ਅਹੁਦਿਆਂ ਅਤੇ ਪਛਾਣ ਦੇ ਸੰਬੰਧ ਵਿੱਚ

ਜੇ ਤੁਸੀਂ ਪਰਮੇਸ਼ੁਰ ਦੇ ਇਸਤੇਮਾਲ ਦੇ ਯੋਗ ਬਣਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਪਰਮੇਸ਼ੁਰ ਦੇ ਉਸ ਕੰਮ ਬਾਰੇ ਜਾਣਨਾ ਜ਼ਰੂਰੀ ਹੈ ਜੋ ਉਸ ਨੇ ਪਹਿਲਾਂ ਕੀਤਾ ਸੀ (ਨਵੇਂ ਅਤੇ ਪੁਰਾਣੇ ਨੇਮਾਂ ਵਿੱਚ), ਅਤੇ, ਇਸ ਤੋਂ ਇਲਾਵਾ, ਤੁਹਾਡੇ ਲਈ ਉਸ ਦੇ ਅੱਜ ਦੇ ਕੰਮ ਬਾਰੇ ਜਾਣਨਾ ਜ਼ਰੂਰੀ ਹੈ; ਕਹਿਣ ਦਾ ਭਾਵ ਹੈ, ਤੁਹਾਡੇ ਲਈ 6,000 ਸਾਲਾਂ ਵਿੱਚ ਕੀਤੇ ਗਏ ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਬਾਰੇ ਜਾਣਨਾ ਜ਼ਰੂਰੀ ਹੈ। ਜੇ ਤੈਨੂੰ ਖੁਸ਼ਖ਼ਬਰੀ ਫੈਲਾਉਣ ਲਈ ਕਿਹਾ ਜਾਂਦਾ ਹੈ, ਤਾਂ ਤੂੰ ਪਰਮੇਸ਼ੁਰ ਦੇ ਕੰਮ ਨੂੰ ਜਾਣੇ ਬਿਨਾਂ ਅਜਿਹਾ ਕਰਨ ਦੇ ਸਮਰੱਥ ਨਹੀਂ ਹੋਏਂਗਾ। ਕੋਈ ਤੈਨੂੰ ਇਸ ਬਾਰੇ ਪੁੱਛ ਸਕਦਾ ਹੈ ਕਿ ਤੁਹਾਡੇ ਪਰਮੇਸ਼ੁਰ ਨੇ ਬਾਈਬਲ, ਪੁਰਾਣੇ ਨੇਮ, ਅਤੇ ਯਿਸੂ ਦੇ ਉਸ ਸਮੇਂ ਦੇ ਕੰਮ ਅਤੇ ਵਚਨਾਂ ਬਾਰੇ ਕੀ ਕਿਹਾ ਹੈ। ਜੇ ਤੂੰ ਬਾਈਬਲ ਦੀ ਅੰਦਰੂਨੀ ਕਹਾਣੀ ਨਹੀਂ ਦੱਸ ਸਕਦਾ, ਤਾਂ ਉਹ ਯਕੀਨ ਨਹੀਂ ਕਰਨਗੇ। ਉਸ ਸਮੇਂ, ਯਿਸੂ ਨੇ ਆਪਣੇ ਚੇਲਿਆਂ ਨਾਲ ਪੁਰਾਣੇ ਨੇਮ ਬਾਰੇ ਬਹੁਤ ਚਰਚਾ ਕੀਤੀ। ਹਰ ਚੀਜ਼ ਜੋ ਉਨ੍ਹਾਂ ਨੇ ਪੜ੍ਹੀ ਉਹ ਪੁਰਾਣੇ ਨੇਮ ਤੋਂ ਹੀ ਸੀ; ਨਵਾਂ ਨੇਮ ਤਾਂ ਯਿਸੂ ਨੂੰ ਸਲੀਬ ’ਤੇ ਚੜ੍ਹਾਏ ਜਾਣ ਦੇ ਕਈ ਦਹਾਕੇ ਬਾਅਦ ਲਿਖਿਆ ਗਿਆ ਸੀ। ਖੁਸ਼ਖ਼ਬਰੀ ਫੈਲਾਉਣ ਲਈ, ਤੁਹਾਨੂੰ ਮੁੱਖ ਤੌਰ ’ਤੇ ਬਾਈਬਲ ਦੀ ਅੰਦਰੂਨੀ ਸੱਚਾਈ, ਅਤੇ ਇਸਰਾਏਲ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਸਮਝਣਾ ਚਾਹੀਦਾ ਹੈ, ਜੋ ਕਿ ਯਹੋਵਾਹ ਦੁਆਰਾ ਕੀਤਾ ਗਿਆ ਕੰਮ ਹੈ, ਅਤੇ ਤੁਹਾਨੂੰ ਯਿਸੂ ਦੁਆਰਾ ਕੀਤੇ ਹੋਏ ਕੰਮ ਨੂੰ ਵੀ ਸਮਝਣਾ ਹੋਏਗਾ। ਇਹ ਉਹ ਮੁੱਦੇ ਹਨ ਜਿਨ੍ਹਾਂ ਬਾਰੇ ਸਾਰੇ ਲੋਕ ਸਭ ਤੋਂ ਜ਼ਿਆਦਾ ਚਿੰਤਿਤ ਹੁੰਦੇ ਹਨ, ਅਤੇ ਕੰਮ ਦੇ ਉਨ੍ਹਾਂ ਦੋਹਾਂ ਪੜਾਵਾਂ ਦੀ ਅੰਦਰੂਨੀ ਕਹਾਣੀ ਹੀ ਹੈ ਜੋ ਉਨ੍ਹਾਂ ਨੇ ਨਹੀਂ ਸੁਣੀ ਹੈ। ਖੁਸ਼ਖ਼ਬਰੀ ਫੈਲਾਉਣ ਸਮੇਂ, ਸਭ ਤੋਂ ਪਹਿਲਾਂ ਪਵਿੱਤਰ ਆਤਮਾ ਦੇ ਅੱਜ ਦੇ ਕੰਮ ਬਾਰੇ ਗੱਲ ਨੂੰ ਇੱਕ ਪਾਸੇ ਰੱਖ ਦਿਓ। ਕੰਮ ਦਾ ਇਹ ਪੜਾਅ ਉਨ੍ਹਾਂ ਦੀ ਪਹੁੰਚ ਤੋਂ ਪਰੇ ਹੈ, ਕਿਉਂਕਿ ਜਿਸ ਦੀ ਤੁਸੀਂ ਖੋਜ ਕਰਦੇ ਹੋ ਉਹ ਅਜਿਹਾ ਹੈ ਜੋ ਸਾਰਿਆਂ ਤੋਂ ਜ਼ਿਆਦਾ ਉੱਚਾ ਹੈ—ਪਰਮੇਸ਼ੁਰ ਦਾ ਗਿਆਨ, ਅਤੇ ਪਵਿੱਤਰ ਆਤਮਾ ਦੇ ਕੰਮ ਦਾ ਗਿਆਨ—ਕੁਝ ਵੀ ਇਨ੍ਹਾਂ ਦੋ ਚੀਜ਼ਾਂ ਤੋਂ ਵੱਧ ਉੱਤਮ ਨਹੀਂ ਹੈ। ਜੇ ਤੁਸੀਂ ਪਹਿਲੀ ਵਾਰ ਵਿੱਚ ਉਸ ਬਾਰੇ ਗੱਲ ਕਰਦੇ ਹੋ ਜੋ ਸਭ ਤੋਂ ਜ਼ਿਆਦਾ ਉੱਚਾ ਹੈ, ਤਾਂ ਇਹ ਉਨ੍ਹਾਂ ਲਈ ਬਹੁਤ ਜ਼ਿਆਦਾ ਹੋਏਗਾ, ਕਿਉਂਕਿ ਕਿਸੇ ਨੇ ਪਵਿੱਤਰ ਆਤਮਾ ਦੇ ਅਜਿਹੇ ਕੰਮ ਦਾ ਅਨੁਭਵ ਨਹੀਂ ਕੀਤਾ ਹੈ; ਇਸ ਦੀ ਕੋਈ ਮਿਸਾਲ ਨਹੀਂ ਹੈ, ਅਤੇ ਇਸ ਨੂੰ ਸਵੀਕਾਰ ਕਰਨਾ ਮਨੁੱਖ ਲਈ ਆਸਾਨ ਨਹੀਂ ਹੈ। ਉਨ੍ਹਾਂ ਦੇ ਅਨੁਭਵ ਅਤੀਤ ਦੀਆਂ ਪੁਰਾਣੀਆਂ ਗੱਲਾਂ ਹਨ, ਪਵਿੱਤਰ ਆਤਮਾ ਦੁਆਰਾ ਕੁਝ ਕਦੇ-ਕਦਾਈਂ ਕੀਤੇ ਕੰਮ ਦੇ ਨਾਲ। ਅੱਜ ਉਹ ਜੋ ਅਨੁਭਵ ਕਰਦੇ ਹਨ ਉਹ ਪਵਿੱਤਰ ਆਤਮਾ ਦਾ ਅੱਜ ਦਾ ਕੰਮ ਨਹੀਂ ਹੈ, ਜਾਂ ਅੱਜ ਪਰਮੇਸ਼ੁਰ ਦੀ ਇੱਛਾ ਨਹੀਂ ਹੈ। ਉਹ ਅਜੇ ਵੀ, ਕਿਸੇ ਨਵੇਂ ਚਾਨਣ, ਜਾਂ ਨਵੀਆਂ ਚੀਜ਼ਾਂ ਤੋਂ ਬਿਨਾਂ, ਪੁਰਾਣੇ ਅਮਲਾਂ ਅਨੁਸਾਰ ਕੰਮ ਕਰਦੇ ਹਨ।

ਯਿਸੂ ਦੇ ਯੁਗ ਵਿੱਚ, ਪਵਿੱਤਰ ਆਤਮਾ ਨੇ ਮੁੱਖ ਤੌਰ ’ਤੇ ਆਪਣਾ ਕੰਮ ਯਿਸੂ ਵਿੱਚ ਕੀਤਾ, ਜਦ ਕਿ ਅਜਿਹੇ ਲੋਕ ਜੋ ਹੈਕਲ ਵਿੱਚ ਜਾਜਕ ਦੇ ਬਸਤਰ ਪਹਿਨ ਕੇ ਯਹੋਵਾਹ ਦੀ ਸੇਵਾ ਕਰਦੇ ਸਨ ਉਹ ਅਟੱਲ ਵਫ਼ਾਦਾਰੀ ਨਾਲ ਅਜਿਹਾ ਕਰਦੇ ਸਨ। ਉਨ੍ਹਾਂ ਵਿੱਚ ਵੀ ਪਵਿੱਤਰ ਆਤਮਾ ਦਾ ਕੰਮ ਸੀ, ਪਰ ਉਹ ਪਰਮੇਸ਼ੁਰ ਦੀ ਵਰਤਮਾਨ ਇੱਛਾ ਨੂੰ ਸਮਝਣ ਵਿੱਚ ਅਸਮਰਥ ਸਨ, ਅਤੇ ਸਿਰਫ਼ ਪੁਰਾਣੇ ਅਮਲਾਂ ਦੇ ਅਨੁਸਾਰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਸਨ, ਅਤੇ ਕਿਸੇ ਨਵੀਂ ਰਹਿਨੁਮਾਈ ਤੋਂ ਬਿਨਾਂ ਸਨ। ਯਿਸੂ ਆਇਆ ਅਤੇ ਨਵਾਂ ਕੰਮ ਲਿਆਇਆ, ਫਿਰ ਵੀ ਹੈਕਲ ਵਿੱਚ ਸੇਵਾ ਕਰਨ ਵਾਲਿਆਂ ਕੋਲ ਨਾ ਤਾਂ ਨਵਾਂ ਮਾਰਗਦਰਸ਼ਨ ਸੀ, ਨਾ ਹੀ ਉਨ੍ਹਾਂ ਕੋਲ ਨਵਾਂ ਕੰਮ ਸੀ। ਹੈਕਲ ਵਿੱਚ ਸੇਵਾ ਕਰਦੇ ਹੋਏ, ਉਹ ਕੇਵਲ ਪੁਰਾਣੇ ਅਮਲਾਂ ਨੂੰ ਹੀ ਬਰਕਰਾਰ ਰੱਖ ਸਕਦੇ ਸਨ, ਅਤੇ ਹੈਕਲ ਨੂੰ ਛੱਡੇ ਬਿਨਾਂ, ਉਹ ਬਸ ਕਿਸੇ ਵੀ ਨਵੇਂ ਪ੍ਰਵੇਸ਼ ਦੇ ਅਸਮਰਥ ਸਨ। ਨਵਾਂ ਕੰਮ ਯਿਸੂ ਦੁਆਰਾ ਲਿਆਂਦਾ ਗਿਆ ਸੀ, ਅਤੇ ਯਿਸੂ ਆਪਣਾ ਕੰਮ ਕਰਨ ਲਈ ਹੈਕਲ ਵਿੱਚ ਨਹੀਂ ਗਿਆ ਸੀ। ਉਸ ਨੇ ਸਿਰਫ਼ ਹੈਕਲ ਦੇ ਬਾਹਰ ਆਪਣਾ ਕੰਮ ਕੀਤਾ, ਕਿਉਂਕਿ ਪਰਮੇਸ਼ੁਰ ਦੇ ਕੰਮ ਦਾ ਦਾਇਰਾ ਬਹੁਤ ਪਹਿਲਾਂ ਬਦਲ ਚੁੱਕਿਆ ਸੀ। ਉਸ ਨੇ ਹੈਕਲ ਦੇ ਅੰਦਰ ਕੰਮ ਨਹੀਂ ਕੀਤਾ, ਅਤੇ ਜਦੋਂ ਮਨੁੱਖ ਉੱਥੇ ਪਰਮੇਸ਼ੁਰ ਦੀ ਸੇਵਾ ਕਰਦਾ ਸੀ ਤਾਂ ਉਹ ਸਿਰਫ਼ ਚੀਜ਼ਾਂ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਦਾ ਕੰਮ ਸਾਰਦਾ ਸੀ, ਅਤੇ ਕੋਈ ਨਵਾਂ ਕੰਮ ਨਹੀਂ ਲਿਆ ਸਕਦਾ ਸੀ। ਇਸੇ ਤਰ੍ਹਾਂ, ਧਾਰਮਿਕ ਲੋਕ ਅੱਜ ਵੀ ਬਾਈਬਲ ਦੀ ਉਪਾਸਨਾ ਕਰਦੇ ਹਨ। ਜੇ ਤੂੰ ਉਨ੍ਹਾਂ ਦਰਮਿਆਨ ਖੁਸ਼ਖ਼ਬਰੀ ਫੈਲਾਉਂਦਾ ਹੈਂ, ਤਾਂ ਉਹ ਬਾਈਬਲ ਦੇ ਵਚਨਾਂ ਦੇ ਛੋਟੇ-ਮੋਟੇ ਵੇਰਵੇ ਤੇਰੇ ’ਤੇ ਸੁੱਟਣਗੇ, ਅਤੇ ਉਹ ਬਹੁਤ ਸਾਰੇ ਸਬੂਤ ਲੱਭ ਲਿਆਉਣਗੇ, ਅਤੇ ਤੈਨੂੰ ਹੱਕਾ-ਬੱਕਾ ਅਤੇ ਖਾਮੋਸ਼ ਕਰ ਦੇਣਗੇ; ਫਿਰ ਉਹ ਤੇਰੇ ’ਤੇ ਇੱਕ ਚੇਪੀ ਲਗਾ ਦੇਣਗੇ ਅਤੇ ਸੋਚਣਗੇ ਕਿ ਤੂੰ ਆਪਣੀ ਨਿਹਚਾ ਵਿੱਚ ਮੂਰਖ ਹੈਂ। ਉਹ ਕਹਿਣਗੇ, “ਤੂੰ ਤਾਂ ਬਾਈਬਲ ਨੂੰ, ਪਰਮੇਸ਼ੁਰ ਦੇ ਵਚਨ ਤਕ ਨੂੰ ਨਹੀਂ ਜਾਣਦਾ, ਤਾਂ ਤੂੰ ਇਹ ਕਿਵੇਂ ਕਹਿ ਸਕਦਾ ਹੈਂ ਕਿ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹੈਂ?” ਫਿਰ ਉਹ ਤੈਨੂੰ ਨੀਵਾਂ ਸਮਝਣਗੇ ਅਤੇ ਇਹ ਵੀ ਕਹਿਣਗੇ, “ਕਿਉਂਕਿ ਉਹ ਇੱਕ ਜਿਸ ਉੱਤੇ ਤੂੰ ਵਿਸ਼ਵਾਸ ਕਰਦਾ ਹੈਂ, ਪਰਮੇਸ਼ੁਰ ਹੈ, ਤਾਂ ਉਹ ਤੈਨੂੰ ਪੁਰਾਣੇ ਅਤੇ ਨਵੇਂ ਨੇਮ ਬਾਰੇ ਕਿਉਂ ਨਹੀਂ ਦੱਸਦਾ ਹੈ? ਕਿਉਂਕਿ ਉਸ ਨੇ ਆਪਣੀ ਮਹਿਮਾ ਨੂੰ ਇਸਰਾਏਲ ਤੋਂ ਪੂਰਬ ਵੱਲ ਲਿਆਂਦਾ ਹੈ, ਤਾਂ ਉਹ ਇਸਰਾਏਲ ਵਿੱਚ ਕੀਤੇ ਗਏ ਕੰਮ ਨੂੰ ਕਿਉਂ ਨਹੀਂ ਜਾਣਦਾ? ਉਹ ਯਿਸੂ ਦੇ ਕੰਮ ਨੂੰ ਕਿਉਂ ਨਹੀਂ ਜਾਣਦਾ ਹੈ? ਜੇ ਤੂੰ ਨਹੀਂ ਜਾਣਦਾ ਹੈਂ, ਤਾਂ ਇਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਤੈਨੂੰ ਦੱਸਿਆ ਨਹੀਂ ਗਿਆ ਹੈ; ਕਿਉਂਕਿ ਉਹ ਯਿਸੂ ਦਾ ਦੂਜਾ ਦੇਹਧਾਰਣ ਹੈ, ਤਾਂ ਉਹ ਕਿਵੇਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਜਾਣ ਸਕਦਾ ਹੈ? ਯਿਸੂ ਯਹੋਵਾਹ ਦੁਆਰਾ ਕੀਤੇ ਕੰਮ ਨੂੰ ਜਾਣਦਾ ਸੀ; ਉਹ ਕਿਵੇਂ ਨਹੀਂ ਜਾਣ ਸਕਦਾ ਸੀ?” ਜਦੋਂ ਸਮਾਂ ਆਏਗਾ, ਤਾਂ ਉਹ ਸਾਰੇ ਤੇਰੇ ਤੋਂ ਅਜਿਹੇ ਸੁਆਲ ਪੁੱਛਣਗੇ। ਉਨ੍ਹਾਂ ਦੇ ਦਿਮਾਗ ਅਜਿਹੀਆਂ ਚੀਜ਼ਾਂ ਨਾਲ ਭਰੇ ਹੋਏ ਹਨ; ਉਹ ਕਿਵੇਂ ਨਹੀਂ ਪੁੱਛ ਸਕਦੇ ਹਨ? ਤੁਹਾਡੇ ਵਿੱਚੋਂ ਜਿਹੜੇ ਇਸ ਵਰਗ ਦੇ ਅੰਦਰ ਹਨ ਉਹ ਬਾਈਬਲ ’ਤੇ ਧਿਆਨ ਕੇਂਦਰਤ ਨਹੀਂ ਕਰਦੇ ਹਨ, ਕਿਉਂਕਿ ਤੁਸੀਂ ਅੱਜ ਪਰਮੇਸ਼ੁਰ ਦੁਆਰਾ ਕਦਮ-ਦਰ-ਕਦਮ ਕੀਤੇ ਗਏ ਕੰਮ ਤੋਂ ਜਾਣੂ ਰਹੇ ਹੋ, ਤੁਸੀਂ ਆਪਣੀਆਂ ਅੱਖਾਂ ਨਾਲ ਇਸ ਕਦਮ-ਦਰ-ਕਦਮ ਕੰਮ ਨੂੰ ਦੇਖਿਆ ਹੈ, ਤੁਸੀਂ ਕੰਮ ਦੇ ਤਿੰਨ ਪੜਾਵਾਂ ਨੂੰ ਸਪਸ਼ਟ ਰੂਪ ਵਿੱਚ ਦੇਖਿਆ ਹੈ, ਅਤੇ ਇਸ ਲਈ ਤੁਹਾਨੂੰ ਬਾਈਬਲ ਨੂੰ ਪੜ੍ਹਨਾ ਅਤੇ ਇਸ ਦਾ ਅਧਿਐਨ ਕਰਨਾ ਬੰਦ ਕਰਨਾ ਪਿਆ ਹੈ। ਪਰ ਉਹ ਇਸ ਦਾ ਅਧਿਐਨ ਨਹੀਂ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਇਸ ਕਦਮ-ਦਰ-ਕਦਮ ਕੰਮ ਦਾ ਕੋਈ ਗਿਆਨ ਨਹੀਂ ਹੈ। ਕੁਝ ਲੋਕ ਪੁੱਛਣਗੇ, “ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤੇ ਗਏ ਕੰਮ ਅਤੇ ਅਤੀਤ ਦੇ ਨਬੀਆਂ ਅਤੇ ਰਸੂਲਾਂ ਦੁਆਰਾ ਕੀਤੇ ਗਏ ਕੰਮ ਵਿੱਚ ਕੀ ਅੰਤਰ ਹੈ? ਦਾਊਦ ਨੂੰ ਵੀ ਪ੍ਰਭੂ ਕਿਹਾ ਗਿਆ ਸੀ, ਅਤੇ ਉਸੇ ਤਰ੍ਹਾਂ ਯਿਸੂ ਨੂੰ ਵੀ; ਹਾਲਾਂਕਿ ਉਨ੍ਹਾਂ ਨੇ ਜੋ ਕੰਮ ਕੀਤਾ ਉਹ ਭਿੰਨ ਸੀ, ਫਿਰ ਵੀ ਉਨ੍ਹਾਂ ਨੂੰ ਇੱਕੋ ਜਿਹੇ ਨਾਂਅ ਨਾਲ ਸੱਦਿਆ ਗਿਆ ਸੀ। ਮੈਨੂੰ ਦੱਸੋ, ਉਨ੍ਹਾਂ ਦੀ ਪਛਾਣ ਇੱਕੋ ਜਿਹੀ ਕਿਉਂ ਨਹੀਂ ਸੀ? ਜਿਸ ਦੀ ਯੂਹੰਨਾ ਨੇ ਗਵਾਹੀ ਦਿੱਤੀ ਸੀ ਉਹ ਇੱਕ ਦਰਸ਼ਣ ਸੀ, ਅਜਿਹਾ ਦਰਸ਼ਣ ਜੋ ਪਵਿੱਤਰ ਆਤਮਾ ਤੋਂ ਵੀ ਆਇਆ ਸੀ, ਅਤੇ ਉਹ ਉਨ੍ਹਾਂ ਵਚਨਾਂ ਨੂੰ ਕਹਿਣ ਵਿੱਚ ਸਮਰੱਥ ਸੀ ਜੋ ਪਵਿੱਤਰ ਆਤਮਾ ਕਹਿਣਾ ਚਾਹੁੰਦਾ ਸੀ; ਤਾਂ ਯੂਹੰਨਾ ਦੀ ਪਛਾਣ ਯਿਸੂ ਤੋਂ ਵੱਖਰੀ ਕਿਉਂ ਸੀ?” ਯਿਸੂ ਦੁਆਰਾ ਕਹੇ ਗਏ ਵਚਨ ਪਰਮੇਸ਼ੁਰ ਦੇ ਕੰਮ ਦੀ ਪੂਰੀ ਤਰ੍ਹਾਂ ਨਾਲ ਨੁਮਾਇੰਦਗੀ ਕਰਨ ਵਿੱਚ ਸਮਰੱਥ ਸਨ, ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਕੰਮ ਦੀ ਪੂਰੀ ਤਰ੍ਹਾਂ ਨਾਲ ਨੁਮਾਇੰਦਗੀ ਕੀਤੀ। ਯੂਹੰਨਾ ਨੇ ਜੋ ਦੇਖਿਆ ਉਹ ਇੱਕ ਦਰਸ਼ਣ ਸੀ, ਅਤੇ ਉਹ ਪਰਮੇਸ਼ੁਰ ਦੇ ਕੰਮ ਦੀ ਪੂਰੀ ਤਰ੍ਹਾਂ ਨਾਲ ਨੁਮਾਇੰਦਗੀ ਕਰਨ ਵਿੱਚ ਅਸਮਰਥ ਸੀ। ਅਜਿਹਾ ਕਿਉਂ ਹੈ ਕਿ ਯੂਹੰਨਾ, ਪਤਰਸ ਅਤੇ ਪੌਲੁਸ ਨੇ ਕਈ ਵਚਨ ਕਹੇ, ਜਿਵੇਂ ਯਿਸੂ ਨੇ ਕਹੇ, ਅਤੇ ਫਿਰ ਵੀ ਉਨ੍ਹਾਂ ਕੋਲ ਯਿਸੂ ਵਰਗੀ ਪਛਾਣ ਨਹੀਂ ਸੀ। ਮੁੱਖ ਤੌਰ ’ਤੇ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਜੋ ਕੰਮ ਕੀਤਾ ਉਹ ਵੱਖਰਾ ਸੀ। ਯਿਸੂ ਨੇ ਪਰਮੇਸ਼ੁਰ ਦੇ ਆਤਮਾ ਦੀ ਨੁਮਾਇੰਦਗੀ ਕੀਤੀ, ਅਤੇ ਉਹ ਪਰਮੇਸ਼ੁਰ ਦਾ ਆਤਮਾ ਸੀ ਜੋ ਸਿੱਧੇ ਤੌਰ ’ਤੇ ਕੰਮ ਕਰ ਰਿਹਾ ਸੀ। ਉਸ ਨੇ ਨਵੇਂ ਯੁਗ ਦਾ ਕੰਮ ਕੀਤਾ, ਅਜਿਹਾ ਕੰਮ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਸੀ। ਉਸ ਨੇ ਇੱਕ ਨਵਾਂ ਰਾਹ ਖੋਲ੍ਹਿਆ, ਉਸ ਨੇ ਯਹੋਵਾਹ ਦੀ ਨੁਮਾਇੰਦਗੀ ਕੀਤੀ, ਉਸ ਨੇ ਖੁਦ ਪਰਮੇਸ਼ੁਰ ਦੀ ਨੁਮਾਇੰਦਗੀ ਕੀਤੀ, ਜਦ ਕਿ ਪਤਰਸ, ਦਾਊਦ ਅਤੇ ਪੌਲੁਸ ਨੇ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਉਨ੍ਹਾਂ ਨੂੰ ਕੀ ਕਹਿ ਕੇ ਸੱਦਿਆ ਜਾਂਦਾ ਸੀ, ਸਿਰਫ਼ ਪਰਮੇਸ਼ੁਰ ਦੇ ਇੱਕ ਪ੍ਰਾਣੀ ਦੀ ਪਛਾਣ ਦੀ ਨੁਮਾਇੰਦਗੀ ਕੀਤੀ ਸੀ, ਅਤੇ ਉਨ੍ਹਾਂ ਨੂੰ ਸਿਰਫ਼ ਯਿਸੂ ਜਾਂ ਯਹੋਵਾਹ ਦੁਆਰਾ ਭੇਜਿਆ ਗਿਆ ਸੀ। ਇਸ ਲਈ ਭਾਵੇਂ ਉਨ੍ਹਾਂ ਨੇ ਕਿੰਨਾ ਹੀ ਕੰਮ ਕਿਉਂ ਨਾ ਕੀਤਾ ਹੋਵੇ, ਭਾਵੇਂ ਉਨ੍ਹਾਂ ਨੇ ਕਿੰਨੇ ਹੀ ਵੱਡੇ ਅਚਰਜ ਕਿਉਂ ਨਾ ਕੀਤੇ ਹੋਣ, ਉਹ ਤਾਂ ਵੀ ਬਸ ਪਰਮੇਸ਼ੁਰ ਦੇ ਪ੍ਰਾਣੀ ਸਨ, ਅਤੇ ਪਰਮੇਸ਼ੁਰ ਦੇ ਆਤਮਾ ਦੀ ਨੁਮਾਇੰਦਗੀ ਕਰਨ ਵਿੱਚ ਅਸਮਰਥ ਸਨ। ਉਨ੍ਹਾਂ ਨੇ ਸਿਰਫ਼ ਪਰਮੇਸ਼ੁਰ ਦੇ ਨਾਂਅ ’ਤੇ ਜਾਂ ਪਰਮੇਸ਼ੁਰ ਦੁਆਰਾ ਭੇਜੇ ਜਾਣ ਦੇ ਬਾਅਦ ਹੀ ਕੰਮ ਕੀਤਾ ਸੀ; ਇਸ ਤੋਂ ਵੀ ਵੱਧ ਕੇ, ਉਨ੍ਹਾਂ ਨੇ ਯਿਸੂ ਜਾਂ ਯਹੋਵਾਹ ਦੁਆਰਾ ਸ਼ੁਰੂ ਕੀਤੇ ਗਏ ਯੁਗਾਂ ਵਿੱਚ ਕੰਮ ਕੀਤਾ ਸੀ, ਅਤੇ ਉਨ੍ਹਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ ਸੀ। ਆਖਰਕਾਰ, ਉਹ ਬਸ ਪਰਮੇਸ਼ੁਰ ਦੇ ਸਿਰਜੇ ਹੋਏ ਪ੍ਰਾਣੀ ਸਨ। ਪੁਰਾਣੇ ਨੇਮ ਵਿੱਚ, ਬਹੁਤ ਸਾਰੇ ਨਬੀਆਂ ਨੇ ਭਵਿੱਖਬਾਣੀਆਂ ਕੀਤੀਆਂ ਸਨ, ਜਾਂ ਭਵਿੱਖਬਾਣੀ ਦੀਆਂ ਕਿਤਾਬਾਂ ਲਿਖੀਆਂ ਸਨ। ਕਿਸੇ ਨੇ ਵੀ ਨਹੀਂ ਕਿਹਾ ਸੀ ਕਿ ਉਹ ਪਰਮੇਸ਼ੁਰ ਹਨ, ਪਰ ਜਿਵੇਂ ਹੀ ਯਿਸੂ ਨੇ ਕੰਮ ਕਰਨਾ ਸ਼ੁਰੂ ਕੀਤਾ, ਪਰਮੇਸ਼ੁਰ ਦੇ ਆਤਮਾ ਨੇ ਉਸ ਦੀ ਗਵਾਹੀ ਦਿੱਤੀ ਕਿ ਉਹ ਪਰਮੇਸ਼ੁਰ ਹੈ। ਅਜਿਹਾ ਕਿਉਂ ਹੈ? ਇਸ ਵੇਲੇ ਤੈਨੂੰ ਪਹਿਲਾਂ ਹੀ ਜਾਣ ਲੈਣਾ ਚਾਹੀਦਾ ਹੈ! ਪਹਿਲਾਂ, ਰਸੂਲਾਂ ਅਤੇ ਨਬੀਆਂ ਨੇ ਵੱਖ-ਵੱਖ ਪੱਤ੍ਰੀਆਂ ਲਿਖੀਆਂ, ਅਤੇ ਕਈ ਭਵਿੱਖਬਾਣੀਆਂ ਕੀਤੀਆਂ। ਬਾਅਦ ਵਿੱਚ, ਲੋਕਾਂ ਨੇ ਉਨ੍ਹਾਂ ਵਿੱਚੋਂ ਕੁਝ ਨੂੰ ਬਾਈਬਲ ਵਿੱਚ ਰੱਖਣ ਲਈ ਚੁਣ ਲਿਆ, ਅਤੇ ਕੁਝ ਗੁੰਮ ਹੋ ਗਈਆਂ ਸਨ। ਕਿਉਂਕਿ ਅਜਿਹੇ ਲੋਕ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਦੁਆਰਾ ਕਹੀ ਗਈ ਹਰ ਗੱਲ ਪਵਿੱਤਰ ਆਤਮਾ ਵੱਲੋਂ ਆਈ ਸੀ, ਤਾਂ ਕਿਉਂ ਇਸ ਵਿੱਚੋਂ ਕੁਝ ਨੂੰ ਚੰਗਾ ਮੰਨਿਆ ਜਾਂਦਾ ਹੈ, ਅਤੇ ਇਸ ਵਿੱਚੋਂ ਕੁਝ ਨੂੰ ਖਰਾਬ ਮੰਨਿਆ ਜਾਂਦਾ ਹੈ? ਅਤੇ ਕਿਉਂ ਕੁਝ ਨੂੰ ਚੁਣਿਆ ਗਿਆ ਸੀ, ਅਤੇ ਬਾਕੀਆਂ ਨੂੰ ਨਹੀਂ? ਜੇ ਉਹ ਅਸਲ ਵਿੱਚ ਪਰਮੇਸ਼ੁਰ ਦੁਆਰਾ ਕਹੇ ਗਏ ਵਚਨ ਹੁੰਦੇ, ਤਾਂ ਕੀ ਲੋਕਾਂ ਨੂੰ ਉਨ੍ਹਾਂ ਦੀ ਚੋਣ ਕਰਨ ਦੀ ਲੋੜ ਹੁੰਦੀ? ਕਿਉਂ ਯਿਸੂ ਦੁਆਰਾ ਕਹੇ ਗਏ ਵਚਨਾਂ ਅਤੇ ਉਸ ਦੁਆਰਾ ਕੀਤੇ ਗਏ ਕੰਮ ਦਾ ਵਰਣਨ ਚਾਰਾਂ ਖੁਸ਼ਖ਼ਬਰੀਆਂ ਵਿੱਚੋਂ ਹਰੇਕ ਵਿੱਚ ਵੱਖੋ-ਵੱਖਰਾ ਹੈ? ਕੀ ਇਹ ਉਨ੍ਹਾਂ ਲੋਕਾਂ ਦਾ ਦੋਸ਼ ਨਹੀਂ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਦਰਜ ਕੀਤਾ? ਕੁਝ ਲੋਕ ਪੁੱਛਣਗੇ, “ਕਿਉਂਕਿ ਪੌਲੁਸ ਅਤੇ ਨਵੇਂ ਨੇਮ ਦੇ ਦੂਜੇ ਲੇਖਕਾਂ ਦੁਆਰਾ ਲਿਖੀਆਂ ਗਈਆਂ ਪੱਤ੍ਰੀਆਂ ਅਤੇ ਉਨ੍ਹਾਂ ਦੁਆਰਾ ਕੀਤਾ ਗਿਆ ਕੰਮ ਅੰਸ਼ਕ ਤੌਰ ’ਤੇ ਮਨੁੱਖ ਦੀ ਇੱਛਾ ਤੋਂ ਉਪਜੇ ਸਨ, ਅਤੇ ਇਨ੍ਹਾਂ ਵਿੱਚ ਮਨੁੱਖ ਦੀਆਂ ਧਾਰਣਾਵਾਂ ਦੀ ਮਿਲਾਵਟ ਹੋ ਗਈ ਸੀ, ਤਾਂ ਕੀ ਉਨ੍ਹਾਂ ਵਚਨਾਂ ਵਿੱਚ ਮਨੁੱਖੀ ਅਸ਼ੁੱਧਤਾ ਨਹੀਂ ਹੈ ਜੋ ਤੂੰ (ਪਰਮੇਸ਼ੁਰ) ਅੱਜ ਕਹਿੰਦਾ ਹੈਂ? ਕੀ ਉਨ੍ਹਾਂ ਵਿੱਚ ਅਸਲ ਵਿੱਚ ਮਨੁੱਖ ਦੀਆਂ ਕੋਈ ਧਾਰਣਾਵਾਂ ਸ਼ਾਮਲ ਨਹੀਂ ਹਨ?” ਪਰਮੇਸ਼ੁਰ ਦੁਆਰਾ ਕੀਤੇ ਗਏ ਕੰਮ ਦਾ ਇਹ ਪੜਾਅ ਪੌਲੁਸ ਅਤੇ ਕਈ ਰਸੂਲਾਂ ਅਤੇ ਨਬੀਆਂ ਦੁਆਰਾ ਕੀਤੇ ਗਏ ਕੰਮ ਤੋਂ ਪੂਰੀ ਤਰ੍ਹਾਂ ਭਿੰਨ ਹੈ। ਨਾ ਸਿਰਫ਼ ਉੱਥੇ ਪਛਾਣ ਵਿੱਚ ਅੰਤਰ ਹੈ, ਸਗੋਂ, ਮੁੱਖ ਰੂਪ ਵਿੱਚ, ਕੀਤੇ ਗਏ ਕੰਮ ਵਿੱਚ ਵੀ ਅੰਤਰ ਹੈ। ਜਦੋਂ ਪੌਲੁਸ ਨੂੰ ਹੇਠਾਂ ਸੁੱਟਿਆ ਗਿਆ ਅਤੇ ਉਹ ਪ੍ਰਭੂ ਸਾਹਮਣੇ ਡਿੱਗ ਗਿਆ ਉਸ ਮਗਰੋਂ, ਪਵਿੱਤਰ ਆਤਮਾ ਦੁਆਰਾ ਕੰਮ ਕਰਨ ਲਈ ਉਸ ਦੀ ਅਗਵਾਈ ਕੀਤੀ ਗਈ ਸੀ, ਅਤੇ ਉਹ ਇੱਕ ਅਜਿਹਾ ਬਣ ਗਿਆ ਜਿਸ ਨੂੰ ਭੇਜਿਆ ਗਿਆ ਸੀ। ਇਸ ਲਈ ਉਸ ਨੇ ਕਲਿਸਿਆਵਾਂ ਨੂੰ ਪੱਤ੍ਰੀਆਂ ਲਿਖੀਆਂ, ਅਤੇ ਇਨ੍ਹਾਂ ਸਾਰੇ ਧਰਮ-ਪੱਤਰਾਂ ਨੇ ਯਿਸੂ ਦੀਆਂ ਸਿੱਖਿਆਵਾਂ ਦੀ ਪਾਲਣਾ ਕੀਤੀ ਸੀ। ਪੌਲੁਸ ਨੂੰ ਪ੍ਰਭੂ ਯਿਸੂ ਦੇ ਨਾਂਅ ’ਤੇ ਕੰਮ ਕਰਨ ਲਈ ਪ੍ਰਭੂ ਦੁਆਰਾ ਭੇਜਿਆ ਗਿਆ ਸੀ, ਪਰ ਜਦੋਂ ਪਰਮੇਸ਼ੁਰ ਖੁਦ ਆਇਆ, ਤਾਂ ਉਸ ਨੇ ਕਿਸੇ ਨਾਂਅ ’ਤੇ ਕੰਮ ਨਹੀਂ ਕੀਤਾ, ਅਤੇ ਆਪਣੇ ਕੰਮ ਵਿੱਚ ਕਿਸੇ ਹੋਰ ਦੀ ਨਹੀਂ ਸਗੋਂ ਪਰਮੇਸ਼ੁਰ ਦੇ ਆਤਮਾ ਦੀ ਨੁਮਾਇੰਦਗੀ ਕੀਤੀ। ਪਰਮੇਸ਼ੁਰ ਆਪਣਾ ਕੰਮ ਸਿੱਧੇ ਤੌਰ ’ਤੇ ਕਰਨ ਲਈ ਆਇਆ ਸੀ: ਉਸ ਨੂੰ ਮਨੁੱਖ ਦੁਆਰਾ ਸੰਪੂਰਣ ਨਹੀਂ ਕੀਤਾ ਗਿਆ ਸੀ, ਅਤੇ ਉਸ ਦੇ ਕੰਮ ਨੂੰ ਕਿਸੇ ਮਨੁੱਖ ਦੀਆਂ ਸਿੱਖਿਆਵਾਂ ਦੇ ਅਧਾਰ ’ਤੇ ਨਹੀਂ ਕੀਤਾ ਗਿਆ ਸੀ। ਕੰਮ ਦੇ ਇਸ ਪੜਾਅ ਵਿੱਚ ਪਰਮੇਸ਼ੁਰ ਆਪਣੇ ਵਿਅਕਤੀਗਤ ਅਨੁਭਵਾਂ ਬਾਰੇ ਗੱਲ ਕਰਨ ਰਾਹੀਂ ਅਗਵਾਈ ਨਹੀਂ ਕਰਦਾ ਹੈ, ਸਗੋਂ ਇਸ ਦੀ ਬਜਾਏ ਜੋ ਕੁਝ ਉਸ ਦੇ ਕੋਲ ਹੈ ਉਸ ਦੇ ਅਨੁਸਾਰ, ਆਪਣੇ ਕੰਮ ਨੂੰ ਸਿੱਧੇ ਤੌਰ ’ਤੇ ਕਰਦਾ ਹੈ। ਉਦਾਹਰਣ ਵਜੋਂ, ਸੇਵਕਾਂ ਦਾ ਪਰਤਾਵਾ, ਤਾੜਨਾ ਦਾ ਸਮਾਂ, ਮੌਤ ਦਾ ਪਰਤਾਵਾ, ਪਰਮੇਸ਼ੁਰ ਨੂੰ ਪਿਆਰ ਕਰਨ ਦਾ ਸਮਾਂ...। ਇਹ ਸਾਰਾ ਉਹ ਕੰਮ ਹੈ ਜੋ ਪਹਿਲਾਂ ਕਦੇ ਨਹੀਂ ਕੀਤਾ ਗਿਆ, ਅਤੇ ਅਜਿਹਾ ਕੰਮ ਹੈ, ਜੋ ਮਨੁੱਖ ਦੇ ਅਨੁਭਵਾਂ ਦੀ ਬਜਾਏ, ਵਰਤਮਾਨ ਯੁਗ ਦਾ ਹੈ। ਉਨ੍ਹਾਂ ਵਚਨਾਂ ਵਿੱਚ ਜੋ ਮੈਂ ਕਹੇ ਹਨ, ਮਨੁੱਖ ਦੇ ਅਨੁਭਵ ਕਿਹੜੇ ਹਨ? ਕੀ ਉਹ ਸਾਰੇ ਸਿੱਧੇ ਤੌਰ ’ਤੇ ਆਤਮਾ ਤੋਂ ਨਹੀਂ ਆਉਂਦੇ ਹਨ, ਅਤੇ ਕੀ ਉਹ ਆਤਮਾ ਦੁਆਰਾ ਜਾਰੀ ਨਹੀਂ ਕੀਤੇ ਜਾਂਦੇ ਹਨ? ਬਸ ਇੰਨਾ ਹੀ ਹੈ ਕਿ ਤੇਰੀ ਯੋਗਤਾ ਇੰਨੀ ਘੱਟ ਹੈ ਕਿ ਤੁਸੀਂ ਸੱਚਾਈ ਨੂੰ ਸਮਝਣ ਦੇ ਸਮਰੱਥ ਨਹੀਂ ਹੋ! ਜੀਵਨ ਦਾ ਵਿਹਾਰਕ ਸੱਚਾ ਰਾਹ ਜਿਸ ਦੇ ਬਾਰੇ ਮੈਂ ਕਹਿੰਦਾ ਹਾਂ ਮਾਰਗ ਦੀ ਰਹਿਨੁਮਾਈ ਲਈ ਹੈ, ਅਤੇ ਇਸ ਨੂੰ ਪਹਿਲਾਂ ਕਿਸੇ ਦੁਆਰਾ ਨਹੀਂ ਕਿਹਾ ਗਿਆ ਹੈ, ਨਾ ਹੀ ਕਿਸੇ ਨੇ ਕਦੇ ਇਸ ਮਾਰਗ ਦਾ ਅਨੁਭਵ ਕੀਤਾ ਹੈ, ਜਾਂ ਇਸ ਦੀ ਅਸਲੀਅਤ ਬਾਰੇ ਜਾਣਿਆ ਹੈ। ਮੇਰੇ ਦੁਆਰਾ ਇਹ ਵਚਨ ਕਹੇ ਜਾਣ ਤੋਂ ਪਹਿਲਾਂ, ਕਿਸੇ ਨੇ ਵੀ ਕਦੇ ਉਨ੍ਹਾਂ ਨੂੰ ਨਹੀਂ ਕਿਹਾ ਸੀ। ਕਿਸੇ ਨੇ ਕਦੇ ਵੀ ਅਜਿਹੇ ਅਨੁਭਵਾਂ ਦੀ ਗੱਲ ਨਹੀਂ ਕਹੀ, ਨਾ ਹੀ ਉਨ੍ਹਾਂ ਨੇ ਕਦੇ ਅਜਿਹੇ ਵੇਰਵਿਆਂ ਬਾਰੇ ਬੋਲਿਆ, ਅਤੇ, ਇਸ ਤੋਂ ਇਲਾਵਾ, ਕਿਸੇ ਨੇ ਵੀ ਇਨ੍ਹਾਂ ਚੀਜ਼ਾਂ ਨੂੰ ਪਰਗਟ ਕਰਨ ਲਈ ਅਜਿਹੀਆਂ ਅਵਸਥਾਵਾਂ ਵੱਲ ਕਦੇ ਸੰਕੇਤ ਨਹੀਂ ਕੀਤਾ ਹੈ। ਕਿਸੇ ਨੇ ਕਦੇ ਵੀ ਉਸ ਮਾਰਗ ਦੀ ਅਗਵਾਈ ਨਹੀਂ ਕੀਤੀ ਜਿਸ ਦੀ ਅੱਜ ਮੈਂ ਕਰਦਾ ਹਾਂ, ਅਤੇ ਜੇ ਇਸ ਦੀ ਅਗਵਾਈ ਮਨੁੱਖ ਦੁਆਰਾ ਕੀਤੀ ਜਾਂਦੀ, ਤਾਂ ਇਹ ਇੱਕ ਨਵਾਂ ਰਾਹ ਨਾ ਹੁੰਦਾ। ਉਦਾਹਰਣ ਵਜੋਂ, ਪੌਲੁਸ ਅਤੇ ਪਤਰਸ ਨੂੰ ਲਓ। ਉਨ੍ਹਾਂ ਕੋਲ ਯਿਸੂ ਦੁਆਰਾ ਮਾਰਗ ਦੀ ਅਗਵਾਈ ਕੀਤੇ ਜਾਣ ਤੋਂ ਪਹਿਲਾਂ ਖੁਦ ਦੇ ਕੋਈ ਵਿਅਕਤੀਗਤ ਅਨੁਭਵ ਨਹੀਂ ਸਨ। ਇਹ ਸਿਰਫ਼ ਯਿਸੂ ਦੁਆਰਾ ਮਾਰਗ ਦੀ ਅਗਵਾਈ ਕਰਨ ਤੋਂ ਬਾਅਦ ਹੋਇਆ ਕਿ ਉਨ੍ਹਾਂ ਨੇ ਯਿਸੂ ਦੁਆਰਾ ਕਹੇ ਗਏ ਵਚਨਾਂ, ਅਤੇ ਉਸ ਦੁਆਰਾ ਅਗਵਾਈ ਕੀਤੇ ਗਏ ਮਾਰਗ ਦਾ ਅਨੁਭਵ ਕੀਤਾ; ਇਸ ਤੋਂ ਉਨ੍ਹਾਂ ਨੇ ਕਈ ਅਨੁਭਵ ਪ੍ਰਾਪਤ ਕੀਤੇ, ਅਤੇ ਉਨ੍ਹਾਂ ਨੇ ਪੱਤ੍ਰੀਆਂ ਲਿਖੀਆਂ। ਅਤੇ ਇਸ ਲਈ, ਮਨੁੱਖ ਦੇ ਅਨੁਭਵ ਪਰਮੇਸ਼ੁਰ ਦੇ ਕੰਮ ਦੇ ਸਮਾਨ ਨਹੀਂ ਹਨ, ਅਤੇ ਪਰਮੇਸ਼ੁਰ ਦਾ ਕੰਮ ਉਸ ਗਿਆਨ ਦੇ ਸਮਾਨ ਨਹੀਂ ਹੈ ਜਿਵੇਂ ਮਨੁੱਖ ਦੀਆਂ ਧਾਰਣਾਵਾਂ ਅਤੇ ਅਨੁਭਵਾਂ ਵਿੱਚ ਵਰਣਨ ਕੀਤਾ ਜਾਂਦਾ ਹੈ। ਮੈਂ ਵਾਰ-ਵਾਰ ਕਿਹਾ ਹੈ, ਕਿ ਅੱਜ ਮੈਂ ਇੱਕ ਨਵੇਂ ਮਾਰਗ ਦੀ ਅਗਵਾਈ ਕਰ ਰਿਹਾ ਹਾਂ, ਅਤੇ ਨਵਾਂ ਕੰਮ ਕਰ ਰਿਹਾ ਹਾਂ, ਅਤੇ ਮੇਰਾ ਕੰਮ ਅਤੇ ਮੇਰੀ ਬਾਣੀ ਯੂਹੰਨਾ ਅਤੇ ਦੂਜੇ ਸਾਰੇ ਨਬੀਆਂ ਤੋਂ ਭਿੰਨ ਹਨ। ਮੈਂ ਕਦੇ ਇਸ ਤਰ੍ਹਾਂ ਨਹੀਂ ਕਰਦਾ ਕਿ ਪਹਿਲਾਂ ਅਨੁਭਵ ਪ੍ਰਾਪਤ ਕਰਾਂ ਅਤੇ ਫਿਰ ਉਨ੍ਹਾਂ ਬਾਰੇ ਤੁਹਾਨੂੰ ਦੱਸਾਂ—ਅਜਿਹਾ ਮਾਮਲਾ ਤਾਂ ਬਿਲਕੁਲ ਨਹੀਂ ਹੈ। ਜੇ ਅਜਿਹਾ ਹੁੰਦਾ, ਤਾਂ ਕੀ ਇਸ ਨਾਲ ਤੁਹਾਨੂੰ ਬਹੁਤ ਪਹਿਲਾਂ ਹੀ ਦੇਰ ਨਾ ਹੋ ਗਈ ਹੁੰਦੀ? ਅਤੀਤ ਵਿੱਚ, ਜਿਸ ਗਿਆਨ ਬਾਰੇ ਕਈਆਂ ਨੇ ਗੱਲ ਕੀਤੀ ਸੀ ਉਹ ਵੀ ਬਹੁਤ ਉੱਤਮ ਸੀ, ਉਨ੍ਹਾਂ ਦੇ ਸਾਰੇ ਵਚਨਾਂ ਨੂੰ ਸਿਰਫ਼ ਉਨ੍ਹਾਂ ਕਥਿਤ ਆਤਮਿਕ ਸ਼ਖਸੀਅਤਾਂ ਦੇ ਆਧਾਰ ’ਤੇ ਬੋਲਿਆ ਗਿਆ ਸੀ। ਉਨ੍ਹਾਂ ਨੇ ਰਹਿਨੁਮਾਈ ਨਹੀਂ ਕੀਤੀ, ਪਰ ਉਹ ਉਨ੍ਹਾਂ ਦੇ ਅਨੁਭਵਾਂ ਤੋਂ ਆਏ ਸਨ, ਜੋ ਕੁਝ ਉਨ੍ਹਾਂ ਨੇ ਦੇਖਿਆ ਸੀ ਉਸ ਤੋਂ, ਅਤੇ ਉਨ੍ਹਾਂ ਦੇ ਗਿਆਨ ਤੋਂ ਆਏ ਸਨ। ਕੁਝ ਉਨ੍ਹਾਂ ਦੀਆਂ ਧਾਰਣਾਵਾਂ ਸਨ, ਅਤੇ ਕੁਝ ਵਿੱਚ ਉਨ੍ਹਾਂ ਦੇ ਅਨੁਭਵ ਸ਼ਾਮਲ ਸਨ ਜਿਨ੍ਹਾਂ ਦਾ ਸਾਰ ਉਨ੍ਹਾਂ ਨੇ ਪੇਸ਼ ਕੀਤਾ ਸੀ। ਅੱਜ, ਮੇਰੇ ਕੰਮ ਦੀ ਕਿਸਮ ਉਨ੍ਹਾਂ ਦੇ ਕੰਮ ਤੋਂ ਬਿਲਕੁਲ ਵੱਖਰੀ ਹੈ। ਮੈਂ ਦੂਜਿਆਂ ਦੁਆਰਾ ਅਗਵਾਈ ਕੀਤੇ ਜਾਣ ਦਾ ਅਨੁਭਵ ਨਹੀਂ ਕੀਤਾ ਹੈ, ਨਾ ਹੀ ਮੈਂ ਦੂਜਿਆਂ ਦੁਆਰਾ ਸੰਪੂਰਣ ਕੀਤੇ ਜਾਣ ਨੂੰ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ, ਮੈਂ ਜੋ ਕੁਝ ਵੀ ਕਿਹਾ ਹੈ ਅਤੇ ਜਿਸ ਦੀ ਵੀ ਸੰਗਤ ਕੀਤੀ ਹੈ ਉਸ ਸਭ ਕਿਸੇ ਵੀ ਹੋਰ ਦੇ ਸਮਾਨ ਨਹੀਂ ਹੈ ਅਤੇ ਕਦੇ ਵੀ ਕਿਸੇ ਦੁਆਰਾ ਕਿਹਾ ਨਹੀਂ ਗਿਆ ਹੈ। ਅੱਜ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੁਸੀਂ ਕੌਣ ਹੋ, ਤੁਹਾਡਾ ਕੰਮ ਮੇਰੇ ਦੁਆਰਾ ਕਹੇ ਜਾਂਦੇ ਵਚਨਾਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਇਸ ਬਾਣੀ ਅਤੇ ਕੰਮ ਦੇ ਬਿਨਾਂ, ਕੌਣ ਇਨ੍ਹਾਂ ਚੀਜ਼ਾਂ ਦਾ ਅਨੁਭਵ ਕਰਨ ਦੇ ਸਮਰੱਥ ਹੁੰਦਾ (ਸੇਵਕਾਂ ਦਾ ਪਰਤਾਵਾ, ਤਾੜਨਾ ਦਾ ਸਮਾਂ...), ਅਤੇ ਕੌਣ ਅਜਿਹੇ ਗਿਆਨ ਬਾਰੇ ਬੋਲਣ ਦੇ ਸਮਰੱਥ ਹੁੰਦਾ? ਕੀ ਤੂੰ ਸੱਚਮੁੱਚ ਇਸ ਨੂੰ ਦੇਖਣ ਦੇ ਅਸਮਰਥ ਹੈਂ? ਭਾਵੇਂ ਕੰਮ ਦਾ ਕੋਈ ਵੀ ਕਦਮ ਹੋਏ, ਜਿਵੇਂ ਹੀ ਮੇਰੇ ਵਚਨ ਕਹੇ ਜਾਂਦੇ ਹਨ, ਤੁਸੀਂ ਮੇਰੇ ਵਚਨਾਂ ਅਨੁਸਾਰ ਸੰਗਤ ਕਰਨਾ ਸ਼ੁਰੂ ਕਰਦੇ ਹੋ, ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰਦੇ ਹੋ, ਅਤੇ ਇਹ ਅਜਿਹਾ ਰਾਹ ਨਹੀਂ ਹੈ ਜਿਸ ਬਾਰੇ ਤੁਹਾਡੇ ਵਿੱਚੋਂ ਕਿਸੇ ਨੇ ਵੀ ਸੋਚਿਆ ਹੋਏ। ਇੰਨੀ ਦੂਰ ਤਕ ਆਉਣ ਤੋਂ ਬਾਅਦ, ਕੀ ਤੂੰ ਅਜਿਹੇ ਸਪਸ਼ਟ ਅਤੇ ਆਸਾਨ ਸੁਆਲ ਨੂੰ ਦੇਖਣ ਦੇ ਅਸਮਰਥ ਹੈਂ? ਇਹ ਅਜਿਹਾ ਰਾਹ ਨਹੀਂ ਹੈ ਜਿਸ ਨੂੰ ਕਿਸੇ ਨੇ ਸੋਚਿਆ ਹੈ, ਨਾ ਹੀ ਇਹ ਕਿਸੇ ਆਤਮਕ ਵਿਅਕਤੀ ’ਤੇ ਅਧਾਰਤ ਹੈ। ਇਹ ਨਵਾਂ ਮਾਰਗ ਹੈ, ਅਤੇ ਇੱਥੋਂ ਤਕ ਕਿ ਬਹੁਤ ਸਾਰੇ ਵਚਨ ਜੋ ਕਦੇ ਯਿਸੂ ਦੁਆਰਾ ਕਹੇ ਗਏ ਸਨ ਹੁਣ ਲਾਗੂ ਨਹੀਂ ਹੁੰਦੇ ਹਨ। ਜੋ ਮੈਂ ਕਹਿੰਦਾ ਹਾਂ ਉਹ ਇੱਕ ਨਵੇਂ ਯੁਗ ਦੀ ਸ਼ੁਰੂਆਤ ਦਾ ਕੰਮ ਹੈ, ਅਤੇ ਉਹ ਕੰਮ ਹੈ ਜੋ ਬੇਮਿਸਾਲ ਹੈ; ਮੈਂ ਜੋ ਕੰਮ ਕਰਦਾ ਹਾਂ, ਅਤੇ ਮੈਂ ਜੋ ਵਚਨ ਕਹਿੰਦਾ ਹਾਂ, ਉਹ ਸਭ ਨਵੇਂ ਹਨ। ਕੀ ਇਹ ਅੱਜ ਦਾ ਨਵਾਂ ਕੰਮ ਨਹੀਂ ਹੈ? ਯਿਸੂ ਦਾ ਕੰਮ ਵੀ ਇਸ ਦੇ ਵਰਗਾ ਹੀ ਸੀ। ਉਸ ਦਾ ਕੰਮ ਹੈਕਲ ਵਿੱਚ ਲੋਕਾਂ ਦੇ ਕੰਮ ਤੋਂ ਵੀ ਵੱਖਰਾ ਸੀ, ਅਤੇ ਫ਼ਰੀਸੀਆਂ ਦੇ ਕੰਮ ਤੋਂ ਵੀ ਭਿੰਨ ਸੀ, ਨਾ ਹੀ ਇਹ ਉਸ ਕੰਮ ਦੇ ਸਮਾਨ ਸੀ ਜੋ ਇਸਰਾਏਲ ਦੇ ਸਾਰੇ ਲੋਕਾਂ ਦੁਆਰਾ ਕੀਤਾ ਜਾਂਦਾ ਸੀ। ਇਸ ਨੂੰ ਦੇਖਣ ਤੋਂ ਬਾਅਦ, ਲੋਕ ਆਪਣਾ ਮਨ ਨਹੀਂ ਬਣਾ ਸਕੇ: “ਕੀ ਇਹ ਸੱਚਮੁੱਚ ਪਰਮੇਸ਼ੁਰ ਦੁਆਰਾ ਕੀਤਾ ਗਿਆ ਸੀ?” ਯਿਸੂ ਨੇ ਯਹੋਵਾਹ ਦੇ ਸ਼ਰਾ ਨੂੰ ਨਹੀਂ ਮੰਨਿਆ; ਜਦੋਂ ਉਹ ਮਨੁੱਖ ਨੂੰ ਸਿਖਾਉਣ ਆਇਆ, ਤਾਂ ਜੋ ਕੁਝ ਵੀ ਉਸ ਨੇ ਕਿਹਾ ਉਹ ਉਸ ਤੋਂ ਨਵਾਂ ਅਤੇ ਵੱਖਰਾ ਸੀ ਜੋ ਪ੍ਰਾਚੀਨ ਸੰਤਾਂ ਅਤੇ ਪੁਰਾਣੇ ਨੇਮ ਦੇ ਨਬੀਆਂ ਦੁਆਰਾ ਕਿਹਾ ਗਿਆ ਸੀ, ਅਤੇ ਇਸ ਕਾਰਣ, ਲੋਕ ਅਨਿਸ਼ਚਿਤ ਬਣੇ ਰਹੇ। ਇਹ ਉਹ ਗੱਲ ਹੈ ਜਿਸ ਕਰਕੇ ਮਨੁੱਖ ਨਾਲ ਨਿਪਟਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕੰਮ ਦੇ ਇਸ ਨਵੇਂ ਪੜਾਅ ਨੂੰ ਸਵੀਕਾਰ ਕਰਨ ਤੋਂ ਪਹਿਲਾਂ, ਉਹ ਮਾਰਗ ਜਿਸ ਉੱਪਰ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਚੱਲਦੇ ਸਨ ਉਹ ਉਨ੍ਹਾਂ ਆਤਮਿਕ ਵਿਅਕਤੀਆਂ ਦੀ ਬੁਨਿਆਦ ਨੂੰ ਅਮਲ ਵਿੱਚ ਲਿਆਉਣਾ ਅਤੇ ਉਸ ਵਿੱਚ ਪ੍ਰਵੇਸ਼ ਕਰਨਾ ਸੀ। ਪਰ ਅੱਜ, ਉਹ ਕੰਮ ਜੋ ਮੈਂ ਕਰਦਾ ਹਾਂ ਬਹੁਤ ਹੀ ਅਲੱਗ ਹੈ, ਅਤੇ ਇਸ ਲਈ ਤੁਸੀਂ ਇਹ ਫ਼ੈਸਲਾ ਕਰਨ ਵਿੱਚ ਅਸਮਰਥ ਹੋ ਕਿ ਇਹ ਸਹੀ ਹੈ ਜਾਂ ਨਹੀਂ। ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਪਹਿਲਾਂ ਤੂੰ ਕਿਸ ਮਾਰਗ ’ਤੇ ਚੱਲਿਆ ਸੀ, ਨਾ ਹੀ ਮੇਰੀ ਇਸ ਗੱਲ ਵਿੱਚ ਦਿਲਚਸਪੀ ਹੈ ਕਿ ਤੂੰ ਕਿਸ ਦਾ “ਖਾਣਾ” ਖਾਇਆ ਸੀ, ਜਾਂ ਤੂੰ ਕਿਸ ਨੂੰ ਆਪਣੇ “ਪਿਤਾ” ਦੇ ਰੂਪ ਅਪਣਾਇਆ ਸੀ। ਕਿਉਂਕਿ ਮੈਂ ਆ ਗਿਆ ਹਾਂ ਅਤੇ ਮਨੁੱਖ ਦੀ ਰਹਿਨੁਮਾਈ ਲਈ ਨਵਾਂ ਕੰਮ ਲਿਆਇਆ ਹਾਂ, ਇਸ ਲਈ ਉਹ ਸਾਰੇ ਜੋ ਮੇਰੇ ਪਿੱਛੇ ਚੱਲਦੇ ਹਨ ਉਨ੍ਹਾਂ ਸਾਰਿਆਂ ਨੂੰ ਮੇਰੇ ਕਹੇ ਅਨੁਸਾਰ ਕੰਮ ਕਰਨਾ ਪਵੇਗਾ। ਤੂੰ ਭਾਵੇਂ ਕਿੰਨੇ ਵੀ ਸਮਰੱਥ “ਪਰਿਵਾਰ” ਨਾਲ ਸੰਬੰਧਤ ਕਿਉਂ ਨਾ ਹੋਵੇਂ, ਤੈਨੂੰ ਪਹਿਲਾਂ ਮੇਰੇ ਪਿੱਛੇ ਚੱਲਣਾ ਹੋਏਗਾ, ਤੇਰੇ ਲਈ ਆਪਣੇ ਪਹਿਲਾਂ ਦੇ ਅਮਲਾਂ ਅਨੁਸਾਰ ਕੰਮ ਕਰਨਾ ਜ਼ਰੂਰੀ ਨਹੀਂ ਹੈ, ਤੇਰੇ “ਪਾਲਕ ਪਿਤਾ” ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ, ਅਤੇ ਆਪਣਾ ਵਾਜਬ ਹਿੱਸਾ ਲੱਭਣ ਲਈ ਤੈਨੂੰ ਆਪਣੇ ਪਰਮੇਸ਼ੁਰ ਦੇ ਸਾਹਮਣੇ ਆਉਣਾ ਚਾਹੀਦਾ ਹੈ। ਤੇਰੀ ਸੰਪੂਰਣਤਾ ਮੇਰੇ ਹੱਥਾਂ ਵਿੱਚ ਹੈ, ਅਤੇ ਤੈਨੂੰ ਆਪਣੇ ਪਾਲਕ ਪਿਤਾ ਦੇ ਪ੍ਰਤੀ ਬਹੁਤ ਅੰਨ੍ਹਾ ਵਿਸ਼ਵਾਸ ਸਮਰਪਤ ਨਹੀਂ ਕਰਨਾ ਚਾਹੀਦਾ; ਉਹ ਤੈਨੂੰ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਕਰ ਸਕਦਾ। ਅੱਜ ਦਾ ਕੰਮ ਬੇਮਿਸਾਲ ਹੈ। ਜੋ ਕੁਝ ਮੈਂ ਅੱਜ ਕਹਿੰਦਾ ਹਾਂ ਉਹ ਸਪਸ਼ਟ ਰੂਪ ਵਿੱਚ ਅਤੀਤ ਦੀ ਕਿਸੇ ਬੁਨਿਆਦ ’ਤੇ ਅਧਾਰਤ ਨਹੀਂ ਹੈ; ਇਹ ਇੱਕ ਨਵੀਂ ਸ਼ੁਰੂਆਤ ਹੈ, ਅਤੇ ਜੇ ਤੂੰ ਕਹਿੰਦਾ ਹੈਂ ਕਿ ਇਸ ਦੀ ਸਿਰਜਣਾ ਮਨੁੱਖ ਦੇ ਹੱਥ ਨਾਲ ਹੋਈ ਹੈ, ਤਾਂ ਤੂੰ ਅਜਿਹਾ ਵਿਅਕਤੀ ਹੈਂ ਜੋ ਇੰਨਾ ਅੰਨ੍ਹਾ ਹੈ ਕਿ ਬਚਾਇਆ ਨਹੀਂ ਜਾ ਸਕਦਾ!

ਯਸਾਯਾਹ, ਹਿਜ਼ਕੀਏਲ, ਮੂਸਾ, ਦਾਊਦ, ਅਬਰਾਹਾਮ, ਅਤੇ ਦਾਨੀਏਲ ਇਸਰਾਏਲ ਦੇ ਚੁਣੇ ਹੋਏ ਲੋਕਾਂ ਦਰਮਿਆਨ ਆਗੂ ਜਾਂ ਨਬੀ ਸਨ। ਉਨ੍ਹਾਂ ਨੂੰ ਪਰਮੇਸ਼ੁਰ ਕਿਉਂ ਨਹੀਂ ਕਿਹਾ ਗਿਆ? ਪਵਿੱਤਰ ਆਤਮਾ ਨੇ ਉਨ੍ਹਾਂ ਦੀ ਗਵਾਹੀ ਕਿਉਂ ਨਹੀਂ ਦਿੱਤੀ? ਯਿਸੂ ਨੇ ਜਿਵੇਂ ਹੀ ਆਪਣਾ ਕੰਮ ਸ਼ੁਰੂ ਕੀਤਾ ਅਤੇ ਵਚਨਾਂ ਨੂੰ ਬੋਲਣਾ ਅਰੰਭ ਕੀਤਾ ਤਾਂ ਪਵਿੱਤਰ ਆਤਮਾ ਨੇ ਉਸ ਦੀ ਗਵਾਹੀ ਕਿਉਂ ਦਿੱਤੀ? ਅਤੇ ਪਵਿੱਤਰ ਆਤਮਾ ਨੇ ਦੂਜਿਆਂ ਲਈ ਗਵਾਹੀ ਕਿਉਂ ਨਹੀਂ ਦਿੱਤੀ? ਜੋ ਮਨੁੱਖ ਸਰੀਰ ਵਾਲੇ ਸਨ, ਉਨ੍ਹਾਂ ਸਾਰਿਆਂ ਨੂੰ “ਪ੍ਰਭੂ” ਕਹਿ ਕੇ ਸੱਦਿਆ ਜਾਂਦਾ ਸੀ। ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਉਨ੍ਹਾਂ ਨੂੰ ਕੀ ਕਹਿ ਕੇ ਸੱਦਿਆ ਜਾਂਦਾ ਸੀ, ਉਨ੍ਹਾਂ ਦਾ ਕੰਮ ਉਨ੍ਹਾਂ ਦੀ ਹੋਂਦ ਅਤੇ ਸਾਰ ਨੂੰ ਦਰਸਾਉਂਦਾ ਹੈ, ਅਤੇ ਉਨ੍ਹਾਂ ਦੀ ਹੋਂਦ ਅਤੇ ਸਾਰ ਉਨ੍ਹਾਂ ਦੀ ਪਛਾਣ ਦਰਸਾਉਂਦੇ ਹਨ। ਉਨ੍ਹਾਂ ਦਾ ਸਾਰ ਉਨ੍ਹਾਂ ਦੇ ਅਹੁਦਿਆਂ ਨਾਲ ਸੰਬੰਧਤ ਨਹੀਂ ਹੈ; ਇਹ ਇਸ ਰਾਹੀਂ ਦਰਸਾਇਆ ਜਾਂਦਾ ਹੈ ਕਿ ਉਹ ਕੀ ਕੁਝ ਵਿਅਕਤ ਕਰਦੇ ਸਨ, ਅਤੇ ਉਨ੍ਹਾਂ ਨੇ ਵਿਹਾਰ ਵਿੱਚ ਕੀ ਪਰਗਟ ਕੀਤਾ। ਪੁਰਾਣੇ ਨੇਮ ਵਿੱਚ, ਪ੍ਰਭੂ ਕਹਿ ਕੇ ਸੱਦਿਆ ਜਾਣਾ ਆਮ ਨਾਲੋਂ ਵੱਧ ਕੇ ਕੁਝ ਨਹੀਂ ਸੀ, ਅਤੇ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਨਾਲ ਸੱਦਿਆ ਜਾ ਸਕਦਾ ਸੀ, ਪਰ ਉਸ ਦਾ ਸਾਰ ਅਤੇ ਸਹਿਜ ਪਛਾਣ ਅਟੱਲ ਸੀ। ਉਨ੍ਹਾਂ ਝੂਠੇ ਮਸੀਹਾਂ, ਝੂਠੇ ਨਬੀਆਂ, ਅਤੇ ਧੋਖੇਬਾਜ਼ਾਂ ਦਰਮਿਆਨ, ਕੀ ਉਹ ਲੋਕ ਵੀ ਨਹੀਂ ਹਨ ਜਿਨ੍ਹਾਂ ਨੂੰ “ਪਰਮੇਸ਼ੁਰ” ਕਿਹਾ ਜਾਂਦਾ ਹੈ? ਅਤੇ ਕਿਉਂ ਉਹ ਪਰਮੇਸ਼ੁਰ ਨਹੀਂ ਹਨ? ਕਿਉਂਕਿ ਉਹ ਪਰਮੇਸ਼ੁਰ ਦਾ ਕੰਮ ਕਰਨ ਵਿੱਚ ਅਸਮਰਥ ਹਨ। ਮੂਲ ਰੂਪ ਵਿੱਚ ਉਹ ਮਨੁੱਖ ਹਨ, ਲੋਕਾਂ ਨੂੰ ਧੋਖਾ ਦੇਣ ਵਾਲੇ ਹਨ, ਪਰਮੇਸ਼ੁਰ ਨਹੀਂ, ਅਤੇ ਇਸ ਲਈ ਉਨ੍ਹਾਂ ਕੋਲ ਪਰਮੇਸ਼ੁਰ ਦੀ ਪਛਾਣ ਨਹੀਂ ਹੈ। ਕੀ ਬਾਰ੍ਹਾਂ ਗੋਤਾਂ ਵਿੱਚ ਦਾਊਦ ਨੂੰ ਵੀ ਪ੍ਰਭੂ ਕਹਿ ਕੇ ਨਹੀਂ ਸੱਦਿਆ ਜਾਂਦਾ ਸੀ? ਯਿਸੂ ਨੂੰ ਵੀ ਪ੍ਰਭੂ ਕਹਿ ਕੇ ਸੱਦਿਆ ਗਿਆ ਸੀ; ਇਕੱਲੇ ਯਿਸੂ ਨੂੰ ਹੀ ਦੇਹਧਾਰੀ ਪਰਮੇਸ਼ੁਰ ਕਹਿ ਕੇ ਕਿਉਂ ਸੱਦਿਆ ਗਿਆ? ਕੀ ਯਿਰਮਿਯਾਹ ਨੂੰ ਵੀ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਨਹੀਂ ਜਾਣਿਆ ਜਾਂਦਾ ਸੀ? ਅਤੇ ਕੀ ਯਿਸੂ ਨੂੰ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਨਹੀਂ ਜਾਣਿਆ ਜਾਂਦਾ ਸੀ? ਕਿਉਂ ਯਿਸੂ ਨੂੰ ਪਰਮੇਸ਼ੁਰ ਤਰਫ਼ੋਂ ਸਲੀਬ ’ਤੇ ਚੜ੍ਹਾਇਆ ਗਿਆ ਸੀ? ਕੀ ਅਜਿਹਾ ਇਸ ਲਈ ਨਹੀਂ ਹੈ ਕਿਉਂਕਿ ਉਸ ਦਾ ਸਾਰ ਵੱਖਰਾ ਸੀ? ਕੀ ਅਜਿਹਾ ਇਸ ਲਈ ਨਹੀਂ ਹੈ ਕਿਉਂਕਿ ਉਸ ਨੇ ਜੋ ਕੰਮ ਕੀਤਾ ਉਹ ਵੱਖਰਾ ਸੀ? ਕੀ ਉਪਾਧੀ ਨਾਲ ਫ਼ਰਕ ਪੈਂਦਾ ਹੈ? ਹਾਲਾਂਕਿ ਯਿਸੂ ਨੂੰ ਵੀ ਮਨੁੱਖ ਦਾ ਪੁੱਤਰ ਕਿਹਾ ਗਿਆ, ਪਰ ਉਹ ਪਰਮੇਸ਼ੁਰ ਦਾ ਪਹਿਲਾਂ ਦੇਹਧਾਰਣ ਸੀ, ਉਹ ਸਮਰੱਥਾ ਗ੍ਰਹਿਣ ਕਰਨ ਅਤੇ ਛੁਟਕਾਰੇ ਦੇ ਕੰਮ ਨੂੰ ਪੂਰਾ ਕਰਨ ਲਈ ਆਇਆ ਸੀ। ਇਸ ਤੋਂ ਸਾਬਿਤ ਹੁੰਦਾ ਹੈ ਕਿ ਯਿਸੂ ਦੀ ਪਛਾਣ ਅਤੇ ਸਾਰ ਉਨ੍ਹਾਂ ਦੂਜਿਆਂ ਤੋਂ ਭਿੰਨ ਸਨ ਜਿਨ੍ਹਾਂ ਨੂੰ ਵੀ ਮਨੁੱਖ ਦਾ ਪੁੱਤਰ ਕਿਹਾ ਜਾਂਦਾ ਸੀ। ਅੱਜ, ਤੁਹਾਡੇ ਵਿੱਚੋਂ ਕੌਣ ਇਹ ਕਹਿਣ ਦੀ ਹਿੰਮਤ ਕਰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਵਿੱਤਰ ਆਤਮਾ ਦੁਆਰਾ ਵਰਤਿਆ ਗਿਆ ਸੀ ਉਨ੍ਹਾਂ ਵੱਲੋਂ ਕਹੇ ਗਏ ਸਾਰੇ ਵਚਨ ਪਵਿੱਤਰ ਆਤਮਾ ਤੋਂ ਆਏ ਸਨ? ਕੀ ਕਿਸੇ ਵਿੱਚ ਵੀ ਅਜਿਹੀਆਂ ਗੱਲਾਂ ਕਹਿਣ ਦੀ ਹਿੰਮਤ ਹੈ? ਜੇ ਤੂੰ ਅਜਿਹੀਆਂ ਗੱਲਾਂ ਕਹਿੰਦਾ ਹੈਂ, ਤਾਂ ਅਜ਼ਰਾ ਦੀ ਭਵਿੱਖਬਾਣੀ ਦੀ ਪੋਥੀ ਨੂੰ ਰੱਦ ਕਿਉਂ ਕੀਤਾ ਗਿਆ ਸੀ, ਅਤੇ ਕਿਉਂ ਇਹੀ ਚੀਜ਼ ਉਨ੍ਹਾਂ ਪ੍ਰਾਚੀਨ ਸੰਤਾਂ ਅਤੇ ਨਬੀਆਂ ਦੀਆਂ ਪੋਥੀਆਂ ਨਾਲ ਕੀਤੀ ਗਈ ਸੀ? ਜੇ ਉਹ ਸਾਰੇ ਪਵਿੱਤਰ ਆਤਮਾ ਤੋਂ ਆਏ ਸਨ, ਤਾਂ ਤੁਸੀਂ ਅਜਿਹੀ ਆਪਮੁਹਾਰੀ ਚੋਣ ਕਰਨ ਦੀ ਹਿੰਮਤ ਕਿਉਂ ਕਰਦੇ ਹੋ? ਕੀ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਚੁਣਨ ਦੇ ਯੋਗ ਹੈਂ? ਇਸਰਾਏਲ ਤੋਂ ਵੀ ਕਈ ਕਹਾਣੀਆਂ ਨੂੰ ਰੱਦ ਕੀਤਾ ਗਿਆ ਸੀ। ਅਤੇ ਜੇ ਤੂੰ ਮੰਨਦਾ ਹੈਂ ਕਿ ਅਤੀਤ ਦੀਆਂ ਇਹ ਸਾਰੀਆਂ ਲਿਖਤਾਂ ਪਵਿੱਤਰ ਆਤਮਾ ਤੋਂ ਆਈਆਂ ਸਨ, ਤਾਂ ਫਿਰ ਕੁਝ ਪੋਥੀਆਂ ਨੂੰ ਰੱਦ ਕਿਉਂ ਕੀਤਾ ਗਿਆ ਸੀ? ਜੇ ਉਹ ਪਵਿੱਤਰ ਆਤਮਾ ਤੋਂ ਆਏ ਸਨ, ਤਾਂ ਉਨ੍ਹਾਂ ਸਾਰਿਆਂ ਨੂੰ ਰੱਖਿਆ ਜਾਣਾ ਚਾਹੀਦਾ ਹੈ, ਅਤੇ ਪੜ੍ਹਨ ਲਈ ਕਲੀਸਿਆਵਾਂ ਦੇ ਭਰਾਵਾਂ ਅਤੇ ਭੈਣਾਂ ਨੂੰ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਮਨੁੱਖੀ ਇੱਛਾ ਅਨੁਸਾਰ ਚੁਣਿਆ ਜਾਂ ਰੱਦ ਨਹੀਂ ਕੀਤਾ ਜਾਣਾ ਚਾਹੀਦਾ; ਅਜਿਹਾ ਕਰਨਾ ਗ਼ਲਤ ਹੈ। ਇਹ ਕਹਿਣਾ ਕਿਪੌਲੁਸ ਅਤੇ ਯੂਹੰਨਾ ਦੇ ਅਨੁਭਵ ਉਨ੍ਹਾਂ ਦੀ ਨਿਜੀ ਸੂਝ-ਬੂਝ ਨਾਲ ਰਲ ਗਏ ਸਨ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਦੇ ਅਨੁਭਵ ਅਤੇ ਗਿਆਨ ਸ਼ਤਾਨ ਤੋਂ ਆਏ ਸਨ, ਸਗੋਂ ਗੱਲ ਸਿਰਫ਼ ਇੰਨੀ ਹੈ ਕਿ ਉਨ੍ਹਾਂ ਕੋਲ ਅਜਿਹੀਆਂ ਚੀਜ਼ਾਂ ਸੀ ਜੋ ਉਨ੍ਹਾਂ ਦੇ ਨਿਜੀ ਅਨੁਭਵਾਂ ਅਤੇ ਸੂਝ-ਬੂਝ ਤੋਂ ਆਈਆਂ ਸਨ। ਉਨ੍ਹਾਂ ਦਾ ਗਿਆਨ ਉਸ ਸਮੇਂ ਦੇ ਉਨ੍ਹਾਂ ਦੇ ਅਸਲ ਅਨੁਭਵਾਂ ਦੇ ਪਿਛੋਕੜ ਦੇ ਅਨੁਸਾਰ ਸੀ, ਅਤੇ ਕੌਣ ਨਿਸ਼ਚੇ ਨਾਲ ਇਹ ਕਹਿ ਸਕਦਾ ਸੀ ਕਿ ਇਹ ਸਭ ਪਵਿੱਤਰ ਆਤਮਾ ਤੋਂ ਆਇਆ ਸੀ? ਜੇ ਚਾਰੇ ਖੁਸ਼ਖ਼ਬਰੀਆਂ ਪਵਿੱਤਰ ਆਤਮਾ ਤੋਂ ਆਈਆਂ, ਤਾਂ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਹਰੇਕ ਨੇ ਯਿਸੂ ਦੇ ਕੰਮ ਬਾਰੇ ਕੁਝ ਭਿੰਨ ਕਿਉਂ ਕਿਹਾ? ਜੇ ਤੁਸੀਂ ਇਸ ਉੱਪਰ ਵਿਸ਼ਵਾਸ ਨਹੀਂ ਕਰਦੇ ਤਾਂ ਬਾਈਬਲ ਦੇ ਵਿਵਰਣਾਂ ਨੂੰ ਦੇਖੋ ਕਿ ਕਿਵੇਂ ਪਤਰਸ ਨੇ ਯਿਸੂ ਨੂੰ ਤਿੰਨ ਵਾਰ ਨਕਾਰਿਆ ਸੀ: ਉਹ ਸਭ ਵੱਖਰੇ ਹਨ, ਅਤੇ ਉਨ੍ਹਾਂ ਵਿੱਚੋਂ ਹਰੇਕ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਬਹੁਤੇ ਲੋਕ ਜੋ ਅਗਿਆਨੀ ਹਨ ਉਹ ਕਹਿੰਦੇ ਹਨ, “ਦੇਹਧਾਰੀ ਪਰਮੇਸ਼ੁਰ ਵੀ ਇੱਕ ਮਨੁੱਖ ਹੈ, ਤਾਂ ਕੀ ਜੋ ਵਚਨ ਉਹ ਕਹਿੰਦਾ ਹੈ ਪੂਰੀ ਤਰ੍ਹਾਂ ਨਾਲ ਪਵਿੱਤਰ ਆਤਮਾ ਤੋਂ ਆ ਸਕਦੇ ਹਨ? ਜੇ ਪੌਲੁਸ ਅਤੇ ਯੂਹੰਨਾ ਦੇ ਵਚਨਾਂ ਵਿੱਚ ਮਨੁੱਖੀ ਇੱਛਾ ਮਿਲੀ ਹੋਈ ਸੀ, ਤਾਂ ਕੀ ਉਹ ਜੋ ਵਚਨ ਕਹਿੰਦਾ ਹੈ ਉਨ੍ਹਾਂ ਵਿੱਚ ਅਸਲ ਵਿੱਚ ਮਨੁੱਖੀ ਇੱਛਾ ਨਹੀਂ ਮਿਲੀ ਹੋਈ ਹੈ?” ਜੋ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਉਹ ਅੰਨ੍ਹੇ ਅਤੇ ਅਗਿਆਨੀ ਹਨ! ਚਾਰਾਂ ਖੁਸ਼ਖ਼ਬਰੀਆਂ ਨੂੰ ਧਿਆਨ ਨਾਲ ਪੜ੍ਹੋ; ਪੜ੍ਹੋ ਕਿ ਯਿਸੂ ਨੇ ਜੋ ਚੀਜ਼ਾਂ ਕੀਤੀਆਂ ਸਨ, ਅਤੇ ਉਸ ਨੇ ਜੋ ਵਚਨ ਕਹੇ ਸਨ, ਉਨ੍ਹਾਂ ਚੀਜ਼ਾਂ ਬਾਰੇ ਉਨ੍ਹਾਂ ਨੇ ਕੀ ਦਰਜ ਕੀਤਾ ਹੈ। ਹਰੇਕ ਵਿਵਰਣ, ਬਿਲਕੁਲ ਸਰਲ ਰੂਪ ਵਿੱਚ, ਵੱਖਰਾ ਹੈ, ਹਰੇਕ ਦਾ ਆਪਣਾ ਨਜ਼ਰੀਆ ਹੈ। ਜੇ ਇਨ੍ਹਾਂ ਪੁਸਤਕਾਂ ਦੇ ਲੇਖਕਾਂ ਦੁਆਰਾ ਜੋ ਕੁਝ ਲਿਖਿਆ ਗਿਆ ਸੀ ਉਹ ਸਭ ਪਵਿੱਤਰ ਆਤਮਾ ਤੋਂ ਆਇਆ ਸੀ, ਤਾਂ ਇਹ ਸਾਰਾ ਇੱਕੋ ਜਿਹਾ ਅਤੇ ਇਕਸਾਰ ਹੋਣਾ ਚਾਹੀਦਾ ਹੈ। ਤਾਂ ਫਿਰ ਉਨ੍ਹਾਂ ਵਿੱਚ ਅੰਤਰ ਕਿਉਂ ਹਨ? ਕੀ ਮਨੁੱਖ ਬੇਹੱਦ ਮੂਰਖ ਨਹੀਂ ਹੈ, ਜੋ ਇਸ ਨੂੰ ਦੇਖਣ ਵਿੱਚ ਅਸਮਰਥ ਹੈ? ਜੇ ਤੈਨੂੰ ਪਰਮੇਸ਼ੁਰ ਲਈ ਗਵਾਹੀ ਦੇਣ ਲਈ ਕਿਹਾ ਜਾਂਦਾ ਹੈ, ਤਾਂ ਤੂੰ ਕਿਸ ਤਰ੍ਹਾਂ ਦੀ ਗਵਾਹੀ ਮੁਹੱਈਆ ਕਰ ਸਕਦਾ ਹੈਂ? ਕੀ ਪਰਮੇਸ਼ੁਰ ਨੂੰ ਜਾਣਨ ਦਾ ਅਜਿਹਾ ਤਰੀਕਾ ਉਸ ਦੀ ਗਵਾਹੀ ਦੇ ਸਕਦਾ ਹੈ? ਜੇ ਦੂਜੇ ਲੋਕ ਤੈਨੂੰ ਪੁੱਛਣ, “ਜੇ ਯੂਹੰਨਾ ਅਤੇ ਲੂਕਾ ਦੇ ਲੇਖਾਂ ਵਿੱਚ ਮਨੁੱਖੀ ਇੱਛਾ ਰਲ ਗਈ ਸੀ, ਤਾਂ ਕੀ ਤੁਹਾਡੇ ਪਰਮੇਸ਼ੁਰ ਦੁਆਰਾ ਕਹੇ ਗਏ ਵਚਨਾਂ ਵਿੱਚ ਮਨੁੱਖੀ ਇੱਛਾ ਨਹੀਂ ਰਲ ਜਾਂਦੀ ਹੈ?” ਕੀ ਤੂੰ ਸਪਸ਼ਟ ਜਵਾਬ ਦੇ ਸਕੇਂਗਾ? ਲੂਕਾ ਅਤੇ ਮੱਤੀ ਦੁਆਰਾ ਯਿਸੂ ਦੇ ਵਚਨਾਂ ਨੂੰ ਸੁਣਨ, ਅਤੇ ਯਿਸੂ ਦਾ ਕੰਮ ਦੇਖਣ ਤੋਂ ਬਾਅਦ, ਉਨ੍ਹਾਂ ਨੇ, ਯਿਸੂ ਦੁਆਰਾ ਕੀਤੇ ਗਏ ਕੰਮ ਦੇ ਕੁਝ ਤੱਥਾਂ ਦੀਆਂ ਆਪ ਬੀਤੀਆਂ ਦੇ ਵੇਰਵੇ ਦੇਣ ਦੇ ਤਰੀਕੇ ਨਾਲ ਆਪਣੇ ਖੁਦ ਦੇ ਗਿਆਨ ਬਾਰੇ ਬੋਲਿਆ ਸੀ। ਕੀ ਤੂੰ ਕਹਿ ਸਕਦਾ ਹੈਂ ਕਿ ਉਨ੍ਹਾਂ ਦਾ ਗਿਆਨ ਪੂਰੀ ਤਰ੍ਹਾਂ ਨਾਲ ਪਵਿੱਤਰ ਆਤਮਾ ਦੁਆਰਾ ਪਰਗਟ ਕੀਤਾ ਗਿਆ ਸੀ? ਬਾਈਬਲ ਦੇ ਬਾਹਰ, ਕਈ ਆਤਮਕ ਵਿਅਕਤੀ ਸਨ ਜਿਨ੍ਹਾਂ ਕੋਲ ਉਨ੍ਹਾਂ ਤੋਂ ਵੀ ਵੱਧ ਗਿਆਨ ਸੀ, ਤਾਂ ਕਿਉਂ ਬਾਅਦ ਦੀਆਂ ਪੀੜ੍ਹੀਆਂ ਦੁਆਰਾ ਉਨ੍ਹਾਂ ਦੇ ਵਚਨਾਂ ਨੂੰ ਨਹੀਂ ਅਪਣਾਇਆ ਗਿਆ ਸੀ? ਕੀ ਉਨ੍ਹਾਂ ਦਾ ਵੀ ਪਵਿੱਤਰ ਆਤਮਾ ਦੁਆਰਾ ਉਪਯੋਗ ਨਹੀਂ ਕੀਤਾ ਗਿਆ ਸੀ? ਇਹ ਜਾਣ ਲਓ ਕਿ ਅੱਜ ਦੇ ਕੰਮ ਵਿੱਚ, ਮੈਂ ਯਿਸੂ ਦੇ ਕੰਮ ਦੀ ਬੁਨਿਆਦ ਦੇ ਆਧਾਰ ’ਤੇ ਆਪਣੀ ਖੁਦ ਦੀ ਸੋਝੀ ਬਾਰੇ ਨਹੀਂ ਬੋਲ ਰਿਹਾ, ਨਾ ਹੀ ਮੈਂ ਯਿਸੂ ਦੇ ਕੰਮ ਦੇ ਪਿਛੋਕੜ ਸਾਹਮਣੇ ਆਪਣੇ ਖੁਦ ਦੇ ਗਿਆਨ ਬਾਰੇ ਬੋਲ ਰਿਹਾ ਹਾਂ। ਉਸ ਸਮੇਂ ਯਿਸੂ ਨੇ ਕੀ ਕੰਮ ਕੀਤਾ ਸੀ? ਅਤੇ ਅੱਜ ਮੈਂ ਕਿਹੜਾ ਕੰਮ ਕਰ ਰਿਹਾ ਹਾਂ? ਮੈਂ ਜੋ ਕਹਿੰਦਾ ਅਤੇ ਕਰਦਾ ਹਾਂ ਉਸ ਦੀ ਕੋਈ ਮਿਸਾਲ ਨਹੀਂ ਹੈ। ਜਿਸ ਰਾਹ ’ਤੇ ਮੈਂ ਅੱਜ ਚੱਲਦਾ ਹਾਂ ਉਸ ਉੱਪਰ ਇਸ ਤੋਂ ਪਹਿਲਾਂ ਕਦੇ ਕੋਈ ਨਹੀਂ ਗਿਆ ਹੈ, ਇਸ ਉੱਪਰ ਯੁਗਾਂ-ਯੁਗਾਂ ਤੋਂ ਅਤੇ ਅਤੀਤ ਦੀਆਂ ਪੀੜ੍ਹੀਆਂ ਤੋਂ ਕੋਈ ਕਦੇ ਨਹੀਂ ਚੱਲਿਆ ਹੈ। ਅੱਜ, ਇਹ ਸ਼ੁਰੂ ਕੀਤਾ ਗਿਆ ਹੈ, ਅਤੇ ਕੀ ਇਹ ਆਤਮਾ ਦਾ ਕੰਮ ਨਹੀਂ ਹੈ? ਹਾਲਾਂਕਿ, ਇਹ ਪਵਿੱਤਰ ਆਤਮਾ ਦਾ ਕੰਮ ਸੀ, ਫਿਰ ਵੀ ਅਤੀਤ ਦੇ ਸਾਰੇ ਆਗੂਆਂ ਨੇ ਆਪਣਾ ਕੰਮ ਹੋਰਨਾਂ ਦੀ ਬੁਨਿਆਦ ’ਤੇ ਕੀਤਾ ਸੀ; ਪਰ, ਖੁਦ ਪਰਮੇਸ਼ੁਰ ਦਾ ਕੰਮ ਵੱਖਰਾ ਹੁੰਦਾ ਹੈ। ਯਿਸੂ ਦੇ ਕੰਮ ਦਾ ਪੜਾਅ ਇਹੀ ਸੀ: ਉਸ ਨੇ ਇੱਕ ਨਵਾਂ ਰਾਹ ਖੋਲ੍ਹਿਆ। ਜਦੋਂ ਉਹ ਆਇਆ, ਤਾਂ ਉਸ ਨੇ ਸਵਰਗ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ, ਅਤੇ ਕਿਹਾ ਕਿ ਮਨੁੱਖ ਨੂੰ ਪ੍ਰਾਸਚਿਤ ਕਰਨਾ ਚਾਹੀਦਾ ਹੈ, ਅਤੇ ਪਾਪ ਸਵੀਕਾਰ ਕਰਨਾ ਚਾਹੀਦਾ ਹੈ। ਯਿਸੂ ਦੁਆਰਾ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ, ਪਤਰਸ, ਪੌਲੁਸ ਅਤੇ ਹੋਰਨਾਂ ਨੇ ਯਿਸੂ ਦੇ ਕੰਮ ਨੂੰ ਕਰਨਾ ਸ਼ੁਰੂ ਕੀਤਾ ਸੀ। ਜਦੋਂ ਯਿਸੂ ਨੂੰ ਸਲੀਬ ’ਤੇ ਚੜ੍ਹਾ ਦਿੱਤਾ ਗਿਆ ਅਤੇ ਉਸ ਨੂੰ ਸਵਰਗ ਵਿੱਚ ਉਠਾ ਲਿਆ ਗਿਆ, ਉਸ ਮਗਰੋਂ ਉਨ੍ਹਾਂ ਨੂੰ ਸਲੀਬ ਦੇ ਸੱਚੇ ਰਾਹ ਨੂੰ ਫੈਲਾਉਣ ਲਈ ਆਤਮਾ ਦੁਆਰਾ ਭੇਜਿਆ ਗਿਆ ਸੀ। ਹਾਲਾਂਕਿ ਪੌਲੁਸ ਦੇ ਵਚਨ ਉੱਚੇ ਸਨ, ਪਰ ਉਹ ਵੀ ਯਿਸੂ ਨੇ ਜੋ ਕਿਹਾ ਸੀ ਉਸ ਰਾਹੀਂ ਰੱਖੀ ਗਈ ਬੁਨਿਆਦ ’ਤੇ ਅਧਾਰਤ ਸਨ, ਜਿਵੇਂ ਕਿ ਧੀਰਜ, ਪਿਆਰ, ਕਸ਼ਟ, ਸਿਰ ਢੱਕਣਾ, ਬਪਤਿਸਮਾ, ਜਾਂ ਪਾਲਣਾ ਕੀਤੇ ਜਾਣ ਲਈ ਹੋਰ ਸਿੱਖਿਆਵਾਂ। ਇਹ ਸਭ ਯਿਸੂ ਦੇ ਵਚਨਾਂ ਦੀ ਬੁਨਿਆਦ ’ਤੇ ਹੀ ਬੋਲਿਆ ਗਿਆ ਸੀ। ਉਹ ਇੱਕ ਨਵਾਂ ਰਾਹ ਖੋਲ੍ਹਣ ਵਿੱਚ ਅਸਮਰਥ ਸਨ, ਕਿਉਂਕਿ ਉਹ ਸਭ ਪਰਮੇਸ਼ੁਰ ਦੁਆਰਾ ਵਰਤੇ ਗਏ ਮਨੁੱਖ ਸਨ।

ਉਸ ਸਮੇਂ ਯਿਸੂ ਦੀ ਬਾਣੀ ਅਤੇ ਕੰਮ ਸਿੱਖਿਆ ਦੇ ਅਨੁਸਾਰ ਨਹੀਂ ਸਨ, ਅਤੇ ਉਸ ਨੇ ਪੁਰਾਣੇ ਨੇਮ ਦੇ ਸ਼ਰਾ ਦੇ ਕੰਮ ਅਨੁਸਾਰ ਆਪਣਾ ਕੰਮ ਨਹੀਂ ਕੀਤਾ। ਇਹ ਉਸ ਕੰਮ ਅਨੁਸਾਰ ਕੀਤਾ ਗਿਆ ਜੋ ਕਿ ਕਿਰਪਾ ਦੇ ਯੁਗ ਵਿੱਚ ਕੀਤਾ ਜਾਣਾ ਸੀ। ਉਸ ਨੇ ਉਸ ਦੁਆਰਾ ਲਿਆਂਦੇ ਗਏ ਕੰਮ ਅਨੁਸਾਰ, ਆਪਣੀ ਖੁਦ ਦੀ ਯੋਜਨਾ ਅਨੁਸਾਰ, ਅਤੇ ਆਪਣੀ ਸੇਵਕਾਈ ਅਨੁਸਾਰ ਮਿਹਨਤ ਕੀਤੀ; ਉਸ ਨੇ ਪੁਰਾਣੇ ਨੇਮ ਦੇ ਸ਼ਰਾ ਅਨੁਸਾਰ ਕੰਮ ਨਹੀਂ ਕੀਤਾ। ਉਸ ਨੇ ਜੋ ਵੀ ਕੀਤਾ ਉਸ ਵਿੱਚ ਕੁਝ ਵੀ ਪੁਰਾਣੇ ਨੇਮ ਦੇ ਨਿਯਮ ਅਨੁਸਾਰ ਨਹੀਂ ਸੀ, ਅਤੇ ਉਹ ਨਬੀਆਂ ਦੇ ਵਚਨਾਂ ਨੂੰ ਪੂਰਾ ਕਰਨ ਦਾ ਕੰਮ ਕਰਨ ਲਈ ਨਹੀਂ ਆਇਆ ਸੀ। ਪਰਮੇਸ਼ੁਰ ਦੇ ਕੰਮ ਦਾ ਹਰੇਕ ਪੜਾਅ ਸਪਸ਼ਟ ਰੂਪ ਵਿੱਚ ਪ੍ਰਾਚੀਨ ਨਬੀਆਂ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਲਈ ਨਹੀਂ ਸੀ, ਅਤੇ ਉਹ ਸਿੱਖਿਆ ਦਾ ਪਾਲਣ ਕਰਨ ਜਾਂ ਪ੍ਰਾਚੀਨ ਨਬੀਆਂ ਦੀਆਂ ਭਵਿੱਖਬਾਣੀਆਂ ਨੂੰ ਜਾਣਬੁੱਝ ਕੇ ਸਾਕਾਰ ਕਰਨ ਲਈ ਨਹੀਂ ਆਇਆ ਸੀ। ਫਿਰ ਵੀ ਉਸ ਦੇ ਕੰਮਾਂ ਨੇ ਪ੍ਰਾਚੀਨ ਨਬੀਆਂ ਦੀਆਂ ਭਵਿੱਖਬਾਣੀਆਂ ਵਿੱਚ ਵਿਘਨ ਨਹੀਂ ਪਾਇਆ, ਨਾ ਹੀ ਉਨ੍ਹਾਂ ਨੇ ਉਸ ਦੁਆਰਾ ਪਹਿਲਾਂ ਕੀਤੇ ਗਏ ਕੰਮ ਵਿੱਚ ਵਿਘਨ ਪਾਇਆ। ਉਸ ਦੇ ਕੰਮ ਦੀ ਮੁੱਖ ਗੱਲ ਕਿਸੇ ਸਿੱਖਿਆ ਦੀ ਪਾਲਣਾ ਨਾ ਕਰਨਾ, ਅਤੇ ਇਸ ਦੀ ਬਜਾਏ ਉਸ ਕੰਮ ਨੂੰ ਕਰਨਾ ਸੀ ਜੋ ਉਸ ਨੂੰ ਖੁਦ ਕਰਨਾ ਚਾਹੀਦਾ ਸੀ। ਉਹ ਕੋਈ ਨਬੀ ਜਾਂ ਪੈਗੰਬਰ ਨਹੀਂ ਸੀ, ਸਗੋਂ ਕੰਮ ਕਰਨ ਵਾਲਾ ਸੀ, ਜੋ ਅਸਲ ਵਿੱਚ ਉਸ ਕੰਮ ਨੂੰ ਕਰਨ ਲਈ ਆਇਆ ਸੀ ਜਿਸ ਨੂੰ ਕਰਨ ਦੀ ਉਮੀਦ ਉਸ ਕੋਲੋਂ ਕੀਤੀ ਗਈ ਸੀ, ਅਤੇ ਉਹ ਆਪਣਾ ਨਵਾਂ ਦੌਰ ਸ਼ੁਰੂ ਕਰਨ ਅਤੇ ਆਪਣਾ ਨਵਾਂ ਕੰਮ ਕਰਨ ਆਇਆ ਸੀ। ਬੇਸ਼ੱਕ, ਜਦੋਂ ਯਿਸੂ ਆਪਣਾ ਕੰਮ ਕਰਨ ਆਇਆ, ਤਾਂ ਉਸ ਨੇ ਪੁਰਾਣੇ ਨੇਮ ਵਿੱਚ ਪ੍ਰਾਚੀਨ ਨਬੀਆਂ ਦੁਆਰਾ ਕਹੇ ਗਏ ਕਈ ਵਚਨਾਂ ਨੂੰ ਪੂਰਾ ਵੀ ਕੀਤਾ। ਇਸ ਲਈ ਅੱਜ ਦੇ ਕੰਮ ਨੇ ਪੁਰਾਣੇ ਨੇਮ ਦੇ ਪ੍ਰਾਚੀਨ ਨਬੀਆਂ ਦੀਆਂ ਭਵਿੱਖਬਾਣੀਆਂ ਨੂੰ ਵੀ ਪੂਰਾ ਕੀਤਾ ਹੈ। ਬਸ ਇੰਝ ਹੈ ਕਿ ਮੈਂ ਉਸ “ਪੀਲੀ ਪੈ ਚੁੱਕੀ ਪੁਰਾਣੀ ਜੰਤਰੀ” ਨੂੰ ਫੜੀ ਨਹੀਂ ਰੱਖਦਾ ਹਾਂ, ਸਿਰਫ਼ ਇੰਨਾ ਹੀ। ਕਿਉਂਕਿ ਹੋਰ ਬਹੁਤ ਕੰਮ ਹੈ ਜੋ ਮੇਰੇ ਲਈ ਕਰਨਾ ਜ਼ਰੂਰੀ ਹੈ, ਬਹੁਤ ਸਾਰੇ ਵਚਨ ਹਨ ਜੋ ਮੈਂ ਤੁਹਾਨੂੰ ਜ਼ਰੂਰ ਕਹਿਣੇ ਹਨ, ਅਤੇ ਇਹ ਕੰਮ ਅਤੇ ਇਹ ਵਚਨ ਬਾਈਬਲ ਤੋਂ ਅੰਸ਼ਾਂ ਦੀ ਵਿਆਖਿਆ ਕਰਨ ਤੋਂ ਕਿਤੇ ਜ਼ਿਆਦਾ ਮਹੱਤਵਪੂਰਣ ਹਨ, ਕਿਉਂਕਿ ਅਜਿਹੇ ਕੰਮ ਦਾ ਤੁਹਾਡੇ ਲਈ ਕੋਈ ਵੱਡਾ ਮਹੱਤਵ ਜਾਂ ਮੁੱਲ ਨਹੀਂ ਹੈ, ਅਤੇ ਇਹ ਤੁਹਾਡੀ ਮਦਦ ਨਹੀਂ ਕਰ ਸਕਦਾ, ਜਾਂ ਤੁਹਾਨੂੰ ਬਦਲ ਨਹੀਂ ਸਕਦਾ। ਮੈਂ ਨਵਾਂ ਕੰਮ ਕਰਨ ਦਾ ਇਰਾਦਾ ਬਾਈਬਲ ਦੇ ਕਿਸੇ ਅੰਸ਼ ਨੂੰ ਪੂਰਾ ਕਰਨ ਲਈ ਨਹੀਂ ਕਰਦਾ ਹਾਂ। ਜੇ ਪਰਮੇਸ਼ੁਰ ਸਿਰਫ਼ ਬਾਈਬਲ ਦੇ ਪ੍ਰਾਚੀਨ ਨਬੀਆਂ ਦੇ ਵਚਨਾਂ ਨੂੰ ਪੂਰਾ ਕਰਨ ਲਈ ਧਰਤੀ ’ਤੇ ਆਇਆ, ਤਾਂ ਜ਼ਿਆਦਾ ਵੱਡਾ ਕੌਣ ਹੈ, ਦੇਹਧਾਰੀ ਪਰਮੇਸ਼ੁਰ ਜਾਂ ਉਹ ਪ੍ਰਾਚੀਨ ਨਬੀ? ਆਖਰਕਾਰ, ਕੀ ਪਰਮੇਸ਼ੁਰ ਦੀ ਜ਼ਿੰਮੇਦਾਰੀ ਨਬੀਆਂ ਕੋਲ ਹੈ, ਜਾਂ ਨਬੀਆਂ ਦੀ ਜ਼ਿੰਮੇਦਾਰੀ ਪਰਮੇਸ਼ੁਰ ਕੋਲ ਹੈ? ਤੂੰ ਇਨ੍ਹਾਂ ਵਚਨਾਂ ਦੀ ਵਿਆਖਿਆ ਕਿਵੇਂ ਕਰਦਾ ਹੈਂ?

ਅਰੰਭ ਵਿੱਚ, ਜਦੋਂ ਯਿਸੂ ਨੇ ਅਜੇ ਅਧਿਕਾਰਤ ਤੌਰ ’ਤੇ ਆਪਣੀ ਸੇਵਕਾਈ ਦਾ ਕੰਮ ਸ਼ੁਰੂ ਨਹੀਂ ਕੀਤਾ ਸੀ, ਤਾਂ ਉਨ੍ਹਾਂ ਚੇਲਿਆਂ ਵਾਂਗ ਜੋ ਉਸ ਦੇ ਪਿੱਛੇ ਚੱਲਦੇ ਸਨ, ਉਹ ਵੀ ਕਦੇ-ਕਦੇ ਸਭਾਵਾਂ ਵਿੱਚ ਸ਼ਿਰਕਤ ਕਰਦਾ ਸੀ, ਅਤੇ ਹੈਕਲ ਵਿੱਚ ਭਜਨ ਗਾਉਂਦਾ ਸੀ, ਉਸਤਤ ਕਰਦਾ ਸੀ, ਅਤੇ ਪੁਰਾਣਾ ਨੇਮ ਪੜ੍ਹਦਾ ਸੀ। ਜਦੋਂ ਉਸ ਨੇ ਬਪਤਿਸਮਾ ਲਿਆ ਅਤੇ ਅੱਗੇ ਵੱਧਿਆ ਉਸ ਤੋਂ ਬਾਅਦ, ਆਤਮਾ ਅਧਿਕਾਰਤ ਤੌਰ ’ਤੇ ਉਸ ਉੱਪਰ ਉਤਰਿਆ ਅਤੇ ਆਪਣੀ ਪਛਾਣ ਅਤੇ ਸੇਵਕਾਈ ਜੋ ਉਹ ਸ਼ੁਰੂ ਕਰਨ ਵਾਲਾ ਸੀ ਪਰਗਟ ਕਰਦੇ ਹੋਏ, ਕੰਮ ਸ਼ੁਰੂ ਕੀਤਾ। ਇਸ ਤੋਂ ਪਹਿਲਾਂ, ਮਰਿਯਮ ਤੋਂ ਛੁੱਟ, ਕਿਸੇ ਨੂੰ ਉਸ ਦੀ ਪਛਾਣ ਨਹੀਂ ਪਤਾ ਸੀ, ਅਤੇ ਇੱਥੋਂ ਤਕ ਕਿ ਯੂਹੰਨਾ ਵੀ ਨਹੀਂ ਜਾਣਦਾ ਸੀ। ਯਿਸੂ 29 ਵਰ੍ਹਿਆਂ ਦਾ ਸੀ, ਜਦੋਂ ਉਸ ਨੂੰ ਬਪਤਿਸਮਾ ਦਿੱਤਾ ਗਿਆ। ਉਸ ਦਾ ਬਪਤਿਸਮਾ ਪੂਰਾ ਹੋ ਜਾਣ ਮਗਰੋਂ, ਅਕਾਸ਼ ਖੁੱਲ੍ਹ ਗਿਆ, ਅਤੇ ਇੱਕ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” ਜਦੋਂ ਇੱਕ ਵਾਰ ਯਿਸੂ ਦਾ ਬਪਤਿਸਮਾ ਹੋ ਗਿਆ, ਪਵਿੱਤਰ ਆਤਮਾ ਨੇ ਇਸ ਤਰ੍ਹਾਂ ਨਾਲ ਉਸ ਦੀ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ। ਬਪਤਿਸਮਾ ਦਿੱਤੇ ਜਾਣ ਤੋਂ ਪਹਿਲਾਂ 29 ਵਰ੍ਹਿਆਂ ਦੀ ਉਮਰ ਤਕ, ਉਸ ਨੇ ਇੱਕ ਸਧਾਰਣ ਮਨੁੱਖ ਦਾ ਜੀਵਨ ਬਿਤਾਇਆ ਸੀ, ਉਦੋਂ ਖਾਂਦਾ ਜਦੋਂ ਉਸ ਨੂੰ ਖਾਣਾ ਚਾਹੀਦਾ ਸੀ, ਆਮ ਵਾਂਗ ਸੌਂਦਾ ਅਤੇ ਕਪੜੇ ਪਹਿਨਦਾ ਸੀ, ਅਤੇ ਉਸ ਦੇ ਬਾਰੇ ਵਿੱਚ ਕੁਝ ਵੀ ਦੂਜਿਆਂ ਤੋਂ ਅਲੱਗ ਨਹੀਂ ਸੀ, ਭਾਵੇਂ ਬੇਸ਼ੱਕ, ਇਹ ਸਿਰਫ਼ ਮਨੁੱਖ ਦੀਆਂ ਸਰੀਰਕ ਅੱਖਾਂ ਲਈ ਸੀ। ਕਈ ਵਾਰ ਉਹ ਵੀ ਕਮਜ਼ੋਰ ਹੋ ਜਾਂਦਾ ਸੀ, ਅਤੇ ਕਦੇ-ਕਦੇ ਉਹ ਵੀ ਚੀਜ਼ਾਂ ਨੂੰ ਸਮਝ ਨਹੀਂ ਪਾਉਂਦਾ ਸੀ, ਠੀਕ ਜਿਵੇਂ ਕਿ ਬਾਈਬਲ ਵਿੱਚ ਲਿੱਖਿਆ ਗਿਆ ਹੈ: ਉਸ ਦੀ ਅਕਲ ਉਸ ਦੀ ਉਮਰ ਦੇ ਨਾਲ-ਨਾਲ ਵਧਣ ਲੱਗੀ। ਇਹ ਵਚਨ ਬਸ ਇੰਨਾ ਦਰਸਾਉਂਦੇ ਹਨ ਕਿ ਉਸ ਦੇ ਕੋਲ ਇੱਕ ਸਧਾਰਣ ਅਤੇ ਆਮ ਮਨੁੱਖਤਾ ਸੀ, ਅਤੇ ਉਹ ਦੂਜੇ ਆਮ ਲੋਕਾਂ ਤੋਂ ਵਿਸ਼ੇਸ਼ ਰੂਪ ਨਾਲ ਅਲੱਗ ਨਹੀਂ ਸੀ। ਉਹ ਵੀ ਇੱਕ ਆਮ ਮਨੁੱਖ ਵਾਂਗ ਵੱਡਾ ਹੋਇਆ ਸੀ, ਅਤੇ ਉਸ ਦੇ ਬਾਰੇ ਕੁਝ ਵੀ ਵਿਸ਼ੇਸ਼ ਨਹੀਂ ਸੀ। ਫਿਰ ਵੀ ਉਹ ਪਰਮੇਸ਼ੁਰ ਦੀ ਦੇਖਭਾਲ ਅਤੇ ਸੁਰੱਖਿਆ ਅਧੀਨ ਸੀ। ਬਪਤਿਸਮਾ ਹੋਣ ਤੋਂ ਬਾਅਦ, ਉਹ ਪ੍ਰਲੋਭਨ ਵਿੱਚ ਆਉਣ ਲੱਗਿਆ, ਜਿਸ ਮਗਰੋਂ ਉਸ ਨੇ ਆਪਣੀ ਸੇਵਕਾਈ ਅਤੇ ਕੰਮ ਕਰਨਾ ਸ਼ੁਰੂ ਕੀਤਾ, ਅਤੇ ਸ਼ਕਤੀ, ਬੁੱਧ ਅਤੇ ਇਖਤਿਆਰ ਪ੍ਰਾਪਤ ਕੀਤਾ। ਕਹਿਣ ਦਾ ਭਾਵ ਇਹ ਨਹੀਂ ਹੈ ਕਿ ਉਸ ਦੇ ਬਪਤਿਸਮਾ ਤੋਂ ਪਹਿਲਾਂ ਪਵਿੱਤਰ ਆਤਮਾ ਨੇ ਉਸ ਵਿੱਚ ਕੰਮ ਨਹੀਂ ਕੀਤਾ, ਜਾਂ ਉਸ ਦੇ ਅੰਦਰ ਨਹੀਂ ਸੀ। ਉਸ ਦੇ ਬਪਤਿਸਮਾ ਤੋਂ ਪਹਿਲਾਂ ਪਵਿੱਤਰ ਆਤਮਾ ਵੀ ਉਸ ਦੇ ਅੰਦਰ ਰਹਿੰਦਾ ਸੀ ਪਰ ਉਸ ਨੇ ਅਧਿਕਾਰਤ ਤੌਰ ’ਤੇ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਸੀ, ਕਿਉਂਕਿ ਇਸ ਗੱਲ ਦੀਆਂ ਸੀਮਾਵਾਂ ਹਨ ਕਿ ਪਰਮੇਸ਼ੁਰ ਕਦੋਂ ਆਪਣਾ ਕੰਮ ਕਰਦਾ ਹੈ ਅਤੇ, ਇਸ ਤੋਂ ਇਲਾਵਾ, ਆਮ ਲੋਕਾਂ ਦੇ ਵੱਡੇ ਹੋਣ ਦਾ ਇੱਕ ਆਮ ਤਰੀਕਾ ਹੁੰਦਾ ਹੈ। ਪਵਿੱਤਰ ਆਤਮਾ ਹਮੇਸ਼ਾਂ ਉਸ ਦੇ ਅੰਦਰ ਰਹਿੰਦਾ ਸੀ। ਜਦੋਂ ਯਿਸੂ ਦਾ ਜਨਮ ਹੋਇਆ, ਤਾਂ ਉਹ ਦੂਜਿਆਂ ਨਾਲੋਂ ਅਲੱਗ ਸੀ, ਅਤੇ ਸਵੇਰ ਦਾ ਇੱਕ ਤਾਰਾ ਪਰਗਟ ਹੋਇਆ ਸੀ; ਉਸ ਦੇ ਜਨਮ ਤੋਂ ਪਹਿਲਾਂ ਇੱਕ ਦੂਤ ਯੂਸੁਫ਼ ਦੇ ਸੁਪਨੇ ਵਿੱਚ ਪਰਗਟ ਹੋਇਆ ਅਤੇ ਉਸ ਨੂੰ ਦੱਸਿਆ ਕਿ ਮਰਿਯਮ ਇੱਕ ਬਾਲਕ ਨੂੰ ਜਨਮ ਦੇਣ ਵਾਲੀ ਹੈ, ਅਤੇ ਇਹ ਕਿ ਉਹ ਬਾਲਕ ਪਵਿੱਤਰ ਆਤਮਾ ਤੋਂ ਕੁੱਖ ਵਿੱਚ ਆਇਆ ਸੀ। ਯਿਸੂ ਦੇ ਬਪਤਿਸਮਾ ਦੇ ਬਾਅਦ, ਪਵਿੱਤਰ ਆਤਮਾ ਨੇ ਆਪਣਾ ਕੰਮ ਸ਼ੁਰੂ ਕੀਤਾ, ਪਰ ਇਸ ਦਾ ਇਹ ਅਰਥ ਨਹੀਂ ਸੀ ਕਿ ਪਵਿੱਤਰ ਆਤਮਾ ਸਿਰਫ਼ ਹੁਣੇ ਹੀ ਯਿਸੂ ’ਤੇ ਉਤਰਿਆ ਸੀ। ਇਹ ਕਹਿਣਾ ਕਿ ਪਵਿੱਤਰ ਆਤਮਾ ਇੱਕ ਕਬੂਤਰ ਦੇ ਰੂਪ ਵਿੱਚ ਉਸ ਉੱਪਰ ਉਤਰਿਆ ਇਹ ਉਸ ਦੀ ਸੇਵਕਾਈ ਦੀ ਅਧਿਕਾਰਤ ਸ਼ੁਰੂਆਤ ਦੇ ਸੰਦਰਭ ਵਿੱਚ ਹੈ। ਪਰਮੇਸ਼ੁਰ ਦਾ ਆਤਮਾ ਪਹਿਲਾਂ ਤੋਂ ਹੀ ਉਸ ਦੇ ਅੰਦਰ ਸੀ, ਪਰ ਉਸ ਨੇ ਅਜੇ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਸੀ, ਕਿਉਂਕਿ ਸਮਾਂ ਨਹੀਂ ਆਇਆ ਸੀ, ਅਤੇ ਆਤਮਾ ਨੇ ਕਾਹਲੀ ਵਿੱਚ ਆਪਣਾ ਕੰਮ ਸ਼ੁਰੂ ਨਹੀਂ ਕੀਤਾ। ਆਤਮਾ ਦੇ ਬਪਤਿਸਮਾ ਰਾਹੀਂ ਉਸ ਦੀ ਗਵਾਹੀ ਦਿੱਤੀ। ਜਦੋਂ ਉਹ ਪਾਣੀ ਤੋਂ ਬਾਹਰ ਪਰਗਟ ਹੋਇਆ, ਆਤਮਾ ਨੇ ਅਧਿਕਾਰਤ ਤੌਰ ’ਤੇ ਉਸ ਵਿੱਚ ਕੰਮ ਸ਼ੁਰੂ ਕਰ ਦਿੱਤਾ, ਜੋ ਇਸ ਗੱਲ ਦਾ ਸੂਚਕ ਸੀ ਕਿ ਦੇਹਧਾਰੀ ਪਰਮੇਸ਼ੁਰ ਦੀ ਦੇਹ ਨੇ ਆਪਣੀ ਸੇਵਕਾਈ ਨੂੰ ਪੂਰਾ ਕਰਨਾ ਸੁਰੂ ਕਰ ਦਿੱਤਾ ਸੀ, ਅਤੇ ਛੁਟਕਾਰੇ ਦਾ ਕੰਮ ਸ਼ੁਰੂ ਕਰ ਦਿੱਤਾ ਸੀ, ਅਰਥਾਤ ਕਿਰਪਾ ਦਾ ਯੁਗ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਸੀ। ਅਤੇ ਇਸ ਲਈ, ਪਰਮੇਸ਼ੁਰ ਦੇ ਕੰਮ ਦਾ ਇੱਕ ਸਮਾਂ ਹੁੰਦਾ ਹੈ, ਭਾਵੇਂ ਉਹ ਕੋਈ ਵੀ ਕੰਮ ਕਿਉਂ ਨਾ ਕਰਦਾ ਹੋਏ। ਉਸ ਦੇ ਬਪਤਿਸਮਾ ਤੋਂ ਬਾਅਦ, ਯਿਸੂ ਵਿੱਚ ਕੋਈ ਵਿਸ਼ੇਸ਼ ਤਬਦੀਲੀਆਂ ਨਹੀਂ ਆਈਆਂ ਸਨ; ਉਹ ਅਜੇ ਵੀ ਆਪਣੀ ਮੂਲ ਦੇਹ ਵਿੱਚ ਸੀ। ਬਸ ਇੰਨਾ ਹੀ ਸੀ ਕਿ ਉਸ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ ਆਪਣੀ ਪਛਾਣ ਪਰਗਟ ਕੀਤੀ ਸੀ, ਅਤੇ ਉਹ ਇਖਤਿਆਰ ਅਤੇ ਸ਼ਕਤੀ ਨਾਲ ਭਰਪੂਰ ਸੀ। ਇਸ ਸੰਬੰਧ ਵਿੱਚ ਉਹ ਪਹਿਲਾਂ ਤੋਂ ਅਲੱਗ ਸੀ। ਉਸ ਦੀ ਪਛਾਣ ਵੱਖਰੀ ਸੀ, ਕਹਿਣ ਦਾ ਭਾਵ ਹੈ ਕਿ ਉਸ ਦੇ ਰੁਤਬੇ ਵਿੱਚ ਮਹੱਤਵਪੂਰਣ ਤਬਦੀਲੀ ਆਈ ਸੀ; ਇਹ ਪਵਿੱਤਰ ਆਤਮਾ ਦੀ ਗਵਾਹੀ ਸੀ, ਅਤੇ ਮਨੁੱਖ ਦੁਆਰਾ ਕੀਤਾ ਗਿਆ ਕੰਮ ਨਹੀਂ ਸੀ। ਸ਼ੁਰੂਆਤ ਵਿੱਚ, ਲੋਕ ਨਹੀਂ ਜਾਣਦੇ ਸਨ, ਅਤੇ ਉਨ੍ਹਾਂ ਨੂੰ ਥੋੜ੍ਹਾ ਜਿਹਾ ਬਸ ਉਦੋਂ ਪਤਾ ਲੱਗਿਆ ਜਦੋਂ ਇੱਕ ਵਾਰ ਪਵਿੱਤਰ ਆਤਮਾ ਨੇ ਇਸ ਤਰ੍ਹਾਂ ਯਿਸੂ ਵਾਸਤੇ ਗਵਾਹੀ ਦਿੱਤੀ। ਜੇ ਯਿਸੂ ਨੇ ਪਵਿੱਤਰ ਆਤਮਾ ਦੁਆਰਾ ਉਸ ਦੀ ਗਵਾਹੀ ਦਿੱਤੇ ਜਾਣ ਤੋਂ ਪਹਿਲਾਂ, ਪਰ ਖੁਦ ਪਰਮੇਸ਼ੁਰ ਦੀ ਗਵਾਹੀ ਦੇ ਬਿਨਾਂ ਕੋਈ ਵੱਡਾ ਕੰਮ ਕੀਤਾ ਹੁੰਦਾ, ਤਾਂ ਭਾਵੇਂ ਉਸ ਦਾ ਕੰਮ ਕਿੰਨਾ ਵੀ ਵੱਡਾ ਹੁੰਦਾ, ਲੋਕ ਉਸ ਦੀ ਪਛਾਣ ਨੂੰ ਕਦੇ ਨਾ ਜਾਣ ਪਾਉਂਦੇ, ਕਿਉਂਕਿ ਮਨੁੱਖੀ ਅੱਖ ਇਸ ਨੂੰ ਦੇਖਣ ਵਿੱਚ ਅਸਮਰਥ ਹੁੰਦੀ। ਪਵਿੱਤਰ ਆਤਮਾ ਦੀ ਗਵਾਹੀ ਦੇ ਕਦਮ ਬਿਨਾਂ, ਕੋਈ ਵੀ ਉਸ ਨੂੰ ਦੇਹਧਾਰੀ ਪਰਮੇਸ਼ੁਰ ਦੇ ਰੂਪ ਵਿੱਚ ਨਹੀਂ ਪਛਾਣ ਸਕਦਾ ਸੀ। ਜੇ, ਪਵਿੱਤਰ ਆਤਮਾ ਦੁਆਰਾ ਉਸ ਦੀ ਗਵਾਹੀ ਦਿੱਤੇ ਜਾਣ ਤੋਂ ਬਾਅਦ, ਯਿਸੂ ਉਸੇ ਤਰ੍ਹਾਂ ਨਾਲ, ਬਿਨਾਂ ਕਿਸੇ ਫ਼ਰਕ ਦੇ, ਕੰਮ ਕਰਨਾ ਜਾਰੀ ਰੱਖਦਾ, ਤਾਂ ਇਸ ਦਾ ਉਸ ਤਰ੍ਹਾਂ ਦਾ ਪ੍ਰਭਾਵ ਨਾ ਹੋਇਆ ਹੁੰਦਾ, ਅਤੇ ਇਸ ਵਿੱਚ ਮੁੱਖ ਤੌਰ ’ਤੇ ਪਵਿੱਤਰ ਆਤਮਾ ਦੇ ਕੰਮ ਦਾ ਵਿਖਾਲਾ ਵੀ ਹੁੰਦਾ ਹੈ। ਪਵਿੱਤਰ ਆਤਮਾ ਦੇ ਗਵਾਹੀ ਦੇਣ ਤੋਂ ਬਾਅਦ, ਪਵਿੱਤਰ ਆਤਮਾ ਨੂੰ ਖੁਦ ਨੂੰ ਦਿਖਾਉਣਾ ਪਿਆ ਸੀ, ਤਾਂ ਕਿ ਤੂੰ ਸਪਸ਼ਟ ਰੂਪ ਵਿੱਚ ਦੇਖ ਸਕੇਂ ਕਿ ਉਹ ਪਰਮੇਸ਼ੁਰ ਹੈ, ਅਤੇ ਇਹ ਕਿ ਉਸ ਦੇ ਅੰਦਰ ਪਰਮੇਸ਼ੁਰ ਦਾ ਆਤਮਾ ਹੈ; ਪਰਮੇਸ਼ੁਰ ਦੀ ਗਵਾਹੀ ਗ਼ਲਤ ਨਹੀਂ ਸੀ, ਅਤੇ ਇਹ ਸਾਬਿਤ ਕਰ ਸਕਦਾ ਸੀ ਕਿ ਉਸ ਦੀ ਗਵਾਹੀ ਸਹੀ ਹੈ। ਜੇ ਪਵਿੱਤਰ ਆਤਮਾ ਦੀ ਗਵਾਹੀ ਤੋਂ ਪਹਿਲਾਂ ਅਤੇ ਬਾਅਦ ਉਸ ਦਾ ਕੰਮ ਇੱਕ ਸਮਾਨ ਰਹਿੰਦਾ, ਤਾਂ ਉਸ ਦੀ ਦੇਹਧਾਰੀ ਸੇਵਕਾਈ ਅਤੇ ਪਵਿੱਤਰ ਆਤਮਾ ਦਾ ਕੰਮ ਜ਼ਿਆਦਾ ਸਪਸ਼ਟ ਨਾ ਹੋਇਆ ਹੁੰਦਾ, ਅਤੇ ਇੰਝ ਮਨੁੱਖ ਪਵਿੱਤਰ ਆਤਮਾ ਦੇ ਕੰਮ ਨੂੰ ਪਛਾਣਨ ਵਿੱਚ ਅਸਮਰਥ ਰਿਹਾ ਹੁੰਦਾ, ਕਿਉਂਕਿ ਕੋਈ ਸਪਸ਼ਟ ਅੰਤਰ ਨਾ ਰਿਹਾ ਹੁੰਦਾ। ਗਵਾਹੀ ਦੇਣ ਤੋਂ ਬਾਅਦ, ਪਵਿੱਤਰ ਆਤਮਾ ਨੂੰ ਇਸ ਗਵਾਹੀ ਨੂੰ ਬਰਕਰਾਰ ਰੱਖਣਾ ਸੀ, ਅਤੇ ਇਸ ਲਈ ਉਸ ਨੂੰ ਯਿਸੂ ਵਿੱਚ ਆਪਣੀ ਬੁੱਧ ਅਤੇ ਇਖਤਿਆਰ ਨੂੰ ਪਰਗਟ ਕਰਨਾ ਪਿਆ ਸੀ, ਜੋ ਬੀਤੇ ਸਮਿਆਂ ਤੋਂ ਵੱਖਰਾ ਸੀ। ਬੇਸ਼ੱਕ, ਇਹ ਬਪਤਿਸਮਾ ਦਾ ਪ੍ਰਭਾਵ ਨਹੀਂ ਸੀ—ਬਪਤਿਸਮਾ ਬਸ ਇੱਕ ਰਸਮ ਸੀ—ਬਸ ਇੰਨਾ ਹੀ ਹੈ ਕਿ ਬਪਤਿਸਮਾ ਇਹ ਦਰਸਾਉਣ ਦਾ ਤਰੀਕਾ ਸੀ ਕਿ ਇਹ ਉਸ ਦੀ ਸੇਵਕਾਈ ਨੂੰ ਕਰਨ ਦਾ ਸਮਾਂ ਸੀ। ਅਜਿਹਾ ਕੰਮ ਪਰਮੇਸ਼ੁਰ ਦੀ ਮਹਾਨ ਸ਼ਕਤੀ ਨੂੰ ਸਪਸ਼ਟ ਕਰਨ, ਪਵਿੱਤਰ ਆਤਮਾ ਦੀ ਗਵਾਹੀ ਨੂੰ ਸਪਸ਼ਟ ਕਰਨ ਲਈ ਸੀ, ਅਤੇ ਪਵਿੱਤਰ ਆਤਮਾ ਬਿਲਕੁਲ ਅੰਤ ਤਕ ਇਸ ਗਵਾਹੀ ਦੀ ਜ਼ਿੰਮੇਵਾਰੀ ਲਏਗਾ। ਆਪਣੀ ਸੇਵਕਾਈ ਕਰਨ ਤੋਂ ਪਹਿਲਾਂ, ਯਿਸੂ ਨੇ ਸਿੱਖਿਆਵਾਂ ਨੂੰ ਵੀ ਸੁਣਿਆ, ਵੱਖ-ਵੱਖ ਥਾਂਵਾਂ ’ਤੇ ਖੁਸ਼ਖ਼ਬਰੀ ਦਾ ਪਰਚਾਰ ਕੀਤਾ ਅਤੇ ਫੈਲਾਇਆ। ਉਸ ਨੇ ਕੋਈ ਵੱਡਾ ਕੰਮ ਨਹੀਂ ਕੀਤਾ ਕਿਉਂਕਿ ਉਸ ਦੇ ਲਈ ਆਪਣੀ ਸੇਵਕਾਈ ਕਰਨ ਦਾ ਸਮਾਂ ਅਜੇ ਨਹੀਂ ਆਇਆ ਸੀ, ਅਤੇ ਇਸ ਲਈ ਵੀ ਕਿਉਂਕਿ ਖੁਦ ਪਰਮੇਸ਼ੁਰ ਨਿਮਰਤਾ ਨਾਲ ਦੇਹ ਵਿੱਚ ਛੁਪਿਆ ਹੋਇਆ ਸੀ, ਅਤੇ ਜਦੋਂ ਤਕ ਸਹੀ ਸਮਾਂ ਨਹੀਂ ਆਇਆ ਉਦੋਂ ਤਕ ਉਸ ਨੇ ਕੋਈ ਕੰਮ ਨਹੀਂ ਕੀਤਾ। ਉਸ ਨੇ ਬਪਤਿਸਮਾ ਤੋਂ ਪਹਿਲਾਂ ਦੋ ਕਾਰਣਾਂ ਕਰਕੇ ਕੰਮ ਨਹੀਂ ਕੀਤਾ: ਪਹਿਲਾ, ਕਿਉਂਕਿ ਪਵਿੱਤਰ ਆਤਮਾ ਕੰਮ ਕਰਨ ਲਈ ਅਧਿਕਾਰਤ ਰੂਪ ਵਿੱਚ ਉਸ ਉੱਪਰ ਨਹੀਂ ਉਤਰਿਆ ਸੀ (ਕਹਿਣ ਦਾ ਭਾਵ ਹੈ ਕਿ, ਅਜਿਹਾ ਕੰਮ ਕਰਨ ਲਈ ਪਵਿੱਤਰ ਆਤਮਾ ਨੇ ਯਿਸੂ ਨੂੰ ਸਮਰੱਥਾ ਅਤੇ ਇਖਤਿਆਰ ਨਹੀਂ ਬਖਸ਼ਿਆ ਸੀ), ਅਤੇ ਭਾਵੇਂ ਉਸ ਨੂੰ ਆਪਣੀ ਖੁਦ ਦੀ ਪਛਾਣ ਪਤਾ ਲੱਗ ਜਾਂਦੀ, ਤਾਂ ਵੀ ਯਿਸੂ ਉਸ ਕੰਮ ਨੂੰ ਕਰਨ ਵਿੱਚ ਅਸਮਰਥ ਹੁੰਦਾ ਜਿਸ ਨੂੰ ਉਸ ਨੇ ਬਾਅਦ ਵਿੱਚ ਕਰਨ ਦਾ ਇਰਾਦਾ ਕੀਤਾ ਸੀ, ਅਤੇ ਉਸ ਨੂੰ ਆਪਣੇ ਬਪਤਿਸਮਾ ਦੇ ਦਿਨ ਦੀ ਉਡੀਕ ਕਰਨੀ ਪੈਂਦੀ। ਇਹ ਪਰਮੇਸ਼ੁਰ ਦਾ ਸਮਾਂ ਸੀ, ਅਤੇ ਕੋਈ ਵੀ, ਇੱਥੋਂ ਤਕ ਕਿ ਯਿਸੂ ਵੀ ਇਸ ਦੀ ਉਲੰਘਣਾ ਕਰਨ ਦੇ ਸਮਰੱਥ ਨਹੀਂ ਸੀ; ਯਿਸੂ ਖੁਦ ਆਪਣੇ ਖੁਦ ਦੇ ਕੰਮ ਵਿੱਚ ਦਖ਼ਲ ਨਹੀਂ ਦੇ ਸਕਦਾ ਸੀ। ਬੇਸ਼ੱਕ, ਇਹ ਪਰਮੇਸ਼ੁਰ ਦੀ ਨਿਮਰਤਾ ਸੀ, ਅਤੇ ਪਰਮੇਸ਼ੁਰ ਦੇ ਕੰਮ ਦਾ ਨਿਯਮ ਵੀ ਸੀ; ਜੇ ਪਰਮੇਸ਼ੁਰ ਦਾ ਆਤਮਾ ਕੰਮ ਨਾ ਕਰਦਾ, ਤਾਂ ਕੋਈ ਵੀ ਉਸ ਦੇ ਕੰਮ ਨੂੰ ਨਹੀਂ ਕਰ ਸਕਦਾ ਸੀ। ਦੂਜਾ, ਉਸ ਦਾ ਬਪਤਿਸਮਾ ਹੋਣ ਤੋਂ ਪਹਿਲਾਂ, ਉਹ ਬਸ ਇੱਕ ਬਹੁਤ ਹੀ ਸਧਾਰਣ ਅਤੇ ਆਮ ਮਨੁੱਖ ਸੀ, ਅਤੇ ਦੂਜੇ ਸਧਾਰਣ ਅਤੇ ਆਮ ਲੋਕਾਂ ਤੋਂ ਅਲੱਗ ਨਹੀਂ ਸੀ; ਇਹ ਇਸ ਗੱਲ ਦਾ ਇੱਕ ਪਹਿਲੂ ਹੈ ਕਿ ਕਿਵੇਂ ਦੇਹਧਾਰੀ ਪਰਮੇਸ਼ੁਰ ਅਲੌਕਿਕ ਨਹੀਂ ਸੀ। ਦੇਹਧਾਰੀ ਪਰਮੇਸ਼ੁਰ ਨੇ ਪਰਮੇਸ਼ੁਰ ਦੇ ਆਤਮਾ ਦੇ ਪ੍ਰਬੰਧਾਂ ਦੀ ਉਲੰਘਣਾ ਨਹੀਂ ਕੀਤੀ; ਉਹ ਇੱਕ ਵਿਵਸਥਿਤ ਤਰੀਕੇ ਨਾਲ ਅਤੇ ਬਹੁਤ ਹੀ ਸਧਾਰਣ ਤਰੀਕੇ ਨਾਲ ਕੰਮ ਕਰਦਾ ਸੀ। ਇਹ ਸਿਰਫ਼ ਬਪਤਿਸਮਾ ਤੋਂ ਬਾਅਦ ਹੀ ਹੋਇਆ ਕਿ ਉਸ ਦੇ ਕੰਮ ਵਿੱਚ ਇਖਤਿਆਰ ਅਤੇ ਸਮਰੱਥਾ ਸੀ। ਕਹਿਣ ਦਾ ਭਾਵ ਹੈ ਕਿ, ਹਾਲਾਂਕਿ ਉਹ ਦੇਹਧਾਰੀ ਪਰਮੇਸ਼ੁਰ ਸੀ, ਉਸ ਨੇ ਕੋਈ ਅਲੌਕਿਕ ਕੰਮ ਨਹੀਂ ਕੀਤੇ, ਅਤੇ ਉਹ ਆਮ ਲੋਕਾਂ ਵਾਂਗ ਹੀ ਵੱਡਾ ਹੋਇਆ ਸੀ। ਜੇ ਯਿਸੂ ਨੇ ਪਹਿਲਾਂ ਹੀ ਆਪਣੀ ਪਛਾਣ ਬਾਰੇ ਜਾਣ ਲਿਆ ਹੁੰਦਾ, ਆਪਣੇ ਬਪਤਿਸਮਾ ਤੋਂ ਪਹਿਲਾਂ ਸਾਰੀ ਧਰਤੀ ’ਤੇ ਵੱਡਾ ਕੰਮ ਕੀਤਾ ਹੁੰਦਾ, ਅਤੇ ਆਮ ਲੋਕਾਂ ਤੋਂ ਵੱਖਰਾ ਹੁੰਦਾ, ਆਪਣੇ ਆਪ ਨੂੰ ਅਸਧਾਰਣ ਦਿਖਾਇਆ ਹੁੰਦਾ, ਤਾਂ ਨਾ ਸਿਰਫ਼ ਯੂਹੰਨਾ ਲਈ ਆਪਣੇ ਕੰਮ ਨੂੰ ਕਰਨਾ ਅਸੰਭਵ ਹੁੰਦਾ, ਸਗੋਂ ਪਰਮੇਸ਼ੁਰ ਲਈ ਵੀ ਆਪਣੇ ਕੰਮ ਦੇ ਅਗਲੇ ਪੜਾਅ ਨੂੰ ਸ਼ੁਰੂ ਕਰਨ ਦਾ ਕੋਈ ਤਰੀਕਾ ਨਾ ਹੁੰਦਾ। ਅਤੇ ਇਸ ਲਈ ਇਸ ਨਾਲ ਇਹ ਸਾਬਿਤ ਹੋਇਆ ਹੁੰਦਾ ਕਿ ਜੋ ਕੁਝ ਪਰਮੇਸ਼ੁਰ ਨੇ ਕੀਤਾ ਸੀ ਉਹ ਵਿਗੜ ਗਿਆ ਸੀ, ਅਤੇ ਮਨੁੱਖ ਨੂੰ ਇੰਝ ਮਹਿਸੂਸ ਹੋਇਆ ਹੁੰਦਾ ਕਿ ਪਰਮੇਸ਼ੁਰ ਦਾ ਆਤਮਾ ਅਤੇ ਦੇਹਧਾਰੀ ਪਰਮੇਸ਼ੁਰ ਦੀ ਦੇਹ ਇੱਕ ਹੀ ਸ੍ਰੋਤ ਤੋਂ ਨਹੀਂ ਆਏ ਸਨ। ਇਸ ਲਈ, ਬਾਈਬਲ ਵਿੱਚ ਦਰਜ ਯਿਸੂ ਦਾ ਕੰਮ ਉਹ ਕੰਮ ਹੈ ਜੋ ਉਸ ਦੇ ਬਪਤਿਸਮਾ ਤੋਂ ਬਾਅਦ ਕੀਤਾ ਗਿਆ ਸੀ, ਅਜਿਹਾ ਕੰਮ ਹੈ ਜੋ ਕਿ ਤਿੰਨ ਸਾਲਾਂ ਦੌਰਾਨ ਕੀਤਾ ਗਿਆ ਸੀ। ਬਾਈਬਲ ਇਸ ਗੱਲ ਨੂੰ ਦਰਜ ਨਹੀਂ ਕਰਦੀ ਹੈ ਕਿ ਉਸ ਨੇ ਬਪਤਿਸਮਾ ਤੋਂ ਪਹਿਲਾਂ ਕੀ ਕੀਤਾ ਸੀ ਕਿਉਂਕਿ ਉਸ ਨੇ ਇਸ ਕੰਮ ਨੂੰ ਬਪਤਿਸਮਾ ਕੀਤੇ ਜਾਣ ਤੋਂ ਪਹਿਲਾਂ ਨਹੀਂ ਕੀਤਾ ਸੀ। ਉਹ ਬਸ ਇੱਕ ਸਧਾਰਣ ਮਨੁੱਖ ਸੀ ਅਤੇ ਇੱਕ ਸਧਾਰਣ ਮਨੁੱਖ ਦੀ ਨੁਮਾਇੰਦਗੀ ਕਰਦਾ ਸੀ; ਯਿਸੂ ਦੁਆਰਾ ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ, ਉਹ ਸਧਾਰਣ ਲੋਕਾਂ ਤੋਂ ਵੱਖਰਾ ਨਹੀਂ ਸੀ, ਅਤੇ ਦੂਜੇ ਉਸ ਵਿੱਚ ਕੋਈ ਭਿੰਨਤਾ ਨਹੀਂ ਦੇਖ ਸਕਦੇ ਸਨ। ਸਿਰਫ਼ ਉਸ ਦੇ 29 ਵਰ੍ਹਿਆਂ ਦਾ ਹੋ ਜਾਣ ਤੋਂ ਬਾਅਦ ਹੀ ਅਜਿਹਾ ਹੋਇਆ ਕਿ ਯਿਸੂ ਨੇ ਜਾਣਿਆ ਕਿ ਉਹ ਪਰਮੇਸ਼ੁਰ ਦੇ ਕੰਮ ਦਾ ਇੱਕ ਪੜਾਅ ਪੂਰਾ ਕਰਨ ਲਈ ਆਇਆ ਹੈ; ਇਸ ਤੋਂ ਪਹਿਲਾਂ, ਉਹ ਖੁਦ ਨਹੀਂ ਜਾਣਦਾ ਸੀ, ਕਿਉਂਕਿ ਪਰਮੇਸ਼ੁਰ ਦੁਆਰਾ ਕੀਤਾ ਗਿਆ ਕੰਮ ਅਲੌਕਿਕ ਨਹੀਂ ਸੀ। ਜਦੋਂ ਬਾਰ੍ਹਾਂ ਵਰ੍ਹਿਆਂ ਦੀ ਉਮਰ ਵਿੱਚ ਉਸ ਨੇ ਸਮਾਜ ਦੀ ਇੱਕ ਸਭਾ ਵਿੱਚ ਸ਼ਿਰਕਤ ਕੀਤੀ, ਮਰਿਯਮ ਉਸ ਦੀ ਤਲਾਸ਼ ਕਰ ਰਹੀ ਸੀ, ਅਤੇ ਉਸ ਨੇ ਕਿਸੇ ਵੀ ਦੂਜੇ ਬੱਚੇ ਵਾਂਗ ਸਿਰਫ਼ ਇੱਕ ਵਾਕ ਕਿਹਾ: “ਮਾਂ! ਕੀ ਤੂੰ ਨਹੀਂ ਜਾਣਦੀ ਕਿ ਮੇਰੇ ਲਈ ਆਪਣੇ ਪਿਤਾ ਦੀ ਇੱਛਾ ਨੂੰ ਸਭ ਚੀਜ਼ਾਂ ਤੋਂ ਉੱਪਰ ਰੱਖਣਾ ਜ਼ਰੂਰੀ ਹੈ?” ਬੇਸ਼ੱਕ, ਕਿਉਂਕਿ ਉਹ ਪਵਿੱਤਰ ਆਤਮਾ ਤੋਂ ਕੁੱਖ ਵਿੱਚ ਆਇਆ ਸੀ, ਇਸ ਲਈ ਕੀ ਯਿਸੂ ਕਿਸੇ ਤਰ੍ਹਾਂ ਨਾਲ ਵਿਸ਼ੇਸ਼ ਨਹੀਂ ਹੋ ਸਕਦਾ ਸੀ? ਪਰ ਉਸ ਦੀ ਵਿਸ਼ੇਸ਼ਤਾ ਦਾ ਅਰਥ ਇਹ ਨਹੀਂ ਸੀ ਕਿ ਉਹ ਅਲੌਕਿਕ ਸੀ, ਸਗੋਂ ਬਸ ਇੰਨਾ ਹੀ ਸੀ ਕਿ ਉਹ ਕਿਸੇ ਦੂਜੇ ਛੋਟੇ ਬੱਚੇ ਤੋਂ ਵੱਧ ਕੇ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ। ਹਾਲਾਂਕਿ ਉਹ ਰੰਗ-ਰੂਪ ਵਿੱਚ ਮਨੁੱਖ ਸੀ, ਉਸ ਦਾ ਮੂਲ ਤੱਤ ਦੂਜਿਆਂ ਤੋਂ ਵਿਸ਼ੇਸ਼ ਅਤੇ ਵੱਖਰਾ ਸੀ। ਸਗੋਂ, ਸਿਰਫ਼ ਬਪਤਿਸਮਾ ਤੋਂ ਬਾਅਦ ਹੀ ਸੀ ਕਿ ਪਵਿੱਤਰ ਆਤਮਾ ਦਾ ਉਸ ਵਿੱਚ ਕੰਮ ਕਰਨਾ ਅਸਲ ਵਿੱਚ ਉਸ ਦੀ ਸਮਝ ਵਿੱਚ ਆਇਆ, ਅਤੇ ਇਹ ਸਮਝ ਆਇਆ ਕਿ ਉਹ ਖੁਦ ਪਰਮੇਸ਼ੁਰ ਹੈ। ਜਦੋਂ ਉਹ 33 ਵਰ੍ਹਿਆਂ ਦੀ ਉਮਰ ਵਿੱਚ ਪਹੁੰਚਿਆ ਸਿਰਫ਼ ਉਦੋਂ ਉਸ ਨੂੰ ਸੱਚਮੁੱਚ ਇਹ ਅਹਿਸਾਸ ਹੋਇਆ ਕਿ ਪਵਿੱਤਰ ਆਤਮਾ ਨੇ ਉਸ ਦੇ ਜ਼ਰੀਏ ਸਲੀਬ ’ਤੇ ਚੜ੍ਹਨ ਦੇ ਕੰਮ ਨੂੰ ਕਰਨ ਦਾ ਇਰਾਦਾ ਕੀਤਾ ਸੀ। 32 ਵਰ੍ਹਿਆਂ ਦੀ ਉਮਰ ਵਿੱਚ, ਉਸ ਨੇ ਕੁਝ ਅੰਦਰੂਨੀ ਸੱਚਾਈਆਂ ਬਾਰੇ ਜਾਣ ਲਿਆ ਸੀ, ਜਿਵੇਂ ਕਿ ਮੱਤੀ ਦੀ ਅੰਜੀਲ ਵਿੱਚ ਲਿੱਖਿਆ ਹੋਇਆ ਹੈ: “ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ। ... ਉਸ ਸਮੇ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਭਈ ਮੈਨੂੰ ਜਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜੁਰਗਾਂ ਅਤੇ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉੱਠਾਂ।” ਉਸ ਨੂੰ ਪਹਿਲਾਂ ਤੋਂ ਨਹੀਂ ਪਤਾ ਸੀ ਕਿ ਉਸ ਨੇ ਕੀ ਕੰਮ ਕਰਨਾ ਹੈ, ਪਰ ਇੱਕ ਵਿਸ਼ੇਸ਼ ਸਮੇਂ ’ਤੇ ਪਤਾ ਲੱਗਿਆ। ਜਿਵੇਂ ਹੀ ਉਹ ਪੈਦਾ ਹੋਇਆ ਉਸ ਨੂੰ ਪੂਰੀ ਤਰ੍ਹਾਂ ਪਤਾ ਨਹੀਂ ਸੀ; ਪਵਿੱਤਰ ਆਤਮਾ ਨੇ ਹੌਲੀ-ਹੌਲੀ ਉਸ ਵਿੱਚ ਕੰਮ ਕੀਤਾ, ਅਤੇ ਉਸ ਕੰਮ ਨੂੰ ਕਰਨ ਦਾ ਇੱਕ ਅਮਲ ਸੀ। ਜੇ, ਬਿਲਕੁਲ ਸ਼ੁਰੂਆਤ ਵਿੱਚ, ਉਸ ਨੂੰ ਪਤਾ ਲੱਗ ਗਿਆ ਸੀ ਕਿ ਉਹ ਪਰਮੇਸ਼ੁਰ, ਅਤੇ ਮਸੀਹ, ਅਤੇ ਮਨੁੱਖ ਦਾ ਦੇਹਧਾਰੀ ਪੁੱਤਰ ਹੈ, ਅਤੇ ਇਹ ਕਿ ਉਸ ਨੇ ਸਲੀਬ ’ਤੇ ਚੜ੍ਹਾਏ ਜਾਣ ਦਾ ਕੰਮ ਪੂਰਾ ਕਰਨਾ ਹੈ, ਤਾਂ ਉਸ ਨੇ ਪਹਿਲਾਂ ਇਹ ਕੰਮ ਕਿਉਂ ਨਹੀਂ ਕੀਤਾ? ਆਪਣੇ ਚੇਲਿਆਂ ਨੂੰ ਸੇਵਕਾਈ ਬਾਰੇ ਦੱਸਣ ਤੋਂ ਬਾਅਦ ਹੀ ਅਜਿਹਾ ਕਿਉਂ ਹੋਇਆ ਕਿ ਯਿਸੂ ਨੇ ਦੁੱਖ ਮਹਿਸੂਸ ਕੀਤਾ, ਅਤੇ ਇਸ ਦੇ ਲਈ ਈਮਾਨਦਾਰੀ ਨਾਲ ਪ੍ਰਾਰਥਨਾ ਕੀਤੀ? ਇਸ ਤੋਂ ਪਹਿਲਾਂ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝ ਸਕਦਾ ਜਿਨ੍ਹਾਂ ਨੂੰ ਉਹ ਨਹੀਂ ਸਮਝਿਆ ਸੀ ਯੂਹੰਨਾ ਨੇ ਉਸ ਦੇ ਲਈ ਰਾਹ ਕਿਉਂ ਖੋਲ੍ਹਿਆ ਅਤੇ ਉਸ ਨੂੰ ਬਪਤਿਸਮਾ ਦਿੱਤਾ? ਇਸ ਤੋਂ ਜੋ ਕੁਝ ਸਾਬਿਤ ਹੁੰਦਾ ਹੈ ਉਹ ਇਹ ਹੈ ਕਿ ਇਹ ਦੇਹ ਵਿੱਚ ਦੇਹਧਾਰੀ ਹੋਏ ਪਰਮੇਸ਼ੁਰ ਦਾ ਕੰਮ ਸੀ, ਅਤੇ ਇਸ ਲਈ ਉਸ ਦੁਆਰਾ ਸਮਝਣ, ਅਤੇ ਪ੍ਰਾਪਤ ਕਰਨ ਲਈ ਇੱਕ ਅਮਲ ਸੀ, ਕਿਉਂਕਿ ਉਹ ਪਰਮੇਸ਼ੁਰ ਦਾ ਦੇਹਧਾਰੀ ਸਰੀਰ ਸੀ, ਜਿਸ ਦਾ ਕੰਮ ਆਤਮਾ ਦੁਆਰਾ ਸਿੱਧੇ ਤੌਰ ’ਤੇ ਕੀਤੇ ਗਏ ਕੰਮ ਤੋਂ ਭਿੰਨ ਸੀ।

ਪਰਮੇਸ਼ੁਰ ਦੇ ਕੰਮ ਦਾ ਹਰੇਕ ਕਦਮ ਇੱਕੋ ਜਿਹੇ ਪੱਧਰ ਦੀ ਪਾਲਣਾ ਕਰਦਾ ਹੈ, ਅਤੇ ਇਸ ਲਈ ਪਰਮੇਸ਼ੁਰ ਦੀ ਛੇ-ਹਜ਼ਾਰ-ਸਾਲ ਦੀ ਪ੍ਰਬੰਧਨ ਯੋਜਨਾ ਵਿੱਚ, ਸੰਸਾਰ ਦੀ ਬੁਨਿਆਦ ਤੋਂ ਲੈ ਕੇ ਅੱਜ ਤਕ, ਹਰੇਕ ਕਦਮ ਤੋਂ ਬਾਅਦ ਅਗਲੇ ਕਦਮ ਦਾ ਬੜੇ ਧਿਆਨ ਨਾਲ ਪਿੱਛਾ ਕੀਤਾ ਗਿਆ ਹੈ। ਜੇ ਰਾਹ ਪੱਧਰਾ ਕਰਨ ਲਈ ਕੋਈ ਨਾ ਹੁੰਦਾ, ਤਾਂ ਪਿੱਛੇ ਆਉਣ ਲਈ ਕੋਈ ਨਾ ਹੁੰਦਾ; ਕਿਉਂਕਿ ਅਜਿਹੇ ਲੋਕ ਹਨ ਜੋ ਪਿੱਛੇ ਆਉਂਦੇ ਹਨ, ਇਸ ਲਈ ਉਹ ਲੋਕ ਹਨ ਜੋ ਰਾਹ ਪੱਧਰਾ ਕਰਦੇ ਹਨ। ਇਸ ਤਰ੍ਹਾਂ ਕਦਮ-ਦਰ-ਕਦਮ ਕੰਮ ਨੂੰ ਅੱਗੇ ਪਹੁੰਚਾਇਆ ਗਿਆ ਹੈ। ਇੱਕ ਕਦਮ ਦੂਜੇ ਕਦਮ ਦੇ ਪਿੱਛੇ ਚੱਲਦਾ ਹੈ, ਅਤੇ ਕਿਸੇ ਰਾਹ ਪੱਧਰਾ ਕਰਨ ਵਾਲੇ ਦੇ ਬਿਨਾਂ, ਕੰਮ ਨੂੰ ਅਰੰਭ ਕਰਨਾ ਅਸੰਭਵ ਹੁੰਦਾ, ਅਤੇ ਪਰਮੇਸ਼ੁਰ ਕੋਲ ਆਪਣੇ ਕੰਮ ਨੂੰ ਅੱਗੇ ਲਿਜਾਉਣ ਦਾ ਕੋਈ ਸਾਧਨ ਨਾ ਹੁੰਦਾ। ਕੋਈ ਵੀ ਕਦਮ ਦੂਜੇ ਕਦਮ ਦਾ ਖੰਡਨ ਨਹੀਂ ਕਰਦਾ, ਅਤੇ ਇੱਕ ਪੱਧਰ ਬਣਾਉਣ ਲਈ ਹਰੇਕ ਕਦਮ ਦੂਜੇ ਦਾ ਸਿਲਸਿਲੇਵਾਰ ਪਿੱਛਾ ਕਰਦਾ ਹੈ; ਇਹ ਸਭ ਇੱਕ ਹੀ ਆਤਮਾ ਦੁਆਰਾ ਕੀਤਾ ਜਾਂਦਾ ਹੈ। ਪਰ ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਕਿ ਕੋਈ ਵਿਅਕਤੀ ਰਾਹ ਖੋਲ੍ਹਦਾ ਹੈ ਜਾਂ ਨਹੀਂ ਜਾਂ ਦੂਜੇ ਦੇ ਕੰਮ ਨੂੰ ਜਾਰੀ ਰੱਖਦਾ ਹੈ ਜਾਂ ਨਹੀਂ, ਇਹ ਉਨ੍ਹਾਂ ਦੀ ਪਛਾਣ ਨੂੰ ਨਿਰਧਾਰਤ ਨਹੀਂ ਕਰਦਾ ਹੈ। ਕੀ ਇਹ ਸਹੀ ਨਹੀਂ ਹੈ? ਯੂਹੰਨਾ ਨੇ ਰਾਹ ਖੋਲ੍ਹਿਆ, ਯਿਸੂ ਨੇ ਉਸ ਦੇ ਕੰਮ ਨੂੰ ਜਾਰੀ ਰੱਖਿਆ, ਤਾਂ ਕੀ ਇਸ ਤੋਂ ਸਾਬਿਤ ਹੁੰਦਾ ਹੈ ਕਿ ਯਿਸੂ ਦੀ ਪਛਾਣ ਯੂਹੰਨਾ ਦੇ ਮੁਕਾਬਲੇ ਨੀਵੀਂ ਸੀ? ਯਹੋਵਾਹ ਨੇ ਯਿਸੂ ਤੋਂ ਪਹਿਲਾਂ ਆਪਣਾ ਕੰਮ ਕੀਤਾ, ਤਾਂ ਕੀ ਤੂੰ ਕਹਿ ਸਕਦਾ ਹੈਂ ਕਿ ਯਹੋਵਾਹ ਯਿਸੂ ਤੋਂ ਜ਼ਿਆਦਾ ਮਹਾਨ ਹੈ? ਇਹ ਮਹੱਤਵਪੂਰਣ ਨਹੀਂ ਹੈ ਕਿ ਉਨ੍ਹਾਂ ਨੇ ਰਾਹ ਪੱਧਰਾ ਕੀਤਾ ਜਾਂ ਦੂਜੇ ਦੇ ਕੰਮ ਨੂੰ ਜਾਰੀ ਰੱਖਿਆ; ਸਭ ਤੋਂ ਵੱਧ ਮਹੱਤਵਪੂਰਣ ਹੈ ਉਨ੍ਹਾਂ ਦੇ ਕੰਮ ਦਾ ਸਾਰ, ਅਤੇ ਪਛਾਣ ਜਿਸ ਦੀ ਇਹ ਨੁਮਾਇੰਦਗੀ ਕਰਦਾ ਹੈ। ਕੀ ਇਹ ਸਹੀ ਨਹੀਂ ਹੈ? ਕਿਉਂਕਿ ਪਰਮੇਸ਼ੁਰ ਦਾ ਇਰਾਦਾ ਮਨੁੱਖ ਦਰਮਿਆਨ ਕੰਮ ਕਰਨ ਦਾ ਸੀ, ਇਸ ਲਈ ਉਸ ਨੇ ਉਨ੍ਹਾਂ ਲੋਕਾਂ ਨੂੰ ਨਿਯੁਕਤ ਕਰਨਾ ਸੀ ਜੋ ਰਾਹ ਪੱਧਰਾ ਕਰਨ ਲਈ ਕੰਮ ਕਰ ਸਕਣ। ਜਦੋਂ ਯੂਹੰਨਾ ਨੇ ਪ੍ਰਚਾਰ ਕਰਨਾ ਸ਼ੁਰੂ ਹੀ ਕੀਤਾ ਸੀ, ਤਾਂ ਉਸ ਨੇ ਕਿਹਾ, “ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ।” “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” ਉਸ ਨੇ ਸ਼ੁਰੂਆਤ ਤੋਂ ਹੀ ਅਜਿਹਾ ਕਿਹਾ, ਅਤੇ ਉਹ ਇਹ ਵਚਨ ਕਹਿਣ ਦੇ ਸਮਰੱਥ ਕਿਉਂ ਸੀ? ਜਿਸ ਕ੍ਰਮ ਵਿੱਚ ਇਨ੍ਹਾਂ ਵਚਨਾਂ ਨੂੰ ਕਿਹਾ ਗਿਆ ਸੀ ਉਸ ਦੇ ਸੰਬੰਧ ਵਿੱਚ, ਯੁਹੰਨਾ ਪਹਿਲਾਂ ਸੀ ਜਿਸ ਨੇ ਸਭ ਤੋਂ ਪਹਿਲਾਂ ਸਵਰਗ ਦੇ ਰਾਜ ਦੀ ਖੁਸ਼ਖ਼ਬਰੀ ਨੂੰ ਕਿਹਾ ਸੀ, ਅਤੇ ਉਹ ਯਿਸੂ ਸੀ ਜੋ ਉਸ ਦੇ ਬਾਅਦ ਬੋਲਿਆ। ਮਨੁੱਖ ਦੀਆਂ ਧਾਰਣਾਵਾਂ ਦੇ ਅਨੁਸਾਰ, ਇਹ ਯੂਹੰਨਾ ਸੀ ਜਿਸ ਨੇ ਨਵਾਂ ਰਾਹ ਖੋਲ੍ਹਿਆ ਸੀ, ਅਤੇ ਇਸ ਲਈ ਬੇਸ਼ੱਕ ਯੂਹੰਨਾ ਯਿਸੂ ਤੋਂ ਜ਼ਿਆਦਾ ਮਹਾਨ ਸੀ। ਪਰ ਯੂਹੰਨਾ ਨੇ ਨਹੀਂ ਕਿਹਾ ਸੀ ਕਿ ਉਹ ਮਸੀਹ ਹੈ, ਅਤੇ ਪਰਮੇਸ਼ੁਰ ਨੇ ਪਰਮੇਸ਼ੁਰ ਦੇ ਪਿਆਰੇ ਪੁੱਤਰ ਦੇ ਰੂਪ ਵਿੱਚ ਉਸ ਦੀ ਗਵਾਹੀ ਨਹੀਂ ਦਿੱਤੀ ਸੀ, ਸਗੋਂ ਰਾਹ ਖੋਲ੍ਹਣ ਅਤੇ ਪ੍ਰਭੂ ਲਈ ਰਾਹ ਤਿਆਰ ਕਰਨ ਲਈ ਸਿਰਫ਼ ਉਸ ਦੀ ਵਰਤੋਂ ਕੀਤੀ ਸੀ। ਉਸ ਨੇ ਯਿਸੂ ਲਈ ਰਾਹ ਪੱਧਰਾ ਕੀਤਾ ਸੀ, ਪਰ ਉਹ ਯਿਸੂ ਦੀ ਤਰਫ਼ੋਂ ਕੰਮ ਨਹੀਂ ਕਰ ਸਕਦਾ ਸੀ। ਮਨੁੱਖ ਦਾ ਸਮੁੱਚਾ ਕੰਮ ਵੀ ਪਵਿੱਤਰ ਆਤਮਾ ਦੁਆਰਾ ਬਣਾਈ ਰੱਖਿਆ ਜਾਂਦਾ ਸੀ।

ਪੁਰਾਣੇ ਨੇਮ ਦੇ ਯੁਗ ਵਿੱਚ, ਉਹ ਯਹੋਵਾਹ ਸੀ ਜੋ ਰਾਹ ਦੀ ਅਗਵਾਈ ਕਰਦਾ ਸੀ, ਅਤੇ ਯਹੋਵਾਹ ਦੇ ਕੰਮ ਨੇ ਪੁਰਾਣੇ ਨੇਮ ਦੇ ਸਮੁੱਚੇ ਯੁਗ ਅਤੇ ਇਸਰਾਏਲ ਵਿੱਚ ਕੀਤੇ ਗਏ ਸਾਰੇ ਕੰਮ ਦੀ ਨੁਮਾਇੰਦਗੀ ਕੀਤੀ। ਮੂਸਾ ਨੇ ਸਿਰਫ਼ ਧਰਤੀ ’ਤੇ ਇਸ ਕੰਮ ਨੂੰ ਕਾਇਮ ਰੱਖਿਆ, ਅਤੇ ਉਸ ਦੀ ਮਿਹਨਤ ਨੂੰ ਮਨੁੱਖ ਦੁਆਰਾ ਮੁਹੱਈਆ ਕੀਤਾ ਗਿਆ ਸਹਿਯੋਗ ਮੰਨਿਆ ਜਾਂਦਾ ਹੈ। ਉਸ ਸਮੇਂ, ਇਹ ਯਹੋਵਾਹ ਹੀ ਸੀ ਜੋ ਬੋਲਦਾ ਸੀ, ਮੂਸਾ ਨੂੰ ਬੁਲਾਉਂਦਾ ਸੀ, ਅਤੇ ਉਸ ਨੇ ਮੂਸਾ ਨੂੰ ਇਸਰਾਏਲ ਦੇ ਲੋਕਾਂ ਦਰਮਿਆਨ ਨਿਯੁਕਤ ਕੀਤਾ, ਅਤੇ ਉਸ ਕੋਲੋਂ ਉਜਾੜ ਵਿੱਚ ਅਤੇ ਕਨਾਨ ਵੱਲ ਉਨ੍ਹਾਂ ਦੀ ਅਗਵਾਈ ਕਰਾਈ ਸੀ। ਇਹ ਖੁਦ ਮੂਸਾ ਦਾ ਕੰਮ ਨਹੀਂ ਸੀ, ਪਰ ਅਜਿਹਾ ਕੰਮ ਸੀ ਜਿਸ ਨੂੰ ਯਹੋਵਾਹ ਦੁਆਰਾ ਵਿਅਕਤੀਗਤ ਰੂਪ ਵਿੱਚ ਨਿਰਦੇਸ਼ਿਤ ਕੀਤਾ ਗਿਆ ਸੀ, ਅਤੇ ਇਸ ਲਈ ਮੂਸਾ ਨੂੰ ਪਰਮੇਸ਼ੁਰ ਨਹੀਂ ਕਿਹਾ ਜਾ ਸਕਦਾ। ਮੂਸਾ ਨੇ ਸ਼ਰਾ ਵੀ ਕਾਇਮ ਕੀਤੀ, ਪਰ ਇਸ ਸ਼ਰਾ ਦਾ ਹੁਕਮ ਯਹੋਵਾਹ ਦੁਆਰਾ ਵਿਅਕਤੀਗਤ ਰੂਪ ਵਿੱਚ ਦਿੱਤਾ ਗਿਆ ਸੀ। ਬਸ ਇੰਨਾ ਹੀ ਸੀ ਕਿ ਉਸ ਨੇ ਮੂਸਾ ਦੁਆਰਾ ਇਸ ਨੂੰ ਪਰਗਟ ਕਰਾਇਆ ਸੀ। ਯਿਸੂ ਨੇ ਵੀ ਹੁਕਮ ਦਿੱਤੇ, ਅਤੇ ਉਸ ਨੇ ਪੁਰਾਣੇ ਨੇਮ ਦੇ ਸ਼ਰਾ ਨੂੰ ਖਤਮ ਕੀਤਾ ਅਤੇ ਨਵੇਂ ਯੁਗ ਦੇ ਹੁਕਮ ਤੈਅ ਕੀਤੇ। ਯਿਸੂ ਖੁਦ ਪਰਮੇਸ਼ੁਰ ਕਿਉਂ ਹੈ? ਕਿਉਂਕਿ ਇਸ ਵਿੱਚ ਅੰਤਰ ਹੈ। ਉਸ ਸਮੇਂ, ਮੂਸਾ ਦੁਆਰਾ ਕੀਤਾ ਗਿਆ ਕੰਮ ਯੁਗ ਦੀ ਨੁਮਾਇੰਦਗੀ ਨਹੀਂ ਕਰਦਾ ਸੀ, ਨਾ ਹੀ ਇਸ ਨੇ ਕੋਈ ਨਵਾਂ ਰਾਹ ਖੋਲ੍ਹਿਆ ਸੀ; ਉਸ ਨੂੰ ਯਹੋਵਾਹ ਦੁਆਰਾ ਅੱਗੇ ਸੇਧ ਦਿੱਤੀ ਗਈ ਸੀ ਅਤੇ ਮਾਤਰ ਅਜਿਹਾ ਵਿਅਕਤੀ ਸੀ ਜਿਸ ਦੀ ਪਰਮੇਸ਼ੁਰ ਦੁਆਰਾ ਵਰਤੋਂ ਕੀਤੀ ਗਈ ਸੀ। ਜਦੋਂ ਯਿਸੂ ਆਇਆ, ਤਾਂ ਯੂਹੰਨਾ ਨੇ ਰਾਹ ਪੱਧਰਾ ਕਰਨ ਦੇ ਕੰਮ ਦੇ ਇੱਕ ਕਦਮ ਨੂੰ ਕਰ ਲਿਆ ਸੀ ਅਤੇ ਸਵਰਗ ਦੇ ਰਾਜ ਦੀ ਖੁਸ਼ਖ਼ਬਰੀ ਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ ਸੀ (ਪਵਿੱਤਰ ਆਤਮਾ ਨੇ ਇਸ ਨੂੰ ਸ਼ੁਰੂ ਕੀਤਾ ਸੀ)। ਜਦੋਂ ਯਿਸੂ ਆਇਆ, ਤਾਂ ਉਸ ਨੇ ਸਿੱਧੇ ਤੌਰ ’ਤੇ ਆਪਣਾ ਖੁਦ ਦਾ ਕੰਮ ਕੀਤਾ, ਪਰ ਉਸ ਦੇ ਕੰਮ ਅਤੇ ਮੂਸਾ ਦੇ ਕੰਮ ਵਿੱਚ ਇੱਕ ਵੱਡਾ ਅੰਤਰ ਸੀ। ਯਸਾਯਾਹ ਨੇ ਵੀ ਕਈ ਭਵਿੱਖਬਾਣੀਆਂ ਕੀਤੀਆਂ, ਫਿਰ ਵੀ ਉਹ ਖੁਦ ਪਰਮੇਸ਼ੁਰ ਕਿਉਂ ਨਹੀਂ ਸੀ? ਯਿਸੂ ਨੇ ਬਹੁਤ ਸਾਰੀਆਂ ਭਵਿੱਖਬਾਣੀਆਂ ਨਹੀਂ ਕੀਤੀਆਂ, ਫਿਰ ਵੀ ਕਿਉਂ ਉਹ ਖੁਦ ਪਰਮੇਸ਼ੁਰ ਸੀ? ਕਿਸੇ ਨੇ ਵੀ ਇਹ ਕਹਿਣ ਦੀ ਹਿੰਮਤ ਨਹੀਂ ਕੀਤੀ ਕਿ ਉਸ ਸਮੇਂ ਯਿਸੂ ਦਾ ਸਾਰਾ ਕੰਮ ਪਵਿੱਤਰ ਆਤਮਾ ਤੋਂ ਆਇਆ ਸੀ, ਨਾ ਹੀ ਉਨ੍ਹਾਂ ਨੇ ਇਹ ਕਹਿਣ ਦੀ ਹਿੰਮਤ ਕੀਤੀ ਕਿ ਇਹ ਸਭ ਮਨੁੱਖ ਦੀ ਇੱਛਾ ਨਾਲ ਆਇਆ ਸੀ, ਜਾਂ ਇਹ ਪੂਰੀ ਤਰ੍ਹਾਂ ਨਾਲ ਖੁਦ ਪਰਮੇਸ਼ੁਰ ਦਾ ਕੰਮ ਸੀ। ਮਨੁੱਖ ਕੋਲ ਅਜਿਹੀਆਂ ਗੱਲਾਂ ਦਾ ਵਿਸ਼ਲੇਸ਼ਣ ਕਰਨ ਦਾ ਕੋਈ ਤਰੀਕਾ ਨਹੀਂ ਸੀ। ਇਹ ਕਿਹਾ ਜਾ ਸਕਦਾ ਹੈ ਕਿ ਯਸਾਯਾਹ ਨੇ ਅਜਿਹਾ ਕੰਮ ਕੀਤਾ ਸੀ, ਅਤੇ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ, ਅਤੇ ਉਹ ਸਾਰੀਆਂ ਪਵਿੱਤਰ ਆਤਮਾ ਤੋਂ ਆਈਆਂ; ਉਹ ਸਿੱਧਿਆਂ ਯਸਾਯਾਹ ਤੋਂ ਨਹੀਂ ਆਈਆਂ ਸਨ, ਸਗੋਂ ਯਹੋਵਾਹ ਵੱਲੋਂ ਪ੍ਰਕਾਸ਼ਨ ਸਨ। ਯਿਸੂ ਨੇ ਬਹੁਤ ਸਾਰਾ ਕੰਮ ਨਹੀਂ ਕੀਤਾ, ਅਤੇ ਬਹੁਤ ਸਾਰੇ ਵਚਨ ਨਹੀਂ ਕਹੇ, ਨਾ ਹੀ ਉਸ ਨੇ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ। ਮਨੁੱਖ ਨੂੰ, ਉਸ ਦਾ ਉਪਦੇਸ਼ ਵਿਸ਼ੇਸ਼ ਰੂਪ ਵਿੱਚ ਉੱਤਮ ਨਹੀਂ ਜਾਪਦਾ ਸੀ, ਫਿਰ ਵੀ ਉਹ ਖੁਦ ਪਰਮੇਸ਼ੁਰ ਸੀ, ਅਤੇ ਇਹ ਮਨੁੱਖ ਲਈ ਅਜਿਹਾ ਹੈ ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਕਿਸੇ ਨੇ ਕਦੇ ਵੀ ਯੂਹੰਨਾ, ਜਾਂ ਯਸਾਯਾਹ, ਜਾਂ ਦਾਊਦ ’ਤੇ ਵਿਸ਼ਵਾਸ ਨਹੀਂ ਕੀਤਾ, ਨਾ ਹੀ ਕਿਸੇ ਨੇ ਕਦੇ ਉਨ੍ਹਾਂ ਨੂੰ ਪਰਮੇਸ਼ੁਰ, ਜਾਂ ਦਾਊਦ ਪਰਮੇਸ਼ੁਰ, ਜਾਂ ਯੂਹੰਨਾ ਪਰਮੇਸ਼ੁਰ ਕਿਹਾ; ਕਿਸੇ ਨੇ ਕਦੇ ਵੀ ਇੰਝ ਨਹੀਂ ਕਿਹਾ, ਅਤੇ ਸਿਰਫ਼ ਯਿਸੂ ਨੂੰ ਹੀ ਹਮੇਸ਼ਾਂ ਮਸੀਹ ਸੱਦਿਆ ਗਿਆ ਹੈ। ਇਹ ਵਰਗੀਕਰਣ ਪਰਮੇਸ਼ੁਰ ਦੀ ਗਵਾਹੀ, ਉਸ ਦੁਆਰਾ ਕੀਤੇ ਕੰਮ, ਅਤੇ ਉਸ ਦੁਆਰਾ ਕੀਤੀ ਸੇਵਕਾਈ ਦੇ ਅਨੁਸਾਰ ਕੀਤਾ ਜਾਂਦਾ ਹੈ। ਬਾਈਬਲ ਦੇ ਮਹਾਂਪੁਰਖਾਂ—ਅਬਰਾਹਾਮ, ਦਾਊਦ, ਯਹੋਸ਼ੁਆ, ਦਾਨੀਏਲ, ਯਸਾਯਾਹ, ਯੂਹੰਨਾ ਅਤੇ ਯਿਸੂ—ਦੇ ਸੰਬੰਧ ਵਿੱਚ ਉਸ ਕੰਮ ਰਾਹੀਂ ਜੋ ਉਨ੍ਹਾਂ ਨੇ ਕੀਤਾ ਸੀ, ਤੂੰ ਦੱਸ ਸਕਦਾ ਹੈਂ ਕਿ ਖੁਦ ਪਰਮੇਸ਼ੁਰ ਕੌਣ ਹੈ, ਅਤੇ ਕਿਸ ਕਿਸਮ ਦੇ ਲੋਕ ਨਬੀ ਹਨ, ਅਤੇ ਕਿਹੜੇ ਰਸੂਲ ਹਨ। ਕਿਸ ਨੂੰ ਪਰਮੇਸ਼ੁਰ ਦੁਆਰਾ ਉਪਯੋਗ ਕੀਤਾ ਗਿਆ ਸੀ, ਅਤੇ ਕੌਣ ਖੁਦ ਪਰਮੇਸ਼ੁਰ ਸੀ, ਇਸ ਨੂੰ ਉਨ੍ਹਾਂ ਦੇ ਸਾਰ ਅਤੇ ਉਨ੍ਹਾਂ ਦੇ ਕੰਮ ਦੀ ਕਿਸਮ ਅਨੁਸਾਰ ਨਿਖੇੜਿਆ ਅਤੇ ਨਿਰਧਾਰਤ ਕੀਤਾ ਜਾਂਦਾ ਹੈ। ਜੇ ਤੂੰ ਅੰਤਰ ਦੱਸਣ ਦੇ ਅਸਮਰਥ ਹੈਂ, ਤਾਂ ਇਸ ਨਾਲ ਸਾਬਿਤ ਹੁੰਦਾ ਹੈ ਕਿ ਤੂੰ ਨਹੀਂ ਜਾਣਦਾ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਕੀ ਅਰਥ ਹੁੰਦਾ ਹੈ। ਯਿਸੂ ਪਰਮੇਸ਼ੁਰ ਹੈ ਕਿਉਂਕਿ ਉਸ ਨੇ ਬਹੁਤ ਸਾਰੇ ਵਚਨ ਕਹੇ, ਅਤੇ ਬਹੁਤ ਜ਼ਿਆਦਾ ਕੰਮ ਕੀਤਾ, ਵਿਸ਼ੇਸ਼ ਰੂਪ ਵਿੱਚ ਉਸ ਦੁਆਰਾ ਅਨੇਕ ਅਚਰਜਾਂ ਦਾ ਵਿਖਾਲਾ। ਉਸੇ ਤਰ੍ਹਾਂ, ਯੂਹੰਨਾ ਨੇ, ਵੀ, ਬਹੁਤ ਕੰਮ ਕੀਤਾ, ਅਤੇ ਬਹੁਤ ਸਾਰੇ ਵਚਨ ਬੋਲੇ, ਮੂਸਾ ਨੇ ਵੀ ਅਜਿਹਾ ਹੀ ਕੀਤਾ ਸੀ; ਕਿਉਂ ਉਨ੍ਹਾਂ ਨੂੰ ਪਰਮੇਸ਼ੁਰ ਨਹੀਂ ਕਿਹਾ ਗਿਆ ਸੀ? ਆਦਮ ਦੀ ਸਿਰਜਣਾ ਸਿੱਧਿਆਂ ਪਰਮੇਸ਼ੁਰ ਦੁਆਰਾ ਕੀਤੀ ਗਈ ਸੀ; ਉਸ ਨੂੰ ਸਿਰਫ਼ ਇੱਕ ਪ੍ਰਾਣੀ ਕਹੇ ਜਾਣ ਦੀ ਬਜਾਏ, ਪਰਮੇਸ਼ੁਰ ਕਿਉਂ ਨਹੀਂ ਕਿਹਾ ਗਿਆ? ਜੇ ਤੈਨੂੰ ਕੋਈ ਕਹੇ, “ਅੱਜ, ਪਰਮੇਸ਼ੁਰ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ, ਅਤੇ ਬਹੁਤ ਸਾਰੇ ਵਚਨ ਕਹੇ ਹਨ; ਉਹ ਖੁਦ ਪਰਮੇਸ਼ੁਰ ਹੈ। ਤਾਂ, ਕਿਉਂਕਿ ਮੂਸਾ ਨੇ ਬਹੁਤ ਸਾਰੇ ਵਚਨ ਕਹੇ ਹਨ, ਇਸ ਲਈ ਉਹ ਵੀ ਜ਼ਰੂਰ ਖੁਦ ਪਰਮੇਸ਼ੁਰ ਹੋਣਾ ਚਾਹੀਦਾ ਹੈ!” ਤੈਨੂੰ ਇਸ ਦੇ ਬਦਲੇ ਵਿੱਚ ਪੁੱਛਣਾ ਚਾਹੀਦਾ ਹੈ, “ਉਸ ਸਮੇਂ ਕਿਉਂ ਪਰਮੇਸ਼ੁਰ ਨੇ ਖੁਦ ਪਰਮੇਸ਼ੁਰ ਦੇ ਰੂਪ ਵਿੱਚ ਯਿਸੂ ਦੀ ਗਵਾਹੀ ਦਿੱਤੀ ਸੀ, ਅਤੇ ਯੂਹੰਨਾ ਦੀ ਨਹੀਂ? ਕੀ ਯੂਹੰਨਾ ਯਿਸੂ ਤੋਂ ਪਹਿਲਾਂ ਨਹੀਂ ਆਇਆ ਸੀ? ਕਿਹੜਾ ਜ਼ਿਆਦਾ ਮਹਾਨ ਸੀ, ਯੂਹੰਨਾ ਦਾ ਕੰਮ ਜਾਂ ਯਿਸੂ ਦਾ? ਮਨੁੱਖ ਨੂੰ, ਯੂਹੰਨਾ ਦਾ ਕੰਮ ਯਿਸੂ ਦੇ ਕੰਮ ਤੋਂ ਜ਼ਿਆਦਾ ਮਹਾਨ ਪ੍ਰਤੀਤ ਹੁੰਦਾ ਹੈ, ਪਰ ਕਿਉਂ ਪਵਿੱਤਰ ਆਤਮਾ ਨੇ ਯਿਸੂ ਦੀ ਗਵਾਹੀ ਦਿੱਤੀ, ਯੂਹੰਨਾ ਦੀ ਨਹੀਂ?” ਅੱਜ ਵੀ ਉਹੀ ਚੀਜ਼ ਹੋ ਰਹੀ ਹੈ! ਉਸ ਸਮੇਂ, ਮੂਸਾ ਨੇ ਇਸਰਾਏਲ ਦੇ ਲੋਕਾਂ ਦੀ ਅਗਵਾਈ ਕੀਤੀ, ਤਾਂ ਯਹੋਵਾਹ ਨੇ ਬੱਦਲਾਂ ਵਿੱਚੋਂ ਉਸ ਨਾਲ ਗੱਲ ਕੀਤੀ। ਮੂਸਾ ਨੇ ਸਿੱਧਿਆਂ ਗੱਲ ਨਹੀਂ ਕੀਤੀ, ਸਗੋਂ ਇਸ ਦੀ ਬਜਾਏ ਯਹੋਵਾਹ ਦੁਆਰਾ ਸਿੱਧੇ ਤੌਰ ’ਤੇ ਉਸ ਦੀ ਰਹਿਨੁਮਾਈ ਕੀਤੀ ਗਈ ਸੀ। ਇਹ ਪੁਰਾਣੇ ਨੇਮ ਦੇ ਇਸਰਾਏਲ ਦਾ ਕੰਮ ਸੀ। ਮੂਸਾ ਦੇ ਅੰਦਰ ਆਤਮਾ, ਜਾਂ ਪਰਮੇਸ਼ੁਰ ਦੀ ਸ਼ਖਸੀਅਤ ਨਹੀਂ ਸੀ। ਉਹ ਉਸ ਕੰਮ ਨੂੰ ਨਹੀਂ ਕਰ ਸਕਦਾ ਸੀ, ਅਤੇ ਇਸ ਲਈ ਉਸ ਦੁਆਰਾ ਅਤੇ ਯਿਸੂ ਦੁਆਰਾ ਕੀਤੇ ਗਏ ਕੰਮ ਵਿੱਚ ਇੱਕ ਵੱਡਾ ਅੰਤਰ ਸੀ। ਅਤੇ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਜੋ ਕੰਮ ਕੀਤਾ ਉਹ ਭਿੰਨ ਸੀ! ਭਾਵੇਂ ਕਿਸੇ ਦਾ ਪਰਮੇਸ਼ੁਰ ਦੁਆਰਾ ਉਪਯੋਗ ਕੀਤਾ ਜਾਂਦਾ ਹੈ ਜਾਂ ਨਹੀਂ, ਜਾਂ ਉਹ ਕੋਈ ਨਬੀ, ਜਾਂ ਕੋਈ ਰਸੂਲ, ਜਾਂ ਖੁਦ ਪਰਮੇਸ਼ੁਰ ਹੈ ਜਾਂ ਨਹੀਂ, ਇਸ ਨੂੰ ਉਸ ਦੇ ਕੰਮ ਦੀ ਕਿਸਮ ਤੋਂ ਅਲੱਗ ਕੀਤਾ ਜਾ ਸਕਦਾ ਹੈ, ਅਤੇ ਇਹ ਤੇਰੇ ਸ਼ੰਕਿਆਂ ਦਾ ਅੰਤ ਕਰ ਦਏਗਾ। ਬਾਈਬਲ ਵਿੱਚ ਇਹ ਲਿੱਖਿਆ ਹੈ ਕਿ ਸਿਰਫ਼ ਲੇਲਾ ਹੀ ਸੱਤ ਮੋਹਰਾਂ ਨੂੰ ਤੋੜ ਸਕਦਾ ਹੈ, ਯੁਗਾਂ ਦੌਰਾਨ, ਉਨ੍ਹਾਂ ਮਹਾਨ ਵਿਅਕਤੀਆਂ ਦਰਮਿਆਨ ਪਵਿੱਤਰ ਲਿਖਤਾਂ ਦੇ ਕਈ ਵਿਆਖਿਆਕਾਰ ਹੋਏ ਹਨ, ਅਤੇ ਇਸ ਲਈ ਕੀ ਤੂੰ ਕਹਿ ਸਕਦਾ ਹੈਂ ਕਿ ਉਹ ਸਭ ਲੇਲੇ ਹਨ? ਕੀ ਤੂੰ ਕਹਿ ਸਕਦਾ ਹੈਂ ਕਿ ਉਨ੍ਹਾਂ ਦੀਆਂ ਸਾਰੀਆਂ ਵਿਆਖਿਆਵਾਂ ਪਰਮੇਸ਼ੁਰ ਤੋਂ ਆਈਆਂ ਹਨ? ਉਹ ਤਾਂ ਸਿਰਫ਼ ਵਿਆਖਿਆਕਾਰ ਹਨ; ਉਨ੍ਹਾਂ ਕੋਲ ਲੇਲੇ ਦੀ ਪਛਾਣ ਨਹੀਂ ਹੈ। ਉਹ ਕਿਵੇਂ ਸੱਤ ਮੋਹਰਾਂ ਨੂੰ ਤੋੜਨ ਦੇ ਯੋਗ ਹੋ ਸਕਦੇ ਹਨ? ਇਹ ਸੱਚ ਹੈ ਕਿ “ਸਿਰਫ਼ ਲੇਲਾ ਹੀ ਸੱਤ ਮੋਹਰਾਂ ਨੂੰ ਤੋੜ ਸਕਦਾ ਹੈ,” ਪਰ ਉਹ ਸਿਰਫ਼ ਸੱਤ ਮੋਹਰਾਂ ਨੂੰ ਤੋੜਨ ਲਈ ਨਹੀਂ ਆਉਂਦਾ ਹੈ, ਇਸ ਕੰਮ ਦੀ ਕੋਈ ਜ਼ਰੂਰਤ ਨਹੀਂ ਹੈ, ਇਹ ਸਬੱਬੀਂ ਹੁੰਦਾ ਹੈ। ਉਹ ਆਪਣੇ ਖੁਦ ਦੇ ਕੰਮ ਬਾਰੇ ਬਿਲਕੁਲ ਸਪਸ਼ਟ ਹੈ; ਕੀ ਪਵਿੱਤਰ ਲਿਖਤਾਂ ਦੀ ਵਿਆਖਿਆ ਕਰਨ ਵਿੱਚ ਬਹੁਤਾ ਸਮਾਂ ਬਿਤਾਉਣਾ ਉਸ ਦੇ ਲਈ ਜ਼ਰੂਰੀ ਹੈ? ਕੀ “ਪਵਿੱਤਰ ਲਿਖਤਾਂ ਦੀ ਵਿਆਖਿਆ ਕਰਦੇ ਹੋਏ ਲੇਲੇ ਦੇ ਯੁਗ” ਨੂੰ ਛੇ ਹਜ਼ਾਰ ਸਾਲਾਂ ਦੇ ਕੰਮ ਵਿੱਚ ਜੋੜਨਾ ਪਵੇਗਾ? ਉਹ ਨਵਾਂ ਕੰਮ ਕਰਨ ਲਈ ਆਉਂਦਾ ਹੈ, ਪਰ ਉਹ, ਲੋਕਾਂ ਨੂੰ ਛੇ ਹਜ਼ਾਰ ਸਾਲ ਦੇ ਕੰਮ ਦੀ ਸੱਚਾਈ ਨੂੰ ਸਮਝਾਉਂਦੇ ਹੋਏ, ਬੀਤੇ ਸਮਿਆਂ ਦੇ ਕੰਮ ਬਾਰੇ ਵੀ ਕੁਝ ਪ੍ਰਕਾਸ਼ਨ ਮੁਹੱਈਆ ਕਰਦਾ ਹੈ। ਬਾਈਬਲ ਦੇ ਬਹੁਤ ਸਾਰੇ ਅੰਸ਼ਾਂ ਦੀ ਵਿਆਖਿਆ ਕਰਨ ਦੀ ਜ਼ਰੂਰਤ ਨਹੀਂ ਹੈ; ਇਹ ਅੱਜ ਦਾ ਕੰਮ ਹੈ ਜੋ ਮੁੱਖ ਹੈ, ਜੋ ਮਹੱਤਵਪੂਰਣ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਵਿਸ਼ੇਸ਼ ਤੌਰ ’ਤੇ ਸੱਤ ਮੋਹਰਾਂ ਤੋੜਨ ਲਈ ਨਹੀਂ ਆਉਂਦਾ ਹੈ, ਸਗੋਂ ਮੁਕਤੀ ਦਾ ਕੰਮ ਕਰਨ ਲਈ ਆਉਂਦਾ ਹੈ।

ਤੂੰ ਸਿਰਫ਼ ਇਹ ਜਾਣਦਾ ਹੈਂ ਕਿ ਯਿਸੂ ਅੰਤ ਦੇ ਦਿਨਾਂ ਦੌਰਾਨ ਉਤਰੇਗਾ, ਪਰ ਅਸਲ ਵਿੱਚ ਉਹ ਕਿਵੇਂ ਉਤਰੇਗਾ? ਤੇਰੇ ਵਰਗਾ ਪਾਪੀ, ਜਿਸ ਨੂੰ ਪਰਮੇਸ਼ੁਰ ਦੁਆਰਾ ਹੁਣੇ ਹੀ ਛੁਡਾਇਆ ਗਿਆ ਹੈ, ਅਤੇ ਜੋ ਬਦਲਿਆ ਨਹੀਂ ਗਿਆ ਹੈ, ਜਾਂ ਪਰਮੇਸ਼ੁਰ ਦੁਆਰਾ ਸੰਪੂਰਣ ਨਹੀਂ ਕੀਤਾ ਗਿਆ ਹੈ, ਕੀ ਤੂੰ ਪਰਮੇਸ਼ੁਰ ਦੇ ਮਨ ਦੇ ਅਨੁਸਾਰ ਹੋ ਸਕਦਾ ਹੈਂ? ਤੇਰੇ ਲਈ, ਤੂੰ ਜੋ ਅਜੇ ਵੀ ਆਪਣੀ ਪੁਰਾਣੀ ਹਉਮੇ ਵਾਲਾ ਹੈਂ, ਇਹ ਸੱਚ ਹੈ ਕਿ ਤੈਨੂੰ ਯਿਸੂ ਦੁਆਰਾ ਬਚਾਇਆ ਗਿਆ ਸੀ, ਅਤੇ ਇਹ ਵੀ ਕਿ ਪਰਮੇਸ਼ੁਰ ਦੁਆਰਾ ਮੁਕਤੀ ਦੀ ਵਜ੍ਹਾ ਨਾਲ ਤੈਨੂੰ ਪਾਪੀ ਦੇ ਰੂਪ ਵਿੱਚ ਨਹੀਂ ਗਿਣਿਆ ਜਾਂਦਾ, ਪਰ ਇਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਤੂੰ ਪਾਪਪੂਰਣ ਨਹੀਂ ਹੈਂ, ਅਤੇ ਅਸ਼ੁੱਧ ਨਹੀਂ ਹੈਂ। ਜੇ ਤੈਨੂੰ ਬਦਲਿਆ ਨਹੀਂ ਗਿਆ ਹੈ ਤਾਂ ਤੂੰ ਸੰਤ ਵਰਗਾ ਕਿਵੇਂ ਹੋ ਸਕਦਾ ਹੈਂ? ਅੰਦਰੋਂ, ਤੂੰ ਅਸ਼ੁੱਧਤਾ ਨਾਲ ਘਿਰਿਆ ਹੋਇਆ ਹੈਂ, ਸਵਾਰਥੀ ਅਤੇ ਨੀਚ ਹੈਂ, ਪਰ ਤਾਂ ਵੀ ਤੂੰ ਯਿਸੂ ਨਾਲ ਉਤਰਨਾ ਚਾਹੁੰਦਾ ਹੈਂ—ਤੇਰੇ ਨਾਲ ਅਜਿਹਾ ਹੋਣ ਦੀ ਬਿਲਕੁਲ ਸੰਭਾਵਨਾ ਨਹੀਂ ਹੈ! ਤੂੰ ਪਰਮੇਸ਼ੁਰ ਵਿੱਚ ਆਪਣੀ ਨਿਹਚਾ ਵਿੱਚ ਇੱਕ ਕਦਮ ਖੁੰਝਾ ਲਿਆ ਹੈ: ਤੈਨੂੰ ਸਿਰਫ਼ ਛੁਟਕਾਰਾ ਦਿੱਤਾ ਗਿਆ ਹੈ, ਪਰ ਬਦਲਿਆ ਨਹੀਂ ਗਿਆ ਹੈ। ਤੈਨੂੰ ਪਰਮੇਸ਼ੁਰ ਦੇ ਮਨ ਦੇ ਅਨੁਸਾਰ ਹੋਣ ਲਈ, ਪਰਮੇਸ਼ੁਰ ਨੂੰ ਖੁਦ ਤੈਨੂੰ ਬਦਲਣ ਅਤੇ ਸ਼ੁੱਧ ਕਰਨ ਦਾ ਕੰਮ ਕਰਨਾ ਹੋਏਗਾ; ਜੇ ਤੈਨੂੰ ਸਿਰਫ਼ ਛੁਟਕਾਰਾ ਹੀ ਦਿੱਤਾ ਗਿਆ ਹੈ, ਤਾਂ ਤੂੰ ਪਵਿੱਤਰਤਾ ਪ੍ਰਾਪਤ ਕਰਨ ਦੇ ਅਸਮਰਥ ਹੋਏਂਗਾ। ਇਸ ਤਰ੍ਹਾਂ ਨਾਲ ਤੂੰ ਪਰਮੇਸ਼ੁਰ ਦੀਆਂ ਚੰਗੀਆਂ ਬਰਕਤਾਂ ਸਾਂਝੀਆਂ ਕਰਨ ਦੇ ਅਯੋਗ ਹੋਏਂਗਾ, ਕਿਉਂਕਿ ਤੂੰ ਮਨੁੱਖ ਦੇ ਪ੍ਰਬੰਧਨ ਦੇ ਪਰਮੇਸ਼ੁਰ ਦੇ ਕੰਮ ਦਾ ਇੱਕ ਕਦਮ ਖੁੰਝਾ ਲਿਆ ਹੈ, ਜੋ ਕਿ ਬਦਲਣ ਅਤੇ ਸੰਪੂਰਣ ਬਣਾਏ ਜਾਣ ਦਾ ਮੁੱਖ ਕਦਮ ਹੈ। ਇਸ ਲਈ ਤੂੰ, ਇੱਕ ਪਾਪੀ ਜਿਸ ਨੂੰ ਹੁਣੇ-ਹੁਣੇ ਛੁਟਕਾਰਾ ਦਿੱਤਾ ਗਿਆ ਹੈ, ਪਰਮੇਸ਼ੁਰ ਦੀ ਵਿਰਾਸਤ ਨੂੰਸਿੱਧੇ ਤੌਰ ’ਤੇ ਵਿਰਸੇ ਦੇ ਰੂਪ ਵਿੱਚ ਪਾਉਣ ਤੋਂ ਅਸਮਰਥ ਹੈਂ।

ਕੰਮ ਦੇ ਇਸ ਨਵੇਂ ਪੜਾਅ ਦੀ ਸ਼ੁਰੂਆਤ ਤੋਂ ਬਿਨਾਂ, ਕੌਣ ਜਾਣਦਾ ਹੈ ਕਿ ਤੁਸੀਂ ਜੋ ਕਿ ਪਰਚਾਰਕ, ਉਪਦੇਸ਼ਕ, ਵਿਆਖਿਆਕਾਰ ਅਤੇ ਕਥਿਤ ਮਹਾਨ ਅਧਿਆਤਮਕ ਮਨੁੱਖ ਹੋ ਕਿੰਨੀ ਦੂਰ ਤਕ ਜਾਂਦੇ! ਕੰਮ ਦੇ ਇਸ ਨਵੇਂ ਪੜਾਅ ਦੀ ਸ਼ੁਰੂਆਤ ਬਿਨਾਂ, ਤੁਸੀਂ ਜਿਸ ਬਾਰੇ ਗੱਲ ਕਰਦੇ ਹੋ ਪੁਰਾਣਾ ਹੋ ਜਾਂਦਾ! ਇਹ ਜਾਂ ਤਾਂ ਸਿੰਘਾਸਣ ’ਤੇ ਬੈਠਣਾ ਹੈ, ਜਾਂ ਇੱਕ ਰਾਜਾ ਬਣਨ ਦਾ ਰੁਤਬਾ ਤਿਆਰ ਕਰਨਾ ਹੈ; ਜਾਂ ਤਾਂ ਖੁਦ ਨੂੰ ਨਕਾਰਨਾ ਜਾਂ ਆਪਣੇ ਸਰੀਰ ਨੂੰ ਵੱਸ ਵਿੱਚ ਕਰਨਾ ਹੈ; ਜਾਂ ਤਾਂ ਧੀਰਜਵਾਨ ਹੋਣਾ ਜਾਂ ਸਾਰੀਆਂ ਚੀਜ਼ਾਂ ਤੋਂ ਸਬਕ ਲੈਣਾ ਹੈ; ਜਾਂ ਤਾਂ ਨਿਮਰਤਾ ਹੈ ਜਾਂ ਪਿਆਰ। ਕੀ ਇਹ ਉਹੀ ਪੁਰਾਣਾ ਰਾਗ ਅਲਾਪਣ ਵਾਂਗ ਨਹੀਂ ਹੈ? ਇਹ ਇੱਕੋ ਚੀਜ਼ ਨੂੰ ਵੱਖਰੇ ਨਾਂਅ ਨਾਲ ਸੱਦਣ ਦਾ ਮਾਮਲਾ ਹੈ! ਜਾਂ ਤਾਂ ਆਪਣੇ ਸਿਰ ਨੂੰ ਢੱਕਣਾ ਅਤੇ ਰੋਟੀ ਤੋੜਨਾ, ਜਾਂ ਹੱਥ ਰੱਖਣਾ ਅਤੇ ਪ੍ਰਾਰਥਨਾ ਕਰਨਾ, ਅਤੇ ਬੀਮਾਰਾਂ ਨੂੰ ਚੰਗਾ ਕਰਨਾ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਣਾ। ਕੀ ਕੋਈ ਨਵਾਂ ਕੰਮ ਹੋ ਸਕਦਾ ਹੈ? ਕੀ ਵਿਕਾਸ ਦੀ ਕੋਈ ਸੰਭਾਵਨਾ ਹੋ ਸਕਦੀ ਹੈ? ਜੇ ਤੂੰ ਇਸੇ ਤਰ੍ਹਾਂ ਅਗਵਾਈ ਕਰਨੀ ਜਾਰੀ ਰੱਖਦਾ ਹੈਂ, ਤਾਂ ਤੂੰ ਅੱਖਾਂ ਮੀਟ ਕੇ ਸਿੱਖਿਆ ਦੇ ਪਿੱਛੇ ਚੱਲੇਂਗਾ, ਜਾਂ ਰਵਾਇਤ ਦੀ ਪਾਲਣਾ ਕਰੇਂਗਾ। ਤੁਸੀਂ ਆਪਣੇ ਕੰਮ ਨੂੰ ਬਹੁਤ ਉੱਤਮ ਮੰਨਦੇ ਹੋ, ਪਰ ਕੀ ਤੁਸੀਂ ਲੋਕ ਨਹੀਂ ਜਾਣਦੇ ਹੋ ਕਿ ਇਹ ਪ੍ਰਾਚੀਨ ਸਮਿਆਂ ਦੇ ਉਨ੍ਹਾਂ “ਬਜ਼ੁਰਗਾਂ” ਦੁਆਰਾ ਅੱਗੇ ਵਧਾਇਆ ਅਤੇ ਸਿਖਾਇਆ ਗਿਆ ਸੀ? ਕੀ ਉਹ ਸਭ ਜੋ ਤੁਸੀਂ ਕਹਿੰਦੇ ਅਤੇ ਕਰਦੇ ਹੋ ਉਨ੍ਹਾਂ ਬਜ਼ੁਰਗਾਂ ਦੇ ਅੰਤਮ ਵਚਨ ਨਹੀਂ ਹਨ? ਕੀ ਇਹ ਉਨ੍ਹਾਂ ਬਜ਼ੁਰਗਾਂ ਦੇ ਗੁਜ਼ਰ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਸੀ? ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੰਮ ਅਤੀਤ ਦੀਆਂ ਪੀੜ੍ਹੀਆਂ ਦੇ ਰਸੂਲਾਂ ਅਤੇ ਨਬੀਆਂ ਨੂੰ ਪਛਾੜਦੇ ਹਨ, ਅਤੇ ਇੱਥੋਂ ਤਕ ਕਿ ਸਾਰੀਆਂ ਚੀਜ਼ਾਂ ਨੂੰ ਪਛਾੜਦੇ ਹਨ? ਕੰਮ ਦੇ ਇਸ ਪੜਾਅ ਦੀ ਸ਼ੁਰੂਆਤ ਨੇ ਵਿਟਨੈਸ ਲੀ ਦੇ ਰਾਜਾ ਬਣਨ ਅਤੇ ਸਿੰਘਾਸਣ ’ਤੇ ਬਿਰਾਜਮਾਨ ਹੋਣ ਦੀ ਕੋਸ਼ਿਸ਼ ਦੇ ਕੰਮ ਲਈ ਤੁਹਾਡੀ ਸ਼ਲਾਘਾ ਨੂੰ ਖਤਮ ਕਰ ਦਿੱਤਾ ਹੈ, ਅਤੇ ਇਸ ਨੇ ਤੁਹਾਡੇ ਘਮੰਡ ਅਤੇ ਸ਼ੇਖੀ ਨੂੰ ਰੋਕ ਦਿੱਤਾ ਹੈ, ਤਾਂ ਕਿ ਤੁਸੀਂ ਕੰਮ ਦੇ ਇਸ ਪੜਾਅ ਵਿੱਚ ਦਖ਼ਲ ਨਾ ਦੇ ਸਕੋ। ਕੰਮ ਦੇ ਇਸ ਪੜਾਅ ਤੋਂ ਬਿਨਾਂ, ਤੁਸੀਂ ਹੋਰ ਜ਼ਿਆਦਾ ਗਹਿਰਾਈ ਵਿੱਚ ਧੱਸ ਜਾਂਦੇ ਕਿ ਛੁਟਕਾਰਾ ਮਿਲਣ ਯੋਗ ਹੀ ਨਾ ਰਹਿੰਦੇ। ਤੁਹਾਡੇ ਦਰਮਿਆਨ ਬਹੁਤ ਕੁਝ ਹੈ ਜੋ ਪੁਰਾਣਾ ਹੈ! ਖੁਸ਼ਨਸੀਬੀ ਨਾਲ, ਅੱਜ ਦਾ ਕੰਮ ਤੁਹਾਨੂੰ ਵਾਪਸ ਲਿਆਇਆ ਹੈ; ਨਹੀਂ ਤਾਂ, ਕਿਸ ਨੂੰ ਪਤਾ ਤੁਸੀਂ ਕਿਸ ਦਿਸ਼ਾ ਵਿੱਚ ਜਾਂਦੇ! ਕਿਉਂਕਿ ਪਰਮੇਸ਼ੁਰ ਅਜਿਹਾ ਪਰਮੇਸ਼ੁਰ ਹੈ ਜੋ ਹਮੇਸ਼ਾਂ ਤੋਂ ਨਵਾਂ ਹੈ ਅਤੇ ਕਦੇ ਪੁਰਾਣਾ ਨਹੀਂ ਹੁੰਦਾ ਹੈ, ਇਸ ਲਈ ਕਿਉਂ ਤੁਸੀਂ ਨਵੀਆਂ ਚੀਜ਼ਾਂ ਨੂੰ ਤਲਾਸ਼ ਨਹੀਂ ਕਰਦੇ? ਕਿਉਂ ਤੁਸੀਂ ਹਮੇਸ਼ਾਂ ਪੁਰਾਣੀਆਂ ਚੀਜ਼ਾਂ ਨਾਲ ਚਿਪਕੇ ਰਹਿੰਦੇ ਹੋ? ਅਤੇ ਇਸ ਲਈ, ਅੱਜ ਪਵਿੱਤਰ ਆਤਮਾ ਦੇ ਕੰਮ ਨੂੰ ਜਾਣਨਾ ਬੇਹੱਦ ਮਹੱਤਵਪੂਰਣ ਹੈ!

ਪਿਛਲਾ: ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਮੁੱਚੀ ਮਨੁੱਖਤਾ ਅੱਜ ਦੇ ਦਿਨ ਤੱਕ ਕਿਵੇਂ ਵਿਕਸਿਤ ਹੋਈ ਹੈ

ਅਗਲਾ: ਸਿਰਫ਼ ਸਿੱਧ ਬਣਾਏ ਲੋਕ ਹੀ ਇੱਕ ਸਾਰਥਕ ਜੀਵਨ ਜੀਅ ਸਕਦੇ ਹਨ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ