ਧੋਖਾ: ਇੱਕ ਬਹੁਤ ਗੰਭੀਰ ਸਮੱਸਿਆ (1)

ਬਹੁਤ ਜਲਦੀ, ਮੇਰਾ ਕੰਮ ਖਤਮ ਹੋ ਜਾਵੇਗਾ, ਅਤੇ ਬਹੁਤ ਸਾਰੇ ਸਾਲ ਮਿਲ ਕੇ ਇੱਕ ਅਸਹਿ ਯਾਦ ਬਣ ਚੁੱਕੇ ਹਨ। ਮੈਂ ਨਿਰੰਤਰ ਆਪਣੇ ਵਚਨਾਂ ਨੂੰ ਦੁਹਰਾਉਂਦਾ ਆਇਆ ਹਾਂ ਅਤੇ ਆਪਣੇ ਨਵੇਂ ਕੰਮ ਨੂੰ ਲਗਾਤਾਰ ਉਜਾਗਰ ਕਰਦਾ ਆਇਆ ਹਾਂ। ਯਕੀਨਨ, ਮੇਰੀ ਸਲਾਹ ਮੇਰੇ ਵੱਲੋਂ ਕੀਤੇ ਜਾਣ ਵਾਲੇ ਕੰਮ ਦੇ ਹਰੇਕ ਹਿੱਸੇ ਦਾ ਇੱਕ ਜ਼ਰੂਰੀ ਭਾਗ ਹੈ। ਮੇਰੀ ਸਲਾਹ ਤੋਂ ਬਿਨਾਂ, ਤੁਸੀਂ ਸਭ ਭਟਕ ਕੇ ਕੁਰਾਹੇ ਪੈ ਜਾਂਦੇ ਅਤੇ ਇੱਥੋਂ ਤਕ ਕਿ ਬਿਲਕੁਲ ਹੀ ਗੁਆਚ ਜਾਂਦੇ। ਮੇਰਾ ਕੰਮ ਹੁਣ ਖਤਮ ਹੋਣ ਵਾਲਾ ਹੈ ਅਤੇ ਇਹ ਆਪਣੇ ਆਖਰੀ ਪੜਾਅ ’ਤੇ ਹੈ। ਮੈਂ ਹਾਲੇ ਵੀ ਸਲਾਹ ਦੇਣ ਦੇ ਕੰਮ ਨੂੰ ਕਰਨਾ ਚਾਹੁੰਦਾ ਹਾਂ, ਭਾਵ ਕਿ ਤੁਹਾਡੇ ਸੁਣਨ ਲਈ ਸਲਾਹ ਦੇ ਵਚਨਾਂ ਦੀ ਪੇਸ਼ਕਸ਼ ਕਰਨਾ ਚਾਹੁੰਦਾ ਹਾਂ। ਮੈਂ ਕੇਵਲ ਆਸ ਹੀ ਕਰਦਾ ਹਾਂ ਕਿ ਤੁਸੀਂ ਇਸ ਯੋਗ ਹੋ ਕਿ ਜੋ ਕਸ਼ਟ ਮੈਂ ਝੱਲੇ ਹਨ ਉਨ੍ਹਾਂ ਨੂੰ ਵਿਅਰਥ ਨਾ ਜਾਣ ਦਿਓ, ਅਤੇ ਇਸ ਤੋਂ ਵੀ ਵੱਧ ਕੇ ਇਹ ਕਿ ਤੁਸੀਂ ਉਸ ਵਿਚਾਰਸ਼ੀਲ ਦੇਖਭਾਲ ਨੂੰ ਸਮਝ ਸਕਦੇ ਹੋ ਜੋ ਮੈਂ ਕੀਤੀ ਹੈ, ਅਤੇ ਮੇਰੇ ਵਚਨਾਂ ਨੂੰ ਮਨੁੱਖ ਦੇ ਰੂਪ ਵਿੱਚ ਆਪਣੇ ਵਿਹਾਰ ਦੀ ਬੁਨਿਆਦ ਵਜੋਂ ਸਮਝ ਸਕੋ। ਭਾਵੇਂ ਉਹ ਉਸ ਤਰ੍ਹਾਂ ਦੇ ਵਚਨ ਹਨ ਜਾਂ ਨਹੀਂ ਜਿਸ ਤਰ੍ਹਾਂ ਦੇ ਤੁਸੀਂ ਸੁਣਨ ਦੇ ਇੱਛੁਕ ਹੋ, ਭਾਵੇਂ ਤੁਹਾਨੂੰ ਉਨ੍ਹਾਂ ਨੂੰ ਸਵੀਕਾਰ ਕਰਨ ਵਿੱਚ ਅਨੰਦ ਮਿਲਦਾ ਹੈ ਜਾਂ ਨਹੀਂ ਜਾਂ ਔਖ ਨਾਲ ਹੀ ਉਨ੍ਹਾਂ ਨੂੰ ਸਵੀਕਾਰ ਕਰ ਸਕਦੇ ਹੋ, ਤਾਂ ਵੀ ਤੁਹਾਡੇ ਲਈ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ। ਨਹੀਂ ਤਾਂ, ਤੁਹਾਡੇ ਲਾਪਰਵਾਹ ਤੇ ਬੇਫ਼ਿਕਰ ਸੁਭਾਅ ਅਤੇ ਵਿਹਾਰ ਮੈਨੂੰ ਗੰਭੀਰ ਰੂਪ ਵਿੱਚ ਪਰੇਸ਼ਾਨ ਕਰਨਗੇ ਅਤੇ, ਸੱਚਮੁੱਚ ਘਿਰਣਾ ਕਰਾਉਣਗੇ। ਮੈਨੂੰ ਬਹੁਤ ਆਸ ਹੈ ਕਿ ਤੁਸੀਂ ਸਾਰੇ ਮੇਰੇ ਵਚਨਾਂ ਨੂੰ ਵਾਰ-ਵਾਰ ਪੜ੍ਹ ਸਕਦੇ ਹੋ—ਹਜ਼ਾਰਾਂ ਵਾਰ—ਅਤੇ ਹੋ ਸਕਦਾ ਹੈ ਕਿ ਉਹ ਤੁਹਾਨੂੰ ਮੂੰਹਜ਼ਬਾਨੀ ਵੀ ਯਾਦ ਹੋ ਜਾਣ। ਕੇਵਲ ਇਸ ਤਰੀਕੇ ਨਾਲ ਹੀ ਤੁਸੀਂ ਮੇਰੀਆਂ ਤੁਹਾਡੇ ਤੋਂ ਜੋ ਆਸਾਂ ਹਨ ਉਨ੍ਹਾਂ ’ਤੇ ਖਰੇ ਉਤਰਨ ਵਿੱਚ ਨਾਕਾਮ ਹੋਣ ਤੋਂ ਬਚ ਸਕੋਗੇ। ਫਿਰ ਵੀ, ਤੁਹਾਡੇ ਵਿੱਚੋਂ ਕੋਈ ਵੀ ਹੁਣ ਇਸ ਤਰ੍ਹਾਂ ਨਹੀਂ ਜੀਉਂਦਾ। ਇਸ ਦੇ ਉਲਟ, ਤੁਸੀਂ ਸਾਰੇ ਅੱਯਾਸ਼ੀ ਵਾਲੇ ਜੀਵਨ ਵਿੱਚ, ਜੀਅ ਭਰ ਕੇ ਖਾਣ-ਪੀਣ ਵਾਲੇ ਜੀਵਨ ਵਿੱਚ ਡੁੱਬੇ ਹੋਏ ਹੋ, ਅਤੇ ਤੁਹਾਡੇ ਵਿੱਚੋਂ ਕੋਈ ਵੀ ਆਪਣੇ ਮਨ ਅਤੇ ਆਤਮਾ ਨੂੰ ਸੰਪੰਨ ਬਣਾਉਣ ਲਈ ਮੇਰੇ ਵਚਨਾਂ ਦਾ ਇਸਤੇਮਾਲ ਨਹੀਂ ਕਰਦਾ। ਇਸੇ ਕਾਰਣ, ਮੈਂ ਮਨੁੱਖਜਾਤੀ ਦੇ ਅਸਲੀ ਚਿਹਰੇ ਬਾਰੇ ਇਸ ਸਿੱਟੇ ’ਤੇ ਪਹੁੰਚਿਆ ਹਾਂ: ਮਨੁੱਖ ਕਿਸੇ ਵੀ ਸਮੇਂ ਮੈਨੂੰ ਧੋਖਾ ਦੇ ਸਕਦਾ ਹੈ, ਅਤੇ ਕੋਈ ਵੀ ਮੇਰੇ ਵਚਨਾਂ ਦੇ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਨਹੀਂ ਹੋ ਸਕਦਾ।

“ਮਨੁੱਖ ਸ਼ਤਾਨ ਦੁਆਰਾ ਇੰਨਾ ਜ਼ਿਆਦਾ ਭ੍ਰਿਸ਼ਟ ਕਰ ਦਿੱਤਾ ਗਿਆ ਹੈ ਕਿ ਹੁਣ ਉਸ ਵਿੱਚ ਮਨੁੱਖ ਵਾਲੀ ਦਿੱਖ ਹੀ ਨਹੀਂ ਰਹੀ ਹੈ।” ਜ਼ਿਆਦਾਤਰ ਲੋਕ ਹੁਣ ਇਸ ਕਥਨ ਨੂੰ ਇੱਕ ਹੱਦ ਤਕ ਪਛਾਣਦੇ ਹਨ। ਇਹ ਮੈਂ ਇਸ ਲਈ ਕਹਿੰਦਾ ਹਾਂ ਕਿਉਂਕਿ ਜਿਸ “ਪਛਾਣ” ਦੀ ਗੱਲ ਮੈਂ ਕਰਦਾ ਹਾਂ ਉਹ ਸੱਚੇ ਗਿਆਨ ਦੇ ਉਲਟ ਕੇਵਲ ਇੱਕ ਪ੍ਰਕਾਰ ਦੀ ਸਤਹੀ ਸਵੀਕਾਰਤਾ ਹੈ। ਜਦੋਂ ਕਿ ਤੁਹਾਡੇ ਵਿੱਚੋਂ ਕੋਈ ਵੀ ਸਟੀਕਤਾ ਨਾਲ ਆਪਣਾ ਮੁਲਾਂਕਣ ਨਹੀਂ ਕਰ ਸਕਦਾ ਅਤੇ ਨਾ ਹੀ ਪੂਰੀ ਤਰ੍ਹਾਂ ਆਪਣਾ ਵਿਸ਼ਲੇਸ਼ਣ ਕਰ ਸਕਦਾ ਹੈ, ਤੁਸੀਂ ਮੇਰੇ ਵਚਨਾਂ ਬਾਰੇ ਅਸਪਸ਼ਟ ਬਣੇ ਰਹਿੰਦੇ ਹੋ। ਪਰ ਇਸ ਵਾਰ, ਮੈਂ ਉਸ ਸਭ ਤੋਂ ਗੰਭੀਰ ਸਮੱਸਿਆ ਬਾਰੇ ਸਮਝਾਉਣ ਲਈ ਤੱਥਾਂ ਦਾ ਇਸਤੇਮਾਲ ਕਰ ਰਿਹਾ ਹਾਂ ਜਿਹੜੀ ਤੁਹਾਡੇ ਅੰਦਰ ਮੌਜੂਦ ਹੈ। ਉਹ ਸਮੱਸਿਆ ਹੈ ਧੋਖਾ। ਤੁਸੀਂ ਸਾਰੇ “ਧੋਖਾ” ਸ਼ਬਦ ਤੋਂ ਚੰਗੀ ਤਰ੍ਹਾਂ ਜਾਣੂ ਹੋ, ਕਿਉਂਕਿ ਜ਼ਿਆਦਾਤਰ ਲੋਕਾਂ ਨੇ ਕੁਝ ਨਾ ਕੁਝ ਅਜਿਹਾ ਕੀਤਾ ਹੁੰਦਾ ਹੈ ਜੋ ਦੂਜਿਆਂ ਨਾਲ ਧੋਖਾ ਹੈ, ਜਿਵੇਂ ਕਿ ਪਤੀ ਵੱਲੋਂ ਆਪਣੀ ਪਤਨੀ ਨਾਲ ਧੋਖਾ, ਪਤਨੀ ਵੱਲੋਂ ਆਪਣੇ ਪਤੀ ਨਾਲ ਧੋਖਾ, ਪੁੱਤਰ ਵੱਲੋਂ ਆਪਣੇ ਪਿਤਾ ਨਾਲ ਧੋਖਾ, ਧੀ ਵੱਲੋਂ ਆਪਣੀ ਮਾਂ ਨਾਲ ਧੋਖਾ, ਦਾਸ ਵੱਲੋਂ ਆਪਣੇ ਸੁਆਮੀ ਨਾਲ ਧੋਖਾ, ਦੋਸਤਾਂ ਵੱਲੋਂ ਇੱਕ ਦੂਜੇ ਨਾਲ ਧੋਖਾ, ਰਿਸ਼ਤੇਦਾਰਾਂ ਵੱਲੋਂ ਇੱਕ ਦੂਜੇ ਨਾਲ ਧੋਖਾ, ਵਿਕ੍ਰੇਤਾਵਾਂ ਵੱਲੋਂ ਖਰੀਦਦਾਰਾਂ ਨਾਲ ਧੋਖਾ, ਅਤੇ ਵਗੈਰਾ-ਵਗੈਰਾ। ਇਨ੍ਹਾਂ ਸਾਰੇ ਉਦਾਹਰਣਾਂ ਵਿੱਚ ਧੋਖੇ ਦਾ ਤੱਤ ਸ਼ਾਮਲ ਹੈ। ਸੰਖੇਪ ਵਿੱਚ, ਧੋਖਾ ਇੱਕ ਤਰ੍ਹਾਂ ਦਾ ਵਿਹਾਰ ਹੈ ਜਿਹੜਾ ਵਾਅਦੇ ਨੂੰ ਤੋੜਦਾ ਹੈ, ਨੈਤਿਕ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ, ਜਾਂ ਮਨੁੱਖੀ ਕਦਰਾਂ-ਕੀਮਤਾਂ ਦੇ ਵਿਰੁੱਧ ਕੰਮ ਕਰਦਾ ਹੋਇਆ ਇਨਸਾਨੀਅਤ ਦੀ ਘਾਟ ਨੂੰ ਵਿਖਾਉਂਦਾ ਹੈ। ਆਮ ਸ਼ਬਦਾਂ ਵਿੱਚ, ਇਸ ਸੰਸਾਰ ਵਿੱਚ ਪੈਦਾ ਹੋਏ ਇੱਕ ਮਨੁੱਖ ਦੇ ਰੂਪ ਵਿੱਚ, ਤੂੰ ਕੁਝ ਅਜਿਹਾ ਕੀਤਾ ਹੀ ਹੋਵੇਗਾ ਜਿਸ ਨੂੰ ਸੱਚਾਈ ਨਾਲ ਧੋਖਾ ਕਰਨਾ ਕਿਹਾ ਜਾ ਸਕਦਾ ਹੈ, ਭਾਵੇਂ ਤੈਨੂੰ ਕਦੇ ਕਿਸੇ ਦੂਜੇ ਵਿਅਕਤੀ ਨਾਲ ਧੋਖਾ ਕਰਨ ਲਈ ਕੀਤਾ ਗਿਆ ਕੋਈ ਕੰਮ ਯਾਦ ਹੈ ਜਾਂ ਨਹੀਂ, ਜਾਂ ਤੂੰ ਪਹਿਲਾਂ ਬਹੁਤ ਵਾਰ ਦੂਜਿਆਂ ਨਾਲ ਧੋਖਾ ਕੀਤਾ ਹੈ ਜਾਂ ਨਹੀਂ। ਜਦੋਂ ਤੂੰ ਆਪਣੇ ਮਾਤਾ-ਪਿਤਾ ਜਾਂ ਦੋਸਤਾਂ ਨਾਲ ਧੋਖਾ ਕਰਨ ਦੇ ਸਮਰੱਥ ਹੈਂ, ਤਾਂ ਤੂੰ ਦੂਜਿਆਂ ਨਾਲ ਧੋਖਾ ਕਰਨ ਦੇ ਵੀ ਸਮਰੱਥ ਹੈਂ, ਅਤੇ ਇਸ ਤੋਂ ਇਲਾਵਾ ਤੂੰ ਮੇਰੇ ਨਾਲ ਧੋਖਾ ਕਰਨ ਅਤੇ ਅਜਿਹੇ ਕੰਮ ਕਰਨ ਦੇ ਸਮਰੱਥ ਹੈਂ ਜਿਨ੍ਹਾਂ ਤੋਂ ਮੈਨੂੰ ਘਿਰਣਾ ਹੈ। ਦੂਜੇ ਸ਼ਬਦਾਂ ਵਿੱਚ, ਧੋਖਾ ਕੇਵਲ ਖੋਖਲੇ ਤੌਰ ਤੇ ਅਨੈਤਿਕ ਵਿਹਾਰ ਹੀ ਨਹੀਂ ਹੈ, ਬਲਕਿ ਕੁਝ ਅਜਿਹਾ ਹੈ ਜੋ ਸੱਚਾਈ ਦੇ ਵਿਰੋਧ ਵਿੱਚ ਹੁੰਦਾ ਹੈ। ਬਿਲਕੁਲ ਇਹੋ ਹੀ ਮਨੁੱਖਜਾਤੀ ਦੇ ਮੇਰੇ ਪ੍ਰਤੀ ਵਿਰੋਧ ਅਤੇ ਅਣਆਗਿਆਕਾਰੀ ਦਾ ਸ੍ਰੋਤ ਹੈ। ਇਸੇ ਕਾਰਣ ਮੈਂ ਇਸ ਦਾ ਸਾਰ ਇਸ ਕਥਨ ਵਿੱਚ ਦਿੱਤਾ ਹੈ: ਧੋਖਾ ਮਨੁੱਖ ਦਾ ਸੁਭਾਅ ਹੈ, ਅਤੇ ਇਹ ਸੁਭਾਅ ਹਰੇਕ ਵਿਅਕਤੀ ਦੀ ਮੇਰੇ ਨਾਲ ਸਹਿਮਤੀ ਦਾ ਵੱਡਾ ਦੁਸ਼ਮਣ ਹੈ।

ਉਹ ਵਿਹਾਰ ਜਿਹੜਾ ਪੂਰੀ ਤਰ੍ਹਾਂ ਮੇਰੀ ਆਗਿਆਕਾਰੀ ਨਹੀਂ ਕਰ ਸਕਦਾ, ਧੋਖਾ ਹੈ। ਉਹ ਵਿਹਾਰ ਜਿਹੜਾ ਮੇਰੇ ਪ੍ਰਤੀ ਵਫ਼ਾਦਾਰ ਨਹੀਂ ਹੋ ਸਕਦਾ, ਧੋਖਾ ਹੈ। ਮੈਨੂੰ ਦਗਾ ਦੇਣ ਲਈ ਮੇਰੇ ਨਾਲ ਛਲ ਕਰਨਾ ਅਤੇ ਝੂਠ ਦਾ ਇਸਤੇਮਾਲ ਕਰਨਾ ਧੋਖਾ ਹੈ। ਬਹੁਤ ਸਾਰੀਆਂ ਧਾਰਣਾਵਾਂ ਰੱਖਣਾ ਅਤੇ ਇਨ੍ਹਾਂ ਨੂੰ ਹਰ ਜਗ੍ਹਾ ਫੈਲਾਉਣਾ ਧੋਖਾ ਹੈ। ਮੇਰੀਆਂ ਗਵਾਹੀਆਂ ਅਤੇ ਹਿੱਤਾਂ ਉੱਤੇ ਕਾਇਮ ਰਹਿਣ ਵਿੱਚ ਅਸਮਰਥ ਹੋਣਾ ਧੋਖਾ ਹੈ। ਦਿਲੋਂ ਮੇਰੇ ਤੋਂ ਬਹੁਤ ਦੂਰ ਹੁੰਦੇ ਹੋਏ ਝੂਠੀਆਂ ਮੁਸਕੁਰਾਹਟਾਂ ਪੇਸ਼ ਕਰਨਾ ਧੋਖਾ ਹੈ। ਇਹ ਸਭ ਧੋਖੇ ਦੇ ਉਹ ਕੰਮ ਹਨ ਜਿਨ੍ਹਾਂ ਦੇ ਤੁਸੀਂ ਹਮੇਸ਼ਾ ਤੋਂ ਸਮਰੱਥ ਰਹੇ ਹੋ, ਅਤੇ ਇਹ ਤੁਹਾਡੇ ਦਰਮਿਆਨ ਮਾਮੂਲੀ ਜਿਹੀ ਗੱਲ ਹੈ। ਹੋ ਸਕਦਾ ਹੈ ਤੁਹਾਡੇ ਵਿੱਚੋਂ ਕੋਈ ਵੀ ਇਸ ਨੂੰ ਇੱਕ ਸਮੱਸਿਆ ਨਾ ਸਮਝੇ, ਪਰ ਮੈਂ ਇਸ ਤਰ੍ਹਾਂ ਨਹੀਂ ਸੋਚਦਾ। ਮੈਂ ਕਿਸੇ ਵਿਅਕਤੀ ਵੱਲੋਂ ਮੇਰੇ ਨਾਲ ਧੋਖਾ ਕਰਨ ਨੂੰ ਨਿਗੂਣੀ ਗੱਲ ਨਹੀਂ ਸਮਝ ਸਕਦਾ, ਅਤੇ ਮੈਂ ਇਸ ਨੂੰ ਨਜ਼ਰ-ਅੰਦਾਜ਼ ਤਾਂ ਬਿਲਕੁਲ ਵੀ ਨਹੀਂ ਕਰ ਸਕਦਾ। ਹੁਣ, ਜਦੋਂ ਮੈਂ ਤੁਹਾਡੇ ਦਰਮਿਆਨ ਕੰਮ ਕਰ ਰਿਹਾ ਹਾਂ, ਤਾਂ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ—ਜੇ ਅਜਿਹਾ ਦਿਨ ਆਵੇਗਾ ਜਦੋਂ ਕੋਈ ਤੁਹਾਡੀ ਨਿਗਰਾਨੀ ਕਰਨ ਵਾਲਾ ਨਹੀਂ ਹੋਵੇਗਾ, ਤਾਂ ਕੀ ਤੁਸੀਂ ਆਪਣੇ ਆਪ ਨੂੰ ਰਾਜੇ ਐਲਾਨਣ ਵਾਲੇ ਡਾਕੂਆਂ ਜਿਹੇ ਨਹੀਂ ਹੋਵੋਗੇ? ਜਦੋਂ ਇਹ ਹੋਵੇਗਾ ਅਤੇ ਤੁਸੀਂ ਵਿਨਾਸ਼ ਦਾ ਕਾਰਨ ਬਣੋਗੇ, ਤਾਂ ਤੁਹਾਡੇ ਪਿੱਛੇ-ਪਿੱਛੇ ਸਫਾਈ ਕਰਨ ਵਾਲਾ ਕੌਣ ਹੋਵੇਗਾ? ਤੁਸੀਂ ਸੋਚਦੇ ਹੋ ਕਿ ਧੋਖੇ ਦੇ ਕੁਝ ਕੰਮ ਤੁਹਾਡਾ ਨਿਰੰਤਰ ਰਵੱਈਆ ਨਹੀਂ, ਬਲਕਿ ਬਸ ਕਦੇ-ਕਦਾਈਂ ਹੋਣ ਵਾਲੀਆਂ ਘਟਨਾਵਾਂ ਹਨ, ਅਤੇ ਅਜਿਹੀ ਗੰਭੀਰਤਾ ਨਾਲ ਵਿਚਾਰਨਯੋਗ ਨਹੀਂ ਹਨ, ਜਿਸ ਨਾਲ ਤੁਹਾਡੇ ਆਤਮ ਸਨਮਾਨ ਨੂੰ ਠੇਸ ਪਹੁੰਚੇ। ਜੇ ਤੁਸੀਂ ਸੱਚਮੁੱਚ ਇਸ ਤਰ੍ਹਾਂ ਸੋਚਦੇ ਹੋ ਤਾਂ ਤੁਹਾਨੂੰ ਸਮਝ ਦੀ ਘਾਟ ਹੈ। ਇਸ ਤਰ੍ਹਾਂ ਸੋਚਣਾ ਵਿਦ੍ਰੋਹ ਦਾ ਨਮੂਨਾ ਅਤੇ ਮੂਲ ਰੂਪ ਬਣਨਾ ਹੈ। ਮਨੁੱਖ ਦਾ ਸੁਭਾਅ ਉਸ ਦਾ ਜੀਵਨ ਹੈ; ਇਹ ਉਹ ਸਿਧਾਂਤ ਹੈ ਜਿਸ ਉੱਤੇ ਉਹ ਜੀਉਂਦੇ ਰਹਿਣ ਲਈ ਨਿਰਭਰ ਕਰਦਾ ਹੈ, ਅਤੇ ਉਹ ਇਸ ਨੂੰ ਬਦਲ ਨਹੀਂ ਸਕਦਾ। ਧੋਖੇ ਦਾ ਵੀ ਇਹੋ ਸੁਭਾਅ ਹੈ—ਜੇ ਤੂੰ ਕਿਸੇ ਰਿਸ਼ਤੇਦਾਰ ਜਾਂ ਦੋਸਤ ਨਾਲ ਧੋਖਾ ਕਰਨ ਲਈ ਕੁਝ ਕਰ ਸਕਦਾ ਹੈਂ, ਤਾਂ ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਤੇਰੇ ਜੀਵਨ ਦਾ ਇੱਕ ਹਿੱਸਾ ਅਤੇ ਉਹ ਸੁਭਾਅ ਹੈ ਜਿਸ ਦੇ ਨਾਲ ਤੂੰ ਪੈਦਾ ਹੋਇਆ ਸੀ। ਇਹ ਕੁਝ ਅਜਿਹਾ ਹੈ ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਮਿਸਾਲ ਦੇ ਤੌਰ ਤੇ, ਜੇ ਕਿਸੇ ਵਿਅਕਤੀ ਨੂੰ ਦੂਜਿਆਂ ਤੋਂ ਚੋਰੀ ਕਰਨ ਵਿੱਚ ਮਜ਼ਾ ਆਉਂਦਾ ਹੈ, ਤਾਂ ਇਹ “ਚੋਰੀ ਕਰਨ ਦਾ ਮਜ਼ਾ” ਉਨ੍ਹਾਂ ਦੇ ਜੀਵਨ ਦਾ ਇੱਕ ਹਿੱਸਾ ਹੈ, ਭਾਵੇਂ ਕਿ ਉਹ ਕਦੇ ਚੋਰੀ ਕਰਨ ਅਤੇ ਕਦੇ ਚੋਰੀ ਨਾ ਕਰਨ। ਭਾਵੇਂ ਉਹ ਚੋਰੀ ਕਰਦੇ ਹਨ ਜਾਂ ਨਹੀਂ, ਇਸ ਤੋਂ ਇਹ ਸਾਬਤ ਨਹੀਂ ਹੋ ਸਕਦਾ ਕਿ ਉਨ੍ਹਾਂ ਦਾ ਚੋਰੀ ਕਰਨਾ ਬਸ ਇੱਕ ਤਰ੍ਹਾਂ ਦਾ ਵਿਹਾਰ ਹੈ। ਇਸ ਦੇ ਬਜਾਇ, ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਚੋਰੀ ਕਰਨਾ ਉਨ੍ਹਾਂ ਦੇ ਜੀਵਨ ਦਾ ਹਿੱਸਾ ਹੈ—ਅਰਥਾਤ, ਉਨ੍ਹਾਂ ਦਾ ਸੁਭਾਅ ਹੈ। ਕੁਝ ਲੋਕ ਪੁੱਛਣਗੇ: ਜੇ ਇਹ ਉਨ੍ਹਾਂ ਦਾ ਸੁਭਾਅ ਹੈ, ਤਾਂ ਜਦੋਂ ਉਹ ਚੰਗੀਆਂ ਚੀਜ਼ਾਂ ਨੂੰ ਵੇਖਦੇ ਹਨ ਤਾਂ ਕਈ ਵਾਰ ਉਨ੍ਹਾਂ ਨੂੰ ਚੁਰਾਉਂਦੇ ਕਿਉਂ ਨਹੀਂ ਹਨ? ਉੱਤਰ ਬਹੁਤ ਸਧਾਰਣ ਹੈ। ਉਨ੍ਹਾਂ ਦੇ ਚੋਰੀ ਨਾ ਕਰਨ ਦੇ ਪਿੱਛੇ ਬਹੁਤ ਸਾਰੇ ਕਾਰਣ ਹਨ। ਹੋ ਸਕਦਾ ਹੈ ਉਹ ਕਿਸੇ ਚੀਜ਼ ਨੂੰ ਇਸ ਲਈ ਚੋਰੀ ਨਾ ਕਰਨ ਕਿਉਂਕਿ ਉਹ ਇੰਨੀ ਵੱਡੀ ਹੈ ਕਿ ਨਿਗਰਾਨੀ ਹੇਠੋਂ ਇਸ ਨੂੰ ਚੋਰੀ ਨਹੀਂ ਕੀਤਾ ਜਾ ਸਕਦਾ, ਜਾਂ ਕਿਉਂਕਿ ਅਜਿਹਾ ਕਰਨ ਲਈ ਢੁਕਵਾਂ ਸਮਾਂ ਨਹੀਂ ਹੁੰਦਾ, ਜਾਂ ਕੋਈ ਚੀਜ਼ ਬਹੁਤ ਮਹਿੰਗੀ ਹੈ, ਬਹੁਤ ਸਖ਼ਤ ਪਹਿਰੇ ਵਿੱਚ ਹੈ, ਜਾਂ ਸ਼ਾਇਦ ਉਨ੍ਹਾਂ ਦੀ ਇਸ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਹੁੰਦੀ, ਜਾਂ ਉਨ੍ਹਾਂ ਨੂੰ ਇਹ ਆਪਣੇ ਲਈ ਕਿਸੇ ਕੰਮ ਦੀ ਨਹੀਂ ਜਾਪਦੀ, ਅਤੇ ਵਗੈਰਾ-ਵਗੈਰਾ। ਇਹ ਸਾਰੇ ਕਾਰਣ ਸੰਭਵ ਹਨ। ਪਰ ਭਾਵੇਂ ਕੁਝ ਵੀ ਹੋਵੇ, ਭਾਵੇਂ ਉਹ ਕੋਈ ਚੀਜ਼ ਚੁਰਾਉਣ ਜਾਂ ਨਾ, ਇਸ ਤੋਂ ਇਹ ਸਾਬਤ ਨਹੀਂ ਹੋ ਸਕਦਾ ਕਿ ਇਹ ਕੇਵਲ ਪਲ ਭਰ ਦਾ ਸਰਸਰੀ ਜਿਹਾ ਖਿਆਲ ਹੈ। ਇਸ ਦੇ ਉਲਟ, ਇਹ ਉਨ੍ਹਾਂ ਦੇ ਸੁਭਾਅ ਦਾ ਉਹ ਹਿੱਸਾ ਹੈ ਜਿਸ ਨੂੰ ਬਦਲ ਕੇ ਬਿਹਤਰ ਬਣਾਉਣਾ ਔਖਾ ਹੈ। ਇਸ ਤਰ੍ਹਾਂ ਦਾ ਵਿਅਕਤੀ ਬਸ ਇੱਕ ਵਾਰ ਚੋਰੀ ਕਰਕੇ ਸੰਤੁਸ਼ਟ ਨਹੀਂ ਹੁੰਦਾ; ਕਿਸੇ ਦੀ ਧਨ-ਸੰਪਤੀ ਉੱਤੇ ਆਪਣਾ ਹੱਕ ਜਤਾਉਣ ਦੇ ਇਸ ਤਰ੍ਹਾਂ ਦੇ ਵਿਚਾਰ ਉਦੋਂ ਉੱਠਦੇ ਹਨ ਜਦੋਂ ਵੀ ਉਨ੍ਹਾਂ ਨੂੰ ਕੋਈ ਚੰਗੀ ਚੀਜ਼, ਜਾਂ ਢੁਕਵੀਂ ਸਥਿਤੀ ਨਜ਼ਰ ਆਉਂਦੀ ਹੈ। ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਇਸ ਵਿਚਾਰ ਦਾ ਮੁੱਢ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਬਸ ਕਦੇ-ਕਦਾਈਂ ਚੁਣਿਆ ਜਾਂਦਾ ਹੈ, ਬਲਕਿ ਇਹ ਇਸ ਮਨੁੱਖ ਦੇ ਆਪਣੇ ਸੁਭਾਅ ਵਿੱਚ ਹੀ ਹੁੰਦਾ ਹੈ।

ਕੋਈ ਵੀ ਆਪਣੇ ਸੱਚੇ ਚਿਹਰੇ ਨੂੰ ਦਰਸਾਉਣ ਲਈ ਆਪਣੇ ਖੁਦ ਦੇ ਸ਼ਬਦਾਂ ਅਤੇ ਵਿਹਾਰਾਂ ਦੀ ਵਰਤੋਂ ਕਰ ਸਕਦਾ ਹੈ। ਇਹ ਸੱਚਾ ਚਿਹਰਾ, ਯਕੀਨਨ, ਉਨ੍ਹਾਂ ਦਾ ਸੁਭਾਅ ਹੁੰਦਾ ਹੈ। ਜੇ ਤੂੰ ਇੱਕ ਅਜਿਹਾ ਵਿਅਕਤੀ ਹੈਂ ਜਿਹੜਾ ਕਪਟੀ ਤਰੀਕੇ ਨਾਲ ਬੋਲਦਾ ਹੈ, ਤਾਂ ਤੇਰਾ ਸੁਭਾਅ ਕਪਟੀ ਹੈ। ਜੇ ਤੇਰਾ ਸੁਭਾਅ ਚਲਾਕੀ ਵਾਲਾ ਹੈ, ਤਾਂ ਤੂੰ ਚਲਾਕੀ ਵਾਲਾ ਵਿਹਾਰ ਕਰਦਾ ਹੈਂ, ਅਤੇ ਤੂੰ ਦੂਜਿਆਂ ਲਈ ਤੇਰੀ ਚਲਾਕੀ ਵਿੱਚ ਫਸਣਾ ਬੜਾ ਅਸਾਨ ਬਣਾ ਦਿੰਦਾ ਹੈਂ। ਜੇ ਤੇਰਾ ਸੁਭਾਅ ਮੱਕਾਰੀ ਵਾਲਾ ਹੈ, ਤਾਂ ਤੇਰੀਆਂ ਗੱਲਾਂ ਭਾਵੇਂ ਹੀ ਸੁਣਨ ਵਿੱਚ ਚੰਗੀਆਂ ਲੱਗਣ, ਪਰ ਤੇਰੇ ਕੰਮ ਤੇਰੀਆਂ ਮੱਕਾਰੀ ਵਾਲੀਆਂ ਚਾਲਾਂ ਨੂੰ ਲੁਕੋ ਨਹੀਂ ਸਕਦੇ। ਜੇ ਤੇਰਾ ਸੁਭਾਅ ਆਲਸੀ ਹੈ, ਤਾਂ ਜੋ ਵੀ ਤੂੰ ਕਹਿੰਦਾ ਹੈਂ ਉਸ ਦਾ ਮਕਸਦ ਕੇਵਲ ਤੇਰੇ ਲਾਪਰਵਾਹ ਅਤੇ ਆਲਸੀ ਹੋਣ ਕਰਕੇ ਆਪਣੀ ਜ਼ਿੰਮੇਦਾਰੀ ਤੋਂ ਬਚਣਾ ਹੈ, ਅਤੇ ਤੇਰੇ ਕੰਮ ਢਿੱਲੇ ਅਤੇ ਲਾਪਰਵਾਹ, ਤੇ ਸੱਚਾਈ ਨੂੰ ਲੁਕਾਉਣ ਵਿੱਚ ਕਾਫੀ ਮਾਹਰ ਹੋਣਗੇ। ਜੇ ਤੇਰਾ ਸੁਭਾਅ ਹਮਦਰਦੀ ਭਰਿਆ ਹੈ, ਤਾਂ ਤੇਰੇ ਸ਼ਬਦ ਸੂਝਵਾਨ ਹੋਣਗੇ, ਅਤੇ ਤੇਰੇ ਕੰਮ ਵੀ, ਸੱਚਾਈ ਨਾਲ ਚੰਗੀ ਤਰ੍ਹਾਂ ਮੇਲ ਖਾਂਦੇ ਹੋਣਗੇ। ਜੇ ਤੇਰਾ ਸੁਭਾਅ ਵਫ਼ਾਦਾਰੀ ਵਾਲਾ ਹੈ, ਤਾਂ ਤੇਰੇ ਸ਼ਬਦ ਯਕੀਨਨ ਖਰੇ ਹਨ ਅਤੇ ਤੇਰਾ ਤੌਰ-ਤਰੀਕਾ ਹਲੀਮੀ ਵਾਲਾ ਅਤੇ ਅਜਿਹੀ ਕਿਸੇ ਵੀ ਗੱਲ ਤੋਂ ਮੁਕਤ ਹੈ ਜਿਸ ਨਾਲ ਤੇਰੇ ਸੁਆਮੀ ਨੂੰ ਪਰੇਸ਼ਾਨੀ ਹੋ ਸਕਦੀ ਹੋਵੇ। ਜੇ ਤੇਰਾ ਸੁਭਾਅ ਲਾਲਸਾ ਭਰਿਆ ਜਾਂ ਧਨ ਦਾ ਲੋਭੀ ਹੈ, ਤਾਂ ਤੇਰੇ ਦਿਲ ਵਿੱਚ ਅਕਸਰ ਇਹੋ ਗੱਲਾਂ ਭਰੀਆਂ ਰਹਿਣਗੀਆਂ, ਅਤੇ ਤੂੰ ਸੁਭਾਵਕ ਹੀ ਅਜਿਹੇ ਪਤਿਤ ਅਤੇ ਅਨੈਤਿਕ ਕੰਮ ਕਰੇਂਗਾ ਜਿਨ੍ਹਾਂ ਨੂੰ ਲੋਕ ਅਸਾਨੀ ਨਾਲ ਨਹੀਂ ਭੁੱਲਣਗੇ ਅਤੇ ਜਿਨ੍ਹਾਂ ਤੋਂ ਲੋਕਾਂ ਨੂੰ ਘਿਰਣਾ ਹੋਵੇਗੀ। ਜਿਵੇਂ ਕਿ ਮੈਂ ਕਿਹਾ ਹੈ, ਜੇ ਤੇਰਾ ਸੁਭਾਅ ਧੋਖੇ ਵਾਲਾ ਹੈ, ਤਾਂ ਤੂੰ ਆਪਣੇ ਆਪ ਨੂੰ ਸ਼ਾਇਦ ਹੀ ਇਸ ਤੋਂ ਮੁਕਤ ਕਰ ਸਕਦਾ ਹੈਂ। ਕਿਸਮਤ ’ਤੇ ਭਰੋਸਾ ਨਾ ਕਰ ਕਿ ਜੇ ਤੂੰ ਦੂਜਿਆਂ ਨਾਲ ਵਧੀਕੀ ਨਹੀਂ ਕੀਤੀ ਹੈ, ਤਾਂ ਤੇਰੇ ਅੰਦਰ ਧੋਖੇ ਵਾਲਾ ਸੁਭਾਅ ਨਹੀਂ ਹੈ। ਜੇ ਤੂੰ ਇਹੋ ਸੋਚਦਾ ਹੈਂ ਤਾਂ ਸੱਚਮੁੱਚ, ਤੂੰ ਵਿਦ੍ਰੋਹ ਕਰ ਰਿਹਾ ਹੈਂ। ਹਰ ਵਾਰ ਜਦੋਂ ਵੀ ਮੈਂ ਬੋਲਦਾ ਹਾਂ, ਮੇਰੇ ਸਾਰੇ ਵਚਨਾਂ ਦਾ ਨਿਸ਼ਾਨਾ ਸਾਰੇ ਲੋਕ ਹੁੰਦੇ ਹਨ, ਨਾ ਕਿ ਕੇਵਲ ਕੋਈ ਇੱਕ ਵਿਅਕਤੀ ਜਾਂ ਕੋਈ ਇੱਕ ਕਿਸਮ ਦਾ ਵਿਅਕਤੀ। ਕੇਵਲ ਇਸ ਤੋਂ ਕਿ ਤੂੰ ਕਿਸੇ ਇੱਕ ਗੱਲ ਵਿੱਚ ਮੇਰੇ ਨਾਲ ਧੋਖਾ ਨਹੀਂ ਕੀਤਾ ਹੈ, ਇਹ ਸਾਬਤ ਨਹੀਂ ਹੁੰਦਾ ਕਿ ਕਿਸੇ ਦੂਜੀ ਗੱਲ ਵਿੱਚ ਤੂੰ ਮੇਰੇ ਨਾਲ ਧੋਖਾ ਨਹੀਂ ਕਰ ਸਕਦਾ। ਸੱਚਾਈ ਦੀ ਤਲਾਸ਼ ਕਰਨ ਵਿੱਚ, ਕਈ ਲੋਕ ਆਪਣੇ ਵਿਆਹੁਤਾ ਸੰਬੰਧ ਵਿੱਚ ਮਿਲਣ ਵਾਲੀਆਂ ਨਾਕਾਮੀਆਂ ਦੇ ਦੌਰਾਨ ਆਪਣਾ ਭਰੋਸਾ ਗੁਆ ਦਿੰਦੇ ਹਨ। ਕਈ ਲੋਕ ਪਰਿਵਾਰ ਦੇ ਟੁੱਟਣ ਦੌਰਾਨ ਮੇਰੇ ਪ੍ਰਤੀ ਵਫ਼ਾਦਾਰ ਰਹਿਣ ਦੇ ਆਪਣੇ ਫ਼ਰਜ਼ ਨੂੰ ਤਿਆਗ ਦਿੰਦੇ ਹਨ। ਕੁਝ ਲੋਕ ਅਨੰਦ ਅਤੇ ਰੋਮਾਂਚ ਦੇ ਇੱਕ ਪਲ ਦੀ ਖੋਜ ਲਈ ਮੈਨੂੰ ਤਿਆਗ ਦਿੰਦੇ ਹਨ। ਕੁਝ ਲੋਕ ਚਾਨਣ ਵਿੱਚ ਜੀਉਣ ਅਤੇ ਪਵਿੱਤਰ ਆਤਮਾ ਦੇ ਕੰਮ ਦੇ ਅਨੰਦ ਨੂੰ ਪ੍ਰਾਪਤ ਕਰਨ ਦੇ ਬਜਾਇ ਡੂੰਘੀ ਹਨੇਰੀ ਖੱਡ ਵਿੱਚ ਡਿੱਗਣਾ ਪਸੰਦ ਕਰਦੇ ਹਨ। ਕੁਝ ਲੋਕ ਆਪਣੀ ਧਨ-ਦੌਲਤ ਦੀ ਲਾਲਸਾ ਨੂੰ ਸੰਤੁਸ਼ਟ ਕਰਨ ਦੀ ਖਾਤਰ ਆਪਣੇ ਦੋਸਤਾਂ ਦੀ ਸਲਾਹ ਨੂੰ ਅੱਖੋਂ ਓਹਲੇ ਕਰ ਦਿੰਦੇ ਹਨ, ਅਤੇ ਇੱਥੋਂ ਤਕ ਕਿ ਹੁਣ ਵੀ ਆਪਣੀ ਗਲਤੀ ਨੂੰ ਸਵੀਕਾਰ ਕਰਕੇ ਆਪਣੀ ਦਿਸ਼ਾ ਨੂੰ ਨਹੀਂ ਬਦਲ ਸਕਦੇ। ਕੁਝ ਲੋਕ ਮੇਰੀ ਸੁਰੱਖਿਆ ਨੂੰ ਪ੍ਰਾਪਤ ਕਰਨ ਲਈ ਕੇਵਲ ਆਰਜ਼ੀ ਤੌਰ ਤੇ ਮੇਰੇ ਨਾਮ ਦੇ ਅਧੀਨ ਹੋ ਕੇ ਜੀਉਂਦੇ ਹਨ, ਜਦ ਕਿ ਦੂਜੇ ਮਜਬੂਰੀ ਵਸ ਮੈਨੂੰ ਇਸ ਲਈ ਥੋੜ੍ਹਾ ਜਿਹਾ ਅਰਪਣ ਕਰਦੇ ਹਨ ਕਿਉਂਕਿ ਉਹ ਜੀਵਨ ਨਾਲ ਚਿੰਬੜੇ ਰਹਿੰਦੇ ਹਨ ਅਤੇ ਮੌਤ ਤੋਂ ਡਰਦੇ ਹਨ। ਕੀ ਇਹ ਅਤੇ ਦੂਜੇ ਅਨੈਤਿਕ ਅਤੇ, ਬਲਕਿ ਘਟੀਆ ਕੰਮ ਹੀ ਬਿਲਕੁਲ ਉਹ ਵਿਹਾਰ ਨਹੀਂ ਹਨ ਜਿਨ੍ਹਾਂ ਨਾਲ ਲੋਕ ਲੰਮੇ ਸਮੇਂ ਤੋਂ ਆਪਣੇ ਦਿਲਾਂ ਦੀ ਗਹਿਰਾਈ ਤੋਂ ਮੇਰੇ ਨਾਲ ਧੋਖਾ ਕਰਦੇ ਆਏ ਹਨ? ਯਕੀਨਨ, ਮੈਂ ਜਾਣਦਾ ਹਾਂ ਕਿ ਲੋਕ ਪਹਿਲਾਂ ਤੋਂ ਮੇਰੇ ਨਾਲ ਧੋਖਾ ਕਰਨ ਦੀ ਯੋਜਨਾ ਨਹੀਂ ਬਣਾਉਂਦੇ; ਉਨ੍ਹਾਂ ਦਾ ਧੋਖਾ ਉਨ੍ਹਾਂ ਦੇ ਸੁਭਾਅ ਦਾ ਸੁਭਾਵਕ ਪ੍ਰਗਟਾਵਾ ਹੈ। ਕੋਈ ਵੀ ਮੈਨੂੰ ਧੋਖਾ ਨਹੀਂ ਦੇਣਾ ਚਾਹੁੰਦਾ, ਅਤੇ ਕੋਈ ਵੀ ਇਸ ਗੱਲੋਂ ਖੁਸ਼ ਨਹੀਂ ਹੁੰਦਾ ਕਿ ਉਸ ਨੇ ਮੈਨੂੰ ਧੋਖਾ ਦੇਣ ਵਾਲਾ ਕੋਈ ਕੰਮ ਕੀਤਾ ਹੈ। ਇਸ ਦੇ ਉਲਟ, ਉਹ ਡਰ ਨਾਲ ਕੰਬ ਰਹੇ ਹੁੰਦੇ ਹਨ, ਕੀ ਨਹੀਂ ਕੰਬ ਰਹੇ ਹੁੰਦੇ? ਇਸ ਲਈ, ਕੀ ਤੁਸੀਂ ਇਹ ਸੋਚ ਰਹੇ ਹੋ ਕਿ ਇਨ੍ਹਾਂ ਧੋਖਿਆਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ, ਅਤੇ ਵਰਤਮਾਨ ਸਥਿਤੀ ਨੂੰ ਕਿਵੇਂ ਬਦਲਿਆ ਜਾਵੇ?

ਪਿਛਲਾ: ਧਰਤੀ ਉੱਤਲੇ ਪਰਮੇਸ਼ੁਰ ਨੂੰ ਕਿਵੇਂ ਜਾਣੀਏ

ਅਗਲਾ: ਧੋਖਾ: ਇੱਕ ਬਹੁਤ ਗੰਭੀਰ ਸਮੱਸਿਆ (2)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ