ਸਰਬਸ਼ਕਤੀਮਾਨ ਦਾ ਵਿਰਲਾਪ

ਤੇਰੇ ਹਿਰਦੇ ਵਿੱਚ ਇੱਕ ਵਿਸ਼ਾਲ ਭੇਤ ਹੈ, ਜਿਸ ਬਾਰੇ ਤੂੰ ਕਦੇ ਸੁਚੇਤ ਨਹੀਂ ਹੋਇਆਂ ਹੈਂ, ਕਿਉਂਕਿ ਤੂੰ ਰੌਸ਼ਨੀ ਤੋਂ ਰਹਿਤ ਸੰਸਾਰ ਵਿੱਚ ਜੀਵਨ ਬਤੀਤ ਕਰਦਾ ਆਇਆ ਹੈਂ। ਤੇਰਾ ਹਿਰਦਾ ਅਤੇ ਤੇਰੀ ਆਤਮਾ ਦੁਸ਼ਟ ਦੁਆਰਾ ਭ੍ਰਿਸ਼ਟ ਕਰ ਦਿੱਤੇ ਗਏ ਹਨ। ਤੇਰੀਆਂ ਅੱਖਾਂ ਹਨ੍ਹੇਰੇ ਨੇ ਅੰਨ੍ਹੀਆਂ ਕੀਤੀਆਂ ਹੋਈਆਂ ਹਨ, ਅਤੇ ਤੂੰ ਨਾ ਤਾਂ ਅਕਾਸ਼ ਵਿੱਚ ਸੂਰਜ ਨੂੰ ਵੇਖ ਸਕਦਾ ਹੈਂ ਅਤੇ ਨਾ ਹੀ ਰਾਤ ਨੂੰ ਟਿਮਟਿਮਾਉਂਦੇ ਤਾਰੇ ਨੂੰ। ਤੇਰੇ ਕੰਨ ਛਲ ਦੇ ਸ਼ਬਦਾਂ ਨਾਲ ਬੰਦ ਹੋਏ ਪਏ ਹਨ, ਅਤੇ ਤੂੰ ਨਾ ਤਾਂ ਯਹੋਵਾਹ ਦੀ ਗਰਜਦੀ ਅਵਾਜ਼ ਨੂੰ, ਨਾ ਹੀ ਸਿੰਘਾਸਣ ਤੋਂ ਵਗਦੇ ਪਾਣੀ ਦੀ ਅਵਾਜ਼ ਸੁਣ ਪਾਉਂਦਾ ਹੈਂ। ਤੂੰ ਉਹ ਸਭ ਗੁਆ ਚੁੱਕਾ ਹੈਂ ਜੋ ਅਧਿਕਾਰਕ ਤੌਰ ’ਤੇ ਤੇਰਾ ਹੈ, ਉਹ ਸਭ ਜੋ ਸਰਬਸ਼ਕਤੀਮਾਨ ਨੇ ਤੈਨੂੰ ਬਖ਼ਸ਼ਿਆ ਹੈ। ਤੂੰ ਕਸ਼ਟਾਂ ਦੇ ਅਥਾਹ ਸਾਗਰ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈਂ, ਜਿਸ ਵਿੱਚੋਂ ਬਚਾਉਣ ਵਾਲੀ ਕੋਈ ਤਾਕਤ ਨਹੀਂ ਹੈ, ਬਚਣ ਦੀ ਕੋਈ ਉਮੀਦ ਨਹੀਂ ਹੈ, ਅਤੇ ਤੂੰ ਸਿਰਫ਼ ਸੰਘਰਸ਼ ਕਰਦਾ ਹੈਂ ਅਤੇ ਇੱਧਰ-ਉੱਧਰ ਭਟਕਦਾ ਰਹਿੰਦਾ ਹੈਂ... ਉਸੇ ਘੜੀ ਤੋਂ ਹੀ ਤੇਰੇ ਲਈ ਮਿੱਥਿਆ ਗਿਆ ਸੀ ਕਿ ਤੂੰ ਦੁਸ਼ਟ ਦੇ ਹੱਥੋਂ ਸਤਾਇਆ ਜਾਵੇਂਗਾ, ਸਰਬਸ਼ਕਤੀਮਾਨ ਦੀਆਂ ਅਸੀਸਾਂ ਤੋਂ ਬਹੁਤ ਦੂਰ ਹੋ ਜਾਵੇਂਗਾ, ਸਰਬਸ਼ਕਤੀਮਾਨ ਦਿਆਂ ਪ੍ਰਬੰਧਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਂਗਾ, ਉਸ ਰਾਹ ਉੱਤੇ ਪੈ ਜਾਵੇਂਗਾ ਜਿਸ ਤੋਂ ਵਾਪਸੀ ਸੰਭਵ ਹੀ ਨਹੀਂ ਹੈ। ਕਰੋੜਾਂ ਸੱਦੇ ਵੀ ਤੇਰੇ ਹਿਰਦੇ ਅਤੇ ਤੇਰੀ ਆਤਮਾ ਨੂੰ ਜਗਾ ਨਹੀਂ ਸਕਦੇ। ਤੂੰ ਦੁਸ਼ਟ ਦਿਆਂ ਹੱਥਾਂ ਵਿੱਚ ਡੂੰਘੀ ਨੀਂਦ ਵਿੱਚ ਪਿਆ ਹੈਂ, ਜੋ ਤੈਨੂੰ ਫੁਸਲਾ ਕੇ ਹੱਦਾਂ ਤੋਂ ਰਹਿਤ ਇੱਕ ਖੇਤਰ ਵਿੱਚ ਲੈ ਗਿਆ ਹੈ, ਜਿੱਥੇ ਨਾ ਤਾਂ ਕੋਈ ਦਿਸ਼ਾ ਮਿਲਦੀ ਹੈ ਅਤੇ ਨਾ ਹੀ ਕੋਈ ਦਿਸ਼ਾ-ਸੂਚਕ ਹਨ। ਉਦੋਂ ਤੋਂ ਹੀ ਤੂੰ ਆਪਣੀ ਮੂਲ ਨਿਰਦੋਸ਼ਤਾ ਅਤੇ ਸ਼ੁੱਧਤਾ ਨੂੰ ਗੁਆ ਬੈਠਾ ਹੈਂ, ਅਤੇ ਸਰਬਸ਼ਕਤੀਮਾਨ ਦੀ ਦੇਖਭਾਲ ਤੋਂ ਖੁੰਝ ਗਿਆ ਹੈਂ। ਤੇਰੇ ਹਿਰਦੇ ਦੇ ਅੰਦਰੋਂ, ਉਹ ਦੁਸ਼ਟ ਹਰੇਕ ਮਸਲੇ ਵਿੱਚ ਤੈਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਤੇਰੇ ਜੀਵਨ ਦਾ ਹਿੱਸਾ ਬਣ ਗਿਆ ਹੈ। ਹੁਣ ਤੂੰ ਨਾ ਤਾਂ ਉਸ ਤੋਂ ਡਰਦਾ ਹੈਂ, ਨਾ ਕਤਰਾਉਂਦਾ ਹੈਂ ਅਤੇ ਨਾ ਹੀ ਉਸ ਉੱਤੇ ਸੰਦੇਹ ਕਰਦਾ ਹੈਂ; ਸਗੋਂ ਤੂੰ ਤਾਂ ਉਸ ਨੂੰ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਮੰਨਦਾ ਹੈਂ। ਤੂੰ ਉਸ ਦਾ ਸਤਿਕਾਰ ਕਰਨਾ, ਉਸ ਦੀ ਅਰਾਧਨਾ ਕਰਨਾ ਅਰੰਭ ਕਰ ਦਿੱਤਾ ਅਤੇ ਤੁਸੀਂ ਦੋਵੇਂ ਸਰੀਰ ਅਤੇ ਪਰਛਾਵੇਂ ਵਾਂਗ ਕਦੇ ਨਾ ਜੁਦਾ ਹੋਣ ਵਾਲੇ ਬਣ ਗਏ, ਤੁਸੀਂ ਜੀਵਨ ਅਤੇ ਮੌਤ ਵਿੱਚ ਇੱਕ ਦੂਜੇ ਦੇ ਪ੍ਰਤੀ ਸਮਰਪਿਤ ਹੋ ਗਏ। ਤੈਨੂੰ ਤਾਂ ਇਸ ਗੱਲ ਦਾ ਵਿਚਾਰ ਤਕ ਨਹੀਂ ਹੈ ਕਿ ਤੂੰ ਕਿੱਥੋਂ ਆਇਆ ਹੈਂ, ਤੂੰ ਪੈਦਾ ਕਿਉਂ ਹੋਇਆ ਹੈਂ, ਜਾਂ ਤੇਰੋ ਮੌਤ ਕਿਉਂ ਹੋਵੇਗੀ। ਤੂੰ ਸਰਬਸ਼ਕਤੀਮਾਨ ਨੂੰ ਇੱਕ ਅਜਨਬੀ ਵਾਂਗ ਵੇਖਦਾ ਹੈਂ; ਤੂੰ ਉਸ ਦੇ ਮੁੱਢ ਨੂੰ ਨਹੀਂ ਜਾਣਦਾ, ਇਸ ਬਾਰੇ ਤਾਂ ਤੈਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਉਸ ਨੇ ਤੇਰੇ ਲਈ ਕੀ-ਕੀ ਕੀਤਾ ਹੈ। ਜੋ ਕੁਝ ਉਸ ਕੋਲੋਂ ਆਉਂਦਾ ਹੈ, ਉਹ ਤੇਰੇ ਲਈ ਘਿਰਣਾਯੋਗ ਬਣ ਗਿਆ ਹੈ; ਤੂੰ ਨਾ ਤਾਂ ਉਸ ਨੂੰ ਪਸੰਦ ਕਰਦਾ ਹੈਂ ਅਤੇ ਨਾ ਹੀ ਉਸ ਦੇ ਮੁੱਲ ਨੂੰ ਜਾਣਦਾ ਹੈਂ। ਜਿਸ ਦਿਨ ਤੋਂ ਤੂੰ ਸਰਬਸ਼ਕਤੀਮਾਨ ਦੇ ਪ੍ਰਬੰਧ ਨੂੰ ਪ੍ਰਾਪਤ ਕੀਤਾ, ਉਸੇ ਦਿਨ ਤੋਂ ਤੂੰ ਦੁਸ਼ਟ ਦੇ ਨਾਲ-ਨਾਲ ਚੱਲਦਾ ਆ ਰਿਹਾ ਹੈਂ, ਤੂੰ ਦੁਸ਼ਟ ਦੇ ਨਾਲ ਰਲ ਕੇ ਹਜ਼ਾਰਾਂ ਵਰ੍ਹਿਆਂ ਦੇ ਝੱਖੜ ਅਤੇ ਤੁਫਾਨ ਬਰਦਾਸ਼ਤ ਕੀਤੇ ਹਨ, ਅਤੇ ਤੂੰ ਦੁਸ਼ਟ ਦੇ ਨਾਲ ਰਲ ਕੇ ਉਸ ਪਰਮੇਸ਼ੁਰ ਦੇ ਵਿਰੁੱਧ ਖੜ੍ਹਾ ਹੋ ਗਿਆ ਹੈਂ ਜੋ ਤੇਰੇ ਜੀਵਨ ਦਾ ਸ੍ਰੋਤ ਸੀ। ਤੂੰ ਤੋਬਾ ਬਾਰੇ ਕੁਝ ਵੀ ਨਹੀਂ ਜਾਣਦਾ, ਅਤੇ ਇਸ ਬਾਰੇ ਤਾਂ ਤੈਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਤੂੰ ਵਿਨਾਸ਼ ਦੇ ਕੰਢੇ ’ਤੇ ਪੁੱਜ ਗਿਆ ਹੈਂ। ਤੂੰ ਭੁੱਲ ਗਿਆ ਹੈਂ ਕਿ ਦੁਸ਼ਟ ਨੇ ਤੈਨੂੰ ਭਰਮਾਇਆ ਅਤੇ ਸਤਾਇਆ ਹੈ; ਤੂੰ ਆਪਣੇ ਮੁੱਢ ਨੂੰ ਭੁੱਲ ਗਿਆ ਹੈਂ। ਇਸ ਤਰ੍ਹਾਂ ਦੁਸ਼ਟ ਤੈਨੂੰ ਅੱਜ ਦੇ ਦਿਨ ਤਕ ਹਰ ਕਦਮ ’ਤੇ ਕਸ਼ਟ ਦਿੰਦਾ ਆ ਰਿਹਾ ਹੈ। ਤੇਰਾ ਹਿਰਦਾ ਅਤੇ ਤੇਰੀ ਆਤਮਾ ਸੁੰਨ ਅਤੇ ਬਰਬਾਦ ਹੋ ਗਏ ਹਨ। ਤੂੰ ਮਨੁੱਖੀ ਸੰਸਾਰ ਦੀਆਂ ਪਰੇਸ਼ਾਨੀਆਂ ਬਾਰੇ ਸ਼ਿਕਾਇਤਾਂ ਕਰਨੀਆਂ ਬੰਦ ਕਰ ਦਿੱਤੀਆਂ ਹਨ; ਹੁਣ ਤਾਂ ਤੂੰ ਇਹ ਵੀ ਨਹੀਂ ਮੰਨਦਾ ਕਿ ਇਹ ਸੰਸਾਰ ਅਧਰਮੀ ਹੈ। ਇਸ ਦੀ ਤਾਂ ਤੂੰ ਜ਼ਰਾ ਵੀ ਪਰਵਾਹ ਨਹੀਂ ਕਰਦਾ ਕਿ ਸਰਬਸ਼ਕਤੀਮਾਨ ਹੋਂਦ ਵਿੱਚ ਹੈ ਵੀ ਜਾਂ ਨਹੀਂ। ਅਜਿਹਾ ਇਸ ਕਰਕੇ ਹੋਇਆ ਹੈ, ਕਿਉਂਕਿ ਤੂੰ ਬਹੁਤ ਸਮਾਂ ਪਹਿਲਾਂ ਹੀ ਦੁਸ਼ਟ ਨੂੰ ਆਪਣਾ ਸੱਚਾ ਪਿਤਾ ਧਾਰ ਲਿਆ ਸੀ ਅਤੇ ਉਸ ਤੋਂ ਜੁਦਾ ਹੋ ਹੀ ਨਹੀਂ ਸਕਦਾ। ਤੇਰੇ ਹਿਰਦੇ ਵਿਚਲਾ ਭੇਤ ਇਹੋ ਹੈ।

ਜਦ ਪਹੁ ਫੁੱਟਦੀ ਹੈ, ਤਾਂ ਪੂਰਬ ਵਿੱਚ ਸਵੇਰ ਦਾ ਤਾਰਾ ਲਿਸ਼ਕਾਂ ਮਾਰਨ ਲੱਗਦਾ ਹੈ। ਇਹ ਤਾਰਾਪਹਿਲਾਂ ਉੱਥੇ ਨਹੀਂ ਸੀ, ਅਤੇ ਇਹ ਸ਼ਾਂਤ, ਝਿਲਮਿਲ ਕਰਦੇ ਅਕਾਸ਼ ਨੂੰ ਪ੍ਰਕਾਸ਼ਮਾਨ ਕਰਕੇ ਮਨੁੱਖਾਂ ਦੇ ਹਿਰਦਿਆਂ ਵਿੱਚ ਬੁਝੀ ਹੋਈ ਰੌਸ਼ਨੀ ਨੂੰ ਮੁੜ ਰੋਸ਼ਨ ਕਰ ਦਿੰਦਾ ਹੈ। ਇਸ ਰੌਸ਼ਨੀ ਦਾ ਧੰਨਵਾਦ ਹੋਵੇ ਕਿ ਮਨੁੱਖਜਾਤੀ ਹੁਣ ਇਕੱਲੀ ਨਹੀਂ ਰਹਿ ਗਈ ਹੈ, ਇਹ ਰੌਸ਼ਨੀ ਤੇਰੇ ਉੱਤੇ ਅਤੇ ਹੋਰਨਾਂ ਉੱਤੇ ਇੱਕ ਸਾਰ ਚਮਕਦੀ ਹੈ। ਤਾਂ ਵੀ ਸਿਰਫ਼ ਤੂੰ ਇਕੱਲਾ ਹੀ ਹਨੇਰੀ ਰਾਤ ਵਿੱਚ ਸੁੱਤਾ ਪਿਆ ਹੈਂ। ਤੂੰ ਨਾ ਤਾਂ ਕੋਈ ਅਵਾਜ਼ ਸੁਣਦਾ ਹੈਂ ਅਤੇ ਨਾ ਹੀ ਕੋਈ ਰੌਸ਼ਨੀ ਵੇਖਦਾ ਹੈਂ; ਤੂੰ ਨਵੇਂ ਅਕਾਸ਼ ਅਤੇ ਧਰਤੀ, ਨਵੇਂ ਯੁੱਗ ਦੀ ਆਮਦ ਤੋਂ ਬੇਖ਼ਬਰ ਹੈਂ, ਕਿਉਂਕਿ ਤੇਰਾ ਪਿਤਾ ਤੈਨੂੰ ਆਖਦਾ ਹੈ, “ਮੇਰੇ ਬੱਚੇ, ਅਜੇ ਨਾ ਜਾਗੀਂ, ਅਜੇ ਤਾਂ ਬਹੁਤ ਸਵਖਤਾ ਵੇਲਾ ਹੈ। ਮੌਸਮ ਠੰਡਾ ਹੈ, ਇਸ ਕਰਕੇ ਬਾਹਰ ਨਾ ਜਾਈਂ, ਮਤੇ ਤਲਵਾਰ ਅਤੇ ਬਰਛੀ ਨਾਲਤੇਰੀਆਂ ਅੱਖਾਂ ਵਿੰਨ੍ਹੀਆਂ ਜਾਣ।” ਤੂੰ ਸਿਰਫ਼ ਆਪਣੇ ਪਿਤਾ ਦੀਆਂ ਹਿਦਾਇਤਾਂ ’ਤੇ ਹੀ ਭਰੋਸਾ ਰੱਖਦਾ ਹੈਂ, ਕਿਉਂਕਿ ਤੂੰ ਮੰਨਦਾ ਹੈਂ ਕਿ ਸਿਰਫ਼ ਤੇਰਾ ਪਿਤਾ ਹੀ ਸਹੀ ਹੈ, ਕਿਉਂਕਿ ਤੇਰਾ ਪਿਤਾ ਉਮਰ ਵਿੱਚ ਤੈਥੋਂ ਵੱਡਾ ਹੈ ਅਤੇ ਤੈਨੂੰ ਬਹੁਤ ਪਿਆਰ ਕਰਦਾ ਹੈ। ਅਜਿਹੀਆਂ ਹਿਦਾਇਤਾਂ ਅਤੇ ਅਜਿਹਾ ਪਿਆਰ ਤੈਨੂੰ ਇਸ ਲੋਕ-ਕਥਾ ਵਿੱਚ ਵਿਸ਼ਵਾਸ ਕਰਨ ਤੋਂ ਰੋਕਦੇ ਹਨ ਕਿ ਸੰਸਾਰ ਵਿੱਚ ਰੌਸ਼ਨੀ ਮੌਜੂਦ ਹੈ; ਉਹ ਤੈਨੂੰ ਇਹ ਪਰਵਾਹ ਕਰਨ ਤੋਂ ਵੀ ਰੋਕਦੇ ਹਨ ਕਿ ਸੰਸਾਰ ਵਿੱਚ ਅਜੇ ਵੀ ਸੱਚਾਈ ਮੌਜੂਦ ਹੈ। ਹੁਣ ਤੂੰ ਸਰਬਸ਼ਕਤੀਮਾਨ ਦੁਆਰਾ ਬਚਾਏ ਜਾਣ ਦੀ ਆਸ ਰੱਖਣ ਦੀ ਹਿੰਮਤ ਨਹੀਂ ਕਰਦਾ। ਤੈਨੂੰ ਆਪਣੇ ਮੌਜੂਦਾ ਹਾਲਾਤ ਤੋਂ ਸੰਤੁਸ਼ਟੀ ਹੈ, ਹੁਣ ਤਾਂ ਤੂੰ ਰੌਸ਼ਨੀ ਦੀ ਆਮਦ ਦੀ ਉਮੀਦ ਵੀ ਨਹੀਂ ਕਰਦਾ, ਹੁਣ ਤਾਂ ਤੂੰ ਸਰਬਸ਼ਕਤੀਮਾਨ ਦੇ ਆਉਣ ਦੀ ਉਡੀਕ ਵੀ ਨਹੀਂ ਕਰਦਾ, ਜਿਵੇਂ ਕਿ ਲੋਕ-ਕਥਾਵਾਂ ਵਿੱਚ ਦੱਸਿਆ ਗਿਆ ਹੈ। ਜਿੱਥੇ ਤਕ ਤੇਰਾ ਸਵਾਲ ਹੈ, ਜੋ ਕੁਝ ਸੁੰਦਰ ਹੈ ਉਸ ਨੂੰ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਦਾ, ਇਹ ਹੋਂਦ ਵਿੱਚ ਰਹਿ ਹੀ ਨਹੀਂ ਸਕਦਾ। ਤੇਰੀਆਂ ਨਜ਼ਰਾਂ ਵਿੱਚ, ਮਨੁੱਖਜਾਤੀ ਦਾ ਆਉਣ ਵਾਲਾ ਕੱਲ੍ਹ, ਮਨੁੱਖਜਾਤੀ ਦਾ ਭਵਿੱਖ, ਬਸ ਲੁਪਤ ਹੁੰਦਾ ਜਾਂਦਾ ਹੈ, ਮਿਟ ਜਾਂਦਾ ਹੈ। ਤੂੰ ਆਪਣੀ ਪੂਰੀ ਤਾਕਤ ਨਾਲ ਆਪਣੇ ਪਿਤਾ ਦੇ ਕੱਪੜਿਆਂ ਨਾਲ ਚਿੰਬੜਿਆ ਰਹਿੰਦਾ ਹੈਂ, ਖੁਸ਼ੀ-ਖੁਸ਼ੀ ਸਾਰੀਆਂ ਔਖਿਆਈਆਂ ਦਾ ਸਾਹਮਣਾ ਕਰਦਾ ਹੈਂ, ਭੈਭੀਤ ਰਹਿੰਦਾ ਹੈਂ ਕਿ ਕਿਤੇ ਤੂੰ ਆਪਣੀ ਲੰਮੀ ਯਾਤਰਾ ਦੇ ਸਾਥੀ ਅਤੇ ਦਿਸ਼ਾ ਨੂੰ ਗੁਆ ਨਾ ਦੇਵੇਂ। ਵਿਸ਼ਾਲ ਅਤੇ ਧੁੰਧਲੇ ਮਨੁੱਖੀ ਸੰਸਾਰ ਨੇ ਤੁਹਾਡੇ ਵਿੱਚੋਂ ਕਈਆਂ ਨੂੰ ਇਸ ਸੰਸਾਰ ਵਿੱਚ ਭਿੰਨ-ਭਿੰਨ ਭੂਮਿਕਾਵਾਂ ਅਦਾ ਕਰਨ ਲਈ ਬੇਬਾਕ ਅਤੇ ਨਿਡਰ ਬਣਾ ਦਿੱਤਾ ਹੈ। ਇਸ ਨੇ ਅਜਿਹੇ ਕਈ “ਜੋਧੇ” ਤਿਆਰ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਮੌਤ ਦਾ ਕੋਈ ਡਰ ਨਹੀਂ ਹੈ। ਇਸ ਤੋਂ ਵੀ ਵਧ ਕੇ, ਇਸ ਨੇ ਅਜਿਹੇ ਅਣਗਿਣਤ ਬੇਸੁਧ ਅਤੇ ਲਾਚਾਰ ਮਨੁੱਖ ਤਿਆਰ ਕੀਤੇ ਹਨ ਜੋ ਆਪਣੀ ਸਰਿਸ਼ਟ ਦੇ ਉਦੇਸ਼ ਤੋਂ ਬਿਲਕੁਲ ਬੇਖ਼ਬਰ ਹਨ। ਸਰਬਸ਼ਕਤੀਮਾਨ ਦੀਆਂ ਅੱਖਾਂ ਬੁਰੀ ਤਰ੍ਹਾਂ ਪੀੜਿਤ ਮਨੁੱਖਜਾਤੀ ਦੇ ਹਰੇਕ ਮੈਂਬਰ ਦੀ ਪੜਤਾਲ ਕਰਦੀਆਂ ਹਨ। ਉਹ ਜੋ ਸੁਣਦਾ ਹੈ ਉਹ ਬਸ ਦੁਖੀਆਂ ਦੀ ਕੁਰਲਾਹਟ ਹੈ, ਉਹ ਜੋ ਵੇਖਦਾ ਹੈ ਉਹ ਬਸ ਪੀੜਤਾਂ ਦੀ ਬੇਸ਼ਰਮੀ ਹੈ, ਅਤੇ ਉਹ ਜੋ ਮਹਿਸੂਸ ਕਰਦਾ ਹੈ ਉਹ ਬਸ ਉਸ ਮਨੁੱਖਜਾਤੀ ਦੀ ਲਾਚਾਰੀ ਅਤੇ ਭੈਅ ਹੈ, ਜੋ ਮੁਕਤੀ ਦੀ ਕਿਰਪਾ ਨੂੰ ਖੁੰਝਾ ਬੈਠੀ ਹੈ। ਮਨੁੱਖਜਾਤੀ ਉਸ ਦੀ ਦੇਖਭਾਲ ਨੂੰ ਠੁਕਰਾ ਕੇ ਆਪਣੇ ਹੀ ਰਾਹ ’ਤੇ ਤੁਰਨ ਦਾ ਫੈਸਲਾ ਕਰਦੀ ਹੈ, ਅਤੇ ਉਸ ਦੀਆਂ ਅੱਖਾਂ ਦੀ ਪੜਤਾਲ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਵੈਰੀ ਦੇ ਨਾਲ ਰਲ ਕੇ ਡੂੰਘੇ ਸਮੁੰਦਰ ਦੀ ਕੁੜੱਤਣ ਦਾ ਆਖਰੀ ਬੂੰਦ ਤਕ ਮਜ਼ਾ ਲੈਣ ਦੀ ਚੋਣ ਕਰਦੀ ਹੈ। ਮਨੁੱਖਜਾਤੀ ਹੁਣ ਸਰਬਸ਼ਕਤੀਮਾਨ ਦੇ ਵਿਰਲਾਪ ਨੂੰ ਸੁਣਦੀ ਤਕ ਨਹੀਂ; ਨਾ ਹੀ ਸਰਬਸ਼ਕਤੀਮਾਨ ਦੇ ਹੱਥ ਹੁਣ ਇਸ ਦੁਖੀ ਮਨੁੱਖਜਾਤੀ ਨੂੰ ਪਲੋਸਣਾ ਚਾਹੁੰਦੇ ਹਨ। ਉਹ ਬਾਰ-ਬਾਰ ਇਸ ਨੂੰਹਾਸਲ ਕਰਦਾ ਹੈ ਅਤੇ ਬਾਰ-ਬਾਰ ਇਸ ਨੂੰ ਫਿਰ ਗੁਆ ਦਿੰਦਾ ਹੈ, ਅਤੇ ਇਸ ਤਰ੍ਹਾਂ ਉਹ ਇਸ ਕੰਮ ਨੂੰ ਦੁਹਰਾਉਂਦਾ ਰਹਿੰਦਾ ਹੈ। ਉਸ ਘੜੀ ਤੋਂ ਉਹ ਥੱਕਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਕਤਾ ਜਾਂਦਾ ਹੈ, ਅਤੇ ਇਸ ਕਰਕੇ ਉਹ ਆਪਣੇ ਹੱਥ ਦੇ ਕੰਮ ਨੂੰ ਰੋਕ ਦਿੰਦਾ ਹੈ ਅਤੇ ਮਨੁੱਖਜਾਤੀ ਦੇ ਵਿਚਕਾਰ ਵਿਚਰਨਾ ਬੰਦ ਕਰ ਦਿੰਦਾ ਹੈ...। ਮਨੁੱਖਜਾਤੀ ਇਨ੍ਹਾਂ ਬਦਲਾਵਾਂ ਤੋਂ ਪੂਰੀ ਤਰ੍ਹਾਂ ਬੇਖ਼ਬਰ ਹੈ, ਸਰਬਸ਼ਕਤੀਮਾਨ ਦੇ ਆਉਣ ਅਤੇ ਜਾਣ, ਉਦਾਸੀ ਅਤੇ ਦਿਲਗੀਰੀ ਤੋਂ ਬੇਖ਼ਬਰ ਹੈ।

ਇਸ ਸੰਸਾਰ ਵਿੱਚ ਸਭ ਕੁਝ ਸਰਬਸ਼ਕਤੀਮਾਨ ਦਿਆਂ ਵਿਚਾਰਾਂ ਅਨੁਸਾਰ ਅਤੇ ਉਸ ਦੀਆਂ ਅੱਖਾਂ ਹੇਠ ਤੇਜ਼ੀ ਨਾਲ ਬਦਲਦਾ ਜਾਂਦਾ ਹੈ। ਜਿਨ੍ਹਾਂ ਗੱਲਾਂ ਬਾਰੇ ਮਨੁੱਖਜਾਤੀ ਨੇ ਸੋਚਿਆ ਤਕ ਨਹੀਂ ਹੁੰਦਾ, ਉਹ ਅਚਾਣਕ ਆਣ ਪੁੱਜਦੀਆਂ ਹਨ, ਜਦਕਿ ਜਿਹੜੀਆਂ ਵਸਤਾਂ ਮਨੁੱਖਜਾਤੀ ਕੋਲ ਲੰਮੇ ਸਮੇਂ ਤੋਂ ਸਨ, ਉਹ ਅਣਪਛਾਤਿਆਂ ਹੀ ਚਲੀਆਂ ਜਾਂਦੀਆਂ ਹਨ। ਸਰਬਸ਼ਕਤੀਮਾਨ ਦੇ ਟਿਕਾਣੇ ਦੀ ਥਾਹ ਕੋਈ ਨਹੀਂ ਲਾ ਸਕਦਾ, ਤਾਂ ਫਿਰ ਸਰਬਸ਼ਕਤੀਮਾਨ ਦੀ ਜੀਵਨ-ਸ਼ਕਤੀ ਦੀ ਸਰਬਉੱਚਤਾ ਅਤੇ ਮਹਾਨਤਾ ਨੂੰ ਤਾਂ ਕੋਈ ਸ਼ਾਇਦ ਹੀ ਮਹਿਸੂਸ ਕਰ ਸਕਦਾ ਹੋਵੇ। ਉਹ ਸਰਬਉੱਚ ਇਸ ਤਰ੍ਹਾਂ ਹੈ ਕਿ ਉਹ ਸਭ ਕੁਝ ਸਮਝ ਸਕਦਾ ਹੈ ਜੋ ਮਨੁੱਖ ਨਹੀਂ ਸਮਝ ਸਕਦੇ। ਉਹ ਮਹਾਨ ਇਸ ਤਰ੍ਹਾਂ ਹੈ ਕਿ ਭਾਵੇਂ ਮਨੁੱਖਜਾਤੀ ਨੇ ਉਸ ਨੂੰ ਭੁਲਾ ਦਿੱਤਾ ਹੈ, ਤਾਂ ਵੀ ਉਹ ਮਨੁੱਖਜਾਤੀ ਨੂੰ ਬਚਾਉਂਦਾ ਹੈ। ਉਹ ਜੀਵਨ ਅਤੇ ਮੌਤ ਦੇ ਅਰਥ ਨੂੰ ਜਾਣਦਾ ਹੈ ਅਤੇ ਉਸ ਤੋਂ ਵੀ ਵਧ ਕੇ, ਉਹ ਜਾਣਦਾ ਹੈ ਕਿ ਉਸ ਦੁਆਰਾ ਸਿਰਜੀ ਗਈ ਮਨੁੱਖਜਾਤੀ ਦਾ ਸੰਚਾਲਨ ਕਰਨ ਲਈ ਕਿਹੜੇ ਨਿਯਮ ਢੁਕਵੇਂ ਹਨ। ਉਹ ਮਨੁੱਖੀ ਹੋਂਦ ਦੀ ਨੀਂਹ ਹੈ, ਅਤੇ ਉਹ ਮੁਕਤੀਦਾਤਾ ਹੈ, ਜਿਹੜਾ ਮਨੁੱਖਜਾਤੀ ਦਾ ਪੁਨਰਉੱਥਾਨ ਕਰਦਾ ਹੈ। ਆਪਣੇ ਕੰਮ ਦੀ ਖਾਤਰ ਅਤੇ ਆਪਣੀ ਯੋਜਨਾ ਦੀ ਖਾਤਰ ਉਹ ਖੁਸ਼ ਦਿਲਾਂ ਨੂੰ ਗਮਗੀਨੀਆਂ ਨਾਲ ਲੱਦ ਦਿੰਦਾ ਹੈ ਅਤੇ ਗਮਗੀਨ ਦਿਲਾਂ ਨੂੰ ਖੁਸ਼ੀਆਂ ਨਾਲ ਨਿਹਾਲ ਕਰਦਾ ਹੈ।

ਸਰਬਸ਼ਕਤੀਮਾਨ ਵੱਲੋਂ ਪ੍ਰਬੰਧ ਕੀਤੇ ਗਏ ਜੀਵਨ ਤੋਂ ਭਟਕੀ ਹੋਈ ਮਨੁੱਖਜਾਤੀ ਆਪਣੇ ਵਜੂਦ ਦੇ ਉਦੇਸ਼ ਤੋਂ ਅਣਜਾਣ ਹੈ, ਪਰ ਫਿਰ ਵੀ ਮੌਤ ਤੋਂ ਡਰਦੀ ਹੈ। ਉਹ ਬੇਸਹਾਰਾ ਜਾਂ ਮਜਬੂਰ ਹਨ, ਪਰ ਫਿਰ ਵੀ ਆਪਣੀਆਂ ਅੱਖਾਂ ਬੰਦ ਕਰਨ ਤੋਂ ਝਿਜਕਦੇ ਹਨ, ਅਤੇ ਆਪਣੀਆਂ ਆਤਮਾਵਾਂ ਬਾਰੇ ਸੋਝੀ ਤੋਂ ਬਗੈਰ ਮਾਸ ਦੇ ਬੋਰਿਆਂ ਵਾਂਗ ਇਸ ਸੰਸਾਰ ਵਿੱਚ ਆਪਣੇ ਨਿਪੱਤ ਵਜੂਦ ਨੂੰ ਆਪਣੇ ਢੀਠਪੁਣੇ ਵਿੱਚ ਗੁਜ਼ਾਰ ਰਹੇ ਹਨ। ਤੂੰ ਉਸੇ ਤਰ੍ਹਾਂ ਆਸ ਤੋਂ ਬਗੈਰ ਜੀਵਨ ਜੀ ਰਿਹਾ ਹੈਂ, ਜਿਵੇਂ ਦੂਜੇ ਲੋਕ ਟੀਚੇ ਤੋਂ ਬਗੈਰ ਜੀ ਰਹੇ ਹਨ। ਸਿਰਫ਼ ਲੋਕ-ਕਥਾਵਾਂ ਵਿਚਲਾ ਪਵਿੱਤਰ ਪੁਰਖ ਹੀ ਲੋਕਾਂ ਨੂੰ ਬਚਾਵੇਗਾ, ਜਿਹੜੇ ਆਪਣਿਆਂ ਦੁੱਖਾਂ ਵਿਚਕਾਰ ਧਾਹਾਂ ਮਾਰ ਰਹੇ ਹਨ ਅਤੇ ਉਸ ਦੀ ਆਮਦ ਦੀ ਤਾਂਘ ਲਾਈ ਬੈਠੇ ਹਨ। ਅਜੇ ਤਕ, ਇਹ ਮਾਨਤਾ ਉਨ੍ਹਾਂ ਵਿੱਚ ਅਸਲ ਰੂਪ ਨਹੀਂ ਲੈ ਸਕੀ ਹੈ, ਜਿਨ੍ਹਾਂ ਵਿੱਚ ਚੇਤਨਾ ਦੀ ਘਾਟ ਹੈ। ਤਾਂ ਵੀ, ਲੋਕ ਇਸ ਦੇ ਲਈ ਹੀ ਤਰਸਦੇ ਹਨ। ਸਰਬਸ਼ਕਤੀਮਾਨ ਇਨ੍ਹਾਂ ਅੱਤ ਦੁਖੀ ਲੋਕਾਂ ਉੱਤੇ ਦਇਆ ਕਰਦਾ ਹੈ; ਅਤੇ ਨਾਲ ਹੀ, ਇਨ੍ਹਾਂ ਲੋਕਾਂ ਤੋਂ ਅੱਕ ਵੀ ਚੁੱਕਾ ਹੈ ਜਿਨ੍ਹਾਂ ਵਿੱਚ ਚੇਤਨਾ ਦੀ ਘਾਟ ਹੈ, ਕਿਉਂਕਿ ਮਨੁੱਖਜਾਤੀ ਤੋਂ ਉੱਤਰ ਪ੍ਰਾਪਤ ਕਰਨ ਲਈ ਉਸ ਨੂੰ ਬਹੁਤ ਲੰਮੀ ਉਡੀਕ ਕਰਨੀ ਪਈ ਹੈ। ਉਹ ਭਾਲਣਾ ਚਾਹੁੰਦਾ ਹੈ, ਤੇਰੇ ਹਿਰਦੇ ਅਤੇ ਤੇਰੀ ਆਤਮਾ ਨੂੰ ਭਾਲਣਾ ਚਾਹੁੰਦਾ ਹੈ, ਤੇਰੇ ਕੋਲ ਭੋਜਨ ਅਤੇ ਜਲ ਲਿਆਉਣਾ ਚਾਹੁੰਦਾ ਹੈ ਅਤੇ ਤੈਨੂੰ ਜਗਾਉਣਾ ਚਾਹੁੰਦਾ ਹੈ, ਤਾਂ ਜੋ ਤੂੰ ਅੱਗੇ ਨੂੰ ਭੁੱਖਾਂ ਅਤੇ ਪਿਆਸਾ ਨਾ ਰਹੇਂ। ਜਦ ਤੂੰ ਥੱਕ ਜਾਂਦਾ ਹੈਂ ਅਤੇ ਇਸ ਸੰਸਾਰ ਦੇ ਨਿਰਾਸ਼ਾਜਨਕ ਵਿਨਾਸ਼ ਦੇ ਖੜਾਕ ਨੂੰ ਮਹਿਸੂਸ ਕਰਨਾ ਅਰੰਭ ਕਰਦਾ ਹੈਂ, ਤਾਂ ਨਿਰਾਸ਼ ਨਾ ਹੋ ਜਾਵੀਂ ਅਤੇ ਨਾ ਰੋਵੀਂ। ਸਰਬਸ਼ਕਤੀਮਾਨ ਪਰਮੇਸ਼ੁਰ, ਤੇਰਾ ਰਾਖਾ, ਕਿਸੇ ਵੀ ਵੇਲੇ ਤੇਰਾ ਗਲਵਕੜੀ ਨਾਲ ਸੁਆਗਤ ਕਰਨ ਲਈ ਤਿਆਰ ਰਹੇਗਾ। ਉਹ ਤੇਰੇ ਨਾਲ ਰਹਿੰਦਿਆਂ ਤੇਰੀ ਰਾਖੀ ਕਰ ਰਿਹਾ ਹੈ ਅਤੇ ਤੇਰੇ ਵਾਪਸ ਮੁੜਨ ਦੀ ਉਡੀਕ ਕਰ ਰਿਹਾ ਹੈ। ਉਹ ਉਸ ਦਿਨ ਦੀ ਉਡੀਕ ਵਿੱਚ ਹੈ, ਜਦ ਅਚਾਣਕ ਤੇਰੀ ਯਾਦਾਸ਼ਤ ਮੁੜ ਆਵੇਗੀ: ਜਦ ਤੂੰ ਸਿਆਣ ਜਾਵੇਂਗਾ ਕਿ ਤੂੰ ਪਰਮੇਸ਼ੁਰ ਕੋਲੋਂ ਆਇਆ ਹੈਂ, ਕਿ ਕਿਸੇ ਅਣਪਛਾਤੇ ਸਮੇਂ ਤੂੰ ਆਪਣੀ ਦਿਸ਼ਾ ਤੋਂ ਭਟਕ ਗਿਆ ਸੀ, ਕਿਸੇ ਅਣਪਛਾਤੇ ਸਮੇਂ ਤੂੰ ਰਾਹ ਵਿੱਚ ਆਪਣੀ ਚੇਤਨਾ ਗੁਆ ਬੈਠਾ ਸੀ, ਅਤੇ ਕਿਸੇ ਅਣਪਛਾਤੇ ਸਮੇਂ ਤੂੰ ਕਿਸੇ ਨੂੰ ਆਪਣਾ “ਪਿਤਾ” ਬਣਾ ਲਿਆ ਸੀ; ਇਸ ਤੋਂ ਇਲਾਵਾ, ਜਦ ਤੂੰ ਸਿਆਣ ਜਾਂਦਾ ਹੈਂ ਕਿ ਸਰਬਸ਼ਕਤੀਮਾਨ ਹਰ ਵੇਲੇ ਤੇਰੀ ਰਾਖੀ ਕਰਦਾ ਆਇਆ ਹੈ ਅਤੇ ਬਹੁਤ ਲੰਮੇ ਸਮੇਂ ਤੋਂ ਤੇਰੇ ਵਾਪਸ ਮੁੜਨ ਦੀ ਉਡੀਕ ਕਰਦਾ ਆਇਆ ਹੈ। ਉਹ ਬੜੀ ਤੀਬਰ ਤਾਂਘ ਨਾਲ ਵੇਖਦਾ ਆਇਆ ਹੈ, ਉੱਤਰ ਦੀ ਉਡੀਕ ਕਰਦਾ ਆ ਰਿਹਾ ਹੈ, ਪਰ ਉਸ ਨੂੰ ਕੋਈ ਉੱਤਰ ਨਹੀਂ ਮਿਲਿਆ ਹੈ। ਉਸ ਦੀ ਇਹ ਉਡੀਕ ਅਨਮੋਲ ਹੈ, ਅਤੇ ਇਹ ਉਡੀਕ ਮਨੁੱਖ ਦੇ ਹਿਰਦੇ ਅਤੇ ਮਨੁੱਖ ਦੀ ਆਤਮਾ ਲਈ ਹੈ। ਸ਼ਾਇਦ ਉਸ ਦੀ ਇਹ ਉਡੀਕ ਅੰਤਹੀਣ ਹੋਵੇ ਅਤੇ ਸ਼ਾਇਦ ਇਸ ਦਾ ਅੰਤ ਆ ਚੁੱਕਾ ਹੈ। ਪਰ ਤੈਨੂੰ ਸਹੀ-ਸਹੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਵੇਲੇ ਤੇਰਾ ਹਿਰਦਾ ਅਤੇ ਤੇਰੀ ਆਤਮਾ ਕਿੱਥੇ ਹਨ।

28 ਮਈ, 2003

ਪਿਛਲਾ: ਮਨੁੱਖ ਦੇ ਜੀਵਨ ਦਾ ਸੋਮਾ ਪਰਮੇਸ਼ੁਰ ਹੈ

ਅਗਲਾ: ਪਰਮੇਸ਼ੁਰ ਦੇ ਪਰਗਟ ਹੋਣ ਨਾਲ ਇੱਕ ਨਵੇਂ ਯੁੱਗ ਦਾ ਅਰੰਭ ਹੋਇਆ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ