ਦੇਹਧਾਰਣ ਦਾ ਰਹੱਸ (1)

ਕਿਰਪਾ ਦੇ ਯੁਗ ਵਿੱਚ, ਯੂਹੰਨਾ ਨੇ ਯਿਸੂ ਦੇ ਲਈ ਰਾਹ ਪੱਧਰਾ ਕੀਤਾ। ਯੂਹੰਨਾ ਖੁਦ ਪਰਮੇਸ਼ੁਰ ਦਾ ਕਾਰਜ ਨਹੀਂ ਕਰ ਸਕਦਾ ਸੀ ਸਗੋਂ ਉਸ ਨੇ ਸਿਰਫ਼ ਮਨੁੱਖ ਦਾ ਫਰਜ਼ ਨਿਭਾਇਆ। ਹਾਲਾਂਕਿ ਯੂਹੰਨਾ ਪ੍ਰਭੂ ਦਾ ਮੋਹਰੀ ਸੀ, ਪਰ ਉਹ ਪਰਮੇਸ਼ੁਰ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਸੀ; ਉਹ ਸਿਰਫ਼ ਪਵਿੱਤਰ ਆਤਮਾ ਦੁਆਰਾ ਵਰਤਿਆ ਜਾਣ ਵਾਲਾ ਇੱਕ ਮਨੁੱਖ ਸੀ। ਯਿਸੂ ਦੇ ਬਪਤਿਸਮਾ ਲੈਣ ਤੋਂ ਬਾਅਦ, ਪਵਿੱਤਰ ਆਤਮਾ ਕਬੂਤਰ ਵਾਂਗ ਉਸ ਉੱਤੇ ਉਤਰਿਆ। ਫਿਰ ਉਸ ਨੇ ਆਪਣਾ ਕੰਮ ਸ਼ੁਰੂ ਕੀਤਾ, ਭਾਵ, ਉਸ ਨੇ ਮਸੀਹ ਦੀ ਸੇਵਕਾਈ ਕਰਨੀ ਸ਼ੁਰੂ ਕੀਤੀ। ਇਸੇ ਕਰਕੇ ਹੀ ਉਸ ਨੇ ਪਰਮੇਸ਼ੁਰ ਦੀ ਪਛਾਣ ਧਾਰਨ ਕੀਤੀ, ਕਿਉਂਕਿ ਉਹ ਪਰਮੇਸ਼ੁਰ ਵੱਲੋਂ ਹੀ ਆਇਆ ਸੀ। ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਤੋਂ ਪਹਿਲਾਂ ਉਸ ਦੀ ਨਿਹਚਾ ਕਿਹੋ ਜਿਹੀ ਸੀ—ਹੋ ਸਕਦਾ ਹੈ ਕਿ ਕਦੇ-ਕਦਾਈਂ ਇਹ ਕਮਜ਼ੋਰ ਰਹੀ ਹੋਵੇ, ਜਾਂ ਕਦੇ-ਕਦਾਈਂ ਮਜ਼ਬੂਤ—ਉਹ ਸਭ ਕੁਝ ਉਸ ਦੁਆਰਾ ਆਪਣੀ ਸੇਵਕਾਈ ਕਰਨ ਤੋਂ ਪਹਿਲਾਂ ਬਿਤਾਏ ਗਏ ਉਸ ਦੇ ਆਮ ਮਨੁੱਖੀ ਜੀਵਨ ਨਾਲ ਸੰਬੰਧਤ ਸੀ। ਉਸ ਦੇ ਬਪਤਿਸਮਾ ਲੈਣ (ਭਾਵ ਮਸਹ ਕੀਤੇ ਜਾਣ) ਤੋਂ ਬਾਅਦ, ਪਰਮੇਸ਼ੁਰ ਦੀ ਸਮਰੱਥਾ ਅਤੇ ਮਹਿਮਾ ਤੁਰੰਤ ਉਸ ਦੇ ਨਾਲ ਸਨ, ਅਤੇ ਇਸ ਤਰ੍ਹਾਂ ਉਸ ਨੇ ਆਪਣੀ ਸੇਵਕਾਈ ਕਰਨੀ ਸ਼ੁਰੂ ਕੀਤੀ। ਉਹ ਨਿਸ਼ਾਨ ਅਤੇ ਅਚੰਭੇ ਕਰ ਸਕਦਾ ਸੀ, ਚਮਤਕਾਰ ਕਰ ਸਕਦਾ ਸੀ, ਅਤੇ ਉਸ ਕੋਲ ਸਮਰੱਥਾ ਅਤੇ ਅਧਿਕਾਰ ਸੀ, ਕਿਉਂਕਿ ਉਹ ਖੁਦ ਪਰਮੇਸ਼ੁਰ ਦੇ ਵੱਲੋਂ ਸਿੱਧਿਆਂ ਕੰਮ ਕਰ ਰਿਹਾ ਸੀ; ਉਹ ਆਤਮਾ ਦੀ ਜਗ੍ਹਾ ਉਸ ਦਾ ਕੰਮ ਕਰ ਰਿਹਾ ਸੀ ਅਤੇ ਆਤਮਾ ਦੀ ਆਵਾਜ਼ ਪਰਗਟ ਕਰ ਰਿਹਾ ਸੀ। ਇਸ ਲਈ, ਉਹ ਖੁਦ ਪਰਮੇਸ਼ੁਰ ਸੀ; ਇਹ ਨਿਰਵਿਵਾਦ ਹੈ। ਯੂਹੰਨਾ ਇੱਕ ਅਜਿਹਾ ਵਿਅਕਤੀ ਸੀ ਜਿਸ ਨੂੰ ਪਵਿੱਤਰ ਆਤਮਾ ਨੇ ਵਰਤਿਆ ਸੀ। ਉਹ ਪਰਮੇਸ਼ੁਰ ਦੀ ਨੁਮਾਇੰਦਗੀ ਨਹੀਂ ਕਰ ਸਕਦਾ ਸੀ, ਅਤੇ ਨਾ ਹੀ ਉਸ ਦੇ ਲਈ ਪਰਮੇਸ਼ੁਰ ਦੀ ਨੁਮਾਇੰਦਗੀ ਕਰਨੀ ਸੰਭਵ ਸੀ। ਜੇ ਉਸ ਨੇ ਅਜਿਹਾ ਕਰਨਾ ਚਾਹਿਆ ਹੁੰਦਾ, ਤਾਂ ਪਵਿੱਤਰ ਆਤਮਾ ਇਸ ਦੀ ਆਗਿਆ ਨਾ ਦਿੰਦਾ, ਕਿਉਂਕਿ ਉਹ ਉਸ ਕੰਮ ਨੂੰ ਕਰਨ ਦੇ ਸਮਰੱਥ ਨਹੀਂ ਸੀ ਜਿਸ ਨੂੰ ਖੁਦ ਪਰਮੇਸ਼ੁਰ ਪੂਰਾ ਕਰਨਾ ਚਾਹੁੰਦਾ ਸੀ। ਸ਼ਾਇਦ ਉਸ ਵਿੱਚ ਬਹੁਤ ਕੁਝ ਅਜਿਹਾ ਸੀ ਜੋ ਮਨੁੱਖ ਦੀ ਇੱਛਾ ਨਾਲ ਸੰਬੰਧਤ ਸੀ, ਜਾਂ ਕੁਝ ਅਜਿਹਾ ਸੀ ਜੋ ਭਟਕਿਆ ਹੋਇਆ ਸੀ; ਉਹ ਕਿਸੇ ਵੀ ਹਾਲਾਤ ਵਿੱਚ ਸਿੱਧਿਆਂ ਪਰਮੇਸ਼ੁਰ ਦੀ ਨੁਮਾਇੰਦਗੀ ਨਹੀਂ ਕਰ ਸਕਦਾ ਸੀ। ਉਸ ਦੀਆਂ ਗਲਤੀਆਂ ਅਤੇ ਅਸ਼ੁੱਧਤਾ ਸਿਰਫ਼ ਉਸ ਦੀ ਹੀ ਨੁਮਾਇੰਦਗੀ ਕਰਦੇ ਸਨ, ਪਰ ਉਸ ਦਾ ਕੰਮ ਪਵਿੱਤਰ ਆਤਮਾ ਦੀ ਨੁਮਾਇੰਦਗੀ ਕਰਦਾ ਸੀ। ਫਿਰ ਵੀ, ਤੂੰ ਇਹ ਨਹੀਂ ਕਹਿ ਸਕਦਾ ਕਿ ਉਹ ਸਾਰਾ ਦਾ ਸਾਰਾ ਪਰਮੇਸ਼ੁਰ ਦੀ ਨੁਮਾਇੰਦਗੀ ਕਰਦਾ ਸੀ। ਕੀ ਉਸ ਦੀ ਭਟਕਣਾ ਅਤੇ ਅਸ਼ੁੱਧਤਾ ਵੀ ਪਰਮੇਸ਼ੁਰ ਦੀ ਨੁਮਾਇੰਦਗੀ ਕਰ ਸਕਦੇ ਸਨ? ਮਨੁੱਖ ਦੀ ਨੁਮਾਇੰਦਗੀ ਕਰਨ ਵਿੱਚ ਅਸ਼ੁੱਧਤਾ ਹੋਣਾ ਆਮ ਗੱਲ ਹੈ, ਪਰ ਜੇ ਕੋਈ ਪਰਮੇਸ਼ੁਰ ਦੀ ਨੁਮਾਇੰਦਗੀ ਕਰਨ ਵਿੱਚ ਭਟਕਿਆ ਹੋਇਆ ਹੈ, ਤਾਂ ਕੀ ਇਸ ਨਾਲ ਪਰਮੇਸ਼ੁਰ ਦੀ ਬੇਅਦਬੀ ਨਹੀਂ ਹੋਵੇਗੀ? ਕੀ ਉਹ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਨਹੀਂ ਹੋਵੇਗਾ? ਪਵਿੱਤਰ ਆਤਮਾ ਮਨੁੱਖ ਨੂੰ ਪਰਮੇਸ਼ੁਰ ਦੇ ਸਥਾਨ ’ਤੇ ਖੜ੍ਹੇ ਹੋਣ ਦੀ ਆਗਿਆ ਸਰਸਰੀ ਤੌਰ ਤੇ ਨਹੀਂ ਦਿੰਦਾ, ਭਾਵੇਂ ਦੂਜਿਆਂ ਨੇ ਉਸ ਵਿਅਕਤੀ ਨੂੰ ਉਚਿਆਇਆ ਕਿਉਂ ਨਾ ਹੋਵੇ। ਜੇ ਉਹ ਪਰਮੇਸ਼ੁਰ ਨਹੀਂ ਹੈ, ਤਾਂ ਉਹ ਅੰਤ ਵਿੱਚ ਡਟੇ ਰਹਿਣ ਦੇ ਯੋਗ ਨਹੀਂ ਹੋਵੇਗਾ। ਪਵਿੱਤਰ ਆਤਮਾ ਮਨੁੱਖ ਨੂੰ ਉਸ ਦੀ ਮਨਮਰਜ਼ੀ ਨਾਲ ਹੀ ਪਰਮੇਸ਼ੁਰ ਦੀ ਨੁਮਾਇੰਦਗੀ ਕਰਨ ਦੀ ਆਗਿਆ ਨਹੀਂ ਦਿੰਦਾ! ਉਦਾਹਰਣ ਵਜੋਂ, ਇਹ ਪਵਿੱਤਰ ਆਤਮਾ ਸੀ ਜਿਸ ਨੇ ਯੂਹੰਨਾ ਦੀ ਗਵਾਹੀ ਦਿੱਤੀ ਸੀ ਅਤੇ ਉਹ ਵੀ ਪਵਿੱਤਰ ਆਤਮਾ ਹੀ ਸੀ ਜਿਸ ਨੇ ਉਸ ਨੂੰ ਅਜਿਹੇ ਵਿਅਕਤੀ ਵਜੋਂ ਉਜਾਗਰ ਕੀਤਾ ਜੋ ਯਿਸੂ ਦੇ ਲਈ ਰਾਹ ਪੱਧਰਾ ਕਰੇਗਾ, ਪਰ ਪਵਿੱਤਰ ਆਤਮਾ ਦੁਆਰਾ ਉਸ ਉੱਤੇ ਕੀਤਾ ਗਿਆ ਕੰਮ ਚੰਗੀ ਤਰ੍ਹਾਂ ਮਾਪ-ਤੋਲ ਕੇ ਕੀਤਾ ਗਿਆ ਸੀ। ਯੂਹੰਨਾ ਨੂੰ ਜੋ ਕੁਝ ਕਰਨ ਲਈ ਕਿਹਾ ਗਿਆ ਸੀ ਉਹ ਸਿਰਫ਼ ਯਿਸੂ ਲਈ ਰਾਹ ਤਿਆਰ ਕਰਨ ਦੇ ਲਈ, ਉਸ ਵਾਸਤੇ ਰਾਹ ਪੱਧਰਾ ਕਰਨ ਵਾਲਾ ਬਣਨਾ ਸੀ। ਕਹਿਣ ਦਾ ਭਾਵ ਇਹ ਕਿ, ਪਵਿੱਤਰ ਆਤਮਾ ਨੇ ਸਿਰਫ਼ ਰਾਹ ਪੱਧਰਾ ਕਰਨ ਵਿੱਚ ਉਸ ਦੇ ਕੰਮ ਨੂੰ ਕਾਇਮ ਰੱਖਿਆ ਅਤੇ ਉਸ ਨੂੰ ਸਿਰਫ਼ ਅਜਿਹਾ ਕੰਮ ਕਰਨ ਦੀ ਆਗਿਆ ਹੀ ਦਿੱਤੀ—ਉਸ ਨੂੰ ਹੋਰ ਕੋਈ ਕੰਮ ਕਰਨ ਦੀ ਆਗਿਆ ਨਹੀਂ ਸੀ। ਯੂਹੰਨਾ ਨੇ ਏਲੀਯਾਹ ਦੀ ਨੁਮਾਇੰਦਗੀ ਕੀਤੀ, ਅਤੇ ਉਸ ਨੇ ਇੱਕ ਅਜਿਹੇ ਨਬੀ ਦੀ ਨੁਮਾਇੰਦਗੀ ਕੀਤੀ ਜਿਸ ਨੇ ਰਾਹ ਪੱਧਰਾ ਕੀਤਾ। ਪਵਿੱਤਰ ਆਤਮਾ ਨੇ ਉਸ ਨੂੰ ਇਸ ’ਚ ਕਾਇਮ ਰੱਖਿਆ; ਜਿੰਨਾ ਚਿਰ ਉਸ ਦਾ ਕੰਮ ਰਾਹ ਪੱਧਰਾ ਕਰਨਾ ਸੀ, ਪਵਿੱਤਰ ਆਤਮਾ ਨੇ ਉਸ ਨੂੰ ਕਾਇਮ ਰੱਖਿਆ। ਹਾਲਾਂਕਿ, ਜੇ ਉਸ ਨੇ ਖੁਦ ਪਰਮੇਸ਼ੁਰ ਹੋਣ ਦਾ ਦਾਅਵਾ ਕੀਤਾ ਹੁੰਦਾ ਅਤੇ ਇਹ ਕਿਹਾ ਹੁੰਦਾ ਕਿ ਉਹ ਛੁਟਕਾਰੇ ਦੇ ਕੰਮ ਨੂੰ ਪੂਰਾ ਕਰਨ ਲਈ ਆਇਆ ਹੈ, ਤਾਂ ਪਵਿੱਤਰ ਆਤਮਾ ਨੂੰ ਉਸ ਨੂੰ ਤਾੜਨਾ ਦੇਣੀ ਪੈ ਜਾਂਦੀ। ਭਾਵੇਂ ਯੂਹੰਨਾ ਦਾ ਕੰਮ ਜਿੰਨਾ ਵੀ ਮਹਾਨ ਸੀ, ਅਤੇ ਭਾਵੇਂ ਕਿ ਪਵਿੱਤਰ ਆਤਮਾ ਨੇ ਇਸ ਕੰਮ ਨੂੰ ਕਾਇਮ ਰੱਖਿਆ ਸੀ, ਪਰ ਉਸ ਦਾ ਕੰਮ ਸੀਮਾਵਾਂ ਤੋਂ ਬਗੈਰ ਨਹੀਂ ਸੀ। ਮੰਨ ਵੀ ਲਿਆ ਕਿ ਪਵਿੱਤਰ ਆਤਮਾ ਨੇ ਸੱਚਮੁੱਚ ਉਸ ਦੇ ਕੰਮ ਨੂੰ ਕਾਇਮ ਰੱਖਿਆ, ਪਰ ਉਸ ਸਮੇਂ ਉਸ ਨੂੰ ਦਿੱਤੀ ਗਈ ਸਮਰੱਥਾ ਉਸ ਦੁਆਰਾ ਰਾਹ ਪੱਧਰਾ ਕੀਤੇ ਜਾਣ ਤਕ ਹੀ ਸੀਮਤ ਸੀ। ਉਹ ਬਿਲਕੁਲ ਵੀ, ਕੋਈ ਹੋਰ ਕੰਮ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਸਿਰਫ਼ ਯੂਹੰਨਾ ਸੀ ਜਿਸ ਨੇ ਰਾਹ ਪੱਧਰਾ ਕੀਤਾ ਸੀ, ਨਾ ਕਿ ਯਿਸੂ। ਇਸ ਲਈ, ਪਵਿੱਤਰ ਆਤਮਾ ਦੀ ਗਵਾਹੀ ਮਹੱਤਵਪੂਰਣ ਹੈ, ਪਰ ਪਵਿੱਤਰ ਆਤਮਾ ਮਨੁੱਖ ਨੂੰ ਜੋ ਕੰਮ ਕਰਨ ਦੀ ਆਗਿਆ ਦਿੰਦਾ ਹੈ, ਉਹ ਹੋਰ ਵੀ ਵਧੇਰੇ ਨਿਰਣਾਇਕ ਹੈ। ਕੀ ਉਸ ਸਮੇਂ ਯੂਹੰਨਾ ਨੂੰ ਜ਼ੋਰਦਾਰ ਗਵਾਹੀ ਨਹੀਂ ਮਿਲੀ ਸੀ? ਕੀ ਉਸ ਦਾ ਕੰਮ ਵੀ ਮਹਾਨ ਨਹੀਂ ਸੀ? ਪਰ ਉਸ ਨੇ ਜੋ ਕੰਮ ਕੀਤਾ ਉਹ ਯਿਸੂ ਦੇ ਕੰਮ ਨੂੰ ਪਛਾੜ ਨਹੀਂ ਸਕਦਾ ਸੀ, ਕਿਉਂਕਿ ਉਹ ਪਵਿੱਤਰ ਆਤਮਾ ਦੁਆਰਾ ਵਰਤੇ ਗਏ ਇੱਕ ਮਨੁੱਖ ਤੋਂ ਵੱਧ ਹੋਰ ਕੁਝ ਨਹੀਂ ਸੀ ਅਤੇ ਸਿੱਧਿਆਂ ਪਰਮੇਸ਼ੁਰ ਦੀ ਨੁਮਾਇੰਦਗੀ ਨਹੀਂ ਕਰ ਸਕਦਾ ਸੀ, ਅਤੇ ਇਸ ਲਈ ਉਸ ਨੇ ਜੋ ਕੰਮ ਕੀਤਾ ਉਹ ਸੀਮਤ ਸੀ। ਉਸ ਦੁਆਰਾ ਰਾਹ ਪੱਧਰਾ ਕਰਨ ਦਾ ਕੰਮ ਪੂਰਾ ਕਰਨ ਤੋਂ ਬਾਅਦ, ਪਵਿੱਤਰ ਆਤਮਾ ਨੇ ਉਸ ਦੀ ਗਵਾਹੀ ਨੂੰ ਹੋਰ ਅੱਗੇ ਕਾਇਮ ਨਹੀਂ ਰੱਖਿਆ, ਉਸ ਤੋਂ ਬਾਅਦ ਕੋਈ ਹੋਰ ਨਵਾਂ ਕੰਮ ਨਹੀਂ ਹੋਇਆ, ਅਤੇ ਜਦੋਂ ਖੁਦ ਪਰਮੇਸ਼ੁਰ ਦਾ ਕੰਮ ਸ਼ੁਰੂ ਹੋਇਆ, ਤਾਂ ਉਹ ਚਲਾ ਗਿਆ।

ਕੁਝ ਅਜਿਹੇ ਲੋਕ ਹਨ ਜੋ ਦੁਸ਼ਟ ਆਤਮਾਵਾਂ ਦੇ ਕਬਜ਼ੇ ਵਿੱਚ ਹਨ ਅਤੇ ਗਲਾ ਫਾੜ-ਫਾੜ ਰੌਲਾ ਪਾਉਂਦੇ ਹਨ, “ਮੈਂ ਪਰਮੇਸ਼ੁਰ ਹਾਂ!” ਪਰ, ਅੰਤ ਵਿੱਚ, ਉਨ੍ਹਾਂ ਨੂੰ ਉਜਾਗਰ ਕੀਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦੀ ਗਲਤੀ ਉੱਥੇ ਹੁੰਦੀ ਹੈ ਜਿਸ ਦੀ ਨੁਮਾਇੰਦਗੀ ਕਰਦੇ ਹਨ। ਉਹ ਸ਼ਤਾਨ ਦੀ ਨੁਮਾਇੰਦਗੀ ਕਰਦੇ ਹਨ, ਅਤੇ ਪਵਿੱਤਰ ਆਤਮਾ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਤੂੰ ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜ਼ੀ ਉਚਿਆ ਲਵੇਂ ਜਾਂ ਜਿੰਨੀ ਮਰਜ਼ੀ ਜ਼ੋਰ ਦੀ ਰੌਲਾ ਪਾਵੇਂ, ਤੂੰ ਫਿਰ ਵੀ ਇੱਕ ਸਿਰਜਿਆ ਹੋਇਆ ਪ੍ਰਾਣੀ ਹੀ ਹੈਂ ਅਤੇ ਉਹ ਹੈਂ ਜਿਸ ਦਾ ਸੰਬੰਧ ਸ਼ਤਾਨ ਨਾਲ ਹੈ। ਮੈਂ ਕਦੇ ਨਹੀਂ ਰੌਲਾ ਨਹੀਂ ਪਾਉਂਦਾ, “ਮੈਂ ਪਰਮੇਸ਼ੁਰ ਹਾਂ, ਮੈਂ ਪਰਮੇਸ਼ੁਰ ਦਾ ਪਿਆਰਾ ਪੁੱਤਰ ਹਾਂ!” ਪਰ ਮੈਂ ਜੋ ਕੰਮ ਕਰਦਾ ਹਾਂ ਉਹ ਪਰਮੇਸ਼ੁਰ ਦਾ ਕੰਮ ਹੈ। ਕੀ ਮੈਨੂੰ ਚੀਕਾਂ ਮਾਰਨ ਦੀ ਲੋੜ ਹੈ? ਉਚਿਆਉਣ ਦੀ ਕੋਈ ਲੋੜ ਨਹੀਂ ਹੈ। ਪਰਮੇਸ਼ੁਰ ਆਪਣਾ ਕੰਮ ਆਪ ਹੀ ਕਰਦਾ ਹੈ ਅਤੇ ਉਸ ਨੂੰ ਕੋਈ ਲੋੜ ਨਹੀਂ ਕਿ ਮਨੁੱਖ ਉਸ ਨੂੰ ਕੋਈ ਰੁਤਬਾ ਪ੍ਰਦਾਨ ਕਰੇ ਜਾਂ ਉਸ ਨੂੰ ਕੋਈ ਸਨਮਾਨਯੋਗ ਉਪਾਧੀ ਦੇਵੇ: ਉਸ ਦਾ ਕੰਮ ਉਸ ਦੀ ਪਛਾਣ ਅਤੇ ਰੁਤਬੇ ਨੂੰ ਦਰਸਾਉਂਦਾ ਹੈ। ਆਪਣੇ ਬਪਤਿਸਮੇ ਤੋਂ ਪਹਿਲਾਂ, ਕੀ ਯਿਸੂ ਖੁਦ ਪਰਮੇਸ਼ੁਰ ਨਹੀਂ ਸੀ? ਕੀ ਉਹ ਪਰਮੇਸ਼ੁਰ ਦਾ ਦੇਹਧਾਰੀ ਰੂਪ ਨਹੀਂ ਸੀ? ਯਕੀਨਨ ਇਹ ਨਹੀਂ ਕਿਹਾ ਜਾ ਸਕਦਾ ਕਿ ਸਿਰਫ਼ ਗਵਾਹੀ ਪ੍ਰਾਪਤ ਕਰਨ ਤੋਂ ਬਾਅਦ ਹੀ ਉਹ ਪਰਮੇਸ਼ੁਰ ਦਾ ਇੱਕਲੌਤਾ ਪੁੱਤਰ ਬਣਿਆ? ਜਦੋਂ ਉਸ ਨੇ ਆਪਣਾ ਕੰਮ ਸ਼ੁਰੂ ਕੀਤਾ ਉਸ ਤੋਂ ਲੰਬਾ ਅਰਸਾ ਪਹਿਲਾਂ, ਕੀ ਯਿਸੂ ਦੇ ਨਾਮ ਨਾਲ ਪਹਿਲਾਂ ਤੋਂ ਹੀ ਕੋਈ ਵਿਅਕਤੀ ਨਹੀਂ ਸੀ? ਤੂੰ ਨਵੇਂ ਰਾਹ ਸਾਹਮਣੇ ਲਿਆਉਣ ਜਾਂ ਆਤਮਾ ਦੀ ਨੁਮਾਇੰਦਗੀ ਕਰਨ ਦੇ ਅਯੋਗ ਹੈਂ। ਤੂੰ ਆਤਮਾ ਦੇ ਕੰਮ ਜਾਂ ਉਨ੍ਹਾਂ ਵਚਨਾਂ ਦਾ ਪ੍ਰਗਟਾਵਾ ਨਹੀਂ ਕਰ ਸਕਦਾ ਜੋ ਉਹ ਬੋਲਦਾ ਹੈ। ਤੂੰ ਖੁਦ ਪਰਮੇਸ਼ੁਰ ਦਾ ਕੰਮ ਕਰਨ ਦੇ ਅਯੋਗ ਹੈਂ, ਤੇ ਤੂੰ ਆਤਮਾ ਦਾ ਕੰਮ ਕਰਨ ਦੇ ਅਯੋਗ ਹੈਂ। ਪਰਮੇਸ਼ੁਰ ਦਾ ਬੁੱਧ, ਅਚੰਭੇ, ਅਤੇ ਕਲਪਨਾ ਤੋਂ ਪਰੇ ਹੋਣ ਦਾ ਗੁਣ, ਜਿਸ ਸਮੁੱਚੇ ਸੁਭਾਅ ਨਾਲ ਪਰਮੇਸ਼ੁਰ ਮਨੁੱਖ ਨੂੰ ਤਾੜਦਾ ਹੈ—ਇਨ੍ਹਾਂ ਸਾਰਿਆਂ ਨੂੰ ਪਰਗਟ ਕਰਨਾ ਤੇਰੀ ਸਮਰੱਥਾ ਤੋਂ ਬਾਹਰ ਹੈ। ਇਸ ਲਈ ਪਰਮੇਸ਼ੁਰ ਹੋਣ ਦਾ ਦਾਅਵਾ ਕਰਨ ਦਾ ਜਤਨ ਕਰਨਾ ਬੇਕਾਰ ਹੋਵੇਗਾ; ਤੇਰੇ ਕੋਲ ਸਿਰਫ਼ ਨਾਮ ਹੋਵੇਗਾ ਅਤੇ ਤੱਤ ਕੁਝ ਵੀ ਨਹੀਂ ਹੋਵੇਗਾ। ਪਰਮੇਸ਼ੁਰ ਖੁਦ ਆਇਆ ਹੈ, ਪਰ ਕੋਈ ਵੀ ਉਸ ਨੂੰ ਪਛਾਣਦਾ ਨਹੀਂ ਹੈ, ਤਾਂ ਵੀ ਉਹ ਆਪਣਾ ਕੰਮ ਕਰੀ ਜਾਂਦਾ ਹੈ ਅਤੇ ਆਤਮਾ ਦੀ ਨੁਮਾਇੰਦਗੀ ਵਿੱਚ ਅਜਿਹਾ ਕਰਦਾ ਹੈ। ਭਾਵੇਂ ਤੂੰ ਉਸ ਨੂੰ ਮਨੁੱਖ ਬੁਲਾਏਂ ਜਾਂ ਪਰਮੇਸ਼ੁਰ, ਪ੍ਰਭੂ ਬੁਲਾਏਂ ਜਾਂ ਮਸੀਹ ਜਾਂ ਫੇਰ ਉਸ ਨੂੰ ਭੈਣ ਬੁਲਾਏਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਉਹ ਜਿਹੜਾ ਕੰਮ ਕਰਦਾ ਹੈ ਉਹ ਆਤਮਾ ਦਾ ਕੰਮ ਹੈ ਅਤੇ ਇਹ ਖੁਦ ਪਰਮੇਸ਼ੁਰ ਦੇ ਕੰਮ ਦੀ ਨੁਮਾਇੰਦਗੀ ਕਰਦਾ ਹੈ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਮਨੁੱਖ ਉਸ ਨੂੰ ਕਿਸ ਨਾਮ ਨਾਲ ਬੁਲਾਉਂਦਾ ਹੈ। ਕੀ ਉਹ ਨਾਮ ਉਸ ਦੇ ਕੰਮ ਨੂੰ ਨਿਰਧਾਰਤ ਕਰ ਸਕਦਾ ਹੈ? ਤੁਸੀਂ ਭਾਵੇਂ ਉਸ ਨੂੰ ਜਿਵੇਂ ਮਰਜ਼ੀ ਬੁਲਾਉਂਦੇ ਹੋਵੋ, ਜਿੱਥੋਂ ਤਕ ਪਰਮੇਸ਼ੁਰ ਦਾ ਸੰਬੰਧ ਹੈ, ਉਹ ਪਰਮੇਸ਼ੁਰ ਦੇ ਆਤਮਾ ਦਾ ਦੇਹਧਾਰੀ ਰੂਪ ਹੈ; ਉਹ ਆਤਮਾ ਦੀ ਨੁਮਾਇੰਦਗੀ ਕਰਦਾ ਹੈ ਅਤੇ ਆਤਮਾ ਦੁਆਰਾ ਪ੍ਰਵਾਨ ਕੀਤਾ ਜਾਂਦਾ ਹੈ। ਜੇ ਤੂੰ ਨਵੇਂ ਯੁਗ ਲਈ ਰਾਹ ਬਣਾਉਣ, ਜਾਂ ਪੁਰਾਣੇ ਨੂੰ ਖਤਮ ਕਰਨ, ਜਾਂ ਨਵੇਂ ਯੁਗ ਦਾ ਅਰੰਭ ਕਰਨ, ਜਾਂ ਕੋਈ ਨਵਾਂ ਕੰਮ ਕਰਨ ਦੇ ਅਯੋਗ ਹੈਂ, ਤਾਂ ਤੈਨੂੰ ਪਰਮੇਸ਼ੁਰ ਨਹੀਂ ਬੁਲਾਇਆ ਜਾ ਸਕਦਾ!

ਇੱਥੋਂ ਤਕ ਕਿ ਜਿਸ ਮਨੁੱਖ ਨੂੰ ਪਵਿੱਤਰ ਆਤਮਾ ਦੁਆਰਾ ਵਰਤਿਆ ਜਾਂਦਾ ਹੈ ਉਹ ਵੀ ਖੁਦ ਪਰਮੇਸ਼ੁਰ ਦੀ ਨੁਮਾਇੰਦਗੀ ਨਹੀਂ ਕਰ ਸਕਦਾ। ਇਹ ਕਹਿਣ ਦਾ ਮਤਲਬ ਸਿਰਫ਼ ਇਹ ਨਹੀਂ ਹੈ ਕਿ ਇਹੋ ਜਿਹਾ ਮਨੁੱਖ ਪਰਮੇਸ਼ੁਰ ਦੀ ਨੁਮਾਇੰਦਗੀ ਨਹੀਂ ਕਰ ਸਕਦਾ, ਸਗੋਂ ਇਹ ਵੀ ਹੈ ਕਿ ਉਹ ਜੋ ਕੰਮ ਕਰਦਾ ਹੈ ਉਹ ਸਿੱਧਿਆਂ ਪਰਮੇਸ਼ੁਰ ਦੀ ਨੁਮਾਇੰਦਗੀ ਨਹੀਂ ਕਰ ਸਕਦਾ। ਦੂਜੇ ਸ਼ਬਦਾਂ ਵਿੱਚ, ਮਨੁੱਖੀ ਅਨੁਭਵ ਨੂੰ ਸਿੱਧਿਆਂ ਪਰਮੇਸ਼ੁਰ ਦੇ ਪ੍ਰਬੰਧਨ ਵਿੱਚ ਨਹੀਂ ਰੱਖਿਆ ਜਾ ਸਕਦਾ, ਅਤੇ ਇਹ ਪਰਮੇਸ਼ੁਰ ਦੇ ਪ੍ਰਬੰਧਨ ਦੀ ਨੁਮਾਇੰਦਗੀ ਨਹੀਂ ਕਰ ਸਕਦਾ। ਜੋ ਕੰਮ ਖੁਦ ਪਰਮੇਸ਼ੁਰ ਕਰਦਾ ਹੈ ਉਹ ਪੂਰੀ ਤਰ੍ਹਾਂ ਨਾਲ ਉਹ ਕੰਮ ਹੁੰਦਾ ਹੈ ਜੋ ਉਹ ਆਪਣੀ ਖੁਦ ਦੀ ਪ੍ਰਬੰਧਨ ਯੋਜਨਾ ਵਿੱਚ ਕਰਨ ਦਾ ਇਰਾਦਾ ਰੱਖਦਾ ਹੈ ਅਤੇ ਇਸ ਦਾ ਸੰਬੰਧ ਮਹਾਨ ਪ੍ਰਬੰਧਨ ਨਾਲ ਹੈ। ਮਨੁੱਖ ਦੁਆਰਾ ਕੀਤੇ ਕੰਮ ਵਿੱਚ ਆਪਣੇ ਵਿਅਕਤੀਗਤ ਅਨੁਭਵਾਂ ਦੀ ਪੂਰਤੀ ਕਰਨਾ ਸ਼ਾਮਲ ਹੁੰਦਾ ਹੈ। ਇਸ ਵਿੱਚ ਅਨੁਭਵ ਦੇ ਉਸ ਰਾਹ ਜਿਸ ਉੱਪਰ ਪਹਿਲਾਂ ਜੋ ਲੋਕ ਤੁਰ ਚੁੱਕੇ ਹਨ, ਤੋਂ ਪਰੇ ਕੋਈ ਨਵਾਂ ਰਾਹ ਲੱਭਣਾ, ਅਤੇ ਪਵਿੱਤਰ ਆਤਮਾ ਦੇ ਮਾਰਗਦਰਸ਼ਨ ਹੇਠ ਰਹਿੰਦਿਆਂ ਆਪਣੇ ਭੈਣਾਂ-ਭਰਾਵਾਂ ਦਾ ਮਾਰਗਦਰਸ਼ਨ ਕਰਨ ਸ਼ਾਮਲ ਹੁੰਦਾ ਹੈ। ਇਹ ਲੋਕ ਜਿਸ ਦੀ ਪੂਰਤੀ ਕਰਦੇ ਹਨ ਉਹ ਹੈ ਉਨ੍ਹਾਂ ਦਾ ਨਿੱਜੀ ਅਨੁਭਵ ਜਾਂ ਆਤਮਿਕ ਲੋਕਾਂ ਦੀਆਂ ਆਤਮਿਕ ਲਿਖਤਾਂ। ਹਾਲਾਂਕਿ ਇਨ੍ਹਾਂ ਲੋਕਾਂ ਨੂੰ ਪਵਿੱਤਰ ਆਤਮਾ ਦੁਆਰਾ ਵਰਤਿਆ ਜਾਂਦਾ ਹੈ, ਪਰ ਉਹ ਜੋ ਕੰਮ ਕਰਦੇ ਹਨ ਉਸ ਦਾ ਸੰਬੰਧ ਛੇ-ਹਜ਼ਾਰ-ਸਾਲਾ ਯੋਜਨਾ ਵਿਚਲੇ ਪ੍ਰਬੰਧਨ ਦੇ ਮਹਾਨ ਕੰਮ ਨਾਲ ਨਹੀਂ ਹੁੰਦਾ। ਉਹ ਮਹਿਜ਼ ਅਜਿਹੇ ਮਨੁੱਖ ਹੁੰਦੇ ਹਨ ਜਿਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਪਵਿੱਤਰ ਆਤਮਾ ਦੇ ਵਰਗ ਵਿੱਚ ਉਦੋਂ ਤਕ ਲੋਕਾਂ ਦੀ ਅਗਵਾਈ ਕਰਨ ਲਈ ਵੱਖੋ-ਵੱਖਰੇ ਦੌਰਾਂ ਵਿੱਚ ਉਠਾਇਆ ਗਿਆ ਹੈ, ਜਦ ਤਕ ਕਿ ਉਹ ਜੋ ਕਾਰਜ ਕਰ ਸਕਦੇ ਹਨ ਉਹ ਖਤਮ ਨਾ ਹੋ ਜਾਣ ਜਾਂ ਉਨ੍ਹਾਂ ਦਾ ਜੀਵਨ ਮੁੱਕ ਨਾ ਜਾਵੇ। ਉਹ ਜੋ ਕੰਮ ਕਰਦੇ ਹਨ ਉਹ ਸਿਰਫ਼ ਖੁਦ ਪਰਮੇਸ਼ੁਰ ਵਾਸਤੇ ਇੱਕ ਢੁਕਵਾਂ ਰਾਹ ਤਿਆਰ ਕਰਨ ਲਈ ਜਾਂ ਧਰਤੀ ਉੱਤੇ ਖੁਦ ਪਰਮੇਸ਼ੁਰ ਦੇ ਪ੍ਰਬੰਧਨ ਦੇ ਕਿਸੇ ਖਾਸ ਪਹਿਲੂ ਨੂੰ ਜਾਰੀ ਰੱਖਣ ਲਈ ਹੁੰਦਾ ਹੈ। ਆਪਣੇ ਆਪ ਵਿੱਚ, ਇਹ ਲੋਕ ਉਸ ਦੇ ਪ੍ਰਬੰਧਨ ਦੇ ਹੋਰ ਵੱਡੇ ਕੰਮ ਨੂੰ ਕਰਨ ਵਿੱਚ ਯੋਗ ਨਹੀਂ ਹੁੰਦੇ ਹਨ, ਅਤੇ ਨਾ ਹੀ ਉਹ ਨਵੇਂ ਰਾਹ ਖੋਲ੍ਹ ਸਕਦੇ ਹਨ, ਇਨ੍ਹਾਂ ਵਿੱਚੋਂ ਕੋਈ ਵੀ ਪਰਮੇਸ਼ੁਰ ਦੇ ਪਿਛਲੇ ਯੁਗ ਦੇ ਕੰਮ ਨੂੰ ਸਮਾਪਤ ਤਾਂ ਬਿਲਕੁਲ ਵੀ ਨਹੀਂ ਕਰ ਸਕਦਾ। ਇਸ ਲਈ, ਉਹ ਜੋ ਕੰਮ ਕਰਦੇ ਹਨ ਉਹ ਸਿਰਫ਼ ਆਪਣਾ ਕਾਰਜ ਨਿਭਾ ਰਹੇ ਸਿਰਜੇ ਹੋਏ ਪ੍ਰਾਣੀ ਦੀ ਨੁਮਾਇੰਦਗੀ ਕਰਦਾ ਹੈ ਅਤੇ ਆਪਣੀ ਸੇਵਕਾਈ ਨਿਭਾ ਰਹੇ ਖੁਦ ਪਰਮੇਸ਼ੁਰ ਦੀ ਨੁਮਾਇੰਦਗੀ ਨਹੀਂ ਕਰ ਸਕਦਾ। ਅਜਿਹਾ ਇਸ ਲਈ ਹੈ ਕਿਉਂਕਿ ਉਹ ਜੋ ਕੰਮ ਕਰਦੇ ਹਨ ਉਹ ਖੁਦ ਪਰਮੇਸ਼ੁਰ ਦੁਆਰਾ ਕੀਤੇ ਜਾਂਦੇ ਕੰਮ ਤੋਂ ਅਲੱਗ ਹੁੰਦਾ ਹੈ। ਨਵੇਂ ਯੁਗ ਨੂੰ ਅਰੰਭ ਕਰਨ ਦਾ ਕੰਮ ਅਜਿਹਾ ਨਹੀਂ ਹੈ ਜੋ ਪਰਮੇਸ਼ੁਰ ਦੀ ਜਗ੍ਹਾ ਮਨੁੱਖ ਦੁਆਰਾ ਕੀਤਾ ਜਾ ਸਕਦਾ ਹੋਵੇ। ਇਹ ਖੁਦ ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ। ਮਨੁੱਖ ਦੁਆਰਾ ਕੀਤੇ ਗਏ ਸਾਰੇ ਕੰਮ ਵਿੱਚ ਇੱਕ ਸਿਰਜੇ ਹੋਏ ਪ੍ਰਾਣੀ ਵਜੋਂ ਉਸ ਦਾ ਫਰਜ਼ ਨਿਭਾਉਣਾ ਸ਼ਾਮਲ ਹੁੰਦਾ ਹੈ ਅਤੇ ਇਹ ਉਦੋਂ ਕੀਤਾ ਜਾਂਦਾ ਹੈ ਜਦੋਂ ਉਸ ਨੂੰ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਜਾਂ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ। ਇਹ ਲੋਕ ਜੋ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਉਸ ਵਿੱਚ ਸਮੁੱਚੇ ਤੌਰ ਤੇ ਮਨੁੱਖ ਨੂੰ ਰੋਜ਼ਮਰ੍ਹਾ ਦੇ ਜੀਵਨ ਵਿੱਚ ਅਮਲ ਦਾ ਰਾਹ ਦਿਖਾਉਣਾ ਸ਼ਾਮਲ ਹੁੰਦਾ ਹੈ ਅਤੇ ਇਹ ਵੀ ਕਿ ਉਸ ਨੂੰ ਪਰਮੇਸ਼ੁਰ ਦੀ ਇੱਛਾ ਮੁਤਾਬਕ ਕਿਵੇਂ ਕੰਮ ਕਰਨਾ ਚਾਹੀਦਾ ਹੈ। ਮਨੁੱਖ ਦੇ ਕੰਮ ਵਿੱਚ ਨਾ ਤਾਂ ਪਰਮੇਸ਼ੁਰ ਦਾ ਪ੍ਰਬੰਧਨ ਸ਼ਾਮਲ ਹੁੰਦਾ ਹੈ ਅਤੇ ਨਾ ਹੀ ਇਹ ਆਤਮਾ ਦੇ ਕੰਮ ਦੀ ਨੁਮਾਇੰਦਗੀ ਕਰਦਾ ਹੈ। ਇੱਕ ਉਦਾਹਰਣ ਵਜੋਂ, ਵਿਟਨੈਸ ਲੀ ਅਤੇ ਵਾੱਚਮੈਨ ਨੀ ਦਾ ਕੰਮ ਰਾਹ ਦੀ ਅਗਵਾਈ ਕਰਨਾ ਸੀ। ਰਾਹ ਭਾਵੇਂ ਨਵਾਂ ਹੋਵੇ ਜਾਂ ਪੁਰਾਣਾ, ਕੰਮ ਬਾਈਬਲ ਦੇ ਦਾਇਰੇ ਦੇ ਅੰਦਰ ਰਹਿਣ ਦੇ ਸਿਧਾਂਤ ’ਤੇ ਅਧਾਰਤ ਸੀ। ਭਾਵੇਂ ਇਹ ਸਥਾਨਕ ਕਲੀਸਿਯਾ ਨੂੰ ਬਹਾਲ ਕਰਨਾ ਸੀ ਜਾਂ ਸਥਾਨਕ ਕਲੀਸਿਯਾ ਦੀ ਉਸਾਰੀ ਕਰਨਾ, ਉਨ੍ਹਾਂ ਦਾ ਕੰਮ ਕਲੀਸਿਯਾਵਾਂ ਸਥਾਪਤ ਕਰਨ ਨਾਲ ਸੰਬੰਧਤ ਸੀ। ਉਨ੍ਹਾਂ ਵੱਲੋਂ ਕੀਤੇ ਕੰਮ ਨੇ ਉਸ ਕੰਮ ਨੂੰ ਜਾਰੀ ਰੱਖਿਆ ਜੋ ਕਿਰਪਾ ਦੇ ਯੁਗ ਵਿੱਚ ਯਿਸੂ ਤੇ ਉਸ ਦੇ ਰਸੂਲਾਂ ਨੇ ਅਧੂਰਾ ਛੱਡ ਦਿੱਤਾ ਸੀ ਜਾਂ ਜੋ ਅੱਗੇ ਹੋਰ ਵਿਕਸਤ ਨਹੀਂ ਹੋਇਆ ਸੀ। ਉਨ੍ਹਾਂ ਨੇ ਆਪਣੇ ਕੰਮ ਵਿੱਚ ਜੋ ਕੀਤਾ ਉਹ ਉਸ ਨੂੰ ਬਹਾਲ ਕਰਨਾ ਸੀ ਜੋ ਯਿਸੂ ਨੇ ਆਪਣੇ ਮੁਢਲੇ ਕੰਮ ਵਿੱਚ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਰਨ ਲਈ ਕਿਹਾ ਸੀ, ਜਿਵੇਂ ਕਿ ਆਪਣੇ ਸਿਰਾਂ ਨੂੰ ਢੱਕ ਕੇ ਰੱਖਣਾ, ਬਪਤਿਸਮਾ ਲੈਣਾ, ਰੋਟੀ ਤੋੜਨਾ, ਜਾਂ ਮੈ ਪੀਣੀ। ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਕੰਮ ਬਾਈਬਲ ਅਨੁਸਾਰ ਚੱਲਣਾ ਅਤੇ ਬਾਈਬਲ ਵਿੱਚ ਮੌਜੂਦ ਰਾਹਾਂ ਦੀ ਭਾਲ ਕਰਨਾ ਸੀ। ਉਨ੍ਹਾਂ ਨੇ ਕਿਸੇ ਕਿਸਮ ਦੀ ਕੋਈ ਨਵੀਂ ਤਰੱਕੀ ਨਹੀਂ ਕੀਤੀ। ਇਸ ਲਈ, ਉਨ੍ਹਾਂ ਦੇ ਕੰਮ ਵਿੱਚ ਸਿਰਫ਼ ਬਾਈਬਲ ਦੇ ਅੰਦਰ ਮੌਜੂਦ ਨਵੇਂ ਰਾਹਾਂ ਦੀ ਖੋਜ, ਅਤੇ ਇਸ ਦੇ ਨਾਲ ਹੀ ਬਿਹਤਰ ਅਤੇ ਵਧੇਰੇ ਯਥਾਰਥਵਾਦੀ ਅਮਲ ਹੀ ਦਿਖਾਈ ਦੇ ਸਕਦੇ ਹਨ। ਪਰ ਉਨ੍ਹਾਂ ਦੇ ਕੰਮ ਵਿੱਚ ਪਰਮੇਸ਼ੁਰ ਦੀ ਵਰਤਮਾਨ ਇੱਛਾ ਨਹੀਂ ਲੱਭ ਸਕਦੀ, ਕੋਈ ਨਵਾਂ ਕੰਮ ਤਾਂ ਬਿਲਕੁਲ ਹੀ ਨਹੀਂ ਲੱਭੇਗਾ ਜਿਸ ਨੂੰ ਪਰਮੇਸ਼ੁਰ ਨੇ ਅੰਤ ਦੇ ਦਿਨਾਂ ਵਿੱਚ ਕਰਨ ਦੀ ਯੋਜਨਾ ਬਣਾਈ ਹੈ। ਅਜਿਹਾ ਇਸ ਕਰਕੇ ਹੈ ਕਿਉਂਕਿ ਉਹ ਜਿਸ ਰਾਹ ਤੁਰੇ ਉਹ ਅਜੇ ਵੀ ਇੱਕ ਪੁਰਾਣਾ ਰਾਹ ਸੀ—ਉਸ ਵਿੱਚ ਕੋਈ ਨਵਾਂਪਣ ਅਤੇ ਕੋਈ ਤਰੱਕੀ ਨਹੀਂ ਸੀ। ਉਨ੍ਹਾਂ ਨੇ ਯਿਸੂ ਦੇ ਸਲੀਬ ’ਤੇ ਲਟਕਾਏ ਜਾਣ ਦੇ ਤੱਥ ਨੂੰ ਫੜੀ ਰੱਖਿਆ ਤਾਂ ਕਿ ਉਹ ਲੋਕਾਂ ਨੂੰ ਤੌਬਾ ਕਰਨ ਅਤੇ ਆਪਣੇ ਪਾਪਾਂ ਦਾ ਇਕਰਾਰ ਕਰਨ ਲਈ ਕਹਿਣ ਦੇ ਅਮਲ ਦਾ ਪਾਲਣ ਕਰ ਸਕਣ, ਤੇ ਇਨ੍ਹਾਂ ਕਥਨਾਂ ਦਾ ਪਾਲਣ ਕਰ ਸਕਣ ਕਿ ਜੋ ਅੰਤ ਤਕ ਸਹਿਣ ਕਰੇਗਾ ਉਹ ਬਚਾਇਆ ਜਾਵੇਗਾ ਅਤੇ ਇਹ ਕਿ ਆਦਮੀ ਔਰਤ ਦਾ ਸਿਰ ਹੁੰਦਾ ਹੈ, ਅਤੇ ਔਰਤ ਨੂੰ ਆਪਣੇ ਪਤੀ ਦਾ ਕਹਿਣਾ ਜ਼ਰੂਰ ਮੰਨਣਾ ਚਾਹੀਦਾ ਹੈ, ਅਤੇ ਹੋਰ ਵੀ ਵੱਧ ਰਵਾਇਤੀ ਧਾਰਣਾ ਕਿ ਭੈਣਾਂ ਪ੍ਰਚਾਰ ਨਹੀਂ, ਸਿਰਫ਼ ਆਗਿਆਕਾਰੀ ਕਰ ਸਕਦੀਆਂ ਹਨ। ਜੇ ਇਸ ਤਰ੍ਹਾਂ ਦੀ ਅਗਵਾਈ ਦਾ ਪਾਲਣ ਕਰਨਾ ਜਾਰੀ ਰੱਖਿਆ ਜਾਂਦਾ, ਤਾਂ ਪਵਿੱਤਰ ਆਤਮਾ ਲੋਕਾਂ ਨੂੰ ਸਿਧਾਂਤ ਤੋਂ ਮੁਕਤ ਕਰਨ ਲਈ, ਜਾਂ ਉਨ੍ਹਾਂ ਨੂੰ ਆਜ਼ਾਦੀ ਅਤੇ ਸੁੰਦਰਤਾ ਦੇ ਖੇਤਰ ਵਿੱਚ ਲੈ ਜਾਣ ਲਈ ਕਦੇ ਵੀ ਨਵਾਂ ਕੰਮ ਨਾ ਕਰ ਸਕਿਆ ਹੁੰਦਾ। ਇਸ ਲਈ, ਕੰਮ ਦਾ ਇਹ ਪੜਾਅ, ਜੋ ਕਿ ਯੁਗ ਨੂੰ ਬਦਲ ਦਿੰਦਾ ਹੈ, ਖੁਦ ਪਰਮੇਸ਼ੁਰ ਦੁਆਰਾ ਹੀ ਕੀਤਾ ਜਾਣਾ ਅਤੇ ਦੱਸਣਾ ਲਾਜ਼ਮੀ ਹੈ; ਵਰਨਾ ਕੋਈ ਵੀ ਵਿਅਕਤੀ ਉਸ ਦੀ ਥਾਂ ਅਜਿਹਾ ਨਹੀਂ ਕਰ ਸਕਦਾ। ਹੁਣ ਤਕ, ਇਸ ਵਰਗ ਤੋਂ ਬਾਹਰ ਪਵਿੱਤਰ ਆਤਮਾ ਦਾ ਸਾਰਾ ਕੰਮ ਠੱਪ ਹੋ ਚੁੱਕਾ ਹੈ, ਅਤੇ ਜਿਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤਾ ਗਿਆ ਸੀ, ਆਪਣੀ ਸੁੱਧ-ਬੁੱਧ ਗੁਆ ਬੈਠੇ ਹਨ। ਇਸ ਲਈ, ਕਿਉਂਕਿ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਲੋਕਾਂ ਦਾ ਕੰਮ ਖੁਦ ਪਰਮੇਸ਼ੁਰ ਦੁਆਰਾ ਕੀਤੇ ਜਾਂਦੇ ਕੰਮ ਵਰਗਾ ਨਹੀਂ ਹੈ, ਇਸ ਲਈ ਉਨ੍ਹਾਂ ਦੀ ਪਛਾਣ ਅਤੇ ਜਿਨ੍ਹਾਂ ਪਾਤਰਾਂ ਦੇ ਵੱਲੋਂ ਉਹ ਕੰਮ ਕਰਦੇ ਹਨ, ਉਹ ਵੀ ਉਸੇ ਤਰ੍ਹਾਂ ਵੱਖੋ-ਵੱਖਰੇ ਹਨ। ਅਜਿਹਾ ਇਸ ਕਰਕੇ ਹੈ ਕਿਉਂਕਿ ਪਵਿੱਤਰ ਆਤਮਾ ਜੋ ਕੰਮ ਕਰਨ ਦਾ ਇਰਾਦਾ ਰੱਖਦਾ ਹੈ ਉਹ ਵੱਖਰਾ ਹੈ, ਅਤੇ ਇਸ ਕਾਰਨ ਜੋ ਲੋਕ ਉਹੋ ਜਿਹਾ ਕੰਮ ਹੀ ਕਰਦੇ ਹਨ ਉਨ੍ਹਾਂ ਨੂੰ ਵੱਖੋ-ਵੱਖਰੀ ਪਛਾਣ ਅਤੇ ਰੁਤਬੇ ਪ੍ਰਦਾਨ ਕੀਤੇ ਜਾਂਦੇ ਹਨ। ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤੇ ਜਾਂਦੇ ਲੋਕ ਸ਼ਾਇਦ ਕੁਝ ਅਜਿਹਾ ਕੰਮ ਵੀ ਕਰ ਸਕਦੇ ਹਨ ਜੋ ਨਵਾਂ ਹੈ ਅਤੇ ਹੋ ਸਕਦਾ ਹੈ ਕਿ ਉਹ ਪੁਰਾਣੇ ਯੁਗ ਵਿੱਚ ਕੀਤੇ ਗਏ ਕੁਝ ਕੰਮ ਨੂੰ ਖਤਮ ਵੀ ਕਰ ਦੇਣ, ਪਰ ਜੋ ਉਹ ਕਰਦੇ ਹਨ ਉਹ ਨਵੇਂ ਯੁਗ ਵਿੱਚ ਪਰਮੇਸ਼ੁਰ ਦੇ ਸੁਭਾਅ ਅਤੇ ਇੱਛਾ ਨੂੰ ਪਰਗਟ ਨਹੀਂ ਕਰ ਸਕਦਾ। ਉਹ ਸਿਰਫ਼ ਪੁਰਾਣੇ ਯੁਗ ਦੇ ਕੰਮ ਤੋਂ ਛੁਟਕਾਰਾ ਪਾਉਣ ਲਈ ਕੰਮ ਕਰਦੇ ਹਨ, ਨਾ ਕਿ ਖੁਦ ਪਰਮੇਸ਼ੁਰ ਦੇ ਸੁਭਾਅ ਦੀ ਸਿੱਧਿਆਂ ਨੁਮਾਇੰਦਗੀ ਕਰਨ ਦੇ ਉਦੇਸ਼ ਲਈ ਨਵਾਂ ਕੰਮ ਕਰਨ ਵਾਸਤੇ। ਇਸ ਤਰ੍ਹਾਂ, ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨੇ ਪੁਰਾਣੇ ਅਮਲਾਂ ਨੂੰ ਖਤਮ ਕਰਦੇ ਹਨ ਜਾਂ ਉਹ ਕਿੰਨੇ ਨਵੇਂ ਅਮਲ ਲਾਗੂ ਕਰਦੇ ਹਨ, ਉਹ ਫਿਰ ਵੀ ਮਨੁੱਖ ਅਤੇ ਸਿਰਜੇ ਹੋਏ ਪ੍ਰਾਣੀਆਂ ਦੀ ਹੀ ਨੁਮਾਇੰਦਗੀ ਕਰਦੇ ਹਨ। ਪਰ, ਜਦੋਂ ਖੁਦ ਪਰਮੇਸ਼ੁਰ ਕੰਮ ਕਰਦਾ ਹੈ, ਤਾਂ ਉਹ ਖੁੱਲ੍ਹ ਕੇ ਪੁਰਾਣੇ ਯੁਗ ਦੇ ਅਮਲਾਂ ਦੇ ਖਾਤਮੇ ਜਾਂ ਨਵੇਂ ਯੁਗ ਦੀ ਸ਼ੁਰੂਆਤ ਦਾ ਸਿੱਧਿਆਂ ਐਲਾਨ ਨਹੀਂ ਕਰਦਾ ਹੈ। ਉਹ ਆਪਣੇ ਕੰਮ ਵਿੱਚ ਸਪਸ਼ਟ ਅਤੇ ਬੇਬਾਕ ਹੈ। ਉਹ ਜਿਸ ਕੰਮ ਨੂੰ ਕਰਨ ਦਾ ਇਰਾਦਾ ਰੱਖਦਾ ਹੈ ਉਸ ਨੂੰ ਬੇਬਾਕੀ ਨਾਲ ਕਰਦਾ ਹੈ; ਭਾਵ, ਉਹ ਸਿੱਧਿਆਂ ਉਸ ਕੰਮ ਦਾ ਪ੍ਰਗਟਾਵਾ ਕਰਦਾ ਹੈ ਜੋ ਉਹ ਲੈ ਕੇ ਆਇਆ ਹੈ, ਆਪਣੀ ਹੋਂਦ ਅਤੇ ਸੁਭਾਅ ਨੂੰ ਪਰਗਟ ਕਰਦਿਆਂ, ਆਪਣਾ ਕੰਮ ਸਿੱਧਿਆਂ ਅਸਲ ਮਨੋਰਥ ਅਨੁਸਾਰ ਕਰਦਾ ਹੈ। ਮਨੁੱਖ ਇਸ ਬਾਰੇ ਜਿਸ ਢੰਗ ਨਾਲ ਸੋਚਦਾ ਹੈ, ਉਹ ਇਹ ਕਿ ਪਰਮੇਸ਼ੁਰ ਦਾ ਸੁਭਾਅ ਅਤੇ ਇਸੇ ਤਰ੍ਹਾਂ ਉਸ ਦਾ ਕੰਮ ਵੀ ਬੀਤੇ ਯੁਗਾਂ ਦੇ ਮੁਕਾਬਲੇ ਵੱਖਰੇ ਹਨ। ਹਾਲਾਂਕਿ, ਖੁਦ ਪਰਮੇਸ਼ੁਰ ਦੇ ਨਜ਼ਰੀਏ ਤੋਂ, ਇਹ ਸਿਰਫ਼ ਉਸ ਦੇ ਕੰਮ ਦੀ ਨਿਰੰਤਰਤਾ ਅਤੇ ਹੋਰ ਅੱਗੇ ਦਾ ਵਿਕਾਸ ਹੈ। ਜਦੋਂ ਖੁਦ ਪਰਮੇਸ਼ੁਰ ਕੰਮ ਕਰਦਾ ਹੈ, ਉਹ ਆਪਣੇ ਵਚਨ ਦਾ ਪ੍ਰਗਟਾਵਾ ਕਰਦਾ ਹੈ ਅਤੇ ਸਿੱਧਿਆਂ ਨਵਾਂ ਕੰਮ ਲਿਆਉਂਦਾ ਹੈ। ਇਸ ਦੇ ਉਲਟ, ਜਦੋਂ ਮਨੁੱਖ ਕੰਮ ਕਰਦਾ ਹੈ, ਤਾਂ ਇਹ ਸਲਾਹ-ਮਸ਼ਵਰੇ ਅਤੇ ਅਧਿਐਨ ਦੁਆਰਾ ਹੁੰਦਾ ਹੈ, ਜਾਂ ਇਹ ਗਿਆਨ ਦਾ ਵਿਸਤਾਰ ਅਤੇ ਦੂਜਿਆਂ ਦੇ ਕੰਮ ’ਤੇ ਅਧਾਰਤ ਅਮਲ ਨੂੰ ਪ੍ਰਣਾਲੀਬੱਧ ਕਰਨਾ ਹੁੰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ, ਮਨੁੱਖ ਦੁਆਰਾ ਕੀਤੇ ਗਏ ਕੰਮ ਦਾ ਸਾਰ ਇੱਕ ਸਥਾਪਤ ਕ੍ਰਮ ਦਾ ਪਾਲਣ ਕਰਨਾ ਅਤੇ “ਨਵੇਂ ਜੁੱਤਿਆਂ ਨਾਲ ਪੁਰਾਣੇ ਰਾਹਾਂ ’ਤੇ ਤੁਰਨਾ” ਹੈ। ਇਸ ਦਾ ਅਰਥ ਇਹ ਹੈ ਕਿ ਪਵਿੱਤਰ ਆਤਮਾ ਦੁਆਰਾ ਵਰਤੇ ਜਾਂਦੇ ਲੋਕ ਜਿਸ ਰਾਹ ਤੁਰੇ ਸਨ ਉਹ ਵੀ ਖੁਦ ਪਰਮੇਸ਼ੁਰ ਦੁਆਰਾ ਅਰੰਭੇ ਗਏ ਰਾਹ ਉੱਪਰ ਉਸਰਿਆ ਹੈ। ਇਸ ਲਈ, ਹਰ ਚੀਜ਼ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ, ਮਨੁੱਖ ਅਜੇ ਵੀ ਮਨੁੱਖ ਹੈ, ਅਤੇ ਪਰਮੇਸ਼ੁਰ ਅਜੇ ਵੀ ਪਰਮੇਸ਼ੁਰ ਹੈ।

ਯੂਹੰਨਾ ਵਾਅਦੇ ਰਾਹੀਂ ਪੈਦਾ ਹੋਇਆ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਸਹਾਕ ਅਬਰਾਹਾਮ ਤੋਂ ਪੈਦਾ ਹੋਇਆ ਸੀ। ਉਸ ਨੇ ਯਿਸੂ ਲਈ ਰਾਹ ਪੱਧਰਾ ਕੀਤਾ ਤੇ ਬਹੁਤ ਸਾਰਾ ਕੰਮ ਕੀਤਾ, ਪਰ ਉਹ ਪਰਮੇਸ਼ੁਰ ਨਹੀਂ ਸੀ। ਇਸ ਦੀ ਬਜਾਏ, ਉਹ ਨਬੀਆਂ ਵਿੱਚੋਂ ਇੱਕ ਸੀ, ਕਿਉਂਕਿ ਉਸ ਨੇ ਸਿਰਫ਼ ਯਿਸੂ ਲਈ ਰਾਹ ਪੱਧਰਾ ਕੀਤਾ ਸੀ। ਉਸ ਦਾ ਕੰਮ ਵੀ ਬਹੁਤ ਮਹਾਨ ਸੀ, ਅਤੇ ਯੂਹੰਨਾ ਦੁਆਰਾ ਰਾਹ ਪੱਧਰਾ ਕਰਨ ਤੋਂ ਬਾਅਦ ਹੀ ਯਿਸੂ ਨੇ ਅਧਿਕਾਰਤ ਤੌਰ ਤੇ ਆਪਣਾ ਕੰਮ ਸ਼ੁਰੂ ਕੀਤਾ ਸੀ। ਬੁਨਿਆਦੀ ਤੌਰ ਤੇ, ਉਸ ਨੇ ਸਿਰਫ਼ ਯਿਸੂ ਲਈ ਮਿਹਨਤ ਕੀਤੀ, ਅਤੇ ਉਸ ਨੇ ਜੋ ਕੰਮ ਕੀਤਾ ਉਹ ਯਿਸੂ ਦੇ ਕੰਮ ਦੀ ਸੇਵਾ ਵਿੱਚ ਸੀ। ਉਸ ਦੁਆਰਾ ਰਾਹ ਪੱਧਰਾ ਕਰ ਦਿੱਤੇ ਜਾਣ ਤੋਂ ਬਾਅਦ, ਯਿਸੂ ਨੇ ਆਪਣਾ ਕੰਮ ਸ਼ੁਰੂ ਕੀਤਾ, ਉਹ ਕੰਮ ਜੋ ਵਧੇਰੇ ਨਵਾਂ, ਵਧੇਰੇ ਨਿੱਗਰ ਅਤੇ ਵਧੇਰੇ ਵਿਸਤਾਰਪੂਰਵਕ ਸੀ। ਯੂਹੰਨਾ ਨੇ ਕੰਮ ਦਾ ਸਿਰਫ਼ ਸ਼ੁਰੂਆਤੀ ਹਿੱਸਾ ਕੀਤਾ; ਨਵੇਂ ਕੰਮ ਦਾ ਜ਼ਿਆਦਾ ਵੱਡਾ ਹਿੱਸਾ ਯਿਸੂ ਦੁਆਰਾ ਕੀਤਾ ਗਿਆ ਸੀ। ਯੂਹੰਨਾ ਨੇ ਨਵਾਂ ਕੰਮ ਵੀ ਕੀਤਾ, ਪਰ ਇਹ ਉਹ ਨਹੀਂ ਸੀ ਜਿਸ ਨੇ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਸੀ। ਯੂਹੰਨਾ ਵਾਅਦੇ ਰਾਹੀਂ ਪੈਦਾ ਹੋਇਆ ਸੀ, ਅਤੇ ਉਸ ਦਾ ਨਾਮ ਦੂਤ ਦੁਆਰਾ ਦਿੱਤਾ ਗਿਆ ਸੀ। ਉਸ ਵੇਲੇ, ਕੁਝ ਲੋਕ ਉਸ ਦਾ ਨਾਮ ਉਸ ਦੇ ਪਿਤਾ ਜ਼ਕਰਯਾਹ ਦੇ ਨਾਮ ’ਤੇ ਰੱਖਣਾ ਚਾਹੁੰਦੇ ਸਨ, ਪਰ ਉਸ ਦੀ ਮਾਤਾ ਇਹ ਕਹਿੰਦੇ ਹੋਏ ਜ਼ੋਰ ਨਾਲ ਬੋਲੀ, “ਇਸ ਬੱਚੇ ਨੂੰ ਉਸ ਨਾਮ ਨਾਲ ਨਹੀਂ ਬੁਲਾਇਆ ਜਾ ਸਕਦਾ। ਇਸ ਨੂੰ ਯੂਹੰਨਾ ਬੁਲਾਇਆ ਜਾਣਾ ਚਾਹੀਦਾ ਹੈ।” ਇਹ ਸਭ ਪਵਿੱਤਰ ਆਤਮਾ ਦੇ ਆਦੇਸ਼ ਨਾਲ ਸੀ। ਯਿਸੂ ਦਾ ਨਾਮ ਵੀ ਪਵਿੱਤਰ ਆਤਮਾ ਦੇ ਆਦੇਸ਼ ਨਾਲ ਰੱਖਿਆ ਗਿਆ ਸੀ, ਉਹ ਪਵਿੱਤਰ ਆਤਮਾ ਤੋਂ ਪੈਦਾ ਹੋਇਆ ਸੀ, ਅਤੇ ਉਸ ਦਾ ਵਾਅਦਾ ਪਵਿੱਤਰ ਆਤਮਾ ਨੇ ਕੀਤਾ ਸੀ। ਯਿਸੂ ਪਰਮੇਸ਼ੁਰ, ਮਸੀਹ ਅਤੇ ਮਨੁੱਖ ਦਾ ਪੁੱਤਰ ਸੀ। ਪਰ, ਯੂਹੰਨਾ ਦਾ ਕੰਮ ਵੀ ਮਹਾਨ ਹੁੰਦੇ ਹੋਏ, ਉਸ ਨੂੰ ਪਰਮੇਸ਼ੁਰ ਕਿਉਂ ਨਹੀਂ ਕਿਹਾ ਗਿਆ ਸੀ? ਅਸਲ ਵਿੱਚ ਯਿਸੂ ਦੁਆਰਾ ਕੀਤੇ ਕੰਮ ਅਤੇ ਯੂਹੰਨਾ ਦੁਆਰਾ ਕੀਤੇ ਗਏ ਕੰਮ ਵਿੱਚ ਕੀ ਅੰਤਰ ਸੀ? ਕੀ ਇੱਕੋ-ਇੱਕ ਕਾਰਨ ਇਹੀ ਸੀ ਕਿ ਯੂਹੰਨਾ ਹੀ ਉਹ ਸੀ ਜਿਸ ਨੇ ਯਿਸੂ ਲਈ ਰਾਹ ਪੱਧਰਾ ਕੀਤਾ ਸੀ? ਜਾਂ ਕਿਉਂਕਿ ਇਹ ਪਰਮੇਸ਼ੁਰ ਦੁਆਰਾ ਪਹਿਲਾਂ ਤੋਂ ਮਿੱਥਿਆ ਗਿਆ ਸੀ? ਹਾਲਾਂਕਿ ਯੂਹੰਨਾ ਨੇ ਇਹ ਵੀ ਕਿਹਾ ਸੀ, “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ,” ਅਤੇ ਉਸ ਨੇ ਵੀ ਸਵਰਗ ਦੇ ਰਾਜ ਦੀ ਇੰਜੀਲ ਦਾ ਪ੍ਰਚਾਰ ਕੀਤਾ, ਪਰ ਉਸ ਦਾ ਕੰਮ ਅੱਗੇ ਹੋਰ ਵਿਕਸਤ ਨਹੀਂ ਹੋਇਆ ਸੀ ਅਤੇ ਇਸ ਨੇ ਸਿਰਫ਼ ਇੱਕ ਸ਼ੁਰੂਆਤ ਸਥਾਪਤ ਕੀਤੀ। ਇਸ ਦੇ ਉਲਟ, ਯਿਸੂ ਨੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਅਤੇ ਨਾਲ-ਨਾਲ ਪੁਰਾਣੇ ਯੁਗ ਨੂੰ ਖਤਮ ਕੀਤਾ, ਪਰ ਉਸ ਨੇ ਪੁਰਾਣੇ ਨੇਮ ਦੀ ਸ਼ਰਾ ਨੂੰ ਵੀ ਪੂਰਾ ਕੀਤਾ। ਉਸ ਨੇ ਜੋ ਕੰਮ ਕੀਤਾ ਉਹ ਯੂਹੰਨਾ ਦੇ ਕੰਮ ਨਾਲੋਂ ਜ਼ਿਆਦਾ ਵੱਡਾ ਸੀ, ਅਤੇ ਇਸ ਤੋਂ ਵੀ ਵੱਧ ਉਹ ਸਾਰੀ ਮਨੁੱਖਜਾਤੀ ਨੂੰ ਛੁਟਕਾਰਾ ਦਿਵਾਉਣ ਲਈ ਆਇਆ ਸੀ—ਉਸ ਨੇ ਕੰਮ ਦੇ ਉਸ ਪੜਾਅ ਨੂੰ ਪੂਰਾ ਕੀਤਾ। ਜਿੱਥੋਂ ਤਕ ਯੂਹੰਨਾ ਦਾ ਸੰਬੰਧ ਹੈ, ਉਸ ਨੇ ਸਿਰਫ਼ ਰਾਹ ਤਿਆਰ ਕੀਤਾ। ਹਾਲਾਂਕਿ ਉਸ ਦਾ ਕੰਮ ਮਹਾਨ ਸੀ, ਉਸ ਦੇ ਵਚਨ ਅਨੇਕਾਂ ਸਨ, ਉਸ ਦੇ ਪਿੱਛੇ ਚੱਲਣ ਵਾਲੇ ਚੇਲੇ ਅਣਗਿਣਤ ਸਨ, ਪਰ ਉਸ ਦੇ ਕੰਮ ਨੇ ਮਨੁੱਖ ਲਈ ਇੱਕ ਨਵੀਂ ਸ਼ੁਰੂਆਤ ਲਿਆਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਮਨੁੱਖ ਨੂੰ ਉਸ ਕੋਲੋਂ ਕਦੇ ਵੀ ਜੀਵਨ, ਰਾਹ, ਜਾਂ ਵਧੇਰੇ ਡੂੰਘੀਆਂ ਸੱਚਾਈਆਂ ਪ੍ਰਾਪਤ ਨਹੀਂ ਹੋਈਆਂ, ਅਤੇ ਨਾ ਹੀ ਮਨੁੱਖ ਨੂੰ ਉਸ ਰਾਹੀਂ ਪਰਮੇਸ਼ੁਰ ਦੀ ਇੱਛਾ ਬਾਰੇ ਕੋਈ ਸਮਝ ਪ੍ਰਾਪਤ ਹੋਈ। ਯੂਹੰਨਾ ਇੱਕ ਮਹਾਨ ਨਬੀ (ਏਲੀਯਾਹ) ਸੀ ਜਿਸ ਨੇ ਯਿਸੂ ਦੇ ਕੰਮ ਲਈ ਨਵਾਂ ਅਧਾਰ ਖੋਲ੍ਹਿਆ ਅਤੇ ਚੁਣਿਆਂ ਹੋਇਆਂ ਨੂੰ ਤਿਆਰ ਕੀਤਾ; ਉਹ ਕਿਰਪਾ ਦੇ ਯੁਗ ਦਾ ਮੋਹਰੀ ਸੀ। ਇਹੋ ਜਿਹੇ ਮਾਮਲਿਆਂ ਨੂੰ ਸਿਰਫ਼ ਉਨ੍ਹਾਂ ਦੇ ਸਧਾਰਣ ਮਨੁੱਖੀ ਪ੍ਰਗਟਾਵਿਆਂ ਵੱਲ ਵੇਖ ਕੇ ਨਹੀਂ ਸਮਝਿਆ ਜਾ ਸਕਦਾ। ਇਹ ਸਭ ਹੋਰ ਵੀ ਜ਼ਿਆਦਾ ਉਚਿਤ ਹੈ ਕਿਉਂਕਿ ਯੂਹੰਨਾ ਨੇ ਵੀ ਉਹ ਕੰਮ ਕੀਤਾ ਜੋ ਕਾਫ਼ੀ ਮਹੱਤਵਪੂਰਣ ਸੀ ਅਤੇ, ਇਸ ਤੋਂ ਇਲਾਵਾ, ਉਸ ਦਾ ਪਵਿੱਤਰ ਆਤਮਾ ਦੁਆਰਾ ਵਾਅਦਾ ਕੀਤਾ ਗਿਆ ਸੀ, ਅਤੇ ਉਸ ਦੇ ਕੰਮ ਨੂੰ ਪਵਿੱਤਰ ਆਤਮਾ ਨੇ ਕਾਇਮ ਰੱਖਿਆ ਸੀ। ਅਜਿਹਾ ਹੁੰਦੇ ਹੋਏ, ਇਹ ਸਿਰਫ਼ ਉਨ੍ਹਾਂ ਦੁਆਰਾ ਕੀਤੇ ਜਾਂਦੇ ਕੰਮ ਰਾਹੀਂ ਹੀ ਹੈ ਕਿ ਕੋਈ ਵਿਅਕਤੀ ਉਨ੍ਹਾਂ ਦੀ ਆਪੋ-ਆਪਣੀ ਪਛਾਣ ਵਿਚਾਲੇ ਫ਼ਰਕ ਦੇਖ ਸਕਦਾ ਹੈ, ਕਿਉਂਕਿ ਮਨੁੱਖ ਦੀ ਬਾਹਰੀ ਦਿੱਖ ਤੋਂ ਉਸ ਦੇ ਤੱਤ ਬਾਰੇ ਦੱਸਣ ਦਾ ਕੋਈ ਤਰੀਕਾ ਨਹੀਂ ਹੈ, ਅਤੇ ਨਾ ਹੀ ਮਨੁੱਖ ਲਈ ਇਹ ਪਤਾ ਲਾਉਣ ਦਾ ਕੋਈ ਤਰੀਕਾ ਹੈ ਕਿ ਪਵਿੱਤਰ ਆਤਮਾ ਦੀ ਗਵਾਹੀ ਕੀ ਹੈ। ਯੂਹੰਨਾ ਦੁਆਰਾ ਅਤੇ ਯਿਸੂ ਦੁਆਰਾ ਕੀਤਾ ਗਿਆ ਕੰਮ ਇੱਕੋ ਜਿਹੇ ਨਹੀਂ ਸਨ, ਵੱਖੋ-ਵੱਖਰੀ ਕਿਸਮ ਦੇ ਸਨ। ਇਸੇ ਗੱਲ ਤੋਂ ਹੀ ਕੋਈ ਨਿਰਧਾਰਤ ਕਰ ਸਕਦਾ ਹੈ ਕਿ ਕੀ ਯੂਹੰਨਾ ਪਰਮੇਸ਼ੁਰ ਸੀ ਜਾਂ ਨਹੀਂ। ਯਿਸੂ ਦਾ ਕੰਮ ਅਰੰਭ ਕਰਨਾ, ਜਾਰੀ ਰੱਖਣਾ, ਸਮਾਪਤ ਕਰਨਾ, ਅਤੇ ਫਲਵੰਤ ਬਣਾਉਣਾ ਸੀ। ਉਸ ਨੇ ਇਨ੍ਹਾਂ ਵਿੱਚੋਂ ਹਰ ਕਦਮ ਨੂੰ ਪੂਰਾ ਕੀਤਾ, ਜਦਕਿ ਯੂਹੰਨਾ ਦਾ ਕੰਮ ਇੱਕ ਸ਼ੁਰੂਆਤ ਕਰਨ ਤੋਂ ਵੱਧ ਹੋਰ ਕੁਝ ਵੀ ਨਹੀਂ ਸੀ। ਸ਼ੁਰੂਆਤ ਵਿੱਚ, ਯਿਸੂ ਨੇ ਇੰਜੀਲ ਨੂੰ ਫ਼ੈਲਾਇਆ ਅਤੇ ਤੌਬਾ ਦੇ ਰਾਹ ਦਾ ਪ੍ਰਚਾਰ ਕੀਤਾ, ਅਤੇ ਫਿਰ ਮਨੁੱਖ ਨੂੰ ਬਪਤਿਸਮਾ ਦਿੱਤਾ, ਬਿਮਾਰਾਂ ਨੂੰ ਨਰੋਏ ਕੀਤਾ, ਅਤੇ ਦੁਸ਼ਟ ਆਤਮਾਵਾਂ ਨੂੰ ਕੱਢਿਆ। ਅੰਤ ਵਿੱਚ, ਉਸ ਨੇ ਮਨੁੱਖਜਾਤੀ ਨੂੰ ਪਾਪ ਤੋਂ ਛੁਟਕਾਰਾ ਦਿਵਾਇਆ ਅਤੇ ਸਮੁੱਚੇ ਯੁਗ ਲਈ ਆਪਣੇ ਕੰਮ ਨੂੰ ਪੂਰਾ ਕੀਤਾ। ਉਹ, ਮਨੁੱਖਾਂ ਵਿੱਚ ਪ੍ਰਚਾਰ ਕਰਦੇ ਹੋਏ ਅਤੇ ਸਵਰਗ ਦੇ ਰਾਜ ਦੀ ਇੰਜੀਲ ਨੂੰ ਫ਼ੈਲਾਉਂਦੇ ਹੋਏ ਜਗ੍ਹਾ-ਜਗ੍ਹਾ ਵੀ ਘੁੰਮਿਆ। ਇਸ ਮਾਮਲੇ ਵਿੱਚ ਉਹ ਅਤੇ ਯੂਹੰਨਾ ਇੱਕੋ ਜਿਹੇ ਸਨ, ਫ਼ਰਕ ਇਹ ਸੀ ਕਿ ਯਿਸੂ ਨੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਅਤੇ ਮਨੁੱਖ ਲਈ ਕਿਰਪਾ ਦਾ ਯੁਗ ਲਿਆਇਆ। ਉਸ ਦੇ ਮੁੱਖ ਤੋਂ ਉਹ ਵਚਨ ਨਿਕਲਿਆ ਜਿਸ ਉੱਪਰ ਮਨੁੱਖ ਨੂੰ ਅਮਲ ਕਰਨਾ ਚਾਹੀਦਾ ਹੈ ਅਤੇ ਉਹ ਰਾਹ ਜਿਸ ਉੱਪਰ ਮਨੁੱਖ ਨੂੰ ਕਿਰਪਾ ਦੇ ਯੁਗ ਵਿੱਚ ਚੱਲਣਾ ਚਾਹੀਦਾ ਹੈ, ਅਤੇ ਅੰਤ ਵਿੱਚ, ਉਸ ਨੇ ਛੁਟਕਾਰੇ ਦੇ ਕੰਮ ਨੂੰ ਖਤਮ ਕਰ ਦਿੱਤਾ। ਯੂਹੰਨਾ ਕਦੇ ਵੀ ਇਹ ਕੰਮ ਪੂਰਾ ਨਹੀਂ ਕਰ ਸਕਦਾ ਸੀ। ਅਤੇ ਇਸ ਤਰ੍ਹਾਂ ਇਹ ਯਿਸੂ ਹੀ ਸੀ ਜਿਸ ਨੇ ਖੁਦ ਪਰਮੇਸ਼ੁਰ ਦਾ ਕੰਮ ਕੀਤਾ, ਅਤੇ ਇਹ ਉਹ ਹੈ ਜੋ ਖੁਦ ਪਰਮੇਸ਼ੁਰ ਹੈ, ਅਤੇ ਜੋ ਸਿੱਧਿਆਂ ਪਰਮੇਸ਼ੁਰ ਦੀ ਨੁਮਾਇੰਦਗੀ ਕਰਦਾ ਹੈ। ਮਨੁੱਖ ਦੀਆਂ ਧਾਰਣਾਵਾਂ ਕਹਿੰਦੀਆਂ ਹਨ ਕਿ ਜੋ ਵਾਅਦੇ ਰਾਹੀਂ ਪੈਦਾ ਹੁੰਦੇ ਹਨ, ਆਤਮਾ ਤੋਂ ਪੈਦਾ ਹੁੰਦੇ ਹਨ, ਪਵਿੱਤਰ ਆਤਮਾ ਦੁਆਰਾ ਕਾਇਮ ਰੱਖੇ ਜਾਂਦੇ ਹਨ, ਅਤੇ ਜਿਹੜੇ ਨਵੇਂ ਰਾਹ ਖੋਲ੍ਹਦੇ ਹਨ ਉਹ ਸਭ ਪਰਮੇਸ਼ੁਰ ਹਨ। ਇਸ ਦਲੀਲ ਦੇ ਅਨੁਸਾਰ, ਯੂਹੰਨਾ ਵੀ ਪਰਮੇਸ਼ੁਰ ਹੋਵੇਗਾ, ਅਤੇ ਮੂਸਾ, ਅਬਰਾਹਾਮ ਅਤੇ ਦਾਊਦ…, ਉਹ ਵੀ ਸਾਰੇ ਪਰਮੇਸ਼ੁਰ ਹੋਣਗੇ। ਕੀ ਇਹ ਨਿਰਾ-ਪੁਰਾ ਮਜ਼ਾਕ ਨਹੀਂ ਹੈ?

ਆਪਣੀ ਸੇਵਕਾਈ ਨਿਭਾਉਣ ਤੋਂ ਪਹਿਲਾਂ, ਯਿਸੂ ਵੀ ਇੱਕ ਸਧਾਰਣ ਮਨੁੱਖ ਸੀ ਜਿਸ ਨੇ, ਪਵਿੱਤਰ ਆਤਮਾ ਨੇ ਜੋ ਕੁਝ ਵੀ ਕੀਤਾ, ਉਸੇ ਅਨੁਸਾਰ ਕੰਮ ਕੀਤਾ। ਭਾਵੇਂ ਉਸ ਨੂੰ ਉਸ ਸਮੇਂ ਆਪਣੀ ਖੁਦ ਦੀ ਪਛਾਣ ਬਾਰੇ ਪਤਾ ਸੀ ਜਾਂ ਨਹੀਂ, ਪਰ ਉਸ ਨੇ ਉਸ ਸਭ ਦੀ ਪਾਲਣਾ ਕੀਤੀ ਜੋ ਪਰਮੇਸ਼ੁਰ ਵੱਲੋਂ ਆਇਆ। ਪਵਿੱਤਰ ਆਤਮਾ ਨੇ ਉਸ ਦੀ ਸੇਵਕਾਈ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀ ਪਛਾਣ ਕਦੇ ਉਜਾਗਰ ਨਹੀਂ ਕੀਤੀ। ਇਹ ਸਿਰਫ਼ ਉਸ ਦੁਆਰਾ ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਬਾਅਦ ਹੀ ਸੀ ਕਿ ਉਸ ਨੇ ਉਨ੍ਹਾਂ ਨਿਯਮਾਂ ਅਤੇ ਉਨ੍ਹਾਂ ਕਨੂੰਨਾਂ ਨੂੰ ਖਤਮ ਕੀਤਾ, ਅਤੇ ਜਦੋਂ ਉਸ ਨੇ ਅਧਿਕਾਰਤ ਤੌਰ ਤੇ ਆਪਣੀ ਸੇਵਕਾਈ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ ਉਸ ਤੋਂ ਬਾਅਦ ਜਾ ਕੇ ਹੀ ਉਸ ਦੇ ਵਚਨ ਅਧਿਕਾਰ ਅਤੇ ਸਮਰੱਥਾ ਨਾਲ ਲਬਰੇਜ਼ ਹੋ ਗਏ ਸਨ। ਜਦੋਂ ਉਸ ਨੇ ਆਪਣੀ ਸੇਵਕਾਈ ਅਰੰਭ ਕੀਤੀ ਸਿਰਫ਼ ਉਸ ਤੋਂ ਬਾਅਦ ਹੀ ਉਸ ਨੇ ਇੱਕ ਨਵਾਂ ਯੁਗ ਸ਼ੁਰੂ ਕਰਨ ਲਈ ਆਪਣਾ ਕੰਮ ਅਰੰਭ ਕੀਤਾ ਸੀ। ਇਸ ਤੋਂ ਪਹਿਲਾਂ, ਪਵਿੱਤਰ ਆਤਮਾ ਉਸ ਦੇ ਅੰਦਰ 29 ਸਾਲਾਂ ਤਕ ਲੁਕਿਆ ਰਿਹਾ, ਉਸ ਸਮੇਂ ਦੌਰਾਨ ਉਸ ਨੇ ਸਿਰਫ਼ ਇੱਕ ਮਨੁੱਖ ਦੀ ਨੁਮਾਇੰਦਗੀ ਹੀ ਕੀਤੀ ਅਤੇ ਉਹ ਪਰਮੇਸ਼ੁਰ ਦੀ ਪਛਾਣ ਤੋਂ ਬਿਨਾਂ ਸੀ। ਪਰਮੇਸ਼ੁਰ ਦਾ ਕੰਮ ਉਸ ਦੁਆਰਾ ਆਪਣੀ ਸੇਵਕਾਈ ਦਾ ਕੰਮ ਕਰਨ ਅਤੇ ਨਿਭਾਉਣ ਨਾਲ ਸ਼ੁਰੂ ਹੋਇਆ, ਉਸ ਨੇ ਆਪਣੀ ਅੰਦਰੂਨੀ ਯੋਜਨਾ ਦੇ ਅਨੁਸਾਰ, ਇਸ ਗੱਲ ਦੀ ਪਰਵਾਹ ਕੀਤੇ ਬਗੈਰ ਆਪਣਾ ਕੰਮ ਕੀਤਾ ਕਿ ਮਨੁੱਖ ਉਸ ਬਾਰੇ ਕਿੰਨਾ ਜਾਣਦਾ ਹੈ, ਅਤੇ ਜੋ ਕੰਮ ਉਸ ਨੇ ਕੀਤਾ ਉਹ ਪਰਮੇਸ਼ੁਰ ਦੀ ਸਿੱਧੀ ਨੁਮਾਇੰਦਗੀ ਸੀ। ਉਸ ਵੇਲੇ, ਯਿਸੂ ਨੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪੁੱਛਿਆ, “ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਉਨ੍ਹਾਂ ਨੇ ਉੱਤਰ ਦਿੱਤਾ, “ਤੂੰ ਨਬੀਆਂ ਵਿੱਚੋਂ ਮਹਾਨ ਨਬੀ ਅਤੇ ਸਾਡਾ ਸ੍ਰੇਸ਼ਠ ਵੈਦ ਹੈਂ।” ਤੇ ਕੁਝ ਨੇ ਜਵਾਬ ਦਿੱਤਾ, “ਤੂੰ ਸਾਡਾ ਪਰਧਾਨ ਜਾਜਕ ਹੈਂ,” ਤੇ ਵਗੈਰਾ-ਵਗੈਰਾ। ਹਰ ਤਰ੍ਹਾਂ ਦੇ ਜਵਾਬ ਦਿੱਤੇ ਗਏ ਸਨ, ਕਈਆਂ ਨੇ ਇੱਥੋਂ ਤਕ ਵੀ ਕਿਹਾ ਕਿ ਉਹ ਯੂਹੰਨਾ ਹੈ, ਕਿ ਉਹ ਏਲੀਯਾਹ ਹੈ। ਫਿਰ ਯਿਸੂ ਸ਼ਮਊਨ ਪਤਰਸ ਵੱਲ ਮੁੜਿਆ ਤੇ ਪੁੱਛਿਆ, “ਤੂੰ ਕੀ ਕਹਿੰਦਾ ਹੈਂ ਕਿ ਮੈਂ ਕੌਣ ਹਾਂ?” ਪਤਰਸ ਨੇ ਜਵਾਬ ਦਿੱਤਾ, “ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ।” ਉਸ ਮਗਰੋਂ, ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਪਰਮੇਸ਼ੁਰ ਸੀ। ਜਦੋਂ ਉਸ ਦੀ ਪਛਾਣ ਜ਼ਾਹਰ ਕੀਤੀ ਗਈ ਸੀ, ਤਾਂ ਇਹ ਪਤਰਸ ਹੀ ਸੀ ਜਿਸ ਨੂੰ ਇਸ ਬਾਰੇ ਸਭ ਤੋਂ ਪਹਿਲਾਂ ਪਤਾ ਲੱਗਿਆ ਅਤੇ ਉਸੇ ਦੇ ਮੂੰਹੋਂ ਹੀ ਇਹ ਬੋਲਿਆ ਗਿਆ ਸੀ। ਤਦ ਯਿਸੂ ਨੇ ਕਿਹਾ, “ਜੋ ਤੂੰ ਕਿਹਾ ਉਹ ਸਰੀਰ ਅਤੇ ਲਹੂ ਨੇ ਨਹੀਂ, ਸਗੋਂ ਮੇਰੇ ਪਿਤਾ ਦੁਆਰਾ ਪਰਗਟ ਕੀਤਾ ਗਿਆ ਸੀ।” ਉਸ ਦੇ ਬਪਤਿਸਮੇ ਤੋਂ ਉਪਰੰਤ, ਭਾਵੇਂ ਦੂਜਿਆਂ ਨੂੰ ਇਸ ਬਾਰੇ ਪਤਾ ਸੀ ਜਾਂ ਨਹੀਂ, ਪਰ ਉਸ ਨੇ ਜੋ ਕੰਮ ਕੀਤਾ ਉਹ ਪਰਮੇਸ਼ੁਰ ਦੇ ਵੱਲੋਂ ਕੀਤਾ ਸੀ। ਉਹ ਆਪਣੀ ਪਛਾਣ ਨੂੰ ਪਰਗਟ ਕਰਨ ਲਈ ਨਹੀਂ, ਸਗੋਂ ਆਪਣਾ ਕੰਮ ਪੂਰਾ ਕਰਨ ਲਈ ਆਇਆ ਸੀ। ਸਿਰਫ਼ ਪਤਰਸ ਦੁਆਰਾ ਇਸ ਬਾਰੇ ਦੱਸਣ ਤੋਂ ਬਾਅਦ ਹੀ ਉਸ ਦੀ ਪਛਾਣ ਖੁੱਲ੍ਹ ਕੇ ਜਾਣੀ ਜਾਣ ਲੱਗੀ। ਭਾਵੇਂ ਤੂੰ ਇਸ ਬਾਰੇ ਜਾਣਦਾ ਸੀ ਜਾਂ ਨਹੀਂ ਕਿ ਉਹ ਖੁਦ ਪਰਮੇਸ਼ੁਰ ਸੀ, ਪਰ ਜਦੋਂ ਸਮਾਂ ਆਇਆ, ਤਾਂ ਉਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਅਤੇ ਭਾਵੇਂ ਤੈਨੂੰ ਉਸ ਬਾਰੇ ਪਤਾ ਸੀ ਜਾਂ ਨਹੀਂ, ਪਰ ਉਹ ਪਹਿਲਾਂ ਵਾਂਗ ਹੀ ਆਪਣਾ ਕੰਮ ਕਰਦਾ ਰਿਹਾ। ਭਾਵੇਂ ਤੂੰ ਇਸ ਤੋਂ ਇਨਕਾਰ ਵੀ ਕਰ ਦਿੰਦਾ, ਤਾਂ ਵੀ ਉਹ ਆਪਣਾ ਕੰਮ ਕਰਦਾ ਅਤੇ ਜਦੋਂ ਅਜਿਹਾ ਕਰਨ ਦਾ ਸਮਾਂ ਹੁੰਦਾ ਤਾਂ ਉਹ ਇਸ ਨੂੰ ਪੂਰਾ ਕਰਦਾ। ਉਹ ਆਪਣਾ ਕੰਮ ਕਰਨ ਅਤੇ ਆਪਣੀ ਸੇਵਕਾਈ ਕਰਨ ਲਈ ਆਇਆ ਸੀ, ਇਸ ਲਈ ਨਹੀਂ ਕਿ ਮਨੁੱਖ ਉਸ ਦੇ ਸਰੀਰ ਨੂੰ ਜਾਣ ਸਕੇ, ਬਲਕਿ ਇਸ ਲਈ ਕਿ ਮਨੁੱਖ ਉਸ ਦਾ ਕੰਮ ਪ੍ਰਾਪਤ ਕਰ ਸਕੇ। ਜੇ ਤੂੰ ਇਹ ਪਛਾਣਨ ਵਿੱਚ ਅਸਫ਼ਲ ਹੋ ਗਿਆ ਹੈਂ ਕਿ ਅਜੋਕੇ ਕੰਮ ਦਾ ਪੜਾਅ ਖੁਦ ਪਰਮੇਸ਼ੁਰ ਦਾ ਹੀ ਕੰਮ ਹੈ, ਤਾਂ ਇਹ ਇਸ ਲਈ ਹੈ ਕਿਉਂਕਿ ਤੇਰੇ ਵਿੱਚ ਦਰਸ਼ਣ ਦੀ ਘਾਟ ਹੈ। ਤਾਂ ਵੀ, ਤੂੰ ਕੰਮ ਦੇ ਇਸ ਪੜਾਅ ਤੋਂ ਇਨਕਾਰ ਨਹੀਂ ਕਰ ਸਕਦਾ; ਇਸ ਨੂੰ ਪਛਾਣਨ ਵਿੱਚ ਤੇਰੀ ਅਸਫ਼ਲਤਾ ਇਹ ਸਾਬਤ ਨਹੀਂ ਕਰਦੀ ਕਿ ਪਵਿੱਤਰ ਆਤਮਾ ਕੰਮ ਨਹੀਂ ਕਰ ਰਿਹਾ ਹੈ ਜਾਂ ਇਹ ਕਿ ਉਸ ਦਾ ਕੰਮ ਗਲਤ ਹੈ। ਅਜਿਹੇ ਲੋਕ ਵੀ ਹਨ ਜੋ ਬਾਈਬਲ ਵਿੱਚ ਯਿਸੂ ਦੇ ਕੰਮ ਨਾਲ ਵਰਤਮਾਨ ਸਮੇਂ ਦੇ ਕੰਮ ਨੂੰ ਜਾਂਚ ਕੇ ਵੇਖਦੇ ਹਨ ਅਤੇ ਕੰਮ ਦੇ ਇਸ ਪੜਾਅ ਦਾ ਇਨਕਾਰ ਕਰਨ ਲਈ ਇਨ੍ਹਾਂ ਵਿਚਲੇ ਕਿਸੇ ਵੀ ਫ਼ਰਕ ਦੀ ਵਰਤੋਂ ਕਰਦੇ ਹਨ। ਕੀ ਇਹ ਅੰਨ੍ਹਿਆਂ ਵਰਗੀ ਹਰਕਤ ਨਹੀਂ ਹੈ? ਬਾਈਬਲ ਵਿੱਚ ਜੋ ਗੱਲਾਂ ਦਰਜ ਹਨ ਉਹ ਸੀਮਤ ਹਨ; ਉਹ ਸਮੁੱਚੇ ਰੂਪ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਨਹੀਂ ਦਰਸਾ ਸਕਦੀਆਂ। ਚਾਰਾਂ ਇੰਜੀਲਾਂ ਵਿੱਚ ਕੁੱਲ ਮਿਲਾ ਕੇ ਇੱਕ ਸੌ ਤੋਂ ਵੀ ਘੱਟ ਅਧਿਆਏ ਹਨ, ਜਿਨ੍ਹਾਂ ਵਿੱਚ ਨਿਸ਼ਚਿਤ ਗਿਣਤੀ ਵਿੱਚ ਘਟਨਾਵਾਂ ਲਿਖੀਆਂ ਹੋਈਆਂ ਹਨ, ਜਿਵੇਂ ਕਿ ਯਿਸੂ ਦਾ ਅੰਜੀਰ ਦੇ ਰੁੱਖ ਨੂੰ ਸਰਾਪਣਾ, ਪਤਰਸ ਦੁਆਰਾ ਤਿੰਨ ਵਾਰ ਪ੍ਰਭੂ ਦਾ ਇਨਕਾਰ ਕਰਨਾ, ਯਿਸੂ ਨੂੰ ਸਲੀਬ ’ਤੇ ਲਟਕਾਏ ਜਾਣ ਅਤੇ ਉਸ ਦੇ ਮੁੜ ਜੀ ਉੱਠਣ ਉਪਰੰਤ ਉਸ ਦਾ ਚੇਲਿਆਂ ਉੱਤੇ ਪਰਗਟ ਹੋਣਾ, ਵਰਤ ਰੱਖਣ ਬਾਰੇ ਸਿੱਖਿਆ, ਪ੍ਰਾਰਥਨਾ ਬਾਰੇ ਸਿੱਖਿਆ, ਤਲਾਕ ਬਾਰੇ ਸਿੱਖਿਆ, ਯਿਸੂ ਦਾ ਜਨਮ ਅਤੇ ਕੁਲਪੱਤਰੀ, ਯਿਸੂ ਦੁਆਰਾ ਚੇਲਿਆਂ ਦੀ ਨਿਯੁਕਤੀ, ਅਤੇ ਵਗੈਰਾ-ਵਗੈਰਾ। ਤਾਂ ਵੀ, ਮਨੁੱਖ ਅੱਜ ਦੇ ਕੰਮ ਨਾਲ ਇਨ੍ਹਾਂ ਗੱਲਾਂ ਦੀ ਤੁਲਨਾ ਕਰਦਾ ਹੋਇਆ ਖਜ਼ਾਨੇ ਵਾਂਗ ਉਨ੍ਹਾਂ ਦੀ ਕਦਰ ਕਰਦਾ ਹੈ। ਇੱਥੋਂ ਤਕ ਕਿ ਉਹ ਇਹ ਵੀ ਸਮਝਦੇ ਹਨ ਕਿ ਯਿਸੂ ਨੇ ਆਪਣੇ ਜੀਵਨ ਵਿੱਚ ਜੋ ਵੀ ਕੰਮ ਕੀਤਾ ਉਹ ਇੰਨਾ ਕੁ ਹੀ ਸੀ, ਜਿਵੇਂ ਕਿ ਪਰਮੇਸ਼ੁਰ ਸਿਰਫ਼ ਇੰਨਾ ਕੁ ਕੰਮ ਕਰਨ ਦੇ ਹੀ ਸਮਰੱਥ ਹੋਵੇ, ਇਸ ਤੋਂ ਵੱਧ ਨਹੀਂ। ਕੀ ਇਹ ਬੇਤੁਕੀ ਗੱਲ ਨਹੀਂ ਹੈ?

ਯਿਸੂ ਧਰਤੀ ਉੱਤੇ ਜਿੰਨਾ ਸਮਾਂ ਰਿਹਾ ਉਹ ਸੀ ਸਾਢੇ ਤੇਤੀ ਸਾਲ, ਭਾਵ ਇਹ ਕਿ, ਉਹ ਧਰਤੀ ’ਤੇ ਸਾਢੇ ਤੇਤੀ ਸਾਲ ਜੀਉਂਦਾ ਰਿਹਾ। ਇਸ ਸਮੇਂ ਦੇ ਸਿਰਫ਼ ਸਾਢੇ ਤਿੰਨ ਸਾਲ ਹੀ ਉਸ ਦੀ ਸੇਵਕਾਈ ਵਿੱਚ ਬਤੀਤ ਹੋਏ ਸਨ; ਬਾਕੀ ਦਾ ਸਮਾਂ ਉਹ ਬਸ ਸਧਾਰਣ ਮਨੁੱਖੀ ਜੀਵਨ ਜੀਉਂਦਾ ਰਿਹਾ। ਸ਼ੁਰੂਆਤ ਵਿੱਚ, ਉਹ ਸਮਾਜ ਵਿੱਚ ਸਭਾਵਾਂ ਵਿੱਚ ਸ਼ਾਮਲ ਹੋਇਆ ਤੇ ਉੱਥੇ ਉਸ ਨੇ ਜਾਜਕਾਂ ਦੀਆਂ ਧਰਮ-ਗ੍ਰੰਥਾਂ ਦੀਆਂ ਵਿਆਖਿਆਵਾਂ ਅਤੇ ਹੋਰਨਾਂ ਲੋਕਾਂ ਦੇ ਉਪਦੇਸ਼ਾਂ ਨੂੰ ਸੁਣਿਆ। ਉਸ ਨੇ ਬਾਈਬਲ ਬਾਰੇ ਬਹੁਤ ਸਾਰਾ ਗਿਆਨ ਪ੍ਰਾਪਤ ਕੀਤਾ: ਉਹ ਅਜਿਹੇ ਗਿਆਨ ਨਾਲ ਪੈਦਾ ਨਹੀਂ ਹੋਇਆ ਸੀ, ਅਤੇ ਇਸ ਨੂੰ ਸਿਰਫ਼ ਪੜ੍ਹ-ਸੁਣ ਕੇ ਹੀ ਪ੍ਰਾਪਤ ਕੀਤਾ। ਬਾਈਬਲ ਵਿੱਚ ਇਹ ਸਪਸ਼ਟ ਰੂਪ ਵਿੱਚ ਦਰਜ ਹੈ ਕਿ ਉਸ ਨੇ ਬਾਰ੍ਹਾਂ ਸਾਲਾਂ ਦੀ ਉਮਰ ਵਿੱਚ ਸਮਾਜ ਦੇ ਗੁਰੂਆਂ ਤੋਂ ਸੁਆਲ ਪੁੱਛੇ: ਪ੍ਰਾਚੀਨ ਨਬੀਆਂ ਦੇ ਅਗੰਮ ਵਾਕ ਕੀ ਸਨ? ਮੂਸਾ ਦੀ ਸ਼ਰਾ ਬਾਰੇ ਕੀ ਕਹੋਗੇ? ਪੁਰਾਣੇ ਨੇਮ ਬਾਰੇ ਕੀ ਕਹੋਗੇ? ਤੇ ਹੈਕਲ ਵਿੱਚ ਜਾਜਕ ਦੇ ਚੋਗਿਆਂ ਵਿੱਚ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਮਨੁੱਖ ਬਾਰੇ ਕੀ ਕਹੋਗੇ? … ਉਸ ਨੇ ਬਹੁਤ ਸਾਰੇ ਸੁਆਲ ਪੁੱਛੇ, ਕਿਉਂਕਿ ਉਸ ਨੂੰ ਨਾ ਤਾਂ ਗਿਆਨ ਸੀ ਅਤੇ ਨਾ ਹੀ ਸਮਝ। ਹਾਲਾਂਕਿ ਉਹ ਪਵਿੱਤਰ ਆਤਮਾ ਤੋਂ ਕੁੱਖ ਵਿੱਚ ਆਇਆ ਸੀ, ਪਰ ਉਹ ਪੂਰੀ ਤਰ੍ਹਾਂ ਨਾਲ ਇੱਕ ਸਧਾਰਣ ਮਨੁੱਖ ਵਾਂਗ ਪੈਦਾ ਹੋਇਆ ਸੀ; ਉਸ ਵਿੱਚ ਕੁਝ ਖਾਸ ਵਿਸ਼ੇਸ਼ਤਾਵਾਂ ਹੋਣ ਦੇ ਬਾਵਜੂਦ, ਉਹ ਫਿਰ ਵੀ ਇੱਕ ਸਧਾਰਣ ਮਨੁੱਖ ਸੀ। ਉਸ ਦੀ ਬੁੱਧ, ਉਸ ਦੇ ਰੁਤਬੇ ਤੇ ਉਸ ਦੀ ਉਮਰ ਦੇ ਨਾਲ-ਨਾਲ ਨਿਰੰਤਰ ਵਿਕਸਿਤ ਹੁੰਦੀ ਗਈ, ਅਤੇ ਉਹ ਇੱਕ ਸਧਾਰਣ ਮਨੁੱਖ ਦੇ ਜੀਵਨ ਦੇ ਪੜਾਵਾਂ ਵਿੱਚੋਂ ਦੀ ਲੰਘਿਆ। ਲੋਕਾਂ ਦੀ ਕਲਪਨਾ ਵਿੱਚ, ਯਿਸੂ ਨੇ ਬਚਪਨ ਦਾ ਕੋਈ ਅਨੁਭਵ ਨਹੀਂ ਕੀਤਾ ਤੇ ਨਾ ਹੀ ਕਿਸ਼ੋਰ ਅਵਸਥਾ ਦਾ; ਉਸ ਨੇ ਆਪਣੇ ਪੈਦਾ ਹੁੰਦਿਆਂ ਹੀ ਤੀਹ ਸਾਲ ਦੇ ਮਨੁੱਖ ਦਾ ਜੀਵਨ ਜੀਉਣਾ ਅਰੰਭ ਕਰ ਦਿੱਤਾ, ਅਤੇ ਉਸ ਦੇ ਕੰਮ ਦੇ ਪੂਰਾ ਹੋਣ ’ਤੇ ਉਸ ਨੂੰ ਸਲੀਬ ’ਤੇ ਲਟਕਾ ਦਿੱਤਾ ਗਿਆ ਸੀ। ਉਹ ਸ਼ਾਇਦ ਸਧਾਰਣ ਮਨੁੱਖ ਵਾਲੇ ਜੀਵਨ ਦੇ ਪੜਾਵਾਂ ਵਿੱਚੋਂ ਦੀ ਨਹੀਂ ਲੰਘਿਆ ਸੀ; ਉਸ ਨੇ ਹੋਰਨਾਂ ਲੋਕਾਂ ਨਾਲ ਨਾ ਤਾਂ ਖਾਧਾ ਅਤੇ ਨਾ ਉਨ੍ਹਾਂ ਨਾਲ ਜੁੜਿਆ, ਅਤੇ ਲੋਕਾਂ ਲਈ ਉਸ ਦੀ ਝਲਕ ਭਰ ਵੀ ਵੇਖਣੀ ਸੌਖੀ ਨਹੀਂ ਸੀ। ਉਹ ਸ਼ਾਇਦ ਕੋਈ ਭੁੱਲਿਆ-ਭਟਕਿਆ ਸੀ, ਜੋ ਲੋਕ ਉਸ ਨੂੰ ਵੇਖਦੇ ਸਨ ਉਸ ਤੋਂ ਡਰ ਜਾਂਦੇ ਸੀ, ਕਿਉਂਕਿ ਉਹ ਪਰਮੇਸ਼ੁਰ ਸੀ। ਲੋਕ ਮੰਨਦੇ ਹਨ ਕਿ ਜੋ ਪਰਮੇਸ਼ੁਰ ਸਰੀਰ ਧਾਰਨ ਕਰਦਾ ਹੈ ਉਹ ਨਿਸ਼ਚਤ ਤੌਰ ਤੇ ਇੱਕ ਆਮ ਵਿਅਕਤੀ ਵਾਂਗ ਨਹੀਂ ਜੀਉਂਦਾ; ਉਹ ਮੰਨਦੇ ਹਨ ਕਿ ਉਹ ਸਾਫ਼-ਸੁਥਰਾ ਹੁੰਦਾ ਹੈ ਜਿਸ ਨੂੰ ਆਪਣੇ ਦੰਦ ਸਾਫ਼ ਕਰਨ ਜਾਂ ਆਪਣਾ ਮੂੰਹ ਧੋਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਇੱਕ ਪਵਿੱਤਰ ਵਿਅਕਤੀ ਹੈ। ਕੀ ਇਹ ਪੂਰੀ ਤਰ੍ਹਾਂ ਨਾਲ ਮਨੁੱਖ ਦੀਆਂ ਧਾਰਣਾਵਾਂ ਨਹੀਂ ਹਨ? ਬਾਈਬਲ ਵਿੱਚ ਇੱਕ ਮਨੁੱਖ ਵਜੋਂ ਯਿਸੂ ਦੇ ਜੀਵਨ ਬਾਰੇ ਕੋਈ ਰਿਕਾਰਡ ਨਹੀਂ ਹੈ, ਸਿਰਫ਼ ਉਸ ਦੇ ਕੰਮ ਬਾਰੇ ਹੈ, ਪਰ ਇਸ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਉਸ ਕੋਲ ਸਧਾਰਣ ਮਨੁੱਖੀ ਸੁਭਾਅ ਨਹੀਂ ਸੀ ਜਾਂ ਇਹ ਕਿ ਉਹ ਤੀਹ ਸਾਲ ਦੀ ਉਮਰ ਤੋਂ ਪਹਿਲਾਂ ਸਧਾਰਣ ਮਨੁੱਖੀ ਜੀਵਨ ਨਹੀਂ ਜੀਉਂਦਾ ਸੀ। ਉਸ ਨੇ ਅਧਿਕਾਰਤ ਤੌਰ ਤੇ 29 ਸਾਲ ਦੀ ਉਮਰ ਵਿੱਚ ਆਪਣੇ ਕੰਮ ਦੀ ਸ਼ੁਰੂਆਤ ਕੀਤੀ, ਪਰ ਤੂੰ ਉਸ ਉਮਰ ਤੋਂ ਪਹਿਲਾਂ ਇੱਕ ਮਨੁੱਖ ਵਜੋਂ ਉਸ ਦੇ ਸਮੁੱਚੇ ਜੀਵਨ ਨੂੰ ਖੂਹ ਖਾਤੇ ਨਹੀਂ ਪਾ ਸਕਦਾ। ਬਾਈਬਲ ਨੇ ਉਸ ਅਰਸੇ ਨੂੰ ਮਹਿਜ਼ ਆਪਣੇ ਰਿਕਾਰਡਾਂ ਵਿੱਚ ਦਰਜ ਨਹੀਂ ਕੀਤਾ; ਕਿਉਂਕਿ ਇਹ ਉਸ ਦਾ ਇੱਕ ਸਧਾਰਣ ਮਨੁੱਖ ਵਾਲਾ ਜੀਵਨ ਸੀ ਅਤੇ ਉਸ ਦੇ ਈਸ਼ਵਰੀ ਕੰਮ ਦਾ ਸਮਾਂ ਨਹੀਂ ਸੀ, ਇਸ ਨੂੰ ਲਿਖੇ ਜਾਣ ਦੀ ਕੋਈ ਲੋੜ ਨਹੀਂ ਸੀ। ਕਿਉਂਕਿ ਯਿਸੂ ਦੇ ਬਪਤਿਸਮੇ ਤੋਂ ਪਹਿਲਾਂ, ਪਵਿੱਤਰ ਆਤਮਾ ਨੇ ਸਿੱਧੇ ਤੌਰ ਤੇ ਕੰਮ ਨਹੀਂ ਕੀਤਾ, ਸਗੋਂ ਉਸ ਨੇ ਯਿਸੂ ਨੂੰ ਉਸ ਦੇ ਜੀਵਨ ਵਿੱਚ ਇੱਕ ਸਧਾਰਣ ਮਨੁੱਖ ਬਣਾਈ ਰੱਖਿਆ ਜਦ ਤਕ ਉਹ ਦਿਨ ਨਾ ਆ ਗਿਆ ਜਦੋਂ ਯਿਸੂ ਆਪਣੀ ਸੇਵਕਾਈ ਕਰਨ ਵਾਲਾ ਸੀ। ਹਾਲਾਂਕਿ ਉਹ ਦੇਹਧਾਰੀ ਪਰਮੇਸ਼ੁਰ ਸੀ, ਪਰ ਉਹ ਪਰਿਪੱਕ ਹੋਣ ਦੀ ਪ੍ਰਕਿਰਿਆ ਵਿੱਚੋਂ ਦੀ ਲੰਘਿਆ ਜਿਵੇਂ ਕੋਈ ਆਮ ਮਨੁੱਖ ਲੰਘਦਾ ਹੈ। ਪਰਿਪੱਕਤਾ ਦੀ ਇਸ ਪ੍ਰਕਿਰਿਆ ਨੂੰ ਬਾਈਬਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਨੂੰ ਸ਼ਾਮਲ ਤਾਂ ਨਹੀਂ ਕੀਤਾ ਗਿਆ ਸੀ ਕਿਉਂਕਿ ਇਹ ਜੀਵਨ ਵਿੱਚ ਮਨੁੱਖ ਦੇ ਵਿਕਾਸ ਵਿੱਚ ਕੋਈ ਵੱਡੀ ਸਹਾਇਤਾ ਮੁਹੱਈਆ ਨਹੀਂ ਕਰ ਸਕਦਾ ਸੀ। ਉਸ ਦੇ ਬਪਤਿਸਮੇ ਤੋਂ ਪਹਿਲਾਂ ਦਾ ਦੌਰ ਇੱਕ ਲੁਕਿਆ ਹੋਇਆ ਦੌਰ ਸੀ, ਅਜਿਹਾ ਕਿ ਜਿਸ ਵਿੱਚ ਉਸ ਨੇ ਕੋਈ ਨਿਸ਼ਾਨ ਅਤੇ ਅਚੰਭੇ ਨਹੀਂ ਕੀਤੇ। ਸਿਰਫ਼ ਯਿਸੂ ਦੇ ਬਪਤਿਸਮੇ ਉਪਰੰਤ ਹੀ ਉਸ ਨੇ ਮਨੁੱਖਜਾਤੀ ਦੇ ਛੁਟਕਾਰੇ ਦਾ ਸਾਰਾ ਕੰਮ ਸ਼ੁਰੂ ਕੀਤਾ, ਅਜਿਹਾ ਕੰਮ ਜੋ ਭਰਪੂਰ ਹੈ ਅਤੇ ਕਿਰਪਾ, ਸੱਚਾਈ, ਤੇ ਪਿਆਰ ਅਤੇ ਦਇਆ ਨਾਲ ਭਰਿਆ ਹੈ। ਇਸ ਕੰਮ ਦੀ ਸ਼ੁਰੂਆਤ ਅਸਲ ਵਿੱਚ ਕਿਰਪਾ ਦੇ ਯੁਗ ਦਾ ਅਰੰਭ ਵੀ ਸੀ; ਇਸੇ ਕਾਰਨ ਹੀ, ਇਸ ਨੂੰ ਲਿਖਿਆ ਗਿਆ ਸੀ ਅਤੇ ਵਰਤਮਾਨ ਸਮੇਂ ਤਕ ਅੱਗੇ ਵਧਾਇਆ ਗਿਆ ਸੀ। ਇਸ ਦਾ ਉਦੇਸ਼ ਕਿਰਪਾ ਦੇ ਯੁਗ ਵਿੱਚ ਰਹਿ ਰਹੇ ਲੋਕਾਂ ਲਈ ਬਾਹਰ ਨਿਕਲਣ ਦੇ ਰਾਹ ਨੂੰ ਖੋਲ੍ਹਣਾ ਅਤੇ ਸਭ ਕੁਝ ਸਫ਼ਲ ਬਣਾਉਣਾ ਸੀ ਤਾਂ ਜੋ ਉਹ ਕਿਰਪਾ ਦੇ ਯੁਗ ਦੇ ਰਾਹ ਅਤੇ ਸਲੀਬ ਦੇ ਰਾਹ ਉੱਪਰ ਤੁਰ ਸਕਣ। ਹਾਲਾਂਕਿ ਇਸ ਦਾ ਪਤਾ ਮਨੁੱਖ ਦੁਆਰਾ ਲਿਖੇ ਗਏ ਰਿਕਾਰਡਾਂ ਵਿੱਚੋਂ ਹੀ ਲੱਗਦਾ ਹੈ, ਹਰ ਚੀਜ਼ ਤੱਥ ਹੈ, ਸਿਵਾਏ ਇਸ ਦੇ ਕਿ ਕਿਤੇ ਨਾ ਕਿਤੇ ਛੋਟੀਆਂ-ਮੋਟੀਆਂ ਗਲਤੀਆਂ ਮਿਲ ਜਾਂਦੀਆਂ ਹਨ। ਤਾਂ ਵੀ, ਇਨ੍ਹਾਂ ਰਿਕਾਰਡਾਂ ਨੂੰ ਝੂਠਾ ਨਹੀਂ ਕਿਹਾ ਜਾ ਸਕਦਾ। ਦਰਜ ਕੀਤੀਆਂ ਗਈਆਂ ਗੱਲਾਂ ਪੂਰੀ ਤਰ੍ਹਾਂ ਵਾਸਤਵਿਕ ਹਨ, ਸਿਰਫ਼ ਉਨ੍ਹਾਂ ਨੂੰ ਲਿਖਣ ਵਿੱਚ ਹੀ ਲੋਕਾਂ ਨੇ ਗਲਤੀਆਂ ਕੀਤੀਆਂ। ਕੁਝ ਲੋਕ ਇਹ ਕਹਿਣਗੇ ਕਿ, ਜੇ ਯਿਸੂ ਆਮ ਅਤੇ ਸਧਾਰਣ ਮਨੁੱਖੀ ਸੁਭਾਅ ਵਾਲਾ ਵਿਅਕਤੀ ਸੀ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਨਿਸ਼ਾਨ ਅਤੇ ਅਚੰਭੇ ਕਰਨ ਦੇ ਸਮਰੱਥ ਸੀ। ਚਾਲੀ ਦਿਨਾਂ ਦੇ ਜਿਸ ਪਰਤਾਵੇ ਵਿੱਚੋਂ ਯਿਸੂ ਲੰਘਿਆ ਸੀ ਉਹ ਇੱਕ ਚਮਤਕਾਰੀ ਨਿਸ਼ਾਨ ਸੀ, ਅਜਿਹਾ ਜਿਸ ਨੂੰ ਕੋਈ ਸਧਾਰਣ ਮਨੁੱਖ ਪ੍ਰਾਪਤ ਕਰਨ ਦੇ ਸਮਰੱਥ ਨਾ ਹੁੰਦਾ। ਉਸ ਦਾ ਚਾਲੀ ਦਿਨਾਂ ਦਾ ਪਰਤਾਵਾ ਪਵਿੱਤਰ ਆਤਮਾ ਦੇ ਕੰਮਕਾਜ ਦੇ ਤਰੀਕੇ ਜਿਹਾ ਹੀ ਸੀ; ਤਾਂ ਫਿਰ ਕੋਈ ਇਹ ਕਿਵੇਂ ਕਹਿ ਸਕਦਾ ਹੈ ਕਿ ਉਸ ਵਿੱਚ ਜ਼ਰਾ ਜਿੰਨੀ ਵੀ ਅਲੌਕਿਕਤਾ ਨਹੀਂ ਸੀ? ਨਿਸ਼ਾਨਾਂ ਅਤੇ ਅਚੰਭਿਆਂ ਨੂੰ ਦਿਖਾਉਣ ਦੀ ਉਸ ਦੀ ਯੋਗਤਾ ਇਹ ਸਾਬਤ ਨਹੀਂ ਕਰਦੀ ਕਿ ਉਹ ਕੋਈ ਸਧਾਰਣ ਮਨੁੱਖ ਨਹੀਂ ਬਲਕਿ ਬੇਅੰਤ ਮਨੁੱਖ ਸੀ; ਸਿਰਫ਼ ਇੰਨਾ ਹੈ ਕਿ ਪਵਿੱਤਰ ਆਤਮਾ ਨੇ ਉਸ ਵਰਗੇ ਇੱਕ ਸਧਾਰਣ ਮਨੁੱਖ ਵਿੱਚ ਕੰਮ ਕੀਤਾ, ਇਸ ਤਰ੍ਹਾਂ ਉਸ ਦੇ ਲਈ ਚਮਤਕਾਰ ਕਰਨਾ ਅਤੇ ਹੋਰ ਵੀ ਵੱਡਾ ਕੰਮ ਕਰਨਾ ਸੰਭਵ ਬਣਾਇਆ। ਯਿਸੂ ਦੁਆਰਾ ਆਪਣੀ ਸੇਵਕਾਈ ਨਿਭਾਉਣ ਤੋਂ ਪਹਿਲਾਂ, ਜਾਂ ਜਿਵੇਂ ਬਾਈਬਲ ਕਹਿੰਦੀ ਹੈ, ਪਵਿੱਤਰ ਆਤਮਾ ਦੇ ਉਸ ਉੱਤੇ ਉਤਰਨ ਤੋਂ ਪਹਿਲਾਂ, ਯਿਸੂ ਇੱਕ ਸਧਾਰਣ ਮਨੁੱਖ ਸੀ ਅਤੇ ਕਿਸੇ ਵੀ ਤਰ੍ਹਾਂ ਅਲੌਕਿਕ ਨਹੀਂ ਸੀ। ਜਦੋਂ ਪਵਿੱਤਰ ਆਤਮਾ ਉਸ ਉੱਤੇ ਉਤਰਿਆ, ਭਾਵ ਇਹ ਕਿ, ਜਦੋਂ ਯਿਸੂ ਨੇ ਆਪਣੀ ਸੇਵਕਾਈ ਕਰਨਾ ਸ਼ੁਰੂ ਕੀਤਾ, ਤਾਂ ਉਹ ਅਲੌਕਿਕਤਾ ਨਾਲ ਲਬਰੇਜ਼ ਹੋ ਗਿਆ। ਇਸ ਤਰ੍ਹਾਂ, ਮਨੁੱਖ ਨੂੰ ਇਹ ਵਿਸ਼ਵਾਸ ਆਉਂਦਾ ਹੈ ਕਿ ਪਰਮੇਸ਼ੁਰ ਦੇ ਦੇਹਧਾਰੀ ਰੂਪ ਵਿੱਚ ਸਧਾਰਣ ਮਨੁੱਖੀ ਸੁਭਾਅ ਨਹੀਂ ਹੈ; ਇਸ ਤੋਂ ਇਲਾਵਾ, ਉਹ ਗਲਤੀ ਨਾਲ ਇਹ ਸੋਚਦਾ ਹੈ ਕਿ ਦੇਹਧਾਰੀ ਪਰਮੇਸ਼ੁਰ ਦੇ ਕੋਲ ਸਿਰਫ਼ ਪਰਮੇਸ਼ੁਰਤਾਈ ਹੈ, ਮਨੁੱਖੀ ਸੁਭਾਅ ਨਹੀਂ। ਯਕੀਨਨ, ਜਦੋਂ ਪਰਮੇਸ਼ੁਰ ਆਪਣਾ ਕੰਮ ਕਰਨ ਲਈ ਧਰਤੀ ’ਤੇ ਆਉਂਦਾ ਹੈ, ਤਾਂ ਮਨੁੱਖ ਨੂੰ ਜੋ ਕੁਝ ਦਿਖਾਈ ਦਿੰਦਾ ਹੈ ਉਹ ਹੈ ਸਿਰਫ਼ ਅਲੌਕਿਕ ਘਟਨਾਵਾਂ। ਉਹ ਜੋ ਆਪਣੀਆਂ ਅੱਖਾਂ ਨਾਲ ਵੇਖਦੇ ਹਨ ਅਤੇ ਜੋ ਉਹ ਆਪਣੇ ਕੰਨਾਂ ਨਾਲ ਸੁਣਦੇ ਹਨ ਉਹ ਸਭ ਅਲੌਕਿਕ ਹਨ, ਕਿਉਂਕਿ ਪਰਮੇਸ਼ੁਰ ਦਾ ਕੰਮ ਅਤੇ ਉਸ ਦੇ ਵਚਨ ਉਨ੍ਹਾਂ ਦੀ ਸਮਝ ਤੋਂ ਬਾਹਰ ਹਨ ਤੇ ਪ੍ਰਾਪਤੀਯੋਗ ਨਹੀਂ ਹਨ। ਜੇ ਸਵਰਗ ਦੀ ਕੋਈ ਚੀਜ਼ ਧਰਤੀ ਉੱਤੇ ਲਿਆਈ ਜਾਂਦੀ ਹੈ, ਤਾਂ ਇਹ ਅਲੌਕਿਕ ਤੋਂ ਇਲਾਵਾ ਕੁਝ ਹੋਰ ਕਿਵੇਂ ਹੋ ਸਕਦੀ ਹੈ? ਜਦੋਂ ਸਵਰਗ ਦੇ ਰਾਜ ਦੇ ਰਹੱਸਾਂ ਨੂੰ ਧਰਤੀ ਉੱਤੇ ਲਿਆਇਆ ਜਾਂਦਾ ਹੈ, ਤਾਂ ਉਹ ਰਹੱਸ ਜੋ ਮਨੁੱਖ ਦੀ ਸਮਝ ਤੋਂ ਬਾਹਰ ਹਨ ਅਤੇ ਕਲਪਨਾ ਤੋਂ ਪਰੇ ਹਨ, ਜੋ ਕਿ ਬਹੁਤ ਹੀ ਹੈਰਾਨੀਜਨਕ ਅਤੇ ਬੁੱਧੀਮਾਨ ਹਨ—ਕੀ ਉਹ ਸਾਰੇ ਅਲੌਕਿਕ ਨਹੀਂ ਹਨ? ਹਾਲਾਂਕਿ, ਤੈਨੂੰ ਪਤਾ ਹੋਣਾ ਚਾਹੀਦਾ ਹੈ, ਕਿ ਭਾਵੇਂ ਇਹ ਕਿੰਨਾ ਵੀ ਅਲੌਕਿਕ ਹੋਵੇ, ਫਿਰ ਵੀ ਸਭ ਕੁਝ ਉਸ ਦੇ ਸਧਾਰਣ ਮਨੁੱਖੀ ਸੁਭਾਅ ਦੇ ਅੰਦਰ ਕੀਤਾ ਜਾਂਦਾ ਹੈ। ਪਰਮੇਸ਼ੁਰ ਦਾ ਦੇਹਧਾਰੀ ਰੂਪ ਮਨੁੱਖੀ ਸੁਭਾਅ ਨਾਲ ਲਬਰੇਜ਼ ਹੈ; ਜੇ ਉਹ ਨਾ ਹੁੰਦਾ ਤਾਂ ਉਹ ਪਰਮੇਸ਼ੁਰ ਦਾ ਦੇਹਧਾਰੀ ਰੂਪ ਨਾ ਹੁੰਦਾ। ਯਿਸੂ ਨੇ ਆਪਣੇ ਸਮੇਂ ਵਿੱਚ ਬਹੁਤ ਸਾਰੇ ਚਮਤਕਾਰ ਕੀਤੇ। ਜੋ ਉਸ ਸਮੇਂ ਦੇ ਇਸਰਾਏਲੀਆਂ ਨੇ ਵੇਖਿਆ ਸੀ ਉਹ ਅਲੌਕਿਕ ਚੀਜ਼ਾਂ ਨਾਲ ਭਰਪੂਰ ਸੀ; ਉਨ੍ਹਾਂ ਨੇ ਦੂਤਾਂ ਅਤੇ ਹਲਕਾਰਿਆਂ ਨੂੰ ਵੇਖਿਆ ਅਤੇ ਉਨ੍ਹਾਂ ਨੇ ਯਹੋਵਾਹ ਦੀ ਅਵਾਜ਼ ਸੁਣੀ। ਕੀ ਇਹ ਸਾਰੇ ਅਲੌਕਿਕ ਨਹੀਂ ਸਨ? ਯਕੀਨਨ, ਅੱਜ ਕੁਝ ਦੁਸ਼ਟ ਆਤਮਾਵਾਂ ਹਨ ਜੋ ਮਨੁੱਖ ਨੂੰ ਅਲੌਕਿਕ ਚੀਜ਼ਾਂ ਨਾਲ ਧੋਖਾ ਦਿੰਦੀਆਂ ਹਨ; ਜਿੱਥੋਂ ਤਕ ਉਨ੍ਹਾਂ ਦਾ ਸੰਬੰਧ ਹੈ ਇਹ ਹੋਰ ਕੁਝ ਨਹੀਂ ਬਲਕਿ ਉਨ੍ਹਾਂ ਦੁਆਰਾ ਮਨੁੱਖ ਨੂੰ ਉਸ ਕੰਮ ਰਾਹੀਂ ਧੋਖਾ ਦੇਣ ਦੀ ਨਕਲ ਹੈ ਜੋ ਇਸ ਸਮੇਂ ਪਵਿੱਤਰ ਆਤਮਾ ਦੁਆਰਾ ਨਹੀਂ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਚਮਤਕਾਰ ਕਰਦੇ ਹਨ ਅਤੇ ਬਿਮਾਰਾਂ ਨੂੰ ਨਰੋਇਆ ਕਰਦੇ ਹਨ ਤੇ ਦੁਸ਼ਟ ਆਤਮਾਵਾਂ ਨੂੰ ਬਾਹਰ ਕਢਦੇ ਹਨ; ਇਹ ਦੁਸ਼ਟ ਆਤਮਾਵਾਂ ਦੇ ਕੰਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹਨ, ਕਿਉਂਕਿ ਪਵਿੱਤਰ ਆਤਮਾ ਇਸ ਸਮੇਂ ਇਹੋ ਜਿਹਾ ਕੰਮ ਹੁਣ ਹੋਰ ਨਹੀਂ ਕਰਦਾ ਹੈ, ਅਤੇ ਉਹ ਸਾਰੇ ਜਿਨ੍ਹਾਂ ਨੇ ਉਸ ਸਮੇਂ ਤੋਂ ਬਾਅਦ ਪਵਿੱਤਰ ਆਤਮਾ ਦੇ ਕੰਮ ਦੀ ਨਕਲ ਕੀਤੀ ਹੈ ਅਸਲ ਵਿੱਚ ਦੁਸ਼ਟ ਆਤਮਾਵਾਂ ਹਨ। ਉਸ ਸਮੇਂ ਇਸਰਾਏਲ ਵਿੱਚ ਕੀਤਾ ਗਿਆ ਸਾਰਾ ਕੰਮ ਅਲੌਕਿਕ ਕਿਸਮ ਦਾ ਕੰਮ ਸੀ, ਹਾਲਾਂਕਿ ਪਵਿੱਤਰ ਆਤਮਾ ਹੁਣ ਇਸ ਤਰੀਕੇ ਨਾਲ ਕੰਮ ਨਹੀਂ ਕਰਦਾ, ਅਤੇ ਅਜਿਹਾ ਕੋਈ ਵੀ ਕੰਮ ਹੁਣ ਸ਼ਤਾਨ ਦੀ ਨਕਲ ਤੇ ਭੇਸ ਅਤੇ ਸ਼ਤਾਨ ਦਾ ਵਿਘਨ ਹੈ। ਪਰ ਤੂੰ ਇਹ ਨਹੀਂ ਕਹਿ ਸਕਦਾ ਕਿ ਜੋ ਵੀ ਅਲੌਕਿਕ ਹੈ ਉਹ ਦੁਸ਼ਟ ਆਤਮਾਵਾਂ ਤੋਂ ਹੀ ਆਉਂਦਾ ਹੈ—ਇਹ ਪਰਮੇਸ਼ੁਰ ਦੇ ਕੰਮ ਦੇ ਯੁਗ ’ਤੇ ਨਿਰਭਰ ਕਰੇਗਾ। ਵਰਤਮਾਨ ਸਮੇਂ ਵਿੱਚ ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤੇ ਜਾਂਦੇ ਕੰਮ ’ਤੇ ਵਿਚਾਰ ਕਰ: ਇਸ ਦਾ ਕਿਹੜਾ ਪਹਿਲੂ ਅਲੌਕਿਕ ਨਹੀਂ ਹੈ? ਉਸ ਦੇ ਵਚਨ ਤੇਰੇ ਲਈ ਸਮਝ ਤੋਂ ਬਾਹਰ ਹਨ ਅਤੇ ਪ੍ਰਾਪਤੀਯੋਗ ਨਹੀਂ ਹਨ, ਅਤੇ ਉਹ ਜੋ ਕੰਮ ਕਰਦਾ ਹੈ ਕਿਸੇ ਹੋਰ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ। ਉਹ ਜੋ ਸਮਝਦਾ ਹੈ ਮਨੁੱਖ ਕੋਲ ਉਹ ਸਮਝਣ ਦਾ ਕੋਈ ਤਰੀਕਾ ਨਹੀਂ ਹੈ, ਅਤੇ ਜਿੱਥੋਂ ਤਕ ਪਰਮੇਸ਼ੁਰ ਦੇ ਗਿਆਨ ਦਾ ਸੰਬੰਧ ਹੈ, ਮਨੁੱਖ ਨੂੰ ਨਹੀਂ ਪਤਾ ਇਹ ਕਿੱਥੋਂ ਆਉਂਦਾ ਹੈ। ਕੁਝ ਲੋਕ ਕਹਿੰਦੇ ਹਨ, “ਮੈਂ ਵੀ ਉਸੇ ਤਰ੍ਹਾਂ ਹੀ ਸਧਾਰਣ ਹਾਂ ਜਿਵੇਂ ਕਿ ਤੂੰ ਹੈਂ, ਪਰ ਇਹ ਕਿਵੇਂ ਹੈ ਕਿ ਜੋ ਤੂੰ ਜਾਣਦਾ ਹੈਂ ਉਹ ਮੈਨੂੰ ਨਹੀਂ ਪਤਾ? ਮੈਂ ਅਨੁਭਵ ਵਿੱਚ ਜ਼ਿਆਦਾ ਵੱਡਾ ਅਤੇ ਭਰਪੂਰ ਹਾਂ, ਫਿਰ ਵੀ ਤੈਨੂੰ ਉਸ ਬਾਰੇ ਕਿਵੇਂ ਪਤਾ ਹੋ ਸਕਦਾ ਹੈ ਜਿਸ ਬਾਰੇ ਮੈਨੂੰ ਨਹੀਂ ਪਤਾ?” ਜਿੱਥੋਂ ਤਕ ਮਨੁੱਖ ਦਾ ਸੰਬੰਧ ਹੈ, ਇਹ ਸਭ ਕੁਝ ਅਜਿਹਾ ਹੈ ਕਿ ਮਨੁੱਖ ਕੋਲ ਇਸ ਨੂੰ ਪ੍ਰਾਪਤ ਕਰਨ ਦਾ ਕੋਈ ਤਰੀਕਾ ਨਹੀਂ। ਫਿਰ ਕੁਝ ਲੋਕ ਇੰਝ ਕਹਿੰਦੇ ਹਨ, “ਕਿਸੇ ਨੂੰ ਵੀ ਉਸ ਕੰਮ ਬਾਰੇ ਨਹੀਂ ਪਤਾ ਜੋ ਇਸਰਾਏਲ ਵਿੱਚ ਕੀਤਾ ਗਿਆ ਸੀ, ਤੇ ਇੱਥੋਂ ਤਕ ਕਿ ਬਾਈਬਲ ਦੇ ਵਿਆਖਿਆਕਾਰ ਵੀ ਕੋਈ ਸਪਸ਼ਟੀਕਰਣ ਨਹੀਂ ਦੇ ਸਕਦੇ; ਪਰ ਤੈਨੂੰ ਕਿਵੇਂ ਪਤਾ ਹੈ?” ਕੀ ਇਹ ਸਭ ਅਲੌਕਿਕ ਮਾਮਲੇ ਨਹੀਂ ਹਨ? ਉਸ ਕੋਲ ਅਚੰਭਿਆਂ ਦਾ ਅਨੁਭਵ ਨਹੀਂ ਹੈ, ਫਿਰ ਵੀ ਉਹ ਸਭ ਕੁਝ ਜਾਣਦਾ ਹੈ; ਉਹ ਅਤਿਅੰਤ ਅਸਾਨੀ ਨਾਲ ਸੱਚਾਈ ਬੋਲਦਾ ਅਤੇ ਇਸ ਨੂੰ ਪ੍ਰਗਟਾਉਂਦਾ ਹੈ। ਕੀ ਇਹ ਅਲੌਕਿਕ ਨਹੀਂ ਹੈ? ਸਰੀਰ ਜੋ ਕੁਝ ਪ੍ਰਾਪਤ ਕਰ ਸਕਦਾ ਹੈ ਉਸ ਦਾ ਕੰਮ ਉਸ ਤੋਂ ਪਰੇ ਹੈ। ਇਹ ਕਿਸੇ ਵੀ ਸਰੀਰਕ ਮਨੁੱਖ ਦੀ ਸੋਚ ਵਿੱਚ ਵੀ ਪ੍ਰਾਪਤੀਯੋਗ ਨਹੀਂ ਅਤੇ ਮਨੁੱਖੀ ਮਨ ਦੇ ਤਰਕ ਲਈ ਉੱਕਾ ਹੀ ਕਲਪਨਾ ਤੋਂ ਪਰੇ ਹੈ। ਹਾਲਾਂਕਿ ਯਿਸੂ ਨੇ ਕਦੇ ਬਾਈਬਲ ਨਹੀਂ ਪੜ੍ਹੀ, ਪਰ ਉਹ ਇਸਰਾਏਲ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਸਮਝਦਾ ਹੈ। ਅਤੇ ਭਾਵੇਂ ਉਹ ਬੋਲਦੇ ਸਮੇਂ ਧਰਤੀ ਉੱਤੇ ਖਲੋਂਦਾ ਹੈ, ਪਰ ਉਹ ਤੀਸਰੇ ਅਕਾਸ਼ ਦੇ ਰਹੱਸਾਂ ਬਾਰੇ ਬੋਲਦਾ ਹੈ। ਜਦੋਂ ਮਨੁੱਖ ਇਨ੍ਹਾਂ ਸ਼ਬਦਾਂ ਨੂੰ ਪੜ੍ਹੇਗਾ, ਤਾਂ ਇਹ ਭਾਵਨਾ ਉਸ ’ਤੇ ਕਾਬੂ ਪਾ ਲਵੇਗੀ: “ਕੀ ਇਹ ਤੀਜੇ ਆਕਾਸ਼ ਦੀ ਭਾਸ਼ਾ ਨਹੀਂ ਹੈ?” ਕੀ ਇਹ ਉਹ ਸਾਰੇ ਮਾਮਲੇ ਨਹੀਂ ਹਨ ਜੋ ਉਸ ਤੋਂ ਕਿਤੇ ਜ਼ਿਆਦਾ ਵੱਧ ਹਨ ਜੋ ਇੱਕ ਆਮ ਮਨੁੱਖ ਪ੍ਰਾਪਤ ਕਰਨ ਦੇ ਸਮਰੱਥ ਹੁੰਦਾ ਹੈ? ਉਸ ਸਮੇਂ, ਜਦੋਂ ਯਿਸੂ ਨੇ ਚਾਲੀ ਦਿਨਾਂ ਦਾ ਵਰਤ ਰੱਖਿਆ, ਕੀ ਇਹ ਅਲੌਕਿਕ ਨਹੀਂ ਸੀ? ਜੇ ਤੂੰ ਕਹਿੰਦਾ ਹੈਂ ਕਿ ਚਾਲੀ ਦਿਨਾਂ ਦਾ ਵਰਤ ਰੱਖਣਾ ਹਰ ਹਾਲ ਵਿੱਚ ਅਲੌਕਿਕ ਹੈ, ਦੁਸ਼ਟ ਆਤਮਾਵਾਂ ਦਾ ਕੰਮ ਹੈ, ਤਾਂ ਕੀ ਤੂੰ ਯਿਸੂ ਦੀ ਨਿੰਦਾ ਨਹੀਂ ਕੀਤੀ ਹੈ? ਆਪਣੀ ਸੇਵਕਾਈ ਨਿਭਾਉਣ ਤੋਂ ਪਹਿਲਾਂ, ਯਿਸੂ ਇੱਕ ਸਧਾਰਣ ਮਨੁੱਖ ਵਰਗਾ ਸੀ। ਉਹ ਵੀ ਸਕੂਲ ਗਿਆ ਸੀ; ਉਹ ਪੜ੍ਹਨਾ ਤੇ ਲਿਖਣਾ ਹੋਰ ਕਿਵੇਂ ਸਿੱਖ ਸਕਦਾ ਸੀ? ਜਦੋਂ ਪਰਮੇਸ਼ੁਰ ਦੇਹਧਾਰੀ ਬਣਿਆ, ਤਾਂ ਆਤਮਾ ਸਰੀਰ ਵਿੱਚ ਲੁਕਿਆ ਰਿਹਾ। ਇਸ ਦੇ ਬਾਵਜੂਦ, ਇੱਕ ਸਧਾਰਣ ਮਨੁੱਖ ਹੋਣ ਕਰਕੇ, ਉਸ ਦੇ ਲਈ ਵਿਕਾਸ ਅਤੇ ਪਰਿਪੱਕਤਾ ਦੀ ਪ੍ਰਕਿਰਿਆ ਵਿਚੋਂ ਲੰਘਣਾ ਜ਼ਰੂਰੀ ਸੀ, ਅਤੇ ਉਸ ਦੀ ਬੋਧਿਕ ਯੋਗਤਾ ਦੇ ਪਰਿਪੱਕ ਹੋ ਜਾਣ, ਅਤੇ ਉਸ ਦੇ ਗੱਲਾਂ ਨੂੰ ਸਮਝਣ ਯੋਗ ਹੋ ਜਾਣ ਤੋਂ ਬਾਅਦ ਹੀ, ਉਸ ਨੂੰ ਇੱਕ ਆਮ ਮਨੁੱਖ ਮੰਨਿਆ ਜਾ ਸਕਦਾ ਸੀ। ਉਸ ਦੇ ਮਨੁੱਖੀ ਸੁਭਾਅ ਦੇ ਪਰਿਪੱਕ ਹੋਣ ਤੋਂ ਬਾਅਦ ਹੀ ਉਹ ਆਪਣੀ ਸੇਵਕਾਈ ਨਿਭਾ ਸਕਦਾ ਸੀ। ਉਹ ਆਪਣੀ ਸੇਵਕਾਈ ਕਿਵੇਂ ਨਿਭਾ ਸਕਦਾ ਸੀ ਜਦੋਂ ਕਿ ਉਸ ਦਾ ਸਧਾਰਣ ਮਨੁੱਖੀ ਸੁਭਾਅ ਅਜੇ ਤਕ ਵੀ ਪਰਿਪੱਕ ਨਹੀਂ ਸੀ ਅਤੇ ਉਸ ਦਾ ਤਰਕ ਮਜ਼ਬੂਤ ਨਹੀਂ ਸੀ? ਯਕੀਨਨ ਛੇ ਜਾਂ ਸੱਤ ਸਾਲ ਦੀ ਉਮਰ ਵਿੱਚ ਉਸ ਤੋਂ ਉਸ ਦੀ ਸੇਵਕਾਈ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ! ਜਦੋਂ ਪਰਮੇਸ਼ੁਰ ਨੇ ਪਹਿਲਾਂ ਸਰੀਰ ਧਾਰਨ ਕੀਤਾ ਤਾਂ ਉਸ ਸਮੇਂ ਉਸ ਨੇ ਖੁੱਲ੍ਹ ਕੇ ਆਪਣੇ ਆਪ ਨੂੰ ਕਿਉਂ ਨਹੀਂ ਪਰਗਟ ਕੀਤਾ? ਅਜਿਹਾ ਇਸ ਕਰਕੇ ਸੀ ਕਿਉਂਕਿ ਉਸ ਦੇ ਸਰੀਰ ਦਾ ਮਨੁੱਖੀ ਸੁਭਾਅ ਅਜੇ ਤਕ ਪਰਿਪੱਕ ਨਹੀਂ ਸੀ; ਉਸ ਦੇ ਸਰੀਰ ਦੀਆਂ ਬੌਧਿਕ ਪ੍ਰਕਿਰਿਆਵਾਂ, ਅਤੇ ਨਾਲ ਹੀ ਇਸ ਸਰੀਰ ਦਾ ਸਧਾਰਣ ਮਨੁੱਖੀ ਸੁਭਾਅ, ਪੂਰੀ ਤਰ੍ਹਾਂ ਨਾਲ ਉਸ ਦੇ ਅਧਿਕਾਰ ਵਿੱਚ ਨਹੀਂ ਸਨ। ਇਸ ਕਾਰਨ, ਉਸ ਦੇ ਇੱਕ ਸਧਾਰਣ ਮਨੁੱਖ ਵਾਲਾ ਸਧਾਰਣ ਮਨੁੱਖੀ ਸੁਭਾਅ ਤੇ ਆਮ ਸਮਝ ਦੇ ਮਾਲਕ ਬਣਨ ਦੀ ਸਪਸ਼ਟ ਲੋੜ ਸੀ ਉਸ ਹੱਦ ਤਕ ਜਿੱਥੇ—ਉਹ ਆਪਣਾ ਕੰਮ ਸ਼ੁਰੂ ਕਰ ਸਕਣ ਤੋਂ ਪਹਿਲਾਂ—ਸਰੀਰ ਵਿੱਚ ਆਪਣਾ ਕੰਮ ਕਰਨ ਲਈ ਲੋੜੀਂਦੇ ਰੂਪ ਵਿੱਚ ਤਿਆਰ ਹੋਵੇ। ਜੇ ਉਸ ਵਿੱਚ ਕੰਮ ਕਰਨ ਲਈ ਲੋੜੀਂਦੀਆਂ ਯੋਗਤਾਵਾਂ ਨਾ ਹੁੰਦੀਆਂ, ਤਾਂ ਉਸ ਦੇ ਲਈ ਨਿਰੰਤਰ ਵਧਦੇ ਰਹਿਣਾ ਅਤੇ ਪਰਿਪੱਕ ਹੁੰਦੇ ਰਹਿਣਾ ਜ਼ਰੂਰੀ ਹੁੰਦਾ। ਜੇ ਯਿਸੂ ਨੇ ਸੱਤ ਜਾਂ ਅੱਠ ਸਾਲ ਦੀ ਉਮਰ ਵਿੱਚ ਆਪਣਾ ਕੰਮ ਅਰੰਭ ਕੀਤਾ ਹੁੰਦਾ, ਤਾਂ ਕੀ ਮਨੁੱਖ ਨੇ ਉਸ ਨੂੰ ਅਜੂਬਾ ਨਾ ਸਮਝਿਆ ਹੁੰਦਾ? ਕੀ ਸਾਰੇ ਲੋਕਾਂ ਨੇ ਉਸ ਨੂੰ ਬੱਚਾ ਨਾ ਸਮਝਿਆ ਹੁੰਦਾ? ਕਿਸ ਨੂੰ ਉਹ ਯਕੀਨ ਕਰਨ ਯੋਗ ਲੱਗਦਾ? ਸੱਤ ਜਾਂ ਅੱਠ ਸਾਲ ਦਾ ਇੱਕ ਬੱਚਾ ਜੋ ਉਸ ਮੰਚ ਜਿੰਨਾ ਵੀ ਲੰਮਾ ਨਹੀਂ ਜਿਸ ਦੇ ਪਿੱਛੇ ਉਹ ਖੜ੍ਹਦਾ ਸੀ—ਕੀ ਉਹ ਪ੍ਰਚਾਰ ਕਰਨ ਦੇ ਯੋਗ ਰਿਹਾ ਹੁੰਦਾ? ਉਸ ਦੇ ਸਧਾਰਣ ਮਨੁੱਖੀ ਸੁਭਾਅ ਦੇ ਪਰਿਪੱਕ ਹੋਣ ਤੋਂ ਪਹਿਲਾਂ, ਉਹ ਕੰਮ ਦੇ ਅਨੁਕੂਲ ਨਹੀਂ ਸੀ। ਜਿੱਥੋਂ ਤਕ ਉਸ ਦੇ ਮਨੁੱਖੀ ਸੁਭਾਅ ਦਾ ਸੰਬੰਧ ਹੈ, ਜੋ ਅਜੇ ਵੀ ਪਰਿਪੱਕ ਨਹੀਂ ਸੀ, ਕੰਮ ਦਾ ਇੱਕ ਮੋਟਾ ਹਿੱਸਾ ਉੱਕਾ ਹੀ ਪ੍ਰਾਪਤੀਯੋਗ ਨਹੀਂ ਸੀ। ਸਰੀਰ ਵਿੱਚ ਪਰਮੇਸ਼ੁਰ ਦੇ ਆਤਮਾ ਦਾ ਕੰਮ ਵੀ ਇਸ ਦੇ ਆਪਣੇ ਸਿਧਾਂਤਾਂ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਜਦੋਂ ਉਹ ਸਧਾਰਣ ਮਨੁੱਖੀ ਸੁਭਾਅ ਨਾਲ ਲੈਸ ਹੋਵੇ ਸਿਰਫ਼ ਉਸ ਉਪਰੰਤ ਹੀ ਉਹ ਪਿਤਾ ਦੇ ਕੰਮ ਦਾ ਜ਼ਿੰਮਾ ਅਤੇ ਕਾਰਜਭਾਰ ਸੰਭਾਲ ਸਕਦਾ ਹੈ। ਸਿਰਫ਼ ਤਦ ਹੀ ਉਹ ਆਪਣਾ ਕੰਮ ਅਰੰਭ ਕਰ ਸਕਦਾ ਹੈ। ਯਿਸੂ ਆਪਣੇ ਬਚਪਨ ਵਿੱਚ, ਪ੍ਰਾਚੀਨ ਸਮੇਂ ਵਿੱਚ ਜੋ ਕੁਝ ਵਾਪਰਿਆ ਸੀ ਉਸ ਵਿੱਚੋਂ ਬਹੁਤੀਆਂ ਗੱਲਾਂ ਬਾਰੇ ਉੱਕਾ ਹੀ ਕੁਝ ਵੀ ਨਹੀਂ ਸਮਝ ਸਕਦਾ ਸੀ, ਅਤੇ ਉਸ ਨੂੰ ਸਿਰਫ਼ ਸਮਾਜ ਵਿਚਲੇ ਗੁਰੂਆਂ ਨੂੰ ਪੁੱਛ ਕੇ ਹੀ ਸਮਝ ਆਉਂਦੀ ਸੀ। ਜੇ ਉਸ ਨੇ ਬੋਲਣਾ ਸਿੱਖਦਿਆਂ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੁੰਦਾ, ਤਾਂ ਉਸ ਲਈ ਗਲਤੀਆਂ ਨਾ ਕਰਨਾ ਕਿਵੇਂ ਸੰਭਵ ਰਿਹਾ ਹੁੰਦਾ? ਪਰਮੇਸ਼ੁਰ ਸੰਭਵ ਤੌਰ ਤੇ ਐਡੀ ਵੱਡੀ ਗਲਤੀ ਕਿਵੇਂ ਕਰ ਸਕਦਾ ਸੀ? ਇਸ ਲਈ, ਉਸ ਨੇ ਆਪਣਾ ਕੰਮ ਉਦੋਂ ਹੀ ਸ਼ੁਰੂ ਕੀਤਾ ਜਦੋਂ ਉਹ ਕੰਮ ਕਰਨ ਦੇ ਯੋਗ ਹੋ ਗਿਆ ਸੀ; ਉਸ ਨੇ ਉਦੋਂ ਤਕ ਕੋਈ ਕੰਮ ਨਹੀਂ ਕੀਤਾ ਜਦ ਤਕ ਉਹ ਇਸ ਦਾ ਜ਼ਿੰਮਾ ਲੈਣ ਦੇ ਪੂਰੀ ਤਰ੍ਹਾਂ ਸਮਰੱਥ ਨਹੀਂ ਸੀ। 29 ਸਾਲ ਦੀ ਉਮਰ ਵਿੱਚ, ਯਿਸੂ ਪਹਿਲਾਂ ਹੀ ਕਾਫ਼ੀ ਪਰਿਪੱਕ ਸੀ ਅਤੇ ਉਸ ਦਾ ਮਨੁੱਖੀ ਸੁਭਾਅ ਉਸ ਕੰਮ ਦਾ ਜ਼ਿੰਮਾ ਲੈਣ ਲਈ ਕਾਫ਼ੀ ਸੀ ਜੋ ਉਸ ਨੇ ਕਰਨਾ ਸੀ। ਪਰਮੇਸ਼ੁਰ ਦੇ ਆਤਮਾ ਨੇ ਅਧਿਕਾਰਤ ਤੌਰ ਤੇ ਉਸ ਵਿੱਚ ਕੰਮ ਕਰਨਾ ਸਿਰਫ਼ ਉਦੋਂ ਹੀ ਅਰੰਭ ਕੀਤਾ ਸੀ। ਉਸ ਵੇਲੇ, ਯੂਹੰਨਾ ਨੇ ਉਸ ਦੇ ਲਈ ਰਾਹ ਖੋਲ੍ਹਣ ਵਾਸਤੇ ਸੱਤ ਸਾਲ ਤਕ ਤਿਆਰੀ ਕੀਤੀ ਸੀ, ਅਤੇ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ, ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਫਿਰ ਪੂਰੀ ਤਰ੍ਹਾਂ ਨਾਲ ਬੋਝ ਯਿਸੂ ਉੱਤੇ ਪੈ ਗਿਆ। ਜੇ ਉਸ ਨੇ ਇਸ ਕੰਮ ਦਾ ਜ਼ਿੰਮਾ 21 ਜਾਂ 22 ਸਾਲ ਦੀ ਉਮਰ ਵਿੱਚ ਸੰਭਾਲਿਆ ਹੁੰਦਾ, ਭਾਵ ਉਸ ਸਮੇਂ, ਜਦੋਂ ਉਸ ਦੇ ਮਨੁੱਖੀ ਸੁਭਾਅ ਵਿੱਚ ਅਜੇ ਵੀ ਕਮੀ ਸੀ, ਜਦੋਂ ਉਹ ਅਜੇ ਬਾਲਗ ਅਵਸਥਾ ਵਿੱਚ ਦਾਖਲ ਹੋਇਆ ਹੀ ਸੀ, ਅਤੇ ਬਹੁਤ ਸਾਰੀਆਂ ਚੀਜ਼ਾਂ ਸਨ ਜਿਨ੍ਹਾਂ ਦੀ ਅਜੇ ਵੀ ਉਸ ਨੂੰ ਸਮਝ ਨਹੀਂ ਸੀ, ਤਾਂ ਉਹ ਨਿਯੰਤਰਣ ਲੈਣ ਦੇ ਸਮਰੱਥ ਨਾ ਰਿਹਾ ਹੁੰਦਾ। ਉਸ ਵੇਲੇ, ਯਿਸੂ ਦੁਆਰਾ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਯੂਹੰਨਾ ਨੇ ਪਹਿਲਾਂ ਤੋਂ ਹੀ ਕੁਝ ਸਮੇਂ ਤਕ ਆਪਣਾ ਕੰਮ ਪੂਰਾ ਕਰ ਲਿਆ ਸੀ, ਉਦੋਂ ਤਕ ਯਿਸੂ ਪਹਿਲਾਂ ਹੀ ਆਪਣੀ ਅਧੇੜ ਉਮਰ ਵਿੱਚ ਸੀ। ਉਸ ਉਮਰ ਵਿੱਚ, ਉਸ ਦਾ ਸਧਾਰਣ ਮਨੁੱਖੀ ਸੁਭਾਅ ਉਸ ਕੰਮ ਦਾ ਜ਼ਿੰਮਾ ਲੈਣ ਲਈ ਕਾਫ਼ੀ ਸੀ ਜੋ ਉਸ ਨੂੰ ਕਰਨਾ ਚਾਹੀਦਾ ਸੀ। ਹੁਣ, ਦੇਹਧਾਰੀ ਪਰਮੇਸ਼ੁਰ ਕੋਲ ਵੀ ਸਧਾਰਣ ਮਨੁੱਖੀ ਸੁਭਾਅ ਹੈ ਅਤੇ, ਹਾਲਾਂਕਿ ਇਹ ਮਨੁੱਖੀ ਸੁਭਾਅ ਤੁਹਾਡੇ ਵਿੱਚ ਵਡੇਰੀ ਉਮਰ ਵਾਲਿਆਂ ਦੇ ਮੁਕਾਬਲੇ ਬਿਲਕੁਲ ਵੀ ਪਰਿਪੱਕ ਨਹੀ ਹੈ, ਪਰ ਇਹ ਇਸੇ ਤਰ੍ਹਾਂ ਹੀ ਪਰਮੇਸ਼ੁਰ ਦਾ ਕੰਮ ਕਰਨ ਦੇ ਲਈ ਪਹਿਲਾਂ ਹੀ ਬਥੇਰਾ ਹੈ। ਅਜੋਕੇ ਕੰਮ ਦੇ ਆਸ-ਪਾਸ ਦੇ ਹਾਲਾਤ ਪੂਰੀ ਤਰ੍ਹਾਂ ਨਾਲ ਯਿਸੂ ਦੇ ਸਮੇਂ ਦੇ ਹਾਲਾਤ ਵਰਗੇ ਨਹੀਂ ਹਨ। ਯਿਸੂ ਨੇ ਬਾਰਾਂ ਰਸੂਲਾਂ ਨੁੰ ਕਿਉਂ ਚੁਣਿਆ? ਇਹ ਸਭ ਉਸ ਦੇ ਕੰਮ ਦੇ ਸਮਰਥਨ ਵਿੱਚ ਅਤੇ ਇਸ ਦੇ ਸਹਿਯੋਗ ਲਈ ਸੀ। ਇੱਕ ਪਾਸੇ, ਇਹ ਉਸ ਸਮੇਂ ਉਸ ਦੇ ਕੰਮ ਦੀ ਬੁਨਿਆਦ ਰੱਖਣ ਲਈ ਸੀ, ਜਦਕਿ ਦੂਜੇ ਪਾਸੇ ਇਹ ਆਉਣ ਵਾਲੇ ਦਿਨਾਂ ਵਿੱਚ ਉਸ ਦੇ ਕੰਮ ਦੀ ਬੁਨਿਆਦ ਰੱਖਣ ਲਈ ਸੀ। ਉਸ ਸਮੇਂ ਦੇ ਕੰਮ ਦੇ ਅਨੁਸਾਰ, ਬਾਰਾਂ ਰਸੂਲਾਂ ਨੂੰ ਚੁਣਨ ਦੀ ਇੱਛਾ ਯਿਸੂ ਦੀ ਸੀ, ਕਿਉਂਕਿ ਇਹ ਖੁਦ ਪਰਮੇਸ਼ੁਰ ਦੀ ਇੱਛਾ ਸੀ। ਉਸ ਦਾ ਵਿਸ਼ਵਾਸ ਸੀ ਕਿ ਉਸ ਨੂੰ ਬਾਰਾਂ ਰਸੂਲ ਚੁਣਨੇ ਚਾਹੀਦੇ ਹਨ ਅਤੇ ਫਿਰ ਹਰ ਜਗ੍ਹਾ ਪ੍ਰਚਾਰ ਕਰਨ ਲਈ ਉਨ੍ਹਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਪਰ ਅੱਜ ਤੁਹਾਡੇ ਦਰਮਿਆਨ ਇਸ ਦੀ ਕੋਈ ਲੋੜ ਨਹੀਂ ਹੈ! ਜਦੋਂ ਦੇਹਧਾਰੀ ਪਰਮੇਸ਼ੁਰ ਸਰੀਰ ਵਿੱਚ ਕੰਮ ਕਰਦਾ ਹੈ, ਤਾਂ ਬਹੁਤ ਸਾਰੇ ਸਿਧਾਂਤ ਹੁੰਦੇ ਹਨ, ਅਤੇ ਬਹੁਤ ਸਾਰੇ ਅਜਿਹੇ ਮਾਮਲੇ ਹੁੰਦੇ ਹਨ ਜਿਨ੍ਹਾਂ ਨੂੰ ਮਨੁੱਖ ਉੱਕਾ ਹੀ ਨਹੀਂ ਸਮਝਦਾ; ਮਨੁੱਖ ਪਰਮੇਸ਼ੁਰ ਦਾ ਮੁਲਾਂਕਣ ਕਰਨ ਲਈ, ਜਾਂ ਉਸ ਤੋਂ ਵਾਧੂ ਦੀਆਂ ਮੰਗਾਂ ਕਰਨ ਲਈ ਨਿਰੰਤਰ ਆਪਣੀਆਂ ਖੁਦ ਦੀਆਂ ਧਾਰਣਾਵਾਂ ਦੀ ਵਰਤੋਂ ਕਰਦਾ ਹੈ। ਫਿਰ ਵੀ ਅੱਜ ਤਕ, ਬਹੁਤ ਸਾਰੇ ਲੋਕ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਉਨ੍ਹਾਂ ਦਾ ਗਿਆਨ ਸਿਰਫ਼ ਉਨ੍ਹਾਂ ਦੀਆਂ ਆਪਣੀਆਂ ਹੀ ਧਾਰਣਾਵਾਂ ਤੋਂ ਬਣਿਆ ਹੋਇਆ ਹੈ। ਪਰਮੇਸ਼ੁਰ ਨੇ ਭਾਵੇਂ ਜਿਸ ਵੀ ਯੁਗ ਵਿੱਚ ਜਾਂ ਜਗ੍ਹਾ ’ਤੇ ਸਰੀਰ ਧਾਰਣ ਕੀਤਾ ਹੈ, ਸਰੀਰ ਵਿੱਚ ਕੰਮ ਦੇ ਉਸ ਦੇ ਸਿਧਾਂਤਾਂ ਵਿੱਚ ਕੋਈ ਤਬਦੀਲੀ ਨਹੀਂ ਹੈ। ਉਹ ਸਰੀਰ ਧਾਰਨ ਕਰਕੇ, ਆਪਣੇ ਕੰਮ ਵਿੱਚ ਸਰੀਰ ਤੋਂ ਪਾਰ ਨਹੀਂ ਜਾ ਸਕਦਾ; ਅਜਿਹਾ ਤਾਂ ਬਿਲਕੁਲ ਵੀ ਨਹੀਂ ਹੋ ਸਕਦਾ ਕਿ ਉਹ ਸਰੀਰ ਧਾਰਨ ਕਰੇ ਅਤੇ ਫਿਰ ਵੀ ਸਰੀਰ ਦੇ ਸਧਾਰਣ ਮਨੁੱਖੀ ਸੁਭਾਅ ਦੇ ਅੰਦਰ ਕੰਮ ਨਾ ਕਰੇ। ਨਹੀਂ ਤਾਂ, ਪਰਮੇਸ਼ੁਰ ਦੇ ਦੇਹਧਾਰਣ ਦੀ ਅਹਿਮੀਅਤ ਨਾਂਮਾਤਰ ਰਹਿ ਜਾਵੇਗੀ, ਅਤੇ ਵਚਨ ਦਾ ਦੇਹਧਾਰੀ ਹੋਣਾ ਪੂਰੀ ਤਰ੍ਹਾਂ ਨਾਲ ਅਰਥਹੀਣ ਹੋ ਜਾਵੇਗਾ। ਇਸ ਤੋਂ ਇਲਾਵਾ, ਸਿਰਫ਼ ਸਵਰਗ ਵਿੱਚ ਪਿਤਾ (ਆਤਮਾ) ਨੂੰ ਹੀ ਪਰਮੇਸ਼ੁਰ ਦੇ ਦੇਹਧਾਰਣ ਬਾਰੇ ਪਤਾ ਹੈ, ਹੋਰ ਕਿਸੇ ਨੂੰ ਨਹੀਂ, ਖੁਦ ਉਸ ਸਰੀਰ ਨੂੰ ਵੀ ਨਹੀਂ ਜਾਂ ਸਵਰਗ ਦੇ ਦੂਤਾਂ ਨੂੰ ਵੀ ਨਹੀਂ। ਅਜਿਹਾ ਹੁੰਦੇ ਹੋਏ, ਸਰੀਰ ਵਿੱਚ ਪਰਮੇਸ਼ੁਰ ਦਾ ਕੰਮ ਹੋਰ ਵੀ ਵਧੇਰੇ ਸਧਾਰਣ ਅਤੇ ਹੋਰ ਵੀ ਬਿਹਤਰ ਢੰਗ ਨਾਲ ਇਹ ਦਰਸਾ ਸਕਦਾ ਹੈ ਕਿ ਵਚਨ ਸੱਚਮੁੱਚ ਦੇਹਧਾਰੀ ਬਣ ਗਿਆ ਹੈ, ਅਤੇ ਦੇਹ ਤੋਂ ਮਤਲਬ ਹੈ ਇੱਕ ਸਧਾਰਣ ਅਤੇ ਆਮ ਮਨੁੱਖ।

ਕਈਆਂ ਨੂੰ ਸ਼ਾਇਦ ਹੈਰਾਨੀ ਹੋਵੇ, “ਯੁਗ ਨੂੰ ਖੁਦ ਪਰਮੇਸ਼ੁਰ ਦੁਆਰਾ ਕਿਉਂ ਸ਼ੁਰੂ ਕਰਨਾ ਜ਼ਰੂਰੀ ਹੈ? ਕੀ ਕੋਈ ਸਿਰਜਿਆ ਹੋਇਆ ਪ੍ਰਾਣੀ ਉਸ ਦੀ ਥਾਂ ਨਹੀਂ ਖੜ੍ਹਾ ਹੋ ਸਕਦਾ?” ਤੁਸੀਂ ਸਾਰੇ ਜਾਣਦੇ ਹੋ ਕਿ ਪਰਮੇਸ਼ੁਰ ਇੱਕ ਨਵੇਂ ਯੁਗ ਦਾ ਅਰੰਭ ਕਰਨ ਦੇ ਸਪਸ਼ਟ ਉਦੇਸ਼ ਲਈ ਸਰੀਰ ਧਾਰਨ ਕਰਦਾ ਹੈ, ਅਤੇ, ਬੇਸ਼ੱਕ, ਜਦੋਂ ਉਹ ਇੱਕ ਨਵੇਂ ਯੁਗ ਦਾ ਅਰੰਭ ਕਰੇਗਾ, ਤਾਂ ਉਸੇ ਸਮੇਂ ਉਹ ਪੁਰਾਣੇ ਯੁਗ ਨੂੰ ਸਮਾਪਤ ਕਰ ਚੁੱਕਿਆ ਹੋਵੇਗਾ। ਪਰਮੇਸ਼ੁਰ ਅਰੰਭ ਅਤੇ ਅੰਤ ਹੈ; ਉਹ ਖੁਦ ਹੀ ਹੈ ਜੋ ਆਪਣੇ ਕੰਮ ਨੂੰ ਸ਼ੁਰੂ ਕਰਦਾ ਹੈ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਉਹ ਖੁਦ ਹੀ ਪੁਰਾਣੇ ਯੁਗ ਨੂੰ ਸਮਾਪਤ ਵੀ ਕਰੇ। ਇਹ ਉਸ ਦੁਆਰਾ ਸ਼ਤਾਨ ਦੀ ਹਾਰ ਅਤੇ ਉਸ ਦੁਆਰਾ ਸੰਸਾਰ ਦੀ ਜਿੱਤ ਦਾ ਸਬੂਤ ਹੈ। ਹਰ ਵਾਰ ਜਦੋਂ ਉਹ ਖੁਦ ਮਨੁੱਖਾਂ ਦਰਮਿਆਨ ਕੰਮ ਕਰਦਾ ਹੈ, ਤਾਂ ਇਹ ਇੱਕ ਨਵੀਂ ਲੜਾਈ ਦੀ ਸ਼ੁਰੂਆਤ ਹੁੰਦੀ ਹੈ। ਨਵੇਂ ਕੰਮ ਦੀ ਸ਼ੁਰੂਆਤ ਤੋਂ ਬਿਨਾ, ਕੁਦਰਤੀ ਤੌਰ ਤੇ ਪੁਰਾਣੇ ਦੀ ਕੋਈ ਸਮਾਪਤੀ ਨਹੀਂ ਹੋਵੇਗੀ। ਅਤੇ ਜਦੋਂ ਪੁਰਾਣੇ ਦੀ ਕੋਈ ਸਮਾਪਤੀ ਨਹੀਂ ਹੋਵੇਗੀ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਸ਼ਤਾਨ ਨਾਲ ਲੜਾਈ ਅਜੇ ਖਤਮ ਹੋਣੀ ਬਾਕੀ ਹੈ। ਜੇ ਸਿਰਫ਼ ਖੁਦ ਪਰਮੇਸ਼ੁਰ ਆਉਂਦਾ ਹੈ, ਅਤੇ ਮਨੁੱਖਾਂ ਦਰਮਿਆਨ ਨਵਾਂ ਕੰਮ ਕਰਦਾ ਹੈ, ਸਿਰਫ਼ ਤਾਂ ਹੀ ਮਨੁੱਖ ਸ਼ਤਾਨ ਦੇ ਵੱਸ ਤੋਂ ਪੂਰੀ ਤਰ੍ਹਾਂ ਨਾਲ ਅਜ਼ਾਦ ਹੋ ਸਕਦਾ ਹੈ ਅਤੇ ਇੱਕ ਨਵਾਂ ਜੀਵਨ ਤੇ ਇੱਕ ਨਵੀਂ ਸ਼ੁਰੂਆਤ ਪ੍ਰਾਪਤ ਕਰ ਸਕਦਾ ਹੈ। ਨਹੀਂ ਤਾਂ, ਮਨੁੱਖ ਹਮੇਸ਼ਾ ਲਈ ਪੁਰਾਣੇ ਯੁਗ ਵਿੱਚ ਹੀ ਜੀਵੇਗਾ ਅਤੇ ਹਮੇਸ਼ਾ ਲਈ ਸ਼ਤਾਨ ਦੇ ਪੁਰਾਣੇ ਪ੍ਰਭਾਵ ਅਧੀਨ ਹੀ ਜੀਵੇਗਾ। ਪਰਮੇਸ਼ੁਰ ਦੀ ਅਗਵਾਈ ਵਾਲੇ ਹਰ ਯੁਗ ਵਿੱਚ, ਮਨੁੱਖ ਦਾ ਇੱਕ ਹਿੱਸਾ ਆਜ਼ਾਦ ਹੋ ਜਾਂਦਾ ਹੈ, ਅਤੇ ਇਸ ਤਰ੍ਹਾਂ ਮਨੁੱਖ ਨਵੇਂ ਯੁਗ ਵੱਲ ਪਰਮੇਸ਼ੁਰ ਦੇ ਕੰਮ ਦੇ ਨਾਲ-ਨਾਲ ਅੱਗੇ ਵਧਦਾ ਹੈ। ਪਰਮੇਸ਼ੁਰ ਦੀ ਜਿੱਤ ਦਾ ਅਰਥ ਹੈ ਉਨ੍ਹਾਂ ਸਾਰੇ ਲੋਕਾਂ ਦੀ ਜਿੱਤ ਜੋ ਉਸ ਦੇ ਪਿੱਛੇ ਚੱਲਦੇ ਹਨ। ਜੇ ਸਿਰਜੇ ਹੋਏ ਮਨੁੱਖਾਂ ਦੀ ਨਸਲ ਨੂੰ ਯੁਗ ਨੂੰ ਸਮਾਪਤ ਕਰਨ ਦਾ ਜ਼ਿੰਮਾ ਸੌਂਪਿਆ ਜਾਂਦਾ, ਤਾਂ ਭਾਵੇਂ ਇਹ ਮਨੁੱਖ ਦੇ ਨਜ਼ਰੀਏ ਤੋਂ ਹੋਵੇ ਜਾਂ ਸ਼ਤਾਨ ਦੇ, ਇਹ ਪਰਮੇਸ਼ੁਰ ਦਾ ਵਿਰੋਧ ਕਰਨ ਜਾਂ ਵਿਦ੍ਰੋਹ ਕਰਨ ਦੇ ਕੰਮ ਤੋਂ ਵੱਧ ਹੋਰ ਕੁਝ ਨਾ ਹੁੰਦਾ, ਪਰਮੇਸ਼ੁਰ ਦੀ ਆਗਿਆਕਾਰਤਾ ਦਾ ਕੰਮ ਨਾ ਹੁੰਦਾ, ਅਤੇ ਮਨੁੱਖ ਦਾ ਕੰਮ ਸ਼ਤਾਨ ਲਈ ਇੱਕ ਔਜ਼ਾਰ ਬਣ ਜਾਂਦਾ। ਜੇ ਮਨੁੱਖ ਸਿਰਫ਼ ਖੁਦ ਪਰਮੇਸ਼ੁਰ ਦੁਆਰਾ ਅਰੰਭੇ ਗਏ ਯੁਗ ਵਿੱਚ ਪਰਮੇਸ਼ੁਰ ਦਾ ਆਗਿਆ ਪਾਲਣ ਕਰਦਾ ਹੈ ਅਤੇ ਉਸ ਦੇ ਪਿੱਛੇ ਚੱਲਦਾ ਹੈ, ਸਿਰਫ਼ ਤਾਂ ਹੀ ਸ਼ਤਾਨ ਨੂੰ ਪੂਰਾ ਯਕੀਨ ਦਿਵਾਇਆ ਜਾ ਸਕਦਾ ਹੈ, ਕਿਉਂਕਿ ਇਹ ਇੱਕ ਸਿਰਜੇ ਹੋਏ ਪ੍ਰਾਣੀ ਦਾ ਫਰਜ਼ ਹੈ। ਇਸੇ ਲਈ, ਮੈਂ ਕਹਿੰਦਾ ਹਾਂ ਕਿ ਤੁਹਾਨੂੰ ਸਿਰਫ਼ ਪਿੱਛੇ ਚੱਲਣ ਅਤੇ ਆਗਿਆ ਪਾਲਣ ਕਰਨ ਦੀ ਲੋੜ ਹੈ, ਤੇ ਤੁਹਾਡੇ ਤੋਂ ਹੋਰ ਕੋਈ ਲੋੜ ਨਹੀਂ ਹੈ। ਹਰੇਕ ਵਿਅਕਤੀ ਦੁਆਰਾ ਆਪਣੇ ਫ਼ਰਜ਼ ਨੂੰ ਨਿਭਾਉਣ ਅਤੇ ਆਪੋ-ਆਪਣੇ ਕੰਮ ਨੂੰ ਕਰਨ ਦਾ ਮਤਲਬ ਇਹੀ ਹੁੰਦਾ ਹੈ। ਪਰਮੇਸ਼ੁਰ ਆਪਣਾ ਖੁਦ ਦਾ ਕੰਮ ਕਰਦਾ ਹੈ ਅਤੇ ਉਸ ਨੂੰ ਕੋਈ ਲੋੜ ਨਹੀਂ ਕਿ ਉਸ ਦੀ ਥਾਂ ਮਨੁੱਖ ਇਸ ਨੂੰ ਕਰੇ, ਨਾ ਹੀ ਉਹ ਸਿਰਜੇ ਹੋਏ ਪ੍ਰਾਣੀਆਂ ਦੇ ਕੰਮ ਵਿੱਚ ਸ਼ਾਮਲ ਹੁੰਦਾ ਹੈ। ਮਨੁੱਖ ਆਪਣਾ ਫਰਜ਼ ਨਿਭਾਉਂਦਾ ਹੈ ਅਤੇ ਪਰਮੇਸ਼ੁਰ ਦੇ ਕੰਮ ਵਿੱਚ ਸ਼ਾਮਲ ਨਹੀਂ ਹੁੰਦਾ। ਸਿਰਫ਼ ਇਹੀ ਆਗਿਆਕਾਰਤਾ ਹੈ, ਅਤੇ ਸ਼ਤਾਨ ਦੀ ਹਾਰ ਦਾ ਸਬੂਤ ਹੈ। ਜਦੋਂ ਖੁਦ ਪਰਮੇਸ਼ੁਰ ਨਵੇਂ ਯੁਗ ਨੂੰ ਅਰੰਭ ਕਰਨ ਦਾ ਕੰਮ ਖਤਮ ਕਰ ਲੈਂਦਾ ਹੈ, ਤਾਂ ਉਹ ਮਨੁੱਖਜਾਤੀ ਦਰਮਿਆਨ ਖੁਦ ਕੰਮ ਕਰਨ ਲਈ ਧਰਤੀ ’ਤੇ ਹੁਣ ਹੋਰ ਨਹੀਂ ਆਉਂਦਾ। ਮਨੁੱਖ ਸਿਰਫ਼ ਉਦੋਂ ਹੀ ਇੱਕ ਸਿਰਜੇ ਹੋਏ ਪ੍ਰਾਣੀ ਵਜੋਂ ਆਪਣਾ ਫਰਜ਼ ਨਿਭਾਉਣ ਲਈ ਅਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਨਵੇਂ ਯੁਗ ਵਿੱਚ ਅਧਿਕਾਰਤ ਤੌਰ ਤੇ ਕਦਮ ਰੱਖਦਾ ਹੈ। ਇਹ ਉਹ ਸਿਧਾਂਤ ਹਨ ਜਿਨ੍ਹਾਂ ਨਾਲ ਪਰਮੇਸ਼ੁਰ ਕੰਮ ਕਰਦਾ ਹੈ, ਜਿਨ੍ਹਾਂ ਦੀ ਕੋਈ ਉਲੰਘਣਾ ਨਹੀਂ ਕਰ ਸਕਦਾ। ਸਿਰਫ਼ ਇਸ ਤਰੀਕੇ ਨਾਲ ਕੰਮ ਕਰਨਾ ਹੀ ਤਰਕਸੰਗਤ ਅਤੇ ਮੁਨਾਸਬ ਹੈ। ਪਰਮੇਸ਼ੁਰ ਦਾ ਕੰਮ ਖੁਦ ਪਰਮੇਸ਼ੁਰ ਦੁਆਰਾ ਹੀ ਕੀਤਾ ਜਾਣਾ ਹੈ। ਉਹੀ ਹੈ ਜੋ ਆਪਣੇ ਕੰਮ ਦੀ ਸ਼ੁਰੂਆਤ ਕਰਦਾ ਹੈ, ਅਤੇ ਉਹੀ ਹੈ ਜੋ ਆਪਣੇ ਕੰਮ ਨੂੰ ਸਮਾਪਤ ਕਰਦਾ ਹੈ। ਉਹੀ ਹੈ ਜੋ ਕੰਮ ਦੀ ਯੋਜਨਾ ਬਣਾਉਂਦਾ ਹੈ, ਤੇ ਉਹੀ ਹੈ ਜੋ ਇਸ ਦਾ ਪ੍ਰਬੰਧਨ ਕਰਦਾ ਹੈ, ਅਤੇ ਇਸ ਤੋਂ ਵੀ ਵੱਧ, ਉਹੀ ਹੈ ਜੋ ਕੰਮ ਨੂੰ ਸਫ਼ਲ ਬਣਾਉਂਦਾ ਹੈ। ਜਿਵੇਂ ਕਿ ਬਾਈਬਲ ਵਿੱਚ ਕਿਹਾ ਗਿਆ ਹੈ, “ਮੈਂ ਅਰੰਭ ਅਤੇ ਅੰਤ ਹਾਂ; ਮੈਂ ਬੀਜਣ ਵਾਲਾ ਤੇ ਮੈਂ ਹੀ ਵੱਢਣ ਵਾਲਾ ਹਾਂ।” ਉਸ ਦੇ ਪ੍ਰਬੰਧਨ ਦੇ ਕੰਮ ਨਾਲ ਜੋ ਕੁਝ ਵੀ ਸੰਬੰਧਤ ਹੈ ਉਹ ਖੁਦ ਪਰਮੇਸ਼ੁਰ ਦੁਆਰਾ ਹੀ ਕੀਤਾ ਜਾਂਦਾ ਹੈ। ਉਹ ਛੇ-ਹਜ਼ਾਰ-ਸਾਲਾ ਪ੍ਰਬੰਧਨ ਯੋਜਨਾ ਦਾ ਸ਼ਾਸਕ ਹੈ; ਕੋਈ ਵੀ ਉਸ ਦੀ ਜਗ੍ਹਾ ਉਸ ਦਾ ਕੰਮ ਨਹੀਂ ਕਰ ਸਕਦਾ ਅਤੇ ਕੋਈ ਵੀ ਉਸ ਦੇ ਕੰਮ ਨੂੰ ਸਮਾਪਤ ਨਹੀਂ ਕਰ ਸਕਦਾ, ਕਿਉਂਕਿ ਉਹੀ ਹੈ ਜੋ ਸਭ ਕੁਝ ਆਪਣੇ ਹੱਥ ਵਿੱਚ ਰੱਖਦਾ ਹੈ। ਸੰਸਾਰ ਦੀ ਸਿਰਜਣਾ ਕਰਨ ਤੋਂ ਬਾਅਦ, ਉਹ ਆਪਣੇ ਚਾਨਣ ਵਿੱਚ ਜੀਉਣ ਲਈ ਸਮੁੱਚੇ ਸੰਸਾਰ ਦੀ ਅਗਵਾਈ ਕਰੇਗਾ, ਅਤੇ ਉਹ ਸਮੁੱਚੇ ਯੁਗ ਦੀ ਸਮਾਪਤੀ ਵੀ ਕਰੇਗਾ, ਅਤੇ ਇੰਝ ਆਪਣੀ ਸਮੁੱਚੀ ਯੋਜਨਾ ਨੂੰ ਫਲਵੰਤ ਬਣਾਏਗਾ!

ਪਿਛਲਾ: ਪਰਮੇਸ਼ੁਰ ਦੇ ਕੰਮ ਦਾ ਦਰਸ਼ਣ (3)

ਅਗਲਾ: ਦੇਹਧਾਰਣ ਦਾ ਰਹੱਸ (2)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ