ਅਧਿਆਇ 88
ਲੋਕ ਉਸ ਹੱਦ ਬਾਰੇ ਮਹਿਜ਼ ਕਲਪਨਾ ਨਹੀਂ ਕਰ ਸਕਦੇ ਜਿਸ ਤਕ ਮੇਰੀ ਗਤੀ ਤੇਜ਼ ਹੋ ਚੁੱਕੀ ਹੈ: ਇਹ ਇੱਕ ਅਚੰਭਾ ਹੈ ਜਿਹੜਾ ਵਾਪਰ ਚੁੱਕਾ ਹੈ ਅਤੇ ਜਿਹੜਾ ਮਨੁੱਖ ਲਈ ਪੂਰੀ ਤਰ੍ਹਾਂ ਨਾਸਮਝਣਯੋਗ ਹੈ। ਮੇਰੀ ਗਤੀ ਸੰਸਾਰ ਦੀ ਸਿਰਜਣਾ ਦੇ ਵੇਲੇ ਤੋਂ ਜਾਰੀ ਹੈ, ਅਤੇ ਮੇਰਾ ਕਾਰਜ ਕਦੇ ਨਹੀਂ ਰੁਕਿਆ। ਸਮੁੱਚਾ ਬ੍ਰਹਿਮੰਡੀ ਸੰਸਾਰ ਹਰ ਰੋਜ਼ ਬਦਲਦਾ ਹੈ, ਅਤੇ ਲੋਕ ਵੀ ਲਗਾਤਾਰ ਬਦਲ ਰਹੇ ਹਨ। ਇਹ ਸਾਰੇ ਮੇਰੇ ਕਾਰਜ ਦਾ ਹਿੱਸਾ, ਮੇਰੀ ਯੋਜਨਾ ਦਾ ਹਿੱਸਾ ਹਨ, ਅਤੇ, ਇਸ ਤੋਂ ਇਲਾਵਾ, ਉਹ ਮੇਰੀ ਯੋਜਨਾ ਨਾਲ ਸੰਬੰਧ ਰੱਖਦੇ ਹਨ, ਅਤੇ ਕੋਈ ਵੀ ਮਨੁੱਖ ਇਨ੍ਹਾਂ ਗੱਲਾਂ ਨੂੰ ਜਾਣਦਾ ਜਾਂ ਸਮਝਦਾ ਨਹੀਂ ਹੈ। ਸਿਰਫ਼ ਉਦੋਂ ਜਦੋਂ ਮੈਂ ਖ਼ੁਦ ਤੁਹਾਨੂੰ ਦੱਸਦਾ ਹਾਂ, ਸਿਰਫ਼ ਉਦੋਂ ਜਦੋਂ ਮੈਂ ਤੇਰੇ ਨਾਲ ਗੱਲਬਾਤ ਕਰਦਾ ਹਾਂ, ਆਹਮੋ-ਸਾਹਮਣੇ, ਤੂੰ ਉਦੋਂ ਵੀ ਬਿਲਕੁਲ ਥੋੜ੍ਹਾ ਜਿਹਾ ਹੀ ਜਾਣ ਸਕਦਾ ਹੈਂ; ਨਹੀਂ ਤਾਂ, ਕਿਸੇ ਨੂੰ ਵੀ ਮੇਰੀ ਇੰਤਜ਼ਾਮੀ ਯੋਜਨਾ ਦੇ ਖਾਕੇ ਬਾਰੇ ਜ਼ਰਾ ਵੀ ਪਤਾ ਨਹੀਂ ਲੱਗ ਸਕਦਾ। ਅਜਿਹੀ ਹੈ ਮੇਰੀ ਮਹਾਨ ਸ਼ਕਤੀ, ਅਤੇ ਇਸ ਦੇ ਸਿਵਾਏ, ਅਜਿਹੇ ਹਨ ਮੇਰੇ ਅਦਭੁਤ ਕਾਰਜ। ਇਹ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਕੋਈ ਵੀ ਨਹੀਂ ਬਦਲ ਸਕਦਾ। ਇਸ ਲਈ, ਜੋ ਮੈਂ ਅੱਜ ਕਹਿੰਦਾ ਹਾਂ, ਉਹ ਬੀਤ ਜਾਂਦਾ ਹੈ, ਅਤੇ ਇਹ ਮਹਿਜ਼ ਬਦਲ ਨਹੀਂ ਸਕਦਾ। ਮਨੁੱਖੀ ਧਾਰਣਾਵਾਂ ਵਿੱਚ ਮੇਰੇ ਬਾਰੇ ਘੱਟ ਤੋਂ ਘੱਟ ਗਿਆਨ ਵੀ ਨਹੀਂ ਹੁੰਦਾ—ਉਹ ਸਿਰਫ਼ ਤੇ ਸਿਰਫ਼ ਬੇਤੁਕੀ ਚਰਚਾ ਹੁੰਦੀ ਹੈ! ਇਹ ਨਾ ਸੋਚੋ ਕਿ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਚੁੱਕੇ ਹੋ ਜਾਂ ਕਿ ਤੁਸੀਂ ਸੰਤੁਸ਼ਟ ਹੋ! ਮੈਂ ਤੈਨੂੰ ਇਹ ਦੱਸਦਾ ਹਾਂ: ਤੂੰ ਹਾਲੇ ਬਹੁਤ ਦੂਰ ਜਾਣਾ ਹੈ! ਮੇਰੀ ਸਮੁੱਚੀ ਇੰਤਜ਼ਾਮੀ ਯੋਜਨਾ ’ਚੋਂ, ਤੁਸੀਂ ਸਿਰਫ਼ ਥੋੜ੍ਹਾ ਜਿਹਾ ਜਾਣਦੇ ਹੋ, ਇਸ ਲਈ ਤੁਹਾਨੂੰ ਉਹ ਸੁਣਨਾ ਜ਼ਰੂਰੀ ਹੈ ਜੋ ਮੈਂ ਕਹਿੰਦਾ ਹਾਂ ਅਤੇ ਉਹ ਕਰਨਾ ਜ਼ਰੂਰੀ ਹੈ ਜੋ ਕੁਝ ਵੀ ਮੈਂ ਤੁਹਾਨੂੰ ਕਰਨ ਲਈ ਕਹਿੰਦਾ ਹਾਂ। ਹਰ ਚੀਜ਼ ਵਿੱਚ ਮੇਰੀਆਂ ਇੱਛਾਵਾਂ ਅਨੁਸਾਰ ਕੰਮ ਕਰੋ, ਅਤੇ ਤੁਸੀਂ ਯਕੀਨਨ ਹੀ ਮੇਰੀਆਂ ਬਰਕਤਾਂ ਪਾਓਗੇ; ਜਿਹੜਾ ਕੋਈ ਵੀ ਵਿਸ਼ਵਾਸ ਕਰਦਾ ਹੈ, ਉਹ ਪ੍ਰਾਪਤ ਕਰੇਗਾ, ਜਦ ਕਿ ਜਿਹੜਾ ਕੋਈ ਵੀ ਵਿਸ਼ਵਾਸ ਨਹੀਂ ਕਰਦਾ, ਉਸ ਨੂੰ ਉਹ “ਕੁਝ ਵੀ ਨਹੀਂ” ਮਿਲੇਗਾ ਜਿਹੜਾ ਉਨ੍ਹਾਂ ਦੀ ਕਲਪਨਾ ਅਨੁਸਾਰ ਉਨ੍ਹਾਂ ਵਿੱਚ ਪੂਰਾ ਗਿਆ ਸੀ। ਇਹ ਮੇਰੀ ਧਾਰਮਿਕਤਾ ਹੈ, ਅਤੇ, ਇਸ ਤੋਂ ਵੀ ਵੱਧ, ਇਹ ਮੇਰਾ ਪ੍ਰਤਾਪ, ਮੇਰਾ ਕ੍ਰੋਧ, ਅਤੇ ਮੇਰੀ ਤਾੜਨਾ ਹੈ। ਮੈਂ ਕਿਸੇ ਨੂੰ ਸਿਰਫ਼ ਇੱਕ ਸੋਚ ਜਾਂ ਕੰਮ ਨਾਲ ਵੀ ਬਚ ਨਹੀਂ ਨਿਕਲਣ ਦੇਵਾਂਗਾ।
ਮੇਰੇ ਵਚਨ ਸੁਣ ਕੇ, ਬਹੁਤ ਲੋਕ ਭੈ ਮੰਨਦੇ ਹਨ ਅਤੇ ਕੰਬਦੇ ਹਨ, ਉਨ੍ਹਾਂ ਦੇ ਚਿਹਰਿਆਂ ’ਤੇ ਚਿੰਤਾ ਦੇ ਵੱਟ ਪੈ ਜਾਂਦੇ ਹਨ। ਕੀ ਮੈਂ ਅਸਲ ਵਿੱਚ ਤੇਰੇ ਪ੍ਰਤੀ ਅਣਉਚਿਤ ਗੱਲ ਕੀਤੀ ਹੈ? ਕੀ ਇਹ ਹੋ ਸਕਦਾ ਹੈ ਕਿ ਤੂੰ ਵੱਡੇ ਲਾਲ ਅਜਗਰ ਦਾ ਬੱਚਾ ਨਹੀਂ ਹੈਂ? ਤੂੰ ਚੰਗਾ ਹੋਣ ਦਾ ਵੀ ਢੌਂਗ ਕਰਦਾ ਹੈਂ! ਤੂੰ ਮੇਰਾ ਪਹਿਲੋਠਾ ਪੁੱਤਰ ਹੋਣ ਦਾ ਵੀ ਢੌਂਗ ਕਰਦਾ ਹੈਂ! ਕੀ ਤੂੰ ਸੋਚਦਾ ਹੈਂ ਕਿ ਮੈਂ ਅੰਨ੍ਹਾ ਹਾਂ? ਕੀ ਤੂੰ ਸੋਚਦਾ ਹੈਂ ਕਿ ਮੈਂ ਲੋਕਾਂ ਵਿਚਾਲੇ ਫ਼ਰਕ ਨਹੀਂ ਕਰ ਸਕਦਾ? ਮੈਂ ਪਰਮੇਸ਼ੁਰ ਹਾਂ ਜਿਹੜਾ ਲੋਕਾਂ ਦੇ ਸਭ ਤੋਂ ਲੁਕਵੇਂ ਹਿਰਦਿਆਂ ਦੀ ਜਾਂਚ ਕਰ ਲੈਂਦਾ ਹੈ: ਇਹੋ ਕੁਝ ਮੈਂ ਆਪਣੇ ਪੁੱਤਰਾਂ ਨੂੰ ਦੱਸਦਾ ਹਾਂ, ਅਤੇ ਜੋ ਮੈਂ ਤੁਹਾਨੂੰ, ਵੱਡੇ ਲਾਲ ਅਜਗਰ ਦੇ ਬੱਚਿਆਂ ਨੂੰ ਵੀ ਦੱਸਦਾ ਹਾਂ। ਥੋੜ੍ਹੀ ਜਿਹੀ ਵੀ ਗ਼ਲਤੀ ਨਾ ਕਰਦਾ ਹੋਇਆ, ਮੈਂ ਹਰ ਚੀਜ਼ ਨੂੰ ਸਪਸ਼ਟ ਰੂਪ ਵਿੱਚ ਵੇਖਦਾ ਹਾਂ। ਤਾਂ ਮੈਂ ਕਿਵੇਂ ਨਹੀਂ ਜਾਣ ਸਕਦਾ ਜੋ ਮੈਂ ਕਰਦਾ ਹਾਂ? ਜੋ ਮੈਂ ਕਰਦਾ ਹਾਂ, ਉਸ ਬਾਰੇ ਮੈਂ ਬਿਲਕੁਲ ਸਪਸ਼ਟ ਹਾਂ! ਮੈਂ ਕਿਉਂ ਕਹਿੰਦਾ ਹਾਂ ਕਿ ਮੈਂ ਖ਼ੁਦ ਪਰਮੇਸ਼ੁਰ, ਬ੍ਰਹਿਮੰਡ ਅਤੇ ਸਭ ਵਸਤਾਂ ਦਾ ਸਿਰਜਣਹਾਰ ਹਾਂ? ਮੈਂ ਕਿਉਂ ਕਹਿੰਦਾ ਹਾਂ ਕਿ ਮੈਂ ਪਰਮੇਸ਼ੁਰ ਹਾਂ ਜਿਹੜਾ ਲੋਕਾਂ ਦੇ ਬੇਹੱਦ ਲੁਕਵੇਂ ਹਿਰਦਿਆਂ ਦੀ ਪੜਤਾਲ ਕਰਦਾ ਹੈ? ਮੈਂ ਹਰ ਵਿਅਕਤੀ ਦੀ ਸਥਿਤੀ ਤੋਂ ਭਲੀ-ਭਾਂਤ ਜਾਣੂ ਹਾਂ। ਕੀ ਤੁਹਾਨੂੰ ਲਗਦਾ ਹੈ ਕਿ ਜੋ ਕਰਨਾ ਹੈ ਜਾਂ ਜੋ ਕਹਿਣਾ ਹੈ, ਉਹ ਮੈਂ ਨਹੀਂ ਜਾਣਦਾ? ਇਹ ਤੁਹਾਡਾ ਸਰੋਕਾਰ ਨਹੀਂ ਹੈ। ਖ਼ਬਰਦਾਰ ਰਹੋ ਤਾਂ ਜੋ ਮੇਰੇ ਹੱਥੋਂ ਮਾਰੇ ਨਾ ਜਾਓ; ਉਸ ਤਰ੍ਹਾਂ ਤੁਸੀਂ ਨੁਕਸਾਨ ਝੱਲੋਗੇ। ਮੇਰੇ ਪ੍ਰਬੰਧਕੀ ਹੁਕਮ ਨਾਬਖ਼ਸ਼ਣਹਾਰ ਹਨ। ਕੀ ਤੁਸੀਂ ਸਮਝਦੇ ਹੋ? ਉਪਰੋਕਤ ਸਾਰੇ ਮੇਰੇ ਪ੍ਰਬੰਧਕੀ ਹੁਕਮਾਂ ਦਾ ਹਿੱਸਾ ਹਨ। ਜਿਸ ਦਿਨ ਤੋਂ ਮੈਂ ਤੁਹਾਨੂੰ ਇਹ ਦੱਸਦਾ ਹਾਂ, ਜੇ ਤੁਸੀਂ ਕੋਈ ਹੋਰ ਅਪਰਾਧ ਕਰੋਗੇ, ਤਾਂ ਬਦਲਾ ਲਿਆ ਜਾਵੇਗਾ, ਕਿਉਂਕਿ ਪਹਿਲਾਂ ਤੁਸੀਂ ਸਮਝੇ ਨਹੀਂ।
ਹੁਣ ਮੈਂ ਤੁਹਾਡੇ ਲਈ ਆਪਣੇ ਪ੍ਰਬੰਧਕੀ ਹੁਕਮ ਲਾਗੂ ਕਰਦਾ ਹਾਂ (ਉਨ੍ਹਾਂ ਦੇ ਐਲਾਨ ਦੀ ਤਾਰੀਕ ਤੋਂ ਲਾਗੂ, ਅਲੱਗ-ਅਲੱਗ ਲੋਕਾਂ ਲਈ ਅਲੱਗ-ਅਲੱਗ ਤਾੜਨਾਵਾਂ ਤੈਅ ਕਰਦਾ ਹੋਇਆ):
ਮੈਂ ਆਪਣੇ ਵਾਅਦੇ ਨਿਭਾਉਂਦਾ ਹਾਂ, ਅਤੇ ਹਰ ਚੀਜ਼ ਮੇਰੇ ਹੱਥਾਂ ਵਿੱਚ ਹੈ: ਜਿਹੜਾ ਕੋਈ ਵੀ ਸ਼ੱਕ ਕਰਦਾ ਹੈ, ਉਹ ਨਿਸ਼ਚਿਤ ਰੂਪ ਵਿੱਚ ਮਾਰਿਆ ਜਾਵੇਗਾ। ਕਿਸੇ ਵੀ ਸੋਚ-ਵਿਚਾਰ ਲਈ ਕੋਈ ਥਾਂ ਨਹੀਂ ਹੈ; ਉਨ੍ਹਾਂ ਦਾ ਤੁਰੰਤ ਨਾਸ ਕਰ ਦਿੱਤਾ ਜਾਵੇਗਾ, ਜਿਸ ਨਾਲ ਮੇਰੇ ਹਿਰਦੇ ਨੂੰ ਘਿਰਣਾ ਤੋਂ ਨਿਜਾਤ ਮਿਲੇਗੀ। (ਹੁਣ ਤੋਂ ਇਹ ਪੱਕਾ ਹੈ ਕਿ ਜਿਹੜਾ ਕੋਈ ਵੀ ਮਾਰਿਆ ਜਾਂਦਾ ਹੈ, ਉਹ ਮੇਰੇ ਰਾਜ ਦਾ ਵਿਅਕਤੀ ਨਾ ਹੋਵੇ, ਅਤੇ ਲਾਜ਼ਮੀ ਤੌਰ ਤੇ ਸ਼ਤਾਨ ਦੀ ਔਲਾਦ ਹੋਵੇ।)
ਪਹਿਲੋਠੇ ਪੁੱਤਰਾਂ ਵਜੋਂ, ਤੁਹਾਨੂੰ ਆਪਣੀਆਂ ਸਥਿਤੀਆਂ ਕਾਇਮ ਰੱਖਣੀਆਂ ਚਾਹੀਦੀਆਂ ਹਨ ਅਤੇ ਆਪਣੇ ਫ਼ਰਜ਼ ਵੀ ਪੂਰੇ ਕਰਨੇ ਚਾਹੀਦੇ ਹਨ, ਅਤੇ ਤਾਕ-ਝਾਕ ਰੱਖਣ ਵਾਲੇ ਨਾ ਬਣੋ। ਮੇਰੀ ਇੰਤਜ਼ਾਮੀ ਯੋਜਨਾ ਲਈ ਤੁਹਾਨੂੰ ਆਪਣਾ ਆਪਾ ਪੇਸ਼ ਕਰਨਾ ਚਾਹੀਦਾ ਹੈ, ਅਤੇ ਜਿੱਥੇ ਵੀ ਤੁਸੀਂ ਜਾਂਦੇ ਹੋ, ਤੁਹਾਨੂੰ ਮੇਰੀ ਚੰਗੀ ਗਵਾਹੀ ਦੇਣੀ ਚਾਹੀਦੀ ਹੈ ਅਤੇ ਮੇਰੇ ਨਾਮ ਦੀ ਵਡਿਆਈ ਕਰਨੀ ਚਾਹੀਦੀ ਹੈ। ਸ਼ਰਮਨਾਕ ਕਾਰੇ ਨਾ ਕਰੋ; ਮੇਰੇ ਸਾਰੇ ਪੁੱਤਰਾਂ ਅਤੇ ਲੋਕਾਂ ਲਈ ਮਿਸਾਲਾਂ ਬਣੋ। ਇੱਕ ਪਲ ਲਈ ਵੀ ਅਯਾਸ਼ ਨਾ ਬਣੋ: ਤੁਹਾਨੂੰ ਹਰ ਕਿਸੇ ਅੱਗੇ ਹਮੇਸ਼ਾ ਆਪਣੀ ਪਛਾਣ ਪਹਿਲੋਠੇ ਪੁੱਤਰਾਂ ਵਜੋਂ ਰੱਖਦਿਆਂ ਪ੍ਰਗਟ ਹੋਣਾ ਜ਼ਰੂਰੀ ਹੈ, ਅਤੇ ਨਾ ਕਿ ਚਾਪਲੂਸ ਵਜੋਂ; ਇਸ ਦੀ ਬਜਾਏ, ਤੁਹਾਨੂੰ ਆਪਣਾ ਸਿਰ ਉੱਚਾ ਚੁੱਕ ਕੇ ਲੰਮੇ ਕਦਮਾਂ ਨਾਲ ਅੱਗੇ ਤੁਰਨਾ ਚਾਹੀਦਾ ਹੈ। ਮੈਂ ਤੁਹਾਨੂੰ ਮੇਰੇ ਨਾਮ ਦੀ ਵਡਿਆਈ ਕਰਨ ਲਈ ਕਹਿ ਰਿਹਾ ਹਾਂ, ਨਾ ਕਿ ਮੇਰੇ ਨਾਮ ਨੂੰ ਬਦਨਾਮ ਕਰਨ ਲਈ। ਜਿਹੜੇ ਪਹਿਲੋਠੇ ਪੁੱਤਰ ਹਨ, ਉਨ੍ਹਾਂ ਵਿੱਚੋਂ ਹਰ ਇੱਕ ਕੋਲ ਆਪਣਾ ਸਵੈ ਵਿਅਕਤੀਗਤ ਕੰਮ ਹੈ, ਅਤੇ ਹਰ ਕੋਈ ਹਰ ਚੀਜ਼ ਨਹੀਂ ਕਰ ਸਕਦਾ। ਇਹ ਜ਼ਿੰਮੇਦਾਰੀ ਮੈਂ ਤੂਹਾਨੂੰ ਦੇ ਚੁੱਕਾ ਹਾਂ, ਅਤੇ ਇਸ ਤੋਂ ਜੀ ਨਾ ਚੁਰਾਇਆ ਜਾਵੇ। ਜਿਹੜਾ ਕੰਮ ਮੈਂ ਤੈਨੂੰ ਸੌਂਪ ਚੁੱਕਾ ਹਾਂ, ਉਸ ਨੂੰ ਪੂਰਾ ਕਰਨ ਲਈ ਤੈਨੂੰ ਪੂਰੇ ਦਿਲ ਨਾਲ ਆਪਣਾ ਆਪਾ ਸਮਰਪਿਤ ਕਰਨਾ ਜ਼ਰੂਰੀ ਹੈ, ਆਪਣੇ ਪੂਰੇ ਮਨ ਅਤੇ ਆਪਣੀ ਪੂਰੀ ਤਾਕਤ ਨਾਲ।
ਇਸ ਦਿਨ ਤੋਂ ਅੱਗੋਂ, ਸਮੁੱਚੇ ਸੰਸਾਰ ਵਿੱਚ, ਮੇਰੇ ਸਾਰੇ ਪੁੱਤਰਾਂ ਅਤੇ ਮੇਰੇ ਸਾਰੇ ਲੋਕਾਂ ਦੀ ਚਰਵਾਹੀ ਕਰਨ ਦੀ ਜ਼ਿੰਮੇਦਾਰੀ ਮੇਰੇ ਪਹਿਲੋਠੇ ਪੁੱਤਰਾਂ ਨੂੰ ਪੂਰੀ ਕਰਨ ਲਈ ਸੌਂਪੀ ਜਾਵੇਗੀ, ਅਤੇ ਮੈਂ ਉਸ ਹਰ ਕਿਸੇ ਨੂੰ ਤਾੜਨਾ ਕਰਾਂਗਾ ਜਿਹੜੇ ਆਪਣਾ ਸਮੁੱਚਾ ਹਿਰਦਾ ਅਤੇ ਮਨ ਇਸ ਨੂੰ ਪੂਰਾ ਕਰਨ ਲਈ ਸਮਰਪਿਤ ਨਹੀਂ ਕਰ ਸਕਦੇ। ਇਹ ਮੇਰੀ ਧਾਰਮਿਕਤਾ ਹੈ। ਮੈਂ ਆਪਣੇ ਪਹਿਲੋਠੇ ਪੁੱਤਰਾਂ ਨੂੰ ਨਾ ਤਾਂ ਬਖ਼ਸ਼ਾਂਗਾ ਤੇ ਨਾ ਹੀ ਉਨ੍ਹਾਂ ਨਾਲ ਨਰਮਾਈ ਵਰਤਾਂਗਾ।
ਜੇ ਮੇਰੇ ਪੁੱਤਰਾਂ ਜਾਂ ਮੇਰੇ ਲੋਕਾਂ ਵਿੱਚ ਕੋਈ ਹੈ ਜਿਹੜਾ ਮੇਰੇ ਪਹਿਲੋਠੇ ਪੁੱਤਰਾਂ ਵਿੱਚੋਂ ਕਿਸੇ ਦਾ ਮਜ਼ਾਕ ਉਡਾਉਂਦਾ ਹੈ ਜਾਂ ਉਸ ਦਾ ਅਪਮਾਨ ਹੈ, ਤਾਂ ਮੈਂ ਉਨ੍ਹਾਂ ਨੂੰ ਸਖ਼ਤੀ ਨਾਲ ਸਜ਼ਾ ਦੇਵਾਂਗਾ, ਕਿਉਂ ਜੋ ਮੇਰੇ ਪਹਿਲੋਠੇ ਪੁੱਤਰ ਮੇਰੀ ਪ੍ਰਤੀਨਿਧਤਾ ਕਰਦੇ ਹਨ; ਜੋ ਕੁਝ ਕੋਈ ਉਨ੍ਹਾਂ ਨਾਲ ਕਰਦਾ ਹੈ, ਉਹ ਮੇਰੇ ਨਾਲ ਵੀ ਕਰਦੇ ਹਨ। ਇਹ ਮੇਰੇ ਪ੍ਰਬੰਧਕੀ ਹੁਕਮਾਂ ਵਿੱਚੋਂ ਸਭ ਤੋਂ ਸਖ਼ਤ ਹੈ। ਮੈਂ ਆਪਣੇ ਪਹਿਲੋਠੇ ਪੁੱਤਰਾਂ ਨੂੰ, ਉਨ੍ਹਾਂ ਦੀਆਂ ਇੱਛਾਵਾਂ ਅਨੁਸਾਰ, ਆਪਣੇ ਪੁੱਤਰਾਂ ਵਿੱਚੋਂ ਕਿਸੇ ਵੀ ਵਿਰੁਧ ਅਤੇ ਇਸ ਹੁਕਮ ਦਾ ਉਲੰਘਣ ਕਰਨ ਵਾਲੇ ਆਪਣੇ ਲੋਕਾਂ ਵਿਰੁੱਧ ਆਪਣੀ ਧਾਰਮਿਕਤਾ ਵਰਤਣ ਦੀ ਆਗਿਆ ਦੇਵਾਂਗਾ।
ਮੈਂ ਹੌਲੀ-ਹੌਲੀ ਉਸ ਦਾ ਤਿਆਗ ਕਰ ਦੇਵਾਂਗਾ ਜਿਹੜਾ ਕੋਈ ਵੀ ਹੋਛੇਪਣ ਨਾਲ ਮੇਰਾ ਆਦਰ ਕਰਦਾ ਹੈ ਅਤੇ ਸਿਰਫ਼ ਮੇਰੇ ਖਾਣੇ, ਵਸਤਰ, ਅਤੇ ਨੀਂਦ ’ਤੇ ਧਿਆਨ ਕੇਂਦਰਤ ਕਰਦਾ ਹੈ, ਸਿਰਫ਼ ਮੇਰੇ ਬਾਹਰੀ ਕਾਰਜਾਂ ’ਤੇ ਗ਼ੌਰ ਕਰਦਾ ਹੈ ਅਤੇ ਮੇਰੇ ਭਾਰ ਬਾਰੇ ਬਿਲਕੁਲ ਵੀ ਨਹੀਂ ਸੋਚਦਾ, ਅਤੇ ਆਪਣੇ ਸਵੈ ਕਾਰਜਾਂ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਵੱਲ ਧਿਆਨ ਨਹੀਂ ਦਿੰਦਾ। ਇਹ ਉਨ੍ਹਾਂ ਸਾਰਿਆਂ ’ਤੇ ਨਿਰਦੇਸ਼ਿਤ ਹੈ ਜਿਹੜੇ ਸੁਣ ਸਕਦੇ ਹਨ।
ਜੋ ਕੋਈ ਵੀ ਮੇਰੇ ਲਈ ਸੇਵਾ ਕਰਨ ਦਾ ਕੰਮ ਪੂਰਾ ਕਰਦਾ ਹੈ, ਉਸ ਨੂੰ ਬਿਨਾਂ ਕਿਸੇ ਹਲਚਲ ਆਗਿਆਕਾਰੀ ਨਾਲ ਪਿੱਛੇ ਹਟ ਜਾਣਾ ਚਾਹੀਦਾ ਹੈ। ਖ਼ਬਰਦਾਰ ਰਹੋ, ਨਹੀਂ ਤਾਂ ਮੈਂ ਤੈਨੂੰ ਠੀਕ ਕਰ ਦੇਵਾਂਗਾ। (ਇਹ ਇੱਕ ਅਨੁਪੂਰਕ ਹੁਕਮ ਹੈ।)
ਮੇਰੇ ਪਹਿਲੋਠਾ ਪੁੱਤਰ ਹੁਣ ਤੋਂ ਲੋਹੇ ਦੀ ਛੜ ਚੁੱਕਣਗੇ ਅਤੇ ਸਾਰੇ ਮੁਲਕਾਂ ਅਤੇ ਲੋਕਾਂ ਨੂੰ ਸੰਚਾਲਤ ਕਰਨ ਲਈ, ਸਾਰੇ ਮੁਲਕਾਂ ਅਤੇ ਲੋਕਾਂ ਵਿਚ ਚੱਲਣ ਲਈ, ਅਤੇ ਸਾਰੇ ਮੁਲਕਾਂ ਅਤੇ ਲੋਕਾਂ ਵਿਚ ਮੇਰੇ ਨਿਆਂ, ਧਾਰਮਿਕਤਾ, ਅਤੇ ਪ੍ਰਤਾਪ ਨੂੰ ਅੰਜ਼ਾਮ ਦੇਣ ਲਈ, ਮੇਰੇ ਅਧਿਕਾਰ ਨੂੰ ਲਾਗੂ ਕਰਨਾ ਸ਼ੁਰੂ ਕਰ ਦੇਣਗੇ। ਮੇਰੇ ਪੁੱਤਰ ਅਤੇ ਮੇਰੇ ਲੋਕ ਮੇਰਾ ਭੈ ਮੰਨਣਗੇ, ਮੇਰੀ ਉਸਤਤ ਕਰਨਗੇ, ਮੇਰੀ ਬੱਲੇ-ਬੱਲੇ ਕਰਨਗੇ, ਅਤੇ ਬਿਨਾਂ ਰੁਕੇ ਮੇਰੀ ਵਡਿਆਈ ਕਰਨਗੇ, ਕਿਉਂਕਿ ਮੇਰੀ ਇੰਤਜ਼ਾਮੀ ਯੋਜਨਾ ਪੂਰੀ ਹੋ ਗਈ ਹੈ ਅਤੇ ਮੇਰੇ ਪਹਿਲੋਠੇ ਪੁੱਤਰ ਮੇਰੇ ਨਾਲ ਰਾਜ ਕਰ ਸਕਦੇ ਹਨ।
ਇਹ ਮੇਰੇ ਪ੍ਰਬੰਧਕੀ ਹੁਕਮਾਂ ਦਾ ਹਿੱਸਾ ਹੈ; ਇਸ ਤੋਂ ਬਾਅਦ, ਜਿਉਂ ਜਿਉਂ ਕੰਮ ਅੱਗੇ ਵਧਦਾ ਹੈ, ਮੈਂ ਉਨ੍ਹਾਂ ਬਾਰੇ ਤੁਹਾਨੂੰ ਦੱਸਾਂਗਾ। ਉਪਰੋਕਤ ਪ੍ਰਬੰਧਕੀ ਹੁਕਮਾਂ ਤੋਂ, ਤੁਸੀਂ ਉਹ ਗਤੀ ਵੇਖੋਗੇ ਜਿਸ ਨਾਲ ਮੈਂ ਆਪਣਾ ਕਾਰਜ ਕਰਦਾ ਹਾਂ, ਨਾਲ ਹੀ ਕਿਹੜੇ ਪੜਾਅ ’ਤੇ ਮੇਰਾ ਕਾਰਜ ਪਹੁੰਚ ਚੁੱਕਾ ਹੈ। ਇਹ ਇੱਕ ਪੁਸ਼ਟੀ ਹੋਵੇਗੀ।
ਮੈਂ ਸ਼ਤਾਨ ਬਾਰੇ ਪਹਿਲਾਂ ਹੀ ਅਨੁਮਾਨ ਲਾ ਲਿਆ ਹੈ। ਕਿਉਂਕਿ ਮੇਰੀ ਇੱਛਾ ਬੇਰੋਕ ਹੈ ਅਤੇ ਕਿਉਂਕਿ ਮੇਰੇ ਪਹਿਲੋਠੇ ਪੁੱਤਰਾਂ ਨੂੰ ਮੇਰੇ ਨਾਲ ਹੀ ਵਡਿਆਈ ਦਿੱਤੀ ਗਈ ਹੈ, ਇਸ ਲਈ ਮੈਂ ਸੰਸਾਰ ਅਤੇ ਸਭ ਵਸਤਾਂ ਜਿਹੜੀਆਂ ਸ਼ਤਾਨ ਨਾਲ ਸੰਬੰਧ ਰੱਖਦੀਆਂ ਹਨ, ਉੱਤੇ ਪਹਿਲਾਂ ਹੀ ਆਪਣੀ ਧਾਰਮਿਕਤਾ ਅਤੇ ਪ੍ਰਤਾਪ ਵਰਤ ਚੁੱਕਾ ਹਾਂ। ਮੈਂ ਸ਼ਤਾਨ ’ਤੇ ਬਿਲਕੁਲ ਵੀ ਉਂਗਲ ਨਹੀਂ ਚੁੱਕਦਾ ਜਾਂ ਉਸ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦਾ ਹਾਂ। (ਕਿਉਂਕਿ ਉਹ ਮੇਰੇ ਨਾਲ ਗੱਲ ਕਰਨ ਦਾ ਵੀ ਹੱਕਦਾਰ ਨਹੀਂ ਹੈ।) ਮੈਂ ਸਿਰਫ਼ ਉਹ ਕਰਦਾ ਰਹਿੰਦਾ ਹਾਂ ਜੋ ਮੈਂ ਕਰਨਾ ਚਾਹੁੰਦਾ ਹਾਂ। ਮੇਰਾ ਕਾਰਜ, ਕਦਮ-ਦਰ-ਕਦਮ, ਅਰਾਮ ਨਾਲ ਅੱਗੇ ਵਧਦਾ ਹੈ, ਅਤੇ ਮੇਰੀ ਇੱਛਾ ਸਮੁੱਚੀ ਧਰਤੀ ਉੱਤੇ ਬੇਰੋਕ ਹੈ। ਇਸ ਨੇ ਸ਼ਤਾਨ ਨੂੰ ਕਾਫ਼ੀ ਜ਼ਿਆਦਾ ਸ਼ਰਮਸ਼ਾਰ ਕੀਤਾ ਹੈ, ਅਤੇ ਇਸ ਦਾ ਪੂਰੀ ਤਰ੍ਹਾਂ ਨਾਸ ਹੋ ਗਿਆ ਹੈ, ਪਰ ਇਸ ਨੇ ਆਪਣੇ ਆਪ ਵਿੱਚ ਮੇਰੀ ਇੱਛਾ ਪੂਰੀ ਨਹੀਂ ਕੀਤੀ ਹੈ। ਮੈਂ ਆਪਣੇ ਪਹਿਲੋਠੇ ਪੁੱਤਰਾਂ ਨੂੰ ਉਨ੍ਹਾਂ ਉੱਪਰ ਮੇਰੇ ਪ੍ਰਬੰਧਕੀ ਹੁਕਮ ਚਲਾਉਣ ਦੀ ਵੀ ਆਗਿਆ ਦਿੰਦਾ ਹਾਂ। ਇੱਕ ਪਾਸੇ, ਜੋ ਮੈਂ ਸ਼ਤਾਨ ਨੂੰ ਵੇਖਣ ਦੀ ਆਗਿਆ ਦਿੰਦਾ ਹਾਂ, ਉਹ ਹੈ ਉਸ ਪ੍ਰਤੀ ਮੇਰਾ ਕ੍ਰੋਧ; ਦੂਜੇ ਪਾਸੇ, ਮੈਂ ਇਸ ਨੂੰ ਆਪਣਾ ਪ੍ਰਤਾਪ ਵੇਖਣ ਦੀ ਆਗਿਆ ਦਿੰਦਾ ਹਾਂ (ਇਹ ਵੇਖਣ ਦੀ ਕਿ ਮੇਰੇ ਪਹਿਲੋਠੇ ਪੁੱਤਰ ਸ਼ਤਾਨ ਦੇ ਅਪਮਾਨ ਦੇ ਸਭ ਤੋਂ ਜ਼ਬਰਦਸਤ ਗਵਾਹ ਹਨ।) ਮੈਂ ਇਸ ਨੂੰ ਆਹਮੋ-ਸਾਹਮਣੇ ਸਜ਼ਾ ਨਹੀਂ ਦਿੰਦਾ; ਇਸ ਦੀ ਬਜਾਏ, ਮੈਂ ਆਪਣੇ ਪਹਿਲੋਠੇ ਪੁੱਤਰਾਂ ਨੂੰ ਆਪਣੀ ਧਾਰਮਿਕਤਾ ਅਤੇ ਪ੍ਰਤਾਪ ਨੂੰ ਅੰਜ਼ਾਮ ਦੇਣ ਦੀ ਆਗਿਆ ਦਿੰਦਾ ਹਾਂ। ਕਿਉਂਕਿ ਸ਼ਤਾਨ ਮੇਰੇ ਪੁੱਤਰਾਂ ਨੂੰ ਗਾਲਾਂ ਕੱਢਦਾ ਹੁੰਦਾ ਸੀ, ਮੇਰੇ ਪੁੱਤਰਾਂ ਨੂੰ ਕਸ਼ਟ ਦਿੰਦਾ ਸੀ, ਅਤੇ ਮੇਰੇ ਪੁੱਤਰਾਂ ਦਾ ਦਮਨ ਕਰਦਾ ਸੀ, ਇਸ ਲਈ ਅੱਜ, ਇਸ ਦੀ ਸੇਵਾ ਪੂਰੀ ਹੋਣ ਮਗਰੋਂ, ਮੈਂ ਆਪਣੇ ਬਾਲਗ਼ ਪਹਿਲੋਠੇ ਪੁੱਤਰਾਂ ਨੂੰ ਇਸ ਨੂੰ ਸੋਧਣ ਦੀ ਆਗਿਆ ਦੇਵਾਂਗਾ। ਸ਼ਤਾਨ ਪਤਨ ਵਿਰੁਧ ਸ਼ਕਤੀਹੀਣ ਰਿਹਾ ਹੈ। ਸੰਸਾਰ ਵਿੱਚ ਸਾਰੇ ਮੁਲਕਾਂ ਦੀ ਸ਼ਕਤੀਹੀਣਤਾ ਸਭ ਤੋਂ ਵਧੀਆ ਸਬੂਤ ਹੈ; ਲੜ ਰਹੇ ਲੋਕ ਅਤੇ ਜੰਗ ਵਿੱਚ ਲੱਗੇ ਮੁਲਕ ਸ਼ਤਾਨ ਦੇ ਰਾਜ ਦੇ ਪਤਨ ਦੇ ਪ੍ਰਤੱਖ ਪ੍ਰਗਟਾਵੇ ਹਨ। ਅਤੀਤ ਵਿੱਚ ਮੇਰੇ ਦੁਆਰਾ ਕੋਈ ਵੀ ਚਿੰਨ੍ਹ ਅਤੇ ਅਚੰਭੇ ਨਾ ਵਿਖਾਏ ਜਾਣ ਦਾ ਕਾਰਨ, ਸ਼ਤਾਨ ਦਾ, ਕਦਮ-ਦਰ-ਕਦਮ, ਅਪਮਾਨ ਕਰਨਾ ਅਤੇ ਮੇਰੇ ਨਾਮ ਦੀ ਵਡਿਆਈ ਕਰਨਾ ਸੀ। ਜਦੋਂ ਸ਼ਤਾਨ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਂਦਾ ਹੈ, ਤਾਂ ਮੈਂ ਆਪਣੀ ਸ਼ਕਤੀ ਵਿਖਾਉਣਾ ਸ਼ੁਰੂ ਕਰਦਾ ਹਾਂ: ਜੋ ਮੈਂ ਕਹਿੰਦਾ ਹਾਂ, ਉਹ ਹੋਂਦ ਵਿੱਚ ਆਉਂਦਾ ਹੈ, ਅਤੇ ਉਹ ਦੈਵੀ ਕਾਰਜ ਜਿਹੜੇ ਮਨੁੱਖੀ ਧਾਰਣਾਵਾਂ ਦੇ ਅਨੁਸਾਰ ਨਹੀਂ ਹਨ, ਪੂਰੇ ਕੀਤੇ ਜਾਣਗੇ (ਇਨ੍ਹਾਂ ਦਾ ਸੰਬੰਧ ਛੇਤੀ ਹੋਣ ਵਾਲੀਆਂ ਬਰਕਤਾਂ ਨਾਲ ਹੈ।) ਕਿਉਂਕਿ ਮੈਂ ਖ਼ੁਦ ਵਿਹਾਰਕ ਪਰਮੇਸ਼ੁਰ ਹਾਂ ਅਤੇ ਮੇਰੇ ਕੋਈ ਨਿਯਮ ਨਹੀਂ ਹਨ, ਅਤੇ ਕਿਉਂਕਿ ਮੈਂ ਆਪਣੀ ਇੰਤਜ਼ਾਮੀ ਯੋਜਨਾ ਵਿੱਚ ਤਬਦੀਲੀਆਂ ਅਨੁਸਾਰ ਬੋਲਦਾ ਹਾਂ, ਇਸ ਲਈ ਜੋ ਮੈਂ ਅਤੀਤ ਵਿੱਚ ਕਿਹਾ ਹੈ, ਉਹ ਵਰਤਮਾਨ ਵਿੱਚ ਜ਼ਰੂਰੀ ਤੌਰ ਤੇ ਲਾਗੂ ਨਹੀਂ ਹੁੰਦਾ। ਆਪਣੀਆਂ ਸਵੈ-ਧਾਰਣਾਵਾਂ ਨਾਲ ਚਿੰਬੜੇ ਨਾ ਰਹੋ! ਮੈਂ ਉਹ ਪਰਮੇਸ਼ੁਰ ਨਹੀਂ ਹਾਂ ਜਿਹੜਾ ਨਿਯਮਾਂ ਉੱਤੇ ਕਾਇਮ ਰਹਿੰਦਾ ਹੈ; ਮੇਰੇ ਨਾਲ, ਹਰ ਚੀਜ਼ ਸੁਤੰਤਰ, ਪਾਰਗਮਨੀ, ਅਤੇ ਪੂਰੀ ਤਰ੍ਹਾਂ ਮੁਕਤ ਹੈ। ਸ਼ਾਇਦ ਜੋ ਕਲ ਕਿਹਾ ਗਿਆ ਸੀ ਅੱਜ ਪੁਰਾਣਾ ਹੋ ਗਿਆ ਹੈ, ਜਾਂ ਸ਼ਾਇਦ ਇਸ ਨੂੰ ਅੱਜ ਪਾਸੇ ਸੁੱਟਿਆ ਜਾ ਸਕਦਾ ਹੈ (ਹਾਲਾਂਕਿ, ਮੇਰੇ ਪ੍ਰਬੰਧਕੀ ਹੁਕਮ, ਕਿਉਂਕਿ ਉਹ ਲਾਗੂ ਕਰ ਦਿੱਤੇ ਗਏ ਹਨ, ਕਦੇ ਨਹੀਂ ਬਦਲਣਗੇ।) ਇਹ ਮੇਰੀ ਇੰਤਜ਼ਾਮੀ ਯੋਜਨਾ ਵਿਚਲੇ ਕਦਮ ਹਨ। ਨਿਯਮਾਂ ਨਾਲ ਚਿੰਬੜੇ ਨਾ ਰਹੋ। ਹਰ ਦਿਨ ਨਵਾਂ ਚਾਨਣ ਹੁੰਦਾ ਹੈ ਅਤੇ ਨਵੇਂ ਪ੍ਰਗਟਾਵੇ ਹੁੰਦੇ ਹਨ, ਅਤੇ ਉਹੀ ਮੇਰੀ ਯੋਜਨਾ ਹੈ। ਹਰ ਦਿਨ ਤੇਰੇ ਅੰਦਰ ਮੇਰਾ ਚਾਨਣ ਪਰਗਟ ਹੋਵੇਗਾ ਅਤੇ ਮੇਰੀ ਆਵਾਜ਼ ਦਾ ਸਮੁੱਚੇ ਸੰਸਾਰ ’ਚ ਨਿਸਤਾਰਾ ਕਰ ਦਿੱਤਾ ਜਾਵੇਗਾ। ਕੀ ਤੁਸੀਂ ਸਮਝਦੇ ਹੋ? ਇਹ ਤੇਰਾ ਫ਼ਰਜ਼, ਤੇਰੀ ਜ਼ਿੰਮੇਦਾਰੀ ਹੈ ਜਿਹੜੇ ਮੈਂ ਤੈਨੂੰ ਸੌਂਪ ਚੁੱਕਾ ਹਾਂ। ਤੂੰ ਇੱਕ ਪਲ ਲਈ ਵੀ ਇਨ੍ਹਾਂ ਨੂੰ ਪਛਾਨਣ ਤੋਂ ਅਣਗਹਿਲੀ ਨਾ ਕਰ। ਮੈਂ ਉਨ੍ਹਾਂ ਲੋਕਾਂ ਨੂੰ ਅੰਤ ਤਕ ਵਰਤਾਂਗਾ ਜਿਨ੍ਹਾਂ ਨੂੰ ਮੈਂ ਪ੍ਰਵਾਨ ਕੀਤਾ ਹੈ, ਅਤੇ ਇਹ ਕਦੇ ਨਹੀਂ ਬਦਲੇਗਾ। ਕਿਉਂਕਿ ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ, ਇਸ ਲਈ ਮੈਂ ਜਾਣਦਾ ਹਾਂ ਕਿ ਕਿਸ ਕਿਸਮ ਦੇ ਵਿਅਕਤੀ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ, ਨਾਲ ਹੀ ਕਿਸ ਕਿਸਮ ਦਾ ਵਿਅਕਤੀ ਕਿਹੜਾ ਕੰਮ ਕਰਨ ਦੇ ਕਾਬਲ ਹੈ। ਇਹ ਮੇਰੀ ਸਰਬਸ਼ਕਤੀਮਾਨਤਾ ਹੈ।