ਕੀ ਤ੍ਰਿਏਕ ਦੀ ਹੋਂਦ ਹੈ?

ਜਦੋਂ ਯਿਸੂ ਦੇ ਸਰੀਰ ਧਾਰਨ ਕਰਨ ਦਾ ਸੱਚ ਹੋਂਦ ਵਿੱਚ ਆਇਆ, ਤਾਂ ਮਨੁੱਖ ਨੇ ਇਸ ’ਤੇ ਵਿਸ਼ਵਾਸ ਕੀਤਾ: ਸਿਰਫ਼ ਪਿਤਾ ਹੀ ਸਵਰਗ ਵਿੱਚ ਨਹੀਂ, ਬਲਕਿ ਪੁੱਤਰ, ਅਤੇ ਆਤਮਾ ਵੀ ਸਵਰਗ ਵਿੱਚ ਹੈ। ਇਹ ਮਨੁੱਖ ਦੀ ਰਵਾਇਤੀ ਧਾਰਣਾ ਹੈ ਕਿ ਸਵਰਗ ਵਿੱਚ ਇਸ ਤਰ੍ਹਾਂ ਦਾ ਇੱਕ ਪਰਮੇਸ਼ੁਰ ਹੈ: ਇੱਕ ਤ੍ਰੈਪੱਖੀ ਪਰਮੇਸ਼ੁਰ ਜਿਹੜਾ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਹੈ। ਸਾਰੀ ਮਨੁੱਖਜਾਤੀ ਕੋਲ ਇਹ ਧਾਰਣਾਵਾਂ ਹਨ: ਪਰਮੇਸ਼ੁਰ ਇੱਕ ਪਰਮੇਸ਼ੁਰ ਹੈ, ਪਰ ਤਿੰਨ ਹਿੱਸਿਆਂ ਤੋਂ ਬਣਿਆ ਹੈ, ਜਿਨ੍ਹਾਂ ਨੂੰ ਰਵਾਇਤੀ ਧਾਰਣਾਵਾਂ ਵਿੱਚ ਬੁਰੀ ਤਰ੍ਹਾਂ ਨਾਲ ਜਕੜੇ ਸਭ ਲੋਕ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਸਮਝਦੇ ਹਨ। ਸਿਰਫ਼ ਉਨ੍ਹਾਂ ਤਿੰਨਾਂ ਹਿੱਸਿਆਂ ਨੂੰ ਮਿਲਾ ਕੇ ਇੱਕ ਬਣਾਇਆ ਗਿਆ ਹੀ ਸੰਪੂਰਨ ਪਰਮੇਸ਼ੁਰ ਹੈ। ਪਵਿੱਤਰ ਪਿਤਾ ਤੋਂ ਬਗੈਰ, ਪਰਮੇਸ਼ੁਰ ਸੰਪੂਰਨ ਨਹੀਂ ਹੁੰਦਾ। ਇਸੇ ਤਰ੍ਹਾਂ, ਪੁੱਤਰ ਜਾਂ ਪਵਿੱਤਰ ਆਤਮਾ ਤੋਂ ਬਗੈਰ ਵੀ ਪਰਮੇਸ਼ੁਰ ਸੰਪੂਰਨ ਨਹੀਂ ਹੁੰਦਾ। ਉਨ੍ਹਾਂ ਦੀਆਂ ਧਾਰਣਾਵਾਂ ਵਿੱਚ, ਉਹ ਵਿਸ਼ਵਾਸ ਕਰਦੇ ਹਨ ਕਿ ਇਕੱਲੇ ਪਿਤਾ ਜਾਂ ਇੱਕਲੇ ਪੁੱਤਰ ਨੂੰ ਹੀ ਪਰਮੇਸ਼ੁਰ ਨਹੀਂ ਮੰਨਿਆ ਜਾ ਸਕਦਾ। ਸਿਰਫ਼ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਇਕੱਠਿਆਂ ਨੂੰ ਹੀ ਖੁਦ ਪਰਮੇਸ਼ੁਰ ਮੰਨਿਆ ਜਾ ਸਕਦਾ ਹੈ। ਹੁਣ, ਸਾਰੇ ਧਾਰਮਿਕ ਵਿਸ਼ਵਾਸੀਆਂ, ਅਤੇ ਇੱਥੋਂ ਤਕ ਕਿ ਤੁਹਾਡੇ ਵਿੱਚੋਂ ਵੀ ਹਰੇਕ ਅਨੁਯਾਈ, ਦਾ ਇਹੀ ਵਿਸ਼ਵਾਸ ਹੈ। ਫਿਰ ਵੀ, ਜਿੱਥੋਂ ਤਕ ਇਸ ਦਾ ਸੰਬੰਧ ਹੈ ਕਿ ਕੀ ਇਹ ਵਿਸ਼ਵਾਸ ਸਹੀ ਹੈ, ਤਾਂ ਇਸ ਦੀ ਵਿਆਖਿਆ ਕੋਈ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਹਮੇਸ਼ਾ ਖੁਦ ਪਰਮੇਸ਼ੁਰ ਦੇ ਮਾਮਲਿਆਂ ਬਾਰੇ ਭੰਬਲਭੂਸੇ ਦੀ ਧੁੰਦ ਵਿੱਚ ਗੁਆਚੇ ਰਹਿੰਦੇ ਹੋ। ਹਾਲਾਂਕਿ ਇਹ ਧਾਰਣਾਵਾਂ ਹਨ, ਪਰ ਤੁਸੀਂ ਇਹ ਨਹੀਂ ਜਾਣਦੇ ਕਿ ਇਹ ਸਹੀ ਹਨ ਜਾਂ ਗਲਤ, ਕਿਉਂਕਿ ਤੁਸੀਂ ਧਾਰਮਿਕ ਧਾਰਣਾਵਾਂ ਨਾਲ ਅਤਿਅੰਤ ਬੁਰੀ ਤਰ੍ਹਾਂ ਨਾਲ ਦੂਸ਼ਿਤ ਹੋ ਚੁੱਕੇ ਹੋ। ਤੁਸੀਂ ਧਰਮ ਦੀਆਂ ਇਨ੍ਹਾਂ ਰਵਾਇਤੀ ਧਾਰਣਾਵਾਂ ਨੂੰ ਬਹੁਤ ਹੀ ਡੂੰਘਾਈ ਨਾਲ ਸਵੀਕਾਰ ਕਰ ਲਿਆ ਹੈ, ਅਤੇ ਇਹ ਜ਼ਹਿਰ ਤੁਹਾਡੇ ਅੰਦਰ ਬਹੁਤ ਹੀ ਡੂੰਘਾਈ ਤਕ ਰਿਸ ਚੁੱਕਿਆ ਹੈ। ਇਸ ਲਈ, ਇਸ ਮਾਮਲੇ ਵਿੱਚ, ਕੀ ਤੁਸੀਂ ਵੀ ਇਸ ਘਾਤਕ ਪ੍ਰਭਾਵ ਦੇ ਸ਼ਿਕਾਰ ਹੋਏ ਹੋ, ਕਿਉਂਕਿ ਤ੍ਰੈਪੱਖੀ ਪਰਮੇਸ਼ੁਰ ਬਿਲਕੁਲ ਹੋਂਦ ਵਿੱਚ ਹੀ ਨਹੀਂ ਹੈ। ਅਰਥਾਤ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਤ੍ਰਿਏਕ ਬਿਲਕੁਲ ਹੋਂਦ ਵਿੱਚ ਨਹੀਂ ਹੈ। ਇਹ ਸਭ ਮਨੁੱਖ ਦੀਆਂ ਰਵਾਇਤੀ ਧਾਰਣਾਵਾਂ, ਅਤੇ ਮਨੁੱਖ ਦੀਆਂ ਝੂਠੀਆਂ ਮਾਨਤਾਵਾਂ ਹਨ। ਕਈ ਸਦੀਆਂ ਤੋਂ, ਮਨੁੱਖ ਨੇ ਆਪਣੇ ਮਨ ਵਿਚਲੀਆਂ ਧਾਰਣਾਵਾਂ ਨਾਲ ਰਚੇ, ਅਤੇ ਮਨੁੱਖ ਦੁਆਰਾ ਮਨਘੜਤ, ਇਸ ਤ੍ਰਿਏਕ ਵਿੱਚ ਵਿਸ਼ਵਾਸ ਕੀਤਾ ਹੈ ਜਿਸ ਨੂੰ ਮਨੁੱਖ ਨੇ ਪਹਿਲਾਂ ਕਦੇ ਨਹੀਂ ਵੇਖਿਆ ਹੈ। ਇਨ੍ਹਾਂ ਸਾਰੇ ਸਾਲਾਂ ਦੌਰਾਨ, ਬਾਈਬਲ ਦੇ ਬਹੁਤ ਸਾਰੇ ਵਿਆਖਿਆਕਾਰ ਹੋਏ ਹਨ ਜਿਨ੍ਹਾਂ ਨੇ ਤ੍ਰਿਏਕ ਦੇ “ਸੱਚੇ ਅਰਥ” ਦੀ ਵਿਆਖਿਆ ਕੀਤੀ ਹੈ, ਪਰ ਤਿੰਨ ਵੱਖਰੇ ਇੱਕ-ਤੱਤ ਵਿਅਕਤੀਆਂ ਵਜੋਂ ਤ੍ਰੈਪੱਖੀ ਪਰਮੇਸ਼ੁਰ ਦੀਆਂ ਅਜਿਹੀਆਂ ਵਿਆਖਿਆਵਾਂ ਅਸਪਸ਼ਟ ਅਤੇ ਅਨਿਸ਼ਚਿਤ ਰਹੀਆਂ ਹਨ, ਅਤੇ ਲੋਕ ਪਰਮੇਸ਼ੁਰ ਦੇ ਇਸ “ਨਿਰਮਾਣ” ਦੁਆਰਾ ਪੂਰੀ ਤਰ੍ਹਾਂ ਨਾਲ ਡੌਰ-ਭੌਰ ਹਨ। ਕੋਈ ਵੀ ਮਹਾਨ ਵਿਅਕਤੀ ਕਦੇ ਮੁਕੰਮਲ ਵਿਆਖਿਆ ਪੇਸ਼ ਨਹੀਂ ਕਰ ਸਕਿਆ ਹੈ; ਜ਼ਿਆਦਾਤਰ ਵਿਆਖਿਆਵਾਂ ਤਰਕ ਦੇ ਸੰਬੰਧ ਵਿੱਚ ਅਤੇ ਕਾਗਜ਼ਾਂ ਵਿੱਚ ਸਵੀਕਾਰ ਕੀਤੇ ਜਾਣ ਦੀ ਯੋਗਤਾ ਹੀ ਪੂਰੀ ਕਰਦੀਆਂ ਹਨ, ਪਰ ਇੱਕ ਵੀ ਮਨੁੱਖ ਨੂੰ ਇਸ ਦੇ ਅਰਥ ਦੀ ਪੂਰੀ ਸਪਸ਼ਟ ਸਮਝ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਇਹ ਮਹਾਨ ਤ੍ਰਿਏਕ ਜੋ ਮਨੁੱਖ ਦੇ ਹਿਰਦੇ ਵਿੱਚ ਹੈ, ਅਸਲ ਵਿੱਚ ਮੌਜੂਦ ਹੀ ਨਹੀਂ ਹੈ। ਕਿਉਂਕਿ ਕਿਸੇ ਨੇ ਵੀ ਕਦੇ ਵੀ ਪਰਮੇਸ਼ੁਰ ਦੇ ਸੱਚੇ ਰੂਪ ਨੂੰ ਨਹੀਂ ਵੇਖਿਆ ਹੈ ਅਤੇ ਨਾ ਹੀ ਕੋਈ ਇੰਨਾ ਭਾਗਾਂ ਵਾਲਾ ਰਿਹਾ ਹੈ ਜੋ ਪਰਮੇਸ਼ੁਰ ਦੇ ਨਿਵਾਸ ਅਸਥਾਨ ’ਤੇ ਇਹ ਜਾਂਚ ਕਰਨ ਲਈ ਫੇਰੀ ਲਾਉਣ ਜਾ ਸਕਿਆ ਹੋਵੇ ਕਿ ਜਿੱਥੇ ਪਰਮੇਸ਼ੁਰ ਵੱਸਦਾ ਹੈ ਉਸ ਜਗ੍ਹਾ ’ਤੇ ਕਿਹੜੀਆਂ ਵਸਤਾਂ ਮੌਜੂਦ ਹਨ, ਇਹ ਨਿਰਧਾਰਤ ਕਰਨ ਲਈ ਕਿ ਅਸਲ ਵਿੱਚ ਕਿੰਨੀਆਂ ਹਜ਼ਾਰਾਂ ਜਾਂ ਕਿੰਨੀਆਂ ਸੈਂਕੜੇ ਕਰੋੜਾਂ ਪੀੜ੍ਹੀਆਂ “ਬੈਤ-ਏਲ” ਵਿੱਚ ਮੌਜੂਦ ਹਨ ਜਾਂ ਇਹ ਪੜਤਾਲ ਕਰਨ ਲਈ ਕਿ ਪਰਮੇਸ਼ੁਰ ਦੀ ਮੂਲ ਰਚਨਾ ਕਿੰਨੇ ਹਿੱਸਿਆਂ ਤੋਂ ਬਣੀ ਹੋਈ ਹੈ। ਮੁੱਖ ਤੌਰ ਤੇ ਜਿਸ ਦੀ ਜਾਂਚ ਕਰਨ ਦੀ ਲੋੜ ਹੈ ਉਹ ਹੈ: ਪਿਤਾ ਅਤੇ ਪੁੱਤਰ ਦੀ ਉਮਰ, ਇਸ ਦੇ ਨਾਲ ਹੀ ਪਵਿੱਤਰ ਆਤਮਾ ਦੀ ਉਮਰ; ਹਰੇਕ ਸ਼ਖਸੀਅਤ ਦੇ ਆਪੋ-ਆਪਣੇ ਪ੍ਰਗਟਾਵੇ; ਅਸਲ ਵਿੱਚ ਇਹ ਤਿੰਨੋ ਕਿਵੇਂ ਅੱਡੋ-ਅੱਡ ਵੰਡੇ ਜਾਂਦੇ ਹਨ, ਇਹ ਤਿੰਨੋ ਇੱਕ ਕਿਵੇਂ ਬਣਦੇ ਹਨ। ਬਦਕਿਸਮਤੀ ਨਾਲ, ਇਨ੍ਹਾਂ ਬਹੁਤ ਸਾਰੇ ਸਾਲਾਂ ਵਿੱਚ, ਇੱਕ ਵੀ ਮਨੁੱਖ ਇਨ੍ਹਾਂ ਮਾਮਲਿਆਂ ਦੇ ਸੱਚ ਨੂੰ ਨਿਰਧਾਰਤ ਨਹੀਂ ਕਰ ਸਕਿਆ ਹੈ। ਉਹ ਸਭ ਸਿਰਫ਼ ਅਨੁਮਾਨ ਲਗਾਉਂਦੇ ਹਨ, ਕਿਉਂਕਿ ਇੱਕ ਵੀ ਮਨੁੱਖ ਕਦੇ ਵੀ ਸਵਰਗਾਂ ਦੀ ਫੇਰੀ ਲਾਉਣ ਤੋਂ ਬਾਅਦ ਸਾਰੀ ਮਨੁੱਖਜਾਤੀ ਵਾਸਤੇ ਕੋਈ “ਜਾਂਚ ਰਿਪੋਰਟ” ਲੈ ਕੇ ਵਾਪਸ ਨਹੀਂ ਆਇਆ ਹੈ ਤਾਂ ਜੋ ਉਹ ਤ੍ਰਿਏਕ ਬਾਰੇ ਚਿੰਤਤ ਉਨ੍ਹਾਂ ਸਾਰੇ ਜੋਸ਼ੀਲੇ ਅਤੇ ਸ਼ਰਧਾਲੂ ਧਾਰਮਿਕ ਵਿਸ਼ਵਾਸੀਆਂ ਨੂੰ ਇਸ ਦੇ ਬੁਨਿਆਦੀ ਸੱਚ ਬਾਰੇ ਵੇਰਵਾ ਦੇ ਸਕੇ। ਇਸ ਤਰ੍ਹਾਂ ਦੀਆਂ ਧਾਰਣਾਵਾਂ ਬਣਾਉਣ ਲਈ ਬੇਸ਼ੱਕ, ਮਨੁੱਖ ਉੱਤੇ ਦੋਸ਼ ਨਹੀਂ ਲਾਇਆ ਜਾ ਸਕਦਾ, ਕਿਉਂ ਜੋ ਜਦੋਂ ਪਿਤਾ ਯਹੋਵਾਹ ਨੇ ਮਨੁੱਖਜਾਤੀ ਦੀ ਸਿਰਜਣਾ ਕੀਤੀ, ਤਾਂ ਆਪਣੇ ਨਾਲ ਪੁੱਤਰ ਯਿਸੂ ਨੂੰ ਕਿਉਂ ਨਹੀਂ ਲਿਆ? ਜੇ, ਅਰੰਭ ਵਿੱਚ, ਸਭ ਕੁਝ ਯਹੋਵਾਹ ਦੇ ਨਾਂ ਨਾਲ ਚੱਲਦਾ, ਤਾਂ ਇਹ ਬਿਹਤਰ ਹੁੰਦਾ। ਜੇ ਦੋਸ਼ ਲਾਉਣਾ ਹੀ ਹੈ, ਤਾਂ ਇਹ ਯਹੋਵਾਹ ਪਰਮੇਸ਼ੁਰ ਦੀ ਛਿਣ ਭੰਗਰ ਦੀ ਅਣਗਹਿਲੀ ’ਤੇ ਲਾਇਆ ਜਾਵੇ, ਜਿਸ ਨੇ ਸਿਰਜਣਾ ਦੇ ਸਮੇਂ ਪੁੱਤਰ ਅਤੇ ਪਵਿੱਤਰ ਆਤਮਾ ਨੂੰ ਆਪਣੇ ਸਾਹਮਣੇ ਨਹੀਂ ਬੁਲਾਇਆ, ਬਲਕਿ ਇਕੱਲਿਆਂ ਆਪਣੇ ਕੰਮ ਨੂੰ ਪੂਰਾ ਕੀਤਾ। ਜੇ ਉਨ੍ਹਾਂ ਸਾਰਿਆਂ ਨੇ ਇੱਕੋ ਸਮੇਂ ਕੰਮ ਕੀਤਾ ਹੁੰਦਾ, ਤਾਂ ਕੀ ਉਹ ਇੱਕ ਨਾ ਬਣ ਗਏ ਹੁੰਦੇ? ਜੇ, ਐਨ ਅਰੰਭ ਤੋਂ ਲੈ ਕੇ ਅੰਤ ਤਕ, ਕਿਰਪਾ ਦੇ ਯੁਗ ਤੋਂ ਸਿਰਫ਼ ਯਹੋਵਾਹ ਦਾ ਹੀ ਨਾਂ ਸੀ ਅਤੇ ਯਿਸੂ ਦਾ ਨਾਂ ਨਹੀਂ ਸੀ, ਜਾਂ ਜੇ ਉਹ ਅਜੇ ਵੀ ਯਹੋਵਾਹ ਹੀ ਕਹਾਉਂਦਾ ਹੁੰਦਾ, ਤਾਂ ਕੀ ਪਰਮੇਸ਼ੁਰ ਮਨੁੱਖਜਾਤੀ ਦੁਆਰਾ ਇਸ ਵੰਡ ਦੇ ਦੁੱਖ ਤੋਂ ਬਚ ਨਹੀਂ ਗਿਆ ਹੁੰਦਾ? ਯਕੀਨੀ ਬਣਾਉਣ ਲਈ, ਇਸ ਸਭ ਲਈ ਯਹੋਵਾਹ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ; ਜੇ ਦੋਸ਼ ਲਾਉਣਾ ਹੀ ਹੈ, ਤਾਂ ਪਵਿੱਤਰ ਆਤਮਾ ’ਤੇ ਲਾਇਆ ਜਾਵੇ, ਜਿਸ ਨੇ ਹਜ਼ਾਰਾਂ ਸਾਲਾਂ ਤਕ ਯਹੋਵਾਹ, ਯਿਸੂ ਅਤੇ ਇੱਥੋਂ ਤਕ ਕਿ ਪਵਿੱਤਰ ਆਤਮਾ ਦੇ ਨਾਂ ਨਾਲ ਆਪਣਾ ਕੰਮ ਜਾਰੀ ਰੱਖਿਆ, ਜਿਸ ਨਾਲ ਮਨੁੱਖ ਅਜਿਹਾ ਬੌਂਦਲਿਆ ਅਤੇ ਉਲਝਿਆ ਕਿ ਉਹ ਇਹ ਨਹੀਂ ਜਾਣ ਸਕਿਆ ਕਿ ਅਸਲ ਵਿੱਚ ਪਰਮੇਸ਼ੁਰ ਕੌਣ ਹੈ। ਜੇ ਖੁਦ ਪਵਿੱਤਰ ਆਤਮਾ ਨੇ ਕਿਸੇ ਅਕਾਰ ਜਾਂ ਸਰੂਪ ਤੋਂ ਬਿਨਾ ਕੰਮ ਕੀਤਾ ਹੁੰਦਾ, ਅਤੇ ਇਸ ਤੋਂ ਇਲਾਵਾ, ਯਿਸੂ ਜਿਹੇ ਨਾਮ ਤੋਂ ਬਿਨਾ ਕੀਤਾ ਹੁੰਦਾ, ਅਤੇ ਮਨੁੱਖ ਉਸ ਨੂੰ ਛੂਹ ਜਾਂ ਵੇਖ ਨਾ ਸਕਦਾ ਹੁੰਦਾ, ਸਿਰਫ਼ ਗਰਜ ਦੀਆਂ ਆਵਾਜ਼ਾਂ ਸੁਣਦਾ, ਤਾਂ ਇਸ ਕਿਸਮ ਦੇ ਕੰਮ ਦਾ ਮਨੁੱਖਜਾਤੀ ਨੂੰ ਵਧੇਰੇ ਲਾਭ ਨਾ ਹੁੰਦਾ? ਤਾਂ ਹੁਣ ਕੀ ਕੀਤਾ ਜਾ ਸਕਦਾ ਹੈ? ਮਨੁੱਖ ਦੀਆਂ ਧਾਰਣਾਵਾਂ ਪਹਾੜ ਵਾਂਗ ਉੱਚੀਆਂ ਅਤੇ ਸਮੁੰਦਰ ਵਾਂਗ ਵਿਸ਼ਾਲ ਹੋ ਚੁੱਕੀਆਂ ਹਨ, ਇਸ ਹੱਦ ਤਕ ਕਿ ਅਜੋਕੇ ਸਮੇਂ ਦਾ ਪਰਮੇਸ਼ੁਰ ਉਨ੍ਹਾਂ ਨੂੰ ਸਹਾਰ ਨਹੀਂ ਸਕਦਾ ਅਤੇ ਬੜੀ ਉਲਝਣ ਵਿੱਚ ਹੈ। ਬੀਤੇ ਸਮੇਂ ਵਿੱਚ, ਜਦੋਂ ਸਿਰਫ਼ ਯਹੋਵਾਹ, ਯਿਸੂ ਅਤੇ ਉਨ੍ਹਾਂ ਦੇ ਵਿਚਕਾਰ, ਪਵਿੱਤਰ ਆਤਮਾ ਸੀ, ਮਨੁੱਖ ਇਸ ਬਾਰੇ ਬੜੀ ਉਲਝਣ ਵਿੱਚ ਸੀ ਕਿ ਕਿਵੇਂ ਮੁਕਾਬਲਾ ਕੀਤਾ ਜਾਵੇ, ਅਤੇ ਹੁਣ ਸਰਬਸ਼ਕਤੀਮਾਨ ਵੀ ਆ ਜੁੜਿਆ ਹੈ, ਉਸ ਨੂੰ ਵੀ ਪਰਮੇਸ਼ੁਰ ਦਾ ਹਿੱਸਾ ਕਿਹਾ ਜਾਂਦਾ ਹੈ। ਕੌਣ ਜਾਣਦਾ ਹੈ ਕਿ ਉਹ ਕੌਣ ਹੈ ਅਤੇ ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ ਤ੍ਰਿਏਕ ਦੇ ਕਿਸ ਵਿਅਕਤੀ ਵਿੱਚ ਰਲਿਆ ਹੋਇਆ ਹੈ ਜਾਂ ਲੁਕਿਆ ਹੋਇਆ ਹੈ? ਮਨੁੱਖ ਇਹ ਕਿਵੇਂ ਸਹਿ ਸਕਦਾ ਹੈ? ਤ੍ਰੈਪੱਖੀ ਪਰਮੇਸ਼ੁਰ ਇਕੱਲਾ ਹੀ ਕਾਫ਼ੀ ਸੀ ਜਿਸ ਦੀ ਮਨੁੱਖ ਜੀਵਨ ਭਰ ਵਿਆਖਿਆ ਕਰਦਾ ਰਹਿੰਦਾ, ਪਰ ਹੁਣ “ਚਾਰ ਵਿਅਕਤੀਆਂ ਵਿੱਚ ਇੱਕ ਪਰਮੇਸ਼ੁਰ ਹੈ।” ਇਸ ਦੀ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ? ਕੀ ਤੂੰ ਇਸ ਦੀ ਵਿਆਖਿਆ ਕਰ ਸਕਦਾ ਹੈਂ? ਭਾਈਓ ਅਤੇ ਭੈਣੋ! ਤੁਸੀਂ ਅੱਜ ਤੱਕ ਅਜਿਹੇ ਕਿਸੇ ਪਰਮੇਸ਼ੁਰ ਵਿੱਚ ਕਿਵੇਂ ਵਿਸ਼ਵਾਸ ਕੀਤਾ ਹੈ? ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ। ਤ੍ਰੈਪੱਖੀ ਪਰਮੇਸ਼ੁਰ ਨੂੰ ਸਹਿਣਾ ਪਹਿਲਾਂ ਹੀ ਕਾਫ਼ੀ ਸੀ; ਤੁਸੀਂ ਚਾਰ ਵਿਅਕਤੀਆਂ ਵਿਚਲੇ ਇਸ ਇੱਕ ਪਰਮੇਸ਼ੁਰ ਵਿੱਚ ਅਜਿਹਾ ਅਟੁੱਟ ਵਿਸ਼ਵਾਸ ਕਿਵੇਂ ਜਾਰੀ ਰੱਖ ਸਕਦੇ ਹੋ? ਤੁਹਾਨੂੰ ਬਾਹਰ ਨਿੱਕਲ ਜਾਣ ਦੀ ਤਾਕੀਦ ਕੀਤੀ ਗਈ ਹੈ, ਫਿਰ ਵੀ ਤੁਸੀਂ ਇਨਕਾਰ ਕਰਦੇ ਹੋ। ਇਹ ਕਲਪਨਾ ਤੋਂ ਕਿੰਨਾ ਪਰੇ ਹੈ! ਤੁਹਾਡੇ ਵਿੱਚ ਕੁਝ ਤਾਂ ਖਾਸ ਹੈ! ਕੋਈ ਵਿਅਕਤੀ ਅਸਲ ਵਿੱਚ ਚਾਰ ਪਰਮੇਸ਼ੁਰਾਂ ਵਿੱਚ ਵਿਸ਼ਵਾਸ ਕਰਨ ਦੀ ਹੱਦ ਤਕ ਜਾ ਸਕਦਾ ਹੈ ਅਤੇ ਫਿਰ ਵੀ ਇਸ ਨੂੰ ਕੋਈ ਖਾਸ ਗੱਲ ਨਹੀਂ ਸਮਝਦਾ; ਕੀ ਤੁਹਾਨੂੰ ਨਹੀਂ ਲਗਦਾ ਕਿ ਇਹ ਕੋਈ ਚਮਤਕਾਰ ਹੈ? ਮੈਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਅਜਿਹਾ ਸ਼ਾਨਦਾਰ ਚਮਤਕਾਰ ਕਰਨ ਦੇ ਯੋਗ ਹੋ! ਮੈਂ ਤੁਹਾਨੂੰ ਦੱਸ ਦਿਆਂ ਕਿ ਅਸਲ ਵਿੱਚ, ਤ੍ਰੈਪੱਖੀ ਪਰਮੇਸ਼ੁਰ ਇਸ ਬ੍ਰਹਿਮੰਡ ਵਿੱਚ ਕਿਤੇ ਵੀ ਮੌਜੂਦ ਨਹੀਂ ਹੈ। ਪਰਮੇਸ਼ੁਰ ਦਾ ਕੋਈ ਪਿਤਾ ਅਤੇ ਕੋਈ ਪੁੱਤਰ ਨਹੀਂ ਹੈ ਅਤੇ ਅਜਿਹੀ ਕੋਈ ਧਾਰਣਾ ਤਾਂ ਬਿਲਕੁਲ ਵੀ ਨਹੀਂ ਹੈ ਕਿ ਪਿਤਾ ਅਤੇ ਪੁੱਤਰ ਇਕੱਠੇ ਪਵਿੱਤਰ ਆਤਮਾ ਨੂੰ ਇੱਕ ਸਾਧਨ ਵਜੋਂ ਵਰਤਦੇ ਹਨ। ਇਹ ਸਭ ਕੁਝ ਸਭ ਤੋਂ ਵੱਡਾ ਭੁਲੇਖਾ ਹੈ ਅਤੇ ਇਸ ਸੰਸਾਰ ਵਿੱਚ ਬਿਲਕੁਲ ਵੀ ਮੌਜੂਦ ਨਹੀਂ ਹੈ! ਫਿਰ ਵੀ ਇਹੋ ਜਿਹੇ ਭੁਲੇਖੇ ਦਾ ਕੋਈ ਮੁੱਢ ਹੁੰਦਾ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਨਿਰਾਧਾਰ ਨਹੀਂ ਹੈ, ਕਿਉਂਕਿ ਤੁਹਾਡੇ ਮਨ ਇੰਨੇ ਸਰਲ ਨਹੀਂ ਹਨ, ਅਤੇ ਤੁਹਾਡੇ ਵਿਚਾਰਾਂ ਦਾ ਕੋਈ ਤਾਂ ਕਾਰਨ ਹੈ। ਇਸ ਦੀ ਬਜਾਏ, ਉਹ ਕਾਫ਼ੀ ਢੁੱਕਵੇਂ ਅਤੇ ਹੁਸ਼ਿਆਰ ਹਨ, ਇੰਨੇ ਜ਼ਿਆਦਾ ਕਿ ਕੋਈ ਸ਼ਤਾਨ ਵੀ ਉਨ੍ਹਾਂ ਤੋਂ ਜਿੱਤ ਨਹੀਂ ਸਕਦਾ। ਦੁੱਖ ਦੀ ਗੱਲ ਇਹ ਹੈ ਕਿ ਇਹ ਵਿਚਾਰ ਸਭ ਭੁਲੇਖੇ ਹਨ ਅਤੇ ਬਿਲਕੁਲ ਵੀ ਮੌਜੂਦ ਨਹੀਂ ਹਨ! ਤੁਸੀਂ ਅਸਲ ਸੱਚ ਨੂੰ ਬਿਲਕੁਲ ਨਹੀਂ ਵੇਖਿਆ ਹੈ; ਤੁਸੀਂ ਸਿਰਫ਼ ਅੰਦਾਜ਼ੇ ਲਗਾ ਰਹੇ ਹੋ ਅਤੇ ਕਲਪਨਾਵਾਂ ਕਰ ਰਹੇ ਹੋ, ਫਿਰ ਇਸ ਸਭ ਨੂੰ ਇੱਕ ਕਹਾਣੀ ਦਾ ਰੂਪ ਦੇ ਰਹੇ ਹੋ ਤਾਂ ਜੋ ਤੁਸੀਂ ਧੋਖੇਬਾਜ਼ੀ ਨਾਲ ਦੂਜਿਆਂ ਦਾ ਭਰੋਸਾ ਜਿੱਤ ਸਕੋ ਅਤੇ ਸੂਝ-ਬੂਝ ਅਤੇ ਦਲੀਲ ਤੋਂ ਸੱਖਣੇ ਸਭ ਤੋਂ ਮੂਰਖ ਲੋਕਾਂ ਉੱਪਰ ਦਬਦਬਾ ਕਾਇਮ ਕਰ ਸਕੋ, ਤਾਂ ਜੋ ਉਹ ਤੁਹਾਡੀਆਂ ਮਹਾਨ ਅਤੇ ਮਸ਼ਹੂਰ “ਮਾਹਰ ਸਿੱਖਿਆਵਾਂ” ਵਿੱਚ ਵਿਸ਼ਵਾਸ ਕਰ ਸਕਣ। ਕੀ ਇਹ ਸੱਚਾਈ ਹੈ? ਕੀ ਇਹੀ ਜੀਵਨ ਦਾ ਉਹ ਸੱਚਾ ਮਾਰਗ ਹੈ ਜੋ ਮਨੁੱਖ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ? ਇਹ ਸਭ ਬਕਵਾਸ ਹੈ! ਇੱਕ ਵੀ ਸ਼ਬਦ ਉਚਿਤ ਨਹੀਂ ਹੈ! ਇਨ੍ਹਾਂ ਸਾਰੇ ਸਾਲਾਂ ਦੌਰਾਨ, ਪਰਮੇਸ਼ੁਰ ਤੁਹਾਡੇ ਦੁਆਰਾ ਇਸ ਢੰਗ ਨਾਲ ਵੰਡਿਆ ਗਿਆ ਹੈ ਕਿ ਨਿਰੰਤਰ ਪੀੜ੍ਹੀ-ਦਰ-ਪੀੜ੍ਹੀ ਹੋਰ ਵੀ ਬਰੀਕੀ ਨਾਲ ਵੰਡਿਆ ਗਿਆ ਹੈ, ਇਸ ਹੱਦ ਤਕ ਕਿ ਇੱਕ ਪਰਮੇਸ਼ੁਰ ਖੁੱਲ੍ਹੇ ਤੌਰ ਤੇ ਤਿੰਨ ਪਰਮੇਸ਼ੁਰਾਂ ਵਿੱਚ ਵੰਡਿਆ ਗਿਆ ਹੈ। ਅਤੇ ਹੁਣ ਇਹ ਬਿਲਕੁਲ ਅਸੰਭਵ ਹੈ ਕਿ ਮਨੁੱਖ ਪਰਮੇਸ਼ੁਰ ਨੂੰ ਰਲਾ ਕੇ ਇੱਕ ਬਣਾ ਸਕੇ, ਕਿਉਂਕਿ ਤੁਸੀਂ ਉਸ ਨੂੰ ਬਹੁਤ ਬਰੀਕੀ ਨਾਲ ਵੰਡ ਦਿੱਤਾ ਹੈ! ਜੇ ਸਮਾਂ ਰਹਿੰਦੇ ਮੈਂ ਫੌਰੀ ਕਾਰਵਾਈ ਨਾ ਕੀਤੀ ਹੁੰਦੀ, ਤਾਂ ਇਹ ਕਹਿਣਾ ਮੁਸ਼ਕਲ ਹੈ ਕਿ ਤੁਸੀਂ ਕਿੰਨਾ ਚਿਰ ਢੀਠਪੁਣੇ ਨਾਲ ਇਸ ਤਰ੍ਹਾਂ ਜਾਰੀ ਰੱਖਿਆ ਹੁੰਦਾ! ਇਸ ਤਰੀਕੇ ਨਾਲ ਪਰਮੇਸ਼ੁਰ ਨੂੰ ਲਗਾਤਾਰ ਵੰਡਦੇ ਹੋਏ, ਉਹ ਅਜੇ ਵੀ ਤੁਹਾਡਾ ਪਰਮੇਸ਼ੁਰ ਕਿਵੇਂ ਹੋ ਸਕਦਾ ਹੈ? ਕੀ ਤੁਸੀਂ ਅਜੇ ਵੀ ਪਰਮੇਸ਼ੁਰ ਨੂੰ ਸਵੀਕਾਰ ਕਰੋਗੇ? ਕੀ ਤੁਸੀਂ ਅਜੇ ਵੀ ਉਸ ਨੂੰ ਆਪਣੇ ਪੁਰਖੇ ਵਜੋਂ ਮੰਨੋਗੇ ਅਤੇ ਉਸ ਕੋਲ ਵਾਪਸ ਚਲੇ ਜਾਓਗੇ? ਜੇ ਮੈਂ ਕਿਤੇ ਬਾਅਦ ਵਿੱਚ ਆਇਆ ਹੁੰਦਾ, ਤਾਂ ਸੰਭਾਵਨਾ ਹੈ ਕਿ ਤੁਸੀਂ “ਪਿਤਾ ਅਤੇ ਪੁੱਤਰ”, ਯਹੋਵਾਹ ਅਤੇ ਯਿਸੂ ਨੂੰ ਵਾਪਸ ਇਸਰਾਏਲ ਭੇਜ ਦਿੱਤਾ ਹੁੰਦਾ ਅਤੇ ਇਹ ਦਾਅਵਾ ਕੀਤਾ ਹੁੰਦਾ ਕਿ ਤੁਸੀਂ ਖੁਦ ਪਰਮੇਸ਼ੁਰ ਦਾ ਇਕ ਹਿੱਸਾ ਹੋ। ਖੁਸ਼ਕਿਸਮਤੀ ਨਾਲ, ਹੁਣ ਅੰਤ ਦੇ ਦਿਨ ਹਨ। ਆਖ਼ਰਕਾਰ, ਇਹ ਦਿਨ ਆ ਗਿਆ ਹੈ ਜਿਸ ਦੀ ਮੈਂ ਲੰਬੇ ਸਮੇਂ ਤੋਂ ਉਡੀਕ ਕੀਤੀ ਹੈ, ਅਤੇ ਮੇਰੇ ਆਪਣੇ ਹੱਥ ਦੁਆਰਾ ਇਸ ਪੜਾਅ ਦਾ ਕੰਮ ਪੂਰਾ ਕਰਨ ਤੋਂ ਬਾਅਦ ਹੀ ਤੁਹਾਡਾ ਖੁਦ ਪਰਮੇਸ਼ੁਰ ਨੂੰ ਹਿੱਸਿਆਂ ਵਿੱਚ ਵੰਡਣਾ ਰੁਕਿਆ ਹੈ। ਜੇ ਅਜਿਹਾ ਨਹੀਂ ਹੁੰਦਾ, ਤਾਂ ਤੁਸੀਂ ਇਸ ਨੂੰ ਇਸ ਹੱਦ ਤਕ ਵਧਾ ਦਿੱਤਾ ਹੁੰਦਾ, ਕਿ ਤੁਹਾਡੇ ਦਰਮਿਆਨ ਸਾਰੇ ਸ਼ਤਾਨਾਂ ਨੂੰ ਵੀ ਉਪਾਸਨਾ ਲਈ ਤੁਸੀਂ ਆਪਣੇ ਮੇਜ਼ਾਂ ਉੱਪਰ ਰੱਖਿਆ ਹੁੰਦਾ। ਇਹ ਤੁਹਾਡਾ ਹਥਕੰਡਾ ਹੈ! ਇਹ ਪਰਮੇਸ਼ੁਰ ਨੂੰ ਵੰਡਣ ਦਾ ਤੁਹਾਡਾ ਸਾਧਨ ਹੈ! ਕੀ ਤੁਸੀਂ ਹੁਣ ਅਜਿਹਾ ਕਰਨਾ ਜਾਰੀ ਰੱਖੋਗੇ? ਮੈਨੂੰ ਤੁਹਾਨੂੰ ਪੁੱਛਾਂ: ਪਰਮੇਸ਼ੁਰ ਕਿੰਨੇ ਹਨ? ਕਿਹੜਾ ਪਰਮੇਸ਼ੁਰ ਤੁਹਾਨੂੰ ਮੁਕਤੀ ਦੁਆਏਗਾ? ਕੀ ਇਹ ਪਹਿਲਾ ਪਰਮੇਸ਼ੁਰ ਹੈ, ਦੂਜਾ, ਜਾਂ ਤੀਜਾ ਜਿਸ ਅੱਗੇ ਤੁਸੀਂ ਹਮੇਸ਼ਾ ਪ੍ਰਾਰਥਨਾ ਕਰਦੇ ਹੋ? ਤੁਸੀਂ ਉਨ੍ਹਾਂ ਵਿੱਚੋਂ ਕਿਸ ਉੱਤੇ ਹਮੇਸ਼ਾ ਵਿਸ਼ਵਾਸ ਕਰਦੇ ਹੋ? ਕੀ ਇਹ ਪਿਤਾ ਹੈ? ਜਾਂ ਪੁੱਤਰ? ਜਾਂ ਇਹ ਆਤਮਾ ਹੈ? ਮੈਨੂੰ ਦੱਸੋ ਕਿ ਇਹ ਕੌਣ ਹੈ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ। ਹਾਲਾਂਕਿ ਤੁਹਾਡੇ ਵੱਲੋਂ ਕਹੇ ਹਰੇਕ ਸ਼ਬਦ ਨਾਲ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹੋ, ਪਰ ਜਿਸ ਵਿੱਚ ਤੁਸੀਂ ਅਸਲ ਵਿੱਚ ਵਿਸ਼ਵਾਸ ਕਰਦੇ ਹੋ ਉਹ ਤੁਹਾਡਾ ਆਪਣਾ ਦਿਮਾਗ ਹੈ! ਤੁਹਾਡੇ ਹਿਰਦਿਆਂ ਵਿੱਚ ਬਿਲਕੁਲ ਕੋਈ ਪਰਮੇਸ਼ੁਰ ਨਹੀਂ ਹੈ! ਅਤੇ ਫਿਰ ਵੀ ਤੁਹਾਡੇ ਮਨਾਂ ਵਿੱਚ ਅਜਿਹੇ ਕਿੰਨੇ ਸਾਰੇ “ਤ੍ਰਿਏਕ” ਹਨ! ਕੀ ਤੁਸੀਂ ਇਸ ਨਾਲ ਸਹਿਮਤ ਨਹੀਂ ਹੋ?

ਜੇ ਕੰਮ ਦੇ ਤਿੰਨ ਪੜਾਵਾਂ ਦਾ ਮੁਲਾਂਕਣ ਤ੍ਰਿਏਕ ਦੀ ਇਸ ਧਾਰਣਾ ਦੇ ਅਨੁਸਾਰ ਕੀਤਾ ਜਾਂਦਾ ਹੈ, ਤਾਂ ਤਿੰਨ ਪਰਮੇਸ਼ੁਰ ਹੋਣੇ ਜ਼ਰੂਰੀ ਹਨ ਕਿਉਂਕਿ ਹਰ ਇੱਕ ਦੁਆਰਾ ਕੀਤਾ ਗਿਆ ਕੰਮ ਇੱਕੋ ਜਿਹਾ ਨਹੀਂ ਹੈ। ਜੇ ਤੁਹਾਡੇ ਵਿੱਚੋਂ ਕੋਈ ਇਹ ਕਹਿੰਦਾ ਹੈ ਕਿ ਤ੍ਰਿਏਕ ਅਸਲ ਵਿੱਚ ਹੋਂਦ ਵਿੱਚ ਹੈ, ਤਾਂ ਇਹ ਸਮਝਾਓ ਕਿ ਤਿੰਨ ਵਿਅਕਤੀਆਂ ਵਿੱਚ ਇਹ ਇੱਕ ਪਰਮੇਸ਼ੁਰ ਅਸਲ ਵਿੱਚ ਕੀ ਹੈ। ਪਵਿੱਤਰ ਪਿਤਾ ਕੀ ਹੈ? ਪੁੱਤਰ ਕੀ ਹੈ? ਪਵਿੱਤਰ ਆਤਮਾ ਕੀ ਹੈ? ਕੀ ਯਹੋਵਾਹ ਪਵਿੱਤਰ ਪਿਤਾ ਹੈ? ਕੀ ਯਿਸੂ ਪੁੱਤਰ ਹੈ? ਫਿਰ ਪਵਿੱਤਰ ਆਤਮਾ ਬਾਰੇ ਕੀ ਕਹੋਗੇ? ਕੀ ਪਿਤਾ ਆਤਮਾ ਨਹੀਂ ਹੈ? ਕੀ ਪੁੱਤਰ ਦੀ ਸਾਰ ਵੀ ਆਤਮਾ ਨਹੀਂ ਹੈ? ਕੀ ਯਿਸੂ ਦਾ ਕੰਮ ਪਵਿੱਤਰ ਆਤਮਾ ਦਾ ਕੰਮ ਨਹੀਂ ਸੀ? ਕੀ ਉਸ ਸਮੇਂ ਯਹੋਵਾਹ ਦਾ ਕੰਮ ਯਿਸੂ ਦੇ ਕੰਮ ਵਾਂਗ ਹੀ ਕਿਸੇ ਆਤਮਾ ਦੁਆਰਾ ਨਹੀਂ ਕੀਤਾ ਗਿਆ ਸੀ? ਪਰਮੇਸ਼ੁਰ ਦੇ ਕਿੰਨੇ ਆਤਮਾ ਹੋ ਸਕਦੇ ਹਨ? ਤੁਹਾਡੀ ਵਿਆਖਿਆ ਦੇ ਅਨੁਸਾਰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੀਆਂ ਤਿੰਨ ਸ਼ਖਸੀਅਤਾਂ ਇੱਕ ਹਨ; ਜੇ ਅਜਿਹਾ ਹੈ, ਤਾਂ ਤਿੰਨ ਆਤਮਾਵਾਂ ਹਨ, ਪਰੰਤੂ ਤਿੰਨ ਆਤਮਾਵਾਂ ਹੋਣ ਦਾ ਅਰਥ ਹੈ ਕਿ ਤਿੰਨ ਪਰਮੇਸ਼ੁਰ ਹਨ। ਇਸ ਦਾ ਭਾਵ ਹੈ ਕਿ ਕੋਈ ਵੀ ਸੱਚਾ ਪਰਮੇਸ਼ੁਰ ਨਹੀਂ ਹੈ; ਇਸ ਕਿਸਮ ਦੇ ਪਰਮੇਸ਼ੁਰ ਕੋਲ ਅਜੇ ਵੀ ਪਰਮੇਸ਼ੁਰ ਦਾ ਮੂਲ ਸਾਰ ਕਿਵੇਂ ਹੋ ਸਕਦਾ ਹੈ? ਜੇ ਤੂੰ ਇਹ ਸਵੀਕਾਰ ਕਰਦਾ ਹੈਂ ਕਿ ਪਰਮੇਸ਼ੁਰ ਸਿਰਫ਼ ਇੱਕ ਹੀ ਹੈ, ਤਾਂ ਫਿਰ ਉਸ ਦਾ ਇੱਕ ਪੁੱਤਰ ਅਤੇ ਇੱਕ ਪਿਤਾ ਕਿਵੇਂ ਹੋ ਸਕਦਾ ਹੈ? ਕੀ ਇਹ ਸਭ ਸਿਰਫ਼ ਤੇਰੀਆਂ ਧਾਰਣਾਵਾਂ ਨਹੀਂ ਹਨ? ਪਰਮੇਸ਼ੁਰ ਸਿਰਫ਼ ਇੱਕ ਹੈ, ਇਸ ਪਰਮੇਸ਼ੁਰ ਵਿੱਚ ਸਿਰਫ਼ ਇੱਕ ਸ਼ਖਸੀਅਤ ਹੈ, ਪਰਮੇਸ਼ੁਰ ਦਾ ਸਿਰਫ਼ ਇੱਕ ਆਤਮਾ ਹੈ, ਭਾਵੇਂ ਬਾਈਬਲ ਵਿੱਚ ਇਹ ਲਿਖਿਆ ਹੈ ਕਿ “ਇੱਕੋ ਪਵਿੱਤਰ ਆਤਮਾ ਅਤੇ ਇੱਕੋ ਪਰਮੇਸ਼ੁਰ ਹੈ।” ਭਾਵੇਂ ਤੂੰ ਪਿਤਾ ਅਤੇ ਪੁੱਤਰ ਵਿੱਚੋਂ ਜਿਸ ਬਾਰੇ ਵੀ ਗੱਲ ਕਰਦਾ ਹੋਵੇਂ, ਉਹ ਮੌਜੂਦ ਹੈ, ਆਖ਼ਰਕਾਰ ਪਰਮੇਸ਼ੁਰ ਇੱਕੋ ਹੈ, ਅਤੇ ਜਿਸ ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਵਿੱਚ ਤੂੰ ਵਿਸ਼ਵਾਸ ਕਰਦਾ ਹੈਂ, ਉਸ ਪਵਿੱਤਰ ਆਤਮਾ ਦਾ ਸਾਰ ਹੈ। ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਇੱਕ ਆਤਮਾ ਹੈ, ਪਰ ਉਹ ਸਰੀਰ ਧਾਰਨ ਕਰ ਸਕਦਾ ਹੈ ਅਤੇ ਮਨੁੱਖਾਂ ਦਰਮਿਆਨ ਰਹਿ ਸਕਦਾ ਹੈ, ਨਾਲ ਹੀ ਸਾਰੀਆਂ ਵਸਤਾਂ ਤੋਂ ਉੱਪਰ ਹੈ। ਉਸ ਦਾ ਆਤਮਾ ਸਰਬ ਵਿਆਪਕ ਅਤੇ ਸਰਬ ਸ਼ਕਤੀਸ਼ਾਲੀ ਹੈ। ਉਹ ਇੱਕੋ ਸਮੇਂ ਸਰੀਰ ਵਿੱਚ ਅਤੇ ਬ੍ਰਹਿਮੰਡ ਵਿੱਚ ਹਰ ਜਗ੍ਹਾ ਹੋ ਸਕਦਾ ਹੈ। ਕਿਉਂਕਿ ਸਾਰੇ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ, ਤਾਂ ਇੱਕੋ ਹੀ ਪਰਮੇਸ਼ੁਰ ਹੈ ਜੋ ਕਿਸੇ ਦੀ ਮਰਜ਼ੀ ਨਾਲ ਨਹੀਂ ਵੰਡਿਆ ਜਾ ਸਕਦਾ! ਪਰਮੇਸ਼ੁਰ ਸਿਰਫ਼ ਇੱਕ ਆਤਮਾ ਹੈ, ਅਤੇ ਸਿਰਫ਼ ਇੱਕ ਸ਼ਖਸੀਅਤ ਹੈ; ਅਤੇ ਉਹ ਹੈ ਪਰਮੇਸ਼ੁਰ ਦਾ ਆਤਮਾ। ਜੇ ਇਹ ਤੇਰੇ ਕਹਿਣ ਮੁਤਾਬਕ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਹੈ, ਤਾਂ ਕੀ ਉਹ ਤਿੰਨ ਪਰਮੇਸ਼ੁਰ ਨਹੀਂ ਹਨ? ਪਵਿੱਤਰ ਆਤਮਾ ਇੱਕ ਵਿਸ਼ਾ ਹੈ, ਪੁੱਤਰ ਦੂਜਾ, ਅਤੇ ਪਿਤਾ ਇੱਕ ਹੋਰ ਵਿਸ਼ਾ ਹੈ। ਉਨ੍ਹਾਂ ਦੀ ਸ਼ਖਸੀਅਤ ਵੱਖਰੀ ਹੈ ਅਤੇ ਉਨ੍ਹਾਂ ਦੇ ਸਾਰ ਵੱਖਰੇ ਹਨ, ਤਾਂ ਫਿਰ ਉਹ ਇੱਕੋ ਪਰਮੇਸ਼ੁਰ ਦਾ ਹਿੱਸਾ ਕਿਵੇਂ ਹੋ ਸਕਦੇ ਹਨ? ਪਵਿੱਤਰ ਆਤਮਾ ਇੱਕ ਆਤਮਾ ਹੈ; ਇਸ ਨੂੰ ਸਮਝਣਾ ਮਨੁੱਖ ਲਈ ਸੌਖਾ ਹੈ। ਜੇ ਅਜਿਹਾ ਹੈ, ਤਾਂ ਪਿਤਾ ਤਾਂ ਖਾਸ ਕਰਕੇ ਇੱਕ ਆਤਮਾ ਹੈ। ਉਹ ਕਦੇ ਵੀ ਧਰਤੀ ਉੱਤੇ ਨਹੀਂ ਉਤਰਿਆ ਅਤੇ ਨਾ ਹੀ ਉਸ ਨੇ ਕਦੇ ਸਰੀਰ ਧਾਰਨ ਕੀਤਾ ਹੈ; ਉਹ ਮਨੁੱਖ ਦੇ ਹਿਰਦੇ ਵਿਚਲਾ ਯਹੋਵਾਹ ਪਰਮੇਸ਼ੁਰ ਹੈ, ਅਤੇ ਨਾਲ ਹੀ ਉਹ ਯਕੀਨਨ ਇੱਕ ਆਤਮਾ ਵੀ ਹੈ। ਤਾਂ ਫਿਰ ਉਸ ਦਾ ਅਤੇ ਪਵਿੱਤਰ ਆਤਮਾ ਦਾ ਆਪਸ ਵਿੱਚ ਕੀ ਸੰਬੰਧ ਹੈ? ਕੀ ਇਹ ਪਿਤਾ ਅਤੇ ਪੁੱਤਰ ਦਾ ਸੰਬੰਧ ਹੈ? ਜਾਂ ਕੀ ਇਹ ਪਵਿੱਤਰ ਆਤਮਾ ਅਤੇ ਪਿਤਾ ਦੇ ਆਤਮਾ ਦੇ ਵਿਚਕਾਰ ਸੰਬੰਧ ਹੈ? ਕੀ ਹਰ ਆਤਮਾ ਦਾ ਸਾਰ ਇੱਕੋ ਜਿਹਾ ਹੈ? ਜਾਂ ਕੀ ਪਵਿੱਤਰ ਆਤਮਾ ਪਿਤਾ ਲਈ ਇੱਕ ਸਾਧਨ ਹੈ? ਇਸ ਦੀ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ? ਅਤੇ ਫਿਰ ਪੁੱਤਰ ਅਤੇ ਪਵਿੱਤਰ ਆਤਮਾ ਵਿਚਾਲੇ ਕੀ ਸੰਬੰਧ ਹੈ? ਕੀ ਇਹ ਦੋ ਆਤਮਿਆਂ ਦਾ ਸੰਬੰਧ ਹੈ ਜਾਂ ਇੱਕ ਮਨੁੱਖ ਅਤੇ ਆਤਮਾ ਵਿਚਾਲੇ ਸੰਬੰਧ ਹੈ? ਇਹ ਉਹ ਸਾਰੀਆਂ ਗੱਲਾਂ ਹਨ ਜਿਨ੍ਹਾਂ ਦੀ ਕੋਈ ਵਿਆਖਿਆ ਨਹੀਂ ਹੋ ਸਕਦੀ! ਜੇ ਉਹ ਸਾਰੇ ਇੱਕ ਆਤਮਾ ਹਨ, ਤਾਂ ਤਿੰਨ ਸ਼ਖਸੀਅਤਾਂ ਦੀ ਕੋਈ ਗੱਲ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਵਿੱਚ ਇੱਕ ਹੀ ਆਤਮਾ ਹੈ। ਜੇ ਉਹ ਵੱਖੋ-ਵੱਖਰੀਆਂ ਸ਼ਖਸੀਅਤਾਂ ਹੁੰਦੇ, ਤਾਂ ਉਨ੍ਹਾਂ ਦੇ ਆਤਮਾ ਦੀ ਸ਼ਕਤੀ ਵੱਖੋ-ਵੱਖਰੀ ਹੁੰਦੀ, ਅਤੇ ਉਹ ਬਸ ਇੱਕੋ ਆਤਮਾ ਨਹੀਂ ਸੀ ਹੋ ਸਕਦੇ। ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੀ ਇਹ ਧਾਰਣਾ ਸਭ ਤੋਂ ਬੇਤੁਕੀ ਹੈ! ਇਹ ਪਰਮੇਸ਼ੁਰ ਦੇ ਹਿੱਸੇ ਕਰਕੇ ਉਸ ਨੂੰ ਤਿੰਨ ਸ਼ਖਸੀਅਤਾਂ ਵਿੱਚ ਵੰਡ ਦਿੰਦੀ ਹੈ, ਹਰ ਇੱਕ ਦਾ ਆਪਣਾ ਰੁਤਬਾ ਅਤੇ ਆਤਮਾ ਹੈ; ਤਾਂ ਫਿਰ ਉਹ ਅਜੇ ਵੀ ਇੱਕ ਆਤਮਾ ਅਤੇ ਇੱਕ ਪਰਮੇਸ਼ੁਰ ਕਿਵੇਂ ਹੋ ਸਕਦਾ ਹੈ? ਮੈਨੂੰ ਦੱਸੋ, ਕੀ ਅਕਾਸ਼ ਅਤੇ ਧਰਤੀ, ਅਤੇ ਇਸ ਵਿਚਲੀਆਂ ਸਭ ਵਸਤਾਂ ਪਿਤਾ ਦੁਆਰਾ ਸਿਰਜੀਆਂ ਗਈਆਂ ਸਨ, ਪੁੱਤਰ ਦੁਆਰਾ, ਜਾਂ ਫਿਰ ਪਵਿੱਤਰ ਆਤਮਾ ਦੁਆਰਾ? ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਸਭ ਮਿਲ ਕੇ ਸਿਰਜਿਆ ਹੈ। ਤਾਂ ਫਿਰ ਮਨੁੱਖਤਾ ਨੂੰ ਛੁਟਕਾਰਾ ਕਿਸ ਨੇ ਦੁਆਇਆ? ਕੀ ਇਹ ਪਵਿੱਤਰ ਆਤਮਾ ਸੀ, ਪੁੱਤਰ ਸੀ, ਜਾਂ ਪਿਤਾ? ਕੁਝ ਲੋਕ ਕਹਿੰਦੇ ਹਨ ਕਿ ਇਹ ਪੁੱਤਰ ਸੀ ਜਿਸ ਨੇ ਮਨੁੱਖਜਾਤੀ ਨੂੰ ਛੁਟਕਾਰਾ ਦੁਆਇਆ। ਤਾਂ ਫਿਰ ਵਾਸਤਵਿਕਤਾ ਵਿੱਚ ਪੁੱਤਰ ਕੌਣ ਹੈ? ਕੀ ਉਹ ਪਰਮੇਸ਼ੁਰ ਦੇ ਆਤਮਾ ਦਾ ਦੇਹਧਾਰਣ ਨਹੀਂ ਹੈ? ਦੇਹਧਾਰੀ ਰੂਪ ਸਵਰਗ ਵਿਚਲੇ ਪਰਮੇਸ਼ੁਰ ਨੂੰ ਇੱਕ ਸਿਰਜੇ ਹੋਏ ਮਨੁੱਖ ਦੇ ਨਜ਼ਰੀਏ ਤੋਂ ਪਿਤਾ ਦੇ ਨਾਂ ਨਾਲ ਬੁਲਾਉਂਦਾ ਹੈ। ਕੀ ਤੂੰ ਇਹ ਨਹੀਂ ਜਾਣਦਾ ਹੈਂ ਕਿ ਯਿਸੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭ ਵਿੱਚ ਆਇਆ ਸੀ? ਉਸ ਦੇ ਅੰਦਰ ਪਵਿੱਤਰ ਆਤਮਾ ਹੈ; ਤੂੰ ਜੋ ਵੀ ਕਹਿੰਦਾ ਹੋਵੇਂ, ਉਹ ਸਵਰਗ ਵਿਚਲੇ ਪਰਮੇਸ਼ੁਰ ਨਾਲ ਅਜੇ ਵੀ ਇੱਕ ਰੂਪ ਹੈ, ਕਿਉਂਕਿ ਉਹ ਪਰਮੇਸ਼ੁਰ ਦੇ ਆਤਮਾ ਦਾ ਦੇਹਧਾਰਣ ਹੈ। ਪੁੱਤਰ ਬਾਰੇ ਇਹ ਵਿਚਾਰ ਬਿਲਕੁਲ ਹੀ ਝੂਠ ਹੈ। ਇੱਕੋ ਹੀ ਆਤਮਾ ਹੈ ਜੋ ਸਾਰਾ ਕੰਮ ਪੂਰਾ ਕਰਦਾ ਹੈ; ਸਿਰਫ਼ ਖੁਦ ਪਰਮੇਸ਼ੁਰ, ਭਾਵ, ਪਰਮੇਸ਼ੁਰ ਦਾ ਆਤਮਾ ਆਪਣਾ ਕੰਮ ਪੂਰਾ ਕਰਦਾ ਹੈ। ਪਰਮੇਸ਼ੁਰ ਦਾ ਆਤਮਾ ਕੌਣ ਹੈ? ਕੀ ਇਹ ਪਵਿੱਤਰ ਆਤਮਾ ਨਹੀਂ ਹੈ? ਕੀ ਇਹ ਉਹ ਪਵਿੱਤਰ ਆਤਮਾ ਨਹੀਂ ਜੋ ਯਿਸੂ ਵਿੱਚ ਕੰਮ ਕਰਦਾ ਹੈ? ਜੇ ਪਵਿੱਤਰ ਆਤਮਾ (ਭਾਵ, ਪਰਮੇਸ਼ੁਰ ਦੇ ਆਤਮਾ) ਦੁਆਰਾ ਕੰਮ ਪੂਰਾ ਨਹੀਂ ਕੀਤਾ ਗਿਆ ਸੀ, ਤਾਂ ਕੀ ਉਸ ਦਾ ਕੰਮ ਖੁਦ ਪਰਮੇਸ਼ੁਰ ਦੀ ਨੁਮਾਇੰਦਗੀ ਕਰ ਸਕਦਾ ਸੀ? ਜਦੋਂ ਯਿਸੂ ਨੇ ਪ੍ਰਾਰਥਨਾ ਕਰਨ ਵੇਲੇ ਸਵਰਗ ਵਿਚਲੇ ਪਰਮੇਸ਼ੁਰ ਨੂੰ ਪਿਤਾ ਦੇ ਨਾਂ ਨਾਲ ਬੁਲਾਇਆ, ਤਾਂ ਇਹ ਸਿਰਫ਼ ਇੱਕ ਸਿਰਜੇ ਹੋਏ ਮਨੁੱਖ ਦੇ ਨਜ਼ਰੀਏ ਤੋਂ ਕੀਤਾ ਗਿਆ ਸੀ, ਸਿਰਫ਼ ਇਸ ਲਈ ਕਿ ਪਰਮੇਸ਼ੁਰ ਦੇ ਆਤਮਾ ਨੇ ਇੱਕ ਆਮ ਅਤੇ ਸਧਾਰਣ ਸਰੀਰ ਧਾਰਨ ਕਰ ਲਿਆ ਸੀ ਅਤੇ ਉਸ ਦਾ ਬਾਹਰੀ ਰੂਪ ਇੱਕ ਸਿਰਜੇ ਹੋਏ ਪ੍ਰਾਣੀ ਵਰਗਾ ਸੀ। ਭਾਵੇਂ ਉਸ ਦੇ ਅੰਦਰ ਪਰਮੇਸ਼ੁਰ ਦਾ ਆਤਮਾ ਸੀ, ਉਸ ਦਾ ਬਾਹਰੀ ਪ੍ਰਗਟਾਵਾ ਅਜੇ ਵੀ ਆਮ ਮਨੁੱਖ ਵਾਲਾ ਹੀ ਸੀ; ਦੂਜੇ ਸ਼ਬਦਾਂ ਵਿੱਚ, ਉਹ “ਮਨੁੱਖ ਦਾ ਪੁੱਤਰ” ਬਣ ਗਿਆ ਸੀ ਜਿਸ ਬਾਰੇ ਯਿਸੂ ਸਮੇਤ ਸਾਰੇ ਮਨੁੱਖ ਗੱਲ ਕਰਦੇ ਸਨ। ਇਹ ਮੰਨਦੇ ਹੋਏ ਕਿ ਉਸ ਨੂੰ ਮਨੁੱਖ ਦਾ ਪੁੱਤਰ ਕਿਹਾ ਜਾਂਦਾ ਹੈ, ਉਹ ਇੱਕ ਵਿਅਕਤੀ ਹੈ (ਭਾਵੇਂ ਉਹ ਆਦਮੀ ਹੋਵੇ ਜਾਂ ਇਸਤ੍ਰੀ, ਕਿਸੇ ਵੀ ਸਥਿਤੀ ਵਿੱਚ ਮਨੁੱਖ ਦੇ ਬਾਹਰੀ ਰੂਪ ਵਾਲਾ) ਜੋ ਸਧਾਰਣ ਲੋਕਾਂ ਦੇ ਇੱਕ ਆਮ ਜਿਹੇ ਪਰਿਵਾਰ ਵਿੱਚ ਜੰਮਿਆ ਹੈ। ਇਸ ਲਈ, ਯਿਸੂ ਦਾ ਸਵਰਗ ਵਿਚਲੇ ਪਰਮੇਸ਼ੁਰ ਨੂੰ ਪਿਤਾ ਦੇ ਨਾਂ ਨਾਲ ਬੁਲਾਉਣਾ ਉਵੇਂ ਹੀ ਸੀ ਜਿਵੇਂ ਤੁਸੀਂ ਪਹਿਲੀ ਵਾਰ ਉਸ ਨੂੰ ਪਿਤਾ ਕਿਹਾ ਸੀ; ਉਸ ਨੇ ਅਜਿਹਾ ਇੱਕ ਸਿਰਜੇ ਹੋਏ ਮਨੁੱਖ ਦੇ ਨਜ਼ਰੀਏ ਤੋਂ ਕੀਤਾ। ਕੀ ਤੁਹਾਨੂੰ ਅਜੇ ਵੀ ਪ੍ਰਭੂ ਦੀ ਪ੍ਰਾਰਥਨਾ ਯਾਦ ਹੈ ਜੋ ਯਿਸੂ ਨੇ ਤੁਹਾਨੂੰ ਯਾਦ ਕਰਨ ਲਈ ਸਿਖਾਈ ਸੀ? “ਹੇ ਸਾਡੇ ਪਿਤਾ ਤੂੰ ਜੋ ਸੁਰਗ ਵਿੱਚ ਹੈਂ...।” ਉਸ ਨੇ ਸਾਰੇ ਮਨੁੱਖਾਂ ਨੂੰ ਸਵਰਗ ਵਿਚਲੇ ਪਰਮੇਸ਼ੁਰ ਨੂੰ ਪਿਤਾ ਦੇ ਨਾਂ ਨਾਲ ਬੁਲਾਉਣ ਲਈ ਕਿਹਾ। ਅਤੇ ਕਿਉਂਕਿ ਉਸ ਨੇ ਆਪ ਵੀ ਉਸ ਨੂੰ ਪਿਤਾ ਕਿਹਾ ਸੀ, ਉਸ ਨੇ ਇੱਕ ਅਜਿਹੇ ਵਿਅਕਤੀ ਦੇ ਨਜ਼ਰੀਏ ਤੋਂ ਅਜਿਹਾ ਕੀਤਾ ਜੋ ਤੁਹਾਡੇ ਸਾਰਿਆਂ ਦੇ ਨਾਲ ਬਰਾਬਰੀ ਦੇ ਪੱਧਰ ’ਤੇ ਖੜ੍ਹਾ ਹੈ। ਕਿਉਂਕਿ ਤੁਸੀਂ ਸਵਰਗ ਵਿਚਲੇ ਪਰਮੇਸ਼ੁਰ ਨੂੰ ਪਿਤਾ ਦੇ ਨਾਂ ਨਾਲ ਬੁਲਾਇਆ, ਇਹ ਦਰਸਾਉਂਦਾ ਹੈ ਕਿ ਯਿਸੂ ਆਪਣੇ ਆਪ ਨੂੰ ਤੁਹਾਡੇ ਨਾਲ ਬਰਾਬਰੀ ਦੇ ਪੱਧਰ ’ਤੇ ਅਤੇ ਧਰਤੀ ਉੱਤੇ ਪਰਮੇਸ਼ੁਰ ਦੁਆਰਾ ਚੁਣੇ ਹੋਏ ਇੱਕ ਮਨੁੱਖ ਵਜੋਂ ਦੇਖਦਾ ਸੀ (ਭਾਵ, ਪਰਮੇਸ਼ੁਰ ਦਾ ਪੁੱਤਰ)। ਜੇ ਤੁਸੀਂ ਪਰਮੇਸ਼ੁਰ ਨੂੰ ਪਿਤਾ ਬੁਲਾਉਂਦੇ ਹੋ, ਤਾਂ ਕੀ ਇਹ ਇਸ ਲਈ ਨਹੀਂ ਕਿ ਤੁਸੀਂ ਇੱਕ ਸਿਰਜੇ ਹੋਏ ਪ੍ਰਾਣੀ ਹੋ? ਧਰਤੀ ਉੱਤੇ ਯਿਸੂ ਦਾ ਅਧਿਕਾਰ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ, ਸਲੀਬ ’ਤੇ ਚੜ੍ਹਾਏ ਜਾਣ ਤੋਂ ਪਹਿਲਾਂ ਉਹ ਸਿਰਫ਼ ਮਨੁੱਖ ਦਾ ਪੁੱਤਰ ਸੀ, ਜਿਸ ਦਾ ਸੰਚਾਲਨ ਪਵਿੱਤਰ ਆਤਮਾ (ਭਾਵ, ਪਰਮੇਸ਼ੁਰ) ਕਰਦਾ ਸੀ, ਅਤੇ ਜੋ ਧਰਤੀ ਦੇ ਸਿਰਜੇ ਹੋਏ ਪ੍ਰਾਣੀਆਂ ਵਿੱਚੋਂ ਇੱਕ ਸੀ, ਕਿਉਂਕਿ ਉਸ ਨੇ ਅਜੇ ਆਪਣਾ ਕੰਮ ਪੂਰਾ ਕਰਨਾ ਸੀ। ਇਸ ਲਈ, ਸਵਰਗ ਵਿਚਲੇ ਪਰਮੇਸ਼ੁਰ ਨੂੰ ਉਸ ਦੁਆਰਾ ਪਿਤਾ ਬੁਲਾਉਣਾ ਸਿਰਫ਼ ਉਸ ਦੀ ਦੀਨਤਾ ਅਤੇ ਆਗਿਆਕਾਰੀ ਸੀ। ਪਰ, ਪਰਮੇਸ਼ੁਰ (ਭਾਵ, ਸਵਰਗ ਵਿੱਚ ਆਤਮਾ) ਨੂੰ ਇਸ ਢੰਗ ਨਾਲ ਸੰਬੋਧਨ ਕਰਨਾ ਇਹ ਸਾਬਤ ਨਹੀਂ ਕਰਦਾ ਕਿ ਉਹ ਸਵਰਗ ਵਿਚਲੇ ਪਰਮੇਸ਼ੁਰ ਦੇ ਆਤਮਾ ਦਾ ਪੁੱਤਰ ਸੀ। ਇਸ ਦੀ ਬਜਾਏ, ਸਿਰਫ਼ ਇੰਨਾ ਸੀ ਕਿ ਉਸ ਦਾ ਨਜ਼ਰੀਆ ਅਲੱਗ ਸੀ, ਨਾ ਕਿ ਉਹ ਇੱਕ ਵੱਖਰਾ ਹੀ ਵਿਅਕਤੀ ਸੀ। ਵੱਖਰੇ ਵਿਅਕਤੀਆਂ ਦੀ ਹੋਂਦ ਇੱਕ ਭੁਲੇਖਾ ਹੈ! ਉਸ ਨੂੰ ਸਲੀਬ ’ਤੇ ਚੜ੍ਹਾਏ ਜਾਣ ਤੋਂ ਪਹਿਲਾਂ, ਯਿਸੂ ਮਨੁੱਖ ਦਾ ਪੁੱਤਰ ਸੀ ਜੋ ਸਰੀਰ ਦੀਆਂ ਕਮੀਆਂ ਨਾਲ ਸੀਮਤ ਸੀ ਅਤੇ ਉਸ ਕੋਲ ਪੂਰੀ ਤਰ੍ਹਾਂ ਆਤਮਾ ਦਾ ਅਧਿਕਾਰ ਨਹੀਂ ਸੀ। ਇਸੇ ਕਰਕੇ ਉਹ ਸਿਰਫ਼ ਇੱਕ ਸਿਰਜੇ ਹੋਏ ਪ੍ਰਾਣੀ ਦੇ ਨਜ਼ਰੀਏ ਤੋਂ ਹੀ ਪਰਮੇਸ਼ੁਰ ਪਿਤਾ ਦੀ ਇੱਛਾ ਨੂੰ ਪੂਰਾ ਕਰਨਾ ਚਾਹ ਸਕਦਾ ਸੀ। ਇਹ ਉਸੇ ਤਰ੍ਹਾਂ ਹੈ ਜਿਵੇਂ ਉਸ ਨੇ ਗਥਸਮਨੀ ਵਿੱਚ ਤਿੰਨ ਵਾਰ ਪ੍ਰਾਰਥਨਾ ਕੀਤੀ: “ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹੋ ਜੋ ਤੂੰ ਚਾਹੁੰਦਾ ਹੈਂ।” ਉਸ ਨੂੰ ਸਲੀਬ ਉੱਤੇ ਚੜ੍ਹਾਏ ਜਾਣ ਤੋਂ ਪਹਿਲਾਂ, ਉਹ ਸਿਰਫ਼ ਯਹੂਦੀਆਂ ਦਾ ਰਾਜਾ ਸੀ; ਉਹ ਮਸੀਹ ਸੀ, ਮਨੁੱਖ ਦਾ ਪੁੱਤਰ ਸੀ, ਅਤੇ ਮਹਿਮਾਮਈ ਸਰੀਰ ਨਹੀਂ। ਇਸੇ ਕਰਕੇ, ਇੱਕ ਸਿਰਜੇ ਹੋਏ ਪ੍ਰਾਣੀ ਦੇ ਨਜ਼ਰੀਏ ਤੋਂ, ਉਸ ਨੇ ਪਰਮੇਸ਼ੁਰ ਨੂੰ ਪਿਤਾ ਕਿਹਾ। ਹੁਣ, ਤੂੰ ਇਹ ਨਹੀਂ ਕਹਿ ਸਕਦਾ ਕਿ ਪਰਮੇਸ਼ੁਰ ਨੂੰ ਪਿਤਾ ਕਹਿਣ ਵਾਲੇ ਸਾਰੇ ਪੁੱਤਰ ਹਨ। ਜੇ ਅਜਿਹਾ ਹੁੰਦਾ, ਤਾਂ ਜਦੋਂ ਯਿਸੂ ਨੇ ਤੁਹਾਨੂੰ ਪ੍ਰਭੂ ਦੀ ਪ੍ਰਾਰਥਨਾ ਸਿਖਾਈ ਸੀ, ਉਦੋਂ ਕੀ ਤੁਸੀਂ ਸਾਰੇ ਪੁੱਤਰ ਨਹੀਂ ਬਣ ਗਏ ਹੁੰਦੇ? ਜੇ ਤੁਹਾਨੂੰ ਅਜੇ ਵੀ ਯਕੀਨ ਨਹੀਂ ਹੈ ਤਾਂ ਮੈਨੂੰ ਦੱਸੋ, ਕਿ ਉਹ ਕੌਣ ਹੈ ਜਿਸ ਨੂੰ ਤੁਸੀਂ ਪਿਤਾ ਕਹਿੰਦੇ ਹੋ? ਜੇ ਤੁਹਾਡਾ ਇਸ਼ਾਰਾ ਯਿਸੂ ਵੱਲ ਹੈ, ਤਾਂ ਤੁਹਾਡੇ ਲਈ ਯਿਸੂ ਦਾ ਪਿਤਾ ਕੌਣ ਹੈ? ਯਿਸੂ ਦੇ ਚਲੇ ਜਾਣ ਤੋਂ ਬਾਅਦ, ਪਿਤਾ ਅਤੇ ਪੁੱਤਰ ਵਾਲਾ ਇਹ ਵਿਚਾਰ ਨਹੀਂ ਰਿਹਾ। ਇਹ ਵਿਚਾਰ ਸਿਰਫ਼ ਉਨ੍ਹਾਂ ਸਾਲਾਂ ਲਈ ਉਚਿਤ ਸੀ ਜਦੋਂ ਯਿਸੂ ਨੇ ਸਰੀਰ ਧਾਰਨ ਕੀਤਾ; ਦੂਜੇ ਸਾਰੇ ਹਾਲਾਤ ਵਿੱਚ, ਜਦੋਂ ਤੁਸੀਂ ਪਰਮੇਸ਼ੁਰ ਨੂੰ ਪਿਤਾ ਕਹਿੰਦੇ ਹੋ ਤਾਂ ਇਹ ਕੇਵਲ ਸ੍ਰਿਸ਼ਟੀ ਦੇ ਪ੍ਰਭੂ ਅਤੇ ਸਿਰਜੇ ਹੋਏ ਪ੍ਰਾਣੀ ਵਿਚਲਾ ਇੱਕ ਸੰਬੰਧ ਹੁੰਦਾ ਹੈ। ਅਜਿਹਾ ਕੋਈ ਸਮਾਂ ਨਹੀਂ ਹੈ ਜਦੋਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਤ੍ਰਿਏਕ ਦਾ ਇਹ ਵਿਚਾਰ ਸਹਿਣ ਕੀਤਾ ਜਾ ਸਕਦਾ ਹੋਵੇ; ਇਹ ਇੱਕ ਭੁਲੇਖਾ ਹੈ ਜੋ ਯੁਗਾਂ ਵਿੱਚ ਘੱਟ ਹੀ ਦਿਖਾਈ ਦਿੰਦਾ ਹੈ ਅਤੇ ਇਹ ਮੌਜੂਦ ਨਹੀਂ ਹੈ।

ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਉਤਪਤ ਤੋਂ ਪਰਮੇਸ਼ੁਰ ਦੇ ਇਹ ਵਚਨ ਯਾਦ ਆਉਂਦੇ ਹੋਣ: “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ।” ਮੰਨ ਲਿਆ ਕਿ ਪਰਮੇਸ਼ੁਰ ਕਹਿੰਦਾ ਹੈ ਕਿ “ਅਸੀਂ” ਮਨੁੱਖ ਨੂੰ “ਆਪਣੇ” ਸਰੂਪ ਵਰਗਾ ਬਣਾਈਏ, ਤਾਂ “ਅਸੀਂ” ਦੋ ਜਾਂ ਵੱਧ ਵਿਅਕਤੀਆਂ ਵੱਲ ਸੰਕੇਤ ਕਰਦਾ ਹੈ; ਕਿਉਂਕਿ ਉਸ ਨੇ “ਅਸੀਂ” ਕਿਹਾ, ਤਾਂ ਸਿਰਫ਼ ਇੱਕੋ ਹੀ ਪਰਮੇਸ਼ੁਰ ਨਹੀਂ ਹੈ। ਇਸ ਤਰ੍ਹਾਂ, ਮਨੁੱਖ ਨੇ ਵੱਖੋ-ਵੱਖਰੇ ਵਿਅਕਤੀਆਂ ਦੇ ਖਿਆਲ ਅਨੁਸਾਰ ਸੋਚਣਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਵਚਨਾਂ ਤੋਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਵਿਚਾਰ ਉੱਭਰਿਆ। ਫਿਰ ਪਿਤਾ ਕਿਹੋ ਜਿਹਾ ਹੈ? ਪੁੱਤਰ ਕਿਹੋ ਜਿਹਾ ਹੈ? ਅਤੇ ਪਵਿੱਤਰ ਆਤਮਾ ਕਿਹੋ ਜਿਹਾ ਹੈ? ਕੀ ਸ਼ਾਇਦ ਅਜਿਹਾ ਹੋ ਸਕਦਾ ਹੈ ਕਿ ਅਜੋਕੀ ਮਨੁੱਖਜਾਤੀ ਤਿੰਨਾਂ ਨੂੰ ਮਿਲਾ ਕੇ ਬਣੇ ਇੱਕ ਸਰੂਪ ਅਨੁਸਾਰ ਬਣਾਈ ਗਈ ਸੀ? ਤਾਂ ਫਿਰ ਮਨੁੱਖ ਦਾ ਰੂਪ ਪਿਤਾ ਵਰਗਾ ਹੈ, ਪੁੱਤਰ ਵਰਗਾ, ਜਾਂ ਫਿਰ ਪਵਿੱਤਰ ਆਤਮਾ ਵਰਗਾ? ਮਨੁੱਖ ਦਾ ਰੂਪ ਪਰਮੇਸ਼ੁਰ ਦੀਆਂ ਤਿੰਨੋ ਸ਼ਖਸੀਅਤਾਂ ਵਿੱਚੋਂ ਕਿਸ ਦੇ ਵਰਗਾ ਹੈ? ਮਨੁੱਖ ਦਾ ਇਹ ਵਿਚਾਰ ਬਿਲਕੁਲ ਗਲਤ ਅਤੇ ਬੇਤੁਕਾ ਹੈ! ਇਹ ਸਿਰਫ਼ ਇੱਕ ਪਰਮੇਸ਼ੁਰ ਨੂੰ ਕਈ ਪਰਮੇਸ਼ੁਰਾਂ ਵਿੱਚ ਵੰਡ ਸਕਦਾ ਹੈ। ਜਿਸ ਸਮੇਂ ਮੂਸਾ ਨੇ ਉਤਪਤ ਨੂੰ ਲਿਖਿਆ ਸੀ, ਇਹ ਸੰਸਾਰ ਦੀ ਸਿਰਜਣਾ ਪਿੱਛੋਂ ਮਨੁੱਖਜਾਤੀ ਦੀ ਸਿਰਜਣਾ ਤੋਂ ਬਾਅਦ ਸੀ। ਬਿਲਕੁਲ ਅਰੰਭ ਵਿੱਚ, ਜਦੋਂ ਇਹ ਸੰਸਾਰ ਸ਼ੁਰੂ ਹੋਇਆ ਸੀ, ਮੂਸਾ ਦੀ ਹੋਂਦ ਨਹੀਂ ਸੀ। ਅਤੇ ਮੂਸਾ ਨੇ ਬਾਈਬਲ ਨੂੰ ਬਹੁਤ ਸਮੇਂ ਬਾਅਦ ਲਿਖਿਆ, ਤਾਂ ਉਸ ਨੂੰ ਇਹ ਕਿਵੇਂ ਪਤਾ ਹੋ ਸਕਦਾ ਸੀ ਕਿ ਸਵਰਗ ਵਿਚਲੇ ਪਰਮੇਸ਼ੁਰ ਨੇ ਕੀ ਕਿਹਾ ਸੀ? ਉਸ ਨੂੰ ਇਸ ਬਾਰੇ ਕੋਈ ਸੂਹ ਨਹੀਂ ਸੀ ਕਿ ਪਰਮੇਸ਼ੁਰ ਨੇ ਦੁਨੀਆ ਨੂੰ ਕਿਵੇਂ ਸਿਰਜਿਆ। ਬਾਈਬਲ ਦੇ ਪੁਰਾਣੇ ਨੇਮ ਵਿੱਚ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਕੋਈ ਜ਼ਿਕਰ ਨਹੀਂ ਹੈ, ਸਿਰਫ਼ ਇਸਰਾਏਲ ਵਿੱਚ ਆਪਣੇ ਕੰਮ ਨੂੰ ਪੂਰਾ ਕਰ ਚੁੱਕੇ, ਸੱਚੇ ਪਰਮੇਸ਼ੁਰ, ਯਹੋਵਾਹ ਦਾ ਜ਼ਿਕਰ ਹੈ। ਯੁਗ ਬਦਲਣ ਦੇ ਨਾਲ ਉਸ ਨੂੰ ਵੱਖੋ-ਵੱਖਰੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ, ਪਰ ਇਹ ਇਸ ਗੱਲ ਨੂੰ ਸਾਬਤ ਨਹੀਂ ਕਰ ਸਕਦਾ ਕਿ ਹਰੇਕ ਨਾਮ ਕਿਸੇ ਵੱਖਰੇ ਵਿਅਕਤੀ ਦਾ ਹੈ। ਜੇ ਅਜਿਹਾ ਹੁੰਦਾ, ਤਾਂ ਕੀ ਪਰਮੇਸ਼ੁਰ ਵਿੱਚ ਅਣਗਿਣਤ ਵਿਅਕਤੀ ਨਾ ਹੁੰਦੇ? ਪੁਰਾਣੇ ਨੇਮ ਵਿੱਚ ਜੋ ਲਿਖਿਆ ਗਿਆ ਹੈ ਉਹ ਹੈ ਯਹੋਵਾਹ ਦਾ ਕੰਮ, ਜੋ ਕਿ ਸ਼ਰਾ ਦੇ ਯੁਗ ਵਿੱਚ ਅਰੰਭ ਲਈ ਖੁਦ ਪਰਮੇਸ਼ੁਰ ਦੇ ਕੰਮ ਦਾ ਇੱਕ ਪੜਾਅ ਹੈ। ਇਹ ਪਰਮੇਸ਼ੁਰ ਦਾ ਕੰਮ ਸੀ, ਅਤੇ ਜਿਵੇਂ ਉਸ ਨੇ ਕਿਹਾ, ਉਹ ਹੋ ਗਿਆ, ਅਤੇ ਜਿਵੇਂ ਉਸ ਨੇ ਹੁਕਮ ਦਿੱਤਾ, ਉਹ ਬਣ ਗਿਆ। ਯਹੋਵਾਹ ਨੇ ਕਿਸੇ ਵੀ ਵੇਲੇ ਇਹ ਨਹੀਂ ਕਿਹਾ ਕਿ ਉਹ ਪਿਤਾ ਹੈ ਜੋ ਕੰਮ ਪੂਰਾ ਕਰਨ ਲਈ ਆਇਆ ਹੈ, ਅਤੇ ਨਾ ਹੀ ਉਸ ਨੇ ਮਨੁੱਖਜਾਤੀ ਨੂੰ ਛੁਟਕਾਰਾ ਦੁਆਉਣ ਲਈ ਪੁੱਤਰ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ। ਜਦੋਂ ਯਿਸੂ ਦਾ ਸਮਾਂ ਆਇਆ, ਤਾਂ ਸਿਰਫ਼ ਇਹ ਕਿਹਾ ਗਿਆ ਸੀ ਕਿ ਪਰਮੇਸ਼ੁਰ ਨੇ ਸਾਰੀ ਮਨੁੱਖਜਾਤੀ ਨੂੰ ਛੁਟਕਾਰਾ ਦੁਆਉਣ ਲਈ ਸਰੀਰ ਧਾਰਨ ਕੀਤਾ ਸੀ, ਇਹ ਨਹੀਂ ਕਿਹਾ ਗਿਆ ਸੀ ਕਿ ਪੁੱਤਰ ਆਇਆ ਸੀ। ਕਿਉਂਕਿ ਯੁਗ ਇਕੋ ਜਿਹੇ ਨਹੀਂ ਹਨ ਅਤੇ ਜੋ ਕੰਮ ਪਰਮੇਸ਼ੁਰ ਖੁਦ ਕਰਦਾ ਹੈ ਉਹ ਵੀ ਵੱਖੋ-ਵੱਖਰਾ ਹੁੰਦਾ ਹੈ, ਉਸ ਨੂੰ ਆਪਣੇ ਕੰਮ ਨੂੰ ਵੱਖੋ-ਵੱਖਰੇ ਖੇਤਰਾਂ ਵਿੱਚ ਕਰਨਾ ਪੈਂਦਾ ਹੈ। ਇਸ ਤਰੀਕੇ ਨਾਲ, ਉਹ ਜਿਸ ਪਛਾਣ ਨੂੰ ਦਰਸਾਉਂਦਾ ਹੈ ਉਹ ਵੀ ਵੱਖਰੀ ਹੁੰਦੀ ਹੈ। ਮਨੁੱਖ ਇਹ ਸਮਝਦਾ ਹੈ ਕਿ ਯਹੋਵਾਹ ਯਿਸੂ ਦਾ ਪਿਤਾ ਹੈ, ਪਰ ਅਸਲ ਵਿੱਚ ਇਸ ਗੱਲ ਨੂੰ ਯਿਸੂ ਨੇ ਕਦੇ ਸਵੀਕਾਰ ਨਹੀਂ ਕੀਤਾ ਸੀ, ਜਿਸ ਨੇ ਕਿਹਾ: “ਅਸੀ ਪਿਤਾ ਅਤੇ ਪੁੱਤਰ ਵਾਂਗ ਕਦੇ ਵੀ ਅੱਡ ਨਹੀਂ ਹਾਂ; ਮੈਂ ਅਤੇ ਸਵਰਗ ਵਿਚਲਾ ਪਿਤਾ ਇੱਕ ਹਾਂ। ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ; ਜਦੋਂ ਮਨੁੱਖ ਪੁੱਤਰ ਨੂੰ ਵੇਖਦਾ ਹੈ, ਤਾਂ ਉਹ ਸਵਰਗ ਵਿਚਲੇ ਪਿਤਾ ਨੂੰ ਵੇਖ ਰਿਹਾ ਹੁੰਦਾ ਹੈ।” ਸਭ ਕੁਝ ’ਤੇ ਵਿਚਾਰ ਕਰਨ ਤੋਂ ਬਾਅਦ, ਭਾਵੇ ਪਿਤਾ ਹੋਵੇ ਜਾਂ ਪੁੱਤਰ, ਉਹ ਇੱਕ ਆਤਮਾ ਹਨ, ਵੱਖੋ-ਵੱਖਰੇ ਵਿਅਕਤੀਆਂ ਵਿੱਚ ਵੰਡੇ ਨਹੀਂ ਹੋਏ ਹਨ। ਜਦੋਂ ਮਨੁੱਖ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਵੱਖੋ-ਵੱਖਰੇ ਵਿਅਕਤੀਆਂ ਅਤੇ ਇਸ ਦੇ ਨਾਲ ਹੀ ਪਿਤਾ, ਪੁੱਤਰ, ਅਤੇ ਆਤਮਾ ਵਿਚਾਲੇ ਸੰਬੰਧ ਦੇ ਵਿਚਾਰ ਨਾਲ ਮਾਮਲਾ ਉਲਝ ਜਾਂਦਾ ਹੈ। ਜਦੋਂ ਮਨੁੱਖ ਵੱਖਰੇ ਵਿਅਕਤੀਆਂ ਦੀ ਗੱਲ ਕਰਦਾ ਹੈ, ਤਾਂ ਕੀ ਇਹ ਪਰਮੇਸ਼ੁਰ ਨੂੰ ਸਾਕਾਰ ਰੂਪ ਨਹੀਂ ਦੇ ਦਿੰਦਾ? ਇੱਥੋਂ ਤਕ ਕਿ ਮਨੁੱਖ ਵਿਅਕਤੀਆਂ ਨੂੰ ਵੀ ਪਹਿਲੇ, ਦੂਜੇ ਅਤੇ ਤੀਜੇ ਦਰਜੇ ’ਤੇ ਰੱਖਦਾ ਹੈ; ਇਹ ਸਭ ਇਨਸਾਨ ਦੀਆਂ ਕਲਪਨਾਵਾਂ ਤੋਂ ਇਲਾਵਾ ਕੁਝ ਨਹੀਂ ਹਨ, ਜ਼ਿਕਰ ਕਰਨ ਦੇ ਯੋਗ ਨਹੀਂ ਹਨ, ਬਿਲਕੁਲ ਖਿਆਲੀ ਹਨ! ਜੇ ਤੂੰ ਉਸ ਨੂੰ ਪੁੱਛਿਆ: “ਪਰਮੇਸ਼ੁਰ ਕਿੰਨੇ ਹਨ?” ਉਹ ਕਹੇਗਾ ਕਿ ਪਰਮੇਸ਼ੁਰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਤ੍ਰਿਏਕ ਹੈ: ਇੱਕ ਸੱਚਾ ਪਰਮੇਸ਼ੁਰ। ਜੇ ਤੂੰ ਦੁਬਾਰਾ ਪੁੱਛਿਆ: “ਪਿਤਾ ਕੌਣ ਹੈ?” ਉਹ ਕਹੇਗਾ: “ਪਿਤਾ ਸਵਰਗ ਵਿਚਲੇ ਪਰਮੇਸ਼ੁਰ ਦਾ ਆਤਮਾ ਹੈ; ਉਹ ਸਭ ਦਾ ਮੁਖੀ ਹੈ, ਅਤੇ ਸਵਰਗ ਦਾ ਮਾਲਕ ਹੈ। “ “ਤਾਂ ਕੀ ਯਹੋਵਾਹ ਆਤਮਾ ਹੈ?” ਉਹ ਕਹੇਗਾ: “ਹਾਂ!” ਜੇ ਤੂੰ ਫਿਰ ਉਸ ਨੂੰ ਪੁੱਛਿਆ, “ਪੁੱਤਰ ਕੌਣ ਹੈ?” ਉਹ ਕਹੇਗਾ ਕਿ ਬੇਸ਼ੱਕ, ਪੁੱਤਰ ਯਿਸੂ ਹੈ। “ਤਾਂ ਯਿਸੂ ਦੀ ਕਹਾਣੀ ਕੀ ਹੈ? ਉਹ ਕਿਥੋਂ ਆਇਆ?” ਉਹ ਕਹੇਗਾ: “ਯਿਸੂ ਮਰਿਯਮ ਤੋਂ ਪਵਿੱਤਰ ਆਤਮਾ ਦੇ ਦੁਆਰਾ ਗਰਭਧਾਰਣ ਰਾਹੀਂ ਜੰਮਿਆ ਸੀ।” ਤਾਂ ਫਿਰ ਕੀ ਉਸ ਦਾ ਸਾਰ ਆਤਮਾ ਵੀ ਨਹੀਂ ਹੈ? ਕੀ ਉਸ ਦਾ ਕੰਮ ਵੀ ਪਵਿੱਤਰ ਆਤਮਾ ਨੂੰ ਨਹੀਂ ਦਰਸਾਉਂਦਾ? ਯਹੋਵਾਹ ਆਤਮਾ ਹੈ ਅਤੇ ਯਿਸੂ ਦਾ ਸਾਰ ਵੀ ਇਹੀ ਹੈ। ਹੁਣ ਅੰਤ ਦੇ ਦਿਨਾਂ ਵਿੱਚ, ਇਹ ਕਹਿਣ ਦੀ ਲੋੜ ਨਹੀਂ ਕਿ ਅਜੇ ਵੀ ਆਤਮਾ ਕੰਮ ਕਰ ਰਿਹਾ ਹੈ; ਉਹ ਵੱਖਰੇ ਵਿਅਕਤੀ ਕਿਵੇਂ ਹੋ ਸਕਦੇ ਹਨ? ਕੀ ਇਹ ਸਿਰਫ਼ ਪਰਮੇਸ਼ੁਰ ਦਾ ਆਤਮਾ ਨਹੀਂ ਹੈ ਜੋ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਆਤਮਾ ਦੇ ਕੰਮ ਨੂੰ ਪੂਰਾ ਕਰਦਾ ਹੈ? ਆਪਣੇ ਆਪ ਵਿੱਚ, ਵਿਅਕਤੀਆਂ ਵਿਚਾਲੇ ਕੋਈ ਵਖਰੇਵਾਂ ਨਹੀਂ ਹੈ। ਯਿਸੂ ਪਵਿੱਤਰ ਆਤਮਾ ਦੁਆਰਾ ਗਰਭ ਵਿੱਚ ਭੇਜਿਆ ਗਿਆ ਸੀ, ਅਤੇ ਨਿਸ਼ਚਿਤ ਰੂਪ ਵਿੱਚ, ਉਸ ਦਾ ਕੰਮ ਅਸਲ ’ਚ ਪਵਿੱਤਰ ਆਤਮਾ ਦਾ ਹੀ ਕੰਮ ਸੀ। ਯਹੋਵਾਹ ਦੁਆਰਾ ਪੂਰੇ ਕੀਤੇ ਗਏ ਕੰਮ ਦੇ ਪਹਿਲੇ ਪੜਾਅ ਵਿੱਚ, ਉਸ ਨੇ ਨਾ ਤਾਂ ਸਰੀਰ ਧਾਰਣ ਕੀਤਾ ਸੀ ਅਤੇ ਨਾ ਹੀ ਮਨੁੱਖ ਨੂੰ ਦਰਸ਼ਨ ਦਿੱਤੇ। ਇਸ ਲਈ ਮਨੁੱਖ ਨੇ ਕਦੇ ਵੀ ਉਸ ਦੇ ਪ੍ਰਗਟਾਵੇ ਨੂੰ ਨਹੀਂ ਦੇਖਿਆ। ਭਾਵੇਂ ਉਹ ਕਿੰਨਾ ਵੀ ਮਹਾਨ ਅਤੇ ਕਿੰਨਾ ਹੀ ਉੱਚਾ ਸੀ, ਫਿਰ ਵੀ ਉਹ ਆਤਮਾ ਸੀ, ਖੁਦ ਪਰਮੇਸ਼ੁਰ ਸੀ ਜਿਸ ਨੇ ਪਹਿਲਾਂ ਮਨੁੱਖ ਨੂੰ ਸਿਰਜਿਆ। ਅਰਥਾਤ, ਉਹ ਪਰਮੇਸ਼ੁਰ ਦਾ ਆਤਮਾ ਸੀ। ਜਦੋਂ ਉਸ ਨੇ ਬੱਦਲਾਂ ਵਿੱਚੋਂ ਮਨੁੱਖ ਨਾਲ ਗੱਲ ਕੀਤੀ ਸੀ, ਤਾਂ ਉਹ ਸਿਰਫ਼ ਇੱਕ ਆਤਮਾ ਸੀ। ਕਿਸੇ ਨੇ ਵੀ ਉਸ ਦੇ ਪ੍ਰਗਟਾਵੇ ਨੂੰ ਨਹੀਂ ਵੇਖਿਆ; ਕਿਰਪਾ ਦੇ ਯੁੱਗ ਵਿੱਚ ਜਦੋਂ ਪਰਮੇਸ਼ੁਰ ਦਾ ਆਤਮਾ ਸਰੀਰ ਵਿੱਚ ਆਇਆ ਅਤੇ ਯਹੂਦਿਯਾ ਵਿੱਚ ਦੇਹਧਾਰਣ ਕੀਤਾ, ਮਨੁੱਖ ਨੇ ਸਿਰਫ਼ ਉਦੋਂ ਪਹਿਲੀ ਵਾਰ ਦੇਹਧਾਰਣ ਦੇ ਸਰੂਪ ਨੂੰ ਇੱਕ ਯਹੂਦੀ ਦੇ ਰੂਪ ਵਿੱਚ ਵੇਖਿਆ। ਯਹੋਵਾਹ ਦੀ ਭਾਵਨਾ ਮਹਿਸੂਸ ਨਹੀਂ ਕੀਤੀ ਜਾ ਸਕਦੀ ਸੀ। ਹਾਲਾਂਕਿ, ਉਹ ਪਵਿੱਤਰ ਆਤਮਾ ਦੁਆਰਾ ਗਰਭ ਵਿੱਚ ਭੇਜਿਆ ਗਿਆ ਸੀ, ਭਾਵ, ਖੁਦ ਯਹੋਵਾਹ ਦੇ ਆਤਮਾ ਦੁਆਰਾ ਗਰਭ ਵਿੱਚ ਭੇਜਿਆ ਗਿਆ ਸੀ, ਅਤੇ ਯਿਸੂ ਅਜੇ ਵੀ ਪਰਮੇਸ਼ੁਰ ਦੇ ਆਤਮਾ ਦੇ ਸਾਕਾਰ ਰੂਪ ਵਜੋਂ ਜੰਮਿਆ ਸੀ। ਸਭ ਤੋਂ ਪਹਿਲਾਂ ਮਨੁੱਖ ਨੇ ਜੋ ਵੇਖਿਆ ਉਹ ਪਵਿੱਤਰ ਆਤਮਾ ਸੀ ਜੋ ਯਿਸੂ ਉੱਤੇ ਕਬੂਤਰ ਵਾਂਗ ਉਤਰ ਰਿਹਾ ਸੀ; ਇਹ ਸਿਰਫ਼ ਇਕੱਲੇ ਯਿਸੂ ਦਾ ਆਤਮਾ ਨਹੀਂ ਸੀ, ਬਲਕਿ ਪਵਿੱਤਰ ਆਤਮਾ ਸੀ। ਤਾਂ ਕੀ ਯਿਸੂ ਦੇ ਆਤਮਾ ਨੂੰ ਪਵਿੱਤਰ ਆਤਮਾ ਤੋਂ ਵੱਖ ਕੀਤਾ ਜਾ ਸਕਦਾ ਹੈ? ਜੇ ਯਿਸੂ, ਯਿਸੂ ਪੁੱਤਰ ਹੈ, ਅਤੇ ਪਵਿੱਤਰ ਆਤਮਾ ਪਵਿੱਤਰ ਆਤਮਾ ਹੈ, ਤਾਂ ਫਿਰ ਉਹ ਇੱਕ ਕਿਵੇਂ ਹੋ ਸਕਦੇ ਹਨ? ਜੇ ਅਜਿਹਾ ਹੁੰਦਾ ਤਾਂ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ ਸੀ। ਯਿਸੂ ਦੇ ਅੰਦਰ ਦਾ ਆਤਮਾ, ਸਵਰਗ ਵਿਚਲਾ ਆਤਮਾ ਅਤੇ ਯਹੋਵਾਹ ਦਾ ਆਤਮਾ ਸਭ ਇੱਕੋ ਹਨ। ਇਸ ਨੂੰ ਪਵਿੱਤਰ ਆਤਮਾ, ਪਰਮੇਸ਼ੁਰ ਦਾ ਆਤਮਾ, ਸੱਤ ਗੁਣਾ ਸ਼ਕਤੀਸ਼ਾਲੀ ਆਤਮਾ ਅਤੇ ਸਰਬ-ਵਿਆਪਕ ਆਤਮਾ ਕਿਹਾ ਜਾ ਸਕਦਾ ਹੈ। ਪਰਮੇਸ਼ੁਰ ਦਾ ਆਤਮਾ ਬਹੁਤ ਸਾਰਾ ਕੰਮ ਕਰ ਸਕਦਾ ਹੈ। ਉਹ ਸੰਸਾਰ ਦੀ ਸਿਰਜਣਾ ਕਰਨ ਅਤੇ ਧਰਤੀ ’ਤੇ ਪਰਲੋ ਲਿਆ ਕੇ ਇਸ ਦਾ ਨਾਸ ਕਰਨ ਦੇ ਸਮਰੱਥ ਹੈ; ਉਹ ਸਾਰੀ ਮਨੁੱਖਜਾਤੀ ਨੂੰ ਛੁਟਕਾਰਾ ਦੁਆ ਸਕਦਾ ਹੈ, ਅਤੇ ਇਸ ਤੋਂ ਇਲਾਵਾ, ਉਹ ਸਾਰੀ ਮਨੁੱਖਜਾਤੀ ਨੂੰ ਜਿੱਤ ਸਕਦਾ ਹੈ ਅਤੇ ਇਸ ਦਾ ਨਾਸ ਕਰ ਸਕਦਾ ਹੈ। ਇਹ ਸਾਰਾ ਕੰਮ ਪਰਮੇਸ਼ੁਰ ਆਪ ਪੂਰਾ ਕਰਦਾ ਹੈ ਅਤੇ ਉਸ ਦੀ ਥਾਂ ਪਰਮੇਸ਼ੁਰ ਦੇ ਵਿਅਕਤੀਆਂ ਵਿੱਚੋਂ ਕਿਸੇ ਹੋਰ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ। ਉਸ ਦੇ ਆਤਮਾ ਨੂੰ ਯਹੋਵਾਹ ਅਤੇ ਯਿਸੂ, ਅਤੇ ਇਸ ਦੇ ਨਾਲ ਹੀ ਸਰਬਸ਼ਕਤੀਮਾਨ ਦੇ ਨਾਂ ਨਾਲ ਸੱਦਿਆ ਜਾ ਸਕਦਾ ਹੈ। ਉਹ ਪ੍ਰਭੂ, ਅਤੇ ਮਸੀਹ ਹੈ। ਉਹ ਮਨੁੱਖ ਦਾ ਪੁੱਤਰ ਵੀ ਬਣ ਸਕਦਾ ਹੈ। ਉਹ ਸਵਰਗਾਂ ਵਿੱਚ ਹੈ ਅਤੇ ਧਰਤੀ ਉੱਤੇ ਵੀ ਹੈ; ਉਹ ਬ੍ਰਹਿਮੰਡਾਂ ਤੋਂ ਉੱਪਰ ਹੈ ਅਤੇ ਲੋਕਾਂ ਦੀਆਂ ਭੀੜਾਂ ਦੇ ਦਰਮਿਆਨ ਵੀ ਹੈ। ਉਹ ਅਕਾਸ਼ ਅਤੇ ਧਰਤੀ ਦਾ ਇੱਕੋ-ਇੱਕ ਮਾਲਕ ਹੈ! ਸ੍ਰਿਸ਼ਟੀ ਦੀ ਸਿਰਜਣਾ ਦੇ ਸਮੇਂ ਤੋਂ ਲੈ ਕੇ ਹੁਣ ਤੱਕ, ਇਹ ਕੰਮ ਖੁਦ ਪਰਮੇਸ਼ੁਰ ਦੇ ਆਤਮਾ ਦੁਆਰਾ ਕੀਤਾ ਗਿਆ ਹੈ। ਭਾਵੇਂ ਇਹ ਸਵਰਗ ਵਿਚਲਾ ਕੰਮ ਹੋਵੇ ਜਾਂ ਸਰੀਰ ਵਿਚਲਾ, ਸਾਰਾ ਕੰਮ ਉਸ ਦੇ ਆਪਣੇ ਆਤਮਾ ਦੁਆਰਾ ਪੂਰਾ ਕੀਤਾ ਜਾਦਾ ਹੈ। ਸਾਰੇ ਜੀਵ-ਜੰਤੂ, ਭਾਵੇਂ ਉਹ ਸਵਰਗ ਵਿੱਚ ਹੋਣ ਜਾਂ ਧਰਤੀ ’ਤੇ, ਉਸ ਸਰਬਸ਼ਕਤੀਮਾਨ ਦੀ ਹਥੇਲੀ ਵਿੱਚ ਹਨ; ਇਹ ਸਭ ਕੁਝ ਖੁਦ ਪਰਮੇਸ਼ੁਰ ਦਾ ਕੰਮ ਹੈ ਅਤੇ ਉਸ ਦੀ ਥਾਂ ਕੋਈ ਹੋਰ ਨਹੀਂ ਕਰ ਸਕਦਾ ਹੈ। ਸਵਰਗਾਂ ਵਿੱਚ, ਉਹ ਆਤਮਾ ਹੈ, ਪਰ ਖੁਦ ਪਰਮੇਸ਼ੁਰ ਵੀ ਹੈ; ਮਨੁੱਖਾਂ ਵਿੱਚ, ਉਹ ਸਰੀਰ ਹੈ, ਪਰ ਖੁਦ ਪਰਮੇਸ਼ੁਰ ਹੀ ਰਹਿੰਦਾ ਹੈ। ਹਾਲਾਂਕਿ ਉਸ ਨੂੰ ਲੱਖਾਂ ਹੀ ਨਾਂਵਾਂ ਨਾਲ ਬੁਲਾਇਆ ਜਾ ਸਕਦਾ ਹੈ, ਫਿਰ ਵੀ ਉਹ ਖੁਦ ਹੀ ਹੈ ਅਤੇ ਸਾਰਾ ਕੰਮ ਉਸ ਦੇ ਆਤਮਾ ਦਾ ਪ੍ਰਤੱਖ ਪ੍ਰਗਟਾਵਾ ਹੈ। ਉਸ ਨੂੰ ਸਲੀਬ ਉੱਪਰ ਚੜ੍ਹਾਏ ਜਾਣ ਦੁਆਰਾ ਸਾਰੀ ਮਨੁੱਖਜਾਤੀ ਦਾ ਛੁਟਕਾਰਾ ਉਸ ਦੇ ਆਤਮਾ ਦਾ ਪ੍ਰਤੱਖ ਕੰਮ ਸੀ, ਅਤੇ ਇਸੇ ਤਰ੍ਹਾਂ ਅੰਤ ਦੇ ਦਿਨਾਂ ਦੌਰਾਨ ਸਾਰੀਆਂ ਕੌਮਾਂ ਅਤੇ ਸਾਰੇ ਦੇਸ਼ਾਂ ਲਈ ਇਹ ਹੋਕਾ ਹੈ। ਹਰ ਸਮੇਂ, ਪਰਮੇਸ਼ੁਰ ਨੂੰ ਸਿਰਫ਼ ਸਰਬਸ਼ਕਤੀਮਾਨ ਅਤੇ ਇੱਕ ਸੱਚਾ ਪਰਮੇਸ਼ੁਰ, ਸਰਬ-ਵਿਆਪੀ ਖੁਦ ਪਰਮੇਸ਼ੁਰ ਹੀ ਕਿਹਾ ਜਾ ਸਕਦਾ ਹੈ। ਵੱਖੋ-ਵੱਖਰੇ ਵਿਅਕਤੀ ਮੌਜੂਦ ਨਹੀਂ ਹਨ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਇਹ ਖਿਆਲ ਤਾਂ ਬਿਲਕੁਲ ਵੀ ਨਹੀਂ। ਸਵਰਗ ਵਿੱਚ ਅਤੇ ਧਰਤੀ ਉੱਤੇ ਇੱਕੋ ਹੀ ਪਰਮੇਸ਼ੁਰ ਹੈ!

ਪਰਮੇਸ਼ੁਰ ਦੀ ਪ੍ਰਬੰਧਨ ਦੀ ਯੋਜਨਾ ਛੇ ਹਜ਼ਾਰ ਸਾਲਾਂ ਤੱਕ ਫ਼ੈਲੀ ਹੋਈ ਹੈ ਅਤੇ ਉਸ ਦੇ ਕੰਮ ਵਿੱਚ ਅੰਤਰ ਦੇ ਅਧਾਰ ਤੇ ਤਿੰਨ ਯੁੱਗਾਂ ਵਿੱਚ ਵੰਡੀ ਹੋਈ ਹੈ: ਪਹਿਲਾ ਯੁੱਗ ਪੁਰਾਣੇ ਨੇਮ ਦਾ ਸ਼ਰਾ ਦਾ ਯੁਗ ਹੈ; ਦੂਜਾ ਕਿਰਪਾ ਦਾ ਯੁਗ ਹੈ; ਅਤੇ ਤੀਜਾ ਦਿਨ ਅੰਤ ਦੇ ਦਿਨਾਂ ਦਾ—ਰਾਜ ਦਾ ਯੁਗ ਹੈ। ਹਰ ਯੁਗ ਵਿੱਚ ਇੱਕ ਵੱਖਰੀ ਪਛਾਣ ਦਰਸਾਈ ਜਾਂਦੀ ਹੈ। ਅਜਿਹਾ ਸਿਰਫ਼ ਕੰਮ ਵਿੱਚ ਅੰਤਰ, ਭਾਵ, ਕੰਮ ਦੀਆਂ ਲੋੜਾਂ ਵਿੱਚ ਫ਼ਰਕ ਕਾਰਨ ਹੈ। ਸ਼ਰਾ ਦੇ ਯੁਗ ਦੇ ਦੌਰਾਨ ਕੰਮ ਦਾ ਪਹਿਲਾ ਪੜਾਅ ਇਸਰਾਏਲ ਵਿੱਚ ਕੀਤਾ ਗਿਆ ਸੀ, ਅਤੇ ਛੁਟਕਾਰੇ ਦਾ ਕੰਮ ਪੂਰਾ ਕਰਨ ਦਾ ਦੂਜਾ ਪੜਾਅ ਯਹੂਦਿਯਾ ਵਿੱਚ ਕੀਤਾ ਗਿਆ ਸੀ। ਛੁਟਕਾਰੇ ਦੇ ਕੰਮ ਲਈ, ਯਿਸੂ ਦਾ ਜਨਮ ਪਵਿੱਤਰ ਆਤਮਾ ਦੁਆਰਾ ਗਰਭ ਵਿੱਚ ਭੇਜੇ ਜਾਣ ਰਾਹੀਂ ਅਤੇ ਇੱਕਲੌਤੇ ਪੁੱਤਰ ਵਜੋਂ ਹੋਇਆ ਸੀ। ਇਹ ਸਭ ਕੁਝ ਕੰਮ ਦੀਆਂ ਲੋੜਾਂ ਦੇ ਕਾਰਨ ਸੀ। ਅੰਤ ਦੇ ਦਿਨਾਂ ਵਿੱਚ, ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਆਪਣੇ ਕੰਮ ਨੂੰ ਗੈਰ-ਕੌਮਾਂ ਵਿੱਚ ਫ਼ੈਲਾਵੇ ਅਤੇ ਉੱਥੋਂ ਦੇ ਲੋਕਾਂ ਨੂੰ ਜਿੱਤੇ, ਤਾਂ ਜੋ ਉਸ ਦਾ ਨਾਂ ਉਨ੍ਹਾਂ ਵਿੱਚ ਮਹਾਨ ਹੋ ਸਕੇ। ਉਹ ਮਨੁੱਖ ਨੂੰ ਸਾਰੀ ਸੱਚਾਈ ਨੂੰ ਸਮਝਣ ਅਤੇ ਇਸ ਵਿੱਚ ਪ੍ਰਵੇਸ਼ ਕਰਨ ਲਈ ਉਸ ਦੀ ਅਗਵਾਈ ਕਰਨੀ ਚਾਹੁੰਦਾ ਹੈ। ਇਹ ਸਾਰਾ ਕੰਮ ਇੱਕ ਆਤਮਾ ਦੁਆਰਾ ਕੀਤਾ ਜਾਂਦਾ ਹੈ। ਹਾਲਾਂਕਿ ਉਹ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਅਜਿਹਾ ਕਰ ਸਕਦਾ ਹੈ, ਪਰ ਕੰਮ ਦੀ ਪ੍ਰਕਿਰਤੀ ਅਤੇ ਸਿਧਾਂਤ ਇੱਕੋ ਜਿਹੇ ਹੀ ਰਹਿੰਦੇ ਹਨ। ਜਦੋਂ ਤੂੰ ਉਨ੍ਹਾਂ ਦੁਆਰਾ ਕੀਤੇ ਗਏ ਕੰਮ ਦੇ ਸਿਧਾਂਤਾਂ ਅਤੇ ਪ੍ਰਕਰਿਤੀ ਨੂੰ ਵੇਖੇਂਗਾ, ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਇਹ ਸਭ ਕੁਝ ਇੱਕ ਆਤਮਾ ਦੁਆਰਾ ਹੀ ਕੀਤਾ ਜਾਂਦਾ ਹੈ। ਫਿਰ ਵੀ ਕੁਝ ਲੋਕ ਸ਼ਾਇਦ ਇਹ ਕਹਿਣ: “ਪਿਤਾ ਪਿਤਾ ਹੈ; ਪੁੱਤਰ ਪੁੱਤਰ ਹੈ; ਪਵਿੱਤਰ ਆਤਮਾ ਪਵਿੱਤਰ ਆਤਮਾ ਹੈ, ਅਤੇ ਅੰਤ ਵਿੱਚ, ਉਹ ਇੱਕ ਬਣਾਏ ਜਾਣਗੇ।” ਤਾਂ ਤੈਨੂੰ ਉਨ੍ਹਾਂ ਨੂੰ ਇੱਕ ਕਿਵੇਂ ਬਣਾਉਣਾ ਚਾਹੀਦਾ ਹੈ? ਪਿਤਾ ਅਤੇ ਪਵਿੱਤਰ ਆਤਮਾ ਨੂੰ ਇੱਕ ਕਿਵੇਂ ਬਣਾਇਆ ਜਾ ਸਕਦਾ ਹੈ? ਜੇ ਉਹ ਮੂਲ ਰੂਪ ਵਿੱਚ ਦੋ ਸਨ, ਤਾਂ ਭਾਵੇਂ ਉਨ੍ਹਾਂ ਨੂੰ ਜਿਵੇਂ ਮਰਜ਼ੀ ਇੱਕ ਬਣਾਇਆ ਜਾਵੇ, ਕੀ ਉਹ ਦੋ ਹਿੱਸੇ ਨਹੀਂ ਰਹਿਣਗੇ? ਜਦੋਂ ਤੁਸੀਂ ਉਨ੍ਹਾਂ ਨੂੰ ਇੱਕ ਬਣਾਉਣ ਦੀ ਗੱਲ ਕਰਦੇ ਹੋ, ਤਾਂ ਕੀ ਇਸ ਦਾ ਮਤਲਬ ਸਿਰਫ਼ ਦੋ ਵੱਖੋ-ਵੱਖਰੇ ਹਿੱਸਿਆਂ ਨੂੰ ਜੋੜ ਕੇ ਇੱਕ ਸੰਪੂਰਨ ਬਣਾਉਣਾ ਨਹੀਂ ਹੈ? ਪਰ ਕੀ ਉਹ ਸੰਪੂਰਨ ਬਣਾਏ ਜਾਣ ਤੋਂ ਪਹਿਲਾਂ ਦੋ ਹਿੱਸੇ ਨਹੀਂ ਸਨ? ਹਰ ਆਤਮਾ ਦਾ ਇੱਕ ਵੱਖਰਾ ਸਾਰ ਹੁੰਦਾ ਹੈ, ਅਤੇ ਦੋ ਆਤਮਿਆਂ ਨੂੰ ਇੱਕ ਨਹੀਂ ਬਣਾਇਆ ਜਾ ਸਕਦਾ। ਆਤਮਾ ਕੋਈ ਭੌਤਿਕ ਵਸਤੂ ਨਹੀਂ ਹੈ ਅਤੇ ਭੌਤਿਕ ਸੰਸਾਰ ਵਿੱਚ ਕਿਸੇ ਵੀ ਹੋਰ ਵਸਤੂ ਤੋਂ ਭਿੰਨ ਹੈ। ਜਿਵੇਂ ਮਨੁੱਖ ਇਸ ਨੂੰ ਵੇਖਦਾ ਹੈ, ਪਿਤਾ ਇੱਕ ਆਤਮਾ ਹੈ, ਪੁੱਤਰ ਦੂਜਾ ਆਤਮਾ, ਅਤੇ ਪਵਿੱਤਰ ਆਤਮਾ ਇੱਕ ਹੋਰ ਆਤਮਾ ਹੈ, ਤਾਂ ਉਹ ਤਿੰਨ ਆਤਮੇ ਪਾਣੀ ਦੇ ਤਿੰਨ ਗਲਾਸਾਂ ਵਾਂਗ ਰਲਾ ਕੇ ਸੰਪੂਰਨ ਇੱਕ ਬਣਾਏ ਜਾਂਦੇ ਹਨ। ਤਾਂ ਕੀ ਫੇਰ ਤਿੰਨਾਂ ਨੂੰ ਮਿਲਾ ਕੇ ਇੱਦਾਂ ਇੱਕ ਨਹੀਂ ਬਣਦਾ? ਇਹ ਪੂਰੀ ਤਰ੍ਹਾਂ ਨਾਲ ਇੱਕ ਗਲਤ ਵਿਆਖਿਆ ਹੈ! ਕੀ ਇਹ ਪਰਮੇਸ਼ੁਰ ਦੇ ਟੋਟੇ ਕਰਨਾ ਨਹੀਂ ਹੈ? ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਸਭ ਨੂੰ ਇੱਕ ਕਿਵੇਂ ਬਣਾਇਆ ਜਾ ਸਕਦਾ ਹੈ? ਕੀ ਉਹ ਵੱਖੋ-ਵੱਖਰੇ ਸੁਭਾਅ ਵਾਲੇ ਤਿੰਨ ਹਿੱਸੇ ਨਹੀਂ ਹਨ? ਅਜੇ ਵੀ ਅਜਿਹੇ ਲੋਕ ਹਨ ਜੋ ਕਹਿੰਦੇ ਹਨ, “ਕੀ ਪਰਮੇਸ਼ੁਰ ਨੇ ਸਪਸ਼ਟ ਤੌਰ ਤੇ ਇਹ ਨਹੀਂ ਕਿਹਾ ਕਿ ਯਿਸੂ ਉਸ ਦਾ ਪਿਆਰਾ ਪੁੱਤਰ ਸੀ?” ਯਿਸੂ ਪਰਮੇਸ਼ੁਰ ਦਾ ਪਿਆਰਾ ਪੁੱਤਰ ਹੈ, ਜਿਸ ਵਿੱਚ ਉਸ ਨੂੰ ਬਹੁਤ ਖੁਸ਼ੀ ਮਿਲਦੀ ਹੈ—ਯਕੀਨਨ ਇਹ ਗੱਲ ਖੁਦ ਪਰਮੇਸ਼ੁਰ ਵੱਲੋਂ ਕਹੀ ਗਈ ਸੀ। ਇਹ ਪਰਮੇਸ਼ੁਰ ਖੁਦ ਆਪਣੇ ਆਪ ਨੂੰ ਗਵਾਹੀ ਦੇ ਰਿਹਾ ਸੀ, ਪਰ ਸਿਰਫ਼ ਇੱਕ ਵੱਖਰੇ ਨਜ਼ਰੀਏ ਤੋਂ, ਸਵਰਗ ਵਿਚਲੇ ਆਤਮਾ ਦੁਆਰਾ ਆਪਣੇ ਖੁਦ ਦੇ ਦੇਹਧਾਰਣ ਨੂੰ ਗਵਾਹੀ ਦੇਣ ਦੇ ਨਜ਼ਰੀਏ ਤੋਂ। ਯਿਸੂ ਸਵਰਗ ਵਿੱਚ ਉਸ ਦਾ ਪੁੱਤਰ ਨਹੀਂ ਬਲਕਿ ਉਸ ਦਾ ਦੇਹਧਾਰਣ ਹੈ। ਕੀ ਤੂੰ ਸਮਝਦਾ ਹੈਂ? ਕੀ ਯਿਸੂ ਦੇ ਵਚਨ, “ਮੈਂ ਪਿਤਾ ਵਿੱਚ ਅਰ ਪਿਤਾ ਮੇਰੇ ਵਿੱਚ ਹੈ,” ਇਹ ਸੰਕੇਤ ਨਹੀਂ ਕਰਦੇ ਕਿ ਉਹ ਇੱਕ ਆਤਮਾ ਹਨ? ਅਤੇ ਕੀ ਦੇਹਧਾਰਣ ਕਰਕੇ ਅਜਿਹਾ ਨਹੀਂ ਹੈ ਕਿ ਉਹ ਸਵਰਗ ਅਤੇ ਧਰਤੀ ਵਿਚਕਾਰ ਵੱਖ ਹੋਏ ਸਨ? ਅਸਲ ਵਿੱਚ, ਉਹ ਅਜੇ ਵੀ ਇੱਕ ਹਨ; ਕੋਈ ਫ਼ਰਕ ਨਹੀਂ ਪੈਂਦਾ, ਸਿਰਫ਼ ਪਰਮੇਸ਼ੁਰ ਆਪਣੇ ਆਪ ਨੂੰ ਗਵਾਹੀ ਦੇ ਰਿਹਾ ਹੈ। ਯੁਗਾਂ ਵਿੱਚ ਤਬਦੀਲੀਆਂ, ਕੰਮ ਦੀਆਂ ਲੋੜਾਂ ਅਤੇ ਉਸ ਦੀ ਪ੍ਰਬੰਧਨ ਯੋਜਨਾ ਦੇ ਵੱਖੋ-ਵੱਖਰੇ ਪੜਾਵਾਂ ਦੇ ਕਾਰਨ, ਮਨੁੱਖ ਜਿਸ ਨਾਂ ਨਾਲ ਉਸ ਨੂੰ ਬੁਲਾਉਂਦਾ ਹੈ ਉਹ ਵੀ ਵੱਖ ਹੈ। ਜਦੋਂ ਉਹ ਕੰਮ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਲਈ ਆਇਆ, ਤਾਂ ਉਸ ਨੂੰ ਸਿਰਫ਼ ਇਸਰਾਏਲੀਆਂ ਦਾ ਚਰਵਾਹਾ, ਯਹੋਵਾਹ ਕਿਹਾ ਜਾ ਸਕਦਾ ਸੀ। ਦੂਜੇ ਪੜਾਅ ਵਿੱਚ, ਦੇਹਧਾਰੀ ਪਰਮੇਸ਼ੁਰ ਨੂੰ ਸਿਰਫ਼ ਪ੍ਰਭੂ, ਅਤੇ ਮਸੀਹ ਕਿਹਾ ਜਾ ਸਕਦਾ ਸੀ। ਪਰ ਉਸ ਸਮੇਂ, ਸਵਰਗ ਵਿਚਲੇ ਆਤਮਾ ਨੇ ਸਿਰਫ਼ ਇਹ ਕਿਹਾ ਕਿ ਉਹ ਪਰਮੇਸ਼ੁਰ ਦਾ ਪਿਆਰਾ ਪੁੱਤਰ ਸੀ ਅਤੇ ਉਸ ਨੇ ਯਿਸੂ ਦੇ ਪਰਮੇਸ਼ੁਰ ਦਾ ਇੱਕਲੌਤਾ ਪੁੱਤਰ ਹੋਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਅਜਿਹਾ ਬਿਲਕੁਲ ਨਹੀਂ ਹੋਇਆ। ਪਰਮੇਸ਼ੁਰ ਦੀ ਕੋਈ ਇਕਲੌਤੀ ਸੰਤਾਨ ਕਿਵੇਂ ਹੋ ਸਕਦੀ ਹੈ? ਤਾਂ ਕੀ ਪਰਮੇਸ਼ੁਰ ਮਨੁੱਖ ਨਹੀਂ ਬਣ ਗਿਆ ਹੁੰਦਾ? ਕਿਉਂਕਿ ਉਹ ਦੇਹਧਾਰਣ ਸੀ, ਇਸ ਲਈ ਉਸ ਨੂੰ ਪਰਮੇਸ਼ੁਰ ਦਾ ਪਿਆਰਾ ਪੁੱਤਰ ਕਿਹਾ ਜਾਂਦਾ ਸੀ, ਅਤੇ ਇਸ ਤੋਂ ਪਿਤਾ ਅਤੇ ਪੁੱਤਰ ਦਾ ਆਪਸ ਵਿੱਚ ਸੰਬੰਧ ਸਾਹਮਣੇ ਆਇਆ। ਇਹ ਸਿਰਫ਼ ਸਵਰਗ ਅਤੇ ਧਰਤੀ ਦੇ ਵਿਚਕਾਰ ਅਲਹਿਦਗੀ ਕਰਕੇ ਸੀ। ਯਿਸੂ ਨੇ ਸਰੀਰ ਦੇ ਨਜ਼ਰੀਏ ਤੋਂ ਪ੍ਰਾਰਥਨਾ ਕੀਤੀ। ਕਿਉਂਕਿ ਉਸ ਨੇ ਅਜਿਹੀ ਸਧਾਰਣ ਮਨੁੱਖਤਾ ਦਾ ਸਰੀਰ ਧਾਰਿਆ ਸੀ, ਇਸ ਕਰਕੇ ਉਸ ਨੇ ਸਰੀਰ ਦੇ ਨਜ਼ਰੀਏ ਤੋਂ ਹੀ ਕਿਹਾ: “ਮੇਰਾ ਬਾਹਰੀ ਰੂਪ ਇੱਕ ਸਿਰਜੇ ਹੋਏ ਪ੍ਰਾਣੀ ਦਾ ਹੈ। ਕਿਉਂਕਿ ਮੈਂ ਇਸ ਧਰਤੀ ’ਤੇ ਆਉਣ ਲਈ ਸਰੀਰ ਧਾਰਦਾ ਹਾਂ, ਹੁਣ ਮੈਂ ਸਵਰਗ ਤੋਂ ਬਹੁਤ ਬਹੁਤ ਦੂਰ ਹਾਂ।” ਇਸ ਕਾਰਨ, ਉਹ ਸਿਰਫ਼ ਸਰੀਰ ਦੇ ਨਜ਼ਰੀਏ ਤੋਂ ਹੀ ਪਰਮੇਸ਼ੁਰ ਪਿਤਾ ਨੂੰ ਪ੍ਰਾਰਥਨਾ ਕਰ ਸਕਦਾ ਸੀ। ਇਹ ਉਸ ਦਾ ਫ਼ਰਜ਼ ਸੀ, ਅਤੇ ਇਹ ਉਹ ਸੀ ਜੋ ਪਰਮੇਸ਼ੁਰ ਦੇ ਦੇਹਧਾਰੀ ਆਤਮਾ ਕੋਲ ਹੋਣਾ ਚਾਹੀਦਾ ਸੀ। ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸਿਰਫ਼ ਇਸ ਕਰਕੇ ਪਰਮੇਸ਼ੁਰ ਨਹੀਂ ਸੀ ਕਿਉਂਕਿ ਉਸ ਨੇ ਪਿਤਾ ਨੂੰ ਸਰੀਰ ਦੇ ਨਜ਼ਰੀਏ ਤੋਂ ਪ੍ਰਾਰਥਨਾ ਕੀਤੀ। ਹਾਲਾਂਕਿ ਉਸ ਨੂੰ ਪਰਮੇਸ਼ੁਰ ਦਾ ਪਿਆਰਾ ਪੁੱਤਰ ਕਿਹਾ ਜਾਂਦਾ ਸੀ, ਪਰ ਉਹ ਅਜੇ ਵੀ ਖੁਦ ਪਰਮੇਸ਼ੁਰ ਸੀ, ਕਿਉਂਕਿ ਉਹ ਸਿਰਫ਼ ਆਤਮਾ ਦਾ ਦੇਹਧਾਰਣ ਸੀ, ਅਤੇ ਉਸ ਦਾ ਸਾਰ ਅਜੇ ਵੀ ਆਤਮਾ ਸੀ। ਲੋਕ ਹੈਰਾਨ ਹੁੰਦੇ ਹਨ ਕਿ ਜੇ ਉਹ ਖੁਦ ਪਰਮੇਸ਼ੁਰ ਸੀ ਤਾਂ ਉਸ ਨੇ ਪ੍ਰਾਰਥਨਾ ਕਿਉਂ ਕੀਤੀ। ਅਜਿਹਾ ਇਸ ਲਈ ਹੈ ਕਿਉਂਕਿ ਉਹ ਦੇਹਧਾਰੀ ਪਰਮੇਸ਼ੁਰ ਸੀ, ਸਰੀਰ ਵਿੱਚ ਰਹਿ ਰਿਹਾ ਪਰਮੇਸ਼ੁਰ ਸੀ, ਨਾ ਕਿ ਸਵਰਗ ਵਿਚਲਾ ਆਤਮਾ। ਜਿਵੇਂ ਕਿ ਮਨੁੱਖ ਇਸ ਨੂੰ ਵੇਖਦਾ ਹੈ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਸਾਰੇ ਪਰਮੇਸ਼ੁਰ ਹਨ। ਸਿਰਫ਼ ਤਿੰਨਾਂ ਨੂੰ ਮਿਲਾ ਕੇ ਬਣਾਏ ਗਏ ਇੱਕ ਨੂੰ ਹੀ ਸੱਚਾ ਪਰਮੇਸ਼ੁਰ ਮੰਨਿਆ ਜਾ ਸਕਦਾ ਹੈ, ਅਤੇ ਇਸ ਤਰੀਕੇ ਨਾਲ, ਉਸ ਦੀ ਸ਼ਕਤੀ ਅਤਿਅੰਤ ਮਹਾਨ ਹੈ। ਅਜੇ ਵੀ ਅਜਿਹੇ ਲੋਕ ਹਨ ਜੋ ਕਹਿੰਦੇ ਹਨ ਕਿ ਸਿਰਫ਼ ਇਸ ਤਰੀਕੇ ਨਾਲ ਉਹ ਹੀ ਸੱਤ ਗੁਣਾ ਸ਼ਕਤੀਸ਼ਾਲੀ ਆਤਮਾ ਹੈ। ਜਦੋਂ ਪੁੱਤਰ ਨੇ ਆਪਣੇ ਆਉਣ ਤੋਂ ਬਾਅਦ ਪ੍ਰਾਰਥਨਾ ਕੀਤੀ, ਤਾਂ ਉਸ ਨੇ ਆਤਮਾ ਅੱਗੇ ਪ੍ਰਾਰਥਨਾ ਕੀਤੀ। ਅਸਲੀਅਤ ਵਿੱਚ, ਉਹ ਇੱਕ ਸਿਰਜੇ ਹੋਏ ਦੇ ਨਜ਼ਰੀਏ ਤੋਂ ਪ੍ਰਾਰਥਨਾ ਕਰ ਰਿਹਾ ਸੀ। ਕਿਉਂਕਿ ਸਰੀਰ ਸੰਪੂਰਨ ਨਹੀਂ ਹੁੰਦਾ, ਉਹ ਸੰਪੂਰਨ ਨਹੀਂ ਸੀ ਅਤੇ ਜਦੋਂ ਉਹ ਸਰੀਰ ਵਿੱਚ ਆਇਆ ਤਾਂ ਉਸ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਸਨ, ਅਤੇ ਜਦੋਂ ਉਸ ਨੇ ਸਰੀਰ ਵਿੱਚ ਆਪਣਾ ਕੰਮ ਪੂਰਾ ਕੀਤਾ ਤਾਂ ਉਸ ਨੂੰ ਬਹੁਤ ਪਰੇਸ਼ਾਨੀ ਹੋਈ। ਇਸੇ ਕਰਕੇ ਉਸ ਨੇ ਸਲੀਬ ’ਤੇ ਉਸ ਨੂੰ ਚੜ੍ਹਾਏ ਜਾਣ ਤੋਂ ਪਹਿਲਾਂ ਪਰਮੇਸ਼ੁਰ ਪਿਤਾ ਅੱਗੇ ਤਿੰਨ ਵਾਰ, ਅਤੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਪ੍ਰਾਰਥਨਾ ਕੀਤੀ। ਉਸ ਨੇ ਆਪਣੇ ਚੇਲਿਆਂ ਦਰਮਿਆਨ ਪ੍ਰਾਰਥਨਾ ਕੀਤੀ; ਉਸ ਨੇ ਇਕੱਲਿਆਂ ਪਹਾੜ ਉੱਤੇ ਪ੍ਰਾਰਥਨਾ ਕੀਤੀ; ਉਸ ਨੇ ਮੱਛੀਆਂ ਫੜਨ ਵਾਲੀ ਕਿਸ਼ਤੀ ਵਿੱਚ ਸਵਾਰ ਹੋ ਕੇ ਪ੍ਰਾਰਥਨਾ ਕੀਤੀ; ਉਸ ਨੇ ਬਹੁਤ ਸਾਰੇ ਲੋਕਾਂ ਦਰਮਿਆਨ ਪ੍ਰਾਰਥਨਾ ਕੀਤੀ; ਉਸ ਨੇ ਰੋਟੀ ਤੋੜਦਿਆਂ ਪ੍ਰਾਰਥਨਾ ਕੀਤੀ; ਅਤੇ ਉਸ ਨੇ ਦੂਜਿਆਂ ਨੂੰ ਅਸੀਸ ਦਿੰਦਿਆਂ ਹੋਇਆਂ ਵੀ ਪ੍ਰਾਰਥਨਾ ਕੀਤੀ। ਉਸ ਨੇ ਅਜਿਹਾ ਕਿਉਂ ਕੀਤਾ? ਉਹ ਆਤਮਾ ਸੀ ਜਿਸ ਨੂੰ ਉਸ ਨੇ ਪ੍ਰਾਰਥਨਾ ਕੀਤੀ; ਉਹ ਸਰੀਰ ਦੇ ਨਜ਼ਰੀਏ ਤੋਂ, ਸਵਰਗ ਵਿੱਚ ਪਰਮੇਸ਼ੁਰ ਅੱਗੇ, ਆਤਮਾ ਅੱਗੇ ਪ੍ਰਾਰਥਨਾ ਕਰ ਰਿਹਾ ਸੀ। ਇਸ ਲਈ, ਮਨੁੱਖ ਦੇ ਨਜ਼ਰੀਏ ਤੋਂ, ਯਿਸੂ ਕੰਮ ਦੇ ਉਸ ਪੜਾਅ ਵਿੱਚ ਪੁੱਤਰ ਬਣਿਆ। ਹਾਲਾਂਕਿ, ਇਸ ਪੜਾਅ ਵਿੱਚ, ਉਹ ਪ੍ਰਾਰਥਨਾ ਨਹੀਂ ਕਰਦਾ। ਅਜਿਹਾ ਕਿਉਂ ਹੈ? ਅਜਿਹਾ ਇਸ ਕਰਕੇ ਹੈ ਕਿਉਂਕਿ ਜੋ ਉਹ ਸਾਹਮਣੇ ਲਿਆਉਂਦਾ ਹੈ ਉਹ ਹੈ ਵਚਨ ਦਾ ਕੰਮ, ਅਤੇ ਵਚਨ ਦਾ ਨਿਆਂ ਅਤੇ ਤਾੜਨਾ। ਉਸ ਨੂੰ ਪ੍ਰਾਰਥਨਾਵਾਂ ਦੀ ਕੋਈ ਲੋੜ ਨਹੀਂ ਹੈ, ਅਤੇ ਉਸ ਦਾ ਕਾਰਜ ਬੋਲਣਾ ਹੈ। ਉਸ ਨੂੰ ਸਲੀਬ ਉੱਤੇ ਨਹੀਂ ਚੜ੍ਹਾਇਆ ਜਾਂਦਾ, ਅਤੇ ਉਸ ਨੂੰ ਮਨੁੱਖ ਦੁਆਰਾ ਸ਼ਕਤੀਸ਼ਾਲੀ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾਂਦਾ। ਉਹ ਸਿਰਫ਼ ਆਪਣਾ ਕੰਮ ਪੂਰਾ ਕਰਦਾ ਹੈ। ਜਿਸ ਸਮੇਂ ਯਿਸੂ ਨੇ ਪ੍ਰਾਰਥਨਾ ਕੀਤੀ, ਉਹ ਸਵਰਗ ਦੇ ਰਾਜ ਦੇ ਉਤਰਨ ਲਈ, ਪਰਮੇਸ਼ੁਰ ਪਿਤਾ ਦੀ ਇੱਛਾ ਪੂਰੀ ਹੋਣ ਲਈ, ਅਤੇ ਆਉਣ ਵਾਲੇ ਕੰਮ ਲਈ ਪਰਮੇਸ਼ੁਰ ਪਿਤਾ ਅੱਗੇ ਪ੍ਰਾਰਥਨਾ ਕਰ ਰਿਹਾ ਸੀ। ਇਸ ਪੜਾਅ ਵਿੱਚ, ਸਵਰਗ ਦਾ ਰਾਜ ਪਹਿਲਾਂ ਹੀ ਉਤਰ ਚੁੱਕਾ ਹੈ, ਤਾਂ ਕੀ ਉਸ ਨੂੰ ਅਜੇ ਵੀ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ? ਉਸ ਦਾ ਕੰਮ ਯੁਗ ਦਾ ਅੰਤ ਕਰਨਾ ਹੈ, ਅਤੇ ਕੋਈ ਹੋਰ ਨਵੇਂ ਯੁੱਗ ਨਹੀਂ ਹਨ, ਤਾਂ ਕੀ ਅਗਲੇ ਪੜਾਅ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ? ਮੈਨੂੰ ਡਰ ਹੈ ਕਿ ਨਹੀਂ ਹੈ!

ਮਨੁੱਖ ਦੀਆਂ ਵਿਆਖਿਆਵਾਂ ਵਿੱਚ ਬਹੁਤ ਸਾਰੇ ਵਿਰੋਧ ਹਨ। ਦਰਅਸਲ, ਇਹ ਸਭ ਮਨੁੱਖ ਦੀਆਂ ਧਾਰਣਾਵਾਂ ਹਨ; ਬਿਨਾ ਕਿਸੇ ਹੋਰ ਪੜਤਾਲ ਦੇ, ਤੁਸੀਂ ਸਾਰੇ ਵਿਸ਼ਵਾਸ ਕਰ ਲਓਗੇ ਕਿ ਉਹ ਸਹੀ ਹਨ। ਕੀ ਤੁਸੀਂ ਨਹੀਂ ਜਾਣਦੇ ਹੋ ਕਿ ਤ੍ਰਿਏਕ ਦੇ ਰੂਪ ਵਿੱਚ ਪਰਮੇਸ਼ੁਰ ਦਾ ਇਹ ਵਿਚਾਰ ਸਿਰਫ਼ ਮਨੁੱਖ ਦੀ ਧਾਰਣਾ ਹੈ? ਮਨੁੱਖ ਦਾ ਕੋਈ ਗਿਆਨ ਪੂਰਨ ਅਤੇ ਮੁਕੰਮਲ ਨਹੀਂ ਹੈ। ਇਸ ਵਿੱਚ ਹਮੇਸ਼ਾ ਤਰੁੱਟੀਆਂ ਹੁੰਦੀਆਂ ਹਨ, ਅਤੇ ਮਨੁੱਖ ਕੋਲ ਬਹੁਤ ਸਾਰੇ ਵਿਚਾਰ ਹਨ; ਇਹ ਦਰਸਾਉਂਦਾ ਹੈ ਕਿ ਇੱਕ ਸਿਰਜਿਆ ਗਿਆ ਪ੍ਰਾਣੀ ਪਰਮੇਸ਼ੁਰ ਦੇ ਕੰਮ ਦੀ ਵਿਆਖਿਆ ਬਿਲਕੁਲ ਨਹੀਂ ਕਰ ਸਕਦਾ। ਮਨੁੱਖ ਦੇ ਮਨ ਵਿੱਚ ਬਹੁਤ ਕੁਝ ਹੈ, ਇਹ ਸਭ ਦਲੀਲ ਅਤੇ ਵਿਚਾਰਾਂ ਤੋਂ ਆਉਂਦਾ ਹੈ, ਜੋ ਕਿ ਸੱਚਾਈ ਨਾਲ ਟਕਰਾਉਂਦੇ ਹਨ। ਕੀ ਤੇਰੀ ਦਲੀਲ ਪਰਮੇਸ਼ੁਰ ਦੇ ਕੰਮ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕਰ ਸਕਦੀ ਹੈ? ਕੀ ਤੂੰ ਯਹੋਵਾਹ ਦੇ ਸਾਰੇ ਕੰਮ ਬਾਰੇ ਸੋਝੀ ਪ੍ਰਾਪਤ ਕਰ ਸਕਦਾ ਹੈਂ? ਕੀ ਇਹ ਤੂੰ ਇੱਕ ਮਨੁੱਖ ਦੇ ਰੂਪ ਵਿੱਚ ਹੈਂ ਜੋ ਇਸ ਸਭ ਦੇ ਵਿੱਚੋਂ ਵੇਖ ਸਕਦਾ ਹੈਂ, ਜਾਂ ਕੀ ਇਹ ਖੁਦ ਪਰਮੇਸ਼ੁਰ ਹੈ ਜੋ ਆਦ ਤੋਂ ਅੰਤ ਤਕ ਵੇਖ ਸਕਦਾ ਹੈ? ਕੀ ਇਹ ਤੂੰ ਹੈ ਜੋ ਬਹੁਤ ਪਹਿਲਾਂ ਆਦ ਤੋਂ ਲੈ ਕੇ ਆਉਣ ਵਾਲੇ ਅੰਤ ਤਕ ਵੇਖ ਸਕਦਾ ਹੈਂ, ਜਾਂ ਕੀ ਇਹ ਪਰਮੇਸ਼ੁਰ ਹੈ ਜੋ ਅਜਿਹਾ ਕਰ ਸਕਦਾ ਹੈ? ਤੇਰਾ ਕੀ ਕਹਿਣਾ ਹੈ? ਤੂੰ ਪਰਮੇਸ਼ੁਰ ਬਾਰੇ ਵਿਆਖਿਆ ਕਰਨ ਦੇ ਯੋਗ ਕਿਵੇਂ ਹੈਂ? ਤੇਰੀ ਵਿਆਖਿਆ ਕਿਸ ਅਧਾਰ ’ਤੇ ਹੈ? ਕੀ ਤੂੰ ਪਰਮੇਸ਼ੁਰ ਹੈਂ? ਅਕਾਸ਼ ਅਤੇ ਧਰਤੀ, ਅਤੇ ਇਸ ਵਿਚਲੀਆਂ ਸਭ ਵਸਤਾਂ ਨੂੰ ਖੁਦ ਪਰਮੇਸ਼ੁਰ ਨੇ ਸਿਰਜਿਆ ਸੀ। ਇਹ ਤੂੰ ਨਹੀਂ ਸੀ ਜਿਸ ਨੇ ਇਹ ਸਭ ਕੀਤਾ, ਤਾਂ ਤੂੰ ਗਲਤ ਵਿਆਖਿਆਵਾਂ ਕਿਉਂ ਦੇ ਰਿਹਾ ਹੈਂ? ਹੁਣ, ਕੀ ਤੂੰ ਤ੍ਰੈਪੱਖੀ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਜਾਰੀ ਰੱਖਦਾ ਹੈਂ? ਕੀ ਤੂੰ ਇਹ ਨਹੀਂ ਸੋਚਦਾ ਕਿ ਇਸ ਢੰਗ ਨਾਲ ਇਹ ਬਹੁਤ ਬੋਝਲ ਹੈ? ਤੇਰੇ ਲਈ ਸਭ ਤੋਂ ਵਧੀਆ ਇਹ ਰਹੇਗਾ ਕਿ ਤੂੰ ਤਿੰਨ ਨਹੀਂ, ਸਗੋਂ ਇੱਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰ। ਹਲਕੇ ਰਹਿਣਾ ਸਭ ਤੋਂ ਉੱਤਮ ਹੈ ਕਿਉਂਕਿ ਪ੍ਰਭੂ ਦਾ ਭਾਰ ਹਲਕਾ ਹੈ।

ਪਿਛਲਾ: ਦੋ ਦੇਹਧਾਰਣ ਪੂਰਾ ਕਰਦੇ ਹਨ ਦੇਹਧਾਰਣ ਦਾ ਮਹੱਤਵ

ਅਗਲਾ: ਜਿੱਤ ਦੇ ਕੰਮ ਦੀ ਅੰਦਰੂਨੀ ਸੱਚਾਈ (1)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ