ਜਿਹੜਾ ਸਰੀਰ ਤੋਂ ਹੈ ਉਹ ਕ੍ਰੋਧ ਦੇ ਦਿਹਾੜੇ ਤੋਂ ਬਚ ਨਹੀਂ ਸਕੇਗਾ

ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਆਪਣੇ ਬਚਾਅ ਦੀ ਖਾਤਰ ਤਾੜਨਾ ਕਰਦਾ ਹਾਂ ਤਾਂ ਕਿ ਮੇਰਾ ਕੰਮ ਨਿਰਵਿਘਨ ਚਲਦਾ ਰਹੇ, ਅਤੇ ਤਾਂ ਕਿ ਮੇਰਾ ਉਦਘਾਟਨੀ ਕੰਮ ਸਾਰੇ ਜਹਾਨ ਵਿੱਚ, ਸਾਰੇ ਦੇਸ਼ਾਂ ਅਤੇ ਮੁਲਕਾਂ ਦੇ ਲੋਕਾਂ ਦੇ ਅੱਗੇ ਮੇਰੇ ਵਚਨਾਂ, ਇਖਤਿਆਰ, ਪ੍ਰਤਾਪ, ਅਤੇ ਨਿਆਂ ਨੂੰ ਉਜਾਗਰ ਕਰਦਿਆਂ ਜ਼ਿਆਦਾ ਢੁੱਕਵੇਂ ਅਤੇ ਮੁਕੰਮਲ ਤੌਰ ਤੇ ਸਿਰੇ ਚਾੜ੍ਹਿਆ ਜਾ ਸਕੇ। ਜੋ ਕੰਮ ਮੈਂ ਤੁਹਾਡੇ ਦਰਮਿਆਨ ਕਰਦਾ ਹਾਂ ਉਹ ਮੇਰੇ ਪੂਰੇ ਜਹਾਨ ਵਿਚਲੇ ਕੰਮ ਦਾ ਅਰੰਭ ਹੈ। ਹਾਲਾਂਕਿ ਹੁਣ ਪਹਿਲਾਂ ਤੋਂ ਹੀ ਆਖਰੀ ਦਿਨਾਂ ਦਾ ਸਮਾਂ ਹੈ, ਇਹ ਜਾਣ ਲਓ ਕਿ “ਆਖਰੀ ਦਿਨ” ਕੁਝ ਹੋਰ ਨਹੀਂ ਬਲਕਿ ਇੱਕ ਨਵੇਂ ਯੁਗ ਦਾ ਨਾਂ ਹੈ; ਬਿਲਕੁਲ ਸ਼ਰਾ ਦੇ ਯੁਗ ਅਤੇ ਕਿਰਪਾ ਦੇ ਯੁਗ ਵਾਂਗ, ਇਹ ਇੱਕ ਯੁਗ ਨੂੰ ਦਰਸਾਉਂਦਾ ਹੈ ਅਤੇ ਆਖਰੀ ਦੇ ਕੁਝ ਸਾਲਾਂ ਜਾਂ ਮਹੀਨਿਆਂ ਦੇ ਬਜਾਏ ਇੱਕ ਪੂਰੇ ਯੁਗ ਦਾ ਸੰਕੇਤ ਦਿੰਦਾ ਹੈ। ਫਿਰ ਵੀ ਆਖਰੀ ਦਿਨ ਕਿਰਪਾ ਦੇ ਯੁਗ ਜਾਂ ਸ਼ਰਾ ਦੇ ਯੁਗ ਵਾਂਗ ਨਹੀਂ ਹੁੰਦੇ। ਆਖਰੀ ਦਿਨਾਂ ਦਾ ਕੰਮ ਇਸਰਾਏਲ ਵਿੱਚ ਨਹੀਂ ਬਲਕਿ ਗੈਰ-ਯਹੂਦੀ ਕੌਮਾਂ ਵਿੱਚ ਕੀਤਾ ਜਾਂਦਾ ਹੈ; ਇਹ ਇਸਰਾਏਲ ਤੋਂ ਬਾਹਰਲੇ ਮੁਲਕਾਂ ਅਤੇ ਜਾਤੀਆਂ ਦੀ ਮੇਰੇ ਤਖ਼ਤ ਅੱਗੇ ਜਿੱਤ ਹੈ ਤਾਂ ਕਿ ਮੇਰੀ ਮਹਿਮਾ ਪੂਰੇ ਜਹਾਨ ਦੀ ਕਾਇਨਾਤ ਅਤੇ ਅਸਮਾਨ ਵਿੱਚ ਸਮਾ ਜਾਵੇ। ਇਹ ਇਸ ਕਰਕੇ ਹੈ ਤਾਂ ਕਿ ਮੈਂ ਜ਼ਿਆਦਾ ਮਹਾਨ ਮਹਿਮਾ ਪਾ ਸਕਾਂ, ਤਾਂ ਕਿ ਧਰਤੀ ਦੇ ਸਾਰੇ ਜੀਵ ਮੇਰੀ ਮਹਿਮਾ ਨੂੰ ਹਮੇਸ਼ਾਂ ਲਈ ਹਰ ਮੁਲਕ ਵਿੱਚ ਅਤੇ ਆਉਣ ਵਾਲਿਆਂ ਪੀੜ੍ਹੀਆਂ ਤਕ ਪਹੁੰਚਾ ਸਕਣ, ਅਤੇ ਧਰਤੀ ਅਤੇ ਅਕਾਸ਼ ਦੇ ਸਾਰੇ ਜੀਵ ਮੇਰੀ ਧਰਤੀ ਤੋਂ ਪ੍ਰਾਪਤ ਕੀਤੀ ਮਹਿਮਾ ਨੂੰ ਦੇਖ ਸਕਣ। ਆਖਰੀ ਦਿਨਾਂ ਵਿੱਚ ਨਜਿੱਠਿਆ ਗਿਆ ਕੰਮ ਜਿੱਤ ਦਾ ਕੰਮ ਹੈ। ਇਹ ਧਰਤੀ ਉੱਪਰ ਸਾਰੇ ਲੋਕਾਂ ਦੇ ਜੀਉਣ ਦੇ ਢੰਗਾਂ ਦਾ ਮਾਰਗਦਰਸ਼ਨ ਨਹੀਂ ਹੈ, ਬਲਕਿ ਮਨੁੱਖਜਾਤੀ ਦੀ ਧਰਤੀ ਉੱਪਰ ਦੁੱਖਾਂ ਭਰੀ ਅਬਿਨਾਸੀ ਅਤੇ ਸਦ-ਲੰਮੇਰੀ ਜ਼ਿੰਦਗੀ ਦਾ ਅੰਤ ਹੈ। ਜਿਸ ਦੇ ਸਿੱਟੇ ਵਜੋਂ, ਆਖਰੀ ਦਿਨਾਂ ਦਾ ਕੰਮ ਇਸਰਾਏਲ ਵਿਚਲੇ ਕਈ ਹਜ਼ਾਰ ਸਾਲਾਂ ਦੇ ਕੰਮ ਵਾਂਗ ਨਹੀਂ ਹੈ, ਨਾ ਹੀ ਇਹ ਯਹੂਦਿਯਾ ਵਿਚਲੇ ਸਿਰਫ਼ ਕੁਝ ਸਾਲਾਂ ਦਾ ਕੰਮ ਹੈ ਜੋ ਕਿ ਪਰਮੇਸ਼ੁਰ ਦੇ ਦੂਜੇ ਦੇਹਧਾਰਣ ਤੱਕ ਦੋ ਸਦੀਆਂ ਲਈ ਜਾਰੀ ਰਿਹਾ। ਆਖਰੀ ਦਿਨਾਂ ਦੇ ਲੋਕਾਂ ਦਾ ਸਾਹਮਣਾ ਸਿਰਫ਼ ਮੁਕਤੀਦਾਤਾ ਦੀ ਦੇਹ ਵਿੱਚ ਵਾਪਸੀ ਨਾਲ ਹੋਵੇਗਾ, ਅਤੇ ਉਹ ਪਰਮੇਸ਼ੁਰ ਦੇ ਵਿਅਕਤੀਗਤ ਕੰਮ ਅਤੇ ਵਚਨ ਪ੍ਰਾਪਤ ਕਰਨਗੇ। ਇਹ ਆਖਰੀ ਦਿਨਾਂ ਦੇ ਖ਼ਤਮ ਹੋਣ ਤੋਂ ਦੋ ਹਜ਼ਾਰ ਸਾਲ ਪਹਿਲਾਂ ਤੱਕ ਨਹੀਂ ਹੋਣਗੇ; ਇਹ ਯਿਸੂ ਦੁਆਰਾ ਮਹਿਮਾ ਦੇ ਯੁਗ ਵਿੱਚ ਯਹੂਦਿਆ ਵਿੱਚ ਕੀਤੇ ਕੰਮਾਂ ਦੇ ਸਮਾਨ ਸੰਖੇਪ ਹਨ। ਇਸਦਾ ਕਾਰਨ ਇਹ ਹੈ ਕਿ ਆਖਰੀ ਦਿਨ ਪੂਰੇ ਦੌਰ ਦਾ ਅੰਤ ਹਨ। ਇਹ ਪਰਮੇਸ਼ੁਰ ਦੀ ਛੇ-ਹਜ਼ਾਰ ਸਾਲਾ ਪ੍ਰਬੰਧਨ ਯੋਜਨਾ ਦੀ ਸੰਪੂਰਨਤਾ ਅਤੇ ਅੰਤ ਹੈ, ਅਤੇ ਇਹ ਮਨੁੱਖਜਾਤੀ ਦੀ ਜ਼ਿੰਦਗੀ ਦੇ ਦੁੱਖਾਂ ਦੇ ਸਫ਼ਰ ਦਾ ਅੰਤ ਕਰਦੇ ਹਨ। ਇਹ ਸਮੁੱਚੀ ਮਨੁੱਖਜਾਤੀ ਨੂੰ ਇੱਕ ਨਵੇਂ ਯੁਗ ਵਿੱਚ ਨਹੀਂ ਲੈ ਕੇ ਜਾਂਦੇ ਜਾਂ ਮਨੁੱਖਜਾਤੀ ਦੀ ਜ਼ਿੰਦਗੀ ਨੂੰ ਜਾਰੀ ਰਹਿਣ ਦੀ ਇਜਾਜ਼ਤ ਨਹੀਂ ਦਿੰਦੇ; ਜਿਸ ਦਾ ਮੇਰੀ ਪ੍ਰਬੰਧਨ ਯੋਜਨਾ ਜਾਂ ਮਨੁੱਖ ਦੀ ਹੋਂਦ ਲਈ ਕੋਈ ਮਹੱਤਵ ਨਹੀਂ ਹੈ। ਜੇ ਮਨੁੱਖਜਾਤੀ ਇਸੇ ਤਰ੍ਹਾਂ ਕਰਦੀ ਰਹੀ ਤਾਂ, ਕਦੇ ਨਾ ਕਦੇ ਸ਼ਤਾਨ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਿਗਲ ਜਾਵੇਗਾ, ਅਤੇ ਮੇਰੇ ਨਾਲ ਸੰਬੰਧਿਤ ਇਹ ਰੂਹਾਂ ਆਖਰ ਨੂੰ ਆਪਣੇ ਹੱਥੀਂ ਆਪਣੇ ਆਪ ਨੂੰ ਬਰਬਾਦ ਕਰ ਲੈਣਗੀਆਂ। ਮੇਰਾ ਕੰਮ ਛੇ ਹਜ਼ਾਰ ਸਾਲਾਂ ਤੱਕ ਚੱਲਦਾ ਹੈ ਅਤੇ ਮੈਂ ਵਾਅਦਾ ਕੀਤਾ ਹੈ ਕਿ ਸ਼ਤਾਨ ਦਾ ਸਮੁੱਚੀ ਮਨੁੱਖਜਾਤੀ ਉੱਤੇ ਕਬਜ਼ਾ ਵੀ ਛੇ ਹਜ਼ਾਰ ਸਾਲਾਂ ਤੋਂ ਵੱਧ ਨਹੀਂ ਰਹੇਗਾ। ਇਸ ਕਰਕੇ ਹੁਣ ਸਮਾਂ ਆ ਗਿਆ ਹੈ। ਮੈਂ ਨਾ ਤਾਂ ਜਾਰੀ ਰੱਖਾਂਗਾ ਅਤੇ ਨਾ ਹੀ ਹੋਰ ਦੇਰੀ ਕਰਾਂਗਾ: ਆਖਰੀ ਦਿਨਾਂ ਦੇ ਦੌਰਾਨ ਮੈਂ ਸ਼ਤਾਨ ਦੇ ਦੰਦ ਖੱਟੇ ਕਰਾਂਗਾ ਅਤੇ ਆਪਣੀ ਮਹਿਮਾ ਵਾਪਸ ਲੈ ਲਵਾਂਗਾ, ਅਤੇ ਧਰਤੀ ਉੱਪਰ ਮੇਰੇ ਨਾਲ ਸੰਬੰਧਿਤ ਰੂਹਾਂ ਨੂੰ ਮੁੜ-ਪ੍ਰਾਪਤ ਕਰ ਲਵਾਂਗਾ, ਤਾਂ ਕਿ ਇਹ ਬਦਹਾਲ ਰੂਹਾਂ ਦੁੱਖਾਂ ਦੇ ਸਮੁੰਦਰ ਤੋਂ ਬਚ ਨਿਕਲਣ, ਅਤੇ ਇਸ ਪ੍ਰਕਾਰ ਧਰਤੀ ਉੱਪਰ ਮੇਰੇ ਸਮੁੱਚੇ ਕੰਮ ਦਾ ਅੰਤ ਹੋਵੇਗਾ। ਇਸ ਦਿਨ ਤੋਂ ਬਾਅਦ, ਧਰਤੀ ਉੱਪਰ ਮੈਂ ਦੁਬਾਰਾ ਕਦੇ ਵੀ ਦੇਹ ਨਹੀਂ ਧਾਰਾਂਗਾ, ਅਤੇ ਸਭ ਕੁਝ ਕਾਬੂ ਵਿੱਚ ਰੱਖਣ ਵਾਲੀ ਮੇਰੀ ਆਤਮਾ ਧਰਤੀ ਉੱਪਰ ਦੁਬਾਰਾ ਕਦੇ ਵੀ ਕੰਮ ਨਹੀਂ ਕਰੇਗੀ। ਮੈਂ ਧਰਤੀ ਉੱਪਰ ਸਿਰਫ਼ ਇੱਕ ਕੰਮ ਕਰਾਂਗਾ: ਮੈਂ ਮੁੜ ਤੋਂ ਮਨੁੱਖਜਾਤੀ ਬਣਾਵਾਂਗਾ, ਉਹ ਮਨੁੱਖਜਾਤੀ ਜੋ ਪਵਿੱਤਰ ਹੈ ਅਤੇ ਜੋ ਧਰਤੀ ਉੱਪਰ ਮੇਰਾ ਵਫ਼ਾਦਾਰ ਸ਼ਹਿਰ ਹੈ। ਪਰ ਇਹ ਜਾਣ ਲਓ ਕਿ ਮੈਂ ਸਮੁੱਚੇ ਜਹਾਨ ਦਾ ਨਾਸ ਨਹੀਂ ਕਰਾਂਗਾ ਅਤੇ ਨਾ ਹੀ ਮੈਂ ਸਮੁੱਚੀ ਮਨੁੱਖਜਾਤੀ ਦਾ ਨਾਸ ਕਰਾਂਗਾ। ਮੈਂ ਉਸ ਤਿਹਾਈ ਨੂੰ ਕਾਇਮ ਰੱਖਾਂਗਾ-ਤਿਹਾਈ ਜੋ ਮੈਨੂੰ ਪਿਆਰ ਕਰਦੀ ਹੈ ਅਤੇ ਮੇਰੇ ਦੁਆਰਾ ਪੂਰੀ ਤਰ੍ਹਾਂ ਜਿੱਤੀ ਜਾ ਚੁੱਕੀ ਹੈ ਅਤੇ ਮੈਂ ਇਸ ਤਿਹਾਈ ਨੂੰ ਧਰਤੀ ਦੇ ਫਲਦਾਰ ਹੋਣ ਅਤੇ ਵੱਧਣ-ਫੁੱਲਣ ਦਾ ਕਾਰਨ ਬਣਾਵਾਂਗਾ, ਜਿਵੇਂ ਇਸਰਾਏਲੀਆਂ ਨੇ ਸ਼ਰਾ ਦੇ ਤਹਿਤ ਕੀਤਾ ਸੀ, ਉਨ੍ਹਾਂ ਦਾ ਪਾਲਣ-ਪੋਸ਼ਣ ਬਹੁਤ ਸਾਰੀਆਂ ਭੇਡਾਂ ਅਤੇ ਡੰਗਰਾਂ, ਅਤੇ ਸਮੁੱਚੀ ਧਰਤੀ ਦੀ ਦੌਲਤ ਨਾਲ ਕਰਾਂਗਾ। ਇਹ ਮਨੁੱਖਜਾਤੀ ਹਮੇਸ਼ਾਂ ਲਈ ਮੇਰੇ ਨਾਲ ਰਹੇਗੀ, ਅਤੇ ਇਹ ਅਜੋਕੀ ਖਸਤਾ ਹਾਲ ਗੰਦੀ ਮਨੁੱਖਜਾਤੀ ਵਰਗੀ ਨਹੀਂ ਹੋਵੇਗੀ ਬਲਕਿ ਇਹ ਉਹ ਸਾਰੇ ਲੋਕਾਂ ਦੀ ਸਭਾ ਹੋਵੇਗੀ ਜਿਨ੍ਹਾਂ ਨੂੰ ਮੇਰੇ ਦੁਆਰਾ ਪਾਇਆ ਗਿਆ ਹੋਵੇਗਾ। ਅਜਿਹੀ ਮਨੁੱਖਤਾ ਨੂੰ ਸ਼ਤਾਨ ਦੁਆਰਾ ਬਰਬਾਦ, ਪਰੇਸ਼ਾਨ ਜਾਂ ਅਧੀਨ ਨਹੀਂ ਕੀਤਾ ਜਾਵੇਗਾ, ਅਤੇ ਮੇਰੀ ਸ਼ਤਾਨ ਉੱਤੇ ਜਿੱਤ ਤੋਂ ਬਾਅਦ ਇਹ ਧਰਤੀ ਉੱਤੇ ਮੌਜੂਦ ਰਹਿਣ ਵਾਲੀ ਇੱਕੋ-ਇੱਕ ਮਨੁੱਖਜਾਤੀ ਹੋਵੇਗੀ। ਇਹ ਉਹ ਮਨੁੱਖਜਾਤੀ ਹੈ ਜਿਸ ਉੱਤੇ ਅੱਜ ਮੈਂ ਜਿੱਤ ਪਾ ਲਈ ਹੈ, ਅਤੇ ਜਿਸ ਨੇ ਮੇਰਾ ਵਾਅਦਾ ਪ੍ਰਾਪਤ ਕਰ ਲਿਆ ਹੈ। ਅਤੇ ਇਸ ਤਰ੍ਹਾਂ, ਮਨੁੱਖਜਾਤੀ ਜਿਸ ਉੱਤੇ ਆਖਰੀ ਦਿਨਾਂ ਵਿੱਚ ਜਿੱਤ ਪਾ ਲਈ ਜਾਵੇਗੀ ਇਹ ਉਹ ਮਨੁੱਖਜਾਤੀ ਵੀ ਹੈ ਜਿਸਨੂੰ ਬਖਸ਼ ਦਿੱਤਾ ਜਾਵੇਗਾ ਅਤੇ ਜੋ ਮੇਰੀਆਂ ਸਦੀਵੀ ਅਸੀਸਾਂ ਨੂੰ ਪ੍ਰਾਪਤ ਕਰੇਗੀ। ਸਿਰਫ਼ ਇਹੀ ਮੇਰੀ ਸ਼ਤਾਨ ਉੱਤੇ ਜਿੱਤ ਦਾ ਸਬੂਤ ਹੋਵੇਗੀ, ਅਤੇ ਮੇਰੀ ਸ਼ਤਾਨ ਨਾਲ ਲੜਾਈ ਦੀ ਇੱਕੋ-ਇੱਕ ਲੁੱਟ ਹੋਵੇਗੀ। ਯੁੱਧ ਦੀਆਂ ਇਨ੍ਹਾਂ ਲੁੱਟਾਂ ਨੂੰ ਮੇਰੇ ਦੁਆਰਾ ਸ਼ਤਾਨ ਦੇ ਵੱਸ ਵਿੱਚੋਂ ਕੱਢ ਲਿਆ ਜਾਵੇਗਾ, ਅਤੇ ਸਿਰਫ਼ ਇਹੀ ਮੇਰੀ ਛੇ-ਹਜ਼ਾਰ ਸਾਲਾ ਪ੍ਰਬੰਧਨ ਯੋਜਨਾ ਦੀ ਸਪੱਸ਼ਟਤਾ ਅਤੇ ਫਲ ਹੋਵੇਗੀ। ਇਹ ਸਮੁੱਚੇ ਜਹਾਨ ਦੇ ਹਰ ਮੁਲਕ ਅਤੇ ਫ਼ਿਰਕੇ, ਹਰ ਜਗ੍ਹਾ ਅਤੇ ਦੇਸ਼ ਤੋਂ ਆਉਂਦੇ ਹਨ। ਉਹ ਵੱਖੋ-ਵੱਖ ਨਸਲਾਂ ਦੇ ਹਨ, ਉਨ੍ਹਾਂ ਦੀਆਂ ਵੱਖੋ-ਵੱਖ ਬੋਲੀਆਂ, ਰਿਵਾਜ, ਅਤੇ ਚਮੜੀ ਦੇ ਰੰਗ ਹਨ, ਅਤੇ ਉਹ ਪੂਰੇ ਸੰਸਾਰ ਦੇ ਹਰ ਮੁਲਕ ਅਤੇ ਫ਼ਿਰਕੇ, ਅਤੇ ਸੰਸਾਰ ਦੀ ਹਰ ਨੁੱਕਰ ਵਿੱਚ ਫੈਲੇ ਹੋਏ ਹਨ। ਆਖਰਕਾਰ, ਇਹ ਸਭ ਇਕੱਠੇ ਹੋ ਕੇ ਇੱਕ ਸਮੁੱਚੀ ਮਨੁੱਖਜਾਤੀ ਬਣਾਉਣਗੇ, ਮਨੁੱਖ ਦੀ ਉਹ ਸਭਾ ਜਿਸ ਤੱਕ ਸ਼ਤਾਨ ਦੀਆਂ ਤਾਕਤਾਂ ਪਹੁੰਚ ਨਹੀਂ ਸਕਦੀਆਂ। ਉਹ ਮਨੁੱਖ ਜੋ ਮੇਰੇ ਦੁਆਰਾ ਜਿੱਤੇ ਅਤੇ ਬਚਾਏ ਨਹੀਂ ਜਾਣਗੇ ਉਹ ਸਮੁੰਦਰ ਦੀਆਂ ਡੂੰਘਿਆਈਆਂ ਵਿੱਚ ਚੁੱਪਚਾਪ ਡੁੱਬ ਜਾਣਗੇ, ਅਤੇ ਅਨੰਤ ਕਾਲ ਤੱਕ ਮੇਰੀਆਂ ਭਸਮ ਕਰ ਦੇਣ ਵਾਲੀਆਂ ਲਾਟਾਂ ਵਿੱਚ ਸਾੜੇ ਜਾਣਗੇ। ਮੈਂ ਇਸ ਪੁਰਾਣੀ ਅਤੇ ਪਰਮ ਗੰਦੀ ਮਨੁੱਖਜਾਤੀ ਦਾ ਉਸੇ ਤਰ੍ਹਾਂ ਨਾਸ ਕਰਾਂਗਾ ਜਿਵੇਂ ਮੈਂ, ਸਿਰਫ਼ ਇਸਰਾਏਲੀਆਂ, ਜਿਨ੍ਹਾਂ ਨੇ ਲੇਲੇ ਦਾ ਮਾਸ ਖਾਧਾ, ਲੇਲੇ ਦਾ ਖ਼ੂਨ ਪੀਤਾ, ਅਤੇ ਆਪਣੇ ਬੂਹੇ ਦੀ ਚੁਗਾਠ ਉੱਤੇ ਲੇਲੇ ਦੇ ਖ਼ੂਨ ਨਾਲ ਨਿਸ਼ਾਨ ਬਣਾਇਆ, ਨੂੰ ਛੱਡ ਕੇ ਮਿਸਰ ਦੇ ਪਲੇਠੇ ਪੁੱਤਰਾਂ ਅਤੇ ਡੰਗਰਾਂ ਦਾ ਨਾਸ ਕੀਤਾ ਸੀ। ਕੀ ਉਹ ਲੋਕ ਜਿਨ੍ਹਾਂ ਨੂੰ ਮੈਂ ਜਿੱਤ ਲਿਆ ਹੈ, ਅਤੇ ਮੇਰੇ ਪਰਿਵਾਰ ਦੇ ਹਨ, ਉਹੀ ਲੋਕ ਨਹੀਂ ਹਨ ਜੋ ਲੇਲੇ, ਜੋ ਕਿ ਮੈਂ ਹਾਂ, ਦਾ ਮਾਸ ਖਾਂਦੇ ਹਨ ਅਤੇ ਲੇਲੇ, ਜੋ ਕਿ ਮੈਂ ਹਾਂ, ਦਾ ਖ਼ੂਨ ਪੀਂਦੇ ਹਨ, ਜਿਨ੍ਹਾਂ ਨੂੰ ਮੇਰੇ ਦੁਆਰਾ ਮੁਕਤੀ ਦਿੱਤੀ ਗਈ ਹੈ, ਅਤੇ ਮੇਰੀ ਭਗਤੀ ਕਰਦੇ ਹਨ? ਕੀ ਅਜਿਹੇ ਲੋਕ ਹਮੇਸ਼ਾਂ ਮੇਰੀ ਮਹਿਮਾ ਵਿੱਚ ਨਹੀਂ ਰਹਿੰਦੇ? ਕੀ ਉਹ ਜੋ ਲੇਲੇ, ਜੋ ਕਿ ਮੈਂ ਹਾਂ, ਦੇ ਮਾਸ ਦੇ ਬਗੈਰ ਰਹਿੰਦੇ ਹਨ, ਪਹਿਲਾਂ ਹੀ ਸਮੁੰਦਰ ਦੀਆਂ ਡੂੰਘਿਆਈਆਂ ਵਿੱਚ ਚੁੱਪਚਾਪ ਡੁੱਬ ਨਹੀਂ ਚੁੱਕੇ ਹਨ? ਅੱਜ ਤੁਸੀਂ ਮੇਰਾ ਵਿਰੋਧ ਕਰਦੇ ਹੋ, ਅਤੇ ਅੱਜ ਮੇਰੇ ਵਚਨ ਉਸੇ ਤਰ੍ਹਾਂ ਦੇ ਹਨ ਜੋ ਯਹੋਵਾਹ ਦੁਆਰਾ ਇਸਰਾਏਲ ਦੇ ਪੁੱਤਾਂ ਅਤੇ ਪੋਤਿਆਂ ਨੂੰ ਬੋਲੇ ਗਏ ਸਨ। ਫਿਰ ਵੀ ਤੁਹਾਡੇ ਦਿਲਾਂ ਦੀ ਡੂੰਘਿਆਈ ਵਿਚਲੀ ਸਖਤੀ ਮੇਰੇ ਕ੍ਰੋਧ ਨੂੰ ਵਧਾ ਰਹੀ ਹੈ, ਤੁਹਾਡੇ ਸਰੀਰ ਉੱਪਰ ਜ਼ਿਆਦਾ ਦੁੱਖ ਲਿਆ ਰਹੀ ਹੈ, ਤੁਹਾਡੇ ਪਾਪਾਂ ਉੱਪਰ ਜ਼ਿਆਦਾ ਨਿਆਂ ਅਤੇ ਤੁਹਾਡੇ ਕੁਧਰਮ ਉੱਤੇ ਹੋਰ ਕ੍ਰੋਧ ਵਧਾ ਰਹੀ ਹੈ। ਜਦੋਂ ਅੱਜ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੇ ਹੋ ਤਾਂ ਮੇਰੇ ਕ੍ਰੋਧ ਦੇ ਦਿਹਾੜੇ ਤੋਂ ਕੋਣ ਬਚ ਸਕਦਾ ਹੈ? ਕਿਸ ਦਾ ਕੁਧਰਮ ਮੇਰੀਆਂ ਤਾੜਨਾ ਭਰੀਆਂ ਨਜ਼ਰਾਂ ਤੋਂ ਬਚ ਸਕਦਾ ਹੈ? ਕਿਸਦੇ ਪਾਪ ਮੇਰੇ, ਸਰਬਸ਼ਕਤੀਮਾਨ ਦੇ, ਹੱਥਾਂ ਨੂੰ ਧੋਖਾ ਦੇ ਸਕਦੇ ਹਨ? ਕਿਸਦੀ ਹੁਕਮ ਅਦੂਲੀ ਮੇਰੇ, ਸਰਬਸ਼ਕਤੀਮਾਨ ਦੇ, ਨਿਆਂ ਤੋਂ ਬਚ ਸਕਦੀ ਹੈ? ਇਸ ਕਰਕੇ ਮੈਂ, ਯਹੋਵਾਹ, ਗੈਰ-ਯਹੂਦੀ ਪਰਿਵਾਰਾਂ ਦੇ ਵੰਸ਼ਜੋ, ਤੁਹਾਨੂੰ ਕਹਿੰਦਾ ਹਾਂ, ਅਤੇ ਜੋ ਵਚਨ ਮੈਂ ਤੁਹਾਨੂੰ ਬੋਲਦਾ ਹਾਂ ਇਹ ਸ਼ਰਾ ਦੇ ਯੁਗ ਅਤੇ ਕਿਰਪਾ ਦੇ ਯੁਗ ਦੇ ਸਾਰੇ ਵਾਕਾਂ ਤੋਂ ਉੱਪਰ ਹਨ, ਫਿਰ ਵੀ ਤੁਸੀ ਮਿਸਰ ਦੇ ਲੋਕਾਂ ਤੋਂ ਵੀ ਕਰੜੇ ਹੋ। ਕੀ ਤੁਸੀਂ ਮੇਰੇ, ਸ਼ਾਂਤਮਈ ਮਨ ਨਾਲ ਕੰਮ ਕਰਨ ਦੇ ਦੌਰਾਨ, ਮੇਰੇ ਕ੍ਰੋਧ ਨੂੰ, ਜਮ੍ਹਾ ਨਹੀਂ ਕਰ ਲਿਆ ਹੈ? ਤੁਸੀਂ ਮੇਰੇ, ਸਰਬਸ਼ਕਤੀਮਾਨ ਦੇ ਦਿਹਾੜੇ ਤੋਂ ਸਹੀ ਸਲਾਮਤ ਕਿਵੇਂ ਬਚ ਸਕਦੇ ਹੋ?

ਮੈਂ ਤੁਹਾਡੇ ਦਰਮਿਆਨ ਇਸ ਪ੍ਰਕਾਰ ਕੰਮ ਕੀਤਾ ਹੈ ਅਤੇ ਬੋਲਿਆ ਹਾਂ, ਮੈਂ ਬਹੁਤ ਜ਼ਿਆਦਾ ਊਰਜਾ ਅਤੇ ਮਿਹਨਤ ਖਰਚ ਕੀਤੀ ਹੈ, ਫਿਰ ਵੀ ਕਦੋਂ ਤੁਸੀਂ ਉਹ ਸੁਣਿਆ ਹੈ ਜੋ ਮੈਂ ਸਪੱਸ਼ਟ ਤੌਰ ਤੇ ਤੁਹਾਨੂੰ ਬੋਲਿਆ ਹਾਂ? ਕਿੱਥੇ ਤੁਸੀਂ ਮੇਰੇ, ਸਰਬਸ਼ਕਤੀਮਾਨ, ਦੇ ਅੱਗੇ ਸਿਰ ਨਿਵਾਇਆ ਹੈ? ਤੁਸੀਂ ਮੇਰੇ ਨਾਲ ਇੰਝ ਕਿਉਂ ਪੇਸ਼ ਆਉਂਦੇ ਹੋ? ਕਿਉਂ ਤੁਸੀਂ ਜੋ ਵੀ ਕਹਿੰਦੇ ਜਾਂ ਕਰਦੇ ਹੋ ਮੇਰਾ ਕ੍ਰੋਧ ਭੜਕਾਉਂਦਾ ਹੈ? ਕਿਉਂ ਤੁਹਾਡੇ ਦਿਲ ਇੰਨੇ ਕਰੜੇ ਹਨ? ਕੀ ਮੈਂ ਕਦੇ ਤੁਹਾਡੇ ਉੱਤੇ ਵਾਰ ਕੀਤਾ ਹੈ? ਕਿਉਂ ਤੁਸੀਂ ਮੈਨੂੰ ਦੁਖੀ ਅਤੇ ਚਿੰਤਤ ਕਰਨ ਦੇ ਸਿਵਾਏ ਕੁਝ ਹੋਰ ਨਹੀਂ ਕਰਦੇ? ਕੀ ਤੁਸੀਂ ਆਪਣੇ ਉੱਪਰ ਮੇਰੇ, ਯਹੋਵਾਹ, ਦੇ ਕ੍ਰੋਧ ਦੇ ਦਿਨ ਦੇ ਆਉਣ ਦੀ ਉਡੀਕ ਕਰ ਰਹੇ ਹੋ? ਕੀ ਤੁਸੀਂ ਮੇਰੇ ਵੱਲੋਂ ਤੁਹਾਡੀ ਅਵੱਗਿਆ ਦੇ ਕਾਰਨ ਭੜਕੇ ਹੋਏ ਆਪਣੇ ਕ੍ਰੋਧ ਦੇ ਭੇਜਣ ਦੀ ਉਡੀਕ ਕਰ ਰਹੇ ਹੋ? ਕੀ ਮੈਂ ਸਭ ਕੁਝ ਤੁਹਾਡੇ ਲਈ ਨਹੀਂ ਕਰਦਾ? ਫਿਰ ਵੀ ਤੁਸੀਂ ਮੇਰੇ, ਯਹੋਵਾਹ, ਨਾਲ ਇਸ ਤਰ੍ਹਾਂ ਸਲੂਕ ਕਰਦੇ ਹੋ, ਮੇਰੀਆਂ ਬਲੀਆਂ ਨੂੰ ਚੋਰੀ ਕਰਦੇ ਹੋ, ਮੇਰੀ ਜਗਵੇਦੀ ਤੋਂ ਭੇਟਾ ਚੋਰੀ ਕਰਕੇ ਘਰ, ਬਘਿਆੜ ਦੇ ਘੁਰਨੇ ਵਿੱਚ ਲਿਜਾ ਕੇ ਬੱਚਿਆਂ, ਅਤੇ ਬੱਚਿਆਂ ਦੇ ਬੱਚਿਆਂ ਨੂੰ ਖਿਲਾਉਂਦੇ ਹੋ; ਲੋਕ ਇੱਕ ਦੂਜੇ ਨਾਲ ਲੜਦੇ ਹਨ, ਇੱਕ ਦੂਜੇ ਦਾ ਸਾਹਮਣਾ ਗੁੱਸੇ ਵਿੱਚ ਅੱਖਾਂ ਕੱਢ ਕੇ ਅਤੇ ਤਲਵਾਰਾਂ, ਬਰਛੀਆਂ ਨਾਲ ਕਰਦੇ ਹਨ, ਮੇਰੇ, ਸਰਬਸ਼ਕਤੀਮਾਨ ਦੇ ਵਚਨਾਂ ਨੂੰ ਮਲ ਵਰਗੇ ਗੰਦ ਵਾਂਗ ਲੈਟਰੀਨ ਵਿੱਚ ਸੁੱਟ ਦਿੰਦੇ ਹਨ। ਤੁਹਾਡੀ ਦਿਆਨਤਦਾਰੀ ਕਿੱਥੇ ਹੈ? ਤੁਹਾਡੀ ਮਨੁੱਖਤਾ ਹੈਵਾਨੀਅਤ ਬਣ ਗਈ ਹੈ! ਬਹੁਤ ਪਹਿਲਾਂ ਤੋਂ ਹੀ ਤੁਹਾਡੇ ਦਿਲ ਪੱਥਰ ਬਣ ਗਏ ਹਨ। ਕੀ ਤੁਸੀਂ ਨਹੀਂ ਜਾਣਦੇ ਕਿ ਜਦੋਂ ਮੇਰੇ ਕ੍ਰੋਧ ਦੇ ਦਿਹਾੜੇ ਦਾ ਸਮਾਂ ਆਵੇਗਾ ਇਹ ਉਹ ਸਮਾਂ ਹੋਵੇਗਾ ਜਦੋਂ ਮੈਂ ਤੁਹਾਡੇ ਦੁਆਰਾ ਮੇਰੇ, ਸਰਬਸ਼ਕਤੀਮਾਨ, ਦੇ ਖਿਲ਼ਾਫ਼ ਅੱਜ ਕੀਤੇ ਗਏ ਬੁਰੇ ਕੰਮਾਂ ਦਾ ਨਿਆਂ ਕਰਾਂਗਾ? ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਤੁਸੀਂ ਮੈਨੂੰ ਬੇਵਕੂਫ਼ ਬਣਾ ਕੇ ਮੇਰੇ ਵਚਨਾਂ ਨੂੰ ਅਣਸੁਣਿਆ ਕਰਦੇ ਹੋ ਅਤੇ ਉਨ੍ਹਾਂ ਨੂੰ ਦਲਦਲ ਵਿੱਚ ਸੁੱਟਦੇ ਹੋ—ਕੀ ਤੁਹਾਨੂੰ ਲੱਗਦਾ ਹੈ ਕਿ ਮੇਰੀ ਪਿੱਠ ਪਿੱਛੇ ਇਸ ਤਰ੍ਹਾਂ ਦਾ ਵਿਹਾਰ ਕਰਕੇ ਤੁਸੀਂ ਮੇਰੀ ਕ੍ਰੋਧਮਈ ਨਜ਼ਰ ਤੋਂ ਬਚ ਜਾਵੋਗੇ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰੀਆਂ, ਯਹੋਵਾਹ ਦੀਆਂ, ਨਜ਼ਰਾਂ ਨੇ ਪਹਿਲਾਂ ਹੀ ਤੁਹਾਨੂੰ ਦੇਖ ਲਿਆ ਹੈ, ਜਦੋਂ ਤੁਸੀਂ ਮੇਰੀਆਂ ਬਲੀਆਂ ਨੂੰ ਚੋਰੀ ਕੀਤਾ ਅਤੇ ਮੇਰੀ ਨਿਜ ਸੰਪਤੀ ਦਾ ਲਾਲਚ ਕੀਤਾ। ਕੀ ਤੁਹਾਨੂੰ ਨਹੀਂ ਪਤਾ ਕਿ ਜਦੋਂ ਤੁਸੀਂ ਮੇਰੀਆਂ ਬਲੀਆਂ ਨੂੰ ਚੋਰੀ ਕੀਤਾ ਤਾਂ ਤੁਸੀਂ ਇਹ ਉਸ ਜਗਵੇਦੀ ਦੇ ਅੱਗੇ ਕੀਤਾ ਜਿੱਥੇ ਇਹ ਬਲੀਆਂ ਚੜ੍ਹਾਈਆਂ ਗਈਆਂ ਸਨ? ਤੁਸੀਂ ਇਹ ਕਿਵੇਂ ਸੋਚ ਸਕਦੇ ਹੋ ਕਿ ਤੁਸੀਂ ਇੰਨੇ ਚਲਾਕ ਹੋ ਕਿ ਮੈਨੂੰ ਇਸ ਤਰ੍ਹਾਂ ਧੋਖਾ ਦੇ ਸਕਦੇ ਹੋ? ਮੇਰਾ ਕ੍ਰੋਧ ਤੁਹਾਡੇ ਸੰਗੀਨ ਪਾਪਾਂ ਤੋਂ ਕਿਵੇਂ ਹਟੇਗਾ? ਮੇਰਾ ਬਲਦਾ ਹੋਇਆ ਕ੍ਰੋਧ ਤੁਹਾਡੇ ਬੁਰੇ ਕੰਮਾਂ ਦੇ ਉੱਤੋਂ ਦੀ ਕਿਵੇਂ ਲੰਘ ਜਾਵੇਗਾ? ਅੱਜ ਜਿਸ ਬੁਰਾਈ ਨੂੰ ਤੁਸੀਂ ਅੰਜਾਮ ਦਿੰਦੇ ਹੋ ਉਹ ਕੱਲ ਨੂੰ ਰਾਹ ਨਹੀਂ ਖੋਲ੍ਹੇਗੀ ਬਲਕਿ ਤੁਹਾਡੇ ਖ਼ਿਲਾਫ਼ ਮੇਰੀ ਤਾੜਨਾ ਨੂੰ ਜਮ੍ਹਾ ਕਰੇਗੀ; ਇਹ ਮੇਰੇ, ਸਰਬਸ਼ਕਤੀਮਾਨ, ਵੱਲੋਂ ਤੁਹਾਡੇ ਪ੍ਰਤੀ ਤਾੜਨਾ ਨੂੰ ਭੜਕਾਉਂਦੀ ਹੈ। ਤੁਹਾਡੇ ਬੁਰੇ ਕੰਮ ਅਤੇ ਬੁਰੀਆਂ ਗੱਲਾਂ ਮੇਰੀ ਤਾੜਨਾ ਤੋਂ ਕਿਵੇਂ ਬਚ ਸਕਦੇ ਹਨ? ਤੁਹਾਡੀਆਂ ਪ੍ਰਾਰਥਨਾਵਾਂ ਮੇਰੇ ਕੰਨਾਂ ਤੱਕ ਕਿਵੇਂ ਪਹੁੰਚ ਸਕਦੀਆਂ ਹਨ? ਮੈਂ ਤੁਹਾਡੇ ਕੁਧਰਮ ਦੇ ਬਾਹਰ ਨਿਕਲਣ ਦਾ ਰਾਹ ਕਿਵੇਂ ਖੋਲ੍ਹ ਸਕਦਾ ਹਾਂ? ਮੈਂ ਤੁਹਾਡੇ ਮੇਰੀ ਹੁਕਮ ਅਦੂਲੀ ਵਿੱਚ ਕੀਤੇ ਬੁਰੇ ਕੰਮਾਂ ਨੂੰ ਕਿਵੇਂ ਬਖਸ਼ ਸਕਦਾ ਹਾਂ? ਮੈਂ ਸੱਪ ਵਾਂਗ ਜ਼ਹਿਰ ਉੱਗਲਦੀਆਂ ਤੁਹਾਡੀਆਂ ਜ਼ੁਬਾਨਾਂ ਨੂੰ ਕਿਉਂ ਨਾ ਵੱਢ ਸੁੱਟਾਂ? ਤੁਸੀਂ ਮੈਨੂੰ ਆਪਣੀ ਧਾਰਮਿਕਤਾ ਦੀ ਖ਼ਾਤਰ ਨਹੀਂ ਬਲਕਿ ਆਪਣੇ ਕੁਧਰਮ ਦੇ ਸਿੱਟੇ ਵੱਜੋਂ ਮੇਰੇ ਕ੍ਰੋਧ ਨੂੰ ਜਮ੍ਹਾ ਕਰਨ ਦਾ ਬੁਲਾਵਾ ਭੇਜਦੇ ਹੋ। ਮੈਂ ਤੁਹਾਨੂੰ ਮਾਫ਼ ਕਿਵੇਂ ਕਰ ਸਕਦਾ ਹਾਂ? ਮੇਰੀਆਂ, ਸਰਬਸ਼ਕਤੀਮਾਨ ਦੀਆਂ, ਨਜ਼ਰਾਂ ਵਿੱਚ ਤੁਹਾਡੇ ਵਚਨ ਅਤੇ ਕੰਮ ਗੰਦੇ ਹਨ। ਮੇਰੀਆਂ, ਸਰਬਸ਼ਕਤੀਮਾਨ ਦੀਆਂ, ਅੱਖਾਂ ਤੁਹਾਡੇ ਕੁਧਰਮ ਨੂੰ ਬੇਰੋਕ ਤਾੜਨਾ ਵਜੋਂ ਦੇਖਦੀਆਂ ਹਨ। ਮੇਰੀ ਧਰਮੀ ਤਾੜਨਾ ਅਤੇ ਨਿਆਂ ਤੁਹਾਨੂੰ ਕਿਵੇਂ ਛੱਡ ਸਕਦੇ ਹਨ? ਕਿਉਂਕਿ ਤੁਸੀਂ ਮੇਰੇ ਨਾਲ ਇੰਝ ਕਰਦੇ ਹੋ, ਮੈਨੂੰ ਸੋਗਮਈ ਅਤੇ ਕ੍ਰੋਧੀ ਬਣਾਉਂਦੇ ਹੋ, ਤੁਸੀਂ ਮੇਰੇ ਹੱਥਾਂ ਅਤੇ ਉਸ ਦਿਹਾੜੇ ਤੋਂ ਕਿਵੇਂ ਬਚ ਸਕਦੇ ਹੋ ਜਦੋਂ ਮੈਂ, ਯਹੋਵਾਹ, ਤੁਹਾਨੂੰ ਤਾੜਨਾ ਅਤੇ ਸਰਾਪ ਦਿੰਦਾ ਹਾਂ? ਕੀ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਡੇ ਸਾਰੇ ਬੁਰੇ ਸ਼ਬਦ ਅਤੇ ਵਾਕ ਪਹਿਲਾਂ ਤੋਂ ਹੀ ਮੇਰੇ ਕੰਨਾਂ ਤੱਕ ਪਹੁੰਚ ਚੁੱਕੇ ਹਨ? ਕੀ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਡੇ ਕੁਧਰਮ ਨੇ ਪਹਿਲਾਂ ਤੋਂ ਹੀ ਮੇਰੇ ਧਾਰਮਿਕਤਾ ਦੇ ਪਵਿੱਤਰ ਜਾਮੇ ਨੂੰ ਦਾਗ਼ਦਾਰ ਕਰ ਦਿੱਤਾ ਹੈ? ਕੀ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਡੀ ਅਵੱਗਿਆ ਨੇ ਪਹਿਲਾਂ ਤੋਂ ਹੀ ਮੇਰੇ ਤੀਬਰ ਕ੍ਰੋਧ ਨੂੰ ਭੜਕਾ ਦਿੱਤਾ ਹੈ? ਕੀ ਤੁਸੀਂ ਨਹੀਂ ਜਾਣਦੇ ਹੋ ਕਿ ਤੁਸੀਂ ਕਾਫੀ ਦੇਰ ਪਹਿਲਾਂ ਤੋਂ ਹੀ ਮੈਨੂੰ ਕ੍ਰੋਧਿਤ ਕਰ ਦਿੱਤਾ ਹੈ, ਅਤੇ ਕਾਫ਼ੀ ਦੇਰ ਤੋਂ ਮੇਰੇ ਸਬਰ ਨੂੰ ਅਜ਼ਮਾਇਆ ਹੈ? ਕੀ ਤੁਸੀਂ ਨਹੀਂ ਜਾਣਦੇ ਹੋ ਕਿ ਪਹਿਲਾਂ ਤੋਂ ਹੀ ਤੁਸੀਂ ਮੇਰੀ ਦੇਹ ਨੂੰ ਬਰਬਾਦ ਕਰਕੇ ਇਸਦੇ ਚੀਥੜੇ ਕਰ ਦਿੱਤੇ ਹਨ। ਮੈਂ ਹੁਣ ਤੱਕ ਬਰਦਾਸ਼ਤ ਕੀਤਾ ਹੈ, ਇੱਥੋਂ ਤੱਕ ਕਿ ਮੈਂ ਆਪਣਾ ਕ੍ਰੋਧ ਹੋਰ ਨਹੀਂ ਵਹਾਉਂਦਾ, ਅਤੇ ਤੁਹਾਡੇ ਪ੍ਰਤੀ ਹੋਰ ਸਹਿਣਸ਼ੀਲਤਾ ਨਹੀਂ ਰੱਖਦਾ। ਕੀ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਡੇ ਬੁਰੇ ਕੰਮ ਪਹਿਲਾਂ ਹੀ ਮੇਰੀਆਂ ਅੱਖਾਂ ਅੱਗੇ ਆ ਚੁੱਕੇ ਹਨ ਅਤੇ ਮੇਰੀਆਂ ਚੀਕਾਂ ਪਹਿਲਾਂ ਹੀ ਮੇਰੇ ਪਿਤਾ ਦੇ ਕੰਨਾਂ ਤੱਕ ਪਹੁੰਚ ਚੁੱਕੀਆਂ ਹਨ? ਉਹ ਤੁਹਾਨੂੰ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ? ਜੋ ਵੀ ਕੰਮ ਮੈਂ ਕਰਦਾ ਹਾਂ, ਕੀ ਉਹ ਤੁਹਾਡੀ ਖ਼ਾਤਰ ਨਹੀਂ ਹੈ? ਫਿਰ ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜੋ ਮੇਰੇ, ਯਹੋਵਾਹ, ਦੇ ਕੰਮ ਨਾਲ ਪਿਆਰ ਜਤਾਉਂਦਾ ਹੈ? ਕੀ ਮੈਂ ਆਪਣੀ ਕਮਜ਼ੋਰੀ ਅਤੇ ਆਪਣੇ ਦੁੱਖਾਂ ਦੇ ਸੰਤਾਪ ਦੇ ਕਰਕੇ, ਆਪਣੇ ਪਿਤਾ ਦੀ ਇੱਛਾ ਪ੍ਰਤੀ ਬੇਵਫ਼ਾ ਹੋ ਸਕਦਾ ਹਾਂ? ਕੀ ਤੁਸੀਂ ਮੇਰੇ ਦਿਲ ਨੂੰ ਨਹੀਂ ਸਮਝ ਸਕਦੇ? ਮੈਂ ਤੁਹਾਡੇ ਨਾਲ ਉਵੇਂ ਗੱਲ ਕਰ ਰਿਹਾ ਹਾਂ ਜਿਵੇਂ ਯਹੋਵਾਹ ਨੇ ਕੀਤੀ ਸੀ; ਕੀ ਮੈਂ ਤੁਹਾਡੀ ਖ਼ਾਤਰ ਬਹੁਤ ਕੁਝ ਤਿਆਗ ਨਹੀਂ ਚੁੱਕਾ ਹਾਂ? ਹਾਲਾਂਕਿ ਮੈਂ ਆਪਣੇ ਪਿਤਾ ਦੇ ਕੰਮ ਦੀ ਖ਼ਾਤਰ ਇਨ੍ਹਾਂ ਸਾਰੇ ਦੁੱਖਾਂ ਨੂੰ ਝੱਲਣ ਲਈ ਤਿਆਰ ਹਾਂ, ਤੁਸੀਂ ਮੇਰੀ ਉਸ ਤਾੜਨਾ ਤੋਂ ਕਿਵੇਂ ਅਜ਼ਾਦ ਹੋ ਸਕਦੇ ਹੋ ਜੋ ਮੈਂ ਤੁਹਾਡੇ ਉੱਤੇ, ਮੇਰੇ ਦੁੱਖਾਂ ਦੇ ਸਿੱਟੇ ਵਜੋਂ ਲਿਆਉਂਦਾ ਹਾਂ? ਕੀ ਤੁਸੀਂ ਮੇਰੀਆ ਕਾਫ਼ੀ ਚੀਜ਼ਾਂ ਦਾ ਅਨੰਦ ਨਹੀਂ ਮਾਣਿਆ ਹੈ? ਅੱਜ ਮੇਰੇ ਪਿਤਾ ਨੇ ਮੈਨੂੰ ਤੁਹਾਨੂੰ ਪ੍ਰਦਾਨ ਕੀਤਾ ਹੈ; ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਮੇਰੇ ਬੇਅੰਤ ਵਚਨਾਂ ਨਾਲੋਂ ਬਹੁਤ ਜ਼ਿਆਦਾ ਚੀਜ਼ਾਂ ਦਾ ਅਨੰਦ ਮਾਣਦੇ ਹੋ? ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਨੂੰ ਆਪਣੀ ਜ਼ਿੰਦਗੀ ਅਤੇ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਅਨੰਦ ਮਾਣਦੇ ਹੋ ਉਹ ਮੇਰੀ ਜ਼ਿੰਦਗੀ ਦੇ ਬਦਲੇ ਵਿੱਚ ਮਿਲੀਆਂ ਹਨ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰੇ ਪਿਤਾ ਨੇ ਮੇਰੀ ਜ਼ਿੰਦਗੀ ਨੂੰ ਸ਼ਤਾਨ ਨਾਲ ਲੜਾਈ ਕਰਨ ਲਈ ਵਰਤਿਆ ਹੈ, ਅਤੇ ਇਹ ਕਿ ਉਸ ਨੇ ਤੁਹਾਨੂੰ ਮੇਰੀ ਜ਼ਿੰਦਗੀ ਪ੍ਰਦਾਨ ਕੀਤੀ ਹੈ, ਜਿਸ ਨਾਲ ਤੁਹਾਨੂੰ ਸੌ ਗੁਣਾ ਪ੍ਰਾਪਤ ਹੋਇਆ ਹੈ, ਅਤੇ ਇੰਨੇ ਸਾਰੇ ਪ੍ਰਲੋਭਨਾਂ ਤੋਂ ਦੂਰ ਰਹਿਣ ਦੀ ਆਗਿਆ ਮਿਲੀ ਹੈ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰੇ ਕੰਮ ਦੇ ਜ਼ਰੀਏ ਤੁਹਾਨੂੰ ਇੰਨੇ ਪ੍ਰਲੋਭਨਾਂ ਤੋਂ, ਅਤੇ ਬਹੁਤ ਸਾਰੀਆਂ ਕ੍ਰੋਧੀ ਤਾੜਨਾਵਾਂ ਤੋਂ ਛੁਟਕਾਰਾ ਮਿਲਿਆ ਹੈ? ਕੀ ਤੁਸੀਂ ਨਹੀਂ ਜਾਣਦੇ ਕਿ ਸਿਰਫ਼ ਮੇਰੀ ਵਜ੍ਹਾ ਤੋਂ ਮੇਰੇ ਪਿਤਾ ਨੇ ਤੁਹਾਨੂੰ ਹੁਣ ਤੱਕ ਮੌਜਾਂ ਲੈਣ ਦਿੱਤੀਆਂ ਹਨ? ਅੱਜ ਤੁਸੀਂ ਆਪਣੇ ਦਿਲਾਂ ਵਿੱਚ ਉੱਗੇ ਅੱਟਣਾਂ ਵਾਂਗ ਇੰਨੇ ਕਰੜੇ ਅਤੇ ਅੜੀਅਲ ਕਿਵੇਂ ਹੋ ਸਕਦੇ ਹੋ? ਇਹ ਕਿਵੇਂ ਹੋ ਸਕਦਾ ਹੈ ਕਿ ਅੱਜ ਜੋ ਬੁਰਾਈ ਤੁਸੀਂ ਕੀਤੀ ਹੈ ਉਹ ਕ੍ਰੋਧ ਦੇ ਦਿਹਾੜੇ, ਜੋ ਮੇਰੀ ਧਰਤੀ ਤੋਂ ਰਵਾਨਗੀ ਤੋਂ ਬਾਅਦ ਆਵੇਗਾ, ਤੋਂ ਬਚ ਸਕੇਗੀ? ਮੈਂ ਅਜਿਹੇ ਇੰਨੇ ਕਰੜੇ ਅਤੇ ਅੜੀਅਲ ਲੋਕਾਂ ਨੂੰ ਯਹੋਵਾਹ ਦੇ ਕ੍ਰੋਧ ਤੋਂ ਕਿਵੇਂ ਬਚਣ ਦੇ ਸਕਦਾ ਹਾਂ?

ਅਤੀਤ ਵੱਲ ਝਾਤੀ ਮਾਰੋ: ਕਦੋਂ ਤੁਹਾਡੇ ਵੱਲ ਮੇਰੀ ਨਜ਼ਰ ਕ੍ਰੋਧੀ ਅਤੇ ਅਵਾਜ਼ ਸਖ਼ਤ ਹੁੰਦੀ ਰਹੀ ਹੈ? ਮੈਂ ਤੁਹਾਡੇ ਨਾਲ ਕਦੋਂ ਵਿਤਕਰਾ ਕੀਤਾ ਹੈ? ਮੈਂ ਕਦੋਂ ਤੁਹਾਨੂੰ ਬਗੈਰ ਮਤਲਬ ਤੋਂ ਝਿੜਕਿਆ ਹੈ? ਕੀ ਤੁਹਾਡੀ ਖ਼ਾਤਰ ਮੈਂ ਆਪਣੇ ਪਿਤਾ ਨੂੰ ਤੁਹਾਨੂੰ ਪ੍ਰਲੋਭਨਾਂ ਤੋਂ ਦੂਰ ਰੱਖਣ ਲਈ ਨਹੀਂ ਆਖਿਆ? ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕਰਦੇ ਹੋ? ਕੀ ਮੈਂ ਕਦੇ ਆਪਣੇ ਇਖਤਿਆਰ ਨੂੰ ਤੁਹਾਡੇ ਸਰੀਰ ਨੂੰ ਮਾਰ ਸੁਟਣ ਲਈ ਵਰਤਿਆ ਹੈ? ਤੁਸੀਂ ਮੈਨੂੰ ਇਸ ਤਰ੍ਹਾਂ ਦਾ ਬਦਲਾ ਕਿਉਂ ਦਿੰਦੇ ਹੋ? ਮੇਰੇ ਪ੍ਰਤੀ ਠੰਡੇ ਅਤੇ ਗਰਮ ਵਿਹਾਰ ਤੋਂ ਬਾਅਦ, ਤੁਸੀਂ ਨਾ ਗਰਮ ਹੋ, ਨਾ ਠੰਡੇ ਹੋ, ਅਤੇ ਫਿਰ ਵੀ ਤੁਸੀਂ ਮੈਨੂੰ ਠੱਗਣ ਦੀ ਕੋਸ਼ਿਸ਼ ਕਰਦੇ ਹੋ ਅਤੇ ਮੇਰੇ ਤੋਂ ਚੀਜ਼ਾਂ ਲੁਕਾਉਂਦੇ ਹੋ, ਅਤੇ ਤੁਹਾਡੇ ਮੂੰਹ ਬੇਧਰਮੀ ਦੀ ਥੁੱਕ ਨਾਲ ਭਰੇ ਹੋਏ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਜ਼ੁਬਾਨਾਂ ਮੇਰੀ ਆਤਮਾ ਨੂੰ ਧੋਖਾ ਦੇ ਸਕਦੀਆਂ ਹਨ? ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਜ਼ੁਬਾਨਾਂ ਮੇਰੇ ਕ੍ਰੋਧ ਤੋਂ ਬਚ ਸਕਦੀਆਂ ਹਨ? ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਜ਼ੁਬਾਨਾਂ ਜਿਵੇਂ ਚਾਹੁਣ, ਮੇਰੇ, ਯਹੋਵਾਹ ਦੇ, ਕੰਮਾਂ ਦਾ ਨਿਆਂ ਕਰ ਸਕਦੀਆਂ ਹਨ? ਕੀ ਮੈਂ ਉਹ ਪਰਮੇਸ਼ੁਰ ਹਾਂ ਜਿਸ ਉੱਤੇ ਮਨੁੱਖ ਆਪਣਾ ਨਿਰਣਾ ਦੇ ਸਕਦਾ ਹੈ? ਕੀ ਮੈਂ ਨਿੱਕੇ ਜਿਹੇ ਕੀੜੇ ਨੂੰ ਇਸ ਤਰ੍ਹਾਂ ਆਪਣੇ ਖ਼ਿਲਾਫ਼ ਕੁਫ਼ਰ ਤੋਲਣ ਦੇਵਾਂਗਾ? ਮੈਂ ਅਜਿਹੇ ਅਵੱਗਿਆ ਦੇ ਪੁੱਤਰਾਂ ਨੂੰ ਮੇਰੀਆਂ ਅਨੰਤ ਕਾਲ ਤੱਕ ਦੀਆਂ ਅਸੀਸਾਂ ਵਿੱਚ ਕਿਵੇਂ ਰੱਖ ਸਕਦਾ ਹਾਂ? ਤੁਹਾਡੇ ਵਚਨ ਅਤੇ ਕੰਮ ਬਹੁਤ ਸਮਾਂ ਪਹਿਲਾਂ ਤੋਂ ਹੀ ਤੁਹਾਨੂੰ ਨਿੰਦਦਿਆਂ ਜ਼ਾਹਰ ਹੋ ਚੁੱਕੇ ਹਨ। ਜਦੋਂ ਮੈਂ ਅਕਾਸ਼ਾਂ ਨੂੰ ਫੈਲਾਇਆ ਅਤੇ ਸਾਰੀਆਂ ਚੀਜ਼ਾਂ ਦੀ ਸਿਰਜਣਾ ਕੀਤੀ, ਮੈਂ ਕਿਸੇ ਵੀ ਜੀਵ ਨੂੰ ਆਪਣੀ ਮਨਮਰਜ਼ੀ ਨਾਲ ਇਸ ਦਾ ਹਿੱਸਾ ਨਹੀਂ ਬਣਨ ਦਿੱਤਾ, ਨਾ ਹੀ ਮੈਂ ਕਿਸੇ ਵੀ ਚੀਜ਼ ਨੂੰ ਆਪਣੀ ਮਨਮਰਜ਼ੀ ਨਾਲ ਮੇਰੇ ਕੰਮ ਅਤੇ ਮੇਰੇ ਪ੍ਰਬੰਧਨ ਵਿੱਚ ਵਿਘਨ ਪਾਉਣ ਦਿੱਤਾ। ਮੈਂ ਕਿਸੇ ਵੀ ਮਨੁੱਖ ਜਾਂ ਵਸਤ ਨੂੰ ਬਰਦਾਸ਼ਤ ਨਹੀਂ ਕੀਤਾ; ਮੈਂ ਉਨ੍ਹਾਂ ਨੂੰ ਕਿਵੇਂ ਬਖਸ਼ ਸਕਦਾ ਹਾਂ ਜੋ ਮੇਰੇ ਪ੍ਰਤੀ ਬੇਰਹਿਮ ਅਤੇ ਅਣਮਨੁੱਖੀ ਹਨ? ਮੈਂ ਉਨ੍ਹਾਂ ਨੂੰ ਕਿਵੇਂ ਮਾਫ਼ ਕਰ ਸਕਦਾ ਹਾਂ ਜੋ ਮੇਰੇ ਵਚਨਾਂ ਦਾ ਵਿਦਰੋਹ ਕਰਦੇ ਹਨ? ਮੈਂ ਉਨ੍ਹਾਂ ਨੂੰ ਕਿਵੇਂ ਛੱਡ ਸਕਦਾ ਹਾਂ ਜੋ ਮੇਰੀ ਅਵੱਗਿਆ ਕਰਦੇ ਹਨ? ਕੀ ਮਨੁੱਖ ਦੀ ਕਿਸਮਤ ਮੇਰੇ, ਸਰਬਸ਼ਕਤੀਮਾਨ ਦੇ, ਹੱਥਾਂ ਵਿੱਚ ਨਹੀਂ ਹੈ? ਮੈਂ ਤੇਰੇ ਕੁਧਰਮ ਅਤੇ ਅਵੱਗਿਆ ਨੂੰ ਪਵਿੱਤਰ ਕਿਵੇਂ ਮੰਨ ਸਕਦਾ ਹਾਂ? ਤੇਰੇ ਪਾਪ ਮੇਰੀ ਪਵਿੱਤਰਤਾ ਨੂੰ ਕਿਵੇਂ ਦਾਗ਼ਦਾਰ ਕਰ ਸਕਦੇ ਹਨ? ਮੈਂ ਬੇਧਰਮੀ ਦੀ ਅਪਵਿੱਤਰਤਾ ਨਾਲ ਦਾਗ਼ਦਾਰ ਨਹੀਂ ਹੁੰਦਾ, ਨਾ ਹੀ ਮੈਂ ਬੇਧਰਮੀ ਦੀ ਭੇਟਾ ਦਾ ਅਨੰਦ ਮਾਣਦਾ ਹਾਂ। ਜੇ ਤੂੰ ਮੇਰੇ, ਯਹੋਵਾਹ, ਦੇ ਪ੍ਰਤੀ ਵਫ਼ਾਦਾਰ ਹੈਂ ਤਾਂ ਕੀ ਆਪਣੇ ਆਪ ਨੂੰ ਮੇਰੀ ਜਗਵੇਦੀ ਉੱਤੇ ਕੁਰਬਾਨ ਕਰ ਸਕਦਾ ਹੈਂ? ਕੀ ਤੂੰ ਆਪਣੀ ਜ਼ਹਿਰੀਲੀ ਜ਼ੁਬਾਨ ਨੂੰ ਮੇਰੇ ਪਵਿੱਤਰ ਨਾਮ ਦੇ ਖ਼ਿਲਾਫ਼ ਕੁਫ਼ਰ ਤੋਲਣ ਲਈ ਵਰਤ ਸਕਦਾ ਹੈਂ? ਕੀ ਤੂੰ ਇਸ ਤਰ੍ਹਾਂ ਮੇਰੇ ਵਚਨਾਂ ਦੇ ਖ਼ਿਲਾਫ਼ ਵਿਦਰੋਹ ਕਰ ਸਕਦਾ ਹੈਂ? ਕੀ ਤੂੰ ਮੇਰੀ ਮਹਿਮਾ ਅਤੇ ਪਵਿੱਤਰ ਨਾਮ ਨੂੰ ਸ਼ਤਾਨ, ਬੁਰਾਈ, ਦੀ ਸੇਵਾ ਦੇ ਸਾਧਨ ਵਜੋਂ ਵਰਤ ਸਕਦਾ ਹੈਂ? ਮੇਰੀ ਜ਼ਿੰਦਗੀ ਪਵਿੱਤਰ ਲੋਕਾਂ ਦੇ ਅਨੰਦ ਲਈ ਪ੍ਰਦਾਨ ਕੀਤੀ ਗਈ ਹੈ। ਮੈਂ ਤੈਨੂੰ ਮੇਰੀ ਜ਼ਿੰਦਗੀ ਨਾਲ ਆਪਣੀ ਮਨਮਰਜ਼ੀ ਨਾਲ ਖੇਡਣ ਦੀ ਇਜਾਜ਼ਤ ਕਿਵੇਂ ਦੇ ਸਕਦਾ ਹਾਂ, ਅਤੇ ਇਸ ਨੂੰ ਤੁਹਾਡੇ ਵਿਚਕਾਰ ਟਕਰਾਅ ਦੇ ਸਾਧਨ ਦੇ ਤੌਰ ਤੇ ਕਿਵੇਂ ਵਰਤਣ ਦੀ ਇਜਾਜ਼ਤ ਦੇ ਸਕਦਾ ਹਾਂ? ਤੁਸੀਂ ਇੰਨੇ ਪੱਥਰ-ਦਿਲ ਕਿਵੇਂ ਹੋ ਸਕਦੇ ਹੋ, ਅਤੇ ਮੇਰੇ ਪ੍ਰਤੀ ਆਪਣੇ ਵਿਹਾਰ ਵਿੱਚ ਭਲਾਈ ਤੋਂ ਇੰਨੇ ਸੱਖਣੇ ਕਿਵੇਂ ਹੋ ਸਕਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਮੈਂ ਪਹਿਲਾਂ ਤੋਂ ਹੀ ਜ਼ਿੰਦਗੀ ਦੇ ਇਨ੍ਹਾਂ ਵਚਨਾਂ ਵਿੱਚ ਤੁਹਾਡੇ ਬੁਰੇ ਕੰਮਾਂ ਨੂੰ ਲਿੱਖ ਦਿੱਤਾ ਹੈ? ਤੁਸੀਂ ਕ੍ਰੋਧ ਦੇ ਦਿਹਾੜੇ, ਜਦੋਂ ਮੈਂ ਮਿਸਰ ਨੂੰ ਤਾੜਿਆ ਸੀ, ਤੋਂ ਕਿਵੇਂ ਬਚ ਸਕਦੇ ਸੀ? ਮੈਂ ਤੁਹਾਨੂੰ ਇਸ ਤਰ੍ਹਾਂ, ਵਾਰ-ਵਾਰ ਮੇਰਾ ਵਿਰੋਧ ਅਤੇ ਹੁਕਮ ਅਦੂਲੀ ਦੀ ਇਜਾਜ਼ਤ ਕਿਵੇਂ ਦੇ ਸਕਦਾ ਹਾਂ? ਮੈਂ ਤੁਹਾਨੂੰ ਸਪੱਸ਼ਟ ਤੌਰ ਤੇ ਦੱਸਦਾ ਹਾਂ ਕਿ ਜਦੋਂ ਉਹ ਦਿਹਾੜਾ ਆਵੇਗਾ, ਤੁਹਾਡੀ ਤਾੜਨਾ ਮਿਸਰ ਦੇ ਮੁਕਾਬਲੇ ਜ਼ਿਆਦਾ ਅਸਹਿ ਹੋਵੇਗੀ! ਤੁਸੀਂ ਮੇਰੇ ਕ੍ਰੋਧ ਦੇ ਦਿਹਾੜੇ ਤੋਂ ਕਿਵੇਂ ਬਚ ਸਕਦੇ ਹੋ? ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਮੇਰੀ ਸਹਿਣਸ਼ੀਲਤਾ ਤੁਹਾਡੇ ਬੁਰੇ ਕੰਮਾਂ ਲਈ ਤਿਆਰ ਕੀਤੀ ਗਈ ਸੀ, ਅਤੇ ਉਸ ਦਿਹਾੜੇ ਤੁਹਾਡੀ ਤਾੜਨਾ ਲਈ ਮੌਜੂਦ ਰਹਿੰਦੀ ਹੈ। ਕੀ ਤੁਸੀਂ ਉਹ ਲੋਕ ਨਹੀਂ ਹੋ ਜੋ ਮੇਰੀ ਸਹਿਣਸ਼ੀਲਤਾ ਦੇ ਅੰਤ ਤੱਕ ਪਹੁੰਚਣ ਤੋਂ ਬਾਅਦ ਕ੍ਰੋਧੀ ਨਿਆਂ ਝੱਲਣਗੇ? ਕੀ ਸਭ ਕੁਝ ਮੇਰੇ, ਸਰਬਸ਼ਕਤੀਮਾਨ ਦੇ, ਹੱਥਾਂ ਵਿੱਚ ਨਹੀਂ ਹੈ? ਮੈਂ ਤੁਹਾਨੂੰ ਅਕਾਸ਼ਾਂ ਦੇ ਹੇਠਾਂ ਕਿਵੇਂ ਇਸ ਤਰ੍ਹਾਂ ਅਵੱਗਿਆ ਦੀ ਇਜ਼ਾਜਤ ਦੇ ਸਕਦਾ ਹਾਂ? ਤੁਹਾਡੀਆਂ ਜ਼ਿੰਦਗੀਆਂ ਬਹੁਤ ਔਖੀਆਂ ਹੋਣਗੀਆਂ ਕਿਉਂਕਿ ਤੁਸੀਂ ਮਸੀਹ, ਜਿਸ ਦੇ ਆਉਣ ਬਾਰੇ ਕਿਹਾ ਗਿਆ ਸੀ, ਨੂੰ ਮਿਲ ਚੁੱਕੇ ਹੋ, ਭਾਵੇਂ ਉਹ ਕਦੇ ਵੀ ਨਹੀਂ ਆਇਆ। ਕੀ ਤੁਸੀਂ ਉਸਦੇ ਦੁਸ਼ਮਣ ਨਹੀਂ ਹੋ? ਯਿਸੂ ਨੇ ਤੁਹਾਡੇ ਨਾਲ ਦੋਸਤੀ ਕੀਤੀ, ਫਿਰ ਵੀ ਤੁਸੀਂ ਮਸੀਹ ਦੇ ਦੁਸ਼ਮਣ ਹੋ। ਕੀ ਤੁਸੀਂ ਨਹੀਂ ਜਾਣਦੇ ਕਿ, ਹਾਲਾਂਕਿ ਤੁਸੀਂ ਯਿਸੂ ਦੇ ਦੋਸਤ ਹੋ, ਤੁਹਾਡੇ ਬੁਰੇ ਕੰਮਾਂ ਨੇ ਉਨ੍ਹਾਂ ਦੇ ਭਾਂਡੇ ਭਰ ਦਿੱਤੇ ਹਨ ਜੋ ਘ੍ਰਿਣਾਯੋਗ ਹਨ? ਹਾਲਾਂਕਿ ਤੁਸੀਂ ਯਹੋਵਾਹ ਦੇ ਇੰਨੇ ਨਜ਼ਦੀਕ ਹੋ, ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਬੁਰੇ ਸ਼ਬਦ ਯਹੋਵਾਹ ਦੇ ਕੰਨਾਂ ਤੱਕ ਪਹੁੰਚੇ ਹਨ ਅਤੇ ਉਨ੍ਹਾਂ ਨੇ ਉਸਦਾ ਕ੍ਰੋਧ ਭੜਕਾ ਦਿੱਤਾ ਹੈ? ਉਹ ਤੇਰੇ ਨਜ਼ਦੀਕ ਕਿਵੇਂ ਹੋ ਸਕਦਾ ਹੈ, ਅਤੇ ਉਹ ਕਿਉਂ ਨਾ ਤੇਰੇ ਉਨ੍ਹਾਂ ਭਾਂਡਿਆਂ ਨੂੰ ਅੱਗ ਲਗਾ ਦੇਵੇ ਜਿਹੜੇ ਤੂੰ ਬੁਰੇ ਕੰਮਾਂ ਨਾਲ ਭਰੇ ਹਨ? ਉਹ ਤੇਰਾ ਦੁਸ਼ਮਣ ਕਿਉਂ ਨਹੀਂ ਹੋ ਸਕਦਾ?

ਪਿਛਲਾ: ਜਦੋਂ ਡਿੱਗਦੇ ਪੱਤੇ ਆਪਣੀਆਂ ਜੜ੍ਹਾਂ ’ਤੇ ਵਾਪਸ ਪਰਤਦੇ ਹਨ, ਤੂੰ ਆਪਣੀਆਂ ਕੀਤੀਆਂ ਸਾਰੀਆਂ ਬੁਰਾਈਆਂ ਦਾ ਪਛਾਤਾਵਾ ਕਰੇਂਗਾ

ਅਗਲਾ: ਮੁਕਤੀਦਾਤਾ ਪਹਿਲਾਂ ਹੀ “ਚਿੱਟੇ ਬੱਦਲ” ਉੱਤੇ ਸਵਾਰ ਹੋ ਕੇ ਵਾਪਸ ਆ ਚੁੱਕਿਆ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ