ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਮੁੱਚੀ ਮਨੁੱਖਤਾ ਅੱਜ ਦੇ ਦਿਨ ਤੱਕ ਕਿਵੇਂ ਵਿਕਸਿਤ ਹੋਈ ਹੈ

ਪਿਛਲੇ ਛੇ ਹਜ਼ਾਰ ਸਾਲਾਂ ਦੇ ਦੌਰਾਨ ਨੇਪਰੇ ਚਾੜ੍ਹੇ ਗਏ ਕੰਮ ਦੀ ਸਮੁੱਚਤਾ ਵਿੱਚ ਆਉਂਦੇ-ਜਾਂਦੇ ਵੱਖੋ-ਵੱਖੋ ਦੌਰਾਂ ਵਿੱਚ ਹੌਲੀ-ਹੌਲੀ ਬਦਲਾਵ ਆਇਆ ਹੈ। ਇਸ ਕੰਮ ਵਿਚਲੀਆਂ ਤਬਦੀਲੀਆਂ ਸੰਸਾਰ ਦੀ ਸਮੁੱਚੀ ਸਥਿਤੀ ਅਤੇ ਸੰਪੂਰਨ ਮਨੁੱਖਤਾ ਦੇ ਵਿਕਾਸ ਦੇ ਰੁਝਾਨਾਂ ਉੱਤੇ ਅਧਾਰਿਤ ਹਨ; ਕੇਵਲ ਪ੍ਰਬੰਧਨ ਦਾ ਕੰਮ ਇਨ੍ਹਾਂ ਦੇ ਅਨੁਸਾਰ ਹੌਲੀ-ਹੌਲੀ ਤਬਦੀਲ ਹੋਇਆ ਹੈ। ਇਹ ਸਭ ਕੁਝ ਸ੍ਰਿਸ਼ਟੀ ਦੇ ਅਰੰਭ ਤੋਂ ਹੀ ਯੋਜਨਾਬੱਧ ਨਹੀਂ ਸੀ। ਇਸ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਜਾਂ ਉਸ ਦੇ ਤੁਰੰਤ ਬਾਅਦ, ਯਹੋਵਾਹ ਨੇ ਅਜੇ ਕੰਮ ਦੇ ਪਹਿਲੇ ਪੜਾਅ, ਜੋ ਕਿ ਸ਼ਰਾ ਹੈ; ਕੰਮ ਦੇ ਦੂਜੇ ਪੜਾਅ, ਜੋ ਕਿ ਕਿਰਪਾ ਹੈ; ਜਾਂ ਕੰਮ ਦੇ ਤੀਜੇ ਪੜਾਅ ਜੋ ਕਿ ਜਿੱਤਣ ਦਾ ਹੈ, ਜਿਸ ਵਿੱਚ ਉਹ ਸਭ ਤੋਂ ਪਹਿਲਾਂ ਮੋਆਬ ਦੇ ਕੁਝ ਵੰਸ਼ਜਾਂ ਨਾਲ ਸ਼ੁਰੂਆਤ ਕਰੇਗਾ ਅਤੇ ਇਸ ਦੇ ਦੁਆਰਾ ਸਮੁੱਚੇ ਜਹਾਨ ਨੂੰ ਜਿੱਤੇਗਾ, ਦੀ ਯੋਜਨਾ ਨਹੀਂ ਬਣਾਈ ਸੀ। ਸੰਸਾਰ ਦੀ ਸਿਰਜਣਾ ਕਰਨ ਤੋਂ ਪਹਿਲਾਂ, ਉਸ ਨੇ ਕਦੇ ਵੀ ਇਹ ਵਚਨ ਨਹੀਂ ਬੋਲੇ ਸਨ, ਨਾ ਹੀ ਉਸ ਨੇ ਇਨ੍ਹਾਂ ਨੂੰ ਮੋਆਬ ਤੋਂ ਬਾਅਦ ਕਦੇ ਬੋਲਿਆ; ਨਿਸ਼ਚਿਤ ਤੌਰ ਤੇ, ਲੂਤ ਤੋਂ ਪਹਿਲਾਂ, ਉਹ ਉਨ੍ਹਾਂ ਨੂੰ ਕਦੇ ਵੀ ਨਹੀਂ ਬੋਲਿਆ। ਪਰਮੇਸ਼ੁਰ ਦਾ ਸਮੁੱਚਾ ਕੰਮ ਸਹਿਜ ਸੁਭਾਵਕ ਢੰਗ ਨਾਲ ਹੋ ਜਾਂਦਾ ਹੈ। ਉਸ ਦੇ ਛੇ ਹਜ਼ਾਰ-ਸਾਲਾ ਪ੍ਰਬੰਧਨ ਦਾ ਕੰਮ ਬਿਲਕੁਲ ਇਸੇ ਤਰ੍ਹਾਂ ਹੀ ਵਿਕਸਿਤ ਹੋਇਆ ਹੈ; ਉਸ ਨੇ, ਕਿਸੇ ਵੀ ਤਰ੍ਹਾਂ, ਸੰਸਾਰ ਦੀ ਸਿਰਜਣਾ ਕਰਨ ਤੋਂ ਪਹਿਲਾਂ, “ਮਨੁੱਖਤਾ ਦੇ ਵਿਕਾਸ ਦੇ ਸੰਖੇਪ ਰੇਖਾ-ਚਿੱਤਰ” ਵਾਂਗ ਅਜਿਹੀ ਕਿਸੇ ਯੋਜਨਾ ਨੂੰ ਲਿਖ ਕੇ ਨਹੀਂ ਰੱਖਿਆ ਸੀ। ਪਰਮੇਸ਼ੁਰ ਦੇ ਕੰਮ ਵਿੱਚ ਉਸ ਨੇ ਉਹ ਪਰਗਟ ਕੀਤਾ ਹੈ ਜੋ ਉਹ ਸਿੱਧੇ ਰੂਪ ਵਿੱਚ ਹੈ; ਉਹ ਇੱਕ ਯੋਜਨਾ ਤਿਆਰ ਕਰਨ ਲਈ ਆਪਣੇ ਦਿਮਾਗ਼ ਉੱਪਰ ਜ਼ਿਆਦਾ ਜ਼ੋਰ ਨਹੀਂ ਪਾਉਂਦਾ। ਬੇਸ਼ੱਕ, ਕੁਝ ਨਬੀਆਂ ਨੇ ਬਹੁਤ ਸਾਰੇ ਅਗੰਮ ਵਾਕ ਬੋਲੇ ਹਨ, ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਪਰਮੇਸ਼ੁਰ ਦਾ ਕੰਮ ਹਮੇਸ਼ਾਂ ਸਟੀਕ ਯੋਜਨਾਬੰਦੀ ਵਾਲਾ ਰਿਹਾ ਹੈ; ਉਹ ਅਗੰਮ ਵਾਕ ਉਸ ਸਮੇਂ ਦੇ ਪਰਮੇਸ਼ੁਰ ਦੇ ਕੰਮ ਅਨੁਸਾਰ ਬੋਲੇ ਗਏ ਸਨ। ਸਾਰਾ ਕੰਮ ਜੋ ਉਹ ਕਰਦਾ ਹੈ ਉਹੀ ਸਭ ਤੋਂ ਅਸਲ ਕੰਮ ਹੈ। ਉਹ ਇਸ ਨੂੰ ਹਰੇਕ ਯੁਗ ਦੇ ਵਿਕਾਸ ਦੇ ਅਨੁਸਾਰ ਪੂਰਾ ਕਰਦਾ ਹੈ ਅਤੇ ਇਸ ਨੂੰ ਚੀਜ਼ਾਂ ਦੀ ਤਬਦੀਲੀ ਉੱਤੇ ਅਧਾਰਿਤ ਰੱਖਦਾ ਹੈ। ਉਸ ਲਈ, ਕੰਮ ਨੂੰ ਪੂਰਾ ਕਰਨਾ ਬਿਮਾਰੀ ਦੇ ਇਲਾਜ ਲਈ ਦਵਾਈ ਦੇ ਮੁਆਫ਼ਕ ਆਉਣ ਦੇ ਸਮਾਨ ਹੈ; ਜਦਕਿ ਆਪਣੇ ਕੰਮ ਨੂੰ ਕਰਦਿਆਂ ਉਹ ਗਹੁ ਨਾਲ ਵੇਖਦਾ ਹੈ ਅਤੇ ਆਪਣੇ ਨਿਰੀਖਣਾਂ ਦੇ ਅਨੁਸਾਰ ਆਪਣੇ ਕੰਮ ਨੂੰ ਕਰਨਾ ਜਾਰੀ ਰੱਖਦਾ ਹੈ। ਆਪਣੇ ਕੰਮ ਦੇ ਹਰੇਕ ਪੜਾਅ ਉੱਤੇ, ਪਰਮੇਸ਼ੁਰ ਆਪਣੀ ਵਿਸ਼ਾਲ ਬੁੱਧ ਅਤੇ ਸਮਰੱਥਾ ਨੂੰ ਪਰਗਟ ਕਰਨ ਦੇ ਯੋਗ ਹੈ; ਉਹ ਕਿਸੇ ਵੀ ਖ਼ਾਸ ਯੁਗ ਦੇ ਕੰਮ ਦੇ ਅਨੁਸਾਰ ਆਪਣੀ ਭਰਪੂਰ ਬੁੱਧ ਅਤੇ ਅਧਿਕਾਰ ਨੂੰ ਉਜਾਗਰ ਕਰਦਾ ਹੈ, ਅਤੇ ਉਸ ਯੁਗ ਵਿੱਚ ਆਪਣੇ ਦੁਆਰਾ ਵਾਪਿਸ ਲਿਆਂਦੇ ਸਾਰੇ ਲੋਕਾਂ ਨੂੰ ਆਪਣੇ ਸਮੁੱਚੇ ਸੁਭਾਅ ਨੂੰ ਦੇਖਣ ਦੇ ਯੋਗ ਬਣਾਉਂਦਾ ਹੈ। ਉਹ ਹਰੇਕ ਯੁਗ ਵਿੱਚ, ਜੋ ਕੰਮ ਕੀਤਾ ਜਾਣਾ ਚਾਹੀਦਾ ਹੈ, ਉਸ ਨੂੰ ਕਰਦਿਆਂ ਹੋਇਆਂ, ਜੋ ਉਸ ਨੂੰ ਕਰਨਾ ਚਾਹੀਦਾ ਹੈ, ਦੇ ਅਨੁਸਾਰ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਸ਼ਤਾਨ ਨੇ ਲੋਕਾਂ ਨੂੰ ਜਿੰਨਾ ਭ੍ਰਿਸ਼ਟ ਕੀਤਾ ਹੈ, ਉਸ ਦਰਜੇ ਦੇ ਅਧਾਰ ’ਤੇ ਉਹ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਇਹ ਉਸੇ ਤਰ੍ਹਾਂ ਹੈ, ਜਿਵੇਂ ਜਦੋਂ ਯਹੋਵਾਹ ਨੇ ਸ਼ੁਰੂ ਵਿੱਚ ਆਦਮ ਅਤੇ ਹੱਵਾਹ ਨੂੰ ਬਣਾਇਆ, ਉਸ ਨੇ ਅਜਿਹਾ ਉਨ੍ਹਾਂ ਨੂੰ ਪਰਮੇਸ਼ੁਰ ਦਾ ਧਰਤੀ ਉੱਪਰ ਪ੍ਰਗਟਾਵਾ ਕਰਨ ਦੇ ਯੋਗ ਬਣਾਉਣ ਲਈ ਕੀਤਾ ਅਤੇ ਤਾਂ ਕਿ ਉਹ ਸ੍ਰਿਸ਼ਟੀ ਵਿੱਚ ਪਰਮੇਸ਼ੁਰ ਦੀ ਗਵਾਹੀ ਦੇ ਸਕਣ। ਹਾਲਾਂਕਿ, ਹੱਵਾਹ ਨੇ ਸੱਪ ਦੇ ਪ੍ਰਲੋਭਨ ਤੋਂ ਬਾਅਦ ਪਾਪ ਕੀਤਾ, ਅਤੇ ਆਦਮ ਨੇ ਵੀ ਇਹੀ ਕੀਤਾ; ਬਾਗ ਵਿੱਚ ਉਨ੍ਹਾਂ ਦੋਵਾਂ ਨੇ ਭਲੇ ਅਤੇ ਬੁਰੇ ਦੀ ਸਿਆਣ ਵਾਲੇ ਰੁੱਖ ਦਾ ਫਲ ਖਾਧਾ। ਇਸ ਕਰਕੇ, ਯਹੋਵਾਹ ਨੂੰ ਉਨ੍ਹਾਂ ਉੱਪਰ ਵਾਧੂ ਕੰਮ ਪੂਰਾ ਕਰਨਾ ਪਿਆ। ਉਨ੍ਹਾਂ ਦੇ ਨੰਗੇਜ਼ ਨੂੰ ਦੇਖ ਕੇ, ਉਸ ਨੇ ਉਨ੍ਹਾਂ ਦੇ ਸਰੀਰਾਂ ਨੂੰ ਜਾਨਵਰਾਂ ਦੇ ਚਮੜੇ ਤੋਂ ਬਣੇ ਕੱਪੜਿਆਂ ਨਾਲ ਢੱਕਿਆ। ਇਸਤੋਂ ਬਾਅਦ ਉਸ ਨੇ ਆਦਮ ਨੂੰ ਕਿਹਾ, “ਏਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਈਂ ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ ... ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” ਉਸ ਨੇ ਔਰਤ ਨੂੰ ਕਿਹਾ, “ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ।” ਇਸਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਅਦਨ ਦੇ ਬਾਗ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ ਨੂੰ ਇਸ ਦੇ ਬਾਹਰ ਜੀਉਣ ਲਈ ਮਜਬੂਰ ਕੀਤਾ, ਉਸੇ ਤਰ੍ਹਾਂ ਜਿਵੇਂ ਆਧੁਨਿਕ ਮਨੁੱਖ ਅੱਜ ਧਰਤੀ ਉੱਤੇ ਰਹਿੰਦਾ ਹੈ। ਬਿਲਕੁਲ ਸ਼ੁਰੂ ਵਿੱਚ ਜਦੋਂ ਪਰਮੇਸ਼ੁਰ ਨੇ ਮਨੁੱਖ ਨੂੰ ਬਣਾਇਆ ਤਾਂ ਸਿਰਜੇ ਜਾਣ ਤੋਂ ਬਾਅਦ ਮਨੁੱਖ ਨੂੰ ਸੱਪ ਦੁਆਰਾ ਪ੍ਰਲੋਭਿਤ ਹੋਣ ਦੇਣਾ ਅਤੇ ਬਾਅਦ ਵਿੱਚ ਮਨੁੱਖ ਅਤੇ ਸੱਪ ਨੂੰ ਸਰਾਪ ਦੇਣਾ, ਉਸ ਦੀ ਯੋਜਨਾ ਵਿੱਚ ਨਹੀਂ ਸੀ। ਦਰਅਸਲ ਉਸ ਦੀ ਅਜਿਹੀ ਕੋਈ ਯੋਜਨਾ ਨਹੀਂ ਸੀ; ਬਸ ਚੀਜ਼ਾਂ ਇਸ ਤਰੀਕੇ ਨਾਲ ਵਿਕਸਿਤ ਹੁੰਦੀਆਂ ਗਈਆਂ, ਜਿਨ੍ਹਾਂ ਨੇ ਉਸ ਨੂੰ ਆਪਣੀ ਸ੍ਰਿਸ਼ਟੀ ਦੇ ਦਰਮਿਆਨ ਕਰਨ ਲਈ ਨਵਾਂ ਕੰਮ ਦਿੱਤਾ। ਯਹੋਵਾਹ ਦੇ ਧਰਤੀ ਉੱਪਰ ਆਦਮ ਅਤੇ ਹੱਵਾਹ ਦੇ ਦਰਮਿਆਨ ਕੰਮ ਪੂਰਾ ਕਰਨ ਤੋਂ ਬਾਅਦ, ਕਈ ਹਜ਼ਾਰ ਸਾਲਾਂ ਤੱਕ ਮਨੁੱਖਤਾ ਨੇ ਵਿਕਸਿਤ ਹੋਣਾ ਜਾਰੀ ਰੱਖਿਆ, ਜਦ ਤੱਕ “ਫਿਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ ਤਾਂ ਯਹੋਵਾਹ ਨੂੰ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ। ... ਪਰ ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ ਹੋਈ।” ਇਸ ਸਮੇਂ ਯਹੋਵਾਹ ਕੋਲ ਕਰਨ ਲਈ ਹੋਰ ਨਵਾਂ ਕੰਮ ਸੀ, ਕਿਉਂਕਿ ਉਸ ਨੇ ਜਿਹੜੀ ਮਨੁੱਖਤਾ ਸਿਰਜੀ ਸੀ ਉਹ ਸੱਪ ਦੇ ਪ੍ਰਲੋਭਨ ਤੋਂ ਬਾਅਦ ਬਹੁਤ ਜ਼ਿਆਦਾ ਪਾਪੀ ਹੋ ਚੁੱਕੀ ਸੀ। ਇਨ੍ਹਾਂ ਸਥਿਤੀਆਂ ਦੇ ਕਾਰਨ ਵਜੋਂ, ਸਮੁੱਚੀ ਮਨੁੱਖਤਾ ਵਿੱਚੋਂ ਯਹੋਵਾਹ ਨੇ ਬਚਾਉਣ ਲਈ ਨੂਹ ਦੇ ਪਰਿਵਾਰ ਨੂੰ ਚੁਣਿਆ, ਅਤੇ ਫਿਰ ਉਸ ਨੇ ਹੜ੍ਹ ਦੁਆਰਾ ਸੰਸਾਰ ਦਾ ਨਾਸ ਕਰਨ ਦੇ ਆਪਣੇ ਕੰਮ ਨੂੰ ਪੂਰਾ ਕੀਤਾ। ਅੱਜ ਤੱਕ ਮਨੁੱਖਤਾ ਨੇ ਇਸੇ ਤਰੀਕੇ ਨਾਲ ਵਿਕਾਸ ਕਰਨਾ ਜਾਰੀ ਰੱਖਿਆ ਹੈ, ਤੇਜ਼ੀ ਨਾਲ ਭ੍ਰਿਸ਼ਟ ਹੋਈ, ਅਤੇ ਜਦੋਂ ਸਮਾਂ ਆਉਂਦਾ ਹੈ ਕਿ ਮਨੁੱਖੀ ਵਿਕਾਸ ਆਪਣੇ ਸਿਖਰ ਉੱਤੇ ਪਹੁੰਚ ਜਾਵੇਗਾ, ਇਹ ਮਨੁੱਖਤਾ ਦੇ ਅੰਤ ਦਾ ਜ਼ਰੀਆ ਬਣੇਗਾ। ਬਿਲਕੁਲ ਸ਼ੁਰੂਆਤ ਤੋਂ ਲੈ ਕੇ ਸੰਸਾਰ ਦੇ ਅੰਤ ਤੱਕ, ਉਸ ਦੇ ਕੰਮ ਦੀ ਅੰਦਰੂਨੀ ਸੱਚਾਈ ਹਮੇਸ਼ਾਂ ਤੋਂ ਐਸੀ ਹੀ ਰਹੀ ਹੈ ਅਤੇ ਹਮੇਸ਼ਾਂ ਐਸੀ ਹੀ ਰਹੇਗੀ। ਇਹ ਬਿਲਕੁਲ ਉਵੇਂ ਹੈ ਜਿਵੇਂ ਲੋਕਾਂ ਦਾ ਆਪਣੀ ਕਿਸਮ ਦੇ ਅਨਸਾਰ ਵਰਗੀਕਰਨ ਕੀਤਾ ਜਾਵੇਗਾ; ਇਹ ਉਸ ਮਾਮਲੇ ਤੋਂ ਬਹੁਤ ਅਲੱਗ ਹੈ ਕਿ ਹਰ ਇੱਕ ਮਨੁੱਖ ਬਿਲਕੁਲ ਸ਼ੁਰੂਆਤ ਤੋਂ ਹੀ ਇੱਕ ਖ਼ਾਸ ਸ਼੍ਰੇਣੀ ਨਾਲ ਸੰਬੰਧਿਤ ਹੋਣ ਲਈ ਪੂਰਵ ਨਿਰਧਾਰਿਤ ਹੈ; ਇਸ ਦੇ ਬਜਾਏ, ਹਰ ਕੋਈ ਵਿਕਾਸ ਦੀ ਪ੍ਰਕਿਰਿਆ ਤੋਂ ਗੁਜ਼ਰਨ ਤੋਂ ਬਾਅਦ ਹੌਲੀ-ਹੌਲੀ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਅੰਤ ਵਿੱਚ, ਜਿਸ ਕਿਸੇ ਨੂੰ ਵੀ ਪੂਰਨ ਮੁਕਤੀ ਨਹੀਂ ਦਿਵਾਈ ਜਾ ਸਕਦੀ ਉਸ ਨੂੰ ਆਪਣੇ “ਪੂਰਵਜਾਂ” ਕੋਲ ਵਾਪਿਸ ਭੇਜ ਦਿੱਤਾ ਜਾਵੇਗਾ। ਪਰਮੇਸ਼ੁਰ ਦਾ ਮਨੁੱਖਤਾ ਵਿਚਕਾਰਲਾ ਕੋਈ ਵੀ ਕੰਮ ਸੰਸਾਰ ਦੀ ਸਿਰਜਣਾ ਦੇ ਸਮੇਂ ਪਹਿਲਾਂ ਤੋਂ ਹੀ ਤਿਆਰ ਨਹੀਂ ਕੀਤਾ ਗਿਆ ਸੀ; ਬਲਕਿ, ਇਹ ਚੀਜ਼ਾਂ ਦਾ ਵਿਕਾਸ ਹੈ ਜਿਸਨੇ ਪਰਮੇਸ਼ੁਰ ਨੂੰ ਮਨੁੱਖ ਵਿਚਕਾਰਲਾ ਆਪਣਾ ਕੰਮ ਕਦਮ ਦਰ ਕਦਮ ਅਤੇ ਇੱਕ ਜ਼ਿਆਦਾ ਵਾਸਤਵਿਕ ਅਤੇ ਵਿਹਾਰਿਕ ਢੰਗ ਨਾਲ ਕਰਨ ਦਿੱਤਾ ਹੈ। ਉਦਾਹਰਣ ਵਜੋਂ, ਯਹੋਵਾਹ ਪਰਮੇਸ਼ੁਰ ਨੇ ਸੱਪ ਦੀ ਸਿਰਜਣਾ ਔਰਤ ਦੇ ਪ੍ਰਲੋਭਨ ਲਈ ਨਹੀਂ ਕੀਤੀ ਸੀ; ਇਹ ਉਸ ਦੀ ਵਿਸ਼ੇਸ਼ ਯੋਜਨਾ ਨਹੀਂ ਸੀ, ਨਾ ਹੀ ਇਹ ਕੁਝ ਅਜਿਹਾ ਸੀ ਜਿਸ ਨੂੰ ਉਸ ਨੇ ਜਾਣ-ਬੁਝ ਕੇ ਪੂਰਵ ਨਿਰਧਾਰਿਤ ਕੀਤਾ ਸੀ। ਇਹ ਕਿਹਾ ਜਾ ਸਕਦਾ ਹੈ ਇਹ ਇੱਕ ਅਕਲਪਿਤ ਘਟਨਾ ਸੀ। ਇਸ ਕਰਕੇ, ਇਹੀ ਵਜ੍ਹਾ ਸੀ ਕਿ ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ ਤੋਂ ਬਾਹਹ ਕੱਢਿਆ ਅਤੇ ਦੁਬਾਰਾ ਕਦੇ ਵੀ ਮਨੁੱਖ ਨਾ ਸਿਰਜਣ ਦਾ ਸੰਕਲਪ ਲਿਆ। ਹਾਲਾਂਕਿ, ਲੋਕ ਕੇਵਲ ਇਸੇ ਬੁਨਿਆਦ ’ਤੇ ਪਰਮੇਸ਼ੁਰ ਦੀ ਬੁੱਧ ਨੂੰ ਖੋਜਦੇ ਹਨ। ਇਹ ਉਵੇਂ ਹੀ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ: “ਮੈਂ ਆਪਣੀ ਬੁੱਧ ਦਾ ਇਸਤੇਮਾਲ ਸ਼ਤਾਨ ਦੀਆਂ ਸਾਜਿਸ਼ਾਂ ਦੇ ਅਧਾਰ ’ਤੇ ਕਰਦਾ ਹਾਂ।” ਇਹ ਫ਼ਰਕ ਨਹੀਂ ਪੈਂਦਾ ਕਿ ਮਨੁੱਖਤਾ ਕਿੰਨੀ ਭ੍ਰਿਸ਼ਟ ਹੁੰਦੀ ਹੈ, ਜਾਂ ਸੱਪ ਉਨ੍ਹਾਂ ਨੂੰ ਕਿਵੇਂ ਪ੍ਰਲੋਭਨ ਦਿੰਦਾ ਹੈ, ਯਹੋਵਾਹ ਕੋਲ ਅਜੇ ਵੀ ਆਪਣੀ ਬੁੱਧ ਹੈ; ਇਸੇ ਤਰ੍ਹਾਂ, ਜਦੋਂ ਤੋਂ ਉਸ ਨੇ ਸੰਸਾਰ ਦੀ ਸਿਰਜਣਾ ਕੀਤੀ ਹੈ, ਉਹ ਨਵੇਂ ਕੰਮ ਵਿੱਚ ਜੁਟਿਆ ਹੋਇਆ ਹੈ, ਅਤੇ ਉਸ ਦੇ ਕੰਮ ਦਾ ਕੋਈ ਵੀ ਕਦਮ ਕਦੇ ਵੀ ਦੁਹਰਾਇਆ ਨਹੀਂ ਗਿਆ ਹੈ। ਸ਼ਤਾਨ ਲਗਾਤਾਰ ਸਾਜਿਸ਼ਾਂ ਕਰਦਾ ਰਿਹਾ ਹੈ, ਮਨੁੱਖਤਾ ਲਗਾਤਾਰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੀ ਗਈ ਹੈ, ਅਤੇ ਯਹੋਵਾਹ ਪਰਮੇਸ਼ੁਰ ਨੇ ਬਿਨਾ ਰੁਕੇ ਆਪਣੇ ਬੁੱਧੀਮਾਨ ਕੰਮ ਨੂੰ ਨੇਪਰੇ ਚਾੜ੍ਹਿਆ ਹੈ। ਜਦੋਂ ਦਾ ਸੰਸਾਰ ਸਿਰਜਿਆ ਗਿਆ ਹੈ, ਉਹ ਕਦੇ ਵੀ ਅਸਫਲ ਨਹੀਂ ਹੋਇਆ ਹੈ, ਨਾ ਹੀ ਉਸ ਨੇ ਕਦੇ ਕੰਮ ਕਰਨਾ ਬੰਦ ਕੀਤਾ ਹੈ। ਸ਼ਤਾਨ ਦੁਆਰਾ ਮਨੁੱਖਾਂ ਨੂੰ ਭ੍ਰਿਸ਼ਟ ਕਰਨ ਤੋਂ ਬਾਅਦ, ਉਸ ਨੇ, ਇਸ ਨੂੰ, ਇਸ ਦੁਸ਼ਮਣ ਨੂੰ ਜੋ ਕਿ ਸਾਰੀ ਭ੍ਰਿਸ਼ਟਤਾ ਦੀ ਜੜ੍ਹ ਹੈ, ਹਰਾਉਣ ਲਈ ਮਨੁੱਖਾਂ ਵਿਚਕਾਰ ਆਪਣਾ ਕੰਮ ਜਾਰੀ ਰੱਖਿਆ ਹੈ। ਇਹ ਲੜਾਈ ਸ਼ੁਰੂ ਤੋਂ ਹੀ ਭਖੀ ਹੋਈ ਹੈ ਅਤੇ ਇਸ ਸੰਸਾਰ ਦੇ ਅੰਤ ਤੱਕ ਜਾਰੀ ਰਹੇਗੀ। ਇਸ ਸਾਰੇ ਕੰਮ ਨੂੰ ਕਰਦਿਆਂ, ਯਹੋਵਾਹ ਪਰਮੇਸ਼ੁਰ ਨੇ ਨਾ ਕੇਵਲ ਸ਼ਤਾਨ ਦੁਆਰਾ ਭ੍ਰਿਸ਼ਟੇ ਗਏ ਮਨੁੱਖਾਂ ਨੂੰ ਆਪਣੀ ਮਹਾਨ ਮੁਕਤੀ ਨੂੰ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ, ਬਲਕਿ ਉਨ੍ਹਾਂ ਨੂੰ ਉਸ ਦੀ ਬੁੱਧ, ਸਰਬਸ਼ਕਤੀਮਾਨਤਾ, ਅਤੇ ਅਧਿਕਾਰ ਨੂੰ ਵੇਖਣ ਯੋਗ ਵੀ ਬਣਾਇਆ ਹੈ। ਇਸ ਦੇ ਇਲਾਵਾ, ਅੰਤ ਵਿੱਚ, ਉਹ ਉਨ੍ਹਾਂ ਨੂੰ—ਬੁਰਿਆਂ ਨੂੰ ਸਜ਼ਾ ਦਿੰਦਿਆਂ ਅਤੇ ਭਲਿਆਂ ਨੂੰ ਇਨਾਮ ਦਿੰਦਿਆਂ—ਆਪਣਾ ਧਰਮੀ ਸੁਭਾਅ ਦੇਖਣ ਦੇਵੇਗਾ। ਉਹ ਅੱਜ ਦੇ ਦਿਨ ਤੱਕ ਸ਼ਤਾਨ ਨਾਲ ਲੜਿਆ ਹੈ ਅਤੇ ਕਦੇ ਵੀ ਹਰਾਇਆ ਨਹੀਂ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਇੱਕ ਬੁੱਧੀਮਾਨ ਪਰਮੇਸ਼ੁਰ ਹੈ ਅਤੇ ਉਹ ਆਪਣੀ ਬੁੱਧ ਦੀ ਵਰਤੋਂ ਸ਼ਤਾਨ ਦੀਆਂ ਸਾਜਿਸ਼ਾਂ ਦੇ ਅਧਾਰ ’ਤੇ ਕਰਦਾ ਹੈ। ਇਸ ਕਰਕੇ, ਪਰਮੇਸ਼ੁਰ ਨਾ ਕੇਵਲ ਸਵਰਗ ਦੀ ਹਰੇਕ ਚੀਜ਼ ਨੂੰ ਆਪਣੇ ਅਧੀਨ ਕਰਦਾ ਹੈ, ਬਲਕਿ ਧਰਤੀ ਉੱਪਰ ਹਰੇਕ ਚੀਜ਼ ਵੀ ਉਸ ਦੇ ਪੈਰ ਦੀ ਚੌਕੀ ਦੇ ਹੇਠਾਂ ਰਹਿੰਦੀ ਹੈ, ਅਤੇ ਉਹ ਉਸ ਦੁਸ਼ਟ, ਜਿਹੜਾ ਮਨੁੱਖਜਾਤੀ ਉੱਤੇ ਧਾਵਾ ਬੋਲਦਾ ਅਤੇ ਸਤਾਉਂਦਾ ਹੈ, ਨੂੰ ਆਪਣੀ ਤਾੜਨਾ ਦੇ ਅਧੀਨ ਕਰਦਾ ਹੈ। ਉਸ ਦੀ ਬੁੱਧ ਦੀ ਵਜ੍ਹਾ ਤੋਂ ਇਸ ਸਾਰੇ ਕੰਮ ਦੇ ਨਤੀਜੇ ਕੱਢੇ ਜਾਂਦੇ ਹਨ। ਉਸ ਨੇ ਮਨੁੱਖਤਾ ਦੇ ਵਜੂਦ ਤੋਂ ਪਹਿਲਾਂ ਕਦੇ ਵੀ ਆਪਣੀ ਬੁੱਧ ਨੂੰ ਉਜਾਗਰ ਨਹੀਂ ਕੀਤਾ ਸੀ, ਕਿਉਂਕਿ ਉਸ ਦੇ ਸਵਰਗ ਵਿੱਚ, ਧਰਤੀ ਉੱਪਰ, ਜਾਂ ਸਮੁੱਚੇ ਜਹਾਨ ਵਿੱਚ ਕਿਤੇ ਵੀ ਕੋਈ ਦੁਸ਼ਮਣ ਨਹੀਂ ਸਨ, ਅਤੇ ਕੁਦਰਤ ਦੇ ਵਿੱਚ ਕਿਸੇ ਚੀਜ਼ ਉੱਤੇ ਧਾਵਾ ਬੋਲਣ ਵਾਲੀਆਂ ਕੋਈ ਵੀ ਹਨੇਰੇ ਦੀਆਂ ਸ਼ਕਤੀਆਂ ਮੌਜੂਦ ਨਹੀਂ ਸਨ। ਪ੍ਰਧਾਨ ਸਵਰਗਦੂਤ ਦੇ ਉਸ ਨਾਲ ਧੋਖਾ ਕਰਨ ਤੋਂ ਬਾਅਦ, ਉਸ ਨੇ ਧਰਤੀ ਉੱਤੇ ਮਨੁੱਖਤਾ ਦੀ ਸਿਰਜਣਾ ਕੀਤੀ, ਅਤੇ ਇਸੇ ਮਨੁੱਖਤਾ ਦੇ ਕਰਕੇ ਉਸ ਨੇ, ਸ਼ਤਾਨ, ਪ੍ਰਧਾਨ ਸਵਰਗਦੂਤ ਨਾਲ ਆਪਣੀ ਹਜ਼ਾਰ-ਸਾਲਾ ਲੜਾਈ ਰਸਮੀ ਤੌਰ ਤੇ ਸ਼ੁਰੂ ਕੀਤੀ—ਇੱਕ ਲੜਾਈ ਜੋ ਹਰ ਅਗਲੇ ਪੜਾਅ ’ਤੇ ਹੋਰ ਵੀ ਤੇਜ਼ ਹੁੰਦੀ ਜਾਂਦੀ ਹੈ। ਸਭ ਪੜਾਵਾਂ ਤੇ ਉਸ ਦੀ ਸਰਬਸ਼ਕਤੀਮਾਨਤਾ ਅਤੇ ਬੁੱਧ ਮੌਜੂਦ ਰਹਿੰਦੇ ਹਨ। ਕੇਵਲ ਤਦ ਹੀ ਸਵਰਗ ਵਿੱਚ ਅਤੇ ਧਰਤੀ ਉੱਪਰ ਹਰੇਕ ਚੀਜ਼ ਨੇ ਪਰਮੇਸ਼ੁਰ ਦੀ ਬੁੱਧ, ਸਰਬਸ਼ਕਤੀਮਾਨਤਾ, ਅਤੇ ਖ਼ਾਸ ਤੌਰ ਤੇ, ਪਰਮੇਸ਼ੁਰ ਦੀ ਅਸਲੀਅਤ ਨੂੰ ਦੇਖਿਆ। ਉਹ, ਅੱਜ ਦੇ ਦਿਨ ਤੱਕ, ਅਜੇ ਵੀ ਇਸੇ ਵਾਸਤਵਿਕ ਰੂਪ ਵਿੱਚ ਆਪਣੇ ਕੰਮ ਨੂੰ ਪੂਰਾ ਕਰਦਾ ਹੈ; ਇਸ ਦੇ ਇਲਾਵਾ, ਜਿਵੇਂ-ਜਿਵੇਂ ਉਹ ਆਪਣੇ ਕੰਮ ਨੂੰ ਪੂਰਾ ਕਰਦਾ ਹੈ, ਉਹ ਆਪਣੀ ਬੁੱਧ ਅਤੇ ਸਰਬਸ਼ਕਤੀਮਾਨਤਾ ਨੂੰ ਵੀ ਉਜਾਗਰ ਕਰਦਾ ਹੈ। ਉਹ ਤੁਹਾਨੂੰ ਕੰਮ ਦੇ ਹਰੇਕ ਪੜਾਅ ਦੀ ਅੰਦਰੂਨੀ ਸਚਿਆਈ ਨੂੰ ਦੇਖਣ, ਇਹ ਦੇਖਣ ਕਿ ਪਰਮੇਸ਼ੁਰ ਦੀ ਸਰਬਸ਼ਕਤੀਮਾਨਤਾ ਦੀ ਕਿਵੇਂ ਵਿਆਖਿਆ ਕਰਨੀ ਹੈ, ਅਤੇ ਇਸ ਦੇ ਇਲਾਵਾ ਪਰਮੇਸ਼ੁਰ ਦੀ ਅਸਲੀਅਤ ਦੀ ਇੱਕ ਸਪੱਸ਼ਟ ਵਿਆਖਿਆ ਨੂੰ ਦੇਖਣ ਦੇ ਯੋਗ ਬਣਾਉਂਦਾ ਹੈ।

ਯਹੂਦਾ ਦੇ ਯਿਸੂ ਨਾਲ ਛਲ ਦੇ ਬਾਰੇ ਵਿੱਚ ਕੁਝ ਲੋਕ ਸੋਚੀਂ ਪੈ ਜਾਂਦੇ ਹਨ: ਕੀ ਇਹ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਹੀ ਪੂਰਵ ਨਿਰਧਾਰਿਤ ਨਹੀਂ ਕੀਤਾ ਗਿਆ ਸੀ? ਦਰਅਸਲ, ਪਵਿੱਤਰ ਆਤਮਾ ਨੇ ਇਸਦੀ ਯੋਜਨਾ ਸਮੇਂ ਦੀ ਅਸਲੀਅਤ ਦੇ ਅਧਾਰ ’ਤੇ ਬਣਾਈ ਸੀ। ਇਹ ਬਸ ਇੰਝ ਵਾਪਰਿਆ ਕਿ ਯਹੂਦਾ ਨਾਂ ਦਾ ਕੋਈ ਅਜਿਹਾ ਵਿਅਕਤੀ ਸੀ ਜੋ ਹਮੇਸ਼ਾਂ ਪੈਸਿਆਂ ਦਾ ਗ਼ਬਨ ਕਰਦਾ ਰਹਿੰਦਾ ਸੀ, ਇਸ ਕਰਕੇ ਇਸ ਵਿਅਕਤੀ ਨੂੰ ਇਹ ਭੂਮਿਕਾ ਨਿਭਾਉਣ ਲਈ ਅਤੇ ਇਸ ਪ੍ਰਕਾਰ ਦੀ ਸੇਵਾ ਲਈ ਚੁਣਿਆ ਗਿਆ। ਇਹ ਸਥਾਨਿਕ ਸਰੋਤਾਂ ਦੇ ਉਪਯੋਗ ਦੀ ਇੱਕ ਵਧੀਆ ਉਦਾਹਰਣ ਸੀ। ਯਿਸੂ ਪਹਿਲਾਂ ਇਸ ਬਾਰੇ ਅਣਜਾਣ ਸੀ; ਉਸ ਨੂੰ ਇਸ ਬਾਰੇ ਕੇਵਲ ਯਹੂਦਾ ਦੇ ਪਰਦਾਫ਼ਾਸ਼ ਹੋਣ ਤੋਂ ਬਾਅਦ ਵਿੱਚ ਹੀ ਪਤਾ ਲੱਗਿਆ। ਜੇ ਕੋਈ ਹੋਰ ਇਸ ਭੂਮਿਕਾ ਨੂੰ ਨਿਭਾਉਣ ਦੇ ਲਾਇਕ ਹੁੰਦਾ ਤਾਂ ਯਹੂਦਾ ਦੇ ਬਜਾਏ ਉਸ ਵਿਅਕਤੀ ਨੇ ਇਸ ਨੂੰ ਕਰਨਾ ਸੀ। ਜੋ ਪੂਰਵ ਨਿਰਧਾਰਿਤ ਸੀ ਉਹ, ਦਰਅਸਲ, ਉਹੀ ਸੀ ਜੋ ਪਵਿੱਤਰ ਆਤਮਾ ਨੇ ਉਸ ਮੌਕੇ ’ਤੇ ਕੀਤਾ। ਪਵਿੱਤਰ ਆਤਮਾ ਦਾ ਕੰਮ ਹਮੇਸ਼ਾਂ ਹੀ ਸਹਿਜ ਸੁਭਾਵਿਕ ਤੌਰ ਤੇ ਕੀਤਾ ਜਾਂਦਾ ਹੈ; ਉਹ ਆਪਣੇ ਕੰਮ ਦੀ ਕਿਸੇ ਵੀ ਸਮੇਂ ਯੋਜਨਾ ਬਣਾ ਸਕਦਾ ਹੈ, ਅਤੇ ਇਸ ਨੂੰ ਕਿਸੇ ਵੀ ਸਮੇਂ ਪੂਰਾ ਕਰ ਸਕਦਾ ਹੈ। ਮੈਂ ਹਮੇਸ਼ਾਂ ਇਹ ਕਿਉਂ ਕਹਿੰਦਾ ਹਾਂ ਕਿ ਪਵਿੱਤਰ ਆਤਮਾ ਦਾ ਕੰਮ ਵਾਸਤਵਿਕ ਹੈ, ਅਤੇ ਇਹ ਹਮੇਸ਼ਾਂ ਨਵਾਂ ਰਹਿੰਦਾ ਹੈ, ਕਦੇ ਵੀ ਪੁਰਾਣਾ ਨਹੀਂ ਹੁੰਦਾ, ਅਤੇ ਕਿ ਇਹ ਹਮੇਸ਼ਾਂ ਸਭ ਤੋਂ ਸ੍ਰੇਸ਼ਠ ਦਰਜੇ ਦੀ ਤਾਜ਼ਗੀ ਰੱਖਦਾ ਹੈ? ਜਦੋਂ ਸੰਸਾਰ ਦੀ ਸਿਰਜਣਾ ਕੀਤੀ ਗਈ ਉਸ ਸਮੇਂ ਉਸ ਦੇ ਕੰਮ ਦੀ ਪਹਿਲਾਂ ਤੋਂ ਹੀ ਯੋਜਨਾ ਨਹੀਂ ਬਣਾਈ ਗਈ ਸੀ; ਇਸ ਤਰ੍ਹਾਂ ਬਿਲਕੁਲ ਵੀ ਨਹੀਂ ਵਾਪਰਿਆ! ਉਸ ਦੇ ਕੰਮ ਦਾ ਹਰੇਕ ਕਦਮ ਆਪਣੇ ਢੁਕਵੇਂ ਸਮੇਂ ਦੇ ਅਨੁਸਾਰ ਆਪਣਾ ਉਚਿਤ ਪ੍ਰਭਾਵ ਪ੍ਰਾਪਤ ਕਰਦਾ ਹੈ, ਅਤੇ ਉਸ ਦੇ ਕਦਮ ਇੱਕ-ਦੂਜੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ। ਕਈ ਵਾਰ ਤੇਰੇ ਮਨ ਵਿੱਚ ਜੋ ਯੋਜਨਾਵਾਂ ਹੁੰਦੀਆਂ ਹਨ ਉਹ ਪਵਿੱਤਰ ਆਤਮਾ ਦੇ ਨਵੀਨਤਮ ਕੰਮ ਦੇ ਨਾਲ ਕੋਈ ਮੇਲ ਨਹੀਂ ਖਾਂਦੀਆ। ਉਸ ਦਾ ਕੰਮ ਐਨਾ ਸਰਲ ਨਹੀਂ ਹੈ ਜਿੰਨਾ ਮਨੁੱਖ ਇਸਦੇ ਸਰਲ ਹੋਣ ਦੀ ਦਲੀਲ ਦਿੰਦਾ ਹੈ, ਨਾ ਹੀ ਇਹ ਮਨੁੱਖੀ ਕਲਪਨਾ ਵਾਂਗ ਗੁੰਝਲਦਾਰ ਹੈ—ਇਸ ਵਿੱਚ ਲੋਕਾਂ ਨੂੰ ਉਸ ਸਮੇਂ ਉਨ੍ਹਾਂ ਦੀਆਂ ਲੋੜਾਂ ਦੇ ਅਨੁਸਾਰ ਮੁਹੱਈਆ ਕਰਨਾ ਸ਼ਾਮਲ ਹੁੰਦਾ ਹੈ। ਕਿਸੇ ਨੂੰ ਵੀ ਮਨੁੱਖੀ ਸਾਰ-ਤੱਤ ਦੇ ਬਾਰੇ ਉਸ ਨਾਲੋਂ ਜ਼ਿਆਦਾ ਸਪੱਸ਼ਟਤਾ ਨਹੀਂ ਹੁੰਦੀ, ਅਤੇ ਨਿਸ਼ਚਿਤ ਰੂਪ ਵਿੱਚ ਇਸੇ ਵਜ੍ਹਾ ਕਰਕੇ, ਉਸ ਦੇ ਕੰਮ ਤੋਂ ਬਿਨਾ, ਕੁਝ ਵੀ ਲੋਕਾਂ ਦੀਆਂ ਵਾਸਤਵਿਕ ਲੋੜਾਂ ਦੇ ਅਨੁਕੂਲ ਨਹੀਂ ਹੋ ਸਕਦਾ। ਇਸ ਕਰਕੇ, ਇੱਕ ਮਨੁੱਖ ਦੇ ਨਜ਼ਰੀਏ ਦੇ ਹਿਸਾਬ ਨਾਲ ਉਸ ਦਾ ਕੰਮ ਕਈ ਹਜ਼ਾਰਾਂ ਸਾਲ ਪਹਿਲਾਂ ਹੀ ਯੋਜਨਾਬੱਧ ਕੀਤਾ ਗਿਆ ਜਾਪਦਾ ਹੈ। ਜਿਵੇਂ ਹੁਣ ਉਹ ਤੁਹਾਡੇ ਦਰਮਿਆਨ ਕੰਮ ਕਰਦਾ ਹੈ, ਸਾਰੇ ਕੰਮ ਕਰਦੇ ਸਮੇਂ ਅਤੇ ਬੋਲਦੇ ਸਮੇਂ ਉਹ ਉਨ੍ਹਾਂ ਸਥਿਤੀਆਂ ਉੱਪਰ ਨਜ਼ਰ ਰੱਖਦਾ ਹੈ ਜਿਨ੍ਹਾਂ ਵਿੱਚ ਤੁਸੀਂ ਰਹਿੰਦੇ ਹੋ, ਉਸ ਕੋਲ, ਹਰ ਕਿਸਮ ਦੀ ਸਥਿਤੀ ਦਾ ਸਾਹਮਣਾ ਕਰਦਿਆਂ ਹੋਇਆਂ ਕਹਿਣ ਲਈ ਬਿਲਕੁਲ ਸਹੀ ਵਚਨ ਹੁੰਦੇ ਹਨ, ਉਹੀ ਵਚਨ ਬੋਲਦਾ ਹੈ ਜਿਨ੍ਹਾਂ ਦੀ ਹੂ-ਬਹੂ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ। ਉਸ ਦੇ ਕੰਮ ਦਾ ਪਹਿਲਾ ਕਦਮ ਦੇਖੋ: ਤਾੜਨਾ ਦਾ ਸਮਾਂ। ਉਸਤੋਂ ਬਾਅਦ, ਪਰਮੇਸ਼ੁਰ ਨੇ ਆਪਣਾ ਕੰਮ ਲੋਕਾਂ ਦੇ ਪ੍ਰਗਟਾਵੇ, ਉਨ੍ਹਾਂ ਦੀ ਬਗਾਵਤ, ਉਨ੍ਹਾਂ ਤੋਂ ਉਭਰੀਆਂ ਸਕਾਰਾਤਮਕ ਸਥਿਤੀਆਂ ਅਤੇ ਨਕਾਰਾਤਮਕ ਸਥਿਤੀਆਂ ਦੇ ਨਾਲ-ਨਾਲ, ਉਨ੍ਹਾਂ ਨਕਾਰਾਤਮਕ ਸਥਿਤੀਆਂ ਦੇ ਇੱਕ ਨਿਸ਼ਚਤ ਬਿੰਦੂ 'ਤੇ ਪਹੁੰਚਣ 'ਤੇ ਸਭ ਤੋਂ ਨੀਵੀਂ ਸੀਮਾ ਜਿਸ ਤੱਕ ਲੋਕ ਡਿੱਗ ਸਕਦੇ ਹਨ, ਦੇ ਅਧਾਰ ’ਤੇ ਕੀਤਾ; ਅਤੇ ਉਸਨੇ ਆਪਣੇ ਕੰਮ ਤੋਂ ਬਹੁਤ ਬਿਹਤਰ ਨਤੀਜਾ ਪ੍ਰਾਪਤ ਕਰਨ ਲਈ ਇਹਨਾਂ ਚੀਜ਼ਾਂ 'ਤੇ ਕਬਜ਼ਾ ਕੀਤਾ। ਭਾਵ, ਉਹ ਲੋਕਾਂ ਦੇ ਦਰਮਿਆਨ ਕੰਮ ਲਗਾਤਾਰ ਕਿਸੇ ਵੀ ਸਮੇਂ ਦੀ, ਕਿਸੇ ਵੀ ਮੌਜੂਦਾ ਦਸ਼ਾ ਦੇ ਅਧਾਰ ’ਤੇ ਕਰਦਾ ਹੈ; ਉਹ ਆਪਣੇ ਕੰਮ ਦਾ ਹਰ ਕਦਮ ਲੋਕਾਂ ਦੀਆਂ ਅਸਲ ਸਥਿਤੀਆਂ ਦੇ ਅਨੁਸਾਰ ਚੁੱਕਦਾ ਹੈ। ਸਾਰੀ ਸ੍ਰਿਸ਼ਟੀ ਉਸ ਦੇ ਹੱਥ ਵਿੱਚ ਹੈ; ਇਹ ਕਿਵੇਂ ਹੋ ਸਕਦਾ ਹੈ ਕਿ ਉਹ ਉਨ੍ਹਾਂ ਨੂੰ ਨਾ ਜਾਣਦਾ ਹੋਵੇ? ਪਰਮੇਸ਼ੁਰ ਆਪਣੇ ਕੰਮ ਦਾ ਅਗਲਾ ਕਦਮ, ਜੋ ਕਿ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ ਉੱਤੇ ਚੁੱਕਿਆ ਜਾਣਾ ਚਾਹੀਦਾ ਹੈ, ਲੋਕਾਂ ਦੀਆਂ ਸਥਿਤੀਆਂ ਦੇ ਅਧਾਰ ’ਤੇ ਪੂਰਾ ਕਰਦਾ ਹੈ। ਉਸ ਦਾ ਕੰਮ, ਕਿਸੇ ਵੀ ਸੂਰਤ ਵਿੱਚ, ਹਜ਼ਾਰਾਂ ਸਾਲ ਪਹਿਲਾਂ ਤੋਂ ਯੋਜਨਾਬੱਧ ਨਹੀਂ ਕੀਤਾ ਗਿਆ ਸੀ; ਇਹ ਮਨੁੱਖੀ ਧਾਰਨਾ ਹੈ! ਉਹ ਆਪਣੇ ਕੰਮ ਦੇ ਪ੍ਰਭਾਵਾਂ ਨੂੰ ਦੇਖਦਿਆਂ ਕੰਮ ਕਰਦਾ ਹੈ, ਉਸ ਦਾ ਕੰਮ ਲਗਾਤਾਰ ਡੂੰਘਾ ਅਤੇ ਵਿਕਸਿਤ ਹੁੰਦਾ ਜਾਂਦਾ ਹੈ; ਹਰ ਵਾਰ, ਆਪਣੇ ਕੰਮ ਦਾ ਨਤੀਜਾ ਦੇਖਣ ਤੋਂ ਬਾਅਦ, ਉਹ ਕੰਮ ਦੇ ਅਗਲੇ ਕਦਮ ਨੂੰ ਲਾਗੂ ਕਰਦਾ ਹੈ। ਉਹ ਹੌਲੀ-ਹੋਲੀ ਪਰਿਵਰਤਨ ਲਈ ਸਮੇਂ ਦੇ ਨਾਲ ਆਪਣੇ ਨਵੇਂ ਕੰਮ ਨੂੰ ਲੋਕਾਂ ਅੱਗੇ ਪ੍ਰਤੱਖ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਉਪਯੋਗ ਕਰਦਾ ਹੈ। ਕੰਮ ਕਰਨ ਦਾ ਇਹ ਢੰਗ, ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰ ਸਕਦਾ ਹੈ, ਕਿਉਂਕਿ ਪਰਮੇਸ਼ੁਰ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਇਸ ਪ੍ਰਕਾਰ ਉਹ ਆਪਣਾ ਕੰਮ ਸਵਰਗ ਤੋਂ ਪੂਰਾ ਕਰਦਾ ਹੈ। ਇਸੇ ਤਰ੍ਹਾਂ, ਦੇਹਧਾਰੀ ਪਰਮੇਸ਼ੁਰ ਆਪਣਾ ਕੰਮ ਵੀ ਉਸੇ ਪ੍ਰਕਾਰ ਕਰਦਾ ਹੈ, ਵਾਸਤਵਿਕ ਪਰਿਸਥਿਤੀਆਂ ਦੇ ਅਨੁਸਾਰ ਇੰਤਜ਼ਾਮ ਕਰਨਾ ਅਤੇ ਲੋਕਾਂ ਦਰਮਿਆਨ ਕੰਮ ਕਰਨਾ। ਉਸ ਦੇ ਕਿਸੇ ਵੀ ਕੰਮ ਦਾ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਇੰਤਜ਼ਾਮ ਨਹੀਂ ਕੀਤਾ ਗਿਆ ਸੀ, ਨਾ ਹੀ ਇਸ ਦੀ ਪਹਿਲਾਂ ਤੋਂ ਅਤਿ-ਸਾਵਧਾਨੀ ਨਾਲ ਯੋਜਨਾ ਬਣਾਈ ਗਈ ਸੀ। ਸੰਸਾਰ ਦੀ ਸਿਰਜਣਾ ਤੋਂ ਦੋ ਹਜ਼ਾਰ ਸਾਲਾਂ ਬਾਅਦ, ਯਹੋਵਾਹ ਨੇ ਦੇਖਿਆ ਕਿ ਮਨੁੱਖਤਾ ਇੰਨੀ ਜ਼ਿਆਦਾ ਭ੍ਰਿਸ਼ਟ ਹੋ ਚੁੱਕੀ ਸੀ ਕਿ ਉਸ ਨੇ ਨਬੀ ਯਸਾਯਾਹ ਦੇ ਮੂੰਹ ਨੂੰ ਪੇਸ਼ੀਨਗੋਈ ਕਰਨ ਲਈ ਵਰਤਿਆ ਕਿ, ਸ਼ਰਾ ਦੇ ਯੁਗ ਤੋਂ ਬਾਅਦ, ਯਹੋਵਾਹ ਆਪਣੇ ਮਨੁੱਖਤਾ ਦੇ ਛੁਟਕਾਰੇ ਦੇ ਕੰਮ ਨੂੰ ਕਿਰਪਾ ਦੇ ਯੁਗ ਵਿੱਚ ਪੂਰਾ ਕਰੇਗਾ। ਇਹ, ਬੇਸ਼ਕ, ਯਹੋਵਾਹ ਦੀ ਯੋਜਨਾ ਸੀ, ਪਰ ਇਹ ਯੋਜਨਾ ਵੀ ਪਰਿਸਥਿਤੀਆਂ, ਜੋ ਉਹ ਉਸ ਸਮੇਂ ਦੇਖ ਰਿਹਾ ਸੀ, ਦੇ ਅਨੁਸਾਰ ਬਣਾਈ ਗਈ ਸੀ; ਉਸ ਨੇ ਇਸ ਬਾਰੇ, ਨਿਸ਼ਚਿਤ ਰੂਪ ਵਿੱਚ ਆਦਮ ਦੀ ਸਿਰਜਣਾ ਦੇ ਇਕਦਮ ਬਾਅਦ ਨਹੀਂ ਸੋਚਿਆ। ਯਸਾਯਾਹ ਕੇਵਲ ਅਗੰਮ ਵਾਕ ਬੋਲਿਆ, ਪਰ ਯਹੋਵਾਹ ਨੇ ਸ਼ਰਾ ਦੇ ਯੁਗ ਦੇ ਦੌਰਾਨ ਇਸ ਕੰਮ ਦੀਆਂ ਪਹਿਲਾਂ ਤੋਂ ਤਿਆਰੀਆਂ ਨਹੀਂ ਕੀਤੀਆਂ ਸਨ; ਬਲਕਿ ਉਸ ਨੇ ਇਸ ਦੀ ਸ਼ੁਰੂਆਤ ਕਿਰਪਾ ਦੇ ਯੁਗ ਵਿੱਚ ਕੀਤੀ ਜਦੋਂ ਦੂਤ ਯੂਸੁਫ਼ ਦੇ ਸੁਪਨੇ ਵਿੱਚ ਇਸ ਸੰਦੇਸ਼ ਦੇ ਦੁਆਰਾ ਉਸ ਨੂੰ ਪ੍ਰਕਾਸ਼ਮਾਨ ਕਰਨ ਲਈ ਆਇਆ ਕਿ ਪਰਮੇਸ਼ੁਰ ਸਰੀਰ ਧਾਰਨ ਕਰੇਗਾ, ਅਤੇ ਕੇਵਲ ਉਦੋਂ ਹੀ ਇਸ ਦੇ ਦੇਹਧਾਰਣ ਦਾ ਕੰਮ ਅਰੰਭ ਹੋਇਆ। ਪਰਮੇਸ਼ੁਰ ਨੇ, ਜਿਵੇਂ ਕਿ ਲੋਕ ਕਲਪਨਾ ਕਰਦੇ ਹਨ, ਆਪਣੇ ਦੇਹਧਾਰਣ ਦੇ ਕੰਮ ਦੀ ਤਿਆਰੀ ਸੰਸਾਰ ਦੀ ਸਿਰਜਣਾ ਦੇ ਇਕਦਮ ਬਾਅਦ ਨਹੀਂ ਕੀਤੀ ਸੀ; ਇਸ ਦਾ ਫ਼ੈਸਲਾ ਉਸ ਦਰਜੇ, ਜਿੱਥੇ ਤੱਕ ਮਨੁੱਖਤਾ ਵਿਕਸਿਤ ਹੋ ਚੁੱਕੀ ਸੀ ਅਤੇ ਜੋ ਉਸ ਦੀ ਸ਼ਤਾਨ ਦੇ ਵਿਰੱਧ ਲੜਾਈ ਦੀ ਅਵਸਥਾ ਸੀ, ਦੇ ਅਧਾਰ ’ਤੇ ਕੀਤਾ ਗਿਆ।

ਜਦੋਂ ਪਰਮੇਸ਼ੁਰ ਸਰੀਰ ਧਾਰਨ ਕਰਦਾ ਹੈ, ਉਸ ਦਾ ਆਤਮਾ ਮਨੁੱਖ ਦੇ ਅੰਦਰ ਉੱਤਰ ਜਾਂਦਾ ਹੈ; ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਦਾ ਆਤਮਾ ਆਪਣੇ ਆਪ ਨੂੰ ਇੱਕ ਭੌਤਿਕ ਸਰੀਰ ਨਾਲ ਢੱਕ ਲੈਂਦਾ ਹੈ। ਉਹ ਧਰਤੀ ਉੱਪਰ ਆਪਣਾ ਕੰਮ ਕਰਨ ਲਈ ਆਉਂਦਾ ਹੈ, ਨਾ ਕਿ ਆਪਣੇ ਨਾਲ ਖ਼ਾਸ ਸੀਮਿਤ ਕਦਮਾਂ ਨੂੰ ਲਿਆਉਣ ਲਈ; ਉਸ ਦਾ ਕੰਮ ਪੂਰੀ ਤਰ੍ਹਾਂ ਅਸੀਮਿਤ ਹੈ। ਕੰਮ ਜੋ ਪਵਿੱਤਰ ਆਤਮਾ ਦੇਹ ਦੇ ਅੰਦਰ ਕਰਦਾ ਹੈ ਉਹ ਫਿਰ ਵੀ ਉਸ ਦੇ ਕੰਮ ਦੇ ਨਤੀਜਿਆਂ ਦੇ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ, ਅਤੇ ਉਹ ਅਜਿਹੀਆਂ ਚੀਜ਼ਾਂ ਨੂੰ ਸਮੇਂ ਦੀ ਮਿਆਦ ਨਿਰਧਾਰਿਤ ਕਰਨ ਲਈ ਵਰਤਦਾ ਹੈ ਜਿਸ ਦੌਰਾਨ ਉਹ ਦੇਹ ਵਿੱਚ ਆਪਣਾ ਕੰਮ ਕਰੇਗਾ। ਪਵਿੱਤਰ ਆਤਮਾ ਆਪਣੇ ਕੰਮ ਦੇ ਹਰੇਕ ਕਦਮ ਨੂੰ, ਕੰਮ ਕਰਨ ਦੇ ਨਾਲ-ਨਾਲ ਆਪਣੇ ਕੰਮ ਦਾ ਨਿਰੀਖਣ ਕਰਦਿਆਂ, ਸਿੱਧੇ ਰੂਪ ਵਿੱਚ ਉਜਾਗਰ ਕਰਦਾ ਹੈ; ਇਸ ਕੰਮ ਵਿੱਚ ਕੁਝ ਵੀ ਅਲੌਕਿਕ ਨਹੀਂ ਹੈ ਜੋ ਕਿ ਮਨੁੱਖੀ ਕਲਪਨਾ ਦੀਆਂ ਸੀਮਾਵਾਂ ਨੂੰ ਖਿੱਚੇ। ਇਹ ਯਹੋਵਾਹ ਦੇ ਅਕਾਸ਼ਾਂ, ਧਰਤੀ, ਅਤੇ ਸਾਰੀਆਂ ਚੀਜ਼ਾਂ ਦੀ ਸਿਰਜਣਾ ਦੇ ਕੰਮ ਦੀ ਤਰ੍ਹਾਂ ਹੈ; ਉਸ ਨੇ ਇੱਕੋ ਸਮੇਂ ਯੋਜਨਾ ਬਣਾਈ ਅਤੇ ਕੰਮ ਕੀਤਾ। ਉਸ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕੀਤਾ, ਅਤੇ ਸਵੇਰ ਅਤੇ ਸ਼ਾਮ ਦੀ ਸਿਰਜਣਾ ਹੋ ਗਈ—ਇਸ ਵਿੱਚ ਇੱਕ ਦਿਨ ਲੱਗਿਆ। ਦੂਸਰੇ ਦਿਨ, ਉਸ ਨੇ ਅਕਾਸ਼ ਸਿਰਜਿਆ, ਅਤੇ ਇਸ ਵਿੱਚ ਵੀ ਇੱਕ ਦਿਨ ਲੱਗਿਆ; ਫਿਰ ਉਸ ਨੇ ਧਰਤੀ, ਸਮੁੰਦਰਾਂ, ਅਤੇ ਉਨ੍ਹਾਂ ਸਾਰੇ ਜੀਵਾਂ ਨੂੰ ਸਿਰਜਿਆ ਜੋ ਇਨ੍ਹਾਂ ਵਿੱਚ ਵੱਸਦੇ ਹਨ, ਜਿਸ ਵਿੱਚ ਇੱਕ ਹੋਰ ਦਿਨ ਲੱਗਿਆ। ਇਹ ਛੇਵੇਂ ਦਿਨ ਤੱਕ ਜਾਰੀ ਰਿਹਾ, ਜਦੋਂ ਪਰਮੇਸ਼ੁਰ ਨੇ ਮਨੁੱਖ ਨੂੰ ਸਿਰਜਿਆ ਅਤੇ ਉਸ ਨੂੰ ਧਰਤੀ ਉੱਪਰ ਸਾਰੀਆਂ ਚੀਜ਼ਾਂ ਦਾ ਪ੍ਰਬੰਧਨ ਕਰਨ ਦਿੱਤਾ। ਫਿਰ, ਸੱਤਵੇਂ ਦਿਨ, ਜਦੋਂ ਉਸ ਨੇ ਸਾਰੀਆਂ ਚੀਜ਼ਾਂ ਦੀ ਸਿਰਜਣਾ ਨੂੰ ਖ਼ਤਮ ਕਰ ਲਿਆ ਸੀ, ਉਸ ਨੇ ਅਰਾਮ ਕੀਤਾ। ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਇਸ ਨੂੰ ਇੱਕ ਪਵਿੱਤਰ ਦਿਨ ਨਿਯਤ ਕੀਤਾ। ਉਸ ਨੇ ਉਸ ਪਵਿੱਤਰ ਦਿਨ ਨੂੰ ਸਥਾਪਿਤ ਕਰਨ ਦਾ ਫ਼ੈਸਲਾ ਕੇਵਲ ਸਾਰੀਆਂ ਚੀਜ਼ਾਂ ਦੀ ਸਿਰਜਣਾ ਤੋਂ ਬਾਅਦ ਹੀ ਕੀਤਾ, ਉਨ੍ਹਾਂ ਦੀ ਸਿਰਜਣਾ ਤੋਂ ਪਹਿਲਾਂ ਨਹੀਂ। ਇਹ ਕੰਮ ਵੀ, ਸਹਿਜ ਸੁਭਾਵਿਕ ਤੌਰ ਤੇ ਪੂਰਾ ਕੀਤਾ ਗਿਆ; ਸਾਰੀਆਂ ਚੀਜ਼ਾਂ ਦੀ ਸਿਰਜਣਾ ਤੋਂ ਪਹਿਲਾਂ, ਉਸ ਨੇ ਸੰਸਾਰ ਦੀ ਸਿਰਜਣਾ ਛੇ ਦਿਨਾਂ ਵਿੱਚ ਕਰਨ ਅਤੇ ਸੱਤਵੇਂ ਦਿਨ ਅਰਾਮ ਕਰਨ ਦਾ ਫ਼ੈਸਲਾ ਨਹੀਂ ਕੀਤਾ ਸੀ; ਇਹ ਤੱਥਾਂ ਦੀ ਲੀਹ ਉੱਤੇ ਬਿਲਕੁਲ ਵੀ ਨਹੀਂ ਹੈ। ਉਸ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਸੀ, ਨਾ ਹੀ ਇਸ ਦੀ ਯੋਜਨਾ ਬਣਾਈ ਸੀ। ਕਿਸੇ ਵੀ ਤਰੀਕੇ ਉਸ ਨੇ ਇਹ ਨਹੀਂ ਕਿਹਾ ਕਿ ਸਾਰੀਆਂ ਚੀਜ਼ਾਂ ਦੀ ਸਿਰਜਣਾ ਛੇਵੇਂ ਦਿਨ ਪੂਰੀ ਕੀਤੀ ਜਾਵੇਗੀ, ਅਤੇ ਉਹ ਸੱਤਵੇਂ ਦਿਨ ਅਰਾਮ ਕਰੇਗਾ; ਬਲਕਿ ਉਸ ਨੇ ਸਿਰਜਣਾ, ਉਸ ਸਮੇਂ ਉਸ ਨੂੰ ਕੀ ਸਹੀ ਲੱਗਿਆ, ਉਸ ਦੇ ਅਧਾਰ ’ਤੇ ਕੀਤੀ। ਜਦੋਂ ਉਸ ਨੇ ਸਭ ਕੁਝ ਸਿਰਜਣਾ ਖ਼ਤਮ ਕਰ ਲਿਆ, ਛੇਵਾਂ ਦਿਨ ਆ ਚੁੱਕਾ ਸੀ। ਜੇ ਉਸ ਨੇ ਸਭ ਕੁਝ ਦੀ ਸਿਰਜਣਾ ਪੰਜਵੇਂ ਦਿਨ ਖ਼ਤਮ ਕਰ ਲਈ ਹੁੰਦੀ ਤਾਂ, ਇਸ ਦੇ ਕਾਰਣ ਉਸ ਨੇ ਛੇਵੇਂ ਦਿਨ ਨੂੰ ਪਵਿੱਤਰ ਦਿਨ ਦੇ ਤੌਰ ਤੇ ਨਿਯਤ ਕਰ ਦੇਣਾ ਸੀ। ਪਰ, ਉਸ ਨੇ ਅਸਲ ਵਿੱਚ ਸਾਰੀਆਂ ਚੀਜ਼ਾਂ ਦੀ ਸਿਰਜਣਾ ਛੇਵੇਂ ਦਿਨ ਖ਼ਤਮ ਕੀਤੀ, ਅਤੇ ਇਸ ਕਰਕੇ ਸੱਤਵਾਂ ਦਿਨ ਪਵਿੱਤਰ ਦਿਨ ਬਣ ਗਿਆ, ਜੋ ਕਿ ਹੁਣ ਤੱਕ ਚਲਦਾ ਆ ਰਿਹਾ ਹੈ। ਇਸ ਲਈ, ਉਸ ਦਾ ਮੌਜੂਦਾ ਕੰਮ ਵੀ ਇਸੇ ਪ੍ਰਕਾਰ ਪੂਰਾ ਕੀਤਾ ਜਾ ਰਿਹਾ ਹੈ। ਉਹ ਤੁਹਾਡੀਆਂ ਲੋੜਾਂ ਲਈ ਤੁਹਾਡੇ ਹਾਲਾਤਾਂ ਦੇ ਅਨੁਸਾਰ ਬੋਲਦਾ ਹੈ ਅਤੇ ਪ੍ਰਦਾਨ ਕਰਦਾ ਹੈ। ਭਾਵ, ਆਤਮਾ ਲੋਕਾਂ ਦੀਆਂ ਪਰਿਸਥਿਤੀਆਂ ਦੇ ਅਨੁਸਾਰ ਬੋਲਦਾ ਅਤੇ ਕੰਮ ਕਰਦਾ ਹੈ; ਉਹ ਸਾਰਿਆਂ ਦੀ ਨਿਗਰਾਨੀ ਕਰਦਾ ਹੈ ਅਤੇ ਹਰ ਸਮੇਂ ਅਤੇ ਹਰ ਸਥਾਨ ਉੱਤੇ ਕੰਮ ਕਰਦਾ ਹੈ। ਜੋ ਮੈਂ ਕਰਦਾ ਹਾਂ, ਕਹਿੰਦਾ ਹਾਂ, ਤੁਹਾਡੇ ਉੱਪਰ ਰੱਖਦਾ ਹਾਂ ਅਤੇ ਤੁਹਾਨੂੰ ਪ੍ਰਦਾਨ ਕਰਦਾ ਹਾਂ, ਉਹ ਬਿਨਾ ਕਿਸੇ ਅਪਵਾਦ ਦੇ, ਉਹ ਹੈ ਜਿਸਦੀ ਤੁਹਾਨੂੰ ਜ਼ਰੂਰਤ ਹੈ। ਇਸ ਕਰਕੇ, ਮੇਰਾ ਕੋਈ ਵੀ ਕੰਮ ਯਥਾਰਥ ਤੋਂ ਵੱਖ ਨਹੀਂ ਹੈ; ਇਹ ਸਾਰਾ ਅਸਲੀ ਹੈ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ “ਪਰਮੇਸ਼ੁਰ ਦਾ ਆਤਮਾ ਸਭ ਦੀ ਨਿਗਰਾਨੀ ਕਰਦਾ ਹੈ।” ਜੇ ਇਸ ਸਭ ਦਾ ਫ਼ੈਸਲਾ ਸਮੇਂ ਤੋਂ ਪਹਿਲਾਂ ਕੀਤਾ ਗਿਆ ਹੰਦਾ, ਤਾਂ ਕੀ ਇਹ ਬਹੁਤ ਜ਼ਿਆਦਾ ਰੁੱਖਾ-ਸੁੱਕਾ ਨਹੀਂ ਸੀ ਹੋਣਾ? ਤੂੰ ਸੋਚਦਾ ਹੈਂ ਕਿ ਪਰਮੇਸ਼ੁਰ ਨੇ ਸਮੁੱਚੇ ਛੇ ਹਜ਼ਾਰ ਸਾਲਾਂ ਦੀ ਯੋਜਨਾ ਨੂੰ ਬਣਾਇਆ ਹੋਇਆ ਸੀ ਅਤੇ ਫਿਰ ਉਸ ਨੇ ਮਨੁੱਖਤਾ ਦੇ ਵਿਦਰੋਹੀ ਹੋਣ, ਵਿਰੋਧ ਕਰਨ, ਚਾਲਬਾਜ਼ ਅਤੇ ਧੋਖੇਬਾਜ਼ ਹੋਣ, ਅਤੇ ਇਸ ਵਿੱਚ ਸਰੀਰ ਦੀ ਭ੍ਰਿਸ਼ਟਤਾ ਦੇ ਹੋਣ, ਇੱਕ ਸ਼ਤਾਨੀ ਸੁਭਾਅ ਹੋਣ, ਅੱਖਾਂ ਦੀ ਵਾਸਨਾ, ਅਤੇ ਨਿੱਜੀ ਭੋਗ-ਬਿਲਾਸਾਂ ਨੂੰ ਪੂਰਵ ਨਿਰਧਾਰਿਤ ਕੀਤਾ। ਪਰਮੇਸ਼ੁਰ ਨੇ ਅਜਿਹਾ ਕੁਝ ਵੀ ਪੂਰਵ ਨਿਰਧਾਰਿਤ ਨਹੀਂ ਕੀਤਾ, ਬਲਕਿ ਇਹ ਸਭ ਕੁਝ ਸ਼ਤਾਨ ਦੀ ਭ੍ਰਿਸ਼ਟਤਾ ਦੇ ਨਤੀਜੇ ਵਜੋਂ ਹੋਇਆ। ਕੁਝ ਕਹਿ ਸਕਦੇ ਹਨ, “ਕੀ ਸ਼ਤਾਨ ਪਰਮੇਸ਼ੁਰ ਦੀ ਪਕੜ ਵਿੱਚ ਨਹੀਂ ਸੀ? ਪਰਮੇਸ਼ੁਰ ਨੇ ਪੂਰਵ ਨਿਰਧਾਰਿਤ ਕੀਤਾ ਸੀ ਕਿ ਸ਼ਤਾਨ ਮਨੁੱਖ ਨੂੰ ਇਸ ਢੰਗ ਨਾਲ ਭ੍ਰਿਸ਼ਟ ਕਰੇਗਾ, ਅਤੇ ਉਸਤੋਂ ਬਾਅਦ ਪਰਮੇਸ਼ੁਰ ਨੇ ਮਨੁੱਖ ਵਿਚਕਾਰ ਆਪਣਾ ਕੰਮ ਪੂਰਾ ਕੀਤਾ।” ਕੀ ਪਰਮੇਸ਼ੁਰ ਸੱਚਮੁੱਚ ਹੀ ਸ਼ਤਾਨ ਦੁਆਰਾ ਮਨੁੱਖਤਾ ਦੀ ਭ੍ਰਿਸ਼ਟਤਾ ਨੂੰ ਪੂਰਵ ਨਿਰਧਾਰਿਤ ਕਰੇਗਾ? ਪਰਮੇਸ਼ੁਰ ਮਨੁੱਖਤਾ ਤੋਂ ਕੇਵਲ ਸਧਾਰਣ ਢੰਗ ਨਾਲ ਜੀਵਨ ਜੀਉਣ ਦੀ ਤਾਂਘ ਰੱਖਦਾ ਹੈ, ਤਾਂ ਫਿਰ ਕੀ ਉਹ ਸੱਚਮੁੱਚ ਉਨ੍ਹਾਂ ਦੇ ਜੀਵਨਾਂ ਵਿੱਚ ਦਖਲਅੰਦਾਜ਼ੀ ਕਰੇਗਾ? ਜੇ ਅਜਿਹਾ ਹੁੰਦਾ ਤਾਂ ਕੀ ਸ਼ਤਾਨ ਨੂੰ ਹਰਾਉਣਾ ਅਤੇ ਮਨੁੱਖਤਾ ਨੂੰ ਬਚਾਉਣਾ ਬੇਕਾਰ ਦੀ ਕੋਸ਼ਿਸ਼ ਨਹੀਂ ਹੋਵੇਗੀ? ਮਨੁੱਖਤਾ ਦਾ ਵਿਦਰੋਹ ਪੂਰਵ ਨਿਰਧਾਰਿਤ ਕਿਵੇਂ ਹੋ ਸਕਦਾ ਹੈ? ਇਹ ਕੁਝ ਅਜਿਹਾ ਹੈ ਜੋ ਸ਼ਤਾਨ ਦੀ ਦਖਲਅੰਦਾਜ਼ੀ ਦੀ ਵਜ੍ਹਾ ਤੋਂ ਹੋਇਆ ਹੈ, ਇਸ ਲਈ ਪਰਮੇਸ਼ੁਰ ਦੁਆਰਾ ਇਸ ਨੂੰ ਪੂਰਵ ਨਿਰਧਾਰਿਤ ਕਿਵੇਂ ਕੀਤਾ ਜਾ ਸਕਦਾ ਸੀ? ਪਰਮੇਸ਼ੁਰ ਦੀ ਪਕੜ ਵਿੱਚ ਸ਼ਤਾਨ ਜਿਸਦੀ ਤੁਸੀਂ ਕਲਪਨਾ ਕਰਦੇ ਹੋ ਪਰਮੇਸ਼ੁਰ ਦੀ ਪਕੜ ਵਿਚਲੇ ਉਸ ਸ਼ਤਾਨ, ਤੋਂ ਬਿਲਕੁਲ ਵੱਖਰਾ ਹੈ ਜਿਸਦੀ ਮੈਂ ਗੱਲ ਕਰਦਾ ਹਾਂ। ਤੁਹਾਡੇ ਕਥਨਾਂ ਦੇ ਅਨੁਸਾਰ, ਕਿ “ਪਰਮੇਸ਼ੁਰ ਸਰਬਸ਼ਕਤੀਮਾਨ ਹੈ ਅਤੇ ਸ਼ਤਾਨ ਉਸ ਦੇ ਹੱਥਾਂ ਵਿੱਚ ਹੈ,” ਸ਼ਤਾਨ ਉਸ ਨੂੰ ਕਦੇ ਵੀ ਧੋਖਾ ਨਹੀਂ ਦੇ ਸਕਦਾ। ਕੀ ਤੂੰ ਨਹੀਂ ਕਿਹਾ ਕਿ ਪਰਮੇਸ਼ੁਰ ਸਰਬਸ਼ਕਤੀਮਾਨ ਹੈ? ਤੇਰਾ ਗਿਆਨ ਬਹੁਤ ਹੀ ਭਾਵਮਈ ਹੈ ਅਤੇ ਉਸ ਦਾ ਯਥਾਰਥ ਨਾਲ ਕੋਈ ਲੈਣਾ-ਦੇਣਾ ਨਹੀਂ ਹੈ; ਮਨੁੱਖ ਕਦੇ ਵੀ ਪਰਮੇਸ਼ੁਰ ਦੇ ਵਿਚਾਰਾਂ ਦੀ ਕਲਪਨਾ ਨਹੀਂ ਕਰ ਸਕਦਾ, ਨਾ ਹੀ ਮਨੁੱਖ ਕਦੇ ਉਸ ਦੀ ਬੁੱਧ ਨੂੰ ਸਮਝ ਸਕਦਾ ਹੈ! ਪਰਮੇਸ਼ੁਰ ਸਰਬਸ਼ਕਤੀਮਾਨ ਹੈ; ਇਸ ਵਿੱਚ ਕੁਝ ਝੂਠ ਨਹੀਂ ਹੈ। ਪ੍ਰਧਾਨ ਸਵਰਗਦੂਤ ਨੇ ਪਰਮੇਸ਼ੁਰ ਨਾਲ ਛਲ ਕੀਤਾ ਕਿਉਂਕਿ ਪਰਮੇਸ਼ੁਰ ਨੇ ਸ਼ੁਰੂ ਵਿੱਚ ਉਸ ਨੂੰ ਅਧਿਕਾਰ ਦਾ ਇੱਕ ਹਿੱਸਾ ਦਿੱਤਾ ਸੀ। ਦਰਅਸਲ ਇਹ ਇੱਕ ਅਕਲਪਿਤ ਘਟਨਾ ਸੀ, ਜਿਵੇਂ, ਜਦੋਂ ਹੱਵਾਹ ਸੱਪ ਦੇ ਪ੍ਰਲੋਭਨ ਵਿੱਚ ਆ ਗਈ ਸੀ ਹਾਲਾਂਕਿ, ਇਹ ਫ਼ਰਕ ਨਹੀਂ ਪੈਂਦਾ ਕਿ ਸ਼ਤਾਨ ਆਪਣਾ ਛਲ ਕਿਵੇਂ ਪੂਰਾ ਕਰਦਾ ਹੈ, ਇਹ ਅਜੇ ਵੀ ਪਰਮੇਸ਼ੁਰ ਜਿੰਨਾ ਸਰਬਸ਼ਕਤੀਮਾਨ ਨਹੀਂ ਹੈ। ਜਿਵੇਂ ਤੁਸੀਂ ਕਿਹਾ ਹੈ, ਸ਼ਤਾਨ ਕੇਵਲ ਸ਼ਕਤੀਸ਼ਾਲੀ ਹੈ; ਭਾਵੇਂ ਉਹ ਕੁਝ ਵੀ ਕਰੇ, ਪਰਮੇਸ਼ੁਰ ਦਾ ਅਧਿਕਾਰ ਇਸ ਨੂੰ ਹਮੇਸ਼ਾਂ ਹਰਾਏਗਾ। ਇਸ ਕਥਨ ਦਾ, “ਪਰਮੇਸ਼ੁਰ ਸਰਬਸ਼ਕਤੀਮਾਨ ਹੈ ਅਤੇ ਸ਼ਤਾਨ ਉਸ ਦੇ ਹੱਥਾਂ ਵਿੱਚ ਹੈ,” ਸੱਚਾ ਅਰਥ ਇਹੀ ਹੈ। ਇਸ ਲਈ, ਸ਼ਤਾਨ ਨਾਲ ਲੜਾਈ, ਕਦਮ-ਦਰ-ਕਦਮ, ਲੜੀ ਜਾਵੇਗੀ। ਇਸ ਦੇ ਇਲਾਵਾ, ਪਰਮੇਸ਼ੁਰ ਆਪਣੇ ਕੰਮ ਦੀ ਯੋਜਨਾ ਸ਼ਤਾਨ ਦੇ ਛਲਾਂ ਦੇ ਉੱਤਰ ਵਜੋਂ ਬਣਾਉਂਦਾ ਹੈ—ਭਾਵ, ਉਹ ਮਨੁੱਖਤਾ ਨੂੰ ਮੁਕਤੀ ਦਿੰਦਾ ਹੈ, ਅਤੇ ਆਪਣੀ ਸਰਬਸ਼ਕਤੀਮਾਨਤਾ ਅਤੇ ਬੁੱਧ ਨੂੰ ਯੁਗ ਦੇ ਅਨੁਕੂਲ ਢੰਗ ਨਾਲ ਉਜਾਗਰ ਕਰਦਾ ਹੈ। ਇਸੇ ਪ੍ਰਕਾਰ, ਅੰਤ ਦੇ ਦਿਨਾਂ ਦਾ ਕੰਮ ਸ਼ੁਰੂ ਵਿੱਚ ਹੀ ਹੀ, ਕਿਰਪਾ ਦੇ ਯੁਗ ਤੋਂ ਪਹਿਲਾਂ, ਪੂਰਵ ਨਿਰਧਾਰਿਤ ਨਹੀਂ ਕੀਤਾ ਗਿਆ; ਪੂਰਵ ਨਿਰਧਾਰਨ ਅਜਿਹੇ ਕ੍ਰਮਬੱਧ ਢੰਗ ਨਾਲ ਨਹੀਂ ਕੀਤੇ ਜਾਂਦੇ: ਪਹਿਲਾਂ, ਮਨੁੱਖ ਦੇ ਬਾਹਰੀ ਸੁਭਾਅ ਵਿੱਚ ਤਬਦੀਲੀ ਕਰਨਾ; ਦੂਜਾ, ਮਨੁੱਖ ਨੂੰ ਪਰਮੇਸ਼ੁਰ ਦੀ ਤਾੜਨਾ ਅਤੇ ਪਰਤਾਵਿਆਂ ਦਾ ਪਾਤਰ ਬਣਾਉਣਾ; ਤੀਜਾ, ਮਨੁੱਖ ਨੂੰ ਮੌਤ ਦੇ ਪਰਤਾਵੇ ਵਿੱਚੋਂ ਗੁਜ਼ਾਰਨਾ; ਚੌਥਾ, ਮਨੁੱਖ ਨੂੰ ਪਰਮੇਸ਼ੁਰ ਦੇ ਪਿਆਰ ਦੇ ਸਮੇਂ ਦਾ ਅਨੁਭਵ ਕਰਵਾਉਣਾ ਅਤੇ ਇੱਕ ਸਿਰਜੇ ਗਏ ਜੀਵ ਦੇ ਸੰਕਲਪ ਨੂੰ ਪਰਗਟ ਕਰਨਾ; ਪੰਜਵਾਂ, ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੀ ਇੱਛਾ ਦੇਖਣ ਦੇਣਾ ਅਤੇ ਉਸ ਨੂੰ ਜਾਣਨ ਦੇ ਯੋਗ ਬਣਾਉਣਾ, ਅਤੇ ਅੰਤ ਵਿੱਚ ਮਨੁੱਖ ਨੂੰ ਪੂਰਨ ਕਰਨਾ। ਉਸ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਯੋਜਨਾ ਕਿਰਪਾ ਦੇ ਯੁਗ ਵਿੱਚ ਨਹੀਂ ਬਣਾਈ; ਬਲਕਿ, ਉਸ ਨੇ ਇਨ੍ਹਾਂ ਦੀ ਯੋਜਨਾ ਮੌਜੂਦਾ ਯੁਗ ਵਿੱਚ ਬਣਾਉਣੀ ਸ਼ੁਰੂ ਕੀਤੀ। ਸ਼ਤਾਨ ਪਰਮੇਸ਼ੁਰ ਦੀ ਤਰ੍ਹਾਂ ਹੀ ਕੰਮ ਉੱਤੇ ਲੱਗਾ ਹੈ। ਸ਼ਤਾਨ ਆਪਣੇ ਭ੍ਰਿਸ਼ਟ ਸੁਭਾਅ ਨੂੰ ਪਰਗਟ ਕਰਦਾ ਹੈ ਜਦਕਿ ਪਰਮੇਸ਼ੁਰ ਸਿੱਧੇ ਤੌਰ ਤੇ ਬੋਲਦਾ ਹੈ ਅਤੇ ਕੁਝ ਮੌਲਿਕ ਚੀਜ਼ਾਂ ਨੂੰ ਉਜਾਗਰ ਕਰਦਾ ਹੈ। ਅੱਜ ਇਹ ਕੰਮ ਕੀਤਾ ਜਾ ਰਿਹਾ ਹੈ, ਅਤੇ ਇਹ ਉਹੀ ਕਾਰਜਸ਼ੀਲ ਸਿਧਾਂਤ ਹੈ ਜੋ ਬਹੁਤ ਦੇਰ ਪਹਿਲਾਂ, ਸੰਸਾਰ ਦੀ ਸਿਰਜਣਾ ਤੋਂ ਬਾਅਦ ਵਰਤਿਆ ਗਿਆ ਸੀ।

ਪਹਿਲਾਂ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਦੀ ਸਿਰਜਣਾ ਕੀਤੀ, ਅਤੇ ਉਸ ਨੇ ਸੱਪ ਨੂੰ ਵੀ ਸਿਰਜਿਆ। ਸਾਰੀਆਂ ਚੀਜ਼ਾਂ ਵਿੱਚੋਂ ਇਹ ਸੱਪ ਸਭ ਤੋਂ ਜ਼ਹਿਰੀਲਾ ਸੀ; ਇਸ ਦੇ ਸਰੀਰ ਅੰਦਰ ਜ਼ਹਿਰ ਸੀ, ਜਿਸਨੂੰ ਸ਼ਤਾਨ ਨੇ ਇਸ ਦਾ ਫ਼ਾਇਦਾ ਲੈਣ ਲਈ ਵਰਤਿਆ। ਉਹ ਸੱਪ ਸੀ ਜਿਸਨੇ ਹੱਵਾਹ ਨੂੰ ਪਾਪ ਕਰਨ ਲਈ ਪ੍ਰਲੋਭਨ ਦਿੱਤਾ। ਆਦਮ ਨੇ ਹੱਵਾਹ ਤੋਂ ਬਾਅਦ ਪਾਪ ਕੀਤਾ, ਅਤੇ ਫਿਰ ਉਹ ਦੋਵੇਂ ਭਲੇ ਅਤੇ ਬੁਰੇ ਵਿੱਚ ਫ਼ਰਕ ਕਰਨ ਦੇ ਯੋਗ ਹੋ ਗਏ। ਜੇ ਯਹੋਵਾਹ ਨੂੰ ਪਤਾ ਹੁੰਦਾ ਕਿ ਸੱਪ ਹੱਵਾਹ ਨੂੰ ਪ੍ਰਲੋਭਨ ਦੇਵੇਗਾ ਅਤੇ ਕਿ ਹੱਵਾਹ ਆਦਮ ਨੂੰ ਪ੍ਰਲੋਭਨ ਦੇਵੇਗੀ, ਤਾਂ ਉਹ ਉਨ੍ਹਾਂ ਨੂੰ ਬਾਗ ਦੇ ਅੰਦਰ ਕਿਉਂ ਰੱਖਦਾ? ਜੇ ਉਹ ਇਨ੍ਹਾਂ ਚੀਜ਼ਾਂ ਬਾਰੇ ਅਗਾਊਂ ਦੱਸ ਸਕਦਾ ਤਾਂ ਉਸ ਨੇ ਸੱਪ ਦੀ ਸਿਰਜਣਾ ਕਰਕੇ ਇਸ ਨੂੰ ਅਦਨ ਬਾਗ ਦੇ ਅੰਦਰ ਕਿਉਂ ਰੱਖਿਆ? ਭਲੇ ਤੇ ਬੁਰੇ ਦੀ ਸਿਆਣ ਦੇ ਰੁੱਖ ਦਾ ਫਲ ਅਦਨ ਦੇ ਬਾਗ ਵਿੱਚ ਕਿਉਂ ਸ਼ਾਮਲ ਸੀ? ਕੀ ਉਸ ਨੇ ਉਨ੍ਹਾਂ ਤੋਂ ਫ਼ਲ ਖਾਣ ਦੀ ਉਮੀਦ ਕੀਤੀ ਸੀ? ਜਦੋਂ ਯਹੋਵਾਹ ਆਇਆ ਤਾਂ ਨਾ ਆਦਮ ਅਤੇ ਨਾ ਹੀ ਹੱਵਾਹ ਉਸ ਦਾ ਸਾਹਮਣਾ ਕਰ ਸਕੇ, ਅਤੇ ਕੇਵਲ ਉਸ ਸਮੇਂ ਹੀ ਯਹੋਵਾਹ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ ਭਲੇ ਅਤੇ ਬੁਰੇ ਦੀ ਸਿਆਣ ਵਾਲੇ ਰੁੱਖ ਦਾ ਫਲ ਖਾਧਾ ਸੀ, ਅਤੇ ਸੱਪ ਦੇ ਛਲ ਦਾ ਸ਼ਿਕਾਰ ਬਣ ਗਏ। ਅੰਤ ਵਿੱਚ ਉਸ ਨੇ ਸੱਪ ਨੂੰ ਸਰਾਪ ਦਿੱਤਾ ਅਤੇ ਉਸ ਨੇ ਆਦਮ ਅਤੇ ਹੱਵਾਹ ਨੂੰ ਵੀ ਸਰਾਪ ਦਿੱਤਾ। ਜਦੋਂ ਉਨ੍ਹਾਂ ਦੋਵਾਂ ਨੇ ਰੁੱਖ ਦਾ ਫਲ ਖਾਧਾ, ਯਹੋਵਾਹ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਹ ਅਜਿਹਾ ਕਰ ਰਹੇ ਸਨ। ਮਨੁੱਖਤਾ ਬੁਰਾਈ ਬਣਨ ਅਤੇ ਖੁੱਲੇ ਜਿਨਸੀ ਸੰਬੰਧ ਰੱਖਣ ਦੇ ਬਿੰਦੂ ਤੱਕ ਭ੍ਰਿਸ਼ਟ ਹੋ ਗਈ, ਇੱਥੋਂ ਤੱਕ ਕਿ ਜੋ ਕੁਝ ਵੀ ਉਨ੍ਹਾਂ ਦੇ ਦਿਲ ਵਿੱਚ ਸੀ ਉਹ ਬੁਰਾ ਅਤੇ ਕੁਧਰਮ ਸੀ; ਇਹ ਸਭ ਗੰਦਗੀ ਸੀ। ਇਸ ਲਈ ਯਹੋਵਾਹ ਨੂੰ ਮਨੁੱਖਤਾ ਦੀ ਸਿਰਜਣਾ ਕਰਕੇ ਅਫ਼ਸੋਸ ਹੋਇਆ। ਇਸਤੋਂ ਬਾਅਦ ਉਸ ਨੇ ਇਸ ਸੰਸਾਰ ਦਾ ਇੱਕ ਹੜ੍ਹ ਦੁਆਰਾ ਨਾਸ ਕਰਨ ਦਾ ਕੰਮ ਪੂਰਾ ਕੀਤਾ, ਜਿਸ ਵਿੱਚ ਨੂਹ ਅਤੇ ਉਸ ਦੇ ਪੁੱਤਰ ਹੀ ਬਚੇ। ਦਰਅਸਲ, ਕੁਝ ਚੀਜ਼ਾਂ ਇੰਨੀਆਂ ਵਿਕਸਿਤ ਅਤੇ ਅਲੌਕਿਕ ਨਹੀਂ ਸਨ, ਜਿਵੇਂ ਲੋਕ ਕਲਪਨਾ ਕਰਦੇ ਹਨ। ਕੁਝ ਪੁੱਛਦੇ ਹਨ, “ਜਦ ਪਰਮੇਸ਼ੁਰ ਨੂੰ ਪਤਾ ਸੀ ਕਿ ਪ੍ਰਧਾਨ ਸਵਰਗਦੂਤ ਉਸ ਨਾਲ ਛਲ ਕਰੇਗਾ, ਤਾਂ ਉਸ ਨੇ ਉਸ ਦੀ ਸਿਰਜਣਾ ਕਿਉਂ ਕੀਤੀ?” ਇਹ ਤੱਥ ਹਨ: ਧਰਤੀ ਦੇ ਵਜੂਦ ਤੋਂ ਪਹਿਲਾਂ, ਪ੍ਰਧਾਨ ਸਵਰਗਦੂਤ ਸਵਰਗ ਦੇ ਸਾਰੇ ਦੂਤਾਂ ਵਿੱਚੋਂ ਸਭ ਤੋਂ ਮਹਾਨ ਸੀ। ਸਵਰਗ ਦੇ ਸਾਰੇ ਦੂਤ ਉਸ ਦੇ ਅਧਿਕਾਰ-ਖੇਤਰ ਵਿੱਚ ਆਉਂਦੇ ਸਨ; ਇਹ ਪਰਮੇਸ਼ੁਰ ਦੁਆਰਾ ਪ੍ਰਦਾਨ ਕੀਤਾ ਗਿਆ ਅਧਿਕਾਰ ਸੀ। ਪਰਮੇਸ਼ੁਰ ਨੂੰ ਛੱਡ ਕੇ, ਇਹ ਸਵਰਗ ਦੇ ਸਾਰੇ ਦੂਤਾਂ ਵਿੱਚੋਂ ਸਭ ਤੋਂ ਮਹਾਨ ਸੀ। ਬਾਅਦ ਵਿੱਚ, ਜਦੋਂ ਪਰਮੇਸ਼ੁਰ ਨੇ ਮਨੁੱਖਤਾ ਦੀ ਸਿਰਜਣਾ ਕੀਤੀ, ਤਾਂ ਹੇਠਾਂ ਧਰਤੀ ਉੱਪਰ ਪ੍ਰਧਾਨ ਸਵਰਗਦੂਤ ਨੇ ਪਰਮੇਸ਼ੁਰ ਦੇ ਖ਼ਿਲਾਫ਼ ਇੱਕ ਹੋਰ ਵੀ ਵੱਡਾ ਛਲ ਪੂਰਾ ਕੀਤਾ। ਮੈਂ ਕਹਿੰਦਾ ਹਾਂ ਕਿ ਇਸਨੇ ਪਰਮੇਸ਼ੁਰ ਨਾਲ ਛਲ ਕੀਤਾ ਕਿਉਂਕਿ ਇਹ ਮਨੁੱਖਤਾ ਦਾ ਪ੍ਰਬੰਧਨ ਕਰਨਾ ਅਤੇ ਪਰਮੇਸ਼ੁਰ ਦੇ ਅਧਿਕਾਰ ਨੂੰ ਪਿੱਛੇ ਛੱਡਣਾ ਚਾਹੁੰਦਾ ਸੀ। ਉਹ ਪ੍ਰਧਾਨ ਸਵਰਗਦੂਤ ਸੀ ਜਿਸਨੇ ਹੱਵਾਹ ਨੂੰ ਪਾਪ ਕਰਨ ਲਈ ਪ੍ਰਲੋਭਨ ਦਿੱਤਾ, ਅਤੇ ਇਸਨੇ ਅਜਿਹਾ ਇਸ ਕਰਕੇ ਕੀਤਾ ਕਿਉਂਕਿ ਇਹ ਧਰਤੀ ਉੱਪਰ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ, ਅਤੇ ਮਨੁੱਖਾਂ ਦੀ ਪਰਮੇਸ਼ੁਰ ਵੱਲ ਪਿੱਠ ਕਰਵਾ ਕੇ, ਉਸ ਦੇ ਬਜਾਏ ਪ੍ਰਧਾਨ ਸਵਰਗਦੂਤ ਦੀ ਆਗਿਆਕਾਰੀ ਕਰਵਾਉਣਾ ਚਾਹੁੰਦਾ ਸੀ। ਪ੍ਰਧਾਨ ਸਵਰਗਦੂਤ ਨੇ ਦੇਖਿਆ ਕਿ ਬਹੁਤ ਸਾਰੀਆਂ ਚੀਜ਼ਾਂ ਉਸ ਦੀ ਆਗਿਆਕਾਰੀ ਕਰ ਸਕਦੀਆਂ ਸਨ—ਦੂਤ ਕਰ ਸਕਦੇ ਸਨ, ਉਸੇ ਤਰ੍ਹਾਂ ਧਰਤੀ ਉੱਪਰ ਲੋਕ ਕਰ ਸਕਦੇ ਸਨ। ਪੰਛੀ ਅਤੇ ਜਾਨਵਰ, ਰੁੱਖ, ਜੰਗਲ, ਪਹਾੜ, ਦਰਿਆ, ਅਤੇ ਧਰਤੀ ਉੱਪਰ ਸਾਰੀਆਂ ਚੀਜ਼ਾਂ ਮਨੁੱਖਾਂ—ਭਾਵ ਆਦਮ ਅਤੇ ਹੱਵਾਹ—ਦੀ ਦੇਖਰੇਖ ਹੇਠ ਸਨ, ਜਦਕਿ ਆਦਮ ਅਤੇ ਹੱਵਾਹ ਪ੍ਰਧਾਨ ਸਵਰਗਦੂਤ ਦੀ ਆਗਿਆ ਦਾ ਪਾਲਣ ਕਰਦੇ ਸਨ। ਇਸ ਕਰਕੇ ਪ੍ਰਧਾਨ ਸਵਰਗਦੂਤ ਨੇ ਪਰਮੇਸ਼ੁਰ ਦੇ ਅਧਿਕਾਰ ਨੂੰ ਪਿੱਛੇ ਛੱਡਣ ਅਚੇ ਛਲ ਕਰਨ ਬਾਰੇ ਸੋਚਿਆ। ਉਸਤੋਂ ਬਾਅਦ, ਇਸਨੇ ਬਹੁਤ ਸਾਰੇ ਦੂਤਾਂ ਦੀ ਪਰਮੇਸ਼ੁਰ ਦੇ ਖ਼ਿਲਾਫ਼ ਵਿਦਰੋਹ ਵਿੱਚ ਅਗਵਾਈ ਕੀਤੀ, ਜੋ ਬਾਅਦ ਵਿੱਚ ਕਈ ਪ੍ਰਕਾਰ ਦੀਆਂ ਭ੍ਰਿਸ਼ਟ ਆਤਮਾਵਾਂ ਬਣ ਗਏ। ਕੀ ਇਸ ਦਿਨ ਤੱਕ ਦੀ ਮਨੁੱਖਤਾ ਦਾ ਵਿਕਾਸ ਪ੍ਰਧਾਨ ਸਵਰਗਦੂਤ ਦੀ ਭ੍ਰਿਸ਼ਟਤਾ ਦੇ ਕਾਰਨ ਨਹੀਂ ਹੋਇਆ ਸੀ? ਮਨੁੱਖ ਅੱਜ ਇਸ ਤਰ੍ਹਾਂ ਦੇ ਕੇਵਲ ਇਸੇ ਕਰਕੇ ਹਨ ਕਿਉਂਕਿ ਪ੍ਰਧਾਨ ਸਵਰਗਦੂਤ ਨੇ ਪਰਮੇਸ਼ੁਰ ਨਾਲ ਛਲ ਕੀਤਾ ਅਤੇ ਮਨੁੱਖਤਾ ਨੂੰ ਭ੍ਰਿਸ਼ਟ ਕੀਤਾ। ਇਹ ਕਦਮ-ਦਰ-ਕਦਮ ਕੰਮ ਓਨਾ ਵੀ ਅਸਪਸ਼ਟ ਅਤੇ ਸਰਲ ਨਹੀਂ ਹੈ, ਜਿਵੇਂ ਕਿ ਲੋਕ ਕਲਪਨਾ ਕਰ ਸਕਦੇ ਹਨ। ਸ਼ਤਾਨ ਨੇ ਇਹ ਛਲ ਇੱਕ ਕਾਰਨ ਵਜੋਂ ਕੀਤਾ, ਫਿਰ ਵੀ ਲੋਕ ਇਸ ਇੰਨੇ ਅਸਾਨ ਤੱਥ ਨੂੰ ਸਮਝਣ ਦੇ ਅਯੋਗ ਹਨ। ਪਰਮੇਸ਼ੁਰ, ਜੋ ਅਕਾਸ਼ਾਂ ਅਤੇ ਧਰਤੀ ਅਤੇ ਸਭ ਚੀਜ਼ਾਂ ਦੀ ਸਿਰਜਣਾ ਕਰਦਾ ਹੈ, ਉਸ ਨੇ ਸ਼ਤਾਨ ਦੀ ਸਿਰਜਣਾ ਕਿਉਂ ਕੀਤੀ? ਜਦਕਿ ਪਰਮੇਸ਼ੁਰ ਸ਼ਤਾਨ ਤੋਂ ਇੰਨੀ ਜ਼ਿਆਦਾ ਘਿਰਣਾ ਕਰਦਾ ਹੈ, ਅਤੇ ਸ਼ਤਾਨ ਉਸ ਦਾ ਦੁਸ਼ਮਣ ਹੈ, ਤਾਂ ਉਸ ਨੇ ਸ਼ਤਾਨ ਦੀ ਸਿਰਜਣਾ ਕਿਉਂ ਕੀਤੀ? ਸ਼ਤਾਨ ਦੀ ਸਿਰਜਣਾ ਕਰਦਿਆਂ ਕੀ ਉਹ ਇੱਕ ਦੁਸ਼ਮਣ ਦੀ ਸਿਰਜਣਾ ਨਹੀਂ ਕਰ ਰਿਹਾ ਸੀ? ਦਰਅਸਲ, ਪਰਮੇਸ਼ੁਰ ਨੇ ਇੱਕ ਦੁਸ਼ਮਣ ਦੀ ਸਿਰਜਣਾ ਨਹੀਂ ਕੀਤੀ ਸੀ; ਬਲਕਿ, ਉਸ ਨੇ ਦੂਤ ਦੀ ਸਿਰਜਣਾ ਕੀਤੀ ਸੀ, ਅਤੇ ਬਾਅਦ ਵਿੱਚ ਉਸ ਦੂਤ ਨੇ ਉਸ ਨਾਲ ਛਲ ਕੀਤਾ। ਇਸ ਦਾ ਦਰਜਾ ਇੰਨਾ ਵੱਡਾ ਹੋ ਗਿਆ ਕਿ ਇਸਨੇ ਪਰਮੇਸ਼ੁਰ ਨਾਲ ਛਲ ਕਰਨ ਦੀ ਇੱਛਾ ਕੀਤੀ। ਕੋਈ ਕਹਿ ਸਕਦਾ ਹੈ ਕਿ ਇਹ ਇੱਕ ਸੰਜੋਗ ਸੀ, ਪਰ ਇਹ ਇੱਕ ਅੱਟਲਤਾ ਵੀ ਸੀ। ਇਹ ਉਸੇ ਪ੍ਰਕਾਰ ਹੈ ਜਿਵੇਂ ਕਿ ਇੱਕ ਵਿਅਕਤੀ ਨੂੰ ਇੱਕ ਖ਼ਾਸ ਬਿੰਦੂ ਤੱਕ ਪਰਿਪੱਕ ਹੋ ਕੇ ਆਖਰ ਮਰਨਾ ਹੀ ਹੁੰਦਾ ਹੈ; ਚੀਜ਼ਾਂ ਉਸ ਪੜਾਅ ਤੱਕ ਹਾਲ ਵਿੱਚ ਹੀ ਵਿਕਸਿਤ ਹੋਈਆਂ ਹਨ। ਕੁਝ ਬੇਤੁਕੇ ਮੂਰਖ ਕਹਿੰਦੇ ਹਨ, “ਕਿਉਂਕਿ ਸ਼ਤਾਨ ਤੇਰਾ ਦੁਸ਼ਮਣ ਹੈ ਤਾਂ ਤੂੰ ਉਸ ਦੀ ਸਿਰਜਣਾ ਕਿਉਂ ਕੀਤੀ? ਕੀ ਤੈਨੂੰ ਪਤਾ ਸੀ ਕਿ ਪ੍ਰਧਾਨ ਸਵਰਗਦੂਤ ਤੇਰੇ ਨਾਲ ਛਲ ਕਰੇਗਾ? ਕੀ ਤੂੰ ਸਦੀਪਕ ਕਾਲ ਤੋਂ ਸਦੀਪਕ ਕਾਲ ਤੱਕ ਨਹੀਂ ਦੇਖ ਸਕਦਾ? ਕੀ ਤੈਨੂੰ ਪ੍ਰਧਾਨ ਸਵਰਗਦੂਤ ਦੇ ਸੁਭਾਅ ਦਾ ਪਤਾ ਨਹੀਂ ਸੀ? ਕਿਉਂਕਿ ਤੈਨੂੰ ਸਪੱਸ਼ਟਤਾ ਨਾਲ ਪਤਾ ਸੀ ਕਿ ਇਹ ਤੇਰੇ ਨਾਲ ਛਲ ਕਰੇਗਾ ਤਾਂ ਤੂੰ ਉਸ ਨੂੰ ਪ੍ਰਧਾਨ ਸਵਰਗਦੂਤ ਕਿਉਂ ਬਣਾਇਆ? ਨਾ ਕੇਵਲ ਇਸਨੇ ਤੇਰੇ ਨਾਲ ਛਲ ਕੀਤਾ ਬਲਕਿ ਇਸਨੇ ਹੋਰ ਵੀ ਕਈ ਦੂਤਾਂ ਦੀ ਅਗਵਾਈ ਕੀਤੀ ਅਤੇ ਮਨੁੱਖਤਾ ਨੂੰ ਭ੍ਰਿਸ਼ਟ ਕਰਨ ਲਈ ਮਰਨਹਾਰ ਜੀਵਾਂ ਦੇ ਸੰਸਾਰ ਵਿਚਕਾਰ ਉਤਰਿਆ, ਅਤੇ ਇਸ ਦਿਨ ਤੱਕ, ਤੂੰ ਅਜੇ ਵੀ ਆਪਣੀ ਛੇ-ਹਜ਼ਾਰ-ਸਾਲਾ ਯੋਜਨਾ ਨੂੰ ਪੂਰਾ ਕਰਨ ਦੇ ਅਯੋਗ ਰਿਹਾ ਹੈਂ।” ਕੀ ਇਹ ਸ਼ਬਦ ਸਹੀ ਹਨ? ਜਦੋਂ ਤੂੰ ਇਸੇ ਪ੍ਰਕਾਰ ਸੋਚਦਾ ਹੈਂ, ਤਾਂ ਕੀ ਤੂੰ ਆਪਣੇ ਆਪ ਨੂੰ ਲੋੜ ਨਾਲੋਂ ਜ਼ਿਆਦਾ ਬਿਪਤਾ ਵਿੱਚ ਨਹੀਂ ਪਾ ਰਿਹਾ ਹੈਂ? ਕਈ ਅਜਿਹੇ ਵੀ ਹਨ ਜੋ ਕਹਿੰਦੇ ਹਨ, “ਜੇ ਸ਼ਤਾਨ ਨੇ ਅੱਜ ਦੇ ਦਿਨ ਤੱਕ ਮਨੁੱਖਤਾ ਨੂੰ ਭ੍ਰਿਸ਼ਟ ਨਾ ਕੀਤਾ ਹੁੰਦਾ ਤਾਂ, ਪਰਮੇਸ਼ੁਰ ਨੇ ਮਨੁੱਖ ਨੂੰ ਇਸ ਤਰ੍ਹਾਂ ਮੁਕਤੀ ਨਹੀਂ ਦੇਣੀ ਸੀ। ਉਸੇ ਪ੍ਰਕਾਰ, ਪਰਮੇਸ਼ੁਰ ਦੀ ਬੁੱਧ ਅਤੇ ਸਰਬਸ਼ਕਤੀਮਾਨਤਾ ਅਦਿੱਖ ਰਹਿਣੇ ਸਨ; ਤਾਂ ਉਸ ਦੀ ਬੁੱਧ ਕਿੱਥੇ ਉਜਾਗਰ ਕੀਤੀ ਜਾਂਦੀ? ਇਸ ਲਈ ਪਰਮੇਸ਼ੁਰ ਨੇ ਸ਼ਤਾਨ ਲਈ ਇੱਕ ਮਨੁੱਖ ਜਾਤੀ ਦੀ ਸਿਰਜਣਾ ਕੀਤੀ ਤਾਂ ਕਿ ਬਾਅਦ ਵਿੱਚ ਉਹ ਆਪਣੇ ਸਰਬਸ਼ਕਤੀਮਾਨ ਹੋਣ ਨੂੰ ਉਜਾਗਰ ਕਰ ਸਕੇ—ਨਹੀਂ ਤਾਂ ਮਨੁੱਖ ਨੇ ਪਰਮੇਸ਼ੁਰ ਦੀ ਬੁੱਧ ਦੀ ਖੋਜ ਕਿਵੇਂ ਕਰਨੀ ਸੀ? ਜੇ ਮਨੁੱਖ ਪਰਮੇਸ਼ੁਰ ਦਾ ਵਿਰੋਧ ਨਾ ਕਰਦਾ ਜਾਂ ਇਸ ਦੇ ਖ਼ਿਲਾਫ਼ ਵਿਦਰੋਹ ਨਾ ਕਰਦਾ, ਤਾਂ ਉਸ ਦੇ ਕੰਮਾਂ ਨੂੰ ਉਜਾਗਰ ਕਰਨਾ ਬੇਲੋੜਾ ਹੋਣਾ ਸੀ। ਜੇ ਸਮੁੱਚੀ ਸ੍ਰਿਸ਼ਟੀ ਉਸ ਦੀ ਭਗਤੀ ਕਰਦੀ ਅਤੇ ਉਸ ਦੇ ਅਧੀਨ ਹੁੰਦੀ, ਤਾਂ ਪਰਮੇਸ਼ੁਰ ਕੋਲ ਕਰਨ ਲਈ ਕੋਈ ਕੰਮ ਨਾ ਹੁੰਦਾ।” ਇਹ ਯਥਾਰਥ ਤੋਂ ਹੋਰ ਵੀ ਦੂਰ ਹੈ, ਕਿਉਂਕਿ ਪਰਮੇਸ਼ੁਰ ਬਾਰੇ ਕੁਝ ਵੀ ਗੰਦਾ ਨਹੀਂ ਹੈ, ਇਸ ਕਰਕੇ ਉਹ ਗੰਦੇ ਦੀ ਸਿਰਜਣਾ ਨਹੀਂ ਕਰ ਸਕਦਾ। ਉਹ ਆਪਣੇ ਕੰਮਾਂ ਨੂੰ ਹੁਣ ਕੇਵਲ ਆਪਣੇ ਦੁਸ਼ਮਣ ਨੂੰ ਹਰਾਉਣ ਲਈ, ਆਪਣੇ ਸਿਰਜੇ ਮਨੁੱਖਾਂ ਨੂੰ ਬਚਾਉਣ ਲਈ, ਅਤੇ ਭਰਿਸ਼ਟ ਆਤਮਾਵਾਂ ਅਤੇ ਸ਼ਤਾਨ, ਜੋ ਪਰਮੇਸ਼ੁਰ ਨੂੰ ਨਫ਼ਰਤ ਕਰਦਾ ਹੈ, ਛਲਦਾ ਹੈ, ਅਤੇ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ, ਅਤੇ ਜੋ ਬਿਲਕੁਲ ਸ਼ੁਰੂਆਤ ਤੋਂ ਉਸ ਦੇ ਇਖਤਿਆਰ ਦੇ ਅਧੀਨ ਸਨ ਅਤੇ ਉਸ ਨਾਲ ਸੰਬੰਧਿਤ ਸੀ, ਨੂੰ ਹਰਾਉਣ ਲਈ ਉਜਾਗਰ ਕਰਦਾ ਹੈ। ਪਰਮੇਸ਼ੁਰ ਇਨ੍ਹਾਂ ਭਰਿਸ਼ਟ ਆਤਮਾਵਾਂ ਨੂੰ ਹਰਾਉਣਾ ਚਾਹੁੰਦਾ ਹੈ, ਅਤੇ ਅਜਿਹਾ ਕਰਨ ਲਈ ਉਸ ਨੂੰ ਸਾਰੀਆਂ ਚੀਜ਼ਾਂ ਅੱਗੇ ਆਪਣੀ ਸਰਬਸ਼ਕਤੀਮਾਨਤਾ ਨੂੰ ਉਜਾਗਰ ਕਰਨਾ ਪੈਂਦਾ ਹੈ। ਧਰਤੀ ਉੱਪਰ ਮਨੁੱਖਤਾ ਅਤੇ ਸਭ ਕੁਝ ਹੁਣ ਸ਼ਤਾਨ ਦੇ ਵੱਸ ਵਿੱਚ ਹਨ ਅਤੇ ਦੁਸ਼ਟ ਦੇ ਅਧਿਕਾਰ ਹੇਠ ਹਨ। ਪਰਮੇਸ਼ੁਰ ਆਪਣੇ ਕੰਮਾਂ ਨੂੰ ਉਜਾਗਰ ਕਰਨਾ ਚਾਹੁੰਦਾ ਹੈ ਤਾਂ ਕਿ ਲੋਕ ਉਸ ਨੂੰ ਜਾਣ ਸਕਣ, ਅਤੇ ਇਸ ਪ੍ਰਕਾਰ ਸ਼ਤਾਨ ਨੂੰ ਹਰਾ ਸਕਣ ਅਤੇ ਉਸ ਦੇ ਦੁਸ਼ਮਣਾ ਦਾ ਪੂਰੀ ਤਰ੍ਹਾਂ ਖਾਤਮਾ ਕਰ ਸਕਣ। ਉਸ ਦੇ ਇਸ ਸਮੁੱਚੇ ਕੰਮ ਨੂੰ ਉਸ ਦੇ ਕੰਮਾਂ ਨੂੰ ਉਜਾਗਰ ਕਰਕੇ ਸਿਰੇ ਚਾੜ੍ਹਿਆ ਜਾਂਦਾ ਹੈ। ਉਸ ਦੀ ਸਮੁੱਚੀ ਸ੍ਰਿਸ਼ਟੀ ਸ਼ਤਾਨ ਦੇ ਵੱਸ ਵਿੱਚ ਹੈ, ਇਸ ਕਰਕੇ ਪਰਮੇਸ਼ੁਰ ਆਪਣੀ ਸਰਬਸ਼ਕਤੀਮਾਨਤਾ ਉਨ੍ਹਾਂ ਅੱਗੇ ਉਜਾਗਰ ਕਰਕੇ ਸ਼ਤਾਨ ਨੂੰ ਹਰਾਉਣਾ ਚਾਹੁੰਦਾ ਹੈ। ਜੇਕਰ ਸ਼ਤਾਨ ਨਾ ਹੁੰਦਾ ਤਾਂ ਉਸ ਨੂੰ ਆਪਣੇ ਕਰਮਾਂ ਨੂੰ ਉਜਾਗਰ ਕਰਨ ਦੀ ਲੋੜ ਨਾ ਪੈਂਦੀ। ਜੇ ਸ਼ਤਾਨ ਵੱਲੋਂ ਪਰੇਸ਼ਾਨੀ ਨਾ ਹੁੰਦੀ ਤਾਂ ਪਰਮੇਸ਼ੁਰ ਨੇ ਮਨੁੱਖਤਾ ਦੀ ਸਿਰਜਣਾ ਕਰਕੇ ਉਨ੍ਹਾਂ ਦੀ ਅਦਨ ਦੇ ਬਾਗ ਵਿੱਚ ਰਹਿਣ ਵਿੱਚ ਅਗਵਾਈ ਕਰਨੀ ਸੀ। ਸ਼ਤਾਨ ਦੇ ਛਲ ਤੋਂ ਪਹਿਲਾਂ ਪਰਮੇਸ਼ੁਰ ਨੇ ਕਦੇ ਵੀ ਆਪਣੇ ਸਾਰੇ ਕੰਮਾਂ ਨੂੰ ਦੂਤਾਂ ਜਾਂ ਪ੍ਰਧਾਨ ਸਵਰਗਦੂਤ ਦੇ ਅੱਗੇ ਉਜਾਗਰ ਕਿਉ ਨਹੀਂ ਕੀਤਾ? ਜੇ, ਸ਼ੁਰੂ ਵਿੱਚ ਸਾਰੇ ਦੂਤ ਅਤੇ ਪ੍ਰਧਾਨ ਸਵਰਗਦੂਤ ਪਰਮੇਸ਼ੁਰ ਨੂੰ ਜਾਣਦੇ ਹੁੰਦੇ, ਅਤੇ ਉਸ ਦੇ ਅਧੀਨ ਹੁੰਦੇ, ਤਾਂ ਪਰਮੇਸ਼ੁਰ ਨੇ ਉਹ ਬੇਅਰਥ ਕੰਮਾਂ ਨੂੰ ਪੂਰਾ ਨਹੀਂ ਕਰਨਾ ਸੀ। ਸ਼ਤਾਨ ਅਤੇ ਭਰਿਸ਼ਟ ਆਤਮਾਵਾਂ ਦੇ ਵਜੂਦ ਦੀ ਵਜ੍ਹਾ ਤੋਂ ਮਨੁੱਖ ਨੇ ਵੀ ਪਰਮੇਸ਼ੁਰ ਦਾ ਵਿਰੋਧ ਕੀਤਾ ਹੈ, ਅਤੇ ਉਹ ਵਿਦਰੋਹੀ ਸੁਭਾਅ ਨਾਲ ਨੱਕੋ-ਨੱਕ ਭਰੇ ਹੋਏ ਹਨ। ਇਸ ਕਰਕੇ ਪਰਮੇਸ਼ੁਰ ਆਪਣੇ ਕੰਮਾਂ ਨੂੰ ਉਜਾਗਰ ਕਰਨ ਦੀ ਇੱਛਾ ਕਰਦਾ ਹੈ। ਕਿਉਂਕਿ ਉਹ ਸ਼ਤਾਨ ਨਾਲ ਲੜਾਈ ਕਰਨਾ ਚਾਹੁੰਦਾ ਹੈ, ਇਸ ਨੂੰ ਹਰਾਉਣ ਵਾਸਤੇ ਉਸ ਲਈ ਆਪਣੇ ਖੁਦ ਦੇ ਅਧਿਕਾਰ ਅਤੇ ਆਪਣੇ ਸਾਰੇ ਕੰਮਾਂ ਦੀ ਵਰਤੋਂ ਕਰਨਾ ਲਾਜ਼ਮੀ ਹੈ; ਇਸ ਪ੍ਰਕਾਰ, ਮੁਕਤੀ ਦਾ ਕੰਮ, ਜੋ ਉਹ ਮਨੁੱਖਾਂ ਦੇ ਵਿਚਕਾਰ ਕਰਦਾ ਹੈ, ਉਸ ਦੇ ਦੁਆਰਾ ਉਹ ਉਨ੍ਹਾਂ ਨੂੰ ਉਸ ਦੀ ਬੁੱਧ ਅਤੇ ਉਸ ਦੀ ਸਰਬਸ਼ਕਤੀਮਾਨਤਾ ਨੂੰ ਦੇਖਣ ਦੇਵੇਗਾ। ਜੋ ਕੰਮ ਪਰਮੇਸ਼ੁਰ ਅੱਜ ਕਰਦਾ ਹੈ ਉਹ ਅਰਥਪੂਰਨ ਹੈ, ਕਿਸੇ ਵੀ ਤਰੀਕੇ ਨਾਲ ਉਸ ਨਾਲ ਮਿਲਦਾ-ਜੁਲਦਾ ਨਹੀਂ ਹੈ ਜਿਸ ਵੱਲ ਕੁਝ ਲੋਕ ਸੰਕੇਤ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ, “ਤੂੰ ਜਿਹੜਾ ਕੰਮ ਕਰਦਾ ਹੈਂ, ਕੀ ਉਹ ਅੰਤਰਵਿਰੋਧੀ ਨਹੀਂ ਹੈ? ਕੀ ਕੰਮ ਦਾ ਇਹ ਸਿਲਸਿਲਾ ਕੇਵਲ ਤੇਰੇ ਆਪਣੇ ਲਈ ਮੁਸੀਬਤ ਖੜ੍ਹੀ ਕਰਨ ਦੀ ਕਵਾਇਦ ਨਹੀਂ ਹੈ? ਤੂੰ ਸ਼ਤਾਨ ਨੂੰ ਸਿਰਜਿਆ, ਅਤੇ ਫਿਰ ਉਸ ਨੂੰ ਤੂੰ ਆਪਣੇ ਨਾਲ ਛਲ ਅਤੇ ਵਿਰੋਧ ਕਰਨ ਦੀ ਆਗਿਆ ਦਿੱਤੀ। ਤੂੰ ਮਨੁੱਖਾਂ ਦੀ ਸਿਰਜਣਾ ਕੀਤੀ ਅਤੇ ਫਿਰ ਉਨ੍ਹਾਂ ਨੂੰ ਸ਼ਤਾਨ ਦੇ ਹੱਥ ਫੜਾ ਦਿੱਤਾ ਜਿਸ ਨਾਲ ਆਦਮ ਅਤੇ ਹੱਵਾਹ ਦਾ ਪ੍ਰਲੋਭਨ ਹੋਣ ਦਿੱਤਾ ਗਿਆ। ਕਿਉਂਕਿ ਤੂੰ ਇਹ ਸਭ ਚੀਜ਼ਾਂ ਸੋਚ ਸਮਝ ਕੇ ਕੀਤੀਆਂ ਹਨ ਤਾਂ ਤੂੰ ਅਜੇ ਵੀ ਮਨੁੱਖਤਾ ਨਾਲ ਨਫ਼ਰਤ ਕਿਉਂ ਕਰਦਾ ਹੈਂ? ਤੂੰ ਸ਼ਤਾਨ ਨਾਲ ਘਿਰਣਾ ਕਿਉਂ ਕਰਦਾ ਹੈਂ? ਕੀ ਇਹ ਸਭ ਕੁਝ ਤੇਰਾ ਕੀਤਾ ਕਰਾਇਆ ਨਹੀਂ ਹੈ? ਤੇਰੇ ਕੋਲ ਨਫ਼ਰਤ ਕਰਨ ਲਈ ਕੀ ਹੈ?” ਕਈ ਬੇਤੁਕੇ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ। ਉਹ ਪਰਮੇਸ਼ੁਰ ਨੂੰ ਪ੍ਰੇਮ ਕਰਨਾ ਚਾਹੁੰਦੇ ਹਨ, ਪਰ ਅੰਦਰ ਹੀ ਅੰਦਰ ਉਹ ਪਰਮੇਸ਼ੁਰ ਦੇ ਬਾਰੇ ਸ਼ਿਕਾਇਤ ਕਰਦੇ ਹਨ। ਕਿੰਨਾ ਅੰਤਰ-ਵਿਰੋਧ ਹੈ! ਤੂੰ ਸਚਿਆਈ ਨੂੰ ਨਹੀਂ ਸਮਝਦਾ, ਤੇਰੇ ਕੋਲ ਬਹੁਤ ਸਾਰੇ ਅਲੌਕਿਕ ਵਿਚਾਰ ਹਨ, ਅਤੇ ਤੂੰ ਇੱਥੋਂ ਤੱਕ ਸ਼ਿਕਾਇਤ ਕਰਦਾ ਹੈਂ ਕਿ ਪਰਮੇਸ਼ੁਰ ਨੇ ਗ਼ਲਤੀ ਕੀਤੀ ਹੈ—ਤੂੰ ਕਿੰਨਾ ਬੇਤੁਕਾ ਹੈਂ! ਮਾਮਲਾ ਇਹ ਨਹੀਂ ਹੈ ਕਿ ਪਰਮੇਸ਼ੁਰ ਨੇ ਗ਼ਲਤੀ ਕੀਤੀ ਹੈ; ਇਹ ਤੂੰ ਹੈਂ ਜੋ ਸਚਿਆਈ ਨਾਲ ਛੇੜਖਾਨੀ ਕਰ ਰਿਹਾ ਹੈਂ! ਕੁਝ ਲੋਕ ਵਾਰ-ਵਾਰ ਸ਼ਿਕਾਇਤ ਵੀ ਕਰਦੇ ਹਨ “ਇਹ ਤੂੰ ਸੀ ਜਿਸਨੇ ਸ਼ਤਾਨ ਨੂੰ ਸਿਰਜਿਆ, ਅਤੇ ਤੂੰ ਹੈਂ ਜਿਸਨੇ ਸ਼ਤਾਨ ਨੂੰ ਮਨੁੱਖਾਂ ਦੇ ਵਿਚਕਾਰ ਛੱਡਿਆ ਅਤੇ ਉਨ੍ਹਾਂ ਨੂੰ ਇਸ ਦੇ ਹਵਾਲੇ ਕਰ ਦਿੱਤਾ। ਇੱਕ ਵਾਰ ਜਦੋਂ ਮਨੁੱਖਾਂ ਨੇ ਸ਼ਤਾਨੀ ਸੁਭਾਅ ਧਾਰਨ ਕਰ ਲਿਆ ਤਾਂ ਤੂੰ ਉਨ੍ਹਾਂ ਨੂੰ ਮਾਫ ਨਹੀਂ ਕੀਤਾ; ਇਸ ਦੇ ਉਲਟ, ਤੂੰ ਉਨ੍ਹਾਂ ਨਾਲ ਇੱਕ ਖ਼ਾਸ ਦਰਜੇ ਤੱਕ ਨਫ਼ਰਤ ਕੀਤੀ। ਸ਼ੁਰੂ ਵਿੱਚ, ਤੂੰ ਉਨ੍ਹਾਂ ਨੂੰ ਇੱਕ ਦਰਜੇ ਤੱਕ ਪ੍ਰੇਮ ਕਰਦਾ ਸੀ ਪਰ ਹੁਣ ਤੂੰ ਉਨ੍ਹਾਂ ਨਾਲ ਘਿਰਣਾ ਕਰਦਾ ਹੈਂ। ਉਹ ਤੂੰ ਹੈਂ ਜਿਸਨੇ ਮਨੁੱਖਤਾ ਨੂੰ ਨਫ਼ਰਤ ਕੀਤੀ, ਇਸ ਦੇ ਬਾਵਜੂਦ, ਤੂੰ ਉਹ ਵੀ ਹੈਂ ਜਿਸਨੇ ਮਨੁੱਖਤਾ ਨੂੰ ਪ੍ਰੇਮ ਕੀਤਾ ਹੈ। ਇੱਥੇ ਅਸਲ ਵਿੱਚ ਕੀ ਹੋ ਰਿਹਾ ਹੈ? ਕੀ ਇਹ ਅੰਤਰ-ਵਿਰੋਧ ਨਹੀਂ ਹੈ?” ਭਾਵੇਂ ਤੂੰ ਇਸ ਵੱਲ ਕਿਵੇਂ ਵੀ ਦੇਖੇਂ, ਇਹ ਉਹੀ ਹੈ ਜੋ ਸਵਰਗ ਵਿੱਚ ਵਾਪਰਿਆ; ਇਹ ਉਹ ਢੰਗ ਸੀ ਜਿਸ ਨਾਲ ਪ੍ਰਧਾਨ ਸਵਰਗਦੂਤ ਨੇ ਪਰਮੇਸ਼ੁਰ ਨਾਲ ਛਲ ਕੀਤਾ ਅਤੇ ਮਨੁੱਖਤਾ ਭ੍ਰਿਸ਼ਟ ਹੋਈ, ਅਤੇ ਇਸੇ ਪ੍ਰਕਾਰ ਮਨੁੱਖਾਂ ਨੇ ਅੱਜ ਤੱਕ ਕਰਨਾ ਜਾਰੀ ਰੱਖਿਆ ਹੈ। ਭਾਵੇਂ ਤੂੰ ਇਸ ਨੂੰ ਕਿਵੇਂ ਵੀ ਬਿਆਨ ਕਰੇਂ, ਇਹੀ ਸਮੁੱਚੀ ਕਹਾਣੀ ਹੈ। ਹਾਲਾਂਕਿ, ਤੁਹਾਡੇ ਲਈ ਇਹ ਸਮਝਣਾ ਲਾਜ਼ਮੀ ਹੈ ਕਿ ਪਰਮੇਸ਼ੁਰ ਅੱਜ ਜੋ ਕੰਮ ਕਰ ਰਿਹਾ ਹੈ ਉਸ ਦੇ ਪਿੱਛੇ ਪੂਰਨ ਉਦੇਸ਼ ਤੁਹਾਨੂੰ ਬਚਾਉਣਾ ਅਤੇ ਸ਼ਤਾਨ ਨੂੰ ਹਰਾਉਣਾ ਹੈ।

ਕਿਉਂਕਿ ਦੂਤ ਖ਼ਾਸਕਰ ਕਮਜ਼ੋਰ ਸਨ ਅਤੇ ਬੋਲਣ ਦੀ ਕੋਈ ਕਾਬਲੀਅਤ ਨਹੀਂ ਰੱਖਦੇ ਸਨ, ਅਧਿਕਾਰ ਦਿੱਤੇ ਜਾਣ ਤੋਂ ਇੱਕਦਮ ਬਾਅਦ ਉਹ ਘਮੰਡੀ ਹੋ ਗਏ। ਇਹ ਵਿਸ਼ੇਸ਼ ਤੌਰ ਤੇ ਪ੍ਰਧਾਨ ਸਵਰਗਦੂਤ ਦੇ ਬਾਰੇ ਸੱਚ ਸੀ, ਜਿਸਦੀ ਸਥਿਤੀ ਹੋਰ ਕਿਸੇ ਵੀ ਦੂਤ ਨਾਲੋਂ ਉੱਚੀ ਸੀ। ਦੂਤਾਂ ਵਿਚਕਾਰ ਇਕ ਰਾਜਾ, ਜਿਸ ਨੇ ਉਨ੍ਹਾਂ ਲੱਖਾਂ ਦੀ ਅਗਵਾਈ ਕੀਤੀ, ਅਤੇ ਯਹੋਵਾਹ ਦੇ ਅਧੀਨ, ਇਸ ਦਾ ਅਧਿਕਾਰ ਦੂਸਰੇ ਦੂਤਾਂ ਨਾਲੋਂ ਕਿਤੇ ਵੱਧ ਗਿਆ। ਇਹ ਬਹੁਤ ਕੁਝ ਕਰਨਾ ਚਾਹੁੰਦਾ ਸੀ ਅਤੇ ਇਹ, ਦੂਤਾਂ ਨੂੰ ਹੇਠਾਂ ਮਨੁੱਖਾਂ ਦਰਮਿਆਨ ਲਿਆ ਕੇ ਸੰਸਾਰ ਨੂੰ ਨਿਯੰਤਰਿਤ ਕਰਨ ਲਈ ਉਨ੍ਹਾਂ ਦੀ ਅਗਵਾਈ ਕਰਨਾ ਚਾਹੁੰਦਾ ਸੀ। ਪਰਮੇਸ਼ੁਰ ਨੇ ਕਿਹਾ ਕਿ ਉਹ ਆਪ ਹੈ ਜੋ ਜਹਾਨ ਦਾ ਪ੍ਰਤੀਨਿਧੀ ਹੈ; ਪਰ ਪ੍ਰਧਾਨ ਸਵਰਗਦੂਤ ਨੇ ਦਾਅਵਾ ਕੀਤਾ ਕਿ ਇਹ ਜਹਾਨ ਦਾ ਪ੍ਰਤੀਨਿਧੀ ਸੀ—ਇਸਤੋਂ ਬਾਅਦ ਪ੍ਰਧਾਨ ਸਵਰਗਦੂਤ ਨੇ ਪਰਮੇਸ਼ੁਰ ਨਾਲ ਛਲ ਕੀਤਾ। ਪਰਮੇਸ਼ੁਰ ਨੇ ਸਵਰਗ ਵਿਚ ਇਕ ਹੋਰ ਸੰਸਾਰ ਦੀ ਸਿਰਜਣਾ ਕੀਤੀ ਸੀ, ਅਤੇ ਪ੍ਰਧਾਨ ਸਵਰਗਦੂਤ ਨੇ ਇਸ ਸੰਸਾਰ ਨੂੰ ਨਿਯੰਤਰਿਤ ਕਰਨ ਅਤੇ ਮਰਨਹਾਰ ਖੇਤਰ ਵਿਚ ਉਤਰਨ ਦੀ ਇੱਛਾ ਕੀਤੀ। ਕੀ ਪਰਮੇਸ਼ੁਰ ਅਜਿਹਾ ਕਰਨ ਦੀ ਪ੍ਰਵਾਨਗੀ ਦੇ ਸਕਦਾ ਸੀ? ਇਸ ਤਰ੍ਹਾਂ, ਉਸ ਨੇ ਪ੍ਰਧਾਨ ਸਵਰਗਦੂਤ ’ਤੇ ਵਾਰ ਕੀਤਾ ਅਤੇ ਇਸ ਨੂੰ ਹੇਠਾਂ ਅਕਾਸ਼ ਅਤੇ ਧਰਤੀ ਵਿੱਚ ਲਮਕਾ ਦਿੱਤਾ। ਜਦੋਂ ਤੋਂ ਇਸ ਨੇ ਮਨੁੱਖਾਂ ਨੂੰ ਭ੍ਰਿਸ਼ਟ ਕੀਤਾ, ਪਰਮੇਸ਼ੁਰ ਨੇ ਉਨ੍ਹਾਂ ਨੂੰ ਬਚਾਉਣ ਲਈ ਪ੍ਰਧਾਨ ਸਵਰਗਦੂਤ ਨਾਲ ਲੜਾਈ ਲੜੀ ਹੈ; ਉਸ ਨੇ ਇਸ ਦੀ ਹਾਰ ਦੇ ਲਈ ਇਨ੍ਹਾਂ ਛੇ ਹਜ਼ਾਰ ਸਾਲਾਂ ਦੀ ਵਰਤੋਂ ਕੀਤੀ ਹੈ। ਸਰਬਸ਼ਕਤੀਮਾਨ ਪਰਮੇਸ਼ੁਰ ਬਾਰੇ ਤੁਹਾਡੀ ਧਾਰਨਾ ਉਸ ਕੰਮ ਦੇ ਅਨੁਕੂਲ ਨਹੀਂ ਹੈ ਜੋ ਇਸ ਸਮੇਂ ਪਰਮੇਸ਼ੁਰ ਕਰ ਰਿਹਾ ਹੈ; ਇਹ ਬਿਲਕੁਲ ਅਵਿਹਾਰਕ ਹੈ, ਅਤੇ ਇਹ ਬਹੁਤ ਵੱਡਾ ਭੁਲੇਖਾ ਹੈ! ਦਰਅਸਲ, ਪ੍ਰਧਾਨ ਸਵਰਗਦੂਤ ਦੇ ਛਲ ਤੋਂ ਬਾਅਦ ਹੀ ਪਰਮੇਸ਼ੁਰ ਨੇ ਉਸ ਨੂੰ ਆਪਣਾ ਦੁਸ਼ਮਣ ਕਰਾਰ ਦਿੱਤਾ। ਇਹ ਕੇਵਲ ਉਸ ਦੇ ਛਲ ਦੇ ਕਾਰਨ ਸੀ ਕਿ ਪ੍ਰਧਾਨ ਸਵਰਗਦੂਤ ਨੇ ਮਰਨਹਾਰ ਖੇਤਰ ਵਿੱਚ ਆਉਣ ਤੋਂ ਬਾਅਦ ਮਨੁੱਖਤਾ ਨੂੰ ਕੁਚਲਿਆ, ਅਤੇ ਇਹੀ ਕਾਰਨ ਹੈ ਕਿ ਮਨੁੱਖਤਾ ਇਸ ਅਵਸਥਾ ਤਕ ਵਿਕਸਤ ਹੋਈ ਹੈ। ਇਹ ਵਾਪਰਣ ਤੋਂ ਬਾਅਦ, ਪਰਮੇਸ਼ੁਰ ਨੇ ਸ਼ਤਾਨ ਨੂੰ ਸਹੁੰ ਖਾ ਕੇ ਕਿਹਾ, “ਮੈਂ ਤੈਨੂੰ ਹਰਾ ਦੇਵਾਂਗਾ ਅਤੇ ਆਪਣੇ ਸਿਰਜੇ ਹੋਏ ਸਾਰੇ ਮਨੁੱਖਾਂ ਨੂੰ ਬਚਾ ਲਵਾਂਗਾ।” ਸ਼ੁਰੂ ਵਿੱਚ ਯਕੀਨ ਨਾ ਕਰਦੇ ਹੋਏ, ਸ਼ਤਾਨ ਨੇ ਉੱਤਰ ਦਿੱਤਾ, “ਤੂੰ ਅਸਲ ਵਿੱਚ ਮੇਰਾ ਕੀ ਵਿਗਾੜ ਸਕਦਾ ਹੈਂ? ਕੀ ਤੂੰ ਸੱਚਮੁੱਚ ਮੈਨੂੰ ਮਾਰ ਕੇ ਧਰਤੀ ਅਤੇ ਅਕਾਸ਼ ਦੇ ਵਿਚਕਾਰ ਸੁੱਟ ਸਕਦਾ ਹੈਂ? ਕੀ ਤੂੰ ਸੱਚਮੁੱਚ ਮੈਨੂੰ ਹਰਾ ਸਕਦਾ ਹੈਂ?” ਪਰਮੇਸ਼ੁਰ ਨੇ ਉਸ ਨੂੰ ਅਕਾਸ਼ ਅਤੇ ਧਰਤੀ ਦੇ ਵਿਚਕਾਰ ਸੁੱਟਣ ਤੋਂ ਬਾਅਦ ਪ੍ਰਧਾਨ ਸਵਰਗਦੂਤ ਵੱਲ ਹੋਰ ਧਿਆਨ ਨਹੀਂ ਦਿੱਤਾ, ਅਤੇ ਬਾਅਦ ਵਿਚ ਸ਼ਤਾਨ ਦੀਆਂ ਨਿਰੰਤਰ ਚੱਲ ਰਹੀਆਂ ਗੜਬੜੀਆਂ ਦੇ ਬਾਵਜੂਦ ਮਨੁੱਖਤਾ ਨੂੰ ਬਚਾਉਣ ਅਤੇ ਆਪਣਾ ਕੰਮ ਕਰਨ ਵਿੱਚ ਲੱਗ ਗਿਆ। ਸ਼ਤਾਨ ਬਹੁਤ ਕੁਝ ਕਰਨ ਦੇ ਯੋਗ ਸੀ, ਪਰ ਇਹ ਸਭ ਉਹਨਾਂ ਸ਼ਕਤੀਆਂ ਕਰਕੇ ਹੀ ਸੀ ਜੋ ਪਰਮੇਸ਼ੁਰ ਨੇ ਪਹਿਲਾਂ ਇਸ ਨੂੰ ਦਿੱਤੀਆਂ ਸਨ; ਇਹ ਉਨ੍ਹਾਂ ਨੂੰ ਆਪਣੇ ਨਾਲ ਅਕਾਸ਼ ਅਤੇ ਧਰਤੀ ਦੇ ਵਿਚਕਾਰ ਲੈ ਗਿਆ ਅਤੇ ਇਸਨੇ ਉਨ੍ਹਾਂ ਨੂੰ ਅੱਜ ਤੱਕ ਰੱਖਿਆ ਹੋਇਆ ਹੈ। ਪ੍ਰਧਾਨ ਸਵਰਗਦੂਤ ਨੂੰ ਅਕਾਸ਼ ਅਤੇ ਧਰਤੀ ਦੇ ਵਿਚਕਾਰ ਸੁੱਟਣ ਵੇਲੇ, ਪਰਮੇਸ਼ੁਰ ਨੇ ਆਪਣਾ ਅਧਿਕਾਰ ਵਾਪਸ ਨਹੀਂ ਲਿਆ ਅਤੇ ਇਸ ਤਰ੍ਹਾਂ ਸ਼ਤਾਨ ਮਨੁੱਖਤਾ ਨੂੰ ਭ੍ਰਿਸ਼ਟ ਕਰਦਾ ਰਿਹਾ। ਦੂਜੇ ਪਾਸੇ, ਪਰਮੇਸ਼ੁਰ ਨੇ ਮਨੁੱਖਤਾ ਨੂੰ ਬਚਾਉਣਾ ਸ਼ੁਰੂ ਕੀਤਾ, ਜਿਸ ਨੂੰ ਸ਼ਤਾਨ ਨੇ ਉਨ੍ਹਾਂ ਦੀ ਸਿਰਜਣਾ ਤੋਂ ਤੁਰੰਤ ਬਾਅਦ ਭ੍ਰਿਸ਼ਟ ਕਰ ਦਿੱਤਾ ਸੀ। ਪਰਮੇਸ਼ੁਰ ਨੇ ਸਵਰਗ ਵਿੱਚ ਹੁੰਦਿਆਂ ਆਪਣੇ ਕੰਮਾਂ ਨੂੰ ਉਜਾਗਰ ਨਹੀਂ ਕੀਤਾ; ਹਾਲਾਂਕਿ, ਧਰਤੀ ਨੂੰ ਸਿਰਜਣ ਤੋਂ ਪਹਿਲਾਂ, ਉਸ ਨੇ ਸਵਰਗ ਵਿੱਚ ਸਿਰਜੇ ਸੰਸਾਰ ਦੇ ਲੋਕਾਂ ਨੂੰ ਆਪਣਾ ਕੰਮ ਵੇਖਣ ਦੀ ਆਗਿਆ ਦਿੱਤੀ, ਇਸ ਤਰ੍ਹਾਂ ਉਨ੍ਹਾਂ ਲੋਕਾਂ ਦੀ ਉੱਪਰ ਸਵਰਗ ਵਿੱਚ ਅਗਵਾਈ ਕੀਤੀ। ਉਸ ਨੇ ਉਨ੍ਹਾਂ ਨੂੰ ਬੁੱਧ ਅਤੇ ਸਿਆਣਪ ਦਿੱਤੀ, ਅਤੇ ਉਨ੍ਹਾਂ ਲੋਕਾਂ ਦੀ ਉਸ ਸੰਸਾਰ ਵਿੱਚ ਰਹਿਣ ਲਈ ਅਗਵਾਈ ਦਿੱਤੀ। ਕੁਦਰਤੀ ਤੌਰ ’ਤੇ, ਤੁਹਾਡੇ ਵਿੱਚੋਂ ਕਿਸੇ ਨੇ ਪਹਿਲਾਂ ਕਦੇ ਇਸ ਬਾਰੇ ਨਹੀਂ ਸੁਣਿਆ ਹੈ। ਬਾਅਦ ਵਿੱਚ, ਜਦੋਂ ਪਰਮੇਸ਼ੁਰ ਨੇ ਮਨੁੱਖਾਂ ਨੂੰ ਸਿਰਜਿਆ, ਪ੍ਰਧਾਨ ਸਵਰਗਦੂਤ ਨੇ ਉਨ੍ਹਾਂ ਨੂੰ ਭ੍ਰਿਸ਼ਟ ਕਰਨਾ ਸ਼ੁਰੂ ਕਰ ਦਿੱਤਾ; ਧਰਤੀ ਉੱਤੇ, ਸਾਰੀ ਮਨੁੱਖਤਾ ਹਫੜਾ-ਦਫੜੀ ਵਿਚ ਪੈ ਗਈ। ਕੇਵਲ ਉਦੋਂ ਹੀ ਪਰਮੇਸ਼ੁਰ ਨੇ ਸ਼ਤਾਨ ਵਿਰੁੱਧ ਆਪਣੀ ਲੜਾਈ ਸ਼ੁਰੂ ਕੀਤੀ ਸੀ, ਅਤੇ ਕੇਵਲ ਉਦੋਂ ਹੀ ਮਨੁੱਖਾਂ ਨੇ ਉਸ ਦੇ ਕੰਮ ਵੇਖਣੇ ਸ਼ੁਰੂ ਕੀਤੇ। ਸ਼ੁਰੂ ਵਿਚ, ਅਜਿਹੇ ਕੰਮ ਮਨੁੱਖਤਾ ਤੋਂ ਲੁਕਾਏ ਗਏ ਸਨ। ਸ਼ਤਾਨ ਨੂੰ ਅਕਾਸ਼ ਅਤੇ ਧਰਤੀ ਦੇ ਵਿਚਕਾਰ ਸੁੱਟਣ ਤੋਂ ਬਾਅਦ, ਇਸ ਨੇ ਆਪਣੀਆਂ ਚੀਜ਼ਾਂ ਕੀਤੀਆਂ ਅਤੇ ਪਰਮੇਸ਼ੁਰ ਆਪਣਾ ਕੰਮ ਕਰਦਾ ਰਿਹਾ, ਸ਼ਤਾਨ ਦੇ ਵਿਰੁੱਧ ਲਗਾਤਾਰ ਲੜਾਈ ਕਰਦਾ ਰਿਹਾ, ਬਿਲਕੁਲ ਅੰਤ ਦੇ ਦਿਨਾਂ ਤੱਕ। ਹੁਣ ਉਹ ਸਮਾਂ ਹੈ ਜਿਸ ਵਿਚ ਸ਼ਤਾਨ ਦਾ ਨਾਸ ਕੀਤਾ ਜਾਣਾ ਜ਼ਰੂਰੀ ਹੈ। ਸ਼ੁਰੂ ਵਿਚ, ਪਰਮੇਸ਼ੁਰ ਨੇ ਇਸ ਨੂੰ ਅਧਿਕਾਰ ਦਿੱਤਾ, ਅਤੇ ਬਾਅਦ ਵਿਚ ਉਸ ਨੇ ਇਸ ਨੂੰ ਅਕਾਸ਼ ਦੇ ਧਰਤੀ ਵਿਚਕਾਰ ਸੁੱਟ ਦਿੱਤਾ, ਫਿਰ ਵੀ ਇਹ ਅਵੱਗਿਆਕਾਰੀ ਰਿਹਾ। ਉਸ ਤੋਂ ਬਾਅਦ, ਇਸਨੇ ਧਰਤੀ ਉੱਤੇ ਮਨੁੱਖਤਾ ਨੂੰ ਭ੍ਰਿਸ਼ਟ ਕਰ ਦਿੱਤਾ, ਪਰ ਪਰਮੇਸ਼ੁਰ ਉੱਥੇ ਮਨੁੱਖਤਾ ਦਾ ਪ੍ਰਬੰਧ ਕਰ ਰਿਹਾ ਸੀ। ਪਰਮੇਸ਼ੁਰ ਸ਼ਤਾਨ ਨੂੰ ਹਰਾਉਣ ਲਈ ਆਪਣੇ ਮਨੁੱਖਾਂ ਦੇ ਪ੍ਰਬੰਧਨ ਦੀ ਵਰਤੋਂ ਕਰਦਾ ਹੈ। ਲੋਕਾਂ ਨੂੰ ਭ੍ਰਿਸ਼ਟ ਕਰਕੇ, ਸ਼ਤਾਨ ਉਨ੍ਹਾਂ ਦੀ ਅੱਗੇ ਦੀ ਅਵਸਥਾ ਦਾ ਅੰਤ ਲਿਆਉਂਦਾ ਹੈ ਅਤੇ ਪਰਮੇਸ਼ੁਰ ਦੇ ਕੰਮ ਵਿਚ ਵਿਘਨ ਪਾਉਂਦਾ ਹੈ। ਦੂਜੇ ਪਾਸੇ, ਪਰਮੇਸ਼ੁਰ ਦਾ ਕੰਮ ਮਨੁੱਖਤਾ ਦੀ ਮੁਕਤੀ ਹੈ। ਪਰਮੇਸ਼ੁਰ ਦਾ ਅਜਿਹਾ ਕਿਹੜਾ ਕਦਮ ਹੈ ਜੋ ਮਨੁੱਖਤਾ ਨੂੰ ਬਚਾਉਣ ਲਈ ਨਹੀਂ ਹੈ? ਕਿਹੜਾ ਕਦਮ ਲੋਕਾਂ ਨੂੰ ਸਾਫ਼ ਕਰਨ ਲਈ, ਅਤੇ ਉਨ੍ਹਾਂ ਅੰਦਰ ਧਾਰਮਿਕਤਾ ਦਾ ਰਵੱਈਆ ਪੈਦਾ ਕਰਨ ਲਈ ਅਤੇ ਅਜਿਹੇ ਸਰੂਪ ਬਣ ਕੇ ਜੀਉਣ ਲਈ ਨਹੀਂ ਹੈ ਜਿਨ੍ਹਾਂ ਨਾਲ ਪ੍ਰੇਮ ਕੀਤਾ ਜਾ ਸਕਦਾ ਹੈ? ਸ਼ਤਾਨ, ਹਾਲਾਂਕਿ, ਅਜਿਹਾ ਨਹੀਂ ਕਰਦਾ। ਇਹ ਮਨੁੱਖਤਾ ਨੂੰ ਭ੍ਰਿਸ਼ਟ ਕਰਦਾ ਹੈ; ਇਹ ਨਿਰੰਤਰ ਸਾਰੇ ਜਹਾਨ ਵਿੱਚ ਮਨੁੱਖਤਾ ਨੂੰ ਭ੍ਰਿਸ਼ਟ ਕਰਨ ਦੇ ਆਪਣੇ ਕੰਮ ਨੂੰ ਜਾਰੀ ਰੱਖਦਾ ਹੈ। ਬੇਸ਼ੱਕ, ਪਰਮੇਸ਼ੁਰ ਵੀ ਆਪਣਾ ਕੰਮ ਕਰਦੇ ਸਮੇਂ, ਸ਼ਤਾਨ ਵੱਲ ਕੋਈ ਧਿਆਨ ਨਹੀਂ ਦਿੰਦਾ। ਭਾਵੇਂ ਸ਼ਤਾਨ ਕੋਲ ਕਿੰਨਾ ਹੀ ਅਧਿਕਾਰ ਕਿਉਂ ਨਾ ਹੋਵੇ, ਪਰ ਇਹ ਅਧਿਕਾਰ ਅਜੇ ਵੀ ਉਸ ਨੂੰ ਪਰਮੇਸ਼ੁਰ ਦੁਆਰਾ ਦਿੱਤਾ ਗਿਆ ਸੀ; ਪਰਮੇਸ਼ੁਰ ਨੇ ਅਸਲ ਵਿੱਚ ਇਸ ਨੂੰ ਆਪਣਾ ਸਾਰਾ ਅਧਿਕਾਰ ਨਹੀਂ ਦਿੱਤਾ, ਅਤੇ ਇਸ ਲਈ ਭਾਵੇਂ ਸ਼ਤਾਨ ਜੋ ਮਰਜ਼ੀ ਕਰੇ, ਇਹ ਕਦੇ ਵੀ ਪਰਮੇਸ਼ੁਰ ਨੂੰ ਪਿੱਛੇ ਨਹੀਂ ਛੱਡ ਸਕਦਾ ਅਤੇ ਹਮੇਸ਼ਾਂ ਪਰਮੇਸ਼ੁਰ ਦੀ ਪਕੜ ਵਿੱਚ ਰਹੇਗਾ। ਸਵਰਗ ਵਿਚ ਰਹਿੰਦਿਆਂ ਪਰਮੇਸ਼ੁਰ ਨੇ ਕਦੇ ਆਪਣੇ ਕੰਮਾਂ ਨੂੰ ਉਜਾਗਰ ਨਹੀਂ ਕੀਤਾ। ਉਸ ਨੇ ਸ਼ਤਾਨ ਨੂੰ ਆਪਣੇ ਅਧਿਕਾਰ ਦਾ ਕੇਵਲ ਇਕ ਛੋਟਾ ਜਿਹਾ ਹਿੱਸਾ ਹੀ ਦਿੱਤਾ ਅਤੇ ਇਸ ਨੂੰ ਦੂਸਰੇ ਦੂਤਾਂ ਉੱਤੇ ਨਿਯੰਤਰਣ ਕਰਨ ਦਿੱਤਾ। ਇਸ ਲਈ, ਭਾਵੇਂ ਸ਼ਤਾਨ ਜੋ ਵੀ ਕਰਦਾ ਹੈ, ਇਹ ਪਰਮੇਸ਼ੁਰ ਦੇ ਅਧਿਕਾਰ ਨੂੰ ਪਿੱਛੇ ਨਹੀਂ ਛੱਡ ਸਕਦਾ, ਕਿਉਂਕਿ, ਅਧਿਕਾਰ ਜੋ ਪਰਮੇਸ਼ੁਰ ਨੇ ਇਸ ਨੂੰ ਅਸਲ ਵਿੱਚ ਦਿੱਤਾ ਸੀ ਇਹ ਸੀਮਤ ਹੈ। ਜਿਵੇਂ-ਜਿਵੇਂ ਪਰਮੇਸ਼ੁਰ ਕੰਮ ਕਰਦਾ ਹੈ, ਸ਼ਤਾਨ ਉਸ ਨੂੰ ਵਿਗਾੜਦਾ ਜਾਂਦਾ ਹੈ। ਅੰਤ ਦੇ ਦਿਨਾਂ ਵਿੱਚ, ਇਸ ਦੀਆਂ ਰੁਕਾਵਟਾਂ ਖਤਮ ਹੋ ਜਾਣਗੀਆਂ; ਇਸੇ ਤਰ੍ਹਾਂ, ਪਰਮੇਸ਼ੁਰ ਦਾ ਕੰਮ ਵੀ ਪੂਰਾ ਹੋ ਜਾਵੇਗਾ, ਅਤੇ ਪਰਮੇਸ਼ੁਰ ਜਿਸ ਕਿਸਮ ਦੇ ਮਨੁੱਖਾਂ ਨੂੰ ਸੰਪੂਰਣ ਬਣਾਉਣਾ ਚਾਹੁੰਦਾ ਹੈ, ਸੰਪੂਰਣ ਬਣਾਏ ਜਾਣਗੇ। ਪਰਮੇਸ਼ੁਰ ਲੋਕਾਂ ਨੂੰ ਸਕਾਰਾਤਮਕਤਾ ਨਾਲ ਨਿਰਦੇਸ਼ ਦਿੰਦਾ ਹੈ; ਉਸ ਦਾ ਜੀਵਨ ਜੀਉਂਦਾ ਜਲ, ਅਥਾਹ, ਅਤੇ ਬੇਅੰਤ ਹੈ। ਸ਼ਤਾਨ ਨੇ ਮਨੁੱਖ ਨੂੰ ਕੁਝ ਹੱਦ ਤਕ ਭ੍ਰਿਸ਼ਟ ਕਰ ਦਿੱਤਾ ਹੈ; ਅੰਤ ਵਿੱਚ, ਜੀਵਨ ਦਾ ਜੀਉਂਦਾ ਜਲ ਮਨੁੱਖ ਨੂੰ ਸੰਪੂਰਣ ਬਣਾ ਦੇਵੇਗਾ, ਅਤੇ ਸ਼ਤਾਨ ਲਈ ਦਖਲਅੰਦਾਜ਼ੀ ਕਰਨਾ ਅਤੇ ਇਸ ਦੇ ਕੰਮ ਨੂੰ ਪੂਰਾ ਕਰਨਾ ਅਸੰਭਵ ਹੋਵੇਗਾ। ਇਸ ਤਰ੍ਹਾਂ, ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰਨ ਦੇ ਯੋਗ ਹੋਵੇਗਾ। ਹੁਣ ਵੀ, ਸ਼ਤਾਨ ਅਜੇ ਵੀ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ; ਇਹ ਨਿਰੰਤਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਵਿਰੁੱਧ ਖੜ੍ਹਾ ਕਰਦਾ ਹੈ, ਪਰ ਉਹ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ। ਪਰਮੇਸ਼ੁਰ ਨੇ ਕਹਿ ਦਿੱਤਾ ਹੈ, “ਮੈਂ ਸ਼ਤਾਨ ਦੀਆਂ ਸਾਰੀਆਂ ਹਨੇਰੇ ਦੀਆਂ ਤਾਕਤਾਂ ਅਤੇ ਸਾਰੇ ਹਨੇਰੇ ਦੇ ਪ੍ਰਭਾਵਾਂ ਉੱਤੇ ਜਿੱਤ ਪ੍ਰਾਪਤ ਕਰਾਂਗਾ।” ਇਹ ਉਹ ਕੰਮ ਹੈ ਜੋ ਸਰੀਰ ਵਿੱਚ ਕੀਤਾ ਜਾਣਾ ਹੈ, ਅਤੇ ਇਹ ਉਹ ਕੰਮ ਹੈ ਜੋ ਸਰੀਰ ਧਾਰਨ ਨੂੰ ਮਹੱਤਵਪੂਰਨ ਬਣਾਉਂਦਾ ਹੈ: ਭਾਵ, ਅੰਤ ਦੇ ਦਿਨਾਂ ਵਿੱਚ ਸ਼ਤਾਨ ਨੂੰ ਹਰਾਉਣ ਦੇ ਕੰਮ ਦੇ ਪੜਾਅ ਨੂੰ ਪੂਰਾ ਕਰਨਾ, ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਟਾਉਣਾ ਜੋ ਸ਼ਤਾਨ ਦੀਆਂ ਹਨ। ਸ਼ਤਾਨ ਉੱਤੇ ਪਰਮੇਸ਼ੁਰ ਦੀ ਜਿੱਤ ਅਟੱਲ ਹੈ! ਦਰਅਸਲ, ਸ਼ਤਾਨ ਬਹੁਤ ਪਹਿਲਾਂ ਹੀ ਅਸਫਲ ਹੋ ਗਿਆ ਸੀ। ਜਦੋਂ ਵੱਡੇ ਲਾਲ ਅਜਗਰ ਦੀ ਖੁਸ਼ਖਬਰੀ ਸਾਰੀ ਧਰਤੀ ਉੱਪਰ ਫੈਲਣੀ ਸ਼ੁਰੂ ਹੋਈ-ਭਾਵ ਜਦੋਂ ਦੇਹਧਾਰੀ ਪਰਮੇਸ਼ੁਰ ਨੇ ਆਪਣਾ ਕੰਮ ਸ਼ੁਰੂ ਕੀਤਾ ਅਤੇ ਇਸ ਕੰਮ ਦੀ ਸ਼ੁਰੁਆਤ ਹੋਈ—ਤਾਂ ਸ਼ਤਾਨ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਗਿਆ ਸੀ, ਕਿਉਂਕਿ ਦੇਹਧਾਰਨ ਦਾ ਉਦੇਸ਼ ਸ਼ੈਤਾਨ ਨੂੰ ਹਰਾਉਣਾ ਸੀ। ਜਿਵੇਂ ਹੀ ਸ਼ਤਾਨ ਨੇ ਵੇਖਿਆ ਕਿ ਪਰਮੇਸ਼ੁਰ ਨੇ ਇਕ ਵਾਰ ਫਿਰ ਦੇਹਧਾਰਨ ਕਰ ਲਿਆ ਹੈ ਅਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਕੋਈ ਵੀ ਸ਼ਕਤੀ ਨਹੀਂ ਰੋਕ ਸਕਦੀ ਸੀ, ਤਾਂ ਉਹ ਇਸ ਕੰਮ ਨੂੰ ਦੇਖ ਕੇ ਹੱਕਾ-ਬੱਕਾ ਰਹਿ ਗਿਆ, ਅਤੇ ਉਸ ਨੇ ਹੋਰ ਕੋਈ ਸ਼ਰਾਰਤ ਕਰਨ ਦੀ ਹਿੰਮਤ ਨਹੀਂ ਕੀਤੀ। ਪਹਿਲਾਂ ਸ਼ਤਾਨ ਨੇ ਸੋਚਿਆ ਕਿ ਇਸ ਨੂੰ ਵੀ ਬਹੁਤ ਸਾਰੀ ਬੁੱਧ ਬਖ਼ਸ਼ੀ ਗਈ ਹੈ, ਅਤੇ ਇਸਨੇ ਪਰਮੇਸ਼ੁਰ ਦੇ ਕੰਮ ਵਿਚ ਵਿਘਨ ਪਾਇਆ ਅਤੇ ਤੰਗ ਕੀਤਾ; ਹਾਲਾਂਕਿ, ਇਸਨੇ ਇਹ ਉਮੀਦ ਨਹੀਂ ਕੀਤੀ ਕਿ ਪਰਮੇਸ਼ੁਰ ਇੱਕ ਵਾਰ ਫਿਰ ਦੇਹਧਾਰਨ ਕਰ ਲਵੇਗਾ, ਜਾਂ ਇਹ ਕਿ ਪਰਮੇਸ਼ੁਰ ਆਪਣੇ ਕੰਮ ਵਿੱਚ ਸ਼ਤਾਨ ਦੇ ਵਿਦਰੋਹ ਨੂੰ ਮਨੁੱਖਤਾ ਲਈ ਇੱਕ ਪ੍ਰਗਟਾਵੇ ਅਤੇ ਨਿਆਂ ਵਜੋਂ ਵਰਤੇਗਾ, ਉਹ ਇਸ ਤਰ੍ਹਾਂ ਮਨੁੱਖਾਂ ਨੂੰ ਜਿੱਤ ਕੇ ਸ਼ਤਾਨ ਨੂੰ ਹਰਾ ਦੇਵੇਗਾ। ਪਰਮੇਸ਼ੁਰ ਸ਼ਤਾਨ ਨਾਲੋਂ ਜ਼ਿਆਦਾ ਬੁੱਧੀਮਾਨ ਹੈ, ਅਤੇ ਉਸ ਦਾ ਕੰਮ ਇਸ ਤੋਂ ਕਿਤੇ ਵੱਧ ਹੈ। ਇਸ ਲਈ, ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, “ਮੈਂ ਜੋ ਕੰਮ ਕਰਦਾ ਹਾਂ ਉਹ ਸ਼ਤਾਨ ਦੇ ਛਲਾਂ ਦੇ ਜਵਾਬ ਵਿਚ ਕੀਤਾ ਜਾਂਦਾ ਹੈ; ਅੰਤ ਵਿੱਚ, ਮੈਂ ਆਪਣੀ ਸ਼ਕਤੀ ਅਤੇ ਸ਼ਤਾਨ ਦੀ ਕਮਜ਼ੋਰੀ ਨੂੰ ਉਜਾਗਰ ਕਰਾਂਗਾ।” ਪਰਮੇਸ਼ੁਰ ਆਪਣਾ ਕੰਮ ਸਭ ਤੋਂ ਪਹਿਲਾਂ ਕਰੇਗਾ, ਜਦੋਂ ਕਿ ਸ਼ਤਾਨ ਪਿੱਛੇ ਰਹਿ ਜਾਵੇਗਾ, ਜਦ ਤਕ, ਅੰਤ ਵਿਚ ਇਸ ਦਾ ਨਾਸ ਨਹੀਂ ਹੋ ਜਾਂਦਾ—ਉਸ ਨੂੰ ਇਹ ਵੀ ਪਤਾ ਨਹੀਂ ਲੱਗੇਗਾ ਕਿ ਇਸ ਨੂੰ ਕਿਸਨੇ ਮਾਰਿਆ! ਇਸ ਨੂੰ ਸੱਚਾਈ ਪ੍ਰਤੱਖ ਉਦੋਂ ਹੀ ਹੋਵੇਗੀ ਜਦੋਂ ਇਸ ਨੂੰ ਪਹਿਲਾਂ ਹੀ ਭੰਨ-ਤੋੜ ਅਤੇ ਕੁਚਲਿਆ ਜਾ ਚੁੱਕਿਆ ਹੋਵੇਗਾ, ਅਤੇ ਉਦੋਂ ਤੱਕ, ਇਸ ਨੂੰ ਅੱਗ ਦੀ ਝੀਲ ਵਿੱਚ ਪਹਿਲਾਂ ਹੀ ਸਾੜਿਆ ਜਾ ਚੁੱਕਿਆ ਹੋਵੇਗਾ। ਕੀ ਉਦੋਂ ਇਸ ਨੂੰ ਪੂਰਾ ਯਕੀਨ ਨਹੀਂ ਹੋ ਜਾਵੇਗਾ? ਕਿਉਂਕਿ ਸ਼ਤਾਨ ਕੋਲ ਫਿਰ ਵਰਤਣ ਲਈ ਕੋਈ ਵਿਉਂਤਾਂ ਨਹੀਂ ਹੋਣਗੀਆਂ!

ਇਹ ਕਦਮ-ਦਰ-ਕਦਮ, ਯਥਾਰਥਵਾਦੀ ਕੰਮ ਹੈ ਜੋ ਅਕਸਰ ਪਰਮੇਸ਼ੁਰ ਦੇ ਦਿਲ ਨੂੰ ਮਨੁੱਖਤਾ ਲਈ ਸੋਗ ਹੇਠਾਂ ਦੱਬ ਦਿੰਦਾ ਹੈ, ਇਸ ਲਈ ਸ਼ਤਾਨ ਨਾਲ ਉਸ ਦੀ ਲੜਾਈ ਛੇ ਹਜ਼ਾਰ ਸਾਲਾਂ ਤੱਕ ਚੱਲੀ ਹੈ, ਅਤੇ ਪਰਮੇਸ਼ੁਰ ਨੇ ਕਿਹਾ ਹੈ, “ਮੈਂ ਫਿਰ ਕਦੇ ਮਨੁੱਖਤਾ ਨਹੀਂ ਸਿਰਜਾਂਗਾ, ਅਤੇ ਨਾ ਹੀ ਕਦੇ ਦੂਤਾਂ ਨੂੰ ਅਧਿਕਾਰ ਪ੍ਰਦਾਨ ਕਰਾਂਗਾ।” ਉਸ ਸਮੇਂ ਤੋਂ, ਜਦੋਂ ਦੂਤ ਧਰਤੀ ਉੱਤੇ ਕੰਮ ਕਰਨ ਲਈ ਆਏ, ਤਾਂ ਉਨ੍ਹਾਂ ਕੁਝ ਕੰਮ ਕਰਨ ਲਈ ਕੇਵਲ ਪਰਮੇਸ਼ੁਰ ਦੇ ਕਹੇ ਅਨੁਸਾਰ ਕੀਤਾ; ਉਸ ਨੇ ਦੁਬਾਰਾ ਕਦੇ ਵੀ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਦਿੱਤਾ। ਇਸਰਾਏਲੀਆਂ ਨੇ ਜੋ ਦੂਤ ਵੇਖੇ ਸਨ ਉਨ੍ਹਾਂ ਨੇ ਆਪਣਾ ਕੰਮ ਕਿਵੇਂ ਪੂਰਾ ਕੀਤਾ? ਉਨ੍ਹਾਂ ਨੇ ਆਪਣੇ ਆਪ ਨੂੰ ਸੁਪਨਿਆਂ ਵਿਚ ਪ੍ਰਗਟ ਕੀਤਾ ਅਤੇ ਯਹੋਵਾਹ ਦੇ ਵਚਨ ਉਨ੍ਹਾਂ ਤਕ ਪਹੁੰਚਾਏ। ਜਦੋਂ ਸਲੀਬ ਉੱਤੇ ਚੜ੍ਹਾਏ ਜਾਣ ਤੋਂ ਤਿੰਨ ਦਿਨ ਬਾਅਦ ਯਿਸੂ ਨੂੰ ਦੁਬਾਰਾ ਜਿਵਾਲਿਆ ਗਿਆ, ਤਾਂ ਦੂਤ ਉਹ ਸਨ ਜਿਨ੍ਹਾਂ ਨੇ ਪੱਥਰ ਨੂੰ ਇੱਕ ਪਾਸੇ ਧੱਕ ਦਿੱਤਾ; ਪਰਮੇਸ਼ੁਰ ਦੇ ਆਤਮਾ ਨੇ ਇਹ ਕੰਮ ਨਿੱਜੀ ਤੌਰ ਤੇ ਨਹੀਂ ਕੀਤਾ। ਦੂਤਾਂ ਨੇ ਕੇਵਲ ਅਜਿਹਾ ਕੰਮ ਹੀ ਕੀਤਾ; ਉਨ੍ਹਾਂ ਨੇ ਸਹਿਯੋਗੀ ਭੂਮਿਕਾਵਾਂ ਨਿਭਾਈਆਂ, ਪਰ ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਸੀ, ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਫਿਰ ਕਦੇ ਕੋਈ ਅਧਿਕਾਰ ਪ੍ਰਦਾਨ ਨਹੀਂ ਕੀਤਾ। ਕੁਝ ਸਮੇਂ ਲਈ ਕੰਮ ਕਰਨ ਤੋਂ ਬਾਅਦ, ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਨੇ ਧਰਤੀ ਉੱਤੇ ਵਰਤਿਆ ਸੀ ਉਨ੍ਹਾਂ ਨੇ ਪਰਮੇਸ਼ੁਰ ਦੀ ਜਗ੍ਹਾ ਮੱਲ ਲਈ ਅਤੇ ਕਿਹਾ, “ਮੈਂ ਸ੍ਰਿਸ਼ਟੀ ਤੋਂ ਵੀ ਵੱਡਾ ਬਣਨਾ ਚਾਹੁੰਦਾ ਹਾਂ! ਮੈਂ ਤੀਜੇ ਅਕਾਸ਼ ਵਿਚ ਖੜ੍ਹਨਾ ਚਾਹੁੰਦਾ ਹਾਂ! ਅਸੀਂ ਪ੍ਰਭੁਤਾ ਦੀ ਸ਼ਕਤੀ ਦੀ ਲਗਾਮ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਹਾਂ!” ਉਹ ਕਈ ਦਿਨਾਂ ਦੇ ਕੰਮ ਤੋਂ ਬਾਅਦ ਹੰਕਾਰੀ ਬਣ ਜਾਂਦੇ; ਉਹ ਧਰਤੀ 'ਤੇ ਪ੍ਰਭੁਤਾ ਦਾ ਅਧਿਕਾਰ ਪ੍ਰਾਪਤ ਕਰਨ, ਇਕ ਹੋਰ ਕੌਮ ਸਥਾਪਤ ਕਰਨ, ਸਭ ਕੁਝ ਆਪਣੇ ਪੈਰਾਂ ਹੇਠ ਰੱਖਣ ਅਤੇ ਤੀਜੇ ਅਕਾਸ਼ ਵਿਚ ਖੜ੍ਹੇ ਹੋਣ ਦੀ ਇੱਛਾ ਰੱਖਦੇ ਸਨ। ਕੀ ਤੂੰ ਨਹੀਂ ਜਾਣਦਾ ਕਿ ਤੂੰ ਪਰਮੇਸ਼ੁਰ ਦੁਆਰਾ ਵਰਤਿਆ ਗਿਆ ਕੇਵਲ ਇੱਕ ਮਨੁੱਖ ਹੀ ਹੈਂ? ਤੂੰ ਤੀਜੇ ਅਕਾਸ਼ ਉੱਪਰ ਕਿਵੇਂ ਚੜ੍ਹ ਸਕਦਾ ਹੈਂ? ਪਰਮੇਸ਼ੁਰ ਧਰਤੀ ਉੱਤੇ ਚੁੱਪਚਾਪ ਅਤੇ ਬਿਨਾਂ ਰੌਲਾ-ਰੱਪਾ ਪਾਏ ਕੰਮ ਕਰਨ ਲਈ ਆਉਂਦਾ ਹੈ, ਅਤੇ ਫਿਰ ਆਪਣੇ ਕੰਮ ਨੂੰ ਚੁੱਪ-ਚੁਪੀਤੇ ਪੂਰਾ ਕਰਨ ਤੋਂ ਬਾਅਦ ਚਲਾ ਜਾਂਦਾ ਹੈ। ਉਹ ਕਦੀ ਵੀ ਮਨੁੱਖਾਂ ਦੀ ਤਰ੍ਹਾਂ ਰੋਂਦਾ-ਕੁਰਲਾਉਂਦਾ ਨਹੀਂ, ਬਲਕਿ ਕੰਮ ਨੂੰ ਪੂਰਾ ਕਰਨ ਵਿੱਚ ਵਿਹਾਰਕ ਹੈ। ਨਾ ਹੀ ਉਹ ਕਦੇ ਕਿਸੇ ਕਲੀਸਿਯਾ ਵਿੱਚ ਦਾਖਲ ਹੁੰਦਾ ਅਤੇ ਚੀਕ ਕੇ ਕਹਿੰਦਾ ਹੈ, “ਮੈਂ ਤੁਹਾਨੂੰ ਸਾਰਿਆਂ ਨੂੰ ਮਿਟਾ ਦੇਵਾਂਗਾ! ਮੈਂ ਤੁਹਾਨੂੰ ਸਰਾਪ ਦੇਵਾਂਗਾ ਅਤੇ ਤੁਹਾਡੀ ਤਾੜਨਾ ਕਰਾਂਗਾ!” ਉਹ ਕੇਵਲ ਆਪਣਾ ਕੰਮ ਕਰਨਾ ਜਾਰੀ ਰੱਖਦਾ ਹੈ, ਅਤੇ ਉਹ ਇਸ ਨੂੰ ਇੱਕ ਵਾਰ ਖਤਮ ਕਰਕੇ ਚਲਾ ਜਾਂਦਾ ਹੈ। ਉਹ ਧਾਰਮਿਕ ਪਾਸਬਾਨ ਜਿਹੜੇ ਬਿਮਾਰਾਂ ਨੂੰ ਚੰਗਾ ਕਰਦੇ ਹਨ ਅਤੇ ਭਰਿਸ਼ਟ ਆਤਮਾਵਾਂ ਨੂੰ ਕੱਢਦੇ ਹਨ, ਹੋਰਾਂ ਨੂੰ ਮੰਚ ਤੋਂ ਉਪਦੇਸ਼ ਦਿੰਦੇ ਹਨ, ਲੰਬੇ ਅਤੇ ਲੱਛੇਦਾਰ ਭਾਸ਼ਣ ਦਿੰਦੇ, ਅਤੇ ਅਯਥਾਰਥਵਾਦੀ ਮਾਮਲਿਆਂ ਦੀ ਚਰਚਾ ਕਰਦੇ ਹਨ, ਇਹ ਸਾਰੇ ਪੂਰੀ ਤਰ੍ਹਾਂ ਨਾਲ ਹੰਕਾਰੇ ਹੋਏ ਹਨ! ਉਹ ਕੋਈ ਹੋਰ ਨਹੀਂ, ਮਹਾਂਦੂਤ ਦੇ ਵੰਸ਼ਜ ਹਨ!

ਆਪਣੇ ਕੰਮ ਦੀ ਛੇ ਹਜ਼ਾਰ ਸਾਲਾ ਯੋਜਨਾ ਨੂੰ ਅੱਜ ਤੱਕ ਪੂਰਾ ਕਰਕੇ, ਪਰਮੇਸ਼ੁਰ ਪਹਿਲਾਂ ਹੀ ਆਪਣੇ ਬਹੁਤ ਸਾਰੇ ਕੰਮ ਪਰਗਟ ਕਰ ਚੁੱਕਾ ਹੈ, ਜਿਨ੍ਹਾਂ ਦਾ ਪ੍ਰਮੁਖ ਉਦੇਸ਼ ਸ਼ਤਾਨ ਨੂੰ ਹਰਾਉਣਾ ਅਤੇ ਸਮੁੱਚੀ ਮਨੁੱਖਤਾ ਨੂੰ ਮੁਕਤੀ ਪ੍ਰਦਾਨ ਕਰਨਾ ਹੈ। ਉਹ ਇਸ ਅਵਸਰ ਦੀ ਵਰਤੋਂ ਕਰਕੇ ਸਵਰਗ ਵਿਚਲੀ ਹਰ ਚੀਜ਼ ਨੂੰ, ਧਰਤੀ ਉੱਪਰ ਹਰ ਚੀਜ਼ ਨੂੰ, ਸਮੁੰਦਰਾਂ ਵਿੱਚ ਹਰ ਚੀਜ਼, ਅਤੇ ਪਰਮੇਸ਼ੁਰ ਦੀ ਸ੍ਰਿਸ਼ਟੀ ਦੀ ਹਰ ਆਖਰੀ ਚੀਜ਼ ਨੂੰ ਆਪਣੇ ਸਰਬਸ਼ਕਤੀਮਾਨ ਹੋਣ ਨੂੰ ਦੇਖਣ ਦਿੰਦਾ ਹੈ ਅਤੇ ਸਾਰਿਆਂ ਨੂੰ ਉਸ ਦੇ ਕੰਮਾਂ ਦੀ ਗਵਾਹੀ ਦੇਣ ਦਿੰਦਾ ਹੈ। ਉਹ ਸ਼ਤਾਨ ਨੂੰ ਹਰਾ ਕੇ ਮਿਲੇ ਇਸ ਅਵਸਰ ਦਾ ਫਾਇਦਾ ਮਨੁੱਖਾਂ ਉੱਤੇ ਆਪਣੇ ਸਾਰੇ ਕੰਮ ਪਰਗਟ ਕਰਨ ਵਿੱਚ ਕਰਦਾ ਹੈ, ਅਤੇ ਉਨ੍ਹਾਂ ਨੂੰ ਆਪਣੀ ਪ੍ਰਸ਼ੰਸਾ ਕਰਨ, ਅਤੇ ਸ਼ਤਾਨ ਦੀ ਹਾਰ ਵਿੱਚ ਆਪਣੀ ਬੁੱਧ ਦੀ ਵਡਿਆਈ ਕਰਨ ਦਿੰਦਾ ਹੈ। ਧਰਤੀ, ਸਵਰਗ ਅਤੇ ਸਮੁੰਦਰਾਂ ਦੀ ਹਰੇਕ ਚੀਜ਼ ਪਰਮੇਸ਼ੁਰ ਦੀ ਉਸਤਤ ਕਰਦੀ ਹੈ, ਉਸ ਦੇ ਸਰਬਸ਼ਕਤੀਮਾਨ ਹੋਣ ਦੀ ਪ੍ਰਸ਼ੰਸਾ ਕਰਦੀ ਹੈ, ਅਤੇ ਉਸ ਦੇ ਪਵਿੱਤਰ ਨਾਂ ਦਾ ਗੁਣਗਾਣ ਕਰਦੀ ਹੈ। ਇਹ ਉਸ ਦੁਆਰਾ ਸ਼ਤਾਨ ਦੀ ਹਾਰ ਦਾ ਪ੍ਰਮਾਣ ਹੈ; ਉਸ ਦੁਆਰਾ ਸ਼ਤਾਨ ਦੇ ਖਾਤਮੇ ਦਾ ਪ੍ਰਮਾਣ ਹੈ। ਸਭ ਤੋਂ ਮਹੱਤਵਪੂਰਣ, ਇਹ ਉਸ ਦੁਆਰਾ ਮਨੁੱਖਤਾ ਦੀ ਮੁਕਤੀ ਦਾ ਪ੍ਰਮਾਣ ਹੈ। ਪਰਮੇਸ਼ੁਰ ਦੀ ਸਮੁੱਚੀ ਸ੍ਰਿਸ਼ਟੀ ਉਸ ਦੀ ਉਸਤਤ ਕਰਦੀ ਹੈ, ਉਸ ਨੂੰ ਆਪਣੇ ਦੁਸ਼ਮਣ ਨੂੰ ਹਰਾ ਕੇ ਜੇਤੂ ਦੇ ਰੂਪ ਵਿੱਚ ਵਾਪਸ ਆਉਣ ਲਈ ਉਸ ਦੀ ਪ੍ਰਸ਼ੰਸਾ ਕਰਦੀ ਹੈ, ਅਤੇ ਉਸ ਦਾ ਇੱਕ ਮਹਾਨ ਜੇਤੂ ਰਾਜੇ ਦੇ ਰੂਪ ਵਿੱਚ ਜਸ ਕਰਦੀ ਹੈ। ਉਸ ਦਾ ਉਦੇਸ਼ ਕੇਵਲ ਸ਼ਤਾਨ ਨੂੰ ਹਰਾਉਣਾ ਨਹੀਂ ਹੈ, ਇਸੇ ਕਰਕੇ ਉਸ ਦਾ ਕੰਮ ਛੇ ਹਜ਼ਾਰ ਸਾਲਾਂ ਤੱਕ ਜਾਰੀ ਰਿਹਾ ਹੈ। ਉਹ ਸ਼ਤਾਨ ਦੀ ਹਾਰ ਨੂੰ ਮਨੁੱਖਤਾ ਨੂੰ ਬਚਾਉਣ ਲਈ ਵਰਤਦਾ ਹੈ; ਉਹ ਸ਼ਤਾਨ ਦੀ ਹਾਰ ਨੂੰ ਆਪਣੇ ਸਾਰੇ ਕੰਮਾਂ ਅਤੇ ਆਪਣੀ ਸਾਰੇ ਪ੍ਰਤਾਪ ਨੂੰ ਪਰਗਟ ਕਰਨ ਲਈ ਵਰਤਦਾ ਹੈ। ਉਹ ਉਸਤਤ ਪ੍ਰਾਪਤ ਕਰੇਗਾ, ਅਤੇ ਬਹੁਤ ਸਾਰੇ ਦੂਤ ਉਸ ਦੇ ਸਾਰੇ ਪ੍ਰਤਾਪ ਨੂੰ ਦੇਖਣਗੇ। ਸਵਰਗ ਵਿੱਚ ਦੂਤ, ਧਰਤੀ ਉੱਪਰ ਮਨੁੱਖ ਅਤੇ ਸ੍ਰਿਸ਼ਟੀ ਦੇ ਸਾਰੇ ਜੀਵ ਸਿਰਜਣਹਾਰ ਦੇ ਪ੍ਰਤਾਪ ਨੂੰ ਦੇਖਣਗੇ। ਇਹ ਅਜਿਹਾ ਕੰਮ ਹੈ ਜੋ ਉਹ ਕਰਦਾ ਹੈ। ਉਸ ਦੀ ਸਵਰਗ ਵਿੱਚ ਅਤੇ ਧਰਤੀ ਉੱਪਰ ਸਾਰੀ ਸਿਰਜਣਾ ਉਸ ਦੇ ਪ੍ਰਤਾਪ ਦੀ ਗਵਾਹੀ ਦੇਵੇਗੀ, ਅਤੇ ਉਹ ਸ਼ਤਾਨ ਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ ਜੇਤੂ ਦੇ ਰੂਪ ਵਿੱਚ ਪਰਤੇਗਾ, ਅਤੇ ਮਨੁੱਖਤਾ ਨੂੰ ਆਪਣੀ ਪ੍ਰਸ਼ੰਸਾ ਕਰਨ ਦੇਵੇਗਾ, ਇਸ ਪ੍ਰਕਾਰ ਉਹ ਆਪਣੇ ਕੰਮ ਵਿੱਚ ਦੋਹਰੀ ਜਿੱਤ ਪ੍ਰਾਪਤ ਕਰ ਲਵੇਗਾ। ਅੰਤ ਵਿੱਚ, ਸਮੁੱਚੀ ਮਨੁੱਖਤਾ ਉਸ ਦੁਆਰਾ ਜਿੱਤ ਲਈ ਜਾਵੇਗੀ, ਅਤੇ ਉਹ ਹਰ ਇੱਕ ਨੂੰ ਜੋ ਵਿਰੋਧ ਜਾਂ ਵਿਦਰੋਹ ਕਰਦਾ ਹੈ, ਮਿਟਾ ਦੇਵੇਗਾ; ਦੂਜੇ ਸ਼ਬਦਾਂ ਵਿੱਚ, ਉਹ ਉਨ੍ਹਾਂ ਸਾਰਿਆਂ ਨੂੰ ਮਿਟਾ ਦੇਵੇਗਾ ਜੋ ਸ਼ਤਾਨ ਨਾਲ ਸੰਬੰਧਤ ਹਨ। ਤੂੰ ਮੌਜੂਦਾ ਸਮੇਂ ਵਿੱਚ ਪਰਮੇਸ਼ੁਰ ਦੇ ਬਹੁਤ ਸਾਰੇ ਕੰਮਾਂ ਦਾ ਗਵਾਹ ਬਣ ਰਿਹਾ ਹੈਂ, ਫਿਰ ਵੀ, ਤੂੰ ਅਜੇ ਵੀ ਵਿਰੋਧ ਕਰਦਾ ਹੈਂ, ਵਿਦਰੋਹੀ ਹੈਂ, ਅਤੇ ਅਧੀਨ ਨਹੀਂ ਹੁੰਦਾ; ਤੂੰ ਆਪਣੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਨੂੰ ਰੱਖਦਾ ਹੈਂ ਅਤੇ ਆਪਣੀ ਮਰਜ਼ੀ ਕਰਦਾ ਹੈਂ। ਤੂੰ ਆਪਣੀਆਂ ਵਾਸਨਾਵਾਂ ਅਤੇ ਪਸੰਦ ਦੀਆਂ ਚੀਜ਼ਾਂ ਦੇ ਪਿੱਛੇ ਭੱਜਿਆ ਫਿਰਦਾ ਹੈਂ; ਇਹ ਸਭ ਕੁਝ ਵਿਦਰੋਹ ਅਤੇ ਵਿਰੋਧ ਹੈ। ਪਰਮੇਸ਼ੁਰ ਵਿੱਚ ਕੋਈ ਵੀ ਐਸਾ ਵਿਸ਼ਵਾਸ ਮਲੀਨ ਹੈ, ਜਿਹੜਾ ਸਰੀਰ ਜਾਂ ਆਪਣੀਆਂ ਵਾਸਨਾਵਾਂ ਦੀ ਖਾਤਰ ਹੋਵੇ, ਅਤੇ ਵਿਅਕਤੀ ਦੀਆਂ ਆਪਣੀਆਂ ਪਸੰਦਾਂ, ਸੰਸਾਰ, ਅਤੇ ਸ਼ਤਾਨ ਦੀ ਖਾਤਰ ਹੋਵੇ; ਇਹ ਸੁਭਾਵਿਕ ਤੌਰ ਤੇ ਵਿਰੋਧੀ ਅਤੇ ਵਿਦਰੋਹੀ ਹੈ। ਅੱਜ ਕਲ, ਕਈ ਸਾਰੇ ਵੱਖ-ਵੱਖ ਕਿਸਮਾਂ ਦੇ ਵਿਸ਼ਵਾਸ ਹਨ: ਕੁਝ ਲੋਕ ਤਬਾਹੀ ਤੋਂ ਬਚਣ ਲਈ ਆਸਰਾ ਮੰਗਦੇ ਹਨ, ਅਤੇ ਦੂਜੇ ਅਸੀਸਾਂ ਪ੍ਰਾਪਤ ਕਰਨਾ ਚਾਹੰਦੇ ਹਨ; ਕੁਝ ਭੇਤਾਂ ਨੂੰ ਸਮਝਣ ਦੀ ਇੱਛਾ ਰੱਖਦੇ ਹਨ, ਜਦਕਿ ਕੁਝ ਧਨ ਲੱਭਦੇ ਹਨ। ਇਹ ਸਭ ਵਿਰੋਧ ਦੀਆਂ ਕਿਸਮਾਂ ਹਨ ਅਤੇ ਇਹ ਸਭ ਈਸ਼-ਨਿੰਦਾ ਹਨ! ਇਹ ਕਹਿਣਾ ਕਿ ਕੋਈ ਵਿਰੋਧ ਜਾਂ ਵਿਦਰੋਹ ਕਰਦਾ ਹੈ– ਕੀ ਇਹ ਇਨ੍ਹਾਂ ਵਤੀਰਿਆਂ ਵੱਲ ਹੀ ਇਸ਼ਾਰਾ ਨਹੀਂ ਕਰਦਾ? ਅਜਕੱਲ ਕਈ ਲੋਕ ਬੁੜ-ਬੁੜ ਕਰਦੇ ਹਨ, ਸ਼ਿਕਾਇਤ ਕਰਦੇ ਹਨ, ਜਾਂ ਰਾਏ ਕਾਇਮ ਕਰਦੇ ਹਨ। ਇਹ ਸਭ ਚੀਜ਼ਾਂ ਦੁਸ਼ਟਾਂ ਦੁਆਰਾ ਕੀਤੀਆਂ ਜਾਂਦੀਆਂ ਹਨ; ਇਹ ਮਨੁੱਖ ਦੇ ਵਿਰੋਧ ਕਰਨ ਅਤੇ ਵਿਦਰੋਹੀ ਹੋਣ ਦੀਆਂ ਉਦਾਹਰਣਾਂ ਹਨ। ਅਜਿਹੇ ਲੋਕ ਸ਼ਤਾਨ ਦੇ ਵੱਸ ਵਿੱਚ ਅਤੇ ਕਬਜ਼ੇ ਵਿੱਚ ਹੁੰਦੇ ਹਨ। ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਉਹ ਪੂਰੀ ਤਰ੍ਹਾਂ ਉਸ ਦੀ ਆਗਿਆ ਮੰਨਦੇ ਹਨ; ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਸ਼ਤਾਨ ਨੇ ਭ੍ਰਿਸ਼ਟ ਕੀਤਾ ਸੀ, ਪਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਮੌਜੂਦਾ ਕੰਮ ਦੇ ਦੁਆਰਾ ਬਚਾ ਅਤੇ ਜਿੱਤ ਲਿਆ ਗਿਆ ਹੈ, ਜਿਨ੍ਹਾਂ ਕਸ਼ਟ ਝੱਲੇ ਹਨ, ਅਤੇ, ਅੰਤ ਵਿੱਚ, ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਪੂਰੀ ਤਰ੍ਹਾਂ ਪ੍ਰਾਪਤ ਕਰ ਲਿਆ ਗਿਆ ਹੈ, ਜੋ ਹੁਣ ਸ਼ਤਾਨ ਦੇ ਵੱਸ ਵਿੱਚ ਨਹੀਂ ਰਹਿੰਦੇ, ਅਤੇ ਜਿਹੜੇ ਅਧਾਰਮਿਕਤਾ ਤੋਂ ਅਜ਼ਾਦ ਹੋ ਚੁੱਕੇ ਹਨ, ਅਤੇ ਜੋ ਪਵਿਤਰਤਾ ਨੂੰ ਵਿਹਾਰ ਰਾਹੀਂ ਪਰਗਟ ਕਰਨ ਦੇ ਇੱਛੁਕ ਹਨ—ਇਹ ਸਭ ਤੋਂ ਪਵਿੱਤਰ ਲੋਕ ਹੁੰਦੇ ਹਨ; ਇਹ ਸੱਚਮੁੱਚ ਹੀ ਪਵਿੱਤਰ ਲੋਕ ਹਨ। ਜੇ ਤੇਰੇ ਮੌਜੂਦਾ ਕੰਮ ਪਰਮੇਸ਼ੁਰ ਦੀਆਂ ਮੰਗਾਂ ਦੇ ਇੱਕ ਹਿੱਸੇ ਦੇ ਮੁਤਾਬਿਕ ਵੀ ਨਹੀਂ ਹਨ ਤਾਂ ਤੇਰਾ ਖਾਤਮਾ ਕਰ ਦਿੱਤਾ ਜਾਵੇਗਾ। ਇਹ ਨਿਰਵਿਵਾਦ ਹੈ। ਸਭ ਕੁਝ ਅੱਜ ਦੀਆਂ ਘਟਨਾਵਾਂ ਉੱਪਰ ਨਿਰਭਰ ਕਰਦਾ ਹੈ; ਹਾਲਾਂਕਿ ਤੂੰ ਪਹਿਲਾਂ ਤੋਂ ਹੀ ਨਿਯਤ ਕੀਤਾ ਅਤੇ ਚੁਣਿਆ ਜਾ ਚੁੱਕਾ ਹੈਂ, ਤੇਰੇ ਅੱਜ ਦੇ ਕੰਮ ਅਜੇ ਵੀ ਤੇਰੇ ਨਤੀਜੇ ਨੂੰ ਨਿਰਧਾਰਿਤ ਕਰਨਗੇ। ਜੇ ਤੂੰ ਹੁਣ ਨਹੀਂ ਕਰ ਸਕਦਾ ਤਾਂ ਤੇਰਾ ਖਾਤਮਾ ਕਰ ਦਿੱਤਾ ਜਾਵੇਗਾ। ਜੇ ਤੂੰ ਹੁਣ ਨਹੀਂ ਕਰ ਸਕਦਾ ਤਾਂ ਤੂੰ ਬਾਅਦ ਵਿੱਚ ਕਿਵੇਂ ਕਰ ਸਕਦਾ ਹੈਂ? ਤੇਰੇ ਅੱਗੇ ਇੰਨੀ ਵੱਡੀ ਕਰਾਮਾਤ ਦਾ ਪ੍ਰਗਟਾਵਾ ਹੋਇਆ ਹੈ, ਫਿਰ ਵੀ, ਤੂੰ ਅਜੇ ਵੀ ਵਿਸ਼ਵਾਸ ਨਹੀਂ ਕਰਦਾ। ਫਿਰ, ਤੂੰ ਬਾਅਦ ਵਿੱਚ ਪਰਮੇਸ਼ੁਰ ਵਿੱਚ ਕਿਵੇਂ ਵਿਸ਼ਵਾਸ ਕਰੇਂਗਾ, ਜਿਸ ਵੇਲੇ ਉਸ ਨੇ ਆਪਣਾ ਕੰਮ ਖਤਮ ਕਰ ਲਿਆ ਹੋਵੇਗਾ ਅਤੇ ਅੱਗੇ ਤੋਂ ਅਜਿਹਾ ਕੰਮ ਨਹੀਂ ਕਰੇਗਾ? ਉਸ ਵੇਲੇ ਤੱਕ, ਉਸ ਦਾ ਅਨੁਸਰਣ ਕਰਨਾ ਤੇਰੇ ਲਈ ਹੋਰ ਵੀ ਅਸੰਭਵ ਹੋਵੇਗਾ! ਬਾਅਦ ਵਿੱਚ, ਪਰਮੇਸ਼ੁਰ ਤੇਰੇ ਰਵੱਈਏ, ਤੇਰੇ ਦੇਹਧਾਰੀ ਪਰਮੇਸ਼ੁਰ ਦੇ ਕੰਮ ਦੇ ਪ੍ਰਤੀ ਗਿਆਨ, ਅਤੇ ਤੇਰੇ ਅਨੁਭਵ ਦੇ ਅਧਾਰ ਤੇ ਇਹ ਨਿਰਧਾਰਿਤ ਕਰੇਗਾ ਕਿ ਤੂੰ ਪਾਪੀ ਹੈਂ ਜਾਂ ਧਰਮੀ ਹੈਂ, ਜਾਂ ਇਹ ਨਿਰਧਾਰਿਤ ਕਰੇਗਾ ਕਿ ਤੈਨੂੰ ਸੰਪੂਰਨ ਕੀਤਾ ਜਾਵੇ ਜਾਂ ਤੇਰਾ ਖਾਤਮਾ ਕੀਤਾ ਜਾਵੇ। ਤੇਰੇ ਲਈ ਹੁਣ ਸਪੱਸ਼ਟਤਾ ਨਾਲ ਦੇਖਣਾ ਲਾਜ਼ਮੀ ਹੈ। ਪਵਿੱਤਰ ਆਤਮਾ ਇਸੇ ਪ੍ਰਕਾਰ ਕੰਮ ਕਰਦਾ ਹੈ: ਉਹ ਤੇਰੇ ਅੱਜ ਦੇ ਵਤੀਰੇ ਦੇ ਅਨੁਸਾਰ ਤੇਰੇ ਨਤੀਜੇ ਨੂੰ ਨਿਰਧਾਰਿਤ ਕਰਦਾ ਹੈ। ਅੱਜ ਦੇ ਵਚਨ ਕੌਣ ਬੋਲਦਾ ਹੈ? ਅੱਜ ਦਾ ਕੰਮ ਕੌਣ ਕਰਦਾ ਹੈ? ਕੌਣ ਫੈਸਲਾ ਕਰਦਾ ਹੈ ਕਿ ਅੱਜ ਤੇਰਾ ਖਾਤਮਾ ਕੀਤਾ ਜਾਵੇਗਾ? ਤੈਨੂੰ ਸੰਪੂਰਨ ਬਣਾਉਣ ਦਾ ਫੈਸਲਾ ਕੌਣ ਕਰਦਾ ਹੈ? ਕੀ ਇਹ ਸਭ ਮੈਂ ਆਪ ਨਹੀਂ ਕਰਦਾ? ਮੈਂ ਉਹ ਹਾਂ ਜੋ ਇਹ ਵਚਨ ਬੋਲਦਾ ਹੈ; ਮੈਂ ਉਹ ਹਾਂ ਜੋ ਅਜਿਹੇ ਕੰਮ ਨੂੰ ਪੂਰਾ ਕਰਦਾ ਹੈ। ਲੋਕਾਂ ਨੂੰ ਸਰਾਪ ਦੇਣਾ, ਉਨ੍ਹਾਂ ਦੀ ਤਾੜਨਾ ਕਰਨਾ ਅਤੇ ਨਿਆਂ ਕਰਨਾ, ਸਭ ਮੇਰੇ ਕੰਮ ਦੇ ਹਿੱਸੇ ਹਨ। ਅੰਤ ਵਿੱਚ, ਤੇਰਾ ਖਾਤਮਾ ਕਰਨਾ ਵੀ ਮੇਰੇ ਉੱਤੇ ਨਿਰਭਰ ਕਰੇਗਾ। ਇਹ ਸਭ ਚੀਜ਼ਾਂ ਮੇਰਾ ਕੰਮ ਹੈ! ਤੈਨੂੰ ਸੰਪੂਰਨ ਬਣਾਉਣਾ ਮੇਰਾ ਕੰਮ ਹੈ ਅਤੇ ਤੈਨੂੰ ਅਸੀਸਾਂ ਦਾ ਅਨੰਦ ਲੈਣ ਦੇਣਾ ਵੀ ਮੇਰਾ ਕੰਮ ਹੈ। ਇਹ ਉਹ ਸਾਰਾ ਕੰਮ ਹੈ ਜੋ ਮੈਂ ਕਰਦਾ ਹਾਂ। ਤੇਰਾ ਨਤੀਜਾ ਯਹੋਵਾਹ ਵੱਲੋਂ ਪਹਿਲਾਂ ਤੋਂ ਨਿਰਧਾਰਿਤ ਨਹੀਂ ਕੀਤਾ ਗਿਆ ਹੈ; ਇਹ ਅੱਜ ਦੇ ਪਰਮੇਸ਼ੁਰ ਦੁਆਰਾ ਨਿਰਧਾਰਿਤ ਕੀਤਾ ਜਾ ਰਿਹਾ ਹੈ। ਇਹ ਇਸ ਵੇਲੇ ਨਿਰਧਾਰਿਤ ਕੀਤਾ ਜਾ ਰਿਹਾ ਹੈ; ਇਹ ਸੰਸਾਰ ਦੀ ਸਿਰਜਣਾ ਤੋਂ ਬਹੁਤ ਪਹਿਲਾਂ ਨਿਰਧਾਰਿਤ ਨਹੀਂ ਕੀਤਾ ਗਿਆ। ਕੁਝ ਬੇਤੁਕੇ ਲੋਕ ਕਹਿੰਦੇ ਹਨ, “ਸ਼ਾਇਦ ਤੇਰੀਆਂ ਅੱਖਾਂ ਖ਼ਰਾਬ ਹਨ, ਅਤੇ ਤੂੰ ਮੈਨੂੰ ਉਸ ਪ੍ਰਕਾਰ ਨਹੀਂ ਦੇਖਦਾ ਜਿਵੇਂ ਤੈਨੂੰ ਦੇਖਣਾ ਚਾਹੀਦਾ ਹੈ। ਅੰਤ ਵਿੱਚ ਤੂੰ ਕੇਵਲ ਉਹ ਦੇਖੇਂਗਾ ਜੋ ਆਤਮਾ ਪ੍ਰਗਟਾਉਂਦਾ ਹੈ!” ਯਿਸੂ ਨੇ ਮੂਲ ਰੂਪ ਵਿੱਚ ਯਹੂਦਾ ਨੂੰ ਆਪਣੇ ਚੇਲੇ ਵਜੋਂ ਚੁਣਿਆ। ਲੋਕ ਪੁੱਛਦੇ ਹਨ: “ਉਹ ਅਜਿਹਾ ਚੇਲਾ ਕਿਵੇਂ ਚੁਣ ਸਕਦਾ ਸੀ ਜੋ ਉਸ ਨਾਲ ਛਲ ਕਰੇਗਾ?” ਸ਼ੁਰੂ ਵਿੱਚ, ਯਹੂਦਾ ਦਾ ਯਿਸੂ ਨਾਲ ਛਲ ਕਰਨ ਦਾ ਕੋਈ ਇਰਾਦਾ ਨਹੀਂ ਸੀ; ਇਹ ਕੇਵਲ ਬਾਅਦ ਵਿੱਚ ਵਾਪਰਿਆ। ਉਸ ਸਮੇਂ, ਯਿਸੂ ਨੇ ਯਹੂਦਾ ਉਪਰ ਕਾਫੀ ਕਿਰਪਾ ਦੀ ਨਜ਼ਰ ਰੱਖੀ; ਉਸ ਨੇ ਯਹੂਦਾ ਨੂੰ ਉਸ ਦਾ ਅਨੁਸਰਣ ਕਰਨ ਲਗਾਇਆ ਸੀ, ਅਤੇ ਉਸ ਨੂੰ ਉਨ੍ਹਾਂ ਦੇ ਵਿੱਤੀ ਮਾਮਲਿਆਂ ਦੀ ਜ਼ਿੰਮੇਵਾਰੀ ਦਿੱਤੀ ਸੀ। ਜੇ ਯਿਸੂ ਨੂੰ ਪਤਾ ਹੁੰਦਾ ਕਿ ਯਹੂਦਾ ਪੈਸਿਆਂ ਦਾ ਗ਼ਬਨ ਕਰੇਗਾ, ਤਾਂ ਉਸ ਨੂੰ ਅਜਿਹੇ ਮਾਮਲਿਆਂ ਦਾ ਮੁਖੀ ਨਾ ਬਣਾਉਂਦਾ। ਇਹ ਕਿਹਾ ਜਾ ਸਕਦਾ ਹੈ ਕਿ ਯਿਸੂ ਨੂੰ ਮੂਲ ਰੂਪ ਵਿੱਚ ਇਹ ਪਤਾ ਨਹੀਂ ਸੀ ਕਿ ਇਹ ਮਨੁੱਖ ਚਾਲਬਾਜ਼ ਅਤੇ ਧੋਖੇਬਾਜ਼ ਹੈ, ਜਾਂ ਕਿ ਉਹ ਆਪਣੇ ਭੈਣਾਂ ਅਤੇ ਭਰਾਵਾਂ ਨਾਲ ਧੋਖਾ ਕਰੇਗਾ। ਬਾਅਦ ਵਿੱਚ, ਜਦੋਂ ਯਹੂਦਾ ਨੂੰ ਯਿਸੂ ਦੇ ਅਧੀਨ ਹੋਇਆਂ ਕੁਝ ਸਮਾਂ ਹੋ ਚੁੱਕਾ ਸੀ, ਯਿਸੂ ਨੇ ਉਸ ਨੂੰ ਆਪਣੇ ਭੈਣਾਂ ਅਤੇ ਭਰਾਵਾਂ ਨੂੰ ਠੱਗਦਿਆਂ ਅਤੇ ਪਰਮੇਸ਼ੁਰ ਨੂੰ ਠੱਗਦਿਆਂ ਦੇਖਿਆ। ਲੋਕਾਂ ਨੂੰ ਇਹ ਵੀ ਪਤਾ ਲੱਗਿਆ ਕਿ ਯਹੂਦਾ ਨੂੰ ਪੈਸਿਆਂ ਦੇ ਥੈਲੇ ਵਿੱਚੋਂ ਪੈਸੇ ਲੈਣ ਦੀ ਆਦਤ ਸੀ, ਅਤੇ ਤਦ ਉਨ੍ਹਾਂ ਨੇ ਯਿਸੂ ਨੂੰ ਇਸ ਬਾਰੇ ਦੱਸਿਆ। ਕੇਵਲ ਇਸੇ ਸਮੇਂ ਯਿਸੂ ਨੂੰ ਪਤਾ ਲੱਗਿਆ ਕਿ ਕੀ ਕੁਝ ਹੋ ਰਿਹਾ ਹੈ। ਕਿਉਂਕਿ ਯਿਸੂ ਨੇ ਸਲੀਬੀ ਮੌਤ ਦਾ ਕੰਮ ਪੂਰਾ ਕਰਨਾ ਸੀ ਅਤੇ ਉਸ ਨੂੰ ਕਿਸੇ ਐਸੇ ਵਿਅਕਤੀ ਦੀ ਜ਼ਰੂਰਤ ਸੀ ਜੋ ਉਸ ਨੂੰ ਛਲੇ, ਅਤੇ ਘਟਨਾਕ੍ਰਮ ਐਸਾ ਵਾਪਰਿਆ ਕਿ ਯਹੂਦਾ ਇਸ ਭੂਮਿਕਾ ਨੂੰ ਨਿਭਾਉਣ ਦੇ ਲਾਇਕ ਸਹੀ ਮਨੁੱਖ ਬਣ ਗਿਆ, ਯਿਸੂ ਨੇ ਕਿਹਾ, “ਸਾਡੇ ਵਿੱਚੋਂ ਕੋਈ ਇੱਕ ਹੋਵੇਗਾ, ਜੋ ਮੇਰੇ ਨਾਲ ਛਲ ਕਰੇਗਾ। ਮਨੁੱਖ ਦਾ ਪੁੱਤਰ ਇਸ ਛਲ ਨੂੰ ਸਲੀਬੀ ਮੌਤ ਲਈ ਵਰਤੇਗਾ, ਅਤੇ ਤਿੰਨ ਦਿਨਾਂ ਬਾਅਦ ਉਸ ਨੂੰ ਦੁਬਾਰਾ ਜਿਵਾਲਿਆ ਜਾਵੇਗਾ।” ਉਸ ਸਮੇਂ, ਯਿਸੂ ਨੇ ਅਸਲ ਵਿੱਚ ਯਹੂਦਾ ਨੂੰ ਇਸ ਲਈ ਨਹੀਂ ਚੁਣਿਆ ਸੀ ਤਾਂ ਕਿ ਉਹ ਉਸ ਨਾਲ ਛਲ ਕਰ ਸਕੇ; ਇਸ ਦੇ ਉਲਟ, ਉਸ ਨੇ ਇਹ ਉਮੀਦ ਕੀਤੀ ਸੀ ਕਿ ਯਹੂਦਾ ਇੱਕ ਵਫਾਦਾਰ ਚੇਲਾ ਹੋਵੇਗਾ। ਅਚਾਨਕ, ਯਹੂਦਾ ਇੱਕ ਗਿਰਿਆ ਹੋਇਆ ਲਾਲਚੀ ਨਿਕਲਿਆ ਜਿਸਨੇ ਪ੍ਰਭੂ ਨਾਲ ਛਲ ਕੀਤਾ, ਇਸ ਕਰਕੇ ਯਿਸੂ ਨੇ ਇਸ ਸਥਿਤੀ ਨੂੰ ਯਹੂਦਾ ਨੂੰ ਇਸ ਕੰਮ ਲਈ ਚੁਣਨ ਵਾਸਤੇ ਵਰਤਿਆ। ਜੇ ਯਿਸੂ ਦੇ ਸਾਰੇ ਬਾਰ੍ਹਾਂ ਚੇਲੇ ਵਫ਼ਾਦਾਰ ਹੁੰਦੇ ਅਤੇ ਉਨ੍ਹਾਂ ਵਿੱਚ ਯਹੂਦਾ ਵਰਗਾ ਕੋਈ ਵੀ ਨਾ ਹੁੰਦਾ ਤਾਂ ਅੰਤ ਵਿੱਚ, ਯਿਸੂ ਨਾਲ ਛਲ ਕਰਨ ਵਾਲਾ ਕੋਈ ਅਜਿਹਾ ਹੋਣਾ ਸੀ ਜੋ ਉਸ ਦੇ ਚੇਲਿਆਂ ਵਿੱਚੋਂ ਇੱਕ ਨਾ ਹੁੰਦਾ। ਹਾਲਾਂਕਿ, ਉਸ ਸਮੇਂ ਇਹ ਸੁਭਾਵਕ ਹੀ ਵਾਪਰਿਆ ਕਿ ਉਸ ਦੇ ਚੇਲਿਆਂ ਵਿੱਚੋਂ ਇੱਕ ਰਿਸ਼ਵਤ ਲੈਣ ਦਾ ਅਨੰਦ ਮਾਣਦਾ ਸੀ: ਉਹ ਸੀ ਯਹੂਦਾ। ਇਸ ਕਰਕੇ ਯਿਸੂ ਨੇ ਇਸ ਮਨੁੱਖ ਨੂੰ ਆਪਣੇ ਕੰਮ ਲਈ ਚੁਣਿਆ। ਇਹ ਕਿੰਨਾ ਸਰਲ ਸੀ! ਯਿਸੂ ਨੇ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੋਂ ਇਸ ਨੂੰ ਨਿਰਧਾਰਿਤ ਨਹੀਂ ਕੀਤਾ ਸੀ; ਉਸ ਨੇ ਇਹ ਫੈਸਲਾ ਕੇਵਲ ਉਸ ਸਮੇਂ ਕੀਤਾ ਜਦੋਂ ਚੀਜ਼ਾਂ ਇੱਕ ਖਾਸ ਹੱਦ ਤੱਕ ਵਿਕਸਿਤ ਹੋ ਚੁੱਕੀਆਂ ਸਨ। ਇਹ ਯਿਸੂ ਦਾ ਫੈਸਲਾ ਸੀ, ਕਹਿਣ ਦਾ ਭਾਵ ਹੈ ਕਿ ਇਹ ਖੁਦ ਪਰਮੇਸ਼ੁਰ ਦੇ ਆਤਮਾ ਦਾ ਫੈਸਲਾ ਸੀ। ਮੂਲ ਰੂਪ ਵਿੱਚ, ਇਹ ਯਿਸੂ ਸੀ ਜਿਸਨੇ ਯਹੂਦਾ ਨੂੰ ਚੁਣਿਆ ਸੀ; ਬਾਅਦ ਵਿੱਚ ਜਦ ਯਹੂਦਾ ਨੇ ਯਿਸੂ ਨਾਲ ਛਲ ਕੀਤਾ, ਤਾਂ ਇਹ ਕੁਝ ਅਜਿਹਾ ਸੀ ਜੋ ਪਵਿੱਤਰ ਆਤਮਾ ਨੇ ਖੁਦ ਆਪਣੇ ਮੰਤਵ ਨੂੰ ਪ੍ਰਾਪਤ ਕਰਨ ਲਈ ਕੀਤਾ। ਇਹ, ਉਸ ਸਮੇਂ ਪਵਿੱਤਰ ਆਤਮਾ ਦਾ ਪੂਰਾ ਕੀਤਾ ਜਾ ਚੁੱਕਾ ਕੰਮ ਸੀ। ਜਦੋਂ ਯਿਸੂ ਨੇ ਯਹੂਦਾ ਨੂੰ ਚੁਣਿਆ ਸੀ ਤਾਂ ਉਸ ਨੂੰ ਕੋਈ ਖ਼ਬਰ ਨਹੀਂ ਸੀ ਕਿ ਯਹੂਦਾ ਉਸ ਨਾਲ ਛਲ ਕਰੇਗਾ। ਉਸ ਨੂੰ ਕੇਵਲ ਇਹ ਪਤਾ ਸੀ ਇਹ ਮਨੁੱਖ ਯਹੂਦਾ ਇਸਕਰਿਯੋਤੀ ਸੀ। ਤੁਹਾਡੇ ਨਤੀਜੇ ਵੀ, ਤੁਹਾਡੀ ਅੱਜ ਦੀ ਅਧੀਨਤਾ ਦੇ ਪੱਧਰ ਅਤੇ ਤੁਹਾਡੇ ਜੀਵਨ ਦੇ ਵਿਕਾਸ ਦੇ ਪੱਧਰ ਦੇ ਅਨੁਸਾਰ ਨਿਰਧਾਰਿਤ ਕੀਤੇ ਜਾਂਦੇ ਹਨ, ਨਾ ਕਿ ਕਿਸੇ ਮਨੁੱਖੀ ਧਾਰਨਾ ਦੇ ਅਨੁਸਾਰ ਕਿ ਤੁਹਾਡੇ ਨਤੀਜੇ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਹੀ ਨਿਰਧਾਰਿਤ ਕੀਤੇ ਗਏ ਸਨ। ਤੈਨੂੰ ਇਨ੍ਹਾਂ ਚੀਜ਼ਾਂ ਨੂੰ ਸਪੱਸ਼ਟਤਾ ਨਾਲ ਸਮਝਣਾ ਚਾਹੀਦਾ ਹੈ। ਇਸ ਕੰਮ ਵਿੱਚੋਂ ਕੁਝ ਵੀ ਤੇਰੀ ਕਲਪਨਾ ਦੇ ਅਨੁਸਾਰ ਨਹੀਂ ਕੀਤਾ ਜਾਂਦਾ ਹੈ।

ਪਿਛਲਾ: ਛੁਟਕਾਰੇ ਦੇ ਯੁਗ ਦੇ ਕਾਰਜ ਪਿਛਲੀ ਸੱਚੀ ਕਹਾਣੀ

ਅਗਲਾ: ਅਹੁਦਿਆਂ ਅਤੇ ਪਛਾਣ ਦੇ ਸੰਬੰਧ ਵਿੱਚ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ