ਪਰਮੇਸ਼ੁਰ ਦੇ ਅੱਗੇ ਆਪਣੇ ਮਨ ਨੂੰ ਸ਼ਾਂਤ ਕਰਨ ਬਾਰੇ

ਪਰਮੇਸ਼ੁਰ ਦੇ ਵਚਨਾਂ ਵਿੱਚ ਪ੍ਰਵੇਸ਼ ਕਰਨ ਲਈ ਉਸਦੀ ਹਜ਼ੂਰੀ ਵਿੱਚ ਆਪਣੇ ਮਨ ਨੂੰ ਸ਼ਾਂਤ ਕਰਨ ਤੋਂ ਵੱਧ ਹੋਰ ਕੋਈ ਵੀ ਕਦਮ ਮਹੱਤਵਪੂਰਣ ਨਹੀਂ ਹੈ। ਇਹ ਇੱਕ ਅਜਿਹੀ ਸਿੱਖਿਆ ਹੈ ਜਿਸ ਵਿੱਚ ਸਭ ਲੋਕਾਂ ਨੂੰ ਇਸੇ ਸਮੇਂ ਪ੍ਰਵੇਸ਼ ਕਰਨ ਦੀ ਲੋੜ ਹੈ। ਪਰਮੇਸ਼ੁਰ ਅੱਗੇ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਰਾਹਾਂ ਵਿੱਚ ਪ੍ਰਵੇਸ਼ ਕਰਨ ਦੇ ਢੰਗ ਇਸ ਤਰ੍ਹਾਂ ਹਨ:

1. ਆਪਣੇ ਮਨ ਨੂੰ ਬਾਹਰੀ ਮਸਲਿਆਂ ਤੋਂ ਹਟਾਓ। ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਬਣੋ, ਆਪਣਾ ਨਿਰਵਿਘਨ ਧਿਆਨ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨ ਵਿੱਚ ਲਗਾਓ।

2. ਪਰਮੇਸ਼ੁਰ ਦੇ ਅੱਗੇ ਆਪਣੇ ਸ਼ਾਂਤ ਹੋਏ ਮਨ ਦੇ ਨਾਲ, ਪਰਮੇਸ਼ੁਰ ਦੇ ਵਚਨਾਂ ਨੂੰ ਖਾਓ, ਪੀਓ ਅਤੇ ਉਹਨਾਂ ਦਾ ਅਨੰਦ ਲਓ।

3. ਪਰਮੇਸ਼ੁਰ ਦੇ ਪ੍ਰੇਮ ਉੱਤੇ ਮਨਨ ਅਤੇ ਵਿਚਾਰ ਕਰੋ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਦੇ ਕੰਮਾਂ ਬਾਰੇ ਚਿੰਤਨ ਕਰੋ।

ਸਭ ਤੋਂ ਪਹਿਲਾਂ, ਪ੍ਰਾਰਥਨਾ ਤੋਂ ਸ਼ੁਰੂ ਕਰ। ਨਿਰਵਿਘਨ ਧਿਆਨ ਨਾਲ ਅਤੇ ਨਿਸ਼ਚਿਤ ਸਮੇਂ ’ਤੇ ਪ੍ਰਾਰਥਨਾ ਕਰ। ਭਾਵੇਂ ਤੇਰੇ ਕੋਲ ਸਮੇਂ ਦੀ ਕਿੰਨੀ ਵੀ ਥੁੜ੍ਹ ਕਿਉਂ ਨਾ ਹੋਵੇ, ਕਿੰਨਾ ਵੀ ਰੁੱਝਾ ਹੋਇਆ ਕਿਉਂ ਨਾ ਹੋਵੇਂ, ਜਾਂ ਤੇਰੇ ਨਾਲ ਕੁਝ ਵੀ ਕਿਉਂ ਨਾ ਵਾਪਰਿਆ ਹੋਵੇ, ਹਰ ਰੋਜ਼ ਆਮ ਵਾਂਗ ਪ੍ਰਾਰਥਨਾ ਕਰ, ਅਤੇ ਪਰਮੇਸ਼ੁਰ ਦੇ ਵਚਨਾਂ ਨੂੰ ਆਮ ਵਾਂਗ ਖਾ ਅਤੇ ਪੀ। ਜਿੰਨਾ ਚਿਰ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਵੇਂਗਾ ਅਤੇ ਪੀਵੇਂਗਾ, ਤੇਰਾ ਚੁਗਿਰਦਾ ਭਾਵੇਂ ਜਿਵੇਂ ਦਾ ਵੀ ਹੋਵੇ, ਤੈਨੂੰ ਆਪਣੀ ਆਤਮਾ ਵਿੱਚ ਬਹੁਤ ਜ਼ਿਆਦਾ ਅਨੰਦ ਮਿਲੇਗਾ, ਅਤੇ ਤੂੰ ਆਪਣੇ ਆਲੇ-ਦੁਆਲੇ ਦੇ ਲੋਕਾਂ, ਘਟਨਾਵਾਂ ਜਾਂ ਚੀਜ਼ਾਂ ਤੋਂ ਬੇਚੈਨ ਨਹੀਂ ਹੋਵੇਂਗਾ। ਜਦੋਂ ਤੂੰ ਆਮ ਤੌਰ ’ਤੇ ਆਪਣੇ ਮਨ ਵਿੱਚ ਪਰਮੇਸ਼ੁਰ ਬਾਰੇ ਵਿਚਾਰ ਕਰਦਾ ਹੈਂ, ਉਦੋਂ ਬਾਹਰ ਜੋ ਕੁਝ ਵੀ ਹੁੰਦਾ ਹੈ ਉਹ ਤੈਨੂੰ ਪਰੇਸ਼ਾਨ ਨਹੀਂ ਕਰ ਸਕਦਾ। ਰੁਤਬਾ ਰੱਖਣ ਦਾ ਇਹੋ ਮਤਲਬ ਹੁੰਦਾ ਹੈ। ਪ੍ਰਾਰਥਨਾ ਕਰਨ ਤੋਂ ਸ਼ੁਰੂ ਕਰ: ਪਰਮੇਸ਼ੁਰ ਅੱਗੇ ਸ਼ਾਂਤਮਨ ਹੋ ਕੇ ਪ੍ਰਾਰਥਨਾ ਕਰਨੀ ਸਭ ਤੋਂ ਵੱਧ ਲਾਹੇਵੰਦ ਹੁੰਦੀ ਹੈ। ਉਸਤੋਂ ਬਾਅਦ, ਪਰਮੇਸ਼ੁਰ ਦੇ ਵਚਨਾਂ ਨੂੰ ਖਾ ਅਤੇ ਪੀ, ਪਰਮੇਸ਼ੁਰ ਦੇ ਵਚਨਾਂ ਬਾਰੇ ਚਿੰਤਨ ਕਰ ਕੇ ਉਹਨਾਂ ਵਿੱਚ ਚਾਨਣ ਨੂੰ ਭਾਲ, ਇਨ੍ਹਾਂ ਉੱਤੇ ਅਮਲ ਕਰਨ ਦਾ ਰਾਹ ਲੱਭ, ਪਰਮੇਸ਼ੁਰ ਦਾ ਉਸਦੇ ਵਚਨਾਂ ਨੂੰ ਉਚਾਰਨ ਪਿੱਛੇ ਜੋ ਉਦੇਸ਼ ਹੈ ਉਸ ਨੂੰ ਜਾਣ, ਅਤੇ ਫ਼ੇਰ ਬਗੈਰ ਕਿਸੇ ਭਟਕਣ ਦੇ ਉਹਨਾਂ ਨੂੰ ਸਮਝ। ਆਮ ਤੌਰ ’ਤੇ, ਤੇਰੇ ਲਈ ਬਾਹਰੀ ਚੀਜ਼ਾਂ ਕਰਕੇ ਬੇਚੈਨ ਹੋਏ ਬਗੈਰ ਆਪਣੇ ਮਨ ਵਿੱਚ ਪਰਮੇਸ਼ੁਰ ਦੇ ਨੇੜੇ ਆ ਸਕਣਾ, ਪਰਮੇਸ਼ੁਰ ਦੇ ਪ੍ਰੇਮ ਬਾਰੇ ਵਿਚਾਰ ਕਰਨਾ ਅਤੇ ਪਰਮੇਸ਼ੁਰ ਦੇ ਵਚਨਾਂ ਬਾਰੇ ਚਿੰਤਨ ਕਰਨਾ ਆਮ ਹੋਣਾ ਚਾਹੀਦਾ ਹੈ। ਜਦੋਂ ਤੇਰੇ ਮਨ ਨੂੰ ਕਿਸੇ ਖਾਸ ਹੱਦ ਤਕ ਸ਼ਾਂਤੀ ਮਿਲ ਜਾਵੇਗੀ, ਤਾਂ ਤੇਰਾ ਆਲਾ-ਦੁਆਲਾ ਭਾਵੇਂ ਜਿਵੇਂ ਦਾ ਵੀ ਹੋਵੇ, ਤੂੰ ਪਰਮੇਸ਼ੁਰ ਦੇ ਪ੍ਰੇਮ ਬਾਰੇ ਵਿਚਾਰ ਕਰਨ ਲਈ ਅਤੇ ਸੱਚਮੁੱਚ ਉਸ ਦੇ ਨੇੜੇ ਆ ਸਕਣ ਲਈ, ਸ਼ਾਂਤ ਰਹਿ ਕੇ ਅਤੇ ਆਪਣੇ ਅੰਤਹਕਰਨ ਵਿੱਚ ਧਿਆਨ ਲਗਾ ਸਕੇਂਗਾ, ਤੇ ਅਖੀਰ ਉਸ ਮੁਕਾਮ ’ਤੇ ਪਹੁੰਚ ਜਾਵੇਂਗਾ ਜਿੱਥੇ ਤੇਰੇ ਮਨ ਵਿੱਚ ਪ੍ਰਸ਼ੰਸਾ ਉਮਡਦੀ ਹੈ ਤੇ ਇਹ ਪ੍ਰਾਰਥਨਾ ਤੋਂ ਵੀ ਕਿਤੇ ਬਿਹਤਰ ਹੈ। ਫ਼ੇਰ ਤੇਰੇ ਕੋਲ ਇੱਕ ਖਾਸ ਤਰ੍ਹਾਂ ਦਾ ਰੁਤਬਾ ਹੋਵੇਗਾ। ਜੇ ਤੂੰ ਅਵਸਥਾ ਬਾਰੇ ਦੱਸੇ ਗਏ ਉਪਰੋਕਤ ਪੜਾਵਾਂ ਨੂੰ ਹਾਸਲ ਕਰ ਸਕੇਂਗਾ, ਤਾਂ ਇਹ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੇਰਾ ਮਨ ਸੱਚਮੁੱਚ ਪਰਮੇਸ਼ੁਰ ਅੱਗੇ ਸ਼ਾਂਤ ਹੈ। ਇਹ ਪਹਿਲੀ ਮੂਲ ਸਿੱਖਿਆ ਹੈ। ਜਦੋਂ ਲੋਕ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣ ਦੇ ਯੋਗ ਹੁੰਦੇ ਹਨ, ਉਸ ਤੋਂ ਬਾਅਦ ਹੀ ਪਵਿੱਤਰ ਆਤਮਾ ਉਹਨਾਂ ਨੂੰ ਛੂਹ ਸਕਦਾ ਹੈ, ਅਤੇ ਪਵਿੱਤਰ ਆਤਮਾ ਉਹਨਾਂ ਨੂੰ ਪ੍ਰਕਾਸ਼ਮਾਨ ਅਤੇ ਚਾਨਣਮਈ ਕਰ ਸਕਦਾ ਹੈ, ਅਤੇ ਉਸਤੋਂ ਬਾਅਦ ਹੀ ਉਹ ਪਰਮੇਸ਼ੁਰ ਨਾਲ ਸੱਚੀ ਸਾਂਝ ਪਾਉਣ ਦੇ ਯੋਗ ਹੁੰਦੇ ਹਨ, ਅਤੇ ਇਸਦੇ ਨਾਲ ਹੀ ਪਰਮੇਸ਼ੁਰ ਦੀ ਇੱਛਾ ਅਤੇ ਪਵਿੱਤਰ ਆਤਮਾ ਦੀ ਅਗਵਾਈ ਨੂੰ ਸਮਝਣ ਦੇ ਵੀ। ਫ਼ੇਰ ਉਹ ਆਪਣੇ ਆਤਮਿਕ ਜੀਵਨ ਵਿੱਚ ਸਹੀ ਰਾਹ ਉੱਤੇ ਪ੍ਰਵੇਸ਼ ਕਰ ਚੁੱਕੇ ਹੋਣਗੇ। ਜਦੋਂ ਪਰਮੇਸ਼ੁਰ ਦੇ ਸਨਮੁੱਖ ਰਹਿਣ ਦੀ ਉਹਨਾਂ ਦੀ ਸਿਖਲਾਈ ਇੱਕ ਖਾਸ ਡੂੰਘਿਆਈ ਨੂੰ ਹਾਸਲ ਕਰ ਲੈਂਦੀ ਹੈ, ਅਤੇ ਉਹ ਆਪਣੇ ਆਪ ਦਾ ਤਿਆਗ ਕਰ ਪਾਉਂਦੇ ਹਨ, ਆਪਣੇ ਆਪ ਨੂੰ ਤੁੱਛ ਸਮਝ ਪਾਉਂਦੇ ਹਨ, ਅਤੇ ਪਰਮੇਸ਼ੁਰ ਦੇ ਵਚਨਾਂ ਵਿੱਚ ਜੀਉਂਦੇ ਹਨ, ਤਾਂ ਉਹਨਾਂ ਦੇ ਮਨ ਸੱਚਮੁੱਚ ਪਰਮੇਸ਼ੁਰ ਦੇ ਅੱਗੇ ਸ਼ਾਂਤ ਹੁੰਦੇ ਹਨ। ਆਪਣੇ ਆਪ ਨੂੰ ਤੁੱਛ ਸਮਝ ਸਕਣਾ, ਫ਼ਿਟਕਾਰ ਸਕਣਾ ਅਤੇ ਤਿਆਗ ਸਕਣਾ ਉਹ ਅਸਰ ਹੈ ਜੋ ਪਰਮੇਸ਼ੁਰ ਦੇ ਕੰਮ ਦੁਆਰਾ ਹਾਸਲ ਹੁੰਦਾ ਹੈ, ਅਤੇ ਲੋਕ ਇਸਨੂੰ ਆਪਣੇ ਆਪ ਨਹੀਂ ਕਰ ਸਕਦੇ। ਇਸ ਤਰ੍ਹਾਂ, ਪਰਮੇਸ਼ੁਰ ਦੇ ਅੱਗੇ ਆਪਣੇ ਮਨ ਨੂੰ ਸ਼ਾਂਤ ਕਰਨ ਦਾ ਵਿਹਾਰ ਇੱਕ ਅਜਿਹੀ ਸਿੱਖਿਆ ਹੈ ਜਿਸ ਵਿੱਚ ਲੋਕਾਂ ਨੂੰ ਤੁਰੰਤ ਪ੍ਰਵੇਸ਼ ਕਰਨਾ ਚਾਹੀਦਾ ਹੈ। ਕੁਝ ਲੋਕ, ਨਾ ਸਿਰਫ਼ ਪਰਮੇਸ਼ੁਰ ਦੇ ਅੱਗੇ ਸਹਿਜੇ ਹੀ ਸ਼ਾਂਤਮਨ ਹੋਣ ਵਿੱਚ ਅਸਮਰਥ ਹੁੰਦੇ ਹਨ, ਬਲਕਿ ਉਹ ਪ੍ਰਾਰਥਨਾ ਕਰਦੇ ਸਮੇਂ ਵੀ ਪਰਮੇਸ਼ੁਰ ਦੇ ਅੱਗੇ ਆਪਣੇ ਮਨਾਂ ਨੂੰ ਸ਼ਾਂਤ ਨਹੀਂ ਕਰ ਪਾਉਂਦੇ। ਇਹ ਪਰਮੇਸ਼ੁਰ ਦੇ ਮਿਆਰਾਂ ਸਾਹਮਣੇ ਕਾਫ਼ੀ ਨਹੀਂ ਹੈ! ਜੇ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸ਼ਾਂਤ ਨਹੀਂ ਹੋ ਸਕਦਾ ਹੈ, ਤਾਂ ਕੀ ਪਵਿੱਤਰ ਆਤਮਾ ਤੇਰੇ ਮਨ ’ਤੇ ਪ੍ਰਭਾਵ ਪਾ ਸਕਦਾ ਹੈ? ਜੇ ਤੂੰ ਅਜਿਹਾ ਵਿਅਕਤੀ ਹੈਂ ਜੋ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਨਹੀਂ ਹੋ ਸਕਦਾ, ਤਾਂ ਜਦੋਂ ਕੋਈ ਮਿਲਣ ਆ ਜਾਂਦਾ ਹੈ ਜਾਂ ਦੂਜੇ ਲੋਕ ਗੱਲਬਾਤ ਕਰ ਰਹੇ ਹੁੰਦੇ ਹਨ, ਤਾਂ ਤੇਰਾ ਧਿਆਨ ਭਟਕਣ ਦੀ ਪੂਰੀ ਸੰਭਾਵਨਾ ਹੈ, ਅਤੇ ਜਦੋਂ ਦੂਜੇ ਲੋਕ ਕੁਝ ਕਰ ਰਹੇ ਹੁੰਦੇ ਹਨ ਤਾਂ ਤੇਰਾ ਧਿਆਨ ਉਹਨਾਂ ਵੱਲ ਖਿੱਚਿਆ ਜਾ ਸਕਦਾ ਹੈ, ਉਸ ਸਥਿਤੀ ਵਿੱਚ ਤੂੰ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਨਹੀਂ ਜੀਉਂਦਾ। ਜੇ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸੱਚਮੁੱਚ ਸ਼ਾਂਤ ਹੈ, ਤਾਂ ਤੇਰਾ ਮਨ ਬਾਹਰੀ ਦੁਨੀਆ ਵਿੱਚ ਹੋ ਰਹੀ ਕਿਸੇ ਵੀ ਗੱਲ ਤੋਂ ਬੇਚੈਨ ਨਹੀਂ ਹੋਵੇਗਾ, ਜਾਂ ਫ਼ੇਰ ਕਿਸੇ ਵਿਅਕਤੀ, ਘਟਨਾ ਜਾਂ ਚੀਜ਼ ਨਾਲ ਨਹੀਂ ਘਿਰੇਗਾ। ਜੇ ਤੂੰ ਇਸ ਵਿੱਚ ਪ੍ਰਵੇਸ਼ ਕਰ ਲੈਂਦਾ ਹੈਂ, ਤਾਂ ਉਹ ਸਾਰੀਆਂ ਨਕਾਰਾਤਮਕ ਅਵਸਥਾਵਾਂ ਅਤੇ ਸਾਰੀਆਂ ਨਕਾਰਾਤਮਕ ਚੀਜ਼ਾਂ—ਮਨੁੱਖੀ ਧਾਰਣਾਵਾਂ, ਜੀਉਣ ਦੇ ਫ਼ਲਸਫ਼ੇ, ਲੋਕਾਂ ਵਿਚਾਲੇ ਅਸਧਾਰਣ ਰਿਸ਼ਤੇ, ਅਤੇ ਖਿਆਲ ਤੇ ਵਿਚਾਰ ਤੇ ਵਗੈਰਾ-ਵਗੈਰਾ—ਆਪਣੇ ਆਪ ਖ਼ਤਮ ਹੋ ਜਾਣਗੇl ਕਿਉਂਕਿ ਤੂੰ ਹਮੇਸ਼ਾ ਪਰਮੇਸ਼ੁਰ ਦੇ ਵਚਨਾਂ ਬਾਰੇ ਚਿੰਤਨ ਕਰ ਰਿਹਾ ਹੁੰਦਾ ਹੈਂ, ਤੇ ਤੇਰਾ ਮਨ ਨਿਰੰਤਰ ਪਰਮੇਸ਼ੁਰ ਦੇ ਨੇੜੇ ਆ ਰਿਹਾ ਹੁੰਦਾ ਹੈ ਅਤੇ ਹਮੇਸ਼ਾ ਪਰਮੇਸ਼ੁਰ ਦੇ ਤਾਜ਼ੇ ਵਚਨਾਂ ਨਾਲ ਹੀ ਭਰਿਆ ਹੁੰਦਾ ਹੈ, ਇਸ ਲਈ ਉਹ ਨਕਾਰਾਤਮਕ ਚੀਜ਼ਾਂ ਤੈਥੋਂ ਦੂਰ ਹੋ ਜਾਣਗੀਆਂ ਅਤੇ ਤੈਨੂੰ ਇਸਦਾ ਪਤਾ ਵੀ ਨਹੀਂ ਲੱਗੇਗਾ। ਜਦੋਂ ਤੇਰੇ ਅੰਦਰ ਨਵੀਆਂ ਅਤੇ ਸਕਾਰਾਤਮਕ ਚੀਜ਼ਾਂ ਜਗ੍ਹਾ ਲੈ ਲੈਣਗੀਆਂ, ਤਾਂ ਨਕਾਰਾਤਮਕ ਪੁਰਾਣੀਆਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੋਵੇਗੀ, ਇਸ ਲਈ ਤੂੰ ਉਨ੍ਹਾਂ ਨਕਾਰਾਤਮਕ ਚੀਜ਼ਾਂ ਵੱਲ ਧਿਆਨ ਨਾ ਦੇ। ਤੈਨੂੰ ਉਹਨਾਂ ’ਤੇ ਕਾਬੂ ਪਾਉਣ ਲਈ ਕੋਈ ਜਤਨ ਕਰਨ ਦੀ ਲੋੜ ਨਹੀਂ ਹੈ। ਤੈਨੂੰ ਆਪਣਾ ਧਿਆਨ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣ ਵਿੱਚ, ਜਿੰਨਾ ਵੱਧ ਤੋਂ ਵੱਧ ਹੋ ਸਕੇ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ, ਪੀਣ ਅਤੇ ਉਹਨਾਂ ਦਾ ਅਨੰਦ ਲੈਣ ਵਿੱਚ ਲਗਾਉਣਾ ਚਾਹੀਦਾ ਹੈ, ਜਿੰਨਾ ਵੱਧ ਤੋਂ ਵੱਧ ਹੋ ਸਕੇ ਪਰਮੇਸ਼ੁਰ ਦੀ ਉਸਤਤ ਦੇ ਜ਼ਬੂਰ ਗਾਉਣੇ ਚਾਹੀਦੇ ਹਨ, ਤੇ ਪਰਮੇਸ਼ੁਰ ਨੂੰ ਤੇਰੇ ਉੱਤੇ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਹੁਣ ਮਨੁੱਖਤਾ ਨੂੰ ਆਪ ਸਿੱਧ ਬਣਾਉਣਾ ਚਾਹੁੰਦਾ ਹੈ, ਅਤੇ ਉਹ ਤੇਰੇ ਮਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ; ਉਸਦਾ ਆਤਮਾ ਤੇਰੇ ਮਨ ’ਤੇ ਪ੍ਰਭਾਵ ਪਾਉਂਦਾ ਹੈ ਤੇ ਜੇ, ਪਵਿੱਤਰ ਆਤਮਾ ਦੀ ਅਗਵਾਈ ਵਿੱਚ ਚਲਦਿਆਂ, ਤੂੰ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਜੀਉਣ ਲੱਗ ਜਾਂਦਾ ਹੈਂ, ਤਾਂ ਤੂੰ ਪਰਮੇਸ਼ੁਰ ਨੂੰ ਤ੍ਰਿਪਤ ਕਰੇਂਗਾ। ਜੇ ਤੂੰ ਪਰਮੇਸ਼ੁਰ ਦੇ ਵਚਨਾਂ ਵਿੱਚ ਜੀਉਣ ਵੱਲ ਧਿਆਨ ਦਿੰਦਾ ਹੈਂ ਅਤੇ ਪਵਿੱਤਰ ਆਤਮਾ ਦੇ ਅੰਦਰੂਨੀ ਚਾਨਣ ਅਤੇ ਪਰਕਾਸ਼ ਨੂੰ ਪ੍ਰਾਪਤ ਕਰਨ ਲਈ ਸੱਚਾਈ ਦੀ ਸੰਗਤੀ ਕਰਨ ਵਿੱਚ ਵਧੇਰੇ ਲੱਗਾ ਰਹਿੰਦਾ ਹੈਂ, ਤਾਂ ਉਹ ਧਾਰਮਿਕ ਧਾਰਣਾਵਾਂ ਅਤੇ ਤੇਰੀ ਆਤਮ-ਧਾਰਮਿਕਤਾ ਤੇ ਆਤਮ-ਮਹੱਤਤਾ ਸਭ ਅਲੋਪ ਹੋ ਜਾਣਗੇ, ਅਤੇ ਤੈਨੂੰ ਇਹ ਪਤਾ ਲੱਗੇਗਾ ਕਿ ਪਰਮੇਸ਼ੁਰ ਲਈ ਕਿਵੇਂ ਖਰਚ ਹੋ ਜਾਣਾ ਹੈ, ਪਰਮੇਸ਼ੁਰ ਨਾਲ ਕਿਵੇਂ ਪ੍ਰੇਮ ਕਰਨਾ ਹੈ, ਅਤੇ ਪਰਮੇਸ਼ੁਰ ਨੂੰ ਕਿਵੇਂ ਤ੍ਰਿਪਤ ਕਰਨਾ ਹੈ। ਅਤੇ ਤੈਨੂੰ ਇਸਦਾ ਪਤਾ ਲੱਗੇ ਬਗੈਰ ਹੀ, ਉਹ ਚੀਜ਼ਾਂ ਜੋ ਪਰਮੇਸ਼ੁਰ ਨਾਲ ਸਬੰਧਤ ਨਹੀਂ ਹਨ, ਤੇਰੀ ਚੇਤਨਾ ਤੋਂ ਪੂਰੀ ਤਰ੍ਹਾਂ ਨਾਲ ਮਿਟ ਜਾਣਗੀਆਂ।

ਪਰਮੇਸ਼ੁਰ ਦੇ ਵਰਤਮਾਨ ਵਚਨਾਂ ਨੂੰ ਖਾਂਦੇ ਅਤੇ ਪੀਂਦੇ ਹੋਏ ਪਰਮੇਸ਼ੁਰ ਦੇ ਵਚਨਾਂ ਬਾਰੇ ਚਿੰਤਨ ਕਰਨਾ ਅਤੇ ਇਨ੍ਹਾਂ ਨੂੰ ਬੋਲ ਕੇ ਪ੍ਰਾਰਥਨਾ ਕਰਨਾ, ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣ ਵੱਲ ਪਹਿਲਾ ਕਦਮ ਹੈ। ਜੇ ਤੂੰ ਪਰਮੇਸ਼ੁਰ ਦੇ ਅੱਗੇ ਸੱਚਮੁੱਚ ਸ਼ਾਂਤਮਨ ਹੋ ਸਕਦਾ ਹੈਂ, ਤਾਂ ਪਵਿੱਤਰ ਆਤਮਾ ਦਾ ਅੰਦਰੂਨੀ ਚਾਨਣ ਅਤੇ ਪਰਕਾਸ਼ ਤੇਰੇ ਨਾਲ ਹੋਵੇਗਾ। ਸਾਰਾ ਆਤਮਿਕ ਜੀਵਨ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸ਼ਾਂਤਮਨ ਰਹਿ ਕੇ ਹਾਸਲ ਹੁੰਦਾ ਹੈ। ਪ੍ਰਾਰਥਨਾ ਕਰਦਿਆਂ, ਇਹ ਜ਼ਰੂਰੀ ਹੈ ਕਿ ਤੂੰ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਵੇਂ, ਅਤੇ ਸਿਰਫ਼ ਤਦ ਹੀ ਪਵਿੱਤਰ ਆਤਮਾ ਤੇਰੇ ਮਨ ਉੱਤੇ ਪ੍ਰਭਾਵ ਪਾ ਸਕਦਾ ਹੈ। ਜਦੋਂ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦੇ ਅਤੇ ਪੀਂਦੇ ਸਮੇਂ ਉਸ ਦੇ ਅੱਗੇ ਸ਼ਾਂਤਮਨ ਹੁੰਦਾ ਹੈਂ, ਤਾਂ ਤੂੰ ਚਾਨਣਮਈ ਤੇ ਪ੍ਰਕਾਸ਼ਮਾਨ ਹੋ ਸਕਦਾ ਹੈਂ, ਅਤੇ ਪਰਮੇਸ਼ੁਰ ਦੇ ਵਚਨਾਂ ਦੀ ਸੱਚੀ ਸੋਝੀ ਪ੍ਰਾਪਤ ਕਰ ਸਕਦਾ ਹੈਂ। ਜਦੋਂ ਤੂੰ, ਸਿਮਰਨ ਅਤੇ ਸੰਗਤੀ ਕਰਨ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਦੇ ਨੇੜੇ ਆਉਣ ਦੀਆਂ ਆਪਣੀਆਂ ਆਮ ਗਤੀਵਿਧੀਆਂ ਵਿੱਚ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸ਼ਾਂਤਮਨ ਹੋ ਜਾਵੇਂਗਾ, ਤਾਂ ਤੂੰ ਪਰਮੇਸ਼ੁਰ ਦੇ ਪ੍ਰੇਮ ਅਤੇ ਉਸਦੇ ਕੰਮ ਬਾਰੇ ਅਸਲੀ ਸੋਝੀ ਪਾ ਸਕੇਂਗਾ, ਅਤੇ ਪਰਮੇਸ਼ੁਰ ਦੇ ਇਰਾਦਿਆਂ ਪ੍ਰਤੀ ਸੱਚੀ ਸੁਹਿਰਦਤਾ ਅਤੇ ਪਰਵਾਹ ਦਿਖਾ ਸਕੇਂਗਾ, ਪਰਮੇਸ਼ੁਰ ਦੀ ਅਸਲੀ ਨੇੜਤਾ ਦਾ ਅਨੰਦ ਮਾਣ ਸਕੇਂਗਾ। ਤੂੰ ਪਰਮੇਸ਼ੁਰ ਦੇ ਅੱਗੇ ਜਿੰਨਾ ਜ਼ਿਆਦਾ ਸਹਿਜ ਨਾਲ ਸ਼ਾਂਤਮਨ ਹੋ ਸਕੇਂਗਾ, ਓਨਾ ਹੀ ਜ਼ਿਆਦਾ ਪ੍ਰਕਾਸ਼ਮਾਨ ਹੋਵੇਂਗਾ ਅਤੇ ਓਨਾ ਹੀ ਵੱਧ ਤੂੰ ਆਪਣੇ ਭ੍ਰਿਸ਼ਟ ਸੁਭਾਅ ਨੂੰ ਸਮਝ ਸਕੇਂਗਾ ਕਿ ਤੇਰੇ ਅੰਦਰ ਅਜਿਹੀ ਕਿਹੜੀ ਚੀਜ਼ ਦੀ ਕਮੀ ਹੈ, ਉਹ ਕੀ ਹੈ ਜਿਸ ਵਿੱਚ ਤੈਨੂੰ ਪ੍ਰਵੇਸ਼ ਕਰਨਾ ਚਾਹੀਦਾ ਹੈ, ਤੈਨੂੰ ਸੇਵਾ ਦਾ ਕਿਹੜਾ ਕੰਮ ਕਰਨਾ ਚਾਹੀਦਾ ਹੈ ਅਤੇ ਤੇਰੇ ਵਿੱਚ ਕਿਹੜੇ ਔਗੁਣ ਹਨ। ਇਹ ਸਭ ਕੁਝ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸ਼ਾਂਤਮਨ ਹੋ ਕੇ ਹੀ ਹਾਸਲ ਹੁੰਦਾ ਹੈ। ਜੇ ਤੂੰ ਸੱਚਮੁੱਚ ਪਰਮੇਸ਼ੁਰ ਦੇ ਅੱਗੇ ਆਪਣੀ ਸ਼ਾਂਤੀ ਵਿੱਚ ਡੂੰਘਾਈ ਹਾਸਲ ਕਰ ਲੈਂਦਾ ਹੈਂ, ਤਾਂ ਤੂੰ ਆਤਮਾ ਦੇ ਕੁਝ ਰਹੱਸਾਂ ਨੂੰ ਸਮਝ ਸਕੇਂਗਾ, ਇਹ ਸਮਝ ਸਕੇਂਗਾ ਕਿ ਪਰਮੇਸ਼ੁਰ ਇਸ ਵੇਲੇ ਤੇਰੇ ਅੰਦਰ ਕੀ ਪੂਰਾ ਕਰਨਾ ਚਾਹੁੰਦਾ ਹੈ, ਤੈਨੂੰ ਪਰਮੇਸ਼ੁਰ ਦੇ ਵਚਨਾਂ ਦੀ ਵਧੇਰੇ ਡੂੰਘੀ ਸਮਝ ਆ ਸਕੇਗੀ, ਪਰਮੇਸ਼ੁਰ ਦੇ ਵਚਨਾਂ ਦੇ ਮੂਲ-ਤੱਤ, ਪਰਮੇਸ਼ੁਰ ਦੇ ਵਚਨਾਂ ਦੇ ਨਿਚੋੜ, ਪਰਮੇਸ਼ੁਰ ਦੇ ਵਚਨਾਂ ਦੀ ਹੋਂਦ ਨੂੰ ਸਮਝ ਸਕੇਂਗਾ, ਅਤੇ ਤੂੰ ਅਮਲ ਕਰਨ ਦੇ ਰਾਹ ਨੂੰ ਵਧੇਰੇ ਸਾਫ਼-ਸਾਫ਼ ਅਤੇ ਸਹੀ ਢੰਗ ਨਾਲ ਦੇਖਣ ਦੇ ਯੋਗ ਹੋ ਸਕੇਂਗਾ। ਜੇ ਤੂੰ ਆਪਣੀ ਆਤਮਾ ਵਿੱਚ ਸ਼ਾਂਤ ਹੋਣ ਦੀ ਲੋੜੀਂਦੀ ਡੂੰਘਾਈ ਹਾਸਲ ਕਰਨ ਵਿੱਚ ਅਸਫ਼ਲ ਰਹਿੰਦਾ ਹੈਂ, ਤਾਂ ਪਵਿੱਤਰ ਆਤਮਾ ਤੇਰੇ ਮਨ ਉੱਤੇ ਥੋੜ੍ਹਾ ਬਹੁਤ ਹੀ ਪ੍ਰਭਾਵ ਪਾ ਸਕੇਗਾ; ਤੂੰ ਅੰਦਰੋਂ ਤਕੜਾ ਹੋਇਆ ਮਹਿਸੂਸ ਕਰੇਂਗਾ ਅਤੇ ਤੈਨੂੰ ਥੋੜ੍ਹਾ ਜਿਹਾ ਅਨੰਦ ਅਤੇ ਸ਼ਾਂਤੀ ਮਹਿਸੂਸ ਹੋਵੇਗੀ, ਪਰ ਤੂੰ ਡੂੰਘਾਈ ਨਾਲ ਕੁਝ ਵੀ ਸਮਝ ਨਹੀਂ ਸਕੇਂਗਾ। ਮੈਂ ਪਹਿਲਾਂ ਹੀ ਇਹ ਕਿਹਾ ਹੈ: ਜੇ ਲੋਕ ਆਪਣਾ ਪੂਰੇ ਦਾ ਪੂਰਾ ਜ਼ੋਰ ਨਹੀਂ ਲਗਾਉਂਦੇ, ਤਾਂ ਉਨ੍ਹਾਂ ਲਈ ਮੇਰੀ ਬਾਣੀ ਨੂੰ ਸੁਣਨਾ ਜਾਂ ਮੇਰੀ ਸੂਰਤ ਨੂੰ ਵੇਖਣਾ ਔਖਾ ਹੋਵੇਗਾ। ਇਸਦਾ ਸਬੰਧ ਵਿਅਕਤੀ ਵੱਲੋਂ ਪਰਮੇਸ਼ੁਰ ਦੇ ਅੱਗੇ ਆਪਣੀ ਸ਼ਾਂਤੀ ਵਿੱਚ ਡੂੰਘਾਈ ਹਾਸਲ ਕਰਨ ਨਾਲ ਹੈ, ਨਾ ਕਿ ਬਣਾਵਟੀ ਜਤਨ ਕਰਨ ਨਾਲ। ਜੋ ਵਿਅਕਤੀ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸੱਚਮੁੱਚ ਸ਼ਾਂਤਮਨ ਹੋ ਸਕਦਾ ਹੈ, ਉਹ ਆਪਣੇ ਆਪ ਨੂੰ ਸਾਰੇ ਦੁਨਿਆਵੀ ਬੰਧਨਾਂ ਤੋਂ ਮੁਕਤ ਕਰਨ ਅਤੇ ਪਰਮੇਸ਼ੁਰ ਦੁਆਰਾ ਉਸਨੂੰ ਧਾਰਨ ਕਰ ਲਏ ਜਾਣ ਦੇ ਯੋਗ ਹੁੰਦਾ ਹੈ। ਉਹ ਸਭ ਲੋਕ ਜੋ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸ਼ਾਂਤਮਨ ਹੋਣ ਵਿੱਚ ਅਸਮਰਥ ਹੁੰਦੇ ਹਨ, ਉਹ ਨਿਸ਼ਚਿਤ ਤੌਰ ’ਤੇ ਦੁਰਾਚਾਰੀ ਤੇ ਬੇਮੁਹਾਰੇ ਹੁੰਦੇ ਹਨ। ਉਹ ਸਭ ਜੋ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣ ਦੇ ਸਮਰੱਥ ਹਨ ਉਹ, ਉਹ ਲੋਕ ਹਨ ਜੋ ਪਰਮੇਸ਼ੁਰ ਦੇ ਸਨਮੁੱਖ ਧਰਮੀ ਹਨ ਅਤੇ ਜੋ ਪਰਮੇਸ਼ੁਰ ਲਈ ਤਾਂਘ ਰੱਖਦੇ ਹਨ। ਜੋ ਲੋਕ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੁੰਦੇ ਹਨ ਸਿਰਫ਼ ਉਹਨਾਂ ਨੂੰ ਜੀਵਨ ਦੀ ਕਦਰ ਹੁੰਦੀ ਹੈ, ਆਤਮਾ ਵਿੱਚ ਸੰਗਤੀ ਦੀ ਕਦਰ ਹੁੰਦੀ ਹੈ, ਉਹ ਪਰਮੇਸ਼ੁਰ ਦੇ ਵਚਨਾਂ ਲਈ ਪਿਆਸੇ ਹੁੰਦੇ ਹਨ ਅਤੇ ਸੱਚਾਈ ਦੀ ਪੈਰਵੀ ਕਰਦੇ ਹਨ। ਜੋ ਵੀ ਵਿਅਕਤੀ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣ ਦੀ ਕਦਰ ਨਹੀਂ ਕਰਦਾ ਅਤੇ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਨਹੀਂ ਬਣਿਆ ਰਹਿੰਦਾ, ਉਹ ਥੋਥਾ ਅਤੇ ਸਤਹੀ ਹੁੰਦਾ ਹੈ, ਉਹ ਦੁਨੀਆ ਨਾਲ ਜੁੜਿਆ ਹੋਇਆ ਅਤੇ ਜੀਵਨ ਰਹਿਤ ਹੁੰਦਾ ਹੈ; ਅਜਿਹੇ ਲੋਕ ਭਾਵੇਂ ਇਹ ਕਹਿੰਦੇ ਹਨ ਕਿ ਉਹਨਾਂ ਨੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਹੈ, ਪਰ ਉਹ ਸਿਰਫ਼ ਪਖੰਡ ਕਰ ਰਹੇ ਹੁੰਦੇ ਹਨ। ਜਿਹਨਾਂ ਲੋਕਾਂ ਨੂੰ ਪਰਮੇਸ਼ੁਰ ਅਖੀਰ ਵਿੱਚ ਸਿੱਧ ਅਤੇ ਸੰਪੂਰਣ ਬਣਾਉਂਦਾ ਹੈ, ਉਹੀ ਲੋਕ ਹਨ ਜੋ ਉਸਦੀ ਹਜ਼ੂਰੀ ਵਿੱਚ ਸ਼ਾਂਤਮਨ ਰਹਿ ਸਕਦੇ ਹਨ। ਇਸ ਲਈ, ਜੋ ਲੋਕ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹਨ ਉਨ੍ਹਾਂ ਉੱਪਰ ਵੱਡੀਆਂ ਬਰਕਤਾਂ ਦੀ ਕਿਰਪਾ ਹੁੰਦੀ ਹੈ। ਜੋ ਲੋਕ ਦਿਨ ਭਰ ਵਿੱਚ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਲਈ ਮਸਾਂ ਹੀ ਸਮਾਂ ਕੱਢਦੇ ਹਨ, ਜੋ ਬਾਹਰੀ ਮਸਲਿਆਂ ਵਿੱਚ ਬਹੁਤ ਜ਼ਿਆਦਾ ਰੁੱਝੇ ਰਹਿੰਦੇ ਹਨ ਅਤੇ ਜੀਵਨ ਵਿੱਚ ਪ੍ਰਵੇਸ਼ ਨੂੰ ਨਾਂਮਾਤਰ ਮਹੱਤਵ ਹੀ ਦਿੰਦੇ ਹਨ—ਉਹ ਸਭ ਕਪਟੀ ਹਨ ਜਿਹਨਾਂ ਦੀ ਭਵਿੱਖ ਵਿੱਚ ਵਾਧੇ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਜੋ ਪਰਮੇਸ਼ੁਰ ਦੇ ਲੋਕ ਹਨ ਉਹੀ ਹਨ ਜੋ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋ ਸਕਦੇ ਹਨ ਅਤੇ ਜੋ ਸੱਚਮੁੱਚ ਪਰਮੇਸ਼ੁਰ ਨਾਲ ਸੰਗਤੀ ਕਰ ਸਕਦੇ ਹਨ।

ਪਰਮੇਸ਼ੁਰ ਦੇ ਸਾਹਮਣੇ ਉਸਦੇ ਵਚਨਾਂ ਨੂੰ ਆਪਣੇ ਜੀਵਨ ਦੇ ਰੂਪ ਵਿੱਚ ਸਵੀਕਾਰ ਕਰਨ ਲਈ ਇਹ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਤੂੰ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਵੇਂ। ਜਦੋਂ ਤੂੰ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਵੇਂਗਾ, ਸਿਰਫ਼ ਉਦੋਂ ਹੀ ਪਰਮੇਸ਼ੁਰ ਤੈਨੂੰ ਪ੍ਰਕਾਸ਼ਮਾਨ ਕਰੇਗਾ ਅਤੇ ਤੈਨੂੰ ਗਿਆਨ ਦੇਵੇਗਾ। ਲੋਕ ਪਰਮੇਸ਼ੁਰ ਦੇ ਅੱਗੇ ਜਿੰਨੇ ਵੱਧ ਸ਼ਾਂਤਮਨ ਹੁੰਦੇ ਹਨ, ਓਨਾ ਹੀ ਉਹ ਪਰਮੇਸ਼ੁਰ ਦੇ ਅੰਦਰੂਨੀ ਚਾਨਣ ਅਤੇ ਪਰਕਾਸ਼ ਨੂੰ ਪ੍ਰਾਪਤ ਕਰਨ ਦੇ ਵਧੇਰੇ ਯੋਗ ਹੁੰਦੇ ਹਨ। ਇਸ ਸਭ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਲੋਕਾਂ ਵਿੱਚ ਪਵਿੱਤਰਤਾ ਤੇ ਵਿਸ਼ਵਾਸ ਹੋਵੇ; ਸਿਰਫ਼ ਇਉਂ ਹੀ ਉਹਨਾਂ ਨੂੰ ਸਿੱਧ ਬਣਾਇਆ ਜਾ ਸਕਦਾ ਹੈ। ਆਤਮਿਕ ਜੀਵਨ ਵਿੱਚ ਪ੍ਰਵੇਸ਼ ਕਰਨ ਦੀ ਬੁਨਿਆਦੀ ਸਿੱਖਿਆ ਹੈ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸ਼ਾਂਤਮਨ ਹੋਣਾ। ਤੇਰੀ ਸਾਰੀ ਆਤਮਿਕ ਸਿਖਲਾਈ ਸਿਰਫ਼ ਤਾਂ ਹੀ ਅਸਰਦਾਰ ਹੋਵੇਗੀ ਜੇ ਤੂੰ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸ਼ਾਂਤਮਨ ਹੋਵੇਂਗਾ। ਜੇ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸ਼ਾਂਤ ਹੋਣ ਵਿੱਚ ਅਸਮਰਥ ਹੈ, ਤਾਂ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਨਹੀਂ ਕਰ ਸਕੇਂਗਾ। ਜੇ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸ਼ਾਂਤ ਹੈ ਤਾਂ ਤੂੰ ਭਾਵੇਂ ਜੋ ਕੁਝ ਵੀ ਕਰ ਰਿਹਾ ਹੋਵੇਂ, ਤਦ ਤੂੰ ਇੱਕ ਅਜਿਹਾ ਵਿਅਕਤੀ ਹੁੰਦਾ ਹੈਂ ਜੋ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਰਹਿੰਦਾ ਹੈ। ਤੂੰ ਭਾਵੇਂ ਜੋ ਕੁਝ ਵੀ ਕਰ ਰਿਹਾ ਹੋਵੇਂ, ਜੇ ਤੇਰਾ ਮਨ ਉਸ ਵੇਲੇ ਪਰਮੇਸ਼ੁਰ ਦੇ ਅੱਗੇ ਸ਼ਾਂਤ ਹੈ ਅਤੇ ਪਰਮੇਸ਼ੁਰ ਦੇ ਨੇੜੇ ਆਉਂਦਾ ਹੈ, ਤਾਂ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਤੂੰ ਇੱਕ ਅਜਿਹਾ ਵਿਅਕਤੀ ਹੈਂ ਜੋ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੈ। ਜੇ ਤੂੰ ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ ਜਾਂ ਤੁਰੇ ਜਾਂਦੇ ਸਮੇਂ ਇਹ ਕਹਿ ਸਕਣ ਵਿੱਚ ਸਮਰੱਥ ਹੈਂ ਕਿ, “ਮੇਰਾ ਮਨ ਪਰਮੇਸ਼ੁਰ ਦੇ ਨੇੜੇ ਆ ਰਿਹਾ ਹੈ, ਅਤੇ ਇਸ ਦਾ ਧਿਆਨ ਬਾਹਰੀ ਚੀਜ਼ਾਂ ’ਤੇ ਨਹੀਂ ਲੱਗਾ ਹੈ, ਅਤੇ ਮੈਂ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋ ਸਕਦਾ ਹਾਂ,” ਤਾਂ ਫ਼ੇਰ ਤੂੰ ਇੱਕ ਅਜਿਹਾ ਵਿਅਕਤੀ ਹੈਂ ਜੋ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੈ। ਕਿਸੇ ਵੀ ਅਜਿਹੀ ਚੀਜ਼ ਵਿੱਚ ਸ਼ਾਮਲ ਨਾ ਹੋ ਜੋ ਤੇਰੇ ਮਨ ਨੂੰ ਬਾਹਰੀ ਮਸਲਿਆਂ ਵੱਲ ਖਿੱਚਦੀ ਹੋਵੇ, ਜਾਂ ਅਜਿਹੇ ਲੋਕਾਂ ਨਾਲ ਸ਼ਾਮਲ ਨਾ ਹੋ ਜੋ ਤੇਰੇ ਮਨ ਨੂੰ ਪਰਮੇਸ਼ੁਰ ਤੋਂ ਵੱਖ ਕਰ ਸਕਦੇ ਹਨ। ਅਜਿਹਾ ਕੁਝ ਵੀ ਜੋ ਤੇਰੇ ਮਨ ਨੂੰ ਪਰਮੇਸ਼ੁਰ ਦੇ ਨੇੜੇ ਆਉਣ ਤੋਂ ਭਟਕਾ ਸਕਦਾ ਹੈ, ਇਸਨੂੰ ਇੱਕ ਪਾਸੇ ਰੱਖ ਦੇ, ਜਾਂ ਇਸ ਤੋਂ ਦੂਰ ਰਹਿ। ਇਸ ਵਿੱਚ ਤੇਰੇ ਜੀਵਨ ਦਾ ਵੱਡਾ ਭਲਾ ਹੈ। ਪਵਿੱਤਰ ਆਤਮਾ ਦੇ ਮਹਾਨ ਕੰਮ ਦਾ ਬਿਲਕੁਲ ਇਹੀ ਸਮਾਂ ਹੈ, ਉਹ ਸਮਾਂ ਜਦੋਂ ਪਰਮੇਸ਼ੁਰ ਆਪ ਲੋਕਾਂ ਨੂੰ ਸਿੱਧ ਬਣਾਉਂਦਾ ਹੈ। ਜੇ, ਇਸ ਸਮੇਂ, ਤੂੰ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਨਹੀਂ ਰਹਿ ਸਕਦਾ ਤਾਂ ਤੂੰ ਉਹ ਵਿਅਕਤੀ ਨਹੀਂ ਹੈਂ ਜੋ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਵਾਪਸ ਆਵੇਗਾ। ਜੇ ਤੂੰ ਪਰਮੇਸ਼ੁਰ ਤੋਂ ਇਲਾਵਾ ਹੋਰਨਾਂ ਚੀਜ਼ਾਂ ਦੀ ਪੈਰਵੀ ਕਰਦਾ ਹੈਂ, ਤਾਂ ਪਰਮੇਸ਼ੁਰ ਦੁਆਰਾ ਤੈਨੂੰ ਸਿੱਧ ਬਣਾਉਣ ਦਾ ਕੋਈ ਤਰੀਕਾ ਨਹੀਂ ਹੋਵੇਗਾ। ਜੋ ਲੋਕ ਪਰਮੇਸ਼ੁਰ ਦੀਆਂ ਅਜਿਹੀਆਂ ਬਾਣੀਆਂ ਸੁਣ ਸਕਦੇ ਹਨ ਅਤੇ ਫ਼ੇਰ ਵੀ ਅੱਜ ਉਸਦੇ ਅੱਗੇ ਸ਼ਾਂਤਮਨ ਹੋਣ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਇਹੀ ਉਹ ਲੋਕ ਹਨ ਜੋ ਸੱਚਾਈ ਨੂੰ ਪਿਆਰ ਨਹੀਂ ਕਰਦੇ ਅਤੇ ਪਰਮੇਸ਼ੁਰ ਨੂੰ ਪ੍ਰੇਮ ਨਹੀਂ ਕਰਦੇ। ਜੇ ਤੂੰ ਇਸੇ ਪਲ ਆਪਣੇ ਆਪ ਨੂੰ ਅਰਪਣ ਨਹੀਂ ਕਰੇਂਗਾ, ਤਾਂ ਤੂੰ ਕਾਹਦੀ ਉਡੀਕ ਕਰ ਰਿਹਾ ਹੈਂ? ਆਪਣੇ ਆਪ ਨੂੰ ਅਰਪਣ ਕਰਨ ਦਾ ਮਤਲਬ ਹੈ ਪਰਮੇਸ਼ੁਰ ਦੇ ਅੱਗੇ ਆਪਣੇ ਮਨ ਨੂੰ ਸ਼ਾਂਤ ਕਰਨਾ। ਇਹ ਇੱਕ ਸੱਚਾ ਬਲੀਦਾਨ ਹੋਵੇਗਾ। ਜੋ ਵੀ ਵਿਅਕਤੀ ਇਸੇ ਸਮੇਂ ਆਪਣੇ ਮਨ ਨੂੰ ਸੱਚਾਈ ਨਾਲ ਪਰਮੇਸ਼ੁਰ ਦੇ ਅੱਗੇ ਅਰਪਣ ਕਰਦਾ ਹੈ ਉਸਨੂੰ ਪਰਮੇਸ਼ੁਰ ਦੁਆਰਾ ਸੰਪੂਰਣ ਬਣਾਉਣਾ ਨਿਸ਼ਚਿਤ ਹੈ। ਕੋਈ ਵੀ ਚੀਜ਼, ਭਾਵੇਂ ਇਹ ਕੁਝ ਵੀ ਹੋਵੇ, ਤੈਨੂੰ ਬੇਚੈਨ ਨਹੀਂ ਕਰ ਸਕਦੀ; ਭਾਵੇਂ ਇਹ ਤੇਰੀ ਛੰਗਾਈ ਹੋਵੇ ਜਾਂ ਤੇਰਾ ਸੁਧਾਰ ਹੋਵੇ, ਜਾਂ ਭਾਵੇਂ ਤੈਨੂੰ ਨਿਰਾਸ਼ਾ ਜਾਂ ਅਸਫ਼ਲਤਾ ਮਿਲੇ, ਤੇਰਾ ਮਨ ਪਰਮੇਸ਼ੁਰ ਦੇ ਅੱਗੇ ਹਮੇਸ਼ਾ ਸ਼ਾਂਤ ਹੋਣਾ ਚਾਹੀਦਾ ਹੈ। ਭਾਵੇਂ ਲੋਕ ਤੇਰੇ ਨਾਲ ਜਿਵੇਂ ਵੀ ਪੇਸ਼ ਆਉਂਦੇ ਹਨ, ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸ਼ਾਂਤ ਹੋਣਾ ਚਾਹੀਦਾ ਹੈ। ਚਾਹੇ ਤੂੰ ਜਿਵੇਂ ਦੇ ਵੀ ਹਾਲਾਤ ਦਾ ਸਾਹਮਣਾ ਕਰਦਾ ਹੋਵੇਂ—ਭਾਵੇਂ ਤੈਨੂੰ ਮੁਸੀਬਤ, ਦੁੱਖ, ਅਤਿਆਚਾਰ ਜਾਂ ਵੱਖੋ-ਵੱਖ ਪਰਤਾਵਿਆਂ ਨੇ ਘੇਰਿਆ ਹੋਵੇ—ਤੇਰਾ ਮਨ ਪਰਮੇਸ਼ੁਰ ਦੇ ਅੱਗੇ ਹਮੇਸ਼ਾ ਸ਼ਾਂਤ ਹੋਣਾ ਚਾਹੀਦਾ ਹੈ; ਅਜਿਹੇ ਹੁੰਦੇ ਹਨ ਸਿੱਧ ਬਣਾਏ ਜਾਣ ਦੇ ਢੰਗ। ਜਦੋਂ ਤੂੰ ਪਰਮੇਸ਼ੁਰ ਦੇ ਅੱਗੇ ਸੱਚਮੁੱਚ ਸ਼ਾਂਤ ਹੋਵੇਂਗਾ, ਉਦੋਂ ਹੀ ਪਰਮੇਸ਼ੁਰ ਦੇ ਵਰਤਮਾਨ ਵਚਨ ਤੈਨੂੰ ਸਪਸ਼ਟ ਸਮਝ ਆਉਣਗੇ। ਫ਼ੇਰ ਤੂੰ ਪਵਿੱਤਰ ਆਤਮਾ ਦੇ ਪਰਕਾਸ਼ ਅਤੇ ਅੰਦਰੂਨੀ ਚਾਨਣ ਨੂੰ ਵਧੇਰੇ ਸਹੀ ਤਰੀਕੇ ਨਾਲ ਅਤੇ ਬਗੈਰ ਭਟਕੇ ਅਮਲ ਵਿੱਚ ਲਿਆ ਸਕਦਾ ਹੈਂ, ਪਰਮੇਸ਼ੁਰ ਦੇ ਇਰਾਦਿਆਂ ਨੂੰ ਹੋਰ ਜ਼ਿਆਦਾ ਸਪਸ਼ਟਤਾ ਨਾਲ ਸਮਝ ਸਕਦਾ ਹੈਂ ਜੋ ਤੇਰੀ ਸੇਵਾ ਨੂੰ ਵਧੇਰੇ ਸਪਸ਼ਟ ਦਿਸ਼ਾ ਦੇਣਗੇ, ਪਵਿੱਤਰ ਆਤਮਾ ਦੀ ਪ੍ਰੇਰਣਾ ਅਤੇ ਅਗਵਾਈ ਨੂੰ ਵਧੇਰੇ ਸਹੀ ਢੰਗ ਨਾਲ ਸਮਝ ਸਕਦਾ ਹੈਂ, ਅਤੇ ਪਵਿੱਤਰ ਆਤਮਾ ਦੀ ਅਗਵਾਈ ਹੇਠ ਜੀਉਣ ਬਾਰੇ ਨਿਸ਼ਚਿਤ ਹੋ ਸਕਦਾ ਹੈਂ। ਅਜਿਹੇ ਨਤੀਜੇ ਪ੍ਰਾਪਤ ਹੁੰਦੇ ਹਨ ਪਰਮੇਸ਼ੁਰ ਦੇ ਅੱਗੇ ਸੱਚਮੁੱਚ ਸ਼ਾਂਤਮਨ ਰਹਿ ਕੇ। ਜਦੋਂ ਲੋਕ ਪਰਮੇਸ਼ੁਰ ਦੇ ਵਚਨਾਂ ਬਾਰੇ ਸਪਸ਼ਟ ਨਹੀਂ ਹੁੰਦੇ, ਜਦੋਂ ਉਹਨਾਂ ਕੋਲ ਅਮਲ ਕਰਨ ਦਾ ਕੋਈ ਢੰਗ ਨਹੀਂ ਹੁੰਦਾ, ਉਹ ਪਰਮੇਸ਼ੁਰ ਦੇ ਇਰਾਦਿਆਂ ਨੂੰ ਸਮਝਣ ਵਿੱਚ ਅਸਫ਼ਲ ਰਹਿੰਦੇ ਹਨ, ਜਾਂ ਉਹਨਾਂ ਵਿੱਚ ਅਮਲ ਕਰਨ ਦੇ ਅਸੂਲਾਂ ਦੀ ਕਮੀ ਹੁੰਦੀ ਹੈ, ਤਾਂ ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਉਹਨਾਂ ਦੇ ਮਨ ਪਰਮੇਸ਼ੁਰ ਦੇ ਅੱਗੇ ਸ਼ਾਂਤ ਨਹੀਂ ਹੁੰਦੇ। ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣ ਦਾ ਉਦੇਸ਼, ਉੱਦਮੀ ਅਤੇ ਵਿਹਾਰਕ ਬਣਨਾ, ਪਰਮੇਸ਼ੁਰ ਦੇ ਵਚਨ ਵਿੱਚ ਸ਼ੁੱਧਤਾ ਅਤੇ ਪਾਰਦਰਸ਼ਿਤਾ ਨੂੰ ਭਾਲਣਾ, ਅਤੇ ਅੰਤ ਵਿੱਚ ਸੱਚਾਈ ਨੂੰ ਸਮਝਣ ਅਤੇ ਪਰਮੇਸ਼ੁਰ ਨੂੰ ਜਾਣਨ ਦੀ ਅਵਸਥਾ ਤੱਕ ਪਹੁੰਚਣਾ ਹੈl

ਜੇ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਅਕਸਰ ਸ਼ਾਂਤ ਨਹੀਂ ਹੈ, ਤਾਂ ਪਰਮੇਸ਼ੁਰ ਕੋਲ ਤੈਨੂੰ ਸਿੱਧ ਬਣਾਉਣ ਦਾ ਕੋਈ ਜ਼ਰੀਆ ਨਹੀਂ ਹੈ। ਕੋਈ ਸੰਕਲਪ ਨਾ ਹੋਣਾ ਮਨ ਰਹਿਤ ਹੋਣ ਦੇ ਬਰਾਬਰ ਹੈ, ਅਤੇ ਮਨ ਰਹਿਤ ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਨਹੀਂ ਹੋ ਸਕਦਾ ਹੈ; ਅਜਿਹੇ ਵਿਅਕਤੀ ਨੂੰ ਇਹ ਪਤਾ ਨਹੀਂ ਹੁੰਦਾ ਕਿ ਪਰਮੇਸ਼ੁਰ ਕਿੰਨਾ ਕੰਮ ਕਰਦਾ ਹੈ, ਜਾਂ ਉਹ ਕਿੰਨਾ ਉਚਾਰਣ ਕਰਦਾ ਹੈ, ਅਤੇ ਨਾ ਹੀ ਉਸਨੂੰ ਇਹ ਪਤਾ ਹੁੰਦਾ ਹੈ ਕਿ ਅਮਲ ਕਿਵੇਂ ਕਰਨਾ ਹੈ। ਕੀ ਇਹ ਮਨ ਰਹਿਤ ਵਿਅਕਤੀ ਨਹੀਂ ਹੈ? ਕੀ ਕੋਈ ਮਨ ਰਹਿਤ ਵਿਅਕਤੀ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋ ਸਕਦਾ ਹੈ? ਪਰਮੇਸ਼ੁਰ ਕੋਲ ਮਨ ਰਹਿਤ ਲੋਕਾਂ ਨੂੰ ਸਿੱਧ ਬਣਾਉਣ ਦਾ ਕੋਈ ਜ਼ਰੀਆ ਨਹੀਂ ਹੈ—ਉਹ ਭਾਰ ਢੋਣ ਵਾਲੇ ਪਸ਼ੂਆਂ ਤੋਂ ਬਿਲਕੁਲ ਵੀ ਵੱਖਰੇ ਨਹੀਂ ਹਨ। ਪਰਮੇਸ਼ੁਰ ਨੇ ਇੰਨੇ ਸਪਸ਼ਟ ਅਤੇ ਪਾਰਦਰਸ਼ੀ ਢੰਗ ਨਾਲ ਦੱਸਿਆ ਹੈ, ਪਰ ਤੇਰੇ ਮਨ ’ਤੇ ਕੋਈ ਅਸਰ ਨਹੀਂ ਹੋਇਆ, ਅਤੇ ਤੂੰ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣ ਵਿੱਚ ਅਸਮਰਥ ਰਹਿੰਦਾ ਹੈਂ। ਕੀ ਤੂੰ ਇੱਕ ਮੂਰਖ ਜਾਨਵਰ ਜਿਹਾ ਨਹੀਂ ਹੈਂ? ਕੁਝ ਲੋਕ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸ਼ਾਂਤਮਨ ਰਹਿਣ ਦੀ ਕੋਸ਼ਿਸ਼ ਕਰਦਿਆਂ ਕੁਰਾਹੇ ਪੈ ਜਾਂਦੇ ਹਨ। ਜਦੋਂ ਭੋਜਨ ਪਕਾਉਣ ਦਾ ਸਮਾਂ ਹੁੰਦਾ ਹੈ, ਉਹ ਭੋਜਨ ਨਹੀਂ ਪਕਾਉਂਦੇ, ਜਦੋਂ ਨਿਤ ਦੇ ਆਮ ਕੰਮ ਕਰਨ ਦਾ ਸਮਾਂ ਹੁੰਦਾ ਹੈ, ਉਹ ਉਨ੍ਹਾਂ ਕੰਮਾਂ ਨੂੰ ਨਹੀਂ ਕਰਦੇ, ਬਸ ਪ੍ਰਾਰਥਨਾ ਅਤੇ ਸਿਮਰਨ ਕਰਨ ਵਿੱਚ ਲੱਗੇ ਰਹਿੰਦੇ ਹਨ। ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਖਾਣਾ ਨਾ ਪਕਾਇਆ ਜਾਵੇ ਜਾਂ ਨਿੱਤ ਦੇ ਕੰਮ ਨਾ ਕੀਤੇ ਜਾਣ, ਜਾਂ ਆਪਣੇ ਜੀਵਨ ਨੂੰ ਨਾ ਜੀਵਿਆ ਜਾਵੇ; ਸਗੋਂ, ਇਸ ਦਾ ਮਤਲਬ ਇਹ ਹੈ ਕਿ ਸਾਰੀਆਂ ਸਧਾਰਨ ਅਵਸਥਾਵਾਂ ਵਿੱਚ ਪਰਮੇਸ਼ੁਰ ਦੇ ਅੱਗੇ ਆਪਣੇ ਮਨ ਨੂੰ ਸ਼ਾਂਤ ਰੱਖਣਾ, ਅਤੇ ਮਨ ਵਿੱਚ ਪਰਮੇਸ਼ੁਰ ਲਈ ਜਗ੍ਹਾ ਹੋਣਾ। ਜਦੋਂ ਤੂੰ ਪ੍ਰਾਰਥਨਾ ਕਰਦਾ ਹੈਂ ਤਾਂ ਤੈਨੂੰ ਪ੍ਰਾਰਥਨਾ ਕਰਨ ਲਈ ਪਰਮੇਸ਼ੁਰ ਦੇ ਅੱਗੇ ਸਹੀ ਤਰੀਕੇ ਨਾਲ ਗੋਡੇ ਟੇਕਣੇ ਚਾਹੀਦੇ ਹਨ; ਜਦੋਂ ਤੂੰ ਨਿੱਤ ਦੇ ਕੰਮ ਕਰਦਾ/ਕਰਦੀ ਹੈਂ ਜਾਂ ਖਾਣਾ ਤਿਆਰ ਕਰਦਾ/ਕਰਦੀ ਹੈਂ, ਤਾਂ ਪਰਮੇਸ਼ੁਰ ਦੇ ਅੱਗੇ ਆਪਣੇ ਮਨ ਨੂੰ ਸ਼ਾਂਤ ਕਰ, ਪਰਮੇਸ਼ੁਰ ਦੇ ਵਚਨਾਂ ਬਾਰੇ ਚਿੰਤਨ ਕਰ ਜਾਂ ਜ਼ਬੂਰ ਗਾ। ਭਾਵੇਂ ਤੂੰ ਕਿਸੇ ਵੀ ਸਥਿਤੀ ਵਿੱਚ ਹੋਵੇਂ, ਤੇਰੇ ਕੋਲ ਇਸ ਉੱਤੇ ਅਮਲ ਕਰਨ ਦਾ ਆਪਣਾ ਢੰਗ ਹੋਣਾ ਚਾਹੀਦਾ ਹੈ, ਤੈਨੂੰ ਪਰਮੇਸ਼ੁਰ ਦੇ ਨੇੜੇ ਆਉਣ ਲਈ ਹਰ ਸੰਭਵ ਜਤਨ ਕਰਨਾ ਚਾਹੀਦਾ ਹੈ, ਅਤੇ ਤੈਨੂੰ ਪਰਮੇਸ਼ੁਰ ਦੇ ਅੱਗੇ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਹਾਲਾਤ ਅਨੁਕੂਲ ਹੋਣ ਤਾਂ ਇਕਾਗਰ ਚਿੱਤ ਹੋ ਕੇ ਪ੍ਰਾਰਥਨਾ ਕਰ; ਜਦੋਂ ਹਾਲਾਤ ਅਨੁਕੂਲ ਨਾ ਹੋਣ ਤਾਂ ਜੋ ਕੰਮ ਕਰ ਰਿਹਾ ਹੋਵੇਂ ਉਸ ਨੂੰ ਕਰਦੇ-ਕਰਦੇ ਹੀ ਆਪਣੇ ਮਨ ਵਿੱਚ ਪਰਮੇਸ਼ੁਰ ਦੇ ਨੇੜੇ ਆ। ਜਦੋਂ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾ ਅਤੇ ਪੀ ਸਕੇਂ ਤਾਂ ਉਸਦੇ ਵਚਨਾਂ ਨੂੰ ਖਾ ਅਤੇ ਪੀ; ਜਦੋਂ ਤੂੰ ਪ੍ਰਾਰਥਨਾ ਕਰ ਸਕੇਂ ਤਾਂ ਪ੍ਰਾਰਥਨਾ ਕਰ; ਜਦੋਂ ਤੂੰ ਪਰਮੇਸ਼ੁਰ ਬਾਰੇ ਵਿਚਾਰ ਕਰ ਸਕੇਂ ਤਾਂ ਉਸ ਬਾਰੇ ਵਿਚਾਰ ਕਰ। ਦੂਜੇ ਸ਼ਬਦਾਂ ਵਿੱਚ, ਆਪਣੇ ਹਾਲਾਤ ਦੇ ਮੁਤਾਬਕ ਪ੍ਰਵੇਸ਼ ਲਈ ਆਪਣੇ ਆਪ ਨੂੰ ਤਿਆਰ ਕਰਨ ਵਾਸਤੇ ਆਪਣੀ ਪੂਰੀ ਕੋਸ਼ਿਸ਼ ਕਰ। ਕੁਝ ਲੋਕ ਪਰਮੇਸ਼ੁਰ ਦੇ ਅੱਗੇ ਉਦੋਂ ਹੀ ਸ਼ਾਂਤਮਨ ਹੋ ਸਕਦੇ ਹਨ ਜਦੋਂ ਕੋਈ ਮਸਲਾ ਨਹੀਂ ਹੁੰਦਾ, ਪਰ ਜਿਉਂ ਹੀ ਕੁਝ ਵਾਪਰਦਾ ਹੈ ਉਨ੍ਹਾਂ ਦੇ ਮਨ ਭਟਕ ਜਾਂਦੇ ਹਨ। ਇਸਨੂੰ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣਾ ਨਹੀਂ ਕਹਿੰਦੇ। ਇਸ ਦਾ ਅਨੁਭਵ ਕਰਨ ਦਾ ਸਹੀ ਤਰੀਕਾ ਇਹ ਹੈ: ਅਜਿਹੇ ਵਿਅਕਤੀ ਦਾ ਮਨ ਕਿਸੇ ਵੀ ਸਥਿਤੀ ਵਿੱਚ ਪਰਮੇਸ਼ੁਰ ਤੋਂ ਪਰੇ ਨਹੀਂ ਜਾਂਦਾ, ਜਾਂ ਬਾਹਰੀ ਲੋਕਾਂ, ਘਟਨਾਵਾਂ ਜਾਂ ਚੀਜ਼ਾਂ ਕਰਕੇ ਬੇਚੈਨ ਨਹੀਂ ਹੁੰਦਾ, ਅਤੇ ਸਿਰਫ਼ ਉਦੋਂ ਹੀ ਉਹ ਇੱਕ ਅਜਿਹਾ ਵਿਅਕਤੀ ਹੈ ਜੋ ਪਰਮੇਸ਼ੁਰ ਦੇ ਅੱਗੇ ਸੱਚਮੁੱਚ ਸ਼ਾਂਤਮਨ ਹੈ। ਕੁਝ ਲੋਕ ਕਹਿੰਦੇ ਹਨ ਕਿ ਜਦੋਂ ਉਹ ਸਭਾਵਾਂ ਵਿੱਚ ਪ੍ਰਾਰਥਨਾ ਕਰਦੇ ਹਨ, ਉਦੋਂ ਹੀ ਉਨ੍ਹਾਂ ਦੇ ਮਨ ਪਰਮੇਸ਼ੁਰ ਦੇ ਅੱਗੇ ਸ਼ਾਂਤ ਹੋ ਪਾਉਂਦੇ ਹਨ, ਪਰ ਦੂਜਿਆਂ ਨਾਲ ਸੰਗਤੀ ਵਿੱਚ ਉਹ ਪਰਮੇਸ਼ੁਰ ਦੇ ਅੱਗੇ ਸ਼ਾਂਤਮਨ ਹੋਣ ਵਿੱਚ ਅਸਮਰਥ ਰਹਿੰਦੇ ਹਨ, ਅਤੇ ਉਨ੍ਹਾਂ ਦੇ ਵਿਚਾਰ ਬੇਲਗਾਮ ਹੋ ਜਾਂਦੇ ਹਨ। ਇਸਨੂੰ ਪਰਮੇਸ਼ੁਰ ਅੱਗੇ ਸ਼ਾਂਤਮਨ ਹੋਣਾ ਨਹੀਂ ਕਹਿੰਦੇ। ਅੱਜ ਬਹੁਤੇ ਲੋਕਾਂ ਦੀ ਇਹੋ ਦਸ਼ਾ ਹੈ, ਉਨ੍ਹਾਂ ਦੇ ਮਨ ਪਰਮੇਸ਼ੁਰ ਦੇ ਅੱਗੇ ਹਰ ਸਮੇਂ ਸ਼ਾਂਤ ਰਹਿਣ ਵਿੱਚ ਅਸਮਰਥ ਹੁੰਦੇ ਹਨ। ਇਸ ਤਰ੍ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਖੇਤਰ ਚ ਅਭਿਆਸ ਕਰਨ ਦਾ ਹੋਰ ਵੱਧ ਜਤਨ ਕਰੋ, ਜੀਵਨ ਦੇ ਅਨੁਭਵ ਦੀ ਸਹੀ ਪਟੜੀ ’ਤੇ ਕਦਮ-ਦਰ-ਕਦਮ ਪ੍ਰਵੇਸ਼ ਕਰਦੇ ਜਾਓ, ਅਤੇ ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣ ਦੇ ਰਾਹ ਉੱਤੇ ਚੱਲਣਾ ਸ਼ੁਰੂ ਕਰੋ।

ਪਿਛਲਾ: ਪਰਮੇਸ਼ੁਰ ਦੇ ਨਵੀਨਤਮ ਕੰਮ ਨੂੰ ਜਾਣੋ ਅਤੇ ਉਸ ਦੀ ਪੈੜ ਉੱਤੇ ਚੱਲੋ

ਅਗਲਾ: ਪਰਮੇਸ਼ੁਰ ਉਨ੍ਹਾਂ ਨੂੰ ਸੰਪੂਰਣ ਕਰਦਾ ਹੈ ਜਿਹੜੇ ਉਸ ਦੇ ਆਪਣੇ ਮਨ ਦੇ ਅਨੁਸਾਰ ਹੁੰਦੇ ਹਨ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ