ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 26

ਕੌਣ ਮੇਰੇ ਘਰ ਵਿੱਚ ਕਾਇਮ ਰਿਹਾ ਹੈ? ਕੌਣ ਮੇਰੀ ਖਾਤਰ ਖੜ੍ਹਾ ਹੋਇਆ ਹੈ? ਕਿਸ ਨੇ ਮੇਰੀ ਖਾਤਰ ਦੁੱਖ ਝੱਲਿਆ ਹੈ? ਕਿਸ ਨੇ ਮੈਨੂੰ ਜ਼ਬਾਨ ਦਿੱਤੀ ਹੈ? ਕੌਣ ਹੈ ਜਿਹੜਾ ਹੁਣ ਤਕ ਮੇਰੇ ਪਿੱਛੇ ਚੱਲਦਾ ਆਇਆ ਹੈ ਅਤੇ ਫਿਰ ਵੀ ਬੇਰੁਖ ਨਹੀਂ ਹੋਇਆ ਹੈ? ਸਾਰੇ ਮਨੁੱਖ ਰੁੱਖੇ ਅਤੇ ਸੰਵੇਦਨਾਹੀਣ ਕਿਉਂ ਹਨ? ਮਨੁੱਖਜਾਤੀ ਨੇ ਮੈਨੂੰ ਕਿਉਂ ਤਿਆਗ ਦਿੱਤਾ ਹੈ? ਮਨੁੱਖਜਾਤੀ ਮੇਰੇ ਤੋਂ ਅੱਕ ਕਿਉਂ ਗਈ ਹੈ? ਮਨੁੱਖੀ ਸੰਸਾਰ ਵਿੱਚ ਕੋਈ ਨਿੱਘ ਕਿਉਂ ਨਹੀਂ ਰਿਹਾ? ਜਦ ਕਿ ਸੀਯੋਨ ਵਿੱਚ ਹੁੰਦਿਆਂ ਮੈਂ ਸਵਰਗ ਵਾਲੇ ਨਿੱਘ ਨੂੰ ਅਨੁਭਵ ਕੀਤਾ ਹੈ, ਸੀਯੋਨ ਵਿੱਚ ਹੁੰਦਿਆਂ, ਮੈਂ ਸਵਰਗ ਵਾਲੀ ਅਸੀਸ ਦਾ ਅਨੰਦ ਮਾਣਿਆ ਹੈl ਇੱਕ ਵਾਰ ਫਿਰ, ਮੈਂ ਮਨੁੱਖਜਾਤੀ ਦੇ ਵਿਚਕਾਰ ਜੀਵਿਆ ਹਾਂ, ਮੈਂ ਮਨੁੱਖੀ ਸੰਸਾਰ ਦੀ ਕੁੜੱਤਣ ਦਾ ਸੁਆਦ ਚੱਖਿਆ ਹੈ, ਅਤੇ ਮੈਂ ਆਪਣੀਆਂ ਅੱਖਾਂ ਨਾਲ ਉਨ੍ਹਾਂ ਸਾਰੀਆਂ ਅਵਸਥਾਵਾਂ ਨੂੰ ਵੇਖਿਆ ਹੈ ਜੋ ਮਨੁੱਖਾਂ ਵਿਚਕਾਰ ਮੌਜੂਦ ਹਨl ਅਚਾਨਕ ਹੀ, ਮਨੁੱਖ ਬਦਲ ਗਿਆ ਹੈ ਜਿਵੇਂ ਮੈਂ “ਬਦਲਿਆ” ਹਾਂ, ਅਤੇ ਕੇਵਲ ਇਸ ਤਰ੍ਹਾਂ ਹੀ ਉਹ ਅੱਜ ਦੇ ਦਿਨ ਤਕ ਪਹੁੰਚਿਆ ਹੈl ਮੈਨੂੰ ਲੋੜ ਨਹੀਂ ਹੈ ਕਿ ਮਨੁੱਖ ਮੇਰੀ ਖਾਤਰ ਕੁਝ ਕਰੇ, ਨਾ ਹੀ ਮੈਨੂੰ ਇਹ ਲੋੜ ਹੈ ਕਿ ਉਹ ਮੇਰੀ ਖਾਤਰ ਕੁਝ ਵਾਧਾ ਹਾਸਲ ਕਰੇ। ਮੈਂ ਕੇਵਲ ਇੰਨਾ ਚਾਹੁੰਦਾ ਹਾਂ ਕਿ ਉਹ ਮੇਰੀ ਯੋਜਨਾ ਦੇ ਅਨੁਸਾਰ ਕੰਮ ਕਰਨ ਦੇ ਯੋਗ ਬਣੇ, ਅਤੇ ਮੇਰੀ ਅਵੱਗਿਆ ਨਾ ਕਰੇ ਜਾਂ ਮੇਰੇ ਲਈ ਸ਼ਰਮਿੰਦਗੀ ਦਾ ਪ੍ਰਤੀਕ ਨਾ ਬਣੇ, ਪਰ ਮੇਰੀ ਜ਼ੋਰਦਾਰ ਗਵਾਹੀ ਦੇਵੇl ਮਨੁੱਖਾਂ ਦਰਮਿਆਨ, ਅਜਿਹੇ ਲੋਕ ਵੀ ਹੋਏ ਹਨ ਜਿਨ੍ਹਾਂ ਮੇਰੀ ਚੰਗੀ ਗਵਾਹੀ ਦਿੱਤੀ ਹੈ ਅਤੇ ਮੇਰੇ ਨਾਮ ਨੂੰ ਮਹਿਮਾ ਦਿੱਤੀ ਹੈ, ਪਰ ਮਨੁੱਖ ਦੇ ਅਮਲ ਅਤੇ ਆਚਰਣ ਸੰਭਵ ਤੌਰ ਤੇ ਮੇਰੇ ਦਿਲ ਨੂੰ ਕਿਵੇਂ ਸੰਤੁਸ਼ਟ ਕਰ ਸਕਦੇ ਹਨ? ਉਹ ਕਿਵੇਂ ਸੰਭਵ ਤੌਰ ਤੇ ਮੇਰੇ ਦਿਲ ਨਾਲ ਰਲ ਸਕਦਾ ਹੈ ਜਾਂ ਮੇਰੀ ਇੱਛਾ ਨੂੰ ਪੂਰਾ ਕਰ ਸਕਦਾ ਹੈ? ਧਰਤੀ ਉੱਤੇ ਜੋ ਪਹਾੜ ਅਤੇ ਪਾਣੀ ਹਨ, ਅਤੇ ਧਰਤੀ ਉੱਤੇ ਜਿਹੜੇ ਫੁੱਲ, ਘਾਹ, ਅਤੇ ਰੁੱਖ ਹਨ, ਉਹ ਸਭ ਮੇਰੇ ਹੱਥਾਂ ਦੀ ਕਾਰੀਗਰੀ ਨੂੰ ਦਰਸਾਉਂਦੇ ਹਨ, ਉਹ ਸਭ ਮੇਰੇ ਨਾਮ ਦੇ ਲਈ ਹੋਂਦ ਵਿੱਚ ਹਨl ਤਾਂ ਵੀ, ਮਨੁੱਖ ਮੇਰੀ ਮੰਗ ਦੇ ਪੱਧਰ ਨੂੰ ਹਾਸਲ ਕਿਉਂ ਨਹੀਂ ਕਰ ਸਕਦਾ? ਕੀ ਇਹ ਉਸ ਦੀ ਨੀਚ ਦੀਨਤਾ ਕਰਕੇ ਹੋ ਸਕਦਾ ਹੈ? ਕੀ ਇਹ ਮੇਰੇ ਵੱਲੋਂ ਉਸ ਨੂੰ ਉਚਿਆਉਣ ਕਰਕੇ ਹੋ ਸਕਦਾ ਹੈ? ਕੀ ਇਹ ਇਸ ਕਰਕੇ ਹੋ ਸਕਦਾ ਹੈ ਕਿ ਮੈਂ ਉਸ ਦੇ ਪ੍ਰਤੀ ਬਹੁਤ ਬੇਰਹਿਮ ਹਾਂ? ਮਨੁੱਖ ਹਮੇਸ਼ਾ ਮੇਰੀਆਂ ਮੰਗਾਂ ਤੋਂ ਡਰਦਾ ਕਿਉਂ ਹੈ? ਅੱਜ, ਰਾਜ ਵਿਚਲੀਆਂ ਭੀੜਾਂ ਵਿੱਚੋਂ, ਅਜਿਹਾ ਕਿਉਂ ਹੈ ਕਿ ਤੂੰ ਕੇਵਲ ਮੇਰੀ ਅਵਾਜ਼ ਨੂੰ ਸੁਣਦਾ ਹੈਂ ਪਰ ਮੇਰੇ ਚਿਹਰੇ ਨੂੰ ਨਹੀਂ ਵੇਖਣਾ ਚਾਹੁੰਦਾ? ਤੂੰ ਕੇਵਲ ਮੇਰੇ ਵਚਨਾਂ ਨੂੰ ਮੇਰੇ ਆਤਮਾ ਨਾਲ ਮਿਲਾਏ ਬਿਨਾਂ ਹੀ ਕਿਉਂ ਵੇਖਦਾ ਹੈਂ? ਤੂੰ ਮੈਨੂੰ ਉਤਾਂਹ ਸਵਰਗ ਵਿੱਚ ਅਤੇ ਹੇਠਾਂ ਧਰਤੀ ਉੱਤੇ ਇਸ ਤਰ੍ਹਾਂ ਅੱਡ ਕਿਉਂ ਕਰਦਾ ਹੈਂ? ਕੀ ਇਸ ਦਾ ਕਾਰਣ ਇਹ ਹੋ ਸਕਦਾ ਹੈ ਕਿ ਜਦੋਂ ਮੈਂ ਧਰਤੀ ’ਤੇ ਹਾਂ ਤਾਂ ਮੈਂ ਉਹ ਨਹੀਂ ਹਾਂ ਜੋ ਮੈਂ ਸਵਰਗ ਵਿੱਚ ਹਾਂ? ਕੀ ਇਸ ਦਾ ਕਾਰਣ ਇਹ ਹੋ ਸਕਦਾ ਹੈ ਕਿ ਜਦੋਂ ਮੈਂ ਸਵਰਗ ਵਿੱਚ ਹਾਂ ਤਾਂ ਮੈਂ ਧਰਤੀ ਉੱਤੇ ਨਹੀਂ ਆ ਸਕਦਾ? ਕੀ ਇਸ ਦਾ ਕਾਰਣ ਇਹ ਹੋ ਸਕਦਾ ਹੈ ਕਿ ਜਦੋਂ ਮੈਂ ਧਰਤੀ ਉੱਤੇ ਹਾਂ ਤਾਂ ਮੈਂ ਸਵਰਗ ਉੱਤੇ ਉਠਾਏ ਜਾਣ ਦੇ ਅਯੋਗ ਹਾਂ? ਇਹ ਤਾਂ ਇਸ ਤਰ੍ਹਾਂ ਹੈ ਕਿ ਜਦੋਂ ਮੈਂ ਧਰਤੀ ਉੱਤੇ ਹਾਂ ਤਾਂ ਮੈਂ ਇੱਕ ਤੁੱਛ ਜੀਵ ਹਾਂ, ਜਦ ਕਿ ਜਦੋਂ ਮੈਂ ਸਵਰਗ ਵਿੱਚ ਹਾਂ ਤਾਂ ਮੈਂ ਇੱਕ ਅੱਤ ਉੱਚਾ ਪ੍ਰਾਣੀ ਹਾਂ, ਅਤੇ ਜਿਵੇਂ ਕਿ ਸਵਰਗ ਅਤੇ ਧਰਤੀ ਦੇ ਵਿਚਕਾਰ ਇੱਕ ਪਾਰ ਨਾ ਕੀਤੀ ਜਾ ਸਕਣ ਵਾਲੀ ਖੱਡ ਹੋਵੇl ਤਾਂ ਵੀ, ਮਨੁੱਖੀ ਸੰਸਾਰ ਵਿੱਚ ਇੰਝ ਲੱਗਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦੇ ਮੁੱਢ ਬਾਰੇ ਕੁਝ ਵੀ ਪਤਾ ਨਹੀਂ ਹੈ, ਪਰ ਉਹ ਹਮੇਸ਼ਾ ਮੇਰੇ ਵਿਰੁੱਧ ਦੌੜ-ਭੱਜ ਕਰਦੇ ਆਏ ਹਨ, ਜਿਵੇਂ ਕਿ ਮੇਰੇ ਵਚਨਾਂ ਵਿੱਚ ਕੇਵਲ ਅਵਾਜ਼ ਹੈ ਅਤੇ ਕੋਈ ਅਰਥ ਨਹੀਂ ਹੈl ਸਾਰੀ ਮਨੁੱਖਜਾਤੀ ਮੇਰੇ ਵਚਨਾਂ ਲਈ ਕੋਸ਼ਿਸ਼ ਕਰਦੀ ਹੈ, ਮੇਰੀ ਬਾਹਰੀ ਦਿੱਖ ਦੀ ਆਪਣੇ ਤੌਰ ਤੇ ਜਾਂਚ-ਪੜਤਾਲ ਕਰਦੀ ਹੈ, ਪਰ ਉਨ੍ਹਾਂ ਸਾਰਿਆਂ ਨੂੰ ਕੇਵਲ ਨਾਕਾਮੀ ਮਿਲਦੀ ਹੈ, ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਕੋਈ ਫਲ ਨਹੀਂ ਮਿਲਦਾ, ਅਤੇ ਇਸ ਦੇ ਬਜਾਇ ਉਹ ਮੇਰੇ ਵਚਨਾਂ ਦੀ ਮਾਰ ਖਾਂਦੇ ਹਨ ਅਤੇ ਚੰਗਾ ਹੋਵੇਗਾ ਕਿ ਉਹ ਦੁਬਾਰਾ ਉੱਠਣ ਦੀ ਹਿੰਮਤ ਨਾ ਕਰਨ।

ਜਦੋਂ ਮੈਂ ਮਨੁੱਖਜਾਤੀ ਦੀ ਨਿਹਚਾ ਨੂੰ ਪਰਖਦਾ ਹਾਂ, ਤਾਂ ਇੱਕ ਵੀ ਮਨੁੱਖ ਦੀ ਗਵਾਹੀ ਸੱਚੀ ਨਹੀਂ ਨਿੱਕਲਦੀ, ਇੱਕ ਵੀ ਆਪਣਾ ਸਭ ਕੁਝ ਅਰਪਣ ਕਰਨ ਦੇ ਸਮਰੱਥ ਨਹੀਂ ਹੈ; ਇਸ ਦੀ ਬਜਾਇ, ਮਨੁੱਖ ਲੁਕੇ ਰਹਿਣਾ ਜਾਰੀ ਰੱਖਦਾ ਹੈ ਅਤੇ ਆਪਣੇ ਮਨ ਨੂੰ ਖੋਲ੍ਹਣ ਤੋਂ ਇਨਕਾਰ ਕਰਦਾ ਹੈ, ਜਿਵੇਂ ਕਿ ਮੈਂ ਉਸ ਦੇ ਮਨ ਨੂੰ ਮੋਹ ਲਵਾਂਗਾ। ਇੱਥੋਂ ਤਕ ਕਿ ਅੱਯੂਬ ਵੀ ਆਪਣੇ ਪਰਤਾਏ ਜਾਣ ਦੇ ਦੌਰਾਨ ਸੱਚਮੁੱਚ ਦ੍ਰਿੜ੍ਹ ਨਹੀਂ ਰਿਹਾ, ਨਾ ਹੀ ਉਸ ਨੇ ਆਪਣੇ ਦੁੱਖਾਂ ਦੇ ਦਰਮਿਆਨ ਮਿਠਾਸ ਨੂੰ ਪਰਗਟ ਕੀਤਾl ਸਭ ਲੋਕ ਬਸੰਤ ਰੁੱਤ ਦੇ ਨਿੱਘ ਵਿੱਚ ਹਰਿਆਲੀ ਦੀ ਮੱਧਮ ਜਿਹੀ ਝਲਕ ਪੈਦਾ ਕਰਦੇ ਹਨ; ਠੰਡ ਦੇ ਸਰਦ ਝੌਂਕਿਆਂ ਵਿੱਚ ਉਹ ਕਦੇ ਹਰੇ ਨਹੀਂ ਰਹਿੰਦੇl ਮਨੁੱਖ ਆਪਣੀ ਸੁੱਕੀ ਅਤੇ ਦੁਰਬਲ ਅਵਸਥਾ ਨਾਲ, ਮੇਰੇ ਇਰਾਦੇ ਨੂੰ ਪੂਰਾ ਨਹੀਂ ਕਰ ਸਕਦਾl ਸਾਰੀ ਮਨੁੱਖਜਾਤੀ ਵਿੱਚ, ਕੋਈ ਵੀ ਦੂਜਿਆਂ ਲਈ ਨਮੂਨੇ ਵਜੋਂ ਸੇਵਾ ਕਰਨ ਦੇ ਯੋਗ ਨਹੀਂ ਹੈ, ਕਿਉਂਕਿ ਦਰਅਸਲ ਸਾਰੇ ਮਨੁੱਖ ਇੱਕੋ ਜਿਹੇ ਹਨ ਅਤੇ ਇੱਕ ਦੂਜੇ ਤੋਂ ਜ਼ਰਾ ਵੀ ਭਿੰਨ ਨਹੀਂ ਹਨ ਅਤੇ ਉਨ੍ਹਾਂ ਵਿੱਚ ਇੱਕ ਦੂਜੇ ਤੋਂ ਕੁਝ ਵੀ ਵੱਖਰਾ ਨਹੀਂ ਹੈl ਇਸੇ ਕਾਰਣ, ਮਨੁੱਖ ਅੱਜ ਵੀ ਮੇਰੇ ਕੰਮਾਂ ਨੂੰ ਪੂਰੀ ਤਰ੍ਹਾਂ ਜਾਣਨ ਵਿੱਚ ਅਸਮਰਥ ਹਨl ਜਦੋਂ ਮੇਰੀ ਤਾੜਨਾ ਸਾਰੀ ਮਨੁੱਖਜਾਤੀ ਉੱਤੇ ਪਵੇਗੀ, ਕੇਵਲ ਉਦੋਂ ਹੀ ਉਹ ਬਿਨਾਂ ਜਾਣੇ ਮੇਰੇ ਕੰਮਾਂ ਤੋਂ ਜਾਣੂ ਹੋਣਗੇ ਅਤੇ ਬਿਨਾਂ ਮੇਰੇ ਕੁਝ ਕੀਤੇ ਜਾਂ ਬਿਨਾਂ ਕਿਸੇ ਨੂੰ ਮਜ਼ਬੂਰ ਕੀਤੇ, ਮਨੁੱਖ ਮੈਨੂੰ ਜਾਣ ਜਾਵੇਗਾ ਅਤੇ ਇਸ ਤਰ੍ਹਾਂ ਮੇਰੇ ਕੰਮਾਂ ਦਾ ਗਵਾਹ ਬਣੇਗਾl ਇਹੋ ਮੇਰੀ ਯੋਜਨਾ ਹੈ, ਇਹੋ ਮੇਰੇ ਕੰਮਾਂ ਦਾ ਉਹ ਪੱਖ ਹੈ ਜਿਹੜਾ ਪਰਗਟ ਕੀਤਾ ਜਾਂਦਾ ਹੈ, ਅਤੇ ਇਹੋ ਉਹ ਹੈ ਜੋ ਮਨੁੱਖ ਨੂੰ ਜਾਣਨਾ ਚਾਹੀਦਾ ਹੈl ਰਾਜ ਵਿੱਚ, ਸ੍ਰਿਸ਼ਟੀ ਦੀਆਂ ਅਣਗਿਣਤ ਚੀਜ਼ਾਂ ਸਜੀਵ ਹੋਣ ਲੱਗਦੀਆਂ ਹਨ ਅਤੇ ਆਪਣੀ ਜੀਵਨ-ਸ਼ਕਤੀ ਨੂੰ ਮੁੜ ਪ੍ਰਾਪਤ ਕਰਨ ਲੱਗਦੀਆਂ ਹਨl ਧਰਤੀ ਦੀ ਅਵਸਥਾ ਵਿੱਚ ਤਬਦੀਲੀਆਂ ਦੇ ਕਾਰਣ, ਇੱਕ ਤੋਂ ਦੂਜੇ ਦੇਸ਼ ਵਿਚਲੀਆਂ ਹੱਦਾਂ ਵੀ ਬਦਲਣ ਲੱਗਦੀਆਂ ਹਨl ਮੈਂ ਭਵਿੱਖਬਾਣੀ ਕੀਤੀ ਹੈ ਕਿ ਜਦੋਂ ਇੱਕ ਦੇਸ਼ ਦੂਜੇ ਦੇਸ਼ ਤੋਂ ਅਲੱਗ ਹੋਵੇਗਾ, ਅਤੇ ਇੱਕ ਦੇਸ਼ ਦੂਜੇ ਦੇਸ਼ ਨਾਲ ਮਿਲ ਜਾਵੇਗਾ, ਤਾਂ ਇਹੋ ਉਹ ਸਮਾਂ ਹੋਵੇਗਾ ਜਦੋਂ ਮੈਂ ਸਾਰੀਆਂ ਕੌਮਾਂ ਦੇ ਟੁਕੜੇ-ਟੁਕੜੇ ਕਰ ਦੇਵਾਂਗਾl ਇਸੇ ਸਮੇਂ, ਮੈਂ ਸਾਰੀ ਸ੍ਰਿਸ਼ਟੀ ਨੂੰ ਮੁੜ ਨਵਾਂ ਬਣਾਵਾਂਗਾ ਅਤੇ ਸਾਰੇ ਬ੍ਰਹਿਮੰਡ ਦੀ ਦੁਬਾਰਾ ਵੰਡ ਕਰਾਂਗਾ, ਅਤੇ ਇਸ ਤਰ੍ਹਾਂ ਬ੍ਰਹਿਮੰਡ ਨੂੰ ਵਿਵਸਥਿਤ ਕਰਾਂਗਾ ਅਤੇ ਪੁਰਾਣੇ ਨੂੰ ਨਵੇਂ ਵਿੱਚ ਤਬਦੀਲ ਕਰਾਂਗਾ—ਇਹੋ ਮੇਰੀ ਯੋਜਨਾ ਹੈ ਅਤੇ ਇਹੋ ਮੇਰੇ ਕੰਮ ਹਨl ਜਦੋਂ ਕੌਮਾਂ ਅਤੇ ਸੰਸਾਰ ਦੇ ਲੋਕ, ਸਭ ਮੇਰੇ ਸਿੰਘਾਸਣ ਦੇ ਸਾਹਮਣੇ ਵਾਪਸ ਆਉਣਗੇ, ਤਦ ਮੈਂ ਸਵਰਗ ਦੀ ਸਾਰੀ ਭਰਪੂਰੀ ਲੈ ਕੇ ਇਸ ਨੂੰ ਮਨੁੱਖੀ ਸੰਸਾਰ ਉੱਤੇ ਬਖਸ਼ਾਂਗਾ, ਤਾਂਕਿ, ਮੇਰੀ ਬਦੌਲਤ, ਸੰਸਾਰ ਬੇਮਿਸਾਲ ਭਰਪੂਰੀ ਨਾਲ ਲਬਰੇਜ਼ ਹੋਵੇਗਾl ਪਰ ਜਦੋਂ ਤਕ ਪੁਰਾਣਾ ਸੰਸਾਰ ਹੋਂਦ ਵਿੱਚ ਰਹੇਗਾ, ਮੈਂ ਆਪਣਾ ਕ੍ਰੋਧ ਇਸ ਦੀਆਂ ਕੌਮਾਂ ਉੱਤੇ ਵਰ੍ਹਾਉਂਦਾ ਰਹਾਂਗਾ, ਆਪਣੇ ਪ੍ਰਬੰਧਕੀ ਹੁਕਮਾਂ ਦੀ ਪੂਰੇ ਬ੍ਰਹਿਮੰਡ ਵਿੱਚ ਮੁਨਾਦੀ ਕਰਦਾ ਰਹਾਂਗਾ, ਅਤੇ ਜਿਹੜਾ ਵੀ ਇਨ੍ਹਾਂ ਦੀ ਉਲੰਘਣਾ ਕਰੇਗਾ ਉਸ ਉੱਤੇ ਤਾੜਨਾ ਭੇਜਦਾ ਰਹਾਂਗਾ:

ਜਦੋਂ ਮੈਂ ਬੋਲਣ ਲਈ ਆਪਣਾ ਚਿਹਰਾ ਬ੍ਰਹਿਮੰਡ ਵੱਲ ਮੋੜਦਾ ਹਾਂ ਤਾਂ ਸਾਰੀ ਮਨੁੱਖਜਾਤੀ ਮੇਰੀ ਆਵਾਜ਼ ਸੁਣਦੀ ਹੈ, ਅਤੇ ਇਸ ਤੋਂ ਬਾਅਦ ਉਨ੍ਹਾਂ ਸਾਰੇ ਕੰਮਾਂ ਨੂੰ ਵੇਖਦੀ ਹੈ ਜਿਹੜੇ ਮੈਂ ਪੂਰੇ ਬ੍ਰਹਿਮੰਡ ਵਿੱਚ ਘੜੇ ਹਨl ਜਿਹੜੇ ਆਪਣੇ ਆਪ ਨੂੰ ਮੇਰੀ ਇੱਛਾ ਦੇ ਵਿਰੁੱਧ ਖੜ੍ਹਾ ਕਰਦੇ ਹਨ, ਅਰਥਾਤ, ਜਿਹੜੇ ਮਨੁੱਖ ਦੇ ਕਾਰਜਾਂ ਨਾਲ ਮੇਰਾ ਵਿਰੋਧ ਕਰਦੇ ਹਨ, ਉਹ ਮੇਰੀ ਤਾੜਨਾ ਹੇਠ ਆਉਣਗੇl ਮੈਂ ਅਕਾਸ਼ਾਂ ਦੇ ਅਣਗਿਣਤ ਤਾਰਿਆਂ ਨੂੰ ਲੈ ਕੇ ਉਨ੍ਹਾਂ ਨੂੰ ਨਵਾਂ ਕਰਾਂਗਾ ਅਤੇ, ਮੇਰੀ ਬਦੌਲਤ, ਸੂਰਜ ਅਤੇ ਚੰਦਰਮਾ ਮੁੜ ਨਵੇਂ ਬਣਾਏ ਜਾਣਗੇ—ਆਕਾਸ਼ ਹੁਣ ਪਹਿਲਾਂ ਵਰਗੇ ਨਹੀਂ ਰਹਿਣਗੇ ਅਤੇ ਧਰਤੀ ਉਤਲੀਆਂ ਅਣਗਿਣਤ ਚੀਜ਼ਾਂ ਮੁੜ ਨਵੀਆਂ ਬਣਾਈਆਂ ਜਾਣਗੀਆਂl ਸਭ ਲੋਕ ਮੇਰੇ ਵਚਨਾਂ ਦੁਆਰਾ ਸੰਪੂਰਣ ਹੋ ਜਾਣਗੇl ਬ੍ਰਹਿਮੰਡ ਵਿਚਲੀਆਂ ਬਹੁਤ ਸਾਰੀਆਂ ਕੌਮਾਂ ਨਵੇਂ ਸਿਰਿਓਂ ਵੰਡੀਆਂ ਜਾਣਗੀਆਂ ਅਤੇ ਮੇਰੇ ਰਾਜ ਦੇ ਦੁਆਰਾ ਬਦਲੀਆਂ ਜਾਣਗੀਆਂ, ਜਿਸ ਨਾਲ ਧਰਤੀ ਉਤਲੀਆਂ ਕੌਮਾਂ ਸਦਾ ਲਈ ਅਲੋਪ ਹੋ ਜਾਣਗੀਆਂ ਅਤੇ ਸਭ ਮੇਰੀ ਉਪਾਸਨਾ ਕਰਨ ਵਾਲਾ ਰਾਜ ਬਣ ਜਾਣਗੀਆਂ; ਧਰਤੀ ਦੀਆਂ ਸਾਰੀਆਂ ਕੌਮਾਂ ਨਾਸ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਹੋਂਦ ਨਾ ਰਹੇਗੀl ਬ੍ਰਹਿਮੰਡ ਵਿੱਚ ਰਹਿਣ ਵਾਲੇ ਮਨੁੱਖਾਂ ਵਿੱਚੋਂ ਉਹ ਸਭ ਜਿਹੜੇ ਸ਼ਤਾਨ ਨਾਲ ਸੰਬੰਧਤ ਹਨ, ਮਿਟਾਏ ਜਾਣਗੇ ਅਤੇ ਉਹ ਸਭ ਜਿਹੜੇ ਸ਼ਤਾਨ ਦੀ ਉਪਾਸਨਾ ਕਰਦੇ ਹਨ ਮੇਰੀ ਬਲਦੀ ਹੋਈ ਅੱਗ ਦੇ ਦੁਆਰਾ ਪਛਾੜੇ ਜਾਣਗੇ—ਅਰਥਾਤ, ਉਨ੍ਹਾਂ ਤੋਂ ਇਲਾਵਾ ਜਿਹੜੇ ਇਸ ਸਮੇਂ ਵਰਗ ਵਿੱਚ ਹਨ, ਸਭ ਸਾੜ ਕੇ ਸੁਆਹ ਕੀਤੇ ਜਾਣਗੇl ਜਦੋਂ ਮੈਂ ਬਹੁਤ ਸਾਰੇ ਲੋਕਾਂ ਨੂੰ ਤਾੜਨਾ ਦਿੰਦਾ ਹਾਂ, ਤਾਂ ਉਹ ਜਿਹੜੇ ਧਾਰਮਿਕ ਸੰਸਾਰ ਵਿੱਚ ਹਨ ਮੇਰੇ ਕੰਮਾਂ ਦੁਆਰਾ ਜਿੱਤੇ ਜਾ ਕੇ, ਵੱਖ-ਵੱਖ ਹੱਦਾਂ ਤਕ ਮੇਰੇ ਰਾਜ ਵਿੱਚ ਮੁੜ ਆਉਣਗੇ, ਕਿਉਂਕਿ ਉਹ ਪਵਿੱਤਰ ਪੁਰਖ ਨੂੰ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਆਉਂਦਿਆਂ ਵੇਖ ਚੁੱਕੇ ਹੋਣਗੇl ਸਭ ਲੋਕ ਉਨ੍ਹਾਂ ਦੀ ਕਿਸਮ ਦੇ ਅਨੁਸਾਰ ਵੱਖ ਕੀਤੇ ਜਾਣਗੇ, ਅਤੇ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਢੁਕਵੀਂ ਤਾੜਨਾ ਪ੍ਰਾਪਤ ਕਰਨਗੇl ਉਹ ਸਭ ਜਿਹੜੇ ਮੇਰੇ ਵਿਰੁੱਧ ਖੜ੍ਹੇ ਹੋਏ ਹਨ, ਨਾਸ ਹੋਣਗੇ; ਜਿੱਥੋਂ ਤਕ ਉਨ੍ਹਾਂ ਦੀ ਗੱਲ ਹੈ ਜਿਨ੍ਹਾਂ ਦੇ ਧਰਤੀ ਉਤਲੇ ਕੰਮਾਂ ਵਿੱਚ ਮੈਂ ਸ਼ਾਮਲ ਨਹੀਂ ਹਾਂ, ਉਨ੍ਹਾਂ ਜਿਸ ਸੁਚੱਜੇ ਢੰਗ ਨਾਲ ਵਿਹਾਰ ਕੀਤਾ ਹੈ, ਉਸ ਦੇ ਕਾਰਣ ਉਨ੍ਹਾਂ ਦੀ ਹੋਂਦ ਮੇਰੇ ਪੁੱਤਰਾਂ ਅਤੇ ਮੇਰੇ ਲੋਕਾਂ ਦੇ ਸੰਚਾਲਨ ਦੇ ਅਧੀਨ ਧਰਤੀ ਉੱਤੇ ਬਣੀ ਰਹੇਗੀl ਮੈਂ ਅਣਗਿਣਤ ਲੋਕਾਂ ਅਤੇ ਅਣਗਿਣਤ ਕੌਮਾਂ ਉੱਤੇ ਆਪਣੇ ਆਪ ਨੂੰ ਪਰਗਟ ਕਰਾਂਗਾ, ਅਤੇ ਮੈਂ ਆਪਣੀ ਖੁਦ ਦੀ ਅਵਾਜ਼ ਵਿੱਚ ਧਰਤੀ ਉੱਤੇ ਆਪਣੀ ਮੁਨਾਦੀ ਕਰਦੇ ਹੋਏ ਸਾਰੀ ਮਨੁੱਖਜਾਤੀ ਲਈ ਆਪਣੇ ਮਹਾਨ ਕੰਮ ਦੇ ਪੂਰਾ ਹੋਣ ਦੀ ਘੋਸ਼ਣਾ ਕਰਾਂਗਾ ਤਾਂ ਕਿ ਉਹ ਆਪਣੀਆਂ ਅੱਖਾਂ ਨਾਲ ਇਸ ਨੂੰ ਵੇਖਣl

ਮੇਰੀ ਅਵਾਜ਼ ਦੇ ਗਹਿਰਾਉਂਦਿਆਂ, ਮੈਂ ਬ੍ਰਹਿਮੰਡ ਦੀ ਸਥਿਤੀ ’ਤੇ ਵੀ ਗੌਰ ਕਰਦਾ ਹਾਂl ਮੇਰੇ ਵਚਨਾਂ ਦੇ ਦੁਆਰਾ, ਸ੍ਰਿਸ਼ਟੀ ਦੀਆਂ ਅਣਗਿਣਤ ਚੀਜ਼ਾਂ ਸਭ ਨਵੀਆਂ ਬਣਾਈਆਂ ਜਾਂਦੀਆਂ ਹਨl ਅਕਾਸ਼ ਬਦਲਦਾ ਹੈ, ਜਿਵੇਂ ਧਰਤੀ ਬਦਲਦੀ ਹੈl ਮਨੁੱਖਜਾਤੀ ਦਾ ਅਸਲ ਰੂਪ ਉਜਾਗਰ ਕੀਤਾ ਜਾਂਦਾ ਹੈ ਅਤੇ, ਹੌਲੀ-ਹੌਲੀ, ਹਰੇਕ ਵਿਅਕਤੀ ਨੂੰ ਉਸ ਦੀ ਕਿਸਮ ਦੇ ਅਨੁਸਾਰ ਅਲੱਗ ਕੀਤਾ ਜਾਂਦਾ ਹੈ, ਅਤੇ ਹਰੇਕ ਨੂੰ ਅਚਾਨਕ ਹੀ ਆਪਣੇ ਪਰਿਵਾਰਾਂ ਦੀ ਬੁੱਕਲ ਵਿੱਚ ਵਾਪਸ ਜਾਣ ਦਾ ਰਾਹ ਲੱਭ ਜਾਂਦਾ ਹੈ। ਇਸ ਤੋਂ ਮੈਨੂੰ ਬਹੁਤ ਪ੍ਰਸੰਨਤਾ ਹੋਵੇਗੀl ਮੈਂ ਖਲਲ ਤੋਂ ਮੁਕਤ ਹਾਂ, ਮੇਰਾ ਮਹਾਨ ਕੰਮ ਅਪ੍ਰਤੱਖ ਰੂਪ ਵਿੱਚ ਪੂਰਾ ਹੋ ਗਿਆ ਹੈ, ਅਤੇ ਸ੍ਰਿਸ਼ਟੀ ਦੀਆਂ ਸਭ ਅਣਗਿਣਤ ਚੀਜ਼ਾਂ ਬਦਲ ਗਈਆਂ ਹਨl ਜਦੋਂ ਮੈਂ ਸੰਸਾਰ ਨੂੰ ਰਚਿਆ, ਮੈਂ ਸਭ ਚੀਜ਼ਾਂ ਨੂੰ ਉਨ੍ਹਾਂ ਦੀ ਕਿਸਮ ਦੇ ਅਨੁਸਾਰ ਬਣਾ ਕੇ ਰੂਪ ਵਾਲੀਆਂ ਸਭ ਚੀਜ਼ਾਂ ਨੂੰ ਉਨ੍ਹਾਂ ਦੀ ਕਿਸਮ ਵਾਲੀਆਂ ਚੀਜ਼ਾਂ ਨਾਲ ਇਕੱਠਾ ਰੱਖਿਆl ਜਿਵੇਂ-ਜਿਵੇਂ ਮੇਰੀ ਪ੍ਰਬੰਧਨ ਦੀ ਯੋਜਨਾ ਦਾ ਅੰਤ ਨੇੜੇ ਆਏਗਾ, ਮੈਂ ਸ੍ਰਿਸ਼ਟੀ ਨੂੰ ਪਹਿਲਾਂ ਵਾਲੀ ਅਵਸਥਾ ਵਿੱਚ ਲੈ ਆਵਾਂਗਾ; ਮੈਂ ਸਭ ਕੁਝ ਗਹਿਰਾਈ ਨਾਲ ਬਦਲਦੇ ਹੋਏ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਵਰਗੀਆਂ ਬਣਾ ਦੇਵਾਂਗਾ, ਤਾਂ ਕਿ ਸਭ ਕੁਝ ਮੇਰੀ ਯੋਜਨਾ ਦੀ ਬੁੱਕਲ ਵਿੱਚ ਵਾਪਸ ਆ ਜਾਵੇ। ਸਮਾਂ ਆ ਗਿਆ ਹੈ! ਮੇਰੀ ਯੋਜਨਾ ਦਾ ਆਖਰੀ ਪੜਾਅ ਪੂਰਾ ਹੋਣ ਵਾਲਾ ਹੈl ਆਹ, ਪੁਰਾਣਾ ਅਸ਼ੁੱਧ ਸੰਸਾਰ! ਤੂੰ ਜ਼ਰੂਰ ਮੇਰੇ ਵਚਨਾਂ ਦੇ ਹੇਠ ਡਿੱਗੇਂਗਾ! ਮੇਰੀ ਯੋਜਨਾ ਦੇ ਦੁਆਰਾ ਤੇਰੀ ਹੋਂਦ ਜ਼ਰੂਰ ਨਾਂਹ ਬਰਾਬਰ ਰਹਿ ਜਾਵੇਗੀ! ਆਹ, ਸ੍ਰਿਸ਼ਟੀ ਦੀਆਂ ਅਣਗਿਣਤ ਚੀਜ਼ਾਂ! ਤੁਸੀਂ ਸਭ ਮੇਰੇ ਵਚਨਾਂ ਦੇ ਅੰਦਰ ਨਵਾਂ ਜੀਵਨ ਪ੍ਰਾਪਤ ਕਰੋਗੀਆਂ—ਤੁਹਾਨੂੰ ਤੁਹਾਡਾ ਸਰਬਉੱਚ ਪ੍ਰਭੂ ਮਿਲ ਜਾਵੇਗਾ! ਆਹ, ਖਾਲਸ ਅਤੇ ਬੇਦਾਗ ਨਵਾਂ ਸੰਸਾਰ! ਤੂੰ ਮੇਰੀ ਮਹਿਮਾ ਦੇ ਅੰਦਰ ਜ਼ਰੂਰ ਮੁੜ ਸੁਰਜੀਤ ਹੋਵੇਂਗਾ! ਆਹ, ਸੀਯੋਨ ਦੇ ਪਹਾੜ! ਹੁਣ ਤੋਂ ਚੁੱਪ ਨਾ ਰਹਿ—ਮੈਂ ਜੇਤੂ ਹੋ ਕੇ ਮੁੜ ਆਇਆ ਹਾਂ! ਸ੍ਰਿਸ਼ਟੀ ਦੇ ਵਿੱਚੋਂ, ਮੈਂ ਸਾਰੀ ਧਰਤੀ ਦੀ ਪੜਤਾਲ ਕਰਦਾ ਹਾਂl ਧਰਤੀ ਉੱਤੇ, ਮਨੁੱਖਜਾਤੀ ਨੇ ਇੱਕ ਨਵਾਂ ਜੀਵਨ ਸ਼ੁਰੂ ਕਰ ਦਿੱਤਾ ਹੈ ਅਤੇ ਇੱਕ ਨਵੀਂ ਉਮੀਦ ਜਿੱਤ ਲਈ ਹੈl ਆਹ, ਮੇਰੇ ਲੋਕੋ! ਤੁਸੀਂ ਮੇਰੇ ਚਾਨਣ ਦੇ ਅੰਦਰ ਕਿਵੇਂ ਵਾਪਸ ਜੀਉਂਦੇ ਨਹੀਂ ਹੋ ਸਕਦੇ? ਮੇਰੀ ਰਾਹਨੁਮਾਈ ਦੇ ਅਧੀਨ ਤੁਸੀਂ ਕਿਵੇਂ ਖੁਸ਼ੀ ਨਾਲ ਉੱਛਲ ਨਹੀਂ ਸਕਦੇ? ਦੇਸ਼ ਜਸ਼ਨ ਮਨਾਉਂਦੇ ਹੋਏ ਜੈ ਜੈਕਾਰ ਕਰ ਰਹੇ ਹਨ, ਪਾਣੀ ਖੁਸ਼ੀ ਵਿੱਚ ਹਾਸੇ ਨਾਲ ਠਾਠਾਂ ਮਾਰ ਰਹੇ ਹਨ! ਆਹ, ਮੁੜ ਜੀ ਉੱਠੇ ਇਸਰਾਏਲ! ਇਹ ਕਿਵੇਂ ਹੋ ਸਕਦਾ ਹੈ ਕਿ ਤੂੰ ਮੇਰੇ ਪੂਰਵ-ਨਿਰਧਾਰਣ ਦੇ ਕਾਰਣ ਅਭਿਮਾਨ ਨਾ ਕਰੇਂ? ਕੌਣ ਰੋਇਆ ਹੈ? ਕਿਸ ਨੇ ਵਿਰਲਾਪ ਕੀਤਾ ਹੈ? ਪੁਰਾਣਾ ਇਸਰਾਏਲ ਖਤਮ ਹੋ ਗਿਆ ਹੈ, ਅਤੇ ਅੱਜ ਦਾ ਇਸਰਾਏਲ ਉੱਠ ਖੜ੍ਹਾ ਹੋਇਆ ਹੈ, ਸੰਸਾਰ ਵਿੱਚ ਬਿਲਕੁਲ ਸਿੱਧਾ ਅਤੇ ਬੁਲੰਦ, ਅਤੇ ਸਾਰੀ ਮਨੁੱਖਜਾਤੀ ਦੇ ਦਿਲਾਂ ਵਿੱਚ ਖੜ੍ਹਾ ਹੋ ਗਿਆ ਹੈl ਅੱਜ ਦਾ ਇਸਰਾਏਲ ਮੇਰੇ ਲੋਕਾਂ ਦੇ ਦੁਆਰਾ ਹੋਂਦ ਦੇ ਸ੍ਰੋਤ ਨੂੰ ਜ਼ਰੂਰ ਪ੍ਰਾਪਤ ਕਰੇਗਾ! ਆਹ, ਘਿਰਣਾ ਨਾਲ ਭਰਿਆ ਮਿਸਰ! ਯਕੀਨਨ ਤੂੰ ਹਾਲੇ ਵੀ ਮੇਰੇ ਵਿਰੁੱਧ ਨਹੀਂ ਖੜ੍ਹਾ ਹੈਂ? ਤੂੰ ਕਿਵੇਂ ਮੇਰੀ ਦਯਾ ਦਾ ਫਾਇਦਾ ਉਠਾ ਸਕਦਾ ਹੈਂ ਅਤੇ ਮੇਰੀ ਤਾੜਨਾ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦਾ ਹੈਂ? ਤੂੰ ਮੇਰੀ ਤਾੜਨਾ ਦੇ ਅੰਦਰ ਕਿਵੇਂ ਕਾਇਮ ਨਹੀਂ ਰਹਿ ਸਕਦਾ? ਉਹ ਸਭ ਜਿਹੜੇ ਪ੍ਰੇਮ ਕਰਦੇ ਹਨ ਜ਼ਰੂਰ ਸਦਾਕਾਲ ਤਕ ਜੀਉਂਦੇ ਰਹਿਣਗੇ, ਅਤੇ ਉਹ ਸਭ ਜਿਹੜੇ ਮੇਰੇ ਵਿਰੁੱਧ ਖੜ੍ਹੇ ਹੁੰਦੇ ਹਨ ਜ਼ਰੂਰ ਸਦਾਕਾਲ ਤਕ ਮੇਰੇ ਦੁਆਰਾ ਤਾੜਨਾ ਪਾਉਣਗੇ। ਕਿਉਂਕਿ ਮੈਂ ਅਣਖ ਵਾਲਾ ਪਰਮੇਸ਼ੁਰ ਹਾਂ ਅਤੇ ਮਨੁੱਖਾਂ ਨੂੰ ਉਸ ਸਭ ਦੇ ਲਈ ਜੋ ਉਨ੍ਹਾਂ ਨੇ ਕੀਤਾ ਹੈ ਅਸਾਨੀ ਨਾਲ ਨਹੀਂ ਛੱਡਾਂਗਾ। ਮੈਂ ਸਾਰੀ ਧਰਤੀ ਉੱਤੇ ਪਹਿਰਾ ਦਿਆਂਗਾ ਅਤੇ ਮੈਂ ਆਪਣੇ ਆਪ ਨੂੰ ਦੁਨੀਆਂ ਦੇ ਪੂਰਬ ਵਿੱਚ ਧਾਰਮਿਕਤਾ, ਪ੍ਰਤਾਪ, ਕ੍ਰੋਧ ਅਤੇ ਤਾੜਨਾ ਦੇ ਨਾਲ ਪਰਗਟ ਕਰਦਾ ਹੋਇਆ ਮਨੁੱਖਜਾਤੀ ਦੀਆਂ ਅਣਗਿਣਤ ਭੀੜਾਂ ਉੱਤੇ ਉਜਾਗਰ ਕਰਾਂਗਾ!

29 ਮਾਰਚ, 1992

ਪਿਛਲਾ: ਹੇ ਲੋਕੋ, ਅਨੰਦ ਮਾਣੋ!

ਅਗਲਾ: ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 29

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ