ਪਰਮੇਸ਼ੁਰ ਸਾਰੀ ਸ੍ਰਿਸ਼ਟੀ ਦਾ ਪ੍ਰਭੂ ਹੈ
ਪਿਛਲੇ ਦੋ ਯੁਗਾਂ ਵਿੱਚ ਕੰਮ ਦਾ ਇੱਕ ਪੜਾਅ ਇਸਰਾਏਲ ਵਿੱਚ ਪੂਰਾ ਕੀਤਾ ਗਿਆ ਸੀ, ਅਤੇ ਇੱਕ ਯਹੂਦਿਯਾ ਵਿੱਚ ਕੀਤਾ ਗਿਆ ਸੀ। ਜੇ ਦੇਖਿਆ ਜਾਵੇ ਤਾਂ, ਇਸ ਕੰਮ ਦਾ ਕੋਈ ਵੀ ਪੜਾਅ ਇਸਰਾਏਲ ਤੋਂ ਬਾਹਰ ਨਹੀਂ ਗਿਆ, ਅਤੇ ਹਰੇਕ ਕੰਮ ਨੂੰ ਪਹਿਲੇ ਚੁਣੇ ਹੋਏ ਲੋਕਾਂ ਉੱਤੇ ਸਰੰਜਾਮ ਦਿੱਤਾ ਗਿਆ ਸੀ। ਸਿੱਟੇ ਵਜੋਂ, ਇਸਰਾਏਲੀ ਮੰਨਦੇ ਹਨ ਕਿ ਯਹੋਵਾਹ ਪਰਮੇਸ਼ੁਰ ਸਿਰਫ਼ ਇਸਰਾਏਲੀਆਂ ਦਾ ਹੀ ਪਰਮੇਸ਼ੁਰ ਹੈ। ਕਿਉਂਕਿ ਯਿਸੂ ਯਹੂਦਿਯਾ ਵਿੱਚ ਕੰਮ ਕਰਦਾ ਸੀ, ਜਿੱਥੇ ਉਸਨੇ ਸਲੀਬੀ ਮੌਤ ਦਾ ਕੰਮ ਸਰੰਜਾਮ ਦਿੱਤਾ, ਯਹੂਦੀ ਉਸਨੂੰ ਯਹੂਦੀ ਲੋਕਾਂ ਦੇ ਮੁਕਤੀਦਾਤਾ ਦੇ ਰੂਪ ਵਿੱਚ ਵੇਖਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਉਹ ਹੋਰਨਾਂ ਲੋਕਾਂ ਦਾ ਨਹੀਂ ਸਿਰਫ਼ ਯਹੂਦੀਆਂ ਦਾ ਰਾਜਾ ਹੈ; ਮਤਲਬ ਕਿ ਇਹ ਉਹ ਪ੍ਰਭੂ ਨਹੀਂ ਹੈ ਜੋ ਬਰਤਾਨਵੀਆਂ ਨੂੰ ਮੁਕਤੀ ਦਿੰਦਾ ਹੈ, ਨਾ ਹੀ ਉਹ ਪ੍ਰਭੂ ਜੋ ਅਮਰੀਕੀਆਂ ਨੂੰ ਮੁਕਤੀ ਦਿੰਦਾ ਹੈ, ਪਰ ਉਹ ਪ੍ਰਭੂ ਹੈ ਜੋ ਇਸਰਾਏਲੀਆਂ ਨੂੰ ਮੁਕਤੀ ਦਿੰਦਾ ਹੈ; ਅਤੇ ਇਹ ਕਿ ਉਸ ਨੇ ਯਹੂਦੀਆਂ ਨੂੰ ਇਸਰਾਏਲ ਵਿੱਚ ਮੁਕਤੀ ਦਿਵਾਈ ਸੀ। ਅਸਲ ਵਿੱਚ, ਪਰਮੇਸ਼ੁਰ ਸਭ ਕੁਝ ਦਾ ਮਾਲਕ ਹੈ। ਉਹ ਸਾਰੀ ਸ੍ਰਿਸ਼ਟੀ ਦਾ ਪਰਮੇਸ਼ੁਰ ਹੈ। ਉਹ ਸਿਰਫ ਇਸਰਾਏਲੀਆਂ ਦਾ ਜਾਂ ਸਿਰਫ ਯਹੂਦੀਆਂ ਦਾ ਹੀ ਪਰਮੇਸ਼ੁਰ ਨਹੀਂ ਹੈ; ਉਹ ਸਾਰੀ ਸਰਿਸ਼ਟੀ ਦਾ ਪਰਮੇਸ਼ੁਰ ਹੈ। ਉਸਦੇ ਕੰਮ ਦੇ ਪਿਛਲੇ ਦੋ ਪੜਾਅ ਇਸਰਾਏਲ ਵਿੱਚ ਕੀਤੇ ਗਏ ਸਨ, ਜਿਸਨੇ ਲੋਕਾਂ ਵਿੱਚ ਖਾਸ ਕਿਸਮ ਦੇ ਵਿਚਾਰ ਬਣਾ ਦਿੱਤੇ ਹਨ। ਉਹ ਮੰਨਦੇ ਹਨ ਕਿ ਯਹੋਵਾਹ ਨੇ ਇਸਰਾਏਲ ਵਿੱਚ ਆਪਣਾ ਕੰਮ ਕੀਤਾ, ਅਤੇ ਇਹ ਕਿ ਯਿਸੂ ਨੇ ਵੀ ਉਸਦੇ ਕੰਮ ਨੂੰ ਯਹੂਦਿਯਾ ਵਿੱਚ ਸਰੰਜਾਮ ਦਿੱਤਾ, ਅਤੇ, ਇਸ ਤੋਂ ਇਲਾਵਾ, ਇਹ ਕਿ ਉਸਨੇ ਕੰਮ ਲਈ ਦੇਹਧਾਰਣ ਕੀਤਾ—ਅਤੇ ਕਿਸੇ ਵੀ ਸੂਰਤ ਵਿੱਚ, ਇਹ ਕੰਮ ਇਸਰਾਏਲ ਦੇ ਬਾਹਰ ਅੱਗੇ ਨਹੀਂ ਵਧਿਆ। ਪਰਮੇਸ਼ੁਰ ਨੇ ਮਿਸਰੀਆਂ ਜਾਂ ਭਾਰਤੀਆਂ ਵਿੱਚ ਕੋਈ ਕੰਮ ਨਹੀਂ ਕੀਤਾ; ਉਸਨੇ ਸਿਰਫ਼ ਇਸਰਾਏਲੀਆਂ ਵਿੱਚ ਹੀ ਕੰਮ ਕੀਤਾ। ਇਸ ਤਰ੍ਹਾਂ, ਲੋਕ ਵੱਖੋ-ਵੱਖ ਵਿਚਾਰ ਬਣਾਉਂਦੇ ਹਨ, ਅਤੇ ਪਰਮੇਸ਼ੁਰ ਦੇ ਕੰਮ ਨੂੰ ਇੱਕ ਖਾਸ ਕਾਰਜ ਖੇਤਰ ਵਿੱਚ ਉਲੀਕਦੇ ਹਨ। ਉਹ ਕਹਿੰਦੇ ਹਨ ਕਿ ਜਦੋਂ ਪਰਮੇਸ਼ੁਰ ਕੰਮ ਕਰਦਾ ਹੈ ਤਾਂ ਉਸਨੂੰ ਇਹ ਚੁਣੇ ਹੋਏ ਲੋਕਾਂ ਦੇ ਦਰਮਿਆਨ ਕਰਨਾ ਚਾਹੀਦਾ ਹੈ, ਅਤੇ ਇਸਰਾਏਲ ਵਿੱਚ ਕਰਨਾ ਚਾਹੀਦਾ ਹੈ; ਇਸਰਾਏਲੀਆਂ ਨੂੰ ਛੱਡ ਕੇ, ਪਰਮੇਸ਼ੁਰ ਕਿਸੇ ਹੋਰ ’ਤੇ ਕੰਮ ਨਹੀਂ ਕਰਦਾ, ਨਾ ਹੀ ਉਸਦੇ ਕੰਮ ਦਾ ਕੋਈ ਵੱਡਾ ਕਾਰਜ ਖੇਤਰ ਹੈ। ਖਾਸ ਕਰਕੇ ਜਦੋਂ ਗੱਲ ਪਰਮੇਸ਼ੁਰ ਦੇ ਦੇਹਧਾਰਣ ਬਾਰੇ ਹੁੰਦੀ ਹੈ ਤਾਂ ਇਹ ਹੋਰ ਵੀ ਸਖ਼ਤ ਹੋ ਜਾਂਦੇ ਹਨ, ਅਤੇ ਉਸਨੂੰ ਇਸਰਾਏਲ ਦੀ ਹੱਦ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ। ਕੀ ਇਹ ਸਾਰੇ ਸਿਰਫ਼ ਮਨੁੱਖੀ ਵਿਚਾਰ ਨਹੀਂ ਹਨ? ਪਰਮੇਸ਼ੁਰ ਨੇ ਸਾਰੇ ਅਕਾਸ਼ਾਂ, ਧਰਤੀ ਅਤੇ ਸਾਰੀਆਂ ਚੀਜ਼ਾਂ ਦੀ ਸਿਰਜਨਾ ਕੀਤੀ ਹੈ, ਉਸ ਨੇ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੈ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਆਪਣੇ ਕੰਮ ਨੂੰ ਸਿਰਫ਼ ਇਸਰਾਏਲ ਤੱਕ ਸੀਮਤ ਰੱਖੇ? ਜੇਕਰ ਇਹੀ ਗੱਲ ਹੁੰਦੀ ਤਾਂ ਉਹ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕਿਉਂ ਕਰਦਾ? ਉਸਨੇ ਸਾਰੇ ਸੰਸਾਰ ਦੀ ਸਿਰਜਨਾ ਕੀਤੀ ਹੈ, ਅਤੇ ਉਸਨੇ ਆਪਣੀ ਛੇ-ਹਜ਼ਾਰ ਸਾਲਾ ਪ੍ਰਬੰਧਨ ਯੋਜਨਾ ਨੂੰ ਸਿਰਫ਼ ਇਸਰਾਏਲ ਵਿੱਚ ਹੀ ਨਹੀਂ ਬਲਕਿ ਪੂਰੇ ਜਹਾਨ ਦੇ ਹਰੇਕ ਵਿਅਕਤੀ ਉੱਪਰ ਸਰੰਜਾਮ ਦਿੱਤਾ। ਸਾਰੇ ਵਿਅਕਤੀ ਆਦਮ ਦੇ ਵੰਸ਼ਜ ਹਨ, ਚਾਹੇ ਉਹ ਚੀਨ, ਸੰਯੁਕਤ ਰਾਜ, ਬਰਤਾਨੀਆ ਜਾਂ ਰੂਸ ਵਿੱਚ ਰਹਿੰਦੇ ਹੋਣ; ਉਹ ਸਾਰੇ ਪਰਮੇਸ਼ੁਰ ਦੁਆਰਾ ਬਣਾਏ ਗਏ ਹਨ। ਉਹਨਾਂ ਵਿੱਚੋਂ ਕੋਈ ਵੀ ਉਸਦੀ ਸ੍ਰਿਸ਼ਟੀ ਦੀ ਹੱਦ ਤੋਂ ਬਾਹਰ ਨਹੀਂ ਜਾ ਸਕਦਾ ਅਤੇ ਉਹਨਾਂ ਵਿੱਚੋਂ ਕੋਈ ਵੀ ਆਪਣੇ ਆਪ ਨੂੰ “ਆਦਮ ਦਾ ਵੰਸ਼ਜ” ਹੋਣ ਦੀ ਛਾਪ ਤੋਂ ਅੱਡ ਨਹੀਂ ਕਰ ਸਕਦਾ। ਉਹ ਸਾਰੇ ਪਰਮੇਸ਼ੁਰ ਦੇ ਜੀਵ ਹਨ, ਉਹ ਸਾਰੇ ਆਦਮ ਦੀ ਔਲਾਦ ਹਨ, ਅਤੇ ਉਹ ਸਾਰੇ ਆਦਮ ਅਤੇ ਹੱਵਾਹ ਦੇ ਭ੍ਰਿਸ਼ਟ ਵੰਸ਼ਜ ਵੀ ਹਨ। ਸਿਰਫ਼ ਇਸਰਾਏਲੀ ਹੀ ਪਰਮੇਸ਼ੁਰ ਦੀ ਸਿਰਜਨਾ ਨਹੀਂ ਹਨ ਬਲਕਿ ਸਾਰੇ ਲੋਕ ਹਨ, ਗੱਲ ਬੱਸ ਏਨੀ ਹੀ ਹੈ ਕਿ ਕੁਝ ਨੂੰ ਸਰਾਪ ਦਿੱਤੇ ਗਏ ਹਨ, ਤੇ ਕੁਝ ਨੂੰ ਅਸੀਸ ਦਿੱਤੀ ਗਈ ਹੈ। ਇਸਰਾਏਲੀਆਂ ਦੇ ਬਾਰੇ ਵਿੱਚ ਕਈ ਸੁਖਾਵੀਆਂ ਚੀਜ਼ਾਂ ਹਨ; ਸ਼ੁਰੂ ਵਿੱਚ ਪਰਮੇਸ਼ੁਰ ਨੇ ਉਹਨਾਂ ਉੱਤੇ ਕੰਮ ਕੀਤਾ ਕਿਉਂਕਿ ਉਹ ਸਭ ਤੋਂ ਘੱਟ ਭ੍ਰਿਸ਼ਟ ਸਨ। ਚੀਨੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਬਲਕਿ ਇਹ ਉਹਨਾਂ ਦੇ ਮੁਕਾਬਲੇ ਕਾਫ਼ੀ ਨੀਵੇਂ ਦਰਜੇ ਦੇ ਹਨ। ਇਸ ਕਰਕੇ ਪਰਮੇਸ਼ੁਰ ਨੇ ਸ਼ੁਰੂ ਵਿੱਚ ਇਸਰਾਏਲ ਦੇ ਲੋਕਾਂ ਦੇ ਦਰਮਿਆਨ ਕੰਮ ਕੀਤਾ, ਅਤੇ ਇਸਦੇ ਦੂਜੇ ਪੜਾਅ ਨੂੰ ਸਿਰਫ਼ ਯਹੂਦਿਯਾ ਵਿੱਚ ਸਰੰਜਾਮ ਦਿੱਤਾ ਗਿਆ—ਜਿਸ ਕਾਰਨ ਮਨੁੱਖਾਂ ਵਿੱਚ ਬਹੁਤ ਸਾਰੇ ਵਿਚਾਰ ਅਤੇ ਨਿਯਮ ਹੋਂਦ ਵਿੱਚ ਆਏ। ਅਸਲ ਵਿੱਚ, ਜੇ ਪਰਮੇਸ਼ੁਰ ਨੇ ਮਨੁੱਖੀ ਵਿਚਾਰਾਂ ਦੇ ਅਨੁਸਾਰ ਕੰਮ ਕਰਨਾ ਹੁੰਦਾ ਤਾਂ ਉਸਨੇ ਸਿਰਫ਼ ਇਸਰਾਏਲੀਆਂ ਦਾ ਪਰਮੇਸ਼ੁਰ ਹੋਣਾ ਸੀ, ਅਤੇ ਇਸ ਕਾਰਨ ਉਹ ਆਪਣਾ ਕੰਮ ਗੈਰ-ਯਹੂਦੀ ਮੁਲਕਾਂ ਵਿੱਚ ਫੈਲਾਉਣ ਦੇ ਕਾਬਲ ਨਾ ਹੋ ਪਾਉਂਦਾ, ਕਿਉਂਕਿ ਉਹ ਸਿਰਫ਼-ਇਸਰਾਏਲੀਆਂ ਦਾ ਪਰਮੇਸ਼ੁਰ ਹੁੰਦਾ ਅਤੇ ਸਾਰੀ ਸ੍ਰਿਸ਼ਟੀ ਦਾ ਪਰਮੇਸ਼ੁਰ ਨਾ ਹੁੰਦਾ। ਅਗੰਮ ਵਾਕ ਕਹਿੰਦੇ ਹਨ ਕਿ ਯਹੋਵਾਹ ਦਾ ਨਾਂ ਏਨਾ ਵਡਿਆਇਆ ਜਾਵੇਗਾ ਕਿ ਇਹ ਗੈਰ-ਯਹੂਦੀ ਮੁਲਕਾਂ ਵਿੱਚ ਫੈਲ ਜਾਵੇਗਾ। ਇਹ ਅਗੰਮ ਵਾਕ ਕਿਉਂ ਦਿੱਤਾ ਗਿਆ? ਜੇ ਪਰਮੇਸ਼ੁਰ ਸਿਰਫ਼ ਇਸਰਾਏਲੀਆਂ ਦਾ ਪਰਮੇਸ਼ੁਰ ਹੁੰਦਾ ਤਾਂ ਉਹ ਸਿਰਫ਼ ਇਸਰਾਏਲ ਵਿੱਚ ਕੰਮ ਕਰਦਾ। ਇਸਦੇ ਇਲਾਵਾ ਉਹ ਇਸ ਕੰਮ ਨੂੰ ਨਾ ਫੈਲਾਉਂਦਾ ਅਤੇ ਉਹ ਇਹ ਅਗੰਮ ਵਾਕ ਨਾ ਦਿੰਦਾ। ਹੁਣ ਜਦਕਿ ਉਸਨੇ ਇਹ ਅਗੰਮ ਵਾਕ ਦੇ ਦਿੱਤਾ ਹੈ, ਉਹ ਆਪਣੇ ਕੰਮ ਨੂੰ ਗੈਰ-ਯਹੂਦੀ ਮੁਲਕਾਂ ਵਿੱਚ, ਹਰ ਮੁਲਕ ਵਿੱਚ ਅਤੇ ਸਾਰੇ ਇਲਾਕਿਆਂ ਵਿੱਚ ਜ਼ਰੂਰ ਹੀ ਵਧਾਵੇਗਾ। ਹੁਣ ਜਦ ਉਸਨੇ ਕਹਿ ਦਿੱਤਾ ਹੈ, ਉਹ ਜ਼ਰੂਰ ਹੀ ਕਰੇਗਾ; ਇਹ ਉਸਦੀ ਯੋਜਨਾ ਹੈ, ਕਿਉਂਕਿ ਇਹ ਉਹ ਪ੍ਰਭੂ ਹੈ ਜਿਸਨੇ ਅਕਾਸ਼, ਧਰਤੀ ਅਤੇ ਸਾਰੀਆਂ ਚੀਜ਼ਾਂ ਦੀ ਸਿਰਜਨਾ ਕੀਤੀ ਹੈ, ਅਤੇ ਇਹ ਸਾਰੀ ਸ੍ਰਿਸ਼ਟੀ ਦਾ ਪਰਮੇਸ਼ੁਰ ਹੈ। ਭਾਵੇਂ ਉਹ ਇਸਰਾਏਲੀਆਂ ਦੇ ਦਰਮਿਆਨ ਕੰਮ ਕਰੇ ਜਾਂ ਪੂਰੇ ਯਹੂਦਿਯਾ ਵਿੱਚ, ਜੋ ਕੰਮ ਉਹ ਕਰ ਰਿਹਾ ਹੈ ਉਹ ਸਾਰੇ ਜਹਾਨ ਦਾ ਕੰਮ ਹੈ ਅਤੇ ਸਾਰੀ ਮਨੁੱਖਜਾਤੀ ਦਾ ਕੰਮ ਹੈ। ਅੱਜ ਜੋ ਕੰਮ ਉਹ ਲਾਲ ਅਜਗਰ ਦੀ ਧਰਤੀ—ਇੱਕ ਗੈਰ-ਯਹੂਦੀ ਮੁਲਕ ਵਿੱਚ—ਉੱਪਰ ਕਰਦਾ ਹੈ ਉਹ ਅਜੇ ਵੀ ਪੂਰੀ ਮਨੁੱਖਜਾਤੀ ਦਾ ਕੰਮ ਹੈ। ਇਸਰਾਏਲ ਦੀ ਧਰਤੀ ਉਸਦੇ ਧਰਤੀ ਉੱਪਰ ਹੋਣ ਵਾਲੇ ਕੰਮ ਦਾ ਆਧਾਰ ਬਣ ਸਕਦੀ ਹੈ; ਇਸੇ ਤਰ੍ਹਾਂ ਗੈਰ-ਯਹੂਦੀ ਮੁਲਕਾਂ ਵਿੱਚ ਉਸਦੇ ਕੰਮ ਲਈ ਚੀਨ ਵੀ ਆਧਾਰ ਬਣ ਸਕਦਾ ਹੈ। ਕੀ ਉਸਨੇ ਹੁਣ ਇਹ ਅਗੰਮ ਵਾਕ—“ਯਹੋਵਾਹ ਦਾ ਨਾਂ ਗੈਰ-ਯਹੂਦੀ ਮੁਲਕਾਂ ਵਿੱਚ ਵਡਿਆਇਆ ਜਾਵੇਗਾ” ਨੂੰ ਪੂਰਾ ਨਹੀਂ ਕੀਤਾ ਹੈ? ਗੈਰ-ਯਹੂਦੀ ਮੁਲਕਾਂ ਵਿਚਲੇ ਉਸਦੇ ਕੰਮ ਦਾ ਪਹਿਲਾ ਕਦਮ ਇਹ ਕੰਮ ਹੈ ਜੋ ਕਿ ਉਹ ਵੱਡੇ ਲਾਲ ਅਜਗਰ ਦੇ ਮੁਲਕ ਵਿੱਚ ਕਰਦਾ ਹੈ। ਇਹ ਗੱਲ ਮਨੁੱਖੀ ਵਿਚਾਰਾਂ ਦੇ ਵਿਰੁੱਧ ਜਾਪਦੀ ਹੈ ਕਿ ਦੇਹਧਾਰੀ ਪਰਮੇਸ਼ੁਰ ਨੂੰ ਇਸ ਧਰਤੀ ਉੱਤੇ ਅਤੇ ਇਹਨਾਂ ਸਰਾਪੇ ਲੋਕਾਂ ਦੇ ਦਰਮਿਆਨ ਕੰਮ ਕਰਨਾ ਚਾਹੀਦਾ ਹੈ, ਇਸਦੀ ਖਾਸ ਤੌਰ ਤੇ ਮਨੁੱਖੀ ਵਿਚਾਰਾਂ ਨਾਲ ਮੁਖ਼ਾਲਫ਼ਤ ਹੈ; ਇਹ ਸਾਰਿਆਂ ਵਿੱਚ ਸਭ ਤੋਂ ਨੀਵੇਂ ਦਰਜੇ ਦੇ ਹਨ, ਇਹਨਾਂ ਦਾ ਕੋਈ ਮੁੱਲ ਨਹੀਂ, ਅਤੇ ਸ਼ੁਰੂ ਵਿੱਚ ਇਹ ਯਹੋਵਾਹ ਦੁਆਰਾ ਤਿਆਗ ਦਿੱਤੇ ਗਏ ਸਨ। ਲੋਕਾਂ ਨੂੰ ਹੋਰਾਂ ਲੋਕਾਂ ਦੁਆਰਾ ਤਿਆਗਿਆ ਜਾ ਸਕਦਾ ਹੈ, ਪਰ ਜੇਕਰ ਉਹਨਾਂ ਨੂੰ ਪਰਮੇਸ਼ੁਰ ਦੁਆਰਾ ਤਿਆਗ ਦਿੱਤਾ ਜਾਵੇ ਤਾਂ ਕੋਈ ਹੋਰ ਉਹਨਾਂ ਤੋਂ ਜ਼ਿਆਦਾ ਰੁਤਬੇ ਤੋਂ ਵਾਂਝਾ ਨਹੀਂ ਹੋ ਸਕਦਾ, ਕੋਈ ਹੋਰ ਉਹਨਾਂ ਤੋਂ ਜ਼ਿਆਦਾ ਘੱਟ ਮੁੱਲ ਦਾ ਨਹੀਂ ਹੋ ਸਕਦਾ। ਪਰਮੇਸ਼ੁਰ ਦੇ ਜੀਵ ਲਈ, ਸ਼ਤਾਨ ਦੇ ਕਬਜ਼ੇ ਵਿੱਚ ਹੋਣਾ ਅਤੇ ਲੋਕਾਂ ਦੁਆਰਾ ਤਿਆਗੇ ਜਾਣਾ ਸਭ ਤੋਂ ਜ਼ਿਆਦਾ ਤਕਲੀਫ਼ਦੇਹ ਹੁੰਦਾ ਹੈ—ਪਰ ਇੱਕ ਜੀਵ ਲਈ ਸਿਰਜਣਹਾਰ ਦੁਆਰਾ ਤਿਆਗੇ ਜਾਣ ਨਾਲੋਂ ਜ਼ਿਆਦਾ ਨੀਵਾਂ ਰੁਤਬਾ ਕੋਈ ਹੋਰ ਨਹੀਂ ਹੋ ਸਕਦਾ। ਮੋਆਬ ਦੇ ਵੰਸ਼ਜਾਂ ਨੂੰ ਸਰਾਪ ਮਿਲਿਆ ਸੀ, ਅਤੇ ਉਹ ਇਸ ਪੱਛੜੇ ਹੋਏ ਮੁਲਕ ਵਿੱਚ ਪੈਦਾ ਹੋਏ ਸਨ, ਬਿਨਾ ਸ਼ੱਕ, ਹਨੇਰੇ ਦੇ ਪ੍ਰਭਾਵ ਹੇਠ ਆਉਣ ਵਾਲੇ ਲੋਕਾਂ ਵਿੱਚੋਂ ਮੋਆਬ ਦੇ ਵੰਸ਼ਜਾਂ ਦਾ ਸਭ ਤੋਂ ਨੀਵਾਂ ਦਰਜਾ ਹੈ। ਕਿਉਂਕਿ ਉਹ ਪਹਿਲਾਂ ਤੋਂ ਹੀ ਸਭ ਤੋਂ ਹੇਠਲੇ ਦਰਜੇ ਉੱਤੇ ਸਨ, ਉਹਨਾਂ ਉੱਤੇ ਕੀਤਾ ਗਿਆ ਕੰਮ ਮਨੁੱਖੀ ਵਿਚਾਰਾਂ ਨੂੰ ਖੇਰੂੰ-ਖੇਰੂੰ ਕਰਨ ਦਾ ਸਭ ਤੋਂ ਯੋਗ ਤਰੀਕਾ ਹੈ, ਅਤੇ ਪਰਮੇਸ਼ੁਰ ਦੀ ਛੇ-ਹਜ਼ਾਰ ਸਾਲਾ ਪ੍ਰਬੰਧਨ ਯੋਜਨਾ ਲਈ ਸਭ ਤੋਂ ਵੱਧ ਫ਼ਾਇਦੇਮੰਦ ਹੈ। ਇਹਨਾਂ ਲੋਕਾਂ ਦਰਮਿਆਨ ਅਜਿਹਾ ਕੰਮ ਕਰਨਾ, ਮਨੁੱਖੀ ਵਿਚਾਰਾਂ ਦੀਆਂ ਧੱਜੀਆਂ ਉਡਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਅਤੇ ਇਸ ਨਾਲ ਪਰਮੇਸ਼ੁਰ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰਦਾ ਹੈ; ਇਸ ਨਾਲ ਉਹ ਸਾਰੇ ਮਨੁੱਖੀ ਵਿਚਾਰਾਂ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ; ਇਸ ਨਾਲ ਉਹ ਕਿਰਪਾ ਦੇ ਯੁਗ ਦੇ ਸਾਰੇ ਕੰਮ ਦਾ ਅੰਤ ਕਰਦਾ ਹੈ। ਉਸਦਾ ਪਹਿਲਾ ਕੰਮ, ਇਸਰਾਏਲ ਦੀ ਹੱਦ ਅੰਦਰ, ਯਹੂਦਿਯਾ ਵਿੱਚ ਕੀਤਾ ਗਿਆ ਸੀ; ਗੈਰ-ਯਹੂਦੀ ਮੁਲਕਾਂ ਵਿੱਚ ਉਸਨੇ ਨਵੇਂ ਯੁਗ ਦੀ ਸ਼ੁਰੂਆਤ ਲਈ ਕੋਈ ਕੰਮ ਨਹੀਂ ਕੀਤਾ ਸੀ। ਕੰਮ ਦਾ ਆਖਰੀ ਪੜਾਅ ਸਿਰਫ਼ ਗੈਰ-ਯਹੂਦੀ ਮੁਲਕਾਂ ਵਿੱਚ ਹੀ ਨਹੀਂ ਕੀਤਾ ਜਾਂਦਾ ਹੈ ਬਲਕਿ ਇੱਥੋਂ ਤੱਕ ਕਿ ਸਰਾਪੇ ਹੋਏ ਲੋਕਾਂ ਵਿੱਚ ਵੀ ਕੀਤਾ ਜਾਂਦਾ ਹੈ। ਇਹ ਤਰਕ ਸ਼ਤਾਨ ਨੂੰ ਸ਼ਰਮਿੰਦਾ ਕਰਨ ਦਾ ਸਭ ਤੋਂ ਵੱਡਾ ਸਬੂਤ ਹੈ, ਅਤੇ ਇਸ ਪ੍ਰਕਾਰ ਪਰਮੇਸ਼ੁਰ ਸਾਰੇ ਜਹਾਨ ਦੀ ਸਿਰਜਨਾ ਦਾ ਪਰਮੇਸ਼ੁਰ, ਸਾਰੀਆਂ ਚੀਜ਼ਾਂ ਦਾ ਪ੍ਰਭੂ, ਸਭ ਦੀ ਭਗਤੀ ਦਾ ਪਾਤਰ “ਬਣ” ਜਾਂਦਾ ਹੈ।
ਅੱਜ, ਕਈ ਲੋਕ ਅਜਿਹੇ ਹਨ ਜੋ ਅਜੇ ਵੀ ਨਹੀਂ ਸਮਝ ਸਕੇ ਕਿ ਪਰਮੇਸ਼ੁਰ ਦਾ ਨਵਾਂ ਕੰਮ ਸ਼ੁਰੂ ਹੋ ਚੁੱਕਾ ਹੈ। ਗੈਰ-ਯਹੂਦੀ ਮੁਲਕਾਂ ਦੇ ਦਰਮਿਆਨ, ਪਰਮੇਸ਼ੁਰ ਨੇ ਇੱਕ ਨਵੀਂ ਸ਼ੁਰੂਆਤ ਦਾ ਅਰੰਭ ਕੀਤਾ ਹੈ। ਉਸਨੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ, ਅਤੇ ਨਵੇਂ ਕੰਮ ਦਾ ਅਰੰਭ ਕੀਤਾ—ਅਤੇ ਉਹ ਇਹ ਕੰਮ ਮੋਆਬ ਦੇ ਵੰਸ਼ਜਾਂ ਉੱਪਰ ਸਰੰਜਾਮ ਦਿੰਦਾ ਹੈ। ਕੀ ਇਹ ਉਸਦਾ ਸਭ ਤੋਂ ਨਵਾਂ ਕੰਮ ਨਹੀਂ ਹੈ? ਕਿਸੇ ਨੇ ਵੀ ਸਮੁੱਚੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਇਸ ਕੰਮ ਦਾ ਅਨੁਭਵ ਨਹੀਂ ਕੀਤਾ ਹੈ। ਕਿਸੇ ਨੇ ਇਸ ਬਾਰੇ ਸੁਣਿਆ ਵੀ ਨਹੀਂ, ਇਸਦੀ ਕਦਰ ਕਰਨਾ ਤਾਂ ਦੂਰ ਦੀ ਗੱਲ ਹੈ। ਪਰਮੇਸ਼ੁਰ ਦੀ ਸਿਆਣਪ, ਪਰਮੇਸ਼ੁਰ ਦੀ ਕਰਾਮਾਤ, ਪਰਮੇਸ਼ੁਰ ਦੀ ਕਲਪਨਾਹੀਣਤਾ, ਪਰਮੇਸ਼ੁਰ ਦੀ ਮਹਾਨਤਾ, ਅਤੇ ਪਰਮੇਸ਼ੁਰ ਦੀ ਪਵਿੱਤਰਤਾ, ਇਹ ਸਭ ਕੁਝ, ਆਖਰੀ ਦਿਨਾਂ ਦੇ ਕੰਮ ਦੇ ਇਸ ਪੜਾਅ ਰਾਹੀਂ ਉਜਾਗਰ ਹੁੰਦੇ ਹਨ। ਕੀ ਇਹ ਨਵਾਂ ਕੰਮ ਨਹੀਂ ਹੈ, ਉਹ ਕੰਮ ਜੋ ਮਨੁੱਖੀ ਵਿਚਾਰਾਂ ਨੂੰ ਖੇਰੂੰ-ਖੇਰੂੰ ਕਰਦਾ ਹੈ? ਕਈ ਲੋਕ ਇਸ ਕਰਕੇ ਇਹ ਸੋਚਦੇ ਹਨ ਕਿ: “ਕਿਉਂਕਿ ਪਰਮੇਸ਼ੁਰ ਨੇ ਮੋਆਬ ਨੂੰ ਸਰਾਪ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਮੋਆਬ ਦੇ ਵੰਸ਼ਜਾਂ ਨੂੰ ਤਿਆਗ ਦੇਵੇਗਾ, ਤਾਂ ਫਿਰ ਹੁਣ ਉਹ ਇਹਨਾਂ ਨੂੰ ਕਿਵੇਂ ਬਚਾ ਸਕਦਾ ਹੈ?” ਇਹ ਗੈਰ-ਯਹੂਦੀ ਸਨ ਜਿਹਨਾਂ ਨੂੰ ਪਰਮੇਸ਼ੁਰ ਦੁਆਰਾ ਸਰਾਪ ਦਿੱਤਾ ਗਿਆ ਸੀ ਅਤੇ ਇਸਰਾਏਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ; ਇਸਰਾਏਲੀ ਇਹਨਾਂ ਨੂੰ “ਗੈਰ-ਯਹੂਦੀ ਕੁੱਤੇ” ਕਹਿੰਦੇ ਸਨ। ਹਰ ਕਿਸੇ ਦੇ ਅਨੁਸਾਰ, ਇਹ ਸਿਰਫ਼ ਗੈਰ-ਯਹੂਦੀ ਕੁੱਤੇ ਹੀ ਨਹੀਂ ਹਨ ਬਲਕਿ ਇਸ ਤੋਂ ਵੀ ਘਟੀਆ, ਇਹ ਤਬਾਹੀ ਦੇ ਪੁੱਤਰ ਹਨ; ਕਹਿਣ ਦਾ ਭਾਵ ਹੈ ਕਿ ਉਹ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਨਹੀਂ ਹਨ। ਭਾਵੇਂ ਉਹਨਾਂ ਦਾ ਜਨਮ ਇਸਰਾਏਲ ਦੀ ਹੱਦ ਅੰਦਰ ਹੋਇਆ, ਪਰ ਉਹਨਾਂ ਦਾ ਇਸਰਾਏਲ ਦੇ ਲੋਕਾਂ ਨਾਲ ਕੋਈ ਸੰਬੰਧ ਨਹੀਂ, ਅਤੇ ਉਹਨਾਂ ਨੂੰ ਗੈਰ-ਯਹੂਦੀ ਮੁਲਕਾਂ ਵਿੱਚੋਂ ਜਲਾਵਤਨ ਕੀਤਾ ਗਿਆ ਸੀ। ਉਹ ਲੋਕਾਂ ਵਿੱਚੋਂ ਸਭ ਤੋਂ ਨੀਵੇਂ ਦਰਜੇ ਦੇ ਹਨ। ਕਿਉਂਕਿ ਉਹ ਮਨੁੱਖਜਾਤੀ ਦੇ ਵਿੱਚ ਸਭ ਤੋਂ ਨੀਵੇਂ ਦਰਜੇ ਦੇ ਹਨ, ਇਸੇ ਕਰਕੇ ਉਨ੍ਹਾਂ ਵਿੱਚ ਪਰਮੇਸ਼ੁਰ ਨਵਾਂ ਯੁਗ ਸ਼ੁਰੂ ਕਰਨ ਦੇ ਕੰਮ ਨੂੰ ਪੂਰਾ ਕਰਦਾ ਹੈ, ਕਿਉਂਕਿ ਉਹ ਭ੍ਰਿਸ਼ਟ ਮਨੁੱਖਜਾਤੀ ਦੇ ਪ੍ਰਤਿਨਿਧੀ ਹਨ। ਪਰਮੇਸ਼ੁਰ ਦਾ ਕੰਮ ਚੋਣਵਾਂ ਅਤੇ ਕੇਂਦਰਿਤ ਹੈ; ਅਜਿਹਾ ਕੰਮ ਜੋ ਉਹ ਅੱਜ ਇਹਨਾਂ ਲੋਕਾਂ ’ਤੇ ਕਰਦਾ ਹੈ ਉਹ ਉਹੀ ਹੈ ਜੋ ਇਹ ਸ੍ਰਿਸ਼ਟੀ ਉੱਪਰ ਕਰਦਾ ਹੈ। ਨੂਹ ਪਰਮੇਸ਼ਰ ਦਾ ਪ੍ਰਾਣੀ ਸੀ, ਉਵੇਂ ਹੀ ਜਿਵੇਂ ਉਸਦੇ ਵੰਸ਼ਜ ਹਨ। ਇਸ ਸੰਸਾਰ ਵਿੱਚ ਜੋ ਵੀ ਦੇਹ ਅਤੇ ਖ਼ੂਨ ਨਾਲ ਬਣਦੇ ਹਨ ਉਹ ਪਰਮੇਸ਼ੁਰ ਦੇ ਜੀਵ ਹਨ। ਪਰਮੇਸ਼ੁਰ ਦਾ ਕੰਮ ਸਾਰੀ ਸ੍ਰਿਸ਼ਟੀ ਵੱਲ ਨਿਰਦੇਸ਼ਿਤ ਹੈ; ਇਹ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਸਿਰਜਨਾ ਤੋਂ ਬਾਅਦ ਕਿਸੇ ਨੂੰ ਸਰਾਪ ਮਿਲਿਆ ਹੈ ਜਾਂ ਨਹੀਂ। ਉਸਦੇ ਪ੍ਰਬੰਧਨ ਦਾ ਕੰਮ ਸਾਰੀ ਸ੍ਰਿਸ਼ਟੀ ਵੱਲ ਨਿਰਦੇਸ਼ਿਤ ਹੁੰਦਾ ਹੈ, ਨਾ ਕਿ ਕੇਵਲ ਉਹਨਾਂ ਚੁਣੇ ਹੋਏ ਲੋਕਾਂ ਵੱਲ ਜਿਹਨਾਂ ਨੂੰ ਸਰਾਪ ਨਹੀਂ ਮਿਲਿਆ ਹੈ। ਕਿਉਂਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਆਪਣਾ ਕੰਮ ਸ੍ਰਿਸ਼ਟੀ ਉੱਪਰ ਕਰੇ, ਉਹ ਨਿਸ਼ਚੇ ਹੀ ਇਸਨੂੰ ਸਫਲਤਾਪੂਰਵਕ ਪੂਰਾ ਕਰ ਲਵੇਗਾ, ਅਤੇ ਉਹ ਉਹਨਾਂ ਲੋਕਾਂ ਦੇ ਦਰਮਿਆਨ ਕੰਮ ਕਰੇਗਾ ਜੋ ਉਸਦੇ ਕੰਮ ਲਈ ਫ਼ਾਇਦੇਮੰਦ ਹਨ। ਇਸ ਲਈ ਜਦੋਂ ਉਹ ਲੋਕਾਂ ਦੇ ਦਰਮਿਆਨ ਕੰਮ ਕਰਦਾ ਹੈ ਤਾਂ ਉਹ ਸਾਰੀਆਂ ਪਰੰਪਰਾਵਾਂ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ; ਉਸ ਲਈ, “ਸਰਾਪੇ,” “ਸੁਧਾਰੇ,” ਅਤੇ “ਵਡਭਾਗੇ” ਵਰਗੇ ਲਫ਼ਜ਼ ਅਰਥਹੀਣ ਹਨ! ਯਹੂਦੀ ਲੋਕ ਚੰਗੇ ਹਨ, ਉਵੇਂ ਹੀ ਜਿਵੇਂ ਇਸਰਾਏਲ ਦੇ ਚੁਣੇ ਹੋਏ ਲੋਕ ਹਨ; ਉਹ ਵਧੀਆ ਹੈਸੀਅਤ ਅਤੇ ਮਾਨਵਤਾ ਦੇ ਲੋਕ ਹਨ। ਸ਼ੁਰੂ ਵਿੱਚ, ਯਹੋਵਾਹ ਨੇ ਇਹਨਾਂ ਦੇ ਦਰਮਿਆਨ ਆਪਣਾ ਕੰਮ ਸ਼ੁਰੂ ਕੀਤਾ ਅਤੇ ਆਪਣਾ ਸਭ ਤੋਂ ਪਹਿਲਾ ਕੰਮ ਕੀਤਾ—ਪਰ ਅੱਜ ਉਹਨਾਂ ਉੱਪਰ ਜਿੱਤ ਦੇ ਕੰਮ ਨੂੰ ਕਰਨਾ ਅਰਥਹੀਣ ਹੋਵੇਗਾ। ਉਹ ਵੀ ਸ੍ਰਿਸ਼ਟੀ ਦਾ ਹਿੱਸਾ ਹੋ ਸਕਦੇ ਹਨ, ਉਹਨਾਂ ਬਾਰੇ ਕਾਫ਼ੀ ਕੁਝ ਸਕਾਰਾਤਮਕ ਹੋ ਸਕਦਾ ਹੈ, ਪਰ ਉਹਨਾਂ ਦੇ ਦਰਮਿਆਨ ਇਸ ਪੜਾਅ ਦਾ ਕੰਮ ਕਰਨਾ ਨਿਰਾਰਥਕ ਹੋਵੇਗਾ; ਪਰਮੇਸ਼ੁਰ ਇਹਨਾਂ ਲੋਕਾਂ ਨੂੰ ਜਿੱਤ ਨਹੀਂ ਸਕੇਗਾ, ਅਤੇ ਨਾ ਹੀ ਉਹ ਸਾਰੀ ਸ੍ਰਿਸ਼ਟੀ ਨੂੰ ਯਕੀਨ ਦਿਵਾ ਸਕੇਗਾ, ਉਸਦਾ ਵੱਡੇ ਲਾਲ ਅਜਗਰ ਦੇ ਮੁਲਕ ਦੇ ਇਹਨਾਂ ਲੋਕਾਂ ਉੱਤੇ ਕੰਮ ਕਰਨ ਦੇ ਪਿੱਛੇ ਇਹੀ ਕਾਰਨ ਹੈ। ਇੱਥੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਇੱਕ ਨਵੇਂ ਯੁਗ ਨੂੰ ਸ਼ੁਰੂ ਕਰ ਰਿਹਾ ਹੈ, ਸਾਰੇ ਨਿਯਮਾਂ ਅਤੇ ਸਾਰੇ ਮਨੁੱਖੀ ਵਿਚਾਰਾਂ ਦੀਆਂ ਧੱਜੀਆਂ ਉਡਾ ਰਿਹਾ ਹੈ ਅਤੇ ਕਿਰਪਾ ਦੇ ਸਾਰੇ ਯੁਗ ਦੇ ਕੰਮ ਦਾ ਅੰਤ ਕਰ ਰਿਹਾ ਹੈ। ਜੇਕਰ ਉਸਦਾ ਮੌਜੂਦਾ ਕੰਮ ਇਸਰਾਏਲੀਆਂ ਦੇ ਦਰਮਿਆਨ ਕੀਤਾ ਜਾਵੇ, ਤਾਂ ਜਿਸ ਸਮੇਂ ਤੱਕ ਉਸਦੇ ਛੇ-ਹਜ਼ਾਰ ਸਾਲਾ ਪ੍ਰਬੰਧਨ ਦਾ ਕੰਮ ਅੰਤ ਦੇ ਨੇੜੇ ਆਵੇਗਾ, ਹਰ ਕੋਈ ਇਹ ਵਿਸ਼ਵਾਸ ਕਰੇਗਾ ਕਿ ਪਰਮੇਸ਼ੁਰ ਸਿਰਫ਼ ਇਸਰਾਏਲੀਆਂ ਦਾ ਪਰਮੇਸ਼ੁਰ ਹੈ, ਕਿ ਸਿਰਫ਼ ਇਸਰਾਏਲੀ ਹੀ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹਨ, ਕਿ ਸਿਰਫ਼ ਇਸਰਾਏਲੀ ਹੀ ਪਰਮੇਸ਼ੁਰ ਦੀ ਅਸੀਸ ਅਤੇ ਵਾਅਦਾ ਪ੍ਰਾਪਤ ਕਰਨ ਦੇ ਲਾਇਕ ਹਨ। ਗੈਰ-ਯਹੂਦੀ ਕੌਮਾਂ ਦੇ ਵੱਡੇ ਲਾਲ ਅਜਗਰ ਦੇ ਮੁਲਕ ਵਿੱਚ ਆਖਰੀ ਦਿਨਾਂ ਵਿੱਚ ਪਰਮੇਸ਼ੁਰ ਦੇਹਧਾਰਣ ਦੁਆਰਾ ਆਪਣੇ ਕੰਮ ਨੂੰ ਸਾਰੀ ਸਰਿਸ਼ਟੀ ਦੇ ਪਰਮੇਸ਼ੁਰ ਦੇ ਰੂਪ ਵਿੱਚ ਪੂਰਾ ਕਰਦਾ ਹੈ। ਉਹ ਆਪਣੇ ਪ੍ਰਬੰਧਨ ਦੇ ਸਾਰੇ ਕੰਮ ਨੂੰ ਪੂਰਾ ਕਰਦਾ ਹੈ, ਅਤੇ ਆਪਣੇ ਕੰਮ ਦੇ ਕੇਂਦਰੀ ਹਿੱਸੇ ਦਾ ਅੰਤ ਵੱਡੇ ਲਾਲ ਅਜਗਰ ਦੇ ਮੁਲਕ ਵਿੱਚ ਕਰਦਾ ਹੈ। ਉਸਦੇ ਕੰਮ ਦੇ ਤਿੰਨ ਪੜਾਵਾਂ ਦਾ ਸਾਰ ਮਨੁੱਖ ਦੀ ਮੁਕਤੀ ਹੈ—ਭਾਵ, ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ੁਰ ਦੀ ਭਗਤੀ ਵਿੱਚ ਲਗਾਉਣਾ। ਇਸ ਤਰ੍ਹਾਂ ਕੰਮ ਦੇ ਹਰੇਕ ਪੜਾਅ ਦੇ ਬਹੁਤ ਵਧੀਆ ਅਰਥ ਹਨ; ਪਰਮੇਸ਼ੁਰ ਅਰਥ ਜਾਂ ਮੁੱਲ ਦੇ ਬਗੈਰ ਕੋਈ ਕੰਮ ਨਹੀਂ ਕਰਦਾ। ਇੱਕ ਪਾਸੇ ਇਹ ਪੜਾਅ ਪਿਛਲੇ ਦੋ ਯੁਗਾਂ ਦਾ ਅੰਤ ਕਰਕੇ ਇੱਕ ਨਵੇਂ ਯੁਗ ਦਾ ਅਰੰਭ ਕਰਦਾ ਹੈ; ਦੂਜੇ ਪਾਸੇ ਇਹ ਸਾਰੇ ਮਨੁੱਖੀ ਵਿਚਾਰਾਂ ਅਤੇ ਮਨੁੱਖੀ ਵਿਸ਼ਵਾਸਾਂ ਅਤੇ ਗਿਆਨ ਦੇ ਪੁਰਾਣੇ ਤਰੀਕਿਆਂ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ। ਪਿਛਲੇ ਦੋ ਪੜਾਵਾਂ ਦਾ ਕੰਮ ਵੱਖੋ-ਵੱਖ ਮਨੁੱਖੀ ਵਿਚਾਰਾਂ ਦੇ ਅਨੁਸਾਰ ਕੀਤਾ ਗਿਆ ਸੀ; ਹਾਲਾਂਕਿ, ਇਹ ਪੜਾਅ ਮਨੁੱਖੀ ਵਿਚਾਰਾਂ ਨੂੰ ਪੂਰੀ ਤਰ੍ਹਾਂ ਮਲੀਆਮੇਟ ਕਰ ਦਿੰਦਾ ਹੈ ਜਿਸ ਨਾਲ ਮਨੁੱਖਜਾਤੀ ਉੱਤੇ ਨਿਰੀ ਜਿੱਤ ਪਾਈ ਜਾਂਦੀ ਹੈ। ਪਰਮੇਸ਼ੁਰ ਮੋਆਬ ਦੇ ਵੰਸ਼ਜਾਂ ਨੂੰ ਜਿੱਤ ਕੇ ਅਤੇ ਮੋਆਬ ਦੇ ਵੰਸ਼ਜਾਂ ਉੱਤੇ ਕੰਮ ਕਰਕੇ, ਸਾਰੀ ਸ੍ਰਿਸ਼ਟੀ ਦੇ ਸਾਰੇ ਲੋਕਾਂ ਨੂੰ ਜਿੱਤ ਲਵੇਗਾ। ਇਹ ਉਸਦੇ ਕੰਮ ਦੇ ਇਸ ਪੜਾਅ ਦੀ ਸਭ ਤੋਂ ਡੂੰਘੀ ਮਹੱਤਤਾ ਹੈ। ਅਤੇ ਉਸਦੇ ਕੰਮ ਦੇ ਇਸ ਪੜਾਅ ਦਾ ਸਭ ਤੋਂ ਮਹੱਤਵਪੂਰਨ ਪੱਖ ਹੈ। ਭਾਵੇਂ ਤੂੰ ਜਾਣਦਾ ਹੈਂ ਕਿ ਤੇਰਾ ਰੁਤਬਾ ਬਹੁਤ ਨਿਮਰ ਹੈ ਅਤੇ ਤੇਰਾ ਮੁੱਲ ਬਹੁਤ ਘੱਟ ਹੈ ਫਿਰ ਵੀ ਤੂੰ ਇੰਝ ਮਹਿਸੂਸ ਕਰੇਂਗਾ ਜਿਵੇਂ ਤੈਨੂੰ ਸਭ ਤੋਂ ਅਨੰਦਮਈ ਚੀਜ਼ ਮਿਲ ਗਈ ਹੈ। ਤੈਨੂੰ ਇੱਕ ਮਹਾਨ ਅਸੀਸ ਮਿਲੀ ਹੈ, ਇੱਕ ਮਹਾਨ ਵਾਅਦਾ ਮਿਲਿਆ ਹੈ, ਅਤੇ ਤੂੰ ਪਰਮੇਸ਼ੁਰ ਦੇ ਕੰਮ ਨੂੰ ਸਿਰੇ ਚਾੜ੍ਹਨ ਵਿੱਚ ਸਹਾਇਤਾ ਕਰ ਸਕਦਾ ਹੈਂ। ਤੂੰ ਪਰਮੇਸ਼ੁਰ ਦਾ ਸੱਚਾ ਸਰੂਪ ਦੇਖ ਲਿਆ ਹੈ, ਤੂੰ ਪਰਮੇਸ਼ੁਰ ਦੇ ਸੁਭਾਵਕ ਸੁਭਾਉ ਨੂੰ ਜਾਣਦਾ ਹੈਂ, ਅਤੇ ਤੂੰ ਪਰਮੇਸ਼ੁਰ ਦੀ ਰਜ਼ਾ ਨੂੰ ਮੰਨਦਾ ਹੈਂ। ਪਰਮੇਸ਼ੁਰ ਦੇ ਕੰਮ ਦੇ ਪਿਛਲੇ ਦੋ ਪੜਾਅ ਇਸਰਾਏਲ ਵਿੱਚ ਪੂਰੇ ਕੀਤੇ ਗਏ ਸਨ। ਜੇਕਰ ਆਖਰੀ ਦਿਨਾਂ ਦੇ ਦੌਰਾਨ ਕੀਤੇ ਜਾਣ ਵਾਲੇ ਕੰਮ ਦਾ ਪੜਾਅ ਵੀ ਇਸਰਾਏਲੀਆਂ ਦੇ ਦਰਮਿਆਨ ਕੀਤਾ ਜਾਂਦਾ ਤਾਂ ਨਾ ਸਿਰਫ਼ ਸਾਰੀ ਸ੍ਰਿਸ਼ਟੀ ਇਹ ਮੰਨਦੀ ਕਿ ਕੇਵਲ ਇਸਰਾਏਲੀ ਹੀ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹਨ, ਬਲਕਿ ਪਰਮੇਸ਼ੁਰ ਦੀ ਸਾਰੀ ਪ੍ਰਬੰਧਨ ਦੀ ਯੋਜਨਾ ਲੋੜੀਂਦਾ ਅਸਰ ਪ੍ਰਾਪਤ ਕਰਨ ਵਿੱਚ ਅਸਫਲ ਹੋ ਜਾਂਦੀ। ਉਸ ਸਮੇਂ ਦੌਰਾਨ ਜਦੋਂ ਉਸਦੇ ਕੰਮ ਦੇ ਦੋ ਪੜਾਅ ਇਸਰਾਏਲ ਵਿੱਚ ਪੂਰੇ ਕੀਤੇ ਗਏ ਸਨ, ਤਦ ਨਾ ਤਾਂ ਕੋਈ ਕਾਰਜ ਅਤੇ ਨਾ ਹੀ ਨਵੇਂ ਯੁਗ ਦੇ ਅਰੰਭ ਦਾ ਕੰਮ ਗੈਰ-ਯਹੂਦੀ ਮੁਲਕਾਂ ਦੇ ਦਰਮਿਆਨ ਕੀਤਾ ਗਿਆ। ਕੰਮ ਦਾ ਅੱਜ ਦਾ ਪੜਾਅ—ਨਵਾਂ ਯੁਗ ਅਰੰਭਣ ਦਾ ਕੰਮ—ਪਹਿਲਾਂ ਗੈਰ-ਯਹੂਦੀ ਮੁਲਕਾਂ ਵਿੱਚ ਕੀਤਾ ਗਿਆ ਹੈ, ਅਤੇ ਇਸ ਤੋਂ ਇਲਾਵਾ ਸ਼ੁਰੂ ਵਿੱਚ ਮੋਆਬ ਦੇ ਵੰਸ਼ਜਾਂ ਵਿੱਚ ਕੀਤਾ ਗਿਆ, ਇਸ ਤਰ੍ਹਾਂ ਇਹ ਪੂਰੇ ਯੁਗ ਦਾ ਅਰੰਭ ਹੈ। ਪਰਮੇਸ਼ੁਰ ਨੇ ਮਨੁੱਖੀ ਵਿਚਾਰਾਂ ਵਿੱਚ ਸ਼ਾਮਲ ਗਿਆਨ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ ਅਤੇ ਉਸਦਾ ਕੋਈ ਵੀ ਅੰਸ਼ ਰਹਿਣ ਨਹੀਂ ਦਿੱਤਾ। ਜਿੱਤ ਦੇ ਉਸਦੇ ਕੰਮ ਵਿੱਚ ਉਸਨੇ ਪੁਰਾਣੇ ਅਤੇ ਮਨੁੱਖੀ ਗਿਆਨ ਦੇ ਪੁਰਾਤਨ ਤਰੀਕਿਆਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਉਹ ਲੋਕਾਂ ਨੂੰ ਦਿਖਾਉਂਦਾ ਹੈ ਕਿ ਪਰਮੇਸ਼ੁਰ ਤੇ ਕੋਈ ਨਿਯਮ ਲਾਗੂ ਨਹੀਂ ਹੁੰਦੇ, ਕਿ ਪਰਮੇਸ਼ੁਰ ਦੇ ਬਾਰੇ ਵਿੱਚ ਕੁਝ ਵੀ ਪੁਰਾਣਾ ਨਹੀਂ ਹੈ, ਅਤੇ ਉਸਦਾ ਕੰਮ ਪੂਰੀ ਤਰ੍ਹਾਂ ਮੁਕਤ, ਪੂਰੀ ਤਰ੍ਹਾਂ ਅਜ਼ਾਦ ਹੈ, ਅਤੇ ਉਹ ਆਪਣੇ ਕੰਮਾਂ ਵਿੱਚ ਸਹੀ ਹੈ। ਤੇਰਾ ਉਸਦੇ ਕੰਮ, ਜੋ ਉਹ ਸ੍ਰਿਸ਼ਟੀ ਵਿੱਚ ਕਰਦਾ ਹੈ, ਅੱਗੇ ਸਮੁੱਚੇ ਰੂਪ ਵਿੱਚ ਨਿਓਂਣਾ ਲਾਜ਼ਮੀ ਹੈ। ਉਸ ਦੁਆਰਾ ਕੀਤਾ ਗਿਆ ਹਰ ਕੰਮ ਅਰਥਪੂਰਣ ਹੈ ਅਤੇ ਇਹ ਉਹ ਆਪਣੀ ਮਰਜ਼ੀ ਅਤੇ ਸਿਆਣਪ ਨਾਲ ਕਰਦਾ ਹੈ, ਨਾ ਕਿ ਮਨੁੱਖੀ ਚੋਣਾਂ ਜਾਂ ਵਿਚਾਰਾਂ ਦੇ ਅਨੁਸਾਰ। ਜੇਕਰ ਉਸਦੇ ਕੰਮ ਵਿੱਚ ਕੋਈ ਫ਼ਾਇਦਾ ਹੁੰਦਾ ਹੈ ਤਾਂ ਇਹ ਉਹ ਕਰਦਾ ਹੈ; ਪਰ ਜੇਕਰ ਕੁਝ ਉਸਦੇ ਕੰਮ ਲਈ ਫਾਇਦੇਮੰਦ ਨਹੀਂ ਹੁੰਦਾ ਤਾਂ ਇਹ ਉਹ ਨਹੀਂ ਕਰਦਾ, ਭਾਵੇਂ ਇਹ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ! ਉਹ ਆਪਣੇ ਕੰਮ ਦੇ ਅਰਥ ਅਤੇ ਮੰਤਵ ਦੇ ਅਨੁਸਾਰ ਆਪਣੇ ਕੰਮ ਦੇ ਸਥਾਨ ਅਤੇ ਪ੍ਰਾਪਤਕਰਤਾਵਾਂ ਦੀ ਚੋਣ ਕਰਦਾ ਅਤੇ ਆਪਣਾ ਕੰਮ ਕਰਦਾ ਹੈ। ਜਦੋਂ ਉਹ ਕੰਮ ਕਰਦਾ ਹੈ ਤਾਂ ਉਹ ਨਾ ਤਾਂ ਅਤੀਤ ਦੇ ਨਿਯਮਾਂ ਨੂੰ ਮੰਨਦਾ ਹੈ ਅਤੇ ਨਾ ਹੀ ਪੁਰਾਣੇ ਸਮੀਕਰਨਾਂ ਦੀ ਪਾਲਣਾ ਕਰਦਾ ਹੈ। ਇਸ ਦੀ ਬਜਾਏ ਉਹ ਆਪਣੇ ਕੰਮ ਦੀ ਮਹੱਤਤਾ ਦੇ ਅਨੁਸਾਰ ਇਸਦੀ ਯੋਜਨਾ ਬਣਾਉਂਦਾ ਹੈ। ਆਖਰ ਵਿੱਚ, ਉਹ ਇੱਕ ਸੱਚਾ ਅਸਰ ਅਤੇ ਉਮੀਦ ਮੁਤਾਬਕ ਟੀਚਾ ਪਾ ਲਵੇਗਾ। ਅੱਜ ਜੇ ਤੂੰ ਉਸ ਦੀਆਂ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦਾ ਤਾਂ ਇਸ ਕੰਮ ਦਾ ਤੇਰੇ ਉੱਪਰ ਕੋਈ ਅਸਰ ਨਹੀਂ ਹੋਵੇਗਾ।