ਕੀ ਤੂੰ ਉਹੀ ਹੈਂ ਜੋ ਜੀਵਿਤ ਹੋਇਆ ਹੈਂ?

ਜਦ ਤੂੰ ਆਪਣੇ ਭ੍ਰਿਸ਼ਟ ਸੁਭਾਅ ਨੂੰ ਤਿਆਗ ਦਿੰਦਾ ਹੈਂ ਅਤੇ ਸਧਾਰਣ ਮਾਨਵਤਾ ਵਿੱਚੋਂ ਜੀਉਣ ਨੂੰ ਪ੍ਰਾਪਤ ਕਰ ਲੈਂਦਾ ਹੈਂ, ਕੇਵਲ ਤਾਂ ਹੀ ਤੈਨੂੰ ਸੰਪੂਰਨ ਬਣਾਇਆ ਜਾਵੇਗਾ। ਭਾਵੇਂ ਤੂੰ ਭਵਿੱਖਬਾਣੀ ਕਰਨ ਅਤੇ ਕਿਸੇ ਰਹੱਸ ਬਾਰੇ ਬੋਲਣ ਯੋਗ ਨਹੀਂ ਹੋਵੇਂਗਾ, ਤੂੰ ਇੱਕ ਮਨੁੱਖ ਵਜੋਂ ਜੀਅ ਅਤੇ ਮਨੁੱਖ ਦੇ ਅਕਸ ਨੂੰ ਪਰਗਟ ਕਰ ਰਿਹਾ ਹੋਵੇਂਗਾ। ਪਰਮੇਸ਼ੁਰ ਨੇ ਮਨੁੱਖ ਨੂੰ ਬਣਾਇਆ, ਪਰ ਫਿਰ ਮਨੁੱਖ ਸ਼ਤਾਨ ਦੁਆਰਾ ਭ੍ਰਿਸ਼ਟ ਕਰ ਦਿੱਤਾ ਗਿਆ, ਇੰਨਾ ਕਿ ਲੋਕ “ਮੁਰਦਾ ਮਨੁੱਖ” ਬਣ ਗਏ। ਇਸ ਲਈ, ਤੇਰੇ ਬਦਲ ਜਾਣ ਤੋਂ ਬਾਅਦ, ਤੂੰ ਇਨ੍ਹਾਂ “ਮੁਰਦਾ ਮਨੁੱਖਾਂ” ਵਰਗਾ ਨਹੀਂ ਹੋਵੇਂਗਾ। ਇਹ ਪਰਮੇਸ਼ੁਰ ਦੇ ਵਚਨ ਹੀ ਹਨ ਜੋ ਲੋਕਾਂ ਦੀਆਂ ਆਤਮਾਵਾਂ ਨੂੰ ਉੱਜਲਾ ਕਰਦੇ ਹਨ ਅਤੇ ਉਨ੍ਹਾਂ ਦੇ ਨਵਾਂ-ਜਨਮ ਲੈਣ ਦਾ ਕਾਰਨ ਬਣਦੇ ਹਨ, ਅਤੇ ਜਦ ਲੋਕਾਂ ਦੀਆਂ ਆਤਮਾਵਾਂ ਦਾ ਨਵਾਂ-ਜਨਮ ਹੋ ਜਾਂਦਾ ਹੈ, ਤਦ ਉਹ ਜੀਵਿਤ ਹੋ ਜਾਂਦੇ ਹਨ। ਜਦ ਮੈਂ “ਮੁਰਦਾ ਮਨੁੱਖਾਂ” ਦੀ ਗੱਲ ਕਰਦਾ ਹਾਂ, ਤਾਂ ਮੈਂ ਉਨ੍ਹਾਂ ਲਾਸ਼ਾਂ ਦਾ ਜ਼ਿਕਰ ਕਰਦਾ ਹਾਂ ਜਿਨ੍ਹਾਂ ਦੀ ਕੋਈ ਆਤਮਾ ਨਹੀਂ ਹੁੰਦੀ, ਉਨ੍ਹਾਂ ਲੋਕਾਂ ਦਾ ਜਿਨ੍ਹਾਂ ਦੀਆਂ ਆਤਮਾਵਾਂ ਉਨ੍ਹਾਂ ਅੰਦਰੋਂ ਮਰ ਚੁੱਕੀਆਂ ਹੁੰਦੀਆਂ ਹਨ। ਜਦ ਜੀਵਨ ਦੀ ਚੰਗਿਆੜੀ ਲੋਕਾਂ ਦੀ ਆਤਮਾ ਵਿੱਚ ਮਘਦੀ ਹੈ, ਫਿਰ ਲੋਕ ਜੀਵਤ ਹੁੰਦੇ ਹਨ। ਜਿਨ੍ਹਾਂ ਸੰਤਾਂ ਬਾਰੇ ਪਹਿਲਾਂ ਗੱਲ ਕੀਤੀ ਗਈ ਸੀ ਉਸ ਤੋਂ ਭਾਵ ਉਹ ਲੋਕ ਹਨ ਜਿਹੜੇ ਜੀਵਿਤ ਹੋਏ ਹਨ, ਉਹ ਜਿਹੜੇ ਸ਼ਤਾਨ ਦੇ ਪ੍ਰਭਾਵ ਅਧੀਨ ਸਨ ਪਰ ਜਿਨ੍ਹਾਂ ਨੇ ਸ਼ੈਤਾਨ ਨੂੰ ਹਰਾਇਆ। ਚੀਨ ਦੇ ਚੁਣੇ ਗਏ ਲੋਕਾਂ ਨੇ ਖੂੰਖਾਰ ਲਾਲ ਅਜਗਰ ਦੇ ਬੇਰਹਿਮ ਅਤੇ ਅਣਮਨੁੱਖੀ ਅੱਤਿਆਚਾਰਾਂ ਅਤੇ ਚਾਲਾਂ ਨੂੰ ਸਹਾਰਿਆ ਹੈ, ਜਿਸ ਨੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਤੋੜ ਦਿੱਤਾ ਹੈ ਅਤੇ ਉਨ੍ਹਾਂ ਵਿੱਚ ਜੀਉਣ ਲਈ ਥੋੜ੍ਹੀ ਜਿਹੀ ਹਿੰਮਤ ਵੀ ਨਹੀਂ ਰਹੀ। ਇਸ ਲਈ, ਉਨ੍ਹਾਂ ਦੀਆਂ ਆਤਮਾਵਾਂ ਨੂੰ ਠੋਸ ਰੂਪ ਵਿੱਚ ਜਾਗਰੁਕ ਹੋਣਾ ਪਵੇਗਾ: ਹੌਲੀ-ਹੌਲੀ, ਆਪਣੀਆਂ ਆਤਮਾਵਾਂ ਦੇ ਮੂਲ-ਤੱਤ ਨੂੰ ਜਗਾਉਣਾ ਪਵੇਗਾ। ਜਦ ਉਹ ਇੱਕ ਦਿਨ ਜੀਵਿਤ ਹੋ ਜਾਣਗੇ, ਫਿਰ ਕੋਈ ਰੁਕਾਵਟਾਂ ਨਹੀਂ ਆਉਣਗੀਆਂ, ਅਤੇ ਸਾਰੇ ਅਸਾਨੀ ਨਾਲ ਅੱਗੇ ਵਧਣਗੇ। ਇਸ ਵੇਲੇ, ਇਹ ਪਹੁੰਚ ਤੋਂ ਬਾਹਰ ਹੈ। ਬਹੁਤੇ ਲੋਕਾਂ ਦਾ ਜੀਉਣ ਦਾ ਢੰਗ ਇਸ ਤਰ੍ਹਾਂ ਦਾ ਹੈ ਕਿ ਇਸ ਵਿੱਚੋਂ ਮੌਤ ਦੀਆਂ ਤਰੰਗਾਂ ਉੱਠਦੀਆਂ ਰਹਿੰਦੀਆਂ ਹਨ; ਉਹ ਮੌਤ ਦੇ ਸਾਏ ਵਿੱਚ ਫਸੇ ਹੋਏ ਹਨ, ਅਤੇ ਉਨ੍ਹਾਂ ਵਿੱਚ ਬਹੁਤ ਕਮੀਆਂ ਹਨ। ਕੁਝ ਲੋਕਾਂ ਦੇ ਸ਼ਬਦਾਂ ਵਿੱਚ ਮੌਤ ਹੁੰਦੀ ਹੈ, ਉਨ੍ਹਾਂ ਦੇ ਕਾਰਜਾਂ ਵਿੱਚ ਮੌਤ ਹੁੰਦੀ ਹੈ, ਅਤੇ ਉਨ੍ਹਾਂ ਦੀ ਲਗਭਗ ਸਾਰੀ ਜੀਵਨ-ਜਾਚ ਹੀ ਮੌਤ ਹੁੰਦੀ ਹੈ। ਜੇਕਰ, ਅੱਜ ਲੋਕ ਜਨਤਕ ਤੌਰ ਤੇ ਪਰਮੇਸ਼ੁਰ ਦੀ ਗਵਾਹੀ ਦਿੰਦੇ ਹਨ, ਤਾਂ ਉਹ ਇਸ ਕਾਰਜ ਵਿੱਚ ਅਸਫਲ ਹੋ ਜਾਣਗੇ, ਕਿਉਂਕਿ ਉਨ੍ਹਾਂ ਨੇ ਅਜੇ ਪੂਰੀ ਤਰ੍ਹਾਂ ਜੀਵਿਤ ਹੋਣਾ ਹੈ, ਅਤੇ ਤੁਹਾਡੇ ਵਿੱਚ ਬਹੁਤ ਸਾਰੇ ਹਨ ਜੋ ਮੁਰਦਾ ਹਨ। ਅੱਜ, ਕੁਝ ਲੋਕ ਪੁੱਛਦੇ ਹਨ ਕਿ ਪਰਮੇਸ਼ੁਰ ਕੋਈ ਚਿੰਨ੍ਹ ਅਤੇ ਚਮਤਕਾਰ ਕਿਉਂ ਨਹੀਂ ਦਿਖਾਉਂਦਾ ਤਾਂ ਜੋ ਉਹ ਆਪਣਾ ਕੰਮ ਤੇਜੀ ਨਾਲ ਪਰਾਈਆਂ ਕੌਮਾਂ ਵਿੱਚ ਫੈਲਾਅ ਸਕੇ। ਮੁਰਦਾ ਲੋਕ ਪਰਮੇਸ਼ੁਰ ਬਾਰੇ ਗਵਾਹੀ ਨਹੀਂ ਦੇ ਸਕਦੇ; ਇਹ ਕਾਰਜ ਸਿਰਫ ਜੀਵਿਤ ਲੋਕ ਹੀ ਕਰ ਸਕਦੇ ਹਨ, ਅਤੇ ਅਜੇ ਵੀ ਜ਼ਿਆਦਾਤਰ ਲੋਕ “ਮੁਰਦਾ” ਹਨ; ਬਹੁਤ ਸਾਰੇ ਲੋਕ ਮੌਤ ਦੇ ਸਾਏ ਹੇਠ ਜੀਅ ਰਹੇ ਹਨ, ਸ਼ਤਾਨ ਦੇ ਪ੍ਰਭਾਵ ਹੇਠ, ਅਤੇ ਜਿੱਤ ਪ੍ਰਾਪਤ ਕਰਨ ਵਿੱਚ ਅਸਮਰਥ ਰਹਿੰਦੇ ਹਨ। ਇਸ ਸਥਿਤੀ ਵਿੱਚ, ਉਹ ਪਰਮੇਸ਼ੁਰ ਦੀ ਗਵਾਹੀ ਕਿਵੇਂ ਦੇ ਸਕਦੇ ਸਨ? ਉਹ ਇੰਜੀਲ ਨੂੰ ਫੈਲਾਉਣ ਦਾ ਕਾਰਜ ਕਿਵੇਂ ਕਰ ਸਕਦੇ ਹਨ?

ਉਹ ਸਭ ਜੋ ਹਨੇਰੇ ਦੇ ਪ੍ਰਭਾਵ ਅਧੀਨ ਰਹਿੰਦੇ ਹਨ, ਉਹ ਹਨ ਜੋ ਮੌਤ ਵਿਚਕਾਰ ਰਹਿੰਦੇ ਹਨ, ਜੋ ਸ਼ਤਾਨ ਦੇ ਕਬਜ਼ੇ ਵਿੱਚ ਹਨ। ਪਰਮੇਸ਼ੁਰ ਦੁਆਰਾ ਬਚਾਏ ਬਿਨਾਂ ਅਤੇ ਪਰਮੇਸ਼ੁਰ ਦੇ ਨਿਆਂ ਅਤੇ ਤਾੜਨਾ ਤੋਂ ਬਿਨਾਂ, ਲੋਕ ਮੌਤ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ; ਉਹ ਜੀਵਿਤ ਨਹੀਂ ਬਣ ਸਕਦੇ। ਇਹ “ਮੁਰਦਾ ਲੋਕ” ਪਰਮੇਸ਼ੁਰ ਦੀ ਗਵਾਹੀ ਨਹੀਂ ਦੇ ਸਕਦੇ, ਅਤੇ ਨਾ ਹੀ ਉਹ ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤੇ ਜਾ ਸਕਦੇ ਹਨ, ਉਸ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰਮੇਸ਼ੁਰ ਜੀਵਿਤਾਂ ਦੀ ਗਵਾਹੀ ਚਾਹੁੰਦਾ ਹੈ, ਮੁਰਦਿਆਂ ਦੀ ਨਹੀਂ, ਅਤੇ ਉਹ ਇਹ ਕਹਿੰਦਾ ਹੈ ਕਿ ਜੀਵਿਤ ਉਸ ਦੇ ਲਈ ਕੰਮ ਕਰਨ, ਮੁਰਦੇ ਨਹੀਂ। “ਮੁਰਦਾ” ਉਹ ਹਨ ਜਿਹੜੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ ਅਤੇ ਉਸ ਤੋਂ ਆਕੀ ਹੁੰਦੇ ਹਨ; ਇਹ ਉਹ ਹਨ ਜਿਹੜੇ ਆਤਮਕ ਤੌਰ ਤੇ ਸੁੰਨ ਹਨ ਅਤੇ ਪਰਮੇਸ਼ੁਰ ਦੇ ਵਚਨਾਂ ਨੂੰ ਨਹੀਂ ਸਮਝਦੇ; ਇਹ ਉਹ ਲੋਕ ਹਨ ਜੋ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਅਤੇ ਪਰਮੇਸ਼ੁਰ ਪ੍ਰਤੀ ਮਾਮੂਲੀ ਜਿਹੀ ਵੀ ਵਫ਼ਾਦਾਰੀ ਨਹੀਂ ਰੱਖਦੇ, ਅਤੇ ਇਹ ਉਹ ਲੋਕ ਹਨ ਜੋ ਸ਼ਤਾਨ ਦੇ ਅਧੀਨ ਰਹਿੰਦੇ ਹਨ ਅਤੇ ਸ਼ਤਾਨ ਦੁਆਰਾ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਮੁਰਦਾ ਲੋਕ ਸਚਾਈ ਦੇ ਵਿਰੋਧ ਵਿਚ ਖੜ੍ਹੇ ਹੋ ਕੇ, ਪਰਮੇਸ਼ੁਰ ਤੋਂ ਆਕੀ ਹੋ ਕੇ, ਅਤੇ ਘਟੀਆ, ਘਿਰਣਾਯੋਗ, ਖੁਣਸੀ, ਪਸ਼ੂਆਂ ਵਰਗੇ, ਧੋਖੇਬਾਜ਼ ਅਤੇ ਕਪਟੀ ਬਣ ਕੇ ਆਪਣੇ ਆਪ ਨੂੰ ਪਰਗਟ ਕਰਦੇ ਹਨ। ਭਾਵੇਂ ਕਿ ਇਹ ਲੋਕ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦੇ ਅਤੇ ਪੀਂਦੇ ਹਨ, ਉਹ ਪਰਮੇਸ਼ੁਰ ਦੇ ਵਚਨਾਂ ਨੂੰ ਜੀਉਂਦੇ ਨਹੀਂ; ਭਾਵੇਂ ਉਹ ਜ਼ਿੰਦਾ ਹਨ, ਪਰ ਉਹ ਕੇਵਲ ਤੁਰ ਰਹੀਆਂ, ਸਾਹ ਲੈ ਰਹੀਆਂ ਲਾਸ਼ਾਂ ਹਨ। ਮੁਰਦਾ ਲੋਕ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਪੂਰੀ ਤਰ੍ਹਾਂ ਅਸਮਰਥ ਹਨ, ਉਸ ਦੇ ਪੂਰੀ ਤਰ੍ਹਾਂ ਆਗਿਆਕਾਰੀ ਹੋਣ ਦਾ ਤਾਂ ਮਤਲਬ ਹੀ ਨਹੀਂ। ਉਹ ਸਿਰਫ ਉਸ ਨੂੰ ਛਲ ਸਕਦੇ ਹਨ, ਉਸ ਦੀ ਨਿੰਦਾ ਕਰ ਸਕਦੇ ਹਨ, ਅਤੇ ਉਸ ਨਾਲ ਧੋਖਾ ਕਰ ਸਕਦੇ ਹਨ, ਅਤੇ ਉਹ ਆਪਣੀ ਜੀਵਨ-ਸ਼ੈਲੀ ਦੁਆਰਾ ਜੋ ਵੀ ਕਰਦੇ ਹਨ, ਉਸ ਤੋਂ ਸ਼ਤਾਨ ਦਾ ਸੁਭਾਅ ਹੀ ਪਰਗਟ ਹੁੰਦਾ ਹੈ। ਜੇ ਲੋਕ ਜੀਵਿਤ ਪ੍ਰਾਣੀ ਬਣਨਾ ਚਾਹੁੰਦੇ ਹਨ ਅਤੇ ਪਰਮੇਸ਼ੁਰ ਦੀ ਗਵਾਹੀ ਦੇਣਾ ਚਾਹੁੰਦੇ ਹਨ, ਅਤੇ ਪਰਮੇਸ਼ੁਰ ਵੱਲੋਂ ਪ੍ਰਵਾਨ ਹੋਣਾ ਚਾਹੁੰਦੇ ਹਨ, ਤਦ ਉਨ੍ਹਾਂ ਨੂੰ ਲਾਜ਼ਮੀ ਤੌਰ ਤੇ ਪਰਮੇਸ਼ੁਰ ਦੀ ਮੁਕਤੀ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ; ਉਨ੍ਹਾਂ ਨੂੰ ਖ਼ੁਸ਼ੀ ਨਾਲ ਆਪਣੇ ਆਪ ਨੂੰ ਉਸ ਦੇ ਨਿਆਂ ਅਤੇ ਤਾੜਨਾ ਦੇ ਅਧੀਨ ਕਰਨਾ ਜ਼ਰੂਰੀ ਹੈ ਅਤੇ ਖੁਸ਼ੀ ਨਾਲ ਪਰਮੇਸ਼ੁਰ ਦੀ ਛੰਗਾਈ ਨੂੰ ਅਤੇ ਉਸ ਦੇ ਸੁਧਾਰ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਕੇਵਲ ਤਾਂ ਹੀ ਉਹ ਪਰਮੇਸ਼ੁਰ ਦੁਆਰਾ ਲੋੜੀਂਦੀਆਂ ਸਾਰੀਆਂ ਸਚਾਈਆਂ ਨੂੰ ਅਮਲ ਵਿੱਚ ਲਿਆਉਣ ਦੇ ਯੋਗ ਹੋਣਗੇ, ਅਤੇ ਕੇਵਲ ਤਾਂ ਹੀ ਉਹ ਪਰਮੇਸ਼ੁਰ ਦੁਆਰਾ ਮੁਕਤੀ ਪ੍ਰਾਪਤ ਕਰਨਗੇ ਅਤੇ ਸੱਚਮੁੱਚ ਜੀਵਿਤ ਪ੍ਰਾਣੀ ਬਣ ਜਾਣਗੇ। ਜੀਵਿਤ ਪਰਮੇਸ਼ੁਰ ਦੁਆਰਾ ਬਚਾਏ ਗਏ ਹਨ; ਉਹ ਪਰਮੇਸ਼ੁਰ ਵੱਲੋਂ ਜਾਂਚੇ ਹੋਏ ਅਤੇ ਤਾੜਨਾ ਪਾਏ ਹੋਏ ਹਨ, ਉਹ ਆਪਣੇ ਆਪ ਨੂੰ ਪਰਮੇਸ਼ੁਰ ਪ੍ਰਤੀ ਸਮਰਪਿਤ ਕਰਨ ਅਤੇ ਉਸ ਲਈ ਆਪਣਾ ਜੀਵਨ ਵਾਰਨ ਨੂੰ ਤਿਆਰ ਹਨ, ਅਤੇ ਉਹ ਖ਼ੁਸ਼ੀ-ਖੁਸ਼ੀ ਆਪਣਾ ਸਾਰਾ ਜੀਵਨ ਪਰਮੇਸ਼ੁਰ ਨੂੰ ਅਰਪਣ ਕਰ ਦੇਣਗੇ। ਸ਼ਤਾਨ ਕੇਵਲ ਉਦੋਂ ਹੀ ਸ਼ਰਮਿੰਦਾ ਹੋ ਸਕਦਾ ਹੈ ਜਦੋਂ ਜੀਵਿਤ ਲੋਕ ਪਰਮੇਸ਼ੁਰ ਦੀ ਗਵਾਹੀ ਦਿੰਦੇ ਹਨ; ਕੇਵਲ ਜੀਵਿਤ ਹੀ ਪਰਮੇਸ਼ੁਰ ਦੇ ਖੁਸ਼ਖ਼ਬਰੀ ਦੇ ਕਾਰਜ ਦਾ ਪ੍ਰਚਾਰ ਕਰ ਸਕਦੇ ਹਨ, ਕੇਵਲ ਜੀਵਿਤ ਹੀ ਪਰਮੇਸ਼ੁਰ ਦੇ ਦਿਲ ਨੂੰ ਭਾਉਂਦੇ ਹਨ, ਅਤੇ ਕੇਵਲ ਜੀਵਿਤ ਹੀ ਅਸਲ ਲੋਕ ਹਨ। ਮੁੱਢ ਵਿੱਚ ਪਰਮੇਸ਼ੁਰ ਦੁਆਰਾ ਸਿਰਜਿਆ ਗਿਆ ਮਨੁੱਖ ਜੀਵਿਤ ਸੀ, ਪਰ ਸ਼ਤਾਨ ਦੀ ਭ੍ਰਿਸ਼ਟਤਾ ਦੇ ਕਾਰਨ ਉਹ ਮੌਤ ਵਿੱਚ ਅਤੇ ਸ਼ਤਾਨ ਦੇ ਪ੍ਰਭਾਵ ਹੇਠ ਜੀਉਂਦਾ ਹੈ, ਅਤੇ ਇਸ ਤਰ੍ਹਾਂ, ਲੋਕ ਆਤਮਾ ਵਿਹੂਣੇ ਮੁਰਦਾ ਲੋਕ ਬਣ ਗਏ ਹਨ, ਉਹ ਪਰਮੇਸ਼ੁਰ ਦੇ ਦੁਸ਼ਮਣ ਬਣ ਗਏ ਹਨ ਜਿਹੜੇ ਉਸ ਦਾ ਵਿਰੋਧ ਕਰਦੇ ਹਨ, ਉਹ ਸ਼ਤਾਨ ਦੇ ਹੱਥਠੋਕੇ ਬਣ ਗਏ ਹਨ, ਅਤੇ ਉਹ ਸ਼ਤਾਨ ਦੇ ਗ਼ੁਲਾਮ ਬਣ ਗਏ ਹਨ। ਪਰਮੇਸ਼ੁਰ ਦੁਆਰਾ ਸਿਰਜੇ ਸਾਰੇ ਜੀਵਿਤ ਲੋਕ ਮੁਰਦਾ ਬਣ ਗਏ ਹਨ, ਅਤੇ ਇਸ ਲਈ ਪਰਮੇਸ਼ੁਰ ਨੇ ਆਪਣੀ ਗਵਾਹੀ ਗੁਆ ਦਿੱਤੀ ਹੈ, ਅਤੇ ਉਸ ਨੇ ਮਨੁੱਖਜਾਤੀ ਨੂੰ ਗੁਆ ਦਿੱਤਾ ਹੈ ਜਿਸ ਨੂੰ ਉਸ ਨੇ ਸਿਰਜਿਆ ਸੀ ਅਰਥਾਤ ਉਸ ਇੱਕੋ ਇੱਕ ਚੀਜ਼ ਨੂੰ ਜਿਸ ਵਿੱਚ ਉਸ ਦਾ ਸਾਹ ਹੈ। ਜੇ ਪਰਮੇਸ਼ੁਰ ਨੇ ਆਪਣੀ ਗਵਾਹੀ ਵਾਪਸ ਹਾਸਲ ਕਰਨੀ ਹੈ ਅਤੇ ਉਨ੍ਹਾਂ ਨੂੰ ਵਾਪਸ ਹਾਸਲ ਕਰਨਾ ਹੈ ਜਿਨ੍ਹਾਂ ਨੂੰ ਉਸ ਨੇ ਆਪਣੇ ਹੱਥੀਂ ਸਿਰਜਿਆ ਸੀ ਪਰ ਜਿਨ੍ਹਾਂ ਨੂੰ ਸ਼ਤਾਨ ਨੇ ਆਪਣੇ ਗ਼ੁਲਾਮ ਬਣਾ ਲਿਆ ਹੈ, ਤਾਂ ਉਸ ਨੂੰ ਲਾਜ਼ਮੀ ਤੌਰ ਤੇ ਉਨ੍ਹਾਂ ਨੂੰ ਮੁੜ ਜੀਉਂਦੇ ਕਰਨਾ ਪਵੇਗਾ ਤਾਂ ਜੋ ਉਹ ਜੀਵਿਤ ਪ੍ਰਾਣੀ ਬਣ ਜਾਣ, ਅਤੇ ਉਸ ਨੂੰ ਉਨ੍ਹਾਂ ਨੂੰ ਦੁਬਾਰਾ ਆਪਣੇ ਬਣਾਉਣਾ ਪਵੇਗਾ ਤਾਂ ਜੋ ਉਹ ਉਸ ਦੇ ਚਾਨਣ ਵਿੱਚ ਜੀਉਣ। ਮੁਰਦਾ ਉਹ ਹਨ ਜਿਨ੍ਹਾਂ ਦੀ ਕੋਈ ਆਤਮਾ ਨਹੀਂ ਹੈ, ਉਹ ਜਿਹੜੇ ਬੇਹੱਦ ਸੁੰਨ ਹੋ ਚੁੱਕੇ ਹਨ ਅਤੇ ਜਿਹੜੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ। ਇਹ ਪ੍ਰਮੁੱਖ ਰੂਪ ਵਿੱਚ ਉਹ ਹਨ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ। ਇਹ ਲੋਕ ਪਰਮੇਸ਼ੁਰ ਦੇ ਆਗਿਆਕਾਰੀ ਹੋਣ ਦਾ ਮਾਮੂਲੀ ਇਰਾਦਾ ਵੀ ਨਹੀਂ ਰੱਖਦੇ; ਉਹ ਸਿਰਫ ਉਸ ਦੇ ਵਿਰੁੱਧ ਬਗਾਵਤ ਕਰਦੇ ਹਨ, ਉਸ ਦਾ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਵਿੱਚ ਮਾਮੂਲੀ ਜਿਹੀ ਵਫ਼ਾਦਾਰੀ ਵੀ ਨਹੀਂ ਹੈ। ਜੀਵਿਤ ਉਹ ਹਨ ਜਿਨ੍ਹਾਂ ਦੀਆਂ ਆਤਮਾਵਾਂ ਨੇ ਨਵਾਂ ਜਨਮ ਪਾ ਲਿਆ ਹੈ, ਜੋ ਪਰਮੇਸ਼ੁਰ ਦਾ ਕਹਿਣਾ ਮੰਨਣਾ ਜਾਣਦੇ ਹਨ, ਅਤੇ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹਨ। ਉਨ੍ਹਾਂ ਦੇ ਕੋਲ ਸਚਾਈ ਅਤੇ ਗਵਾਹੀ ਹੈ ਅਤੇ ਉਸ ਦੇ ਘਰ ਵਿੱਚ ਕੇਵਲ ਇਹੀ ਲੋਕ ਪਰਮੇਸ਼ੁਰ ਨੂੰ ਪ੍ਰਸੰਨ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਬਚਾਉਂਦਾ ਹੈ ਜੋ ਜੀਵਿਤ ਹੋ ਸਕਦੇ ਹਨ, ਜੋ ਪਰਮੇਸ਼ੁਰ ਦੀ ਮੁਕਤੀ ਨੂੰ ਦੇਖ ਸਕਦੇ ਹਨ, ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹੋ ਸਕਦੇ ਹਨ ਅਤੇ ਜੋ ਪਰਮੇਸ਼ੁਰ ਨੂੰ ਖੋਜਣ ਲਈ ਤਿਆਰ ਹਨ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਬਚਾਉਂਦਾ ਹੈ ਜੋ ਉਸ ਦੇ ਦੇਹਧਾਰੀ ਰੂਪ ਅਤੇ ਪ੍ਰਗਟਾਵੇ ਵਿੱਚ ਵਿਸ਼ਵਾਸ ਕਰਦੇ ਹਨ। ਕੁਝ ਲੋਕ ਜੀਵਿਤ ਹੋ ਸਕਦੇ ਹਨ, ਅਤੇ ਕੁਝ ਲੋਕ ਨਹੀਂ ਹੋ ਸਕਦੇ; ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੇ ਸੁਭਾਅ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ। ਬਹੁਤ ਸਾਰੇ ਲੋਕਾਂ ਨੇ ਪਰਮੇਸ਼ੁਰ ਦੇ ਬਹੁਤ ਸਾਰੇ ਵਚਨ ਸੁਣੇ ਹਨ ਪਰ ਫਿਰ ਵੀ ਪਰਮੇਸ਼ੁਰ ਦੀ ਇੱਛਾ ਨੂੰ ਨਹੀਂ ਸਮਝਦੇ, ਅਤੇ ਉਨ੍ਹਾਂ ਵਚਨਾਂ ਨੂੰ ਅਮਲ ਵਿੱਚ ਲਿਆਉਣ ਵਿੱਚ ਅਜੇ ਵੀ ਅਸਮਰਥ ਹਨ। ਅਜਿਹੇ ਲੋਕ ਕਿਸੇ ਵੀ ਸਚਾਈ ਨੂੰ ਜੀਉਣ ਦੇ ਯੋਗ ਨਹੀਂ ਹੁੰਦੇ ਅਤੇ ਜਾਣਬੁੱਝ ਕੇ ਪਰਮੇਸ਼ੁਰ ਦੇ ਕੰਮ ਵਿਚ ਦਖਲ ਵੀ ਦਿੰਦੇ ਹਨ। ਉਹ ਪਰਮੇਸ਼ੁਰ ਲਈ ਕੋਈ ਕੰਮ ਕਰਨ ਦੇ ਯੋਗ ਨਹੀਂ ਹੁੰਦੇ, ਉਹ ਉਸ ਨੂੰ ਕੁਝ ਵੀ ਅਰਪਣ ਨਹੀਂ ਕਰ ਸਕਦੇ, ਅਤੇ ਉਹ ਗੁਪਤ ਰੂਪ ਵਿੱਚ ਚਰਚ ਦਾ ਪੈਸਾ ਖਰਚਦੇ ਹਨ ਅਤੇ ਪਰਮੇਸ਼ੁਰ ਦੇ ਘਰ ਵਿਚ ਮੁਫਤ ਦਾ ਖਾਂਦੇ ਹਨ। ਇਹ ਲੋਕ ਮਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾਵੇਗਾ। ਪਰਮੇਸ਼ੁਰ ਉਨ੍ਹਾਂ ਸਭਨਾਂ ਨੂੰ ਬਚਾਉਂਦਾ ਹੈ ਜੋ ਉਸ ਦੇ ਕੰਮ ਦੇ ਵਿੱਚ ਲੱਗੇ ਹੋਏ ਹਨ, ਪਰ ਉਨ੍ਹਾਂ ਲੋਕਾਂ ਦਾ ਇੱਕ ਹਿੱਸਾ ਅਜਿਹਾ ਹੈ ਜੋ ਉਸਦੀ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ; ਕੇਵਲ ਮੁੱਠੀ ਭਰ ਲੋਕ ਹੀ ਉਸਦੀ ਮੁਕਤੀ ਪ੍ਰਾਪਤ ਕਰ ਸਕਦੇ ਹਨ। ਇਹ ਇਸ ਲਈ ਹੈ ਕਿਉਂਕਿ ਜ਼ਿਆਦਾਤਰ ਲੋਕ ਬਹੁਤ ਡੂੰਘੇ ਤੌਰ ਤੇ ਭ੍ਰਿਸ਼ਟ ਹੋ ਚੁੱਕੇ ਹਨ ਅਤੇ ਮੁਰਦਾ ਬਣ ਚੁੱਕੇ ਹਨ, ਅਤੇ ਉਹ ਮੁਕਤੀ ਤੋਂ ਪਰੇ ਹਨ; ਉਹ ਪੂਰੀ ਤਰ੍ਹਾਂ ਸ਼ਤਾਨ ਦੁਆਰਾ ਸ਼ੋਸ਼ਿਤ ਹਨ, ਅਤੇ ਉਹ ਸੁਭਾਅ ਤੋਂ ਬਹੁਤ ਜ਼ਿਆਦਾ ਖੁਣਸੀ ਹਨ। ਉਹ ਘੱਟ-ਗਿਣਤੀ ਲੋਕ ਵੀ ਪਰਮੇਸ਼ੁਰ ਦੀ ਪੂਰੀ ਤਰ੍ਹਾਂ ਆਗਿਆਕਾਰੀ ਕਰਨ ਵਿੱਚ ਅਸਮਰਥ ਹਨ। ਇਹ ਉਹ ਨਹੀਂ ਹਨ ਜੋ ਮੁੱਢ ਤੋਂ ਹੀ ਪਰਮੇਸ਼ੁਰ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹਨ, ਜਾਂ ਜਿਨ੍ਹਾਂ ਨੂੰ ਸ਼ੁਰੂ ਤੋਂ ਹੀ ਪਰਮੇਸ਼ੁਰ ਨਾਲ ਬਹੁਤ ਪਿਆਰ ਹੈ; ਸਗੋਂ, ਉਹ ਉਸ ਦੇ ਜਿੱਤ ਦੇ ਕੰਮ ਦੇ ਕਾਰਨ ਪਰਮੇਸ਼ੁਰ ਦੇ ਆਗਿਆਕਾਰੀ ਬਣੇ ਹਨ, ਉਹ ਪਰਮੇਸ਼ੁਰ ਦੇ ਸਰਬਉੱਚ ਪਿਆਰ ਦੇ ਕਾਰਨ ਉਸ ਨੂੰ ਦੇਖਦੇ ਹਨ, ਪਰਮੇਸ਼ੁਰ ਦੇ ਧਰਮੀ ਸੁਭਾਅ ਕਾਰਨ ਉਨ੍ਹਾਂ ਦੇ ਸੁਭਾਅ ਵਿੱਚ ਤਬਦੀਲੀਆਂ ਆਉਂਦੀਆਂ ਹਨ, ਅਤੇ ਉਹ ਪਰਮੇਸ਼ੁਰ ਦੇ ਕੰਮ ਕਰਕੇ ਉਸ ਨੂੰ ਜਾਣਦੇ ਹਨ, ਉਹ ਕੰਮ ਜੋ ਅਸਲ ਅਤੇ ਸੁਭਾਵਕ ਹੈ। ਪਰਮੇਸ਼ੁਰ ਦੇ ਇਸ ਕੰਮ ਤੋਂ ਬਿਨਾਂ, ਇਹ ਲੋਕ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋਣ, ਉਹ ਸ਼ਤਾਨ ਦੇ ਹੀ ਰਹਿਣਗੇ, ਉਹ ਮੌਤ ਦੇ ਹੀ ਰਹਿਣਗੇ, ਅਤੇ ਉਹ ਮੁਰਦਾਹੀ ਰਹਿਣਗੇ। ਅੱਜ ਇਹਨਾਂ ਲੋਕਾਂ ਵੱਲੋਂ ਪਰਮੇਸ਼ੁਰ ਦੀ ਮੁਕਤੀ ਪ੍ਰਾਪਤ ਕੀਤੇ ਜਾਣ ਦਾ ਸੱਚ ਕੇਵਲ ਇਸ ਕਾਰਨ ਹੈ ਕਿ ਉਹ ਪਰਮੇਸ਼ੁਰ ਨਾਲ ਸਹਿਯੋਗ ਕਰਨ ਲਈ ਤਿਆਰ ਹਨ।

ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਕਾਰਨ, ਜੀਵਿਤ ਲੋਕ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਣਗੇ ਅਤੇ ਉਸ ਦੇ ਵਾਅਦਿਆਂ ਵਿਚਕਾਰ ਜੀਉਣਗੇ, ਜਦਕਿ ਪਰਮੇਸ਼ੁਰ ਦੇ ਵਿਰੋਧ ਕਾਰਨ, ਮੁਰਦਾ ਲੋਕਾਂ ਨਾਲ ਪਰਮੇਸ਼ੁਰ ਦੁਆਰਾ ਨਫ਼ਰਤ ਕੀਤੀ ਜਾਵੇਗੀ ਅਤੇ ਨਕਾਰਿਆ ਜਾਵੇਗਾ, ਅਤੇ ਉਹ ਉਸਦੀ ਸਜ਼ਾ ਅਤੇ ਸਰਾਪਾਂ ਵਿਚਕਾਰ ਆਪਣਾ ਜੀਵਨ ਬਤੀਤ ਕਰਨਗੇ। ਅਜਿਹਾ ਧਰਮੀ ਸੁਭਾਅ ਹੈ ਪਰਮੇਸ਼ੁਰ ਦਾ, ਜੋ ਕਿਸੇ ਵੀ ਵਿਅਕਤੀ ਦੁਆਰਾ ਬਦਲਿਆ ਨਹੀਂ ਜਾ ਸਕਦਾ। ਖੁਦ ਪਰਮੇਸ਼ੁਰ ਦੇ ਖੋਜੀ ਬਣਨ ਕਰਕੇ ਲੋਕ ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਕਰਦੇ ਹਨ ਅਤੇ ਚਾਨਣ ਵਿੱਚ ਜੀਉਂਦੇ ਹਨ; ਆਪਣੀਆਂ ਚਲਾਕੀਪੂਰਣ ਚਾਲਾਂ ਕਾਰਨ, ਲੋਕ ਪਰਮੇਸ਼ੁਰ ਦੁਆਰਾ ਸਰਾਪੇ ਜਾਂਦੇ ਹਨ ਅਤੇ ਸਜ਼ਾ ਵਿੱਚ ਜਾਂਦੇ ਹਨ; ਉਨ੍ਹਾਂ ਦੇ ਬੁਰੇ ਕੰਮਾਂ ਦੇ ਕਾਰਨ, ਲੋਕਾਂ ਨੂੰ ਪਰਮੇਸ਼ੁਰ ਦੁਆਰਾ ਸਜ਼ਾ ਦਿੱਤੀ ਜਾਂਦੀ ਹੈ, ਅਤੇ ਉਨ੍ਹਾਂ ਦੀ ਤਾਂਘ ਅਤੇ ਵਫ਼ਾਦਾਰੀ ਕਾਰਨ, ਲੋਕ ਪਰਮੇਸ਼ੁਰ ਦੀਆਂ ਬਰਕਤਾਂ ਪ੍ਰਾਪਤ ਕਰਦੇ ਹਨ। ਪਰਮੇਸ਼ੁਰ ਧਰਮੀ ਹੈ: ਉਹ ਜੀਵਿਤਾਂ ਨੂੰ ਅਸੀਸ ਦਿੰਦਾ ਹੈ, ਅਤੇ ਮੁਰਦਾ ਲੋਕਾਂ ਨੂੰ ਸਰਾਪ ਦਿੰਦਾ ਹੈ ਤਾਂ ਜੋ ਉਹ ਸਦਾ ਮੌਤ ਵਿੱਚ ਬਣੇ ਰਹਿਣ ਅਤੇ ਕਦੀ ਵੀ ਪਰਮੇਸ਼ੁਰ ਦੇ ਚਾਨਣ ਵਿੱਚ ਨਾ ਆਉਣ। ਪਰਮੇਸ਼ੁਰ ਜੀਵਿਤਾਂ ਨੂੰ ਆਪਣੇ ਰਾਜ ਅਤੇ ਆਪਣੀਆਂ ਅਸੀਸਾਂ ਵਿੱਚ ਲੈ ਜਾਵੇਗਾ, ਸਦਾ ਲਈ ਆਪਣੇ ਨਾਲ ਰੱਖਣ ਵਾਸਤੇ। ਪਰ ਉਹ ਮੁਰਦਿਆਂ ਨੂੰ ਦੰਡ ਦੇਵੇਗਾ, ਉਹ ਉਨ੍ਹਾਂ ਨੂੰ ਸਦੀਵੀ ਮੌਤ ਵਿੱਚ ਸੁੱਟ ਦੇਵੇਗਾ; ਉਹ ਉਸਦੀ ਤਬਾਹੀ ਦੇ ਪਾਤਰ ਹਨ ਅਤੇ ਹਮੇਸ਼ਾ ਸ਼ਤਾਨ ਦੇ ਬਣੇ ਰਹਿਣਗੇ। ਪਰਮੇਸ਼ੁਰ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਕਰਦਾ। ਉਹ ਸਾਰੇ ਜੋ ਸੱਚਮੁੱਚ ਪਰਮੇਸ਼ੁਰ ਨੂੰ ਖੋਜਦੇ ਹਨ ਯਕੀਨਨ ਪਰਮੇਸ਼ੁਰ ਦੇ ਘਰ ਵਿੱਚ ਰਹਿਣਗੇ, ਅਤੇ ਉਹ ਸਾਰੇ ਜੋ ਪਰਮੇਸ਼ੁਰ ਦੀ ਅਵੱਗਿਆ ਕਰਦੇ ਹਨ ਅਤੇ ਉਸ ਦੇ ਅਨੁਕੂਲ ਨਹੀਂ ਹਨ, ਜ਼ਰੂਰ ਉਸਦੀ ਸਜ਼ਾ ਵਿੱਚ ਜੀਉਣਗੇ। ਸ਼ਾਇਦ ਤੈਨੂੰ ਪਰਮੇਸ਼ੁਰ ਦੁਆਰਾ ਸਰੀਰ ਵਿੱਚ ਕੀਤੇ ਕੰਮ ’ਤੇ ਵਿਸ਼ਵਾਸ ਨਹੀਂ ਹੈ-ਪਰ ਇਕ ਦਿਨ, ਪਰਮੇਸ਼ੁਰ ਦਾ ਸਰੀਰ ਮਨੁੱਖ ਦੇ ਅੰਤ ਦਾ ਸਿੱਧਾ ਪ੍ਰਬੰਧ ਨਹੀਂ ਕਰੇਗਾ; ਇਸ ਦੀ ਬਜਾਏ, ਉਸ ਦਾ ਆਤਮਾ ਮਨੁੱਖ ਦੀ ਮੰਜ਼ਿਲ ਦਾ ਪ੍ਰਬੰਧ ਕਰੇਗਾ, ਅਤੇ ਉਸ ਸਮੇਂ ਲੋਕ ਜਾਨਣਗੇ ਕਿ ਪਰਮੇਸ਼ੁਰ ਦਾ ਸਰੀਰ ਅਤੇ ਆਤਮਾ ਇੱਕ ਹਨ, ਕਿ ਉਸ ਦਾ ਸਰੀਰ ਕੋਈ ਗਲਤੀ ਨਹੀਂ ਕਰ ਸਕਦਾ, ਅਤੇ ਉਸ ਦੇ ਆਤਮਾ ਤੋਂ ਤਾਂ ਗਲਤੀ ਹੋ ਹੀ ਨਹੀਂ ਸਕਦੀ। ਆਖਰਕਾਰ, ਉਹ ਜੀਵਿਤ ਹੋ ਚੁੱਕੇ ਲੋਕਾਂ ਨੂੰ ਆਪਣੇ ਰਾਜ ਵਿੱਚ ਜ਼ਰੂਰ ਲੈ ਜਾਵੇਗਾ; ਨਾ ਇੱਕ ਘੱਟ, ਨਾ ਇੱਕ ਵੱਧ। ਜਿੱਥੋਂ ਤੱਕ ਮੁਰਦਿਆਂ ਦਾ ਸੰਬੰਧ ਹੈ, ਜੋ ਜੀਵਿਤ ਨਹੀਂ ਕੀਤੇ ਗਏ, ਉਨ੍ਹਾਂ ਨੂੰ ਸ਼ਤਾਨ ਦੀ ਝੋਲੀ ਵਿਚ ਸੁੱਟ ਦਿੱਤਾ ਜਾਵੇਗਾ।

ਪਿਛਲਾ: ਉਨ੍ਹਾਂ ਨੂੰ ਇੱਕ ਚਿਤਾਵਨੀ ਜਿਹੜੇ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ

ਅਗਲਾ: ਇੱਕ ਨਾ-ਬਦਲਣ ਵਾਲੇ ਸੁਭਾਅ ਦਾ ਹੋਣਾ ਪਰਮੇਸ਼ੁਰ ਨਾਲ ਦੁਸ਼ਮਣੀ ਹੋਣਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ