ਪਰਮੇਸ਼ੁਰ ਨੂੰ ਮਨੁੱਖਜਾਤੀ ਦੇ ਨਸੀਬ ਉੱਤੇ ਪਰਧਾਨਗੀ ਹਾਸਲ ਹੈ

ਮਨੁੱਖਜਾਤੀ ਦੇ ਮੈਂਬਰ ਅਤੇ ਸਿਦਕਵਾਨ ਮਸੀਹੀ ਹੋਣ ਦੇ ਨਾਤੇ, ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਅਤੇ ਫ਼ਰਜ਼ ਹੈ ਕਿ ਅਸੀਂ ਪਰਮੇਸ਼ੁਰ ਦੇ ਮਹਾਨ ਆਦੇਸ਼ ਦੀ ਪੂਰਤੀ ਲਈ ਆਪਣੇ ਮਨ ਅਤੇ ਸਰੀਰ ਸਮਰਪਿਤ ਕਰ ਦੇਈਏ, ਕਿਉਂਕਿ ਸਾਡਾ ਸਾਰਾ ਸਰੂਪ ਪਰਮੇਸ਼ੁਰ ਕੋਲੋਂ ਆਇਆ ਹੈ, ਅਤੇ ਪਰਮੇਸ਼ੁਰ ਦਾ ਧੰਨਵਾਦ ਹੋਵੇ ਕਿ ਉਸ ਦੀ ਸਰਬਉੱਚਤਾ ਸਦਕਾ ਇਹ ਵਜੂਦ ਵਿੱਚ ਹੈ। ਜੇਕਰ ਸਾਡੇ ਮਨ ਅਤੇ ਸਰੀਰ ਪਰਮੇਸ਼ੁਰ ਦੇ ਮਹਾਨ ਆਦੇਸ਼ ਦੀ ਪੂਰਤੀ ਲਈ ਸਮਰਪਿਤ ਨਹੀਂ ਹਨ ਅਤੇ ਮਨੁੱਖਜਾਤੀ ਦੀ ਖਾਤਰ ਧਰਮੀ ਉਦੇਸ਼ ਦੀ ਪੂਰਤੀ ਲਈ ਸਮਰਪਿਤ ਨਹੀਂ ਹਨ, ਤਾਂ ਫਿਰ ਸਾਡੀਆਂ ਜਾਨਾਂ ਉਨ੍ਹਾਂ ਦੇ ਬਰਾਬਰ ਖੜ੍ਹੇ ਹੋਣ ਦੇ ਯੋਗ ਨਹੀਂ ਹੋਣਗੀਆਂ, ਜਿਹੜੇ ਪਰਮੇਸ਼ੁਰ ਦੇ ਮਹਾਨ ਆਦੇਸ਼ ਦੀ ਪੂਰਤੀ ਲਈ ਸ਼ਹੀਦ ਹੋਏ ਹਨ, ਅਤੇ ਪਰਮੇਸ਼ੁਰ, ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ, ਦੇ ਯੋਗ ਤਾਂ ਬਿਲਕੁਲ ਵੀ ਨਹੀਂ ਹੋਣਗੀਆਂ।

ਪਰਮੇਸ਼ੁਰ ਨੇ ਇਸ ਸੰਸਾਰ ਨੂੰ ਰਚਿਆ, ਉਸ ਨੇ ਇਸ ਮਨੁੱਖਜਾਤੀ ਨੂੰ ਰਚਿਆ ਅਤੇ ਇਸ ਦੇ ਨਾਲ ਹੀ, ਉਹ ਪੁਰਾਤਨ ਯੂਨਾਨੀ ਸਭਿਆਚਾਰ ਅਤੇ ਮਨੁੱਖੀ ਸਭਿਅਤਾ ਦਾ ਰਚਣਹਾਰ ਵੀ ਸੀ। ਸਿਰਫ਼ ਪਰਮੇਸ਼ੁਰ ਹੀ ਇਸ ਮਨੁੱਖਜਾਤੀ ਨੂੰ ਦਿਲਾਸਾ ਦਿੰਦਾ ਹੈ, ਸਿਰਫ਼ ਪਰਮੇਸ਼ੁਰ ਹੀ ਦਿਨ-ਰਾਤ ਇਸ ਮਨੁੱਖਜਾਤੀ ਦੀ ਦੇਖਭਾਲ ਕਰਦਾ ਹੈ। ਮਨੁੱਖੀ ਵਿਕਾਸ ਅਤੇ ਤਰੱਕੀ ਪਰਮੇਸ਼ੁਰ ਦੀ ਸਰਬਉੱਚਤਾ ਤੋਂ ਵੱਖਰੇ ਨਹੀਂ ਹਨ, ਅਤੇ ਮਨੁੱਖਜਾਤੀ ਦਾ ਇਤਹਾਸ ਅਤੇ ਭਵਿੱਖ ਪਰਮੇਸ਼ੁਰ ਦੀਆਂ ਠਹਿਰਾਈਆਂ ਬਣਤਰਾਂ ਤੋਂ ਸੱਖਣੇ ਨਹੀਂ ਹਨ। ਜੇਕਰ ਤੂੰ ਇੱਕ ਸੱਚਾ ਮਸੀਹੀ ਹੈਂ, ਤਾਂ ਤੂੰ ਨਿਸ਼ਚਿਤ ਤੌਰ ’ਤੇ ਇਹ ਵਿਸ਼ਵਾਸ ਕਰੇਂਗਾ ਕਿ ਕਿਸੇ ਵੀ ਦੇਸ ਜਾਂ ਜਾਤੀ ਦੀ ਤਰੱਕੀ ਅਤੇ ਪਤਨ ਪਰਮੇਸ਼ੁਰ ਦੀਆਂ ਬਣਤਰਾਂ ਦੇ ਅਨੁਸਾਰ ਹੀ ਹੁੰਦਾ ਹੈ। ਕੇਵਲ ਪਰਮੇਸ਼ੁਰ ਹੀ ਕਿਸੇ ਦੇਸ ਜਾਂ ਜਾਤੀ ਦੇ ਨਸੀਬ ਨੂੰ ਜਾਣਦਾ ਹੈ ਅਤੇ ਇਸ ਮਨੁੱਖਜਾਤੀ ਦੀ ਦਿਸ਼ਾ ਦਾ ਨਿਯੰਤ੍ਰਣ ਸਿਰਫ਼ ਪਰਮੇਸ਼ੁਰ ਕੋਲ ਹੀ ਹੈ। ਜੇਕਰ ਮਨੁੱਖਜਾਤੀ ਚੰਗਾ ਨਸੀਬ ਚਾਹੁੰਦੀ ਹੈ, ਜੇਕਰ ਕੋਈ ਦੇਸ ਚੰਗਾ ਨਸੀਬ ਚਾਹੁੰਦਾ ਹੈ, ਤਾਂ ਫਿਰ ਜ਼ਰੂਰੀ ਹੈ ਕਿ ਮਨੁੱਖ ਅਰਾਧਨਾ ਵਿੱਚ ਪਰਮੇਸ਼ੁਰ ਦੇ ਅੱਗੇ ਸਿਰ ਨਿਵਾਏ, ਤੋਬਾ ਕਰੇ ਅਤੇ ਪਰਮੇਸ਼ੁਰ ਦੇ ਅੱਗੇ ਆਪਣੇ ਪਾਪਾਂ ਦਾ ਇਕਰਾਰ ਕਰੇ, ਨਹੀਂ ਤਾਂ ਮਨੁੱਖ ਦਾ ਨਸੀਬ ਅਤੇ ਮੰਜ਼ਿਲ ਅਜਿਹੇ ਵਿਨਾਸ਼ ਵਾਲੀ ਹੋਵੇਗੀ, ਜਿਸ ਤੋਂ ਬਚਿਆ ਨਹੀਂ ਜਾ ਸਕਦਾ।

ਪਿਛਾਂਹ ਮੁੜ ਕੇ ਉਸ ਸਮੇਂ ਵੱਲ ਵੇਖੋ ਜਦੋਂ ਨੂਹ ਨੇ ਜਹਾਜ਼ ਬਣਾਇਆ ਸੀ: ਮਨੁੱਖਜਾਤੀ ਬਹੁਤ ਬੁਰੀ ਤਰ੍ਹਾਂ ਭ੍ਰਿਸ਼ਟ ਸੀ, ਲੋਕ ਪਰਮੇਸ਼ੁਰ ਦੀ ਅਸੀਸ ਤੋਂ ਭਟਕ ਚੁੱਕੇ ਸਨ, ਉਹ ਪਰਮੇਸ਼ੁਰ ਦੀ ਦੇਖਭਾਲ ਹੇਠ ਨਹੀਂ ਰਹਿ ਗਏ ਸਨ, ਅਤੇ ਪਰਮੇਸ਼ੁਰ ਦੀਆਂ ਪ੍ਰਤਿੱਗਿਆਵਾਂ ਨੂੰ ਖੁੰਝਾ ਚੁੱਕੇ ਸਨ। ਉਹ ਪਰਮੇਸ਼ੁਰ ਦੀ ਰੋਸ਼ਨੀ ਤੋਂ ਬਿਨਾ ਹਨੇਰੇ ਵਿੱਚ ਜੀ ਰਹੇ ਸਨ। ਫਿਰ ਉਹ ਸੁਭਾਅ ਤੋਂ ਹੀ ਬਦਕਾਰ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਘਿਣਾਉਣੇ ਲੁੱਚਪੁਣੇ ਦੇ ਹਵਾਲੇ ਕਰ ਦਿੱਤਾ। ਅਜਿਹੇ ਲੋਕ ਹੁਣ ਪਰਮੇਸ਼ੁਰ ਦੀ ਪ੍ਰਤਿੱਗਿਆ ਨੂੰ ਪ੍ਰਾਪਤ ਨਹੀਂ ਕਰ ਸਕਦੇ ਸਨ; ਉਹ ਪਰਮੇਸ਼ੁਰ ਦੇ ਮੁੱਖ ਨੂੰ ਤੱਕਣ ਦੇ ਜਾਂ ਪਰਮੇਸ਼ੁਰ ਦੀ ਅਵਾਜ਼ ਸੁਣਨ ਦੇ ਅਯੋਗ ਹੋ ਗਏ ਸਨ, ਕਿਉਂਕਿ ਉਹ ਪਰਮੇਸ਼ੁਰ ਤੋਂ ਬੇਮੁੱਖ ਹੋ ਗਏ ਸਨ, ਉਨ੍ਹਾਂ ਨੇ ਉਹ ਸਭ ਇੱਕ ਪਾਸੇ ਕਰ ਦਿੱਤਾ ਸੀ ਜੋ ਉਸ ਨੇ ਉਨ੍ਹਾਂ ਨੂੰ ਬਖ਼ਸ਼ਿਆ ਸੀ, ਅਤੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਨੂੰ ਭੁਲਾ ਬੈਠੇ ਸਨ। ਉਨ੍ਹਾਂ ਦਾ ਹਿਰਦਾ ਪਰਮੇਸ਼ੁਰ ਕੋਲੋਂ ਦੂਰ ਅਤੇ ਬਹੁਤ ਦੂਰ ਹੁੰਦਾ ਜਾ ਰਿਹਾ ਸੀ ਅਤੇ ਜਦ ਇਹ ਦੂਰ ਜਾ ਰਿਹਾ ਸੀ, ਉਹ ਐਨੇ ਵੱਧ ਲੁੱਚਪੁਣੇ ਵਿੱਚ ਚਲੇ ਗਏ ਕਿ ਉਨ੍ਹਾਂ ਦਾ ਵਿਵੇਕ ਅਤੇ ਮਨੁੱਖਤਾ ਹੀ ਮਰ ਗਏ ਅਤੇ ਉਹ ਹੱਦੋਂ ਵੱਧ ਦੁਸ਼ਟ ਬਣ ਗਏ। ਫਿਰ ਉਹ ਮੌਤ ਦੇ ਬਹੁਤ ਨੇੜੇ ਚਲੇ ਗਏ ਅਤੇ ਪਰਮੇਸ਼ੁਰ ਦੇ ਕ੍ਰੋਧ ਤੇ ਸਜ਼ਾ ਦੇ ਹੇਠ ਆ ਗਏ। ਸਿਰਫ਼ ਨੂਹ ਹੀ ਪਰਮੇਸ਼ੁਰ ਦੀ ਅਰਾਧਨਾ ਕਰਦਾ ਸੀ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਸੀ, ਅਤੇ ਇਸੇ ਕਰਕੇ ਉਹ ਪਰਮੇਸ਼ੁਰ ਦੀ ਅਵਾਜ਼ ਅਤੇ ਉਸ ਦੇ ਨਿਰਦੇਸ਼ਾਂ ਨੂੰ ਸੁਣ ਸਕਿਆ। ਉਸ ਨੇ ਪਰਮੇਸ਼ੁਰ ਦੇ ਵਚਨ ਦੇ ਨਿਰਦੇਸ਼ਾਂ ਅਨੁਸਾਰ ਜਹਾਜ਼ ਬਣਾਇਆ, ਅਤੇ ਉੱਥੇ ਹਰ ਪ੍ਰਕਾਰ ਦੇ ਜੀਉਂਦੇ ਪ੍ਰਾਣੀਆਂ ਨੂੰ ਇਕੱਠਾ ਕੀਤਾ। ਅਤੇ ਇਸ ਤਰ੍ਹਾਂ, ਜਦ ਸਭ ਕੁਝ ਤਿਆਰ ਕਰ ਲਿਆ ਗਿਆ, ਪਰਮੇਸ਼ੁਰ ਨੇ ਸੰਸਾਰ ਦੇ ਉੱਤੇ ਵਿਨਾਸ ਭੇਜ ਦਿੱਤਾ। ਸਿਰਫ਼ ਨੂਹ ਅਤੇ ਉਸ ਦੇ ਪਰਿਵਾਰ ਦੇ ਸੱਤ ਜੀਅ ਇਸ ਵਿਨਾਸ ਵਿੱਚੋਂ ਬਚ ਸਕੇ, ਕਿਉਂਕਿ ਨੂਹ ਯਹੋਵਾਹ ਦੀ ਅਰਾਧਨਾ ਕਰਦਾ ਸੀ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਸੀ।

ਹੁਣ ਮੌਜੂਦਾ ਯੁੱਗ ਵੱਲ ਗੌਰ ਕਰੋ: ਪਰਮੇਸ਼ੁਰ ਦੀ ਅਰਾਧਨਾ ਕਰਨ ਵਾਲੇ ਅਤੇ ਬੁਰਿਆਈ ਤੋਂ ਦੂਰ ਰਹਿਣ ਵਾਲੇ ਨੂਹ ਵਰਗੇ ਧਰਮੀ ਵਿਅਕਤੀਆਂ ਦਾ ਵਜੂਦ ਮੁੱਕ ਚੁੱਕਾ ਹੈ। ਪਰ ਫਿਰ ਵੀ ਪਰਮੇਸ਼ੁਰ ਅਜੇ ਵੀ ਇਸ ਮਨੁੱਖਜਾਤੀ ਉੱਤੇ ਕਿਰਪਾਵਾਨ ਹੈ ਅਤੇ ਅਜੇ ਵੀ ਇਸ ਅੰਤਮ ਯੁੱਗ ਵਿੱਚ ਉਨ੍ਹਾਂ ਨੂੰ ਪਾਪਾਂ ਤੋਂ ਮੁਕਤ ਕਰਦਾ ਹੈ। ਪਰਮੇਸ਼ੁਰ ਉਨ੍ਹਾਂ ਨੂੰ ਭਾਲਦਾ ਹੈ ਜਿਹੜੇ ਉਸ ਦੇ ਪਰਗਟ ਹੋਣ ਦੀ ਤਾਂਘ ਰੱਖਦੇ ਹਨ। ਉਹ ਉਨ੍ਹਾਂ ਨੂੰ ਭਾਲਦਾ ਹੈ ਜਿਹੜੇ ਉਸ ਦੇ ਵਚਨਾਂ ਨੂੰ ਸੁਣਨ ਦੇ ਕਾਬਿਲ ਹਨ, ਜਿਨ੍ਹਾਂ ਨੇ ਉਸ ਦੇ ਮਹਾਨ ਆਦੇਸ਼ ਨੂੰ ਨਹੀਂ ਭੁਲਾਇਆ ਹੈ ਅਤੇ ਜਿਹੜੇ ਆਪਣੇ ਹਿਰਦੇ ਤੇ ਸਰੀਰ ਉਸ ਨੂੰ ਸਮਰਪਿਤ ਕਰਦੇ ਹਨ। ਉਹ ਉਨ੍ਹਾਂ ਨੂੰ ਭਾਲਦਾ ਹੈ ਜਿਹੜੇ ਉਸ ਦੇ ਅੱਗੇ ਨਿਆਣਿਆਂ ਵਾਂਗ ਆਗਿਆਕਾਰੀ ਹੋਣ ਅਤੇ ਉਸ ਦਾ ਵਿਰੋਧ ਨਾ ਕਰਨ। ਜੇਕਰ ਤੂੰ ਕਿਸੇ ਵੀ ਸ਼ਕਤੀ ਜਾਂ ਬਲ ਤੋਂ ਬੇਰੋਕ ਆਪਣੇ ਆਪ ਨੂੰ ਪਰਮੇਸ਼ੁਰ ਦੇ ਲਈ ਸਮਰਪਿਤ ਕਰੇਂ, ਤਾਂ ਪਰਮੇਸ਼ੁਰ ਤੇਰੇ ਉੱਤੇ ਕਿਰਪਾ ਦੀ ਨਿਗਾਹ ਕਰੇਗਾ ਅਤੇ ਤੈਨੂੰ ਆਪਣੀਆਂ ਬਰਕਤਾਂ ਨਾਲ ਨਿਹਾਲ ਕਰੇਗਾ। ਜੇਕਰ ਤੂੰ ਉੱਚੇ ਰੁਤਬੇ ਵਾਲਾ, ਅੱਤ ਸਨਮਾਨਿਤ, ਬਹੁਤ ਗਿਆਨਵਾਨ, ਬੇਸ਼ੁਮਾਰ ਦੌਲਤ ਦਾ ਮਾਲਕ ਹੈਂ ਅਤੇ ਤੈਨੂੰ ਬਹੁਤ ਲੋਕਾਂ ਦਾ ਸਮਰਥਨ ਪ੍ਰਾਪਤ ਹੈ, ਪਰ ਫਿਰ ਵੀ ਜੇਕਰ ਇਹ ਵਸਤਾਂ ਤੈਨੂੰ ਪਰਮੇਸ਼ੁਰ ਦੇ ਸਾਹਮਣੇ ਆਣ ਕੇ ਉਸ ਦੇ ਸੱਦੇ ਨੂੰ ਤੇ ਉਸ ਦੇ ਮਹਾਨ ਆਦੇਸ਼ ਨੂੰ ਕਬੂਲ ਕਰਨ ਤੋਂ ਅਤੇ ਉਸ ਕੰਮ ਨੂੰ ਪੂਰਾ ਕਰਨ ਤੋਂ ਨਹੀਂ ਰੋਕਦੀਆਂ ਹਨ ਜੋ ਪਰਮੇਸ਼ੁਰ ਤੈਥੋਂ ਚਾਹੁੰਦਾ ਹੈ, ਤਾਂ ਫਿਰ ਤੂੰ ਜੋ ਕੁਝ ਵੀ ਕਰੇਂਗਾ ਉਹ ਧਰਤੀ ਉੱਤੇ ਸਭ ਤੋਂ ਵੱਧ ਸਾਰਥਕ ਅਤੇ ਮਨੁੱਖਜਾਤੀ ਵੱਲੋਂ ਕੀਤਾ ਗਿਆ ਸਭ ਤੋਂ ਵੱਧ ਧਰਮੀ ਕੰਮ ਹੋਵੇਗਾ। ਜੇਕਰ ਤੂੰ ਆਪਣੇ ਰੁਤਬੇ ਅਤੇ ਆਪਣੇ ਟੀਚਿਆਂ ਦੀ ਖਾਤਰ ਪਰਮੇਸ਼ੁਰ ਦੇ ਸੱਦੇ ਨੂੰ ਰੱਦ ਦੇਵੇਂ, ਤਾਂ ਫਿਰ ਤੂੰ ਜੋ ਕੁਝ ਵੀ ਕਰੇਂਗਾ ਉਹ ਪਰਮੇਸ਼ੁਰ ਵੱਲੋਂ ਸਰਾਪਿਆ ਅਤੇ ਰੱਦਿਆ ਜਾਵੇਗਾ। ਤੂੰ ਭਾਵੇਂ ਇੱਕ ਪ੍ਰਧਾਨ ਹੋਵੇਂ, ਇੱਕ ਵਿਗਿਆਨੀ, ਇੱਕ ਪਾਸਬਾਨ, ਜਾਂ ਫਿਰ ਇੱਕ ਐਲਡਰ, ਅਤੇ ਤੇਰੀ ਪਦਵੀ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ, ਜੇਕਰ ਤੂੰ ਆਪਣਿਆਂ ਕੰਮਾਂ ਲਈ ਆਪਣੇ ਗਿਆਨ ਅਤੇ ਆਪਣੀ ਯੋਗਤਾ ਉੱਤੇ ਨਿਰਭਰ ਹੋਵੇਂਗਾ, ਤਾਂ ਤੂੰ ਹਮੇਸ਼ਾ ਅਸਫਲ ਹੋਵੇਂਗਾ ਅਤੇ ਪਰਮੇਸ਼ੁਰ ਦੀਆਂ ਅਸੀਸਾਂ ਤੋਂ ਹਮੇਸ਼ਾ ਸੱਖਣਾ ਰਹੇਂਗਾ, ਕਿਉਂਕਿ ਪਰਮੇਸ਼ੁਰ ਉਹ ਸਭ ਕਬੂਲ ਨਹੀਂ ਕਰੇਗਾ ਜੋ ਤੂੰ ਕਰਦਾ ਹੈਂ, ਅਤੇ ਉਹ ਤੇਰਿਆਂ ਕੰਮਾਂ ਨੂੰ ਧਰਮੀ ਕੰਮ ਹੋਣ ਦਾ ਦਰਜਾ ਨਹੀਂ ਦੇਵੇਗਾ ਜਾਂ ਇਹ ਵੀ ਕਬੂਲ ਨਹੀਂ ਕਰੇਗਾ ਕਿ ਤੂੰ ਮਨੁੱਖਜਾਤੀ ਦੇ ਭਲੇ ਲਈ ਕੰਮ ਕਰ ਰਿਹਾ ਹੈਂ। ਉਹ ਆਖੇਗਾ ਕਿ ਤੂੰ ਜੋ ਕੁਝ ਕਰਦਾ ਹੈਂ, ਉਹ ਮਨੁੱਖਜਾਤੀ ਦੇ ਗਿਆਨ ਅਤੇ ਤਾਕਤ ਦੀ ਵਰਤੋਂ ਕਰਕੇ ਮਨੁੱਖ ਨੂੰ ਪਰਮੇਸ਼ੁਰ ਦੀ ਸੁਰੱਖਿਆ ਤੋਂ ਦੂਰ ਕਰਨ ਲਈ ਅਤੇ ਪਰਮੇਸ਼ੁਰ ਦੀਆਂ ਅਸੀਸਾਂ ਤੋਂ ਵਾਂਝਾ ਕਰਨ ਲਈ ਕੀਤਾ ਜਾ ਰਿਹਾ ਹੈ। ਉਹ ਆਖੇਗਾ ਕਿ ਤੂੰ ਮਨੁੱਖਜਾਤੀ ਨੂੰ ਹਨੇਰੇ ਵੱਲ, ਮੌਤ ਵੱਲ ਅਤੇ ਅਜਿਹੇ ਅੰਤਹੀਣ ਵਜੂਦ ਵੱਲ ਲਿਜਾ ਰਿਹਾ ਹੈਂ, ਜਿੱਥੇ ਮਨੁੱਖ ਪਰਮੇਸ਼ੁਰ ਨੂੰ ਅਤੇ ਉਸ ਦੀਆਂ ਅਸੀਸਾਂ ਨੂੰ ਖੁੰਝਾ ਚੁੱਕਾ ਹੈ।

ਜਦ ਤੋਂ ਮਨੁੱਖਜਾਤੀ ਨੇ ਸਮਾਜਕ ਵਿਗਿਆਨ ਦੀਆਂ ਤਰਕੀਬਾਂ ਦੀ ਕਾਢ ਕੱਢੀ ਹੈ, ਉਦੋਂ ਤੋਂ ਹੀ ਵਿਗਿਆਨ ਅਤੇ ਗਿਆਨ ਨੇ ਮਨੁੱਖ ਦੇ ਮਨ ਉੱਤੇ ਕਬਜ਼ਾ ਕਰ ਲਿਆ ਹੈ। ਇਸ ਤਰ੍ਹਾਂ ਵਿਗਿਆਨ ਅਤੇ ਗਿਆਨ ਮਨੁੱਖਜਾਤੀ ਦੇ ਸਿਧਾਂਤਾਂ ਦੇ ਔਜ਼ਾਰ ਬਣ ਗਏ ਹਨ, ਅਤੇ ਮਨੁੱਖ ਵੱਲੋਂ ਪਰਮੇਸ਼ੁਰ ਦੀ ਅਰਾਧਨਾ ਕਰਨ ਦੀ ਲੋੜ ਜਿਵੇਂ ਖਤਮ ਜਿਹੀ ਹੋ ਗਈ ਹੈ, ਅਤੇ ਪਰਮੇਸ਼ੁਰ ਦੀ ਅਰਾਧਨਾ ਕਰਨ ਦੇ ਅਨੁਕੂਲ ਹਾਲਾਤ ਜਿਵੇਂ ਮੁੱਕ ਹੀ ਗਏ ਹਨ। ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਰੁਤਬਾ ਸਭ ਤੋਂ ਹੇਠਲੇ ਪੱਧਰ ਉੱਤੇ ਆਣ ਡਿੱਗਿਆ ਹੈ। ਆਪਣੇ ਹਿਰਦੇ ਵਿੱਚ ਪਰਮੇਸ਼ੁਰ ਤੋਂ ਰਹਿਤ ਹੋ ਕੇ ਮਨੁੱਖ ਦਾ ਅੰਦਰੂਨੀ ਸੰਸਾਰ ਹਨੇਰਾ, ਆਸਹੀਣ, ਅਤੇ ਖਾਲੀ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਅਨੇਕ ਸਮਾਜਕ ਵਿਗਿਆਨੀਆਂ, ਇਤਹਾਸਕਾਰਾਂ, ਅਤੇ ਸਿਆਸਤਦਾਨਾਂ ਨੇ ਸਮਾਜਕ ਵਿਗਿਆਨ ਦੇ ਸਿਧਾਂਤਾਂ, ਮਨੁੱਖੀ ਵਿਕਾਸ-ਕ੍ਰਮ ਦੇ ਸਿਧਾਂਤਾਂ, ਅਤੇ ਅਜਿਹੇ ਹੋਰਨਾਂ ਸਿਧਾਂਤਾਂ ਨੂੰ ਸਾਹਮਣੇ ਲਿਆ ਕੇ ਮਨੁੱਖਜਾਤੀ ਦੇ ਹਿਰਦਿਆਂ ਅਤੇ ਮਨਾਂ ਵਿੱਚ ਭਰ ਦਿੱਤਾ ਹੈ, ਜੋ ਇਸ ਸੱਚਾਈ ਦੇ ਵਿਰੁੱਧ ਹਨ ਕਿ ਮਨੁੱਖ ਨੂੰ ਪਰਮੇਸ਼ੁਰ ਨੇ ਸਿਰਜਿਆ ਹੈ। ਅਤੇ ਇਸ ਤਰ੍ਹਾਂ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਗਈ ਹੈ, ਜੋ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੇ ਸਭ ਕੁਝ ਸਿਰਜਿਆ ਹੈ, ਅਤੇ ਮਨੁੱਖੀ ਵਿਕਾਸ-ਕ੍ਰਮ ਦੇ ਸਿਧਾਂਤ ਉੱਤੇ ਵਿਸ਼ਵਾਸ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਪੁਰਾਣੇ ਨੇਮ ਦੇ ਯੁੱਗ ਵਿੱਚ ਪਰਮੇਸ਼ੁਰ ਵੱਲੋਂ ਕੀਤੇ ਗਏ ਕੰਮਾਂ ਦੇ ਲੇਖਾਂ ਨੂੰ ਅਤੇ ਉਸ ਦੇ ਵਚਨਾਂ ਨੂੰ ਕਥਾ-ਕਹਾਣੀਆਂ ਮੰਨਣ ਲੱਗ ਪਏ ਹਨ। ਲੋਕ ਆਪਣਿਆਂ ਦਿਲਾਂ ਵਿੱਚ ਪਰਮੇਸ਼ੁਰ ਦੀ ਸੋਭਾ ਤੇ ਮਹਾਨਤਾ ਦੇ ਪ੍ਰਤੀ ਅਤੇ ਇਸ ਸਿਧਾਂਤ ਦੇ ਪ੍ਰਤੀ ਬੇਕਦਰੇ ਹੋ ਗਏ ਹਨ ਕਿ ਪਰਮੇਸ਼ੁਰ ਹੋਂਦ ਵਿੱਚ ਹੈ ਅਤੇ ਸਭਨਾਂ ਵਸਤਾਂ ਉੱਤੇ ਇਖਤਿਆਰ ਰੱਖਦਾ ਹੈ। ਉਨ੍ਹਾਂ ਦੇ ਲਈ ਮਨੁੱਖਜਾਤੀ ਦੇ ਵਜੂਦ ਅਤੇ ਦੇਸਾਂ ਤੇ ਜਾਤੀਆਂ ਦੇ ਨਸੀਬ ਦਾ ਕੋਈ ਮਹੱਤਵ ਨਹੀਂ ਰਹਿ ਗਿਆ ਹੈ, ਅਤੇ ਮਨੁੱਖ ਅਜਿਹੇ ਖੋਖਲੇ ਸੰਸਾਰ ਵਿੱਚ ਜੀ ਰਿਹਾ ਹੈ ਜੋ ਸਿਰਫ਼ ਖਾਣ, ਪੀਣ ਅਤੇ ਸੁੱਖ-ਬਿਲਾਸਾਂ ਦੇ ਮਗਰ ਦੌੜਨ ਬਾਰੇ ਹੀ ਸੋਚਦਾ ਹੈ… ਗਿਣੇ-ਚੁਣੇ ਲੋਕ ਹੀ ਇਹ ਜਾਣਨ ਦਾ ਬੀੜਾ ਚੁੱਕਦੇ ਹਨ ਕਿ ਅੱਜ ਪਰਮੇਸ਼ੁਰ ਕਿੱਥੇ ਕੰਮ ਕਰ ਰਿਹਾ ਹੈ ਜਾਂ ਇਹ ਵੇਖਣ ਦਾ ਬੀੜਾ ਚੁੱਕਦੇ ਹਨ ਕਿ ਉਸ ਨੂੰ ਮਨੁੱਖ ਦੀ ਮੰਜ਼ਿਲ ਉੱਤੇ ਪਰਧਾਨਗੀ ਕਿਵੇਂ ਹਾਸਲ ਹੈ ਅਤੇ ਉਹ ਇਸ ਦਾ ਪ੍ਰਬੰਧ ਕਿਵੇਂ ਕਰਦਾ ਹੈ। ਅਤੇ ਇਸ ਤਰ੍ਹਾਂ ਮਨੁੱਖ ਦੀ ਜਾਣਕਾਰੀ ਤੋਂ ਬਗੈਰ ਹੀ ਮਨੁੱਖੀ ਸਭਿਅਤਾ ਵਿੱਚ ਮਨੁੱਖ ਦੀਆਂ ਇੱਛਾਵਾਂ ਨੂੰ ਘੱਟ ਕਰਨ ਦੀ ਕਾਬਲੀਅਤ ਘਟਦੀ ਜਾ ਰਹੀ ਹੈ, ਅਤੇ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਇਹ ਮਹਿਸੂਸ ਕਰਦੇ ਹਨ ਕਿ ਅਜਿਹੇ ਸੰਸਾਰ ਵਿੱਚ ਜੀਵਨ ਬਤੀਤ ਕਰਦਿਆਂ ਉਹ ਉਨ੍ਹਾਂ ਨਾਲੋਂ ਕਿਤੇ ਘੱਟ ਖੁਸ਼ ਹਨ ਜਿਹੜੇ ਪਾਰ ਲੰਘ ਗਏ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇਸਾਂ ਦੇ ਲੋਕ ਵੀ, ਜਿਹੜੇ ਅੱਤ ਵਧੀਕ ਵਿਕਸਿਤ ਹੋਇਆ ਕਰਦੇ ਸਨ, ਅਜਿਹੀਆਂ ਹੀ ਸ਼ਿਕਾਇਤਾਂ ਬਿਆਨ ਕਰਦੇ ਹਨ। ਕਿਉਂਕਿ ਸ਼ਾਸਕ ਅਤੇ ਸਮਾਜ-ਸ਼ਾਸਤਰੀ ਮਨੁੱਖੀ ਸਭਿਅਤਾ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਦਿਆਂ ਮਨਾਂ ਨੂੰ ਭਾਵੇਂ ਜਿੰਨਾ ਵੀ ਭਰਦੇ ਰਹਿਣ, ਪਰਮੇਸ਼ੁਰ ਦੇ ਮਾਰਗ ਦਰਸ਼ਨ ਤੋਂ ਬਿਨਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਪੁੱਜੇਗਾ। ਮਨੁੱਖ ਦੇ ਹਿਰਦੇ ਦੇ ਖਾਲੀਪਣ ਨੂੰ ਕੋਈ ਵੀ ਨਹੀਂ ਭਰ ਸਕਦਾ, ਕਿਉਂਕਿ ਮਨੁੱਖ ਦੇ ਜੀਵਨ ਦੀ ਥਾਂ ਕੋਈ ਵੀ ਨਹੀਂ ਲੈ ਸਕਦਾ, ਅਤੇ ਕੋਈ ਵੀ ਸਮਾਜਕ ਸਿਧਾਂਤ ਮਨੁੱਖ ਨੂੰ ਉਸ ਖਾਲੀਪਣ ਤੋਂ ਮੁਕਤ ਨਹੀਂ ਕਰ ਸਕਦਾ, ਜਿਸ ਤੋਂ ਉਹ ਪੀੜਤ ਹੈ। ਵਿਗਿਆਨ, ਗਿਆਨ, ਅਜ਼ਾਦੀ, ਲੋਕਤੰਤਰ, ਸੁੱਖ-ਬਿਲਾਸ, ਅਰਾਮ: ਇਹ ਸਭ ਮਨੁੱਖ ਨੂੰ ਸਿਰਫ਼ ਥੋੜੇ ਸਮੇਂ ਦੀ ਤਸੱਲੀ ਹੀ ਦੇ ਸਕਦੇ ਹਨ। ਇੱਥੋਂ ਤਕ ਕਿ ਇਹ ਵਸਤਾਂ ਪ੍ਰਾਪਤ ਕਰਕੇ ਵੀ ਮਨੁੱਖ ਨਿਸ਼ਚਿਤ ਤੌਰ ’ਤੇ ਪਾਪ ਕਰਦਾ ਰਹੇਗਾ ਅਤੇ ਸਮਾਜ ਦੀਆਂ ਨਾਇਨਸਾਫ਼ੀਆਂ ਉੱਤੇ ਕੁਰਲਾਉਂਦਾ ਰਹੇਗਾ। ਖੋਜ ਕਰਨ ਦੀ ਮਨੁੱਖ ਦੀ ਲਾਲਸਾ ਅਤੇ ਇੱਛਾ ਨੂੰ ਇਹ ਵਸਤਾਂ ਕਾਬੂ ਨਹੀਂ ਕਰ ਸਕਦੀਆਂ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਮਨੁੱਖ ਪਰਮੇਸ਼ੁਰ ਦੁਆਰਾ ਰਚਿਆ ਗਿਆ ਸੀ ਅਤੇ ਮਨੁੱਖ ਦੀਆਂ ਬੇਤੁਕੀਆਂ ਕੁਰਬਾਨੀਆਂ ਅਤੇ ਖੋਜਾਂ ਪਰੇਸ਼ਾਨੀਆਂ ਨੂੰ ਸਿਰਫ਼ ਵਧਾਉਣਗੀਆਂ ਅਤੇ ਮਨੁੱਖ ਨੂੰ ਨਿਰੰਤਰ ਡਰ ਦੇ ਮਾਹੌਲ ਵਿੱਚ ਰੱਖਣਗੀਆਂ, ਜਿੱਥੇ ਉਸ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਉਹ ਮਨੁੱਖਜਾਤੀ ਦੇ ਭਵਿੱਖ ਦਾ ਸਾਹਮਣਾ ਕਿਵੇਂ ਕਰੇ ਜਾਂ ਸਾਹਮਣੇ ਪਏ ਰਾਹ ਦਾ ਸਾਹਮਣਾ ਕਿਵੇਂ ਕਰੇ। ਮਨੁੱਖ ਵਿਗਿਆਨ ਅਤੇ ਗਿਆਨ ਤੋਂ ਵੀ ਡਰਨ ਲੱਗੇਗਾ, ਅਤੇ ਖਾਲੀਪਣ ਦੇ ਅਹਿਸਾਸ ਤੋਂ ਤਾਂ ਹੋਰ ਵੀ ਵੱਧ ਡਰੇਗਾ। ਇਸ ਸੰਸਾਰ ਵਿੱਚ, ਭਾਵੇਂ ਤੂੰ ਅਜ਼ਾਦ ਦੇਸ ਵਿੱਚ ਰਹਿੰਦਾ ਹੈਂ, ਜਾਂ ਭਾਵੇਂ ਅਜਿਹੇ ਦੇਸ ਵਿੱਚ ਜਿੱਥੇ ਮਨੁੱਖੀ ਅਧਿਕਾਰ ਹੈ ਹੀ ਨਹੀਂ, ਤੂੰ ਮਨੁੱਖਜਾਤੀ ਦੇ ਨਸੀਬ ਤੋਂ ਬਚ ਨਿਕਲਣ ਦੇ ਬਿਲਕੁਲ ਵੀ ਸਮਰੱਥ ਨਹੀਂ ਹੈਂ। ਭਾਵੇਂ ਤੂੰ ਰਾਜਾ ਹੈਂ ਜਾਂ ਰੰਕ, ਤੂੰ ਨਸੀਬ, ਭੇਤਾਂ, ਅਤੇ ਮਨੁੱਖਜਾਤੀ ਦੀ ਮੰਜ਼ਿਲ ਦੀ ਖੋਜ ਕਰਨ ਦੀ ਇੱਛਾ ਤੋਂ ਬਚਣ ਵਿੱਚ ਪੂਰੀ ਤਰ੍ਹਾਂ ਅਸਮਰਥ ਹੈਂ, ਖਾਲੀਪਣ ਦੇ ਬੌਂਦਲਾ ਦੇਣ ਵਾਲੇ ਅਹਿਸਾਸ ਤੋਂ ਬਚਣ ਵਿੱਚ ਤਾਂ ਬਿਲਕੁਲ ਹੀ ਅਸਮਰਥ ਹੈਂ। ਸਾਰੀ ਮਨੁੱਖਜਾਤੀ ਵਿੱਚ ਆਮ ਤੌਰ ’ਤੇ ਮੌਜੂਦ ਅਜਿਹੇ ਹਾਲਾਤਾਂ ਨੂੰ ਸਮਾਜ-ਸ਼ਾਸਤਰੀ ਸਮਾਜਕ ਘਟਨਾਵਾਂ ਆਖਦੇ ਹਨ, ਪਰ ਫਿਰ ਵੀ ਕੋਈ ਵੀ ਮਹਾਨ ਵਿਅਕਤੀ ਸਾਹਮਣੇ ਆਣ ਕੇ ਅਜਿਹੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦਾ। ਮਨੁੱਖ ਤਾਂ ਆਖਰ ਮਨੁੱਖ ਹੀ ਹੈ, ਅਤੇ ਪਰਮੇਸ਼ੁਰ ਦੀ ਪਦਵੀ ਅਤੇ ਜੀਵਨ ਦੀ ਥਾਂ ਕੋਈ ਵੀ ਮਨੁੱਖ ਨਹੀਂ ਲੈ ਸਕਦਾ। ਮਨੁੱਖਜਾਤੀ ਨੂੰ ਸਿਰਫ਼ ਇੱਕ ਅਜਿਹੇ ਨਿਰਪੱਖ ਸਮਾਜ ਦੀ ਲੋੜ ਨਹੀਂ ਹੈ ਜਿੱਥੇ ਸਭਨਾਂ ਨੂੰ ਰੱਜਵਾਂ ਭੋਜਨ ਮਿਲਦਾ ਹੈ ਅਤੇ ਉਹ ਇੱਕ-ਬਰਾਬਰ ਅਤੇ ਅਜ਼ਾਦ ਹਨ; ਮਨੁੱਖਜਾਤੀ ਨੂੰ ਜਿਸ ਦੀ ਲੋੜ ਹੈ ਉਹ ਪਰਮੇਸ਼ੁਰ ਦੀ ਮੁਕਤੀ ਅਤੇ ਉਨ੍ਹਾਂ ਦੇ ਲਈ ਉਸ ਦੇ ਜੀਵਨ ਦਾ ਪ੍ਰਬੰਧ ਹੈ। ਜਦ ਮਨੁੱਖ ਪਰਮੇਸ਼ੁਰ ਦੇ ਜੀਵਨ ਦੇ ਪ੍ਰਬੰਧ ਅਤੇ ਉਸ ਦੀ ਮੁਕਤੀ ਨੂੰ ਸਵੀਕਾਰ ਕਰ ਲੈਂਦਾ ਹੈ, ਸਿਰਫ਼ ਉਦੋਂ ਹੀ ਖੋਜ ਕਰਨ ਦੀਆਂ ਲੋੜਾਂ, ਲਾਲਸਾਵਾਂ ਅਤੇ ਮਨੁੱਖ ਦੇ ਆਤਮਕ ਖਾਲੀਪਣ ਦਾ ਹੱਲ ਹੋ ਸਕਦਾ ਹੈ। ਜੇਕਰ ਕਿਸੇ ਦੇਸ ਜਾਂ ਜਾਤੀ ਦੇ ਲੋਕ ਪਰਮੇਸ਼ੁਰ ਦੀ ਮੁਕਤੀ ਅਤੇ ਦੇਖਭਾਲ ਨੂੰ ਸਵੀਕਾਰ ਕਰਨ ਦੇ ਕਾਬਿਲ ਨਹੀਂ ਹਨ, ਤਦ ਅਜਿਹਾ ਦੇਸ ਜਾਂ ਜਾਤੀ ਵਿਨਾਸ ਦੇ ਰਾਹ ਉੱਤੇ, ਹਨੇਰੇ ਵੱਲ ਵਧਦੇ ਜਾਣਗੇ ਅਤੇ ਪਰਮੇਸ਼ੁਰ ਦੁਆਰਾ ਪੂਰੀ ਤਰ੍ਹਾਂ ਨਾਸ ਕਰ ਦਿੱਤੇ ਜਾਣਗੇ।

ਸ਼ਾਇਦ ਤੇਰਾ ਦੇਸ ਇਸ ਵੇਲੇ ਤਰੱਕੀ ਕਰ ਰਿਹਾ ਹੈ, ਪਰ ਜੇਕਰ ਤੂੰ ਆਪਣੇ ਲੋਕਾਂ ਨੂੰ ਪਰਮੇਸ਼ੁਰ ਕੋਲੋਂ ਦੂਰ ਹੋ ਜਾਣ ਦੇਵੇਂਗਾ, ਤਾਂ ਫਿਰ ਤੇਰਾ ਦੇਸ ਵੇਖ ਲਵੇਗਾ ਕਿ ਉਹ ਪਰਮੇਸ਼ੁਰ ਦੀਆਂ ਅਸੀਸਾਂ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ। ਤੇਰੇ ਦੇਸ ਦੀ ਸਭਿਅਤਾ ਪੈਰਾਂ ਹੇਠ ਰੋਲ ਦਿੱਤੀ ਜਾਵੇਗੀ ਅਤੇ ਇਸ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ ਕਿ ਲੋਕ ਪਰਮੇਸ਼ੁਰ ਦੇ ਵਿਰੁੱਧ ਹੋ ਜਾਣਗੇ ਅਤੇ ਸਵਰਗ ਨੂੰ ਸਰਾਪਣਗੇ। ਅਤੇ ਇਸ ਤਰ੍ਹਾਂ, ਮਨੁੱਖ ਦੀ ਜਾਣਕਾਰੀ ਤੋਂ ਬਗੈਰ ਹੀ ਉਸ ਦੇਸ ਦੇ ਨਸੀਬ ਦਾ ਸਤਿਆਨਾਸ ਹੋ ਜਾਵੇਗਾ। ਜਿਹੜੇ ਦੇਸ ਪਰਮੇਸ਼ੁਰ ਵੱਲੋਂ ਸਰਾਪੇ ਗਏ ਹਨ, ਉਨ੍ਹਾਂ ਨਾਲ ਨਜਿੱਠਣ ਲਈ ਪਰਮੇਸ਼ੁਰ ਸ਼ਕਤੀਸ਼ਾਲੀ ਦੇਸਾਂ ਨੂੰ ਖੜ੍ਹਾ ਕਰੇਗਾ ਅਤੇ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੇਸਾਂ ਨੂੰ ਧਰਤੀ ਉੱਤੋਂ ਪੂਰੀ ਤਰ੍ਹਾਂ ਮਿਟਾ ਹੀ ਦੇਵੇ। ਕਿਸੇ ਦੇਸ ਜਾਂ ਜਾਤੀ ਦੀ ਤਰੱਕੀ ਅਤੇ ਪਤਨ ਇਸ ਗੱਲ ’ਤੇ ਨਿਰਭਰ ਕਰਦੇ ਹਨ ਕਿ ਉਸ ਦੇ ਸ਼ਾਸਕ ਪਰਮੇਸ਼ੁਰ ਦੀ ਅਰਾਧਨਾ ਕਰਦੇ ਹਨ ਜਾਂ ਨਹੀਂ, ਅਤੇ ਕੀ ਉਹ ਆਪਣੇ ਲੋਕਾਂ ਨੂੰ ਪਰਮੇਸ਼ੁਰ ਦੇ ਨੇੜੇ ਆਉਣ ਅਤੇ ਉਸ ਦੀ ਅਰਾਧਨਾ ਕਰਨ ਵਿੱਚ ਅਗਵਾਈ ਕਰਦੇ ਹਨ ਜਾਂ ਨਹੀਂ। ਅਤੇ ਫਿਰ ਵੀ, ਇਸ ਅੰਤਿਮ ਯੁੱਗ ਵਿੱਚ, ਪਰਮੇਸ਼ੁਰ ਦੇ ਖੋਜੀਆਂ ਅਤੇ ਅਰਾਧਕਾਂ ਦੀ ਗਿਣਤੀ ਬਹੁਤ ਘੱਟ ਹੋਣ ਦੇ ਕਾਰਨ ਪਰਮੇਸ਼ੁਰ ਉਨ੍ਹਾਂ ਦੇਸਾਂ ਉੱਤੇ ਵਿਸ਼ੇਸ਼ ਕਿਰਪਾ ਕਰੇਗਾ ਜਿਨ੍ਹਾਂ ਦਾ ਰਾਸ਼ਟਰੀ ਧਰਮ ਮਸੀਹਤ ਹੈ। ਉਹ ਅਜਿਹੇ ਦੇਸਾਂ ਨੂੰ ਇਕੱਠਿਆਂ ਕਰਕੇ ਸੰਸਾਰ ਦੀ ਤੁਲਨਾ ਵਿੱਚ ਇੱਕ ਧਾਰਮਿਕ ਜਥੇ ਦਾ ਨਿਰਮਾਣ ਕਰਦਾ ਹੈ, ਜਦਕਿ ਨਾਸਤਿਕ ਦੇਸ ਅਤੇ ਸੱਚੇ ਪਰਮੇਸ਼ੁਰ ਦੀ ਅਰਾਧਨਾ ਨਾ ਕਰਨ ਵਾਲੇ ਦੇਸ ਧਰਮੀ ਜਥੇ ਦੇ ਵਿਰੋਧੀ ਧਿਰ ਬਣ ਜਾਂਦੇ ਹਨ। ਇਸ ਤਰ੍ਹਾਂ, ਪਰਮੇਸ਼ੁਰ ਨੂੰ ਮਨੁੱਖਜਾਤੀ ਵਿੱਚ ਇੱਕ ਥਾਂ ਮਿਲਦੀ ਹੈ ਜਿੱਥੇ ਉਹ ਆਪਣਾ ਕੰਮ ਕਰ ਸਕਦਾ ਹੈ, ਸਗੋਂ ਉਸ ਨੂੰ ਅਜਿਹੇ ਦੇਸ ਵੀ ਮਿਲ ਜਾਂਦੇ ਹਨ ਜੋ ਧਰਮੀ ਇਖਤਿਆਰ ਦੀ ਵਰਤੋਂ ਕਰ ਸਕਦੇ ਹਨ, ਪਰਮੇਸ਼ੁਰ ਦਾ ਵਿਰੋਧ ਕਰਨ ਵਾਲੇ ਦੇਸਾਂ ਉੱਤੇ ਪਾਬੰਦੀਆਂ ਅਤੇ ਬੰਦਸ਼ਾਂ ਲਗਾ ਸਕਦੇ ਹਨ। ਫਿਰ ਵੀ, ਅਜਿਹਾ ਹੋਣ ਦੇ ਬਾਵਜੂਦ ਵੀ ਲੋਕ ਪਰਮੇਸ਼ੁਰ ਦੀ ਅਰਾਧਨਾ ਕਰਨ ਲਈ ਸਾਹਮਣੇ ਨਹੀਂ ਆਉਂਦੇ, ਕਿਉਂਕਿ ਮਨੁੱਖ ਪਰਮੇਸ਼ੁਰ ਕੋਲੋਂ ਬਹੁਤ ਦੂਰ ਜਾ ਚੁੱਕਾ ਹੈ, ਅਤੇ ਮਨੁੱਖ ਬਹੁਤ ਲੰਮੇ ਸਮੇਂ ਤੋਂ ਪਰਮੇਸ਼ੁਰ ਨੂੰ ਭੁਲਾਈ ਬੈਠਾ ਹੈ। ਧਰਤੀ ਉੱਤੇ ਸਿਰਫ਼ ਉਹੀ ਦੇਸ ਬਚੇ ਹਨ ਜੋ ਧਾਰਮਿਕਤਾ ਦਾ ਪਾਲਣ ਕਰਦੇ ਹਨ ਅਤੇ ਜੋ ਕੁਧਰਮ ਦਾ ਵਿਰੋਧ ਕਰਦੇ ਹਨ। ਪਰ ਇਹ ਪਰਮੇਸ਼ੁਰ ਦੀਆਂ ਇੱਛਾਵਾਂ ਤੋਂ ਬਹੁਤ ਦੂਰ ਹੈ, ਕਿਉਂਕਿ ਕਿਸੇ ਵੀ ਦੇਸ ਦੇ ਸ਼ਾਸਕ ਪਰਮੇਸ਼ੁਰ ਨੂੰ ਆਪਣੇ ਲੋਕਾਂ ਉੱਤੇ ਪਰਧਾਨਗੀ ਨਹੀਂ ਦੇਣਗੇ, ਅਤੇ ਕੋਈ ਵੀ ਸਿਆਸੀ ਦਲ ਪਰਮੇਸ਼ੁਰ ਦੀ ਅਰਾਧਨਾ ਕਰਨ ਲਈ ਆਪਣੇ ਲੋਕਾਂ ਨੂੰ ਇਕੱਠਿਆਂ ਨਹੀਂ ਕਰੇਗਾ; ਪਰਮੇਸ਼ੁਰ ਹਰੇਕ ਦੇਸ, ਜਾਤੀ, ਸਿਆਸੀ ਦਲ ਦੇ ਦਿਲ ਵਿੱਚੋਂ, ਅਤੇ ਇੱਥੋਂ ਤਕ ਕਿ ਹਰੇਕ ਵਿਅਕਤੀ ਦੇ ਦਿਲ ਵਿੱਚੋਂ ਆਪਣਾ ਢੁਕਵਾਂ ਥਾਂ ਗੁਆ ਚੁੱਕਾ ਹੈ। ਹਾਲਾਂਕਿ ਧਰਮੀ ਤਾਕਤਾਂ ਇਸ ਸੰਸਾਰ ਵਿੱਚ ਮੌਜੂਦ ਹਨ, ਪਰ ਫਿਰ ਵੀ ਜਿਸ ਸ਼ਾਸਨ ਹੇਠ ਮਨੁੱਖੀ ਹਿਰਦੇ ਵਿੱਚ ਪਰਮੇਸ਼ੁਰ ਦਾ ਕੋਈ ਸਥਾਨ ਨਹੀਂ ਹੁੰਦਾ, ਉਹ ਬਹੁਤ ਕਮਜ਼ੋਰ ਹੁੰਦਾ ਹੈ। ਪਰਮੇਸ਼ੁਰ ਦੀ ਅਸੀਸ ਤੋਂ ਬਿਨਾ, ਸਿਆਸੀ ਖੇਤਰ ਬੇਤਰਤੀਬ ਹੋ ਜਾਵੇਗਾ ਅਤੇ ਹਮਲਿਆਂ ਲਈ ਖੁੱਲ੍ਹ ਜਾਵੇਗਾ। ਮਨੁੱਖਜਾਤੀ ਲਈ ਪਰਮੇਸ਼ੁਰ ਦੀ ਅਸੀਸ ਤੋਂ ਬਿਨਾ ਰਹਿਣਾ ਉਸੇ ਤਰ੍ਹਾਂ ਹੈ ਜਿਵੇਂ ਸੂਰਜ ਤੋਂ ਬਿਨਾ ਜੀਉਣਾ। ਭਾਵੇਂ ਸ਼ਾਸਕ ਆਪਣੀ ਪਰਜਾ ਦੇ ਲਈ ਕਿੰਨੀ ਵੀ ਮਿਹਨਤ ਕਿਉਂ ਨਾ ਕਰਨ, ਭਾਵੇਂ ਮਨੁੱਖਜਾਤੀ ਕਿੰਨੀਆਂ ਵੀ ਧਾਰਮਿਕ ਸਭਾਵਾਂ ਕਿਉਂ ਨਾ ਕਰੇ, ਇਨ੍ਹਾਂ ਵਿੱਚੋਂ ਕੁਝ ਵੀ ਘਟਨਾਵਾਂ ਦੇ ਸਿਲਸਿਲੇ ਨੂੰ ਜਾਂ ਮਨੁੱਖਜਾਤੀ ਦੇ ਨਸੀਬ ਨੂੰ ਬਦਲ ਨਹੀਂ ਸਕਦਾ। ਮਨੁੱਖ ਦੀ ਮਾਨਤਾ ਹੈ ਕਿ ਜਿਸ ਦੇਸ ਵਿੱਚ ਲੋਕਾਂ ਨੂੰ ਭੋਜਨ ਅਤੇ ਬਸਤਰਾਂ ਦੀ ਸਹੂਲਤ ਪ੍ਰਾਪਤ ਹੈ, ਜਿਸ ਵਿੱਚ ਉਹ ਸ਼ਾਂਤੀਪੂਰਵਕ ਇੱਕ ਦੂਜੇ ਦੇ ਨਾਲ ਰਲ ਕੇ ਰਹਿੰਦੇ ਹਨ, ਉਹ ਇੱਕ ਚੰਗਾ ਦੇਸ ਹੁੰਦਾ ਹੈ ਅਤੇ ਉਸ ਦੇ ਨੇਤਾ ਚੰਗੇ ਹੁੰਦੇ ਹਨ। ਪਰ ਪਰਮੇਸ਼ੁਰ ਅਜਿਹਾ ਨਹੀਂ ਸੋਚਦਾ। ਪਰਮੇਸ਼ੁਰ ਦੀ ਮਾਨਤਾ ਇਹ ਹੈ ਕਿ ਜਿਸ ਦੇਸ ਵਿੱਚ ਕੋਈ ਵੀ ਉਸ ਦੀ ਅਰਾਧਨਾ ਨਹੀਂ ਕਰਦਾ, ਉਹ ਅਜਿਹਾ ਦੇਸ ਹੈ ਜਿਸ ਨੂੰ ਉਹ ਪੂਰੀ ਤਰ੍ਹਾਂ ਮਿਟਾ ਦੇਵੇਗਾ। ਮਨੁੱਖ ਦੀ ਸੋਚ ਪਰਮੇਸ਼ੁਰ ਦੀ ਸੋਚ ਦੇ ਬਿਲਕੁਲ ਉਲਟ ਹੈ। ਇਸ ਲਈ ਜੇਕਰ ਕਿਸੇ ਦੇਸ ਦਾ ਮੋਢੀ ਪਰਮੇਸ਼ੁਰ ਦੀ ਅਰਾਧਨਾ ਨਹੀਂ ਕਰਦਾ, ਤਾਂ ਉਸ ਦੇਸ ਦਾ ਨਸੀਬ ਬਹੁਤ ਮਾੜਾ ਹੋਵੇਗਾ, ਅਤੇ ਉਸ ਦੇਸ ਦੀ ਕੋਈ ਮੰਜ਼ਿਲ ਨਹੀਂ ਹੋਵੇਗੀ।

ਪਰਮੇਸ਼ੁਰ ਮਨੁੱਖ ਦੀ ਸਿਆਸਤ ਵਿੱਚ ਸ਼ਾਮਲ ਨਹੀਂ ਹੁੰਦਾ, ਤਾਂ ਵੀ ਕਿਸੇ ਦੇਸ ਜਾਂ ਜਾਤੀ ਦਾ ਨਸੀਬ ਪਰਮੇਸ਼ੁਰ ਦੇ ਨਿਯੰਤ੍ਰਣ ਵਿੱਚ ਹੀ ਹੁੰਦਾ ਹੈ। ਇਸ ਸੰਸਾਰ ਉੱਤੇ ਅਤੇ ਸਾਰੇ ਬ੍ਰਹਿਮੰਡ ਉੱਤੇ ਪਰਮੇਸ਼ੁਰ ਦਾ ਹੀ ਨਿਯੰਤ੍ਰਣ ਹੈ। ਮਨੁੱਖ ਦਾ ਨਸੀਬ ਅਤੇ ਪਰਮੇਸ਼ੁਰ ਦੀ ਯੋਜਨਾ ਆਪਸ ਵਿੱਚ ਬੜੀ ਨੇੜਤਾ ਨਾਲ ਜੁੜੇ ਹੋਏ ਹਨ, ਅਤੇ ਕੋਈ ਵੀ ਮਨੁੱਖ, ਦੇਸ ਜਾਂ ਜਾਤੀ ਪਰਮੇਸ਼ੁਰ ਦੀ ਸਰਬਉੱਚਤਾ ਤੋਂ ਬਾਹਰ ਨਹੀਂ ਹਨ। ਜੇਕਰ ਮਨੁੱਖ ਆਪਣੇ ਨਸੀਬ ਬਾਰੇ ਜਾਣਨਾ ਚਾਹੁੰਦਾ ਹੈ, ਤਾਂ ਉਸ ਨੂੰ ਪਰਮੇਸ਼ੁਰ ਦੇ ਸਾਹਮਣੇ ਆਉਣਾ ਪਵੇਗਾ। ਜਿਹੜੇ ਲੋਕ ਪਰਮੇਸ਼ੁਰ ਦੇ ਪਿੱਛੇ ਚੱਲਦੇ ਅਤੇ ਉਸ ਦੀ ਅਰਾਧਨਾ ਕਰਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਤਰੱਕੀ ਦਿੰਦਾ ਹੈ ਅਤੇ ਜਿਹੜੇ ਲੋਕ ਉਸ ਦਾ ਵਿਰੋਧ ਕਰਦੇ ਅਤੇ ਉਸ ਨੂੰ ਰੱਦਦੇ ਹਨ, ਉਨ੍ਹਾਂ ਨੂੰ ਉਹ ਪਤਨ ਵੱਲ ਲੈ ਜਾਂਦਾ ਹੈ ਅਤੇ ਮੁਕਾ ਦਿੰਦਾ ਹੈ।

ਬਾਈਬਲ ਵਿੱਚੋਂ ਉਸ ਦ੍ਰਿਸ਼ ਨੂੰ ਚੇਤੇ ਕਰੋ, ਜਦੋਂ ਪਰਮੇਸ਼ੁਰ ਸਦੂਮ ਉੱਤੇ ਵਿਨਾਸ ਲਿਆਇਆ ਸੀ ਅਤੇ ਲੂਤ ਦੀ ਪਤਨੀ ਦੇ ਲੂਣ ਦਾ ਥੰਮ੍ਹ ਬਣਨ ਬਾਰੇ ਵੀ ਸੋਚੋ। ਸੋਚੋ ਕਿ ਕਿਵੇਂ ਨੀਨਵਾਹ ਦੇ ਲੋਕਾਂ ਨੇ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਆਪਣਿਆਂ ਪਾਪਾਂ ਤੋਂ ਤੋਬਾ ਕੀਤੀ ਅਤੇ ਚੇਤੇ ਕਰੋ ਕਿ 2,000 ਵਰ੍ਹੇ ਪਹਿਲਾਂ ਯਹੂਦੀਆਂ ਦੁਆਰਾ ਯਿਸੂ ਨੂੰ ਸਲੀਬ ਉੱਤੇ ਕਿੱਲਾਂ ਨਾਲ ਜੜ ਦਿੱਤੇ ਜਾਣ ਤੋਂ ਬਾਅਦ ਕੀ ਹੋਇਆ ਸੀ। ਯਹੂਦੀਆਂ ਨੂੰ ਇਸਰਾਏਲ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਉਹ ਸੰਸਾਰ ਭਰ ਦੇ ਦੇਸਾਂ ਵਿੱਚ ਖਿੰਡ ਗਏ ਸਨ। ਕਈਆਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਪੂਰੀ ਯਹੂਦੀ ਜਾਤੀ ਬੇਮਿਸਾਲ ਵਿਨਾਸ ਹੇਠ ਆ ਗਈ ਸੀ। ਉਨ੍ਹਾਂ ਨੇ ਪਰਮੇਸ਼ੁਰ ਨੂੰ ਸਲੀਬ ’ਤੇ ਕਿੱਲਾਂ ਨਾਲ ਜੜ ਦਿੱਤਾ ਸੀ—ਜੋ ਕਿ ਉਨ੍ਹਾਂ ਦਾ ਬਹੁਤ ਡਾਢਾ ਪਾਪ ਸੀ—ਅਤੇ ਪਰਮੇਸ਼ੁਰ ਦੇ ਪਵਿੱਤਰ ਕ੍ਰੋਧ ਨੂੰ ਭੜਕਾ ਦਿੱਤਾ ਸੀ। ਉਨ੍ਹਾਂ ਨੂੰ ਉਸ ਦੀ ਕੀਮਤ ਅਦਾ ਕਰਨੀ ਪਈ ਜੋ ਉਨ੍ਹਾਂ ਨੇ ਕੀਤਾ ਸੀ ਅਤੇ ਉਨ੍ਹਾਂ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪਏ ਸਨ। ਉਨ੍ਹਾਂ ਨੇ ਪਰਮੇਸ਼ੁਰ ਨੂੰ ਰੱਦਿਆ ਸੀ, ਠੁਕਰਾਇਆ ਸੀ, ਅਤੇ ਇਸੇ ਕਰਕੇ ਉਨ੍ਹਾਂ ਦੇ ਨਸੀਬ ਵਿੱਚ ਸਿਰਫ਼ ਇਹੋ ਸੀ: ਪਰਮੇਸ਼ੁਰ ਹੱਥੋਂ ਸਜ਼ਾ ਭੁਗਤਣਾ। ਇਹ ਉਹ ਅੱਤ ਭਿਆਣਕ ਨਤੀਜਾ ਅਤੇ ਵਿਨਾਸ ਸੀ ਜੋ ਉਸ ਦੇਸ ਅਤੇ ਜਾਤੀ ਦੇ ਸ਼ਾਸਕ ਉਨ੍ਹਾਂ ਉੱਤੇ ਲੈ ਆਏ ਸਨ।

ਅੱਜ, ਪਰਮੇਸ਼ੁਰ ਆਪਣਾ ਕੰਮ ਕਰਨ ਲਈ ਸੰਸਾਰ ਵਿੱਚ ਵਾਪਸ ਆ ਗਿਆ ਹੈ। ਉਸ ਦਾ ਪਹਿਲਾ ਪੜਾਅ ਤਾਨਾਸ਼ਾਹ ਸ਼ਾਸਕਾਂ ਦਾ ਵੱਡਾ ਇਕੱਠ ਕਰਨਾ ਹੈ: ਚੀਨ, ਜੋ ਕਿ ਨਾਸਤਿਕਤਾ ਦਾ ਇੱਕ ਵੱਡਾ ਗੜ੍ਹ ਹੈ। ਪਰਮੇਸ਼ੁਰ ਨੇ ਆਪਣੀ ਬੁੱਧੀ ਅਤੇ ਸਮਰੱਥਾ ਰਾਹੀਂ ਲੋਕਾਂ ਦਾ ਇੱਕ ਸਮੂਹ ਪ੍ਰਾਪਤ ਕੀਤਾ ਹੈ। ਇਸ ਸਮੇਂ ਦੇ ਦੌਰਾਨ ਚੀਨ ਦੀ ਮੌਜੂਦਾ ਸਰਕਾਰ ਦਾ ਸਿਆਸੀ ਦਲ ਹੱਥ ਧੋ ਕੇ ਉਸ ਦੇ ਮਗਰ ਪਿਆ ਹੋਇਆ ਹੈ ਅਤੇ ਉਸ ਨੂੰ ਬਹੁਤ ਕਸ਼ਟ ਦੇ ਰਿਹਾ ਹੈ, ਉਸ ਨੂੰ ਆਪਣਾ ਸਿਰ ਰੱਖਣ ਲਈ ਥਾਂ ਤੱਕ ਨਹੀਂ ਮਿਲ ਰਿਹਾ, ਉਸ ਨੂੰ ਕੋਈ ਸੁਰੱਖਿਅਤ ਥਾਂ ਨਹੀਂ ਮਿਲ ਰਿਹਾ। ਇਸ ਦੇ ਬਾਵਜੂਦ ਪਰਮੇਸ਼ੁਰ ਉਹ ਕੰਮ ਕਰੀ ਜਾ ਰਿਹਾ ਹੈ ਜੋ ਉਸ ਨੇ ਧਾਰਿਆ ਹੋਇਆ ਹੈ: ਉਹ ਆਪਣੀ ਅਵਾਜ਼ ਸੁਣਾਉਂਦਾ ਹੈ ਅਤੇ ਖੁਸ਼ਖਬਰੀ ਫੈਲਾਉਂਦਾ ਹੈ। ਪਰਮੇਸ਼ੁਰ ਦੀ ਸਰਬਸ਼ਕਤੀਸ਼ਾਲੀ ਸਮਰੱਥਾ ਦੀ ਥਾਹ ਕੋਈ ਨਹੀਂ ਪਾ ਸਕਦਾ। ਪਰਮੇਸ਼ੁਰ ਨੂੰ ਆਪਣਾ ਵੈਰੀ ਮੰਨਣ ਵਾਲੇ ਚੀਨ ਵਿੱਚ ਪਰਮੇਸ਼ੁਰ ਨੇ ਆਪਣਾ ਕੰਮ ਕਦੇ ਬੰਦ ਨਹੀਂ ਕੀਤਾ। ਸਗੋਂ ਹੋਰ ਲੋਕਾਂ ਨੇ ਉਸ ਦੇ ਕੰਮ ਅਤੇ ਵਚਨ ਨੂੰ ਸਵੀਕਾਰ ਕੀਤਾ ਹੈ, ਕਿਉਂਕਿ ਮਨੁੱਖਜਾਤੀ ਦੇ ਹਰੇਕ ਮੈਂਬਰ ਨੂੰ ਬਚਾਉਣ ਲਈ ਪਰਮੇਸ਼ੁਰ ਨੂੰ ਜੋ ਕੁਝ ਵੀ ਕਰਨਾ ਪਵੇ, ਉਹ ਕਰਦਾ ਹੈ। ਅਸੀਂ ਭਰੋਸਾ ਕਰਦੇ ਹਾਂ ਕਿ ਕੋਈ ਵੀ ਦੇਸ ਜਾਂ ਤਾਕਤ ਉਸ ਕੰਮ ਵਿੱਚ ਅੜਿੱਕਾ ਨਹੀਂ ਬਣ ਸਕਦੀ ਜੋ ਪਰਮੇਸ਼ੁਰ ਪੂਰਾ ਕਰਨਾ ਚਾਹੁੰਦਾ ਹੈ। ਜਿਹੜੇ ਲੋਕ ਪਰਮੇਸ਼ੁਰ ਦੇ ਕੰਮ ਵਿੱਚ ਅੜਿੱਕਾ ਪਾਉਂਦੇ ਹਨ, ਪਰਮੇਸ਼ੁਰ ਦੇ ਵਚਨ ਦਾ ਵਿਰੋਧ ਕਰਦੇ ਹਨ ਅਤੇ ਪਰਮੇਸ਼ੁਰ ਦੀ ਯੋਜਨਾ ਵਿੱਚ ਪਰੇਸ਼ਾਨੀ ਤੇ ਵਿਗਾੜ ਪਾਉਂਦੇ ਹਨ, ਉਹ ਆਖਿਰਕਾਰ ਪਰਮੇਸ਼ੁਰ ਤੋਂ ਸਜ਼ਾ ਭੁਗਤਣਗੇ। ਜੋ ਪਰਮੇਸ਼ੁਰ ਦੇ ਕੰਮ ਨੂੰ ਤੁੱਛ ਜਾਣਦਾ ਹੈ ਉਸ ਨੂੰ ਨਰਕ ਵਿੱਚ ਘੱਲਿਆ ਜਾਵੇਗਾ; ਜਿਹੜਾ ਵੀ ਦੇਸ ਪਰਮੇਸ਼ੁਰ ਦੇ ਕੰਮ ਨੂੰ ਤੁੱਛ ਜਾਣਦਾ ਹੈ ਉਹ ਨਾਸ ਕੀਤਾ ਜਾਵੇਗਾ; ਜਿਹੜੀ ਵੀ ਜਾਤੀ ਪਰਮੇਸ਼ੁਰ ਦੇ ਕੰਮ ਦਾ ਵਿਰੋਧ ਕਰਨ ਲਈ ਆਪਣਾ ਸਿਰ ਚੁੱਕਦੀ ਹੈ ਉਸ ਦਾ ਧਰਤੀ ਉੱਤੋਂ ਨਾਮੋ-ਨਿਸ਼ਾਨ ਹੀ ਮਿਟਾ ਦਿੱਤਾ ਜਾਵੇਗਾ ਅਤੇ ਉਸ ਦਾ ਵਜੂਦ ਮੁੱਕ ਜਾਵੇਗਾl ਮੈਂ ਸਭ ਜਾਤੀਆਂ, ਸਭ ਦੇਸਾਂ ਅਤੇ ਇੱਥੋਂ ਤਕ ਕਿ ਸਭਨਾਂ ਕਿੱਤਿਆਂ ਦੇ ਲੋਕਾਂ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਨ, ਪਰਮੇਸ਼ੁਰ ਦੇ ਕੰਮ ਨੂੰ ਵੇਖਣ ਅਤੇ ਮਨੁੱਖਜਾਤੀ ਦੇ ਨਸੀਬ ਉੱਤੇ ਗੌਰ ਕਰਨ, ਪਰਮੇਸ਼ੁਰ ਨੂੰ ਮਨੁੱਖਜਾਤੀ ਵਿਚਾਲੇ ਅਰਾਧਨਾ ਦਾ ਸਭ ਤੋਂ ਪਵਿੱਤਰ, ਸਭ ਤੋਂ ਸਨਮਾਨਤ, ਸਭ ਤੋਂ ਉੱਚਾ ਅਤੇ ਇੱਕਮਾਤਰ ਵਸੀਲਾ ਬਣਾ ਲੈਣ, ਅਤੇ ਸਾਰੀ ਮਨੁੱਖਜਾਤੀ ਨੂੰ ਪਰਮੇਸ਼ੁਰ ਦੀ ਅਸੀਸ ਹੇਠ ਜੀਉਣ ਦੇਣ, ਉਵੇਂ ਹੀ ਜਿਵੇਂ ਅਬਰਾਹਾਮ ਦੀ ਅੰਸ ਯਹੋਵਾਹ ਦੀ ਪ੍ਰਤਿੱਗਿਆ ਹੇਠ ਜੀਉਂਦੀ ਸੀ, ਅਤੇ ਜਿਵੇਂ ਪਰਮੇਸ਼ੁਰ ਵੱਲੋਂ ਸਿਰਜੇ ਗਏ ਆਦਮ ਤੇ ਹੱਵਾਹ ਅਦਨ ਦੇ ਬਾਗ ਵਿੱਚ ਰਹਿੰਦੇ ਸਨ।

ਪਰਮੇਸ਼ੁਰ ਦਾ ਕੰਮ ਇੱਕ ਸ਼ਕਤੀਸ਼ਾਲੀ ਲਹਿਰ ਵਾਂਗ ਅਗਾਂਹ ਵਧਦਾ ਜਾਂਦਾ ਹੈ। ਉਸ ਨੂੰ ਕੋਈ ਨਹੀਂ ਡੱਕ ਸਕਦਾ, ਅਤੇ ਉਸ ਦੀ ਗਤੀ ਨੂੰ ਕੋਈ ਨਹੀਂ ਰੋਕ ਸਕਦਾ। ਜਿਹੜੇ ਲੋਕ ਉਸ ਦੇ ਵਚਨਾਂ ਨੂੰ ਗੌਰ ਨਾਲ ਸੁਣਦੇ ਹਨ, ਅਤੇ ਜਿਹੜੇ ਉਸ ਦੇ ਖੋਜੀ ਅਤੇ ਪਿਆਸੇ ਹਨ, ਸਿਰਫ਼ ਉਹੀ ਉਸ ਦਿਆਂ ਕਦਮਾਂ ਨਾਲ ਕਦਮ ਮਿਲਾ ਕੇ ਚੱਲ ਸਕਦੇ ਹਨ ਅਤੇ ਉਸ ਦੀ ਪ੍ਰਤਿੱਗਿਆ ਪ੍ਰਾਪਤ ਕਰ ਸਕਦੇ ਹਨ। ਜਿਹੜੇ ਲੋਕ ਅਜਿਹਾ ਨਹੀਂ ਕਰਦੇ ਉਹ ਬਹੁਤ ਭਾਰੇ ਵਿਨਾਸ ਅਤੇ ਉਸ ਸਜ਼ਾ ਦੇ ਭਾਗੀ ਹੋਣਗੇ ਜਿਸ ਦੇ ਉਹ ਪੂਰੀ ਤਰ੍ਹਾਂ ਲਾਇਕ ਹਨ।

ਪਿਛਲਾ: ਪਰਮੇਸ਼ੁਰ ਦੇ ਪਰਗਟ ਹੋਣ ਨਾਲ ਇੱਕ ਨਵੇਂ ਯੁੱਗ ਦਾ ਅਰੰਭ ਹੋਇਆ ਹੈ

ਅਗਲਾ: ਪਰਮੇਸ਼ੁਰ ਨੂੰ ਜਾਣਨਾ ਹੀ ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਣ ਦਾ ਮਾਰਗ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ