ਦੇਹਧਾਰੀ ਪਰਮੇਸ਼ੁਰ ਅਤੇ ਪਰਮੇਸ਼ੁਰ ਦੁਆਰਾ ਵਰਤੇ ਜਾਣ ਵਾਲੇ ਲੋਕਾਂ ਵਿਚਾਲੇ ਜ਼ਰੂਰੀ ਭਿੰਨਤਾ

ਕਈ ਵਰ੍ਹੇ ਹਨ ਜਦ ਤੋਂ ਪਰਮੇਸ਼ੁਰ ਦਾ ਆਤਮਾ ਭਾਲ ਕਰ ਰਿਹਾ ਹੈ ਜਦਕਿ ਉਹ ਧਰਤੀ ਉੱਤੇ ਕੰਮ ਕਰਦਾ ਹੈ ਅਤੇ ਬਹੁਤ ਸਾਰੇ ਉਹ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣਾ ਕਾਰਜ ਕਰਨ ਲਈ ਯੁਗਾਂ-ਯੁਗਾਂ ਤੋਂ ਵਰਤਿਆ ਹੈ। ਫਿਰ ਵੀ ਇਸ ਸਾਰੇ ਸਮੇਂ ਦੌਰਾਨ, ਪਰਮੇਸ਼ੁਰ ਦਾ ਆਤਮਾ ਇੱਕ ਢੁਕਵੇਂ ਅਰਾਮ ਦੇ ਸਥਾਨ ਤੋਂ ਵਾਂਝਾ ਰਿਹਾ ਹੈ, ਜਿਸ ਕਾਰਨ ਪਰਮੇਸ਼ੁਰ ਆਪਣਾ ਕਾਰਜ ਕਰਨ ਲਈ ਵੱਖ-ਵੱਖ ਲੋਕਾਂ ਵਿੱਚ ਆਪਣਾ ਸਥਾਨ ਬਦਲਦਾ ਰਹਿੰਦਾ ਹੈ। ਕੁੱਲ ਮਿਲਾ ਕੇ, ਲੋਕਾਂ ਰਾਹੀਂ ਹੀ ਉਸ ਦਾ ਕਾਰਜ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਇਨ੍ਹਾਂ ਸਾਰੇ ਵਰ੍ਹਿਆਂ ਦੌਰਾਨ, ਪਰਮੇਸ਼ੁਰ ਦਾ ਕਾਰਜ ਕਦੇ ਨਹੀਂ ਰੁਕਿਆ ਸਗੋਂ ਲੋਕਾਂ ਵਿੱਚ ਅਗਾਂਹ ਲਿਜਾਏ ਜਾਣ ਲਈ ਅੱਜ ਤਕ ਪੂਰੀ ਤਰ੍ਹਾਂ ਜਾਰੀ ਰਿਹਾ ਹੈ। ਭਾਵੇਂ ਪਰਮੇਸ਼ੁਰ ਨੇ ਬਹੁਤ ਸਾਰੇ ਵਚਨ ਬੋਲੇ ਹਨ ਅਤੇ ਬਹੁਤ ਜ਼ਿਆਦਾ ਕਾਰਜ ਕੀਤਾ ਹੈ ਪਰ ਮਨੁੱਖ ਹਾਲੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਦਾ, ਸਿਰਫ਼ ਇਸ ਕਰਕੇ ਕਿਉਂਕਿ ਪਰਮੇਸ਼ੁਰ ਕਦੇ ਵੀ ਮਨੁੱਖ ਉੱਤੇ ਪਰਗਟ ਨਹੀਂ ਹੋਇਆ ਅਤੇ ਇਸ ਕਰਕੇ ਵੀ ਕਿਉਂਕਿ ਉਸ ਦਾ ਕੋਈ ਪ੍ਰਤੱਖ ਰੂਪ ਨਹੀਂ ਹੈ। ਇਸ ਲਈ, ਪਰਮੇਸ਼ੁਰ ਨੇ ਇਹ ਕਾਰਜ ਜ਼ਰੂਰ ਹੀ ਸਿਰੇ ਚਾੜ੍ਹਨਾ ਹੈ ਯਾਨੀ ਸਾਰੇ ਮਨੁੱਖਾਂ ਨੂੰ ਵਿਹਾਰਕ ਪਰਮੇਸ਼ੁਰ ਦੀ ਵਿਹਾਰਕ ਮਹੱਤਤਾ ਤੋਂ ਜਾਣੂ ਕਰਾਉਣ ਦਾ ਕਾਰਜ। ਇਸ ਉਦੇਸ਼ ਦੀ ਪ੍ਰਾਪਤੀ ਲਈ, ਪਰਮੇਸ਼ੁਰ ਨੂੰ ਮਨੁੱਖਜਾਤੀ ਅੱਗੇ ਆਪਣਾ ਆਤਮਾ ਸਪਸ਼ਟ ਰੂਪ ਵਿੱਚ ਪਰਗਟ ਕਰਨਾ ਪੈਣਾ ਹੈ ਅਤੇ ਉਨ੍ਹਾਂ ਵਿਚਾਲੇ ਕਾਰਜ ਕਰਨਾ ਪੈਣਾ ਹੈ। ਇਹ ਉਦੋਂ ਹੀ ਹੋਵੇਗਾ ਜਦ ਪਰਮੇਸ਼ੁਰ ਦਾ ਆਤਮਾ ਸਰੀਰਕ ਰੂਪ ਇਖ਼ਤਿਆਰ ਕਰੇਗਾ, ਲਹੂ ਅਤੇ ਮਾਸ ਨੂੰ ਪਹਿਨੇਗਾ ਅਤੇ ਲੋਕਾਂ ਵਿਚਾਲੇ ਪ੍ਰਤੱਖ ਰੂਪ ਵਿੱਚ ਚੱਲੇਗਾ, ਉਨ੍ਹਾਂ ਦੇ ਜੀਵਨ ਵਿੱਚ ਉਨ੍ਹਾਂ ਦੇ ਨਾਲ-ਨਾਲ ਰਹੇਗਾ, ਕਦੇ ਆਪਣੇ ਆਪ ਨੂੰ ਪਰਗਟ ਕਰਦਾ ਹੋਇਆ ਤੇ ਕਦੇ ਆਪਣੇ ਆਪ ਨੂੰ ਲੁਕਾਉਂਦਾ ਹੋਇਆ, ਤਦ ਹੀ ਲੋਕ ਉਸ ਦੀ ਡੂੰਘੇਰੀ ਸਮਝ ਹਾਸਲ ਕਰਨ ਦੇ ਯੋਗ ਹੋਣਗੇ। ਜੇ ਪਰਮੇਸ਼ੁਰ ਸਿਰਫ਼ ਦੇਹਧਾਰੀ ਸਰੀਰ ਵਿੱਚ ਰਿਹਾ ਤਾਂ ਉਹ ਆਪਣਾ ਕਾਰਜ ਸਮੁੱਚੇ ਰੂਪ ਵਿੱਚ ਮੁਕੰਮਲ ਕਰਨ ਦੇ ਯੋਗ ਨਹੀਂ ਹੋਵੇਗਾ। ਦੇਹਧਾਰੀ ਰੂਪ ਵਿੱਚ ਕੁਝ ਸਮੇਂ ਲਈ ਕਾਰਜ ਕਰਨ, ਉਹ ਕਾਰਜ ਪੂਰਾ ਕਰਨ ਜਿਹੜਾ ਦੇਹਧਾਰੀ ਰੂਪ ਵਿੱਚ ਕਰਨ ਦੀ ਲੋੜ ਹੈ, ਤੋਂ ਬਾਅਦ ਪਰਮੇਸ਼ੁਰ ਸਰੀਰ ਨੂੰ ਛੱਡ ਦੇਵੇਗਾ ਅਤੇ ਦੇਹਧਾਰੀ ਸਰੀਰ ਦੇ ਰੂਪ ਵਿੱਚ ਆਤਮਿਕ ਸੰਸਾਰ ਵਿੱਚ ਕਾਰਜ ਕਰੇਗਾ ਜਿਵੇਂ ਯਿਸੂ ਨੇ ਕੀਤਾ ਸੀ। ਇਸ ਤੋਂ ਪਹਿਲਾਂ ਯਿਸੂ ਨੇ ਆਮ ਮਨੁੱਖਤਾ ਦੇ ਰੂਪ ਵਿੱਚ ਕੁਝ ਸਮੇਂ ਲਈ ਕਾਰਜ ਕੀਤਾ ਸੀ ਅਤੇ ਉਹ ਸਾਰਾ ਕਾਰਜ ਜਿਹੜਾ ਉਸ ਲਈ ਪੂਰਾ ਕਰਨਾ ਲੋੜੀਂਦਾ ਸੀ, ਪੂਰਾ ਕੀਤਾ ਸੀ। ਤੁਹਾਨੂੰ “ਰਾਹ ... (5)” ਦਾ ਇਹ ਪੈਰਾ ਸ਼ਾਇਦ ਚੇਤੇ ਹੋਵੇ: “ਮੈਨੂੰ ਯਾਦ ਹੈ ਜਦ ਮੇਰੇ ਪਿਤਾ ਨੇ ਮੈਨੂੰ ਕਿਹਾ ਸੀ, ‘ਧਰਤੀ ਉੱਤੇ ਕੇਵਲ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰਨ ਅਤੇ ਉਸ ਦਾ ਕਾਰਜ ਪੂਰਾ ਕਰਨ ਦਾ ਯਤਨ ਕਰੀਂ। ਇਸ ਤੋਂ ਇਲਾਵਾ ਹੋਰ ਕਿਸੇ ਚੀਜ਼ ਨਾਲ ਤੇਰਾ ਕੋਈ ਸਰੋਕਾਰ ਨਹੀਂ ਹੈ।’” ਇਸ ਪੈਰੇ ਵਿੱਚ ਤੂੰ ਕੀ ਵੇਖਦਾ ਹੈਂ? ਜਦ ਪਰਮੇਸ਼ੁਰ ਧਰਤੀ ਉੱਤੇ ਆਉਂਦਾ ਹੈ ਤਾਂ ਉਹ ਸਿਰਫ਼ ਆਪਣਾ ਕਾਰਜ ਜਿਹੜਾ ਸਵਰਗੀ ਆਤਮਾ ਨੇ ਦੇਹਧਾਰੀ ਪਰਮੇਸ਼ੁਰ ਨੂੰ ਸੌਂਪਿਆ ਹੈ, ਪਰਮੇਸ਼ੁਰਤਾਈ ਅੰਦਰ ਰਹਿ ਕੇ ਕਰਦਾ ਹੈ। ਜਦ ਉਹ ਆਉਂਦਾ ਹੈ ਤਾਂ ਵੱਖੋ-ਵੱਖ ਤਰੀਕਿਆਂ ਅਤੇ ਵੱਖੋ-ਵੱਖ ਦ੍ਰਿਸ਼ਟੀਕੋਣਾਂ ਤੋਂ ਆਪਣੀਆਂ ਬਾਣੀਆਂ ਨੂੰ ਆਵਾਜ਼ ਦੇਣ ਲਈ ਸਮੁੱਚੀ ਧਰਤੀ ਉੱਤੇ ਬੋਲਦਾ ਹੈ। ਉਹ ਮਨੁੱਖ ਨੂੰ ਵਚਨਾਂ ਦੀ ਪੂਰਤੀ ਕਰਨ ਅਤੇ ਸਿੱਖਿਆ ਦੇਣ ਨੂੰ ਅਪਣੇ ਮੁੱਖ ਟੀਚੇ ਅਤੇ ਕਾਰਜਸ਼ੀਲ ਸਿਧਾਂਤ ਬਣਾਉਂਦਾ ਹੈ ਅਤੇ ਆਪਣੇ ਆਪ ਨੂੰ ਅਜਿਹੀਆਂ ਚੀਜ਼ਾਂ, ਜਿਵੇਂ ਲੋਕਾਂ ਦੇ ਜੀਵਨ ਦੇ ਆਪਸੀ ਸੰਬੰਧਾਂ ਜਾਂ ਵੇਰਵਿਆਂ ਨਾਲ ਨਹੀਂ ਜੋੜਦਾ। ਉਸ ਦਾ ਮੁੱਖ ਕਾਰਜ ਆਤਮਾ ਲਈ ਬੋਲਣਾ ਹੈ ਯਾਨੀ ਜਦ ਪਰਮੇਸ਼ੁਰ ਦਾ ਆਤਮਾ ਸਰੀਰ ਵਿੱਚ ਸਪਸ਼ਟ ਰੂਪ ਵਿੱਚ ਪਰਗਟ ਹੁੰਦਾ ਹੈ ਤਾਂ ਉਹ ਸਿਰਫ਼ ਮਨੁੱਖ ਦੇ ਜੀਵਨ ਦਾ ਪ੍ਰਬੰਧਨ ਕਰਦਾ ਹੈ ਅਤੇ ਸੱਚ ਦਾ ਪ੍ਰਸਾਰ ਕਰਦਾ ਹੈ। ਉਹ ਆਪਣੇ ਆਪ ਨੂੰ ਮਨੁੱਖ ਦੇ ਕਾਰਜ ਵਿਚ ਸ਼ਾਮਲ ਨਹੀਂ ਕਰਦਾ, ਕਹਿਣ ਦਾ ਭਾਵ ਹੈ ਕਿ ਉਹ ਮਨੁੱਖਤਾ ਦੇ ਕੰਮ ਵਿਚ ਹਿੱਸਾ ਨਹੀਂ ਲੈਂਦਾ। ਮਨੁੱਖ ਈਸ਼ਵਰੀ ਕਾਰਜ ਨਹੀਂ ਕਰ ਸਕਦੇ ਅਤੇ ਪਰਮੇਸ਼ੁਰ ਮਨੁੱਖੀ ਕੰਮ ਵਿਚ ਹਿੱਸਾ ਨਹੀਂ ਲੈਂਦਾ। ਉਨ੍ਹਾਂ ਸਾਰੇ ਵਰ੍ਹਿਆਂ ਦੌਰਾਨ ਜਦ ਤੋਂ ਪਰਮੇਸ਼ੁਰ ਆਪਣਾ ਕਾਰਜ ਕਰਨ ਲਈ ਇਸ ਧਰਤੀ ਉੱਤੇ ਆਇਆ, ਉਸ ਨੇ ਆਪਣਾ ਕਾਰਜ ਹਮੇਸ਼ਾ ਹੀ ਲੋਕਾਂ ਰਾਹੀਂ ਕੀਤਾ ਹੈ। ਹਾਲਾਂਕਿ ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇਹਧਾਰੀ ਨਹੀਂ ਮੰਨਿਆ ਜਾ ਸਕਦਾ—ਸਿਰਫ਼ ਉਨ੍ਹਾਂ ਨੂੰ ਮੰਨਿਆ ਜਾ ਸਕਦਾ ਹੈ ਜਿਹੜੇ ਪਰਮੇਸ਼ੁਰ ਦੁਆਰਾ ਵਰਤੇ ਗਏ ਹਨ। ਇਸ ਦੌਰਾਨ, ਅੱਜ ਦਾ ਪਰਮੇਸ਼ੁਰ ਆਤਮਾ ਦੀ ਆਵਾਜ਼ ਅਗਾਂਹ ਭੇਜਦਾ ਹੋਇਆ ਅਤੇ ਆਤਮਾ ਦੀ ਤਰਫ਼ੋਂ ਕੰਮ ਕਰਦਾ ਹੋਇਆ, ਈਸ਼ਵਰੀ ਸੁਭਾਅ ਦੇ ਦ੍ਰਿਸ਼ਟੀਕੋਣ ਤੋਂ ਸਿੱਧਾ ਬੋਲ ਸਕਦਾ ਹੈ। ਉਹ ਸਾਰੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਯੁਗਾਂ-ਯੁਗਾਂ ਤੋਂ ਵਰਤਿਆ ਹੈ, ਪਰਮੇਸ਼ੁਰ ਦੀ ਆਤਮਾ ਦੀਆਂ ਮਿਸਾਲਾਂ ਹਨ ਜਿਹੜੇ ਦੇਹਧਾਰੀ ਸਰੀਰ ਅੰਦਰ ਕੰਮ ਕਰ ਰਹੇ ਹਨ—ਤਾਂ ਉਨ੍ਹਾਂ ਨੂੰ ਪਰਮੇਸ਼ੁਰ ਕਿਉਂ ਨਹੀਂ ਕਿਹਾ ਜਾ ਸਕਦਾ? ਪਰ ਅੱਜ ਦਾ ਪਰਮੇਸ਼ੁਰ, ਪਰਮੇਸ਼ੁਰ ਦਾ ਆਤਮਾ ਵੀ ਹੈ ਜਿਹੜਾ ਸਿੱਧਿਆਂ ਸਰੀਰ ਅੰਦਰ ਕੰਮ ਕਰ ਰਿਹਾ ਹੈ ਅਤੇ ਯਿਸੂ ਵੀ ਸਰੀਰ ਅੰਦਰ ਕਾਰਜਸ਼ੀਲ ਪਰਮੇਸ਼ੁਰ ਦਾ ਆਤਮਾ ਸੀ; ਇਨ੍ਹਾਂ ਦੋਹਾਂ ਨੂੰ ਪਰਮੇਸ਼ੁਰ ਕਿਹਾ ਜਾਂਦਾ ਹੈ। ਸੋ, ਫ਼ਰਕ ਕੀ ਹੈ? ਉਹ ਲੋਕ ਜਿਹੜੇ ਪਰਮੇਸ਼ੁਰ ਨੇ ਯੁਗਾਂ-ਯੁਗਾਂ ਤੋਂ ਵਰਤੇ ਹਨ, ਉਹ ਸਾਰੇ ਸਧਾਰਣ ਸੋਚ ਅਤੇ ਤਰਕ ਦੇ ਯੋਗ ਰਹੇ ਹਨ। ਉਹ ਸਾਰੇ ਮਨੁੱਖੀ ਵਿਹਾਰ ਦੇ ਸਿਧਾਂਤ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕੋਲ ਸਧਾਰਣ ਮਨੁੱਖੀ ਵਿਚਾਰ ਸਨ ਅਤੇ ਉਹ ਉਨ੍ਹਾਂ ਸਾਰੀਆਂ ਚੀਜ਼ਾਂ ਦੇ ਧਾਰਨੀ ਰਹੇ ਹਨ ਜਿਹੜੀਆਂ ਸਧਾਰਣ ਲੋਕਾਂ ਕੋਲ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਕੋਲ ਅਸਧਾਰਣ ਪ੍ਰਤਿਭਾ ਅਤੇ ਜਮਾਂਦਰੂ ਸਮਝ ਰਹੀ ਹੈ। ਇਨ੍ਹਾਂ ਲੋਕਾਂ ਉੱਤੇ ਕੰਮ ਕਰਦਿਆਂ, ਪਰਮੇਸ਼ੁਰ ਦਾ ਆਤਮਾ ਉਨ੍ਹਾਂ ਦੀਆਂ ਪ੍ਰਤਿਭਾਵਾਂ ਨੂੰ ਵਰਤਦਾ ਹੈ ਜਿਹੜੀਆਂ ਉਨ੍ਹਾਂ ਦੀਆਂ ਈਸ਼ਵਰੀ ਦਾਤਾਂ ਹਨ। ਪਰਮੇਸ਼ੁਰ ਦਾ ਆਤਮਾ ਪਰਮੇਸ਼ੁਰ ਦੀ ਸੇਵਾ ਨਮਿੱਤ ਉਨ੍ਹਾਂ ਦੀਆਂ ਤਾਕਤਾਂ ਨੂੰ ਵਰਤਦਿਆਂ, ਉਨ੍ਹਾਂ ਦੀਆਂ ਪ੍ਰਤਿਭਾਵਾਂ ਨੂੰ ਕਾਰਜ ਵਿੱਚ ਲਿਆਉਂਦਾ ਹੈ। ਫਿਰ ਵੀ ਪਰਮੇਸ਼ੁਰ ਦੀ ਵਾਸਤਵਿਕਤਾ ਵਿਚਾਰਾਂ ਜਾਂ ਸੋਚ ਤੋਂ ਵਾਂਝੀ ਹੈ, ਮਨੁੱਖੀ ਇਰਾਦਿਆਂ ਦੀ ਮਿਲਾਵਟ ਤੋਂ ਰਹਿਤ ਹੈ ਅਤੇ ਉਸ ਵਿੱਚ ਉਹ ਸਭ ਗੱਲਾਂ ਨਹੀਂ ਹਨ ਜਿਹੜੀਆਂ ਸਧਾਰਣ ਮਨੁੱਖ ਵਿੱਚ ਹੁੰਦੀਆਂ ਹਨ। ਕਹਿਣ ਦਾ ਭਾਵ ਹੈ ਕਿ ਉਹ ਮਨੁੱਖੀ ਵਿਹਾਰ ਦੇ ਸਿਧਾਂਤਾਂ ਦਾ ਵੀ ਜਾਣਕਾਰ ਨਹੀਂ ਹੈ। ਜਦ ਇਸ ਤਰ੍ਹਾਂ ਹੁੰਦਾ ਹੈ ਤਦ ਅੱਜ ਦਾ ਪਰਮੇਸ਼ੁਰ ਧਰਤੀ ਉੱਤੇ ਆਉਂਦਾ ਹੈ। ਉਸ ਦੇ ਕੰਮ ਅਤੇ ਉਸ ਦੇ ਵਚਨ ਮਨੁੱਖੀ ਇਰਾਦਿਆਂ ਜਾਂ ਮਨੁੱਖੀ ਸੋਚ ਦੀ ਮਿਲਾਵਟ ਤੋਂ ਰਹਿਤ ਹਨ ਪਰ ਉਹ ਆਤਮਾ ਦੇ ਇਰਾਦਿਆਂ ਦਾ ਸਿੱਧਾ ਪ੍ਰਗਟਾਵਾ ਹਨ ਅਤੇ ਉਹ ਸਿੱਧੇ ਰੂਪ ਵਿੱਚ ਪਰਮੇਸ਼ੁਰ ਦੀ ਤਰਫ਼ੋਂ ਕਾਰਜ ਕਰਦਾ ਹੈ। ਇਸ ਦਾ ਅਰਥ ਹੈ ਕਿ ਆਤਮਾ ਸਿੱਧਿਆਂ ਬੋਲਦਾ ਹੈ ਯਾਨੀ ਈਸ਼ਵਰੀ ਸੁਭਾਅ ਮਨੁੱਖ ਦੇ ਇਰਾਦਿਆਂ ਵਿੱਚ ਥੋੜਾ ਜਿਹਾ ਵੀ ਰਲੇ-ਮਿਲੇ ਬਿਨਾਂ ਸਿੱਧਾ ਕਾਰਜ ਕਰਦਾ ਹੈ। ਜੇ ਕੇਵਲ ਈਸ਼ਵਰੀ ਸੁਭਾਅ ਕਾਰਜਸ਼ੀਲ ਹੋਵੇ (ਭਾਵ ਜੇ ਸਿਰਫ਼ ਪਰਮੇਸ਼ੁਰ ਖ਼ੁਦ ਕਾਰਜਸ਼ੀਲ ਹੋਵੇ) ਤਾਂ ਪਰਮੇਸ਼ੁਰ ਦਾ ਕਾਰਜ ਕਿਸੇ ਤਰ੍ਹਾਂ ਵੀ ਧਰਤੀ ਉੱਤੇ ਨਹੀਂ ਕੀਤਾ ਜਾਵੇਗਾ। ਇਸ ਲਈ ਜਦੋਂ ਪਰਮੇਸ਼ੁਰ ਧਰਤੀ ਉੱਤੇ ਆਵੇਗਾ ਤਾਂ ਉਸ ਕੋਲ ਬਹੁਤ ਘੱਟ ਗਿਣਤੀ ਵਿੱਚ ਲੋਕ ਹੋਣਗੇ ਜਿਨ੍ਹਾਂ ਨੂੰ ਉਹ ਉਸ ਕੰਮ ਨੂੰ ਮਨੁੱਖਤਾ ਅੰਦਰ ਕਰਨ ਲਈ ਸਾਂਝੇ ਤੌਰ ਤੇ ਵਰਤਦਾ ਹੈ ਜਿਹੜਾ ਪਰਮੇਸ਼ੁਰ ਈਸ਼ਵਰੀ ਸੁਭਾਅ ਅਨੁਸਾਰ ਕਰਦਾ ਹੈ। ਦੂਜੇ ਸ਼ਬਦਾਂ ਵਿੱਚ, ਉਹ ਆਪਣੇ ਈਸ਼ਵਰੀ ਕਾਰਜ ਨੂੰ ਕਾਇਮ ਰੱਖਣ ਲਈ ਮਨੁੱਖੀ ਕਾਰਜ ਵਰਤਦਾ ਹੈ। ਜੇ ਇੰਝ ਨਹੀਂ ਤਾਂ ਮਨੁੱਖ ਲਈ ਈਸ਼ਵਰੀ ਕਾਰਜ ਨਾਲ ਸਿੱਧੇ ਰੂਪ ਵਿੱਚ ਜੁੜਨ ਦਾ ਕੋਈ ਤਰੀਕਾ ਨਹੀਂ ਹੋਵੇਗਾ। ਯਿਸੂ ਅਤੇ ਉਸ ਦੇ ਅਨੁਯਾਈਆਂ ਨਾਲ ਇਸੇ ਤਰ੍ਹਾਂ ਸੀ। ਸੰਸਾਰ ਵਿੱਚ ਆਪਣੇ ਸਮੇਂ ਦੌਰਾਨ, ਯਿਸੂ ਨੇ ਪੁਰਾਣੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਅਤੇ ਨਵੇਂ ਹੁਕਮ ਕਾਇਮ ਕਰ ਦਿੱਤੇ। ਉਸ ਨੇ ਕਈ ਵਚਨ ਵੀ ਬੋਲੇ। ਇਹ ਸਾਰਾ ਕਾਰਜ ਈਸ਼ਵਰੀ ਸੁਭਾਅ ਅਨੁਸਾਰ ਕੀਤਾ ਗਿਆ ਸੀ। ਬਾਕੀਆਂ ਜਿਵੇਂ ਪਤਰਸ, ਪੌਲੁਸ ਅਤੇ ਯੂਹੰਨਾ ਨੇ ਆਪਣੇ ਅਗਲੇ ਕਾਰਜ ਦੀ ਟੇਕ ਯਿਸੂ ਦੇ ਵਚਨਾਂ ਦੀ ਬੁਨਿਆਦ ਉੱਤੇ ਰੱਖੀ। ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਨੇ ਕਿਰਪਾ ਦੇ ਯੁਗ ਦੀ ਸ਼ੁਰੂਆਤ ਕਰਦਿਆਂ ਉਸ ਯੁਗ ਵਿੱਚ ਆਪਣਾ ਕਾਰਜ ਸ਼ੁਰੂ ਕੀਤਾ ਯਾਨੀ ਉਸ ਨੇ ਪੁਰਾਣੇ ਦਾ ਅੰਤ ਕਰਦਿਆਂ ਅਤੇ ਇਨ੍ਹਾਂ ਸ਼ਬਦਾਂ “ਪਰਮੇਸ਼ੁਰ ਆਦਿ ਅਤੇ ਅੰਤ ਹੈ” ਨੂੰ ਵੀ ਪੂਰਾ ਕਰਦਿਆਂ, ਨਵੇਂ ਯੁਗ ਦੀ ਸ਼ੁਰੂਆਤ ਕੀਤੀ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਮਨੁੱਖ ਨੂੰ ਈਸ਼ਵਰੀ ਕਾਰਜ ਦੀ ਬੁਨਿਆਦ ਉੱਤੇ ਇਨਸਾਨੀ ਕਾਰਜ ਕਰਨਾ ਜ਼ਰੂਰੀ ਹੈ। ਇੱਕ ਵਾਰ ਯਿਸੂ ਨੇ ਉਹ ਸਭ ਕੁਝ ਕਿਹਾ ਜੋ ਉਸ ਨੂੰ ਕਹਿਣ ਦੀ ਲੋੜ ਸੀ ਅਤੇ ਧਰਤੀ ਉੱਤੇ ਆਪਣਾ ਕਾਰਜ ਸੰਪੰਨ ਕੀਤਾ, ਉਹ ਮਨੁੱਖ ਕੋਲੋਂ ਚਲਾ ਗਿਆ। ਇਸ ਤੋਂ ਬਾਅਦ, ਸਾਰੇ ਲੋਕਾਂ ਨੇ ਕਾਰਜ ਦੌਰਾਨ ਉਸ ਦੇ ਵਚਨਾਂ ਵਿੱਚ ਪਰਗਟ ਸਿਧਾਂਤਾਂ ਅਨੁਸਾਰ ਇੰਝ ਹੀ ਕੀਤਾ ਅਤੇ ਉਨ੍ਹਾਂ ਹਕੀਕਤਾਂ ਅਨੁਸਾਰ ਅਮਲ ਕੀਤਾ ਜਿਨ੍ਹਾਂ ਬਾਰੇ ਉਹ ਬੋਲਿਆ ਸੀ। ਇਨ੍ਹਾਂ ਵਿੱਚੋਂ ਸਾਰੇ ਲੋਕਾਂ ਨੇ ਯਿਸੂ ਲਈ ਕੰਮ ਕੀਤਾ। ਜੇ ਇਕੱਲਾ ਯਿਸੂ ਹੀ ਇਹ ਕੰਮ ਕਰਦਾ ਹੁੰਦਾ ਤਾਂ ਭਾਵੇਂ ਉਹ ਕਿੰਨੇ ਹੀ ਵਚਨ ਬੋਲ ਲੈਂਦਾ, ਲੋਕਾਂ ਕੋਲ ਉਸ ਦੇ ਵਚਨਾਂ ਨਾਲ ਜੁੜਨ ਦਾ ਕੋਂਈ ਵੀ ਜ਼ਰੀਆ ਨਹੀਂ ਹੋਣਾ ਸੀ ਕਿਉਂਕਿ ਉਹ ਈਸ਼ਵਰੀ ਸੁਭਾਅ ਅਨੁਸਾਰ ਕੰਮ ਕਰ ਰਿਹਾ ਸੀ ਅਤੇ ਸਿਰਫ਼ ਈਸ਼ਵਰੀ ਸੁਭਾਅ ਦੇ ਸ਼ਬਦ ਬੋਲ ਸਕਦਾ ਸੀ ਅਤੇ ਉਹ ਉਸ ਬਿੰਦੂ ਤਕ ਗੱਲਾਂ ਨਹੀਂ ਸਮਝਾ ਸਕਦਾ ਸੀ ਜਿਥੇ ਤਕ ਸਧਾਰਣ ਲੋਕ ਉਸ ਦੇ ਵਚਨਾਂ ਨੂੰ ਸਮਝ ਸਕਦੇ ਸਨ। ਇਸ ਲਈ ਉਸ ਨੂੰ ਰਸੂਲ ਅਤੇ ਨਬੀ ਨਿਯੁਕਤ ਕਰਨੇ ਪਏ ਜਿਹੜੇ ਉਸ ਦੇ ਕਾਰਜ ਨੂੰ ਪੂਰਾ ਕਰਨ ਖ਼ਾਤਰ ਉਸ ਤੋਂ ਬਾਅਦ ਆਏ। ਇਹ ਹੈ ਸਿਧਾਂਤ ਕਿ ਕਿਵੇਂ ਦੇਹਧਾਰੀ ਪਰਮੇਸ਼ੁਰ ਆਪਣਾ ਕਾਰਜ ਕਰਦਾ ਹੈ—ਬੋਲਣ ਲਈ ਅਤੇ ਕਾਰਜ ਕਰਨ ਲਈ ਦੇਹਧਾਰੀ ਸਰੀਰ ਨੂੰ ਵਰਤਦਿਆਂ, ਤਾਂ ਜੋ ਪਰਮੇਸ਼ੁਰਤਾਈ ਦਾ ਕੰਮ ਪੂਰਾ ਹੋ ਸਕੇ ਅਤੇ ਫਿਰ ਪਰਮੇਸ਼ੁਰ ਦੇ ਮਨ ਦੇ ਅਨੁਸਾਰ ਥੋੜੇ ਜਿਹੇ ਜਾਂ ਸ਼ਾਇਦ ਵਧੇਰੇ ਲੋਕਾਂ ਨੂੰ ਵਰਤਦਿਆਂ, ਤਾਂ ਜੋ ਉਸ ਦੇ ਕੰਮ ਦਾ ਪ੍ਰਸਾਰ ਹੋ ਸਕੇ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਮਨੁੱਖਤਾ ਦੀ ਅਗਵਾਈ ਕਰਨ ਅਤੇ ਪਾਣੀ ਦੇਣ ਦਾ ਕਾਰਜ ਕਰਨ ਲਈ ਪਰਮੇਸ਼ੁਰ ਆਪਣੇ ਮਨ ਦੇ ਅਨੁਸਾਰ ਲੋਕਾਂ ਨੂੰ ਵਰਤਦਾ ਹੈ ਤਾਂ ਜੋ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਸੱਚ ਦੀ ਵਾਸਤਵਿਕਤਾ ਵਿੱਚ ਪ੍ਰਵੇਸ਼ ਕਰ ਸਕਣ।

ਜੇ, ਪਰਮੇਸ਼ੁਰ ਜਦੋਂ ਦੇਹਧਾਰੀ ਸਰੀਰ ਵਿੱਚ ਆਇਆ, ਉਸ ਨੇ ਸਿਰਫ਼ ਪਰਮੇਸ਼ੁਰਤਾਈ ਦਾ ਕਾਰਜ ਕੀਤਾ ਹੁੰਦਾ ਅਤੇ ਜੇ ਉਸ ਨਾਲ ਮਿਲ ਕੇ ਕੰਮ ਕਰਨ ਲਈ ਉਸ ਦੇ ਮਨ ਦੇ ਅਨੁਸਾਰ ਲੋਕ ਨਾ ਹੁੰਦੇ ਤਾਂ ਮਨੁੱਖ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਜਾਂ ਪਰਮੇਸ਼ੁਰ ਨਾਲ ਜੁੜਨ ਦੇ ਅਯੋਗ ਹੁੰਦਾ। ਪਰਮੇਸ਼ੁਰ ਨੂੰ ਅਜਿਹੇ ਸਧਾਰਣ ਲੋਕਾਂ ਦੀ ਵਰਤੋਂ ਕਰਨਾ ਜ਼ਰੂਰੀ ਹੈ ਜਿਹੜੇ ਉਸ ਦੇ ਮਨ ਦੇ ਅਨੁਸਾਰ ਇਸ ਕਾਰਜ ਨੂੰ ਪੂਰਾ ਕਰਨ, ਕਲੀਸਿਆਵਾਂ ਦੀ ਨਿਗਰਾਨੀ ਅਤੇ ਚਰਵਾਹੀ ਕਰਨ ਤਾਂ ਜੋ ਉਸ ਪੱਧਰ ਨੂੰ ਹਾਸਲ ਕੀਤਾ ਜਾ ਸਕੇ ਜਿਸ ’ਤੇ ਮਨੁੱਖ ਦੀਆਂ ਮਾਨਸਿਕ ਪ੍ਰਕਿਰਿਆਵਾਂ, ਉਸ ਦਾ ਦਿਮਾਗ਼ ਕਲਪਨਾ ਕਰਨ ਦੇ ਸਮਰੱਥ ਹੁੰਦੇ ਹਨ। ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਬਹੁਤ ਘੱਟ ਗਿਣਤੀ ਵਿੱਚ ਲੋਕਾਂ ਦੀ ਵਰਤੋਂ ਕਰਦਾ ਹੈ ਜਿਹੜੇ ਉਸ ਕੰਮ ਦਾ “ਅਨੁਵਾਦ” ਕਰਨ ਲਈ ਉਸ ਦੇ ਮਨ ਦੇ ਅਨੁਸਾਰ ਹੁੰਦੇ ਹਨ ਜਿਹੜਾ ਕੰਮ ਉਹ ਆਪਣੇ ਈਸ਼ਵਰੀ ਸੁਭਾਅ ਅਨੁਸਾਰ ਕਰਦਾ ਹੈ, ਤਾਂ ਜੋ ਇਸ ਦਾ ਪ੍ਰਸਾਰ ਹੋ ਸਕੇ। ਉਹ ਈਸ਼ਵਰੀ ਭਾਸ਼ਾ ਨੂੰ ਮਨੁੱਖੀ ਭਾਸ਼ਾ ਵਿੱਚ ਵਰਤਣ ਲਈ ਅਜਿਹਾ ਕਰਦਾ ਹੈ ਤਾਂ ਜੋ ਲੋਕ ਇਸ ਦਾ ਅਨੁਭਵ ਕਰ ਸਕਣ ਅਤੇ ਇਸ ਨੂੰ ਸਮਝ ਸਕਣ। ਜੇ ਪਰਮੇਸ਼ੁਰ ਨੇ ਅਜਿਹਾ ਨਹੀਂ ਕੀਤਾ ਤਾਂ ਕੋਈ ਵੀ ਪਰਮੇਸ਼ੁਰ ਦੀ ਈਸ਼ਵਰੀ ਭਾਸ਼ਾ ਨੂੰ ਸਮਝ ਨਹੀਂ ਸਕੇਗਾ ਕਿਉਂਕਿ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਮਨ ਦੇ ਅਨੁਸਾਰ ਹਨ, ਆਖ਼ਰਕਾਰ ਬਹੁਤ ਹੀ ਥੋੜ੍ਹੇ ਹਨ ਅਤੇ ਮਨੁੱਖ ਦੀ ਸਮਝਣ ਦੀ ਸਮਰੱਥਾ ਕਮਜ਼ੋਰ ਹੈ। ਇਹੋ ਕਾਰਨ ਹੈ ਕਿ ਪਰਮੇਸ਼ੁਰ ਇਹ ਤਰੀਕਾ ਸਿਰਫ਼ ਉਦੋਂ ਵਰਤਦਾ ਹੈ ਜਦ ਦੇਹਧਾਰੀ ਸਰੀਰ ਵਿੱਚ ਕੰਮ ਕਰ ਰਿਹਾ ਹੁੰਦਾ ਹੈ। ਜੇ ਸਿਰਫ਼ ਈਸ਼ਵਰੀ ਕਾਰਜ ਹੁੰਦੇ ਤਾਂ ਮਨੁੱਖ ਲਈ ਪਰਮੇਸ਼ੁਰ ਨੂੰ ਜਾਣਨ ਜਾਂ ਉਸ ਨਾਲ ਜੁੜਨ ਦਾ ਕੋਈ ਤਰੀਕਾ ਨਾ ਹੁੰਦਾ, ਕਿਉਂਕਿ ਮਨੁੱਖ ਪਰਮੇਸ਼ੁਰ ਦੀ ਭਾਸ਼ਾ ਨਹੀਂ ਸਮਝਦਾ। ਮਨੁੱਖ ਇਹ ਭਾਸ਼ਾ ਸਿਰਫ਼ ਪਰਮੇਸ਼ੁਰ ਦੇ ਮਨ ਦੇ ਅਨੁਸਾਰੀ ਲੋਕਾਂ ਦੇ ਮਾਧਿਅਮ ਰਾਹੀਂ ਹੀ ਸਮਝਣ ਦੇ ਯੋਗ ਹੈ ਜਿਹੜੇ ਉਸ ਦੇ ਵਚਨਾਂ ਨੂੰ ਸਪਸ਼ਟ ਕਰਦੇ ਹਨ। ਪਰ ਜੇ ਸਿਰਫ਼ ਅਜਿਹੇ ਲੋਕ ਹੀ ਹੁੰਦੇ ਜਿਹੜੇ ਮਨੁੱਖਤਾ ਦੇ ਘੇਰੇ ਵਿੱਚ ਕੰਮ ਕਰਦੇ ਹਨ ਤਾਂ ਇਸ ਨਾਲ ਕੇਵਲ ਮਨੁੱਖ ਦੇ ਆਮ ਜੀਵਨ ਨੂੰ ਕਾਇਮ ਰੱਖਿਆ ਜਾ ਸਕਦਾ ਸੀ, ਇਹ ਮਨੁੱਖ ਦੇ ਸੁਭਾਅ ਨੂੰ ਨਹੀਂ ਬਦਲ ਸਕਦਾ ਸੀ। ਪਰਮੇਸ਼ੁਰ ਦੇ ਕਾਰਜ ਦਾ ਨਵਾਂ ਸ਼ੁਰੂਆਤੀ ਬਿੰਦੂ ਨਹੀਂ ਹੋ ਸਕਦਾ ਸੀ; ਸਿਰਫ਼ ਓਹੀ ਪੁਰਾਣੇ ਗਾਣੇ, ਓਹੀ ਪੁਰਾਣੀਆਂ ਸਧਾਰਣ ਗੱਲਾਂ ਹੁੰਦੀਆਂ। ਦੇਹਧਾਰੀ ਪਰਮੇਸ਼ੁਰ ਦੇ ਮਾਧਿਅਮ ਰਾਹੀਂ ਹੀ, ਜਿਹੜਾ ਆਪਣੇ ਦੇਹਧਾਰਣ ਦੇ ਸਮੇਂ ਦੌਰਾਨ ਉਹ ਸਭ ਕਹਿੰਦਾ ਹੈ ਜੋ ਕਹੇ ਜਾਣ ਦੀ ਲੋੜ ਹੈ ਅਤੇ ਉਹ ਸਭ ਕਰਦਾ ਹੈ ਜੋ ਕੀਤੇ ਜਾਣ ਦੀ ਲੋੜ ਹੈ ਜਿਸ ਤੋਂ ਬਾਅਦ ਲੋਕ ਉਸ ਦੇ ਵਚਨਾਂ ਰਾਹੀਂ ਹੀ ਕੰਮ ਕਰਦੇ ਹਨ ਅਤੇ ਅਨੁਭਵ ਕਰਦੇ ਹਨ, ਸਿਰਫ਼ ਤਦ ਹੀ ਉਨ੍ਹਾਂ ਦੇ ਜੀਵਨ ਦਾ ਸੁਭਾਅ ਬਦਲ ਸਕੇਗਾ ਅਤੇ ਸਿਰਫ਼ ਤਦ ਹੀ ਉਹ ਸਮੇਂ ਦੇ ਵਹਾਅ ਵਿੱਚ ਵਹਿਣ ਦੇ ਯੋਗ ਹੋਣਗੇ। ਜਿਹੜਾ ਈਸ਼ਵਰੀ ਸੁਭਾਅ ਅੰਦਰ ਕੰਮ ਕਰਦਾ ਹੈ, ਉਹ ਪਰਮੇਸ਼ੁਰ ਦੀ ਨੁਮਾਇੰਦਗੀ ਕਰਦਾ ਹੈ ਜਦਕਿ ਜਿਹੜੇ ਮਨੁੱਖਤਾ ਅੰਦਰ ਕੰਮ ਕਰਦੇ ਹਨ, ਉਹ ਪਰਮੇਸ਼ੁਰ ਦੁਆਰਾ ਵਰਤੇ ਜਾਣ ਵਾਲੇ ਲੋਕ ਹਨ। ਕਹਿਣ ਦਾ ਭਾਵ ਹੈ ਕਿ ਦੇਹਧਾਰੀ ਪਰਮੇਸ਼ੁਰ, ਪਰਮੇਸ਼ੁਰ ਦੁਆਰਾ ਵਰਤੇ ਜਾਣ ਵਾਲੇ ਲੋਕਾਂ ਨਾਲੋਂ ਕਾਫ਼ੀ ਭਿੰਨ ਹੈ। ਦੇਹਧਾਰੀ ਪਰਮੇਸ਼ੁਰ ਪਰਮੇਸ਼ੁਰਤਾਈ ਦਾ ਕੰਮ ਕਰਨ ਦੇ ਯੋਗ ਹੈ ਜਦਕਿ ਪਰਮੇਸ਼ੁਰ ਦੁਆਰਾ ਵਰਤੇ ਜਾਂਦੇ ਲੋਕ ਅਜਿਹਾ ਕਰਨ ਦੇ ਯੋਗ ਨਹੀਂ ਹਨ। ਹਰ ਯੁਗ ਦੇ ਅਰੰਭ ਮੌਕੇ ਪਰਮੇਸ਼ੁਰ ਦਾ ਆਤਮਾ ਨਿੱਜੀ ਰੂਪ ਵਿੱਚ ਬੋਲਦਾ ਹੈ ਅਤੇ ਮਨੁੱਖ ਨੂੰ ਨਵੀਂ ਸ਼ੁਰੂਆਤ ਵਿੱਚ ਲਿਆਉਣ ਲਈ ਨਵੇਂ ਯੁਗ ਦਾ ਅਰੰਭ ਕਰਦਾ ਹੈ। ਜਦ ਉਹ ਬੋਲਣਾ ਬੰਦ ਕਰ ਚੁੱਕਾ ਹੈ, ਉਸ ਤੋਂ ਸੰਕੇਤ ਮਿਲਦਾ ਹੈ ਕਿ ਪਰਮੇਸ਼ੁਰ ਦਾ ਕਾਰਜ ਉਸ ਦੇ ਈਸ਼ਵਰੀ ਸੁਭਾਅ ਅੰਦਰ ਪੂਰਾ ਹੋ ਗਿਆ ਹੈ। ਇਸ ਤੋਂ ਬਾਅਦ, ਲੋਕ ਆਪਣੇ ਜੀਵਨ ਅਨੁਭਵ ਵਿੱਚ ਪ੍ਰਵੇਸ਼ ਕਰਨ ਲਈ ਪਰਮੇਸ਼ੁਰ ਦੁਆਰਾ ਵਰਤੇ ਜਾਣ ਵਾਲੇ ਲੋਕਾਂ ਦੀ ਅਗਵਾਈ ਗ੍ਰਹਿਣ ਕਰਦੇ ਹਨ। ਉਸੇ ਤਰ੍ਹਾਂ, ਇਹ ਵੀ ਉਹ ਪੜਾਅ ਹੈ ਜਿਸ ਵਿੱਚ ਪਰਮੇਸ਼ੁਰ ਮਨੁੱਖ ਨੂੰ ਨਵੇਂ ਯੁਗ ਵਿਚ ਲਿਆਉਂਦਾ ਹੈ ਅਤੇ ਲੋਕਾਂ ਨੂੰ ਨਵਾਂ ਸ਼ੁਰੂਆਤੀ ਬਿੰਦੂ ਦਿੰਦਾ ਹੈ—ਉਹ ਸਮਾਂ ਜਦੋਂ ਦੇਹਧਾਰੀ ਰੂਪ ਵਿੱਚ ਪਰਮੇਸ਼ੁਰ ਦਾ ਕਾਰਜ ਸੰਪੰਨ ਹੁੰਦਾ ਹੈ।

ਪਰਮੇਸ਼ੁਰ ਆਪਣੀ ਅਸਲ ਮਨੁੱਖਤਾ ਨੂੰ ਸੰਪੂਰਣ ਕਰਨ ਲਈ ਧਰਤੀ ਉੱਤੇ ਨਹੀਂ ਆਉਂਦਾ ਤੇ ਨਾ ਹੀ ਅਸਲ ਮਨੁੱਖਤਾ ਦਾ ਕਾਰਜ ਕਰਨ ਲਈ। ਉਹ ਅਸਲ ਮਨੁੱਖਤਾ ਵਿੱਚ ਪਰਮੇਸ਼ੁਰਤਾਈ ਦਾ ਕਾਰਜ ਕਰਨ ਲਈ ਆਉਂਦਾ ਹੈ। ਪਰਮੇਸ਼ੁਰ ਜੋ ਅਸਲ ਮਨੁੱਖਤਾ ਬਾਰੇ ਬੋਲਦਾ ਹੈ, ਉਹ, ਉਹ ਨਹੀਂ ਜਿਵੇਂ ਲੋਕ ਕਲਪਨਾ ਕਰਦੇ ਹਨ। ਮਨੁੱਖ “ਅਸਲ ਮਨੁੱਖਤਾ” ਨੂੰ ਪਤਨੀ ਜਾਂ ਪਤੀ ਅਤੇ ਪੁੱਤਰ ਤੇ ਧੀਆਂ ਵਜੋਂ ਪਰਿਭਾਸ਼ਤ ਕਰਦਾ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਮਨੁੱਖ ਇਕ ਸਧਾਰਣ ਵਿਅਕਤੀ ਹੈ, ਹਾਲਾਂਕਿ ਪਰਮੇਸ਼ੁਰ ਇਸ ਨੂੰ ਇਸ ਤਰ੍ਹਾਂ ਨਹੀਂ ਵੇਖਦਾ। ਉੁਹ ਸਮਝਦਾ ਹੈ ਕਿ ਅਸਲ ਮਨੁੱਖਤਾ ਸਧਾਰਣ ਮਨੁੱਖੀ ਸੋਚਾਂ, ਸਧਾਰਣ ਮਨੁੱਖੀ ਜੀਵਨ ਦੀ ਧਾਰਨੀ ਹੈ ਅਤੇ ਸਧਾਰਣ ਲੋਕਾਂ ਵਿੱਚੋਂ ਜਨਮੀ ਹੈl ਪਰ ਉਸ ਦੀ ਸਧਾਰਣਤਾ ਵਿੱਚ ਪਤਨੀ ਜਾਂ ਪਤੀ ਅਤੇ ਬੱਚਿਆਂ ਦਾ ਹੋਣਾ ਸ਼ਾਮਲ ਨਹੀਂ, ਜਿਸ ਤਰ੍ਹਾਂ ਮਨੁੱਖ ਸਧਾਰਣਤਾ ਬਾਰੇ ਬੋਲਦਾ ਹੈ ਯਾਨੀ ਮਨੁੱਖ ਲਈ ਅਸਲ ਮਨੁੱਖਤਾ ਜਿਸ ਦੀ ਪਰਮੇਸ਼ੁਰ ਗੱਲ ਕਰਦਾ ਹੈ, ਉਹ ਹੈ ਜਿਸ ਨੂੰ ਮਨੁੱਖ ਮਨੁੱਖਤਾ ਦੀ ਅਣਹੋਂਦ ਸਮਝੇਗਾ, ਜਿਸ ਵਿੱਚ ਜਜ਼ਬਾਤ ਦੀ ਘਾਟ ਹੈ ਅਤੇ ਜੋ ਵੇਖਣ ਨੂੰ ਸਰੀਰਕ ਲੋੜਾਂ ਤੋਂ ਵਾਂਝੀ ਹੈ। ਇਹ ਯਿਸੂ ਵਾਂਗ ਹੀ ਹੈ ਜਿਸ ਦਾ ਬਾਹਰਲਾ ਰੂਪ ਹੀ ਇਕ ਸਧਾਰਣ ਵਿਅਕਤੀ ਵਾਲਾ ਸੀ ਅਤੇ ਜਿਸ ਨੇ ਇਕ ਸਧਾਰਣ ਵਿਅਕਤੀ ਵਾਲਾ ਭੇਸ ਧਾਰਿਆ ਸੀ, ਪਰ ਅਸਲੀਅਤ ਵਿੱਚ ਉਸ ਕੋਲ ਉਹ ਸਾਰੀਆਂ ਚੀਜ਼ਾਂ ਸਮੁੱਚੇ ਰੂਪ ਵਿੱਚ ਨਹੀਂ ਸਨ ਜਿਹੜੀਆਂ ਇੱਕ ਆਮ ਵਿਅਕਤੀ ਕੋਲ ਹੋਣੀਆਂ ਚਾਹੀਦੀਆਂ ਹਨ। ਇਥੋਂ ਇਹ ਵੇਖਿਆ ਜਾ ਸਕਦਾ ਹੈ ਕਿ ਸਧਾਰਣ ਮਨੁੱਖੀ ਜੀਵਨ ਦੇ ਨਿੱਤ ਦੇ ਕੰਮਾਂ ਦੇ ਸਮਰਥਨ ਅਤੇ ਤਰਕ ਦੀਆਂ ਮਨੁੱਖੀ ਸ਼ਕਤੀਆਂ ਨੂੰ ਕਾਇਮ ਰੱਖਣ ਲਈ ਦੇਹਧਾਰੀ ਪਰਮੇਸ਼ੁਰ ਦੀ ਵਾਸਤਵਿਕਤਾ ਵਿੱਚ ਅਸਲ ਮਨੁੱਖਤਾ ਦੀ ਸਮੁੱਚਤਾਈ ਸ਼ਾਮਲ ਨਹੀਂ ਹੈ, ਸਗੋਂ ਉਨ੍ਹਾਂ ਚੀਜ਼ਾਂ ਦਾ ਮਾਤਰ ਇਕ ਹਿੱਸਾ ਹੈ ਜਿਹੜੀਆਂ ਲੋਕਾਂ ਕੋਲ ਹੋਣੀਆਂ ਚਾਹੀਦੀਆਂ ਹਨ, ਪਰ ਇਨ੍ਹਾਂ ਚੀਜ਼ਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਜਿਨ੍ਹਾਂ ਨੂੰ ਮਨੁੱਖ ਆਮ ਮਨੁੱਖਤਾ ਸਮਝਦਾ ਹੈ। ਉਹ, ਉਹ ਹਨ ਜਿਹੜੀਆਂ ਦੇਹਧਾਰੀ ਪਰਮੇਸ਼ੁਰ ਕੋਲ ਹੋਣੀਆਂ ਚਾਹੀਦੀਆਂ ਹਨ। ਹਾਲਾਂਕਿ ਅਜਿਹੇ ਲੋਕ ਹਨ ਜਿਹੜੇ ਦਾਅਵੇ ਨਾਲ ਕਹਿੰਦੇ ਹਨ ਕਿ ਦੇਹਧਾਰੀ ਪਰਮੇਸ਼ੁਰ ਸਿਰਫ਼ ਉਦੋਂ ਹੀ ਅਸਲ ਮਨੁੱਖਤਾ ਦਾ ਧਾਰਨੀ ਕਿਹਾ ਜਾ ਸਕਦਾ ਹੈ ਜੇ ਉਸ ਦੀ ਪਤਨੀ, ਬੱਚੇ ਅਤੇ ਧੀਆਂ, ਇਕ ਪਰਵਾਰ ਹੋਵੇ। ਉਹ ਕਹਿੰਦੇ ਹਨ ਕਿ ਇਨ੍ਹਾਂ ਚੀਜ਼ਾਂ ਤੋਂ ਬਿਨਾਂ, ਉਹ ਇਕ ਆਮ ਵਿਅਕਤੀ ਨਹੀਂ ਹੈ। ਫਿਰ ਮੈਂ ਤੈਨੂੰ ਪੁੱਛਦਾ ਹਾਂ, “ਕੀ ਪਰਮੇਸ਼ੁਰ ਦੀ ਪਤਨੀ ਹੈ? ਕੀ ਪਰਮੇਸ਼ੁਰ ਲਈ ਪਤੀ ਰੱਖਣਾ ਸੰਭਵ ਹੈ? ਕੀ ਪਰਮੇਸ਼ੁਰ ਬੱਚੇ ਰੱਖ ਸਕਦਾ ਹੈ?” ਕੀ ਇਹ ਭਰਮ ਨਹੀਂ ਹਨ? ਪਰ ਦੇਹਧਾਰੀ ਪਰਮੇਸ਼ੁਰ ਚੱਟਾਨਾਂ ਦੀਆਂ ਦਰਾੜਾਂ ਵਿੱਚੋਂ ਤਾਂ ਨਹੀਂ ਉੱਗ ਸਕਦਾ ਜਾਂ ਅਸਮਾਨ ਤੋਂ ਡਿੱਗ ਨਹੀਂ ਸਕਦਾ। ਉਹ ਸਿਰਫ਼ ਇਕ ਸਧਾਰਣ ਮਨੁੱਖੀ ਪਰਿਵਾਰ ਵਿੱਚ ਪੈਦਾ ਹੋ ਸਕਦਾ ਹੈ। ਇਹੋ ਕਾਰਨ ਹੈ ਕਿ ਉਸ ਦੇ ਮਾਪੇ ਅਤੇ ਭੈਣਾਂ ਹਨ। ਇਹ ਉਹ ਚੀਜ਼ਾਂ ਹਨ ਜਿਹੜੀਆਂ ਦੇਹਧਾਰੀ ਪਰਮੇਸ਼ੁਰ ਦੀ ਅਸਲ ਮਨੁੱਖਤਾ ਕੋਲ ਹੋਣੀਆਂ ਚਾਹੀਦੀਆਂ ਹਨ। ਯਿਸੂ ਦਾ ਵੀ ਇਹੋ ਮਾਮਲਾ ਸੀ; ਯਿਸੂ ਦਾ ਪਿਤਾ ਅਤੇ ਮਾਂ, ਭੈਣਾਂ ਅਤੇ ਭਰਾ ਸਨ ਅਤੇ ਇਹ ਸਭ ਕੁਝ ਆਮ ਗੱਲ ਸੀ। ਪਰ ਜੇ ਉਸ ਦੀ ਪਤਨੀ ਅਤੇ ਪੁੱਤਰ ਅਤੇ ਧੀਆਂ ਹੁੰਦੇ ਤਾਂ ਉਸ ਦੀ ਅਸਲ ਮਨੁੱਖਤਾ ਨਾ ਹੁੰਦੀ ਜਿਹੜੀ, ਪਰਮੇਸ਼ੁਰ ਚਾਹੁੰਦਾ ਹੈ ਕਿ, ਦੇਹਧਾਰੀ ਪਰਮੇਸ਼ੁਰ ਕੋਲ ਹੋਵੇ। ਜੇ ਇਹ ਸਥਿਤੀ ਹੁੰਦੀ ਤਾਂ ਉਹ ਪਰਮੇਸ਼ਰ ਦੀ ਪਰਮੇਸ਼ੁਰਤਾਈ ਦੀ ਤਰਫ਼ੋਂ ਕੰਮ ਕਰਨ ਦੇ ਯੋਗ ਨਾ ਹੁੰਦਾ। ਇਹ ਬਿਲਕੁਲ ਇਸੇ ਤਰ੍ਹਾਂ ਸੀ ਕਿਉਂਕਿ ਉਸ ਦੀ ਪਤਨੀ ਜਾਂ ਬੱਚੇ ਨਹੀਂ ਸਨ ਅਤੇ ਫਿਰ ਵੀ ਉਹ ਇਕ ਸਧਾਰਣ ਪਰਿਵਾਰ ਵਿੱਚ ਸਧਾਰਣ ਲੋਕਾਂ ਤੋਂ ਪੈਦਾ ਹੋਇਆ ਸੀ, ਅਤੇ ਇਹ ਕਿ ਉਹ ਪਰਮੇਸ਼ੁਰਤਾਈ ਦਾ ਕਾਰਜ ਕਰਨ ਦੇ ਯੋਗ ਸੀ। ਇਸ ਨੂੰ ਹੋਰ ਸਪਸ਼ਟ ਕੀਤਾ ਜਾਵੇ ਤਾਂ ਪਰਮੇਸ਼ੁਰ ਜਿਸ ਨੂੰ ਇੱਕ ਸਧਾਰਣ ਇਨਸਾਨ ਮੰਨਦਾ ਹੈ, ਉਹ, ਉਹ ਇਨਸਾਨ ਹੈ ਜਿਹੜਾ ਇੱਕ ਸਧਾਰਣ ਪਰਿਵਾਰ ਵਿਚ ਪੈਦਾ ਹੋਇਆ ਹੈ। ਸਿਰਫ਼ ਅਜਿਹਾ ਇਨਸਾਨ ਹੀ ਈਸ਼ਵਰੀ ਕਾਰਜ ਕਰਨ ਦੇ ਯੋਗ ਹੈ। ਦੂਜੇ ਪਾਸੇ, ਜੇ ਉਸ ਇਨਸਾਨ ਦੀ ਪਤਨੀ, ਬੱਚੇ ਜਾਂ ਪਤੀ ਹੈ ਤਾਂ ਉਹ ਇਨਸਾਨ ਈਸ਼ਵਰੀ ਕਾਰਜ ਕਰਨ ਦੇ ਯੋਗ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਕੋਲ ਸਿਰਫ਼ ਉਹ ਅਸਲ ਮਨੁੱਖਤਾ ਹੋਵੇਗੀ ਜਿਸ ਦੀ ਮਨੁੱਖਾਂ ਨੂੰ ਲੋੜ ਹੈ, ਪਰ ਉਹ ਅਸਲ ਮਨੁੱਖਤਾ ਨਹੀਂ ਹੋਵੇਗੀ ਜਿਸ ਦੀ ਪਰਮੇਸ਼ੁਰ ਨੂੰ ਲੋੜ ਹੈ। ਉਹ ਜੋ ਪਰਮੇਸ਼ੁਰ ਦੁਆਰਾ ਸਮਝਿਆ ਜਾਂਦਾ ਹੈ ਅਤੇ ਉਹ ਜੋ ਲੋਕ ਸਮਝਦੇ ਹਨ, ਉਹ ਗੱਲਾਂ ਅਕਸਰ ਹੀ ਬਹੁਤ ਜ਼ਿਆਦਾ ਭਿੰਨ ਹੁੰਦੀਆਂ ਹਨ, ਬਹੁਤ ਬੇਮੇਲ। ਪਰਮੇਸ਼ੁਰ ਦੇ ਕਾਰਜ ਦੇ ਇਸ ਪੜਾਅ ਵਿੱਚ, ਅਜਿਹਾ ਬਹੁਤ ਕੁਝ ਹੈ ਜਿਹੜਾ ਲੋਕਾਂ ਦੀਆਂ ਧਾਰਣਾਵਾਂ ਦੇ ਉਲਟ ਹੈ ਅਤੇ ਉਨ੍ਹਾਂ ਤੋਂ ਬਹੁਤ ਜ਼ਿਆਦਾ ਭਿੰਨ ਹੈ। ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੇ ਕਾਰਜ ਦੇ ਇਸ ਪੜਾਅ ਵਿੱਚ ਪੂਰੀ ਤਰ੍ਹਾਂ ਈਸ਼ਵਰੀ ਸੁਭਾਅ ਸ਼ਾਮਲ ਹੁੰਦਾ ਹੈ ਜੋ ਵਿਹਾਰਕ ਰੂਪ ਵਿੱਚ ਕੰਮ ਕਰਦਾ ਹੈ, ਜਦਕਿ ਮਨੁੱਖਤਾ ਇੱਕ ਸਹਾਇਕ ਦੀ ਭੂਮਿਕਾ ਨਿਭਾਉਂਦੀ ਹੈ। ਕਿਉਂਕਿ ਪਰਮੇਸ਼ੁਰ ਆਪਣਾ ਕਾਰਜ ਖ਼ੁਦ ਕਰਨ ਲਈ ਧਰਤੀ ਉੱਤੇ ਆਉਂਦਾ ਹੈ, ਨਾ ਕਿ ਮਨੁੱਖ ਨੂੰ ਕਾਰਜ ਕਰਨ ਦੀ ਆਗਿਆ ਦੇਣ ਲਈ, ਇਸ ਲਈ ਆਪਣਾ ਕਾਰਜ ਕਰਨ ਲਈ ਉਹ ਖ਼ੁਦ ਸਰੀਰ ਧਾਰਨ ਕਰਦਾ ਹੈ (ਇਕ ਅਧੂਰੇ, ਆਮ ਇਨਸਾਨ ਵਜੋਂ)। ਉਹ ਮਨੁੱਖਤਾ ਨੂੰ ਨਵੇਂ ਯੁਗ ਦੀ ਦਾਤ ਦੇਣ, ਆਪਣੇ ਕਾਰਜ ਵਿਚ ਅਗਲੇ ਕਦਮ ਬਾਰੇ ਮਨੁੱਖਤਾ ਨੂੰ ਦੱਸਣ ਅਤੇ ਲੋਕਾਂ ਨੂੰ ਉਸ ਦੇ ਵਚਨਾਂ ਵਿਚ ਦਰਸਾਏ ਰਾਹ ਮੁਤਾਬਕ ਵਿਹਾਰ ਕਰਨ ਲਈ ਕਹਿਣ ਵਾਸਤੇ ਇਸ ਦੇਹਧਾਰਣ ਨੂੰ ਵਰਤਦਾ ਹੈ। ਇਸ ਤਰ੍ਹਾਂ ਦੇਹਧਾਰੀ ਰੂਪ ਵਿੱਚ ਪਰਮੇਸ਼ਰ ਦਾ ਕਾਰਜ ਸੰਪੰਨ ਹੁੰਦਾ ਹੈ; ਉਹ ਮਨੁੱਖਤਾ ਨੂੰ ਛੱਡ ਕੇ ਜਾਣ ਵਾਲਾ ਹੈ, ਹੁਣ ਅਸਲ ਮਨੁੱਖਤਾ ਦੇ ਸਰੀਰ ਵਿਚ ਨਹੀਂ ਰਹਿ ਰਿਹਾ, ਇਸ ਦੀ ਬਜਾਏ ਆਪਣੇ ਕਾਰਜ ਦੇ ਅਗਲੇ ਪੜਾਅ ਵੱਲ ਵਧਣ ਲਈ ਮਨੁੱਖ ਤੋਂ ਦੂਰ ਜਾ ਰਿਹਾ ਹੈ। ਤਦ, ਆਪਣੇ ਮਨ ਦੇ ਅਨੁਸਾਰ ਲੋਕਾਂ ਨੂੰ ਵਰਤਦਿਆਂ, ਉਹ ਲੋਕਾਂ ਦੇ ਇਸ ਸਮੂਹ ਵਿਚਾਲੇ ਧਰਤੀ ਉੱਤੇ ਆਪਣਾ ਕਾਰਜ ਜਾਰੀ ਰੱਖਦਾ ਹੈ ਪਰ ਉਨ੍ਹਾਂ ਦੀ ਮਨੁੱਖਤਾ ਵਿੱਚ।

ਦੇਹਧਾਰੀ ਪਰਮੇਸ਼ੁਰ ਹਮੇਸ਼ਾ ਲਈ ਮਨੁੱਖ ਨਾਲ ਨਹੀਂ ਰਹਿ ਸਕਦਾ ਕਿਉਂਕਿ ਪਰਮੇਸ਼ੁਰ ਕੋਲ ਕਰਨ ਲਈ ਹੋਰ ਬਹੁਤ ਕੰਮ ਹੈ। ਉਹ ਦੇਹਧਾਰੀ ਰੂਪ ਨਾਲ ਬੰਨ੍ਹਿਆ ਨਹੀਂ ਰਹਿ ਸਕਦਾ; ਉਸ ਨੂੰ ਉਹ ਕੰਮ ਕਰਨ ਲਈ ਇਸ ਦੇਹਧਾਰੀ ਰੂਪ ਦਾ ਤਿਆਗ ਕਰਨਾ ਪੈਣਾ ਹੈ ਜਿਹੜਾ ਕੰਮ ਉਸ ਨੇ ਕਰਨਾ ਹੀ ਹੈ, ਹਾਲਾਂਕਿ ਉਹ, ਉਹ ਕਾਰਜ ਦੇਹਧਾਰੀ ਸਰੀਰ ਦੇ ਰੂਪ ਵਿੱਚ ਕਰਦਾ ਹੈ। ਜਦ ਪਰਮੇਸ਼ੁਰ ਧਰਤੀ ਉੱਤੇ ਆਉਂਦਾ ਹੈ ਤਾਂ ਉਹ ਉਸ ਸਰੂਪ ਵਿੱਚ ਪਹੁੰਚਣ ਤਕ ਉਡੀਕ ਨਹੀਂ ਕਰਦਾ ਜਿਹੜਾ ਮਰਨ ਤੋਂ ਪਹਿਲਾਂ ਅਤੇ ਮਨੁੱਖਤਾ ਨੂੰ ਛੱਡਣ ਤੋਂ ਪਹਿਲਾਂ ਇਕ ਆਮ ਵਿਅਕਤੀ ਨੂੰ ਇਖ਼ਤਿਆਰ ਕਰਨਾ ਚਾਹੀਦਾ ਹੈ। ਭਾਵੇਂ ਉਸ ਦਾ ਦੇਹਧਾਰੀ ਰੂਪ ਕਿੰਨਾ ਹੀ ਪੁਰਾਣਾ ਕਿਉਂ ਨਾ ਹੋਵੇ, ਜਦ ਉਸ ਦਾ ਕਾਰਜ ਸੰਪੰਨ ਹੋ ਜਾਂਦਾ ਹੈ ਤਾਂ ਉਹ ਚਲਾ ਜਾਂਦਾ ਹੈ ਅਤੇ ਮਨੁੱਖ ਨੂੰ ਛੱਡ ਦਿੰਦਾ ਹੈ। ਉਸ ਲਈ ਉਮਰ ਵਰਗੀ ਕੋਈ ਚੀਜ਼ ਨਹੀਂ, ਉਹ ਮਨੁੱਖੀ ਜੀਵਨ ਕਾਲ ਅਨੁਸਾਰ ਆਪਣੇ ਦਿਨ ਨਹੀਂ ਗਿਣਦਾ; ਸਗੋਂ, ਆਪਣੇ ਕਾਰਜ ਦੇ ਕਦਮਾਂ ਅਨੁਸਾਰ ਦੇਹਧਾਰੀ ਰੂਪ ਵਿੱਚ ਆਪਣਾ ਜੀਵਨ ਖ਼ਤਮ ਕਰਦਾ ਹੈ। ਅਜਿਹੇ ਲੋਕ ਹੋ ਸਕਦੇ ਹਨ ਜਿਹੜੇ ਮਹਿਸੂਸ ਕਰਦੇ ਹਨ ਕਿ ਪਰਮੇਸ਼ੁਰ ਵੱਲੋਂ ਦੇਹਧਾਰੀ ਰੂਪ ਵਿੱਚ ਆਉਣ ਸਮੇਂ ਦੀ ਕੁਝ ਹੱਦ ਤਕ ਉਮਰ ਹੋਣੀ ਹੀ ਚਾਹੀਦੀ ਹੈ, ਉਸ ਨੂੰ ਬਾਲਗ਼ ਬਣਨਾ ਚਾਹੀਦਾ ਹੈ, ਬੁਢਾਪੇ ਵਿੱਚ ਪਹੁੰਚਣਾ ਚਾਹੀਦਾ ਹੈ ਅਤੇ ਉਦੋਂ ਹੀ ਚਲਾਣਾ ਕਰਨਾ ਚਾਹੀਦਾ ਹੈ ਜਦ ਉਹ ਸਰੀਰ ਨਕਾਰਾ ਜਾਂਦਾ ਹੈ। ਇਹ ਮਨੁੱਖ ਦੀ ਕਲਪਨਾ ਹੈ; ਪਰਮੇਸ਼ੁਰ ਇਸ ਤਰ੍ਹਾਂ ਕਾਰਜ ਨਹੀਂ ਕਰਦਾ। ਉਹ ਸਿਰਫ਼ ਉਹ ਕਾਰਜ ਕਰਨ ਲਈ ਦੇਹਧਾਰੀ ਰੂਪ ਵਿੱਚ ਆਉਂਦਾ ਹੈ ਜਿਹੜਾ ਉਸ ਨੂੰ ਕਰਨਾ ਚਾਹੀਦਾ ਹੈ ਅਤੇ ਨਾ ਕਿ ਆਮ ਮਨੁੱਖ ਦਾ ਜੀਵਨ ਜੀਉਣ ਲਈ, ਜਿਵੇਂ ਮਾਪਿਆਂ ਕੋਲ ਪੈਦਾ ਹੋਣਾ, ਵੱਡਾ ਹੋਣਾ, ਪਰਿਵਾਰ ਪਾਲਣਾ ਅਤੇ ਜੀਵਨ ਸਫ਼ਰ ਸ਼ੁਰੂ ਕਰਨਾ, ਬੱਚੇ ਪੈਦਾ ਕਰਨਾ ਅਤੇ ਪਾਲਣਾ ਜਾਂ ਜੀਵਨ ਦੇ ਉਤਰਾਅ-ਚੜ੍ਹਾਅ ਦਾ ਅਨੁਭਵ ਕਰਨਾ ਯਾਨੀ ਇਕ ਆਮ ਮਨੁੱਖ ਦੀਆਂ ਸਾਰੀਆਂ ਗਤੀਵਿਧੀਆਂ। ਜਦ ਪਰਮੇਸ਼ੁਰ ਧਰਤੀ ਉੱਤੇ ਆਉਂਦਾ ਹੈ ਤਾਂ ਇਹ ਪਰਮੇਸ਼ੁਰ ਦਾ ਆਤਮਾ ਹੁੰਦਾ ਹੈ ਜਿਹੜਾ ਸਰੀਰ ਧਾਰਨ ਕਰਦਾ ਹੈ, ਦੇਹਧਾਰੀ ਰੂਪ ਵਿੱਚ ਆਉਂਦਾ ਹੈ, ਪਰ ਪਰਮੇਸ਼ੁਰ ਇੱਕ ਆਮ ਵਿਅਕਤੀ ਦਾ ਜੀਵਨ ਨਹੀਂ ਜੀਉਂਦਾ। ਉਹ ਤਾਂ ਆਪਣੀ ਪ੍ਰਬੰਧਕੀ ਯੋਜਨਾ ਦਾ ਇਕ ਹਿੱਸਾ ਪੂਰਾ ਕਰਨ ਲਈ ਹੀ ਆਉਂਦਾ ਹੈ। ਇਸ ਤੋਂ ਬਾਅਦ ਉਹ ਮਨੁੱਖਤਾ ਤੋਂ ਵਿਦਾ ਹੋ ਜਾਵੇਗਾ। ਜਦ ਉਹ ਦੇਹਧਾਰੀ ਰੂਪ ਵਿੱਚ ਆਉਂਦਾ ਹੈ ਤਾਂ ਪਰਮੇਸ਼ੁਰ ਦਾ ਆਤਮਾ ਦੇਹਧਾਰੀ ਰੂਪ ਦੀ ਅਸਲ ਮਨੁੱਖਤਾ ਨੂੰ ਸੰਪੂਰਣ ਨਹੀਂ ਕਰਦਾ। ਇਸ ਦੀ ਬਜਾਏ, ਉਸ ਸਮੇਂ ਜਿਹੜਾ ਪਹਿਲਾਂ ਹੀ ਤੈਅ ਕੀਤਾ ਹੈ, ਪਰਮੇਸ਼ੁਰ ਦੀ ਪਰਮੇਸ਼ੁਰਤਾਈ ਸਿੱਧੇ ਤੌਰ ਤੇ ਕੰਮ ਵਿੱਚ ਜੁਟ ਜਾਂਦੀ ਹੈ। ਫਿਰ, ਉਹ ਸਭ ਕੁਝ ਕੀਤੇ ਜਾਣ ਮਗਰੋਂ ਜਿਹੜਾ ਉਸ ਲਈ ਕਰਨਾ ਲੋੜੀਂਦਾ ਹੈ ਅਤੇ ਆਪਣਾ ਕਾਰਜ ਪੂਰੀ ਤਰ੍ਹਾਂ ਮੁਕੰਮਲ ਕੀਤੇ ਜਾਣ ਮਗਰੋਂ ਇਸ ਪੜਾਅ ਵਿੱਚ ਪਰਮੇਸ਼ੁਰ ਦੇ ਆਤਮਾ ਦਾ ਕਾਰਜ ਸੰਪੰਨ ਹੁੰਦਾ ਹੈ। ਇਸ ਬਿੰਦੂ ’ਤੇ ਦੇਹਧਾਰੀ ਪਰਮੇਸ਼ੁਰ ਦੇ ਜੀਵਨ ਦਾ ਵੀ ਅੰਤ ਹੁੰਦਾ ਹੈ, ਚਾਹੇ ਉਸ ਦਾ ਦੇਹਧਾਰੀ ਸਰੀਰ ਆਪਣੀ ਲੰਮੀ ਉਮਰ ਭੋਗਿਆ ਹੈ ਜਾਂ ਨਹੀਂ। ਕਹਿਣ ਦਾ ਭਾਵ ਹੈ ਕਿ ਦੇਹਧਾਰੀ ਸਰੀਰ ਜੀਵਨ ਦੇ ਜਿਸ ਵੀ ਪੜਾਅ ’ਤੇ ਪਹੁੰਚੇ, ਚਾਹੇ ਜਿੰਨਾ ਵੀ ਲੰਮਾ ਸਮਾਂ ਧਰਤੀ ਉੱਤੇ ਰਹੇ, ਹਰ ਚੀਜ਼ ਦਾ ਫ਼ੈਸਲਾ ਆਤਮਾ ਦੇ ਕਾਰਜ ਦੁਆਰਾ ਕੀਤਾ ਜਾਂਦਾ ਹੈ। ਇਸ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਜਿਸ ਨੂੰ ਮਨੁੱਖ ਅਸਲ ਮਨੁੱਖਤਾ ਸਮਝਦਾ ਹੈ। ਮਿਸਾਲ ਵਜੋਂ ਯਿਸੂ ਨੂੰ ਹੀ ਲੈ ਲਓ। ਉਹ ਦੇਹਧਾਰੀ ਰੂਪ ਵਿੱਚ ਸਾਢੇ ਤੇਤੀ ਸਾਲ ਰਿਹਾ। ਇਕ ਮਨੁੱਖੀ ਸਰੀਰ ਦੇ ਜੀਵਨ ਕਾਲ ਦੇ ਸੰਦਰਭ ਵਿੱਚ, ਉਸ ਨੂੰ ਉਸ ਉਮਰ ਵਿੱਚ ਮਰਨਾ ਨਹੀਂ ਚਾਹੀਦਾ ਸੀ ਅਤੇ ਉਸ ਨੂੰ ਚਲੇ ਨਹੀਂ ਜਾਣਾ ਚਾਹੀਦਾ ਸੀ, ਪਰ ਪਰਮੇਸ਼ੁਰ ਦੇ ਆਤਮਾ ਲਈ ਇਹ ਚਿੰਤਾ ਵਾਲੀ ਗੱਲ ਨਹੀਂ ਸੀ। ਉਸ ਦਾ ਕਾਰਜ ਸੰਪੰਨ ਹੋਣ ’ਤੇ, ਉਸ ਸਮੇਂ ਉਸ ਦਾ ਸਰੀਰ ਲੈ ਲਿਆ ਗਿਆ ਜਿਹੜਾ ਆਤਮਾ ਦੇ ਨਾਲ ਹੀ ਅਲੋਪ ਹੋ ਗਿਆ। ਇਹ ਸਿਧਾਂਤ ਹੈ ਜਿਸ ਦੁਆਰਾ ਪਰਮੇਸ਼ੁਰ ਦੇਹਧਾਰੀ ਸਰੀਰ ਵਿੱਚ ਕੰਮ ਕਰਦਾ ਹੈ। ਇਸ ਤਰ੍ਹਾਂ, ਜੇ ਸਖ਼ਤ ਸ਼ਬਦਾਂ ਵਿਚ ਕਹੀਏ ਤਾਂ ਦੇਹਧਾਰੀ ਪਰਮੇਸ਼ੁਰ ਦੀ ਮਨੁੱਖਤਾ ਮੁੱਢਲੀ ਮਹੱਤਤਾ ਵਾਲੀ ਨਹੀਂ। ਜੇ ਦੁਹਰਾਇਆ ਜਾਵੇ ਤਾਂ ਉਹ ਇਕ ਆਮ ਇਨਸਾਨ ਦਾ ਜੀਵਨ ਜੀਉਣ ਲਈ ਧਰਤੀ ਉੱਤੇ ਨਹੀਂ ਆਉਂਦਾ। ਉਹ ਪਹਿਲਾਂ ਇਕ ਆਮ ਮਨੁੱਖੀ ਜੀਵਨ ਸਥਾਪਿਤ ਕਰਕੇ ਕਾਰਜ ਸ਼ੁਰੂ ਨਹੀਂ ਕਰਦਾ ਸਗੋਂ, ਜਦ ਤਕ ਉਹ ਇਕ ਆਮ ਮਨੁੱਖੀ ਘਰ ਵਿਚ ਪੈਦਾ ਹੁੰਦਾ ਹੈ ਤਾਂ ਉਹ ਈਸ਼ਵਰੀ ਕਾਰਜ ਕਰਨ ਦੇ ਯੋਗ ਹੁੰਦਾ ਹੈ, ਉਹ ਕਾਰਜ ਜਿਹੜਾ ਮਨੁੱਖੀ ਇਰਾਦਿਆਂ ਦੇ ਦਾਗ਼ ਤੋਂ ਰਹਿਤ ਹੈ, ਜਿਹੜਾ ਦੇਹਧਾਰੀ ਨਹੀਂ ਹੈ, ਜਿਹੜਾ ਸਮਾਜ ਦੇ ਤੌਰ-ਤਰੀਕਿਆਂ ਨੂੰ ਨਿਸ਼ਚਿਤ ਰੂਪ ਵਿੱਚ ਇਖ਼ਤਿਆਰ ਨਹੀਂ ਕਰਦਾ ਜਾਂ ਮਨੁੱਖ ਦੀਆਂ ਸੋਚਾਂ ਜਾਂ ਧਾਰਣਾਵਾਂ ਨੂੰ ਸ਼ਾਮਲ ਨਹੀਂ ਕਰਦਾ ਅਤੇ ਇਸ ਤੋਂ ਇਲਾਵਾ, ਜਿਹੜਾ ਜੀਉਣ ਲਈ ਮਨੁੱਖ ਦੇ ਫ਼ਲਸਫ਼ਿਆਂ ਨੂੰ ਸ਼ਾਮਲ ਨਹੀਂ ਕਰਦਾ। ਇਹ ਉਹ ਕਾਰਜ ਹੈ ਜਿਹੜਾ ਦੇਹਧਾਰੀ ਪਰਮੇਸ਼ੁਰ ਕਰਨਾ ਚਾਹੁੰਦਾ ਹੈ ਅਤੇ ਇਹ ਉਸ ਦੇ ਦੇਹਧਾਰਣ ਦੀ ਵਿਹਾਰਕ ਮਹੱਤਤਾ ਵੀ ਹੈ। ਪਰਮੇਸ਼ੁਰ ਮੁੱਢਲੇ ਤੌਰ ਤੇ ਉਸ ਕਾਰਜ ਦੇ ਇੱਕ ਪੜਾਅ ਨੂੰ ਪੂਰਾ ਕਰਨ ਲਈ ਦੇਹਧਾਰੀ ਰੂਪ ਵਿੱਚ ਆਉਂਦਾ ਹੈ ਜਿਹੜਾ ਹੋਰ ਤੁੱਛ ਗਤੀਵਿਧੀਆਂ ਕੀਤੇ ਬਿਨਾਂ, ਦੇਹਧਾਰੀ ਰੂਪ ਵਿੱਚ ਪੂਰਾ ਕੀਤੇ ਜਾਣ ਦੀ ਲੋੜ ਹੈ, ਅਤੇ ਇਕ ਆਮ ਇਨਸਾਨ ਦੇ ਅਨੁਭਵਾਂ ਦੀ ਗੱਲ ਕਰੀਏ ਤਾਂ ਉਹ ਉਸ ਕੋਲ ਨਹੀਂ ਹੁੰਦੇ। ਉਹ ਕਾਰਜ ਜਿਹੜਾ ਪਰਮੇਸ਼ੁਰ ਦੇ ਦੇਹਧਾਰੀ ਸਰੀਰ ਲਈ ਕਰਨਾ ਲੋੜੀਂਦਾ ਹੈ, ਉਸ ਵਿੱਚ ਆਮ ਮਨੁੱਖੀ ਅਨੁਭਵ ਸ਼ਾਮਲ ਨਹੀਂ ਹੁੰਦੇ। ਇਸ ਲਈ ਪਰਮੇਸ਼ੁਰ ਉਸ ਕਾਰਜ ਨੂੰ ਪੂਰਾ ਕਰਨ ਖ਼ਾਤਰ ਦੇਹਧਾਰੀ ਰੂਪ ਵਿੱਚ ਆਉਂਦਾ ਹੈ ਜਿਹੜਾ ਉਸ ਲਈ ਦੇਹਧਾਰੀ ਰੂਪ ਵਿੱਚ ਪੂਰਾ ਕੀਤੇ ਜਾਣ ਦੀ ਲੋੜ ਹੈ। ਬਾਕੀ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ; ਉਹ ਏਨੀਆਂ ਜ਼ਿਆਦਾ ਤੁੱਛ ਪ੍ਰਕਿਰਿਆਵਾਂ ਵਿੱਚੋਂ ਨਹੀਂ ਲੰਘਦਾ। ਜਦ ਉਸ ਦਾ ਕੰਮ ਪੂਰਾ ਹੋ ਜਾਂਦਾ ਹੈ ਤਾਂ ਉਸ ਦੇ ਦੇਹਧਾਰਣ ਦੀ ਮਹੱਤਤਾ ਵੀ ਖ਼ਤਮ ਹੋ ਜਾਂਦੀ ਹੈ। ਇਸ ਪੜਾਅ ਨੂੰ ਮੁਕੰਮਲ ਕਰਨ ਦਾ ਅਰਥ ਹੈ ਕਿ ਉਹ ਕਾਰਜ ਸੰਪੰਨ ਹੋ ਗਿਆ ਹੈ ਜਿਹੜਾ ਉਸ ਲਈ ਦੇਹਧਾਰੀ ਸਰੀਰ ਵਿੱਚ ਕਰਨ ਦੀ ਲੋੜ ਹੈ ਅਤੇ ਉਸ ਦੇ ਸਰੀਰ ਦਾ ਕਾਰਜ ਮੁਕੰਮਲ ਹੈ। ਪਰ ਉਹ ਅਣਮਿੱਥੇ ਸਮੇਂ ਲਈ ਦੇਹਧਾਰੀ ਸਰੀਰ ਵਿੱਚ ਕੰਮ ਕਰਦਾ ਨਹੀਂ ਰਹਿ ਸਕਦਾ। ਉਸ ਨੇ ਕੰਮ ਕਰਨ ਲਈ ਹੋਰ ਥਾਂ ’ਤੇ ਜਾਣਾ ਹੈ, ਯਾਨੀ ਦੇਹਧਾਰੀ ਸਰੀਰ ਤੋਂ ਬਾਹਰਲੀ ਇੱਕ ਥਾਂ। ਸਿਰਫ਼ ਇਸ ਤਰ੍ਹਾਂ ਉਸ ਦਾ ਕਾਰਜ ਪੂਰੀ ਤਰ੍ਹਾਂ ਕੀਤਾ ਜਾ ਸਕਦਾ ਹੈ ਅਤੇ ਹੋਰ ਜ਼ਿਆਦਾ ਅਸਰ ਲਈ ਅੱਗੇ ਵਧ ਸਕਦਾ ਹੈ। ਪਰਮੇਸ਼ੁਰ ਆਪਣੀ ਮੂਲ ਯੋਜਨਾ ਅਨੁਸਾਰ ਕਾਰਜ ਕਰਦਾ ਹੈ। ਜੋ ਕੰਮ ਉਸ ਨੂੰ ਕਰਨ ਦੀ ਲੋੜ ਹੈ ਅਤੇ ਜੋ ਕੰਮ ਉਸ ਨੇ ਸੰਪੰਨ ਕੀਤਾ ਹੈ, ਉਹ ਉਨ੍ਹਾਂ ਨੂੰ ਬਿਲਕੁਲ ਸਪਸ਼ਟ ਰੂਪ ਵਿੱਚ ਜਾਣਦਾ ਹੈ। ਪਰਮੇਸ਼ੁਰ ਹਰ ਵਿਅਕਤੀ ਦੀ ਉਸ ਰਾਹ ’ਤੇ ਤੁਰਨ ਲਈ ਅਗਵਾਈ ਕਰਦਾ ਹੈ ਜਿਹੜਾ ਉਸ ਨੇ ਪਹਿਲਾਂ ਹੀ ਤੈਅ ਕੀਤਾ ਹੋਇਆ ਹੈ। ਕੋਈ ਵੀ ਇਸ ਤੋਂ ਬਚ ਨਹੀਂ ਸਕਦਾ। ਸਿਰਫ਼ ਉਹ ਜਿਹੜੇ ਪਰਮੇਸ਼ੁਰ ਦੀ ਸੇਧ ਅਨੁਸਾਰ ਚਲਦੇ ਹਨ, ਅਰਾਮ ਦੇ ਸਥਾਨ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੋਣਗੇ। ਇਹ ਹੋ ਸਕਦਾ ਹੈ ਕਿ ਬਾਅਦ ਵਾਲੇ ਕਾਰਜ ਵਿੱਚ, ਮਨੁੱਖ ਨੂੰ ਸੇਧ ਦੇਣ ਲਈ ਦੇਹਧਾਰੀ ਰੂਪ ਵਿੱਚ ਬੋਲਣ ਵਾਲਾ ਪਰਮੇਸ਼ੁਰ ਨਹੀਂ ਹੋਵੇਗਾ ਸਗੋਂ ਸਪਸ਼ਟ ਰੂਪ ਵਾਲਾ ਆਤਮਾ ਹੋਵੇਗਾ ਜਿਹੜਾ ਮਨੁੱਖ ਦੇ ਜੀਵਨ ਨੂੰ ਸੇਧ ਦੇਵੇਗਾ। ਸਿਰਫ਼ ਉਦੋਂ ਹੀ ਮਨੁੱਖ ਠੋਸ ਰੂਪ ਵਿੱਚ ਪਰਮੇਸ਼ੁਰ ਨੂੰ ਛੂਹਣ, ਸਤਿਕਾਰ ਦੇਣ ਅਤੇ ਬਿਹਤਰ ਤਰੀਕੇ ਨਾਲ ਵਾਸਤਵਿਕਤਾ ਜਿਸ ਦੀ ਪਰਮੇਸ਼ੁਰ ਨੂੰ ਲੋੜ ਹੈ, ਵਿੱਚ ਦਾਖ਼ਲ ਹੋਣ ਦੇ ਯੋਗ ਹੋਵੇਗਾ ਤਾਂ ਜੋ ਉਹ ਵਿਹਾਰਕ ਪਰਮੇਸ਼ੁਰ ਦੁਆਰਾ ਸੰਪੂਰਣ ਕੀਤਾ ਹੋਇਆ ਬਣ ਸਕੇ। ਇਹ ਉਹ ਕਾਰਜ ਹੈ ਜਿਹੜਾ ਪਰਮੇਸ਼ੁਰ ਪੂਰਾ ਕਰਨਾ ਚਾਹੁੰਦਾ ਹੈ ਅਤੇ ਜਿਸ ਦੀ ਉਸ ਨੇ ਬਹੁਤ ਪਹਿਲਾਂ ਯੋਜਨਾ ਬਣਾਈ ਸੀ। ਇਥੋਂ, ਤੁਹਾਨੂੰ ਸਾਰਿਆਂ ਨੂੰ ਉਹ ਰਾਹ ਵਿਖਾਈ ਦੇਣਾ ਚਾਹੀਦਾ ਹੈ ਜਿਸ ’ਤੇ ਤੁਹਾਨੂੰ ਚੱਲਣ ਦੀ ਲੋੜ ਹੈ।

ਪਿਛਲਾ: ਸੱਤ ਗਰਜਾਂ ਐਲਾਨ ਕਰਦੀਆਂ ਹੋਈਆਂ—ਭਵਿੱਖਬਾਣੀ ਕਰਦੀਆਂ ਹਨ ਕਿ ਰਾਜ ਦੀ ਖੁਸ਼ਖਬਰੀ ਸਾਰੇ ਬ੍ਰਹਿਮੰਡ ਵਿੱਚ ਫੈਲ ਜਾਵੇਗੀ

ਅਗਲਾ: ਵਿਸ਼ਵਾਸ ਵਿੱਚ, ਵਿਅਕਤੀ ਨੂੰ ਅਸਲੀਅਤ ਉੱਤੇ ਧਿਆਨ ਲਗਾਉਣਾ ਚਾਹੀਦਾ ਹੈ-ਧਾਰਮਿਕ ਰਸਮ ਪੂਰੀ ਕਰਨਾ ਵਿਸ਼ਵਾਸ ਨਹੀਂ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ