ਸਭ ਲੋਕ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ, ਉਹੀ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ

ਪਰਮੇਸ਼ੁਰ ਦੇ ਕਾਰਜ ਦੇ ਉਦੇਸ਼ ਦੀ ਸਮਝ, ਇਸ ਕਾਰਜ ਦੇ ਮਨੁੱਖ ਉੱਤੇ ਪੈਣ ਵਾਲੇ ਪ੍ਰਭਾਵ ਅਤੇ ਮਨੁੱਖ ਲਈ ਅਸਲ ਵਿਚ ਉਸ ਦੀ ਇੱਛਾ ਕੀ ਹੈ: ਇਹ ਉਹ ਗੱਲਾਂ ਹਨ ਜਿਨ੍ਹਾਂ ਦਾ ਗਿਆਨ ਪਰਮੇਸ਼ੁਰ ਨੂੰ ਮੰਨਣ ਵਾਲੇ ਹਰ ਮਨੁੱਖ ਨੂੰ ਹਾਸਲ ਕਰਨਾ ਚਾਹੀਦਾ ਹੈ। ਅੱਜਕੱਲ੍ਹ ਪਰਮੇਸ਼ੁਰ ਦੇ ਕਾਰਜ ਦਾ ਗਿਆਨ ਹੀ ਹੈ ਜਿਸ ਦੀ ਸਾਰੇ ਮਨੁੱਖਾਂ ਅੰਦਰ ਘਾਟ ਹੈ। ਉਹ ਕਾਰਜ ਜਿਹੜੇ ਪਰਮੇਸ਼ੁਰ ਨੇ ਮਨੁੱਖਾਂ ਉੱਤੇ ਅੰਜਾਮ ਦਿਤੇ ਹਨ, ਪਰਮੇਸ਼ੁਰ ਦੇ ਕਾਰਜ ਦੀ ਸਮੁੱਚਤਾ ਅਤੇ ਮਨੁੱਖ ਲਈ ਪਰਮੇਸ਼ੁਰ ਦੀ ਇੱਛਾ ਅਸਲ ਵਿਚ ਕੀ ਹੈ-ਸੰਸਾਰ ਦੀ ਰਚਨਾ ਤੋਂ ਲੈ ਕੇ ਵਰਤਮਾਨ ਤਕ-ਇਹ ਉਹ ਗੱਲਾਂ ਹਨ ਜਿਹੜੀਆਂ ਮਨੁੱਖ ਨਾ ਤਾਂ ਜਾਣਦਾ ਹੈ ਅਤੇ ਨਾ ਹੀ ਸਮਝਦਾ ਹੈ। ਇਹ ਕਮੀ ਧਾਰਮਕ ਦੁਨੀਆਂ ਵਿਚ ਹੀ ਨਹੀਂ ਵੇਖੀ ਜਾਂਦੀ, ਸਗੋਂ ਉਨ੍ਹਾਂ ਅੰਦਰ ਵੀ ਹੈ ਜਿਹੜੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਹਨ। ਜਦ ਉਹ ਦਿਨ ਆਉਂਦਾ ਹੈ ਜਦ ਤੂੰ ਸੱਚਮੁੱਚ ਪਰਮੇਸ਼ੁਰ ਨੂੰ ਵੇਖੇਂਗਾ, ਜਦ ਤੂੰ ਸੱਚਮੁੱਚ ਉਸ ਦੀ ਬੁੱਧੀ ਦੀ ਵਡਿਆਈ ਕਰੇਂਗਾ, ਜਦ ਤੂੰ ਉਹ ਸਾਰੇ ਕਾਰਜ ਵੇਖੇਂਗਾ ਜਿਹੜੇ ਪਰਮੇਸ਼ੁਰ ਨੇ ਕੀਤੇ ਹਨ, ਜਦ ਤੂੰ ਸਮਝ ਜਾਵੇਂਗਾ ਕਿ ਪਰਮੇਸ਼ਰ ਕੀ ਹੈ ਅਤੇ ਉਸ ਕੋਲ ਕੀ ਹੈ-ਜਦ ਤੂੰ ਉਸ ਦੀ ਦਿਆਲਤਾ, ਬੁੱਧੀ, ਚਮਤਕਾਰ ਅਤੇ ਉਹ ਸਾਰਾ ਕੁਝ ਜਿਹੜਾ ਉਸ ਨੇ ਮਨੁੱਖਾਂ ਉੱਤੇ ਅੰਜਾਮ ਦਿੱਤਾ ਹੈ, ਵੇਖ ਚੁੱਕਾ ਹੋਵੇਂਗਾ, ਤਦ ਹੀ ਤੂੰ ਪਰਮੇਸ਼ੁਰ ਵਿਚ ਆਪਣੇ ਵਿਸ਼ਵਾਸ ਵਿਚ ਸਫ਼ਲਤਾ ਹਾਸਲ ਕਰ ਚੁੱਕਾ ਹੋਵੇਂਗਾ। ਜਦੋਂ ਪਰਮੇਸ਼ੁਰ ਨੂੰ ਸਰਬ-ਵਿਆਪਕ ਅਤੇ ਸਰਬ-ਭਰਪੂਰ ਕਿਹਾ ਜਾਂਦਾ ਹੈ ਤਾਂ ਉਹ ਅਸਲ ਵਿਚ ਕਿਸ ਤਰ੍ਹਾਂ ਸਰਬ-ਵਿਆਪਕ ਹੈ ਅਤੇ ਕਿਸ ਤਰ੍ਹਾਂ ਸਰਬ-ਭਰਪੂਰ ਹੈ? ਜੇ ਤੂੰ ਇਸ ਗੱਲ ਨੂੰ ਨਹੀਂ ਸਮਝਦਾ ਤਾਂ ਤੈਨੂੰ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਵਾਲਾ ਨਹੀਂ ਮੰਨਿਆ ਜਾ ਸਕਦਾ। ਮੈਂ ਇਹ ਕਿਉਂ ਕਹਿੰਦਾ ਹਾਂ ਕਿ ਧਾਰਮਕ ਸੰਸਾਰ ਵਿਚਲੇ ਲੋਕ ਪਰਮੇਸ਼ੁਰ ਦੇ ਵਿਸ਼ਵਾਸੀ ਨਹੀਂ ਹਨ ਸਗੋਂ ਪਾਪੀ ਹਨ, ਸ਼ਤਾਨ ਵਰਗੇ? ਜਦੋਂ ਮੈਂ ਕਹਿੰਦਾ ਹਾਂ ਕਿ ਉਹ ਪਾਪੀ ਹਨ ਤਾਂ ਇਸ ਦਾ ਕਾਰਨ ਹੈ ਕਿ ਉਹ ਪਰਮੇਸ਼ੁਰ ਦੀ ਇੱਛਾ ਨੂੰ ਨਹੀਂ ਸਮਝਦੇ ਅਤੇ ਉਸ ਦੀ ਬੁੱਧ ਨੂੰ ਵੇਖਣ ਦੇ ਅਸਮਰੱਥ ਹਨ। ਪਰਮੇਸ਼ੁਰ ਕਦੇ ਵੀ ਉਨ੍ਹਾਂ ਅੱਗੇ ਆਪਣੇ ਕਾਰਜ ਦਾ ਪ੍ਰਗਟਾਵਾ ਨਹੀਂ ਕਰਦਾ। ਉਹ ਅੰਨ੍ਹੇ ਹਨ, ਉਹ ਪਰਮੇਸ਼ੁਰ ਦੇ ਕਾਰਜਾਂ ਨੂੰ ਵੇਖ ਨਹੀਂ ਸਕਦੇ, ਉਹ ਪਰਮੇਸ਼ੁਰ ਦੁਆਰਾ ਤਿਆਗੇ ਜਾ ਚੁੱਕੇ ਹਨ ਅਤੇ ਪਰਮੇਸ਼ੁਰ ਦੀ ਦੇਖਭਾਲ ਅਤੇ ਓਟ-ਆਸਰੇ ਤੋਂ ਪੂਰੀ ਤਰ੍ਹਾਂ ਵਾਂਝੇ ਹਨ, ਪਵਿੱਤਰ ਆਤਮਾ ਦੇ ਕਾਰਜ ਦਾ ਜ਼ਿਕਰ ਕਰਨ ਦੀ ਤਾਂ ਲੋੜ ਹੀ ਨਹੀਂ। ਉਹ ਜਿਹੜੇ ਪਰਮੇਸ਼ੁਰ ਦੇ ਕਾਰਜ ਤੋਂ ਵਾਂਝੇ ਹਨ, ਸਾਰੇ ਪਾਪੀ ਹਨ ਅਤੇ ਪਰਮੇਸ਼ੁਰ ਦੇ ਵਿਰੋਧੀ ਹਨ। ਪਰਮੇਸ਼ੁਰ ਦੇ ਵਿਰੋਧੀਆਂ ਜਿਹਨਾਂ ਦੀ ਮੈਂ ਗੱਲ ਕਰਦਾ ਹਾਂ, ਉਨ੍ਹਾਂ ਸਾਰਿਆਂ ਨਾਲ ਸੰਬੰਧਤ ਹੈ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ, ਜਿਹੜੇ ਆਪਣੇ ਬੁੱਲ੍ਹਾਂ ਨਾਲ ਪਰਮੇਸ਼ੁਰ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਫਿਰ ਵੀ ਉਸ ਨੂੰ ਨਹੀਂ ਜਾਣਦੇ, ਉਹ ਜਿਹੜੇ ਪਰਮੇਸ਼ੁਰ ਨੂੰ ਮੰਨਦੇ ਹਨ ਅਤੇ ਅਤੇ ਫਿਰ ਵੀ ਉਸ ਦੀ ਆਗਿਆ ਨਹੀਂ ਮੰਨਦੇ ਅਤੇ ਉਹ ਜਿਹੜੇ ਪਰਮੇਸ਼ੁਰ ਦੀ ਕਿਰਪਾ ਸਦਕਾ ਐਸ਼ਪ੍ਰਸਤੀ ਕਰਦੇ ਹਨ ਅਤੇ ਫਿਰ ਵੀ ਉਸ ਦਾ ਗਵਾਹ ਬਣਨ ਦੇ ਅਸਮਰੱਥ ਹਨ। ਪਰਮੇਸ਼ੁਰ ਦੇ ਕਾਰਜ ਦੇ ਉਦੇਸ਼ ਦੀ ਸਮਝ ਅਤੇ ਉਹ ਕਾਰਜ ਜਿਹੜਾ ਪਰਮੇਸ਼ੁਰ ਮਨੁੱਖ ਅੰਦਰ ਕਰਦਾ ਹੈ, ਦੀ ਸਮਝ ਤੋਂ ਬਿਨਾਂ ਉਹ ਪਰਮੇਸ਼ੁਰ ਦੀ ਇੱਛਾ ਦੇ ਅਨੁਕੂਲ ਨਹੀਂ ਹੋ ਸਕਦਾ ਤੇ ਨਾ ਹੀ ਉਹ ਪਰਮੇਸ਼ੁਰ ਦਾ ਗਵਾਹ ਬਣ ਸਕਦਾ ਹੈ। ਇਹ ਕਾਰਨ ਕਿ ਮਨੁੱਖ ਪਰਮੇਸ਼ੁਰ ਦੀ ਵਿਰੋਧਤਾ ਕਿਉਂ ਕਰਦਾ ਹੈ, ਇਕ ਪਾਸੇ, ਉਸ ਦੇ ਭ੍ਰਿਸ਼ਟ ਸੁਭਾਅ ਵਿੱਚੋਂ ਪੈਦਾ ਹੁੰਦਾ ਹੈ ਅਤੇ ਦੂਜੇ ਪਾਸੇ, ਪਰਮੇਸ਼ੁਰ ਪ੍ਰਤੀ ਅਗਿਆਨਤਾ ਵਿੱਚੋਂ ਅਤੇ ਉਨ੍ਹਾਂ ਸਿਧਾਂਤਾਂ ਬਾਰੇ ਸਮਝ ਦੀ ਘਾਟ ਵਿੱਚੋਂ ਜਿਨ੍ਹਾਂ ਰਾਹੀਂ ਪਰਮੇਸ਼ੁਰ ਕਾਰਜ ਕਰਦਾ ਹੈ ਅਤੇ ਮਨੁੱਖ ਲਈ ਉਸ ਦੀ ਇੱਛਾ ਦੀ ਸਮਝ ਦੀ ਘਾਟ ਵਿੱਚੋਂ। ਜੇ ਇਨ੍ਹਾਂ ਦੋਵਾਂ ਪਹਿਲੂਆਂ ਨੂੰ ਇਕੱਠੇ ਕਰ ਲਿਆ ਜਾਵੇ ਤਾਂ ਮਨੁੱਖ ਦੁਆਰਾ ਪਰਮੇਸ਼ੁਰ ਦੀ ਵਿਰੋਧਤਾ ਦਾ ਇਤਿਹਾਸ ਬਣਦਾ ਹੈ। ਵਿਸ਼ਵਾਸ ਵਿੱਚ ਅਨਾੜੀ ਲੋਕ ਪਰਮੇਸ਼ੁਰ ਦੀ ਵਿਰੋਧਤਾ ਕਰਦੇ ਹਨ ਕਿਉੋਂਕਿ ਵਿਰੋਧਤਾ ਉਨ੍ਹਾਂ ਦੇ ਸੁਭਾਅ ਵਿੱਚ ਹੁੰਦੀ ਹੈ ਜਦੋਂ ਕਿ ਕਈ ਸਾਲ ਪੁਰਾਣੇ ਵਿਸ਼ਵਾਸੀਆਂ ਦੁਆਰਾ ਪਰਮੇਸ਼ੁਰ ਦੀ ਵਿਰੋਧਤਾ, ਉਨ੍ਹਾਂ ਦੇ ਭ੍ਰਿਸ਼ਟ ਸੁਭਾਅ ਤੋਂ ਇਲਾਵਾ, ਉਨ੍ਹਾਂ ਦੇ ਅਗਿਆਨ ਵਿੱਚੋਂ ਨਿਕਲਦੀ ਹੈ। ਪਰਮੇਸ਼ੁਰ ਦੇ ਦੇਹਧਾਰੀ ਬਣਨ ਤੋਂ ਪਹਿਲਾਂ ਵਾਲੇ ਸਮੇਂ ਵਿਚ, ਇਹ ਪੈਮਾਨਾ ਕਿ ਕੀ ਮਨੁੱਖ ਪਰਮੇਸ਼ੁਰ ਦਾ ਵਿਰੋਧੀ ਹੈ, ਇਸ ਗੱਲ ’ਤੇ ਆਧਾਰਤ ਸੀ ਕਿ ਕੀ ਉਹ ਪਰਮੇਸ਼ੁਰ ਦੁਆਰਾ ਸਵਰਗ ਵਿਚ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਦਾ ਸੀ। ਉਦਾਹਰਨ ਵਜੋਂ, ਸ਼ਰਾ ਦੇ ਯੁਗ ਵਿਚ ਜਿਹੜਾ ਯਹੋਵਾਹ ਦੇ ਨੇਮਾਂ ਦੀ ਪਾਲਣਾ ਨਹੀਂ ਕਰਦਾ ਸੀ, ਉਸ ਨੂੰ ਪਰਮੇਸ਼ੁਰ ਦੀ ਵਿਰੋਧਤਾ ਕਰਨ ਵਾਲਾ ਸਮਝਿਆ ਜਾਂਦਾ ਸੀ; ਜੋ ਕੋਈ ਵੀ ਯਹੋਵਾਹ ਦੇ ਚੜ੍ਹਾਵੇ ਨੂੰ ਚੁਰਾਉਂਦਾ ਸੀ ਜਾਂ ਜਿਹੜਾ ਉਨ੍ਹਾਂ ਖ਼ਿਲਾਫ਼ ਖੜ੍ਹਾ ਹੋਇਆ ਜਿਨ੍ਹਾਂ ਦਾ ਯਹੋਵਾਹ ਸਮਰਥਨ ਕਰਦਾ ਸੀ, ਉਸ ਨੂੰ ਪਰਮੇਸ਼ੁਰ ਦੀ ਵਿਰੋਧਤਾ ਕਰਨ ਵਾਲਾ ਸਮਝਿਆ ਜਾਂਦਾ ਸੀ ਅਤੇ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਂਦਾ ਸੀ; ਜਿਹੜਾ ਕੋਈ ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਨਹੀਂ ਕਰਦਾ ਸੀ ਅਤੇ ਜਿਹੜਾ ਦੂਜੇ ਨੂੰ ਮਾਰਦਾ ਜਾਂ ਫਿਟਕਾਰਦਾ ਸੀ, ਉਸ ਨੂੰ ਸ਼ਰਾ ਦੀ ਪਾਲਣਾ ਨਾ ਕਰਨ ਵਾਲਾ ਸਮਝਿਆ ਜਾਂਦਾ ਸੀ। ਅਤੇ ਉਹ ਸਾਰੇ ਜਿਹੜੇ ਯਹੋਵਾਹ ਦੇ ਨੇਮਾਂ ਦੀ ਪਾਲਣਾ ਨਹੀਂ ਕਰਦੇ ਸਨ, ਉਨ੍ਹਾਂ ਨੂੰ ਪਰਮੇਸ਼ੁਰ ਵਿਰੁੱਧ ਖੜ੍ਹੇਖੜ੍ਹੇ ਹੋਣ ਵਾਲੇ ਸਮਝਿਆ ਜਾਂਦਾ ਸੀ। ਕਿਰਪਾ ਦੇ ਯੁਗ ਵਿਚ ਇਸ ਤਰ੍ਹਾਂ ਨਹੀਂ ਰਿਹਾ, ਜਦ ਜਿਹੜਾ ਕੋਈ ਵੀ ਯਿਸੂ ਵਿਰੁੱਧ ਖੜ੍ਹਾ ਹੁੰਦਾ ਸੀ, ਉਸ ਨੂੰ ਪਰਮੇਸ਼ੁਰ ਵਿਰੁੱਧ ਖੜ੍ਹਾ ਹੋਣ ਵਾਲਾ ਸਮਝਿਆ ਜਾਂਦਾ ਸੀ ਅਤੇ ਜਿਹੜਾ ਕੋਈ ਯਿਸੂ ਦੇ ਉਚਾਰੇ ਵਚਨਾਂ ਦੀ ਆਗਿਆਕਾਰੀ ਨਹੀਂ ਕਰਦਾ ਸੀ, ਉਸ ਨੂੰ ਪਰਮੇਸ਼ੁਰ ਵਿਰੁੱਧ ਖੜ੍ਹਾ ਹੋਣ ਵਾਲਾ ਸਮਝਿਆ ਜਾਂਦਾ ਸੀ। ਇਸ ਸਮੇਂ, ਜਿਸ ਢੰਗ ਨਾਲ ਪਰਮੇਸ਼ੁਰ ਦੀ ਵਿਰੋਧਤਾ ਪਰਿਭਾਸ਼ਤ ਕੀਤੀ ਗਈ ਸੀ, ਉਹ ਵਧੇਰੇ ਦਰੁਸਤ ਅਤੇ ਵਿਹਾਰਕ ਬਣ ਗਿਆ। ਉਸ ਸਮੇਂ ਜਦ ਪਰਮੇਸ਼ੁਰ ਹਾਲੇ ਦੇਹਧਾਰੀ ਨਹੀਂ ਬਣਿਆ ਸੀ, ਇਹ ਪੈਮਾਨਾ ਕਿ ਕੀ ਮਨੁੱਖ ਪਰਮੇਸ਼ੁਰ ਦੀ ਵਿਰੋਧਤਾ ਕਰਦਾ ਹੈ, ਇਸ ਗੱਲ ’ਤੇ ਆਧਾਰਤ ਸੀ ਕਿ ਕੀ ਮਨੁੱਖ ਸਵਰਗ ਵਿਚ ਅਦਿੱਖ ਪਰਮੇਸ਼ੁਰ ਦੀ ਉਪਾਸਨਾ ਅਤੇ ਉਸਤਤ ਕਰਦਾ ਸੀ। ਉਹ ਤਰੀਕਾ ਜਿਸ ਨਾਲ ਉਸ ਸਮੇਂ ਪਰਮੇਸ਼ੁਰ ਦੀ ਵਿਰੋਧਤਾ ਪਰਿਭਾਸ਼ਤ ਕੀਤੀ ਗਈ ਸੀ, ਬਿਲਕੁਲ ਵੀ ਵਿਹਾਰਕ ਨਹੀਂ ਸੀ ਕਿਉਂਕਿ ਮਨੁੱਖ ਪਰਮੇਸ਼ੁਰ ਨੂੰ ਵੇਖ ਨਹੀਂ ਸਕਦਾ ਸੀ ਤੇ ਨਾ ਹੀ ਉਹ ਜਾਣਦਾ ਸੀ ਕਿ ਪਰਮੇਸ਼ੁਰ ਦਾ ਸਰੂਪ ਕਿਹੋ ਜਿਹਾ ਸੀ ਅਤੇ ਉਹ ਕਿਵੇਂ ਕੰਮ ਕਰਦਾ ਅਤੇ ਬੋਲਦਾ ਸੀ। ਪਰਮੇਸ਼ੁਰ ਬਾਰੇ ਮਨੁੱਖ ਦੀ ਅਜਿਹੀ ਕੋਈ ਧਾਰਣਾ ਨਹੀਂ ਸੀ ਅਤੇ ਉਹ ਅਸਪੱਸ਼ਟ ਤਰੀਕੇ ਨਾਲ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦਾ ਸੀ ਕਿਉਂਕਿ ਪਰਮੇਸ਼ੁਰ ਹਾਲੇ ਮਨੁੱਖ ਉੱਤੇ ਪਰਗਟ ਨਹੀਂ ਹੋਇਆ ਸੀ। ਇਸ ਲਈ, ਮਨੁੱਖ ਚਾਹੇ ਜਿਸ ਤਰ੍ਹਾਂ ਵੀ ਆਪਣੀ ਕਲਪਨਾ ਵਿਚ ਪਰਮੇਸ਼ੁਰ ਵਿਚ ਵਿਸ਼ਵਾਸ ਕਰਦਾ ਸੀ, ਪਰਮੇਸ਼ੁਰ ਮਨੁੱਖ ਦੀ ਨਿੰਦਿਆ ਨਹੀਂ ਕਰਦਾ ਸੀ ਅਤੇ ਨਾ ਹੀ ਉਸ ਕੋਲੋਂ ਬਹੁਤ ਜ਼ਿਆਦਾ ਮੰਗਾਂ ਕਰਦਾ ਸੀ ਕਿਉਂਕਿ ਮਨੁੱਖ ਪਰਮੇਸ਼ੁਰ ਨੂੰ ਵੇਖਣ ਦੇ ਪੂਰੀ ਤਰ੍ਹਾਂ ਅਸਮਰੱਥ ਸੀ। ਜਦੋਂ ਪਰਮੇਸ਼ੁਰ ਦੇਹਧਾਰੀ ਬਣ ਜਾਂਦਾ ਹੈ ਅਤੇ ਮਨੁੱਖਾਂ ਵਿਚਾਲੇ ਕਾਰਜ ਕਰਨ ਲਈ ਆਉਂਦਾ ਹੈ ਤਾਂ ਸਾਰੇ ਉਸ ਨੂੰ ਵੇਖਦੇ ਹਨ ਅਤੇ ਉਸ ਦੇ ਵਚਨਾਂ ਨੂੰ ਸੁਣਦੇ ਹਨ ਅਤੇ ਸਾਰੇ ਉਸ ਦੇ ਕਾਰਜਾਂ ਨੂੰ ਵੇਖਦੇ ਹਨ ਜਿਹੜੇ ਪਰਮੇਸ਼ੁਰ ਅਪਣੇ ਦੇਹਧਾਰੀ ਸਰੀਰ ਵਿਚੋਂ ਕਰਦਾ ਹੈ। ਉਸ ਪਲ, ਮਨੁੱਖ ਦੀਆਂ ਸਾਰੀਆਂ ਧਾਰਨਾਵਾਂ ਕਮਜ਼ੋਰ ਪੈ ਜਾਂਦੀਆਂ ਹਨ। ਜਿਹੜੇ ਪ੍ਰਾਣੀਆਂ ਨੇ ਪਰਮੇਸ਼ੁਰ ਨੂੰ ਦੇਹਧਾਰੀ ਰੂਪ ਵਿਚ ਪਰਗਟ ਹੁੰਦੇ ਵੇਖਿਆ ਹੈ, ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ ਜੇ ਉਹ ਸਵੈ-ਇੱਛਾ ਨਾਲ ਉਸ ਦੀ ਆਗਿਆਕਾਰੀ ਕਰਦੇ ਹਨ, ਜਦੋਂ ਕਿ ਉਹ ਜਿਹੜੇ ਮਿੱਥ ਕੇ ਉਸ ਵਿਰੁੱਧ ਖਲੋਂਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਦੇ ਵਿਰੋਧੀ ਮੰਨਿਆ ਜਾਵੇਗਾ। ਅਜਿਹੇ ਲੋਕ ਮਸੀਹ-ਵਿਰੋਧੀ, ਦੁਸ਼ਮਣ ਹਨ ਜਿਹੜੇ ਜਾਣ-ਬੁੱਝ ਕੇ ਪਰਮੇਸ਼ੁਰ ਵਿਰੁੱਧ ਖੜ੍ਹੇ ਹੁੰਦੇ ਹਨ। ਜਿਹੜੇ ਪਰਮੇਸ਼ੁਰ ਬਾਰੇ ਧਾਰਨਾਵਾਂ ਰੱਖਦੇ ਹਨ ਪਰ ਫਿਰ ਵੀ ਉਸ ਦੀ ਆਗਿਆਕਾਰੀ ਕਰਨ ਲਈ ਤਿਆਰ ਅਤੇ ਚਾਹਵਾਨ ਹਨ, ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। ਪਰਮੇਸ਼ੁਰ ਮਨੁੱਖ ਨੂੰ ਉਸ ਦੇ ਦੇ ਇਰਾਦਿਆਂ ਅਤੇ ਕੰਮਾਂ ਦੇ ਆਧਾਰ ’ਤੇ ਦੋਸ਼ੀ ਠਹਿਰਾਉਂਦਾ ਹੈ, ਉਸ ਦੀਆਂ ਸੋਚਾਂ ਅਤੇ ਵਿਚਾਰਾਂ ਦੇ ਆਧਾਰ ’ਤੇ ਕਦੇ ਨਹੀਂ। ਜੇ ਉਸ ਨੇ ਮਨੁੱਖ ਨੂੰ ਉਸ ਦੀਆਂ ਸੋਚਾਂ ਅਤੇ ਵਿਚਾਰਾਂ ਦੇ ਆਧਾਰ ’ਤੇ ਦੋਸ਼ੀ ਠਹਿਰਾਉਣ ਹੋਵੇ ਤਾਂ ਇਕ ਵੀ ਮਨੁੱਖ ਪਰਮੇਸ਼ੁਰ ਦੇ ਕ੍ਰੋਧੀ ਹੱਥਾਂ ਤੋਂ ਬਚ ਨਹੀਂ ਸਕੇਗਾ। ਉਹ ਜਿਹੜੇ ਜਾਣ-ਬੁੱਝ ਕੇ ਦੇਹਧਾਰੀ ਪਰਮੇਸ਼ੁਰ ਵਿਰੁੱਧ ਖੜ੍ਹੇ ਹੁੰਦੇ ਹਨ, ਉਨ੍ਹਾਂ ਨੂੰ ਇਸ ਅਵੱਗਿਆ ਦੀ ਸਜ਼ਾ ਮਿਲੇਗੀ। ਜਿੱਥੇ ਤਕ ਪਰਮੇਸ਼ੁਰ ਵਿਰੁੱਧ ਜਾਣ-ਬੁੱਝ ਕੇ ਖੜ੍ਹੇ ਹੋਣ ਵਾਲੇ ਇਨ੍ਹਾਂ ਲੋਕਾਂ ਦੀ ਗੱਲ ਹੈ ਤਾਂ ਉਨ੍ਹਾਂ ਦੀ ਵਿਰੋਧਤਾ ਇਸ ਤੱਥ ਵਿੱਚੋਂ ਉਪਜਦੀ ਹੈ ਕਿ ਉਹ ਪਰਮੇਸ਼ੁਰ ਬਾਰੇ ਧਾਰਨਾਵਾਂ ਰੱਖਦੇ ਹਨ ਜਿਸ ਦੇ ਨਤੀਜੇ ਵਜੋਂ ਉਹ ਕੰਮ ਹੁੰਦੇ ਹਨ ਜਿਹੜੇ ਪਰਮੇਸ਼ੁਰ ਦੇ ਕਾਰਜ ਵਿਚ ਵਿਘਨ ਪਾਉਂਦੇ ਹਨ। ਇਹ ਲੋਕ ਜਾਣ-ਬੁੱਝ ਕੇ ਪਰਮੇਸ਼ੁਰ ਦੇ ਕਾਰਜ ਦਾ ਵਿਰੋਧ ਅਤੇ ਨਾਸ ਕਰਦੇ ਹਨ। ਉਹ ਪਰਮੇਸ਼ੁਰ ਬਾਰੇ ਧਾਰਨਾਵਾਂ ਹੀ ਨਹੀਂ ਰੱਖਦੇ, ਸਗੋਂ ਅਜਿਹੇ ਕੰਮਾਂ ਵਿਚ ਵੀ ਗ਼ਲਤਾਨ ਹੁੰਦੇ ਹਨ ਜਿਹੜੇ ਉਸ ਦੇ ਕਾਰਜ ਵਿਚ ਵਿਘਨ ਪਾਉਂਦੇ ਹਨ ਅਤੇ ਇਸ ਕਾਰਨ ਕਰਕੇ ਇਸ ਕਿਸਮ ਦੇ ਦੋਸ਼ੀ ਠਹਿਰਾਏ ਜਾਣਗੇ। ਉਹ ਜਿਹੜੇ ਪਰਮੇਸ਼ੁਰ ਦੇ ਕਾਰਜ ਵਿੱਚ ਜਾਣ-ਬੁੱਝ ਕੇ ਵਿਘਨ ਨਹੀਂ ਪਾਉਂਦੇ, ਉਨ੍ਹਾਂ ਨੂੰ ਪਾਪੀਆਂ ਵਜੋਂ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ, ਕਿਉਂਕਿ ਉਹ ਆਪਣੀ ਇੱਛਾ ਨਾਲ ਆਗਿਆਕਾਰੀ ਕਰਦੇ ਹਨ ਅਤੇ ਅਜਿਹੇ ਕੰਮਾਂ ਵਿਚ ਗ਼ਲਤਾਨ ਨਹੀਂ ਹੁੰਦੇ ਜਿਹੜੇ ਵਿਘਨ ਅਤੇ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਅਜਿਹੇ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। ਪਰ, ਜਦ ਮਨੁੱਖ ਕਈ ਵਰ੍ਹਿਆਂ ਤਕ ਪਰਮੇਸ਼ੁਰ ਦੇ ਕਾਰਜ ਦਾ ਅਨੁਭਵ ਕਰ ਚੁੱਕੇ ਹਨ, ਜੇ ਫਿਰ ਵੀ ਉਹ ਪਰਮੇਸ਼ੁਰ ਬਾਰੇ ਧਾਰਨਾਵਾਂ ਰੱਖ ਰਹੇ ਹਨ ਅਤੇ ਦੇਹਧਾਰੀ ਪਰਮੇਸ਼ੁਰ ਦੇ ਕਾਰਜ ਬਾਰੇ ਜਾਣਨ ਦੇ ਅਸਮਰੱਥ ਰਹਿੰਦੇ ਹਨ ਅਤੇ ਜੇ, ਭਾਵੇਂ ਉਨ੍ਹਾਂ ਨੇ ਕਿੰਨੇ ਹੀ ਵਰ੍ਹੇ ਪਰਮੇਸ਼ੁਰ ਦੇ ਕਾਰਜ ਦਾ ਅਨੁਭਵ ਕੀਤਾ ਹੈ, ਉਨ੍ਹਾਂ ਦੇ ਮਨਾਂ ਵਿਚ ਪਰਮੇਸ਼ੁਰ ਬਾਰੇ ਧਾਰਨਾਵਾਂ ਭਰੀਆਂ ਰਹਿੰਦੀਆਂ ਹਨ ਅਤੇ ਹਾਲੇ ਵੀ ਉਸ ਨੂੰ ਜਾਣਨ ਦੇ ਅਸਮਰੱਥ ਹਨ ਤਾਂ ਚਾਹੇ ਉਹ ਵਿਘਨਕਾਰੀ ਗਤੀਵਿਧੀਆਂ ਵਿਚ ਗ਼ਲਤਾਨ ਵੀ ਨਹੀਂ ਰਹਿੰਦੇ ਤਾਂ ਵੀ ਉਨ੍ਹਾਂ ਦੇ ਹਿਰਦੇ ਪਰਮੇਸ਼ਰ ਬਾਰੇ ਕਈ ਧਾਰਨਾਵਾਂ ਨਾਲ ਭਰੇ ਰਹਿੰਦੇ ਹਨ ਅਤੇ ਜੇ ਇਹ ਵਿਚਾਰ ਪ੍ਰਤੱਖ ਵੀ ਨਹੀਂ ਹੁੰਦੇ ਤਾਂ ਅਜਿਹੇ ਲੋਕ ਪਰਮੇਸ਼ੁਰ ਦੇ ਕਾਰਜ ਲਈ ਕਿਸੇ ਤਰ੍ਹਾਂ ਵੀ ਮਦਦਗਾਰ ਨਹੀਂ ਹਨ। ਉਹ ਪਰਮੇਸ਼ੁਰ ਦਾ ਸੰਦੇਸ਼ ਫੈਲਾਉਣ ਅਤੇ ਉਸ ਦੇ ਗਵਾਹ ਬਣਨ ਦੇ ਅਸਮਰੱਥ ਹਨ। ਅਜਿਹੇ ਲੋਕ ਨਿਕੰਮੇ ਅਤੇ ਮੂਰਖ ਹਨ। ਉਹ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਇਸ ਤੋਂ ਇਲਾਵਾ, ਉਸ ਬਾਰੇ ਆਪਣੀਆਂ ਧਾਰਨਾਵਾਂ ਦਾ ਤਿਆਗ ਕਰਨ ਦੇ ਪੂਰੀ ਤਰ੍ਹਾਂ ਅਸਮਰੱਥ ਹਨ, ਇਸ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਇਹ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ: ਅਨਾੜੀ ਵਿਸ਼ਵਾਸੀਆਂ ਦੁਆਰਾ ਪਰਮੇਸ਼ੁਰ ਬਾਰੇ ਧਾਰਨਾਵਾਂ ਰੱਖਣਾ ਅਤੇ ਉਸ ਬਾਰੇ ਕੁਝ ਵੀ ਨਾ ਜਾਣਨਾ ਆਮ ਗੱਲ ਹੈ ਪਰ ਉਹ ਮਨੁੱਖ ਜਿਸ ਨੇ ਪਰਮੇਸ਼ੁਰ ਵਿੱਚ ਕਈ ਵਰ੍ਹਿਆਂ ਤੋਂ ਵਿਸ਼ਵਾਸ ਕੀਤਾ ਹੈ ਅਤੇ ਉਸ ਦੇ ਕਾਰਜ ਦਾ ਚੰਗਾ ਅਨੁਭਵ ਕੀਤਾ ਹੈ, ਅਜਿਹੇ ਵਿਅਕਤੀ ਦੁਆਰਾ ਧਾਰਨਾਵਾਂ ਰੱਖਦੇ ਰਹਿਣਾ ਆਮ ਗੱਲ ਨਹੀਂ ਹੋਵੇਗੀ ਅਤੇ ਅਜਿਹੇ ਵਿਅਕਤੀ ਨੂੰ ਪਰਮੇਸ਼ੁਰ ਦਾ ਬਿਲਕੁਲ ਵੀ ਗਿਆਨ ਨਾ ਹੋਣਾ ਉਸ ਤੋਂ ਵੀ ਘੱਟ ਆਮ ਗੱਲ ਹੋਵੇਗੀ। ਅਜਿਹਾ ਇਸ ਲਈ ਹੈ ਕਿਉਂਕਿ ਇਹ ਸਧਾਰਣ ਸਥਿਤੀ ਨਹੀਂ ਹੈ ਕਿ ਉਹ ਦੋਸ਼ੀ ਠਹਿਰਾਏ ਜਾਂਦੇ ਹਨ। ਇਹ ਸਾਰੇ ਅਸਾਧਾਰਣ ਲੋਕ ਨਿਕੰਮੇ ਹਨ, ਇਹ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੀ ਸਭ ਤੋਂ ਵੱਧ ਵਿਰੋਧਤਾ ਕਰਦੇ ਹਨ ਅਤੇ ਜਿਨ੍ਹਾਂ ਨੇ ਮੁਫ਼ਤ ਵਿੱਚ ਪਰਮੇਸ਼ੁਰ ਦੀ ਕਿਰਪਾ ਦਾ ਆਨੰਦ ਲਿਆ ਹੈ। ਅਜਿਹੇ ਸਾਰੇ ਲੋਕ ਅੰਤ ਵਿਚ ਖ਼ਤਮ ਕਰ ਦਿੱਤੇ ਜਾਣਗੇ।

ਕੋਈ ਵੀ ਜਿਹੜਾ ਪਰਮੇਸ਼ੁਰ ਦੇ ਕਾਰਜ ਦੇ ਉਦੇਸ਼ ਨੂੰ ਨਹੀਂ ਸਮਝਦਾ, ਉਹ ਉਹ ਹੈ ਜਿਹੜਾ ਉਸ ਦੀ ਵਿਰੋਧਤਾ ਕਰਦਾ ਹੈ ਅਤੇ ਉਹ ਵਿਅਕਤੀ ਜਿਹੜਾ ਪਰਮੇਸ਼ੁਰ ਦੇ ਕਾਰਜ ਦੇ ਉਦੇਸ਼ ਨੂੰ ਸਮਝ ਗਿਆ ਹੈ, ਪਰ ਫਿਰ ਵੀ ਪਰਮੇਸ਼ੁਰ ਨੂੰ ਸੰਤੁਸ਼ਟ ਨਹੀਂ ਕਰਨਾ ਲੋਚਦਾ, ਉਸ ਨੂੰ ਤਾਂ ਪਰਮੇਸ਼ੁਰ ਦਾ ਹੋਰ ਵੀ ਜ਼ਿਆਦਾ ਵਿਰੋਧੀ ਸਮਝਿਆ ਜਾਂਦਾ ਹੈ। ਅਜਿਹੇ ਪ੍ਰਾਣੀ ਵੀ ਹਨ ਜਿਹੜੇ ਸ਼ਾਨਦਾਰ ਗਿਰਜਿਆਂ ਵਿਚ ਬਾਈਬਲ ਪੜ੍ਹਦੇ ਹਨ ਅਤੇ ਸਾਰਾ ਦਿਨ ਇਸ ਦਾ ਉਚਾਰਣ ਕਰਦੇ ਹਨ, ਇਸ ਦੇ ਬਾਵਜੂਦ ਉਨ੍ਹਾਂ ਵਿਚੋਂ ਕੋਈ ਵੀ ਪਰਮੇਸ਼ੁਰ ਦੇ ਕਾਰਜ ਦਾ ਉਦੇਸ਼ ਨਹੀ ਸਮਝਦਾ। ਉਨ੍ਹਾਂ ਵਿੱਚੋਂ ਇਕ ਵੀ ਪਰਮੇਸ਼ੁਰ ਨੂੰ ਜਾਣਨ ਦੇ ਸਮਰੱਥ ਨਹੀਂ ਤੇ ਉਨ੍ਹਾਂ ਵਿਚੋਂ ਕੋਈ ਵੀ ਪਰਮੇਸ਼ੁਰ ਦੀ ਇੱਛਾ ਦੇ ਅਨੁਕੂਲ ਤਾਂ ਬਿਲਕੁਲ ਵੀ ਨਹੀਂ ਹੋ ਸਕਦਾ। ਉਹ ਸਾਰੇ ਨਿਕੰਮੇ, ਘਟੀਆ ਲੋਕ ਹਨ, ਪਰਮੇਸ਼ੁਰ ਨੂੰ ਭਾਸ਼ਣ ਦੇਣ ਲਈ ਉੱਚੀ ਥਾਂ ਖਲੋਤੇ ਹੋਏ। ਉਹ ਜਾਣ-ਬੁੱਝ ਕੇ ਪਰਮੇਸ਼ੁਰ ਦੀ ਵਿਰੋਧਤਾ ਕਰਦੇ ਹਨ, ਹਾਲਾਂਕਿ ਉਹ ਉਸ ਦਾ ਝੰਡਾ ਉਠਾ ਕੇ ਚੱਲਦੇ ਹਨ। ਪਰਮੇਸ਼ੁਰ ਵਿਚ ਵਿਸ਼ਵਾਸ ਦਾ ਦਾਅਵਾ ਕਰਨ ਦੇ ਬਾਵਜੂਦ ਉਹ ਮਨੁੱਖ ਦਾ ਮਾਸ ਖਾਂਦੇ ਅਤੇ ਲਹੂ ਪੀਂਦੇ ਹਨ। ਅਜਿਹੇ ਸਾਰੇ ਲੋਕ ਸ਼ਤਾਨ ਹਨ ਜਿਹੜੇ ਮਨੁੱਖ ਦੀ ਆਤਮਾ ਨੂੰ ਨਿਗਲਦੇ ਹਨ, ਇਹ ਉਹ ਸ਼ਤਾਨ ਹਨ ਜਿਹੜੇ ਉਨ੍ਹਾਂ ਲੋਕਾਂ ਦੇ ਰਾਹ ਵਿਚ ਜਾਣ-ਬੁੱਝ ਕੇ ਅੜਦੇ ਹਨ ਜਿਹੜੇ ਸਹੀ ਰਾਹ ’ਤੇ ਕਦਮ ਰੱਖਣ ਦਾ ਯਤਨ ਕਰ ਰਹੇ ਹਨ ਅਤੇ ਇਹ ਅੜਿੱਕੇ ਡਾਹ ਕੇ ਉਨ੍ਹਾਂ ਨੂੰ ਰੋਕਦੇ ਹਨ ਜਿਹੜੇ ਪਰਮੇਸ਼ੁਰ ਨੂੰ ਭਾਲਦੇ ਹਨ। ਵੇਖਣ ਨੂੰ ਉਹ “ਸਹੀ ਵਿਅਕਤੀ” ਲੱਗ ਸਕਦੇ ਹਨ, ਪਰ ਉਨ੍ਹਾਂ ਦੇ ਅਨੁਯਾਈ ਇਹ ਕਿਵੇਂ ਜਾਣਨ ਕਿ ਉਹ ਹੀ ਤਾਂ ਮਸੀਹ-ਵਿਰੋਧੀ ਹਨ ਜਿਨ੍ਹਾਂ ਨੇ ਲੋਕਾਂ ਨੂੰ ਪਰਮੇਸ਼ੁਰ ਵਿਰੁੱਧ ਖੜ੍ਹਾ ਕੀਤਾ? ਉਨ੍ਹਾਂ ਦੇ ਅਨੁਯਾਈ ਕਿਵੇਂ ਜਾਣਨ ਕਿ ਉਹ ਜੀਉਂਦੇ-ਜਾਗਦੇ ਸ਼ਤਾਨ ਹਨ ਜਿਹੜੇ ਮਨੁੱਖੀ ਆਤਮਾਵਾਂ ਨੂੰ ਨਿਗਲ ਜਾਣ ਦੇ ਕੰਮ ਵਿੱਚ ਜੁਟੇ ਹੋਏ ਹਨ? ਉਹ ਜਿਹੜੇ ਪਰਮੇਸ਼ੁਰ ਦੀ ਮੌਜੂਦਗੀ ਵਿਚ ਆਪਣੇ ਆਪ ਨੂੰ ਬੇਹੱਦ ਸਤਿਕਾਰਤ ਮੰਨਦੇ ਹਨ, ਮਨੁੱਖਾਂ ਵਿੱਚੋਂ ਸਭ ਤੋਂ ਵੱਧ ਘ੍ਰਿਣਾਯੋਗ ਹਨ, ਜਦਕਿ ਜਿਹੜੇ ਆਪਣੇ ਆਪ ਨੂੰ ਨਿਮਾਣੇ ਮੰਨਦੇ ਹਨ, ਉਹ ਸਭ ਤੋਂ ਸਤਿਕਾਰਤ ਹਨ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਪਰਮੇਸ਼ੁਰ ਦੇ ਕਾਰਜ ਨੂੰ ਜਾਣਦੇ ਹਨ ਅਤੇ ਜਿਹੜੇ ਦੂਜਿਆਂ ਅੱਗੇ ਧੂਮ-ਧੜੱਕੇ ਨਾਲ ਪਰਮੇਸ਼ੁਰ ਦੇ ਕਾਰਜ ਦਾ ਐਲਾਨ ਕਰਨ ਦੇ ਸਮਰੱਥ ਹਨ, ਭਾਵੇਂ ਉਹ ਸਿੱਧੇ ਉਸ ਵੱਲ ਵੇਖਦੇ ਹਨ-ਇਹ ਮਨੁੱਖਾਂ ਵਿੱਚੋਂ ਸਭ ਤੋਂ ਵੱਧ ਅਗਿਆਨੀ ਹਨ। ਅਜਿਹੇ ਲੋਕ ਪਰਮੇਸ਼ੁਰ ਦੀ ਗਵਾਹੀ ਤੋਂ ਵਾਂਝੇ ਹਨ, ਘਮੰਡੀ ਅਤੇ ਹਉਮੈ ਨਾਲ ਭਰੇ ਹੋਏ ਹਨ। ਉਹ ਜਿਹੜੇ ਮੰਨਦੇ ਹਨ ਕਿ ਉਹ ਪਰਮੇਸ਼ੁਰ ਬਾਰੇ ਬਹੁਤ ਘੱਟ ਗਿਆਨ ਰੱਖਦੇ ਹਨ ਭਾਵੇਂ ਉਨ੍ਹਾਂ ਕੋਲ ਉਸ ਬਾਰੇ ਅਸਲ ਅਨੁਭਵ ਅਤੇ ਵਿਹਾਰਕ ਗਿਆਨ ਹੈ, ਉਨ੍ਹਾਂ ਨੂੰ ਉਹ ਸਭ ਤੋਂ ਵੱਧ ਪਿਆਰ ਕਰਦਾ ਹੈ। ਸਿਰਫ਼ ਅਜਿਹੇ ਲੋਕਾਂ ਕੋਲ ਹੀ ਸੱਚੀ ਗਵਾਹੀ ਹੈ ਅਤੇ ਪਰਮੇਸ਼ੁਰ ਦੁਆਰਾ ਸੰਪੂਰਣ ਕੀਤੇ ਜਾਣ ਦੇ ਸੱਚਮੁੱਚ ਯੋਗ ਹਨ। ਉਹ ਜਿਹੜੇ ਪਰਮੇਸ਼ੁਰ ਦੀ ਇੱਛਾ ਨੂੰ ਨਹੀਂ ਸਮਝਦੇ, ਉਹ ਪਰਮੇਸ਼ੁਰ ਦੇ ਵਿਰੋਧੀ ਹਨ; ਉਹ ਜਿਹੜੇ ਪਰਮੇਸ਼ੁਰ ਦੀ ਇੱਛਾ ਨੂੰ ਸਮਝਦੇ ਹਨ ਅਤੇ ਫਿਰ ਵੀ ਸੱਚ ਨੂੰ ਅਮਲ ਵਿਚ ਨਹੀਂ ਲਿਆਉਂਦੇ, ਉਹ ਪਰਮੇਸ਼ੁਰ ਦੇ ਵਿਰੋਧੀ ਹਨ; ਉਹ ਜਿਹੜੇ ਪਰਮੇਸ਼ੁਰ ਦੇ ਵਚਨ ਨੂੰ ਖਾਂਦੇ ਅਤੇ ਪੀਂਦੇ ਹਨ ਅਤੇ ਫਿਰ ਵੀ ਪਰਮੇਸ਼ਰ ਦੇ ਵਚਨਾਂ ਦੀ ਵਾਸਤਵਿਕਤਾ ਵਿਰੁੱਧ ਜਾਂਦੇ ਹਨ, ਉਹ ਪਰਮੇਸ਼ੁਰ ਦੇ ਵਿਰੋਧੀ ਹਨ; ਉਹ ਜਿਹੜੇ ਦੇਹਧਾਰੀ ਪਰਮੇਸ਼ੁਰ ਬਾਰੇ ਧਾਰਨਾਵਾਂ ਰੱਖਦੇ ਹਨ ਅਤੇ ਇਸ ਤੋਂ ਇਲਾਵਾ ਵਿਦ੍ਰੋਹ ਵਿਚ ਗ਼ਲਤਾਨ ਹੋਣ ਦੀ ਸੋਚ ਰੱਖਦੇ ਹਨ, ਪਰਮੇਸ਼ੁਰ ਦੇ ਵਿਰੋਧੀ ਹਨ; ਉਹ ਜਿਹੜੇ ਪਰਮੇਸ਼ੁਰ ਬਾਰੇ ਨਿਆਂ ਕਰਦੇ ਹਨ, ਪਰਮੇਸ਼ੁਰ ਦੇ ਵਿਰੋਧੀ ਹਨ ਅਤੇ ਜੋ ਕੋਈ ਵੀ ਪਰਮੇਸ਼ੁਰ ਨੂੰ ਜਾਣਨ ਜਾਂ ਉਸ ਦਾ ਗਵਾਹ ਬਣਨ ਦੇ ਅਸਮਰੱਥ ਹੈ, ਪਰਮੇਸ਼ੁਰ ਦਾ ਵਿਰੋਧੀ ਹੈ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ: ਜੇ ਤੁਸੀਂ ਸੱਚਮੁੱਚ ਵਿਸ਼ਵਾਸ ਰੱਖਦੇ ਹੋ ਕਿ ਤੁਸੀਂ ਇਸ ਰਾਹ ’ਤੇ ਚੱਲ ਸਕਦੇ ਹੋ ਤਾਂ ਇਸ ’ਤੇ ਚੱਲਦੇ ਰਹੋ। ਪਰ ਜੇ ਤੁਸੀਂ ਪਰਮੇਸ਼ੁਰ ਦੀ ਵਿਰੋਧਤਾ ਕਰਨ ਤੋਂ ਬਚਣ ਦੇ ਅਸਮਰੱਥ ਹੋ ਤਾਂ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਚੰਗਾ ਹੋਵੇਗਾ ਕਿ ਤੁਸੀਂ ਪਿਛਾਂਹ ਹਟ ਜਾਓ, ਨਹੀਂ ਤਾਂ, ਤੁਹਾਡੇ ਲਈ ਹਾਲਾਤ ਬੇਹੱਦ ਖ਼ਰਾਬ ਹੋਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੈ, ਕਿਉਂਕਿ ਤੁਹਾਡਾ ਸੁਭਾਅ ਹੀ ਬੇਹੱਦ ਭ੍ਰਿਸ਼ਟ ਹੈ। ਚਾਹੇ ਗੱਲ ਇਮਾਨਦਾਰੀ ਜਾਂ ਆਗਿਆਕਾਰੀ ਦੀ ਹੋਵੇ ਜਾਂ ਹਿਰਦੇ ਦੀ ਜਿਹੜਾ ਧਾਰਮਿਕਤਾ ਅਤੇ ਸੱਚ ਲਈ ਤਾਂਘਦਾ ਹੈ ਜਾਂ ਪਰਮੇਸ਼ੁਰ ਲਈ ਪਿਆਰ ਦੀ, ਤੁਹਾਡੇ ਕੋਲ ਇਸ ਦਾ ਕਿਣਕਾ ਜਾਂ ਕਣ ਮਾਤਰ ਵੀ ਨਹੀਂ। ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਅੱਗੇ ਤੁਹਾਡੀ ਹਾਲਤ ਪੂਰੀ ਤਰ੍ਹਾਂ ਤਰਸਯੋਗ ਹੈ। ਤੁਹਾਨੂੰ ਜਿਸ ਗੱਲ ਉੱਤੇ ਕਾਇਮ ਰਹਿਣਾ ਚਾਹੀਦਾ ਹੈ ਉਸ ਉੱਤੇ ਤੁਸੀਂ ਕਾਇਮ ਨਹੀਂ ਰਹਿ ਸਕਦੇ ਅਤੇ ਉਹ ਕੁਝ ਕਹਿਣ ਦੇ ਅਸਮਰੱਥ ਹੋ ਜੋ ਕਿਹਾ ਜਾਣਾ ਚਾਹੀਦਾ ਹੈ। ਜੋ ਤੁਹਾਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ, ਤੁਸੀਂ ਅਮਲ ਵਿੱਚ ਲਿਆਉਣ ਵਿੱਚ ਅਸਫ਼ਲ ਰਹੇ ਹੋ ਅਤੇ ਉਹ ਕੰਮ ਜਿਹੜਾ ਤੁਹਾਨੂੰ ਪੂਰਾ ਕਰਨਾ ਚਾਹੀਦਾ ਹੈ, ਉਸ ਨੂੰ ਪੂਰਾ ਕਰਨ ਵਿਚ ਤੁਸੀਂ ਅਸਮਰੱਥ ਰਹੇ ਹੋ। ਤੁਹਾਡੇ ਅੰਦਰ ਵਫ਼ਾਦਾਰੀ, ਜ਼ਮੀਰ, ਆਗਿਆਕਾਰੀ ਜਾਂ ਨਿਸ਼ਚਾ ਨਹੀਂ ਹੈ ਜਿਹੜਾ ਹੋਣਾ ਚਾਹੀਦਾ ਹੈ। ਤੁਸੀਂ ਉਹ ਦੁੱਖ ਨਹੀਂ ਝੱਲਿਆ ਜਿਸ ਨੂੰ ਝੱਲਣ ਦਾ ਤੁਹਾਡਾ ਫ਼ਰਜ਼ ਬਣਦਾ ਹੈ ਅਤੇ ਤੁਹਾਡੇ ਅੰਦਰ ਉਹ ਵਿਸ਼ਵਾਸ ਨਹੀਂ ਹੈ ਜਿਹੜਾ ਹੋਣਾ ਚਾਹੀਦਾ ਹੈ। ਬਿਲਕੁਲ ਸਧਾਰਣ ਸ਼ਬਦਾਂ ਵਿਚ ਕਹੀਏ ਤਾਂ ਤੁਸੀਂ ਕਿਸੇ ਵੀ ਗੁਣ ਤੋਂ ਪੂਰੀ ਤਰ੍ਹਾਂ ਵਾਂਝੇ ਹੋ। ਕੀ ਤੁਹਾਨੂੰ ਜੀਉਂਦੇ ਰਹਿੰਦਿਆਂ ਸ਼ਰਮ ਨਹੀਂ ਆਉਂਦੀ? ਮੈਂ ਤੁਹਾਨੂੰ ਯਕੀਨ ਦਿਵਾਵਾਂ ਕਿ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਤੁਸੀਂ ਅੱਖਾਂ ਬੰਦ ਕਰਕੇ ਸਦੀਵੀ ਅਰਾਮ ਵਿੱਚ ਚਲੇ ਜਾਓ, ਇਸ ਤਰ੍ਹਾਂ ਪਰਮੇਸ਼ੁਰ ਤੁਹਾਡੇ ਕਾਰਨ ਚਿੰਤਾ ਕਰਨ ਅਤੇ ਤੁਹਾਡੇ ਖ਼ਾਤਰ ਦੁੱਖ ਝੱਲਣ ਤੋਂ ਬਚ ਜਾਵੇਗਾ। ਤੁਸੀਂ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦੇ ਹੋ ਪਰ ਫਿਰ ਵੀ ਉਸ ਦੀ ਇੱਛਾ ਨੂੰ ਨਹੀਂ ਜਾਣਦੇ; ਤੁਸੀਂ ਪਰਮੇਸ਼ੁਰ ਦੇ ਵਚਨ ਨੂੰ ਖਾਂਦੇ ਅਤੇ ਪੀਂਦੇ ਹੋ ਅਤੇ ਫਿਰ ਵੀ ਉਸ ’ਤੇ ਪੂਰਾ ਉਤਰਨ ਦੇ ਅਸਮਰੱਥ ਹੋ ਜੋ ਪਰਮੇਸ਼ੁਰ ਮਨੁੱਖ ਕੋਲੋਂ ਮੰਗ ਕਰਦਾ ਹੈ। ਤੁਸੀਂ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦੇ ਹੋ ਅਤੇ ਫਿਰ ਵੀ ਉਸ ਨੂੰ ਨਹੀਂ ਜਾਣਦੇ ਅਤੇ ਤੁਸੀਂ ਬਿਨਾਂ ਕਿਸੇ ਟੀਚੇ ਜਿਸ ਲਈ ਘਾਲਣਾ ਕੀਤੀ ਜਾਵੇ, ਬਿਨਾਂ ਕਦਰਾਂ-ਕੀਮਤਾਂ ਅਤੇ ਬਿਨਾਂ ਕਿਸੇ ਅਰਥ ਤੋਂ ਜੀਉਂਦੇ ਹੋ। ਤੁਸੀਂ ਇੱਕ ਮਨੁੱਖ ਦੇ ਰੂਪ ਵਿੱਚ ਜੀਉਂਦੇ ਹੋ ਪਰ ਫਿਰ ਵੀ ਤੁਹਾਡੇ ਕੋਲ ਥੋੜ੍ਹਾ ਜਿਹਾ ਵੀ ਜ਼ਮੀਰ, ਦਿਆਨਤਦਾਰੀ ਜਾਂ ਵਿਸ਼ਵਾਸਯੋਗਤਾ ਨਹੀਂ-ਕੀ ਤੁਸੀਂ ਹਾਲੇ ਵੀ ਆਪਣੇ ਆਪ ਨੂੰ ਮਨੁੱਖ ਕਹਿ ਸਕਦੇ ਹੋ? ਤੁਸੀਂ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦੇ ਹੋ ਪਰ ਫਿਰ ਵੀ ਉਸ ਨੂੰ ਧੋਖਾ ਦਿੰਦੇ ਹੋ; ਹੋਰ ਤਾਂ ਹੋਰ, ਤੁਸੀਂ ਪਰਮੇਸ਼ੁਰ ਦਾ ਪੈਸਾ ਲੈਂਦੇ ਹੋ ਅਤੇ ਉਸ ਲਈ ਚੜ੍ਹਾਇਆ ਚੜ੍ਹਾਵਾ ਛੱਕ ਜਾਂਦੇ ਹੋ। ਫਿਰ ਵੀ, ਅੰਤ ਵਿਚ ਤੁਸੀਂ ਪਰਮੇਸ਼ੁਰ ਦੀਆਂ ਭਾਵਨਾਵਾਂ ਦਾ ਥੋੜ੍ਹਾ ਜਿਹਾ ਵੀ ਖ਼ਿਆਲ ਰੱਖਣ ਜਾਂ ਉਸ ਪ੍ਰਤੀ ਥੋੜ੍ਹਾ ਜਿਹਾ ਵੀ ਜ਼ਮੀਰ ਵਿਖਾਉਣ ਵਿੱਚ ਅਸਫ਼ਲ ਰਹਿੰਦੇ ਹੋ। ਤੁਸੀਂ ਤਾਂ ਪਰਮੇਸ਼ੁਰ ਦੀਆਂ ਬੇਹੱਦ ਤੁੱਛ ਜਿਹੀਆਂ ਮੰਗਾਂ ਵੀ ਪੂਰੀਆਂ ਨਹੀਂ ਕਰ ਸਕਦੇ। ਕੀ ਤੁਸੀਂ ਹਾਲੇ ਵੀ ਆਪਣੇ ਆਪ ਨੂੰ ਮਨੁੱਖ ਕਹਾ ਸਕਦੇ ਹੋ? ਤੁਸੀਂ ਉਸ ਦਾ ਦਿੱਤਾ ਖਾਣਾ ਖਾਂਦੇ ਹੋ ਅਤੇ ਉਸ ਦੀ ਦਿੱਤੀ ਆਕਸੀਜਨ ਨਾਲ ਸਾਹ ਲੈਂਦੇ ਹੋ, ਉਸ ਦੀ ਦਿੱਤੀ ਕਿਰਪਾ ਦਾ ਆਨੰਦ ਮਾਣਦੇ ਹੋ, ਫਿਰ ਵੀ ਅੰਤ ਵਿਚ ਤੁਸੀਂ ਪਰਮੇਸ਼ੁਰ ਬਾਰੇ ਥੋੜ੍ਹਾ ਜਿਹਾ ਵੀ ਗਿਆਨ ਨਹੀਂ ਰੱਖਦੇ। ਇਸ ਦੇ ਉਲਟ, ਤੁਸੀਂ ਨਿਕੰਮੇ ਬਣ ਗਏ ਹੋ ਜਿਹੜੇ ਪਰਮੇਸ਼ੁਰ ਦੀ ਵਿਰੋਧਤਾ ਕਰਦੇ ਹਨ। ਕੀ ਇਹ ਗੱਲ ਤੁਹਾਨੂੰ ਇਕ ਕੁੱਤੇ ਨਾਲੋਂ ਵੀ ਹੇਠਲਾ ਜਾਨਵਰ ਨਹੀਂ ਬਣਾਉਂਦੀ। ਜਾਨਵਰਾਂ ਵਿੱਚੋਂ ਕੋਈ ਅਜਿਹਾ ਹੈ ਜਿਹੜਾ ਤੁਹਾਡੇ ਨਾਲੋਂ ਵਧੇਰੇ ਦੋਖੀ ਹੋਵੇ?

ਉਹ ਪਾਸਬਾਨ ਅਤੇ ਵਡੇਰੇ ਜਿਹੜੇ ਉੱਚੇ ਪੁਲਪਿਟ ’ਤੇ ਖੜ੍ਹੇ ਹੋ ਕੇ ਦੂਜਿਆਂ ਨੂੰ ਸਿੱਖਿਆਵਾਂ ਦਿੰਦੇ ਹਨ, ਪਰਮੇਸ਼ੁਰ ਦੇ ਵਿਰੋਧੀ ਹਨ ਅਤੇ ਸ਼ਤਾਨ ਦੇ ਸਾਥੀ ਹਨ; ਕੀ ਤੁਹਾਡੇ ਵਿੱਚੋਂ ਉਹ ਜਿਹੜੇ ਦੂਜਿਆਂ ਨੂੰ ਸਿੱਖਿਆਵਾਂ ਦਿੰਦੇ ਉੱਚੇ ਪੁਲਪਿਟ ’ਤੇ ਨਹੀਂ ਖਲੋਂਦੇ, ਪਰਮੇਸ਼ੁਰ ਦੇ ਹੋਰ ਵੀ ਜ਼ਿਆਦਾ ਵਿਰੋਧੀ ਹੋਣਗੇ? ਕੀ ਤੁਸੀਂ ਸ਼ਤਾਨ ਨਾਲ ਉਨ੍ਹਾਂ ਨਾਲੋਂ ਵੀ ਜ਼ਿਆਦਾ ਮਿਲੇ ਹੋਏ ਨਹੀਂ ਹੋ? ਜਿਹੜੇ ਪਰਮੇਸ਼ੁਰ ਦੇ ਕਾਰਜ ਦੇ ਉਦੇਸ਼ ਨੂੰ ਨਹੀਂ ਸਮਝਦੇ, ਉਹ ਨਹੀਂ ਜਾਣਦੇ ਕਿ ਪਰਮੇਸ਼ੁਰ ਦੀ ਇੱਛਾ ਦੇ ਅਨੁਕੂਲ ਕਿਵੇਂ ਹੋਣਾ ਹੈ। ਯਕੀਨਨ ਹੀ, ਇਹ ਨਹੀਂ ਹੋ ਸਕਦਾ ਕਿ ਉਹ ਜਿਹੜੇ ਉਸ ਦੇ ਕਾਰਜ ਦੇ ਉਦੇਸ਼ ਨੂੰ ਨਹੀਂ ਸਮਝਦੇ, ਇਹ ਨਹੀਂ ਜਾਣਨਗੇ ਕਿ ਪਰਮੇਸ਼ੁਰ ਦੀ ਇੱਛਾ ਦੇ ਅਨੁਕੂਲ ਕਿਵੇਂ ਹੋਣਾ ਹੈ। ਪਰਮੇਸ਼ੁਰ ਦਾ ਕਾਰਜ ਕਦੇ ਵੀ ਗ਼ਲਤੀ ਨਾਲ ਨਹੀਂ ਹੁੰਦਾ, ਸਗੋਂ ਇਹ ਮਨੁੱਖ ਦਾ ਕੰਮ ਹੈ ਜਿਹੜਾ ਨੁਕਸਦਾਰ ਹੁੰਦਾ ਹੈ। ਕੀ ਉਹ ਭ੍ਰਿਸ਼ਟ ਜਿਹੜੇ ਪਰਮੇਸ਼ੁਰ ਦਾ ਜਾਣ-ਬੁੱਝ ਕੇ ਵਿਰੋਧ ਕਰਦੇ ਹਨ, ਉਨ੍ਹਾਂ ਪਾਸਬਾਨਾਂ ਅਤੇ ਵਡੇਰਿਆਂ ਨਾਲੋਂ ਹੋਰ ਵੀ ਭੈੜੇ ਅਤੇ ਦੋਖੀ ਨਹੀਂ ਹਨ? ਕਈ ਉਹ ਹਨ ਜਿਹੜੇ ਪਰਮੇਸ਼ੁਰ ਦੀ ਵਿਰੋਧਤਾ ਕਰਦੇ ਹਨ, ਪਰ ਉਨ੍ਹਾਂ ਵਿੱਚੋਂ ਵੀ ਕਈ ਵੱਖੋ-ਵੱਖਰੇ ਢੰਗ-ਤਰੀਕੇ ਹਨ ਜਿਨ੍ਹਾਂ ਨਾਲ ਉਹ ਪਰਮੇਸ਼ੁਰ ਦੀ ਵਿਰੋਧਤਾ ਕਰਦੇ ਹਨ। ਜਿਵੇਂ ਵਿਸ਼ਵਾਸੀਆਂ ਦੀਆਂ ਕਈ ਵੱਖੋ-ਵੱਖਰੀਆਂ ਕਿਸਮਾਂ ਹਨ, ਤਿਵੇਂ ਹੀ ਉਨ੍ਹਾਂ ਦੀਆਂ ਵੀ ਕਈ ਵੱਖੋ-ਵੱਖਰੀਆਂ ਕਿਸਮਾਂ ਹਨ ਜਿਹੜੇ ਪਰਮੇਸ਼ੁਰ ਦੀ ਵਿਰੋਧਤਾ ਕਰਦੇ ਹਨ, ਹਰ ਕੋਈ ਦੂਜੇ ਤੋਂ ਉਲਟ। ਉਨ੍ਹਾਂ ਵਿੱਚੋਂ ਕਿਸੇ ਇਕ ਨੂੰ ਵੀ ਨਹੀਂ ਬਚਾਇਆ ਜਾ ਸਕਦਾ ਜਿਹੜੇ ਪਰਮੇਸ਼ੁਰ ਦੇ ਕਾਰਜ ਦੇ ਉਦੇਸ਼ ਨੂੰ ਸਪੱਸ਼ਟ ਰੂਪ ਵਿੱਚ ਸਮਝਣ ਵਿੱਚ ਅਸਫ਼ਲ ਰਹਿੰਦੇ ਹਨ। ਚਾਹੇ ਮਨੁੱਖ ਨੇ ਅਤੀਤ ਕਾਲ ਵਿਚ ਪਰਮੇਸ਼ੁਰ ਦੀ ਕਿਸੇ ਤਰ੍ਹਾਂ ਵੀ ਵਿਰੋਧਤਾ ਕੀਤੀ ਹੋਵੇ, ਪਰ ਜਦ ਮਨੁੱਖ ਪਰਮੇਸ਼ੁਰ ਦੇ ਕਾਰਜ ਦੇ ਉਦੇਸ਼ ਨੂੰ ਸਮਝ ਜਾਂਦਾ ਹੈ ਅਤੇ ਆਪਣੇ ਯਤਨਾਂ ਨੂੰ ਉਸ ਨੂੰ ਸੰਤੁਸ਼ਟ ਕਰਨ ਲਈ ਸਮਰਪਿਤ ਕਰਦਾ ਹੈ ਤਾਂ ਪਰਮੇਸ਼ੁਰ ਉਸ ਦੇ ਸਾਰੇ ਪੁਰਾਣੇ ਪਾਪ ਧੋ ਦੇਵੇਗਾ। ਜਦ ਤਕ ਮਨੁੱਖ ਸੱਚ ਦੀ ਭਾਲ ਕਰਦਾ ਹੈ ਅਤੇ ਸੱਚ ਨੂੰ ਅਮਲ ਵਿਚ ਲਿਆਉਂਦਾ ਹੈ, ਪਰਮੇਸ਼ੁਰ ਉਸ ਦੇ ਕੀਤੇ ਕੰਮਾਂ ਨੂੰ ਮਨ ਵਿਚ ਨਹੀਂ ਰੱਖੇਗਾ। ਇਸ ਤੋਂ ਇਲਾਵਾ, ਮਨੁੱਖ ਦੁਆਰਾ ਕੀਤੇ ਸੱਚ ਦੇ ਅਮਲ ਦੇ ਆਧਾਰ 'ਤੇ ਹੀ ਪਰਮੇਸ਼ੁਰ ਉਸ ਨੂੰ ਧਰਮੀ ਠਹਿਰਾਉਂਦਾ ਹੈ। ਇਹ ਪਰਮੇਸ਼ੁਰ ਦੀ ਧਾਰਮਿਕਤਾ ਹੈ। ਪਹਿਲਾਂ ਮਨੁੱਖ ਨੇ ਪਰਮੇਸ਼ੁਰ ਨੂੰ ਵੇਖਿਆ ਹੈ ਜਾਂ ਉਸ ਦੇ ਕਾਰਜ ਦਾ ਅਨੁਭਵ ਕੀਤਾ ਹੈ, ਚਾਹੇ ਉਹ ਕਿਸ ਤਰ੍ਹਾਂ ਵੀ ਪਰਮੇਸ਼ੁਰ ਪ੍ਰਤੀ ਵਿਹਾਰ ਕਰਦਾ ਹੈ, ਪਰਮੇਸ਼ੁਰ ਇਨ੍ਹਾਂ ਗੱਲਾਂ ਨੂੰ ਯਾਦ ਨਹੀਂ ਰੱਖਦਾ। ਪਰ ਜਦ ਉਸ ਨੇ ਪਰਮੇਸ਼ੁਰ ਨੂੰ ਵੇਖ ਲਿਆ ਹੈ ਜਾਂ ਉਸ ਦੇ ਕਾਰਜ ਦਾ ਅਨੁਭਵ ਕਰ ਲਿਆ ਹੈ ਤਾਂ ਪਰਮੇਸ਼ੁਰ ਦੁਆਰਾ ਮਨੁੱਖ ਦੇ ਸਾਰੇ ਕੰਮ ਅਤੇ ਕਿਰਿਆਵਾਂ “ਲਿਖਤਾਂ” ਵਿੱਚ ਦਰਜ ਕਰ ਦਿੱਤੀਆਂ ਜਾਣਗੀਆਂ, ਕਿਉਂਕਿ ਮਨੁੱਖ ਨੇ ਪਰਮੇਸ਼ੁਰ ਨੂੰ ਵੇਖ ਲਿਆ ਹੈ ਅਤੇ ਉਸ ਦੇ ਕਾਰਜ ਵਿਚਾਲੇ ਜੀਵਿਆ ਹੈ।

ਜਦ ਮਨੁੱਖ ਨੇ ਸੱਚਮੁੱਚ ਵੇਖ ਲਿਆ ਹੈ ਕਿ ਪਰਮੇਸ਼ਰ ਕੋਲ ਕੀ ਹੈ ਅਤੇ ਉਹ ਕੀ ਹੈ, ਜਦ ਉਸ ਨੇ ਉਸ ਦੀ ਸਰਬ-ਉੱਚਤਾ ਵੇਖ ਲਈ ਹੈ ਅਤੇ ਜਦ ਉਹ ਸੱਚਮੁੱਚ ਪਰਮੇਸ਼ੁਰ ਦੇ ਕਾਰਜ ਨੂੰ ਜਾਣ ਗਿਆ ਹੈ ਅਤੇ ਇਸ ਤੋਂ ਇਲਾਵਾ, ਜਦ ਮਨੁੱਖ ਦਾ ਪੁਰਾਣਾ ਸੁਭਾਅ ਬਦਲ ਗਿਆ ਹੈ, ਤਦ ਮਨੁੱਖ ਆਪਣਾ ਵਿਦ੍ਰੋਹੀ ਸੁਭਾਅ ਪੂਰੀ ਤਰ੍ਹਾਂ ਤਿਆਗ ਦੇਵੇਗਾ ਜਿਹੜਾ ਪਰਮੇਸ਼ੁਰ ਦੀ ਵਿਰੋਧਤਾ ਕਰਦਾ ਹੈ। ਕਿਹਾ ਜਾ ਸਕਦਾ ਹੈ ਕਿ ਹਰ ਕਿਸੇ ਨੇ ਕਦੇ ਨਾ ਕਦੇ ਪਰਮੇਸ਼ੁਰ ਦੀ ਵਿਰੋਧਤਾ ਕੀਤੀ ਹੈ ਅਤੇ ਹਰ ਕਿਸੇ ਨੇ ਕਦੇ ਨਾ ਕਦੇ ਪਰਮੇਸ਼ੁਰ ਵਿਰੁੱਧ ਵਿਦ੍ਰੋਹ ਕੀਤਾ ਹੈ ਪਰ ਜੇ ਤੂੰ ਇੱਛਾ ਨਾਲ ਦੇਹਧਾਰੀ ਪਰਮੇਸ਼ੁਰ ਦੀ ਆਗਿਆਕਾਰੀ ਕਰਦਾ ਹੈਂ ਅਤੇ ਇਸੇ ਬਿੰਦੂ ਤੋਂ ਆਪਣੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਹਿਰਦੇ ਨੂੰ ਸੰਤੁਸ਼ਟ ਕਰਦਾ ਹੈਂ, ਸੱਚ ਨੂੰ ਅਮਲ ਵਿੱਚ ਲਿਆਉਂਦਾ ਹੈਂ ਜੋ ਤੈਨੂੰ ਕਰਨਾ ਚਾਹੀਦਾ ਹੈ, ਆਪਣਾ ਬਣਦਾ ਫ਼ਰਜ਼ ਨਿਭਾਉਂਦਾ ਹੈਂ ਤੇ ਨਿਯਮਾਂ ਦੀ ਪਾਲਣਾ ਕਰਦਾ ਹੈਂ ਜਿਹੜੀ ਕਰਨੀ ਚਾਹੀਦੀ ਹੈ, ਤਦ ਤੂੰ ਉਹ ਹੈਂ ਜੋ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਲਈ ਆਪਣੇ ਵਿਦ੍ਰੋਹ ਦਾ ਤਿਆਗ ਕਰਨਾ ਚਾਹ ਰਿਹਾ ਹੈਂ ਅਤੇ ਉਹ ਹੈਂ ਜਿਸ ਨੂੰ ਪਰਮੇਸ਼ੁਰ ਦੁਆਰਾ ਸੰਪੂਰਣ ਕੀਤਾ ਜਾ ਸਕਦਾ ਹੈ। ਕੀ ਤੈਨੂੰ ਜ਼ਿੱਦੀ ਬਣ ਕੇ ਆਪਣੀਆਂ ਗ਼ਲਤੀਆਂ ਵੇਖਣ ਤੋਂ ਇਨਕਾਰ ਕਰਨਾ ਚਾਹੀਦਾ ਹੈ ਅਤੇ ਕੀ ਤੇਰਾ ਪਸ਼ਚਾਤਾਪ ਕਰਨ ਦਾ ਕੋਈ ਇਰਾਦਾ ਨਹੀਂ ਹੈ, ਕੀ ਤੈਨੂੰ ਪਰਮੇਸ਼ੁਰ ਨਾਲ ਸਹਿਯੋਗ ਕਰਨ ਅਤੇ ਉਸ ਨੂੰ ਸੰਤੁਸ਼ਟ ਕਰਨ ਦੇ ਥੋੜ੍ਹੇ ਜਿਹੇ ਵੀ ਇਰਾਦੇ ਬਿਨਾਂ ਆਪਣੇ ਵਿਦ੍ਰੋਹੀ ਵਿਹਾਰ ਵਿਚ ਲੱਗਾ ਰਹਿਣਾ ਚਾਹੀਦਾ ਹੈ, ਤਦ ਤੇਰੇ ਵਰਗੇ ਢੀਠ ਅਤੇ ਕੱਟੜ ਮਨੁੱਖ ਨੂੰ ਨਿਸ਼ਚੇ ਹੀ ਸਜ਼ਾ ਦਿਤੀ ਜਾਵੇਗੀ ਅਤੇ ਤੈਨੂੰ ਪਰਮੇਸ਼ੁਰ ਦੁਆਰਾ ਨਿਸ਼ਚੇ ਹੀ ਕਦੇ ਵੀ ਸੰਪੂਰਣ ਨਹੀਂ ਕੀਤਾ ਜਾਵੇਗਾ। ਅਜਿਹਾ ਹੋਣ ਨਾਤੇ ਤੂੰ ਅੱਜ ਪਰਮੇਸ਼ੁਰ ਦਾ ਦੁਸ਼ਮਣ ਹੈਂ ਅਤੇ ਭਲਕੇ ਵੀ ਤੂੰ ਪਰਮੇਸ਼ਰ ਦਾ ਦੁਸ਼ਮਣ ਹੋਵੇਂਗਾ ਅਤੇ ਉਸ ਤੋਂ ਅਗਲੇ ਦਿਨ ਵੀ ਪਰਮੇਸ਼ੁਰ ਦਾ ਦੁਸ਼ਮਣ ਹੀ ਰਹੇਂਗਾ। ਤੂੰ ਹਮੇਸ਼ਾ ਹੀ ਪਰਮੇਸ਼ੁਰ ਦਾ ਵਿਰੋਧੀ ਅਤੇ ਪਰਮੇਸ਼ੁਰ ਦਾ ਦੁਸ਼ਮਣ ਰਹੇਂਗਾ। ਇਸ ਸਥਿਤੀ ਵਿਚ, ਪਰਮੇਸ਼ੁਰ ਤੈਨੂੰ ਕਿਵੇਂ ਮੁਕਤ ਕਰ ਸਕਦਾ ਹੈ? ਪਰਮੇਸ਼ੁਰ ਦੀ ਵਿਰੋਧਤਾ ਕਰਨਾ ਮਨੁੱਖ ਦੇ ਸੁਭਾਅ ਵਿੱਚ ਹੈ ਪਰ ਸਿਰਫ਼ ਇਸ ਕਰਕੇ ਕਿ ਉਸ ਦੇ ਸੁਭਾਅ ਦਾ ਬਦਲਣਾ ਬਹੁਤ ਵੱਡਾ ਕੰਮ ਹੈ, ਮਨੁੱਖ ਨੂੰ ਮਿੱਥ ਕੇ ਪਰਮੇਸ਼ੁਰ ਦੀ ਵਿਰੋਧਤਾ ਕਰਨ ਦਾ “ਭੇਦ” ਨਹੀਂ ਭਾਲਣਾ ਚਾਹੀਦਾ। ਜੇ ਅਜਿਹਾ ਹੋਵੇ ਤਾਂ ਚੰਗਾ ਹੋਵੇਗਾ ਕਿ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ, ਤੂੰ ਪਿਛਾਂਹ ਹਟ ਜਾ, ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਭਵਿੱਖ ਵਿਚ ਤੇਰੀ ਤਾੜਨਾ ਹੋਰ ਸਖ਼ਤ ਹੋ ਜਾਵੇ ਅਤੇ ਤੇਰਾ ਵਹਿਸ਼ੀ ਸੁਭਾਅ ਪ੍ਰਗਟ ਹੋ ਜਾਵੇ ਅਤੇ ਬੇਕਾਬੂ ਹੋ ਜਾਵੇ, ਜਦ ਤਕ ਕਿ ਅੰਤ ਵਿਚ ਤੇਰੇ ਜੀਉਂਦੇ ਸਰੀਰ ਨੂੰ ਪਰਮੇਸ਼ੁਰ ਦੁਆਰਾ ਖ਼ਤਮ ਨਹੀਂ ਕਰ ਦਿੱਤਾ ਜਾਂਦਾ। ਤੂੰ ਬਰਕਤਾਂ ਲੈਣ ਲਈ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦਾ ਹੈਂ; ਪਰ ਜੇ ਅੰਤ ਵਿਚ ਤੇਰੇ ਉੱਤੇ ਕੋਈ ਬਦਨਸੀਬੀ ਹੀ ਆ ਪੈਂਦੀ ਹੈ ਤਾਂ ਕੀ ਇਹ ਸ਼ਰਮ ਵਾਲੀ ਗੱਲ ਨਹੀਂ ਹੋਵੇਗੀ? ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਬਿਹਤਰ ਹੋਵੇ ਜੇ ਤੁਸੀਂ ਕੋਈ ਹੋਰ ਯੋਜਨਾ ਬਣਾ ਲਓ। ਕੋਈ ਵੀ ਕੰਮ ਜਿਹੜਾ ਤੁਸੀਂ ਕਰ ਸਕਦੇ ਹੋ, ਪਰਮੇਸ਼ੁਰ ਵਿਚ ਵਿਸ਼ਵਾਸ ਰੱਖਣ ਨਾਲੋਂ ਬਿਹਤਰ ਹੋਵੇਗਾ: ਯਕੀਨਨ ਇਹ ਨਹੀਂ ਹੋ ਸਕਦਾ ਕਿ ਸਿਰਫ਼ ਇਹੋ ਇਕਲੌਤਾ ਰਾਹ ਹੈ। ਕੀ ਤੁਸੀਂ ਜੀਉਂਦੇ ਨਹੀਂ ਰਹਿ ਸਕੋਗੇ ਜੇ ਤੁਸੀਂ ਸੱਚ ਨਾ ਭਾਲਿਆ? ਤੁਹਾਨੂੰ ਇਸ ਤਰ੍ਹਾਂ ਪਰਮੇਸ਼ੁਰ ਨਾਲ ਵਿਰੋਧ ਵਿੱਚ ਕਿਉਂ ਰਹਿਣਾ ਚਾਹੀਦਾ ਹੈ?

ਪਿਛਲਾ: ਇੱਕ ਨਾ-ਬਦਲਣ ਵਾਲੇ ਸੁਭਾਅ ਦਾ ਹੋਣਾ ਪਰਮੇਸ਼ੁਰ ਨਾਲ ਦੁਸ਼ਮਣੀ ਹੋਣਾ ਹੈ

ਅਗਲਾ: ਪਰਮੇਸ਼ੁਰ ਦੇ ਕੰਮ ਦਾ ਦਰਸ਼ਣ (1)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ