ਮੁਕਤੀਦਾਤਾ ਪਹਿਲਾਂ ਹੀ “ਚਿੱਟੇ ਬੱਦਲ” ਉੱਤੇ ਸਵਾਰ ਹੋ ਕੇ ਵਾਪਸ ਆ ਚੁੱਕਿਆ ਹੈ

ਕਈ ਹਜ਼ਾਰਾਂ ਸਾਲਾਂ ਤੋਂ, ਮਨੁੱਖ ਇਸ ਗੱਲ ਦੀ ਤਾਂਘ ਕਰਦਾ ਆਇਆ ਹੈ ਕਿ ਉਹ ਮੁਕਤੀਦਾਤੇ ਦੀ ਆਮਦ ਦਾ ਗਵਾਹ ਬਣ ਸਕੇ। ਮਨੁੱਖ ਮੁਕਤੀਦਾਤੇ ਯਿਸੂ ਨੂੰ ਪ੍ਰਤੱਖ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਉਨ੍ਹਾਂ ਲੋਕਾਂ ਦੇ ਵਿਚਕਾਰ ਉੱਤਰਦਿਆਂ ਵੇਖਣ ਦੀ ਤਾਂਘ ਵਿੱਚ ਰਿਹਾ ਹੈ ਜਿਹੜੇ ਹਜ਼ਾਰਾਂ ਸਾਲਾਂ ਤੋਂ ਉਸ ਦੇ ਲਈ ਲਾਲਸਾ ਅਤੇ ਤਾਂਘ ਲਾਈ ਬੈਠੇ ਹਨ। ਮਨੁੱਖ ਨੂੰ ਮੁਕਤੀਦਾਤੇ ਦੇ ਵਾਪਸ ਆਉਣ ਦੀ ਅਤੇ ਉਸ ਦੇ ਨਾਲ ਫਿਰ ਮਿਲਣ ਦੀ ਵੀ ਤਾਂਘ ਰਹੀ ਹੈ; ਅਰਥਾਤ, ਉਹ ਉਸ ਮੁਕਤੀਦਾਤੇ ਯਿਸੂ ਦੀ ਤਾਂਘ ਵਿੱਚ ਹੈ ਜਿਸ ਨੂੰ ਲੋਕਾਂ ਤੋਂ ਜੁਦਾ ਹੋਏ ਨੂੰ ਹਜ਼ਾਰਾਂ ਸਾਲ ਹੋ ਚੁੱਕੇ ਹਨ, ਕਿ ਉਹ ਵਾਪਸ ਮੁੜੇ ਅਤੇ ਛੁਟਕਾਰੇ ਦੇ ਉਸੇ ਕੰਮ ਨੂੰ ਦੁਬਾਰਾ ਪੂਰਾ ਕਰੇ ਜਿਹੜਾ ਉਸ ਨੇ ਯਹੂਦੀਆਂ ਦੇ ਵਿਚਕਾਰ ਕੀਤਾ ਸੀ, ਉਹ ਮਨੁੱਖ ਦੇ ਪ੍ਰਤੀ ਤਰਸ ਅਤੇ ਪ੍ਰੇਮ ਵਿਖਾਵੇ, ਅਤੇ ਮਨੁੱਖ ਦੇ ਪਾਪਾਂ ਨੂੰ ਮਾਫ਼ ਕਰੇ ਅਤੇ ਮਨੁੱਖ ਦੇ ਪਾਪਾਂ ਨੂੰ ਚੁੱਕ ਲਵੇ, ਬਲਕਿ ਮਨੁੱਖ ਦੇ ਸਭ ਅਪਰਾਧਾਂ ਨੂੰ ਵੀ ਚੁੱਕ ਲਵੇ ਅਤੇ ਮਨੁੱਖ ਨੂੰ ਪਾਪ ਤੋਂ ਛੁਡਾਵੇ। ਮਨੁੱਖ ਦੇ ਮਨ ਵਿੱਚ ਜਿਹੜੀ ਤਾਂਘ ਹੈ ਉਹ ਇਹ ਹੈ ਕਿ ਉਹ ਪਹਿਲਾਂ ਵਾਲਾ ਮੁਕਤੀਦਾਤਾ ਯਿਸੂ ਹੀ ਹੋਵੇ—ਉਹ ਮੁਕਤੀਦਾਤਾ ਜਿਹੜਾ ਪਿਆਰਾ, ਦਿਆਲੂ ਅਤੇ ਸਤਿਕਾਰਯੋਗ ਹੈ, ਜਿਹੜਾ ਮਨੁੱਖ ਉੱਤੇ ਕਦੇ ਕ੍ਰੋਧਵਾਨ ਨਹੀਂ ਹੁੰਦਾ, ਅਤੇ ਜਿਹੜਾ ਮਨੁੱਖ ਨੂੰ ਕਦੇ ਉਲਾਹਮਾ ਨਹੀਂ ਦਿੰਦਾ, ਸਗੋਂ ਮਨੁੱਖ ਨੂੰ ਮਾਫ਼ ਕਰਦਾ ਹੈ ਅਤੇ ਮਨੁੱਖ ਦੇ ਸਭ ਪਾਪਾਂ ਨੂੰ ਆਪਣੇ ਉੱਤੇ ਲੈ ਲੈਂਦਾ ਹੈ, ਅਤੇ ਜਿਹੜਾ ਪਹਿਲਾਂ ਵਾਂਗ ਹੀ, ਮਨੁੱਖ ਦੇ ਲਈ ਸਲੀਬ ਉੱਤੇ ਜਾਨ ਵੀ ਦੇਵੇ। ਜਦੋਂ ਦਾ ਯਿਸੂ ਗਿਆ, ਉਹ ਚੇਲੇ ਜਿਹੜੇ ਉਸ ਦੇ ਪਿੱਛੇ ਚੱਲਦੇ ਸਨ, ਅਤੇ ਨਾਲ ਹੀ ਉਹ ਸਭ ਸੰਤ ਜਿਹੜੇ ਉਸ ਦੇ ਨਾਮ ਵਿੱਚ ਬਚਾਏ ਗਏ ਸਨ, ਬੜੀ ਵਿਆਕੁਲਤਾ ਨਾਲ ਉਸ ਦੇ ਆਉਣ ਦੀ ਲਾਲਸਾ ਅਤੇ ਉਡੀਕ ਕਰਦੇ ਆ ਰਹੇ ਹਨ। ਉਹ ਸਭ ਜਿਹੜੇ ਕਿਰਪਾ ਦੇ ਯੁਗ ਦੇ ਦੌਰਾਨ ਯਿਸੂ ਮਸੀਹ ਦੀ ਕਿਰਪਾ ਦੇ ਦੁਆਰਾ ਬਚਾਏ ਗਏ ਸਨ, ਅੰਤ ਸਮੇਂ ਦੇ ਉਸ ਵੱਡੇ ਅਨੰਦ ਵਾਲੇ ਦਿਨ ਦੀ ਤਾਂਘ ਵਿੱਚ ਹਨ ਜਦੋਂ ਮੁਕਤੀਦਾਤਾ ਯਿਸੂ ਸਭਨਾਂ ਲੋਕਾਂ ਦੇ ਸਾਹਮਣੇ ਪਰਗਟ ਹੋਣ ਲਈ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਉੱਤਰੇਗਾ। ਨਿਸ਼ਚਿਤ ਤੌਰ ’ਤੇ ਇਹ ਉਨ੍ਹਾਂ ਸਭਨਾਂ ਦੀ ਵੀ ਸਾਂਝੀ ਇੱਛਾ ਹੈ ਜਿਹੜੇ ਅੱਜ ਮੁਕਤੀਦਾਤਾ ਯਿਸੂ ਦੇ ਨਾਮ ਨੂੰ ਸਵੀਕਾਰ ਕਰਦੇ ਹਨ। ਜਗਤ ਦਾ ਹਰੇਕ ਉਹ ਮਨੁੱਖ ਜਿਹੜਾ ਮੁਕਤੀਦਾਤਾ ਯਿਸੂ ਦੀ ਮੁਕਤੀ ਬਾਰੇ ਜਾਣਦਾ ਹੈ, ਬੜੀ ਬੇਸਬਰੀ ਨਾਲ ਯਿਸੂ ਮਸੀਹ ਦੀ ਤਾਂਘ ਕਰ ਰਿਹਾ ਹੈ ਕਿ ਯਿਸੂ ਅਚਾਨਕ ਆ ਜਾਵੇ ਅਤੇ ਜੋ ਉਸ ਨੇ ਧਰਤੀ ’ਤੇ ਰਹਿੰਦਿਆਂ ਕਿਹਾ ਸੀ ਉਸ ਨੂੰ ਪੂਰਾ ਕਰੇ: “ਮੈਂ ਜਿਵੇਂ ਜਾ ਰਿਹਾ ਹਾਂ, ਉਸੇ ਤਰ੍ਹਾਂ ਵਾਪਸ ਆਵਾਂਗਾ।” ਮਨੁੱਖ ਦਾ ਵਿਸ਼ਵਾਸ ਹੈ ਕਿ, ਯਿਸੂ ਆਪਣੇ ਸਲੀਬ ਚੜ੍ਹਾਏ ਜਾਣ ਅਤੇ ਜੀਅ ਉੱਠਣ ਤੋਂ ਬਾਅਦ, ਅੱਤ ਮਹਾਨ ਦੇ ਸੱਜੇ ਹੱਥ ਆਪਣਾ ਸਥਾਨ ਗ੍ਰਹਿਣ ਕਰਨ ਲਈ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਸਵਰਗ ਨੂੰ ਵਾਪਸ ਗਿਆ ਸੀ। ਯਿਸੂ ਫਿਰ ਉਸੇ ਤਰ੍ਹਾਂ, ਚਿੱਟੇ ਬੱਦਲ ਉੱਤੇ ਸਵਾਰ ਹੋ ਕੇ (ਇਹ ਬੱਦਲ ਉਹੀ ਬੱਦਲ ਹੈ ਜਿਸ ਉੱਤੇ ਸਵਾਰ ਹੋ ਕੇ ਯਿਸੂ ਸਵਰਗ ਨੂੰ ਵਾਪਸ ਗਿਆ ਸੀ), ਉਨ੍ਹਾਂ ਲੋਕਾਂ ਦਰਮਿਆਨ ਉੱਤਰੇਗਾ ਜਿਹੜੇ ਹਜ਼ਾਰਾਂ ਸਾਲਾਂ ਤੋਂ ਬੇਸਬਰੀ ਨਾਲ ਉਸ ਦੀ ਤਾਂਘ ਵਿੱਚ ਹਨ, ਅਤੇ ਉਹ ਯਹੂਦੀਆਂ ਦਾ ਸਰੂਪ ਧਾਰੇਗਾ ਅਤੇ ਯਹੂਦੀਆਂ ਦਾ ਪਹਿਰਾਵਾ ਪਹਿਨੇਗਾ। ਮਨੁੱਖ ਉੱਤੇ ਪਰਗਟ ਹੋਣ ਤੋਂ ਬਾਅਦ, ਉਹ ਉਨ੍ਹਾਂ ਨੂੰ ਭੋਜਨ ਬਖਸ਼ੇਗਾ, ਅਤੇ ਉਨ੍ਹਾਂ ਦੇ ਲਈ ਜੀਉਂਦੇ ਪਾਣੀ ਦੇ ਸੋਮੇ ਵਹਾਏਗਾ, ਅਤੇ ਕਿਰਪਾ ਅਤੇ ਪ੍ਰੇਮ ਨਾਲ ਭਰਪੂਰ ਹੋ ਕੇ, ਪ੍ਰਤੱਖ ਅਤੇ ਸਜੀਵ ਰੂਪ ਵਿੱਚ ਮਨੁੱਖਾਂ ਦੇ ਦਰਮਿਆਨ ਰਹੇਗਾ। ਇਹੀ ਉਹ ਸਭ ਧਾਰਣਾਵਾਂ ਹਨ ਜਿਨ੍ਹਾਂ ਉੱਤੇ ਲੋਕ ਵਿਸ਼ਵਾਸ ਕਰਦੇ ਹਨ। ਪਰ ਮੁਕਤੀਦਾਤਾ ਯਿਸੂ ਨੇ ਇੰਝ ਨਹੀਂ ਕੀਤਾ; ਬਲਕਿ ਉਸ ਨੇ ਮਨੁੱਖ ਦੀ ਸੋਚ ਦੇ ਬਿਲਕੁਲ ਉਲਟ ਕੀਤਾ। ਉਹ ਉਨ੍ਹਾਂ ਵਿਚਕਾਰ ਨਹੀਂ ਆਇਆ ਜਿਹੜੇ ਉਸ ਦੇ ਵਾਪਸ ਆਉਣ ਦੀ ਤਾਂਘ ਰੱਖੀ ਬੈਠੇ ਸਨ, ਅਤੇ ਉਹ ਚਿੱਟੇ ਬੱਦਲ ਉੱਤੇ ਸਵਾਰ ਹੋ ਕੇ ਸਭਨਾਂ ਲੋਕਾਂ ਉੱਤੇ ਪਰਗਟ ਨਹੀਂ ਹੋਇਆ। ਉਹ ਪਹਿਲਾਂ ਹੀ ਆ ਚੁੱਕਿਆ ਹੈ, ਪਰ ਮਨੁੱਖ ਉਸ ਨੂੰ ਨਹੀਂ ਜਾਣਦਾ ਅਤੇ ਉਸ ਤੋਂ ਅਣਜਾਣ ਹੀ ਰਹਿੰਦਾ ਹੈ। ਮਨੁੱਖ ਬਸ ਬਿਨਾਂ ਕਿਸੇ ਮਕਸਦ ਦੇ ਉਸ ਦੀ ਉਡੀਕ ਕਰ ਰਿਹਾ ਹੈ, ਅਤੇ ਇਸ ਗੱਲ ਤੋਂ ਅਣਜਾਣ ਹੈ ਕਿ ਉਹ ਪਹਿਲਾਂ ਹੀ “ਚਿੱਟੇ ਬੱਦਲ” ਉੱਤੇ ਸਵਾਰ ਹੋ ਕੇ ਆ ਚੁੱਕਿਆ ਹੈ (ਉਹ ਬੱਦਲ ਜਿਹੜਾ ਉਸ ਦਾ ਆਤਮਾ, ਉਸ ਦੇ ਵਚਨ, ਉਸ ਦਾ ਸਮੁੱਚਾ ਸੁਭਾਅ ਅਤੇ ਉਸ ਦੀ ਸਮੁੱਚਤਾਈ ਹੈ), ਅਤੇ ਇਸ ਸਮੇਂ ਉਹ ਉਨ੍ਹਾਂ ਭਾਵੀ ਫ਼ਤਹਮੰਦਾਂ ਦੇ ਸਮੂਹ ਵਿੱਚ ਹੈ ਜਿਨ੍ਹਾਂ ਨੂੰ ਉਹ ਅੰਤ ਦੇ ਦਿਨਾਂ ਵਿੱਚ ਫ਼ਤਹਮੰਦ ਬਣਾਵੇਗਾ। ਮਨੁੱਖ ਨੂੰ ਇਸ ਗੱਲ ਦਾ ਪਤਾ ਨਹੀਂ ਹੈ: ਉਸ ਸਾਰੇ ਸਨੇਹ ਅਤੇ ਪ੍ਰੇਮ ਦੇ ਬਾਵਜੂਦ ਜੋ ਪਵਿੱਤਰ ਮੁਕਤੀਦਾਤਾ ਯਿਸੂ ਮਨੁੱਖ ਦੇ ਪ੍ਰਤੀ ਰੱਖਦਾ ਹੈ, ਉਹ ਅਜਿਹੀਆਂ “ਹੈਕਲਾਂ” ਵਿੱਚ ਕਿਵੇਂ ਕੰਮ ਕਰ ਸਕਦਾ ਹੈ ਜਿਨ੍ਹਾਂ ਵਿੱਚ ਗੰਦਗੀ ਅਤੇ ਅਸ਼ੁੱਧ ਆਤਮਾਵਾਂ ਦਾ ਵਾਸ ਹੈ? ਭਾਵੇਂ ਕਿ ਮਨੁੱਖ ਉਸ ਦੀ ਆਮਦ ਦੀ ਉਡੀਕ ਕਰਦਾ ਆ ਰਿਹਾ ਹੈ, ਤਾਂ ਵੀ ਉਹ ਅਜਿਹੇ ਲੋਕਾਂ ਨੂੰ ਕਿਵੇਂ ਦਰਸ਼ਣ ਦੇ ਸਕਦਾ ਹੈ ਜਿਹੜੇ ਕੁਧਰਮੀਆਂ ਦਾ ਮਾਸ ਖਾਂਦੇ ਹਨ, ਕੁਧਰਮੀਆਂ ਦਾ ਲਹੂ ਪੀਂਦੇ ਹਨ, ਅਤੇ ਕੁਧਰਮੀਆਂ ਦੇ ਵਸਤਰ ਪਹਿਨਦੇ ਹਨ, ਜਿਹੜੇ ਉਸ ਉੱਤੇ ਵਿਸ਼ਵਾਸ ਤਾਂ ਕਰਦੇ ਹਨ ਪਰ ਉਸ ਨੂੰ ਜਾਣਦੇ ਨਹੀਂ ਹਨ, ਅਤੇ ਜਿਹੜੇ ਨਿਰੰਤਰ ਉਸ ਨੂੰ ਲੁੱਟਦੇ ਹਨ? ਮਨੁੱਖ ਕੇਵਲ ਇੰਨਾ ਹੀ ਜਾਣਦਾ ਹੈ ਕਿ ਮੁਕਤੀਦਾਤਾ ਯਿਸੂ ਪ੍ਰੇਮ ਨਾਲ ਭਰਪੂਰ ਅਤੇ ਤਰਸ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ, ਅਤੇ ਅਜਿਹੀ ਪਾਪ ਬਲੀ ਹੈ ਜਿਸ ਵਿੱਚ ਭਰਪੂਰ ਛੁਟਕਾਰਾ ਹੈ। ਪਰ ਤਾਂ ਵੀ, ਮਨੁੱਖ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੈ ਕਿ ਉਹ ਤਾਂ ਖੁਦ ਪਰਮੇਸ਼ੁਰ ਹੈ ਜਿਹੜਾ ਧਾਰਮਿਕਤਾ, ਪ੍ਰਤਾਪ, ਕ੍ਰੋਧ ਅਤੇ ਨਿਆਂ ਨਾਲ ਭਰਪੂਰ ਹੈ, ਜਿਸ ਕੋਲ ਇਖਤਿਆਰ ਹੈ, ਅਤੇ ਜਿਹੜਾ ਸ਼ਾਨ ਨਾਲ ਭਰਪੂਰ ਹੈ। ਇਸ ਲਈ, ਭਾਵੇਂ ਕਿ ਮਨੁੱਖ ਉਤਸੁਕਤਾ ਨਾਲ ਛੁਟਕਾਰਾ ਦੇਣ ਵਾਲੇ ਦੀ ਵਾਪਸੀ ਦੀ ਲਾਲਸਾ ਅਤੇ ਤਾਂਘ ਰੱਖੀ ਬੈਠਾ ਹੈ, ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸਵਰਗ ਨੂੰ ਵੀ ਹਿਲਾ ਦਿੰਦੀਆਂ ਹਨ, ਪਰ ਮੁਕਤੀਦਾਤਾ ਯਿਸੂ ਅਜਿਹੇ ਲੋਕਾਂ ਨੂੰ ਦਰਸ਼ਣ ਨਹੀਂ ਦਿੰਦਾ ਜਿਹੜੇ ਉਸ ਉੱਤੇ ਵਿਸ਼ਵਾਸ ਤਾਂ ਕਰਦੇ ਹਨ, ਪਰ ਉਸ ਨੂੰ ਜਾਣਦੇ ਨਹੀਂ ਹਨ।

“ਯਹੋਵਾਹ” ਉਹ ਨਾਮ ਹੈ ਜਿਹੜਾ ਮੈਂ ਇਸਰਾਏਲ ਵਿੱਚ ਆਪਣਾ ਕੰਮ ਕਰਦਿਆਂ ਧਾਰਣ ਕੀਤਾ, ਅਤੇ ਇਸ ਦਾ ਅਰਥ ਹੈ ਇਸਰਾਏਲੀਆਂ (ਪਰਮੇਸ਼ੁਰ ਦੇ ਚੁਣੇ ਹੋਏ ਲੋਕ) ਦਾ ਪਰਮੇਸ਼ੁਰ ਜਿਹੜਾ ਮਨੁੱਖ ਉੱਤੇ ਤਰਸ ਖਾ ਸਕਦਾ ਹੈ, ਮਨੁੱਖ ਨੂੰ ਸਰਾਪ ਦੇ ਸਕਦਾ ਹੈ ਅਤੇ ਮਨੁੱਖ ਦੇ ਜੀਵਨ ਦਾ ਮਾਰਗਦਰਸ਼ਨ ਕਰ ਸਕਦਾ ਹੈ; ਇੱਕ ਅਜਿਹਾ ਪਰਮੇਸ਼ੁਰ ਜਿਹੜਾ ਮਹਾਨ ਸ਼ਕਤੀ ਅਤੇ ਭਰਪੂਰ ਬੁੱਧ ਦਾ ਮਾਲਕ ਹੈ। “ਯਿਸੂ” ਇੰਮਾਨੂਏਲ ਹੈ, ਜਿਸ ਦਾ ਅਰਥ ਹੈ ਉਹ ਪਾਪ ਬਲੀ, ਜਿਹੜੀ ਪ੍ਰੇਮ ਨਾਲ ਅਤੇ ਤਰਸ ਨਾਲ ਭਰਪੂਰ ਹੈ, ਅਤੇ ਜਿਹੜੀ ਮਨੁੱਖ ਨੂੰ ਛੁਟਕਾਰਾ ਦਿੰਦੀ ਹੈ। ਉਸ ਨੇ ਕਿਰਪਾ ਦੇ ਯੁਗ ਵਿੱਚ ਕੰਮ ਕੀਤਾ, ਅਤੇ ਉਹ ਕਿਰਪਾ ਦੇ ਯੁਗ ਦਾ ਪ੍ਰਤੀਕ ਹੈ, ਅਤੇ ਉਹ ਪ੍ਰਬੰਧਨ ਦੀ ਯੋਜਨਾ ਦੇ ਕੰਮ ਦੇ ਕੇਵਲ ਇੱਕ ਹਿੱਸੇ ਨੂੰ ਦਰਸਾ ਸਕਦਾ ਹੈ। ਅਰਥਾਤ, ਕੇਵਲ ਯਹੋਵਾਹ ਹੀ ਇਸਰਾਏਲ ਦੇ ਚੁਣੇ ਹੋਏ ਲੋਕਾਂ ਦਾ ਪਰਮੇਸ਼ੁਰ ਹੈ, ਅਬਰਾਹਾਮ ਦਾ ਪਰਮੇਸ਼ੁਰ ਹੈ, ਇਸਹਾਕ ਦਾ ਪਰਮੇਸ਼ੁਰ ਹੈ, ਯਾਕੂਬ ਦਾ ਪਰਮੇਸ਼ੁਰ ਹੈ, ਮੂਸਾ ਦਾ ਪਰਮੇਸ਼ੁਰ ਹੈ, ਅਤੇ ਇਸਰਾਏਲ ਦੇ ਸਭ ਲੋਕਾਂ ਦਾ ਪਰਮੇਸ਼ੁਰ ਹੈ। ਅਤੇ ਇਸ ਕਰਕੇ, ਇਸ ਵਰਤਮਾਨ ਸਮੇਂ ਵਿੱਚ, ਯਹੂਦੀਆਂ ਤੋਂ ਇਲਾਵਾ ਸਭ ਇਸਰਾਏਲੀ ਵੀ ਯਹੋਵਾਹ ਦੀ ਉਪਾਸਨਾ ਕਰਦੇ ਹਨ। ਉਹ ਉਸ ਦੇ ਲਈ ਜਗਵੇਦੀ ਉੱਤੇ ਬਲੀਆਂ ਚੜ੍ਹਾਉਂਦੇ ਹਨ ਅਤੇ ਜਾਜਕਾਂ ਦੇ ਚੋਗਿਆਂ ਵਿੱਚ ਹੈਕਲ ਵਿੱਚ ਉਸ ਦੀ ਸੇਵਾ ਕਰਦੇ ਹਨ। ਉਨ੍ਹਾਂ ਦੀ ਆਸ ਇਹ ਹੈ ਕਿ ਯਹੋਵਾਹ ਦੁਬਾਰਾ ਦਰਸ਼ਣ ਦੇਵੇਗਾ। ਕੇਵਲ ਯਿਸੂ ਹੀ ਮਨੁੱਖਜਾਤੀ ਦਾ ਛੁਟਕਾਰਾ ਦਿਵਾਉਣ ਵਾਲਾ ਹੈ, ਅਤੇ ਉਹੀ ਉਹ ਪਾਪ ਬਲੀ ਹੈ ਜਿਸ ਨੇ ਮਨੁੱਖਜਾਤੀ ਨੂੰ ਪਾਪ ਤੋਂ ਛੁਟਕਾਰਾ ਦਵਾਇਆ। ਜਿਸ ਦਾ ਮਤਲਬ ਇਹ ਹੈ ਕਿ ਯਿਸੂ ਦਾ ਨਾਮ ਕਿਰਪਾ ਦੇ ਯੁਗ ਤੋਂ ਆਇਆ ਅਤੇ ਕਿਰਪਾ ਦੇ ਯੁਗ ਵਿੱਚ ਕੀਤੇ ਗਏ ਛੁਟਕਾਰੇ ਦੇ ਕੰਮ ਦੇ ਕਾਰਣ ਹੋਂਦ ਵਿੱਚ ਆਇਆ। ਯਿਸੂ ਦਾ ਨਾਮ ਇਸ ਲਈ ਹੋਂਦ ਵਿੱਚ ਆਇਆ ਤਾਂਕਿ ਕਿਰਪਾ ਦੇ ਯੁਗ ਦੇ ਲੋਕ ਨਵਾਂ ਜਨਮ ਪ੍ਰਾਪਤ ਕਰਨ ਅਤੇ ਬਚਾਏ ਜਾਣ, ਅਤੇ ਇਹ ਨਾਮ ਸਮੁੱਚੀ ਮਨੁੱਖਜਾਤੀ ਦੇ ਛੁਟਕਾਰੇ ਲਈ ਇੱਕ ਵਿਸ਼ੇਸ਼ ਨਾਮ ਹੈ। ਇਸ ਤਰ੍ਹਾਂ, ਯਿਸੂ ਦਾ ਨਾਮ ਛੁਟਕਾਰੇ ਦੇ ਕੰਮ ਦਾ ਪ੍ਰਤੀਕ ਹੈ, ਅਤੇ ਕਿਰਪਾ ਦੇ ਯੁਗ ਦਾ ਸੂਚਕ ਹੈ। ਯਹੋਵਾਹ ਨਾਮ ਇਸਰਾਏਲ ਦੇ ਲੋਕਾਂ ਲਈ ਇੱਕ ਖਾਸ ਨਾਮ ਹੈ ਜਿਹੜੇ ਸ਼ਰਾ ਦੇ ਅਧੀਨ ਜੀਉਂਦੇ ਸਨ। ਹਰੇਕ ਯੁਗ ਵਿੱਚ ਅਤੇ ਕੰਮ ਦੇ ਹਰੇਕ ਪੜਾਅ ’ਤੇ ਮੇਰਾ ਨਾਮ ਬੇਬੁਨਿਆਦ ਨਹੀਂ ਹੈ, ਬਲਕਿ ਇਸ ਦਾ ਇੱਕ ਸੰਕੇਤਕ ਮਹੱਤਵ ਹੈ: ਹਰੇਕ ਨਾਮ ਇੱਕ-ਇੱਕ ਯੁਗ ਨੂੰ ਦਰਸਾਉਂਦਾ ਹੈ। “ਯਹੋਵਾਹ” ਨਾਮ ਸ਼ਰਾ ਦੇ ਯੁਗ ਨੂੰ ਦਰਸਾਉਂਦਾ ਹੈ, ਅਤੇ ਉਸ ਪਰਮੇਸ਼ੁਰ ਦੇ ਲਈ ਆਦਰਸੂਚਕ ਸੰਬੋਧਨ ਹੈ ਜਿਸ ਦੀ ਉਪਾਸਨਾ ਇਸਰਾਏਲ ਦੇ ਲੋਕ ਕਰਦੇ ਸਨ। “ਯਿਸੂ” ਨਾਮ ਕਿਰਪਾ ਦੇ ਯੁਗ ਨੂੰ ਦਰਸਾਉਂਦਾ ਹੈ, ਅਤੇ ਇਹ ਉਨ੍ਹਾਂ ਸਭਨਾਂ ਲੋਕਾਂ ਦੇ ਪਰਮੇਸ਼ੁਰ ਦਾ ਨਾਮ ਹੈ ਜਿਨ੍ਹਾਂ ਨੇ ਕਿਰਪਾ ਦੇ ਯੁਗ ਦੇ ਦੌਰਾਨ ਛੁਟਕਾਰਾ ਪ੍ਰਾਪਤ ਕੀਤਾ। ਜੇ ਮਨੁੱਖ ਅਜੇ ਵੀ ਅੰਤ ਦੇ ਦਿਨਾਂ ਵਿੱਚ ਮੁਕਤੀਦਾਤਾ ਯਿਸੂ ਦੀ ਆਮਦ ਦੀ ਤਾਂਘ ਰੱਖਦਾ ਹੈ, ਅਤੇ ਅਜੇ ਵੀ ਇਹੋ ਉਮੀਦ ਕਰਦਾ ਹੈ ਕਿ ਉਹ ਉਸੇ ਸਰੂਪ ਵਿੱਚ ਵਾਪਸ ਆਵੇਗਾ ਜਿਸ ਸਰੂਪ ਵਿੱਚ ਉਹ ਯਹੂਦਿਯਾ ਵਿੱਚ ਆਇਆ ਸੀ, ਤਾਂ ਛੇ ਹਜ਼ਾਰ ਸਾਲ ਦੀ ਸਮੁੱਚੀ ਪ੍ਰਬੰਧਨ ਯੋਜਨਾ ਛੁਟਕਾਰੇ ਦੇ ਯੁਗ ਵਿੱਚ ਹੀ ਰੁਕ ਗਈ ਹੁੰਦੀ, ਅਤੇ ਇਸ ਤੋਂ ਅੱਗੇ ਬਿਲਕੁਲ ਨਹੀਂ ਵੱਧ ਸਕਦੀ ਸੀ। ਇਸ ਤੋਂ ਇਲਾਵਾ, ਅੰਤ ਦੇ ਦਿਨ ਕਦੇ ਨਾ ਆਉਂਦੇ, ਅਤੇ ਯੁਗ ਦਾ ਅੰਤ ਕਦੇ ਨਾ ਕੀਤਾ ਜਾਂਦਾ। ਇਸ ਦਾ ਕਾਰਣ ਇਹ ਹੈ ਕਿ ਮੁਕਤੀਦਾਤਾ ਯਿਸੂ ਕੇਵਲ ਮਨੁੱਖਜਾਤੀ ਦੇ ਛੁਟਕਾਰੇ ਅਤੇ ਮੁਕਤੀ ਲਈ ਹੈ। ਮੈਂ ਯਿਸੂ ਨਾਮ ਕੇਵਲ ਕਿਰਪਾ ਦੇ ਯੁਗ ਦੇ ਸਾਰੇ ਪਾਪੀਆਂ ਦੀ ਖ਼ਾਤਰ ਧਾਰਣ ਕੀਤਾ, ਪਰ ਇਹ ਉਹ ਨਾਮ ਨਹੀਂ ਹੈ ਜਿਸ ਦੇ ਦੁਆਰਾ ਮੈਂ ਸਾਰੀ ਮਨੁੱਖਜਾਤੀ ਦਾ ਅੰਤ ਕਰਾਂਗਾ। ਭਾਵੇਂ ਕਿ ਯਹੋਵਾਹ, ਯਿਸੂ, ਅਤੇ ਮਸੀਹਾ ਇਹ ਸਾਰੇ ਨਾਮ ਮੇਰੇ ਆਤਮਾ ਦੇ ਹੀ ਪ੍ਰਤੀਕ ਹਨ, ਫਿਰ ਵੀ ਇਹ ਨਾਮ ਕੇਵਲ ਮੇਰੀ ਪ੍ਰਬੰਧਨ ਦੀ ਯੋਜਨਾ ਦੇ ਵੱਖ-ਵੱਖ ਯੁਗਾਂ ਦੇ ਸੂਚਕ ਹਨ, ਅਤੇ ਮੇਰੀ ਸਮੁੱਚੀ ਸ਼ਖਸੀਅਤ ਨੂੰ ਨਹੀਂ ਦਰਸਾਉਂਦੇ। ਉਹ ਨਾਮ ਜਿਨ੍ਹਾਂ ਨਾਲ ਧਰਤੀ ਦੇ ਲੋਕ ਮੈਨੂੰ ਪੁਕਾਰਦੇ ਹਨ ਉਹ ਮੇਰੇ ਸਮੁੱਚੇ ਸੁਭਾਅ ਅਤੇ ਮੇਰੀ ਅਸਲ ਸ਼ਖਸੀਅਤ ਦਾ ਸਾਫ਼-ਸਾਫ਼ ਵਰਣਨ ਨਹੀਂ ਕਰ ਸਕਦੇ। ਉਹ ਕੇਵਲ ਅਜਿਹੇ ਭਿੰਨ-ਭਿੰਨ ਨਾਮ ਹਨ ਜਿਨ੍ਹਾਂ ਨਾਲ ਵੱਖ-ਵੱਖ ਯੁਗਾਂ ਵਿੱਚ ਮੈਨੂੰ ਪੁਕਾਰਿਆ ਜਾਂਦਾ ਹੈ। ਅਤੇ ਇਸ ਲਈ, ਜਦੋਂ ਆਖਰੀ ਯੁਗ—ਅੰਤ ਦੇ ਦਿਨਾਂ ਦਾ ਯੁਗ—ਆਵੇਗਾ, ਤਾਂ ਮੇਰਾ ਨਾਮ ਫਿਰ ਬਦਲ ਜਾਵੇਗਾ। ਮੈਨੂੰ ਯਹੋਵਾਹ, ਜਾਂ ਯਿਸੂ ਨਹੀਂ ਪੁਕਾਰਿਆ ਜਾਵੇਗਾ, ਮਸੀਹਾ ਤਾਂ ਬਿਲਕੁਲ ਨਹੀਂ—ਮੈਨੂੰ ਸ਼ਕਤੀਸ਼ਾਲੀ ਸਰਬਸ਼ਕਤੀਮਾਨ ਖੁਦ ਪਰਮੇਸ਼ੁਰ ਹੀ ਪੁਕਾਰਿਆ ਜਾਵੇਗਾ, ਅਤੇ ਇਸੇ ਨਾਮ ਦੇ ਅਧੀਨ ਮੈਂ ਸਮੁੱਚੇ ਯੁਗ ਦਾ ਅੰਤ ਕਰਾਂਗਾ। ਇੱਕ ਸਮੇਂ ਮੈਨੂੰ ਯਹੋਵਾਹ ਨਾਮ ਤੋਂ ਜਾਣਿਆ ਜਾਂਦਾ ਸੀ। ਮੈਨੂੰ ਮਸੀਹਾ ਵੀ ਜਾਣਿਆ ਜਾਂਦਾ ਸੀ ਅਤੇ ਇੱਕ ਸਮੇਂ ਲੋਕਾਂ ਨੇ ਪ੍ਰੇਮ ਅਤੇ ਆਦਰ ਨਾਲ ਮੈਨੂੰ ਮੁਕਤੀਦਾਤਾ ਯਿਸੂ ਪੁਕਾਰਿਆ। ਪਰ ਅੱਜ, ਮੈਂ ਹੁਣ ਉਹ ਯਹੋਵਾਹ ਜਾਂ ਯਿਸੂ ਨਹੀਂ ਹਾਂ ਜਿਸ ਨੂੰ ਬੀਤੇ ਸਮੇਂ ਦੇ ਲੋਕ ਜਾਣਦੇ ਸਨ; ਮੈਂ ਉਹ ਪਰਮੇਸ਼ੁਰ ਹਾਂ ਜਿਹੜਾ ਅੰਤ ਦੇ ਦਿਨਾਂ ਵਿੱਚ ਵਾਪਸ ਆਇਆ ਹੈ, ਉਹ ਪਰਮੇਸ਼ੁਰ ਜਿਹੜਾ ਯੁਗ ਦਾ ਅੰਤ ਕਰੇਗਾ। ਮੈਂ ਖੁਦ ਉਹ ਪਰਮੇਸ਼ੁਰ ਹਾਂ ਜਿਹੜਾ ਆਪਣੇ ਸਮੁੱਚੇ ਸੁਭਾਅ ਨਾਲ ਭਰਿਆ, ਅਤੇ ਪੂਰੇ ਇਖਤਿਆਰ, ਆਦਰ ਅਤੇ ਮਹਿਮਾ ਨਾਲ ਭਰਪੂਰ ਹੋ ਕੇ ਧਰਤੀ ਦੇ ਸਿਰੇ ਤੋਂ ਉੱਠੇਗਾ। ਲੋਕਾਂ ਕਦੇ ਮੇਰੇ ਨਾਲ ਕੋਈ ਸਰੋਕਾਰ ਨਹੀਂ ਰੱਖਿਆ, ਕਦੇ ਮੈਨੂੰ ਨਹੀਂ ਜਾਣਿਆ, ਅਤੇ ਹਮੇਸ਼ਾ ਮੇਰੇ ਸੁਭਾਅ ਤੋਂ ਅਣਜਾਣ ਰਹੇ ਹਨ। ਜਗਤ ਦੀ ਸਿਰਜਣਾ ਤੋਂ ਲੈ ਕੇ ਅੱਜ ਤੱਕ, ਕਿਸੇ ਇੱਕ ਵਿਅਕਤੀ ਨੇ ਵੀ ਮੈਨੂੰ ਨਹੀਂ ਵੇਖਿਆ ਹੈ। ਇਹੀ ਉਹ ਪਰਮੇਸ਼ੁਰ ਹੈ ਜਿਹੜਾ ਅੰਤ ਦੇ ਦਿਨਾਂ ਵਿੱਚ ਮਨੁੱਖ ਨੂੰ ਦਰਸ਼ਣ ਦਿੰਦਾ ਹੈ, ਪਰ ਮਨੁੱਖਾਂ ਵਿਚਕਾਰ ਛਿਪਿਆ ਹੋਇਆ ਹੈ। ਉਹ ਤਪਦੇ ਹੋਏ ਸੂਰਜ ਅਤੇ ਬਲਦੀ ਹੋਈ ਲਾਟ ਵਾਂਗ, ਸਮਰੱਥਾ ਨਾਲ ਭਰਪੂਰ ਅਤੇ ਇਖਤਿਆਰ ਨਾਲ ਭਰਪੂਰ ਹੋ ਕੇ, ਅਸਲੀ ਅਤੇ ਪ੍ਰਤੱਖ ਰੂਪ ਵਿੱਚ ਮਨੁੱਖਾਂ ਦੇ ਦਰਮਿਆਨ ਵੱਸਦਾ ਹੈ। ਇੱਕ ਵੀ ਅਜਿਹਾ ਮਨੁੱਖ ਜਾਂ ਵਸਤੂ ਨਹੀਂ ਹੈ ਜਿਸ ਦਾ ਨਿਆਂ ਮੇਰੇ ਵਚਨਾਂ ਦੁਆਰਾ ਨਹੀਂ ਕੀਤਾ ਜਾਵੇਗਾ, ਅਤੇ ਇੱਕ ਵੀ ਅਜਿਹਾ ਮਨੁੱਖ ਜਾਂ ਵਸਤੂ ਨਹੀਂ ਹੈ ਜਿਸ ਨੂੰ ਬਲਦੀ ਹੋਈ ਅੱਗ ਵਿੱਚ ਤਾਅ ਕੇ ਸ਼ੁੱਧ ਨਹੀਂ ਕੀਤਾ ਜਾਵੇਗਾ। ਅੰਤ ਵਿੱਚ, ਮੇਰੇ ਵਚਨਾਂ ਦੇ ਕਾਰਣ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ, ਅਤੇ ਮੇਰੇ ਵਚਨਾਂ ਦੇ ਕਾਰਣ ਹੀ ਚੂਰ-ਚੂਰ ਵੀ ਕੀਤੀਆਂ ਜਾਣਗੀਆਂ। ਇਸ ਪ੍ਰਕਾਰ, ਅੰਤ ਦੇ ਦਿਨਾਂ ਵਿੱਚ ਸਭ ਲੋਕ ਵੇਖਣਗੇ ਕਿ ਮੈਂ ਉਹੀ ਮੁਕਤੀਦਾਤਾ ਹਾਂ ਜਿਹੜਾ ਵਾਪਸ ਆਇਆ ਹਾਂ, ਅਤੇ ਮੈਂ ਹੀ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ ਜਿਹੜਾ ਸਮੁੱਚੀ ਮਨੁੱਖਜਾਤੀ ਉੱਤੇ ਜਿੱਤ ਪਾਉਂਦਾ ਹੈ। ਅਤੇ ਸਭ ਲੋਕ ਵੇਖਣਗੇ ਕਿ ਇੱਕ ਸਮੇਂ ਮੈਂ ਮਨੁੱਖ ਦੀ ਖ਼ਾਤਰ ਪਾਪ ਬਲੀ ਬਣਿਆ ਸੀ, ਪਰ ਅੰਤ ਦੇ ਦਿਨਾਂ ਵਿੱਚ ਮੈਂ ਹੀ ਸੂਰਜ ਦੀਆਂ ਉਹ ਲਾਟਾਂ ਬਣਦਾ ਹਾਂ ਜੋ ਸਭ ਵਸਤਾਂ ਨੂੰ ਭਸਮ ਕਰ ਸੁੱਟਦੀਆਂ ਹਨ, ਤੇ ਨਾਲ ਹੀ ਮੈਂ ਧਾਰਮਿਕਤਾ ਦਾ ਉਹ ਸੂਰਜ ਵੀ ਬਣਦਾ ਹਾਂ ਜਿਹੜਾ ਸਭ ਗੱਲਾਂ ਨੂੰ ਪਰਗਟ ਕਰਦਾ ਹੈ। ਅੰਤ ਦੇ ਦਿਨਾਂ ਵਿੱਚ ਇਹੀ ਮੇਰਾ ਕੰਮ ਹੈ। ਮੈਂ ਇਸ ਨਾਮ ਨੂੰ ਧਾਰਣ ਕੀਤਾ ਅਤੇ ਇਸ ਸੁਭਾਅ ਦਾ ਮਾਲਕ ਹਾਂ, ਤਾਂਕਿ ਸਭ ਲੋਕ ਵੇਖ ਸਕਣ ਕਿ ਮੈਂ ਇੱਕ ਧਰਮੀ ਪਰਮੇਸ਼ੁਰ, ਤਪਦਾ ਹੋਇਆ ਸੂਰਜ, ਅਤੇ ਬਲਦੀ ਹੋਈ ਲਾਟ ਹਾਂ, ਅਤੇ ਇਸੇ ਕਾਰਨ ਸਭ ਮੇਰੀ, ਅਰਥਾਤ ਇਕਲੌਤੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਨ, ਅਤੇ ਤਾਂਕਿ ਉਹ ਮੇਰੇ ਅਸਲ ਚਿਹਰੇ ਨੂੰ ਵੇਖਣ: ਮੈਂ ਕੇਵਲ ਇਸਰਾਏਲੀਆਂ ਦਾ ਪਰਮੇਸ਼ੁਰ ਨਹੀਂ ਹਾਂ, ਅਤੇ ਮੈਂ ਕੇਵਲ ਛੁਟਕਾਰਾ ਦੇਣ ਵਾਲਾ ਨਹੀਂ ਹਾਂ; ਮੈਂ ਅਕਾਸ਼ਾਂ ਵਿਚਲੇ ਅਤੇ ਧਰਤੀ ਉਤਲੇ ਅਤੇ ਸਮੁੰਦਰਾਂ ਵਿਚਲੇ ਸਭ ਪ੍ਰਾਣੀਆਂ ਦਾ ਪਰਮੇਸ਼ੁਰ ਹਾਂ।

ਜੇ ਮੁਕਤੀਦਾਤਾ ਅੰਤ ਦੇ ਦਿਨਾਂ ਵਿੱਚ ਆਇਆ ਹੁੰਦਾ ਅਤੇ ਫਿਰ ਵੀ ਯਿਸੂ ਹੀ ਸਦਾਉਂਦਾ, ਤੇ ਇਸ ਵਾਰ ਵੀ ਯਹੂਦਿਯਾ ਵਿੱਚ ਹੀ ਪੈਦਾ ਹੋ ਕੇ ਉੱਥੇ ਆਪਣਾ ਕੰਮ ਕਰਦਾ, ਤਾਂ ਇਸ ਤੋਂ ਇਹ ਸਾਬਤ ਹੋ ਜਾਂਦਾ ਕਿ ਮੈਂ ਕੇਵਲ ਇਸਰਾਏਲ ਦੇ ਲੋਕਾਂ ਨੂੰ ਹੀ ਸਿਰਜਿਆ ਅਤੇ ਕੇਵਲ ਇਸਰਾਏਲ ਦੇ ਲੋਕਾਂ ਨੂੰ ਹੀ ਛੁਟਕਾਰਾ ਦਿੱਤਾ, ਤੇ ਮੇਰਾ ਗੈਰ-ਕੌਮਾਂ ਨਾਲ ਕੋਈ ਸੰਬੰਧ ਨਹੀਂ ਹੈ। ਕੀ ਇਹ ਮੇਰੇ ਆਪਣੇ ਹੀ ਇਨ੍ਹਾਂ ਸ਼ਬਦਾਂ ਦਾ ਖੰਡਨ ਨਾ ਹੁੰਦਾ ਕਿ “ਮੈਂ ਹੀ ਉਹ ਪ੍ਰਭੂ ਹਾਂ ਜਿਸ ਨੇ ਅਕਾਸ਼ਾਂ ਨੂੰ ਅਤੇ ਧਰਤੀ ਅਤੇ ਸਭਨਾਂ ਵਸਤਾਂ ਨੂੰ ਸਿਰਜਿਆ?” ਮੈਂ ਯਹੂਦਿਯਾ ਨੂੰ ਛੱਡ ਕੇ ਗੈਰ-ਕੌਮਾਂ ਵਿੱਚ ਆਪਣਾ ਕੰਮ ਇਸ ਲਈ ਕੀਤਾ ਕਿਉਂਕਿ ਮੈਂ ਕੇਵਲ ਇਸਰਾਏਲ ਦੇ ਲੋਕਾਂ ਦਾ ਹੀ ਪਰਮੇਸ਼ੁਰ ਨਹੀਂ ਹਾਂ, ਸਗੋਂ ਮੈਂ ਸਭ ਪ੍ਰਾਣੀਆਂ ਦਾ ਪਰਮੇਸ਼ੁਰ ਹਾਂ। ਅੰਤ ਦੇ ਦਿਨਾਂ ਵਿੱਚ ਮੇਰਾ ਗੈਰ-ਕੌਮਾਂ ਨੂੰ ਦਰਸ਼ਣ ਦੇਣ ਦਾ ਕਾਰਣ ਇਹ ਹੈ ਕਿ ਮੈਂ ਕੇਵਲ ਇਸਰਾਏਲੀਆਂ ਦਾ ਪਰਮੇਸ਼ੁਰ ਯਹੋਵਾਹ ਨਹੀਂ ਹਾਂ, ਬਲਕਿ, ਇਸ ਤੋਂ ਇਲਾਵਾ, ਇਸ ਦਾ ਕਾਰਣ ਇਹ ਹੈ ਕਿ ਮੈਂ ਗੈਰ-ਕੌਮਾਂ ਵਿੱਚ ਆਪਣੇ ਸਭ ਚੁਣੇ ਹੋਇਆਂ ਦਾ ਸਿਰਜਣਹਾਰ ਹਾਂ। ਮੈਂ ਕੇਵਲ ਇਸਰਾਏਲ, ਮਿਸਰ ਅਤੇ ਲਬਾਨੋਨ ਨੂੰ ਹੀ ਨਹੀਂ ਸਿਰਜਿਆ, ਸਗੋਂ ਇਸਰਾਏਲ ਤੋਂ ਇਲਾਵਾ ਸਭ ਗੈਰ-ਕੌਮਾਂ ਨੂੰ ਵੀ ਸਿਰਜਿਆ। ਇਸੇ ਕਾਰਣ, ਮੈਂ ਸਭ ਪ੍ਰਾਣੀਆਂ ਦਾ ਪ੍ਰਭੂ ਹਾਂ। ਮੈਂ ਇਸਰਾਏਲ ਨੂੰ ਕੇਵਲ ਆਪਣੇ ਕੰਮ ਦੇ ਸ਼ੁਰੂਆਤੀ ਸਥਾਨ ਵਜੋਂ ਚੁਣਿਆ, ਯਹੂਦਿਯਾ ਅਤੇ ਗਲੀਲ ਨੂੰ ਆਪਣੇ ਛੁਟਕਾਰੇ ਦੇ ਕੰਮ ਲਈ ਗੜ੍ਹਾਂ ਵਜੋਂ ਇਸਤੇਮਾਲ ਕੀਤਾ, ਅਤੇ ਹੁਣ ਮੈਂ ਗੈਰ-ਕੌਮਾਂ ਨੂੰ ਉਸ ਬੁਨਿਆਦ ਦੇ ਤੌਰ ’ਤੇ ਇਸਤੇਮਾਲ ਕਰਦਾ ਹਾਂ ਜਿੱਥੋਂ ਮੈਂ ਸਮੁੱਚੇ ਯੁਗ ਦਾ ਅੰਤ ਕਰਾਂਗਾ। ਇਸਰਾਏਲ ਵਿੱਚ ਮੈਂ ਕੰਮ ਦੇ ਦੋ ਪੜਾਅ ਪੂਰੇ ਕੀਤੇ (ਕੰਮ ਦੇ ਇਹ ਦੋ ਪੜਾਅ ਹਨ ਸ਼ਰਾ ਦਾ ਯੁਗ ਅਤੇ ਕਿਰਪਾ ਦਾ ਯੁਗ), ਅਤੇ ਇਸ ਤੋਂ ਬਾਅਦ ਮੈਂ ਕੰਮ ਦੇ ਅਗਲੇ ਦੋ ਪੜਾਵਾਂ (ਕਿਰਪਾ ਦਾ ਯੁਗ ਅਤੇ ਰਾਜ ਦਾ ਯੁਗ) ਨੂੰ ਇਸਰਾਏਲ ਤੋਂ ਇਲਾਵਾ ਦੂਜੀਆਂ ਕੌਮਾਂ ਵਿੱਚ ਪੂਰਾ ਕਰਦਾ ਆ ਰਿਹਾ ਹਾਂ। ਗੈਰ-ਕੌਮਾਂ ਵਿਚਕਾਰ ਮੈਂ ਜਿੱਤਣ ਦੇ ਕੰਮ ਨੂੰ ਕਰਾਂਗਾ, ਅਤੇ ਇਸ ਤਰ੍ਹਾਂ ਯੁਗ ਦੀ ਸਮਾਪਤੀ ਕਰਾਂਗਾ। ਜੇ ਮਨੁੱਖ ਹਮੇਸ਼ਾ ਮੈਨੂੰ ਯਿਸੂ ਮਸੀਹ ਪੁਕਾਰਦਾ ਹੈ, ਪਰ ਇਹ ਨਹੀਂ ਜਾਣਦਾ ਕਿ ਅੰਤ ਦੇ ਦਿਨਾਂ ਵਿੱਚ ਮੈਂ ਇੱਕ ਨਵੇਂ ਯੁਗ ਦਾ ਅਰੰਭ ਕੀਤਾ ਹੈ ਅਤੇ ਇੱਕ ਨਵਾਂ ਕੰਮ ਕਰਨ ਲਈ ਨਿੱਕਲ ਪਿਆ ਹਾਂ, ਅਤੇ ਜੇ ਮਨੁੱਖ ਸ਼ੁਦਾਈਆਂ ਵਾਂਗ ਮੁਕਤੀਦਾਤਾ ਯਿਸੂ ਦੀ ਆਮਦ ਦੀ ਉਡੀਕ ਕਰਨ ਵਿੱਚ ਲੱਗਾ ਰਹਿੰਦਾ ਹੈ, ਤਾਂ ਮੈਂ ਇਸ ਤਰ੍ਹਾਂ ਦੇ ਲੋਕਾਂ ਨੂੰ ਉਨ੍ਹਾਂ ਲੋਕਾਂ ਵਰਗੇ ਕਹਾਂਗਾ ਜਿਹੜੇ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ; ਇਹ ਉਹ ਲੋਕ ਹਨ ਜਿਹੜੇ ਮੈਨੂੰ ਨਹੀਂ ਜਾਣਦੇ, ਅਤੇ ਮੇਰੇ ਉੱਤੇ ਉਨ੍ਹਾਂ ਦਾ ਵਿਸ਼ਵਾਸ ਝੂਠਾ ਹੈ। ਕੀ ਇਹੋ ਜਿਹੇ ਲੋਕ ਮੁਕਤੀਦਾਤਾ ਯਿਸੂ ਦੀ ਸਵਰਗ ਤੋਂ ਆਮਦ ਦੇ ਗਵਾਹ ਬਣ ਸਕਦੇ ਹਨ? ਉਹ ਮੇਰੀ ਆਮਦ ਦੀ ਉਡੀਕ ਵਿੱਚ ਨਹੀਂ, ਸਗੋਂ ਯਹੂਦੀਆਂ ਦੇ ਰਾਜੇ ਦੀ ਆਮਦ ਦੀ ਉਡੀਕ ਵਿੱਚ ਹਨ। ਉਹ ਮੇਰੀ ਤਾਂਘ ਵਿੱਚ ਇਸ ਕਰਕੇ ਨਹੀਂ ਹਨ ਕਿ ਮੈਂ ਇਸ ਅਸ਼ੁੱਧ ਪੁਰਾਣੇ ਸੰਸਾਰ ਦਾ ਮੂਲੋਂ ਅੰਤ ਕਰਾਂ, ਸਗੋਂ ਇਸ ਦੀ ਬਜਾਏ ਉਹ ਯਿਸੂ ਦੀ ਦੂਸਰੀ ਆਮਦ ਦੀ ਤਾਂਘ ਵਿੱਚ ਹਨ, ਜਦੋਂ ਉਹਨਾਂ ਨੂੰ ਛੁਟਕਾਰਾ ਦਵਾਇਆ ਜਾਵੇਗਾ। ਉਹ ਇਸ ਗੱਲ ਦੀ ਉਡੀਕ ਵਿੱਚ ਹਨ ਕਿ ਯਿਸੂ ਇੱਕ ਵਾਰ ਫਿਰ ਮਨੁੱਖਜਾਤੀ ਨੂੰ ਇਸ ਭ੍ਰਿਸ਼ਟੀ ਹੋਈ ਅਤੇ ਕੁਧਰਮੀ ਧਰਤੀ ਤੋਂ ਛੁਟਕਾਰਾ ਦੇਵੇਗਾ। ਇਸ ਤਰ੍ਹਾਂ ਦੇ ਲੋਕ ਅਜਿਹੇ ਲੋਕ ਕਿਵੇਂ ਬਣ ਸਕਦੇ ਹਨ ਜਿਹੜੇ ਅੰਤ ਦੇ ਦਿਨਾਂ ਵਿੱਚ ਮੇਰੇ ਕੰਮ ਨੂੰ ਪੂਰਾ ਕਰਨਗੇ? ਮਨੁੱਖ ਦੀਆਂ ਇੱਛਾਵਾਂ ਮੇਰੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਜਾਂ ਮੇਰੇ ਕੰਮ ਨੂੰ ਸੰਪੂਰਣ ਕਰਨ ਦੇ ਕਾਬਲ ਨਹੀਂ ਹਨ, ਕਿਉਂਕਿ ਮਨੁੱਖ ਕੇਵਲ ਉਸ ਕੰਮ ਨੂੰ ਸਲਾਹੁੰਦਾ ਹੈ ਜਾਂ ਉਸ ਕੰਮ ਦਾ ਅਨੰਦ ਮਾਣਦਾ ਹੈ ਜਿਹੜਾ ਮੈਂ ਪਹਿਲਾਂ ਕੀਤਾ ਹੈ, ਅਤੇ ਉਸ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੈ ਕਿ ਮੈਂ ਖੁਦ ਪਰਮੇਸ਼ੁਰ ਹਾਂ ਜਿਹੜਾ ਹਮੇਸ਼ਾ ਨਵਾਂ ਹੈ ਅਤੇ ਕਦੇ ਪੁਰਾਣਾ ਨਹੀਂ ਹੁੰਦਾ ਹੈ। ਮਨੁੱਖ ਕੇਵਲ ਇੰਨਾ ਹੀ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ, ਅਤੇ ਮੈਂ ਯਿਸੂ ਹਾਂ, ਅਤੇ ਉਸ ਨੂੰ ਜ਼ਰਾ ਵੀ ਖਿਆਲ ਨਹੀਂ ਹੈ ਕਿ ਮੈਂ ਉਹ ਅਖੀਰਲਾ ਪ੍ਰਭੂ ਹਾਂ ਜਿਹੜਾ ਮਨੁੱਖਜਾਤੀ ਦਾ ਅੰਤ ਕਰੇਗਾ। ਮਨੁੱਖ ਦੀ ਜੋ ਵੀ ਤਾਂਘ ਹੈ ਅਤੇ ਜੋ ਵੀ ਉਹ ਜਾਣਦਾ ਹੈ ਉਹ ਸਭ ਉਸ ਦੀਆਂ ਆਪਣੀਆਂ ਧਾਰਣਾਵਾਂ ਦੀ ਉਪਜ ਹੈ, ਅਤੇ ਇਹ ਕੇਵਲ ਉੱਨਾ ਹੀ ਹੈ ਜੋ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹਨ। ਇਹ ਉਸ ਕੰਮ ਨਾਲ ਮੇਲ ਨਹੀਂ ਖਾਂਦਾ ਜਿਹੜਾ ਮੈਂ ਕਰਦਾ ਹਾਂ, ਸਗੋਂ ਉਸ ਤੋਂ ਵੱਖਰਾ ਹੈ। ਜੇ ਮੇਰੇ ਕੰਮ ਮਨੁੱਖ ਦੇ ਵਿਚਾਰਾਂ ਦੇ ਹਿਸਾਬ ਨਾਲ ਕੀਤੇ ਜਾਂਦੇ ਤਾਂ ਇਹਨਾਂ ਦਾ ਅੰਤ ਕਦੋਂ ਹੁੰਦਾ? ਮਨੁੱਖਜਾਤੀ ਅਰਾਮ ਵਿੱਚ ਪ੍ਰਵੇਸ਼ ਕਦੋਂ ਕਰਦੀ? ਅਤੇ ਮੈਂ ਸੱਤਵੇਂ ਦਿਨ, ਅਰਥਾਤ ਸਬਤ ਵਿੱਚ ਪ੍ਰਵੇਸ਼ ਕਿਵੇਂ ਕਰ ਪਾਉਂਦਾ? ਮੈਂ ਆਪਣੀ ਯੋਜਨਾ ਅਤੇ ਆਪਣੇ ਉਦੇਸ਼ ਦੇ ਅਨੁਸਾਰ ਕੰਮ ਕਰਦਾ ਹਾਂ—ਮਨੁੱਖ ਦੇ ਇਰਾਦਿਆਂ ਦੇ ਅਨੁਸਾਰ ਨਹੀਂ।

ਪਿਛਲਾ: ਜਿਹੜਾ ਸਰੀਰ ਤੋਂ ਹੈ ਉਹ ਕ੍ਰੋਧ ਦੇ ਦਿਹਾੜੇ ਤੋਂ ਬਚ ਨਹੀਂ ਸਕੇਗਾ

ਅਗਲਾ: ਖੁਸ਼ਖ਼ਬਰੀ ਦੇ ਪ੍ਰਸਾਰ ਦਾ ਕੰਮ ਮਨੁੱਖ ਨੂੰ ਬਚਾਉਣ ਦਾ ਕੰਮ ਵੀ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ