ਪਰਮੇਸ਼ੁਰ ਦਾ ਕੰਮ ਅਤੇ ਮਨੁੱਖ ਦਾ ਕੰਮ

ਮਨੁੱਖ ਦੇ ਕੰਮ ਵਿੱਚ ਪਵਿੱਤਰ ਆਤਮਾ ਦਾ ਕਿੰਨਾ ਕੰਮ ਹੈ ਅਤੇ ਕਿੰਨਾ ਮਨੁੱਖ ਦਾ ਅਨੁਭਵ ਹੈ? ਇਹ ਕਿਹਾ ਜਾ ਸਕਦਾ ਹੈ ਕਿ ਲੋਕ ਅਜੇ ਵੀ ਇਨ੍ਹਾਂ ਸਵਾਲਾਂ ਨੂੰ ਨਹੀਂ ਸਮਝਦੇ, ਅਤੇ ਉਸ ਦਾ ਕਾਰਣ ਇਹ ਹੈ ਕਿ ਉਹ ਪਵਿੱਤਰ ਆਤਮਾ ਦੇ ਕੰਮ ਦੇ ਅਸੂਲਾਂ ਨੂੰ ਨਹੀਂ ਸਮਝਦੇ। ਜਦੋਂ ਮੈਂ ਕਹਿੰਦਾ ਹਾਂ “ਮਨੁੱਖ ਦਾ ਕੰਮ,” ਮੈਂ, ਬੇਸ਼ੱਕ, ਉਨ੍ਹਾਂ ਲੋਕਾਂ ਦੇ ਕੰਮ ਦਾ ਜ਼ਿਕਰ ਕਰ ਰਿਹਾ ਹੁੰਦਾ ਹਾਂ, ਜਿਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਹੈ ਜਾਂ ਜਿਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ। ਮੈਂ ਉਸ ਕੰਮ ਦਾ ਜ਼ਿਕਰ ਨਹੀਂ ਕਰ ਰਿਹਾ ਜੋ ਮਨੁੱਖ ਦੀ ਇੱਛਾ ਨਾਲ ਪੈਦਾ ਹੁੰਦਾ ਹੈ, ਸਗੋਂ ਰਸੂਲਾਂ, ਕਾਰਜਕਰਤਾਵਾਂ, ਜਾਂ ਸਧਾਰਣ ਭਰਾਵਾਂ ਅਤੇ ਭੈਣਾਂ ਦੇ ਕੰਮ ਦਾ ਜ਼ਿਕਰ ਕਰ ਰਿਹਾ ਹਾਂ ਜੋ ਪਵਿੱਤਰ ਆਤਮਾ ਦੇ ਕੰਮ ਦੇ ਦਾਇਰੇ ਅੰਦਰ ਆਉਂਦਾ ਹੈ। ਇੱਥੇ, “ਮਨੁੱਖ ਦਾ ਕੰਮ” ਦੇਹਧਾਰੀ ਪਰਮੇਸ਼ੁਰ ਦੇ ਕੰਮ ਵੱਲ ਸੰਕੇਤ ਨਹੀਂ ਕਰਦਾ, ਸਗੋਂ ਪਵਿੱਤਰ ਆਤਮਾ ਦੁਆਰਾ ਲੋਕਾਂ ’ਤੇ ਕੀਤੇ ਜਾਂਦੇ ਕੰਮ ਦੇ ਦਾਇਰੇ ਅਤੇ ਅਸੂਲਾਂ ਵੱਲ ਸੰਕੇਤ ਕਰਦਾ ਹੈ। ਜਦ ਕਿ ਇਹ ਅਸੂਲ ਪਵਿੱਤਰ ਆਤਮਾ ਦੇ ਕੰਮ ਦੇ ਅਸੂਲ ਅਤੇ ਦਾਇਰਾ ਹਨ, ਫਿਰ ਵੀ ਉਹ ਦੇਹਧਾਰੀ ਪਰਮੇਸ਼ੁਰ ਦੇ ਕੰਮ ਦੇ ਅਸੂਲਾਂ ਅਤੇ ਦਾਇਰੇ ਵਰਗੇ ਨਹੀਂ ਹਨ। ਮਨੁੱਖ ਦੇ ਕੰਮ ਵਿੱਚ ਮਨੁੱਖ ਦਾ ਸਾਰ ਅਤੇ ਅਸੂਲ ਹੁੰਦੇ ਹਨ, ਅਤੇ ਪਰਮੇਸ਼ੁਰ ਦੇ ਕੰਮ ਵਿੱਚ ਪਰਮੇਸ਼ੁਰ ਦਾ ਸਾਰ ਅਤੇ ਅਸੂਲ ਹੁੰਦੇ ਹਨ।

ਪਵਿੱਤਰ ਆਤਮਾ ਦੇ ਪੱਧਰ ਵਿੱਚ ਕੰਮ, ਭਾਵੇਂ ਇਹ ਪਰਮੇਸ਼ੁਰ ਦਾ ਆਪਣਾ ਕੰਮ ਹੋਏ, ਜਾਂ ਇਸਤੇਮਾਲ ਕੀਤੇ ਜਾ ਰਹੇ ਲੋਕਾਂ ਦਾ ਕੰਮ, ਪਵਿੱਤਰ ਆਤਮਾ ਦਾ ਕੰਮ ਹੈ। ਖੁਦ ਪਰਮੇਸ਼ੁਰ ਦਾ ਸਾਰ ਆਤਮਾ ਹੈ, ਜਿਸ ਨੂੰ ਪਵਿੱਤਰ ਆਤਮਾ ਜਾਂ ਸੱਤ ਗੁਣਾ ਤੇਜ਼ ਆਤਮਾ ਕਿਹਾ ਜਾ ਸਕਦਾ ਹੈ। ਕੁੱਲ ਮਿਲਾ ਕੇ, ਉਹ ਪਰਮੇਸ਼ੁਰ ਦਾ ਆਤਮਾ ਹਨ, ਹਾਲਾਂਕਿ ਵੱਖ-ਵੱਖ ਯੁਗਾਂ ਵਿੱਚ ਪਰਮੇਸ਼ੁਰ ਦੇ ਆਤਮਾ ਨੂੰ ਵੱਖ-ਵੱਖ ਨਾਂਵਾਂ ਨਾਲ ਸੱਦਿਆ ਜਾਂਦਾ ਹੈ। ਪਰ ਉਨ੍ਹਾਂ ਦਾ ਸਾਰ ਤਾਂ ਵੀ ਇੱਕ ਹੀ ਹੈ। ਇਸ ਲਈ, ਖੁਦ ਪਰਮੇਸ਼ੁਰ ਦਾ ਕੰਮ ਹੀ ਪਵਿੱਤਰ ਆਤਮਾ ਦਾ ਕੰਮ ਹੈ, ਜਦ ਕਿ ਦੇਹਧਾਰੀ ਪਰਮੇਸ਼ੁਰ ਦਾ ਕੰਮ ਵੀ ਕੰਮ ਵਿੱਚ ਰੁੱਝੇ ਪਵਿੱਤਰ ਆਤਮਾ ਨਾਲੋਂ ਘੱਟ ਨਹੀਂ ਹੈ। ਇਸਤੇਮਾਲ ਕੀਤੇ ਜਾਂਦੇ ਲੋਕਾਂ ਦਾ ਕੰਮ ਵੀ ਪਵਿੱਤਰ ਆਤਮਾ ਦਾ ਕੰਮ ਹੈ। ਫਿਰ ਵੀ ਪਰਮੇਸ਼ੁਰ ਦਾ ਕੰਮ ਪਵਿੱਤਰ ਆਤਮਾ ਦਾ ਸੰਪੂਰਣ ਪ੍ਰਗਟਾਵਾ ਹੈ, ਜੋ ਕਿ ਪੂਰੀ ਤਰ੍ਹਾਂ ਸੱਚ ਹੈ, ਜਦ ਕਿ ਇਸਤੇਮਾਲ ਕੀਤੇ ਜਾ ਰਹੇ ਲੋਕਾਂ ਦਾ ਕੰਮ ਕਈ ਮਨੁੱਖੀ ਚੀਜ਼ਾਂ ਨਾਲ ਰਲਿਆ ਹੁੰਦਾ ਹੈ, ਅਤੇ ਉਹ ਪਵਿੱਤਰ ਆਤਮਾ ਦਾ ਪ੍ਰਤੱਖ ਪ੍ਰਗਟਾਵਾ ਨਹੀਂ ਹੁੰਦਾ, ਉਸ ਦਾ ਸੰਪੂਰਣ ਪ੍ਰਗਟਾਵਾ ਹੋਣਾ ਤਾਂ ਦੂਰ ਦੀ ਗੱਲ ਰਹੀ। ਪਵਿੱਤਰ ਆਤਮਾ ਦਾ ਕੰਮ ਤਰ੍ਹਾਂ ਤਰ੍ਹਾਂ ਦਾ ਹੁੰਦਾ ਹੈ ਅਤੇ ਇਹ ਕਿਸੇ ਹਾਲਾਤ ਦੁਆਰਾ ਸੀਮਿਤ ਨਹੀਂ ਹੁੰਦਾ ਹੈ। ਪਵਿੱਤਰ ਆਤਮਾ ਦਾ ਕੰਮ ਭਿੰਨ-ਭਿੰਨ ਲੋਕਾਂ ਵਿੱਚ ਬਦਲਦਾ ਹੈ; ਇਹ ਵੱਖ-ਵੱਖ ਸਾਰਾਂ ਨੂੰ ਪਰਗਟ ਕਰਦਾ ਹੈ, ਅਤੇ ਇਹ ਯੁਗ, ਅਤੇ ਦੇਸ਼ ਦੇ ਹਿਸਾਬ ਨਾਲ ਵੀ ਵੱਖਰਾ ਹੁੰਦਾ ਹੈ। ਬੇਸ਼ੱਕ, ਹਾਲਾਂਕਿ ਪਵਿੱਤਰ ਆਤਮਾ ਕਈ ਅਲੱਗ ਤਰੀਕਿਆਂ ਅਤੇ ਕਈ ਅਸੂਲਾਂ ਅਨੁਸਾਰ ਕੰਮ ਕਰਦਾ ਹੈ, ਫਿਰ ਵੀ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੰਮ ਕਿਵੇਂ ਕੀਤਾ ਜਾਂਦਾ ਹੈ ਜਾਂ ਕਿਸ ਕਿਸਮ ਦੇ ਲੋਕਾਂ ’ਤੇ ਕੀਤਾ ਜਾਂਦਾ ਹੈ, ਇਸ ਦਾ ਸਾਰ ਹਮੇਸ਼ਾਂ ਵੱਖਰਾ ਹੁੰਦਾ ਹੈ; ਵੱਖੋ-ਵੱਖਰੇ ਲੋਕਾਂ ’ਤੇ ਕੀਤੇ ਸਾਰੇ ਕੰਮ ਦੇ ਆਪਣੇ ਅਸੂਲ ਹੁੰਦੇ ਹਨ ਅਤੇ ਇਹ ਸਾਰੇ ਇਸ ਦੇ ਉਦੇਸ਼ਾਂ ਦੇ ਸਾਰ ਦੀ ਨੁਮਾਇੰਦਗੀ ਕਰ ਸਕਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਪਵਿੱਤਰ ਆਤਮਾ ਦਾ ਕੰਮ ਦਾਇਰੇ ਵਿੱਚ ਕਾਫ਼ੀ ਵਿਸ਼ੇਸ਼ ਅਤੇ ਕਾਫ਼ੀ ਮਿਣਿਆ-ਤੋਲਿਆ ਹੁੰਦਾ ਹੈ। ਦੇਹਧਾਰੀ ਪਰਮੇਸ਼ੁਰ ਵਿੱਚ ਕੀਤਾ ਗਿਆ ਕੰਮ ਲੋਕਾਂ ’ਤੇ ਕੀਤੇ ਜਾਂਦੇ ਕੰਮ ਵਰਗਾ ਨਹੀਂ ਹੈ, ਅਤੇ ਕੰਮ ਇਸ ਅਧਾਰ ’ਤੇ ਵੀ ਵੱਖਰਾ ਹੁੰਦਾ ਹੈ, ਕਿ ਜਿਸ ਉੱਪਰ ਇਹ ਕੀਤਾ ਜਾਂਦਾ ਹੈ ਉਸ ਵਿਅਕਤੀ ਦੀ ਯੋਗਤਾ ਕਿਹੋ ਜਿਹੀ ਹੈ। ਦੇਹਧਾਰੀ ਪਰਮੇਸ਼ੁਰ ਵਿੱਚ ਕੀਤਾ ਗਿਆ ਕੰਮ ਲੋਕਾਂ ’ਤੇ ਨਹੀਂ ਕੀਤਾ ਜਾਂਦਾ ਹੈ, ਅਤੇ ਇਹ ਲੋਕਾਂ ’ਤੇ ਕੀਤੇ ਜਾਂਦੇ ਕੰਮ ਵਰਗਾ ਨਹੀਂ ਹੈ। ਸੰਖੇਪ ਵਿੱਚ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਕਿਵੇਂ ਕੀਤਾ ਜਾਂਦਾ ਹੈ, ਵੱਖ-ਵੱਖ ਵਸਤਾਂ ’ਤੇ ਕੀਤਾ ਗਿਆ ਕੰਮ ਕਦੇ ਇੱਕੋ ਜਿਹਾ ਨਹੀਂ ਹੁੰਦਾ, ਅਤੇ ਉਹ ਜਿਨ੍ਹਾਂ ਅਸੂਲਾਂ ਦੁਆਰਾ ਕੰਮ ਕਰਦਾ ਹੈ ਉਹ ਭਿੰਨ-ਭਿੰਨ ਲੋਕਾਂ ਜਿਨ੍ਹਾਂ ’ਤੇ ਉਹ ਕੰਮ ਕਰਦਾ ਹੈ ਦੀਆਂ ਅਵਸਥਾਵਾਂ ਅਤੇ ਫ਼ਿਤਰਤ ਅਨੁਸਾਰ ਭਿੰਨ-ਭਿੰਨ ਹੁੰਦੇ ਹਨ। ਪਵਿੱਤਰ ਆਤਮਾ ਭਿੰਨ-ਭਿੰਨ ਲੋਕਾਂ ’ਤੇ ਉਨ੍ਹਾਂ ਦੇ ਸਹਿਜ ਸਾਰ ਦੇ ਆਧਾਰ ’ਤੇ ਕੰਮ ਕਰਦਾ ਹੈ, ਅਤੇ ਉਨ੍ਹਾਂ ਤੋਂ ਅਜਿਹੀਆਂ ਮੰਗਾਂ ਨਹੀਂ ਕਰਦਾ ਜੋ ਉਸ ਸਾਰ ਤੋਂ ਬਾਹਰ ਹੋਣ, ਨਾ ਹੀ ਉਹ ਉਨ੍ਹਾਂ ’ਤੇ ਉਨ੍ਹਾਂ ਦੀ ਸਹਿਜ ਯੋਗਤਾ ਤੋਂ ਬਾਹਰ ਕੰਮ ਕਰਦਾ ਹੈ। ਇਸ ਲਈ, ਮਨੁੱਖ ’ਤੇ ਪਵਿੱਤਰ ਆਤਮਾ ਦਾ ਕੰਮ ਲੋਕਾਂ ਨੂੰ ਉਸ ਕੰਮ ਦੇ ਟੀਚੇ ਦੇ ਸਾਰ ਨੂੰ ਦੇਖਣ ਦੀ ਆਗਿਆ ਦਿੰਦਾ ਹੈ। ਮਨੁੱਖ ਦਾ ਸਹਿਜ ਸਾਰ ਬਦਲਦਾ ਨਹੀਂ ਹੈ; ਉਸ ਦੀ ਸਹਿਜ ਯੋਗਤਾ ਸੀਮਿਤ ਹੁੰਦੀ ਹੈ। ਪਵਿੱਤਰ ਆਤਮਾ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਦੀਆਂ ਸੀਮਾਵਾਂ ਦੇ ਅਨੁਸਾਰ ਇਸਤੇਮਾਲ ਕਰਦਾ ਹੈ ਜਾਂ ਉਨ੍ਹਾਂ ’ਤੇ ਕੰਮ ਕਰਦਾ ਹੈ, ਤਾਂ ਕਿ ਉਹ ਉਸ ਤੋਂ ਲਾਭ ਲੈ ਸਕਣ। ਜਦੋਂ ਪਵਿੱਤਰ ਆਤਮਾ ਇਸਤੇਮਾਲ ਕੀਤੇ ਜਾ ਰਹੇ ਲੋਕਾਂ ’ਤੇ ਕੰਮ ਕਰਦਾ ਹੈ, ਤਾਂ ਉਨ੍ਹਾਂ ਲੋਕਾਂ ਦੀ ਪ੍ਰਤਿਭਾ ਅਤੇ ਸਹਿਜ ਯੋਗਤਾ ਨੂੰ ਵਰਤੋਂ ਲਈ ਸੁਤੰਤਰ ਕੀਤਾ ਜਾਂਦਾ ਹੈ, ਰੋਕ ਕੇ ਨਹੀਂ ਰੱਖਿਆ ਜਾਂਦਾ। ਉਨ੍ਹਾਂ ਦੀ ਸਹਿਜ ਯੋਗਤਾ ਨੂੰ ਕੰਮ ਦੀ ਸੇਵਾ ਵਿੱਚ ਵਰਤਿਆ ਜਾਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਕੰਮ ਦੇ ਨਤੀਜੇ ਪ੍ਰਾਪਤ ਕਰਨ ਲਈ ਮਨੁੱਖਾਂ ਦੇ ਉਨ੍ਹਾਂ ਹਿੱਸਿਆਂ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਨੂੰ ਉਸ ਦੇ ਕੰਮ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੇ ਉਲਟ, ਦੇਹਧਾਰੀ ਦੇਹ ਵਿੱਚ ਕੀਤਾ ਗਿਆ ਕੰਮ ਸਿੱਧਿਆਂ ਆਤਮਾ ਦੇ ਕੰਮ ਨੂੰ ਵਿਅਕਤ ਕਰਦਾ ਹੈ ਅਤੇ ਇਸ ਵਿੱਚ ਮਨੁੱਖੀ ਮਨ ਅਤੇ ਵਿਚਾਰਾਂ ਦੀ ਮਿਲਾਵਟ ਨਹੀਂ ਹੁੰਦੀ; ਨਾ ਹੀ ਮਨੁੱਖ ਦੀਆਂ ਕੁਦਰਤੀ ਯੋਗਤਾਵਾਂ, ਨਾ ਹੀ ਮਨੁੱਖ ਦਾ ਅਨੁਭਵ ਜਾਂ ਮਨੁੱਖ ਦੀ ਸੁਭਾਵਕ ਦਸ਼ਾ ਇਸ ਤਕ ਪਹੁੰਚ ਸਕਦੇ ਹਨ। ਪਵਿੱਤਰ ਆਤਮਾ ਦਾ ਸਾਰਾ ਬੇਹਿਸਾਬ ਕੰਮ ਮਨੁੱਖ ਨੂੰ ਲਾਭ ਪਹੁੰਚਾਉਣ ਅਤੇ ਗਿਆਨ ਪ੍ਰਦਾਨ ਕਰਨ ਲਈ ਹੈ। ਪਰ, ਕੁਝ ਲੋਕਾਂ ਨੂੰ ਸੰਪੂਰਣ ਕੀਤਾ ਜਾ ਸਕਦਾ ਹੈ ਜਦ ਕਿ ਦੂਜੇ ਲੋਕਾਂ ਕੋਲ ਸੰਪੂਰਣ ਹੋਣ ਦੀਆਂ ਸਥਿਤੀਆਂ ਨਹੀਂ ਹੁੰਦੀਆਂ, ਜਿਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਸੰਪੂਰਣ ਨਹੀਂ ਕੀਤਾ ਜਾ ਸਕਦਾ ਅਤੇ ਮੁਸ਼ਕਲ ਨਾਲ ਹੀ ਬਚਾਇਆ ਜਾ ਸਕਦਾ ਹੈ, ਅਤੇ ਹਾਲਾਂਕਿ ਉਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਹੋਇਆ ਹੋ ਸਕਦਾ ਹੈ, ਪਰ ਆਖਰਕਾਰ ਉਨ੍ਹਾਂ ਨੂੰ ਮਿਟਾ ਦਿੱਤਾ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਹਾਲਾਂਕਿ ਪਵਿੱਤਰ ਆਤਮਾ ਦਾ ਕੰਮ ਲੋਕਾਂ ਨੂੰ ਗਿਆਨ ਪ੍ਰਦਾਨ ਕਰਨਾ ਹੈ, ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸਾਰੇ ਲੋਕ ਜਿਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਹੋਇਆ ਸੀ ਪੂਰੀ ਤਰ੍ਹਾਂ ਨਾਲ ਸੰਪੂਰਣ ਬਣਾਏ ਜਾਣਗੇ, ਕਿਉਂਕਿ ਬਹੁਤ ਸਾਰੇ ਲੋਕ ਆਪਣੀ ਖੋਜ ਵਿੱਚ ਜਿਸ ਰਾਹ ’ਤੇ ਚੱਲਦੇ ਹਨ ਉਹ ਰਾਹ ਸੰਪੂਰਣ ਬਣਾਏ ਜਾਣ ਦਾ ਰਾਹ ਨਹੀਂ ਹੈ। ਉਨ੍ਹਾਂ ਕੋਲ ਸਿਰਫ਼ ਪਵਿੱਤਰ ਆਤਮਾ ਦਾ ਇਕਤਰਫ਼ਾ ਕੰਮ ਹੈ, ਅਤੇ ਵਿਅਕਤੀਗਤ ਮਨੁੱਖੀ ਸਹਿਯੋਗ ਜਾਂ ਸਹੀ ਮਨੁੱਖੀ ਖੋਜ ਨਹੀਂ ਹੈ। ਇਸ ਤਰ੍ਹਾਂ, ਇਨ੍ਹਾਂ ਲੋਕਾਂ ’ਤੇ ਪਵਿੱਤਰ ਆਤਮਾ ਦਾ ਕੰਮ ਉਨ੍ਹਾਂ ਲੋਕਾਂ ਦੇ ਕੰਮ ਆਉਂਦਾ ਹੈ ਜਿਨ੍ਹਾਂ ਨੂੰ ਸੰਪੂਰਣ ਬਣਾਇਆ ਜਾ ਰਿਹਾ ਹੈ। ਪਵਿੱਤਰ ਆਤਮਾ ਦੇ ਕੰਮ ਨੂੰ ਲੋਕਾਂ ਦੁਆਰਾ ਸਿੱਧੇ ਤੌਰ ’ਤੇ ਦੇਖਿਆ ਨਹੀਂ ਜਾ ਸਕਦਾ, ਅਤੇ ਨਾ ਹੀ ਇਸ ਨੂੰ ਸਿੱਧਿਆਂ ਲੋਕਾਂ ਦੁਆਰਾ ਛੋਹਿਆ ਜਾ ਸਕਦਾ ਹੈ। ਇਸ ਨੂੰ ਸਿਰਫ਼ ਕੰਮ ਕਰਨ ਦੀ ਕੁਦਰਤੀ ਯੋਗਤਾ ਵਾਲੇ ਮਨੁੱਖਾਂ ਦੁਆਰਾ ਵਿਅਕਤ ਕੀਤਾ ਜਾ ਸਕਦਾ ਹੈ, ਜਿਸ ਦਾ ਅਰਥ ਹੈ ਕਿ ਪਵਿੱਤਰ ਆਤਮਾ ਦਾ ਕੰਮ ਲੋਕਾਂ ਦੁਆਰਾ ਕੀਤੇ ਜਾਂਦੇ ਪ੍ਰਗਟਾਵੇ ਰਾਹੀਂ ਪੈਰੋਕਾਰਾਂ ਨੂੰ ਮੁਹੱਈਆ ਕੀਤਾ ਜਾਂਦਾ ਹੈ।

ਪਵਿੱਤਰ ਆਤਮਾ ਦਾ ਕੰਮ ਕਈ ਕਿਸਮ ਦੇ ਲੋਕਾਂ ਅਤੇ ਕਈ ਭਿੰਨ-ਭਿੰਨ ਸਥਿਤੀਆਂ ਰਾਹੀਂ ਸੰਪੰਨ ਅਤੇ ਪੂਰਾ ਕੀਤਾ ਜਾਂਦਾ ਹੈ। ਹਾਲਾਂਕਿ ਦੇਹਧਾਰੀ ਪਰਮੇਸ਼ੁਰ ਦਾ ਕੰਮ ਸਮੁੱਚੇ ਯੁਗ ਦੇ ਕੰਮ ਦੀ ਨੁਮਾਇੰਦਗੀ ਕਰ ਸਕਦਾ ਹੈ, ਅਤੇ ਇੱਕ ਸਮੁੱਚੇ ਯੁਗ ਵਿੱਚ ਲੋਕਾਂ ਦੇ ਪ੍ਰਵੇਸ਼ ਦੀ ਨੁਮਾਇੰਦਗੀ ਕਰ ਸਕਦਾ ਹੈ, ਫਿਰ ਵੀ ਲੋਕਾਂ ਦੇ ਪ੍ਰਵੇਸ਼ ਦੇ ਵੇਰਵਿਆਂ ’ਤੇ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤੇ ਜਾਂਦੇ ਮਨੁੱਖਾਂ ਦੁਆਰਾ ਕੰਮ ਕੀਤੇ ਜਾਣ ਦੀ ਜ਼ਰੂਰਤ ਹੁੰਦੀ ਹੈ, ਨਾ ਕਿ ਦੇਹਧਾਰੀ ਪਰਮੇਸ਼ੁਰ ਦੁਆਰਾ। ਇਸ ਲਈ, ਪਰਮੇਸ਼ੁਰ ਦਾ ਕੰਮ, ਜਾਂ ਪਰਮੇਸ਼ੁਰ ਦੀ ਖੁਦ ਦੀ ਸੇਵਕਾਈ, ਪਰਮੇਸ਼ੁਰ ਦੇ ਦੇਹਧਾਰੀ ਦੇਹ ਦਾ ਕੰਮ ਹੈ, ਜੋ ਮਨੁੱਖ ਉਸ ਦੇ ਬਦਲੇ ਵਿੱਚ ਨਹੀਂ ਕਰ ਸਕਦਾ। ਪਵਿੱਤਰ ਆਤਮਾ ਦਾ ਕੰਮ ਕਈ ਭਿੰਨ-ਭਿੰਨ ਕਿਸਮ ਦੇ ਲੋਕਾਂ ਰਾਹੀਂ ਪੂਰਾ ਕੀਤਾ ਜਾਂਦਾ ਹੈ; ਕੋਈ ਇਕੱਲਾ ਵਿਅਕਤੀ ਇਸ ਨੂੰ ਸਮੁੱਚੇ ਤੌਰ ’ਤੇ ਪ੍ਰਾਪਤ ਨਹੀਂ ਕਰ ਸਕਦਾ, ਅਤੇ ਕੋਈ ਇਕੱਲਾ ਵਿਅਕਤੀ ਇਸ ਨੂੰ ਪੂਰੀ ਤਰ੍ਹਾਂ ਵਿਅਕਤ ਨਹੀਂ ਕਰ ਸਕਦਾ। ਜੋ ਲੋਕ ਕਲੀਸਿਆਵਾਂ ਦੀ ਅਗਵਾਈ ਕਰਦੇ ਹਨ ਉਹ ਵੀ ਪੂਰੀ ਤਰ੍ਹਾਂ ਨਾਲ ਪਵਿੱਤਰ ਆਤਮਾ ਦੇ ਕੰਮ ਦੀ ਨੁਮਾਇੰਦਗੀ ਨਹੀਂ ਕਰ ਸਕਦੇ; ਉਹ ਬਸ ਕੁਝ ਮੁੱਖ ਕੰਮ ਕਰ ਸਕਦੇ ਹਨ। ਇਸ ਤਰ੍ਹਾਂ, ਪਵਿੱਤਰ ਆਤਮਾ ਦੇ ਕੰਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ: ਪਰਮੇਸ਼ੁਰ ਦਾ ਆਪਣਾ ਕੰਮ, ਇਸਤੇਮਾਲ ਕੀਤੇ ਜਾਂਦੇ ਲੋਕਾਂ ਦਾ ਕੰਮ, ਅਤੇ ਉਨ੍ਹਾਂ ਸਾਰੇ ਲੋਕਾਂ ’ਤੇ ਕੀਤਾ ਜਾਂਦਾ ਕੰਮ ਜੋ ਪਵਿੱਤਰ ਆਤਮਾ ਦੇ ਵਰਗ ਵਿੱਚ ਹਨ। ਪਰਮੇਸ਼ੁਰ ਦਾ ਖੁਦ ਦਾ ਕੰਮ ਸਮੁੱਚੇ ਯੁਗ ਦੀ ਅਗਵਾਈ ਕਰਨਾ ਹੈ, ਜਿਨ੍ਹਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਉਨ੍ਹਾਂ ਮਨੁੱਖਾਂ ਦਾ ਕੰਮ ਪਰਮੇਸ਼ੁਰ ਦੇ ਖੁਦ ਦੇ ਕੰਮ ਤੋਂ ਬਾਅਦ, ਭੇਜੇ ਜਾਣ ਜਾਂ ਆਦੇਸ਼ ਪ੍ਰਾਪਤ ਕਰਨ ਰਾਹੀਂ ਪਰਮੇਸ਼ੁਰ ਦੇ ਸਾਰੇ ਪੈਰੋਕਾਰਾਂ ਦੀ ਅਗਵਾਈ ਕਰਨਾ ਹੈ, ਅਤੇ ਇਹ ਉਹ ਹਨ ਜੋ ਪਰਮੇਸ਼ੁਰ ਦੇ ਕੰਮ ਦੇ ਨਾਲ ਸਹਿਯੋਗ ਕਰਦੇ ਹਨ; ਪਵਿੱਤਰ ਆਤਮਾ ਦੁਆਰਾ ਵਰਗ ਵਿਚਲੇ ਉਨ੍ਹਾਂ ਲੋਕਾਂ ’ਤੇ ਕੀਤਾ ਗਿਆ ਕੰਮ ਆਪਣੇ ਖੁਦ ਦੇ ਸਾਰੇ ਕੰਮ ਨੂੰ ਬਣਾਈ ਰੱਖਣਾ ਹੈ, ਅਰਥਾਤ, ਉਸ ਦੇ ਸਮੁੱਚੇ ਪ੍ਰਬੰਧਨ ਅਤੇ ਉਸ ਦੀ ਗਵਾਹੀ ਨੂੰ ਬਣਾਈ ਰੱਖਣਾ ਹੈ, ਜਦ ਕਿ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਸੰਪੂਰਣ ਬਣਾਉਣਾ ਹੈ, ਜਿਨ੍ਹਾਂ ਨੂੰ ਸੰਪੂਰਣ ਬਣਾਇਆ ਜਾ ਸਕਦਾ ਹੈ। ਇਹ ਤਿੰਨੋਂ ਹਿੱਸੇ, ਮਿਲ ਕੇ, ਪਵਿੱਤਰ ਆਤਮਾ ਦਾ ਪੂਰਾ ਕੰਮ ਹਨ, ਪਰ ਖੁਦ ਪਰਮੇਸ਼ੁਰ ਦੇ ਕੰਮ ਤੋਂ ਬਿਨਾਂ, ਪ੍ਰਬੰਧਨ ਦਾ ਸੰਪੂਰਣ ਕੰਮ ਰੁੱਕ ਜਾਏਗਾ। ਖੁਦ ਪਰਮੇਸ਼ੁਰ ਦੇ ਕੰਮ ਵਿੱਚ ਸਾਰੀ ਮਨੁੱਖਜਾਤੀ ਦਾ ਕੰਮ ਸ਼ਾਮਲ ਹੈ, ਅਤੇ ਇਹ ਸਮੁੱਚੇ ਯੁਗ ਦੇ ਕੰਮ ਦੀ ਨੁਮਾਇੰਦਗੀ ਵੀ ਕਰਦਾ ਹੈ, ਜਿਸ ਦਾ ਅਰਥ ਹੈ ਕਿ ਪਰਮੇਸ਼ੁਰ ਦਾ ਖੁਦ ਦਾ ਕੰਮ ਪਵਿੱਤਰ ਆਤਮਾ ਦੇ ਕੰਮ ਦੀ ਗਤੀਸ਼ੀਲਤਾ ਅਤੇ ਰੁਝਾਨ ਦੀ ਨੁਮਾਇੰਦਗੀ ਕਰਦਾ ਹੈ, ਜਦ ਕਿ ਰਸੂਲਾਂ ਦਾ ਕੰਮ ਪਰਮੇਸ਼ੁਰ ਦੇ ਖੁਦ ਦੇ ਕੰਮ ਤੋਂ ਬਾਅਦ ਆਉਂਦਾ ਹੈ ਅਤੇ ਇਸ ਤੋਂ ਪਿੱਛੇ ਚੱਲਦਾ ਹੈ, ਅਤੇ ਇਹ ਯੁਗ ਦੀ ਅਗਵਾਈ ਨਹੀਂ ਕਰਦਾ, ਨਾ ਹੀ ਇਹ ਪੂਰੇ ਯੁਗ ਵਿੱਚ ਪਵਿੱਤਰ ਆਤਮਾ ਦੇ ਕੰਮ ਦੇ ਰੁਝਾਨਾਂ ਦੀ ਨੁਮਾਇੰਦਗੀ ਕਰਦਾ ਹੈ। ਉਹ ਸਿਰਫ਼ ਉਹੀ ਕੰਮ ਕਰਦੇ ਹਨ ਜੋ ਮਨੁੱਖ ਨੂੰ ਕਰਨਾ ਚਾਹੀਦਾ ਹੈ, ਜਿਸ ਦਾ ਪ੍ਰਬੰਧਨ ਦੇ ਕੰਮ ਨਾਲ ਬਿਲਕੁਲ ਵੀ ਕੋਈ ਸੰਬੰਧ ਨਹੀਂ ਹੈ। ਉਹ ਕੰਮ ਜੋ ਪਰਮੇਸ਼ੁਰ ਖੁਦ ਕਰਦਾ ਹੈ ਪ੍ਰਬੰਧਨ ਦੇ ਕੰਮ ਵਿਚਲੀ ਇੱਕ ਯੋਜਨਾ ਹੈ। ਮਨੁੱਖ ਦਾ ਕੰਮ ਸਿਰਫ਼ ਫ਼ਰਜ਼ ਹੈ ਜੋ ਇਸਤੇਮਾਲ ਕੀਤੇ ਜਾਂਦੇ ਵਿਅਕਤੀ ਨਿਭਾਉਂਦੇ ਹਨ, ਅਤੇ ਇਸ ਦਾ ਪ੍ਰਬੰਧਨ ਦੇ ਕੰਮ ਨਾਲ ਕੋਈ ਸੰਬੰਧ ਨਹੀਂ ਹੈ। ਇਸ ਤੱਥ ਦੇ ਬਾਵਜੂਦ ਕਿ ਉਹ ਦੋਵੇਂ ਪਵਿੱਤਰ ਆਤਮਾ ਦੇ ਕੰਮ ਹਨ, ਕੰਮ ਦੀ ਪਛਾਣ ਅਤੇ ਨੁਮਾਇੰਦਗੀਆਂ ਵਿੱਚ ਅੰਤਰ ਕਾਰਣ, ਪਰਮੇਸ਼ੁਰ ਦੇ ਖੁਦ ਦੇ ਕੰਮ ਅਤੇ ਮਨੁੱਖ ਦੇ ਕੰਮ ਦਰਮਿਆਨ ਸਪਸ਼ਟ ਅਤੇ ਬਹੁਤ ਜ਼ਿਆਦਾ ਅੰਤਰ ਹਨ। ਇਸ ਤੋਂ ਇਲਾਵਾ, ਵੱਖ-ਵੱਖ ਪਛਾਣਾਂ ਵਾਲੀਆਂ ਵਸਤਾਂ ’ਤੇ ਪਵਿੱਤਰ ਆਤਮਾ ਦੁਆਰਾ ਕੀਤੇ ਗਏ ਕੰਮ ਦੀ ਹੱਦ ਭਿੰਨ ਹੁੰਦੀ ਹੈ। ਇਹ ਪਵਿੱਤਰ ਆਤਮਾ ਦੇ ਕੰਮ ਦੇ ਅਸੂਲ ਅਤੇ ਦਾਇਰਾ ਹਨ।

ਮਨੁੱਖ ਦਾ ਕੰਮ ਉਸ ਦੇ ਅਨੁਭਵ ਅਤੇ ਉਸ ਦੀ ਮਨੁੱਖਤਾ ਨੂੰ ਦਰਸਾਉਂਦਾ ਹੈ। ਜੋ ਕੁਝ ਮਨੁੱਖ ਮੁਹੱਈਆ ਕਰਦਾ ਹੈ ਅਤੇ ਉਹ ਜਿਸ ਕੰਮ ਨੂੰ ਕਰਦਾ ਹੈ ਉਹ ਉਸ ਦੀ ਨੁਮਾਇੰਦਗੀ ਕਰਦਾ ਹੈ। ਮਨੁੱਖ ਦੀ ਸੂਝ-ਬੂਝ, ਮਨੁੱਖ ਦੀ ਦਲੀਲ, ਮਨੁੱਖ ਦਾ ਤਰਕ, ਅਤੇ ਉਸ ਦੀ ਭਰਪੂਰ ਕਲਪਨਾ ਸਭ ਉਸ ਦੇ ਕੰਮ ਵਿੱਚ ਸ਼ਾਮਲ ਹੁੰਦੇ ਹਨ। ਮਨੁੱਖ ਦਾ ਅਨੁਭਵ ਵਿਸ਼ੇਸ਼ ਤੌਰ ’ਤੇ ਉਸ ਦੇ ਕੰਮ ਨੂੰ ਦਰਸਾਉਣ ਦੇ ਯੋਗ ਹੈ, ਅਤੇ ਇੱਕ ਵਿਅਕਤੀ ਦੇ ਅਨੁਭਵ ਉਸ ਦੇ ਕੰਮ ਦੇ ਹਿੱਸੇ ਬਣ ਜਾਂਦੇ ਹਨ। ਮਨੁੱਖ ਦਾ ਕੰਮ ਉਸ ਦੇ ਅਨੁਭਵ ਨੂੰ ਵਿਅਕਤ ਕਰ ਸਕਦਾ ਹੈ। ਜਦੋਂ ਕੁਝ ਲੋਕ ਨਕਾਰਾਤਮਕ ਅਨੁਭਵ ਕਰ ਰਹੇ ਹੁੰਦੇ ਹਨ, ਤਾਂ ਉਨ੍ਹਾਂ ਦੀ ਸੰਗਤੀ ਦੀ ਜ਼ਿਆਦਾਤਰ ਭਾਸ਼ਾ ਵਿੱਚ ਨਕਾਰਾਤਮਕ ਤੱਤ ਹੁੰਦੇ ਹਨ। ਜੇ ਕੁਝ ਸਮੇਂ ਲਈ ਉਨ੍ਹਾਂ ਦਾ ਅਨੁਭਵ ਸਕਾਰਾਤਮਕ ਹੁੰਦਾ ਹੈ ਅਤੇ ਉਨ੍ਹਾਂ ਕੋਲ ਵਿਸ਼ੇਸ਼ ਰੂਪ ਵਿੱਚ ਸਕਾਰਾਤਮਕ ਪਹਿਲੂ ਵਿਚਲਾ ਕੋਈ ਰਾਹ ਹੈ, ਤਾਂ ਉਨ੍ਹਾਂ ਦੀ ਸੰਗਤੀ ਬਹੁਤ ਉਤਸ਼ਾਹਜਨਕ ਹੋਏਗੀ, ਅਤੇ ਲੋਕ ਉਨ੍ਹਾਂ ਤੋਂ ਸਕਾਰਾਤਮਕ ਪ੍ਰਬੰਧ ਪ੍ਰਾਪਤ ਕਰ ਸਕਣਗੇ। ਜੇ ਕੋਈ ਕਾਰਜਕਰਤਾ ਕੁਝ ਸਮੇਂ ਲਈ ਨਕਾਰਾਤਮਕ ਬਣ ਜਾਂਦਾ ਹੈ, ਤਾਂ ਉਸ ਦੀ ਸੰਗਤੀ ਵਿੱਚ ਹਮੇਸ਼ਾ ਨਕਾਰਾਤਮਕ ਤੱਤ ਸ਼ਾਮਲ ਹੋਣਗੇ। ਇਸ ਕਿਸਮ ਦੀ ਸੰਗਤੀ ਨਿਰਾਸ਼ਾਜਨਕ ਹੁੰਦੀ ਹੈ, ਅਤੇ ਹੋਰ ਲੋਕ ਉਸ ਦੀ ਸੰਗਤੀ ਮਗਰੋਂ ਅਣਜਾਣੇ ਵਿੱਚ ਹੀ ਨਿਰਾਸ਼ ਹੋ ਜਾਣਗੇ। ਆਗੂ ਦੀ ਅਵਸਥਾ ਦੇ ਆਧਾਰ ’ਤੇ ਪੈਰੋਕਾਰਾਂ ਦੀ ਅਵਸਥਾ ਬਦਲਦੀ ਹੈ। ਇੱਕ ਕਾਮਾ ਅੰਦਰੋਂ ਜਿਵੇਂ ਦਾ ਹੁੰਦਾ ਹੈ, ਉਹ ਉਂਝ ਹੀ ਵਿਅਕਤ ਕਰਦਾ ਹੈ, ਅਤੇ ਪਵਿੱਤਰ ਆਤਮਾ ਦਾ ਕੰਮ ਅਕਸਰ ਮਨੁੱਖ ਦੀ ਅਵਸਥਾ ਦੇ ਨਾਲ ਬਦਲ ਜਾਂਦਾ ਹੈ। ਉਹ ਲੋਕਾਂ ਦੇ ਅਨੁਭਵ ਦੇ ਆਧਾਰ ’ਤੇ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਮਜਬੂਰ ਨਹੀਂ ਕਰਦਾ, ਸਗੋਂ ਲੋਕਾਂ ਦੇ ਅਨੁਭਵ ਦੇ ਸਧਾਰਣ ਰੁਖ ਅਨੁਸਾਰ ਉਨ੍ਹਾਂ ਤੋਂ ਮੰਗ ਕਰਦਾ ਹੈ। ਕਹਿਣ ਦਾ ਭਾਵ ਹੈ ਕਿ ਮਨੁੱਖ ਦੀ ਸੰਗਤੀ ਪਰਮੇਸ਼ੁਰ ਦੇ ਵਚਨ ਤੋਂ ਭਿੰਨ ਹੁੰਦੀ ਹੈ। ਲੋਕ ਜੋ ਸੰਗਤੀ ਕਰਦੇ ਹਨ ਉਹ ਉਨ੍ਹਾਂ ਦੀ ਵਿਅਕਤੀਗਤ ਸੂਝ-ਬੂਝ ਅਤੇ ਅਨੁਭਵ ਬਾਰੇ ਦੱਸਦੀ ਹੈ, ਅਤੇ ਪਰਮੇਸ਼ੁਰ ਦੇ ਕੰਮ ਦੇ ਆਧਾਰ ’ਤੇ ਉਨ੍ਹਾਂ ਦੀ ਸੂਝ-ਬੂਝ ਅਤੇ ਅਨੁਭਵ ਨੂੰ ਵਿਅਕਤ ਕਰਦੀ ਹੈ। ਉਨ੍ਹਾਂ ਦੀ ਜ਼ਿੰਮੇਵਾਰੀ, ਪਰਮੇਸ਼ੁਰ ਦੇ ਕੰਮ ਕਰਨ ਜਾਂ ਬੋਲਣ ਤੋਂ ਬਾਅਦ, ਇਹ ਪਤਾ ਲਗਾਉਣਾ ਹੈ ਕਿ ਇਸ ਵਿੱਚੋਂ ਉਨ੍ਹਾਂ ਨੇ ਕਿਸ ਨੂੰ ਅਮਲ ਵਿੱਚ ਲਿਆਉਣਾ ਹੈ ਜਾਂ ਕਿਸ ਵਿੱਚ ਪ੍ਰਵੇਸ਼ ਕਰਨਾ ਹੈ, ਅਤੇ ਫਿਰ ਪੈਰੋਕਾਰਾਂ ਨੂੰ ਵਿਆਖਿਆਨ ਦੇਣਾ ਹੈ। ਇਸ ਲਈ, ਮਨੁੱਖ ਦਾ ਕੰਮ ਉਸ ਦੇ ਪ੍ਰਵੇਸ਼ ਅਤੇ ਅਮਲ ਦੀ ਨੁਮਾਇੰਦਗੀ ਕਰਦਾ ਹੈ। ਬੇਸ਼ੱਕ, ਅਜਿਹਾ ਕੰਮ ਮਨੁੱਖੀ ਸਬਕਾਂ ਅਤੇ ਅਨੁਭਵ ਜਾਂ ਕੁਝ ਮਨੁੱਖੀ ਵਿਚਾਰਾਂ ਦੇ ਨਾਲ ਰਲਿਆ ਹੁੰਦਾ ਹੈ। ਹਾਲਾਂਕਿ ਪਵਿੱਤਰ ਆਤਮਾ ਕੰਮ ਕਰਦਾ ਹੈ, ਭਾਵੇਂ ਉਹ ਮਨੁੱਖ ’ਤੇ ਕੰਮ ਕਰੇ ਜਾਂ ਦੇਹਧਾਰੀ ਪਰਮੇਸ਼ੁਰ ਵਿੱਚ, ਪਰ ਕਾਰਜਕਰਤਾ ਹਮੇਸ਼ਾ ਵਿਅਕਤ ਕਰਦੇ ਹਨ ਕਿ ਉਹ ਕੀ ਹਨ। ਹਾਲਾਂਕਿ ਇਹ ਪਵਿੱਤਰ ਆਤਮਾ ਹੀ ਹੁੰਦਾ ਹੈ ਜੋ ਕੰਮ ਕਰਦਾ ਹੈ, ਫਿਰ ਵੀ ਮਨੁੱਖ ਸਹਿਜ ਰੂਪ ਵਿੱਚ ਜੋ ਹੈ ਕੰਮ ਉਸੇ ਉੱਪਰ ਅਧਾਰਤ ਹੁੰਦਾ ਹੈ, ਕਿਉਂਕਿ ਪਵਿੱਤਰ ਆਤਮਾ ਬਿਨਾਂ ਬੁਨਿਆਦ ਦੇ ਕੰਮ ਨਹੀਂ ਕਰਦਾ। ਦੂਜੇ ਸ਼ਬਦਾਂ ਵਿੱਚ, ਕੰਮ ਸਿਫ਼ਰ ਵਿੱਚੋਂ ਨਹੀਂ ਆਉਂਦਾ ਹੈ, ਸਗੋਂ ਇਹ ਹਮੇਸ਼ਾਂ ਅਸਲ ਹਾਲਾਤ ਅਤੇ ਅਸਲ ਸਥਿਤੀਆਂ ਦੇ ਅਨੁਸਾਰ ਕੀਤਾ ਜਾਂਦਾ ਹੈ। ਸਿਰਫ਼ ਇਸੇ ਤਰ੍ਹਾਂ ਹੀ ਮਨੁੱਖ ਦੇ ਸੁਭਾਅ ਨੂੰ ਬਦਲਿਆ ਜਾ ਸਕਦਾ ਹੈ ਅਤੇ ਉਸ ਦੀਆਂ ਪੁਰਾਣੀਆਂ ਧਾਰਣਾਵਾਂ ਅਤੇ ਪੁਰਾਣੇ ਵਿਚਾਰਾਂ ਨੂੰ ਬਦਲਿਆ ਜਾ ਸਕਦਾ ਹੈ। ਮਨੁੱਖ ਉਹ ਵਿਅਕਤ ਕਰਦਾ ਹੈ ਜੋ ਉਹ ਦੇਖਦਾ ਹੈ, ਅਨੁਭਵ ਕਰਦਾ ਹੈ, ਅਤੇ ਜਿਸ ਦੀ ਕਲਪਨਾ ਕਰ ਸਕਦਾ ਹੈ, ਅਤੇ ਇਹ ਮਨੁੱਖ ਦੀ ਸੋਚ ਦੁਆਰਾ ਪ੍ਰਾਪਤੀਯੋਗ ਹੈ, ਭਾਵੇਂ ਇਹ ਸਿੱਖਿਆ ਹੈ ਜਾਂ ਧਾਰਣਾਵਾਂ। ਭਾਵੇਂ ਮਨੁੱਖ ਦੇ ਕੰਮ ਦਾ ਆਕਾਰ ਕੁਝ ਵੀ ਹੋਏ, ਇਹ ਮਨੁੱਖ ਦੇ ਅਨੁਭਵ ਦੇ ਦਾਇਰੇ, ਮਨੁੱਖ ਜੋ ਦੇਖਦਾ ਹੈ, ਜਾਂ ਜੋ ਕਲਪਨਾ ਕਰ ਸਕਦਾ ਹੈ ਜਾਂ ਵਿਚਾਰ ਕਰ ਸਕਦਾ ਹੈ, ਉਸ ਤੋਂ ਬਾਹਰ ਨਹੀਂ ਜਾ ਸਕਦਾ। ਪਰਮੇਸ਼ੁਰ ਉਹੀ ਸਭ ਵਿਅਕਤ ਕਰਦਾ ਹੈ ਜੋ ਪਰਮੇਸ਼ੁਰ ਖੁਦ ਹੈ, ਅਤੇ ਇਹ ਮਨੁੱਖ ਦੁਆਰਾ ਪ੍ਰਾਪਤੀਯੋਗ ਨਹੀਂ ਹੈ—ਅਰਥਾਤ, ਇਹ ਮਨੁੱਖ ਦੀ ਸੋਚ ਦੀ ਪਹੁੰਚ ਤੋਂ ਪਰੇ ਹੈ। ਪਰਮੇਸ਼ੁਰ ਸਾਰੀ ਮਨੁੱਖਜਾਤੀ ਦੀ ਅਗਵਾਈ ਕਰਨ ਦੇ ਆਪਣੇ ਕੰਮ ਨੂੰ ਵਿਅਕਤ ਕਰਦਾ ਹੈ, ਅਤੇ ਇਸ ਦਾ ਸੰਬੰਧ ਮਨੁੱਖੀ ਅਨੁਭਵ ਦੇ ਵੇਰਵਿਆਂ ਨਾਲ ਨਹੀਂ ਹੈ, ਪਰ ਇਸ ਦੀ ਬਜਾਏ ਇਹ ਉਸ ਦੇ ਆਪਣੇ ਪ੍ਰਬੰਧਨ ਨਾਲ ਸੰਬੰਧਤ ਹੈ। ਮਨੁੱਖ ਜੋ ਵਿਅਕਤ ਕਰਦਾ ਹੈ ਉਹ ਉਸ ਦਾ ਅਨੁਭਵ ਹੈ, ਜਦ ਕਿ ਪਰਮੇਸ਼ੁਰ ਜੋ ਵਿਅਕਤ ਕਰਦਾ ਹੈ ਉਹ ਉਸ ਦੀ ਹੋਂਦ ਹੈ, ਜੋ ਕਿ ਉਸ ਦਾ ਮੂਲ ਸੁਭਾਅ ਹੈ ਅਤੇ ਇਹ ਮਨੁੱਖ ਦੀ ਪਹੁੰਚ ਤੋਂ ਪਰੇ ਹੈ। ਮਨੁੱਖ ਦਾ ਅਨੁਭਵ ਉਸ ਦੀ ਉਹ ਸੂਝ-ਬੂਝ ਅਤੇ ਗਿਆਨ ਹੈ ਜਿਸ ਨੂੰ ਉਸ ਨੇ ਪਰਮੇਸ਼ੁਰ ਦੁਆਰਾ ਉਸ ਦੀ ਹੋਂਦ ਦੇ ਪ੍ਰਗਟਾਵੇ ਦੇ ਆਧਾਰ ’ਤੇ ਪ੍ਰਾਪਤ ਕੀਤਾ ਹੈ। ਅਜਿਹੀ ਸੂਝ-ਬੂਝ ਅਤੇ ਗਿਆਨ ਨੂੰ ਮਨੁੱਖ ਦੀ ਹੋਂਦ ਕਿਹਾ ਜਾਂਦਾ ਹੈ, ਅਤੇ ਉਨ੍ਹਾਂ ਦੇ ਪ੍ਰਗਟਾਵੇ ਦਾ ਆਧਾਰ ਮਨੁੱਖ ਦਾ ਸਹਿਜ ਸੁਭਾਅ ਅਤੇ ਯੋਗਤਾ ਹੈ—ਇਸ ਲਈ ਉਨ੍ਹਾਂ ਨੂੰ ਮਨੁੱਖ ਦੀ ਹੋਂਦ ਕਿਹਾ ਜਾਂਦਾ ਹੈ। ਮਨੁੱਖ ਜੋ ਅਨੁਭਵ ਕਰਦਾ ਹੈ ਅਤੇ ਦੇਖਦਾ ਹੈ ਉਹ ਉਸ ਦੀ ਸੰਗਤੀ ਕਰਨ ਦੇ ਯੋਗ ਹੁੰਦਾ ਹੈ। ਕੋਈ ਵੀ ਉਸ ਦੀ ਸੰਗਤੀ ਨਹੀਂ ਕਰ ਸਕਦਾ, ਜੋ ਉਸ ਨੇ ਅਨੁਭਵ ਨਹੀਂ ਕੀਤਾ ਹੈ, ਦੇਖਿਆ ਨਹੀਂ ਹੈ, ਜਾਂ ਜਿੱਥੇ ਤਕ ਉਸ ਦੀ ਸੋਚ ਨਹੀਂ ਪਹੁੰਚ ਸਕਦੀ, ਇਹ ਉਹ ਚੀਜ਼ਾਂ ਹਨ ਜੋ ਉਸ ਦੇ ਅੰਦਰ ਮੌਜੂਦ ਨਹੀਂ ਹੁੰਦੀਆਂ ਹਨ। ਜੇ ਮਨੁੱਖ ਜੋ ਵਿਅਕਤ ਕਰਦਾ ਹੈ ਉਸ ਦਾ ਅਨੁਭਵ ਨਹੀਂ ਹੈ, ਤਾਂ ਇਹ ਉਸ ਦੀ ਕਲਪਨਾ ਜਾਂ ਸਿੱਖਿਆ ਹੈ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ, ਉਸ ਦੇ ਸ਼ਬਦਾਂ ਵਿੱਚ ਕੋਈ ਅਸਲੀਅਤ ਨਹੀਂ ਹੁੰਦੀ ਹੈ। ਜੇ ਤੂੰ ਕਦੇ ਸਮਾਜ ਦੀਆਂ ਚੀਜ਼ਾਂ ਦੇ ਸੰਪਰਕ ਵਿੱਚ ਨਹੀਂ ਆਉਣਾ ਹੁੰਦਾ, ਤਾਂ ਤੂੰ ਸਮਾਜ ਦੇ ਪੇਚੀਦਾ ਸੰਬੰਧਾਂ ਦੀ ਸਪਸ਼ਟਤਾ ਨਾਲ ਸੰਗਤੀ ਕਰਨ ਦੇ ਯੋਗ ਨਹੀਂ ਹੁੰਦਾ। ਜੇ ਤੇਰਾ ਕੋਈ ਪਰਿਵਾਰ ਨਹੀਂ ਹੁੰਦਾ, ਪਰ ਦੂਜੇ ਲੋਕ ਪਰਿਵਾਰਕ ਮੁੱਦਿਆਂ ਬਾਰੇ ਗੱਲ ਕਰਨ ਲਈ ਹੁੰਦੇ, ਤਾਂ ਜੋ ਕੁਝ ਉਹ ਕਹਿੰਦੇ ਉਸ ਵਿੱਚੋਂ ਤੂੰ ਬਹੁਤ ਕੁਝ ਸਮਝ ਨਾ ਪਾਉਂਦਾ। ਇਸ ਲਈ ਮਨੁੱਖ ਜਿਸ ਬਾਰੇ ਵੀ ਸੰਗਤੀ ਕਰਦਾ ਹੈ ਅਤੇ ਜੋ ਕੰਮ ਕਰਦਾ ਹੈ ਉਹ ਆਪਣੀ ਅੰਦਰੂਨੀ ਹੋਂਦ ਦੀ ਨੁਮਾਇੰਦਗੀ ਕਰਦਾ ਹੈ। ਜੇ ਕੋਈ ਤਾੜਨਾ ਅਤੇ ਨਿਆਂ ਬਾਰੇ ਆਪਣੀ ਸਮਝ ਦੀ ਸੰਗਤੀ ਕਰਦਾ, ਪਰ ਤੈਨੂੰ ਇਸ ਦਾ ਕੋਈ ਅਨੁਭਵ ਨਾ ਹੁੰਦਾ, ਤਾਂ ਤੂੰ ਉਸ ਦੇ ਗਿਆਨ ਨੂੰ ਨਕਾਰਨ ਦੀ ਹਿੰਮਤ ਨਾ ਕਰਦਾ, ਇਸ ਬਾਰੇ ਸੌ ਫ਼ੀਸਦੀ ਭਰੋਸੇ ਨਾਲ ਹਿੰਮਤ ਕਰਨਾ ਤਾਂ ਦੂਰ ਦੀ ਗੱਲ ਰਹੀ। ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੀ ਸੰਗਤੀ ਕੁਝ ਅਜਿਹੀ ਚੀਜ਼ ਹੈ ਜਿਸ ਦਾ ਤੂੰ ਕਦੇ ਅਨੁਭਵ ਨਹੀਂ ਕੀਤਾ, ਕੁਝ ਅਜਿਹਾ ਜਿਸ ਨੂੰ ਤੂੰ ਕਦੇ ਨਹੀਂ ਜਾਣਿਆ, ਅਤੇ ਤੇਰਾ ਮਨ ਇਸ ਦੀ ਕਲਪਨਾ ਨਹੀਂ ਕਰ ਸਕਦਾ। ਉਨ੍ਹਾਂ ਦੇ ਗਿਆਨ ਤੋਂ, ਤੂੰ ਸਿਰਫ਼ ਭਵਿੱਖ ਵਿੱਚ ਤਾੜਨਾ ਅਤੇ ਨਿਆਂ ਰਾਹੀਂ ਲੰਘਣ ਦਾ ਇੱਕ ਰਾਹ ਲੈ ਸਕਦਾ ਹੈਂ। ਪਰ ਇਹ ਰਾਹ ਸਿਰਫ਼ ਸਿੱਖਿਆ ਅਧਾਰਤ ਗਿਆਨ ਵਿੱਚੋਂ ਹੀ ਇੱਕ ਹੋ ਸਕਦਾ ਹੈ; ਇਹ ਤੇਰੀ ਆਪਣੀ ਸਮਝ ਦੀ ਥਾਂ ਨਹੀਂ ਲੈ ਸਕਦਾ, ਤੇਰੇ ਅਨੁਭਵ ਦੀ ਥਾਂ ਲੈਣਾ ਤਾਂ ਦੂਰ ਦੀ ਗੱਲ ਰਹੀ। ਸ਼ਾਇਦ ਤੂੰ ਸੋਚਦਾ ਹੈਂ ਕਿ ਜੋ ਕੁਝ ਉਹ ਕਹਿੰਦੇ ਹਨ ਉਹ ਬਿਲਕੁਲ ਠੀਕ ਹੈ, ਪਰ ਆਪਣੇ ਖੁਦ ਦੇ ਅਨੁਭਵ ਵਿੱਚ, ਤੈਨੂੰ ਇਹ ਕਈ ਤਰ੍ਹਾਂ ਨਾਲ ਵਿਹਾਰਕ ਨਹੀਂ ਲਗਦਾ ਹੈ। ਸ਼ਾਇਦ ਤੂੰ ਮਹਿਸੂਸ ਕਰਦਾ ਹੈ ਕਿ ਜੋ ਤੂੰ ਸੁਣਦਾ ਹੈਂ ਉਸ ਵਿੱਚੋਂ ਕੁਝ ਪੂਰੀ ਤਰ੍ਹਾਂ ਨਾਲ ਵਿਹਾਰਕ ਨਹੀਂ ਹੈ; ਉਸ ਸਮੇਂ ਤੂੰ ਇਸ ਬਾਰੇ ਧਾਰਣਾਵਾਂ ਪਾਲ ਲੈਂਦਾ ਹੈਂ, ਅਤੇ ਹਾਲਾਂਕਿ ਤੂੰ ਇਸ ਨੂੰ ਸਵੀਕਾਰ ਕਰਦਾ ਹੈਂ, ਫਿਰ ਵੀ ਤੂੰ ਬਸ ਬਿਨਾਂ ਮਰਜ਼ੀ ਦੇ ਅਜਿਹਾ ਕਰਦਾ ਹੈਂ। ਪਰ ਤੇਰੇ ਆਪਣੇ ਅਨੁਭਵ ਵਿੱਚ, ਉਹ ਗਿਆਨ ਜਿਸ ਤੋਂ ਤੂੰ ਧਾਰਣਾਵਾਂ ਬਣਾਈਆਂ ਹਨ ਤੇਰੇ ਅਮਲ ਦਾ ਰਾਹ ਬਣ ਜਾਂਦਾ ਹੈ, ਅਤੇ ਜਿੰਨਾ ਤੂੰ ਅਮਲ ਵਿੱਚ ਲਿਆਉਂਦਾ ਹੈ, ਉੰਨਾ ਹੀ ਜ਼ਿਆਦਾ ਤੂੰ ਆਪਣੇ ਸੁਣੇ ਹੋਏ ਵਚਨਾਂ ਦਾ ਅਸਲ ਮਹੱਤਵ ਅਤੇ ਅਰਥ ਸਮਝਦਾ ਹੈਂ। ਆਪਣਾ ਖੁਦ ਦਾ ਅਨੁਭਵ ਪ੍ਰਾਪਤ ਕਰਨ ਤੋਂ ਬਾਅਦ, ਤਦ ਤੂੰ ਉਸ ਗਿਆਨ ਬਾਰੇ ਗੱਲ ਕਰ ਸਕਦਾ ਹੈਂ ਜੋ ਤੇਰੇ ਕੋਲ ਉਨ੍ਹਾਂ ਚੀਜ਼ਾਂ ਬਾਰੇ ਹੋਣਾ ਚਾਹੀਦਾ ਹੈ ਜੋ ਤੂੰ ਅਨੁਭਵ ਕੀਤੀਆਂ ਹਨ। ਇਸ ਦੇ ਨਾਲ, ਤੂੰ ਅਜਿਹੇ ਲੋਕਾਂ ਦਰਮਿਆਨ ਵੀ ਫ਼ਰਕ ਕਰ ਸਕਦਾ ਹੈਂ ਜਿਨ੍ਹਾਂ ਦਾ ਗਿਆਨ ਅਸਲੀ ਅਤੇ ਵਿਹਾਰਕ ਹੈ ਅਤੇ ਜਿਨ੍ਹਾਂ ਦਾ ਗਿਆਨ ਸਿੱਖਿਆ ’ਤੇ ਅਧਾਰਤ ਹੈ ਅਤੇ ਬੇਕਾਰ ਹੈ। ਇਸ ਲਈ, ਉਹ ਗਿਆਨ ਜਿਸ ਦੀ ਤੂੰ ਚਰਚਾ ਕਰਦਾ ਹੈਂ ਉਹ ਸੱਚਾਈ ਦੇ ਅਨੁਸਾਰ ਹੈ ਜਾਂ ਨਹੀਂ ਇਹ ਮੁੱਖ ਰੂਪ ਨਾਲ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੈਨੂੰ ਇਸ ਦਾ ਵਿਹਾਰਕ ਅਨੁਭਵ ਹੈ ਜਾਂ ਨਹੀਂ। ਜਿੱਥੇ ਤੇਰੇ ਅਨੁਭਵਾਂ ਵਿੱਚ ਸੱਚਾਈ ਹੈ, ਤੇਰਾ ਗਿਆਨ ਵਿਹਾਰਕ ਅਤੇ ਕੀਮਤੀ ਹੋਏਗਾ। ਆਪਣੇ ਅਨੁਭਵ ਰਾਹੀਂ, ਤੂੰ ਸਿਆਣਪ ਅਤੇਸੂਝ-ਬੂਝ ਵੀ ਪ੍ਰਾਪਤ ਕਰ ਸਕਦਾ ਹੈਂ, ਆਪਣੇ ਗਿਆਨ ਨੂੰ ਹੋਰ ਡੂੰਘਾ ਕਰ ਸਕਦਾ ਹੈਂ, ਅਤੇ ਤੈਨੂੰ ਆਪਣਾ ਆਚਰਣ ਕਿਵੇਂ ਕਰਨਾ ਚਾਹੀਦਾ ਹੈ ਇਸ ਬਾਰੇ ਆਪਣੀ ਅਕਲ ਅਤੇ ਸਾਧਾਰਣ ਸਮਝ ਵਧਾ ਸਕਦਾ ਹੈਂ। ਅਜਿਹੇ ਲੋਕ ਜੋ ਸੱਚਾਈ ਨੂੰ ਧਾਰਣ ਨਹੀਂ ਕਰਦੇ, ਉਨ੍ਹਾਂ ਦੁਆਰਾ ਵਿਅਕਤ ਕੀਤਾ ਗਿਆ ਗਿਆਨ ਸਿਰਫ਼ ਸਿੱਖਿਆ ਹੈ, ਭਾਵੇਂ ਉਹ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ। ਜਦੋਂ ਦੇਹ ਦੇ ਮਾਮਲਿਆਂ ਦੀ ਗੱਲ ਆਉਂਦੀ ਹੈ ਤਾਂ ਹੋ ਸਕਦਾ ਹੈ ਕਿ ਇਸ ਕਿਸਮ ਦਾ ਵਿਅਕਤੀ ਬਹੁਤ ਅਕਲਮੰਦ ਹੋਏ ਪਰ ਜਦੋਂ ਆਤਮਿਕ ਮਾਮਲਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਅੰਤਰ ਨਹੀਂ ਕਰ ਸਕਦਾ। ਅਜਿਹਾ ਇਸ ਲਈ ਹੈ ਕਿਉਂਕਿ ਅਜਿਹੇ ਲੋਕਾਂ ਦਾ ਆਤਮਿਕ ਮਾਮਲਿਆਂ ਬਾਰੇ ਬਿਲਕੁਲ ਕੋਈ ਅਨੁਭਵ ਨਹੀਂ ਹੁੰਦਾ ਹੈ। ਇਹ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਆਤਮਿਕ ਮਾਮਲਿਆਂ ਬਾਰੇ ਕੋਈ ਅੰਦਰੂਨੀ ਚਾਨਣ ਨਹੀਂ ਹੈ ਅਤੇ ਉਹ ਆਤਮਿਕ ਮਾਮਲਿਆਂ ਨੂੰ ਨਹੀਂ ਸਮਝਦੇ। ਭਾਵੇਂ ਤੂੰ ਕਿਸੇ ਵੀ ਕਿਸਮ ਦੇ ਗਿਆਨ ਨੂੰ ਵਿਅਕਤ ਕਰੇਂ, ਜੇ ਇਹ ਤੇਰੀ ਹੋਂਦ ਹੈ, ਤਾਂ ਇਹ ਤੇਰਾ ਵਿਅਕਤੀਗਤ ਅਨੁਭਵ ਹੈ, ਅਤੇ ਤੇਰਾ ਅਸਲ ਗਿਆਨ ਹੈ। ਜੋ ਲੋਕ ਸਿਰਫ਼ ਸਿੱਖਿਆ ਦੀ ਹੀ ਗੱਲ ਕਰਦੇ ਹਨ—ਅਰਥਾਤ ਜੋ ਲੋਕ ਸੱਚਾਈ ਜਾਂ ਅਸਲੀਅਤ ਨਾਲ ਸੰਪੰਨ ਨਹੀਂ ਹੁੰਦੇ—ਤਾਂ ਉਹ ਜਿਸ ਬਾਰੇ ਚਰਚਾ ਕਰਦੇ ਹਨ ਉਸ ਨੂੰ ਉਨ੍ਹਾਂ ਦੀ ਹੋਂਦ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਆਪਣੀ ਸਿੱਖਿਆ ਤਕ ਸਿਰਫ਼ ਡੂੰਘੇ ਚਿੰਤਨ ਰਾਹੀਂ ਪਹੁੰਚੇ ਹਨ ਅਤੇ ਇਹ ਉਨ੍ਹਾਂ ਦੇ ਡੂੰਘੇ ਸੋਚ-ਵਿਚਾਰ ਦਾ ਨਤੀਜਾ ਹੈ। ਪਰ, ਇਹ ਸਿਰਫ਼ ਸਿੱਖਿਆ ਹੀ ਹੈ, ਕਲਪਨਾ ਤੋਂ ਵੱਧ ਕੁਝ ਨਹੀਂ ਹੈ! ਸਾਰੇ ਕਿਸਮ ਦੇ ਲੋਕਾਂ ਦੇ ਅਨੁਭਵ ਉਨ੍ਹਾਂ ਦੇ ਅੰਦਰ ਦੀਆਂ ਚੀਜ਼ਾਂ ਦੀ ਨੁਮਾਇੰਦਗੀ ਕਰਦੇ ਹਨ। ਆਤਮਿਕ ਅਨੁਭਵ ਤੋਂ ਬਿਨਾਂ ਕੋਈ ਵੀ ਨਾ ਤਾਂ ਸੱਚਾਈ ਦੇ ਗਿਆਨ ਬਾਰੇ, ਅਤੇ ਨਾ ਹੀ ਭਿੰਨ-ਭਿੰਨ ਆਤਮਿਕ ਚੀਜ਼ਾਂ ਦੇ ਸਹੀ ਗਿਆਨ ਬਾਰੇ ਗੱਲ ਕਰ ਸਕਦਾ ਹੈ। ਮਨੁੱਖ ਉਹੀ ਵਿਅਕਤ ਕਰਦਾ ਹੈ ਜੋ ਉਹ ਅੰਦਰੋਂ ਹੁੰਦਾ ਹੈ—ਇਹ ਨਿਸ਼ਚਿਤ ਹੈ। ਜੋ ਕੋਈ ਆਤਮਿਕ ਚੀਜ਼ਾਂ ਦੇ ਗਿਆਨ ਅਤੇ ਸੱਚਾਈ ਦੇ ਗਿਆਨ ਨੂੰ ਪ੍ਰਾਪਤ ਕਰਨ ਦੀ ਇੱਛਾ ਕਰਦਾ ਹੈ, ਤਾਂ ਉਸ ਕੋਲ ਅਸਲ ਅਨੁਭਵ ਹੋਣਾ ਜ਼ਰੂਰੀ ਹੈ। ਜੇ ਤੂੰ ਮਨੁੱਖੀ ਜੀਵਨ ਵਿੱਚ ਸਧਾਰਣ ਸਮਝ ਬਾਰੇ ਸਪਸ਼ਟ ਰੂਪ ਵਿੱਚ ਗੱਲ ਨਹੀਂ ਕਰ ਸਕਦਾ, ਤਾਂ ਤੂੰ ਆਤਮਿਕ ਚੀਜ਼ਾਂ ਬਾਰੇ ਕਿੰਨੀ ਕੁ ਗੱਲ ਕਰਨ ਦੇ ਸਮਰੱਥ ਹੋਏਂਗਾ? ਜੋ ਲੋਕ ਕਲੀਸਿਆਵਾਂ ਦੀ ਅਗਵਾਈ ਕਰ ਸਕਦੇ ਹਨ, ਲੋਕਾਂ ਨੂੰ ਜੀਵਨ ਪ੍ਰਦਾਨ ਕਰ ਸਕਦੇ ਹਨ, ਅਤੇ ਲੋਕਾਂ ਲਈ ਰਸੂਲ ਹੋ ਸਕਦੇ ਹਨ, ਉਨ੍ਹਾਂ ਕੋਲ ਅਸਲ ਅਨੁਭਵ ਹੋਣਾ ਜ਼ਰੂਰੀ ਹੈ; ਉਨ੍ਹਾਂ ਨੂੰ ਆਤਮਿਕ ਚੀਜ਼ਾਂ ਦੀ ਸਹੀ ਸਮਝ ਅਤੇ ਸੱਚਾਈ ਦਾ ਸਹੀ ਬੋਧ ਅਤੇ ਅਨੁਭਵ ਹੋਣਾ ਜ਼ਰੂਰੀ ਹੈ। ਸਿਰਫ਼ ਅਜਿਹੇ ਲੋਕ ਹੀ ਕਲੀਸਿਯਾ ਦੀ ਅਗਵਾਈ ਕਰਨ ਵਾਲੇ ਕਾਰਜਕਰਤਾ ਜਾਂ ਰਸੂਲ ਹੋਣ ਦੇ ਯੋਗ ਹਨ। ਨਹੀਂ ਤਾਂ, ਉਹ ਘੱਟੋ-ਘੱਟ ਪਿੱਛੇ ਹੀ ਚੱਲ ਸਕਦੇ ਹਨ ਅਤੇ ਅਗਵਾਈ ਨਹੀਂ ਕਰ ਸਕਦੇ, ਰਸੂਲ ਬਣਨਾ ਤਾਂ ਦੂਰ ਦੀ ਗੱਲ ਰਹੀ ਜੋ ਲੋਕਾਂ ਨੂੰ ਜੀਵਨ ਪ੍ਰਦਾਨ ਕਰਨ ਦੇ ਯੋਗ ਹੁੰਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਰਸੂਲ ਦਾ ਕੰਮ ਭੱਜ-ਦੌੜ ਕਰਨਾ ਜਾਂ ਲੜਨਾ ਨਹੀਂ ਹੈ; ਸਗੋਂ ਜੀਵਨ ਦੀ ਸੇਵਕਾਈ ਕਰਨਾ ਅਤੇ ਦੂਜਿਆਂ ਦੇ ਸੁਭਾਅ ਵਿੱਚ ਤਬਦੀਲੀ ਲਿਆਉਣ ਲਈ ਉਨ੍ਹਾਂ ਦੀ ਅਗਵਾਈ ਕਰਨਾ ਹੈ। ਜੋ ਲੋਕ ਇਸ ਕੰਮ ਨੂੰ ਕਰਦੇ ਹਨ ਉਨ੍ਹਾਂ ਨੂੰ ਭਾਰੀ ਜ਼ਿੰਮੇਵਾਰੀ ਨਿਭਾਉਣ ਲਈ ਦਿੱਤੀ ਜਾਂਦੀ ਹੈ, ਅਤੇ ਇਹ ਕੁਝ ਅਜਿਹਾ ਨਹੀਂ ਹੈ ਜਿਸ ਨੂੰ ਹਰੇਕ ਵਿਅਕਤੀ ਚੁੱਕ ਸਕਦਾ ਹੈ। ਇਸ ਕਿਸਮ ਦਾ ਕੰਮ ਸਿਰਫ਼ ਉਨ੍ਹਾਂ ਦੁਆਰਾ ਸ਼ੁਰੂ ਕੀਤਾ ਜਾ ਸਕਦਾ ਹੈ ਜਿਨ੍ਹਾਂ ਕੋਲ ਜੀਵਨ ਦੀ ਹੋਂਦ ਹੈ, ਅਰਥਾਤ, ਜਿਨ੍ਹਾਂ ਕੋਲ ਸੱਚਾਈ ਦਾ ਅਨੁਭਵ ਹੈ। ਇਸ ਨੂੰ ਬਸ ਅਜਿਹੇ ਕਿਸੇ ਵੀ ਵਿਅਕਤੀ ਦੁਆਰਾ ਸ਼ੁਰੂ ਨਹੀਂ ਕੀਤਾ ਜਾ ਸਕਦਾ ਜੋ ਤਿਆਗ ਕਰ ਸਕਦਾ ਹੈ, ਜੋ ਭੱਜ-ਦੌੜ ਕਰ ਸਕਦਾ ਹੈ, ਜਾਂ ਜੋ ਆਪਣੇ ਆਪ ਨੂੰ ਖਰਚ ਕਰਨ ਦੀ ਇੱਛਾ ਰੱਖਦਾ ਹੈ; ਜਿਨ੍ਹਾਂ ਲੋਕਾਂ ਕੋਲ ਸੱਚਾਈ ਦਾ ਕੋਈ ਅਨੁਭਵ ਨਹੀਂ ਹੈ, ਜਿਨ੍ਹਾਂ ਦੀ ਛੰਗਾਈ ਜਾਂ ਨਿਆਂ ਨਹੀਂ ਕੀਤਾ ਗਿਆ ਹੈ, ਇਸ ਕਿਸਮ ਦਾ ਕੰਮ ਕਰਨ ਦੇ ਅਸਮਰਥ ਹਨ। ਅਨੁਭਵਹੀਣ ਲੋਕ, ਅਜਿਹੇ ਲੋਕ ਜਿਨ੍ਹਾਂ ਕੋਲ ਕੋਈ ਅਸਲੀਅਤ ਨਹੀਂ ਹੈ, ਅਸਲੀਅਤ ਨੂੰ ਸਪਸ਼ਟ ਰੂਪ ਵਿੱਚ ਦੇਖਣ ਦੇ ਅਸਮਰਥ ਹਨ ਕਿਉਂਕਿ ਉਹ ਖੁਦ ਇਸ ਕਿਸਮ ਦੀ ਹੋਂਦ ਤੋਂ ਸੱਖਣੇ ਹਨ। ਤਾਂ, ਇਸ ਕਿਸਮ ਦਾ ਵਿਅਕਤੀ ਨਾ ਸਿਰਫ਼ ਅਗਵਾਈ ਦਾ ਕੰਮ ਕਰਨ ਦੇ ਅਯੋਗ ਹੁੰਦਾ ਹੈ, ਪਰ, ਜੇ ਉਹ ਲੰਮੇ ਸਮੇਂ ਤਕ ਸੱਚਾਈ ਤੋਂ ਬਿਨਾਂ ਰਹੇ, ਤਾਂ ਉਹ ਮਿਟਾਏ ਜਾਣ ਦਾ ਪਾਤਰ ਬਣ ਜਾਵੇਗਾ। ਤੂੰ ਜੋ ਸੂਝ-ਬੂਝ ਵਿਅਕਤ ਕਰਦਾ ਹੈਂ ਇਹ ਉਨ੍ਹਾਂ ਮੁਸ਼ਕਲਾਂ ਦਾ ਸਬੂਤ ਬਣ ਸਕਦੀ ਹੈ ਜੋ ਤੂੰ ਜੀਵਨ ਵਿੱਚ ਅਨੁਭਵ ਕੀਤੀਆਂ ਹਨ, ਉਹ ਚੀਜ਼ਾਂ ਜਿਨ੍ਹਾਂ ਲਈ ਤੈਨੂੰ ਤਾੜਨਾ ਦਿੱਤੀ ਗਈ ਹੈ, ਅਤੇ ਜਿਨ੍ਹਾਂ ਮੁੱਦਿਆਂ ਲਈ ਤੇਰਾ ਨਿਆਂ ਕੀਤਾ ਗਿਆ ਹੈ। ਇਹ ਪਰਤਾਵਿਆਂ ਲਈ ਵੀ ਸੱਚ ਹੈ: ਜਿੱਥੇ ਕਿਸੇ ਨੂੰ ਤਾਇਆ ਜਾਂਦਾ ਹੈ, ਜਿੱਥੇ ਕੋਈ ਕਮਜ਼ੋਰ ਹੁੰਦਾ ਹੈ—ਇਹ ਉਹ ਖੇਤਰ ਹਨ ਜਿਨ੍ਹਾਂ ਵਿੱਚ ਕਿਸੇ ਨੂੰ ਅਨੁਭਵ ਹੁੰਦਾ ਹੈ, ਜਿਸ ਵਿੱਚ ਕਿਸੇ ਕੋਲ ਰਾਹ ਹੁੰਦਾ ਹੈ। ਉਦਾਹਰਣ ਵਜੋਂ, ਜੇ ਕੋਈ ਵਿਆਹ ਵਿੱਚ ਪਰੇਸ਼ਾਨੀਆਂ ਝੱਲ ਰਿਹਾ ਹੈ, ਤਾਂ ਉਹ ਅਕਸਰ ਸੰਗਤੀ ਕਰੇਗਾ, “ਪਰਮੇਸ਼ੁਰ ਦਾ ਧੰਨਵਾਦ, ਪਰਮੇਸ਼ੁਰ ਦੀ ਉਸਤਤ, ਮੈਨੂੰ ਜ਼ਰੂਰ ਪਰਮੇਸ਼ੁਰ ਦੇ ਮਨ ਦੀ ਇੱਛਾ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ ਅਤੇ ਆਪਣਾ ਸੰਪੂਰਣ ਜੀਵਨ ਭੇਟ ਕਰਨਾ ਚਾਹੀਦਾ ਹੈ, ਅਤੇ ਮੈਨੂੰ ਜ਼ਰੂਰ ਆਪਣਾ ਵਿਆਹ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੇ ਹੱਥਾਂ ਵਿੱਚ ਸੌਂਪ ਦੇਣਾ ਚਾਹੀਦਾ ਹੈ। ਮੈਂ ਆਪਣਾ ਸਮੁੱਚਾ ਜੀਵਨ ਪਰਮੇਸ਼ੁਰ ਨੂੰ ਦੇਣ ਦਾ ਪ੍ਰਣ ਕਰਨ ਲਈ ਤਿਆਰ ਹਾਂ”। ਸੰਗਤੀ ਰਾਹੀਂ ਮਨੁੱਖ ਦੇ ਅੰਦਰ ਦੀਆਂ ਸਾਰੀਆਂ ਚੀਜ਼ਾਂ ਦਰਸਾ ਸਕਦੀਆਂ ਹਨ ਕਿ ਉਹ ਕੀ ਹੈ। ਕਿਸੇ ਵਿਅਕਤੀ ਦੇ ਬੋਲਣ ਦੀ ਗਤੀ, ਭਾਵੇਂ ਉਹ ਜ਼ੋਰ ਨਾਲ ਬੋਲੇ ਜਾਂ ਹੌਲੀ—ਅਜਿਹੇ ਮਾਮਲੇ ਅਨੁਭਵ ਦੇ ਮਾਮਲੇ ਨਹੀਂ ਹੁੰਦੇ ਅਤੇ ਉਹ ਇਹ ਨਹੀਂ ਦਰਸਾ ਸਕਦੇ ਕਿ ਉਨ੍ਹਾਂ ਕੋਲ ਕੀ ਹੈ ਅਤੇ ਉਹ ਕੀ ਹਨ। ਇਹ ਚੀਜ਼ਾਂ ਸਿਰਫ਼ ਇਹ ਦੱਸ ਸਕਦੀਆਂ ਹਨ ਕਿ ਮਨੁੱਖ ਦਾ ਚਰਿੱਤਰ ਚੰਗਾ ਹੈ ਜਾਂ ਬੁਰਾ, ਜਾਂ ਉਸ ਦੀ ਫ਼ਿਤਰਤ ਚੰਗੀ ਹੈ ਜਾਂ ਬੁਰੀ, ਪਰ ਉਨ੍ਹਾਂ ਦੀ ਇਸ ਗੱਲ ਨਾਲ ਬਰਾਬਰੀ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਕੋਲ ਅਨੁਭਵ ਹੈ ਜਾਂ ਨਹੀਂ। ਬੋਲਦੇ ਸਮੇਂ ਖੁਦ ਨੂੰ ਵਿਅਕਤ ਕਰਨ ਦੀ ਯੋਗਤਾ, ਜਾਂ ਬੋਲਣ ਦੀ ਕੁਸ਼ਲਤਾ ਜਾਂ ਗਤੀ, ਸਿਰਫ਼ ਅਭਿਆਸ ਦੀ ਗੱਲ ਹੈ ਅਤੇ ਇਹ ਕਿਸੇ ਦੇ ਅਨੁਭਵ ਦੀ ਥਾਂ ਨਹੀਂ ਲੈ ਸਕਦੀ ਹੈ। ਜਦੋਂ ਤੂੰ ਆਪਣੇ ਵਿਅਕਤੀਗਤ ਅਨੁਭਵਾਂ ਬਾਰੇ ਗੱਲ ਕਰਦਾ ਹੈਂ, ਤਾਂ ਤੂੰ ਉਸ ਚੀਜ਼ ਦੀ ਸੰਗਤੀ ਕਰਦਾ ਹੈਂ ਜਿਸ ਨੂੰ ਮਹੱਤਵ ਦਿੰਦਾ ਹੈਂ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਵੀ ਜੋ ਤੇਰੇ ਅੰਦਰ ਹਨ। ਮੇਰੇ ਬੋਲ ਮੇਰੀ ਹੋਂਦ ਦੀ ਨੁਮਾਇੰਦਗੀ ਕਰਦੇ ਹਨ, ਪਰ ਮੈਂ ਜੋ ਕਹਿੰਦਾ ਹਾਂ ਉਹ ਮਨੁੱਖ ਦੀ ਪਹੁੰਚ ਤੋਂ ਪਰੇ ਹੈ। ਮੈਂ ਜੋ ਕਹਿੰਦਾ ਹਾਂ ਉਹ ਨਹੀਂ ਹੈ ਜਿਸ ਦਾ ਮਨੁੱਖ ਅਨੁਭਵ ਕਰਦਾ ਹੈ, ਅਤੇ ਇਹ ਅਜਿਹਾ ਕੁਝ ਨਹੀਂ ਹੈ ਜਿਸ ਨੂੰ ਮਨੁੱਖ ਦੇਖ ਸਕਦਾ ਹੈ; ਇਹ ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਮਨੁੱਖ ਛੋਹ ਸਕਦਾ ਹੈ, ਸਗੋਂ ਇਹ ਉਹ ਹੈ ਜੋ ਮੈਂ ਹਾਂ। ਕੁਝ ਲੋਕ ਸਿਰਫ਼ ਇੰਨਾ ਮੰਨਦੇ ਹਨ ਕਿ ਮੈਂ ਜੋ ਸੰਗਤੀ ਕਰਦਾ ਹਾਂ ਉਹ ਇਹ ਹੈ ਜੋ ਮੈਂ ਅਨੁਭਵ ਕੀਤਾ ਹੈ, ਪਰ ਉਹ ਇਸ ਗੱਲ ਨੂੰ ਨਹੀਂ ਪਛਾਣਦੇ ਹਨ ਕਿ ਇਹ ਆਤਮਾ ਦਾ ਪ੍ਰਤੱਖ ਪ੍ਰਗਟਾਵਾ ਹੈ। ਬੇਸ਼ੱਕ, ਜੋ ਮੈਂ ਕਹਿੰਦਾ ਹਾਂ ਉਸ ਦਾ ਮੈਂ ਅਨੁਭਵ ਕੀਤਾ ਹੈ। ਇਹ ਮੈਂ ਹੀ ਹਾਂ ਜਿਸ ਨੇ ਛੇ ਹਜ਼ਾਰ ਸਾਲ ਤਕ ਪ੍ਰਬੰਧਨ ਦਾ ਕੰਮ ਕੀਤਾ ਹੈ। ਮੈਂ ਮਨੁੱਖਜਾਤੀ ਦੀ ਸਿਰਜਣਾ ਤੋਂ ਲੈ ਕੇ ਹੁਣ ਤਕ ਹਰ ਚੀਜ਼ ਦਾ ਅਨੁਭਵ ਕੀਤਾ ਹੈ; ਮੈਂ ਉਸ ਬਾਰੇ ਕਿਵੇਂ ਚਰਚਾ ਨਹੀਂ ਕਰ ਸਕਾਂਗਾ? ਜਦੋਂ ਮਨੁੱਖ ਦੀ ਫ਼ਿਤਰਤ ਦੀ ਗੱਲ ਆਉਂਦੀ ਹੈ, ਤਾਂ ਮੈਂ ਸਪਸ਼ਟ ਰੂਪ ਵਿੱਚ ਦੇਖਿਆ ਹੈ; ਅਤੇ ਮੈਂ ਬਹੁਤ ਪਹਿਲਾਂ ਇਸ ਦਾ ਨਿਰੀਖਣ ਕੀਤਾ ਸੀ। ਮੈਂ ਇਸ ਦੇ ਸੰਬੰਧ ਵਿੱਚ ਸਪਸ਼ਟਤਾ ਨਾਲ ਗੱਲ ਕਿਵੇਂ ਨਹੀਂ ਕਰ ਸਕਾਂਗਾ? ਕਿਉਂਕਿ ਮੈਂ ਮਨੁੱਖ ਦੇ ਸਾਰ ਨੂੰ ਸਪਸ਼ਟ ਰੂਪ ਵਿੱਚ ਦੇਖਿਆ ਹੈ, ਇਸ ਲਈ ਮੈਂ ਮਨੁੱਖ ਨੂੰ ਤਾੜਨਾ ਦੇਣ ਅਤੇ ਉਸ ਦਾ ਨਿਆਂ ਕਰਨ ਦੇ ਯੋਗ ਹਾਂ, ਕਿਉਂਕਿ ਸਾਰੇ ਮਨੁੱਖ ਮੇਰੇ ਤੋਂ ਹੀ ਆਏ ਹਨ ਪਰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਗਏ ਹਨ। ਬੇਸ਼ੱਕ, ਮੈਂ ਆਪਣੇ ਦੁਆਰਾ ਕੀਤੇ ਗਏ ਕੰਮ ਦਾ ਮੁਲਾਂਕਣ ਕਰਨ ਦੇ ਵੀ ਯੋਗ ਹਾਂ। ਹਾਲਾਂਕਿ ਇਹ ਕੰਮ ਮੇਰੇ ਦੇਹ ਦੁਆਰਾ ਨਹੀਂ ਕੀਤਾ ਜਾਂਦਾ ਹੈ, ਪਰ ਇਹ ਆਤਮਾ ਦਾ ਪ੍ਰਤੱਖ ਪ੍ਰਗਟਾਵਾ ਹੈ, ਅਤੇ ਇਹੀ ਹੈ ਜੋ ਕੁਝ ਮੇਰੇ ਕੋਲ ਹੈ ਅਤੇ ਜੋ ਮੈਂ ਹਾਂ। ਇਸ ਲਈ, ਮੈਂ ਇਸ ਨੂੰ ਵਿਅਕਤ ਕਰਨ ਅਤੇ ਉਸ ਕੰਮ ਨੂੰ ਕਰਨ ਦੇ ਯੋਗ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ। ਲੋਕ ਉਹੀ ਕਹਿੰਦੇ ਹਨ ਜਿਸ ਦਾ ਉਨ੍ਹਾਂ ਨੇ ਅਨੁਭਵ ਕੀਤਾ ਹੈ। ਇਹ ਉਹ ਹੈ ਜੋ ਉਨ੍ਹਾਂ ਨੇ ਦੇਖਿਆ ਹੈ, ਜਿਸ ਤਕ ਉਨ੍ਹਾਂ ਦੇ ਦਿਮਾਗ ਪਹੁੰਚ ਸਕਦੇ ਹਨ, ਅਤੇ ਜੋ ਉਨ੍ਹਾਂ ਦੀਆਂ ਇੰਦਰੀਆਂ ਮਹਿਸੂਸ ਕਰ ਸਕਦੀਆਂ ਹਨ। ਇਹ ਉਹ ਹੈ ਜਿਸ ਦੀ ਉਹ ਸੰਗਤੀ ਕਰ ਸਕਦੇ ਹਨ। ਦੇਹਧਾਰੀ ਪਰਮੇਸ਼ੁਰ ਦੇ ਦੇਹ ਦੁਆਰਾ ਕਹੇ ਗਏ ਵਚਨ ਆਤਮਾ ਦਾ ਪ੍ਰਤੱਖ ਪ੍ਰਗਟਾਵਾ ਹਨ ਅਤੇ ਉਹ ਉਸ ਕੰਮ ਨੂੰ ਵਿਅਕਤ ਕਰਦੇ ਹਨ ਜੋ ਆਤਮਾ ਦੁਆਰਾ ਕੀਤਾ ਗਿਆ ਹੈ, ਜਿਸ ਨੂੰ ਦੇਹ ਨੇ ਅਨੁਭਵ ਕੀਤਾ ਜਾਂ ਦੇਖਿਆ ਨਹੀਂ ਹੈ, ਪਰ ਉਹ ਫਿਰ ਵੀ ਆਪਣੀ ਹੋਂਦ ਨੂੰ ਵਿਅਕਤ ਕਰਦਾ ਹੈ, ਕਿਉਂਕਿ ਦੇਹ ਦਾ ਸਾਰ ਆਤਮਾ ਹੈ, ਅਤੇ ਉਹ ਆਤਮਾ ਦੇ ਕੰਮ ਨੂੰ ਵਿਅਕਤ ਕਰਦਾ ਹੈ। ਇਹ ਉਹ ਕੰਮ ਹੈ ਜੋ ਪਹਿਲਾਂ ਹੀ ਆਤਮਾ ਦੁਆਰਾ ਕੀਤਾ ਗਿਆ ਹੈ, ਹਾਲਾਂਕਿ ਇਹ ਦੇਹ ਦੀ ਪਹੁੰਚ ਤੋਂ ਪਰੇ ਹੈ। ਦੇਹਧਾਰਣ ਤੋਂ ਬਾਅਦ, ਦੇਹ ਦੇ ਪ੍ਰਗਟਾਵੇ ਰਾਹੀਂ, ਉਹ ਲੋਕਾਂ ਨੂੰ ਪਰਮੇਸ਼ੁਰ ਦੀ ਹੋਂਦ ਬਾਰੇ ਜਾਣਨ ਦੇ ਸਮਰੱਥ ਬਣਾਉਂਦਾ ਹੈ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਸੁਭਾਅ ਅਤੇ ਉਸ ਕੰਮ ਨੂੰ ਦੇਖਣ ਦਿੰਦਾ ਹੈ ਜੋ ਉਸ ਨੇ ਕੀਤਾ ਹੈ। ਮਨੁੱਖ ਦਾ ਕੰਮ ਲੋਕਾਂ ਨੂੰ ਇਸ ਬਾਰੇ ਵਧੇਰੇ ਸਪਸ਼ਟਤਾ ਦਿੰਦਾ ਹੈ ਕਿ ਉਨ੍ਹਾਂ ਨੂੰ ਕਿਸ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕੀ ਸਮਝਣਾ ਚਾਹੀਦਾ ਹੈ; ਇਸ ਵਿੱਚ ਲੋਕਾਂ ਦੀ ਸੱਚਾਈ ਨੂੰ ਸਮਝਣ ਅਤੇ ਅਨੁਭਵ ਕਰਨ ਵਿੱਚ ਅਗਵਾਈ ਕਰਨਾ ਸ਼ਾਮਲ ਹੈ। ਮਨੁੱਖ ਦਾ ਕੰਮ ਲੋਕਾਂ ਨੂੰ ਬਰਕਰਾਰ ਰੱਖਣਾ ਹੈ; ਪਰਮੇਸ਼ੁਰ ਦਾ ਕੰਮ ਮਨੁੱਖਜਾਤੀ ਲਈ ਨਵੇਂ ਰਾਹ ਅਤੇ ਨਵੇਂ ਯੁਗ ਖੋਲ੍ਹਣਾ, ਅਤੇ ਲੋਕਾਂ ਨੂੰ ਉਸ ਦੇ ਸੁਭਾਅ ਬਾਰੇ ਜਾਣਨ ਦੇ ਸਮਰੱਥ ਬਣਾਉਂਦੇ ਹੋਏ, ਉਹ ਪਰਗਟ ਕਰਨਾ ਹੈ ਜਿਸ ਬਾਰੇ ਨਾਸ਼ਵਾਨ ਮਨੁੱਖਾਂ ਨੂੰ ਜਾਣਕਾਰੀ ਨਹੀਂ ਹੈ। ਪਰਮੇਸ਼ੁਰ ਦਾ ਕੰਮ ਸੰਪੂਰਣ ਮਨੁੱਖਜਾਤੀ ਦੀ ਅਗਵਾਈ ਕਰਨਾ ਹੈ।

ਪਵਿੱਤਰ ਆਤਮਾ ਦਾ ਸਾਰਾ ਕੰਮ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾਂਦਾ ਹੈ। ਇਹ ਸਭ ਲੋਕਾਂ ਨੂੰ ਗਿਆਨ ਪ੍ਰਦਾਨ ਕਰਨ ਬਾਰੇ ਹੈ; ਅਜਿਹਾ ਕੋਈ ਕੰਮ ਨਹੀਂ ਜਿਸ ਨਾਲ ਲੋਕਾਂ ਨੂੰ ਲਾਭ ਨਾ ਹੋਵੇ। ਭਾਵੇਂ ਸੱਚਾਈ ਗਹਿਰੀ ਹੋਏ ਜਾਂ ਸਤਹੀ, ਅਤੇ ਭਾਵੇਂ ਸੱਚਾਈ ਨੂੰ ਸਵੀਕਾਰ ਕਰਨ ਵਾਲਿਆਂ ਦੀ ਯੋਗਤਾ ਕੁਝ ਵੀ ਹੋਏ, ਪਵਿੱਤਰ ਆਤਮਾ ਜੋ ਵੀ ਕਰਦਾ ਹੈ, ਇਸ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੈ। ਪਰ ਪਵਿੱਤਰ ਆਤਮਾ ਦਾ ਕੰਮ ਸਿੱਧੇ ਤੌਰ ’ਤੇ ਨਹੀਂ ਕੀਤਾ ਜਾ ਸਕਦਾ; ਇਸ ਨੂੰ ਉਨ੍ਹਾਂ ਲੋਕਾਂ ਰਾਹੀਂ ਵਿਅਕਤ ਹੋਣਾ ਪਏਗਾ ਜੋ ਉਸ ਨਾਲ ਸਹਿਯੋਗ ਕਰਦੇ ਹਨ। ਸਿਰਫ਼ ਇਸੇ ਤਰ੍ਹਾਂ ਹੀ ਪਵਿੱਤਰ ਆਤਮਾ ਦੇ ਕੰਮ ਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਬੇਸ਼ੱਕ, ਜਦੋਂ ਪਵਿੱਤਰ ਆਤਮਾ ਸਿੱਧਿਆਂ ਕੰਮ ਕਰਦਾ ਹੈ, ਇਸ ਵਿੱਚ ਬਿਲਕੁਲ ਵੀ ਮਿਲਾਵਟ ਨਹੀਂ ਹੁੰਦੀ; ਪਰ ਜਦੋਂ ਪਵਿੱਤਰ ਆਤਮਾ ਮਨੁੱਖ ਰਾਹੀਂ ਕੰਮ ਕਰਦਾ ਹੈ, ਇਸ ਵਿੱਚ ਬਹੁਤ ਸਾਰੀ ਮਿਲਾਵਟ ਹੋ ਜਾਂਦੀ ਹੈ ਅਤੇ ਇਹ ਪਵਿੱਤਰ ਆਤਮਾ ਦਾ ਮੂਲ ਕੰਮ ਨਹੀਂ ਹੁੰਦਾ। ਇਸ ਤਰ੍ਹਾਂ ਨਾਲ, ਸੱਚਾਈ ਵੱਖ-ਵੱਖ ਦਰਜਿਆਂ ਵਿੱਚ ਬਦਲ ਜਾਂਦੀ ਹੈ। ਪੈਰੋਕਾਰ ਪਵਿੱਤਰ ਆਤਮਾ ਦੇ ਮੂਲ ਇਰਾਦੇ ਨੂੰ ਪ੍ਰਾਪਤ ਨਹੀਂ ਕਰਦੇ ਸਗੋਂ ਪਵਿੱਤਰ ਆਤਮਾ ਦੇ ਕੰਮ ਅਤੇ ਮਨੁੱਖ ਦੇ ਅਨੁਭਵ ਅਤੇ ਗਿਆਨ ਦੇ ਸੁਮੇਲ ਨੂੰ ਪ੍ਰਾਪਤ ਕਰਦੇ ਹਨ। ਪਵਿੱਤਰ ਆਤਮਾ ਦੇ ਕੰਮ ਦਾ ਉਹ ਭਾਗ ਜੋ ਪੈਰੋਕਾਰਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਸਹੀ ਹੁੰਦਾ ਹੈ, ਜਦ ਕਿ ਉਨ੍ਹਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਮਨੁੱਖ ਦਾ ਅਨੁਭਵ ਅਤੇ ਗਿਆਨ ਭਿੰਨ-ਭਿੰਨ ਹੁੰਦਾ ਹੈ ਕਿਉਂਕਿ ਕਾਰਜਕਰਤਾ ਭਿੰਨ-ਭਿੰਨ ਹੁੰਦੇ ਹਨ। ਪਵਿੱਤਰ ਆਤਮਾ ਦਾ ਅੰਦਰੂਨੀ ਚਾਨਣ ਅਤੇ ਰਹਿਨੁਮਾਈ ਪ੍ਰਾਪਤ ਕਰਨ ਵਾਲੇ ਕਾਰਜਕਰਤਾ, ਇਸ ਅੰਦਰੂਨੀ ਚਾਨਣ ਅਤੇ ਰਹਿਨੁਮਾਈ ਦੇ ਆਧਾਰ ’ਤੇ ਅਨੁਭਵ ਪ੍ਰਾਪਤ ਕਰਨਗੇ। ਇਨ੍ਹਾਂ ਅਨੁਭਵਾਂ ਦੇ ਅੰਦਰ ਮਨੁੱਖ ਦਾ ਮਨ ਅਤੇ ਅਨੁਭਵ, ਅਤੇ ਨਾਲ ਹੀ ਮਨੁੱਖਤਾ ਦੀ ਹੋਂਦ ਸ਼ਾਮਲ ਹੈ, ਅਤੇ ਉਸ ਮਗਰੋਂ, ਉਹ ਉਸ ਗਿਆਨ ਜਾਂ ਸੂਝ-ਬੂਝ ਨੂੰ ਪ੍ਰਾਪਤ ਕਰਦੇ ਹਨ ਜੋ ਉਨ੍ਹਾਂ ਕੋਲ ਹੋਣੇ ਚਾਹੀਦੇ ਹਨ। ਇਹ ਮਨੁੱਖ ਦਾ ਸੱਚਾਈ ਦਾ ਅਨੁਭਵ ਕਰਨ ਤੋਂ ਬਾਅਦ ਅਮਲ ਵਿੱਚ ਲਿਆਉਣ ਦਾ ਤਰੀਕਾ ਹੈ। ਅਮਲ ਦਾ ਇਹ ਤਰੀਕਾ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ, ਕਿਉਂਕਿ ਲੋਕਾਂ ਦੇ ਅਨੁਭਵ ਵੱਖ-ਵੱਖ ਹੁੰਦੇ ਹਨ ਅਤੇ ਜਿਨ੍ਹਾਂ ਚੀਜ਼ਾਂ ਦਾ ਲੋਕ ਅਨੁਭਵ ਕਰਦੇ ਹਨ ਉਹ ਭਿੰਨ-ਭਿੰਨ ਹੁੰਦੀਆਂ ਹਨ। ਇਸ ਤਰ੍ਹਾਂ, ਪਵਿੱਤਰ ਆਤਮਾ ਦੇ ਉਸੇ ਅੰਦਰੂਨੀ ਚਾਨਣ ਦੇ ਸਿੱਟੇ ਵਜੋਂ ਭਿੰਨ-ਭਿੰਨ ਗਿਆਨ ਅਤੇ ਅਮਲ ਹੁੰਦਾ ਹੈ, ਕਿਉਂਕਿ ਅੰਦਰੂਨੀ ਚਾਨਣ ਪ੍ਰਾਪਤ ਕਰਨ ਵਾਲੇ ਲੋਕ ਭਿੰਨ-ਭਿੰਨ ਹੁੰਦੇ ਹਨ। ਕੁਝ ਲੋਕ ਅਮਲ ਦੌਰਾਨ ਮਾਮੂਲੀ ਗਲਤੀਆਂ ਕਰਦੇ ਹਨ, ਜਦ ਕਿ ਕੁਝ ਲੋਕ ਵੱਡੀਆਂ ਗਲਤੀਆਂ ਕਰਦੇ ਹਨ, ਅਤੇ ਕੁਝ ਲੋਕ ਹੋਰ ਕੁਝ ਨਹੀਂ ਬਸ ਗਲਤੀਆਂ ਹੀ ਕਰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਲੋਕਾਂ ਦੀ ਸਮਝਣ ਦੀ ਯੋਗਤਾ ਅਲੱਗ-ਅਲੱਗ ਹੁੰਦੀ ਹੈ ਅਤੇ ਉਨ੍ਹਾਂ ਦੀਆਂ ਸਹਿਜ ਯੋਗਤਾਵਾਂ ਵੀ ਭਿੰਨ ਹੁੰਦੀਆਂ ਹਨ। ਕੁਝ ਲੋਕ ਸੁਨੇਹਾ ਸੁਣਨ ਤੋਂ ਬਾਅਦ ਕਿਸੇ ਇੱਕ ਤਰੀਕੇ ਨਾਲ ਸਮਝਦੇ ਹਨ, ਅਤੇ ਕੁਝ ਲੋਕ ਸੱਚਾਈ ਸੁਣਨ ਤੋਂ ਬਾਅਦ ਕਿਸੇ ਹੋਰ ਤਰ੍ਹਾਂ ਨਾਲ ਸਮਝਦੇ ਹਨ। ਕੁਝ ਲੋਕ ਜ਼ਰਾ ਜਿਹਾ ਭਟਕ ਜਾਂਦੇ ਹਨ, ਜਦ ਕਿ ਕੁਝ ਸੱਚਾਈ ਦੇ ਅਸਲ ਅਰਥ ਨੂੰ ਬਿਲਕੁਲ ਵੀ ਨਹੀਂ ਸਮਝਦੇ। ਇਸ ਲਈ, ਕਿਸੇ ਦੀ ਸਮਝ ਤੋਂ ਪਤਾ ਲੱਗਦਾ ਹੈ ਕਿ ਉਹ ਦੂਜਿਆਂ ਦੀ ਅਗਵਾਈ ਕਿਵੇਂ ਕਰੇਗਾ; ਇਹ ਬਿਲਕੁਲ ਸੱਚ ਹੈ, ਕਿਉਂਕਿ ਕਿਸੇ ਦਾ ਕੰਮ ਬਸ ਉਸ ਦੀ ਹੋਂਦ ਦਾ ਪ੍ਰਗਟਾਵਾ ਹੁੰਦਾ ਹੈ। ਸੱਚਾਈ ਦੀ ਸਹੀ ਸਮਝ ਵਾਲੇ ਲੋਕਾਂ ਦੁਆਰਾ ਅਗਵਾਈ ਕੀਤੇ ਜਾ ਰਹੇ ਲੋਕਾਂ ਕੋਲ ਵੀ ਸੱਚਾਈ ਦੀ ਸਹੀ ਸਮਝ ਹੋਏਗੀ। ਭਾਵੇਂ ਅਜਿਹੇ ਲੋਕ ਹਨ ਜਿਨ੍ਹਾਂ ਦੀ ਸਮਝ ਵਿੱਚ ਗਲਤੀਆਂ ਹੁੰਦੀਆਂ ਹਨ, ਪਰ ਅਜਿਹੇ ਲੋਕ ਬਹੁਤ ਘੱਟ ਹਨ, ਅਤੇ ਸਾਰੇ ਲੋਕਾਂ ਵਿੱਚ ਗਲਤੀਆਂ ਨਹੀਂ ਹੋਣਗੀਆਂ। ਜੇ ਕਿਸੇ ਦੀ ਸੱਚਾਈ ਨਾਲ ਜੁੜੀ ਸਮਝ ਵਿੱਚ ਗਲਤੀਆਂ ਹਨ, ਤਾਂ ਉਹ ਲੋਕ ਜੋ ਉਸ ਦੇ ਪਿੱਛੇ ਚੱਲਦੇ ਹਨ ਉਹ ਵੀ ਨਿਸੰਦੇਹ ਗਲਤ ਹੋਣਗੇ, ਅਤੇ ਇਹ ਲੋਕ ਵਚਨ ਦੀ ਹਰੇਕ ਸਮਝ ਵਿੱਚ ਗਲਤ ਹੋਣਗੇ। ਪੈਰੋਕਾਰਾਂ ਦਰਮਿਆਨ ਸੱਚਾਈ ਨੂੰ ਸਮਝਣ ਦਾ ਪੱਧਰ ਵੱਡੇ ਤੌਰ ’ਤੇ ਕਾਰਜਕਰਤਾਵਾਂ ਉੱਪਰ ਨਿਰਭਰ ਕਰਦਾ ਹੈ। ਬੇਸ਼ੱਕ, ਜੋ ਸੱਚਾਈ ਪਰਮੇਸ਼ੁਰ ਤੋਂ ਹੈ ਉਹ ਸਹੀ ਅਤੇ ਤਰੁੱਟੀਹੀਣ ਹੈ, ਅਤੇ ਇਹ ਪੂਰੀ ਤਰ੍ਹਾਂ ਨਾਲ ਨਿਸ਼ਚਿਤ ਹੈ। ਪਰ, ਕਾਰਜਕਰਤਾ ਪੂਰੀ ਤਰ੍ਹਾਂ ਨਾਲ ਸਹੀ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਕਿਹਾ ਜਾ ਸਕਦਾ। ਜੇ ਕਾਮਿਆਂ ਕਾਰਜਕਰਤਾਵਾਂ ਕੋਲ ਸੱਚਾਈ ਨੂੰ ਅਮਲ ਵਿੱਚ ਲਿਆਉਣ ਦਾ ਬਹੁਤ ਵਿਹਾਰਕ ਤਰੀਕਾ ਹੈ, ਤਾਂ ਪੈਰੋਕਾਰਾਂ ਕੋਲ ਵੀ ਅਮਲ ਦਾ ਤਰੀਕਾ ਹੋਏਗਾ। ਜੇ ਕਾਰਜਕਰਤਾਵਾਂ ਕੋਲ ਸੱਚਾਈ ਨੂੰ ਅਮਲ ਵਿੱਚ ਲਿਆਉਣ ਦਾ ਕੋਈ ਤਰੀਕਾ ਨਹੀਂ ਹੈ ਪਰ ਸਿਰਫ਼ ਸਿੱਖਿਆ ਹੀ ਹੈ, ਤਾਂ ਪੈਰੋਕਾਰਾਂ ਕੋਲ ਕੋਈ ਅਸਲੀਅਤ ਨਹੀਂ ਹੋਏਗੀ। ਪੈਰੋਕਾਰਾਂ ਦੀ ਯੋਗਤਾ ਅਤੇ ਫ਼ਿਤਰਤ ਜਨਮ ਤੋਂ ਹੀ ਨਿਰਧਾਰਤ ਹੁੰਦੀ ਹੈ ਅਤੇ ਉਹ ਕਾਰਜਕਰਤਾਵਾਂ ਨਾਲ ਸੰਬੰਧਤ ਨਹੀਂ ਹੁੰਦੇ, ਪਰ ਜਿਸ ਹੱਦ ਤਕ ਪੈਰੋਕਾਰ ਸੱਚਾਈ ਨੂੰ ਸਮਝਦੇ ਹਨ ਅਤੇ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਕਾਰਜਕਰਤਾਵਾਂ ’ਤੇ ਨਿਰਭਰ ਕਰਦਾ ਹੈ (ਇਹ ਸਿਰਫ਼ ਕੁਝ ਹੀ ਲੋਕਾਂ ਲਈ ਅਜਿਹਾ ਹੈ।) ਕੋਈ ਕਾਰਜਕਰਤਾ ਜਿਵੇਂ ਦਾ ਹੋਏਗਾ, ਉਸ ਦੇ ਪੈਰੋਕਾਰ ਵੀ ਉਸੇ ਵਰਗੇ ਹੋਣਗੇ ਜਿਨ੍ਹਾਂ ਦੀ ਉਹ ਅਗਵਾਈ ਕਰਦਾ ਹੈ। ਇੱਕ ਕਾਰਜਕਰਤਾ ਜੋ ਵਿਅਕਤ ਕਰਦਾ ਹੈ, ਉਹ ਉਸ ਦੀ ਆਪਣੀ ਹੋਂਦ ਹੁੰਦੀ ਹੈ, ਅਤੇ ਇਹ ਬਿਨਾਂ ਕਿਸੇ ਸ਼ੱਕ ਦੇ ਹੈ। ਜੋ ਮੰਗਾਂ ਉਹ ਆਪਣੇ ਪਿੱਛੇ ਚੱਲਣ ਵਾਲੇ ਲੋਕਾਂ ਤੋਂ ਕਰਦਾ ਹੈ ਉਹ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਉਹ ਖੁਦ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਪ੍ਰਾਪਤ ਕਰਨ ਦੇ ਯੋਗ ਹੁੰਦਾ ਹੈ। ਜ਼ਿਆਦਾਤਰ ਕਾਰਜਕਰਤਾ ਜੋ ਕੁਝ ਖੁਦ ਕਰਦੇ ਹਨ ਉਸ ਦੀ ਵਰਤੋਂ ਆਪਣੇ ਪੈਰੋਕਾਰਾਂ ਤੋਂ ਮੰਗ ਕਰਨ ਦੇ ਆਧਾਰ ਵਜੋਂ ਕਰਦੇ ਹਨ, ਭਾਵੇਂ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਉਹਨਾਂ ਦੇ ਪੈਰੋਕਾਰ ਬਿਲਕੁਲ ਵੀ ਪ੍ਰਾਪਤ ਨਹੀਂ ਕਰ ਸਕਦੇ—ਅਤੇ ਜਿਸ ਨੂੰ ਕੋਈ ਪ੍ਰਾਪਤ ਨਹੀਂ ਕਰ ਸਕਦਾ ਉਹ ਉਸ ਦੇ ਪ੍ਰਵੇਸ਼ ਵਿੱਚ ਰੁਕਾਵਟ ਬਣ ਜਾਂਦੀ ਹੈ।

ਅਜਿਹੇ ਲੋਕਾਂ ਦੇ ਕੰਮ ਵਿੱਚ ਬਹੁਤ ਘੱਟ ਭਟਕਣ ਹੁੰਦੀ ਹੈ ਜੋ ਛੰਗਾਈ, ਨਿਪਟੇ ਜਾਣ, ਨਿਆਂ ਅਤੇ ਤਾੜਨਾ ਰਾਹੀਂ ਲੰਘੇ ਚੁੱਕੇ ਹਨ, ਅਤੇ ਉਨ੍ਹਾਂ ਦੇ ਕੰਮ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਸਟੀਕ ਹੁੰਦਾ ਹੈ। ਜੋ ਲੋਕ ਕੰਮ ਕਰਨ ਲਈ ਆਪਣੀ ਸੁਭਾਵਕਤਾ ਉੱਪਰ ਨਿਰਭਰ ਕਰਦੇ ਹਨ ਕਾਫ਼ੀ ਵੱਡੀਆਂ ਗਲਤੀਆਂ ਕਰਦੇ ਹਨ। ਸੰਪੂਰਣ ਨਾ ਬਣਾਏ ਗਏ ਲੋਕਾਂ ਦੇ ਕੰਮ ਵਿੱਚ ਉਨ੍ਹਾਂ ਦੀ ਆਪਣੀ ਬਹੁਤ ਜ਼ਿਆਦਾ ਸੁਭਾਵਕਤਾ ਵਿਅਕਤ ਹੁੰਦੀ ਹੈ, ਜੋ ਕਿ ਪਵਿੱਤਰ ਆਤਮਾ ਦੇ ਕੰਮ ਵਿੱਚ ਬਹੁਤ ਵੱਡੀ ਰੁਕਾਵਟ ਪੈਦਾ ਕਰਦੀ ਹੈ। ਭਾਵੇਂ ਵਿਅਕਤੀ ਦੀ ਯੋਗਤਾ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਉਸ ਲਈ ਪਰਮੇਸ਼ੁਰ ਦੇ ਆਦੇਸ਼ ਦਾ ਕੰਮ ਕਰ ਸਕਣ ਤੋਂ ਪਹਿਲਾਂ ਛੰਗਾਈ, ਨਿਪਟੇ ਜਾਣ, ਅਤੇ ਨਿਆਂ ਰਾਹੀਂ ਵੀ ਲੰਘਣਾ ਜ਼ਰੂਰੀ ਹੋਏਗਾ। ਜੇ ਉਹ ਅਜਿਹੇ ਨਿਆਂ ਰਾਹੀਂ ਨਹੀਂ ਲੰਘੇ ਹਨ, ਉਨ੍ਹਾਂ ਦਾ ਕੰਮ, ਭਾਵੇਂ ਕਿੰਨੀ ਵੀ ਚੰਗੀ ਤਰ੍ਹਾਂ ਕੀਤਾ ਗਿਆ ਹੋਵੇ, ਸੱਚਾਈ ਦੇ ਅਸੂਲਾਂ ਦੇ ਅਨੁਸਾਰ ਨਹੀਂ ਹੋ ਸਕਦਾ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਆਪਣੀ ਸੁਭਾਵਕਤਾ ਅਤੇ ਮਨੁੱਖੀ ਨੇਕੀ ਦੀ ਉਪਜ ਹੁੰਦਾ ਹੈ। ਛੰਗਾਈ, ਨਿਪਟੇ ਜਾਣ, ਅਤੇ ਨਿਆਂ ਰਾਹੀਂ ਲੰਘੇ ਲੋਕਾਂ ਦਾ ਕੰਮ ਉਨ੍ਹਾਂ ਲੋਕਾਂ ਦੇ ਕੰਮ ਤੋਂ ਬਹੁਤ ਜ਼ਿਆਦਾ ਸਟੀਕ ਹੁੰਦਾ ਹੈ ਜਿਨ੍ਹਾਂ ਦੀ ਛੰਗਾਈ ਅਤੇ ਨਿਆਂ ਨਹੀਂ ਕੀਤਾ ਗਿਆ ਹੈ, ਤੇ ਜਿਨ੍ਹਾਂ ਨਾਲ ਨਿਪਟਿਆ ਨਹੀਂ ਗਿਆ ਹੈ। ਜੋ ਲੋਕ ਨਿਆਂ ਰਾਹੀਂ ਨਹੀਂ ਲੰਘੇ ਹਨ ਉਹ ਮਨੁੱਖੀ ਸਰੀਰ ਅਤੇ ਵਿਚਾਰਾਂ ਤੋਂ ਵੱਧ ਕੁਝ ਵਿਅਕਤ ਨਹੀਂ ਕਰਦੇ ਹਨ, ਜਿਸ ਵਿੱਚ ਬਹੁਤ ਸਾਰੀ ਮਨੁੱਖੀ ਅਕਲ ਅਤੇ ਜਨਮਜਾਤ ਪ੍ਰਤਿਭਾ ਨਾਲ ਮਿਲੀ ਹੁੰਦੀ ਹੈ। ਇਹ ਮਨੁੱਖ ਦੁਆਰਾ ਪਰਮੇਸ਼ੁਰ ਦੇ ਕੰਮ ਦਾ ਸਟੀਕ ਪ੍ਰਗਟਾਵਾ ਨਹੀਂ ਹੈ। ਜੋ ਅਜਿਹੇ ਲੋਕਾਂ ਦੇ ਪਿੱਛੇ ਚੱਲਦੇ ਹਨ, ਉਹ ਉਨ੍ਹਾਂ ਦੀ ਜਨਮਜਾਤ ਯੋਗਤਾ ਦੁਆਰਾ ਉਨ੍ਹਾਂ ਦੇ ਸਾਹਮਣੇ ਲਿਆਏ ਜਾਂਦੇ ਹਨ। ਕਿਉਂਕਿ ਉਹ ਮਨੁੱਖ ਦੀ ਸੂਝ-ਬੂਝ ਅਤੇ ਅਨੁਭਵ ਨੂੰ ਬਹੁਤ ਜ਼ਿਆਦਾ ਵਿਅਕਤ ਕਰਦੇ ਹਨ, ਜੋ ਕਿ ਪਰਮੇਸ਼ੁਰ ਦੇ ਮੂਲ ਇਰਾਦੇ ਤੋਂ ਲਗਭਗ ਕੱਟੇ ਹੋਏ ਹੁੰਦੇ ਹਨ, ਅਤੇ ਇਸ ਤੋਂ ਬਹੁਤ ਦੂਰ ਭਟਕ ਗਏ ਹੁੰਦੇ ਹਨ, ਇਸ ਕਿਸਮ ਦੇ ਵਿਅਕਤੀ ਦਾ ਕੰਮ ਲੋਕਾਂ ਨੂੰ ਪਰਮੇਸ਼ੁਰ ਸਾਹਮਣੇ ਨਹੀਂ ਲਿਆ ਸਕਦਾ, ਸਗੋਂ ਉਨ੍ਹਾਂ ਨੂੰ ਮਨੁੱਖ ਸਾਹਮਣੇ ਲੈ ਆਉਂਦਾ ਹੈ। ਇਸ ਲਈ, ਜੋ ਲੋਕ ਨਿਆਂ ਅਤੇ ਤਾੜਨਾ ਰਾਹੀਂ ਨਹੀਂ ਲੰਘੇ ਹਨ ਪਰਮੇਸ਼ੁਰ ਦੁਆਰਾ ਥਾਪੇ ਜਾਣ ਦੇ ਕੰਮ ਨੂੰ ਕਰਨ ਲਈ ਅਯੋਗ ਹਨ। ਯੋਗ ਕਾਰਜਕਰਤਾ ਦਾ ਕੰਮ ਲੋਕਾਂ ਨੂੰ ਸਹੀ ਰਾਹ ’ਤੇ ਲਿਆ ਸਕਦਾ ਹੈ ਅਤੇ ਉਨ੍ਹਾਂ ਨੂੰ ਸੱਚਾਈ ਵਿੱਚ ਵਧੇਰੇ ਪ੍ਰਵੇਸ਼ ਪ੍ਰਦਾਨ ਕਰ ਸਕਦਾ ਹੈ। ਉਸ ਦਾ ਕੰਮ ਲੋਕਾਂ ਨੂੰ ਪਰਮੇਸ਼ੁਰ ਸਾਹਮਣੇ ਲਿਆ ਸਕਦਾ ਹੈ। ਇਸ ਦੇ ਇਲਾਵਾ, ਜੋ ਕੰਮ ਉਹ ਕਰਦਾ ਹੈ, ਉਹ ਵਿਅਕਤੀ ਤੋਂ ਵਿਅਕਤੀ ਭਿੰਨ ਹੋ ਸਕਦਾ ਹੈ ਅਤੇ ਨਿਯਮਾਂ ਨਾਲ ਬੱਝਿਆ ਹੋਇਆ ਨਹੀਂ ਹੈ, ਜੋ ਲੋਕਾਂ ਨੂੰ ਮੁਕਤੀ ਅਤੇ ਆਜ਼ਾਦੀ ਅਤੇ ਜੀਵਨ ਵਿੱਚ ਹੌਲੀ-ਹੌਲੀ ਅੱਗੇ ਵੱਧਣ ਅਤੇ ਸੱਚਾਈ ਵਿੱਚ ਹੋਰ ਗੂੜ੍ਹ ਪ੍ਰਵੇਸ਼ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਅਯੋਗ ਕਾਰਜਕਰਤਾ ਦਾ ਕੰਮ ਬਹੁਤ ਹਲਕਾ ਪੈਂਦਾ ਹੈ। ਉਸ ਦਾ ਕੰਮ ਮੂਰਖਤਾ ਭਰਿਆ ਹੁੰਦਾ ਹੈ। ਉਹ ਲੋਕਾਂ ਨੂੰ ਸਿਰਫ਼ ਨਿਯਮਾਂ ਦੇ ਅੰਦਰ ਲਿਆ ਸਕਦਾ ਹੈ, ਅਤੇ ਉਹ ਲੋਕਾਂ ਤੋਂ ਜੋ ਮੰਗਾਂ ਕਰਦਾ ਹੈ ਉਹ ਭਿੰਨ-ਭਿੰਨ ਵਿਅਕਤੀਆਂ ਵਿੱਚ ਭਿੰਨ-ਭਿੰਨ ਨਹੀਂ ਹੁੰਦੀਆਂ; ਉਹ ਲੋਕਾਂ ਦੀਆਂ ਅਸਲ ਜ਼ਰੂਰਤਾਂ ਅਨੁਸਾਰ ਕੰਮ ਨਹੀਂ ਕਰਦਾ। ਇਸ ਕਿਸਮ ਦੇ ਕੰਮ ਵਿੱਚ, ਬਹੁਤ ਸਾਰੇ ਨਿਯਮ ਅਤੇ ਬਹੁਤ ਸਾਰੀਆਂ ਸਿੱਖਿਆਵਾਂ ਹੁੰਦੀਆਂ ਹਨ, ਅਤੇ ਇਹ ਲੋਕਾਂ ਨੂੰ ਅਸਲੀਅਤ ਵਿੱਚ ਨਹੀਂ ਲਿਆ ਸਕਦਾ, ਅਤੇ ਨਾ ਹੀ ਉਨ੍ਹਾਂ ਨੂੰ ਜੀਵਨ ਵਿੱਚ ਵਾਧੇ ਦੇ ਸਧਾਰਣ ਅਮਲ ਵਿੱਚ ਲਿਆ ਸਕਦਾ ਹੈ। ਇਹ ਸਿਰਫ਼ ਲੋਕਾਂ ਨੂੰ ਕੁਝ ਬੇਕਾਰ ਨਿਯਮਾਂ ਦੀ ਪਾਲਣਾ ਕਰਨ ਦੇ ਸਮਰੱਥ ਬਣਾ ਸਕਦਾ ਹੈ। ਅਜਿਹੀ ਰਹਿਨੁਮਾਈ ਲੋਕਾਂ ਨੂੰ ਸਿਰਫ਼ ਭਟਕਾ ਸਕਦੀ ਹੈ। ਉਹ ਤੈਨੂੰ ਆਪਣੇ ਵਰਗਾ ਬਣਾਉਣ ਲਈ ਤੇਰੀ ਅਗਵਾਈ ਕਰਦਾ ਹੈ; ਉਹ ਤੈਨੂੰ ਉਸੇ ਵਿੱਚ ਲਿਆ ਸਕਦਾ ਹੈ ਜੋ ਉਸ ਕੋਲ ਹੈ ਅਤੇ ਜੋ ਉਹ ਹੈ। ਪੈਰੋਕਾਰਾਂ ਲਈ ਇਹ ਸਮਝਣ ਕਿ ਆਗੂ ਯੋਗ ਹਨ ਜਾਂ ਨਹੀਂ, ਦੀ ਕੁੰਜੀ ਉਸ ਰਾਹ ਜਿਸ ਦੀ ਉਹ ਅਗਵਾਈ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਦੇ ਨਤੀਜੇ ਨੂੰ ਦੇਖਣਾ ਹੈ, ਅਤੇ ਇਹ ਵੀ ਕਿ ਪੈਰੋਕਾਰ ਸੱਚਾਈ ਦੇ ਅਨੁਸਾਰ ਅਸੂਲ ਪ੍ਰਾਪਤ ਕਰਦੇ ਹਨ ਜਾਂ ਨਹੀਂ, ਅਤੇ ਉਹ ਉਨ੍ਹਾਂ ਦੇ ਕਾਇਆ-ਕਲਪ ਲਈ ਢੁਕਵੇਂ ਅਮਲ ਦੇ ਤਰੀਕੇ ਪ੍ਰਾਪਤ ਕਰਦੇ ਹਨ ਜਾਂ ਨਹੀਂ। ਤੈਨੂੰ ਵੱਖ-ਵੱਖ ਕਿਸਮ ਦੇ ਲੋਕਾਂ ਦੇ ਵੱਖ-ਵੱਖ ਕੰਮਾਂ ਵਿੱਚ ਫ਼ਰਕ ਸਮਝਣਾ ਚਾਹੀਦਾ ਹੈ; ਤੈਨੂੰ ਮੂਰਖ ਪੈਰੋਕਾਰ ਨਹੀਂ ਬਣਨਾ ਚਾਹੀਦਾ। ਇਹ ਲੋਕਾਂ ਦੇ ਪ੍ਰਵੇਸ਼ ਦੇ ਮਾਮਲੇ ’ਤੇ ਪ੍ਰਭਾਵ ਪਾਉਂਦਾ ਹੈ। ਜੇ ਤੂੰ ਇਹ ਫ਼ਰਕ ਸਮਝਣ ਦੇ ਅਸਮਰਥ ਹੈਂ ਕਿ ਕਿਸ ਵਿਅਕਤੀ ਦੀ ਅਗਵਾਈ ਕੋਲ ਮਾਰਗ ਹੈ ਅਤੇ ਕਿਸ ਕੋਲ ਨਹੀਂ, ਤਾਂ ਤੂੰ ਅਸਾਨੀ ਨਾਲ ਧੋਖਾ ਖਾ ਜਾਏਂਗਾ। ਇਸ ਸਭ ਦਾ ਤੇਰੇ ਆਪਣੇ ਜੀਵਨ ਨਾਲ ਸਿੱਧਾ ਸੰਬੰਧ ਹੈ। ਸੰਪੂਰਣ ਨਾ ਬਣਾਏ ਗਏ ਲੋਕਾਂ ਦੇ ਕੰਮ ਵਿੱਚ ਬਹੁਤ ਜ਼ਿਆਦਾ ਸੁਭਾਵਕਤਾ ਹੁੰਦੀ ਹੈ; ਇਸ ਵਿੱਚ ਬਹੁਤ ਜ਼ਿਆਦਾ ਮਨੁੱਖੀ ਇੱਛਾ ਸ਼ਾਮਲ ਹੁੰਦੀ ਹੈ। ਉਨ੍ਹਾਂ ਦੀ ਹੋਂਦ ਸੁਭਾਵਕਤਾ ਹੈ—ਜਿਸ ਦੇ ਨਾਲ ਉਨ੍ਹਾਂ ਨੇ ਜਨਮ ਲਿਆ ਹੈ। ਇਹ ਨਿਪਟੇ ਜਾਣ ਤੋਂ ਬਾਅਦ ਦਾ ਜੀਵਨ ਜਾਂ ਕਾਇਆ-ਕਲਪ ਕੀਤੇ ਜਾਣ ਤੋਂ ਬਾਅਦ ਦੀ ਅਸਲੀਅਤ ਨਹੀਂ ਹੈ। ਅਜਿਹਾ ਵਿਅਕਤੀ ਉਨ੍ਹਾਂ ਨੂੰ ਸਹਾਰਾ ਕਿਵੇਂ ਦੇ ਸਕਦਾ ਹੈ ਜੋ ਜੀਵਨ ਦੀ ਖੋਜ ਕਰ ਰਹੇ ਹਨ? ਮੂਲ ਰੂਪ ਵਿੱਚ ਉਸ ਵਿਅਕਤੀ ਦਾ ਜੀਵਨ ਉਸ ਦੀ ਜਨਮਜਾਤ ਅਕਲ ਜਾਂ ਪ੍ਰਤਿਭਾ ਹੈ। ਇਸ ਕਿਸਮ ਦੀ ਅਕਲ ਜਾਂ ਪ੍ਰਤਿਭਾ ਮਨੁੱਖ ਤੋਂ ਪਰਮੇਸ਼ੁਰ ਦੀਆਂ ਅਸਲ ਮੰਗਾਂ ਤੋਂ ਬਹੁਤ ਦੂਰ ਹੈ। ਜੇ ਮਨੁੱਖ ਨੂੰ ਸੰਪੂਰਣ ਨਹੀਂ ਬਣਾਇਆ ਗਿਆ ਹੈ ਅਤੇ ਉਸ ਦੇ ਭ੍ਰਿਸ਼ਟ ਸੁਭਾਅ ਦੀ ਛੰਗਾਈ ਨਹੀਂ ਕੀਤੀ ਗਈ ਹੈ ਅਤੇ ਉਸ ਨਾਲ ਨਿਪਟਿਆ ਨਹੀਂ ਗਿਆ ਹੈ, ਤਾਂ ਜੋ ਉਹ ਵਿਅਕਤ ਕਰਦਾ ਹੈ ਅਤੇ ਸੱਚਾਈ ਦਰਮਿਆਨ ਇੱਕ ਬਹੁਤ ਵੱਡਾ ਵਕਫ਼ਾ ਹੋਏਗਾ; ਉਹ ਜੋ ਵਿਅਕਤ ਕਰਦਾ ਹੈ ਉਸ ਵਿੱਚ ਖਿਆਲੀ ਚੀਜ਼ਾਂ, ਜਿਵੇਂ ਕਿ ਉਸ ਦੀ ਕਲਪਨਾ ਅਤੇ ਇੱਕਤਰਫ਼ਾ ਅਨੁਭਵ, ਮਿਲੀਆਂ ਹੋਣਗੀਆਂ। ਇਸ ਤੋਂ ਇਲਾਵਾ, ਭਾਵੇਂ ਉਹ ਕਿਵੇਂ ਵੀ ਕੰਮ ਕਰੇ, ਲੋਕ ਮਹਿਸੂਸ ਕਰਦੇ ਹਨ ਕਿ ਉਸ ਵਿੱਚ ਕੋਈ ਸਮੁੱਚਾ ਟੀਚਾ ਅਤੇ ਕੋਈ ਸੱਚਾਈ ਨਹੀਂ ਹੈ ਜੋ ਸਾਰੇ ਲੋਕਾਂ ਦੇ ਪ੍ਰਵੇਸ਼ ਲਈ ਢੁਕਵੀਂ ਹੋਏ। ਲੋਕਾਂ ਤੋਂ ਜੋ ਮੰਗ ਕੀਤੀ ਜਾਂਦੀ ਹੈ ਉਸ ਵਿੱਚੋਂ ਬਹੁਤੀ ਉਨ੍ਹਾਂ ਦੀ ਯੋਗਤਾ ਤੋਂ ਪਰੇ ਹੁੰਦੀ ਹੈ, ਜਿਵੇਂ ਕਿ ਉਹ ਛੱਤਰੀਆਂ ’ਤੇ ਬੈਠਣ ਲਈ ਮਜਬੂਰ ਕੀਤੀਆਂ ਜਾ ਰਹੀਆਂ ਬਤੱਖਾਂ ਹੋਣ। ਇਹ ਮਨੁੱਖੀ ਇੱਛਾ ਦਾ ਕੰਮ ਹੈ। ਮਨੁੱਖ ਦਾ ਭ੍ਰਿਸ਼ਟ ਸੁਭਾਅ, ਉਸ ਦੇ ਵਿਚਾਰ, ਅਤੇ ਉਸ ਦੀਆਂ ਧਾਰਣਾਵਾਂ ਉਸ ਦੇ ਸਰੀਰ ਦੇ ਸਾਰੇ ਅੰਗਾਂ ਵਿੱਚ ਰਚੇ-ਵਸੇ ਹੋਏ ਹਨ। ਮਨੁੱਖ ਸੱਚਾਈ ਦਾ ਅਮਲ ਕਰਨ ਦੀ ਪ੍ਰਵਿਰਤੀ ਨਾਲ ਪੈਦਾ ਨਹੀਂ ਹੁੰਦਾ, ਨਾ ਹੀ ਉਸ ਵਿੱਚ ਸਿੱਧਿਆਂ ਸੱਚਾਈ ਨੂੰ ਸਮਝਣ ਦੀ ਪ੍ਰਵਿਰਤੀ ਹੁੰਦੀ ਹੈ। ਉਸ ਵਿੱਚ ਮਨੁੱਖ ਦਾ ਭ੍ਰਿਸ਼ਟ ਸੁਭਾਅ ਜੋੜ ਦਿਓ—ਜਦੋਂ ਇਸ ਕਿਸਮ ਦਾ ਕੁਦਰਤੀ ਵਿਅਕਤੀ ਕੰਮ ਕਰਦਾ ਹੈ, ਤਾਂ ਕੀ ਇਸ ਨਾਲ ਵਿਘਨ ਨਹੀਂ ਪੈਂਦੇ? ਪਰ ਜੋ ਮਨੁੱਖ ਸੰਪੂਰਣ ਬਣਾਇਆ ਜਾ ਚੁੱਕਾ ਹੈ, ਉਸ ਕੋਲ ਸੱਚਾਈ ਦਾ ਅਨੁਭਵ ਹੁੰਦਾ ਹੈ ਜੋ ਲੋਕਾਂ ਨੂੰ ਸਮਝਣਾ ਚਾਹੀਦਾ ਹੈ, ਅਤੇ ਉਨ੍ਹਾਂ ਦੇ ਭ੍ਰਿਸ਼ਟ ਸੁਭਾਅ ਦਾ ਗਿਆਨ ਹੁੰਦਾ ਹੈ, ਜਿਸ ਨਾਲ ਉਸ ਦੇ ਕੰਮ ਵਿੱਚ ਅਸਪਸ਼ਟ ਅਤੇ ਖਿਆਲੀ ਚੀਜ਼ਾਂ ਹੌਲੀ-ਹੌਲੀ ਘੱਟ ਹੋ ਜਾਂਦੀਆਂ ਹਨ, ਮਨੁੱਖੀ ਮਿਲਾਵਟਾਂ ਪਹਿਲਾਂ ਤੋਂ ਘੱਟ ਹੋ ਜਾਂਦੀਆਂ ਹਨ, ਅਤੇ ਉਸ ਦਾ ਕੰਮ ਅਤੇ ਸੇਵਾ ਪਰਮੇਸ਼ੁਰ ਦੁਆਰਾ ਲੋੜੀਂਦੇ ਮਿਆਰਾਂ ਦੇ ਹੋਰ ਨੇੜੇ ਆ ਜਾਂਦਾ ਹੈ। ਇਸ ਤਰ੍ਹਾਂ, ਉਸ ਦਾ ਕੰਮ ਸੱਚਾਈ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਇਹ ਅਸਲੀ ਵੀ ਬਣ ਜਾਂਦਾ ਹੈ। ਮਨੁੱਖ ਦੇ ਮਨ ਦੇ ਵਿਚਾਰ ਵਿਸ਼ੇਸ਼ ਤੌਰ ’ਤੇ ਪਵਿੱਤਰ ਆਤਮਾ ਦੇ ਕੰਮ ਨੂੰ ਰੋਕਦੇ ਹਨ। ਮਨੁੱਖ ਕੋਲ ਭਰਪੂਰ ਕਲਪਨਾ ਅਤੇ ਉਚਿਤ ਤਰਕ ਹੈ, ਅਤੇ ਉਸ ਕੋਲ ਮਾਮਲਿਆਂ ਨਾਲ ਨਜਿੱਠਣ ਦਾ ਲੰਮਾ ਅਨੁਭਵ ਹੈ। ਜੇ ਮਨੁੱਖ ਦੇ ਇਹ ਪਹਿਲੂ ਛੰਗਾਈ ਅਤੇ ਸੁਧਾਰ ਵਿੱਚੋਂ ਹੋ ਕੇ ਨਹੀਂ ਲੰਘਦੇ ਹਨ, ਤਾਂ ਇਹ ਸਭ ਕੰਮ ਲਈ ਰੁਕਾਵਟਾਂ ਹਨ। ਇਸ ਲਈ, ਮਨੁੱਖ ਦਾ ਕੰਮ ਸਟੀਕਤਾ ਦੇ ਸਰਬਉੱਚ ਪੱਧਰ ਤਕ ਨਹੀਂ ਪਹੁੰਚ ਸਕਦਾ, ਵਿਸ਼ੇਸ਼ ਰੂਪ ਵਿੱਚ ਅਜਿਹੇ ਲੋਕਾਂ ਦਾ ਕੰਮ ਜੋ ਸੰਪੂਰਣ ਨਹੀਂ ਬਣਾਏ ਗਏ ਹਨ।

ਮਨੁੱਖ ਦਾ ਕੰਮ ਇੱਕ ਹੱਦ ਵਿੱਚ ਰਹਿੰਦਾ ਹੈ ਅਤੇ ਸੀਮਿਤ ਹੈ। ਇੱਕ ਵਿਅਕਤੀ ਸਿਰਫ਼ ਕਿਸੇ ਨਿਸ਼ਚਿਤ ਗੇੜ ਦਾ ਕੰਮ ਕਰ ਸਕਦਾ ਹੈ ਅਤੇ ਸਮੁੱਚੇ ਯੁਗ ਦਾ ਕੰਮ ਨਹੀਂ ਕਰ ਸਕਦਾ—ਨਹੀਂ ਤਾਂ, ਉਹ ਲੋਕਾਂ ਨੂੰ ਨਿਯਮਾਂ ਦਰਮਿਆਨ ਲੈ ਜਾਏਗਾ। ਮਨੁੱਖ ਦਾ ਕੰਮ ਇੱਕ ਵਿਸ਼ੇਸ਼ ਸਮੇਂ ਜਾਂ ਗੇੜ ’ਤੇ ਹੀ ਲਾਗੂ ਕੀਤਾ ਜਾ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮਨੁੱਖ ਦੇ ਕੰਮ ਦਾ ਆਪਣਾ ਦਾਇਰਾ ਹੁੰਦਾ ਹੈ। ਕੋਈ ਵੀ ਮਨੁੱਖ ਦੇ ਕੰਮ ਦੀ ਤੁਲਨਾ ਪਰਮੇਸ਼ੁਰ ਦੇ ਕੰਮ ਨਾਲ ਨਹੀਂ ਕਰ ਸਕਦਾ। ਮਨੁੱਖ ਦੇ ਅਮਲ ਕਰਨ ਦੇ ਤਰੀਕੇ ਅਤੇ ਸੱਚਾਈ ਦਾ ਉਸ ਦਾ ਗਿਆਨ ਇਹ ਸਾਰੇ ਇੱਕ ਵਿਸ਼ੇਸ਼ ਦਾਇਰੇ ਵਿੱਚ ਲਾਗੂ ਹੁੰਦੇ ਹਨ। ਤੂੰ ਇਹ ਨਹੀਂ ਕਹਿ ਸਕਦਾ ਕਿ ਜਿਸ ਰਾਹ ’ਤੇ ਮਨੁੱਖ ਚਲਦਾ ਹੈ ਪੂਰੀ ਤਰ੍ਹਾਂ ਨਾਲ ਪਵਿੱਤਰ ਆਤਮਾ ਦੀ ਇੱਛਾ ਹੈ, ਕਿਉਂਕਿ ਮਨੁੱਖ ਨੂੰ ਪਵਿੱਤਰ ਆਤਮਾ ਦੁਆਰਾ ਸਿਰਫ਼ ਪ੍ਰਕਾਸ਼ਮਾਨ ਕੀਤਾ ਜਾ ਸਕਦਾ ਹੈ, ਅਤੇ ਪੂਰੀ ਤਰ੍ਹਾਂ ਨਾਲ ਪਵਿੱਤਰ ਆਤਮਾ ਨਾਲ ਭਰਿਆ ਨਹੀਂ ਜਾ ਸਕਦਾ। ਜਿਨ੍ਹਾਂ ਚੀਜ਼ਾਂ ਦਾ ਮਨੁੱਖ ਅਨੁਭਵ ਕਰ ਸਕਦਾ ਹੈ ਉਹ ਸਾਰੀਆਂ ਸਧਾਰਣ ਮਨੁੱਖਤਾ ਦੇ ਦਾਇਰੇ ਅੰਦਰ ਹਨ ਅਤੇ ਸਧਾਰਣ ਮਨੁੱਖੀ ਦਿਮਾਗ ਦੇ ਵਿਚਾਰਾਂ ਦੀ ਹੱਦ ਨੂੰ ਪਾਰ ਨਹੀਂ ਕਰ ਸਕਦੀਆਂ। ਉਹ ਸਾਰੇ ਜੋ ਸੱਚਾਈ ਦੀ ਅਸਲੀਅਤ ਨੂੰ ਵਿਹਾਰ ਰਾਹੀਂ ਪਰਗਟ ਕਰ ਸਕਦੇ ਹਨ, ਇਸੇ ਹੱਦ ਅੰਦਰ ਅਨੁਭਵ ਕਰਦੇ ਹਨ। ਜਦੋਂ ਉਹ ਸੱਚਾਈ ਦਾ ਅਨੁਭਵ ਕਰਦੇ ਹਨ, ਇਹ ਹਮੇਸ਼ਾਂ ਪਵਿੱਤਰ ਆਤਮਾ ਦੁਆਰਾ ਪ੍ਰਕਾਸ਼ਮਾਨ ਕੀਤੇ ਗਏ ਸਧਾਰਣ ਮਨੁੱਖੀ ਜੀਵਨ ਦਾ ਅਨੁਭਵ ਹੁੰਦਾ ਹੈ; ਇਹ ਅਨੁਭਵ ਕਰਨ ਦਾ ਉਹ ਤਰੀਕਾ ਨਹੀਂ ਹੈ ਜੋ ਸਧਾਰਣ ਮਨੁੱਖੀ ਜੀਵਨ ਤੋਂ ਭਟਕ ਜਾਂਦਾ ਹੈ। ਉਹ ਆਪਣੇ ਮਨੁੱਖੀ ਜੀਵਨ ਨੂੰ ਜੀਉਣ ਦੀ ਬੁਨਿਆਦ ’ਤੇ ਪਵਿੱਤਰ ਆਤਮਾ ਦੁਆਰਾ ਪ੍ਰਕਾਸ਼ਮਾਨ ਕੀਤੀ ਗਈ ਸੱਚਾਈ ਦਾ ਅਨੁਭਵ ਕਰਦੇ ਹਨ। ਇਸ ਤੋਂ ਇਲਾਵਾ, ਇਹ ਸੱਚਾਈ ਹਰ ਵਿਅਕਤੀ ਵਿੱਚ ਅਲੱਗ ਹੁੰਦੀ ਹੈ, ਅਤੇ ਇਸ ਦੀ ਗਹਿਰਾਈ ਵਿਅਕਤੀ ਦੀ ਅਵਸਥਾ ਨਾਲ ਸੰਬੰਧਤ ਹੁੰਦੀ ਹੈ। ਕੋਈ ਸਿਰਫ਼ ਇੰਨਾ ਹੀ ਕਹਿ ਸਕਦਾ ਹੈ ਕਿ ਜਿਸ ਮਾਰਗ ’ਤੇ ਉਹ ਚੱਲਦਾ ਹੈ ਉਹ ਕਿਸੇ ਅਜਿਹੇ ਮਨੁੱਖ ਦਾ ਸਧਾਰਣ ਜੀਵਨ ਹੈ, ਜੋ ਸੱਚਾਈ ਦੀ ਖੋਜ ਕਰ ਰਿਹਾ ਹੈ, ਅਤੇ ਇਸ ਨੂੰ ਪਵਿੱਤਰ ਆਤਮਾ ਦੁਆਰਾ ਪ੍ਰਕਾਸ਼ਮਾਨ ਕਿਸੇ ਸਧਾਰਣ ਵਿਅਕਤੀ ਦੁਆਰਾ ਚੱਲਿਆ ਗਿਆ ਮਾਰਗ ਕਿਹਾ ਜਾ ਸਕਦਾ ਹੈ। ਕੋਈ ਕਹਿ ਨਹੀਂ ਸਕਦਾ ਕਿ ਉਹ ਜਿਸ ਮਾਰਗ ’ਤੇ ਚਲੇ ਹਨ ਉਹ ਮਾਰਗ ਹੈ ਜੋ ਪਵਿੱਤਰ ਆਤਮਾ ਦੁਆਰਾ ਲਿਆ ਗਿਆ ਹੈ। ਸਧਾਰਣ ਮਨੁੱਖੀ ਅਨੁਭਵ ਵਿੱਚ, ਕਿਉਂਕਿ ਜੋ ਲੋਕ ਖੋਜ ਕਰਦੇ ਹਨ ਇੱਕੋ ਜਿਹੇ ਨਹੀਂ ਹੁੰਦੇ, ਇਸ ਲਈ ਪਵਿੱਤਰ ਆਤਮਾ ਦਾ ਕੰਮ ਵੀ ਇੱਕੋ ਜਿਹਾ ਨਹੀਂ ਹੁੰਦਾ। ਇਸ ਤੋਂ ਇਲਾਵਾ, ਕਿਉਂਕਿ ਜਿਹੜੇ ਮਾਹੌਲ ਵਿੱਚ ਲੋਕ ਅਨੁਭਵ ਕਰਦੇ ਹਨ ਅਤੇ ਉਨ੍ਹਾਂ ਦੇ ਅਨੁਭਵ ਦੀਆਂ ਸੀਮਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਅਤੇ ਉਨ੍ਹਾਂ ਦੇ ਮਨ ਅਤੇ ਵਿਚਾਰਾਂ ਦੇ ਰਲੇਵੇਂ ਕਾਰਣ, ਉਨ੍ਹਾਂ ਦਾ ਅਨੁਭਵ ਵੱਖ-ਵੱਖ ਪੱਧਰਾਂ ਤਕ ਮਿਲਿਆ-ਜੁਲਿਆ ਹੋ ਜਾਂਦਾ ਹੈ। ਹਰੇਕ ਵਿਅਕਤੀ ਆਪਣੀਆਂ ਵੱਖਰੀਆਂ ਵਿਅਕਤੀਗਤ ਸਥਿਤੀਆਂ ਅਨੁਸਾਰ ਸੱਚਾਈ ਨੂੰ ਸਮਝਦਾ ਹੈ। ਸੱਚਾਈ ਦੇ ਅਸਲ ਅਰਥ ਦੀ ਉਨ੍ਹਾਂ ਦੀ ਸਮਝ ਪੂਰੀ ਨਹੀਂ ਹੁੰਦੀ ਅਤੇ ਇਹ ਇਸ ਦਾ ਇੱਕ ਜਾਂ ਕਈ ਪਹਿਲੂ ਹੁੰਦੇ ਹਨ। ਜਿਸ ਦਾਇਰੇ ਵਿੱਚ ਮਨੁੱਖ ਸੱਚਾਈ ਦਾ ਅਨੁਭਵ ਕਰਦਾ ਹੈ ਉਹ ਹਰੇਕ ਵਿਅਕਤੀ ਦੀਆਂ ਸਥਿਤੀਆਂ ਦੇ ਅਨੁਸਾਰ ਇੱਕ ਵਿਅਕਤੀ ਤੋਂ ਦੂਜੇ ਵਿੱਚ ਅਲੱਗ ਹੁੰਦਾ ਹੈ। ਇਸ ਤਰ੍ਹਾਂ, ਇੱਕ ਹੀ ਸੱਚਾਈ ਬਾਰੇ, ਵੱਖ-ਵੱਖ ਲੋਕਾਂ ਦੁਆਰਾ ਵਿਅਕਤ ਕੀਤਾ ਗਿਆ ਗਿਆਨ, ਇੱਕੋ ਜਿਹਾ ਨਹੀਂ ਹੁੰਦਾ। ਕਹਿਣ ਦਾ ਭਾਵ ਹੈ ਕਿ, ਮਨੁੱਖ ਦੇ ਅਨੁਭਵ ਵਿੱਚ ਹਮੇਸ਼ਾਂ ਸੀਮਾਵਾਂ ਹੁੰਦੀਆਂ ਹਨ ਅਤੇ ਇਹ ਪਵਿੱਤਰ ਆਤਮਾ ਦੀ ਇੱਛਾ ਦੀ ਪੂਰੀ ਤਰ੍ਹਾਂ ਨੁਮਾਇੰਦਗੀ ਨਹੀਂ ਕਰ ਸਕਦਾ, ਨਾ ਹੀ ਮਨੁੱਖ ਦੇ ਕੰਮ ਨੂੰ ਪਰਮੇਸ਼ੁਰ ਦੇ ਕੰਮ ਵਜੋਂ ਮੰਨਿਆ ਜਾ ਸਕਦਾ ਹੈ, ਭਾਵੇਂ ਜੋ ਕੁਝ ਮਨੁੱਖ ਦੁਆਰਾ ਵਿਅਕਤ ਕੀਤਾ ਜਾਂਦਾ ਹੈ ਉਹ ਬਹੁਤ ਹੀ ਨੇੜਿਓਂ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਹੋਏ, ਅਤੇ ਭਾਵੇਂ ਮਨੁੱਖ ਦਾ ਅਨੁਭਵ ਪਵਿੱਤਰ ਆਤਮਾ ਦੁਆਰਾ ਕੀਤੇ ਜਾਣ ਵਾਲੇ ਸੰਪੂਰਣ ਬਣਾਉਣ ਦੇ ਕੰਮ ਦੇ ਕਾਫ਼ੀ ਨੇੜੇ ਹੋਏ। ਮਨੁੱਖ ਸਿਰਫ਼ ਪਰਮੇਸ਼ੁਰ ਦਾ ਸੇਵਕ ਹੋ ਸਕਦਾ ਹੈ, ਸਿਰਫ਼ ਉਸ ਕੰਮ ਨੂੰ ਕਰ ਸਕਦਾ ਹੈ ਜੋ ਪਰਮੇਸ਼ੁਰ ਉਸ ਨੂੰ ਸੌਂਪਦਾ ਹੈ। ਮਨੁੱਖ ਸਿਰਫ਼ ਪਵਿੱਤਰ ਆਤਮਾ ਦੁਆਰਾ ਪ੍ਰਕਾਸ਼ਮਾਨ ਕੀਤੇ ਗਿਆਨ ਅਤੇ ਆਪਣੇ ਵਿਅਕਤੀਗਤ ਅਨੁਭਵਾਂ ਦੁਆਰਾ ਪ੍ਰਾਪਤ ਸੱਚਾਈਆਂ ਨੂੰ ਹੀ ਵਿਅਕਤ ਕਰ ਸਕਦਾ ਹੈ। ਮਨੁੱਖ ਅਯੋਗ ਹੈ ਅਤੇ ਉਹ ਪਵਿੱਤਰ ਆਤਮਾ ਦੇ ਪ੍ਰਗਟਾਵੇ ਦਾ ਜ਼ਰੀਆ ਬਣਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ। ਉਹ ਇਹ ਕਹਿਣ ਦਾ ਹੱਕਦਾਰ ਨਹੀਂ ਹੈ ਕਿ ਉਸ ਦਾ ਕੰਮ ਪਰਮੇਸ਼ੁਰ ਦਾ ਕੰਮ ਹੈ। ਮਨੁੱਖ ਕੋਲ ਮਨੁੱਖ ਦੇ ਕੰਮ ਕਰਨ ਦੇ ਅਸੂਲ ਹਨ, ਅਤੇ ਸਾਰੇ ਮਨੁੱਖਾਂ ਕੋਲ ਭਿੰਨ-ਭਿੰਨ ਅਨੁਭਵ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਅਲੱਗ-ਅਲੱਗ ਸਥਿਤੀਆਂ ਹੁੰਦੀਆਂ ਹਨ। ਮਨੁੱਖ ਦੇ ਕੰਮ ਵਿੱਚ ਪਵਿੱਤਰ ਆਤਮਾ ਦੇ ਅੰਦਰੂਨੀ ਚਾਨਣ ਅਧੀਨ ਉਸ ਦੇ ਸਾਰੇ ਅਨੁਭਵ ਸ਼ਾਮਲ ਹੁੰਦੇ ਹਨ। ਇਹ ਅਨੁਭਵ ਸਿਰਫ਼ ਮਨੁੱਖ ਦੀ ਹੋਂਦ ਦੀ ਨੁਮਾਇੰਦਗੀ ਕਰ ਸਕਦੇ ਹਨ ਅਤੇ ਪਰਮੇਸ਼ੁਰ ਦੀ ਹੋਂਦ ਜਾਂ ਪਵਿੱਤਰ ਆਤਮਾ ਦੀ ਇੱਛਾ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਲਈ, ਮਨੁੱਖ ਜਿਸ ਮਾਰਗ ’ਤੇ ਚੱਲਦਾ ਹੈ ਉਸ ਨੂੰ ਪਵਿੱਤਰ ਆਤਮਾ ਦੁਆਰਾ ਚੱਲਿਆ ਗਿਆ ਮਾਰਗ ਨਹੀਂ ਕਿਹਾ ਜਾ ਸਕਦਾ, ਕਿਉਂਕਿ ਮਨੁੱਖ ਦਾ ਕੰਮ ਪਰਮੇਸ਼ੁਰ ਦੇ ਕੰਮ ਦੀ ਨੁਮਾਇੰਦਗੀ ਨਹੀਂ ਕਰ ਸਕਦਾ, ਅਤੇ ਮਨੁੱਖ ਦਾ ਕੰਮ ਅਤੇ ਮਨੁੱਖ ਦਾ ਅਨੁਭਵ ਪਵਿੱਤਰ ਆਤਮਾ ਦੀ ਸੰਪੂਰਣ ਇੱਛਾ ਨਹੀਂ ਹੈ। ਮਨੁੱਖ ਦੇ ਕੰਮ ਦਾ ਝੁਕਾਅ ਨਿਯਮਾਂ ਵਿੱਚ ਪੈਣ ਵੱਲ ਹੁੰਦਾ ਹੈ, ਅਤੇ ਉਸ ਦੇ ਕੰਮ ਕਰਨ ਦਾ ਤਰੀਕਾ ਆਸਾਨੀ ਨਾਲ ਇੱਕ ਸੀਮਿਤ ਦਾਇਰੇ ਵਿੱਚ ਸੀਮਿਤ ਹੋ ਜਾਂਦਾ ਹੈ, ਅਤੇ ਇਹ ਲੋਕਾਂ ਦੀ ਸੁਤੰਤਰ ਰਾਹ ਵਿੱਚ ਅਗਵਾਈ ਕਰਨ ਦੇ ਅਸਮਰਥ ਹੈ। ਬਹੁਤੇ ਪੈਰੋਕਾਰ ਇੱਕ ਸੀਮਿਤ ਦਾਇਰੇ ਵਿੱਚ ਜੀਵਨ ਬਤੀਤ ਕਰਦੇ ਹਨ, ਅਤੇ ਉਨ੍ਹਾਂ ਦੇ ਅਨੁਭਵ ਦਾ ਤਰੀਕਾ ਵੀ ਆਪਣੇ ਆਪ ਦੇ ਦਾਇਰੇ ਵਿੱਚ ਸੀਮਿਤ ਹੁੰਦਾ ਹੈ। ਮਨੁੱਖ ਦਾ ਅਨੁਭਵ ਹਮੇਸ਼ਾਂ ਸੀਮਿਤ ਹੁੰਦਾ ਹੈ; ਉਸ ਦੇ ਕੰਮ ਦਾ ਤਰੀਕਾ ਵੀ ਕੁਝ ਕਿਸਮਾਂ ਤਕ ਸੀਮਿਤ ਹੁੰਦਾ ਹੈ ਅਤੇ ਪਵਿੱਤਰ ਆਤਮਾ ਦੇ ਕੰਮ ਜਾਂ ਖੁਦ ਪਰਮੇਸ਼ੁਰ ਦੇ ਕੰਮ ਨਾਲ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਅਜਿਹਾ ਇਸ ਲਈ ਹੈ, ਕਿਉਂਕਿ ਮਨੁੱਖ ਦਾ ਅਨੁਭਵ, ਆਖਰਕਾਰ, ਸੀਮਿਤ ਹੁੰਦਾ ਹੈ। ਪਰਮੇਸ਼ੁਰ ਆਪਣਾ ਕੰਮ ਜਿਵੇਂ ਵੀ ਕਰਦਾ ਹੈ, ਇਹ ਨਿਯਮਾਂ ਦੁਆਰਾ ਪਾਬੰਦ ਨਹੀਂ ਹੈ; ਇਹ ਕਿਸੇ ਵੀ ਤਰ੍ਹਾਂ ਨਾਲ ਕੀਤਾ ਜਾਂਦਾ ਹੈ, ਇਹ ਕਿਸੇ ਇੱਕ ਤਰੀਕੇ ਤਕ ਸੀਮਿਤ ਨਹੀਂ ਹੈ। ਪਰਮੇਸ਼ੁਰ ਦੇ ਕੰਮ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਨਿਯਮ ਨਹੀਂ ਹੈ—ਉਸ ਦਾ ਸਾਰਾ ਕੰਮ ਮੁਕਤ ਅਤੇ ਆਜ਼ਾਦ ਹੁੰਦਾ ਹੈ। ਭਾਵੇਂ ਮਨੁੱਖ ਉਸ ਦਾ ਪਿੱਛਾ ਕਰਦੇ ਹੋਏ ਕਿੰਨਾ ਵੀ ਸਮਾਂ ਕਿਉਂ ਨਾ ਬਿਤਾਏ, ਉਹ ਕਿਸੇ ਵੀ ਨਿਯਮ ਦਾ ਸਾਰ ਨਹੀਂ ਕੱਢ ਸਕਦਾ ਜੋ ਪਰਮੇਸ਼ੁਰ ਦੇ ਤਰੀਕਿਆਂ ਨੂੰ ਸ਼ਾਸਿਤ ਕਰਦੇ ਹਨ। ਹਾਲਾਂਕਿ ਉਸ ਦਾ ਕੰਮ ਸਿਧਾਂਤਕ ਹੈ, ਇਹ ਹਮੇਸ਼ਾਂ ਨਵੇਂ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਨਵੇਂ ਵਿਕਾਸ ਹੁੰਦੇ ਰਹਿੰਦੇ ਹਨ, ਅਤੇ ਇਹ ਮਨੁੱਖ ਦੀ ਪਹੁੰਚ ਤੋਂ ਪਰੇ ਹੈ। ਸਮੇਂ ਦੀ ਇੱਕ ਮਿਆਦ ਵਿੱਚ, ਪਰਮੇਸ਼ੁਰ ਕੋਲ ਕਈ ਵੱਖ-ਵੱਖ ਕਿਸਮ ਦੇ ਕੰਮ ਅਤੇ ਲੋਕਾਂ ਦੀ ਅਗਵਾਈ ਕਰਨ ਦੇ ਵੱਖ-ਵੱਖ ਤਰੀਕੇ ਹੋ ਸਕਦੇ ਹਨ, ਜੋ ਲੋਕਾਂ ਨੂੰ ਆਗਿਆ ਦਿੰਦੇ ਹੋਣ ਕਿ ਉਨ੍ਹਾਂ ਕੋਲ ਹਮੇਸ਼ਾਂ ਨਵੇਂ ਪ੍ਰਵੇਸ਼ ਅਤੇ ਤਬਦੀਲੀਆਂ ਹੋਣ। ਤੂੰ ਉਸ ਦੇ ਕੰਮ ਦੇ ਨਿਯਮਾਂ ਨੂੰ ਨਹੀਂ ਸਮਝ ਸਕਦਾ ਕਿਉਂਕਿ ਉਹ ਹਮੇਸ਼ਾਂ ਨਵੇਂ ਤਰੀਕਿਆਂ ਨਾਲ ਕੰਮ ਕਰਦਾ ਹੈ, ਅਤੇ ਸਿਰਫ਼ ਇਸ ਤਰ੍ਹਾਂ ਪਰਮੇਸ਼ੁਰ ਦੇ ਪੈਰੋਕਾਰ ਵੀ ਨਿਯਮਾਂ ਦੇ ਪਾਬੰਦ ਨਹੀਂ ਹੁੰਦੇ। ਖੁਦ ਪਰਮੇਸ਼ੁਰ ਦਾ ਕੰਮ ਹਮੇਸ਼ਾਂ ਲੋਕਾਂ ਦੀਆਂ ਧਾਰਣਾਵਾਂ ਤੋਂ ਗੁਰੇਜ਼ ਕਰਦਾ ਹੈ ਅਤੇ ਉਨ੍ਹਾਂ ਦਾ ਵਿਰੋਧ ਕਰਦਾ ਹੈ। ਸਿਰਫ਼ ਉਹ ਲੋਕ ਜੋ ਉਸ ਦੇ ਪਿੱਛੇ ਚੱਲਦੇ ਹਨ ਅਤੇ ਸੱਚੇ ਮਨ ਨਾਲ ਉਸ ਦੀ ਖੋਜ ਕਰਦੇ ਹਨ ਉਨ੍ਹਾਂ ਦੇ ਸੁਭਾਵਾਂ ਵਿੱਚ ਤਬਦੀਲੀ ਆ ਸਕਦੀ ਹੈ ਅਤੇ ਉਹ, ਕਿਸੇ ਵੀ ਨਿਯਮ ਨਾਲ ਬੱਝੇ ਨਹੀਂ ਹੁੰਦੇ ਜਾਂ ਕਿਸੇ ਵੀ ਧਾਰਮਿਕ ਧਾਰਣਾ ਦੁਆਰਾ ਸੀਮਿਤ ਹੋਏ ਬਿਨਾਂ ਆਜ਼ਾਦੀ ਨਾਲ ਜੀਉਣ ਦੇ ਯੋਗ ਹੁੰਦੇ ਹਨ। ਮਨੁੱਖ ਦਾ ਕੰਮ ਉਸ ਦੇ ਆਪਣੇ ਅਨੁਭਵ ਅਤੇ ਉਹ ਖੁਦ ਜੋ ਪ੍ਰਾਪਤ ਕਰ ਸਕਦਾ ਹੈ, ਦੇ ਅਧਾਰ ’ਤੇ ਲੋਕਾਂ ਤੋਂ ਉਮੀਦ ਕਰਦਾ ਹੈ। ਇਨ੍ਹਾਂ ਜ਼ਰੂਰਤਾਂ ਦਾ ਮਿਆਰ ਇੱਕ ਨਿਸ਼ਚਿਤ ਦਾਇਰੇ ਅੰਦਰ ਸੀਮਿਤ ਹੁੰਦਾ ਹੈ, ਅਤੇ ਅਮਲ ਦੇ ਤਰੀਕੇ ਵੀ ਬਹੁਤ ਸੀਮਿਤ ਹੁੰਦੇ ਹਨ। ਇਸ ਲਈ ਪੈਰੋਕਾਰ ਅਣਜਾਣੇ ਹੀ ਇਸ ਸੀਮਿਤ ਦਾਇਰੇ ਦੇ ਅੰਦਰ ਜੀਵਨ ਬਤੀਤ ਕਰਦੇ ਹਨ; ਜਿਵੇਂ-ਜਿਵੇਂ ਸਮਾਂ ਬੀਤਦਾ ਹੈ, ਇਹ ਚੀਜ਼ਾਂ ਨਿਯਮ ਅਤੇ ਰਿਵਾਜ ਬਣ ਜਾਂਦੀਆਂ ਹਨ। ਜੋ ਇੱਕ ਮਿਆਦ ਦੇ ਕੰਮ ਦੀ ਅਗਵਾਈ ਕਿਸੇ ਅਜਿਹੇ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ ਜੋ ਕਿ ਪਰਮੇਸ਼ੁਰ ਦੁਆਰਾ ਵਿਅਕਤੀਗਤ ਰੂਪ ਵਿੱਚ ਸੰਪੂਰਣ ਬਣਾਏ ਜਾਣ ਰਾਹੀਂ ਨਹੀਂ ਲੰਘਿਆ ਹੈ ਅਤੇ ਉਸ ਨੇ ਨਿਆਂ ਪ੍ਰਾਪਤ ਨਹੀਂ ਕੀਤਾ ਹੈ, ਤਾਂ ਉਸ ਦੇ ਸਾਰੇ ਪੈਰੋਕਾਰ ਕੱਟੜ-ਧਰਮੀ ਬਣ ਜਾਣਗੇ ਅਤੇ ਪਰਮੇਸ਼ੁਰ ਦਾ ਵਿਰੋਧ ਕਰਨ ਵਿੱਚ ਮਾਹਿਰ ਹੋ ਜਾਣਗੇ। ਇਸ ਲਈ, ਜੇ ਕੋਈ ਯੋਗ ਆਗੂ ਹੈ, ਤਾਂ ਇਹ ਜ਼ਰੂਰੀ ਹੈ ਕਿ ਉਹਨਿਆਂ ਰਾਹੀਂ ਲੰਘਿਆ ਹੋਵੇ ਅਤੇ ਉਸ ਨੇ ਸੰਪੂਰਣ ਬਣਾਏ ਜਾਣ ਨੂੰ ਸਵੀਕਾਰ ਕੀਤਾ ਹੋਵੇ। ਜੋ ਲੋਕ ਨਿਆਂ ਰਾਹੀਂ ਨਹੀਂ ਲੰਘੇ ਹਨ, ਭਾਵੇਂ ਉਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਹੋਏ, ਉਹ ਸਿਰਫ਼ ਅਸਪਸ਼ਟ ਅਤੇ ਖਿਆਲੀ ਗੱਲਾਂ ਹੀ ਵਿਅਕਤ ਕਰਦੇ ਹਨ। ਸਮੇਂ ਦੇ ਨਾਲ, ਉਹ ਲੋਕਾਂ ਨੂੰ ਅਸਪਸ਼ਟ ਅਤੇ ਅਲੌਕਿਕ ਨਿਯਮਾਂ ਵੱਲ ਲੈ ਜਾਣਗੇ। ਪਰਮੇਸ਼ੁਰ ਜੋ ਕੰਮ ਕਰਦਾ ਹੈ ਉਹ ਮਨੁੱਖ ਦੇ ਸਰੀਰ ਦੇ ਨਾਲ ਮੇਲ ਨਹੀਂ ਖਾਂਦਾ। ਇਹ ਮਨੁੱਖ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ, ਸਗੋਂ ਮਨੁੱਖ ਦੀਆਂ ਧਾਰਣਾਵਾਂ ਦਾ ਵਿਰੋਧ ਕਰਦਾ ਹੈ; ਇਹ ਅਸਪਸ਼ਟ ਧਾਰਮਿਕ ਰੰਗਾਂ ਨਾਲ ਦਾਗੀ ਨਹੀਂ ਹੁੰਦਾ। ਪਰਮੇਸ਼ੁਰ ਦੇ ਕੰਮ ਦੇ ਨਤੀਜੇ ਅਜਿਹੇ ਅਜਿਹੇ ਵਿਅਕਤੀ ਦੁਆਰਾ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਜੋ ਉਸ ਦੁਆਰਾ ਸੰਪੂਰਣ ਨਹੀਂ ਬਣਾਇਆ ਗਿਆ ਹੈ; ਉਹ ਮਨੁੱਖ ਦੀ ਸੋਚ ਤੋਂ ਪਰੇ ਹੁੰਦੇ ਹਨ।

ਜੋ ਕੰਮ ਮਨੁੱਖ ਦੇ ਮਨ ਵਿੱਚ ਹੁੰਦਾ ਹੈ ਉਹ ਮਨੁੱਖ ਲਈ ਪ੍ਰਾਪਤ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ। ਉਦਾਹਰਣ ਲਈ, ਧਾਰਮਿਕ ਸੰਸਾਰ ਦੇ ਪਾਸਬਾਨ ਅਤੇ ਆਗੂ ਆਪਣਾ ਕੰਮ ਕਰਨ ਲਈ ਆਪਣੀਆਂ ਕੁਦਰਤੀ ਯੋਗਤਾਵਾਂ ਅਤੇ ਅਹੁਦਿਆਂ ’ਤੇ ਭਰੋਸਾ ਕਰਦੇ ਹਨ। ਜੋ ਲੋਕ ਲੰਮੇ ਸਮੇਂ ਤਕ ਉਨ੍ਹਾਂ ਦੇ ਪਿੱਛੇ ਚੱਲਦੇ ਹਨ ਉਹ ਉਨ੍ਹਾਂ ਦੀਆਂ ਕੁਦਰਤੀ ਯੋਗਤਾਵਾਂ ਤੋਂ ਦੂਸ਼ਿਤ ਹੋ ਜਾਣਗੇ ਅਤੇ ਉਨ੍ਹਾਂ ਦੀ ਹੋਂਦ ਦੇ ਕੁਝ ਹਿੱਸੇ ਦੁਆਰਾ ਪ੍ਰਭਾਵਤ ਹੋ ਜਾਣਗੇ। ਉਹ ਲੋਕਾਂ ਦੀਆਂ ਕੁਦਰਤੀ ਯੋਗਤਾਵਾਂ, ਕਾਬਲੀਅਤ ਅਤੇ ਗਿਆਨ ਉੱਤੇ ਧਿਆਨ ਕੇਂਦਰਤ ਕਰਦੇ ਹਨ, ਅਤੇ ਉਹ ਅਲੌਕਿਕ ਚੀਜ਼ਾਂ ਅਤੇ ਅਨੇਕਾਂ ਗੂੜ੍ਹ, ਅਵਾਸਤਵਿਕ ਸਿੱਖਿਆਵਾਂ ਵੱਲ ਧਿਆਨ ਦਿੰਦੇ ਹਨ ਅਤੇ (ਬੇਸ਼ੱਕ, ਇਹ ਗੂੜ੍ਹ ਸਿੱਖਿਆਵਾਂ ਪ੍ਰਾਪਤੀਯੋਗ ਨਹੀਂ ਹਨ)। ਉਹ ਲੋਕਾਂ ਦੇ ਸੁਭਾਵਾਂ ਵਿੱਚ ਤਬਦੀਲੀਆਂ ’ਤੇ ਧਿਆਨ ਕੇਂਦਰਤ ਨਹੀਂ ਕਰਦੇ ਹਨ, ਸਗੋਂ ਇਸ ਦੀ ਬਜਾਏ ਉਹ ਲੋਕਾਂ ਨੂੰ ਪਰਚਾਰ ਅਤੇ ਕੰਮ ਕਰਨ ਦੀ ਸਿਖਲਾਈ ਦੇਣ, ਲੋਕਾਂ ਦੇ ਗਿਆਨ ਅਤੇ ਉਨ੍ਹਾਂ ਦੀਆਂ ਭਰਪੂਰ ਧਾਰਮਿਕ ਸਿੱਖਿਆਵਾਂ ਵਿੱਚ ਸੁਧਾਰ ਕਰਨ ’ਤੇ ਧਿਆਨ ਕੇਂਦਰਤ ਕਰਦੇ ਹਨ। ਉਹ ਨਾ ਤਾਂ ਇਸ ਗੱਲ ’ਤੇ ਧਿਆਨ ਕੇਂਦਰਤ ਕਰਦੇ ਹਨ ਕਿ ਲੋਕਾਂ ਦਾ ਸੁਭਾਅ ਕਿੰਨਾ ਬਦਲਿਆ ਹੈ ਅਤੇ ਨਾ ਹੀ ਇਸ ਗੱਲ ’ਤੇ ਕਿ ਲੋਕ ਸੱਚਾਈ ਨੂੰ ਕਿੰਨਾ ਸਮਝਦੇ ਹਨ। ਉਹ ਲੋਕਾਂ ਦੇ ਸਾਰ ਨਾਲ ਵਾਸਤਾ ਨਹੀਂ ਰੱਖਦੇ, ਅਤੇ ਉਨ੍ਹਾਂ ਵੱਲੋਂ ਲੋਕਾਂ ਦੀਆਂ ਸਧਾਰਣ ਅਤੇ ਅਸਧਾਰਣ ਅਵਸਥਾਵਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨਾ ਤਾਂ ਦੂਰ ਦੀ ਗੱਲ ਰਹੀ। ਉਹ ਲੋਕਾਂ ਦੀਆਂ ਧਾਰਣਾਵਾਂ ਦਾ ਵਿਰੋਧ ਨਹੀਂ ਕਰਦੇ, ਨਾ ਹੀ ਉਹ ਆਪਣੀਆਂ ਧਾਰਣਾਵਾਂ ਪਰਗਟ ਕਰਦੇ ਹਨ, ਲੋਕਾਂ ਦੀਆਂ ਕਮੀਆਂ ਜਾਂ ਭ੍ਰਿਸ਼ਟਤਾਵਾਂ ਲਈ ਉਨ੍ਹਾਂ ਦੀ ਛੰਗਾਈ ਕਰਨਾ ਤਾਂ ਦੂਰ ਦੀ ਗੱਲ ਰਹੀ। ਉਨ੍ਹਾਂ ਦੇ ਪਿੱਛੇ ਚੱਲਣ ਵਾਲੇ ਬਹੁਤੇ ਲੋਕ ਆਪਣੀਆਂ ਕੁਦਰਤੀ ਯੋਗਤਾਵਾਂ ਦੁਆਰਾ ਉਨ੍ਹਾਂ ਦੀ ਸੇਵਾ ਕਰਦੇ ਹਨ, ਅਤੇ ਜੋ ਕੁਝ ਉਹ ਉਪਲਬਧ ਕਰਾਉਂਦੇ ਹਨ ਉਹ ਧਾਰਮਿਕ ਧਾਰਣਾਵਾਂ ਅਤੇ ਧਰਮ-ਸ਼ਾਸਤਰ ਸੰਬੰਧੀ ਸਿਧਾਂਤ ਹੁੰਦੇ ਹਨ, ਜਿਨ੍ਹਾਂ ਦਾ ਅਸਲੀਅਤ ਨਾਲ ਕੋਈ ਵਾਸਤਾ ਨਹੀਂ ਹੁੰਦਾ ਹੈ ਅਤੇ ਉਹ ਲੋਕਾਂ ਨੂੰ ਜੀਵਨ ਪ੍ਰਦਾਨ ਕਰਨ ਵਿੱਚ ਪੂਰੀ ਤਰ੍ਹਾਂ ਅਸਮਰਥ ਹੁੰਦੇ ਹਨ। ਦਰਅਸਲ, ਉਨ੍ਹਾਂ ਦੇ ਕੰਮ ਦਾ ਸਾਰ ਪ੍ਰਤਿਭਾਵਾਂ ਨੂੰ ਵਿਕਸਿਤ ਕਰਨਾ, ਕਿਸੇ ਨਿਗੂਣੇ ਵਿਅਕਤੀ ਨੂੰ ਪੜ੍ਹਾ-ਸਿਖਾ ਕੇ ਉਸ ਨੂੰ ਧਰਮ-ਵਿਦਿਆਲੇ ਦਾ ਯੋਗ ਸਨਾਤਕ ਬਣਾਉਣਾ ਹੈ ਜੋ ਕਿ ਬਾਅਦ ਵਿੱਚ ਕੰਮ ਅਤੇ ਅਗਵਾਈ ਕਰਨ ਲਈ ਜਾਂਦਾ ਹੈ। ਕੀ ਤੂੰ ਪਰਮੇਸ਼ੁਰ ਦੇ ਛੇ ਹਜ਼ਾਰ ਸਾਲ ਦੇ ਕੰਮ ਵਿੱਚ ਕਿਸੇ ਨਿਯਮ ਨੂੰ ਸਮਝ ਸਕਦਾ ਹੈਂ? ਮਨੁੱਖ ਜੋ ਕੰਮ ਕਰਦਾ ਹੈ ਉਸ ਵਿੱਚ ਕਈ ਨਿਯਮ ਅਤੇ ਪਾਬੰਦੀਆਂ ਹੁੰਦੀਆਂ ਹਨ, ਅਤੇ ਮਨੁੱਖੀ ਦਿਮਾਗ ਬਹੁਤ ਹੀ ਕੱਟੜ ਹੈ। ਇਸ ਲਈ, ਮਨੁੱਖ ਜੋ ਵਿਅਕਤ ਕਰਦਾ ਹੈ, ਉਹ ਗਿਆਨ ਅਤੇ ਅਹਿਸਾਸ ਹਨ ਜੋ ਕਿ ਉਸ ਦੇ ਅਨੁਭਵ ਦੇ ਦਾਇਰੇ ਅੰਦਰ ਹੀ ਹੁੰਦੇ ਹਨ। ਮਨੁੱਖ ਇਸ ਤੋਂ ਇਲਾਵਾ ਕੁਝ ਵੀ ਵਿਅਕਤ ਕਰਨ ਦੇ ਅਸਮਰਥ ਹੈ। ਮਨੁੱਖ ਦੇ ਅਨੁਭਵ ਜਾਂ ਗਿਆਨ ਉਸ ਦੀਆਂ ਜਨਮਜਾਤ ਪ੍ਰਤਿਭਾਵਾਂ ਜਾਂ ਸਹਿਜ ਪ੍ਰਵਿਰਤੀ ਤੋਂ ਪੈਦਾ ਨਹੀਂ ਹੁੰਦੇ; ਉਹ ਪਰਮੇਸ਼ੁਰ ਦੀ ਰਹਿਨੁਮਾਈ ਅਤੇ ਪ੍ਰਤੱਖ ਚਰਵਾਹੀ ਕਾਰਣ ਪੈਦਾ ਹੁੰਦੇ ਹਨ। ਮਨੁੱਖ ਕੋਲ ਸਿਰਫ਼ ਇਸ ਚਰਵਾਹੀ ਨੂੰ ਸਵੀਕਾਰ ਕਰਨ ਦੀ ਸਹਿਜ ਸ਼ਕਤੀ ਹੈ ਅਤੇ ਹੋਰ ਕੋਈ ਵੀ ਸਹਿਜ ਸ਼ਕਤੀ ਨਹੀਂ ਜੋ ਸਿੱਧਿਆਂ ਇਹ ਵਿਅਕਤ ਕਰ ਸਕਦੀ ਹੋਵੇ ਕਿ ਪਰਮੇਸ਼ੁਰਤਾਈ ਕੀ ਹੈ। ਮਨੁੱਖ ਸ੍ਰੋਤ ਬਣਨ ਵਿੱਚ ਅਸਮਰਥ ਹੈ; ਉਹ ਸਿਰਫ਼ ਇੱਕ ਅਜਿਹਾ ਭਾਂਡਾ ਹੋ ਸਕਦਾ ਹੈ ਜੋ ਸ੍ਰੋਤ ਤੋਂ ਪਾਣੀ ਸਵੀਕਾਰ ਕਰ ਸਕਦਾ ਹੈ। ਇਹ ਮਨੁੱਖ ਦੀ ਸੁਭਾਵਕ ਪ੍ਰਵਿਰਤੀ ਹੈ, ਅਜਿਹੀ ਸਹਿਜ ਸ਼ਕਤੀ ਜੋ ਕਿ ਮਨੁੱਖ ਹੋਣ ਦੇ ਨਾਤੇ ਉਸ ਕੋਲ ਹੋਣੀ ਚਾਹੀਦੀ ਹੈ। ਜੇ ਮਨੁੱਖ ਪਰਮੇਸ਼ੁਰ ਦੇ ਵਚਨ ਨੂੰ ਸਵੀਕਾਰ ਕਰਨ ਵਾਲੀ ਇਸ ਮਾਨਸਿਕ ਸ਼ਕਤੀ ਨੂੰ ਗੁਆ ਬੈਠਦਾ ਹੈ ਅਤੇ ਮਨੁੱਖੀ ਸਹਿਜ ਪ੍ਰਵਿਰਤੀ ਨੂੰ ਗੁਆ ਬੈਠਦਾਹੈ, ਤਾਂ ਮਨੁੱਖ ਉਹ ਵੀ ਗੁਆ ਬੈਠਦਾ ਹੈ ਜੋ ਬੇਸ਼ਕੀਮਤੀ ਹੈ, ਸਿਰਜੇ ਹੋਏ ਮਨੁੱਖ ਦਾ ਫਰਜ਼ ਗੁਆ ਬੈਠਦਾ ਹੈ। ਜੇ ਵਿਅਕਤੀ ਨੂੰ ਪਰਮੇਸ਼ੁਰ ਦੇ ਵਚਨ ਜਾਂ ਉਸ ਦੇ ਕੰਮ ਦਾ ਕੋਈ ਗਿਆਨ ਜਾਂ ਅਨੁਭਵ ਨਹੀਂ ਹੈ, ਤਾਂ ਉਹ ਵਿਅਕਤੀ ਆਪਣਾ ਫਰਜ਼ ਗੁਆ ਬੈਠਦਾ ਹੈ, ਅਜਿਹਾ ਫਰਜ਼ ਜੋ ਉਸ ਨੂੰ ਸਿਰਜੇ ਹੋਏ ਪ੍ਰਾਣੀ ਵਜੋਂ ਨਿਭਾਉਣਾ ਚਾਹੀਦਾ ਹੈ, ਅਤੇ ਸਿਰਜੇ ਹੋਏ ਪ੍ਰਾਣੀ ਦੇ ਰੂਪ ਆਪਣੀ ਵਡਿਆਈ ਵੀ ਗੁਆ ਲੈਂਦਾ ਹੈ। ਇਹ ਵਿਅਕਤ ਕਰਨਾ ਪਰਮੇਸ਼ੁਰ ਦੀ ਸਹਿਜ ਪ੍ਰਵਿਰਤੀ ਹੈ ਕਿ ਪਰਮੇਸ਼ੁਰਤਾਈ ਕੀ ਹੈ, ਭਾਵੇਂ ਇਸ ਨੂੰ ਦੇਹ ਵਿੱਚ ਵਿਅਕਤ ਕੀਤਾ ਜਾਂਦਾ ਹੈ ਜਾਂ ਸਿੱਧਿਆਂ ਆਤਮਾ ਦੁਆਰਾ; ਇਹ ਪਰਮੇਸ਼ੁਰ ਦੀ ਸੇਵਕਾਈ ਹੈ। ਮਨੁੱਖ ਪਰਮੇਸ਼ੁਰ ਦੇ ਕੰਮ ਦੌਰਾਨ ਜਾਂ ਉਸ ਤੋਂ ਬਾਅਦ ਆਪਣੇ ਖੁਦ ਦੇ ਅਨੁਭਵ ਜਾਂ ਗਿਆਨ ਨੂੰ ਵਿਅਕਤ ਕਰਦਾ ਹੈ (ਅਰਥਾਤ, ਜੋ ਉਹ ਹੈ ਉਸ ਨੂੰ ਵਿਅਕਤ ਕਰਦਾ ਹੈ); ਇਹ ਮਨੁੱਖ ਦੀ ਸਹਿਜ ਪ੍ਰਵਿਰਤੀ ਅਤੇ ਮਨੁੱਖ ਦਾ ਫਰਜ਼ ਹੈ, ਅਤੇ ਇਹ ਉਹੀ ਹੈ ਜੋ ਮਨੁੱਖ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਹਾਲਾਂਕਿ ਮਨੁੱਖ ਦਾ ਪ੍ਰਗਟਾਵਾ ਪਰਮੇਸ਼ੁਰ ਜੋ ਵਿਅਕਤ ਕਰਦਾ ਹੈ ਉਸ ਤੋਂ ਬਹੁਤ ਘੱਟ ਪੈਂਦਾ ਹੈ, ਅਤੇ ਹਾਲਾਂਕਿ ਮਨੁੱਖ ਦਾ ਪ੍ਰਗਟਾਵਾ ਬਹੁਤ ਸਾਰੇ ਨਿਯਮਾਂ ਵਿੱਚ ਬੱਝਿਆ ਹੁੰਦਾ ਹੈ, ਫਿਰ ਵੀ ਮਨੁੱਖ ਨੂੰ ਉਸ ਦੁਆਰਾ ਨਿਭਾਏ ਜਾਣ ਵਾਲੇ ਫਰਜ਼ ਨੂੰ ਜ਼ਰੂਰ ਨਿਭਾਉਣਾ ਚਾਹੀਦਾ ਹੈ ਅਤੇ ਉਸ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜੋ ਉਸ ਲਈ ਕਰਨਾ ਜ਼ਰੂਰੀ ਹੈ। ਮਨੁੱਖ ਨੂੰ ਆਪਣੇ ਫਰਜ਼ ਨੂੰ ਨਿਭਾਉਣ ਲਈ ਹਰ ਉਸ ਚੀਜ਼ ਨੂੰ ਕਰਨਾ ਚਾਹੀਦਾ ਹੈ ਜੋ ਮਨੁੱਖੀ ਰੂਪ ਵਿੱਚ ਸੰਭਵ ਹੈ, ਅਤੇ ਇਸ ਵਿੱਚ ਥੋੜ੍ਹਾ ਜਿਹਾ ਵੀ ਸੰਕੋਚ ਨਹੀਂ ਹੋਣਾ ਚਾਹੀਦਾ।

ਸਾਲਾਂ ਤਕ ਕੰਮ ਕਰਨ ਤੋਂ ਬਾਅਦ, ਮਨੁੱਖ ਇਨ੍ਹਾਂ ਕਈ ਸਾਲਾਂ ਦੇ ਆਪਣੇ ਕੰਮ ਦੇ ਅਨੁਭਵ, ਅਤੇ ਨਾਲ ਹੀ ਇਕੱਠੀ ਕੀਤੀ ਅਕਲ ਅਤੇ ਨਿਯਮਾਂ ਦਾ ਸਾਰ ਕੱਢੇਗਾ। ਜਿਸ ਨੇ ਲੰਮੇ ਸਮੇਂ ਤਕ ਕੰਮ ਕੀਤਾ ਹੋਵੇ ਉਸ ਨੁੰ ਪਤਾ ਹੁੰਦਾ ਹੈ ਕਿ ਪਵਿੱਤਰ ਆਤਮਾ ਦੇ ਕੰਮ ਦੀ ਗਤੀ ਨੂੰ ਕਿਵੇਂ ਸਮਝਣਾ ਹੈ; ਉਸ ਨੂੰ ਪਤਾ ਹੁੰਦਾ ਹੈ ਕਿ ਪਵਿੱਤਰ ਆਤਮਾ ਕਦੋਂ ਕੰਮ ਕਰ ਰਿਹਾ ਹੈ ਅਤੇ ਕਦੋਂ ਉਹ ਨਹੀਂ ਕਰ ਰਿਹਾ; ਉਸ ਨੁੰ ਪਤਾ ਹੁੰਦਾ ਹੈ ਕਿ ਔਖੀ ਜ਼ਿੰਮੇਦਾਰੀ ਨਿਭਾਉਂਦੇ ਹੋਏ ਕਿਵੇਂ ਸੰਗਤੀ ਕਰਨੀ ਹੈ; ਉਹ ਪਵਿੱਤਰ ਆਤਮਾ ਦੇ ਕੰਮ ਦੀ ਸਧਾਰਣ ਅਵਸਥਾ ਅਤੇ ਜੀਵਨ ਵਿੱਚ ਲੋਕਾਂ ਦੇ ਵਾਧੇ ਦੀ ਸਧਾਰਣ ਅਵਸਥਾ ਬਾਰੇ ਜਾਣੂ ਹੁੰਦਾ ਹੈ। ਉਹ ਅਜਿਹਾ ਵਿਅਕਤੀ ਹੈ ਜਿਸ ਨੇ ਸਾਲਾਂ ਤਕ ਕੰਮ ਕੀਤਾ ਹੈ ਅਤੇ ਪਵਿੱਤਰ ਆਤਮਾ ਦੇ ਕੰਮ ਨੂੰ ਜਾਣਦਾ ਹੈ। ਜਿਨ੍ਹਾਂ ਲੋਕਾਂ ਨੇ ਲੰਮੇ ਸਮੇਂ ਤਕ ਕੰਮ ਕੀਤਾ ਹੋਵੇ ਉਹ ਦ੍ਰਿੜ੍ਹ ਨਿਸ਼ਚੇ ਨਾਲ ਅਤੇ ਅਰਾਮ ਨਾਲ ਬੋਲਦੇ ਹਨ; ਇੱਥੋਂ ਤਕ ਕਿ ਜਦੋਂ ਉਨ੍ਹਾਂ ਕੋਲ ਕਹਿਣ ਲਈ ਕੁਝ ਵੀ ਨਹੀਂ ਹੁੰਦਾ ਤਾਂ ਵੀ ਉਹ ਸ਼ਾਂਤ ਰਹਿੰਦੇ ਹਨ। ਅੰਦਰ ਹੀ ਅੰਦਰ, ਉਹ ਪਵਿੱਤਰ ਆਤਮਾ ਦੇ ਕੰਮ ਦੀ ਭਾਲ ਲਈ ਪ੍ਰਾਰਥਨਾ ਕਰਦੇ ਰਹਿ ਸਕਦੇ ਹਨ। ਉਹ ਕੰਮ ਕਰਨ ਵਿੱਚ ਅਨੁਭਵੀ ਹੁੰਦੇ ਹਨ। ਕੋਈ ਵਿਅਕਤੀ ਜਿਸ ਨੇ ਲੰਮੇ ਸਮੇਂ ਤਕ ਕੰਮ ਕੀਤਾ ਹੋਵੇ ਅਤੇ ਜਿਸ ਕੋਲ ਬਹੁਤ ਜ਼ਿਆਦਾ ਅਨੁਭਵ ਹੋਵੇ ਅਤੇ ਜਿਸ ਨੇ ਬਹੁਤ ਸਾਰੇ ਸਬਕ ਸਿੱਖੇ ਹੋਣ, ਉਸ ਦੇ ਅੰਦਰ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਪਰਮੇਸ਼ੁਰ ਦੇ ਕੰਮ ਵਿੱਚ ਅੜਿੱਕਾ ਪਾਉਂਦਾ ਹੈ; ਇਹ ਉਸ ਦੇ ਲੰਮੀ-ਮਿਆਦ ਦੇ ਕੰਮ ਦਾ ਦੋਸ਼ ਹੈ। ਕੋਈ ਵਿਅਕਤੀ ਜਿਸ ਨੇ ਹੁਣੇ ਹੀ ਕੰਮ ਕਰਨਾ ਸ਼ੁਰੂ ਕੀਤਾ ਹੈ ਉਸ ਵਿੱਚ ਮਨੁੱਖੀ ਸਬਕਾਂ ਜਾਂ ਅਨੁਭਵ ਦੀ ਮਿਲਾਵਟ ਨਹੀਂ ਹੁੰਦੀ ਅਤੇ ਵਿਸ਼ੇਸ਼ ਰੂਪ ਵਿੱਚ ਇਹ ਨਹੀਂ ਸਮਝਦਾ ਹੈ ਕਿ ਪਵਿੱਤਰ ਆਤਮਾ ਕਿਵੇਂ ਕੰਮ ਕਰਦਾ ਹੈ। ਪਰ, ਕੰਮ ਦੇ ਦੌਰਾਨ, ਉਹ ਹੌਲੀ-ਹੌਲੀ ਇਹ ਸਮਝਣਾ ਸਿੱਖ ਜਾਂਦਾ ਹੈ ਕਿ ਪਵਿੱਤਰ ਆਤਮਾ ਕਿਵੇਂ ਕੰਮ ਕਰਦਾ ਹੈ ਅਤੇ ਉਹ ਇਸ ਗੱਲ ਦੇ ਪ੍ਰਤੀ ਸਚੇਤ ਹੋ ਜਾਂਦਾ ਹੈ ਕਿ ਕਿ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਕਰਨ ਲਈ ਕੀ ਕਰਨਾ ਹੈ, ਦੂਜਿਆਂ ਦੀਆਂ ਕਮਜ਼ੋਰੀਆਂ ਤੇ ਸਟੀਕ ਵਾਰ ਕਰਨ ਲਈ ਕੀ ਕਰਨਾ ਹੈ ਅਤੇ ਅਜਿਹਾ ਹੋਰ ਸਧਾਰਣ ਗਿਆਨ, ਜੋ ਉਨ੍ਹਾਂ ਲੋਕਾਂ ਕੋਲ ਹੋਣਾ ਚਾਹੀਦਾ ਹੈ, ਜੋ ਕੰਮ ਕਰਦੇ ਹਨ। ਸਮੇਂ ਦੇ ਨਾਲ, ਉਹ ਕੰਮ ਕਰਨ ਦੀ ਅਜਿਹੀ ਅਕਲ ਅਤੇ ਸਧਾਰਣ ਗਿਆਨ ਨੂੰ ਚੰਗੀ ਤਰ੍ਹਾਂ ਨਾਲ ਜਾਣਨ ਲੱਗਦਾ ਹੈ, ਅਤੇ ਕੰਮ ਕਰਨ ਦੌਰਾਨ ਇਸ ਨੂੰ ਆਸਾਨੀ ਨਾਲ ਇਸਤੇਮਾਲ ਕਰਦਾ ਹੋਇਆ ਜਾਪਦਾ ਹੈ। ਪਰ, ਜਦੋਂ ਪਵਿੱਤਰ ਆਤਮਾ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਬਦਲਦਾ ਹੈ, ਤਾਂ ਵੀ ਉਹ ਕੰਮ ਕਰਨ ਦੇ ਆਪਣੇ ਪੁਰਾਣੇ ਗਿਆਨ ਅਤੇ ਕੰਮ ਦੇ ਪੁਰਾਣੇ ਨਿਯਮਾਂ ਦੀ ਪਾਲਣਾ ਕਰਦਾ ਰਹਿੰਦਾ ਹੈ ਅਤੇ ਕੰਮ ਕਰਨ ਦੀ ਨਵੀਂ ਗਤੀਸ਼ੀਲਤਾ ਬਾਰੇ ਬਹੁਤ ਘੱਟ ਜਾਣਦਾ ਹੈ। ਸਾਲਾਂ ਦੇ ਕੰਮ ਅਤੇ ਪਵਿੱਤਰ ਆਤਮਾ ਦੀ ਮੌਜੂਦਗੀ ਅਤੇ ਰਹਿਨੁਮਾਈ ਤੋਂ ਭਰਪੂਰ ਹੋਣਾ ਉਸ ਨੂੰ ਕੰਮ ਬਾਰੇ ਹੋਰ ਵੀ ਜ਼ਿਆਦਾ ਸਬਕ ਅਤੇ ਅਨੁਭਵ ਦਿੰਦਾ ਹੈ। ਅਜਿਹੀਆਂ ਚੀਜ਼ਾਂ ਉਸ ਨੂੰ ਆਤਮ-ਵਿਸ਼ਵਾਸ ਨਾਲ ਭਰ ਦਿੰਦੀਆਂ ਹਨ ਜੋ ਘਮੰਡ ਨਹੀਂ ਹੈ। ਦੂਜੇ ਸ਼ਬਦਾਂ ਵਿੱਚ, ਉਹ ਆਪਣੇ ਖੁਦ ਦੇ ਕੰਮ ਤੋਂ ਕਾਫ਼ੀ ਖੁਸ਼ ਹੈ ਅਤੇ ਪਵਿੱਤਰ ਆਤਮਾ ਦੇ ਕੰਮ ਬਾਰੇ ਪ੍ਰਾਪਤ ਕੀਤੇ ਸਧਾਰਣ ਗਿਆਨ ਤੋਂ ਸੰਤੁਸ਼ਟ ਹੈ। ਵਿਸ਼ੇਸ਼ ਰੂਪ ਵਿੱਚ, ਅਜਿਹੀਆਂ ਚੀਜ਼ਾਂ ਦਾ ਹੋਣਾ ਉਸ ਨੂੰ ਖੁਦ ਵਿੱਚ ਹੋਰ ਵੀ ਜ਼ਿਆਦਾ ਭਰੋਸਾ ਦਿੰਦਾ ਹੈ ਜਿਨ੍ਹਾਂ ਨੂੰ ਦੂਜੇ ਲੋਕਾਂ ਨੇ ਪ੍ਰਾਪਤ ਜਾਂ ਸਾਕਾਰ ਨਹੀਂ ਕੀਤਾ ਹੈ,; ਇੰਝ ਜਾਪਦਾ ਹੈ ਕਿ ਪਵਿੱਤਰ ਆਤਮਾ ਦੇ ਕੰਮ ਨੂੰ ਉਸ ਦੇ ਅੰਦਰੋਂ ਕਦੇ ਬੁਝਾਇਆ ਨਹੀਂ ਜਾ ਸਕਦਾ, ਜਦ ਕਿ ਦੂਜੇ ਲੋਕ ਇਸ ਖਾਸ ਵਰਤਾਉ ਦੇ ਯੋਗ ਨਹੀਂ ਹੁੰਦੇ। ਸਿਰਫ਼ ਉਸ ਵਰਗੇ ਲੋਕ ਹੀ ਜਿਨ੍ਹਾਂ ਨੇ ਸਾਲਾਂ ਤਕ ਕੰਮ ਕੀਤਾ ਹੈ ਅਤੇ ਜਿਨ੍ਹਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਕੀਮਤੀ ਹੈ, ਇਸ ਦਾ ਅਨੰਦ ਮਾਣਨ ਦੇ ਯੋਗ ਹਨ। ਇਹ ਚੀਜ਼ਾਂ ਉਸ ਵੱਲੋਂ ਪਵਿੱਤਰ ਆਤਮਾ ਦੇ ਨਵੇਂ ਕੰਮ ਨੂੰ ਸਵੀਕਾਰ ਕਰਨ ਵਿੱਚ ਵੱਡੀ ਰੁਕਾਵਟ ਬਣ ਜਾਂਦੀਆਂ ਹਨ। ਭਾਵੇਂ ਉਹ ਨਵਾਂ ਕੰਮ ਸਵੀਕਾਰ ਵੀ ਕਰ ਸਕਦਾ ਹੈ, ਪਰ ਉਹ ਰਾਤੋ-ਰਾਤ ਅਜਿਹਾ ਨਹੀਂ ਕਰ ਸਕਦਾ। ਉਸ ਦਾ ਇਸ ਨੂੰ ਪ੍ਰਵਾਨ ਕਰਨ ਤੋਂ ਪਹਿਲਾਂ ਕਈ ਮੁਸ਼ਕਲ ਮੋੜਾਂ ਅਤੇ ਸਥਿਤੀਆਂ ਤੋਂ ਹੋ ਕੇ ਲੰਘਣਾ ਨਿਸ਼ਚਿਤ ਹੈ। ਇਸ ਸਥਿਤੀ ਨੂੰ ਉਸ ਦੀਆਂ ਪੁਰਾਣੀਆਂ ਧਾਰਣਾਵਾਂ ਨਾਲ ਨਿਪਟਣ ਅਤੇ ਉਸ ਦੇ ਪੁਰਾਣੇ ਸੁਭਾਅ ਦਾ ਨਿਆਂ ਕਰਨ ਤੋਂ ਬਾਅਦ ਸਿਰਫ਼ ਹੌਲੀ-ਹੌਲੀ ਪਲਟਿਆ ਜਾ ਸਕਦਾ ਹੈ। ਇਨ੍ਹਾਂ ਕਦਮਾਂ ਰਾਹੀਂ ਲੰਘਣ ਤੋਂ ਬਿਨਾਂ, ਉਹ ਪੁਰਾਣੀਆਂ ਧਾਰਣਾਵਾਂ ਤੋਂ ਆਪਣੀ ਪਕੜ ਨੂੰ ਢਿੱਲਾ ਨਹੀਂ ਕਰਦਾ ਹੈ ਅਤੇ ਆਸਾਨੀ ਨਾਲ ਉਨ੍ਹਾਂ ਨਵੀਆਂ ਸਿੱਖਿਆਵਾਂ ਅਤੇ ਕੰਮ ਨੂੰ ਸਵੀਕਾਰ ਨਹੀਂ ਕਰਦਾ ਹੈ ਜੋ ਉਸ ਦੀਆਂ ਪੁਰਾਣੀਆਂ ਧਾਰਣਾਵਾਂ ਨਾਲ ਇੱਕਸੁਰ ਨਹੀਂ ਹਨ। ਮਨੁੱਖ ਵਿੱਚ ਨਿਪਟਣ ਲਈ ਇਹ ਸਭ ਤੋਂ ਮੁਸ਼ਕਲ ਚੀਜ਼ ਹੈ, ਅਤੇ ਇਸ ਨੂੰ ਬਦਲਣਾ ਆਸਾਨ ਨਹੀਂ ਹੈ। ਜੇ, ਇੱਕ ਕਾਰਜਕਰਤਾ ਵਜੋਂ, ਉਹ ਇਕਦਮ ਪਵਿੱਤਰ ਆਤਮਾ ਦੇ ਕੰਮ ਦੀ ਸਮਝ ਨੂੰ ਪ੍ਰਾਪਤ ਕਰਨ ਅਤੇ ਇਸ ਦੀ ਗਤੀਸ਼ੀਲਤਾ ਦਾ ਸਾਰ ਕੱਢਣ ਵਿੱਚ ਸਮਰੱਥ ਹੈ, ਅਤੇ ਜੇ ਉਹ ਕੰਮ ਦੇ ਆਪਣੇ ਅਨੁਭਵਾਂ ਦੁਆਰਾ ਸੀਮਿਤ ਨਾ ਕੀਤੇ ਜਾਣ ਅਤੇ ਪੁਰਾਣੇ ਕੰਮ ਦੀ ਰੋਸ਼ਨੀ ਵਿੱਚ ਨਵੇਂ ਕੰਮ ਨੂੰ ਸਵੀਕਾਰ ਕਰਨ ਦੇ ਯੋਗ ਹੈ, ਤਾਂ ਉਹ ਇੱਕ ਅਕਲਮੰਦ ਵਿਅਕਤੀ ਅਤੇ ਯੋਗ ਕਾਰਜਕਰਤਾ ਹੈ। ਲੋਕ ਅਕਸਰ ਇਸ ਤਰ੍ਹਾਂ ਦੇ ਹੁੰਦੇ ਹਨ: ਆਪਣੇ ਕੰਮ ਦੇ ਅਨੁਭਵ ਦਾ ਸਾਰ ਕੱਢਣ ਦੇ ਯੋਗ ਹੋਏ ਬਿਨਾਂ ਕਈ ਸਾਲਾਂ ਤਕ ਕੰਮ ਕਰਦੇ ਹਨ, ਜਾਂ ਕੰਮ ਦੇ ਸੰਬੰਧ ਵਿੱਚ ਆਪਣੇ ਅਨੁਭਵ ਅਤੇ ਆਪਣੀ ਅਕਲ ਦਾ ਸਾਰ ਕੱਢਣ ਤੋਂ ਬਾਅਦ, ਨਵੇਂ ਕੰਮ ਨੂੰ ਸਵੀਕਾਰ ਕਰਨ ਤੋਂ ਰੋਕੇ ਜਾਂਦੇ ਹਨ ਅਤੇ ਪੁਰਾਣੇ ਅਤੇ ਨਵੇਂ ਕੰਮ ਨੂੰ ਉਚਿਤ ਢੰਗ ਨਾਲ ਸਮਝ ਨਹੀਂ ਸਕਦੇ ਜਾਂ ਉਸ ਨਾਲ ਸਹੀ ਤਰ੍ਹਾਂ ਨਾਲ ਵਰਤਾਉ ਨਹੀਂ ਕਰ ਸਕਦੇ। ਲੋਕਾਂ ਨੂੰ ਸੰਭਾਲਣਾ ਸੱਚਮੁੱਚ ਬਹੁਤ ਮੁਸ਼ਕਲ ਕੰਮ ਹੈ! ਤੁਹਾਡੇ ਵਿੱਚ ਬਹੁਤੇ ਲੋਕ ਅਜਿਹੇ ਹਨ। ਜਿਨ੍ਹਾਂ ਨੇ ਸਾਲਾਂ ਤਕ ਪਵਿੱਤਰ ਆਤਮਾ ਦੇ ਕੰਮ ਦਾ ਅਨੁਭਵ ਕੀਤਾ ਹੈ, ਉਨ੍ਹਾਂ ਨੂੰ ਨਵੇਂ ਕੰਮ ਨੂੰ ਸਵੀਕਾਰ ਕਰਨਾ ਮੁਸ਼ਕਲ ਲੱਗਦਾ ਹੈ, ਅਤੇ ਉਹ ਹਮੇਸ਼ਾਂ ਧਾਰਣਾਵਾਂ ਨਾਲ ਭਰੇ ਹੁੰਦੇ ਹਨ ਜਿਨ੍ਹਾਂ ਨੂੰ ਉਹ ਛੱਡ ਨਹੀਂ ਸਕਦੇ, ਜਦ ਕਿ ਇੱਕ ਵਿਅਕਤੀ ਜਿਸ ਨੇ ਹੁਣੇ ਹੀ ਕੰਮ ਕਰਨਾ ਸ਼ੁਰੂ ਕੀਤਾ ਹੈ ਉਸ ਵਿੱਚ ਕੰਮ ਬਾਰੇ ਸਧਾਰਣ ਗਿਆਨ ਦੀ ਘਾਟ ਹੁੰਦੀ ਹੈ ਅਤੇ ਉਹ ਇਹ ਵੀ ਨਹੀਂ ਜਾਣਦਾ ਹੈ ਕਿ ਸਭ ਤੋਂ ਸਰਲ ਮਾਮਲਿਆਂ ਨਾਲ ਕਿਵੇਂ ਨਜਿੱਠਣਾ ਹੈ। ਤੁਹਾਡੇ ਨਾਲ ਨਿਪਟਣਾ ਸੱਚਮੁੱਚ ਸੌਖਾ ਕੰਮ ਨਹੀਂ! ਅਜਿਹੇ ਲੋਕ ਜਿਨ੍ਹਾਂ ਵਿੱਚ ਕੁਝ ਵਰਿਸ਼ਠਤਾ ਹੈ ਇੰਨੇ ਘਮੰਡੀ ਅਤੇ ਹੰਕਾਰੀ ਹਨ ਕਿ ਉਹ ਭੁੱਲ ਗਏ ਹਨ ਕਿ ਉਹ ਕਿਥੋਂ ਆਏ ਹਨ। ਉਹ ਛੋਟੀ ਉਮਰ ਦੇ ਲੋਕਾਂ ਨੂੰ ਹਮੇਸ਼ਾਂ ਨੀਵਾਂ ਸਮਝਦੇ ਹਨ, ਫਿਰ ਵੀ ਉਹ ਨਵੇਂ ਕੰਮ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਧਾਰਣਾਵਾਂ ਤੋਂ ਆਪਣੀ ਪਕੜ ਢਿੱਲੀ ਕਰਨ ਵਿੱਚ ਅਸਮਰਥ ਹਨ ਜੋ ਉਨ੍ਹਾਂ ਨੇ ਕਈ ਸਾਲਾਂ ਤੋਂ ਇਕੱਤਰ ਕੀਤੀਆਂ ਅਤੇ ਸੰਭਾਲ ਕੇ ਰੱਖੀਆਂ ਹਨ। ਹਾਲਾਂਕਿ ਉਹ ਨੌਜਵਾਨ, ਅਗਿਆਨੀ ਲੋਕ ਪਵਿੱਤਰ ਆਤਮਾ ਦੇ ਨਵੇਂ ਕੰਮ ਨੂੰ ਥੋੜ੍ਹਾ ਬਹੁਤ ਸਵੀਕਾਰ ਕਰਨ ਦੇ ਸਮਰੱਥ ਹਨ ਅਤੇ ਬਹੁਤ ਉਤਸ਼ਾਹਤ ਹਨ, ਪਰ ਉਹ ਹਮੇਸ਼ਾਂ ਬੌਂਦਲ ਜਾਂਦੇ ਹਨ ਅਤੇ ਨਹੀਂ ਜਾਣਦੇ ਹਨ ਕਿ ਜਦੋਂ ਸਮੱਸਿਆਵਾਂ ਨਾਲ ਸਾਹਮਣਾ ਹੋਏ ਤਾਂ ਕੀ ਕਰਨਾ ਹੈ। ਉਹ ਜੋਸ਼ੀਲੇ ਤਾਂ ਹਨ ਪਰ ਅਗਿਆਨੀ ਹਨ। ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਕੰਮ ਦਾ ਬਹੁਤ ਘੱਟ ਗਿਆਨ ਹੈ ਅਤੇ ਉਹ ਇਸ ਨੂੰ ਆਪਣੇ ਜੀਵਨ ਵਿੱਚ ਵਰਤਣ ਦੇ ਅਸਮਰਥ ਹਨ; ਇਹ ਬਸ ਪੂਰੀ ਤਰ੍ਹਾਂ ਨਾਲ ਬੇਕਾਰ ਸਿੱਖਿਆ ਹੈ। ਤੁਹਾਡੇ ਵਰਗੇ ਕਈ ਲੋਕ ਹਨ; ਕਿੰਨੇ ਲੋਕ ਇਸਤੇਮਾਲ ਦੇ ਯੋਗ ਹਨ? ਕਿੰਨੇ ਕੁ ਹਨ ਜੋ ਪਵਿੱਤਰ ਆਤਮਾ ਦੇ ਅੰਦਰੂਨੀ ਚਾਨਣ ਅਤੇ ਪਰਕਾਸ਼ ਦਾ ਪਾਲਣ ਕਰ ਸਕਦੇ ਹਨ ਅਤੇ ਪਰਮੇਸ਼ੁਰ ਦੀ ਇੱਛਾ ਨਾਲ ਤਾਲਮੇਲ ਬਿਠਾ ਪਾਉਂਦੇ ਹਨ? ਇੰਝ ਜਾਪਦਾ ਹੈ ਕਿ ਤੁਹਾਡੇ ਵਿੱਚੋਂ ਜੋ ਹੁਣ ਤਕ ਪੈਰੋਕਾਰ ਰਹੇ ਹਨ ਉਹ ਬਹੁਤ ਆਗਿਆਕਾਰੀ ਰਹੇ ਹਨ, ਪਰ, ਅਸਲ ਵਿੱਚ, ਤੁਸੀਂ ਆਪਣੀਆਂ ਧਾਰਣਾਵਾਂ ਨੂੰ ਛੱਡਿਆ ਨਹੀਂ ਹੈ, ਤੁਸੀਂ ਅਜੇ ਵੀ ਬਾਈਬਲ ਵਿੱਚ ਖੋਜ ਰਹੇ ਹੋ, ਅਸਪਸ਼ਟਤਾ ਵਿੱਚ ਵਿਸ਼ਵਾਸ ਕਰ ਰਹੇ ਹੋ, ਜਾਂ ਧਾਰਣਾਵਾਂ ਵਿੱਚ ਭਟਕ ਰਹੇ ਹੋ। ਅਜਿਹਾ ਕੋਈ ਵੀ ਨਹੀਂ ਹੈ ਜੋ ਧਿਆਨ ਨਾਲ ਅੱਜ ਦੇ ਅਸਲ ਕੰਮ ਦੀ ਖੋਜ ਕਰਦਾ ਹੋਏ ਜਾਂ ਇਸ ਦੀ ਗਹਿਰਾਈ ਵਿੱਚ ਜਾਂਦਾ ਹੋਏ। ਤੁਸੀਂ ਅੱਜ ਦੇ ਸੱਚੇ ਰਾਹ ਨੂੰ ਪੁਰਾਣੀਆਂ ਧਾਰਣਾਵਾਂ ਨਾਲ ਸਵੀਕਾਰ ਕਰ ਰਹੇ ਹੋ। ਤੁਸੀਂ ਅਜਿਹੇ ਵਿਸ਼ਵਾਸ ਨਾਲ ਕੀ ਹਾਸਲ ਕਰ ਸਕਦੇ ਹੋ? ਅਜਿਹਾ ਕਿਹਾ ਜਾ ਸਕਦਾ ਹੈ ਕਿ ਤੁਹਾਡੇ ਅੰਦਰ ਕਈ ਧਾਰਣਾਵਾਂ ਛੁਪੀਆਂ ਹੋਈਆਂ ਹਨ ਜਿਨ੍ਹਾਂ ਨੂੰ ਪਰਗਟ ਨਹੀਂ ਕੀਤਾ ਗਿਆ ਹੈ, ਅਤੇ ਤੁਸੀਂ ਉਨ੍ਹਾਂ ਨੂੰ ਆਸਾਨੀ ਨਾਲ ਪਰਗਟ ਕੀਤੇ ਬਿਨਾਂ, ਛੁਪਾਉਣ ਲਈ ਬਸ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਨਵੇਂ ਕੰਮ ਨੂੰ ਈਮਾਨਦਾਰੀ ਨਾਲ ਸਵੀਕਾਰ ਨਹੀਂ ਕਰਦੇ ਹੋ, ਅਤੇ ਤੁਹਾਡੀ ਆਪਣੀਆਂ ਪੁਰਾਣੀਆਂ ਧਾਰਣਾਵਾਂ ਨੂੰ ਛੱਡਣ ਦੀ ਕੋਈ ਯੋਜਨਾ ਨਹੀਂ ਹੈ; ਤੁਹਾਡੇ ਕੋਲ ਜੀਵਨ ਜੀਉਣ ਲਈ ਬਹੁਤ ਸਾਰੇ ਫ਼ਲਸਫ਼ੇ ਹਨ, ਅਤੇ ਉਹ ਬਹੁਤ ਹੀ ਠੋਸ ਹਨ। ਤੁਸੀਂ ਆਪਣੀਆਂ ਪੁਰਾਣੀਆਂ ਧਾਰਣਾਵਾਂ ਨੂੰ ਨਹੀਂ ਛੱਡਦੇ ਅਤੇ ਨਵੇਂ ਕੰਮ ਨਾਲ ਝਿਜਕਦੇ ਹੋਏ ਨਿਪਟਦੇ ਹੋ। ਤੁਹਾਡੇ ਮਨ ਬਹੁਤ ਹੀ ਬੁਰੇ ਹਨ, ਅਤੇ ਤੁਸੀਂ ਬਸ ਨਵੇਂ ਕੰਮ ਦੇ ਕਦਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹੋ। ਕੀ ਤੁਹਾਡੇ ਜਿਹੇ ਨਿਕੰਮੇ ਲੋਕ ਇੰਜੀਲ ਦਾ ਪਰਚਾਰ ਕਰਨ ਦਾ ਕੰਮ ਕਰ ਸਕਦੇ ਹਨ? ਕੀ ਤੁਸੀਂ ਇਸ ਨੂੰ ਸਮੁੱਚੇ ਬ੍ਰਹਿਮੰਡ ਵਿੱਚ ਫ਼ੈਲਾਉਣ ਦੇ ਕੰਮ ਦਾ ਜ਼ਿੰਮਾ ਲੈਣ ਯੋਗ ਹੋ? ਤੁਹਾਡੇ ਅਜਿਹੇ ਅਮਲ ਤੁਹਾਡੇ ਸੁਭਾਅ ਦਾ ਕਾਇਆਕਲਪ ਹੋਣ ਅਤੇ ਪਰਮੇਸ਼ੁਰ ਨੂੰ ਜਾਣਨ ਤੋਂ ਰੋਕ ਰਹੇ ਹਨ। ਜੇ ਤੁਸੀਂ ਇਸੇ ਤਰ੍ਹਾਂ ਚੱਲਦੇ ਰਹੇ, ਤਾਂ ਤੁਹਾਡਾ ਖਾਤਮਾ ਯਕੀਨੀ ਹੈ।

ਤੁਹਾਨੂੰ ਇਹ ਜ਼ਰੂਰ ਜਾਣਨਾ ਪਏਗਾ ਕਿ ਪਰਮੇਸ਼ੁਰ ਦੇ ਕੰਮ ਅਤੇ ਮਨੁੱਖ ਦੇ ਕੰਮ ਵਿੱਚ ਕਿਵੇਂ ਅੰਤਰ ਕੀਤਾ ਜਾਏ। ਤੂੰ ਮਨੁੱਖ ਦੇ ਕੰਮ ਵਿੱਚ ਕੀ ਦੇਖ ਸਕਦਾ ਹੈਂ? ਮਨੁੱਖ ਦੇ ਕੰਮ ਵਿੱਚ ਉਸ ਦੇ ਅਨੁਭਵ ਦੇ ਬਹੁਤ ਸਾਰੇ ਤੱਤ ਹੁੰਦੇ ਹਨ; ਮਨੁੱਖ ਜੋ ਹੁੰਦਾ ਹੈ ਉਹੀ ਵਿਅਕਤ ਕਰਦਾ ਹੈ। ਪਰਮੇਸ਼ੁਰ ਦਾ ਆਪਣਾ ਕੰਮ ਵੀ ਉਹ ਜੋ ਹੈ ਉਸੇ ਨੂੰ ਵਿਅਕਤ ਕਰਦਾ ਹੈ, ਪਰ ਉਸ ਦੀ ਹੋਂਦ ਮਨੁੱਖ ਨਾਲੋਂ ਭਿੰਨ ਹੈ। ਮਨੁੱਖ ਦੀ ਹੋਂਦ ਮਨੁੱਖ ਦੇ ਅਨੁਭਵ ਅਤੇ ਜੀਵਨ ਦੀ ਨੁਮਾਇੰਦਗੀ ਕਰਦੀ ਹੈ (ਜਿਸ ਦਾ ਮਨੁੱਖ ਆਪਣੇ ਜੀਵਨ ਵਿੱਚ ਅਨੁਭਵ ਜਾਂ ਸਾਹਮਣਾ ਕਰਦਾ ਹੈ, ਜਾਂ ਜੋ ਉਸ ਦੇ ਜੀਉਣ ਦੇ ਫ਼ਲਸਫ਼ੇ ਹਨ), ਭਿੰਨ-ਭਿੰਨ ਵਾਤਾਵਰਣਾਂ ਵਿੱਚ ਰਹਿੰਦੇ ਲੋਕ ਭਿੰਨ-ਭਿੰਨ ਹੋਂਦ ਵਿਅਕਤ ਕਰਦੇ ਹਨ। ਤੇਰੇ ਕੋਲ ਸਮਾਜ ਦੇ ਅਨੁਭਵ ਹਨ ਜਾਂ ਨਹੀਂ ਅਤੇ ਤੂੰ ਅਸਲ ਵਿੱਚ ਕਿਸ ਤਰ੍ਹਾਂ ਆਪਣੇ ਪਰਿਵਾਰ ਵਿੱਚ ਰਹਿੰਦਾ ਹੈਂ ਅਤੇ ਇਸ ਦੇ ਅੰਦਰ ਅਨੁਭਵ ਕਰਦਾ ਹੈਂ ਇਸ ਨੂੰ ਜੋ ਕੁਝ ਤੂੰ ਵਿਅਕਤ ਕਰਦਾ ਹੈਂ ਉਸ ਵਿੱਚ ਦੇਖਿਆ ਜਾ ਸਕਦਾ ਹੈ, ਜਦ ਕਿ ਤੂੰ ਦੇਹਧਾਰੀ ਪਰਮੇਸ਼ੁਰ ਦੇ ਕੰਮ ਵਿੱਚ ਇਹ ਨਹੀਂ ਦੇਖ ਸਕਦਾ ਕਿ ਉਸ ਦੇ ਸਮਾਜਕ ਅਨੁਭਵ ਹਨ ਜਾਂ ਨਹੀਂ। ਉਹ ਮਨੁੱਖ ਦੇ ਸਾਰ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਸਾਰੇ ਕਿਸਮ ਦੇ ਲੋਕਾਂ ਨਾਲ ਸੰਬੰਧਤ ਸਾਰੇ ਕਿਸਮ ਦੇ ਅਮਲਾਂ ਨੂੰ ਪਰਗਟ ਕਰ ਸਕਦਾ ਹੈ। ਉਹ ਮਨੁੱਖਾਂ ਦੇ ਭ੍ਰਿਸ਼ਟ ਸੁਭਾਅ ਅਤੇ ਆਕੀਪੁਣੇ ਵਾਲੇ ਵਰਤਾਉ ਨੂੰ ਹੋਰ ਵੀ ਬਿਹਤਰ ਢੰਗ ਨਾਲ ਪਰਗਟ ਕਰਦਾ ਹੈ। ਉਹ ਸੰਸਾਰਕ ਲੋਕਾਂ ਦਰਮਿਆਨ ਨਹੀਂ ਰਹਿੰਦਾ, ਪਰ ਨਾਸਵਾਨ ਮਨੁੱਖਾਂ ਦੀ ਫ਼ਿਤਰਤ ਅਤੇ ਸੰਸਾਰਕ ਲੋਕਾਂ ਦੀਆਂ ਸਾਰੀਆਂ ਭ੍ਰਿਸ਼ਟਤਾਵਾਂ ਤੋਂ ਵਾਕਫ਼ ਹੈ। ਇਹੀ ਉਸ ਦੀ ਹੋਂਦ ਹੈ। ਹਾਲਾਂਕਿ ਉਹ ਸੰਸਾਰ ਨਾਲ ਨਹੀਂ ਨਿਪਟਦਾ ਹੈ, ਉਹ ਸੰਸਾਰ ਨਾਲ ਨਿਪਟਣ ਦੇ ਨਿਯਮ ਜਾਣਦਾ ਹੈ, ਕਿਉਂਕਿ ਉਹ ਮਨੁੱਖ ਦੀ ਫ਼ਿਤਰਤ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਉਹ ਆਤਮਾ ਦੇ ਅੱਜ ਦੇ ਅਤੇ ਅਤੀਤ ਦੋਹਾਂ ਦੇ ਕੰਮ ਬਾਰੇ ਜਾਣਦਾ ਹੈ ਜਿਸ ਨੂੰ ਮਨੁੱਖ ਦੀਆਂ ਅੱਖਾਂ ਦੇਖ ਨਹੀਂ ਸਕਦੀਆਂ ਅਤੇ ਮਨੁੱਖ ਦੇ ਕੰਨ ਸੁਣ ਨਹੀਂ ਸਕਦੇ। ਇਸ ਵਿੱਚ ਬੁੱਧ ਸ਼ਾਮਲ ਹੈ ਜੋ ਕਿ ਜੀਉਣ ਦਾ ਫ਼ਲਸਫ਼ਾ ਅਤੇ ਅਚਰਜ ਨਹੀਂ ਹਨ ਜਿਨ੍ਹਾਂ ਦੀ ਕਲਪਨਾ ਕਰਨਾ ਮਨੁੱਖ ਲਈ ਮੁਸ਼ਕਲ ਹੈ। ਇਹੀ ਉਸ ਦੀ ਹੋਂਦ ਹੈ, ਲੋਕਾਂ ਲਈ ਸਪਸ਼ਟ ਅਤੇ ਲੋਕਾਂ ਤੋਂ ਛੁਪੀ ਹੋਈ ਵੀ। ਜੋ ਕੁਝ ਉਹ ਵਿਅਕਤ ਕਰਦਾ ਹੈ ਉਹ ਅਜਿਹਾ ਨਹੀਂ ਹੈ ਜਿਵੇਂ ਇੱਕ ਅਸਧਾਰਣ ਮਨੁੱਖ ਹੁੰਦਾ ਹੈ, ਸਗੋਂ ਆਤਮਾ ਦੇ ਮੂਲ ਗੁਣ ਅਤੇ ਹੋਂਦ ਹੈ। ਉਹ ਸੰਸਾਰ ਭਰ ਵਿੱਚ ਸਫ਼ਰ ਨਹੀਂ ਕਰਦਾ ਪਰ ਇਸ ਬਾਰੇ ਸਭ ਕੁਝ ਜਾਣਦਾ ਹੈ। ਉਹ “ਬਣਮਾਣਸਾਂ” ਨਾਲ ਸੰਪਰਕ ਕਰਦਾ ਹੈ ਜਿਨ੍ਹਾਂ ਕੋਲ ਕੋਈ ਗਿਆਨ ਜਾਂ ਸੂਝ-ਬੂਝ ਨਹੀਂ ਹੁੰਦੀ, ਪਰ ਉਹ ਅਜਿਹੇ ਵਚਨਾਂ ਨੂੰ ਵਿਅਕਤ ਕਰਦਾ ਹੈ ਜੋ ਗਿਆਨ ਤੋਂ ਉੱਚੇ ਅਤੇ ਮਹਾਨ ਮਨੁੱਖਾਂ ਤੋਂ ਉੱਪਰ ਹੁੰਦੇ ਹਨ। ਉਹ ਮੰਦ-ਬੁੱਧ ਅਤੇ ਬੇਹਿੱਸ ਲੋਕਾਂ ਦੇ ਸਮੂਹ ਵਿੱਚ ਰਹਿੰਦਾ ਹੈ ਜਿਨ੍ਹਾਂ ਵਿੱਚ ਮਨੁੱਖਤਾ ਨਹੀਂ ਹੈ ਅਤੇ ਜੋ ਮਨੁੱਖੀ ਰਵਾਇਤਾਂ ਅਤੇ ਮਨੁੱਖਤਾ ਦੇ ਜੀਵਨ ਨੂੰ ਨਹੀਂ ਸਮਝਦੇ, ਪਰ ਉਹ ਮਨੁੱਖਜਾਤੀ ਨੂੰ ਸਧਾਰਣ ਮਨੁੱਖਤਾ ਨੂੰ ਵਿਹਾਰ ਵਿੱਚ ਪ੍ਰਗਟ ਕਰਨ ਲਈ ਕਹਿ ਸਕਦਾ ਹੈ, ਨਾਲ ਹੀ ਉਹ ਮਨੁੱਖਜਾਤੀ ਦੀ ਨੀਚ ਅਤੇ ਘਟੀਆ ਮਨੁੱਖਤਾ ਨੂੰ ਪਰਗਟ ਕਰਦਾ ਹੈ। ਇਹ ਸਭ ਉਸ ਦੀ ਹੋਂਦ ਹੈ, ਕਿਸੇ ਵੀ ਮਾਸ-ਅਤੇ-ਲਹੂ ਤੋਂ ਬਣੇ ਵਿਅਕਤੀ ਦੇ ਮੁਕਾਬਲੇ ਜ਼ਿਆਦਾ ਉੱਚੀ। ਉਸ ਦੇ ਲਈ, ਜਿਸ ਕੰਮ ਨੂੰ ਕਰਨਾ ਉਸ ਲਈ ਜ਼ਰੂਰੀ ਹੈ ਅਤੇ ਭ੍ਰਿਸ਼ਟ ਮਨੁੱਖਜਾਤੀ ਦੇ ਸਾਰ ਨੂੰ ਚੰਗੀ ਤਰ੍ਹਾਂ ਪਰਗਟ ਕਰਨ ਲਈ ਇੱਕ ਪੇਚੀਦਾ, ਮੁਸ਼ਕਲ, ਅਤੇ ਮਲੀਨ ਸਮਾਜਕ ਜੀਵਨ ਦਾ ਅਨੁਭਵ ਕਰਨਾ ਜ਼ਰੂਰੀ ਨਹੀਂ ਹੈ। ਮਲੀਨ ਸਮਾਜਕ ਜੀਵਨ ਉਸ ਦੇ ਦੇਹ ਨੂੰ ਗਿਆਨ ਪ੍ਰਦਾਨ ਨਹੀਂ ਕਰਦਾ ਹੈ। ਉਸ ਦਾ ਕੰਮ ਅਤੇ ਉਸ ਦੇ ਵਚਨ ਸਿਰਫ਼ ਮਨੁੱਖ ਦੀ ਅਵੱਗਿਆ ਨੂੰ ਹੀ ਪਰਗਟ ਕਰਦੇ ਹਨ ਮਨੁੱਖ ਨੂੰ ਸੰਸਾਰ ਨਾਲ ਨਿਪਟਣ ਲਈ ਅਨੁਭਵ ਅਤੇ ਸਬਕ ਮੁਹੱਈਆ ਨਹੀਂ ਕਰਦੇ। ਜਦੋਂ ਉਹ ਮਨੁੱਖ ਨੂੰ ਜੀਵਨ ਦੀ ਪੂਰਤੀ ਕਰਦਾ ਹੈ ਤਾਂ ਉਸ ਨੂੰ ਸਮਾਜ ਜਾਂ ਮਨੁੱਖ ਦੇ ਪਰਿਵਾਰ ਦੀ ਜਾਂਚ-ਪੜਤਾਲ ਕਰਨ ਦੀ ਲੋੜ ਨਹੀਂ ਹੁੰਦੀ। ਮਨੁੱਖ ਨੂੰ ਉਜਾਗਰ ਕਰਨਾ ਅਤੇ ਉਸ ਦਾ ਨਿਆਂ ਕਰਨਾ ਉਸ ਦੇ ਦੇਹ ਦੇ ਅਨੁਭਵਾਂ ਦਾ ਪ੍ਰਗਟਾਵਾ ਨਹੀਂ ਹੈ; ਇਹ ਲੰਮੇ ਸਮੇਂ ਤਕ ਮਨੁੱਖ ਦੀ ਅਵੱਗਿਆ ਬਾਰੇ ਜਾਣਨ ਅਤੇ ਮਨੁੱਖਜਾਤੀ ਦੀ ਭ੍ਰਿਸ਼ਟਤਾ ਨਾਲ ਘਿਰਣਾ ਕਰਨ ਤੋਂ ਬਾਅਦ ਮਨੁੱਖ ਦੇ ਕੁਧਰਮ ਦਾ ਉਸ ਦਾ ਪ੍ਰਕਾਸ਼ਨ ਹੈ। ਉਹ ਜੋ ਕੰਮ ਕਰਦਾ ਹੈ ਉਹ ਸਭ ਮਨੁੱਖ ਸਾਹਮਣੇ ਆਪਣੇ ਸੁਭਾਅ ਨੂੰ ਪਰਗਟ ਕਰਨ ਅਤੇ ਉਸ ਦੀ ਸ਼ਖਸੀਅਤ ਨੂੰ ਵਿਅਕਤ ਕਰਨ ਲਈ ਹੈ। ਸਿਰਫ਼ ਉਹੀ ਇਹ ਕੰਮ ਕਰ ਸਕਦਾ ਹੈ; ਇਹ ਅਜਿਹਾ ਕੁਝ ਨਹੀਂ ਹੈ ਜੋ ਮਾਸ-ਅਤੇ-ਲਹੂ ਦਾ ਬਣਿਆ ਵਿਅਕਤੀ ਪ੍ਰਾਪਤ ਕਰ ਸਕਦਾ ਹੈ। ਉਸ ਦੇ ਕੰਮ ਤੋਂ, ਮਨੁੱਖ ਇਹ ਨਹੀਂ ਦੱਸ ਸਕਦਾ ਕਿ ਪਰਮੇਸ਼ੁਰ ਕਿਸ ਤਰ੍ਹਾਂ ਦਾ ਵਿਅਕਤੀ ਹੈ। ਮਨੁੱਖ ਉਸ ਦੇ ਕੰਮ ਦੇ ਆਧਾਰ ਤੇ ਉਸ ਨੂੰ ਇੱਕ ਸਿਰਜੇ ਹੋਏ ਵਿਅਕਤੀ ਵਜੋਂ ਵਰਗੀਕ੍ਰਿਤ ਕਰਨ ਵਿੱਚ ਵੀ ਅਸਮਰਥ ਹੈ। ਉਸ ਦੀ ਹੋਂਦ, ਉਸ ਨੂੰ ਇੱਕ ਸਿਰਜੇ ਹੋਏ ਵਿਅਕਤੀ ਦੇ ਰੂਪ ਵਿੱਚ ਵਰਗੀਕ੍ਰਿਤ ਕਰਨ ਵਿੱਚ ਵੀ ਅਸਮਰਥ ਬਣਾਉਂਦੀ ਹੈ। ਮਨੁੱਖ ਉਸ ਨੂੰ ਸਿਰਫ਼ ਇੱਕ ਗੈਰ-ਮਨੁੱਖ ਮੰਨ ਸਕਦਾ ਹੈ, ਪਰ ਉਹ ਇਹ ਨਹੀਂ ਜਾਣਦਾ ਹੈ ਕਿ ਉਸ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਏ, ਇਸ ਲਈ ਮਨੁੱਖ ਉਸ ਨੂੰ ਪਰਮੇਸ਼ੁਰ ਦੀ ਸ਼੍ਰੇਣੀ ਵਿੱਚ ਰੱਖਣ ਲਈ ਮਜਬੂਰ ਹੈ। ਮਨੁੱਖ ਲਈ ਅਜਿਹਾ ਕਰਨਾ ਤਰਕਹੀਣ ਵੀ ਨਹੀਂ ਹੈ, ਕਿਉਂਕਿ ਪਰਮੇਸ਼ੁਰ ਨੇ ਲੋਕਾਂ ਦਰਮਿਆਨ ਅਜਿਹਾ ਬਹੁਤ ਕੰਮ ਕੀਤਾ ਹੈ ਜਿਸ ਨੂੰ ਕਰਨ ਵਿੱਚ ਮਨੁੱਖ ਅਸਮਰਥ ਹੈ।

ਜਿਸ ਕੰਮ ਨੂੰ ਪਰਮੇਸ਼ੁਰ ਕਰਦਾ ਹੈ ਉਹ ਉਸ ਦੇ ਦੇਹ ਦੇ ਅਨੁਭਵ ਦੀ ਨੁਮਾਇੰਦਗੀ ਨਹੀਂ ਕਰਦਾ; ਮਨੁੱਖ ਜੋ ਕੰਮ ਕਰਦਾ ਹੈ ਉਹ ਮਨੁੱਖ ਦੇ ਅਨੁਭਵ ਦੀ ਨੁਮਾਇੰਦਗੀ ਕਰਦਾ ਹੈ। ਹਰ ਕੋਈ ਆਪਣੇ ਵਿਅਕਤੀਗਤ ਅਨੁਭਵ ਬਾਰੇ ਗੱਲ ਕਰਦਾ ਹੈ। ਪਰਮੇਸ਼ੁਰ ਸਿੱਧਿਆਂ ਸੱਚਾਈ ਵਿਅਕਤ ਕਰ ਸਕਦਾ ਹੈ, ਜਦ ਕਿ ਮਨੁੱਖ ਸਿਰਫ਼ ਸੱਚਾਈ ਦਾ ਅਨੁਭਵ ਕਰਨ ਤੋਂ ਬਾਅਦ ਹੀ ਉਸ ਦੇ ਅਨੁਸਾਰ ਅਨੁਭਵ ਨੂੰ ਵਿਅਕਤ ਕਰ ਸਕਦਾ ਹੈ। ਪਰਮੇਸ਼ੁਰ ਦੇ ਕੰਮ ਦੇ ਕੋਈ ਨਿਯਮ ਨਹੀਂ ਹੁੰਦੇ ਅਤੇ ਇਹ ਸਮੇਂ ਅਤੇ ਭੂਗੋਲਿਕ ਰੁਕਾਵਟਾਂ ਦੇ ਅਧੀਨ ਨਹੀਂ ਹੈ। ਉਹ ਜੋ ਹੈ ਉਸ ਨੂੰ ਉਹ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਵਿਅਕਤ ਕਰ ਸਕਦਾ ਹੈ। ਉਸ ਨੂੰ ਜਿਵੇਂ ਚੰਗਾ ਲੱਗਦਾ ਹੈ ਉਹ ਉਂਝ ਦਾ ਹੀ ਕੰਮ ਕਰਦਾ ਹੈ। ਮਨੁੱਖ ਦੇ ਕੰਮ ਵਿੱਚ ਸਥਿਤੀਆਂ ਅਤੇ ਸੰਦਰਭ ਹੁੰਦੇ ਹਨ; ਉਨ੍ਹਾਂ ਤੋਂ ਬਿਨਾਂ, ਉਹ ਕੰਮ ਕਰਨ ਦੇ ਅਸਮਰਥ ਹੋਏਗਾ ਅਤੇ ਪਰਮੇਸ਼ੁਰ ਦੇ ਆਪਣੇ ਗਿਆਨ ਨੂੰ ਜਾਂ ਸੱਚਾਈ ਦੇ ਆਪਣੇ ਅਨੁਭਵ ਨੂੰ ਵਿਅਕਤ ਕਰਨ ਦੇ ਅਸਮਰਥ ਹੋਏਗਾ। ਇਹ ਦੱਸਣ ਲਈ ਕਿ ਕੀ ਇਹ ਪਰਮੇਸ਼ੁਰ ਦਾ ਆਪਣਾ ਕੰਮ ਹੈ ਜਾਂ ਮਨੁੱਖ ਦਾ ਕੰਮ ਹੈ, ਤੈਨੂੰ ਦੋਹਾਂ ਦਰਮਿਆਨ ਅੰਤਰ ਦੀ ਤੁਲਨਾ ਕਰਨੀ ਹੋਏਗੀ। ਜੇ ਖੁਦ ਪਰਮੇਸ਼ੁਰ ਦੁਆਰਾ ਕੀਤਾ ਗਿਆ ਕੋਈ ਕੰਮ ਨਹੀਂ ਹੈ ਅਤੇ ਸਿਰਫ਼ ਮਨੁੱਖ ਦਾ ਕੀਤਾ ਹੋਇਆ ਕੰਮ ਹੈ, ਤੈਨੂੰ ਆਸਾਨੀ ਨਾਲ ਪਤਾ ਲੱਗ ਜਾਏਗਾ ਕਿ ਮਨੁੱਖ ਦੀਆਂ ਸਿੱਖਿਆਵਾਂ ਉੱਚੀਆਂ ਹਨ, ਕਿਸੇ ਵੀ ਸਮਰੱਥਾ ਤੋਂ ਪਰੇ ਹਨ; ਉਨ੍ਹਾਂ ਦੇ ਬੋਲਣ ਦਾ ਅੰਦਾਜ਼, ਚੀਜ਼ਾਂ ਨੂੰ ਸੰਭਾਲਣ ਦੇ ਉਨ੍ਹਾਂ ਦੇ ਅਸੂਲ ਅਤੇ ਕੰਮ ਕਰਨ ਵਿੱਚ ਉਨ੍ਹਾਂ ਦਾ ਅਨੁਭਵੀ ਅਤੇ ਸਥਿਰ ਤਰੀਕਾ ਦੂਜਿਆਂ ਦੀ ਪਹੁੰਚ ਤੋਂ ਬਾਹਰ ਹੈ। ਤੁਸੀਂ ਸਾਰੇ ਚੰਗੀ ਸਮਰੱਥਾ ਅਤੇ ਉੱਚੇ ਗਿਆਨ ਵਾਲੇ ਇਨ੍ਹਾਂ ਲੋਕਾਂ ਦੀ ਸ਼ਲਾਘਾ ਕਰਦੇ ਹੋ, ਪਰ ਤੂੰ ਪਰਮੇਸ਼ੁਰ ਦੇ ਕੰਮ ਅਤੇ ਉਸ ਦੇ ਵਚਨਾਂ ਤੋਂ ਨਹੀਂ ਦੇਖ ਸਕਦਾ ਕਿ ਉਸ ਦੀ ਮਨੁੱਖਤਾ ਕਿੰਨੀ ਉੱਚੀ ਹੈ। ਇਸ ਦੀ ਬਜਾਏ, ਉਹ ਸਧਾਰਣ ਹੈ, ਅਤੇ ਕੰਮ ਕਰਦੇ ਸਮੇਂ, ਉਹ ਆਮ ਅਤੇ ਅਸਲ ਹੈ ਪਰ ਨਾਸਵਾਨ ਮਨੁੱਖਾਂ ਲਈ ਅਥਾਹ ਵੀ ਹੈ, ਜੋ ਲੋਕਾਂ ਨੂੰ ਉਸ ਦੇ ਬਾਰੇ ਇੱਕ ਕਿਸਮ ਦੀ ਸ਼ਰਧਾ ਮਹਿਸੂਸ ਕਰਾਉਂਦਾ ਹੈ। ਸ਼ਾਇਦ ਆਪਣੇ ਕੰਮ ਵਿੱਚ ਕਿਸੇ ਵਿਅਕਤੀ ਦਾ ਅਨੁਭਵ ਵਿਸ਼ੇਸ਼ ਰੂਪ ਵਿੱਚ ਉੱਚਾ ਹੋਏ, ਜਾਂ ਉਸ ਦੀ ਕਲਪਨਾ ਅਤੇ ਤਰਕ ਵਿਸ਼ੇਸ਼ ਰੂਪ ਵਿੱਚ ਵਿਕਸਤ ਹੋਣ; ਅਤੇ ਉਸ ਦੀ ਮਨੁੱਖਤਾ ਵਿਸ਼ੇਸ਼ ਰੂਪ ਵਿੱਚ ਚੰਗੀ ਹੋਏ; ਅਜਿਹੇ ਗੁਣ ਸਿਰਫ਼ ਲੋਕਾਂ ਦੀ ਪ੍ਰਸ਼ੰਸਾ ਪ੍ਰਾਪਤ ਕਰ ਸਕਦੇ ਹਨ, ਪਰ ਉਨ੍ਹਾਂ ਦੇ ਸ਼ਰਧਾਮਈ ਡਰ ਅਤੇ ਭੈ ਨੂੰ ਨਹੀਂ ਜਗਾ ਸਕਦੇ। ਸਾਰੇ ਲੋਕ ਉਨ੍ਹਾਂ ਲੋਕਾਂ ਦੀ ਪ੍ਰਸ਼ੰਸਾ ਕਰਦੇ ਹਨ ਜੋ ਚੰਗੀ ਤਰ੍ਹਾਂ ਕੰਮ ਕਰ ਸਕਦੇ ਹਨ, ਜਿਨ੍ਹਾਂ ਦਾ ਵਿਸ਼ੇਸ਼ ਰੂਪ ਵਿੱਚ ਗਹਿਰਾ ਅਨੁਭਵ ਹੁੰਦਾ ਹੈ, ਅਤੇ ਜੋ ਸੱਚਾਈ ਨੂੰ ਅਮਲ ਵਿੱਚ ਲਿਆ ਸਕਦੇ ਹਨ, ਪਰ ਅਜਿਹੇ ਲੋਕ ਕਦੇ ਵੀ ਭੈ ਮਿਸ਼ਰਿਤ ਆਦਰ ਪ੍ਰਾਪਤ ਨਹੀਂ ਕਰ ਸਕਦੇ, ਸਿਰਫ਼ ਪ੍ਰਸ਼ੰਸਾ ਅਤੇ ਈਰਖਾ ਪ੍ਰਾਪਤ ਕਰ ਸਕਦੇ ਹਨ। ਪਰ ਉਹ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰ ਲਿਆ ਹੈ ਪਰਮੇਸ਼ੁਰ ਦੇ ਕੰਮ ਦੀ ਪ੍ਰਸ਼ੰਸਾ ਨਹੀਂ ਕਰਦੇ; ਇਸ ਦੀ ਬਜਾਏ ਉਹ ਮਹਿਸੂਸ ਕਰਦੇ ਹਨ ਕਿ ਉਸ ਦਾ ਕੰਮ ਮਨੁੱਖ ਦੀ ਪਹੁੰਚ ਤੋਂ ਪਰੇ ਹੈ ਅਤੇ ਮਨੁੱਖ ਲਈ ਕਲਪਨਾ ਤੋਂ ਪਰੇ ਹੈ, ਅਤੇ ਇਹ ਕਿ ਇਹ ਤਰੋਤਾਜ਼ਾ ਅਤੇ ਅਦਭੁੱਤ ਹੈ। ਜਦੋਂ ਲੋਕ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਦੇ ਹਨ, ਉਸ ਦੇ ਬਾਰੇ ਵਿੱਚ ਉਨ੍ਹਾਂ ਦਾ ਪਹਿਲਾਂ ਗਿਆਨ ਇਹ ਹੁੰਦਾ ਹੈ ਕਿ ਉਹ ਕਲਪਨਾ ਤੋਂ ਪਰੇ, ਬੁੱਧੀਮਾਨ ਅਤੇ ਅਦਭੁੱਤ ਹੈ, ਅਤੇ ਉਹ ਅਣਜਾਣੇ ਵਿੱਚ ਹੀ ਉਸ ਦਾ ਆਦਰ ਕਰਦੇ ਹਨ ਅਤੇ ਉਹ ਜੋ ਕੰਮ ਕਰਦਾ ਹੈ ਉਸ ਦੇ ਰਹੱਸ ਨੂੰ ਮਹਿਸੂਸ ਕਰਦੇ ਹਨ, ਜੋ ਮਨੁੱਖ ਦਿਮਾਗ ਦੀ ਪਹੁੰਚ ਤੋਂ ਪਰੇ ਹੈ। ਲੋਕ ਬਸ ਉਸ ਦੀਆਂ ਸ਼ਰਤਾਂ ਨੂੰ ਪੂਰਾ ਕਰਨ, ਉਸ ਦੀਆਂ ਇੱਛਾਵਾਂ ਨੂੰ ਸੰਤੁਸ਼ਟ ਕਰਨ ਦੇ ਯੋਗ ਹੋਣਾ ਚਾਹੁੰਦੇ ਹਨ; ਉਹ ਉਸ ਤੋਂ ਵੱਧ ਕੇ ਹੋਣ ਦੀ ਇੱਛਾ ਨਹੀਂ ਰੱਖਦੇ, ਕਿਉਂਕਿ ਉਹ ਜੋ ਕੰਮ ਕਰਦਾ ਹੈ ਉਹ ਮਨੁੱਖ ਦੀ ਸੋਚ ਅਤੇ ਕਲਪਨਾ ਤੋਂ ਪਰੇ ਜਾਂਦਾ ਹੈ ਅਤੇ ਉਸ ਦੇ ਬਦਲੇ ਵਿੱਚ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ। ਇੱਥੇ ਤਕ ਕਿ ਮਨੁੱਖ ਖੁਦ ਵੀ ਆਪਣੀਆਂ ਕਮੀਆਂ ਨੂੰ ਨਹੀਂ ਜਾਣਦਾ, ਜਦ ਕਿ ਪਰਮੇਸ਼ੁਰ ਨੇ ਇੱਕ ਨਵਾਂ ਮਾਰਗ ਸ਼ੁਰੂ ਕੀਤਾ ਹੈ ਅਤੇ ਮਨੁੱਖ ਨੂੰ ਇੱਕ ਵਧੇਰੇ ਨਵੇਂ ਅਤੇ ਵਧੇਰੇ ਖੂਬਸੂਰਤ ਸੰਸਾਰ ਵਿੱਚ ਲਿਜਾਉਣ ਲਈ ਆਇਆ ਹੈ, ਅਤੇ ਜਿਸ ਨਾਲ ਮਨੁੱਖਜਾਤੀ ਨੇ ਨਵੀਂ ਪ੍ਰਗਤੀ ਕੀਤੀ ਹੈ ਅਤੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਲੋਕ ਪਰਮੇਸ਼ੁਰ ਲਈ ਜੋ ਮਹਿਸੂਸ ਕਰਦੇ ਹਨ ਉਹ ਪ੍ਰਸ਼ੰਸਾ ਨਹੀਂ ਹੈ, ਜਾਂ ਸਗੋਂ, ਇਹ ਸਿਰਫ਼ ਪ੍ਰਸ਼ੰਸਾ ਨਹੀਂ ਹੈ। ਉਨ੍ਹਾਂ ਦਾ ਸਭ ਤੋਂ ਗਹਿਰਾ ਅਨੁਭਵ ਭੈ-ਮਿਸ਼ਰਿਤ ਆਦਰ ਅਤੇ ਪਿਆਰ ਹੈ, ਅਤੇ ਉਨ੍ਹਾਂ ਦੀ ਭਾਵਨਾ ਇਹ ਹੈ ਕਿ ਪਰਮੇਸ਼ੁਰ ਅਸਲ ਵਿੱਚ ਅਦਭੁੱਤ ਹੈ। ਉਹ ਅਜਿਹਾ ਕੰਮ ਕਰਦਾ ਹੈ ਜੋ ਮਨੁੱਖ ਕਰਨ ਵਿੱਚ ਅਸਮਰਥ ਹੈ ਅਤੇ ਅਜਿਹੀਆਂ ਗੱਲਾਂ ਕਹਿੰਦਾ ਹੈ ਜੋ ਮਨੁੱਖ ਕਹਿਣ ਵਿੱਚ ਅਸਮਰਥ ਹੈ। ਉਹ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕੀਤਾ ਹੈ ਉਨ੍ਹਾਂ ਨੂੰ ਹਮੇਸ਼ਾਂ ਇੱਕ ਅਜਿਹਾ ਅਹਿਸਾਸ ਹੁੰਦਾ ਹੈ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਕਾਫ਼ੀ ਗਹਿਰੇ ਅਨੁਭਵ ਵਾਲੇ ਲੋਕ ਪਰਮੇਸ਼ੁਰ ਦੇ ਪਿਆਰ ਨੂੰ ਸਮਝ ਸਕਦੇ ਹਨ; ਉਹ ਉਸ ਦੀ ਮਨੋਹਰਤਾ ਨੂੰ ਮਹਿਸੂਸ ਕਰ ਸਕਦੇ ਹਨ, ਕਿ ਉਸ ਦਾ ਕੰਮ ਕਿੰਨਾ ਬੁੱਧੀਮਾਨੀ ਵਾਲਾ, ਕਿੰਨਾ ਸ਼ਾਨਦਾਰ ਹੈ, ਅਤੇ ਫਲਸਰੂਪ ਇਹ ਉਨ੍ਹਾਂ ਦਰਮਿਆਨ ਪੈਦਾ ਹੋਈ ਇੱਕ ਅਸੀਮਿਤ ਸ਼ਕਤੀ ਹੈ। ਇਹ ਡਰ ਜਾਂ ਕਦੇ-ਕਦਾਈਂ ਹੋਣ ਵਾਲਾ ਪਿਆਰ ਅਤੇ ਆਦਰ ਨਹੀਂ ਹੈ, ਸਗੋਂ ਮਨੁੱਖ ਲਈ ਪਰਮੇਸ਼ੁਰ ਦਾ ਤਰਸ ਅਤੇ ਉਸ ਨੂੰ ਸਹਿਣ ਕਰਨ ਦੀ ਡੂੰਘੀ ਭਾਵਨਾ ਹੈ। ਪਰ, ਉਹ ਲੋਕ ਜਿਨ੍ਹਾਂ ਨੇ ਉਸ ਦੀ ਤਾੜਨਾ ਅਤੇ ਨਿਆਂ ਦਾ ਅਨੁਭਵ ਕੀਤਾ ਹੈ ਉਸ ਦੇ ਪ੍ਰਤਾਪ ਨੂੰ ਸਮਝਦੇ ਹਨ ਅਤੇ ਇਹ ਵੀ ਕਿ ਉਹ ਕੋਈ ਅਪਰਾਧ ਸਹਿਣ ਨਹੀਂ ਕਰਦਾ। ਇੱਥੇ ਤਕ ਕਿ ਜਿਨ੍ਹਾਂ ਲੋਕਾਂ ਨੇ ਉਸ ਦੇ ਬਹੁਤ ਸਾਰੇ ਕੰਮ ਦਾ ਅਨੁਭਵ ਕੀਤਾ ਹੈ ਉਸ ਦੀ ਕਲਪਨਾ ਕਰਨ ਵਿੱਚ ਅਸਮਰਥ ਹਨ; ਸਾਰੇ ਲੋਕ ਜੋ ਸੱਚਮੁੱਚ ਉਸ ਦੇ ਪ੍ਰਤੀ ਸ਼ਰਧਾ ਰੱਖਦੇ ਹਨ, ਜਾਣਦੇ ਹਨ ਕਿ ਉਸ ਦਾ ਕੰਮ ਲੋਕਾਂ ਦੀਆਂ ਧਾਰਣਾਵਾਂ ਨਾਲ ਮੇਲ ਨਹੀਂ ਖਾਂਦਾ ਹੈ ਸਗੋਂ ਹਮੇਸ਼ਾ ਉਨ੍ਹਾਂ ਦੀਆਂ ਧਾਰਣਾਵਾਂ ਦੇ ਵਿਰੁੱਧ ਹੁੰਦਾ ਹੈ। ਉਸ ਨੂੰ ਇਸ ਗੱਲ ਦੀ ਲੋੜ ਨਹੀਂ ਹੈ ਕਿ ਲੋਕ ਉਸ ਦੀ ਸੰਪੂਰਣ ਪ੍ਰਸ਼ੰਸਾ ਕਰਨ ਜਾਂ ਉਸ ਦੇ ਪ੍ਰਤੀ ਅਧੀਨ ਹੋਣ ਦਾ ਭਾਵ ਦਿਖਾਉਣ; ਸਗੋਂ, ਉਹ ਚਾਹੁੰਦਾ ਹੈ ਕਿ ਉਨ੍ਹਾਂ ਦੇ ਅੰਦਰ ਸੱਚੀ ਸ਼ਰਧਾ ਅਤੇ ਸੱਚੀ ਅਧੀਨਗੀ ਹੋਵੇ। ਉਸ ਦੇ ਇੰਨੇ ਸਾਰੇ ਕੰਮ ਵਿੱਚ, ਸੱਚੇ ਅਨੁਭਵ ਵਾਲਾ ਕੋਈ ਵੀ ਵਿਅਕਤੀ ਉਸ ਦੇ ਲਈ ਸ਼ਰਧਾ ਮਹਿਸੂਸ ਕਰਦਾ ਹੈ, ਜੋ ਕਿ ਪ੍ਰਸ਼ੰਸਾ ਤੋਂ ਵੱਧ ਕੇ ਹੈ। ਲੋਕਾਂ ਨੇ ਉਸ ਦੇ ਤਾੜਨਾ ਅਤੇ ਨਿਆਂ ਦੇ ਕੰਮ ਦੇ ਕਾਰਣ ਉਸ ਦਾ ਸੁਭਾਅ ਦੇਖਿਆ ਹੈ, ਅਤੇ ਇਸ ਲਈ ਉਹ ਆਪਣੇ ਮਨ ਵਿੱਚ ਉਸ ਪ੍ਰਤੀ ਸ਼ਰਧਾ ਰੱਖਦੇ ਹਨ। ਪਰਮੇਸ਼ੁਰ ਸ਼ਰਧਾ ਅਤੇ ਆਗਿਆਕਾਰਤਾ ਦੇ ਯੋਗ ਹੈ, ਕਿਉਂਕਿ ਉਸ ਦੀ ਹੋਂਦ ਅਤੇ ਉਸ ਦਾ ਸੁਭਾਅ ਸਿਰਜੇ ਗਏ ਪ੍ਰਾਣੀਆਂ ਵਰਗੇ ਨਹੀਂ ਹਨ ਅਤੇ ਸਿਰਜੇ ਗਏ ਪ੍ਰਾਣੀਆਂ ਤੋਂ ਉੱਪਰ ਹਨ। ਪਰਮੇਸ਼ੁਰ ਸਵੈ-ਹੋਂਦ ਵਾਲਾ ਅਤੇ ਸਦੀਪਕ ਹੈ, ਉਹ ਗੈਰ-ਸਿਰਜਿਆ ਪ੍ਰਾਣੀ ਹੈ, ਅਤੇ ਸਿਰਫ਼ ਪਰਮੇਸ਼ੁਰ ਹੀ ਸ਼ਰਧਾ ਅਤੇ ਆਗਿਆਕਾਰਤਾ ਦੇ ਯੋਗ ਹੈ; ਮਨੁੱਖ ਇਸ ਦੇ ਯੋਗ ਨਹੀਂ ਹੈ। ਇਸ ਲਈ, ਸਾਰੇ ਲੋਕ ਜਿਨ੍ਹਾਂ ਨੇ ਉਸ ਦੇ ਕੰਮ ਦਾ ਅਨੁਭਵ ਕੀਤਾ ਹੈ, ਅਤੇ ਜਿਨ੍ਹਾਂ ਨੇ ਸੱਚਮੁੱਚ ਉਸ ਨੂੰ ਜਾਣਿਆ ਹੈ ਉਸ ਦੇ ਪ੍ਰਤੀ ਸ਼ਰਧਾ ਮਹਿਸੂਸ ਕਰਦੇ ਹਨ। ਪਰ, ਜੋ ਲੋਕ ਉਸ ਦੇ ਬਾਰੇ ਆਪਣੀਆਂ ਧਾਰਣਾਵਾਂ ਨੂੰ ਨਹੀਂ ਛੱਡਦੇ—ਜੋ ਉਸ ਨੂੰ ਪਰਮੇਸ਼ੁਰ ਹੀ ਨਹੀਂ ਮੰਨਦੇ—ਜਿਨ੍ਹਾਂ ਅੰਦਰ ਉਸ ਦੇ ਪ੍ਰਤੀ ਕੋਈ ਸ਼ਰਧਾ ਨਹੀਂ ਹੈ, ਅਤੇ ਭਾਵੇਂ ਉਹ ਉਸ ਦੇ ਪਿੱਛੇ ਚੱਲਦੇ ਹੋਣ, ਉਨ੍ਹਾਂ ਨੂੰ ਜਿੱਤਿਆ ਨਹੀਂ ਜਾਂਦਾ ਹੈ; ਉਹ ਫ਼ਿਤਰਤ ਤੋਂ ਹੀ ਅਵੱਗਿਆਕਾਰੀ ਹੁੰਦੇ ਹਨ। ਇਸ ਤਰ੍ਹਾਂ ਪਰਮੇਸ਼ੁਰ ਨੇ ਕੰਮ ਦੁਆਰਾ ਜੋ ਪ੍ਰਾਪਤ ਕਰਨਾ ਹੈ ਉਹ ਇਹ ਕਿ ਸਿਰਜੇ ਹੋਏ ਸਾਰੇ ਪ੍ਰਾਣੀ ਸਿਰਜਣਹਾਰ ਦਾ ਆਦਰ ਕਰ ਸਕਣ, ਉਸ ਦੀ ਉਪਾਸਨਾ ਕਰ ਸਕਣ, ਅਤੇ ਬਿਨਾਂ ਕਿਸੇ ਸ਼ਰਤ ਦੇ ਉਸ ਦੀ ਪ੍ਰਭੁਤਾ ਅਧੀਨ ਹੋ ਸਕਣ। ਇਹੀ ਉਹ ਅੰਤਮ ਨਤੀਜਾ ਜਿਸ ਨੂੰ ਪ੍ਰਾਪਤ ਕਰਨਾ ਉਸ ਦੇ ਸਮੁੱਚੇ ਕੰਮ ਦਾ ਟੀਚਾ ਹੈ। ਜਿਨ੍ਹਾਂ ਲੋਕਾਂ ਨੇ ਅਜਿਹੇ ਕੰਮ ਦਾ ਅਨੁਭਵ ਕਰ ਲਿਆ ਹੈ ਜੇ ਉਹ ਪਰਮੇਸ਼ੁਰ ਦਾ, ਜ਼ਰਾ ਜਿੰਨਾ ਵੀ, ਆਦਰ ਨਹੀਂ ਕਰਦੇ ਹਨ, ਅਤੇ ਜੇ ਉਨ੍ਹਾਂ ਦੀ ਅਤੀਤ ਦੀ ਅਵੱਗਿਆ ਬਿਲਕੁਲ ਨਹੀਂ ਬਦਲਦੀ ਹੈ, ਤਾਂ ਇਨ੍ਹਾਂ ਲੋਕਾਂ ਨੂੰ ਮਿਟਾਇਆ ਜਾਣਾ ਨਿਸ਼ਚਿਤ ਹੈ। ਜੇ ਪਰਮੇਸ਼ੁਰ ਦੇ ਪ੍ਰਤੀ ਕਿਸੇ ਵਿਅਕਤੀ ਦਾ ਰਵੱਈਆ ਸਿਰਫ਼ ਉਸ ਦੀ ਪ੍ਰਸ਼ੰਸਾ ਕਰਨਾ ਜਾਂ ਦੂਰ ਤੋਂ ਹੀ ਉਸ ਪ੍ਰਤੀ ਆਦਰ ਦਿਖਾਉਣਾ ਹੈ, ਉਸ ਨੂੰ ਜ਼ਰਾ ਜਿੰਨਾ ਵੀ ਪਿਆਰ ਕਰਨਾ ਨਹੀਂ ਹੈ, ਤਾਂ ਇਹ ਉਹ ਨਤੀਜਾ ਹੈ ਜਿਸ ਉੱਪਰ ਪਰਮੇਸ਼ੁਰ ਲਈ ਮਨ ਵਿੱਚ ਪਿਆਰ ਨਾ ਹੋਣ ਵਾਲਾ ਵਿਅਕਤੀ ਪਹੁੰਚਦਾ ਹੈ, ਅਤੇ ਉਸ ਵਿਅਕਤੀ ਵਿੱਚ ਸੰਪੂਰਣ ਬਣਾਏ ਜਾਣ ਦੀਆਂ ਸਥਿਤੀਆਂ ਦੀ ਕਮੀ ਹੁੰਦੀ ਹੈ। ਜੇ ਇੰਨਾ ਜ਼ਿਆਦਾ ਕੰਮ ਕਿਸੇ ਵਿਅਕਤੀ ਦੇ ਸੱਚੇ ਪਿਆਰ ਨੂੰ ਪ੍ਰਾਪਤ ਕਰਨ ਵਿੱਚ ਅਸਮਰਥ ਹੈ, ਤਾਂ ਉਸ ਵਿਅਕਤੀ ਨੇ ਪਰਮੇਸ਼ੁਰ ਨੂੰ ਪ੍ਰਾਪਤ ਨਹੀਂ ਕੀਤਾ ਹੈ ਅਤੇ ਉਹ ਸੱਚੇ ਮਨੋਂ ਸੱਚਾਈ ਦੀ ਖੋਜ ਨਹੀਂ ਕਰਦਾ ਹੈ। ਜੋ ਵਿਅਕਤੀ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦਾ ਉਹ ਸੱਚਾਈ ਨੂੰ ਪਿਆਰ ਨਹੀਂ ਕਰਦਾ ਹੈ ਅਤੇ ਇੰਝ ਪਰਮੇਸ਼ੁਰ ਨੂੰ ਪ੍ਰਾਪਤ ਨਹੀਂ ਕਰ ਸਕਦਾ, ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਤਾਂ ਦੂਰ ਦੀ ਗੱਲ ਰਹੀ। ਅਜਿਹੇ ਲੋਕ, ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਕਿ ਉਹ ਕਿਸ ਤਰ੍ਹਾਂ ਪਵਿੱਤਰ ਆਤਮਾ ਦੇ ਕੰਮ ਨੂੰ ਅਨੁਭਵ ਕਰਦੇ ਹਨ, ਅਤੇ ਕਿਸ ਤਰ੍ਹਾਂ ਨਿਆਂ ਦਾ ਅਨੁਭਵ ਕਰਦੇ ਹਨ, ਉਹ ਪਰਮੇਸ਼ੁਰ ਦਾ ਆਦਰ ਕਰਨ ਦੇ ਅਸਮਰਥ ਹੁੰਦੇ ਹਨ। ਇਹ ਅਜਿਹੇ ਲੋਕ ਹਨ ਜਿਨ੍ਹਾਂ ਦੀ ਫ਼ਿਤਰਤ ਤਬਦੀਲੀਯੋਗ ਨਹੀਂ ਹੈ ਅਤੇ ਜਿਨ੍ਹਾਂ ਦੇ ਸੁਭਾਅ ਅਤਿਅੰਤ ਦੁਸ਼ਟ ਹਨ। ਉਹ ਸਾਰੇ ਜੋ ਪਰਮੇਸ਼ੁਰ ਦਾ ਆਦਰ ਨਹੀਂ ਕਰਦੇ ਉਨ੍ਹਾਂ ਦਾ ਖਾਤਮਾ ਕੀਤਾ ਜਾਣਾ ਹੈ, ਅਤੇ ਉਨ੍ਹਾਂ ਨੇ ਸਜ਼ਾ ਦੇ ਪਾਤਰ ਬਣਨਾ ਹੈ, ਅਤੇ ਉਨ੍ਹਾਂ ਨੂੰ ਠੀਕ ਉਨ੍ਹਾਂ ਲੋਕਾਂ ਵਾਂਗ ਸਜ਼ਾ ਦਿੱਤੀ ਜਾਣੀ ਹੈ ਜੋ ਦੁਸ਼ਟਤਾ ਕਰਦੇ ਹਨ, ਉਹ ਉਨ੍ਹਾਂ ਲੋਕਾਂ ਤੋਂ ਵੀ ਵੱਧ ਕਸ਼ਟ ਸਹਿਣ ਕਰਨਗੇ ਜਿਨ੍ਹਾਂ ਨੇ ਕੁਧਰਮੀ ਚੀਜ਼ਾਂ ਕੀਤੀਆਂ ਹਨ।

ਪਿਛਲਾ: ਸਫ਼ਲਤਾ ਜਾਂ ਅਸਫ਼ਲਤਾ ਉਸ ਰਾਹ ’ਤੇ ਨਿਰਭਰ ਕਰਦੀ ਹੈ ਜਿਸ ’ਤੇ ਮਨੁੱਖ ਤੁਰਦਾ ਹੈ

ਅਗਲਾ: ਭ੍ਰਿਸ਼ਟ ਮਨੁੱਖਜਾਤੀ ਨੂੰ ਦੇਹਧਾਰੀ ਪਰਮੇਸ਼ੁਰ ਦੀ ਮੁਕਤੀ ਦੀ ਲੋੜ ਵਧੇਰੇ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ