ਤੂੰ ਵਿਸ਼ਵਾਸ ਬਾਰੇ ਕੀ ਜਾਣਦਾ ਹੈਂ?

ਮਨੁੱਖ ਵਿੱਚ ਵਿਸ਼ਵਾਸ ਕੇਵਲ ਇੱਕ ਅਨਿਸ਼ਚਿਤ ਸ਼ਬਦ ਵਜੋਂ ਮੌਜੂਦ ਹੈ, ਫਿਰ ਵੀ ਮਨੁੱਖ ਇਹ ਨਹੀਂ ਜਾਣਦਾ ਕਿ ਵਿਸ਼ਵਾਸ ਕੀ ਹੈ, ਇਹ ਤਾਂ ਬਿਲਕੁਲ ਹੀ ਨਹੀਂ ਪਤਾ ਕਿ ਉਸ ਨੂੰ ਵਿਸ਼ਵਾਸ ਕਿਉਂ ਹੈ। ਮਨੁੱਖ ਬਹੁਤ ਘੱਟ ਸਮਝਦਾ ਹੈ, ਅਤੇ ਉਸ ਵਿੱਚ ਖੁਦ ਵਿੱਚ ਵੀ ਬਹੁਤ ਕਮੀ ਹੈ; ਉਸਦਾ ਮੇਰੇ ਵਿੱਚ ਵਿਸ਼ਵਾਸ ਕੇਵਲ ਬੁੱਧੀਹੀਣ ਅਤੇ ਗਿਆਨਹੀਣ ਹੈ। ਭਾਵੇਂ ਉਹ ਨਹੀਂ ਜਾਣਦਾ ਹੈ ਕਿ ਵਿਸ਼ਵਾਸ ਕੀ ਹੈ, ਅਤੇ ਨਾ ਹੀ ਇਹ ਜਾਣਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਿਉਂ ਰੱਖਦਾ ਹੈ, ਪਰ ਫਿਰ ਵੀ ਉਹ ਇੱਕ ਸਨਕੀ ਵਾਂਗ ਮੇਰੇ ਵਿੱਚ ਨਿਰੰਤਰ ਵਿਸ਼ਵਾਸ ਕਰਦਾ ਹੈ। ਮਨੁੱਖ ਤੋਂ ਜੋ ਮੈਂ ਮੰਗ ਕਰਦਾ ਹਾਂ, ਉਹ ਇਸ ਤਰ੍ਹਾਂ ਨਹੀਂ ਕਿ ਉਹ ਇੱਕ ਸਨਕੀ ਵਾਂਗ ਮੈਨੂੰ ਪੁਕਾਰੇ ਜਾਂ ਮੇਰੇ ਵਿੱਚ ਕਿਸੇ ਬੇਤਰਤੀਬੇ ਢੰਗ ਨਾਲ ਵਿਸ਼ਵਾਸ ਕਰੇ, ਕਿਉਂਕਿ ਜੋ ਕੰਮ ਮੈਂ ਕਰਦਾ ਹਾਂ ਉਹ ਅਜਿਹਾ ਹੈ ਕਿ ਮਨੁੱਖ ਮੈਨੂੰ ਦੇਖ ਸਕੇ, ਮੈਨੂੰ ਜਾਣ ਸਕੇ, ਇਸ ਤਰ੍ਹਾਂ ਨਹੀਂ ਕਿ ਮਨੁੱਖ ਮੇਰੇ ਤੋਂ ਪ੍ਰਭਾਵਿਤ ਹੋਵੇ ਅਤੇ ਮੈਨੂੰ ਇਕ ਨਵੇਂ ਚਾਨਣ ਵਿੱਚ ਦੇਖੇ। ਮੈਂ ਇਕ ਵਾਰ ਬਹੁਤ ਸਾਰੇ ਨਿਸ਼ਾਨਾਂ ਅਤੇ ਅਚਰਜਾਂ ਨੂੰ ਪਰਗਟ ਕੀਤਾ ਅਤੇ ਬਹੁਤ ਸਾਰੇ ਚਮਤਕਾਰ ਕੀਤੇ, ਅਤੇ ਉਸ ਸਮੇਂ ਦੇ ਇਸਰਾਏਲੀਆਂ ਨੇ ਮੇਰੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਬਿਮਾਰਾਂ ਨੂੰ ਨਰੋਏ ਕਰਨ ਅਤੇ ਭੂਤਾਂ ਦਾ ਝਾੜਾ ਕਰਨ ਦੀ ਮੇਰੀ ਬੇਮਿਸਾਲ ਯੋਗਤਾ ਦਾ ਬਹੁਤ ਸਤਿਕਾਰ ਕੀਤਾ। ਉਸ ਸਮੇਂ, ਯਹੂਦੀ ਮੇਰੀਆਂ ਇਲਾਜ ਕਰਨ ਵਾਲੀਆਂ ਸ਼ਕਤੀਆਂ ਨੂੰ ਮੁਹਾਰਤ ਭਰਪੂਰ ਅਤੇ ਅਸਧਾਰਣ ਸਮਝਦੇ ਸਨ—ਅਤੇ ਮੇਰੇ ਬਹੁਤ ਸਾਰੇ ਕੰਮਾਂ ਕਰਕੇ, ਉਹ ਸਾਰੇ ਮੇਰਾ ਆਦਰ ਕਰਦੇ ਸਨ, ਅਤੇ ਮੇਰੀਆਂ ਸਾਰੀਆਂ ਸ਼ਕਤੀਆਂ ਲਈ ਬਹੁਤ ਪ੍ਰਸ਼ੰਸਾ ਮਹਿਸੂਸ ਕਰਦੇ ਸਨ। ਇਸ ਲਈ, ਉਹਨਾਂ ਸਾਰੇ ਲੋਕਾਂ ਜਿਨ੍ਹਾਂ ਨੇ ਮੈਨੂੰ ਚਮਤਕਾਰ ਕਰਦੇ ਦੇਖਿਆ, ਮੇਰੇ ਪੂਰੀ ਤਰ੍ਹਾਂ ਪਿੱਛੇ ਲੱਗ ਗਏ, ਇਸ ਤਰ੍ਹਾਂ ਕਿ ਮੈਨੂੰ ਬਿਮਾਰਾਂ ਨੂੰ ਨਰੋਇਆ ਕਰਦਾ ਦੇਖਣ ਲਈ ਹਜ਼ਾਰਾਂ ਨੇ ਘੇਰ ਲਿਆ। ਮੈਂ ਬਹੁਤ ਸਾਰੇ ਨਿਸ਼ਾਨਾਂ ਅਤੇ ਅਚਰਜਾਂ ਦਾ ਪ੍ਰਗਟਾਵਾ ਕੀਤਾ, ਫਿਰ ਵੀ ਲੋਕਾਂ ਨੇ ਮੈਨੂੰ ਕੇਵਲ ਇੱਕ ਮਾਹਰ ਹਕੀਮ ਵਜੋਂ ਹੀ ਦੇਖਿਆ; ਇਸ ਲਈ, ਮੈਂ ਵੀ ਉਸ ਸਮੇਂ ਲੋਕਾਂ ਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ, ਫਿਰ ਵੀ ਉਨ੍ਹਾਂ ਨੇ ਮੈਨੂੰ ਕੇਵਲ ਆਪਣੇ ਚੇਲਿਆਂ ਨਾਲੋਂ ਉੱਤਮ ਗੁਰੂ ਸਮਝਿਆ। ਅੱਜ ਵੀ, ਮਨੁੱਖਾਂ ਦੁਆਰਾ ਮੇਰੇ ਕੰਮ ਦੇ ਇਤਿਹਾਸਕ ਸਬੂਤ ਦੇਖਣ ਤੋਂ ਬਾਅਦ, ਉਹ ਲਗਾਤਾਰ ਇਹੀ ਵਿਆਖਿਆ ਕਰ ਰਹੇ ਹਨ ਕਿ ਮੈਂ ਇਕ ਮਹਾਨ ਹਕੀਮ ਹਾਂ ਜੋ ਬਿਮਾਰਾਂ ਨੂੰ ਨਰੋਇਆ ਕਰਦਾ ਹੈ ਅਤੇ ਅਗਿਆਨੀਆਂ ਲਈ ਇਕ ਗੁਰੂ ਹਾਂ, ਅਤੇ ਉਨ੍ਹਾਂ ਨੇ ਮੈਨੂੰ ਦਇਆਵਾਨ ਪ੍ਰਭੂ ਯਿਸੂ ਮਸੀਹ ਵਜੋਂ ਪਰਿਭਾਸ਼ਤ ਕੀਤਾ ਹੈ। ਹੋ ਸਕਦਾ ਹੈ ਜੋ ਲੋਕ ਧਰਮ ਗਰੰਥਾਂ ਦੀ ਵਿਆਖਿਆ ਕਰਦੇ ਹਨ ਉਨ੍ਹਾਂ ਨੇ ਮੇਰੇ ਨਰੋਇਆ ਕਰਨ ਦੇ ਹੁਨਰਾਂ ਨੂੰ ਪਛਾੜ ਦਿੱਤਾ ਹੋਵੇ, ਜਾਂ ਹੋ ਸਕਦਾ ਹੈ ਕਿ ਉਹ ਚੇਲੇ ਵੀ ਹੋਣ ਜੋ ਹੁਣ ਆਪਣੇ ਗੁਰੂ ਨੂੰ ਪਛਾੜ ਚੁੱਕੇ ਹੋਣ, ਫਿਰ ਵੀ ਮਹਾਨ ਪ੍ਰਸਿੱਧੀ ਵਾਲੇ ਅਜਿਹੇ ਮਨੁੱਖ, ਜਿਨ੍ਹਾਂ ਦੇ ਨਾਮ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ, ਮੈਨੂੰ ਸਿਰਫ਼ ਇਕ ਨਿਮਾਣਾ ਜਿਹਾ ਹਕੀਮ ਹੀ ਮੰਨਦੇ ਹਨ। ਮੇਰੇ ਕੰਮ ਸਮੁੰਦਰੀ ਕੰਢਿਆਂ ’ਤੇ ਪਏ ਰੇਤ ਦੇ ਕਣਾਂ ਨਾਲੋਂ ਵੀ ਵਧੇਰੇ ਹਨ, ਅਤੇ ਮੇਰੀ ਸੂਝ ਸੁਲੇਮਾਨ ਦੇ ਸਾਰੇ ਪੁੱਤਰਾਂ ਨੂੰ ਪਛਾੜਦੀ ਹੈ, ਫਿਰ ਵੀ ਲੋਕ ਮੈਨੂੰ ਕੇਵਲ ਇੱਕ ਮਾਮੂਲੀ ਹਕੀਮ ਅਤੇ ਮਨੁੱਖ ਦਾ ਇੱਕ ਅਗਿਆਤ ਗੁਰੂ ਹੀ ਸਮਝਦੇ ਹਨ। ਬਹੁਤ ਸਾਰੇ ਮੇਰੇ ਵਿੱਚ ਕੇਵਲ ਇਸ ਲਈ ਵਿਸ਼ਵਾਸ ਕਰਦੇ ਹਨ ਕਿ ਮੈਂ ਉਨ੍ਹਾਂ ਨੂੰ ਨਰੋਇਆ ਬਣਾ ਸਕਦਾ ਹਾਂ। ਬਹੁਤ ਸਾਰੇ ਮੇਰੇ ਵਿੱਚ ਕੇਵਲ ਇਸ ਲਈ ਵਿਸ਼ਵਾਸ ਕਰਦੇ ਹਨ ਕਿ ਮੈਂ ਉਨ੍ਹਾਂ ਦੇ ਸਰੀਰਾਂ ਵਿੱਚੋਂ ਭ੍ਰਿਸ਼ਟ ਆਤਮਾਵਾਂ ਕੱਢ ਸਕਦਾ ਹਾਂ, ਅਤੇ ਬਹੁਤ ਸਾਰੇ ਮੇਰੇ ਵਿੱਚ ਕੇਵਲ ਇਸ ਲਈ ਵਿਸ਼ਵਾਸ ਕਰਦੇ ਹਨ ਕਿ ਉਹ ਮੇਰੇ ਪਾਸੋਂ ਸ਼ਾਂਤੀ ਅਤੇ ਖੁਸ਼ੀ ਪ੍ਰਾਪਤ ਕਰ ਸਕਦੇ ਹਨ। ਬਹੁਤ ਸਾਰੇ ਕੇਵਲ ਹੋਰ ਜ਼ਿਆਦਾ ਪਦਾਰਥਕ ਦੌਲਤ ਦੀ ਮੰਗ ਕਰਨ ਲਈ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ। ਬਹੁਤ ਸਾਰੇ ਲੋਕ ਮੇਰੇ ਵਿੱਚ ਕੇਵਲ ਇਸ ਜੀਵਨ ਨੂੰ ਸ਼ਾਂਤੀ ਨਾਲ ਬਿਤਾਉਣ ਅਤੇ ਆਉਣ ਵਾਲੀ ਦੁਨੀਆ ਵਿੱਚ ਸੁਰੱਖਿਅਤ ਅਤੇ ਤੰਦਰੁਸਤ ਰਹਿਣ ਲਈ ਵਿਸ਼ਵਾਸ ਕਰਦੇ ਹਨ। ਬਹੁਤ ਸਾਰੇ ਨਰਕ ਦੇ ਦੁੱਖ ਤੋਂ ਬਚਣ ਅਤੇ ਸਵਰਗ ਦੀਆਂ ਅਸੀਸਾਂ ਪ੍ਰਾਪਤ ਕਰਨ ਲਈ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ। ਬਹੁਤ ਸਾਰੇ ਸਿਰਫ਼ ਆਰਜ਼ੀ ਸੁੱਖ-ਸੁਵਿਧਾਵਾਂ ਲਈ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਪਰ ਆਉਣ ਵਾਲੇ ਸੰਸਾਰ ਲਈ ਕੁਝ ਵੀ ਪ੍ਰਾਪਤ ਕਰਨ ਦੀ ਤਾਂਘ ਨਹੀਂ ਰੱਖਦੇ। ਜਦ ਮੈਂ ਮਨੁੱਖ ਨੂੰ ਆਪਣਾ ਕ੍ਰੋਧ ਦਿਖਾਇਆ ਅਤੇ ਉਹ ਸਾਰੀ ਖੁਸ਼ੀ ਅਤੇ ਸ਼ਾਂਤੀ ਜੋ ਇੱਕ ਸਮੇਂ ਉਸ ਕੋਲ ਸੀ ਖੋਹ ਲਈ, ਤਾਂ ਮਨੁੱਖ ਸ਼ੱਕੀ ਹੋ ਗਿਆ। ਜਦ ਮੈਂ ਮਨੁੱਖ ਨੂੰ ਨਰਕ ਦਾ ਦੁੱਖ ਦਿੱਤਾ ਅਤੇ ਸਵਰਗ ਦੀਆਂ ਅਸੀਸਾਂ ਵਾਪਸ ਲੈ ਲਈਆਂ, ਤਾਂ ਮਨੁੱਖ ਦੀ ਸ਼ਰਮ ਗੁੱਸੇ ਵਿੱਚ ਬਦਲ ਗਈ। ਜਦ ਮਨੁੱਖ ਨੇ ਮੈਨੂੰ ਉਸ ਨੂੰ ਨਰੋਇਆ ਬਣਾਉਣ ਲਈ ਕਿਹਾ, ਤਾਂ ਮੈਂ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਉਸ ਲਈ ਨਫ਼ਰਤ ਮਹਿਸੂਸ ਕੀਤੀ; ਬਲਕਿ ਮਨੁੱਖ ਦੁਸ਼ਟ ਦਵਾਈਆਂ ਅਤੇ ਜਾਦੂ-ਟੂਣੇ ਦਾ ਰਾਹ ਭਾਲਦਾ ਹੋਇਆ ਮੇਰੇ ਤੋਂ ਦੂਰ ਚਲਾ ਗਿਆ। ਜਦ ਮੈਂ ਉਹ ਸਭ ਕੁਝ ਵਾਪਸ ਲੈ ਲਿਆ ਜੋ ਮਨੁੱਖ ਨੇ ਮੇਰੇ ਕੋਲੋਂ ਮੰਗਿਆ ਸੀ, ਤਾਂ ਹਰ ਕੋਈ ਬਿਨਾਂ ਕੋਈ ਨਿਸ਼ਾਨ ਛੱਡੇ ਅਲੋਪ ਹੋ ਗਿਆ। ਸੋ, ਮੈਂ ਕਹਿੰਦਾ ਹਾਂ ਕਿ ਮਨੁੱਖ ਮੇਰੇ ਵਿੱਚ ਵਿਸ਼ਵਾਸ ਇਸ ਲਈ ਰੱਖਦਾ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਕਿਰਪਾ ਕਰਦਾ ਹਾਂ, ਅਤੇ ਮੇਰੇ ਕੋਲੋਂ ਬਹੁਤ ਕੁਝ ਪ੍ਰਾਪਤ ਕਰਨ ਵਾਲਾ ਹੈ। ਯਹੂਦੀ ਮੇਰੇ ਵਿੱਚ ਮੇਰੀ ਕਿਰਪਾ ਲਈ ਵਿਸ਼ਵਾਸ ਕਰਦੇ ਸਨ ਅਤੇ ਮੈਂ ਜਿੱਥੇ ਵੀ ਜਾਂਦਾ ਸੀ ਉਹ ਮੇਰੇ ਪਿੱਛੇ ਆਉਂਦੇ ਸਨ। ਇਹ ਸੀਮਤ ਗਿਆਨ ਅਤੇ ਅਨੁਭਵ ਵਾਲੇ ਅਗਿਆਨੀ ਮਨੁੱਖ ਕੇਵਲ ਉਨ੍ਹਾਂ ਨਿਸ਼ਾਨਾਂ ਅਤੇ ਅਚਰਜਾਂ ਨੂੰ ਦੇਖਣਾ ਚਾਹੁੰਦੇ ਸਨ ਜੋ ਮੈਂ ਪਰਗਟ ਕਰਦਾ ਸੀ। ਉਹ ਮੈਨੂੰ ਯਹੂਦੀਆਂ ਦੇ ਘਰ ਦਾ ਮੁਖੀ ਸਮਝਦੇ ਸਨ ਜੋ ਵੱਡੇ ਤੋਂ ਵੱਡੇ ਚਮਤਕਾਰ ਕਰ ਸਕਦਾ ਸੀ। ਅਤੇ ਇਸ ਲਈ ਜਦ ਮੈਂ ਮਨੁੱਖਾਂ ਵਿੱਚੋਂ ਭੂਤਾਂ ਨੂੰ ਕੱਢਿਆ, ਇਹ ਉਨ੍ਹਾਂ ਵਿਚਕਾਰ ਬਹੁਤ ਜ਼ਿਆਦਾ ਵਿਚਾਰ-ਵਟਾਂਦਰੇ ਦਾ ਕਾਰਨ ਬਣਿਆ: ਉਨ੍ਹਾਂ ਨੇ ਕਿਹਾ ਕਿ ਮੈਂ ਏਲੀਯਾਹ ਸੀ, ਕਿ ਮੈਂ ਮੂਸਾ ਸੀ, ਕਿ ਮੈਂ ਸਾਰੇ ਨਬੀਆਂ ਵਿੱਚੋਂ ਸਭ ਤੋਂ ਪੁਰਾਣਾ ਸੀ, ਕਿ ਮੈਂ ਸਾਰੇ ਹਕੀਮਾਂ ਵਿੱਚੋਂ ਸਭ ਤੋਂ ਵੱਡਾ ਸੀ। ਮੇਰੇ ਇਹ ਕਹਿਣ ਦੇ ਬਾਵਜੂਦ ਕਿ ਮੈਂ ਜੀਵਨ ਹਾਂ, ਮਾਰਗ ਅਤੇ ਸੱਚ ਹਾਂ, ਕੋਈ ਵੀ ਮੇਰੀ ਹੋਂਦ ਜਾਂ ਮੇਰੀ ਪਹਿਚਾਣ ਨੂੰ ਨਹੀਂ ਜਾਣ ਸਕਿਆ। ਮੇਰੇ ਇਹ ਕਹਿਣ ਦੇ ਬਾਵਜੂਦ ਕਿ ਸਵਰਗ ਉਹ ਜਗ੍ਹਾ ਹੈ ਜਿਥੇ ਮੇਰਾ ਪਿਤਾ ਰਹਿੰਦਾ ਹੈ, ਕਿਸੇ ਨੇ ਵੀ ਇਹ ਨਹੀਂ ਜਾਣਿਆ ਕਿ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ, ਅਤੇ ਖੁਦ ਪਰਮੇਸ਼ੁਰ ਵੀ ਹਾਂ। ਮੇਰੇ ਇਹ ਕਹਿਣ ਦੇ ਬਾਵਜੂਦ ਕਿ ਮੈਂ ਸਾਰੀ ਮਨੁੱਖਜਾਤੀ ਦੀ ਮੁਕਤੀ ਕਰਾਂਗਾ ਅਤੇ ਮਨੁੱਖਜਾਤੀ ਲਈ ਫਿਰੌਤੀ ਦੇਵਾਂਗਾ, ਕਿਸੇ ਨੇ ਵੀ ਇਹ ਨਹੀਂ ਜਾਣਿਆ ਕਿ ਮੈਂ ਮਨੁੱਖਜਾਤੀ ਦਾ ਮੁਕਤੀਦਾਤਾ ਹਾਂ, ਅਤੇ ਮਨੁੱਖ ਕੇਵਲ ਮੈਨੂੰ ਇੱਕ ਦਿਆਲੂ ਅਤੇ ਦਇਆਵਾਨ ਵਿਅਕਤੀ ਵਜੋਂ ਜਾਣਦੇ ਹਨ। ਅਤੇ ਮੇਰੇ ਦੁਆਰਾ ਆਪਣੇ ਬਾਰੇ ਇਹ ਸਭ ਸਮਝਾਉਣ ਦੇ ਬਾਵਜੂਦ ਵੀ ਕਿ ਮੈਂ ਕੀ ਹਾਂ, ਕਿਸੇ ਨੇ ਵੀ ਮੈਨੂੰ ਨਹੀਂ ਜਾਣਿਆ, ਅਤੇ ਕਿਸੇ ਨੇ ਵੀ ਵਿਸ਼ਵਾਸ ਨਹੀਂ ਕੀਤਾ ਕਿ ਮੈਂ ਜੀਉਂਦੇ-ਜਾਗਦੇ ਪਰਮੇਸ਼ੁਰ ਦਾ ਪੁੱਤਰ ਹਾਂ। ਅਜਿਹਾ ਵਿਸ਼ਵਾਸ ਹੈ ਮੇਰੇ ਵਿੱਚ ਲੋਕਾਂ ਦਾ, ਅਤੇ ਇਸ ਤਰ੍ਹਾਂ ਨਾਲ ਉਹ ਮੈਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਉਹ ਮੇਰੇ ਬਾਰੇ ਅਜਿਹੇ ਵਿਚਾਰ ਰੱਖਦੇ ਹਨ ਤਾਂ ਉਹ ਮੇਰੇ ਬਾਰੇ ਗਵਾਹੀ ਕਿਵੇਂ ਦੇ ਸਕਦੇ ਸਨ?

ਲੋਕ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਪਰ ਉਹ ਮੇਰੇ ਬਾਰੇ ਗਵਾਹੀ ਦੇਣ ਦੇ ਯੋਗ ਨਹੀਂ ਹਨ, ਅਤੇ ਨਾ ਹੀ ਉਹ ਮੇਰੇ ਬਾਰੇ ਦੱਸਣ ਤੋਂ ਪਹਿਲਾਂ ਉਹ ਮੇਰੇ ਲਈ ਗਵਾਹੀ ਦੇ ਸਕਦੇ ਹਨ। ਲੋਕ ਕੇਵਲ ਇਹੀ ਦੇਖਦੇ ਹਨ ਕਿ ਮੈਂ ਸਾਰੇ ਪ੍ਰਾਣੀਆਂ ਅਤੇ ਪਵਿੱਤਰ ਮਨੁੱਖਾਂ ਤੋਂ ਅੱਗੇ ਹਾਂ, ਅਤੇ ਦੇਖਦੇ ਹਨ ਕਿ ਜੋ ਕੰਮ ਮੈਂ ਕਰ ਸਕਦਾ ਹਾਂ ਉਹ ਮਨੁੱਖਾਂ ਦੁਆਰਾ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ, ਯਹੂਦੀਆਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੇ ਲੋਕ, ਸਾਰੇ ਜੋ ਮੇਰੇ ਸ਼ਾਨਦਾਰ ਕੰਮਾਂ ਨੂੰ ਦੇਖਦੇ ਹਨ ਮੇਰੇ ਪ੍ਰਤੀ ਉਤਸੁਕਤਾ ਤੋਂ ਵੱਧ ਕੁਝ ਨਹੀਂ ਰੱਖਦੇ, ਅਤੇ ਇਕ ਵੀ ਪ੍ਰਾਣੀ ਦਾ ਮੂੰਹ ਮੇਰੀ ਗਵਾਹੀ ਨਹੀਂ ਦੇ ਸਕਿਆ; ਕੇਵਲ ਮੇਰੇ ਪਿਤਾ ਨੇ ਮੇਰੀ ਗਵਾਹੀ ਦਿੱਤੀ, ਅਤੇ ਸਾਰੇ ਪ੍ਰਾਣੀਆਂ ਵਿਚਕਾਰ ਮੇਰੇ ਲਈ ਰਸਤਾ ਬਣਾਇਆ; ਜੇਕਰ ਉਸ ਨੇ ਇਹ ਨਾ ਕੀਤਾ ਹੁੰਦਾ, ਫਿਰ ਭਾਵੇਂ ਮੈਂ ਜਿਵੇਂ ਦਾ ਵੀ ਕੰਮ ਕੀਤਾ ਹੁੰਦਾ, ਮਨੁੱਖ ਕਦੇ ਵੀ ਇਹ ਨਹੀਂ ਜਾਣ ਸਕਦਾ ਸੀ ਕਿ ਮੈਂ ਸ੍ਰਿਸ਼ਟੀ ਦਾ ਮਾਲਕ ਹਾਂ, ਕਿਉਂਕਿ ਮਨੁੱਖ ਸਿਰਫ਼ ਮੇਰੇ ਤੋਂ ਲੈਣਾ ਜਾਣਦਾ ਹੈ ਅਤੇ ਮੇਰੇ ਕੰਮ ਦੇ ਨਤੀਜੇ ਵਜੋਂ ਮੇਰੇ ’ਤੇ ਵਿਸ਼ਵਾਸ ਨਹੀਂ ਕਰਦਾ। ਮਨੁੱਖ ਮੈਨੂੰ ਕੇਵਲ ਇਸ ਲਈ ਜਾਣਦਾ ਹੈ ਕਿਉਂਕਿ ਮੈਂ ਨਿਰਦੋਸ਼ ਹਾਂ ਅਤੇ ਕਿਸੇ ਵੀ ਪੱਖੋਂ ਇੱਕ ਪਾਪੀ ਨਹੀਂ ਹਾਂ, ਕਿਉਂਕਿ ਮੈਂ ਬਹੁਤ ਸਾਰੇ ਰਹੱਸਾਂ ਦੀ ਵਿਆਖਿਆ ਕਰ ਸਕਦਾ ਹਾਂ, ਕਿਉਂਕਿ ਮੈਂ ਭੀੜ ਤੋਂ ਉੱਪਰ ਹਾਂ, ਜਾਂ ਕਿਉਂਕਿ ਮਨੁੱਖ ਨੇ ਮੇਰੇ ਤੋਂ ਬਹੁਤ ਲਾਭ ਪ੍ਰਾਪਤ ਕੀਤਾ ਹੈ, ਫਿਰ ਵੀ ਬਹੁਤ ਘੱਟ ਵਿਸ਼ਵਾਸ ਕਰਦੇ ਹਨ ਕਿ ਮੈਂ ਸ੍ਰਿਸ਼ਟੀ ਦਾ ਮਾਲਕ ਹਾਂ। ਇਸੇ ਲਈ ਮੈਂ ਕਹਿੰਦਾ ਹਾਂ ਕਿ ਮਨੁੱਖ ਨਹੀਂ ਜਾਣਦਾ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਿਉਂ ਕਰਦਾ ਹੈ; ਉਹ ਮੇਰੇ ’ਤੇ ਵਿਸ਼ਵਾਸ ਰੱਖਣ ਦੇ ਉਦੇਸ਼ ਜਾਂ ਮਹੱਤਵ ਨੂੰ ਨਹੀਂ ਜਾਣਦਾ। ਮਨੁੱਖ ਵਿੱਚ ਅਸਲੀਅਤ ਦੀ ਘਾਟ ਹੈ, ਜਿਸ ਕਰਕੇ ਉਹ ਮੁਸ਼ਕਲ ਨਾਲ ਹੀ ਮੇਰੀ ਗਵਾਹੀ ਦੇਣ ਦੇ ਯੋਗ ਹੈ। ਤੁਹਾਡੇ ਵਿੱਚ ਬਹੁਤ ਘੱਟ ਸੱਚਾ ਵਿਸ਼ਵਾਸ ਹੈ, ਅਤੇ ਤੁਸੀਂ ਬਹੁਤ ਘੱਟ ਪ੍ਰਾਪਤ ਕੀਤਾ ਹੈ, ਇਸ ਲਈ ਤੁਹਾਡੀ ਗਵਾਹੀ ਬਹੁਤ ਘੱਟ ਹੈ। ਇਸ ਤੋਂ ਇਲਾਵਾ, ਤੁਸੀਂ ਬਹੁਤ ਘੱਟ ਸਮਝਦੇ ਹੋ ਅਤੇ ਤੁਹਾਡੇ ਵਿੱਚ ਬਹੁਤ ਜ਼ਿਆਦਾ ਘਾਟ ਹੈ, ਏਨੀ ਕਿ ਤੁਸੀਂ ਮੇਰੇ ਕੰਮਾਂ ਦੀ ਗਵਾਹੀ ਦੇਣ ਲਈ ਲਗਭਗ ਅਯੋਗ ਹੋ। ਤੁਹਾਡਾ ਸੰਕਲਪ ਸੱਚਮੁੱਚ ਵਿਚਾਰਨ ਯੋਗ ਹੈ, ਪਰ ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਪਰਮੇਸ਼ੁਰ ਦੇ ਮੂਲ-ਤੱਤ ਦੀ ਸਫ਼ਲਤਾਪੂਰਵਕ ਗਵਾਹੀ ਦੇ ਸਕੋਗੇ? ਜੋ ਤੁਸੀਂ ਅਨੁਭਵ ਕੀਤਾ ਹੈ ਅਤੇ ਦੇਖਿਆ ਹੈ, ਉਹ ਸਾਰੇ ਯੁਗਾਂ ਦੇ ਸੰਤਾਂ ਅਤੇ ਨਬੀਆਂ ਤੋਂ ਕਿਤੇ ਵੱਧ ਹੈ, ਪਰ ਕੀ ਤੁਸੀਂ ਪਿਛਲੇ ਸਮੇਂ ਦੇ ਇਨ੍ਹਾਂ ਸੰਤਾਂ ਅਤੇ ਨਬੀਆਂ ਦੇ ਸ਼ਬਦਾਂ ਨਾਲੋਂ ਵੱਡੀ ਗਵਾਹੀ ਦੇ ਸਕਦੇ ਹੋ? ਜੋ ਮੈਂ ਹੁਣ ਤੁਹਾਨੂੰ ਬਖਸ਼ਦਾ ਹਾਂ ਉਹ ਮੂਸਾ ਤੋਂ ਕਿਤੇ ਵੱਧ ਹੈ ਅਤੇ ਦਾਊਦ ਨੂੰ ਧੁੰਦਲਾਉਂਦਾ ਹੈ, ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਤੁਹਾਡੀ ਗਵਾਹੀ ਮੂਸਾ ਤੋਂ ਕਿਤੇ ਵੱਧ ਹੋਵੇ ਅਤੇ ਤੁਹਾਡੇ ਸ਼ਬਦ ਦਾਊਦ ਨਾਲੋਂ ਬਿਹਤਰ ਹੋਣ। ਮੈਂ ਤੁਹਾਨੂੰ ਸੌ ਗੁਣਾ ਦਿੰਦਾ ਹਾਂ—ਇਸ ਲਈ ਮੈਂ ਤੁਹਾਨੂੰ ਇਸੇ ਰੂਪ ਵਿੱਚ ਮੁੱਲ ਤਾਰਨ ਲਈ ਕਹਿੰਦਾ ਹਾਂ। ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਉਹ ਹਾਂ ਜੋ ਮਨੁੱਖਜਾਤੀ ਨੂੰ ਜੀਵਨ ਦਿੰਦਾ ਹੈ, ਅਤੇ ਇਹ ਤੁਸੀਂ ਹੋ ਜੋ ਮੇਰੇ ਕੋਲੋਂ ਜੀਵਨ ਪ੍ਰਾਪਤ ਕਰਦੇ ਹੋ ਅਤੇ ਤੁਹਾਨੂੰ ਮੇਰੇ ਲਈ ਗਵਾਹੀ ਦੇਣੀ ਪਵੇਗੀ। ਇਹ ਤੁਹਾਡਾ ਫਰਜ਼ ਹੈ ਜੋ ਮੈਂ ਤੁਹਾਡੇ ’ਤੇ ਲਗਾਇਆ ਹੈ ਅਤੇ ਜੋ ਤੁਹਾਨੂੰ ਮੇਰੇ ਲਈ ਕਰਨਾ ਚਾਹੀਦਾ ਹੈ। ਮੈਂ ਆਪਣੀ ਸਾਰੀ ਵਡਿਆਈ ਤੁਹਾਨੂੰ ਬਖਸ਼ੀ ਹੈ, ਮੈਂ ਤੁਹਾਨੂੰ ਉਹ ਜੀਵਨ ਬਖਸ਼ਿਆ ਹੈ ਜੋ ਚੁਣੇ ਹੋਏ ਲੋਕਾਂ, ਇਸਰਾਏਲੀਆਂ ਨੂੰ ਕਦੇ ਨਹੀਂ ਮਿਲਿਆ। ਵਾਜਬ ਤੌਰ ’ਤੇ, ਤੁਹਾਨੂੰ ਮੇਰੀ ਗਵਾਹੀ ਦੇਣੀ ਚਾਹੀਦੀ ਹੈ ਅਤੇ ਆਪਣੀ ਜਵਾਨੀ ਮੈਨੂੰ ਸਮਰਪਿਤ ਕਰਨੀ ਚਾਹੀਦੀ ਹੈ ਅਤੇ ਆਪਣਾ ਜੀਵਨ ਕੁਰਬਾਨ ਕਰਨਾ ਚਾਹੀਦਾ ਹੈ। ਮੈਂ ਜਿਸਨੂੰ ਵੀ ਆਪਣੀ ਵਡਿਆਈ ਦਿੱਤੀ ਹੈ ਉਹ ਮੇਰੀ ਗਵਾਹੀ ਦੇਣਗੇ ਅਤੇ ਮੇਰੇ ਲਈ ਆਪਣਾ ਜੀਵਨ ਦੇਣਗੇ। ਇਹ ਮੇਰੇ ਦੁਆਰਾ ਬਹੁਤ ਪਹਿਲਾਂ ਤੋਂ ਹੀ ਨਿਰਧਾਰਤ ਕੀਤਾ ਗਿਆ ਹੈ। ਇਹ ਤੁਹਾਡੀ ਖੁਸ਼ਕਿਸਮਤੀ ਹੈ ਕਿ ਮੈਂ ਤੁਹਾਨੂੰ ਆਪਣੀ ਵਡਿਆਈ ਦਿੰਦਾ ਹਾਂ, ਅਤੇ ਇਹ ਤੁਹਾਡਾ ਫਰਜ਼ ਹੈ ਕਿ ਤੁਸੀਂ ਮੇਰੀ ਵਡਿਆਈ ਦੀ ਗਵਾਹੀ ਦੇਵੋ। ਜੇ ਤੁਸੀਂ ਕੇਵਲ ਅਸੀਸਾਂ ਪ੍ਰਾਪਤ ਕਰਨ ਲਈ ਮੇਰੇ ’ਤੇ ਵਿਸ਼ਵਾਸ ਕਰਦੇ ਹੋ, ਤਾਂ ਮੇਰੇ ਕੰਮ ਦੀ ਕੋਈ ਮਹੱਤਤਾ ਨਹੀਂ ਹੋਵੇਗੀ, ਅਤੇ ਤੁਸੀਂ ਆਪਣੇ ਫਰਜ਼ ਨੂੰ ਪੂਰਾ ਨਹੀਂ ਕਰ ਰਹੇ ਹੋਵੋਗੇ। ਇਸਰਾਏਲੀਆਂ ਨੇ ਕੇਵਲ ਮੇਰੇ ਰਹਿਮ, ਪਿਆਰ ਅਤੇ ਮਹਾਨਤਾ ਨੂੰ ਦੇਖਿਆ, ਅਤੇ ਯਹੂਦੀਆਂ ਨੇ ਕੇਵਲ ਮੇਰੇ ਸਬਰ ਅਤੇ ਮੁਕਤੀ ਨੂੰ ਦੇਖਿਆ। ਉਹਨਾਂ ਨੇ ਮੇਰੇ ਆਤਮਾ ਦੇ ਕੰਮ ਨੂੰ ਬਹੁਤ ਹੀ ਘੱਟ ਦੇਖਿਆ, ਇੰਨਾ ਘੱਟ ਕਿ ਜੋ ਤੁਸੀਂ ਸੁਣਿਆ ਅਤੇ ਦੇਖਿਆ ਹੈ ਉਸਦਾ ਕੇਵਲ ਦਸ ਹਜ਼ਾਰਵਾਂ ਹਿੱਸਾ ਹੀ ਸਮਝ ਸਕੇ। ਜੋ ਤੁਸੀਂ ਦੇਖਿਆ ਹੈ ਉਹ ਉਨ੍ਹਾਂ ਦੇ ਪਰਧਾਨ ਜਾਜਕਾਂ ਤੋਂ ਵੀ ਵੱਧ ਹੈ। ਜੋ ਸੱਚ ਤੁਸੀਂ ਅੱਜ ਸਮਝਦੇ ਹੋ ਉਹ ਉਨ੍ਹਾਂ ਦੇ ਸੱਚ ਤੋਂ ਵੱਧ ਕੇ ਹੈ; ਜੋ ਤੁਸੀਂ ਅੱਜ ਦੇਖਿਆ ਹੈ ਉਹ ਸ਼ਰਾ ਦੇ ਯੁਗ ਅਤੇ ਕਿਰਪਾ ਦੇ ਯੁਗ ਵਿੱਚ ਦੇਖੇ ਗਏ ਸੱਚ ਨਾਲੋਂ ਕਿਤੇ ਵੱਧ ਹੈ, ਅਤੇ ਜੋ ਤੁਸੀਂ ਅਨੁਭਵ ਕੀਤਾ ਹੈ ਉਹ ਮੂਸਾ ਅਤੇ ਏਲੀਯਾਹ ਤੋਂ ਵੀ ਪਰ੍ਹੇ ਹੈ। ਕਿਉਂਕਿ ਜੋ ਇਸਰਾਏਲੀਆਂ ਨੇ ਸਮਝਿਆ ਉਹ ਕੇਵਲ ਯਹੋਵਾਹ ਦੀ ਸ਼ਰਾ ਸੀ, ਅਤੇ ਜੋ ਉਨ੍ਹਾਂ ਨੇ ਦੇਖਿਆ ਉਹ ਕੇਵਲ ਯਹੋਵਾਹ ਦੀ ਪਿੱਠ ਦੀ ਇੱਕ ਝਲਕ ਸੀ; ਜੋ ਯਹੂਦੀਆਂ ਨੇ ਸਮਝਿਆ ਉਹ ਕੇਵਲ ਯਿਸੂ ਦੀ ਮੁਕਤੀ ਸੀ, ਜੋ ਉਨ੍ਹਾਂ ਨੂੰ ਪ੍ਰਾਪਤ ਹੋਇਆ ਉਹ ਕੇਵਲ ਯਿਸੂ ਦੁਆਰਾ ਬਖਸ਼ੀ ਗਈ ਕਿਰਪਾ ਸੀ, ਅਤੇ ਜੋ ਉਨ੍ਹਾਂ ਨੇ ਦੇਖਿਆ ਉਹ ਕੇਵਲ ਯਹੂਦੀਆਂ ਦੇ ਘਰ ਵਿੱਚ ਹੀ ਯਿਸੂ ਦੀ ਮੂਰਤ ਸੀ। ਜੋ ਤੁਸੀਂ ਅੱਜ ਦੇਖ ਰਹੇ ਹੋ ਉਹ ਯਹੋਵਾਹ ਦੀ ਮਹਿਮਾ, ਯਿਸੂ ਦੀ ਮੁਕਤੀ, ਅਤੇ ਅੱਜ ਦੇ ਮੇਰੇ ਸਾਰੇ ਕੰਮ ਹਨ। ਤਾਂ ਫਿਰ, ਕੀ ਤੁਸੀਂ ਮੇਰੇ ਆਤਮਾ ਦੇ ਸ਼ਬਦ ਸੁਣੇ ਹਨ, ਮੇਰੀ ਬੁੱਧੀ ਦੀ ਕਦਰ ਕੀਤੀ ਹੈ, ਮੇਰੀ ਅਚਰਜ ਨੂੰ ਜਾਣਿਆ ਹੈ ਅਤੇ ਮੇਰੇ ਸੁਭਾਅ ਬਾਰੇ ਸਿੱਖਿਆ ਹੈ। ਮੈਂ ਤੁਹਾਨੂੰ ਆਪਣੀ ਸਾਰੀ ਪ੍ਰਬੰਧਨ ਦੀ ਯੋਜਨਾ ਬਾਰੇ ਵੀ ਦੱਸਿਆ ਹੈ। ਜੋ ਤੁਸੀਂ ਦੇਖਿਆ ਹੈ ਉਹ ਕੇਵਲ ਇੱਕ ਪਿਆਰ ਕਰਨ ਵਾਲਾ ਅਤੇ ਦਿਆਲੂ ਪਰਮੇਸ਼ੁਰ ਨਹੀਂ ਹੈ, ਪਰ ਇੱਕ ਧਾਰਮਿਕਤਾ ਭਰਪੂਰ ਪਰਮੇਸ਼ੁਰ ਹੈ। ਤੁਸੀਂ ਮੇਰਾ ਅਦਭੁੱਤ ਕੰਮ ਦੇਖਿਆ ਹੈ ਅਤੇ ਜਾਣਿਆ ਹੈ ਕਿ ਮੈਂ ਗੌਰਵ ਅਤੇ ਗੁੱਸੇ ਨਾਲ ਨੱਕੋ-ਨੱਕ ਭਰਿਆ ਹੋਇਆ ਹਾਂ। ਇਸ ਤੋਂ ਇਲਾਵਾ, ਤੁਸੀਂ ਜਾਣਦੇ ਹੋ ਕਿ ਮੈਂ ਇੱਕ ਵਾਰ ਆਪਣੇ ਗੁੱਸੇ ਦੇ ਪ੍ਰਕੋਪ ਨੂੰ ਇਸਰਾਏਲ ਦੇ ਘਰਾਣੇ ’ਤੇ ਲਿਆਇਆ ਸੀ, ਅਤੇ ਇਹ ਅੱਜ, ਤੁਹਾਡੇ ਉੱਪਰ ਆ ਗਿਆ ਹੈ। ਤੁਸੀਂ ਮੇਰੇ ਸਵਰਗ ਵਿਚਲੇ ਰਹੱਸਾਂ ਬਾਰੇ ਯਸਾਯਾਹ ਅਤੇ ਯੂਹੰਨਾ ਨਾਲੋਂ ਵਧੇਰੇ ਸਮਝਦੇ ਹੋ; ਤੁਸੀਂ ਮੇਰੀ ਖੂਬਸੂਰਤੀ ਅਤੇ ਸਤਿਕਾਰਯੋਗਤਾ ਬਾਰੇ ਪੁਰਾਣੇ ਯੁਗ ਦੇ ਸਾਰੇ ਸੰਤਾਂ ਨਾਲੋਂ ਵਧੇਰੇ ਜਾਣਦੇ ਹੋ। ਤੁਸੀਂ ਕੇਵਲ ਮੇਰਾ ਸੱਚ, ਮੇਰਾ ਢੰਗ, ਅਤੇ ਮੇਰਾ ਜੀਵਨ ਹੀ ਨਹੀਂ ਪ੍ਰਾਪਤ ਕੀਤਾ, ਬਲਕਿ ਦ੍ਰਿਸ਼ਟੀ ਅਤੇ ਪ੍ਰਗਟਾਵਾ ਵੀ ਪ੍ਰਾਪਤ ਕੀਤਾ ਹੈ ਜੋ ਯੂਹੰਨਾ ਨਾਲੋਂ ਵੱਡਾ ਹੈ। ਤੁਸੀਂ ਹੋਰ ਬਹੁਤ ਸਾਰੇ ਰਹੱਸਾਂ ਨੂੰ ਸਮਝਦੇ ਹੋ, ਅਤੇ ਮੇਰੇ ਅਸਲੀ ਚਿਹਰੇ ਨੂੰ ਵੀ ਦੇਖ ਲਿਆ ਹੈ; ਤੁਸੀਂ ਮੇਰੇ ਨਿਆਂ ਨੂੰ ਹੋਰ ਵੀ ਵਧੇਰੇ ਸਵੀਕਾਰ ਕਰ ਲਿਆ ਹੈ ਅਤੇ ਮੇਰੇ ਧਰਮੀ ਸੁਭਾਅ ਬਾਰੇ ਹੋਰ ਵੀ ਵਧੇਰੇ ਜਾਣਦੇ ਹੋ। ਅਤੇ ਇਸ ਲਈ, ਭਾਵੇਂ ਤੁਸੀਂ ਪਿਛਲੇ ਦਿਨਾਂ ਵਿੱਚ ਪੈਦਾ ਹੋਏ ਸੀ, ਤੁਹਾਡੀ ਸਮਝ ਪਹਿਲਿਆਂ ਅਤੇ ਅਤੀਤ ਵਾਲਿਆਂ ਵਾਲੀ ਹੈ, ਅਤੇ ਤੁਸੀਂ ਅੱਜ ਦੀਆਂ ਗੱਲਾਂ ਦਾ ਵੀ ਅਨੁਭਵ ਕੀਤਾ ਹੈ, ਅਤੇ ਇਹ ਸਭ ਮੇਰੇ ਦੁਆਰਾ ਨਿੱਜੀ ਤੌਰ ’ਤੇ ਕੀਤਾ ਗਿਆ ਸੀ। ਜੋ ਮੈਂ ਤੁਹਾਡੇ ਤੋਂ ਮੰਗਦਾ ਹਾਂ ਉਹ ਬਹੁਤ ਜ਼ਿਆਦਾ ਨਹੀਂ, ਕਿਉਂਕਿ ਮੈਂ ਤੁਹਾਨੂੰ ਬਹੁਤ ਕੁਝ ਦਿੱਤਾ ਹੈ, ਅਤੇ ਤੁਸੀਂ ਮੇਰੇ ਵਿੱਚ ਬਹੁਤ ਕੁਝ ਦੇਖਿਆ ਹੈ। ਇਸ ਲਈ, ਮੈਂ ਤੁਹਾਨੂੰ ਪਿਛਲੇ ਯੁਗਾਂ ਦੇ ਸੰਤਾਂ ਅੱਗੇ ਮੇਰੇ ਲਈ ਗਵਾਹੀ ਦੇਣ ਲਈ ਕਹਿੰਦਾ ਹਾਂ, ਅਤੇ ਮੇਰੇ ਦਿਲ ਦੀ ਕੇਵਲ ਇਹੀ ਇੱਛਾ ਹੈ।

ਮੇਰੇ ਲਈ ਸਭ ਤੋਂ ਪਹਿਲਾਂ ਗਵਾਹੀ ਮੇਰੇ ਪਿਤਾ ਨੇ ਦਿੱਤੀ ਸੀ, ਪਰ ਮੈਂ ਵਡੇਰੀ ਵਡਿਆਈ ਪ੍ਰਾਪਤ ਕਰਨੀ ਚਾਹੁੰਦਾ ਹਾਂ, ਅਤੇ ਸ੍ਰਿਸ਼ਟੀ ਦੇ ਪ੍ਰਾਣੀਆਂ ਦੇ ਮੂੰਹੋਂ ਗਵਾਹੀ ਦੇ ਸ਼ਬਦ ਸੁਣਨ ਦੀ ਇੱਛਾ ਰੱਖਦਾ ਹਾਂ—ਇਸ ਲਈ ਮੈਂ ਆਪਣਾ ਸਭ ਕੁਝ ਤੁਹਾਨੂੰ ਦੇ ਰਿਹਾ ਹਾਂ, ਤਾਂ ਜੋ ਤੁਸੀਂ ਮੇਰੇ ਕੰਮ ਨੂੰ ਮਨੁੱਖਾਂ ਦਰਮਿਆਨ ਅੰਤਿਮ ਪੜਾਅ ਤੱਕ ਲੈ ਕੇ ਜਾਣ ਦਾ ਆਪਣਾ ਫਰਜ਼ ਪੂਰਾ ਕਰ ਸਕੋ। ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਕਿਉਂ ਕਰਦੇ ਹੋ; ਜੇ ਤੁਸੀਂ ਕੇਵਲ ਮੇਰਾ ਸਿਖਾਂਦਰੂ ਜਾਂ ਮੇਰਾ ਰੋਗੀ ਬਣਨਾ ਚਾਹੁੰਦੇ ਹੋ, ਜਾਂ ਸਵਰਗ ਵਿੱਚ ਮੇਰੇ ਸੰਤਾਂ ਵਿੱਚੋਂ ਇੱਕ ਬਣਨਾ ਚਾਹੁੰਦੇ ਹੋ, ਤਾਂ ਤੁਹਾਡਾ ਮੇਰੇ ਪਿੱਛੇ ਲੱਗਣਾ ਵਿਅਰਥ ਹੋਵੇਗਾ। ਇਸ ਤਰਾਂ ਮੇਰੇ ਪਿੱਛੇ ਲੱਗਣਾ ਕੇਵਲ ਊਰਜਾ ਦੀ ਬਰਬਾਦੀ ਹੋਵੇਗੀ; ਮੇਰੇ ਵਿੱਚ ਇਸ ਤਰਾਂ ਦਾ ਵਿਸ਼ਵਾਸ ਕਰਨਾ ਕੇਵਲ ਆਪਣੇ ਸਮੇਂ ਅਤੇ ਜਵਾਨੀ ਦੀ ਬਰਬਾਦੀ ਹੋਵੇਗੀ। ਅਤੇ ਅੰਤ ਵਿੱਚ, ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਕੀ ਇਹ ਵਿਅਰਥ ਦੀ ਮਿਹਨਤ ਨਹੀਂ ਹੋਵੇਗੀ? ਮੈਂ ਬਹੁਤ ਸਮਾਂ ਪਹਿਲਾਂ ਯਹੂਦੀਆਂ ਤੋਂ ਵੱਖ ਹੋ ਗਿਆ ਹਾਂ ਅਤੇ ਹੁਣ ਮੈਂ ਮਨੁੱਖ ਦਾ ਹਕੀਮ ਨਹੀਂ ਹਾਂ ਅਤੇ ਨਾ ਹੀ ਮਨੁੱਖ ਲਈ ਕੋਈ ਦਵਾਈ। ਮੈਂ ਹੁਣ ਮਨੁੱਖ ਲਈ ਭਾਰ ਢੋਣ ਵਾਲਾ ਜਾਨਵਰ ਨਹੀਂ ਹਾਂ ਜਿਸ ਨੂੰ ਉਹ ਆਪਣੀ ਮਰਜ਼ੀ ਨਾਲ ਚਲਾਈ ਫਿਰੇ ਜਾਂ ਵੱਢ ਦੇਵੇ; ਸਗੋਂ, ਮੈਂ ਮਨੁੱਖਾਂ ਵਿਚਕਾਰ ਨਿਆਉਂ ਅਤੇ ਤਾੜਣਾ ਕਰਨ ਲਈ ਆਇਆ ਹਾਂ ਤਾਂ ਜੋ ਮਨੁੱਖ ਮੈਨੂੰ ਜਾਣ ਸਕੇ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਕ ਵਾਰ ਮੁਕਤੀ ਦਾ ਕੰਮ ਕੀਤਾ ਸੀ; ਮੈਂ ਇਕ ਵਾਰ ਯਿਸੂ ਸੀ, ਪਰ ਮੈਂ ਯਿਸੂ ਸਦਾ ਲਈ ਨਹੀਂ ਰਹਿ ਸਕਿਆ, ਜਿਵੇਂ ਕਿ ਮੈਂ ਇਕ ਵਾਰ ਯਹੋਵਾਹ ਸੀ ਪਰ ਬਾਅਦ ਵਿਚ ਯਿਸੂ ਬਣ ਗਿਆ। ਮੈਂ ਮਨੁੱਖਜਾਤੀ ਦਾ ਪਰਮੇਸ਼ੁਰ, ਸ੍ਰਿਸ਼ਟੀ ਦਾ ਮਾਲਕ ਹਾਂ, ਪਰ ਮੈਂ ਸਦਾ ਯਿਸੂ ਜਾਂ ਯਹੋਵਾਹ ਨਹੀਂ ਰਹਿ ਸਕਦਾ। ਮੈਂ ਉਹ ਹੋਇਆ ਹਾਂ ਜਿਸਨੂੰ ਮਨੁੱਖ ਇੱਕ ਹਕੀਮ ਸਮਝਦਾ ਹੈ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਪਰਮੇਸ਼ੁਰ ਮਨੁੱਖਜਾਤੀ ਲਈ ਕੇਵਲ ਇੱਕ ਹਕੀਮ ਹੈ। ਇਸ ਲਈ, ਜੇਕਰ ਤੂੰ ਮੇਰੇ ਵਿੱਚ ਵਿਸ਼ਵਾਸ ਬਾਰੇ ਆਪਣੇ ਪੁਰਾਣੇ ਵਿਚਾਰ ਹੀ ਰੱਖੇਂਗਾ, ਤਾਂ ਤੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਕੋਈ ਫ਼ਰਕ ਨਹੀਂ ਪੈਂਦਾ ਕਿ ਤੂੰ ਅੱਜ ਮੇਰੀ ਕਿਵੇਂ ਪ੍ਰਸ਼ੰਸਾ ਕਰਦਾ ਹੈਂ: “ਪਰਮੇਸ਼ੁਰ ਮਨੁੱਖ ਨਾਲ ਕਿੰਨਾ ਪਿਆਰ ਕਰਦਾ ਹੈ; ਉਹ ਮੈਨੂੰ ਨਰੋਇਆ ਕਰਦਾ ਹੈ ਅਤੇ ਮੈਨੂੰ ਅਸੀਸ, ਸ਼ਾਂਤੀ ਅਤੇ ਖੁਸ਼ੀ ਦਿੰਦਾ ਹੈ। ਪਰਮੇਸ਼ੁਰ ਮਨੁੱਖ ਲਈ ਕਿੰਨਾ ਚੰਗਾ ਹੈ; ਜੇ ਅਸੀਂ ਉਸ ਵਿੱਚ ਕੇਵਲ ਵਿਸ਼ਵਾਸ ਕਰਦੇ ਹਾਂ, ਤਦ ਸਾਨੂੰ ਧਨ-ਦੌਲਤ ਬਾਰੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ...,” ਮੈਂ ਅਜੇ ਵੀ ਆਪਣੇ ਮੂਲ ਕੰਮ ਵਿੱਚ ਵਿਘਨ ਨਹੀਂ ਪਾ ਸਕਦਾ। ਜੇ ਤੂੰ ਅੱਜ ਮੇਰੇ ਵਿੱਚ ਵਿਸ਼ਵਾਸ ਕਰਦਾ ਹੈਂ, ਤਾਂ ਤੂੰ ਕੇਵਲ ਮੇਰੀ ਵਡਿਆਈ ਪ੍ਰਾਪਤ ਕਰੇਂਗਾ ਅਤੇ ਮੇਰੀ ਗਵਾਹੀ ਦੇਣ ਦੇ ਯੋਗ ਹੋਵੇਂਗਾ, ਅਤੇ ਹੋਰ ਸਭ ਕੁਝ ਦੂਜੇ ਨੰਬਰ ’ਤੇ ਹੋਵੇਗਾ। ਇਹ ਤੈਨੂੰ ਸਪਸ਼ਟ ਤੌਰ ’ਤੇ ਪਤਾ ਹੋਣਾ ਚਾਹੀਦਾ ਹੈ।

ਹੁਣ ਕੀ ਤੂੰ ਸੱਚਮੁੱਚ ਜਾਣਦਾ ਹੈਂ ਕਿ ਤੂੰ ਮੇਰੇ ਵਿੱਚ ਵਿਸ਼ਵਾਸ ਕਿਉਂ ਕਰਦਾ ਹੈਂ? ਕੀ ਤੂੰ ਮੇਰੇ ਕੰਮ ਦੇ ਉਦੇਸ਼ ਅਤੇ ਮਹੱਤਵ ਨੂੰ ਸੱਚਮੁੱਚ ਜਾਣਦਾ ਹੈਂ? ਕੀ ਤੂੰ ਸੱਚਮੁੱਚ ਆਪਣੇ ਫਰਜ਼ ਬਾਰੇ ਜਾਣਦਾ ਹੈਂ? ਕੀ ਤੂੰ ਸੱਚਮੁੱਚ ਮੇਰੀ ਗਵਾਹੀ ਨੂੰ ਜਾਣਦਾ ਹੈਂ? ਜੇ ਤੂੰ ਮੇਰੇ ਵਿੱਚ ਕੇਵਲ ਵਿਸ਼ਵਾਸ ਕਰਦਾ ਹੈਂ, ਪਰ ਫਿਰ ਵੀ ਤੇਰੇ ਅੰਦਰ ਮੇਰੀ ਮਹਿਮਾ ਜਾਂ ਗਵਾਹੀ ਦੀ ਕੋਈ ਨਿਸ਼ਾਨੀ ਨਹੀਂ ਹੈ, ਤਾਂ ਮੈਂ ਤੈਨੂੰ ਬਹੁਤ ਸਮਾਂ ਪਹਿਲਾਂ ਕੱਢ ਦਿੱਤਾ ਹੈ। ਜਿੱਥੋਂ ਤੱਕ ਇਹ ਸਭ ਕੁਝ ਜਾਣਨ ਵਾਲਿਆਂ ਦੀ ਗੱਲ ਹੈ, ਉਹ ਮੇਰੀ ਅੱਖ ਅਤੇ ਮੇਰੇ ਘਰ ਵਿੱਚ ਹੋਰ ਵੀ ਕੰਡੇ ਹਨ, ਉਹ ਮੇਰੇ ਰਾਹ ਵਿਚ ਰੁਕਾਵਟਾਂ ਤੋਂ ਇਲਾਵਾ ਕੁਝ ਵੀ ਨਹੀਂ ਹਨ, ਉਹ ਮੇਰੇ ਕੰਮ ਵਿਚ ਕੇਵਲ ਫੂਸੜ ਹਨ ਜਿਸਨੂੰ ਪੂਰੀ ਤਰ੍ਹਾਂ ਛੰਡਿਆ ਜਾਣਾ ਹੈ, ਉਨ੍ਹਾਂ ਦਾ ਕੋਈ ਲਾਭ ਨਹੀਂ ਹੈ, ਉਹ ਵਿਅਰਥ ਹਨ, ਅਤੇ ਮੈਂ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ। ਮੇਰਾ ਗੁੱਸਾ ਅਕਸਰ ਉਨ੍ਹਾਂ ਸਾਰਿਆਂ ਉੱਤੇ ਡਿਗਦਾ ਹੈ ਜੋ ਗਵਾਹੀ ਤੋਂ ਵਾਂਝੇ ਹੁੰਦੇ ਹਨ, ਅਤੇ ਮੇਰਾ ਡੰਡਾ ਉਨ੍ਹਾਂ ਤੋਂ ਕਦੇ ਵੀ ਦੂਰ ਨਹੀਂ ਹੁੰਦਾ। ਮੈਂ ਬਹੁਤ ਸਮਾਂ ਪਹਿਲਾਂ ਉਨ੍ਹਾਂ ਨੂੰ ਦੁਸ਼ਟ ਦੇ ਹੱਥਾਂ ਵਿੱਚ ਸੌਂਪ ਚੁੱਕਾ ਹਾਂ; ਉਹ ਮੇਰੀਆਂ ਅਸੀਸਾਂ ਤੋਂ ਸੱਖਣੇ ਹਨ। ਜਦੋਂ ਦਿਨ ਆਵੇਗਾ, ਉਨ੍ਹਾਂ ਦੀ ਤਾੜਨਾ ਮੂਰਖ ਔਰਤਾਂ ਨਾਲੋਂ ਵੀ ਵਧੇਰੇ ਦੁਖਦਾਈ ਹੋਵੇਗੀ। ਅੱਜ ਮੈਂ ਸਿਰਫ਼ ਉਹੀ ਕੰਮ ਕਰਦਾ ਹਾਂ ਜਿਸਨੂੰ ਕਰਨਾ ਮੇਰਾ ਫਰਜ਼ ਹੈ; ਮੈਂ ਸਾਰੀ ਕਣਕ ਨੂੰ ਫੂਸੜ ਸਮੇਤ ਪੰਡਾਂ ਵਿੱਚ ਬੰਨ੍ਹ ਲਵਾਂਗਾ। ਇਹ ਅੱਜ ਮੇਰਾ ਕੰਮ ਹੈ। ਮੇਰੇ ਛੰਡਣ ਦੇ ਸਮੇਂ ਉਸ ਫੂਸੜ ਨੂੰ ਛੰਡ ਦਿੱਤਾ ਜਾਵੇਗਾ, ਫਿਰ ਕਣਕ ਦੇ ਦਾਣੇ ਭੰਡਾਰ ਵਿੱਚ ਇਕੱਠੇ ਕੀਤੇ ਜਾਣਗੇ, ਅਤੇ ਛੰਡੇ ਹੋਏ ਫੂਸੜ ਨੂੰ ਅੱਗ ਵਿੱਚ ਸਾੜ ਕੇ ਸੁਆਹ ਕਰ ਦਿੱਤਾ ਜਾਵੇਗਾ। ਇਸ ਸਮੇਂ ਮੇਰਾ ਕੰਮ ਸਾਰੇ ਮਨੁੱਖਾਂ ਨੂੰ ਕੇਵਲ ਪੰਡਾਂ ਵਿੱਚ ਬੰਨ੍ਹਣਾ ਹੈ; ਭਾਵ, ਉਨ੍ਹਾਂ ਨੂੰ ਪੂਰੀ ਤਰ੍ਹਾਂ ਜਿੱਤਣਾ ਹੈ। ਫਿਰ ਮੈਂ ਸਾਰੇ ਮਨੁੱਖਾਂ ਦਾ ਅੰਤ ਪਰਗਟ ਕਰਨ ਲਈ ਛੰਡਾਈ ਸ਼ੁਰੂ ਕਰ ਦੇਵਾਂਗਾ। ਅਤੇ ਇਸ ਲਈ ਤੈਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਹੁਣ ਤੂੰ ਮੈਨੂੰ ਕਿਵੇਂ ਸੰਤੁਸ਼ਟ ਕਰਨਾ ਹੈ, ਅਤੇ ਤੂੰ ਮੇਰੇ ਵਿੱਚ ਵਿਸ਼ਵਾਸ ਦੇ ਸਹੀ ਰਸਤੇ ’ਤੇ ਕਿਵੇਂ ਚੱਲਣਾ ਹੈ। ਹੁਣ ਜੋ ਮੈਂ ਚਾਹੁੰਦਾ ਹਾਂ ਉਹ ਤੁਹਾਡੀ ਵਫ਼ਾਦਾਰੀ ਅਤੇ ਆਗਿਆਕਾਰਤਾ ਹੈ, ਤੁਹਾਡਾ ਪਿਆਰ ਅਤੇ ਗਵਾਹੀ। ਭਾਵੇਂ ਤੂੰ ਇਸ ਸਮੇਂ ਇਹ ਨਹੀਂ ਵੀ ਜਾਣਦਾ ਕਿ ਗਵਾਹੀ ਕੀ ਹੁੰਦੀ ਹੈ ਜਾਂ ਪਿਆਰ ਕੀ ਹੈ, ਤੈਨੂੰ ਆਪਣਾ ਸਭ ਕੁਝ ਮੇਰੇ ਕੋਲ ਲਿਆਉਣਾ ਚਾਹੀਦਾ ਹੈ, ਅਤੇ ਜੋ ਵੀ ਤੇਰੇ ਖ਼ਜ਼ਾਨੇ ਹਨ ਉਹ ਸਭ ਮੈਨੂੰ ਅਰਪਣ ਕਰ ਦੇਣੇ ਚਾਹੀਦੇ ਹਨ: ਤੇਰੀ ਵਫ਼ਾਦਾਰੀ ਅਤੇ ਆਗਿਆਕਾਰਤਾ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਦੁਆਰਾ ਸ਼ਤਾਨ ਨੂੰ ਹਰਾਏ ਜਾਣ ਦੀ ਗਵਾਹੀ ਮਨੁੱਖ ਦੀ ਵਫ਼ਾਦਾਰੀ ਅਤੇ ਆਗਿਆਕਾਰਤਾ ਵਿੱਚ ਹੈ, ਜਿਵੇਂ ਕਿ ਮਨੁੱਖ ਉੱਪਰ ਮੇਰੀ ਮੁਕੰਮਲ ਜਿੱਤ ਦੀ ਗਵਾਹੀ। ਮੇਰੇ ਵਿੱਚ ਤੇਰੇ ਵਿਸ਼ਵਾਸ ਦਾ ਫਰਜ਼ ਮੇਰੀ ਗਵਾਹੀ ਦੇਣਾ ਹੈ, ਮੇਰੇ ਪ੍ਰਤੀ ਵਫ਼ਾਦਾਰ ਹੋਣਾ ਹੈ ਅਤੇ ਹੋਰ ਕੁਝ ਨਹੀਂ, ਅਤੇ ਅਖੀਰ ਤੱਕ ਆਗਿਆਕਾਰੀ ਬਣ ਕੇ ਰਹਿਣਾ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਕੰਮ ਦਾ ਅਗਲਾ ਕਦਮ ਸ਼ੁਰੂ ਕਰਾਂ, ਤੂੰ ਮੇਰੇ ਬਾਰੇ ਗਵਾਹੀ ਕਿਵੇਂ ਦੇਵੇਂਗਾ? ਤੂੰ ਮੇਰਾ ਵਫ਼ਾਦਾਰ ਅਤੇ ਆਗਿਆਕਾਰੀ ਕਿਵੇਂ ਹੋਵੇਂਗਾ? ਕੀ ਤੂੰ ਆਪਣੀ ਸਾਰੀ ਵਫ਼ਾਦਾਰੀ ਆਪਣੇ ਕਾਰਜ ਪ੍ਰਤੀ ਸਮਰਪਿਤ ਕਰਦਾ ਹੈਂ, ਜਾਂ ਕੀ ਤੂੰ ਕੇਵਲ ਹਾਰ ਮੰਨ ਲਵੇਂਗਾ? ਕੀ ਤੂੰ ਮੇਰੇ ਹਰ ਪ੍ਰਬੰਧ ਦੇ ਅਧੀਨ ਹੋ ਜਾਵੇਂਗਾ (ਭਾਵੇਂ ਇਹ ਮੌਤ ਜਾਂ ਤਬਾਹੀ ਹੀ ਕਿਉਂ ਨਾ ਹੋਵੇ), ਜਾਂ ਮੇਰੀ ਤਾੜਨਾ ਤੋਂ ਬਚਣ ਲਈ ਅੱਧ-ਵਿਚਕਾਰ ਹੀ ਭੱਜ ਜਾਵੇਂਗਾ? ਮੈਂ ਤੇਰੀ ਇਸ ਲਈ ਤਾੜਨਾ ਕਰਦਾ ਹਾਂ ਤਾਂ ਜੋ ਤੂੰ ਮੇਰੇ ਬਾਰੇ ਗਵਾਹੀ ਦੇ ਸਕੇਂ, ਅਤੇ ਮੇਰੇ ਪ੍ਰਤੀ ਵਫ਼ਾਦਾਰ ਅਤੇ ਆਗਿਆਕਾਰ ਬਣ ਸਕੇਂ। ਇਸ ਤੋਂ ਵੀ ਵੱਧ, ਵਰਤਮਾਨ ਤਾੜਨਾ ਮੇਰੇ ਕੰਮ ਦੇ ਅਗਲੇ ਪੜਾਅ ਨੂੰ ਖੋਲ੍ਹਣਾ ਹੈ ਅਤੇ ਕੰਮ ਨੂੰ ਨਿਰਵਿਘਨ ਜਾਰੀ ਰੱਖਣ ਦੇਣਾ ਹੈ। ਇਸ ਲਈ, ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਤੂੰ ਬੁੱਧੀਮਾਨ ਬਣ ਅਤੇ ਨਾ ਤਾਂ ਆਪਣੇ ਜੀਵਨ ਨੂੰ ਅਤੇ ਨਾ ਹੀ ਆਪਣੀ ਹੋਂਦ ਦੀ ਮਹੱਤਤਾ ਨੂੰ ਬੇਕਾਰ ਰੇਤ ਸਮਝ। ਕੀ ਤੂੰ ਜਾਣ ਸਕਦਾ ਹੈਂ ਕਿ ਮੇਰਾ ਆਉਣ ਵਾਲਾ ਕੰਮ ਦਰਅਸਲ ਕਿਹੋ ਜਿਹਾ ਹੋਵੇਗਾ? ਕੀ ਤੂੰ ਜਾਣਦਾ ਹੈਂ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਕਿਵੇਂ ਕੰਮ ਕਰਾਂਗਾ, ਅਤੇ ਮੇਰਾ ਕੰਮ ਕਿਵੇਂ ਪਰਗਟ ਹੋਵੇਗਾ? ਤੈਨੂੰ ਮੇਰੇ ਕੰਮ ਦੇ ਤੇਰੇ ਅਨੁਭਵ ਅਤੇ ਇਸ ਤੋਂ ਵੀ ਵੱਧ, ਮੇਰੇ ਵਿੱਚ ਤੇਰੇ ਵਿਸ਼ਵਾਸ ਦੀ ਮਹੱਤਤਾ ਬਾਰੇ ਪਤਾ ਹੋਣਾ ਚਾਹੀਦਾ ਹੈ। ਮੈਂ ਏਨਾ ਕੁਝ ਕੀਤਾ ਹੈ; ਜਿਵੇਂ ਤੂੰ ਕਲਪਨਾ ਕਰਦਾ ਹੈਂ, ਮੈਂ ਅੱਧ ਵਿਚਕਾਰ ਕਿਵੇਂ ਛੱਡ ਸਕਦਾ ਹਾਂ? ਮੈਂ ਇੰਨਾ ਵਿਸ਼ਾਲ ਕੰਮ ਕੀਤਾ ਹੈ; ਮੈਂ ਇਸ ਨੂੰ ਕਿਵੇਂ ਨਸ਼ਟ ਕਰ ਸਕਦਾ ਹਾਂ? ਦਰਅਸਲ, ਮੈਂ ਇਸ ਯੁਗ ਦਾ ਅੰਤ ਕਰਨ ਲਈ ਆਇਆ ਹਾਂ। ਇਹ ਸੱਚ ਹੈ, ਪਰ ਇਸ ਤੋਂ ਵੀ ਵੱਧ ਤੈਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇੱਕ ਨਵਾਂ ਯੁਗ ਸ਼ੁਰੂ ਕਰਨਾ ਹੈ, ਨਵਾਂ ਕੰਮ ਸ਼ੁਰੂ ਕਰਨਾ ਹੈ, ਅਤੇ ਸਭ ਤੋਂ ਵੱਧ, ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੈ। ਇਸ ਲਈ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਰਤਮਾਨ ਕੰਮ ਕੇਵਲ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰਨ ਲਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਖੁਸ਼ਖਬਰੀ ਦੇ ਪ੍ਰਚਾਰ ਦੀ ਨੀਂਹ ਰੱਖਣ ਅਤੇ ਭਵਿੱਖ ਵਿੱਚ ਯੁੱਗ ਦਾ ਅੰਤ ਕਰਨ ਲਈ ਹੈ। ਮੇਰਾ ਕੰਮ ਇੰਨਾ ਸੌਖਾ ਨਹੀਂ ਹੈ ਜਿੰਨਾ ਤੂੰ ਸੋਚਦਾ ਹੈਂ, ਨਾ ਹੀ ਇਹ ਏਨਾ ਬੇਕਾਰ ਜਾਂ ਅਰਥਹੀਣ ਹੈ ਜਿੰਨਾ ਤੂੰ ਸ਼ਾਇਦ ਵਿਸ਼ਵਾਸ ਕਰਦਾ ਹੈਂ। ਇਸ ਲਈ, ਮੈਂ ਅਜੇ ਵੀ ਤੈਨੂੰ ਇਹ ਜ਼ਰੂਰ ਕਹਿਣਾ ਹੈ: ਤੈਨੂੰ ਮੇਰੇ ਕੰਮ ਲਈ ਆਪਣਾ ਜੀਵਨ ਦੇਣਾ ਚਾਹੀਦਾ ਹੈ, ਅਤੇ ਇਸ ਤੋਂ ਵੱਧ, ਤੈਨੂੰ ਮੇਰੀ ਮਹਿਮਾ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਮੈਂ ਬਹੁਤ ਲੰਮੇ ਸਮੇਂ ਤੋਂ ਤੇਰੀ ਮੇਰੇ ਬਾਰੇ ਗਵਾਹੀ ਦੇਣ ਲਈ ਤਰਸ ਰਿਹਾ ਹਾਂ, ਅਤੇ ਉਸ ਤੋਂ ਵੀ ਲੰਮੇ ਸਮੇਂ ਤੋਂ ਮੈਂ ਤੇਰੇ ਦੁਆਰਾ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਤਰਸ ਰਿਹਾ ਹਾਂ। ਤੈਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੇਰੇ ਦਿਲ ਵਿੱਚ ਕੀ ਹੈ।

ਪਿਛਲਾ: ਅਸਲ ਇਨਸਾਨ ਹੋਣ ਦਾ ਕੀ ਅਰਥ ਹੈ

ਅਗਲਾ: ਜਦੋਂ ਡਿੱਗਦੇ ਪੱਤੇ ਆਪਣੀਆਂ ਜੜ੍ਹਾਂ ’ਤੇ ਵਾਪਸ ਪਰਤਦੇ ਹਨ, ਤੂੰ ਆਪਣੀਆਂ ਕੀਤੀਆਂ ਸਾਰੀਆਂ ਬੁਰਾਈਆਂ ਦਾ ਪਛਾਤਾਵਾ ਕਰੇਂਗਾ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ