ਦੇਹਧਾਰੀ ਪਰਮੇਸ਼ੁਰ ਦੀ ਸੇਵਕਾਈ ਅਤੇ ਮਨੁੱਖ ਦੇ ਫ਼ਰਜ਼ ਦਰਮਿਆਨ ਅੰਤਰ

ਤੁਹਾਨੂੰ ਪਰਮੇਸ਼ੁਰ ਦੇ ਕੰਮ ਦੇ ਦਰਸ਼ਣਾਂ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ ਅਤੇ ਉਸ ਦੇ ਕੰਮ ਦੀ ਆਮ ਦਿਸ਼ਾ ਨੂੰ ਸਮਝਣਾ ਚਾਹੀਦਾ ਹੈ। ਇਹ ਸਕਾਰਾਤਮਕ ਪ੍ਰਵੇਸ਼ ਹੈ। ਇੱਕ ਵਾਰ ਤੂੰ ਸਟੀਕਤਾ ਨਾਲ ਦਰਸ਼ਣਾਂ ਦੀਆਂ ਸੱਚਾਈਆਂ ’ਤੇ ਮਹਾਰਤ ਪ੍ਰਾਪਤ ਕਰ ਲਈ, ਤਾਂ ਤੇਰਾ ਪ੍ਰਵੇਸ਼ ਪੱਕਾ ਹੋ ਜਾਏਗਾ; ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਰਮੇਸ਼ੁਰ ਦਾ ਕੰਮ ਕਿਵੇਂ ਬਦਲਦਾ ਹੈ, ਤੂੰ ਆਪਣੇ ਦਿਲ ਵਿੱਚ ਸਥਿਰ ਬਣਿਆ ਰਹੇਂਗਾ, ਆਪਣੇ ਦਰਸ਼ਣਾਂ ਬਾਰੇ ਸਪਸ਼ਟ ਰਹੇਂਗਾ, ਅਤੇ ਤੇਰੇ ਕੋਲ ਆਪਣੇ ਪ੍ਰਵੇਸ਼ ਅਤੇ ਤੇਰੀ ਖੋਜ ਲਈ ਟੀਚਾ ਹੋਏਗਾ। ਇਸ ਤਰ੍ਹਾਂ, ਤੇਰੇ ਅੰਦਰ ਦਾ ਸਾਰਾ ਅਨੁਭਵ ਅਤੇ ਗਿਆਨ ਹੋਰ ਗਹਿਰਾ ਹੋਏਗਾ ਅਤੇ ਹੋਰ ਵੀ ਵਿਸਤ੍ਰਿਤ ਬਣ ਜਾਏਗਾ। ਇੱਕ ਵਾਰ ਤੈਨੂੰ ਇਸ ਦੀ ਸਮੁੱਚੇ ਤੌਰ ’ਤੇ ਵਧੇਰੇ ਵੱਡੀ ਤਸਵੀਰ ਦੀ ਸਮਝ ਆ ਗਈ, ਤਾਂ ਤੂੰ ਜੀਵਨ ਵਿੱਚ ਕੋਈ ਨੁਕਸਾਨ ਨਹੀਂ ਉਠਾਏਂਗਾ, ਨਾ ਹੀ ਭਟਕੇਂਗਾ। ਜੇ ਤੂੰ ਕੰਮ ਦੇ ਇਨ੍ਹਾਂ ਕਦਮਾਂ ਬਾਰੇ ਨਹੀਂ ਜਾਣ ਲੈਂਦਾ ਹੈਂ, ਤਾਂ ਤੂੰ ਹਰੇਕ ਕਦਮ ’ਤੇ ਨੁਕਸਾਨ ਉਠਾਏਂਗਾ, ਅਤੇ ਤੇਰੇ ਅੰਦਰ ਸਿਰਫ਼ ਕੁਝ ਹੀ ਦਿਨਾਂ ਅੰਦਰ ਸੁਧਾਰ ਨਹੀਂ ਹੋ ਸਕੇਗਾ, ਇੱਥੋਂ ਤਕ ਕਿ ਤੂੰ ਕੁਝ ਹਫ਼ਤਿਆਂ ਵਿੱਚ ਵੀ ਸਹੀ ਰਾਹ ’ਤੇ ਚੱਲਣ ਦੇ ਯੋਗ ਨਹੀਂ ਹੋ ਸਕੇਂਗਾ। ਕੀ ਇਸ ਨਾਲ ਦੇਰੀ ਨਹੀਂ ਹੋਏਗੀ? ਸਕਾਰਾਤਮਕ ਪ੍ਰਵੇਸ਼ ਅਤੇ ਅਮਲ ਦੇ ਤਰੀਕੇ ਵਿੱਚ ਬਹੁਤ ਕੁਝ ਹੈ ਜਿਸ ਉੱਪਰ ਤੈਨੂੰ ਮਹਾਰਤ ਪ੍ਰਾਪਤ ਕਰਨੀ ਜ਼ਰੂਰੀ ਹੈ। ਪਰਮੇਸ਼ੁਰ ਦੇ ਕੰਮ ਦੇ ਦਰਸ਼ਣਾਂ ਦੇ ਸੰਬੰਧ ਵਿੱਚ, ਤੈਨੂੰ ਹੇਠਲੇ ਨੁਕਤਿਆਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ: ਉਸ ਦੇ ਜਿੱਤਣ ਦੇ ਕੰਮ ਦਾ ਮਹੱਤਵ, ਸੰਪੂਰਣ ਬਣਾਏ ਜਾਣ ਲਈ ਭਵਿੱਖ ਦਾ ਰਾਹ, ਪਰਤਾਵਿਆਂ ਅਤੇ ਕਸ਼ਟਾਂ ਦੇ ਅਨੁਭਵ ਰਾਹੀਂ ਕੀ ਹਾਸਲ ਕਰਨਾ ਜ਼ਰੂਰੀ ਹੈ, ਨਿਆਂ ਅਤੇ ਤਾੜਨਾ ਦਾ ਮਹੱਤਵ, ਪਵਿੱਤਰ ਆਤਮਾ ਦੇ ਕੰਮ ਦੇ ਸਿਧਾਂਤ ਅਤੇ ਸੰਪੂਰਣਤਾ ਅਤੇ ਜਿੱਤ ਦਾ ਸਿਧਾਂਤ। ਇਹ ਸਾਰੇ ਦਰਸ਼ਣਾਂ ਦੀ ਸੱਚਾਈ ਨਾਲ ਸੰਬੰਧਤ ਹਨ। ਬਾਕੀ ਸ਼ਰਾ ਦੇ ਯੁਗ, ਕਿਰਪਾ ਦੇ ਯੁਗ, ਅਤੇ ਰਾਜ ਦੇ ਯੁਗ ਦੇ ਕੰਮ ਦੇ ਤਿੰਨ ਪੜਾਅ, ਅਤੇ ਨਾਲ ਹੀ ਭਵਿੱਖ ਦੀ ਗਵਾਹੀ ਹੈ। ਇਹ ਵੀ, ਦਰਸ਼ਣਾਂ ਦੀਆਂ ਸੱਚਾਈਆਂ ਹਨ, ਅਤੇ ਉਹ ਸਭ ਤੋਂ ਵੱਧ ਮੌਲਿਕ ਹੋਣ ਦੇ ਨਾਲ ਨਾਲ ਸਭ ਤੋਂ ਮਹੱਤਵਪੂਰਣ ਹਨ। ਵਰਤਮਾਨ ਵਿੱਚ, ਤੁਹਾਡੇ ਕੋਲ ਬਹੁਤ ਕੁਝ ਹੈ ਜਿਸ ਵਿੱਚ ਤੁਹਾਨੂੰ ਪ੍ਰਵੇਸ਼ ਕਰਨਾ ਚਾਹੀਦਾ ਹੈ ਅਤੇ ਅਮਲ ਕਰਨਾ ਚਾਹੀਦਾ ਹੈ, ਅਤੇ ਇਹ ਸਭ ਹੁਣ ਬਹੁ-ਪੱਧਰੀ ਅਤੇ ਵਧੇਰੇ ਵਿਸਤ੍ਰਿਤ ਹੈ। ਜੇ ਤੇਰੇ ਕੋਲ ਇਨ੍ਹਾਂ ਸੱਚਾਈਆਂ ਦਾ ਗਿਆਨ ਨਹੀਂ ਹੈ, ਤਾਂ ਇਸ ਤੋਂ ਸਾਬਿਤ ਹੁੰਦਾ ਹੈ ਕਿ ਤੂੰ ਅਜੇ ਪ੍ਰਵੇਸ਼ ਪ੍ਰਾਪਤ ਕਰਨਾ ਹੈ। ਜ਼ਿਆਦਾਤਰ ਸਮੇਂ, ਮਨੁੱਖ ਦਾ ਸੱਚਾਈ ਬਾਰੇ ਗਿਆਨ ਇੰਨਾ ਸਤਹੀ ਹੁੰਦਾ ਹੈ; ਉਹ ਕੁਝ ਮੂਲ ਸੱਚਾਈਆਂ ਨੂੰ ਅਮਲ ਵਿੱਚ ਲਿਆਉਣ ਵਿੱਚ ਅਸਮਰਥ ਹੁੰਦੇ ਹਨ ਅਤੇ ਇੱਥੋਂ ਤਕ ਕਿ ਮਾਮੂਲੀ ਮਾਮਲਿਆਂ ਨੂੰ ਵੀ ਸੰਭਾਲਣਾ ਨਹੀਂ ਜਾਣਦੇ। ਲੋਕਾਂ ਦੇ ਸੱਚਾਈ ਨੂੰ ਅਮਲ ਵਿੱਚ ਲਿਆਉਣ ਵਿੱਚ ਅਸਮਰਥ ਹੋਣ ਦਾ ਕਾਰਣ ਉਨ੍ਹਾਂ ਦਾ ਵਿਦ੍ਰੋਹੀ ਸੁਭਾਅ ਹੈ, ਅਤੇ ਕਿਉਂਕਿ ਅੱਜ ਦੇ ਕੰਮ ਬਾਰੇ ਉਨ੍ਹਾਂ ਦਾ ਗਿਆਨ ਬਹੁਤ ਹੀ ਸਤਹੀ ਅਤੇ ਇਕਤਰਫ਼ਾ ਹੈ। ਇਸ ਤਰ੍ਹਾਂ, ਲੋਕਾਂ ਨੂੰ ਸੰਪੂਰਣ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈ। ਤੂੰ ਬਹੁਤ ਜ਼ਿਆਦਾ ਵਿਦ੍ਰੋਹੀ ਹੈਂ, ਅਤੇ ਤੂੰ ਆਪਣੀ ਪੁਰਾਣੀ ਹਉਮੇ ਨੂੰ ਵੀ ਬਹੁਤ ਜ਼ਿਆਦਾ ਬਣਾਈ ਰੱਖਦਾ ਹੈਂ; ਤੂੰ ਸੱਚਾਈ ਦੇ ਪੱਖ ਵਿੱਚ ਖੜੇ ਹੋਣ ਦੇ ਅਸਮਰਥ ਹੈਂ, ਅਤੇ ਇੱਥੋਂ ਤਕ ਕਿ ਤੂੰ ਸਭ ਤੋਂ ਸਪਸ਼ਟ ਸੱਚਾਈਆਂ ’ਤੇ ਅਮਲ ਕਰਨ ਵਿੱਚ ਵੀ ਅਸਮਰਥ ਹੈਂ। ਅਜਿਹੇ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਦਾ ਅਤੇ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਜਿੱਤਿਆ ਨਹੀਂ ਗਿਆ ਹੈ। ਜੇ ਤੇਰੇ ਪ੍ਰਵੇਸ਼ ਦਾ ਨਾ ਤਾਂ ਵਿਸਤਾਰ ਹੈ ਅਤੇ ਨਾ ਹੀ ਉਦੇਸ਼, ਤਾਂ ਤੇਰੇ ਤਕ ਵਿਕਾਸ ਬਹੁਤ ਹੌਲੀ ਆਏਗਾ। ਜੇ ਤੇਰੇ ਪ੍ਰਵੇਸ਼ ਵਿੱਚ ਜ਼ਰਾ ਜਿੰਨੀ ਵੀ ਅਸਲੀਅਤ ਨਹੀਂ ਹੈ, ਤਾਂ ਤੇਰੀ ਤਲਾਸ਼ ਵਿਅਰਥ ਹੋ ਜਾਏਗੀ। ਜੇ ਤੂੰ ਸੱਚਾਈ ਦੇ ਸਾਰ ਤੋਂ ਅਣਜਾਣ ਹੈਂ, ਤਾਂ ਤੇਰੇ ਅੰਦਰ ਤਬਦੀਲੀ ਨਹੀਂ ਆਏਗੀ। ਮਨੁੱਖ ਦੇ ਜੀਵਨ ਵਿੱਚ ਵਾਧਾ ਅਤੇ ਉਸ ਦੇ ਸੁਭਾਅ ਵਿੱਚ ਤਬਦੀਲੀ ਅਸਲੀਅਤ ਵਿੱਚ ਪ੍ਰਵੇਸ਼ ਕਰਨ ਰਾਹੀਂ ਅਤੇ ਇਸ ਤੋਂ ਇਲਾਵਾ, ਵਿਸਤ੍ਰਿਤ ਅਨੁਭਵਾਂ ਵਿੱਚ ਪ੍ਰਵੇਸ਼ ਕਰਨ ਰਾਹੀਂ ਪ੍ਰਾਪਤ ਹੁੰਦੇ ਹਨ। ਜੇ ਤੇਰੇ ਪ੍ਰਵੇਸ਼ ਦੌਰਾਨ ਤੇਰੇ ਕੋਲ ਕਈ ਵਿਸਤ੍ਰਿਤ ਅਨੁਭਵ ਹਨ, ਅਤੇ ਤੇਰੇ ਕੋਲ ਵਧੀਕ ਅਸਲ ਗਿਆਨ ਅਤੇ ਪ੍ਰਵੇਸ਼ ਹੈ, ਤਾਂ ਤੇਰਾ ਸੁਭਾਅ ਤੇਜ਼ੀ ਨਾਲ ਬਦਲ ਜਾਏਗਾ। ਭਾਵੇਂ, ਵਰਤਮਾਨ ਵਿੱਚ, ਤੂੰ ਅਮਲ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਨਾਲ ਸਪਸ਼ਟ ਨਹੀਂ ਹੈਂ, ਤਾਂ ਵੀ ਤੈਨੂੰ ਘੱਟੋ-ਘੱਟ ਪਰਮੇਸ਼ੁਰ ਦੇ ਕੰਮ ਦੇ ਦਰਸ਼ਣ ਬਾਰੇ ਜ਼ਰੂਰ ਸਪਸ਼ਟ ਹੋਣਾ ਚਾਹੀਦਾ ਹੈ। ਜੇ ਨਹੀਂ, ਤਾਂ ਤੂੰ ਪ੍ਰਵੇਸ਼ ਕਰਨ ਦੇ ਅਸਮਰਥ ਰਹੇਂਗਾ; ਪ੍ਰਵੇਸ਼ ਸਿਰਫ਼ ਸੱਚਾਈ ਦਾ ਗਿਆਨ ਪ੍ਰਾਪਤ ਹੋਣ ਤੋਂ ਬਾਅਦ ਹੀ ਸੰਭਵ ਹੈ। ਜੇ ਪਵਿੱਤਰ ਆਤਮਾ ਤੈਨੂੰ ਤੇਰੇ ਅਨੁਭਵ ਵਿੱਚ ਪ੍ਰਕਾਸ਼ਮਾਨ ਕਰਦਾ ਹੈ, ਸਿਰਫ਼ ਤਾਂ ਹੀ ਤੂੰ ਸੱਚਾਈ ਦਾ ਗੂੜ੍ਹ ਗਿਆਨ, ਅਤੇ ਵਧੇਰੇ ਡੂੰਘਾ ਪ੍ਰਵੇਸ਼ ਪ੍ਰਾਪਤ ਕਰੇਂਗਾ। ਤੁਹਾਨੂੰ ਪਰਮੇਸ਼ੁਰ ਦੇ ਕੰਮ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ।

ਅਰੰਭ ਵਿੱਚ, ਮਨੁੱਖਜਾਤੀ ਦੀ ਸਿਰਜਣਾ ਤੋਂ ਬਾਅਦ, ਇਹ ਇਸਰਾਏਲੀ ਹੀ ਸਨ ਜੋ ਪਰਮੇਸ਼ੁਰ ਦੇ ਕੰਮ ਦਾ ਅਧਾਰ ਬਣੇ। ਸਮੁੱਚਾ ਇਸਰਾਏਲ ਧਰਤੀ ’ਤੇ ਯਹੋਵਾਹ ਦੇ ਕੰਮ ਦਾ ਆਧਾਰ ਸੀ। ਯਹੋਵਾਹ ਦਾ ਕੰਮ ਸ਼ਰਾ ਕਾਇਮ ਕਰਕੇ ਮਨੁੱਖ ਦੀ ਸਿੱਧੀ ਅਗਵਾਈ ਅਤੇ ਚਰਵਾਹੀ ਕਰਨਾ ਸੀ, ਤਾਂ ਕਿ ਮਨੁੱਖ ਸਾਧਾਰਣ ਜੀਵਨ ਜੀ ਸਕੇ ਅਤੇ ਧਰਤੀ ’ਤੇ ਸਧਾਰਣ ਰੂਪ ਵਿੱਚ ਯਹੋਵਾਹ ਦੀ ਉਪਾਸਨਾ ਕਰ ਸਕੇ। ਸ਼ਰਾ ਦੇ ਯੁਗ ਵਿੱਚ ਪਰਮੇਸ਼ੁਰ ਨੂੰ ਨਾ ਤਾਂ ਮਨੁੱਖ ਦੁਆਰਾ ਦੇਖਿਆ ਜਾ ਸਕਦਾ ਸੀ ਅਤੇ ਨਾ ਹੀ ਛੋਹਿਆ ਜਾ ਸਕਦਾ ਸੀ। ਕਿਉਂਕਿ ਉਹ ਸਿਰਫ਼ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਗਏ ਸ਼ੁਰੂਆਤੀ ਲੋਕਾਂ ਦੀ ਰਹਿਨੁਮਾਈ ਕਰਦਾ ਸੀ, ਉਨ੍ਹਾਂ ਨੂੰ ਨਿਰਦੇਸ਼ ਦਿੰਦਾ ਸੀ ਅਤੇ ਚਰਵਾਹੀ ਕਰਦਾ ਸੀ, ਇਸ ਲਈ ਉਸ ਦੇ ਕਹੇ ਵਚਨ ਬਸ ਸ਼ਰਾ, ਬਿਧੀਆਂ, ਅਤੇ ਮਨੁੱਖੀ ਵਿਵਹਾਰ ਦੇ ਨੇਮ ਸਨ, ਅਤੇ ਉਹ ਉਨ੍ਹਾਂ ਨੂੰ ਜੀਵਨ ਦੀਆਂ ਸੱਚਾਈਆਂ ਮੁਹੱਈਆ ਨਹੀਂ ਕਰਦੇ ਸਨ। ਉਸ ਦੀ ਅਗਵਾਈ ਹੇਠ, ਇਸਰਾਏਲੀ ਉਹ ਨਹੀਂ ਸਨ ਜਿਨ੍ਹਾਂ ਨੂੰ ਸ਼ਤਾਨ ਦੁਆਰਾ ਗਹਿਰਾਈ ਤਕ ਭ੍ਰਿਸ਼ਟ ਕੀਤਾ ਗਿਆ ਸੀ। ਉਸ ਦਾ ਸ਼ਰਾ ਦਾ ਕੰਮ ਮੁਕਤੀ ਦੇ ਕੰਮ ਵਿੱਚ ਸਭ ਤੋਂ ਪਹਿਲਾ ਪੜਾਅ, ਮੁਕਤੀ ਦੇ ਕੰਮ ਦੀ ਇਕਦਮ ਸ਼ੁਰੂਆਤ ਸੀ, ਅਤੇ ਇਸ ਦਾ ਵਿਹਾਰਕ ਤੌਰ ’ਤੇ ਮਨੁੱਖ ਦੀ ਜੀਵਨ ਅਵਸਥਾ ਵਿੱਚ ਤਬਦੀਲੀਆਂ ਨਾਲ ਕੋਈ ਸੰਬੰਧ ਨਹੀਂ ਸੀ। ਇਸ ਲਈ, ਮੁਕਤੀ ਦੇ ਕੰਮ ਦੀ ਸ਼ੁਰੂਆਤ ਵਿੱਚ ਉਸ ਦੇ ਲਈ ਇਸਰਾਏਲ ਵਿੱਚ ਉਸ ਦੇ ਕੰਮ ਵਾਸਤੇ ਦੇਹਧਾਰਣ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਇਸੇ ਲਈ ਉਸ ਨੂੰ ਇੱਕ ਜ਼ਰੀਏ—ਇੱਕ ਵਸੀਲੇ—ਦੀ ਲੋੜ ਸੀ ਜਿਸ ਰਾਹੀਂ ਮਨੁੱਖ ਨਾਲ ਸੰਪਰਕ ਕੀਤਾ ਜਾ ਸਕੇ। ਇਸ ਤਰ੍ਹਾਂ, ਸਿਰਜੇ ਗਏ ਪ੍ਰਾਣੀਆਂ ਦਰਮਿਆਨ ਅਜਿਹੇ ਲੋਕ ਉਠ ਖੜ੍ਹੇ ਹੋਏ ਜਿਨ੍ਹਾਂ ਨੇ ਯਹੋਵਾਹ ਦੀ ਤਰਫ਼ੋਂ ਬੋਲਿਆ ਅਤੇ ਕੰਮ ਕੀਤਾ, ਅਤੇ ਇਸ ਤਰ੍ਹਾਂ ਮਨੁੱਖ ਦੇ ਪੁੱਤਰ ਅਤੇ ਨਬੀ ਮਨੁੱਖ ਦਰਮਿਆਨ ਕੰਮ ਕਰਨ ਲਈ ਆਏ। ਮਨੁੱਖ ਦੇ ਪੁੱਤਰਾਂ ਨੇ ਯਹੋਵਾਹ ਵੱਲੋਂ ਮਨੁੱਖਾਂ ਦਰਮਿਆਨ ਕੰਮ ਕੀਤਾ। ਯਹੋਵਾਹ ਦੁਆਰਾ “ਮਨੁੱਖ ਦੇ ਪੁੱਤਰ” ਕਹੇ ਜਾਣ ਦਾ ਅਰਥ ਹੈ ਕਿ ਅਜਿਹੇ ਲੋਕ ਯਹੋਵਾਹ ਵੱਲੋਂ ਸ਼ਰਾ ਕਾਇਮ ਕਰਦੇ ਸਨ। ਉਹ ਇਸਰਾਏਲ ਦੇ ਲੋਕਾਂ ਦਰਮਿਆਨ ਜਾਜਕ ਵੀ ਸਨ, ਜਾਜਕ ਜਿਨ੍ਹਾਂ ਦਾ ਯਹੋਵਾਹ ਦੁਆਰਾ ਧਿਆਨ ਰੱਖਿਆ ਜਾਂਦਾ ਸੀ, ਅਤੇ ਰਾਖੀ ਕੀਤੀ ਜਾਂਦੀ ਸੀ, ਅਤੇ ਜਿਨ੍ਹਾਂ ਵਿੱਚ ਯਹੋਵਾਹ ਦਾ ਆਤਮਾ ਕੰਮ ਕਰਦਾ ਸੀ; ਉਹ ਲੋਕਾਂ ਦਰਮਿਆਨ ਆਗੂ ਸਨ ਅਤੇ ਸਿੱਧਾ ਯਹੋਵਾਹ ਦੀ ਸੇਵਾ ਕਰਦੇ ਸਨ। ਦੂਜੇ ਪਾਸੇ, ਨਬੀ, ਸਾਰੀਆਂ ਕੌਮਾਂ ਅਤੇ ਕਬੀਲਿਆਂ ਦੇ ਲੋਕਾਂ ਲਈ, ਯਹੋਵਾਹ ਦੀ ਤਰਫ਼ੋਂ ਬੋਲਣ ਲਈ ਸਮਰਪਤ ਸਨ। ਉਨ੍ਹਾਂ ਨੇ ਯਹੋਵਾਹ ਦੇ ਕੰਮ ਦੀ ਭਵਿੱਖਵਾਣੀ ਵੀ ਕਰਦੇ ਸਨ। ਭਾਵੇਂ ਇਹ ਮਨੁੱਖ ਦੇ ਪੁੱਤਰ ਹੋਣ ਜਾਂ ਨਬੀ, ਸਾਰਿਆਂ ਨੂੰ ਖੁਦ ਯਹੋਵਾਹ ਦੇ ਆਤਮਾ ਦੁਆਰਾ ਹੀ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚ ਯਹੋਵਾਹ ਦਾ ਕੰਮ ਸੀ। ਲੋਕਾਂ ਦਰਮਿਆਨ, ਇਹ ਉਹ ਲੋਕ ਸਨ ਜੋ ਸਿੱਧਾ ਯਹੋਵਾਹ ਦੀ ਨੁਮਾਇੰਦਗੀ ਕਰਦੇ ਸਨ; ਉਹ ਸਿਰਫ਼ ਇਸ ਲਈ ਆਪਣਾ ਕੰਮ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਯਹੋਵਾਹ ਦੁਆਰਾ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਲਈ ਨਹੀਂ ਕਿ ਉਹ ਅਜਿਹੀ ਦੇਹ ਸਨ ਜਿਸ ਵਿੱਚ ਖੁਦ ਪਵਿੱਤਰ ਆਤਮਾ ਨੇ ਦੇਹਧਾਰਣ ਕੀਤਾ ਸੀ। ਇਸ ਲਈ, ਹਾਲਾਂਕਿ ਉਹ ਪਰਮੇਸ਼ੁਰ ਤਰਫ਼ੋਂ ਇੱਕ ਸਮਾਨ ਰੂਪ ਵਿੱਚ ਬੋਲਦੇ ਅਤੇ ਕੰਮ ਕਰਦੇ ਸਨ, ਪਰ ਸ਼ਰਾ ਦੇ ਯੁਗ ਵਿੱਚ ਉਹ ਮਨੁੱਖ ਦੇ ਪੁੱਤਰ ਅਤੇ ਨਬੀ ਦੇਹਧਾਰੀ ਪਰਮੇਸ਼ੁਰ ਦੀ ਦੇਹ ਨਹੀਂ ਸਨ। ਕਿਰਪਾ ਦੇ ਯੁਗ ਅਤੇ ਅੰਤਮ ਪੜਾਅ ਵਿੱਚ ਪਰਮੇਸ਼ੁਰ ਦਾ ਕੰਮ ਇਸ ਦੇ ਬਿਲਕੁਲ ਵਿਪਰੀਤ ਸੀ, ਕਿਉਂਕਿ ਮਨੁੱਖ ਦੀ ਮੁਕਤੀ ਅਤੇ ਨਿਆਂ ਦੇ ਕੰਮ ਦੋਵੇਂ ਖੁਦ ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤੇ ਗਏ ਸਨ, ਅਤੇ ਇਸ ਲਈ ਆਪਣੀ ਤਰਫ਼ੋਂ ਕੰਮ ਕਰਨ ਲਈ ਨਬੀਆਂ ਅਤੇ ਮਨੁੱਖ ਦੇ ਪੁੱਤਰਾਂ ਨੂੰ ਨਿਯੁਕਤ ਕਰਨ ਦੀ ਲੋੜ ਨਹੀਂ ਸੀ। ਮਨੁੱਖ ਦੀਆਂ ਨਜ਼ਰਾਂ ਵਿੱਚ, ਉਨ੍ਹਾਂ ਦੇ ਕੰਮ ਦੇ ਸਾਰ ਅਤੇ ਤਰੀਕੇ ਵਿੱਚ ਕੋਈ ਵੱਡਾ ਅੰਤਰ ਨਹੀਂ ਹੈ। ਅਤੇ ਇਹ ਇਸੇ ਕਾਰਣ ਹੈ ਕਿ ਲੋਕ ਲਗਾਤਾਰ ਦੇਹਧਾਰੀ ਪਰਮੇਸ਼ੁਰ ਦੇ ਕੰਮ ਦੇ ਨਾਲ ਨਬੀਆਂ ਅਤੇ ਮਨੁੱਖ ਦੇ ਪੁੱਤਰਾਂ ਦੇ ਕੰਮਾਂ ਨੂੰ ਉਲਝਾ ਦਿੰਦੇ ਹਨ। ਦੇਹਧਾਰੀ ਪਰਮੇਸ਼ੁਰ ਦਾ ਪ੍ਰਗਟਾਵਾ ਮੂਲ ਰੂਪ ਵਿੱਚ ਉਂਝ ਦਾ ਹੀ ਸੀ ਜਿਵੇਂ ਦਾ ਨਬੀਆਂ ਅਤੇ ਮਨੁੱਖ ਦੇ ਪੁੱਤਰਾਂ ਦਾ ਸੀ। ਅਤੇ ਦੇਹਧਾਰੀ ਪਰਮੇਸ਼ੁਰ ਤਾਂ ਨਬੀਆਂ ਦੇ ਮੁਕਾਬਲੇ ਹੋਰ ਵੀ ਜ਼ਿਆਦਾ ਸਾਧਾਰਣ ਅਤੇ ਵਧੇਰੇ ਅਸਲੀ ਸੀ। ਇਸ ਲਈ, ਮਨੁੱਖ ਉਨ੍ਹਾਂ ਦਰਮਿਆਨ ਫ਼ਰਕ ਕਰਨ ਵਿੱਚ ਅਸਮਰਥ ਹੈ। ਮਨੁੱਖ ਸਿਰਫ਼ ਰੂਪ-ਰੰਗ ’ਤੇ ਧਿਆਨ ਕੇਂਦਰਿਤ ਕਰਦਾ ਹੈ, ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਕਿ, ਹਾਲਾਂਕਿ ਦੋਵੇਂ ਕੰਮ ਕਰਨ ਅਤੇ ਬੋਲਣ ਵਿੱਚ ਇੱਕੋ ਜਿਹੇ ਲੱਗਦੇ ਹਨ, ਪਰ ਉਨ੍ਹਾਂ ਵਿੱਚ ਚੋਖਾ ਅੰਤਰ ਹੈ। ਕਿਉਂਕਿ ਮਨੁੱਖ ਦੀ ਚੀਜ਼ਾਂ ਵਿੱਚ ਅੰਤਰ ਕਰਨ ਦੀ ਸਮਰੱਥਾ ਬਹੁਤ ਕਮਜ਼ੋਰ ਹੈ, ਉਹ ਸਾਧਾਰਣ ਮੁੱਦਿਆਂ ਦਰਮਿਆਨ ਅੰਤਰ ਕਰਨ ਦੇ ਵੀ ਅਸਮਰਥ ਹੈ, ਕਿਸੇ ਇੰਨੀ ਪੇਚੀਦਾ ਗੱਲ ਨੂੰ ਸਮਝਣਾ ਤਾਂ ਦੂਰ ਦੀ ਗੱਲ ਰਹੀ। ਜਦੋਂ ਨਬੀ ਅਤੇ ਪਵਿੱਤਰ ਆਤਮਾ ਦੁਆਰਾ ਵਰਤੇ ਗਏ ਲੋਕ ਬੋਲੇ ਅਤੇ ਕੰਮ ਕੀਤਾ, ਤਾਂ ਇਹ ਮਨੁੱਖ ਦੇ ਫ਼ਰਜ਼ ਨਿਭਾਉਣ ਵਾਸਤੇ ਸੀ, ਇਹ ਸਿਰਜੇ ਗਏ ਪ੍ਰਾਣੀ ਦੇ ਰੂਪ ਵਿੱਚ ਕੰਮ ਕਰਨ ਲਈ ਸੀ, ਅਤੇ ਇਹ ਕੁਝ ਅਜਿਹਾ ਸੀ ਜੋ ਮਨੁੱਖ ਨੂੰ ਕਰਨਾ ਚਾਹੀਦਾ ਹੈ। ਪਰ, ਦੇਹਧਾਰੀ ਪਰਮੇਸ਼ੁਰ ਦੇ ਵਚਨ ਅਤੇ ਕੰਮ ਉਸ ਦੇ ਕਾਰਜ ਕਰਨ ਲਈ ਸਨ। ਭਾਵੇਂ ਉਸ ਦਾ ਬਾਹਰੀ ਸਰੂਪ ਇੱਕ ਸਿਰਜਣਾ ਕੀਤੇ ਗਏ ਪ੍ਰਾਣੀ ਵਰਗਾ ਸੀ, ਪਰ ਉਸ ਦਾ ਕੰਮ ਆਪਣਾ ਕਰਤੱਵ ਪਾਲਣਾ ਨਹੀਂ ਸਗੋਂ ਆਪਣੀ ਸੇਵਕਾਈ ਨੂੰ ਪੂਰਾ ਕਰਨਾ ਸੀ। “ਫਰਜ਼” ਸ਼ਬਦ ਸਿਰਜਣਾ ਕੀਤੇ ਗਏ ਪ੍ਰਾਣੀਆਂ ਲਈ ਵਰਤਿਆ ਜਾਂਦਾ ਹੈ, ਜਦਕਿ “ਸੇਵਕਾਈ” ਦੇਹਧਾਰੀ ਪਰਮੇਸ਼ੁਰ ਦੀ ਦੇਹ ਦੇ ਸੰਬੰਧ ਵਿੱਚ ਵਰਤਿਆ ਜਾਂਦਾ ਹੈ। ਇਨ੍ਹਾਂ ਦੋਹਾਂ ਵਿੱਚ ਇੱਕ ਅਹਿਮ ਅੰਤਰ ਹੈ; ਇਨ੍ਹਾਂ ਨੂੰ ਇੱਕ ਦੂਜੇ ਦੇ ਥਾਂ ਨਹੀਂ ਰੱਖਿਆ ਜਾ ਸਕਦਾ। ਇਸ ਲਈ, ਹਾਲਾਂਕਿ ਪਵਿੱਤਰ ਆਤਮਾ ਦੁਆਰਾ ਕਈ ਰਸੂਲਾਂ ਦਾ ਉਪਯੋਗ ਕੀਤਾ ਗਿਆ ਅਤੇ ਕਈ ਨਬੀ ਉਸ ਦੇ ਨਾਲ ਭਰੇ ਸਨ, ਪਰ ਉਨ੍ਹਾਂ ਦਾ ਕੰਮ ਅਤੇ ਵਚਨ ਸਿਰਫ਼ ਸਿਰਜਣਾ ਕੀਤੇ ਗਏ ਪ੍ਰਾਣੀਆਂ ਦੇ ਰੂਪ ਵਿੱਚ ਆਪਣਾ ਫਰਜ਼ ਨਿਭਾਉਣ ਲਈ ਸਨ। ਉਨ੍ਹਾਂ ਦੀਆਂ ਭਵਿੱਖਵਾਣੀਆਂ ਦੇਹਧਾਰੀ ਪਰਮੇਸ਼ੁਰ ਦੁਆਰਾ ਕਹੇ ਗਏ ਜੀਵਨ ਦੇ ਰਾਹ ਦੇ ਮੁਕਾਬਲੇ ਵਧ ਕੇ ਹੋ ਸਕਦੀਆਂ ਸਨ, ਅਤੇ ਉਨ੍ਹਾਂ ਦੀ ਮਨੁੱਖਤਾ ਦੇਹਧਾਰੀ ਪਰਮੇਸ਼ੁਰ ਤੋਂ ਵੀ ਜ਼ਿਆਦਾ ਸ਼੍ਰੇਸ਼ਠ ਸੀ, ਪਰ ਉਹ ਅਜੇ ਵੀ ਆਪਣਾ ਫਰਜ਼ ਨਿਭਾ ਰਹੇ ਸੀ, ਅਤੇ ਕਾਰਜ ਪੂਰਣ ਨਹੀਂ ਕਰ ਰਹੇ ਸਨ। ਮਨੁੱਖ ਦੇ ਫਰਜ਼ ਤੋਂ ਭਾਵ ਮਨੁੱਖ ਦੇ ਕੰਮ ਤੋਂ ਹੈ; ਇਹ ਉਹ ਹੈ ਜੋ ਮਨੁੱਖ ਦੁਆਰਾ ਪ੍ਰਾਪਤੀਯੋਗ ਹੈ। ਪਰ, ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤਾ ਜਾਣ ਵਾਲਾ ਕੰਮ ਉਸ ਦੇ ਪ੍ਰਬੰਧਨ ਨਾਲ ਸੰਬੰਧਤ ਹੈ, ਅਤੇ ਇਹ ਮਨੁੱਖ ਦੁਆਰਾ ਪ੍ਰਾਪਤੀ ਯੋਗ ਨਹੀਂ ਹੈ। ਭਾਵੇਂ ਦੇਹਧਾਰੀ ਪਰਮੇਸ਼ੁਰ ਬੋਲੇ, ਕੰਮ ਕਰੇ, ਜਾਂ ਚਮਤਕਾਰ ਪਰਗਟ ਕਰੇ, ਉਹ ਆਪਣੇ ਪ੍ਰਬੰਧਨ ਦੇ ਤਹਿਤ ਮਹਾਨ ਕੰਮ ਕਰ ਰਿਹਾ ਹੈ, ਅਤੇ ਅਜਿਹਾ ਕੰਮ ਉਸ ਦੀ ਥਾਂ ਤੇ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ। ਮਨੁੱਖ ਦਾ ਕੰਮ ਸਿਰਫ਼ ਸਿਰਜਣਾ ਕੀਤੇ ਗਏ ਪ੍ਰਾਣੀ ਦੇ ਰੂਪ ਵਿੱਚ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦੇ ਕਿਸੇ ਦਿੱਤੇ ਗਏ ਪੜਾਅ ਵਿੱਚ ਸਿਰਫ਼ ਆਪਣਾ ਫਰਜ਼ ਨਿਭਾਉਣਾ ਹੈ। ਪਰਮੇਸ਼ੁਰ ਦੇ ਪ੍ਰਬੰਧਨ ਦੇ ਬਿਨਾਂ, ਅਰਥਾਤ, ਜੇ ਦੇਹਧਾਰੀ ਪਰਮੇਸ਼ੁਰ ਦੀ ਸੇਵਕਾਈ ਜ਼ਾਇਆ ਹੋ ਜਾਂਦੀ, ਤਾਂ ਸਿਰਜੇ ਹੋਏ ਪ੍ਰਾਣੀ ਦਾ ਫਰਜ਼ ਵੀ ਜ਼ਾਇਆ ਹੋ ਗਿਆ ਹੁੰਦਾ। ਆਪਣੀ ਸੇਵਕਾਈ ਕਰਨ ਵਿੱਚ ਪਰਮੇਸ਼ੁਰ ਦਾ ਕੰਮ ਮਨੁੱਖ ਦਾ ਪ੍ਰਬੰਧਨ ਕਰਨਾ ਹੈ, ਜਦਕਿ ਮਨੁੱਖ ਦਾ ਆਪਣੇ ਫਰਜ਼ ਨਿਭਾਉਣਾ ਸਿਰਜਣਹਾਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਆਪਣੀ ਖੁਦ ਦੀ ਜ਼ਿੰਮੇਵਾਰੀ ਪੂਰੀ ਕਰਨਾ ਹੈ, ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਕਿਸੇ ਵੱਲੋਂ ਸੇਵਕਾਈ ਕਰਨਾ ਨਹੀਂ ਮੰਨਿਆ ਜਾ ਸਕਦਾ। ਪਰਮੇਸ਼ੁਰ—ਉਸ ਦੇ ਆਤਮਾ—ਦੇ ਸਹਿਜ ਸਾਰ ਲਈ—ਪਰਮੇਸ਼ੁਰ ਦਾ ਕੰਮ ਉਸ ਦਾ ਪ੍ਰਬੰਧਨ ਹੈ, ਪਰ ਦੇਹਧਾਰੀ ਪਰਮੇਸ਼ੁਰ ਲਈ, ਜੋ ਸਿਰਜਣਾ ਕੀਤੇ ਗਏ ਪ੍ਰਾਣੀ ਦਾ ਬਾਹਰੀ ਰੂਪ ਧਾਰਣ ਕਰਦਾ ਹੈ, ਉਸ ਦਾ ਕੰਮ ਆਪਣੀ ਸੇਵਕਾਈ ਨੂੰ ਪੂਰਾ ਕਰਨਾ ਹੈ। ਉਹ ਜੋ ਵੀ ਕੰਮ ਕਰਦਾ ਹੈ ਆਪਣੀ ਸੇਵਕਾਈ ਕਰਨ ਲਈ ਕਰਦਾ ਹੈ; ਵੱਧ ਤੋਂ ਵੱਧ ਮਨੁੱਖ ਸਿਰਫ਼ ਇਹ ਕਰ ਸਕਦਾ ਹੈ ਕਿ ਉਹ ਪਰਮੇਸ਼ੁਰ ਦੇ ਪ੍ਰਬੰਧਨ ਦੇ ਦਾਇਰੇ ਅੰਦਰ ਅਤੇ ਉਸ ਦੀ ਰਹਿਨੁਮਾਈ ਅਧੀਨ ਆਪਣਾ ਉੱਤਮ ਦੇਵੇ।

ਮਨੁੱਖ ਦਾ ਆਪਣਾ ਫਰਜ਼ ਨਿਭਾਉਣਾ, ਅਸਲ ਵਿੱਚ, ਉਸ ਸਭ ਦੀ ਪ੍ਰਾਪਤੀ ਹੈ ਜੋ ਮਨੁੱਖ ਅੰਦਰ ਸਹਿਜ ਹੀ ਮੌਜੂਦ ਹੈ, ਅਰਥਾਤ ਜੋ ਮਨੁੱਖ ਲਈ ਸੰਭਵ ਹੈ। ਤਾਂ ਹੀ ਉਸ ਦਾ ਫਰਜ਼ ਪੂਰਾ ਹੁੰਦਾ ਹੈ। ਮਨੁੱਖ ਦੀ ਸੇਵਾ ਦੌਰਾਨ ਉਸ ਦੇ ਦੋਸ਼ ਪ੍ਰਗਤੀਸ਼ੀਲ ਅਨੁਭਵ ਅਤੇ ਨਿਆਂ ਵਿੱਚੋਂ ਲੰਘਣ ਦੇ ਉਸ ਦੇ ਅਮਲ ਰਾਹੀਂ ਹੌਲੀ-ਹੌਲੀ ਘੱਟ ਹੁੰਦੇ ਜਾਂਦੇ ਹਨ; ਉਹ ਮਨੁੱਖ ਦੇ ਫਰਜ਼ ਵਿੱਚ ਰੁਕਾਵਟ ਨਹੀਂ ਬਣਦੇ ਜਾਂ ਪ੍ਰਭਾਵਤ ਨਹੀਂ ਕਰਦੇ। ਉਹ ਲੋਕ ਜੋ ਸੇਵਾ ਕਰਨਾ ਬੰਦ ਕਰ ਦਿੰਦੇ ਹਨ ਜਾਂ ਹਾਰ ਮੰਨ ਲੈਂਦੇ ਹਨ ਅਤੇ ਅਜਿਹੀਆਂ ਕਮੀਆਂ ਦੇ ਡਰ ਕਾਰਣ ਪਿੱਛੇ ਹਟ ਜਾਂਦੇ ਹਨ ਜੋ ਕਿ ਉਨ੍ਹਾਂ ਦੀ ਸੇਵਾ ਵਿੱਚ ਹੋ ਸਕਦੀਆਂ ਹਨ, ਸਾਰਿਆਂ ਨਾਲੋਂ ਜ਼ਿਆਦਾ ਕਾਇਰ ਹੁੰਦੇ ਹਨ। ਜੇ ਲੋਕ ਉਹ ਵਿਅਕਤ ਨਹੀਂ ਕਰ ਸਕਦੇ ਜੋ ਉਨ੍ਹਾਂ ਨੂੰ ਸੇਵਾ ਦੌਰਾਨ ਵਿਅਕਤ ਕਰਨਾ ਚਾਹੀਦਾ ਹੈ ਜਾਂ ਉਹ ਪ੍ਰਾਪਤ ਨਹੀਂ ਕਰ ਸਕਦੇ ਜੋ ਉਨ੍ਹਾਂ ਲਈ ਸਹਿਜ ਰੂਪ ਵਿੱਚ ਸੰਭਵ ਹੈ, ਅਤੇ ਇਸ ਦੀ ਬਜਾਏ ਮੂਰਖ ਬਣਦੇ ਹਨ ਅਤੇ ਬਿਨਾਂ ਇੱਛਾ ਦੇ ਕੰਮ ਕਰਦੇ ਹਨ, ਤਾਂ ਉਨ੍ਹਾਂ ਨੇ ਉਸ ਕੰਮ ਨੂੰ ਗੁਆ ਲਿਆ ਹੈ ਜੋ ਕਿ ਇੱਕ ਸਿਰਜਣਾ ਕੀਤੇ ਹੋਏ ਪ੍ਰਾਣੀ ਵਿੱਚ ਹੋਣਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ “ਸਾਧਾਰਣ ਸੂਝ” ਵਾਲਿਆਂ ਵਜੋਂ ਜਾਣਿਆ ਜਾਂਦਾ ਹੈ; ਅਤੇ ਉਹ ਬੇਕਾਰ ਨਿਰਰਥਕ ਲੋਕ ਹਨ। ਅਜਿਹੇ ਲੋਕਾਂ ਨੂੰ ਸਹੀ ਢੰਗ ਨਾਲ ਸਿਰਜਣਾ ਕੀਤੇ ਹੋਏ ਪ੍ਰਾਣੀ ਕਿਵੇਂ ਕਿਹਾ ਜਾ ਸਕਦਾ ਹੈ? ਕੀ ਉਹ ਭ੍ਰਿਸ਼ਟ ਪ੍ਰਾਣੀ ਨਹੀਂ ਹਨ ਜੋ ਬਾਹਰੋਂ ਚਮਕਦੇ ਹਨ ਪਰ ਅੰਦਰੋਂ ਸੜੇ ਹੋਏ ਹਨ? ਜੇ ਕੋਈ ਮਨੁੱਖ ਆਪਣੇ ਆਪ ਨੂੰ ਪਰਮੇਸ਼ੁਰ ਕਹਿੰਦਾ ਹੈ ਪਰ ਆਪਣੀ ਆਤਮਿਕਤਾ ਨੂੰ ਵਿਅਕਤ ਕਰਨ, ਖੁਦ ਪਰਮੇਸ਼ੁਰ ਦਾ ਕੰਮ ਕਰਨ, ਜਾਂ ਪਰਮੇਸ਼ੁਰ ਦੀ ਨੁਮਾਇੰਦਗੀ ਕਰਨ ਵਿੱਚ ਅਸਮਰਥ ਹੈ, ਤਾਂ ਉਹ ਯਕੀਨੀ ਤੌਰ ’ਤੇ ਪਰਮੇਸ਼ੁਰ ਨਹੀਂ ਹੈ, ਕਿਉਂਕਿ ਉਸ ਵਿੱਚ ਪਰਮੇਸ਼ੁਰ ਦਾ ਸਾਰ ਨਹੀਂ ਹੈ, ਅਤੇ ਜੋ ਪਰਮੇਸ਼ੁਰ ਸਹਿਜ ਰੂਪ ਵਿੱਚ ਪ੍ਰਾਪਤ ਕਰ ਸਕਦਾ ਹੈ ਉਸ ਦੇ ਅੰਦਰ ਮੌਜੂਦ ਨਹੀਂ ਹੈ। ਜੇ ਮਨੁੱਖ ਉਹ ਗੁਆ ਦਿੰਦਾ ਹੈ ਜੋ ਕਿ ਸਹਿਜ ਰੂਪ ਵਿੱਚ ਪ੍ਰਾਪਤੀਯੋਗ ਹੈ, ਤਾਂ ਹੁਣ ਹੋਰ ਉਸ ਨੂੰ ਮਨੁੱਖ ਨਹੀਂ ਸਮਝਿਆ ਜਾ ਸਕਦਾ ਅਤੇ ਉਹ ਸਿਰਜੇ ਹੋਏ ਪ੍ਰਾਣੀ ਵਜੋਂ ਖੜ੍ਹੇ ਹੋਣ ਅਤੇ ਪਰਮੇਸ਼ੁਰ ਸਾਹਮਣੇ ਆਉਣ ਅਤੇ ਉਸ ਦੀ ਸੇਵਾ ਕਰਨ ਦੇ ਯੋਗ ਨਹੀਂ ਹੈ। ਇਸ ਤੋਂ ਇਲਾਵਾ, ਉਹ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਨ ਜਾਂ ਧਿਆਨ ਰੱਖੇ ਜਾਣ, ਬਚਾਏ ਜਾਣ ਅਤੇ ਪਰਮੇਸ਼ੁਰ ਦੁਆਰਾ ਸੰਪੂਰਣ ਬਣਾਏ ਜਾਣ ਦੇ ਯੋਗ ਨਹੀਂ ਹੈ। ਕਈ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਦਾ ਭਰੋਸਾ ਗੁਆ ਲਿਆ ਹੈ ਪਰਮੇਸ਼ੁਰ ਦੀ ਕਿਰਪਾ ਨੂੰ ਵੀ ਗੁਆਉਂਦੇ ਚਲੇ ਜਾਂਦੇ ਹਨ। ਉਹ ਨਾ ਸਿਰਫ਼ ਆਪਣੇ ਬੁਰੇ ਕੰਮਾਂ ਨਾਲ ਘਿਰਣਾ ਨਹੀਂ ਕਰਦੇ ਹਨ, ਸਗੋਂ ਢੀਠਤਾ ਨਾਲ ਇਸ ਵਿਚਾਰ ਦਾ ਪ੍ਰਚਾਰ ਵੀ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਹ ਗ਼ਲਤ ਹੈ, ਅਤੇ ਉਹ ਵਿਦ੍ਰੋਹੀ ਲੋਕ ਪਰਮੇਸ਼ੁਰ ਦੀ ਹੋਂਦ ਤੋਂ ਵੀ ਇਨਕਾਰ ਕਰਦੇ ਹਨ। ਅਜਿਹੇ ਆਕੀਪੁਣੇ ਵਾਲੇ ਲੋਕ ਕਿਵੇਂ ਪਰਮੇਸ਼ੁਰ ਦੀ ਕਿਰਪਾ ਦਾ ਆਨੰਦ ਮਾਣਨ ਦੇ ਅਧਿਕਾਰੀ ਹੋ ਸਕਦੇ ਹਨ? ਜੋ ਮਨੁੱਖ ਆਪਣੇ ਫਰਜ਼ ਨੂੰ ਪੂਰਾ ਨਹੀਂ ਕਰਦੇ ਪਰਮੇਸ਼ੁਰ ਵਿਰੁੱਧ ਬੇਹੱਦ ਵਿਦ੍ਰੋਹੀ ਹੁੰਦੇ ਹਨ, ਅਤੇ ਉਸ ਦੇ ਬਹੁਤ ਜ਼ਿਆਦਾ ਰਿਣੀ ਹਨ, ਫਿਰ ਵੀ ਉਹ ਪਲਟਦੇ ਹਨ ਅਤੇ ਕਰੜੀ ਆਲੋਚਣਾ ਕਰਦੇ ਹਨ ਕਿ ਪਰਮੇਸ਼ੁਰ ਗ਼ਲਤ ਹੈ। ਕਿਵੇਂ ਇਸ ਕਿਸਮ ਦਾ ਮਨੁੱਖ ਸੰਪੂਰਣ ਬਣਾਏ ਜਾਣ ਦੇ ਯੋਗ ਹੋ ਸਕਦਾ ਹੈ? ਕੀ ਇਹ ਮਿਟਾ ਦਿੱਤੇ ਜਾਣ ਅਤੇ ਸਜ਼ਾ ਦਿੱਤੇ ਜਾਣ ਦਾ ਅਗਾਊਂ ਲੱਛਣ ਨਹੀਂ ਹੈ? ਜੋ ਲੋਕ ਪਰਮੇਸ਼ੁਰ ਸਾਹਮਣੇ ਆਪਣਾ ਫਰਜ਼ ਨਹੀਂ ਨਿਭਾਉਂਦੇ ਹਨ ਪਹਿਲਾਂ ਹੀ ਸਭ ਤੋਂ ਘਿਣਾਉਣੇ ਜ਼ੁਰਮਾਂ ਲਈ ਦੋਸ਼ੀ ਹਨ, ਜਿਸ ਦੇ ਲਈ ਮੌਤ ਦੀ ਸਜ਼ਾ ਵੀ ਕਾਫ਼ੀ ਨਹੀਂ ਹੈ, ਫਿਰ ਵੀ ਉਹ ਪਰਮੇਸ਼ੁਰ ਨਾਲ ਬਹਿਸ ਕਰਨ ਦੀ ਢੀਠਤਾ ਕਰਦੇ ਹਨ ਅਤੇ ਆਪਣਾ ਮੁਕਾਬਲਾ ਉਸ ਦੇ ਨਾਲ ਕਰਦੇ ਹਨ। ਅਜਿਹੇ ਲੋਕਾਂ ਨੂੰ ਸੰਪੂਰਣ ਬਣਾਉਣ ਦਾ ਕੀ ਮਹੱਤਵ ਹੈ? ਜਦੋਂ ਲੋਕ ਆਪਣਾ ਫਰਜ਼ ਪੂਰਾ ਕਰਨ ਵਿੱਚ ਨਾਕਾਮ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਦੋਸ਼ੀ ਅਤੇ ਰਿਣੀ ਸਮਝਣਾ ਚਾਹੀਦਾ ਹੈ; ਉਨ੍ਹਾਂ ਨੂੰ ਆਪਣੀ ਕਮਜ਼ੋਰੀ ਅਤੇ ਨਿਕੰਮੇਪਣ, ਆਪਣੇ ਆਕੀਪੁਣੇ ਅਤੇ ਭ੍ਰਿਸ਼ਟਤਾ ਤੋਂ ਘਿਰਣਾ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ, ਪਰਮੇਸ਼ੁਰ ਨੂੰ ਆਪਣਾ ਜੀਵਨ ਅਰਪਣ ਕਰਨਾ ਚਾਹੀਦਾ ਹੈ। ਤਾਂ ਹੀ ਉਹ ਸਿਰਜੇ ਹੋਏ ਪ੍ਰਾਣੀ ਹੋ ਸਕਦੇ ਹਨ ਜੋ ਪਰਮੇਸ਼ੁਰ ਨਾਲ ਸੱਚਾ ਪਿਆਰ ਕਰਦੇ ਹਨ, ਅਤੇ ਸਿਰਫ਼ ਅਜਿਹੇ ਲੋਕ ਹੀ ਪਰਮੇਸ਼ੁਰ ਦੀਆਂ ਅਸੀਸਾਂ ਅਤੇ ਵਾਅਦਿਆਂ ਦਾ ਆਨੰਦ ਲੈਣ ਦੇ ਅਤੇ ਉਸ ਦੁਆਰਾ ਸੰਪੂਰਣ ਬਣਾਏ ਜਾਣ ਦੇ ਯੋਗ ਹੁੰਦੇ ਹਨ। ਅਤੇ ਤੁਹਾਡੇ ਵਿੱਚੋਂ ਬਹੁਤੇ ਕੀ ਹਨ? ਤੁਸੀਂ ਉਸ ਪਰਮੇਸ਼ੁਰ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ ਜੋ ਤੁਹਾਡੇ ਦਰਮਿਆਨ ਰਹਿੰਦਾ ਹੈ? ਤੁਸੀਂ ਉਸ ਦੇ ਸਾਹਮਣੇ ਆਪਣਾ ਫਰਜ਼ ਕਿਵੇਂ ਨਿਭਾਇਆ ਹੈ? ਕੀ ਤੁਸੀਂ ਉਹ ਸਭ ਕਰ ਲਿਆ ਹੈ ਜੋ ਕਰਨ ਲਈ ਤੁਹਾਨੂੰ ਸੱਦਿਆ ਗਿਆ ਸੀ, ਇੱਥੇ ਤਕ ਕਿ ਆਪਣੇ ਖੁਦ ਦੇ ਜੀਵਨ ਦੀ ਕੀਮਤ ’ਤੇ ਵੀ? ਤੁਸੀਂ ਕੀ ਕੁਰਬਾਨ ਕੀਤਾ ਹੈ? ਕੀ ਤੁਸੀਂ ਮੇਰੇ ਤੋਂ ਬਹੁਤ ਜ਼ਿਆਦਾ ਪ੍ਰਾਪਤ ਨਹੀਂ ਕੀਤਾ ਹੈ? ਕੀ ਤੁਸੀਂ ਅੰਤਰ ਕਰ ਸਕਦੇ ਹੋ? ਤੁਸੀਂ ਮੇਰੇ ਪ੍ਰਤੀ ਕਿੰਨੇ ਵਫ਼ਾਦਾਰ ਹੋ? ਤੁਸੀਂ ਮੇਰੀ ਕਿਵੇਂ ਸੇਵਾ ਕੀਤੀ ਹੈ? ਅਤੇ ਉਸ ਸਭ ਦਾ ਕੀ ਜੋ ਮੈਂ ਤੁਹਾਨੂੰ ਬਖਸ਼ਿਆ ਹੈ ਅਤੇ ਤੁਹਾਡੇ ਲਈ ਕੀਤਾ ਹੈ? ਕੀ ਤੁਸੀਂ ਇਸ ਸਭ ਦਾ ਮੁੱਲਾਂਕਣ ਕਰ ਲਿਆ ਹੈ? ਤੁਸੀਂ ਸਾਰਿਆਂ ਨੇ ਇਸ ਨੂੰ ਜਾਂਚ ਲਿਆ ਹੈ ਅਤੇ ਇਸ ਦੀ ਤੁਲਨਾ ਉਸ ਥੋੜ੍ਹੇ ਜਿਹੇ ਵਿਵੇਕ ਨਾਲ ਕਰ ਲਈ ਹੈ ਜੋ ਤੁਹਾਡੇ ਕੋਲ ਤੁਹਾਡੇ ਅੰਦਰ ਹੈ? ਤੁਹਾਡੇ ਵਚਨ ਅਤੇ ਕੰਮ ਕਿਸ ਯੋਗ ਹੋ ਸਕਦੇ ਹਨ? ਕੀ ਅਜਿਹਾ ਹੋ ਸਕਦਾ ਹੈ ਕਿ ਤੁਹਾਡਾ ਇਹ ਮਾਮੂਲੀ ਜਿਹਾ ਬਲੀਦਾਨ ਉਸ ਸਭ ਦੇ ਯੋਗ ਹੈ ਜੋ ਮੈਂ ਤੁਹਾਨੂੰ ਬਖਸ਼ਿਆ ਹੈ? ਮੇਰੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ ਅਤੇ ਪੂਰੇ ਦਿਲ ਨਾਲ ਤੁਹਾਨੂੰ ਸਮਰਪਤ ਹਾਂ, ਫਿਰ ਵੀ ਤੁਸੀਂ ਮੇਰੇ ਬਾਰੇ ਦੁਸ਼ਟ ਇਰਾਦੇ ਪਾਲਦੇ ਹੋ ਅਤੇ ਅਤੇ ਮੇਰੇ ਪ੍ਰਤੀ ਦੁਚਿੱਤੇ ਰਹਿੰਦੇ ਹੋ। ਇਹੀ ਤੁਹਾਡੇ ਫਰਜ਼ ਦੀ ਸੀਮਾ, ਤੁਹਾਡਾ ਇੱਕੋ-ਇੱਕ ਕਾਰਜ ਹੈ। ਕਿ ਅਜਿਹਾ ਨਹੀਂ ਹੈ? ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਇੱਕ ਸਿਰਜਣਾ ਕੀਤੇ ਹੋਏ ਪ੍ਰਾਣੀ ਦਾ ਫਰਜ਼ ਨਿਭਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹੋ? ਤੁਹਾਨੂੰ ਇੱਕ ਸਿਰਜਣਾ ਕੀਤਾ ਹੋਇਆ ਪ੍ਰਾਣੀ ਕਿਵੇਂ ਮੰਨਿਆ ਜਾ ਸਕਦਾ ਹੈ? ਕੀ ਤੁਸੀਂ ਸਪਸ਼ਟ ਰੂਪ ਵਿੱਚ ਇਹ ਨਹੀਂ ਜਾਣਦੇ ਕਿ ਇਹ ਕੀ ਹੈ ਜਿਸ ਨੂੰ ਤੁਸੀਂ ਵਿਅਕਤ ਕਰ ਰਹੇ ਹੋ ਅਤੇ ਜੀ ਰਹੇ ਹੋ? ਤੁਸੀਂ ਆਪਣੇ ਫਰਜ਼ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੇ ਹੋ, ਪਰ ਤੁਸੀਂ ਪਰਮੇਸ਼ੁਰ ਦੀ ਸਹਿਣਸ਼ੀਲਤਾ ਅਤੇ ਭਰਪੂਰ ਕਿਰਪਾ ਪ੍ਰਾਪਤ ਕਰਨ ਦੀ ਚਾਹ ਰੱਖਦੇ ਹੋ। ਅਜਿਹੀ ਕਿਰਪਾ ਤੁਹਾਡੇ ਵਰਗੇ ਬੇਕਾਰ ਅਤੇ ਨੀਚ ਲੋਕਾਂ ਲਈ ਨਹੀਂ ਹੈ, ਸਗੋਂ ਉਨ੍ਹਾਂ ਲਈ ਹੈ ਜੋ ਕੁਝ ਨਹੀਂ ਮੰਗਦੇ ਅਤੇ ਖੁਸ਼ੀ ਨਾਲ ਬਲੀਦਾਨ ਕਰਦੇ ਹਨ। ਤੁਹਾਡੇ ਵਰਗੇ ਲੋਕ, ਅਜਿਹੇ ਤੁੱਛ ਵਿਅਕਤੀ, ਸਵਰਗ ਦੀ ਕਿਰਪਾ ਦਾ ਆਨੰਦ ਮਾਣਨ ਦੇ ਬਿਲਕੁਲ ਯੋਗ ਨਹੀਂ ਹਨ। ਸਿਰਫ਼ ਮੁਸ਼ਕਲ ਅਤੇ ਅੰਤਹੀਣ ਸਜ਼ਾ ਤੁਹਾਡੇ ਦਿਨਾਂ ਵਿੱਚ ਤੁਹਾਡੇ ਨਾਲ ਰਹੇਗੀ! ਜੇ ਤੁਸੀਂ ਮੇਰੇ ਪ੍ਰਤੀ ਨਿਹਚਾ ਨਹੀਂ ਰੱਖ ਸਕਦੇ ਹੋ, ਤਾਂ ਤੁਹਾਡੀ ਕਿਸਮਤ ਵਿੱਚ ਪੀੜ ਹੀ ਹੋਏਗੀ। ਜੇ ਤੁਸੀਂ ਮੇਰੇ ਵਚਨਾਂ ਅਤੇ ਕੰਮਾਂ ਦੇ ਪ੍ਰਤੀ ਜਵਾਬਦੇਹ ਨਹੀਂ ਹੋ ਸਕਦੇ, ਤਾਂ ਤੁਹਾਡਾ ਨਤੀਜਾ ਦੰਡ ਹੀ ਹੋਏਗਾ। ਸਾਰੀ ਕਿਰਪਾ, ਬਰਕਤਾਂ ਅਤੇ ਰਾਜ ਦੇ ਅਦਭੁਤ ਜੀਵਨ ਦਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਹੋਏਗਾ। ਇਹ ਉਹੀ ਅੰਤ ਹੈ ਜਿਸ ਨੂੰ ਤੁਸੀਂ ਪ੍ਰਾਪਤ ਕਰਨ ਦੇ ਯੋਗ ਹੋ ਅਤੇ ਤੁਹਾਡੀਆਂ ਆਪਣੀਆਂ ਕਰਤੂਤਾਂ ਦਾ ਨਤੀਜਾ ਹੈ! ਉਹ ਅਗਿਆਨੀ ਅਤੇ ਹੰਕਾਰੀ ਲੋਕ ਨਾ ਹੀ ਆਪਣੀ ਉੱਤਮ ਕੋਸ਼ਿਸ਼ ਕਰਦੇ ਹਨ, ਅਤੇ ਨਾ ਹੀ ਆਪਣਾ ਫਰਜ਼ ਪੂਰਾ ਕਰਦੇ ਹਨ, ਸਗੋਂ ਕਿਰਪਾ ਲਈ ਆਪਣੇ ਹੱਥ ਪਸਾਰਦੇ ਹਨ, ਜਿਵੇਂ ਕਿ ਜੋ ਉਹ ਮੰਗ ਰਹੇ ਹਨ ਉਸ ਦੇ ਯੋਗ ਹਨ। ਅਤੇ ਜੇ ਉਹ ਉਸ ਨੂੰ ਪ੍ਰਾਪਤ ਕਰਨ ਵਿੱਚ ਨਾਕਾਮ ਰਹਿੰਦੇ ਹਨ ਜੋ ਉਹ ਮੰਗਦੇ ਹਨ, ਤਾਂ ਉਹ ਹੋਰ ਵੀ ਜ਼ਿਆਦਾ ਅਵਿਸ਼ਵਾਸੀ ਬਣ ਜਾਂਦੇ ਹਨ। ਅਜਿਹੇ ਲੋਕਾਂ ਨੂੰ ਉਚਿਤ ਕਿਵੇਂ ਮੰਨਿਆ ਜਾ ਸਕਦਾ ਹੈ? ਤੁਸੀਂ ਕਮਜ਼ੋਰ ਯੋਗਤਾ ਵਾਲੇ ਅਤੇ ਤਰਕਹੀਣ ਹੋ, ਪ੍ਰਬੰਧਨ ਦੇ ਕੰਮ ਦੌਰਾਨ ਤੁਹਾਨੂੰ ਜੋ ਫਰਜ਼ ਪੂਰਾ ਕਰਨ ਚਾਹੀਦਾ ਹੈ ਉਸ ਨੂੰ ਪੂਰਾ ਕਰਨ ਦੇ ਪੂਰੀ ਤਰ੍ਹਾਂ ਅਸਮਰਥ ਹੋ। ਤੁਹਾਡਾ ਮਹੱਤਵ ਪਹਿਲਾਂ ਹੀ ਡਿੱਗ ਚੁੱਕਿਆ ਹੈ। ਤੁਹਾਡੇ ਲਈ ਅਜਿਹੀ ਕਿਰਪਾ ਦਰਸਾਉਣ ਲਈ ਮੇਰਾ ਉਪਕਾਰ ਮੰਨਣ ਵਿੱਚ ਤੁਹਾਡੀ ਨਾਕਾਮੀ ਪਹਿਲਾਂ ਹੀ ਚਰਮ ਆਕੀਪੁਣੇ ਦਾ ਕਾਰਾ ਹੈ, ਜੋ ਤੁਹਾਡੀ ਨਿਖੇਧੀ ਕਰਨ, ਅਤੇ ਤੁਹਾਡੀ ਕਾਇਰਤਾ, ਅਸਮਰਥਤਾ, ਨੀਚਤਾ ਅਤੇ ਨਿਕੰਮੇਪਣ ਦਾ ਮੁਜ਼ਾਹਿਰਾ ਕਰਨ ਲਈ ਕਾਫ਼ੀ ਹੈ। ਤੁਹਾਨੂੰ ਆਪਣੇ ਹੱਥ ਪਸਾਰੇ ਰੱਖਣ ਦਾ ਕੀ ਅਧਿਕਾਰ ਹੈ? ਤੁਸੀਂ ਮੇਰੇ ਕੰਮ ਵਿੱਚ ਥੋੜ੍ਹੀ ਜਿਹੀ ਸਹਾਇਤਾ ਕਰਨ ਵਿੱਚ ਵੀ ਅਸਮਰਥ ਹੋ, ਵਫ਼ਾਦਾਰ ਹੋਣ ਵਿੱਚ ਅਸਮਰਥ ਹੋ, ਅਤੇ ਮੇਰੇ ਲਈ ਗਵਾਹੀ ਦੇਣ ਵਿੱਚ ਅਸਮਰਥ ਹੋ ਜੋ ਪਹਿਲਾਂ ਤੋਂ ਹੀ ਤੁਹਾਡੇ ਕੁਕਰਮ ਅਤੇ ਨਾਕਾਮੀਆਂ ਹਨ, ਫਿਰ ਵੀ ਇਸ ਦੀ ਬਜਾਏ ਤੁਸੀਂ ਮੇਰੇ ’ਤੇ ਹਮਲਾ ਕਰਦੇ ਹੋ, ਮੇਰੇ ਬਾਰੇ ਝੂਠੀਆਂ ਗੱਲਾਂ ਕਰਦੇ ਹੋ, ਅਤੇ ਸ਼ਿਕਾਇਤ ਕਰਦੇ ਹੋ ਕਿ ਮੈਂ ਅਧਰਮੀ ਹਾਂ। ਕੀ ਇਹੀ ਤੁਹਾਡੀ ਵਫ਼ਾਦਾਰੀ ਨੂੰ ਕਾਇਮ ਕਰਦਾ ਹੈ? ਕੀ ਇਹੀ ਤੁਹਾਡੇ ਪਿਆਰ ਨੂੰ ਕਾਇਮ ਕਰਦਾ ਹੈ? ਇਸ ਤੋਂ ਪਰੇ ਤੁਸੀਂ ਹੋਰ ਕੀ ਕੰਮ ਕਰ ਸਕਦੇ ਹੋ? ਜੋ ਵੀ ਕੰਮ ਕੀਤਾ ਗਿਆ ਹੈ ਉਸ ਵਿੱਚ ਤੁਸੀਂ ਕਿਵੇਂ ਯੋਗਦਾਨ ਪਾਇਆ ਹੈ? ਤੁਸੀਂ ਕਿੰਨਾ ਖਰਚ ਕੀਤਾ ਹੈ? ਮੈਂ ਤੁਹਾਡੇ ’ਤੇ ਇਲਜ਼ਾਮ ਨਾ ਲਗਾ ਕੇ ਪਹਿਲਾਂ ਹੀ ਬਹੁਤ ਸਹਿਣਸ਼ੀਲਤਾ ਦਿਖਾਈ ਹੈ, ਫਿਰ ਵੀ ਤੁਸੀਂ ਅਜੇ ਵੀ ਬੇਸ਼ਰਮੀ ਨਾਲ ਮੈਨੂੰ ਬਹਾਨੇ ਬਣਾਉਂਦੇ ਹੋ ਅਤੇ ਨਿੱਜੀ ਤੌਰ ’ਤੇ ਮੇਰੇ ਬਾਰੇ ਸ਼ਿਕਾਇਤ ਕਰਦੇ ਹੋ। ਕੀ ਤੁਹਾਡੇ ਅੰਦਰ ਮਨੁੱਖਤਾ ਦੀ ਹਲਕੀ ਜਿਹੀ ਵੀ ਝਲਕ ਹੈ? ਹਾਲਾਂਕਿ ਮਨੁੱਖ ਦਾ ਫਰਜ਼ ਮਨੁੱਖ ਦੇ ਮਨ ਅਤੇ ਉਸ ਦੀਆਂ ਧਾਰਣਾਵਾਂ ਨਾਲ ਦੂਸ਼ਿਤ ਹੋ ਜਾਂਦਾ ਹੈ, ਪਰ ਤੈਨੂੰ ਆਪਣਾ ਫਰਜ਼ ਜ਼ਰੂਰ ਨਿਭਾਉਣਾ ਚਾਹੀਦਾ ਹੈ ਅਤੇ ਆਪਣੀ ਵਫ਼ਾਦਾਰੀ ਦਿਖਾਉਣੀ ਚਾਹੀਦੀ ਹੈ। ਮਨੁੱਖ ਦੇ ਕੰਮ ਵਿੱਚ ਅਸ਼ੁੱਧਤਾਵਾਂ ਉਸ ਦੀ ਯੋਗਤਾ ਦਾ ਮੁੱਦਾ ਹੈ, ਜਦਕਿ, ਜੇ ਮਨੁੱਖ ਆਪਣਾ ਫਰਜ਼ ਨਹੀਂ ਨਿਭਾਉਂਦਾ ਹੈ, ਤਾਂ ਇਹ ਉਸ ਦੇ ਆਕੀਪੁਣੇ ਨੂੰ ਦਰਸਾਉਂਦਾ ਹੈ। ਮਨੁੱਖ ਦੇ ਫਰਜ਼ ਅਤੇ ਉਹ ਬਰਕਤ ਪਾਇਆ ਹੋਇਆ ਹੈ ਜਾਂ ਸਰਾਪਿਆ ਹੋਇਆ ਇਨ੍ਹਾਂ ਦਰਮਿਆਨ ਕੋਈ ਸਹਿ ਸੰਬੰਧ ਨਹੀਂ ਹੈ। ਫਰਜ਼ ਉਹ ਹੈ ਜੋ ਮਨੁੱਖ ਨੂੰ ਪੂਰਾ ਕਰਨਾ ਚਾਹੀਦਾ ਹੈ; ਇਹ ਸਵਰਗ ਤੋਂ ਉਸ ਨੂੰ ਦਿੱਤਾ ਗਿਆ ਕਿੱਤਾ ਹੈ, ਅਤੇ ਇਹ ਮੁਆਵਜ਼ੇ, ਸਥਿਤੀਆਂ, ਜਾਂ ਕਾਰਣਾਂ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਤਾਂ ਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣਾ ਫਰਜ਼ ਨਿਭਾ ਰਿਹਾ ਹੈ। ਕੋਈ ਬਰਕਤ ਪਾਇਆ ਹੋਇਆ ਉਦੋਂ ਬਣਦਾ ਹੈ ਜਦੋਂ ਉਸ ਨੂੰ ਸੰਪੂਰਣ ਬਣਾਇਆ ਜਾਂਦਾ ਹੈ ਅਤੇ ਉਹ ਨਿਆਂ ਦਾ ਅਨੁਭਵ ਕਰਨ ਮਗਰੋਂ ਪਰਮੇਸ਼ੁਰ ਦੀਆਂ ਬਰਕਤਾਂ ਦਾ ਆਨੰਦ ਲੈਂਦਾ ਹੈ। ਕੋਈ ਸਰਾਪਿਆ ਹੋਇਆ ਉਦੋਂ ਹੁੰਦਾ ਹੈ ਜਦੋਂ ਤਾੜਨਾ ਅਤੇ ਨਿਆਂ ਦਾ ਅਨੁਭਵ ਕਰਨ ਮਗਰੋਂ ਵੀ ਕਿਸੇ ਦਾ ਸੁਭਾਅ ਨਹੀਂ ਬਦਲਦਾ, ਉਦੋਂ ਉਨ੍ਹਾਂ ਨੂੰ ਸੰਪੂਰਣ ਬਣਨ ਦਾ ਅਨੁਭਵ ਨਹੀਂ ਮਿਲਦਾ, ਸਗੋਂ ਸਜ਼ਾ ਦਿੱਤੀ ਜਾਂਦੀ ਹੈ। ਪਰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਉਨ੍ਹਾਂ ਨੂੰ ਬਰਕਤ ਮਿਲੇਗੀ ਜਾਂ ਸਰਾਪੇ ਜਾਣਗੇ, ਸਿਰਜਣਾ ਕੀਤੇ ਹੋਏ ਪ੍ਰਾਣੀਆਂ ਨੂੰ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ, ਉਹ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ, ਅਤੇ ਉਹ ਕਰਨਾ ਚਾਹੀਦਾ ਹੈ ਜੋ ਕਰਨ ਦੇ ਉਹ ਯੋਗ ਹਨ; ਇਹ ਘੱਟ ਤੋਂ ਘੱਟ ਹੈ ਜੋ ਕਿਸੇ ਵਿਅਕਤੀ, ਜੋ ਪਰਮੇਸ਼ੁਰ ਦੇ ਪਿੱਛੇ ਚਲਦਾ ਹੈ, ਨੂੰ ਕਰਨਾ ਚਾਹੀਦਾ ਹੈ। ਤੈਨੂੰ ਸਿਰਫ਼ ਬਰਕਤੀ ਹੋਣ ਲਈ ਆਪਣਾ ਫਰਜ਼ ਨਹੀਂ ਨਿਭਾਉਣਾ ਚਾਹੀਦਾ, ਅਤੇ ਤੈਨੂੰ ਸਰਾਪੇ ਜਾਣ ਦੇ ਡਰ ਤੋਂ ਆਪਣੇ ਕੰਮ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਮੈਂ ਤੈਨੂੰ ਇੱਕ ਗੱਲ ਦੱਸ ਦਿਆਂ: ਮਨੁੱਖ ਦਾ ਆਪਣੇ ਫਰਜ਼ ਨੂੰ ਪੂਰਾ ਕਰਨਾ ਉਹੀ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ, ਅਤੇ ਜੇ ਉਹ ਆਪਣਾ ਫਰਜ਼ ਪੂਰਾ ਕਰਨ ਵਿੱਚ ਅਸਮਰਥ ਹੈ, ਤਾਂ ਇਹ ਉਸਦਾ ਆਕੀਪੁਣਾ ਹੈ। ਇਹ ਮਨੁੱਖ ਦਾ ਆਪਣਾ ਫਰਜ਼ ਪੂਰਾ ਕਰਨ ਦਾ ਅਮਲ ਹੈ ਜਿਸ ਰਾਹੀਂ ਉਹ ਹੌਲੀ-ਹੌਲੀ ਬਦਲਦਾ ਹੈ, ਅਤੇ ਇਸੇ ਅਮਲ ਰਾਹੀਂ ਉਹ ਆਪਣੀ ਵਫ਼ਾਦਾਰੀ ਦਿਖਾਉਂਦਾ ਹੈ। ਵੈਸੇ ਤਾਂ, ਜਿੰਨਾਂ ਜ਼ਿਆਦਾ ਤੂੰ ਆਪਣਾ ਫਰਜ਼ ਨਿਭਾਉਣ ਦੇ ਯੋਗ ਹੋਏਂਗਾ, ਉੰਨਾ ਹੀ ਜ਼ਿਆਦਾ ਤੂੰ ਸੱਚਾਈ ਨੂੰ ਪ੍ਰਾਪਤ ਕਰੇਂਗਾ, ਅਤੇ ਤੇਰਾ ਪ੍ਰਗਟਾਵਾ ਉੰਨਾ ਹੀ ਜ਼ਿਆਦਾ ਅਸਲੀ ਬਣੇਗਾ। ਜੋ ਲੋਕ ਆਪਣਾ ਫਰਜ਼ ਨਿਭਾਉਣ ਵਿੱਚ ਜ਼ਰਾ ਵੀ ਰੁਚੀ ਨਹੀਂ ਲੈਂਦੇ ਅਤੇ ਸੱਚਾਈ ਦੀ ਤਲਾਸ਼ ਨਹੀਂ ਕਰਦੇ ਅੰਤ ਵਿੱਚ ਹਟਾ ਦਿੱਤੇ ਜਾਣਗੇ, ਕਿਉਂਕਿ ਅਜਿਹੇ ਲੋਕ ਆਪਣਾ ਫਰਜ਼ ਨਿਭਾਉਂਦੇ ਹੋਏ ਸੱਚਾਈ ’ਤੇ ਅਮਲ ਨਹੀਂ ਕਰਦੇ ਹਨ, ਅਜਿਹੇ ਉਹ ਲੋਕ ਹਨ ਜੋ ਬਦਲਦੇ ਨਹੀਂ ਅਤੇ ਸਰਾਪੇ ਜਾਣਗੇ। ਉਨ੍ਹਾਂ ਦੇ ਨਾ ਸਿਰਫ਼ ਪ੍ਰਗਟਾਵੇ ਅਸ਼ੁੱਧ ਹਨ, ਸਗੋਂ ਉਹ ਜੋ ਵੀ ਪਰਗਟ ਕਰਦੇ ਹਨ ਉਸ ਵਿੱਚ ਦੁਸ਼ਟਤਾ ਹੁੰਦੀ ਹੈ।

ਕਿਰਪਾ ਦੇ ਯੁਗ ਵਿੱਚ, ਯਿਸੂ ਨੇ ਕਈ ਵਚਨ ਬੋਲੇ ਅਤੇ ਬਹੁਤ ਕੰਮ ਕੀਤਾ। ਉਹ ਯਸਾਯਾਹ ਤੋਂ ਕਿਵੇਂ ਭਿੰਨ ਸੀ? ਉਹ ਦਾਨੀਏਲ ਤੋਂ ਕਿਵੇਂ ਭਿੰਨ ਸੀ? ਕੀ ਉਹ ਨਬੀ ਸੀ? ਇਹ ਕਿਉਂ ਕਿਹਾ ਜਾਂਦਾ ਹੈ ਕਿ ਉਹ ਮਸੀਹ ਹੈ? ਉਨ੍ਹਾਂ ਦਰਮਿਆਨ ਕੀ ਅੰਤਰ ਹੈ? ਉਨ੍ਹਾਂ ਦਰਮਿਆਨ ਕੀ ਭਿੰਨਤਾਵਾਂ ਹਨ? ਉਹ ਸਾਰੇ ਮਨੁੱਖ ਸਨ ਜਿਨ੍ਹਾਂ ਨੇ ਵਚਨ ਬੋਲੇ ਸਨ, ਅਤੇ ਉਨ੍ਹਾਂ ਦੇ ਵਚਨ ਮਨੁੱਖ ਨੂੰ ਲੱਗਭੱਗ ਇੱਕੋ ਜਿਹੇ ਲੱਗਦੇ ਸਨ। ਉਨ੍ਹਾਂ ਸਾਰਿਆਂ ਨੇ ਵਚਨ ਬੋਲੇ ਅਤੇ ਕੰਮ ਕੀਤਾ। ਪੁਰਾਣੇ ਨੇਮ ਦੇ ਨਬੀਆਂ ਨੇ ਭਵਿੱਖਵਾਣੀਆਂ ਕੀਤੀਆਂ, ਅਤੇ ਉਸੇ ਤਰ੍ਹਾਂ ਯਿਸੂ ਵੀ ਕਰ ਸਕਿਆ। ਅਜਿਹਾ ਕਿਉਂ ਹੈ? ਇੱਥੇ ਕੰਮ ਦੀ ਕਿਸਮ ਦੇ ਆਧਾਰ ’ਤੇ ਭਿੰਨਤਾ ਹੈ। ਇਸ ਮਾਮਲੇ ਨੂੰ ਸਮਝਣ ਲਈ, ਤੈਨੂੰ ਦੇਹ ਦੀ ਪ੍ਰਕਿਰਤੀ ’ਤੇ ਵਿਚਾਰ ਨਹੀਂ ਕਰਨਾ ਹੋਏਗਾ, ਨਾ ਹੀ ਤੈਨੂੰ ਉਨ੍ਹਾਂ ਦੇ ਵਚਨਾਂ ਦੀ ਗਹਿਰਾਈ ਜਾਂ ਸਤਹੀਪਣ ’ਤੇ ਵਿਚਾਰ ਕਰਨਾ ਚਾਹੀਦਾ ਹੈ। ਤੈਨੂੰ ਹਮੇਸ਼ਾਂ ਪਹਿਲਾਂ ਉਨ੍ਹਾਂ ਦੇ ਕੰਮ ’ਤੇ ਅਤੇ ਉਨ੍ਹਾਂ ਅਸਰਾਂ ’ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਜਿਸ ਨੂੰ ਉਨ੍ਹਾਂ ਦਾ ਕੰਮ ਮਨੁੱਖ ਵਿੱਚ ਪ੍ਰਾਪਤ ਕਰਦਾ ਹੈ। ਉਸ ਸਮੇਂ ਨਬੀਆਂ ਦੁਆਰਾ ਕੀਤੀਆਂ ਗਈਆਂ ਭਵਿੱਖਵਾਣੀਆਂ ਨੇ ਮਨੁੱਖ ਦਾ ਜੀਵਨ ਭਰਪੂਰ ਨਹੀਂ ਕੀਤਾ, ਅਤੇ ਯਸਾਯਾਹ ਅਤੇ ਦਾਨੀਏਲ ਜਿਹੇ ਲੋਕਾਂ ਦੁਆਰਾ ਪ੍ਰਾਪਤ ਕੀਤੀਆਂ ਪ੍ਰੇਰਨਾਵਾਂ ਸਿਰਫ਼ ਭਵਿੱਖਵਾਣੀਆਂ ਸਨ, ਜੀਵਨ ਦਾ ਰਾਹ ਨਹੀਂ ਸਨ। ਜੇ ਯਹੋਵਾਹ ਵੱਲੋਂ ਪ੍ਰਤੱਖ ਪ੍ਰਕਾਸ਼ਨ ਨਾ ਹੁੰਦਾ, ਤਾਂ ਕੋਈ ਵੀ ਇਸ ਕੰਮ ਨੂੰ ਨਹੀਂ ਕਰ ਸਕਦਾ ਸੀ, ਜੋ ਕਿ ਮਨੁੱਖਾਂ ਲਈ ਸੰਭਵ ਨਹੀਂ ਹੈ। ਯਿਸੂ ਨੇ ਵੀਕਈ ਵਚਨ ਬੋਲੇ, ਪਰ ਇਹ ਵਚਨ ਜੀਵਨ ਦਾ ਰਾਹ ਸਨ ਜਿਸ ਤੋਂ ਮਨੁੱਖ ਅਮਲ ਦਾ ਰਾਹ ਪ੍ਰਾਪਤ ਕਰ ਸਕਦਾ ਸੀ। ਕਹਿਣ ਦਾ ਭਾਵ ਹੈ, ਕਿ ਸਭ ਤੋਂ ਪਹਿਲਾਂ, ਉਹ ਲੋਕਾਂ ਨੂੰ ਜੀਵਨ ਪ੍ਰਦਾਨ ਕਰ ਸਕਦਾ ਸੀ, ਕਿਉਂਕਿ ਯਿਸੂ ਜੀਵਨ ਹੈ; ਦੂਜਾ, ਉਹ ਮਨੁੱਖ ਦੀਆਂ ਭਟਕਣਾਂ ਨੂੰ ਪਲਟ ਸਕਦਾ ਸੀ; ਤੀਜਾ, ਯੁਗ ਨੂੰ ਅੱਗੇ ਵਧਾਉਣ ਲਈ ਉਸ ਦਾ ਕੰਮ ਯਹੋਵਾਹ ਦੇ ਕੰਮ ਦਾ ਉੱਤਰਵਰਤੀ ਹੋ ਸਕਦਾ ਸੀ, ਚੌਥਾ, ਉਹ ਮਨੁੱਖ ਦੇ ਅੰਦਰ ਦੀ ਜ਼ਰੂਰਤ ਨੂੰ ਸਮਝ ਸਕਦਾ ਸੀ ਅਤੇ ਇਹ ਸਮਝ ਸਕਦਾ ਸੀ ਕਿ ਮਨੁੱਖ ਵਿੱਚ ਕਿਸ ਚੀਜ਼ ਦੀ ਕਮੀ ਹੈ; ਪੰਜਵਾਂ, ਉਹ ਨਵੇਂ ਯੁਗ ਦਾ ਅਰੰਭ ਕਰ ਸਕਦਾ ਸੀ ਅਤੇ ਪੁਰਾਣੇ ਯੁਗ ਨੂੰ ਖਤਮ ਕਰ ਸਕਦਾ ਸੀl ਇਹੀ ਕਾਰਣ ਹੈ ਕਿ ਉਸ ਨੂੰ ਪਰਮੇਸ਼ੁਰ ਅਤੇ ਮਸੀਹ ਕਿਹਾ ਜਾਂਦਾ ਹੈ; ਉਹ ਨਾ ਸਿਰਫ਼ ਯਸਾਯਾਹ ਤੋਂ, ਸਗੋਂ ਬਾਕੀ ਸਾਰੇ ਨਬੀਆਂ ਤੋਂ ਵੀ ਭਿੰਨ ਹੈ। ਨਬੀਆਂ ਦੇ ਕੰਮ ਦੀ ਤੁਲਨਾ ਵਜੋਂ ਯਸਾਯਾਹ ਨੂੰ ਲਓ। ਸਭ ਤੋਂ ਪਹਿਲਾਂ, ਉਹ ਮਨੁੱਖ ਨੂੰ ਜੀਵਨ ਪ੍ਰਦਾਨ ਨਹੀਂ ਕਰ ਸਕਦਾ ਸੀ; ਦੂਜਾ, ਉਹ ਨਵੇਂ ਯੁਗ ਦੀ ਸ਼ੁਰੂਆਤ ਨਹੀਂ ਕਰ ਸਕਦਾ ਸੀ। ਉਹ ਯਹੋਵਾਹ ਦੀ ਅਗਵਾਈ ਅਧੀਨ ਕੰਮ ਕਰ ਰਿਹਾ ਸੀ ਅਤੇ ਨਵੇਂ ਯੁਗ ਦੀ ਸ਼ੁਰੂਆਤ ਲਈ ਨਹੀਂ। ਤੀਜਾ, ਉਸ ਨੇ ਜੋ ਵਚਨ ਬੋਲੇ ਉਹ ਉਸ ਦੀ ਹੀ ਸਮਝ ਤੋਂ ਪਰੇ ਸਨ। ਉਹ ਸਿੱਧਾ ਪਰਮੇਸ਼ੁਰ ਦੇ ਆਤਮਾ ਤੋਂ ਪ੍ਰਕਾਸ਼ਨ ਪ੍ਰਾਪਤ ਕਰ ਰਿਹਾ ਸੀ, ਅਤੇ ਦੂਜੇ ਉਨ੍ਹਾਂ ਨੂੰ ਸੁਣ ਕੇ ਵੀ ਉਸ ਨੂੰ ਸਮਝੇ ਨਹੀਂ ਹੋਣਗੇ। ਇਹ ਕੁਝ ਹੀ ਗੱਲਾਂ ਇਕੱਲੇ ਇਹ ਸਾਬਿਤ ਕਰਨ ਲਈ ਕਾਫ਼ੀ ਹਨ ਕਿ ਉਸ ਦੇ ਵਚਨ ਭਵਿੱਖਵਾਣੀਆਂ ਤੋਂ ਵੱਧ ਨਹੀਂ ਸਨ, ਯਹੋਵਾਹ ਦੇ ਬਦਲੇ ਵਿੱਚ ਕੀਤੇ ਗਏ ਕੰਮ ਉਸ ਦੇ ਇੱਕ ਪਹਿਲੂ ਤੋਂ ਜ਼ਿਆਦਾ ਕੁਝ ਨਹੀਂ ਸਨ। ਪਰ, ਉਹ ਪੂਰੀ ਤਰ੍ਹਾਂ ਨਾਲ ਯਹੋਵਾਹ ਦੀ ਨੁਮਾਇੰਦਗੀ ਨਹੀਂ ਕਰ ਸਕਦਾ ਸੀ। ਉਹ ਯਹੋਵਾਹ ਦਾ ਸੇਵਕ ਸੀ, ਯਹੋਵਾਹ ਦੇ ਕੰਮ ਵਿੱਚ ਇੱਕ ਵਸੀਲਾ ਸੀ। ਉਹ ਸਿਰਫ਼ ਸ਼ਰਾ ਦੇ ਯੁਗ ਅੰਦਰ ਅਤੇ ਯਹੋਵਾਹ ਦੇ ਕੰਮ ਦੇ ਦਾਇਰੇ ਅੰਦਰ ਕੰਮ ਕਰ ਰਿਹਾ ਸੀ; ਉਸ ਨੇ ਸ਼ਰਾ ਦੇ ਯੁਗ ਤੋਂ ਪਰੇ ਕੰਮ ਨਹੀਂ ਕੀਤਾ। ਇਸ ਦੇ ਉਲਟ, ਯਿਸੂ ਦਾ ਕੰਮ ਭਿੰਨ ਸੀ। ਉਸ ਨੇ ਯਹੋਵਾਹ ਦੇ ਕਾਰਜ-ਖੇਤਰ ਦੇ ਬਾਹਰ ਜਾ ਕੇ ਕੰਮ ਕੀਤਾ; ਉਸ ਨੇ ਦੇਹਧਾਰੀ ਪਰਮੇਸ਼ੁਰ ਵਜੋਂ ਕੰਮ ਕੀਤਾ ਅਤੇ ਸਮੁੱਚੀ ਮਨੁੱਖਜਾਤੀ ਦੇ ਛੁਟਕਾਰੇ ਲਈ ਸਲੀਬ ’ਤੇ ਚੜ੍ਹ ਗਿਆ। ਅਰਥਾਤ, ਉਸ ਨੇ ਯਹੋਵਾਹ ਦੁਆਰਾ ਕੀਤੇ ਗਏ ਕੰਮ ਤੋਂ ਬਾਹਰ ਨਵਾਂ ਕੰਮ ਕੀਤਾ। ਇਹ ਇੱਕ ਨਵੇਂ ਯੁਗ ਦਾ ਅਰੰਭ ਕਰਨਾ ਸੀ। ਇਸ ਤੋਂ ਇਲਾਵਾ, ਉਹ ਉਸ ਬਾਰੇ ਬੋਲਣ ਵਿੱਚ ਸਮਰੱਥ ਸੀ ਜਿਸ ਨੂੰ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ ਸੀ। ਉਸ ਦਾ ਕੰਮ ਪਰਮੇਸ਼ੁਰ ਦੇ ਪ੍ਰਬੰਧਨ ਦੇ ਅੰਦਰ ਦਾ ਕੰਮ ਸੀ ਅਤੇ ਸਮੁੱਚੀ ਮਨੁੱਖਜਾਤੀ ਨੂੰ ਸ਼ਾਮਲ ਕਰਨਾ ਸੀ। ਉਸ ਨੇ ਸਿਰਫ਼ ਕੁਝ ਹੀ ਮਨੁੱਖਾਂ ’ਤੇ ਕੰਮ ਨਹੀਂ ਕੀਤਾ, ਨਾ ਹੀ ਉਸ ਦਾ ਕੰਮ ਕੁਝ ਸੀਮਿਤ ਗਿਣਤੀ ਵਿੱਚ ਲੋਕਾਂ ਦੀ ਅਗਵਾਈ ਕਰਨਾ ਸੀ। ਜਿੱਥੇ ਤਕ ਇਸ ਗੱਲ ਦਾ ਸੰਬੰਧ ਹੈ ਕਿ ਕਿਵੇਂ ਪਰਮੇਸ਼ੁਰ ਨੇ ਮਨੁੱਖ ਵਜੋਂ ਦੇਹਧਾਰਣ ਕੀਤਾ, ਕਿਵੇਂ ਉਸ ਸਮੇਂ ਪਵਿੱਤਰ ਆਤਮਾ ਨੇ ਪ੍ਰਕਾਸ਼ਨ ਦਿੱਤੇ ਅਤੇ ਕਿਵੇਂ ਆਤਮਾ ਇਹ ਕੰਮ ਕਰਨ ਲਈ ਮਨੁੱਖ ’ਤੇ ਉਤਰਿਆ—ਇਹ ਉਹ ਗੱਲਾਂ ਹਨ ਜਿਨ੍ਹਾਂ ਨੂੰ ਮਨੁੱਖ ਦੇਖ ਨਹੀਂ ਸਕਦਾ ਜਾਂ ਛੋਹ ਨਹੀਂ ਸਕਦਾ। ਇਹਨਾਂ ਸੱਚਾਈਆਂ ਨੂੰ ਇਸ ਗੱਲ ਦਾ ਸਬੂਤ ਮੰਨਣਾ ਪੂਰੀ ਤਰ੍ਹਾਂ ਅਸੰਭਵ ਹੈ ਕਿ ਉਹ ਦੇਹਧਾਰੀ ਪਰਮੇਸ਼ੁਰ ਹੈ। ਵੈਸੇ ਤਾਂ, ਪਰਮੇਸ਼ੁਰ ਦੇ ਸਿਰਫ਼ ਉਨ੍ਹਾਂ ਵਚਨਾਂ ਅਤੇ ਕੰਮ ਵਿੱਚ ਹੀ ਅੰਤਰ ਕੀਤਾ ਜਾ ਸਕਦਾ ਹੈ, ਜੋ ਮਨੁੱਖ ਦੀ ਪਹੁੰਚ ਵਿੱਚ ਹੋਣ। ਸਿਰਫ਼ ਇਹੀ ਅਸਲੀ ਹੈ। ਇਹ ਇਸ ਲਈ ਹੈ ਕਿਉਂਕਿ ਸਿਰਫ਼ ਆਤਮਾ ਦੇ ਮਾਮਲੇ ਤੇਰੇ ਲਈ ਦ੍ਰਿਸ਼ਟੀਗੋਚਰ ਨਹੀਂ ਹੈ ਅਤੇ ਸਿਰਫ਼ ਖੁਦ ਪਰਮੇਸ਼ੁਰ ਨੂੰ ਹੀ ਸਪਸ਼ਟ ਰੂਪ ਵਿੱਚ ਪਤਾ ਹਨ, ਅਤੇ ਇੱਥੋਂ ਤਕ ਕਿ ਪਰਮੇਸ਼ੁਰ ਦਾ ਦੇਹਧਾਰੀ ਰੂਪ ਵੀ ਸਭ ਨਹੀਂ ਜਾਣਦਾ; ਤੂੰ ਸਿਰਫ਼ ਉਸ ਦੁਆਰਾ ਕੀਤੇ ਗਏ ਕੰਮ ਤੋਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈਂ ਕਿ ਕੀ ਇਹ ਪਰਮੇਸ਼ੁਰ ਹੈ। ਉਸ ਦੇ ਕੰਮ ਤੋਂ, ਇਹ ਦੇਖਿਆ ਜਾ ਸਕਦਾ ਹੈ ਕਿ ਸਭ ਤੋਂ ਪਹਿਲਾਂ, ਉਹ ਨਵੇਂ ਯੁਗ ਦਾ ਰਾਹ ਦਿਖਾਉਣ ਦੇ ਸਮਰੱਥ ਹੈ; ਦੂਜਾ, ਉਹ ਮਨੁੱਖ ਨੂੰ ਜੀਵਨ ਪ੍ਰਦਾਨ ਕਰਨ ਅਤੇ ਮਨੁੱਖ ਨੂੰ ਪਿੱਛੇ ਚੱਲਣ ਦਾ ਰਾਹ ਦਿਖਾਉਣ ਦੇ ਸਮਰੱਥ ਹੈ। ਇਹ ਇਸ ਗੱਲ ਨੂੰ ਸਿੱਧ ਕਰਨ ਲਈ ਕਾਫ਼ੀ ਹੈ ਕਿ ਉਹ ਖੁਦ ਪਰਮੇਸ਼ੁਰ ਹੈ। ਘੱਟੋ-ਘੱਟ, ਉਸ ਨੇ ਜੋ ਕੰਮ ਕੀਤਾ ਹੈ, ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੇ ਆਤਮਾ ਦੀ ਨੁਮਾਇੰਦਗੀ ਕਰ ਸਕਦਾ ਹੈ, ਅਤੇ ਅਜਿਹੇ ਕੰਮ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਪਰਮੇਸ਼ੁਰ ਦਾ ਆਤਮਾ ਉਸ ਦੇ ਅੰਦਰ ਹੈ। ਕਿਉਂਕਿ ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤਾ ਗਿਆ ਕੰਮ ਮੁੱਖ ਤੌਰ ’ਤੇ ਨਵੇਂ ਯੁਗ ਦਾ ਅਰੰਭ ਕਰਨਾ, ਨਵੇਂ ਕੰਮ ਦੀ ਅਗਵਾਈ ਕਰਨਾ ਅਤੇ ਇੱਕ ਨਵਾਂ ਖੇਤਰ ਖੋਲ੍ਹਣਾ ਸੀ, ਇਸ ਲਈ ਇਹ ਕੁਝ ਗੱਲਾਂ ਇਕੱਲੇ ਹੀ ਇਹ ਸਾਬਿਤ ਕਰਨ ਲਈ ਕਾਫ਼ੀ ਹਨ ਕਿ ਉਹ ਪਰਮੇਸ਼ੁਰ ਖੁਦ ਹੈ। ਇਸ ਤਰ੍ਹਾਂ ਇਹ ਉਸ ਨੂੰ ਯਸਾਯਾਹ, ਦਾਨੀਏਲ, ਅਤੇ ਦੂਜੇ ਮਹਾਨ ਨਬੀਆਂ ਤੋਂ ਭਿੰਨ ਬਣਾਉਂਦਾ ਹੈ। ਯਸਾਯਾਹ, ਦਾਨੀਏਲ, ਅਤੇ ਦੂਜੇ ਨਬੀ ਉੱਚ ਸਿੱਖਿਅਤ ਵਰਗ ਦੇ ਸੱਭਿਆਚਾਰਕ ਲੋਕ ਸਨ; ਉਹ ਯਹੋਵਾਹ ਦੀ ਅਗਵਾਈ ਅਧੀਨ ਅਸਧਾਰਣ ਮਨੁੱਖ ਸਨ। ਪਰਮੇਸ਼ੁਰ ਦਾ ਦੇਹਧਾਰੀ ਦੇਹ ਵੀ ਗਿਆਨਵਾਨ ਸੀ ਅਤੇ ਉਸ ਵਿੱਚ ਵਿਵੇਕ ਦੀ ਕਮੀ ਨਹੀਂ ਸੀ, ਪਰ ਉਸ ਦੀ ਮਨੁੱਖਤਾ ਵਿਸ਼ੇਸ਼ ਰੂਪ ਵਿੱਚ ਸਧਾਰਣ ਸੀ। ਉਹ ਇੱਕ ਆਮ ਮਨੁੱਖ ਸੀ। ਅਤੇ ਨੰਗੀਆਂ ਅੱਖਾਂ ਉਸ ਦੇ ਬਾਰੇ ਕੋਈ ਖਾਸ ਮਨੁੱਖਤਾ ਨਹੀਂ ਦੇਖ ਸਕਦੀਆਂ ਸਨ ਜਾਂ ਉਸ ਦੇ ਮਨੁੱਖ ਹੋਣ ਵਿੱਚ ਦੁਜਿਆ ਤੋਂ ਅਲੱਗ ਕੁਝ ਨਹੀਂ ਲੱਭ ਸਕਦੀਆਂ ਸਨ। ਉਹ ਅਲੌਕਿਕ ਜਾਂ ਅਨੋਖਾ ਤਾਂ ਬਿਲਕੁਲ ਨਹੀਂ ਸੀ, ਉਸ ਕੋਲ ਉਚੇਰੀ ਸਿੱਖਿਆ, ਗਿਆਨ, ਜਾਂ ਸਿਧਾਂਤ ਦਾ ਕੋਈ ਗੁਣ ਨਹੀਂ ਸੀ। ਜਿਸ ਜੀਵਨ ਬਾਰੇ ਉਸ ਨੇ ਗੱਲ ਕੀਤੀ ਅਤੇ ਜਿਸ ਰਾਹ ਦੀ ਉਸ ਨੇ ਅਗਵਾਈ ਕੀਤੀ ਉਹ ਸਿਧਾਂਤ ਰਾਹੀਂ, ਗਿਆਨ ਰਾਹੀਂ, ਜੀਵਨ ਦੇ ਅਨੁਭਵ ਰਾਹੀਂ, ਜਾਂ ਪਰਿਵਾਰਕ ਪਾਲਣ-ਪੋਸ਼ਣ ਰਾਹੀਂ ਪ੍ਰਾਪਤ ਨਹੀਂ ਕੀਤੇ ਜਾਂਦੇ ਸਨ। ਸਗੋਂ, ਉਹ ਆਤਮਾ ਦਾ ਪ੍ਰਤੱਖ ਕੰਮ ਸੀ, ਜੋ ਕਿ ਦੇਹਧਾਰੀ ਪਰਮੇਸ਼ੁਰ ਦਾ ਕੰਮ ਹੈ। ਅਜਿਹਾ ਇਸ ਲਈ ਸੀ ਕਿਉਂਕਿ ਮਨੁੱਖ ਦੀਆਂ ਪਰਮੇਸ਼ੁਰ ਬਾਰੇ ਵੱਡੀਆਂ ਧਾਰਣਾਵਾਂ ਸਨ ਅਤੇ ਵਿਸ਼ੇਸ਼ ਰੂਪ ਵਿੱਚ, ਇਹ ਧਾਰਣਾਵਾਂ ਬਹੁਤ ਸਾਰੇ ਖਿਆਲੀ ਅਤੇ ਅਲੌਕਿਕ ਤੱਤਾਂ ਨਾਲ ਬਣੀਆਂ ਹਨ, ਮਨੁੱਖ ਦੀ ਨਜ਼ਰ ਵਿੱਚ, ਮਨੁੱਖੀ ਕਮਜ਼ੋਰੀਆਂ ਵਾਲਾ ਸਾਧਾਰਣ ਪਰਮੇਸ਼ੁਰ ਜੋ ਚਿੰਨ ਅਤੇ ਅਚੰਭੇ ਨਹੀਂ ਕਰ ਸਕਦਾ, ਉਹ ਨਿਸ਼ਚਿਤ ਤੌਰ ਤੇ ਪਰਮੇਸ਼ੁਰ ਨਹੀਂ ਹੈ। ਕੀ ਇਹ ਮਨੁੱਖ ਦੀਆਂ ਤਰੁਟੀਪੂਰਣ ਧਾਰਣਾਵਾਂ ਨਹੀਂ ਹਨ? ਜੇ ਪਰਮੇਸ਼ੁਰ ਦਾ ਦੇਹਧਾਰੀ ਰੂਪ ਸਾਧਾਰਣ ਮਨੁੱਖ ਨਹੀਂ ਸੀ, ਤਾਂ ਉਸ ਨੂੰ ਦੇਹਧਾਰੀ ਬਣ ਜਾਣਾ ਕਿਉਂ ਕਿਹਾ ਜਾਂਦਾ? ਦੇਹ ਦਾ ਹੋਣਾ ਇੱਕ ਸਧਾਰਣ, ਆਮ ਮਨੁੱਖ ਦਾ ਹੋਣਾ ਹੈ; ਜੇ ਉਹ ਕੋਈ ਅਗੰਮੀ ਪ੍ਰਾਣੀ ਰਿਹਾ ਹੁੰਦਾ, ਤਾਂ ਉਹ ਦੇਹ ਦਾ ਨਾ ਹੋਇਆ ਹੁੰਦਾ। ਇਹ ਸਾਬਿਤ ਕਰਨ ਲਈ ਕਿ ਉਹ ਦੇਹ ਦਾ ਹੈ, ਦੇਹਧਾਰੀ ਪਰਮੇਸ਼ੁਰ ਨੂੰ ਇੱਕ ਸਾਧਾਰਣ ਦੇਹ ਧਾਰਣ ਕਰਨ ਦੀ ਲੋੜ ਸੀ। ਇਹ ਸਿਰਫ਼ ਦੇਹਧਾਰਣ ਦੇ ਮਹੱਤਵ ਨੂੰ ਪੂਰਾ ਕਰਨ ਲਈ ਸੀ। ਹਾਲਾਂਕਿ, ਇਹ ਨਬੀਆਂ ਅਤੇ ਮਨੁੱਖ ਦੇ ਪੁੱਤਰਾਂ ਲਈ ਅਜਿਹਾ ਨਹੀਂ ਸੀ। ਉਹ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤੇ ਗਏ ਪ੍ਰਤਿਭਾਸ਼ਾਲੀ ਮਨੁੱਖ ਸਨ; ਮਨੁੱਖ ਦੀਆਂ ਨਜ਼ਰਾਂ ਵਿੱਚ, ਉਨ੍ਹਾਂ ਦੀ ਮਨੁੱਖਤਾ ਵਿਸ਼ੇਸ਼ ਰੂਪ ਵਿੱਚ ਮਹਾਨ ਸੀ ਅਤੇ ਉਨ੍ਹਾਂ ਨੇ ਕਈ ਕੰਮ ਕੀਤੇ ਜੋ ਸਧਾਰਣ ਮਨੁੱਖਤਾ ਤੋਂ ਉੱਪਰ ਸਨl ਇਸੇ ਕਾਰਣ, ਮਨੁੱਖਾਂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰੂਪ ਵਿੱਚ ਮੰਨਿਆ। ਹੁਣ ਤੁਹਾਨੂੰ ਸਾਰਿਆਂ ਨੂੰ ਇਸ ਨੂੰ ਸਪਸ਼ਟ ਰੂਪ ਵਿੱਚ ਜ਼ਰੂਰ ਸਮਝ ਲੈਣਾ ਚਾਹੀਦਾ ਹੈ, ਕਿਉਂਕਿ ਇਹ ਅਜਿਹਾ ਮੁੱਦਾ ਰਿਹਾ ਹੈ ਜਿਸ ਨੂੰ ਅਤੀਤ ਦੇ ਯੁਗਾਂ ਦੇ ਸਾਰੇ ਮਨੁੱਖਾਂ ਦੁਆਰਾ ਆਸਾਨੀ ਨਾਲ ਉਲਝਾਇਆ ਗਿਆ ਹੈ। ਇਸ ਦੇ ਇਲਾਵਾ, ਦੇਹਧਾਰਣ ਸਭ ਤੋਂ ਰਹੱਸਮਈ ਗੱਲ ਹੈ, ਅਤੇ ਮਨੁੱਖ ਲਈ ਦੇਹਧਾਰੀ ਪਰਮੇਸ਼ੁਰ ਨੂੰ ਸਵੀਕਾਰ ਕਰਨਾ ਸਭ ਤੋਂ ਮੁਸ਼ਕਲ ਹੈ। ਜੋ ਮੈਂ ਕਹਿੰਦਾ ਹਾਂ ਉਹ ਤੁਹਾਡੇ ਲਈ ਆਪਣੇ ਕੰਮ ਨੂੰ ਪੂਰਾ ਕਰਨ ਅਤੇ ਦੇਹਧਾਰਣ ਦੇ ਭੇਦ ਨੂੰ ਸਮਝਣ ਵਿੱਚ ਸਹਾਇਕ ਹੈ, ਇਹ ਸਭ ਪਰਮੇਸ਼ੁਰ ਦੇ ਪ੍ਰਬੰਧਨ ਅਤੇ ਦਰਸ਼ਣ ਨਾਲ ਸੰਬੰਧਤ ਹੈ। ਇਸ ਦੇ ਬਾਰੇ ਵਿੱਚ ਤੁਹਾਡੀ ਸਮਝ ਦਰਸ਼ਣ, ਅਰਥਾਤ ਪਰਮੇਸ਼ੁਰ ਦੇ ਪ੍ਰਬੰਧਨ ਦੇ ਕੰਮ ਦਾ ਗਿਆਨ ਪ੍ਰਾਪਤ ਕਰਨ ਵਿੱਚ ਵਧੇਰੇ ਲਾਹੇਵੰਦ ਹੋਏਗੀ। ਇਸ ਤਰ੍ਹਾਂ ਤੁਸੀਂ ਉਸ ਫਰਜ਼ ਬਾਰੇ ਵੀ ਜ਼ਿਆਦਾ ਸਮਝ ਸਕੋਗੇ ਜੋ ਵੱਖ-ਵੱਖ ਕਿਸਮ ਦੇ ਲੋਕਾਂ ਨੂੰ ਨਿਭਾਉਣਾ ਚਾਹੀਦਾ ਹੈ। ਹਾਲਾਂਕਿ ਇਹ ਵਚਨ ਤੁਹਾਨੂੰ ਪ੍ਰਤੱਖ ਰੂਪ ਵਿੱਚ ਰਾਹ ਨਹੀਂ ਦਿਖਾਉਂਦੇ ਹਨ, ਤਾਂ ਵੀ ਇਹ ਤੁਹਾਡੇ ਪ੍ਰਵੇਸ਼ ਲਈ ਬਹੁਤ ਸਹਾਇਕ ਹਨ, ਕਿਉਂਕਿ ਵਰਤਮਾਨ ਵਿੱਚ ਤੁਹਾਡੇ ਜੀਵਨ ਵਿੱਚ ਦਰਸ਼ਣ ਦੀ ਬਹੁਤ ਕਮੀ ਹੈ, ਅਤੇ ਇਹ ਤੁਹਾਡੇ ਪ੍ਰਵੇਸ਼ ਵਿੱਚ ਰੁਕਾਵਟ ਪਾਉਂਦੇ ਹੋਏ ਇੱਕ ਮਹੱਤਵਪੂਰਣ ਅੜਿੱਕਾ ਬਣ ਜਾਏਗਾ। ਜੇ ਤੁਸੀਂ ਇਨ੍ਹਾਂ ਮੁੱਦਿਆਂ ਨੂੰ ਸਮਝਣ ਵਿੱਚ ਅਸਮਰਥ ਰਹੇ ਹੋ, ਤਾਂ ਤੁਹਾਡੇ ਪ੍ਰਵੇਸ਼ ਨੂੰ ਅਗਾਂਹ ਵਧਾਉਣ ਵਾਲੀ ਕੋਈ ਪ੍ਰੇਰਣਾ ਨਹੀਂ ਹੋਏਗੀ। ਅਤੇ ਅਜਿਹੀ ਤਲਾਸ਼ ਤੁਹਾਨੂੰ ਆਪਣੇ ਫਰਜ਼ ਨੂੰ ਪੂਰਾ ਕਰਨ ਦੇ ਸਮਰੱਥ ਕਿਵੇਂ ਬਣਾ ਸਕਦੀ ਹੈ?

ਪਿਛਲਾ: ਪਰਮੇਸ਼ੁਰ ਨੂੰ ਸਿਰਫ਼ ਉਹੀ ਸੰਤੁਸ਼ਟ ਕਰ ਸਕਦੇ ਹਨ ਜੋ ਉਸ ਨੂੰ ਅਤੇ ਉਸ ਦੇ ਕੰਮ ਨੂੰ ਜਾਣਦੇ ਹਨ

ਅਗਲਾ: ਪਰਮੇਸ਼ੁਰ ਸਾਰੀ ਸ੍ਰਿਸ਼ਟੀ ਦਾ ਪ੍ਰਭੂ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ