ਕੀ ਪਰਮੇਸ਼ੁਰ ਦਾ ਕੰਮ ਮਨੁੱਖ ਦੀਆਂ ਕਲਪਨਾਵਾਂ ਦੇ ਸਮਾਨ ਸਰਲ ਹੈ?

ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਹੋਣ ਦੇ ਨਾਤੇ, ਤੁਹਾਡੇ ਵਿੱਚੋਂ ਹਰੇਕ ਨੂੰ ਇਸ ਗੱਲ ਦੀ ਕਦਰ ਕਰਨੀ ਚਾਹੀਦੀ ਹੈ ਕਿ ਕਿਵੇਂ ਤੁਸੀਂ ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਅਤੇ ਉਸ ਦੀ ਯੋਜਨਾ ਦੇ ਕੰਮ ਨੂੰ ਜੋ ਉਹ ਅੱਜ ਤੁਹਾਡੇ ਵਿੱਚ ਕਰਦਾ ਹੈ ਗ੍ਰਹਿਣ ਕਰਨ ਦੇ ਦੁਆਰਾ ਪਰਮ ਅਨੰਦ ਅਤੇ ਮੁਕਤੀ ਨੂੰ ਹਾਸਲ ਕੀਤਾ ਹੈ। ਪਰਮੇਸ਼ੁਰ ਨੇ ਪੂਰੇ ਬ੍ਰਹਿਮੰਡ ਵਿੱਚੋਂ ਇਸ ਸਮੂਹ ਦੇ ਲੋਕਾਂ ਨੂੰ ਆਪਣੇ ਕਾਰਜ ਦਾ ਇੱਕਮਾਤਰ ਕੇਂਦਰ ਬਣਾਇਆ ਹੈ। ਉਸ ਨੇ ਤੁਹਾਡੇ ਲਈ ਆਪਣੇ ਦਿਲ ਦਾ ਸਾਰਾ ਲਹੂ ਕੁਰਬਾਨ ਕਰ ਦਿੱਤਾ ਹੈ; ਉਸ ਨੇ ਪੂਰੇ ਬ੍ਰਹਿਮੰਡ ਵਿੱਚੋਂ ਆਤਮਾ ਦੇ ਸਾਰੇ ਕੰਮ ਦੀ ਮੁੜ ਉਸਾਰੀ ਕੀਤੀ ਹੈ ਅਤੇ ਤੁਹਾਨੂੰ ਸੌਂਪ ਦਿੱਤਾ ਹੈ। ਇਸੇ ਲਈ ਮੈਂ ਕਹਿੰਦਾ ਹਾਂ ਕਿ ਤੁਸੀਂ ਵਡਭਾਗੇ ਹੋ। ਇਸ ਤੋਂ ਇਲਾਵਾ, ਉਸ ਨੇ ਆਪਣੀ ਮਹਿਮਾ ਇਸਰਾਏਲ ਤੋਂ, ਆਪਣੇ ਚੁਣੇ ਹੋਏ ਲੋਕਾਂ ਤੋਂ ਹਟਾ ਕੇ, ਤੁਹਾਨੂੰ ਦੇ ਦਿੱਤੀ ਹੈ ਅਤੇ ਉਹ ਇਸ ਸਮੂਹ ਦੇ ਦੁਆਰਾ ਆਪਣੀ ਯੋਜਨਾ ਦਾ ਉਦੇਸ਼ ਪੂਰੀ ਤਰ੍ਹਾਂ ਦੇ ਨਾਲ ਪਰਗਟ ਕਰੇਗਾ। ਇਸ ਲਈ, ਤੁਸੀਂ ਉਹ ਹੋ ਜੋ ਪਰਮੇਸ਼ੁਰ ਦੇ ਵਿਰਸੇ ਨੂੰ ਪ੍ਰਾਪਤ ਕਰੋਗੇ ਅਤੇ ਇਸ ਤੋਂ ਵੀ ਵੱਧ ਕੇ ਇਹ ਕਿ ਤੁਸੀਂ ਪਰਮੇਸ਼ੁਰ ਦੀ ਮਹਿਮਾ ਦੇ ਵਾਰਸ ਹੋ। ਸ਼ਾਇਦ ਤੁਹਾਨੂੰ ਸਾਰਿਆਂ ਨੂੰ ਇਹ ਸ਼ਬਦ ਯਾਦ ਹੋਣ: “ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿੰਨ ਭਰ ਦਾ ਹੀ ਹੈ ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ।” ਤੁਸੀਂ ਸਾਰੇ ਪਹਿਲਾਂ ਤੋਂ ਹੀ ਇਨ੍ਹਾਂ ਸ਼ਬਦਾਂ ਨੂੰ ਸੁਣ ਚੁੱਕੇ ਹੋ, ਫਿਰ ਵੀ ਤੁਹਾਡੇ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਦੇ ਸਹੀ ਅਰਥ ਨੂੰ ਨਹੀਂ ਸਮਝਿਆ। ਅੱਜ ਤੁਹਾਡੇ ਅੰਦਰ ਉਨ੍ਹਾਂ ਦੇ ਅਸਲ ਮਹੱਤਵ ਦੀ ਗੂੜ੍ਹ ਜਾਗਰੂਕਤਾ ਮੌਜੂਦ ਹੈ। ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਇਨ੍ਹਾਂ ਸ਼ਬਦਾਂ ਨੂੰ ਪੂਰਾ ਕਰੇਗਾ, ਅਤੇ ਇਹ ਉਨ੍ਹਾਂ ਲੋਕਾਂ ਵਿੱਚ ਪੂਰੇ ਹੋਣਗੇ ਜਿਹੜੇ ਉਸ ਦੇਸ ਵਿੱਚ ਵੱਡੇ ਲਾਲ ਅਜਗਰ ਦੁਆਰਾ ਬੁਰੀ ਤਰ੍ਹਾਂ ਸਤਾਏ ਗਏ ਹਨ ਜਿੱਥੇ ਉਹ ਕੁੰਡਲੀ ਮਾਰ ਕੇ ਬੈਠਾ ਹੈ। ਵੱਡਾ ਲਾਲ ਅਜਗਰ ਪਰਮੇਸ਼ੁਰ ਨੂੰ ਸਤਾਉਂਦਾ ਹੈ ਅਤੇ ਪਰਮੇਸ਼ੁਰ ਦਾ ਵੈਰੀ ਹੈ, ਅਤੇ ਇਸ ਲਈ, ਉਸ ਦੇਸ ਵਿੱਚ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਵਾਲੇ ਲੋਕ ਅਪਮਾਨ ਅਤੇ ਜ਼ੁਲਮ ਦੇ ਸ਼ਿਕਾਰ ਹੁੰਦੇ ਹਨ ਅਤੇ ਨਤੀਜੇ ਵਜੋਂ, ਇਹ ਵਚਨ ਤੁਹਾਡੇ ਵਿੱਚ, ਜੋ ਇਸ ਸਮੂਹ ਦੇ ਲੋਕ ਹੋ, ਪੂਰੇ ਹੁੰਦੇ ਹਨ। ਕਿਉਂਕਿ ਇਹ ਇੱਕ ਅਜਿਹੇ ਦੇਸ ਵਿੱਚ ਸ਼ੁਰੂ ਹੋਇਆ ਹੈ ਜੋ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ, ਇਸ ਲਈ ਪਰਮੇਸ਼ੁਰ ਦੇ ਸਾਰੇ ਕੰਮ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪੈਂਦੀਆਂ ਹਨ ਅਤੇ ਉਸ ਦੇ ਬਹੁਤ ਸਾਰੇ ਵਚਨਾਂ ਨੂੰ ਪੂਰਾ ਹੋਣ ਵਿੱਚ ਸਮਾਂ ਲੱਗਦਾ ਹੈ; ਇਸ ਤਰ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਵਚਨਾਂ ਦੇ ਦੁਆਰਾ ਸ਼ੁੱਧ ਕੀਤਾ ਜਾਂਦਾ ਹੈ, ਜੋ ਦੁੱਖਾਂ ਦਾ ਹੀ ਇੱਕ ਹਿੱਸਾ ਹੁੰਦਾ ਹੈ। ਪਰਮੇਸ਼ੁਰ ਦੇ ਲਈ ਇਸ ਵੱਡੇ ਲਾਲ ਅਜਗਰ ਦੇ ਦੇਸ ਵਿੱਚ ਇਸ ਕੰਮ ਨੂੰ ਪੂਰਾ ਕਰ ਸਕਣਾ ਬਹੁਤ ਹੀ ਮੁਸ਼ਕਲ ਹੈ, ਪਰ ਇਸੇ ਮੁਸ਼ਕਲ ਦੇ ਵਿੱਚੋਂ ਦੀ, ਪਰਮੇਸ਼ੁਰ ਆਪਣੀ ਬੁੱਧ ਅਤੇ ਆਪਣੇ ਅਦਭੁਤ ਕੰਮਾਂ ਦਾ ਪ੍ਰਗਟਾਵਾ ਕਰਦੇ ਹੋਏ, ਆਪਣੇ ਕੰਮ ਦੇ ਇੱਕ ਪੜਾਅ ਨੂੰ ਪੂਰਾ ਕਰਦਾ ਹੈ ਅਤੇ ਇਸ ਸਮੂਹ ਦੇ ਲੋਕਾਂ ਦੀ ਗਿਣਤੀ ਨੂੰ ਪੂਰਾ ਕਰਨ ਦੇ ਲਈ ਇਸ ਮੌਕੇ ਦੀ ਵਰਤੋਂ ਕਰ ਰਿਹਾ ਹੈ। ਲੋਕਾਂ ਦੇ ਦੁਖਾਂ ਦੇ ਦੁਆਰਾ, ਉਨ੍ਹਾਂ ਦੀ ਯੋਗਤਾ ਦੇ ਦੁਆਰਾ ਅਤੇ ਇਸ ਅਪਵਿੱਤਰ ਦੇਸ ਦੇ ਲੋਕਾਂ ਦੇ ਸਾਰੇ ਸ਼ਤਾਨੀ ਸੁਭਾਅ ਦੇ ਦੁਆਰਾ ਪਰਮੇਸ਼ੁਰ ਆਪਣੇ ਸ਼ੁੱਧੀਕਰਣ ਅਤੇ ਜਿੱਤ ਦੇ ਕੰਮ ਨੂੰ ਕਰਦਾ ਹੈ, ਤਾਂ ਕਿ, ਇਸ ਦੇ ਦੁਆਰਾ, ਉਹ ਮਹਿਮਾ ਨੂੰ ਹਾਸਲ ਕਰ ਸਕੇ ਅਤੇ ਉਨ੍ਹਾਂ ਲੋਕਾਂ ਨੂੰ ਹਾਸਲ ਕਰ ਸਕੇ ਜੋ ਉਸ ਦੇ ਕੰਮਾਂ ਦੇ ਗਵਾਹ ਹੋਣਗੇ। ਪਰਮੇਸ਼ੁਰ ਨੇ ਇਸ ਸਮੂਹ ਦੇ ਲੋਕਾਂ ਦੇ ਲਈ ਜੋ ਬਲੀਦਾਨ ਦਿੱਤੇ ਹਨ ਉਨ੍ਹਾਂ ਦਾ ਪੂਰਾ ਮਹੱਤਵ ਇਹੋ ਹੀ ਹੈ। ਅਰਥਾਤ, ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਦੁਆਰਾ ਜੋ ਉਸ ਦਾ ਵਿਰੋਧ ਕਰਦੇ ਹਨ ਜਿੱਤ ਦੇ ਕੰਮ ਨੂੰ ਕਰਦਾ ਹੈ ਅਤੇ ਸਿਰਫ ਇਸੇ ਤਰ੍ਹਾਂ ਹੀ ਪਰਮੇਸ਼ੁਰ ਦੀ ਮਹਾਨ ਸ਼ਕਤੀ ਨੂੰ ਪਰਗਟ ਕੀਤਾ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿੱਚ, ਸਿਰਫ ਅਸ਼ੁੱਧ ਦੇਸ ਦੇ ਲੋਕ ਹੀ ਪਰਮੇਸ਼ੁਰ ਦੀ ਮਹਿਮਾ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਦੇ ਯੋਗ ਹਨ ਅਤੇ ਸਿਰਫ ਇਹੋ ਹੀ ਪਰਮੇਸ਼ੁਰ ਦੀ ਮਹਾਨ ਸ਼ਕਤੀ ਨੂੰ ਉਜਾਗਰ ਕਰ ਸਕਦਾ ਹੈ। ਇਸ ਲਈ ਮੈਂ ਇਹ ਕਹਿੰਦਾ ਹਾਂ ਕਿ ਪਰਮੇਸ਼ੁਰ ਦੀ ਮਹਿਮਾ ਨੂੰ ਸਿਰਫ ਅਸ਼ੁੱਧ ਦੇਸ ਅਤੇ ਅਸ਼ੁੱਧ ਦੇਸ ਵਿੱਚ ਰਹਿਣ ਵਾਲੇ ਲੋਕ ਹੀ ਪ੍ਰਾਪਤ ਕਰ ਸਕਦੇ ਹਨ। ਪਰਮੇਸ਼ੁਰ ਦੀ ਇਹੋ ਇੱਛਾ ਹੈ। ਯਿਸੂ ਦੇ ਕੰਮ ਕਰਨ ਦੀ ਅਵਸਥਾ ਇਹੋ ਹੀ ਸੀ: ਉਸ ਦੀ ਮਹਿਮਾ ਸਿਰਫ ਉਨ੍ਹਾਂ ਫਰੀਸੀਆਂ ਦੇ ਵਿੱਚ ਹੀ ਕੀਤੀ ਜਾ ਸਕਦੀ ਸੀ ਜਿਨ੍ਹਾਂ ਨੇ ਉਸ ਨੂੰ ਸਤਾਇਆ ਸੀ; ਜੇਕਰ ਫਰੀਸੀਆਂ ਰਾਹੀਂ ਸਤਾਇਆ ਜਾਣਾ ਅਤੇ ਯਹੂਦਾਹ ਦਾ ਵਿਸ਼ਵਾਸਘਾਤ ਨਾ ਹੁੰਦਾ, ਤਾਂ ਸ਼ਾਇਦ ਹੀ ਯਿਸੂ ਦਾ ਮਜ਼ਾਕ ਉਡਾਇਆ ਜਾਂਦਾ ਜਾਂ ਉਸ ਦੀ ਨਿੰਦਾ ਕੀਤੀ ਜਾਂਦੀ ਜਾਂ ਉਸ ਨੂੰ ਸਲੀਬ ਤੇ ਚੜ੍ਹਾਇਆ ਜਾਂਦਾ ਅਤੇ ਇਸ ਤਰ੍ਹਾਂ ਉਹ ਮਹਿਮਾ ਨੂੰ ਹਾਸਲ ਨਹੀਂ ਕਰ ਸਕਦਾ ਸੀ। ਜਿੱਥੇ ਪਰਮੇਸ਼ੁਰ ਹਰ ਯੁੱਗ ਵਿੱਚ ਕੰਮ ਕਰਦਾ ਹੈ ਅਤੇ ਜਿੱਥੇ ਉਸ ਨੇ ਦੇਹੀ ਵਿੱਚ ਹੁੰਦਿਆਂ ਕੰਮ ਕੀਤਾ ਸੀ, ਉਹੀ ਉਹ ਸਥਾਨ ਹੈ, ਜਿੱਥੇ ਉਸ ਨੇ ਮਹਿਮਾ ਨੂੰ ਹਾਸਲ ਕੀਤਾ ਸੀ ਅਤੇ ਜਿੱਥੇ ਉਸ ਨੇ ਉਨ੍ਹਾਂ ਨੂੰ ਪ੍ਰਾਪਤ ਕੀਤਾ ਸੀ ਜਿਨ੍ਹਾਂ ਨੂੰ ਉਹ ਹਾਸਲ ਕਰਨਾ ਚਾਹੁੰਦਾ ਸੀ। ਇਹ ਪਰਮੇਸ਼ੁਰ ਦੇ ਕੰਮ ਦੀ ਯੋਜਨਾ ਹੈ ਅਤੇ ਇਹ ਉਸ ਦਾ ਪ੍ਰਬੰਧ ਹੈ।

ਪਰਮੇਸ਼ੁਰ ਦੀ ਕਈ ਹਜ਼ਾਰ ਸਾਲਾਂ ਦੀ ਯੋਜਨਾ ਵਿੱਚ, ਕੰਮ ਦੇ ਦੋ ਭਾਗ ਸਰੀਰ ਵਿੱਚ ਹੋ ਕੇ ਕੀਤੇ ਜਾਂਦੇ ਹਨ: ਪਹਿਲਾ ਸਲੀਬ ਚੜ੍ਹਾਏ ਜਾਣ ਦਾ ਕੰਮ ਹੈ, ਜਿਸ ਵਿੱਚ ਉਹ ਮਹਿਮਾਵਾਨ ਹੋਇਆ; ਦੂਜਾ ਅੰਤ ਦੇ ਦਿਨਾਂ ਵਿੱਚ ਜਿੱਤ ਅਤੇ ਸਿੱਧਤਾ ਦਾ ਕੰਮ ਹੈ, ਜਿਸ ਦੇ ਲਈ ਉਹ ਮਹਿਮਾਵਾਨ ਹੋਇਆ। ਇਹ ਪਰਮੇਸ਼ੁਰ ਦਾ ਪ੍ਰਬੰਧ ਹੈ। ਇਸ ਲਈ ਤੁਸੀਂ ਤੁਹਾਡੇ ਲਈ ਪਰਮੇਸ਼ੁਰ ਦੇ ਕੰਮ ਅਤੇ ਪਰਮੇਸ਼ੁਰ ਦੇ ਹੁਕਮ ਨੂੰ, ਇੱਕ ਆਮ ਗੱਲ ਨਾ ਸਮਝੋ। ਤੁਸੀਂ ਪਰਮੇਸ਼ੁਰ ਦੀ ਹੋਰ ਵੀ ਹੱਦੋਂ ਵੱਧ ਅਤੇ ਸਦੀਪਕ ਭਾਰੀ ਮਹਿਮਾ ਦੇ ਵਾਰਸ ਹੋ ਅਤੇ ਇਹ ਵਿਸ਼ੇਸ਼ ਤੌਰ ਤੇ ਪਰਮੇਸ਼ੁਰ ਦੇ ਰਾਹੀਂ ਠਹਿਰਾਇਆ ਗਿਆ ਸੀ। ਉਸ ਦੀ ਮਹਿਮਾ ਦੇ ਦੋ ਭਾਗਾਂ ਵਿੱਚੋਂ, ਇੱਕ ਤੁਹਾਡੇ ਵਿੱਚ ਪ੍ਰਗਟ ਹੁੰਦਾ ਹੈ; ਪਰਮੇਸ਼ੁਰ ਦੀ ਮਹਿਮਾ ਦੇ ਇੱਕ ਹਿੱਸੇ ਦੀ ਸਾਰੀ ਪੂਰਣਤਾ ਤੁਹਾਨੂੰ ਦਿੱਤੀ ਗਈ ਹੈ, ਤਾਂ ਕਿ ਇਹ ਤੁਹਾਡੀ ਵਿਰਾਸਤ ਹੋ ਸਕੇ। ਇਹ ਪਰਮੇਸ਼ੁਰ ਦਾ ਤੁਹਾਡੇ ਲਈ ਪਰਮ ਅਨੰਦ ਹੈ ਅਤੇ ਇਹ ਉਹ ਯੋਜਨਾ ਵੀ ਹੈ ਜੋ ਉਸ ਨੇ ਬਹੁਤ ਪਹਿਲਾਂ ਤੋਂ ਹੀ ਨਿਰਧਾਰਤ ਕੀਤੀ ਸੀ। ਉਸ ਕੰਮ ਦੀ ਮਹਾਨਤਾ ਨੂੰ ਵੇਖਦੇ ਹੋਏ ਜੋ ਪਰਮੇਸ਼ੁਰ ਨੇ ਉਸ ਦੇਸ ਵਿੱਚ ਕੀਤਾ ਸੀ ਜਿੱਥੇ ਵੱਡਾ ਲਾਲ ਅਜਗਰ ਰਹਿੰਦਾ ਹੈ, ਜੇਕਰ ਇਸ ਨੂੰ ਕਿਤੇ ਹੋਰ ਲਿਜਾਇਆ ਜਾਂਦਾ, ਤਾਂ ਇਹ ਬਹੁਤ ਪਹਿਲਾਂ ਫਲ ਪੈਦਾ ਕਰਦਾ ਅਤੇ ਮਨੁੱਖਾਂ ਦੇ ਰਾਹੀਂ ਆਸਾਨੀ ਦੇ ਨਾਲ ਸਵੀਕਾਰ ਕਰ ਲਿਆ ਜਾਂਦਾ। ਇਸ ਤੋਂ ਇਲਾਵਾ, ਇਹ ਕੰਮ ਪੱਛਮ ਦੇ ਉਨ੍ਹਾਂ ਪਾਦਰੀਆਂ ਦੇ ਲਈ ਸਵੀਕਾਰ ਕਰਨਾ ਬਹੁਤ ਹੀ ਆਸਾਨ ਹੁੰਦਾ ਜੋ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਹਨ, ਕਿਉਂਕਿ ਯਿਸੂ ਦੁਆਰਾ ਕੰਮ ਦੀ ਅਵਸਥਾ ਇੱਕ ਮਿਸਾਲ ਦੇ ਰੂਪ ਵਿੱਚ ਕੰਮ ਕਰਦੀ ਹੈ। ਇਹੋ ਕਾਰਨ ਹੈ ਕਿ ਪਰਮੇਸ਼ੁਰ ਹੋਰ ਕਿਸੇ ਸਥਾਨ ਤੇ ਮਹਿਮਾ ਦੇ ਕੰਮ ਦੇ ਇਸ ਭਾਗ ਨੂੰ ਪ੍ਰਾਪਤ ਕਰਨ ਵਿੱਚ ਅਸਮਰਥ ਹੈ; ਲੋਕਾਂ ਦੁਆਰਾ ਸਮਰਥਨ ਅਤੇ ਰਾਸ਼ਟਰਾਂ ਦੇ ਦੁਆਰਾ ਮਾਨਤਾ ਪ੍ਰਾਪਤ ਹੋਣ ਦੇ ਕਾਰਨ, ਇਹ ਜੜ੍ਹ ਨਹੀਂ ਫੜ੍ਹ ਸਕਦਾ। ਉਸ ਦੇਸ ਵਿੱਚ ਹੋਣ ਵਾਲੇ ਕੰਮ ਦੇ ਇਸ ਪੜਾਅ ਦਾ ਅਸਾਧਾਰਨ ਮਹੱਤਵ ਅਸਲ ਵਿੱਚ ਇਹੋ ਹੈ। ਤੁਹਾਡੇ ਵਿੱਚੋਂ ਅਜਿਹਾ ਕੋਈ ਨਹੀਂ ਹੈ ਜੋ ਕਨੂੰਨ ਦੇ ਰਾਹੀਂ ਸੁਰੱਖਿਅਤ ਹੈ-ਇਸ ਦੀ ਬਜਾਇ, ਕਨੂੰਨ ਦੇ ਰਾਹੀਂ ਤੁਹਾਨੂੰ ਸਜ਼ਾ ਦਿੱਤੀ ਗਈ ਹੈ। ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਲੋਕ ਤੁਹਾਨੂੰ ਸਮਝਦੇ ਨਹੀਂ ਹਨ: ਭਾਵੇਂ ਉਹ ਤੁਹਾਡੇ ਰਿਸ਼ਤੇਦਾਰ, ਮਾਤਾ-ਪਿਤਾ, ਮਿੱਤਰ, ਸਹਿਕਰਮੀ ਹੋਣ, ਇਨ੍ਹਾਂ ਵਿੱਚੋਂ ਕੋਈ ਵੀ ਤੁਹਾਨੂੰ ਨਹੀਂ ਸਮਝਦਾ ਹੈ। ਜਦੋਂ ਤੁਹਾਨੂੰ ਪਰਮੇਸ਼ੁਰ ਦੇ ਦੁਆਰਾ ਤਿਆਗ ਦਿੱਤਾ ਜਾਂਦਾ ਹੈ, ਤਾਂ ਤੁਹਾਡੇ ਲਈ ਧਰਤੀ ਤੇ ਰਹਿਣਾ ਅਸੰਭਵ ਹੋ ਜਾਂਦਾ ਹੈ, ਪਰ ਫਿਰ ਵੀ, ਲੋਕ ਪਰਮੇਸ਼ੁਰ ਤੋਂ ਦੂਰ ਰਹਿਣਾ ਸਹਿ ਨਹੀਂ ਸਕਦੇ ਹਨ, ਜੋ ਲੋਕਾਂ ਉੱਤੇ ਪਰਮੇਸ਼ੁਰ ਦੀ ਜਿੱਤ ਦਾ ਮਹੱਤਵ ਹੈ ਅਤੇ ਇਹ ਪਰਮੇਸ਼ੁਰ ਦੀ ਮਹਿਮਾ ਹੈ। ਅੱਜ ਤੁਸੀਂ ਜੋ ਵਿਰਸੇ ਵਿੱਚ ਪ੍ਰਾਪਤ ਕੀਤਾ ਹੈ ਉਹ ਕਿਸੇ ਵੀ ਯੁੱਗ ਦੇ ਰਸੂਲਾਂ ਅਤੇ ਨਬੀਆਂ ਤੋਂ ਕਿਤੇ ਵੱਧ ਹੈ ਅਤੇ ਉਸ ਨਾਲੋਂ ਵੀ ਵੱਡਾ ਹੈ ਜੋ ਮੂਸਾ ਅਤੇ ਪਤਰਸ ਨੇ ਪ੍ਰਾਪਤ ਕੀਤਾ ਸੀ। ਬਰਕਤਾਂ ਨੂੰ ਇੱਕ ਜਾਂ ਦੋ ਦਿਨਾਂ ਦੇ ਵਿੱਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ; ਉਨ੍ਹਾਂ ਨੂੰ ਮਹਾਨ ਬਲੀਦਾਨ ਦੇ ਰਾਹੀਂ ਕਮਾਇਆ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਤੁਹਾਡਾ ਪਿਆਰ ਅਜਿਹਾ ਹੋਣਾ ਚਾਹੀਦਾ ਹੈ ਸ਼ੁੱਧ ਕੀਤਾ ਜਾ ਚੁੱਕਾ ਹੈ, ਤੁਹਾਡੇ ਅੰਦਰ ਵੱਡਾ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਅੰਦਰ ਬਹੁਤ ਸਾਰੀਆਂ ਸੱਚਾਈਆਂ ਹੋਣੀਆਂ ਚਾਹੀਦੀਆਂ ਹਨ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਹਾਸਲ ਕਰੋ; ਇਸ ਤੋਂ ਇਲਾਵਾ, ਤੁਹਾਨੂੰ ਡਰਪੋਕ ਜਾਂ ਕਪਟੀ ਹੋਣ ਦੀ ਬਜਾਇ, ਨਿਆਂ ਵੱਲ ਮੁੜਨਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੇ ਲਈ ਇੱਕ ਨਿਰੰਤਰ ਅਤੇ ਅਟੁੱਟ ਪਿਆਰ ਹੋਣਾ ਚਾਹੀਦਾ ਹੈ। ਤੁਹਾਡਾ ਇਰਾਦਾ ਪੱਕਾ ਹੋਣਾ ਚਾਹੀਦਾ ਹੈ, ਤੁਹਾਡੇ ਜੀਵਨ ਦੇ ਸੁਭਾਅ ਵਿੱਚ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ, ਤੁਹਾਡੇ ਭ੍ਰਿਸ਼ਟਾਚਾਰ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ, ਤੁਹਾਨੂੰ ਬਿਨਾਂ ਕਿਸੇ ਸ਼ਿਕਾਇਤ ਦੇ ਪਰਮੇਸ਼ੁਰ ਦੇ ਸਾਰੇ ਪ੍ਰਬੰਧ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਤੁਹਾਨੂੰ ਮੌਤ ਤੱਕ ਆਗਿਆਕਾਰੀ ਹੋਣਾ ਚਾਹੀਦਾ ਹੈ। ਇਹੀ ਹੈ ਜੋ ਤੁਹਾਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਇਹ ਪਰਮੇਸ਼ੁਰ ਦੇ ਕੰਮ ਦਾ ਅਸਲੀ ਉਦੇਸ਼ ਹੈ ਅਤੇ ਇਹੋ ਹੈ ਜੋ ਪਰਮੇਸ਼ੁਰ ਇਸ ਸਮੂਹ ਦੇ ਲੋਕਾਂ ਤੋਂ ਚਾਹੁੰਦਾ ਹੈ। ਕਿਉਂਕਿ ਉਹ ਤੁਹਾਨੂੰ ਦਿੰਦਾ ਹੈ, ਇਸ ਲਈ ਬਦਲੇ ਵਿੱਚ ਉਹ ਤੁਹਾਡੇ ਕੋਲੋਂ ਮੰਗੇਗਾ ਵੀ ਜ਼ਰੂਰ ਅਤੇ ਨਿਸ਼ਚਿਤ ਤੌਰ ਤੇ ਤੁਹਾਥੋਂ ਢੁਕਵੀਆਂ ਮੰਗਾਂ ਕਰੇਗਾ। ਇਸ ਲਈ, ਪਰਮੇਸ਼ੁਰ ਦੁਆਰਾ ਕੀਤੇ ਗਏ ਸਾਰੇ ਕੰਮਾਂ ਦਾ ਕੋਈ ਨਾ ਕੋਈ ਕਾਰਣ ਹੁੰਦਾ ਹੈ, ਜੋ ਇਹ ਦਿਖਾਉਂਦਾ ਹੈ ਕਿ ਕਿਉਂ, ਸਮੇਂ-ਸਮੇਂ ਤੇ, ਪਰਮੇਸ਼ੁਰ ਉਹ ਕੰਮ ਕਰਦਾ ਹੈ ਜੋ ਕਠੋਰ ਅਤੇ ਮਿਹਨਤ ਵਾਲੇ ਹਨ। ਇਸੇ ਲਈ ਤੁਹਾਨੂੰ ਪਰਮੇਸ਼ੁਰ ਦੇ ਉੱਤੇ ਵਿਸ਼ਵਾਸ ਨਾਲ ਭਰਪੂਰ ਹੋਣਾ ਚਾਹੀਦਾ ਹੈ। ਸੰਖੇਪ ਵਿੱਚ, ਪਰਮੇਸ਼ੁਰ ਦੇ ਸਾਰੇ ਕੰਮ ਤੁਹਾਡੀ ਖ਼ਾਤਰ ਕੀਤੇ ਜਾਂਦੇ ਹਨ, ਤਾਂ ਕਿ ਤੁਸੀਂ ਉਸ ਦੇ ਵਿਰਸੇ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਸਕੋ। ਇਹ ਪਰਮੇਸ਼ੁਰ ਦੀ ਆਪਣੀ ਮਹਿਮਾ ਦੇ ਲਈ ਨਹੀਂ ਹੈ ਪਰ ਤੁਹਾਡੀ ਮੁਕਤੀ ਲਈ ਅਤੇ ਲੋਕਾਂ ਦੇ ਇਸ ਸਮੂਹ ਨੂੰ ਸੰਪੂਰਣ ਕਰਨ ਦੇ ਲਈ ਹੈ ਜਿਨ੍ਹਾਂ ਨੇ ਇਸ ਅਸ਼ੁੱਧ ਦੇਸ ਵਿੱਚ ਬਹੁਤ ਹੀ ਦੁੱਖ ਸਹੇ ਹਨ। ਤੁਹਾਨੂੰ ਪਰਮੇਸ਼ੁਰ ਦੀ ਇੱਛਾ ਨੂੰ ਸਮਝਣਾ ਚਾਹੀਦਾ ਹੈ। ਅਤੇ ਇਸ ਲਈ, ਮੈਂ ਬਹੁਤ ਸਾਰੇ ਅਗਿਆਨੀ ਲੋਕਾਂ ਨੂੰ, ਜਿਨ੍ਹਾਂ ਵਿੱਚ ਕੋਈ ਅੰਤਰ-ਦ੍ਰਿਸ਼ਟੀ ਜਾਂ ਸਮਝ ਨਹੀਂ ਹੈ ਉਪਦੇਸ਼ ਦਿੰਦਾ ਹਾਂ: ਕਿ ਪਰਮੇਸ਼ੁਰ ਨੂੰ ਨਾ ਪਰਖੋ, ਅਤੇ ਹੋਰ ਵਿਰੋਧ ਨਾ ਕਰੋ। ਪਰਮੇਸ਼ੁਰ ਨੇ ਪਹਿਲਾਂ ਹੀ ਅਜਿਹੇ ਦੁੱਖ ਸਹੇ ਹਨ ਜੋ ਕਦੀ ਵੀ ਕਿਸੇ ਮਨੁੱਖ ਨੇ ਨਹੀਂ ਸਹੇ ਅਤੇ ਬਹੁਤ ਸਮਾਂ ਪਹਿਲਾਂ ਮਨੁੱਖ ਦੇ ਬਦਲੇ ਉਸ ਦਾ ਬਹੁਤ ਹੀ ਨਿਰਾਦਰ ਕੀਤਾ ਗਿਆ ਸੀ। ਹੋਰ ਕੀ ਹੈ ਜਿਸ ਨੂੰ ਤੁਸੀਂ ਛੱਡ ਨਹੀਂ ਸਕਦੇ? ਪਰਮੇਸ਼ੁਰ ਦੀ ਇੱਛਾ ਤੋਂ ਵੱਧ ਮਹੱਤਵਪੂਰਣ ਕੀ ਹੋ ਸਕਦਾ ਹੈ? ਪਰਮੇਸ਼ੁਰ ਦੇ ਪ੍ਰੇਮ ਤੋਂ ਉੱਚਾ ਕੀ ਹੋ ਸਕਦਾ ਹੈ? ਪਰਮੇਸ਼ੁਰ ਦੇ ਲਈ ਇਸ ਅਸ਼ੁੱਧ ਦੇਸ ਵਿੱਚ ਆਪਣਾ ਕੰਮ ਕਰਨਾ ਪਹਿਲਾਂ ਹੀ ਬਹੁਤ ਔਖਾ ਹੈ; ਜੇਕਰ, ਇਸ ਦੇ ਉੱਤੇ, ਮਨੁੱਖ ਜਾਣਬੁੱਝ ਕੇ ਅਣਆਗਿਆਕਾਰੀ ਕਰੇ ਤਾਂ ਫਿਰ ਤਾਂ ਪਰਮੇਸ਼ੁਰ ਦਾ ਕੰਮ ਹੋਰ ਵੀ ਲਮਕ ਜਾਵੇਗਾ। ਸੰਖੇਪ ਵਿੱਚ, ਇਹ ਕਿਸੇ ਦੇ ਹਿੱਤ ਵਿੱਚ ਨਹੀਂ ਹੈ, ਇਸ ਦਾ ਕਿਸੇ ਨੂੰ ਲਾਭ ਨਹੀਂ ਹੁੰਦਾ ਹੈ। ਪਰਮੇਸ਼ੁਰ ਸਮੇਂ ਦਾ ਬੱਧਾ ਹੋਇਆ ਨਹੀਂ ਹੈ; ਉਸ ਦਾ ਕੰਮ ਅਤੇ ਉਸ ਦੀ ਮਹਿਮਾ ਪਹਿਲਾਂ ਆਉਂਦੀ ਹੈ। ਇਸ ਲਈ, ਉਹ ਆਪਣੇ ਕੰਮ ਦੇ ਲਈ ਕੋਈ ਵੀ ਕੀਮਤ ਅਦਾ ਕਰੇਗਾ, ਭਾਵੇਂ ਇਸ ਵਿੱਚ ਉਸ ਨੂੰ ਕਿੰਨਾ ਵੀ ਸਮਾਂ ਕਿਉਂ ਨਾ ਲੱਗੇ। ਇਹ ਪਰਮੇਸ਼ੁਰ ਦਾ ਸੁਭਾਅ ਹੈ: ਉਹ ਉਦੋਂ ਤੱਕ ਅਰਾਮ ਨਹੀਂ ਕਰੇਗਾ ਜਦੋਂ ਤੱਕ ਉਸ ਦਾ ਕੰਮ ਪੂਰਾ ਨਾ ਹੋ ਜਾਵੇ। ਉਸ ਦਾ ਕੰਮ ਉਦੋਂ ਹੀ ਖਤਮ ਹੋਵੇਗਾ ਜਦੋਂ ਉਹ ਆਪਣੀ ਮਹਿਮਾ ਦੇ ਦੂਜੇ ਭਾਗ ਨੂੰ ਹਾਸਲ ਕਰ ਲਵੇਗਾ। ਜੇਕਰ, ਪੂਰੇ ਬ੍ਰਹਿਮੰਡ ਵਿੱਚ, ਪਰਮੇਸ਼ੁਰ ਆਪਣੀ ਮਹਿਮਾ ਦੇ ਦੂਜੇ ਭਾਗ ਨੂੰ ਪੂਰਾ ਨਾ ਕਰੇ, ਤਾਂ ਉਸ ਦਾ ਦਿਨ ਕਦੀ ਵੀ ਨਹੀਂ ਆਵੇਗਾ, ਉਸ ਦਾ ਹੱਥ ਉਸ ਦੇ ਚੁਣੇ ਹੋਏ ਲੋਕਾਂ ਨੂੰ ਕਦੀ ਵੀ ਨਹੀਂ ਛੱਡੇਗਾ, ਉਸ ਦੀ ਮਹਿਮਾ ਇਸਰਾਏਲ ਦੇ ਉੱਤੇ ਕਦੀ ਵੀ ਨਹੀਂ ਉੱਤਰੇਗੀ ਅਤੇ ਉਸ ਦੀ ਯੋਜਨਾ ਕਦੀ ਵੀ ਸਮਾਪਤ ਨਹੀਂ ਹੋਵੇਗੀ। ਤੁਹਾਨੂੰ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਇਹ ਵੇਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਇਹ ਕੰਮ ਓਨਾ ਸੌਖਾ ਨਹੀਂ ਹੈ ਜਿੰਨਾ ਅਕਾਸ਼ ਅਤੇ ਧਰਤੀ ਅਤੇ ਸਭ ਵਸਤੂਆਂ ਦਾ ਨਿਰਮਾਣ ਸੀ। ਅਜਿਹਾ ਇਸ ਲਈ ਹੈ ਕਿਉਂਕਿ ਅੱਜ ਦਾ ਕੰਮ ਉਨ੍ਹਾਂ ਲੋਕਾਂ ਦਾ ਰੂਪਾਂਤਰਣ ਹੈ ਜੋ ਭ੍ਰਿਸ਼ਟ ਹੋ ਚੁੱਕੇ ਹਨ, ਜੋ ਇਕਦਮ ਸੁੰਨ ਹੋ ਚੁੱਕੇ ਹਨ, ਇਹ ਉਨ੍ਹਾਂ ਲੋਕਾਂ ਨੂੰ ਸ਼ੁੱਧ ਕਰਨਾ ਹੈ ਜਿਨ੍ਹਾਂ ਦੀ ਰਚਨਾ ਤਾਂ ਕੀਤੀ ਗਈ ਸੀ ਪਰ ਸ਼ਤਾਨ ਦੇ ਦੁਆਰਾ ਉਨ੍ਹਾਂ ਨੂੰ ਸਾਧਿਆ ਗਿਆ ਸੀ। ਇਹ ਆਦਮ ਅਤੇ ਹੱਵਾਹ ਦੀ ਰਚਨਾ ਨਹੀਂ ਹੈ, ਇਹ ਪ੍ਰਕਾਸ਼ ਦੀ ਜਾਂ ਹਰ ਪੌਦੇ ਅਤੇ ਜਾਨਵਰ ਦੀ ਰਚਨਾ ਤਾਂ ਬਿਲਕੁਲ ਵੀ ਨਹੀਂ ਹੈ। ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਸ਼ੁੱਧ ਕਰਦਾ ਹੈ ਜਿਨ੍ਹਾਂ ਨੂੰ ਸ਼ਤਾਨ ਨੇ ਭ੍ਰਿਸ਼ਟ ਕੀਤਾ ਹੈ ਅਤੇ ਫਿਰ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਹਾਸਲ ਕਰਦਾ ਹੈ; ਉਹ ਚੀਜ਼ਾਂ ਅਜਿਹੀਆਂ ਚੀਜ਼ਾਂ ਬਣ ਜਾਂਦੀਆਂ ਹਨ ਜੋ ਉਸ ਦੀਆਂ ਹਨ ਅਤੇ ਉਸ ਦੀ ਮਹਿਮਾ ਹਨ। ਇਹ ਇਨ੍ਹਾਂ ਸੌਖਾ ਨਹੀਂ ਹੈ ਜਿਵੇਂ ਮਨੁੱਖ ਕਲਪਨਾ ਕਰਦਾ ਹੈ, ਇਹ ਧਰਤੀ, ਅਸਮਾਨ ਅਤੇ ਉਨ੍ਹਾਂ ਵਿਚਲੀਆਂ ਸਭ ਚੀਜ਼ਾਂ ਦੀ ਰਚਨਾ ਦੇ ਸਮਾਨ ਸੌਖਾ ਨਹੀਂ ਹੈ, ਜਾਂ ਸ਼ਤਾਨ ਨੂੰ ਅਥਾਹ ਕੁੰਡ ਵਿੱਚ ਜਾਣ ਲਈ ਸਰਾਪ ਦੇਣ ਦੇ ਸਮਾਨ ਨਹੀਂ ਹੈ; ਇਸ ਦੀ ਬਜਾਇ, ਇਹ ਮਨੁੱਖ ਨੂੰ ਬਦਲਣ ਦਾ ਕੰਮ ਹੈ, ਉਨ੍ਹਾਂ ਚੀਜ਼ਾਂ ਨੂੰ ਜੋ ਨਕਾਰਾਤਮਕ ਹਨ ਅਤੇ ਉਸ ਦੇ ਨਾਲ ਸਬੰਧ ਨਹੀਂ ਰੱਖਦੀਆਂ ਹਨ, ਉਨ੍ਹਾਂ ਨੂੰ ਸਕਾਰਾਤਮਕ ਅਤੇ ਉਸ ਨਾਲ ਸਬੰਧ ਰੱਖਣ ਵਾਲੀਆਂ ਬਣਾਉਣ ਦਾ ਕੰਮ ਹੈ। ਇਹ ਪਰਮੇਸ਼ੁਰ ਦੇ ਕੰਮ ਦੇ ਇਸ ਭਾਗ ਦੇ ਪਿੱਛੇ ਦੀ ਸੱਚਾਈ ਹੈ। ਤੁਹਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਅਤੇ ਮਾਮਲਿਆਂ ਨੂੰ ਬਹੁਤਾ ਸੌਖਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦਾ ਕੰਮ ਕਿਸੇ ਸਧਾਰਣ ਕੰਮ ਤੋਂ ਉਲਟ ਹੈ। ਇਸ ਦੀ ਅਚਰਜਤਾ ਅਤੇ ਬੁੱਧ ਮਨੁੱਖੀ ਦਿਮਾਗ ਤੋਂ ਪਰੇ ਹੈ। ਆਪਣੇ ਕੰਮ ਦੇ ਇਸ ਭਾਗ ਦੇ ਦੌਰਾਨ ਪਰਮੇਸ਼ੁਰ ਸਾਰੀਆਂ ਚੀਜ਼ਾਂ ਦੀ ਰਚਨਾ ਨਹੀਂ ਕਰਦਾ ਅਤੇ ਨਾ ਹੀ ਉਨ੍ਹਾਂ ਦਾ ਨਾਸ ਕਰਦਾ ਹੈ। ਇਸ ਦੀ ਬਜਾਇ, ਉਹ ਆਪਣੀਆਂ ਰਚੀਆਂ ਹੋਈਆਂ ਸਭ ਚੀਜ਼ਾਂ ਨੂੰ ਬਦਲ ਦਿੰਦਾ ਹੈ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਕਰਦਾ ਹੈ ਜਿਨ੍ਹਾਂ ਨੂੰ ਸ਼ਤਾਨ ਨੇ ਅਪਵਿੱਤਰ ਕੀਤਾ ਹੈ। ਇਸ ਤਰ੍ਹਾਂ ਪਰਮੇਸ਼ੁਰ ਇੱਕ ਮਹਾਨ ਉੱਦਮ ਨੂੰ ਸ਼ੁਰੂ ਕਰਦਾ ਹੈ, ਜੋ ਕਿ ਪਰਮੇਸ਼ੁਰ ਦੇ ਕੰਮ ਦਾ ਸੰਪੂਰਣ ਮਹੱਤਵ ਹੈ। ਕੀ ਪਰਮੇਸ਼ੁਰ ਦਾ ਕੰਮ ਜਿਸ ਨੂੰ ਤੁਸੀਂ ਇਨ੍ਹਾਂ ਸ਼ਬਦਾਂ ਵਿੱਚ ਵੇਖਦੇ ਹੋ ਸੱਚਮੁੱਚ ਇੰਨਾ ਸੌਖਾ ਹੈ?

ਪਿਛਲਾ: ਅੱਜ ਪਰਮੇਸ਼ੁਰ ਦੇ ਕੰਮ ਨੂੰ ਜਾਣਨਾ

ਅਗਲਾ: ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਤੋਂ ਬਾਅਦ ਤੁਹਾਨੂੰ ਸੱਚਾਈ ਦੇ ਲਈ ਜੀਉਣਾ ਜ਼ਰੂਰੀ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ