ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 29

ਜਿਸ ਦਿਨ ਸਾਰੀਆਂ ਚੀਜ਼ਾਂ ਪੁਨਰ-ਉਥਿਤ ਕੀਤੀਆਂ ਗਈਆਂ, ਮੈਂ ਮਨੁੱਖ ਦੇ ਦਰਮਿਆਨ ਆਇਆ ਅਤੇ ਮੈਂ ਉਸ ਦੇ ਨਾਲ ਅਦਭੁਤ ਦਿਨ ਅਤੇ ਰਾਤ ਬਿਤਾਏ ਹਨ। ਕੇਵਲ ਇਸ ਬਿੰਦੂ ’ਤੇ ਮਨੁੱਖ ਮੇਰੀ ਥੋੜ੍ਹੀ ਬਹੁਤ ਪਹੁੰਚ ਨੂੰ ਮਹਿਸੂਸ ਕਰਦਾ ਹੈ, ਅਤੇ ਜਦੋਂ ਉਸ ਦੀ ਮੇਰੇ ਨਾਲ ਗੱਲਬਾਤ ਵਧੀਕ ਆਮ ਹੋ ਜਾਂਦੀ ਹੈ, ਤਾਂ ਉਹ ਉਸ ਵਿੱਚੋਂ ਥੋੜ੍ਹਾ ਬਹੁਤ ਵੇਖਦਾ ਹੈ ਜੋ ਮੇਰੇ ਕੋਲ ਹੈ ਅਤੇ ਜੋ ਮੈਂ ਹਾਂ—ਨਤੀਜੇ ਵਜੋਂ, ਉਹ ਮੇਰੇ ਬਾਰੇ ਥੋੜ੍ਹਾ ਬਹੁਤ ਗਿਆਨ ਹਾਸਲ ਕਰ ਲੈਂਦਾ ਹੈ। ਸਭ ਲੋਕਾਂ ਵਿੱਚ, ਮੈਂ ਆਪਣਾ ਸਿਰ ਉਠਾ ਕੇ ਵੇਖਦਾ ਹਾਂ, ਅਤੇ ਉਹ ਸਭ ਮੈਨੂੰ ਵੇਖਦੇ ਹਨ। ਤਾਂ ਵੀ, ਜਦੋਂ ਸੰਸਾਰ ਉੱਤੇ ਤਬਾਹੀ ਆਉਂਦੀ ਹੈ, ਤਾਂ ਉਹ ਤੁਰੰਤ ਪਰੇਸ਼ਾਨ ਹੋ ਉੱਠਦੇ ਹਨ, ਅਤੇ ਮੇਰਾ ਸਰੂਪ ਉਨ੍ਹਾਂ ਦੇ ਦਿਲਾਂ ਵਿੱਚੋਂ ਗਾਇਬ ਹੋ ਜਾਂਦਾ ਹੈ; ਤਬਾਹੀ ਦੀ ਆਮਦ ਤੋਂ ਘਬਰਾਏ ਹੋਏ ਉਹ ਮੇਰੇ ਉਪਦੇਸ਼ਾਂ ਪ੍ਰਤੀ ਕੋਈ ਸਤਿਕਾਰ ਨਹੀਂ ਵਿਖਾਉਂਦੇ। ਮੈਂ ਕਈਆਂ ਸਾਲਾਂ ਤੋਂ ਮਨੁੱਖ ਦੇ ਵਿਚਕਾਰ ਵਿਚਰਦਾ ਆਇਆ ਹਾਂ, ਤਾਂ ਵੀ ਉਹ ਬੇਖ਼ਬਰ ਰਿਹਾ ਹੈ, ਅਤੇ ਮੈਨੂੰ ਕਦੇ ਨਹੀਂ ਜਾਣਿਆ। ਅੱਜ ਮੈਂ ਆਪਣੇ ਮੂੰਹੋਂ ਉਸ ਨੂੰ ਇਹ ਕਹਿੰਦਾ ਹਾਂ, ਅਤੇ ਮੈਂ ਸਾਰੇ ਲੋਕਾਂ ਨੂੰ ਮੇਰੇ ਤੋਂ ਕੁਝ ਪ੍ਰਾਪਤ ਕਰਨ ਲਈ ਆਪਣੇ ਸਾਹਮਣੇ ਲਿਆਉਂਦਾ ਹਾਂ, ਪਰ ਉਹ ਹਾਲੇ ਵੀ ਮੇਰੇ ਤੋਂ ਦੂਰੀ ਬਣਾਈ ਰੱਖਦੇ ਹਨ, ਅਤੇ ਇਸ ਲਈ ਉਹ ਮੈਨੂੰ ਨਹੀਂ ਜਾਣਦੇ। ਜਦੋਂ ਮੇਰੀਆਂ ਪੈੜਾਂ ਸਾਰੇ ਬ੍ਰਹਿਮੰਡ ਵਿੱਚ ਅਤੇ ਧਰਤੀ ਦੇ ਕੰਢਿਆਂ ਤਕ ਘੁੰਮਣਗੀਆਂ, ਤਾਂ ਮਨੁੱਖ ਆਤਮ-ਚਿੰਤਨ ਕਰਨਾ ਸ਼ੁਰੂ ਕਰੇਗਾ, ਅਤੇ ਸਭ ਲੋਕ ਮੇਰੇ ਕੋਲ ਆ ਕੇ ਮੇਰੇ ਸਾਹਮਣੇ ਝੁਕਣਗੇ ਅਤੇ ਮੇਰੀ ਉਪਾਸਨਾ ਕਰਨਗੇ। ਇਹ ਮੇਰੇ ਮਹਿਮਾਵਾਨ ਹੋਣ ਦਾ ਦਿਨ ਹੋਵੇਗਾ, ਮੇਰੀ ਵਾਪਸੀ ਦਾ ਦਿਨ, ਅਤੇ ਨਾਲ ਹੀ ਮੇਰੇ ਚਲੇ ਜਾਣ ਦਾ ਵੀ ਦਿਨ। ਹੁਣ, ਮੈਂ ਸਾਰੀ ਮਨੁੱਖਜਾਤੀ ਦੇ ਦਰਮਿਆਨ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਆਪਣੀ ਪ੍ਰਬੰਧਨ ਦੀ ਯੋਜਨਾ ਦੇ ਆਖਰ ਵਿੱਚ ਅਧਿਕਾਰਕ ਤੌਰ ਤੇ ਸਮੁੱਚੇ ਬ੍ਰਹਿਮੰਡ ਵਿੱਚ ਜਾਣ ਲਈ ਨਿੱਕਲ ਪਿਆ ਹਾਂ। ਇਸ ਪਲ ਤੋਂ, ਕੋਈ ਵੀ ਜੋ ਸਚੇਤ ਨਹੀਂ ਹਨ, ਉਹ ਬੇਰਹਿਮ ਤਾੜਨਾ ਵਿੱਚ ਸੁੱਟੇ ਜਾਣ ਦੇ ਹੱਕਦਾਰ ਹਨ, ਅਤੇ ਅਜਿਹਾ ਕਿਸੇ ਵੀ ਪਲ ਹੋ ਸਕਦਾ ਹੈ। ਅਜਿਹਾ ਇਸ ਲਈ ਨਹੀਂ ਹੈ ਕਿਉਂਕਿ ਮੈਂ ਬੇਰਹਿਮ ਹਾਂ; ਸਗੋਂ, ਇਹ ਮੇਰੀ ਪ੍ਰਬੰਧਨ ਦੀ ਯੋਜਨਾ ਦਾ ਕਦਮ ਹੈ; ਸਭਨਾਂ ਨੂੰ ਮੇਰੀ ਯੋਜਨਾ ਦੇ ਕਦਮਾਂ ਦੇ ਅਨੁਸਾਰ ਅੱਗੇ ਵਧਣਾ ਜ਼ਰੂਰੀ ਹੈ, ਅਤੇ ਕੋਈ ਮਨੁੱਖ ਇਸ ਨੂੰ ਨਹੀਂ ਬਦਲ ਸਕਦਾ। ਜਦੋਂ ਮੈਂ ਅਧਿਕਾਰਕ ਤੌਰ ਤੇ ਆਪਣੇ ਕੰਮ ਨੂੰ ਸ਼ੁਰੂ ਕਰਦਾ ਹਾਂ, ਤਾਂ ਸਭ ਲੋਕ ਉਸੇ ਤਰ੍ਹਾਂ ਚੱਲਦੇ ਹਨ ਜਿਵੇਂ ਮੈਂ ਚੱਲਦਾ ਹਾਂ, ਇੰਨਾ ਕਿ ਸਾਰੇ ਬ੍ਰਹਿਮੰਡ ਦੇ ਲੋਕ ਮੇਰੇ ਨਾਲ ਕਦਮ ਮਿਲਾ ਕੇ ਚੱਲਣ ਵਿੱਚ ਲਵਲੀਨ ਹੋ ਜਾਂਦੇ ਹਨ, ਸਾਰੇ ਬ੍ਰਹਿਮੰਡ ਵਿੱਚ “ਜਸ਼ਨ” ਮਨਾਇਆ ਜਾਂਦਾ ਹੈ, ਅਤੇ ਮਨੁੱਖ ਨੂੰ ਅੱਗੇ ਵਧਣ ਲਈ ਮੇਰੇ ਦੁਆਰਾ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਨਤੀਜੇ ਵਜੋਂ, ਮੇਰੇ ਦੁਆਰਾ ਉਸ ਵੱਡੇ ਲਾਲ ਅਜਗਰ ਨੂੰ ਹੱਕ ਕੇ ਖੁਦ ਹੀ ਪਾਗਲਪਣ ਅਤੇ ਉਲਝਣ ਦੀ ਅਵਸਥਾ ਵਿੱਚ ਪਾ ਜਾਂਦਾ ਹੈ, ਅਤੇ ਇਹ ਮੇਰੇ ਕੰਮ ਵਿੱਚ ਉਪਯੋਗੀ ਬਣਦਾ ਹੈ, ਅਤੇ ਅਣਇੱਛੁਕ ਹੋਣ ਦੇ ਬਾਵਜੂਦ ਵੀ, ਇਹ ਆਪਣੀਆਂ ਖੁਦ ਦੀਆਂ ਇੱਛਾਵਾਂ ਦੇ ਅਨੁਸਾਰ ਨਹੀਂ ਕਰ ਪਾਉਂਦਾ, ਪਰ ਇਸ ਦੇ ਕੋਲ ਮੇਰੇ ਨਿਯੰਤ੍ਰਣ ਦੇ ਅਧੀਨ ਹੋਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ। ਮੇਰੀਆਂ ਸਾਰੀਆਂ ਯੋਜਨਾਵਾਂ ਵਿੱਚ, ਵੱਡਾ ਲਾਲ ਅਜਗਰ ਮੇਰਾ ਪ੍ਰਤੀਬਿੰਬ, ਮੇਰਾ ਵੈਰੀ, ਅਤੇ ਮੇਰਾ ਦਾਸ ਵੀ ਹੈ; ਇੰਨਾ ਕਿ, ਇਸ ਤੋਂ ਮੇਰੀਆਂ ਜੋ “ਮੰਗਾਂ” ਹਨ ਉਨ੍ਹਾਂ ਵਿੱਚ ਮੈਂ ਕਦੇ ਨਰਮੀ ਨਹੀਂ ਵਿਖਾਈ। ਇਸ ਲਈ, ਮੇਰੇ ਦੇਹਧਾਰਣ ਦੇ ਕੰਮ ਦਾ ਆਖਰੀ ਪੜਾਅ ਇਸ ਦੇ ਘਰਾਣੇ ਵਿੱਚ ਹੀ ਪੂਰਾ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ, ਵੱਡਾ ਲਾਲ ਅਜਗਰ ਉਚਿਤ ਢੰਗ ਨਾਲ ਮੇਰੇ ਲਈ ਸੇਵਾ ਕਰਨ ਦੇ ਵਧੀਕ ਯੋਗ ਹੁੰਦਾ ਹੈ, ਜਿਸ ਦੇ ਰਾਹੀਂ ਮੈਂ ਇਸ ਨੂੰ ਜਿੱਤਾਂਗਾ ਅਤੇ ਆਪਣੀ ਯੋਜਨਾ ਨੂੰ ਪੂਰਾ ਕਰਾਂਗਾ। ਮੇਰੇ ਕੰਮ ਕਰਦਿਆਂ, ਸਾਰੇ ਸਵਰਗਦੂਤ ਨਿਰਣਾਇਕ ਯੁੱਧ ਲਈ ਮੇਰੇ ਨਾਲ ਨਿੱਕਲ ਤੁਰਦੇ ਹਨ ਅਤੇ ਆਖਰੀ ਪੜਾਅ ਵਿੱਚ ਮੇਰੀਆਂ ਇੱਛਾਵਾਂ ਪੂਰੀਆਂ ਕਰਨ ਦਾ ਸੰਕਲਪ ਕਰਦੇ ਹਨ, ਤਾਂ ਕਿ ਧਰਤੀ ਦੇ ਲੋਕ ਸਵਰਗਦੂਤਾਂ ਵਾਂਗ ਮੇਰੇ ਅੱਗੇ ਝੁਕ ਜਾਣ, ਅਤੇ ਉਨ੍ਹਾਂ ਦੀ ਮੇਰਾ ਵਿਰੋਧ ਕਰਨ ਦੀ ਕੋਈ ਇੱਛਾ ਨਾ ਹੋਵੇ, ਅਤੇ ਮੇਰਾ ਵਿਦ੍ਰੋਹ ਕਰਨ ਵਾਲਾ ਕੋਈ ਵੀ ਕੰਮ ਨਾ ਕਰਨ। ਇਹੋ ਸਮੁੱਚੇ ਬ੍ਰਹਿਮੰਡ ਵਿੱਚ ਮੇਰੇ ਕੰਮ ਦਾ ਤਾਣਾ-ਬਾਣਾ ਹੈ।

ਮਨੁੱਖ ਦੇ ਵਿਚਕਾਰ ਆਉਣ ਦਾ ਮੇਰਾ ਉਦੇਸ਼ ਅਤੇ ਮਹੱਤਵ ਸਾਰੀ ਮਨੁੱਖਜਾਤੀ ਨੂੰ ਬਚਾਉਣਾ, ਸਾਰੀ ਮਨੁੱਖਜਾਤੀ ਨੂੰ ਮੇਰੇ ਘਰਾਣੇ ਵਿੱਚ ਵਾਪਸ ਲਿਆਉਣਾ, ਸਵਰਗ ਨੂੰ ਮੁੜ ਧਰਤੀ ਨਾਲ ਮਿਲਾਉਣਾ, ਅਤੇ ਮਨੁੱਖ ਨੂੰ ਸਵਰਗ ਅਤੇ ਧਰਤੀ ਵਿਚਕਾਰਲੇ “ਸੰਕੇਤ” ਵਿਖਾਉਣ ਦੇ ਯੋਗ ਬਣਾਉਣਾ ਹੈ, ਕਿਉਂਕਿ ਇਹੋ ਮਨੁੱਖ ਦਾ ਜਨਮਜਾਤ ਕਾਰਜ ਹੈ। ਮਨੁੱਖਜਾਤੀ ਨੂੰ ਸਿਰਜਣ ਸਮੇਂ ਮੈਂ ਮਨੁੱਖਜਾਤੀ ਦੇ ਲਈ ਸਭ ਚੀਜ਼ਾਂ ਤਿਆਰ ਕਰ ਚੁੱਕਿਆ ਸੀ, ਅਤੇ ਅੱਗੇ ਚੱਲ ਕੇ, ਮੈਂ ਆਪਣੀਆਂ ਮੰਗਾਂ ਦੇ ਅਨੁਸਾਰ ਮਨੁੱਖਜਾਤੀ ਨੂੰ ਉਹ ਭਰਪੂਰੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਜੋ ਮੈਂ ਉਸ ਨੂੰ ਪ੍ਰਦਾਨ ਕੀਤੀ। ਇਸ ਤਰ੍ਹਾਂ, ਮੈਂ ਕਹਿੰਦਾ ਹਾਂ ਕਿ ਮੇਰੀ ਅਗਵਾਈ ਦੇ ਅਧੀਨ ਹੀ ਮਨੁੱਖਜਾਤੀ ਅੱਜ ਦੇ ਦਿਨ ਤਕ ਪਹੁੰਚੀ ਹੈ। ਅਤੇ ਇਹ ਸਾਰੀ ਮੇਰੀ ਯੋਜਨਾ ਹੈ। ਸਾਰੀ ਮਨੁੱਖਜਾਤੀ ਦੇ ਦਰਮਿਆਨ, ਅਣਗਿਣਤ ਲੋਕ ਮੇਰੇ ਪਿਆਰ ਦੀ ਸੁਰੱਖਿਆ ਦੇ ਅਧੀਨ ਮੌਜੂਦ ਰਹਿੰਦੇ ਹਨ, ਅਤੇ ਅਣਗਿਣਤ ਲੋਕ ਮੇਰੀ ਘਿਰਣਾ ਦੀ ਤਾੜਨਾ ਦੇ ਅਧੀਨ ਜੀਉਂਦੇ ਹਨ। ਹਾਲਾਂਕਿ ਸਭ ਲੋਕ ਮੇਰੇ ਅੱਗੇ ਪ੍ਰਾਰਥਨਾ ਕਰਦੇ ਹਨ, ਤਾਂ ਵੀ ਉਹ ਆਪਣੇ ਵਰਤਮਾਨ ਹਲਾਤਾਂ ਨੂੰ ਬਦਲਣ ਵਿੱਚ ਅਸਮਰਥ ਹਨ; ਇੱਕ ਵਾਰ ਜਦੋਂ ਉਨ੍ਹਾਂ ਦੀ ਆਸ ਖਤਮ ਹੋ ਜਾਂਦੀ ਹੈ ਤਾਂ ਉਹ ਕੇਵਲ ਇੰਨਾ ਹੀ ਕਰ ਸਕਦੇ ਹਨ ਕਿ ਕੁਦਰਤ ਨੂੰ ਉਸ ਦਾ ਕੰਮ ਕਰਨ ਦੇਣ ਅਤੇ ਮੇਰੀ ਅਵੱਗਿਆ ਕਰਨੋ ਹਟ ਜਾਂਦੇ ਹਨ, ਕਿਉਂਕਿ ਮਨੁੱਖ ਦੇ ਦੁਆਰਾ ਕੇਵਲ ਇੰਨਾ ਕੁ ਹੀ ਹਾਸਲ ਕੀਤਾ ਜਾ ਸਕਦਾ ਹੈ। ਜਦੋਂ ਮਨੁੱਖ ਦੇ ਜੀਵਨ ਦੀ ਅਵਸਥਾ ਦੀ ਗੱਲ ਆਉਂਦੀ ਹੈ, ਤਾਂ ਮਨੁੱਖ ਲਈ ਹਾਲੇ ਅਸਲ ਜੀਵਨ ਲੱਭਣਾ ਬਾਕੀ ਹੈ, ਉਹ ਹਾਲੇ ਅਨਿਆਂ, ਤਬਾਹੀ ਅਤੇ ਸੰਸਾਰ ਦੇ ਤਰਸਯੋਗ ਹਲਾਤਾਂ ਤੋਂ ਪਾਰ ਨਹੀਂ ਲੰਘਿਆ ਹੈ—ਅਤੇ ਇਸ ਲਈ, ਜੇਕਰ ਤਬਾਹੀ ਦੀ ਆਮਦ ਨਾ ਹੋਈ ਹੁੰਦੀ ਤਾਂ ਬਹੁਤ ਸਾਰੇ ਲੋਕ ਹਾਲੇ ਵੀ ਕੁਦਰਤ ਨੂੰ ਗਲੇ ਲਾਈ ਰੱਖਦੇ, ਅਤੇ ਹਾਲੇ ਵੀ ਆਪਣੇ ਆਪ ਨੂੰ “ਜੀਵਨ” ਦੇ ਰੰਗਾਂ ਵਿੱਚ ਲਵਲੀਨ ਰੱਖਦੇ। ਕੀ ਇਹੋ ਸੰਸਾਰ ਦੀ ਅਸਲੀਅਤ ਨਹੀਂ ਹੈ? ਕੀ ਇਹੋ ਮੁਕਤੀ ਦੀ ਉਹ ਆਵਾਜ਼ ਨਹੀਂ ਹੈ ਜੋ ਮੈਂ ਮਨੁੱਖ ਨੂੰ ਬੋਲ ਕੇ ਸੁਣਾਉਂਦਾ ਹਾਂ? ਮਨੁੱਖਜਾਤੀ ਵਿੱਚੋਂ ਕਿਉਂ ਕਿਸੇ ਨੇ ਵੀ ਕਦੇ ਮੇਰੇ ਨਾਲ ਸੱਚਾ ਪਿਆਰ ਨਹੀਂ ਕੀਤਾ ਹੈ? ਮਨੁੱਖ ਕੇਵਲ ਤਾੜਨਾ ਅਤੇ ਪਰਤਾਵਿਆਂ ਵਿੱਚ ਹੀ ਮੇਰੇ ਨਾਲ ਪਿਆਰ ਕਿਉਂ ਕਰਦਾ ਹੈ, ਜਦ ਕਿ ਮੇਰੀ ਸੁਰੱਖਿਆ ਹੇਠ ਰਹਿੰਦਿਆਂ ਕੋਈ ਮੈਨੂੰ ਪਿਆਰ ਨਹੀਂ ਕਰਦਾ? ਮੈਂ ਮਨੁੱਖਜਾਤੀ ਉੱਤੇ ਬਹੁਤ ਵਾਰ ਆਪਣੀ ਤਾੜਨਾ ਭੇਜੀ ਹੈ। ਉਹ ਇਸ ਨੂੰ ਵੇਖਦੇ ਹਨ, ਪਰ ਫਿਰ ਇਸ ਨੂੰ ਅਣਦੇਖਾ ਕਰ ਦਿੰਦੇ ਹਨ, ਅਤੇ ਉਹ ਇਸ ਸਮੇਂ ਇਸ ਦਾ ਅਧਿਐਨ ਨਹੀਂ ਕਰਦੇ ਅਤੇ ਇਸ ਉੱਤੇ ਚਿਤੰਨ ਨਹੀਂ ਕਰਦੇ, ਅਤੇ ਇਸ ਲਈ ਮਨੁੱਖ ਉੱਤੇ ਜੋ ਆਉਂਦਾ ਹੈ ਉਹ ਹੈ ਕੇਵਲ ਬੇਰਹਿਮ ਨਿਆਂ। ਇਹ ਕੇਵਲ ਮੇਰੇ ਕੰਮ ਕਰਨ ਦੇ ਤਰੀਕਿਆਂ ਵਿੱਚੋਂ ਇੱਕ ਤਰੀਕਾ ਹੈ, ਪਰ ਫਿਰ ਵੀ ਇਹ ਮਨੁੱਖ ਨੂੰ ਬਦਲਣ ਅਤੇ ਉਸ ਦੇ ਅੰਦਰ ਮੇਰੇ ਪ੍ਰਤੀ ਪਿਆਰ ਪੈਦਾ ਕਰਨ ਵਾਸਤੇ ਹੈ।

ਮੈਂ ਰਾਜ ਵਿੱਚ ਸ਼ਾਸਨ ਕਰਦਾ ਹਾਂ, ਅਤੇ ਇਸ ਤੋਂ ਇਲਾਵਾ, ਮੈਂ ਸਮੁੱਚੇ ਬ੍ਰਹਿਮੰਡ ਉੱਤੇ ਰਾਜ ਕਰਦਾ ਹਾਂ; ਮੈਂ ਰਾਜ ਦਾ ਰਾਜਾ ਅਤੇ ਬ੍ਰਹਿਮੰਡ ਦਾ ਮੁਖੀ, ਦੋਵੇਂ ਹਾਂ। ਹੁਣ ਤੋਂ ਅੱਗੇ, ਮੈਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਾਂਗਾ ਜਿਹੜੇ ਚੁਣੇ ਹੋਏ ਨਹੀਂ ਹਨ ਅਤੇ ਗੈਰ-ਕੌਮਾਂ ਵਿੱਚ ਆਪਣੇ ਕੰਮ ਨੂੰ ਸ਼ੁਰੂ ਕਰਾਂਗਾ, ਅਤੇ ਸਾਰੇ ਬ੍ਰਹਿਮੰਡ ਉੱਤੇ ਆਪਣੇ ਪ੍ਰਬੰਧਕੀ ਹੁਕਮਾਂ ਦਾ ਐਲਾਨ ਕਰਾਂਗਾ, ਤਾਂ ਕਿ ਮੈਂ ਸਫ਼ਲਤਾਪੂਰਵਕ ਆਪਣੇ ਕੰਮ ਦੇ ਅਗਲੇ ਕਦਮ ਲਈ ਨਿੱਕਲ ਸਕਾਂ। ਗੈਰ-ਕੌਮਾਂ ਵਿੱਚ ਆਪਣੇ ਕੰਮ ਨੂੰ ਫੈਲਾਉਣ ਲਈ ਮੈਂ ਤਾੜਨਾ ਦਾ ਇਸਤੇਮਾਲ ਕਰਾਂਗਾ, ਕਹਿਣ ਦਾ ਭਾਵ ਹੈ ਕਿ ਮੈਂ ਉਨ੍ਹਾਂ ਸਭਨਾਂ ਖਿਲਾਫ਼ ਤਾਕਤ ਦਾ ਇਸਤੇਮਾਲ ਕਰਾਂਗਾ ਜੋ ਗੈਰ-ਕੌਮਾਂ ਦੇ ਹਨ। ਸੁਭਾਵਕ ਹੀ, ਇਹ ਕੰਮ ਚੁਣੇ ਹੋਇਆਂ ਦਰਮਿਆਨ ਮੇਰੇ ਕੰਮ ਦੇ ਸਮੇਂ ਦੇ ਦੌਰਾਨ ਹੀ ਪੂਰਾ ਕੀਤਾ ਜਾਵੇਗਾ। ਜਦੋਂ ਮੇਰੇ ਲੋਕ ਧਰਤੀ ਉੱਤੇ ਰਾਜ ਕਰਨਗੇ ਅਤੇ ਆਪਣੀ ਸ਼ਕਤੀ ਦਾ ਇਸਤੇਮਾਲ ਕਰਨਗੇ, ਤਾਂ ਇਹੀ ਉਹ ਦਿਨ ਹੋਵੇਗਾ ਜਦੋਂ ਧਰਤੀ ਉਤਲੇ ਸਾਰੇ ਲੋਕ ਜਿੱਤੇ ਜਾ ਚੁੱਕੇ ਹੋਣਗੇ, ਅਤੇ ਇਸ ਤੋਂ ਇਲਾਵਾ, ਇਹ ਮੇਰੇ ਅਰਾਮ ਦਾ ਸਮਾਂ ਹੋਵੇਗਾ—ਅਤੇ ਕੇਵਲ ਉਦੋਂ ਹੀ ਮੈਂ ਉਨ੍ਹਾਂ ਸਾਰਿਆਂ ਉੱਤੇ ਪਰਗਟ ਹੋਵਾਂਗਾ ਜਿਹੜੇ ਜਿੱਤੇ ਗਏ ਹੋਣਗੇ। ਮੈਂ ਪਵਿੱਤਰ ਰਾਜ ਉੱਤੇ ਪਰਗਟ ਹੁੰਦਾ ਹਾਂ, ਅਤੇ ਗੰਦਗੀ ਦੀ ਧਰਤੀ ਤੋਂ ਆਪਣੇ ਆਪ ਨੂੰ ਲੁਕਾਉਂਦਾ ਹਾਂ। ਉਹ ਸਭ ਜਿਹੜੇ ਜਿੱਤੇ ਜਾ ਚੁੱਕੇ ਹਨ ਅਤੇ ਮੇਰੇ ਸਨਮੁੱਖ ਆਗਿਆਕਾਰੀ ਬਣ ਜਾਂਦੇ ਹਨ ਉਹ ਆਪਣੀਆਂ ਅੱਖਾਂ ਨਾਲ ਮੇਰੇ ਚਿਹਰੇ ਨੂੰ ਵੇਖਣ ਅਤੇ ਆਪਣੇ ਕੰਨਾਂ ਨਾਲ ਮੇਰੀ ਅਵਾਜ਼ ਨੂੰ ਸੁਣਨ ਦੇ ਯੋਗ ਹੋ ਜਾਂਦੇ ਹਨ। ਇਹੀ ਆਖਰੀ ਦਿਨਾਂ ਦੇ ਦੌਰਾਨ ਪੈਦਾ ਹੋਣ ਵਾਲਿਆਂ ਦੀ ਬਰਕਤ ਹੈ, ਇਹੀ ਮੇਰੇ ਦੁਆਰਾ ਪਹਿਲਾਂ ਤੋਂ ਠਹਿਰਾਈ ਹੋਈ ਬਰਕਤ ਹੈ, ਅਤੇ ਇਹ ਕਿਸੇ ਵੀ ਮਨੁੱਖ ਵੱਲੋਂ ਨਾ ਬਦਲੇ ਜਾਣ ਯੋਗ ਹੈ। ਅੱਜ, ਮੈਂ ਭਵਿੱਖ ਦੇ ਕੰਮ ਦੀ ਖਾਤਰ ਇਸ ਤਰੀਕੇ ਨਾਲ ਕੰਮ ਕਰਦਾ ਹਾਂ। ਮੇਰਾ ਸਾਰਾ ਕੰਮ ਆਪਸ ਵਿੱਚ ਜੁੜਿਆ ਹੋਇਆ ਹੈ, ਇਸ ਸਭ ਦੇ ਵਿੱਚ ਇੱਕ ਪੁਕਾਰ ਅਤੇ ਇੱਕ ਪ੍ਰਤੀਉੱਤਰ ਹੈ: ਕਦੇ ਵੀ ਕੋਈ ਕਦਮ ਅਚਾਨਕ ਨਹੀਂ ਰੁਕਿਆ ਹੈ, ਅਤੇ ਕਦੇ ਵੀ ਕੋਈ ਕਦਮ ਦੂਜੇ ਤੋਂ ਵੱਖਰਾ ਕਰਕੇ ਪੂਰਾ ਨਹੀਂ ਕੀਤਾ ਗਿਆ ਹੈ। ਕੀ ਅਜਿਹਾ ਨਹੀਂ ਹੈ? ਕੀ ਅਤੀਤ ਦਾ ਕੰਮ ਅੱਜ ਦੇ ਕੰਮ ਦੀ ਬੁਨਿਆਦ ਨਹੀਂ ਹੈ? ਕੀ ਅਤੀਤ ਦੇ ਵਚਨ ਅੱਜ ਦੇ ਵਚਨਾਂ ਦੀ ਪੂਰਵ-ਸੂਚਨਾ ਨਹੀਂ ਹਨ? ਕੀ ਅਤੀਤ ਦੇ ਕਦਮ ਅੱਜ ਦੇ ਕਦਮਾਂ ਦਾ ਮੁੱਢ ਨਹੀਂ ਹਨ? ਜਦੋਂ ਮੈਂ ਅਧਿਕਾਰਕ ਤੌਰ ਤੇ ਪੋਥੀ ਨੂੰ ਖੋਲ੍ਹਦਾ ਹਾਂ, ਜਦੋਂ ਸਾਰੇ ਸੰਸਾਰ ਦੇ ਲੋਕ ਪਰਤਾਵਿਆਂ ਹੇਠ ਲਿਆਂਦੇ ਜਾਂਦੇ ਹਨ, ਉਦੋਂ ਹੀ ਸਾਰੇ ਬ੍ਰਹਿਮੰਡ ਦੇ ਲੋਕਾਂ ਨੂੰ ਤਾੜਨਾ ਦਿੱਤੀ ਜਾਂਦੀ ਹੈ, ਅਤੇ ਇਹੋ ਮੇਰੇ ਕੰਮ ਦਾ ਸਿਖਰ ਹੈ; ਸਭ ਲੋਕ ਚਾਨਣ ਤੋਂ ਸੱਖਣੀ ਧਰਤੀ ਉੱਤੇ ਜੀਉਂਦੇ ਹਨ, ਅਤੇ ਸਭ ਲੋਕ ਉਨ੍ਹਾਂ ਦੇ ਵਾਤਾਵਰਣ ਵੱਲੋਂ ਦਰਪੇਸ਼ ਖਤਰਿਆਂ ਵਿੱਚ ਜੀਉਂਦੇ ਹਨ। ਦੂਜੇ ਸ਼ਬਦਾਂ ਵਿੱਚ, ਇਹ ਉਹ ਜੀਵਨ ਹੈ ਜਿਸ ਦਾ ਮਨੁੱਖ ਨੇ ਸਿਰਜਣਾ ਦੇ ਸਮੇਂ ਤੋਂ ਲੈ ਕੇ ਅੱਜ ਦੇ ਦਿਨ ਤਕ ਕਦੇ ਅਨੁਭਵ ਨਹੀਂ ਕੀਤਾ ਹੈ, ਅਤੇ ਯੁਗਾਂ-ਯੁਗਾਂ ਦੇ ਦੌਰਾਨ ਕਦੇ ਕਿਸੇ ਨੇ ਇਸ ਤਰ੍ਹਾਂ ਦੇ ਜੀਵਨ ਦਾ “ਅਨੰਦ” ਨਹੀਂ ਮਾਣਿਆ ਹੈ, ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਮੈਂ ਉਹ ਕੰਮ ਕੀਤਾ ਹੈ ਜੋ ਪਹਿਲਾਂ ਕਦੇ ਨਹੀਂ ਕੀਤਾ ਗਿਆ। ਇਹੀ ਮਾਮਲਿਆਂ ਦੀ ਅਸਲ ਸਥਿਤੀ ਹੈ, ਅਤੇ ਇਹੀ ਅੰਦਰੂਨੀ ਅਰਥ ਹੈ। ਕਿਉਂਕਿ ਮੇਰਾ ਦਿਨ ਸਮੁੱਚੀ ਮਨੁੱਖਜਾਤੀ ਦੇ ਨੇੜੇ ਆ ਰਿਹਾ ਹੈ, ਕਿਉਂਕਿ ਇਹ ਦੂਰ ਨਹੀਂ ਜਾਪਦਾ ਸਗੋਂ ਬਿਲਕੁਲ ਮਨੁੱਖ ਦੀਆਂ ਅੱਖਾਂ ਦੇ ਸਾਹਮਣੇ ਹੈ, ਤਾਂ ਇਸ ਦੇ ਨਤੀਜੇ ਵਜੋਂ ਕੌਣ ਨਹੀਂ ਡਰੇਗਾ? ਅਤੇ ਕੌਣ ਇਸ ਤੋਂ ਅਨੰਦ ਨਹੀਂ ਹੋਵੇਗਾ? ਆਖਰਕਾਰ ਉਸ ਗੰਦੇ ਸ਼ਹਿਰ ਬਾਬਲ ਦਾ ਅੰਤ ਆ ਗਿਆ ਹੈ; ਮਨੁੱਖ ਇੱਕ ਬਿਲਕੁਲ ਨਵੇਂ ਸੰਸਾਰ ਦੇ ਰੂ-ਬਰੂ ਹੋ ਗਿਆ ਹੈ, ਅਤੇ ਅਕਾਸ਼ ਅਤੇ ਧਰਤੀ ਬਦਲ ਕੇ ਨਵੇਂ ਬਣਾ ਦਿੱਤੇ ਗਏ ਹਨ।

ਜਦੋਂ ਮੈਂ ਸਾਰੀਆਂ ਕੌਮਾਂ ਅਤੇ ਸਾਰੇ ਲੋਕਾਂ ਉੱਤੇ ਪਰਗਟ ਹੁੰਦਾ ਹਾਂ, ਤਾਂ ਅਕਾਸ਼ ਵਿੱਚ ਚਿੱਟੇ ਬੱਦਲ ਮਥਣ ਲੱਗਦੇ ਹਨ ਅਤੇ ਮੈਨੂੰ ਕੱਜ ਲੈਂਦੇ ਹਨ। ਇਸੇ ਤਰ੍ਹਾਂ ਧਰਤੀ ਉਤਲੇ ਪੰਛੀ ਵੀ ਮੇਰੇ ਲਈ ਗਾਉਂਦੇ ਅਤੇ ਅਨੰਦ ਨਾਲ ਨੱਚਦੇ ਹੋਏ ਧਰਤੀ ਉਤਲੇ ਵਾਤਾਵਰਣ ਨੂੰ ਉਜਾਗਰ ਕਰਦੇ ਹਨ, ਅਤੇ ਇਸ ਤਰ੍ਹਾਂ ਧਰਤੀ ਉਤਲੀਆਂ ਸਾਰੀਆਂ ਚੀਜ਼ਾਂ ਨੂੰ ਸਜੀਵ ਬਣਾਉਂਦੇ ਹਨ ਕਿ ਹੁਣ ਇਹ “ਹੌਲੀ-ਹੌਲੀ ਹੇਠਾਂ ਵੱਲ ਨਾ ਖਿਸਕਣ,” ਸਗੋਂ ਇਸ ਦੇ ਬਜਾਇ ਜੀਵਨ-ਸ਼ਕਤੀ ਦੇ ਵਾਤਾਵਰਣ ਵਿਚਕਾਰ ਜੀਉਣ। ਜਦੋਂ ਮੈਂ ਬੱਦਲਾਂ ਦੇ ਵਿਚਕਾਰ ਹੁੰਦਾ ਹਾਂ ਤਾਂ ਮਨੁੱਖ ਮੇਰੇ ਚਿਹਰੇ ਅਤੇ ਮੇਰੀਆਂ ਅੱਖਾਂ ਨੂੰ ਧੁੰਦਲਾ ਜਿਹਾ ਵੇਖਦਾ ਹੈ, ਅਤੇ ਇਸ ਸਮੇਂ ਥੋੜ੍ਹਾ ਡਰਿਆ ਹੋਇਆ ਮਹਿਸੂਸ ਕਰਦਾ ਹੈ। ਬੀਤੇ ਸਮੇਂ ਦੌਰਾਨ, ਉਸ ਨੇ ਲੋਕ-ਕਥਾਵਾਂ ਵਿੱਚ ਮੇਰੇ ਬਾਰੇ ਦਰਜ ਇਤਿਹਾਸਕ ਲਿਖਤਾਂ ਸੁਣੀਆਂ ਹਨ, ਅਤੇ ਨਤੀਜੇ ਵਜੋਂ ਉਹ ਮੇਰੇ ਪ੍ਰਤੀ ਅੱਧਾ ਵਿਸ਼ਵਾਸੀ ਅਤੇ ਅੱਧਾ ਸ਼ੱਕੀ ਹੈ। ਉਹ ਨਹੀਂ ਜਾਣਦਾ ਕਿ ਮੈਂ ਕਿੱਥੇ ਹਾਂ, ਜਾਂ ਕਿ ਮੇਰਾ ਚਿਹਰਾ ਕਿੰਨਾ ਵਿਸ਼ਾਲ ਹੈ—ਕੀ ਇਹ ਸਮੁੰਦਰ ਜਿੰਨਾ ਵਿਸ਼ਾਲ ਹੈ, ਜਾਂ ਹਰੀਆਂ ਚਰਾਗਾਹਾਂ ਵਾਂਗ ਸੀਮਾਵਾਂ ਤੋਂ ਰਹਿਤ ਹੈ? ਕਿਸੇ ਨੂੰ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਹੈ। ਅੱਜ ਮਨੁੱਖ ਜਦੋਂ ਬੱਦਲਾਂ ਵਿੱਚ ਮੇਰੇ ਚਿਹਰੇ ਨੂੰ ਵੇਖਦਾ ਹੈ ਕੇਵਲ ਉਦੋਂ ਹੀ ਉਹ ਮਹਿਸੂਸ ਕਰਦਾ ਹੈ ਕਿ ਲੋਕ-ਕਥਾਵਾਂ ਵਿਚਲਾ ਮੈਂ ਅਸਲੀ ਹਾਂ, ਅਤੇ ਇਸ ਕਰਕੇ ਉਹ ਥੋੜ੍ਹਾ ਹੋਰ ਮੇਰੇ ਪੱਖ ਵਿੱਚ ਹੋ ਜਾਂਦਾ ਹੈ, ਅਤੇ ਕੇਵਲ ਮੇਰੇ ਕੰਮਾਂ ਦੇ ਕਾਰਣ ਹੀ ਉਸ ਵੱਲੋਂ ਮੇਰੀ ਸ਼ਲਾਘਾ ਥੋੜ੍ਹੀ ਹੋਰ ਵਧ ਹੋ ਜਾਂਦੀ ਹੈ। ਪਰ ਮਨੁੱਖ ਹਾਲੇ ਵੀ ਮੈਨੂੰ ਨਹੀਂ ਜਾਣਦਾ ਹੈ, ਅਤੇ ਉਹ ਬੱਦਲਾਂ ਵਿੱਚ ਕੇਵਲ ਮੇਰੇ ਇੱਕ ਹਿੱਸੇ ਨੂੰ ਵੇਖਦਾ ਹੈ। ਇਸ ਤੋਂ ਬਾਅਦ, ਮੈਂ ਆਪਣੀਆਂ ਬਾਹਵਾਂ ਨੂੰ ਫੈਲਾਅ ਕੇ ਇਨ੍ਹਾਂ ਨੂੰ ਮਨੁੱਖ ਨੂੰ ਵਿਖਾਉਂਦਾ ਹਾਂ। ਮਨੁੱਖ ਹੈਰਾਨ ਰਹਿ ਜਾਂਦਾ ਹੈ, ਅਤੇ ਆਪਣੇ ਅੱਡੇ ਹੋਏ ਮੂੰਹ ਉੱਤੇ ਹੱਥ ਮਾਰਦਾ ਹੋਇਆ ਮੇਰੇ ਹੱਥ ਦੁਆਰਾ ਮਾਰੇ ਜਾਣ ਤੋਂ ਬਹੁਤ ਜ਼ਿਆਦਾ ਡਰਦਾ ਹੈ, ਅਤੇ ਇਸ ਲਈ ਉਹ ਆਪਣੀ ਸ਼ਲਾਘਾ ਵਿੱਚ ਥੋੜ੍ਹਾ ਜਿਹਾ ਆਦਰ ਮਿਲਾ ਲੈਂਦਾ ਹੈ। ਮਨੁੱਖ ਆਪਣੀਆਂ ਅੱਖਾਂ ਨੂੰ ਮੇਰੀ ਹਰੇਕ ਹਰਕਤ ਉੱਤੇ ਟਿਕਾ ਦਿੰਦਾ ਹੈ, ਬਹੁਤ ਗਹਿਰਾਈ ਨਾਲ ਇਸ ਗੱਲੋਂ ਡਰਿਆ ਹੋਇਆ ਕਿ ਜਦੋਂ ਉਹ ਧਿਆਨ ਨਹੀਂ ਦਿੰਦਾ ਤਾਂ ਉਸ ਨੂੰ ਮੇਰੇ ਦੁਆਰਾ ਮਾਰ ਦਿੱਤਾ ਜਾਵੇਗਾ—ਤਾਂ ਵੀ ਮਨੁੱਖ ਵੱਲੋਂ ਵੇਖੇ ਜਾਣ ਨਾਲ ਮੇਰੇ ਉੱਤੇ ਰੋਕ ਨਹੀਂ ਲੱਗਦੀ, ਅਤੇ ਮੈਂ ਆਪਣੇ ਹੱਥਾਂ ਦੇ ਕੰਮ ਨੂੰ ਕਰਨਾ ਜਾਰੀ ਰੱਖਦਾ ਹਾਂ। ਕੇਵਲ ਮੇਰੇ ਦੁਆਰਾ ਕੀਤੇ ਜਾਣ ਵਾਲੇ ਸਾਰੇ ਕਾਰਜਾਂ ਕਰਕੇ ਹੀ ਮਨੁੱਖ ਮੇਰੇ ਪ੍ਰਤੀ ਕੁਝ ਝੁਕਾਅ ਰੱਖਦਾ ਹੈ, ਅਤੇ ਇਸ ਤਰ੍ਹਾਂ ਹੌਲੀ-ਹੌਲੀ ਮੇਰੇ ਨਾਲ ਜੁੜਨ ਲਈ ਮੇਰੇ ਸਾਹਮਣੇ ਆਉਂਦਾ ਹੈ। ਜਦੋਂ ਮੈਂ ਆਪਣੀ ਸਮੁੱਚਤਾ ਵਿੱਚ ਮਨੁੱਖ ਉੱਤੇ ਪਰਗਟ ਕੀਤਾ ਜਾਂਦਾ ਹਾਂ, ਮਨੁੱਖ ਮੇਰੇ ਚਿਹਰੇ ਨੂੰ ਵੇਖੇਗਾ, ਅਤੇ ਉਦੋਂ ਤੋਂ ਮੈਂ ਫਿਰ ਕਦੇ ਆਪਣੇ ਆਪ ਨੂੰ ਮਨੁੱਖ ਤੋਂ ਨਹੀਂ ਲੁਕਾਵਾਂਗਾ ਜਾਂ ਧੁੰਦਲਾ ਨਹੀਂ ਬਣਾਵਾਂਗਾ। ਪੂਰੇ ਬ੍ਰਹਿਮੰਡ ਵਿੱਚ, ਮੈਂ ਜਨਤਕ ਤੌਰ ਤੇ ਸਾਰੇ ਲੋਕਾਂ ਉੱਤੇ ਪਰਗਟ ਹੋਵਾਂਗਾ, ਅਤੇ ਉਹ ਸਾਰੇ ਜਿਹੜੇ ਸਰੀਰ ਅਤੇ ਲਹੂ ਤੋਂ ਹਨ ਮੇਰੇ ਸਾਰੇ ਕਾਰਜਾਂ ਨੂੰ ਵੇਖਣਗੇ। ਉਹ ਸਭ ਜਿਹੜੇ ਆਤਮਾ ਤੋਂ ਹਨ ਜ਼ਰੂਰ ਮੇਰੇ ਘਰਾਣੇ ਵਿੱਚ ਸ਼ਾਂਤੀ ਨਾਲ ਵੱਸਣਗੇ, ਅਤੇ ਮੇਰੇ ਨਾਲ ਮਿਲ ਕੇ ਨਿਸ਼ਚਿਤ ਤੌਰ ਤੇ ਅਦਭੁਤ ਬਰਕਤਾਂ ਦਾ ਅਨੰਦ ਮਾਨਣਗੇ। ਉਹ ਸਭ ਜਿਨ੍ਹਾਂ ਦੀ ਮੈਂ ਪਰਵਾਹ ਕਰਦਾ ਹਾਂ ਜ਼ਰੂਰ ਤਾੜਨਾ ਤੋਂ ਬਚ ਨਿਕਲਣਗੇ ਅਤੇ ਨਿਸ਼ਚਿਤ ਤੌਰ ਤੇ ਆਤਮਾ ਦੇ ਕਸ਼ਟ ਅਤੇ ਸਰੀਰ ਦੇ ਸੰਤਾਪ ਤੋਂ ਬਚ ਜਾਣਗੇ। ਮੈਂ ਜਨਤਕ ਤੌਰ ਤੇ ਸਭਨਾਂ ਲੋਕਾਂ ਉੱਤੇ ਪਰਗਟ ਹੋਵਾਂਗਾ ਅਤੇ ਰਾਜ ਕਰਾਂਗਾ ਅਤੇ ਸ਼ਕਤੀ ਇਸਤੇਮਾਲ ਕਰਾਂਗਾ, ਜਿਸ ਨਾਲ ਹੁਣ ਤੋਂ ਲਾਸ਼ਾਂ ਦੀ ਬਦਬੂ ਬ੍ਰਹਿਮੰਡ ਵਿੱਚ ਨਹੀਂ ਫੈਲੇਗੀ; ਸਗੋਂ, ਮੇਰੀ ਤੇਜ਼ ਮਹਿਕ ਸਾਰੇ ਸੰਸਾਰ ਵਿੱਚ ਫੈਲੇਗੀ, ਕਿਉਂਕਿ ਮੇਰਾ ਦਿਨ ਨਜ਼ਦੀਕ ਆ ਰਿਹਾ ਹੈ, ਮਨੁੱਖ ਜਾਗ ਰਿਹਾ ਹੈ, ਅਤੇ ਧਰਤੀ ਉੱਤੇ ਸਭ ਕੁਝ ਤਰਤੀਬਬੱਧ ਹੋ ਗਿਆ ਹੈ, ਅਤੇ ਹੁਣ ਧਰਤੀ ਦੇ ਬਚਾਉ ਦੇ ਦਿਨ ਹੋਰ ਨਹੀਂ ਰਹੇ, ਕਿਉਂਕਿ ਮੈਂ ਆ ਪਹੁੰਚਿਆ ਹਾਂ!

6 ਅਪ੍ਰੈਲ, 1992

ਪਿਛਲਾ: ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 26

ਅਗਲਾ: ਵਿਸ਼ਵਾਸੀਆਂ ਨੂੰ ਕਿਹੜਾ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ