ਤੁਹਾਨੂੰ ਮਸੀਹ ਨਾਲ ਅਨੁਕੂਲਤਾ ਦਾ ਰਾਹ ਭਾਲਣਾ ਚਾਹੀਦਾ ਹੈ

ਮੈਂ ਮਨੁੱਖ ਵਿਚਾਲੇ ਬਹੁਤ ਕੰਮ ਕਰ ਚੁੱਕਾ ਹਾਂ ਜਿਸ ਦੌਰਾਨ ਮੈਂ ਕੁਝ ਵਿਚਾਰ ਵੀ ਪਰਗਟ ਕੀਤੇ ਹਨ। ਇਹ ਸਾਰੇ ਵਚਨ ਮਨੁੱਖ ਦੀ ਮੁਕਤੀ ਖ਼ਾਤਰ ਹਨ ਅਤੇ ਇਸ ਲਈ ਪਰਗਟ ਕੀਤੇ ਗਏ ਸਨ ਤਾਂ ਕਿ ਮਨੁੱਖ ਮੇਰੇ ਅਨੁਕੂਲ ਹੋ ਸਕੇ। ਪਰ, ਧਰਤੀ ’ਤੇ ਮੈਂ ਕੁਝ ਕੁ ਪ੍ਰਾਣੀ ਹੀ ਪ੍ਰਾਪਤ ਕੀਤੇ ਹਨ ਜਿਹੜੇ ਮੇਰੇ ਅਨੁਕੂਲ ਹਨ, ਤੇ ਇਸ ਲਈ ਮੈਂ ਕਹਾਂਗਾ ਕਿ ਮਨੁੱਖ ਮੇਰੇ ਵਚਨਾਂ ਨੂੰ ਸਾਂਭ ਕੇ ਨਹੀਂ ਰੱਖਦਾ-ਇਹ ਇਸ ਲਈ ਹੈ ਕਿਉਂਕਿ ਮਨੁੱਖ ਮੇਰੇ ਅਨੁਕੂਲ ਨਹੀਂ। ਇਸ ਤਰ੍ਹਾਂ, ਜਿਹੜਾ ਕੰਮ ਮੈਂ ਕਰਦਾ ਹਾਂ, ਉਹ ਮਹਿਜ਼ ਇਸ ਲਈ ਨਹੀਂ ਕਿ ਮਨੁੱਖ ਮੇਰੀ ਉਪਾਸਨਾ ਕਰ ਸਕੇ, ਵਧੇਰੇ ਅਹਿਮ ਗੱਲ ਇਹ ਹੈ ਕਿ ਇਹ ਇਸ ਲਈ ਹੈ ਕਿ ਮਨੁੱਖ ਮੇਰੇ ਅਨੁਕੂਲ ਹੋ ਸਕੇ। ਮਨੁੱਖ ਨੂੰ ਭ੍ਰਿਸ਼ਟ ਕਰ ਦਿਤਾ ਗਿਆ ਹੈ ਅਤੇ ਉਹ ਸ਼ਤਾਨ ਦੇ ਜਾਲ ਵਿਚ ਰਹਿੰਦਾ ਹੈ। ਸਾਰੇ ਮਨੁੱਖ ਸਰੀਰ ਵਿਚ ਜੀਉਂਦੇ ਹਨ, ਸੁਆਰਥੀ ਇੱਛਾਵਾਂ ਵਿਚ ਜੀਉਂਦੇ ਹਨ ਅਤੇ ਉਨ੍ਹਾਂ ਵਿਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਮੇਰੇ ਅਨੁਕੂਲ ਹੈ। ਅਜਿਹੇ ਵੀ ਮਨੁੱਖ ਹਨ ਜਿਹੜੇ ਕਹਿੰਦੇ ਹਨ ਕਿ ਉਹ ਮੇਰੇ ਨਾਲ ਮੇਲ ਖਾਂਦੇ ਹਨ ਪਰ ਅਜਿਹੇ ਸਾਰੇ ਮਨੁੱਖ ਖ਼ਿਆਲੀ ਈਸ਼ਵਰ ਦੀ ਉਪਾਸਨਾ ਕਰਦੇ ਹਨ। ਭਾਵੇਂ ਕਿ ਉਹ ਮੇਰੇ ਨਾਮ ਨੂੰ ਪਵਿੱਤਰ ਮੰਨਦੇ ਹਨ ਪਰ ਉਹ ਅਜਿਹੇ ਰਾਹ ’ਤੇ ਚਲਦੇ ਹਨ ਜਿਹੜਾ ਮੇਰੇ ਖ਼ਿਲਾਫ਼ ਜਾਂਦਾ ਹੈ ਅਤੇ ਉਨ੍ਹਾਂ ਦੇ ਸ਼ਬਦ ਘਮੰਡ ਅਤੇ ਸਵੈ-ਵਿਸ਼ਵਾਸ ਨਾਲ ਭਰੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਮੂਲ ਰੂਪ ਵਿੱਚ ਉਹ ਮੇਰੇ ਖ਼ਿਲਾਫ਼ ਹਨ ਅਤੇ ਮੇਰੇ ਅਨੁਕੂਲ ਨਹੀਂ। ਹਰ ਰੋਜ਼, ਉਹ ਬਾਈਬਲ ਵਿਚ ਮੇਰਾ ਥਹੁ-ਪਤਾ ਖੋਜਦੇ ਹਨ ਅਤੇ ਬੇਤਰਤੀਬੇ ਢੰਗ ਨਾਲ “ਢੁਕਵੇਂ” ਪੈਰੇ ਲੱਭਦੇ ਹਨ ਜਿਨ੍ਹਾਂ ਨੂੰ ਉਹ ਬਿਨਾਂ ਰੁਕੇ ਪੜ੍ਹਦੇ ਹਨ ਅਤੇ ਪਵਿੱਤਰ ਲਿਖਤਾਂ ਦੇ ਰੂਪ ਵਿਚ ਉਚਾਰਦੇ ਹਨ। ਉਹ ਨਹੀਂ ਜਾਣਦੇ ਕਿ ਮੇਰੇ ਅਨੁਕੂਲ ਕਿਵੇਂ ਹੋਣਾ ਹੈ ਤੇ ਨਾ ਹੀ ਜਾਣਦੇ ਹਨ ਕਿ ਮੇਰੇ ਖ਼ਿਲਾਫ਼ ਹੋਣ ਦੇ ਅਰਥ ਕੀ ਹਨ। ਉਹ ਮਹਿਜ਼ ਅੱਖਾਂ ਬੰਦ ਕਰ ਕੇ ਪੋਥੀਆਂ ਪੜ੍ਹਦੇ ਹਨ। ਬਾਈਬਲ ਦੇ ਅੰਦਰ, ਉਹ ਖ਼ਿਆਲੀ ਪਰਮੇਸ਼ੁਰ ਨੂੰ ਕਾਬੂ ਕਰਕੇ ਰੱਖਦੇ ਹਨ ਜਿਹੜਾ ਉਨ੍ਹਾਂ ਨੇ ਕਦੇ ਨਹੀਂ ਵੇਖਿਆ ਅਤੇ ਜਿਸ ਨੂੰ ਉਹ ਵੇਖਣ ਦੇ ਅਸਮਰੱਥ ਹਨ ਅਤੇ ਆਪਣੀ ਸੌਖ ਮੁਤਾਬਕ ਇਸ ’ਤੇ ਝਾਤ ਮਾਰਨ ਲਈ ਇਸ ਨੂੰ ਕੱਢ ਲੈਂਦੇ ਹਨ। ਉਹ ਬਾਈਬਲ ਦੇ ਘੇਰੇ ਅੰਦਰ ਹੀ ਮੇਰੀ ਹੋਂਦ ਨੂੰ ਮੰਨਦੇ ਹਨ ਅਤੇ ਉਹ ਮੇਰੀ ਤੁਲਨਾ ਬਾਈਬਲ ਨਾਲ ਕਰਦੇ ਹਨ, ਬਾਈਬਲ ਤੋਂ ਬਿਨਾਂ ਮੇਰੀ ਕੋਈ ਹੋਂਦ ਨਹੀਂ ਅਤੇ ਮੇਰੇ ਤੋਂ ਬਿਨਾਂ ਕੋਈ ਬਾਈਬਲ ਨਹੀਂ। ਉਹ ਮੇਰੀ ਹੋਂਦ ਅਤੇ ਕਾਰਜਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਪਰ ਇਸ ਦੀ ਬਜਾਏ ਬਾਈਬਲ ਦੇ ਇਕ ਇਕ ਸ਼ਬਦ ਵਲ ਬਹੁਤ ਜ਼ਿਆਦਾ ਅਤੇ ਵਿਸ਼ੇਸ਼ ਧਿਆਨ ਦਿੰਦੇ ਹਨ। ਕਈ ਹੋਰ ਤਾਂ ਇਹ ਵੀ ਮੰਨਦੇ ਹਨ ਕਿ ਮੈਨੂੰ ਉਦੋਂ ਤਕ ਉਹ ਕੁਝ ਨਹੀਂ ਕਰਨਾ ਚਾਹੀਦਾ ਜਿਸ ਨੂੰ ਕਰਨ ਦੀ ਮੇਰੀ ਇੱਛਾ ਹੈ ਜਦ ਤਕ ਇਸ ਬਾਰੇ ਬਾਈਬਲ ਦੁਆਰਾ ਭਵਿੱਖਬਾਣੀ ਨਾ ਕੀਤੀ ਗਈ ਹੋਵੇ। ਉਹ ਬਾਈਬਲ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਹਨ। ਕਿਹਾ ਜਾ ਸਕਦਾ ਹੈ ਕਿ ਉਹ ਸ਼ਬਦਾਂ ਅਤੇ ਪਰਗਟਾਵਿਆਂ ਨੂੰ ਬੇਹੱਦ ਅਹਿਮ ਮੰਨਦੇ ਹਨ, ਇਸ ਹੱਦ ਤਕ ਕਿ ਉਹ ਮੇਰੇ ਕਹੇ ਹਰ ਵਚਨ ਨੂੰ ਪਰਖਣ ਲਈ ਅਤੇ ਮੇਰੀ ਨਿੰਦਿਆ ਕਰਨ ਲਈ ਬਾਈਬਲ ਦੀਆਂ ਤੁਕਾਂ ਨੂੰ ਵਰਤਦੇ ਹਨ। ਉਹ ਜੋ ਲੱਭਦੇ ਹਨ, ਉਹ ਮੇਰੇ ਨਾਲ ਅਨੁਕੂਲਤਾ ਦਾ ਤਰੀਕਾ ਨਹੀਂ ਜਾਂ ਸੱਚ ਨਾਲ ਅਨੁਕੂਲਤਾ ਦਾ ਤਰੀਕਾ ਨਹੀਂ, ਸਗੋਂ ਬਾਈਬਲ ਦੇ ਸ਼ਬਦਾਂ ਨਾਲ ਅਨੁਕੂਲਤਾ ਦਾ ਤਰੀਕਾ ਹੈ ਅਤੇ ਉਹ ਮੰਨਦੇ ਹਨ ਕਿ ਕੋਈ ਵੀ ਚੀਜ਼ ਜਿਹੜੀ ਬਾਈਬਲ ਦੇ ਅਨੁਕੂਲ ਨਹੀਂ, ਉਹ, ਬਿਨਾਂ ਕਿਸੇ ਅਪਵਾਦ, ਮੇਰਾ ਕਾਰਜ ਨਹੀਂ। ਕੀ ਅਜਿਹੇ ਲੋਕ ਫ਼ਰੀਸੀਆਂ ਦੀਆਂ ਰੀਤਾਂ ਪੂਰੀਆਂ ਕਰਨ ਵਾਲੀ ਸੰਤਾਨ ਨਹੀਂ ਹਨ? ਯਹੂਦੀ ਫ਼ਰੀਸੀਆਂ ਨੇ ਯਿਸੂ ਦੀ ਨਿੰਦਿਆ ਕਰਨ ਲਈ ਮੂਸਾ ਦੀ ਸ਼ਰ੍ਹਾ ਦੀ ਵਰਤੋਂ ਕੀਤੀ ਸੀ। ਉਹ ਉਸ ਵੇਲੇ ਦੇ ਯਿਸੂ ਨਾਲ ਅਨੁਕੂਲਤਾ ਨਹੀਂ ਚਾਹੁੰਦੇ ਸਨ ਪਰ ਸ਼ਰ੍ਹਾ ਦੀ ਪੂਰੀ ਲਗਨ ਨਾਲ ਪਾਲਣਾ ਕਰਦੇ ਸਨ, ਇਸ ਹੱਦ ਤਕ ਕਿ ਉਸ ਉਤੇ ਪੁਰਾਣੇ ਨੇਮ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਮਸੀਹੀ ਨਾ ਹੋਣ ਦਾ ਦੋਸ਼ ਲਾ ਕੇ ਆਖ਼ਰਕਾਰ ਉਸ ਬੇਗੁਨਾਹ ਯਿਸੂ ਨੂੰ ਸਲੀਬ ਉੱਤੇ ਟੰਗ ਦਿਤਾ। ਉਨ੍ਹਾਂ ਦਾ ਸਾਰ-ਤੱਤ ਕੀ ਸੀ। ਕੀ ਇਹ ਨਹੀਂ ਸੀ ਕਿ ਉਨ੍ਹਾਂ ਨੇ ਸੱਚ ਦੇ ਅਨੁਕੂਲ ਹੋਣ ਦਾ ਰਾਹ ਨਹੀਂ ਭਾਲਿਆ? ਉਨ੍ਹਾਂ ਨੂੰ ਬਾਈਬਲ ਦੇ ਇਕ ਇਕ ਸ਼ਬਦ ਦੀ ਖ਼ਬਤ ਸੀ ਜਦੋਂ ਕਿ ਨਾ ਤਾਂ ਉਨ੍ਹਾਂ ਮੇਰੀ ਇੱਛਾ ਵੱਲ ਤੇ ਨਾ ਹੀ ਮੇਰੇ ਕਦਮਾਂ ਤੇ ਮੇਰੇ ਕਾਰਜ ਦੇ ਢੰਗ-ਤਰੀਕਿਆਂ ਵੱਲ ਧਿਆਨ ਦਿਤਾ। ਉਹ, ਉਹ ਲੋਕ ਨਹੀਂ ਸਨ ਜਿਨ੍ਹਾਂ ਨੇ ਸੱਚ ਦੀ ਭਾਲ ਕੀਤੀ ਸਗੋਂ ਉਹ ਲੋਕ ਸਨ ਜਿਹੜੇ ਕੱਟੜਤਾ ਵੱਸ ਸ਼ਬਦਾਂ ਨਾਲ ਚਿੰਬੜੇ ਰਹੇ, ਉਹ, ਉਹ ਲੋਕ ਨਹੀਂ ਸਨ ਜਿਹੜੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਸਨ ਸਗੋਂ ਉਹ ਲੋਕ ਸਨ ਜਿਹੜੇ ਬਾਈਬਲ ਵਿਚ ਵਿਸ਼ਵਾਸ ਕਰਦੇ ਸਨ। ਜ਼ਰੂਰ ਹੀ ਉਹ ਬਾਈਬਲ ਦੇ ਪਹਿਰੇਦਾਰ ਸਨ। ਬਾਈਬਲ ਦੇ ਹਿੱਤਾਂ ਦੀ ਰਾਖੀ ਲਈ, ਬਾਈਬਲ ਦਾ ਮਾਣ-ਸਤਿਕਾਰ ਬਹਾਲ ਰੱਖਣ ਲਈ ਅਤੇ ਬਾਈਬਲ ਦੀ ਸਾਖ਼ ਦੀ ਹਿਫ਼ਾਜ਼ਤ ਲਈ, ਉਹ ਦਇਆਵਾਨ ਯਿਸੂ ਨੂੰ ਸਲੀਬ ਉੱਤੇ ਟੰਗਣ ਤਕ ਚਲੇ ਗਏ। ਅਜਿਹਾ ਉਨ੍ਹਾਂ ਨੇ ਮਹਿਜ਼ ਬਾਈਬਲ ਦੀ ਰੱਖਿਆ ਕਰਨ ਅਤੇ ਲੋਕਾਂ ਦੇ ਹਿਰਦਿਆਂ ਵਿਚ ਬਾਈਬਲ ਦੇ ਇਕ ਇਕ ਸ਼ਬਦ ਦੇ ਰੁਤਬੇ ਨੂੰ ਕਾਇਮ ਰੱਖਣ ਖ਼ਾਤਰ ਕੀਤਾ। ਇਸ ਲਈ ਉਨ੍ਹਾਂ ਨੇ ਯਿਸੂ, ਜਿਸ ਨੇ ਬਾਈਬਲ ਦੇ ਸਿਧਾਂਤ ਦੀ ਪਾਲਣਾ ਨਹੀਂ ਕੀਤੀ, ਨੂੰ ਮੌਤ ਦੇ ਘਾਟ ਉਤਾਰਨ ਦਾ ਹੁਕਮ ਦੇਣ ਲਈ ਅਪਣੇ ਭਵਿੱਖ ਅਤੇ ਪਾਪ ਬਲੀ ਦਾ ਤਿਆਗ ਕਰਨ ਨੂੰ ਪਹਿਲ ਦਿਤੀ। ਕੀ ਉਹ ਸਾਰੇ ਬਾਈਬਲ ਦੇ ਇਕ ਇਕ ਸ਼ਬਦ ਦੇ ਗ਼ੁਲਾਮ ਨਹੀਂ ਸਨ?

ਅਤੇ ਅੱਜ ਦੇ ਲੋਕਾਂ ਬਾਰੇ ਕੀ ਕਹੋਗੇ? ਮਸੀਹ ਸੱਚ ਦਾ ਪ੍ਰਸਾਰ ਕਰਨ ਲਈ ਆਇਆ ਹੈ ਪਰ ਉਹ ਤਾਂ ਸਗੋਂ ਉਸ ਨੂੰ ਇਸ ਸੰਸਾਰ ਵਿਚੋਂ ਹੀ ਕੱਢ ਦੇਣਗੇ ਤਾਂ ਕਿ ਉਹ ਸਵਰਗ ਵਿਚ ਪ੍ਰਵੇਸ਼ ਕਰ ਸਕਣ ਅਤੇ ਕਿਰਪਾ ਪ੍ਰਾਪਤ ਕਰ ਸਕਣ। ਉਹ ਤਾਂ ਸਗੋਂ ਬਾਈਬਲ ਦੇ ਹਿੱਤਾਂ ਦੀ ਰਾਖੀ ਲਈ ਸੱਚ ਦੀ ਆਮਦ ਤੋਂ ਪੂਰੀ ਤਰ੍ਹਾਂ ਇਨਕਾਰ ਕਰਨਗੇ ਅਤੇ ਬਾਈਬਲ ਦੀ ਸਦੀਵੀ ਹੋਂਦ ਯਕੀਨੀ ਕਰਨ ਲਈ ਮੁੜ ਦੇਹਧਾਰਣ ਕਰ ਚੁੱਕੇ ਮਸੀਹ ਨੂੰ ਬਲਕਿ ਦੁਬਾਰਾ ਸਲੀਬ ’ਤੇ ਚੜ੍ਹਾ ਦੇਣਗੇ। ਮਨੁੱਖ ਮੇਰੀ ਮੁਕਤੀ ਕਿਵੇਂ ਹਾਸਲ ਕਰ ਸਕਦਾ ਹੈ ਜਦ ਮੇਰੇ ਪ੍ਰਤੀ ਉਸ ਦਾ ਹਿਰਦਾ ਏਨਾ ਦੋਖੀ ਹੈ ਅਤੇ ਉਸ ਦਾ ਸੁਭਾਅ ਏਨਾ ਵੈਰ-ਵਿਰੋਧ ਵਾਲਾ ਹੈ? ਮੈਂ ਮਨੁੱਖ ਵਿਚਾਲੇ ਰਹਿੰਦਾ ਹਾਂ, ਫਿਰ ਵੀ ਮਨੁੱਖ ਮੇਰੇ ਵਜੂਦ ਬਾਰੇ ਨਹੀਂ ਜਾਣਦਾ। ਜਦ ਮੈਂ ਆਪਣਾ ਚਾਨਣ ਉਸ ਉੱਤੇ ਬਿਖੇਰਦਾ ਹਾਂ ਤਦ ਵੀ ਉਸ ਨੂੰ ਮੇਰੇ ਵਜੂਦ ਦਾ ਪਤਾ ਨਹੀਂ ਚੱਲਦਾ। ਜਦ ਮੈਂ ਮਨੁੱਖ ਉੱਤੇ ਆਪਣੀ ਕਰੋਪੀ ਵਰ੍ਹਾਉਂਦਾ ਹਾਂ ਤਾਂ ਉਹ ਹੋਰ ਜ਼ਿਆਦਾ ਜੋਸ਼ ਨਾਲ ਮੇਰੀ ਹੋਂਦ ਤੋਂ ਮੁਨਕਰ ਹੋ ਜਾਂਦਾ ਹੈ। ਮਨੁੱਖ ਸ਼ਬਦਾਂ ਨਾਲ ਅਨੁਕੂਲਤਾ ਅਤੇ ਬਾਈਬਲ ਨਾਲ ਅਨੁਕੂਲਤਾ ਲੱਭਦਾ ਹੈ, ਪਰ ਸੱਚ ਨਾਲ ਅਨੁਕੂਲਤਾ ਦਾ ਰਾਹ ਲੋਚਣ ਲਈ ਇਕ ਵੀ ਪ੍ਰਾਣੀ ਮੇਰੇ ਸਾਹਮਣੇ ਨਹੀਂ ਆਉਂਦਾ। ਮਨੁੱਖ ਸਵਰਗ ਵਿਚ ਤਾਂ ਮੇਰਾ ਆਦਰ ਕਰਦਾ ਹੈ ਅਤੇ ਸਵਰਗ ਵਿਚ ਮੇਰੇ ਵਜੂਦ ਨਾਲ ਵਿਸ਼ੇਸ਼ ਸਰੋਕਾਰ ਰੱਖਦਾ ਹੈ ਪਰ ਮੇਰੇ ਦੇਹਧਾਰੀ ਰੂਪ ਬਾਰੇ ਕੋਈ ਪਰਵਾਹ ਨਹੀਂ ਕਰਦਾ ਕਿਉਂਕਿ ਮੈਂ ਜਿਹੜਾ ਮਨੁੱਖ ਵਿਚਾਲੇ ਹੀ ਰਹਿੰਦਾ ਹਾਂ, ਬੇਹੱਦ ਤੁੱਛ ਹਾਂ। ਜਿਹੜੇ ਸਿਰਫ਼ ਬਾਈਬਲ ਦੇ ਸ਼ਬਦਾਂ ਨਾਲ ਹੀ ਅਨੁਕੂਲਤਾ ਭਾਲਦੇ ਹਨ ਅਤੇ ਜਿਹੜੇ ਸਿਰਫ਼ ਖ਼ਿਆਲੀ ਪਰਮੇਸ਼ੁਰ ਨਾਲ ਅਨੁਕੂਲਤਾ ਭਾਲਦੇ ਹਨ, ਉਹ ਮੇਰੇ ਲਈ ਅਭਾਗੇ ਹਨ। ਇਹ ਇਸ ਲਈ ਹੈ ਕਿਉਂਕਿ ਜੋ ਉਹ ਪੂਜਦੇ ਹਨ, ਉਹ ਮ੍ਰਿਤ ਸ਼ਬਦ, ਅਤੇ ਇਕ ਅਜਿਹਾ ਪਰਮੇਸ਼ੁਰ ਹੈ ਜਿਹੜਾ ਉਨ੍ਹਾਂ ਨੂੰ ਬੇਹਿਸਾਬ ਖ਼ਜ਼ਾਨੇ ਦੇਣ ਦੇ ਸਮਰੱਥ ਹੈ; ਜਿਸ ਦੀ ਉਹ ਉਪਾਸਨਾ ਕਰਦੇ ਹਨ, ਉਹ ਪਰਮੇਸ਼ੁਰ ਹੈ ਜਿਹੜਾ ਖ਼ੁਦ ਨੂੰ ਮਨੁੱਖ ਦੇ ਰਹਿਮੋ-ਕਰਮ ਉੱਤੇ ਰੱਖਦਾ ਹੈ-ਇਕ ਅਜਿਹਾ ਪਰਮੇਸ਼ੁਰ ਜਿਸ ਦਾ ਕੋਈ ਵਜੂਦ ਨਹੀਂ। ਤਦ ਫਿਰ ਅਜਿਹੇ ਲੋਕ ਮੇਰੇ ਕੋਲੋਂ ਕੀ ਲਾਭ ਹਾਸਲ ਕਰ ਸਕਦੇ ਹਨ? ਮਨੁੱਖ ਸੁਭਾਵਕ ਤੌਰ ’ਤੇ ਏਨਾ ਡਿੱਗਿਆ ਹੋਇਆ ਹੈ ਕਿ ਇਸ ਨੂੰ ਸ਼ਬਦਾਂ ਵਿਚ ਬਿਆਨਣਾ ਔਖਾ ਹੈ। ਉਹ ਜਿਹੜੇ ਮੇਰੇ ਖ਼ਿਲਾਫ਼ ਹਨ, ਉਹ ਜੋ ਮੇਰੇ ਕੋਲੋਂ ਬੇਅੰਤ ਮੰਗਾਂ ਕਰਦੇ ਹਨ, ਜਿਹੜੇ ਸੱਚ ਨੂੰ ਬਿਲਕੁਲ ਪਿਆਰ ਨਹੀਂ ਕਰਦੇ, ਜਿਹੜੇ ਮੇਰੇ ਪ੍ਰਤੀ ਵਿਦ੍ਰੋਹੀ ਹਨ-ਉਹ ਮੇਰੇ ਅਨੁਕੂਲ ਕਿਵੇਂ ਹੋ ਸਕਦੇ ਹਨ?

ਉਹ ਜੋ ਮੇਰੇ ਖ਼ਿਲਾਫ਼ ਹਨ, ਉਹ ਜਣੇ ਹਨ ਜਿਹੜੇ ਮੇਰੇ ਨਾਲ ਮੇਲ ਨਹੀਂ ਖਾਂਦੇ। ਇਹੋ ਗੱਲ ਉਨ੍ਹਾਂ ਉੱਤੇ ਵੀ ਢੁਕਦੀ ਹੈ ਜਿਹੜੇ ਸੱਚ ਨੂੰ ਪਿਆਰ ਨਹੀਂ ਕਰਦੇ। ਜਿਹੜੇ ਮੇਰੇ ਖ਼ਿਲਾਫ਼ ਵਿਦ੍ਰੋਹ ਕਰਦੇ ਹਨ, ਉਹ ਤਾਂ ਹੋਰ ਵੀ ਮੇਰੇ ਖ਼ਿਲਾਫ਼ ਹਨ ਅਤੇ ਮੇਰੇ ਅਨੁਕੂਲ ਨਹੀਂ। ਮੈਂ ਉਨ੍ਹਾਂ ਸਾਰਿਆਂ ਨੂੰ ਦੁਸ਼ਟ ਦੇ ਹਵਾਲੇ ਕਰਦਾ ਹਾਂ ਜਿਹੜੇ ਮੇਰੇ ਅਨੁਕੂਲ ਨਹੀਂ ਅਤੇ ਮੈਂ ਉਨ੍ਹਾਂ ਨੂੰ ਦੁਸ਼ਟ ਦੀ ਭ੍ਰਿਸ਼ਟਤਾ ਦੇ ਹਵਾਲੇ ਕਰਦਾ ਹਾਂ, ਅਪਣੇ ਬੁਰੇ ਕੰਮਾਂ ਦੇ ਪਰਗਟਾਵੇ ਲਈ ਉਨ੍ਹਾਂ ਨੂੰ ਪੂਰੀ ਖੁਲ੍ਹ ਦਿੰਦਾ ਹਾਂ ਅਤੇ ਆਖ਼ਰਕਾਰ ਉਨ੍ਹਾਂ ਨੂੰ ਦੁਸ਼ਟ ਦੇ ਹਵਾਲੇ ਕਰ ਦਿੰਦਾ ਹਾਂ ਤਾਂ ਕਿ ਉਹ ਨਿਗਲੇ ਜਾ ਸਕਣ। ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਕਿੰਨੇ ਲੋਕ ਮੇਰੀ ਉਪਾਸਨਾ ਕਰਦੇ ਹਨ ਜਾਂ ਕਹਿ ਲਓ ਕਿ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿੰਨੇ ਲੋਕ ਮੇਰੇ ਵਿਚ ਵਿਸ਼ਵਾਸ ਕਰਦੇ ਹਨ। ਮੈਨੂੰ ਇਕੋ ਗੱਲ ਦੀ ਚਿੰਤਾ ਹੈ ਕਿ ਕਿੰਨੇ ਲੋਕ ਮੇਰੇ ਅਨੁਕੂਲ ਹਨ। ਇਹ ਇਸ ਲਈ ਕਿਉਂਕਿ ਉਹ ਜਿਹੜੇ ਮੇਰੇ ਅਨੁਕੂਲ ਨਹੀਂ, ਉਹ ਬੁਰੇ ਲੋਕ ਹਨ ਜਿਹੜੇ ਮੇਰੇ ਨਾਲ ਵਿਸ਼ਵਾਸਘਾਤ ਕਰਦੇ ਹਨ, ਉਹ ਮੇਰੇ ਦੁਸ਼ਮਣ ਹਨ ਅਤੇ ਮੈਂ ਆਪਣੇ ਦੁਸ਼ਮਣਾਂ ਨੂੰ ਅਪਣੇ ਘਰ ਵਿਚ “ਸਾਂਭ ਕੇ ਨਹੀਂ ਰੱਖਾਂਗਾ।“ ਜਿਹੜੇ ਮੇਰੇ ਅਨੁਕੂਲ ਹਨ, ਉਹ ਮੇਰੇ ਘਰ ਵਿਚ ਹਮੇਸ਼ਾ ਲਈ ਮੇਰੀ ਸੇਵਾ ਕਰਨਗੇ ਅਤੇ ਜਿਹੜੇ ਮੇਰੇ ਵਿਰੁੱਧ ਜਾਂਦੇ ਹਨ, ਉਹ ਹਮੇਸ਼ਾ ਲਈ ਮੇਰੀ ਦਿੱਤੀ ਸਜ਼ਾ ਭੁਗਤਣਗੇ। ਜਿਹੜੇ ਸਿਰਫ਼ ਬਾਈਬਲ ਦੇ ਸ਼ਬਦਾਂ ਦਾ ਖ਼ਿਆਲ ਕਰਦੇ ਹਨ, ਉਹ ਨਾ ਤਾਂ ਸੱਚ ਨਾਲ ਸਰੋਕਾਰ ਰੱਖਦੇ ਹਨ ਅਤੇ ਨਾ ਹੀ ਮੇਰੀਆਂ ਪੈੜਾਂ ਭਾਲਦੇ ਹਨ, ਉਹ ਮੇਰੇ ਖ਼ਿਲਾਫ਼ ਹਨ ਕਿਉਂਕਿ ਉਹ ਮੈਨੂੰ ਬਾਈਬਲ ਮੁਤਾਬਕ ਸੀਮਤ ਕਰ ਦਿੰਦੇ ਹਨ ਅਤੇ ਮੈਨੂੰ ਬਾਈਬਲ ਦੇ ਅੰਦਰ ਕੈਦ ਕਰਦੇ ਹਨ ਅਤੇ ਇਸ ਲਈ ਮੇਰੇ ਪ੍ਰਤੀ ਬੇਹੱਦ ਨਿੰਦਾਕਾਰੀ ਹਨ। ਫਿਰ ਅਜਿਹੇ ਲੋਕ ਮੇਰੇ ਸਾਹਮਣੇ ਕਿਵੇਂ ਆ ਸਕਦੇ ਹਨ? ਉਹ ਮੇਰੇ ਕਾਰਜਾਂ ਜਾਂ ਮੇਰੀ ਇੱਛਾ ਜਾਂ ਸੱਚ ਵੱਲ ਕੋਈ ਧਿਆਨ ਨਹੀਂ ਦਿੰਦੇ ਸਗੋਂ ਇਸ ਦੀ ਬਜਾਏ ਉਨ੍ਹਾਂ ਨੂੰ ਸ਼ਬਦਾਂ ਦੀ ਖ਼ਬਤ ਹੈ, ਉਹ ਸ਼ਬਦ ਜਿਹੜੇ ਮਾਰ ਦਿੰਦੇ ਹਨ। ਅਜਿਹੇ ਲੋਕ ਮੇਰੇ ਨਾਲ ਅਨੁਕੂਲ ਕਿਵੇਂ ਹੋ ਸਕਦੇ ਹਨ?

ਮੈਂ ਕਿੰਨੇ ਹੀ ਵਿਚਾਰ ਵਿਅਕਤ ਕਰ ਚੁੱਕਾ ਹਾਂ ਅਤੇ ਆਪਣੀ ਇੱਛਾ ਤੇ ਮੂਲ ਸੁਭਾਅ ਵੀ ਪਰਗਟ ਕਰ ਚੁੱਕਾ ਹਾਂ, ਪਰ ਇਸ ਦੇ ਬਾਵਜੂਦ ਲੋਕ ਹਾਲੇ ਵੀ ਮੈਨੂੰ ਜਾਣਨ ਅਤੇ ਮੇਰੇ ਵਿਚ ਵਿਸ਼ਵਾਸ ਕਰਨ ਦੇ ਅਸਮਰੱਥ ਹਨ। ਜਾਂ ਕਿਹਾ ਜਾ ਸਕਦਾ ਹੈ ਕਿ ਲੋਕ ਹਾਲੇ ਵੀ ਮੇਰੀ ਆਗਿਆ ਮੰਨਣ ਦੇ ਅਸਮਰੱਥ ਹਨ। ਉਹ ਜਿਹੜੇ ਬਾਈਬਲ ਦੇ ਅੰਦਰ ਜੀਉਂਦੇ ਹਨ, ਉਹ ਜਿਹੜੇ ਸ਼ਰ੍ਹਾ ਦੇ ਦਾਇਰੇ ਵਿਚ ਜੀਉਂਦੇ ਹਨ, ਉਹ ਜਿਹੜੇ ਸਲੀਬ ’ਤੇ ਜੀਉਂਦੇ ਹਨ, ਉਹ ਜਿਹੜੇ ਸਿਧਾਂਤ ਮੁਤਾਬਕ ਜੀਉਂਦੇ ਹਨ, ਉਹ ਜੋ ਅੱਜ ਮੇਰੇ ਦੁਆਰਾ ਕੀਤੇ ਜਾਂਦੇ ਕੰਮਾਂ ਵਿਚਾਲੇ ਜੀਉਂਦੇ ਹਨ-ਉਨ੍ਹਾਂ ਵਿਚੋਂ ਮੇਰੇ ਨਾਲ ਅਨੁਕੂਲ ਕੌਣ ਹੈ? ਤੁਸੀਂ ਸਿਰਫ਼ ਬਰਕਤਾਂ ਅਤੇ ਇਨਾਮ ਲੈਣ ਬਾਰੇ ਸੋਚਦੇ ਹੋ ਪਰ ਇਹ ਕਦੇ ਨਹੀਂ ਸੋਚਿਆ ਕਿ ਅਸਲ ਵਿਚ ਮੇਰੇ ਅਨੁਕੂਲ ਕਿਵੇਂ ਹੋਣਾ ਹੈ ਜਾਂ ਮੇਰੇ ਖ਼ਿਲਾਫ਼ ਹੋਣ ਤੋਂ ਖ਼ੁਦ ਨੂੰ ਕਿਵੇਂ ਰੋਕਣਾ ਹੈ? ਮੈਂ ਤੁਹਾਡੇ ਤੋਂ ਬਹੁਤ ਨਿਰਾਸ਼ ਹਾਂ ਕਿਉਂਕਿ ਮੈਂ ਤੁਹਾਨੂੰ ਬਹੁਤ ਕੁਝ ਦੇ ਚੁੱਕਾ ਹਾਂ, ਫਿਰ ਵੀ ਮੈਂ ਤੁਹਾਡੇ ਕੋਲੋਂ ਬਹੁਤ ਘੱਟ ਹਾਸਲ ਕੀਤਾ ਹੈ। ਤੁਹਾਡਾ ਧੋਖਾ, ਤੁਹਾਡਾ ਘਮੰਡ, ਤੁਹਾਡਾ ਲਾਲਚ, ਤੁਹਾਡੀਆਂ ਬੇਤੁਕੀਆਂ ਇੱਛਾਵਾਂ, ਤੁਹਾਡਾ ਵਿਸ਼ਵਾਸਘਾਤ, ਤੁਹਾਡੀ ਅਵੱਗਿਆ-ਇਨ੍ਹਾਂ ਵਿਚੋਂ ਕਿਹੜਾ ਮੇਰੇ ਧਿਆਨ ਤੋਂ ਬਚ ਸਕਦਾ ਹੈ? ਤੁਸੀਂ ਮੇਰੇ ਪ੍ਰਤੀ ਬੇਪਰਵਾਹ ਹੋ, ਤੁਸੀਂ ਮੈਨੂੰ ਮੂਰਖ ਬਣਾਉਂਦੇ ਹੋ, ਤੁਸੀਂ ਮੇਰਾ ਅਨਾਦਰ ਕਰਦੇ ਹੋ, ਤੁਸੀਂ ਮੇਰੀ ਚਾਪਲੂਸੀ ਕਰਦੇ ਹੋ, ਤੁਸੀਂ ਬਲੀਦਾਨਾਂ ਬਦਲੇ ਮੇਰੇ ਕੋਲੋਂ ਧੱਕੇ ਨਾਲ ਮੰਗਦੇ ਅਤੇ ਜ਼ਬਰਦਸਤੀ ਵਸੂਲਦੇ ਹੋ-ਅਜਿਹੇ ਗ਼ਲਤ ਕੰਮ ਮੇਰੀ ਸਜ਼ਾ ਤੋਂ ਬਚ ਕਿਵੇਂ ਸਕਦੇ ਹਨ? ਇਹ ਸਾਰੇ ਬੁਰੇ ਕੰਮ ਮੇਰੇ ਨਾਲ ਤੁਹਾਡੇ ਵੈਰ-ਵਿਰੋਧ ਦਾ ਸਬੂਤ ਹਨ ਅਤੇ ਮੇਰੇ ਨਾਲ ਤੁਹਾਡੀ ਬੇਮੇਲਤਾ ਦਾ ਸਬੂਤ ਹਨ। ਤੁਹਾਡੇ ਵਿਚੋਂ ਹਰ ਕੋਈ ਮੰਨਦਾ ਹੈ ਕਿ ਉਹ ਮੇਰੇ ਬਹੁਤ ਅਨੁਕੂਲ ਹੈ ਪਰ ਜੇ ਇੰਝ ਹੋਵੇ ਤਾਂ ਇਹ ਅਕੱਟ ਪ੍ਰਮਾਣ ਕਿਸ ਉੱਤੇ ਲਾਗੂ ਹੋਵੇਗਾ? ਤੁਸੀਂ ਮੰਨਦੇ ਹੋ ਕਿ ਤੁਸੀਂ ਮੇਰੇ ਪ੍ਰਤੀ ਬਹੁਤ ਜ਼ਿਆਦਾ ਈਮਾਨਦਾਰੀ ਅਤੇ ਵਫ਼ਾਦਾਰੀ ਰੱਖਦੇ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਬਹੁਤ ਦਿਆਲੂ ਹੋ, ਦਇਆਵਾਨ ਹੋ ਅਤੇ ਮੇਰੇ ਲਈ ਬਹੁਤ ਕੁਝ ਸਮਰਪਿਤ ਕੀਤਾ ਹੈ। ਤੁਸੀਂ ਸੋਚਦੇ ਹੋ ਕਿ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਹੈ। ਪਰ ਕੀ ਤੁਹਾਡੀ ਇਹ ਸੋਚ ਤੁਹਾਡੇ ਆਪਣੇ ਕਾਰਿਆਂ ’ਤੇ ਪੂਰੀ ਉਤਰਦੀ ਹੈ? ਮੈਂ ਕਹਾਂਗਾ ਕਿ ਤੁਸੀਂ ਬਹੁਤ ਘਮੰਡੀ, ਬਹੁਤ ਲਾਲਚੀ, ਬਹੁਤ ਬੇਦਿਲ ਹੋ, ਜਿਹੜੇ ਦਾਅ-ਪੇਚਾਂ ਨਾਲ ਤੁਸੀਂ ਮੈਨੂੰ ਮੂਰਖ ਬਣਾਉਂਦੇ ਹੋ, ਉਹ ਕਾਫ਼ੀ ਚਲਾਕੀ ਭਰੇ ਹਨ ਅਤੇ ਤੁਹਾਡੇ ਕੋਲ ਬਹੁਤ ਜ਼ਿਆਦਾ ਘਿਰਣਾਯੋਗ ਇਰਾਦੇ ਅਤੇ ਘਿਰਣਾਯੋਗ ਤਰੀਕੇ ਹਨ। ਤੁਹਾਡੀ ਵਫ਼ਾਦਾਰੀ ਬੇਹੱਦ ਘੱਟ ਹੈ, ਤੁਹਾਡੀ ਉਤਸੁਕਤਾ ਵੀ ਬਹੁਤ ਘੱਟ ਹੈ ਅਤੇ ਤੁਹਾਡੇ ਜ਼ਮੀਰ ਵਿਚ ਤਾਂ ਹੋਰ ਵੀ ਘਾਟ ਹੈ। ਤੁਹਾਡੇ ਹਿਰਦਿਆਂ ਵਿਚ ਬਹੁਤ ਜ਼ਿਆਦਾ ਵੈਰ-ਵਿਰੋਧ ਹੈ ਅਤੇ ਤੁਹਾਡੀ ਮੰਦ ਭਾਵਨਾ ਤੋਂ ਕੋਈ ਵੀ ਬਚਿਆ ਨਹੀਂ, ਮੈਂ ਵੀ ਨਹੀਂ। ਤੁਸੀਂ ਆਪਣੇ ਬੱਚਿਆਂ ਖ਼ਾਤਰ ਜਾਂ ਅਪਣੇ ਪਤੀ ਜਾਂ ਆਪਣੀ ਸਵੈ-ਸਲਾਮਤੀ ਲਈ ਮੈਨੂੰ ਬਾਹਰ ਕੱਢਦੇ ਹੋ। ਮੇਰਾ ਖ਼ਿਆਲ ਰੱਖਣ ਦੀ ਬਜਾਏ ਤੁਸੀਂ ਆਪਣੇ ਟੱਬਰ, ਅਪਣੇ ਨਿਆਣਿਆਂ, ਆਪਣੇ ਰੁਤਬੇ, ਆਪਣੇ ਭਵਿੱਖ ਅਤੇ ਅਪਣੀ ਨਿੱਜੀ ਇੱਛਾ ਪੂਰਤੀ ਦਾ ਖ਼ਿਆਲ ਰੱਖਦੇ ਹੋ। ਕੀ ਤੁਸੀਂ ਆਪਣੇ ਬੋਲਾਂ ਅਤੇ ਕੰਮਾਂ ਵਿਚ ਕਦੇ ਮੇਰੇ ਬਾਰੇ ਸੋਚਿਆ ਹੈ? ਠੰਢੇ ਦਿਨੀਂ ਤੁਹਾਡੇ ਵਿਚਾਰ ਤੁਹਾਡੇ ਨਿਆਣਿਆਂ, ਤੁਹਾਡੇ ਪਤੀ, ਤੁਹਾਡੀ ਪਤਨੀ ਜਾਂ ਤੁਹਾਡੇ ਮਾਪਿਆਂ ਵਲ ਮੁੜਦੇ ਹਨ। ਤਪਦੇ ਦਿਨੀਂ ਤੁਹਾਡੇ ਵਿਚਾਰਾਂ ਵਿਚ ਮੇਰੀ ਕੋਈ ਥਾਂ ਨਹੀਂ ਹੁੰਦੀ, ਜਦੋਂ ਤੂੰ ਆਪਣਾ ਫ਼ਰਜ਼ ਨਿਭਾਉਂਦਾ ਹੈਂ ਤਾਂ ਤੂੰ ਆਪਣੇ ਹੀ ਹਿੱਤਾਂ ਬਾਰੇ, ਆਪਣੀ ਨਿਜੀ ਸੁਰੱਖਿਆ ਬਾਰੇ, ਆਪਣੇ ਪਰਵਾਰ ਦੇ ਜੀਆਂ ਬਾਰੇ ਹੀ ਸੋਚਦਾ ਹੈਂ। ਕੀ ਤੂੰ ਕਦੇ ਅਜਿਹਾ ਕੰਮ ਕੀਤਾ ਹੈ ਜਿਹੜਾ ਮੇਰੇ ਲਈ ਸੀ? ਕੀ ਤੂੰ ਕਦੇ ਮੇਰੇ ਬਾਰੇ ਸੋਚਿਆ ਹੈ? ਕਦੋਂ, ਕਿਸੇ ਵੀ ਕੀਮਤ ’ਤੇ, ਤੂੰ ਆਪਣਾ ਆਪਾ ਮੇਰੇ ਅਤੇ ਮੇਰੇ ਕੰਮ ਪ੍ਰਤੀ ਸਮਰਪਿਤ ਕੀਤਾ ਹੈ? ਮੇਰੇ ਨਾਲ ਤੇਰੀ ਅਨੁਕੂਲਤਾ ਦਾ ਸਬੂਤ ਕਿੱਥੇ ਹੈ? ਮੇਰੇ ਪ੍ਰਤੀ ਤੇਰੀ ਵਫ਼ਾਦਾਰੀ ਦੀ ਸੱਚਾਈ ਕਿੱਥੇ ਹੈ? ਮੇਰੇ ਪ੍ਰਤੀ ਤੇਰੀ ਆਗਿਆਕਾਰੀ ਦੀ ਸੱਚਾਈ ਕਿੱਥੇ ਹੈ? ਮੇਰੀਆਂ ਬਰਕਤਾਂ ਪ੍ਰਾਪਤ ਕਰਨ ਵਾਸਤੇ ਤੇਰੇ ਇਰਾਦੇ ਕਦੋਂ ਨਹੀਂ ਹੋਏ? ਤੁਸੀਂ ਮੈਨੂੰ ਮੂਰਖ ਬਣਾਉਂਦੇ ਅਤੇ ਮੇਰੇ ਨਾਲ ਧੋਖਾ ਕਰਦੇ ਹੋ, ਤੁਸੀਂ ਸੱਚ ਨਾਲ ਖੇਡਦੇ ਹੋ, ਤੁਸੀਂ ਸੱਚ ਦੀ ਹੋਂਦ ਲੁਕਾਉਂਦੇ ਹੋ ਅਤੇ ਸੱਚ ਦੇ ਸਾਰ-ਤੱਤ ਨਾਲ ਵਿਸ਼ਵਾਸਘਾਤ ਕਰਦੇ ਹੋ। ਇਸ ਤਰ੍ਹਾਂ ਮੇਰੇ ਖ਼ਿਲਾਫ਼ ਜਾ ਕੇ ਭਵਿੱਖ ਵਿਚ ਤੁਹਾਨੂੰ ਕੀ ਮਿਲੇਗਾ? ਤੁਸੀਂ ਮਹਿਜ਼ ਖ਼ਿਆਲੀ ਪਰਮੇਸ਼ੁਰ ਨਾਲ ਅਨੁਕੂਲਤਾ ਭਾਲਦੇ ਹੋ ਅਤੇ ਮਹਿਜ਼ ਖ਼ਿਆਲੀ ਵਿਸ਼ਵਾਸ ਭਾਲਦੇ ਹੋ, ਫਿਰ ਵੀ ਤੁਸੀਂ ਮਸੀਹ ਦੇ ਅਨੁਕੂਲ ਨਹੀਂ। ਕੀ ਤੁਹਾਡੇ ਬੁਰੇ ਕੰਮਾਂ ਦੀ ਵੀ ਉਹੀ ਸਜ਼ਾ ਹੋਵੇਗੀ ਜਿਸ ਦੇ ਦੁਸ਼ਟ ਹੱਕਦਾਰ ਹਨ। ਉਸ ਵੇਲੇ ਤੁਸੀਂ ਅਨੁਭਵ ਕਰੋਗੇ ਕਿ ਕੋਈ ਵੀ ਜਿਹੜਾ ਮਸੀਹ ਦੇ ਅਨੁਕੂਲ ਨਹੀਂ, ਕਰੋਪੀ ਦੇ ਦਿਨ ਤੋਂ ਬਚ ਨਹੀਂ ਸਕਦਾ ਅਤੇ ਤੁਸੀਂ ਵੇਖੋਗੇ ਕਿ ਜਿਹੜੇ ਮਸੀਹ ਦੇ ਖ਼ਿਲਾਫ਼ ਹਨ ਉਨ੍ਹਾਂ ਨੂੰ ਕਿਸ ਕਿਸਮ ਦੀ ਸਜ਼ਾ ਦਿਤੀ ਜਾਵੇਗੀ। ਜਦ ਉਹ ਦਿਨ ਆਵੇਗਾ, ਪਰਮੇਸ਼ੁਰ ਵਿਚ ਤੁਹਾਡੇ ਵਿਸ਼ਵਾਸ ਲਈ ਸੁਭਾਗ ਪ੍ਰਾਪਤ ਕਰਨ ਅਤੇ ਸਵਰਗ ਵਿਚ ਪ੍ਰਵੇਸ਼ ਕਰਨ ਦੇ ਤੁਹਾਡੇ ਸਾਰੇ ਸੁਪਨੇ ਚਕਨਾਚੂਰ ਹੋ ਜਾਣਗੇ। ਖ਼ੈਰ, ਉਨ੍ਹਾਂ ਨਾਲ ਇੰਜ ਨਹੀਂ ਹੋਵੇਗਾ ਜਿਹੜੇ ਮਸੀਹ ਦੇ ਅਨੁਕੂਲ ਹਨ। ਭਾਵੇਂ ਕਿ ਉਹ ਬਹੁਤ ਕੁਝ ਗਵਾ ਚੁੱਕੇ ਹਨ, ਭਾਵੇਂ ਕਿ ਉਹ ਬਹੁਤ ਤਕਲੀਫ਼ ਝੱਲ ਚੁੱਕੇ ਹਨ ਪਰ ਉਹ ਸਮੁੱਚੀ ਵਿਰਾਸਤ ਪ੍ਰਾਪਤ ਕਰਨਗੇ ਜੋ ਮੈਂ ਮਨੁੱਖਜਾਤੀ ਲਈ ਛੱਡਾਂਗਾ। ਆਖ਼ਰ ਨੂੰ ਤੁਸੀਂ ਸਮਝ ਜਾਵੋਗੇ ਕਿ ਮੈਂ ਇਕੱਲਾ ਹੀ ਧਰਮੀ ਪਰਮੇਸ਼ੁਰ ਹਾਂ ਅਤੇ ਮੈਂ ਇਕੱਲਾ ਹੀ ਮਨੁੱਖਜਾਤੀ ਨੂੰ ਉਸ ਦੀ ਖ਼ੂਬਸੂਰਤ ਮੰਜ਼ਿਲ ਵਿਚ ਲਿਜਾਣ ਦੇ ਸਮਰੱਥ ਹਾਂ।

ਪਿਛਲਾ: ਸੱਦੇ ਹੋਏ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ

ਅਗਲਾ: ਕੀ ਤੂੰ ਪਰਮੇਸ਼ੁਰ ਦਾ ਇੱਕ ਸੱਚਾ ਵਿਸ਼ਵਾਸੀ ਹੈਂ?

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ