾ ਹੈ ਅਤੇ ਹੁਣ ਹੋਰ ਨਹੀਂ ਕੀਤਾ ਜਾਵੇਗਾ। ਹੁਣ ਮਨੁੱਖ ਨੂੰ ਵਚਨ ਦੇ ਨਿਆਂ ਦੁਆਰਾ ਬਚਾਇਆ ਜਾਣਾ ਹੈ। ਮਨੁੱਖ ਦਾ ਨਿਆਂ ਕਰਨ, ਤਾੜਨਾ ਦੇਣ, ਅਤੇ ਉਸ ਨੂੰ ਤਾਏ ਜਾਣ ਤੋਂ ਬਾਅਦ, ਨਤੀਜੇ ਵਜੋਂ ਉਸ ਦਾ ਸੁਭਾਅ ਬਦਲ ਜਾਂਦਾ ਹੈ। ਕੀ ਇਹ ਸਭ ਉਨ੍ਹਾਂ ਵਚਨਾਂ ਕਰਕੇ ਨਹੀਂ ਜੋ ਮੈਂ ਬੋਲੇ ਹਨ? ਹਰ ਪੜਾਅ ਦਾ ਕੰਮ ਸਮੁੱਚੀ ਮਨੁੱਖੀ ਨਸਲ ਦੀ ਤਰੱਕੀ ਅਨੁਸਾਰ ਤੇ ਯੁਗ ਅਨੁਸਾਰ ਕੀਤਾ ਜਾਂਦਾ ਹੈ। ਸਾਰਾ ਕੰਮ ਮਹੱਤਵਪੂਰਣ ਹੈ, ਅਤੇ ਇਹ ਸਭ ਅੰਤਮ ਮੁਕਤੀ ਦੀ ਖਾਤਰ ਕੀਤਾ ਜਾਂਦਾ ਹੈ, ਤਾਂ ਕਿ ਭਵਿੱਖ ਵਿੱਚ ਮਨੁੱਖਜਾਤੀ ਦਾ ਚੰਗਾ ਅਸਲ ਸਥਾਨ ਹੋ ਸਕੇ, ਅਤੇ ਅੰਤ ਵਿੱਚ ਮਨੁੱਖਤਾ ਨੂੰ ਕਿਸਮ ਦੇ ਅਨੁਸਾਰ ਵੰਡਿਆ ਜਾ ਸਕੇ।

ਅੰਤ ਦੇ ਦਿਨਾਂ ਦਾ ਕੰਮ ਵਚਨ ਬੋਲਣਾ ਹੈ। ਵਚਨਾਂ ਦੇ ਜ਼ਰੀਏ ਮਨੁੱਖ ਵਿੱਚ ਵੱਡੀਆਂ ਤਬਦੀਲੀਆਂ ਨੇਪਰੇ ਚੜ੍ਹਾਈਆਂ ਜਾ ਸਕਦੀਆਂ ਹਨ। ਇਨ੍ਹਾਂ ਵਚਨਾਂ ਨੂੰ ਸਵੀਕਾਰ ਕਰਨ ’ਤੇ ਇਨ੍ਹਾਂ ਲੋਕਾਂ ਵਿੱਚ ਹੁਣ ਜੋ ਤਬਦੀਲੀਆਂ ਲਿਆਂਦੀਆਂ ਗਈਆਂ ਹਨ ਉਹ ਉਨ੍ਹਾਂ ਤਬਦੀਲੀਆਂ ਨਾਲੋਂ ਕਿਤੇ ਜ਼ਿਆਦਾ ਹਨ ਜੋ ਕਿਰਪਾ ਦੇ ਯੁਗ ਦੇ ਨਿਸ਼ਾਨਾਂ ਅਤੇ ਅਚਰਜਾਂ ਨੂੰ ਲੋਕਾਂ ਦੁਆਰਾ ਸਵੀਕਾਰ ਕਰਨ ’ਤੇ ਉਨ੍ਹਾਂ ਵਿੱਚ ਲਿਆਂਦੀਆਂ ਗਈਆਂ ਸਨ। ਕਿਉਂਕਿ, ਕਿਰਪਾ ਦੇ ਯੁਗ ਵਿੱਚ, ਦੁਸ਼ਟ ਆਤਮਾਵਾਂ ਨੂੰ ਹੱਥ ਰੱਖ ਕੇ ਅਤੇ ਪ੍ਰਾਰਥਨਾ ਕਰਕੇ ਮਨੁੱਖ ਤੋਂ ਬਾਹਰ ਕੱਢਿਆ ਜਾਂਦਾ ਸੀ, ਪਰ ਮਨੁੱਖ ਦੇ ਅੰਦਰਲੇ ਭ੍ਰਿਸ਼ਟ ਸੁਭਾਅ ਫਿਰ ਵੀ ਕਾਇਮ ਰਹੇ। ਮਨੁੱਖ ਆਪਣੇ ਰੋਗ ਤੋਂ ਤਾਂ ਨਰੋਇਆ ਹੋ ਗਿਆ ਸੀ ਅਤੇ ਉਸ ਦੇ ਪਾਪਾਂ ਨੂੰ ਮਾਫ਼ ਕਰ ਦਿੱਤਾ ਗਿਆ ਸੀ, ਪਰ ਜਿੱਥੋਂ ਤਕ ਇਹ ਸੁਆਲ ਹੈ ਕਿ ਮਨੁੱਖ ਦੇ ਅੰਦਰਲੇ ਭ੍ਰਿਸ਼ਟ ਸ਼ਤਾਨੀ ਸੁਭਾਵਾਂ ਤੋਂ ਕਿਵੇਂ ਸ਼ੁੱਧ ਕੀਤਾ ਜਾਣਾ ਸੀ, ਤਾਂ ਇਹ ਕੰਮ ਅਜੇ ਕਰਨਾ ਬਾਕੀ ਸੀ। ਮਨੁੱਖ ਨੂੰ ਸਿਰਫ਼ ਉਸ ਦੀ ਨਿਹਚਾ ਲਈ ਬਚਾਇਆ ਗਿਆ ਸੀ ਅਤੇ ਉਸ ਦੇ ਪਾਪਾਂ ਨੂੰ ਮਾਫ਼ ਕੀਤਾ ਗਿਆ ਸੀ, ਪਰ ਮਨੁੱਖ ਦਾ ਪਾਪੀ ਸੁਭਾਅ ਜੜ੍ਹੋਂ ਨਹੀਂ ਮਿਟਾਇਆ ਗਿਆ ਸੀ ਅਤੇ ਇਹ ਫਿਰ ਵੀ ਉਸ ਦੇ ਅੰਦਰ ਹੀ ਰਿਹਾ। ਮਨੁੱਖ ਦੇ ਪਾਪਾਂ ਨੂੰ ਦੇਹਧਾਰੀ ਪਰਮੇਸ਼ੁਰ ਦੇ ਜ਼ਰੀਏ ਮਾਫ਼ ਕੀਤਾ ਗਿਆ ਸੀ, ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਮਨੁੱਖ ਦੇ ਅੰਦਰ ਹੁਣ ਪਾਪ ਨਹੀਂ ਰਿਹਾ ਸੀ। ਮਨੁੱਖ ਦੇ ਪਾਪਾਂ ਨੂੰ ਪਾਪ ਬਲੀ ਰਾਹੀਂ ਮਾਫ਼ ਕੀਤਾ ਜਾ ਸਕਦਾ ਸੀ, ਪਰ ਜਿੱਥੋਂ ਤਕ ਇਹ ਸੁਆਲ ਹੈ ਕਿ ਮਨੁੱਖ ਨੂੰ ਹੁਣ ਹੋਰ ਪਾਪ ਕਰਨ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ, ਅਤੇ ਉਸ ਦੇ ਪਾਪੀ ਸੁਭਾਅ ਨੂੰ ਪੂਰੀ ਤਰ੍ਹਾਂ ਜੜ੍ਹੋਂ ਮਿਟਾ ਕੇ ਕਿਵੇਂ ਇਸ ਦਾ ਕਾਇਆ-ਕਲਪ ਕੀਤਾ ਸਕਦਾ ਹੈ, ਤਾਂ ਉਸ ਕੋਲ ਇਸ ਸਮੱਸਿਆ ਦਾ ਹੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ। ਮਨੁੱਖ ਦੇ ਪਾਪ ਮਾਫ਼ ਕਰ ਦਿੱਤੇ ਗਏ ਸਨ, ਅਤੇ ਇਹ ਪਰਮੇਸ਼ੁਰ ਦੇ ਸਲੀਬ ’ਤੇ ਚੜ੍ਹਾਏ ਜਾਣ ਦੇ ਕੰਮ ਦੇ ਕਾਰਨ ਹੈ, ਪਰ ਮਨੁੱਖ ਆਪਣੇ ਪੁਰਾਣੇ ਭ੍ਰਿਸ਼ਟ ਸ਼ਤਾਨੀ ਸੁਭਾਅ ਦੇ ਅੰਦਰ ਜੀਉਂਦਾ ਰਿਹਾ। ਫਲਸਰੂਪ, ਜ਼ਰੂਰੀ ਹੈ ਕਿ ਮਨੁੱਖ ਨੂੰ ਉਸ ਦੇ ਭ੍ਰਿਸ਼ਟ ਸ਼ਤਾਨੀ ਸੁਭਾਅ ਤੋਂ ਪੂਰੀ ਤਰ੍ਹਾਂ ਨਾਲ ਬਚਾਇਆ ਜਾਵੇ, ਤਾਂ ਜੋ ਉਸ ਦਾ ਪਾਪੀ ਸੁਭਾਅ ਪੂਰੀ ਤਰ੍ਹਾਂ ਜੜ੍ਹੋਂ ਮਿਟਾਇਆ ਜਾ ਸਕੇ, ਜੋ ਮੁੜ ਕਦੇ ਵਿਕਸਿਤ ਨਾ ਹੋ ਸਕੇ, ਅਤੇ ਇੰਝ ਮਨੁੱਖ ਦਾ ਸੁਭਾਅ ਕਾਇਆ-ਕਲਪ ਕੀਤੇ ਜਾਣ ਦੇ ਯੋਗ ਬਣਾਇਆ ਜਾ ਸਕੇ। ਇਸ ਦੇ ਲਈ ਮਨੁੱਖ ਨੂੰ ਜੀਵਨ ਵਿੱਚ ਵਾਧੇ ਦੇ ਮਾਰਗ ਨੂੰ ਸਮਝਣ, ਜੀਵਨ ਦੇ ਸੱਚੇ ਰਾਹ ਨੂੰ ਸਮਝਣ, ਅਤੇ ਆਪਣੇ ਸੁਭਾਅ ਨੂੰ ਬਦਲਣ ਦੇ ਮਾਰਗ ਨੂੰ ਸਮਝਣ ਦੀ ਲੋੜ ਪਵੇਗੀ। ਇਸ ਤੋਂ ਇਲਾਵਾ, ਮਨੁੱਖ ਨੂੰ ਇਸ ਮਾਰਗ ਦੇ ਅਨੁਸਾਰ ਕੰਮ ਕਰਨ ਦੀ ਲੋੜ ਪਵੇਗੀ, ਤਾਂ ਕਿ ਉਸ ਦਾ ਸੁਭਾਅ ਸਹਿਜੇ-ਸਹਿਜੇ ਬਦਲਿਆ ਜਾ ਸਕੇ ਅਤੇ ਉਹ ਚਾਨਣ ਦੀ ਲੋਅ ਹੇਠ ਜੀਅ ਸਕੇ, ਤਾਂ ਕਿ ਉਹ ਜੋ ਕੁਝ ਵੀ ਕਰੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਹੋਵੇ, ਤਾਂ ਕਿ ਉਹ ਆਪਣੇ ਭ੍ਰਿਸ਼ਟ ਸ਼ਤਾਨੀ ਸੁਭਾਅ ਨੂੰ ਤਿਆਗ ਸਕੇ, ਅਤੇ ਤਾਂ ਕਿ ਉਹ ਸ਼ਤਾਨ ਦੇ ਹਨੇਰੇ ਦੇ ਪ੍ਰਭਾਵ ਤੋਂ ਛੁਟਕਾਰਾ ਪਾ ਸਕੇ, ਤੇ ਇੰਝ ਪਾਪ ਤੋਂ ਪੂਰੀ ਤਰ੍ਹਾਂ ਨਾਲ ਉਭਰ ਸਕੇ। ਸਿਰਫ਼ ਉਦੋਂ ਹੀ ਮਨੁੱਖ ਨੂੰ ਸੰਪੂਰਣ ਮੁਕਤੀ ਮਿਲੇਗੀ। ਜਿਸ ਸਮੇਂ ਯਿਸੂ ਆਪਣਾ ਕੰਮ ਕਰ ਰਿਹਾ ਸੀ, ਉਸ ਬਾਰੇ ਮਨੁੱਖ ਦਾ ਗਿਆਨ ਅਜੇ ਵੀ ਅਸਪਸ਼ਟ ਅਤੇ ਅਨਿਸ਼ਚਿਤ ਸੀ। ਮਨੁੱਖ ਹਮੇਸ਼ਾ ਉਸ ਨੂੰ ਦਾਊਦ ਦਾ ਪੁੱਤਰ ਸਮਝਦਾ ਸੀ, ਅਤੇ ਉਸ ਨੂੰ ਇੱਕ ਮਹਾਨ ਨਬੀ, ਅਜਿਹੇ ਕਿਰਪਾਲੂ ਪ੍ਰਭੂ ਵਜੋਂ ਐਲਾਨਿਆ ਜਿਸ ਨੇ ਮਨੁੱਖ ਨੂੰ ਪਾਪਾਂ ਤੋਂ ਛੁਟਕਾਰਾ ਦਿੱਤਾ। ਕੁਝ, ਆਪਣੀ ਨਿਹਚਾ ਦੀ ਤਾਕਤ ਨਾਲ, ਉਸ ਦੇ ਬਸਤਰ ਦੇ ਕਿਨਾਰੇ ਦੀ ਛੋਹ ਮਾਤਰ ਨਾਲ ਹੀ ਨਰੋਏ ਹੋ ਗਏ ਸਨ; ਅੰਨ੍ਹੇ ਵੇਖ ਸਕਦੇ ਸਨ ਅਤੇ ਇੱਥੋਂ ਤਕ ਕਿ ਮਰੇ ਹੋਏ ਲੋਕਾਂ ਨੂੰ ਵੀ ਜੀਉਂਦੇ ਕੀਤਾ ਜਾ ਸਕਦਾ ਸੀ। ਹਾਲਾਂਕਿ, ਮਨੁੱਖ ਆਪਣੇ ਅੰਦਰ ਡੂੰਘੀਆਂ ਜੜ੍ਹਾਂ ਫੜ ਚੁਕੇ ਭ੍ਰਿਸ਼ਟ ਸ਼ਤਾਨੀ ਸੁਭਾਅ ਨੂੰ ਲੱਭਣ ਦੇ ਯੋਗ ਨਹੀਂ ਸੀ, ਅਤੇ ਨਾ ਹੀ ਉਸ ਨੂੰ ਪਤਾ ਸੀ ਕਿ ਇਸ ਨੂੰ ਕਿਵੇਂ ਤਿਆਗਿਆ ਜਾਵੇ। ਮਨੁੱਖ ਨੂੰ ਬਹੁਤ ਕਿਰਪਾ ਪ੍ਰਾਪਤ ਹੋਈ, ਜਿਵੇਂ ਕਿ ਸਰੀਰ ਦੀ ਸ਼ਾਂਤੀ ਅਤੇ ਖੁਸ਼ੀ, ਇੱਕੋ ਮੈਂਬਰ ਦੀ ਨਿਹਚਾ ਨਾਲ ਪੂਰੇ ਪਰਿਵਾਰ ਨੂੰ ਅਸੀਸਾਂ ਮਿਲਣੀਆਂ, ਰੋਗ ਦੂਰ ਹੋਣੇ, ਤੇ ਵਗੈਰਾ-ਵਗੈਰਾ। ਬਾਕੀ ਮਨੁੱਖ ਦੇ ਚੰਗੇ ਕੰਮ ਅਤੇ ਉਸ ਦਾ ਧਰਮੀ ਪ੍ਰਗਟਾਵਾ ਸਨ; ਜੇ ਕੋਈ ਇਨ੍ਹਾਂ ਦੇ ਅਧਾਰ ’ਤੇ ਜੀਉਂਦਾ ਰਹਿ ਸਕਦਾ ਸੀ, ਤਾਂ ਉਨ੍ਹਾਂ ਨੂੰ ਇੱਕ ਸਵੀਕਾਰਨ ਯੋਗ ਵਿਸ਼ਵਾਸੀ ਮੰਨਿਆ ਜਾਂਦਾ ਸੀ। ਸਿਰਫ਼ ਇਸ ਕਿਸਮ ਦੇ ਵਿਸ਼ਵਾਸੀ ਮੌਤ ਤੋਂ ਬਾਅਦ ਸਵਰਗ ਵਿੱਚ ਪ੍ਰਵੇਸ਼ ਕਰ ਸਕਦੇ ਸਨ, ਜਿਸ ਦਾ ਅਰਥ ਸੀ ਕਿ ਉਹ ਬਚਾਏ ਗਏ ਸਨ। ਪਰ, ਆਪਣੇ ਜੀਵਨਕਾਲ ਵਿੱਚ, ਇਹ ਲੋਕ ਜੀਵਨ ਦੇ ਸੱਚੇ ਰਾਹ ਨੂੰ ਬਿਲਕੁਲ ਵੀ ਨਹੀਂ ਸਮਝੇ ਸਨ। ਉਨ੍ਹਾਂ ਨੇ ਆਪਣੇ ਸੁਭਾਅ ਨੂੰ ਬਦਲਣ ਦੇ ਕਿਸੇ ਵੀ ਮਾਰਗ ਤੋਂ ਬਗੈਰ ਬਸ ਇਹੀ ਕੀਤਾ ਕਿ ਨਿਰੰਤਰ ਸਿਲਸਿਲੇ ਵਿੱਚ ਪਾਪ ਕਰਦੇ ਰਹੇ ਅਤੇ ਫਿਰ ਆਪਣੇ ਪਾਪਾਂ ਦਾ ਇਕਰਾਰ ਕਰਦੇ ਰਹੇ: ਕਿਰਪਾ ਦੇ ਯੁਗ ਵਿੱਚ ਮਨੁੱਖ ਦੀ ਸਥਿਤੀ ਇਹੋ ਜਿਹੀ ਸੀ। ਕੀ ਮਨੁੱਖ ਨੂੰ ਸੰਪੂਰਣ ਮੁਕਤੀ ਮਿਲੀ ਹੈ? ਨਹੀਂ! ਇਸ ਲਈ, ਕੰਮ ਦੇ ਉਸ ਪੜਾਅ ਦੇ ਖਤਮ ਹੋਣ ਤੋਂ ਬਾਅਦ, ਨਿਆਂ ਅਤੇ ਤਾੜਨਾ ਦਾ ਕੰਮ ਅਜੇ ਵੀ ਬਾਕੀ ਸੀ। ਇਹ ਪੜਾਅ ਮਨੁੱਖ ਨੂੰ ਵਚਨ ਦੇ ਰਾਹੀਂ ਸ਼ੁੱਧ ਬਣਾਉਣ ਲਈ ਹੈ, ਅਤੇ ਨਤੀਜੇ ਵਜੋਂ ਉਸ ਨੂੰ ਪਿੱਛੇ ਚੱਲਣ ਦਾ ਮਾਰਗ ਦੇਣ ਲਈ ਹੈ। ਜੇ ਇਸ ਪੜਾਅ ਵਿੱਚ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣਾ ਜਾਰੀ ਰਹਿੰਦਾ, ਤਾਂ ਇਹ ਫਲਦਾਇਕ ਜਾਂ ਸਾਰਥਕ ਨਾ ਹੁੰਦਾ, ਕਿਉਂਕਿ ਇਹ ਮਨੁੱਖ ਦੇ ਪਾਪੀ ਸੁਭਾਅ ਨੂੰ ਜੜ੍ਹੋਂ ਮਿਟਾਉਣ ਵਿੱਚ ਅਸਫ਼ਲ ਹੁੰਦਾ, ਅਤੇ ਉਸ ਦੇ ਪਾਪਾਂ ਦੀ ਮਾਫ਼ੀ ’ਤੇ ਪਹੁੰਚ ਕੇ ਮਨੁੱਖ ਵਿੱਚ ਖੜੋਤ ਆ ਜਾਂਦੀ। ਪਾਪ ਬਲੀ ਦੁਆਰਾ, ਮਨੁੱਖ ਨੂੰ ਉਸ ਦੇ ਪਾਪ ਮਾਫ਼ ਕਰ ਦਿੱਤੇ ਗਏ ਹਨ, ਕਿਉਂਕਿ ਸਲੀਬ ’ਤੇ ਚੜ੍ਹਾਏ ਜਾਣ ਦਾ ਕੰਮ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਅਤੇ ਪਰਮੇਸ਼ੁਰ ਨੇ ਸ਼ਤਾਨ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਪਰ ਮਨੁੱਖ ਦਾ ਭ੍ਰਿਸ਼ਟ ਸੁਭਾਅ ਅਜੇ ਵੀ ਉਸ ਦੇ ਅੰਦਰ ਹੋਣ ਕਰਕੇ, ਮਨੁੱਖ ਅਜੇ ਵੀ ਪਾਪ ਕਰ ਸਕਦਾ ਹੈ ਤੇ ਪਰਮੇਸ਼ੁਰ ਦਾ ਵਿਰੋਧ ਕਰ ਸਕਦਾ ਹੈ, ਅਤੇ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਪ੍ਰਾਪਤ ਨਹੀਂ ਕੀਤਾ ਹੈ। ਇਹੀ ਕਾਰਨ ਹੈ ਕਿ ਕੰਮ ਦੇ ਇਸ ਪੜਾਅ ਵਿੱਚ ਪਰਮੇਸ਼ੁਰ ਮਨੁੱਖ ਦੇ ਭ੍ਰਿਸ਼ਟ ਸੁਭਾਅ ਨੂੰ ਉਜਾਗਰ ਕਰਨ ਲਈ ਵਚਨ ਦਾ ਇਸਤੇਮਾਲ ਕਰਦਾ ਹੈ, ਜਿਸ ਕਰਕੇ ਉਹ ਸਹੀ ਮਾਰਗ ਅਨੁਸਾਰ ਅਮਲ ਕਰ ਸਕੇ। ਇਹ ਪੜਾਅ ਪਿਛਲੇ ਨਾਲੋਂ ਵਧੇਰੇ ਸਾਰਥਕ ਹੈ, ਅਤੇ ਇਸ ਦੇ ਨਾਲ ਹੀ ਵਧੇਰੇ ਫਲਦਾਇਕ ਵੀ ਹੈ, ਕਿਉਂਕਿ ਹੁਣ ਇਹ ਵਚਨ ਹੈ ਜੋ ਮਨੁੱਖ ਦੇ ਜੀਵਨ ਦੀ ਸਿੱਧਿਆਂ ਪੂਰਤੀ ਕਰਦਾ ਹੈ ਅਤੇ ਮਨੁੱਖ ਦੇ ਸੁਭਾਅ ਨੂੰ ਪੂਰੀ ਤਰ੍ਹਾਂ ਨਾਲ ਮੁੜ ਨਵਿਆਉਣ ਯੋਗ ਬਣਾਉਂਦਾ ਹੈ; ਇਹ ਕੰਮ ਦਾ ਕਿਤੇ ਜ਼ਿਆਦਾ ਮੁਕੰਮਲ ਪੜਾਅ ਹੈ। ਇਸ ਲਈ, ਅੰਤ ਦੇ ਦਿਨਾਂ ਵਿੱਚ ਦੇਹਧਾਰਣ ਨੇ ਪਰਮੇਸ਼ੁਰ ਦੇ ਦੇਹਧਾਰਣ ਦੀ ਅਹਿਮੀਅਤ ਨੂੰ ਸੰਪੂਰਣ ਕਰ ਲਿਆ ਹੈ ਅਤੇ ਮਨੁੱਖ ਦੀ ਮੁਕਤੀ ਲਈ ਪਰਮੇਸ਼ੁਰ ਦੀ ਪ੍ਰਬੰਧਨ ਯੋਜਨਾ ਨੂੰ ਭਲੀ-ਭਾਂਤ ਖਤਮ ਕਰ ਦਿੱਤਾ ਹੈ।

ਪਰਮੇਸ਼ੁਰ ਦੁਆਰਾ ਮਨੁੱਖ ਨੂੰ ਸਿੱਧਾ ਆਤਮਾ ਦੇ ਤਰੀਕੇ ਅਤੇ ਆਤਮਾ ਦੀ ਪਛਾਣ ਦੀ ਵਰਤੋਂ ਕਰਕੇ ਨਹੀਂ ਬਚਾਇਆ ਜਾਂਦਾ, ਕਿਉਂਕਿ ਉਸ ਦੇ ਆਤਮਾ ਨੂੰ ਨਾ ਤਾਂ ਮਨੁੱਖ ਛੋਹ ਸਕਦਾ ਹੈ ਅਤੇ ਨਾ ਹੀ ਵੇਖ ਸਕਦਾ ਹੈ, ਅਤੇ ਨਾ ਹੀ ਮਨੁੱਖ ਉਸ ਦੇ ਨੇੜੇ ਆ ਸਕਦਾ ਹੈ। ਜੇ ਉਸ ਨੇ ਆਤਮਾ ਦੇ ਨਜ਼ਰੀਏ ਨੂੰ ਵਰਤਦਿਆਂ ਮਨੁੱਖ ਨੂੰ ਸਿੱਧਾ ਬਚਾਉਣ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਮਨੁੱਖ ਆਪਣੀ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਾ ਹੁੰਦਾ। ਜੇ ਪਰਮੇਸ਼ੁਰ ਨੇ ਕਿਸੇ ਸਿਰਜੇ ਹੋਏ ਮਨੁੱਖ ਦਾ ਬਾਹਰੀ ਰੂਪ ਨਾ ਧਾਰਿਆ ਹੁੰਦਾ, ਮਨੁੱਖ ਲਈ ਇਸ ਮੁਕਤੀ ਨੂੰ ਪ੍ਰਾਪਤ ਕਰਨ ਦਾ ਕੋਈ ਤਰੀਕਾ ਨਾ ਹੁੰਦਾ। ਕਿਉਂਕਿ ਮਨੁੱਖ ਕੋਲ ਉਸ ਕੋਲ ਪਹੁੰਚਣ ਦਾ ਕੋਈ ਤਰੀਕਾ ਨਹੀਂ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਵੀ ਵਿਅਕਤੀ ਯਹੋਵਾਹ ਦੇ ਬੱਦਲ ਦੇ ਨੇੜੇ ਨਹੀਂ ਜਾ ਸਕਦਾ ਸੀ। ਸਿਰਫ਼ ਇੱਕ ਸਿਰਜਿਆ ਹੋਇਆ ਇਨਸਾਨ ਬਣ ਕੇ ਹੀ, ਭਾਵ ਸਿਰਫ਼ ਮਾਸ ਤੋਂ ਬਣੇ ਸਰੀਰ ਜੋ ਉਹ ਧਾਰਨ ਕਰਨ ਵਾਲਾ ਹੈ, ਵਿੱਚ ਆਪਣੇ ਵਚਨ ਨੂੰ ਪਾ ਕੇ ਹੀ ਉਹ ਵਿਅਕਤੀਗਤ ਰੂਪ ਵਿੱਚ ਉਨ੍ਹਾਂ ਸਾਰੇ ਲੋਕਾਂ ਵਿੱਚ ਵਚਨ ਦਾ ਕੰਮ ਕਰ ਸਕਦਾ ਹੈ ਜੋ ਉਸ ਦੇ ਪਿੱਛੇ ਚੱਲਦੇ ਹਨ। ਸਿਰਫ਼ ਤਾਂ ਹੀ ਮਨੁੱਖ ਵਿਅਕਤੀਗਤ ਤੌਰ ਤੇ ਉਸ ਦੇ ਵਚਨ ਨੂੰ ਵੇਖ ਅਤੇ ਸੁਣ ਸਕਦਾ ਹੈ, ਅਤੇ ਇਹੀ ਨਹੀਂ ਉਸ ਦੇ ਵਚਨ ਦੇ ਅਧਿਕਾਰ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ, ਅਤੇ ਇਸ ਦੇ ਜ਼ਰੀਏ ਪੂਰੀ ਤਰ੍ਹਾਂ ਨਾਲ ਬਚਾਇਆ ਜਾ ਸਕਦਾ ਹੈ। ਜੇ ਪਰਮੇਸ਼ੁਰ ਸਰੀਰ ਧਾਰਨ ਨਾ ਕਰਦਾ, ਤਾਂ ਲਹੂ ਅਤੇ ਮਾਸ ਤੋਂ ਬਣਿਆ ਕੋਈ ਵੀ ਵਿਅਕਤੀ ਅਜਿਹੀ ਵੱਡੀ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਾ ਹੁੰਦਾ, ਅਤੇ ਨਾ ਹੀ ਇੱਕ ਵੀ ਵਿਅਕਤੀ ਬਚਾਇਆ ਜਾਂਦਾ। ਜੇ ਪਰਮੇਸ਼ੁਰ ਦਾ ਆਤਮਾ ਮਨੁੱਖਤਾ ਦੇ ਦਰਮਿਆਨ ਸਿੱਧੇ ਤੌਰ ਤੇ ਕੰਮ ਕਰਦਾ, ਤਾਂ ਸਾਰੀ ਮਨੁੱਖਤਾ ਬੇਵੱਸ ਹੁੰਦੀ, ਜਾਂ ਫਿਰ, ਪਰਮੇਸ਼ੁਰ ਦੇ ਸੰਪਰਕ ਵਿੱਚ ਆਉਣ ਦਾ ਕੋਈ ਤਰੀਕਾ ਨਾ ਹੋਣ ਕਾਰਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸ਼ਤਾਨ ਦੁਆਰਾ ਗੁਲਾਮ ਬਣਾ ਲਿਆ ਜਾਂਦਾ। ਪਹਿਲਾ ਦੇਹਧਾਰਣ ਮਨੁੱਖ ਨੂੰ ਪਾਪ ਤੋਂ ਛੁਟਕਾਰਾ ਦਿਵਾਉਣ ਲਈ ਸੀ, ਯਿਸੂ ਦੇ ਮਾਸ ਤੋਂ ਬਣੇ ਸਰੀਰ ਜ਼ਰੀਏ ਮਨੁੱਖ ਨੂੰ ਛੁਟਕਾਰਾ ਦਿਵਾਉਣ ਲਈ ਸੀ, ਭਾਵ, ਉਸ ਨੇ ਮਨੁੱਖ ਨੂੰ ਸਲੀਬ ਤੋਂ ਬਚਾਇਆ, ਪਰ ਭ੍ਰਿਸ਼ਟ ਸ਼ਤਾਨੀ ਸੁਭਾਅ ਤਾਂ ਵੀ ਮਨੁੱਖ ਦੇ ਅੰਦਰ ਹੀ ਰਿਹਾ। ਦੂਜਾ ਦੇਹਧਾਰਣ ਹੁਣ ਪਾਪ ਬਲੀ ਵਜੋਂ ਸੇਵਾ ਕਰਨ ਲਈ ਨਹੀਂ ਰਿਹਾ ਬਲਕਿ ਉਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਬਚਾਉਣ ਲਈ ਹੈ ਜਿਨ੍ਹਾਂ ਨੂੰ ਪਾਪ ਤੋਂ ਛੁਟਕਾਰੇ ਦਿਵਾਇਆ ਗਿਆ ਸੀ। ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਜਿਨ੍ਹਾਂ ਨੂੰ ਮਾਫ਼ ਕੀਤਾ ਜਾ ਚੁੱਕਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਇਆ ਜਾ ਸਕੇ ਤੇ ਪੂਰੀ ਤਰ੍ਹਾਂ ਨਾਲ ਸ਼ੁੱਧ ਕੀਤਾ ਜਾ ਸਕੇ, ਅਤੇ ਇੱਕ ਬਦਲਿਆ ਹੋਇਆ ਸੁਭਾਅ ਹਾਸਲ ਕਰਕੇ, ਉਹ ਸ਼ਤਾਨ ਦੇ ਹਨੇਰੇ ਦੇ ਪ੍ਰਭਾਵ ਤੋਂ ਛੁਟਕਾਰਾ ਪਾ ਸਕਣ ਅਤੇ ਪਰਮੇਸ਼ੁਰ ਦੇ ਤਖਤ ਦੇ ਅੱਗੇ ਵਾਪਸ ਪਹੁੰਚ ਸਕਣ। ਸਿਰਫ਼ ਇਸ ਤਰੀਕੇ ਨਾਲ ਹੀ ਮਨੁੱਖ ਪੂਰੀ ਤਰ੍ਹਾਂ ਪਵਿੱਤਰ ਹੋ ਸਕਦਾ ਹੈ। ਸ਼ਰਾ ਦੇ ਯੁਗ ਦੇ ਸਮਾਪਤ ਹੋ ਜਾਣ ਤੋਂ ਬਾਅਦ, ਅਤੇ ਕਿਰਪਾ ਦੇ ਯੁਗ ਦੇ ਸ਼ੁਰੂ ਹੋਣ ’ਤੇ, ਪਰਮੇਸ਼ੁਰ ਨੇ ਮੁਕਤੀ ਦਾ ਕੰਮ ਅਰੰਭ ਕੀਤਾ, ਜੋ ਅੰਤ ਦੇ ਦਿਨਾਂ ਤਕ ਜਾਰੀ ਹੈ ਜਦੋਂ, ਮਨੁੱਖ ਜਾਤੀ ਦੇ ਵਿਦ੍ਰੋਹ ਲਈ ਉਸ ਦਾ ਨਿਆਂ ਕਰਨ ਅਤੇ ਤਾੜਨਾ ਦੇਣ ਵਿੱਚ, ਉਹ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਨਾਲ ਸ਼ੁੱਧ ਕਰੇਗਾ। ਸਿਰਫ਼ ਤਦ ਹੀ ਪਰਮੇਸ਼ੁਰ ਮੁਕਤੀ ਦੇ ਆਪਣੇ ਕੰਮ ਨੂੰ ਸਮਾਪਤ ਕਰੇਗਾ ਅਤੇ ਅਰਾਮ ਵਿੱਚ ਪ੍ਰਵੇਸ਼ ਕਰੇਗਾ। ਇਸ ਲਈ, ਕੰਮ ਦੇ ਤਿੰਨੋ ਪੜਾਵਾਂ ਵਿੱਚ, ਪਰਮੇਸ਼ੁਰ ਨੇ ਸਿਰਫ਼ ਦੋ ਵਾਰ ਸਰੀਰ ਧਾਰਨ ਕੀਤਾ ਹੈ ਤਾਂ ਜੋ ਉਹ ਮਨੁੱਖਾਂ ਦਰਮਿਆਨ ਖੁਦ ਆਪਣਾ ਕੰਮ ਪੂਰਾ ਕਰ ਸਕੇ। ਇਹ ਇਸ ਲਈ ਹੈ ਕਿਉਂਕਿ ਕੰਮ ਦੇ ਤਿੰਨੋ ਪੜਾਵਾਂ ਵਿੱਚੋਂ ਸਿਰਫ਼ ਇੱਕ ਹੀ ਮਨੁੱਖ ਦੇ ਜੀਵਨ ਨੂੰ ਬਿਤਾਉਣ ਵਿੱਚ ਉਸ ਦੀ ਅਗਵਾਈ ਕਰਨ ਲਈ ਹੈ, ਜਦਕਿ ਦੂਜੇ ਦੋ ਪੜਾਵਾਂ ਵਿੱਚ ਮੁਕਤੀ ਦਾ ਕੰਮ ਸ਼ਾਮਲ ਹੈ। ਪਰਮੇਸ਼ੁਰ ਸਿਰਫ਼ ਸਰੀਰ ਧਾਰਨ ਕਰਕੇ ਹੀ ਮਨੁੱਖ ਦੇ ਨਾਲ ਜੀਅ ਸਕਦਾ ਹੈ, ਸੰਸਾਰ ਦੇ ਦੁੱਖਾਂ ਦਾ ਅਨੁਭਵ ਕਰ ਸਕਦਾ ਹੈ, ਅਤੇ ਮਾਸ ਤੋਂ ਬਣੇ ਸਧਾਰਣ ਸਰੀਰ ਵਿੱਚ ਜੀਅ ਸਕਦਾ ਹੈ। ਸਿਰਫ਼ ਇਸ ਤਰੀਕੇ ਨਾਲ ਹੀ ਉਹ ਮਨੁੱਖਾਂ ਨੂੰ ਉਹ ਸੱਚਾ ਵਿਹਾਰਕ ਰਾਹ ਪ੍ਰਦਾਨ ਕਰ ਸਕਦਾ ਹੈ ਜਿਸ ਦੀ ਉਨ੍ਹਾਂ ਨੂੰ ਸਿਰਜੇ ਹੋਏ ਪ੍ਰਾਣੀਆਂ ਵਜੋਂ ਲੋੜ ਹੈ। ਇਹ ਦੇਹਧਾਰੀ ਪਰਮੇਸ਼ੁਰ ਦੁਆਰਾ ਹੀ ਹੁੰਦਾ ਹੈ ਕਿ ਮਨੁੱਖ ਨੂੰ ਪਰਮੇਸ਼ੁਰ ਤੋਂ ਸੰਪੂਰਣ ਮੁਕਤੀ ਪ੍ਰਾਪਤ ਹੁੰਦੀ ਹੈ, ਨਾ ਕਿ ਉਸ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿੱਚ ਸਿੱਧਿਆਂ ਸਵਰਗ ਤੋਂ। ਕਿਉਂਕਿ, ਸਰੀਰ ਤੋਂ ਬਣੇ ਹੋਣ ਕਰਕੇ, ਮਨੁੱਖ ਕੋਲ ਪਰਮੇਸ਼ੁਰ ਦੇ ਆਤਮਾ ਨੂੰ ਵੇਖਣ ਦਾ ਕੋਈ ਰਾਹ ਨਹੀਂ ਹੈ, ਪਰਮੇਸ਼ੁਰ ਦੇ ਆਤਮਾ ਕੋਲ ਪਹੁੰਚਣਾ ਤਾਂ ਦੂਰ ਦੀ ਗੱਲ ਰਹੀ। ਮਨੁੱਖ ਜਿਸ ਦੇ ਸੰਪਰਕ ਵਿੱਚ ਆ ਸਕਦਾ ਹੈ ਉਹ ਸਿਰਫ਼ ਪਰਮੇਸ਼ੁਰ ਦਾ ਦੇਹਧਾਰੀ ਰੂਪ ਹੈ, ਅਤੇ ਸਿਰਫ਼ ਇਸ ਦੇ ਦੁਆਰਾ ਹੀ ਮਨੁੱਖ ਸਾਰੇ ਸੱਚੇ ਰਾਹਾਂ ਤੇ ਸਾਰੀਆਂ ਸੱਚਾਈਆਂ ਨੂੰ ਸਮਝਣ ਦੇ ਯੋਗ ਹੁੰਦਾ ਹੈ ਅਤੇ ਸੰਪੂਰਣ ਮੁਕਤੀ ਪ੍ਰਾਪਤ ਕਰਦਾ ਹੈ। ਦੂਜਾ ਦੇਹਧਾਰਣ ਮਨੁੱਖ ਦੇ ਪਾਪਾਂ ਨੂੰ ਖਤਮ ਕਰਨ ਅਤੇ ਉਸ ਨੂੰ ਪੂਰੀ ਤਰ੍ਹਾਂ ਸ਼ੁੱਧ ਬਣਾਉਣ ਲਈ ਬਥੇਰਾ ਹੋਵੇਗਾ। ਇਸ ਲਈ, ਦੂਜੇ ਦੇਹਧਾਰਣ ਦੇ ਨਾਲ, ਸਰੀਰ ਵਿੱਚ ਪਰਮੇਸ਼ੁਰ ਦੇ ਸਮੁੱਚੇ ਕੰਮ ਦਾ ਅੰਤ ਕੀਤਾ ਜਾਵੇਗਾ ਅਤੇ ਦੇਹਧਾਰੀ ਪਰਮੇਸ਼ੁਰ ਦੀ ਅਹਿਮੀਅਤ ਨੂੰ ਸੰਪੂਰਣ ਬਣਾਇਆ ਜਾਵੇਗਾ। ਉਸ ਉਪਰੰਤ, ਸਰੀਰ ਵਿੱਚ ਪਰਮੇਸ਼ੁਰ ਦਾ ਕੰਮ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗਾ। ਦੂਜੇ ਦੇਹਧਾਰਣ ਤੋਂ ਬਾਅਦ, ਉਹ ਆਪਣੇ ਕੰਮ ਲਈ ਤੀਜੀ ਵਾਰ ਸਰੀਰ ਧਾਰਨ ਨਹੀਂ ਕਰੇਗਾ। ਕਿਉਂਕਿ ਉਸ ਦਾ ਸਮੁੱਚਾ ਪ੍ਰਬੰਧਨ ਸਮਾਪਤ ਹੋ ਚੁੱਕਾ ਹੋਵੇਗਾ। ਅੰਤ ਦੇ ਦਿਨਾਂ ਵਾਲੇ ਦੇਹਧਾਰਣ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲਿਆ ਹੋਵੇਗਾ, ਅਤੇ ਅੰਤ ਦੇ ਦਿਨਾਂ ਵਿੱਚ ਸਾਰੀ ਮਨੁੱਖਤਾ ਨੂੰ ਕਿਸਮ ਦੇ ਅਨੁਸਾਰ ਵੰਡਿਆ ਜਾ ਚੁੱਕਾ ਹੋਵੇਗਾ। ਉਹ ਮੁਕਤੀ ਦਾ ਕੰਮ ਹੁਣ ਹੋਰ ਨਹੀਂ ਕਰੇਗਾ, ਅਤੇ ਨਾ ਹੀ ਉਹ ਕਿਸੇ ਕੰਮ ਨੂੰ ਪੂਰਾ ਕਰਨ ਲਈ ਸਰੀਰ ਵਿੱਚ ਵਾਪਸ ਆਵੇਗਾ। ਅੰਤ ਦੇ ਦਿਨਾਂ ਦੇ ਕੰਮ ਵਿੱਚ, ਵਚਨ ਨਿਸ਼ਾਨਾਂ ਅਤੇ ਅਚਰਜਾਂ ਦੇ ਪ੍ਰਗਟਾਵੇ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ, ਅਤੇ ਵਚਨ ਦਾ ਅਧਿਕਾਰ ਨਿਸ਼ਾਨਾਂ ਅਤੇ ਅਚਰਜਾਂ ਦੇ ਅਧਿਕਾਰ ਨੂੰ ਪਛਾੜ ਦਿੰਦਾ ਹੈ। ਵਚਨ ਮਨੁੱਖ ਦੇ ਹਿਰਦੇ ਦੀ ਡੂੰਘਾਈ ਵਿੱਚ ਦੱਬੇ ਸਾਰੇ ਭ੍ਰਿਸ਼ਟ ਸੁਭਾਵਾਂ ਨੂੰ ਉਜਾਗਰ ਕਰ ਦਿੰਦਾ ਹੈ। ਤੇਰੇ ਕੋਲ ਉਨ੍ਹਾਂ ਨੂੰ ਆਪਣੇ ਆਪ ਪਛਾਣਨ ਦਾ ਕੋਈ ਤਰੀਕਾ ਨਹੀਂ ਹੈ। ਜਦੋਂ ਵਚਨ ਦੁਆਰਾ ਉਨ੍ਹਾਂ ਨੂੰ ਤੇਰੇ ਸਾਹਮਣੇ ਉਜਾਗਰ ਕੀਤਾ ਜਾਵੇਗਾ, ਤਾਂ ਤੈਨੂੰ ਉਹ ਕੁਦਰਤੀ ਤੌਰ ਤੇ ਲੱਭ ਜਾਣਗੇ; ਤੂੰ ਉਨ੍ਹਾਂ ਤੋਂ ਇਨਕਾਰ ਨਹੀਂ ਕਰ ਸਕੇਂਗਾ, ਅਤੇ ਤੈਨੂੰ ਪੂਰਾ ਯਕੀਨ ਹੋਵੇਗਾ। ਕੀ ਇਹ ਵਚਨ ਦਾ ਅਧਿਕਾਰ ਨਹੀਂ ਹੈ? ਇਹ ਵਚਨ ਦੇ ਕੰਮ ਦੁਆਰਾ ਵਰਤਮਾਨ ਸਮੇਂ ਵਿੱਚ ਪ੍ਰਾਪਤ ਕੀਤਾ ਨਤੀਜਾ ਹੈ। ਇਸ ਲਈ, ਰੋਗ ਨੂੰ ਦੂਰ ਕਰਨ ਅਤੇ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣ ਦੁਆਰਾ ਮਨੁੱਖ ਨੂੰ ਉਸ ਦੇ ਪਾਪਾਂ ਤੋਂ ਪੂਰੀ ਤਰ੍ਹਾਂ ਨਹੀਂ ਬਚਾਇਆ ਜਾ ਸਕਦਾ, ਅਤੇ ਨਾ ਹੀ ਉਸ ਨੂੰ ਨਿਸ਼ਾਨਾਂ ਅਤੇ ਅਚਰਜਾਂ ਦੇ ਪ੍ਰਗਟਾਵੇ ਦੁਆਰਾ ਹੀ ਪੂਰੀ ਤਰ੍ਹਾਂ ਸੰਪੂਰਣ ਬਣਾਇਆ ਜਾ ਸਕਦਾ ਹੈ। ਰੋਗ ਨੂੰ ਦੂਰ ਕਰਨ ਅਤੇ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣ ਦਾ ਅਧਿਕਾਰ ਮਨੁੱਖ ਨੂੰ ਸਿਰਫ਼ ਕਿਰਪਾ ਦਿੰਦਾ ਹੈ, ਪਰ ਮਨੁੱਖ ਦਾ ਸਰੀਰ ਅਜੇ ਵੀ ਸ਼ਤਾਨ ਨਾਲ ਸੰਬੰਧਤ ਹੈ ਅਤੇ ਭ੍ਰਿਸ਼ਟ ਸ਼ਤਾਨੀ ਸੁਭਾਅ ਅਜੇ ਵੀ ਮਨੁੱਖ ਦੇ ਅੰਦਰ ਮੌਜੂਦ ਹੈ। ਦੂਜੇ ਸ਼ਬਦਾਂ ਵਿੱਚ, ਜੋ ਸ਼ੁੱਧ ਨਹੀਂ ਕੀਤਾ ਗਿਆ ਹੈ ਉਸ ਦਾ ਸੰਬੰਧ ਅਜੇ ਵੀ ਪਾਪ ਅਤੇ ਮਲੀਨਤਾ ਨਾਲ ਹੈ। ਸਿਰਫ਼ ਵਚਨ ਦੇ ਦੁਆਰਾ ਸ਼ੁੱਧ ਕੀਤੇ ਜਾਣ ਤੋਂ ਬਾਅਦ ਹੀ ਮਨੁੱਖ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਪਵਿੱਤਰ ਬਣ ਸਕਦਾ ਹੈ। ਜਦੋਂ ਦੁਸ਼ਟ ਆਤਮਾਵਾਂ ਨੂੰ ਮਨੁੱਖ ਵਿੱਚੋਂ ਬਾਹਰ ਕੱਢਿਆ ਗਿਆ ਸੀ ਅਤੇ ਉਸ ਨੂੰ ਛੁਟਕਾਰਾ ਦਿਵਾਇਆ ਗਿਆ ਸੀ, ਤਾਂ ਇਸ ਦਾ ਮਤਲਬ ਸਿਰਫ਼ ਇਹ ਸੀ ਕਿ ਉਸ ਨੂੰ ਸ਼ਤਾਨ ਦੇ ਹੱਥੋਂ ਜ਼ਬਰਦਸਤੀ ਖੋਹਿਆ ਗਿਆ ਸੀ ਅਤੇ ਉਹ ਪਰਮੇਸ਼ੁਰ ਕੋਲ ਪਰਤਿਆ ਸੀ। ਪਰ, ਪਰਮੇਸ਼ੁਰ ਦੁਆਰਾ ਸ਼ੁੱਧ ਕੀਤੇ ਜਾਣ ਜਾਂ ਬਦਲੇ ਜਾਣ ਤੋਂ ਬਿਨਾ, ਉਹ ਭ੍ਰਿਸ਼ਟ ਮਨੁੱਖ ਹੀ ਰਹਿੰਦਾ ਹੈ। ਮਨੁੱਖ ਦੇ ਅੰਦਰ ਅਜੇ ਵੀ ਮੈਲ, ਵਿਰੋਧ ਅਤੇ ਵਿਦ੍ਰੋਹ ਮੌਜੂਦ ਹੈ; ਮਨੁੱਖ ਸਿਰਫ਼ ਆਪਣੇ ਛੁਟਕਾਰੇ ਰਾਹੀਂ ਪਰਮੇਸ਼ੁਰ ਕੋਲ ਵਾਪਸ ਆਇਆ ਹੈ, ਪਰ ਉਸ ਕੋਲ ਪਰਮੇਸ਼ੁਰ ਬਾਰੇ ਥੋੜ੍ਹਾ ਜਿਹਾ ਗਿਆਨ ਵੀ ਨਹੀਂ ਹੈ ਅਤੇ ਅਜੇ ਵੀ ਉਸ ਦਾ ਵਿਰੋਧ ਕਰਨ ਤੇ ਉਸ ਨੂੰ ਧੋਖਾ ਦੇਣ ਦੇ ਸਮਰੱਥ ਹੈ। ਮਨੁੱਖ ਨੂੰ ਛੁਟਕਾਰਾ ਦਿਵਾਏ ਜਾਣ ਤੋਂ ਪਹਿਲਾਂ, ਸ਼ਤਾਨ ਦੇ ਅਨੇਕਾਂ ਜ਼ਹਿਰ ਉਸ ਦੇ ਅੰਦਰ ਪਹਿਲਾਂ ਤੋਂ ਹੀ ਬੀਜੇ ਜਾ ਚੁੱਕੇ ਸਨ ਅਤੇ, ਹਜ਼ਾਰਾਂ ਸਾਲਾਂ ਤੋਂ ਸ਼ਤਾਨ ਦੁਆਰਾ ਭ੍ਰਿਸ਼ਟ ਹੋਣ ਤੋਂ ਬਾਅਦ, ਉਸ ਦੇ ਅੰਦਰ ਪੱਕਾ ਹੋ ਚੁੱਕਾ ਇੱਕ ਸੁਭਾਅ ਹੈ ਜੋ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ। ਇਸ ਲਈ, ਜਦੋਂ ਮਨੁੱਖ ਨੂੰ ਛੁਟਕਾਰਾ ਦਿੱਤਾ ਜਾ ਚੁੱਕਾ ਹੈ, ਤਾਂ ਇਹ ਛੁਟਕਾਰੇ ਦੇ ਅਜਿਹੇ ਮਾਮਲੇ ਤੋਂ ਇਲਾਵਾ ਹੋਰ ਕੁਝ ਨਹੀਂ ਜਿਸ ਵਿੱਚ ਮਨੁੱਖ ਨੂੰ ਉੱਚੀ ਕੀਮਤ ’ਤੇ ਖਰੀਦਿਆ ਜਾਂਦਾ ਹੈ, ਪਰ ਉਸ ਦੇ ਅੰਦਰਲੇ ਜ਼ਹਿਰੀਲੇ ਸੁਭਾਅ ਨੂੰ ਖਤਮ ਨਹੀਂ ਕੀਤਾ ਜਾਂਦਾ। ਪਰਮੇਸ਼ੁਰ ਦੀ ਸੇਵਾ ਕਰਨ ਦੇ ਯੋਗ ਬਣਨ ਤੋਂ ਪਹਿਲਾਂ ਮਨੁੱਖ ਨੂੰ ਜੋ ਕਿ ਇੰਨਾ ਭਿੱਟਿਆ ਹੋਇਆ ਹੈ, ਤਬਦੀਲੀ ਵਿੱਚੋਂ ਲੰਘਣਾ ਪਵੇਗਾ। ਨਿਆਂ ਅਤੇ ਤਾੜਨਾ ਦੇ ਇਸ ਕੰਮ ਦੇ ਜ਼ਰੀਏ, ਮਨੁੱਖ ਆਪਣੇ ਅੰਦਰ ਦੇ ਪਲੀਤ ਅਤੇ ਭ੍ਰਿਸ਼ਟ ਤੱਤ ਨੂੰ ਪੂਰੀ ਤਰ੍ਹਾਂ ਜਾਣ ਜਾਵੇਗਾ, ਅਤੇ ਉਹ ਪੂਰੀ ਤਰਾਂ ਨਾਲ ਬਦਲਣ ਯੋਗ ਹੋ ਸਕੇਗਾ ਅਤੇ ਸ਼ੁੱਧ ਹੋ ਸਕੇਗਾ। ਸਿਰਫ਼ ਇਸ ਤਰੀਕੇ ਨਾਲ ਹੀ ਮਨੁੱਖ ਪਰਮੇਸ਼ੁਰ ਦੇ ਸਿੰਘਾਸਣ ਦੇ ਅੱਗੇ ਵਾਪਸ ਆਉਣ ਯੋਗ ਬਣ ਸਕਦਾ ਹੈ। ਵਰਤਮਾਨ ਸਮੇਂ ਵਿੱਚ ਕੀਤਾ ਜਾਂਦਾ ਸਾਰਾ ਕੰਮ ਅਜਿਹਾ ਹੈ ਤਾਂ ਜੋ ਮਨੁੱਖ ਨੂੰ ਸ਼ੁੱਧ ਕੀਤਾ ਜਾ ਸਕੇ ਤੇ ਬਦਲਿਆ ਜਾ ਸਕੇ; ਮਨੁੱਖ ਵਚਨ ਦੁਆਰਾ ਨਿਆਂ ਅਤੇ ਤਾੜਨਾ ਰਾਹੀਂ, ਅਤੇ ਇਸ ਦੇ ਨਾਲ ਹੀ ਤਾਏ ਜਾਣ ਦੁਆਰਾ, ਆਪਣੀ ਭ੍ਰਿਸ਼ਟਤਾ ਨੂੰ ਖਤਮ ਕਰ ਸਕਦਾ ਹੈ ਅਤੇ ਉਸ ਨੂੰ ਸ਼ੁੱਧ ਬਣਾਇਆ ਜਾ ਸਕਦਾ ਹੈ। ਕੰਮ ਦੇ ਇਸ ਪੜਾਅ ਨੂੰ ਮੁਕਤੀ ਦਾ ਪੜਾਅ ਸਮਝਣ ਦੀ ਬਜਾਏ, ਇਹ ਕਹਿਣਾ ਵਧੇਰੇ ਮੁਨਾਸਬ ਹੋਵੇਗਾ ਕਿ ਇਹ ਸੁਧਾਈ ਦਾ ਕੰਮ ਹੈ। ਅਸਲ ਵਿੱਚ, ਇਹ ਪੜਾਅ ਅਤੇ ਇਸ ਦੇ ਨਾਲ ਹੀ ਮੁਕਤੀ ਦੇ ਕੰਮ ਵਿੱਚ ਦੂਜਾ ਪੜਾਅ ਜਿੱਤ ਦਾ ਪੜਾਅ ਹੈ। ਵਚਨ ਦੁਆਰਾ ਨਿਆਂ ਅਤੇ ਤਾੜਨਾ ਰਾਹੀਂ ਹੀ ਮਨੁੱਖ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਣ ਤਕ ਪਹੁੰਚਦਾ ਹੈ, ਅਤੇ ਤਾਏ ਜਾਣ, ਨਿਆਂ ਕਰਨ, ਅਤੇ ਉਜਾਗਰ ਕਰਨ ਲਈ ਵਚਨ ਦੇ ਇਸਤੇਮਾਲ ਦੁਆਰਾ ਹੀ ਮਨੁੱਖ ਦੇ ਹਿਰਦੇ ਵਿਚਲੀਆਂ ਸਾਰੀਆਂ ਅਸ਼ੁੱਧੀਆਂ, ਧਾਰਣਾਵਾਂ, ਮਨੋਰਥਾਂ, ਅਤੇ ਵਿਅਕਤੀਗਤ ਤਾਂਘਾਂ ਪੂਰੀ ਤਰਾਂ ਉਜਾਗਰ ਹੁੰਦੀਆਂ ਹਨ। ਸ਼ਾਇਦ ਉਹ ਸਭ ਜਿਸ ਦੇ ਲਈ ਮਨੁੱਖ ਨੂੰ ਛੁਟਕਾਰਾ ਦਿਵਾਇਆ ਗਿਆ ਹੈ ਤੇ ਉਸ ਦੇ ਪਾਪ ਮਾਫ਼ ਕੀਤੇ ਗਏ ਹਨ, ਸਿਰਫ਼ ਇਹੀ ਮੰਨਿਆ ਜਾ ਸਕਦਾ ਹੈ ਕਿ ਪਰਮੇਸ਼ੁਰ ਮਨੁੱਖ ਦੀਆਂ ਉਲੰਘਣਾਵਾਂ ਨੂੰ ਯਾਦ ਨਹੀਂ ਰੱਖਦਾ ਅਤੇ ਮਨੁੱਖ ਨਾਲ ਉਸ ਦੁਆਰਾ ਕੀਤੀਆਂ ਉਲੰਘਣਾਵਾਂ ਦੇ ਅਨੁਸਾਰ ਵਿਹਾਰ ਨਹੀਂ ਕਰਦਾ। ਪਰ, ਜਦੋਂ ਮਨੁੱਖ, ਜੋ ਕਿ ਮਾਸ ਤੋਂ ਬਣੇ ਸਰੀਰ ਵਿੱਚ ਰਹਿੰਦਾ ਹੈ, ਨੂੰ ਪਾਪ ਤੋਂ ਮੁਕਤ ਨਾ ਕੀਤਾ ਗਿਆ ਹੋਵੇ, ਤਾਂ ਨਿਰੰਤਰ ਆਪਣੇ ਭ੍ਰਿਸ਼ਟ ਸ਼ਤਾਨੀ ਸੁਭਾਅ ਨੂੰ ਪ੍ਰਗਟ ਕਰਦਿਆਂ, ਉਹ ਸਿਰਫ਼ ਪਾਪ ਕਰਨਾ ਜਾਰੀ ਰੱਖ ਸਕਦਾ ਹੈ। ਇਹ ਉਹ ਜੀਵਨ ਹੈ ਜੋ ਮਨੁੱਖ ਬਿਤਾਉਂਦਾ ਹੈ, ਪਾਪ ਕਰਨ ਅਤੇ ਮਾਫ਼ ਕੀਤੇ ਜਾਣ ਦਾ ਕਦੇ ਨਾ ਮੁੱਕਣ ਵਾਲੇ ਸਿਲਸਿਲਾ। ਮਨੁੱਖਜਾਤੀ ਦਾ ਵੱਡਾ ਹਿੱਸਾ ਦਿਨੇ ਪਾਪ ਸਿਰਫ਼ ਇਸ ਲਈ ਕਰਦਾ ਹੈ ਤਾਂ ਜੋ ਸ਼ਾਮ ਨੂੰ ਤੌਬਾ ਕੀਤੀ ਜਾ ਸਕੇ। ਇਸ ਢੰਗ ਨਾਲ, ਹਾਲਾਂਕਿ ਪਾਪ ਬਲੀ ਮਨੁੱਖ ਦੇ ਲਈ ਹਮੇਸ਼ਾ ਅਸਰਦਾਰ ਹੁੰਦੀ ਹੈ, ਪਰ ਇਹ ਮਨੁੱਖ ਨੂੰ ਪਾਪ ਤੋਂ ਬਚਾ ਨਹੀਂ ਸਕੇਗੀ। ਮੁਕਤੀ ਦਾ ਸਿਰਫ਼ ਅੱਧਾ ਕੰਮ ਹੀ ਪੂਰਾ ਹੋਇਆ ਹੈ, ਕਿਉਂਕਿ ਮਨੁੱਖ ਕੋਲ ਅਜੇ ਵੀ ਭ੍ਰਿਸ਼ਟ ਸੁਭਾਅ ਹੈ। ਉਦਾਹਰਣ ਲਈ, ਜਦੋਂ ਲੋਕਾਂ ਨੂੰ ਅਹਿਸਾਸ ਹੋਇਆ ਕਿ ਉਹ ਮੋਆਬ ਤੋਂ ਆਏ ਹਨ, ਤਾਂ ਉਨ੍ਹਾਂ ਨੇ ਸ਼ਿਕਾਇਤਾਂ ਕੀਤੀਆਂ, ਜੀਵਨ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ, ਅਤੇ ਉੱਕਾ ਹੀ ਨਾਂਹਪੱਖੀ ਹੋ ਗਏ। ਕੀ ਇਹ, ਇਹ ਨਹੀਂ ਦਿਖਾਉਂਦਾ ਕਿ ਮਨੁੱਖਤਾ ਅਜੇ ਵੀ ਪਰਮੇਸ਼ੁਰ ਦੇ ਇਖਤਿਆਰ ਦੇ ਪੂਰੀ ਤਰ੍ਹਾਂ ਅਧੀਨ ਹੋਣ ਵਿੱਚ ਸਮਰਥ ਨਹੀਂ ਹੈ? ਕੀ ਇਹ ਹੂਬਹੂ ਉਨ੍ਹਾਂ ਦਾ ਭ੍ਰਿਸ਼ਟ ਸ਼ਤਾਨੀ ਸੁਭਾਅ ਨਹੀਂ ਹੈ? ਜਦੋਂ ਤੈਨੂੰ ਤਾੜਿਆ ਨਹੀਂ ਜਾ ਰਿਹਾ ਸੀ, ਤਾਂ ਤੇਰੇ ਹੱਥ ਹੋਰ ਸਭਨਾਂ ਨਾਲੋਂ ਉੱਚੇ ਸਨ, ਇੱਥੋਂ ਤਕ ਕਿ ਯਿਸੂ ਦੇ ਹੱਥਾਂ ਤੋਂ ਵੀ। ਤੇ ਤੂੰ ਉੱਚੀ ਅਵਾਜ਼ ਵਿੱਚ ਦੁਹਾਈ ਦਿੱਤੀ: “ਪਰਮੇਸ਼ੁਰ ਦਾ ਪਿਆਰਾ ਪੁੱਤਰ ਬਣ! ਪਰਮੇਸ਼ੁਰ ਦਾ ਨੇੜਲਾ ਬਣ! ਅਸੀਂ ਸ਼ਤਾਨ ਅੱਗੇ ਝੁਕਣ ਦੀ ਬਜਾਏ ਮਰ ਜਾਵਾਂਗੇ! ਪੁਰਾਣੇ ਸ਼ਤਾਨ ਦਾ ਵਿਦ੍ਰੋਹ ਕਰ! ਵੱਡੇ ਲਾਲ ਅਜਗਰ ਦਾ ਵਿਦ੍ਰੋਹ ਕਰ! ਵੱਡਾ ਲਾਲ ਅਜਗਰ ਸ਼ਕਤੀ ਤੋਂ ਮੂਧੇ ਮੂੰਹ ਡਿੱਗੇ! ਪਰਮੇਸ਼ੁਰ ਸਾਨੂੰ ਸੰਪੂਰਣ ਬਣਾਏ!” ਤੇਰੀਆਂ ਚੀਕਾਂ ਹੋਰਨਾਂ ਸਭਨਾਂ ਨਾਲੋਂ ਉੱਚੀਆਂ ਸਨ। ਪਰ ਫਿਰ ਤਾੜਨਾ ਦਾ ਸਮਾਂ ਆਇਆ ਤੇ, ਇੱਕ ਵਾਰ ਫਿਰ, ਮਨੁੱਖਤਾ ਦਾ ਭ੍ਰਿਸ਼ਟ ਸੁਭਾਅ ਪ੍ਰਗਟ ਹੋਇਆ। ਤਦ, ਉਨ੍ਹਾਂ ਦੀਆਂ ਚੀਕਾਂ ਬੰਦ ਹੋ ਗਈਆਂ, ਅਤੇ ਉਨ੍ਹਾਂ ਦਾ ਦ੍ਰਿੜ੍ਹ ਨਿਸ਼ਚਾ ਅਸਫ਼ਲ ਹੋ ਗਿਆ। ਇਹ ਮਨੁੱਖ ਦੀ ਭ੍ਰਿਸ਼ਟਤਾ ਹੈ; ਜੋ ਪਾਪ ਨਾਲੋਂ ਵੀ ਵਧੇਰੇ ਡੂੰਘੀ ਹੈ, ਇਹ ਉਹ ਚੀਜ਼ ਹੈ ਜੋ ਸ਼ਤਾਨ ਦੁਆਰਾ ਬੀਜੀ ਗਈ ਹੈ ਅਤੇ ਮਨੁੱਖ ਦੇ ਅੰਦਰ ਡੂੰਘੀਆਂ ਜੜ੍ਹਾਂ ਫੜ ਚੁੱਕੀ ਹੈ। ਮਨੁੱਖ ਲਈ ਆਪਣੇ ਪਾਪਾਂ ਬਾਰੇ ਜਾਣੂ ਹੋਣਾ ਸੌਖਾ ਕੰਮ ਨਹੀਂ ਹੈ; ਉਸ ਕੋਲ ਆਪਣੇ ਡੂੰਘੀਆਂ ਜੜ੍ਹਾਂ ਫੜ ਚੁੱਕੇ ਸੁਭਾਅ ਨੂੰ ਪਛਾਣਨ ਦਾ ਕੋਈ ਤਰੀਕਾ ਨਹੀਂ ਹੈ, ਅਤੇ ਇਸ ਨਤੀਜੇ ਨੂੰ ਹਾਸਲ ਕਰਨ ਲਈ ਉਸ ਲਈ ਵਚਨ ਦੁਆਰਾ ਨਿਆਂ ’ਤੇ ਨਿਰਭਰ ਕਰਨਾ ਜ਼ਰੂਰੀ ਹੈ। ਸਿਰਫ਼ ਇਸ ਤਰ੍ਹਾਂ ਹੀ ਮਨੁੱਖ ਨੂੰ ਸਹਿਜੇ-ਸਹਿਜੇ ਇਸ ਮੁਕਾਮ ਤੋਂ ਅੱਗੇ ਬਦਲਿਆ ਜਾ ਸਕਦਾ ਹੈ। ਮਨੁੱਖ ਬੀਤੇ ਸਮਿਆਂ ਵਿੱਚ ਇਸ ਤਰ੍ਹਾਂ ਚੀਕਿਆ ਕਿਉਂਕਿ ਉਸ ਨੂੰ ਆਪਣੇ ਮੂਲ ਭ੍ਰਿਸ਼ਟ ਸੁਭਾਅ ਦੀ ਕੋਈ ਸਮਝ ਨਹੀਂ ਸੀ। ਇਹ ਉਹ ਅਸ਼ੁੱਧੀਆਂ ਹਨ ਜੋ ਮਨੁੱਖ ਦੇ ਅੰਦਰ ਮੌਜੂਦ ਹਨ। ਨਿਆਂ ਅਤੇ ਤਾੜਨਾ ਦੇ ਇੰਨੇ ਲੰਬੇ ਅਰਸੇ ਦੌਰਾਨ, ਮਨੁੱਖ ਤਣਾਅ ਦੇ ਮਾਹੌਲ ਵਿੱਚ ਜੀਉਂਦਾ ਰਿਹਾ। ਕੀ ਇਹ ਸਭ ਕੁਝ ਵਚਨ ਦੁਆਰਾ ਪ੍ਰਾਪਤ ਨਹੀਂ ਹੋਇਆ ਸੀ? ਕੀ ਤੂੰ ਵੀ ਸੇਵਕਾਂ ਦੇ ਪਰਤਾਵੇ ਤੋਂ ਪਹਿਲਾਂ ਬਹੁਤ ਉੱਚੀ ਆਵਾਜ਼ ਵਿੱਚ ਨਹੀਂ ਚੀਕਿਆ ਸੀ? “ਰਾਜ ਵਿੱਚ ਦਾਖਲ ਹੋਵੋ! ਜਿਹੜੇ ਇਸ ਨਾਮ ਨੂੰ ਸਵੀਕਾਰਦੇ ਹਨ ਉਹ ਸਭ ਰਾਜ ਵਿੱਚ ਪ੍ਰਵੇਸ਼ ਕਰਨਗੇ! ਸਭ ਪਰਮੇਸ਼ੁਰ ਨਾਲ ਸਾਂਝ ਪਾਉਣਗੇ!” ਜਦੋਂ ਸੇਵਕਾਂ ਦਾ ਪਰਤਾਵਾ ਆਇਆ, ਤਾਂ ਫਿਰ ਤੂੰ ਬਿਲਕੁਲ ਵੀ ਦੁਹਾਈ ਨਹੀਂ ਦਿੱਤੀ। ਐਨ ਸ਼ੁਰੂਆਤ ਵਿੱਚ, ਸਭ ਨੇ ਦੁਹਾਈ ਦਿੱਤੀ, “ਹੇ ਪਰਮੇਸ਼ੁਰ! ਤੂੰ ਜਿੱਥੇ ਵੀ ਮੈਨੂੰ ਰੱਖੇਂਗਾ, ਮੈਂ ਤੇਰੇ ਮਾਰਗ ਦਰਸ਼ਨ ਦੇ ਅਧੀਨ ਹੋ ਜਾਵਾਂਗਾ।” ਪਰਮੇਸ਼ੁਰ ਦੇ ਵਚਨ ਪੜ੍ਹਨ ’ਤੇ, “ਮੇਰਾ ਪੌਲੁਸ ਕੌਣ ਬਣੇਗਾ?” ਲੋਕਾਂ ਨੇ ਕਿਹਾ, “ਮੈਂ ਤਿਆਰ ਹਾਂ!” ਫਿਰ ਉਨ੍ਹਾਂ ਨੇ ਵਚਨ ਵੇਖੇ, “ਤੇ ਅੱਯੂਬ ਦੀ ਨਿਹਚਾ ਬਾਰੇ ਕੀ ਕਹੋਗੇ?” ਅਤੇ ਕਿਹਾ, “ਮੈਂ ਅੱਯੂਬ ਦੀ ਨਿਹਚਾ ਆਪਣੇ ਉੱਪਰ ਲੈਣੀ ਚਾਹੁੰਦਾ ਹਾਂ। ਹੇ ਪਰਮੇਸ਼ੁਰ, ਕਿਰਪਾ ਕਰਕੇ ਮੈਨੂੰ ਪਰਖ!” ਜਦੋਂ ਸੇਵਕਾਂ ਦਾ ਪਰਤਾਵਾ ਆਇਆ, ਤਾਂ ਉਹ ਇਕਦਮ ਹੀ ਢਹਿਢੇਰੀ ਹੋ ਗਏ ਅਤੇ ਦੁਬਾਰਾ ਮਸਾਂ ਹੀ ਖੜ੍ਹੇ ਹੋ ਸਕੇ। ਇਸ ਤੋਂ ਬਾਅਦ, ਥੋੜ੍ਹਾ-ਥੋੜ੍ਹਾ ਕਰਕੇ, ਉਨ੍ਹਾਂ ਦੇ ਹਿਰਦੇ ਦੀਆਂ ਅਸ਼ੁੱਧੀਆਂ ਘਟਦੀਆਂ ਗਈਆਂ। ਕੀ ਇਹ ਵਚਨ ਦੇ ਜ਼ਰੀਏ ਪ੍ਰਾਪਤ ਨਹੀਂ ਹੋਇਆ ਸੀ? ਤਾਂ, ਅੱਜ ਤੁਸੀਂ ਜੋ ਅਨੁਭਵ ਕੀਤਾ ਹੈ ਹੈ ਉਹ ਵਚਨ ਰਾਹੀਂ ਪ੍ਰਾਪਤ ਕੀਤੇ ਗਏ ਨਤੀਜੇ ਹਨ, ਯਿਸੂ ਦੇ ਨਿਸ਼ਾਨ ਅਤੇ ਅਚਰਜ ਦਿਖਾਉਣ ਰਾਹੀਂ ਪ੍ਰਾਪਤ ਕੀਤੇ ਨਤੀਜਿਆਂ ਤੋਂ ਵੀ ਕਿਤੇ ਵੱਡੇ। ਪਰਮੇਸ਼ੁਰ ਦਾ ਪ੍ਰਤਾਪ ਜੋ ਤੈਨੂੰ ਦਿਖਾਈ ਦਿੰਦਾ ਹੈ ਅਤੇ ਖੁਦ ਪਰਮੇਸ਼ੁਰ ਦਾ ਅਧਿਕਾਰ ਜੋ ਤੈਨੂੰ ਦਿਖਾਈ ਦਿੰਦਾ ਹੈ, ਮਹਿਜ਼ ਸਲੀਬ ’ਤੇ ਲਟਕਾਏ ਜਾਣ ਦੇ ਜ਼ਰੀਏ, ਰੋਗ ਨੂੰ ਦੂਰ ਕਰਨ ਤੇ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣ ਦੇ ਜ਼ਰੀਏ ਹੀ ਦਿਖਾਈ ਨਹੀਂ ਦਿੰਦੇ ਹਨ, ਸਗੋਂ ਵਧੇਰੇ ਮਹੱਤਵਪੂਰਣ ਰੂਪ ਵਿੱਚ ਉਸ ਦੇ ਵਚਨ ਦੇ ਨਿਆਂ ਦੇ ਜ਼ਰੀਏ ਦਿਖਾਈ ਦਿੰਦੇ ਹਨ। ਇਹ ਤੈਨੂੰ ਦਿਖਾਉਂਦਾ ਹੈ ਕਿ ਪਰਮੇਸ਼ੁਰ ਦਾ ਅਧਿਕਾਰ ਅਤੇ ਸਮਰੱਥਾ ਸਿਰਫ਼ ਨਿਸ਼ਾਨ ਦਿਖਾਉਣ, ਰੋਗ ਨੂੰ ਦੂਰ ਕਰਨ, ਅਤੇ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣ ਤੋਂ ਨਹੀਂ ਬਣੇ ਹੋਏ, ਸਗੋਂ ਇਹ ਕਿ ਪਰਮੇਸ਼ੁਰ ਦੇ ਵਚਨ ਦਾ ਨਿਆਂ ਪਰਮੇਸ਼ੁਰ ਦੇ ਅਧਿਕਾਰ ਦੀ ਨੁਮਾਇੰਦਗੀ ਕਰਨ ਅਤੇ ਉਸ ਦੀ ਸਰਬ ਸ਼ਕਤੀਮਾਨਤਾ ਨੂੰ ਪਰਗਟ ਕਰਨ ਦੇ ਬਿਹਤਰ ਢੰਗ ਨਾਲ ਯੋਗ ਹੈ।

ਮਨੁੱਖ ਨੇ ਹੁਣ ਜੋ ਪ੍ਰਾਪਤ ਕੀਤਾ ਹੈ—ਉਸ ਦਾ ਮੌਜੂਦਾ ਰੁਤਬਾ, ਗਿਆਨ, ਪ੍ਰੇਮ, ਵਫ਼ਾਦਾਰੀ, ਆਗਿਆਕਾਰਤਾ ਅਤੇ ਅੰਤਰਦ੍ਰਿਸ਼ਟੀ—ਇਹ ਵਚਨ ਦੇ ਨਿਆਂ ਰਾਹੀਂ ਪ੍ਰਾਪਤ ਕੀਤੇ ਗਏ ਨਤੀਜੇ ਹਨ। ਕਿ ਤੂੰ ਅੱਜ ਤਕ ਵਫ਼ਾਦਾਰ ਹੋਣ ਦੇ ਯੋਗ ਹੈਂ ਅਤੇ ਅਟੱਲ ਰਹਿਣ ਦੇ ਯੋਗ ਹੈਂ ਤਾਂ ਇਹ ਵਚਨ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ। ਹੁਣ ਮਨੁੱਖ ਵੇਖਦਾ ਹੈ ਕਿ ਦੇਹਧਾਰੀ ਪਰਮੇਸ਼ੁਰ ਦਾ ਕੰਮ ਅਸਲ ਵਿੱਚ ਅਸਧਾਰਣ ਹੈ, ਅਤੇ ਇਸ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ, ਅਤੇ ਉਹ ਰਹੱਸ ਅਤੇ ਅਚਰਜ ਹਨ। ਇਸ ਲਈ, ਬਹੁਤ ਸਾਰਿਆਂ ਨੇ ਅਧੀਨਗੀ ਮੰਨ ਲਈ ਹੈ। ਕੁਝ ਆਪਣੇ ਜਨਮ ਤੋਂ ਲੈ ਕੇ ਹੁਣ ਤਕ ਕਦੇ ਕਿਸੇ ਮਨੁੱਖ ਦੇ ਅਧੀਨ ਨਹੀਂ ਹੋਏ, ਫਿਰ ਵੀ ਜਦੋਂ ਉਹ ਇਸ ਸਮੇਂ ਪਰਮੇਸ਼ੁਰ ਦੇ ਵਚਨਾਂ ਨੂੰ ਵੇਖਦੇ ਹਨ, ਤਾਂ ਉਹ ਬਗੈਰ ਇਸ ਵੱਲ ਕੋਈ ਧਿਆਨ ਦਿੱਤਿਆਂ ਕਿ ਉਨ੍ਹਾਂ ਨੇ ਅਜਿਹਾ ਕੀਤਾ ਹੈ, ਪੂਰੀ ਤਰ੍ਹਾਂ ਅਧੀਨ ਹੋ ਜਾਂਦੇ ਹਨ, ਅਤੇ ਉਹ ਕੋਈ ਪੜਤਾਲ ਕਰਨ ਜਾਂ ਕੁਝ ਹੋਰ ਕਹਿਣ ਦਾ ਹੌਸਲਾ ਨਹੀਂ ਕਰਦੇ। ਮਨੁੱਖਤਾ ਵਚਨ ਦੇ ਅਧੀਨ ਆ ਗਈ ਹੈ ਅਤੇ ਵਚਨ ਦੇ ਨਿਆਂ ਦੇ ਅਧੀਨ ਨਿਸੱਤ ਪਈ ਹੈ। ਜੇ ਪਰਮੇਸ਼ੁਰ ਦਾ ਆਤਮਾ ਮਨੁੱਖ ਨਾਲ ਸਿੱਧਿਆਂ ਗੱਲ ਕਰਦਾ, ਤਾਂ ਮਨੁੱਖਜਾਤੀ ਪੂਰੀ ਤਰ੍ਹਾਂ ਅਵਾਜ਼ ਦੇ ਅਧੀਨ ਹੋ ਜਾਂਦੀ, ਪ੍ਰਕਾਸ਼ਨ ਦੇ ਵਚਨਾਂ ਤੋਂ ਬਗੈਰ ਹੇਠਾਂ ਡਿਗ ਪੈਂਦੀ, ਕਾਫ਼ੀ ਹੱਦ ਤਕ ਉਸੇ ਤਰ੍ਹਾਂ ਜਿਵੇਂ ਪੌਲੁਸ ਦੰਮਿਸਕ ਦੇ ਰਾਹ ’ਤੇ ਚਾਨਣ ਵਿੱਚ ਧਰਤੀ ਉੱਤੇ ਡਿੱਗ ਪਿਆ ਸੀ। ਜੇ ਪਰਮੇਸ਼ੁਰ ਇਸ ਢੰਗ ਨਾਲ ਕੰਮ ਕਰਨਾ ਜਾਰੀ ਰੱਖਦਾ ਤਾਂ ਮਨੁੱਖ ਕਦੇ ਵੀ ਵਚਨ ਦੇ ਨਿਆਂ ਰਾਹੀਂ ਆਪਣੇ ਖੁਦ ਦੇ ਭ੍ਰਿਸ਼ਟਾਚਾਰ ਨੂੰ ਜਾਣਨ ਦੇ ਯੋਗ ਨਾ ਹੁੰਦਾ ਅਤੇ ਇੰਝ ਮੁਕਤੀ ਪ੍ਰਾਪਤ ਨਾ ਹੁੰਦੀ। ਪਰਮੇਸ਼ੁਰ ਸਿਰਫ਼ ਸਰੀਰ ਧਾਰਨ ਕਰਕੇ ਹੀ ਹਰ ਇੱਕ ਮਨੁੱਖ ਦੇ ਕੰਨਾਂ ਤਕ ਆਪਣੇ ਵਚਨਾਂ ਨੂੰ ਵਿਅਕਤੀਗਤ ਤੌਰ ਤੇ ਪਹੁੰਚਾ ਸਕਦਾ ਹੈ, ਤਾਂ ਜੋ ਹਰ ਕੋਈ ਜਿਸ ਕੋਲ ਕੰਨ ਹਨ ਉਸ ਦੇ ਵਚਨਾਂ ਨੂੰ ਸੁਣ ਸਕੇ ਅਤੇ ਵਚਨ ਦੁਆਰਾ ਉਸ ਦੇ ਨਿਆਂ ਦਾ ਕੰਮ ਪ੍ਰਾਪਤ ਕਰ ਸਕੇ। ਇਹ ਨਤੀਜਾ ਸਿਰਫ਼ ਉਸ ਦੇ ਵਚਨ ਦੁਆਰਾ ਪ੍ਰਾਪਤ ਹੁੰਦਾ ਹੈ, ਨਾ ਕਿ ਅਧੀਨ ਹੋਏ ਮਨੁੱਖ ਨੂੰ ਡਰਾਉਣ ਲਈ ਆਤਮਾ ਦੇ ਪਰਗਟ ਹੋਣ ਦੁਆਰਾ। ਸਿਰਫ਼ ਇਸੇ ਵਿਹਾਰਕ ਅਤੇ ਫਿਰ ਵੀ ਅਸਾਧਾਰਣ ਕੰਮ ਦੁਆਰਾ ਹੀ ਅਨੇਕਾਂ ਸਾਲਾਂ ਤੋਂ ਡੂੰਘਾਈਆਂ ਵਿੱਚ ਲੁਕਿਆ, ਮਨੁੱਖ ਦਾ ਪੁਰਾਣਾ ਸੁਭਾਅ, ਪੂਰੀ ਤਰ੍ਹਾਂ ਨਾਲ ਉਜਾਗਰ ਕੀਤਾ ਜਾ ਸਕਦਾ ਹੈ, ਤਾਂ ਜੋ ਮਨੁੱਖ ਇਸ ਨੂੰ ਪਛਾਣ ਸਕੇ ਅਤੇ ਇਸ ਨੂੰ ਬਦਲਵਾ ਸਕੇ। ਇਹ ਗੱਲਾਂ ਦੇਹਧਾਰੀ ਪਰਮੇਸ਼ੁਰ ਦਾ ਸਾਰਾ ਵਿਹਾਰਕ ਕੰਮ ਹਨ, ਜਿਸ ਵਿੱਚ, ਬੋਲ ਕੇ ਅਤੇ ਵਿਹਾਰਕ ਰੂਪ ਵਿੱਚ ਨਿਆਂ ਨੂੰ ਲਾਗੂ ਕਰਕੇ, ਉਹ ਵਚਨ ਦੁਆਰਾ ਮਨੁੱਖ ਉੱਤੇ ਨਿਆਂ ਦੇ ਨਤੀਜੇ ਪ੍ਰਾਪਤ ਕਰਦਾ ਹੈ। ਇਹ ਦੇਹਧਾਰੀ ਪਰਮੇਸ਼ੁਰ ਦਾ ਅਧਿਕਾਰ ਹੈ ਅਤੇ ਪਰਮੇਸ਼ੁਰ ਦੇ ਦੇਹਧਾਰਣ ਦੀ ਅਹਿਮੀਅਤ ਹੈ। ਇਹ ਦੇਹਧਾਰੀ ਪਰਮੇਸ਼ੁਰ ਦੇ ਅਧਿਕਾਰ ਨੂੰ ਜਾਣੂ ਕਰਾਉਣ ਲਈ, ਵਚਨ ਦੇ ਕੰਮ ਦੁਆਰਾ ਪ੍ਰਾਪਤ ਕੀਤੇ ਨਤੀਜਿਆਂ ਨੂੰ ਜਾਣੂ ਕਰਾਉਣ ਲਈ, ਅਤੇ ਇਹ ਜਾਣੂ ਕਰਾਉਣ ਵਾਸਤੇ ਕੀਤਾ ਜਾਂਦਾ ਹੈ ਕਿ ਆਤਮਾ ਸਰੀਰ ਵਿੱਚ ਆਇਆ ਹੈ ਅਤੇ ਵਚਨ ਦੁਆਰਾ ਮਨੁੱਖ ਦਾ ਨਿਆਂ ਕਰਨ ਦੁਆਰਾ ਆਪਣੇ ਅਧਿਕਾਰ ਦਾ ਵਿਖਾਵਾ ਕਰਦਾ ਹੈ। ਹਾਲਾਂਕਿ ਉਸ ਦਾ ਸਰੀਰ ਇੱਕ ਆਮ ਅਤੇ ਸਧਾਰਣ ਮਨੁੱਖੀ ਸੁਭਾਅ ਦਾ ਬਾਹਰੀ ਰੂਪ ਹੈ, ਪਰ ਇਹ ਉਸ ਦੇ ਵਚਨਾਂ ਦੁਆਰਾ ਪ੍ਰਾਪਤ ਹੋਣ ਵਾਲੇ ਨਤੀਜੇ ਹਨ ਜੋ ਮਨੁੱਖ ਨੂੰ ਦਿਖਾਉਂਦੇ ਹਨ ਕਿ ਪਰਮੇਸ਼ੁਰ ਅਧਿਕਾਰ ਨਾਲ ਭਰਪੂਰ ਹੈ, ਕਿ ਉਹ ਖੁਦ ਪਰਮੇਸ਼ੁਰ ਹੈ, ਅਤੇ ਇਹ ਕਿ ਉਸ ਦੇ ਵਚਨ ਖੁਦ ਪਰਮੇਸ਼ੁਰ ਦਾ ਪ੍ਰਗਟਾਵਾ ਹਨ। ਇਸ ਤੋਂ ਭਾਵ ਹੈ ਕਿ ਸਾਰੀ ਮਨੁੱਖਤਾ ਨੂੰ ਦਿਖਾਇਆ ਜਾਂਦਾ ਹੈ ਕਿ ਉਹ ਖੁਦ ਪਰਮੇਸ਼ੁਰ ਹੈ, ਕਿ ਉਹ ਖੁਦ ਪਰਮੇਸ਼ੁਰ ਹੀ ਹੈ ਜਿਸ ਨੇ ਸਰੀਰ ਧਾਰਨ ਕੀਤਾ, ਕਿ ਕੋਈ ਉਸ ਨੂੰ ਠੇਸ ਨਹੀਂ ਪਹੁੰਚਾਏਗਾ, ਅਤੇ ਇਹ ਕਿ ਕੋਈ ਵੀ ਵਚਨ ਦੁਆਰਾ ਉਸ ਦੇ ਨਿਆਂ ਨੂੰ ਪਛਾੜ ਨਹੀਂ ਸਕਦਾ, ਅਤੇ ਹਨੇਰੇ ਦੀ ਕੋਈ ਸ਼ਕਤੀ ਉਸ ਦੇ ਅਧਿਕਾਰ ਉੱਪਰ ਜਿੱਤ ਨਹੀਂ ਪਾ ਸਕਦੀ। ਮਨੁੱਖ ਸਮੁੱਚੇ ਰੂਪ ਵਿੱਚ ਉਸ ਦੇ ਅਧੀਨ ਹੁੰਦਾ ਹੈ ਕਿਉਂਕਿ ਉਹ ਦੇਹਧਾਰੀ ਹੋਇਆ ਵਚਨ ਹੈ, ਉਸ ਦੇ ਅਧਿਕਾਰ ਦੇ ਕਾਰਨ, ਅਤੇ ਵਚਨ ਦੁਆਰਾ ਉਸ ਦੇ ਨਿਆਂ ਦੇ ਕਾਰਨ ਉਸ ਦੇ ਅਧੀਨ ਹੁੰਦਾ ਹੈ। ਉਸ ਦੇ ਦੇਹਧਾਰੀ ਰੂਪ ਦੁਆਰਾ ਲਿਆਂਦਾ ਕੰਮ ਹੀ ਉਹ ਅਧਿਕਾਰ ਹੈ ਜੋ ਉਸ ਦੇ ਕੋਲ ਹੈ। ਉਹ ਸਰੀਰ ਇਸ ਲਈ ਧਾਰਨ ਕਰਦਾ ਹੈ ਕਿਉਂਕਿ ਸਰੀਰ ਵੀ ਅਧਿਕਾਰ ਧਾਰਨ ਕਰ ਸਕਦਾ ਹੈ, ਅਤੇ ਉਹ ਮਨੁੱਖਜਾਤੀ ਦਰਮਿਆਨ ਵਿਹਾਰਕ ਢੰਗ ਨਾਲ ਕੰਮ ਪੂਰਾ ਕਰਨ ਦੇ ਸਮਰੱਥ ਹੈ, ਅਜਿਹੇ ਢੰਗ ਨਾਲ ਜੋ ਮਨੁੱਖ ਲਈ ਦਿੱਸਣਯੋਗ ਅਤੇ ਛੋਹਣਯੋਗ ਹੈ। ਇਹ ਕੰਮ ਪਰਮੇਸ਼ੁਰ ਦੇ ਆਤਮਾ ਦੁਆਰਾ ਸਿੱਧੇ ਤੌਰ ਤੇ ਕੀਤੇ ਕੰਮ ਨਾਲੋਂ ਕਿਤੇ ਜ਼ਿਆਦਾ ਯਥਾਰਥਵਾਦੀ ਹੈ, ਜਿਸ ਕੋਲ ਸਾਰਾ ਅਧਿਕਾਰ ਹੈ, ਅਤੇ ਇਸ ਦੇ ਨਤੀਜੇ ਵੀ ਪ੍ਰਤੱਖ ਹਨ। ਅਜਿਹਾ ਇਸ ਕਰਕੇ ਹੈ ਕਿਉਂਕਿ ਪਰਮੇਸ਼ੁਰ ਦਾ ਦੇਹਧਾਰੀ ਰੂਪ ਵਿਹਾਰਕ ਢੰਗ ਨਾਲ ਬੋਲ ਅਤੇ ਕੰਮ ਕਰ ਸਕਦਾ ਹੈ। ਉਸ ਦੇ ਸਰੀਰ ਦੇ ਬਾਹਰੀ ਰੂਪ ਕੋਲ ਕੋਈ ਅਧਿਕਾਰ ਨਹੀਂ ਹੁੰਦਾ, ਅਤੇ ਮਨੁੱਖ ਦੁਆਰਾ ਇਸ ਤਕ ਪਹੁੰਚਿਆ ਜਾ ਸਕਦਾ ਹੈ, ਜਦਕਿ ਉਸ ਦੇ ਤੱਤ ਕੋਲ ਅਧਿਕਾਰ ਜ਼ਰੂਰ ਹੁੰਦਾ ਹੈ, ਪਰ ਉਸ ਦਾ ਅਧਿਕਾਰ ਕਿਸੇ ਨੂੰ ਵੀ ਦਿਸਦਾ ਨਹੀਂ ਹੈ। ਜਦੋਂ ਉਹ ਬੋਲਦਾ ਅਤੇ ਕੰਮ ਕਰਦਾ ਹੈ, ਤਾਂ ਮਨੁੱਖ ਉਸ ਦੇ ਅਧਿਕਾਰ ਦੀ ਹੋਂਦ ਦਾ ਪਤਾ ਲਗਾਉਣ ਦੇ ਯੋਗ ਨਹੀਂ ਹੁੰਦਾ ਹੈ; ਇਹ ਉਸ ਲਈ ਵਿਹਾਰਕ ਕਿਸਮ ਦਾ ਕੰਮ ਕਰਨਾ ਸੁਖਾਲਾ ਬਣਾਉਂਦਾ ਹੈ। ਇਹ ਸਾਰਾ ਵਿਹਾਰਕ ਕੰਮ ਨਤੀਜੇ ਪ੍ਰਾਪਤ ਕਰ ਸਕਦਾ ਹੈ। ਭਾਵੇਂ ਕਿ ਕਿਸੇ ਮਨੁੱਖ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਸ ਦੇ ਕੋਲ ਅਧਿਕਾਰ ਹੈ, ਜਾਂ ਇਹ ਦਿਖਾਈ ਨਹੀਂ ਦਿੰਦਾ ਕਿ ਉਸ ਨੂੰ ਠੇਸ ਨਹੀਂ ਪਹੁੰਚਦੀ, ਜਾਂ ਉਸ ਦਾ ਕ੍ਰੋਧ ਦਿਖਾਈ ਨਹੀਂ ਦਿੰਦਾ, ਪਰ ਆਪਣੇ ਕੱਜੇ ਹੋਏ ਅਧਿਕਾਰ, ਆਪਣੇ ਲੁਕੇ ਹੋਏ ਕ੍ਰੋਧ, ਅਤੇ ਖੁੱਲ੍ਹ ਕੇ ਬੋਲੇ ਜਾਣ ਵਾਲੇ ਵਚਨਾਂ ਰਾਹੀਂ ਉਹ ਆਪਣੇ ਵਚਨਾਂ ਦੇ ਨਿਰਧਾਰਤ ਨਤੀਜੇ ਪ੍ਰਾਪਤ ਕਰਦਾ ਹੈ। ਦੂਜੇ ਸ਼ਬਦਾਂ ਵਿੱਚ, ਉਸ ਦੀ ਅਵਾਜ਼ ਦੀ ਤਰਜ਼, ਉਸ ਦੇ ਬੋਲਾਂ ਵਿੱਚ ਸਖਤਾਈ, ਅਤੇ ਉਸ ਦੇ ਵਚਨਾਂ ਵਿਚਲੀ ਸਾਰੀ ਬੁੱਧ ਦੁਆਰਾ, ਮਨੁੱਖ ਨੂੰ ਬਿਲਕੁਲ ਭਰੋਸਾ ਹੋ ਜਾਂਦਾ ਹੈ। ਇਸ ਤਰ੍ਹਾਂ, ਮਨੁੱਖ ਦੇਹਧਾਰੀ ਪਰਮੇਸ਼ੁਰ ਦੇ ਵਚਨ ਦੇ ਅਧੀਨ ਹੋ ਜਾਂਦਾ ਹੈ, ਜਿਸ ਕੋਲ ਦੇਖਣ ਵਿੱਚ ਕੋਈ ਵੀ ਅਧਿਕਾਰ ਨਹੀਂ ਹੈ, ਨਤੀਜੇ ਵਜੋਂ ਮਨੁੱਖ ਨੂੰ ਬਚਾਉਣ ਦਾ ਪਰਮੇਸ਼ੁਰ ਦਾ ਉਦੇਸ਼ ਪੂਰਾ ਹੋ ਜਾਂਦਾ ਹੈ। ਉਸ ਦੇ ਦੇਹਧਾਰਣ ਦੀ ਅਹਿਮੀਅਤ ਦਾ ਇੱਕ ਹੋਰ ਪਹਿਲੂ ਵੀ ਹੈ: ਵਧੇਰੇ ਯਥਾਰਥਵਾਦੀ ਢੰਗ ਨਾਲ ਬੋਲਣਾ ਅਤੇ ਉਸ ਦੇ ਵਚਨਾਂ ਦੀ ਅਸਲੀਅਤ ਦਾ ਮਨੁੱਖ ਉੱਤੇ ਪ੍ਰਭਾਵ ਪੈਣ ਦੀ ਆਗਿਆ ਦੇਣਾ, ਤਾਂ ਜੋ ਮਨੁੱਖ ਪਰਮੇਸ਼ੁਰ ਦੇ ਵਚਨ ਦੀ ਸਮਰੱਥਾ ਦੀ ਗਵਾਹੀ ਦੇ ਸਕੇ। ਇਸ ਲਈ, ਜੇ ਇਹ ਕੰਮ ਦੇਹਧਾਰਣ ਦੇ ਜ਼ਰੀਏ ਨਾ ਕੀਤਾ ਜਾਂਦਾ, ਤਾਂ ਇਹ ਥੋੜ੍ਹੇ ਜਿਹੇ ਨਤੀਜੇ ਵੀ ਪ੍ਰਾਪਤ ਨਾ ਕਰ ਸਕਦਾ ਅਤੇ ਪਾਪੀਆਂ ਨੂੰ ਪੂਰੀ ਤਰ੍ਹਾਂ ਬਚਾਉਣ ਯੋਗ ਨਾ ਹੁੰਦਾ। ਜੇ ਪਰਮੇਸ਼ੁਰ ਸਰੀਰ ਧਾਰਨ ਨਾ ਕਰਦਾ, ਤਾਂ ਉਹ ਆਤਮਾ ਹੀ ਰਹਿੰਦਾ ਜੋ ਕਿ ਮਨੁੱਖ ਲਈ ਅਦਿੱਖ ਵੀ ਹੈ ਅਤੇ ਅਛੋਹ ਵੀ। ਮਨੁੱਖ ਸਰੀਰ ਤੋਂ ਬਣਿਆ ਪ੍ਰਾਣੀ ਹੋਣ ਕਰਕੇ, ਉਹ ਅਤੇ ਪਰਮੇਸ਼ੁਰ ਦੋ ਵੱਖੋ-ਵੱਖ ਸੰਸਾਰਾਂ ਨਾਲ ਸੰਬੰਧ ਰੱਖਦੇ ਹਨ ਅਤੇ ਵੱਖੋ-ਵੱਖਰੇ ਸੁਭਾਅ ਦੇ ਮਾਲਕ ਹਨ। ਪਰਮੇਸ਼ੁਰ ਦਾ ਆਤਮਾ ਸਰੀਰ ਤੋਂ ਬਣੇ ਹੋਏ ਮਨੁੱਖ ਨਾਲ ਅਨੁਕੂਲ ਨਹੀਂ ਹੈ, ਅਤੇ ਉਨ੍ਹਾਂ ਵਿਚਾਲੇ ਸੰਬੰਧ ਸਥਾਪਤ ਕਰਨ ਦਾ ਬਿਲਕੁਲ ਕੋਈ ਰਾਹ ਨਹੀਂ ਹੈ, ਇਹ ਜ਼ਿਕਰ ਕਰਨ ਦੀ ਲੋੜ ਨਹੀਂ ਕਿ ਮਨੁੱਖ ਆਤਮਾ ਵਿੱਚ ਬਦਲਣ ਦੇ ਅਸਮਰੱਥ ਹੈ। ਅਜਿਹਾ ਹੈ ਤਾਂ, ਪਰਮੇਸ਼ੁਰ ਦੇ ਆਤਮਾ ਲਈ ਆਪਣਾ ਅਸਲ ਕੰਮ ਕਰਨ ਵਾਸਤੇ ਇੱਕ ਸਿਰਜਿਆ ਹੋਇਆ ਪ੍ਰਾਣੀ ਬਣਨਾ ਜ਼ਰੂਰੀ ਹੈ। ਪਰਮੇਸ਼ੁਰ ਸਭ ਤੋਂ ਉੱਚੇ ਸਥਾਨ ’ਤੇ ਵੀ ਚੜ੍ਹ ਸਕਦਾ ਹੈ ਅਤੇ ਆਪਣੇ ਆਪ ਨੂੰ ਮਨੁੱਖੀ ਜੀਵ ਬਣਨ ਲਈ, ਮਨੁੱਖਜਾਤੀ ਦਰਮਿਆਨ ਕੰਮ ਕਰਨ ਅਤੇ ਉਨ੍ਹਾਂ ਵਿੱਚ ਰਹਿਣ ਦੇ ਲਈ ਨਿਮਰ ਵੀ ਬਣਾ ਸਕਦਾ ਹੈ, ਪਰ ਮਨੁੱਖ ਸਭ ਤੋਂ ਉੱਚੇ ਸਥਾਨ ’ਤੇ ਨਹੀਂ ਚੜ੍ਹ ਸਕਦਾ ਅਤੇ ਆਤਮਾ ਨਹੀਂ ਬਣ ਸਕਦਾ ਹੈ, ਅਤੇ ਸਭ ਤੋਂ ਨੀਵੇਂ ਸਥਾਨ ’ਤੇ ਉਤਰਨਾ ਤਾਂ ਦੂਰ ਦੀ ਗੱਲ ਰਹੀ। ਇਹੀ ਕਾਰਨ ਹੈ ਕਿ ਪਰਮੇਸ਼ੁਰ ਲਈ ਆਪਣਾ ਕੰਮ ਪੂਰਾ ਕਰਨ ਵਾਸਤੇ ਸਰੀਰ ਧਾਰਨ ਕਰਨਾ ਜ਼ਰੂਰੀ ਹੈ। ਇਸੇ ਕਾਰਨ ਹੀ, ਪਹਿਲੇ ਦੇਹਧਾਰਣ ਦੇ ਦੌਰਾਨ, ਦੇਹਧਾਰੀ ਪਰਮੇਸ਼ੁਰ ਦਾ ਸਿਰਫ਼ ਸਰੀਰ ਹੀ ਆਪਣੇ ਸਲੀਬ ’ਤੇ ਚੜ੍ਹਾਏ ਜਾਣ ਰਾਹੀਂ ਮਨੁੱਖ ਨੂੰ ਛੁਟਕਾਰਾ ਦੁਆ ਸਕਦਾ ਸੀ, ਜਦਕਿ ਪਵਿੱਤਰ ਆਤਮਾ ਲਈ ਮਨੁੱਖ ਵਾਸਤੇ ਪਾਪ ਬਲੀ ਵਜੋਂ ਸਲੀਬ ਉੱਤੇ ਚੜ੍ਹਾਏ ਜਾਣ ਦਾ ਕੋਈ ਰਾਹ ਨਹੀਂ ਹੋਣਾ ਸੀ। ਪਰਮੇਸ਼ੁਰ ਮਨੁੱਖ ਲਈ ਪਾਪ ਬਲੀ ਵਜੋਂ ਸੇਵਾ ਕਰਨ ਲਈ ਸਿੱਧੇ ਤੌਰ ਤੇ ਸਰੀਰ ਧਾਰਨ ਕਰ ਸਕਦਾ ਸੀ, ਪਰ ਮਨੁੱਖ ਉਸ ਪਾਪ ਬਲੀ ਨੂੰ ਲੈਣ ਲਈ ਸਿੱਧੇ ਤੌਰ ਤੇ ਸਵਰਗ ਨੂੰ ਨਹੀਂ ਚੜ੍ਹ ਸਕਦਾ ਸੀ ਜਿਹੜੀ ਪਰਮੇਸ਼ੁਰ ਨੇ ਉਸ ਦੇ ਲਈ ਤਿਆਰ ਕੀਤੀ ਸੀ। ਅਜਿਹਾ ਹੁੰਦੇ ਹੋਏ, ਸੰਭਵ ਸਿਰਫ਼ ਇਹੀ ਹੁੰਦਾ ਕਿ ਪਰਮੇਸ਼ੁਰ ਨੂੰ ਕੁਝ ਕੁ ਵਾਰੀ ਸਵਰਗ ਅਤੇ ਧਰਤੀ ਦੇ ਵਿਚਕਾਰ ਦੌੜ ਲਾਉਣ ਲਈ ਕਹਿਣਾ ਪੈਂਦਾ, ਤਾਂ ਕਿ ਮਨੁੱਖ ਨੂੰ ਇਸ ਮੁਕਤੀ ਨੂੰ ਪ੍ਰਾਪਤ ਕਰਨ ਲਈ ਸਵਰਗ ਨੂੰ ਨਾ ਚੜ੍ਹਨਾ ਪਵੇ, ਕਿਉਂਕਿ ਮਨੁੱਖ ਭ੍ਰਿਸ਼ਟ ਹੋ ਚੁੱਕਾ ਸੀ ਅਤੇ, ਇਸ ਤੋਂ ਇਲਾਵਾ, ਮਨੁੱਖ ਸਵਰਗ ਨੂੰ ਉੱਕਾ ਹੀ ਨਹੀਂ ਚੜ੍ਹ ਸਕਦਾ ਸੀ, ਪਾਪ ਬਲੀ ਪ੍ਰਾਪਤ ਕਰਨਾ ਤਾਂ ਦੂਰ ਦੀ ਗੱਲ ਰਹੀ। ਇਸ ਕਰਕੇ, ਯਿਸੂ ਲਈ ਮਨੁੱਖਜਾਤੀ ਦਰਮਿਆਨ ਆਉਣਾ ਅਤੇ ਵਿਅਕਤੀਗਤ ਤੌਰ ਤੇ ਉਹ ਕੰਮ ਕਰਨਾ ਜ਼ਰੂਰੀ ਸੀ ਜੋ ਮਨੁੱਖ ਦੁਆਰਾ ਬਿਲਕੁਲ ਹੀ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ ਸੀ। ਹਰ ਵਾਰ ਜਦੋਂ ਵੀ ਪਰਮੇਸ਼ੁਰ ਸਰੀਰ ਧਾਰਨ ਕਰਦਾ ਹੈ, ਇਹ ਬਿਲਕੁਲ ਲੋੜ ਅਨੁਸਾਰ ਹੁੰਦਾ ਹੈ। ਜੇ ਕੋਈ ਵੀ ਪੜਾਅ ਪਰਮੇਸ਼ੁਰ ਦੇ ਆਤਮਾ ਦੁਆਰਾ ਸਿੱਧਿਆਂ ਪੂਰਾ ਕੀਤਾ ਜਾ ਸਕਦਾ ਹੁੰਦਾ, ਤਾਂ ਉਹ ਦੇਹਧਾਰੀ ਹੋਣ ਦੇ ਅਪਮਾਨ ਅੱਗੇ ਝੁਕਿਆ ਨਾ ਹੁੰਦਾ।

ਕੰਮ ਦੇ ਇਸ ਅੰਤਮ ਪੜਾਅ ਵਿੱਚ, ਵਚਨ ਦੇ ਜ਼ਰੀਏ ਨਤੀਜੇ ਪ੍ਰਾਪਤ ਕੀਤੇ ਜਾਂਦੇ ਹਨ। ਵਚਨ ਦੇ ਰਾਹੀਂ, ਮਨੁੱਖ ਨੂੰ ਬਹੁਤ ਸਾਰੇ ਰਹੱਸਾਂ ਅਤੇ ਉਸ ਕੰਮ ਦੀ ਸਮਝ ਆਉਂਦੀ ਹੈ ਜੋ ਪਰਮੇਸ਼ੁਰ ਨੇ ਪਿਛਲੀਆਂ ਪੀੜ੍ਹੀਆਂ ਦੌਰਾਨ ਕੀਤਾ ਹੈ; ਵਚਨ ਦੇ ਰਾਹੀਂ, ਮਨੁੱਖ ਪਵਿੱਤਰ ਆਤਮਾ ਦੁਆਰਾ ਪ੍ਰਕਾਸ਼ਮਾਨ ਹੁੰਦਾ ਹੈ; ਵਚਨ ਦੇ ਰਾਹੀਂ, ਮਨੁੱਖ ਨੂੰ ਉਨ੍ਹਾਂ ਰਹੱਸਾਂ ਦੀ ਸਮਝ ਆਉਂਦੀ ਹੈ ਜੋ ਪਿਛਲੀਆਂ ਪੀੜ੍ਹੀਆਂ ਦੁਆਰਾ ਪਹਿਲਾਂ ਕਦੇ ਨਹੀਂ ਖੋਲ੍ਹੇ ਗਏ, ਨਾਲ ਹੀ ਬੀਤੇ ਵੇਲਿਆਂ ਦੇ ਨਬੀਆਂ ਤੇ ਰਸੂਲਾਂ ਦੇ ਕੰਮ, ਅਤੇ ਉਨ੍ਹਾਂ ਸਿਧਾਂਤਾਂ ਦੀ ਸਮਝ ਆਉਂਦੀ ਹੈ ਜਿਨ੍ਹਾਂ ਨਾਲ ਉਹ ਕੰਮ ਕਰਦੇ ਸੀ; ਵਚਨ ਦੇ ਰਾਹੀਂ, ਮਨੁੱਖ ਖੁਦ ਪਰਮੇਸ਼ੁਰ ਦੇ ਸੁਭਾਅ ਨੂੰ, ਅਤੇ ਇਸ ਦੇ ਨਾਲ ਹੀ ਮਨੁੱਖ ਦੇ ਵਿਦ੍ਰੋਹ ਤੇ ਵਿਰੋਧ ਨੂੰ ਵੀ ਸਮਝਦਾ ਹੈ ਅਤੇ ਉਸ ਨੂੰ ਆਪਣੇ ਖੁਦ ਦੇ ਤੱਤ ਦੀ ਸਮਝ ਆਉਂਦੀ ਹੈ। ਕੰਮ ਦੇ ਇਨ੍ਹਾਂ ਕਦਮਾਂ ਅਤੇ ਬੋਲੇ ਗਏ ਸਾਰੇ ਵਚਨਾਂ ਰਾਹੀਂ, ਮਨੁੱਖ ਨੂੰ ਆਤਮਾ ਦੇ ਕੰਮ, ਉਹ ਕੰਮ ਜੋ ਪਰਮੇਸ਼ੁਰ ਦਾ ਦੇਹਧਾਰੀ ਰੂਪ ਕਰਦਾ ਹੈ, ਅਤੇ ਇਸ ਤੋਂ ਵੀ ਵੱਧ ਕੇ, ਉਸ ਦੇ ਸਮੁੱਚੇ ਸੁਭਾਅ ਬਾਰੇ ਦੀ ਸਮਝ ਆਉਂਦੀ ਹੈ। ਪਰਮੇਸ਼ੁਰ ਦੇ ਛੇ ਹਜ਼ਾਰ ਸਾਲਾਂ ਤੋਂ ਵੱਧ ਦੇ ਪ੍ਰਬੰਧਨ ਦੇ ਕੰਮ ਬਾਰੇ ਤੇਰਾ ਗਿਆਨ ਵੀ ਵਚਨ ਦੁਆਰਾ ਹੀ ਪ੍ਰਾਪਤ ਕੀਤਾ ਗਿਆ ਸੀ। ਕੀ ਤੇਰੀਆਂ ਪੁਰਾਣੀਆਂ ਧਾਰਣਾਵਾਂ ਬਾਰੇ ਗਿਆਨ ਅਤੇ ਉਨ੍ਹਾਂ ਨੂੰ ਇੱਕ ਪਾਸੇ ਰੱਖਣ ਵਿੱਚ ਤੇਰੀ ਸਫ਼ਲਤਾ ਵੀ ਵਚਨ ਰਾਹੀਂ ਹੀ ਪ੍ਰਾਪਤ ਨਹੀਂ ਕੀਤੀ ਗਈ ਸੀ? ਪਿਛਲੇ ਪੜਾਅ ਵਿੱਚ, ਯਿਸੂ ਨੇ ਨਿਸ਼ਾਨ ਅਤੇ ਅਚਰਜ ਦਿਖਾਏ, ਪਰ ਇਸ ਪੜਾਅ ਵਿੱਚ ਕੋਈ ਨਿਸ਼ਾਨ ਅਤੇ ਅਚਰਜ ਨਹੀਂ ਹਨ। ਕੀ ਤੇਰੀ ਇਹ ਸਮਝ ਵੀ ਵਚਨ ਰਾਹੀਂ ਹੀ ਪ੍ਰਾਪਤ ਨਹੀਂ ਕੀਤੀ ਗਈ ਸੀ ਕਿ ਪਰਮੇਸ਼ੁਰ ਨਿਸ਼ਾਨਾਂ ਤੇ ਅਚਰਜਾਂ ਦਾ ਪ੍ਰਗਟਾਵਾ ਕਿਉਂ ਨਹੀਂ ਕਰਦਾ? ਇਸ ਲਈ, ਇਸ ਪੜਾਅ ਵਿੱਚ ਕਹੇ ਗਏ ਵਚਨ ਪਿਛਲੀਆਂ ਪੀੜ੍ਹੀਆਂ ਦੇ ਰਸੂਲਾਂ ਤੇ ਨਬੀਆਂ ਦੁਆਰਾ ਕੀਤੇ ਕੰਮ ਨੂੰ ਪਛਾੜ ਦਿੰਦੇ ਹਨ। ਇੱਥੋਂ ਤਕ ਕਿ ਨਬੀਆਂ ਦੁਆਰਾ ਦੱਸੇ ਗਏ ਅਗੰਮਵਾਕ ਵੀ ਇਸ ਨਤੀਜੇ ਨੂੰ ਪ੍ਰਾਪਤ ਨਹੀਂ ਕਰ ਸਕਦੇ ਸਨ। ਨਬੀਆਂ ਨੇ ਸਿਰਫ਼ ਅਗੰਮ ਵਾਕ ਬੋਲੇ ਸਨ, ਉਨ੍ਹਾਂ ਨੇ ਭਵਿੱਖ ਵਿੱਚ ਜੋ ਵਾਪਰਨਾ ਸੀ ਉਸ ਦੇ ਬਾਰੇ ਗੱਲ ਕੀਤੀ, ਪਰ ਇਸ ਬਾਰੇ ਨਹੀਂ ਕਿ ਪਰਮੇਸ਼ੁਰ ਉਸ ਸਮੇਂ ਕੀ ਕੰਮ ਕਰਨਾ ਚਾਹੁੰਦਾ ਸੀ। ਨਾ ਹੀ ਉਹ ਮਨੁੱਖਤਾ ਨੂੰ ਉਨ੍ਹਾਂ ਦੇ ਜੀਵਨ ਵਿੱਚ ਸੇਧ ਦੇਣ ਲਈ, ਜਾਂ ਮਨੁੱਖਜਾਤੀ ਨੂੰ ਸੱਚਾਈਆਂ ਦੀ ਬਖਸ਼ਿਸ਼ ਕਰਨ, ਜਾਂ ਉਨ੍ਹਾਂ ਅੱਗੇ ਰਹੱਸਾਂ ਨੂੰ ਖੋਲ੍ਹਣ ਲਈ ਬੋਲੇ, ਜੀਵਨ ਬਖਸ਼ਣਾ ਤਾਂ ਦੂਰ ਦੀ ਗੱਲ ਰਹੀ। ਇਸ ਪੜਾਅ ਵਿੱਚ ਬੋਲੇ ਗਏ ਵਚਨਾਂ ਵਿੱਚੋਂ, ਅਗੰਮ ਵਾਕ ਅਤੇ ਸੱਚਾਈ ਹਨ, ਪਰ ਮੁੱਖ ਤੌਰ ਤੇ ਇਹ ਵਚਨ ਮਨੁੱਖ ਨੂੰ ਜੀਵਨ ਦੀ ਬਖਸ਼ਿਸ਼ ਕਰਨ ਦਾ ਕੰਮ ਕਰਦੇ ਹਨ। ਇਸ ਸਮੇਂ ਦੇ ਵਚਨ ਨਬੀਆਂ ਦੇ ਅਗੰਮ ਵਾਕਾਂ ਵਰਗੇ ਨਹੀਂ ਹਨ। ਇਹ ਮਨੁੱਖ ਦੀ ਜੀਵਨ ਅਵਸਥਾ ਨੂੰ ਬਦਲਣ ਵਾਸਤੇ, ਮਨੁੱਖ ਦੇ ਜੀਵਨ ਲਈ ਕੰਮ ਦਾ ਇੱਕ ਪੜਾਅ ਹੈ, ਨਾ ਕਿ ਅਗੰਮਵਾਕ ਬੋਲਣ ਲਈ। ਪਹਿਲਾ ਪੜਾਅ ਯਹੋਵਾਹ ਦਾ ਕੰਮ ਸੀ: ਉਸ ਦਾ ਕੰਮ ਮਨੁੱਖ ਲਈ ਧਰਤੀ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਇੱਕ ਮਾਰਗ ਤਿਆਰ ਕਰਨਾ ਸੀ। ਇਹ ਧਰਤੀ ਉੱਤੇ ਕੰਮ ਲਈ ਸ਼ੁਰੂਆਤੀ ਸਥਾਨ ਲੱਭਣ ਵਾਸਤੇ ਅਰੰਭ ਦਾ ਕੰਮ ਸੀ। ਉਸ ਸਮੇਂ, ਯਹੋਵਾਹ ਨੇ ਇਸਰਾਏਲੀਆਂ ਨੂੰ ਸਬਤ ਮਨਾਉਣ, ਆਪਣੇ ਮਾਪਿਆਂ ਦਾ ਆਦਰ ਕਰਨ, ਅਤੇ ਇੱਕ-ਦੂਜੇ ਨਾਲ ਸ਼ਾਂਤੀ ਨਾਲ ਰਹਿਣ ਦੀ ਸਿੱਖਿਆ ਦਿੱਤੀ ਸੀ। ਅਜਿਹਾ ਇਸ ਲਈ ਸੀ ਕਿਉਂਕਿ ਉਸ ਸਮੇਂ ਦੇ ਲੋਕ ਇਹ ਨਹੀਂ ਸਮਝਦੇ ਸਨ ਕਿ ਮਨੁੱਖ ਕਿਸ ਤੋਂ ਬਣਿਆ ਹੈ ਅਤੇ ਨਾ ਹੀ ਉਹ ਇਹ ਸਮਝਦੇ ਸੀ ਕਿ ਧਰਤੀ ਉੱਤੇ ਕਿਵੇਂ ਜੀਉਣਾ ਹੈ। ਕੰਮ ਦੇ ਪਹਿਲੇ ਪੜਾਅ ਵਿੱਚ ਉਸ ਲਈ ਜ਼ਰੂਰੀ ਸੀ ਕਿ ਉਹ ਮਨੁੱਖਜਾਤੀ ਦੀ ਉਨ੍ਹਾਂ ਦੇ ਜੀਵਨ ਜੀਉਣ ਵਿੱਚ ਅਗਵਾਈ ਕਰੇ। ਯਹੋਵਾਹ ਨੇ ਉਨ੍ਹਾਂ ਨੂੰ ਜੋ ਕੁਝ ਵੀ ਕਿਹਾ, ਉਹ ਮਨੁੱਖਜਾਤੀ ਨੂੰ ਪਹਿਲਾਂ ਨਹੀਂ ਪਤਾ ਸੀ ਜਾਂ ਉਨ੍ਹਾਂ ਕੋਲ ਨਹੀਂ ਸੀ। ਉਸ ਸਮੇਂ, ਪਰਮੇਸ਼ੁਰ ਨੇ ਅਗੰਮ ਵਾਕ ਬੋਲਣ ਲਈ ਬਹੁਤ ਸਾਰੇ ਨਬੀਆਂ ਨੂੰ ਖੜ੍ਹੇ ਕੀਤਾ, ਅਤੇ ਉਨ੍ਹਾਂ ਸਾਰਿਆਂ ਨੇ ਯਹੋਵਾਹ ਦੇ ਮਾਰਗ ਦਰਸ਼ਨ ਹੇਠ ਇਹ ਸਭ ਕੀਤਾ। ਪਰਮੇਸ਼ੁਰ ਦੇ ਕੰਮ ਵਿੱਚ ਇਹ ਸਿਰਫ਼ ਇੱਕ ਚੀਜ਼ ਸੀ। ਪਹਿਲੇ ਪੜਾਅ ਵਿੱਚ, ਪਰਮੇਸ਼ੁਰ ਨੇ ਸਰੀਰ ਧਾਰਨ ਨਹੀਂ ਕੀਤਾ ਸੀ, ਅਤੇ ਇਸ ਲਈ ਉਸ ਨੇ ਨਬੀਆਂ ਦੁਆਰਾ ਸਾਰੇ ਗੋਤਾਂ ਅਤੇ ਕੌਮਾਂ ਨੂੰ ਹੁਕਮ ਦਿੱਤਾ। ਜਦੋਂ ਯਿਸੂ ਨੇ ਆਪਣੇ ਸਮੇਂ ਵਿੱਚ ਕੰਮ ਕੀਤਾ, ਉਹ ਅੱਜ ਦੇ ਸਮੇਂ ਜਿੰਨਾ ਨਹੀਂ ਬੋਲਿਆ ਸੀ। ਅੰਤ ਦੇ ਦਿਨਾਂ ਵਿੱਚ ਵਚਨ ਦੇ ਕੰਮ ਦਾ ਇਹ ਪੜਾਅ ਬੀਤੇ ਯੁੱਗਾਂ ਅਤੇ ਪੀੜ੍ਹੀਆਂ ਵਿੱਚ ਪਹਿਲਾਂ ਕਦੇ ਨਹੀਂ ਕੀਤਾ ਗਿਆ ਹੈ। ਹਾਲਾਂਕਿ ਯਸਾਯਾਹ, ਦਾਨੀਏਲ ਅਤੇ ਯੂਹੰਨਾ ਨੇ ਬਹੁਤ ਸਾਰੇ ਅਗੰਮਵਾਕ ਬੋਲੇ, ਪਰ ਉਨ੍ਹਾਂ ਦੇ ਅਗੰਮਵਾਕ ਵਰਤਮਾਨ ਸਮੇਂ ਵਿੱਚ ਬੋਲੇ ਵਚਨਾਂ ਤੋਂ ਬਿਲਕੁਲ ਹੀ ਵੱਖਰੇ ਸਨ। ਉਹ ਜੋ ਬੋਲੇ ਉਹ ਸਿਰਫ਼ ਅਗੰਮਵਾਕ ਸਨ, ਪਰ ਹੁਣ ਬੋਲੇ ਜਾਂਦੇ ਵਚਨ ਅਗੰਮਵਾਕ ਨਹੀਂ ਹਨ। ਹੁਣ ਮੈਂ ਜੋ ਕੁਝ ਬੋਲਦਾ ਹੈ, ਜੇ ਮੈਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਅਗੰਮਵਾਕਾਂ ਵਿੱਚ ਬਦਲ ਦਿੰਦਾ, ਤਾਂ ਕੀ ਤੁਸੀਂ ਸਮਝ ਪਾਉਂਦੇ? ਇਹ ਮੰਨਦੇ ਹੋਏ ਕਿ ਮੈਂ ਜੋ ਬੋਲਦਾ ਉਹ ਮੇਰੇ ਜਾਣ ਤੋਂ ਬਾਅਦ ਦੀਆਂ ਗੱਲਾਂ ਬਾਰੇ ਹੁੰਦਾ, ਤਾਂ ਫਿਰ ਤੂੰ ਸਮਝ ਕਿਵੇਂ ਪ੍ਰਾਪਤ ਕਰ ਸਕਦਾ ਸੀ? ਵਚਨ ਦਾ ਕੰਮ ਯਿਸੂ ਦੇ ਸਮੇਂ ਵਿੱਚ ਜਾਂ ਸ਼ਰਾ ਦੇ ਯੁਗ ਵਿੱਚ ਕਦੇ ਨਹੀਂ ਕੀਤਾ ਗਿਆ ਸੀ। ਸ਼ਾਇਦ ਕੁਝ ਲੋਕ ਕਹਿਣਗੇ, “ਕੀ ਯਹੋਵਾਹ ਨੇ ਵੀ ਆਪਣੇ ਕੰਮ ਦੇ ਸਮੇਂ ਵਚਨ ਨਹੀਂ ਬੋਲੇ ਸਨ? ਕੀ ਜਦੋਂ ਯਿਸੂ ਕੰਮ ਕਰ ਰਿਹਾ ਸੀ ਤਾਂ ਉਸ ਨੇ ਰੋਗ ਨੂੰ ਦੂਰ ਕਰਨ, ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣ, ਅਤੇ ਨਿਸ਼ਾਨ ਅਤੇ ਅਚਰਜ ਦਿਖਾਉਣ ਤੋਂ ਇਲਾਵਾ, ਉਸ ਸਮੇਂ ਵਚਨ ਵੀ ਨਹੀਂ ਬੋਲੇ ਸਨ?” ਅੰਤਰ ਇਸ ਗੱਲ ਵਿੱਚ ਹੈ ਕਿ ਵਚਨ ਬੋਲੇ ਕਿਵੇਂ ਜਾਂਦੇ ਹਨ। ਯਹੋਵਾਹ ਦੁਆਰਾ ਬੋਲੇ ਗਏ ਵਚਨਾਂ ਦਾ ਤੱਤ ਕੀ ਸੀ? ਉਹ ਮਨੁੱਖਜਾਤੀ ਨੂੰ ਧਰਤੀ ਉੱਤੇ ਆਪਣੇ ਜੀਵਨ ਜੀਉਣ ਲਈ ਸੇਧ ਦੇ ਰਿਹਾ ਸੀ, ਜਿਸ ਨੇ ਜੀਵਨ ਵਿਚਲੇ ਆਤਮਿਕ ਮਾਮਲਿਆਂ ਨੂੰ ਨਹੀਂ ਛੋਹਿਆ। ਅਜਿਹਾ ਕਿਉਂ ਕਿਹਾ ਜਾਂਦਾ ਹੈ ਕਿ, ਜਦੋਂ ਯਹੋਵਾਹ ਬੋਲਦਾ ਸੀ, ਤਾਂ ਇਹ ਹਰ ਜਗ੍ਹਾ ਦੇ ਲੋਕਾਂ ਨੂੰ ਹੁਕਮ ਦੇਣ ਲਈ ਹੁੰਦਾ ਸੀ? ਸ਼ਬਦ “ਹੁਕਮ” ਦਾ ਅਰਥ ਹੈ ਸਪਸ਼ਟ ਤੌਰ ਤੇ ਦੱਸਣਾ ਅਤੇ ਸਿੱਧੇ ਤੌਰ ਤੇ ਆਗਿਆ ਦੇਣਾ। ਉਸ ਨੇ ਮਨੁੱਖ ਨੂੰ ਜੀਵਨ ਪ੍ਰਦਾਨ ਨਹੀਂ ਕੀਤਾ; ਇਸ ਦੀ ਬਜਾਏ, ਉਸ ਨੇ ਸਿੱਧਾ ਮਨੁੱਖ ਦਾ ਹੱਥ ਫੜਿਆ ਅਤੇ ਉਸ ਨੂੰ ਸਿਖਾਇਆ ਕਿ ਉਸ ਦਾ ਸਤਿਕਾਰ ਕਿਵੇਂ ਕਰਨਾ ਹੈ, ਬਹੁਤਾ ਕੁਝ ਦ੍ਰਿਸ਼ਟਾਂਤਾਂ ਦੇ ਤਰੀਕੇ ਤੋਂ ਬਗੈਰ ਹੀ। ਇਸਰਾਏਲ ਵਿੱਚ ਯਹੋਵਾਹ ਨੇ ਜੋ ਕੰਮ ਕੀਤਾ ਸੀ ਉਹ ਮਨੁੱਖ ਨਾਲ ਨਜਿੱਠਣ ਜਾਂ ਉਸ ਨੂੰ ਤਾੜਨਾ ਦੇਣ ਜਾਂ ਉਸ ਦਾ ਨਿਆਂ ਕਰਨ ਤੇ ਤਾੜਨਾ ਲਈ ਨਹੀਂ ਸੀ, ਇਹ ਉਸ ਦਾ ਮਾਰਗ ਦਰਸ਼ਨ ਕਰਨ ਲਈ ਸੀ। ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਕਿ ਉਹ ਉਸ ਦੇ ਲੋਕਾਂ ਨੂੰ ਉਜਾੜ ਵਿੱਚ ਮੰਨ ਇਕੱਠੇ ਕਰਨ ਲਈ ਕਹੇ। ਹਰ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ, ਉਨ੍ਹਾਂ ਨੇ ਮੰਨ ਇਕੱਠੇ ਕਰਨੇ ਹੁੰਦੇ ਸਨ, ਜੋ ਉਸ ਦਿਨ ਉਨ੍ਹਾਂ ਦੇ ਖਾਣ ਲਈ ਬਥੇਰੇ ਹੋਣ। ਮੰਨ ਨੂੰ ਅਗਲੇ ਦਿਨ ਤਕ ਨਹੀਂ ਰੱਖਿਆ ਜਾ ਸਕਦਾ ਸੀ, ਕਿਉਂਕਿ ਫਿਰ ਇਸ ਨੂੰ ਉੱਲੀ ਲੱਗ ਜਾਂਦੀ ਸੀ। ਉਸ ਨੇ ਲੋਕਾਂ ਨੂੰ ਭਾਸ਼ਣ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਦੇ ਸੁਭਾਅ ਨੂੰ ਉਜਾਗਰ ਕੀਤਾ, ਜਾਂ ਉਨ੍ਹਾਂ ਦੇ ਖਿਆਲਾਂ ਤੇ ਵਿਚਾਰਾਂ ਨੂੰ ਹੀ ਉਜਾਗਰ ਕੀਤਾ। ਉਸ ਨੇ ਲੋਕਾਂ ਨੂੰ ਬਦਲਿਆ ਨਹੀਂ, ਬਲਕਿ ਉਨ੍ਹਾਂ ਦੇ ਜੀਵਨ ਜੀਉਣ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ। ਉਸ ਸਮੇਂ ਦੇ ਲੋਕ ਬੱਚਿਆਂ ਵਰਗੇ ਸਨ, ਜੋ ਕੁਝ ਵੀ ਨਹੀਂ ਸਮਝਦੇ ਸਨ ਅਤੇ ਸਿਰਫ਼ ਕੁਝ ਮੁੱਢਲੀਆਂ ਮਸ਼ੀਨੀ (ਕਠਪੁਤਲੀਆਂ ਵਰਗੀਆਂ) ਹਰਕਤਾਂ ਦੇ ਹੀ ਸਮਰੱਥ ਸਨ, ਅਤੇ ਇਸ ਲਈ ਯਹੋਵਾਹ ਨੇ ਭੀੜਾਂ ਦਾ ਮਾਰਗ ਦਰਸ਼ਨ ਕਰਨ ਲਈ ਸਿਰਫ਼ ਕਾਨੂੰਨ ਲਾਗੂ ਕੀਤੇ।

ਇੰਜੀਲ ਨੂੰ ਫ਼ੈਲਾਉਣ ਲਈ, ਤਾਂ ਜੋ ਉਹ ਸਾਰੇ ਜੋ ਸੱਚੇ ਹਿਰਦੇ ਨਾਲ ਭਾਲ ਕਰਦੇ ਹਨ, ਵਰਤਮਾਨ ਸਮੇਂ ਵਿੱਚ ਕੀਤੇ ਜਾਂਦੇ ਕੰਮ ਦਾ ਗਿਆਨ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਯਕੀਨ ਹੋ ਸਕੇ, ਤੈਨੂੰ ਹਰ ਪੜਾਅ ਦੇ ਅੰਦਰ ਦੀ ਕਹਾਣੀ, ਤੱਤ, ਅਤੇ ਉਸ ਵਿੱਚ ਕੀਤੇ ਕੰਮ ਦੀ ਅਹਿਮੀਅਤ ਬਾਰੇ ਸਪਸ਼ਟ ਸਮਝ ਪ੍ਰਾਪਤ ਕਰਨੀ ਪਵੇਗੀ। ਇਸ ਨੂੰ ਇੰਝ ਕਰ, ਕਿ ਤੇਰੀ ਸੰਗਤੀ ਨੂੰ ਸੁਣ ਕੇ, ਦੂਜੇ ਲੋਕ ਯਹੋਵਾਹ ਦੇ ਕੰਮ, ਯਿਸੂ ਦੇ ਕੰਮ, ਅਤੇ ਇਸ ਤੋਂ ਵੀ ਵੱਧ ਕੇ ਅੱਜ ਦੇ ਪਰਮੇਸ਼ੁਰ ਦੇ ਕੰਮ ਨੂੰ, ਅਤੇ ਇਸ ਦੇ ਨਾਲ ਹੀ ਕੰਮ ਦੇ ਤਿੰਨੋ ਪੜਾਵਾਂ ਵਿਚਾਲੇ ਸੰਬੰਧਾਂ ਅਤੇ ਅੰਤਰ ਨੂੰ ਸਮਝ ਸਕਣ। ਇਸ ਨੂੰ ਇੰਝ ਕਰ, ਕਿ ਜਦੋਂ ਉਹ ਸੁਣ ਚੁੱਕੇ ਹੋਣ, ਤਾਂ ਦੂਜੇ ਦੇਖ ਸਕਣ ਕਿ ਤਿੰਨੋ ਪੜਾਅ ਇੱਕ ਦੂਜੇ ਵਿੱਚ ਵਿਘਨ ਨਹੀਂ ਪਾਉਂਦੇ, ਸਗੋਂ ਇਹ ਕਿ ਸਾਰੇ ਹੀ ਇੱਕੋ ਆਤਮਾ ਦਾ ਕੰਮ ਹਨ। ਹਾਲਾਂਕਿ ਉਹ ਵੱਖੋ-ਵੱਖਰੇ ਯੁਗਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੁਆਰਾ ਕੀਤੇ ਕੰਮ ਦੇ ਵਿਸ਼ੇ ਵੱਖਰੇ ਹਨ, ਅਤੇ ਉਹ ਜੋ ਵਚਨ ਬੋਲਦੇ ਹਨ ਉਹ ਵੀ ਵੱਖਰੇ ਹਨ, ਤਾਂ ਵੀ ਜਿਨ੍ਹਾਂ ਸਿਧਾਂਤਾਂ ਨਾਲ ਉਹ ਕੰਮ ਕਰਦੇ ਹਨ ਉਹ ਇੱਕੋ ਹੀ ਹਨ। ਇਹ ਗੱਲਾਂ ਸਭ ਤੋਂ ਮਹਾਨ ਦਰਸ਼ਣ ਹਨ ਜਿਨ੍ਹਾਂ ਦੀ ਉਨ੍ਹਾਂ ਸਾਰੇ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਹੈ ਜੋ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ।

ਪਿਛਲਾ: ਦੇਹਧਾਰਣ ਦਾ ਰਹੱਸ (3)

ਅਗਲਾ: ਦੋ ਦੇਹਧਾਰਣ ਪੂਰਾ ਕਰਦੇ ਹਨ ਦੇਹਧਾਰਣ ਦਾ ਮਹੱਤਵ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ