ਪਰਮੇਸ਼ੁਰ ਦੇ ਨਿਆਂ ਅਤੇ ਉਸ ਦੀ ਤਾੜਨਾ ਵਿੱਚ ਉਸ ਦੇ ਪ੍ਰਗਟਾਉ ਨੂੰ ਵੇਖਣਾ

ਉਨ੍ਹਾਂ ਲੱਖਾਂ ਕਰੋੜਾਂ ਲੋਕਾਂ ਵਾਂਗ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਦੇ ਹਨ ਅਸੀਂ ਵੀ ਬਾਈਬਲ ਦੀਆਂ ਬਿਧੀਆਂ ਅਤੇ ਹੁਕਮਾਂ ਨੂੰ ਮੰਨਦੇ ਹਾਂ, ਪ੍ਰਭੂ ਯਿਸੂ ਮਸੀਹ ਦੀ ਭਰਪੂਰ ਕਿਰਪਾ ਦਾ ਅਨੰਦ ਮਾਣਦੇ ਹਾਂ, ਆਪਸ ਵਿੱਚ ਇਕੱਠੇ ਹੁੰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਉਸਤਤ ਕਰਦੇ ਹਾਂ ਅਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸੇਵਾ ਕਰਦੇ ਹਾਂ, ਅਤੇ ਇਹ ਸਭ ਕੁਝ ਅਸੀਂ ਪ੍ਰਭੂ ਦੀ ਦੇਖਭਾਲ ਅਤੇ ਸੁਰੱਖਿਆ ਹੇਠ ਕਰਦੇ ਹਾਂ। ਅਸੀਂ ਅਕਸਰ ਨਿਰਬਲ ਹੁੰਦੇ ਹਾਂ ਅਤੇ ਅਕਸਰ ਮਜ਼ਬੂਤ ਵੀ ਹੁੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਸਾਰੇ ਕੰਮ ਪ੍ਰਭੂ ਦੀਆਂ ਸਿੱਖਿਆਵਾਂ ਦੇ ਅਨੁਸਾਰ ਹਨ। ਇਸ ਲਈ, ਇਹ ਕਹਿਣ ਦੀ ਲੋੜ ਨਹੀਂ ਹੈ ਕਿ ਅਸੀਂ ਇਹ ਵੀ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਸਵਰਗੀ ਪਿਤਾ ਦੀ ਇੱਛਾ ਨੂੰ ਪੂਰਾ ਕਰਨ ਦੇ ਰਾਹ ’ਤੇ ਚੱਲ ਰਹੇ ਹਾਂ। ਅਸੀਂ ਪ੍ਰਭੂ ਯਿਸੂ ਦੇ ਵਾਪਸ ਮੁੜਨ ਦੀ, ਉਸ ਦੀ ਮਹਿਮਾਮਈ ਆਮਦ ਦੀ, ਧਰਤੀ ਉੱਤੇ ਸਾਡੇ ਜੀਵਨ ਦੇ ਅੰਤ ਦੀ, ਪਰਮੇਸ਼ੁਰ ਦੇ ਰਾਜ ਦੇ ਪਰਗਟ ਹੋਣ ਦੀ ਅਤੇ ਹਰ ਗੱਲ ਦੀ ਤਾਂਘ ਰੱਖਦੇ ਹਾਂ, ਜਿਵੇਂ ਕਿ ਪਰਕਾਸ਼ ਦੀ ਪੋਥੀ ਵਿੱਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ: ਪ੍ਰਭੂ ਆਵੇਗਾ, ਉਹ ਤਬਾਹੀ ਨੂੰ ਲਿਆਵੇਗਾ, ਉਹ ਭਲੇ ਮਨੁੱਖ ਨੂੰ ਪ੍ਰਤੀਫਲ ਅਤੇ ਦੁਸ਼ਟ ਨੂੰ ਸਜ਼ਾ ਦੇਵੇਗਾ, ਅਤੇ ਉਨ੍ਹਾਂ ਸਭਨਾਂ ਨੂੰ ਆਪਣੇ ਨਾਲ ਲੈ ਜਾਵੇਗਾ ਜਿਹੜੇ ਉਸ ਦੇ ਪਿੱਛੇ ਚੱਲਦੇ ਹਨ ਅਤੇ ਬੱਦਲਾਂ ਵਿੱਚ ਉਸ ਨੂੰ ਮਿਲਣ ਲਈ ਉਸ ਦੀ ਆਮਦ ਦਾ ਸਵਾਗਤ ਕਰਦੇ ਹਨ। ਅਸੀਂ ਜਦੋਂ ਵੀ ਇਸ ਦੇ ਬਾਰੇ ਸੋਚਦੇ ਹਾਂ ਤਾਂ ਆਪਣੇ ਆਪ ਇਸ ਡੂੰਘੇ ਅਹਿਸਾਸ ਵਿੱਚ ਜਕੜੇ ਜਾਂਦੇ ਹਾਂ ਅਤੇ ਸ਼ੁਕਰਗੁਜ਼ਾਰੀ ਨਾਲ ਭਰ ਜਾਂਦੇ ਹਾਂ ਕਿ ਅਸੀਂ ਅੰਤ ਦੇ ਦਿਨਾਂ ਵਿੱਚ ਪੈਦਾ ਹੋਏ ਅਤੇ ਸਾਨੂੰ ਪ੍ਰਭੂ ਦੀ ਆਮਦ ਦੇ ਗਵਾਹ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਸੀਂ ਭਾਵੇਂ ਸਤਾਓ ਤਾਂ ਝੱਲਿਆ ਹੈ, ਪਰ ਬਦਲੇ ਵਿੱਚ ਸਾਨੂੰ “ਅੱਤ ਭਾਰੀ ਅਤੇ ਸਦੀਪਕ ਵਡਿਆਈ” ਪ੍ਰਾਪਤ ਹੋਈ ਹੈ। ਇਹ ਕਿੰਨੀ ਵੱਡੀ ਬਰਕਤ ਹੈ! ਇਹ ਸਭ ਤਾਂਘ ਅਤੇ ਕਿਰਪਾ ਜੋ ਪ੍ਰਭੂ ਨੇ ਬਖਸ਼ੀ ਹੈ, ਸਾਨੂੰ ਨਿਰੰਤਰ ਪ੍ਰਾਰਥਨਾ ਵਿੱਚ ਗੰਭੀਰ ਬਣਾਈ ਰੱਖਦੀ ਹੈ ਅਤੇ ਆਪਸ ਵਿੱਚ ਇਕੱਠੇ ਹੋਣ ਪ੍ਰਤੀ ਹੋਰ ਜ਼ਿਆਦਾ ਉੱਦਮੀ ਬਣਾਉਂਦੀ ਹੈ। ਹੋ ਸਕਦਾ ਹੈ ਅਗਲੇ ਸਾਲ, ਹੋ ਸਕਦਾ ਹੈ ਕੱਲ੍ਹ, ਅਤੇ ਹੋ ਸਕਦਾ ਹੈ ਕਿ ਮਨੁੱਖ ਦੇ ਸੋਚਣ ਤੋਂ ਵੀ ਘੱਟ ਸਮੇਂ ਵਿੱਚ ਪ੍ਰਭੂ ਅਚਾਨਕ ਉੱਤਰ ਕੇ ਉਨ੍ਹਾਂ ਲੋਕਾਂ ਦੇ ਝੁੰਡ ਵਿੱਚ ਪਰਗਟ ਹੋ ਜਾਵੇ ਜਿਹੜੇ ਬੜੀ ਵਿਆਕੁਲਤਾ ਨਾਲ ਉਸ ਦੀ ਉਡੀਕ ਕਰ ਰਹੇ ਹਨ। ਅਸੀਂ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ, ਅਤੇ ਅਸੀਂ ਇਹ ਸਭ ਇਸ ਲਈ ਕਰਦੇ ਹਾਂ ਤਾਂਕਿ ਅਸੀਂ ਲੋਕਾਂ ਦੇ ਪਹਿਲੇ ਸਮੂਹ ਦਾ ਹਿੱਸਾ ਬਣ ਕੇ ਪ੍ਰਭੂ ਦੇ ਪਰਗਟ ਹੋਣ ਨੂੰ ਵੇਖ ਸਕੀਏ, ਰੈਪਚਰ (ਵਿਸ਼ਵਾਸੀਆਂ ਦਾ ਉਠਾਏ ਜਾਣਾ) ਦੌਰਾਨ ਉਠਾਏ ਜਾਣ ਵਾਲਿਆਂ ਵਿੱਚ ਸ਼ਾਮਲ ਹੋ ਸਕੀਏ। ਇਸ ਦਿਨ ਦੀ ਆਮਦ ਦੇ ਲਈ ਅਸੀਂ ਸਭ ਕੁਝ ਨਿਛਾਵਰ ਕਰ ਦਿੱਤਾ ਹੈ, ਕੀਮਤ ਦੀ ਵੀ ਪਰਵਾਹ ਨਹੀਂ ਕੀਤੀ; ਕਈਆਂ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ, ਕਈਆਂ ਨੇ ਆਪਣੇ ਪਰਿਵਾਰਾਂ ਨੂੰ ਛੱਡ ਦਿੱਤਾ, ਕਈਆਂ ਨੇ ਆਪਣੇ ਵਿਆਹ-ਸਬੰਧ ਨੂੰ ਤਿਆਗ ਦਿੱਤਾ, ਅਤੇ ਕਈਆਂ ਨੇ ਤਾਂ ਆਪਣੀ ਸਾਰੀ ਪੂੰਜੀ ਦਾਨ ਵਿੱਚ ਦੇ ਦਿੱਤੀ। ਇਹ ਨਿਸਵਾਰਥ ਭਗਤੀ ਦੇ ਕਿੰਨੇ ਮਹਾਨ ਕੰਮ ਹਨ! ਇਸ ਤਰ੍ਹਾਂ ਦੀ ਇਮਾਨਦਾਰੀ ਅਤੇ ਵਫਾਦਾਰੀ ਨਿਸ਼ਚਿਤ ਤੌਰ ’ਤੇ ਬੀਤੇ ਸਮੇਂ ਦੇ ਸੰਤਾਂ ਨੂੰ ਵੀ ਪਿੱਛੇ ਛੱਡਦੀ ਹੈ! ਪ੍ਰਭੂ ਜਿਸ ਉੱਤੇ ਚਾਹੁੰਦਾ ਹੈ ਆਪਣੀ ਕਿਰਪਾ ਉਂਡੇਲਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਆਪਣੀ ਦਇਆ ਬਖਸ਼ਦਾ ਹੈ, ਇਸ ਲਈ ਸਾਡਾ ਵਿਸ਼ਵਾਸ ਹੈ ਕਿ ਸਾਡੇ ਭਗਤੀ ਅਤੇ ਉਸ ਦੇ ਲਈ ਖਰਚ ਹੋ ਜਾਣ ਦੇ ਕੰਮਾਂ ਨੂੰ ਉਸ ਦੀਆਂ ਅੱਖਾਂ ਬਹੁਤ ਲੰਮੇ ਸਮੇਂ ਤੋਂ ਵੇਖ ਰਹੀਆਂ ਹਨ। ਇਸੇ ਤਰ੍ਹਾਂ ਸਾਡੀਆਂ ਦਿਲ ਤੋਂ ਕੀਤੀਆਂ ਪ੍ਰਾਰਥਨਾਵਾਂ ਵੀ ਉਸ ਦੇ ਕੰਨਾਂ ਤੱਕ ਪਹੁੰਚੀਆਂ ਹਨ ਅਤੇ ਸਾਡਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਸਾਡੇ ਇਸ ਸਮਰਪਣ ਦਾ ਬਦਲਾ ਸਾਨੂੰ ਜ਼ਰੂਰ ਦੇਵੇਗਾ। ਇਸ ਤੋਂ ਇਲਾਵਾ, ਪਰਮੇਸ਼ੁਰ ਸ੍ਰਿਸ਼ਟੀ ਦੀ ਸਿਰਜਣਾ ਤੋਂ ਪਹਿਲਾਂ ਤੋਂ ਹੀ ਸਾਡੇ ਪ੍ਰਤੀ ਕਿਰਪਾਲੂ ਸੀ, ਅਤੇ ਜਿਹੜੀਆਂ ਬਰਕਤਾਂ ਅਤੇ ਵਾਇਦੇ ਉਸ ਨੇ ਸਾਨੂੰ ਦਿੱਤੇ ਹਨ ਉਹ ਕੋਈ ਵੀ ਸਾਡੇ ਤੋਂ ਖੋਹ ਨਹੀਂ ਸਕਦਾ। ਅਸੀਂ ਸਾਰੇ ਭਵਿੱਖ ਦੀ ਯੋਜਨਾ ਬਣਾ ਰਹੇ ਹਾਂ, ਅਤੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣੇ ਸਮਰਪਣ ਅਤੇ ਪ੍ਰਭੂ ਲਈ ਖਰਚ ਹੋ ਜਾਣ ਨੂੰ ਅਜਿਹੀ ਪੂੰਜੀ ਬਣਾ ਲਿਆ ਹੈ ਜਿਸ ਨੂੰ ਅਸੀਂ ਹਵਾ ਵਿੱਚ ਪ੍ਰਭੂ ਦੇ ਨਾਲ ਮਿਲਣ ਲਈ ਉਠਾਏ ਜਾਣ ਨਾਲ ਤਬਦੀਲ ਕਰ ਸਕੀਏ। ਇਸ ਤੋਂ ਵੀ ਵਧ ਕੇ, ਅਸੀਂ ਸਾਰੀਆਂ ਕੌਮਾਂ ਅਤੇ ਸਾਰੇ ਲੋਕਾਂ ਉੱਤੇ ਪ੍ਰਧਾਨ ਹੋਣ ਲਈ ਜਾਂ ਰਾਜਿਆਂ ਵਾਂਗ ਉਨ੍ਹਾਂ ਉੱਤੇ ਰਾਜ ਕਰਨ ਲਈ ਆਪਣੇ ਆਪ ਨੂੰ ਬਿਨਾਂ ਜ਼ਰਾ ਵੀ ਝਿਜਕੇ ਭਵਿੱਖ ਦੇ ਸਿੰਘਾਸਣ ਉੱਤੇ ਬਿਠਾ ਲਿਆ ਹੈ। ਇਸ ਸਭ ਨੂੰ ਅਸੀਂ ਯਕੀਨੀ ਸਮਝਦੇ ਹਾਂ, ਅਰਥਾਤ ਕੁਝ ਅਜਿਹਾ ਜਿਸ ਦੇ ਹੋਣ ਦੀ ਪੱਕੀ ਉਮੀਦ ਹੈ।

ਅਸੀਂ ਉਨ੍ਹਾਂ ਸਾਰਿਆਂ ਨਾਲ ਘਿਰਣਾ ਕਰਦੇ ਹਾਂ ਜਿਹੜੇ ਪ੍ਰਭੂ ਯਿਸੂ ਦਾ ਵਿਰੋਧ ਕਰਦੇ ਹਨ; ਉਨ੍ਹਾਂ ਸਭਨਾਂ ਦਾ ਅੰਤ ਸੰਪੂਰਣ ਵਿਨਾਸ਼ ਹੋਵੇਗਾ। ਕਿਸ ਨੇ ਉਨ੍ਹਾਂ ਨੂੰ ਇਹ ਵਿਸ਼ਵਾਸ ਕਰਨ ਤੋਂ ਮਨ੍ਹਾ ਕੀਤਾ ਕਿ ਪ੍ਰਭੂ ਯਿਸੂ ਹੀ ਮੁਕਤੀਦਾਤਾ ਹੈ? ਨਿਸ਼ਚਿਤ ਤੌਰ ’ਤੇ ਅਜਿਹੇ ਸਮੇਂ ਵੀ ਹੁੰਦੇ ਹਨ ਜਦੋਂ ਅਸੀਂ ਪ੍ਰਭੂ ਯਿਸੂ ਵਰਗੇ ਬਣ ਕੇ ਦੁਨੀਆ ਦੇ ਲੋਕਾਂ ਪ੍ਰਤੀ ਤਰਸ ਵਿਖਾਉਂਦੇ ਹਾਂ, ਕਿਉਂਕਿ ਉਹ ਨਹੀਂ ਸਮਝਦੇ ਅਤੇ ਸਾਡੇ ਲਈ ਇਹ ਉਚਿਤ ਹੈ ਕਿ ਅਸੀਂ ਉਨ੍ਹਾਂ ਦੇ ਪ੍ਰਤੀ ਸਹਿਣਸ਼ੀਲ ਅਤੇ ਮਾਫ਼ ਕਰਨ ਵਾਲੇ ਬਣੀਏ। ਅਸੀਂ ਜੋ ਵੀ ਕਰਦੇ ਹਾਂ ਉਹ ਬਾਈਬਲ ਦੇ ਵਚਨਾਂ ਦੇ ਅਨੁਸਾਰ ਹੈ, ਕਿਉਂਕਿ ਉਹ ਕੋਈ ਵੀ ਗੱਲ ਜਿਹੜੀ ਬਾਈਬਲ ਦੇ ਨਾਲ ਮੇਲ ਨਹੀਂ ਖਾਂਦੀ, ਉਹ ਬਾਈਬਲ ਤੋਂ ਭਟਕਣਾ ਅਤੇ ਬੇਮੁੱਖ ਹੋਣਾ ਹੈ। ਇਸ ਤਰ੍ਹਾਂ ਦੀ ਵਿਚਾਰਧਾਰਾ ਦੀ ਜੜ੍ਹ ਸਾਡੇ ਸਭਨਾਂ ਦੇ ਮਨ ਵਿੱਚ ਬੜੀ ਡੂੰਘੀ ਹੈ। ਸਾਡਾ ਪ੍ਰਭੂ ਬਾਈਬਲ ਵਿੱਚ ਵੱਸਦਾ ਹੈ ਅਤੇ ਜੇ ਅਸੀਂ ਬਾਈਬਲ ਤੋਂ ਬੇਮੁੱਖ ਨਹੀਂ ਹੁੰਦੇ ਤਾਂ ਅਸੀਂ ਪ੍ਰਭੂ ਤੋਂ ਵੀ ਬੇਮੁੱਖ ਨਹੀਂ ਹੋਵਾਂਗੇ; ਜੇ ਅਸੀਂ ਇਸ ਸਿਧਾਂਤ ਉੱਤੇ ਕਾਇਮ ਰਹਿੰਦੇ ਹਾਂ ਤਾਂ ਅਸੀਂ ਮੁਕਤੀ ਪ੍ਰਾਪਤ ਕਰਾਂਗੇ। ਅਸੀਂ ਇੱਕ ਦੂਜੇ ਨੂੰ ਉਤਸ਼ਾਹਿਤ ਕਰਦੇ ਹਾਂ, ਇੱਕ ਜਣਾ ਦੂਜੇ ਦੀ ਸਹਾਇਤਾ ਕਰਦਾ ਹੈ, ਅਤੇ ਜਦੋਂ ਵੀ ਅਸੀਂ ਆਪਸ ਵਿੱਚ ਇਕੱਠੇ ਹੁੰਦੇ ਹਾਂ ਤਾਂ ਆਸ ਕਰਦੇ ਹਾਂ ਕਿ ਜੋ ਵੀ ਅਸੀਂ ਕਹਿੰਦੇ ਅਤੇ ਕਰਦੇ ਹਾਂ ਉਹ ਪ੍ਰਭੂ ਦੀ ਇੱਛਾ ਦੇ ਅਨੁਸਾਰ ਹੈ ਅਤੇ ਪ੍ਰਭੂ ਨੂੰ ਗ੍ਰਹਿਣਯੋਗ ਹੋਵੇਗਾ। ਬਹੁਤ ਵਿਰੋਧ ਭਰੇ ਮਾਹੌਲ ਵਿੱਚ ਵੀ ਸਾਡੇ ਹਿਰਦੇ ਖੁਸ਼ੀ ਨਾਲ ਭਰੇ ਹੁੰਦੇ ਹਨ। ਜਦੋਂ ਅਸੀਂ ਉਨ੍ਹਾਂ ਬਰਕਤਾਂ ਬਾਰੇ ਸੋਚਦੇ ਹਾਂ ਜਿਹੜੀਆਂ ਇੰਨੀ ਅਸਾਨੀ ਨਾਲ ਸਾਡੀ ਪਹੁੰਚ ਵਿੱਚ ਹਨ, ਤਾਂ ਕੀ ਕੋਈ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਆਪਣੇ ਤੋਂ ਪਰੇ ਨਹੀਂ ਕਰ ਸਕਦੇ? ਕੀ ਕੁਝ ਅਜਿਹਾ ਹੈ ਜਿਸ ਤੋਂ ਅੱਲਗ ਹੋਣ ਤੋਂ ਅਸੀਂ ਝਿਜਕਦੇ ਹਾਂ? ਇਸ ਸਭ ਬਾਰੇ ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਸਭ ਕੁਝ ਪਰਮੇਸ਼ੁਰ ਦੀਆਂ ਚੌਕਸ ਨਜ਼ਰਾਂ ਦੇ ਸਾਹਮਣੇ ਹੈ। ਅਸੀਂ, ਜਿਹੜੇ ਉਨ੍ਹਾਂ ਮੁੱਠੀ-ਭਰ ਲੋੜਵੰਦ ਲੋਕਾਂ ਵਿੱਚੋਂ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਕੂੜੇ ਦੇ ਢੇਰ ਤੋਂ ਚੁੱਕਿਆ ਹੈ, ਅਸੀਂ ਵੀ ਪ੍ਰਭੂ ਯਿਸੂ ਦੇ ਦੂਜੇ ਸਧਾਰਣ ਪੈਰੋਕਾਰਾਂ ਵਾਂਗ ਹੀ ਉਠਾਏ ਜਾਣ ਦੇ, ਬਰਕਤ ਪਾਉਣ ਦੇ ਅਤੇ ਕੌਮਾਂ ਉੱਤੇ ਰਾਜ ਕਰਨ ਦੇ ਸੁਪਨੇ ਵੇਖ ਰਹੇ ਹਾਂ। ਸਾਡੀ ਭ੍ਰਿਸ਼ਟਤਾ ਪਰਮੇਸ਼ੁਰ ਦੇ ਸਾਹਮਣੇ ਉਜਾਗਰ ਹੋ ਚੁੱਕੀ ਹੈ ਅਤੇ ਸਾਡੀਆਂ ਇੱਛਾਵਾਂ ਅਤੇ ਲੋਭ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਦੋਸ਼ੀ ਠਹਿਰਾਏ ਜਾ ਚੁੱਕੇ ਹਨ। ਤਾਂ ਵੀ, ਇਹ ਸਭ ਕੁਝ ਇੰਨੇ ਸੁਭਾਵਕ ਅਤੇ ਇੰਨੇ ਤਾਰਕਿਕ ਢੰਗ ਨਾਲ ਹੁੰਦਾ ਹੈ ਕਿ ਸਾਡੇ ਵਿੱਚੋਂ ਕੋਈ ਵੀ ਇਹ ਨਹੀਂ ਸੋਚਦਾ ਕਿ ਸਾਡੀਆਂ ਇਹ ਜੋ ਤਾਂਘਾਂ ਹਨ ਕੀ ਇਹ ਸਹੀ ਵੀ ਹਨ, ਉਨ੍ਹਾਂ ਸਭਨਾਂ ਗੱਲਾਂ ਦੀ ਸਟੀਕਤਾ ਉੱਤੇ ਸ਼ੱਕ ਕਰਨ ਦੀ ਤਾਂ ਗੱਲ ਹੀ ਬੜੀ ਦੂਰ ਹੈ ਜਿਨ੍ਹਾਂ ਨੂੰ ਅਸੀਂ ਫੜੀ ਬੈਠੇ ਹਾਂ। ਪਰਮੇਸ਼ੁਰ ਦੀ ਇੱਛਾ ਨੂੰ ਕੌਣ ਜਾਣ ਸਕਦਾ ਹੈ? ਉਹ ਰਾਹ ਜਿਸ ਉੱਤੇ ਮਨੁੱਖ ਚੱਲਦਾ ਹੈ ਅਸਲ ਵਿੱਚ ਕਿਹੋ ਜਿਹਾ ਹੈ, ਅਸੀਂ ਇਸ ਦਾ ਪਤਾ ਲਗਾਉਣਾ ਜਾਂ ਖੋਜ ਕਰਨਾ ਨਹੀਂ ਜਾਣਦੇ; ਇਸ ਦੀ ਛਾਣਬੀਣ ਕਰਨ ਵਿੱਚ ਤਾਂ ਸਾਡੀ ਦਿਲਚਸਪੀ ਬਹੁਤ ਹੀ ਘੱਟ ਹੈ। ਕਿਉਂਕਿ ਸਾਨੂੰ ਸਿਰਫ ਇਸ ਗੱਲ ਦੀ ਪਰਵਾਹ ਹੈ ਕਿ ਅਸੀਂ ਉਠਾਏ ਜਾ ਸਕਾਂਗੇ ਕਿ ਨਹੀਂ, ਅਸੀਂ ਬਰਕਤ ਪਾ ਸਕਾਂਗੇ ਜਾਂ ਨਹੀਂ, ਸਵਰਗ ਦੇ ਰਾਜ ਵਿੱਚ ਸਾਡੇ ਲਈ ਜਗ੍ਹਾ ਹੋਵੇਗੀ ਜਾਂ ਨਹੀਂ, ਅਤੇ ਜੀਵਨ ਜਲ ਦੀ ਨਦੀ ਵਿੱਚ ਅਤੇ ਜੀਵਨ ਦੇ ਬਿਰਛ ਦੇ ਫਲ ਵਿੱਚ ਸਾਡਾ ਕੋਈ ਹਿੱਸਾ ਹੋਵੇਗਾ ਜਾਂ ਨਹੀਂ। ਕੀ ਇਨ੍ਹਾਂ ਚੀਜ਼ਾਂ ਨੂੰ ਹਾਸਲ ਕਰਨ ਲਈ ਹੀ ਅਸੀਂ ਪ੍ਰਭੂ ਉੱਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਸ ਦੇ ਪੈਰੋਕਾਰ ਨਹੀਂ ਬਣਦੇ? ਸਾਡੇ ਪਾਪ ਮਾਫ਼ ਹੋ ਚੁੱਕੇ ਹਨ, ਅਸੀਂ ਤੌਬਾ ਕਰ ਲਈ ਹੈ, ਅਸੀਂ ਦਾਖਰਸ ਦੇ ਕੌੜੇ ਪਿਆਲੇ ਨੂੰ ਪੀ ਚੁੱਕੇ ਹਾਂ, ਅਤੇ ਅਸੀਂ ਸਲੀਬ ਨੂੰ ਆਪਣੀ ਪਿੱਠ ਉੱਤੇ ਚੁੱਕ ਲਿਆ ਹੈ। ਕੌਣ ਕਹਿ ਸਕਦਾ ਹੈ ਕਿ ਪ੍ਰਭੂ ਉਸ ਕੀਮਤ ਨੂੰ ਗ੍ਰਹਿਣ ਨਹੀਂ ਕਰੇਗਾ ਜਿਹੜੀ ਅਸੀਂ ਚੁਕਾਈ ਹੈ? ਕੌਣ ਕਹਿ ਸਕਦਾ ਹੈ ਕਿ ਅਸੀਂ ਲੋੜੀਂਦਾ ਤੇਲ ਆਪਣੇ ਨਾਲ ਰੱਖ ਕੇ ਤਿਆਰੀ ਨਹੀਂ ਕੀਤੀ ਹੈ? ਅਸੀਂ ਮੂਰਖ ਕੁਆਰੀਆਂ ਵਰਗੇ ਜਾਂ ਉਨ੍ਹਾਂ ਵਿੱਚੋਂ ਕਿਸੇ ਵਰਗੇ ਨਹੀਂ ਬਣਨਾ ਚਾਹੁੰਦੇ ਜਿਹੜੇ ਤਿਆਗੇ ਜਾਂਦੇ ਹਨ। ਇਸ ਦੇ ਨਾਲ-ਨਾਲ, ਅਸੀਂ ਲਗਾਤਾਰ ਪ੍ਰਾਰਥਨਾ ਕਰਦੇ ਹੋਏ ਪ੍ਰਭੂ ਤੋਂ ਮੰਗਦੇ ਹਾਂ ਕਿ ਉਹ ਸਾਨੂੰ ਝੂਠੇ ਮਸੀਹਾਂ ਦੁਆਰਾ ਭਰਮਾਏ ਜਾਣ ਤੋਂ ਬਚਾਈ ਰੱਖੇ, ਕਿਉਂਕਿ ਬਾਈਬਲ ਵਿੱਚ ਕਿਹਾ ਗਿਆ ਹੈ: “ਤਦ ਜੇ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਐਥੇ ਜਾ ਉੱਥੇ ਹੈ ਤਾਂ ਸੱਚ ਨਾ ਮੰਨਣਾ ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਰ ਅਜੇਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸੱਕਦਾ ਹੈ ਤਾਂ ਓਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦਿੰਦੇ” (ਮੱਤੀ 24:23-24)। ਅਸੀਂ ਸਭਨਾਂ ਨੇ ਬਾਈਬਲ ਦੀਆਂ ਇਨ੍ਹਾਂ ਆਇਤਾਂ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ; ਅਸੀਂ ਇਨ੍ਹਾਂ ਨੂੰ ਮੂੰਹਜ਼ਬਾਨੀ ਜਾਣਦੇ ਹਾਂ, ਅਤੇ ਇਨ੍ਹਾਂ ਨੂੰ ਇੱਕ ਕੀਮਤੀ ਖਜ਼ਾਨੇ ਦੇ ਤੌਰ ਤੇ, ਜੀਵਨ ਦੇ ਤੌਰ ਤੇ, ਅਤੇ ਅਜਿਹੇ ਪ੍ਰਮਾਣ-ਪੱਤਰ ਦੇ ਤੌਰ ਤੇ ਵੇਖਦੇ ਹਾਂ ਜਿਸ ਤੋਂ ਇਹ ਫੈਸਲਾ ਹੁੰਦਾ ਹੈ ਕਿ ਅਸੀਂ ਬਚਾਏ ਜਾਂ ਉਠਾਏ ਜਾ ਸਕਦੇ ਹਾਂ ਕਿ ਨਹੀਂ ...

ਹਜ਼ਾਰਾਂ ਸਾਲਾਂ ਤੋਂ ਮਨੁੱਖ ਮਰਦੇ ਆਏ ਹਨ ਅਤੇ ਜਦੋਂ ਉਹ ਮਰਦੇ ਹਨ ਤਾਂ ਉਨ੍ਹਾਂ ਦੀਆਂ ਤਾਂਘਾਂ ਅਤੇ ਉਨ੍ਹਾਂ ਦੇ ਸੁਪਨੇ ਵੀ ਉਨ੍ਹਾਂ ਦੇ ਨਾਲ ਹੀ ਚਲੇ ਜਾਂਦੇ ਹਨ, ਪਰ ਉਹ ਸਵਰਗ ਦੇ ਰਾਜ ਵਿੱਚ ਗਏ ਹਨ ਜਾਂ ਨਹੀਂ, ਇਸ ਦੇ ਬਾਰੇ ਅਸਲ ਵਿੱਚ ਕੋਈ ਨਹੀਂ ਜਾਣਦਾ। ਮੁਰਦੇ ਵਾਪਸ ਮੁੜਦੇ ਹਨ ਅਤੇ ਉਨ੍ਹਾਂ ਨੂੰ ਉਹ ਸਭ ਕਹਾਣੀਆਂ ਭੁੱਲ ਚੁੱਕੀਆਂ ਹੁੰਦੀਆਂ ਹਨ ਜਿਹੜੀਆਂ ਇੱਕ ਸਮੇਂ ਵਾਪਰੀਆਂ ਸਨ, ਅਤੇ ਉਹ ਅਜੇ ਵੀ ਆਪਣੇ ਪੁਰਖਿਆਂ ਦੇ ਰਾਹਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹਨ। ਅਤੇ ਇਸ ਤਰ੍ਹਾਂ, ਦਿਨ ਅਤੇ ਸਾਲ ਬੀਤਦੇ ਜਾਂਦੇ ਹਨ ਪਰ ਕੋਈ ਨਹੀਂ ਜਾਣਦਾ ਕਿ ਜੋ ਕੁਝ ਅਸੀਂ ਕਰਦੇ ਹਾਂ ਉਹ ਸਾਡੇ ਪ੍ਰਭੂ ਯਿਸੂ, ਸਾਡੇ ਪਰਮੇਸ਼ੁਰ ਨੂੰ ਸੱਚਮੁੱਚ ਗ੍ਰਹਿਣਯੋਗ ਹੈ ਜਾਂ ਨਹੀਂ। ਅਸੀਂ ਕੇਵਲ ਇੰਨਾ ਹੀ ਕਰ ਸਕਦੇ ਹਾਂ ਕਿ ਨਤੀਜੇ ਦੀ ਉਡੀਕ ਕਰਦੇ ਰਹੀਏ ਅਤੇ ਜੋ ਕੁਝ ਹੋਣ ਵਾਲਾ ਹੈ ਉਸ ਦਾ ਅਨੁਮਾਨ ਲਗਾਉਂਦੇ ਰਹੀਏ। ਇਸ ਦੇ ਬਾਵਜੂਦ, ਪਰਮੇਸ਼ੁਰ ਨੇ ਹੁਣ ਤੱਕ ਚੁੱਪ ਵੱਟ ਛੱਡੀ ਹੈ, ਉਸ ਨੇ ਕਦੇ ਸਾਨੂੰ ਦਰਸ਼ਨ ਨਹੀਂ ਦਿੱਤਾ ਅਤੇ ਕਦੇ ਸਾਡੇ ਨਾਲ ਬੋਲਿਆ ਨਹੀਂ ਹੈ। ਅਤੇ ਇਸੇ ਕਾਰਣ, ਅਸੀਂ ਬਾਈਬਲ ਦੇ ਅਧਾਰ ’ਤੇ ਅਤੇ ਨਿਸ਼ਾਨਾਂ ਦੇ ਅਨੁਸਾਰ ਸੋਚ ਸਮਝ ਕੇ ਪਰਮੇਸ਼ੁਰ ਦੀ ਇੱਛਾ ਅਤੇ ਉਸ ਦੇ ਸੁਭਾਅ ਦੇ ਬਾਰੇ ਫੈਸਲੇ ਕਰਦੇ ਹਾਂ। ਅਸੀਂ ਪਰਮੇਸ਼ੁਰ ਦੀ ਚੁੱਪੀ ਦੇ ਆਦੀ ਹੋ ਗਏ ਹਾਂ; ਅਸੀਂ ਆਪਣੇ ਚਾਲ-ਚਲਣ ਦੀਆਂ ਸਹੀ ਅਤੇ ਗਲਤ ਗੱਲਾਂ ਨੂੰ ਆਪਣੇ ਸੋਚਣ ਦੇ ਤਰੀਕੇ ਦੁਆਰਾ ਮਾਪਣ ਦੇ ਆਦੀ ਹੋ ਗਏ ਹਾਂ; ਅਸੀਂ ਉਨ੍ਹਾਂ ਮੰਗਾਂ ਦੇ ਸਥਾਨ ਤੇ ਜੋ ਪਰਮੇਸ਼ੁਰ ਸਾਡੇ ਤੋਂ ਕਰਦਾ ਹੈ, ਆਪਣੇ ਗਿਆਨ, ਆਪਣੀਆਂ ਧਾਰਣਾਵਾਂ ਅਤੇ ਨੈਤਿਕ ਸਦਾਚਾਰ ਉੱਤੇ ਨਿਰਭਰ ਹੋਣ ਦੇ ਆਦੀ ਹੋ ਗਏ ਹਾਂ; ਅਸੀਂ ਪਰਮੇਸ਼ੁਰ ਦੀ ਕਿਰਪਾ ਦਾ ਅਨੰਦ ਮਾਨਣ ਦੇ ਆਦੀ ਹੋ ਗਏ ਹਾਂ; ਅਸੀਂ ਹਰ ਵਾਰ ਲੋੜ ਪੈਣ ’ਤੇ ਪਰਮੇਸ਼ੁਰ ਵੱਲੋਂ ਸਾਨੂੰ ਸਹਾਇਤਾ ਪ੍ਰਦਾਨ ਕਰਨ ਦੇ ਆਦੀ ਹੋ ਗਏ ਹਾਂ; ਅਸੀਂ ਹਰ ਚੀਜ਼ ਲਈ ਪਰਮੇਸ਼ੁਰ ਦੇ ਸਾਹਮਣੇ ਹੱਥ ਫੈਲਾਉਣ ਅਤੇ ਉਸ ਨੂੰ ਹੁਕਮ ਦੇਣ ਦੇ ਆਦੀ ਹੋ ਗਏ ਹਾਂ; ਅਸੀਂ ਨਿਯਮਾਂ ਅਨੁਸਾਰ ਢਲਣ ਦੇ ਵੀ ਆਦੀ ਹੋ ਗਏ ਹਾਂ ਅਤੇ ਇਸ ਗੱਲ ਉੱਤੇ ਧਿਆਨ ਨਹੀਂ ਦਿੰਦੇ ਕਿ ਪਵਿੱਤਰ ਆਤਮਾ ਸਾਨੂੰ ਕਿਵੇਂ ਚਲਾਉਂਦਾ ਹੈ; ਅਤੇ ਇਸ ਤੋਂ ਵੀ ਵਧ ਕੇ, ਅਸੀਂ ਉਨ੍ਹਾਂ ਦਿਨਾਂ ਦੇ ਆਦੀ ਹੋ ਗਏ ਹਾਂ ਜਿਨ੍ਹਾਂ ਵਿੱਚ ਅਸੀਂ ਆਪਣੇ ਮਾਲਕ ਆਪ ਹਾਂ। ਅਸੀਂ ਇਸੇ ਤਰ੍ਹਾਂ ਦੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਹਾਂ, ਜਿਸ ਨੂੰ ਅਸੀਂ ਕਦੇ ਆਹਮਣੇ-ਸਾਹਮਣੇ ਨਹੀਂ ਮਿਲੇ ਹਾਂ। ਇਸ ਤਰ੍ਹਾਂ ਦੇ ਸਵਾਲ ਕਿ ਉਸ ਦਾ ਸੁਭਾਅ ਕਿਹੋ ਜਿਹਾ ਹੈ, ਉਸ ਦੇ ਕੋਲ ਕੀ ਹੈ ਅਤੇ ਉਸ ਦੀ ਸ਼ਖਸੀਅਤ ਕੀ ਹੈ, ਉਸ ਦਾ ਸਰੂਪ ਕਿਹੋ ਜਿਹਾ ਹੈ, ਕੀ ਜਦੋਂ ਉਹ ਆਵੇਗਾ ਤਾਂ ਅਸੀਂ ਉਸ ਨੂੰ ਜਾਣਾਂਗੇ ਜਾਂ ਨਹੀਂ, ਅਤੇ ਇਸੇ ਤਰ੍ਹਾਂ ਦੇ ਹੋਰ ਕਈ ਸਵਾਲ-ਇਨ੍ਹਾਂ ਵਿੱਚੋਂ ਕੋਈ ਸਵਾਲ ਮਹੱਤਵਪੂਰਣ ਨਹੀਂ ਹੈ। ਮਹੱਤਵਪੂਰਣ ਇਹ ਹੈ ਕਿ ਉਹ ਸਾਡੇ ਦਿਲਾਂ ਵਿੱਚ ਵੱਸਦਾ ਹੈ ਅਤੇ ਅਸੀਂ ਉਸ ਦੀ ਉਡੀਕ ਕਰਾਂਗੇ, ਅਤੇ ਸਾਡੇ ਲਈ ਇਹ ਕਲਪਨਾ ਕਰਨਾ ਹੀ ਕਾਫੀ ਹੈ ਕਿ ਉਹ ਇਸ ਤਰ੍ਹਾਂ ਦਾ ਹੈ ਜਾਂ ਉਸ ਤਰ੍ਹਾਂ ਦਾ ਹੈ। ਅਸੀਂ ਆਪਣੇ ਵਿਸ਼ਵਾਸ ਦੀ ਕਦਰ ਕਰਦੇ ਹਾਂ ਅਤੇ ਆਪਣੀ ਆਤਮਿਕਤਾ ਨੂੰ ਵੱਡਮੁੱਲਾ ਜਾਣਦੇ ਹਾਂ। ਅਸੀਂ ਬਾਕੀ ਸਭ ਚੀਜ਼ਾਂ ਨੂੰ ਕੂੜਾ ਸਮਝਦੇ ਹਾਂ ਅਤੇ ਸਭ ਗੱਲਾਂ ਨੂੰ ਪੈਰਾਂ ਥੱਲੇ ਲਤਾੜਦੇ ਹਾਂ। ਕਿਉਂਕਿ ਅਸੀਂ ਪ੍ਰਤਾਪੀ ਪ੍ਰਭੂ ਦੇ ਵਿਸ਼ਵਾਸੀ ਹਾਂ, ਇਸ ਲਈ ਯਾਤਰਾ ਭਾਵੇਂ ਕਿੰਨੀ ਵੀ ਲੰਮੀ ਅਤੇ ਕਠਿਨ ਹੋਵੇ, ਭਾਵੇਂ ਕਿਹੋ ਜਿਹੀਆਂ ਵੀ ਕਠਿਨਾਈਆਂ ਅਤੇ ਖ਼ਤਰੇ ਸਾਡੇ ਉੱਤੇ ਆਉਣ, ਪ੍ਰਭੂ ਦੇ ਪਿੱਛੇ ਚੱਲਦਿਆਂ ਕੋਈ ਵੀ ਚੀਜ਼ ਸਾਡੇ ਕਦਮਾਂ ਨੂੰ ਨਹੀਂ ਰੋਕ ਸਕਦੀ। “ਓਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਙੁ ਉੱਜਲ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ ਓਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ ਓਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਓਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਣ ਓਸ ਵਿੱਚ ਹੋਵੇਗਾ ਅਤੇ ਉਹ ਦੇ ਦਾਸ ਉਹ ਦੀ ਉਪਾਸਨਾ ਕਰਨਗੇ ਅਤੇ ਉਹ ਦਾ ਦਰਸ਼ਣ ਪਾਉਣਗੇ ਅਤੇ ਉਹ ਦਾ ਨਾਮ ਓਹਨਾਂ ਦੇ ਮੱਥਿਆਂ ਉੱਤੇ ਹੋਵੇਗਾ ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਓਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂ ਜੋ ਪ੍ਰਭੁ ਪਰਮੇਸ਼ੁਰ ਓਹਨਾਂ ਨੂੰ ਚਾਨਣ ਕਰੇਗਾ ਅਤੇ ਓਹ ਜੁੱਗੋ ਜੁੱਗ ਰਾਜ ਕਰਨਗੇ” (ਪਰਕਾਸ਼ ਦੀ ਪੋਥੀ 22:1-5)। ਹਰ ਵਾਰ ਜਦੋਂ ਵੀ ਅਸੀਂ ਇਨ੍ਹਾਂ ਸ਼ਬਦਾਂ ਨੂੰ ਗੀਤਾਂ ਵਿੱਚ ਗਾਉਂਦੇ ਹਾਂ, ਤਾਂ ਸਾਡੇ ਹਿਰਦੇ ਅਸੀਮ ਅਨੰਦ ਅਤੇ ਸੰਤੁਸ਼ਟੀ ਨਾਲ ਨੱਕੋ-ਨੱਕ ਭਰ ਜਾਂਦੇ ਹਨ ਅਤੇ ਸਾਡੀਆਂ ਅੱਖਾਂ ਤੋਂ ਹੰਝੂ ਵਹਿਣ ਲੱਗਦੇ ਹਨ। ਪ੍ਰਭੂ ਦਾ ਧੰਨਵਾਦ ਹੋਵੇ ਕਿ ਉਸ ਨੇ ਸਾਨੂੰ ਚੁਣਿਆ, ਪ੍ਰਭੂ ਦੀ ਕਿਰਪਾ ਦੇ ਲਈ ਉਸ ਦਾ ਧੰਨਵਾਦ ਹੋਵੇ। ਉਸ ਨੇ ਇਸ ਜੀਵਨ ਵਿੱਚ ਸਾਨੂੰ ਸੌ ਗੁਣਾ ਪ੍ਰਦਾਨ ਕੀਤਾ ਹੈ ਅਤੇ ਆਉਣ ਵਾਲੇ ਯੁਗ ਵਿੱਚ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਜੇ ਉਹ ਇਸੇ ਸਮੇਂ ਸਾਨੂੰ ਮਰਨ ਲਈ ਕਹੇ ਤਾਂ ਅਸੀਂ ਜ਼ਰਾ ਵੀ ਸ਼ਿਕਾਇਤ ਕੀਤੇ ਬਿਨਾਂ ਇਹ ਕਰਨ ਲਈ ਤਿਆਰ ਹਾਂ। ਹੇ ਪ੍ਰਭੂ! ਕਿਰਪਾ ਕਰਕੇ ਛੇਤੀ ਆ! ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸਾਨੂੰ ਕਿੰਨੀ ਵਿਆਕੁਲਤਾ ਨਾਲ ਤੇਰੀ ਉਡੀਕ ਹੈ, ਅਤੇ ਕਿਵੇਂ ਅਸੀਂ ਤੇਰੀ ਖਾਤਰ ਸਭ ਕੁਝ ਤਿਆਗ ਦਿੱਤਾ ਹੈ, ਹੁਣ ਇੱਕ ਮਿੰਟ, ਇੱਕ ਸਕਿੰਟ ਦੀ ਵੀ ਦੇਰੀ ਨਾ ਕਰ।

ਪਰਮੇਸ਼ੁਰ ਚੁੱਪ ਹੈ, ਅਤੇ ਉਹ ਕਦੇ ਵੀ ਸਾਡੇ ਉੱਤੇ ਪ੍ਰਤੱਖ ਰੂਪ ਵਿੱਚ ਪਰਗਟ ਨਹੀਂ ਹੋਇਆ ਹੈ, ਪਰ ਤਾਂ ਵੀ ਉਸ ਦਾ ਕੰਮ ਕਦੇ ਨਹੀਂ ਰੁਕਿਆ। ਉਹ ਸਾਰੀ ਧਰਤੀ ਦਾ ਸਰਵੇਖਣ ਕਰਦਾ ਹੈ ਅਤੇ ਸਭਨਾਂ ਚੀਜ਼ਾਂ ਨੂੰ ਹੁਕਮ ਦਿੰਦਾ ਹੈ ਤੇ ਮਨੁੱਖ ਦੀਆਂ ਸਭ ਗੱਲਾਂ ਅਤੇ ਉਸ ਦੇ ਸਭ ਕੰਮਾਂ ਨੂੰ ਵੇਖਦਾ ਹੈ। ਉਹ ਬੜੇ ਗਿਣੇ-ਮਿਥੇ ਤਰੀਕੇ ਨਾਲ ਅਤੇ ਆਪਣੀ ਯੋਜਨਾ ਦੇ ਅਨੁਸਾਰ ਆਪਣੇ ਪ੍ਰਬੰਧਨ ਦੇ ਕੰਮ ਨੂੰ ਚੁੱਪਚਾਪ ਅਤੇ ਬਿਨਾਂ ਨਾਟਕੀ ਅੰਦਾਜ਼ ਦੇ ਕਰਦਾ ਹੋਇਆ ਕਦਮ-ਕਦਮ ਅੱਗੇ ਵਧਦਾ ਅਤੇ ਮਨੁੱਖਜਾਤੀ ਦੇ ਨੇੜੇ ਪਹੁੰਚਦਾ ਜਾਂਦਾ ਹੈ, ਅਤੇ ਉਸ ਦਾ ਨਿਆਂ-ਆਸਣ ਅਸਮਾਨੀ ਬਿਜਲੀ ਦੀ ਰਫ਼ਤਾਰ ਨਾਲ ਬ੍ਰਹਿਮੰਡ ਵਿੱਚ ਲੱਗਦਾ ਹੈ, ਜਿਸ ਦੇ ਤੁਰੰਤ ਬਾਅਦ ਉਸ ਦਾ ਸਿੰਘਾਸਣ ਸਾਡੇ ਵਿਚਕਾਰ ਉੱਤਰ ਆਉਂਦਾ ਹੈ। ਇਹ ਕਿੰਨਾ ਸ਼ਾਨਦਾਰ ਦ੍ਰਿਸ਼ ਹੈ, ਇਹ ਕਿੰਨੀ ਠਾਠ-ਬਾਠ ਵਾਲੀ ਅਤੇ ਕਿੰਨੀ ਮਹਾਨ ਝਾਕੀ ਹੈ! ਆਤਮਾ ਇੱਕ ਕਬੂਤਰ ਵਾਂਗ ਅਤੇ ਗਰਜਦੇ ਹੋਏ ਸ਼ੇਰ ਵਾਂਗ ਸਾਡੇ ਵਿਚਕਾਰ ਉੱਤਰਦਾ ਹੈ। ਉਹ ਬੁੱਧ ਹੈ, ਉਹ ਧਾਰਮਿਕਤਾ ਅਤੇ ਜਲਾਲ ਹੈ, ਅਤੇ ਉਹ ਆਪਣੇ ਅਧਿਕਾਰ ਦਾ ਪ੍ਰਦਰਸ਼ਨ ਕਰਦਾ ਹੋਇਆ ਅਤੇ ਪ੍ਰੇਮ ਅਤੇ ਦਇਆ ਨਾਲ ਭਰਿਆ ਚੁੱਪਚਾਪ ਸਾਡੇ ਵਿਚਕਾਰ ਆ ਜਾਂਦਾ ਹੈ। ਕਿਸੇ ਨੂੰ ਉਸ ਦੇ ਆਉਣ ਦੀ ਜਾਣਕਾਰੀ ਨਹੀਂ ਹੁੰਦੀ, ਕੋਈ ਵੀ ਉਸ ਦੇ ਆਉਣ ਦਾ ਸਵਾਗਤ ਨਹੀਂ ਕਰਦਾ, ਅਤੇ ਇਸ ਤੋਂ ਵੀ ਵਧ ਕੇ ਇਹ ਕਿ ਕੋਈ ਵੀ ਉਸ ਸਭ ਬਾਰੇ ਨਹੀਂ ਜਾਣਦਾ ਜੋ ਉਹ ਕਰਨ ਵਾਲਾ ਹੈ। ਮਨੁੱਖ ਦਾ ਜੀਵਨ ਪਹਿਲਾਂ ਵਾਂਗ ਜਾਰੀ ਹੈ, ਉਸ ਦਾ ਦਿਲ ਵੀ ਪਹਿਲਾਂ ਜਿਹਾ ਹੀ ਹੈ ਅਤੇ ਉਸ ਦੇ ਦਿਨ ਆਮ ਦਿਨਾਂ ਵਾਂਗ ਬੀਤ ਰਹੇ ਹਨ। ਪਰਮੇਸ਼ੁਰ ਸਾਡੇ ਵਿਚਕਾਰ ਰਹਿੰਦਾ ਹੈ, ਬਾਕੀ ਮਨੁੱਖਾਂ ਵਰਗਾ ਮਨੁੱਖ ਬਣ ਕੇ, ਸਭ ਤੋਂ ਮਮੂਲੀ ਪੈਰੋਕਾਰਾਂ ਵਿੱਚੋਂ ਇੱਕ ਅਤੇ ਬਿਲਕੁਲ ਸਧਾਰਣ ਵਿਸ਼ਵਾਸੀ ਵਾਂਗ ਬਣ ਕੇ। ਉਸ ਦੇ ਆਪਣੇ ਟੀਚੇ ਅਤੇ ਆਪਣੇ ਨਿਸ਼ਾਨੇ ਹਨ; ਅਤੇ ਇਸ ਤੋਂ ਵੀ ਵਧ ਕੇ, ਉਸ ਕੋਲ ਉਹ ਈਸ਼ਵਰਤਾ ਹੈ ਜਿਹੜੀ ਆਮ ਇਨਸਾਨ ਕੋਲ ਨਹੀਂ ਹੈ। ਕਿਸੇ ਨੇ ਵੀ ਉਸ ਦੀ ਈਸ਼ਵਰਤਾ ਦੀ ਹੋਂਦ ਉੱਤੇ ਧਿਆਨ ਨਹੀਂ ਦਿੱਤਾ ਹੈ, ਅਤੇ ਕਿਸੇ ਨੇ ਵੀ ਉਸ ਦੇ ਅਤੇ ਮਨੁੱਖ ਦੇ ਮੂਲ-ਤੱਤ ਵਿਚਲੇ ਫਰਕ ਨੂੰ ਨਹੀਂ ਸਮਝਿਆ ਹੈ। ਅਸੀਂ ਉਸ ਦੇ ਨਾਲ ਰਹਿ ਰਹੇ ਹਾਂ, ਬੇਰੋਕ ਅਤੇ ਨਿਡਰ, ਕਿਉਂਕਿ ਸਾਡੀਆਂ ਨਜ਼ਰਾਂ ਵਿੱਚ ਉਹ ਇੱਕ ਮਮੂਲੀ ਜਿਹੇ ਵਿਸ਼ਵਾਸੀ ਤੋਂ ਵਧ ਕੇ ਹੋਰ ਕੁਝ ਨਹੀਂ ਹੈ। ਉਹ ਸਾਡੀ ਹਰੇਕ ਚਾਲ ਨੂੰ ਵੇਖਦਾ ਹੈ, ਅਤੇ ਸਾਡੇ ਸਭ ਵਿਚਾਰ ਅਤੇ ਸੋਚਾਂ ਉਸ ਦੇ ਸਾਹਮਣੇ ਖੁੱਲ੍ਹੀਆਂ ਪਈਆਂ ਹਨ। ਕਿਸੇ ਨੂੰ ਉਸ ਦੀ ਹੋਂਦ ਵਿੱਚ ਕੋਈ ਦਿਲਚਸਪੀ ਨਹੀਂ ਹੈ, ਕੋਈ ਉਸ ਦੇ ਕਾਰਜ ਬਾਰੇ ਕਲਪਨਾ ਨਹੀਂ ਕਰਦਾ, ਅਤੇ ਇਸ ਤੋਂ ਵੀ ਵਧ ਕੇ ਇਹ ਕਿ ਕਿਸੇ ਨੂੰ ਉਸ ਦੀ ਪਛਾਣ ’ਤੇ ਜ਼ਰਾ ਜਿੰਨਾ ਵੀ ਸ਼ੱਕ ਨਹੀਂ ਹੈ। ਅਸੀਂ ਕੇਵਲ ਆਪਣੀ ਦੌੜ ਵਿੱਚ ਲੱਗੇ ਰਹਿੰਦੇ ਹਾਂ, ਜਿਵੇਂ ਕਿ ਉਸ ਦਾ ਸਾਡੇ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ ...

ਜੇ ਕਦੇ ਪਵਿੱਤਰ ਆਤਮਾ ਉਸ ਦੇ “ਰਾਹੀਂ” ਵਚਨ ਦਾ ਕੋਈ ਭਾਗ ਸਾਨੂੰ ਵਿਖਾਉਂਦਾ ਹੈ, ਅਤੇ ਭਾਵੇਂ ਕਿ ਇਹ ਬਹੁਤ ਅਚਣਚੇਤ ਲੱਗਦਾ ਹੈ, ਅਸੀਂ ਇਸ ਨੂੰ ਪਰਮੇਸ਼ੁਰ ਵੱਲੋਂ ਆਈ ਬਾਣੀ ਹੀ ਸਮਝਦੇ ਹਾਂ ਅਤੇ ਪਰਮੇਸ਼ੁਰ ਵੱਲੋਂ ਸਮਝ ਕੇ ਗ੍ਰਹਿਣ ਕਰ ਲੈਂਦੇ ਹਾਂ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਭਾਵੇਂ ਇਹ ਸ਼ਬਦ ਕਿਸੇ ਵੱਲੋਂ ਵੀ ਕਹੇ ਗਏ ਹੋਣ, ਜਦੋਂ ਤੱਕ ਇਹ ਪਵਿੱਤਰ ਆਤਮਾ ਵੱਲੋਂ ਆਉਂਦੇ ਹਨ ਤਾਂ ਸਾਨੂੰ ਇਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਠੁਕਰਾਉਣਾ ਨਹੀਂ ਚਾਹੀਦਾ। ਅਗਲੀ ਬਾਣੀ ਮੇਰੇ ਰਾਹੀਂ ਜਾਂ ਤੇਰੇ ਰਾਹੀਂ ਜਾਂ ਕਿਸੇ ਹੋਰ ਦੇ ਰਾਹੀਂ ਆ ਸਕਦੀ ਹੈ। ਇਹ ਭਾਵੇਂ ਕਿਸੇ ਦੇ ਰਾਹੀਂ ਵੀ ਆਵੇ, ਇਹ ਸਭ ਪਰਮੇਸ਼ੁਰ ਦੀ ਕਿਰਪਾ ਹੈ। ਪਰ ਫਿਰ ਵੀ, ਉਹ ਵਿਅਕਤੀ ਭਾਵੇਂ ਕੋਈ ਵੀ ਹੋਵੇ, ਸਾਨੂੰ ਉਸ ਵਿਅਕਤੀ ਦੀ ਉਪਾਸਨਾ ਨਹੀਂ ਕਰਨ ਲੱਗ ਜਾਣਾ ਚਾਹੀਦਾ, ਕਿਉਂਕਿ ਭਾਵੇਂ ਜੋ ਵੀ ਹੋਵੇ ਇਹ ਵਿਅਕਤੀ ਸੰਭਵ ਤੌਰ ਤੇ ਪਰਮੇਸ਼ੁਰ ਤਾਂ ਨਹੀਂ ਹੋ ਸਕਦਾ, ਅਤੇ ਨਾ ਹੀ ਅਸੀਂ ਕਿਸੇ ਵੀ ਤਰ੍ਹਾਂ ਇਸ ਤਰ੍ਹਾਂ ਦੇ ਸਧਾਰਣ ਵਿਅਕਤੀ ਨੂੰ ਆਪਣਾ ਪਰਮੇਸ਼ੁਰ ਚੁਣ ਸਕਦੇ ਹਾਂ। ਸਾਡਾ ਪਰਮੇਸ਼ੁਰ ਅੱਤ ਮਹਾਨ ਅਤੇ ਅਤਿਅੰਤ ਆਦਰ ਦੇ ਯੋਗ ਹੈ; ਇਸ ਤਰ੍ਹਾਂ ਦਾ ਕੋਈ ਤੁੱਛ ਵਿਅਕਤੀ ਕਿਵੇਂ ਉਸ ਦਾ ਸਥਾਨ ਲੈ ਸਕਦਾ ਹੈ? ਇਸ ਤੋਂ ਵੀ ਵਧ ਕੇ, ਅਸੀਂ ਪਰਮੇਸ਼ੁਰ ਦੀ ਉਡੀਕ ਵਿੱਚ ਹਾਂ ਕਿ ਉਹ ਆਵੇ ਅਤੇ ਸਾਨੂੰ ਵਾਪਸ ਸਵਰਗ ਦੇ ਰਾਜ ਵਿੱਚ ਲੈ ਜਾਵੇ, ਇਸ ਲਈ ਇਸ ਤਰ੍ਹਾਂ ਦਾ ਕੋਈ ਬੇਹੱਦ ਤੁੱਛ ਇਨਸਾਨ ਕਿਵੇਂ ਇੰਨੇ ਮਹੱਤਵਪੂਰਣ ਅਤੇ ਕਠਿਨ ਕੰਮ ਨੂੰ ਕਰਨ ਦੇ ਸਮਰੱਥ ਹੋ ਸਕਦਾ ਹੈ? ਜੇ ਪ੍ਰਭੂ ਦੁਬਾਰਾ ਆਉਂਦਾ ਹੈ ਤਾਂ ਉਹ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਆਵੇਗਾ, ਤਾਂਕਿ ਲੋਕਾਂ ਦੀਆਂ ਸਭ ਭੀੜਾਂ ਉਸ ਨੂੰ ਵੇਖ ਸਕਣ। ਇਹ ਕਿੰਨਾ ਹੀ ਸ਼ਾਨਦਾਰ ਦ੍ਰਿਸ਼ ਹੋਵੇਗਾ! ਇਹ ਕਿਵੇਂ ਸੰਭਵ ਹੈ ਕਿ ਉਹ ਗੁੱਪਚੁੱਪ ਤਰੀਕੇ ਨਾਲ ਆਪਣੇ ਆਪ ਨੂੰ ਸਧਾਰਣ ਜਿਹੇ ਲੋਕਾਂ ਦੇ ਕਿਸੇ ਸਮੂਹ ਵਿੱਚ ਲੁਕਾ ਲਵੇ?

ਪਰ ਫਿਰ ਵੀ ਇਹੀ ਉਹ ਸਧਾਰਣ ਵਿਅਕਤੀ ਹੈ ਜਿਹੜਾ ਲੋਕਾਂ ਦੇ ਵਿਚਕਾਰ ਲੁਕਿਆ ਹੋਇਆ ਸਾਨੂੰ ਬਚਾਉਣ ਦੇ ਨਵੇਂ ਕੰਮ ਨੂੰ ਕਰ ਰਿਹਾ ਹੈ। ਉਹ ਸਾਨੂੰ ਸਫਾਈਆਂ ਨਹੀਂ ਦਿੰਦਾ, ਨਾ ਉਹ ਸਾਨੂੰ ਇਹ ਦੱਸਦਾ ਹੈ ਕਿ ਉਹ ਕਿਉਂ ਆਇਆ ਹੈ, ਪਰ ਬੜੇ ਗਿਣੇ-ਮਿਥੇ ਤਰੀਕੇ ਨਾਲ ਅਤੇ ਆਪਣੀ ਯੋਜਨਾ ਦੇ ਅਨੁਸਾਰ ਬਸ ਉਸ ਕੰਮ ਨੂੰ ਕਰਨ ਵਿੱਚ ਲੱਗਾ ਰਹਿੰਦਾ ਹੈ ਜੋ ਉਸ ਨੇ ਕਰਨਾ ਹੈ। ਉਸ ਦੇ ਵਚਨ ਅਤੇ ਬਾਣੀਆਂ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ। ਦਿਲਾਸਾ ਦੇਣ, ਉਪਦੇਸ਼ ਦੇਣ, ਚੇਤਾ ਦਿਵਾਉਣ ਅਤੇ ਚਿਤਾਉਣ ਤੋਂ ਲੈ ਕੇ ਝਿੜਕਣ ਅਤੇ ਸੁਧਾਰਨ ਤੱਕ; ਇੱਕ ਐਸੀ ਅਵਾਜ਼ ਤੋਂ ਲੈ ਕੇ ਜੋ ਕੋਮਲ ਅਤੇ ਨਰਮ ਹੈ ਇੱਕ ਪ੍ਰਚੰਡ ਅਤੇ ਜਲਾਲੀ ਅਵਾਜ਼ ਤੱਕ-ਇਨ੍ਹਾਂ ਸਭਨਾਂ ਗੱਲਾਂ ਵਿੱਚ ਮਨੁੱਖ ਲਈ ਦਇਆ ਹੈ ਅਤੇ ਇਹ ਉਸ ਦੇ ਅੰਦਰ ਥਰਥਰਾਹਟ ਭਰ ਦਿੰਦੀਆਂ ਹਨ। ਉਸ ਦੀਆਂ ਸਾਰੀਆਂ ਗੱਲਾਂ ਬਿਲਕੁਲ ਸਹੀ ਨਿਸ਼ਾਨੇ ’ਤੇ ਉਨ੍ਹਾਂ ਭੇਤਾਂ ਉੱਤੇ ਜਾ ਕੇ ਲੱਗਦੀਆਂ ਹਨ ਜਿਹੜੇ ਸਾਡੇ ਅੰਦਰ ਡੂੰਘਾਈ ਵਿੱਚ ਲੁਕੇ ਹੋਏ ਹਨ; ਉਸ ਦੇ ਸ਼ਬਦ ਸਾਡੇ ਦਿਲਾਂ ਨੂੰ ਡੰਗਦੇ ਹਨ, ਸਾਡੀਆਂ ਆਤਮਾਵਾਂ ਵਿੱਚ ਚੁੱਭਦੇ ਹਨ, ਅਤੇ ਸਾਡੇ ਅੰਦਰ ਅਸਿਹ ਸ਼ਰਮਿੰਦਗੀ ਨੂੰ ਭਰ ਦਿੰਦੇ ਹਨ ਤੇ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਆਪਣੇ ਆਪ ਨੂੰ ਕਿੱਥੇ ਜਾ ਲੁਕਾਈਏ। ਅਸੀਂ ਸੋਚਣ ਲੱਗਦੇ ਹਾਂ ਕਿ ਕੀ ਇਸ ਵਿਅਕਤੀ ਦੇ ਦਿਲ ਵਿਚਲਾ ਪਰਮੇਸ਼ੁਰ ਸੱਚਮੁੱਚ ਸਾਨੂੰ ਪਿਆਰ ਕਰਦਾ ਹੈ, ਅਤੇ ਆਖਰ ਉਹ ਕਰਨਾ ਕੀ ਚਾਹੁੰਦਾ ਹੈ। ਸ਼ਾਇਦ ਇਨ੍ਹਾਂ ਦੁੱਖਾਂ ਨੂੰ ਝੱਲਣ ਤੋਂ ਬਾਅਦ ਹੀ ਸਾਡਾ ਰੈਪਚਰ (ਵਿਸ਼ਵਾਸੀਆਂ ਦਾ ਉਠਾਏ ਜਾਣਾ) ਹੋਵੇ? ਅਸੀਂ ਆਪਣੇ ਦਿਮਾਗ ਵਿੱਚ ਹਿਸਾਬ ਲਗਾਉਂਦੇ ਹਾਂ ... ਆਉਣ ਵਾਲੀ ਮੰਜ਼ਲ ਦਾ ਅਤੇ ਆਪਣੇ ਭਵਿੱਖ ਦਾ। ਪਰ ਫਿਰ ਵੀ ਪਹਿਲਾਂ ਦੀ ਤਰ੍ਹਾਂ ਹੀ ਸਾਡੇ ਵਿੱਚੋਂ ਕੋਈ ਇਹ ਵਿਸ਼ਵਾਸ ਨਹੀਂ ਕਰਦਾ ਕਿ ਪਰਮੇਸ਼ੁਰ ਸਾਡੇ ਵਿਚਕਾਰ ਕੰਮ ਕਰਨ ਲਈ ਪਹਿਲਾਂ ਹੀ ਦੇਹਧਾਰੀ ਹੋ ਕੇ ਆਇਆ ਹੋਇਆ ਹੈ। ਭਾਵੇਂ ਕਿ ਉਹ ਇੰਨੇ ਲੰਮੇ ਸਮੇਂ ਤੋਂ ਸਾਡੇ ਨਾਲ ਰਹਿ ਰਿਹਾ ਹੈ, ਭਾਵੇਂ ਕਿ ਉਸ ਨੇ ਸਾਡੇ ਨਾਲ ਆਹਮਣੇ-ਸਾਹਮਣੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ, ਤਾਂ ਵੀ ਇਸ ਤੁੱਛ ਵਿਅਕਤੀ ਦੇ ਹੱਥਾਂ ਵਿੱਚ ਆਪਣੇ ਭਵਿੱਖ ਅਤੇ ਆਪਣੇ ਨਸੀਬ ਦਾ ਨਿਯੰਤ੍ਰਣ ਦੇਣਾ ਤਾਂ ਦੂਰ, ਅਸੀਂ ਇਸ ਤਰ੍ਹਾਂ ਦੇ ਸਧਾਰਣ ਵਿਅਕਤੀ ਨੂੰ ਆਪਣੇ ਭਵਿੱਖ ਦਾ ਪਰਮੇਸ਼ੁਰ ਮੰਨਣ ਤੋਂ ਵੀ ਇਨਕਾਰੀ ਰਹਿੰਦੇ ਹਾਂ। ਉਸੇ ਤੋਂ ਅਸੀਂ ਕਦੇ ਨਾ ਮੁੱਕਣ ਵਾਲੇ ਜੀਵਨ ਜਲ ਦੀ ਲਗਾਤਾਰ ਪੂਰਤੀ ਦਾ ਅਨੰਦ ਮਾਣਦੇ ਹਾਂ ਅਤੇ ਉਸੇ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਆਹਮਣੇ-ਸਾਹਮਣੇ ਰਹਿ ਕੇ ਜੀਉਂਦੇ ਹਾਂ। ਪਰ ਅਸੀਂ ਕੇਵਲ ਸਵਰਗ ਵਿਚਲੇ ਪ੍ਰਭੂ ਯਿਸੂ ਦੀ ਕਿਰਪਾ ਦੇ ਲਈ ਧੰਨਵਾਦੀ ਹਾਂ ਅਤੇ ਇਸ ਸਧਾਰਣ ਵਿਅਕਤੀ ਦੀਆਂ ਭਾਵਨਾਵਾਂ ਉੱਤੇ ਕਦੇ ਧਿਆਨ ਨਹੀਂ ਦਿੱਤਾ ਜਿਸ ਵਿੱਚ ਈਸ਼ਵਰਤਾ ਵਿੱਧਮਾਨ ਹੈ। ਪਰ ਉਹ ਤਾਂ ਵੀ ਸਰੀਰ ਦੇ ਪਰਦੇ ਵਿੱਚ ਲੁਕਿਆ ਹੋਇਆ ਦੀਨਤਾ ਨਾਲ ਆਪਣਾ ਕੰਮ ਕਰਦਿਆਂ ਆਪਣੇ ਦਿਲ ਦੀਆਂ ਡੂੰਘੀਆਂ ਗੱਲਾਂ ਨੂੰ ਪਰਗਟ ਕਰੀ ਜਾਂਦਾ ਹੈ, ਜਿਵੇਂ ਕਿ ਉਸ ਨੂੰ ਮਨੁੱਖਜਾਤੀ ਵੱਲੋਂ ਠੁਕਰਾਏ ਜਾਣ ਦੀ ਕੋਈ ਪਰਵਾਹ ਹੀ ਨਹੀਂ ਹੈ, ਜਿਵੇਂ ਕਿ ਉਹ ਮਨੁੱਖ ਦੇ ਬਚਕਾਨੇਪਣ ਅਤੇ ਅਗਿਆਨਤਾ ਨੂੰ ਸਦਾ ਮਾਫ਼ ਕਰਦਾ ਰਹੇਗਾ ਅਤੇ ਆਪਣੇ ਪ੍ਰਤੀ ਮਨੁੱਖ ਦੇ ਬੇਤੁਕੇ ਰਵੱਈਏ ਨੂੰ ਹਮੇਸ਼ਾ ਸਹਿੰਦਾ ਰਹੇਗਾ।

ਸਾਡੇ ਬਿਨ ਜਾਣੇ ਹੀ, ਇਹ ਤੁੱਛ ਮਨੁੱਖ ਸਾਨੂੰ ਪਰਮੇਸ਼ੁਰ ਦੇ ਕੰਮ ਵਿੱਚ ਕਦਮ-ਕਦਮ ਕਰਕੇ ਅੱਗੇ ਵਧਾਉਂਦਾ ਆਇਆ ਹੈ। ਅਸੀਂ ਅਣਗਿਣਤ ਪਰਤਾਵਿਆਂ ਵਿੱਚੋਂ ਲੰਘਦੇ ਹਾਂ, ਅਣਗਿਣਤ ਤਾੜਨਾਵਾਂ ਸਹਿੰਦੇ ਹਾਂ ਅਤੇ ਮੌਤ ਦੁਆਰਾ ਪਰਖੇ ਜਾਂਦੇ ਹਾਂ। ਸਾਨੂੰ ਪਰਮੇਸ਼ੁਰ ਦੇ ਧਰਮੀ ਅਤੇ ਜਲਾਲੀ ਸੁਭਾਅ ਬਾਰੇ ਪਤਾ ਲੱਗਦਾ ਹੈ, ਅਸੀਂ ਉਸ ਦੇ ਪ੍ਰੇਮ ਅਤੇ ਦਇਆ ਦਾ ਵੀ ਅਨੰਦ ਮਾਣਦੇ ਹਾਂ, ਅਸੀਂ ਪਰਮੇਸ਼ੁਰ ਦੀ ਮਹਾਨ ਸ਼ਕਤੀ ਅਤੇ ਬੁੱਧ ਨੂੰ ਸਲਾਹੁਣ ਲੱਗ ਜਾਂਦੇ ਹਾਂ, ਪਰਮੇਸ਼ੁਰ ਦੀ ਸੁੰਦਰਤਾ ਦੇ ਗਵਾਹ ਬਣਦੇ ਹਾਂ, ਅਤੇ ਮਨੁੱਖ ਨੂੰ ਬਚਾਉਣ ਦੀ ਪਰਮੇਸ਼ੁਰ ਦੀ ਉਤਸ਼ਾਹੀ ਇੱਛਾ ਨੂੰ ਵੇਖਦੇ ਹਾਂ। ਇਸ ਸਧਾਰਣ ਵਿਅਕਤੀ ਦੇ ਸ਼ਬਦਾਂ ਵਿੱਚ, ਅਸੀਂ ਪਰਮੇਸ਼ੁਰ ਦੇ ਮੂਲ-ਤੱਤ ਅਤੇ ਉਸ ਦੇ ਸੁਭਾਅ ਨੂੰ ਜਾਣਨ ਲੱਗ ਜਾਂਦੇ ਹਾਂ, ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਲੱਗਦੇ ਹਾਂ, ਮਨੁੱਖ ਦੇ ਸੁਭਾਅ ਅਤੇ ਉਸ ਦੇ ਮੂਲ-ਤੱਤ ਨੂੰ ਜਾਣਨ ਲੱਗਦੇ ਹਾਂ, ਅਤੇ ਸਾਨੂੰ ਮੁਕਤੀ ਅਤੇ ਸਿੱਧਤਾ ਦਾ ਰਾਹ ਵਿਖਾਈ ਦੇਣ ਲੱਗਦਾ ਹੈ। ਉਸ ਦੇ ਸ਼ਬਦ ਸਾਨੂੰ “ਮਾਰ” ਦਿੰਦੇ ਹਨ, ਅਤੇ ਉਹੀ ਸਾਨੂੰ “ਮੁੜ ਜਨਮ” ਵੀ ਦਿਵਾਉਂਦੇ ਹਨ; ਉਸ ਦੇ ਸ਼ਬਦ ਸਾਨੂੰ ਤਸੱਲੀ ਦਿੰਦੇ ਹਨ, ਪਰ ਨਾਲ ਸਾਡੇ ਅੰਦਰ ਅਪਰਾਧਬੋਧ ਦੀ ਤਬਾਹੀ ਅਤੇ ਕਰਜ਼ਦਾਰ ਹੋਣ ਦਾ ਅਹਿਸਾਸ ਵੀ ਛੱਡ ਜਾਂਦੇ ਹਨ; ਉਸ ਦੇ ਸ਼ਬਦ ਸਾਨੂੰ ਅਨੰਦ ਅਤੇ ਸ਼ਾਂਤੀ ਪ੍ਰਦਾਨ ਕਰਦੇ ਹਨ, ਪਰ ਨਾਲ ਹੀ ਅਸੀਮ ਦਰਦ ਵੀ ਦਿੰਦੇ ਹਨ। ਕਈ ਵਾਰ ਅਸੀਂ ਉਸ ਦੇ ਹੱਥਾਂ ਵਿੱਚ ਘਾਤ ਕੀਤੇ ਜਾਣ ਵਾਲੇ ਲੇਲਿਆਂ ਵਾਂਗ ਹੁੰਦੇ ਹਾਂ; ਕਈ ਵਾਰ ਅਸੀਂ ਉਸ ਦੀ ਅੱਖ ਦੀ ਪੁਤਲੀ ਵਾਂਗ ਹੁੰਦੇ ਹਾਂ ਅਤੇ ਉਸ ਦੇ ਕੋਮਲ ਪ੍ਰੇਮ ਦਾ ਅਨੰਦ ਮਾਣਦੇ ਹਾਂ; ਕਈ ਵਾਰ ਅਸੀਂ ਉਸ ਦੇ ਵੈਰੀ ਜਿਹੇ ਹੁੰਦੇ ਹਾਂ, ਅਤੇ ਉਸ ਦੀ ਤਿੱਖੀ ਨਜ਼ਰ ਦੇ ਹੇਠਾਂ ਉਸ ਦਾ ਕ੍ਰੋਧ ਸਾਨੂੰ ਖ਼ਾਕ ਬਣਾ ਦਿੰਦਾ ਹੈ। ਅਸੀਂ ਉਸ ਦੇ ਦੁਆਰਾ ਬਚਾਈ ਜਾਣ ਵਾਲੀ ਮਨੁੱਖਜਾਤੀ ਹਾਂ, ਅਸੀਂ ਉਸ ਦੀ ਦ੍ਰਿਸ਼ਟੀ ਵਿੱਚ ਕੀੜਿਆਂ ਜਿਹੇ ਹਾਂ, ਅਤੇ ਅਸੀਂ ਉਹ ਗੁਆਚੇ ਹੋਏ ਲੇਲੇ ਹਾਂ ਜਿਨ੍ਹਾਂ ਨੂੰ ਲੱਭਣ ਲਈ ਉਸ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਉਹ ਸਾਡੇ ਪ੍ਰਤੀ ਦਇਆ ਵਿਖਾਉਂਦਾ ਹੈ, ਉਹ ਸਾਥੋਂ ਘਿਰਣਾ ਕਰਦਾ ਹੈ, ਉਹ ਸਾਨੂੰ ਉਠਾ ਖੜ੍ਹੇ ਕਰਦਾ ਹੈ, ਉਹ ਸਾਨੂੰ ਦਿਲਾਸਾ ਦਿੰਦਾ ਅਤੇ ਉਤਸ਼ਾਹਿਤ ਕਰਦਾ ਹੈ, ਉਹ ਸਾਨੂੰ ਚਲਾਉਂਦਾ ਹੈ, ਉਹ ਸਾਡੇ ਅੰਦਰ ਚਾਨਣਾ ਕਰਦਾ ਹੈ, ਉਹ ਸਾਨੂੰ ਤਾੜਦਾ ਅਤੇ ਸੁਧਾਰਦਾ ਹੈ, ਅਤੇ ਉਹ ਸਾਨੂੰ ਸਰਾਪ ਵੀ ਦਿੰਦਾ ਹੈ। ਉਹ ਰਾਤ-ਦਿਨ ਸਾਡੀ ਚਿੰਤਾ ਕਰਨੋਂ ਨਹੀਂ ਹਟਦਾ, ਅਤੇ ਰਾਤ-ਦਿਨ ਸਾਡੀ ਰਾਖੀ ਅਤੇ ਦੇਖਭਾਲ ਕਰਦਾ ਹੋਇਆ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਦਾ; ਸਗੋਂ ਸਾਡੀ ਖ਼ਾਤਰ ਆਪਣੇ ਦਿਲ ਦਾ ਲਹੂ ਵਹਾਉਂਦਾ ਹੈ ਅਤੇ ਸਾਡੀ ਖ਼ਾਤਰ ਕੋਈ ਵੀ ਕੀਮਤ ਚੁਕਾ ਦਿੰਦਾ ਹੈ। ਇਸ ਛੋਟੀ ਅਤੇ ਸਧਾਰਣ ਜਿਹੀ ਸਰੀਰਕ ਦੇਹ ਦੀਆਂ ਬਾਣੀਆਂ ਵਿੱਚੋਂ ਅਸੀਂ ਪਰਮੇਸ਼ੁਰ ਦੀ ਸੰਪੂਰਨਤਾ ਦਾ ਅਨੰਦ ਮਾਣਦੇ ਅਤੇ ਉਸ ਮੰਜ਼ਲ ਨੂੰ ਤੱਕਦੇ ਆਏ ਹਾਂ ਜਿਹੜੀ ਪਰਮੇਸ਼ੁਰ ਨੇ ਸਾਨੂੰ ਬਖਸ਼ੀ ਹੈ। ਇਸ ਦੇ ਬਾਵਜੂਦ, ਵਿਅਰਥਤਾ ਹਾਲੇ ਵੀ ਸਾਡੇ ਦਿਲਾਂ ਨੂੰ ਬੇਚੈਨ ਕਰਦੀ ਹੈ, ਅਤੇ ਅਸੀਂ ਹਾਲੇ ਵੀ ਇਸ ਤਰ੍ਹਾਂ ਦੇ ਵਿਅਕਤੀ ਨੂੰ ਪੂਰੀ ਤਰ੍ਹਾਂ ਆਪਣਾ ਪਰਮੇਸ਼ੁਰ ਸਵੀਕਾਰ ਕਰਨ ਲਈ ਤਿਆਰ ਨਹੀਂ ਹਾਂ। ਭਾਵੇਂ ਉਸ ਨੇ ਸਾਨੂੰ ਭਰਪੂਰ ਮੰਨ ਦਿੱਤਾ ਹੈ, ਅਨੰਦ ਮਾਨਣ ਲਈ ਇੰਨਾ ਕੁਝ ਪ੍ਰਦਾਨ ਕੀਤਾ ਹੈ, ਪਰ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਸਾਡੇ ਦਿਲਾਂ ਵਿੱਚ ਪ੍ਰਭੂ ਦਾ ਸਥਾਨ ਨਹੀਂ ਲੈ ਸਕਦੀ। ਅਸੀਂ ਬਹੁਤ ਝਿਜਕਦੇ ਹੋਏ ਇਸ ਵਿਅਕਤੀ ਦੀ ਖਾਸ ਪਛਾਣ ਅਤੇ ਰੁਤਬੇ ਦਾ ਆਦਰ ਕਰਦੇ ਹਾਂ। ਜਿੰਨਾ ਚਿਰ ਉਹ ਆਪ ਮੂੰਹੋਂ ਬੋਲ ਕੇ ਸਾਨੂੰ ਇਹ ਨਹੀਂ ਕਹਿੰਦਾ ਕਿ ਅਸੀਂ ਉਸ ਨੂੰ ਪਰਮੇਸ਼ੁਰ ਮੰਨੀਏ, ਅਸੀਂ ਖੁਦ ਅੱਗੇ ਹੋ ਕੇ ਕਦੇ ਉਸ ਨੂੰ ਉਹ ਪਰਮੇਸ਼ੁਰ ਨਹੀਂ ਮੰਨਾਂਗੇ ਜਿਹੜਾ ਛੇਤੀ ਆਉਣ ਵਾਲਾ ਹੈ, ਅਤੇ ਨਾਲ ਹੀ ਬੜੇ ਲੰਮੇ ਸਮੇਂ ਤੋਂ ਸਾਡੇ ਵਿਚਕਾਰ ਮੌਜੂਦ ਰਹਿ ਕੇ ਆਪਣਾ ਕੰਮ ਵੀ ਕਰ ਰਿਹਾ ਹੈ।

ਪਰਮੇਸ਼ੁਰ ਆਪਣੀਆਂ ਬਾਣੀਆਂ ਨੂੰ ਜਾਰੀ ਰੱਖਦਾ ਹੈ ਅਤੇ ਵੱਖ-ਵੱਖ ਤਰੀਕਿਆਂ ਅਤੇ ਦ੍ਰਿਸ਼ਟੀਕੋਣਾਂ ਦਾ ਇਸਤੇਮਾਲ ਕਰਦਾ ਹੋਇਆ ਹਿਦਾਇਤਾਂ ਦਿੰਦਾ ਰਹਿੰਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਅਤੇ ਨਾਲ ਹੀ ਸ਼ਬਦਾਂ ਰਾਹੀਂ ਆਪਣੇ ਦਿਲ ਦੀ ਗੱਲ ਵੀ ਕਹਿੰਦਾ ਹੈ। ਉਸ ਦੇ ਸ਼ਬਦਾਂ ਵਿੱਚ ਜੀਵਨ ਦੀ ਸ਼ਕਤੀ ਹੈ, ਉਸ ਦੇ ਸ਼ਬਦ ਸਾਨੂੰ ਉਹ ਰਾਹ ਵਿਖਾਉਂਦੇ ਹਨ ਜਿਸ ਉੱਤੇ ਅਸੀਂ ਚੱਲਣਾ ਹੈ ਅਤੇ ਸਾਨੂੰ ਇਹ ਸਮਝਣ ਦੇ ਕਾਬਲ ਬਣਾਉਂਦੇ ਹਨ ਕਿ ਸਚਾਈ ਕੀ ਹੈ। ਉਸ ਦੇ ਸ਼ਬਦ ਸਾਡਾ ਧਿਆਨ ਖਿੱਚਣ ਲੱਗਦੇ ਹਨ, ਅਸੀਂ ਉਸ ਦੇ ਬੋਲਣ ਦੇ ਅੰਦਾਜ਼ ਅਤੇ ਤਰੀਕੇ ਉੱਤੇ ਧਿਆਨ ਦੇਣ ਲੱਗਦੇ ਹਾਂ, ਅਤੇ ਅਚੇਤਨ ਹੀ ਇਸ ਸਧਾਰਣ ਵਿਅਕਤੀ ਦੀਆਂ ਡੂੰਘੀਆਂ ਭਾਵਨਾਵਾਂ ਵਿੱਚ ਰੁਚੀ ਲੈਣ ਲੱਗਦੇ ਹਾਂ। ਸਾਡੀ ਖ਼ਾਤਰ ਕੰਮ ਕਰਦਿਆਂ ਉਸ ਦੇ ਦਿਲ ਦਾ ਲਹੂ ਉਸ ਦੇ ਮੂੰਹ ਰਾਹੀਂ ਵਗਣ ਲੱਗਦਾ ਹੈ, ਸਾਡੇ ਕਰਕੇ ਉਸ ਦੀ ਨੀਂਦ ਅਤੇ ਭੁੱਖ ਖ਼ਤਮ ਹੋ ਜਾਂਦੀ ਹੈ, ਉਹ ਸਾਡੇ ਲਈ ਰੋਂਦਾ ਹੈ, ਹਉਕੇ ਭਰਦਾ ਹੈ, ਸਾਡੇ ਲਈ ਬਿਮਾਰੀ ਵਿੱਚ ਕਰਾਹੁੰਦਾ ਹੈ, ਸਾਡੀ ਮੰਜ਼ਲ ਅਤੇ ਸਾਡੀ ਮੁਕਤੀ ਲਈ ਨਿਰਾਦਰ ਸਹਿੰਦਾ ਹੈ, ਅਤੇ ਸਾਡੀ ਕਠੋਰਤਾ ਅਤੇ ਸਾਡਾ ਆਕੀਪੁਣਾ ਉਸ ਦੇ ਦਿਲ ਨੂੰ ਖੂਨ ਦੇ ਅੱਥਰੂ ਰਵਾਉਂਦਾ ਹੈ। ਹੋਂਦ ਦਾ ਅਤੇ ਹੋਣ ਦਾ ਇਹ ਢੰਗ ਕਿਸੇ ਸਧਾਰਣ ਵਿਅਕਤੀ ਦਾ ਨਹੀਂ ਹੈ, ਨਾ ਹੀ ਇਹ ਕਿਸੇ ਭ੍ਰਿਸ਼ਟ ਮਨੁੱਖ ਦਾ ਹੋ ਸਕਦਾ ਹੈ ਅਤੇ ਨਾ ਹੀ ਉਸ ਵੱਲੋਂ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਜਿਹੜੀ ਸਹਿਣਸ਼ੀਲਤਾ ਅਤੇ ਧੀਰਜ ਉਹ ਵਿਖਾਉਂਦਾ ਹੈ ਉਹ ਕਿਸੇ ਸਧਾਰਣ ਮਨੁੱਖ ਵਿੱਚ ਨਹੀਂ ਪਾਏ ਜਾਂਦੇ, ਅਤੇ ਉਸ ਦਾ ਪ੍ਰੇਮ ਅਜਿਹੀ ਚੀਜ਼ ਨਹੀਂ ਹੈ ਜੋ ਕਿਸੇ ਵੀ ਸਿਰਜੇ ਗਏ ਪ੍ਰਾਣੀ ਨੂੰ ਬਖਸ਼ੀ ਜਾਂਦੀ ਹੈ। ਉਸ ਤੋਂ ਇਲਾਵਾ ਕੋਈ ਨਹੀਂ ਹੈ ਜਿਹੜਾ ਸਾਡੇ ਸਭ ਵਿਚਾਰਾਂ ਨੂੰ ਜਾਣਦਾ ਹੋਵੇ, ਜਾਂ ਸਾਡੇ ਸੁਭਾਅ ਅਤੇ ਸਾਡੇ ਮੂਲ-ਤੱਤ ਨੂੰ ਇੰਨਾ ਸਾਫ਼-ਸਾਫ਼ ਅਤੇ ਪੂਰੀ ਤਰ੍ਹਾਂ ਸਮਝਦਾ ਹੋਵੇ, ਜਾਂ ਮਨੁੱਖਜਾਤੀ ਦੇ ਆਕੀਪੁਣੇ ਅਤੇ ਭ੍ਰਿਸ਼ਟਤਾ ਦਾ ਨਿਆਂ ਕਰ ਸਕਦਾ ਹੋਵੇ, ਜਾਂ ਸਵਰਗ ਵਿਚਲੇ ਪਰਮੇਸ਼ੁਰ ਦੇ ਨਮਿੱਤ ਸਾਡੇ ਨਾਲ ਗੱਲ ਕਰ ਸਕਦਾ ਹੋਵੇ ਜਾਂ ਇਸ ਤਰ੍ਹਾਂ ਸਾਡੇ ਵਿਚਕਾਰ ਕੰਮ ਕਰ ਸਕੇ। ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਜਿਸ ਨੂੰ ਪਰਮੇਸ਼ੁਰ ਦਾ ਅਧਿਕਾਰ, ਬੁੱਧ ਅਤੇ ਸ਼ਾਨ ਪ੍ਰਦਾਨ ਕੀਤੀ ਗਈ ਹੈ; ਅਰਥਾਤ ਪਰਮੇਸ਼ੁਰ ਦਾ ਸੁਭਾਅ ਅਤੇ ਪਰਮੇਸ਼ੁਰ ਦੀ ਸ਼ਖਸੀਅਤ ਕੀ ਹੈ ਅਤੇ ਉਸ ਦੇ ਕੋਲ ਕੀ ਹੈ, ਇਹ ਸਭ ਸਮੁੱਚੇ ਰੂਪ ਵਿੱਚ ਉਸੇ ਰਾਹੀਂ ਪਰਗਟ ਕੀਤਾ ਜਾਂਦਾ ਹੈ। ਉਸ ਤੋਂ ਇਲਾਵਾ ਕੋਈ ਸਾਨੂੰ ਰਾਹ ਨਹੀਂ ਵਿਖਾ ਸਕਦਾ ਅਤੇ ਚਾਨਣ ਪ੍ਰਦਾਨ ਨਹੀਂ ਕਰ ਸਕਦਾ। ਉਸ ਤੋਂ ਇਲਾਵਾ ਕੋਈ ਉਨ੍ਹਾਂ ਭੇਤਾਂ ਨੂੰ ਪਰਗਟ ਨਹੀਂ ਕਰ ਸਕਦਾ ਜਿਹੜੇ ਪਰਮੇਸ਼ੁਰ ਨੇ ਸਿਰਜਣਾ ਤੋਂ ਲੈ ਕੇ ਅੱਜ ਤੱਕ ਗੁਪਤ ਰੱਖੇ ਹੋਏ ਹਨ। ਉਸ ਤੋਂ ਇਲਾਵਾ ਕੋਈ ਸਾਨੂੰ ਸ਼ਤਾਨ ਦੇ ਬੰਧਨ ਤੋਂ ਅਤੇ ਸਾਡੇ ਆਪਣੇ ਭ੍ਰਿਸ਼ਟ ਸੁਭਾਅ ਤੋਂ ਨਹੀਂ ਛੁਡਾ ਸਕਦਾ। ਉਹ ਪਰਮੇਸ਼ੁਰ ਦਾ ਪ੍ਰਤੀਬਿੰਬ ਹੈ। ਉਹ ਪਰਮੇਸ਼ੁਰ ਦੇ ਦਿਲ ਦੀ ਗਹਿਰਾਈ ਨੂੰ, ਪਰਮੇਸ਼ੁਰ ਦੀਆਂ ਸਿੱਖਿਆਵਾਂ ਨੂੰ, ਅਤੇ ਸੰਪੂਰਣ ਮਨੁੱਖਜਾਤੀ ਦੇ ਪ੍ਰਤੀ ਪਰਮੇਸ਼ੁਰ ਦੇ ਨਿਆਂ ਦੀਆਂ ਗੱਲਾਂ ਨੂੰ ਪਰਗਟ ਕਰਦਾ ਹੈ। ਉਸ ਨੇ ਇੱਕ ਨਵੇਂ ਯੁਗ ਦੀ, ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰ ਦਿੱਤੀ ਹੈ, ਅਤੇ ਇੱਕ ਨਵੇਂ ਅਕਾਸ਼ ਅਤੇ ਨਵੀਂ ਧਰਤੀ ਅਤੇ ਨਵੇਂ ਕੰਮ ਨੂੰ ਅਰੰਭ ਕਰ ਦਿੱਤਾ ਹੈ। ਉਸ ਨੇ ਵਿਅਰਥਤਾ ਵਿੱਚ ਬਿਤਾਏ ਗਏ ਸਾਡੇ ਜੀਵਨ ਦਾ ਅੰਤ ਕਰਦੇ ਹੋਏ ਸਾਨੂੰ ਆਸ ਪ੍ਰਦਾਨ ਕੀਤੀ ਹੈ ਅਤੇ ਸਾਡੀ ਸਮੁੱਚੀ ਹੋਂਦ ਨੂੰ ਇਸ ਯੋਗ ਬਣਾਇਆ ਹੈ ਕਿ ਇਹ ਮੁਕਤੀ ਦੇ ਰਾਹ ਨੂੰ ਪੂਰੀ ਸਪਸ਼ਟਤਾ ਨਾਲ ਵੇਖ ਸਕੇ। ਉਸ ਨੇ ਸਾਡੀ ਸਮੁੱਚੀ ਹੋਂਦ ਨੂੰ ਜਿੱਤ ਲਿਆ ਹੈ ਅਤੇ ਸਾਡੇ ਹਿਰਦਿਆਂ ਉੱਤੇ ਅਧਿਕਾਰ ਕਰ ਲਿਆ ਹੈ। ਉਸੇ ਪਲ ਤੋਂ ਸਾਡੇ ਮਨਾਂ ਨੂੰ ਹੋਸ਼ ਆ ਗਿਆ ਹੈ ਅਤੇ ਸਾਡੀਆਂ ਆਤਮਾਵਾਂ ਵੀ ਮੁੜ ਸੁਰਜੀਤ ਹੋ ਗਈਆਂ ਜਾਪਦੀਆਂ ਹਨ: ਇਹ ਸਧਾਰਣ, ਇਹ ਤੁੱਛ ਵਿਅਕਤੀ ਜਿਹੜਾ ਸਾਡੇ ਵਿਚਕਾਰ ਰਹਿੰਦਾ ਹੈ ਅਤੇ ਜਿਸ ਨੂੰ ਅਸੀਂ ਲੰਮੇ ਸਮੇਂ ਤੋਂ ਠੁਕਰਾਉਂਦੇ ਆਏ ਹਾਂ-ਕੀ ਇਹੋ ਉਹ ਪ੍ਰਭੂ ਯਿਸੂ ਨਹੀਂ ਹੈ ਜਿਹੜਾ ਹਮੇਸ਼ਾ, ਭਾਵੇਂ ਅਸੀਂ ਤੁਰਦੇ ਜਾਂ ਸੁਪਨੇ ਵੇਖਦੇ ਹੋਈਏ, ਸਾਡੇ ਵਿਚਾਰਾਂ ਵਿੱਚ ਰਹਿੰਦਾ ਹੈ ਅਤੇ ਜਿਸ ਦੇ ਲਈ ਅਸੀਂ ਰਾਤ-ਦਿਨ ਤਾਂਘ ਰੱਖਦੇ ਹਾਂ? ਇਹ ਉਹੀ ਹੈ! ਇਹ ਸੱਚਮੁੱਚ ਉਹੀ ਹੈ! ਉਹੀ ਸਾਡਾ ਪਰਮੇਸ਼ੁਰ ਹੈ! ਉਹੀ ਰਾਹ, ਸਚਾਈ ਅਤੇ ਜੀਵਨ ਹੈ! ਉਸੇ ਨੇ ਸਾਨੂੰ ਮੁੜ ਜੀਉਣ ਦੇ ਅਤੇ ਚਾਨਣ ਨੂੰ ਵੇਖਣ ਦੇ ਯੋਗ ਬਣਾਇਆ ਹੈ ਅਤੇ ਸਾਡੇ ਦਿਲਾਂ ਨੂੰ ਭਟਕਣ ਤੋਂ ਰੋਕ ਦਿੱਤਾ ਹੈ। ਅਸੀਂ ਪਰਮੇਸ਼ੁਰ ਦੇ ਘਰ ਮੁੜ ਆਏ ਹਾਂ, ਅਸੀਂ ਉਸ ਦੇ ਸਿੰਘਾਸਣ ਦੇ ਸਾਹਮਣੇ ਮੁੜ ਆਏ ਹਾਂ, ਅਸੀਂ ਉਸ ਦੇ ਆਹਮਣੇ-ਸਾਹਮਣੇ ਹਾਂ, ਅਸੀਂ ਉਸ ਦੇ ਚਿਹਰੇ ਦੇ ਜਲਾਲ ਨੂੰ ਵੇਖ ਲਿਆ ਹੈ ਅਤੇ ਉਸ ਰਾਹ ਨੂੰ ਵੇਖ ਲਿਆ ਹੈ ਜੋ ਸਾਡੇ ਅੱਗੇ ਪਿਆ ਹੈ। ਇਸ ਸਮੇਂ, ਉਸ ਨੇ ਸਾਡੇ ਦਿਲਾਂ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਹੈ; ਅਰਥਾਤ ਹੁਣ ਸਾਨੂੰ ਕੋਈ ਸੰਦੇਹ ਨਹੀਂ ਹੈ ਕਿ ਉਹ ਕੌਣ ਹੈ, ਹੁਣ ਅਸੀਂ ਉਸ ਦੇ ਕੰਮ ਅਤੇ ਉਸ ਦੇ ਵਚਨ ਦਾ ਵਿਰੋਧ ਨਹੀਂ ਕਰਦੇ ਅਤੇ ਉਸ ਦੇ ਸਾਹਮਣੇ ਡਿੱਗ ਕੇ ਉਸ ਨੂੰ ਮੱਥਾ ਟੇਕਦੇ ਹਾਂ। ਹੁਣ ਸਾਡੀ ਕੇਵਲ ਇਹੋ ਇੱਕ ਇੱਛਾ ਹੈ ਕਿ ਅਸੀਂ ਆਪਣੇ ਬਾਕੀ ਸਾਰੇ ਜੀਵਨ ਪਰਮੇਸ਼ੁਰ ਦੀਆਂ ਪੈੜਾਂ ਉੱਤੇ ਚੱਲੀਏ, ਉਸ ਦੇ ਦੁਆਰਾ ਸੰਪੂਰਣ ਕੀਤੇ ਜਾਈਏ, ਉਸ ਦੀ ਕਿਰਪਾ ਦਾ ਬਦਲਾ ਚੁਕਾਈਏ, ਸਾਡੇ ਪ੍ਰਤੀ ਉਸ ਦੇ ਪ੍ਰੇਮ ਦਾ ਬਦਲਾ ਚੁਕਾਈਏ, ਉਸ ਦੀਆਂ ਯੋਜਨਾਵਾਂ ਅਤੇ ਉਸ ਦੇ ਪ੍ਰਬੰਧਾਂ ਦਾ ਪਾਲਣ ਕਰੀਏ, ਉਸ ਦੇ ਕੰਮ ਵਿੱਚ ਸਹਿਯੋਗ ਕਰੀਏ ਅਤੇ ਜੋ ਵੀ ਕੰਮ ਉਹ ਸਾਨੂੰ ਸੌਂਪਦਾ ਹੈ ਉਸ ਨੂੰ ਪੂਰਾ ਕਰਨ ਲਈ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਕਰੀਏ।

ਪਰਮੇਸ਼ੁਰ ਦੁਆਰਾ ਜਿੱਤ ਲਏ ਜਾਣਾ ਮਾਰਸ਼ਲ ਆਰਟ ਮੁਕਾਬਲੇ ਵਾਂਗ ਹੈ।

ਪਰਮੇਸ਼ੁਰ ਦਾ ਹਰੇਕ ਸ਼ਬਦ ਸਾਡੇ ਕਿਸੇ ਨਾ ਕਿਸੇ ਨਾਸ਼ਵਾਨ ਹਿੱਸੇ ’ਤੇ ਚੋਟ ਕਰਦਾ ਹੈ ਅਤੇ ਸਾਨੂੰ ਘਾਇਲ ਅਤੇ ਭੈਭੀਤ ਕਰ ਛੱਡਦਾ ਹੈ। ਉਹ ਸਾਡੀਆਂ ਧਾਰਣਾਵਾਂ, ਸਾਡੀਆਂ ਕਲਪਨਾਵਾਂ ਅਤੇ ਸਾਡੇ ਭ੍ਰਿਸ਼ਟ ਸੁਭਾਅ ਨੂੰ ਉਜਾਗਰ ਕਰਦਾ ਹੈ। ਸਾਡੀ ਕਥਨੀ ਅਤੇ ਕਰਨੀ ਤੋਂ ਲੈ ਕੇ ਸਾਡੇ ਹਰੇਕ ਵਿਚਾਰ ਅਤੇ ਯੋਜਨਾ ਤੱਕ, ਸਾਡਾ ਸੰਪੂਰਣ ਸੁਭਾਅ ਅਤੇ ਮੂਲ-ਤੱਤ ਉਸ ਦੇ ਸ਼ਬਦਾਂ ਵਿੱਚੋਂ ਪਰਗਟ ਹੁੰਦਾ ਹੈ ਅਤੇ ਇਹ ਸਾਨੂੰ ਡਰ ਅਤੇ ਕੰਬਣ ਦੀ ਹਾਲਤ ਵਿੱਚ ਪਹੁੰਚਾ ਦਿੰਦਾ ਹੈ ਤੇ ਸਾਨੂੰ ਆਪਣੀ ਸ਼ਰਮਿੰਦਗੀ ਛਿਪਾਉਣ ਲਈ ਜਗ੍ਹਾ ਨਹੀਂ ਲੱਭਦੀ। ਇੱਕ-ਇੱਕ ਕਰਕੇ, ਉਹ ਸਾਡੇ ਸਾਰੇ ਕੰਮਾਂ ਬਾਰੇ, ਸਾਡੇ ਟੀਚਿਆਂ ਅਤੇ ਇਰਾਦਿਆਂ ਬਾਰੇ, ਇੱਥੋਂ ਤੱਕ ਕਿ ਸਾਡੇ ਭ੍ਰਿਸ਼ਟ ਸੁਭਾਅ ਬਾਰੇ ਵੀ ਸਾਨੂੰ ਦੱਸ ਦਿੰਦਾ ਹੈ ਜਿਸ ਦੇ ਬਾਰੇ ਅਸੀਂ ਆਪ ਕਦੇ ਨਹੀਂ ਜਾਣ ਪਾਏ ਹਾਂ, ਅਤੇ ਜਦੋਂ ਉਹ ਅਜਿਹਾ ਕਰਦਾ ਹੈ ਤਾਂ ਅਸੀਂ ਆਪਣੀ ਸਾਰੀ ਘਿਣਾਉਣੀ ਊਣਤਾਈ ਨੂੰ ਉਜਾਗਰ ਹੋਇਆ ਅਤੇ ਇਸ ਤੋਂ ਵੀ ਵਧ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਿਰੁੱਤਰ ਮਹਿਸੂਸ ਕਰਦੇ ਹਾਂ। ਉਹ ਉਸ ਦਾ ਵਿਰੋਧ ਕਰਨ ਕਰਕੇ ਸਾਡਾ ਨਿਆਂ ਕਰਦਾ ਹੈ, ਉਸ ਦੀ ਨਿੰਦਾ ਕਰਨ ਕਰਕੇ ਅਤੇ ਉਸ ਉੱਤੇ ਦੋਸ਼ ਲਾਉਣ ਕਰਕੇ ਸਾਨੂੰ ਤਾੜਦਾ ਹੈ, ਅਤੇ ਸਾਨੂੰ ਮਹਿਸੂਸ ਕਰਾਉਂਦਾ ਹੈ ਕਿ ਉਸ ਦੀ ਨਜ਼ਰ ਵਿੱਚ ਸਾਡੇ ਅੰਦਰ ਛੁਡਾਏ ਜਾਣ ਲਾਇਕ ਇੱਕ ਵੀ ਗੁਣ ਨਹੀਂ ਹੈ, ਅਤੇ ਇਹ ਕਿ ਅਸੀਂ ਜੀਉਂਦੇ ਜਾਗਦੇ ਸ਼ਤਾਨ ਹਾਂ। ਸਾਡੀਆਂ ਆਸਾਂ ਚੂਰ-ਚੂਰ ਹੋ ਜਾਂਦੀਆਂ ਹਨ, ਅਸੀਂ ਅੱਗੇ ਤੋਂ ਉਸ ਕੋਲੋਂ ਕੋਈ ਅਣਉਚਿਤ ਮੰਗ ਕਰਨ ਦੀ ਜਾਂ ਉਸ ਤੋਂ ਕੋਈ ਆਸ ਰੱਖਣ ਦੀ ਹਿੰਮਤ ਨਹੀਂ ਕਰ ਪਾਉਂਦੇ, ਤੇ ਇੱਥੋਂ ਤੱਕ ਕਿ ਸਾਡੇ ਸੁਪਨੇ ਵੀ ਰਾਤੋ-ਰਾਤ ਗਾਇਬ ਹੋ ਜਾਂਦੇ ਹਨ। ਇਹ ਉਹ ਤੱਥ ਹੈ, ਉਹ ਸਚਾਈ ਹੈ ਜਿਸ ਦੀ ਸਾਡੇ ਵਿੱਚੋਂ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਅਤੇ ਜਿਸ ਨੂੰ ਸਾਡੇ ਵਿੱਚੋਂ ਕੋਈ ਵੀ ਸਵੀਕਾਰ ਨਹੀਂ ਕਰ ਸਕਦਾ। ਇੱਕ ਪਲ ਵਿੱਚ ਹੀ ਅਸੀਂ ਆਪਣੇ ਅੰਦਰੂਨੀ ਸੰਤੁਲਨ ਨੂੰ ਗੁਆ ਬੈਠਦੇ ਹਾਂ ਅਤੇ ਸਾਨੂੰ ਸਮਝ ਨਹੀਂ ਆਉਂਦਾ ਕਿ ਕਿਵੇਂ ਉਸ ਰਾਹ ਉੱਤੇ ਚੱਲਣਾ ਜਾਰੀ ਰੱਖੀਏ ਜੋ ਸਾਡੇ ਸਾਹਮਣੇ ਹੈ, ਜਾਂ ਆਪਣੀਆਂ ਮਾਨਤਾਵਾਂ ਉੱਤੇ ਕਿਵੇਂ ਕਾਇਮ ਰਹੀਏ। ਲੱਗਦਾ ਹੈ ਕਿ ਸਾਡਾ ਵਿਸ਼ਵਾਸ ਠੀਕ ਉਸੇ ਜਗ੍ਹਾ ਪਹੁੰਚ ਗਿਆ ਹੈ ਜਿੱਥੋਂ ਸ਼ੁਰੂ ਹੋਇਆ ਸੀ, ਅਤੇ ਜਿਵੇਂ ਕਿ ਅਸੀਂ ਪ੍ਰਭੂ ਯਿਸੂ ਨੂੰ ਕਦੇ ਮਿਲੇ ਹੀ ਨਹੀਂ ਸੀ ਜਾਂ ਕਦੇ ਉਸ ਨੂੰ ਜਾਣਿਆ ਹੀ ਨਹੀਂ ਸੀ। ਸਾਡੀਆਂ ਅੱਖਾਂ ਸਾਹਮਣੇ ਦੀ ਹਰ ਚੀਜ਼ ਸਾਨੂੰ ਦੁਬਿਧਾ ਵਿੱਚ ਪਾਉਂਦੀ ਹੈ ਅਤੇ ਅਸੀਂ ਜਕੋਤਕੀ ਵਿੱਚ ਡਕੋਡੋਲੇ ਖਾਂਦੇ ਮਹਿਸੂਸ ਕਰਦੇ ਹਾਂ। ਅਸੀਂ ਟੁੱਟ ਜਾਂਦੇ ਹਾਂ, ਨਿਰਾਸ਼ ਹੋ ਜਾਂਦੇ ਹਾਂ, ਅਤੇ ਸਾਡੇ ਦਿਲਾਂ ਅੰਦਰ ਗਹਿਰਾਈ ਵਿੱਚ ਬੇਕਾਬੂ ਗੁੱਸਾ ਅਤੇ ਅਪਮਾਨ ਹੁੰਦਾ ਹੈ। ਅਸੀਂ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਵਿੱਚੋਂ ਬਾਹਰ ਆਉਣ ਦਾ ਰਾਹ ਲੱਭਦੇ ਹਾਂ, ਅਤੇ ਇਸ ਤੋਂ ਵੀ ਵਧ ਕੇ ਆਪਣੇ ਮੁਕਤੀਦਾਤੇ ਯਿਸੂ ਦੀ ਉਡੀਕ ਕਰਨਾ ਜਾਰੀ ਰੱਖਦੇ ਹਾਂ, ਤਾਂਕਿ ਅਸੀਂ ਆਪਣੇ ਦਿਲਾਂ ਨੂੰ ਉਸ ਦੇ ਸਾਹਮਣੇ ਉਂਡੇਲ ਸਕੀਏ। ਹਾਲਾਂਕਿ ਐਸੇ ਸਮੇਂ ਵੀ ਹੁੰਦੇ ਹਨ ਜਦੋਂ ਬਾਹਰੋਂ ਅਸੀਂ ਬੜੇ ਸੰਤੁਲਿਤ ਨਜ਼ਰ ਆਉਂਦੇ ਹਾਂ, ਨਾ ਘਮੰਡੀ ਨਾ ਦੀਨ, ਪਰ ਦਿਲਾਂ ਵਿੱਚ ਹਾਨੀ ਦਾ ਇੱਕ ਅਜਿਹਾ ਅਹਿਸਾਸ ਸਾਨੂੰ ਦੁਖੀ ਕਰਦਾ ਹੈ ਜੋ ਅਸੀਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਹੁੰਦਾ। ਹਾਲਾਂਕਿ ਹੋ ਸਕਦਾ ਹੈ ਕਈ ਵਾਰ ਅਸੀਂ ਬਾਹਰੋਂ ਅਸਾਧਾਰਣ ਰੂਪ ਵਿੱਚ ਬੜੇ ਸ਼ਾਂਤ ਨਜ਼ਰ ਆਉਂਦੇ ਹੋਈਏ, ਪਰ ਸਾਡੇ ਮਨ ਇੱਕ ਤੂਫ਼ਾਨੀ ਸਮੁੰਦਰ ਵਾਂਗ ਸੰਤਾਪ ਨਾਲ ਜੂਝ ਰਹੇ ਹੁੰਦੇ ਹਨ। ਪਰਮੇਸ਼ੁਰ ਦੇ ਨਿਆਂ ਅਤੇ ਤਾੜਨਾ ਨੇ ਸਾਥੋਂ ਸਾਡੀਆਂ ਸਾਰੀਆਂ ਆਸਾਂ ਅਤੇ ਸੁਪਨੇ ਖੋਹ ਲਏ ਹਨ ਅਤੇ ਸਾਡੀਆਂ ਉੱਚੀਆਂ-ਉੱਚੀਆਂ ਖਾਹਿਸ਼ਾਂ ਨੂੰ ਖ਼ਤਮ ਕਰਕੇ ਸਾਨੂੰ ਇਸ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ ਕਿ ਅਸੀਂ ਇਹ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹਾਂ ਕਿ ਉਹ ਸਾਡਾ ਮੁਕਤੀਦਾਤਾ ਹੈ ਅਤੇ ਸਾਨੂੰ ਬਚਾਉਣ ਵਿੱਚ ਸਮਰੱਥ ਹੈ। ਉਸ ਦੇ ਨਿਆਂ ਅਤੇ ਤਾੜਨਾ ਨੇ ਉਸ ਦੇ ਅਤੇ ਸਾਡੇ ਵਿਚਕਾਰ ਇੱਕ ਖੱਡ ਬਣਾ ਦਿੱਤੀ ਹੈ ਜੋ ਇੰਨੀ ਡੂੰਘੀ ਹੈ ਕਿ ਕੋਈ ਇਸ ਨੂੰ ਪਾਰ ਕਰਨ ਲਈ ਤਿਆਰ ਨਹੀਂ ਹੈ। ਉਸ ਦੇ ਨਿਆਂ ਅਤੇ ਤਾੜਨਾ ਕਰਕੇ ਪਹਿਲੀ ਵਾਰ ਸਾਨੂੰ ਸਾਡੇ ਜੀਵਨਾਂ ਵਿੱਚ ਇਸ ਤਰ੍ਹਾਂ ਦੀ ਅਸਫਲਤਾ, ਇਸ ਤਰ੍ਹਾਂ ਦੇ ਅਪਮਾਨ ਨੂੰ ਝੱਲਣਾ ਪਿਆ ਹੈ। ਪਰਮੇਸ਼ੁਰ ਦੇ ਨਿਆਂ ਅਤੇ ਉਸ ਦੀ ਤਾੜਨਾ ਨੇ ਸਾਨੂੰ ਸੱਚਮੁੱਚ ਪ੍ਰੇਰਿਤ ਕੀਤਾ ਹੈ ਕਿ ਅਸੀਂ ਉਸ ਦੇ ਆਦਰ ਅਤੇ ਮਨੁੱਖ ਦੇ ਅਪਰਾਧ ਦੇ ਪ੍ਰਤੀ ਉਸ ਦੀ ਅਸਹਿਣਸ਼ੀਲਤਾ ਦੀ ਸ਼ਲਾਘਾ ਕਰੀਏ, ਜਿਸ ਦੀ ਤੁਲਨਾ ਵਿੱਚ ਸਾਡਾ ਦਰਜਾ ਬੇਹੱਦ ਨੀਵਾਂ, ਬੇਹੱਦ ਅਸ਼ੁੱਧ ਹੈ। ਉਸ ਦੇ ਨਿਆਂ ਅਤੇ ਉਸ ਦੀ ਤਾੜਨਾ ਨੇ ਸਾਨੂੰ ਪਹਿਲੀ ਵਾਰ ਇਹ ਅਹਿਸਾਸ ਕਰਾਇਆ ਹੈ ਕਿ ਅਸੀਂ ਕਿੰਨੇ ਘਮੰਡੀ ਅਤੇ ਆਕੜਖੋਰ ਹਾਂ, ਅਤੇ ਕਿਵੇਂ ਮਨੁੱਖ ਪਰਮੇਸ਼ੁਰ ਦੇ ਦਰਜੇ ਤੱਕ ਜਾਂ ਉਸ ਦੀ ਬਰਾਬਰੀ ਤੱਕ ਕਦੇ ਨਹੀਂ ਪਹੁੰਚ ਸਕੇਗਾ। ਉਸ ਦੇ ਨਿਆਂ ਅਤੇ ਤਾੜਨਾ ਨੇ ਸਾਡੇ ਅੰਦਰ ਇਹ ਤਾਂਘ ਪੈਦਾ ਕੀਤੀ ਹੈ ਕਿ ਅਸੀਂ ਹੁਣ ਤੋਂ ਇਸ ਤਰ੍ਹਾਂ ਦੇ ਭ੍ਰਿਸ਼ਟ ਸੁਭਾਅ ਨਾਲ ਨਾ ਜੀਵੀਏ ਤੇ ਜਿੰਨਾ ਜਲਦੀ ਹੋ ਸਕੇ ਇਸ ਸੁਭਾਅ ਅਤੇ ਇਸ ਤੱਤ ਤੋਂ ਛੁਟਕਾਰਾ ਪਾਈਏ, ਅਤੇ ਉਸ ਦੇ ਲਈ ਘਿਣਾਉਣੇ ਅਤੇ ਘਿਰਣਾਯੋਗ ਨਾ ਬਣੇ ਰਹੀਏ। ਉਸ ਦੇ ਨਿਆਂ ਅਤੇ ਤਾੜਨਾ ਨੇ ਸਾਨੂੰ ਅੱਗੇ ਤੋਂ ਉਸ ਦੀਆਂ ਯੋਜਨਾਵਾਂ ਅਤੇ ਉਸ ਦੇ ਪ੍ਰਬੰਧਾਂ ਦੇ ਵਿਰੁੱਧ ਵਿਦਰੋਹ ਕਰਨਾ ਛੱਡ ਕੇ ਉਸ ਦੇ ਵਚਨਾਂ ਦੀ ਪਾਲਣਾ ਕਰਨ ਦੀ ਖੁਸ਼ੀ ਦਿੱਤੀ ਹੈ। ਉਸ ਦੇ ਨਿਆਂ ਅਤੇ ਤਾੜਨਾ ਨੇ ਇੱਕ ਵਾਰ ਫੇਰ ਸਾਨੂੰ ਜੀਉਂਦੇ ਰਹਿਣ ਦੀ ਇੱਛਾ ਪ੍ਰਦਾਨ ਕੀਤੀ ਹੈ ਅਤੇ ਉਸ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਨ ਦੀ ਖੁਸ਼ੀ ਦਿੱਤੀ ਹੈ...। ਅਸੀਂ ਜਿੱਤਣ ਦੇ ਕੰਮ ਵਿੱਚੋਂ, ਨਰਕ ਵਿੱਚੋਂ ਅਤੇ ਮੌਤ ਦੀ ਛਾਂ ਦੀ ਵਾਦੀ ਵਿੱਚੋਂ ਬਾਹਰ ਨਿੱਕਲ ਆਏ ਹਾਂ...। ਸਰਬਸ਼ਕਤੀਮਾਨ ਪਰਮੇਸ਼ੁਰ ਨੇ ਸਾਨੂੰ, ਲੋਕਾਂ ਦੇ ਇਸ ਸਮੂਹ ਨੂੰ ਪ੍ਰਾਪਤ ਕਰ ਲਿਆ ਹੈ! ਉਸ ਨੇ ਸ਼ਤਾਨ ਉੱਤੇ ਜਿੱਤ ਪਾ ਲਈ ਹੈ ਅਤੇ ਆਪਣੇ ਅਣਗਿਣਤ ਦੁਸ਼ਮਣਾਂ ਨੂੰ ਹਰਾ ਦਿੱਤਾ ਹੈ!

ਅਸੀਂ ਇਸੇ ਤਰ੍ਹਾਂ ਦੇ ਬਹੁਤ ਹੀ ਸਧਾਰਣ ਜਿਹੇ ਲੋਕਾਂ ਦਾ ਸਮੂਹ ਹਾਂ ਜਿਹੜੇ ਭ੍ਰਿਸ਼ਟ ਸ਼ਤਾਨੀ ਸੁਭਾਅ ਨਾਲ ਗ੍ਰਸਤ ਹਾਂ, ਅਜਿਹੇ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਯੁਗਾਂ ਤੋਂ ਵੀ ਪਹਿਲਾਂ ਤੋਂ ਠਹਿਰਾਇਆ, ਅਤੇ ਉਹ ਲੋੜਵੰਦ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਕੂੜੇ ਦੇ ਢੇਰ ਤੋਂ ਚੁੱਕਿਆ। ਅਸੀਂ ਇੱਕ ਸਮੇਂ ਪਰਮੇਸ਼ੁਰ ਨੂੰ ਰੱਦ ਦਿੱਤਾ ਅਤੇ ਉਸ ਨੂੰ ਦੋਸ਼ੀ ਠਹਿਰਾਇਆ, ਪਰ ਹੁਣ ਉਸ ਨੇ ਸਾਨੂੰ ਜਿੱਤ ਲਿਆ ਹੈ। ਪਰਮੇਸ਼ੁਰ ਤੋਂ ਹੀ ਅਸੀਂ ਜੀਵਨ, ਸਦੀਪਕ ਜੀਵਨ ਦਾ ਰਾਹ ਪ੍ਰਾਪਤ ਕੀਤਾ ਹੈ। ਅਸੀਂ ਧਰਤੀ ਉੱਤੇ ਚਾਹੇ ਕਿਤੇ ਵੀ ਰਹਿੰਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦੇ ਸਤਾਓ ਅਤੇ ਕਸ਼ਟਾਂ ਨੂੰ ਝੱਲ ਰਹੇ ਹਾਂ, ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਮੁਕਤੀ ਤੋਂ ਅਲੱਗ ਨਹੀਂ ਹੋ ਸਕਦੇ। ਕਿਉਂਕਿ ਉਹੀ ਸਾਡਾ ਸਿਰਜਣਹਾਰ ਅਤੇ ਸਾਡਾ ਇੱਕਲੌਤਾ ਛੁਟਕਾਰਾ ਹੈ!

ਪਰਮੇਸ਼ੁਰ ਦਾ ਪ੍ਰੇਮ ਪਾਣੀ ਦੇ ਸੋਤੇ ਵਾਂਗ ਵਹਿੰਦਾ ਹੈ, ਅਤੇ ਤੈਨੂੰ, ਮੈਨੂੰ, ਦੂਜਿਆਂ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਸੱਚੇ ਦਿਲੋਂ ਸਚਾਈ ਨੂੰ ਖੋਜਦੇ ਹਨ ਅਤੇ ਪਰਮੇਸ਼ੁਰ ਦੇ ਪਰਗਟ ਹੋਣ ਦੀ ਉਡੀਕ ਕਰਦੇ ਹਨ।

ਜਿਵੇਂ ਚੰਦਰਮਾ ਕਦੇ ਨਾ ਰੁਕਣ ਵਾਲੀ ਅਦਲਾ-ਬਦਲੀ ਵਿੱਚ ਸੂਰਜ ਦੇ ਪਿੱਛੇ ਚੱਲਦਾ ਰਹਿੰਦਾ ਹੈ, ਬਿਲਕੁਲ ਇਸੇ ਤਰ੍ਹਾਂ ਪਰਮੇਸ਼ੁਰ ਦਾ ਕੰਮ ਵੀ ਕਦੇ ਨਹੀਂ ਰੁਕਦਾ ਅਤੇ ਇਹ ਤੇਰੇ ਉੱਤੇ, ਮੇਰੇ ਉੱਤੇ, ਦੂਜਿਆਂ ਉੱਤੇ ਅਤੇ ਉਨ੍ਹਾਂ ਸਭਨਾਂ ਉੱਤੇ ਜਾਰੀ ਰਹਿੰਦਾ ਹੈ ਜਿਹੜੇ ਪਰਮੇਸ਼ੁਰ ਦੀਆਂ ਪੈੜਾਂ ਉੱਤੇ ਚੱਲਦੇ ਹਨ ਅਤੇ ਉਸ ਦੇ ਨਿਆਂ ਅਤੇ ਤਾੜਨਾ ਨੂੰ ਸਵੀਕਾਰ ਕਰਦੇ ਹਨ।

23 ਮਾਰਚ, 2010

ਇਹ ਪਰਮੇਸ਼ੁਰ ਵੱਲੋਂ ਸਰਬਸ਼ਕਤੀਮਾਨ ਦੀ ਕਲੀਸਿਯਾ ਦਾ ਅਰੰਭ ਅਤੇ ਵਿਕਾਸ ਦੇ ਮੁੱਖਬੰਦ ਦੇ ਤੌਰ ’ਤੇ ਲਿਖਿਆ ਗਿਆ ਸੀl

ਪਿਛਲਾ: ਪਰਮੇਸ਼ੁਰ ਨੂੰ ਜਾਣਨਾ ਹੀ ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਣ ਦਾ ਮਾਰਗ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ