ਜੋ ਪਰਮੇਸ਼ੁਰ ਨੂੰ ਜਾਣਦੇ ਹਨ ਸਿਰਫ਼ ਉਹੀ ਪਰਮੇਸ਼ੁਰ ਦੀ ਗਵਾਹੀ ਦੇ ਸਕਦੇ ਹਨ

ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਣਾ ਅਤੇ ਪਰਮੇਸ਼ੁਰ ਨੂੰ ਜਾਣਨਾ ਉਚਿਤ ਅਤੇ ਅਟੱਲ ਹੈ, ਅਤੇ ਅੱਜ—ਅਜਿਹੇ ਯੁੱਗ ਦੇ ਦੌਰਾਨ ਜਦੋਂ ਦੇਹਧਾਰੀ ਪਰਮੇਸ਼ੁਰ ਆਪ ਆਪਣਾ ਕੰਮ ਕਰ ਰਿਹਾ ਹੈ—ਪਰਮੇਸ਼ੁਰ ਨੂੰ ਜਾਣਨ ਦਾ ਖਾਸ ਤੌਰ ’ਤੇ ਇੱਕ ਚੰਗਾ ਸਮਾਂ ਹੈ। ਪਰਮੇਸ਼ੁਰ ਨੂੰ ਸੰਤੁਸ਼ਟ ਕਰਨਾ ਅਜਿਹੀ ਚੀਜ਼ ਹੈ ਜੋ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਦੀ ਨੀਂਹ ਦੇ ਅਧਾਰ ’ਤੇ ਪ੍ਰਾਪਤ ਕੀਤੀ ਜਾਂਦੀ ਹੈ, ਅਤੇ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਲਈ ਪਰਮੇਸ਼ੁਰ ਬਾਰੇ ਕੁਝ ਗਿਆਨ ਹੋਣਾ ਜ਼ਰੂਰੀ ਹੈ। ਪਰਮੇਸ਼ੁਰ ਬਾਰੇ ਇਹ ਗਿਆਨ ਉਹ ਦਰਸ਼ਣ ਹੈ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਵਾਲੇ ਕਿਸੇ ਵੀ ਵਿਅਕਤੀ ਕੋਲ ਜ਼ਰੂਰ ਹੋਣਾ ਚਾਹੀਦਾ ਹੈ; ਇਹ ਮਨੁੱਖ ਦੇ ਪਰਮੇਸ਼ੁਰ ਵਿੱਚ ਵਿਸ਼ਵਾਸ ਦਾ ਅਧਾਰ ਹੈ। ਇਸ ਗਿਆਨ ਦੀ ਘਾਟ ਨਾਲ, ਪਰਮੇਸ਼ੁਰ ਵਿੱਚ ਮਨੁੱਖ ਦਾ ਵਿਸ਼ਵਾਸ ਖੋਖਲੇ ਸਿਧਾਂਤ ਦੇ ਦਰਮਿਆਨ, ਕਿਸੇ ਅਸਪਸ਼ਟ ਜਿਹੀ ਸਥਿਤੀ ਵਿੱਚ ਹੋਵੇਗਾ। ਭਾਵੇਂ ਕਿ ਪਰਮੇਸ਼ੁਰ ਦੀ ਪਾਲਣਾ ਕਰਨਾ ਇਸ ਤਰ੍ਹਾਂ ਦੇ ਲੋਕਾਂ ਦਾ ਨਿਸ਼ਚਾ ਹੁੰਦਾ ਹੈ, ਤਾਂ ਵੀ ਉਨ੍ਹਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਜੋ ਇਸ ਪੱਧਰ ’ਤੇ ਕੁਝ ਵੀ ਪ੍ਰਾਪਤ ਨਹੀਂ ਕਰਦੇ ਉਹ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਮਿਟਾ ਦਿੱਤਾ ਜਾਵੇਗਾ—ਉਹ ਸਾਰੇ ਹੀ ਮੁਫਤਖੋਰ ਹਨ। ਤੂੰ ਪਰਮੇਸ਼ੁਰ ਦੇ ਕੰਮ ਦੇ ਜਿਸ ਵੀ ਕਦਮ ਦਾ ਅਨੁਭਵ ਕਰਦਾ ਹੈਂ, ਇਸ ਦੇ ਨਾਲ ਤੇਰੇ ਕੋਲ ਇੱਕ ਸ਼ਕਤੀਸ਼ਾਲੀ ਦਰਸ਼ਣ ਹੋਣਾ ਚਾਹੀਦਾ ਹੈ। ਨਹੀਂ ਤਾਂ, ਤੇਰੇ ਲਈ ਨਵੇਂ ਕੰਮ ਦੇ ਹਰ ਕਦਮ ਨੂੰ ਸਵੀਕਾਰ ਕਰਨਾ ਮੁਸ਼ਕਲ ਹੋਵੇਗਾ, ਕਿਉਂਕਿ ਪਰਮੇਸ਼ੁਰ ਦਾ ਨਵਾਂ ਕੰਮ ਮਨੁੱਖ ਦੀ ਕਲਪਨਾ ਕਰਨ ਦੀ ਸਮਰੱਥਾ ਤੋਂ ਪਰ੍ਹੇ ਹੈ, ਅਤੇ ਉਸ ਦੀ ਸਮਝ ਦੀਆਂ ਹੱਦਾਂ ਤੋਂ ਬਾਹਰ ਹੈ। ਇਸ ਲਈ, ਕਿਸੇ ਚਰਵਾਹੇ ਦੁਆਰਾ ਮਨੁੱਖ ਦੀ ਦੇਖਭਾਲ ਤੋਂ ਬਗੈਰ, ਦਰਸ਼ਣਾਂ ਬਾਰੇ ਸੰਗਤੀ ਵਿੱਚ ਸ਼ਾਮਲ ਹੋਣ ਲਈ ਕਿਸੇ ਚਰਵਾਹੇ ਤੋਂ ਬਗੈਰ, ਮਨੁੱਖ ਇਸ ਨਵੇਂ ਕੰਮ ਨੂੰ ਸਵੀਕਾਰ ਕਰਨ ਤੋਂ ਅਸਮਰੱਥ ਹੈ। ਜੇ ਮਨੁੱਖ ਦਰਸ਼ਣ ਪ੍ਰਾਪਤ ਨਹੀਂ ਕਰ ਸਕਦਾ, ਤਾਂ ਉਹ ਪਰਮੇਸ਼ੁਰ ਦੇ ਨਵੇਂ ਕੰਮ ਨੂੰ ਵੀ ਪ੍ਰਾਪਤ ਨਹੀਂ ਕਰ ਸਕਦਾ, ਅਤੇ ਜੇ ਮਨੁੱਖ ਪਰਮੇਸ਼ੁਰ ਦੇ ਨਵੇਂ ਕੰਮ ਦਾ ਆਗਿਆ ਪਾਲਣ ਨਹੀਂ ਕਰ ਸਕਦਾ, ਤਾਂ ਮਨੁੱਖ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਦੇ ਯੋਗ ਨਹੀਂ ਹੋਵੇਗਾ, ਅਤੇ ਇਸ ਲਈ ਪਰਮੇਸ਼ੁਰ ਬਾਰੇ ਉਸ ਦੇ ਗਿਆਨ ਦਾ ਕੋਈ ਮਤਲਬ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਕਿ ਮਨੁੱਖ ਪਰਮੇਸ਼ੁਰ ਦੇ ਵਚਨ ਨੂੰ ਪੂਰਾ ਕਰੇ, ਉਸ ਨੂੰ ਲਾਜ਼ਮੀ ਤੌਰ ’ਤੇ ਪਰਮੇਸ਼ੁਰ ਦੇ ਵਚਨ ਨੂੰ ਜਾਣਨਾ ਜ਼ਰੂਰੀ ਹੈ; ਭਾਵ, ਇਹ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੀ ਇੱਛਾ ਨੂੰ ਸਮਝੇ। ਸਿਰਫ਼ ਇਸ ਤਰੀਕੇ ਨਾਲ ਹੀ ਪਰਮੇਸ਼ੁਰ ਦੇ ਵਚਨ ਨੂੰ ਸਹੀ ਢੰਗ ਨਾਲ ਅਤੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਪੂਰਾ ਕੀਤਾ ਜਾ ਸਕਦਾ ਹੈ। ਇਹ ਅਜਿਹੀ ਚੀਜ਼ ਹੈ ਜੋ ਹਰ ਉਸ ਵਿਅਕਤੀ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਜੋ ਸੱਚਾਈ ਨੂੰ ਭਾਲਦਾ ਹੈ, ਅਤੇ ਇਹ ਉਹ ਪ੍ਰਕਿਰਿਆ ਵੀ ਹੈ ਜਿਸ ਵਿੱਚੋਂ ਹਰ ਉਸ ਵਿਅਕਤੀ ਨੂੰ ਲੰਘਣਾ ਜ਼ਰੂਰੀ ਹੈ ਜੋ ਪਰਮੇਸ਼ੁਰ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਪਰਮੇਸ਼ੁਰ ਦੇ ਵਚਨ ਬਾਰੇ ਜਾਣੂ ਹੋਣ ਦੀ ਪ੍ਰਕਿਰਿਆ ਪਰਮੇਸ਼ੁਰ ਅਤੇ ਪਰਮੇਸ਼ੁਰ ਦੇ ਕੰਮ ਬਾਰੇ ਜਾਣੂ ਹੋਣ ਦੀ ਪ੍ਰਕਿਰਿਆ ਹੈ। ਇਸ ਲਈ, ਦਰਸ਼ਣਾਂ ਬਾਰੇ ਜਾਣਨ ਤੋਂ ਭਾਵ ਨਾ ਸਿਰਫ਼ ਦੇਹਧਾਰੀ ਪਰਮੇਸ਼ੁਰ ਦੀ ਮਨੁੱਖਤਾ ਬਾਰੇ ਜਾਣਨਾ ਹੈ, ਬਲਕਿ ਇਸ ਵਿੱਚ ਪਰਮੇਸ਼ੁਰ ਦੇ ਵਚਨ ਅਤੇ ਕੰਮ ਨੂੰ ਜਾਣਨਾ ਵੀ ਸ਼ਾਮਲ ਹੈ। ਪਰਮੇਸ਼ੁਰ ਦੇ ਵਚਨ ਤੋਂ ਲੋਕਾਂ ਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਸਮਝ ਆਉਂਦੀ ਹੈ, ਅਤੇ ਪਰਮੇਸ਼ੁਰ ਦੇ ਕੰਮ ਤੋਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੁਭਾਅ ਅਤੇ ਪਰਮੇਸ਼ੁਰ ਕੀ ਹੈ, ਬਾਰੇ ਜਾਣਕਾਰੀ ਮਿਲਦੀ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਪਰਮੇਸ਼ੁਰ ਨੂੰ ਜਾਣਨ ਦਾ ਪਹਿਲਾ ਕਦਮ ਹੈ। ਪਰਮੇਸ਼ੁਰ ਵਿੱਚ ਇਸ ਸ਼ੁਰੂਆਤੀ ਵਿਸ਼ਵਾਸ ਤੋਂ ਉਸ ਵਿੱਚ ਸਭ ਤੋਂ ਡੂੰਘੇ ਵਿਸ਼ਵਾਸ ਵੱਲ ਵਧਣ ਦੀ ਪ੍ਰਕਿਰਿਆ ਹੈ ਪਰਮੇਸ਼ੁਰ ਨੂੰ ਜਾਣਨ ਦੀ ਪ੍ਰਕਿਰਿਆ, ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਨ ਦੀ ਪ੍ਰਕਿਰਿਆ। ਜੇ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਉਸ ਨੂੰ ਜਾਣਨ ਦੇ ਲਈ ਨਹੀਂ, ਸਿਰਫ਼ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦੀ ਖਾਤਰ ਕਰਦਾ ਹੈਂ, ਤਾਂ ਤੇਰੀ ਨਿਹਚਾ ਵਿੱਚ ਕੋਈ ਸੱਚਾਈ ਨਹੀਂ ਹੈ, ਅਤੇ ਤੇਰੀ ਨਿਹਚਾ ਸ਼ੁੱਧ ਨਹੀਂ ਹੋ ਸਕਦੀ—ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜੇ, ਉਸ ਪ੍ਰਕਿਰਿਆ ਦੇ ਦੌਰਾਨ ਜਿਸ ਰਾਹੀਂ ਮਨੁੱਖ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਦਾ ਹੈ, ਉਹ ਸਹਿਜੇ-ਸਹਿਜੇ ਪਰਮੇਸ਼ੁਰ ਨੂੰ ਜਾਣ ਲੈਂਦਾ ਹੈ, ਤਾਂ ਉਸ ਦਾ ਸੁਭਾਅ ਸਹਿਜੇ-ਸਹਿਜੇ ਬਦਲ ਜਾਵੇਗਾ, ਅਤੇ ਉਸ ਦਾ ਵਿਸ਼ਵਾਸ ਹੋਰ ਸੱਚਾ ਹੁੰਦਾ ਜਾਵੇਗਾ। ਇਸ ਤਰੀਕੇ ਨਾਲ, ਜਦੋਂ ਮਨੁੱਖ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਵਿੱਚ ਸਫ਼ਲਤਾ ਪ੍ਰਾਪਤ ਕਰ ਲਵੇਗਾ, ਤਾਂ ਉਹ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਨੂੰ ਪ੍ਰਾਪਤ ਕਰ ਚੁੱਕਾ ਹੋਵੇਗਾ। ਪਰਮੇਸ਼ੁਰ ਨੇ ਦੂਜੀ ਵਾਰ ਨਿੱਜੀ ਤੌਰ ’ਤੇ ਆਪਣਾ ਕੰਮ ਕਰਨ ਲਈ ਦੇਹਧਾਰੀ ਬਣਨ ਲਈ ਐਨੀ ਘਾਲਣਾ ਇਸ ਕਰਕੇ ਘਾਲੀ ਤਾਂ ਜੋ ਮਨੁੱਖ ਉਸ ਨੂੰ ਜਾਣ ਸਕੇ ਅਤੇ ਉਸ ਨੂੰ ਵੇਖ ਸਕੇ। ਪਰਮੇਸ਼ੁਰ ਨੂੰ ਜਾਣਨਾ[ੳ] ਪਰਮੇਸ਼ੁਰ ਦੇ ਕੰਮ ਦੇ ਖਤਮ ਹੋਣ ’ਤੇ ਪ੍ਰਾਪਤ ਹੋਣ ਵਾਲਾ ਅੰਤਮ ਪ੍ਰਭਾਵ ਹੈ; ਇਹ ਮਨੁੱਖਜਾਤੀ ਲਈ ਪਰਮੇਸ਼ੁਰ ਦੀ ਆਖਰੀ ਸ਼ਰਤ ਹੈ। ਉਹ ਇਹ ਕੰਮ ਆਪਣੀ ਅੰਤਮ ਗਵਾਹੀ ਦੀ ਖਾਤਰ ਕਰਦਾ ਹੈ; ਉਹ ਇਹ ਕੰਮ ਇਸ ਲਈ ਕਰਦਾ ਹੈ ਤਾਂ ਜੋ ਮਨੁੱਖ ਅਖੀਰ ਵਿੱਚ ਅਤੇ ਪੂਰੀ ਤਰ੍ਹਾਂ ਦੇ ਨਾਲ ਉਸ ਵੱਲ ਮੁੜ ਸਕੇ। ਮਨੁੱਖ ਸਿਰਫ਼ ਪਰਮੇਸ਼ੁਰ ਬਾਰੇ ਜਾਣ ਕੇ ਹੀ ਪਰਮੇਸ਼ੁਰ ਨੂੰ ਪਿਆਰ ਕਰਨ ਲੱਗ ਸਕਦਾ ਹੈ, ਅਤੇ ਪਰਮੇਸ਼ੁਰ ਨੂੰ ਪਿਆਰ ਕਰਨ ਲਈ ਉਸ ਦੇ ਲਈ ਪਰਮੇਸ਼ੁਰ ਨੂੰ ਜਾਣਨਾ ਜ਼ਰੂਰੀ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਵੇਂ ਭਾਲਦਾ ਹੈ, ਜਾਂ ਕੀ ਪ੍ਰਾਪਤ ਕਰਨਾ ਚਾਹੁੰਦਾ ਹੈ, ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਦੇ ਯੋਗ ਹੋਵੇ। ਸਿਰਫ਼ ਇਸ ਤਰੀਕੇ ਨਾਲ ਹੀ ਮਨੁੱਖ ਪਰਮੇਸ਼ੁਰ ਦੇ ਮਨ ਨੂੰ ਸੰਤੁਸ਼ਟ ਕਰ ਸਕਦਾ ਹੈ। ਸਿਰਫ਼ ਪਰਮੇਸ਼ੁਰ ਬਾਰੇ ਜਾਣ ਕੇ ਹੀ ਮਨੁੱਖ ਪਰਮੇਸ਼ੁਰ ਵਿੱਚ ਸੱਚੀ ਨਿਹਚਾ ਰੱਖ ਸਕਦਾ ਹੈ, ਅਤੇ ਸਿਰਫ਼ ਪਰਮੇਸ਼ੁਰ ਬਾਰੇ ਜਾਣ ਕੇ ਹੀ ਉਹ ਸੱਚਮੁੱਚ ਪਰਮੇਸ਼ੁਰ ਲਈ ਸ਼ਰਧਾ ਰੱਖ ਸਕਦਾ ਹੈ ਅਤੇ ਉਸ ਦੀ ਆਗਿਆ ਦਾ ਪਾਲਣ ਕਰ ਸਕਦਾ ਹੈ। ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹ ਕਦੇ ਵੀ ਪਰਮੇਸ਼ੁਰ ਪ੍ਰਤੀ ਸੱਚੀ ਆਗਿਆਕਾਰਤਾ ਅਤੇ ਸ਼ਰਧਾ ਪ੍ਰਾਪਤ ਨਹੀਂ ਕਰ ਸਕਣਗੇ। ਪਰਮੇਸ਼ੁਰ ਨੂੰ ਜਾਣਨ ਵਿੱਚ ਉਸ ਦੇ ਸੁਭਾਅ ਨੂੰ ਜਾਣਨਾ, ਉਸ ਦੀ ਇੱਛਾ ਨੂੰ ਸਮਝਣਾ, ਅਤੇ ਇਹ ਸਮਝਣਾ ਸ਼ਾਮਲ ਹੁੰਦਾ ਹੈ ਕਿ ਉਹ ਕੀ ਹੈ। ਫੇਰ ਵੀ, ਕਿਸੇ ਵਿਅਕਤੀ ਨੂੰ ਭਾਵੇਂ ਜਿਸ ਵੀ ਪਹਿਲੂ ਬਾਰੇ ਪਤਾ ਲੱਗੇ, ਹਰ ਪਹਿਲੂ ਵਿੱਚ ਹੀ ਮਨੁੱਖ ਨੂੰ ਕੀਮਤ ਚੁਕਾਉਣੀ ਪੈਂਦੀ ਹੈ ਅਤੇ ਆਗਿਆ ਪਾਲਣ ਕਰਨ ਦੀ ਇੱਛਾ ਦੀ ਲੋੜ ਹੁੰਦੀ ਹੈ, ਜਿਸ ਤੋਂ ਬਗੈਰ ਕੋਈ ਵੀ ਵਿਅਕਤੀ ਅਖੀਰ ਤੱਕ ਅਨੁਸਰਣ ਨਹੀਂ ਕਰ ਸਕੇਗਾ। ਪਰਮੇਸ਼ੁਰ ਦਾ ਕੰਮ ਮਨੁੱਖ ਦੀਆਂ ਧਾਰਣਾਵਾਂ ਦੇ ਬਿਲਕੁਲ ਅਨੁਕੂਲ ਨਹੀਂ ਹੈ। ਪਰਮੇਸ਼ੁਰ ਦਾ ਸੁਭਾਅ ਅਤੇ ਪਰਮੇਸ਼ੁਰ ਕੀ ਹੈ, ਇਸ ਨੂੰ ਜਾਣਨਾ ਮਨੁੱਖ ਲਈ ਬਹੁਤ ਔਖਾ ਹੈ, ਅਤੇ ਪਰਮੇਸ਼ੁਰ ਜੋ ਕੁਝ ਵੀ ਕਹਿੰਦਾ ਅਤੇ ਕਰਦਾ ਹੈ ਉਹ ਮਨੁੱਖ ਦੀ ਸਮਝ ਤੋਂ ਅਤਿਅੰਤ ਬਾਹਰ ਹੈ: ਜੇ ਮਨੁੱਖ ਪਰਮੇਸ਼ੁਰ ਦੇ ਰਾਹ ’ਤੇ ਚੱਲਣਾ ਚਾਹੁੰਦਾ ਹੈ ਅਤੇ ਫੇਰ ਵੀ ਉਸ ਦਾ ਆਗਿਆ ਪਾਲਣ ਕਰਨ ਲਈ ਤਿਆਰ ਨਹੀਂ ਹੈ, ਤਾਂ ਮਨੁੱਖ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ। ਜਗਤ ਦੀ ਸਿਰਜਣਾ ਤੋਂ ਲੈ ਕੇ ਅੱਜ ਤੱਕ, ਪਰਮੇਸ਼ੁਰ ਨੇ ਬਹੁਤ ਸਾਰਾ ਕੰਮ ਕੀਤਾ ਹੈ ਜੋ ਮਨੁੱਖ ਦੀ ਸਮਝ ਤੋਂ ਬਾਹਰ ਹੈ ਅਤੇ ਜਿਸ ਨੂੰ ਸਵੀਕਾਰ ਕਰਨਾ ਮਨੁੱਖ ਨੂੰ ਔਖਾ ਲੱਗਿਆ ਹੈ, ਅਤੇ ਪਰਮੇਸ਼ੁਰ ਨੇ ਬਹੁਤ ਕੁਝ ਕਿਹਾ ਹੈ ਜੋ ਮਨੁੱਖ ਦੀਆਂ ਧਾਰਣਾਵਾਂ ਦਾ ਠੀਕ ਹੋਣਾ ਮੁਸ਼ਕਲ ਬਣਾਉਂਦਾ ਹੈ। ਪਰ ਉਸ ਨੇ ਮਨੁੱਖ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਕਰਕੇ ਆਪਣੇ ਕੰਮ ਨੂੰ ਕਦੇ ਵੀ ਬੰਦ ਨਹੀਂ ਕੀਤਾ ਹੈ; ਬਲਕਿ, ਉਸ ਨੇ ਕੰਮ ਕਰਨਾ ਅਤੇ ਬੋਲਣਾ ਜਾਰੀ ਰੱਖਿਆ ਹੈ, ਅਤੇ ਭਾਵੇਂ ਕਿ ਬਹੁਤ ਸਾਰੇ “ਯੋਧੇ” ਹਾਰ ਮੰਨ ਚੁੱਕੇ ਹਨ, ਪਰ ਉਹ ਅਜੇ ਵੀ ਆਪਣਾ ਕੰਮ ਕਰ ਰਿਹਾ ਹੈ, ਅਤੇ ਕਿਸੇ ਵੀ ਰੁਕਾਵਟ ਦੇ ਬਗੈਰ ਅਜਿਹੇ ਲੋਕਾਂ ਦੇ ਇੱਕ ਤੋਂ ਬਾਅਦ ਇੱਕ ਸਮੂਹ ਨੂੰ ਨਿਰੰਤਰ ਚੁਣ ਰਿਹਾ ਹੈ ਜੋ ਉਸ ਦੇ ਨਵੇਂ ਕੰਮ ਦੇ ਅਧੀਨ ਹੋਣ ਲਈ ਤਿਆਰ ਹਨ। ਉਹ ਉਨ੍ਹਾਂ ਹਾਰ ਮੰਨ ਚੁੱਕੇ “ਸੂਰਮਿਆਂ” ’ਤੇ ਕੋਈ ਰਹਿਮ ਨਹੀਂ ਕਰਦਾ, ਅਤੇ ਇਸ ਦੀ ਬਜਾਏ ਉਨ੍ਹਾਂ ਦੀ ਕਦਰ ਕਰਦਾ ਹੈ ਜੋ ਉਸ ਦੇ ਨਵੇਂ ਕੰਮ ਅਤੇ ਵਚਨਾਂ ਨੂੰ ਸਵੀਕਾਰਦੇ ਹਨ। ਪਰ ਉਹ ਇਸ ਤਰੀਕੇ ਨਾਲ, ਇੱਕ-ਇੱਕ ਕਰਕੇ ਕਿਸ ਉਦੇਸ਼ ਲਈ ਕੰਮ ਕਰਦਾ ਹੈ? ਉਹ ਹਮੇਸ਼ਾ ਕੁਝ ਲੋਕਾਂ ਨੂੰ ਕਿਉਂ ਮਿਟਾ ਰਿਹਾ ਹੈ ਅਤੇ ਦੂਜਿਆਂ ਨੂੰ ਚੁਣ ਰਿਹਾ ਹੈ? ਅਜਿਹਾ ਕਿਉਂ ਹੈ ਕਿ ਉਹ ਹਮੇਸ਼ਾ ਅਜਿਹਾ ਤਰੀਕਾ ਵਰਤਦਾ ਹੈ? ਉਸ ਦੇ ਕੰਮ ਦਾ ਉਦੇਸ਼ ਮਨੁੱਖ ਨੂੰ ਉਸ ਨੂੰ ਜਾਣਨ ਦੇਣਾ, ਅਤੇ ਇੰਝ ਉਸ ਦੁਆਰਾ ਪ੍ਰਾਪਤ ਕੀਤੇ ਜਾਣਾ ਹੈ। ਉਸ ਦੇ ਕੰਮ ਦਾ ਸਿਧਾਂਤ ਉਨ੍ਹਾਂ ਲੋਕਾਂ ’ਤੇ ਕੰਮ ਕਰਨਾ ਹੈ ਜੋ ਉਸ ਦੁਆਰਾ ਇਸ ਸਮੇਂ ਕੀਤੇ ਜਾ ਰਹੇ ਕੰਮ ਦੇ ਅਧੀਨ ਹੋਣ ਦੇ ਯੋਗ ਹਨ, ਨਾ ਕਿ ਉਨ੍ਹਾਂ ’ਤੇ ਕੰਮ ਕਰਨਾ ਜੋ ਉਸ ਦੁਆਰਾ ਅੱਜ ਕੀਤੇ ਜਾ ਰਹੇ ਕੰਮ ਦਾ ਵਿਰੋਧ ਕਰਦਿਆਂ ਬੀਤੇ ਸਮੇਂ ਵਿੱਚ ਉਸ ਦੁਆਰਾ ਕੀਤੇ ਕੰਮ ਦੇ ਅਧੀਨ ਹੁੰਦੇ ਹਨ। ਉਹ ਐਨੇ ਸਾਰੇ ਲੋਕਾਂ ਨੂੰ ਕਿਉਂ ਮਿਟਾ ਰਿਹਾ ਹੈ, ਇਸ ਦਾ ਕਾਰਨ ਇਹੀ ਹੈ।

ਪਰਮੇਸ਼ੁਰ ਨੂੰ ਜਾਣ ਲੈਣ ਦੀ ਸਿੱਖਿਆ ਦੇ ਪ੍ਰਭਾਵ ਇੱਕ ਜਾਂ ਦੋ ਦਿਨਾਂ ਵਿੱਚ ਪ੍ਰਾਪਤ ਨਹੀਂ ਕੀਤੇ ਜਾ ਸਕਦੇ: ਮਨੁੱਖ ਨੂੰ ਅਨੁਭਵ ਇਕੱਠੇ ਕਰਨੇ ਪੈਣਗੇ, ਦੁੱਖ ਝੱਲਣੇ ਪੈਣਗੇ ਅਤੇ ਸੱਚੀ ਅਧੀਨਗੀ ਪ੍ਰਾਪਤ ਕਰਨੀ ਪਵੇਗੀ। ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਕੰਮ ਅਤੇ ਵਚਨਾਂ ਤੋਂ ਅਰੰਭ ਕਰੋ। ਇਹ ਜ਼ਰੂਰੀ ਹੈ ਕਿ ਤੂੰ ਇਸ ਨੂੰ ਸਮਝੇਂ ਕਿ ਪਰਮੇਸ਼ੁਰ ਬਾਰੇ ਗਿਆਨ ਵਿੱਚ ਕੀ ਕੁਝ ਸ਼ਾਮਲ ਹੈ, ਇਸ ਗਿਆਨ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਅਤੇ ਆਪਣੇ ਅਨੁਭਵਾਂ ਵਿੱਚ ਪਰਮੇਸ਼ੁਰ ਨੂੰ ਕਿਵੇਂ ਵੇਖਣਾ ਹੈ। ਇਹ ਹਰ ਉਸ ਵਿਅਕਤੀ ਨੂੰ ਉਦੋਂ ਜ਼ਰੂਰ ਕਰਨਾ ਚਾਹੀਦਾ ਹੈ, ਜਦੋਂ ਉਸ ਨੇ ਪਰਮੇਸ਼ੁਰ ਨੂੰ ਅਜੇ ਜਾਣਨਾ ਹੈ। ਪਰਮੇਸ਼ੁਰ ਦੇ ਕੰਮ ਅਤੇ ਵਚਨਾਂ ਨੂੰ ਕੋਈ ਵੀ ਇੱਕੋ ਹੀ ਝਟਕੇ ਵਿੱਚ ਨਹੀਂ ਸਮਝ ਸਕਦਾ, ਅਤੇ ਕੋਈ ਵੀ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪਰਮੇਸ਼ੁਰ ਦੀ ਸੰਪੂਰਨਤਾ ਦਾ ਗਿਆਨ ਹਾਸਲ ਨਹੀਂ ਕਰ ਸਕਦਾ। ਅਨੁਭਵ ਦੀ ਇੱਕ ਜ਼ਰੂਰੀ ਪ੍ਰਕਿਰਿਆ ਹੈ, ਜਿਸ ਤੋਂ ਬਗੈਰ ਕੋਈ ਵੀ ਪਰਮੇਸ਼ੁਰ ਨੂੰ ਨਹੀਂ ਜਾਣ ਸਕੇਗਾ ਜਾਂ ਸੱਚੇ ਦਿਲੋਂ ਉਸ ਦੇ ਰਾਹ ’ਤੇ ਨਹੀਂ ਚੱਲ ਸਕੇਗਾ। ਪਰਮੇਸ਼ੁਰ ਜਿੰਨਾ ਜ਼ਿਆਦਾ ਕੰਮ ਕਰਦਾ ਹੈ, ਮਨੁੱਖ ਉੱਨਾ ਹੀ ਜ਼ਿਆਦਾ ਉਸ ਨੂੰ ਜਾਣਦਾ ਹੈ। ਪਰਮੇਸ਼ੁਰ ਦਾ ਕੰਮ ਅਤੇ ਮਨੁੱਖ ਦੀਆਂ ਧਾਰਣਾਵਾਂ ਵਿਚਾਲੇ ਜਿੰਨਾ ਜ਼ਿਆਦਾ ਮਤਭੇਦ ਹੁੰਦਾ ਹੈ, ਉਸ ਦੇ ਬਾਰੇ ਮਨੁੱਖ ਦਾ ਗਿਆਨ ਉੱਨਾ ਹੀ ਜ਼ਿਆਦਾ ਨਵਾਂ ਅਤੇ ਹੋਰ ਡੂੰਘਾ ਹੁੰਦਾ ਜਾਂਦਾ ਹੈ। ਜੇ ਪਰਮੇਸ਼ੁਰ ਦਾ ਕੰਮ ਹਮੇਸ਼ਾ ਲਈ ਸਥਿਰ ਅਤੇ ਕਦੇ ਨਾ ਬਦਲਣ ਵਾਲਾ ਹੁੰਦਾ, ਤਾਂ ਮਨੁੱਖ ਕੋਲ ਉਸ ਬਾਰੇ ਕੋਈ ਬਹੁਤਾ ਗਿਆਨ ਨਾ ਹੁੰਦਾ। ਸਿਰਜਣਾ ਦੇ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਦੇ ਦਰਮਿਆਨ, ਪਰਮੇਸ਼ੁਰ ਨੇ ਸ਼ਰਾ ਦੇ ਯੁੱਗ ਦੌਰਾਨ ਜੋ ਕੀਤਾ, ਕਿਰਪਾ ਦੇ ਯੁੱਗ ਦੌਰਾਨ ਉਸ ਨੇ ਜੋ ਕੀਤਾ, ਅਤੇ ਰਾਜ ਦੇ ਯੁੱਗ ਦੌਰਾਨ ਉਹ ਕੀ ਕਰਦਾ ਹੈ—ਤੁਹਾਨੂੰ ਇਨ੍ਹਾਂ ਦਰਸ਼ਣਾਂ ਬਾਰੇ ਸਪਸ਼ਟ ਤੌਰ ’ਤੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਤੁਹਾਨੂੰ ਪਰਮੇਸ਼ੁਰ ਦੇ ਕੰਮ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਯਿਸੂ ਦੇ ਰਾਹ ’ਤੇ ਚੱਲਣ ਤੋਂ ਬਾਅਦ ਹੀ ਪਤਰਸ ਨੂੰ ਸਹਿਜੇ-ਸਹਿਜੇ ਯਿਸੂ ਵਿੱਚ ਆਤਮਾ ਦੁਆਰਾ ਕੀਤੇ ਬਹੁਤੇ ਕੰਮ ਦਾ ਪਤਾ ਲੱਗਿਆ। ਉਸ ਨੇ ਕਿਹਾ, “ਸੰਪੂਰਨ ਗਿਆਨ ਪ੍ਰਾਪਤ ਕਰਨ ਲਈ ਮਨੁੱਖ ਦੇ ਅਨੁਭਵਾਂ ਉੱਤੇ ਨਿਰਭਰ ਕਰਨਾ ਕਾਫ਼ੀ ਨਹੀਂ ਹੈ; ਪਰਮੇਸ਼ੁਰ ਦੇ ਕੰਮ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਜੋ ਸਾਨੂੰ ਉਸ ਨੂੰ ਜਾਣਨ ਵਿੱਚ ਮਦਦ ਕਰਨ।” ਸ਼ੁਰੂਆਤ ਵਿੱਚ, ਪਤਰਸ ਇਹ ਮੰਨਦਾ ਸੀ ਕਿ ਯਿਸੂ ਨੂੰ, ਇੱਕ ਰਸੂਲ ਵਾਂਗ, ਪਰਮੇਸ਼ੁਰ ਦੁਆਰਾ ਭੇਜਿਆ ਗਿਆ ਸੀ, ਅਤੇ ਉਸ ਨੇ ਯਿਸੂ ਨੂੰ ਮਸੀਹ ਵਜੋਂ ਨਹੀਂ ਵੇਖਿਆ। ਇਸ ਸਮੇਂ, ਜਦੋਂ ਉਸ ਨੇ ਯਿਸੂ ਦੇ ਰਾਹ ’ਤੇ ਚੱਲਣਾ ਸ਼ੁਰੂ ਕੀਤਾ, ਯਿਸੂ ਨੇ ਉਸ ਨੂੰ ਪੁੱਛਿਆ, “ਸ਼ਮਊਨ ਬਰ-ਯੋਨਾਹ ਕੀ ਤੂੰ ਮੇਰੇ ਪਿੱਛੇ ਚੱਲੇਂਗਾ?” ਪਤਰਸ ਨੇ ਕਿਹਾ, “ਮੇਰਾ ਉਸ ਦੇ ਪਿੱਛੇ ਚੱਲਣਾ ਜ਼ਰੂਰੀ ਹੈ ਜਿਸ ਨੂੰ ਸਵਰਗੀ ਪਿਤਾ ਦੁਆਰਾ ਭੇਜਿਆ ਗਿਆ ਹੈ। ਮੈਨੂੰ ਉਸ ਵਿਅਕਤੀ ਨੂੰ ਮੰਨਣਾ ਪਵੇਗਾ ਜਿਸ ਨੂੰ ਪਵਿੱਤਰ ਆਤਮਾ ਦੁਆਰਾ ਚੁਣਿਆ ਗਿਆ ਹੈ। ਮੈਂ ਤੇਰੇ ਪਿੱਛੇ ਚੱਲਾਂਗਾ।” ਉਸ ਦੇ ਬੋਲਾਂ ਤੋਂ, ਇਹ ਵੇਖਿਆ ਜਾ ਸਕਦਾ ਹੈ ਕਿ ਪਤਰਸ ਨੂੰ ਯਿਸੂ ਬਾਰੇ ਬਿਲਕੁਲ ਕੋਈ ਵੀ ਗਿਆਨ ਨਹੀਂ ਸੀ; ਉਸ ਨੇ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਕੀਤਾ ਸੀ, ਆਪਣੇ ਆਪ ਨਾਲ ਨਜਿੱਠਿਆ ਸੀ, ਅਤੇ ਪਰਮੇਸ਼ੁਰ ਦੇ ਲਈ ਮੁਸੀਬਤ ਝੱਲੀ ਸੀ, ਪਰ ਉਸ ਨੂੰ ਪਰਮੇਸ਼ੁਰ ਦੇ ਕੰਮ ਬਾਰੇ ਕੋਈ ਗਿਆਨ ਨਹੀਂ ਸੀ। ਅਨੁਭਵ ਦੇ ਇੱਕ ਅਰਸੇ ਤੋਂ ਬਾਅਦ, ਪਤਰਸ ਨੇ ਯਿਸੂ ਵਿੱਚ ਪਰਮੇਸ਼ੁਰ ਦੇ ਬਹੁਤ ਸਾਰੇ ਕੰਮ ਵੇਖੇ, ਉਸ ਨੇ ਪਰਮੇਸ਼ੁਰ ਦੀ ਮਨੋਹਰਤਾ ਵੇਖੀ, ਅਤੇ ਉਸ ਨੇ ਯਿਸੂ ਵਿੱਚ ਪਰਮੇਸ਼ੁਰ ਦੀ ਬਹੁਤ ਸਾਰੀ ਹੋਂਦ ਨੂੰ ਵੇਖਿਆ। ਉਸ ਨੇ ਇਹ ਵੀ ਵੇਖਿਆ ਕਿ ਯਿਸੂ ਨੇ ਜਿਹਨਾਂ ਵਚਨਾਂ ਦਾ ਉਚਾਰਣ ਕੀਤਾ ਉਹ ਮਨੁੱਖ ਦੁਆਰਾ ਨਹੀਂ ਬੋਲੇ ਜਾ ਸਕਦੇ ਸਨ, ਅਤੇ ਜੋ ਕੰਮ ਯਿਸੂ ਨੇ ਕੀਤਾ ਉਹ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ ਸੀ। ਇਸ ਤੋਂ ਇਲਾਵਾ, ਯਿਸੂ ਦੇ ਵਚਨਾਂ ਅਤੇ ਕੰਮਾਂ ਵਿੱਚ, ਪਤਰਸ ਨੇ ਬਹੁਤ ਸਾਰੀ ਪਰਮੇਸ਼ੁਰ ਦੀ ਬੁੱਧ, ਅਤੇ ਈਸ਼ਵਰੀ ਸੁਭਾਅ ਦਾ ਬਹੁਤ ਸਾਰਾ ਕੰਮ ਵੇਖਿਆ। ਆਪਣੇ ਅਨੁਭਵਾਂ ਦੇ ਦੌਰਾਨ, ਉਸ ਨੇ ਨਾ ਸਿਰਫ਼ ਆਪਣੇ ਆਪ ਨੂੰ ਹੀ ਜਾਣਿਆ, ਬਲਕਿ ਯਿਸੂ ਦੇ ਹਰ ਕੰਮ ਵੱਲ ਵੀ ਪੂਰਾ ਧਿਆਨ ਦਿੱਤਾ, ਜਿਸ ਤੋਂ ਉਸ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਲੱਗਾ, ਭਾਵ ਇਹ, ਕਿ ਪਰਮੇਸ਼ੁਰ ਨੇ ਯਿਸੂ ਰਾਹੀਂ ਜੋ ਕੰਮ ਕੀਤਾ ਉਸ ਵਿੱਚ ਹਕੀਕੀ ਪਰਮੇਸ਼ੁਰ ਦੇ ਬਹੁਤ ਸਾਰੇ ਪ੍ਰਗਟਾਵੇ ਸਨ, ਅਤੇ ਇਹ ਕਿ ਯਿਸੂ ਦੁਆਰਾ ਬੋਲੇ ਗਏ ਵਚਨਾਂ ਅਤੇ ਕੀਤੇ ਗਏ ਕੰਮਾਂ ਵਿੱਚ, ਅਤੇ ਇਸ ਦੇ ਨਾਲ ਹੀ ਜਿਸ ਢੰਗ ਨਾਲ ਉਸ ਨੇ ਕਲੀਸਿਯਾਂ ਦੀ ਚਰਵਾਹੀ ਕੀਤੀ ਅਤੇ ਜੋ ਕੰਮ ਉਸ ਨੇ ਪੂਰਾ ਕੀਤਾ, ਉਸ ਵਿੱਚ ਉਹ ਇੱਕ ਸਧਾਰਣ ਮਨੁੱਖ ਨਾਲੋਂ ਵੱਖਰਾ ਸੀ। ਇਸ ਤਰ੍ਹਾਂ, ਪਤਰਸ ਨੇ ਯਿਸੂ ਤੋਂ ਬਹੁਤ ਸਾਰੇ ਸਬਕ ਸਿੱਖੇ ਜੋ ਉਸ ਨੂੰ ਸਿੱਖਣੇ ਚਾਹੀਦੇ ਸੀ, ਅਤੇ ਜਦੋਂ ਯਿਸੂ ਨੂੰ ਸਲੀਬ ’ਤੇ ਟੰਗਿਆ ਜਾਣਾ ਸੀ, ਉਦੋਂ ਤੱਕ ਉਸ ਨੇ ਯਿਸੂ ਬਾਰੇ ਕੁਝ ਹੱਦ ਤਕ ਗਿਆਨ ਪ੍ਰਾਪਤ ਕਰ ਲਿਆ ਸੀ—ਉਹ ਗਿਆਨ ਜੋ ਉਸ ਦੀ ਯਿਸੂ ਪ੍ਰਤੀ ਉਮਰ ਭਰ ਦੀ ਵਫ਼ਾਦਾਰੀ ਅਤੇ ਪ੍ਰਭੂ ਦੀ ਖਾਤਰ ਸਲੀਬ ’ਤੇ ਉਲਟੇ ਲਟਕਾਏ ਜਾਣ ਦਾ ਜੋ ਕਸ਼ਟ ਉਸ ਨੇ ਝੱਲਿਆ ਉਸ ਦਾ ਅਧਾਰ ਬਣਿਆ। ਹਾਲਾਂਕਿ ਉਸ ਦੀਆਂ ਕੁਝ ਧਾਰਣਾਵਾਂ ਸਨ ਅਤੇ ਸ਼ੁਰੂਆਤ ਵਿੱਚ ਉਸ ਕੋਲ ਯਿਸੂ ਬਾਰੇ ਕੋਈ ਸਪਸ਼ਟ ਗਿਆਨ ਨਹੀਂ ਸੀ, ਅਜਿਹੀਆਂ ਚੀਜ਼ਾਂ ਲਾਜ਼ਮੀ ਤੌਰ ’ਤੇ ਭ੍ਰਿਸ਼ਟ ਮਨੁੱਖ ਦਾ ਹਿੱਸਾ ਹੁੰਦੀਆਂ ਹਨ। ਜਦੋਂ ਯਿਸੂ ਵਿਦਾ ਹੋਣ ਵਾਲਾ ਸੀ, ਉਸ ਨੇ ਪਤਰਸ ਨੂੰ ਕਿਹਾ ਕਿ ਉਸ ਦਾ ਸਲੀਬ ’ਤੇ ਟੰਗੇ ਜਾਣਾ ਉਹ ਕੰਮ ਸੀ ਜਿਸ ਨੂੰ ਕਰਨ ਲਈ ਉਹ ਆਇਆ ਸੀ: ਇਹ ਜ਼ਰੂਰੀ ਸੀ ਕਿ ਉਸ ਨੂੰ ਯੁੱਗ ਵੱਲੋਂ ਤਿਆਗ ਦਿੱਤਾ ਜਾਵੇ, ਅਤੇ ਇਹ ਅਪਵਿੱਤਰ ਅਤੇ ਪੁਰਾਣਾ ਯੁੱਗ ਉਸ ਨੂੰ ਸਲੀਬ ’ਤੇ ਟੰਗ ਦੇਵੇ; ਉਹ ਛੁਟਕਾਰੇ ਦਾ ਕੰਮ ਪੂਰਾ ਕਰਨ ਲਈ ਆਇਆ ਸੀ, ਅਤੇ, ਇਸ ਕੰਮ ਨੂੰ ਪੂਰਾ ਕਰ ਲੈਣ ਤੋਂ ਬਾਅਦ, ਉਸ ਦਾ ਕੰਮ ਖਤਮ ਹੋ ਜਾਵੇਗਾ। ਇਹ ਸੁਣਦਿਆਂ ਹੀ, ਪਤਰਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ, ਅਤੇ ਉਹ ਯਿਸੂ ਨਾਲ ਹੋਰ ਵੀ ਜ਼ਿਆਦਾ ਜੁੜ ਗਿਆ ਸੀ। ਜਦੋਂ ਯਿਸੂ ਨੂੰ ਸਲੀਬ ’ਤੇ ਟੰਗਿਆ ਗਿਆ, ਤਾਂ ਪਤਰਸ ਇਕਾਂਤ ਵਿੱਚ ਧਾਹਾਂ ਮਾਰ-ਮਾਰ ਕੇ ਰੋਇਆ। ਇਸ ਤੋਂ ਪਹਿਲਾਂ, ਉਸ ਨੇ ਯਿਸੂ ਨੂੰ ਪੁੱਛਿਆ, “ਮੇਰੇ ਪ੍ਰਭੂ! ਤੂੰ ਕਹਿੰਦਾ ਹੈਂ ਕਿ ਤੂੰ ਸਲੀਬ ਚੜ੍ਹਾਇਆ ਜਾਵੇਂਗਾ। ਤੇਰੇ ਚਲੇ ਜਾਣ ਤੋਂ ਬਾਅਦ, ਅਸੀਂ ਤੈਨੂੰ ਫੇਰ ਕਦੋਂ ਵੇਖਾਂਗੇ?” ਕੀ ਉਸ ਵੱਲੋਂ ਬੋਲੇ ਗਏ ਸ਼ਬਦਾਂ ਵਿੱਚ ਕੋਈ ਮਾੜਾ ਜਿਹਾ ਵੀ ਖੋਟ ਨਹੀਂ ਸੀ? ਕੀ ਉਨ੍ਹਾਂ ਵਿੱਚ ਕੋਈ ਵੀ ਧਾਰਣਾਵਾਂ ਨਹੀਂ ਮਿਲੀਆਂ ਹੋਈਆਂ ਸਨ? ਉਸ ਦੇ ਮਨ ਵਿੱਚ, ਉਹ ਜਾਣਦਾ ਸੀ ਕਿ ਯਿਸੂ ਪਰਮੇਸ਼ੁਰ ਦੇ ਕੰਮ ਦਾ ਇੱਕ ਹਿੱਸਾ ਪੂਰਾ ਕਰਨ ਆਇਆ ਸੀ, ਅਤੇ ਯਿਸੂ ਦੇ ਚਲੇ ਜਾਣ ਤੋਂ ਬਾਅਦ, ਆਤਮਾ ਉਸ ਦੇ ਨਾਲ ਰਹੇਗਾ; ਭਾਵੇਂ ਯਿਸੂ ਨੂੰ ਸਲੀਬ ’ਤੇ ਟੰਗ ਦਿੱਤਾ ਜਾਵੇਗਾ ਅਤੇ ਉਹ ਸਵਰਗ ਨੂੰ ਚਲਾ ਜਾਵੇਗਾ, ਪਰ ਫੇਰ ਵੀ ਪਰਮੇਸ਼ੁਰ ਦਾ ਆਤਮਾ ਪਤਰਸ ਦੇ ਨਾਲ ਹੋਵੇਗਾ। ਉਸ ਵਕਤ, ਪਤਰਸ ਨੂੰ ਯਿਸੂ ਬਾਰੇ ਕੁਝ ਗਿਆਨ ਸੀ: ਉਹ ਜਾਣਦਾ ਸੀ ਕਿ ਯਿਸੂ ਨੂੰ ਪਰਮੇਸ਼ੁਰ ਦੇ ਆਤਮਾ ਦੁਆਰਾ ਭੇਜਿਆ ਗਿਆ ਸੀ, ਕਿ ਪਰਮੇਸ਼ੁਰ ਦਾ ਆਤਮਾ ਉਸ ਦੇ ਅੰਦਰ ਸੀ, ਅਤੇ ਇਹ ਕਿ ਯਿਸੂ ਆਪ ਹੀ ਪਰਮੇਸ਼ੁਰ ਸੀ, ਕਿ ਉਹ ਮਸੀਹ ਸੀ। ਪਰ ਇਹ ਯਿਸੂ ਦੇ ਲਈ ਉਸ ਦਾ ਪਿਆਰ ਸੀ, ਅਤੇ ਉਸ ਦੀ ਮਨੁੱਖੀ ਕਮਜ਼ੋਰੀ ਸੀ, ਜਿਸ ਦੇ ਕਾਰਨ ਪਤਰਸ ਨੇ ਅਜਿਹੇ ਸ਼ਬਦ ਬੋਲੇ। ਪਰਮੇਸ਼ੁਰ ਦੇ ਕੰਮ ਦੇ ਹਰ ਕਦਮ ’ਤੇ, ਜੇ ਕੋਈ ਵਿਅਕਤੀ ਧਿਆਨ ਨਾਲ ਅਤੇ ਸਖਤ ਮਿਹਨਤ ਨਾਲ ਅਨੁਭਵ ਕਰ ਸਕਦਾ ਹੈ, ਤਾਂ ਉਹ ਸਹਿਜੇ-ਸਹਿਜੇ ਪਰਮੇਸ਼ੁਰ ਦੀ ਮਨੋਹਰਤਾ ਨੂੰ ਜਾਣ ਲੈਣ ਦੇ ਯੋਗ ਹੋ ਜਾਵੇਗਾ। ਅਤੇ ਪੌਲੁਸ ਨੇ ਆਪਣੇ ਦਰਸ਼ਣ ਵਿੱਚ ਕੀ ਵੇਖਿਆ? ਜਦੋਂ ਯਿਸੂ ਉਸ ਦੇ ਸਾਹਮਣੇ ਪਰਗਟ ਹੋਇਆ, ਪੌਲੁਸ ਨੇ ਕਿਹਾ, “ਪ੍ਰਭੁ ਜੀ, ਤੂੰ ਕੌਣ ਹੈਂ?” ਯਿਸੂ ਨੇ ਕਿਹਾ, “ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ।” ਇਹ ਪੌਲੁਸ ਦਾ ਦਰਸ਼ਣ ਸੀ। ਪਤਰਸ ਨੇ ਆਪਣੇ ਸਫ਼ਰ ਦੇ ਅੰਤ ਤੱਕ, ਯਿਸੂ ਦੇ ਜੀਅ ਉੱਠਣ, 40 ਦਿਨਾਂ ਬਾਅਦ ਉਸ ਦੇ ਪਰਗਟ ਹੋਣ, ਅਤੇ ਯਿਸੂ ਦੇ ਜੀਵਨ-ਕਾਲ ਦੀਆਂ ਸਿੱਖਿਆਵਾਂ ਨੂੰ ਆਪਣੇ ਦਰਸ਼ਣ ਵਜੋਂ ਮੰਨਿਆ।

ਮਨੁੱਖ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਦਾ ਹੈ, ਆਪਣੇ ਆਪ ਨੂੰ ਜਾਣਦਾ ਹੈ, ਆਪਣੇ ਭ੍ਰਿਸ਼ਟ ਸੁਭਾਅ ਵਿੱਚ ਸੁਧਾਰ ਕਰਦਾ ਹੈ, ਅਤੇ ਜੀਵਨ ਵਿੱਚ ਵਾਧਾ ਚਾਹੁੰਦਾ ਹੈ, ਇਹ ਸਭ ਕੁਝ ਉਹ ਪਰਮੇਸ਼ੁਰ ਨੂੰ ਜਾਣਨ ਦੀ ਖਾਤਰ ਕਰਦਾ ਹੈ। ਜੇ ਤੂੰ ਸਿਰਫ਼ ਆਪਣੇ ਆਪ ਨੂੰ ਜਾਣਨਾ ਚਾਹੁੰਦਾ ਹੈਂ ਅਤੇ ਆਪਣੇ ਭ੍ਰਿਸ਼ਟ ਸੁਭਾਅ ਨਾਲ ਨਜਿੱਠਣਾ ਚਾਹੁੰਦਾ ਹੈਂ, ਪਰ ਤੈਨੂੰ ਇਸ ਬਾਰੇ ਕੋਈ ਗਿਆਨ ਨਹੀਂ ਹੈ ਕਿ ਪਰਮੇਸ਼ੁਰ ਮਨੁੱਖ ਉੱਤੇ ਕੀ ਕੰਮ ਕਰਦਾ ਹੈ, ਕਿ ਉਸ ਦੀ ਮੁਕਤੀ ਕਿੰਨੀ ਮਹਾਨ ਹੈ, ਜਾਂ ਤੂੰ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਿਵੇਂ ਕਰਦਾ ਹੈਂ ਤੇ ਉਸ ਦੇ ਕੰਮਾਂ ਦਾ ਗਵਾਹ ਕਿਵੇਂ ਬਣਦਾ ਹੈਂ, ਤਾਂ ਤੇਰਾ ਇਹ ਅਨੁਭਵ ਮੂਰਖਤਾਪੂਰਣ ਹੈ। ਜੇ ਤੂੰ ਸੋਚਦਾ ਹੈਂ ਕਿ ਕਿਸੇ ਦਾ ਜੀਵਨ ਸਿਰਫ਼ ਇਸ ਕਰਕੇ ਪਰਿਪੱਕ ਹੋਇਆ ਹੈ ਕਿਉਂਕਿ ਉਹ ਸੱਚਾਈ ਨੂੰ ਅਮਲ ਵਿੱਚ ਲਿਆਉਣ ਅਤੇ ਸਹਿਣ ਕਰਨ ਦੇ ਯੋਗ ਹੈ, ਤਾਂ ਇਸ ਦਾ ਅਰਥ ਇਹ ਹੈ ਕਿ ਤੂੰ ਜੀਵਨ ਦੇ ਸਹੀ ਅਰਥ ਜਾਂ ਮਨੁੱਖ ਨੂੰ ਸਿੱਧ ਬਣਾਉਣ ਦੇ ਪਰਮੇਸ਼ੁਰ ਦੇ ਉਦੇਸ਼ ਨੂੰ ਅਜੇ ਵੀ ਨਹੀਂ ਸਮਝਿਆ ਹੈਂ। ਇੱਕ ਦਿਨ, ਜਦੋਂ ਤੂੰ ਤੌਬਾ ਵਾਲੀ ਕਲੀਸਿਯਾ ਜਾਂ ਜੀਵਨ ਕਲੀਸਿਯਾ ਦੇ ਮੈਂਬਰਾਂ ਦਰਮਿਆਨ, ਧਾਰਮਿਕ ਕਲੀਸਿਯਾਂ ਵਿੱਚ ਹੋਵੇਂਗਾ, ਤਾਂ ਤੈਨੂੰ ਬਹੁਤ ਸਾਰੇ ਸ਼ਰਧਾਲੂ ਵਿਅਕਤੀ ਮਿਲਣਗੇ, ਜਿਹਨਾਂ ਦੀਆਂ ਪ੍ਰਾਰਥਨਾਵਾਂ ਵਿੱਚ “ਦਰਸ਼ਣ” ਹੁੰਦੇ ਹਨ ਅਤੇ ਜਿਹੜੇ ਆਪਣੇ ਜੀਵਨ ਦੇ ਰੁਝੇਵਿਆਂ ਵਿੱਚ ਵਚਨਾਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਵਚਨਾਂ ਤੋਂ ਅਗਵਾਈ ਮਿਲਦੀ ਹੈ। ਇਸ ਤੋਂ ਇਲਾਵਾ, ਉਹ ਬਹੁਤ ਸਾਰੀਆਂ ਗੱਲਾਂ ਵਿੱਚ ਸਹਿਣ ਕਰਨ ਅਤੇ ਆਪਣੇ ਆਪ ਨੂੰ ਤਿਆਗ ਦੇਣ ਦੇ ਯੋਗ ਹੁੰਦੇ ਹਨ, ਅਤੇ ਸਰੀਰ ਉਨ੍ਹਾਂ ਦੀ ਅਗਵਾਈ ਨਹੀਂ ਕਰਦਾ। ਉਸ ਸਮੇਂ, ਤੂੰ ਫਰਕ ਨਹੀਂ ਦੱਸ ਸਕੇਂਗਾ: ਤੈਨੂੰ ਇਹ ਵਿਸ਼ਵਾਸ ਹੋਵੇਗਾ ਕਿ ਉਹ ਜੋ ਵੀ ਕਰਦੇ ਹਨ ਸਭ ਸਹੀ ਹੈ, ਉਹੀ ਜੀਵਨ ਦਾ ਸੁਭਾਵਕ ਪ੍ਰਗਟਾਵਾ ਹੈ, ਅਤੇ ਇਹ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਜਿਸ ਨਾਮ ਵਿੱਚ ਉਹ ਭਰੋਸਾ ਕਰਦੇ ਹਨ ਉਹ ਗਲਤ ਹੈ। ਕੀ ਅਜਿਹੇ ਵਿਚਾਰ ਮੂਰਖ ਨਹੀਂ ਹਨ? ਅਜਿਹਾ ਕਿਉਂ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਕੋਲ ਕੋਈ ਜੀਵਨ ਨਹੀਂ ਹੈ? ਕਿਉਂਕਿ ਉਹ ਪਰਮੇਸ਼ੁਰ ਬਾਰੇ ਨਹੀਂ ਜਾਣਦੇ, ਅਤੇ ਇੰਝ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਮਨਾਂ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ, ਅਤੇ ਉਨ੍ਹਾਂ ਕੋਲ ਕੋਈ ਜੀਵਨ ਨਹੀਂ ਹੈ। ਜੇ ਪਰਮੇਸ਼ੁਰ ਵਿੱਚ ਤੇਰਾ ਵਿਸ਼ਵਾਸ ਇੱਕ ਅਜਿਹੀ ਹੱਦ ਤਕ ਪਹੁੰਚ ਗਿਆ ਹੈ ਜਿੱਥੇ ਤੂੰ ਪਰਮੇਸ਼ੁਰ ਦੇ ਕੰਮਾਂ, ਪਰਮੇਸ਼ੁਰ ਦੀ ਸੱਚਾਈ, ਅਤੇ ਪਰਮੇਸ਼ੁਰ ਦੇ ਕੰਮ ਦੇ ਹਰ ਪੜਾਅ ਨੂੰ ਚੰਗੀ ਤਰ੍ਹਾਂ ਜਾਣਨ ਦੇ ਸਮਰੱਥ ਹੈਂ, ਤਾਂ ਤੇਰੇ ਕੋਲ ਸੱਚਾਈ ਹੈ। ਜੇ ਤੂੰ ਪਰਮੇਸ਼ੁਰ ਦੇ ਕੰਮ ਅਤੇ ਸੁਭਾਅ ਨੂੰ ਨਹੀਂ ਜਾਣਦਾ ਹੈਂ, ਤਾਂ ਤੇਰੇ ਅਨੁਭਵ ਵਿੱਚ ਅਜੇ ਵੀ ਕੁਝ ਕਮੀ ਹੈ। ਯਿਸੂ ਨੇ ਆਪਣੇ ਕੰਮ ਦੇ ਉਸ ਪੜਾਅ ਨੂੰ ਕਿਵੇਂ ਪੂਰਾ ਕੀਤਾ, ਇਹ ਪੜਾਅ ਕਿਵੇਂ ਪੂਰਾ ਕੀਤਾ ਜਾ ਰਿਹਾ ਹੈ, ਪਰਮੇਸ਼ੁਰ ਨੇ ਕਿਰਪਾ ਦੇ ਯੁੱਗ ਵਿੱਚ ਆਪਣਾ ਕੰਮ ਕਿਵੇਂ ਕੀਤਾ ਅਤੇ ਕਿਹੜਾ ਕੰਮ ਕੀਤਾ ਗਿਆ ਸੀ, ਇਸ ਪੜਾਅ ਵਿੱਚ ਕਿਹੜਾ ਕੰਮ ਕੀਤਾ ਜਾ ਰਿਹਾ ਹੈ—ਜੇ ਤੇਰੇ ਕੋਲ ਇਨ੍ਹਾਂ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਗਿਆਨ ਨਹੀਂ ਹੈ, ਤਾਂ ਫੇਰ ਤੈਨੂੰ ਕਦੇ ਵੀ ਤਸੱਲੀ ਮਹਿਸੂਸ ਨਹੀਂ ਹੋਵੇਗੀ ਅਤੇ ਤੂੰ ਹਮੇਸ਼ਾ ਅਸੁਰੱਖਿਅਤ ਰਹੇਂਗਾ। ਜੇ, ਇੱਕ ਅਰਸੇ ਦੇ ਅਨੁਭਵ ਤੋਂ ਬਾਅਦ, ਤੂੰ ਪਰਮੇਸ਼ੁਰ ਦੁਆਰਾ ਕੀਤੇ ਕੰਮ ਅਤੇ ਉਸ ਦੇ ਕੰਮ ਦੇ ਹਰ ਕਦਮ ਨੂੰ ਜਾਣਨ ਦੇ ਯੋਗ ਹੈਂ, ਅਤੇ ਜੇ ਤੂੰ ਇਸ ਬਾਰੇ ਚੰਗੀ ਤਰ੍ਹਾਂ ਗਿਆਨ ਪ੍ਰਾਪਤ ਕਰ ਲਿਆ ਹੈ ਕਿ ਪਰਮੇਸ਼ੁਰ ਦੁਆਰਾ ਬੋਲੇ ਗਏ ਵਚਨਾਂ ਵਿੱਚ ਉਸ ਦਾ ਉਦੇਸ਼ ਕੀ ਸੀ, ਅਤੇ ਉਸ ਦੁਆਰਾ ਬੋਲੇ ਗਏ ਬਹੁਤ ਸਾਰੇ ਵਚਨ ਪੂਰੇ ਕਿਉਂ ਨਹੀਂ ਹੋਏ ਹਨ, ਤਾਂ ਫੇਰ ਤੂੰ ਸ਼ਾਇਦ ਚਿੰਤਾ ਅਤੇ ਤਾਏ ਜਾਣ ਤੋਂ ਮੁਕਤ, ਅੱਗੇ ਦੇ ਰਾਹ ’ਤੇ ਦਲੇਰੀ ਨਾਲ ਅਤੇ ਕਿਸੇ ਵੀ ਸੰਕੋਚ ਦੇ ਬਗੈਰ ਚੱਲ ਸਕਦਾ ਹੈਂ। ਤੁਹਾਨੂੰ ਵੇਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਆਪਣੇ ਕੰਮ ਨੂੰ ਕਿਹਨਾਂ ਸਾਧਨਾਂ ਨਾਲ ਪ੍ਰਾਪਤ ਕਰਦਾ ਹੈ। ਉਹ ਉਸ ਦੁਆਰਾ ਬੋਲੇ ਗਏ ਵਚਨਾਂ ਦੀ ਵਰਤੋਂ ਕਰਦਾ ਹੈ, ਵੱਖ-ਵੱਖ ਕਿਸਮਾਂ ਦੇ ਬਹੁਤ ਸਾਰੇ ਵਚਨਾਂ ਦੇ ਰਾਹੀਂ ਮਨੁੱਖ ਨੂੰ ਤਾਉਂਦਾ ਹੈ ਅਤੇ ਉਸ ਦੀਆਂ ਧਾਰਣਾਵਾਂ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੰਦਾ ਹੈ। ਤੁਸੀਂ ਜੋ ਵੀ ਦੁੱਖ ਝੱਲੇ ਹਨ, ਤੁਸੀਂ ਜਿਸ ਵੀ ਤਾਏ ਜਾਣ ਦੀ ਪ੍ਰਕਿਰਿਆ ਵਿੱਚੋਂ ਲੰਘੇ ਹੋ, ਤੁਸੀਂ ਆਪਣੇ ਅੰਦਰ ਜਿਸ ਸੁਧਾਈ ਨੂੰ ਸਵੀਕਾਰ ਕੀਤਾ ਹੈ, ਤੁਸੀਂ ਜਿਸ ਅੰਦਰੂਨੀ ਚਾਨਣ ਦਾ ਅਨੁਭਵ ਕੀਤਾ ਹੈ—ਇਹ ਸਭ ਕੁਝ ਪਰਮੇਸ਼ੁਰ ਦੁਆਰਾ ਬੋਲੇ ਗਏ ਵਚਨਾਂ ਰਾਹੀਂ ਹੀ ਪ੍ਰਾਪਤ ਕੀਤਾ ਗਿਆ ਹੈ। ਮਨੁੱਖ ਪਰਮੇਸ਼ੁਰ ਦੇ ਰਾਹ ’ਤੇ ਕਿਉਂ ਚੱਲਦਾ ਹੈ? ਉਹ ਪਰਮੇਸ਼ੁਰ ਦੇ ਵਚਨਾਂ ਦੇ ਕਾਰਨ ਉਸ ਦੇ ਰਾਹ ’ਤੇ ਚੱਲਦਾ ਹੈ! ਪਰਮੇਸ਼ੁਰ ਦੇ ਵਚਨ ਅਤਿਅੰਤ ਰਹੱਸਮਈ ਹਨ, ਅਤੇ ਇਸ ਤੋਂ ਇਲਾਵਾ ਇਹ ਮਨੁੱਖ ਦੇ ਮਨ ਨੂੰ ਪ੍ਰੇਰਿਤ ਕਰ ਸਕਦੇ ਹਨ, ਇਸ ਦੇ ਅੰਦਰ ਡੂੰਘੀਆਂ ਦੱਬੀਆਂ ਗੱਲਾਂ ਨੂੰ ਪ੍ਰਗਟ ਕਰ ਸਕਦੇ ਹਨ, ਉਸ ਨੂੰ ਬੀਤੇ ਸਮੇਂ ਵਿੱਚ ਵਾਪਰੀਆਂ ਗੱਲਾਂ ਤੋਂ ਜਾਣੂ ਕਰਾ ਸਕਦੇ ਹਨ, ਅਤੇ ਉਸ ਨੂੰ ਭਵਿੱਖ ਵਿੱਚ ਪ੍ਰਵੇਸ਼ ਕਰਵਾ ਸਕਦੇ ਹਨ। ਇਸ ਤਰ੍ਹਾਂ ਮਨੁੱਖ ਪਰਮੇਸ਼ੁਰ ਦੇ ਵਚਨਾਂ ਕਰਕੇ ਦੁੱਖ ਝੱਲਦਾ ਹੈ, ਅਤੇ ਪਰਮੇਸ਼ੁਰ ਦੇ ਵਚਨਾਂ ਕਰਕੇ ਹੀ ਮਨੁੱਖ ਨੂੰ ਸਿੱਧ ਵੀ ਬਣਾਇਆ ਜਾਂਦਾ ਹੈ: ਸਿਰਫ਼ ਇਸ ਸਮੇਂ ਮਨੁੱਖ ਪਰਮੇਸ਼ੁਰ ਦੇ ਰਾਹ ’ਤੇ ਚੱਲਦਾ ਹੈ। ਮਨੁੱਖ ਨੂੰ ਇਸ ਪੜਾਅ ’ਤੇ ਜੋ ਕਰਨਾ ਚਾਹੀਦਾ ਹੈ ਉਹ ਹੈ ਪਰਮੇਸ਼ੁਰ ਦੇ ਵਚਨਾਂ ਨੂੰ ਸਵੀਕਾਰਨਾ, ਅਤੇ ਇਸ ਗੱਲ ਦੀ ਪਰਵਾਹ ਕੀਤੇ ਬਗੈਰ ਕਿ ਕੀ ਉਸ ਨੂੰ ਸਿੱਧ ਬਣਾਇਆ ਜਾਂਦਾ ਹੈ ਜਾਂ ਤਾਇਆ ਜਾਂਦਾ ਹੈ, ਪਰਮੇਸ਼ੁਰ ਦੇ ਵਚਨ ਹੀ ਹਨ ਜੋ ਮਹੱਤਵਪੂਰਣ ਹਨ। ਇਹ ਪਰਮੇਸ਼ੁਰ ਦਾ ਕੰਮ ਹੈ, ਅਤੇ ਇਹ ਉਹ ਦਰਸ਼ਣ ਵੀ ਹੈ ਜਿਸ ਬਾਰੇ ਮਨੁੱਖ ਨੂੰ ਅੱਜ ਪਤਾ ਹੋਣਾ ਚਾਹੀਦਾ ਹੈ।

ਪਰਮੇਸ਼ੁਰ ਮਨੁੱਖ ਨੂੰ ਸਿੱਧ ਕਿਵੇਂ ਬਣਾਉਂਦਾ ਹੈ? ਪਰਮੇਸ਼ੁਰ ਦਾ ਸੁਭਾਅ ਕੀ ਹੈ? ਉਸ ਦੇ ਸੁਭਾਅ ਵਿੱਚ ਕੀ ਸ਼ਾਮਲ ਹੈ? ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਪਸ਼ਟ ਕਰਨ ਲਈ: ਕੋਈ ਇਸ ਨੂੰ ਪਰਮੇਸ਼ੁਰ ਦੇ ਨਾਮ ਨੂੰ ਫੈਲਾਉਣਾ ਕਹਿੰਦਾ ਹੈ, ਕੋਈ ਇਸ ਨੂੰ ਪਰਮੇਸ਼ੁਰ ਦੀ ਗਵਾਹੀ ਦੇਣਾ ਕਹਿੰਦਾ ਹੈ, ਅਤੇ ਕੋਈ ਇਸ ਨੂੰ ਪਰਮੇਸ਼ੁਰ ਦੀ ਉਸਤਤ ਕਰਨਾ ਕਹਿੰਦਾ ਹੈ। ਪਰਮੇਸ਼ੁਰ ਬਾਰੇ ਜਾਣਨ ਦੀ ਨੀਂਹ ਦੇ ਅਧਾਰ ’ਤੇ, ਆਖਰਕਾਰ ਮਨੁੱਖ ਨੂੰ ਉਸ ਦੀ ਜੀਵਨ ਦੀ ਅਵਸਥਾ ਵਿੱਚ ਪੂਰੀ ਤਰ੍ਹਾਂ ਬਦਲਿਆ ਜਾਵੇਗਾ। ਜਿੰਨਾ ਜ਼ਿਆਦਾ ਮਨੁੱਖ ਨਜਿੱਠੇ ਜਾਣ ਅਤੇ ਤਾਏ ਜਾਣ ਵਿੱਚੋਂ ਲੰਘਦਾ ਹੈ, ਉੱਨਾ ਹੀ ਉਸ ਨੂੰ ਬਲ ਮਿਲਦਾ ਹੈ; ਜਿੰਨੇ ਜ਼ਿਆਦਾ ਪਰਮੇਸ਼ੁਰ ਦੇ ਕੰਮ ਦੇ ਕਦਮ ਹੁੰਦੇ ਹਨ, ਮਨੁੱਖ ਉੱਨਾ ਹੀ ਵੱਧ ਸਿੱਧ ਬਣਾਇਆ ਜਾਂਦਾ ਹੈ। ਅੱਜ, ਮਨੁੱਖ ਦੇ ਅਨੁਭਵ ਵਿੱਚ, ਪਰਮੇਸ਼ੁਰ ਦੇ ਕੰਮ ਦਾ ਹਰ ਇੱਕ ਕਦਮ ਉਸ ਦੀਆਂ ਧਾਰਣਾਵਾਂ ਨਾਲ ਟਕਰਾਉਂਦਾ ਹੈ, ਅਤੇ ਇਹ ਸਭ ਮਨੁੱਖ ਦੀ ਅਕਲ ਤੋਂ ਪਰ੍ਹੇ ਅਤੇ ਉਸ ਦੀਆਂ ਉਮੀਦਾਂ ਤੋਂ ਬਾਹਰ ਹੈ। ਪਰਮੇਸ਼ੁਰ ਉਹ ਸਭ ਕੁਝ ਪ੍ਰਦਾਨ ਕਰਦਾ ਹੈ ਜਿਸ ਦੀ ਮਨੁੱਖ ਨੂੰ ਲੋੜ ਹੁੰਦੀ ਹੈ, ਅਤੇ ਹਰ ਪੱਖੋਂ ਇਹ ਮਨੁੱਖ ਦੀਆਂ ਧਾਰਣਾਵਾਂ ਦੇ ਉਲਟ ਹੈ। ਪਰਮੇਸ਼ੁਰ ਤੇਰੇ ਸ਼ਕਤੀਹੀਣ ਹੋਣ ਦੇ ਸਮੇਂ ਆਪਣੇ ਵਚਨਾਂ ਦਾ ਉਚਾਰਣ ਕਰਦਾ ਹੈ; ਸਿਰਫ਼ ਇਸ ਤਰੀਕੇ ਨਾਲ ਹੀ ਉਹ ਤੇਰੇ ਜੀਵਨ ਵਿੱਚ ਪੂਰਤੀ ਕਰ ਸਕਦਾ ਹੈ। ਤੇਰੀਆਂ ਧਾਰਣਾਵਾਂ ’ਤੇ ਵਾਰ ਕਰ ਕੇ, ਉਹ ਤੈਥੋਂ ਪਰਮੇਸ਼ੁਰ ਦੁਆਰਾ ਨਜਿੱਠੇ ਜਾਣ ਨੂੰ ਸਵੀਕਾਰ ਕਰਾਉਂਦਾ ਹੈ; ਸਿਰਫ਼ ਇਸ ਤਰੀਕੇ ਨਾਲ ਹੀ ਤੂੰ ਆਪਣੀ ਭ੍ਰਿਸ਼ਟਤਾ ਤੋਂ ਛੁਟਕਾਰਾ ਪਾ ਸਕਦਾ ਹੈਂ। ਅੱਜ, ਦੇਹਧਾਰੀ ਪਰਮੇਸ਼ੁਰ ਇੱਕ ਪੱਖੋਂ ਪਰਮੇਸ਼ੁਰਤਾਈ ਦੀ ਅਵਸਥਾ ਵਿੱਚ ਕੰਮ ਕਰਦਾ ਹੈ, ਪਰ ਦੂਸਰੇ ਪੱਖੋਂ ਉਹ ਅਸਲ ਮਨੁੱਖਤਾ ਦੀ ਅਵਸਥਾ ਵਿੱਚ ਕੰਮ ਕਰਦਾ ਹੈ। ਜਦੋਂ ਤੂੰ ਪਰਮੇਸ਼ੁਰ ਦੇ ਕਿਸੇ ਵੀ ਕੰਮ ਤੋਂ ਇਨਕਾਰ ਕਰਨ ਯੋਗ ਨਹੀਂ ਰਹਿੰਦਾ, ਜਦੋਂ ਤੂੰ ਇਹ ਪਰਵਾਹ ਕੀਤੇ ਬਗੈਰ ਉਸ ਦੇ ਅਧੀਨ ਹੋਣ ਯੋਗ ਹੁੰਦਾ ਹੈਂ ਕਿ ਪਰਮੇਸ਼ੁਰ ਅਸਲ ਮਨੁੱਖਤਾ ਦੀ ਅਵਸਥਾ ਦੇ ਅੰਦਰ ਕੀ ਕਹਿੰਦਾ ਜਾਂ ਕਰਦਾ ਹੈ, ਜਦੋਂ ਤੂੰ ਇਹ ਪਰਵਾਹ ਕੀਤੇ ਬਗੈਰ ਕਿ ਉਹ ਕਿਸ ਕਿਸਮ ਦੀ ਸਧਾਰਣਤਾ ਪ੍ਰਗਟ ਕਰਦਾ ਹੈ, ਅਧੀਨ ਹੋਣ ਅਤੇ ਸਮਝਣ ਯੋਗ ਹੁੰਦਾ ਹੈਂ ਅਤੇ ਜਦੋਂ ਤੂੰ ਅਸਲ ਅਨੁਭਵ ਪ੍ਰਾਪਤ ਕਰ ਲਿਆ ਹੋਵੇ, ਸਿਰਫ਼ ਉਦੋਂ ਹੀ ਤੂੰ ਇਸ ਬਾਰੇ ਨਿਸ਼ਚਤ ਹੋ ਸਕਦਾ ਹੈਂ ਕਿ ਉਹ ਪਰਮੇਸ਼ੁਰ ਹੈ, ਸਿਰਫ਼ ਉਦੋਂ ਹੀ ਤੂੰ ਧਾਰਣਾਵਾਂ ਬਣਾਉਣੀਆਂ ਬੰਦ ਕਰੇਂਗਾ ਅਤੇ ਸਿਰਫ਼ ਉਦੋਂ ਹੀ ਤੂੰ ਅੰਤ ਤਕ ਉਸ ਦੇ ਰਾਹ ’ਤੇ ਚੱਲਣ ਯੋਗ ਹੋ ਸਕੇਂਗਾ। ਪਰਮੇਸ਼ੁਰ ਦੇ ਕੰਮ ਵਿੱਚ ਬੁੱਧ ਹੈ, ਅਤੇ ਉਹ ਜਾਣਦਾ ਹੈ ਕਿ ਮਨੁੱਖ ਉਸ ਦੀ ਗਵਾਹੀ ਵਿੱਚ ਕਿਵੇਂ ਕਾਇਮ ਰਹਿ ਸਕਦਾ ਹੈ। ਉਹ ਜਾਣਦਾ ਹੈ ਕਿ ਮਨੁੱਖ ਦੀ ਮੁੱਖ ਕਮਜ਼ੋਰੀ ਕੀ ਹੈ, ਅਤੇ ਉਹ ਜੋ ਵਚਨ ਬੋਲਦਾ ਹੈ ਉਹ ਤੇਰੀ ਮੁੱਖ ਕਮਜ਼ੋਰੀ ’ਤੇ ਵਾਰ ਕਰਦੇ ਹਨ, ਪਰ ਉਹ ਤੈਨੂੰ ਉਸ ਦੇ ਲਈ ਤੇਰੀ ਗਵਾਹੀ ਵਿੱਚ ਕਾਇਮ ਰੱਖਣ ਲਈ ਆਪਣੇ ਸ਼ਾਨਦਾਰ ਅਤੇ ਸਮਝਦਾਰੀ ਵਾਲੇ ਵਚਨਾਂ ਦਾ ਵੀ ਇਸਤੇਮਾਲ ਕਰਦਾ ਹੈ। ਅਜਿਹੇ ਹਨ ਪਰਮੇਸ਼ੁਰ ਦੇ ਚਮਤਕਾਰੀ ਕੰਮ। ਜਿਹੜਾ ਕੰਮ ਪਰਮੇਸ਼ੁਰ ਕਰਦਾ ਹੈ ਉਹ ਮਨੁੱਖੀ ਸਮਝ ਲਈ ਕਲਪਨਾ ਤੋਂ ਬਾਹਰ ਹੈ। ਸਰੀਰ ਤੋਂ ਬਣਿਆ, ਇਹ ਮਨੁੱਖ, ਕਿਹੋ ਜਿਹੀਆਂ ਭ੍ਰਿਸ਼ਟਤਾਵਾਂ ਨਾਲ ਜਕੜਿਆ ਹੋਇਆ ਹੈ, ਅਤੇ ਮਨੁੱਖ ਦਾ ਮੂਲ-ਤੱਤ ਕੀ ਹੈ—ਇਹ ਸਭ ਗੱਲਾਂ ਪਰਮੇਸ਼ੁਰ ਦੇ ਨਿਆਂ ਰਾਹੀਂ ਪ੍ਰਗਟ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਮਨੁੱਖ ਲਈ ਆਪਣੀ ਸ਼ਰਮਿੰਦਗੀ ਤੋਂ ਛੁਪਣ ਦੀ ਕੋਈ ਜਗ੍ਹਾ ਨਹੀਂ ਰਹਿ ਜਾਂਦੀ।

ਪਰਮੇਸ਼ੁਰ ਨਿਆਂ ਅਤੇ ਤਾੜਨਾ ਦਾ ਕੰਮ ਇਸ ਲਈ ਕਰਦਾ ਹੈ ਤਾਂ ਜੋ ਮਨੁੱਖ ਉਸ ਬਾਰੇ ਗਿਆਨ ਪ੍ਰਾਪਤ ਕਰ ਸਕੇ, ਅਤੇ ਆਪਣੀ ਗਵਾਹੀ ਦੀ ਖਾਤਰ ਵੀ ਕਰਦਾ ਹੈ। ਮਨੁੱਖ ਦੇ ਭ੍ਰਿਸ਼ਟ ਸੁਭਾਅ ਬਾਰੇ ਉਸ ਦੇ ਨਿਆਂ ਤੋਂ ਬਗੈਰ, ਮਨੁੱਖ ਸ਼ਾਇਦ ਪਰਮੇਸ਼ੁਰ ਦੇ ਧਰਮੀ ਸੁਭਾਅ ਬਾਰੇ ਜੋ ਕੋਈ ਅਪਰਾਧ ਸਹਿਣ ਨਹੀਂ ਕਰਦਾ, ਬਾਰੇ ਜਾਣ ਹੀ ਨਹੀਂ ਸਕਦਾ ਸੀ, ਅਤੇ ਨਾ ਹੀ ਮਨੁੱਖ ਪਰਮੇਸ਼ੁਰ ਬਾਰੇ ਆਪਣੇ ਪੁਰਾਣੇ ਗਿਆਨ ਨੂੰ ਨਵੇਂ ਵਿੱਚ ਬਦਲ ਸਕਦਾ ਸੀ। ਆਪਣੀ ਗਵਾਹੀ ਦੀ ਖਾਤਰ, ਅਤੇ ਆਪਣੇ ਪ੍ਰਬੰਧਨ ਦੀ ਖਾਤਰ, ਪਰਮੇਸ਼ੁਰ ਆਪਣੀ ਸੰਪੂਰਨਤਾ ਨੂੰ ਲੋਕਾਂ ਸਾਹਮਣੇ ਪ੍ਰਤੱਖ ਕਰਦਾ ਹੈ, ਅਤੇ ਇਸ ਤਰ੍ਹਾਂ ਆਪਣੀ ਲੌਕਕ ਦਿੱਖ ਰਾਹੀਂ, ਉਹ ਮਨੁੱਖ ਨੂੰ ਇਸ ਯੋਗ ਬਣਾਉਂਦਾ ਹੈ ਕਿ ਉਹ ਪਰਮੇਸ਼ੁਰ ਦੇ ਗਿਆਨ ਤੱਕ ਪਹੁੰਚ ਸਕੇ, ਉਸ ਦੇ ਸੁਭਾਅ ਨੂੰ ਪੂਰੀ ਤਰ੍ਹਾਂ ਬਦਲਿਆ ਜਾ ਸਕੇ, ਅਤੇ ਉਹ ਪਰਮੇਸ਼ੁਰ ਦੀ ਭਰਪੂਰ ਗਵਾਹੀ ਦੇ ਸਕੇ। ਮਨੁੱਖ ਦੇ ਸੁਭਾਅ ਵਿੱਚ ਪੂਰੀ ਤਰ੍ਹਾਂ ਬਦਲਾਅ ਪਰਮੇਸ਼ੁਰ ਦੇ ਕਈ ਵੱਖ-ਵੱਖ ਕਿਸਮਾਂ ਦੇ ਕੰਮਾਂ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ; ਆਪਣੇ ਸੁਭਾਅ ਵਿੱਚ ਅਜਿਹੀਆਂ ਤਬਦੀਲੀਆਂ ਤੋਂ ਬਗੈਰ, ਮਨੁੱਖ ਪਰਮੇਸ਼ੁਰ ਦੀ ਗਵਾਹੀ ਦੇਣ ਯੋਗ ਅਤੇ ਪਰਮੇਸ਼ੁਰ ਦੇ ਮਨ ਦੇ ਅਨੁਸਾਰ ਨਹੀਂ ਬਣ ਸਕੇਗਾ। ਮਨੁੱਖ ਦੇ ਸੁਭਾਅ ਵਿੱਚ ਪੂਰਾ ਬਦਲਾਅ ਇਹ ਦਰਸਾਉਂਦਾ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਸ਼ਤਾਨ ਦੀ ਗੁਲਾਮੀ ਤੋਂ ਅਤੇ ਹਨੇਰੇ ਦੇ ਪ੍ਰਭਾਵ ਤੋਂ ਮੁਕਤ ਕਰ ਲਿਆ ਹੈ, ਅਤੇ ਸੱਚਮੁੱਚ ਹੀ ਪਰਮੇਸ਼ੁਰ ਦੇ ਕੰਮ ਦੀ ਕਾਪੀ ਅਤੇ ਨਕਲ ਬਣ ਗਿਆ ਹੈ, ਪਰਮੇਸ਼ੁਰ ਦਾ ਇੱਕ ਅਜਿਹਾ ਗਵਾਹ, ਅਤੇ ਅਜਿਹਾ ਜਨ ਜੋ ਪਰਮੇਸ਼ੁਰ ਦੇ ਮਨ ਦੇ ਅਨੁਸਾਰ ਹੈ। ਅੱਜ, ਦੇਹਧਾਰੀ ਪਰਮੇਸ਼ੁਰ ਧਰਤੀ ਉੱਤੇ ਆਪਣਾ ਕੰਮ ਕਰਨ ਲਈ ਆਇਆ ਹੈ, ਅਤੇ ਉਹ ਚਾਹੁੰਦਾ ਹੈ ਕਿ ਮਨੁੱਖ ਉਸ ਬਾਰੇ ਗਿਆਨ ਪ੍ਰਾਪਤ ਕਰੇ, ਉਸ ਦੀ ਆਗਿਆਕਾਰੀ ਕਰੇ, ਉਸ ਦੀ ਗਵਾਹੀ ਦੇਵੇ, ਉਸ ਦੇ ਵਿਹਾਰਕ ਅਤੇ ਸਧਾਰਣ ਕੰਮ ਨੂੰ ਜਾਣੇ, ਉਸ ਦੇ ਉਨ੍ਹਾਂ ਸਾਰੇ ਵਚਨਾਂ ਅਤੇ ਕੰਮਾਂ ਦਾ ਆਗਿਆ ਪਾਲਣ ਕਰੇ ਜੋ ਮਨੁੱਖ ਦੀਆਂ ਧਾਰਣਾਵਾਂ ਦੇ ਅਨੁਕੂਲ ਨਹੀਂ ਹਨ, ਅਤੇ ਪਰਮੇਸ਼ੁਰ ਦੁਆਰਾ ਮਨੁੱਖ ਨੂੰ ਬਚਾਉਣ ਲਈ ਕੀਤੇ ਜਾਂਦੇ ਸਾਰੇ ਕੰਮ, ਅਤੇ ਨਾਲ ਹੀ ਉਨ੍ਹਾਂ ਸਾਰੇ ਕੰਮਾਂ ਦੀ ਵੀ ਗਵਾਹੀ ਦੇਵੇ ਜੋ ਉਹ ਮਨੁੱਖ ਨੂੰ ਜਿੱਤਣ ਲਈ ਪੂਰੇ ਕਰਦਾ ਹੈ। ਜੋ ਪਰਮੇਸ਼ੁਰ ਦੀ ਗਵਾਹੀ ਦਿੰਦੇ ਹਨ ਉਨ੍ਹਾਂ ਕੋਲ ਪਰਮੇਸ਼ੁਰ ਦਾ ਗਿਆਨ ਹੋਣਾ ਜ਼ਰੂਰੀ ਹੈ; ਸਿਰਫ਼ ਇਸ ਕਿਸਮ ਦੀ ਗਵਾਹੀ ਹੀ ਸਹੀ ਅਤੇ ਅਸਲ ਹੈ, ਅਤੇ ਸਿਰਫ਼ ਇਸ ਕਿਸਮ ਦੀ ਗਵਾਹੀ ਹੀ ਸ਼ਤਾਨ ਨੂੰ ਸ਼ਰਮਿੰਦਾ ਕਰ ਸਕਦੀ ਹੈ। ਪਰਮੇਸ਼ੁਰ ਉਸ ਦੀ ਗਵਾਹੀ ਦੇਣ ਲਈ ਉਨ੍ਹਾਂ ਲੋਕਾਂ ਦੀ ਵਰਤੋਂ ਕਰਦਾ ਹੈ ਜਿਹਨਾਂ ਨੇ ਉਸ ਦੇ ਨਿਆਂ ਅਤੇ ਤਾੜਨਾ, ਨਜਿੱਠਣ ਅਤੇ ਛੰਗਾਈ ਦੀ ਪ੍ਰਕਿਰਿਆ ਵਿੱਚੋਂ ਲੰਘਦੇ ਹੋਏ ਉਸ ਨੂੰ ਜਾਣਿਆ ਹੈ। ਉਹ ਉਸ ਦੀ ਗਵਾਹੀ ਦੇਣ ਲਈ ਉਨ੍ਹਾਂ ਲੋਕਾਂ ਦੀ ਵਰਤੋਂ ਕਰਦਾ ਹੈ ਜਿਹਨਾਂ ਨੂੰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਗਿਆ ਹੈ, ਅਤੇ ਇਸੇ ਤਰ੍ਹਾਂ ਉਹ ਉਸ ਦੀ ਗਵਾਹੀ ਦੇਣ ਲਈ ਉਨ੍ਹਾਂ ਲੋਕਾਂ ਦੀ ਵੀ ਵਰਤੋਂ ਕਰਦਾ ਹੈ ਜਿਹਨਾਂ ਦਾ ਸੁਭਾਅ ਪੂਰੀ ਤਰ੍ਹਾਂ ਬਦਲ ਗਿਆ ਹੈ, ਅਤੇ ਇੰਝ ਜਿਹਨਾਂ ਨੇ ਉਸ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਹਨ। ਉਹ ਨਹੀਂ ਚਾਹੁੰਦਾ ਕਿ ਮਨੁੱਖ ਆਪਣੇ ਮੂੰਹੋਂ ਉਸ ਦੀ ਉਸਤਤ ਕਰੇ, ਅਤੇ ਨਾ ਹੀ ਉਸ ਨੂੰ ਸ਼ਤਾਨ ਵਰਗੇ ਲੋਕਾਂ ਦੀ ਉਸਤਤ ਅਤੇ ਗਵਾਹੀ ਦੀ ਲੋੜ ਹੈ, ਜਿਹੜੇ ਉਸ ਦੁਆਰਾ ਬਚਾਏ ਨਹੀਂ ਗਏ ਹਨ। ਸਿਰਫ਼ ਉਹੀ ਲੋਕ ਪਰਮੇਸ਼ੁਰ ਦੀ ਗਵਾਹੀ ਦੇਣ ਦੇ ਯੋਗ ਹਨ ਜੋ ਉਸ ਨੂੰ ਜਾਣਦੇ ਹਨ, ਅਤੇ ਸਿਰਫ਼ ਉਹੀ ਲੋਕ ਉਸ ਦੀ ਗਵਾਹੀ ਦੇਣ ਦੇ ਯੋਗ ਹਨ ਜਿਹਨਾਂ ਦਾ ਸੁਭਾਅ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਪਰਮੇਸ਼ੁਰ ਮਨੁੱਖ ਨੂੰ ਜਾਣ-ਬੁੱਝ ਕੇ ਉਸ ਦਾ ਨਾਮ ਬਦਨਾਮ ਨਹੀਂ ਕਰਨ ਦੇਵੇਗਾ।

ਟਿੱਪਣੀ:

ੳ. ਅਸਲ ਲਿਖਤ ਵਿੱਚ “ਪਰਮੇਸ਼ੁਰ ਨੂੰ ਜਾਣਨ ਦਾ ਕੰਮ।” ਲਿਖਿਆ ਹੈ।

ਪਿਛਲਾ: “ਹਜ਼ਾਰ ਸਾਲ ਦੇ ਰਾਜ ਦਾ ਯੁਗ ਆ ਚੁੱਕਾ ਹੈ” ਇਸ ਬਾਰੇ ਇੱਕ ਸੰਖੇਪ ਚਰਚਾ

ਅਗਲਾ: ਪਤਰਸ ਨੇ ਯਿਸੂ ਨੂੰ ਕਿਵੇਂ ਜਾਣਿਆ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ