ਮੰਜ਼ਲ ਬਾਰੇ

ਜਦੋਂ ਵੀ ਮੰਜ਼ਲ ਦਾ ਜ਼ਿਕਰ ਕੀਤਾ ਜਾਂਦਾ ਹੈ, ਤਾਂ ਤੁਸੀਂ ਇਸ ਨੂੰ ਵਿਸ਼ੇਸ਼ ਗੰਭੀਰਤਾ ਨਾਲ ਲੈਂਦੇ ਹੋ; ਇਸ ਤੋਂ ਇਲਾਵਾ, ਇਹ ਕੁਝ ਅਜਿਹਾ ਹੈ ਜਿਸ ਬਾਰੇ ਤੁਸੀਂ ਸਾਰੇ ਖਾਸ ਤੌਰ ਤੇ ਸੰਵੇਦਨਸ਼ੀਲ ਹੋ। ਕੁਝ ਲੋਕ ਚੰਗੀ ਮੰਜ਼ਲ ਪ੍ਰਾਪਤ ਕਰਨ ਲਈ ਪਰਮੇਸ਼ੁਰ ਦੇ ਅੱਗੇ ਮੱਥਾ ਟੇਕਦਿਆਂ, ਜ਼ਮੀਨ ਉੱਤੇ ਸਿਰ ਪਟਕਣ ਲਈ ਬੜੇ ਉਤਸੁਕ ਹੁੰਦੇ ਹਨ। ਮੈਂ ਤੁਹਾਡੀ ਉਤਸੁਕਤਾ ਸਮਝ ਸਕਦਾ ਹਾਂ, ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨ ਦੀ ਜ਼ਰੂਰਤ ਨਹੀਂ ਹੈ। ਗੱਲ ਸਿਰਫ਼ ਇੰਨੀ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਸਰੀਰ ਉੱਤੇ ਤਬਾਹੀ ਆਵੇ, ਅਤੇ ਇਸ ਤੋਂ ਵੀ ਘੱਟ ਤੁਸੀਂ ਇਹ ਚਾਹੁੰਦੇ ਹੋ ਕਿ ਭਵਿੱਖ ਵਿੱਚ ਸਦਾ ਦੀ ਸਜ਼ਾ ਵਿੱਚ ਪੈ ਜਾਵੋ। ਤੁਸੀਂ ਆਪਣੇ ਆਪ ਨੂੰ ਥੋੜ੍ਹਾ ਵਧੇਰੇ ਸੁਤੰਤਰ ਰੂਪ ਵਿੱਚ, ਥੋੜ੍ਹਾ ਵਧੇਰੇ ਅਸਾਨੀ ਨਾਲ ਜੀਉਣ ਦੇਣ ਦੀ ਸਿਰਫ ਉਮੀਦ ਕਰਦੇ ਹੋ। ਅਤੇ ਇਸ ਲਈ ਜਦੋਂ ਵੀ ਅਸਲ ਸਥਾਨ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਤੁਸੀਂ ਖਾਸਕਰ ਘਬਰਾ ਜਾਂਦੇ ਹੋ, ਬਹੁਤ ਡਰ ਜਾਂਦੇ ਹੋ ਕਿ ਜੇ ਤੁਸੀਂ ਲੋੜੀਂਦਾ ਧਿਆਨ ਨਹੀਂ ਦਿੰਦੇ ਤਾਂ ਤੁਸੀਂ ਸ਼ਾਇਦ ਪਰਮੇਸ਼ੁਰ ਨੂੰ ਨਾਰਾਜ਼ ਕਰ ਦੇਵੋਗੇ ਅਤੇ ਨਤੀਜੇ ਵਜੋਂ ਸਜ਼ਾ ਵਿੱਚ ਪੈ ਜਾਵੋਗੇ ਜਿਸ ਦੇ ਤੁਸੀਂ ਹੱਕਦਾਰ ਹੋ। ਤੁਸੀਂ ਆਪਣੀ ਮੰਜ਼ਲ ਦੀ ਖ਼ਾਤਰ ਸਮਝੌਤਾ ਕਰਨ ਤੋਂ ਸੰਕੋਚ ਨਹੀਂ ਕੀਤਾ ਹੈ, ਅਤੇ ਇੱਥੋਂ ਤੱਕ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਜੋ ਕਦੇ ਧੋਖੇਬਾਜ਼ ਅਤੇ ਬਕਵਾਦੀ ਸਨ, ਅਚਾਨਕ ਹੀ ਨਰਮ ਅਤੇ ਸੁਹਿਰਦ ਹੋ ਗਏ ਹਨ; ਤੁਹਾਡੀ ਸੁਹਿਰਦਤਾ ਦੀ ਦਿੱਖ ਲੋਕਾਂ ਨੂੰ ਕੰਬਾਅ ਦਿੰਦੀ ਹੈ। ਫਿਰ ਵੀ, ਤੁਹਾਡੇ ਸਭ ਦੇ ਦਿਲ “ਇਮਾਨਦਾਰ” ਹਨ, ਅਤੇ ਤੁਸੀਂ ਲਗਾਤਾਰ ਮੇਰੇ ਅੱਗੇ ਬਿਨਾਂ ਕੁਝ ਲੁਕਾਇਆਂ ਆਪਣੇ ਦਿਲਾਂ ਦੇ ਭੇਦ ਖੋਲ੍ਹੇ ਹਨ, ਭਾਵੇਂ ਇਹ ਸ਼ਿਕਾਇਤ, ਧੋਖਾ ਜਾਂ ਸ਼ਰਧਾ ਹੋਵੇ। ਕੁਲ ਮਿਲਾ ਕੇ, ਤੁਸੀਂ ਬੜੀ ਇਮਾਨਦਾਰੀ ਨਾਲ ਮੇਰੇ ਅੱਗੇ ਉਨ੍ਹਾਂ ਮਹੱਤਵਪੂਰਣ ਗੱਲਾਂ ਦਾ “ਇਕਰਾਰ” ਕੀਤਾ ਹੈ ਜੋ ਤੁਹਾਡੀ ਹੋਂਦ ਦੇ ਸਭ ਤੋਂ ਡੂੰਘੇ ਕੋਨਿਆਂ ਵਿੱਚ ਹਨ। ਬੇਸ਼ਕ, ਮੈਂ ਅਜਿਹੀਆਂ ਚੀਜ਼ਾਂ ਤੋਂ ਕਦੇ ਬਚਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮੇਰੇ ਲਈ ਉਹ ਸਭ ਬਹੁਤ ਜਾਣੀਆਂ-ਪਛਾਣੀਆਂ ਹੋ ਗਈਆਂ ਹਨ। ਤੁਸੀਂ ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਕਰਨ ਲਈ ਆਪਣੇ ਵਾਲਾਂ ਦੀ ਇੱਕ ਤੰਦ ਨੂੰ ਗੁਆਉਣ ਦੀ ਬਜਾਏ ਆਪਣੀ ਅੰਤਮ ਮੰਜ਼ਲ ਦੀ ਖਾਤਰ ਅੱਗ ਦੇ ਸਮੁੰਦਰ ਵਿੱਚ ਪ੍ਰਵੇਸ਼ ਕਰਨਾ ਪਸੰਦ ਕਰੋਗੇ। ਇਹ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਬਹੁਤਾ ਸਿਧਾਂਤਵਾਦੀ ਹੋ ਰਿਹਾ ਹਾਂ; ਇਹ ਹੈ ਕਿ ਤੁਹਾਡੇ ਵਿੱਚ ਸ਼ਰਧਾ ਭਾਵਨਾ ਦੀ ਇੰਨੀ ਕਮੀ ਹੈ ਕਿ ਮੈਂ ਜੋ ਕੁਝ ਕਰਦਾ ਹਾਂ ਤੁਸੀਂ ਉਸ ਦਾ ਸਾਹਮਣਾ ਨਹੀਂ ਕਰ ਸਕਦੇ। ਜੋ ਮੈਂ ਹੁਣੇ ਕਿਹਾ ਹੈ ਤੁਸੀਂ ਸ਼ਾਇਦ ਸਮਝ ਨਾ ਸਕੋ, ਇਸ ਲਈ ਮੈਂ ਤੁਹਾਨੂੰ ਇੱਕ ਸਧਾਰਣ ਵਿਆਖਿਆ ਪ੍ਰਦਾਨ ਕਰਦਾ ਹਾਂ: ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ ਉਹ ਸੱਚਾਈ ਅਤੇ ਜੀਵਨ ਨਹੀਂ, ਨਾ ਹੀ ਇਸ ਬਾਰੇ ਸਿਧਾਂਤ ਹਨ ਕਿ ਆਪਣੇ ਆਪ ਦਾ ਸੰਚਾਲਨ ਕਿਵੇਂ ਕਰਨਾ ਹੈ, ਮੇਰਾ ਮਿਹਨਤ ਦਾ ਕੰਮ ਤਾਂ ਬਿਲਕੁਲ ਵੀ ਨਹੀਂ। ਇਸ ਦੀ ਬਜਾਇ, ਤੁਹਾਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਹੈ ਉਹ ਸਭ ਕੁਝ ਜੋ ਤੁਹਾਡੇ ਕੋਲ ਸਰੀਰ ਵਿੱਚ ਹੈ—ਦੌਲਤ, ਰੁਤਬਾ, ਪਰਿਵਾਰ, ਵਿਆਹ ਅਤੇ ਹੋਰ ਬਹੁਤ ਕੁਝ। ਤੁਸੀਂ ਮੇਰੇ ਵਚਨਾਂ ਅਤੇ ਕਾਰਜਾਂ ਨੂੰ ਬਿਲਕੁਲ ਖਾਰਜ ਕਰ ਦਿੰਦੇ ਹੋ, ਇਸ ਲਈ ਮੈਂ ਤੁਹਾਡੇ ਵਿਸ਼ਵਾਸ ਦਾ ਨਿਚੋੜ ਇੱਕ ਸ਼ਬਦ ਵਿੱਚ ਦੇ ਸਕਦਾ ਹਾਂ: ਲਾਪਰਵਾਹ। ਤੁਸੀਂ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਵੋਗੇ ਜਿਨ੍ਹਾਂ ਲਈ ਤੁਸੀਂ ਪੂਰੀ ਤਰ੍ਹਾਂ ਸਮਰਪਿਤ ਹੋ, ਪਰ ਮੈਂ ਦੇਖਿਆ ਹੈ ਕਿ ਤੁਸੀਂ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਨਾਲ ਸੰਬੰਧਤ ਮਾਮਲਿਆਂ ਦੀ ਖ਼ਾਤਰ ਅਜਿਹਾ ਨਹੀਂ ਕਰੋਗੇ। ਇਸ ਦੀ ਬਜਾਇ, ਤੁਸੀਂ ਤੁਲਨਾਤਮਕ ਤੌਰ ਤੇ ਸਮਰਪਿਤ ਹੋ, ਅਤੇ ਤੁਲਨਾਤਮਕ ਤੌਰ ਤੇ ਗੰਭੀਰ। ਇਸੇ ਲਈ ਮੈਂ ਕਹਿੰਦਾ ਹਾਂ ਕਿ ਜਿਨ੍ਹਾਂ ਦੇ ਮਨ ਵਿੱਚ ਪੂਰੀ ਇਮਾਨਦਾਰੀ ਨਹੀਂ, ਉਹ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਵਿੱਚ ਅਸਫਲ ਹਨ। ਧਿਆਨ ਨਾਲ ਸੋਚੋ—ਕੀ ਤੁਹਾਡੇ ਵਿੱਚ ਬਹੁਤ ਸਾਰੇ ਅਸਫਲ ਲੋਕ ਹਨ?

ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਵਿੱਚ ਸਫਲਤਾ ਲੋਕਾਂ ਦੇ ਆਪਣੇ ਕੰਮਾਂ ਦੇ ਨਤੀਜੇ ਵਜੋਂ ਪ੍ਰਾਪਤ ਕੀਤੀ ਜਾਂਦੀ ਹੈ; ਜਦੋਂ ਲੋਕ ਸਫਲ ਨਹੀਂ ਹੁੰਦੇ ਪਰ ਇਸ ਦੇ ਉਲਟ ਅਸਫਲ ਹੋ ਜਾਂਦੇ ਹਨ, ਇਹ ਵੀ ਉਨ੍ਹਾਂ ਦੇ ਆਪਣੇ ਕੰਮਾਂ ਕਰਕੇ ਹੁੰਦਾ ਹੈ, ਅਤੇ ਕਿਸੇ ਹੋਰ ਕਾਰਕ ਦੁਆਰਾ ਕੋਈ ਭੂਮਿਕਾ ਨਹੀਂ ਨਿਭਾਈ ਜਾਂਦੀ। ਮੈਨੂੰ ਯਕੀਨ ਹੈ ਕਿ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦੀ ਬਜਾਇ ਕਿਸੇ ਅਜਿਹੀ ਚੀਜ਼ ਨੂੰ ਪ੍ਰਾਪਤ ਕਰਨ ਲਈ ਕੁਝ ਵੀ ਕਰੋਗੇ ਜੋ ਵਧੇਰੇ ਮੁਸ਼ਕਲ ਅਤੇ ਵਧੇਰੇ ਦੁੱਖ ਝੱਲਣ ਨਾਲ ਮਿਲਦੀ ਹੈ, ਅਤੇ ਇਹ ਕਿ ਤੁਸੀਂ ਇਸ ਨਾਲ ਬੜੀ ਗੰਭੀਰਤਾ ਨਾਲ ਪੇਸ਼ ਆਓਗੇ, ਇੰਨੀ ਗੰਭੀਰਤਾ ਨਾਲ ਕਿ ਤੁਸੀਂ ਕੋਈ ਵੀ ਗਲਤੀ ਸਹਿਣ ਕਰਨ ਲਈ ਤਿਆਰ ਨਹੀਂ ਹੋਵੋਗੇ; ਇਹ ਐਸੀਆਂ ਅਣਥੱਕ ਕੋਸ਼ਿਸ਼ਾਂ ਹਨ ਜੋ ਤੁਸੀਂ ਸਾਰੇ ਆਪਣੀਆਂ ਜ਼ਿੰਦਗੀਆਂ ਵਿੱਚ ਕਰਦੇ ਹੋ। ਤੁਸੀਂ ਉਨ੍ਹਾਂ ਸਥਿਤੀਆਂ ਵਿੱਚ ਵੀ ਮੇਰੇ ਸਰੀਰ ਨੂੰ ਧੋਖਾ ਦੇਣ ਦੇ ਸਮਰੱਥ ਹੋ ਜਿਨ੍ਹਾਂ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਧੋਖਾ ਨਹੀਂ ਦੇਵੋਗੇ। ਇਹ ਤੁਹਾਡਾ ਨਿਰੰਤਰ ਵਿਹਾਰ ਅਤੇ ਸਿਧਾਂਤ ਹੈ ਜਿਸ ਦੁਆਰਾ ਤੁਸੀਂ ਜੀਉਂਦੇ ਹੋ। ਕੀ ਤੁਸੀਂ ਅਜੇ ਵੀ ਆਪਣੀ ਮੰਜ਼ਲ ਦੀ ਖ਼ਾਤਰ ਮੈਨੂੰ ਧੋਖਾ ਦੇਣ ਲਈ ਇੱਕ ਝੂਠਾ ਤਮਾਸ਼ਾ ਪੇਸ਼ ਨਹੀਂ ਕਰ ਰਹੇ, ਤਾਂ ਜੋ ਤੁਹਾਡੀ ਮੰਜ਼ਲ ਪੂਰੀ ਤਰ੍ਹਾਂ ਸੁੰਦਰ ਅਤੇ ਬਿਲਕੁਲ ਉਸੇ ਤਰ੍ਹਾਂ ਦਾ ਹੋਵੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ? ਮੈਂ ਜਾਣਦਾ ਹਾਂ ਕਿ ਤੁਹਾਡੀ ਸ਼ਰਧਾ ਥੋੜ੍ਹੇ ਸਮੇਂ ਲਈ ਹੈ, ਜਿਵੇਂ ਤੁਹਾਡੀ ਇਮਾਨਦਾਰੀ ਹੈ। ਕੀ ਤੁਹਾਡਾ ਪੱਕਾ ਇਰਾਦਾ ਅਤੇ ਜਿਹੜੀ ਕੀਮਤ ਤੁਸੀਂ ਅਦਾ ਕਰਦੇ ਹੋ ਸਿਰਫ ਮੌਜੂਦਾ ਪਲ ਦੀ ਖਾਤਰ ਨਹੀਂ ਹਨ, ਨਾ ਕਿ ਭਵਿੱਖ ਲਈ? ਤੁਸੀਂ ਇੱਕ ਸੁੰਦਰ ਮੰਜ਼ਲ ਪੱਕੀ ਕਰਨ ਦੀ ਕੋਸ਼ਿਸ਼ ਵਿੱਚ ਸਿਰਫ ਇੱਕ ਆਖਰੀ ਜਤਨ ਕਰਨਾ ਚਾਹੁੰਦੇ ਹੋ, ਇੱਕ ਸੌਦਾ ਕਰਨ ਦੇ ਇੱਕੋ-ਇੱਕ ਉਦੇਸ਼ ਨਾਲ। ਜੋ ਕੀਮਤ ਮੈਂ ਅਦਾ ਕੀਤੀ ਹੈ, ਉਸ ਦਾ ਮੁੱਲ ਮੈਨੂੰ ਵਾਪਸ ਕਰਨ ਦੀ ਖ਼ਾਤਰ ਤਾਂ ਦੂਰ, ਤੁਸੀਂ ਤਾਂ ਸੱਚਾਈ ਦੇ ਰਿਣੀ ਹੋਣ ਤੋਂ ਬਚਣ ਲਈ ਵੀ ਇਹ ਕੋਸ਼ਿਸ਼ ਨਹੀਂ ਕਰਦੇ। ਸੰਖੇਪ ਵਿੱਚ, ਜੋ ਤੁਸੀਂ ਚਾਹੁੰਦੇ ਹੋ, ਤੁਸੀਂ ਸਿਰਫ ਉਹ ਪ੍ਰਾਪਤ ਕਰਨ ਲਈ ਚਲਾਕ ਚਾਲਾਂ ਚੱਲਣ ਲਈ ਤਿਆਰ ਹੋ, ਪਰ ਇਸ ਦੇ ਲਈ ਖੁੱਲ੍ਹੀ ਲੜਾਈ ਲੜਨ ਲਈ ਨਹੀਂ। ਕੀ ਇਹ ਤੁਹਾਡੀ ਦਿਲੀ ਇੱਛਾ ਨਹੀਂ ਹੈ? ਤੁਹਾਨੂੰ ਆਪਣਾ ਭੇਸ ਨਹੀਂ ਵਟਾਉਣਾ ਚਾਹੀਦਾ, ਅਤੇ ਨਾ ਹੀ ਆਪਣੀ ਮੰਜ਼ਲ ਬਾਰੇ ਆਪਣਾ ਦਿਮਾਗ ਇੰਨਾ ਖ਼ਰਚ ਕਰਨ ਦੀ ਲੋੜ ਹੈ ਕਿ ਤੁਸੀਂ ਖਾ ਜਾਂ ਸੌਂ ਨਾ ਸਕੋ। ਕੀ ਇਹ ਸੱਚ ਨਹੀਂ ਹੈ ਕਿ ਅੰਤ ਵਿੱਚ ਤੁਹਾਡਾ ਨਤੀਜਾ ਪਹਿਲਾਂ ਹੀ ਨਿਰਧਾਰਤ ਕਰ ਦਿੱਤਾ ਗਿਆ ਹੋਵੇਗਾ? ਤੁਹਾਨੂੰ ਹਰੇਕ ਨੂੰ ਆਪਣੀ ਪੂਰੀ ਕਾਬਲੀਅਤ ਨਾਲ, ਖੁੱਲ੍ਹੇ ਅਤੇ ਇਮਾਨਦਾਰ ਦਿਲਾਂ ਨਾਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ, ਅਤੇ ਜੋ ਵੀ ਕੀਮਤ ਜ਼ਰੂਰੀ ਹੈ ਉਹ ਅਦਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਕਿਹਾ ਹੈ, ਜਦੋਂ ਉਹ ਦਿਨ ਆਵੇਗਾ, ਪਰਮੇਸ਼ੁਰ ਕਿਸੇ ਵੀ ਅਜਿਹੇ ਵਿਅਕਤੀ ਪ੍ਰਤੀ ਲਾਪਰਵਾਹ ਨਹੀਂ ਹੋਵੇਗਾ ਜਿਸ ਨੇ ਉਸ ਲਈ ਦੁੱਖ ਝੱਲਿਆ ਹੈ ਜਾਂ ਕੀਮਤ ਅਦਾ ਕੀਤੀ ਹੈ। ਇਸ ਕਿਸਮ ਦਾ ਭਰੋਸਾ ਫੜੀ ਰੱਖਣ ਦੇ ਯੋਗ ਹੈ, ਅਤੇ ਇਹ ਸਹੀ ਹੈ ਕਿ ਤੁਹਾਨੂੰ ਇਸ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਸਿਰਫ ਇਸ ਤਰੀਕੇ ਨਾਲ ਮੈਂ ਤੁਹਾਡੇ ਬਾਰੇ ਆਪਣੇ ਮਨ ਨੂੰ ਸਹਿਜ ਕਰ ਸਕਦਾ ਹਾਂ। ਨਹੀਂ ਤਾਂ, ਤੁਸੀਂ ਸਦਾ ਲਈ ਉਹ ਲੋਕ ਹੋਵੋਗੇ ਜਿਨ੍ਹਾਂ ਬਾਰੇ ਮੈਂ ਆਪਣਾ ਮਨ ਸਹਿਜ ਨਹੀਂ ਕਰ ਸਕਦਾ, ਅਤੇ ਤੁਸੀਂ ਹਮੇਸ਼ਾਂ ਮੇਰੀ ਨਾਪਸੰਦੀ ਦੇ ਪਾਤਰ ਹੋਵੋਗੇ। ਜੇ ਤੁਸੀਂ ਸਾਰੇ ਆਪਣੇ ਜ਼ਮੀਰ ਦੀ ਮੰਨ ਸਕੋ ਅਤੇ ਮੇਰੇ ਲਈ ਆਪਣਾ ਸਭ ਕੁਝ ਦੇ ਸਕੋ, ਮੇਰੇ ਕੰਮ ਲਈ ਬਿਨਾਂ ਕੋਈ ਕੋਸ਼ਿਸ਼ ਛੱਡਦੇ ਹੋਏ, ਅਤੇ ਮੇਰੇ ਖੁਸ਼ਖਬਰੀ ਦੇ ਕੰਮ ਲਈ ਜੀਵਨ ਭਰ ਦੀ ਊਰਜਾ ਨੂੰ ਸਮਰਪਿਤ ਕਰਦੇ ਹੋਏ, ਤਾਂ ਕੀ ਮੇਰਾ ਦਿਲ ਤੁਹਾਡੇ ਕਰਕੇ ਖੁਸ਼ੀ ਨਾਲ ਲੁੱਡੀਆਂ ਨਹੀਂ ਪਾਵੇਗਾ? ਇਸ ਤਰੀਕੇ ਨਾਲ, ਮੈਂ ਤੁਹਾਡੇ ਬਾਰੇ ਆਪਣੇ ਮਨ ਨੂੰ ਪੂਰੀ ਤਰ੍ਹਾਂ ਸਹਿਜ ਕਰ ਸਕਾਂਗਾ, ਕੀ ਮੈਂ ਨਹੀਂ ਕਰਾਂਗਾ? ਇਹ ਅਫਸੋਸ ਦੀ ਗੱਲ ਹੈ ਕਿ ਮੈਂ ਜੋ ਉਮੀਦ ਕਰਦਾ ਹਾਂ, ਤੁਸੀਂ ਉਸ ਦਾ ਬੜਾ ਤੁੱਛ ਜਿਹਾ ਹਿੱਸਾ ਹੀ ਕਰ ਸਕਦੇ ਹੋ। ਇਸ ਸਥਿਤੀ ਵਿੱਚ, ਤੁਸੀਂ ਮੇਰੇ ਤੋਂ ਉਹ ਪ੍ਰਾਪਤ ਕਰਨ ਦੀ ਹਿੰਮਤ ਕਿਵੇਂ ਕਰ ਸਕਦੇ ਹੋ ਜਿਸ ਦੀ ਤੁਸੀਂ ਉਮੀਦ ਕਰਦੇ ਹੋ?

ਤੁਹਾਡੀ ਮੰਜ਼ਲ ਅਤੇ ਤੁਹਾਡਾ ਨਸੀਬ ਤੁਹਾਡੇ ਲਈ ਬਹੁਤ ਮਹੱਤਵਪੂਰਨ ਹਨ—ਇਹ ਗੰਭੀਰ ਚਿੰਤਾ ਦਾ ਵਿਸ਼ਾ ਹਨ। ਤੁਸੀਂ ਮੰਨਦੇ ਹੋ, ਜੇ ਤੁਸੀਂ ਬੜੇ ਧਿਆਨ ਨਾਲ ਕੰਮ ਨਹੀਂ ਕਰਦੇ, ਇਸ ਦਾ ਅਰਥ ਇਹ ਹੋਵੇਗਾ ਕਿ ਤੁਹਾਡੀ ਮੰਜ਼ਲ ਛੁੱਟ ਗਈ ਹੈ, ਕਿ ਤੁਸੀਂ ਖੁਦ ਆਪਣੇ ਨਸੀਬ ਨੂੰ ਖਤਮ ਕਰ ਦਿੱਤਾ ਹੈ। ਪਰ ਕੀ ਕਦੇ ਤੁਹਾਡੇ ਮਨ ਵਿੱਚ ਇਹ ਆਇਆ ਹੈ ਕਿ ਉਹ ਲੋਕ ਜੋ ਸਿਰਫ ਆਪਣੀ ਮੰਜ਼ਲ ਦੀ ਪੂਰਤੀ ਲਈ ਮਿਹਨਤ ਕਰਦੇ ਹਨ ਵਿਅਰਥ ਮਿਹਨਤ ਕਰ ਰਹੇ ਹਨ? ਇਹੋ ਜਿਹੇ ਯਤਨ ਸੱਚੇ ਨਹੀਂ ਹੁੰਦੇ—ਉਹ ਮਨਘੜਤ ਅਤੇ ਧੋਖਾ ਹਨ। ਜੇ ਇਹ ਸਥਿਤੀ ਹੈ, ਤਾਂ ਉਹ ਜਿਹੜੇ ਸਿਰਫ ਆਪਣੀ ਮੰਜ਼ਲ ਦੀ ਖ਼ਾਤਰ ਕੰਮ ਕਰਦੇ ਹਨ, ਆਪਣੀ ਅੰਤਮ ਹਾਰ ਦੇ ਕਿਨਾਰੇ ਹਨ, ਕਿਉਂਕਿ ਵਿਅਕਤੀ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਧੋਖੇ ਦੇ ਕਾਰਣ ਹੀ ਖਤਮ ਹੁੰਦਾ ਹੈ। ਮੈਂ ਪਹਿਲਾਂ ਕਿਹਾ ਹੈ ਕਿ ਮੈਨੂੰ ਖ਼ੁਸ਼ਾਮਦ ਕਰਵਾਉਣੀ ਜਾਂ ਚਾਪਲੂਸੀ, ਜਾਂ ਉਤਸ਼ਾਹ ਵਾਲਾ ਵਿਹਾਰ ਪਸੰਦ ਨਹੀਂ। ਮੈਨੂੰ ਇਮਾਨਦਾਰ ਲੋਕਾਂ ਵੱਲੋਂ ਮੇਰੀ ਸੱਚਾਈ ਅਤੇ ਮੇਰੀਆਂ ਉਮੀਦਾਂ ਦਾ ਸਾਹਮਣਾ ਕਰਨਾ ਪਸੰਦ ਹੈ। ਇਸ ਤੋਂ ਵੀ ਵੱਧ, ਮੈਨੂੰ ਇਹ ਪਸੰਦ ਹੈ ਜਦੋਂ ਲੋਕ ਮੇਰੇ ਮਨ ਪ੍ਰਤੀ ਪੂਰੀ ਚਿੰਤਾ ਅਤੇ ਧਿਆਨ ਦਿਖਾਉਣ ਦੇ ਯੋਗ ਹੁੰਦੇ ਹਨ, ਅਤੇ ਜਦੋਂ ਉਹ ਮੇਰੇ ਲਈ ਸਭ ਕੁਝ ਛੱਡਣ ਦੇ ਯੋਗ ਵੀ ਹੁੰਦੇ ਹਨ। ਕੇਵਲ ਇਸ ਤਰੀਕੇ ਨਾਲ ਮੇਰੇ ਮਨ ਨੂੰ ਦਿਲਾਸਾ ਮਿਲ ਸਕਦਾ ਹੈ। ਇਸ ਸਮੇਂ, ਤੁਹਾਡੇ ਬਾਰੇ ਕਿੰਨੀਆਂ ਗੱਲਾਂ ਹਨ ਜੋ ਮੈਂ ਪਸੰਦ ਨਹੀਂ ਕਰਦਾ ਹਾਂ? ਤੁਹਾਡੇ ਬਾਰੇ ਕਿੰਨੀਆਂ ਗੱਲਾਂ ਹਨ ਜੋ ਮੈਂ ਪਸੰਦ ਕਰਦਾ ਹਾਂ? ਕੀ ਇਹ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕਿਸੇ ਨੇ ਵੀ ਆਪਣੀ ਮੰਜ਼ਲ ਦੀ ਖ਼ਾਤਰ ਬਦਸੂਰਤੀ ਦੇ ਜੋ ਵੱਖ-ਵੱਖ ਪ੍ਰਗਟਾਵੇ ਕੀਤੇ ਹਨ, ਉਨ੍ਹਾਂ ਨੂੰ ਮਹਿਸੂਸ ਨਹੀਂ ਕੀਤਾ ਹੈ?

ਮੇਰੇ ਮਨ ਵਿਚ, ਮੈਂ ਕਿਸੇ ਵੀ ਦਿਲ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਜੋ ਸਕਾਰਾਤਮਕ ਹੋਵੇ ਅਤੇ ਉਪਰ ਵੱਲ ਦੀ ਚਾਹਤ ਰੱਖਦਾ ਹੋਵੇ, ਅਤੇ ਇਸ ਤੋਂ ਵੀ ਘੱਟ ਇਹ ਕਿ ਮੈਂ ਕਿਸੇ ਵੀ ਵਿਅਕਤੀ ਦੀ ਊਰਜਾ ਨੂੰ ਕਮਜ਼ੋਰ ਕਰਨ ਦੀ ਇੱਛਾ ਨਹੀਂ ਰੱਖਦਾ ਜੋ ਵਫ਼ਾਦਾਰੀ ਨਾਲ ਆਪਣਾ ਫਰਜ਼ ਨਿਭਾ ਰਿਹਾ ਹੈ। ਇਸ ਦੇ ਬਾਵਜੂਦ, ਮੈਨੂੰ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਮੀਆਂ ਅਤੇ ਗੰਦੀ ਆਤਮਾ ਦੀ ਯਾਦ ਜ਼ਰੂਰ ਦਿਵਾਉਣੀ ਚਾਹੀਦੀ ਹੈ ਜੋ ਤੁਹਾਡੇ ਮਨਾਂ ਦੇ ਸਭ ਤੋਂ ਡੂੰਘੇ ਕੋਨਿਆਂ ਵਿੱਚ ਹੈ। ਮੈਂ ਇਸ ਉਮੀਦ ਵਿੱਚ ਹਾਂ ਕਿ ਤੁਸੀਂ ਮੇਰੇ ਵਚਨਾਂ ਦਾ ਸਾਹਮਣਾ ਕਰਦਿਆਂ ਆਪਣਾ ਸੱਚਾ ਮਨ ਅਰਪਣ ਕਰਨ ਦੇ ਯੋਗ ਹੋਵੋਗੇ, ਕਿਉਂਕਿ ਜਿਸ ਚੀਜ਼ ਨਾਲ ਮੈਨੂੰ ਸਭ ਤੋਂ ਵੱਧ ਨਫ਼ਰਤ ਹੈ ਉਹ ਹੈ ਮੇਰੇ ਪ੍ਰਤੀ ਲੋਕਾਂ ਦਾ ਧੋਖਾ। ਮੈਨੂੰ ਸਿਰਫ ਉਮੀਦ ਹੈ ਕਿ, ਮੇਰੇ ਕੰਮ ਦੇ ਆਖ਼ਰੀ ਪੜਾਅ ਵਿੱਚ, ਤੁਸੀਂ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਹੋਵੋਗੇ, ਅਤੇ ਇਹ ਕਿ ਤੁਸੀਂ ਹੁਣ ਤੋਂ ਆਪਣੇ ਆਪ ਨੂੰ ਪੂਰੇ ਦਿਲ ਨਾਲ ਸਮਰਪਿਤ ਕਰੋਗੇ, ਅਧੂਰੇ ਮਨ ਨਾਲ ਨਹੀਂ। ਬੇਸ਼ਕ, ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਤੁਹਾਡੇ ਸਾਰਿਆਂ ਦੀ ਵਧੀਆ ਮੰਜ਼ਲ ਹੋ ਸਕਦੀ ਹੈ। ਫਿਰ ਵੀ, ਮੇਰੀ ਅਜੇ ਵੀ ਇੱਕ ਸ਼ਰਤ ਹੈ, ਜੋ ਤੁਹਾਡੇ ਲਈ ਇਕਲੌਤੀ ਅਤੇ ਅੰਤਮ ਸ਼ਰਧਾ ਮੈਨੂੰ ਅਰਪਣ ਕਰਨ ਦਾ ਸਭ ਤੋਂ ਵਧੀਆ ਫੈਸਲਾ ਕਰੋ। ਜੇ ਕਿਸੇ ਕੋਲ ਇਹ ਇਕਲੌਤੀ ਸ਼ਰਧਾ ਨਹੀਂ ਹੈ, ਤਾਂ ਉਹ ਨਿਸ਼ਚਤ ਤੌਰ ਤੇ ਸ਼ੈਤਾਨ ਦੀ ਕੀਮਤੀ ਸੰਪਤੀ ਹੈ, ਅਤੇ ਮੈਂ ਅੱਗੇ ਤੋਂ ਉਸ ਨੂੰ ਇਸਤੇਮਾਲ ਕਰਨ ਲਈ ਨਹੀਂ ਰੱਖਾਂਗਾ ਪਰ ਉਸ ਦੇ ਮਾਤਾ-ਪਿਤਾ ਦੁਆਰਾ ਦੇਖਭਾਲ ਲਈ ਉਸ ਨੂੰ ਘਰ ਭੇਜਾਂਗਾ। ਮੇਰਾ ਕੰਮ ਤੁਹਾਡੇ ਲਈ ਇੱਕ ਵੱਡੀ ਸਹਾਇਤਾ ਹੈ; ਜੋ ਮੈਂ ਤੁਹਾਡੇ ਤੋਂ ਪ੍ਰਾਪਤ ਕਰਨ ਦੀ ਉਮੀਦ ਕਰਦਾ ਹਾਂ ਉਹ ਹੈ ਇੱਕ ਦਿਲ ਜੋ ਇਮਾਨਦਾਰ ਹੈ ਅਤੇ ਜੋ ਉੱਪਰ ਵੱਲ ਦੀ ਚਾਹਤ ਰੱਖਦਾ ਹੈ, ਪਰ ਹੁਣ ਤੱਕ ਮੇਰੇ ਹੱਥ ਖਾਲੀ ਹਨ। ਇਸ ਬਾਰੇ ਸੋਚੋ: ਜੇ ਇੱਕ ਦਿਨ ਮੈਂ ਹਾਲੇ ਵੀ ਇੰਨਾ ਹੀ ਦੁਖੀ ਹੋਵਾਂਗਾ, ਸ਼ਬਦਾਂ ਵਿੱਚ ਦੱਸਣ ਤੋਂ ਬਾਹਰ, ਤਾਂ ਫਿਰ ਤੁਹਾਡੇ ਪ੍ਰਤੀ ਮੇਰਾ ਰਵੱਈਆ ਕੀ ਹੋਵੇਗਾ? ਕੀ ਮੈਂ ਤੁਹਾਡੇ ਨਾਲ ਓਨਾ ਹੀ ਮਿਲਣਸਾਰ ਹੋਵਾਂਗਾ ਜਿਵੇਂ ਮੈਂ ਹੁਣ ਹਾਂ? ਕੀ ਮੇਰਾ ਦਿਲ ਉਸ ਸਮੇਂ ਸ਼ਾਂਤ ਹੋਵੇਗਾ ਜਿਵੇਂ ਕਿ ਹੁਣ ਹੈ? ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਸਮਝਦੇ ਹੋ ਜਿਸ ਨੇ ਖੇਤ ਵਿੱਚ ਮਿਹਨਤ ਨਾਲ ਕਾਸ਼ਤ ਕਰਨ ਤੋਂ ਬਾਅਦ, ਇੱਕ ਵੀ ਦਾਣੇ ਦੀ ਕਟਾਈ ਨਹੀਂ ਕੀਤੀ? ਕੀ ਤੁਸੀਂ ਸਮਝਦੇ ਹੋ ਕਿ ਜਦੋਂ ਵਿਅਕਤੀ ਨੂੰ ਬਹੁਤ ਵੱਡੀ ਸੱਟ ਲੱਗਦੀ ਹੈ ਤਾਂ ਉਸ ਦਾ ਦਿਲ ਕਿੰਨਾ ਜ਼ਖਮੀ ਹੁੰਦਾ ਹੈ? ਕੀ ਤੁਸੀਂ ਕਿਸੇ ਵਿਅਕਤੀ ਦੀ ਕੁੜੱਤਣ ਦਾ ਸੁਆਦ ਚੱਖ ਸਕਦੇ ਹੋ, ਜੋ ਕਦੇ ਉਮੀਦ ਨਾਲ ਬਹੁਤ ਭਰਪੂਰ ਸੀ, ਜਿਸ ਨੂੰ ਰਿਸ਼ਤੇ ਖਰਾਬ ਹੋਣ ਕਰਕੇ ਰਾਹ ਵੱਖਰਾ ਕਰਨਾ ਪਿਆ? ਕੀ ਤੁਸੀਂ ਕਿਸੇ ਵਿਅਕਤੀ ਦਾ ਕ੍ਰੋਧ ਬਾਹਰ ਆਉਂਦਿਆਂ ਵੇਖਿਆ ਹੈ ਜਿਸ ਨੂੰ ਭੜਕਾਇਆ ਗਿਆ ਹੋਵੇ? ਕੀ ਤੁਸੀਂ ਉਸ ਵਿਅਕਤੀ ਦੀ ਬਦਲਾ ਲੈਣ ਦੀ ਉਤਸੁਕਤਾ ਨੂੰ ਜਾਣ ਸਕਦੇ ਹੋ ਜਿਸ ਨਾਲ ਦੁਸ਼ਮਣੀ ਅਤੇ ਧੋਖੇ ਨਾਲ ਪੇਸ਼ ਆਇਆ ਗਿਆ ਹੋਵੇ? ਜੇ ਤੁਸੀਂ ਇਨ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਸਮਝਦੇ ਹੋ, ਤਾਂ ਮੇਰੇ ਖਿਆਲ ਵਿਚ ਤੁਹਾਡੇ ਲਈ ਉਸ ਰਵੱਈਏ ਦੀ ਕਲਪਨਾ ਕਰਨੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਜੋ ਪਰਮੇਸ਼ੁਰ ਦਾ ਉਸ ਦੇ ਬਦਲਾ ਲੈਣ ਵੇਲੇ ਹੋਵੇਗਾ। ਅੰਤ ਵਿੱਚ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੀ ਮੰਜ਼ਲ ਦੀ ਖ਼ਾਤਰ ਗੰਭੀਰ ਕੋਸ਼ਿਸ਼ ਕਰੋ, ਹਾਲਾਂਕਿ ਤੁਸੀਂ ਆਪਣੀਆਂ ਕੋਸ਼ਿਸ਼ਾਂ ਵਿੱਚ ਧੋਖੇਬਾਜ਼ ਢੰਗਾਂ ਦੀ ਵਰਤੋਂ ਨਾ ਕਰੋ ਤਾਂ ਚੰਗਾ ਹੈ, ਨਹੀਂ ਤਾਂ ਮੈਂ ਤੁਹਾਡੇ ਨਾਲ ਆਪਣੇ ਮਨ ਵਿੱਚ ਨਿਰਾਸ਼ ਰਹਾਂਗਾ। ਅਤੇ ਅਜਿਹੀ ਨਿਰਾਸ਼ਾ ਦਾ ਨਤੀਜਾ ਕੀ ਹੁੰਦਾ ਹੈ? ਕੀ ਤੁਸੀਂ ਆਪਣੇ ਆਪ ਨੂੰ ਮੂਰਖ ਨਹੀਂ ਬਣਾ ਰਹੇ ਹੋ? ਉਹ ਜਿਹੜੇ ਆਪਣੀ ਮੰਜ਼ਲ ਲਈ ਸੋਚਦੇ ਹਨ ਪਰ ਫਿਰ ਵੀ ਇਸ ਨੂੰ ਬਰਬਾਦ ਕਰ ਦਿੰਦੇ ਹਨ, ਉਹ ਲੋਕ ਹਨ ਜੋ ਬਚਾਏ ਜਾਣ ਦੇ ਸਭ ਤੋਂ ਘੱਟ ਯੋਗ ਹਨ। ਜੇ ਅਜਿਹਾ ਵਿਅਕਤੀ ਭੜਕ ਜਾਵੇ ਅਤੇ ਗੁੱਸੇ ਵਿਚ ਵੀ ਆ ਜਾਵੇ, ਤਾਂ ਵੀ ਕੌਣ ਉਸ ਉੱਤੇ ਤਰਸ ਕਰੇਗਾ? ਸੰਖੇਪ ਵਿੱਚ, ਮੈਂ ਫਿਰ ਵੀ ਤੁਹਾਡੇ ਲਈ ਇੱਕ ਮੰਜ਼ਲ ਦੀ ਇੱਛਾ ਰੱਖਦਾ ਹਾਂ ਜੋ ਕਿ ਢੁਕਵੀਂ ਅਤੇ ਚੰਗੀ ਹੋਵੇ, ਅਤੇ ਇਸ ਤੋਂ ਵੱਧ, ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਵਿੱਚੋਂ ਕੋਈ ਵੀ ਤਬਾਹੀ ਵਿੱਚ ਨਹੀਂ ਪਵੇਗਾ।

ਪਿਛਲਾ: ਤੂੰ ਕਿਸ ਦੇ ਪ੍ਰਤੀ ਵਫ਼ਾਦਾਰ ਹੈਂ?

ਅਗਲਾ: ਤਿੰਨ ਸਿੱਖਿਆਵਾਂ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ