ਧੋਖਾ: ਇੱਕ ਬਹੁਤ ਗੰਭੀਰ ਸਮੱਸਿਆ (2)

ਮਨੁੱਖ ਦਾ ਸੁਭਾਅ ਮੇਰੇ ਤੱਤ ਤੋਂ ਕਾਫੀ ਭਿੰਨ ਹੈ, ਕਿਉਂਕਿ ਮਨੁੱਖ ਦਾ ਭ੍ਰਿਸ਼ਟ ਸੁਭਾਅ ਪੂਰੀ ਤਰ੍ਹਾਂ ਸ਼ਤਾਨ ਤੋਂ ਆਉਂਦਾ ਹੈ; ਮਨੁੱਖ ਦਾ ਸੁਭਾਅ ਉੱਤੇ ਸ਼ਤਾਨ ਦੁਆਰਾ ਕੰਮ ਕੀਤਾ ਗਿਆ ਹੈ ਅਤੇ ਭ੍ਰਿਸ਼ਟ ਕੀਤਾ ਗਿਆ ਹੈl ਅਰਥਾਤ, ਮਨੁੱਖ ਇਸ ਦੀ ਬੁਰਾਈ ਅਤੇ ਕਰੂਪਤਾ ਦੇ ਪ੍ਰਭਾਵ ਹੇਠ ਜੀਉਂਦਾ ਹੈl ਮਨੁੱਖ ਸੱਚ ਦੀ ਦੁਨੀਆਂ ਵਿੱਚ ਜਾਂ ਇੱਕ ਪਵਿੱਤਰ ਵਾਤਾਵਰਣ ਵਿੱਚ ਵੱਡਾ ਨਹੀਂ ਹੁੰਦਾ, ਅਤੇ ਮਨੁੱਖ ਚਾਨਣ ਵਿੱਚ ਤਾਂ ਕਿਤੇ ਘੱਟ ਜੀਉਂਦਾ ਹੈl ਇਸ ਕਰਕੇ, ਕਿਸੇ ਲਈ ਵੀ ਸੰਭਵ ਨਹੀਂ ਹੈ ਕਿ ਉਨ੍ਹਾਂ ਦੇ ਜਨਮ ਤੋਂ ਹੀ ਉਨ੍ਹਾਂ ਦੇ ਸੁਭਾਅ ਵਿੱਚ ਸੱਚਾਈ ਹੋਵੇ, ਅਤੇ ਇਸ ਤੋਂ ਵੀ ਘੱਟ ਇਹ ਕਿ ਕੋਈ ਉਸ ਤੱਤ ਦੇ ਨਾਲ ਪੈਦਾ ਹੋਵੇ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਉਸ ਦੀ ਆਗਿਆਕਾਰੀ ਕਰਦਾ ਹੈl ਇਸ ਦੇ ਉਲਟ, ਲੋਕਾਂ ਦੇ ਅੰਦਰ ਇੱਕ ਅਜਿਹਾ ਸੁਭਾਅ ਹੈ ਜੋ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ, ਪਰਮੇਸ਼ੁਰ ਦੀ ਅਵੱਗਿਆ ਕਰਦਾ ਹੈ, ਅਤੇ ਸੱਚਾਈ ਦੇ ਲਈ ਕੋਈ ਪਿਆਰ ਨਹੀਂ ਰੱਖਦਾl ਇਹ ਸੁਭਾਅ ਹੀ ਉਹ ਸਮੱਸਿਆ ਹੈ ਜਿਸ ਬਾਰੇ ਮੈਂ ਚਰਚਾ ਕਰਨਾ ਚਾਹੁੰਦਾ ਹਾਂ—ਧੋਖਾl ਧੋਖਾ ਹੀ ਹਰੇਕ ਵਿਅਕਤੀ ਵੱਲੋਂ ਪਰਮੇਸ਼ੁਰ ਦਾ ਵਿਰੋਧ ਕਰਨ ਦਾ ਮੁੱਢ ਹੈl ਇਹ ਉਹ ਸਮੱਸਿਆ ਹੈ ਜੋ ਮੇਰੇ ਵਿੱਚ ਨਹੀਂ, ਪਰ ਕੇਵਲ ਮਨੁੱਖ ਵਿੱਚ ਪਾਈ ਜਾਂਦੀ ਹੈl ਕੁਝ ਲੋਕ ਪੁੱਛਣਗੇ: ਜਦੋਂ ਸਭ ਲੋਕ ਮਸੀਹ ਵਾਂਗ ਸੰਸਾਰ ਵਿੱਚ ਹੀ ਰਹਿੰਦੇ ਹਨ, ਤਾਂ ਅਜਿਹਾ ਕਿਉਂ ਹੈ ਕਿ ਸਭਨਾਂ ਮਨੁੱਖਾਂ ਵਿੱਚ ਤਾਂ ਪਰਮੇਸ਼ੁਰ ਨਾਲ ਧੋਖਾ ਕਰਨ ਵਾਲਾ ਸੁਭਾਅ ਹੈ, ਪਰ ਮਸੀਹ ਵਿੱਚ ਨਹੀਂ? ਇਹ ਉਹ ਸਮੱਸਿਆ ਹੈ ਜਿਸ ਬਾਰੇ ਤੁਹਾਨੂੰ ਸਾਫ਼-ਸਾਫ਼ ਸਮਝਾਉਣਾ ਜ਼ਰੂਰੀ ਹੈl

ਮਨੁੱਖਜਾਤੀ ਦੀ ਹੋਂਦ ਦਾ ਅਧਾਰ ਪ੍ਰਾਣ ਦਾ ਬਾਰ-ਬਾਰ ਦੇਹਧਾਰੀ ਹੋਣਾ ਹੈl ਦੂਜੇ ਸ਼ਬਦਾਂ ਵਿੱਚ, ਹਰੇਕ ਵਿਅਕਤੀ ਸਰੀਰ ਵਿੱਚ ਮਨੁੱਖੀ ਜੀਵਨ ਉਦੋਂ ਪ੍ਰਾਪਤ ਕਰਦਾ ਹੈ ਜਦੋਂ ਉਨ੍ਹਾਂ ਦਾ ਪ੍ਰਾਣ ਦੇਹਧਾਰਨ ਕਰਦਾ ਹੈl ਕਿਸੇ ਵਿਅਕਤੀ ਦੇ ਸਰੀਰ ਦੇ ਪੈਦਾ ਹੋਣ ਤੋਂ ਬਾਅਦ, ਉਸ ਦਾ ਜੀਵਨ ਉਦੋਂ ਤਕ ਜਾਰੀ ਰਹਿੰਦਾ ਹੈ ਜਦੋਂ ਤਕ ਸਰੀਰ ਆਖਰਕਾਰ ਆਪਣੀਆਂ ਸੀਮਾਵਾਂ ਤਕ ਨਹੀਂ ਪਹੁੰਚ ਜਾਂਦਾ, ਅਰਥਾਤ ਉਹ ਆਖਰੀ ਪਲ ਜਦੋਂ ਪ੍ਰਾਣ ਆਪਣੇ ਖੋਲ ਨੂੰ ਛੱਡ ਕੇ ਚਲਾ ਜਾਂਦਾ ਹੈl ਇਹ ਪ੍ਰਕਿਰਿਆ ਵਿਅਕਤੀ ਦੇ ਪ੍ਰਾਣ ਦੇ ਸਮਾਂ-ਦਰ ਸਮਾਂ ਆਉਂਦਿਆਂ-ਜਾਂਦਿਆਂ ਬਾਰ-ਬਾਰ ਦੁਹਰਾਈ ਜਾਂਦੀ ਹੈ, ਅਤੇ ਇਸ ਤਰ੍ਹਾਂ ਮਨੁੱਖਜਾਤੀ ਦੀ ਹੋਂਦ ਨੂੰ ਕਾਇਮ ਰੱਖਿਆ ਜਾਂਦਾ ਹੈl ਸਰੀਰ ਦਾ ਜੀਵਨ ਹੀ ਮਨੁੱਖ ਦੇ ਪ੍ਰਾਣ ਦਾ ਵੀ ਜੀਵਨ ਹੈ, ਅਤੇ ਮਨੁੱਖ ਦਾ ਪ੍ਰਾਣ ਮਨੁੱਖ ਦੇ ਸਰੀਰ ਦੀ ਹੋਂਦ ਨੂੰ ਸਹਾਰਾ ਦਿੰਦਾ ਹੈl ਕਹਿਣ ਦਾ ਭਾਵ ਹੈ, ਹਰੇਕ ਵਿਅਕਤੀ ਦਾ ਜੀਵਨ ਉਨ੍ਹਾਂ ਦੇ ਪ੍ਰਾਣ ਤੋਂ ਆਉਂਦਾ ਹੈ, ਅਤੇ ਜੀਵਨ ਸਰੀਰ ਦੇ ਨਾਲ ਜਨਮਜਾਤ ਨਹੀਂ ਹੈl ਇਸੇ ਤਰ੍ਹਾਂ, ਮਨੁੱਖ ਦਾ ਸੁਭਾਅ ਪ੍ਰਾਣ ਤੋਂ ਆਉਂਦਾ ਹੈ, ਸਰੀਰ ਤੋਂ ਨਹੀਂl ਕੇਵਲ ਹਰੇਕ ਵਿਅਕਤੀ ਦਾ ਪ੍ਰਾਣ ਨੂੰ ਹੀ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਸ਼ਤਾਨ ਦੇ ਪ੍ਰ੍ਲੋਭਨਾਂ, ਕਸ਼ਟਾਂ ਅਤੇ ਭ੍ਰਿਸ਼ਟਤਾ ਦਾ ਅਨੁਭਵ ਕਿਵੇਂ ਕੀਤਾ ਹੈl ਮਨੁੱਖ ਦਾ ਸਰੀਰ ਇਨ੍ਹਾਂ ਗੱਲਾਂ ਤੋਂ ਅਣਜਾਣ ਹੁੰਦਾ ਹੈl ਇਸ ਲਈ, ਮਨੁੱਖਜਾਤੀ ਸੁਭਾਵਕ ਹੀ ਹੋਰ ਜ਼ਿਆਦਾ ਅਨ੍ਹੇਰੀ, ਹੋਰ ਜ਼ਿਆਦਾ ਮਲੀਨ, ਅਤੇ ਹੋਰ ਵੀ ਜ਼ਿਆਦਾ ਬੁਰੀ ਬਣ ਜਾਂਦੀ ਹੈ, ਜਦ ਕਿ ਮੇਰੇ ਅਤੇ ਮਨੁੱਖ ਵਿਚਲੀ ਦੂਰੀ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ, ਅਤੇ ਮਨੁੱਖਜਾਤੀ ਲਈ ਜੀਵਨ ਸਭ ਤੋਂ ਜ਼ਿਆਦਾ ਅਨ੍ਹੇਰਾ ਬਣ ਜਾਂਦਾ ਹੈl ਸ਼ਤਾਨ ਮਨੁੱਖਜਾਤੀ ਦੇ ਪ੍ਰਾਣਾਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ, ਇਸ ਲਈ, ਯਕੀਨਨ ਮਨੁੱਖ ਦੇ ਸਰੀਰ ਉੱਤੇ ਵੀ ਸ਼ਤਾਨ ਨੇ ਕਬਜ਼ਾ ਕੀਤਾ ਹੋਇਆ ਹੈl ਇਸ ਤਰ੍ਹਾਂ ਦਾ ਸਰੀਰ ਅਤੇ ਇਸ ਤਰ੍ਹਾਂ ਦੀ ਮਨੁੱਖਜਾਤੀ ਪਰਮੇਸ਼ੁਰ ਦਾ ਵਿਰੋਧ ਕਿਵੇਂ ਨਹੀਂ ਕਰ ਸਕਦੀ ਸੀ? ਉਹ ਸੁਭਾਵਕ ਹੀ ਉਸ ਦੇ ਅਨੁਕੂਲ ਕਿਵੇਂ ਹੋ ਸਕਦੇ ਸਨ? ਮੈਂ ਸ਼ਤਾਨ ਨੂੰ ਅਸਮਾਨ ਦੇ ਵਿਚਕਾਰ ਹੇਠਾਂ ਇਸ ਕਰਕੇ ਸੁੱਟਦਾ ਹਾਂ ਕਿਉਂਕਿ ਇਸ ਨੇ ਮੇਰੇ ਨਾਲ ਧੋਖਾ ਕੀਤਾ ਹੈl ਤਾਂ ਫਿਰ ਮਨੁੱਖ ਆਪਣੀ ਸ਼ਮੂਲੀਅਤ ਤੋਂ ਮੁਕਤ ਕਿਵੇਂ ਹੋ ਸਕਦੇ ਸਨ? ਇਸੇ ਕਰਕੇ ਧੋਖਾ ਮਨੁੱਖ ਦਾ ਸੁਭਾਅ ਹੈl ਮੈਂ ਭਰੋਸਾ ਕਰਦਾ ਹਾਂ ਕਿ ਜਦੋਂ ਇੱਕ ਵਾਰ ਤੁਸੀਂ ਇਸ ਤਰਕ ਨੂੰ ਸਮਝ ਜਾਂਦੇ ਹੋ, ਤਾਂ ਤੁਹਾਨੂੰ ਮਸੀਹ ਦੇ ਤੱਤ ਵਿੱਚ ਵੀ ਵਿਸ਼ਵਾਸ ਰੱਖਣਾ ਚਾਹੀਦਾ ਹੈl ਪਰਮੇਸ਼ੁਰ ਦੇ ਆਤਮਾ ਦੁਆਰਾ ਪਹਿਨਿਆ ਜਾਣ ਵਾਲਾ ਸਰੀਰ ਪਰਮੇਸ਼ੁਰ ਦਾ ਆਪਣਾ ਸਰੀਰ ਹੈl ਪਰਮੇਸ਼ੁਰ ਦਾ ਆਤਮਾ ਸ੍ਰੇਸ਼ਠ ਹੈ; ਉਹ ਸਰਬਸ਼ਕਤੀਮਾਨ, ਪਵਿੱਤਰ ਅਤੇ ਧਰਮੀ ਹੈl ਇਸੇ ਤਰ੍ਹਾਂ, ਉਸ ਦਾ ਸਰੀਰ ਵੀ ਸ੍ਰੇਸ਼ਠ, ਸਰਬਸ਼ਕਤੀਮਾਨ, ਪਵਿੱਤਰ ਅਤੇ ਧਰਮੀ ਹੈl ਇਸ ਤਰ੍ਹਾਂ ਦਾ ਸਰੀਰ ਕੇਵਲ ਉਹੀ ਕਰ ਸਕਦਾ ਹੈ ਜੋ ਧਰਮੀ ਅਤੇ ਮਨੁੱਖਜਾਤੀ ਦੇ ਲਈ ਲਾਭਦਾਇਕ ਹੈ, ਉਹ ਜੋ ਪਵਿੱਤਰ, ਮਹਿਮਾਮਈ ਅਤੇ ਬਲਵੰਤ ਹੈ; ਉਹ ਅਜਿਹਾ ਕੁਝ ਵੀ ਕਰਨ ਵਿੱਚ ਅਸਮਰਥ ਹੈ ਜੋ ਸੱਚਾਈ ਦਾ ਉਲੰਘਣ ਕਰਦਾ ਹੋਵੇ, ਜੋ ਨੈਤਿਕਤਾ ਅਤੇ ਨਿਆਂ ਦਾ ਉਲੰਘਣ ਕਰਦਾ ਹੋਵੇ, ਅਤੇ ਉਹ ਅਜਿਹਾ ਕੁਝ ਕਰਨ ਦੇ ਤਾਂ ਬਿਲਕੁਲ ਵੀ ਸਮਰੱਥ ਨਹੀਂ ਹੈ ਜੋ ਪਰਮੇਸ਼ੁਰ ਦੇ ਆਤਮਾ ਨਾਲ ਧੋਖਾ ਕਰੇl ਪਰਮੇਸ਼ੁਰ ਦਾ ਆਤਮਾ ਪਵਿੱਤਰ ਹੈ, ਅਤੇ ਇਸ ਤਰ੍ਹਾਂ ਉਸ ਦਾ ਸਰੀਰ ਸ਼ਤਾਨ ਦੁਆਰਾ ਭ੍ਰਿਸ਼ਟ ਨਹੀਂ ਕੀਤਾ ਜਾ ਸਕਦਾ; ਉਸ ਦਾ ਸਰੀਰ ਮਨੁੱਖ ਦੇ ਸਰੀਰ ਤੋਂ ਅਲੱਗ ਇੱਕ ਵੱਖਰੇ ਤੱਤ ਦਾ ਬਣਿਆ ਹੈl ਕਿਉਂਕਿ ਸ਼ਤਾਨ ਦੁਆਰਾ ਮਨੁੱਖ ਨੂੰ ਭ੍ਰਿਸ਼ਟ ਕੀਤਾ ਜਾਂਦਾ ਹੈ, ਪਰਮੇਸ਼ੁਰ ਨੂੰ ਨਹੀਂ; ਸ਼ਤਾਨ ਲਈ ਪਰਮੇਸ਼ੁਰ ਦੇ ਸਰੀਰ ਨੂੰ ਭ੍ਰਿਸ਼ਟ ਕਰਨਾ ਸੰਭਵ ਹੀ ਨਹੀਂ ਹੈl ਇਸ ਤਰ੍ਹਾਂ, ਇਸ ਤੱਥ ਦੇ ਬਾਵਜੂਦ ਕਿ ਮਨੁੱਖ ਅਤੇ ਮਸੀਹ ਇੱਕੋ ਦਾਇਰੇ ਵਿੱਚ ਰਹਿੰਦੇ ਹਨ, ਸ਼ਤਾਨ ਦੁਆਰਾ ਕੇਵਲ ਮਨੁੱਖ ਨੂੰ ਹੀ ਜਕੜਿਆ, ਵਰਤਿਆ ਅਤੇ ਜਾਲ ਵਿੱਚ ਫਸਾਇਆ ਜਾਂਦਾ ਹੈl ਇਸ ਦੇ ਉਲਟ, ਮਸੀਹ ਸਦਾ ਲਈ ਸ਼ਤਾਨ ਦੀ ਭ੍ਰਿਸ਼ਟਤਾ ਤੋਂ ਅਪ੍ਰਭਾਵਿਤ ਹੈ, ਕਿਉਂਕਿ ਸ਼ਤਾਨ ਕਦੇ ਵੀ ਸਭ ਤੋਂ ਉੱਚੇ ਸਥਾਨ ਤਕ ਚੜ੍ਹਨ ਦੇ ਯੋਗ ਨਹੀਂ ਹੋਵੇਗਾ, ਅਤੇ ਕਦੇ ਵੀ ਪਰਮੇਸ਼ੁਰ ਦੇ ਨੇੜੇ ਆਉਣ ਦੇ ਯੋਗ ਨਹੀਂ ਹੋਵੇਗਾl ਅੱਜ, ਤੁਹਾਨੂੰ ਸਭ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਵਲ ਮਨੁੱਖਜਾਤੀ ਹੀ ਹੈ ਜੋ ਸ਼ਤਾਨ ਦੁਆਰਾ ਜਿਸ ਤਰ੍ਹਾਂ ਭ੍ਰਿਸ਼ਟ ਕੀਤੀ ਗਈ ਹੈ, ਮੇਰੇ ਨਾਲ ਧੋਖਾ ਕਰਦੀ ਹੈl ਧੋਖਾ ਕਦੇ ਵੀ ਉਹ ਮਸਲਾ ਨਹੀਂ ਬਣੇਗਾ ਜਿਸ ਵਿੱਚ ਮਸੀਹ ਜ਼ਰਾ ਜਿੰਨਾ ਵੀ ਸ਼ਾਮਲ ਹੋਵੇl

ਸਭ ਪ੍ਰਾਣੀ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਅਤੇ ਉਸ ਦੇ ਅਧਿਕਾਰ ਹੇਠ ਗੁਲਾਮੀ ਵਿੱਚ ਰੱਖੇ ਜਾਂਦੇ ਹਨl ਕੇਵਲ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਹੀ ਅਲੱਗ ਕੀਤੇ ਗਏ ਹਨ, ਸ਼ਤਾਨ ਦੇ ਡੇਹਰੇ ਵਿੱਚੋਂ ਬਚਾਏ ਗਏ ਹਨ, ਅਤੇ ਅੱਜ ਦੇ ਰਾਜ ਵਿੱਚ ਲਿਆਂਦੇ ਗਏ ਹਨl ਇਹ ਲੋਕ ਹੁਣ ਸ਼ਤਾਨ ਦੇ ਪ੍ਰਭਾਵ ਹੇਠ ਨਹੀਂ ਜੀਉਂਦੇl ਪਰ ਤਾਂ ਵੀ, ਮਨੁੱਖ ਦੇ ਸੁਭਾਅ ਦੀ ਜੜ੍ਹ ਹਾਲੇ ਵੀ ਮਨੁੱਖ ਦੇ ਸਰੀਰ ਵਿੱਚ ਹੀ ਹੈ, ਜਿਸ ਦਾ ਅਰਥ ਹੈ ਕਿ ਤੁਹਾਡੇ ਪ੍ਰਾਣ ਭਾਵੇਂ ਹੀ ਬਚਾਏ ਗਏ ਹਨ, ਤੁਹਾਡਾ ਸੁਭਾਅ ਹਾਲੇ ਵੀ ਪਹਿਲਾਂ ਵਰਗਾ ਹੀ ਹੈ, ਅਤੇ ਇਸ ਗੱਲ ਦੀ ਸੰਭਾਵਨਾ ਸੌ ਪ੍ਰਤੀਸ਼ਤ ਬਣੀ ਰਹਿੰਦੀ ਹੈ ਕਿ ਤੁਸੀਂ ਮੇਰੇ ਨਾਲ ਧੋਖਾ ਜ਼ਰੂਰ ਕਰੋਗੇl ਇਸੇ ਕਾਰਣ ਮੇਰਾ ਕੰਮ ਇੰਨੀ ਦੇਰ ਤਕ ਕਾਇਮ ਰਹਿੰਦਾ ਹੈ, ਕਿਉਂਕਿ ਤੁਹਾਡਾ ਸੁਭਾਅ ਅੜੀਅਲ ਹੈl ਹੁਣ, ਤੁਸੀਂ ਸਭ ਆਪਣੇ ਫਰਜ਼ਾਂ ਨੂੰ ਪੂਰਾ ਕਰਦੇ ਹੋਏ ਆਪਣੀ ਪੂਰੀ ਸਮਰੱਥਾ ਨਾਲ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਵੀ ਤੁਹਾਡੇ ਵਿੱਚੋਂ ਹਰੇਕ ਮੈਨੂੰ ਧੋਖਾ ਦੇਣ ਅਤੇ ਸ਼ਤਾਨ ਦੇ ਵਸ ਵਿੱਚ, ਉਸ ਦੇ ਡੇਹਰੇ ਵਿੱਚ ਵਾਪਸ ਮੁੜਨ ਅਤੇ ਵਾਪਸ ਆਪਣੇ ਪੁਰਾਣੇ ਜੀਵਨਾਂ ਵੱਲ ਮੁੜ ਜਾਣ ਦੇ ਸਮਰੱਥ ਹੈ—ਇਹ ਇੱਕ ਅਟੱਲ ਤੱਥ ਹੈl ਉਸ ਸਮੇਂ, ਤੁਹਾਡੇ ਲਈ ਹੁਣ ਵਾਂਗ ਰੱਤੀ ਭਰ ਵੀ ਮਨੁੱਖਤਾ ਜਾਂ ਮਨੁੱਖੀ ਸਮਾਨਤਾ ਵਿਖਾਉਣਾ ਸੰਭਵ ਨਹੀਂ ਹੋਵੇਗਾl ਗੰਭੀਰ ਮਾਮਲਿਆਂ ਵਿੱਚ, ਤੁਸੀਂ ਨਾਸ ਕੀਤੇ ਜਾਓਗੇ ਅਤੇ ਇਸ ਤੋਂ ਵੀ ਵਧ ਕੇ, ਸਦਾ ਲਈ ਨਾਸ ਹੋ ਜਾਓਗੇ, ਸਖ਼ਤ ਸਜ਼ਾ ਪਾਓਗੇ, ਤਾਂ ਕਿ ਕਦੇ ਦੁਬਾਰਾ ਦੇਹਧਾਰਨ ਨਾ ਕਰ ਸਕੋl ਇਹੋ ਸਮੱਸਿਆ ਹੈ ਜੋ ਤੁਹਾਡੇ ਸਾਹਮਣੇ ਰੱਖੀ ਹੋਈ ਹੈl ਮੈਂ ਸਭ ਤੋਂ ਪਹਿਲਾਂ, ਤੁਹਾਨੂੰ ਇਹ ਇਸ ਤਰੀਕੇ ਨਾਲ ਇਸ ਲਈ ਯਾਦ ਦਿਵਾ ਰਿਹਾ ਹਾਂ, ਤਾਂ ਕਿ ਮੇਰਾ ਕੰਮ ਵਿਅਰਥ ਨਾ ਜਾਵੇ, ਅਤੇ ਦੂਸਰਾ, ਤਾਂ ਕਿ ਤੁਸੀਂ ਸਭ ਚਾਨਣ ਦੇ ਦਿਨਾਂ ਵਿੱਚ ਜੀਵੋl ਸੱਚਾਈ ਇਹ ਹੈ ਕਿ ਮੇਰਾ ਕੰਮ ਵਿਅਰਥ ਜਾਂਦਾ ਹੈ ਜਾਂ ਨਹੀਂ, ਇਹ ਓਨੀ ਗੰਭੀਰ ਸਮੱਸਿਆ ਨਹੀਂ ਹੈl ਜੋ ਗੰਭੀਰ ਹੈ ਉਹ ਇਹ ਕਿ ਤੁਸੀਂ ਖੁਸ਼ੀ ਭਰੇ ਜੀਵਨ ਅਤੇ ਇੱਕ ਅਦਭੁਤ ਭਵਿੱਖ ਪ੍ਰਾਪਤ ਕਰਨ ਦੇ ਯੋਗ ਹੋਵੋl ਮੇਰਾ ਕੰਮ ਲੋਕਾਂ ਦੇ ਪ੍ਰਾਣਾਂ ਨੂੰ ਬਚਾਉਣ ਦਾ ਕੰਮ ਹੈl ਜੇ ਤੇਰਾ ਪ੍ਰਾਣ ਸ਼ਤਾਨ ਦੇ ਹੱਥਾਂ ਵਿੱਚ ਪੈ ਜਾਂਦਾ ਹੈ, ਤਾਂ ਤੇਰਾ ਸਰੀਰ ਸ਼ਾਂਤੀ ਵਿੱਚ ਨਹੀਂ ਜੀਵੇਗਾl ਜੇ ਮੈਂ ਤੇਰੇ ਸਰੀਰ ਦੀ ਰਾਖੀ ਕਰ ਰਿਹਾ ਹਾਂ, ਤਾਂ ਤੇਰਾ ਪ੍ਰਾਣ ਵੀ ਯਕੀਨਨ ਮੇਰੀ ਦੇਖਭਾਲ ਹੇਠ ਹੋਵੇਗਾl ਜੇ ਮੈਂ ਸੱਚਮੁੱਚ ਤੇਰੇ ਨਾਲ ਘਿਰਣਾ ਕਰਦਾ ਹਾਂ, ਤਾਂ ਤੇਰਾ ਸਰੀਰ ਅਤੇ ਪ੍ਰਾਣ ਤੁਰੰਤ ਸ਼ਤਾਨ ਦੇ ਹੱਥਾਂ ਵਿੱਚ ਚਲਾ ਜਾਵੇਗਾl ਕੀ ਤੂੰ ਉਸ ਸਮੇਂ ਦੀ ਆਪਣੀ ਦਸ਼ਾ ਦੀ ਕਲਪਨਾ ਕਰ ਸਕਦਾ ਹੈਂ? ਜੇ, ਇੱਕ ਦਿਨ ਮੇਰੇ ਵਚਨ ਤੁਹਾਡੇ ਤੋਂ ਹਟ ਜਾਂਦੇ ਹਨ, ਤਦ ਜਾਂ ਤਾਂ ਮੈਂ ਤੁਹਾਨੂੰ ਸਮੁੱਚੇ ਤੌਰ ਤੇ ਸ਼ਤਾਨ ਦੇ ਸਪੁਰਦ ਕਰ ਦਿਆਂਗਾ ਜੋ ਤੁਹਾਨੂੰ ਉਦੋਂ ਤਕ ਦਰਦਨਾਕ ਤਸੀਹੇ ਦਿੰਦਾ ਰਹੇਗਾ ਜਦੋਂ ਤਕ ਮੇਰਾ ਕ੍ਰੋਧ ਪੂਰੀ ਤਰ੍ਹਾਂ ਦੂਰ ਨਹੀਂ ਹੋ ਜਾਂਦਾ, ਜਾਂ ਮੈਂ ਨਿੱਜੀ ਤੌਰ ਤੇ ਤੁਹਾਨੂੰ, ਨਾ-ਛੁਟਕਾਰਾ ਦਿੱਤੇ ਜਾਣ ਯੋਗ ਮਨੁੱਖਾਂ ਨੂੰ ਸਜ਼ਾ ਦੇਵਾਂਗਾ, ਕਿਉਂਕਿ ਮੇਰੇ ਨਾਲ ਧੋਖਾ ਕਰਨ ਵਾਲੇ ਤੁਹਾਡੇ ਦਿਲ ਕਦੇ ਵੀ ਬਦਲੇ ਨਹੀਂ ਹੋਣਗੇl

ਹੁਣ ਤੁਹਾਨੂੰ ਸਾਰਿਆਂ ਨੂੰ ਜਿੰਨਾ ਛੇਤੀ ਹੋ ਸਕੇ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਚਾਹੀਦਾ ਹੈ ਕਿ ਤੁਹਾਡੇ ਅੰਦਰ ਮੇਰੇ ਪ੍ਰਤੀ ਕਿੰਨਾ ਧੋਖਾ ਬਾਕੀ ਹੈl ਮੈਂ ਬੇਸਬਰੀ ਨਾਲ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ ਹਾਂl ਮੇਰੇ ਨਾਲ ਪੇਸ਼ ਆਉਣ ਵਿੱਚ ਲਾਪਰਵਾਹ ਨਾ ਬਣੋl ਮੈਂ ਕਦੇ ਵੀ ਲੋਕਾਂ ਨਾਲ ਖੇਡਾਂ ਨਹੀਂ ਖੇਡਦਾl ਜੇ ਮੈਂ ਕਹਿੰਦਾ ਹਾਂ ਕਿ ਮੈਂ ਕੁਝ ਕਰਾਂਗਾ ਤਾਂ ਮੈਂ ਉਹ ਜ਼ਰੂਰ ਕਰਾਂਗਾl ਮੈਂ ਆਸ ਕਰਦਾ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਮੇਰੇ ਵਚਨਾਂ ਨੂੰ ਗੰਭੀਰਤਾ ਨਾਲ ਲੈਣ ਵਾਲਾ ਵਿਅਕਤੀ ਬਣੇਗਾ, ਅਤੇ ਉਨ੍ਹਾਂ ਨੂੰ ਕਾਲਪਨਿਕ ਚੀਜ਼ ਨਹੀਂ ਸਮਝੇਗਾl ਮੈਂ ਤੁਹਾਡੀਆਂ ਕਲਪਨਾਵਾਂ ਨਹੀਂ, ਤੁਹਾਡੇ ਤੋਂ ਠੋਸ ਕਦਮ ਚਾਹੁੰਦਾ ਹਾਂl ਇਸ ਤੋਂ ਬਾਅਦ, ਤੁਹਾਨੂੰ ਮੇਰੇ ਸਵਾਲਾਂ ਦਾ ਜਵਾਬ ਦੇਣਾ ਲਾਜ਼ਮੀ ਹੈ ਜੋ ਕਿ ਇਸ ਪ੍ਰਕਾਰ ਹਨ: 1. ਜੇ ਤੂੰ ਸੱਚਮੁੱਚ ਸੇਵਾ ਕਰਨ ਵਾਲਾ ਹੈਂ, ਤਾਂ ਕੀ ਤੂੰ ਬਿਨਾਂ ਜ਼ਰਾ ਵੀ ਢਿੱਲੇਪਣ ਅਤੇ ਨਾਕਰਾਤਾਮਕਤਾ ਦੇ ਵਫ਼ਾਦਾਰੀ ਨਾਲ ਮੇਰੀ ਸੇਵਾ ਕਰ ਸਕਦਾ ਹੈਂ? 2. ਜੇ ਤੈਨੂੰ ਪਤਾ ਲੱਗਦਾ ਹੈ ਕਿ ਮੈਂ ਕਦੇ ਤੇਰੀ ਪ੍ਰਸ਼ੰਸਾ ਨਹੀਂ ਕੀਤੀ ਹੈ, ਤਾਂ ਕੀ ਤੂੰ ਫਿਰ ਵੀ ਰੁਕੇਂਗਾ ਅਤੇ ਜੀਵਨ ਭਰ ਮੇਰੀ ਸੇਵਾ ਕਰ ਪਾਏਂਗਾ? 3. ਜੇ ਤੇਰੇ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਫਿਰ ਵੀ ਤੇਰੇ ਪ੍ਰਤੀ ਬਹੁਤ ਉਦਾਸੀਨ ਰਹਿੰਦਾ ਹਾਂ, ਤਾਂ ਕੀ ਤੂੰ ਫਿਰ ਵੀ ਗੁਮਨਾਮੀ ਵਿੱਚ ਮੇਰੀ ਸੇਵਾ ਕਰਦੇ ਰਹਿਣ ਦੇ ਸਮਰੱਥ ਹੋਵੇਂਗਾ? 4. ਜੇ, ਤੇਰੇ ਦੁਆਰਾ ਮੇਰੇ ਲਈ ਖਰਚੇ ਕਰਨ ਤੋਂ ਬਾਅਦ, ਮੈਂ ਤੇਰੀਆਂ ਨਿਗੂਣੀਆਂ ਮੰਗਾਂ ਨੂੰ ਪੂਰਾ ਨਹੀਂ ਕਰਦਾ, ਤਾਂ ਕੀ ਤੂੰ ਮੇਰੇ ਤੋਂ ਉਦਾਸ ਅਤੇ ਨਿਰਾਸ਼ ਹੋ ਜਾਵੇਂਗਾ, ਜਾਂ ਬਹੁਤ ਕ੍ਰੋਧ ਵਿੱਚ ਆ ਕੇ ਮੰਦਾ ਬੋਲੇਂਗਾ? 5. ਜੇ ਤੂੰ ਮੇਰੇ ਪ੍ਰਤੀ ਬਹੁਤ ਪਿਆਰ ਰੱਖਦਾ ਹੋਇਆ ਹਮੇਸ਼ਾ ਤੋਂ ਬਹੁਤ ਵਫ਼ਾਦਾਰ ਰਿਹਾ ਹੈਂ, ਪਰ ਫਿਰ ਵੀ ਤੈਨੂੰ ਬਿਮਾਰੀ, ਗਰੀਬੀ, ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਤਿਆਗੇ ਜਾਣ ਦੇ ਕਸ਼ਟ ਨੂੰ ਸਹਿਣਾ ਪੈਂਦਾ ਹੈ, ਜਾਂ ਜੇ ਤੈਨੂੰ ਜੀਵਨ ਵਿੱਚ ਹੋਰ ਮੰਦਭਾਗੀਆਂ ਚੀਜ਼ਾਂ ਸਹਿਣੀਆਂ ਪੈਂਦੀਆਂ ਹਨ, ਤਾਂ ਕੀ ਮੇਰੇ ਪ੍ਰਤੀ ਤੇਰੀ ਵਫ਼ਾਦਾਰੀ ਅਤੇ ਪਿਆਰ ਫਿਰ ਵੀ ਜਾਰੀ ਰਹੇਗਾ? 6. ਜੋ ਤੂੰ ਆਪਣੇ ਦਿਲ ਵਿੱਚ ਸੋਚਿਆ ਹੈ, ਜੇ ਉਸ ਵਿੱਚੋਂ ਕੁਝ ਵੀ ਉਸ ਨਾਲ ਮੇਲ ਨਹੀਂ ਖਾਂਦਾ ਜੋ ਮੈਂ ਕੀਤਾ ਹੈ, ਤਾਂ ਤੂੰ ਆਪਣੇ ਭਵਿੱਖ ਦੇ ਰਾਹ ਉੱਤੇ ਕਿਵੇਂ ਤੁਰੇਂਗਾ? 7. ਜੇ ਤੈਨੂੰ ਉਨ੍ਹਾਂ ਚੀਜ਼ਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਮਿਲਦੀ ਜਿਨ੍ਹਾਂ ਦੇ ਪਾਉਣ ਦੀ ਤੂੰ ਆਸ ਕੀਤੀ ਸੀ, ਤਾਂ ਕੀ ਤੂੰ ਫਿਰ ਵੀ ਮੇਰਾ ਅਨੁਯਾਈ ਬਣਿਆ ਰਹਿ ਸਕਦਾ ਹੈਂ? 8. ਜੇ ਤੂੰ ਕਦੇ ਵੀ ਮੇਰੇ ਕੰਮ ਦੇ ਉਦੇਸ਼ ਅਤੇ ਮਹੱਤਵ ਨੂੰ ਨਹੀਂ ਸਮਝਿਆ ਹੈ, ਤਾਂ ਕੀ ਤੂੰ ਇੱਕ ਅਜਿਹਾ ਆਗਿਆਕਾਰੀ ਵਿਅਕਤੀ ਬਣ ਸਕਦਾ ਹੈਂ ਜਿਹੜਾ ਮਨਮਰਜ਼ੀ ਨਾਲ ਨਿਰਣੈ ਨਹੀਂ ਲੈਂਦਾ ਅਤੇ ਸਿੱਟਿਆਂ ’ਤੇ ਨਹੀਂ ਪਹੁੰਚਦਾ? 9. ਜਿਸ ਸਮੇਂ ਮੈਂ ਮਨੁੱਖਜਾਤੀ ਦੇ ਨਾਲ ਰਹਿ ਰਿਹਾ ਹਾਂ, ਤਾਂ ਕੀ ਤੂੰ ਮੇਰੇ ਦੁਆਰਾ ਬੋਲੇ ਗਏ ਸਾਰੇ ਵਚਨਾਂ ਨੂੰ ਅਤੇ ਮੇਰੇ ਦੁਆਰਾ ਕੀਤੇ ਗਏ ਸਾਰੇ ਕੰਮ ਨੂੰ ਸੰਜੋਅ ਕੇ ਰੱਖ ਸਕਦਾ ਹੈਂ? 10. ਕੀ ਤੂੰ ਮੇਰਾ ਵਫ਼ਾਦਾਰ ਅਨੁਯਾਈ ਬਣਨ ਦੇ ਯੋਗ ਹੈਂ ਜੋ ਮੇਰੇ ਲਈ ਸਾਰੀ ਜ਼ਿੰਦਗੀ ਕਸ਼ਟ ਝੱਲਣ ਲਈ ਤਿਆਰ ਹੈ, ਭਾਵੇਂ ਤੈਨੂੰ ਕੁਝ ਵੀ ਨਹੀਂ ਮਿਲਦਾ? 11. ਮੇਰੀ ਖਾਤਰ, ਕੀ ਤੂੰ ਸੋਚ-ਵਿਚਾਰ ਕਰਨ, ਯੋਜਨਾਵਾਂ ਬਣਾਉਣ ਜਾਂ ਭਵਿੱਖ ਦੇ ਆਪਣੇ ਬਚਣ ਦੇ ਰਾਹ ਲਈ ਤਿਆਰੀ ਕਰਨ ਨੂੰ ਛੱਡਣ ਲਈ ਤਿਆਰ ਹੈਂ? ਇਹ ਸਵਾਲ ਤੁਹਾਡੇ ਤੋਂ ਮੇਰੀਆਂ ਅੰਤਮ ਮੰਗਾਂ ਨੂੰ ਦਰਸਾਉਂਦੇ ਹਨ, ਅਤੇ ਮੈਨੂੰ ਆਸ ਹੈ ਕਿ ਤੁਸੀਂ ਸਭ ਮੈਨੂੰ ਉੱਤਰ ਦੇ ਸਕਦੇ ਹੋl ਜੇ ਤੂੰ ਇਨ੍ਹਾਂ ਸਵਾਲਾਂ ਵਿੱਚ ਤੇਰੇ ਤੋਂ ਪੁੱਛੀਆਂ ਗਈਆਂ ਇੱਕ ਜਾਂ ਦੋ ਗੱਲਾਂ ਨੂੰ ਪੂਰਾ ਕੀਤਾ ਹੈ, ਤਾਂ ਤੈਨੂੰ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਲਾਜ਼ਮੀ ਹੈl ਜੇ ਤੂੰ ਇਨ੍ਹਾਂ ਮੰਗਾਂ ਵਿੱਚੋਂ ਕਿਸੇ ਇੱਕ ਨੂੰ ਵੀ ਪੂਰਾ ਨਹੀਂ ਕਰ ਸਕਦਾ, ਤਾਂ ਤੂੰ ਯਕੀਨਨ ਉਸ ਪ੍ਰਕਾਰ ਦਾ ਵਿਅਕਤੀ ਹੈਂ ਜਿਹੜਾ ਨਰਕ ਵਿੱਚ ਸੁੱਟਿਆ ਜਾਵੇਗਾl ਇਸ ਤਰ੍ਹਾਂ ਦੇ ਲੋਕਾਂ ਨੂੰ ਮੈਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਸੱਚਮੁੱਚ ਅਜਿਹੇ ਲੋਕ ਨਹੀਂ ਹਨ ਜਿਹੜੇ ਮੇਰੇ ਨਾਲ ਇੱਕ ਮਨ ਹੋ ਸਕਦੇ ਹਨl ਮੈਂ ਕਿਸੇ ਅਜਿਹੇ ਵਿਅਕਤੀ ਨੂੰ ਆਪਣੇ ਘਰ ਵਿੱਚ ਕਿਵੇਂ ਰੱਖ ਸਕਦਾ ਹਾਂ ਜਿਹੜਾ ਕਿਸੇ ਵੀ ਪਰਿਸਥਿਤੀ ਵਿੱਚ ਮੇਰੇ ਨਾਲ ਧੋਖਾ ਕਰ ਸਕਦਾ ਹੈ? ਜਿੱਥੋਂ ਤਕ ਉਨ੍ਹਾਂ ਦੀ ਗੱਲ ਹੈ ਜਿਹੜੇ ਹਾਲੇ ਵੀ ਬਹੁਤੀਆਂ ਪਰਿਸਥਿਤੀਆਂ ਵਿੱਚ ਮੇਰੇ ਨਾਲ ਧੋਖਾ ਕਰ ਸਕਦੇ ਹਨ, ਮੈਂ ਦੂਜੇ ਪ੍ਰਬੰਧ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਦਰਸ਼ਨ ਉੱਤੇ ਗੌਰ ਕਰਾਂਗਾl ਫਿਰ ਵੀ, ਉਹ ਸਭ ਜਿਹੜੇ ਭਾਵੇਂ ਕਿਹੋ ਜਿਹੀਆਂ ਵੀ ਪਰਿਸਥਿਤੀਆਂ ਵਿੱਚ ਮੇਰੇ ਨਾਲ ਧੋਖਾ ਕਰਨ ਦੇ ਸਮਰੱਥ ਹਨ, ਉਨ੍ਹਾਂ ਨੂੰ ਮੈਂ ਕਦੇ ਨਹੀਂ ਭੁੱਲਾਂਗਾ; ਮੈਂ ਆਪਣੇ ਦਿਲ ਵਿੱਚ ਉਨ੍ਹਾਂ ਨੂੰ ਯਾਦ ਰੱਖਾਂਗਾ, ਅਤੇ ਉਨ੍ਹਾਂ ਦੇ ਬੁਰੇ ਕੰਮਾਂ ਦਾ ਬਦਲਾ ਚੁਕਾਉਣ ਦੇ ਮੌਕੇ ਦੀ ਉਡੀਕ ਕਰਾਂਗਾl ਜਿਹੜੀਆਂ ਮੰਗਾਂ ਮੈਂ ਉਠਾਈਆਂ ਹਨ ਉਹ, ਉਹ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਦੀ ਤੁਹਾਨੂੰ ਆਪਣੇ ਅੰਦਰ ਜਾਂਚ ਕਰਨਾ ਜ਼ਰੂਰੀ ਹੈl ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਉਨ੍ਹਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਸਕਦੇ ਹੋ, ਅਤੇ ਮੇਰੇ ਨਾਲ ਲਾਪਰਵਾਹੀ ਨਾਲ ਪੇਸ਼ ਨਹੀਂ ਆਓਗੇl ਨਿਕਟ ਭਵਿੱਖ ਵਿੱਚ, ਮੈਂ ਉਨ੍ਹਾਂ ਉੱਤਰਾਂ ਦੀ ਜਾਂਚ ਕਰਾਂਗਾ ਜਿਹੜੇ ਤੁਸੀਂ ਮੇਰੀਆਂ ਮੰਗਾਂ ਦੇ ਜਵਾਬ ਵਿੱਚ ਮੈਨੂੰ ਦਿੱਤੇ ਹਨl ਉਸ ਸਮੇਂ ਤਕ, ਮੈਨੂੰ ਤੁਹਾਡੇ ਤੋਂ ਹੋਰ ਕਾਸੇ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਮੈਂ ਤੁਹਾਨੂੰ ਹੋਰ ਗੰਭੀਰ ਉਪਦੇਸ਼ ਨਹੀਂ ਦੇਵਾਂਗਾl ਇਸ ਦੇ ਬਜਾਇ, ਮੈਂ ਆਪਣੇ ਅਧਿਕਾਰ ਦਾ ਇਸਤੇਮਾਲ ਕਰਾਂਗਾl ਜਿਨ੍ਹਾਂ ਨੂੰ ਰੱਖਿਆ ਜਾਣਾ ਚਾਹੀਦਾ ਹੈ ਉਹ ਰੱਖੇ ਜਾਣਗੇ, ਜਿਨ੍ਹਾਂ ਨੂੰ ਇਨਾਮ ਦਿੱਤਾ ਜਾਣਾ ਚਾਹੀਦਾ ਹੈ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਸ਼ਤਾਨ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਉਹ ਸ਼ਤਾਨ ਦੇ ਹਵਾਲੇ ਕੀਤੇ ਜਾਣਗੇ, ਜਿਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ, ਅਤੇ ਜਿਨ੍ਹਾਂ ਨੂੰ ਨਾਸ ਕੀਤਾ ਜਾਣਾ ਚਾਹੀਦਾ ਹੈ ਉਹ ਨਾਸ ਕੀਤੇ ਜਾਣਗੇl ਇਸ ਤਰ੍ਹਾਂ, ਮੇਰੇ ਦਿਨਾਂ ਵਿੱਚ ਮੈਨੂੰ ਪਰੇਸ਼ਾਨ ਕਰਨ ਵਾਲਾ ਅੱਗੇ ਤੋਂ ਕੋਈ ਨਹੀਂ ਹੋਵੇਗਾl ਕੀ ਤੈਨੂੰ ਮੇਰੇ ਵਚਨਾਂ ਉੱਤੇ ਵਿਸ਼ਵਾਸ ਹੈ? ਕੀ ਤੈਨੂੰ ਸਜ਼ਾ ਉੱਤੇ ਵਿਸ਼ਵਾਸ ਹੈ? ਕੀ ਤੈਨੂੰ ਵਿਸ਼ਵਾਸ ਹੈ ਕਿ ਮੈਂ ਉਨ੍ਹਾਂ ਸਭ ਬੁਰਿਆਰਾਂ ਨੂੰ ਸਜ਼ਾ ਦੇਵਾਂਗਾ ਜਿਹੜੇ ਮੇਰੇ ਨਾਲ ਛਲ ਅਤੇ ਧੋਖਾ ਕਰਦੇ ਹਨ? ਕੀ ਤੂੰ ਉਸ ਦਿਨ ਦੇ ਛੇਤੀ ਆਉਣ ਦੀ ਆਸ ਰੱਖਦਾ ਹੈਂ ਜਾਂ ਇਸ ਦੇ ਦੇਰੀ ਨਾਲ ਆਉਣ ਦੀ? ਕੀ ਤੂੰ ਅਜਿਹਾ ਵਿਅਕਤੀ ਹੈਂ ਜਿਹੜਾ ਸਜ਼ਾ ਤੋਂ ਡਰਦਾ ਹੈ, ਜਾਂ ਅਜਿਹਾ ਵਿਅਕਤੀ ਹੈਂ ਜੋ, ਭਾਵੇਂ ਉਨ੍ਹਾਂ ਲਈ ਸਜ਼ਾ ਸਹਿਣਾ ਲਾਜ਼ਮੀ ਹੈ, ਫਿਰ ਵੀ ਮੇਰਾ ਵਿਰੋਧ ਕਰੇਗਾ? ਜਦੋਂ ਉਹ ਦਿਨ ਆਵੇਗਾ, ਕੀ ਤੂੰ ਕਲਪਨਾ ਕਰ ਸਕਦਾ ਹੈਂ ਕਿ ਤੂੰ ਅਨੰਦ ਅਤੇ ਹਾਸੇ ਵਿੱਚ ਜੀਵੇਂਗਾ, ਜਾਂ ਕਿ ਤੂੰ ਰੋਵੇਂਗਾ ਅਤੇ ਦੰਦ ਪੀਸੇਂਗਾ? ਤੂੰ ਕਿਸ ਤਰ੍ਹਾਂ ਦੇ ਅੰਤ ਦੀ ਆਸ ਕਰਦਾ ਹੈਂ? ਕੀ ਤੂੰ ਕਦੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ ਕਿ ਤੂੰ ਮੇਰੇ ਉੱਤੇ ਸੌ ਪ੍ਰਤੀਸ਼ਤ ਵਿਸ਼ਵਾਸ ਕਰਦਾ ਹੈਂ ਜਾਂ ਮੇਰੇ ਉੱਤੇ ਸੌ ਪ੍ਰਤੀਸ਼ਤ ਸ਼ੱਕ ਕਰਦਾ ਹੈਂ? ਕੀ ਤੂੰ ਕਦੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ ਕਿ ਤੇਰੇ ਕੰਮ ਅਤੇ ਤੇਰਾ ਵਿਹਾਰ ਤੇਰੇ ਉੱਤੇ ਕਿਸ ਤਰ੍ਹਾਂ ਦੇ ਨਤੀਜਿਆਂ ਅਤੇ ਸਿੱਟਿਆਂ ਨੂੰ ਲੈ ਕੇ ਆਉਣਗੇ? ਕੀ ਤੂੰ ਸੱਚਮੁੱਚ ਆਸ ਕਰਦਾ ਹੈਂ ਕਿ ਬਦਲੇ ਵਿੱਚ ਮੇਰੇ ਸਾਰੇ ਵਚਨ ਪੂਰੇ ਹੋਣ, ਜਾਂ ਤੂੰ ਭੈਭੀਤ ਹੈਂ ਕਿ ਬਦਲੇ ਵਿੱਚ ਮੇਰੇ ਸਾਰੇ ਵਚਨ ਪੂਰੇ ਹੋਣਗੇ? ਜੇ ਤੂੰ ਇਹ ਆਸ ਕਰਦਾ ਹੈਂ ਕਿ ਮੈਂ ਆਪਣੇ ਵਚਨਾਂ ਨੂੰ ਪੂਰਾ ਕਰਨ ਲਈ ਜਲਦੀ ਚਲਾ ਜਾਵਾਂ, ਤਾਂ ਤੈਨੂੰ ਆਪਣੇ ਖੁਦ ਦੇ ਸ਼ਬਦਾਂ ਅਤੇ ਕੰਮਾਂ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਰੱਖਣਾ ਚਾਹੀਦਾ ਹੈ? ਜੇ ਤੂੰ ਮੇਰੇ ਚਲੇ ਜਾਣ ਦੀ ਆਸ ਨਹੀਂ ਰੱਖਦਾ ਅਤੇ ਮੇਰੇ ਸਾਰੇ ਵਚਨਾਂ ਦੇ ਤੁਰੰਤ ਪੂਰਾ ਹੋਣ ਦੀ ਆਸ ਨਹੀਂ ਕਰਦਾ, ਤਾਂ ਤੂੰ ਮੇਰੇ ਵਿੱਚ ਵਿਸ਼ਵਾਸ ਹੀ ਕਿਉਂ ਰੱਖਦਾ ਹੈਂ? ਕੀ ਤੂੰ ਸੱਚਮੁੱਚ ਜਾਣਦਾ ਹੈਂ ਕਿ ਤੂੰ ਮੇਰੇ ਪਿੱਛੇ ਕਿਉਂ ਚੱਲ ਰਿਹਾ ਹੈਂ? ਜੇ ਤੇਰੀ ਵਜ੍ਹਾ ਕੇਵਲ ਆਪਣੀਆਂ ਹੱਦਾਂ ਦਾ ਵਿਸਥਾਰ ਕਰਨਾ ਹੈ, ਤਾਂ ਤੈਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਪਰੇਸ਼ਾਨੀ ਦੇਣ ਦੀ ਜ਼ਰੂਰਤ ਨਹੀਂ ਹੈl ਜੇ ਇਹ ਵਜ੍ਹਾ ਬਰਕਤ ਪਾਉਣਾ ਅਤੇ ਆਉਣ ਵਾਲੀ ਤਬਾਹੀ ਤੋਂ ਬਚਣਾ ਹੈ, ਤਾਂ ਤੂੰ ਆਪਣੇ ਆਚਰਣ ਦੇ ਬਾਰੇ ਚਿੰਤਿਤ ਕਿਉਂ ਨਹੀਂ ਹੈਂ? ਤੂੰ ਆਪਣੇ ਆਪ ਤੋਂ ਇਹ ਕਿਉਂ ਨਹੀਂ ਪੁੱਛਦਾ ਕਿ ਤੂੰ ਮੇਰੀਆਂ ਮੰਗਾਂ ਨੂੰ ਪੂਰਾ ਕਰ ਸਕਦਾ ਹੈਂ ਜਾਂ ਨਹੀਂ? ਤੂੰ ਆਪਣੇ ਆਪ ਤੋਂ ਇਹ ਵੀ ਕਿਉਂ ਨਹੀਂ ਪੁੱਛਦਾ ਕਿ ਤੂੰ ਆਉਣ ਵਾਲੀਆਂ ਬਰਕਤਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੈਂ ਜਾਂ ਨਹੀਂ?

ਪਿਛਲਾ: ਧੋਖਾ: ਇੱਕ ਬਹੁਤ ਗੰਭੀਰ ਸਮੱਸਿਆ (1)

ਅਗਲਾ: ਤੁਹਾਨੂੰ ਆਪਣੇ ਕੰਮਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ