ਦੇਹਧਾਰਣ ਦਾ ਰਹੱਸ (2)

ਉਸ ਸਮੇਂ ਜਦੋਂ ਯਿਸੂ ਨੇ ਯਹੂਦਿਯਾ ਵਿੱਚ ਕੰਮ ਕੀਤਾ, ਤਾਂ ਉਸ ਨੇ ਇਹ ਖੁੱਲ੍ਹੇ ਤੌਰ ਤੇ ਕੀਤਾ ਸੀ, ਪਰ ਹੁਣ, ਮੈਂ ਤੁਹਾਡੇ ਦਰਮਿਆਨ ਲੁਕ-ਛਿਪ ਕੇ ਕੰਮ ਕਰਦਾ ਤੇ ਬੋਲਦਾ ਹਾਂ। ਗੈਰ-ਵਿਸ਼ਵਾਸੀ ਇਸ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਤੁਹਾਡੇ ਦਰਮਿਆਨ ਮੇਰਾ ਕੰਮ ਬਾਹਰ ਵਾਲਿਆਂ ਲਈ ਬੰਦ ਹੈ। ਇਹ ਵਚਨ, ਇਹ ਤਾੜਨਾਵਾਂ ਤੇ ਨਿਆਂ, ਸਿਰਫ਼ ਤੁਹਾਨੂੰ ਪਤਾ ਹਨ, ਹੋਰਨਾਂ ਨੂੰ ਨਹੀਂ। ਇਹ ਸਾਰਾ ਕੰਮ ਤੁਹਾਡੇ ਦਰਮਿਆਨ ਕੀਤਾ ਜਾਂਦਾ ਹੈ ਅਤੇ ਸਿਰਫ਼ ਤੁਹਾਨੂੰ ਪਰਗਟ ਕੀਤਾ ਜਾਂਦਾ ਹੈ; ਗੈਰ-ਵਿਸ਼ਵਾਸੀਆਂ ਵਿੱਚੋਂ ਕਿਸੇ ਨੂੰ ਵੀ ਇਸ ਬਾਰੇ ਨਹੀਂ ਪਤਾ, ਕਿਉਂਕਿ ਅਜੇ ਤੱਕ ਸਮਾਂ ਨਹੀਂ ਆਇਆ ਹੈ। ਇੱਥੇ ਮੌਜੂਦ ਇਹ ਲੋਕ ਤਾੜਨਾਵਾਂ ਸਹਿਣ ਕਰਨ ਤੋਂ ਬਾਅਦ ਸੰਪੂਰਣ ਬਣਾਏ ਜਾਣ ਦੇ ਨੇੜੇ ਹਨ, ਪਰ ਬਾਹਰਲੇ ਲੋਕ ਇਸ ਬਾਰੇ ਕੁਝ ਨਹੀਂ ਜਾਣਦੇ। ਇਹ ਕੰਮ ਹੱਦੋਂ ਵੱਧ ਲੁਕਿਆ ਹੋਇਆ ਹੈ! ਉਨ੍ਹਾਂ ਲਈ, ਦੇਹਧਾਰੀ ਹੋਇਆ ਪਰਮੇਸ਼ੁਰ ਲੁਕਿਆ ਹੋਇਆ ਹੈ, ਪਰ ਇਸ ਵਰਗ ਵਿਚਲੇ ਲੋਕਾਂ ਲਈ, ਕਿਹਾ ਜਾ ਸਕਦਾ ਹੈ ਕਿ ਉਹ ਪਰਗਟ ਹੈ। ਹਾਲਾਂਕਿ ਪਰਮੇਸ਼ੁਰ ਵਿੱਚ ਸਭ ਕੁਝ ਪਰਗਟ ਹੁੰਦਾ ਹੈ, ਸਭ ਕੁਝ ਉਜਾਗਰ ਹੁੰਦਾ ਹੈ, ਅਤੇ ਸਭ ਕੁਝ ਅਜ਼ਾਦ ਕੀਤਾ ਜਾਂਦਾ ਹੈ, ਪਰ ਇਹ ਸਿਰਫ਼ ਉਨ੍ਹਾਂ ਲਈ ਸੱਚ ਹੈ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ; ਜਿੱਥੋਂ ਤੱਕ ਬਾਕੀਆਂ, ਭਾਵ ਗੈਰ-ਵਿਸ਼ਵਾਸੀਆਂ ਦਾ ਸੰਬੰਧ ਹੈ, ਉਨ੍ਹਾਂ ਨੂੰ ਕੁਝ ਵੀ ਸਪਸ਼ਟ ਨਹੀਂ ਦੱਸਿਆ ਜਾਂਦਾ ਹੈ। ਇਸ ਸਮੇਂ ਤੁਹਾਡੇ ਦਰਮਿਆਨ ਅਤੇ ਚੀਨ ਵਿੱਚ ਜੋ ਕੰਮ ਕੀਤਾ ਜਾ ਰਿਹਾ ਹੈ, ਉਸ ਵਿੱਚ ਪ੍ਰਵੇਸ਼ ਸਖਤੀ ਨਾਲ ਬੰਦ ਦਿੱਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਪਤਾ ਨਾ ਲੱਗ ਸਕੇ। ਜੇ ਉਨ੍ਹਾਂ ਨੂੰ ਇਸ ਕੰਮ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਉਹ ਸਿਰਫ਼ ਇਸ ਦੀ ਨਿੰਦਾ ਹੀ ਕਰਨਗੇ ਅਤੇ ਇਸ ਦੇ ਪਿੱਛੇ ਪੈ ਜਾਣਗੇ। ਉਹ ਇਸ ਵਿੱਚ ਵਿਸ਼ਵਾਸ ਨਹੀਂ ਕਰਨਗੇ। ਸਭ ਤੋਂ ਪਿਛੜੀਆਂ ਥਾਵਾਂ ਵਿੱਚੋਂ ਇਸ, ਵੱਡੇ ਲਾਲ ਅਜਗਰ ਦੀ ਕੌਮ ਵਿੱਚ ਕੰਮ ਕਰਨਾ, ਕੋਈ ਸੌਖਾ ਕੰਮ ਨਹੀਂ। ਜੇ ਇਸ ਕੰਮ ਨੂੰ ਖੁੱਲੇ ਤੌਰ ਤੇ ਪਰਗਟ ਕਰਨਾ ਹੁੰਦਾ, ਤਾਂ ਇਸ ਨੂੰ ਜਾਰੀ ਰੱਖਣਾ ਅਸੰਭਵ ਹੁੰਦਾ। ਕੰਮ ਦੇ ਇਸ ਪੜਾਅ ਨੂੰ ਇਸ ਜਗ੍ਹਾ ਤੇ ਉੱਕਾ ਹੀ ਪੂਰਾ ਨਹੀਂ ਕੀਤਾ ਜਾ ਸਕਦਾ। ਜੇ ਇਸ ਕੰਮ ਨੂੰ ਖੁੱਲ੍ਹੇ ਤੌਰ ਤੇ ਪੂਰਾ ਕੀਤਾ ਜਾਣਾ ਹੁੰਦਾ, ਤਾਂ ਉਹ ਇਸ ਨੂੰ ਅੱਗੇ ਕਿਵੇਂ ਵਧਣ ਦੇ ਸਕਦੇ ਸਨ? ਕੀ ਇਹ ਕੰਮ ਨੂੰ ਹੋਰ ਵੀ ਵੱਡੇ ਜੋਖਮ ਵਿੱਚ ਨਾ ਪਾ ਦਿੰਦਾ? ਜੇ ਇਹ ਕੰਮ ਲੁਕਿਆ ਨਾ ਹੁੰਦਾ, ਬਲਕਿ ਯਿਸੂ ਦੇ ਸਮੇਂ ਵਾਂਗ ਹੀ ਪੂਰਾ ਕੀਤਾ ਜਾਂਦਾ, ਜਦੋਂ ਉਸ ਨੇ ਸ਼ਾਨਦਾਰ ਢੰਗ ਦੇ ਨਾਲ ਬਿਮਾਰਾਂ ਨੂੰ ਨਰੋਏ ਕੀਤਾ ਸੀ ਅਤੇ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਿਆ ਸੀ, ਤਾਂ ਕੀ ਇਸ ਨੂੰ ਲੰਮਾ ਅਰਸਾ ਪਹਿਲਾਂ ਸ਼ਤਾਨਾਂ ਦੁਆਰਾ “ਗ੍ਰਿਫ਼ਤ ਵਿੱਚ” ਨਾ ਲੈ ਲਿਆ ਗਿਆ ਹੁੰਦਾ? ਕੀ ਉਹ ਪਰਮੇਸ਼ੁਰ ਦੀ ਹੋਂਦ ਨੂੰ ਸਹਿਣ ਕਰਨ ਦੇ ਯੋਗ ਹੁੰਦੇ? ਜੇ ਮੈਂ ਇਸ ਸਮੇਂ ਮਨੁੱਖ ਨੂੰ ਸਿੱਖਿਆ ਅਤੇ ਭਾਸ਼ਣ ਦੇਣ ਲਈ ਸਮਾਜਾਂ ਵਿੱਚ ਦਾਖਲ ਹੋਣਾ ਹੁੰਦਾ, ਤਾਂ ਕੀ ਲੰਮਾ ਅਰਸਾ ਪਹਿਲਾਂ ਹੀ ਮੇਰੇ ਟੁਕੜੇ-ਟੁਕੜੇ ਨਾ ਕਰ ਦਿੱਤੇ ਗਏ ਹੁੰਦੇ? ਅਤੇ ਜੇ ਇਹ ਵਾਪਰਿਆ ਹੁੰਦਾ, ਤਾਂ ਮੇਰਾ ਕੰਮ ਕਿਵੇਂ ਜਾਰੀ ਰੱਖਿਆ ਜਾ ਸਕਦਾ ਸੀ? ਕੋਈ ਵੀ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਬਿਲਕੁਲ ਵੀ ਖੁੱਲ੍ਹੇ ਤੌਰ ਤੇ ਪਰਗਟ ਨਹੀਂ ਕੀਤਾ ਜਾਂਦਾ ਹੈ ਉਸ ਦਾ ਕਾਰਨ ਹੈ ਲੁਕਾਅ। ਇਸ ਤਰ੍ਹਾਂ, ਗੈਰ-ਵਿਸ਼ਵਾਸੀਆਂ ਦੁਆਰਾ, ਮੇਰਾ ਕੰਮ ਦੇਖਿਆ, ਜਾਣਿਆ, ਜਾਂ ਲੱਭਿਆ ਨਹੀਂ ਜਾ ਸਕਦਾ। ਜੇ ਕੰਮ ਦਾ ਇਹ ਪੜਾਅ ਉਸੇ ਤਰ੍ਹਾਂ ਕੀਤਾ ਜਾਣਾ ਸੀ ਜਿਵੇਂ ਯਿਸੂ ਨੇ ਕਿਰਪਾ ਦੇ ਯੁਗ ਵਿੱਚ ਕੀਤਾ ਸੀ, ਤਾਂ ਇਹ ਉੰਨਾ ਸਥਿਰ ਨਹੀਂ ਹੋ ਸਕਦਾ ਸੀ ਜਿੰਨਾ ਹੁਣ ਹੈ। ਇਸ ਲਈ, ਇਸ ਤਰੀਕੇ ਨਾਲ ਲੁਕ-ਛਿਪ ਕੇ ਕੰਮ ਕਰਨਾ ਤੁਹਾਡੇ ਲਈ ਅਤੇ ਸਮੁੱਚੇ ਤੌਰ ਤੇ ਕੰਮ ਦੇ ਭਲੇ ਲਈ ਹੈ। ਜਦੋਂ ਧਰਤੀ ਉੱਤੇ ਪਰਮੇਸ਼ੁਰ ਦਾ ਕੰਮ ਖਤਮ ਹੋ ਜਾਵੇਗਾ, ਭਾਵ, ਜਦੋਂ ਇਹ ਭੇਦ ਭਰਿਆ ਕੰਮ ਸਮਾਪਤ ਹੋ ਜਾਵੇਗਾ, ਤਾਂ ਕੰਮ ਦਾ ਇਹ ਪੜਾਅ ਖੁੱਲ੍ਹ ਕੇ ਸਾਹਮਣੇ ਆ ਜਾਵੇਗਾ। ਸਭ ਨੂੰ ਪਤਾ ਲੱਗ ਜਾਵੇਗਾ ਕਿ ਚੀਨ ਵਿੱਚ ਫਤਹਮੰਦਾਂ ਦਾ ਇੱਕ ਸਮੂਹ ਹੈ; ਸਭ ਨੂੰ ਪਤਾ ਲੱਗ ਜਾਵੇਗਾ ਕਿ ਦੇਹਧਾਰੀ ਹੋਇਆ ਪਰਮੇਸ਼ੁਰ ਚੀਨ ਵਿੱਚ ਹੈ ਅਤੇ ਉਸ ਦਾ ਕੰਮ ਖਤਮ ਹੋ ਗਿਆ ਹੈ। ਸਿਰਫ਼ ਉਦੋਂ ਹੀ ਮਨੁੱਖ ਨੂੰ ਇਹ ਸਮਝ ਆਵੇਗਾ ਕਿ; ਅਜਿਹਾ ਕਿਉਂ ਹੈ ਕਿ ਚੀਨ ਨੇ ਅਜੇ ਤਕ ਗਿਰਾਵਟ ਜਾਂ ਪਤਨ ਦਾ ਦਿਖਾਵਾ ਨਹੀਂ ਕੀਤਾ? ਇਹ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਵਿਅਕਤੀਗਤ ਤੌਰ ਤੇ ਚੀਨ ਵਿੱਚ ਆਪਣਾ ਕੰਮ ਪੂਰਾ ਕਰ ਰਿਹਾ ਹੈ ਅਤੇ ਲੋਕਾਂ ਦੇ ਇੱਕ ਸਮੂਹ ਨੂੰ ਫਤਹਮੰਦ ਬਣਾਉਣ ਲਈ ਸੰਪੂਰਣ ਬਣਾਇਆ ਹੈ।

ਦੇਹਧਾਰੀ ਹੋਇਆ ਪਰਮੇਸ਼ੁਰ ਖੁਦ ਨੂੰ ਸਾਰੇ ਪ੍ਰਾਣੀਆਂ ਅੱਗੇ ਨਹੀਂ, ਸਗੋਂ ਸਿਰਫ਼ ਕੁਝ ਕੁ ਲੋਕਾਂ ਅੱਗੇ ਹੀ ਪਰਗਟ ਕਰਦਾ ਹੈ ਜੋ ਇਸ ਦੌਰ ਵਿੱਚ ਉਸ ਦੇ ਪਿੱਛੇ ਚੱਲਦੇ ਹਨ ਜਦੋਂ ਉਹ ਵਿਅਕਤੀਗਤ ਤੌਰ ਤੇ ਆਪਣਾ ਕੰਮ ਕਰਦਾ ਹੈ। ਉਹ ਸਿਰਫ਼ ਆਪਣੇ ਕੰਮ ਦੇ ਇੱਕ ਪੜਾਅ ਨੂੰ ਪੂਰਾ ਕਰਨ ਲਈ ਦੇਹਧਾਰੀ ਹੋਇਆ, ਨਾ ਕਿ ਮਨੁੱਖ ਨੂੰ ਆਪਣਾ ਸਰੂਪ ਦਿਖਾਉਣ ਦੀ ਖਾਤਰ। ਜਿਵੇਂ ਵੀ ਹੋਵੇ, ਉਸ ਦਾ ਕੰਮ ਉਸੇ ਦੁਆਰਾ ਹੀ ਕੀਤਾ ਜਾਣਾ ਲਾਜ਼ਮੀ ਹੈ, ਸੋ ਉਸ ਦੇ ਲਈ ਜ਼ਰੂਰੀ ਹੈ ਕਿ ਉਹ ਅਜਿਹਾ ਸਰੀਰ ਵਿੱਚ ਕਰੇ। ਜਦੋਂ ਇਹ ਕੰਮ ਸਮਾਪਤ ਹੋ ਜਾਵੇਗਾ, ਤਾਂ ਉਹ ਮਨੁੱਖੀ ਸੰਸਾਰ ਤੋਂ ਵਿਦਾ ਹੋ ਜਾਵੇਗਾ; ਉਹ ਆਉਣ ਵਾਲੇ ਕੰਮ ਦੇ ਰਾਹ ਵਿੱਚ ਰੁਕਾਵਟ ਦੇ ਡਰੋਂ ਮਨੁੱਖਜਾਤੀ ਦਰਮਿਆਨ ਲੰਬੇ ਅਰਸੇ ਤਕ ਨਹੀਂ ਰਹਿ ਸਕਦਾ। ਉਹ ਲੋਕਾਂ ਦੀ ਭੀੜ ਨੂੰ ਜੋ ਪਰਗਟ ਕਰਦਾ ਹੈ ਉਹ ਸਿਰਫ਼ ਉਸ ਦਾ ਧਰਮੀ ਸੁਭਾਅ ਅਤੇ ਉਸ ਦੇ ਸਾਰੇ ਕੰਮ ਹਨ, ਨਾ ਕਿ ਉਸ ਦਾ ਉਹ ਸਰੂਪ ਜਦੋਂ ਉਹ ਦੋ ਵਾਰ ਦੇਹਧਾਰੀ ਹੋਇਆ ਸੀ, ਕਿਉਂਕਿ ਪਰਮੇਸ਼ੁਰ ਦਾ ਸਰੂਪ ਸਿਰਫ਼ ਉਸ ਦੇ ਸੁਭਾਅ ਦੁਆਰਾ ਹੀ ਦਿਖਾਇਆ ਜਾ ਸਕਦਾ ਹੈ, ਅਤੇ ਉਸ ਦੀ ਥਾਂ ਉਸ ਦਾ ਦੇਹਧਾਰੀ ਹੋਇਆ ਸਰੂਪ ਨਹੀਂ ਲੈ ਸਕਦਾ। ਉਸ ਦੇ ਸਰੀਰ ਦਾ ਸਰੂਪ ਸਿਰਫ਼ ਸੀਮਤ ਗਿਣਤੀ ਦੇ ਲੋਕਾਂ ਨੂੰ ਦਿਖਾਇਆ ਜਾਂਦਾ ਹੈ, ਸਿਰਫ਼ ਉਨ੍ਹਾਂ ਨੂੰ ਜੋ ਉਸ ਦੇ ਪਿੱਛੇ ਉਦੋਂ ਚੱਲਦੇ ਹਨ ਜਦੋਂ ਉਹ ਸਰੀਰ ਵਿੱਚ ਕੰਮ ਕਰਦਾ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਜੋ ਕੰਮ ਕੀਤਾ ਜਾ ਰਿਹਾ ਹੈ ਉਹ ਐਨੇ ਭੇਦ ਭਰੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ, ਜਦੋਂ ਯਿਸੂ ਨੇ ਆਪਣਾ ਕੰਮ ਕੀਤਾ, ਤਾਂ ਉਸ ਨੇ ਆਪਣੇ ਆਪ ਨੂੰ ਸਿਰਫ਼ ਯਹੂਦੀਆਂ ਨੂੰ ਦਿਖਾਇਆ ਸੀ, ਅਤੇ ਆਪਣੇ ਆਪ ਨੂੰ ਕਦੇ ਕਿਸੇ ਵੀ ਹੋਰ ਕੌਮ ਨੂੰ ਜਨਤਕ ਤੌਰ ਤੇ ਨਹੀਂ ਦਿਖਾਇਆ ਸੀ। ਸੋ, ਜਦੋਂ ਉਸ ਨੇ ਆਪਣਾ ਕੰਮ ਪੂਰਾ ਕਰ ਲਿਆ, ਤਾਂ ਉਹ ਤੁਰੰਤ ਹੀ ਮਨੁੱਖੀ ਸੰਸਾਰ ਤੋਂ ਵਿਦਾ ਹੋ ਗਿਆ ਅਤੇ ਠਹਿਰਿਆ ਨਹੀਂ; ਬਾਅਦ ਵਿੱਚ, ਇਹ ਉਹ ਨਹੀਂ ਸੀ, ਮਨੁੱਖ ਦਾ ਇਹ ਸਰੂਪ, ਜਿਸ ਨੇ ਆਪਣੇ ਆਪ ਨੂੰ ਮਨੁੱਖ ਨੂੰ ਦਿਖਾਇਆ, ਸਗੋਂ ਪਵਿੱਤਰ ਆਤਮਾ ਸੀ ਜਿਸ ਨੇ ਸਿੱਧਿਆਂ ਕੰਮ ਨੂੰ ਪੂਰਾ ਕੀਤਾ। ਜਦੋਂ ਦੇਹਧਾਰੀ ਹੋਏ ਪਰਮੇਸ਼ੁਰ ਦਾ ਕੰਮ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗਾ, ਤਾਂ ਉਹ ਨਾਸਵਾਨ ਸੰਸਾਰ ਤੋਂ ਚਲਾ ਜਾਵੇਗਾ, ਅਤੇ ਉਹ ਕਦੇ ਵੀ ਉਹੋ ਜਿਹਾ ਕੋਈ ਕੰਮ ਦੁਬਾਰਾ ਨਹੀਂ ਕਰੇਗਾ ਜੋ ਉਸ ਨੇ ਦੇਹਧਾਰੀ ਹੁੰਦਿਆਂ ਕੀਤਾ ਸੀ। ਇਸ ਤੋਂ ਬਾਅਦ, ਸਾਰਾ ਕੰਮ ਸਿੱਧਿਆਂ ਪਵਿੱਤਰ ਆਤਮਾ ਦੁਆਰਾ ਕੀਤਾ ਜਾਂਦਾ ਹੈ। ਇਸ ਅਰਸੇ ਦੌਰਾਨ, ਮਨੁੱਖ ਉਸ ਦੇ ਦੇਹਧਾਰੀ ਸਰੂਪ ਨੂੰ ਮਸਾਂ ਹੀ ਦੇਖਣ ਯੋਗ ਹੁੰਦਾ ਹੈ; ਉਹ ਆਪਣੇ ਆਪ ਨੂੰ ਮਨੁੱਖ ਨੂੰ ਬਿਲਕੁਲ ਵੀ ਨਹੀਂ ਦਿਖਾਉਂਦਾ, ਸਗੋਂ ਹਮੇਸ਼ਾ ਲੁਕਿਆ ਰਹਿੰਦਾ ਹੈ। ਦੇਹਧਾਰੀ ਹੋਏ ਪਰਮੇਸ਼ੁਰ ਦੇ ਕੰਮ ਦਾ ਸਮਾਂ ਸੀਮਤ ਹੁੰਦਾ ਹੈ। ਇਹ ਇੱਕ ਖਾਸ ਯੁਗ, ਅਰਸੇ, ਕੌਮ ਅਤੇ ਖਾਸ ਲੋਕਾਂ ਦਰਮਿਆਨ ਕੀਤਾ ਜਾਂਦਾ ਹੈ। ਇਹ ਕੰਮ ਸਿਰਫ਼ ਪਰਮੇਸ਼ੁਰ ਦੇ ਦੇਹਧਾਰਣ ਦੇ ਅਰਸੇ ਦੌਰਾਨ ਕੰਮ ਦੀ ਨੁਮਾਇੰਦਗੀ ਕਰਦਾ ਹੈ, ਅਤੇ ਉਚੇਚੇ ਤੌਰ ਤੇ ਯੁਗ ਮੁਤਾਬਕ ਹੁੰਦਾ ਹੈ; ਇਹ ਇੱਕ ਖਾਸ ਯੁਗ ਵਿੱਚ, ਪਰਮੇਸ਼ੁਰ ਦੇ ਆਤਮਾ ਦੇ ਕੰਮ ਦੀ ਨੁਮਾਇੰਦਗੀ ਕਰਦਾ ਹੈ, ਨਾ ਕਿ ਉਸ ਦੇ ਸਮੁੱਚੇ ਕੰਮ ਦੀ। ਇਸ ਲਈ, ਦੇਹਧਾਰੀ ਹੋਏ ਪਰਮੇਸ਼ੁਰ ਦਾ ਸਰੂਪ ਸਾਰੇ ਲੋਕਾਂ ਨੂੰ ਨਹੀਂ ਦਿਖਾਇਆ ਜਾਵੇਗਾ। ਜਦੋਂ ਪਰਮੇਸ਼ੁਰ ਦੋ ਵਾਰੀ ਦੇਹਧਾਰੀ ਹੋਇਆ ਤਾਂ ਭੀੜ ਨੂੰ ਉਸ ਦੇ ਸਰੂਪ ਦੀ ਬਜਾਏ, ਜੋ ਦਿਖਾਇਆ ਗਿਆ ਉਹ ਹੈ ਪਰਮੇਸ਼ੁਰ ਦੀ ਧਾਰਮਿਕਤਾ ਅਤੇ ਸਮੁੱਚੇ ਰੂਪ ਵਿੱਚ ਉਸ ਦਾ ਸੁਭਾਅ। ਇਹ ਨਾ ਤਾਂ ਇੱਕੋ-ਇੱਕ ਸਰੂਪ ਹੈ ਜੋ ਮਨੁੱਖ ਨੂੰ ਦਿਖਾਇਆ ਜਾਂਦਾ ਹੈ, ਅਤੇ ਨਾ ਹੀ ਦੋ ਸਰੂਪਾਂ ਦੇ ਮੇਲ। ਇਸ ਲਈ, ਇਹ ਜ਼ਰੂਰੀ ਹੈ ਕਿ ਪਰਮੇਸ਼ੁਰ ਦਾ ਦੇਹਧਾਰੀ ਰੂਪ ਉਸ ਕੰਮ ਦੀ ਸਮਾਪਤੀ ਤੋਂ ਬਾਅਦ ਧਰਤੀ ਤੋਂ ਚਲਾ ਜਾਵੇ ਜਿਸ ਨੂੰ ਕਰਨਾ ਉਸ ਲਈ ਜ਼ਰੂਰੀ ਹੈ, ਕਿਉਂਕਿ ਉਹ ਸਿਰਫ਼ ਉਹੀ ਕੰਮ ਕਰਨ ਲਈ ਆਉਂਦਾ ਹੈ ਜਿਸ ਨੂੰ ਕਰਨਾ ਉਸ ਦਾ ਫ਼ਰਜ਼ ਹੈ, ਨਾ ਕਿ ਲੋਕਾਂ ਨੂੰ ਆਪਣਾ ਸਰੂਪ ਦਿਖਾਉਣ ਲਈ। ਭਾਵੇਂ ਕਿ ਪਰਮੇਸ਼ੁਰ ਦੁਆਰਾ ਦੋ ਵਾਰੀ ਸਰੀਰ ਧਾਰਨ ਕਰਨ ਦੁਆਰਾ ਦੇਹਧਾਰਣ ਦੀ ਅਹਿਮੀਅਤ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਤਾਂ ਵੀ ਉਹ ਕਿਸੇ ਵੀ ਅਜਿਹੀ ਕੌਮ ਅੱਗੇ ਖੁੱਲ੍ਹ ਕੇ ਆਪਣੇ ਆਪ ਨੂੰ ਪਰਗਟ ਨਹੀਂ ਕਰੇਗਾ ਜਿਸ ਨੇ ਪਹਿਲਾਂ ਉਸ ਨੂੰ ਕਦੇ ਨਹੀਂ ਵੇਖਿਆ ਹੈ। ਯਿਸੂ ਮੁੜ ਕਦੇ ਵੀ ਆਪਣੇ ਆਪ ਨੂੰ ਧਰਮ ਦੇ ਸੂਰਜ ਵਜੋਂ ਯਹੂਦੀਆਂ ਨੂੰ ਨਹੀਂ ਵਿਖਾਏਗਾ, ਨਾ ਹੀ ਉਹ ਜ਼ੈਤੂਨ ਦੇ ਪਹਾੜ ਉੱਤੇ ਚੜ੍ਹੇਗਾ ਅਤੇ ਸਾਰੇ ਲੋਕਾਂ ਉੱਤੇ ਪਰਗਟ ਹੋਵੇਗਾ; ਯਹੂਦੀਆਂ ਨੇ ਜੋ ਵੇਖਿਆ ਹੈ, ਉਹ ਬਸ ਯਹੂਦਿਯਾ ਵਿੱਚ ਯਿਸੂ ਦੇ ਸਮੇਂ ਦੌਰਾਨ ਉਸ ਦਾ ਚਿੱਤਰ। ਅਜਿਹਾ ਇਸ ਕਰਕੇ ਹੈ ਕਿਉਂਕਿ ਯਿਸੂ ਦੇ ਦੇਹਧਾਰਣ ਵਿੱਚ ਉਸ ਦਾ ਕੰਮ ਦੋ ਹਜ਼ਾਰ ਸਾਲ ਪਹਿਲਾਂ ਖਤਮ ਹੋਇਆ ਸੀ; ਉਹ ਯਹੂਦੀ ਦੇ ਰੂਪ ਵਿੱਚ ਯਹੂਦਿਯਾ ਵਾਪਸ ਨਹੀਂ ਜਾਵੇਗਾ, ਕਿਸੇ ਵੀ ਪਰਾਈ-ਕੌਮ ਨੂੰ ਯਹੂਦੀ ਦੇ ਸਰੂਪ ਵਿੱਚ ਆਪਣੇ ਆਪ ਨੂੰ ਦਿਖਾਉਣਾ ਤਾਂ ਦੂਰ ਦੀ ਗੱਲ ਰਹੀ, ਕਿਉਂਕਿ ਦੇਹਧਾਰੀ ਹੋਏ ਯਿਸੂ ਦਾ ਸਰੂਪ ਸਿਰਫ਼ ਇੱਕ ਯਹੂਦੀ ਦਾ ਸਰੂਪ ਹੈ, ਨਾ ਕਿ ਮਨੁੱਖ ਦੇ ਪੁੱਤਰ ਦਾ ਉਹ ਸਰੂਪ ਜਿਸ ਨੂੰ ਯੂਹੰਨਾ ਨੇ ਵੇਖਿਆ। ਭਾਵੇਂ ਕਿ ਯਿਸੂ ਨੇ ਆਪਣੇ ਪਿੱਛੇ ਚੱਲਣ ਵਾਲਿਆਂ ਨੂੰ ਵਾਅਦਾ ਕੀਤਾ ਸੀ ਕਿ ਉਹ ਦੁਬਾਰਾ ਆਵੇਗਾ, ਪਰ ਉਹ ਪਰਾਈਆਂ-ਕੌਮਾਂ ਵਿਚਲੇ ਸਾਰਿਆਂ ਨੂੰ ਯਹੂਦੀ ਦੇ ਸਰੂਪ ਵਿੱਚ ਆਪਣੇ ਆਪ ਨੂੰ ਬਿਲਕੁਲ ਹੀ ਨਹੀਂ ਦਿਖਾਏਗਾ। ਤੇਰੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦੇਹਧਾਰੀ ਹੋਏ ਪਰਮੇਸ਼ੁਰ ਦਾ ਕੰਮ ਇੱਕ ਯੁਗ ਨੂੰ ਖੋਲ੍ਹਣਾ ਹੈ। ਇਹ ਕੰਮ ਕੁਝ ਕੁ ਸਾਲਾਂ ਤਕ ਹੀ ਸੀਮਤ ਹੈ, ਅਤੇ ਉਹ ਪਰਮੇਸ਼ੁਰ ਦੇ ਆਤਮਾ ਦੇ ਸਾਰੇ ਕੰਮ ਨੂੰ ਸੰਪੂਰਨ ਨਹੀਂ ਕਰ ਸਕਦਾ। ਉਸੇ ਤਰ੍ਹਾਂ, ਇੱਕ ਯਹੂਦੀ ਵਜੋਂ ਯਿਸੂ ਦਾ ਸਰੂਪ ਵੀ ਸਿਰਫ਼ ਪਰਮੇਸ਼ੁਰ ਦੇ ਉਸ ਸਰੂਪ ਦੀ ਨੁਮਾਇੰਦਗੀ ਕਰ ਸਕਦਾ ਹੈ ਜਿਵੇਂ ਉਸ ਨੇ ਯਹੂਦਿਯਾ ਵਿੱਚ ਕੰਮ ਕੀਤਾ ਸੀ, ਅਤੇ ਉਹ ਸਿਰਫ਼ ਸਲੀਬ ’ਤੇ ਲਟਕਾਏ ਜਾਣ ਦਾ ਕੰਮ ਹੀ ਕਰ ਸਕਦਾ ਸੀ। ਜਦੋਂ ਯਿਸੂ ਸਰੀਰ ਵਿੱਚ ਸੀ ਉਸ ਅਰਸੇ ਦੌਰਾਨ, ਉਹ ਯੁਗ ਦਾ ਅੰਤ ਕਰਨ ਜਾਂ ਮਨੁੱਖਜਾਤੀ ਦਾ ਨਾਸ ਕਰਨ ਦਾ ਕੰਮ ਨਹੀਂ ਕਰ ਸਕਦਾ ਸੀ। ਇਸ ਲਈ, ਜਦੋਂ ਉਸ ਨੂੰ ਸਲੀਬ ’ਤੇ ਲਟਕਾ ਦਿੱਤਾ ਗਿਆ ਸੀ ਅਤੇ ਉਸ ਨੇ ਆਪਣਾ ਕੰਮ ਪੂਰਾ ਕਰ ਲਿਆ ਸੀ, ਉਸ ਉਪਰੰਤ ਹੀ ਉਹ ਉਤਾਂਹ ਨੂੰ ਚੜ੍ਹ ਗਿਆ ਸੀ ਅਤੇ ਹਮੇਸ਼ਾ ਲਈ ਆਪਣੇ ਆਪ ਨੂੰ ਮਨੁੱਖ ਤੋਂ ਲੁਕਾ ਲਿਆ। ਉਸ ਸਮੇਂ ਤੋਂ ਬਾਅਦ, ਪਰਾਈਆਂ-ਕੌਮਾਂ ਦੇ ਉਹ ਵਫ਼ਾਦਾਰ ਵਿਸ਼ਵਾਸੀ ਪ੍ਰਭੂ ਯਿਸੂ ਦੇ ਪਰਗਟ ਹੋਣ ਨੂੰ ਦੇਖਣ ਦੇ ਯੋਗ ਨਹੀਂ ਸਨ, ਸਗੋਂ ਸਿਰਫ਼ ਉਸ ਦੇ ਚਿੱਤਰ ਨੂੰ ਦੇਖ ਸਕਦੇ ਸਨ ਜੋ ਉਨ੍ਹਾਂ ਨੇ ਦੀਵਾਰ ਉੱਤੇ ਚਿਪਕਾਇਆ ਸੀ। ਪਰ ਇਹ ਚਿੱਤਰ ਵੀ ਇੱਕ ਮਨੁੱਖ ਦੁਆਰਾ ਬਣਾਇਆ ਗਿਆ ਹੈ, ਅਤੇ ਇਹ ਉਹ ਸਰੂਪ ਨਹੀਂ ਹੈ ਜੋ ਖੁਦ ਪਰਮੇਸ਼ੁਰ ਨੇ ਮਨੁੱਖ ਨੂੰ ਦਿਖਾਇਆ ਸੀ। ਪਰਮੇਸ਼ੁਰ ਖੁੱਲ੍ਹੇ ਤੌਰ ਤੇ ਆਪਣੇ ਆਪ ਨੂੰ ਉਸ ਸਰੂਪ ਵਿੱਚ ਭੀੜ ਨੂੰ ਨਹੀਂ ਦਿਖਾਏਗਾ ਜਦੋਂ ਉਸ ਨੇ ਦੋ ਵਾਰੀ ਸਰੀਰ ਧਾਰਨ ਕੀਤਾ। ਉਹ ਮਨੁੱਖਜਾਤੀ ਦੇ ਦਰਮਿਆਨ ਜੋ ਕੰਮ ਕਰਦਾ ਹੈ ਉਸ ਦਾ ਉਦੇਸ਼ ਉਨ੍ਹਾਂ ਨੂੰ ਉਸ ਦੇ ਸੁਭਾਅ ਨੂੰ ਸਮਝਣ ਦੀ ਆਗਿਆ ਦੇਣਾ ਹੈ। ਮਨੁੱਖ ਨੂੰ ਇਹ ਸਭ ਕੁਝ ਵੱਖ-ਵੱਖ ਯੁਗਾਂ ਦੇ ਕੰਮ ਦੇ ਜ਼ਰੀਏ ਦਿਖਾਇਆ ਜਾਂਦਾ ਹੈ; ਇਹ ਉਸ ਸੁਭਾਅ ਰਾਹੀਂ ਨੇਪਰੇ ਚਾੜ੍ਹਿਆ ਜਾਂਦਾ ਹੈ ਜਿਸ ਬਾਰੇ ਉਸ ਨੇ ਜਾਣੂ ਕਰਾਇਆ ਹੈ ਅਤੇ ਉਸ ਕੰਮ ਰਾਹੀਂ ਜੋ ਉਸ ਨੇ ਕੀਤਾ ਹੈ, ਨਾ ਕਿ ਯਿਸੂ ਦੇ ਪ੍ਰਗਟ ਹੋਣ ਰਾਹੀਂ। ਕਹਿਣ ਦਾ ਭਾਵ ਇਹ ਹੈ ਕਿ, ਪਰਮੇਸ਼ੁਰ ਦਾ ਸਰੂਪ ਮਨੁੱਖ ਨੂੰ ਦੇਹਧਾਰੀ ਸਰੂਪ ਰਾਹੀਂ ਨਹੀਂ, ਬਲਕਿ ਦੇਹਧਾਰੀ ਪਰਮੇਸ਼ੁਰ ਜਿਸ ਕੋਲ ਸਰੂਪ ਅਤੇ ਅਕਾਰ ਦੋਵੇਂ ਹਨ, ਦੁਆਰਾ ਕੀਤੇ ਗਏ ਕੰਮ; ਅਤੇ ਉਸ ਦੇ ਕੰਮ ਰਾਹੀਂ ਰਾਹੀਂ ਜਾਣੂ ਕਰਾਇਆ ਜਾਂਦਾ ਹੈ, ਉਸ ਦਾ ਸਰੂਪ ਵਿਖਾਇਆ ਜਾਂਦਾ ਹੈ ਅਤੇ ਉਸ ਦੇ ਸੁਭਾਅ ਤੋਂ ਜਾਣੂ ਕਰਾਇਆ ਜਾਂਦਾ ਹੈ। ਇਹ ਉਸ ਕੰਮ ਦੀ ਅਹਿਮੀਅਤ ਹੈ ਜੋ ਉਹ ਸਰੀਰ ਵਿੱਚ ਕਰਨਾ ਚਾਹੁੰਦਾ ਹੈ।

ਜਦ ਪਰਮੇਸ਼ੁਰ ਦੇ ਦੋ ਦੇਹਧਾਰਣਾਂ ਦਾ ਕੰਮ ਖਤਮ ਹੋ ਜਾਵੇਗਾ, ਤਾਂ ਉਹ ਪਰਾਈਆਂ-ਕੌਮਾਂ ਰਾਹੀਂ ਆਪਣੇ ਧਰਮੀ ਸੁਭਾਅ ਨੂੰ ਦਿਖਾਉਣਾ ਸ਼ੁਰੂ ਕਰੇਗਾ, ਅਤੇ ਭੀੜ ਨੂੰ ਆਪਣਾ ਸਰੂਪ ਦੇਖਣ ਦੇਵੇਗਾ। ਉਹ ਆਪਣਾ ਸੁਭਾਅ ਪਰਗਟ ਕਰੇਗਾ ਅਤੇ ਇਸ ਦੇ ਜ਼ਰੀਏ ਉਹ ਮਨੁੱਖ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਅੰਤ ਨੂੰ ਸਪਸ਼ਟ ਕਰੇਗਾ, ਜਿਸ ਨਾਲ ਪੁਰਾਣੇ ਯੁਗ ਦਾ ਸਮੁੱਚੇ ਤੌਰ ਤੇ ਅੰਤ ਕਰ ਦਿੱਤਾ ਜਾਵੇਗਾ। ਸਰੀਰ ਵਿੱਚ ਉਸ ਦਾ ਕੰਮ ਦਾ ਫ਼ੈਲਾਅ ਵਿਸ਼ਾਲ ਪੱਧਰ ਤਕ ਨਹੀਂ ਹੁੰਦਾ (ਬਿਲਕੁਲ ਉਸੇ ਤਰ੍ਹਾਂ ਜਿਵੇਂ ਯਿਸੂ ਨੇ ਸਿਰਫ਼ ਯਹੂਦਿਯਾ ਵਿੱਚ ਕੰਮ ਕੀਤਾ ਸੀ, ਅਤੇ ਅੱਜ ਤੁਹਾਡੇ ਦਰਮਿਆਨ ਸਿਰਫ਼ ਮੈਂ ਕਰਦਾ ਹਾਂ) ਇਸ ਦਾ ਕਾਰਨ ਇਹ ਹੈ ਕਿਉਂਕਿ ਸਰੀਰ ਵਿੱਚ ਉਸ ਦੇ ਕੰਮ ਦੀਆਂ ਸੀਮਾਵਾਂ ਅਤੇ ਹੱਦਾਂ ਹਨ। ਉਹ ਮਹਿਜ਼ ਇੱਕ ਆਮ ਅਤੇ ਸਧਾਰਣ ਸਰੀਰ ਦੇ ਸਰੂਪ ਵਿੱਚ ਥੋੜ੍ਹੇ ਜਿਹੇ ਅਰਸੇ ਲਈ ਕੰਮ ਕਰ ਰਿਹਾ ਹੈ; ਉਹ ਇਸ ਦੇਹਧਾਰੀ ਸਰੀਰ ਦਾ ਇਸਤੇਮਾਲ ਸਦੀਪਕ ਕੰਮ ਜਾਂ ਪਰਾਈਆਂ-ਕੌਮਾਂ ਦੇ ਲੋਕਾਂ ਅੱਗੇ ਪਰਗਟ ਹੋਣ ਦਾ ਕੰਮ ਕਰਨ ਲਈ ਨਹੀਂ ਕਰ ਰਿਹਾ ਹੈ। ਸਰੀਰ ਵਿੱਚ ਕੰਮ ਸਿਰਫ਼ ਸੀਮਤ ਦਾਇਰੇ ਵਿੱਚ ਹੀ ਕੀਤਾ ਜਾ ਸਕਦਾ ਹੈ (ਜਿਵੇਂ ਕਿ ਸਿਰਫ਼ ਯਹੂਦਿਯਾ ਵਿੱਚ ਕੰਮ ਕਰਨਾ ਜਾਂ ਸਿਰਫ਼ ਤੁਹਾਡੇ ਦਰਮਿਆਨ ਕੰਮ ਕਰਨਾ), ਅਤੇ ਫਿਰ, ਇਨ੍ਹਾਂ ਸੀਮਾਵਾਂ ਦੇ ਅੰਦਰ ਕੀਤੇ ਗਏ ਕੰਮ ਦੇ ਜ਼ਰੀਏ, ਇਸ ਦੇ ਦਾਇਰੇ ਦਾ ਵਿਸਤਾਰ ਕੀਤਾ ਜਾ ਸਕਦਾ ਹੈ। ਬੇਸ਼ੱਕ, ਵਿਸਤਾਰ ਦਾ ਕੰਮ ਸਿੱਧਿਆਂ ਉਸ ਦੇ ਆਤਮਾ ਦੁਆਰਾ ਹੀ ਕੀਤਾ ਜਾਣਾ ਹੈ ਅਤੇ ਅੱਗੇ ਤੋਂ ਇਹ ਉਸ ਦੇ ਦੇਹਧਾਰੀ ਰੂਪ ਦਾ ਕੰਮ ਨਹੀਂ ਰਹੇਗਾ। ਕਿਉਂਕਿ ਸਰੀਰ ਵਿੱਚ ਕੰਮ ਦੀਆਂ ਸੀਮਾਵਾਂ ਹੁੰਦੀਆਂ ਹਨ ਅਤੇ ਇਹ ਬ੍ਰਹਿਮੰਡ ਦੇ ਸਾਰੇ ਕੋਨਿਆਂ ਤਕ ਨਹੀਂ ਫੈਲਦਾ—ਇਹ ਇਸ ਨੂੰ ਨੇਪਰੇ ਨਹੀਂ ਚੜ੍ਹਾ ਸਕਦਾ। ਸਰੀਰ ਵਿੱਚ ਕੰਮ ਦੁਆਰਾ, ਉਸ ਦਾ ਆਤਮਾ ਆਉਣ ਵਾਲੇ ਕੰਮ ਨੂੰ ਪੂਰਾ ਕਰਦਾ ਹੈ। ਇਸ ਲਈ, ਸਰੀਰ ਵਿੱਚ ਕੀਤਾ ਜਾਂਦਾ ਕੰਮ ਇੱਕ ਅਰੰਭਕ ਕਿਸਮ ਦਾ ਹੈ ਜੋ ਕੁਝ ਖਾਸ ਸੀਮਾਵਾਂ ਦੇ ਅੰਦਰ ਕੀਤਾ ਜਾਂਦਾ ਹੈ; ਇਸ ਉਪਰੰਤ, ਉਸ ਦਾ ਆਤਮਾ ਹੈ ਜੋ ਇਸ ਕੰਮ ਨੂੰ ਅੱਗੇ ਵਧਾਉਂਦਾ ਹੈ, ਅਤੇ ਇਹੀ ਨਹੀਂ ਉਹ ਅਜਿਹਾ ਇੱਕ ਫ਼ੈਲੇ ਹੋਏ ਦਾਇਰੇ ਵਿੱਚ ਕਰਦਾ ਹੈ।

ਪਰਮੇਸ਼ੁਰ ਇਸ ਧਰਤੀ ’ਤੇ ਜੋ ਕੰਮ ਕਰਨ ਲਈ ਆਉਂਦਾ ਹੈ ਉਹ ਸਿਰਫ਼ ਯੁਗ ਦਾ ਮਾਰਗ ਦਰਸ਼ਨ ਕਰਨਾ, ਇੱਕ ਨਵਾਂ ਯੁਗ ਖੋਲ੍ਹਣਾ ਅਤੇ ਪੁਰਾਣੇ ਨੂੰ ਖਤਮ ਕਰਨਾ ਹੈ। ਉਹ ਧਰਤੀ ਉੱਤੇ ਮਨੁੱਖ ਦੇ ਜੀਵਨ ਮਾਰਗ ਨੂੰ ਜੀਉਣ, ਮਨੁੱਖੀ ਸੰਸਾਰ ਦੇ ਜੀਵਨ ਵਿਚਲੇ ਉਤਰਾਅ-ਚੜ੍ਹਾਅ (ਦੁੱਖ-ਸੁੱਖ) ਦਾ ਖੁਦ ਅਨੁਭਵ ਕਰਨ, ਜਾਂ ਆਪਣੇ ਹੱਥੋਂ ਕਿਸੇ ਖਾਸ ਵਿਅਕਤੀ ਨੂੰ ਸੰਪੂਰਣ ਬਣਾਉਣ ਜਾਂ ਵਿਅਕਤੀਗਤ ਤੌਰ ਤੇ ਕਿਸੇ ਖਾਸ ਵਿਅਕਤੀ ਨੂੰ ਵੱਡੇ ਹੁੰਦਿਆਂ ਵੇਖਣ ਲਈ ਨਹੀਂ ਆਇਆ ਹੈ। ਇਹ ਉਸ ਦਾ ਕੰਮ ਨਹੀਂ; ਉਸ ਦਾ ਕੰਮ ਸਿਰਫ਼ ਨਵੇਂ ਯੁਗ ਦੀ ਸ਼ੁਰੂਆਤ ਕਰਨਾ ਅਤੇ ਪੁਰਾਣੇ ਦਾ ਅੰਤ ਕਰਨਾ ਹੈ। ਭਾਵ ਇਹ ਕਿ, ਉਹ ਖੁਦ ਇੱਕ ਯੁਗ ਦੀ ਸ਼ੁਰੂਆਤ ਕਰੇਗਾ, ਖੁਦ ਹੀ ਦੂਜੇ ਦਾ ਅੰਤ ਕਰੇਗਾ, ਅਤੇ ਖੁਦ ਹੀ ਆਪਣਾ ਕੰਮ ਕਰਦੇ ਹੋਏ ਸ਼ਤਾਨ ਨੂੰ ਹਰਾਵੇਗਾ। ਹਰ ਵਾਰ ਜਦੋਂ ਵੀ ਉਹ ਆਪਣਾ ਕੰਮ ਖੁਦ ਕਰਦਾ ਹੈ, ਤਾਂ ਇਹ ਇੰਝ ਹੁੰਦਾ ਹੈ ਜਿਵੇਂ ਉਹ ਯੁੱਧ ਦੇ ਮੈਦਾਨ ਵਿੱਚ ਪੈਰ ਧਰ ਰਿਹਾ ਹੋਵੇ। ਸਭ ਤੋਂ ਪਹਿਲਾਂ, ਸਰੀਰ ਵਿੱਚ ਹੋਣ ਦੌਰਾਨ ਉਹ ਸੰਸਾਰ ਨੂੰ ਫਤਿਹ ਕਰਦਾ ਹੈ ਅਤੇ ਸ਼ਤਾਨ ਉੱਤੇ ਜਿੱਤ ਪਾਉਂਦਾ ਹੈ; ਉਹ ਸਾਰੀ ਮਹਿਮਾ ਨੂੰ ਆਪਣੇ ਅਧਿਕਾਰ ਵਿੱਚ ਲੈਂਦਾ ਹੈ ਅਤੇ ਦੋ ਹਜ਼ਾਰ ਸਾਲਾਂ ਦੇ ਸਮੁੱਚੇ ਕੰਮ ਤੋਂ ਪਰਦਾ ਉਠਾਉਂਦਾ ਹੈ, ਤਾਂ ਜੋ ਇਸੇ ਤਰ੍ਹਾਂ ਹੋਵੇ ਕਿ ਧਰਤੀ ਉੱਤੇ ਸਭ ਲੋਕਾਂ ਕੋਲ ਤੁਰਨ ਲਈ ਸਹੀ ਰਾਹ ਹੋਵੇ ਤੇ ਜੀਉਣ ਲਈ ਸ਼ਾਂਤੀ ਤੇ ਖੁਸ਼ੀ ਭਰਿਆ ਜੀਵਨ ਹੋਵੇ। ਪਰ, ਪਰਮੇਸ਼ੁਰ ਧਰਤੀ ਉੱਤੇ ਮਨੁੱਖ ਨਾਲ ਲੰਮੇ ਸਮੇਂ ਤਕ ਨਹੀਂ ਰਹਿ ਸਕਦਾ, ਕਿਉਂਕਿ ਪਰਮੇਸ਼ੁਰ ਪਰਮੇਸ਼ੁਰ ਹੈ, ਅਤੇ ਆਖਰਕਾਰ ਮਨੁੱਖ ਨਾਲੋਂ ਵੱਖਰਾ ਹੈ। ਉਹ ਸਧਾਰਣ ਵਿਅਕਤੀ ਵਾਲਾ ਜੀਵਨ ਨਹੀਂ ਜੀ ਸਕਦਾ, ਭਾਵ, ਉਹ ਧਰਤੀ ਉੱਤੇ ਅਜਿਹੇ ਵਿਅਕਤੀ ਵਾਂਗ ਵਾਸ ਨਹੀਂ ਕਰ ਸਕਦਾ ਜੋ ਬਿਲਕੁਲ ਹੀ ਆਮ ਹੈ, ਕਿਉਂਕਿ ਉਸ ਕੋਲ ਸਿਰਫ਼ ਆਪਣੇ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਲਈ ਕਿਸੇ ਸਧਾਰਣ ਮਨੁੱਖ ਦੇ ਸਧਾਰਣ ਮਨੁੱਖੀ ਸੁਭਾਅ ਦਾ ਬਹੁਤ ਹੀ ਮਾਮੂਲੀ ਜਿਹਾ ਹਿੱਸਾ ਹੈ। ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਧਰਤੀ ਉੱਤੇ ਇੱਕ ਪਰਿਵਾਰ ਕਿਵੇਂ ਸ਼ੁਰੂ ਕਰ ਸਕਦਾ ਹੈ, ਉਸ ਦਾ ਕੋਈ ਕੈਰੀਅਰ ਕਿਵੇਂ ਹੋ ਸਕਦਾ ਹੈ ਤੇ ਬੱਚਿਆਂ ਨੂੰ ਕਿਵੇਂ ਪਾਲ ਸਕਦਾ ਹੈ? ਕੀ ਇਹ ਉਸ ਪ੍ਰਤੀ ਨਿਰਾਦਰ ਨਹੀਂ ਹੋਵੇਗਾ? ਉਹ ਸਧਾਰਣ ਮਨੁੱਖੀ ਸੁਭਾਅ ਨਾਲ ਸੰਪੰਨ ਸਿਰਫ਼ ਇਸ ਉਦੇਸ਼ ਕਰਕੇ ਹੈ ਕਿ ਉਹ ਆਮ ਤਰੀਕੇ ਨਾਲ ਕੰਮ ਕਰ ਸਕੇ, ਨਾ ਕਿ ਉਹ ਕਿਸੇ ਸਧਾਰਣ ਵਿਅਕਤੀ ਵਾਂਗ ਪਰਿਵਾਰ ਅਤੇ ਕੈਰੀਅਰ ਬਣਾਉਣ ਦੇ ਯੋਗ ਹੋ ਸਕੇ। ਉਸ ਦਾ ਸਧਾਰਣ ਅਹਿਸਾਸ, ਸਧਾਰਣ ਮਨ, ਅਤੇ ਉਸ ਦੇ ਸਰੀਰ ਦਾ ਸਧਾਰਣ ਵਾਂਗ ਖਾਣਾ ਤੇ ਪਹਿਨਣਾ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ ਉਸ ਕੋਲ ਸਧਾਰਣ ਮਨੁੱਖੀ ਸੁਭਾਅ ਹੈ; ਇਹ ਸਾਬਤ ਕਰਨ ਲਈ ਉਸ ਨੂੰ ਪਰਿਵਾਰ ਜਾਂ ਕੈਰੀਅਰ ਬਣਾਉਣ ਦੀ ਲੋੜ ਨਹੀਂ ਹੈ ਕਿ ਉਸ ਨੂੰ ਸਧਾਰਣ ਮਨੁੱਖੀ ਸੁਭਾਅ ਪ੍ਰਦਾਨ ਕੀਤਾ ਗਿਆ ਹੈ। ਇਹ ਬਿਲਕੁਲ ਹੀ ਬੇਲੋੜਾ ਹੋਵੇਗਾ! ਪਰਮੇਸ਼ੁਰ ਦਾ ਧਰਤੀ ’ਤੇ ਆਉਣਾ ਵਚਨ ਦਾ ਦੇਹਧਾਰੀ ਹੋਣਾ ਹੈ; ਉਹ ਬਸ ਮਨੁੱਖ ਨੂੰ ਉਸ ਦੇ ਵਚਨ ਨੂੰ ਸਮਝਣ ਅਤੇ ਉਸ ਦੇ ਵਚਨ ਨੂੰ ਵੇਖਣ ਦੀ ਆਗਿਆ ਦੇ ਰਿਹਾ ਹੈ, ਭਾਵ ਇਹ ਕਿ, ਮਨੁੱਖ ਨੂੰ ਸਰੀਰ ਦੁਆਰਾ ਕੀਤੇ ਕੰਮ ਨੂੰ ਵੇਖਣ ਦੀ ਆਗਿਆ ਦੇ ਰਿਹਾ ਹੈ। ਉਸ ਦਾ ਇਰਾਦਾ ਇਹ ਨਹੀਂ ਹੈ ਕਿ ਲੋਕ ਉਸ ਦੇ ਸਰੀਰ ਨਾਲ ਕਿਸੇ ਖਾਸ ਤਰੀਕੇ ਨਾਲ ਪੇਸ਼ ਆਉਣ, ਬਲਕਿ ਸਿਰਫ਼ ਇਹ ਹੈ ਕਿ ਮਨੁੱਖ ਅੰਤ ਤਕ ਆਗਿਆਕਾਰੀ ਰਹੇ, ਭਾਵ, ਉਸ ਦੇ ਮੁਖੋਂ ਨਿਕਲਣ ਵਾਲੇ ਸਾਰੇ ਵਚਨਾਂ ਦਾ ਆਗਿਆ ਪਾਲਣ ਕਰੇ, ਅਤੇ ਉਹ ਜੋ ਵੀ ਕੰਮ ਕਰਦਾ ਹੈ ਉਸ ਦੇ ਅਧੀਨ ਹੋਵੇ। ਉਹ ਸਿਰਫ਼ ਸਰੀਰ ਵਿੱਚ ਕੰਮ ਕਰ ਰਿਹਾ ਹੈ; ਉਹ ਜਾਣ-ਬੁੱਝ ਕੇ ਮਨੁੱਖ ਨੂੰ ਉਸ ਦੇ ਸਰੀਰ ਦੀ ਮਹਾਨਤਾ ਅਤੇ ਪਵਿੱਤਰਤਾ ਨੂੰ ਉਚਿਆਉਣ ਲਈ ਨਹੀਂ ਕਹਿ ਰਿਹਾ, ਬਲਕਿ ਇਸ ਦੀ ਬਜਾਏ ਮਨੁੱਖ ਨੂੰ ਆਪਣੇ ਕੰਮ ਦੀ ਬੁੱਧ ਅਤੇ ਉਹ ਸਾਰਾ ਅਧਿਕਾਰ ਦਿਖਾ ਰਿਹਾ ਹੈ ਜੋ ਉਸ ਕੋਲ ਹੈ। ਇਸ ਲਈ, ਭਾਵੇਂ ਕਿ ਉਸ ਦਾ ਮਨੁੱਖੀ ਸੁਭਾਅ ਉੱਤਮ ਹੈ, ਪਰ ਉਹ ਕੋਈ ਘੋਸ਼ਣਾਵਾਂ ਨਹੀਂ ਕਰਦਾ, ਅਤੇ ਸਿਰਫ਼ ਉਸ ਕੰਮ ’ਤੇ ਧਿਆਨ ਲਗਾਉਂਦਾ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਸਰੀਰ ਕਿਉਂ ਧਾਰਨ ਕੀਤਾ ਅਤੇ ਫਿਰ ਉਹ ਆਪਣੇ ਸਧਾਰਣ ਮਨੁੱਖੀ ਸੁਭਾਅ ਦਾ ਪ੍ਰਚਾਰ ਨਹੀਂ ਕਰਦਾ ਜਾਂ ਉਸ ਦੀ ਗਵਾਹੀ ਨਹੀਂ ਦਿੰਦਾ ਹੈ, ਸਗੋਂ ਇਸ ਦੀ ਬਜਾਏ ਉਹ ਬਸ, ਉਹ ਕੰਮ ਕਰਦਾ ਹੈ ਜੋ ਉਹ ਕਰਨਾ ਚਾਹੁੰਦਾ ਹੈ। ਇਸ ਲਈ, ਤੁਸੀਂ ਦੇਹਧਾਰੀ ਪਰਮੇਸ਼ੁਰ ਤੋਂ ਜੋ ਵੀ ਵੇਖ ਸਕਦੇ ਹੋ ਉਹ ਸਿਰਫ਼ ਇਹ ਕਿ ਉਹ ਈਸ਼ਵਰੀ ਰੂਪ ਵਿੱਚ ਕਿਵੇਂ ਹੈ; ਅਜਿਹਾ ਇਸ ਕਰਕੇ ਹੈ ਕਿਉਂਕਿ ਉਹ ਕਦੇ ਵੀ ਇਹ ਡੌਂਡੀ ਨਹੀਂ ਪਿਟਦਾ ਕਿ ਉਹ ਮਨੁੱਖੀ ਰੂਪ ਵਿੱਚ ਕਿਹੋ ਜਿਹਾ ਹੈ ਤਾਂ ਜੋ ਮਨੁੱਖ ਉਸ ਦੀ ਰੀਸ ਕਰ ਸਕੇ। ਸਿਰਫ਼ ਜਦੋਂ ਮਨੁੱਖ ਲੋਕਾਂ ਦੀ ਅਗਵਾਈ ਕਰਦਾ ਹੈ ਤਾਂ ਉਹ ਹੀ ਇਸ ਬਾਰੇ ਗੱਲ ਕਰਦਾ ਹੈ ਕਿ ਉਹ ਮਨੁੱਖੀ ਰੂਪ ਵਿੱਚ ਕਿਹੋ ਜਿਹਾ ਹੈ, ਤਾਂ ਜੋ ਉਹ ਉਨ੍ਹਾਂ ਦੀ ਪ੍ਰਸ਼ੰਸਾ ਅਤੇ ਅਧੀਨਗੀ ਬਿਹਤਰ ਢੰਗ ਨਾਲ ਪ੍ਰਾਪਤ ਕਰ ਸਕੇ ਅਤੇ ਇਸ ਤਰ੍ਹਾਂ ਹੋਰਨਾਂ ਦੀ ਅਗਵਾਈ ਪ੍ਰਾਪਤ ਕਰ ਸਕੇ। ਇਸ ਦੇ ਉਲਟ, ਪਰਮੇਸ਼ੁਰ ਮਨੁੱਖ ਨੂੰ ਸਿਰਫ਼ ਆਪਣੇ ਕੰਮ (ਭਾਵ, ਮਨੁੱਖ ਲਈ ਪ੍ਰਾਪਤੀ ਦੇ ਅਯੋਗ ਕੰਮ) ਦੁਆਰਾ ਹੀ ਜਿੱਤਦਾ ਹੈ; ਇਸ ਦਾ ਕੋਈ ਪ੍ਰਸ਼ਨ ਹੀ ਨਹੀਂ ਉੱਠਦਾ ਕਿ ਮਨੁੱਖ ਪਰਮੇਸ਼ੁਰ ਦੀ ਹੋਂਦ ਦੀ ਪ੍ਰਸ਼ੰਸਾ ਕਰੇ ਜਾਂ ਮਨੁੱਖ ਤੋਂ ਪਰਮੇਸ਼ੁਰ ਦਾ ਸਤਿਕਾਰ ਕਰਾਇਆ ਜਾਵੇ। ਪਰਮੇਸ਼ੁਰ ਜੋ ਕੁਝ ਵੀ ਕਰਦਾ ਹੈ ਬਸ ਮਨੁੱਖ ਵਿੱਚ ਉਸ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਜਾਂ ਉਸ ਦੇ ਕਲਪਨਾ ਤੋਂ ਪਰੇ ਹੋਣ ਦਾ ਅਹਿਸਾਸ ਪੈਦਾ ਕਰਨ ਲਈ ਕਰਦਾ ਹੈ। ਪਰਮੇਸ਼ੁਰ ਨੂੰ ਕੋਈ ਲੋੜ ਨਹੀਂ ਕਿ ਉਹ ਮਨੁੱਖ ’ਤੇ ਪ੍ਰਭਾਵ ਪਾਏ; ਉਹ ਸਿਰਫ਼ ਇਹ ਚਾਹੁੰਦਾ ਹੈ ਕਿ ਇੱਕ ਵਾਰ ਜਦੋਂ ਤੂੰ ਉਸ ਦੇ ਸੁਭਾਅ ਦਾ ਗਵਾਹ ਬਣ ਗਿਆ ਹੋਵੇਂ ਤਾਂ ਉਸ ਦਾ ਆਦਰ ਕਰੇਂ। ਪਰਮੇਸ਼ੁਰ ਜੋ ਕੰਮ ਕਰਦਾ ਹੈ ਉਹ ਉਸ ਦਾ ਆਪਣਾ ਕੰਮ ਹੈ; ਇਹ ਉਸ ਦੀ ਥਾਂ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ, ਨਾ ਹੀ ਮਨੁੱਖ ਦੁਆਰਾ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਿਰਫ਼ ਖੁਦ ਪਰਮੇਸ਼ੁਰ ਹੀ ਆਪਣਾ ਖੁਦ ਦਾ ਕੰਮ ਕਰ ਸਕਦਾ ਹੈ ਅਤੇ ਮਨੁੱਖ ਦੀ ਨਵੀਂ ਜੀਵਨ ਜਾਚ ਵੱਲ ਅਗਵਾਈ ਕਰਨ ਲਈ ਨਵੇਂ ਯੁਗ ਦਾ ਅਰੰਭ ਕਰ ਸਕਦਾ ਹੈ। ਬਾਕੀ ਬਚਿਆ ਕੰਮ ਉਨ੍ਹਾਂ ਸਧਾਰਨ ਮਨੁੱਖੀ ਸੁਭਾਅ ਵਾਲਿਆਂ ਨੂੰ ਸੌਂਪ ਦਿੱਤਾ ਜਾਂਦਾ ਹੈ ਜਿਸ ਦੀ ਦੂਜੇ ਲੋਕ ਪ੍ਰਸ਼ੰਸਾ ਕਰਦੇ ਹਨ। ਇਸ ਲਈ, ਕਿਰਪਾ ਦੇ ਯੁਗ ਵਿੱਚ, ਉਸ ਨੇ ਆਪਣੇ ਸਰੀਰ ਵਿੱਚ ਤੇਤੀ ਸਾਲਾਂ ਵਿੱਚੋਂ ਸਿਰਫ਼ ਸਾਢੇ ਤਿੰਨ ਸਾਲਾਂ ਵਿੱਚ ਦੋ ਹਜ਼ਾਰ ਸਾਲਾਂ ਦਾ ਕੰਮ ਪੂਰਾ ਕੀਤਾ। ਜਦੋਂ ਪਰਮੇਸ਼ੁਰ ਆਪਣੇ ਕੰਮ ਨੂੰ ਪੂਰਾ ਕਰਨ ਲਈ ਧਰਤੀ ’ਤੇ ਆਉਂਦਾ ਹੈ, ਤਾਂ ਉਹ ਹਮੇਸ਼ਾ ਕੁਝ ਕੁ ਸਾਲਾਂ ਦੇ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਦੋ ਹਜ਼ਾਰ ਸਾਲਾਂ ਜਾਂ ਸਮੁੱਚੇ ਯੁਗ ਦੇ ਕੰਮ ਨੂੰ ਪੂਰਾ ਕਰਦਾ ਹੈ। ਉਹ ਦੇਰ ਨਹੀਂ ਕਰਦਾ, ਤੇ ਉਹ ਰੁਕਾਵਟ ਨਹੀਂ ਪਾਉਂਦਾ; ਉਹ ਮਹਿਜ਼ ਅਨੇਕਾਂ ਸਾਲਾਂ ਦੇ ਕੰਮ ਨੂੰ ਸੰਘਣਾ ਕਰ ਦਿੰਦਾ ਹੈ ਤਾਂ ਜੋ ਇਹ ਕੁਝ ਹੀ ਸਾਲਾਂ ਦੇ ਅੰਦਰ ਪੂਰਾ ਹੋ ਜਾਵੇ। ਅਜਿਹਾ ਇਸ ਲਈ ਹੈ ਕਿਉਂਕਿ ਉਹ ਜੋ ਕੰਮ ਵਿਅਕਤੀਗਤ ਰੂਪ ਵਿੱਚ ਕਰਦਾ ਹੈ ਉਹ ਸਮੁੱਚੇ ਤੌਰ ਤੇ ਇੱਕ ਨਵਾਂ ਰਾਹ ਖੋਲ੍ਹਣ ਅਤੇ ਇੱਕ ਨਵੇਂ ਯੁਗ ਦੀ ਅਗਵਾਈ ਕਰਨ ਲਈ ਹੁੰਦਾ ਹੈ।

ਪਿਛਲਾ: ਦੇਹਧਾਰਣ ਦਾ ਰਹੱਸ (1)

ਅਗਲਾ: ਦੇਹਧਾਰਣ ਦਾ ਰਹੱਸ (3)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ