ਪਰਮੇਸ਼ੁਰ ਨੂੰ ਜਾਣਨਾ ਹੀ ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਣ ਦਾ ਮਾਰਗ ਹੈ

ਤੁਹਾਡੇ ਵਿੱਚੋਂ ਹਰ ਇੱਕ ਨੂੰ ਨਵੇਂ ਸਿਰਿਓਂ ਇਹ ਪੜਤਾਲ ਕਰਨੀ ਚਾਹੀਦੀ ਹੈ ਕਿ ਤੁਸੀਂ ਜੀਵਨ ਭਰ ਪਰਮੇਸ਼ੁਰ ਵਿੱਚ ਕਿਵੇਂ ਵਿਸ਼ਵਾਸ ਕੀਤਾ ਹੈ, ਤਾਂ ਜੋ ਤੁਸੀਂ ਇਹ ਵੇਖ ਸਕੋ ਕਿ ਪਰਮੇਸ਼ੁਰ ਨੂੰ ਮੰਨਣ ਦੀ ਪ੍ਰਕਿਰਿਆ ਵਿੱਚ, ਕੀ ਤੁਸੀਂ ਪਰਮੇਸ਼ੁਰ ਨੂੰ ਸੱਚਮੁੱਚ ਸਮਝ ਲਿਆ ਹੈ, ਸੱਚਮੁੱਚ ਜਾਣਿਆ ਹੈ, ਅਤੇ ਕੀ ਤੁਹਾਨੂੰ ਸੱਚਮੁੱਚ ਪਰਮੇਸ਼ੁਰ ਬਾਰੇ ਸੋਝੀ ਆ ਗਈ ਹੈ, ਕੀ ਤੁਸੀਂ ਸੱਚਮੁੱਚ ਜਾਣਦੇ ਹੋ ਕਿ ਵੱਖ-ਵੱਖ ਕਿਸਮਾਂ ਦੇ ਮਨੁੱਖਾਂ ਪ੍ਰਤੀ ਪਰਮੇਸ਼ੁਰ ਦਾ ਰਵੱਈਆ ਕੀ ਹੈ, ਅਤੇ ਕੀ ਤੁਸੀਂ ਸੱਚਮੁੱਚ ਉਸ ਕੰਮ ਨੂੰ ਸਮਝਦੇ ਹੋ ਜੋ ਪਰਮੇਸ਼ੁਰ ਤੁਹਾਡੇ ਉੱਤੇ ਕਰ ਰਿਹਾ ਹੈ ਅਤੇ ਪਰਮੇਸ਼ੁਰ ਤੁਹਾਡੇ ਹਰੇਕ ਕੰਮ ਨੂੰ ਕਿਵੇਂ ਨਿਰਧਾਰਤ ਕਰਦਾ ਹੈ। ਇਹ ਪਰਮੇਸ਼ੁਰ, ਜਿਹੜਾ ਤੇਰੇ ਨਾਲ ਹੈ, ਜੋ ਤੇਰੀ ਤਰੱਕੀ ਨੂੰ ਦਿਸ਼ਾ ਦਿਖਾ ਰਿਹਾ ਹੈ, ਤੇਰਾ ਨਸੀਬ ਲਿਖ ਰਿਹਾ ਹੈ, ਅਤੇ ਤੇਰੀਆਂ ਲੋੜਾਂ ਦੀ ਪੂਰਤੀ ਕਰ ਰਿਹਾ ਹੈ—ਹਰ ਗੱਲ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ, ਤੂੰ ਇਸ ਪਰਮੇਸ਼ੁਰ ਨੂੰ ਕਿੰਨਾ ਕੁ ਸਮਝਦਾ ਹੈਂ? ਤੂੰ ਇਸ ਪਰਮੇਸ਼ੁਰ ਬਾਰੇ ਸੱਚਮੁੱਚ ਕਿੰਨਾ ਕੁ ਜਾਣਦਾ ਹੈਂ? ਕੀ ਤੈਨੂੰ ਪਤਾ ਹੈ ਕਿ ਉਹ ਤੇਰੇ ਉੱਪਰ ਹਰ ਦਿਨ ਕਿਹੜਾ ਕੰਮ ਕਰਦਾ ਹੈ? ਕੀ ਤੂੰ ਉਨ੍ਹਾਂ ਸਿਧਾਂਤਾਂ ਅਤੇ ਉਦੇਸ਼ਾਂ ਬਾਰੇ ਜਾਣਦਾ ਹੈਂ ਜੋ ਉਸ ਦੇ ਹਰ ਕੰਮ ਦਾ ਅਧਾਰ ਹਨ? ਕੀ ਤੈਨੂੰ ਪਤਾ ਹੈ ਉਹ ਤੇਰਾ ਮਾਰਗਦਰਸ਼ਨ ਕਿਵੇਂ ਕਰਦਾ ਹੈ? ਕੀ ਤੈਨੂੰ ਪਤਾ ਹੈ ਕਿ ਉਹ ਕਿਹੜੇ ਸਾਧਨਾਂ ਦੇ ਰਾਹੀਂ ਤੇਰੀ ਪੂਰਤੀ ਕਰਦਾ ਹੈ? ਕੀ ਤੈਨੂੰ ਉਨ੍ਹਾਂ ਤਰੀਕਿਆਂ ਬਾਰੇ ਪਤਾ ਹੈ ਜਿਨ੍ਹਾਂ ਦੁਆਰਾ ਉਹ ਤੇਰੀ ਅਗਵਾਈ ਕਰਦਾ ਹੈ? ਕੀ ਤੈਨੂੰ ਪਤਾ ਹੈ ਕਿ ਉਹ ਤੇਰੇ ਤੋਂ ਕੀ ਪ੍ਰਾਪਤ ਕਰਨਾ ਚਾਹੁੰਦਾ ਹੈ ਅਤੇ ਉਹ ਤੇਰੇ ਵਿੱਚ ਕੀ ਹਾਸਲ ਕਰਨਾ ਚਾਹੁੰਦਾ ਹੈ? ਕੀ ਤੈਨੂੰ ਪਤਾ ਹੈ ਕਿ ਤੂੰ ਜਿਹੜੇ ਵੱਖੋ-ਵੱਖਰੇ ਤਰੀਕਿਆਂ ਨਾਲ ਵਿਹਾਰ ਕਰਦਾ ਹੈਂ, ਉਨ੍ਹਾਂ ਪ੍ਰਤੀ ਉਹ ਕਿਹੋ ਜਿਹਾ ਰਵੱਈਆ ਰੱਖਦਾ ਹੈ? ਕੀ ਤੈਨੂੰ ਪਤਾ ਹੈ ਕਿ ਤੂੰ ਉਸ ਦਾ ਪਿਆਰਾ ਵਿਅਕਤੀ ਹੈਂ ਜਾਂ ਨਹੀਂ? ਕੀ ਤੈਨੂੰ ਉਸ ਦੇ ਅਨੰਦ, ਕ੍ਰੋਧ, ਦੁੱਖ ਅਤੇ ਖੁਸ਼ੀ ਦੇ ਅਰੰਭ, ਉਨ੍ਹਾਂ ਪਿਛਲੇ ਵਿਚਾਰਾਂ ਅਤੇ ਖਿਆਲਾਂ, ਅਤੇ ਉਸ ਦੇ ਤੱਤ ਬਾਰੇ ਪਤਾ ਹੈ? ਕੀ ਤੂੰ ਜਾਣਦਾ ਹੈਂ ਕਿ, ਆਖਰਕਾਰ, ਇਹ ਪਰਮੇਸ਼ੁਰ ਕਿਸ ਕਿਸਮ ਦਾ ਪਰਮੇਸ਼ੁਰ ਹੈ ਜਿਸ ਵਿੱਚ ਤੂੰ ਵਿਸ਼ਵਾਸ ਕਰਦਾ ਹੈਂ? ਕੀ ਇਹ ਅਤੇ ਅਜਿਹੇ ਹੋਰ ਸੁਆਲ ਕੁਝ ਅਜਿਹੇ ਹਨ ਜਿਨ੍ਹਾਂ ਬਾਰੇ ਤੂੰ ਕਦੇ ਸੋਚਿਆ ਜਾਂ ਵਿਚਾਰ ਨਹੀਂ ਕੀਤਾ ਹੈ? ਪਰਮੇਸ਼ੁਰ ਵਿੱਚ ਆਪਣੀ ਨਿਹਚਾ ਦੀ ਪੈਰਵੀ ਕਰਦਿਆਂ, ਕੀ ਪਰਮੇਸ਼ੁਰ ਦੇ ਵਚਨਾਂ ਦੀ ਸੱਚੀ ਕਦਰ ਅਤੇ ਅਨੁਭਵ ਦੁਆਰਾ, ਉਸ ਦੇ ਬਾਰੇ ਤੇਰੀਆਂ ਗਲਤਫ਼ਹਿਮੀਆਂ ਦੂਰ ਹੋਈਆਂ ਹਨ? ਕੀ ਤੂੰ, ਪਰਮੇਸ਼ੁਰ ਦਾ ਅਨੁਸ਼ਾਸਨ ਅਤੇ ਤਾੜਨਾ ਪ੍ਰਾਪਤ ਕਰਨ ਤੋਂ ਬਾਅਦ, ਸੱਚੀ-ਸੁੱਚੀ ਆਗਿਆਕਾਰੀ ਅਤੇ ਪਰਵਾਹ ਪ੍ਰਾਪਤ ਕੀਤੀ ਹੈ? ਕੀ ਤੈਨੂੰ, ਪਰਮੇਸ਼ੁਰ ਦੀ ਤਾੜਨਾ ਅਤੇ ਨਿਆਂ ਦੇ ਦਰਮਿਆਨ, ਮਨੁੱਖ ਦੇ ਵਿਦਰੋਹੀ ਅਤੇ ਸ਼ਤਾਨੀ ਸੁਭਾਅ ਬਾਰੇ ਸਮਝ ਆਈ ਹੈ ਅਤੇ ਤੂੰ ਪਰਮੇਸ਼ੁਰ ਦੀ ਪਵਿੱਤਰਤਾ ਬਾਰੇ ਥੋੜ੍ਹੀ ਬਹੁਤ ਵੀ ਸਮਝ ਪ੍ਰਾਪਤ ਕੀਤੀ ਹੈ? ਕੀ ਤੂੰ, ਪਰਮੇਸ਼ੁਰ ਦੇ ਵਚਨਾਂ ਦੇ ਮਾਰਗਦਰਸ਼ਨ ਅਤੇ ਅੰਦਰੂਨੀ ਚਾਨਣ ਹੇਠ, ਜੀਵਨ ਬਾਰੇ ਇੱਕ ਨਵਾਂ ਨਜ਼ਰੀਆ ਰੱਖਣਾ ਸ਼ੁਰੂ ਕੀਤਾ ਹੈ? ਕੀ ਤੂੰ, ਪਰਮੇਸ਼ੁਰ ਦੁਆਰਾ ਭੇਜੇ ਗਏ ਪਰਤਾਵਿਆਂ ਦੇ ਦਰਮਿਆਨ, ਮਨੁੱਖ ਦੇ ਅਪਰਾਧਾਂ ਪ੍ਰਤੀ ਅਤੇ ਨਾਲ ਹੀ ਇਸ ਬਾਰੇ ਉਸ ਦੀ ਅਸਹਿਣਸ਼ੀਲਤਾ ਨੂੰ ਮਹਿਸੂਸ ਕੀਤਾ ਹੈ ਕਿ ਉਹ ਤੇਰੇ ਤੋਂ ਕੀ ਚਾਹੁੰਦਾ ਹੈ ਅਤੇ ਉਹ ਤੈਨੂੰ ਕਿਵੇਂ ਬਚਾ ਰਿਹਾ ਹੈ? ਜੇ ਤੈਨੂੰ ਇਹ ਨਹੀਂ ਪਤਾ ਕਿ ਪਰਮੇਸ਼ੁਰ ਬਾਰੇ ਗਲਤਫ਼ਹਿਮੀ ਦਾ ਕੀ ਮਤਲਬ ਹੁੰਦਾ ਹੈ, ਜਾਂ ਇਸ ਗਲਤਫ਼ਹਿਮੀ ਨੂੰ ਕਿਵੇਂ ਦੂਰ ਕਰਨਾ ਹੈ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਤੂੰ ਕਦੇ ਵੀ ਪਰਮੇਸ਼ੁਰ ਨਾਲ ਸੱਚੀ ਸੰਗਤ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ ਅਤੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਸਮਝਿਆ ਹੈ, ਜਾਂ ਘੱਟੋ-ਘੱਟ ਇਹ ਕਿਹਾ ਜਾ ਸਕਦਾ ਹੈ ਕਿ ਤੈਨੂੰ ਕਦੇ ਵੀ ਉਸ ਨੂੰ ਸਮਝਣ ਦੀ ਇੱਛਾ ਨਹੀਂ ਹੋਈ ਹੈ। ਜੇ ਤੈਨੂੰ ਇਹ ਨਹੀਂ ਪਤਾ ਕਿ ਪਰਮੇਸ਼ੁਰ ਦੀ ਤਾੜਨਾ ਅਤੇ ਸੁਧਾਰ ਕੀ ਹੈ, ਤਾਂ ਯਕੀਨਨ ਤੈਨੂੰ ਇਹ ਵੀ ਪਤਾ ਨਹੀਂ ਹੋਵੇਗਾ ਕਿ ਆਗਿਆਕਾਰੀ ਅਤੇ ਪਰਵਾਹ ਕਰਨ ਦਾ ਕੀ ਮਤਲਬ ਹੈ, ਜਾਂ ਘੱਟੋ-ਘੱਟ ਤੂੰ ਕਦੇ ਵੀ ਸੱਚਮੁੱਚ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ ਹੈ ਜਾਂ ਉਸ ਦੀ ਪਰਵਾਹ ਨਹੀਂ ਕੀਤੀ ਹੈ। ਜੇ ਤੂੰ ਕਦੇ ਵੀ ਪਰਮੇਸ਼ੁਰ ਦੀ ਤਾੜਨਾ ਅਤੇ ਨਿਆਂ ਦਾ ਅਨੁਭਵ ਨਹੀਂ ਕੀਤਾ ਹੈ, ਤਾਂ ਤੈਨੂੰ ਯਕੀਨਨ ਇਹ ਪਤਾ ਨਹੀਂ ਹੋਵੇਗਾ ਕਿ ਉਸ ਦੀ ਪਵਿੱਤਰਤਾ ਕੀ ਹੈ, ਅਤੇ ਤੈਨੂੰ ਇਸ ਦੇ ਬਾਰੇ ਹੋਰ ਵੀ ਘੱਟ ਸਪੱਸ਼ਟ ਤਰੀਕੇ ਨਾਲ ਪਤਾ ਹੋਵੇਗਾ ਕਿ ਮਨੁੱਖ ਦਾ ਵਿਦ੍ਰੋਹ ਕੀ ਹੁੰਦਾ ਹੈ। ਜੇ ਤੇਰੇ ਕੋਲ ਸੱਚਮੁੱਚ ਕਦੇ ਵੀ ਜੀਵਨ ਬਾਰੇ ਸਹੀ ਨਜ਼ਰੀਆ ਨਹੀਂ ਰਿਹਾ ਹੈ, ਜਾਂ ਜੀਵਨ ਵਿੱਚ ਸਹੀ ਟੀਚਾ ਨਹੀਂ ਰਿਹਾ ਹੈ, ਪਰ ਤੂੰ ਅਜੇ ਵੀ ਜੀਵਨ ਵਿੱਚ ਆਪਣੇ ਭਵਿੱਖ ਦੇ ਮਾਰਗ ਬਾਰੇ ਭਟਕਣ ਅਤੇ ਦੁਚਿੱਤੀ ਦੀ ਅਵਸਥਾ ਵਿੱਚ ਹੈਂ, ਇਥੋਂ ਤਕ ਕਿ ਅੱਗੇ ਵਧਣ ਤੋਂ ਵੀ ਝਿਜਕਦਾ ਹੈਂ, ਤਦ ਇਹ ਪੱਕੀ ਗੱਲ ਹੈ ਕਿ ਤੈਨੂੰ ਕਦੇ ਵੀ ਪਰਮੇਸ਼ੁਰ ਦਾ ਅੰਦਰੂਨੀ ਚਾਨਣ ਅਤੇ ਮਾਰਗਦਰਸ਼ਨ ਪ੍ਰਾਪਤ ਨਹੀਂ ਹੋਇਆ ਹੈ; ਇਹ ਵੀ ਕਿਹਾ ਜਾ ਸਕਦਾ ਹੈ ਕਿ ਤੈਨੂੰ ਸੱਚਮੁੱਚ ਕਦੇ ਵੀ ਪਰਮੇਸ਼ੁਰ ਦੇ ਵਚਨਾਂ ਦੁਆਰਾ ਪੂਰਤੀ ਜਾਂ ਪੋਸ਼ਣ ਨਹੀਂ ਮਿਲਿਆ ਹੈ। ਜੇ ਤੂੰ ਅਜੇ ਤੱਕ ਪਰਮੇਸ਼ੁਰ ਦੇ ਪਰਤਾਵਿਆਂ ਵਿੱਚੋਂ ਨਹੀਂ ਲੰਘਿਆ ਹੈਂ, ਤਾਂ ਇਹ ਪ੍ਰਤੱਖ ਹੈ ਕਿ ਤੈਨੂੰ ਯਕੀਨਨ ਇਹ ਵੀ ਨਹੀਂ ਪਤਾ ਹੋਵੇਗਾ ਕਿ ਕਿ ਮਨੁੱਖ ਦੇ ਅਪਰਾਧਾਂ ਲਈ ਪਰਮੇਸ਼ੁਰ ਦੀ ਅਸਹਿਣਸ਼ੀਲਤਾ ਕੀ ਹੈ, ਅਤੇ ਨਾ ਹੀ ਤੂੰ ਇਹ ਸਮਝੇਂਗਾ ਕਿ ਆਖ਼ਰਕਾਰ ਪਰਮੇਸ਼ੁਰ ਤੇਰੇ ਤੋਂ ਕੀ ਚਾਹੁੰਦਾ ਹੈ, ਅਤੇ ਇਹ ਤਾਂ ਬਿਲਕੁਲ ਵੀ ਨਹੀਂ ਕਿ, ਆਖਰਕਾਰ, ਮਨੁੱਖ ਦੀ ਰਹਿਨੁਮਾਈ ਕਰਨ ਅਤੇ ਬਚਾਉਣ ਦਾ ਉਸ ਦਾ ਕੰਮ ਕੀ ਹੈ। ਕਿਸੇ ਵਿਅਕਤੀ ਨੇ ਭਾਵੇਂ ਕਿੰਨੇ ਸਾਲਾਂ ਤੋਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਿਉਂ ਨਾ ਕੀਤਾ ਹੋਵੇ, ਜੇ ਉਸ ਨੇ ਪਰਮੇਸ਼ੁਰ ਦੇ ਵਚਨਾਂ ਵਿੱਚ ਕਦੇ ਵੀ ਕੁਝ ਵੀ ਅਨੁਭਵ ਨਹੀਂ ਕੀਤਾ ਜਾਂ ਕੁਝ ਵੀ ਸਮਝਿਆ ਨਹੀਂ ਹੈ, ਤਾਂ ਉਹ ਯਕੀਨਨ ਮੁਕਤੀ ਵੱਲ ਨੂੰ ਜਾਂਦੇ ਰਾਹ ਉੱਤੇ ਨਹੀਂ ਚੱਲ ਰਿਹਾ ਹੈ, ਪਰਮੇਸ਼ੁਰ ਵਿੱਚ ਉਸ ਦੀ ਨਿਹਚਾ ਯਕੀਨਨ ਅਸਲ ਅਰਥਾਂ ਤੋਂ ਬਗੈਰ ਹੈ, ਪਰਮੇਸ਼ੁਰ ਬਾਰੇ ਉਸ ਦਾ ਗਿਆਨ ਵੀ ਯਕੀਨਨ ਸਿਫ਼ਰ ਹੈ, ਅਤੇ ਇਹ ਪ੍ਰਤੱਖ ਹੈ ਕਿ ਉਸ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਕਿ ਪਰਮੇਸ਼ੁਰ ਦਾ ਆਦਰ ਕਿਵੇਂ ਕਰਨਾ ਹੈ।

ਪਰਮੇਸ਼ੁਰ ਦੇ ਮੂਲ ਸੁਭਾਅ ਅਤੇ ਸ਼ਖਸੀਅਤ, ਪਰਮੇਸ਼ੁਰ ਦੇ ਤੱਤ, ਪਰਮੇਸ਼ੁਰ ਦੇ ਸੁਭਾਅ ਬਾਰੇ—ਮਨੁੱਖਜਾਤੀ ਨੂੰ ਸਭ ਕੁਝ ਉਸ ਦੇ ਵਚਨਾਂ ਵਿੱਚ ਜਾਣੂ ਕਰਾਇਆ ਗਿਆ ਹੈ। ਜਦੋਂ ਮਨੁੱਖ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਕਰਦਾ ਹੈ, ਤਾਂ ਉਸ ਨੂੰ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ ਦੌਰਾਨ ਪਰਮੇਸ਼ੁਰ ਦੁਆਰਾ ਬੋਲੇ ਜਾਣ ਵਾਲੇ ਵਚਨਾਂ ਦੇ ਉਦੇਸ਼ ਦੀ ਸਮਝ ਆਵੇਗੀ, ਅਤੇ ਉਹ ਪਰਮੇਸ਼ੁਰ ਦੇ ਵਚਨਾਂ ਦੇ ਸ੍ਰੋਤ ਅਤੇ ਪਿਛੋਕੜ ਨੂੰ ਸਮਝੇਗਾ, ਅਤੇ ਪਰਮੇਸ਼ੁਰ ਦੇ ਵਚਨਾਂ ਦੇ ਨਿਯਤ ਪ੍ਰਭਾਵ ਨੂੰ ਸਮਝੇਗਾ ਅਤੇ ਉਨ੍ਹਾਂ ਦੀ ਕਦਰ ਕਰੇਗਾ। ਮਨੁੱਖਤਾ ਲਈ, ਇਹ ਸਭ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਅਨੁਭਵ ਕਰਨਾ, ਸਮਝਣਾ ਅਤੇ ਪ੍ਰਾਪਤ ਕਰਨਾ ਮਨੁੱਖ ਲਈ ਜ਼ਰੂਰੀ ਹੈ ਤਾਂ ਜੋ ਉਹ ਸੱਚਾਈਅਤੇ ਜੀਵਨ ਹਾਸਲ ਕਰ ਸਕੇ, ਪਰਮੇਸ਼ੁਰ ਦੇ ਮਨੋਰਥਾਂ ਨੂੰ ਸਮਝ ਸਕੇ, ਉਸ ਦੇ ਸੁਭਾਅ ਵਿੱਚ ਪੂਰੀ ਤਰ੍ਹਾਂ ਨਾਲ ਬਦਲ ਸਕੇ, ਅਤੇ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਪ੍ਰਬੰਧਾਂ ਦਾ ਪਾਲਣ ਕਰਨ ਯੋਗ ਬਣ ਸਕੇ। ਜਦੋਂ ਮਨੁੱਖ ਇਨ੍ਹਾਂ ਚੀਜ਼ਾਂ ਦਾ ਅਨੁਭਵ ਕਰੇਗਾ, ਇਨ੍ਹਾਂ ਨੂੰ ਸਮਝ ਕੇ ਹਾਸਲ ਕਰੇਗਾ, ਉਸੇ ਸਮੇਂ ਹੀ, ਉਹ ਹੌਲੀ-ਹੌਲੀ ਪਰਮੇਸ਼ੁਰ ਦੀ ਸਮਝ ਵੀ ਪ੍ਰਾਪਤ ਕਰ ਚੁੱਕਾ ਹੋਵੇਗਾ, ਅਤੇ ਇਸ ਸਮੇਂ ਉਸ ਨੇ ਪਰਮੇਸ਼ੁਰ ਦੇ ਬਾਰੇ ਵੱਖੋ-ਵੱਖਰੇ ਦਰਜੇ ਦਾ ਗਿਆਨ ਵੀ ਪ੍ਰਾਪਤ ਕਰ ਲਿਆ ਹੋਵੇਗਾ। ਇਹ ਸਮਝ ਅਤੇ ਗਿਆਨ ਕਿਸੇ ਅਜਿਹੀ ਚੀਜ਼ ਵਿੱਚੋਂ ਨਹੀਂ ਆਉਂਦਾ ਜਿਸ ਦੀ ਕਲਪਨਾ ਜਾਂ ਨਿਰਮਾਣ ਮਨੁੱਖ ਨੇ ਕੀਤਾ ਹੋਵੇ, ਬਲਕਿ ਉਸ ਨੂੰ ਆਪਣੇ ਹੀ ਅੰਦਰੋਂ ਉਸ ਚੀਜ਼ ਤੋਂ ਮਿਲਦਾ ਹੈ ਜਿਸ ਦੀ ਉਹ ਕਦਰ ਕਰਦਾ ਹੈ, ਅਨੁਭਵ ਕਰਦਾ ਹੈ, ਜਿਸ ਨੂੰ ਉਹ ਮਹਿਸੂਸ ਕਰਦਾ ਹੈ ਅਤੇ ਜਿਸ ਦੀ ਪੁਸ਼ਟੀ ਕਰਦਾ ਹੈ। ਸਿਰਫ਼ ਇਨ੍ਹਾਂ ਚੀਜ਼ਾਂ ਦੀ ਕਦਰ ਕਰਨ, ਅਨੁਭਵ ਕਰਨ, ਮਹਿਸੂਸ ਕਰਨ ਅਤੇ ਪੁਸ਼ਟੀ ਕਰਨ ਤੋਂ ਬਾਅਦ ਹੀ ਮਨੁੱਖ ਦਾ ਪਰਮੇਸ਼ੁਰ ਬਾਰੇ ਗਿਆਨ ਅਸਲ ਅਰਥ ਹਾਸਲ ਕਰਦਾ ਹੈ; ਮਨੁੱਖ ਇਸ ਸਮੇਂ ਜੋ ਗਿਆਨ ਪ੍ਰਾਪਤ ਕਰਦਾ ਹੈ ਸਿਰਫ਼ ਉਹੀ ਅਸਲ, ਵਾਸਤਵਿਕ ਅਤੇ ਸਹੀ ਹੁੰਦਾ ਹੈ, ਅਤੇ—ਪਰਮੇਸ਼ੁਰ ਦੇ ਵਚਨਾਂ ਦੀ ਕਦਰ ਕਰਕੇ, ਅਨੁਭਵ ਕਰਕੇ, ਉਨ੍ਹਾਂ ਨੂੰ ਮਹਿਸੂਸ ਅਤੇ ਉਨ੍ਹਾਂ ਦੀ ਪੁਸ਼ਟੀ ਕਰਕੇ ਹੀ ਪਰਮੇਸ਼ੁਰ ਦੀ ਸੱਚੀ ਸਮਝ ਅਤੇ ਗਿਆਨ ਪ੍ਰਾਪਤ ਕਰਨ ਦੀ ਇਹ ਪ੍ਰਕਿਰਿਆ—ਮਨੁੱਖ ਅਤੇ ਪਰਮੇਸ਼ੁਰ ਵਿੱਚਕਾਰ ਸੱਚੀ ਸੰਗਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਕਿਸਮ ਦੀ ਸੰਗਤ ਦੇ ਦਰਮਿਆਨ, ਮਨੁੱਖ ਸੱਚਮੁੱਚ ਪਰਮੇਸ਼ੁਰ ਦੇ ਮਨੋਰਥਾਂ ਨੂੰ ਸਮਝਣ ਅਤੇ ਜਾਣਨ ਲੱਗ ਜਾਂਦਾ ਹੈ, ਸੱਚਮੁੱਚ ਪਰਮੇਸ਼ੁਰ ਦੇ ਮੂਲ ਸੁਭਾਅ ਅਤੇ ਸ਼ਖਸੀਅਤ ਨੂੰ ਸਮਝ ਅਤੇ ਜਾਣ ਲੈਂਦਾ ਹੈ, ਸੱਚਮੁੱਚ ਪਰਮੇਸ਼ੁਰ ਦੇ ਤੱਤ ਨੂੰ ਸਮਝ ਅਤੇ ਜਾਣ ਲੈਂਦਾ ਹੈ, ਸੱਚਮੁੱਚ ਹੌਲੀ-ਹੌਲੀ ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣ ਅਤੇ ਜਾਣਨ ਲੱਗ ਜਾਂਦਾ ਹੈ, ਸਾਰੀ ਸ੍ਰਿਸ਼ਟੀ ਉੱਤੇ ਪਰਮੇਸ਼ੁਰ ਦੇ ਅਧਿਕਾਰ ਦੇ ਤੱਥ ਬਾਰੇ ਅਸਲ ਨਿਸ਼ਚਤਤਾ, ਅਤੇ ਇਸ ਦੀ ਇੱਕ ਸਹੀ ਪਰਿਭਾਸ਼ਾ ’ਤੇ ਪਹੁੰਚਦਾ ਹੈ, ਅਤੇ ਪਰਮੇਸ਼ੁਰ ਦੀ ਪਛਾਣ ਅਤੇ ਅਸਥਾਨ ਬਾਰੇ ਇੱਕ ਅਸਲੀ ਸੇਧ ਅਤੇ ਗਿਆਨ ਪ੍ਰਾਪਤ ਕਰਦਾ ਹੈ। ਇਸ ਕਿਸਮ ਦੀ ਸੰਗਤ ਦੇ ਦਰਮਿਆਨ, ਮਨੁੱਖ, ਪਰਮੇਸ਼ੁਰ ਬਾਰੇ ਆਪਣੇ ਵਿਚਾਰਾਂ ਨੂੰ ਕਦਮ-ਦਰ-ਕਦਮ ਬਦਲਦਾ ਹੈ, ਹੁਣ ਉਹ ਉਸ ਬਾਰੇ ਪਲਕ ਝਪਕਦਿਆਂ ਹੀ ਕਲਪਨਾ ਨਹੀਂ ਕਰਦਾ, ਜਾਂ ਉਸ ਬਾਰੇ ਆਪਣੇ ਸ਼ੰਕਿਆਂ ਨੂੰ ਖੁੱਲ੍ਹੀ ਛੂਟ ਨਹੀਂ ਦਿੰਦਾ, ਜਾਂ ਉਸ ਬਾਰੇ ਗਲਤਫ਼ਹਿਮੀ ਨਹੀਂ ਰੱਖਦਾ, ਜਾਂ ਉਸ ਦੀ ਨਿੰਦਾ ਨਹੀਂ ਕਰਦਾ, ਜਾਂ ਉਸ ਦਾ ਨਿਆਂ ਨਹੀਂ ਕਰਦਾ, ਜਾਂ ਉਸ ਉੱਤੇ ਸ਼ੱਕ ਨਹੀਂ ਕਰਦਾ। ਇਸ ਤਰ੍ਹਾਂ, ਮਨੁੱਖ ਦੇ ਪਰਮੇਸ਼ੁਰ ਨਾਲ ਵਿਵਾਦ ਹੋਰ ਘੱਟ ਹੋਣਗੇ, ਉਸ ਦੇ ਪਰਮੇਸ਼ੁਰ ਨਾਲ ਟਕਰਾਅ ਹੋਰ ਘੱਟ ਹੋਣਗੇ, ਅਤੇ ਅਜਿਹੇ ਮੌਕੇ ਹੋਰ ਘੱਟ ਹੋਣਗੇ ਜਦੋਂ ਮਨੁੱਖ ਪਰਮੇਸ਼ੁਰ ਦੇ ਖਿਲਾਫ਼ ਵਿਦ੍ਰੋਹ ਕਰੇਗਾ। ਇਸ ਦੇ ਉਲਟ, ਮਨੁੱਖ ਦੀ ਪਰਮੇਸ਼ੁਰ ਦੇ ਲਈ ਪਰਵਾਹ ਅਤੇ ਆਗਿਆਕਾਰੀ ਹੋਰ ਵੱਧ ਜਾਵੇਗੀ, ਅਤੇ ਪਰਮੇਸ਼ੁਰ ਪ੍ਰਤੀ ਉਸ ਦੀ ਸ਼ਰਧਾ ਹੋਰ ਵਾਸਤਵਿਕ ਅਤੇ ਹੋਰ ਡੂੰਘੀ ਹੁੰਦੀ ਜਾਵੇਗੀ। ਅਜਿਹੀ ਸੰਗਤ ਦੇ ਦਰਮਿਆਨ, ਮਨੁੱਖ ਨਾ ਸਿਰਫ਼ ਸੱਚਾਈ ਦਾ ਪ੍ਰਬੰਧ ਅਤੇ ਜੀਵਨ ਦਾ ਬਪਤਿਸਮਾ ਹਾਸਲ ਕਰੇਗਾ, ਸਗੋਂ ਉਹ ਇਸੇ ਸਮੇਂ ਹੀ ਪਰਮੇਸ਼ੁਰ ਦਾ ਸੱਚਾ ਗਿਆਨ ਵੀ ਹਾਸਲ ਕਰੇਗਾ। ਅਜਿਹੀ ਸੰਗਤ ਦੇ ਦਰਮਿਆਨ, ਮਨੁੱਖ ਨਾ ਸਿਰਫ਼ ਆਪਣੇ ਸੁਭਾਅ ਵਿੱਚ ਪੂਰੀ ਤਰ੍ਹਾਂ ਬਦਲਿਆ ਜਾਵੇਗਾ ਅਤੇ ਮੁਕਤੀ ਪ੍ਰਾਪਤ ਕਰੇਗਾ, ਬਲਕਿ ਉਹ ਉਸੇ ਸਮੇਂ ਆਪਣੇ ਅੰਦਰ ਪਰਮੇਸ਼ੁਰ ਪ੍ਰਤੀ ਇੱਕ ਸਿਰਜੇ ਹੋਏ ਪ੍ਰਾਣੀ ਦੀ ਸੱਚੀ ਸ਼ਰਧਾ ਅਤੇ ਉਪਾਸਨਾ ਵੀ ਰੱਖੇਗਾ। ਇਸ ਕਿਸਮ ਦੀ ਸੰਗਤ ਪਾਉਣ ਤੋਂ ਬਾਅਦ, ਮਨੁੱਖ ਦੀ ਪਰਮੇਸ਼ੁਰ ਵਿੱਚ ਨਿਹਚਾ ਹੁਣ ਕਾਗਜ਼ ਦਾ ਇੱਕ ਕੋਰਾ ਪੰਨਾ, ਜਾਂ ਕੇਵਲ ਸ਼ਬਦੀ ਵਾਅਦਾ ਨਹੀਂ ਰਹੇਗਾ ਜਾਂ ਇਹ ਅੰਨ੍ਹੇਵਾਹ ਪੈਰਵੀ ਅਤੇ ਮੂਰਤੀਕਰਣ ਦਾ ਕੋਈ ਰੂਪ ਨਹੀਂ ਹੋਵੇਗਾ; ਸਿਰਫ਼ ਇਸ ਕਿਸਮ ਦੀ ਸੰਗਤ ਨਾਲ ਹੀ, ਮਨੁੱਖ ਦਾ ਜੀਵਨ ਦਿਨ-ਬ-ਦਿਨ ਪਰਿਪੱਕਤਾ ਵੱਲ ਵੱਧਦਾ ਜਾਵੇਗਾ, ਅਤੇ ਸਿਰਫ਼ ਹੁਣ ਉਸ ਦਾ ਸੁਭਾਅ ਹੌਲੀ-ਹੌਲੀ ਪੂਰੀ ਤਰ੍ਹਾਂ ਨਾਲ ਬਦਲੇਗਾ, ਅਤੇ ਪਰਮੇਸ਼ੁਰ ਵਿੱਚ ਉਸ ਦੀ ਨਿਹਚਾ, ਕਦਮ-ਦਰ-ਕਦਮ, ਇੱਕ ਅਸਪਸ਼ਟ ਅਤੇ ਅਨਿਸ਼ਚਿਤ ਜਿਹੇ ਵਿਸ਼ਵਾਸ ਤੋਂ ਸੱਚੀ ਆਗਿਆਕਾਰੀ ਅਤੇ ਪਰਵਾਹ ਵਿੱਚ, ਸੱਚੀ ਸ਼ਰਧਾ ਵਿੱਚ ਬਦਲ ਜਾਵੇਗੀ, ਅਤੇ ਪਰਮੇਸ਼ੁਰ ਦੀ ਪਾਲਣਾ ਕਰਨ ਦੀ ਪ੍ਰਕਿਰਿਆ ਵਿੱਚ, ਮਨੁੱਖ ਵੀ, ਹੌਲੀ-ਹੌਲੀ ਇੱਕ ਨਕਾਰਾਤਮਕ ਤੋਂ ਇੱਕ ਸਕਾਰਾਤਮਕ ਰਵੱਈਏ ਵੱਲ; ਨਾਂਹ-ਪੱਖੀ ਤੋਂ ਹਾਂ-ਪੱਖੀ ਵੱਲ ਵੱਧੇਗਾ; ਸਿਰਫ਼ ਇਸ ਕਿਸਮ ਦੀ ਸੰਗਤ ਨਾਲ ਹੀ ਮਨੁੱਖ ਪਰਮੇਸ਼ੁਰ ਦੀ ਸੱਚੀ ਸਮਝ ਅਤੇ ਸੋਝੀ ਨੂੰ, ਪਰਮੇਸ਼ੁਰ ਦੇ ਸੱਚੇ ਗਿਆਨ ਨੂੰ ਪ੍ਰਾਪਤ ਕਰੇਗਾ। ਕਿਉਂਕਿ ਬਹੁਤ ਸਾਰੇ ਲੋਕਾਂ ਨੇ ਕਦੇ ਵੀ ਪਰਮੇਸ਼ੁਰ ਨਾਲ ਸੱਚੀ ਸੰਗਤ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ, ਪਰਮੇਸ਼ੁਰ ਬਾਰੇ ਉਨ੍ਹਾਂ ਦਾ ਗਿਆਨ ਸਿਧਾਂਤ ਦੇ ਪੱਧਰ ’ਤੇ, ਲਿਖਤਾਂ ਅਤੇ ਸਿੱਖਿਆਵਾਂ ਦੇ ਪੱਧਰ ’ਤੇ ਆ ਕੇ ਰੁੱਕ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜਿੱਥੋਂ ਤੱਕ ਪਰਮੇਸ਼ੁਰ ਨੂੰ ਜਾਣਨ ਦਾ ਸਬੰਧ ਹੈ, ਭਾਵੇਂ ਲੋਕਾਂ ਨੇ ਕਿੰਨੇ ਹੀ ਸਾਲਾਂ ਤੋਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਿਉਂ ਨਾ ਕੀਤਾ ਹੋਵੇ, ਫਿਰ ਵੀ ਬਹੁਤ ਸਾਰੇ ਲੋਕ, ਅਜੇ ਵੀ ਸ਼ਰਧਾ ਦੇ ਪਰੰਪਰਾਗਤ ਰੂਪਾਂ ਦੇ ਮੁੱਢਲੇ ਪੜਾਅ, ਅਤੇ ਇਨ੍ਹਾਂ ਰੂਪਾਂ ਨਾਲ ਜੁੜੇ ਜੱਦੀ ਵਹਿਮਾਂ-ਭਰਮਾਂ ਅਤੇ ਰੁਮਾਂਚਕ ਰੰਗਤ ਵਿੱਚ ਫ਼ਸੇ ਹੋਏ, ਉਸੇ ਜਗ੍ਹਾ ’ਤੇ ਹਨ ਜਿੱਥੋਂ ਉਨ੍ਹਾਂ ਨੇ ਅਰੰਭ ਕੀਤਾ ਸੀ। ਮਨੁੱਖ ਦੇ ਪਰਮੇਸ਼ੁਰ ਬਾਰੇ ਗਿਆਨ ਨੂੰ ਇਸ ਦੇ ਸ਼ੁਰੂਆਤੀ ਬਿੰਦੂ ’ਤੇ ਹੀ ਰੋਕ ਦੇਣ ਦਾ ਮਤਲਬ ਇਹ ਹੈ ਕਿ ਇਹ ਅਮਲੀ ਤੌਰ ’ਤੇ ਹੋਂਦ ਵਿੱਚ ਨਹੀਂ ਹੈ। ਪਰਮੇਸ਼ੁਰ ਦੇ ਅਸਥਾਨ ਅਤੇ ਪਛਾਣ ਬਾਰੇ ਮਨੁੱਖ ਦੀ ਪੁਸ਼ਟੀ ਤੋਂ ਇਲਾਵਾ, ਮਨੁੱਖ ਦੀ ਪਰਮੇਸ਼ੁਰ ਵਿੱਚ ਨਿਹਚਾ ਅਜੇ ਵੀ ਅਸਪਸ਼ਟ ਅਨਿਸ਼ਚਿਤਤਾ ਦੀ ਸਥਿਤੀ ਵਿੱਚ ਹੈ। ਨਤੀਜੇ ਵਜੋਂ, ਮਨੁੱਖ ਪਰਮੇਸ਼ੁਰ ਲਈ ਕਿੰਨੀ ਸੱਚੀ ਸ਼ਰਧਾ ਰੱਖ ਸਕਦਾ ਹੈ?

ਭਾਵੇਂ ਤੂੰ ਪਰਮੇਸ਼ੁਰ ਦੀ ਹੋਂਦ ਵਿੱਚ ਜਿੰਨੀ ਵੀ ਦ੍ਰਿੜ੍ਹਤਾ ਨਾਲ ਵਿਸ਼ਵਾਸ ਕਰਦਾ ਹੋਵੇਂ, ਇਹ ਪਰਮੇਸ਼ੁਰ ਬਾਰੇ ਤੇਰੇ ਗਿਆਨ ਦੀ ਥਾਂ ਨਹੀਂ ਲੈ ਸਕਦਾ, ਅਤੇ ਨਾ ਹੀ ਪਰਮੇਸ਼ੁਰ ਲਈ ਤੇਰੀ ਸ਼ਰਧਾ ਦੀ। ਭਾਵੇਂ ਤੂੰ ਉਸ ਦੀਆਂ ਅਸੀਸਾਂ ਅਤੇ ਉਸ ਦੀ ਕਿਰਪਾ ਦਾ ਜਿੰਨਾ ਵੀ ਅਨੰਦ ਮਾਣਿਆ ਹੋਵੇ, ਇਹ ਪਰਮੇਸ਼ੁਰ ਬਾਰੇ ਤੇਰੇ ਗਿਆਨ ਦੀ ਥਾਂ ਨਹੀਂ ਲੈ ਸਕਦਾ। ਭਾਵੇਂ ਤੂੰ ਆਪਣਾ ਸਭ ਕੁਝ ਅਰਪਣ ਕਰਨ ਅਤੇ ਉਸ ਦੀ ਖਾਤਰ ਆਪਣਾ ਸਭ ਕੁਝ ਖਰਚਣ ਲਈ ਜਿੰਨਾ ਵੀ ਇੱਛੁਕ ਹੋਵੇਂ, ਇਹ ਪਰਮੇਸ਼ੁਰ ਬਾਰੇ ਤੇਰੇ ਗਿਆਨ ਦੀ ਥਾਂ ਨਹੀਂ ਲੈ ਸਕਦਾ। ਸ਼ਾਇਦ ਤੂੰ ਪਰਮੇਸ਼ੁਰ ਦੁਆਰਾ ਬੋਲੇ ਗਏ ਵਚਨਾਂ ਬਾਰੇ ਇੰਨਾ ਜਾਣਕਾਰ ਹੋ ਗਿਆ ਹੈਂ, ਜਾਂ ਤੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਯਾਦ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਧੜੱਲੇ ਨਾਲ ਬੋਲ ਸਕਦਾ ਹੈਂ, ਪਰ ਇਹ ਪਰਮੇਸ਼ੁਰ ਬਾਰੇ ਤੇਰੇ ਗਿਆਨ ਦੀ ਥਾਂ ਨਹੀਂ ਲੈ ਸਕਦਾ। ਮਨੁੱਖ ਪਰਮੇਸ਼ੁਰ ਦੇ ਪਿੱਛੇ ਚੱਲਣ ਲਈ ਜਿੰਨਾ ਵੀ ਤਤਪਰ ਹੋਵੇ, ਜੇ ਉਸ ਨੇ ਕਦੇ ਵੀ ਪਰਮੇਸ਼ੁਰ ਨਾਲ ਸੱਚੀ ਸੰਗਤ ਨਹੀਂ ਕੀਤੀ ਹੈ ਜਾਂ ਪਰਮੇਸ਼ੁਰ ਦੇ ਵਚਨਾਂ ਦਾ ਸੱਚਾ ਅਨੁਭਵ ਨਹੀਂ ਲਿਆ ਹੈ, ਤਾਂ ਪਰਮੇਸ਼ੁਰ ਬਾਰੇ ਉਸ ਦੇ ਗਿਆਨ ਦਾ ਅਧਾਰ ਖਾਲੀ ਸੁੰਨੇਪਣ ਵਿੱਚ, ਜਾਂ ਬੇਅੰਤ ਸੁਪਨਿਆਂ ਵਿੱਚ ਹੀ ਹੋਵੇਗਾ; ਹੋ ਸਕਦਾ ਹੈ ਕਿ ਤੇਰਾ ਅਚਾਨਕ ਹੀ ਪਰਮੇਸ਼ੁਰ ਦੇ ਨਾਲ “ਮੇਲ-ਜੋਲ ਹੋਇਆ” ਹੋਵੇ, ਜਾਂ ਉਸ ਨੂੰ ਆਹਮੋ-ਸਾਹਮਣੇ ਮਿਲਿਆ ਹੋਵੇਂ, ਪਰ ਇਸ ਸਭ ਦੇ ਬਾਵਜੂਦ ਪਰਮੇਸ਼ੁਰ ਬਾਰੇ ਤੇਰਾ ਗਿਆਨ ਅਜੇ ਵੀ ਸਿਫ਼ਰ ਹੀ ਹੋਵੇਗਾ, ਅਤੇ ਪਰਮੇਸ਼ੁਰ ਲਈ ਤੇਰਾ ਸਤਿਕਾਰ ਇੱਕ ਥੋਥੇ ਨਾਅਰੇ ਜਾਂ ਇੱਕ ਆਦਰਸ਼ ਧਾਰਣਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੋਵੇਗਾ।

ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਵਚਨਾਂ ਨੂੰ ਹਰ ਦਿਨ ਪੜ੍ਹਨ ’ਤੇ ਕਾਇਮ ਰਹਿੰਦੇ ਹਨ, ਇੱਥੋਂ ਤਕ ਕਿ ਉਨ੍ਹਾਂ ਵਿਚਲੇ ਸਾਰੇ ਉੱਤਮ ਪੈਰ੍ਹਿਆਂ ਨੂੰ ਆਪਣੀ ਸਭ ਤੋਂ ਵੱਡਮੁੱਲੀ ਮਲਕੀਅਤ ਵਜੋਂ ਮਨ ਲਗਾ ਕੇ ਯਾਦ ਕਰ ਲੈਂਦੇ ਹਨ, ਅਤੇ ਇਸ ਤੋਂ ਇਲਾਵਾ, ਹਰ ਜਗ੍ਹਾ ਪਰਮੇਸ਼ੁਰ ਦੇ ਵਚਨਾਂ ਨੂੰ ਦੂਜਿਆਂ ਨੂੰ ਮੁਹੱਈਆ ਕਰਾਉਂਦੇ ਅਤੇ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਉਹ ਸੋਚਦੇ ਹਨ ਕਿ ਅਜਿਹਾ ਕਰਨਾ ਪਰਮੇਸ਼ੁਰ ਦੀ ਗਵਾਹੀ ਦੇਣਾ ਹੈ, ਕਿ ਅਜਿਹਾ ਕਰਨਾ ਉਸ ਦੇ ਵਚਨਾਂ ਦੀ ਗਵਾਹੀ ਦੇਣਾ ਹੈ, ਕਿ ਅਜਿਹਾ ਕਰਨਾ ਪਰਮੇਸ਼ੁਰ ਦੇ ਸੱਚੇ ਮਾਰਗ ’ਤੇ ਚੱਲਣਾ ਹੈ; ਉਹ ਸੋਚਦੇ ਹਨ ਕਿ ਅਜਿਹਾ ਕਰਨਾ ਪਰਮੇਸ਼ੁਰ ਦੇ ਵਚਨਾਂ ਅਨੁਸਾਰ ਜੀਉਣਾ ਹੈ, ਕਿ ਅਜਿਹਾ ਕਰਨਾ ਉਸ ਦੇ ਵਚਨਾਂ ਨੂੰ ਆਪਣੇ ਅਸਲ ਜੀਵਨ ਵਿੱਚ ਅਮਲ ’ਚ ਲਿਆਉਣਾ ਹੈ, ਕਿ ਅਜਿਹਾ ਕਰਨ ਨਾਲ ਉਹ ਪਰਮੇਸ਼ੁਰ ਦੀ ਵਡਿਆਈ ਪ੍ਰਾਪਤ ਕਰਨ, ਅਤੇ ਬਚਾਏ ਜਾਣ ਅਤੇ ਸਿੱਧ ਬਣਾਏ ਜਾਣ ਦੇ ਯੋਗ ਬਣ ਜਾਣਗੇ। ਪਰ, ਜਿਉਂ ਹੀ ਉਹ ਪਰਮੇਸ਼ੁਰ ਦੇ ਵਚਨਾਂ ਦਾ ਪ੍ਰਚਾਰ ਕਰਦੇ ਹਨ, ਉਹ ਅਮਲ ਵਿੱਚ ਕਦੇ ਵੀ ਪਰਮੇਸ਼ੁਰ ਦੇ ਵਚਨਾਂ ਦਾ ਪਾਲਣ ਨਹੀਂ ਕਰਦੇ, ਜਾਂ ਆਪਣੇ ਆਪ ਨੂੰ ਉਸ ਦੇ ਅਨੁਸਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਜੋ ਪਰਮੇਸ਼ੁਰ ਦੇ ਵਚਨਾਂ ਵਿੱਚ ਪਰਗਟ ਕੀਤਾ ਜਾਂਦਾ ਹੈ। ਇਸ ਦੀ ਬਜਾਏ, ਉਹ ਪਰਮੇਸ਼ੁਰ ਦੇ ਵਚਨਾਂ ਦੀ ਵਰਤੋਂ ਧੋਖਾਧੜੀ ਦੁਆਰਾ ਦੂਜਿਆਂ ਦਾ ਸਨਮਾਨ ਅਤੇ ਭਰੋਸਾ ਪ੍ਰਾਪਤ ਕਰਨ ਲਈ, ਅਤੇ ਆਪਣੇ ਆਪ ਪ੍ਰਬੰਧਨ ਵਿੱਚ ਪ੍ਰਵੇਸ਼ ਕਰਨ, ਅਤੇ ਪਰਮੇਸ਼ੁਰ ਦੀ ਮਹਿਮਾ ਨੂੰ ਹੜੱਪਣ ਅਤੇ ਚੋਰੀ ਕਰਨ ਲਈ ਕਰਦੇ ਹਨ। ਉਹ, ਪਰਮੇਸ਼ੁਰ ਦੇ ਵਚਨਾਂ ਦਾ ਪ੍ਰਸਾਰ ਕਰਨ ਦੁਆਰਾ ਮਿਲੇ ਮੌਕੇ ਦਾ ਨਿੱਜੀ ਸੁਆਰਥ ਲਈ ਲਾਭ ਉਠਾਉਣ ਦੀ ਵਿਅਰਥ ਵਿੱਚ ਹੀ ਉਮੀਦ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਇਨਾਮ ਵਿੱਚ ਪਰਮੇਸ਼ੁਰ ਦਾ ਕੰਮ ਅਤੇ ਉਸ ਦੀ ਸ਼ਲਾਘਾ ਮਿਲ ਸਕੇ। ਕਿੰਨੇ ਸਾਲ ਬੀਤ ਚੁੱਕੇ ਹਨ, ਪਰ ਇਹ ਲੋਕ ਨਾ ਸਿਰਫ਼ ਪਰਮੇਸ਼ੁਰ ਦੇ ਵਚਨਾਂ ਦਾ ਪ੍ਰਚਾਰ ਕਰਨ ਦੀ ਪ੍ਰਕਿਰਿਆ ਵਿੱਚ ਪਰਮੇਸ਼ੁਰ ਦੀ ਸ਼ਲਾਘਾ ਪ੍ਰਾਪਤ ਕਰਨ ਵਿੱਚ ਅਸਮਰਥ ਰਹੇ ਹਨ, ਨਾ ਸਿਰਫ਼ ਉਹ ਉਸ ਸੱਚੇ ਮਾਰਗ ਨੂੰ ਲੱਭਣ ਵਿੱਚ ਅਸਮਰਥ ਰਹੇ ਹਨ ਜਿਸ ’ਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਵਚਨਾਂ ਦੀ ਗਵਾਹੀ ਦੇਣ ਦੀ ਪ੍ਰਕਿਰਿਆ ਵਿੱਚ ਚੱਲਣਾ ਚਾਹੀਦਾ ਹੈ, ਨਾ ਸਿਰਫ਼ ਉਨ੍ਹਾਂ ਨੇ ਦੂਜਿਆਂ ਨੂੰ ਪਰਮੇਸ਼ੁਰ ਦੇ ਵਚਨ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਦੀ ਪ੍ਰਕਿਰਿਆ ਵਿੱਚ ਆਪਣੀ ਕੋਈ ਸਹਾਇਤਾ ਨਹੀਂ ਕੀਤੀ ਹੈ ਜਾਂ ਆਪਣੇ ਆਪ ਨੂੰ ਕੁਝ ਵੀ ਮੁਹੱਈਆ ਨਹੀਂ ਕਰਾਇਆ ਹੈ, ਅਤੇ ਇਹ ਸਾਰੀਆਂ ਚੀਜ਼ਾਂ ਕਰਨ ਦੀ ਪ੍ਰਕਿਰਿਆ ਵਿੱਚ ਨਾ ਸਿਰਫ਼ ਉਹ ਪਰਮੇਸ਼ੁਰ ਨੂੰ ਜਾਣਨ ਵਿੱਚ, ਜਾਂ ਆਪਣੇ ਆਪ ਵਿੱਚ ਪਰਮੇਸ਼ੁਰ ਲਈ ਸੱਚੀ ਸ਼ਰਧਾ ਜਗਾਉਣ ਵਿੱਚ ਅਸਮਰਥ ਰਹੇ ਹਨ; ਸਗੋਂ, ਇਸ ਦੇ ਉਲਟ, ਪਰਮੇਸ਼ੁਰ ਬਾਰੇ ਉਨ੍ਹਾਂ ਦੀਆਂ ਗਲਤਫ਼ਹਿਮੀਆਂ ਹੋਰ ਵੀ ਡੂੰਘੀਆਂ ਹੋ ਗਈਆਂ ਹਨ, ਪਰਮੇਸ਼ੁਰ ਵਿੱਚ ਉਨ੍ਹਾਂ ਦਾ ਅਵਿਸ਼ਵਾਸ ਕਿਤੇ ਜ਼ਿਆਦਾ ਗੰਭੀਰ ਹੋ ਗਿਆ ਹੈ, ਅਤੇ ਉਸ ਬਾਰੇ ਉਨ੍ਹਾਂ ਦੀ ਕਲਪਨਾ ਹੋਰ ਜ਼ਿਆਦਾ ਅੱਤਕਥਨੀ ਭਰੀ ਹੋ ਗਈ ਹੈ। ਪਰਮੇਸ਼ੁਰ ਦੇ ਵਚਨਾਂ ਬਾਰੇ ਉਨ੍ਹਾਂ ਦੇ ਆਪਣੇ ਹੀ ਸਿਧਾਂਤਾਂ ਦੁਆਰਾ ਹੁੰਦੀ ਪੂਰਤੀ ਅਤੇ ਮਿਲਦੀ ਸੇਧ ਨਾਲ, ਉਹ ਇੰਝ ਜਾਪਦੇ ਹਨ ਜਿਵੇਂ ਪੂਰੀ ਤਰ੍ਹਾਂ ਉਹ ਆਪਣੇ ਕੁਦਰਤੀ ਰੂਪ ਵਿੱਚ ਹਨ, ਜਿਵੇਂ ਕਿ ਆਪਣੇ ਹੁਨਰ ਨੂੰ ਸਹਿਜ ਰੂਪ ਵਿੱਚ ਸੌਖਿਆਂ ਵਰਤ ਰਹੇ ਹੋਣ, ਜਿਵੇਂ ਕਿ ਉਨ੍ਹਾਂ ਨੂੰ ਜੀਵਨ ਵਿੱਚ ਆਪਣਾ ਉਦੇਸ਼, ਆਪਣਾ ਟੀਚਾ ਮਿਲ ਗਿਆ ਹੋਵੇ, ਅਤੇ ਜਿਵੇਂ ਕਿ ਉਨ੍ਹਾਂ ਨੇ ਇੱਕ ਨਵਾਂ ਜੀਵਨ ਜਿੱਤ ਲਿਆ ਹੋਵੇ ਅਤੇ ਬਚਾ ਲਏ ਗਏ ਹੋਣ, ਅਤੇ ਜਿਵੇਂ ਕਿ, ਬੜੇ ਅਨੰਦ ਵਿੱਚ ਪਰਮੇਸ਼ੁਰ ਦੇ ਵਚਨਾਂ ਨੂੰ ਗਾਉਂਦੇ ਹੋਏ, ਉਨ੍ਹਾਂ ਨੂੰ ਸੱਚਾਈ ਪ੍ਰਾਪਤ ਹੋ ਗਈ ਹੋਵੇ, ਪਰਮੇਸ਼ੁਰ ਦੇ ਮਨੋਰਥਾਂ ਦੀ ਸਮਝ ਆ ਗਈ ਹੋਵੇ, ਅਤੇ ਪਰਮੇਸ਼ੁਰ ਨੂੰ ਜਾਣਨ ਦਾ ਮਾਰਗ ਮਿਲ ਗਿਆ ਹੋਵੇ, ਜਿਵੇਂ ਕਿ, ਪਰਮੇਸ਼ੁਰ ਦੇ ਵਚਨਾਂ ਦਾ ਪ੍ਰਚਾਰ ਕਰਨ ਦੀ ਪ੍ਰਕਿਰਿਆ ਵਿੱਚ, ਉਹ ਅਕਸਰ ਹੀ ਪਰਮੇਸ਼ੁਰ ਨੂੰ ਆਹਮੋ-ਸਾਹਮਣੇ ਮਿਲ ਚੁੱਕੇ ਹੋਣ। ਇਸ ਤੋਂ ਇਲਾਵਾ, ਉਹ ਵਾਰ-ਵਾਰ ਰੋਣ ਲਈ ਅਕਸਰ “ਪ੍ਰੇਰਿਤ” ਹੁੰਦੇ ਹਨ, ਅਤੇ, ਪਰਮੇਸ਼ੁਰ ਦੇ ਵਚਨਾਂ ਵਿੱਚ ਅਕਸਰ “ਪਰਮੇਸ਼ੁਰ” ਦੀ ਅਗਵਾਈ ਪ੍ਰਾਪਤ ਕਰਦੇ ਹਨ, ਉਹ ਪਰਮੇਸ਼ੁਰ ਦੀ ਤੀਬਰ ਇੱਛਾ ਅਤੇ ਦਿਆਲੂ ਮਨੋਰਥ ਨੂੰ ਨਿਰੰਤਰ ਸਮਝ ਰਹੇ ਜਾਪਦੇ ਹਨ, ਅਤੇ ਇਸ ਦੇ ਨਾਲ ਹੀ, ਇੰਝ ਜਾਪਦਾ ਹੈ ਜਿਵੇਂ ਉਹ ਪਰਮੇਸ਼ੁਰ ਦੀ ਮੁਕਤੀ ਅਤੇ ਉਸ ਦੇ ਪ੍ਰਬੰਧਨ ਨੂੰ ਸਮਝ ਚੁੱਕੇ ਹੋਣ, ਉਸ ਦੇ ਨਿਚੋੜ ਨੂੰ ਜਾਣ ਚੁੱਕੇ ਹੋਣ, ਅਤੇ ਉਸ ਦੇ ਧਰਮੀ ਸੁਭਾਅ ਨੂੰ ਸਮਝ ਚੁੱਕੇ ਹੋਣ। ਇਸ ਬੁਨਿਆਦ ਦੇ ਅਧਾਰ ਤੇ, ਇੰਝ ਜਾਪਦਾ ਹੈ ਕਿ ਉਹ ਪਰਮੇਸ਼ੁਰ ਦੀ ਹੋਂਦ ਵਿੱਚ ਹੋਰ ਪੱਕੀ ਤਰ੍ਹਾਂ ਨਾਲ ਵਿਸ਼ਵਾਸ ਕਰਦੇ ਹਨ, ਉਸ ਦੀ ਸ੍ਰੇਸ਼ਠ ਅਵਸਥਾ ਬਾਰੇ ਵਧੇਰੇ ਗਿਆਨਵਾਨ ਹਨ, ਅਤੇ ਉਸ ਦੀ ਮਹਿਮਾ ਅਤੇ ਉੱਤਮਤਾ ਨੂੰ ਹੋਰ ਵੀ ਡੂੰਘਾਈ ਨਾਲ ਮਹਿਸੂਸ ਕਰਦੇ ਹਨ। ਪਰਮੇਸ਼ੁਰ ਦੇ ਵਚਨਾਂ ਦੇ ਸਤਹੀ ਗਿਆਨ ਵਿੱਚ ਡੁੱਬਿਆਂ, ਇੰਝ ਜਾਪਦਾ ਹੈ ਕਿ ਉਨ੍ਹਾਂ ਦੀ ਨਿਹਚਾ ਵੱਧ ਗਈ ਹੈ, ਦੁੱਖਾਂ ਨੂੰ ਸਹਿਣ ਦਾ ਉਨ੍ਹਾਂ ਦਾ ਸੰਕਲਪ ਹੋਰ ਮਜ਼ਬੂਤ ਹੋ ਗਿਆ ਹੈ, ਅਤੇ ਪਰਮੇਸ਼ੁਰ ਬਾਰੇ ਉਨ੍ਹਾਂ ਦਾ ਗਿਆਨ ਹੋਰ ਡੂੰਘਾ ਹੋ ਗਿਆ ਹੈ। ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ, ਜਦੋਂ ਤਕ ਉਹ ਅਸਲ ਵਿੱਚ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਨਹੀਂ ਕਰ ਲੈਂਦੇ, ਪਰਮੇਸ਼ੁਰ ਬਾਰੇ ਉਨ੍ਹਾਂ ਦਾ ਸਾਰਾ ਗਿਆਨ ਅਤੇ ਉਸ ਦੇ ਬਾਰੇ ਉਨ੍ਹਾਂ ਦੇ ਵਿਚਾਰ ਉਨ੍ਹਾਂ ਦੀਆਂ ਆਪਣੀਆਂ ਮਨਭਾਉਂਦੀਆਂ ਕਲਪਨਾਵਾਂ ਅਤੇ ਅਟਕਲਾਂ ਤੋਂ ਪੈਦਾ ਹੁੰਦੇ ਹਨ। ਉਨ੍ਹਾਂ ਦੀ ਨਿਹਚਾ ਪਰਮੇਸ਼ੁਰ ਦੁਆਰਾ ਕਿਸੇ ਵੀ ਕਿਸਮ ਦੀ ਪਰੀਖਿਆ ਸਾਹਮਣੇ ਨਹੀਂ ਟਿਕੇਗੀ, ਉਨ੍ਹਾਂ ਦੀ ਅਖੌਤੀ ਆਤਮਿਕਤਾ ਅਤੇ ਰੁਤਬਾ ਸਿਰਫ਼ ਪਰਮੇਸ਼ੁਰ ਦੇ ਪਰਤਾਵੇ ਜਾਂ ਨਿਰੀਖਣ ਸਾਹਮਣੇ ਬਿਲਕੁਲ ਨਹੀਂ ਟਿਕਣਗੇ, ਸਗੋਂ ਉਨ੍ਹਾਂ ਦਾ ਸੰਕਲਪ ਰੇਤ ਉੱਪਰ ਬਣਿਆ ਇੱਕ ਕਿਲ੍ਹਾ ਹੈ, ਅਤੇ ਉਨ੍ਹਾਂ ਦਾ ਪਰਮੇਸ਼ੁਰ ਬਾਰੇ ਅਖੌਤੀ ਗਿਆਨ ਉਨ੍ਹਾਂ ਦੀ ਕਲਪਨਾ ਦੀ ਮਨਘੜਤ ਕਹਾਣੀ ਤੋਂ ਵੱਧ ਕੁਝ ਵੀ ਨਹੀਂ ਹੈ। ਅਸਲ ਵਿੱਚ, ਇਨ੍ਹਾਂ ਲੋਕਾਂ ਨੇ, ਜਿਨ੍ਹਾਂ ਨੇ ਕੁਝ ਹੱਦ ਤਕ, ਪਰਮੇਸ਼ੁਰ ਦੇ ਵਚਨਾਂ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਕਦੇ ਵੀ ਇਹ ਮਹਿਸੂਸ ਨਹੀਂ ਕੀਤਾ ਹੈ ਕਿ ਅਸਲ ਨਿਹਚਾ ਕੀ ਹੁੰਦੀ ਹੈ, ਅਸਲ ਆਗਿਆਕਾਰੀ ਕੀ ਹੁੰਦੀ ਹੈ, ਅਸਲ ਪਰਵਾਹ ਕਰਨਾ ਕੀ ਹੁੰਦਾ ਹੈ, ਜਾਂ ਪਰਮੇਸ਼ੁਰ ਦਾ ਅਸਲ ਗਿਆਨ ਕੀ ਹੈ। ਉਹ ਸਿਧਾਂਤ, ਕਲਪਨਾ, ਗਿਆਨ, ਦਾਤ, ਰਵਾਇਤ, ਵਹਿਮ-ਭਰਮ, ਅਤੇ ਇਥੋਂ ਤੱਕ ਕਿ ਮਨੁੱਖਤਾ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਲੈਂਦੇ ਹਨ, ਅਤੇ ਉਨ੍ਹਾਂ ਨੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਅਤੇ ਉਸ ਦੇ ਪਿੱਛੇ ਚੱਲਣ ਲਈ “ਵੱਡੇ ਨਗਰ” ਅਤੇ “ਹਥਿਆਰਾਂ ਦੇ ਭੰਡਾਰ” ਵਿੱਚ ਬਦਲ ਦਿੰਦੇ ਹਨ, ਇੱਥੋਂ ਤੱਕ ਕਿ ਉਨ੍ਹਾਂ ਨੂੰ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਅਤੇ ਉਸ ਦੇ ਪਿੱਛੇ ਆਪਣੇ ਚੱਲਣ ਦੀਆਂ ਨੀਹਾਂ ਵਿੱਚ ਵੀ ਬਦਲ ਦਿੰਦੇ ਹਨ। ਇਸ ਦੇ ਨਾਲ ਹੀ, ਪਰਮੇਸ਼ੁਰ ਦੀਆਂ ਜਾਂਚਾਂ, ਉਸ ਦੇ ਪਰਤਾਵਿਆਂ, ਤਾੜਨਾ, ਅਤੇ ਨਿਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਉਹ ਇਸ ਵੱਡੇ ਨਗਰ ਅਤੇ ਹਥਿਆਰਾਂ ਦੇ ਭੰਡਾਰ ਨੂੰ ਲੈਂਦੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਜਾਦੂਈ ਤਲਿਸਮਾਂ ਵਿੱਚ ਬਦਲ ਦਿੰਦੇ ਹਨ ਜਿਨ੍ਹਾਂ ਦੁਆਰਾ ਉਹ ਪਰਮੇਸ਼ੁਰ ਨੂੰ ਜਾਣਦੇ ਹਨ। ਅਖੀਰ ਵਿੱਚ, ਉਹ ਜੋ ਵੀ ਇਕੱਠਾ ਕਰਦੇ ਹਨ ਉਸ ਵਿੱਚ ਪਰਮੇਸ਼ੁਰ ਬਾਰੇ ਉਨ੍ਹਾਂ ਨਤੀਜਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ਜੋ ਧਾਰਮਿਕ ਅਰਥਾਂ, ਜੱਦੀ ਅੰਧ-ਵਿਸ਼ਵਾਸਾਂ ਅਤੇ ਉਸ ਸਭ ਨਾਲ ਓਤ-ਪ੍ਰੋਤ ਹੁੰਦੇ ਹਨ ਜੋ ਰੁਮਾਂਚਕ, ਬੇਤੁਕਾ ਅਤੇ ਰਹੱਸਪੂਰਣ ਹੁੰਦਾ ਹੈ। ਉਨ੍ਹਾਂ ਦੇ ਪਰਮੇਸ਼ੁਰ ਨੂੰ ਜਾਣਨ ਅਤੇ ਪਰਿਭਾਸ਼ਿਤ ਕਰਨ ਦਾ ਢੰਗ ਉਨ੍ਹਾਂ ਲੋਕਾਂ ਨਾਲ ਮਿਲਦਾ-ਜੁਲਦਾ ਹੁੰਦਾ ਹੈ ਜੋ ਸਿਰਫ਼ ਉੱਪਰ ਸਵਰਗ ਵਿੱਚ, ਜਾਂ ਅਕਾਸ਼ ਵਿਚਲੇ ਬੁੱਢੇ ਆਦਮੀ ਵਿੱਚ ਵਿਸ਼ਵਾਸ ਕਰਦੇ ਹਨ, ਜਦੋਂ ਕਿ ਪਰਮੇਸ਼ੁਰ ਦੀ ਅਸਲੀਅਤ, ਉਸ ਦਾ ਨਿਚੋੜ, ਉਸ ਦਾ ਸੁਭਾਅ, ਉਸ ਦਾ ਮੂਲ ਸੁਭਾਅ ਅਤੇ ਸ਼ਖਸੀਅਤ, ਆਦਿ—ਉਹ ਸਭ ਜਿਸ ਦਾ ਸੰਬੰਧ ਅਸਲ ਪਰਮੇਸ਼ੁਰ ਨਾਲ ਹੈ—ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸਮਝਣ ਵਿੱਚ ਉਨ੍ਹਾਂ ਦਾ ਗਿਆਨ ਅਸਫ਼ਲ ਰਿਹਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੇ ਗਿਆਨ ਦਾ ਸੰਬੰਧ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ, ਅਤੇ ਉਹ ਇਸ ਤੋਂ ਇੰਨੀ ਦੂਰ ਹਨ ਜਿੰਨਾ ਉੱਤਰੀ ਅਤੇ ਦੱਖਣੀ ਧੁਰੇ ਇੱਕ ਦੂਜੇ ਤੋਂ ਹਨ। ਇਸ ਤਰੀਕੇ ਨਾਲ, ਹਾਲਾਂਕਿ ਇਹ ਲੋਕ ਪਰਮੇਸ਼ੁਰ ਦੇ ਵਚਨਾਂ ਦੇ ਪ੍ਰਬੰਧ ਅਤੇ ਪੋਸ਼ਣ ਦੇ ਅਧੀਨ ਹੀ ਜੀਉਂਦੇ ਹਨ, ਪਰ ਫਿਰ ਵੀ ਉਹ ਸੱਚਮੁੱਚ ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਣ ਦੇ ਮਾਰਗ ਉੱਪਰ ਚੱਲਣ ਦੇ ਅਯੋਗ ਹੁੰਦੇ ਹਨ। ਇਸ ਦਾ ਅਸਲ ਕਾਰਨ ਇਹ ਹੈ ਕਿ ਉਹ ਕਦੇ ਵੀ ਪਰਮੇਸ਼ੁਰ ਨਾਲ ਵਾਕਫ਼ ਨਹੀਂ ਹੋਏ, ਨਾ ਹੀ ਉਨ੍ਹਾਂ ਦਾ ਕਦੇ ਉਸ ਨਾਲ ਸੱਚਾ ਸੰਪਰਕ ਹੋਇਆ ਹੈ ਜਾਂ ਸੰਗਤ ਹੋਈ ਹੈ, ਅਤੇ ਇਸ ਲਈ ਉਨ੍ਹਾਂ ਦੇ ਲਈ ਪਰਮੇਸ਼ੁਰ ਨਾਲ ਆਪਸੀ ਸਮਝ ’ਤੇ ਪਹੁੰਚਣਾ ਜਾਂ ਆਪਣੇ ਆਪ ਵਿੱਚ ਪਰਮੇਸ਼ੁਰ ਲਈ ਸੱਚਾ ਵਿਸ਼ਵਾਸ ਜਗਾਉਣਾ, ਉਸ ਦੇ ਪਿੱਛੇ ਚੱਲਣਾ, ਜਾਂ ਉਸ ਦੀ ਉਪਾਸਨਾ ਕਰਨਾ ਅਸੰਭਵ ਹੁੰਦਾ ਹੈ। ਕਿ ਉਨ੍ਹਾਂ ਨੂੰ ਇਸ ਪ੍ਰਕਾਰ ਪਰਮੇਸ਼ੁਰ ਦੇ ਵਚਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿ ਉਨ੍ਹਾਂ ਨੂੰ ਇਸ ਤਰ੍ਹਾਂ ਪਰਮੇਸ਼ੁਰ ਦਾ ਸਤਿਕਾਰ ਕਰਨਾ ਚਾਹੀਦਾ ਹੈ—ਇਸ ਦ੍ਰਿਸ਼ਟੀਕੋਣ ਅਤੇ ਰਵੱਈਏ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੰਭਲਿਆਂ ਤੋਂ ਖਾਲੀ ਹੱਥ ਵਾਪਸ ਪਰਤਣ ਦੀ ਸਜ਼ਾ ਦਿੱਤੀ ਹੈ, ਉਨ੍ਹਾਂ ਨੂੰ ਸਦਾਕਾਲ ਲਈ ਕਦੇ ਵੀ ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਣ ਦੇ ਮਾਰਗ ’ਤੇ ਤੁਰਨ ਯੋਗ ਨਾ ਹੋਣ ਦੀ ਸਜ਼ਾ ਦਿੱਤੀ ਹੈ। ਉਹ ਟੀਚਾ ਜਿਸ ਦੇ ਲਈ ਉਹ ਯਤਨ ਕਰ ਰਹੇ ਹਨ, ਅਤੇ ਜਿਸ ਦਿਸ਼ਾ ਵਿੱਚ ਉਹ ਜਾ ਰਹੇ ਹਨ, ਇਹ ਦਰਸਾਉਂਦਾ ਹੈ ਕਿ ਉਹ ਸਦਾਕਾਲ ਲਈ ਪਰਮੇਸ਼ੁਰ ਦੇ ਦੁਸ਼ਮਣ ਹਨ, ਅਤੇ ਇਹ ਕਿ ਉਹ ਸਦਾਕਾਲ ਲਈ ਮੁਕਤੀ ਪ੍ਰਾਪਤ ਨਹੀਂ ਕਰ ਸਕਣਗੇ।

ਜੇ, ਉਸ ਵਿਅਕਤੀ ਦੇ ਵਿਸ਼ੇ ਵਿੱਚ ਜਿਹੜਾ ਕਈ ਸਾਲਾਂ ਤੋਂ ਪਰਮੇਸ਼ੁਰ ਦੇ ਪਿੱਛੇ ਚੱਲਦਾ ਆਇਆ ਹੈ ਅਤੇ ਕਈ ਸਾਲਾਂ ਤੋਂ ਉਸ ਦੇ ਵਚਨਾਂ ਦੇ ਪ੍ਰਬੰਧ ਦਾ ਅਨੰਦ ਮਾਣਿਆ ਹੈ, ਪਰਮੇਸ਼ੁਰ ਬਾਰੇ ਉਸ ਦੀ ਪਰਿਭਾਸ਼ਾ ਜ਼ਰੂਰੀ ਤੌਰ ਤੇ ਕਿਸੇ ਵੀ ਅਜਿਹੇ ਵਿਅਕਤੀ ਵਰਗੀ ਹੈ ਜੋ ਸ਼ਰਧਾ ਨਾਲ ਮੂਰਤੀਆਂ ਅੱਗੇ ਝੁੱਕ ਕੇ ਮੱਥਾ ਟੇਕਦਾ ਹੈ, ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਇਸ ਵਿਅਕਤੀ ਨੇ ਪਰਮੇਸ਼ੁਰ ਦੇ ਵਚਨਾਂ ਦੀ ਸੱਚਾਈ ਨੂੰ ਪ੍ਰਾਪਤ ਨਹੀਂ ਕੀਤਾ ਹੈ। ਇਹ ਇਸ ਲਈ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ, ਅਤੇ ਇਸੇ ਕਾਰਨ ਅਸਲੀਅਤ, ਸੱਚਾਈ, ਮਨੋਰਥ ਅਤੇ ਮਨੁੱਖਤਾ ਦੀਆਂ ਮੰਗਾਂ, ਜੋ ਸਭ ਪਰਮੇਸ਼ੁਰ ਦੇ ਵਚਨਾਂ ਵਿੱਚ ਮੌਜੂਦ ਹਨ, ਦਾ ਉਸ ਵਿਅਕਤੀ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਕਹਿਣ ਦਾ ਭਾਵ ਇਹ ਹੈ, ਕਿ ਭਾਵੇਂ ਅਜਿਹਾ ਵਿਅਕਤੀ ਪਰਮੇਸ਼ੁਰ ਦੇ ਵਚਨਾਂ ਦੇ ਸਤਹੀ ਅਰਥਾਂ ਉੱਪਰ ਜਿੰਨੀ ਵੀ ਸਖਤ ਮਿਹਨਤ ਕਰਦਾ ਹੋਵੇ, ਸਭ ਵਿਅਰਥ ਹੈ: ਕਿਉਂਕਿ ਜਿਸ ਚੀਜ਼ ਦਾ ਉਹ ਪਿੱਛਾ ਕਰਦੇ ਹਨ ਉਹ ਸਿਰਫ਼ ਵਚਨ ਹੁੰਦੇ ਹਨ, ਉਨ੍ਹਾਂ ਨੂੰ ਜੋ ਨਿਰਸੰਦੇਹ ਪ੍ਰਾਪਤ ਹੋਵੇਗਾ ਉਹ ਵੀ ਸਿਰਫ਼ ਵਚਨ ਹੀ ਹੋਣਗੇ। ਭਾਵੇਂ ਪਰਮੇਸ਼ੁਰ ਦੁਆਰਾ ਬੋਲੇ ਗਏ ਵਚਨ ਬਾਹਰੋਂ ਦਿਖਣ ਵਿੱਚ ਸਪਸ਼ਟ ਹੋਣ ਜਾਂ ਅਥਾਹ ਡੂੰਘਾਈ ਵਾਲੇ, ਇਹ ਸਭ ਮਨੁੱਖ ਲਈ ਜ਼ਰੂਰੀ ਸੱਚਾਈਆਂ ਹਨ ਜਦੋਂ ਉਹ ਜੀਵਨ ਵਿੱਚ ਪ੍ਰਵੇਸ਼ ਕਰਦਾ ਹੈ; ਇਹ ਜੀਉਂਦੇ ਪਾਣੀਆਂ ਦਾ ਸੋਮਾ ਹਨ ਜੋ ਮਨੁੱਖ ਨੂੰ ਆਤਮਾ ਅਤੇ ਸਰੀਰ ਦੋਵਾਂ ਵਿੱਚ ਜੀਉਂਦੇ ਰਹਿਣ ਦੇ ਯੋਗ ਬਣਾਉਂਦਾ ਹੈ। ਉਹ ਮਨੁੱਖ ਨੂੰ ਉਹ ਪ੍ਰਦਾਨ ਕਰਦੇ ਹਨ ਜੋ ਉਸ ਨੂੰ ਜੀਉਂਦੇ ਰਹਿਣ ਲਈ ਲੋੜੀਂਦਾ ਹੈ; ਉਸ ਦੇ ਰੋਜ਼ਮਰ੍ਹਾ ਦੇ ਜੀਵਨ ਨੂੰ ਚਲਾਉਣ ਲਈ ਸਿਧਾਂਤ ਅਤੇ ਧਾਰਮਿਕ ਨਿਯਮ; ਉਹ ਮਾਰਗ, ਟੀਚਾ, ਅਤੇ ਦਿਸ਼ਾ ਜਿਸ ਰਾਹੀਂ ਉਸ ਨੂੰ ਮੁਕਤੀ ਪ੍ਰਾਪਤ ਕਰਨ ਲਈ ਲੰਘਣਾ ਜ਼ਰੂਰੀ ਹੈ; ਹਰ ਉਹ ਸੱਚਾਈ ਜੋ ਉਸ ਵਿੱਚ ਪਰਮੇਸ਼ੁਰ ਦੇ ਸਾਹਮਣੇ ਇੱਕ ਸਿਰਜੇ ਹੋਏ ਪ੍ਰਾਣੀ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ; ਅਤੇ ਇਸ ਬਾਰੇ ਹਰ ਸੱਚਾਈ ਕਿ ਮਨੁੱਖ ਪਰਮੇਸ਼ੁਰ ਦੀ ਆਗਿਆਕਾਰੀ ਅਤੇ ਉਪਾਸਨਾ ਕਿਵੇਂ ਕਰਦਾ ਹੈ। ਇਹ ਉਹ ਭਰੋਸਾ ਹਨ ਜੋ ਮਨੁੱਖ ਦੇ ਜੀਉਂਦੇ ਰਹਿਣ ਨੂੰ ਯਕੀਨੀ ਬਣਾਉਂਦਾ ਹੈ, ਉਹ ਮਨੁੱਖ ਦੀ ਨਿੱਤ ਦੀ ਰੋਟੀ ਹਨ, ਅਤੇ ਉਹ ਅਜਿਹਾ ਮਜ਼ਬੂਤ ਸਹਾਰਾ ਵੀ ਹਨ ਜੋ ਮਨੁੱਖ ਨੂੰ ਮਜ਼ਬੂਤ ਅਤੇ ਟਿਕੇ ਰਹਿਣ ਦੇ ਯੋਗ ਬਣਾਉਂਦਾ ਹੈ। ਉਹ ਅਸਲ ਮਨੁੱਖਤਾ ਦੀ ਸੱਚਾਈ ਦੀ ਅਸਲੀਅਤ ਨਾਲ ਭਰਪੂਰ ਹਨ ਕਿਉਂਕਿ ਇਹ ਸਿਰਜੀ ਹੋਈ ਮਨੁੱਖਜਾਤੀ ਦੁਆਰਾ ਜੀਉਣ ਵਿੱਚ ਦਿਖਾਈ ਜਾਂਦੀ ਹੈ, ਉਸ ਸੱਚਾਈ ਨਾਲ ਭਰਪੂਰ ਹਨ ਜਿਸ ਦੁਆਰਾ ਮਨੁੱਖਜਾਤੀ ਭ੍ਰਿਸ਼ਟਤਾ ਤੋਂ ਮੁਕਤ ਹੋ ਜਾਂਦੀ ਹੈ ਅਤੇ ਸ਼ਤਾਨ ਦੇ ਜਾਲਾਂ ਤੋਂ ਬਚ ਨਿਕਲਦੀ ਹੈ, ਅਣਥੱਕ ਸਿੱਖਿਆਵਾਂ, ਧਾਰਮਿਕ ਨਸੀਹਤਾਂ, ਹੌਸਲੇ ਅਤੇ ਦਿਲਾਸੇ ਨਾਲ ਭਰਪੂਰ ਹਨ ਜੋ ਸਿਰਜਣਹਾਰ ਸਿਰਜੀ ਹੋਈ ਮਨੁੱਖਤਾ ਨੂੰ ਦਿੰਦਾ ਹੈ। ਇਹ ਉਹ ਚਾਨਣ-ਮੁਨਾਰਾ ਹਨ ਜੋ ਮਨੁੱਖਾਂ ਨੂੰ ਉਸ ਸਭ ਨੂੰ ਸਮਝਣ ਲਈ ਸੇਧ ਦਿੰਦਾ ਅਤੇ ਪ੍ਰਕਾਸ਼ਮਾਨ ਕਰਦਾ ਹੈ ਜੋ ਹਾਂ-ਪੱਖੀ ਹੈ, ਉਹ ਭਰੋਸਾ ਹੈ ਜੋ ਯਕੀਨੀ ਬਣਾਉਂਦਾ ਹੈ ਕਿ ਜੋ ਕੁਝ ਵੀ ਧਰਮੀ ਅਤੇ ਭਲਾ ਹੈ, ਮਨੁੱਖ ਉਸ ਨੂੰ ਜੀਉਣ ਵਿੱਚ ਦਿਖਾਏਗਾ ਅਤੇ ਉਸ ਨੂੰ ਧਾਰਨ ਕਰੇਗਾ, ਉਹ ਕਸੌਟੀ ਹਨ ਜਿਸ ਦੁਆਰਾ ਸਭ ਲੋਕਾਂ, ਘਟਨਾਵਾਂ ਅਤੇ ਵਸਤਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ, ਅਤੇ ਉਹ ਦਿਸ਼ਾ ਸੂਚਕ ਵੀ ਹੈ ਜੋ ਮੁਕਤੀ ਅਤੇ ਚਾਨਣ ਦੇ ਮਾਰਗ ਵੱਲ ਮਨੁੱਖਾਂ ਦੀ ਅਗਵਾਈ ਕਰਦਾ ਹੈ। ਸਿਰਫ਼ ਪਰਮੇਸ਼ੁਰ ਦੇ ਵਚਨਾਂ ਦੇ ਵਿਹਾਰਕ ਅਨੁਭਵ ਵਿੱਚ ਹੀ ਮਨੁੱਖ ਨੂੰ ਸੱਚਾਈ ਅਤੇ ਜੀਵਨ ਦੀ ਪੂਰਤੀ ਕੀਤੀ ਜਾ ਸਕਦੀ ਹੈ; ਸਿਰਫ਼ ਇਸ ਵਿੱਚ ਹੀ ਮਨੁੱਖ ਇਹ ਸਮਝ ਸਕਦਾ ਹੈ ਕਿ ਅਸਲ ਮਨੁੱਖਤਾ ਕੀ ਹੈ, ਇੱਕ ਸਾਰਥਕ ਜੀਵਨ ਕੀ ਹੈ, ਇੱਕ ਸੱਚਾ ਸਿਰਜਿਆ ਹੋਇਆ ਜੀਵ ਕੀ ਹੈ, ਪਰਮੇਸ਼ੁਰ ਦੀ ਅਸਲ ਆਗਿਆਕਾਰੀ ਕੀ ਹੈ; ਸਿਰਫ਼ ਇਸ ਵਿੱਚ ਹੀ ਮਨੁੱਖ ਇਹ ਸਮਝ ਸਕਦਾ ਹੈ ਕਿ ਉਸ ਨੂੰ ਪਰਮੇਸ਼ੁਰ ਦੀ ਪਰਵਾਹ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਇੱਕ ਸਿਰਜੇ ਹੋਏ ਪ੍ਰਾਣੀ ਦਾ ਫ਼ਰਜ਼ ਕਿਵੇਂ ਨਿਭਾਉਣਾ ਹੈ, ਅਤੇ ਇੱਕ ਅਸਲ ਮਨੁੱਖ ਦੀ ਸਮਾਨਤਾ ਕਿਵੇਂ ਧਾਰਨ ਕਰਨੀ ਹੈ; ਸਿਰਫ਼ ਇਸ ਵਿੱਚ ਹੀ ਮਨੁੱਖ ਇਹ ਸਮਝ ਸਕਦਾ ਹੈ ਕਿ ਸੱਚੀ ਨਿਹਚਾ ਅਤੇ ਸੱਚੀ ਉਪਾਸਨਾ ਦਾ ਕੀ ਅਰਥ ਹੈ; ਸਿਰਫ਼ ਇਸ ਵਿੱਚ ਹੀ ਮਨੁੱਖ ਇਹ ਸਮਝ ਸਕਦਾ ਹੈ ਕਿ ਧਰਤੀ, ਅਕਾਸ਼ ਅਤੇ ਸਭ ਵਸਤਾਂ ਦਾ ਸ਼ਾਸਕ ਕੌਣ ਹੈ; ਸਿਰਫ਼ ਇਸ ਵਿੱਚ ਹੀ ਮਨੁੱਖ ਉਨ੍ਹਾਂ ਸਾਧਨਾਂ ਬਾਰੇ ਸਮਝ ਸਕਦਾ ਹੈ ਜਿਨ੍ਹਾਂ ਦੁਆਰਾ ਉਹ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸ੍ਰਿਸ਼ਟੀ ਉੱਪਰ ਰਾਜ ਕਰਦਾ ਹੈ, ਉਸ ਦੀ ਅਗਵਾਈ ਕਰਦਾ ਹੈ ਅਤੇ ਸਿਰਜਣਾ ਦਾ ਪ੍ਰਬੰਧ ਕਰਦਾ ਹੈ; ਅਤੇ ਸਿਰਫ਼ ਇਸ ਵਿੱਚ ਹੀ ਮਨੁੱਖ ਉਨ੍ਹਾਂ ਸਾਧਨਾਂ ਬਾਰੇ ਸਮਝ ਅਤੇ ਸੋਝੀ ਹਾਸਲ ਕਰ ਸਕਦਾ ਹੈ ਜਿਨ੍ਹਾਂ ਦੁਆਰਾ ਉਹ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਹੋਂਦ ਵਿੱਚ ਹੈ, ਪ੍ਰਗਟ ਹੁੰਦਾ ਹੈ, ਅਤੇ ਕੰਮ ਕਰਦਾ ਹੈ। ਪਰਮੇਸ਼ੁਰ ਦੇ ਵਚਨਾਂ ਦੇ ਅਸਲ ਅਨੁਭਵ ਤੋਂ ਅਲੱਗ ਹੋ ਕੇ, ਮਨੁੱਖ ਕੋਲ ਪਰਮੇਸ਼ੁਰ ਦੇ ਵਚਨਾਂ ਅਤੇ ਸੱਚਾਈ ਦਾ ਕੋਈ ਅਸਲ ਗਿਆਨ ਜਾਂ ਸੋਝੀ ਨਹੀਂ ਹੁੰਦੀ। ਇਹੋ ਜਿਹਾ ਵਿਅਕਤੀ ਨਿਰੀ ਜੀਉਂਦੀ ਲਾਸ਼, ਪੂਰੀ ਤਰ੍ਹਾਂ ਖੋਖਲਾ ਹੁੰਦਾ ਹੈ, ਅਤੇ ਸਿਰਜਣਹਾਰ ਨਾਲ ਸੰਬੰਧਤ ਸਾਰੇ ਗਿਆਨ ਦਾ ਉਸ ਦੇ ਨਾਲ ਬਿਲਕੁਲ ਕੋਈ ਵੀ ਲੈਣ-ਦੇਣ ਨਹੀਂ ਹੁੰਦਾ। ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਅਜਿਹੇ ਆਦਮੀ ਨੇ ਕਦੇ ਵੀ ਉਸ ਵਿੱਚ ਵਿਸ਼ਵਾਸ ਨਹੀਂ ਕੀਤਾ ਹੈ, ਅਤੇ ਨਾ ਹੀ ਕਦੇ ਉਸ ਦਾ ਪਾਲਣ ਕੀਤਾ ਹੈ, ਅਤੇ ਇਸ ਲਈ ਪਰਮੇਸ਼ੁਰ ਉਸ ਨੂੰ ਨਾ ਤਾਂ ਆਪਣਾ ਵਿਸ਼ਵਾਸੀ ਮੰਨਦਾ ਹੈ ਅਤੇ ਨਾ ਹੀ ਆਪਣਾ ਅਨੁਯਾਈ, ਇੱਕ ਸਿਰਜਿਆ ਹੋਇਆ ਅਸਲ ਪ੍ਰਾਣੀ ਮੰਨਣਾ ਤਾਂ ਦੂਰ ਦੀ ਗੱਲ ਰਹੀ।

ਇੱਕ ਸੱਚੇ ਸਿਰਜੇ ਹੋਏ ਪ੍ਰਾਣੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਿਰਜਣਹਾਰ ਕੌਣ ਹੈ, ਮਨੁੱਖ ਦੀ ਸਿਰਜਣਾ ਦਾ ਉਦੇਸ਼ ਕੀ ਹੈ, ਇੱਕ ਸਿਰਜੇ ਹੋਏ ਪ੍ਰਾਣੀ ਦੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਉਣਾ ਹੈ, ਅਤੇ ਸਾਰੀ ਸ੍ਰਿਸ਼ਟੀ ਦੇ ਪ੍ਰਭੂ ਦੀ ਉਪਾਸਨਾ ਕਿਵੇਂ ਕਰਨੀ ਹੈ, ਉਸ ਦੇ ਲਈ ਸਿਰਜਣਹਾਰ ਦੇ ਮਨੋਰਥਾਂ, ਇੱਛਾਵਾਂ, ਅਤੇ ਮੰਗਾਂ ਨੂੰ ਸਮਝਣਾ, ਸਮਝ ਕੇ ਗ੍ਰਹਿਣ ਕਰਨਾ, ਜਾਣਨਾ, ਅਤੇ ਉਨ੍ਹਾਂ ਦੀ ਪਰਵਾਹ ਕਰਨਾ ਜ਼ਰੂਰੀ ਹੈ, ਅਤੇ ਉਸ ਨੂੰ ਜ਼ਰੂਰੀ ਤੌਰ ਤੇ ਸਿਰਜਣਹਾਰ ਦੇ ਸੱਚੇ ਮਾਰਗ ਦੇ ਅਨੁਸਾਰ ਹੀ ਵਿਹਾਰ ਕਰਨਾ ਚਾਹੀਦਾ ਹੈ—ਪਰਮੇਸ਼ੁਰ ਦਾ ਭੈ ਮੰਨਣਾ ਅਤੇ ਬੁਰਾਈਆਂ ਨੂੰ ਤਿਆਗਣਾ।

ਪਰਮੇਸ਼ੁਰ ਦਾ ਭੈ ਮੰਨਣ ਦਾ ਕੀ ਅਰਥ ਹੈ? ਅਤੇ ਕੋਈ ਬੁਰਾਈ ਨੂੰ ਕਿਵੇਂ ਤਿਆਗ ਸਕਦਾ ਹੈ?

“ਪਰਮੇਸ਼ੁਰ ਦਾ ਭੈ ਮੰਨਣ” ਦਾ ਅਰਥ ਅਗਿਆਤ ਡਰ ਅਤੇ ਦਹਿਸ਼ਤ ਨਹੀਂ ਹੈ, ਅਤੇ ਨਾ ਹੀ ਇਨ੍ਹਾਂ ਤੋਂ ਬਚਣਾ ਹੈ, ਨਾ ਦੂਰੀ ਬਣਾ ਕੇ ਰੱਖਣਾ ਹੈ, ਨਾ ਹੀ ਇਹ ਮੂਰਤੀਕਰਣ ਜਾਂ ਅੰਧਵਿਸ਼ਵਾਸ ਹੈ। ਇਸ ਦੀ ਬਜਾਏ, ਇਹ ਪ੍ਰਸ਼ੰਸਾ, ਸਤਿਕਾਰ, ਭਰੋਸਾ, ਸਮਝ, ਪਰਵਾਹ, ਆਗਿਆਕਾਰੀ, ਪਵਿੱਤਰੀਕਰਣ, ਪ੍ਰੇਮ, ਅਤੇ ਇਸ ਦੇ ਨਾਲ ਹੀ ਬਿਨਾ ਸ਼ਰਤ ਅਤੇ ਬਿਨਾ ਸ਼ਿਕਾਇਤ ਉਪਾਸਨਾ, ਨਿਸਤਾਰਾ ਅਤੇ ਅਧੀਨਗੀ ਹੈ। ਪਰਮੇਸ਼ੁਰ ਦੇ ਸੱਚੇ ਗਿਆਨ ਤੋਂ ਬਗੈਰ, ਮਨੁੱਖਤਾ ਕੋਲ ਸੱਚੀ ਪ੍ਰਸ਼ੰਸਾ, ਸੱਚਾ ਭਰੋਸਾ, ਸੱਚੀ ਸਮਝ, ਸੱਚੀ ਪਰਵਾਹ ਜਾਂ ਆਗਿਆਕਾਰੀ ਨਹੀਂ ਹੋਵੇਗੀ, ਸਗੋਂ ਸਿਰਫ਼ ਡਰ ਅਤੇ ਬੇਚੈਨੀ, ਸਿਰਫ਼ ਸ਼ੱਕ, ਗਲਤਫ਼ਹਿਮੀ, ਟਾਲ-ਮਟੋਲ, ਅਤੇ ਆਨਾ-ਕਾਨੀ ਹੋਵੇਗੀ; ਪਰਮੇਸ਼ੁਰ ਦੇ ਸੱਚੇ ਗਿਆਨ ਤੋਂ ਬਗੈਰ, ਮਨੁੱਖਤਾ ਕੋਲ ਸੱਚੀ ਪਵਿੱਤਰਤਾ ਅਤੇ ਨਿਸਤਾਰਾ ਨਹੀਂ ਹੋਣਗੇ; ਪਰਮੇਸ਼ੁਰ ਦੇ ਸੱਚੇ ਗਿਆਨ ਤੋਂ ਬਗੈਰ, ਮਨੁੱਖਤਾ ਕੋਲ ਸੱਚੀ ਉਪਾਸਨਾ ਅਤੇ ਅਧੀਨਗੀ ਨਹੀਂ ਹੋਵੇਗੀ, ਸਿਰਫ਼ ਅੰਨ੍ਹਾ ਮੂਰਤੀਕਰਣ ਅਤੇ ਅੰਧਵਿਸ਼ਵਾਸ ਹੋਣਗੇ; ਪਰਮੇਸ਼ੁਰ ਦੇ ਸੱਚੇ ਗਿਆਨ ਤੋਂ ਬਗੈਰ, ਮਨੁੱਖਤਾ ਸੰਭਵ ਤੌਰ ਤੇ ਪਰਮੇਸ਼ੁਰ ਦੇ ਸੱਚੇ ਮਾਰਗ ਦੇ ਅਨੁਸਾਰ ਕਾਰਜ ਨਹੀਂ ਕਰ ਸਕਦੀ, ਜਾਂ ਪਰਮੇਸ਼ੁਰ ਦਾ ਭੈ ਨਹੀਂ ਮੰਨ ਸਕਦੀ, ਜਾਂ ਬੁਰਾਈ ਨੂੰ ਨਹੀਂ ਤਿਆਗ ਸਕਦੀ। ਇਸ ਦੇ ਉਲਟ, ਹਰ ਉਹ ਗਤੀਵਿਧੀ ਅਤੇ ਵਿਹਾਰ ਜਿਸ ਵਿੱਚ ਮਨੁੱਖ ਸ਼ਾਮਲ ਹੋਵੇਗਾ ਉਹ ਪਰਮੇਸ਼ੁਰ ਦੇ ਬਾਰੇ ਨਿੰਦਾਪੂਰਨ ਤੁਹਮਤਾਂ ਅਤੇ ਬਦਨਾਮ ਕਰਨ ਵਾਲੇ ਨਿਰਣਿਆਂ ਦੇ ਨਾਲ, ਅਤੇ ਸੱਚਾਈ ਅਤੇ ਪਰਮੇਸ਼ੁਰ ਦੇ ਵਚਨਾਂ ਦੇ ਸਹੀ ਅਰਥਾਂ ਦੇ ਉਲਟ ਬੁਰੇ ਆਚਰਣ ਦੇ ਨਾਲ, ਵਿਦ੍ਰੋਹ ਅਤੇ ਅਵੱਗਿਆ ਭਰਿਆ ਹੋਵੇਗਾ।

ਜਦੋਂ ਮਨੁੱਖਤਾ ਨੂੰ ਪਰਮੇਸ਼ੁਰ ਉੱਤੇ ਸੱਚਾ ਭਰੋਸਾ ਹੋ ਜਾਵੇਗਾ, ਤਾਂ ਉਹ ਸੱਚਾਈ ਨਾਲ ਉਸ ਦੇ ਪਿੱਛੇ ਚੱਲੇਗੀ ਅਤੇ ਉਸ ਉੱਪਰ ਨਿਰਭਰ ਕਰੇਗੀ; ਸਿਰਫ਼ ਪਰਮੇਸ਼ੁਰ ਉੱਤੇ ਅਸਲ ਭਰੋਸੇ ਅਤੇ ਨਿਰਭਰਤਾ ਨਾਲ ਹੀ ਮਨੁੱਖਤਾ ਵਿੱਚ ਸੱਚੀ ਸਮਝ ਅਤੇ ਸੋਝੀ ਆ ਸਕਦੀ ਹੈ; ਪਰਮੇਸ਼ੁਰ ਦੀ ਅਸਲ ਸੋਝੀ ਦੇ ਨਾਲ ਹੀ ਉਸ ਦੇ ਲਈ ਅਸਲ ਪਰਵਾਹ ਵੀ ਆਉਂਦੀ ਹੈ; ਸਿਰਫ਼ ਪਰਮੇਸ਼ੁਰ ਦੀ ਸੱਚੀ ਪਰਵਾਹ ਦੇ ਨਾਲ ਹੀ ਮਨੁੱਖਤਾ ਵਿੱਚ ਸੱਚੀ ਆਗਿਆਕਾਰੀ ਆ ਸਕਦੀ ਹੈ; ਸਿਰਫ਼ ਪਰਮੇਸ਼ੁਰ ਪ੍ਰਤੀ ਸੱਚੀ ਆਗਿਆਕਾਰੀ ਦੇ ਨਾਲ ਹੀ ਮਨੁੱਖਤਾ ਵਿੱਚ ਸੱਚੀ ਪਵਿੱਤਰਤਾ ਆ ਸਕਦੀ ਹੈ; ਸਿਰਫ਼ ਪਰਮੇਸ਼ੁਰ ਲਈ ਸੱਚੀ ਪਵਿੱਤਰਤਾ ਦੇ ਨਾਲ ਹੀ ਮਨੁੱਖਤਾ ਕੋਲ ਉਹ ਨਿਸਤਾਰਾ ਹੋ ਸਕਦਾ ਹੈ ਜੋ ਬਿਨਾ ਸ਼ਰਤ ਅਤੇ ਬਿਨਾ ਸ਼ਿਕਾਇਤ ਦੇ ਹੈ; ਸਿਰਫ਼ ਸੱਚੇ ਭਰੋਸੇ ਅਤੇ ਨਿਰਭਰਤਾ, ਸੱਚੀ ਸਮਝ ਅਤੇ ਪਰਵਾਹ, ਸੱਚੀ ਆਗਿਆਕਾਰੀ, ਸੱਚੀ ਪਵਿੱਤਰਤਾ ਅਤੇ ਫਲ ਦੇ ਨਾਲ ਹੀ ਮਨੁੱਖਤਾ ਸੱਚਮੁੱਚ ਪਰਮੇਸ਼ੁਰ ਦੇ ਸੁਭਾਅ ਅਤੇ ਤੱਤ ਨੂੰ ਅਤੇ ਸਿਰਜਣਹਾਰ ਦੀ ਪਛਾਣ ਨੂੰ ਜਾਣ ਸਕਦੀ ਹੈ; ਜਦੋਂ ਮਨੁੱਖਤਾ ਸੱਚਮੁੱਚ ਸਿਰਜਣਹਾਰ ਨੂੰ ਜਾਣ ਲੈਂਦੀ ਹੈ, ਸਿਰਫ਼ ਉਦੋਂ ਹੀ ਉਹ ਆਪਣੇ ਆਪ ਵਿੱਚ ਸੱਚੀ ਉਪਾਸਨਾ ਅਤੇ ਅਧੀਨਗੀ ਨੂੰ ਜਗਾ ਸਕਦੀ ਹੈ; ਜਦੋਂ ਉਸ ਵਿੱਚ ਸਿਰਜਣਹਾਰ ਲਈ ਸੱਚੀ ਉਪਾਸਨਾ ਅਤੇ ਅਧੀਨਗੀ ਹੋਵੇਗੀ, ਸਿਰਫ਼ ਉਦੋਂ ਹੀ ਮਨੁੱਖਤਾ ਸੱਚਮੁੱਚ ਆਪਣੇ ਦੁਸ਼ਟ ਤਰੀਕਿਆਂ ਨੂੰ ਛੱਡ ਸਕੇਗੀ, ਕਹਿਣ ਦਾ ਭਾਵ, ਬੁਰਾਈ ਨੂੰ ਤਿਆਗ ਸਕੇਗੀ।

“ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਣ” ਦੀ ਸਮੁੱਚੀ ਪ੍ਰਕਿਰਿਆ ਵਿੱਚ ਇਹ ਸਭ ਸ਼ਾਮਲ ਹੈ, ਅਤੇ ਇਹੀ ਸਮੁੱਚੇ ਰੂਪ ਵਿੱਚ ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਣ ਦਾ ਪੂਰਾ ਨਿਚੋੜ ਹੈ। ਇਹ ਉਹ ਮਾਰਗ ਹੈ ਜਿਸ ਨੂੰ ਤੈਅ ਕਰਨਾ ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਣ ਲਈ ਜ਼ਰੂਰੀ ਹੈ।

“ਪਰਮੇਸ਼ੁਰ ਦਾ ਭੈ ਮੰਨਣਾ ਅਤੇ ਬੁਰਾਈ ਨੂੰ ਤਿਆਗਣਾ” ਅਤੇ ਪਰਮੇਸ਼ੁਰ ਨੂੰ ਜਾਣਨਾ ਅਣਗਿਣਤ ਧਾਗਿਆਂ ਨਾਲ ਅਟੁੱਟ ਰੂਪ ਵਿੱਚ ਜੁੜੇ ਹੋਏ ਹਨ, ਅਤੇ ਉਨ੍ਹਾਂ ਵਿਚਾਲੇ ਸੰਬੰਧ ਆਪਣੇ ਆਪ ਵਿੱਚ ਸਪਸ਼ਟ ਹੈ। ਜੇ ਕੋਈ ਬੁਰਾਈ ਨੂੰ ਤਿਆਗਣਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਸ ਨੂੰ ਪਰਮੇਸ਼ੁਰ ਦਾ ਸੱਚਾ ਡਰ ਹੋਣਾ ਜ਼ਰੂਰੀ ਹੈ; ਜੇ ਕੋਈ ਪਰਮੇਸ਼ੁਰ ਦਾ ਸੱਚਾ ਡਰ ਹਾਸਲ ਕਰਨਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਸ ਨੂੰ ਪਰਮੇਸ਼ੁਰ ਦਾ ਅਸਲ ਗਿਆਨ ਹੋਣਾ ਜ਼ਰੂਰੀ ਹੈ; ਜੇ ਕੋਈ ਪਰਮੇਸ਼ੁਰ ਦਾ ਗਿਆਨ ਹਾਸਲ ਕਰਨਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਸ ਦੇ ਲਈ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਕਰਨਾ, ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰਨਾ, ਪਰਮੇਸ਼ੁਰ ਵੱਲੋਂ ਸੁਧਾਰ ਅਤੇ ਤਾੜਨਾ ਦਾ ਅਨੁਭਵ ਕਰਨਾ, ਉਸ ਦੀ ਤਾੜਨਾ ਅਤੇ ਨਿਆਂ ਦਾ ਅਨੁਭਵ ਕਰਨਾ ਜ਼ਰੂਰੀ ਹੈ; ਜੇ ਕੋਈ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਕਰਨਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਸ ਦੇ ਲਈ ਪਰਮੇਸ਼ੁਰ ਦੇ ਵਚਨਾਂ ਦੇ ਸਨਮੁੱਖ ਆਉਣਾ, ਅਤੇ ਲੋਕਾਂ, ਘਟਨਾਵਾਂ, ਅਤੇ ਵਸਤਾਂ ਸਮੇਤ ਸਭ ਤਰ੍ਹਾਂ ਦੇ ਵਾਤਾਵਰਣ ਦੇ ਰੂਪ ਵਿੱਚ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਕਰਨ ਦੇ ਅਵਸਰ ਪ੍ਰਦਾਨ ਕਰਨ ਲਈ ਪਰਮੇਸ਼ੁਰ ਤੋਂ ਮੰਗਣਾ ਜ਼ਰੂਰੀ ਹੈ; ਜੇ ਕੋਈ ਪਰਮੇਸ਼ੁਰ ਅਤੇ ਪਰਮੇਸ਼ੁਰ ਦੇ ਵਚਨਾਂ ਦੇ ਸਨਮੁੱਖ ਆਉਣਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਸ ਦੇ ਕੋਲ ਇੱਕ ਸਾਦਾ ਅਤੇ ਇਮਾਨਦਾਰ ਹਿਰਦਾ ਹੋਣਾ, ਸੱਚ ਨੂੰ ਸਵੀਕਾਰ ਕਰਨ ਦੀ ਤਤਪਰਤਾ, ਦੁੱਖ ਝੱਲਣ ਦੀ ਇੱਛਾ, ਬੁਰਿਆਈ ਨੂੰ ਤਿਆਗਣ ਦਾ ਸੰਕਲਪ ਅਤੇ ਹੌਸਲਾ, ਅਤੇ ਇੱਕ ਸੱਚਾ ਸਿਰਜਿਆ ਹੋਇਆ ਪ੍ਰਾਣੀ ਬਣਨ ਦੀ ਤਾਂਘ ਹੋਣੀ ਜ਼ਰੂਰੀ ਹੈ.... ਇਸ ਤਰੀਕੇ ਨਾਲ, ਕਦਮ-ਦਰ-ਕਦਮ ਅੱਗੇ ਵਧਦਿਆਂ ਤੂੰ ਪਰਮੇਸ਼ੁਰ ਦੇ ਹੋਰ ਨੇੜੇ ਆਉਂਦਾ ਜਾਵੇਂਗਾ, ਤੇਰਾ ਹਿਰਦਾ ਹੋਰ ਨਿਰਮਲ ਹੁੰਦਾ ਜਾਵੇਗਾ, ਅਤੇ ਪਰਮੇਸ਼ੁਰ ਬਾਰੇ ਤੇਰੇ ਗਿਆਨ ਦੇ ਨਾਲ-ਨਾਲ, ਤੇਰਾ ਜੀਵਨ ਅਤੇ ਜੀਉਂਦੇ ਰਹਿਣ ਦਾ ਮਹੱਤਵ, ਹੋਰ ਵੀ ਵਧੇਰੇ ਸਾਰਥਕ ਹੋ ਜਾਵੇਗਾ ਅਤੇ ਹੋਰ ਵੀ ਉੱਜਲ ਹੋ ਕੇ ਫ਼ੈਲੇਗਾ। ਉਦੋਂ ਤਕ ਜਦੋਂ ਇੱਕ ਦਿਨ, ਤੂੰ ਮਹਿਸੂਸ ਕਰੇਂਗਾ ਕਿ ਸਿਰਜਣਹਾਰ ਹੁਣ ਕੋਈ ਬੁਝਾਰਤ ਨਹੀਂ ਰਿਹਾ, ਕਿ ਸਿਰਜਣਹਾਰ ਤੇਰੇ ਤੋਂ ਕਦੇ ਵੀ ਲੁਕਿਆ ਹੋਇਆ ਨਹੀਂ ਰਿਹਾ ਹੈ, ਕਿ ਸਿਰਜਣਹਾਰ ਨੇ ਕਦੇ ਵੀ ਆਪਣਾ ਮੁੱਖ ਤੇਰੇ ਤੋਂ ਲੁਕਾਇਆ ਨਹੀਂ ਹੈ, ਕਿ ਸਿਰਜਣਹਾਰ ਤੇਰੇ ਤੋਂ ਬਿਲਕੁਲ ਵੀ ਦੂਰ ਨਹੀਂ ਹੈ, ਕਿ ਸਿਰਜਣਹਾਰ ਹੁਣ ਉਹ ਨਹੀਂ ਹੈ ਜਿਸ ਦੀ ਤੂੰ ਆਪਣੇ ਵਿਚਾਰਾਂ ਵਿੱਚ ਨਿਰੰਤਰ ਤਾਂਘ ਕਰਦਾ ਹੈਂ ਪਰ ਉਹ ਹੈ ਜਿਸ ਤਕ ਤੂੰ ਆਪਣੀਆਂ ਭਾਵਨਾਵਾਂ ਨਾਲ ਨਹੀਂ ਪਹੁੰਚ ਸਕਦਾ ਹੈਂ, ਕਿ ਉਹ ਅਸਲ ਵਿੱਚ ਅਤੇ ਸੱਚਮੁੱਚ ਤੇਰੇ ਖੱਬੇ ਅਤੇ ਸੱਜੇ ਖੜ੍ਹਾ ਰਖਵਾਲੀ ਕਰ ਰਿਹਾ ਹੈ, ਤੇਰੇ ਜੀਵਨ ਦੀ ਪੂਰਤੀ ਕਰ ਰਿਹਾ ਹੈ, ਅਤੇ ਤੇਰੇ ਨਸੀਬ ਦਾ ਨਿਯੰਤ੍ਰਣ ਕਰ ਰਿਹਾ ਹੈ। ਉਹ ਦੂਰ ਧਰਤੀ ਅਤੇ ਅਕਾਸ਼ ਦੇ ਦੁਮੇਲ ’ਤੇ ਨਹੀਂ ਹੈ, ਅਤੇ ਨਾ ਹੀ ਉਸ ਨੇ ਆਪਣੇ ਆਪ ਨੂੰ ਉਚਾਈ ’ਤੇ ਬੱਦਲਾਂ ਵਿੱਚ ਲੁਕਾਇਆ ਹੈ। ਉਹ ਬਿਲੁਕਲ ਤੇਰੇ ਕੋਲ ਹੈ, ਤੇਰੇ ਸਭ ਕੁਝ ਦਾ ਕਰਤਾ-ਧਰਤਾ ਹੈ, ਉਹ, ਉਹ ਸਭ ਕੁਝ ਹੈ ਜੋ ਤੇਰੇ ਕੋਲ ਹੈ, ਅਤੇ ਉਹੀ ਇੱਕੋ-ਇੱਕ ਚੀਜ਼ ਹੈ ਜੋ ਤੇਰੇ ਕੋਲ ਹੈ। ਅਜਿਹਾ ਪਰਮੇਸ਼ੁਰ ਤੈਨੂੰ ਹਿਰਦੇ ਤੋਂ ਉਸ ਦੇ ਨਾਲ ਪ੍ਰੇਮ ਕਰਨ ਦਿੰਦਾ ਹੈ, ਉਸ ਨਾਲ ਜੁੜੇ ਰਹਿਣ ਦਿੰਦਾ ਹੈ, ਉਸ ਨੂੰ ਘੁੱਟ ਕੇ ਫੜਨ ਦਿੰਦਾ ਹੈ, ਉਸ ਦੀ ਪ੍ਰਸ਼ੰਸਾ ਕਰਨ ਦਿੰਦਾ ਹੈ, ਉਸ ਨੂੰ ਗੁਆਉਣ ਤੋਂ ਡਰਨ ਦਿੰਦਾ ਹੈ, ਅਤੇ ਹੁਣ ਉਸ ਨੂੰ ਤਿਆਗਣ, ਉਸ ਦੀ ਅਵੱਗਿਆ ਕਰਨ, ਜਾਂ ਉਸ ਤੋਂ ਬਚਣ ਜਾਂ ਉਸ ਤੋਂ ਦੂਰ ਰਹਿਣ ਲਈ ਅਸਹਿਮਤ ਹੋਣ ਦਿੰਦਾ ਹੈ। ਤੂੰ ਸਿਰਫ਼ ਉਸੇ ਦੀ ਪਰਵਾਹ ਕਰਨੀ ਚਾਹੁੰਦਾ ਹੈਂ, ਉਸ ਦਾ ਆਗਿਆ ਪਾਲਣ ਕਰਨਾ ਚਾਹੁੰਦਾ ਹੈਂ, ਜੋ ਕੁਝ ਉਹ ਤੈਨੂੰ ਦਿੰਦਾ ਹੈ ਉਸ ਸਭ ਦਾ ਮੁੱਲ ਤਾਰਨਾ ਚਾਹੁੰਦਾ ਹੈਂ, ਅਤੇ ਉਸ ਦੇ ਅਧਿਕਾਰ ਦੇ ਅਧੀਨ ਹੋਣਾ ਚਾਹੁੰਦਾ ਹੈਂ। ਤੂੰ ਹੁਣ ਉਸ ਦੁਆਰਾ ਮਾਰਗਦਰਸ਼ਨ, ਪੂਰਤੀ, ਨਿਗਰਾਨੀ ਪ੍ਰਾਪਤ ਕਰਨ ਅਤੇ ਉਸ ਦੁਆਰਾ ਰੱਖ ਲਏ ਜਾਣ ਤੋਂ ਇਨਕਾਰ ਨਹੀਂ ਕਰਦਾ ਹੈਂ, ਹੁਣ ਉਸ ਚੀਜ਼ ਤੋਂ ਇਨਕਾਰ ਨਹੀਂ ਕਰਦਾ ਹੈਂ ਜਿਸ ਦਾ ਉਹ ਤੇਰੇ ਲਈ ਨਿਰਦੇਸ਼ ਦਿੰਦਾ ਹੈ ਅਤੇ ਵਿਧਾਨ ਬਣਾਉਂਦਾ ਹੈ। ਤੂੰ ਸਿਰਫ਼ ਉਸ ਦੇ ਪਿੱਛੇ ਚੱਲਣਾ ਚਾਹੁੰਦਾ ਹੈਂ, ਉਸ ਦੇ ਨਾਲ ਚੱਲਣਾ ਚਾਹੁੰਦਾ ਹੈਂ, ਤੂੰ ਸਿਰਫ਼ ਉਸ ਨੂੰ ਆਪਣੇ ਇੱਕੋ-ਇੱਕ ਜੀਵਨ ਵਜੋਂ ਸਵੀਕਾਰ ਕਰਨਾ ਚਾਹੁੰਦਾ ਹੈਂ, ਆਪਣੇ ਇੱਕੋ-ਇੱਕੋ ਪ੍ਰਭੂ ਵਜੋਂ ਸਵੀਕਾਰ ਕਰਨਾ ਚਾਹੁੰਦਾ ਹੈਂ, ਤੇਰਾ ਇੱਕੋ-ਇੱਕ ਪਰਮੇਸ਼ੁਰ।

18 ਅਗਸਤ, 2014

ਪਿਛਲਾ: ਪਰਮੇਸ਼ੁਰ ਨੂੰ ਮਨੁੱਖਜਾਤੀ ਦੇ ਨਸੀਬ ਉੱਤੇ ਪਰਧਾਨਗੀ ਹਾਸਲ ਹੈ

ਅਗਲਾ: ਪਰਮੇਸ਼ੁਰ ਦੇ ਨਿਆਂ ਅਤੇ ਉਸ ਦੀ ਤਾੜਨਾ ਵਿੱਚ ਉਸ ਦੇ ਪ੍ਰਗਟਾਉ ਨੂੰ ਵੇਖਣਾ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ