ਧਾਰਮਿਕ ਸੇਵਾ ਨੂੰ ਸ਼ੁੱਧ ਜ਼ਰੂਰ ਕੀਤਾ ਜਾਵੇ

ਪੂਰੇ ਬ੍ਰਹਿਮੰਡ ਵਿਚ ਉਸ ਦੇ ਕੰਮ ਦੀ ਸ਼ੁਰੂਆਤ ਤੋਂ ਹੀ, ਪਰਮੇਸ਼ੁਰ ਨੇ ਜੀਵਨ ਦੇ ਹਰ ਵਰਗ ਦੇ ਲੋਕਾਂ ਸਮੇਤ, ਬਹੁਤ ਸਾਰੇ ਲੋਕਾਂ ਦੀ ਕਿਸਮਤ ਵਿਚ ਉਸ ਦੀ ਸੇਵਾ ਕਰਨਾ ਮਿੱਥ ਦਿੱਤਾ ਹੈ। ਉਸ ਵੱਲੋਂ ਇਸ ਤਰ੍ਹਾਂ ਕਰਨ ਦਾ ਮੰਤਵ, ਆਪਣੀ ਇੱਛਾ ਨੂੰ ਪੂਰਾ ਕਰਨਾ ਅਤੇ ਧਰਤੀ ਉੱਪਰਲੇ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਕਰਨਾ ਹੈ; ਉਸ ਦੀ ਸੇਵਾ ਕਰਨ ਲਈ ਲੋਕਾਂ ਦੀ ਚੋਣ ਕਰਨ ਦਾ ਪਰਮੇਸ਼ੁਰ ਦਾ ਮਕਸਦ ਇਹ ਹੈ। ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਹਰ ਵਿਅਕਤੀ ਨੂੰ, ਉਸ ਦੀ ਇੱਛਾ ਦੀ ਸਮਝ ਹੋਣੀ ਹੀ ਚਾਹੀਦੀ ਹੈ। ਪਰਮੇਸ਼ੁਰ ਦਾ ਇਹ ਕਾਰਜ ਹੀ, ਧਰਤੀ ਉੱਤੇ ਲੋਕਾਂ ਅੱਗੇ ਉਸ ਦੀ ਬੁੱਧ ਅਤੇ ਸਰਬਸ਼ਕਤੀਮਾਨਤਾ ਦੇ ਨਾਲ-ਨਾਲ, ਉਸ ਦੇ ਕੰਮ ਸਬੰਧੀ ਨੇਮ ਸਪਸ਼ਟ ਰੂਪ ਵਿਚ ਦਰਸਾਉਂਦਾ ਹੈ। ਅਸਲ ਵਿਚ ਪਰਮੇਸ਼ੁਰ ਧਰਤੀ ਉੱਤੇ ਆਪਣਾ ਕੰਮ ਕਰਨ, ਤੇ ਲੋਕਾਂ ਵਿੱਚ ਵਿਚਰਨ ਲਈ ਹੀ ਆਇਆ ਹੈ ਤਾਂ ਕਿ ਲੋਕ, ਉਸ ਦੇ ਕਾਰਜਾਂ ਨੂੰ ਬਹੁਤ ਸਪਸ਼ਟ ਢੰਗ ਨਾਲ ਸਮਝ ਸਕਣ। ਅੱਜ ਤੁਸੀਂ, ਇਸ ਸਮੂਹ ਦੇ ਲੋਕ, ਖ਼ੁਸ਼ਕਿਸਮਤ ਹੋ ਕਿ ਤੁਹਾਨੂੰ ਹਕੀਕੀ ਪਰਮੇਸ਼ੁਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸੱਚੀਂ ਹੀ—ਤੁਸੀਂ ਪਰਮੇਸ਼ੁਰ ਦੀ ਅਨੰਤ ਅਸੀਸ ਦੇ ਪਾਤਰ ਹੋ ਤੇ ਉਸ ਦੁਆਰਾ ਉੱਚੇ ਉਠਾਏ ਗਏ ਹੋ। ਕਿਸੇ ਨੂੰ ਆਪਣੀ ਸੇਵਾ ਦਾ ਮੌਕਾ ਦੇਣ ਵਿੱਚ ਪਰਮੇਸ਼ੁਰ ਦੇ ਆਪਣੇ ਹੀ ਨੇਮ ਹਨ। ਪਰਮੇਸ਼ੁਰ ਦੀ ਸੇਵਾ ਕਰਨਾ, ਜਿਵੇਂ ਕੁਝ ਲੋਕ ਸਮਝਦੇ ਹਨ, ਐਵੇਂ ਥੋੜ੍ਹੇ ਜਿਹੇ ਉਤਸ਼ਾਹ ਦਾ ਮਾਮਲਾ ਮੂਲੋਂ ਹੀ ਨਹੀਂ ਹੈ। ਅੱਜ ਤੁਸੀਂ ਦੇਖਦੇ ਹੋ ਕਿ ਉਹ ਸਭ ਲੋਕ ਜਿਹੜੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਉਹ ਇਸ ਲਈ ਅਜਿਹਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਅਗਵਾਈ ਮਿਲੀ ਹੋਈ ਹੈ ਅਤੇ ਉਹਨਾਂ ਉੱਪਰ ਪਵਿੱਤਰ ਆਤਮਾ ਨੇ ਕੰਮ ਕੀਤਾ ਹੈ, ਤੇ ਕਿਉਂਕਿ ਇਹ ਉਹ ਲੋਕ ਹਨ ਜੋ ਸੱਚਾਈ ਦੇ ਰਾਹ ਪਏ ਹੋਏ ਹਨ। ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਲਈ ਇਹ ਘੱਟ ਤੋਂ ਘੱਟ ਸ਼ਰਤਾਂ ਹਨ।

ਪਰਮੇਸ਼ੁਰ ਦੀ ਸੇਵਾ ਕੋਈ ਸੌਖਾ ਕੰਮ ਨਹੀਂ ਹੈ। ਜਿਨ੍ਹਾਂ ਦਾ ਭ੍ਰਿਸ਼ਟ ਸੁਭਾਅ ਨਹੀਂ ਬਦਲਦਾ, ਉਹ ਕਦੇ ਵੀ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਸਕਦੇ। ਜੇ ਪਰਮੇਸ਼ੁਰ ਦੇ ਵਚਨਾਂ ਦੁਆਰਾ ਤੇਰੇ ਸੁਭਾਅ ਬਾਰੇ ਨਿਆਂ ਨਹੀਂ ਕੀਤਾ ਗਿਆ ਹੈ ਅਤੇ ਤਾੜਨਾ ਨਹੀਂ ਕੀਤੀ ਗਈ ਹੈ, ਤਾਂ ਫਿਰ ਤੇਰਾ ਸੁਭਾਅ ਅਜੇ ਵੀ ਸ਼ਤਾਨ ਨੁੰ ਹੀ ਦਰਸਾਉਂਦਾ ਹੈ, ਜੋ ਇਹ ਸਿੱਧ ਕਰਦਾ ਹੈ ਕਿ ਤੂੰ ਆਪਣੀ ਸਾਫ ਨੀਅਤ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਹੈਂ, ਤੇ ਤੇਰੀ ਸੇਵਾ ਦਾ ਆਧਾਰ, ਤੇਰੀ ਫ਼ਿਤਰਤ ਦੀ ਸ਼ਤਾਨੀ ਹੈ। ਤੂੰ ਪਰਮੇਸ਼ੁਰ ਦੀ ਸੇਵਾ ਆਪਣੇ ਕੁਦਰਤੀ ਕਿਰਦਾਰ ਨਾਲ ਅਤੇ ਆਪਣੀਆਂ ਨਿੱਜੀ ਤਰਜੀਹਾਂ ਅਨੁਸਾਰ ਕਰਦਾ ਹੈਂ। ਹੋਰ ਤਾਂ ਹੋਰ, ਤੂੰ ਹਮੇਸ਼ਾ ਇਹ ਸੋਚਦਾ ਹੈਂ ਕਿ ਜੋ ਕੁਝ ਤੂੰ ਕਰਨ ਦਾ ਇੱਛੁਕ ਹੈਂ, ਉਹ ਉਹੀ ਹੈ ਜੋ ਪਰਮੇਸ਼ੁਰ ਨੂੰ ਭਾਉਂਦਾ ਹੈ ਤੇ ਜੋ ਕੁਝ ਤੂੰ ਕਰਨਾ ਨਹੀਂ ਚਾਹੁੰਦਾ, ਉਹੀ ਸਭ ਕੁਝ ਪਰਮੇਸ਼ੁਰ ਨੂੰ ਨਹੀਂ ਭਾਉਂਦਾ; ਤੂੰ ਸਭ ਕੁਝ ਆਪਣੀਆਂ ਨਿੱਜੀ ਤਰਜੀਹਾਂ ਅਨੁਸਾਰ ਹੀ ਕਰਦਾ ਹੈਂ। ਕੀ ਇਹ ਪਰਮੇਸ਼ੁਰ ਦੀ ਸੇਵਾ ਕਹਾ ਸਕਦੀ ਹੈ? ਨਤੀਜੇ ਵਜੋਂ, ਤੇਰੇ ਜੀਵਨ ਦੀ ਸਥਿਤੀ ਵਿੱਚ ਭੋਰਾ ਵੀ ਤਬਦੀਲੀ ਨਹੀਂ ਹੋਵੇਗੀ; ਸਗੋਂ, ਤੇਰੀ ਸੇਵਾ ਤੈਨੂੰ ਹੋਰ ਵੀ ਅੜੀਅਲ ਬਣਾ ਦੇਵੇਗੀ, ਜਿਸ ਨਾਲ ਤੇਰੇ ਭ੍ਰਿਸ਼ਟ ਸੁਭਾਅ ਦੀਆਂ ਜੜ੍ਹਾਂ ਹੋਰ ਵੀ ਡੂੰਘੀਆਂ ਹੋ ਜਾਣਗੀਆਂ, ਅਤੇ ਇਸ ਤਰ੍ਹਾਂ, ਤੇਰੇ ਮਨ ਵਿਚ, ਪਰਮੇਸ਼ੁਰ ਦੀ ਸੇਵਾ ਸਬੰਧੀ ਅਜਿਹੇ ਨੇਮ ਬਣ ਜਾਣਗੇ, ਜੋ ਮੁਢਲੇ ਤੌਰ ’ਤੇ ਤੇਰੇ ਆਪਣੇ ਹੀ ਕਿਰਦਾਰ ਉੱਤੇ ਅਤੇ ਤੇਰੇ ਆਪਣੇ ਸੁਭਾਅ ਮੁਤਾਬਕ ਕੀਤੀ ਹੋਈ ਸੇਵਾ ਵਿੱਚੋਂ ਹੋਏ ਅਨੁਭਵਾਂ ਉੱਤੇ ਆਧਾਰਤ ਹੁੰਦੇ ਹਨ।ਇਹ ਮਨੁੱਖ ਦੇ ਸਬਕ ਤੇ ਅਨੁਭਵ ਹਨ। ਇਹ, ਸੰਸਾਰ ਵਿੱਚ ਜੀਉਣ ਦਾ ਮਨੁੱਖੀ ਫ਼ਲਸਫ਼ਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ, ਫ਼ਰੀਸੀ ਅਤੇ ਧਾਰਮਿਕ ਅਹੁਦੇਦਾਰਾਂ ਵਜੋਂ ਵੰਡਿਆ ਜਾ ਸਕਦਾ ਹੈ। ਜੇ ਉਹ ਕਦੇ ਵੀ ਜਾਗ ਕੇ, ਆਪਣੀਆਂ ਭੁੱਲਾਂ ਦਾ ਪਛਤਾਵਾ ਨਹੀਂ ਕਰਦੇ, ਤਾਂ ਯਕੀਨਨ ਹੀ, ਉਹ ਝੂਠੇ ਮਸੀਹ ਤੇ ਮਸੀਹ-ਵਿਰੋਧੀ ਬਣ ਜਾਣਗੇ ਜੋ ਅੰਤ ਦੇ ਦਿਨਾਂ ਵਿੱਚ ਲੋਕਾਂ ਨੂੰ ਧੋਖਾ ਦਿੰਦੇ ਹਨ। ਇਹ ਝੂਠੇ ਮਸੀਹ ਤੇ ਮਸੀਹ-ਵਿਰੋਧੀ ਕਹੇ ਜਾਂਦੇ ਲੋਕ, ਅਜਿਹੇ ਲੋਕਾਂ ਵਿੱਚੋਂ ਹੀ ਨਿੱਕਲ ਆਉਣਗੇ। ਜੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਆਪਣੀ ਆਪਣੀ ਪ੍ਰਕਿਰਤੀ ਅਨੁਸਾਰ ਚਲਦੇ ਹੋਏ ਅਤੇ ਆਪਣੀ ਮਨਮਰਜ਼ੀ ਅਨੁਸਾਰ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਟਾ ਦਿੱਤੇ ਜਾਣ ਦਾ ਖ਼ਤਰਾ ਹੁੰਦਾ ਹੈ। ਉਹ ਲੋਕ, ਜੋ ਹੋਰਨਾਂ ਦੇ ਦਿਲ ਜਿੱਤਣ ਲਈ, ਉਨ੍ਹਾਂ ਅੱਗੇ ਭਾਸ਼ਣਬਾਜ਼ੀ ਕਰਨ ਲਈ, ਉਨ੍ਹਾਂ ’ਤੇ ਨਿਯੰਤਰਣ ਕਰਨ ਲਈ, ਅਤੇ ਆਪਣੇ ਕੱਦ-ਬੁੱਤ ਉਚਿਆਉਣ ਲਈ, ਕਈ-ਕਈ ਸਾਲ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਹਾਸਲ ਕੀਤੇ ਅਨੁਭਵ ਤੋਂ ਕੰਮ ਲੈਂਦੇ ਹਨ—ਅਤੇ ਕਦੇ ਵੀ ਪਛਤਾਉਂਦੇ ਨਹੀਂ, ਕਦੇ ਵੀ ਆਪਣੇ ਪਾਪ ਨਹੀਂ ਕਬੂਲਦੇ, ਕਦੇ ਵੀ ਲਾਹੇਵੰਦ ਅਹੁਦੇ ਨਹੀਂ ਛੱਡਦੇ—ਇਹੀ ਲੋਕ ਪਰਮੇਸ਼ੁਰ ਅੱਗੇ ਗਿੜਗਿੜਾਉਣਗੇ। ਇਹ ਲੋਕ, ਪੌਲੁਸ ਵਰਗੇ ਹੀ ਹੋਣਗੇ, ਜਿਸ ਨੂੰ ਆਪਣੇ ਸਰਬ ਉੱਚ ਹੋਣ ਦਾ ਤੇ ਬਹੁਤ ਹੀ ਜ਼ਿਆਦਾ ਵਿਦਵਾਨ ਹੋਣ ਦਾ ਘਮੰਡ ਸੀ। ਪਰਮੇਸ਼ੁਰ ਇਹੋ ਜਿਹੇ ਲੋਕਾਂ ਨੂੰ ਸੰਪੂਰਣ ਨਹੀਂ ਬਣਾਉਂਦਾ। ਇਹੋ ਜਿਹੀ ਸੇਵਾ, ਪਰਮੇਸ਼ੁਰ ਦੇ ਕਾਰਜਾਂ ਵਿਚ ਦਖ਼ਲ ਦਿੰਦੀ ਹੈ। ਲੋਕ ਹਮੇਸ਼ਾ ਪੁਰਾਣੀਆਂ ਚੀਜ਼ਾਂ ਨੂੰ ਚਿੰਬੜੇ ਰਹਿੰਦੇ ਹਨ। ਉਹ, ਪੁਰਾਣੀਆਂ ਤੇ ਵੇਲ਼ਾ ਵਿਹਾ ਗਈਆਂ ਧਾਰਣਾਵਾਂ ਨੂੰ ਨਹੀਂ ਛੱਡਦੇ। ਇਹ ਉਨ੍ਹਾਂ ਦੀ ਸੇਵਾ ਦੇ ਸਬੰਧ ਵਿਚ ਇੱਕ ਵੱਡੀ ਰੁਕਾਵਟ ਹੈ। ਜੇ ਤੂੰ ਇਨ੍ਹਾਂ ਚੀਜ਼ਾਂ ਨੂੰ ਵਗਾਹ ਕੇ ਨਹੀਂ ਸੁੱਟਦਾ, ਤਾਂ ਇਹ ਤੇਰੇ ਸਮੁੱਚੇ ਜੀਵਨ ਦਾ ਦਮ ਘੋਟ ਦੇਣਗੀਆਂ। ਜੇ ਤੂੰ ਪਰਮੇਸ਼ੁਰ ਦੀ ਸੇਵਾ ਵਿਚ ਆਪਣੀਆਂ ਲੱਤਾਂ ਵੀ ਤੁੜਾ ਲਵੇਂ, ਉਸ ਲਈ ਮਜ਼ਦੂਰੀ ਕਰਦਿਆਂ ਆਪਣੀ ਪਿੱਠ ਵੀ ਭੰਨਾ ਲਵੇਂ, ਗੱਲ ਕੀ, ਉਸ ਦੀ ਸੇਵਾ ਵਿਚ ਸ਼ਹੀਦ ਵੀ ਹੋ ਜਾਵੇਂ ਤਾਂ ਵੀ ਉਹ ਤੇਰੀ ਭੋਰਾ ਕਦਰ ਨਹੀਂ ਕਰੇਗਾ। ਇਸ ਤੋਂ ਉਲਟ, ਉਹ ਤੈਨੂੰ ਬੁਰੇ ਕੰਮ ਕਰਨ ਵਾਲਾ ਹੀ ਕਹੇਗਾ।

ਅੱਜ ਤੋਂ ਸ਼ੁਰੂ ਕਰ ਕੇ, ਪਰਮੇਸ਼ੁਰ ਉਨ੍ਹਾਂ ਨੂੰ ਹੀ ਸੰਪੂਰਣ ਬਣਾਏਗਾ, ਜਿਨ੍ਹਾਂ ਦੀਆਂ ਕੋਈ ਧਾਰਮਿਕ ਧਾਰਣਾਵਾਂ ਨਹੀਂ ਹਨ, ਜੋ ਆਪਣੀ ਪੁਰਾਣੀ ਹੋਂਦ ਨੂੰ ਇੱਕ ਪਾਸੇ ਰੱਖਣ ਨੂੰ ਤਿਆਰ ਹਨ, ਅਤੇ ਜੋ ਬਹੁਤ ਹੀ ਸਾਦਾ-ਦਿਲੀ ਨਾਲ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਦੇ ਹਨ। ਉਹ, ਉਨ੍ਹਾਂ ਨੂੰ ਸੰਪੂਰਣ ਬਣਾਏਗਾ, ਜਿਨ੍ਹਾਂ ਨੂੰ ਪਰਮੇਸ਼ੁਰ ਦੇ ਵਚਨਾਂ ਦੀ ਤੇਹ ਹੋਏਗੀ। ਇਨ੍ਹਾਂ ਲੋਕਾਂ ਨੂੰ ਖੜ੍ਹੇ ਹੋ ਕੇ ਪਰਮੇਸ਼ੁਰ ਦੀ ਸੇਵਾ ਵਿਚ ਜੁਟ ਜਾਣਾ ਚਾਹੀਦਾ ਹੈ। ਪਰਮੇਸ਼ੁਰ ਅੰਦਰ ਬੇਅੰਤ ਅਮੀਰੀ ਅਤੇ ਬੇਹੱਦ ਬੁੱਧ ਹੈ। ਉਸ ਦੇ ਅਚੰਭਿਤ ਕਰਨ ਵਾਲੇ ਕੰਮ ਅਤੇ ਵਡਮੁੱਲੇ ਵਚਨ, ਇਸ ਤੋਂ ਵੀ ਕਿਤੇ ਵੱਡੀ ਗਿਣਤੀ ਲੋਕਾਂ ਵੱਲੋਂ ਮਾਣੇ ਜਾਣ ਦੀ ਉਡੀਕ ਵਿੱਚ ਹਨ। ਵਰਤਮਾਨ ਹਾਲਾਤ ਵਿੱਚ, ਧਾਰਮਿਕ ਧਾਰਣਾਵਾਂ ਵਾਲੇ ਲੋਕ, ਪ੍ਰਧਾਨਤਾ ਹਾਸਲ ਕਰਨ ਵਾਲੇ ਲੋਕ, ਅਤੇ ਉਹ ਜੋ ਆਪਣੇ ਆਪ ਨੂੰ ਪਾਸੇ ਨਹੀਂ ਰੱਖ ਸਕਦੇ, ਨਵੀਆਂ ਗੱਲਾਂ ਨੂੰ ਸਵੀਕਾਰ ਕਰਨ ਵਿਚ ਔਖਿਆਈ ਮਹਿਸੂਸ ਕਰਦੇ ਹਨ। ਪਵਿੱਤਰ ਆਤਮਾ ਕੋਲ ਇਨ੍ਹਾਂ ਲੋਕਾਂ ਨੂੰ ਸੰਪੂਰਣ ਬਣਾਉਣ ਲਈ ਕੋਈ ਵਿਹਲ ਨਹੀਂ ਹੈ। ਜੇ ਕਿਸੇ ਵਿਅਕਤੀ ਨੇ ਆਗਿਆ ਪਾਲਣ ਕਰਨ ਦਾ ਇਰਾਦਾ ਹੀ ਨਹੀਂ ਕੀਤਾ, ਤੇ ਜਿਸ ਨੂੰ ਪਰਮੇਸ਼ੁਰ ਦੇ ਵਚਨਾਂ ਦੀ ਤੇਹ ਹੀ ਨਹੀਂ ਤਾਂ ਉਸ ਕੋਲ ਨਵੀਆਂ ਗੱਲਾਂ ਸਵੀਕਾਰ ਕਰਨ ਦੇ ਸਾਧਨ ਵੀ ਨਹੀਂ ਹੁੰਦੇ; ਤੇ ਉਹ, ਵੱਧ ਤੋਂ ਵੱਧ ਬਾਗੀ ਅਤੇ ਜੁਗਾੜੂ ਬਣਦਿਆਂ ਕਿਸੇ ਗ਼ਲਤ ਰਾਹ ਪੈ ਜਾਣਗੇ। ਆਪਣਾ ਕਾਰਜ ਕਰਦਿਆਂ ਪਰਮੇਸ਼ੁਰ ਹੁਣ, ਅਜਿਹੇ ਹੋਰ ਲੋਕਾਂ ਨੂੰ ਉਠਾਏਗਾ, ਜੋ ਉਸ ਨੂੰ ਸੱਚੀਂ ਹੀ ਪਿਆਰ ਕਰਦੇ ਹਨ ਅਤੇ ਨਵੀਂ ਰੌਸ਼ਨੀ ਸਵੀਕਾਰ ਕਰ ਸਕਦੇ ਹਨ, ਉਹ ਉਨ੍ਹਾਂ ਧਾਰਮਿਕ ਅਹੁਦੇਦਾਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ, ਜਿਹੜੇ ਆਪਣੀ ਪ੍ਰਧਾਨਤਾ ਦਾ ਨਾਜਾਇਜ਼ ਲਾਭ ਉਠਾਉਂਦੇ ਹਨ;; ਉਹ ਉਨ੍ਹਾਂ ਵਿੱਚੋਂ ਅਜਿਹੇ ਕਿਸੇ ਇਕ ਨੂੰ ਵੀ ਨਹੀਂ ਚਾਹੁੰਦਾ, ਜਿਹੜੇ ਅੜੀਅਲ ਢੰਗ ਨਾਲ ਤਬਦੀਲੀ ਦਾ ਵਿਰੋਧ ਕਰਦੇ ਹੋਣ। ਕੀ ਤੂੰ ਇਨ੍ਹਾਂ ਵਿਚੋਂ ਹੀ ਕੋਈ ਹੋਣਾ ਚਾਹੁੰਦਾ ਹੈਂ? ਕੀ ਤੂੰ ਆਪਣੀਆਂ ਤਰਜੀਹਾਂ ਮੁਤਾਬਕ ਸੇਵਾ ਕਰਦਾ ਹੈਂ, ਜਾਂ ਤੂੰ ਉਹ ਕਰਦਾ ਹੈਂ ਜੋ ਪਰਮੇਸ਼ੁਰ ਤੇਰੇ ਕੋਲੋਂ ਚਾਹੁੰਦਾ ਹੈ? ਤੈਨੂੰ ਆਪ ਹੀ ਇਸ ਗੱਲ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਕੀ ਤੂੰ ਕੋਈ ਧਾਰਮਿਕ ਚੌਧਰੀ ਹੈਂ ਜਾਂ ਤੂੰ ਪਰਮੇਸ਼ੁਰ ਵੱਲੋਂ ਸੰਪੂਰਣ ਬਣਾਇਆ ਨਵਜੰਮਿਆ ਬੱਚਾ ਹੈਂ? ਤੇਰੀ ਕਿੰਨੀ ਸੇਵਾ, ਪਵਿੱਤਰ ਆਤਮਾ ਨੇ ਕਬੂਲ ਕੀਤੀ ਹੈ? ਇਸ ਵਿੱਚੋਂ ਕਿੰਨੀ ਸੇਵਾ ਬਾਰੇ, ਪਰਮੇਸ਼ੁਰ ਚੇਤੇ ਰੱਖਣ ਦੀ ਵੀ ਪ੍ਰਵਾਹ ਨਹੀਂ ਕਰੇਗਾ? ਸੇਵਾ ਕਰਨ ਦੇ ਲੰਬੇ ਅਰਸੇ ਦੌਰਾਨ, ਸੇਵਾ ਕਰਨ ਦੀ ਵਜ੍ਹਾ ਨਾਲ ਤੇਰੇ ਜੀਵਨ ਵਿਚ ਕਿੰਨੀ ਵੱਡੀ ਤਬਦੀਲੀ ਆਈ ਹੈ? ਕੀ ਤੂੰ ਇਸ ਬਾਰੇ ਸਪਸ਼ਟ ਹੈਂ? ਜੇ ਤੂੰ ਸੱਚੀਂ ਹੀ ਪਰਮੇਸ਼ੁਰ ਨੂੰ ਮੰਨਦਾ ਹੈਂ ਤਾਂ ਤੂੰ ਆਪਣੀਆਂ ਪੁਰਾਣੀਆਂ ਧਾਰਮਿਕ ਧਾਰਣਾਵਾਂ ਲਾਹ ਕੇ ਵਗਾਹ ਸੁੱਟੇਂਗਾ, ਤੇ ਨਵੇਂ ਢੰਗ ਨਾਲ ਪਰਮੇਸ਼ੁਰ ਦੀ ਬਿਹਤਰ ਸੇਵਾ ਕਰੇਂਗਾ। ਹਾਲੇ ਵੀ ਉੱਠ ਖੜ੍ਹੇ ਹੋਣ ਵਿੱਚ ਬਹੁਤੀ ਦੇਰ ਨਹੀਂ ਹੋਈ। ਪੁਰਾਣੀਆਂ ਧਾਰਮਿਕ ਧਾਰਣਾਵਾਂ ਕਿਸੇ ਵਿਅਕਤੀ ਦੇ ਸਮੁੱਚੇ ਜੀਵਨ ਨੂੰ ਹੂੰਝਾ ਮਾਰ ਸਕਦੀਆਂ ਹਨ। ਕਿਸੇ ਆਦਮੀ ਨੂੰ ਹੋਣ ਵਾਲਾ ਅਨੁਭਵ, ਉਸ ਨੂੰ ਪਰਮੇਸ਼ੁਰ ਤੋਂ ਭਟਕਾ ਸਕਦਾ ਹੈ ਤੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਕੰਮ ਕਰਾ ਸਕਦਾ ਹੈ। ਜੇ ਤੂੰ ਇਹੋ ਜਿਹੀਆਂ ਚੀਜ਼ਾਂ ਦਾ ਖਹਿੜਾ ਨਾ ਛੱਡਿਆ, ਤਾਂ ਉਹ ਤੇਰੇ ਜੀਵਨ ਦੇ ਵਿਕਾਸ ਦੇ ਰਾਹ ਦਾ ਰੋੜਾ ਬਣ ਜਾਣਗੀਆਂ। ਪਰਮੇਸ਼ੁਰ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਸੰਪੂਰਣ ਬਣਾਉਂਦਾ ਹੈ ਜੋ ਉਸ ਦੀ ਸੇਵਾ ਕਰਦੇ ਹਨ, ਅਤੇ ਉਨ੍ਹਾਂ ਨੂੰ ਛੇਤੀ ਕੀਤੇ ਨਹੀਂ ਮਿਟਾਉਂਦਾ। ਜੇ ਤੂੰ ਪਰਮੇਸ਼ੁਰ ਦੇ ਵਚਨਾਂ ਦਾ ਨਿਆਂ ਅਤੇ ਤਾੜਨਾ ਸੱਚੀਂ ਹੀ ਕਬੂਲ ਕਰ ਲੈਂਦਾ ਹੈਂ, ਜੇ ਤੂੰ ਪੁਰਾਣੇ ਧਾਰਮਿਕ ਅਮਲ ਅਤੇ ਨਿਯਮ ਪਾਸੇ ਸੁੱਟ ਸਕਦਾ ਹੈਂ ਅਤੇ ਪਰਮੇਸ਼ੁਰ ਦੇ ਅੱਜ ਦੇ ਵਚਨਾਂ ਦੇ ਉਪਾਅ ਵਜੋਂ, ਪੁਰਾਣੀਆਂ ਧਾਰਮਿਕ ਧਾਰਣਾਵਾਂ ਵਰਤਣੀਆਂ ਛੱਡ ਦਿੰਦਾ ਹੈਂ ਤਾਂ ਫੇਰ ਹੀ ਤੇਰੇ ਲਈ ਭਵਿੱਖ ਹੋਵੇਗਾ। ਪਰ ਜੇ ਤੂੰ ਪੁਰਾਣੀਆਂ ਗੱਲਾਂ ਨੂੰ ਚਿੰਬੜਿਆ ਰਹਿੰਦਾ ਹੈਂ, ਜੇ ਤੂੰ ਅਜੇ ਵੀ ਉਨ੍ਹਾਂ ਨੂੰ ਸੰਭਾਲ-ਸੰਭਾਲ ਰੱਖਦਾ ਹੈਂ, ਤਾਂ ਤੇਰੇ ਬਚਾਅ ਦਾ ਕੋਈ ਰਾਹ ਨਹੀਂ ਰਹੇਗਾ। ਪਰਮੇਸ਼ੁਰ ਅਜਿਹੇ ਲੋਕਾਂ ਵੱਲ ਧਿਆਨ ਨਹੀਂ ਦਿਆ ਕਰਦਾ। ਜੇ ਤੂੰ ਸੱਚੀਂ ਹੀ ਪਰਮੇਸ਼ੁਰ ਕੋਲੋਂ ਸੰਪੂਰਣ ਬਣਨਾ ਚਾਹੁੰਦਾ ਹੈਂ ਤਾਂ ਤੂੰ ਪਹਿਲਾਂ ਵਾਲੀ ਹਰ ਚੀਜ਼, ਪੂਰੀ ਤਰ੍ਹਾਂ ਛੱਡਣ ਦਾ ਇਰਾਦਾ ਜ਼ਰੂਰ ਕਰ ਲੈ। ਭਾਵੇਂ ਪਹਿਲਾਂ ਕੀਤਾ ਹੋਇਆ ਕੋਈ ਕੰਮ ਚੰਗਾ ਸੀ, ਭਾਵੇਂ ਉਹ ਪਰਮੇਸ਼ੁਰ ਦਾ ਹੀ ਕੰਮ ਸੀ ਤਾਂ ਵੀ ਤੂੰ ਅਜੇ ਵੀ ਉਸ ਕੰਮ ਨੂੰ ਇੱਕ ਪਾਸੇ ਰੱਖਣ ਅਤੇ ਉਸ ਨੂੰ ਚਿੰਬੜਨਾ ਛੱਡਣ ਜੋਗਾ ਜ਼ਰੂਰ ਹੋਣਾ ਚਾਹੀਦਾ ਹੈਂ। ਇਹ ਕੰਮ ਭਾਵੇਂ ਬਹੁਤ ਹੀ ਸਪਸ਼ਟ ਰੂਪ ਵਿਚ ਪਵਿੱਤਰ ਆਤਮਾ ਦਾ ਹੀ ਰਿਹਾ ਹੋਵੇ, ਭਾਵੇਂ ਸਿੱਧੇ ਰੂਪ ਵਿਚ ਪਵਿੱਤਰ ਆਤਮਾ ਨੇ ਹੀ ਕੀਤਾ ਹੋਵੇ, ਪਰ ਅੱਜ ਤੇਰੇ ਲਈ ਇਸ ਨੂੰ ਇੱਕ ਪਾਸੇ ਰੱਖਣਾ ਜ਼ਰੂਰੀ ਹੈ। ਤੂੰ ਇਸ ਨੁੰ ਪਕੜ ਕੇ ਨਹੀਂ ਰੱਖਣਾ ਹੈਂ ਪਰਮੇਸ਼ੁਰ ਵੀ ਬੱਸ ਇਹੋ ਚਾਹੁੰਦਾ ਹੈ। ਹਰ ਚੀਜ਼ ਨੂੰ ਨਵਿਆਉਣਾ ਜ਼ਰੂਰੀ ਹੈ। ਪਰਮੇਸ਼ੁਰ ਦੇ ਕੰਮ ਵਿੱਚ ਤੇ ਉਸ ਦੇ ਵਚਨਾਂ ਵਿੱਚ, ਪੁਰਾਣੀਆਂ ਚੀਜ਼ਾਂ ਦਾ ਕੋਈ ਜ਼ਿਕਰ ਨਹੀਂ ਹੁੰਦਾ ਜੋ ਪਹਿਲਾਂ ਹੋਈਆਂ ਸਨ। ਉਹ ਕਦੇ ਵੀ ਪੁਰਾਣਾ ਚਿੱਠਾ ਨਹੀਂ ਫੋਲਦਾ। ਪਰਮੇਸ਼ੁਰ ਪਰਮੇਸ਼ੁਰ ਹੁੰਦਾ ਹੈ ਜੋ ਹਮੇਸ਼ਾ ਨਵਾਂ ਹੁੰਦਾ ਹੈ ਅਤੇ ਕਦੇ ਵੀ ਪੁਰਾਣਾ ਨਹੀਂ ਹੁੰਦਾ, ਉਹ ਤਾਂ ਅਤੀਤ ਦੇ, ਆਪਣੇ ਪੁਰਾਣੇ ਵਚਨਾਂ ਨਾਲ ਵੀ ਨਹੀਂ ਚਿੰਬੜਦਾ—ਤੇ ਇਹ ਸਿੱਧ ਕਰਦਾ ਹੈ ਕਿ ਪਰਮੇਸ਼ੁਰ ਕਿਸੇ ਵੀ ਨਿਯਮ ਮੁਤਾਬਕ ਨਹੀਂ ਚੱਲਦਾ। ਇਸ ਲਈ, ਜੇ ਤੂੰ ਇਕ ਮਨੁੱਖ ਵਜੋਂ, ਹਮੇਸ਼ਾ ਅਤੀਤ ਵਿਚ ਵਾਪਰੀਆਂ ਘਟਨਾਵਾਂ ਨਾਲ ਚਿੰਬੜਿਆ ਰਹਿੰਦਾ ਹੈਂ, ਜੇ ਤੂੰ ਉਨ੍ਹਾਂ ਨੂੰ ਛੱਡਣੋਂ ਇਨਕਾਰੀ ਹੈਂ ਤੇ ਉਨ੍ਹਾਂ ਨੂੰ ਇਕ ਸਿਲਸਿਲੇਵਾਰ ਢੰਗ ਨਾਲ, ਬਹੁਤ ਸਖ਼ਤੀ ਨਾਲ ਲਾਗੂ ਕਰਦਾ ਹੈਂ, ਜਦੋਂ ਕਿ ਪਰਮੇਸ਼ੁਰ ਪਹਿਲਾਂ ਵਾਲੇ ਪੁਰਾਣੇ ਸਾਧਨ ਨਾ ਵਰਤਦਿਆਂ ਕੰਮ ਕਰਦਾ ਹੈ, ਤਾਂ ਕੀ ਤੇਰੇ ਬੋਲ ਤੇ ਕਾਰਜ, ਵਿਘਨ ਪਾਉਣ ਵਾਲੇ ਨਹੀਂ ਹਨ? ਕੀ ਤੂੰ ਪਰਮੇਸ਼ੁਰ ਦਾ ਦੁਸ਼ਮਣ ਨਹੀਂ ਬਣਿਆ ਹੋਇਆ? ਕੀ ਤੂੰ ਆਪਣਾ ਸਾਰਾ ਜੀਵਨ, ਇਨ੍ਹਾਂ ਪੁਰਾਣੀਆਂ ਚੀਜ਼ਾਂ ਦੀ ਖ਼ਾਤਰ ਤਬਾਹ ਤੇ ਬਰਬਾਦ ਹੋਣ ਦੇਣ ਲਈ ਰਾਜ਼ੀ ਹੈਂ? ਇਹ ਪੁਰਾਣੀਆਂ ਚੀਜ਼ਾਂ ਤੈਨੂੰ, ਪਰਮੇਸ਼ੁਰ ਦੇ ਕੰਮ ਵਿਚ ਅੜਿੱਕਾ ਪਾਉਣ ਵਾਲਾ ਜੀਵ ਬਣਾ ਦੇਣਗੀਆਂ—ਕੀ ਤੂੰ ਇਹੋ ਜਿਹਾ ਵਿਅਕਤੀ ਬਣਨਾ ਚਾਹੁੰਦਾ ਹੈਂ? ਜੇ ਤੂੰ ਸੱਚੀਂ ਹੀ ਇਹ ਚਾਹੁੰਦਾ ਹੈਂ ਕਿ ਇਸ ਤਰ੍ਹਾਂ ਨਾ ਹੋਵੇ, ਤਾਂ ਤੂੰ ਜੋ ਕੁਝ ਕਰ ਰਿਹਾ ਹੈਂ, ਉਹ ਇਕ ਦਮ ਬੰਦ ਕਰ ਦੇ ਅਤੇ ਪਿੱਛੇ ਮੁੜ ਜਾ, ਸਭ ਕੁਝ ਦੁਬਾਰਾ ਸ਼ੁਰੂ ਕਰ। ਪਰਮੇਸ਼ੁਰ ਅਤੀਤ ਵਿਚ ਤੇਰੇ ਵੱਲੋਂ ਕੀਤੀ ਹੋਈ ਸੇਵਾ ਯਾਦ ਨਹੀਂ ਰੱਖੇਗਾ।

ਪਿਛਲਾ: ਭ੍ਰਿਸ਼ਟ ਮਨੁੱਖ ਪਰਮੇਸ਼ੁਰ ਨੂੰ ਦਰਸਾਉਣ ਵਿੱਚ ਅਸਮਰਥ ਹੈ

ਅਗਲਾ: ਪਰਮੇਸ਼ੁਰ ਉੱਤੇ ਤੁਹਾਡਾ ਜੋ ਵਿਸ਼ਵਾਸ ਹੈ ਉਸ ਵਿੱਚ ਤੁਹਾਨੂੰ ਪਰਮੇਸ਼ੁਰ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ