ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 5

ਮੇਰੇ ਆਤਮਾ ਦੀ ਆਵਾਜ਼ ਮੇਰੇ ਸੰਪੂਰਣ ਸੁਭਾਅ ਦਾ ਪ੍ਰਗਟਾਵਾ ਹੈ। ਕੀ ਤੁਸੀਂ ਸਮਝਦੇ ਹੋ? ਇਸ ਨੁਕਤੇ ’ਤੇ ਅਸਪਸ਼ਟ ਹੋਣਾ ਮੇਰਾ ਪ੍ਰਤੱਖ ਵਿਰੋਧ ਕਰਨ ਦੇ ਬਰਾਬਰ ਹੋਏਗਾ। ਕੀ ਤੁਸੀਂ ਇਸ ਵਿੱਚ ਸ਼ਾਮਲ ਮਹੱਤਵ ਨੂੰ ਅਸਲ ਵਿੱਚ ਦੇਖਿਆ ਹੈ? ਕੀ ਤੁਹਾਨੂੰ ਸੱਚਮੁੱਚ ਪਤਾ ਹੈ ਕਿ ਮੈਂ ਤੁਹਾਡੇ ’ਤੇ ਕਿੰਨੀ ਕੋਸ਼ਿਸ਼, ਕਿੰਨੀ ਊਰਜਾ ਖਰਚ ਕਰਦਾ ਹਾਂ? ਤੁਸੀਂ ਜੋ ਕੀਤਾ ਹੈ ਅਤੇ ਮੇਰੇ ਸਾਹਮਣੇ ਜਿਸ ਤਰ੍ਹਾਂ ਦਾ ਵਰਤਾਉ ਕੀਤਾ ਹੈ ਤੁਹਾਡੇ ਅੰਦਰ ਸੱਚਮੁੱਚ ਉਸ ਨੂੰ ਉਜਾਗਰ ਕਰਨ ਦੀ ਹਿੰਮਤ ਹੈ? ਅਤੇ ਤੁਹਾਡੇ ਵਿੱਚ ਮੇਰੇ ਹੀ ਸਾਹਮਣੇ ਖੁਦ ਨੂੰ ਮੇਰੇ ਲੋਕ ਕਹਿਣ ਦੀ ਜੁਰਅਤ ਹੈ—ਤੁਹਾਨੂੰ ਜ਼ਰਾ ਜਿੰਨੀ ਵੀ ਸ਼ਰਮ ਨਹੀਂ ਹੈ, ਸਿਆਣਪ ਦੀ ਗੱਲ ਤਾਂ ਦੂਰ ਰਹੀ! ਕਦੇ ਨਾ ਕਦੇ, ਤੁਹਾਡੇ ਵਰਗੇ ਲੋਕ ਮੇਰੇ ਘਰ ਤੋਂ ਕੱਢੇ ਜਾਣਗੇ! ਇਹ ਸੋਚਦੇ ਹੋਏ ਕਿ ਤੁਸੀਂ ਕਦੇ ਮੇਰੀ ਗਵਾਹੀ ਦਿੱਤੀ ਸੀ, ਮੈਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ! ਕੀ ਇਹ ਕੁਝ ਅਜਿਹਾ ਹੈ ਜੋ ਮਨੁੱਖਜਾਤੀ ਕਰਨ ਦੇ ਸਮਰੱਥ ਹੈ? ਜੇ ਤੇਰੇ ਇਰਾਦਿਆਂ ਅਤੇ ਤੇਰੇ ਟੀਚਿਆਂ ਦਾ ਕੁਝ ਵੀ ਬਾਕੀ ਨਾ ਬਚਿਆ ਹੁੰਦਾ, ਤਾਂ ਤੂੰ ਬਹੁਤ ਪਹਿਲਾਂ ਕਿਸੇ ਵੱਖਰੇ ਰਾਹ ’ਤੇ ਚਲਾ ਗਿਆ ਹੁੰਦਾ। ਕੀ ਤੂੰ ਸੋਚਦਾ ਹੈਂ ਕਿ ਮੈਨੂੰ ਪਤਾ ਨਹੀਂ ਹੈ ਕਿ ਮਨੁੱਖ ਦਾ ਦਿਲ ਕਿੰਨਾ ਸੰਭਾਲ ਸਕਦਾ ਹੈ? ਇਸ ਤੋਂ ਅੱਗੇ, ਤੇਰੇ ਲਈ ਸਾਰੀਆਂ ਚੀਜ਼ਾਂ ਵਿੱਚ, ਅਮਲ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰਨਾ ਜ਼ਰੂਰੀ ਹੋਏਗਾ; ਸਿਰਫ਼ ਬਕਵਾਸ ਕਰਨ ਨਾਲ, ਜਿਵੇਂ ਕਿ ਤੂੰ ਪਹਿਲਾਂ ਕੀਤੀ ਸੀ, ਹੁਣ ਨਹੀਂ ਚਲੇਗਾ। ਅਤੀਤ ਵਿੱਚ, ਤੁਹਾਡੇ ਵਿੱਚੋਂ ਬਹੁਤੇ ਲੋਕ ਮੇਰੀ ਛੱਤ ਹੇਠਾਂ ਮੁਫ਼ਤਖੋਰੀ ਕਰਨ ਵਿੱਚ ਕਾਮਯਾਬ ਰਹੇ; ਇਹ ਤੱਥ ਕਿ ਅੱਜ ਤੁਸੀਂ ਦ੍ਰਿੜ੍ਹਤਾ ਨਾਲ ਖੜ੍ਹੇ ਰਹਿਣ ਦੇ ਸਮਰੱਥ ਹੋ ਇਹ ਪੂਰੀ ਤਰ੍ਹਾਂ ਨਾਲ ਮੇਰੇ ਵਚਨਾਂ ਦੀ ਸਖਤੀ ਦੇ ਕਾਰਣ ਹੀ ਹੈ। ਕੀ ਤੈਨੂੰ ਲੱਗਦਾ ਹੈ ਕਿ ਮੈਂ ਬਿਨਾਂ ਸੋਚੇ ਸਮਝੇ ਅਤੇ ਬਿਨਾਂ ਕਿਸੇ ਉਦੇਸ਼ ਦੇ ਬੋਲਦਾ ਹਾਂ? ਅਸੰਭਵ! ਮੈਂ ਉੱਪਰੋਂ ਸਾਰੀਆਂ ਚੀਜ਼ਾਂ ਨੂੰ ਦੇਖਦਾ ਹਾਂ, ਅਤੇ ਉੱਪਰੋਂ ਹੀ ਸਾਰੀਆਂ ਚੀਜ਼ਾਂ ’ਤੇ ਆਪਣੇ ਇਖਤਿਆਰ ਦੀ ਵਰਤੋਂ ਕਰਦਾ ਹਾਂ। ਇਸੇ ਤਰ੍ਹਾਂ, ਮੈਂ ਆਪਣੀ ਮੁਕਤੀ ਨੂੰ ਧਰਤੀ ਉੱਤੇ ਉਚਿਤ ਸਥਾਨ ’ਤੇ ਰੱਖਿਆ ਹੋਇਆ ਹੈ। ਇੱਕ ਵੀ ਅਜਿਹਾ ਪਲ ਨਹੀਂ ਹੁੰਦਾ ਜਦੋਂ ਮੈਂ ਆਪਣੇ ਗੁਪਤ ਸਥਾਨ ਤੋਂ ਇਨਸਾਨ ਦੀ ਹਰ ਚਾਲ ਅਤੇ ਉਹ ਜੋ ਕੁਝ ਵੀ ਕਹਿੰਦੇ ਅਤੇ ਕਰਦੇ ਹਨ, ਉਸ ਉੱਪਰ ਨਜ਼ਰ ਨਹੀਂ ਰੱਖ ਰਿਹਾ ਹੁੰਦਾ। ਮਨੁੱਖ ਮੇਰੇ ਲਈ ਖੁੱਲ੍ਹੀਆਂ ਕਿਤਾਬਾਂ ਹਨ: ਮੈਂ ਉਨ੍ਹਾਂ ਸਾਰਿਆਂ ਨੂੰ ਦੇਖਦਾ ਅਤੇ ਜਾਣਦਾ ਹਾਂ। ਗੁਪਤ ਸਥਾਨ ਮੇਰਾ ਨਿਵਾਸ ਹੈ, ਸਵਰਗ ਦਾ ਸਮੁੱਚਾ ਵਿਸਤਾਰ ਮੇਰਾ ਬਿਸਤਰਾ ਹੈ ਜਿਸ ਉੱਪਰ ਮੈਂ ਲੇਟਦਾ ਹਾਂ। ਸ਼ਤਾਨ ਦੀਆਂ ਸ਼ਕਤੀਆਂ ਮੇਰੇ ਤਕ ਨਹੀਂ ਪਹੁੰਚ ਸਕਦੀਆਂ, ਕਿਉਂਕਿ ਮੈਂ ਪ੍ਰਤਾਪ, ਧਾਰਮਿਕਤਾ, ਅਤੇ ਨਿਆਂ ਨਾਲ ਲਬਰੇਜ਼ ਹਾਂ। ਮੇਰੇ ਵਚਨਾਂ ਵਿੱਚ ਅਕੱਥ ਰਹੱਸ ਹੁੰਦਾ ਹੈ। ਜਦੋਂ ਮੈਂ ਬੋਲ ਰਿਹਾ ਹੁੰਦਾ ਹਾਂ, ਤਾਂ ਤੁਸੀਂ ਉਨ੍ਹਾਂ ਬੱਤਖਾਂ ਵਾਂਗ ਬਣ ਜਾਂਦੇ ਹੋ ਜਿਨ੍ਹਾਂ ਨੂੰ ਹੁਣੇ-ਹੁਣੇ ਪਾਣੀ ਵਿੱਚ ਛੱਡਿਆ ਗਿਆ ਹੋਏ, ਭਰਮ ਨਾਲ ਭਰੇ ਹੋਏ, ਜਾਂ ਫਿਰ ਡਰ ਨਾਲ ਤ੍ਰਬਕੇ ਹੋਏ ਨਿੱਕੇ ਬੱਚਿਆਂ ਵਾਂਗ ਬਣ ਜਾਂਦੇ ਹੋ, ਇੰਝ ਜਾਪਦੇ ਹੋ ਜਿਵੇਂ ਕੁਝ ਜਾਣਦੇ ਹੀ ਨਹੀਂ, ਕਿਉਂਕਿ ਤੁਹਾਡੀ ਆਤਮਾ ਬੇਸੁਰਤੀ ਦੀ ਅਵਸਥਾ ਵਿੱਚ ਡਿੱਗ ਚੁੱਕੀ ਹੈ। ਮੈਂ ਕਿਉਂ ਕਹਿੰਦਾ ਹਾਂ ਕਿ ਗੁਪਤ ਸਥਾਨ ਮੇਰਾ ਨਿਵਾਸ ਹੈ? ਕੀ ਤੂੰ ਮੇਰੇ ਵਚਨਾਂ ਦਾ ਗੂੜ੍ਹ ਅਰਥ ਜਾਣਦਾ ਹੈਂ? ਮਨੁੱਖਾਂ ਦਰਮਿਆਨ ਕੌਣ ਮੈਨੂੰ ਜਾਣਨ ਦੇ ਸਮਰੱਥ ਹੈ? ਮੈਨੂੰ ਕੌਣ ਉਸ ਤਰ੍ਹਾਂ ਨਾਲ ਜਾਣਨ ਵਿੱਚ ਸਮਰੱਥ ਹੈ ਜਿਵੇਂ ਉਹ ਆਪਣੇ ਖੁਦ ਦੇ ਮਾਤਾ-ਪਿਤਾ ਨੂੰ ਜਾਣਦਾ ਹੈ? ਆਪਣੇ ਨਿਵਾਸ ਵਿੱਚ ਅਰਾਮ ਕਰਦੇ ਹੋਏ, ਮੈਂ ਧਿਆਨ ਨਾਲ ਦੇਖਦਾ ਹਾਂ: ਧਰਤੀ ਉੱਤੇ ਸਾਰੇ ਲੋਕ ਸਿਰਫ਼ ਆਪਣੇ ਨਸੀਬ, ਅਤੇ ਆਪਣੇ ਭਵਿੱਖ ਵਾਸਤੇ “ਦੁਨੀਆ ਭਰ ਵਿੱਚ ਸਫ਼ਰ ਕਰਦੇ ਹੋਏ” ਇੱਧਰ-ਉਧਰ ਦੌੜ-ਭੱਜ ਕਰਦੇ ਰਹਿੰਦੇ ਹਨ। ਪਰ ਕਿਸੇ ਕੋਲ ਵੀ, ਮੇਰੇ ਰਾਜ ਦੇ ਨਿਰਮਾਣ ਲਈ ਊਰਜਾ ਨਹੀਂ ਬਚੀ ਹੈ, ਇੰਨੀ ਵੀ ਤਾਕਤ ਨਹੀਂ ਬਚੀ ਹੈ ਜਿੰਨੀ ਕਿ ਕਿਸੇ ਵਿਅਕਤੀ ਨੂੰ ਸਾਹ ਲੈਣ ਲਈ ਲੱਗਦੀ ਹੈ। ਮੈਂ ਮਨੁੱਖਾਂ ਦੀ ਸਿਰਜਣਾ ਕੀਤੀ, ਅਤੇ ਮੈਂ ਕਈ ਵਾਰ ਉਨ੍ਹਾਂ ਨੂੰ ਕਸ਼ਟ ਤੋਂ ਬਚਾਇਆ ਹੈ; ਪਰ ਇਹ ਸਾਰੇ ਮਨੁੱਖ ਨਾਸ਼ੁਕਰੇ ਹਨ: ਉਨ੍ਹਾਂ ਵਿੱਚੋਂ ਕੋਈ ਵੀ ਮੇਰੀ ਮੁਕਤੀ ਦੇ ਸਾਰੇ ਉਦਾਹਰਣਾਂ ਨੂੰ ਗਿਣਾਉਣ ਦੇ ਸਮਰੱਥ ਨਹੀਂ ਹੈ। ਸੰਸਾਰ ਦੀ ਸਿਰਜਣਾ ਤੋਂ ਲੈ ਕੇ ਹੁਣ ਤਕ—ਬਹੁਤ ਸਾਲ—ਬਹੁਤ ਸਦੀਆਂ ਬੀਤ ਗਈਆਂ ਹਨ; ਮੈਂ ਅਨੇਕ ਅਚਰਜ ਕੰਮ ਕੀਤੇ ਹਨ ਅਤੇ ਬਹੁਤ ਵਾਰ ਆਪਣੀ ਬੁੱਧ ਦਾ ਪ੍ਰਗਟਾਵਾ ਕੀਤਾ ਹੈ। ਪਰ, ਮਨੁੱਖ, ਇੱਕ ਮਾਨਸਿਕ ਰੋਗੀ ਵਾਂਗ ਸ਼ੁਦਾਈ ਅਤੇ ਸੁੰਨ ਬਣੇ ਹੋਏ ਹਨ, ਅਤੇ ਕਦੇ-ਕਦੇ ਉਸ ਤੋਂ ਵੀ ਬੁਰਾ, ਜੰਗਲ ਵਿੱਚ ਭਟਕਣ ਵਾਲੇ ਜੰਗਲੀ ਜਾਨਵਰਾਂ ਵਰਗੇ ਹੁੰਦੇ ਹਨ, ਜਿਨ੍ਹਾਂ ਦਾ ਮੇਰੇ ਮਾਮਲਿਆਂ ਵੱਲ ਧਿਆਨ ਦੇਣ ਦਾ ਮਾਮੂਲੀ ਜਿਹਾ ਇਰਾਦਾ ਵੀ ਨਹੀਂ ਹੈ। ਕਈ ਵਾਰ, ਮੈਂ ਮਨੁੱਖਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਮਰਨ ਲਈ ਦੋਸ਼ੀ ਠਹਿਰਾਇਆ ਹੈ, ਪਰ ਮੇਰੀ ਪ੍ਰਬੰਧਨ ਦੀ ਯੋਜਨਾ ਨੂੰ ਕਿਸੇ ਦੁਆਰਾ ਬਦਲਿਆ ਨਹੀਂ ਜਾ ਸਕਦਾ ਹੈ। ਅਤੇ ਇਸੇ ਲਈ, ਮਨੁੱਖ ਮੇਰੇ ਹੱਥਾਂ ਵਿੱਚ ਉਨ੍ਹਾਂ ਪੁਰਾਣੀਆਂ ਚੀਜ਼ਾਂ ਨੂੰ ਪਰਗਟ ਕਰਦਾ ਰਹਿੰਦਾ ਹੈ, ਜਿਨ੍ਹਾਂ ਨਾਲ ਉਹ ਚਿੰਬੜਿਆ ਹੋਇਆ ਹੈ। ਮੇਰੇ ਕੰਮ ਦੇ ਕਦਮਾਂ ਕਾਰਣ, ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰੇ ਪ੍ਰਾਣੀਆਂ ਨੂੰ ਜੋ ਭ੍ਰਿਸ਼ਟ, ਪਤਨਸ਼ੀਲ, ਮਲੀਨ ਅਤੇ ਘਿਣਾਉਣੇ ਵੱਡੇ ਪਰਿਵਾਰ ਵਿੱਚ ਪੈਦਾ ਹੋਏ ਸੀ, ਛੁਡਾਇਆ ਹੈ।

ਮੇਰਾ ਯੋਜਨਾਬੱਧ ਕੰਮ ਇੱਕ ਪਲ ਵੀ ਰੁਕੇ ਬਿਨਾਂ ਅੱਗੇ ਵੱਧਦਾ ਰਹਿੰਦਾ ਹੈ। ਰਾਜ ਦੇ ਯੁਗ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ, ਅਤੇ ਤੁਹਾਨੂੰ ਮੇਰੇ ਲੋਕਾਂ ਵਜੋਂ ਮੇਰੇ ਰਾਜ ਵਿੱਚ ਲਿਜਾਣ ਤੋਂ ਬਾਅਦ, ਮੇਰੀਆਂ ਤੁਹਾਡੇ ਤੋਂ ਹੋਰ ਮੰਗਾਂ ਹੋਣਗੀਆਂ; ਕਹਿਣ ਦਾ ਭਾਵ ਹੈ, ਮੈਂ ਤੁਹਾਡੇ ਸਾਹਮਣੇ ਸੰਵਿਧਾਨ ਲਾਗੂ ਕਰਨਾ ਸ਼ੁਰੂ ਕਰਾਂਗਾ ਜਿਸ ਨਾਲ ਮੈਂ ਇਸ ਯੁਗ ਦਾ ਸੰਚਾਲਨ ਕਰਾਂਗਾ:

ਕਿਉਂਕਿ ਤੁਹਾਨੂੰ ਮੇਰੇ ਲੋਕ ਕਿਹਾ ਜਾਂਦਾ ਹੈ, ਇਸ ਲਈ ਤੁਹਾਨੂੰ ਮੇਰੇ ਨਾਂਅ ਦੀ ਮਹਿਮਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ; ਅਰਥਾਤ, ਪਰਤਾਵੇ ਦਰਮਿਆਨ ਗਵਾਹ ਬਣਨਾ ਚਾਹੀਦਾ ਹੈ। ਜੇ ਕੋਈ ਮੈਨੂੰ ਵਰਗਲਾਉਣ ਅਤੇ ਮੇਰੇ ਤੋਂ ਸੱਚਾਈ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਜਾਂ ਮੇਰੀ ਪਿੱਠ ਪਿੱਛੇ ਬਦਨਾਮੀ ਕਰਨ ਵਾਲੇ ਵਤੀਰਿਆਂ ਵਿੱਚ ਸ਼ਾਮਲ ਹੁੰਦਾ ਹੈ ਤਾਂ ਅਜਿਹੇ ਲੋਕਾਂ ਨੂੰ, ਬਿਨਾਂ ਕਿਸੇ ਅਪਵਾਦ ਦੇ, ਮੇਰੇ ਘਰ ਤੋਂ ਖਦੇੜ ਦਿੱਤਾ ਜਾਏਗਾ ਅਤੇ ਮੇਰੇ ਦੁਆਰਾ ਉਨ੍ਹਾਂ ਨਾਲ ਨਿਪਟੇ ਜਾਣ ਦੀ ਉਡੀਕ ਕਰਨ ਲਈ ਬਾਹਰ ਕੱਢ ਦਿੱਤਾ ਜਾਏਗਾ। ਜੋ ਲੋਕ ਅਤੀਤ ਵਿੱਚ ਮੇਰੇ ਪ੍ਰਤੀ ਬੇਈਮਾਨ ਅਤੇ ਅਣਆਗਿਆਕਾਰੀ ਰਹੇ ਹਨ, ਅਤੇ ਜੋ ਅੱਜ ਫਿਰ ਖੁੱਲ੍ਹੇਆਮ ਮੇਰਾ ਨਿਆਂ ਕਰਨ ਲਈ ਉੱਠ ਖੜ੍ਹੇ ਹੋਏ ਹਨ—ਉਨ੍ਹਾਂ ਨੂੰ, ਵੀ, ਮੇਰੇ ਘਰ ਤੋਂ ਖਦੇੜ ਦਿੱਤਾ ਜਾਏਗਾ। ਜੋ ਮੇਰੇ ਲੋਕ ਹਨ ਉਨ੍ਹਾਂ ਨੂੰ ਲਗਾਤਾਰ ਮੇਰੀਆਂ ਜ਼ਿੰਮੇਵਾਰੀਆਂ ਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਮੇਰੇ ਵਚਨਾਂ ਨੂੰ ਜਾਣਨ ਦੀ ਤਲਾਸ਼ ਕਰਨੀ ਚਾਹੀਦੀ ਹੈ। ਸਿਰਫ਼ ਇਸ ਤਰ੍ਹਾਂ ਦੇ ਲੋਕਾਂ ਨੂੰ ਹੀ ਮੈਂ ਪ੍ਰਕਾਸ਼ਮਾਨ ਕਰਾਂਗਾ ਅਤੇ ਉਹ ਯਕੀਨਨ, ਕਦੇ ਵੀ ਤਾੜਨਾ ਨੂੰ ਪ੍ਰਾਪਤ ਨਾ ਕਰਦੇ ਹੋਏ ਮੇਰੀ ਰਹਿਨੁਮਾਈ ਅਤੇ ਅੰਦਰੂਨੀ ਚਾਨਣ ਅਧੀਨ ਰਹਿਣਗੇ। ਜੋ ਲੋਕ, ਮੇਰੀਆਂ ਜ਼ਿੰਮੇਵਾਰੀਆਂ ਲਈ ਬਿਲਕੁਲ ਚਿੰਤਾ ਨਾ ਕਰਦੇ ਹੋਏ ਆਪਣੇ ਖੁਦ ਦੇ ਭਵਿੱਖ ਦੀ ਯੋਜਨਾ ਬਣਾਉਣ ਉੱਤੇ ਧਿਆਨ ਕੇਂਦਰਤ ਕਰਦੇ ਹਨ—ਅਰਥਾਤ, ਉਹ ਜੋ ਆਪਣੇ ਕੰਮਾਂ ਦੁਆਰਾ ਮੇਰੇ ਮਨ ਨੂੰ ਸੰਤੁਸ਼ਟ ਕਰਨ ਦਾ ਟੀਚਾ ਨਹੀਂ ਰੱਖਦੇ, ਸਗੋਂ ਇਸ ਦੀ ਬਜਾਏ ਭੀਖ ਦੀ ਤਲਾਸ਼ ਵਿੱਚ ਰਹਿੰਦੇ ਹਨ—ਇਨ੍ਹਾਂ ਮੰਗਤੇ-ਵਰਗੇ ਪ੍ਰਾਣੀਆਂ ਦਾ ਇਸਤੇਮਾਲ ਕਰਨ ਤੋਂ ਮੈਂ ਬਿਲਕੁਲ ਇਨਕਾਰ ਕਰਦਾ ਹਾਂ, ਕਿਉਂਕਿ ਉਹ ਜਦੋਂ ਤੋਂ ਪੈਦਾ ਹੋਏ ਹਨ, ਉਨ੍ਹਾਂ ਨੇ ਬਿਲਕੁਲ ਨਹੀਂ ਜਾਣਿਆ ਹੈ ਕਿ ਮੇਰੀਆਂ ਜ਼ਿੰਮੇਵਾਰੀਆਂ ਪ੍ਰਤੀ ਵਿਚਾਰਸ਼ੀਲ ਹੋਣ ਦਾ ਕੀ ਅਰਥ ਹੈ। ਉਹ ਅਜਿਹੇ ਲੋਕ ਹਨ ਜਿਨ੍ਹਾਂ ਵਿੱਚ ਸੁਭਾਵਕ ਸਮਝ ਦੀ ਘਾਟ ਹੈ; ਅਜਿਹੇ ਲੋਕ ਦਿਮਾਗੀ “ਕੁਪੋਸ਼ਣ” ਦਾ ਸ਼ਿਕਾਰ ਹਨ, ਅਤੇ ਉਨ੍ਹਾਂ ਨੂੰ ਕੁਝ “ਪੋਸ਼ਣ” ਪ੍ਰਾਪਤ ਕਰਨ ਲਈ ਘਰ ਜਾਣ ਦੀ ਲੋੜ ਹੈ। ਮੇਰੇ ਲਈ ਅਜਿਹੇ ਲੋਕ ਕਿਸੇ ਕੰਮ ਦੇ ਨਹੀਂ ਹਨ। ਮੇਰੇ ਲੋਕਾਂ ਦਰਮਿਆਨ, ਹਰੇਕ ਨੂੰ ਮੈਨੂੰ ਅੰਤ ਤਕ ਨਿਭਾਏ ਜਾਣ ਵਾਲੇ ਲਾਜ਼ਮੀ ਫ਼ਰਜ਼ ਵਜੋਂ ਮੰਨਣ ਦੀ ਲੋੜ ਹੋਏਗੀ,ਜਿਵੇਂ ਕਿ ਖਾਣਾ, ਕਪੜੇ ਪਹਿਨਣਾ, ਅਤੇ ਸੌਣਾ, ਕੁਝ ਅਜਿਹਾ ਜਿਸ ਨੂੰ ਕਦੇ ਕੋਈ ਇੱਕ ਪਲ ਲਈ ਵੀ ਨਹੀਂ ਭੁੱਲਦਾ, ਤਾਂ ਕਿ ਅੰਤ ਵਿੱਚ, ਮੈਨੂੰ ਜਾਣਨਾ ਇੰਨਾ ਆਸਾਨ ਹੋ ਜਾਏ ਜਿੰਨਾ ਕਿ ਭੋਜਨ ਖਾਣਾ—ਕੁਝ ਅਜਿਹਾ ਜਿਸ ਨੂੰ ਤੁਸੀਂ ਆਦਤ ਪਏ ਹੋਏ ਹੱਥ ਨਾਲ ਸਹਿਜ ਹੀ ਕਰ ਲੈਂਦੇ ਹੋ। ਜਿੱਥੇ ਤਕ ਮੇਰੇ ਦੁਆਰਾ ਬੋਲੇ ਜਾਂਦੇ ਵਚਨਾਂ ਦਾ ਸੰਬੰਧ ਹੈ, ਹਰੇਕ ਵਚਨ ਨੂੰ ਅਤਿਅੰਤ ਨਿਹਚਾ ਅਤੇ ਪੂਰੀ ਤਰ੍ਹਾਂ ਨਾਲ ਆਤਮਸਾਤ ਕਰਦੇ ਹੋਏ ਗ੍ਰਹਿਣ ਕਰਨਾ ਜ਼ਰੂਰੀ ਹੈ; ਇਸ ਵਿੱਚ ਬੇਦਿਲੀ ਨਾਲ ਕੀਤੇ ਗਏ ਕੋਈ ਅੱਧੇ-ਅਧੂਰੇ ਉਪਾਅ ਨਹੀਂ ਹੋ ਸਕਦੇ। ਕੋਈ ਵੀ ਜੋ ਮੇਰੇ ਵਚਨਾਂ ਵੱਲ ਧਿਆਨ ਨਹੀਂ ਦਿੰਦਾ ਉਸ ਨੂੰ ਸਿੱਧਾ ਮੇਰਾ ਵਿਰੋਧ ਕਰਨ ਵਾਲਾ ਮੰਨਿਆ ਜਾਏਗਾ; ਉਹ ਜੋ ਮੇਰੇ ਵਚਨਾਂ ਨੂੰ ਨਹੀਂ ਖਾਂਦਾ, ਜਾਂ ਉਨ੍ਹਾਂ ਨੂੰ ਜਾਣਨ ਦੀ ਤਲਾਸ਼ ਨਹੀਂ ਕਰਦਾ, ਨੂੰ ਮੇਰੇ ਵੱਲ ਧਿਆਨ ਨਾ ਦੇਣ ਵਾਲਾ ਮੰਨਿਆ ਜਾਏਗਾ, ਅਤੇ ਉਸ ਨੂੰ ਸਿੱਧਾ ਮੇਰੇ ਘਰ ਦੇ ਦਰਵਾਜੇ ਤੋਂ ਬਾਹਰ ਕਰ ਦਿੱਤਾ ਜਾਏਗਾ। ਅਜਿਹਾ ਇਸ ਲਈ ਹੈ, ਜਿਵੇਂ ਕਿ ਮੈਂ ਅਤੀਤ ਵਿੱਚ ਕਿਹਾ ਹੈ, ਕਿ ਮੈਂ ਜੋ ਚਾਹੁੰਦਾ ਹਾਂ ਵੱਡੀ ਗਿਣਤੀ ਵਿੱਚ ਲੋਕ ਨਹੀਂ, ਸਗੋਂ ਸ਼੍ਰੇਸ਼ਟਤਾ ਹੈ। ਸੌ ਲੋਕਾਂ ਵਿੱਚੋਂ, ਜੇ ਕੋਈ ਇੱਕ ਵੀ ਮੇਰੇ ਵਚਨਾਂ ਦੁਆਰਾ ਮੈਨੂੰ ਜਾਣਨ ਦੇ ਸਮਰੱਥ ਹੈ, ਤਾਂ ਮੈਂ ਇਸ ਇੱਕ ਨੂੰ ਪ੍ਰਕਾਸ਼ਮਾਨ ਅਤੇ ਉੱਜਵਲ ਬਣਾਉਣ ਉੱਪਰ ਧਿਆਨ ਕੇਂਦਰਤ ਕਰਨ ਲਈ ਬਾਕੀ ਸਭ ਨੂੰ ਆਪਣੀ ਇੱਛਾ ਨਾਲ ਠੁਕਰਾ ਦਿਆਂਗਾ। ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਜ਼ਰੂਰੀ ਤੌਰ ਤੇ ਸੱਚ ਨਹੀਂ ਹੈ ਕਿ ਸਿਰਫ਼ ਵੱਡੀ ਗਿਣਤੀ ਹੀ ਮੇਰਾ ਪ੍ਰਗਟਾਵਾ ਕਰ ਸਕਦੀ ਹੈ ਅਤੇ ਮੈਨੂੰ ਵਿਹਾਰ ਰਾਹੀਂ ਪਰਗਟ ਕਰ ਸਕਦੀ ਹੈ। ਮੈਂ ਜੋ ਚਾਹੁੰਦਾ ਹਾਂ ਉਹ ਹੈ ਕਣਕ (ਭਾਵੇਂ ਦਾਣੇ ਪੂਰੇ ਭਰੇ ਨਾ ਹੋਣ) ਨਾ ਕਿ ਨਦੀਨ (ਭਾਵੇਂ ਦਾਣੇ ਇੰਨੇ ਜ਼ਿਆਦਾ ਭਰੇ ਹੋਣ ਕਿ ਇਨ੍ਹਾਂ ਦੀ ਸ਼ਲਾਘਾ ਕੀਤੀ ਜਾ ਸਕੇ)। ਉਨ੍ਹਾਂ ਲੋਕਾਂ ਲਈ ਜੋ ਤਲਾਸ਼ ਕਰਨ ਦੀ ਪਰਵਾਹ ਨਹੀਂ ਕਰਦੇ, ਸਗੋਂ ਇਸ ਦੀ ਬਜਾਏ ਢਿੱਲੇ ਤਰੀਕੇ ਨਾਲ ਕੰਮ ਕਰਦੇ ਹਨ, ਉਨ੍ਹਾਂ ਨੂੰ ਸਵੈ ਇੱਛਾ ਨਾਲ ਚਲੇ ਜਾਣਾ ਚਾਹੀਦਾ ਹੈ; ਮੈਂ ਉਨ੍ਹਾਂ ਨੂੰ ਹੁਣ ਹੋਰ ਦੇਖਣਾ ਨਹੀਂ ਚਾਹੁੰਦਾ, ਨਹੀਂ ਤਾਂ ਉਹ ਮੇਰੇ ਨਾਂਅ ਨੂੰ ਅਪਮਾਨਿਤ ਕਰਦੇ ਰਹਿਣਗੇ। ਮੈਂ ਆਪਣੇ ਲੋਕਾਂ ਤੋਂ ਜੋ ਚਾਹੁੰਦਾ ਹਾਂ ਉਸ ਬਾਰੇ, ਮੈਂ ਅਜੇ ਤਾਂ ਇਨ੍ਹਾਂ ਨਸੀਹਤਾਂ ’ਤੇ ਹੀ ਰੁਕਾਂਗਾ, ਅਤੇ ਇਸ ਗੱਲ ’ਤੇ ਨਿਰਭਰ ਕਰਦੇ ਹੋਏ ਕਿ ਹਾਲਾਤ ਕਿਵੇਂ ਬਦਲਦੇ ਹਨ, ਅੱਗੇ ਸਵਿਕ੍ਰਿਤੀਆਂ ਦੇਣ ਲਈ ਉਡੀਕ ਕਰਾਂਗਾ।

ਅਤੀਤ ਦੇ ਦਿਨਾਂ ਵਿੱਚ, ਵੱਡੀ ਗਿਣਤੀ ਵਿੱਚ ਲੋਕ ਸੋਚਦੇ ਸਨ ਕਿ ਮੈਂ ਬੁੱਧ ਦਾ ਖੁਦ ਪਰਮੇਸ਼ੁਰ ਸੀ, ਕਿ ਮੈਂ ਹੀ ਉਹ ਪਰਮੇਸ਼ੁਰ ਸੀ ਜਿਸ ਨੇ ਮਨੁੱਖਾਂ ਦੇ ਦਿਲਾਂ ਵਿੱਚ ਗਹਿਰਾਈ ਨਾਲ ਦੇਖਿਆ ਸੀ; ਪਰ ਇਹ ਸਿਰਫ਼ ਸਤਹੀ ਗੱਲ ਸੀ। ਜੇ ਮਨੁੱਖ ਸੱਚਮੁੱਚ ਮੈਨੂੰ ਜਾਣ ਗਏ ਹੁੰਦੇ, ਤਾਂ ਉਨ੍ਹਾਂ ਨੇ ਸਿੱਟਿਆਂ ’ਤੇ ਪਹੁੰਚਣ ਲਈ ਕਿਆਸ ਨਾ ਲਾਏ ਹੁੰਦੇ, ਸਗੋਂ ਮੇਰੇ ਵਚਨਾਂ ਰਾਹੀਂ ਮੈਨੂੰ ਜਾਣਨ ਦੀ ਕੋਸ਼ਿਸ਼ ਕਰਦੇ ਰਹਿੰਦੇ। ਸਿਰਫ਼ ਤਾਂ ਹੀ ਜਦੋਂ ਉਹ ਇੱਕ ਅਜਿਹੇ ਪੱਧਰ ’ਤੇ ਪਹੁੰਚ ਗਏ ਹੁੰਦੇ ਜਿੱਥੇ ਉਨ੍ਹਾਂ ਨੇ ਸੱਚਮੁੱਚ ਮੇਰੇ ਕੰਮਾਂ ਨੂੰ ਦੇਖ ਲਿਆ ਹੁੰਦਾ, ਤਾਂ ਉਹ ਮੈਨੂੰ ਬੁੱਧੀਮਾਨ ਅਤੇ ਅਦਭੁੱਤ ਕਹਿਣ ਦੇ ਯੋਗ ਹੁੰਦੇ। ਮੇਰੇ ਬਾਰੇ ਤੁਹਾਡਾ ਗਿਆਨ ਬਹੁਤ ਹੀ ਸਤਹੀ ਹੈ। ਯੁਗਾਂ ਤੋਂ,ਕਿੰਨੇ ਹੀ ਲੋਕਾਂ ਨੇ ਕਿੰਨੇ ਹੀ ਸਾਲਾਂ ਤਕ ਮੇਰੀ ਸੇਵਾ ਕੀਤੀ ਹੈ, ਅਤੇ ਮੇਰੇ ਕੰਮਾਂ ਨੂੰ ਦੇਖ ਕੇ ਉਹ ਮੇਰੇ ਬਾਰੇ ਸੱਚਮੁੱਚ ਕੁਝ ਜਾਣ ਪਾਏ ਹਨ। ਇਸ ਕਾਰਣ ਲਈ, ਉਨ੍ਹਾਂ ਦਾ ਦਿਲ ਹਮੇਸ਼ਾ ਮੇਰੇ ਪ੍ਰਤੀ ਸਮਰਪਤ ਸੀ, ਉਨ੍ਹਾਂ ਨੇ ਇਸ ਕਾਰਣ ਕਿ ਮੇਰੀਆਂ ਪੈੜਾਂ ਨੂੰ ਲੱਭਣਾ ਕਿੰਨਾ ਮੁਸ਼ਕਲ ਹੈ, ਮੇਰਾ ਵਿਰੋਧ ਕਰਨ ਦਾ ਜ਼ਰਾ ਜਿਹਾ ਇਰਾਦਾ ਪਾਲਣ ਦੀ ਹਿੰਮਤ ਵੀ ਨਹੀਂ ਕੀਤੀ। ਜੇ ਇਨ੍ਹਾਂ ਲੋਕਾਂ ਵਿੱਚ ਮੇਰੀ ਰਹਿਨੁਮਾਈ ਗ਼ੈਰਹਾਜ਼ਰ ਹੁੰਦੀ, ਤਾਂ ਉਹ ਲਾਪਰਵਾਹੀ ਵਾਲਾ ਵਿਹਾਰ ਕਰਨ ਦੀ ਹਿੰਮਤ ਨਾ ਕਰਦੇ। ਇਸ ਲਈ, ਅਨੁਭਵ ਦੇ ਕਈ ਸਾਲ ਗੁਜਾਰਣ ਮਗਰੋਂ, ਆਖਰਕਾਰ ਉਨ੍ਹਾਂ ਨੇ ਮੇਰੇ ਬਾਰੇ ਗਿਆਨ ਦੇ ਇੱਕ ਅੰਸ਼ ਨੂੰ ਆਮ ਬਣਾ ਦਿੱਤਾ, ਇਹ ਕਹਿੰਦੇ ਹੋਏ ਕਿ ਮੈਂ ਬੁੱਧੀਮਾਨ, ਅਦਭੁੱਤ ਅਤੇ ਸਲਾਹਕਾਰ ਹਾਂ, ਕਿ ਮੇਰੇ ਵਚਨ ਦੋਧਾਰੀ ਤਲਵਾਰ ਵਰਗੇ ਹਨ, ਕਿ ਮੇਰੇ ਕੰਮ ਮਹਾਨ, ਹੈਰਾਨਕੁਨ ਅਤੇ ਅਚਰਜ ਭਰੇ ਹਨ, ਕਿ ਮੈਂ ਪ੍ਰਤਾਪ ਦਾ ਚੋਗਾ ਪਾਇਆ ਹੋਇਆ ਹੈ, ਕਿ ਮੇਰੀ ਬੁੱਧ ਅਕਾਸ਼, ਅਤੇ ਹੋਰ ਅੰਤਰਦ੍ਰਿਸ਼ਟੀਆਂ ਤੋਂ ਵੀ ਉੱਚੀ ਹੈ। ਪਰ, ਅੱਜ ਮੇਰੇ ਬਾਰੇ ਤੁਹਾਡਾ ਗਿਆਨ ਸਿਰਫ਼ ਉਨ੍ਹਾਂ ਦੁਆਰਾ ਰੱਖੀ ਗਈ ਨੀਂਹ ’ਤੇ ਅਧਾਰਤ ਹੈ, ਇਸ ਲਈ ਤੁਹਾਡੇ ਵਿੱਚੋਂ ਬਹੁਤੇ—ਤੋਤਿਆਂ ਵਾਂਗ—ਉਨ੍ਹਾਂ ਦੇ ਕਹੇ ਸ਼ਬਦ ਦੁਹਰਾ ਰਹੇ ਹਨ। ਸਿਰਫ਼ ਇਸ ਲਈ ਕਿਉਂਕਿ ਮੈਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਤੁਸੀਂ ਲੋਕ ਜਿਸ ਤਰੀਕੇ ਨਾਲ ਮੈਨੂੰ ਜਾਣਦੇ ਹੋ ਉਹ ਕਿੰਨਾ ਸਤਹੀ ਹੈ ਅਤੇ ਤੁਹਾਡੀ “ਸਿੱਖਿਆ” ਕਿੰਨੀ ਮਾਮੂਲੀ ਹੈ, ਮੈਂ ਕਿੰਨੀ ਹੀ ਤਾੜਨਾ ਤੋਂ ਤੁਹਾਨੂੰ ਬਚਾ ਲਿਆ ਹੈ। ਪਰ ਤਾਂ ਵੀ, ਤੁਹਾਡੇ ਵਿੱਚੋਂ ਬਹੁਤੇ ਅਜੇ ਵੀ ਆਪਣੇ ਆਪ ਨੂੰ ਨਹੀਂ ਜਾਣਦੇ ਹਨ, ਜਾਂ ਇਹ ਸੋਚਦੇ ਹਨ ਕਿ ਤੁਸੀਂ ਆਪਣੇ ਕਰਮਾਂ ਵਿੱਚ ਪਹਿਲਾਂ ਹੀ ਮੇਰੀ ਇੱਛਾ ਤਕ ਪਹੁੰਚ ਗਏ ਹੋ, ਅਤੇ ਇਸ ਕਾਰਣ ਨਿਆਂ ਤੋਂ ਬਚ ਗਏ ਹੋ; ਜਾਂ ਤੁਸੀਂ ਸੋਚਦੇ ਹੋ ਕਿ ਦੇਹ ਬਣਨ ਤੋਂ ਬਾਅਦ, ਮੈਨੂੰ ਮਨੁੱਖ ਦੇ ਕਾਰਿਆਂ ਦਾ ਬਿਲਕੁਲ ਵੀ ਪਤਾ ਨਹੀਂ ਹੈ ਅਤੇ ਇਸ ਕਾਰਣ ਤੁਸੀਂ ਵੀ ਤਾੜਨਾ ਤੋਂ ਬਚ ਕੇ ਨਿਕਲ ਗਏ ਹੋ; ਜਾਂ ਸੋਚਦੇ ਹੋ ਕਿ ਜਿਸ ਪਰਮੇਸ਼ੁਰ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਬ੍ਰਹਿਮੰਡ ਦੇ ਵਿਆਪਕ ਸਥਾਨਾਂ ਵਿੱਚ ਮੌਜੂਦ ਨਹੀਂ ਹੈ, ਅਤੇ ਇਸ ਲਈ ਤੁਸੀਂ ਪਰਮੇਸ਼ੁਰ ਨੂੰ ਜਾਣਨ ਨੂੰ ਆਪਣੇ ਫ਼ੁਰਸਤ ਦੇ ਸਮੇਂ ਵਿੱਚ ਕੀਤਾ ਜਾਣ ਵਾਲਾ ਕੰਮ ਬਣਾ ਦਿੱਤਾ ਹੈ ਬਜਾਏ ਇਸ ਦੇ ਕਿ ਇਸ ਨੂੰ ਆਪਣੇ ਦਿਲ ਵਿੱਚ ਅਜਿਹੇ ਫ਼ਰਜ਼ ਵਾਂਗ ਧਾਰਣ ਕਰੋ ਜਿਸ ਨੂੰ ਪੂਰਾ ਕੀਤਾ ਜਾਣਾ ਜ਼ਰੂਰੀ ਹੈ, ਤੁਸੀਂ ਵਿਹਲੇ ਬੀਤਣ ਵਾਲੇ ਸਮੇਂ ਵਿੱਚ ਜੀਅ ਬਹਿਲਾਉਣ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਨੂੰ ਇਸਤੇਮਾਲ ਕੀਤਾ ਹੈ। ਜੇ ਮੈਂ ਤੁਹਾਡੀ ਯੋਗਤਾ, ਤਰਕ-ਸ਼ਕਤੀ ਅਤੇ ਸੂਝ-ਬੂਝ ਦੀ ਘਾਟ ’ਤੇ ਦਯਾ ਨਾ ਕੀਤੀ ਹੁੰਦੀ, ਤਾਂ ਤੁਸੀਂ ਮੇਰੀ ਤਾੜਨਾ ਦਰਮਿਆਨ ਹੀ ਨਾਸ ਹੋ ਜਾਂਦੇ, ਅਤੇ ਤੁਹਾਡੀ ਹੋਂਦ ਤਕ ਖਤਮ ਹੋ ਜਾਂਦੀ। ਪਰ ਜਦੋਂ ਤਕ ਧਰਤੀ ’ਤੇ ਮੇਰਾ ਕੰਮ ਪੂਰਾ ਨਹੀਂ ਹੁੰਦਾ, ਮੈਂ ਮਨੁੱਖਜਾਤੀ ਪ੍ਰਤੀ ਨਰਮ ਰੱਵਈਆ ਰੱਖਾਂਗਾ। ਇਹ ਅਜਿਹੀ ਗੱਲ ਹੈ ਜਿਸ ਦਾ ਤੁਹਾਨੂੰ ਸਾਰਿਆਂ ਨੂੰ ਗਿਆਨ ਹੋਣਾ ਜ਼ਰੂਰੀ ਹੈ, ਅਤੇ ਚੰਗੇ ਅਤੇ ਬੁਰੇ ਬਾਰੇ ਉਲਝਣ ਵਿੱਚ ਪੈਣਾ ਬੰਦ ਕਰੋ।

25 ਫਰਵਰੀ, 1992

ਪਿਛਲਾ: ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 4

ਅਗਲਾ: ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 6

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ