ਸਿਰਫ਼ ਸਿੱਧ ਬਣਾਏ ਲੋਕ ਹੀ ਇੱਕ ਸਾਰਥਕ ਜੀਵਨ ਜੀਅ ਸਕਦੇ ਹਨ

ਅਸਲ ਵਿੱਚ, ਇਸ ਵੇਲੇ ਕੀਤੇ ਜਾ ਰਹੇ ਕੰਮ ਦਾ ਮਕਸਦ ਇਹ ਹੈ ਕਿ ਲੋਕ ਆਪਣੇ ਪੁਰਾਣੇ ਪੁਰਖੇ ਸ਼ਤਾਨ ਨੂੰ ਤਿਆਗ ਦੇਣ। ਵਚਨ ਦੁਆਰਾ ਸਾਰੇ ਨਿਆਂਵਾਂ ਦਾ ਉਦੇਸ਼ ਮਨੁੱਖਤਾ ਦੇ ਭ੍ਰਿਸ਼ਟ ਸੁਭਾਅ ਨੂੰ ਉਜਾਗਰ ਕਰਨਾ ਅਤੇ ਲੋਕਾਂ ਨੂੰ ਜੀਵਨ ਦੇ ਨਿਚੋੜ ਨੂੰ ਸਮਝਣ ਦੇ ਯੋਗ ਬਣਾਉਣਾ ਹੈ। ਇਹ ਬਾਰ-ਬਾਰ ਹੋਣ ਵਾਲੇ ਨਿਆਂ ਲੋਕਾਂ ਦੇ ਦਿਲਾਂ ਨੂੰ ਵਿੰਨ੍ਹਦੇ ਹਨ। ਹਰੇਕ ਨਿਆਂ ਦਾ ਸਿੱਧਾ ਸਬੰਧ ਉਹਨਾਂ ਦੀ ਕਿਸਮਤ ਨਾਲ ਹੁੰਦਾ ਹੈ ਅਤੇ ਇਸ ਦਾ ਉਦੇਸ਼ ਉਹਨਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣਾ ਹੁੰਦਾ ਹੈ ਤਾਂ ਜੋ ਉਹ ਉਹਨਾਂ ਸਾਰੀਆਂ ਚੀਜ਼ਾਂ ´ਤੇ ਪਕੜ ਢਿੱਲੀ ਕਰ ਸਕਣ ਅਤੇ ਇੰਝ ਜੀਵਨ ਨੂੰ ਜਾਣ ਸਕਣ, ਇਸ ਮਲੀਨ ਦੁਨੀਆਂ ਨੂੰ ਜਾਣ ਸਕਣ, ਪਰਮੇਸ਼ੁਰ ਦੀ ਸਿਆਣਪ ਅਤੇ ਸਰਬ ਸ਼ਕਤੀਮਾਨਤਾ ਨੂੰ ਜਾਣ ਸਕਣ, ਅਤੇ ਮਨੁੱਖਜਾਤੀ ਨੂੰ ਵੀ ਜਾਣ ਸਕਣ, ਜੋ ਕਿ ਸ਼ਤਾਨ ਦੁਆਰਾ ਭ੍ਰਿਸ਼ਟ ਹੋ ਚੁੱਕੀ ਹੈ। ਮਨੁੱਖ ਨੂੰ ਇਸ ਤਰ੍ਹਾਂ ਦੀ ਤਾੜਨਾ ਅਤੇ ਨਿਆਂ ਜਿੰਨੇ ਵੱਧ ਮਿਲਦੇ ਹਨ, ਮਨੁੱਖ ਦੇ ਮਨ ਨੂੰ ਓਨੀ ਹੀ ਵੱਧ ਠੇਸ ਪਹੁੰਚ ਸਕਦੀ ਹੈ ਅਤੇ ਉਸਦੀ ਆਤਮਾ ਓਨੀ ਹੀ ਵੱਧ ਜਾਗ ਸਕਦੀ ਹੈ। ਅਤਿਅੰਤ ਭ੍ਰਿਸ਼ਟ ਹੋ ਚੁੱਕੇ ਅਤੇ ਬੇਹੱਦ ਭਾਰੀ ਧੋਖਾ ਖਾ ਚੁੱਕੇ ਇਹਨਾਂ ਲੋਕਾਂ ਦੀਆਂ ਆਤਮਾਵਾਂ ਨੂੰ ਜਗਾਉਣਾ ਹੀ ਇਸ ਕਿਸਮ ਦੇ ਨਿਆਂ ਦਾ ਟੀਚਾ ਹੈ। ਮਨੁੱਖ ਕੋਲ ਕੋਈ ਆਤਮਾ ਨਹੀਂ ਹੈ, ਭਾਵ, ਉਸਦੀ ਆਤਮਾ ਬਹੁਤ ਚਿਰ ਪਹਿਲਾਂ ਮਰ ਗਈ ਸੀ ਅਤੇ ਉਹ ਨਹੀਂ ਜਾਣਦਾ ਕਿ ਕੋਈ ਸਵਰਗ ਹੈ, ਇਹ ਨਹੀਂ ਜਾਣਦਾ ਕਿ ਇੱਕ ਪਰਮੇਸ਼ੁਰ ਹੈ, ਅਤੇ ਯਕੀਨਨ ਇਹ ਨਹੀਂ ਜਾਣਦਾ ਕਿ ਉਹ ਮੌਤ ਦੇ ਅਥਾਹ-ਕੁੰਡ ਵਿੱਚ ਸੰਘਰਸ਼ ਕਰ ਰਿਹਾ ਹੈ; ਉਹ ਖਬਰੇ ਕਿਵੇਂ ਜਾਣ ਸਕਦਾ ਸੀ ਕਿ ਉਹ ਧਰਤੀ ਉੱਤੇ ਇਸ ਦੁਸ਼ਟ ਨਰਕ ਵਿੱਚ ਜੀਅ ਰਿਹਾ ਹੈ? ਉਹ ਖਬਰੇ ਕਿਵੇਂ ਜਾਣ ਸਕਦਾ ਸੀ ਕਿ ਸ਼ੈਤਾਨ ਦੀ ਭ੍ਰਿਸ਼ਟਤਾ ਦੁਆਰਾ, ਉਸਦਾ ਇਹ ਗਲਿਆ-ਸੜਿਆ ਮਿਰਤਕ ਸਰੀਰ ਮੌਤ ਦੇ ਪਤਾਲ ਵਿੱਚ ਡਿੱਗ ਗਿਆ ਹੈ? ਉਹ ਖਬਰੇ ਕਿਵੇਂ ਜਾਣ ਸਕਦਾ ਸੀ ਕਿ ਧਰਤੀ ਉੱਤੇ ਹਰ ਚੀਜ਼ ਦਾ ਬਹੁਤ ਚਿਰ ਪਹਿਲਾਂ ਹੀ ਮਨੁੱਖਜਾਤੀ ਦੁਆਰਾ ਐਨਾ ਨਾਸ ਹੋ ਚੁੱਕਾ ਹੈ ਕਿ ਉਸ ਨੂੰ ਸੰਵਾਰਨਾ ਅਸੰਭਵ ਹੈ? ਅਤੇ ਖਬਰੇ ਉਹ ਕਿਵੇਂ ਜਾਣ ਸਕਦਾ ਸੀ ਕਿ ਸਿਰਜਣਹਾਰ ਅੱਜ ਧਰਤੀ ਉੱਤੇ ਆਇਆ ਹੈ ਅਤੇ ਅਜਿਹੇ ਭ੍ਰਿਸ਼ਟ ਲੋਕਾਂ ਦੇ ਦਲ ਨੂੰ ਲੱਭ ਰਿਹਾ ਹੈ ਜਿਸ ਨੂੰ ਉਹ ਬਚਾ ਸਕਦਾ ਹੈ? ਮਨੁੱਖ ਦੁਆਰਾ ਹਰ ਸੰਭਵ ਤਰੀਕੇ ਨਾਲ ਤਾਏ ਜਾਣ ਅਤੇ ਨਿਆਂ ਦਾ ਅਨੁਭਵ ਕਰਨ ਤੋਂ ਬਾਅਦ ਵੀ, ਉਸ ਦੀ ਮੂਰਖ ਸੋਝੀ ਵਿੱਚ ਅਜੇ ਵੀ ਮਸਾਂ ਹੀ ਹਰਕਤ ਹੁੰਦੀ ਹੈ ਅਤੇ ਅਸਲ ਵਿੱਚ ਉਸ ´ਤੇ ਲਗਭਗ ਕੋਈ ਅਸਰ ਹੀ ਨਹੀਂ ਹੁੰਦਾ। ਮਨੁੱਖਤਾ ਕਿੰਨੀ ਪਤਿਤ ਹੈ! ਅਤੇ ਹਾਲਾਂਕਿ ਇਸ ਕਿਸਮ ਦਾ ਨਿਆਂ ਅਸਮਾਨ ਤੋਂ ਡਿੱਗਣ ਵਾਲੇ ਬੇਰਹਿਮ ਗੜਿਆਂ ਵਰਗਾ ਹੁੰਦਾ ਹੈ, ਇਸਦਾ ਮਨੁੱਖ ਨੂੰ ਸਭ ਤੋਂ ਵੱਧ ਫ਼ਾਇਦਾ ਹੁੰਦਾ ਹੈ। ਜੇ ਇਸ ਤਰ੍ਹਾਂ ਨਾਲ ਲੋਕਾਂ ਦਾ ਨਿਆਂ ਨਹੀਂ ਕੀਤਾ ਜਾਂਦਾ, ਤਾਂ ਕੋਈ ਨਤੀਜਾ ਨਹੀਂ ਮਿਲੇਗਾ ਅਤੇ ਲੋਕਾਂ ਨੂੰ ਦੁੱਖਾਂ ਦੇ ਇਸ ਅਥਾਹ ਕੁੰਡ ਤੋਂ ਬਚਾਉਣਾ ਬਿਲਕੁਲ ਅਸੰਭਵ ਹੋਵੇਗਾ। ਜੇ ਇਹ ਕੰਮ ਨਹੀਂ ਕੀਤਾ ਜਾਂਦਾ, ਤਾਂ ਲੋਕਾਂ ਲਈ ਪਤਾਲ ਤੋਂ ਬਾਹਰ ਨਿਕਲਣਾ ਬਹੁਤ ਔਖਾ ਹੋਵੇਗਾ, ਕਿਉਂਕਿ ਉਹਨਾਂ ਦੇ ਮਨ ਬਹੁਤ ਚਿਰ ਪਹਿਲਾਂ ਹੀ ਮਰ ਚੁੱਕੇ ਹਨ ਅਤੇ ਉਹਨਾਂ ਦੀਆਂ ਆਤਮਾਵਾਂ ਬਹੁਤ ਚਿਰ ਪਹਿਲਾਂ ਹੀ ਸ਼ਤਾਨ ਦੁਆਰਾ ਮਿੱਧੀਆਂ ਜਾ ਚੁੱਕੀਆਂ ਹਨ। ਤੁਹਾਨੂੰ ਜੋ ਪਤਨ ਦੀਆਂ ਅੱਤ ਡੂੰਘੀਆਂ ਗਹਿਰਾਈਆਂ ਵਿੱਚ ਧੱਸ ਚੁੱਕੇ ਹੋ, ਬਚਾਉਣ ਲਈ ਜ਼ੋਰ ਨਾਲ ਚੀਕਾਂ ਮਾਰ ਕੇ ਬੁਲਾਉਣ, ਤੁਹਾਡਾ ਸਖਤ ਰੂਪ ਵਿੱਚ ਨਿਆਂ ਕਰਨ ਦੀ ਲੋੜ ਹੈ; ਸਿਰਫ਼ ਤਾਂ ਹੀ ਤੁਹਾਡੇ ਬਰਫ਼ ਵਾਂਗ ਜੰਮ ਚੁੱਕੇ ਮਨਾਂ ਨੂੰ ਜਗਾਉਣਾ ਸੰਭਵ ਹੋਵੇਗਾ।

ਤੁਹਾਡਾ ਸਰੀਰ, ਤੁਹਾਡੀਆਂ ਫ਼ਜ਼ੂਲ ਇੱਛਾਵਾਂ, ਤੁਹਾਡਾ ਲਾਲਚ, ਅਤੇ ਤੁਹਾਡੀ ਵਾਸਨਾ ਤੁਹਾਡੇ ਅੰਦਰ ਡੂੰਘੀ ਜੜ੍ਹ ਫੜ ਚੁੱਕੇ ਹਨ। ਇਹ ਤੁਹਾਡੇ ਮਨਾਂ ਨੂੰ ਲਗਾਤਾਰ ਐਨਾ ਨਿਯੰਤਰਿਤ ਕਰ ਰਹੇ ਹਨ ਕਿ ਤੁਸੀਂ ਉਹਨਾਂ ਜਗੀਰੂ (ਪੁਰਾਤਨ) ਅਤੇ ਪਤਿਤ ਸੋਚਾਂ ਦੇ ਜੂਲੇ ਨੂੰ ਲਾਹ ਕੇ ਸੁੱਟਣ ਵਿੱਚ ਬੇਵੱਸ ਹੋ। ਤੁਸੀਂ ਨਾ ਤਾਂ ਆਪਣੀ ਮੌਜੂਦਾ ਸਥਿਤੀ ਨੂੰ ਬਦਲਣ ਲਈ, ਅਤੇ ਨਾ ਹੀ ਹਨੇਰੇ ਦੇ ਅਸਰ ਤੋਂ ਬਚਣ ਲਈ ਤਰਸਦੇ ਹੋ। ਤੁਸੀਂ ਬਸ ਉਹਨਾਂ ਹੀ ਚੀਜ਼ਾਂ ਨਾਲ ਬੰਨ੍ਹੇ ਹੋਏ ਹੋ। ਭਾਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਜੀਵਨ ਬਹੁਤ ਦੁਖਦਾਈ ਹੈ ਅਤੇ ਮਨੁੱਖਾਂ ਦੀ ਇਹ ਦੁਨੀਆਂ ਐਨੀ ਹਨੇਰੇ ਭਰੀ ਹੈ, ਫੇਰ ਵੀ, ਤੁਹਾਡੇ ਵਿੱਚੋਂ ਕਿਸੇ ਵਿੱਚ ਵੀ ਆਪਣੇ ਜੀਵਨ ਨੂੰ ਬਦਲਣ ਦੀ ਹਿੰਮਤ ਨਹੀਂ ਹੈ। ਤੁਸੀਂ ਸਿਰਫ਼ ਇਸ ਜੀਵਨ ਦੀਆਂ ਹਕੀਕਤਾਂ ਤੋਂ ਬਚਣ, ਆਤਮਾ ਦੀ ਉੱਚਤਾ ਪ੍ਰਾਪਤ ਕਰਨ, ਅਤੇ ਇੱਕ ਸ਼ਾਂਤ, ਖੁਸ਼, ਸਵਰਗ ਵਰਗੇ ਮਾਹੌਲ ਵਿੱਚ ਜੀਉਣ ਦੀ ਲਾਲਸਾ ਰੱਖਦੇ ਹੋ। ਤੁਸੀਂ ਆਪਣੇ ਵਰਤਮਾਨ ਜੀਵਨ ਨੂੰ ਬਦਲਣ ਵਾਸਤੇ ਮੁਸ਼ਕਲਾਂ ਸਹਿਣ ਲਈ ਇੱਛੁਕ ਨਹੀਂ ਹੋ; ਨਾ ਹੀ ਤੁਸੀਂ ਇਸ ਨਿਆਂ ਅਤੇ ਤਾੜਨਾ ਦੇ ਅੰਦਰ ਉਸ ਜੀਵਨ ਦੀ ਭਾਲ ਕਰਨ ਲਈ ਇੱਛੁਕ ਹੋ ਜਿਸ ਵਿੱਚ ਤੁਹਾਨੂੰ ਪ੍ਰਵੇਸ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਏ, ਤੁਸੀਂ ਸਰੀਰ ਤੋਂ ਪਾਰ ਸੁੰਦਰ ਸੰਸਾਰ ਬਾਰੇ ਪੂਰੀ ਤਰ੍ਹਾਂ ਨਾਲ ਕਾਲਪਨਿਕ ਸੁਫ਼ਨੇ ਦੇਖਦੇ ਹੋ। ਜਿਸ ਜੀਵਨ ਲਈ ਤੁਸੀਂ ਲਾਲਸਾ ਰੱਖਦੇ ਹੋ ਉਹ ਤੁਹਾਨੂੰ ਕੋਈ ਦਰਦ ਸਹੇ ਬਗੈਰ ਸਹਿਜੇ ਹੀ ਪ੍ਰਾਪਤ ਹੋ ਸਕਦਾ ਹੈ। ਜੋ ਕਿ ਪੂਰੀ ਤਰ੍ਹਾਂ ਨਾਲ ਕਾਲਪਨਿਕ ਹੈ! ਕਿਉਂਕਿ ਤੁਸੀਂ ਜਿਸ ਦੀ ਉਮੀਦ ਕਰਦੇ ਹੋ ਉਹ ਸਰੀਰ ਵਿੱਚ ਇੱਕ ਸਾਰਥਕ ਜੀਵਨ ਜੀਉਣਾ ਅਤੇ ਜੀਵਨ ਦੇ ਦੌਰਾਨ ਸੱਚਾਈ ਪ੍ਰਾਪਤ ਕਰਨਾ, ਭਾਵ, ਸੱਚਾਈ ਲਈ ਜੀਉਣਾ ਅਤੇ ਨਿਆਂ ਲਈ ਖੜ੍ਹੇ ਹੋਣਾ ਨਹੀਂ ਹੈ। ਇਹ ਉਹ ਨਹੀਂ ਜਿਸ ਨੂੰ ਤੁਸੀਂ ਉੱਜਲ, ਚਕਾਚੌਂਧ ਵਾਲਾ ਜੀਵਨ ਮੰਨੋਗੇ। ਤੁਹਾਨੂੰ ਜਾਪਦਾ ਹੈ ਕਿ ਇਹ ਕੋਈ ਠਾਠਦਾਰ ਜਾਂ ਸਾਰਥਕ ਜੀਵਨ ਨਹੀਂ ਹੋਵੇਗਾ। ਤੁਹਾਡੀਆਂ ਨਜ਼ਰਾਂ ਵਿੱਚ, ਅਜਿਹੇ ਜੀਵਨ ਨੂੰ ਜੀਉਣਾ ਅਨਿਆਂ ਵਰਗਾ ਮਹਿਸੂਸ ਹੋਵੇਗਾ! ਭਾਵੇਂ ਤੁਸੀਂ ਅੱਜ ਇਸ ਤਾੜਨਾ ਨੂੰ ਸਵੀਕਾਰ ਕਰਦੇ ਹੋ, ਫੇਰ ਵੀ ਜਿਸ ਦੀ ਤੁਸੀਂ ਪੈਰਵੀ ਕਰ ਰਹੋ ਹੋ ਉਹ ਸੱਚਾਈ ਪ੍ਰਾਪਤ ਕਰਨ ਜਾਂ ਵਰਤਮਾਨ ਵਿੱਚ ਸੱਚਾਈ ਨੂੰ ਜੀਉਣ ਲਈ ਨਹੀਂ, ਸਗੋਂ ਸਰੀਰ ਤੋਂ ਪਾਰ ਬਾਅਦ ਵਿੱਚ ਇੱਕ ਖੁਸ਼ਹਾਲ ਜੀਵਨ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੋਣ ਲਈ ਹੈ। ਤੁਸੀਂ ਸੱਚਾਈ ਦੀ ਭਾਲ ਨਹੀਂ ਕਰ ਰਹੇ, ਨਾ ਹੀ ਤੁਸੀਂ ਸੱਚਾਈ ਦੇ ਹੱਕ ਵਿੱਚ ਖੜ੍ਹੇ ਹੋ, ਅਤੇ ਯਕੀਨਨ ਤੁਹਾਡੀ ਹੋਂਦ ਸੱਚਾਈ ਲਈ ਨਹੀਂ ਹੈ। ਤੁਸੀਂ ਅੱਜ ਪ੍ਰਵੇਸ਼ ਦੀ ਪੈਰਵੀ ਨਹੀਂ ਕਰ ਰਹੇ ਹੋ, ਪਰ ਇਸ ਦੀ ਬਜਾਏ ਤੁਹਾਡੇ ਵਿਚਾਰ ਭਵਿੱਖ ਨਾਲ ਘਿਰੇ ਹੋਏ ਹਨ ਅਤੇ ਇਸ ਬਾਰੇ ਕਿ ਇੱਕ ਦਿਨ ਸ਼ਾਇਦ ਇੰਝ ਹੋ ਜਾਵੇ: ਤੁਸੀਂ ਨੀਲੇ ਅਸਮਾਨ ਵੱਲ ਵੇਖਦੇ ਹੋ, ਕੌੜੇ ਹੰਝੂ ਵਹਾਉਂਦੇ ਹੋ, ਅਤੇ ਕਿਸੇ ਦਿਨ ਸਵਰਗ ਵਿੱਚ ਲਿਜਾਏ ਜਾਣ ਦੀ ਉਮੀਦ ਕਰਦੇ ਹੋ। ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸੋਚਣ ਦਾ ਤਰੀਕਾ ਪਹਿਲਾਂ ਤੋਂ ਹੀ ਅਸਲੀਅਤ ਨਾਲ ਮੇਲ ਨਹੀਂ ਖਾਂਦਾ? ਤੁਸੀਂ ਇਹ ਸੋਚਦੇ ਰਹਿੰਦੇ ਹੋ ਕਿ ਬੇਅੰਤ ਦਿਆਲਗੀ ਅਤੇ ਰਹਿਮ ਦਾ ਮੁਕਤੀਦਾਤਾ ਨਿਰਸੰਦੇਹ ਇੱਕ ਦਿਨ ਤੁਹਾਨੂੰ ਆਪਣੇ ਨਾਲ ਲੈ ਜਾਵੇਗਾ, ਤੈਨੂੰ ਜਿਸਨੇ ਇਸ ਦੁਨੀਆਂ ਵਿੱਚ ਕਠਿਨਾਈਆਂ ਅਤੇ ਤਕਲੀਫਾਂ ਝੱਲੀਆਂ ਹਨ, ਅਤੇ ਉਹ ਤੇਰੇ ਲਈ ਜਚਵਾਂ ਬਦਲਾ ਲਵੇਗਾ ਜਿਸ ਨੂੰ ਪੀੜਤ ਕੀਤਾ ਅਤੇ ਸਤਾਇਆ ਗਿਆ ਹੈ। ਕੀ ਤੂੰ ਪਾਪ ਨਾਲ ਭਰਿਆ ਹੋਇਆ ਨਹੀਂ ਹੈ? ਕੀ ਸਿਰਫ਼ ਤੂੰ ਹੀ ਹੈਂ ਜਿਸਨੇ ਇਸ ਸੰਸਾਰ ਵਿੱਚ ਦੁਖ ਪਾਇਆ ਹੈ? ਤੂੰ ਆਪ ਸ਼ਤਾਨ ਦੇ ਖੇਤਰ ਵਿੱਚ ਡਿੱਗਿਆ ਹੈਂ ਅਤੇ ਦੁੱਖ ਪਾਇਆ ਹੈ—ਕੀ ਪਰਮੇਸ਼ੁਰ ਨੂੰ ਸੱਚਮੁੱਚ ਅਜੇ ਵੀ ਤੇਰੇ ਲਈ ਬਦਲਾ ਲੈਣ ਦੀ ਲੋੜ ਹੈ? ਜੋ ਲੋਕ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਦੇ ਅਯੋਗ ਹਨ—ਕੀ ਉਹ ਸਾਰੇ ਪਰਮੇਸ਼ੁਰ ਦੇ ਦੁਸ਼ਮਣ ਨਹੀਂ ਹਨ? ਜੋ ਲੋਕ ਦੇਹਧਾਰੀ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ—ਕੀ ਉਹ ਮਸੀਹ-ਵਿਰੋਧੀ ਨਹੀਂ ਹਨ? ਤੇਰੇ ਚੰਗੇ ਕਰਮ ਕਾਹਦੇ ਯੋਗ ਹਨ? ਕੀ ਉਹ ਅਜਿਹੇ ਮਨ ਦੀ ਜਗ੍ਹਾ ਲੈ ਸਕਦੇ ਹਨ ਜੋ ਪਰਮੇਸ਼ੁਰ ਦੀ ਭਗਤੀ ਕਰਦਾ ਹੈ? ਤੂੰ ਸਿਰਫ਼ ਕੁਝ ਚੰਗੇ ਕਰਮ ਕਰਕੇ ਹੀ ਪਰਮੇਸ਼ੁਰ ਦੀ ਅਸੀਸ ਪ੍ਰਾਪਤ ਨਹੀਂ ਕਰ ਸਕਦਾ। ਅਤੇ ਪਰਮੇਸ਼ੁਰ ਸਿਰਫ਼ ਇਸ ਕਰਕੇ ਤੇਰੇ ਨਾਲ ਹੋਏ ਅਨਿਆਂ ਦਾ ਬਦਲਾ ਨਹੀਂ ਲਵੇਗਾ ਕਿਉਂਕਿ ਤੈਨੂੰ ਪੀੜਤ ਕੀਤਾ ਅਤੇ ਸਤਾਇਆ ਗਿਆ ਹੈ। ਜੋ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦੇ ਹਨ, ਫੇਰ ਵੀ ਪਰਮੇਸ਼ੁਰ ਨੂੰ ਜਾਣਦੇ ਨਹੀਂ, ਪਰ ਜੋ ਚੰਗੇ ਕਰਮ ਕਰਦੇ ਹਨ—ਕੀ ਉਹਨਾਂ ਸਾਰਿਆਂ ਨੂੰ ਵੀ ਨਹੀਂ ਤਾੜਿਆ ਜਾਂਦਾ ਹੈ? ਤੂੰ ਸਿਰਫ਼ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਹੈਂ, ਸਿਰਫ਼ ਇਹ ਚਾਹੁੰਦਾ ਹੈਂ ਕਿ ਪਰਮੇਸ਼ੁਰ ਤੇਰੇ ਨਾਲ ਹੋਏ ਅਨਿਆਂ ਨੂੰ ਸੋਧੇ ਅਤੇ ਉਸਦਾ ਬਦਲਾ ਲਵੇ, ਅਤੇ ਤੂੰ ਚਾਹੁੰਦਾ ਹੈਂ ਕਿ ਪਰਮੇਸ਼ੁਰ ਤੈਨੂੰ ਤੇਰਾ ਦਿਨ ਦੇਵੇ, ਇੱਕ ਅਜਿਹਾ ਦਿਨ ਜਦੋਂ ਤੂੰ ਆਖਰਕਾਰ ਆਪਣਾ ਸਿਰ ਉੱਚਾ ਕਰ ਸਕੇਂ। ਪਰ ਤੂੰ ਸੱਚਾਈ ਵੱਲ ਧਿਆਨ ਦੇਣ ਤੋਂ ਇਨਕਾਰ ਕਰਦਾ ਹੈਂ ਅਤੇ ਨਾ ਹੀ ਤੇਰੇ ਅੰਦਰ ਸੱਚਾਈ ਨੂੰ ਜੀਉਣ ਦੀ ਤ੍ਰੇਹ ਹੈ। ਤੂੰ ਇਸ ਔਖੇ, ਸੁੰਨੇ ਜੀਵਨ ਤੋਂ ਛੁਟਕਾਰਾ ਪਾਉਣ ਦੇ ਤਾਂ ਬਿਲਕੁਲ ਯੋਗ ਹੀ ਨਹੀਂ ਹੈਂ। ਇਸ ਦੀ ਬਜਾਏ, ਸਰੀਰ ਵਿੱਚ ਆਪਣੇ ਜੀਵਨ ਨੂੰ ਅਤੇ ਪਾਪ ਵਾਲੇ ਜੀਵਨ ਨੂੰ ਜੀਉਂਦੇ ਹੋਏ, ਤੂੰ ਪਰਮੇਸ਼ੁਰ ਤੋਂ ਉਮੀਦ ਕਰਦਾ ਹੈਂ ਕਿ ਉਹ ਤੇਰੀਆਂ ਸ਼ਿਕਾਇਤਾਂ ਦਾ ਇਨਸਾਫ਼ ਕਰੇ ਅਤੇ ਤੇਰੀ ਹੋਂਦ ਦੀ ਧੁੰਦ ਨੂੰ ਸਾਫ਼ ਕਰੇ। ਪਰ ਕੀ ਇਹ ਸੰਭਵ ਹੈ? ਜੇ ਤੇਰੇ ਕੋਲ ਸੱਚਾਈ ਹੈ, ਤਾਂ ਤੂੰ ਪਰਮੇਸ਼ੁਰ ਦੇ ਰਾਹ ´ਤੇ ਚੱਲ ਸਕਦਾ ਹੈਂ। ਜੇ ਤੂੰ ਅਮਲ ਕੀਤਾ ਹੈ, ਤਾਂ ਤੂੰ ਪਰਮੇਸ਼ੁਰ ਦੇ ਵਚਨ ਦਾ ਪ੍ਰਗਟਾਵਾ ਹੋ ਸਕਦਾ ਹੈਂ। ਜੇ ਤੇਰੇ ਕੋਲ ਜੀਵਨ ਹੈ, ਤਾਂ ਤੂੰ ਪਰਮੇਸ਼ੁਰ ਦੀ ਅਸੀਸ ਦਾ ਅਨੰਦ ਮਾਣ ਸਕਦਾ ਹੈਂ। ਜਿਹਨਾਂ ਕੋਲ ਸੱਚਾਈ ਹੈ ਉਹ ਪਰਮੇਸ਼ੁਰ ਦੀ ਅਸੀਸ ਦਾ ਅਨੰਦ ਮਾਣ ਸਕਦੇ ਹਨ। ਪਰਮੇਸ਼ੁਰ ਉਹਨਾਂ ਲਈ ਨਿਵਾਰਣ ਨੂੰ ਯਕੀਨੀ ਬਣਾਉਂਦਾ ਹੈ ਜੋ ਉਸ ਨੂੰ ਪੂਰੇ ਦਿਲ ਨਾਲ ਪਿਆਰ ਕਰਦੇ ਹਨ ਅਤੇ ਜੋ ਮੁਸੀਬਤਾਂ ਅਤੇ ਕਸ਼ਟ ਝੱਲਦੇ ਹਨ, ਪਰ ਉਹਨਾਂ ਲਈ ਨਹੀਂ ਜੋ ਸਿਰਫ਼ ਆਪਣੇ ਆਪ ਨੂੰ ਪਿਆਰ ਕਰਦੇ ਹਨ ਅਤੇ ਜੋ ਸ਼ਤਾਨ ਦੇ ਧੋਖਿਆਂ ਦਾ ਸ਼ਿਕਾਰ ਹੋਏ ਹਨ। ਜਿਹੜੇ ਲੋਕ ਸੱਚਾਈ ਨੂੰ ਪਿਆਰ ਨਹੀਂ ਕਰਦੇ ਉਹਨਾਂ ਵਿੱਚ ਭਲਿਆਈ ਕਿਵੇਂ ਹੋ ਸਕਦੀ ਹੈ? ਜਿਹੜੇ ਲੋਕ ਸਿਰਫ਼ ਸਰੀਰ ਨੂੰ ਪਿਆਰ ਕਰਦੇ ਹਨ ਉਹਨਾਂ ਵਿੱਚ ਧਾਰਮਿਕਤਾ ਕਿਵੇਂ ਹੋ ਸਕਦੀ ਹੈ? ਕੀ ਧਾਰਮਿਕਤਾ ਅਤੇ ਭਲਿਆਈ ਦੋਵਾਂ ਦੀ ਗੱਲ ਸਿਰਫ਼ ਸੱਚਾਈ ਦੇ ਸੰਦਰਭ ਵਿੱਚ ਨਹੀਂ ਕੀਤੀ ਜਾਂਦੀ? ਕੀ ਉਹ ਉਹਨਾਂ ਲਈ ਰਾਖਵੇਂ ਨਹੀਂ ਹਨ ਜੋ ਪੂਰੇ ਦਿਲ ਨਾਲ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ? ਜਿਹੜੇ ਲੋਕ ਸੱਚਾਈ ਨੂੰ ਪਿਆਰ ਨਹੀਂ ਕਰਦੇ ਅਤੇ ਜੋ ਗਲੀਆਂ-ਸੜੀਆਂ ਲਾਸ਼ਾਂ ਹੀ ਹਨ—ਕੀ ਇਹ ਸਾਰੇ ਲੋਕ ਬੁਰਾਈ ਨੂੰ ਆਪਣੇ ਅੰਦਰ ਲੁਕਾਈ ਨਹੀਂ ਰੱਖਦੇ? ਜੋ ਲੋਕ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆ ਸਕਦੇ—ਕੀ ਉਹ ਸਾਰੇ ਸੱਚਾਈ ਦੇ ਦੁਸ਼ਮਣ ਨਹੀਂ ਹਨ? ਅਤੇ ਤੁਹਾਡੇ ਬਾਰੇ ਕੀ?

ਜੇ ਤੂੰ ਹਨੇਰੇ ਦੇ ਇਹਨਾਂ ਪ੍ਰਭਾਵਾਂ ਤੋਂ ਬੱਚ ਸਕਦਾ ਹੈਂ ਅਤੇ ਆਪਣਾ ਸਬੰਧ ਉਹਨਾਂ ਅਪਵਿੱਤਰ ਚੀਜ਼ਾਂ ਤੋਂ ਤੋੜ ਸਕਦਾ ਹੈਂ, ਜੇ ਤੂੰ ਪਵਿੱਤਰ ਬਣ ਸਕਦਾ ਹੈਂ, ਤਾਂ ਫੇਰ ਤੂੰ ਸੱਚਾਈ ਨੂੰ ਧਾਰਨ ਕਰੇਂਗਾ। ਅਜਿਹਾ ਨਹੀਂ ਹੈ ਕਿ ਤੇਰਾ ਸੁਭਾਅ ਬਦਲ ਗਿਆ ਹੈ, ਪਰ ਸਿਰਫ਼ ਐਨਾ ਹੈ ਕਿ ਤੂੰ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੇ ਯੋਗ ਹੈਂ ਅਤੇ ਸਰੀਰਕ ਗੱਲਾਂ ਨੂੰ ਤਿਆਗਣ ਦੇ ਯੋਗ ਹੈਂ। ਇਹ ਉਹ ਗੁਣ ਹੈ ਜੋ ਉਹਨਾਂ ਲੋਕਾਂ ਵਿੱਚ ਹੁੰਦਾ ਹੈ ਜਿਹਨਾਂ ਨੂੰ ਸ਼ੁੱਧ ਕੀਤਾ ਗਿਆ ਹੈ। ਜਿੱਤਣ ਦੇ ਕੰਮ ਦਾ ਮੁੱਖ ਟੀਚਾ ਮਨੁੱਖਤਾ ਨੂੰ ਸ਼ੁੱਧ ਕਰਨਾ ਹੈ ਤਾਂ ਜੋ ਮਨੁੱਖ ਸੱਚਾਈ ਨੂੰ ਧਾਰਨ ਕਰ ਸਕੇ, ਕਿਉਂਕਿ ਮਨੁੱਖ ਸੱਚਾਈ ਨੂੰ ਬਹੁਤ ਹੀ ਘੱਟ ਸਮਝਦਾ ਹੈ! ਅਜਿਹੇ ਲੋਕਾਂ ਉੱਤੇ ਜਿੱਤ ਪਾਉਣ ਦਾ ਕੰਮ ਅਤਿਅੰਤ ਡੂੰਘੇ ਮਹੱਤਵ ਵਾਲਾ ਹੈ। ਤੁਸੀਂ ਸਾਰੇ ਹਨੇਰੇ ਦੇ ਪ੍ਰਭਾਵ ਹੇਠ ਆ ਚੁੱਕੇ ਹੋ ਅਤੇ ਤੁਹਾਨੂੰ ਡੂੰਘਾ ਨੁਕਸਾਨ ਪਹੁੰਚਾਇਆ ਗਿਆ ਹੈ। ਤਾਂ, ਇਸ ਕੰਮ ਦਾ ਟੀਚਾ ਹੈ, ਤੁਹਾਨੂੰ ਮਨੁੱਖੀ ਸੁਭਾਅ ਨੂੰ ਜਾਣਨ ਅਤੇ ਇੰਝ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੇ ਯੋਗ ਬਣਾਉਣਾ। ਸਿੱਧ ਬਣਾਏ ਜਾਣਾ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜੇ ਇਸ ਪੜਾਅ ਦੇ ਕੰਮ ਵਿੱਚ ਸਿਰਫ਼ ਲੋਕਾਂ ਨੂੰ ਸਿੱਧ ਬਣਾਉਣਾ ਹੀ ਸ਼ਾਮਲ ਹੁੰਦਾ, ਤਾਂ ਇਹ ਬ੍ਰਿਟੇਨ, ਜਾਂ ਅਮਰੀਕਾ, ਜਾਂ ਇਸਰਾਏਲ ਵਿੱਚ ਕੀਤਾ ਜਾ ਸਕਦਾ ਸੀ; ਇਹ ਕਿਸੇ ਵੀ ਕੌਮ ਦੇ ਲੋਕਾਂ ਉੱਤੇ ਕੀਤਾ ਜਾ ਸਕਦਾ ਸੀ। ਪਰ ਜਿੱਤਣ ਦਾ ਕੰਮ ਚੋਣਵਾਂ ਹੈ। ਜਿੱਤਣ ਦੇ ਕੰਮ ਦਾ ਪਹਿਲਾ ਕਦਮ ਥੋੜ੍ਹੇ ਸਮੇਂ ਦਾ ਹੈ; ਇਸ ਤੋਂ ਇਲਾਵਾ, ਇਸ ਦੀ ਵਰਤੋਂ ਸ਼ਤਾਨ ਨੂੰ ਨੀਵਾਂ ਦਿਖਾਉਣ ਅਤੇ ਸਾਰੇ ਬ੍ਰਹਿਮੰਡ ਨੂੰ ਜਿੱਤਣ ਲਈ ਕੀਤੀ ਜਾਵੇਗੀ। ਇਹ ਜਿੱਤਣ ਦਾ ਸ਼ੁਰੂਆਤੀ ਕੰਮ ਹੈ। ਕੋਈ ਕਹਿ ਸਕਦਾ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸੇ ਵੀ ਜੀਵ ਨੂੰ ਸਿੱਧ ਬਣਾਇਆ ਜਾ ਸਕਦਾ ਹੈ ਕਿਉਂਕਿ ਸਿੱਧ ਬਣਾਏ ਜਾਣਾ ਇੱਕ ਅਜਿਹੀ ਚੀਜ਼ ਹੈ ਜੋ ਸਿਰਫ਼ ਲੰਬੇ ਸਮੇਂ ਦੀ ਤਬਦੀਲੀ ਤੋਂ ਬਾਅਦ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰ ਜਿੱਤ ਲਏ ਜਾਣਾ ਵੱਖਰੀ ਗੱਲ ਹੈ। ਜਿੱਤ ਲਈ ਨਮੂਨਾ ਅਤੇ ਢਾਂਚਾ ਲਾਜ਼ਮੀ ਤੌਰ ´ਤੇ ਅਜਿਹਾ ਹੋਣਾ ਚਾਹੀਦਾ ਹੈ ਜੋ ਅਤਿਅੰਤ ਗੂੜ੍ਹੇ ਹਨੇਰੇ ਵਿੱਚ ਰਹਿਣ ਵਾਲਿਆਂ ਵਿੱਚੋਂ, ਸਭ ਤੋਂ ਦੂਰ ਵਾਲੇ ਨੂੰ ਵੀ ਪਛਾੜ ਦੇਵੇ; ਉਹ ਲਾਜ਼ਮੀ ਤੌਰ ´ਤੇ ਸਭ ਤੋਂ ਪਤਿਤ, ਪਰਮੇਸ਼ੁਰ ਨੂੰ ਸਵੀਕਾਰ ਕਰਨ ਲਈ ਅਣਇੱਛੁਕ, ਅਤੇ ਪਰਮੇਸ਼ੁਰ ਪ੍ਰਤੀ ਸਭ ਤੋਂ ਵੱਧ ਅਣਆਗਿਆਕਾਰ ਹੋਣਗੇ। ਇਹ ਬਿਲਕੁਲ ਅਜਿਹੀ ਕਿਸਮ ਦਾ ਵਿਅਕਤੀ ਹੈ ਜੋ ਜਿੱਤੇ ਜਾਣ ਦੀ ਗਵਾਹੀ ਦੇ ਸਕਦਾ ਹੈ। ਜਿੱਤਣ ਦੇ ਕੰਮ ਦਾ ਮੁੱਖ ਟੀਚਾ ਸ਼ਤਾਨ ਨੂੰ ਹਰਾਉਣਾ ਹੈ, ਜਦੋਂ ਕਿ ਲੋਕਾਂ ਨੂੰ ਸਿੱਧ ਬਣਾਏ ਜਾਣ ਦਾ ਮੁੱਖ ਟੀਚਾ ਲੋਕਾਂ ਨੂੰ ਪ੍ਰਾਪਤ ਕਰਨਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਜਿੱਤ ਲਏ ਜਾਣ ਤੋਂ ਬਾਅਦ ਉਹਨਾਂ ਨੂੰ ਇਹ ਗਵਾਹੀ ਦੇਣ ਯੋਗ ਬਣਾਉਣਾ ਹੈ ਕਿ ਜਿੱਤਣ ਦਾ ਇਹ ਕੰਮ, ਤੁਹਾਡੇ ਵਰਗੇ ਲੋਕਾਂ ’ਤੇ ਇੱਥੇ ਕੀਤਾ ਗਿਆ ਹੈ। ਇਸਦਾ ਉਦੇਸ਼ ਇਹ ਹੈ ਕਿ ਲੋਕ ਜਿੱਤ ਪਾਏ ਜਾਣ ਤੋਂ ਬਾਅਦ ਗਵਾਹੀ ਦੇਣ। ਇਹ ਜਿੱਤ ਪਾਏ ਗਏ ਲੋਕ ਸ਼ਤਾਨ ਦਾ ਅਪਮਾਨ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਸਤੇਮਾਲ ਕੀਤੇ ਜਾਣਗੇ। ਤਾਂ ਫੇਰ, ਜਿੱਤ ਦਾ ਮੁੱਖ ਤਰੀਕਾ ਕੀ ਹੈ? ਤਾੜਨਾ, ਨਿਆਂ, ਫ਼ਿਟਕਾਰ ਪਾਉਣਾ, ਅਤੇ ਉਜਾਗਰ ਕਰਨਾ—ਲੋਕਾਂ ´ਤੇ ਜਿੱਤ ਪਾਉਣ ਲਈ ਇੱਕ ਧਰਮੀ ਸੁਭਾਅ ਦੀ ਵਰਤੋਂ ਕਰਨਾ ਤਾਂ ਕਿ ਉਹਨਾਂ ਨੂੰ ਪਰਮੇਸ਼ੁਰ ਦੇ ਧਰਮੀ ਸੁਭਾਅ ਦੀ ਬਦੌਲਤ ਪੂਰੀ ਤਰ੍ਹਾਂ ਯਕੀਨ ਹੋ ਸਕੇ। ਲੋਕਾਂ ਨੂੰ ਜਿੱਤਣ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਯਕੀਨ ਦਿਵਾਉਣ ਲਈ ਅਸਲੀਅਤ ਅਤੇ ਵਚਨ ਦੇ ਇਖਤਿਆਰ ਦਾ ਇਸਤੇਮਾਲ ਕਰਨਾ—ਇਹੀ ਮਤਲਬ ਹੈ ਜਿੱਤ ਪਾਏ ਜਾਣ ਦਾ। ਜਿਹਨਾਂ ਨੂੰ ਸਿੱਧ ਬਣਾਇਆ ਜਾ ਚੁੱਕਾ ਹੈ ਉਹ ਜਿੱਤ ਲਏ ਜਾਣ ਤੋਂ ਬਾਅਦ ਨਾ ਸਿਰਫ਼ ਆਗਿਆਕਾਰੀ ਹਾਸਲ ਕਰਨ ਦੇ ਯੋਗ ਹੁੰਦੇ ਹਨ, ਸਗੋਂ ਉਹ ਨਿਆਂ ਦੇ ਕੰਮ ਦਾ ਗਿਆਨ ਲੈਣ, ਆਪਣੇ ਸੁਭਾਅ ਨੂੰ ਬਦਲਣ, ਅਤੇ ਪਰਮੇਸ਼ੁਰ ਨੂੰ ਜਾਣਨ ਦੇ ਵੀ ਯੋਗ ਹੁੰਦੇ ਹਨ। ਉਹ ਪਰਮੇਸ਼ੁਰ ਨੂੰ ਪਿਆਰ ਕਰਨ ਦੇ ਮਾਰਗ ਦਾ ਅਨੁਭਵ ਕਰਦੇ ਹਨ ਅਤੇ ਸੱਚਾਈ ਨਾਲ ਭਰ ਜਾਂਦੇ ਹਨ। ਉਹ ਸਿੱਖਦੇ ਹਨ ਕਿ ਕਿਵੇਂ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਨਾ ਹੈ, ਪਰਮੇਸ਼ੁਰ ਲਈ ਦੁੱਖ ਝੱਲਣ ਅਤੇ ਆਪਣੀਆਂ ਇੱਛਾਵਾਂ ਪ੍ਰਾਪਤ ਕਰਨ ਦੇ ਯੋਗ ਬਣ ਜਾਂਦੇ ਹਨ। ਸਿੱਧ ਬਣਾਏ ਲੋਕ ਉਹ ਹੁੰਦੇ ਹਨ ਜਿਹਨਾਂ ਨੂੰ ਪਰਮੇਸ਼ੁਰ ਦੇ ਵਚਨ ਦਾ ਅਨੁਭਵ ਹੋਇਆ ਹੋਣ ਸਦਕਾ ਸੱਚਾਈ ਦੀ ਅਸਲ ਸਮਝ ਹੁੰਦੀ ਹੈ। ਜਿੱਤੇ ਗਏ ਲੋਕ ਉਹ ਹੁੰਦੇ ਹਨ ਜਿਹਨਾਂ ਨੂੰ ਸੱਚਾਈ ਬਾਰੇ ਪਤਾ ਤਾਂ ਹੁੰਦਾ ਹੈ ਪਰ ਉਹਨਾਂ ਨੇ ਸੱਚਾਈ ਦੇ ਅਸਲ ਮਤਲਬ ਨੂੰ ਸਵੀਕਾਰ ਨਹੀਂ ਕੀਤਾ ਹੁੰਦਾ। ਜਿੱਤ ਪਾਏ ਜਾਣ ਤੋਂ ਬਾਅਦ, ਉਹ ਆਗਿਆ ਦਾ ਪਾਲਣ ਕਰਦੇ ਹਨ, ਪਰ ਉਹਨਾਂ ਦੀ ਆਗਿਆਕਾਰੀ ਸਿਰਫ ਉਹਨਾਂ ਨੂੰ ਮਿਲੇ ਨਿਆਂ ਦੇ ਨਤੀਜੇ ਵਜੋਂ ਹੁੰਦੀ ਹੈ। ਉਹਨਾਂ ਨੂੰ ਬਹੁਤ ਸਾਰੀਆਂ ਸੱਚਾਈਆਂ ਦੇ ਅਸਲ ਮਤਲਬ ਦੀ ਬਿਲਕੁਲ ਕੋਈ ਸਮਝ ਨਹੀਂ ਹੁੰਦੀ। ਉਹ ਜ਼ਬਾਨੀ ਤੌਰ ´ਤੇ ਸੱਚਾਈ ਨੂੰ ਸਵੀਕਾਰ ਕਰਦੇ ਹਨ, ਪਰ ਉਹਨਾਂ ਨੇ ਸੱਚਾਈ ਵਿੱਚ ਪ੍ਰਵੇਸ਼ ਨਹੀਂ ਕੀਤਾ ਹੁੰਦਾ; ਉਹ ਸੱਚਾਈ ਨੂੰ ਸਮਝਦੇ ਹਨ, ਪਰ ਉਹਨਾਂ ਨੇ ਸੱਚਾਈ ਦਾ ਅਨੁਭਵ ਨਹੀਂ ਕੀਤਾ ਹੈ। ਸਿੱਧ ਬਣਾਏ ਜਾ ਰਹੇ ਲੋਕਾਂ ਉੱਪਰ ਕੀਤੇ ਜਾ ਰਹੇ ਕੰਮ ਵਿੱਚ ਜੀਵਨ ਦੇ ਪ੍ਰਬੰਧ ਦੇ ਨਾਲ-ਨਾਲ, ਤਾੜਨਾ ਅਤੇ ਨਿਆਂ ਸ਼ਾਮਲ ਹੁੰਦੇ ਹਨ। ਜਿਹੜਾ ਵਿਅਕਤੀ ਸੱਚਾਈ ਵਿੱਚ ਪ੍ਰਵੇਸ਼ ਕਰਨ ਦੀ ਕਦਰ ਕਰਦਾ ਹੈ ਉਸੇ ਨੂੰ ਸਿੱਧ ਬਣਾਇਆ ਜਾਂਦਾ ਹੈ। ਸਿੱਧ ਬਣਾਏ ਜਾਣ ਵਾਲੇ ਅਤੇ ਜਿੱਤ ਪਾਏ ਜਾਣ ਵਾਲੇ ਵਿਅਕਤੀਆਂ ਵਿੱਚ ਫ਼ਰਕ ਇਹ ਹੁੰਦਾ ਹੈ ਕਿ ਕੀ ਉਹ ਸੱਚਾਈ ਵਿੱਚ ਪ੍ਰਵੇਸ਼ ਕਰਦੇ ਹਨ। ਸਿੱਧ ਬਣਾਏ ਵਿਅਕਤੀ ਉਹ ਹੁੰਦੇ ਹਨ ਜਿਹੜੇ ਸੱਚਾਈ ਨੂੰ ਸਮਝਦੇ ਹਨ, ਜਿਹਨਾਂ ਨੇ ਸੱਚਾਈ ਵਿੱਚ ਪ੍ਰਵੇਸ਼ ਕਰ ਲਿਆ ਹੈ, ਅਤੇ ਸੱਚਾਈ ਨੂੰ ਅਮਲ ਵਿੱਚ ਲਿਆ ਰਹੇ ਹਨ; ਜਿਹਨਾਂ ਲੋਕਾਂ ਨੂੰ ਸਿੱਧ ਨਹੀਂ ਬਣਾਇਆ ਜਾ ਸਕਦਾ ਉਹ, ਉਹ ਲੋਕ ਹਨ ਜੋ ਸੱਚਾਈ ਨੂੰ ਨਹੀਂ ਸਮਝਦੇ ਅਤੇ ਸੱਚਾਈ ਵਿੱਚ ਪ੍ਰਵੇਸ਼ ਨਹੀਂ ਕਰਦੇ, ਭਾਵ ਉਹ ਲੋਕ ਜੋ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆ ਰਹੇ ਹਨ। ਜੇ ਅਜਿਹੇ ਲੋਕ ਹੁਣ ਪੂਰੀ ਤਰ੍ਹਾਂ ਨਾਲ ਆਗਿਆ ਪਾਲਣ ਕਰਨ ਦੇ ਯੋਗ ਹਨ, ਤਾਂ ਉਹਨਾਂ ਨੂੰ ਜਿੱਤਿਆ ਜਾਂਦਾ ਹੈ। ਜੇ ਜਿੱਤ ਪਾਏ ਗਏ ਲੋਕ ਸੱਚਾਈ ਦੀ ਭਾਲ ਨਹੀਂ ਕਰਦੇ—ਜੇ ਉਹ ਸੱਚਾਈ ਦਾ ਪਾਲਣ ਕਰਦੇ ਹਨ ਪਰ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਜੇ ਉਹ ਸੱਚਾਈ ਨੂੰ ਵੇਖਦੇ ਅਤੇ ਸੁਣਦੇ ਤਾਂ ਹਨ ਪਰ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੀ ਕਦਰ ਨਹੀਂ ਕਰਦੇ—ਤਾਂ ਫੇਰ ਉਹਨਾਂ ਨੂੰ ਸਿੱਧ ਨਹੀਂ ਬਣਾਇਆ ਜਾ ਸਕਦਾ। ਜਿਹਨਾਂ ਲੋਕਾਂ ਨੂੰ ਸਿੱਧ ਬਣਾਇਆ ਜਾਣਾ ਹੈ ਉਹ ਸਿੱਧੀ ਦੇ ਰਾਹ ´ਤੇ ਪਰਮੇਸ਼ੁਰ ਦੀਆਂ ਲੋੜਾਂ ਅਨੁਸਾਰ ਸੱਚਾਈ ਨੂੰ ਅਮਲ ਵਿੱਚ ਲਿਆਉਂਦੇ ਹਨ। ਇਸ ਦੇ ਦੁਆਰਾ, ਉਹ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਦੇ ਹਨ, ਅਤੇ ਉਹਨਾਂ ਨੂੰ ਸਿੱਧ ਬਣਾਇਆ ਜਾਂਦਾ ਹੈ। ਜੋ ਵੀ ਵਿਅਕਤੀ ਜਿੱਤਣ ਦਾ ਕੰਮ ਖਤਮ ਹੋਣ ਤੋਂ ਪਹਿਲਾਂ ਅੰਤ ਤਕ ਅਨੁਸਰਣ ਕਰਦਾ ਹੈ ਉਹ ਜਿੱਤਿਆ ਹੋਇਆ ਹੁੰਦਾ ਹੈ, ਪਰ ਉਸ ਨੂੰ ਸਿੱਧ ਬਣਾਇਆ ਹੋਇਆ ਵਿਅਕਤੀ ਨਹੀਂ ਕਿਹਾ ਜਾ ਸਕਦਾ। “ਸਿੱਧ ਬਣਾਇਆ ਵਿਅਕਤੀ” ਉਹਨਾਂ ਵਿਅਕਤੀਆਂ ਨੂੰ ਦਰਸਾਉਂਦਾ ਹੈ ਜੋ ਜਿੱਤਣ ਦਾ ਕੰਮ ਖਤਮ ਹੋਣ ਤੋਂ ਬਾਅਦ, ਸੱਚਾਈ ਦੀ ਪੈਰਵੀ ਕਰਨ ਅਤੇ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਣ ਦੇ ਯੋਗ ਹੁੰਦੇ ਹਨ। ਇਹ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਜਿੱਤਣ ਦਾ ਕੰਮ ਖਤਮ ਹੋਣ ਤੋਂ ਬਾਅਦ, ਬਿਪਤਾ ਵਿੱਚ ਦ੍ਰਿੜ ਰਹਿੰਦੇ ਹਨ ਅਤੇ ਸੱਚਾਈ ਨੂੰ ਅਮਲ ਵਿੱਚ ਲਿਆਉਂਦੇ ਹਨ। ਜਿੱਤ ਪਾਏ ਵਿਅਕਤੀ ਨੂੰ ਸਿੱਧ ਬਣਾਏ ਵਿਅਕਤੀ ਤੋਂ ਜੋ ਚੀਜ਼ ਨਿਖੇੜਦੀ ਹੈ ਉਹ ਹੈ ਕੰਮ ਦੇ ਕਦਮਾਂ ਵਿੱਚ ਫ਼ਰਕ ਅਤੇ ਲੋਕ ਸੱਚਾਈ ਨੂੰ ਜਿਸ ਹੱਦ ਤਕ ਸਮਝਦੇ ਅਤੇ ਉਸ ਨੂੰ ਅਮਲ ਵਿੱਚ ਲਿਆਉਂਦੇ ਹਨ, ਉਸਦੇ ਦਰਜੇ ਵਿੱਚ ਫ਼ਰਕ। ਉਹ ਸਾਰੇ ਜਿਹਨਾਂ ਨੇ ਸਿੱਧੀ ਦੇ ਰਾਹ ´ਤੇ ਪੈਰ ਨਹੀਂ ਧਰਿਆ ਹੈ, ਭਾਵ ਉਹ ਜਿਹਨਾਂ ਵਿੱਚ ਸੱਚਾਈ ਮੌਜੂਦ ਨਹੀਂ ਹੈ, ਆਖਰਕਾਰ ਫ਼ੇਰ ਵੀ ਮਿਟਾ ਦਿੱਤੇ ਜਾਣਗੇ। ਸਿਰਫ਼ ਉਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਹਨਾਂ ਕੋਲ ਸੱਚਾਈ ਹੈ ਅਤੇ ਜੋ ਸੱਚਾਈ ਨੂੰ ਅਮਲ ਵਿੱਚ ਲਿਆਉਂਦੇ ਹਨ। ਭਾਵ, ਜਿਹੜੇ ਪਤਰਸ ਦੇ ਸਰੂਪ ਨੂੰ ਅਮਲ ਵਿੱਚ ਲਿਆਉਂਦੇ ਹਨ, ਉਹਨਾਂ ਨੂੰ ਸਿੱਧ ਬਣਾਇਆ ਜਾਂਦਾ ਹੈ, ਜਦਕਿ ਬਾਕੀ ਸਾਰਿਆਂ ਨੂੰ ਜਿੱਤਿਆ ਜਾਂਦਾ ਹੈ। ਜਿੱਤ ਪਾਏ ਜਾ ਰਹੇ ਸਾਰੇ ਲੋਕਾਂ ਉੱਤੇ ਜੋ ਕੰਮ ਕੀਤਾ ਜਾ ਰਿਹਾ ਹੈ ਉਸ ਵਿੱਚ ਫ਼ਿਟਕਾਰ ਪਾਉਣਾ, ਤਾੜਨਾ ਕਰਨਾ ਅਤੇ ਕ੍ਰੋਧ ਦਿਖਾਉਣਾ ਸ਼ਾਮਲ ਹਨ, ਅਤੇ ਉਨ੍ਹਾਂ ਨੂੰ ਜੋ ਪ੍ਰਾਪਤ ਹੁੰਦਾ ਹੈ ਉਹ ਧਾਰਮਿਕਤਾ ਅਤੇ ਸਰਾਪ ਹੁੰਦੇ ਹਨ। ਅਜਿਹੇ ਵਿਅਕਤੀ ’ਤੇ ਕੰਮ ਕਰਨਾ, ਬਿਨਾਂ ਕਿਸੇ ਉਚੇਚ ਜਾਂ ਨਿਮਰਤਾ ਦੇ ਉਜਾਗਰ ਕਰਨਾ ਹੁੰਦਾ ਹੈ—ਉਹਨਾਂ ਦੇ ਅੰਦਰਲੇ ਭ੍ਰਿਸ਼ਟ ਸੁਭਾਅ ਨੂੰ ਉਜਾਗਰ ਕਰਨਾ ਤਾਂ ਜੋ ਉਹ ਆਪ ਇਸ ਨੂੰ ਪਛਾਣ ਸਕਣ ਅਤੇ ਇਸ ´ਤੇ ਪੂਰੀ ਤਰ੍ਹਾਂ ਯਕੀਨ ਕਰ ਸਕਣ। ਜਦੋਂ ਮਨੁੱਖ ਪੂਰੀ ਤਰ੍ਹਾਂ ਆਗਿਆਕਾਰੀ ਬਣ ਜਾਂਦਾ ਹੈ, ਜਿੱਤਣ ਦਾ ਕੰਮ ਖਤਮ ਹੋ ਜਾਂਦਾ ਹੈ। ਭਾਵੇਂ ਕਿ ਬਹੁਤੇ ਲੋਕ ਅਜੇ ਵੀ ਸੱਚਾਈ ਨੂੰ ਸਮਝਣ ਦੀ ਤਾਂਘ ਨਹੀਂ ਕਰਦੇ, ਪਰ ਜਿੱਤਣ ਦਾ ਕੰਮ ਖਤਮ ਹੋ ਚੁੱਕਾ ਹੋਵੇਗਾ।

ਜੇ ਤੈਨੂੰ ਸਿੱਧ ਬਣਾਇਆ ਜਾਣਾ ਹੈ, ਤਾਂ ਕੁਝ ਮਾਪਦੰਡ ਹਨ ਜਿਹਨਾਂ ਨੂੰ ਪੂਰਾ ਕਰਨਾ ਪਵੇਗਾ। ਆਪਣੇ ਸੰਕਲਪ, ਆਪਣੇ ਅਣਥੱਕ ਯਤਨ ਅਤੇ ਆਪਣੀ ਅੰਤਰ-ਆਤਮਾ ਦੇ ਰਾਹੀਂ, ਅਤੇ ਆਪਣੇ ਅਨੁਸਰਣ ਦੇ ਰਾਹੀਂ, ਤੂੰ ਜੀਵਨ ਦਾ ਅਨੁਭਵ ਕਰਨ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਯੋਗ ਹੋਵੇਂਗਾ। ਇਹ ਤੇਰਾ ਪ੍ਰਵੇਸ਼ ਹੈ, ਅਤੇ ਇਹ ਉਹ ਚੀਜ਼ਾਂ ਹਨ ਜੋ ਸਿੱਧੀ ਦੇ ਰਾਹ ´ਤੇ ਲੋੜੀਂਦੀਆਂ ਹਨ। ਸਿੱਧ ਬਣਾਏ ਜਾਣ ਦਾ ਕੰਮ ਸਾਰੇ ਲੋਕਾਂ ´ਤੇ ਕੀਤਾ ਜਾ ਸਕਦਾ ਹੈ। ਜਿਹੜਾ ਵੀ ਵਿਅਕਤੀ ਪਰਮੇਸ਼ੁਰ ਦੇ ਰਾਹ ´ਤੇ ਚੱਲਦਾ ਹੈ ਉਸ ਨੂੰ ਸਿੱਧ ਬਣਾਇਆ ਜਾ ਸਕਦਾ ਹੈ ਅਤੇ ਉਸ ਕੋਲ ਸਿੱਧ ਬਣਾਏ ਜਾਣ ਦਾ ਮੌਕਾ ਅਤੇ ਯੋਗਤਾਵਾਂ ਹੁੰਦੀਆਂ ਹਨ। ਇਸਦਾ ਕੋਈ ਨਿਰਧਾਰਿਤ ਨਿਯਮ ਨਹੀਂ ਹੈ। ਕੀ ਕਿਸੇ ਵਿਅਕਤੀ ਨੂੰ ਸਿੱਧ ਬਣਾਇਆ ਜਾ ਸਕਦਾ ਹੈ, ਇਹ ਮੁੱਖ ਤੌਰ ´ਤੇ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਚੀਜ਼ ਦੀ ਪੈਰਵੀ ਕਰਦਾ ਹੈ। ਜੋ ਲੋਕ ਸੱਚਾਈ ਨੂੰ ਪਿਆਰ ਕਰਦੇ ਹਨ ਅਤੇ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੇ ਯੋਗ ਹੁੰਦੇ ਹਨ ਉਹ ਨਿਸ਼ਚਿਤ ਤੌਰ ´ਤੇ ਸਿੱਧ ਬਣਾਏ ਜਾਣ ਦੇ ਯੋਗ ਹੁੰਦੇ ਹਨ। ਜੋ ਲੋਕ ਸੱਚਾਈ ਨੂੰ ਪਿਆਰ ਨਹੀਂ ਕਰਦੇ, ਪਰਮੇਸ਼ੁਰ ਉਹਨਾਂ ਦੀ ਪ੍ਰਸ਼ੰਸਾ ਨਹੀਂ ਕਰਦਾ; ਉਹਨਾਂ ਕੋਲ ਉਹ ਜੀਵਨ ਨਹੀਂ ਹੁੰਦਾ ਜੋ ਪਰਮੇਸ਼ੁਰ ਮੰਗਦਾ ਹੈ, ਅਤੇ ਉਹ ਸਿੱਧ ਬਣਾਏ ਜਾਣ ਦੇ ਅਯੋਗ ਹੁੰਦੇ ਹਨ। ਸਿੱਧ ਬਣਾਏ ਜਾਣ ਦਾ ਕੰਮ ਸਿਰਫ਼ ਲੋਕਾਂ ਨੂੰ ਪ੍ਰਾਪਤ ਕਰਨ ਲਈ ਹੈ ਅਤੇ ਸ਼ਤਾਨ ਨਾਲ ਲੜਨ ਦੇ ਕੰਮ ਦਾ ਹਿੱਸਾ ਨਹੀਂ ਹੈ; ਜਿੱਤਣ ਦਾ ਕੰਮ ਸਿਰਫ਼ ਸ਼ੈਤਾਨ ਨਾਲ ਲੜਨ ਲਈ ਹੈ, ਜਿਸਦਾ ਅਰਥ ਹੈ ਮਨੁੱਖ ਦੀ ਜਿੱਤ ਨੂੰ ਸ਼ਤਾਨ ਨੂੰ ਹਰਾਉਣ ਲਈ ਵਰਤਣਾ। ਜਿੱਤਣ ਦਾ ਕੰਮ ਮੁੱਖ ਕੰਮ ਹੈ, ਸਭ ਤੋਂ ਨਵਾਂ ਕੰਮ ਹੈ, ਉਹ ਕੰਮ ਜੋ ਸਾਰੇ ਯੁੱਗਾਂ ਵਿੱਚ ਕਦੇ ਨਹੀਂ ਕੀਤਾ ਗਿਆ ਹੈ। ਕੋਈ ਕਹਿ ਸਕਦਾ ਹੈ ਕਿ ਕੰਮ ਦੇ ਇਸ ਪੜਾਅ ਦਾ ਟੀਚਾ ਮੁੱਖ ਤੌਰ ´ਤੇ ਸਾਰੇ ਲੋਕਾਂ ਨੂੰ ਜਿੱਤਣਾ ਹੈ ਤਾਂ ਜੋ ਸ਼ਤਾਨ ਨੂੰ ਹਰਾਇਆ ਜਾ ਸਕੇ। ਲੋਕਾਂ ਨੂੰ ਸਿੱਧ ਬਣਾਏ ਜਾਣ ਦਾ ਕੰਮ—ਇਹ ਨਵਾਂ ਕੰਮ ਨਹੀਂ ਹੈ। ਮਨੁੱਖੀ ਸਰੀਰ ਵਿੱਚ ਪਰਮੇਸ਼ੁਰ ਦੇ ਕੰਮ ਦੇ ਦੌਰਾਨ ਸਾਰੇ ਕੰਮ ਦੇ ਟੀਚੇ ਦਾ ਸਭ ਤੋਂ ਮੁੱਖ ਸ਼ੁੱਧ ਰੂਪ ਹੈ ਲੋਕਾਂ ਦੀ ਜਿੱਤ। ਇਹ ਕਿਰਪਾ ਦੇ ਯੁੱਗ ਦੀ ਤਰ੍ਹਾਂ ਹੈ, ਜਦੋਂ ਸਲੀਬ ਉੱਤੇ ਟੰਗੇ ਜਾਣ ਰਾਹੀਂ ਸਾਰੀ ਮਨੁੱਖਜਾਤੀ ਦੀ ਮੁਕਤੀ ਮੁੱਖ ਕੰਮ ਸੀ। “ਲੋਕਾਂ ਨੂੰ ਪ੍ਰਾਪਤ ਕਰਨਾ” ਦੇਹਧਾਰੀ ਹੁੰਦਿਆਂ ਕੀਤੇ ਕੰਮ ਤੋਂ ਇਲਾਵਾ ਸੀ ਅਤੇ ਸਲੀਬ ´ਤੇ ਟੰਗਣ ਤੋਂ ਬਾਅਦ ਹੀ ਕੀਤਾ ਗਿਆ ਸੀ। ਜਦੋਂ ਯਿਸੂ ਆਇਆ ਅਤੇ ਉਸਨੇ ਆਪਣਾ ਕੰਮ ਕੀਤਾ, ਉਸਦਾ ਟੀਚਾ ਮੁੱਖ ਤੌਰ ´ਤੇ ਆਪਣੇ ਸਲੀਬ ´ਤੇ ਟੰਗੇ ਜਾਣ ਨੂੰ ਮੌਤ ਦੇ ਬੰਧਨ ਅਤੇ ਪਤਾਲ ਉੱਤੇ ਜਿੱਤ ਪਾਉਣ, ਸ਼ਤਾਨ ਦੇ ਪ੍ਰਭਾਵ ਉੱਪਰ ਜਿੱਤ ਪਾਉਣ—ਭਾਵ ਸ਼ਤਾਨ ਨੂੰ ਹਰਾਉਣ ਲਈ ਵਰਤਣਾ ਸੀ। ਯਿਸੂ ਨੂੰ ਸਲੀਬ ´ਤੇ ਟੰਗਣ ਤੋਂ ਬਾਅਦ ਹੀ ਪਤਰਸ, ਸਿੱਧੀ ਦੇ ਰਾਹ ´ਤੇ, ਇੱਕ-ਇੱਕ ਕਦਮ ਕਰਕੇ ਚੱਲਿਆ। ਬੇਸ਼ੱਕ, ਪਤਰਸ ਉਹਨਾਂ ਵਿੱਚੋਂ ਇੱਕ ਸੀ ਜੋ ਯਿਸੂ ਦੇ ਰਾਹ ´ਤੇ ਉਦੋਂ ਚੱਲੇ ਜਦੋਂ ਯਿਸੂ ਕੰਮ ਕਰ ਰਿਹਾ ਸੀ, ਪਰ ਉਸ ਸਮੇਂ ਦੌਰਾਨ ਉਸ ਨੂੰ ਸਿੱਧ ਨਹੀਂ ਬਣਾਇਆ ਗਿਆ ਸੀ। ਸਗੋਂ, ਜਦੋਂ ਯਿਸੂ ਨੇ ਆਪਣਾ ਕੰਮ ਪੂਰਾ ਕੀਤਾ ਤਾਂ ਪਤਰਸ ਨੇ ਹੌਲੀ-ਹੌਲੀ ਸੱਚਾਈ ਨੂੰ ਸਮਝਿਆ ਅਤੇ ਤਦ ਹੀ ਉਸ ਨੂੰ ਸਿੱਧ ਬਣਾਇਆ ਗਿਆ। ਦੇਹਧਾਰੀ ਪਰਮੇਸ਼ੁਰ ਸਿਰਫ਼ ਕੰਮ ਦੇ ਇੱਕ ਮਹੱਤਵਪੂਰਣ, ਨਿਰਣਾਇਕ ਪੜਾਅ ਨੂੰ ਥੋੜ੍ਹੇ ਜਿਹੇ ਸਮੇਂ ਵਿੱਚ ਪੂਰਾ ਕਰਨ ਲਈ ਧਰਤੀ ਉੱਤੇ ਆਉਂਦਾ ਹੈ, ਧਰਤੀ ਉਤੇ ਲੋਕਾਂ ਨੂੰ ਸਿੱਧ ਬਣਾਉਣ ਦੇ ਇਰਾਦੇ ਨਾਲ ਉਹਨਾਂ ਦਰਮਿਆਨ ਲੰਬੇ ਚਿਰ ਲਈ ਰਹਿਣ ਵਾਸਤੇ ਨਹੀਂ। ਉਹ ਇਹ ਕੰਮ ਨਹੀਂ ਕਰਦਾ। ਉਹ ਆਪਣੇ ਕੰਮ ਨੂੰ ਖਤਮ ਕਰਨ ਲਈ ਉਸ ਸਮੇਂ ਦੀ ਉਡੀਕ ਨਹੀਂ ਕਰਦਾ ਜਦੋਂ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਸਿੱਧ ਬਣਾਇਆ ਜਾਂਦਾ ਹੈ। ਇਹ ਉਸ ਦੇ ਦੇਹਧਾਰਣ ਦਾ ਟੀਚਾ ਅਤੇ ਮਹੱਤਵ ਨਹੀਂ ਹੈ। ਉਹ ਸਿਰਫ਼ ਮਨੁੱਖਤਾ ਨੂੰ ਬਚਾਉਣ ਦੇ ਥੋੜ੍ਹੇ ਸਮੇਂ ਦਾ ਕੰਮ ਕਰਨ ਲਈ ਆਉਂਦਾ ਹੈ, ਮਨੁੱਖਤਾ ਨੂੰ ਸਿੱਧ ਬਣਾਉਣ ਦੇ ਬਹੁਤ ਲੰਬੇ ਸਮੇਂ ਦੇ ਕੰਮ ਨੂੰ ਕਰਨ ਲਈ ਨਹੀਂ। ਮਨੁੱਖਤਾ ਨੂੰ ਬਚਾਉਣ ਦਾ ਕੰਮ ਸੰਕੇਤਕ ਹੈ, ਨਵੇਂ ਯੁਗ ਦੀ ਸ਼ੁਰੂਆਤ ਕਰਨ ਦੇ ਸਮਰੱਥ ਹੈ। ਇਸ ਨੂੰ ਥੋੜ੍ਹੇ ਸਮੇਂ ਵਿੱਚ ਹੀ ਖਤਮ ਕੀਤਾ ਜਾ ਸਕਦਾ ਹੈ। ਪਰ ਮਨੁੱਖਤਾ ਨੂੰ ਸਿੱਧ ਬਣਾਉਣ ਲਈ ਮਨੁੱਖ ਨੂੰ ਇੱਕ ਖਾਸ ਪੱਧਰ ਤਕ ਉੱਚਾ ਚੁੱਕਣਾ ਪੈਂਦਾ ਹੈ; ਅਜਿਹੇ ਕੰਮ ਵਿੱਚ ਲੰਮਾ ਸਮਾਂ ਲੱਗਦਾ ਹੈ। ਇਹ ਉਹ ਕੰਮ ਹੈ ਜੋ ਲਾਜ਼ਮੀ ਤੌਰ ´ਤੇ ਪਰਮੇਸ਼ੁਰ ਦੇ ਆਤਮਾ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਪਰ ਇਹ ਉਸ ਸੱਚਾਈ ਦੀ ਨੀਂਹ ´ਤੇ ਕੀਤਾ ਜਾਂਦਾ ਹੈ ਜੋ ਸਰੀਰ ਵਿੱਚ ਕੰਮ ਦੇ ਦੌਰਾਨ ਬੋਲੀ ਗਈ ਸੀ। ਇਹ ਮਨੁੱਖਤਾ ਨੂੰ ਸਿੱਧ ਬਣਾਉਣ ਦੇ ਉਸਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਸ ਦੁਆਰਾ ਰਸੂਲਾਂ ਨੂੰ ਲੰਬੇ ਸਮੇਂ ਤਕ ਅਯਾਲੀ ਦਾ ਕੰਮ ਕਰਨ ਲਈ ਖੜ੍ਹੇ ਕਰਨ ਰਾਹੀਂ ਵੀ ਕੀਤਾ ਜਾਂਦਾ ਹੈ। ਦੇਹਧਾਰੀ ਪਰਮੇਸ਼ੁਰ ਇਹ ਕੰਮ ਨਹੀਂ ਕਰਦਾ। ਉਹ ਸਿਰਫ਼ ਜੀਵਨ ਦੇ ਢੰਗ ਬਾਰੇ ਹੀ ਬੋਲਦਾ ਹੈ ਤਾਂ ਕਿ ਲੋਕ ਸਮਝ ਸਕਣ, ਅਤੇ ਮਨੁੱਖ ਦੇ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੌਰਾਨ ਨਿਰੰਤਰ ਉਸ ਦੇ ਨਾਲ ਚੱਲਣ ਦੀ ਬਜਾਏ, ਮਨੁੱਖਤਾ ਨੂੰ ਸਿਰਫ਼ ਸੱਚਾਈ ਦਿੰਦਾ ਹੈ, ਕਿਉਂਕਿ ਇਹ ਉਸਦੇ ਕੰਮ ਵਿੱਚ ਸ਼ਾਮਲ ਨਹੀਂ ਹੈ। ਇਸ ਲਈ, ਉਹ ਮਨੁੱਖ ਦਾ ਉਦੋਂ ਤੱਕ ਸਾਥ ਨਹੀਂ ਦੇਵੇਗਾ ਜਦੋਂ ਤਕ ਮਨੁੱਖ ਪੂਰੀ ਤਰ੍ਹਾਂ ਸੱਚਾਈ ਨੂੰ ਸਮਝ ਨਹੀਂ ਲੈਂਦਾ ਅਤੇ ਪੂਰੀ ਤਰ੍ਹਾਂ ਸੱਚਾਈ ਨੂੰ ਪ੍ਰਾਪਤ ਨਹੀਂ ਕਰ ਲੈਂਦਾ। ਜਦੋਂ ਮਨੁੱਖ ਬਾਕਾਇਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦੇ ਸਹੀ ਰਾਹ ਵਿੱਚ ਪ੍ਰਵੇਸ਼ ਕਰ ਲੈਂਦਾ ਹੈ, ਜਦੋਂ ਮਨੁੱਖ ਸਿੱਧ ਬਣਾਏ ਜਾਣ ਦੇ ਸਹੀ ਰਾਹ ´ਤੇ ਪੈਰ ਰੱਖ ਦਿੰਦਾ ਹੈ, ਉਦੋਂ ਦੇਹਧਾਰੀ ਰੂਪ ਵਿੱਚ ਉਸਦਾ ਕੰਮ ਖਤਮ ਹੋ ਜਾਂਦਾ ਹੈ। ਇਹ ਬੇਸ਼ੱਕ ਉਦੋਂ ਵੀ ਹੁੰਦਾ ਹੈ ਜਦੋਂ ਉਸਨੇ ਸ਼ਤਾਨ ਨੂੰ ਪੂਰੀ ਤਰ੍ਹਾਂ ਨਾਲ ਹਰਾ ਦਿੱਤਾ ਹੋਵੇਗਾ ਅਤੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰ ਲਈ ਹੋਵੇਗੀ। ਉਸ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਮਨੁੱਖ ਅੰਤ ਵਿੱਚ ਉਸ ਸਮੇਂ ਸੱਚਾਈ ਵਿੱਚ ਪ੍ਰਵੇਸ਼ ਕਰ ਚੁੱਕਾ ਹੋਵੇਗਾ, ਨਾ ਹੀ ਉਸ ਨੂੰ ਇਸ ਗੱਲ ਦੀ ਪਰਵਾਹ ਹੈ ਕਿ ਕੀ ਮਨੁੱਖ ਦਾ ਜੀਵਨ ਮਹਾਨ ਹੈ ਜਾਂ ਮਾਮੂਲੀ। ਇਹਨਾਂ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜਿਸਦਾ ਉਸ ਨੂੰ ਦੇਹਧਾਰੀ ਰਹਿੰਦੇ ਹੋਏ ਪ੍ਰਬੰਧਨ ਕਰਨਾ ਚਾਹੀਦਾ ਹੈ; ਇਹਨਾਂ ਵਿੱਚੋਂ ਕੁਝ ਵੀ ਪਰਮੇਸ਼ੁਰ ਦੇ ਕੰਮ ਵਿੱਚ ਸ਼ਾਮਲ ਨਹੀਂ ਹੈ। ਜਦੋਂ ਉਹ ਆਪਣਾ ਨਿਯਤ ਕੀਤਾ ਕੰਮ ਪੂਰਾ ਕਰ ਲਵੇਗਾ, ਤਾਂ ਉਹ ਦੇਹਧਾਰੀ ਰੂਪ ਵਿੱਚ ਆਪਣੇ ਕੰਮ ਨੂੰ ਖਤਮ ਕਰ ਦੇਵੇਗਾ। ਇਸ ਲਈ, ਜੋ ਕੰਮ ਦੇਹਧਾਰੀ ਪਰਮੇਸ਼ੁਰ ਕਰਦਾ ਹੈ ਉਹ ਸਿਰਫ਼ ਉਹੀ ਕੰਮ ਹੈ ਜੋ ਪਰਮੇਸ਼ੁਰ ਦਾ ਆਤਮਾ ਸਿੱਧੇ ਤੌਰ ´ਤੇ ਨਹੀਂ ਕਰ ਸਕਦਾ। ਇਸ ਤੋਂ ਇਲਾਵਾ, ਇਹ ਮੁਕਤੀ ਦਾ ਥੋੜ੍ਹੇ ਸਮੇਂ ਦਾ ਕੰਮ ਹੈ, ਉਹ ਕੰਮ ਨਹੀਂ ਜੋ ਉਹ ਧਰਤੀ ਉੱਤੇ ਲੰਮੇ ਸਮੇਂ ਦੇ ਅਧਾਰ ´ਤੇ ਕਰੇਗਾ।

ਤੁਹਾਡੀ ਯੋਗਤਾ ਨੂੰ ਉੱਚਾ ਚੁੱਕਣਾ ਮੇਰੇ ਕੰਮ ਦੇ ਖੇਤਰ ਵਿੱਚ ਨਹੀਂ ਹੈ। ਮੈਂ ਤੁਹਾਨੂੰ ਸਿਰਫ਼ ਇਸ ਕਰਕੇ ਇਹ ਕਰਨ ਲਈ ਕਹਿੰਦਾ ਹਾਂ ਕਿਉਂਕਿ ਤੁਹਾਡੀ ਯੋਗਤਾ ਬਹੁਤ ਥੋੜ੍ਹੀ ਹੈ। ਅਸਲ ਵਿੱਚ ਇਹ ਸਿੱਧੀ ਦੇ ਕੰਮ ਦਾ ਹਿੱਸਾ ਨਹੀਂ ਹੈ; ਬਲਕਿ, ਇਹ ਤੁਹਾਡੇ ’ਤੇ ਕੀਤਾ ਜਾ ਰਿਹਾ ਵਾਧੂ ਕੰਮ ਹੈ। ਤੁਹਾਡੇ ´ਤੇ ਅੱਜ ਪੂਰਾ ਕੀਤਾ ਜਾ ਰਿਹਾ ਕੰਮ ਇਸ ਅਧਾਰ ´ਤੇ ਕੀਤਾ ਜਾਂਦਾ ਹੈ ਕਿ ਕਿ ਤੁਹਾਨੂੰ ਕਿਸ ਦੀ ਲੋੜ ਹੈ। ਇਹ ਵਿਅਕਤੀਗਤ ਹੈ ਅਤੇ ਉਹ ਰਸਤਾ ਨਹੀਂ ਹੈ ਜਿਸ ਉੱਪਰ ਹਰ ਉਸ ਵਿਅਕਤੀ ਨੂੰ ਪ੍ਰਵੇਸ਼ ਕਰਨਾ ਚਾਹੀਦਾ ਹੈ ਜਿਸ ਨੂੰ ਸਿੱਧ ਬਣਾਇਆ ਜਾ ਰਿਹਾ ਹੈ। ਕਿਉਂਕਿ ਤੁਹਾਡੀ ਯੋਗਤਾ ਉਸ ਨਾਲੋਂ ਘੱਟ ਹੈ ਜਿਸ ਨੂੰ ਪਿਛਲੇ ਸਮੇਂ ਵਿੱਚ ਸਿੱਧ ਬਣਾਇਆ ਗਿਆ ਸੀ, ਇਸ ਲਈ ਜਦੋਂ ਇਹ ਕੰਮ ਤੁਹਾਡੇ ਉੱਤੇ ਕੀਤਾ ਜਾਂਦਾ ਹੈ, ਤਾਂ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ। ਇਹ ਵਾਧੂ ਕੰਮ ਕਰਦੇ ਹੋਏ ਮੈਂ ਤੁਹਾਡੇ ਵਿੱਚਕਾਰ ਹਾਂ ਕਿਉਂਕਿ ਸਿੱਧੀ ਦੇ ਟੀਚੇ ਵੱਖਰੇ ਹਨ। ਦਰਅਸਲ, ਜਦੋਂ ਪਰਮੇਸ਼ੁਰ ਧਰਤੀ ´ਤੇ ਆਉਂਦਾ ਹੈ, ਤਾਂ ਉਹ ਆਪਣੀ ਜ਼ਿੰਮੇਵਾਰੀ ਦੇ ਉਚਿਤ ਖੇਤਰ ਵਿੱਚ ਰਹਿੰਦਾ ਹੈ ਅਤੇ ਆਪਣਾ ਕੰਮ ਪੂਰਾ ਕਰਦਾ ਹੈ, ਹੋਰ ਮਾਮਲਿਆਂ ਲਈ ਪਰੇਸ਼ਾਨ ਨਹੀਂ ਹੁੰਦਾ ਜਿਹਨਾਂ ਨਾਲ ਉਸਦਾ ਕੋਈ ਸਬੰਧ ਨਹੀਂ। ਉਹ ਪਰਿਵਾਰਕ ਮਾਮਲਿਆਂ ਵਿੱਚ ਸ਼ਾਮਲ ਨਹੀਂ ਹੁੰਦਾ ਜਾਂ ਲੋਕਾਂ ਦੇ ਜੀਵਨ ਵਿੱਚ ਸ਼ਾਮਲ ਨਹੀਂ ਹੁੰਦਾ। ਉਹ ਅਜਿਹੀਆਂ ਮਾਮੂਲੀ ਚੀਜ਼ਾਂ ਤੋਂ ਪੂਰੀ ਤਰ੍ਹਾਂ ਬੇਪਰਵਾਹ ਹੈ; ਇਹ ਉਸ ਦੇ ਕੰਮ ਦਾ ਹਿੱਸਾ ਨਹੀਂ ਹਨ। ਪਰ ਤੁਹਾਡੀ ਯੋਗਤਾ ਉਸ ਨਾਲੋਂ ਕਿਤੇ ਜ਼ਿਆਦਾ ਘੱਟ ਹੈ ਜੋ ਮੈਂ ਮੰਗੀ ਸੀ—ਅਸਲ ਵਿੱਚ, ਇਸਦੀ ਬਿਲਕੁਲ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ—ਕਿ ਇਹ ਕੰਮ ਵਿੱਚ ਬੇਹੱਦ ਰੁਕਾਵਟਾਂ ਖੜ੍ਹੀਆਂ ਕਰਦੀ ਹੈ। ਇਸ ਤੋਂ ਇਲਾਵਾ, ਇਹ ਕੰਮ ਜ਼ਰੂਰੀ ਤੌਰ ´ਤੇ ਚੀਨ ਦੀ ਇਸ ਧਰਤੀ ’ਤੇ ਲੋਕਾਂ ਦੇ ਵਿਚਕਾਰ ਕੀਤਾ ਜਾਣਾ ਚਾਹੀਦਾ ਹੈ। ਤੁਸੀਂ ਐਨੇ ਘੱਟ ਸਿੱਖਿਅਤ ਹੋ ਕਿ ਮੇਰੇ ਕੋਲ ਸਪਸ਼ਟ ਤੌਰ ´ਤੇ ਬੋਲਣ ਅਤੇ ਇਹ ਮੰਗ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਸਿੱਖਿਅਤ ਕਰੋ। ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਵਾਧੂ ਦਾ ਕੰਮ ਹੈ, ਪਰ ਇਹ ਉਹ ਚੀਜ਼ ਵੀ ਹੈ ਜੋ ਤੁਹਾਨੂੰ ਲਾਜ਼ਮੀ ਤੌਰ ´ਤੇ ਪ੍ਰਾਪਤ ਕਰਨੀ ਚਾਹੀਦੀ ਹੈ, ਅਜਿਹੀ ਚੀਜ਼ ਜੋ ਤੁਹਾਨੂੰ ਸਿੱਧ ਬਣਨ ਵਿੱਚ ਮਦਦ ਕਰੇਗੀ। ਅਸਲੀਅਤ ਵਿੱਚ, ਸਿੱਖਿਆ, ਸਵੈ-ਆਚਰਣ ਬਾਰੇ ਮੁੱਢਲਾ ਗਿਆਨ, ਅਤੇ ਜੀਵਨ ਬਾਰੇ ਮੁੱਢਲਾ ਗਿਆਨ ਉਹ ਸਾਰੀਆਂ ਚੀਜ਼ਾਂ ਹਨ ਜੋ ਤੁਹਾਡੇ ਵਿੱਚ ਕੁਦਰਤੀ ਤੌਰ ´ਤੇ ਹੋਣੀਆਂ ਚਾਹੀਦੀਆਂ ਹਨ; ਮੈਨੂੰ ਤੁਹਾਡੇ ਨਾਲ ਇਹਨਾਂ ਚੀਜ਼ਾਂ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਪਰ ਕਿਉਂਕਿ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਹਨ, ਮੇਰੇ ਕੋਲ ਤੁਹਾਡੇ ਦੁਆਰਾ ਇਸ ਦੁਨੀਆ ਵਿੱਚ ਜਨਮ ਲੈ ਚੁੱਕਣ ਤੋਂ ਬਾਅਦ ਤੁਹਾਡੇ ਅੰਦਰ ਇਹ ਚੀਜ਼ਾਂ ਬਿਠਾਉਣ ਦਾ ਕੰਮ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੈ। ਭਾਵੇਂ ਤੁਸੀਂ ਮੇਰੇ ਬਾਰੇ ਬਹੁਤ ਸਾਰੀਆਂ ਧਾਰਣਾਵਾਂ ਰੱਖਦੇ ਹੋ, ਮੈਂ ਫੇਰ ਵੀ ਤੁਹਾਡੇ ਤੋਂ ਇਹ ਮੰਗ ਕਰਦਾ ਹਾਂ—ਮੈਂ ਫੇਰ ਵੀ ਇਹ ਮੰਗ ਕਰਦਾ ਹਾਂ ਕਿ ਤੁਸੀਂ ਆਪਣੀ ਯੋਗਤਾ ਨੂੰ ਉੱਚਾ ਚੁੱਕੋ। ਮੇਰਾ ਕੋਈ ਇਰਾਦਾ ਨਹੀਂ ਹੈ ਕਿ ਮੈਂ ਆ ਕੇ ਇਹ ਕੰਮ ਕਰਾਂ, ਕਿਉਂਕਿ ਮੇਰਾ ਕੰਮ ਸਿਰਫ਼ ਤੁਹਾਨੂੰ ਜਿੱਤਣਾ ਹੈ, ਤੁਹਾਡਾ ਨਿਆਂ ਕਰਕੇ ਬੱਸ ਤੁਹਾਡਾ ਪੂਰਾ ਭਰੋਸਾ ਪ੍ਰਾਪਤ ਕਰਨਾ, ਫ਼ਲਸਰੂਪ ਉਸ ਜੀਵਨਸ਼ੈਲੀ ਵੱਲ ਇਸ਼ਾਰਾ ਕਰਨਾ ਹੈ ਜਿਸ ਵਿੱਚ ਤੁਹਾਨੂੰ ਪ੍ਰਵੇਸ਼ ਕਰਨਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ, ਤਾਂ ਜੇ ਮੈਨੂੰ ਆਪਣੇ ਵਚਨ ਨਾਲ ਤੁਹਾਨੂੰ ਜਿੱਤਣ ਦੀ ਲੋੜ ਨਾ ਹੁੰਦੀ ਤਾਂ ਮੈਨੂੰ ਇਸ ਨਾਲ ਬਿਲਕੁਲ ਕੋਈ ਫ਼ਰਕ ਨਹੀਂ ਪੈਣਾ ਸੀ ਕਿ ਤੁਸੀਂ ਕਿੰਨੇ ਸਿੱਖਿਅਤ ਹੋ ਅਤੇ ਕੀ ਤੁਸੀਂ ਜੀਵਨ ਬਾਰੇ ਜਾਣਕਾਰ ਹੋ। ਇਹ ਸਭ ਜਿੱਤ ਦੇ ਕੰਮ ਵਿੱਚ ਨਤੀਜੇ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਅਤੇ ਉਸ ਤੋਂ ਬਾਅਦ ਤੁਹਾਨੂੰ ਸਿੱਧ ਬਣਾਉਣ ਦੀ ਖਾਤਰ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਜਿੱਤਣ ਦੇ ਕੰਮ ਦਾ ਹਿੱਸਾ ਨਹੀਂ ਹੈ। ਕਿਉਂਕਿ ਤੁਹਾਡੀ ਯੋਗਤਾ ਘੱਟ ਹੈ ਅਤੇ ਤੁਸੀਂ ਆਲਸੀ ਅਤੇ ਲਾਪਰਵਾਹ, ਨਾਸਮਝ ਅਤੇ ਮੋਟੀ ਅਕਲ ਵਾਲੇ, ਅੜੀਅਲ ਅਤੇ ਮੂਰਖਤਾ ਭਰੇ ਹੋ—ਕਿਉਂਕਿ ਤੁਸੀਂ ਬੇਹੱਦ ਵਿਗੜੇ ਹੋਏ ਹੋ—ਮੈਂ ਚਾਹੁੰਦਾ ਹਾਂ ਕਿ ਤੁਸੀਂ ਪਹਿਲਾਂ ਆਪਣੀ ਯੋਗਤਾ ਨੂੰ ਉੱਚਾ ਚੁੱਕੋ। ਜੋ ਵੀ ਵਿਅਕਤੀ ਸਿੱਧ ਬਣਨਾ ਚਾਹੁੰਦਾ ਹੈ ਉਸ ਨੂੰ ਲਾਜ਼ਮੀ ਤੌਰ ’ਤੇ ਕੁਝ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ। ਸਿੱਧ ਬਣਾਏ ਜਾਣ ਲਈ, ਵਿਅਕਤੀ ਨੂੰ ਸਾਫ਼ ਅਤੇ ਸੰਜਮੀ ਮਨ ਵਾਲਾ ਹੋਣਾ ਚਾਹੀਦਾ ਹੈ ਅਤੇ ਇੱਕ ਸਾਰਥਕ ਜੀਵਨ ਜੀਉਣ ਲਈ ਇੱਛੁਕ ਹੋਣਾ ਚਾਹੀਦਾ ਹੈ। ਜੇ ਤੂੰ ਅਜਿਹਾ ਵਿਅਕਤੀ ਹੈ ਜੋ ਇੱਕ ਖੋਖਲਾ ਜੀਵਨ ਜੀਉਣ ਦਾ ਇੱਛੁਕ ਨਹੀਂ ਹੈ, ਜੋ ਸੱਚਾਈ ਦਾ ਪਾਲਣ ਕਰਦਾ ਹੈ, ਜੋ ਉਸ ਦੁਆਰਾ ਕੀਤੇ ਜਾਣ ਵਾਲੇ ਹਰ ਕੰਮ ਵਿੱਚ ਉਤਸ਼ਾਹੀ ਹੈ, ਅਤੇ ਅਜਿਹਾ ਵਿਅਕਤੀ ਹੈ ਜਿਸ ਵਿੱਚ ਅਸਧਾਰਣ ਅਸਲ ਮਨੁੱਖਤਾ ਹੈ, ਤਾਂ ਤੂੰ ਸਿੱਧ ਬਣਾਏ ਜਾਣ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈਂ।

ਤੁਹਾਡੇ ਦਰਮਿਆਨ ਕੀਤਾ ਜਾ ਰਿਹਾ ਇਹ ਕੰਮ ਤੁਹਾਡੇ ਉੱਪਰ ਇਸ ਅਧਾਰ ´ਤੇ ਕੀਤਾ ਜਾ ਰਿਹਾ ਹੈ ਕਿ ਕਿਹੜਾ ਕੰਮ ਕੀਤੇ ਜਾਣ ਦੀ ਲੋੜ ਹੈ। ਇਹਨਾਂ ਲੋਕਾਂ ਉੱਪਰ ਜਿੱਤ ਤੋਂ ਬਾਅਦ, ਲੋਕਾਂ ਦੇ ਇੱਕ ਸਮੂਹ ਨੂੰ ਸਿੱਧ ਬਣਾਇਆ ਜਾਵੇਗਾ। ਇਸ ਲਈ, ਵਰਤਮਾਨ ਕੰਮ ਦਾ ਬਹੁਤਾ ਹਿੱਸਾ ਤੁਹਾਨੂੰ ਸਿੱਧ ਬਣਾਏ ਜਾਣ ਦੇ ਟੀਚੇ ਲਈ ਤਿਆਰੀ ਵਿੱਚ ਵੀ ਹੈ, ਕਿਉਂਕਿ ਸੱਚਾਈ ਲਈ ਭੁੱਖੇ ਅਜਿਹੇ ਬਹੁਤ ਸਾਰੇ ਲੋਕ ਹਨ ਜਿਹਨਾਂ ਨੂੰ ਸਿੱਧ ਬਣਾਇਆ ਜਾ ਸਕਦਾ ਹੈ। ਜੇ ਜਿੱਤਣ ਦਾ ਕੰਮ ਤੁਹਾਡੇ ਉੱਤੇ ਕੀਤਾ ਜਾਣਾ ਹੁੰਦਾ ਅਤੇ ਇਸ ਤੋਂ ਬਾਅਦ ਕੋਈ ਹੋਰ ਕੰਮ ਨਹੀਂ ਕੀਤਾ ਜਾਂਦਾ, ਤਾਂ ਕੀ ਇਹ ਅਜਿਹਾ ਨਾ ਹੁੰਦਾ ਕਿ ਜੋ ਲੋਕ ਸੱਚਾਈ ਲਈ ਤਰਸਦੇ ਹਨ ਉਹ ਇਸ ਨੂੰ ਪ੍ਰਾਪਤ ਨਹੀਂ ਕਰਦੇ? ਵਰਤਮਾਨ ਕੰਮ ਦਾ ਉਦੇਸ਼ ਲੋਕਾਂ ਨੂੰ ਬਾਅਦ ਵਿੱਚ ਸਿੱਧ ਬਣਾਏ ਜਾਣ ਲਈ ਰਾਹ ਖੋਲ੍ਹਣਾ ਹੈ। ਹਾਲਾਂਕਿ ਮੇਰਾ ਕੰਮ ਸਿਰਫ਼ ਜਿੱਤਣ ਦਾ ਕੰਮ ਹੈ, ਫੇਰ ਵੀ ਜੀਵਨ ਦੇ ਢੰਗ ਬਾਰੇ ਮੈਂ ਜੋ ਬੋਲਦਾ ਹਾਂ ਉਹ ਲੋਕਾਂ ਨੂੰ ਬਾਅਦ ਵਿੱਚ ਸਿੱਧ ਬਣਾਏ ਜਾਣ ਲਈ ਤਿਆਰੀ ਵਾਸਤੇ ਹੈ। ਜਿੱਤਣ ਤੋਂ ਬਾਅਦ ਜੋ ਕੰਮ ਆਉਂਦਾ ਹੈ ਉਹ ਲੋਕਾਂ ਨੂੰ ਸਿੱਧ ਬਣਾਏ ਜਾਣ ´ਤੇ ਕੇਂਦਰਤ ਹੈ, ਅਤੇ ਜਿੱਤ ਸਿੱਧ ਬਣਾਏ ਜਾਣ ਦੇ ਕੰਮ ਦੀ ਨੀਂਹ ਰੱਖਣ ਲਈ ਪ੍ਰਾਪਤ ਕੀਤੀ ਜਾਂਦੀ ਹੈ। ਮਨੁੱਖ ਨੂੰ ਜਿੱਤਣ ਤੋਂ ਬਾਅਦ ਹੀ ਸਿੱਧ ਬਣਾਇਆ ਜਾ ਸਕਦਾ ਹੈ। ਇਸ ਵੇਲੇ, ਮੁੱਖ ਕੰਮ ਜਿੱਤਣਾ ਹੈ; ਬਾਅਦ ਵਿੱਚ, ਜੋ ਲੋਕ ਸੱਚਾਈ ਦੀ ਭਾਲ ਕਰਦੇ ਹਨ ਅਤੇ ਉਸਦੀ ਲਾਲਸਾ ਰੱਖਦੇ ਹਨ, ਉਹਨਾਂ ਨੂੰ ਸਿੱਧ ਬਣਾਇਆ ਜਾਵੇਗਾ। ਸਿੱਧ ਬਣਾਏ ਜਾਣ ਵਿੱਚ ਲੋਕਾਂ ਦੇ ਪ੍ਰਵੇਸ਼ ਦੇ ਕਾਰਜਸ਼ੀਲ ਪਹਿਲੂ ਸ਼ਾਮਲ ਹੁੰਦੇ ਹਨ: ਕੀ ਤੇਰੇ ਕੋਲ ਪਰਮੇਸ਼ੁਰ ਨੂੰ ਪਿਆਰ ਕਰਨ ਵਾਲਾ ਮਨ ਹੈ? ਜਦੋਂ ਤੂੰ ਇਸ ਰਾਹ ´ਤੇ ਚੱਲਿਆ ਤਾਂ ਇਸ ਬਾਰੇ ਤੇਰੇ ਅਨੁਭਵ ਦੀ ਡੂੰਘਾਈ ਕਿੰਨੀ ਰਹੀ ਹੈ? ਪਰਮੇਸ਼ੁਰ ਲਈ ਤੇਰਾ ਪਿਆਰ ਕਿੰਨਾ ਕੁ ਸ਼ੁੱਧ ਹੈ? ਤੇਰੀ ਸੱਚਾਈ ਦਾ ਅਮਲ ਕਿੰਨਾ ਕੁ ਸਟੀਕ ਹੈ? ਸਿੱਧ ਬਣਾਏ ਜਾਣ ਲਈ, ਮਨੁੱਖ ਨੂੰ ਮਨੁੱਖਤਾ ਦੇ ਸਾਰੇ ਪਹਿਲੂਆਂ ਦਾ ਮੁੱਢਲਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ। ਇਹ ਇੱਕ ਸ਼ੁਰੂਆਤੀ ਲੋੜ ਹੈ। ਉਹ ਸਾਰੇ ਜਿਹੜੇ ਜਿੱਤੇ ਜਾਣ ਤੋਂ ਬਾਅਦ ਸਿੱਧ ਨਹੀਂ ਬਣਾਏ ਜਾ ਸਕਦੇ ਇਸਤੇਮਾਲ ਦੀਆਂ ਵਸਤਾਂ ਬਣ ਜਾਂਦੇ ਹਨ ਅਤੇ ਆਖਰਕਾਰ ਫੇਰ ਵੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟ ਦਿੱਤੇ ਜਾਣਗੇ ਅਤੇ ਫੇਰ ਵੀ ਅਥਾਹ-ਕੁੰਡ ਵਿੱਚ ਡਿੱਗਣਗੇ, ਕਿਉਂਕਿ ਤੇਰਾ ਸੁਭਾਅ ਨਹੀਂ ਬਦਲਿਆ ਹੈ ਅਤੇ ਤੇਰਾ ਸਬੰਧ ਅਜੇ ਵੀ ਸ਼ਤਾਨ ਦੇ ਨਾਲ ਹੈ। ਜੇ ਕਿਸੇ ਮਨੁੱਖ ਵਿੱਚ ਸਿੱਧੀ ਦੀਆਂ ਸ਼ਰਤਾਂ ਦੀ ਕਮੀ ਹੈ, ਤਾਂ ਉਹ ਬੇਕਾਰ ਹੈ—ਉਹ ਵਿਅਰਥ ਹੈ, ਇੱਕ ਸਾਧਨ ਹੈ, ਅਜਿਹੀ ਚੀਜ਼ ਜੋ ਅੱਗ ਦੀ ਪਰੀਖਿਆ ਦਾ ਸਾਹਮਣਾ ਨਹੀਂ ਕਰ ਸਕਦੀ! ਪਰਮੇਸ਼ੁਰ ਲਈ ਤੇਰਾ ਪਿਆਰ ਇਸ ਸਮੇਂ ਕਿੰਨਾ ਕੁ ਵੱਡਾ ਹੈ? ਆਪਣੇ ਆਪ ਲਈ ਤੇਰੀ ਨਫ਼ਰਤ ਕਿੰਨੀ ਕੁ ਵੱਡੀ ਹੈ? ਤੂੰ ਸ਼ਤਾਨ ਨੂੰ ਸੱਚਮੁੱਚ ਕਿੰਨੀ ਡੂੰਘਾਈ ਨਾਲ ਜਾਣਦਾ ਹੈਂ? ਕੀ ਤੁਸੀਂ ਆਪਣੇ ਸੰਕਲਪ ਨੂੰ ਮਜ਼ਬੂਤ ਬਣਾਇਆ ਹੈ? ਕੀ ਤੁਹਾਡੀ ਮਨੁੱਖਤਾ ਦੇ ਅੰਦਰ ਤੁਹਾਡਾ ਜੀਵਨ ਚੰਗੀ ਤਰ੍ਹਾਂ ਨਿਯਮਿਤ ਹੈ? ਕੀ ਤੁਹਾਡਾ ਜੀਵਨ ਬਦਲ ਗਿਆ ਹੈ? ਕੀ ਤੁਸੀਂ ਇੱਕ ਨਵਾਂ ਜੀਵਨ ਜੀਅ ਰਹੇ ਹੋ? ਕੀ ਤੁਹਾਡੇ ਜੀਵਨ ਦਾ ਨਜ਼ਰੀਆ ਬਦਲ ਗਿਆ ਹੈ? ਜੇ ਇਹ ਚੀਜ਼ਾਂ ਨਹੀਂ ਬਦਲੀਆਂ ਹਨ, ਤਾਂ ਭਾਵੇਂ ਤੂੰ ਪਿੱਛੇ ਨਹੀਂ ਵੀ ਹਟਦਾ ਪਰ ਤੈਨੂੰ ਸਿੱਧ ਨਹੀਂ ਬਣਾਇਆ ਜਾ ਸਕਦਾ; ਇਸ ਦੀ ਬਜਾਏ, ਤੈਨੂੰ ਸਿਰਫ਼ ਜਿੱਤ ਲਿਆ ਗਿਆ ਹੈ। ਜਦੋਂ ਤੈਨੂੰ ਪਰਖਣ ਦਾ ਸਮਾਂ ਆਵੇਗਾ, ਤੇਰੇ ਅੰਦਰ ਸੱਚਾਈ ਦੀ ਕਮੀ ਰਹੇਗੀ, ਤੇਰੀ ਮਨੁੱਖਤਾ ਵਿਗੜੀ ਹੋਈ ਹੋਵੇਗੀ, ਅਤੇ ਤੂੰ ਭਾਰ ਢੋਣ ਵਾਲੇ ਪਸ਼ੂ ਜਿੰਨਾ ਹੀ ਨੀਚ ਹੋਵੇਂਗਾ। ਤੇਰੀ ਇੱਕਮਾਤਰ ਉਪਲਬਧੀ ਤੈਨੂੰ ਜਿੱਤਿਆ ਜਾਣਾ ਹੋਵੇਗੀ—ਤੂੰ ਸਿਰਫ਼ ਇੱਕ ਵਸਤੂ ਹੋਵੇਂਗਾ ਜਿਸ ਨੂੰ ਮੈਂ ਜਿੱਤਿਆ ਹੈ। ਬਿਲਕੁਲ ਇੱਕ ਗਧੇ ਵਾਂਗ, ਜਿਸ ਨੂੰ ਇੱਕ ਵਾਰ ਮਾਲਕ ਦਾ ਕੋਰੜਾ ਪੈ ਜਾਵੇ, ਤਾਂ ਜਦੋਂ ਵੀ ਇਹ ਮਾਲਕ ਨੂੰ ਵੇਖਦਾ ਹੈ ਤਾਂ ਕੰਮ ਕਰਨ ਤੋਂ ਸਹਿਮ ਜਾਂਦਾ ਅਤੇ ਭੈਅਭੀਤ ਹੋ ਜਾਂਦਾ ਹੈ, ਤੂੰ ਸਿਰਫ਼ ਇੱਕ ਗਧਾ ਹੋਵੇਂਗਾ ਜਿਸ ਨੂੰ ਜਿੱਤਿਆ ਗਿਆ ਹੈ। ਜੇ ਕਿਸੇ ਵਿਅਕਤੀ ਵਿੱਚ ਉਹਨਾਂ ਸਕਾਰਾਤਮਕ ਪਹਿਲੂਆਂ ਦੀ ਕਮੀ ਹੈ ਅਤੇ ਇਸ ਦੀ ਬਜਾਏ ਉਹ ਹਰ ਚੀਜ਼ ਵਿੱਚ ਨਕਾਰਾਤਮਕ ਅਤੇ ਭੈਅਭੀਤ, ਕਾਇਰ ਅਤੇ ਦੁਚਿੱਤੀ ਵਿੱਚ ਹੈ, ਕੁਝ ਵੀ ਸਪੱਸ਼ਟ ਤੌਰ ´ਤੇ ਸਮਝਣ ਦੇ ਅਯੋਗ ਹੈ, ਸੱਚਾਈ ਨੂੰ ਸਵੀਕਾਰ ਕਰਨ ਦੇ ਅਯੋਗ ਹੈ, ਅਜੇ ਵੀ ਅਮਲ ਦੇ ਰਾਹ ਤੋਂ ਵਾਂਝਾ ਹੈ, ਅਤੇ ਉਸ ਤੋਂ ਵੀ ਅੱਗੇ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਮਨ ਤੋਂ ਵੀ ਬਗੈਰ ਹੈ—ਜੇ ਕਿਸੇ ਵਿਅਕਤੀ ਨੂੰ ਇਹ ਸਮਝ ਨਹੀਂ ਹੈ ਕਿ ਪਰਮੇਸ਼ੁਰ ਨੂੰ ਕਿਵੇਂ ਪਿਆਰ ਕਰਨਾ ਹੈ, ਇੱਕ ਸਾਰਥਕ ਜੀਵਨ ਕਿਵੇਂ ਜੀਉਣਾ ਹੈ, ਜਾਂ ਇੱਕ ਅਸਲ ਇਨਸਾਨ ਕਿਵੇਂ ਬਣਨਾ ਹੈ—ਅਜਿਹਾ ਵਿਅਕਤੀ ਪਰਮੇਸ਼ੁਰ ਲਈ ਕਿਵੇਂ ਗਵਾਹੀ ਦੇ ਸਕਦਾ ਹੈ? ਇਹ ਦਰਸਾਏਗਾ ਕਿ ਤੇਰੇ ਜੀਵਨ ਦਾ ਕੋਈ ਮਹੱਤਵ ਨਹੀਂ ਹੈ ਅਤੇ ਤੂੰ ਇੱਕ ਜਿੱਤੇ ਹੋਏ ਗਧੇ ਤੋਂ ਵੱਧ ਕੁਝ ਵੀ ਨਹੀਂ ਹੈ। ਤੈਨੂੰ ਜਿੱਤਿਆ ਜਾਵੇਗਾ, ਪਰ ਉਸਦਾ ਮਤਲਬ ਸਿਰਫ਼ ਇਹ ਹੋਵੇਗਾ ਕਿ ਤੂੰ ਵੱਡੇ ਲਾਲ ਅਜਗਰ ਨੂੰ ਤਿਆਗ ਦਿੱਤਾ ਹੈ ਅਤੇ ਇਸਦੇ ਖੇਤਰ ਦੇ ਅਧੀਨ ਹੋਣ ਤੋਂ ਇਨਕਾਰ ਕਰ ਦਿੱਤਾ ਹੈ; ਇਸਦਾ ਮਤਲਬ ਇਹ ਹੋਵੇਗਾ ਕਿ ਤੂੰ ਇਹ ਮੰਨਦਾ ਹੈਂ ਕਿ ਪਰਮੇਸ਼ੁਰ ਹੈ, ਪਰਮੇਸ਼ੁਰ ਦੀਆਂ ਸਾਰੀਆਂ ਯੋਜਨਾਵਾਂ ਦਾ ਆਗਿਆ ਪਾਲਣ ਕਰਨਾ ਚਾਹੁੰਦਾ ਹੈਂ, ਅਤੇ ਤੈਨੂੰ ਕੋਈ ਸ਼ਿਕਾਇਤ ਨਹੀਂ ਹੈ। ਪਰ ਜਿੱਥੋਂ ਤਕ ਸਕਾਰਾਤਮਕ ਪਹਿਲੂਆਂ ਦਾ ਸਬੰਧ ਹੈ, ਕੀ ਤੂੰ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਉਣ ਅਤੇ ਪਰਮੇਸ਼ੁਰ ਨੂੰ ਪਰਗਟ ਕਰਨ ਦੇ ਯੋਗ ਹੈਂ? ਜੇ ਤੇਰੇ ਕੋਲ ਇਹਨਾਂ ਵਿੱਚੋਂ ਕੋਈ ਵੀ ਪਹਿਲੂ ਨਹੀਂ ਹੈ, ਤਾਂ ਇਸਦਾ ਮਤਲਬ ਹੈ ਕਿ ਤੈਨੂੰ ਪਰਮੇਸ਼ੁਰ ਦੁਆਰਾ ਪ੍ਰਾਪਤ ਨਹੀਂ ਕੀਤਾ ਗਿਆ ਹੈ, ਅਤੇ ਤੂੰ ਸਿਰਫ਼ ਇੱਕ ਜਿੱਤੇ ਹੋਏ ਗਧੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈਂ। ਤੇਰੇ ਵਿੱਚ ਪਸੰਦ ਕਰਨ ਲਾਇਕ ਕੁਝ ਵੀ ਨਹੀਂ ਹੈ, ਅਤੇ ਪਵਿੱਤਰ ਆਤਮਾ ਤੇਰੇ ਉੱਤੇ ਕੰਮ ਨਹੀਂ ਕਰ ਰਿਹਾ ਹੈ। ਤੇਰੀ ਮਨੁੱਖਤਾ ਵਿੱਚ ਬਹੁਤ ਕਮੀ ਹੈ; ਪਰਮੇਸ਼ੁਰ ਲਈ ਤੇਰਾ ਇਸਤੇਮਾਲ ਕਰਨਾ ਅਸੰਭਵ ਹੈ। ਤੈਨੂੰ ਪਰਮੇਸ਼ੁਰ ਦੀ ਮਨਜ਼ੂਰੀ ਲੈਣੀ ਪਵੇਗੀ ਅਤੇ ਅਵਿਸ਼ਵਾਸੀ ਪਸ਼ੂਆਂ ਅਤੇ ਤੁਰਦੇ-ਫਿਰਦੇ ਮੁਰਦਿਆਂ ਨਾਲੋਂ ਸੌ ਗੁਣਾ ਬਿਹਤਰ ਹੋਣਾ ਪਵੇਗਾ—ਜੋ ਇਸ ਪੱਧਰ ਤਕ ਪਹੁੰਚਦੇ ਹਨ ਸਿਰਫ਼ ਉਹੀ ਸਿੱਧ ਬਣਾਏ ਜਾਣ ਦੀ ਯੋਗਤਾ ਨੂੰ ਪੂਰਾ ਕਰਦੇ ਹਨ। ਜੇ ਕਿਸੇ ਵਿੱਚ ਮਨੁੱਖਤਾ ਹੈ ਅਤੇ ਅੰਤਰ-ਆਤਮਾ ਹੈ, ਸਿਰਫ਼ ਉਹੀ ਪਰਮੇਸ਼ੁਰ ਦੇ ਇਸਤੇਮਾਲ ਲਈ ਲਾਇਕ ਹੈ। ਜਦੋਂ ਤੁਹਾਨੂੰ ਸਿੱਧ ਬਣਾਇਆ ਜਾਂਦਾ ਹੈ ਸਿਰਫ਼ ਉਦੋਂ ਹੀ ਤੁਹਾਨੂੰ ਇਨਸਾਨ ਮੰਨਿਆ ਜਾ ਸਕਦਾ ਹੈ। ਸਿਰਫ਼ ਸਿੱਧ ਬਣਾਏ ਗਏ ਲੋਕ ਹੀ ਸਾਰਥਕ ਜੀਵਨ ਜੀਉਂਦੇ ਹਨ। ਸਿਰਫ਼ ਇਹੋ ਜਿਹੇ ਲੋਕ ਹੀ ਪਰਮੇਸ਼ੁਰ ਅੱਗੇ ਹੋਰ ਵੀ ਜ਼ਬਰਦਸਤ ਗਵਾਹੀ ਦੇ ਸਕਦੇ ਹਨ।

ਪਿਛਲਾ: ਅਹੁਦਿਆਂ ਅਤੇ ਪਛਾਣ ਦੇ ਸੰਬੰਧ ਵਿੱਚ

ਅਗਲਾ: ਤੁਹਾਨੂੰ ਰੁਤਬੇ ਦੀਆਂ ਅਸੀਸਾਂ ਨੂੰ ਇੱਕ ਪਾਸੇ ਰੱਖ ਕੇ ਪਰਮੇਸ਼ੁਰ ਦੀ ਮੁਨੱਖ ਨੂੰ ਮੁਕਤੀ ਦਿਲਾਉਣ ਦੀ ਇੱਛਾ ਨੂੰ ਸਮਝਣਾ ਚਾਹੀਦਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ