ਤੂੰ ਕਿਸ ਦੇ ਪ੍ਰਤੀ ਵਫ਼ਾਦਾਰ ਹੈਂ?
ਇਸ ਵੇਲੇ, ਤੁਹਾਡੇ ਜੀਵਨ ਦਾ ਹਰੇਕ ਦਿਨ ਅਹਿਮ ਹੈ, ਅਤੇ ਇਹ ਤੁਹਾਡੀ ਮੰਜ਼ਿਲ ਅਤੇ ਤੁਹਾਡੀ ਕਿਸਮਤ ਲਈ ਬੇਹੱਦ ਮਹੱਤਵਪੂਰਣ ਹੈ, ਇਸ ਲਈ ਅੱਜ ਤੁਹਾਡੇ ਕੋਲ ਜੋ ਕੁਝ ਵੀ ਹੈ, ਤੁਹਾਨੂੰ ਉਸ ਨੂੰ ਸੰਭਾਲਣਾ ਜ਼ਰੂਰੀ ਹੈ, ਅਤੇ ਲੰਘਣ ਵਾਲੇ ਹਰੇਕ ਮਿੰਟ ਦੀ ਕਦਰ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣੇ-ਆਪ ਲਈ ਸਭ ਤੋਂ ਵੱਡੇ ਲਾਭ ਲੈਣ ਵਾਸਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਮਾਂ ਕੱਢਣਾ ਚਾਹੀਦਾ ਹੈ ਤਾਂ ਜੋ ਤੁਹਾਡਾ ਇਹ ਜੀਵਨ ਅਜਾਈਂ ਨਾ ਜਾਵੇ। ਤੁਸੀਂ ਇਸ ਬਾਰੇ ਉਲਝਣ ਮਹਿਸੂਸ ਕਰ ਸਕਦੇ ਹੋ ਕਿ ਮੈਂ ਅਜਿਹੇ ਸ਼ਬਦ ਕਿਉਂ ਬੋਲ ਰਿਹਾ ਹਾਂ। ਜੇ ਮੈਂ ਸਪੱਸ਼ਟ ਗੱਲ ਕਰਾਂ, ਤਾਂ ਮੈਂ ਤੁਹਾਡੇ ਵਿੱਚੋਂ ਕਿਸੇ ਦੇ ਵੀ ਵਿਹਾਰ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ, ਕਿਉਂਕਿ ਤੁਸੀਂ ਅੱਜ ਜਿਹੋ ਜਿਹੇ ਹੋ, ਮੈਨੂੰ ਤੁਹਾਡੇ ਤੋਂ ਅਜਿਹੀ ਆਸ ਨਹੀਂ ਸੀ। ਇੰਝ, ਮੈਂ ਇਹ ਆਖ ਸਕਦਾ ਹਾਂ: ਤੁਹਾਡੇ ਵਿੱਚੋਂ ਹਰੇਕ ਵਿਅਕਤੀ ਖ਼ਤਰੇ ਦੇ ਕੰਢੇ ’ਤੇ ਹੈ ਅਤੇ ਮਦਦ ਲਈ ਤੁਹਾਡੇ ਵੱਲੋਂ ਪਹਿਲਾਂ ਕੀਤੀਆਂ ਗਈਆਂ ਪੁਕਾਰਾਂ ਅਤੇ ਸੱਚ ਦਾ ਪਿੱਛਾ ਕਰਨ ਅਤੇ ਚਾਨਣ ਦੇ ਖੋਜੀ ਹੋਣ ਦੀਆਂ ਤੁਹਾਡੀਆਂ ਪਹਿਲੀਆਂ ਇੱਛਾਵਾਂ ਹੁਣ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਇਹ ਘਾਟੇ ਨੂੰ ਪੂਰਾ ਕਰਨ ਦੀ ਤੁਹਾਡੀ ਆਖਰੀ ਨੁਮਾਇਸ਼ ਹੈ, ਅਤੇ ਮੈਨੂੰ ਅਜਿਹੀ ਆਸ ਕਦੇ ਨਹੀਂ ਸੀ। ਮੈਂ ਤੱਥਾਂ ਦੇ ਉਲਟ ਬੋਲਣਾ ਨਹੀ ਚਾਹੁੰਦਾ, ਕਿਉਂਕਿ ਤੁਸੀਂ ਮੈਨੂੰ ਬਹੁਤ ਨਿਰਾਸ਼ ਕੀਤਾ ਹੈ। ਸ਼ਾਇਦ ਤੁਸੀਂ ਇਸ ਨੂੰ ਚੁੱਪਚਾਪ ਸਵੀਕਾਰ ਨਹੀਂ ਕਰਨਾ ਚਾਹੁੰਦੇ ਹੋ, ਤੁਸੀਂ ਅਸਲੀਅਤ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ–ਫਿਰ ਵੀ ਮੈਨੂੰ ਗੰਭੀਰਤਾਪੂਰਬਕ ਇਹ ਪੁੱਛਣਾ ਜ਼ਰੂਰੀ ਹੈ: ਇਹਨਾਂ ਸਾਰੇ ਸਾਲਾਂ ਦੌਰਾਨ, ਅਸਲ ਵਿੱਚ ਤੁਹਾਡੇ ਦਿਲਾਂ ਵਿੱਚ ਕੀ ਭਰਿਆ ਰਿਹਾ? ਉਹ ਕਿਸ ਪ੍ਰਤੀ ਵਫ਼ਾਦਾਰ ਹਨ? ਇਹ ਨਾ ਆਖੋ ਕਿ ਇਹ ਸੁਆਲ ਅਚਾਨਕ ਸਾਹਮਣੇ ਆ ਗਏ, ਅਤੇ ਮੈਥੋਂ ਇਹ ਨਾ ਪੁੱਛੋ ਕਿ ਮੈਂ ਅਜਿਹੀਆਂ ਗੱਲਾਂ ਕਿਉਂ ਪੁੱਛੀਆਂ ਹਨ। ਇਹ ਜਾਣੋ: ਅਜਿਹਾ ਇਸ ਲਈ ਹੈ ਕਿਉਂਕਿ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ, ਤੁਹਾਡੀ ਬਹੁਤ ਜ਼ਿਆਦਾ ਪਰਵਾਹ ਕਰਦਾ ਹਾਂ, ਅਤੇ ਮੈਂ ਤੁਹਾਡੇ ਵਿਹਾਰ ਅਤੇ ਕਾਰਜਾਂ ਵਿੱਚ ਆਪਣਾ ਦਿਲ ਬਹੁਤ ਜ਼ਿਆਦਾ ਲਾਇਆ ਹੈ ਜਿਸ ਕਰਕੇ ਤੁਹਾਡੇ ਤੋਂ ਲਗਾਤਾਰ ਲੇਖਾ ਮੰਗਦਾ ਹਾਂ ਅਤੇ ਔਖ ਨੂੰ ਝੱਲਦਾ ਹਾਂ। ਫਿਰ ਵੀ ਤੁਸੀਂ ਮੈਨੂੰ ਉਦਾਸੀਨਤਾ ਅਤੇ ਅਸਹਿਣਸ਼ੀਲ ਤਿਰਸਕਾਰ ਤੋਂ ਵੱਧ ਹੋਰ ਕੁਝ ਵਾਪਸ ਨਹੀਂ ਦਿੰਦੇ। ਤੁਸੀਂ ਮੇਰੇ ਪ੍ਰਤੀ ਇੰਨੇ ਬੇਪਰਵਾਹ ਹੋ; ਕੀ ਅਜਿਹਾ ਸੰਭਵ ਹੋ ਸਕਦਾ ਹੈ ਕਿ ਮੈਨੂੰ ਕੁਝ ਵੀ ਪਤਾ ਨਾ ਲੱਗੇ? ਜੇ ਤੁਹਾਡਾ ਵਿਸ਼ਵਾਸ ਅਜਿਹਾ ਹੈ, ਤਾਂ ਇਸ ਤੋਂ ਇਹ ਤੱਥ ਹੋਰ ਵੀ ਸਿੱਧ ਹੁੰਦਾ ਹੈ ਕਿ ਮੇਰੇ ਪ੍ਰਤੀ ਤੁਹਾਡਾ ਵਿਹਾਰ ਸੱਚਮੁੱਚ ਦਿਆਲਤਾ ਵਾਲਾ ਨਹੀਂ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਤੁਸੀਂ ਸੱਚਾਈ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੋ। ਤੁਸੀਂ ਸਾਰੇ ਇੰਨੇ ਚਲਾਕ ਹੋ ਕਿ ਤੁਹਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ–ਤਾਂ ਤੁਸੀਂ ਮੈਨੂੰ ਲੇਖਾ ਦੇਣ ਲਈ ਕੀ ਵਰਤੋਗੇ?
ਮੇਰੇ ਲਈ ਸਭ ਤੋਂ ਵੱਧ ਚਿੰਤਾਜਨਕ ਸੁਆਲ ਇਹ ਹੈ ਕਿ ਅਸਲ ਵਿੱਚ ਤੁਹਾਡੇ ਦਿਲ ਕਿਸ ਪ੍ਰਤੀ ਵਫ਼ਾਦਾਰ ਹਨ। ਮੈਨੂੰ ਇਹ ਵੀ ਆਸ ਹੈ ਕਿ ਤੁਹਾਡੇ ਵਿੱਚੋਂ ਹਰੇਕ ਵਿਅਕਤੀ ਆਪਣੇ ਵਿਚਾਰਾਂ ਨੂੰ ਸਹੀ ਦਿਸ਼ਾ ਵੱਲ ਮੋੜਨ ਦਾ ਜਤਨ ਕਰੇਗਾ, ਅਤੇ ਤੁਸੀਂ ਖ਼ੁਦ ਨੂੰ ਪੁੱਛੋਗੇ ਕਿ ਤੁਸੀਂ ਕਿਸ ਪ੍ਰਤੀ ਵਫ਼ਾਦਾਰ ਹੋ ਅਤੇ ਕਿਸ ਲਈ ਜੀ ਰਹੇ ਹੋ। ਸ਼ਾਇਦ ਤੁਸੀਂ ਕਦੇ ਵੀ ਇਹਨਾਂ ਸੁਆਲਾਂ ਉੱਤੇ ਧਿਆਨ ਨਾਲ ਗ਼ੌਰ ਨਹੀਂ ਕੀਤਾ, ਇਸ ਲਈ ਕਿਉਂ ਨਾ ਮੈਂ ਤੁਹਾਨੂੰ ਇਹਨਾਂ ਦੇ ਜੁਆਬ ਦੱਸਾਂ?
ਚੰਗੀ ਯਾਦਦਾਸ਼ਤ ਵਾਲਾ ਕੋਈ ਵੀ ਵਿਅਕਤੀ ਇਸ ਤੱਥ ਦੀ ਗਵਾਹੀ ਦੇਵੇਗਾ: ਆਦਮੀ ਖ਼ੁਦ ਲਈ ਹੀ ਜਿਉਂਦਾ ਹੈ ਅਤੇ ਖ਼ੁਦ ਲਈ ਹੀ ਵਫ਼ਾਦਾਰ ਹੁੰਦਾ ਹੈ। ਮੈਨੂੰ ਤੁਹਾਡੇ ਜੁਆਬਾਂ ’ਤੇ ਯਕੀਨ ਨਹੀਂ ਕਿ ਉਹ ਪੂਰੀ ਤਰ੍ਹਾਂ ਠੀਕ ਵੀ ਹੋਣਗੇ, ਕਿਉਂਕਿ ਤੁਹਾਡੇ ਵਿੱਚੋਂ ਹਰੇਕ ਵਿਅਕਤੀ ਆਪਣੇ ਹੀ ਜੀਵਨ ਜਿਉਂਦਾ ਹੈ ਅਤੇ ਆਪਣੇ ਹੀ ਖ਼ੁਦ ਦੇ ਦੁੱਖਾਂ ਨਾਲ ਸੰਘਰਸ਼ ਕਰ ਰਿਹਾ ਹੈ। ਉਂਝ ਤਾਂ, ਤੁਸੀਂ ਉਹਨਾਂ ਹੀ ਲੋਕਾਂ ਪ੍ਰਤੀ ਵਫ਼ਾਦਾਰ ਹੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਉਹ ਚੀਜ਼ਾਂ ਜੋ ਤੁਹਾਨੂੰ ਖੁਸ਼ ਕਰਦੀਆਂ ਹਨ; ਤੁਸੀਂ ਖ਼ੁਦ ਦੇ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਨਹੀਂ ਹੋ। ਕਿਉਂਕਿ ਤੁਹਾਡੇ ਵਿੱਚੋਂ ਹਰੇਕ ਵਿਅਕਤੀ ਉੱਤੇ ਤੁਹਾਡੇ ਆਲੇ–ਦੁਆਲੇ ਦੇ ਲੋਕਾਂ, ਘਟਨਾਵਾਂ ਅਤੇ ਵਸਤਾਂ ਦਾ ਪ੍ਰਭਾਵ ਹੈ, ਇਸ ਲਈ ਤੁਸੀਂ ਸੱਚਮੁੱਚ ਆਪਣੇ–ਆਪ ਪ੍ਰਤੀ ਵੀ ਵਫ਼ਾਦਾਰ ਨਹੀਂ ਹੋ। ਮੈਂ ਇਹ ਸ਼ਬਦ ਇਸ ਤੱਥ ਦੀ ਪੁਸ਼ਟੀ ਲਈ ਨਹੀਂ ਆਖ ਰਿਹਾ ਕਿ ਤੁਸੀਂ ਆਪਣੇ–ਆਪ ਪ੍ਰਤੀ ਵਫ਼ਾਦਾਰ ਹੋ, ਸਗੋਂ ਮੈਂ ਤੁਹਾਡੇ ਕਿਸੇ ਇੱਕ ਚੀਜ਼ ਪ੍ਰਤੀ ਤੁਹਾਡੀ ਵਫ਼ਾਦਾਰੀ ਜ਼ਾਹਰ ਕਰਨੀ ਚਾਹੁੰਦਾ ਹਾਂ, ਕਿਉਂਕਿ ਪਿਛਲੇ ਇੰਨੇ ਸਾਲਾਂ ਦੌਰਾਨ, ਮੈਨੂੰ ਕਦੇ ਵੀ ਤੁਹਾਡੇ ਵਿੱਚੋਂ ਕਿਸੇ ਤੋਂ ਵਫ਼ਾਦਾਰੀ ਨਹੀਂ ਮਿਲੀ। ਤੁਸੀਂ ਇਹਨਾਂ ਸਾਰੇ ਸਾਲਾਂ ਦੌਰਾਨ ਮੇਰੇ ਪੈਰੋਕਾਰ ਰਹੇ ਹੋ, ਫਿਰ ਵੀ ਤੁਸੀਂ ਮੇਰੇ ਪ੍ਰਤੀ ਕਦੇ ਆਪਣੀ ਰੱਤੀ ਭਰ ਵੀ ਵਫ਼ਾਦਾਰੀ ਨਹੀਂ ਦਰਸਾਈ। ਸਗੋਂ, ਤੁਸੀਂ ਸਦਾ ਉਹਨਾਂ ਹੀ ਲੋਕਾਂ ਦੇ ਆਲੇ–ਦੁਆਲੇ ਘੁੰਮੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਖੁਸ਼ ਕਰਦੀਆਂ ਹਨ–ਇੰਨਾ ਜ਼ਿਆਦਾ ਕਿ ਹਰ ਸਮੇਂ ਤੁਸੀਂ ਜਿੱਥੇ ਕਿਤੇ ਵੀ ਗਏ, ਉਹਨਾਂ ਨੂੰ ਆਪਣੇ ਦਿਲਾਂ ਦੇ ਨੇੜੇ ਰੱਖਿਆ ਅਤੇ ਉਹਨਾਂ ਨੂੰ ਕਦੇ ਨਹੀਂ ਤਿਆਗਿਆ। ਤੁਸੀਂ ਜਦੋਂ ਵੀ ਕਦੇ ਆਪਣੀ ਪਸੰਦੀਦਾ ਚੀਜ਼ ਦੇ ਚਾਹਵਾਨ ਜਾਂ ਉਸ ਪ੍ਰਤੀ ਭਾਵੁਕ ਹੁੰਦੇ ਹੋ, ਤਾਂ ਇਹ ਸਭ ਉਦੋਂ ਵਾਪਰਦਾ ਹੈ, ਜਦੋਂ ਤੁਸੀਂ ਮੇਰੇ ਪਿੱਛੇ ਚੱਲ ਰਹੇ ਹੁੰਦੇ ਹੋ, ਜਾਂ ਮੇਰੇ ਵਚਨ ਸੁਣ ਰਹੇ ਹੁੰਦੇ ਹੋ। ਇਸ ਲਈ, ਮੈਂ ਕਹਿੰਦਾ ਹਾਂ ਕਿ ਮੈਂ ਤੁਹਾਡੇ ਤੋਂ ਜੋ ਵਫ਼ਾਦਾਰੀ ਮੰਗਦਾ ਹਾਂ ਤੁਸੀਂ ਉਸ ਨੂੰ ਆਪਣੀਆਂ “ਮਨਪਸੰਦ ਚੀਜ਼ਾਂ” ਪ੍ਰਤੀ ਵਫ਼ਾਦਾਰ ਬਣਨ ਅਤੇ ਉਹਨਾਂ ਨੂੰ ਸੰਭਾਲ ਕੇ ਰੱਖਣ ਲਈ ਵਰਤਦੇ ਹੋ। ਭਾਵੇਂ ਤੁਸੀਂ ਮੇਰੇ ਲਈ ਕੋਈ ਇੱਕ ਜਾਂ ਦੋ ਚੀਜ਼ਾਂ ਕੁਰਬਾਨ ਕਰ ਸਕਦੇ ਹੋ, ਪਰ ਇਹ ਤੁਹਾਡੇ ਸਮੁੱਚੇ ਆਪੇ ਨੂੰ ਨਹੀਂ ਦਰਸਾਉਂਦਾ, ਅਤੇ ਇਸ ਤੋਂ ਇਹ ਵੀ ਜ਼ਾਹਰ ਨਹੀਂ ਹੁੰਦਾ ਕਿ ਤੁਸੀਂ ਸੱਚਮੁੱਚ ਮੇਰੇ ਪ੍ਰਤੀ ਵਫ਼ਾਦਾਰ ਹੋ। ਤੁਸੀਂ ਉਹਨਾਂ ਜ਼ਿੰਮੇਦਾਰੀਆਂ ਵਿੱਚ ਖ਼ੁਦ ਨੂੰ ਰੁੱਝੇ ਰੱਖਦੇ ਹੋ ਜਿਨ੍ਹਾਂ ਬਾਰੇ ਤੁਹਾਡੇ ਅੰਦਰ ਜੋਸ਼ ਹੋ: ਕੁਝ ਲੋਕ ਪੁੱਤਰਾਂ ਅਤੇ ਧੀਆਂ ਪ੍ਰਤੀ ਵਫ਼ਾਦਾਰ ਹੁੰਦੇ ਹਨ, ਕੁਝ ਪਤੀਆਂ, ਪਤਨੀਆਂ, ਦੌਲਤ, ਕੰਮ, ਆਪਣੇ ਤੋਂ ਉਤਲੇ ਅਧਿਕਾਰੀਆਂ, ਰੁਤਬੇ ਜਾਂ ਔਰਤਾਂ ਪ੍ਰਤੀ ਵਫ਼ਾਦਾਰ ਹੁੰਦੇ ਹਨ। ਤੁਸੀਂ ਉਹਨਾਂ ਚੀਜ਼ਾਂ ਪ੍ਰਤੀ ਕਦੇ ਅਕਾਊਪੁਣਾ ਜਾਂ ਖਿਝ ਮਹਿਸੂਸ ਨਹੀਂ ਕਰਦੇ ਜਿਨ੍ਹਾਂ ਪ੍ਰਤੀ ਤੁਸੀਂ ਵਫ਼ਾਦਾਰ ਹੁੰਦੇ ਹੋ, ਤੁਸੀਂ ਇਹਨਾਂ ਹੀ ਚੀਜ਼ਾਂ ਨੂੰ ਵੱਧ ਤੋਂ ਵੱਧ ਮਾਤਰਾ ਵਿੱਚ ਅਤੇ ਇਨ੍ਹਾਂ ਦੀ ਵੱਧ ਮਿਆਰੀ ਕਿਸਮ ਨੂੰ ਆਪਣੇ ਕੋਲ ਰੱਖਣ ਦੇ ਚਾਹਵਾਨ ਹੁੰਦੇ ਹੋ, ਅਤੇ ਤੁਸੀਂ ਕਦੇ ਵੀ ਹਿੰਮਤ ਨਹੀਂ ਹਾਰਦੇ ਹੋ। ਮੈਨੂੰ ਅਤੇ ਮੇਰੇ ਵਚਨਾਂ ਨੂੰ ਹਮੇਸ਼ਾ ਉਨ੍ਹਾਂ ਚੀਜ਼ਾਂ ਤੋਂ ਪਿਛਾਂਹ ਧੱਕ ਦਿੱਤਾ ਜਾਂਦਾ ਹੈ ਜਿਨ੍ਹਾਂ ਪ੍ਰਤੀ ਤੁਸੀਂ ਉਤਸ਼ਾਹਿਤ ਹੁੰਦੇ ਹੋ। ਅਤੇ ਤੁਹਾਡੇ ਕੋਲ ਉਹਨਾਂ ਨੂੰ ਅੰਤਲਾ ਦਰਜਾ ਦੇਣ ਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੁੰਦਾ। ਅਜਿਹੇ ਵੀ ਕੁਝ ਲੋਕ ਹਨ ਜੋ ਇਸ ਅੰਤਿਮ ਦਰਜੇ ਨੂੰ ਵੀ ਉਹਨਾਂ ਚੀਜ਼ਾਂ ਲਈ ਛੱਡ ਦਿੰਦੇ ਹਨ ਜਿਨ੍ਹਾਂ ਪ੍ਰਤੀ ਉਹ ਵਫ਼ਾਦਾਰ ਹੁੰਦੇ ਹਨ, ਅਤੇ ਜਿਨ੍ਹਾਂ ਦੀ ਹਾਲੇ ਉਹਨਾਂ ਨੇ ਖੋਜ ਕਰਨੀ ਹੁੰਦੀ ਹੈ। ਉਹਨਾਂ ਦੇ ਦਿਲਾਂ ਵਿੱਚ ਮੇਰੇ ਲਈ ਕਦੇ ਥੋੜ੍ਹਾ ਜਿੰਨਾ ਵੀ ਸਥਾਨ ਨਹੀਂ ਰਿਹਾ। ਤੁਸੀਂ ਇਹ ਸੋਚ ਸਕਦੇ ਹੋ ਕਿ ਮੈਂ ਤੁਹਾਡੇ ਤੋਂ ਬਹੁਤ ਕੁਝ ਮੰਗਦਾ ਹਾਂ ਜਾਂ ਤੁਹਾਡੇ ਉੱਤੇ ਐਂਵੇਂ ਗਲਤ ਦੋਸ਼ ਲਾ ਰਿਹਾ ਹਾਂ–ਪਰ ਕੀ ਤੁਸੀਂ ਕਦੇ ਇਸ ਤੱਥ ਉੱਤੇ ਵਿਚਾਰ ਕੀਤਾ ਹੈ ਕਿ ਜਦੋਂ ਤੁਸੀਂ ਆਪਣੇ ਪਰਿਵਾਰ ਨਾਲ ਚਾਈਂ–ਚਾਈਂ ਸਮਾਂ ਬਤੀਤ ਕਰ ਰਹੇ ਹੁੰਦੇ ਹੋ, ਤਾਂ ਤੁਸੀਂ ਕਦੇ ਇੱਕ ਵਾਰ ਵੀ ਮੇਰੇ ਪ੍ਰਤੀ ਵਫ਼ਾਦਾਰੀ ਨਹੀਂ ਵਿਖਾਈ? ਅਜਿਹੇ ਵੇਲੇ, ਕੀ ਤੁਹਾਨੂੰ ਦਰਦ ਨਹੀਂ ਹੁੰਦਾ? ਜਦੋਂ ਤੁਹਾਡੇ ਦਿਲ ਖ਼ੁਸ਼ੀ ਨਾਲ ਭਰਪੂਰ ਹੁੰਦੇ ਹਨ, ਅਤੇ ਤੁਹਾਨੂੰ ਆਪਣੀ ਮਿਹਨਤ ਦਾ ਸਿਲਾ ਮਿਲਦਾ ਹੈ, ਕੀ ਤੁਸੀਂ ਕਦੇ ਇਹ ਮਹਿਸੂਸ ਕਰ ਕੇ ਨਿਰਾਸ਼ ਨਹੀਂ ਹੋਏ ਕਿ ਤੁਸੀਂ ਖ਼ੁਦ ਨੂੰ ਲੋੜੀਂਦੀ ਸੱਚਾਈ ਨਾਲ ਭਰਪੂਰ ਨਹੀਂ ਕੀਤਾ? ਤੁਸੀਂ ਮੇਰੀ ਪ੍ਰਵਾਨਗੀ ਨਾ ਮਿਲਣ ਕਰਕੇ ਕਦੋਂ ਰੋਏ? ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਲਈ ਆਪਣੇ ਦਿਮਾਗਾਂ ਨੂੰ ਕਸ਼ਟ ਦਿੰਦੇ ਹੋ ਅਤੇ ਬਹੁਤ ਜ਼ਿਆਦਾ ਦੁੱਖ ਝੱਲਦੇ ਹੋ, ਫਿਰ ਵੀ ਤੁਸੀਂ ਸੰਤੁਸ਼ਟ ਨਹੀਂ ਹੁੰਦੇ; ਤੁਹਾਨੂੰ ਤਦ ਵੀ ਇਹੋ ਜਾਪ ਰਿਹਾ ਹੁੰਦਾ ਹੈ ਕਿ ਤੁਸੀਂ ਉਹਨਾਂ ਦੇ ਲਈ ਪੂਰੀ ਮਿਹਨਤ ਨਹੀਂ ਕੀਤੀ, ਕਿ ਤੁਸੀਂ ਉਹਨਾਂ ਲਈ ਉਹ ਸਭ ਨਹੀਂ ਕੀਤਾ ਜੋ ਤੁਸੀਂ ਉਹਨਾਂ ਲਈ ਕਰ ਸਕਦੇ ਹੋ। ਪਰ, ਤੁਸੀਂ ਮੇਰੇ ਪ੍ਰਤੀ ਸਦਾ ਬੇਪਰਵਾਹ ਅਤੇ ਲਾਪਰਵਾਹ ਰਹੇ ਹੋ; ਮੈਂ ਸਿਰਫ ਤੁਹਾਡੇ ਚੇਤਿਆਂ ਵਿੱਚ ਹੀ ਹਾਂ, ਤੁਹਾਡੇ ਦਿਲਾਂ ਵਿੱਚ ਨਹੀਂ ਵੱਸਦਾ। ਤੁਸੀਂ ਮੇਰੇ ਸਮਰਪਣ ਅਤੇ ਕੋਸ਼ਿਸ਼ਾਂ ਨੂੰ ਕਦੇ ਮਹਿਸੂਸ ਹੀ ਨਹੀਂ ਕਰਦੇ, ਅਤੇ ਤੁਸੀਂ ਕਦੇ ਵੀ ਉਹਨਾਂ ਦੀ ਸ਼ਲਾਘਾ ਨਹੀਂ ਕੀਤੀ। ਤੁਸੀਂ ਬਸ ਥੋੜ੍ਹਾ ਬਹੁਤ ਆਤਮ-ਚਿੰਤਨ ਕਰਦੇ ਹੋ ਅਤੇ ਸੋਚਦੇ ਹੋ ਹੋ ਕਿ ਇੰਨਾ ਹੀ ਕਾਫ਼ੀ ਰਹੇਗਾ। ਇਸ ਤਰ੍ਹਾਂ ਦੀ “ਵਫ਼ਾਦਾਰੀ” ਦੀ ਮੈਂ ਕਦੇ ਇੱਛਾ ਨਹੀਂ ਰੱਖੀ, ਸਗੋਂ ਮੈਂ ਤਾਂ ਲੰਮੇ ਸਮੇਂ ਤੋਂ ਇਸ ਨੂੰ ਤੁੱਛ ਜਾਣਿਆ ਹੈ। ਖੈਰ, ਮੈਂ ਭਾਵੇਂ ਜੋ ਵੀ ਕਹਾਂ,, ਤੁਸੀਂ ਸਿਰਫ ਇੱਕ ਜਾਂ ਦੋ ਗੱਲਾਂ ਹੀ ਕਬੂਲ ਕਰਦੇ ਹੋ; ਤੁਸੀਂ ਇਸ ਨੂੰ ਪੂਰੀ ਤਰ੍ਹਾਂ ਕਬੂਲ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਸਭ ਬਹੁਤ “ਆਤਮ-ਵਿਸ਼ਵਾਸੀ” ਹੋ, ਅਤੇ ਮੈਂ ਜੋ ਕੁਝ ਵੀ ਬੋਲਦਾ ਹਾਂ ਤੁਸੀਂ ਉਸ ਵਿੱਚੋਂ ਆਪਣੀ ਮਰਜ਼ੀ ਨਾਲ ਚੁਣਦੇ ਹੋ ਕਿ ਕਿਹੜੀ ਗੱਲ ਨੂੰ ਸਵੀਕਾਰ ਕਰਨਾ ਹੈ। ਜੇ ਤੁਸੀਂ ਅੱਜ ਵੀ ਅਜਿਹੇ ਹੀ ਹੋ, ਤਾਂ ਮੇਰੇ ਕੋਲ ਤੁਹਾਡੇ ਆਤਮ–ਵਿਸ਼ਵਾਸ ਨਾਲ ਨਿਪਟਣ ਦੇ ਕੁਝ ਤਰੀਕੇ ਹਨ–ਅਤੇ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ ਮੈਂ ਤੁਹਾਡੇ ਤੋਂ ਇਹ ਕਬੂਲ ਕਰਾਵਾਂਗਾ ਕਿ ਮੇਰੇ ਸਾਰੇ ਵਚਨ ਸੱਚੇ ਹਨ ਅਤੇ ਉਹਨਾਂ ਵਿੱਚ ਕੋਈ ਵੀ ਤੱਥਾਂ ਨੂੰ ਵਿਗਾੜਦਾ ਨਹੀਂ ਹੈ।
ਜੇ ਮੈਂ ਹੁਣੇ ਤੁਹਾਡੇ ਸਾਹਮਣੇ ਕੁਝ ਧਨ ਰੱਖਾਂ ਅਤੇ ਤੁਹਾਨੂੰ ਚੁਣਨ ਦੀ ਆਜ਼ਾਦੀ ਦੇਵਾਂ–ਅਤੇ ਜੇ ਮੈਂ ਤੁਹਾਡੀ ਪਸੰਦ ਲਈ ਤੁਹਾਡੀ ਨਿੰਦਾ ਨਾ ਕਰਾਂ–ਤਾਂ ਤੁਹਾਡੇ ਵਿੱਚੋਂ ਬਹੁਤੇ ਧਨ ਨੂੰ ਹੀ ਚੁਣਨਗੇ ਅਤੇ ਸੱਚਾਈ ਨੂੰ ਭੁਲਾ ਦੇਣਗੇ। ਤੁਹਾਡੇ ਵਿੱਚੋਂ ਬਿਹਤਰ ਵਿਅਕਤੀ ਧਨ ਨੂੰ ਤਿਆਗੇਗਾ ਅਤੇ ਬੇਦਿਲੀ ਨਾਲ ਸੱਚ ਨੂੰ ਚੁਣੇਗਾ, ਜਦ ਕਿ ਦੋਚਿੱਤੀ ’ਚ ਫਸੇ ਲੋਕ ਇੱਕ ਹੱਥ ਵਿੱਚ ਧਨ ਨੂੰ ਫੜ ਲੈਣਗੇ ਅਤੇ ਦੂਜੇ ਵਿੱਚ ਸੱਚਾਈ ਨੂੰ। ਕੀ ਇੰਝ ਤੁਹਾਡੇ ਅਸਲ ਰੰਗ ਆਪੇ ਜ਼ਾਹਿਰ ਨਹੀਂ ਹੋ ਜਾਣਗੇ? ਜਦੋਂ ਤੁਸੀਂ ਸੱਚਾਈ ਅਤੇ ਕਿਸੇ ਅਜਿਹੀ ਚੀਜ਼ ਵਿੱਚੋਂ ਕਿਝ ਚੁਣਦੇ ਹੋ ਜਿਸਦੇ ਪ੍ਰਤੀ ਤੁਸੀਂ ਵਫ਼ਾਦਾਰ ਹੋ ਤਾਂ ਤੁਸੀਂ ਸਾਰੇ ਇਹੋ ਚੁਣੋਗੇ, ਅਤੇ ਤੁਹਾਡਾ ਵਤੀਰਾ ਇਹੋ ਜਿਹਾ ਹੀ ਰਹੇਗਾ। ਕੀ ਅਜਿਹਾ ਨਹੀਂ ਹੈ? ਕੀ ਤੁਹਾਡੇ ਵਿੱਚੋਂ ਬਹੁਤੇ ਅਜਿਹੇ ਨਹੀਂ ਹਨ ਜੋ ਸਹੀ ਅਤੇ ਗ਼ਲਤ ਵਿਚਾਲੇ ਝੂਲਦੇ ਰਹੇ ਹਨ? ਸਕਾਰਾਤਮਕ ਅਤੇ ਨਕਾਰਾਤਮਕ, ਕਾਲੇ ਅਤੇ ਚਿੱਟੇ ਵਿਚਾਲੇ ਮੁਕਾਬਲਿਆਂ ’ਚ, ਤੁਸੀਂ ਯਕੀਨੀ ਤੌਰ ’ਤੇ ਅਜਿਹੀ ਚੋਣ ਤੋਂ ਜਾਣੂ ਹੋ ਜੋ ਤੁਸੀਂ ਪਰਿਵਾਰ ਅਤੇ ਪਰਮੇਸ਼ੁਰ, ਬੱਚਿਆਂ ਅਤੇ ਪਰਮੇਸ਼ੁਰ, ਸ਼ਾਂਤੀ ਅਤੇ ਅਸ਼ਾਂਤੀ, ਅਮੀਰੀ ਅਤੇ ਗ਼ਰੀਬੀ, ਰੁਤਬੇ ਅਤੇ ਸਾਦ–ਮੁਰਾਦੀ ਜ਼ਿੰਦਗੀ, ਸਹਾਇਤਾ ਮਿਲਣ ਅਤੇ ਲਾਂਭੇ ਕਰ ਦਿੱਤੇ ਜਾਣ ਵਿਚਾਲੇ ਕੀਤੀ ਹੋਵੇਗੀ। ਇੱਕ ਸ਼ਾਂਤੀਪੂਰਣ ਪਰਿਵਾਰ ਅਤੇ ਇੱਕ ਟੁੱਟੇ ਹੋਏ ਪਰਿਵਾਰ ਵਿੱਚੋਂ, ਤੁਸੀਂ ਪਹਿਲੇ ਨੂੰ ਹੀ ਚੁਣਿਆ ਸੀ ਅਤੇ ਤੁਸੀਂ ਅਜਿਹਾ ਬਿਨਾ ਕਿਸੇ ਝਿਜਕ ਦੇ ਕੀਤਾ ਸੀ; ਧਨ ਅਤੇ ਫ਼ਰਜ਼ ਵਿੱਚੋਂ ਤੁਸੀਂ ਮੁੜ ਪਹਿਲੇ ਨੂੰ ਚੁਣਿਆ ਸੀ, ਇੱਥੋਂ ਤੱਕ ਕਿ ਤੁਹਾਡੇ ਅੰਦਰ ਕੰਢੇ ’ਤੇ ਪਰਤਣ[ੳ] ਦੀ ਇੱਛਾ ਦੀ ਘਾਟ ਵੀ ਸੀ; ਸੁੱਖ-ਅਰਾਮ ਦੀ ਜ਼ਿੰਦਗੀ ਅਤੇ ਗ਼ਰੀਬੀ ਵਿੱਚੋਂ ਤੁਸੀਂ ਪਹਿਲੇ ਨੂੰ ਚੁਣਿਆ; ਜਦੋਂ ਤੁਸੀਂ ਆਪਣੇ ਪੁੱਤਰਾਂ, ਧੀਆਂ, ਪਤਨੀਆਂ ਅਤੇ ਪਤੀਆਂ ਅਤੇ ਮੇਰੇ ਦਰਮਿਆਨ ਚੁਣਨਾ ਸੀ, ਤਾਂ ਤੁਸੀਂ ਪਹਿਲੇ ਨੂੰ ਹੀ ਚੁਣਿਆ ਸੀ; ਅਤੇ ਵਿਚਾਰ ਅਤੇ ਸੱਚਾਈ ਵਿੱਚੋਂ ਤੁਸੀਂ ਇੱਕ ਵਾਰ ਫਿਰ ਪਹਿਲੇ ਨੂੰ ਚੁਣਿਆ ਸੀ। ਤੁਹਾਡੇ ਹਰ ਤਰ੍ਹਾਂ ਦੇ ਮਾੜੇ ਕੰਮਾਂ ਨੂੰ ਵੇਖਦਿਆਂ, ਮੈਨੂੰ ਬੱਸ ਤੁਹਾਡੇ ’ਤੇ ਵਿਸ਼ਵਾਸ ਨਹੀਂ ਰਿਹਾ ਹੈ। ਇਸ ਤੋਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਤੁਹਾਡੇ ਦਿਲ ਨਰਮ ਹੋਣ ਤੋਂ ਇੰਨੇ ਇਨਕਾਰੀ ਹਨ। ਬਹੁਤ ਸਾਲਾਂ ਦੇ ਸਮਰਪਣ ਅਤੇ ਕੋਸ਼ਿਸ਼ ਤੋਂ ਸਪਸ਼ਟ ਤੌਰ ’ਤੇ ਤੁਹਾਡੇ ਵੱਲੋਂ ਮੇਰਾ ਤਿਆਗ ਅਤੇ ਨਿਰਾਸ਼ਾ ਤੋਂ ਵੱਧ ਹੋਰ ਮੈਨੂੰ ਕੁਝ ਨਹੀਂ ਮਿਲਿਆ, ਪਰ ਤੁਹਾਡੇ ਲਈ ਮੇਰੀਆਂ ਆਸਾਂ ਹਰ ਲੰਘਦੇ ਦਿਨ ਵਧਦੀਆਂ ਰਹੀਆਂ, ਕਿਉਂਕਿ ਮੇਰਾ ਦਿਨ ਹਰੇਕ ਸਾਹਮਣੇ ਪੂਰੀ ਤਰ੍ਹਾਂ ਜ਼ਾਹਿਰ ਹੋ ਗਿਆ ਹੈ। ਤੁਸੀਂ ਫਿਰ ਵੀ ਹਨੇਰੇ ਦੀਆਂ ਅਤੇ ਮਾੜੀਆਂ ਚੀਜ਼ਾਂ ਦੀ ਭਾਲ ਲਈ ਅੜੇ ਹੋਏ ਹੋ, ਅਤੇ ਤੁਸੀਂ ਉਨ੍ਹਾਂ ਉੱਤੇ ਆਪਣੀ ਪਕੜ ਢਿੱਲੀ ਕਰਨ ਤੋਂ ਇਨਕਾਰੀ ਹੋ। ਤਦ ਤੁਹਾਡਾ ਫ਼ੈਸਲਾ ਕੀ ਹੋਵੇਗਾ? ਕੀ ਤੁਸੀਂ ਕਦੇ ਇਸ ਉੱਤੇ ਧਿਆਨ ਨਾਲ ਵਿਚਾਰ ਕੀਤਾ ਹੈ? ਜੇ ਤੁਹਾਨੂੰ ਦੁਬਾਰਾ ਚੁਣਨ ਲਈ ਆਖਿਆ ਜਾਵੇ, ਤਦ ਤੁਹਾਡੀ ਕੀ ਸਥਿਤੀ ਹੋਵੇਗੀ? ਕੀ ਹੁਣ ਵੀ ਪਹਿਲੇ ਦੀ ਹੀ ਚੋਣ ਹੋਵੇਗੀ? ਕੀ ਤੁਸੀਂ ਫਿਰ ਵੀ ਮੈਨੂੰ ਨਿਰਾਸ਼ ਕਰੋਗੇ ਅਤੇ ਡਾਢਾ ਦੁੱਖ ਦੇਵੋਗੇ? ਕੀ ਤੁਹਾਡੇ ਦਿਲਾਂ ਵਿੱਚ ਹਾਲੇ ਵੀ ਨਿੱਘ ਦੀ ਥੋੜ੍ਹੀ ਮਾਤਰਾ ਹੈ? ਕੀ ਤੁਸੀਂ ਹਾਲੇ ਵੀ ਇਸ ਗੱਲ ਤੋਂ ਅਣਜਾਣ ਹੋ ਕਿ ਮੇਰੇ ਦਿਲ ਦੀ ਸ਼ਾਂਤੀ ਲਈ ਕੀ ਕਰਨਾ ਚਾਹੀਦਾ ਹੈ? ਇਸ ਘੜੀ, ਤੁਸੀਂ ਕੀ ਚੁਣਦੇ ਹੋ? ਕੀ ਤੁਸੀਂ ਮੇਰੇ ਵਚਨਾਂ ਉੱਤੇ ਚੱਲੋਗੇ ਕਿ ਜਾਂ ਉਨ੍ਹਾਂ ਤੋਂ ਅੱਕੇ ਰਹੋਗੇ? ਮੇਰਾ ਦਿਨ ਤੁਹਾਡੀਆਂ ਅੱਖਾਂ ਦੇ ਠੀਕ ਸਾਹਮਣੇ ਰੱਖਿਆ ਹੋਇਆ ਹੈ ਅਤੇ ਇੱਕ ਨਵਾਂ ਜੀਵਨ ਅਤੇ ਨਵਾਂ ਸ਼ੁਰੂਆਤੀ ਨੁਕਤਾ ਤੁਹਾਡੇ ਸਾਹਮਣੇ ਹੈ। ਫਿਰ ਵੀ, ਮੈਂ ਤੁਹਾਨੂੰ ਜ਼ਰੂਰ ਹੀ ਇਹ ਦੱਸਣਾ ਚਾਹਾਂਗਾ ਕਿ ਇਹ ਸ਼ੁਰੂਆਤੀ ਨੁਕਤਾ ਪਿਛਲੇ ਨਵੇਂ ਕੰਮ ਦੀ ਸ਼ੁਰੂਆਤ ਨਹੀਂ ਹੈ, ਸਗੋਂ ਪੁਰਾਣੇ ਦਾ ਨਤੀਜਾ ਹੈ। ਇੰਝ, ਇਹ ਹੈ ਆਖਰੀ ਕਾਰਜ। ਮੈਂ ਸਮਝਦਾ ਹਾਂ ਕਿ ਤੁਸੀਂ ਸਾਰੇ ਸਮਝ ਸਕਦੇ ਹੋ ਕਿ ਇਸ ਸ਼ੁਰੂਆਤੀ ਨੁਕਤੇ ਬਾਰੇ ਕੀ ਅਸਾਧਾਰਣ ਹੈ। ਪਰ ਇੱਕ ਦਿਨ ਛੇਤੀ ਹੀ ਤੁਸੀਂ ਇਸ ਸ਼ੁਰੂਆਤੀ ਨੁਕਤੇ ਦੇ ਇਸ ਸੱਚੇ ਅਰਥ ਨੂੰ ਸਮਝ ਲਵੋਗੇ, ਇਸ ਲਈ ਆਓ ਆਪਾਂ ਇਕੱਠੇ ਪਿੱਛੇ ਜਾਈਏ ਅਤੇ ਆਉਣ ਵਾਲੇ ਅੰਤ ਸਮੇਂ ਦਾ ਸੁਆਗਤ ਕਰੀਏ! ਫਿਰ ਵੀ, ਮੈਨੂੰ ਤੁਹਾਡੇ ਬਾਰੇ ਲਗਾਤਾਰ ਇਸ ਗੱਲ ਦੀ ਚਿੰਤਾ ਹੈ ਕਿ ਜਦੋਂ ਵੀ ਤੁਹਾਡਾ ਕਦੇ ਅਨਿਆਂ ਅਤੇ ਨਿਆਂ ਨਾਲ ਸਾਹਮਣਾ ਹੁੰਦਾ ਹੈ, ਤਾਂ ਤੁਸੀਂ ਸਦਾ ਪਹਿਲੇ ਨੂੰ ਹੀ ਚੁਣਦੇ ਹੋ। ਉਹ, ਹਾਲਾਂਕਿ, ਸਭ ਤੁਹਾਡੇ ਬੀਤੇ ਸਮੇਂ ਦੀਆਂ ਗੱਲਾਂ ਹਨ। ਮੈਨੂੰ ਵੀ ਆਸ ਹੈ ਕਿ ਤੁਹਾਡੇ ਬੀਤੇ ਸਮੇਂ ਦੀ ਹਰੇਕ ਚੀਜ਼ ਨੂੰ ਭੁਲਾ ਦੇਵਾਂ, ਭਾਵੇਂ ਅਜਿਹਾ ਕਰਨਾ ਬਹੁਤ ਔਖਾ ਹੈ। ਫਿਰ ਵੀ, ਮੇਰੇ ਕੋਲ ਇਸ ਨੂੰ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਹੈ: ਭਵਿੱਖ ਨੂੰ ਬੀਤੇ ਸਮੇਂ ਦੀ ਥਾਂ ਲੈਣ ਦੇਵੋ, ਅਤੇ ਤੁਹਾਡੇ ਬੀਤੇ ਸਮੇਂ ਦੇ ਪਰਛਾਵਿਆਂ ਨੂੰ ਤੁਹਾਡੇ ਅੱਜ ਦੇ ਸੱਚੇ ਆਪੇ ਦੇ ਬਦਲੇ ਅਲੋਪ ਹੋਣ ਦੇਵੋ। ਇਸ ਤਰ੍ਹਾਂ ਮੈਂ ਜ਼ਰੂਰ ਤੁਹਾਨੂੰ ਇੱਕ ਵਾਰ ਫੇਰ ਚੋਣ ਕਰਨ ਦੀ ਔਖਿਆਈ ਦੇਵਾਂਗਾ—ਅਤੇ ਅਸੀਂ ਇਹ ਵੇਖ ਲਵਾਂਗੇ ਕਿ ਤੁਸੀਂ ਸੱਚਮੁਚ ਕਿਸ ਦੇ ਪ੍ਰਤੀ ਵਫ਼ਾਦਾਰ ਹੋ।
ਟਿੱਪਣੀ:
ੳ. ਕੰਢੇ ’ਤੇ ਪਰਤਣਾ: ਇੱਕ ਚੀਨੀ ਮੁਹਾਵਰਾ, ਜਿਸਦਾ ਅਰਥ ਹੈ “ਆਪਣੇ ਦੁਸ਼ਟ ਤਰੀਕਿਆਂ ਤੋਂ ਮੁੜਨਾ।”