ਅੰਤਿਕਾ 1: ਪਰਮੇਸ਼ੁਰ ਦੇ ਪਰਗਟ ਹੋਣ ਨਾਲ ਇੱਕ ਨਵੇਂ ਯੁੱਗ ਦਾ ਅਰੰਭ ਹੋਇਆ ਹੈ

ਪਰਮੇਸ਼ੁਰ ਦੇ ਪ੍ਰਬੰਧ ਦੀ ਛੇ ਹਜ਼ਾਰ ਸਾਲ ਦੀ ਯੋਜਨਾ ਖ਼ਤਮ ਹੋਣ ਜਾ ਰਹੀ ਹੈ, ਅਤੇ ਰਾਜ ਦਾ ਦਰਵਾਜ਼ਾ ਉਨ੍ਹਾਂ ਸਭਨਾਂ ਦੇ ਲਈ ਪਹਿਲਾਂ ਹੀ ਖੁੱਲ੍ਹ ਚੁੱਕਿਆ ਹੈ ਜਿਹੜੇ ਉਸ ਦੇ ਪਰਗਟ ਹੋਣ ਦੇ ਖੋਜੀ ਹਨ। ਪਿਆਰੇ ਭਾਈਓ ਅਤੇ ਭੈਣੋ, ਤੁਸੀਂ ਕਿਸ ਗੱਲ ਦੀ ਉਡੀਕ ਕਰ ਰਹੇ ਹੋ? ਉਹ ਕੀ ਹੈ ਜੋ ਤੁਸੀਂ ਲੱਭ ਰਹੇ ਹੋ? ਕੀ ਤੁਸੀਂ ਪਰਮੇਸ਼ੁਰ ਦੇ ਪਰਗਟ ਹੋਣ ਦੀ ਉਡੀਕ ਕਰ ਰਹੇ ਹੋ? ਕੀ ਤੁਸੀਂ ਉਸ ਦੀਆਂ ਪੈੜਾਂ ਲੱਭ ਰਹੇ ਹੋ? ਪਰਮੇਸ਼ੁਰ ਦੇ ਪਰਗਟ ਹੋਣ ਲਈ ਕੋਈ ਕਿੰਨਾ ਉਤਸੁਕ ਹੁੰਦਾ ਹੈ! ਅਤੇ ਪਰਮੇਸ਼ੁਰ ਦੀਆਂ ਪੈੜਾਂ ਨੂੰ ਲੱਭਣਾ ਕਿੰਨਾ ਔਖਾ ਹੈ! ਅੱਜ ਵਰਗੇ ਯੁੱਗ ਵਿੱਚ, ਅੱਜ ਵਰਗੇ ਸੰਸਾਰ ਵਿੱਚ, ਸਾਨੂੰ ਕੀ ਕਰਨ ਦੀ ਲੋੜ ਹੈ ਕਿ ਅਸੀਂ ਉਸ ਦਿਨ ਦੇ ਗਵਾਹ ਬਣ ਸਕੀਏ ਜਦੋਂ ਪਰਮੇਸ਼ੁਰ ਪਰਗਟ ਹੋਵੇਗਾ? ਸਾਨੂੰ ਪਰਮੇਸ਼ੁਰ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਕੀ ਕਰਨ ਦੀ ਲੋੜ ਹੈ? ਇਸ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਉਹ ਸਾਰੇ ਲੋਕ ਕਰਦੇ ਹਨ ਜਿਹੜੇ ਪਰਮੇਸ਼ੁਰ ਦੇ ਪਰਗਟ ਹੋਣ ਦੀ ਉਡੀਕ ਕਰ ਰਹੇ ਹਨ। ਤੁਸੀਂ ਸਾਰਿਆਂ ਨੇ ਬਹੁਤ ਵਾਰ ਇਨ੍ਹਾਂ ਸਵਾਲਾਂ ’ਤੇ ਵਿਚਾਰ ਕੀਤਾ ਹੈ-ਪਰ ਨਤੀਜਾ ਕੀ ਨਿੱਕਲਿਆ? ਪਰਮੇਸ਼ੁਰ ਕਿੱਥੇ ਪਰਗਟ ਹੁੰਦਾ ਹੈ? ਪਰਮੇਸ਼ੁਰ ਦੀਆਂ ਪੈੜਾਂ ਕਿੱਥੇ ਹਨ? ਕੀ ਤੁਹਾਨੂੰ ਉੱਤਰ ਮਿਲ ਗਿਆ ਹੈ? ਬਹੁਤ ਸਾਰੇ ਲੋਕਾਂ ਦਾ ਉੱਤਰ ਇਹ ਹੋਵੇਗਾ: “ਪਰਮੇਸ਼ੁਰ ਉਨ੍ਹਾਂ ਸਭਨਾਂ ਦੇ ਵਿਚਕਾਰ ਪਰਗਟ ਹੁੰਦਾ ਹੈ ਜਿਹੜੇ ਉਸ ਦੇ ਪਿੱਛੇ ਚੱਲਦੇ ਹਨ ਅਤੇ ਉਸ ਦੀਆਂ ਪੈੜਾਂ ਸਾਡੇ ਵਿਚਕਾਰ ਹਨ; ਬਸ ਇੰਨੀ ਜਿਹੀ ਗੱਲ ਹੈ!” ਰਟਿਆ-ਰਟਾਇਆ ਉੱਤਰ ਤਾਂ ਕੋਈ ਵੀ ਦੇ ਸਕਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦੇ ਪਰਗਟ ਹੋਣ ਦਾ ਜਾਂ ਉਸ ਦੀਆਂ ਪੈੜਾਂ ਦਾ ਕੀ ਅਰਥ ਹੈ? ਪਰਮੇਸ਼ੁਰ ਦੇ ਪਰਗਟ ਹੋਣ ਦਾ ਅਰਥ ਹੈ ਉਸ ਵੱਲੋਂ ਧਰਤੀ ਉੱਤੇ ਆਪਣਾ ਕੰਮ ਕਰਨ ਲਈ ਆਪ ਮਨੁੱਖੀ ਰੂਪ ਵਿੱਚ ਆਉਣਾ। ਉਹ ਆਪਣੀ ਖੁਦ ਦੀ ਪਛਾਣ ਅਤੇ ਸੁਭਾਅ ਨਾਲ ਅਤੇ ਅਜਿਹੇ ਢੰਗ ਨਾਲ ਜੋ ਉਸ ਦੇ ਲਈ ਸੁਭਾਵਕ ਹੈ, ਮਨੁੱਖਜਾਤੀ ਦੇ ਵਿਚਕਾਰ ਉੱਤਰਦਾ ਹੈ ਤਾਂਕਿ ਇੱਕ ਯੁੱਗ ਦਾ ਅਰੰਭ ਅਤੇ ਇੱਕ ਯੁੱਗ ਦਾ ਅੰਤ ਕਰਨ ਦੇ ਆਪਣੇ ਕੰਮ ਨੂੰ ਕਰੇ। ਇਸ ਤਰ੍ਹਾਂ ਨਾਲ ਪਰਗਟ ਹੋਣਾ ਕਿਸੇ ਤਰ੍ਹਾਂ ਦੀ ਕੋਈ ਰਸਮ ਨਹੀਂ ਹੈ। ਇਹ ਕੋਈ ਚਿੰਨ੍ਹ, ਤਸਵੀਰ, ਚਮਤਕਾਰ ਜਾਂ ਕਿਸੇ ਤਰ੍ਹਾਂ ਦਾ ਬਹੁਤ ਵੱਡਾ ਦਰਸ਼ਣ ਨਹੀਂ ਹੈ, ਅਤੇ ਖਾਸ ਕਰਕੇ ਇਹ ਕਿਸੇ ਤਰ੍ਹਾਂ ਦੀ ਕੋਈ ਧਾਰਮਿਕ ਤਾਂ ਬਿਲਕੁਲ ਨਹੀਂ ਹੈ। ਇਹ ਇੱਕ ਬਿਲਕੁਲ ਸੱਚਾ ਅਤੇ ਅਸਲੀ ਤੱਥ ਹੈ ਜਿਸ ਨੂੰ ਕੋਈ ਵੀ ਛੂਹ ਅਤੇ ਵੇਖ ਸਕਦਾ ਹੈ। ਇਸ ਤਰ੍ਹਾਂ ਦਾ ਪਰਗਟ ਹੋਣਾ ਐਵੇਂ ਰੀਤ ਪੂਰੀ ਕਰਨ ਲਈ ਨਹੀਂ ਹੈ, ਜਾਂ ਥੋੜ੍ਹੇ ਸਮੇਂ ਦੇ ਕਿਸੇ ਕਾਰਜ ਲਈ ਨਹੀਂ ਹੈ; ਇਸ ਦੇ ਉਲਟ ਇਹ ਉਸ ਦੀ ਪ੍ਰਬੰਧਨ ਦੀ ਯੋਜਨਾ ਦੇ ਕੰਮ ਦਾ ਇੱਕ ਪੜਾਅ ਹੈ। ਪਰਮੇਸ਼ੁਰ ਦੇ ਪਰਗਟ ਹੋਣ ਦਾ ਹਮੇਸ਼ਾ ਕੋਈ ਅਰਥ ਹੁੰਦਾ ਹੈ ਅਤੇ ਇਸ ਦਾ ਹਮੇਸ਼ਾ ਉਸ ਦੀ ਪ੍ਰਬੰਧਨ ਦੀ ਯੋਜਨਾ ਨਾਲ ਕੋਈ ਨਾ ਕੋਈ ਸੰਬੰਧ ਹੁੰਦਾ ਹੈ। ਇੱਥੇ ਜਿਸ ਨੂੰ “ਪਰਗਟ ਹੋਣਾ” ਕਿਹਾ ਗਿਆ ਹੈ ਉਹ ਉਸ ਤਰ੍ਹਾਂ ਦੇ “ਪਰਗਟ ਹੋਣ” ਤੋਂ ਬਿਲਕੁਲ ਅਲੱਗ ਹੈ ਜਿਸ ਵਿੱਚ ਪਰਮੇਸ਼ੁਰ ਮਨੁੱਖ ਦੀ ਅਗਵਾਈ ਕਰਦਾ ਹੈ, ਉਸ ਨੂੰ ਚਲਾਉਂਦਾ ਹੈ ਅਤੇ ਉਸ ਦੇ ਅੰਦਰ ਦੀਆਂ ਅੱਖਾਂ ਨੂੰ ਖੋਲ੍ਹਦਾ ਹੈ। ਪਰਮੇਸ਼ੁਰ ਹਰ ਵਾਰ, ਜਦੋਂ ਵੀ ਆਪਣੇ ਆਪ ਨੂੰ ਪਰਗਟ ਕਰਦਾ ਹੈ, ਉਹ ਆਪਣੇ ਮਹਾਨ ਕੰਮ ਦੇ ਇੱਕ ਪੜਾਅ ਨੂੰ ਪੂਰਾ ਕਰਦਾ ਹੈ। ਇਹ ਕੰਮ ਕਿਸੇ ਵੀ ਦੂਸਰੇ ਯੁੱਗ ਦੇ ਕੰਮ ਨਾਲੋਂ ਵੱਖਰਾ ਹੈ। ਇਹ ਮਨੁੱਖ ਦੀ ਕਲਪਨਾ ਤੋਂ ਬਾਹਰ ਹੈ, ਅਤੇ ਮਨੁੱਖ ਨੇ ਪਹਿਲਾਂ ਕਦੇ ਇਸ ਦਾ ਅਨੁਭਵ ਨਹੀਂ ਕੀਤਾ ਹੈ। ਇਹ ਉਹ ਕੰਮ ਹੈ ਜਿਹੜਾ ਇੱਕ ਨਵੇਂ ਯੁੱਗ ਨੂੰ ਅਰੰਭ ਕਰਦਾ ਹੈ ਅਤੇ ਪੁਰਾਣੇ ਯੁੱਗ ਨੂੰ ਖ਼ਤਮ ਕਰਦਾ ਹੈ, ਤੇ ਇਹ ਮਨੁੱਖਜਾਤੀ ਦੀ ਮੁਕਤੀ ਦੇ ਕੰਮ ਦਾ ਇੱਕ ਨਵਾਂ ਅਤੇ ਬਿਹਤਰ ਰੂਪ ਹੈ; ਇਸ ਤੋਂ ਇਲਾਵਾ, ਇਹ ਉਹ ਕੰਮ ਹੈ ਜਿਹੜਾ ਮਨੁੱਖਜਾਤੀ ਨੂੰ ਇੱਕ ਨਵੇਂ ਯੁੱਗ ਵਿੱਚ ਲੈ ਕੇ ਆਉਂਦਾ ਹੈ। ਪਰਮੇਸ਼ੁਰ ਦਾ ਪਰਗਟ ਹੋਣਾ ਇਸੇ ਨੂੰ ਦਰਸਾਉਂਦਾ ਹੈ।

ਜਦੋਂ ਇੱਕ ਵਾਰ ਤੁਸੀਂ ਸਮਝ ਜਾਂਦੇ ਹੋ ਕਿ ਪਰਮੇਸ਼ੁਰ ਦੇ ਪਰਗਟ ਹੋਣ ਦਾ ਕੀ ਅਰਥ ਹੈ, ਤਾਂ ਤੁਹਾਨੂੰ ਪਰਮੇਸ਼ੁਰ ਦੀਆਂ ਪੈੜਾਂ ਨੂੰ ਕਿਵੇਂ ਖੋਜਣਾ ਚਾਹੀਦਾ ਹੈ? ਇਸ ਸਵਾਲ ਨੂੰ ਸਮਝਾਉਣਾ ਔਖਾ ਨਹੀਂ ਹੈ: ਪਰਮੇਸ਼ੁਰ ਜਿੱਥੇ ਵੀ ਪਰਗਟ ਹੁੰਦਾ ਹੈ, ਤੁਹਾਨੂੰ ਉੱਥੇ ਉਸ ਦੇ ਕਦਮਾਂ ਦੇ ਨਿਸ਼ਾਨ ਮਿਲਣਗੇ। ਇਸ ਤਰ੍ਹਾਂ ਦੀ ਵਿਆਖਿਆ ਸਿੱਧੀ ਅਤੇ ਸਰਲ ਜਾਪਦੀ ਹੈ ਪਰ ਇਸ ਨੂੰ ਵਿਹਾਰ ਵਿੱਚ ਲਿਆਉਣਾ ਓਨਾ ਅਸਾਨ ਨਹੀਂ ਹੈ, ਕਿਉਂਕਿ ਬਹੁਤੇ ਲੋਕਾਂ ਲਈ ਇਹ ਜਾਣਨਾ ਕਿ ਪਰਮੇਸ਼ੁਰ ਕਿੱਥੇ ਪਰਗਟ ਹੋਣਾ ਚਾਹੁੰਦਾ ਹੈ ਜਾਂ ਉਸ ਨੂੰ ਕਿੱਥੇ ਪਰਗਟ ਹੋਣਾ ਚਾਹੀਦਾ ਹੈ ਤਾਂ ਬੜੀ ਦੂਰ ਦੀ ਗੱਲ ਹੈ, ਉਹ ਇਹੀ ਨਹੀਂ ਜਾਣਦੇ ਕਿ ਪਰਮੇਸ਼ੁਰ ਕਿੱਥੇ ਪਰਗਟ ਹੁੰਦਾ ਹੈ। ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਜਿੱਥੇ ਵੀ ਪਵਿੱਤਰ ਆਤਮਾ ਕੰਮ ਕਰ ਰਿਹਾ ਹੁੰਦਾ ਹੈ ਉੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ। ਜਾਂ ਫਿਰ ਉਹ ਇਹ ਵਿਸ਼ਵਾਸ ਕਰਦੇ ਹਨ ਕਿ ਜਿੱਥੇ ਵੀ ਆਤਮਿਕ ਹਸਤੀਆਂ ਹੁੰਦੀਆਂ ਹਨ, ਪਰਮੇਸ਼ੁਰ ਉੱਥੇ ਪਰਗਟ ਹੁੰਦਾ ਹੈ। ਜਾਂ ਫਿਰ ਉਹ ਇਹ ਮੰਨਦੇ ਹਨ ਕਿ ਜਿੱਥੇ ਕਿਤੇ ਉੱਚੇ ਰੁਤਬੇ ਵਾਲੇ ਲੋਕ ਹੁੰਦੇ ਹਨ, ਪਰਮੇਸ਼ੁਰ ਉੱਥੇ ਪਰਗਟ ਹੁੰਦਾ ਹੈ। ਇੱਕ ਪਲ ਲਈ, ਅਸੀਂ ਇਸ ਗੱਲ ਨੂੰ ਪਰੇ ਕਰ ਦਿੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਮਾਨਤਾਵਾਂ ਠੀਕ ਹਨ ਜਾਂ ਗਲਤ। ਇਸ ਤਰ੍ਹਾਂ ਦੇ ਸਵਾਲ ਦੀ ਵਿਆਖਿਆ ਲਈ, ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਸਪਸ਼ਟ ਟੀਚਾ ਹੋਣਾ ਚਾਹੀਦਾ ਹੈ: ਅਸੀਂ ਪਰਮੇਸ਼ੁਰ ਦੀਆਂ ਪੈੜਾਂ ਖੋਜ ਰਹੇ ਹਾਂ। ਅਸੀਂ ਆਤਮਿਕ ਹਸਤੀਆਂ ਨਹੀਂ ਖੋਜ ਰਹੇ ਹਾਂ, ਪ੍ਰਸਿੱਧ ਹਸਤੀਆਂ ਬਾਰੇ ਵਿਚਾਰ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ; ਅਸੀਂ ਪਰਮੇਸ਼ੁਰ ਦੀਆਂ ਪੈੜਾਂ ਦਾ ਪਿੱਛਾ ਕਰ ਰਹੇ ਹਾਂ। ਇਸੇ ਕਾਰਨ, ਜਦੋਂ ਅਸੀਂ ਪਰਮੇਸ਼ੁਰ ਦੀਆਂ ਪੈੜਾਂ ਨੂੰ ਖੋਜ ਰਹੇ ਹਾਂ, ਤਾਂ ਸਾਡੇ ਲਈ ਇਹ ਉਚਿਤ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਨੂੰ, ਪਰਮੇਸ਼ੁਰ ਦੇ ਵਚਨਾਂ ਨੂੰ, ਉਸ ਦੇ ਪ੍ਰਗਟਾਵਿਆਂ ਨੂੰ ਖੋਜੀਏ, ਕਿਉਂਕਿ ਜਿੱਥੇ ਵੀ ਪਰਮੇਸ਼ੁਰ ਵੱਲੋਂ ਨਵੇਂ ਵਚਨ ਬੋਲੇ ਜਾਂਦੇ ਹਨ, ਉੱਥੇ ਪਰਮੇਸ਼ੁਰ ਦੀ ਅਵਾਜ਼ ਹੁੰਦੀ ਹੈ, ਅਤੇ ਜਿੱਥੇ ਵੀ ਪਰਮੇਸ਼ੁਰ ਦੇ ਕਦਮਾਂ ਦੇ ਨਿਸ਼ਾਨ ਹੁੰਦੇ ਹਨ, ਉੱਥੇ ਪਰਮੇਸ਼ੁਰ ਦੇ ਕੰਮ ਹੁੰਦੇ ਹਨ। ਜਿੱਥੇ ਵੀ ਪਰਮੇਸ਼ੁਰ ਕੁਝ ਪ੍ਰਗਟਾਉ ਕਰਦਾ ਹੈ, ਉੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ, ਅਤੇ ਜਿੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ, ਉੱਥੇ ਰਾਹ, ਸਚਾਈ ਅਤੇ ਜੀਵਨ ਹੁੰਦਾ ਹੈ। ਪਰਮੇਸ਼ੁਰ ਦੀਆਂ ਪੈੜਾਂ ਨੂੰ ਖੋਜਦੇ ਹੋਏ ਤੁਸੀਂ ਇਨ੍ਹਾਂ ਵਚਨਾਂ ਨੂੰ ਅਣਦੇਖਿਆਂ ਕਰ ਦਿੱਤਾ ਹੈ “ਪਰਮੇਸ਼ੁਰ ਹੀ ਰਾਹ, ਸਚਾਈ ਅਤੇ ਜੀਵਨ ਹੈ।” ਅਤੇ ਇਸ ਲਈ, ਸਚਾਈ ਨੂੰ ਸਵੀਕਾਰ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਪਰਗਟ ਹੋਣ ਨੂੰ ਮੰਨਣ ਦੀ ਗੱਲ ਤਾਂ ਦੂਰ, ਇਹ ਵਿਸ਼ਵਾਸ ਵੀ ਨਹੀਂ ਕਰਦੇ ਕਿ ਉਨ੍ਹਾਂ ਨੇ ਪਰਮੇਸ਼ੁਰ ਦੀਆਂ ਪੈੜਾਂ ਨੂੰ ਲੱਭ ਲਿਆ ਹੈ। ਕਿੰਨੀ ਗੰਭੀਰ ਗਲਤੀ ਹੈ! ਪਰਮੇਸ਼ੁਰ ਮਨੁੱਖ ਦੇ ਫ਼ਰਮਾਨ ’ਤੇ ਪਰਗਟ ਹੋਵੇ ਇਹ ਤਾਂ ਬੜੀ ਦੂਰ ਦੀ ਗੱਲ ਹੈ, ਪਰਮੇਸ਼ੁਰ ਦੇ ਪਰਗਟ ਹੋਣ ਨੂੰ ਮਨੁੱਖ ਦੇ ਖਿਆਲਾਂ ਨਾਲ ਵੀ ਨਹੀਂ ਜੋੜਿਆ ਜਾ ਸਕਦਾ। ਜਦੋਂ ਪਰਮੇਸ਼ੁਰ ਆਪਣਾ ਕੰਮ ਕਰਦਾ ਹੈ ਤਾਂ ਉਹ ਆਪਣੇ ਫੈਸਲੇ ਆਪ ਕਰਦਾ ਹੈ ਅਤੇ ਆਪਣੀਆਂ ਯੋਜਨਾਵਾਂ ਆਪ ਬਣਾਉਂਦਾ ਹੈ; ਫਿਰ ਉਸ ਦੇ ਆਪਣੇ ਟੀਚੇ ਅਤੇ ਆਪਣੇ ਤਰੀਕੇ ਹਨ। ਉਹ ਜਿਹੜਾ ਵੀ ਕੰਮ ਕਰਦਾ ਹੈ ਉਸ ਨੂੰ ਮਨੁੱਖ ਨਾਲ ਉਸ ਦੀ ਚਰਚਾ ਕਰਨ ਜਾਂ ਉਸ ਦੀ ਸਲਾਹ ਜਾਣਨ ਦੀ ਲੋੜ ਨਹੀਂ ਹੈ, ਹਰੇਕ ਮਨੁੱਖ ਨੂੰ ਆਪਣੇ ਕੰਮ ਬਾਰੇ ਸੂਚਿਤ ਕਰਨ ਦੀ ਤਾਂ ਗੱਲ ਕਿਤੇ ਰਹੀ। ਇਹ ਪਰਮੇਸ਼ੁਰ ਦਾ ਸੁਭਾਅ ਹੈ ਜਿਸ ਨੂੰ ਹਰੇਕ ਵਿਅਕਤੀ ਵੱਲੋਂ ਸਵੀਕਾਰ ਕਰਨਾ ਜ਼ਰੂਰੀ ਹੈ। ਜੇ ਤੁਸੀਂ ਪਰਮੇਸ਼ੁਰ ਦੇ ਪਰਗਟ ਹੋਣ ਦੇ ਗਵਾਹ ਬਣਨਾ ਚਾਹੁੰਦੇ ਹੋ, ਪਰਮੇਸ਼ੁਰ ਦੇ ਕਦਮਾਂ ’ਤੇ ਤੁਰਨਾ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਆਪਣੇ ਖਿਆਲਾਂ ਨੂੰ ਪਰੇ ਕਰਨਾ ਪਵੇਗਾ। ਤੁਸੀਂ ਇਹ ਮੰਗ ਨਹੀਂ ਕਰ ਸਕਦੇ ਕਿ ਪਰਮੇਸ਼ੁਰ ਇਹ ਕਰੇ ਜਾਂ ਉਹ ਕਰੇ, ਉਸ ਨੂੰ ਆਪਣੀਆਂ ਹੱਦਾਂ ਵਿੱਚ ਰੱਖਣ ਅਤੇ ਆਪਣੇ ਖੁਦ ਦੇ ਵਿਚਾਰਾਂ ਵਿੱਚ ਸੀਮਿਤ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਇਸ ਦੇ ਬਜਾਏ, ਤੁਹਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਪਰਮੇਸ਼ੁਰ ਦੀਆਂ ਪੈੜਾਂ ਨੂੰ ਕਿਵੇਂ ਖੋਜਣਾ ਹੈ, ਪਰਮੇਸ਼ੁਰ ਦੇ ਪਰਗਟ ਹੋਣ ਨੂੰ ਕਿਵੇਂ ਸਵੀਕਾਰ ਕਰਨਾ ਹੈ, ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਨਵੇਂ ਕੰਮ ਦੇ ਅਧੀਨ ਕਿਵੇਂ ਕਰਨਾ ਹੈ: ਮਨੁੱਖ ਨੂੰ ਇਹੋ ਕਰਨ ਦੀ ਲੋੜ ਹੈ। ਜਦਕਿ ਮਨੁੱਖ ਸਚਾਈ ਨਹੀਂ ਹੈ, ਅਤੇ ਉਸ ਦੇ ਅੰਦਰ ਸਚਾਈ ਨਹੀਂ ਹੈ, ਇਸ ਲਈ ਉਸ ਨੂੰ ਚਾਹੀਦਾ ਹੈ ਕਿ ਉਹ ਖੋਜੇ, ਸਵੀਕਾਰ ਕਰੇ ਅਤੇ ਪਾਲਣਾ ਕਰੇ।

ਭਾਵੇਂ ਤੁਸੀਂ ਅਮਰੀਕੀ, ਬਰਤਾਨਵੀ ਜਾਂ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ, ਤੁਹਾਨੂੰ ਆਪਣੀ ਨਾਗਰਿਕਤਾ ਦੇ ਬੰਧਨਾਂ ਵਿੱਚੋਂ ਬਾਹਰ ਨਿੱਕਲਣ, ਆਪਣੇ ਆਪ ਤੋਂ ਉੱਪਰ ਉੱਠਣ, ਅਤੇ ਪਰਮੇਸ਼ੁਰ ਦੇ ਕੰਮ ਨੂੰ ਇੱਕ ਸਿਰਜੇ ਹੋਏ ਪ੍ਰਾਣੀ ਦੇ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ। ਇਸ ਤਰ੍ਹਾਂ, ਤੁਸੀਂ ਪਰਮੇਸ਼ੁਰ ਦੀਆਂ ਪੈੜਾਂ ਨੂੰ ਹੱਦਾਂ ਵਿੱਚ ਨਹੀਂ ਬੰਨ੍ਹੋਗੇ। ਇਹ ਇਸ ਲਈ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਬਹੁਤ ਲੋਕ ਇਸ ਗੱਲ ਨੂੰ ਅਸੰਭਵ ਮੰਨਦੇ ਹਨ ਕਿ ਪਰਮੇਸ਼ੁਰ ਕਿਸੇ ਖਾਸ ਕੌਮ ਵਿੱਚ ਜਾਂ ਕਿਸੇ ਖਾਸ ਲੋਕਾਂ ਵਿਚਕਾਰ ਪਰਗਟ ਹੋਵੇਗਾ। ਪਰਮੇਸ਼ੁਰ ਦੇ ਕੰਮ ਦੀ ਮਹੱਤਤਾ ਕਿੰਨੀ ਡੂੰਘੀ ਹੈ, ਅਤੇ ਪਰਮੇਸ਼ੁਰ ਦਾ ਪਰਗਟ ਹੋਣਾ ਕਿੰਨਾ ਮਹੱਤਵਪੂਰਣ ਹੈ! ਮਨੁੱਖ ਦੇ ਖਿਆਲ ਅਤੇ ਸੋਚ ਸੰਭਵ ਤੌਰ ’ਤੇ ਕਿਸ ਤਰ੍ਹਾਂ ਇਨ੍ਹਾਂ ਦੀ ਥਾਹ ਲਾ ਸਕਦੇ ਹਨ? ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਤੁਹਾਨੂੰ ਨਾਗਰਿਕਤਾ ਅਤੇ ਨਸਲੀ ਹੱਦਾਂ ਦੇ ਵਿਚਾਰਾਂ ਵਿੱਚੋਂ ਬਾਹਰ ਨਿੱਕਲਣ ਦੀ ਜ਼ਰੂਰਤ ਹੈ ਤਾਂਕਿ ਤੁਸੀਂ ਪਰਮੇਸ਼ੁਰ ਦੇ ਪਰਗਟ ਹੋਣ ਨੂੰ ਖੋਜ ਸਕੋ। ਕੇਵਲ ਇਸ ਤਰ੍ਹਾਂ ਕਰਕੇ ਹੀ ਤੁਸੀਂ ਆਪਣੇ ਖਿਆਲਾਂ ਵਿੱਚ ਜਕੜੇ ਜਾਣ ਤੋਂ ਬਚ ਸਕੋਗੇ; ਕੇਵਲ ਇਸ ਤਰ੍ਹਾਂ ਕਰਕੇ ਹੀ ਤੁਸੀਂ ਇਸ ਯੋਗ ਬਣ ਸਕੋਗੇ ਕਿ ਪਰਮੇਸ਼ੁਰ ਦੇ ਪਰਗਟ ਹੋਣ ਦਾ ਸਵਾਗਤ ਕਰ ਸਕੋ। ਨਹੀਂ ਤਾਂ, ਤੁਸੀਂ ਸਦੀਪਕ ਹਨੇਰੇ ਵਿੱਚ ਹੀ ਰਹੋਗੇ ਅਤੇ ਪਰਮੇਸ਼ੁਰ ਦੀ ਪਰਵਾਨਗੀ ਹਾਸਲ ਨਹੀਂ ਕਰ ਸਕੋਗੇ।

ਪਰਮੇਸ਼ੁਰ ਸਮੁੱਚੀ ਮਨੁੱਖਜਾਤੀ ਦਾ ਪਰਮੇਸ਼ੁਰ ਹੈ। ਉਹ ਆਪਣੇ ਆਪ ਨੂੰ ਕਿਸੇ ਕੌਮ ਜਾਂ ਕਿਸੇ ਖਾਸ ਲੋਕਾਂ ਦੀ ਨਿੱਜੀ ਜਾਇਦਾਦ ਨਹੀਂ ਸਮਝਦਾ, ਪਰ ਉਹ ਆਪਣੀ ਯੋਜਨਾ ਅਨੁਸਾਰ ਕੰਮ ਕਰਨਾ ਜਾਰੀ ਰੱਖਦਾ ਹੈ ਅਤੇ ਕੋਈ ਵੀ ਸਥਿਤੀ, ਕੌਮ ਜਾਂ ਲੋਕ ਉਸ ਦੇ ਰਾਹ ਵਿੱਚ ਅੜਿੱਕਾ ਨਹੀਂ ਡਾਹ ਸਕਦੇ। ਸ਼ਾਇਦ ਤੁਸੀਂ ਕਦੇ ਵੀ ਇਸ ਸਥਿਤੀ ਦੀ ਕਲਪਨਾ ਨਹੀਂ ਕੀਤੀ, ਜਾਂ ਸ਼ਾਇਦ ਇਸ ਸਥਿਤੀ ਦੇ ਬਾਰੇ ਤੁਹਾਡਾ ਰਵੱਈਆ ਇਨਕਾਰ ਵਾਲਾ ਹੈ, ਜਾਂ ਹੋ ਸਕਦਾ ਹੈ ਕਿ ਜਿਸ ਕੌਮ ਵਿੱਚ ਪਰਮੇਸ਼ੁਰ ਆਪਣੇ ਆਪ ਨੂੰ ਪਰਗਟ ਕਰਦਾ ਹੈ ਅਤੇ ਉਹ ਲੋਕ ਜਿਨ੍ਹਾਂ ਦਰਮਿਆਨ ਉਹ ਆਪਣੇ ਆਪ ਨੂੰ ਪਰਗਟ ਕਰਦਾ ਹੈ, ਹਰ ਕੋਈ ਉਨ੍ਹਾਂ ਨਾਲ ਪੱਖਪਾਤ ਕਰਦਾ ਹੋਵੇ ਅਤੇ ਉਹ ਧਰਤੀ ਉੱਤੇ ਸਭ ਤੋਂ ਪਿਛੜੇ ਹੋਏ ਲੋਕ ਹੋਣ। ਤਾਂ ਵੀ ਪਰਮੇਸ਼ੁਰ ਦੇ ਕੋਲ ਆਪਣੀ ਬੁੱਧ ਹੈ। ਆਪਣੀ ਮਹਾਨ ਸ਼ਕਤੀ ਨਾਲ ਅਤੇ ਆਪਣੀ ਸੱਚਾਈ ਅਤੇ ਸੁਭਾਅ ਦੇ ਦੁਆਰਾ ਉਸ ਨੇ ਸੱਚਮੁੱਚ ਲੋਕਾਂ ਦੇ ਇੱਕ ਅਜਿਹੇ ਸਮੂਹ ਨੂੰ ਆਪਣਾ ਬਣਾ ਲਿਆ ਹੈ ਜਿਹੜੇ ਉਸ ਦੇ ਨਾਲ ਇੱਕ ਮਨ ਹਨ, ਇੱਕ ਅਜਿਹੇ ਸਮੂਹ ਨੂੰ ਜਿਸ ਨੂੰ ਉਹ ਸੰਪੂਰਣ ਬਣਾਉਣਾ ਚਾਹੁੰਦਾ ਹੈ, ਅਰਥਾਤ ਅਜਿਹੇ ਲੋਕਾਂ ਦਾ ਇੱਕ ਸਮੂਹ ਜਿਨ੍ਹਾਂ ਨੂੰ ਉਸ ਨੇ ਜਿੱਤਿਆ ਅਤੇ ਜਿਹੜੇ ਹਰ ਤਰ੍ਹਾਂ ਦੇ ਪਰਤਾਵੇ ਅਤੇ ਕਸ਼ਟ ਅਤੇ ਹਰ ਤਰ੍ਹਾਂ ਦੇ ਸਤਾਓ ਨੂੰ ਝੱਲਣ ਦੇ ਬਾਅਦ ਵੀ ਅੰਤ ਤੱਕ ਉਸ ਦੇ ਪਿੱਛੇ ਚੱਲ ਸਕਦੇ ਹਨ। ਕਿਸੇ ਵੀ ਸਥਿਤੀ ਜਾਂ ਕੌਮ ਦੀਆਂ ਬੰਦਸ਼ਾਂ ਤੋਂ ਪਰੇ, ਪਰਮੇਸ਼ੁਰ ਦੇ ਪਰਗਟ ਹੋਣ ਦਾ ਮਕਸਦ ਇਹ ਹੈ ਕਿ ਉਹ ਆਪਣੇ ਕੰਮ ਨੂੰ ਜਿਵੇਂ ਉਸ ਨੇ ਸੋਚਿਆ ਹੈ ਉਸ ਦੇ ਅਨੁਸਾਰ ਪੂਰਾ ਕਰੇ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਦੋਂ ਪਰਮੇਸ਼ੁਰ ਦੇਹਧਾਰੀ ਹੋ ਕੇ ਯਹੂਦਿਯਾ ਵਿੱਚ ਆਇਆ: ਉਸ ਦਾ ਮਕਸਦ ਸੀ ਸਾਰੀ ਮਨੁੱਖਜਾਤੀ ਨੂੰ ਛੁਟਕਾਰਾ ਦਿਵਾਉਣ ਲਈ ਸਲੀਬੀ ਮੌਤ ਦੇ ਆਪਣੇ ਕੰਮ ਨੂੰ ਪੂਰਾ ਕਰਨਾ। ਤਾਂ ਵੀ ਯਹੂਦੀਆਂ ਦਾ ਮੰਨਣਾ ਸੀ ਕਿ ਪਰਮੇਸ਼ੁਰ ਦੇ ਲਈ ਅਜਿਹਾ ਕਰਨਾ ਅਸੰਭਵ ਸੀ, ਅਤੇ ਉਹ ਸੋਚਦੇ ਸਨ ਕਿ ਪਰਮੇਸ਼ੁਰ ਵੱਲੋਂ ਦੇਹਧਾਰੀ ਹੋ ਕੇ ਪ੍ਰਭੂ ਯਿਸੂ ਦਾ ਰੂਪ ਧਾਰਣ ਕਰਨਾ ਅਸੰਭਵ ਹੈ। ਉਨ੍ਹਾਂ ਦਾ ਇਹ “ਅਸੰਭਵ” ਹੀ ਉਹ ਬੁਨਿਆਦ ਬਣ ਗਿਆ ਜਿਸ ਦੇ ਅਧਾਰ ’ਤੇ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਦੋਸ਼ ਲਾਇਆ ਅਤੇ ਉਸ ਦਾ ਵਿਰੋਧ ਕੀਤਾ, ਅਤੇ ਆਖਰਕਾਰ ਇਹੋ ਇਸਰਾਏਲ ਦੀ ਤਬਾਹੀ ਦੀ ਵਜ੍ਹਾ ਬਣਿਆ। ਅੱਜ, ਬਹੁਤ ਸਾਰੇ ਲੋਕਾਂ ਨੇ ਵੀ ਇਸੇ ਤਰ੍ਹਾਂ ਦੀ ਗਲਤੀ ਕੀਤੀ ਹੈ। ਉਹ ਆਪਣੀ ਪੂਰੀ ਸ਼ਕਤੀ ਨਾਲ ਪਰਮੇਸ਼ੁਰ ਦੀ ਜਲਦ ਹੀ ਹੋਣ ਵਾਲੀ ਆਮਦ ਦਾ ਪ੍ਰਚਾਰ ਕਰਦੇ ਹਨ, ਅਤੇ ਨਾਲ ਹੀ ਉਸ ਦੇ ਪਰਗਟ ਹੋਣ ਦਾ ਖੰਡਣ ਵੀ ਕਰਦੇ ਹਨ; ਉਨ੍ਹਾਂ ਦਾ “ਅਸੰਭਵ” ਇੱਕ ਵਾਰ ਫੇਰ ਪਰਮੇਸ਼ੁਰ ਦੇ ਪਰਗਟ ਹੋਣ ਨੂੰ ਉਨ੍ਹਾਂ ਦੀ ਕਲਪਨਾ ਦੀਆਂ ਹੱਦਾਂ ਤੱਕ ਸੀਮਿਤ ਕਰ ਦਿੰਦਾ ਹੈ। ਅਤੇ ਇਸ ਲਈ ਮੈਂ ਵੇਖਿਆ ਹੈ ਕਿ ਬਹੁਤ ਸਾਰੇ ਲੋਕ ਪਰਮੇਸ਼ੁਰ ਦੀਆਂ ਗੱਲਾਂ ਨਾਲ ਸਾਹਮਣਾ ਹੋਣ ’ਤੇ ਇੱਕਦਮ ਮੂਰਖਾਂ ਵਾਂਗ ਅਤੇ ਉੱਚੀ-ਉੱਚੀ ਹੱਸਣ ਲੱਗ ਪੈਂਦੇ ਹਨ। ਪਰ ਕੀ ਇਹ ਹਾਸਾ ਯਹੂਦੀਆਂ ਵੱਲੋਂ ਪਰਮੇਸ਼ੁਰ ਉੱਤੇ ਦੋਸ਼ ਲਾਉਣ ਅਤੇ ਉਸ ਦੀ ਨਿੰਦਾ ਕਰਨ ਤੋਂ ਕੋਈ ਵੱਖਰਾ ਹੈ? ਜੇ ਸੱਚਾਈ ਦੇ ਮੌਜੂਦ ਹੁੰਦਿਆਂ ਹੋਇਆਂ ਤੁਹਾਡੇ ਅੰਦਰ ਸ਼ਰਧਾ ਨਹੀਂ ਹੈ, ਤਾਂ ਤੁਹਾਡੇ ਅੰਦਰ ਤਾਂਘ ਵਾਲਾ ਰਵੱਈਆ ਹੋਣਾ ਤਾਂ ਕਿਤੇ ਦੂਰ ਦੀ ਗੱਲ ਹੈ। ਤੁਸੀਂ ਕੇਵਲ ਅੰਨੇਵਾਹ ਅਧਿਐਨ ਕਰੀ ਜਾਂਦੇ ਹੋ ਅਤੇ ਖੀਵੇ ਹੋ ਕੇ ਬੇਪਰਵਾਹੀ ਨਾਲ ਉਡੀਕੀ ਜਾਂਦੇ ਹੋ। ਇਸ ਤਰ੍ਹਾਂ ਨਾਲ ਅਧਿਐਨ ਅਤੇ ਉਡੀਕ ਕਰਕੇ ਤੁਸੀਂ ਕੀ ਹਾਸਲ ਕਰ ਸਕਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਤੋਂ ਨਿੱਜੀ ਮਾਰਗਦਰਸ਼ਨ ਪ੍ਰਾਪਤ ਕਰ ਲਓਗੇ? ਜੇ ਤੁਸੀਂ ਪਰਮੇਸ਼ੁਰ ਦੇ ਪ੍ਰਗਟਾਵਿਆਂ ਨੂੰ ਨਹੀਂ ਸਮਝ ਸਕਦੇ ਤਾਂ ਤੁਸੀਂ ਕਿਸ ਤਰ੍ਹਾਂ ਇਸ ਯੋਗ ਹੋ ਕਿ ਪਰਮੇਸ਼ੁਰ ਦੇ ਪਰਗਟ ਹੋਣ ਦੇ ਗਵਾਹ ਬਣ ਸਕੋ? ਜਿੱਥੇ ਵੀ ਪਰਮੇਸ਼ੁਰ ਪਰਗਟ ਹੁੰਦਾ ਹੈ ਉੱਥੇ ਸੱਚਾਈ ਪਰਗਟ ਹੁੰਦੀ ਹੈ, ਅਤੇ ਉੱਥੇ ਹੀ ਪਰਮੇਸ਼ੁਰ ਦੀ ਅਵਾਜ਼ ਵੀ ਸੁਣਾਈ ਦੇਵੇਗੀ। ਜਿਹੜੇ ਸੱਚਾਈ ਨੂੰ ਸਵੀਕਾਰ ਕਰ ਸਕਦੇ ਹਨ ਕੇਵਲ ਉਹੀ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣ ਸਕਣਗੇ, ਅਤੇ ਕੇਵਲ ਅਜਿਹੇ ਲੋਕ ਹੀ ਪਰਮੇਸ਼ੁਰ ਦੇ ਪਰਗਟ ਹੋਣ ਦੇ ਗਵਾਹ ਬਣਨ ਦੇ ਕਾਬਲ ਹਨ। ਆਪਣੇ ਵਿਚਾਰਾਂ ਨੂੰ ਤਿਆਗ ਦਿਓ! ਆਪਣੇ ਆਪ ਨੂੰ ਸ਼ਾਂਤ ਕਰੋ ਅਤੇ ਇਨ੍ਹਾਂ ਗੱਲਾਂ ਨੂੰ ਧਿਆਨ ਨਾਲ ਪੜ੍ਹੋ। ਜੇ ਤੁਸੀਂ ਸੱਚਾਈ ਦੀ ਤਾਂਘ ਰੱਖਦੇ ਹੋ, ਤਾਂ ਪਰਮੇਸ਼ੁਰ ਤੁਹਾਡੀ ਸਮਝ ਨੂੰ ਖੋਲ੍ਹੇਗਾ ਅਤੇ ਤੁਸੀਂ ਉਸ ਦੀ ਇੱਛਾ ਅਤੇ ਉਸ ਦੀਆਂ ਗੱਲਾਂ ਨੂੰ ਸਮਝ ਪਾਓਗੇ। “ਅਸੰਭਵ” ਬਾਰੇ ਤੁਹਾਡੇ ਜੋ ਵਿਚਾਰ ਹਨ, ਉਨ੍ਹਾਂ ਨੂੰ ਤਿਆਗ ਦਿਓ! ਜਿੰਨਾ ਜ਼ਿਆਦਾ ਲੋਕ ਕਿਸੇ ਕੰਮ ਬਾਰੇ ਇਹ ਮੰਨਦੇ ਹਨ ਕਿ ਉਹ ਅਸੰਭਵ ਹੈ, ਉਸ ਦੇ ਓਨਾ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਪਰਮੇਸ਼ੁਰ ਦੀ ਬੁੱਧ ਅਕਾਸ਼ਾਂ ਤੋਂ ਵੀ ਉੱਚੀ ਹੈ, ਪਰਮੇਸ਼ੁਰ ਦੇ ਵਿਚਾਰ ਮਨੁੱਖ ਦੇ ਵਿਚਾਰਾਂ ਤੋਂ ਉੱਚੇ ਹਨ, ਅਤੇ ਪਰਮੇਸ਼ੁਰ ਦਾ ਕੰਮ ਮਨੁੱਖ ਦੀ ਸੋਚ ਅਤੇ ਉਸ ਦੇ ਵਿਚਾਰਾਂ ਦੀਆਂ ਹੱਦਾਂ ਤੋਂ ਕਿਤੇ ਪਰੇ ਹੈ। ਜਿੰਨਾ ਜ਼ਿਆਦਾ ਕੋਈ ਚੀਜ਼ ਅਸੰਭਵ ਹੁੰਦੀ ਹੈ, ਉਸ ਵਿੱਚ ਓਨੀ ਜ਼ਿਆਦਾ ਖੋਜੇ ਜਾਣ ਲਾਇਕ ਸੱਚਾਈ ਹੁੰਦੀ ਹੈ; ਜਿੰਨਾ ਜ਼ਿਆਦਾ ਕੋਈ ਚੀਜ਼ ਮਨੁੱਖ ਦੇ ਵਿਚਾਰਾਂ ਅਤੇ ਕਲਪਨਾ ਤੋਂ ਪਰੇ ਹੁੰਦੀ ਹੈ, ਉਸ ਵਿੱਚ ਪਰਮੇਸ਼ੁਰ ਦੀ ਇੱਛਾ ਓਨੀ ਜ਼ਿਆਦਾ ਹੁੰਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ, ਭਾਵੇਂ ਪਰਮੇਸ਼ੁਰ ਆਪਣੇ ਆਪ ਨੂੰ ਕਿਤੇ ਵੀ ਪਰਗਟ ਕਰੇ, ਪਰਮੇਸ਼ੁਰ ਪਰਮੇਸ਼ੁਰ ਹੀ ਹੈ, ਅਤੇ ਉਸ ਦਾ ਮੂਲ-ਤੱਤ ਉਸ ਦੇ ਪਰਗਟ ਹੋਣ ਦੀ ਜਗ੍ਹਾ ਜਾਂ ਤਰੀਕੇ ਦੇ ਅਧਾਰ ’ਤੇ ਕਦੇ ਨਹੀਂ ਬਦਲੇਗਾ। ਪਰਮੇਸ਼ੁਰ ਦਾ ਸੁਭਾਅ ਇੱਕੋ ਜਿਹਾ ਰਹਿੰਦਾ ਹੈ ਭਾਵੇਂ ਉਸ ਦੀਆਂ ਪੈੜਾਂ ਕਿਸੇ ਵੀ ਜਗ੍ਹਾ ਹੋਣ, ਅਤੇ ਪਰਮੇਸ਼ੁਰ ਦੀਆਂ ਪੈੜਾਂ ਭਾਵੇਂ ਜਿਸ ਵੀ ਜਗ੍ਹਾ ਹੋਣ, ਉਹ ਸਾਰੀ ਮਨੁੱਖਜਾਤੀ ਦਾ ਪਰਮੇਸ਼ੁਰ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪ੍ਰਭੂ ਯਿਸੂ ਕੇਵਲ ਇਸਰਾਏਲੀਆਂ ਦਾ ਹੀ ਪਰਮੇਸ਼ੁਰ ਨਹੀਂ ਹੈ, ਪਰ ਏਸ਼ੀਆ, ਯੂਰਪ ਅਤੇ ਅਮਰੀਕਾ, ਬਲਕਿ ਇਸ ਤੋਂ ਵੀ ਵਧ ਕੇ ਸਮੁੱਚੀ ਕਾਇਨਾਤ ਦਾ ਇੱਕੋ-ਇੱਕ ਪਰਮੇਸ਼ੁਰ ਹੈ। ਸੋ ਆਓ, ਪਰਮੇਸ਼ੁਰ ਦੀ ਇੱਛਾ ਨੂੰ ਖੋਜੀਏ, ਉਸ ਦੇ ਪ੍ਰਗਟਾਵਿਆਂ ਵਿੱਚੋਂ ਉਸ ਦੇ ਪਰਗਟ ਹੋਣ ਦਾ ਪਤਾ ਲਗਾਈਏ, ਅਤੇ ਉਸ ਦੇ ਕਦਮਾਂ ਨਾਲ ਕਦਮ ਮਿਲਾ ਕੇ ਤੁਰੀਏ! ਪਰਮੇਸ਼ੁਰ ਹੀ ਰਾਹ, ਸੱਚਾਈ ਅਤੇ ਜੀਵਨ ਹੈ। ਉਸ ਦੇ ਵਚਨ ਅਤੇ ਉਸ ਦਾ ਪਰਗਟ ਹੋਣਾ ਇਕੱਠੇ ਹਨ, ਅਤੇ ਉਸ ਦਾ ਸੁਭਾਅ ਅਤੇ ਉਸ ਦੀਆਂ ਪੈੜਾਂ ਮਨੁੱਖ ਦੇ ਲਈ ਹਰ ਸਮੇਂ ਖੁੱਲ੍ਹੀਆਂ ਹਨ। ਪਿਆਰੇ ਭੈਣੋ ਅਤੇ ਭਾਈਓ, ਮੈਂ ਆਸ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸ਼ਬਦਾਂ ਵਿੱਚੋਂ ਪਰਮੇਸ਼ੁਰ ਦੇ ਪਰਗਟ ਹੋਣ ਨੂੰ ਵੇਖ ਸਕਦੇ ਹੋ, ਅੱਗੇ ਵਧ ਕੇ ਇੱਕ ਨਵੇਂ ਯੁਗ ਵਿੱਚ ਦਾਖਲ ਹੁੰਦੇ ਹੋਏ ਉਸ ਦੇ ਕਦਮਾਂ ’ਤੇ ਚੱਲਣਾ ਸ਼ੁਰੂ ਕਰ ਸਕਦੇ ਹੋ, ਅਤੇ ਉਸ ਸੁੰਦਰ ਨਵੇਂ ਅਕਾਸ਼ ਅਤੇ ਧਰਤੀ ਵਿੱਚ ਪ੍ਰਵੇਸ਼ ਕਰ ਸਕਦੇ ਹੋ ਜੋ ਪਰਮੇਸ਼ੁਰ ਨੇ ਉਨ੍ਹਾਂ ਲਈ ਤਿਆਰ ਕੀਤੇ ਹਨ ਜਿਹੜੇ ਉਸ ਦੇ ਪਰਗਟ ਹੋਣ ਦੀ ਉਡੀਕ ਵਿੱਚ ਹਨ!

ਪਿਛਲਾ: ਦਸ ਪ੍ਰਬੰਧਕੀ ਨਿਯਮ ਜਿਹੜੇ ਰਾਜ ਦੇ ਯੁਗ ਵਿੱਚ ਪਰਮੇਸ਼ੁਰ ਦੁਆਰਾ ਚੁਣੇ ਹੋਏ ਲੋਕਾਂ ਦੁਆਰਾ ਮੰਨੇ ਜਾਣੇ ਲਾਜ਼ਮੀ ਹਨ

ਅਗਲਾ: ਅੰਤਿਕਾ 2: ਪਰਮੇਸ਼ੁਰ ਨੂੰ ਮਨੁੱਖਜਾਤੀ ਦੇ ਨਸੀਬ ਉੱਤੇ ਪਰਧਾਨਗੀ ਹਾਸਲ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ