ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਕੀਕੀ ਪਰਮੇਸ਼ਰ ਖੁਦ ਪਰਮੇਸ਼ਰ ਹੈ

ਤੈਨੂੰ ਹਕੀਕੀ ਪਰਮੇਸ਼ਰ ਬਾਰੇ ਕੀ ਜਾਣਨਾ ਚਾਹੀਦਾ ਹੈ? ਆਤਮਾ, ਵਿਅਕਤੀ, ਅਤੇ ਵਚਨ ਹੀ ਖੁਦ ਹਕੀਕੀ ਪਰਮੇਸ਼ਰ ਨੂੰ ਬਣਾਉਂਦੇ ਹਨ, ਅਤੇ ਇਹੀ ਖੁਦ ਹਕੀਕੀ ਪਰਮੇਸ਼ਰ ਦਾ ਅਸਲੀ ਮਤਲਬ ਹੈ। ਜੇ ਤੂੰ ਕੇਵਲ ਵਿਅਕਤੀ ਨੂੰ ਜਾਣਦੇ ਹੋ—ਜੇ ਤੂੰ ਉਸ ਦੀਆਂ ਆਦਤਾਂ ਅਤੇ ਸ਼ਖਸੀਅਤ ਨੂੰ ਜਾਣਦਾ ਹੈਂ—ਪਰ ਆਤਮਾ ਦੇ ਕੰਮ ਨੂੰ ਨਹੀਂ ਜਾਣਦਾ, ਜਾਂ ਇਹ ਨਹੀਂ ਜਾਣਦਾ ਕਿ ਦੇਹਧਾਰੀ ਰੂਪ ਵਿੱਚ ਆਤਮਾ ਕੀ ਕਰਦਾ ਹੈ, ਅਤੇ ਜੇ ਤੂੰ ਕੇਵਲ ਆਤਮਾ, ਅਤੇ ਵਚਨ ਵੱਲ ਧਿਆਨ ਦਿੰਦਾ ਹੈਂ, ਅਤੇ ਕੇਵਲ ਆਤਮਾ ਦੇ ਸਾਹਮਣੇ ਪ੍ਰਾਰਥਨਾ ਕਰਦਾ ਹੈਂ, ਪਰ ਹਕੀਕੀ ਪਰਮੇਸ਼ਰ ਵਿੱਚ ਪਰਮੇਸ਼ਰ ਦੇ ਆਤਮਾ ਦੇ ਕੰਮ ਨੂੰ ਨਹੀਂ ਜਾਣਦਾ, ਤਾਂ ਇਹ ਫੇਰ ਵੀ ਇਹੋ ਸਾਬਤ ਕਰਦਾ ਹੈ ਕਿ ਤੂੰ ਹਕੀਕੀ ਪਰਮੇਸ਼ਰ ਨੂੰ ਨਹੀਂ ਜਾਣਦਾ। ਹਕੀਕੀ ਪਰਮੇਸ਼ਰ ਦੇ ਗਿਆਨ ਵਿੱਚ ਉਸ ਦੇ ਵਚਨਾਂ ਨੂੰ ਜਾਣਨਾ ਅਤੇ ਅਨੁਭਵ ਕਰਨਾ, ਅਤੇ ਪਵਿੱਤਰ ਆਤਮਾ ਦੇ ਕੰਮ ਦੇ ਨਿਯਮਾਂ ਅਤੇ ਸਿਧਾਂਤਾਂ ਨੂੰ ਗ੍ਰਹਿਣ ਕਰਨਾ ਅਤੇ ਇਹ ਜਾਣਨਾ ਸ਼ਾਮਲ ਹੈ ਕਿ ਪਰਮੇਸ਼ਰ ਦਾ ਆਤਮਾ ਦੇਹਧਾਰੀ ਰੂਪ ਵਿੱਚ ਕਿਵੇਂ ਕੰਮ ਕਰਦਾ ਹੈ। ਇਸ ਵਿੱਚ ਇਹ ਜਾਣਨਾ ਵੀ ਸ਼ਾਮਲ ਹੈ ਕਿ ਦੇਹਧਾਰੀ ਪਰਮੇਸ਼ਰ ਦੀ ਹਰ ਕਾਰਵਾਈ ਆਤਮਾ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ, ਅਤੇ ਇਹ ਕਿ ਉਸ ਵੱਲੋਂ ਬੋਲੇ ਜਾਂਦੇ ਵਚਨ ਆਤਮਾ ਦਾ ਸਿੱਧਾ ਪ੍ਰਗਟਾਵਾ ਹਨ। ਇਸ ਤਰ੍ਹਾਂ, ਹਕੀਕੀ ਪਰਮੇਸ਼ਰ ਨੂੰ ਜਾਣਨ ਲਈ, ਇਹ ਜਾਣਨਾ ਸਭ ਤੋਂ ਅਹਿਮ ਹੈ ਕਿ ਪਰਮੇਸ਼ਰ ਮਨੁੱਖਤਾ ਅਤੇ ਪਰਮੇਸ਼ਰਤਾਈ ਵਿੱਚ ਕਿਵੇਂ ਕੰਮ ਕਰਦਾ ਹੈ; ਬਦਲੇ ਵਿੱਚ, ਇਹ ਆਤਮਾ ਦੇ ਪ੍ਰਗਟਾਵਿਆਂ ਨਾਲ ਸੰਬੰਧਿਤ ਹੈ, ਜਿਸ ਨਾਲ ਸਾਰੇ ਲੋਕ ਜੁੜੇ ਹਨ।

ਆਤਮਾ ਦੇ ਪ੍ਰਗਟਾਵਿਆਂ ਦੇ ਕਿਹੜੇ ਪੱਖ ਹਨ? ਕਈ ਵਾਰ ਪਰਮੇਸ਼ਰ ਮਨੁੱਖਤਾ ਵਿੱਚ ਕੰਮ ਕਰਦਾ ਹੈ, ਅਤੇ ਕਈ ਵਾਰ ਪਰਮੇਸ਼ਰਤਾਈ ਵਿੱਚ—ਪਰ ਦੋਨਾਂ ਮਾਮਲਿਆਂ ਵਿੱਚ ਕੰਟਰੋਲ ਆਤਮਾ ਦੇ ਹੱਥ ਹੀ ਹੁੰਦਾ ਹੈ। ਲੋਕਾਂ ਅੰਦਰ ਜਿਸ ਤਰ੍ਹਾਂ ਦੀ ਆਤਮਾ ਹੁੰਦੀ ਹੈ, ਓਸੇ ਤਰ੍ਹਾਂ ਦਾ ਬਾਹਰੀ ਪ੍ਰਗਟਾਵਾ ਹੁੰਦਾ ਹੈ। ਆਤਮਾ ਸਧਾਰਣ ਤਰੀਕੇ ਨਾਲ ਕੰਮ ਕਰਦਾ ਹੈ, ਪਰ ਆਤਮਾ ਦੁਆਰਾ ਉਸ ਦੇ ਨਿਰਦੇਸ਼ ਦੇ ਦੋ ਭਾਗ ਹਨ: ਇੱਕ ਭਾਗ ਹੈ ਉਸ ਦਾ ਮਨੁੱਖਤਾ ਵਿੱਚ ਕੰਮ, ਅਤੇ ਦੂਜਾ ਹੈ ਉਸ ਦਾ ਪਰਮੇਸ਼ਰਤਾਈ ਰਾਹੀਂ ਕੰਮ। ਤੈਨੂੰ ਇਸਨੂੰ ਸਪੱਸ਼ਟ ਤੌਰ ’ਤੇ ਜਾਣਨਾ ਚਾਹੀਦਾ ਹੈ। ਆਤਮਾ ਦਾ ਕੰਮ ਹਾਲਾਤਾਂ ਅਨੁਸਾਰ ਬਦਲਦਾ ਰਹਿੰਦਾ ਹੈ: ਜਦ ਉਸ ਦੇ ਮਨੁੱਖਤਾ ਵਾਲੇ ਕਾਰਜ ਦੀ ਲੋੜ ਪੈਂਦੀ ਹੈ, ਤਾਂ ਆਤਮਾ ਇਸ ਮਨੁੱਖੀ ਕਾਰਜ ਨੂੰ ਨਿਰਦੇਸ਼ਿਤ ਕਰਦਾ ਹੈ, ਅਤੇ ਜਦ ਉਸ ਦੇ ਈਸ਼ਵਰੀ ਕਾਰਜ ਦੀ ਲੋੜ ਪੈਂਦੀ ਹੈ, ਤਾਂ ਪਰਮੇਸ਼ਰਤਾਈ ਇਸਨੂੰ ਨੇਪਰੇ ਚਾੜ੍ਹਨ ਲਈ ਸਿੱਧੇ ਰੂਪ ਵਿੱਚ ਪਰਗਟ ਹੋ ਜਾਂਦੀ ਹੈ। ਕਿਉਂਕਿ ਪਰਮੇਸ਼ਰ ਦੇਹਧਾਰੀ ਰੂਪ ਵਿੱਚ ਕੰਮ ਕਰਦਾ ਹੈ ਅਤੇ ਦੇਹਧਾਰੀ ਰੂਪ ਵਿੱਚ ਪਰਗਟ ਹੁੰਦਾ ਹੈ, ਇਸ ਲਈ ਉਹ ਮਨੁੱਖਤਾ ਅਤੇ ਪਰਮੇਸ਼ਰਤਾਈ ਦੋਨਾਂ ਵਿੱਚ ਕੰਮ ਕਰਦਾ ਹੈ। ਮਨੁੱਖਤਾ ਵਿੱਚ ਉਸ ਦਾ ਕਾਰਜ ਆਤਮਾ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਅਤੇ ਨੇਪਰੇ ਚਾੜ੍ਹਿਆ ਜਾਂਦਾ ਹੈ ਤਾਂ ਜੋ ਲੋਕਾਂ ਦੀਆਂ ਸਰੀਰਕ ਲੋੜਾਂ ਨੂੰ ਸੰਤੁਸ਼ਟ ਕੀਤਾ ਜਾ ਸਕੇ, ਉਸ ਨਾਲ ਉਨ੍ਹਾਂ ਦੀ ਸ਼ਮੂਲੀਅਤ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ, ਉਨ੍ਹਾਂ ਨੂੰ ਪਰਮੇਸ਼ਰ ਦੀ ਅਸਲੀਅਤ ਅਤੇ ਸਧਾਰਣਤਾ ਨਿਹਾਰਨ ਦੇ ਯੋਗ ਬਣਾਇਆ ਜਾ ਸਕੇ, ਅਤੇ ਉਨ੍ਹਾਂ ਨੂੰ ਇਹ ਦੇਖਣ ਦੇ ਯੋਗ ਬਣਾਇਆ ਜਾ ਸਕੇ ਕਿ ਪਰਮੇਸ਼ਰ ਦਾ ਆਤਮਾ ਦੇਹਧਾਰੀ ਰੂਪ ਵਿੱਚ ਆਇਆ ਹੈ ਅਤੇ ਮਨੁੱਖ ਦੇ ਵਿਚਕਾਰ ਹੈ, ਮਨੁੱਖ ਨਾਲ ਮਿਲਕੇ ਰਹਿੰਦਾ ਹੈ, ਅਤੇ ਮਨੁੱਖ ਨਾਲ ਸ਼ਮੂਲੀਅਤ ਕਰਦਾ ਹੈ। ਪਰਮੇਸ਼ਰਤਾਈ ਵਿੱਚ ਉਸ ਦੇ ਕੰਮ ਨੂੰ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਦੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਅਤੇ ਲੋਕਾਂ ਨੂੰ ਸਕਾਰਾਤਮਕ ਪੱਖ ਤੋਂ ਹਰੇਕ ਚੀਜ਼ ਵਿੱਚ ਮਾਰਗ-ਦਰਸ਼ਨ ਦਿੱਤਾ ਜਾ ਸਕੇ, ਲੋਕਾਂ ਦੀਆਂ ਇੱਛਾਵਾਂ ਬਦਲੀਆਂ ਜਾ ਸਕਣ ਅਤੇ ਉਨ੍ਹਾਂ ਨੂੰ ਅਸਲ ਵਿੱਚ ਆਤਮਾ ਦੀ ਦੇਹਧਾਰੀ ਦਿੱਖ ਨਿਹਾਰਨ ਦੇ ਯੋਗ ਬਣਾਇਆ ਜਾ ਸਕੇ। ਆਮ ਤੌਰ ’ਤੇ, ਮਨੁੱਖ ਦੀ ਜ਼ਿੰਦਗੀ ਵਿੱਚ ਵਿਕਾਸ ਸਿੱਧੇ ਤੌਰ ’ਤੇ ਪਰਮੇਸ਼ਰਤਾਈ ਵਿੱਚ ਪਰਮੇਸ਼ਰ ਦੇ ਕੰਮ ਅਤੇ ਵਚਨਾਂ ਰਾਹੀਂ ਹਾਸਲ ਕੀਤਾ ਜਾਂਦਾ ਹੈ। ਲੋਕ ਆਪਣੀ ਇੱਛਾ ਵਿੱਚ ਤਬਦੀਲੀਆਂ ਨੂੰ ਕੇਵਲ ਤਾਂ ਹੀ ਹਾਸਲ ਕਰ ਸਕਦੇ ਹਨ ਜੇ ਉਹ ਪਰਮੇਸ਼ਰਤਾਈ ਵਿੱਚ ਪਰਮੇਸ਼ਰ ਦੇ ਕੰਮ ਨੂੰ ਸਵੀਕਾਰ ਕਰਦੇ ਹਨ, ਅਤੇ ਕੇਵਲ ਤਾਂ ਹੀ ਉਹ ਆਪਣੀ ਆਤਮਾ ਵਿੱਚ ਤ੍ਰਿਪਤ ਹੋ ਸਕਦੇ ਹਨ; ਇਸਦੇ ਨਾਲ ਹੀ, ਜੇ ਮਨੁੱਖਤਾ ਵਿਚਲਾ ਕਾਰਜ ਵੀ ਜੁੜ ਜਾਂਦਾ ਹੈ—ਪਰਮੇਸ਼ਰ ਦੀ ਚਰਵਾਹੀ, ਸਾਥ, ਅਤੇ ਮਨੁੱਖਤਾ ਵਿੱਚ ਪ੍ਰਬੰਧ—ਕੇਵਲ ਤਾਂ ਹੀ ਪਰਮੇਸ਼ਰ ਦੇ ਕੰਮ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਹਾਸਲ ਕੀਤਾ ਜਾ ਸਕਦਾ ਹੈ। ਅੱਜ ਜਿਸ ਖੁਦ ਹਕੀਕੀ ਪਰਮੇਸ਼ਰ ਬਾਰੇ ਗੱਲ ਕੀਤੀ ਜਾਂਦੀ ਹੈ, ਉਹ ਮਨੁੱਖਤਾ ਅਤੇ ਪਰਮੇਸ਼ਰਤਾਈ ਦੋਨਾਂ ਰੂਪਾਂ ਵਿੱਚ ਕੰਮ ਕਰਦਾ ਹੈ। ਹਕੀਕੀ ਪਰਮੇਸ਼ਰ ਦੇ ਪਰਗਟ ਹੋਣ ਰਾਹੀਂ, ਉਸ ਦਾ ਸਧਾਰਣ ਮਨੁੱਖੀ ਕੰਮ ਅਤੇ ਜੀਵਨ ਅਤੇ ਉਸ ਦਾ ਪੂਰੀ ਤਰ੍ਹਾਂ ਈਸ਼ਵਰੀ ਕਾਰਜ ਹਾਸਲ ਕੀਤੇ ਜਾਂਦੇ ਹਨ। ਉਸ ਦੇ ਮਨੁੱਖਤਾ ਅਤੇ ਪਰਮੇਸ਼ਰਤਾਈ ਦਾ ਇੱਕ ਵਜੋਂ ਸੁਮੇਲ ਕੀਤਾ ਜਾਂਦਾ ਹੈ, ਅਤੇ ਦੋਨਾਂ ਦਾ ਕੰਮ ਵਚਨਾਂ ਰਾਹੀਂ ਪੂਰਾ ਕੀਤਾ ਜਾਂਦਾ ਹੈ; ਚਾਹੇ ਉਹ ਮਨੁੱਖਤਾ ਵਿੱਚ ਹੋਵੇ ਜਾਂ ਪਰਮੇਸ਼ਰਤਾਈ ਵਿੱਚ, ਉਹ ਸ਼ਬਦ ਹੀ ਉਚਾਰਦਾ ਹੈ। ਜਦ ਪਰਮੇਸ਼ਰ ਮਨੁੱਖਤਾ ਵਿੱਚ ਕੰਮ ਕਰਦਾ ਹੈ, ਤਾਂ ਉਹ ਮਨੁੱਖਤਾ ਦੀ ਭਾਸ਼ਾ ਬੋਲਦਾ ਹੈ, ਤਾਂ ਜੋ ਲੋਕ ਵਿਚਾਰ ਸਾਂਝੇ ਕਰ ਸਕਣ ਅਤੇ ਸਮਝ ਸਕਣ। ਉਸ ਦੇ ਵਚਨ ਸਪੱਸ਼ਟ ਤਰੀਕੇ ਨਾਲ ਬੋਲੇ ਜਾਂਦੇ ਹਨ ਅਤੇ ਸਮਝਣ ਵਿੱਚ ਆਸਾਨ ਹੁੰਦੇ ਹਨ, ਕੁਝ ਇਸ ਤਰ੍ਹਾਂ ਦੇ ਕਿ ਇਹ ਸਾਰੇ ਲੋਕਾਂ ਨੂੰ ਪ੍ਰਦਾਨ ਕੀਤੇ ਜਾ ਸਕਦੇ ਹਨ; ਚਾਹੇ ਲੋਕਾਂ ਕੋਲ ਗਿਆਨ ਹੋਵੇ ਜਾਂ ਉਨ੍ਹਾਂ ਨੇ ਮਾੜੀ-ਮੋਟੀ ਸਿੱਖਿਆ ਹੀ ਕਿਉਂ ਨਾ ਲਈ ਹੋਵੇ, ਉਹ ਸਾਰੇ ਹੀ ਪਰਮੇਸ਼ਰ ਦੇ ਵਚਨਾਂ ਨੂੰ ਪ੍ਰਾਪਤ ਕਰ ਸਕਦੇ ਹਨ। ਪਰਮੇਸ਼ਰਤਾਈ ਵਿੱਚ ਪਰਮੇਸ਼ਰ ਦਾ ਕੰਮ ਵੀ ਵਚਨਾਂ ਰਾਹੀਂ ਹੀ ਨੇਪਰੇ ਚਾੜ੍ਹਿਆ ਜਾਂਦਾ ਹੈ, ਪਰ ਇਹ ਸੁਵਿਧਾ ਭਰਪੂਰ ਹੁੰਦਾ ਹੈ, ਇਹ ਜੀਵਨ ਨਾਲ ਭਰਪੂਰ ਹੁੰਦਾ ਹੈ, ਇਹ ਮਨੁੱਖੀ ਫੁਰਨਿਆਂ ਤੋਂ ਨਿਰਲੇਪ ਹੁੰਦਾ ਹੈ, ਇਸ ਵਿੱਚ ਮਨੁੱਖੀ ਤਰਜੀਹਾਂ ਸ਼ਾਮਲ ਨਹੀਂ ਹੁੰਦੀਆਂ, ਅਤੇ ਇਹ ਮਨੁੱਖੀ ਸੀਮਾਵਾਂ ਤੋਂ ਰਹਿਤ ਹੁੰਦਾ ਹੈ, ਇਹ ਕਿਸੇ ਵੀ ਸਧਾਰਣ ਮਨੁੱਖਤਾ ਦੀਆਂ ਹੱਦਾਂ ਤੋਂ ਬਾਹਰ ਹੁੰਦਾ ਹੈ; ਇਹ ਦੇਹ ਵਿੱਚ ਕੀਤਾ ਜਾਂਦਾ ਹੈ, ਪਰ ਇਹ ਆਤਮਾ ਦਾ ਸਿੱਧਾ ਪ੍ਰਗਟਾਵਾ ਹੁੰਦਾ ਹੈ। ਜੇ ਲੋਕ ਕੇਵਲ ਮਨੁੱਖਤਾ ਵਿੱਚ ਪਰਮੇਸ਼ਰ ਦੇ ਕੰਮ ਨੂੰ ਸਵੀਕਾਰ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਇੱਕ ਵਿਸ਼ੇਸ਼ ਦਾਇਰੇ ਵਿੱਚ ਸੀਮਤ ਕਰ ਲੈਣਗੇ, ਅਤੇ ਇਸ ਤਰ੍ਹਾਂ ਆਪਣੇ ਆਪ ਵਿੱਚ ਮਾਮੂਲੀ ਤਬਦੀਲੀ ਲਿਆਉਣ ਵਾਸਤੇ ਵੀ ਉਨ੍ਹਾਂ ਨੂੰ ਨਿਰੰਤਰ ਨਜਿੱਠਣ, ਛੰਗਾਈ, ਅਤੇ ਅਨੁਸਾਸ਼ਨ ਦੀ ਲੋੜ ਪਵੇਗੀ। ਹਾਲਾਂਕਿ, ਪਵਿੱਤਰ ਆਤਮਾ ਦੇ ਕੰਮ ਜਾਂ ਮੌਜੂਦਗੀ ਤੋਂ ਬਗੈਰ, ਉਹ ਹਮੇਸ਼ਾ ਆਪਣੇ ਪੁਰਾਣੇ ਤਰੀਕਿਆਂ ’ਤੇ ਵਾਪਸ ਆ ਜਾਣਗੇ; ਇਹ ਸਿਰਫ਼ ਪਰਮੇਸ਼ਰਤਾਈ ਦੇ ਕਾਰਜ ਰਾਹੀਂ ਹੀ ਸੰਭਵ ਹੈ ਕਿ ਇਨ੍ਹਾਂ ਸਾਰੀਆਂ ਬੁਰਾਈਆਂ ਅਤੇ ਕਮੀਆਂ ਨੂੰ ਸੋਧਿਆ ਜਾ ਸਕਦਾ ਹੈ, ਅਤੇ ਕੇਵਲ ਤਾਂ ਹੀ ਲੋਕਾਂ ਨੂੰ ਸੰਪੂਰਨ ਬਣਾਇਆ ਜਾ ਸਕਦਾ ਹੈ। ਨਿਰੰਤਰ ਨਜਿੱਠਣ ਅਤੇ ਛੰਗਾਈ ਦੀ ਬਜਾਏ, ਜਿਸ ਚੀਜ਼ ਦੀ ਲੋੜ ਹੈ ਉਹ ਹੈ ਉਸਾਰੂ ਪ੍ਰਬੰਧ, ਸਾਰੀਆਂ ਕਮੀਆਂ ਦੀ ਭਰਪਾਈ ਕਰਨ ਲਈ ਵਚਨਾਂ ਦੀ ਵਰਤੋਂ ਕਰਨਾ, ਲੋਕਾਂ ਦੀ ਹਰ ਅਵਸਥਾ ਨੂੰ ਉਘਾੜਨ ਲਈ ਵਚਨਾਂ ਦੀ ਵਰਤੋਂ ਕਰਨਾ, ਉਨ੍ਹਾਂ ਦੀਆਂ ਜ਼ਿੰਦਗੀਆਂ, ਉਨ੍ਹਾਂ ਦੇ ਹਰ ਉਚਾਰਣ, ਉਨ੍ਹਾਂ ਦੀ ਹਰ ਕਾਰਵਾਈ ਨੂੰ ਦਿਸ਼ਾ ਦੇਣ ਲਈ, ਅਤੇ ਉਨ੍ਹਾਂ ਦੇ ਇਰਾਦਿਆਂ ਅਤੇ ਪ੍ਰੇਰਨਾਵਾਂ ਨੂੰ ਉਜਾਗਰ ਕਰਨ ਲਈ ਵਚਨਾਂ ਦੀ ਵਰਤੋਂ ਕਰਨਾ। ਹਕੀਕੀ ਪਰਮੇਸ਼ਰ ਦਾ ਇਹੋ ਅਸਲੀ ਕੰਮ ਹੈ। ਇਸ ਲਈ ਹਕੀਕੀ ਪਰਮੇਸ਼ਰ ਪ੍ਰਤੀ ਆਪਣੇ ਰਵੱਈਏ ਵਿੱਚ, ਤੁਹਾਨੂੰ ਤੁਰੰਤ ਉਸ ਦੀ ਮਨੁੱਖਤਾ ਅੱਗੇ ਸਮਰਪਣ ਕਰ ਦੇਣਾ ਚਾਹੀਦਾ ਹੈ, ਉਸ ਨੂੰ ਮਾਨਤਾ ਦੇਣੀ ਚਾਹੀਦੀ ਹੈ ਅਤੇ ਸਵੀਕਾਰ ਕਰਨਾ ਚਾਹੀਦਾ ਹੈ, ਅਤੇ ਇਸ ਤੋਂ ਇਲਾਵਾ ਤੁਹਾਨੂੰ ਉਸ ਦੇ ਪਰਮੇਸ਼ਰਤਾਈ ਵਾਲੇ ਕਾਰਜ ਅਤੇ ਵਚਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਪਾਲਣਾ ਕਰਨੀ ਚਾਹੀਦੀ ਹੈ। ਦੇਹਧਾਰੀ ਰੂਪ ਵਿੱਚ ਪਰਮੇਸ਼ਰ ਦੇ ਪਰਗਟ ਹੋਣ ਦਾ ਮਤਲਬ ਇਹ ਹੈ ਕਿ ਪਰਮੇਸ਼ਰ ਦੀ ਆਤਮਾ ਦੇ ਸਮੁੱਚੇ ਕਾਰਜ ਅਤੇ ਵਚਨਾਂ ਨੂੰ ਉਸ ਦੀ ਸਧਾਰਣ ਮਨੁੱਖਤਾ ਰਾਹੀਂ ਅਤੇ ਉਸ ਦੇ ਦੇਹਧਾਰਣ ਰਾਹੀਂ ਕੀਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਪਰਮੇਸ਼ਰ ਦਾ ਆਤਮਾ ਤੁਰੰਤ ਉਸ ਦੇ ਮਨੁੱਖੀ ਕਾਰਜ ਨੂੰ ਨਿਰਦੇਸ਼ਿਤ ਕਰਦਾ ਹੈ ਅਤੇ ਦੇਹਧਾਰੀ ਰੂਪ ਵਿੱਚ ਉਸ ਦੇ ਪਰਮੇਸ਼ਰਤਾਈ ਵਾਲੇ ਕੰਮ ਨੂੰ ਨੇਪਰੇ ਚਾੜ੍ਹਦਾ ਹੈ, ਅਤੇ ਦੇਹਧਾਰੀ ਪਰਮੇਸ਼ੁਰ ਰਾਹੀਂ ਤੂੰ ਪਰਮੇਸ਼ਰ ਦੇ ਮਨੁੱਖਤਾ ਵਿਚਲੇ ਕੰਮ ਅਤੇ ਉਸ ਦੇ ਪੂਰੀ ਤਰ੍ਹਾਂ ਪਰਮੇਸ਼ਰਤਾਈ ਵਾਲੇ ਕੰਮ ਦੋਨਾਂ ਨੂੰ ਦੇਖ ਸਕਦਾ ਹੈਂ। ਇਹ ਹਕੀਕੀ ਪਰਮੇਸ਼ਰ ਦੇ ਦੇਹਧਾਰੀ ਰੂਪ ਵਿੱਚ ਪਰਗਟ ਹੋਣ ਦੀ ਅਸਲ ਮਹੱਤਤਾ ਹੈ। ਜੇ ਤੂੰ ਇਸਨੂੰ ਸਪੱਸ਼ਟ ਰੂਪ ਵਿੱਚ ਦੇਖ ਸਕਦਾ ਹੈਂ, ਤਾਂ ਤੂੰ ਪਰਮੇਸ਼ਰ ਦੇ ਸਾਰੇ ਵੱਖ-ਵੱਖ ਭਾਗਾਂ ਨੂੰ ਜੋੜਨ ਦੇ ਯੋਗ ਹੋ ਜਾਵੇਂਗਾ; ਤੂੰ ਪਰਮੇਸ਼ਰਤਾਈ ਵਿੱਚ ਉਸ ਦੇ ਕਾਰਜ ਨਾਲ ਬੇਲੋੜੀ ਮਹੱਤਤਾ ਜੋੜਨੀ ਬੰਦ ਕਰ ਦੇਵੇਂਗਾ ਅਤੇ ਤੂੰ ਉਸ ਦੇ ਮਨੁੱਖਤਾ ਵਿਚਲੇ ਕਾਰਜ ਨੂੰ ਬੇਲੋੜੀ ਮੁਨਕਰਤਾ ਨਾਲ ਦੇਖਣਾ ਬੰਦ ਕਰ ਦੇਵੇਂਗਾ, ਅਤੇ ਤੂੰ ਚਰਮ-ਸੀਮਾਵਾਂ ਤੱਕ ਨਹੀਂ ਜਾਵੇਂਗਾ, ਜਾਂ ਕੋਈ ਵਿੰਗੇ-ਟਿੰਗੇ ਰਸਤੇ ਨਹੀਂ ਅਪਣਾਵੇਂਗਾ। ਕੁੱਲ ਮਿਲਾ ਕੇ, ਹਕੀਕੀ ਪਰਮੇਸ਼ਰ ਦਾ ਮਤਲਬ ਇਹ ਹੈ ਕਿ ਉਸ ਦੀ ਮਨੁੱਖਤਾ ਅਤੇ ਉਸ ਦੀ ਪਰਮੇਸ਼ਰਤਾਈ ਵਾਲੇ ਕੰਮ ਨੂੰ, ਆਤਮਾ ਦੇ ਨਿਰਦੇਸ਼ ਅਨੁਸਾਰ, ਉਸ ਦੇ ਦੇਹਧਾਰੀ ਰੂਪ ਰਾਹੀਂ ਜ਼ਾਹਰ ਕੀਤਾ ਜਾਂਦਾ ਹੈ, ਤਾਂ ਜੋ ਲੋਕ ਦੇਖ ਸਕਣ ਕਿ ਉਹ ਸਜੀਵ ਅਤੇ ਜ਼ਿੰਦਾਦਿਲ, ਅਸਲੀ ਅਤੇ ਸੱਚਾ ਹੈ।

ਮਨੁੱਖਤਾ ਵਿੱਚ ਪਰਮੇਸ਼ਰ ਦੇ ਆਤਮਾ ਦੇ ਕਾਰਜ ਦੇ ਕਈ ਪਰਿਵਰਤਨਸ਼ੀਲ ਪੜਾਅ ਹੁੰਦੇ ਹਨ ਮਨੁੱਖਤਾ ਨੂੰ ਸੰਪੂਰਣ ਬਣਾਉਣ ਦੁਆਰਾ, ਉਹ ਆਪਣੀ ਮਨੁੱਖਤਾ ਨੂੰ ਆਤਮਾ ਦੇ ਨਿਰਦੇਸ਼ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ, ਜਿਸ ਦੇ ਬਾਅਦ ਉਸ ਦੀ ਮਨੁੱਖਤਾ ਕਲੀਸਿਆਵਾਂ ਦਾ ਪ੍ਰਬੰਧ ਅਤੇ ਚਰਵਾਹੀ ਕਰਨ ਦੇ ਯੋਗ ਹੋ ਜਾਂਦੀ ਹੈ। ਇਹ ਪਰਮੇਸ਼ਰ ਦੇ ਸਧਾਰਣ ਕਾਰਜ ਦਾ ਇੱਕ ਪ੍ਰਗਟਾਵਾ ਹੈ। ਇਸ ਤਰ੍ਹਾਂ, ਜੇ ਤੂੰ ਮਨੁੱਖਤਾ ਵਿੱਚ ਪਰਮੇਸ਼ਰ ਦੇ ਕਾਰਜ ਦੇ ਸਿਧਾਂਤਾਂ ਨੂੰ ਸਪੱਸ਼ਟ ਰੂਪ ਵਿੱਚ ਦੇਖ ਸਕਦਾ ਹੈਂ, ਤਾਂ ਤੇਰੇ ਦੁਆਰਾ ਮਨੁੱਖਤਾ ਵਿੱਚ ਪਰਮੇਸ਼ਰ ਦੇ ਕਾਰਜ ਬਾਰੇ ਧਾਰਣਾਵਾਂ ਪਾਲਣ ਦੀ ਸੰਭਾਵਨਾ ਨਹੀਂ ਰਹੇਗੀ। ਭਾਵੇਂ ਕੁਝ ਵੀ ਹੋਵੇ, ਪਰਮੇਸ਼ਰ ਦਾ ਆਤਮਾ ਗਲਤ ਨਹੀਂ ਹੋ ਸਕਦਾ। ਉਹ ਸਹੀ ਹੁੰਦਾ ਹੈ ਅਤੇ ਗਲਤੀ ਤੋਂ ਰਹਿਤ ਹੁੰਦਾ ਹੈ; ਉਹ ਕੋਈ ਵੀ ਚੀਜ਼ ਗਲਤ ਤਰੀਕੇ ਨਾਲ ਨਹੀਂ ਕਰਦਾ। ਪਰਮੇਸ਼ਰਤਾਈ ਵਾਲਾ ਕਾਰਜ ਪਰਮੇਸ਼ਰ ਦੀ ਇੱਛਾ ਦਾ ਸਿੱਧਾ ਪ੍ਰਗਟਾਵਾ ਹੈ, ਅਤੇ ਇਹ ਮਨੁੱਖਤਾ ਦੀ ਦਖਲਅੰਦਾਜ਼ੀ ਤੋਂ ਬਿਨਾਂ ਹੁੰਦਾ ਹੈ। ਇਹ ਸੰਪੂਰਣਤਾ ਵਿੱਚੋਂ ਨਹੀਂ ਗੁਜ਼ਰਦਾ, ਸਗੋਂ ਸਿੱਧਾ ਆਤਮਾ ਤੋਂ ਆਉਂਦਾ ਹੈ। ਇਸ ਤੋਂ ਇਲਾਵਾ, ਇਹ ਤੱਥ ਕਿ ਉਹ ਪਰਮੇਸ਼ਰਤਾਈ ਵਿੱਚ ਕੰਮ ਕਰ ਸਕਦਾ ਹੈ, ਉਸ ਦੀ ਸਧਾਰਣ ਮਨੁੱਖਤਾ ਦੇ ਕਰਕੇ ਹੈ; ਇਹ ਥੋੜ੍ਹਾ ਜਿਹਾ ਵੀ ਅਲੌਕਿਕ ਨਹੀਂ ਹੈ, ਅਤੇ ਇਹ ਕਿਸੇ ਸਧਾਰਣ ਵਿਅਕਤੀ ਵੱਲੋਂ ਕੀਤਾ ਜਾਂਦਾ ਜਾਪਦਾ ਹੈ। ਪਰਮੇਸ਼ਰ ਸਵਰਗ ਤੋਂ ਧਰਤੀ ਉੱਤੇ ਮੁੱਖ ਤੌਰ ’ਤੇ ਇਸ ਲਈ ਆਇਆ ਤਾਂ ਜੋ ਉਹ ਦੇਹਧਾਰੀ ਰੂਪ ਵਿੱਚ ਪਰਮੇਸ਼ਰ ਦੇ ਵਚਨਾਂ ਨੂੰ ਪਰਗਟ ਕਰ ਸਕੇ, ਦੇਹਧਾਰੀ ਰੂਪ ਰਾਹੀਂ ਪਰਮੇਸ਼ਰ ਦੇ ਆਤਮਾ ਦੇ ਕਾਰਜ ਨੂੰ ਪੂਰਾ ਕਰ ਸਕੇ।

ਅੱਜ, ਹਕੀਕੀ ਪਰਮੇਸ਼ਰ ਬਾਰੇ ਲੋਕਾਂ ਦਾ ਗਿਆਨ ਬਹੁਤ ਹੀ ਇੱਕ-ਪਾਸੜ ਹੈ, ਅਤੇ ਦੇਹਧਾਰਣ ਦੀ ਮਹੱਤਤਾ ਬਾਰੇ ਉਨ੍ਹਾਂ ਦੀ ਸਮਝ ਬਹੁਤ ਨਿਗੂਣੀ ਹੈ। ਪਰਮੇਸ਼ਰ ਦੇ ਦੇਹਧਾਰੀ ਰੂਪ ਨਾਲ, ਲੋਕ ਉਸ ਦੇ ਕਾਰਜ ਅਤੇ ਵਚਨਾਂ ਥਾਣੀਂ ਦੇਖਦੇ ਹਨ ਕਿ ਪਰਮੇਸ਼ਰ ਦੇ ਆਤਮਾ ਵਿੱਚ ਬਹੁਤ ਕੁਝ ਸ਼ਾਮਲ ਹੈ, ਇਹ ਕਿ ਉਸ ਕੋਲ ਬਹੁਤ ਭਰਪੂਰੀ ਹੈ। ਹਾਲਾਂਕਿ ਫਿਰ ਵੀ, ਆਖਰਕਾਰ ਪਰਮੇਸ਼ਰ ਦੀ ਗਵਾਹੀ ਪਰਮੇਸ਼ਰ ਦੇ ਆਤਮਾ ਤੋਂ ਆਉਂਦੀ ਹੈ: ਦੇਹਧਾਰੀ ਰੂਪ ਵਿੱਚ ਪਰਮੇਸ਼ਰ ਕੀ ਕਰਦਾ ਹੈ, ਉਹ ਕਿਹੜੇ ਸਿਧਾਂਤਾਂ ਅਨੁਸਾਰ ਕੰਮ ਕਰਦਾ ਹੈ, ਮਨੁੱਖਤਾ ਵਿੱਚ ਉਹ ਕੀ ਕਰਦਾ ਹੈ, ਅਤੇ ਪਰਮੇਸ਼ਰਤਾਈ ਵਿੱਚ ਉਹ ਕੀ ਕਰਦਾ ਹੈ। ਲੋਕਾਂ ਨੂੰ ਇਸਦਾ ਗਿਆਨ ਹੋਣਾ ਲਾਜ਼ਮੀ ਹੈ। ਅੱਜ, ਤੂੰ ਇਸ ਵਿਅਕਤੀ ਦੀ ਉਪਾਸਨਾ ਕਰਨ ਦੇ ਯੋਗ ਹੈਂ, ਹਾਲਾਂਕਿ ਅਸਲ ਵਿੱਚ ਤੂੰ ਆਤਮਾ ਦੀ ਉਪਾਸਨਾ ਕਰ ਰਿਹਾ ਹੈਂ, ਅਤੇ ਘੱਟੋ-ਘੱਟ ਲੋਕਾਂ ਨੂੰ ਪਰਮੇਸ਼ਰ ਦੇ ਦੇਹਧਾਰਣ ਸੰਬੰਧੀ ਆਪਣੇ ਗਿਆਨ ਵਿੱਚ ਇੰਨਾ ਤਾਂ ਹਾਸਲ ਕਰਨਾ ਹੀ ਚਾਹੀਦਾ ਹੈ। ਦੇਹਧਾਰੀ ਰੂਪ ਰਾਹੀਂ ਆਤਮਾ ਦੇ ਮੂਲ ਨੂੰ ਜਾਣਨਾ, ਦੇਹਧਾਰੀ ਰੂਪ ਵਿੱਚ ਆਤਮਾ ਦੇ ਪਰਮੇਸ਼ਰਤਾਈ ਵਾਲੇ ਕੰਮ ਨੂੰ ਅਤੇ ਦੇਹਧਾਰੀ ਰੂਪ ਵਿੱਚ ਮਨੁੱਖੀ ਕੰਮ ਨੂੰ ਜਾਣਨਾ, ਦੇਹਧਾਰੀ ਰੂਪ ਵਿੱਚ ਆਤਮਾ ਦੇ ਸਾਰੇ ਵਚਨਾਂ ਅਤੇ ਬਾਣੀਆਂ ਨੂੰ ਸਵੀਕਾਰ ਕਰਨਾ, ਅਤੇ ਇਹ ਜਾਣਨਾ ਕਿ ਪਰਮੇਸ਼ਰ ਦਾ ਆਤਮਾ ਦੇਹ ਨੂੰ ਕਿਵੇਂ ਨਿਰਦੇਸ਼ਿਤ ਕਰਦਾ ਹੈ ਅਤੇ ਦੇਹ ਵਿੱਚ ਆਪਣੀ ਸ਼ਕਤੀ ਕਿਵੇਂ ਵਿਖਾਉਂਦਾ ਹੈ। ਇਸ ਤੋਂ ਭਾਵ ਇਹ ਹੈ ਕਿ ਮਨੁੱਖ ਸਵਰਗ ਵਿਚਲੇ ਆਤਮਾ ਬਾਰੇ ਦੇਹ ਦੁਆਰਾ ਹੀ ਜਾਣਨ ਲਗਦਾ ਹੈ; ਮਨੁੱਖਾਂ ਵਿਚਕਾਰ ਹਕੀਕੀ ਪਰਮੇਸ਼ਰ ਦੇ ਖੁਦ ਪਰਗਟ ਹੋਣ ਨੇ ਲੋਕਾਂ ਦੀਆਂ ਧਾਰਣਾਵਾਂ ਵਿੱਚ ਅਸਪੱਸ਼ਟ ਪਰਮੇਸ਼ਰ ਨੂੰ ਖਿੰਡਾ ਦਿੱਤਾ ਹੈ। ਲੋਕਾਂ ਦੁਆਰਾ ਖੁਦ ਹਕੀਕੀ ਪਰਮੇਸ਼ਰ ਦੀ ਉਪਾਸਨਾ ਨੇ ਉਨ੍ਹਾਂ ਵੱਲੋਂ ਪਰਮੇਸ਼ਰ ਦੀ ਆਗਿਆਕਾਰਤਾ ਨੂੰ ਵਧਾ ਦਿੱਤਾ ਹੈ, ਅਤੇ, ਦੇਹ ਵਿੱਚ ਪਰਮੇਸ਼ਰ ਦੇ ਆਤਮਾ ਦੇ ਪਰਮੇਸ਼ਰਤਾਈ ਵਾਲੇ ਕਾਰਜ ਅਤੇ ਦੇਹ ਵਿੱਚ ਉਸ ਦੇ ਮਨੁੱਖੀ ਕਾਰਜ ਰਾਹੀਂ, ਮਨੁੱਖ ਪਰਕਾਸ਼ਨ ਪ੍ਰਾਪਤ ਕਰਦਾ ਹੈ ਅਤੇ ਉਸ ਦੀ ਚਰਵਾਹੀ ਕੀਤੀ ਜਾਂਦੀ ਹੈ, ਅਤੇ ਮਨੁੱਖ ਦੇ ਜੀਵਨ ਦੀ ਅਵਸਥਾ ਵਿੱਚ ਤਬਦੀਲੀਆਂ ਹਾਸਲ ਕੀਤੀਆਂ ਜਾਂਦੀਆਂ ਹਨ। ਇਹ ਦੇਹਧਾਰੀ ਰੂਪ ਵਿੱਚ ਆਤਮਾ ਦੀ ਆਮਦ ਦਾ ਅਸਲ ਮਤਲਬ ਹੈ, ਜਿਸਦਾ ਮੁੱਖ ਮਕਸਦ ਇਹ ਹੈ ਕਿ ਲੋਕ ਪਰਮੇਸ਼ਰ ਨਾਲ ਵਾਰਤਾਲਾਪ ਕਰ ਸਕਦੇ ਹਨ, ਪਰਮੇਸ਼ਰ ’ਤੇ ਭਰੋਸਾ ਕਰ ਸਕਦੇ ਹਨ, ਅਤੇ ਪਰਮੇਸ਼ਰ ਦੇ ਗਿਆਨ ਤੱਕ ਪਹੁੰਚ ਸਕਦੇ ਹਨ।

ਆਮ ਤੌਰ ’ਤੇ, ਲੋਕਾਂ ਨੂੰ ਹਕੀਕੀ ਪਰਮੇਸ਼ਰ ਪ੍ਰਤੀ ਕੀ ਰਵੱਈਆ ਰੱਖਣਾ ਚਾਹੀਦਾ ਹੈ? ਦੇਹਧਾਰਣ ਬਾਰੇ, ਦੇਹਧਾਰੀ ਰੂਪ ਵਿੱਚ ਸ਼ਬਦ ਦੇ ਪਰਗਟ ਹੋਣ ਬਾਰੇ, ਦੇਹਧਾਰੀ ਰੂਪ ਵਿੱਚ ਪਰਮੇਸ਼ਰ ਦੇ ਪਰਗਟ ਹੋਣ ਬਾਰੇ, ਹਕੀਕੀ ਪਰਮੇਸ਼ਰ ਦੇ ਕੰਮਾਂ ਬਾਰੇ ਤੂੰ ਕੀ ਜਾਣਦਾ ਹੈਂ? ਅੱਜ ਵਿਚਾਰ-ਵਟਾਂਦਰੇ ਦੇ ਮੁੱਖ ਵਿਸ਼ੇ ਕੀ ਹਨ? ਦੇਹਧਾਰਣ, ਦੇਹ ਵਿੱਚ ਸ਼ਬਦ ਦੀ ਆਮਦ, ਦੇਹਧਾਰੀ ਰੂਪ ਵਿੱਚ ਪਰਮੇਸ਼ਰ ਦਾ ਪਰਗਟ ਹੋਣਾ ਉਹ ਸਾਰੇ ਮਸਲੇ ਹਨ ਜਿੰਨ੍ਹਾਂ ਨੂੰ ਸਮਝਿਆ ਜਾਣਾ ਲਾਜ਼ਮੀ ਹੈ। ਆਪਣੇ ਰੁਤਬੇ ਅਤੇ ਯੁੱਗ ਦੇ ਆਧਾਰ ’ਤੇ ਤੁਹਾਨੂੰ ਲਾਜ਼ਮੀ ਤੌਰ ’ਤੇ ਇਨ੍ਹਾਂ ਮਸਲਿਆਂ ਨੂੰ ਹੌਲੀ-ਹੌਲੀ ਸਮਝਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਅਨੁਭਵ ਵਿੱਚ ਇਨ੍ਹਾਂ ਦਾ ਸਪੱਸ਼ਟ ਗਿਆਨ ਹਾਸਲ ਕਰਨਾ ਚਾਹੀਦਾ ਹੈ। ਜਿਸ ਪ੍ਰਕਿਰਿਆ ਰਾਹੀਂ ਲੋਕ ਪਰਮੇਸ਼ਰ ਦੇ ਵਚਨਾਂ ਨੂੰ ਅਨੁਭਵ ਕਰਦੇ ਹਨ, ਉਹ ਉਹੀ ਪ੍ਰਕਿਰਿਆ ਹੈ ਜਿਸ ਰਾਹੀਂ ਲੋਕ ਦੇਹਧਾਰੀ ਰੂਪ ਵਿੱਚ ਪਰਮੇਸ਼ਰ ਦੇ ਵਚਨਾਂ ਦੇ ਪ੍ਰਗਟਾਵੇ ਨੂੰ ਜਾਣਦੇ ਹਨ। ਜਿੰਨਾ ਜ਼ਿਆਦਾ ਲੋਕ ਪਰਮੇਸ਼ਰ ਦੇ ਵਚਨਾਂ ਨੂੰ ਅਨੁਭਵ ਕਰਦੇ ਹਨ, ਓਨਾ ਹੀ ਉਹ ਪਰਮੇਸ਼ਰ ਦੇ ਆਤਮਾ ਬਾਰੇ ਜਾਣਦੇ ਹਨ; ਪਰਮੇਸ਼ਰ ਦੇ ਵਚਨਾਂ ਨੂੰ ਅਨੁਭਵ ਕਰਨ ਰਾਹੀਂ ਲੋਕ ਆਤਮਾ ਦੇ ਕਾਰਜ ਦੇ ਸਿਧਾਂਤਾਂ ਨੂੰ ਗ੍ਰਹਿਣ ਕਰਦੇ ਹਨ ਅਤੇ ਖੁਦ ਹਕੀਕੀ ਪਰਮੇਸ਼ਰ ਨੂੰ ਜਾਣਨ ਲਗਦੇ ਹਨ। ਅਸਲ ਵਿੱਚ, ਜਦ ਪਰਮੇਸ਼ਰ ਲੋਕਾਂ ਨੂੰ ਸੰਪੂਰਣ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਹਾਸਲ ਕਰਦਾ ਹੈ, ਤਾਂ ਉਹ ਉਨ੍ਹਾਂ ਨੂੰ ਹਕੀਕੀ ਪਰਮੇਸ਼ਰ ਦੇ ਕੰਮਾਂ ਨੂੰ ਜਾਣਨ ਦੇ ਯੋਗ ਬਣਾ ਰਿਹਾ ਹੁੰਦਾ ਹੈ; ਉਹ ਦੇਹਧਾਰਣ ਦੀ ਅਸਲ ਮਹੱਤਤਾ ਲੋਕਾਂ ਨੂੰ ਦਿਖਾਉਣ ਲਈ ਹਕੀਕੀ ਪਰਮੇਸ਼ਰ ਦੇ ਕਾਰਜ ਦੀ ਵਰਤੋਂ ਕਰ ਰਿਹਾ ਹੁੰਦਾ ਹੈ, ਤਾਂ ਜੋ ਉਨ੍ਹਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਪਰਮੇਸ਼ਰ ਦਾ ਆਤਮਾ ਅਸਲ ਵਿੱਚ ਮਨੁੱਖ ਦੇ ਸਾਹਮਣੇ ਪਰਗਟ ਹੋਇਆ ਹੈ। ਜਦ ਲੋਕ ਪਰਮੇਸ਼ਰ ਦੁਆਰਾ ਹਾਸਲ ਕੀਤੇ ਜਾਂਦੇ ਹਨ ਅਤੇ ਸੰਪੂਰਣ ਬਣਾਏ ਜਾਂਦੇ ਹਨ, ਤਾਂ ਹਕੀਕੀ ਪਰਮੇਸ਼ਰ ਦੇ ਪ੍ਰਗਟਾਵਿਆਂ ਨੇ ਉਨ੍ਹਾਂ ਨੂੰ ਜਿੱਤ ਲਿਆ ਹੁੰਦਾ ਹੈ; ਹਕੀਕੀ ਪਰਮੇਸ਼ਰ ਦੇ ਵਚਨਾਂ ਨੇ ਉਨ੍ਹਾਂ ਨੂੰ ਬਦਲ ਦਿੱਤਾ ਹੁੰਦਾ ਹੈ ਅਤੇ ਉਨ੍ਹਾਂ ਵਿੱਚ ਆਪਣੀ ਖੁਦ ਦੀ ਜ਼ਿੰਦਗੀ ਭਰ ਦਿੱਤੀ ਹੁੰਦੀ ਹੈ, ਉਨ੍ਹਾਂ ਵਿੱਚ ਆਪਣੀ ਸ਼ਖਸੀਅਤ ਭਰਦੇ ਹੋਏ (ਚਾਹੇ ਇਹ ਉਸ ਦਾ ਮਨੁੱਖਤਾ ਵਾਲਾ ਰੂਪ ਹੋਵੇ ਜਾਂ ਉਸ ਦਾ ਪਰਮੇਸ਼ਰਤਾਈ ਵਾਲਾ ਰੂਪ), ਉਹ ਉਨ੍ਹਾਂ ਵਿੱਚ ਆਪਣੇ ਵਚਨਾਂ ਦਾ ਸਾਰ ਭਰ ਦਿੰਦਾ ਹੈ ਅਤੇ ਲੋਕਾਂ ਨੂੰ ਉਸ ਦੇ ਵਚਨਾਂ ਨੂੰ ਜਿਉਣ ਲਈ ਮਜ਼ਬੂਰ ਕਰ ਦਿੰਦਾ ਹੈ। ਜਦ ਪਰਮੇਸ਼ਰ ਲੋਕਾਂ ਨੂੰ ਹਾਸਲ ਕਰਦਾ ਹੈ, ਤਾਂ ਉਹ ਅਜਿਹਾ ਮੁੱਖ ਤੌਰ ’ਤੇ ਵਚਨਾਂ ਅਤੇ ਹਕੀਕੀ ਪਰਮੇਸ਼ਰ ਦੀਆਂ ਬਾਣੀਆਂ ਨੂੰ ਲੋਕਾਂ ਦੀਆਂ ਕਮੀਆਂ ਨਾਲ ਨਜਿੱਠਣ ਅਤੇ ਉਨ੍ਹਾਂ ਦੀ ਬਗਾਵਤੀ ਅਵਸਥਾ ਬਾਰੇ ਨਿਰਣਾ ਕਰਨ ਅਤੇ ਇਸਨੂੰ ਉਜਾਗਰ ਕਰਨ ਦੇ ਇੱਕ ਤਰੀਕੇ ਵਜੋਂ ਵਰਤਦੇ ਹੋਏ ਕਰਦਾ ਹੈ, ਇਸ ਤਰ੍ਹਾਂ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਕਾਰਨ ਬਣਦਾ ਹੈ ਅਤੇ ਉਨ੍ਹਾਂ ਨੂੰ ਦਿਖਾਉਂਦਾ ਹੈ ਕਿ ਪਰਮੇਸ਼ਰ ਉਨ੍ਹਾਂ ਵਿਚਕਾਰ ਆ ਗਿਆ ਹੈ। ਸਭ ਤੋਂ ਵੱਧ ਮਹੱਤਵਪੂਰਨ, ਹਕੀਕੀ ਪਰਮੇਸ਼ਰ ਵੱਲੋਂ ਕੀਤਾ ਗਿਆ ਕੰਮ ਹਰ ਵਿਅਕਤੀ ਨੂੰ ਸ਼ਤਾਨ ਦੇ ਪ੍ਰਭਾਵ ਤੋਂ ਬਚਾਉਣ ਦਾ ਕੰਮ ਹੈ, ਉਨ੍ਹਾਂ ਨੂੰ ਬੁਰਾਈ ਦੀ ਧਰਤੀ ਤੋਂ ਦੂਰ ਲੈ ਜਾਣ ਦਾ ਕੰਮ ਹੈ, ਅਤੇ ਉਨ੍ਹਾਂ ਦੀ ਬੁਰੀ ਇੱਛਾ ਨੂੰ ਖਿੰਡਾਉਣ ਦਾ ਕੰਮ ਹੈ। ਹਕੀਕੀ ਪਰਮੇਸ਼ਰ ਵੱਲੋਂ ਹਾਸਲ ਕੀਤੇ ਜਾਣ ਦੀ ਸਭ ਤੋਂ ਅਹਿਮ ਮਹੱਤਤਾ ਹੈ ਇੱਕ ਮਿਸਾਲੀ ਅਤੇ ਆਦਰਸ਼ ਵਿਅਕਤੀ ਵਜੋਂ ਹਕੀਕੀ ਪਰਮੇਸ਼ਰ ਨਾਲ ਸਧਾਰਣ ਮਨੁੱਖਤਾ ਨੂੰ ਜਿਉਣ ਦੇ ਯੋਗ ਹੋਣਾ, ਬਿਨਾਂ ਥੋੜ੍ਹੇ ਜਿਹੇ ਵੀ ਵਿਚਲਣ ਜਾਂ ਭਟਕਣ ਦੇ ਹਕੀਕੀ ਪਰਮੇਸ਼ਰ ਦੇ ਵਚਨਾਂ ਅਤੇ ਲੋੜਾਂ ਦੇ ਅਨੁਸਾਰ ਅਮਲ ਵਿੱਚ ਲਿਆਉਣ ਦੇ ਯੋਗ ਹੋਣਾ, ਉਸ ਦੇ ਦੱਸੇ ਹੋਏ ਰਸਤੇ ਅਨੁਸਾਰ ਚੱਲਣਾ, ਅਤੇ ਜੋ ਕੁਝ ਉਹ ਕਹਿੰਦਾ ਹੈ ਉਸ ਨੂੰ ਹਾਸਲ ਕਰਨ ਦੇ ਯੋਗ ਹੋਣਾ। ਇਸ ਤਰੀਕੇ ਨਾਲ, ਤੂੰ ਪਰਮੇਸ਼ਰ ਦੁਆਰਾ ਹਾਸਲ ਕਰ ਲਿਆ ਜਾਵੇਂਗਾ। ਜਦ ਪਰਮੇਸ਼ਰ ਤੈਨੂੰ ਹਾਸਲ ਕਰ ਲੈਂਦਾ ਹੈ, ਤਾਂ ਨਾ ਕੇਵਲ ਤੇਰੇ ਕੋਲ ਪਵਿੱਤਰ ਆਤਮਾ ਦਾ ਕਾਰਜ ਹੁੰਦਾ ਹੈ; ਸਿਧਾਂਤਕ ਤੌਰ ’ਤੇ, ਤੂੰ ਹਕੀਕੀ ਪਰਮੇਸ਼ਰ ਦੀਆਂ ਲੋੜਾਂ ਅਨੁਸਾਰ ਜੀਵਨ ਬਸਰ ਕਰਨ ਦੇ ਯੋਗ ਹੋ ਜਾਂਦਾ ਹੈਂ। ਸਿਰਫ਼ ਪਵਿੱਤਰ ਆਤਮਾ ਦਾ ਕਾਰਜ ਪੱਲੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੇਰੇ ਕੋਲ ਜ਼ਿੰਦਗੀ ਹੈ। ਨਿਚੋੜ ਇਹ ਹੈ ਕਿ ਕੀ ਤੂੰ ਹਕੀਕੀ ਪਰਮੇਸ਼ਰ ਦੀਆਂ ਤੇਰੇ ਤੋਂ ਜੋ ਮੰਗਾਂ ਹਨ ਉਨ੍ਹਾਂ ਦੇ ਅਨੁਸਾਰ ਕਾਰਜ ਕਰਨ ਦੇ ਯੋਗ ਹੈਂ ਜਾਂ ਨਹੀਂ, ਜੋ ਇਸ ਚੀਜ਼ ਨਾਲ ਸੰਬੰਧਿਤ ਹੈ ਕਿ ਕੀ ਤੂੰ ਪਰਮੇਸ਼ਰ ਵੱਲੋਂ ਹਾਸਲ ਕੀਤੇ ਜਾਣ ਦੇ ਯੋਗ ਹੈਂ ਜਾਂ ਨਹੀਂ। ਇਹ ਦੇਹਧਾਰੀ ਰੂਪ ਵਿੱਚ ਹਕੀਕੀ ਪਰਮੇਸ਼ਰ ਦੇ ਕਾਰਜ ਦੇ ਸਭ ਤੋਂ ਮਹਾਨ ਅਰਥ ਹਨ। ਕਹਿਣ ਤੋਂ ਭਾਵ ਇਹ ਹੈ ਕਿ ਪਰਮੇਸ਼ਰ ਵਾਸਤਵਿਕ ਤੌਰ ’ਤੇ ਅਤੇ ਅਸਲ ਵਿੱਚ ਦੇਹਧਾਰੀ ਰੂਪ ਵਿੱਚ ਪਰਗਟ ਹੋ ਕੇ ਅਤੇ ਸਜੀਵ ਅਤੇ ਜ਼ਿੰਦਾਦਿਲ ਹੋ ਕੇ, ਲੋਕਾਂ ਨੂੰ ਦਿਖਾਈ ਦੇ ਕੇ, ਦੇਹਧਾਰੀ ਰੂਪ ਵਿੱਚ ਆਤਮਾ ਦੇ ਕਾਰਜ ਨੂੰ ਅਸਲ ਵਿੱਚ ਕਰਕੇ, ਅਤੇ ਨਾਸ਼ਵਾਨ ਲੋਕਾਂ ਵਾਸਤੇ ਇੱਕ ਮਿਸਾਲ ਵਜੋਂ ਕਾਰਜ ਕਰਕੇ ਲੋਕਾਂ ਦੇ ਇੱਕ ਸਮੂਹ ਨੂੰ ਹਾਸਲ ਕਰਦਾ ਹੈ। ਦੇਹਧਾਰੀ ਰੂਪ ਵਿੱਚ ਪਰਮੇਸ਼ਰ ਦੀ ਆਮਦ ਮੁੱਖ ਤੌਰ ’ਤੇ ਲੋਕਾਂ ਨੂੰ ਪਰਮੇਸ਼ਰ ਦੇ ਅਸਲੀ ਕੰਮਾਂ ਨੂੰ ਦੇਖਣ ਦੇ ਯੋਗ ਬਣਾਉਣ ਲਈ, ਰੂਪ-ਰਹਿਤ ਆਤਮਾ ਨੂੰ ਇੱਕ ਦੇਹਧਾਰੀ ਰੂਪ ਦੇਣ ਲਈ, ਅਤੇ ਲੋਕਾਂ ਨੂੰ ਉਸ ਨੂੰ ਦੇਖਣ ਅਤੇ ਛੂਹਣ ਦੇ ਯੋਗ ਬਣਾਉਣ ਲਈ ਹੈ। ਇਸ ਤਰੀਕੇ ਨਾਲ, ਜਿਹੜੇ ਲੋਕ ਉਸ ਦੁਆਰਾ ਸੰਪੂਰਣ ਬਣਾਏ ਜਾਂਦੇ ਹਨ ਉਹ ਉਸ ਦੇ ਨਾਲ ਰਹਿਣਗੇ, ਉਸ ਦੁਆਰਾ ਹਾਸਲ ਕੀਤੇ ਜਾਣਗੇ, ਅਤੇ ਉਸ ਦੇ ਦਿਲ ਦੇ ਕਰੀਬ ਹੋਣਗੇ। ਜੇ ਪਰਮੇਸ਼ਰ ਕੇਵਲ ਸਵਰਗ ਵਿੱਚੋਂ ਬੋਲਿਆ ਹੁੰਦਾ ਅਤੇ ਅਸਲ ਵਿੱਚ ਧਰਤੀ ’ਤੇ ਨਾ ਆਇਆ ਹੁੰਦਾ, ਤਾਂ ਲੋਕ ਅਜੇ ਵੀ ਪਰਮੇਸ਼ਰ ਨੂੰ ਜਾਣਨ ਦੇ ਅਸਮਰੱਥ ਹੋਣੇ ਸੀ; ਉਹ ਕੇਵਲ ਖੋਖਲੇ ਸਿਧਾਂਤਾਂ ਦੀ ਵਰਤੋਂ ਕਰਕੇ ਪਰਮੇਸ਼ਰ ਦੇ ਕੰਮਾਂ ਦਾ ਉਪਦੇਸ਼ ਦੇਣ ਦੇ ਯੋਗ ਹੋਣੇ ਸੀ ਅਤੇ ਉਨ੍ਹਾਂ ਕੋਲ ਵਾਸਤਵਿਕਤਾ ਵਜੋਂ ਪਰਮੇਸ਼ਰ ਦੇ ਵਚਨ ਨਹੀਂ ਹੋਣੇ ਸੀ। ਪਰਮੇਸ਼ਰ ਮੁੱਖ ਤੌਰ ’ਤੇ ਉਨ੍ਹਾਂ ਲੋਕਾਂ ਲਈ ਧਰਤੀ ’ਤੇ ਇੱਕ ਮਿਸਾਲੀ ਅਤੇ ਆਦਰਸ਼ ਵਿਅਕਤੀ ਵਜੋਂ ਕਾਰਜ ਕਰਨ ਲਈ ਆਇਆ ਹੈ ਜਿਨ੍ਹਾਂ ਨੂੰ ਉਸ ਨੇ ਹਾਸਲ ਕਰਨਾ ਹੈ; ਕੇਵਲ ਇਸ ਤਰ੍ਹਾਂ ਹੀ ਲੋਕ ਅਸਲ ਵਿੱਚ ਪਰਮੇਸ਼ਰ ਨੂੰ ਜਾਣ ਸਕਦੇ ਹਨ, ਪਰਮੇਸ਼ਰ ਨੂੰ ਛੂਹ ਸਕਦੇ ਹਨ, ਅਤੇ ਉਸ ਨੂੰ ਦੇਖ ਸਕਦੇ ਹਨ, ਅਤੇ ਕੇਵਲ ਤਾਂ ਹੀ ਉਹ ਅਸਲ ਵਿੱਚ ਪਰਮੇਸ਼ਰ ਵੱਲੋਂ ਹਾਸਲ ਕੀਤੇ ਜਾ ਸਕਦੇ ਹਨ।

ਪਿਛਲਾ: ਹਜ਼ਾਰ ਸਾਲ ਦੇ ਰਾਜ ਦੀ ਆਮਦ ਹੋ ਚੁੱਕੀ ਹੈ

ਅਗਲਾ: ਅੱਜ ਪਰਮੇਸ਼ੁਰ ਦੇ ਕੰਮ ਨੂੰ ਜਾਣਨਾ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ