ਮਸੀਹ ਦਾ ਮੂਲ-ਤੱਤ ਸਵਰਗੀ ਪਿਤਾ ਦੀ ਇੱਛਾ ਪ੍ਰਤੀ ਆਗਿਆਕਾਰਤਾ ਹੈ

ਦੇਹਧਾਰੀ ਪਰਮੇਸ਼ੁਰ ਨੂੰ ਮਸੀਹ ਕਿਹਾ ਜਾਂਦਾ ਹੈ, ਅਤੇ ਮਸੀਹ ਉਹ ਦੇਹ ਹੈ ਜੋ ਪਰਮੇਸ਼ੁਰ ਦੇ ਆਤਮਾ ਦੁਆਰਾ ਧਾਰਣ ਕੀਤੀ ਗਈ ਹੈ। ਇਹ ਦੇਹ ਸਰੀਰ ਤੋਂ ਬਣੇ ਕਿਸੇ ਵੀ ਮਨੁੱਖ ਤੋਂ ਬਿਲਕੁਲ ਵੱਖਰੀ ਹੈ। ਇਹ ਅੰਤਰ ਇਸ ਕਰਕੇ ਹੈ ਕਿਉਂਕਿ ਮਸੀਹ ਮਾਸ ਅਤੇ ਲਹੂ ਨਾਲ ਨਹੀਂ ਬਣਿਆ ਹੈ; ਉਹ ਆਤਮਾ ਦਾ ਦੇਹਧਾਰਣ ਹੈ। ਉਸ ਕੋਲ ਅਸਲ ਮਨੁੱਖਤਾ ਅਤੇ ਇੱਕ ਸੰਪੂਰਨ ਈਸ਼ਵਰੀ ਸੁਭਾਅ ਦੋਵੇਂ ਹਨ। ਉਸ ਦਾ ਈਸ਼ਵਰੀ ਸੁਭਾਅ ਕਿਸੇ ਮਨੁੱਖ ਕੋਲ ਨਹੀਂ ਹੈ। ਉਸਦੀ ਅਸਲ ਮਨੁੱਖਤਾ ਉਸ ਦੇ ਸਾਰੀਆਂ ਸਧਾਰਣ ਕਾਰਜਾਂ ਨੂੰ ਦੇਹਧਾਰੀ ਰੂਪ ਵਿੱਚ ਕਾਇਮ ਰੱਖਦੀ ਹੈ, ਜਦ ਕਿ ਉਸ ਦਾ ਈਸ਼ਵਰੀ ਸੁਭਾਅ ਖੁਦ ਪਰਮੇਸ਼ੁਰ ਦੇ ਕੰਮ ਨੂੰ ਪੂਰਾ ਕਰਦਾ ਹੈ। ਭਾਵੇਂ ਇਹ ਉਸ ਦੀ ਮਨੁੱਖਤਾ ਹੋਵੇ ਜਾਂ ਈਸ਼ਵਰੀ ਸੁਭਾਅ, ਦੋਵੇਂ ਸਵਰਗੀ ਪਿਤਾ ਦੀ ਇੱਛਾ ਦੇ ਅਧੀਨ ਹੁੰਦੀਆਂ ਹਨ। ਮਸੀਹ ਦਾ ਮੂਲ-ਤੱਤ ਆਤਮਾ ਹੈ, ਭਾਵ ਈਸ਼ਵਰੀ ਸੁਭਾਅ ਹੈ। ਇਸ ਲਈ, ਉਸ ਦਾ ਮੂਲ-ਤੱਤ ਖੁਦ ਪਰਮੇਸ਼ੁਰ ਦਾ ਹੈ; ਇਹ ਮੂਲ-ਤੱਤ ਉਸ ਦੇ ਆਪਣੇ ਕੰਮ ਵਿੱਚ ਵਿਘਨ ਨਹੀਂ ਪਾਵੇਗਾ, ਅਤੇ ਉਹ ਕੁਝ ਵੀ ਅਜਿਹਾ ਨਹੀਂ ਕਰ ਸਕੇਗਾ ਜੋ ਸੰਭਾਵਤ ਰੂਪ ਵਿੱਚ ਉਸ ਦੇ ਆਪਣੇ ਕੰਮ ਨੂੰ ਬਰਬਾਦ ਕਰਦਾ ਹੈ, ਅਤੇ ਨਾ ਹੀ ਉਹ ਕਦੇ ਅਜਿਹੇ ਵਚਨ ਬੋਲੇਗਾ ਜੋ ਉਸਦੀ ਆਪਣੀ ਇੱਛਾ ਦੇ ਵਿਰੁੱਧ ਜਾਂਦੇ ਹੋਣ। ਇਸ ਲਈ, ਦੇਹਧਾਰੀ ਪਰਮੇਸ਼ੁਰ ਕਦੇ ਵੀ ਅਜਿਹਾ ਕੋਈ ਕੰਮ ਬਿਲਕੁਲ ਨਹੀਂ ਕਰੇਗਾ ਜੋ ਉਸਦੇ ਆਪਣੇ ਪ੍ਰਬੰਧਨ ਵਿੱਚ ਵਿਘਨ ਪਾਵੇ। ਇਹੀ ਹੈ ਜੋ ਸਭ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਪਵਿੱਤਰ ਆਤਮਾ ਦੇ ਕੰਮ ਦਾ ਸਾਰ ਮਨੁੱਖ ਨੂੰ ਬਚਾਉਣਾ ਹੈ, ਅਤੇ ਇਹ ਪਰਮੇਸ਼ੁਰ ਦੇ ਆਪਣੇ ਪ੍ਰਬੰਧਨ ਦੀ ਖਾਤਰ ਹੈ। ਇਸੇ ਤਰ੍ਹਾਂ, ਮਸੀਹ ਦਾ ਕੰਮ ਵੀ ਮਨੁੱਖ ਨੂੰ ਬਚਾਉਣਾ ਹੈ, ਅਤੇ ਇਹ ਪਰਮੇਸ਼ੁਰ ਦੀ ਇੱਛਾ ਦੀ ਖਾਤਰ ਹੈ। ਇਹ ਜਾਣਦੇ ਹੋਏ ਕਿ ਪਰਮੇਸ਼ੁਰ ਦੇਹਧਾਰੀ ਬਣ ਜਾਂਦਾ ਹੈ, ਉਹ ਆਪਣੀ ਦੇਹ ਵਿਚਲੇ ਆਪਣੇ ਮੂਲ-ਤੱਤ ਨੂੰ ਸਮਝ ਲੈਂਦਾ ਹੈ, ਇੱਥੋਂ ਤੱਕ ਕਿ ਉਸਦੀ ਦੇਹ ਉਸ ਦੇ ਕੰਮ ਨੂੰ ਕਰਨ ਵਿੱਚ ਸਮਰੱਥ ਹੈ। ਇਸ ਲਈ, ਦੇਹਧਾਰਣ ਦੇ ਸਮੇਂ ਦੇ ਦੌਰਾਨ ਮਸੀਹ ਦਾ ਕੰਮ ਪਰਮੇਸ਼ੁਰ ਦੇ ਆਤਮਾ ਦੇ ਸਾਰੇ ਕੰਮ ਦੀ ਜਗ੍ਹਾ ਲੈ ਲੈਂਦਾ ਹੈ, ਅਤੇ ਦੇਹਧਾਰਣ ਦੇ ਪੂਰੇ ਸਮੇਂ ਦੇ ਦੌਰਾਨ ਸਾਰੇ ਕੰਮ ਦੇ ਕੇਂਦਰ ਵਿੱਚ ਮਸੀਹ ਦਾ ਕੰਮ ਹੁੰਦਾ ਹੈ। ਇਹ ਕਿਸੇ ਵੀ ਹੋਰ ਯੁਗ ਦੇ ਕੰਮ ਨਾਲ ਰਲਾਇਆ ਨਹੀਂ ਜਾ ਸਕਦਾ। ਅਤੇ ਕਿਉਂਕਿ ਪਰਮੇਸ਼ੁਰ ਦੇਹਧਾਰੀ ਬਣ ਜਾਂਦਾ ਹੈ, ਉਹ ਆਪਣੀ ਦੇਹ ਦੀ ਪਛਾਣ ਵਿੱਚ ਕੰਮ ਕਰਦਾ ਹੈ; ਕਿਉਂਕਿ ਉਹ ਦੇਹ ਵਿੱਚ ਆਉਂਦਾ ਹੈ, ਉਹ ਫਿਰ ਦੇਹ ਵਿੱਚ ਉਸ ਕੰਮ ਨੂੰ ਪੂਰਾ ਕਰਦਾ ਹੈ ਜੋ ਉਸਨੂੰ ਕਰਨਾ ਚਾਹੀਦਾ ਹੈ। ਭਾਵੇਂ ਇਹ ਪਰਮੇਸ਼ੁਰ ਦਾ ਆਤਮਾ ਹੋਵੇ ਜਾਂ ਇਹ ਮਸੀਹ ਹੋਵੇ, ਦੋਵੇਂ ਪਰਮੇਸ਼ੁਰ ਖੁਦ ਹਨ, ਅਤੇ ਉਹ ਉਸ ਕੰਮ ਨੂੰ ਕਰਦਾ ਹੈ ਜੋ ਉਸਨੂੰ ਕਰਨਾ ਚਾਹੀਦਾ ਹੈ ਅਤੇ ਉਹ ਉਸ ਕਾਰਜ ਨੂੰ ਕਰਦਾ ਹੈ ਜੋ ਉਸਨੂੰ ਕਰਨਾ ਚਾਹੀਦਾ ਹੈ।

ਪਰਮੇਸ਼ੁਰ ਦਾ ਵਾਸਤਵਿਕ ਮੂਲ-ਤੱਤ ਆਪਣੇ ਆਪ ਅਧਿਕਾਰ ਧਾਰਣ ਕਰਦਾ ਹੈ, ਪਰ ਜੋ ਉਸ ਵੱਲੋਂ ਆਉਂਦਾ ਹੈ ਉਹ ਪੂਰੀ ਤਰ੍ਹਾਂ ਉਸ ਅਧਿਕਾਰ ਦੇ ਅਧੀਨ ਹੋਣ ਦੇ ਯੋਗ ਹੈ। ਭਾਵੇਂ ਇਹ ਆਤਮਾ ਦਾ ਕੰਮ ਹੋਵੇ ਜਾਂ ਦੇਹ ਦਾ ਕੰਮ, ਦੋਨਾਂ ਵਿੱਚੋਂ ਕੋਈ ਵੀ ਦੂਸਰੇ ਨਾਲ ਨਹੀਂ ਟਕਰਾਉਂਦਾ। ਪਰਮੇਸ਼ੁਰ ਦੇ ਆਤਮਾ ਦਾ ਸਾਰੀ ਸ੍ਰਿਸ਼ਟੀ ਉੱਤੇ ਅਧਿਕਾਰ ਹੈ। ਪਰਮੇਸ਼ੁਰ ਦੇ ਮੂਲ-ਤੱਤ ਵਾਲੀ ਦੇਹ ਕੋਲ ਵੀ ਅਧਿਕਾਰ ਹੈ, ਪਰ ਦੇਹਧਾਰੀ ਰੂਪ ਪਰਮੇਸ਼ੁਰ ਉਹ ਸਭ ਕੰਮ ਕਰ ਸਕਦਾ ਹੈ ਜੋ ਸਵਰਗੀ ਪਿਤਾ ਦੀ ਇੱਛਾ ਪ੍ਰਤੀ ਆਗਿਆਕਾਰੀ ਕਰਦੇ ਹਨ। ਇਸਨੂੰ ਕਿਸੇ ਮਨੁੱਖ ਦੁਆਰਾ ਪ੍ਰਾਪਤ ਜਾਂ ਧਾਰਣ ਕੀਤਾ ਨਹੀਂ ਜਾ ਸਕਦਾ। ਪਰਮੇਸ਼ੁਰ ਖੁਦ ਅਧਿਕਾਰ ਹੈ, ਪਰ ਉਸਦੀ ਦੇਹ ਉਸ ਦੇ ਅਧਿਕਾਰ ਦੇ ਅਧੀਨ ਹੋ ਸਕਦੀ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ “ਮਸੀਹ ਪਰਮੇਸ਼ੁਰ ਪਿਤਾ ਦੀ ਇੱਛਾ ਪ੍ਰਤੀ ਆਗਿਆਕਾਰੀ ਹੁੰਦਾ ਹੈ” ਤਾਂ ਉਸਦਾ ਭਾਵ ਇਹੀ ਹੁੰਦਾ ਹੈ। ਪਰਮੇਸ਼ੁਰ ਇੱਕ ਆਤਮਾ ਹੈ ਅਤੇ ਮੁਕਤੀ ਦਾ ਕੰਮ ਕਰ ਸਕਦਾ ਹੈ, ਜਿਸ ਪ੍ਰਕਾਰ ਪਰਮੇਸ਼ੁਰ ਮਨੁੱਖ ਬਣ ਸਕਦਾ ਹੈ। ਕਿਸੇ ਵੀ ਕੀਮਤ ’ਤੇ, ਪਰਮੇਸ਼ੁਰ ਖੁਦ ਆਪਣਾ ਕੰਮ ਕਰਦਾ ਹੈ; ਉਹ ਨਾ ਤਾਂ ਰੁਕਾਵਟ ਪਾਉਂਦਾ ਹੈ ਅਤੇ ਨਾ ਹੀ ਦਖਲ ਦਿੰਦਾ ਹੈ, ਅਜਿਹਾ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ ਜੋ ਆਪਣੇ ਆਪ ਦਾ ਖੰਡਨ ਕਰਦਾ ਹੋਵੇ, ਕਿਉਂਕਿ ਆਤਮਾ ਅਤੇ ਦੇਹ ਦੁਆਰਾ ਕੀਤੇ ਗਏ ਕੰਮ ਦਾ ਮੂਲ-ਤੱਤ ਇਕੋ ਜਿਹਾ ਹੁੰਦਾ ਹੈ। ਭਾਵੇਂ ਇਹ ਆਤਮਾ ਹੋਵੇ ਜਾਂ ਦੇਹ, ਦੋਵੇਂ ਇੱਕ ਇੱਛਾ ਨੂੰ ਪੂਰਾ ਕਰਨ ਲਈ ਕੰਮ ਕਰਦੇ ਹਨ ਅਤੇ ਇੱਕੋ ਕੰਮ ਦਾ ਪ੍ਰਬੰਧਨ ਕਰਦੇ ਹਨ। ਹਾਲਾਂਕਿ ਆਤਮਾ ਅਤੇ ਦੇਹ ਦੇ ਦੋ ਵਿਭਿੰਨ ਗੁਣ ਹਨ, ਪਰ ਉਨ੍ਹਾਂ ਦੇ ਮੂਲ-ਤੱਤ ਇੱਕੋ ਹਨ; ਦੋਵਾਂ ਵਿੱਚ ਖੁਦ ਪਰਮੇਸ਼ੁਰ ਦਾ ਮੂਲ-ਤੱਤ ਹੈ ਅਤੇ ਖੁਦ ਪਰਮੇਸ਼ੁਰ ਦੀ ਪਛਾਣ ਹੈ। ਖੁਦ ਪਰਮੇਸ਼ੁਰ ਵਿੱਚ ਅਵੱਗਿਆ ਦੇ ਕੋਈ ਤੱਤ ਨਹੀਂ ਹੁੰਦੇ; ਉਸਦਾ ਮੂਲ-ਤੱਤ ਚੰਗਾ ਹੈ। ਉਹ ਸਾਰੇ ਸੁਹੱਪਣ ਅਤੇ ਚੰਗਿਆਈ ਦੇ ਨਾਲ ਸਾਰੇ ਪਿਆਰ ਦਾ ਪ੍ਰਗਟਾਵਾ ਹੈ। ਦੇਹ ਵਿੱਚ ਵੀ, ਪਰਮੇਸ਼ੁਰ ਕੁਝ ਵੀ ਅਜਿਹਾ ਨਹੀਂ ਕਰਦਾ ਜੋ ਪਰਮੇਸ਼ੁਰ ਪਿਤਾ ਦੀ ਅਵੱਗਿਆ ਕਰਦਾ ਹੋਵੇ। ਇੱਥੋਂ ਤੱਕ ਕਿ ਆਪਣਾ ਜੀਵਨ ਕੁਰਬਾਨ ਕਰਨ ਦੀ ਕੀਮਤ ’ਤੇ ਵੀ, ਉਹ ਪੂਰੇ ਦਿਲ ਨਾਲ ਅਜਿਹਾ ਕਰਨ ਲਈ ਤਿਆਰ ਰਹੇਗਾ, ਅਤੇ ਉਹ ਕੋਈ ਹੋਰ ਵਿਕਲਪ ਨਹੀਂ ਚੁਣੇਗਾ। ਪਰਮੇਸ਼ੁਰ ਵਿੱਚ ਸਵੈ-ਧਾਰਮਿਕਤਾ ਜਾਂ ਸਵੈ-ਮਹੱਤਵ, ਜਾਂ ਹੰਕਾਰ ਅਤੇ ਘਮੰਡ ਦੇ ਕੋਈ ਤੱਤ ਨਹੀਂ ਹਨ; ਉਸ ਵਿੱਚ ਧੋਖੇਬਾਜ਼ੀ ਦਾ ਕੋਈ ਤੱਤ ਨਹੀਂ ਹੈ। ਹਰ ਚੀਜ਼ ਜੋ ਪਰਮੇਸ਼ੁਰ ਦੀ ਅਵੱਗਿਆ ਕਰਦੀ ਹੈ ਉਹ ਸ਼ਤਾਨ ਤੋਂ ਆਉਂਦੀ ਹੈ; ਸ਼ਤਾਨ ਸਮੁੱਚੀ ਕਰੂਪਤਾ ਅਤੇ ਬੁਰਾਈ ਦਾ ਸੋਮਾ ਹੈ। ਮਨੁੱਖ ਦੇ ਗੁਣਾਂ ਦਾ ਸ਼ਤਾਨ ਦੇ ਗੁਣਾਂ ਵਰਗਾ ਹੋਣ ਦਾ ਕਾਰਨ ਇਹ ਹੈ ਕਿ ਮਨੁੱਖ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਗਿਆ ਹੈ ਅਤੇ ਉਸ ਉੱਪਰ ਪ੍ਰਭਾਵ ਪਾਇਆ ਗਿਆ ਹੈ। ਸ਼ਤਾਨ ਦੁਆਰਾ ਮਸੀਹ ਨੂੰ ਭ੍ਰਿਸ਼ਟ ਨਹੀਂ ਕੀਤਾ ਗਿਆ ਹੈ, ਇਸ ਲਈ ਉਸ ਵਿੱਚ ਸਿਰਫ਼ ਪਰਮੇਸ਼ੁਰ ਦੀਆਂ ਵਿਸ਼ੇਸ਼ਤਾਵਾਂ ਹਨ, ਅਤੇ ਸ਼ਤਾਨ ਦੀਆਂ ਕੋਈ ਵਿਸ਼ੇਸ਼ਤਾਵਾਂ ਨਹੀਂ ਹਨ। ਭਾਵੇਂ ਕੰਮ ਕਿੰਨਾ ਵੀ ਔਖਾ ਹੋਵੇ ਜਾਂ ਦੇਹ ਕਿੰਨੀ ਵੀ ਕਮਜ਼ੋਰ ਹੋਵੇ, ਪਰਮੇਸ਼ੁਰ, ਜਦ ਦੇਹ ਵਿੱਚ ਰਹਿੰਦਾ ਹੈ, ਉਹ ਕੁਝ ਵੀ ਅਜਿਹਾ ਨਹੀਂ ਕਰੇਗਾ ਜੋ ਖੁਦ ਪਰਮੇਸ਼ੁਰ ਦੇ ਕੰਮ ਵਿੱਚ ਰੁਕਾਵਟ ਪਾਵੇ, ਅਵੱਗਿਆ ਵਿੱਚ ਪਰਮੇਸ਼ੁਰ ਪਿਤਾ ਦੀ ਇੱਛਾ ਦਾ ਤਿਆਗ ਤਾਂ ਨਾਮੁਮਕਿਨ ਹੈ। ਉਹ ਪਰਮੇਸ਼ੁਰ ਪਿਤਾ ਦੀ ਇੱਛਾ ਪ੍ਰਤੀ ਧ੍ਰੋਹ ਕਰਨ ਦੇ ਬਜਾਏ ਦੇਹ ਦੇ ਦੁਖ ਝੱਲੇਗਾ; ਇਹ ਉਵੇਂ ਹੀ ਹੈ ਜਿਵੇਂ ਯਿਸੂ ਨੇ ਪ੍ਰਾਰਥਨਾ ਕਰਦਿਆਂ ਕਿਹਾ ਸੀ, “ਹੇ ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹੋ ਜੋ ਤੂੰ ਚਾਹੁੰਦਾ ਹੈਂ।” ਲੋਕ ਆਪਣੇ ਫ਼ੈਸਲੇ ਲੈਂਦੇ ਹਨ, ਪਰ ਮਸੀਹ ਅਜਿਹਾ ਨਹੀਂ ਕਰਦਾ। ਹਾਲਾਂਕਿ ਉਸ ਕੋਲ ਖੁਦ ਪਰਮੇਸ਼ੁਰ ਦੀ ਪਛਾਣ ਹੈ, ਫਿਰ ਵੀ ਉਹ ਪਰਮੇਸ਼ੁਰ ਪਿਤਾ ਦੀ ਇੱਛਾ ਨੂੰ ਭਾਲਦਾ ਹੈ, ਅਤੇ ਜੋ ਕੁਝ ਉਸਨੂੰ ਪਰਮੇਸ਼ੁਰ ਪਿਤਾ ਦੁਆਰਾ ਸੌਂਪਿਆ ਜਾਂਦਾ ਹੈ ਉਹ ਉਸਨੂੰ, ਦੇਹ ਦੇ ਨਜ਼ਰੀਏ ਤੋਂ, ਸਿਰੇ ਚਾੜ੍ਹਦਾ ਹੈ। ਇਹ ਅਜਿਹੀ ਚੀਜ਼ ਹੈ ਜਿਸ ਨੂੰ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਜੋ ਸ਼ਤਾਨ ਵੱਲੋਂ ਆਉਂਦਾ ਹੈ ਉਸ ਵਿੱਚ ਪਰਮੇਸ਼ੁਰ ਦਾ ਮੂਲ-ਤੱਤ ਨਹੀਂ ਹੋ ਸਕਦਾ; ਇਸ ਵਿੱਚ ਸਿਰਫ ਉਹੀ ਹੋ ਸਕਦਾ ਹੈ ਜੋ ਪਰਮੇਸ਼ੁਰ ਦੀ ਅਵੱਗਿਆ ਅਤੇ ਵਿਰੋਧ ਕਰਦਾ ਹੈ। ਇਹ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰ ਸਕਦਾ, ਰਜ਼ਾਮੰਦੀ ਨਾਲ ਪਰਮੇਸ਼ੁਰ ਦੀ ਇੱਛਾ ਪ੍ਰਤੀ ਆਗਿਆਕਾਰੀ ਹੋਣਾ ਤਾਂ ਲਗਭਗ ਨਾਮੁਮਕਿਨ ਹੈ। ਮਸੀਹ ਤੋਂ ਇਲਾਵਾ ਸਾਰੇ ਮਨੁੱਖ ਉਹ ਕਰ ਸਕਦੇ ਹਨ ਜੋ ਪਰਮੇਸ਼ੁਰ ਦਾ ਵਿਰੋਧ ਕਰਦਾ ਹੋਵੇ, ਅਤੇ ਕੋਈ ਵੀ ਮਨੁੱਖ ਸਿੱਧੇ ਤੌਰ ਤੇ ਪਰਮੇਸ਼ੁਰ ਦੁਆਰਾ ਸੌਂਪੇ ਗਏ ਕੰਮ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ; ਇੱਕ ਵੀ ਮਨੁੱਖ ਪਰਮੇਸ਼ੁਰ ਦੇ ਪ੍ਰਬੰਧਨ ਨੂੰ ਆਪਣਾ ਫਰਜ਼ ਸਮਝਣ ਦੇ ਕਾਬਲ ਨਹੀਂ ਹੈ। ਮਸੀਹ ਦਾ ਮੂਲ-ਤੱਤ ਪਰਮੇਸ਼ੁਰ ਪਿਤਾ ਦੀ ਇੱਛਾ ਦੇ ਅਧੀਨ ਹੋਣਾ ਹੈ; ਪਰਮੇਸ਼ੁਰ ਦੇ ਖ਼ਿਲਾਫ਼ ਅਵੱਗਿਆ ਸ਼ਤਾਨ ਦੀ ਵਿਸ਼ੇਸ਼ਤਾ ਹੈ। ਇਹ ਦੋਵੇਂ ਗੁਣ ਅਸੰਗਤ ਹਨ, ਅਤੇ ਜਿਸ ਵਿੱਚ ਵੀ ਸ਼ਤਾਨ ਦੇ ਗੁਣ ਹੋਣ ਉਸ ਨੂੰ ਮਸੀਹ ਨਹੀਂ ਕਿਹਾ ਜਾ ਸਕਦਾ। ਮਨੁੱਖ ਪਰਮੇਸ਼ੁਰ ਦੀ ਥਾਂ ’ਤੇ ਉਸ ਦਾ ਕੰਮ ਇਸ ਲਈ ਨਹੀਂ ਕਰ ਸਕਦਾ ਕਿਉਂਕਿ ਮਨੁੱਖ ਵਿੱਚ ਪਰਮੇਸ਼ੁਰ ਦਾ ਕੋਈ ਮੂਲ-ਤੱਤ ਨਹੀਂ ਹੁੰਦਾ। ਮਨੁੱਖ ਆਪਣੇ ਨਿਜੀ ਹਿੱਤਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਖ਼ਾਤਰ ਪਰਮੇਸ਼ੁਰ ਲਈ ਕੰਮ ਕਰਦਾ ਹੈ, ਪਰ ਮਸੀਹ ਪਰਮੇਸ਼ੁਰ ਪਿਤਾ ਦੀ ਇੱਛਾ ਨੂੰ ਪੂਰਾ ਕਰਨ ਲਈ ਕੰਮ ਕਰਦਾ ਹੈ।

ਮਸੀਹ ਦੀ ਮਨੁੱਖਤਾ ਉਸਦੇ ਈਸ਼ਵਰੀ ਸੁਭਾਅ ਦੁਆਰਾ ਨਿਯੰਤਰਿਤ ਹੁੰਦੀ ਹੈ। ਹਾਲਾਂਕਿ ਉਹ ਦੇਹਧਾਰੀ ਰੂਪ ਹੈ, ਉਸਦੀ ਮਨੁੱਖਤਾ ਪੂਰਨ ਰੂਪ ਵਿੱਚ ਸਰੀਰ ਤੋਂ ਬਣੇ ਮਨੁੱਖ ਵਰਗੀ ਨਹੀਂ ਹੈ। ਉਸਦਾ ਆਪਣਾ ਵਿਲੱਖਣ ਚਰਿੱਤਰ ਹੈ, ਅਤੇ ਇਹ ਵੀ ਉਸਦੇ ਈਸ਼ਵਰੀ ਸੁਭਾਅ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਉਸਦੇ ਈਸ਼ਵਰੀ ਸੁਭਾਅ ਵਿੱਚ ਕੋਈ ਕਮਜ਼ੋਰੀ ਨਹੀਂ ਹੈ; ਮਸੀਹ ਦੀ ਕਮਜ਼ੋਰੀ ਉਸਦੀ ਮਨੁੱਖਤਾ ਦੀ ਕਮਜ਼ੋਰੀ ਨੂੰ ਦਰਸਾਉਂਦੀ ਹੈ। ਇਹ ਕਮਜ਼ੋਰੀ, ਕੁਝ ਹੱਦ ਤੱਕ, ਉਸ ਦੇ ਈਸ਼ਵਰੀ ਸੁਭਾਅ ਨੂੰ ਸੀਮਤ ਕਰਦੀ ਹੈ, ਪਰ ਅਜਿਹੀਆਂ ਸੀਮਾਵਾਂ ਇਕ ਨਿਸ਼ਚਤ ਕਾਰਜ-ਖੇਤਰ ਅਤੇ ਸਮੇਂ ਦੇ ਅੰਦਰ ਹੁੰਦੀਆਂ ਹਨ, ਅਤੇ ਬੇਅੰਤ ਨਹੀਂ ਹੁੰਦੀਆਂ। ਜਦੋਂ ਉਸਦੇ ਈਸ਼ਵਰੀ ਸੁਭਾਅ ਦੇ ਕੰਮ ਨੂੰ ਪੂਰਾ ਕਰਨ ਦਾ ਸਮਾਂ ਆਉਂਦਾ ਹੈ, ਇਹ ਉਸਦੀ ਮਨੁੱਖਤਾ ਦੀ ਪਰਵਾਹ ਕੀਤੇ ਬਗੈਰ ਕੀਤਾ ਜਾਂਦਾ ਹੈ। ਮਸੀਹ ਦੀ ਮਨੁੱਖਤਾ ਪੂਰੀ ਤਰ੍ਹਾਂ ਉਸ ਦੇ ਈਸ਼ਵਰੀ ਸੁਭਾਅ ਦੁਆਰਾ ਨਿਰਦੇਸ਼ਿਤ ਹੁੰਦੀ ਹੈ। ਉਸਦੀ ਮਨੁੱਖਤਾ ਦੇ ਸਧਾਰਣ ਜੀਵਨ ਤੋਂ ਇਲਾਵਾ, ਉਸਦੀ ਮਨੁੱਖਤਾ ਦੇ ਬਾਕੀ ਸਾਰੇ ਕੰਮ ਉਸ ਦੇ ਈਸ਼ਵਰੀ ਸੁਭਾਅ ਦੇ ਅਸਰ ਅਤੇ ਪ੍ਰਭਾਵ ਹੇਠ ਹੁੰਦੇ ਹਨ ਅਤੇ ਉਸ ਦੇ ਈਸ਼ਵਰੀ ਸੁਭਾਅ ਦੁਆਰਾ ਨਿਰਦੇਸ਼ਤ ਹੁੰਦੇ ਹਨ। ਹਾਲਾਂਕਿ ਮਸੀਹ ਕੋਲ ਇੱਕ ਮਨੁੱਖਤਾ ਹੈ, ਪਰ ਇਹ ਉਸ ਦੇ ਈਸ਼ਵਰੀ ਸੁਭਾਅ ਦੇ ਕੰਮ ਵਿੱਚ ਵਿਘਨ ਨਹੀਂ ਪਾਉਂਦੀ, ਅਤੇ ਇਹ ਨਿਸ਼ਚਤ ਰੂਪ ਵਿੱਚ ਇਸ ਕਰਕੇ ਹੈ ਕਿਉਂਕਿ ਮਸੀਹ ਦੀ ਮਨੁੱਖਤਾ ਉਸ ਦੇ ਈਸ਼ਵਰੀ ਸੁਭਾਅ ਦੁਆਰਾ ਨਿਰਦੇਸ਼ਿਤ ਹੁੰਦੀ ਹੈ; ਹਾਲਾਂਕਿ ਉਸਦੀ ਮਨੁੱਖਤਾ ਇਸ ਪੱਖੋਂ ਪਰਿਪੱਕ ਨਹੀਂ ਹੈ ਕਿ ਇਹ ਹੋਰਾਂ ਪ੍ਰਤੀ ਕਿਵੇਂ ਪੇਸ਼ ਆਉਂਦੀ ਹੈ, ਪਰ ਇਹ ਉਸ ਦੇ ਈਸ਼ਵਰੀ ਸੁਭਾਅ ਦੇ ਸਧਾਰਣ ਕੰਮ ਨੂੰ ਪ੍ਰਭਾਵਤ ਨਹੀਂ ਕਰਦੀ। ਜਦੋਂ ਮੈਂ ਕਹਿੰਦਾ ਹਾਂ ਕਿ ਉਸਦੀ ਮਨੁੱਖਤਾ ਭ੍ਰਿਸ਼ਟ ਨਹੀਂ ਹੋਈ ਹੈ, ਮੇਰਾ ਮਤਲਬ ਹੈ ਕਿ ਮਸੀਹ ਦੀ ਮਨੁੱਖਤਾ ਸਿੱਧੇ ਤੌਰ ਤੇ ਉਸ ਦੇ ਈਸ਼ਵਰੀ ਸੁਭਾਅ ਦੇ ਨਿਯੰਤਰਣ ਹੇਠ ਹੋ ਸਕਦੀ ਹੈ, ਅਤੇ ਇਹ ਕਿ ਉਸ ਕੋਲ ਆਮ ਮਨੁੱਖ ਨਾਲੋਂ ਉੱਚਾ ਅਹਿਸਾਸ ਹੁੰਦਾ ਹੈ। ਉਸਦੀ ਮਨੁੱਖਤਾ ਉਸਦੇ ਕੰਮ ਵਿਚਲੇ ਈਸ਼ਵਰੀ ਸੁਭਾਅ ਦੁਆਰਾ ਨਿਰਦੇਸ਼ਿਤ ਕੀਤੇ ਜਾਣ ਲਈ ਸਭ ਤੋਂ ਢੁੱਕਵੀਂ ਹੈ; ਉਸਦੀ ਮਨੁੱਖਤਾ ਈਸ਼ਵਰੀ ਸੁਭਾਅ ਦੇ ਕੰਮ ਨੂੰ ਪਰਗਟ ਕਰਨ ਲਈ ਸਭ ਤੋਂ ਯੋਗ ਹੈ, ਅਤੇ ਅਜਿਹੇ ਕੰਮ ਦੇ ਅਧੀਨ ਹੋਣ ਲਈ ਸਭ ਤੋਂ ਯੋਗ ਹੈ। ਜਿਵੇਂ ਪਰਮੇਸ਼ੁਰ ਦੇਹ ਵਿੱਚ ਕੰਮ ਕਰਦਾ ਹੈ, ਉਹ ਇਹ ਫ਼ਰਜ਼ ਕਦੇ ਵੀ ਨਹੀਂ ਭੁੱਲਦਾ ਜੋ ਸਰੀਰ ਵਿਚਲੇ ਮਨੁੱਖ ਨੂੰ ਨਿਭਾਉਣਾ ਚਾਹੀਦਾ ਹੈ; ਉਹ ਸੱਚੇ ਦਿਲ ਨਾਲ ਸਵਰਗ ਵਿਚ ਪਰਮੇਸ਼ੁਰ ਦੀ ਭਗਤੀ ਕਰਨ ਦੇ ਕਾਬਲ ਹੈ। ਉਸ ਕੋਲ ਪਰਮੇਸ਼ੁਰ ਦਾ ਮੂਲ-ਤੱਤ ਹੈ, ਅਤੇ ਉਸਦੀ ਪਛਾਣ ਪਰਮੇਸ਼ੁਰ ਖੁਦ ਹੈ। ਸਿਰਫ਼ ਇੰਨਾ ਹੈ ਕਿ ਉਹ ਧਰਤੀ ’ਤੇ ਆਇਆ ਹੈ ਅਤੇ ਇੱਕ ਸਿਰਜਿਆ ਹੋਇਆ ਜੀਵ ਬਣ ਗਿਆ ਹੈ ਜਿਸ ਦਾ ਬਾਹਰੀ ਰੂਪ ਇੱਕ ਸਿਰਜੇ ਗਏ ਜੀਵ ਵਾਲਾ ਹੈ, ਅਤੇ ਹੁਣ ਇੱਕ ਅਜਿਹੀ ਮਨੁੱਖਤਾ ਦਾ ਮਾਲਕ ਹੈ ਜੋ ਉਸ ਕੋਲ ਪਹਿਲਾਂ ਨਹੀਂ ਸੀ। ਉਹ ਸਵਰਗ ਵਿਚ ਪਰਮੇਸ਼ੁਰ ਦੀ ਭਗਤੀ ਕਰਨ ਦੇ ਕਾਬਲ ਹੈ; ਇਹ ਖੁਦ ਪਰਮੇਸ਼ੁਰ ਦਾ ਵਜੂਦ ਹੈ ਅਤੇ ਮਨੁੱਖ ਲਈ ਬੇਮਿਸਾਲ ਹੈ। ਉਸਦੀ ਪਛਾਣ ਪਰਮੇਸ਼ੁਰ ਖੁਦ ਹੈ। ਉਹ ਦੇਹ ਦੇ ਨਜ਼ਰੀਏ ਤੋਂ ਪਰਮੇਸ਼ੁਰ ਦੀ ਭਗਤੀ ਕਰਦਾ ਹੈ; ਇਸ ਲਈ, ਸ਼ਬਦ, “ਮਸੀਹ ਸਵਰਗ ਵਿੱਚ ਪਰਮੇਸ਼ੁਰ ਦੀ ਭਗਤੀ ਕਰਦਾ ਹੈ” ਗ਼ਲਤ ਨਹੀਂ ਹਨ। ਉਹ ਮਨੁੱਖ ਤੋਂ ਜੋ ਉਮੀਦ ਕਰਦਾ ਹੈ ਉਹ ਬਿਲਕੁਲ ਉਸਦਾ ਆਪਣਾ ਵਜੂਦ ਹੈ; ਉਹ ਮਨੁੱਖ ਤੋਂ ਜੋ ਵੀ ਉਮੀਦ ਕਰਦਾ ਹੈ, ਉਸ ਤੋਂ ਅਜਿਹਾ ਮੰਗਣ ਤੋਂ ਪਹਿਲਾਂ ਹੀ, ਉਸਨੇ ਉਹ ਸਭ ਕੁਝ ਪ੍ਰਾਪਤ ਕਰ ਲਿਆ ਹੈ। ਜਦ ਕਿ ਉਹ ਆਪ ਉਹਨਾਂ ਤੋਂ ਮੁਕਤ ਰਹਿੰਦਾ ਹੈ ਉਹ ਕਦੇ ਵੀ ਦੂਜਿਆਂ ਤੋਂ ਇਹ ਮੰਗਾਂ ਨਹੀਂ ਕਰਦਾ, ਕਿਉਂਕਿ ਇਹ ਸਭ ਉਸਦੀ ਹੋਂਦ ਦਾ ਨਿਰਮਾਣ ਕਰਦੇ ਹਨ। ਭਾਵੇਂ ਉਹ ਆਪਣਾ ਕੰਮ ਜਿਵੇਂ ਮਰਜ਼ੀ ਪੂਰਾ ਕਰਦਾ ਹੈ, ਉਹ ਉਸ ਤਰੀਕੇ ਨਾਲ ਕੰਮ ਨਹੀਂ ਕਰੇਗਾ ਜੋ ਪਰਮੇਸ਼ੁਰ ਦੀ ਅਵੱਗਿਆ ਕਰਦਾ ਹੈ। ਭਾਵੇਂ ਉਹ ਮਨੁੱਖ ਤੋਂ ਕੁਝ ਵੀ ਮੰਗੇ, ਉਸਦੀ ਕੋਈ ਮੰਗ ਉਸ ਤੋਂ ਵੱਧ ਨਹੀਂ ਹੁੰਦੀ ਜੋ ਮਨੁੱਖ ਦੁਆਰਾ ਪ੍ਰਾਪਤ ਕੀਤੇ ਜਾਣ ਯੋਗ ਹੈ। ਜੋ ਕੁਝ ਉਹ ਕਰਦਾ ਹੈ ਉਹ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਵਾਲਾ ਹੁੰਦਾ ਹੈ ਅਤੇ ਇਹ ਉਸਦੇ ਪ੍ਰਬੰਧਨ ਦੀ ਖ਼ਾਤਰ ਹੁੰਦਾ ਹੈ। ਮਸੀਹ ਦਾ ਈਸ਼ਵਰੀ ਸੁਭਾਅ ਸਾਰੇ ਮਨੁੱਖਾਂ ਤੋਂ ਉੱਪਰ ਹੁੰਦਾ ਹੈ; ਇਸ ਲਈ, ਸਾਰੇ ਸਿਰਜੇ ਗਏ ਜੀਵਾਂ ਉੱਤੇ ਉਸਦਾ ਅਧਿਕਾਰ ਸਭ ਤੋਂ ਉੱਪਰ ਹੈ। ਇਹ ਅਧਿਕਾਰ ਉਸਦਾ ਈਸ਼ਵਰੀ ਸੁਭਾਅ ਹੈ, ਭਾਵ, ਖੁਦ ਪਰਮੇਸ਼ੁਰ ਦੀ ਸ਼ਖਸੀਅਤ ਅਤੇ ਉਸਦਾ ਸੁਭਾਅ, ਜੋ ਉਸਦੀ ਪਛਾਣ ਨਿਰਧਾਰਤ ਕਰਦਾ ਹੈ। ਇਸ ਲਈ, ਉਸਦੀ ਮਨੁੱਖਤਾ ਭਾਵੇਂ ਕਿੰਨੀ ਵੀ ਸਧਾਰਣ ਕਿਉਂ ਨਾ ਹੋਵੇ, ਉਸ ਕੋਲ ਨਿਰਸੰਦੇਹ ਖੁਦ ਪਰਮੇਸ਼ੁਰ ਦੀ ਪਛਾਣ ਹੈ; ਇਹ ਫ਼ਰਕ ਨਹੀਂ ਪੈਂਦਾ ਕਿ ਉਹ ਕਿਸ ਨਜ਼ਰੀਏ ਤੋਂ ਬੋਲਦਾ ਹੈ ਅਤੇ ਉਹ ਕਿਵੇਂ ਪਰਮੇਸ਼ੁਰ ਦੀ ਇੱਛਾ ਦੀ ਆਗਿਆਕਾਰੀ ਕਰਦਾ ਹੈ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਖੁਦ ਪਰਮੇਸ਼ੁਰ ਨਹੀਂ ਹੈ। ਮੂਰਖ ਅਤੇ ਅਗਿਆਨੀ ਮਨੁੱਖ ਅਕਸਰ ਮਸੀਹ ਦੀ ਅਸਲ ਮਨੁੱਖਤਾ ਨੂੰ ਇੱਕ ਨੁਕਸ ਮੰਨਦੇ ਹਨ। ਭਾਵੇਂ ਉਹ ਜਿਵੇਂ ਮਰਜ਼ੀ ਉਸਦੇ ਈਸ਼ਵਰੀ ਸੁਭਾਅ ਦੀ ਹੋਂਦ ਨੂੰ ਪਰਗਟ ਅਤੇ ਉਜਾਗਰ ਕਰਦਾ ਹੈ, ਮਨੁੱਖ ਇਹ ਸਵੀਕਾਰ ਕਰਨ ਤੋਂ ਅਸਮਰੱਥ ਹੈ ਕਿ ਉਹ ਮਸੀਹ ਹੈ। ਅਤੇ ਜਿੰਨਾ ਜ਼ਿਆਦਾ ਮਸੀਹ ਆਪਣੀ ਆਗਿਆਕਾਰਤਾ ਅਤੇ ਨਿਮਰਤਾ ਦਾ ਪ੍ਰਦਰਸ਼ਨ ਕਰਦਾ ਹੈ, ਉੱਨਾ ਹੀ ਜ਼ਿਆਦਾ ਮੂਰਖ ਮਨੁੱਖ ਮਸੀਹ ਨੂੰ ਮਾਮੂਲੀ ਮੰਨਦੇ ਹਨ। ਕਈ ਲੋਕ ਅਜਿਹੇ ਵੀ ਹਨ ਜੋ ਉਸ ਪ੍ਰਤੀ ਵਿਤਕਰੇ ਅਤੇ ਨਫ਼ਰਤ ਦੇ ਰਵੱਈਏ ਨੂੰ ਅਪਣਾਉਂਦੇ ਹਨ, ਫਿਰ ਉਨ੍ਹਾਂ ਉੱਚੇ ਰਸੂਖ ਵਾਲੇ “ਮਹਾਨ ਪੁਰਸ਼ਾਂ” ਨੂੰ ਮੇਜ਼ ਉੱਤੇ ਪੂਜਾ ਕਰਨ ਲਈ ਰੱਖਦੇ ਹਨ। ਮਨੁੱਖ ਦਾ ਪਰਮੇਸ਼ੁਰ ਪ੍ਰਤੀ ਵਿਰੋਧ ਅਤੇ ਅਵੱਗਿਆ ਇਸ ਤੱਥ ਤੋਂ ਆਉਂਦੇ ਹਨ ਕਿ ਦੇਹਧਾਰੀ ਪਰਮੇਸ਼ੁਰ ਦਾ ਮੂਲ-ਤੱਤ ਪਰਮੇਸ਼ੁਰ ਦੀ ਇੱਛਾ ਦੇ ਅਧੀਨ ਹੁੰਦਾ ਹੈ, ਅਤੇ ਨਾਲ ਹੀ ਮਸੀਹ ਦੀ ਅਸਲ ਮਨੁੱਖਤਾ ਤੋਂ ਆਉਂਦੇ ਹਨ; ਇਹੀ ਮਨੁੱਖ ਦੇ ਪਰਮੇਸ਼ੁਰ ਪ੍ਰਤੀ ਵਿਰੋਧ ਅਤੇ ਉਸਦੀ ਅਵੱਗਿਆ ਦੀ ਜੜ੍ਹ ਹੈ। ਜੇ ਮਸੀਹ ਕੋਲ ਨਾ ਤਾਂ ਉਸਦੀ ਮਨੁੱਖਤਾ ਦਾ ਵੇਸ ਹੁੰਦਾ ਅਤੇ ਨਾ ਹੀ ਉਹ ਇੱਕ ਸਿਰਜੇ ਹੋਏ ਜੀਵ ਦੇ ਦ੍ਰਿਸ਼ਟੀਕੋਣ ਤੋਂ ਪਰਮੇਸ਼ੁਰ ਪਿਤਾ ਦੀ ਇੱਛਾ ਦੀ ਮੰਗ ਕਰਦਾ, ਬਲਕਿ ਇਸਦੇ ਬਜਾਏ ਇੱਕ ਉੱਤਮ ਮਨੁੱਖਤਾ ਦਾ ਮਾਲਕ ਹੁੰਦਾ, ਤਾਂ ਸ਼ਾਇਦ ਮਨੁੱਖ ਵਿੱਚ ਕੋਈ ਅਵੱਗਿਆ ਨਾ ਹੁੰਦੀ। ਮਨੁੱਖ ਦਾ ਸਵਰਗ ਵਿਚ ਕਿਸੇ ਅਦਿੱਖ ਪਰਮੇਸ਼ੁਰ ਨੂੰ ਮੰਨਣ ਲਈ ਹਮੇਸ਼ਾ ਤਿਆਰ ਰਹਿਣ ਦਾ ਕਾਰਨ ਇਹ ਹੈ ਕਿ ਸਵਰਗ ਵਿਚਲੇ ਪਰਮੇਸ਼ੁਰ ਵਿੱਚ ਕੋਈ ਮਨੁੱਖਤਾ ਨਹੀਂ ਹੈ ਅਤੇ ਨਾ ਹੀ ਉਸ ਵਿੱਚ ਕਿਸੇ ਸਿਰਜੇ ਹੋਏ ਜੀਵ ਦਾ ਕੋਈ ਗੁਣ ਹੈ। ਇਸ ਲਈ, ਮਨੁੱਖ ਹਮੇਸ਼ਾਂ ਉਸ ਨੂੰ ਸਭ ਤੋਂ ਵੱਡੇ ਸਨਮਾਨ ਨਾਲ ਸਤਿਕਾਰਦਾ ਹੈ, ਪਰ ਮਸੀਹ ਪ੍ਰਤੀ ਨਫ਼ਰਤ ਦਾ ਰਵੱਈਆ ਰੱਖਦਾ ਹੈ।

ਹਾਲਾਂਕਿ ਧਰਤੀ ਉੱਤੇ ਮਸੀਹ ਖੁਦ ਪਰਮੇਸ਼ੁਰ ਦੀ ਤਰਫ਼ੋਂ ਕੰਮ ਕਰਨ ਦੇ ਕਾਬਲ ਹੈ, ਪਰ ਉਹ ਸਾਰੇ ਮਨੁੱਖਾਂ ਨੂੰ ਦੇਹ ਵਿੱਚ ਆਪਣਾ ਸਰੂਪ ਦਰਸਾਉਣ ਦੇ ਇਰਾਦੇ ਨਾਲ ਨਹੀਂ ਆਉਂਦਾ ਹੈ। ਉਹ ਇਸ ਲਈ ਨਹੀਂ ਆਉਂਦਾ ਕਿ ਸਾਰੇ ਮਨੁੱਖ ਉਸਨੂੰ ਦੇਖਦੇ ਹਨ; ਉਹ ਮਨੁੱਖ ਨੂੰ ਉਸਦੀ ਅਗਵਾਈ ਹੇਠ ਚੱਲਣ ਦੇ ਯੋਗ ਬਣਾਉਣ ਲਈ ਆਉਂਦਾ ਹੈ, ਅਤੇ ਮਨੁੱਖ ਇਸ ਤਰ੍ਹਾਂ ਨਵੇਂ ਯੁਗ ਵਿਚ ਦਾਖਲ ਹੁੰਦਾ ਹੈ। ਮਸੀਹ ਦੀ ਦੇਹ ਦਾ ਕਾਰਜ ਖੁਦ ਪਰਮੇਸ਼ੁਰ ਦੇ ਕੰਮ ਲਈ ਹੈ, ਭਾਵ, ਉਹ ਦੇਹ ਵਿੱਚ ਪਰਮੇਸ਼ੁਰ ਦੇ ਕੰਮ ਲਈ ਹੈ, ਅਤੇ ਮਨੁੱਖ ਨੂੰ ਆਪਣੇ ਸਰੀਰ ਦੇ ਮੂਲ-ਤੱਤ ਨੂੰ ਪੂਰੀ ਤਰ੍ਹਾਂ ਸਮਝਣ ਦੇ ਕਾਬਲ ਬਣਾਉਣ ਲਈ ਨਹੀਂ ਹੈ। ਭਾਵੇਂ ਉਹ ਕਿਵੇਂ ਵੀ ਕੰਮ ਕਰੇ, ਉਹ ਕੁਝ ਵੀ ਅਜਿਹਾ ਨਹੀ ਕਰਦਾ ਜੋ ਦੇਹ ਦੁਆਰਾ ਪ੍ਰਾਪਤ ਕਰਨ ਤੋਂ ਪਰ੍ਹੇ ਹੋਵੇ। ਉਹ ਭਾਵੇਂ ਕਿਵੇਂ ਵੀ ਕੰਮ ਕਰੇ, ਉਹ ਅਜਿਹਾ ਅਸਲ ਮਨੁੱਖਤਾ ਵਾਲੀ ਦੇਹ ਵਿੱਚ ਕਰਦਾ ਹੈ, ਅਤੇ ਪਰਮੇਸ਼ੁਰ ਦੇ ਅਸਲੀ ਚਿਹਰੇ ਨੂੰ ਮਨੁੱਖ ਅੱਗੇ ਪੂਰੀ ਤਰ੍ਹਾਂ ਪਰਗਟ ਨਹੀਂ ਕਰਦਾ। ਇਸਦੇ ਇਲਾਵਾ, ਉਸਦਾ ਸਰੀਰ ਵਿੱਚ ਕੰਮ ਕਦੇ ਵੀ ਇੰਨਾ ਅਲੌਕਿਕ ਜਾਂ ਅਪਾਰ ਨਹੀਂ ਹੁੰਦਾ ਜਿੰਨਾ ਮਨੁੱਖ ਸੋਚਦਾ ਹੈ। ਭਾਵੇਂ ਕਿ ਮਸੀਹ ਦੇਹਧਾਰੀ ਰੂਪ ਵਿੱਚ ਖੁਦ ਪਰਮੇਸ਼ੁਰ ਨੂੰ ਦਰਸਾਉਂਦਾ ਹੈ ਅਤੇ ਵਿਅਕਤੀਗਤ ਰੂਪ ਵਿੱਚ, ਉਹ ਕੰਮ ਪੂਰਾ ਕਰਦਾ ਹੈ ਜੋ ਖੁਦ ਪਰਮੇਸ਼ੁਰ ਨੂੰ ਕਰਨਾ ਚਾਹੀਦਾ ਹੈ, ਉਹ ਸਵਰਗ ਵਿੱਚ ਪਰਮੇਸ਼ੁਰ ਦੀ ਹੋਂਦ ਤੋਂ ਇਨਕਾਰ ਨਹੀਂ ਕਰਦਾ, ਅਤੇ ਨਾ ਹੀ ਬੇਚੈਨੀ ਨਾਲ ਆਪਣੇ ਕੰਮਾਂ ਦਾ ਐਲਾਨ ਕਰਦਾ ਹੈ। ਬਲਕਿ, ਉਹ ਨਿਮਰਤਾ ਨਾਲ ਆਪਣੇ ਦੇਹਧਾਰੀ ਰੂਪ ਵਿੱਚ ਲੁਕਿਆ ਰਹਿੰਦਾ ਹੈ। ਮਸੀਹ ਤੋਂ ਸਿਵਾਏ, ਜਿਹੜੇ ਲੋਕ ਝੂਠੇ ਤੌਰ ’ਤੇ ਮਸੀਹ ਹੋਣ ਦਾ ਦਾਅਵਾ ਕਰਦੇ ਹਨ ਉਹਨਾਂ ਵਿੱਚ ਉਸਦੇ ਗੁਣ ਨਹੀਂ ਹੁੰਦੇ। ਜਦੋਂ ਉਨ੍ਹਾਂ ਝੂਠੇ ਮਸੀਹਾਂ ਦੇ ਹੰਕਾਰੀ ਅਤੇ ਖੁਦ ਦੀ ਵਡਿਆਈ ਕਰਨ ਵਾਲੇ ਸੁਭਾਅ ਨਾਲ ਤੁਲਨਾ ਕੀਤੀ ਜਾਂਦੀ ਹੈ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਕਿਹੋ ਜਿਹਾ ਦੇਹਧਾਰੀ ਰੂਪ ਅਸਲ ਵਿੱਚ ਮਸੀਹ ਹੈ। ਉਹ ਜਿੰਨੇ ਜ਼ਿਆਦਾ ਝੂਠੇ ਹੁੰਦੇ ਹਨ, ਉੱਨੇ ਹੀ ਜ਼ਿਆਦਾ ਝੂਠੇ ਮਸੀਹ ਆਪਣੀ ਸ਼ੇਖ਼ੀ ਮਾਰਦੇ ਹਨ, ਅਤੇ ਉਹ ਉੱਨੇ ਹੀ ਜ਼ਿਆਦਾ ਮਨੁੱਖ ਨੂੰ ਧੋਖਾ ਦੇਣ ਲਈ ਨਿਸ਼ਾਨ ਅਤੇ ਅਚਰਜ ਦਿਖਾਉਣ ਦੇ ਕਾਬਲ ਹੁੰਦੇ ਹਨ। ਝੂਠੇ ਮਸੀਹਾਂ ਵਿੱਚ ਪਰਮੇਸ਼ੁਰ ਦੇ ਗੁਣ ਨਹੀਂ ਹੁੰਦੇ; ਮਸੀਹ ਇਹਨਾਂ ਝੂਠੇ ਮਸੀਹਾਂ ਨਾਲ ਸਬੰਧਤ ਕਿਸੇ ਵੀ ਤੱਤ ਦੁਆਰਾ ਦਾਗ਼ਦਾਰ ਨਹੀਂ ਹੁੰਦਾ ਹੈ। ਪਰਮੇਸ਼ੁਰ ਸਿਰਫ਼ ਮਨੁੱਖਾਂ ਨੂੰ ਆਪਣੇ ਆਪ ਨੂੰ ਦਿਖਾਉਣ ਲਈ ਨਹੀਂ, ਸਗੋਂ ਦੇਹ ਦਾ ਕੰਮ ਪੂਰਾ ਕਰਨ ਲਈ ਦੇਹਧਾਰੀ ਬਣਦਾ ਹੈ। ਇਸ ਦੇ ਬਜਾਏ, ਉਹ ਆਪਣੇ ਕੰਮ ਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨ ਦਿੰਦਾ ਹੈ, ਅਤੇ ਇਹ ਨਿਸ਼ਚਿਤ ਕਰਦਾ ਹੈ ਜੋ ਉਹ ਪਰਗਟ ਕਰਦਾ ਹੈ ਉਹ ਉਸ ਦੇ ਮੂਲ-ਤੱਤ ਦੀ ਸਾਖੀ ਭਰੇ। ਉਸਦਾ ਮੂਲ-ਤੱਤ ਨਿਰਾਧਾਰ ਨਹੀਂ ਹੈ; ਉਸਦੀ ਪਛਾਣ ਉਸ ਦੇ ਹੱਥ ਦੇ ਦੁਆਰਾ ਖੋਹੀ ਨਹੀਂ ਗਈ ਸੀ; ਇਹ ਉਸਦੇ ਕੰਮ ਅਤੇ ਉਸ ਦੇ ਮੂਲ-ਤੱਤ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਹਾਲਾਂਕਿ ਉਸ ਕੋਲ ਖੁਦ ਪਰਮੇਸ਼ੁਰ ਦਾ ਮੂਲ-ਤੱਤ ਹੈ ਅਤੇ ਉਹ ਖੁਦ ਪਰਮੇਸ਼ੁਰ ਦਾ ਕੰਮ ਕਰਨ ਦੇ ਸਮਰੱਥ ਹੈ, ਉਹ ਫਿਰ ਵੀ ਆਖਰਕਾਰ, ਆਤਮਾ ਤੋਂ ਉਲਟ, ਦੇਹ ਹੈ। ਉਹ ਆਤਮਾ ਦੇ ਗੁਣਾਂ ਵਾਲਾ ਪਰਮੇਸ਼ੁਰ ਨਹੀਂ ਹੈ; ਉਹ ਬਾਹਰੋਂ ਦੇਹਧਾਰੀ ਰੂਪ ਵਾਲਾ ਪਰਮੇਸ਼ੁਰ ਹੈ। ਇਸ ਲਈ, ਭਾਵੇਂ ਉਹ ਕਿੰਨਾ ਸਧਾਰਣ ਅਤੇ ਕਿੰਨਾ ਹੀ ਕਮਜ਼ੋਰ ਕਿਉਂ ਨਾ ਹੋਵੇ, ਅਤੇ ਉਹ ਕਿਸੇ ਵੀ ਤਰੀਕੇ ਨਾਲ ਪਰਮੇਸ਼ੁਰ ਪਿਤਾ ਦੀ ਇੱਛਾ ਨੂੰ ਕਿਉਂ ਨਾ ਭਾਲਦਾ ਹੋਵੇ, ਉਸ ਦਾ ਈਸ਼ਵਰੀ ਸੁਭਾਅ ਨਿਰਸੰਦੇਹ ਹੈ। ਦੇਹਧਾਰੀ ਪਰਮੇਸ਼ੁਰ ਦੇ ਅੰਦਰ ਸਿਰਫ਼ ਇੱਕ ਅਸਲ ਮਨੁੱਖਤਾ ਅਤੇ ਇਸ ਦੀਆਂ ਕਮਜ਼ੋਰੀਆਂ ਹੀ ਮੌਜੁਦ ਨਹੀਂ ਹਨ; ਉਸ ਵਿੱਚ ਉਸ ਦੇ ਈਸ਼ਵਰੀ ਸੁਭਾਅ ਦੀ ਕਲਪਨਾਹੀਣਤਾ ਵੀ ਹੈ, ਅਤੇ ਇਸਦੇ ਨਾਲ ਹੀ ਦੇਹ ਵਿੱਚ ਉਸਦੇ ਸਾਰੇ ਕੰਮ ਵੀ ਹਨ। ਇਸ ਲਈ, ਮਨੁੱਖਤਾ ਅਤੇ ਈਸ਼ਵਰੀ ਸੁਭਾਅ ਦੋਵੇਂ ਮਸੀਹ ਦੇ ਅੰਦਰ, ਅਸਲ ਅਤੇ ਵਿਵਹਾਰਕ ਰੂਪ ਵਿੱਚ, ਮੌਜੂਦ ਹਨ। ਇਹ ਬਿਲਕੁਲ ਵੀ ਸੱਖਣੀ ਜਾਂ ਅਲੌਕਿਕ ਨਹੀਂ ਹੈ। ਉਹ ਧਰਤੀ ਉੱਤੇ ਪ੍ਰਮੁਖ ਤੌਰ ਤੇ ਕੰਮ ਪੂਰਾ ਕਰਨ ਦਾ ਉਦੇਸ਼ ਲੈ ਕੇ ਆਉਂਦਾ ਹੈ; ਧਰਤੀ ਉੱਤੇ ਕੰਮ ਕਰਨ ਲਈ ਅਸਲ ਮਨੁੱਖਤਾ ਦਾ ਮੌਜੂਦ ਹੋਣਾ ਲਾਜ਼ਮੀ ਹੈ; ਨਹੀਂ ਤਾਂ, ਉਸ ਦੇ ਈਸ਼ਵਰੀ ਸੁਭਾਅ ਦੀ ਸ਼ਕਤੀ ਭਾਵੇਂ ਕਿੰਨੀ ਵੀ ਮਹਾਨ ਹੋਵੇ, ਉਸਦੇ ਅਸਲ ਕਾਰਜ ਨੂੰ ਚੰਗੀ ਤਰ੍ਹਾਂ ਵਰਤੋਂ ਵਿਚ ਨਹੀਂ ਲਿਆਂਦਾ ਜਾ ਸਕਦਾ। ਭਾਵੇਂ ਉਸਦੀ ਮਨੁੱਖਤਾ ਬਹੁਤ ਮਹੱਤਵਪੂਰਨ ਹੈ, ਇਹ ਉਸਦਾ ਮੂਲ-ਤੱਤ ਨਹੀਂ ਹੈ। ਉਸਦਾ ਮੂਲ-ਤੱਤ ਈਸ਼ਵਰੀ ਸੁਭਾਅ ਹੈ; ਇਸ ਲਈ, ਜਿਸ ਪਲ ਉਹ ਧਰਤੀ ’ਤੇ ਆਪਣਾ ਕਾਰਜ ਕਰਨਾ ਸ਼ੁਰੂ ਕਰਦਾ ਹੈ ਉਸੇ ਸਮੇਂ ਤੋਂ ਉਹ ਆਪਣੇ ਈਸ਼ਵਰੀ ਸੁਭਾਅ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੰਦਾ ਹੈ। ਉਸਦੀ ਮਨੁੱਖਤਾ ਸਿਰਫ਼ ਉਸਦੀ ਦੇਹ ਦੇ ਸਧਾਰਣ ਜੀਵਨ ਨੂੰ ਕਾਇਮ ਰੱਖਣ ਲਈ ਮੌਜੂਦ ਹੈ ਤਾਂ ਕਿ ਉਸ ਦਾ ਈਸ਼ਵਰੀ ਸੁਭਾਅ ਦੇਹਧਾਰੀ ਰੂਪ ਵਿੱਚ ਸਧਾਰਣ ਤਰੀਕੇ ਨਾਲ ਕੰਮ ਪੂਰਾ ਕਰ ਸਕੇ; ਇਹ ਈਸ਼ਵਰੀ ਸੁਭਾਅ ਹੀ ਹੈ ਜੋ ਉਸਦੇ ਕੰਮ ਨੂੰ ਪੂਰੀ ਤਰ੍ਹਾਂ ਨਿਰਦੇਸ਼ਿਤ ਕਰਦਾ ਹੈ। ਆਪਣੇ ਕੰਮ ਨੂੰ ਪੂਰਾ ਕਰਕੇ ਉਹ ਆਪਣੇ ਕਾਰਜ ਨੂੰ ਪੂਰਾ ਕਰੇਗਾ। ਜੋ ਕੁਝ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਹੈ ਉਸਦੇ ਕੰਮ ਦੀ ਸੰਪੂਰਨਤਾ, ਅਤੇ ਉਹ ਆਪਣੇ ਕੰਮ ਦੁਆਰਾ ਹੀ ਮਨੁੱਖ ਨੂੰ ਆਪਣੇ ਬਾਰੇ ਜਾਣਨ ਯੋਗ ਬਣਾਉਂਦਾ ਹੈ। ਆਪਣੇ ਕੰਮ ਦੇ ਦੌਰਾਨ, ਉਹ ਆਪਣੇ ਈਸ਼ਵਰੀ ਸੁਭਾਅ ਦਾ ਪੂਰੀ ਤਰ੍ਹਾਂ ਪ੍ਰਗਟਾਵਾ ਕਰਦਾ ਹੈ, ਜੋ ਕਿ ਮਨੁੱਖਤਾ ਦੁਆਰਾ ਦਾਗ਼ਦਾਰ ਕੀਤਾ ਹੋਇਆ ਸੁਭਾਅ ਨਹੀਂ ਹੈ, ਜਾਂ ਮਨੁੱਖੀ ਸੋਚ ਅਤੇ ਵਤੀਰੇ ਦੁਆਰਾ ਦਾਗ਼ਦਾਰ ਕੋਈ ਵਜੂਦ ਨਹੀਂ ਹੈ। ਜਦੋਂ ਸਮਾਂ ਆਏਗਾ, ਜਦੋਂ ਉਸਦੇ ਸਾਰੇ ਕਾਰਜ ਦਾ ਅੰਤ ਹੋ ਜਾਵੇਗਾ, ਤਾਂ ਉਹ ਪਹਿਲਾਂ ਤੋਂ ਹੀ ਸੰਪੂਰਨ ਢੰਗ ਨਾਲ ਅਤੇ ਪੂਰੀ ਤਰ੍ਹਾਂ ਉਸ ਸੁਭਾਅ ਦਾ ਪ੍ਰਗਟਾਵਾ ਕਰ ਚੁੱਕਾ ਹੋਵੇਗਾ ਜੋ ਉਸਨੂੰ ਪਰਗਟ ਕਰਨਾ ਚਾਹੀਦਾ ਹੈ। ਉਸਦਾ ਕੰਮ ਕਿਸੇ ਮਨੁੱਖ ਦੀਆਂ ਹਿਦਾਇਤਾਂ ਅਨੁਸਾਰ ਨਹੀਂ ਚੱਲਦਾ; ਉਸ ਦੇ ਸੁਭਾਅ ਦਾ ਪ੍ਰਗਟਾਵਾ ਵੀ ਕਾਫ਼ੀ ਸੁਤੰਤਰ ਹੈ, ਅਤੇ ਮਨ ਦੁਆਰਾ ਨਿਯੰਤਰਿਤ ਨਹੀਂ ਹੁੰਦਾ ਜਾਂ ਸੋਚ ਦੁਆਰਾ ਨਹੀਂ ਬਣਦਾ, ਬਲਕਿ ਕੁਦਰਤੀ ਤੌਰ ਤੇ ਪਰਗਟ ਹੁੰਦਾ ਹੈ। ਇਹ ਅਜਿਹੀ ਚੀਜ਼ ਹੈ ਜੋ ਕੋਈ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਭਾਵੇਂ ਮਾਹੌਲ ਕਠੋਰ ਹੋਵੇ ਜਾਂ ਹਾਲਾਤ ਸੁਖਾਵੇਂ ਨਾ ਹੋਣ, ਉਹ ਢੁੱਕਵੇਂ ਸਮੇਂ ’ਤੇ ਆਪਣੇ ਸੁਭਾਅ ਨੂੰ ਪਰਗਟ ਕਰਨ ਦੇ ਕਾਬਲ ਹੁੰਦਾ ਹੈ। ਜੋ ਮਸੀਹ ਹੈ ਉਹ ਮਸੀਹ ਦੀ ਹੋਂਦ ਦਾ ਪ੍ਰਗਟਾਅ ਕਰਦਾ ਹੈ, ਜਦੋਂ ਕਿ ਜਿਹੜੇ ਨਹੀਂ ਹੁੰਦੇ, ਉਹਨਾਂ ਵਿੱਚ ਮਸੀਹ ਦਾ ਸੁਭਾਅ ਨਹੀਂ ਹੁੰਦਾ। ਇਸ ਲਈ, ਭਾਵੇਂ ਸਾਰੇ ਉਸਦਾ ਵਿਰੋਧ ਕਰਨ ਜਾਂ ਉਸ ਬਾਰੇ ਧਾਰਣਾਵਾਂ ਰੱਖਣ, ਕੋਈ ਵੀ ਮਨੁੱਖ ਦੇ ਵਿਚਾਰਾਂ ਦੇ ਅਧਾਰ ’ਤੇ ਇਨਕਾਰ ਨਹੀਂ ਕਰ ਸਕਦਾ ਕਿ ਮਸੀਹ ਦੁਆਰਾ ਪ੍ਰਗਟ ਕੀਤਾ ਗਿਆ ਸੁਭਾਅ ਪਰਮੇਸ਼ੁਰ ਦਾ ਹੀ ਹੈ। ਉਹ ਸਾਰੇ ਜੋ ਸੱਚੇ ਦਿਲ ਨਾਲ ਮਸੀਹ ਦਾ ਅਨੁਸਰਣ ਕਰਦੇ ਹਨ ਜਾਂ ਸੰਕਲਪ ਕਰਕੇ ਪਰਮੇਸ਼ੁਰ ਨੂੰ ਭਾਲਦੇ ਹਨ ਉਹ ਉਸਦੇ ਈਸ਼ਵਰੀ ਸੁਭਾਅ ਦੇ ਪ੍ਰਗਟਾਵੇ ਦੇ ਅਧਾਰ ਤੇ ਸਵੀਕਾਰ ਕਰਨਗੇ ਕਿ ਉਹ ਮਸੀਹ ਹੈ। ਉਹ ਕਦੇ ਵੀ ਉਸਦੇ ਅਜਿਹੇ ਕਿਸੇ ਵੀ ਪਹਿਲੂ ਦੇ ਅਧਾਰ ’ਤੇ ਮਸੀਹ ਨੂੰ ਨਹੀਂ ਨਕਾਰਨਗੇ, ਜੋ ਮਨੁੱਖ ਦੀਆਂ ਧਾਰਣਾਵਾਂ ਦੇ ਅਨੁਸਾਰ ਨਹੀਂ ਹੈ। ਹਾਲਾਂਕਿ ਮਨੁੱਖ ਬਹੁਤ ਮੂਰਖ ਹੈ, ਸਾਰੇ ਜਾਣਦੇ ਹਨ ਕਿ ਅਸਲ ਵਿੱਚ ਮਨੁੱਖ ਦੀ ਇੱਛਾ ਕੀ ਹੈ ਅਤੇ ਪਰਮੇਸ਼ੁਰ ਤੋਂ ਕੀ ਉਪਜਦਾ ਹੈ। ਬਹੁਤ ਸਾਰੇ ਲੋਕ ਸਿਰਫ਼ ਆਪਣੇ ਇਰਾਦਿਆਂ ਦੇ ਨਤੀਜੇ ਵਜੋਂ ਜਾਣਬੁੱਝ ਕੇ ਮਸੀਹ ਦਾ ਵਿਰੋਧ ਕਰਦੇ ਹਨ। ਜੇ ਇਹ ਕਾਰਨ ਨਹੀਂ ਹੈ ਤਾਂ ਫਿਰ ਇਕ ਵੀ ਮਨੁੱਖ ਕੋਲ ਮਸੀਹ ਦੀ ਹੋਂਦ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਹੋਵੇਗਾ, ਕਿਉਂਕਿ ਮਸੀਹ ਦੁਆਰਾ ਪ੍ਰਗਟਾਇਆ ਗਿਆ ਈਸ਼ਵਰੀ ਸੁਭਾਅ ਅਸਲ ਵਿੱਚ ਮੌਜੂਦ ਹੈ, ਅਤੇ ਉਸਦਾ ਕੰਮ ਨੰਗੀ ਅੱਖ ਦੁਆਰਾ ਵੇਖਿਆ ਜਾ ਸਕਦਾ ਹੈ।

ਮਸੀਹ ਦਾ ਕੰਮ ਅਤੇ ਪ੍ਰਗਟਾਵਾ ਉਸ ਦੇ ਮੂਲ-ਤੱਤ ਨੂੰ ਨਿਰਧਾਰਤ ਕਰਦਾ ਹੈ। ਉਹ ਉਸ ਨੂੰ ਸੌਂਪੇ ਗਏ ਕੰਮ ਨੂੰ ਸੱਚੇ ਦਿਲ ਨਾਲ ਪੂਰਾ ਕਰਨ ਦੇ ਕਾਬਲ ਹੈ। ਉਹ ਸੱਚੇ ਦਿਲ ਨਾਲ ਸਵਰਗ ਵਿਚਲੇ ਪਰਮੇਸ਼ੁਰ ਦੀ ਭਗਤੀ ਕਰ ਸਕਦਾ ਹੈ, ਅਤੇ ਸੱਚੇ ਦਿਲ ਨਾਲ ਪਰਮੇਸ਼ੁਰ ਪਿਤਾ ਦੀ ਇੱਛਾ ਦੀ ਭਾਲ ਕਰ ਸਕਦਾ ਹੈ। ਇਹ ਸਭ ਕੁਝ ਉਸਦੇ ਮੂਲ-ਤੱਤ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਅਤੇ ਇਸੇ ਪ੍ਰਕਾਰ ਉਸਦਾ ਕੁਦਰਤੀ ਪ੍ਰਕਾਸ਼ਨ ਵੀ ਉਸ ਦੇ ਮੂਲ-ਤੱਤ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਮੈਂ ਇਸਨੂੰ ਉਸਦਾ “ਕੁਦਰਤੀ ਪ੍ਰਕਾਸ਼ਨ” ਇਸ ਕਰਕੇ ਕਹਿੰਦਾ ਹਾਂ ਕਿਉਂਕਿ ਉਸਦਾ ਪ੍ਰਗਟਾਵਾ ਨਕਲ ਨਹੀਂ ਹੈ, ਜਾਂ ਮਨੁੱਖੀ ਸਿੱਖਿਆ ਦਾ ਨਤੀਜਾ ਨਹੀਂ ਹੈ, ਜਾਂ ਕਈ ਸਾਲਾਂ ਤੋਂ ਮਨੁੱਖੀ ਸਿਖਲਾਈ ਦਾ ਨਤੀਜਾ ਨਹੀਂ ਹੈ। ਉਸਨੇ ਉਸਨੂੰ ਸਿੱਖਿਆ ਨਹੀਂ ਹੈ ਅਤੇ ਨਾ ਹੀ ਆਪਣੇ ਆਪ ਨੂੰ ਇਸ ਨਾਲ ਸਜਾਇਆ ਹੈ; ਬਲਕਿ ਇਹ ਉਸਦੇ ਅੰਦਰ ਅੰਤਰ ਵਿਆਪੀ ਹੁੰਦਾ ਹੈ। ਮਨੁੱਖ ਉਸਦੇ ਕੰਮ, ਉਸਦੇ ਪ੍ਰਗਟਾਵੇ, ਉਸਦੀ ਮਨੁੱਖਤਾ, ਅਤੇ ਉਸਦੀ ਅਸਲ ਮਨੁੱਖਤਾ ਦੇ ਪੂਰੇ ਜੀਵਨ ਤੋਂ ਇਨਕਾਰ ਕਰ ਸਕਦਾ ਹੈ, ਪਰ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਹ ਸਵਰਗ ਵਿਚਲੇ ਪਰਮੇਸ਼ੁਰ ਦੀ ਸੱਚੇ ਦਿਲੋਂ ਭਗਤੀ ਕਰਦਾ ਹੈ; ਅਤੇ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਹ ਇੱਥੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਨ ਲਈ ਆਇਆ ਹੈ, ਅਤੇ ਕੋਈ ਵੀ ਉਸਦੀ ਸਾਫ਼ ਦਿਲੀ ਤੋਂ ਇਨਕਾਰ ਨਹੀਂ ਕਰ ਸਕਦਾ ਜਿਸ ਨਾਲ ਉਹ ਪਰਮੇਸ਼ੁਰ ਪਿਤਾ ਨੂੰ ਭਾਲਦਾ ਹੈ। ਹਾਲਾਂਕਿ ਉਸਦਾ ਸਰੂਪ ਮਨਮੋਹਣਾ ਨਹੀਂ ਹੈ, ਉਸਦੇ ਵਿਖਿਆਨ ਵਿੱਚ ਅਸਚਰਜ ਕਰਨ ਵਾਲਾ ਪ੍ਰਭਾਵ ਨਹੀਂ ਹੈ, ਅਤੇ ਉਸਦਾ ਕੰਮ ਧਰਤੀ ਨੂੰ ਹਿਲਾ ਦੇਣ ਵਾਲਾ ਜਾਂ ਅਕਾਸ਼ ਨੂੰ ਝਟਕਾ ਦੇਣ ਵਾਲਾ ਨਹੀਂ ਹੈ ਜਿਵੇਂ ਕਿ ਮਨੁੱਖ ਕਲਪਨਾ ਕਰਦਾ ਹੈ, ਉਹ ਸੱਚਮੁੱਚ ਹੀ ਉਹ ਮਸੀਹ ਹੈ ਜੋ ਸਵਰਗੀ ਪਿਤਾ ਦੀ ਇੱਛਾ ਨੂੰ ਸੱਚੇ ਦਿਲੋਂ ਪੂਰਾ ਕਰਦਾ ਹੈ, ਪੂਰੀ ਤਰ੍ਹਾਂ ਸਵਰਗੀ ਪਿਤਾ ਦੇ ਅਧੀਨ ਹੁੰਦਾ ਹੈ, ਅਤੇ ਮੌਤ ਆਉਣ ਤੱਕ ਉਸਦੀ ਆਗਿਆ ਦਾ ਪਾਲਣ ਕਰਦਾ ਹੈ। ਇਹ ਇਸ ਕਰਕੇ ਹੈ ਕਿਉਂਕਿ ਉਸਦਾ ਮੂਲ-ਤੱਤ ਮਸੀਹ ਦਾ ਮੂਲ-ਤੱਤ ਹੈ। ਇਸ ਸਚਿਆਈ ਦਾ ਮਨੁੱਖ ਦੁਆਰਾ ਯਕੀਨ ਕਰਨਾ ਔਖਾ ਹੈ ਪਰ ਇਹ ਇੱਕ ਤੱਥ ਹੈ। ਜਦੋਂ ਮਸੀਹ ਦਾ ਕਾਰਜ ਪੂਰੀ ਤਰ੍ਹਾਂ ਨੇਪਰੇ ਚੜ੍ਹ ਜਾਵੇਗਾ, ਤਾਂ ਮਨੁੱਖ, ਉਸਦੇ ਕੰਮ ਤੋਂ ਇਹ ਵੇਖਣ ਦੇ ਯੋਗ ਹੋ ਜਾਵੇਗਾ ਕਿ ਉਸਦਾ ਸੁਭਾਅ ਅਤੇ ਉਸਦੀ ਹੋਂਦ ਸਵਰਗੀ ਪਰਮੇਸ਼ੁਰ ਦੇ ਸੁਭਾਅ ਅਤੇ ਹੋਂਦ ਨੂੰ ਦਰਸਾਉਂਦੇ ਹਨ। ਇਸ ਸਮੇਂ, ਉਸ ਦੇ ਸਾਰੇ ਕੰਮ ਦੇ ਸੰਖੇਪ ਵੇਰਵੇ ਤੋਂ ਇਹ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਉਹ ਸੱਚਮੁੱਚ ਹੀ ਉਹ ਦੇਹ ਹੈ ਜੋ ਵਚਨ ਧਾਰਦਾ ਹੈ, ਅਤੇ ਉਹ ਮਾਸ ਅਤੇ ਲਹੂ ਨਾਲ ਬਣੇ ਮਨੁੱਖ ਵਰਗਾ ਬਿਲਕੁਲ ਵੀ ਨਹੀਂ ਹੈ। ਧਰਤੀ ਉੱਤੇ ਮਸੀਹ ਦੇ ਕੰਮ ਦੇ ਹਰੇਕ ਕਦਮ ਦਾ ਆਪਣਾ ਸੰਕੇਤਕ ਮਹੱਤਵ ਹੁੰਦਾ ਹੈ, ਪਰ ਜਿਹੜਾ ਮਨੁੱਖ ਅਸਲ ਕੰਮ ਦੇ ਹਰ ਪੜਾਅ ਦਾ ਅਨੁਭਵ ਕਰਦਾ ਹੈ ਉਹ ਉਸਦੇ ਕੰਮ ਦੇ ਮਹੱਤਵ ਨੂੰ ਨਹੀਂ ਸਮਝ ਸਕਦਾ। ਅਜਿਹਾ ਖ਼ਾਸ ਤੌਰ ’ਤੇ ਪਰਮੇਸ਼ੁਰ ਦੁਆਰਾ ਆਪਣੇ ਦੂਸਰੇ ਦੇਹਧਾਰਣ ਵਿੱਚ ਪੂਰੇ ਕੀਤੇ ਕੰਮ ਦੇ ਕਈ ਕਦਮਾਂ ਲਈ ਹੁੰਦਾ ਹੈ। ਬਹੁਤੇ ਲੋਕ ਜਿਹਨਾਂ ਨੇ ਸਿਰਫ਼ ਮਸੀਹ ਦੇ ਵਚਨਾਂ ਨੂੰ ਸੁਣਿਆ ਜਾਂ ਦੇਖਿਆ ਹੈ ਪਰ ਉਹਨਾਂ ਨੇ ਉਸਨੂੰ ਕਦੇ ਨਹੀਂ ਦੇਖਿਆ, ਉਹਨਾਂ ਕੋਲ ਉਸਦੇ ਕੰਮ ਬਾਰੇ ਕੋਈ ਧਾਰਣਾਵਾਂ ਨਹੀਂ ਹੁੰਦੀਆਂ; ਜਿਹਨਾਂ ਨੇ ਮਸੀਹ ਨੂੰ ਦੇਖਿਆ ਹੈ, ਅਤੇ ਉਸਦੇ ਵਚਨਾਂ ਨੂੰ ਸੁਣਿਆ ਹੈ, ਅਤੇ ਇਸ ਦੇ ਨਾਲ ਹੀ ਉਸਦੇ ਕੰਮ ਦਾ ਅਨੁਭਵ ਕੀਤਾ ਹੈ, ਉਹਨਾਂ ਨੂੰ ਉਸਦੇ ਕੰਮ ਨੂੰ ਸਵੀਕਾਰ ਕਰਨਾ ਔਖਾ ਲੱਗਦਾ ਹੈ। ਕੀ ਇਹ ਇਸ ਲਈ ਨਹੀਂ ਹੈ ਕਿਉਂਕਿ ਮਸੀਹ ਦਾ ਰੂਪ ਅਤੇ ਅਸਲ ਮਨੁੱਖਤਾ ਮਨੁੱਖ ਦੀ ਤਰਜੀਹ ਦੇ ਅਨੁਕੂਲ ਨਹੀਂ ਹੈ? ਜੋ ਮਸੀਹ ਦੇ ਚਲੇ ਜਾਣ ਤੋਂ ਬਾਅਦ ਉਸਦੇ ਕੰਮ ਨੂੰ ਸਵੀਕਾਰ ਕਰਦੇ ਹਨ ਉਨ੍ਹਾਂ ਨੂੰ ਇਹ ਮੁਸ਼ਕਲਾਂ ਨਹੀਂ ਹੋਣਗੀਆਂ, ਕਿਉਂਕਿ ਉਹ ਸਿਰਫ਼ ਉਸਦੇ ਕੰਮ ਨੂੰ ਸਵੀਕਾਰਦੇ ਹਨ ਅਤੇ ਉਹ ਮਸੀਹ ਦੇ ਆਮ ਮਨੁੱਖੀ ਸੁਭਾਅ ਦੇ ਸੰਪਰਕ ਵਿੱਚ ਨਹੀਂ ਆਉਂਦੇ। ਮਨੁੱਖ ਪਰਮੇਸ਼ੁਰ ਪ੍ਰਤੀ ਆਪਣੇ ਵਿਚਾਰਾਂ ਨੂੰ ਛੱਡਣ ਦੇ ਨਾਕਾਬਲ ਹੈ ਅਤੇ ਇਸਦੇ ਬਜਾਏ ਉਸਦੀ ਤੀਬਰਤਾ ਨਾਲ ਜਾਂਚ-ਪੜਤਾਲ ਕਰਦਾ ਹੈ; ਇਸਦਾ ਕਾਰਨ ਇਹ ਤੱਥ ਹੈ ਕਿ ਮਨੁੱਖ ਸਿਰਫ਼ ਉਸਦੇ ਪ੍ਰਗਟਾਅ ਨੂੰ ਵੇਖਦਾ ਹੈ ਅਤੇ ਉਸਦੇ ਕੰਮ ਅਤੇ ਵਚਨਾਂ ਦੇ ਅਧਾਰ ’ਤੇ ਉਸਦੇ ਮੂਲ-ਤੱਤ ਨੂੰ ਪਛਾਣਨ ਦੇ ਕਾਬਲ ਨਹੀਂ ਹੈ। ਜੇ ਮਨੁੱਖ ਮਸੀਹ ਦੇ ਪ੍ਰਗਟਾਅ ਵੱਲ ਅੱਖਾਂ ਬੰਦ ਕਰ ਲੈਂਦੇ ਹਨ ਜਾਂ ਮਸੀਹ ਦੀ ਸਧਾਰਣਤਾ ਦੀ ਚਰਚਾ ਕਰਨ ਤੋਂ ਭੱਜਦੇ ਹਨ ਅਤੇ ਸਿਰਫ਼ ਉਸਦੇ ਈਸ਼ਵਰੀ ਸੁਭਾਅ ਬਾਰੇ ਹੀ ਗੱਲ ਕਰਦੇ ਹਨ, ਜਿਸਦਾ ਕੰਮ ਅਤੇ ਵਚਨ ਕਿਸੇ ਵੀ ਮਨੁੱਖ ਦੁਆਰਾ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਤਾਂ ਮਨੁੱਖ ਦੀਆਂ ਅੱਧੀਆਂ ਧਾਰਣਾਵਾਂ ਖ਼ਤਮ ਹੋ ਜਾਣਗੀਆਂ, ਇਸ ਹੱਦ ਤੱਕ ਕਿ ਮਨੁੱਖ ਦੀਆਂ ਸਾਰੀਆਂ ਮੁਸ਼ਕਲਾਂ ਵੀ ਹੱਲ ਹੋ ਜਾਣਗੀਆਂ। ਦੇਹਧਾਰੀ ਪਰਮੇਸ਼ੁਰ ਦੇ ਕੰਮ ਦੇ ਦੌਰਾਨ, ਮਨੁੱਖ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਉਸ ਬਾਰੇ ਬਹੁਤ ਸਾਰੇ ਵਿਚਾਰ ਰੱਖਦਾ ਹੈ, ਅਤੇ ਵਿਦਰੋਹ ਅਤੇ ਅਵੱਗਿਆ ਦੀਆਂ ਉਦਾਹਰਨਾਂ ਤਾਂ ਆਮ ਗੱਲ ਹੈ। ਮਨੁੱਖ ਪਰਮੇਸ਼ੁਰ ਦੇ ਵਜੂਦ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਮਸੀਹ ਦੀ ਨਿਮਰਤਾ ਅਤੇ ਲੁਕਾਅ ਪ੍ਰਤੀ ਦਇਆ ਨਹੀਂ ਦਿਖਾ ਸਕਦਾ, ਜਾਂ ਸਵਰਗੀ ਪਿਤਾ ਦੀ ਆਗਿਆ ਦਾ ਪਾਲਣ ਕਰਨ ਵਾਲੇ ਮਸੀਹ ਦੇ ਮੂਲ-ਤੱਤ ਨੂੰ ਮੁਆਫ ਨਹੀਂ ਕਰ ਸਕਦਾ। ਇਸ ਲਈ, ਆਪਣਾ ਕੰਮ ਪੂਰਾ ਕਰਨ ਤੋਂ ਪਿੱਛੋਂ ਉਹ ਅਨੰਤ ਕਾਲ ਤੱਕ ਮਨੁੱਖ ਨਾਲ ਨਹੀਂ ਰਹਿ ਸਕਦਾ, ਕਿਉਂਕਿ ਮਨੁੱਖ ਉਸਨੂੰ ਆਪਣੇ ਦਰਮਿਆਨ ਰਹਿਣ ਦੇਣ ਦਾ ਇੱਛੁਕ ਨਹੀਂ ਹੈ। ਜੇਕਰ ਉਸਦੇ ਕੰਮ ਦੇ ਪੜਾਅ ਦੇ ਦੌਰਾਨ ਮਨੁੱਖ ਉਸ ਉੱਪਰ ਦਯਾ ਨਹੀਂ ਦਿਖਾ ਸਕਦਾ, ਤਾਂ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਜਦੋਂ ਮਸੀਹ ਹੌਲੀ-ਹੌਲੀ ਉਹਨਾਂ ਨੂੰ ਆਪਣੇ ਵਚਨਾਂ ਦਾ ਅਨੁਭਵ ਕਰਦਿਆਂ ਦੇਖਦਾ ਹੈ, ਤਾਂ ਮਨੁੱਖ ਉਸਨੂੰ ਕਿਸ ਤਰ੍ਹਾਂ ਆਪਣੇ ਨਾਲ ਰਹਿੰਦੇ ਹੋਏ ਸਹਿਣ ਕਰਸਕਦਾ ਹੈ,? ਕੀ ਫਿਰ ਬਹੁਤ ਸਾਰੇ ਲੋਕ ਉਸਦੇ ਕਾਰਨ ਡਿੱਗ ਨਹੀਂ ਜਾਣਗੇ? ਮਨੁੱਖ ਉਸਨੂੰ ਸਿਰਫ ਧਰਤੀ ’ਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ; ਇਹ ਮਨੁੱਖ ਦੀ ਸਭ ਤੋਂ ਵੱਡੀ ਦਿਆਲਤਾ ਹੈ। ਜੇ ਉਸਦਾ ਕੰਮ ਨਾ ਹੁੰਦਾ, ਤਾਂ ਮਨੁੱਖ ਨੇ ਉਸਨੂੰ ਬਹੁਤ ਸਮੇਂ ਪਹਿਲਾਂ ਹੀ ਧਰਤੀ ਤੋਂ ਬਾਹਰ ਕੱਢ ਦੇਣਾ ਸੀ, ਤਾਂ ਉਹਨਾਂ ਨੇ ਉਸਦਾ ਕੰਮ ਪੂਰਾ ਹੋਣ ’ਤੇ ਕਿੰਨੀ ਘੱਟ ਦਿਆਲਤਾ ਦਿਖਾਉਣੀ ਸੀ? ਤਾਂ ਕੀ ਮਨੁੱਖ ਨੇ ਉਸਨੂੰ ਮੌਤ ਦੇ ਘਾਟ ਨਹੀਂ ਉਤਾਰ ਦੇਣਾ ਸੀ ਜਾਂ ਉਸਨੂੰ ਤਸੀਹੇ ਦੇ ਕੇ ਮਾਰ ਨਹੀਂ ਦੇਣਾ ਸੀ? ਜੇ ਉਸਨੂੰ ਮਸੀਹ ਨਹੀਂ ਕਿਹਾ ਜਾਂਦਾ, ਤਾਂ ਹੋ ਸਕਦਾ ਹੈ ਕਿ ਉਹ ਮਨੁੱਖਜਾਤੀ ਦੇ ਦਰਮਿਆਨ ਕੰਮ ਨਾ ਕਰ ਪਾਉਂਦਾ; ਜੇ ਉਹ ਖੁਦ ਪਰਮੇਸੁਰ ਦੀ ਪਛਾਣ ਨਾਲ ਕੰਮ ਨਾ ਕਰਦਾ ਅਤੇ ਇਸਦੇ ਬਜਾਏ ਸਿਰਫ ਇੱਕ ਸਧਾਰਣ ਮਨੁੱਖ ਵਜੋਂ ਕੰਮ ਕਰਦਾ, ਤਾਂ ਮਨੁੱਖ ਨੇ ਉਸਦੇ ਮੂੰਹੋਂ ਨਿਕਲੇ ਇੱਕ ਵੀ ਵਾਕ ਨੂੰ ਬਰਦਾਸ਼ਤ ਨਹੀਂ ਕਰਨਾ ਸੀ, ਉਸਦੇ ਕੰਮ ਦੇ ਬਿਲਕੁਲ ਛੋਟੇ ਜਿਹੇ ਹਿੱਸੇ ਨੂੰ ਬਰਦਾਸ਼ਤ ਕਰਨਾ ਤਾਂ ਲਗਭਗ ਨਾਮੁਮਕਿਨ ਹੈ। ਇਸ ਕਰਕੇ ਉਹ ਸਿਰਫ਼ ਆਪਣੇ ਕੰਮ ਵਿੱਚ ਹੀ ਆਪਣੀ ਪਛਾਣ ਕਾਇਮ ਰੱਖ ਸਕਦਾ ਹੈ। ਇਸ ਪ੍ਰਕਾਰ ਉਸਦਾ ਕੰਮ ਬਿਨਾਂ ਕਿਸੇ ਪਛਾਣ ਦੇ ਕੰਮ ਕਰਨ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ, ਕਿਉਂਕਿ ਸਾਰੇ ਮਨੁੱਖ ਸਦਾ ਉੱਚੀ ਅਤੇ ਮਹਾਨ ਸ਼ਖਸੀਅਤ ਦੀ ਆਗਿਆ ਦਾ ਪਾਲਣ ਕਰਨ ਲਈ ਇੱਛੁਕ ਰਹਿੰਦੇ ਹਨ। ਜੇ ਉਹ ਪਰਮੇਸ਼ੁਰ ਦੀ ਆਪਣੀ ਪਛਾਣ ਦੇ ਨਾਲ ਕੰਮ ਨਹੀਂ ਕਰਦਾ, ਜਾਂ ਖੁਦ ਪਰਮੇਸ਼ੁਰ ਵਜੋਂ ਪਰਗਟ ਨਹੀਂ ਹੁੰਦਾ ਤਾਂ ਉਸਨੂੰ ਕਦੇ ਵੀ ਕੰਮ ਕਰਨ ਦਾ ਮੌਕਾ ਨਾ ਮਿਲਦਾ। ਇਸ ਤੱਥ ਦੇ ਬਾਵਜੂਦ ਵੀ ਕਿ ਉਸ ਕੋਲ ਪਰਮੇਸ਼ੁਰ ਦਾ ਮੂਲ-ਤੱਤ ਅਤੇ ਮਸੀਹ ਦੀ ਹੋਂਦ ਹੈ, ਮਨੁੱਖ ਨਰਮ ਨਹੀਂ ਹੋਵੇਗਾ ਅਤੇ ਉਸਨੂੰ ਮਨੁੱਖਜਾਤੀ ਦੇ ਦਰਮਿਆਨ ਅਸਾਨੀ ਨਾਲ ਕੰਮ ਨਹੀਂ ਕਰਨ ਦੇਵੇਗਾ। ਉਹ ਆਪਣੇ ਕੰਮ ਵਿੱਚ ਖੁਦ ਪਰਮੇਸ਼ੁਰ ਦੀ ਪਛਾਣ ਕਾਇਮ ਰੱਖਦਾ ਹੈ; ਹਾਲਾਂਕਿ ਅਜਿਹਾ ਕੰਮ ਅਜਿਹੀ ਪਛਾਣ ਦੇ ਬਿਨਾ ਕੀਤੇ ਕੰਮ ਦੇ ਨਾਲੋਂ ਦਰਜਨਾਂ ਗੁਣਾ ਸ਼ਕਤੀਸ਼ਾਲੀ ਹੈ, ਫਿਰ ਵੀ ਮਨੁੱਖ ਉਸਦੀ ਆਗਿਆ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਹੈ, ਕਿਉਂਕਿ ਮਨੁੱਖ ਸਿਰਫ਼ ਉਸਦੀ ਸਾਖ ਦੇ ਅਧੀਨ ਹੁੰਦਾ ਹੈ ਉਸਦੇ ਮੂਲ-ਤੱਤ ਦੇ ਨਹੀਂ। ਜੇ ਇਸ ਪ੍ਰਕਾਰ ਹੈ, ਜਦੋਂ ਸ਼ਾਇਦ ਇੱਕ ਦਿਨ ਮਸੀਹ ਆਪਣੀ ਜੁੰਮੇਵਾਰੀ ਨੂੰ ਛੱਡ ਦੇਵੇਗਾ, ਕੀ ਮਨੁੱਖ ਉਸਨੂੰ ਇੱਕ ਦਿਨ ਲਈ ਵੀ ਜ਼ਿੰਦਾ ਰਹਿਣ ਦੀ ਇਜਾਜ਼ਤ ਦੇ ਸਕੇਗਾ? ਪਰਮੇਸ਼ੁਰ ਧਰਤੀ ਉੱਤੇ ਮਨੁੱਖ ਨਾਲ ਰਹਿਣ ਲਈ ਤਿਆਰ ਹੈ ਤਾਂ ਕਿ ਉਹ ਆਉਣ ਵਾਲੇ ਕੁਝ ਸਾਲਾਂ ਵਿੱਚ ਆਪਣੇ ਹੱਥਾਂ ਨਾਲ ਕੀਤੇ ਕੰਮ ਦਾ ਨਤੀਜਾ ਵੇਖ ਸਕੇ। ਹਾਲਾਂਕਿ, ਮਨੁੱਖ ਉਸਦੀ ਮੌਜੂਦਗੀ ਨੂੰ ਇੱਕ ਦਿਨ ਲਈ ਵੀ ਬਰਦਾਸ਼ਤ ਕਰਨ ਦੇ ਨਾਕਾਬਲ ਹੈ, ਇਸ ਕਰਕੇ ਉਹ ਸਿਰਫ਼ ਹਾਰ ਮੰਨ ਸਕਦਾ ਹੈ। ਇਹ ਪਹਿਲਾਂ ਹੀ ਮਨੁੱਖ ਦੀ ਦਿਆਲਤਾ ਅਤੇ ਕਿਰਪਾ ਦੀ ਸਭ ਤੋਂ ਵੱਡੀ ਹੱਦ ਹੈ ਕਿ ਉਹ ਪਰਮੇਸ਼ੁਰ ਨੂੰ ਮਨੁੱਖ ਦੇ ਦਰਮਿਆਨ ਉਹ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਜੋ ਉਸ ਲਈ ਆਪਣੀ ਸੇਵਾ ਨੂੰ ਪੂਰਾ ਕਰਨ ਲਈ ਕਰਨਾ ਜ਼ਰੂਰੀ ਹੈ। ਹਾਲਾਂਕਿ ਜਿਹਨਾਂ ਨੂੰ ਉਸਨੇ ਵਿਅਕਤੀਗਤ ਤੌਰ ’ਤੇ ਜਿੱਤ ਲਿਆ ਹੈ ਉਹ ਉਸਨੂੰ ਅਜਿਹੀ ਕਿਰਪਾ ਦਿਖਾਉਂਦੇ ਹਨ, ਉਹ ਵੀ ਉਸਨੂੰ ਸਿਰਫ਼ ਉਸਦੇ ਕੰਮ ਨੂੰ ਖਤਮ ਕਰਨ ਤੱਕ ਰਹਿਣ ਦੀ ਇਜਾਜ਼ਤ ਦਿੰਦੇ ਹਨ, ਉਸਤੋਂ ਵੱਧ ਇੱਕ ਪਲ ਵੀ ਨਹੀਂ। ਜੇ ਇਸ ਤਰ੍ਹਾਂ ਹੈ ਤਾਂ ਫਿਰ ਉਨ੍ਹਾਂ ਦਾ ਕੀ ਕੀਤਾ ਜਾਵੇ ਜਿਹਨਾਂ ਨੂੰ ਉਸਨੇ ਜਿੱਤਿਆ ਨਹੀਂ ਹੈ? ਕੀ ਮਨੁੱਖ ਦਾ ਦੇਹਧਾਰੀ ਪਰਮੇਸ਼ੁਰ ਨਾਲ ਇਸ ਤਰ੍ਹਾਂ ਪੇਸ਼ ਆਉਣ ਦਾ ਕਾਰਨ ਇਹ ਤਾਂ ਨਹੀਂ ਕਿ ਉਹ ਸਧਾਰਣ ਮਨੁੱਖ ਵਰਗੇ ਬਾਹਰੀ ਰੂਪ ਵਾਲਾ ਮਸੀਹ ਹੈ? ਜੇ ਉਸ ਕੋਲ ਸਿਰਫ਼ ਈਸ਼ਵਰੀ ਸੁਭਾਅ ਹੁੰਦਾ ਅਤੇ ਅਸਲ ਮਨੁੱਖਤਾ ਨਾ ਹੁੰਦੀ, ਤਾਂ ਕੀ ਮਨੁੱਖ ਦੀਆਂ ਮੁਸ਼ਕਲਾਂ ਸਭ ਤੋਂ ਆਸਾਨੀ ਨਾਲ ਹੱਲ ਨਾ ਹੋ ਜਾਂਦੀਆਂ? ਮਨੁੱਖ ਝਿਜਕਦੇ ਹੋਏ ਉਸ ਦੇ ਈਸ਼ਵਰੀ ਸੁਭਾਅ ਨੂੰ ਮੰਨਦਾ ਹੈ, ਅਤੇ ਉਸਦੇ ਸਧਾਰਣ ਮਨੁੱਖ ਵਰਗੇ ਬਾਹਰੀ ਰੂਪ ਵਿਚ ਕੋਈ ਦਿਲਚਸਪੀ ਨਹੀਂ ਲੈਂਦਾ, ਇਸ ਤੱਥ ਦੇ ਬਾਵਜੂਦ ਵੀ ਕਿ ਉਸ ਦਾ ਮੂਲ-ਤੱਤ ਬਿਲਕੁਲ ਮਸੀਹ ਵਾਲਾ ਹੈ ਜੋ ਸਵਰਗੀ ਪਿਤਾ ਦੀ ਇੱਛਾ ਦੇ ਅਧੀਨ ਹੈ। ਇਸ ਲਈ ਉਸ ਕੋਲ ਦੂਜਿਆਂ ਨਾਲ ਖੁਸ਼ੀ ਅਤੇ ਦੁੱਖ ਸਾਂਝੇ ਕਰਨ ਲਈ ਮਨੁੱਖ ਦਰਮਿਆਨ ਰਹਿਣ ਦਾ ਆਪਣਾ ਕੰਮ ਰੱਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਣਾ, ਕਿਉਂਕਿ ਮਨੁੱਖ ਹੁਣ ਉਸਦੀ ਮੌਜੂਦਗੀ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕੇਗਾ।

ਪਿਛਲਾ: ਪਰਮੇਸ਼ੁਰ ਦਾ ਕੰਮ ਅਤੇ ਮਨੁੱਖ ਦਾ ਅਮਲ

ਅਗਲਾ: ਮਨੁੱਖ ਦੇ ਸਧਾਰਣ ਜੀਵਨ ਨੂੰ ਬਹਾਲ ਕਰਨਾ ਅਤੇ ਉਸ ਨੂੰ ਇੱਕ ਸ਼ਾਨਦਾਰ ਮੰਜ਼ਲ ’ਤੇ ਲੈ ਜਾਣਾ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ