ਸਿਰਫ਼ ਦਰਦ ਭਰੇ ਪਰਤਾਵਿਆਂ ਦਾ ਅਨੁਭਵ ਕਰਕੇ ਹੀ ਤੁਸੀਂ ਪਰਮੇਸ਼ੁਰ ਦੀ ਮਨੋਹਰਤਾ ਨੂੰ ਜਾਣ ਸਕਦੇ ਹੋ

ਤੂੰ ਅੱਜ ਪਰਮੇਸ਼ੁਰ ਨੂੰ ਕਿੰਨਾ ਪਿਆਰ ਕਰਦਾ ਹੈਂ? ਅਤੇ ਤੂੰ ਉਸ ਸਭ ਬਾਰੇ ਕਿੰਨਾ ਜਾਣਦਾ ਹੈਂ ਜੋ ਪਰਮੇਸ਼ੁਰ ਨੇ ਤੇਰੇ ਲਈ ਕੀਤਾ ਹੈ? ਇਹ ਉਹ ਚੀਜ਼ਾਂ ਹਨ ਜਿਨ੍ਹਾਂ ਬਾਰੇ ਤੈਨੂੰ ਜਾਣਨਾ ਚਾਹੀਦਾ ਹੈ। ਜਦੋਂ ਪਰਮੇਸ਼ੁਰ ਧਰਤੀ ’ਤੇ ਪਹੁੰਚਿਆ, ਤਾਂ ਉਸ ਨੇ ਮਨੁੱਖ ਵਿੱਚ ਜੋ ਕੁਝ ਵੀ ਕੀਤਾ ਅਤੇ ਜੋ ਕੁਝ ਉਸ ਨੇ ਮਨੁੱਖ ਨੂੰ ਦੇਖਣ ਦੀ ਆਗਿਆ ਦਿੱਤੀ, ਉਹ ਇਸ ਲਈ ਸੀ ਕਿ ਮਨੁੱਖ ਉਸ ਨੂੰ ਪਿਆਰ ਕਰੇ ਅਤੇ ਸੱਚਮੁੱਚ ਉਸ ਨੂੰ ਜਾਣੇ। ਮਨੁੱਖ ਜੇ ਪਰਮੇਸ਼ੁਰ ਲਈ ਕਸ਼ਟ ਸਹਿਣ ਕਰਨ ਦੇ ਯੋਗ ਹੈ ਅਤੇ ਉਹ ਇੰਨੀ ਦੂਰ ਤਕ ਆ ਸਕਿਆ ਹੈ, ਇਹ ਇੱਕ ਪਾਸੇ ਪਰਮੇਸ਼ੁਰ ਦੇ ਪਿਆਰ ਕਾਰਣ ਹੈ, ਅਤੇ ਦੂਜੇ ਪਾਸੇ, ਪਰਮੇਸ਼ੁਰ ਦੀ ਮੁਕਤੀ ਦੇ ਕਾਰਣ; ਇਸ ਤੋਂ ਵੱਧ ਕੇ, ਇਹ ਪਰਮੇਸ਼ੁਰ ਦੁਆਰਾ ਮਨੁੱਖ ਵਿੱਚ ਕੀਤੇ ਗਏ ਨਿਆਂ ਅਤੇ ਤਾੜਨਾ ਦੇ ਕੰਮ ਦੇ ਕਾਰਣ ਹੈ। ਜੇ ਤੁਸੀਂ ਪਰਮੇਸ਼ੁਰ ਦੇ ਨਿਆਂ, ਤਾੜਨਾ ਅਤੇ ਪਰਤਾਵਿਆਂ ਤੋਂ ਬਿਨਾ ਹੋ, ਅਤੇ ਜੇ ਪਰਮੇਸ਼ੁਰ ਨੇ ਤੁਹਾਨੂੰ ਕਸ਼ਟ ਨਹੀਂ ਸਹਿਣ ਦਿੱਤਾ ਹੈ, ਤਾਂ ਪੂਰੀ ਈਮਾਨਦਾਰੀ ਨਾਲ ਕਹਾਂ ਤਾਂ ਤੁਸੀਂ ਪਰਮੇਸ਼ੁਰ ਨਾਲ ਸੱਚਾ ਪਿਆਰ ਨਹੀਂ ਕਰਦੇ ਹੋ। ਮਨੁੱਖ ਵਿੱਚ ਪਰਮੇਸ਼ੁਰ ਦਾ ਕੰਮ ਜਿੰਨਾ ਵੱਡਾ ਹੁੰਦਾ ਹੈ, ਅਤੇ ਜਿੰਨਾ ਜ਼ਿਆਦਾ ਮਨੁੱਖ ਦੇ ਦੁੱਖ ਹੁੰਦੇ ਹਨ, ਉੰਨਾ ਹੀ ਜ਼ਿਆਦਾ ਇਹ ਸਪਸ਼ਟ ਹੁੰਦਾ ਹੈ ਕਿ ਪਰਮੇਸ਼ੁਰ ਦਾ ਕੰਮ ਕਿੰਨਾ ਅਰਥਪੂਰਣ ਹੈ, ਅਤੇ ਉੰਨਾ ਹੀ ਜ਼ਿਆਦਾ ਮਨੁੱਖ ਦਾ ਮਨ ਪਰਮੇਸ਼ੁਰ ਨਾਲ ਸੱਚਾਈ ਨਾਲ ਪਿਆਰ ਕਰਨ ਦੇ ਯੋਗ ਹੁੰਦਾ ਹੈ। ਤੁਸੀਂ ਪਰਮੇਸ਼ੁਰ ਨਾਲ ਪਿਆਰ ਕਰਨਾ ਕਿਵੇਂ ਸਿੱਖਦੇ ਹੋ? ਦੁੱਖ ਅਤੇ ਤਾਏ ਜਾਣ ਤੋਂ ਬਿਨਾਂ, ਦਰਦ ਭਰੇ ਪਰਤਾਵਿਆਂ ਤੋਂ ਬਿਨਾਂ—ਅਤੇ ਇਸ ਤੋਂ ਇਲਾਵਾ, ਜੇ ਪਰਮੇਸ਼ੁਰ ਨੇ ਮਨੁੱਖ ਨੂੰ ਸਿਰਫ਼ ਕਿਰਪਾ, ਪਿਆਰ ਅਤੇ ਦਯਾ ਹੀ ਦਿੱਤੀ ਹੁੰਦੀ, ਤਾਂ ਕੀ ਤੂੰ ਪਰਮੇਸ਼ੁਰ ਦੇ ਪ੍ਰਤੀ ਸੱਚਾ ਪਿਆਰ ਕਰਨ ਦੇ ਪੜਾਅ ਤਕ ਪਹੁੰਚਣ ਦੇ ਯੋਗ ਹੋਇਆ ਹੁੰਦਾ? ਇੱਕ ਪਾਸੇ, ਪਰਮੇਸ਼ੁਰ ਦੇ ਪਰਤਾਵਿਆਂ ਦੌਰਾਨ ਮਨੁੱਖ ਨੂੰ ਆਪਣੀਆਂ ਕਮੀਆਂ ਬਾਰੇ ਪਤਾ ਲੱਗਦਾ ਹੈ ਅਤੇ ਉਹ ਦੇਖ ਪਾਉਂਦਾ ਹੈ ਕਿ ਉਹ ਮਹੱਤਵਹੀਣ, ਘਿਰਣਾਯੋਗ, ਅਤੇ ਤੁੱਛ ਹੈ, ਉਸ ਦੇ ਕੋਲ ਕੁਝ ਨਹੀਂ ਹੈ ਅਤੇ ਉਹ ਕੁਝ ਨਹੀਂ ਹੈ; ਦੂਜੇ ਪਾਸੇ, ਆਪਣੇ ਪਰਤਾਵਿਆਂ ਦੌਰਾਨ ਪਰਮੇਸ਼ੁਰ ਮਨੁੱਖ ਲਈ ਵੱਖ-ਵੱਖ ਵਾਤਾਵਰਣਾਂ ਦੀ ਸਿਰਜਣਾ ਕਰਦਾ ਹੈ ਜੋ ਮਨੁੱਖ ਨੂੰ ਪਰਮੇਸ਼ੁਰ ਦੀ ਮਨੋਹਰਤਾ ਦਾ ਅਨੁਭਵ ਕਰਨ ਦੇ ਜ਼ਿਆਦਾ ਯੋਗ ਬਣਾਉਂਦੇ ਹਨ। ਹਾਲਾਂਕਿ ਪੀੜ ਜ਼ਿਆਦਾ ਹੈ, ਅਤੇ ਕਦੇ-ਕਦੇ ਤਾਂ ਅਸਹਿ ਹੁੰਦੀ ਹੈ—ਇੱਥੋਂ ਤਕ ਕਿ ਕੁਚਲਣ ਵਾਲੇ ਦੁੱਖ ਦੇ ਪੱਧਰ ਤਕ ਵੀ ਪਹੁੰਚ ਜਾਂਦੀ ਹੈ—ਪਰ ਇਸ ਦਾ ਅਨੁਭਵ ਕਰਨ ਤੋਂ ਬਾਅਦ, ਮਨੁੱਖ ਦੇਖਦਾ ਹੈ ਕਿ ਉਸ ਵਿੱਚ ਪਰਮੇਸ਼ੁਰ ਦਾ ਕੰਮ ਕਿੰਨਾ ਮਨੋਹਰ ਹੈ, ਅਤੇ ਸਿਰਫ਼ ਇਸੇ ਬੁਨਿਆਦ ’ਤੇ ਮਨੁੱਖ ਵਿੱਚ ਪਰਮੇਸ਼ੁਰ ਦੇ ਸੱਚੇ ਪਿਆਰ ਦਾ ਜਨਮ ਹੁੰਦਾ ਹੈ। ਅੱਜ ਮਨੁੱਖ ਦੇਖਦਾ ਹੈ ਕਿ ਸਿਰਫ਼ ਪਰਮੇਸ਼ੁਰ ਦੀ ਕਿਰਪਾ, ਪਿਆਰ ਅਤੇ ਉਸ ਦੀ ਦਯਾ ਦੇ ਨਾਲ, ਉਹ ਖੁਦ ਨੂੰ ਪੂਰੀ ਤਰ੍ਹਾਂ ਜਾਣਨ ਵਿੱਚ ਅਸਮਰਥ ਹੈ, ਅਤੇ ਮਨੁੱਖ ਦੇ ਸਾਰ ਨੂੰ ਸਮਝਣ ਦੇ ਯੋਗ ਹੋਣਾ ਤਾਂ ਦੂਰ ਦੀ ਗੱਲ ਰਹੀ। ਸਿਰਫ਼ ਪਰਮੇਸ਼ੁਰ ਦੇ ਤਾਏ ਜਾਣ ਅਤੇ ਨਿਆਂ ਦੋਹਾਂ ਰਾਹੀਂ, ਅਤੇ ਸਿਰਫ਼ ਤਾਏ ਜਾਣ ਦੇ ਅਮਲ ਦੌਰਾਨ, ਮਨੁੱਖ ਆਪਣੀਆਂ ਕਮੀਆਂ ਬਾਰੇ ਜਾਣ ਸਕਦਾ ਹੈ, ਅਤੇ ਜਾਣ ਸਕਦਾ ਹੈ ਕਿ ਉਸ ਕੋਲ ਕੁਝ ਵੀ ਨਹੀਂ ਹੈ। ਇਸ ਤਰ੍ਹਾਂ, ਪਰਮੇਸ਼ੁਰ ਪ੍ਰਤੀ ਮਨੁੱਖ ਦਾ ਪਿਆਰ ਪਰਮੇਸ਼ੁਰ ਦੇ ਤਾਏ ਜਾਣ ਅਤੇ ਨਿਆਂ ਦੀ ਨੀਂਹ ’ਤੇ ਅਧਾਰਤ ਹੁੰਦਾ ਹੈ। ਜੇ ਤੂੰ ਸ਼ਾਂਤਮਈ ਪਰਿਵਾਰਕ ਜੀਵਨ ਜਾਂ ਭੌਤਿਕ ਅਸੀਸਾਂ ਦੇ ਨਾਲ, ਸਿਰਫ਼ ਪਰਮੇਸ਼ੁਰ ਦੀ ਕਿਰਪਾ ਦਾ ਅਨੰਦ ਲੈਂਦਾ ਹੈਂ, ਤਾਂ ਤੂੰ ਪਰਮੇਸ਼ੁਰ ਨੂੰ ਨੂੰ ਪ੍ਰਾਪਤ ਨਹੀਂ ਕੀਤਾ ਹੈ, ਅਤੇ ਪਰਮੇਸ਼ੁਰ ਵਿੱਚ ਤੇਰੇ ਵਿਸ਼ਵਾਸ ਨੂੰ ਸਫਲ ਨਹੀਂ ਮੰਨਿਆ ਜਾ ਸਕਦਾ। ਪਰਮੇਸ਼ੁਰ ਨੇ ਸਰੀਰ ਵਿੱਚ ਕਿਰਪਾ ਦੇ ਕੰਮ ਦੇ ਪਹਿਲੇ ਪੜਾਅ ਨੂੰ ਪਹਿਲਾਂ ਹੀ ਪੂਰਾ ਕਰ ਲਿਆ ਹੈ, ਅਤੇ ਪਹਿਲਾਂ ਹੀ ਮਨੁੱਖ ਨੂੰ ਭੌਤਿਕ ਅਸੀਸਾਂ ਬਖਸ਼ੀਆਂ ਹਨ, ਪਰ ਮਨੁੱਖ ਨੂੰ ਸਿਰਫ਼ ਕਿਰਪਾ, ਪਿਆਰ, ਅਤੇ ਦਯਾ ਨਾਲ ਸੰਪੂਰਣ ਨਹੀਂ ਕੀਤਾ ਜਾ ਸਕਦਾ। ਮਨੁੱਖ ਆਪਣੇ ਅਨੁਭਵਾਂ ਵਿੱਚ ਪਰਮੇਸ਼ੁਰ ਦੇ ਪਿਆਰ ਦਾ ਕੁਝ ਅਨੁਭਵ ਕਰਦਾ ਹੈ, ਅਤੇ ਪਰਮੇਸ਼ੁਰ ਦੇ ਪਿਆਰ ਅਤੇ ਉਸ ਦੀ ਦਯਾ ਨੂੰ ਦੇਖਦਾ ਹੈ, ਫਿਰ ਵੀ ਕੁਝ ਸਮੇਂ ਤਕ ਇਸ ਦਾ ਅਨੁਭਵ ਕਰਨ ਤੋਂ ਬਾਅਦ ਉਹ ਦੇਖਦਾ ਹੈ ਕਿ ਪਰਮੇਸ਼ੁਰ ਦੀ ਕਿਰਪਾ ਅਤੇ ਉਸ ਦਾ ਪਿਆਰ ਅਤੇ ਦਯਾ ਮਨੁੱਖ ਨੂੰ ਸੰਪੂਰਣ ਕਰਨ ਵਿੱਚ ਅਸਮਰਥ ਹਨ, ਉਸ ਨੂੰ ਪਰਗਟ ਕਰਨ ਵਿੱਚ ਅਸਮਰਥ ਹਨ ਜੋ ਮਨੁੱਖ ਦੇ ਅੰਦਰ ਭ੍ਰਿਸ਼ਟ ਹੈ, ਅਤੇ ਨਾ ਹੀ ਉਹ ਮਨੁੱਖ ਨੂੰ ਉਸ ਦੇ ਭ੍ਰਿਸ਼ਟ ਸੁਭਾਅ ਤੋਂ ਛੁਟਕਾਰਾ ਦਿਵਾ ਸਕਦੇ ਹਨ, ਜਾਂ ਉਸ ਦੇ ਪਿਆਰ ਅਤੇ ਨਿਹਚਾ ਨੂੰ ਸੰਪੂਰਣ ਕਰ ਸਕਦੇ ਹਨ। ਪਰਮੇਸ਼ੁਰ ਦਾ ਕਿਰਪਾ ਦਾ ਕੰਮ ਇੱਕ ਮਿੱਥੇ ਸਮੇਂ ਦਾ ਕੰਮ ਸੀ, ਅਤੇ ਮਨੁੱਖ ਪਰਮੇਸ਼ੁਰ ਨੂੰ ਜਾਣਨ ਲਈ ਪਰਮੇਸ਼ੁਰ ਦੀ ਕਿਰਪਾ ਦਾ ਅਨੰਦ ਮਾਣਨ ’ਤੇ ਨਿਰਭਰ ਨਹੀਂ ਰਹਿ ਸਕਦਾ।

ਪਰਮੇਸ਼ੁਰ ਦੁਆਰਾ ਮਨੁੱਖ ਦੀ ਸੰਪੂਰਣਤਾ ਕਿਹੜੇ ਤਰੀਕਿਆਂ ਰਾਹੀਂ ਪੂਰੀ ਹੁੰਦੀ ਹੈ? ਇਹ ਉਸ ਦੇ ਧਰਮੀ ਸੁਭਾਅ ਦੁਆਰਾ ਪੂਰੀ ਹੁੰਦੀ ਹੈ। ਪਰਮੇਸ਼ੁਰ ਦੇ ਸੁਭਾਅ ਵਿੱਚ ਮੁੱਖ ਤੌਰ ਤੇ ਧਾਰਮਿਕਤਾ, ਕ੍ਰੋਧ, ਪ੍ਰਤਾਪ, ਨਿਆਂ ਅਤੇ ਸਰਾਪ ਸ਼ਾਮਲ ਹੈ, ਅਤੇ ਉਹ ਮੁੱਖ ਤੌਰ ਤੇ ਆਪਣੇ ਨਿਆਂ ਰਾਹੀਂ ਮਨੁੱਖ ਨੂੰ ਸੰਪੂਰਣ ਕਰਦਾ ਹੈ। ਕੁਝ ਲੋਕ ਨਹੀਂ ਸਮਝਦੇ, ਅਤੇ ਪੁੱਛਦੇ ਹਨ ਕਿ ਕਿਉਂ ਪਰਮੇਸ਼ੁਰ ਸਿਰਫ਼ ਨਿਆਂ ਅਤੇ ਸਰਾਪ ਦੁਆਰਾ ਹੀ ਮਨੁੱਖ ਨੂੰ ਸੰਪੂਰਣ ਕਰ ਸਕਦਾ ਹੈ। ਉਹ ਕਹਿੰਦੇ ਹਨ, “ਜੇ ਪਰਮੇਸ਼ੁਰ ਮਨੁੱਖ ਨੂੰ ਸਰਾਪ ਦੇਵੇ, ਤਾਂ ਕੀ ਮਨੁੱਖ ਮਰ ਨਹੀਂ ਜਾਏਗਾ? ਜੇ ਪਰਮੇਸ਼ੁਰ ਮਨੁੱਖ ਦਾ ਨਿਆਂ ਕਰੇ, ਤਾਂ ਕੀ ਦੋਸ਼ੀ ਨਹੀਂ ਠਹਿਰਾਇਆ ਜਾਏਗਾ? ਤਾਂ ਉਸ ਨੂੰ ਫਿਰ ਵੀ ਸੰਪੂਰਣ ਕਿਵੇਂ ਬਣਾਇਆ ਜਾ ਸਕਦਾ ਹੈ?” ਅਜਿਹੇ ਸ਼ਬਦ ਉਨ੍ਹਾਂ ਲੋਕਾਂ ਦੇ ਹੁੰਦੇ ਹਨ ਜੋ ਪਰਮੇਸ਼ੁਰ ਦੇ ਕੰਮ ਨੂੰ ਨਹੀਂ ਜਾਣਦੇ। ਪਰਮੇਸ਼ੁਰ ਮਨੁੱਖ ਦੀ ਅਣਆਗਿਆਕਾਰਤਾ ਨੂੰ ਸਰਾਪ ਦਿੰਦਾ ਹੈ, ਅਤੇ ਮਨੁੱਖ ਦੇ ਪਾਪਾਂ ਦਾ ਨਿਆਂ ਕਰਦਾ ਹੈ। ਹਾਲਾਂਕਿ ਉਹ ਬਿਨਾਂ ਕਿਸੇ ਸੰਵੇਦਨਾ ਦੇ ਸਖਤੀ ਨਾਲ ਬੋਲਦਾ ਹੈ, ਫਿਰ ਵੀ ਉਹ ਮਨੁੱਖ ਦੇ ਅੰਦਰ ਜੋ ਵੀ ਹੈ ਉਸ ਨੂੰ ਪਰਗਟ ਕਰਦਾ ਹੈ, ਇਨ੍ਹਾਂ ਕਠੋਰ ਵਚਨਾਂ ਰਾਹੀਂ ਉਹ ਉਨ੍ਹਾਂ ਸਭ ਗੱਲਾਂ ਨੂੰ ਪਰਗਟ ਕਰਦਾ ਹੈ ਜੋ ਕਿ ਮਨੁੱਖ ਦੇ ਅੰਦਰ ਮੂਲ ਰੂਪ ਵਿੱਚ ਹੁੰਦੀਆਂ ਹਨ।, ਫਿਰ ਵੀ ਅਜਿਹੇ ਨਿਆਂ ਦੁਆਰਾ ਉਹ ਮਨੁੱਖ ਨੂੰ ਸਰੀਰ ਦੇ ਸਾਰ ਦਾ ਗੂੜ੍ਹ ਗਿਆਨ ਦਿੰਦਾ ਹੈ, ਅਤੇ ਇਸ ਤਰ੍ਹਾਂ ਮਨੁੱਖ ਪਰਮੇਸ਼ੁਰ ਦੇ ਅਧੀਨ ਹੋ ਜਾਂਦਾ ਹੈ। ਮਨੁੱਖ ਦਾ ਸਰੀਰ ਪਾਪ ਦਾ ਹੈ, ਅਤੇ ਸ਼ਤਾਨ ਦਾ ਹੈ, ਉਹ ਅਵੱਗਿਆਕਾਰੀ ਹੈ, ਅਤੇ ਇਹ ਪਰਮੇਸ਼ੁਰ ਦੀ ਤਾੜਨਾ ਦਾ ਪਾਤਰ ਹੈ। ਇਸ ਲਈ, ਮਨੁੱਖ ਨੂੰ ਖੁਦ ਨੂੰ ਜਾਣਨ ਦੇ ਯੋਗ ਬਣਾਉਣ ਲਈ, ਪਰਮੇਸ਼ੁਰ ਦੇ ਨਿਆਂ ਦੇ ਵਚਨ ਉਸ ਉੱਪਰ ਪੈਣੇ ਜ਼ਰੂਰੀ ਹਨ ਅਤੇ ਹਰ ਤਰ੍ਹਾਂ ਨਾਲ ਤਾਏ ਜਾਣਾ ਜ਼ਰੂਰੀ ਹੈ; ਸਿਰਫ਼ ਤਾਂ ਹੀ ਪਰਮੇਸ਼ੁਰ ਦਾ ਕੰਮ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਪਰਮੇਸ਼ੁਰ ਦੁਆਰਾ ਕਹੇ ਗਏ ਵਚਨਾਂ ਨਾਲ ਇਹ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਮਨੁੱਖ ਦੇ ਸਰੀਰ ਨੂੰ ਪਹਿਲਾਂ ਹੀ ਦੋਸ਼ੀ ਠਹਿਰਾ ਦਿੱਤਾ ਹੈ। ਕੀ ਇਹ ਵਚਨ, ਫਿਰ ਸਰਾਪ ਦੇ ਵਚਨ ਨਹੀਂ ਹਨ? ਪਰਮੇਸ਼ੁਰ ਦੁਆਰਾ ਕਹੇ ਗਏ ਵਚਨ ਮਨੁੱਖ ਦੀ ਅਸਲ ਫ਼ਿਤਰਤ ਨੂੰ ਪਰਗਟ ਕਰਦੇ ਹਨ, ਅਤੇ ਅਜਿਹੇ ਪ੍ਰਕਾਸ਼ਨ ਰਾਹੀਂ ਉਸ ਦਾ ਨਿਆਂ ਕੀਤਾ ਜਾਂਦਾ ਹੈ, ਅਤੇ ਜਦੋਂ ਉਹ ਦੇਖਦਾ ਹੈ ਕਿ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿੱਚ ਅਸਮਰਥ ਹੈ, ਤਾਂ ਆਪਣੇ ਅੰਦਰ ਦੁੱਖ ਅਤੇ ਪਛਤਾਵਾ ਮਹਿਸੂਸ ਕਰਦਾ ਹੈ, ਉਹ ਮਹਿਸੂਸ ਕਰਦਾ ਹੈ ਕਿ ਉਹ ਪਰਮੇਸ਼ੁਰ ਦਾ ਬਹੁਤ ਰਿਣੀ ਹੈ, ਅਤੇ ਪਰਮੇਸ਼ੁਰ ਦੀ ਇੱਛਾ ਪ੍ਰਾਪਤ ਨਹੀਂ ਕਰ ਸਕਦਾ। ਅਜਿਹੇ ਸਮੇਂ ਹੁੰਦੇ ਹਨ ਜਦੋਂ ਪਵਿੱਤਰ ਆਤਮਾ ਤੈਨੂੰ ਅੰਦਰੋਂ ਅਨੁਸ਼ਾਸਿਤ ਕਰਦਾ ਹੈ, ਅਤੇ ਇਹ ਅਨੁਸ਼ਾਸਨ ਪਰਮੇਸ਼ੁਰ ਦੇ ਨਿਆਂ ਤੋਂ ਆਉਂਦਾ ਹੈ; ਅਜਿਹੇ ਸਮੇਂ ਹੁੰਦੇ ਹਨ ਜਦੋਂ ਪਰਮੇਸ਼ੁਰ ਤੇਰਾ ਤਿਰਸਕਾਰ ਕਰਦਾ ਹੈ ਅਤੇ ਆਪਣਾ ਚਿਹਰਾ ਤੇਰੇ ਕੋਲੋਂ ਛੁਪਾ ਲੈਂਦਾ ਹੈ, ਜਦੋਂ ਉਹ ਕੋਈ ਧਿਆਨ ਨਹੀਂ ਦਿੰਦਾ ਅਤੇ ਤੇਰੇ ਅੰਦਰ ਕੰਮ ਨਹੀਂ ਕਰਦਾ, ਤਾਂ ਉਹ ਤੈਨੂੰ ਤਾਉਣ ਲਈ ਚੁੱਪਚਾਪ ਤੈਨੂੰ ਤਾੜਨਾ ਦਿੰਦਾ ਹੈ। ਮਨੁੱਖ ਵਿੱਚ ਪਰਮੇਸ਼ੁਰ ਦਾ ਕੰਮ ਮੁੱਖ ਤੌਰ ਤੇ ਆਪਣੇ ਧਰਮੀ ਸੁਭਾਅ ਨੂੰ ਸਪਸ਼ਟ ਕਰਨ ਲਈ ਹੁੰਦਾ ਹੈ। ਮਨੁੱਖ ਆਖਰਕਾਰ ਪਰਮੇਸ਼ੁਰ ਬਾਰੇ ਕੀ ਗਵਾਹੀ ਦਿੰਦਾ ਹੈ? ਮਨੁੱਖ ਗਵਾਹੀ ਦਿੰਦਾ ਹੈ ਕਿ ਪਰਮੇਸ਼ੁਰ ਧਰਮੀ ਪਰਮੇਸ਼ੁਰ ਹੈ, ਕਿ ਉਸ ਦਾ ਸੁਭਾਅ ਧਾਰਮਿਕਤਾ, ਕ੍ਰੋਧ, ਤਾੜਨਾ, ਅਤੇ ਨਿਆਂ ਹੈ; ਮਨੁੱਖ ਪਰਮੇਸ਼ੁਰ ਦੇ ਧਰਮੀ ਸੁਭਾਅ ਦੀ ਗਵਾਹੀ ਦਿੰਦਾ ਹੈ। ਪਰਮੇਸ਼ੁਰ ਮਨੁੱਖ ਨੂੰ ਸੰਪੂਰਣ ਕਰਨ ਲਈ ਆਪਣੇ ਨਿਆਂ ਦੀ ਵਰਤੋਂ ਕਰਦਾ ਹੈ, ਉਹ ਮਨੁੱਖ ਨੂੰ ਪਿਆਰ ਕਰਦਾ ਰਿਹਾ ਹੈ ਅਤੇ ਬਚਾਉਂਦਾ ਰਿਹਾ ਹੈ—ਪਰ ਉਸ ਦੇ ਪਿਆਰ ਵਿੱਚ ਕਿੰਨਾ ਕੁਝ ਸ਼ਾਮਲ ਹੈ? ਉਸ ਵਿੱਚ ਨਿਆਂ, ਪ੍ਰਤਾਪ, ਕ੍ਰੋਧ, ਅਤੇ ਸਰਾਪ ਹੈ। ਹਾਲਾਂਕਿ ਪਰਮੇਸ਼ੁਰ ਨੇ ਅਤੀਤ ਵਿੱਚ ਮਨੁੱਖ ਨੂੰ ਸਰਾਪ ਦਿੱਤਾ ਸੀ, ਪਰ ਉਸ ਨੇ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਅਥਾਹ-ਕੁੰਡ ਵਿੱਚ ਨਹੀਂ ਸੁੱਟਿਆ ਸੀ, ਸਗੋਂ ਉਸ ਨੇ ਉਸ ਸਾਧਨ ਦੀ ਵਰਤੋਂ ਮਨੁੱਖ ਦੀ ਨਿਹਚਾ ਨੂੰ ਤਾਉਣ ਲਈ ਕੀਤੀ ਸੀ; ਉਸ ਨੇ ਮਨੁੱਖ ਨੂੰ ਮੌਤ ਨਹੀਂ ਦਿੱਤੀ ਸੀ, ਸਗੋਂ ਮਨੁੱਖ ਨੂੰ ਸੰਪੂਰਣ ਕਰਨ ਦਾ ਕੰਮ ਕੀਤਾ ਸੀ। ਸਰੀਰ ਦਾ ਸਾਰ ਉਹ ਹੈ ਜੋ ਸ਼ਤਾਨ ਦਾ ਹੈ—ਪਰਮੇਸ਼ੁਰ ਨੇ ਇਸ ਨੂੰ ਬਿਲਕੁਲ ਸਹੀ ਕਿਹਾ ਹੈ—ਪਰ ਪਰਮੇਸ਼ੁਰ ਦੁਆਰਾ ਦੱਸੇ ਗਏ ਤੱਥ ਉਸ ਦੇ ਵਚਨਾਂ ਦੇ ਅਨੁਸਾਰ ਪੂਰੇ ਨਹੀਂ ਹੋਏ ਹਨ। ਉਹ ਤੈਨੂੰ ਸਰਾਪ ਦਿੰਦਾ ਹੈ ਤਾਂ ਕਿ ਤੂੰ ਉਸ ਨੂੰ ਪਿਆਰ ਕਰ ਸਕੇਂ, ਅਤੇ ਤਾਂ ਕਿ ਤੂੰ ਸਰੀਰ ਦੇ ਸਾਰ ਨੂੰ ਜਾਣ ਸਕੇਂ; ਉਹ ਤੈਨੂੰ ਤਾੜਨਾ ਦਿੰਦਾ ਹੈ ਤਾਂ ਕਿ ਤੂੰ ਆਪਣੇ ਅੰਦਰਲੀਆਂ ਕਮੀਆਂ ਨੂੰ ਜਾਣਨ ਲਈ ਜਾਗ ਸਕੇਂ, ਅਤੇ ਮਨੁੱਖ ਦੀ ਪੂਰਣ ਅਯੋਗਤਾ ਨੂੰ ਜਾਣ ਸਕੇਂ। ਇਸ ਤਰ੍ਹਾਂ, ਪਰਮੇਸ਼ੁਰ ਦੇ ਸਰਾਪ, ਉਸ ਦਾ ਨਿਆਂ, ਅਤੇ ਉਸ ਦਾ ਪ੍ਰਤਾਪ ਅਤੇ ਕ੍ਰੋਧ—ਉਹ ਸਭ ਮਨੁੱਖ ਨੂੰ ਸੰਪੂਰਣ ਕਰਨ ਲਈ ਹਨ। ਉਹ ਸਭ ਜੋ ਪਰਮੇਸ਼ੁਰ ਅੱਜ ਕਰਦਾ ਹੈ, ਅਤੇ ਧਰਮੀ ਸੁਭਾਅ ਜਿਸ ਨੂੰ ਉਹ ਤੁਹਾਡੇ ਅੰਦਰ ਸਪਸ਼ਟ ਕਰਦਾ ਹੈ—ਇਹ ਸਭ ਮਨੁੱਖ ਨੂੰ ਸੰਪੂਰਣ ਕਰਨ ਲਈ ਹੈ। ਪਰਮੇਸ਼ੁਰ ਦਾ ਪਿਆਰ ਅਜਿਹਾ ਹੀ ਹੈ।

ਮਨੁੱਖ ਦੀਆਂ ਰਵਾਇਤੀ ਧਾਰਣਾਵਾਂ ਵਿੱਚ, ਉਹ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ੁਰ ਦਾ ਪਿਆਰ ਮਨੁੱਖ ਦੀ ਕਮਜ਼ੋਰੀ ਲਈ ਉਸ ਦੀ ਕਿਰਪਾ, ਦਯਾ ਅਤੇ ਹਮਦਰਦੀ ਹੈ। ਹਾਲਾਂਕਿ ਇਹ ਗੱਲਾਂ ਵੀ ਪਰਮੇਸ਼ੁਰ ਦਾ ਪਿਆਰ ਹਨ, ਪਰ ਉਹ ਬੇਹੱਦ ਇਕਤਰਫ਼ਾ ਹਨ, ਅਤੇ ਉਹ ਮੁੱਖ ਜ਼ਰੀਏ ਨਹੀਂ ਹਨ ਜਿਨ੍ਹਾਂ ਰਾਹੀਂ ਪਰਮੇਸ਼ੁਰ ਮਨੁੱਖ ਨੂੰ ਸੰਪੂਰਣ ਕਰਦਾ ਹੈ। ਕੁਝ ਲੋਕ ਬੀਮਾਰੀ ਕਾਰਣ ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਬੀਮਾਰੀ ਤੇਰੇ ਲਈ ਪਰਮੇਸ਼ੁਰ ਦੀ ਕਿਰਪਾ ਹੈ; ਇਸ ਦੇ ਬਿਨਾਂ ਤੂੰ ਪਰਮੇਸ਼ੁਰ ’ਤੇ ਵਿਸ਼ਵਾਸ ਨਹੀਂ ਕਰਦਾ, ਅਤੇ ਜੇ ਤੂੰ ਪਰਮੇਸ਼ੁਰ ’ਤੇ ਵਿਸ਼ਵਾਸ ਨਾ ਕਰਦਾ ਤਾਂ ਤੂੰ ਇੱਥੇ ਤਕ ਨਾ ਪਹੁੰਚਿਆ ਹੁੰਦਾ—ਅਤੇ ਇਸ ਤਰ੍ਹਾਂ ਇਹ ਕਿਰਪਾ ਵੀ ਪਰਮੇਸ਼ੁਰ ਦਾ ਪਿਆਰ ਹੈ। ਯਿਸੂ ਵਿੱਚ ਵਿਸ਼ਵਾਸ ਕਰਨ ਸਮੇਂ, ਲੋਕਾਂ ਨੇ ਅਜਿਹਾ ਬਹੁਤ ਕੁਝ ਕੀਤਾ ਜੋ ਪਰਮੇਸ਼ੁਰ ਨੂੰ ਨਾਪਸੰਦ ਸੀ ਕਿਉਂਕਿ ਉਨ੍ਹਾਂ ਨੇ ਸੱਚਾਈ ਨੂੰ ਨਹੀਂ ਸਮਝਿਆ, ਫਿਰ ਵੀ ਪਰਮੇਸ਼ੁਰ ਨੇ ਮਨੁੱਖ ਨੂੰ ਪਿਆਰ ਅਤੇ ਦਯਾ ਦਿਖਾਈ, ਅਤੇ ਉਹ ਮਨੁੱਖ ਨੂੰ ਇੱਥੇ ਤਕ ਲੈ ਆਇਆ, ਅਤੇ ਹਾਲਾਂਕਿ ਮਨੁੱਖ ਕੁਝ ਸਮਝਦਾ ਨਹੀਂ ਹੈ, ਫਿਰ ਵੀ ਪਰਮੇਸ਼ੁਰ ਮਨੁੱਖ ਨੂੰ ਆਪਣੇ ਪਿੱਛੇ ਚੱਲਣ ਦੀ ਆਗਿਆ ਦਿੰਦਾ ਹੈ, ਅਤੇ, ਇਸ ਤੋਂ ਇਲਾਵਾ, ਉਹ ਮਨੁੱਖ ਨੂੰ ਅੱਜ ਦੇ ਦਿਨ ਵਿੱਚ ਲੈ ਆਇਆ ਹੈ। ਕੀ ਇਹ ਪਰਮੇਸ਼ੁਰ ਦਾ ਪਿਆਰ ਨਹੀਂ ਹੈ? ਜੋ ਪਰਮੇਸ਼ੁਰ ਦੇ ਸੁਭਾਅ ਵਿੱਚ ਪਰਗਟ ਹੈ ਉਹ ਪਰਮੇਸ਼ੁਰ ਦਾ ਪਿਆਰ ਹੈ—ਇਹ ਬਿਲਕੁਲ ਸਹੀ ਹੈ! ਜਦੋਂ ਕਲੀਸਿਯਾ ਦਾ ਨਿਰਮਾਣ ਆਪਣੇ ਸਿਖਰ ’ਤੇ ਪਹੁੰਚ ਗਿਆ ਤਾਂ ਪਰਮੇਸ਼ੁਰ ਨੇ ਸੇਵਕਾਂ ਦੇ ਕੰਮ ਦਾ ਕਦਮ ਚੁੱਕਿਆ ਅਤੇ ਮਨੁੱਖ ਨੂੰ ਅਥਾਹ-ਕੁੰਡ ਵਿੱਚ ਸੁੱਟ ਦਿੱਤਾ। ਸੇਵਕਾਂ ਦੇ ਸਮੇਂ ਦੇ ਵਚਨ ਸਾਰੇ ਸਰਾਪ ਸਨ: ਤੇਰੇ ਸਰੀਰ ਦੇ ਸਰਾਪ, ਤੇਰੇ ਭ੍ਰਿਸ਼ਟ ਸ਼ਤਾਨੀ ਸੁਭਾਅ ਦੇ ਸਰਾਪ, ਅਤੇ ਤੇਰੇ ਬਾਰੇ ਉਨ੍ਹਾਂ ਚੀਜ਼ਾਂ ਦੇ ਸਰਾਪ ਜੋ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਨਹੀਂ ਕਰਦੇ। ਉਸ ਕਦਮ ਵਿੱਚ ਪਰਮੇਸ਼ੁਰ ਦੁਆਰਾ ਕੀਤਾ ਗਿਆ ਕੰਮ ਪ੍ਰਤਾਪ ਦੇ ਰੂਪ ਵਿੱਚ ਪਰਗਟ ਹੋਇਆ, ਜਿਸ ਦੇ ਛੇਤੀ ਬਾਅਦ ਪਰਮੇਸ਼ੁਰ ਨੇ ਤਾੜਨਾ ਦੇ ਕੰਮ ਦਾ ਕਦਮ ਉਠਾਇਆ, ਅਤੇ ਉਸ ਮਗਰੋਂ ਮੌਤ ਦਾ ਪਰਤਾਵਾ ਆਇਆ। ਅਜਿਹੇ ਕੰਮ ਵਿੱਚ, ਮਨੁੱਖ ਨੇ ਪਰਮੇਸ਼ੁਰ ਦੇ ਕ੍ਰੋਧ, ਪ੍ਰਤਾਪ, ਨਿਆਂ, ਅਤੇ ਤਾੜਨਾ ਨੂੰ ਦੇਖਿਆ, ਪਰ ਨਾਲ ਹੀ ਉਸ ਨੇ ਪਰਮੇਸ਼ੁਰ ਦੀ ਕਿਰਪਾ, ਉਸ ਦਾ ਪਿਆਰ ਅਤੇ ਉਸ ਦੀ ਦਯਾ ਵੀ ਦੇਖੀ। ਜੋ ਕੁਝ ਵੀ ਪਰਮੇਸ਼ੁਰ ਨੇ ਕੀਤਾ, ਅਤੇ ਉਹ ਸਭ ਕੁਝ ਜੋ ਉਸ ਦੇ ਸੁਭਾਅ ਦੇ ਰੂਪ ਵਿੱਚ ਪਰਗਟ ਹੋਇਆ, ਉਹ ਮਨੁੱਖ ਲਈ ਪਰਮੇਸ਼ੁਰ ਦਾ ਪਿਆਰ ਸੀ, ਅਤੇ ਉਹ ਸਭ ਜੋ ਪਰਮੇਸ਼ੁਰ ਨੇ ਕੀਤਾ ਮਨੁੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਸੀ। ਉਸ ਨੇ ਅਜਿਹਾ ਮਨੁੱਖ ਨੂੰ ਸੰਪੂਰਣ ਕਰਨ ਲਈ ਕੀਤਾ, ਅਤੇ ਮਨੁੱਖ ਦੇ ਰੁਤਬੇ ਅਨੁਸਾਰ ਉਸ ਨੂੰ ਮੁਹੱਈਆ ਕੀਤਾ। ਜੇ ਪਰਮੇਸ਼ੁਰ ਨੇ ਅਜਿਹਾ ਨਾ ਕੀਤਾ ਹੁੰਦਾ, ਤਾਂ ਮਨੁੱਖ ਪਰਮੇਸ਼ੁਰ ਦੇ ਸਾਹਮਣੇ ਆਉਣ ਵਿੱਚ ਅਸਮਰਥ ਹੁੰਦਾ, ਅਤੇ ਪਰਮੇਸ਼ੁਰ ਦੇ ਸੱਚੇ ਸਰੂਪ ਨੂੰ ਦੇਖਣ ਦਾ ਉਸ ਕੋਲ ਕੋਈ ਤਰੀਕਾ ਨਾ ਹੁੰਦਾ। ਉਹ ਸਮਾਂ ਜਦੋਂ ਮਨੁੱਖ ਨੇ ਪਹਿਲੀ ਵਾਰ ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਉਦੋਂ ਤੋਂ ਅੱਜ ਤਕ, ਪਰਮੇਸ਼ੁਰ ਨੇ ਮਨੁੱਖ ਦੇ ਰੁਤਬੇ ਦੇ ਅਨੁਸਾਰ ਹੌਲੀ-ਹੌਲੀ ਉਸ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ, ਜਿਸ ਨਾਲ, ਅੰਦਰੂਨੀ ਰੂਪ ਵਿੱਚ ਮਨੁੱਖ ਹੌਲੀ-ਹੌਲੀ ਉਸ ਨੂੰ ਜਾਣ ਗਿਆ ਹੈ। ਅੱਜ ਦੇ ਦਿਨ ਵਿੱਚ ਪਹੁੰਚਣ ’ਤੇ ਹੀ ਮਨੁੱਖ ਅਹਿਸਾਸ ਕਰਦਾ ਹੈ ਕਿ ਪਰਮੇਸ਼ੁਰ ਦਾ ਨਿਆਂ ਕਿੰਨਾ ਅਦਭੁੱਤ ਹੈ। ਸਿਰਜਣਾ ਦੇ ਸਮੇਂ ਤੋਂ ਲੈ ਕੇ ਅੱਜ ਤਕ ਸੇਵਕਾਂ ਦੇ ਕੰਮ ਦਾ ਕਦਮ, ਸਰਾਪ ਦੇ ਕੰਮ ਦੀ ਪਹਿਲੀ ਘਟਨਾ ਸੀ। ਮਨੁੱਖ ਨੂੰ ਅਥਾਹ-ਕੁੰਡ ਵਿੱਚ ਭੇਜ ਕੇ ਸਰਾਪਤ ਕੀਤਾ ਗਿਆ। ਜੇ ਪਰਮੇਸ਼ੁਰ ਨੇ ਅਜਿਹਾ ਨਾ ਕੀਤਾ ਹੁੰਦਾ, ਤਾਂ ਅੱਜ ਮਨੁੱਖ ਦੇ ਕੋਲ ਪਰਮੇਸ਼ੁਰ ਦਾ ਸੱਚਾ ਗਿਆਨ ਨਾ ਹੁੰਦਾ; ਇਹ ਸਿਰਫ਼ ਪਰਮੇਸ਼ੁਰ ਦੇ ਸਰਾਪ ਦੇ ਦੁਆਰਾ ਹੀ ਸੀ ਕਿ ਮਨੁੱਖ ਅਧਿਕਾਰਤ ਰੂਪ ਵਿੱਚ ਪਰਮੇਸ਼ੁਰ ਦੇ ਸੁਭਾਅ ਨੂੰ ਦੇਖ ਸਕਿਆ। ਸੇਵਕਾਂ ਦੇ ਪਰਤਾਵੇ ਰਾਹੀਂ ਮਨੁੱਖ ਨੂੰ ਪਰਗਟ ਕੀਤਾ ਗਿਆ। ਉਸ ਨੇ ਦੇਖਿਆ ਕਿ ਉਸ ਦੀ ਵਫ਼ਾਦਾਰੀ ਅਪ੍ਰਵਾਨਯੋਗ ਸੀ, ਕਿ ਉਸ ਦਾ ਰੁਤਬਾ ਬਹੁਤ ਛੋਟਾ ਸੀ, ਇਹ ਵੀ ਕਿ ਉਹ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਨ ਵਿੱਚ ਅਸਮਰਥ ਸੀ, ਅਤੇ ਇਹ ਕਿ ਉਸ ਦੇ ਹਰ ਸਮੇਂ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਦਾਅਵੇ ਸ਼ਬਦਾਂ ਤੋਂ ਵੱਧ ਕੁਝ ਨਹੀਂ ਸਨ। ਹਾਲਾਂਕਿ ਸੇਵਕਾਂ ਦੇ ਕੰਮ ਦੇ ਕਦਮ ਵਿੱਚ ਪਰਮੇਸ਼ੁਰ ਨੇ ਮਨੁੱਖ ਨੂੰ ਸਰਾਪ ਦਿੱਤਾ, ਪਰ ਮੁੜ ਕੇ ਦੇਖੀਏ ਤਾਂ, ਪਰਮੇਸ਼ੁਰ ਦੇ ਕੰਮ ਦਾ ਉਹ ਕਦਮ ਅਦਭੁੱਤ ਸੀ: ਇਹ ਮਨੁੱਖ ਲਈ ਇੱਕ ਵੱਡਾ ਫ਼ੈਸਲਾਕੁਨ ਮੋੜ ਲੈ ਕੇ ਆਇਆ, ਅਤੇ ਉਸ ਦੇ ਜੀਵਨ ਦੀ ਅਵਸਥਾ ਵਿੱਚ ਵੱਡੀ ਤਬਦੀਲੀ ਕੀਤੀ। ਸੇਵਕਾਂ ਦੇ ਸਮੇਂ ਤੋਂ ਪਹਿਲਾਂ, ਮਨੁੱਖ ਜੀਵਨ ਦੀ ਖੋਜ, ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦੇ ਅਰਥ, ਜਾਂ ਪਰਮੇਸ਼ੁਰ ਦੇ ਕੰਮ ਦੀ ਬੁੱਧ ਬਾਰੇ ਕੁਝ ਨਹੀਂ ਸਮਝਦਾ ਸੀ, ਅਤੇ ਨਾ ਹੀ ਉਸ ਨੇ ਇਹ ਸਮਝਿਆ ਕਿ ਪਰਮੇਸ਼ੁਰ ਦਾ ਕੰਮ ਮਨੁੱਖ ਨੂੰ ਪਰਖ ਸਕਦਾ ਹੈ। ਸੇਵਕਾਂ ਦੇ ਸਮੇਂ ਤੋਂ ਲੈ ਕੇ ਅੱਜ ਤਕ, ਮਨੁੱਖ ਦੇਖਦਾ ਹੈ ਕਿ ਪਰਮੇਸ਼ੁਰ ਦਾ ਕੰਮ ਕਿੰਨਾ ਅਦਭੁੱਤ ਹੈ—ਇਹ ਮਨੁੱਖ ਦੀ ਕਲਪਨਾ ਤੋਂ ਪਰੇ ਹੈ। ਮਨੁੱਖ ਆਪਣੇ ਦਿਮਾਗ ਦਾ ਇਸਤੇਮਾਲ ਕਰਦੇ ਹੋਏ ਇਹ ਕਲਪਨਾ ਕਰਨ ਵਿੱਚ ਅਸਮਰਥ ਹੈ ਕਿ ਪਰਮੇਸ਼ੁਰ ਕਿਵੇਂ ਕੰਮ ਕਰਦਾ ਹੈ, ਅਤੇ ਉਹ ਇਹ ਵੀ ਦੇਖਦਾ ਹੈ ਕਿ ਉਸ ਦਾ ਰੁਤਬਾ ਕਿੰਨਾ ਛੋਟਾ ਹੈ ਅਤੇ ਉਸ ਦੇ ਬਾਰੇ ਜੋ ਬਹੁਤ ਜ਼ਿਆਦਾ ਹੈ ਉਹ ਅਵੱਗਿਆਕਾਰੀ ਹੈ। ਜਦੋਂ ਪਰਮੇਸ਼ੁਰ ਨੇ ਮਨੁੱਖ ਨੂੰ ਸਰਾਪ ਦਿੱਤਾ, ਤਾਂ ਉਹ ਇੱਕ ਪ੍ਰਭਾਵ ਨੂੰ ਪ੍ਰਾਪਤ ਕਰਨ ਲਈ ਸੀ, ਅਤੇ ਉਸ ਨੇ ਮਨੁੱਖ ਨੂੰ ਮੌਤ ਨਹੀਂ ਦਿੱਤੀ। ਹਾਲਾਂਕਿ ਉਸ ਨੇ ਮਨੁੱਖ ਨੂੰ ਸਰਾਪਤ ਕੀਤਾ, ਉਸ ਨੇ ਅਜਿਹਾ ਵਚਨਾਂ ਰਾਹੀਂ ਕੀਤਾ, ਅਤੇ ਉਸ ਦੇ ਸਰਾਪ ਅਸਲ ਵਿੱਚ ਮਨੁੱਖ ’ਤੇ ਨਹੀਂ ਪਏ, ਕਿਉਂਕਿ ਪਰਮੇਸ਼ੁਰ ਨੇ ਜਿਸ ਨੂੰ ਸਰਾਪ ਦਿੱਤਾ ਉਹ ਮਨੁੱਖ ਦੀ ਅਣਆਗਿਆਕਾਰਤਾ ਸੀ, ਇਸ ਲਈ ਉਸ ਦੇ ਸਰਾਪਾਂ ਦੇ ਵਚਨ ਵੀ ਮਨੁੱਖ ਨੂੰ ਸੰਪੂਰਣ ਕਰਨ ਲਈ ਕਹੇ ਗਏ ਸਨ। ਭਾਵੇਂ ਪਰਮੇਸ਼ੁਰ ਮਨੁੱਖ ਨੂੰ ਨਿਆਂ ਦਏ ਜਾਂ ਉਸ ਨੂੰ ਸਰਾਪ ਦਏ, ਇਹ ਦੋਵੇਂ ਮਨੁੱਖ ਨੂੰ ਸੰਪੂਰਣ ਕਰਦੇ ਹਨ, ਦੋਵੇਂ ਉਸ ਨੂੰ ਸੰਪੂਰਣ ਕਰਨ ਲਈ ਹੈ ਜੋ ਮਨੁੱਖ ਦੇ ਅੰਦਰ ਅਸ਼ੁੱਧ ਹੈ। ਇਸ ਤਰੀਕੇ ਰਾਹੀਂ ਮਨੁੱਖ ਤਾਇਆ ਜਾਂਦਾ ਹੈ, ਅਤੇ ਜਿਸ ਚੀਜ਼ ਦੀ ਮਨੁੱਖ ਅੰਦਰ ਕਮੀ ਹੁੰਦੀ ਹੈ ਉਸ ਨੂੰ ਪਰਮੇਸ਼ੁਰ ਦੇ ਵਚਨਾਂ ਅਤੇ ਕੰਮ ਰਾਹੀਂ ਪੂਰਾ ਕੀਤਾ ਜਾਂਦਾ ਹੈ। ਪਰਮੇਸ਼ੁਰ ਦੇ ਕੰਮ ਦਾ ਹਰੇਕ ਕਦਮ—ਭਾਵੇਂ ਇਹ ਕਠੋਰ ਵਚਨ ਹੋਣ, ਜਾਂ ਨਿਆਂ, ਜਾਂ ਤਾੜਨਾ ਹੋਏ—ਮਨੁੱਖ ਨੂੰ ਸੰਪੂਰਣ ਕਰਦਾ ਹੈ, ਅਤੇ ਇਹ ਬਿਲਕੁਲ ਉਚਿਤ ਹੈ। ਯੁਗਾਂ ਤੋਂ ਕਦੇ ਵੀ ਪਰਮੇਸ਼ੁਰ ਨੇ ਇਸ ਦੇ ਵਰਗਾ ਕੰਮ ਨਹੀਂ ਕੀਤਾ; ਅੱਜ, ਉਹ ਤੁਹਾਡੇ ਅੰਦਰ ਕੰਮ ਕਰਦਾ ਹੈ ਤਾਂ ਕਿ ਤੁਸੀਂ ਉਸ ਦੀ ਬੁੱਧ ਦੀ ਸ਼ਲਾਘਾ ਕਰੋ। ਹਾਲਾਂਕਿ ਤੁਸੀਂ ਆਪਣੇ ਅੰਦਰ ਕੁਝ ਪੀੜ ਝੱਲੀ ਹੈ, ਫਿਰ ਵੀ ਤੁਹਾਡੇ ਮਨ ਸਥਿਰ ਮਹਿਸੂਸ ਕਰਦੇ ਹਨ ਅਤੇ ਸ਼ਾਂਤ ਹਨ; ਇਹ ਪਰਮੇਸ਼ੁਰ ਦੇ ਕੰਮ ਦੇ ਇਸ ਪੜਾਅ ਦਾ ਅਨੰਦ ਲੈਣ ਦੇ ਯੋਗ ਹੋਣ ਲਈ ਤੁਹਾਡੀ ਅਸੀਸ ਹੈ। ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੁਸੀਂ ਭਵਿੱਖ ਵਿੱਚ ਕੀ ਪ੍ਰਾਪਤ ਕਰਨ ਦੇ ਯੋਗ ਹੋ, ਅੱਜ ਆਪਣੇ ਅੰਦਰ ਪਰਮੇਸ਼ੁਰ ਦੇ ਜਿਸ ਕੰਮ ਨੂੰ ਤੁਸੀਂ ਦੇਖਦੇ ਹੋ ਉਹ ਪਿਆਰ ਹੈ। ਜੇ ਮਨੁੱਖ ਪਰਮੇਸ਼ੁਰ ਦੇ ਨਿਆਂ ਅਤੇ ਤਾਏ ਜਾਣ ਦਾ ਅਨੁਭਵ ਨਹੀਂ ਕਰਦਾ, ਤਾਂ ਉਸ ਦੇ ਕੰਮ ਅਤੇ ਜੋਸ਼ ਹਮੇਸ਼ਾ ਸਤਹੀ ਪੱਧਰ ’ਤੇ ਰਹਿਣਗੇ, ਅਤੇ ਉਸ ਦਾ ਸੁਭਾਅ ਕਦੇ ਨਹੀਂ ਬਦਲੇਗਾ। ਕੀ ਇਸ ਨੂੰ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤਾ ਮੰਨਿਆ ਜਾ ਸਕਦਾ ਹੈ? ਹਾਲਾਂਕਿ, ਅੱਜ, ਮਨੁੱਖ ਦੇ ਅੰਦਰ ਅਜੇ ਵੀ ਬਹੁਤ ਕੁਝ ਹੈ ਜੋ ਹੰਕਾਰ ਅਤੇ ਘਮੰਡ ਹੈ, ਫਿਰ ਵੀ ਮਨੁੱਖ ਦਾ ਸੁਭਾਅ ਪਹਿਲਾਂ ਦੇ ਮੁਕਾਬਲੇ ਬਹੁਤ ਸਥਿਰ ਹੈ। ਪਰਮੇਸ਼ੁਰ ਦਾ ਤੇਰੇ ਨਾਲ ਨਿਪਟਣਾ ਤੈਨੂੰ ਬਚਾਉਣ ਲਈ ਹੈ, ਅਤੇ ਹਾਲਾਂਕਿ ਤੂੰ ਇਸ ਸਮੇਂ ਸ਼ਾਇਦ ਕੁਝ ਦਰਦ ਮਹਿਸੂਸ ਕਰੇਂ, ਉਹ ਦਿਨ ਆਏਗਾ ਜਦੋਂ ਤੇਰੇ ਸੁਭਾਅ ਵਿੱਚ ਤਬਦੀਲੀ ਆਏਗੀ। ਉਸ ਸਮੇਂ, ਤੂੰ ਪਿੱਛੇ ਮੁੜੇਂਗਾ ਅਤੇ ਦੇਖੇਂਗਾ ਕਿ ਪਰਮੇਸ਼ੁਰ ਦਾ ਕੰਮ ਕਿੰਨਾ ਸਮਝਦਾਰੀ ਵਾਲਾ ਹੈ, ਅਤੇ ਉਸ ਸਮੇਂ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਸੱਚਮੁੱਚ ਸਮਝਣ ਦੇ ਯੋਗ ਹੋ ਜਾਏਂਗਾ। ਅੱਜ, ਅਜਿਹੇ ਕੁਝ ਲੋਕ ਹਨ ਜੋ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਦੀ ਇੱਛਾ ਨੂੰ ਸਮਝਦੇ ਹਨ, ਪਰ ਇਹ ਜ਼ਿਆਦਾ ਯਥਾਰਥਵਾਦੀ ਨਹੀਂ ਹੈ। ਦਰਅਸਲ, ਉਹ ਝੂਠ ਬੋਲ ਰਹੇ ਹਨ, ਕਿਉਂਕਿ ਵਰਤਮਾਨ ਵਿੱਚ ਉਨ੍ਹਾਂ ਨੇ ਅਜੇ ਇਹ ਸਮਝਣਾ ਹੈ ਕਿ ਪਰਮੇਸ਼ੁਰ ਦੀ ਇੱਛਾ ਮਨੁੱਖ ਨੂੰ ਬਚਾਉਣ ਦੀ ਹੈ ਜਾਂ ਉਸ ਨੂੰ ਸਰਾਪ ਦੇਣ ਦੀ। ਸ਼ਾਇਦ ਤੂੰ ਅਜੇ ਇਸ ਨੂੰ ਸਪਸ਼ਟ ਰੂਪ ਵਿੱਚ ਦੇਖ ਨਹੀਂ ਸਕਦਾ, ਪਰ ਉਹ ਦਿਨ ਆਏਗਾ ਜਦੋਂ ਤੂੰ ਦੇਖੇਂਗਾ ਕਿ ਪਰਮੇਸ਼ੁਰ ਦੀ ਮਹਿਮਾ ਦਾ ਦਿਨ ਆ ਗਿਆ ਹੈ, ਅਤੇ ਤੂੰ ਦੇਖੇਂਗਾ ਕਿ ਪਰਮੇਸ਼ੁਰ ਨਾਲ ਪਿਆਰ ਕਰਨਾ ਕਿੰਨਾ ਅਰਥਪੂਰਣ ਹੈ, ਜਿਸ ਨਾਲ ਤੂੰ ਮਨੁੱਖੀ ਜੀਵਨ ਨੂੰ ਜਾਣ ਸਕੇਂਗਾ ਅਤੇ ਤੇਰਾ ਸਰੀਰ ਪਿਆਰੇ ਪਰਮੇਸ਼ੁਰ ਦੇ ਸੰਸਾਰ ਵਿੱਚ ਰਹੇਗਾ, ਜਿਸ ਨਾਲ ਤੇਰੀ ਆਤਮਾ ਸੁਤੰਤਰ ਕਰ ਦਿੱਤੀ ਜਾਏਗੀ, ਤੇਰਾ ਜੀਵਨ ਅਨੰਦ ਨਾਲ ਭਰਪੂਰ ਹੋ ਜਾਏਗਾ, ਅਤੇ ਤੂੰ ਹਮੇਸ਼ਾ ਪਰਮੇਸ਼ੁਰ ਦੇ ਨਜ਼ਦੀਕ ਰਹੇਂਗਾ ਅਤੇ ਉਸ ਨੂੰ ਦੇਖਦਾ ਰਹੇਂਗਾ। ਉਸ ਸਮੇਂ, ਤੂੰ ਸੱਚਮੁੱਚ ਜਾਣ ਜਾਏਂਗਾ ਕਿ ਪਰਮੇਸ਼ੁਰ ਦਾ ਕੰਮ ਅੱਜ ਕਿੰਨਾ ਕੀਮਤੀ ਹੈ।

ਅੱਜ, ਬਹੁਤੇ ਲੋਕਾਂ ਕੋਲ ਗਿਆਨ ਨਹੀਂ ਹੈ। ਉਹ ਮੰਨਦੇ ਹਨ ਕਿ ਦੁੱਖ ਸਹਿਣ ਕਰਨ ਦਾ ਕੋਈ ਮਹੱਤਵ ਨਹੀਂ ਹੈ, ਉਹ ਸੰਸਾਰ ਦੁਆਰਾ ਤਿਆਗੇ ਜਾਂਦੇ ਹਨ, ਉਨ੍ਹਾਂ ਦੇ ਪਰਿਵਾਰਕ ਜੀਵਨ ਵਿੱਚ ਪਰੇਸ਼ਾਨੀ ਹੁੰਦੀ ਹੈ, ਉਹ ਪਰਮੇਸ਼ੁਰ ਦੇ ਪਿਆਰੇ ਨਹੀਂ ਹੁੰਦੇ, ਅਤੇ ਉਨ੍ਹਾਂ ਦੀਆਂ ਸੰਭਾਵਨਾਵਾਂ ਉਤਸ਼ਾਹਹੀਣ ਹੁੰਦੀਆਂ ਹਨ। ਕੁਝ ਲੋਕਾਂ ਦੇ ਦੁੱਖ ਦੀ ਇੰਤਹਾ ਹੋ ਜਾਂਦੀ ਹੈ, ਅਤੇ ਉਨ੍ਹਾਂ ਦੇ ਵਿਚਾਰ ਮੌਤ ਵੱਲ ਮੁੜ ਜਾਂਦੇ ਹਨ। ਇਹ ਪਰਮੇਸ਼ੁਰ ਦੇ ਪ੍ਰਤੀ ਸੱਚਾ ਪਿਆਰ ਨਹੀਂ ਹੈ; ਅਜਿਹੇ ਲੋਕ ਕਾਇਰ ਹੁੰਦੇ ਹਨ, ਉਨ੍ਹਾਂ ਵਿੱਚ ਬਿਲਕੁਲ ਦ੍ਰਿੜ੍ਹਤਾ ਨਹੀਂ ਹੁੰਦੀ, ਉਹ ਕਮਜ਼ੋਰ ਅਤੇ ਸ਼ਕਤੀਹੀਣ ਹੁੰਦੇ ਹਨ! ਪਰਮੇਸ਼ੁਰ ਉਤਸੁਕ ਹੈ ਕਿ ਮਨੁੱਖ ਉਸ ਨੂੰ ਪਿਆਰ ਕਰੇ, ਪਰ ਮਨੁੱਖ ਜਿੰਨਾ ਜ਼ਿਆਦਾ ਉਸ ਨਾਲ ਪਿਆਰ ਕਰਦਾ ਹੈ, ਮਨੁੱਖ ਦੇ ਦੁੱਖ ਵੀ ਉੰਨੇ ਜ਼ਿਆਦਾ ਵੱਧਦੇ ਹਨ, ਅਤੇ ਜਿੰਨਾ ਜ਼ਿਆਦਾ ਮਨੁੱਖ ਉਸ ਨੂੰ ਪਿਆਰ ਕਰਦਾ ਹੈ, ਮਨੁੱਖ ਦੇ ਪਰਤਾਵੇ ਉੰਨੇ ਜ਼ਿਆਦਾ ਹੁੰਦੇ ਹਨ। ਜੇ ਤੂੰ ਉਸ ਨੂੰ ਪਿਆਰ ਕਰਦਾ ਹੈਂ, ਤਾਂ ਹਰ ਕਿਸਮ ਦੀ ਤਕਲੀਫ਼ ਤੇਰੇ ਉੱਪਰ ਆਏਗੀ—ਅਤੇ ਜੇ ਤੂੰ ਉਸ ਨਾਲ ਪਿਆਰ ਨਹੀਂ ਕਰਦਾ, ਤਾਂ ਸ਼ਾਇਦ ਤੇਰੇ ਲਈ ਸਭ ਕੁਝ ਚੰਗਾ ਚੱਲਦਾ ਰਹੇਗਾ, ਅਤੇ ਆਲੇ ਦੁਆਲੇ ਸਭ ਕੁਝ ਸ਼ਾਂਤ ਹੋਏਗਾ। ਜਦੋਂ ਤੂੰ ਪਰਮੇਸ਼ੁਰ ਨੂੰ ਪਿਆਰ ਕਰਦਾ ਹੈਂ, ਤਾਂ ਤੂੰ ਮਹਿਸੂਸ ਕਰੇਂਗਾ ਕਿ ਤੇਰੇ ਆਲੇ ਦੁਆਲੇ ਸਭ ਕੁਝ ਦੁਰਗਮ ਹੈ, ਅਤੇ ਕਿਉਂਕਿ ਤੇਰਾ ਰੁਤਬਾ ਬਹੁਟ ਘੱਟ ਹੈ, ਇਸ ਲਈ ਤੈਨੂੰ ਤਾਇਆ ਜਾਏਗਾ; ਇਸ ਤੋਂ ਇਲਾਵਾ, ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਵਿੱਚ ਅਸਮਰਥ ਹੋਏਂਗਾ, ਅਤੇ ਤੂੰ ਹਮੇਸ਼ਾ ਮਹਿਸੂਸ ਕਰੇਂਗਾ ਕਿ ਪਰਮੇਸ਼ੁਰ ਦੀ ਇੱਛਾ ਇੰਨੀ ਜ਼ਿਆਦਾ ਵੱਡੀ ਹੈ, ਕਿ ਮਨੁੱਖ ਦੀ ਪਹੁੰਚ ਤੋਂ ਪਰੇ ਹੈ। ਇਹਨਾਂ ਸਭ ਗੱਲਾਂ ਕਾਰਣ ਤੈਨੂੰ ਤਾਇਆ ਜਾਏਗਾ—ਕਿਉਂਕਿ ਤੇਰੇ ਅੰਦਰ ਬਹੁਤ ਕਮਜ਼ੋਰੀ ਹੈ, ਅਤੇ ਅਜਿਹਾ ਬਹੁਤ ਕੁਝ ਹੈ ਜੋ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਨ ਵਿੱਚ ਅਸਮਰਥ ਹੈ, ਇਸ ਲਈ ਤੈਨੂੰ ਅੰਦਰੋਂ ਤਾਇਆ ਜਾਏਗਾ। ਫਿਰ ਵੀ ਤੁਹਾਡੇ ਲਈ ਸਪਸ਼ਟਤਾ ਨਾਲ ਇਹ ਦੇਖਣਾ ਜ਼ਰੂਰੀ ਹੈ ਕਿ ਸਿਰਫ਼ ਤਾਉਣ ਦੁਆਰਾ ਹੀ ਸ਼ੁੱਧੀਕਰਣ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਅੰਤ ਦੇ ਇਨ੍ਹਾਂ ਦਿਨਾਂ ਵਿੱਚ ਤੁਹਾਡੇ ਲਈ ਪਰਮੇਸ਼ੁਰ ਦੀ ਗਵਾਹੀ ਦੇਣੀ ਜ਼ਰੂਰੀ ਹੈ। ਭਾਵੇਂ ਤੁਹਾਡੇ ਦੁੱਖ ਕਿੰਨੇ ਵੀ ਵੱਡੇ ਹਨ, ਤੁਹਾਨੂੰ ਅੰਤ ਤਕ ਚੱਲਣਾ ਚਾਹੀਦਾ ਹੈ, ਅਤੇ ਇੱਥੋਂ ਤਕ ਕਿ ਆਪਣੇ ਅੰਤਮ ਸਾਹ ਤਕ ਵੀ ਤੁਹਾਨੂੰ ਪਰਮੇਸ਼ੁਰ ਦੇ ਵਫ਼ਾਦਾਰ ਅਤੇ ਪਰਮੇਸ਼ੁਰ ਦੀ ਦਯਾ ’ਤੇ ਰਹਿਣਾ ਜ਼ਰੂਰੀ ਹੈ; ਸਿਰਫ਼ ਇਹੀ ਪਰਮੇਸ਼ੁਰ ਨੂੰ ਸੱਚਾ ਪਿਆਰ ਕਰਨਾ ਹੈ, ਅਤੇ ਇਹੀ ਮਜ਼ਬੂਤ ਅਤੇ ਜ਼ਬਰਦਸਤ ਗਵਾਹੀ ਹੈ। ਜਦੋਂ ਸ਼ਤਾਨ ਤੈਨੂੰ ਪ੍ਰਲੋਭਨ ਦਿੰਦਾ ਹੈ, ਤਾਂ ਤੈਨੂੰ ਕਹਿਣਾ ਚਾਹੀਦਾ ਹੈ: “ਮੇਰਾ ਦਿਲ ਪਰਮੇਸ਼ੁਰ ਦਾ ਹੈ, ਅਤੇ ਪਰਮੇਸ਼ੁਰ ਨੇ ਪਹਿਲਾਂ ਹੀ ਮੈਨੂੰ ਪ੍ਰਾਪਤ ਕਰ ਲਿਆ ਹੈ। ਮੈਂ ਤੈਨੂੰ ਸੰਤੁਸ਼ਟ ਨਹੀਂ ਕਰ ਸਕਦਾ—ਮੇਰੇ ਲਈ ਆਪਣਾ ਸਭ ਕੁਝ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਵਿੱਚ ਲਗਾਉਣਾ ਜ਼ਰੂਰੀ ਹੈ।” ਜਿੰਨਾ ਜ਼ਿਆਦਾ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਦਾ ਹੈਂ, ਉੰਨੀ ਹੀ ਵੱਧ ਪਰਮੇਸ਼ੁਰ ਤੈਨੂੰ ਅਸੀਸ ਦਿੰਦਾ ਹੈ ਅਤੇ ਪਰਮੇਸ਼ੁਰ ਲਈ ਤੇਰੇ ਪਿਆਰ ਦੀ ਸਮਰੱਥਾ ਵੀ ਉੰਨੀ ਹੀ ਜ਼ਿਆਦਾ ਹੋਏਗੀ; ਅਤੇ ਇਸ ਦੇ ਨਾਲ, ਤੇਰੇ ਅੰਦਰ ਨਿਹਚਾ ਅਤੇ ਦ੍ਰਿੜ੍ਹ ਨਿਸ਼ਚਾ ਵੀ ਹੋਏਗਾ, ਅਤੇ ਤੂੰ ਮਹਿਸੂਸ ਕਰੇਂਗਾ ਕਿ ਪਰਮੇਸ਼ੁਰ ਨੂੰ ਪਿਆਰ ਕਰਨ ਵਿੱਚ ਬਿਤਾਏ ਜਾਣ ਵਾਲੇ ਜੀਵਨ ਤੋਂ ਵੱਧ ਕੇ ਕੀਮਤੀ ਜਾਂ ਮਹੱਤਵਪੂਰਣ ਹੋਰ ਕੁਝ ਨਹੀਂ ਹੈ। ਇਹ ਕਿਹਾ ਜਾ ਸਕਦਾ ਹੈ ਕਿ ਜੇ ਮਨੁੱਖ ਨੇ ਸੋਗ ਤੋਂ ਰਹਿਤ ਰਹਿਣਾ ਹੈ ਤਾਂ ਉਸ ਕੋਲ ਪਰਮੇਸ਼ੁਰ ਨਾਲ ਪਿਆਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਹਾਲਾਂਕਿ ਅਜਿਹੇ ਸਮੇਂ ਹੁੰਦੇ ਹਨ ਜਦੋਂ ਤੇਰਾ ਸਰੀਰ ਕਮਜ਼ੋਰ ਹੁੰਦਾ ਹੈ ਅਤੇ ਕਈ ਅਸਲ ਪਰੇਸ਼ਾਨੀਆਂ ਤੈਨੂੰ ਘੇਰ ਲੈਂਦੀਆਂ ਹਨ, ਇਨ੍ਹਾਂ ਸਮਿਆਂ ਦੌਰਾਨ, ਤੂੰ ਸੱਚਮੁੱਚ ਪਰਮੇਸ਼ੁਰ ’ਤੇ ਨਿਰਭਰ ਕਰੇਂਗਾ, ਅਤੇ ਆਪਣੀ ਆਤਮਾ ਦੇ ਅੰਦਰ ਤੂੰ ਦਿਲਾਸਾ ਪ੍ਰਾਪਤ ਕਰੇਂਗਾ, ਤੂੰ ਨਿਸ਼ਚਿਤਤਾ ਮਹਿਸੂਸ ਕਰੇਂਗਾ, ਅਤੇ ਤੇਰੇ ਕੋਲ ਅਜਿਹਾ ਕੁਝ ਹੋਏਗਾ ਜਿਸ ਉੱਪਰ ਤੂੰ ਨਿਰਭਰ ਹੋਏਂਗਾ। ਇਸ ਤਰ੍ਹਾਂ, ਤੂੰ ਕਈ ਵਾਤਾਵਰਣਾਂ ’ਤੇ ਜਿੱਤ ਪ੍ਰਾਪਤ ਕਰ ਪਾਏਂਗਾ, ਅਤੇ ਇਸ ਲਈ ਤੂੰ ਦੁੱਖਾਂ ਨੂੰ ਸਹਿਣ ਕਰਨ ਕਰਕੇ ਪਰਮੇਸ਼ੁਰ ਬਾਰੇ ਸ਼ਿਕਾਇਤ ਨਹੀਂ ਕਰੇਂਗਾ। ਇਸ ਦੀ ਬਜਾਏ, ਤੂੰ ਗੀਤ ਗਾਉਣਾ, ਨੱਚਣਾ, ਅਤੇ ਪ੍ਰਾਰਥਨਾ ਕਰਨਾ ਚਾਹੇਂਗਾ, ਇਕੱਤਰ ਹੋਣਾ ਅਤੇ ਸੰਗਤ ਕਰਨਾ, ਪਰਮੇਸ਼ੁਰ ਬਾਰੇ ਵਿਚਾਰ ਕਰਨਾ ਚਾਹੇਂਗਾ, ਅਤੇ ਤੂੰ ਮਹਿਸੂਸ ਕਰੇਂਗਾ ਕਿ ਤੇਰੇ ਆਲੇ ਦੁਆਲੇ ਦੇ ਸਾਰੇ ਲੋਕ, ਮਸਲੇ, ਅਤੇ ਚੀਜ਼ਾਂ ਜੋ ਪਰਮੇਸ਼ੁਰ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਹਨ ਢੁੱਕਵੀਆਂ ਹਨ। ਜੇ ਤੂੰ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦਾ, ਤਾਂ ਤੂੰ ਜੋ ਵੀ ਦੇਖੇਂਗਾ ਤੈਨੂੰ ਅਕਾਉਣ ਵਾਲਾ ਲੱਗੇਗਾ ਅਤੇ ਤੇਰੀਆਂ ਨਜ਼ਰਾਂ ਲਈ ਕੁਝ ਵੀ ਸੁਹਾਵਣਾ ਨਹੀਂ ਹੋਏਗਾ; ਆਪਣੀ ਆਤਮਾ ਵਿੱਚ ਤੂੰ ਆਜ਼ਾਦ ਨਹੀਂ ਰਹੇਂਗਾ ਸਗੋਂ ਦੱਬਿਆ-ਕੁਚਲਿਆ ਜਾਏਂਗਾ, ਤੇਰਾ ਮਨ ਹਮੇਸ਼ਾ ਪਰਮੇਸ਼ੁਰ ਬਾਰੇ ਸ਼ਿਕਾਇਤ ਕਰੇਗਾ, ਅਤੇ ਤੂੰ ਹਮੇਸ਼ਾ ਮਹਿਸੂਸ ਕਰੇਂਗਾ ਕਿ ਤੂੰ ਬਹੁਤ ਜ਼ਿਆਦਾ ਸੰਤਾਪ ਝੱਲਦਾ ਹੈਂ, ਅਤੇ ਇਹ ਬਹੁਤ ਅਨੁਚਿਤ ਹੈ। ਜੇ ਤੂੰ ਖੁਸ਼ੀ ਲਈ ਕੋਸ਼ਿਸ਼ ਨਹੀਂ ਕਰਦਾ, ਸਗੋਂ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਲਈ ਅਤੇ ਸ਼ਤਾਨ ਦੁਆਰਾ ਦੋਸ਼ੀ ਨਾ ਮੰਨੇ ਜਾਣ ਦੀ ਕੋਸ਼ਿਸ਼ ਕਰਦਾ ਹੈਂ, ਤਾਂ ਅਜਿਹੀ ਖੋਜ ਤੈਨੂੰ ਪਰਮੇਸ਼ੁਰ ਨਾਲ ਪਿਆਰ ਕਰਨ ਲਈ ਵੱਡੀ ਸਮਰੱਥਾ ਦਏਗੀ। ਮਨੁੱਖ ਉਹ ਸਭ ਪੂਰਾ ਕਰਨ ਦੇ ਯੋਗ ਹੈ ਜੋ ਪਰਮੇਸ਼ੁਰ ਦੁਆਰਾ ਕਿਹਾ ਗਿਆ ਹੈ, ਅਤੇ ਉਹ ਸਭ ਜੋ ਉਹ ਕਰਦਾ ਹੈ ਉਹ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਯੋਗ ਹੈ—ਅਸਲੀਅਤ ਨਾਲ ਸੰਪੰਨ ਹੋਣ ਦਾ ਇਹੀ ਅਰਥ ਹੈ। ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਯਤਨ ਵਿੱਚ ਰਹਿਣਾ, ਉਸ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਣ ਲਈ ਪਰਮੇਸ਼ੁਰ ਪ੍ਰਤੀ ਆਪਣੇ ਪਿਆਰ ਦਾ ਇਸਤੇਮਾਲ ਕਰਨਾ ਹੈ; ਸਮਾਂ ਭਾਵੇਂ ਕੋਈ ਵੀ ਹੋਵੇ—ਇੱਥੋਂ ਤਕ ਕਿ ਜਦੋਂ ਦੂਜੇ ਲੋਕ ਸਮਰੱਥਾ ਦੇ ਬਿਨਾਂ ਹਨ—ਤੇਰੇ ਅੰਦਰ ਅਜੇ ਵੀ ਇੱਕ ਅਜਿਹਾ ਦਿਲ ਹੈ ਜੋ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਜੋ ਬੜੀ ਗਹਿਰਾਈ ਤੋਂ ਪਰਮੇਸ਼ੁਰ ਲਈ ਲੋਚਦਾ ਹੈ ਅਤੇ ਪਰਮੇਸ਼ੁਰ ਨੂੰ ਯਾਦ ਕਰਦਾ ਹੈ। ਇਹ ਅਸਲ ਰੁਤਬਾ ਹੈ। ਤੇਰਾ ਰੁਤਬਾ ਕਿੰਨਾ ਉੱਚਾ ਹੈ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਪਰਮੇਸ਼ੁਰ ਲਈ ਤੇਰਾ ਪਿਆਰ ਕਿੰਨਾ ਵੱਡਾ ਹੈ, ਇਸ ਗੱਲ ’ਤੇ ਕਿ ਤੂੰ ਪਰਖੇ ਜਾਣ ’ਤੇ ਮਜ਼ਬੂਤੀ ਨਾਲ ਖੜ੍ਹਾ ਰਹਿਣ ਦੇ ਯੋਗ ਹੈਂ ਜਾਂ ਨਹੀਂ, ਜਦੋਂ ਕੋਈ ਖਾਸ ਸਥਿਤੀ ਤੇਰੇ ’ਤੇ ਆਉਂਦੀ ਹੈ ਤਾਂ ਕੀ ਤੂੰ ਕਮਜ਼ੋਰ ਪੈ ਜਾਂਦਾ ਹੈਂ, ਅਤੇ ਜਦੋਂ ਤੇਰੇ ਭੈਣ-ਭਰਾ ਤੈਨੂੰ ਠੁਕਰਾ ਦਿੰਦੇ ਹਨ ਤਾਂ ਕੀ ਤੂੰ ਸਥਿਰ ਰਹਿ ਸਕਦਾ ਹੈਂ; ਇਨ੍ਹਾਂ ਗੱਲਾਂ ਦੇ ਤੱਥ ਤੈਨੂੰ ਦਿਖਾਉਣਗੇ ਕਿ ਪਰਮੇਸ਼ੁਰ ਲਈ ਤੇਰਾ ਪਿਆਰ ਕਿਵੇਂ ਦਾ ਹੈ। ਪਰਮੇਸ਼ੁਰ ਦੇ ਬਹੁਤੇ ਕੰਮਾਂ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਪਰਮੇਸ਼ੁਰ ਸੱਚਮੁੱਚ ਮਨੁੱਖ ਨਾਲ ਪਿਆਰ ਕਰਦਾ ਹੈ, ਬਸ ਮਨੁੱਖ ਦੀ ਆਤਮਾ ਦੀਆਂ ਅੱਖਾਂ ਦਾ ਅਜੇ ਪੂਰੀ ਤਰ੍ਹਾਂ ਖੁੱਲ੍ਹਣਾ ਬਾਕੀ ਹੈ ਅਤੇ ਉਹ ਪਰਮੇਸ਼ੁਰ ਦੇ ਬਹੁਤੇ ਕੰਮ ਨੂੰ, ਅਤੇ ਪਰਮੇਸ਼ੁਰ ਦੀ ਇੱਛਾ ਨੂੰ, ਅਤੇ ਉਨ੍ਹਾਂ ਬਹੁਤ ਸਾਰੀਆਂ ਚੀਜ਼ਾਂ ਜੋ ਪਰਮੇਸ਼ੁਰ ਬਾਰੇ ਮਨੋਹਰ ਹਨ, ਨੂੰ ਸਪਸ਼ਟ ਰੂਪ ਵਿੱਚ ਦੇਖਣ ਵਿੱਚ ਅਸਮਰਥ ਹੈ; ਮਨੁੱਖ ਵਿੱਚ ਪਰਮੇਸ਼ੁਰ ਪ੍ਰਤੀ ਸੱਚਾ ਪਿਆਰ ਬਹੁਤ ਘੱਟ ਹੈ। ਤੂੰ ਇਸ ਸਾਰੇ ਸਮੇਂ ਦੌਰਾਨ ਪਰਮੇਸ਼ੁਰ ’ਤੇ ਵਿਸ਼ਵਾਸ ਰੱਖਿਆ ਹੈ, ਅਤੇ ਅੱਜ ਪਰਮੇਸ਼ੁਰ ਨੇ ਬਚ ਨਿਕਲਣ ਦੇ ਸਾਰੇ ਰਾਹ ਬੰਦ ਕਰ ਦਿੱਤੇ ਹਨ। ਅਸਲੀਅਤ ਵਿੱਚ ਕਹੀਏ ਤਾਂ, ਤੇਰੇ ਕੋਲ ਸਹੀ ਮਾਰਗ ’ਤੇ ਚੱਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ, ਉਹ ਸਹੀ ਮਾਰਗ ਜਿਸ ਵਿੱਚ ਤੇਰੀ ਅਗਵਾਈ ਪਰਮੇਸ਼ੁਰ ਦੇ ਕਠੋਰ ਨਿਆਂ ਅਤੇ ਸਰਬਉੱਚ ਮੁਕਤੀ ਦੁਆਰਾ ਕੀਤੀ ਗਈ ਹੈ। ਸਿਰਫ਼ ਮੁਸ਼ਕਲਾਂ ਅਤੇ ਤਾਏ ਜਾਣ ਦਾ ਅਨੁਭਵ ਕਰਨ ਤੋਂ ਬਾਅਦ ਹੀ ਮਨੁੱਖ ਜਾਣ ਪਾਉਂਦਾ ਹੈ ਕਿ ਪਰਮੇਸ਼ੁਰ ਮਨੋਹਰ ਹੈ। ਅੱਜ ਤਕ ਅਨੁਭਵ ਕਰਨ ਤੋਂ ਬਾਅਦ, ਇਹ ਕਿਹਾ ਜਾ ਸਕਦਾ ਹੈ ਕਿ ਮਨੁੱਖ ਪਰਮੇਸ਼ੁਰ ਦੀ ਮਨੋਹਰਤਾ ਦੇ ਇੱਕ ਭਾਗ ਨੂੰ ਜਾਣ ਗਿਆ ਹੈ—ਪਰ ਇਹ ਅਜੇ ਵੀ ਕਾਫ਼ੀ ਨਹੀਂ ਹੈ, ਕਿਉਂਕਿ ਮਨੁੱਖ ਵਿੱਚ ਬਹੁਤ ਕਮੀਆਂ ਹਨ। ਮਨੁੱਖ ਲਈ ਪਰਮੇਸ਼ੁਰ ਦੇ ਅਦਭੁੱਤ ਕੰਮ ਦਾ ਹੋਰ ਜ਼ਿਆਦਾ ਅਨੁਭਵ ਕਰਨਾ, ਅਤੇ ਪਰਮੇਸ਼ੁਰ ਦੁਆਰਾ ਠਹਿਰਾਏ ਗਏ ਦੁੱਖ ਦੇ ਤਾਏ ਜਾਣ ਦਾ ਹੋਰ ਜ਼ਿਆਦਾ ਅਨੁਭਵ ਕਰਨਾ ਜ਼ਰੂਰੀ ਹੈ। ਸਿਰਫ਼ ਤਾਂ ਹੀ ਮਨੁੱਖ ਦੇ ਜੀਵਨ ਦੀ ਅਵਸਥਾ ਬਦਲ ਸਕਦੀ ਹੈ।

ਪਿਛਲਾ: ਜਿਨ੍ਹਾਂ ਨੂੰ ਸੰਪੂਰਣ ਕੀਤਾ ਜਾਣਾ ਹੈ ਉਨ੍ਹਾਂ ਦਾ ਤਾਏ ਜਾਣਾ ਜ਼ਰੂਰੀ ਹੈ

ਅਗਲਾ: ਸਿਰਫ ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਸੱਚਮੁੱਚ ਪਰਮੇਸ਼ੁਰ ’ਤੇ ਸੱਚਾ ਵਿਸ਼ਵਾਸ ਕਰਨਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ