ਮਨੁੱਖ ਦੇ ਜੀਵਨ ਦਾ ਸੋਮਾ ਪਰਮੇਸ਼ੁਰ ਹੈ

ਜਿਸ ਵੇਲੇ ਤੋਂ ਤੁਸੀਂ ਰੋਂਦੇ ਹੋਏ ਇਸ ਸੰਸਾਰ ਵਿੱਚ ਆਉਂਦੇ ਹੋ, ਤੁਸੀਂ ਆਪਣਾ ਫ਼ਰਜ਼ ਪੂਰਾ ਕਰਨਾ ਅਰੰਭ ਕਰ ਦਿੰਦੇ ਹੋ। ਪਰਮੇਸ਼ੁਰ ਦੀ ਯੋਜਨਾ ਅਤੇ ਉਸ ਦੇ ਪ੍ਰਬੰਧ ਵਿੱਚ ਆਪਣੀ ਭੂਮਿਕਾ ਨਿਭਾਉਂਦਿਆਂ, ਤੁਸੀਂ ਆਪਣੇ ਜੀਵਨ ਦੀ ਯਾਤਰਾ ਅਰੰਭ ਕਰਦੇ ਹੋ। ਤੁਹਾਡਾ ਪਿਛੋਕੜ ਭਾਵੇਂ ਕੁਝ ਵੀ ਹੋਵੇ ਅਤੇ ਤੁਹਾਡੇ ਸਾਹਮਣੇ ਪਈ ਯਾਤਰਾ ਭਾਵੇਂ ਕਿਹੋ ਜਿਹੀ ਵੀ ਹੋਵੇ, ਕੋਈ ਵੀ ਵਿਅਕਤੀ ਸਵਰਗ ਵੱਲੋਂ ਠਹਿਰਾਈ ਗਈ ਯੋਜਨਾ ਅਤੇ ਪ੍ਰਬੰਧ ਤੋਂ ਨਹੀਂ ਬਚ ਸਕਦਾ ਅਤੇ ਨਾ ਹੀ ਕਿਸੇ ਦੇ ਨਸੀਬ ਉੱਤੇ ਉਸ ਦਾ ਆਪਣਾ ਕੋਈ ਵੱਸ ਹੁੰਦਾ ਹੈ, ਕਿਉਂਕਿ ਅਜਿਹੇ ਕੰਮ ਦੇ ਯੋਗ ਸਿਰਫ਼ ਉਹੋ ਹੈ ਜਿਸ ਦਾ ਇਨ੍ਹਾਂ ਸਭਨਾਂ ਗੱਲਾਂ ਉੱਤੇ ਨਿਯੰਤਰਣ ਹੈ। ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਪਰਮੇਸ਼ੁਰ ਇਸ ਤਰ੍ਹਾਂ ਦੇ ਕੰਮ ਕਰਦਾ ਆ ਰਿਹਾ ਹੈ, ਜਿਵੇਂ ਕਿ ਬ੍ਰਹਿਮੰਡ ਦਾ ਪ੍ਰਬੰਧ ਕਰਨਾ, ਸਭਨਾਂ ਵਸਤਾਂ ਦੇ ਬਦਲਾਓ ਦੇ ਨਿਯਮਾਂ ਨੂੰ ਅਤੇ ਉਨ੍ਹਾਂ ਦੀ ਗਤੀ ਦੀ ਦਿਸ਼ਾ ਨੂੰ ਨਿਰਦੇਸ਼ਿਤ ਕਰਨਾ। ਸਭਨਾਂ ਵਸਤਾਂ ਦੀ ਤਰ੍ਹਾਂ, ਮਨੁੱਖ ਦਾ ਪਾਲਣ-ਪੋਸ਼ਣ ਵੀ ਪਰਮੇਸ਼ੁਰ ਵੱਲੋਂ ਆਉਣ ਵਾਲੀ ਮਿਠਾਸ ਅਤੇ ਮੀਂਹ ਅਤੇ ਤ੍ਰੇਲ ਨਾਲ ਚੁੱਪਚਾਪ ਅਤੇ ਉਨ੍ਹਾਂ ਦੇ ਬਿਨਾਂ ਜਾਣੇ ਹੀ ਹੋ ਰਿਹਾ ਹੈ; ਸਭਨਾਂ ਵਸਤਾਂ ਦੀ ਤਰ੍ਹਾਂ, ਮਨੁੱਖ ਉਨ੍ਹਾਂ ਦੇ ਬਿਨਾਂ ਜਾਣੇ ਹੀ ਪਰਮੇਸ਼ੁਰ ਦੇ ਹੱਥ ਦੀ ਯੋਜਨਾ ਹੇਠ ਜੀਵਨ ਜੀ ਰਿਹਾ ਹੈ। ਮਨੁੱਖ ਦਾ ਹਿਰਦਾ ਅਤੇ ਆਤਮਾ ਪਰਮੇਸ਼ੁਰ ਦੇ ਹੱਥ ਵਿੱਚ ਹਨ, ਉਸ ਦੇ ਜੀਵਨ ਦਾ ਹਰ ਪੱਖ ਪਰਮੇਸ਼ੁਰ ਦੀਆਂ ਅੱਖਾਂ ਦੇ ਸਾਹਮਣੇ ਹੈ। ਤੁਸੀਂ ਭਾਵੇਂ ਇਸ ’ਤੇ ਵਿਸ਼ਵਾਸ ਕਰੋ ਜਾਂ ਨਾ ਕਰੋ, ਸਭ ਵਸਤਾਂ, ਜਿਉਂਦੀਆਂ ਅਤੇ ਮ੍ਰਿਤ, ਪਰਮੇਸ਼ੁਰ ਦੇ ਵਿਚਾਰਾਂ ਅਨੁਸਾਰ ਹੀ ਹਿਲਦੀਆਂ, ਬਦਲਦੀਆਂ, ਨਵੀਆਂ ਹੁੰਦੀਆਂ ਅਤੇ ਅਲੋਪ ਹੁੰਦੀਆਂ ਹਨ। ਇਸ ਤਰ੍ਹਾਂ ਪਰਮੇਸ਼ੁਰ ਸਭਨਾਂ ਵਸਤਾਂ ਉੱਤੇ ਅਧਿਕਾਰੀ ਹੈ।

ਜਦ ਰਾਤ ਚੁੱਪਚਾਪ ਨੇੜੇ ਪੁੱਜਦੀ ਹੈ, ਮਨੁੱਖ ਇਸ ਬਾਰੇ ਅਣਜਾਣ ਰਹਿੰਦਾ ਹੈ, ਕਿਉਂਕਿ ਮਨੁੱਖ ਦਾ ਮਨ ਸਮਝ ਨਹੀਂ ਪਾਉਂਦਾ ਕਿ ਰਾਤ ਕਿਵੇਂ ਆ ਜਾਂਦੀ ਹੈ ਅਤੇ ਨਾ ਹੀ ਇਹ ਕਿ ਇਹ ਕਿੱਥੋਂ ਆਉਂਦੀ ਹੈ। ਜਦ ਰਾਤ ਚੁੱਪਚਾਪ ਚਲੀ ਜਾਂਦੀ ਹੈ, ਮਨੁੱਖ ਦਿਨ ਦੀ ਰੋਸ਼ਨੀ ਦਾ ਸੁਆਗਤ ਕਰਦਾ ਹੈ, ਪਰ ਮਨੁੱਖ ਇਸ ਬਾਰੇ ਹੋਰ ਵੀ ਘੱਟ ਜਾਣਦਾ ਹੈ ਅਤੇ ਹੋਰ ਵੀ ਘੱਟ ਜਾਣੂ ਹੁੰਦਾ ਹੈ ਕਿ ਰੋਸ਼ਨੀ ਕਿੱਥੋਂ ਆਉਂਦੀ ਹੈ ਅਤੇ ਰਾਤ ਦੇ ਹਨੇਰੇ ਨੂੰ ਕਿਵੇਂ ਦੂਰ ਕਰ ਦਿੰਦੀ ਹੈ। ਦਿਨ ਅਤੇ ਰਾਤ ਵਿਚਕਾਰ ਮੁੜ-ਮੁੜ ਹੋਣ ਵਾਲੀਆਂ ਇਹ ਤਬਦੀਲੀਆਂ ਮਨੁੱਖ ਨੂੰ ਇਕ ਦੌਰ ਵਿੱਚੋਂ ਦੂਜੇ ਵਿੱਚ ਅਤੇ ਇੱਕ ਇਤਹਾਸਕ ਸੰਦਰਭ ਵਿੱਚੋਂ ਅਗਲੇ ਵਿੱਚ ਲੈ ਜਾਂਦੀਆਂ ਹਨ, ਪਰ ਨਾਲ ਹੀ ਇਹ ਵੀ ਪੱਕਾ ਕਰਦੀਆਂ ਹਨ ਕਿ ਹਰ ਦੌਰ ਵਿੱਚ ਪਰਮੇਸ਼ੁਰ ਦਾ ਕੰਮ ਅਤੇ ਹਰ ਯੁੱਗ ਵਿੱਚ ਉਸ ਦੀ ਯੋਜਨਾ ਪੂਰੀ ਹੁੰਦੀ ਰਹੇ। ਮਨੁੱਖ ਇਨ੍ਹਾਂ ਦੌਰਾਂ ਵਿੱਚੋਂ ਪਰਮੇਸ਼ੁਰ ਦੇ ਨਾਲ ਲੰਘਿਆ ਹੈ, ਪਰ ਫਿਰ ਵੀ ਉਹ ਨਹੀਂ ਜਾਣਦਾ ਕਿ ਸਭਨਾਂ ਵਸਤਾਂ ਅਤੇ ਪ੍ਰਾਣੀਆਂ ਦੇ ਨਸੀਬ ਉੱਤੇ ਪਰਮੇਸ਼ੁਰ ਰਾਜ ਕਰਦਾ ਹੈ, ਨਾ ਹੀ ਉਹ ਇਹ ਜਾਣਦਾ ਹੈ ਕਿ ਪਰਮੇਸ਼ੁਰ ਸਭਨਾਂ ਵਸਤਾਂ ਦਾ ਪ੍ਰਬੰਧ ਅਤੇ ਅਗਵਾਈ ਕਿਵੇਂ ਕਰਦਾ ਹੈ। ਸਦੀਪਕ ਕਾਲ ਤੋਂ ਲੈ ਕੇ ਅੱਜ ਦੇ ਦਿਨ ਤਕ ਇਹ ਸਭ ਮਨੁੱਖ ਦੀ ਸਮਝ ਵਿੱਚ ਨਹੀਂ ਆਇਆ ਹੈ। ਇਸ ਦਾ ਕਾਰਣ ਇਹ ਨਹੀਂ ਹੈ ਕਿ ਪਰਮੇਸ਼ੁਰ ਦੇ ਕੰਮ ਬਹੁਤ ਜ਼ਿਆਦਾ ਗੁਪਤ ਹਨ, ਨਾ ਹੀ ਇਹ ਕਿ ਪਰਮੇਸ਼ੁਰ ਦੀ ਯੋਜਨਾ ਅਜੇ ਤਕ ਸਿੱਧ ਨਹੀਂ ਹੋਈ ਹੈ, ਸਗੋਂ ਇਹ ਕਿ ਮਨੁੱਖ ਦਾ ਹਿਰਦਾ ਅਤੇ ਆਤਮਾ ਪਰਮੇਸ਼ੁਰ ਤੋਂ ਬਹੁਤ ਦੂਰ ਹਨ, ਇੱਥੋਂ ਤਕ ਕਿ ਪਰਮੇਸ਼ੁਰ ਦੇ ਪਿੱਛੇ ਚਲਦਿਆਂ ਹੋਇਆਂ ਵੀ ਮਨੁੱਖ ਸ਼ਤਾਨ ਦੀ ਸੇਵਾ ਕਰਦਾ ਰਹਿੰਦਾ ਹੈ—ਅਤੇ ਫਿਰ ਵੀ ਇਸ ਨੂੰ ਨਹੀਂ ਸਿਆਣਦਾ। ਕੋਈ ਵੀ ਸਰਗਰਮੀ ਦੇ ਨਾਲ ਪਰਮੇਸ਼ੁਰ ਦੇ ਨਕਸ਼ੇ-ਕਦਮਾਂ ਨੂੰ ਅਤੇ ਪਰਮੇਸ਼ੁਰ ਦੇ ਸਰੂਪ ਨੂੰ ਨਹੀਂ ਭਾਲਦਾ ਅਤੇ ਕੋਈ ਵੀ ਪਰਮੇਸ਼ੁਰ ਦੀ ਦੇਖਭਾਲ ਅਤੇ ਸੁਰੱਖਿਆ ਵਿੱਚ ਬਣੇ ਰਹਿਣ ਲਈ ਤਿਆਰ ਨਹੀਂ ਹੈ। ਇਸ ਦੀ ਬਜਾਇ, ਉਹ ਸ਼ਤਾਨ ਦੇ, ਉਸ ਦੁਸ਼ਟ ਦੇ ਵਿਨਾਸ਼ ਉੱਤੇ ਭਰੋਸਾ ਰੱਖਣ ਦੀ ਚੋਣ ਕਰਦੇ ਹਨ, ਤਾਂ ਜੋ ਇਸ ਸੰਸਾਰ ਦੇ ਅਨੁਸਾਰ ਅਤੇ ਹੋਂਦ ਦੇ ਉਨ੍ਹਾਂ ਨਿਯਮਾਂ ਦੇ ਅਨੁਸਾਰ ਢਲ ਸਕਣ, ਜਿਨ੍ਹਾਂ ਦੀ ਪਾਲਣਾ ਇਹ ਦੁਸ਼ਟ ਮਨੁੱਖਜਾਤੀ ਕਰਦੀ ਹੈ। ਇਸ ਘੜੀ ’ਤੇ ਮਨੁੱਖ ਦਾ ਹਿਰਦਾ ਅਤੇ ਆਤਮਾ ਸ਼ਤਾਨ ਦਾ ਨਜ਼ਰਾਨਾ ਅਤੇ ਸ਼ਤਾਨ ਦਾ ਭੋਜਨ ਬਣ ਚੁੱਕੇ ਹਨ। ਇਸ ਤੋਂ ਵੀ ਵਧ ਕੇ, ਮਨੁੱਖੀ ਹਿਰਦਾ ਅਤੇ ਆਤਮਾ ਸ਼ਤਾਨ ਦੇ ਰਹਿਣ ਅਤੇ ਖੇਡਣ ਦਾ ਇੱਕ ਢੁਕਵਾਂ ਥਾਂ ਬਣ ਚੁੱਕੇ ਹਨ। ਇਸ ਤਰ੍ਹਾਂ ਮਨੁੱਖ ਅਣਜਾਣੇ ਵਿੱਚ ਹੀ ਮਨੁੱਖ ਹੋਣ ਦੇ ਸਿਧਾਂਤਾਂ ਦੀ ਆਪਣੀ ਸਮਝ ਅਤੇ ਮਨੁੱਖੀ ਹੋਂਦ ਦੇ ਮੁੱਲ ਅਤੇ ਅਰਥ ਨੂੰ ਗੁਆ ਦਿੰਦਾ ਹੈ। ਪਰਮੇਸ਼ੁਰ ਦੇ ਨਿਯਮ ਅਤੇ ਪਰਮੇਸ਼ੁਰ ਤੇ ਮਨੁੱਖ ਵਿਚਕਾਰਲਾ ਨੇਮ ਮਨੁੱਖ ਦੇ ਹਿਰਦੇ ਵਿੱਚੋਂ ਹੌਲੀ-ਹੌਲੀ ਅਲੋਪ ਹੋ ਜਾਂਦੇ ਹਨ ਅਤੇ ਉਸ ਨੇ ਪਰਮੇਸ਼ੁਰ ਦੀ ਭਾਲ ਕਰਨਾ ਜਾਂ ਉਸ ਦੀ ਆਗਿਆਕਾਰੀ ਕਰਨਾ ਛੱਡ ਦਿੰਦਾ ਹੈ। ਸਮਾਂ ਬੀਤਣ ਦੇ ਨਾਲ-ਨਾਲ ਹੁਣ ਮਨੁੱਖ ਵਿੱਚ ਇਹ ਸਮਝ ਬਿਲਕੁਲ ਵੀ ਨਹੀਂ ਬਚੀ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਕਿਉਂ ਸਿਰਜਿਆ ਸੀ, ਨਾ ਹੀ ਉਹ ਪਰਮੇਸ਼ੁਰ ਦੇ ਮੁੱਖ ਵਿੱਚੋਂ ਨਿਕਲਣ ਵਾਲੇ ਸ਼ਬਦਾਂ ਨੂੰ ਅਤੇ ਪਰਮੇਸ਼ੁਰ ਵੱਲੋਂ ਆਉਣ ਵਾਲੀ ਕਿਸੇ ਵੀ ਗੱਲ ਨੂੰ ਸਮਝਦਾ ਹੈ। ਫਿਰ ਮਨੁੱਖ ਪਰਮੇਸ਼ੁਰ ਦੇ ਨਿਯਮਾਂ ਅਤੇ ਹੁਕਮਾਂ ਦਾ ਵਿਰੋਧ ਕਰਨ ਲੱਗਦਾ ਹੈ ਅਤੇ ਉਸ ਦਾ ਹਿਰਦਾ ਅਤੇ ਆਤਮਾ ਨਿਰਜੀਵ ਹੋ ਜਾਂਦੇ ਹਨ... ਪਰਮੇਸ਼ੁਰ ਉਸ ਮਨੁੱਖ ਨੂੰ ਗੁਆ ਦਿੰਦਾ ਹੈ, ਜਿਸ ਨੂੰ ਉਸ ਨੇ ਮੂਲ ਰੂਪ ਵਿੱਚ ਸਿਰਜਿਆ ਸੀ ਅਤੇ ਮਨੁੱਖ ਆਪਣੇ ਮੂਲ ਦੀਆਂ ਜੜ੍ਹਾਂ ਨੂੰ ਗੁਆ ਦਿੰਦਾ ਹੈ: ਇਸ ਮਨੁੱਖਜਾਤੀ ਦਾ ਦੁਖ ਇਹੋ ਹੈ। ਦਰਅਸਲ ਅਰੰਭ ਤੋਂ ਲੈ ਕੇ ਹੁਣ ਤਕ, ਪਰਮੇਸ਼ੁਰ ਨੇ ਮਨੁੱਖਜਾਤੀ ਦੇ ਲਈ ਇੱਕ ਤ੍ਰਾਸਦੀ ਰੱਖੀ ਹੋਈ ਹੈ, ਜਿਸ ਵਿੱਚ ਮਨੁੱਖ ਨਾਇਕ ਵੀ ਆਪ ਹੈ ਅਤੇ ਸ਼ਿਕਾਰ ਵੀ ਆਪ ਹੈ। ਅਤੇ ਇਸ ਦਾ ਜੁਆਬ ਕੋਈ ਵੀ ਨਹੀਂ ਦੇ ਸਕਦਾ ਕਿ ਇਸ ਤ੍ਰਾਸਦੀ ਦਾ ਨਿਰਦੇਸ਼ਕ ਕੌਣ ਹੈ।

ਸਾਰੇ ਵਿਸਤ੍ਰਿਤ ਸੰਸਾਰ ਵਿੱਚ ਅਣਗਿਣਤ ਬਦਲਾਓ ਹੋਏ ਹਨ, ਸਮੁੰਦਰ ਮੈਦਾਨਾਂ ਵਿੱਚ ਤਬਦੀਲ ਹੋ ਗਏ ਹਨ ਅਤੇ ਮੈਦਾਨ ਸਮੁੰਦਰਾਂ ਦੇ ਪਾਣੀਆਂ ਨਾਲ ਭਰ ਗਏ ਹਨ ਅਤੇ ਅਜਿਹਾ ਬਾਰ-ਬਾਰ ਹੋਇਆ ਹੈ। ਜੋ ਬ੍ਰਹਿਮੰਡ ਦੀਆਂ ਸਭਨਾਂ ਵਸਤਾਂ ਉੱਤੇ ਰਾਜ ਕਰਦਾ ਹੈ, ਉਸ ਤੋਂ ਇਲਾਵਾ ਮਨੁੱਖਜਾਤੀ ਦੀ ਅਗਵਾਈ ਅਤੇ ਮਾਰਗਦਰਸ਼ਨ ਕਰਨ ਦੇ ਕਾਬਿਲ ਹੋਰ ਕੋਈ ਨਹੀਂ ਹੈ। ਇਸ ਮਨੁੱਖਜਾਤੀ ਦੇ ਲਈ ਮਿਹਨਤ ਕਰਨ ਜਾਂ ਤਿਆਰੀ ਕਰਨ ਵਾਲਾ ਹੋਰ ਕੋਈ ਸ਼ਕਤੀਮਾਨ ਨਹੀਂ ਹੈ, ਅਜਿਹਾ ਤਾਂ ਕੋਈ ਹੈ ਹੀ ਨਹੀਂ ਜਿਹੜਾ ਇਸ ਮਨੁੱਖਜਾਤੀ ਨੂੰ ਰੋਸ਼ਨੀ ਦੀ ਮੰਜ਼ਿਲ ਤਕ ਲਿਜਾ ਸਕੇ ਅਤੇ ਧਰਤੀ ਉਤਲੀਆਂ ਨਾਇਨਸਾਫ਼ੀਆਂ ਤੋਂ ਮੁਕਤੀ ਦਿਵਾ ਸਕੇ। ਪਰਮੇਸ਼ੁਰ ਮਨੁੱਖਜਾਤੀ ਦੇ ਭਵਿੱਖ ਬਾਰੇ ਵਿਰਲਾਪ ਕਰਦਾ ਹੈ, ਉਹ ਮਨੁੱਖਜਾਤੀ ਦੇ ਪਤਨ ਉੱਤੇ ਸੰਤਾਪ ਕਰਦਾ ਹੈ ਅਤੇ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਮਨੁੱਖਜਾਤੀ ਇੱਕ-ਇੱਕ ਕਦਮ ਕਰਕੇ ਵਿਨਾਸ਼ ਵੱਲ ਵਧ ਰਹੀ ਹੈ ਅਤੇ ਅਜਿਹੇ ਰਾਹ ਉੱਤੇ ਜਾ ਰਹੀ ਹੈ ਜਿੱਥੋਂ ਵਾਪਸੀ ਸੰਭਵ ਨਹੀਂ ਹੈ। ਅਜਿਹੀ ਮਨੁੱਖਜਾਤੀ ਜਿਸ ਨੇ ਪਰਮੇਸ਼ੁਰ ਦਾ ਦਿਲ ਤੋੜਿਆ ਹੈ ਅਤੇ ਉਸ ਦਾ ਇਨਕਾਰ ਕੀਤਾ, ਤਾਂ ਜੋ ਦੁਸ਼ਟ ਦੇ ਮਗਰ ਹੋ ਤੁਰੇ: ਕੀ ਕਦੇ ਕਿਸੇ ਨੇ ਉਸ ਦਿਸ਼ਾ ਬਾਰੇ ਸੋਚਿਆ ਹੈ, ਜਿਸ ਵੱਲ ਮਨੁੱਖਜਾਤੀ ਵਧ ਰਹੀ ਹੈ? ਇਹੋ ਕਾਰਣ ਹੈ ਕਿ ਕਿਉਂ ਕੋਈ ਵੀ ਪਰਮੇਸ਼ੁਰ ਦੇ ਕ੍ਰੋਧ ਬਾਰੇ ਨਹੀਂ ਸੋਚ ਰਿਹਾ, ਕੋਈ ਵੀ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦਾ ਰਾਹ ਨਹੀਂ ਭਾਲ ਰਿਹਾ ਜਾਂ ਪਰਮੇਸ਼ੁਰ ਦੇ ਨੇੜੇ ਆਉਣ ਦਾ ਜਤਨ ਨਹੀਂ ਕਰ ਰਿਹਾ ਅਤੇ ਹੋਰ ਕੀ, ਕੋਈ ਵੀ ਪਰਮੇਸ਼ੁਰ ਦੇ ਦੁੱਖ ਅਤੇ ਦਰਦ ਨੂੰ ਸਮਝਣ ਦਾ ਜਤਨ ਨਹੀਂ ਕਰ ਰਿਹਾ। ਪਰਮੇਸ਼ੁਰ ਦੀ ਅਵਾਜ਼ ਸੁਣਨ ਤੋਂ ਬਾਅਦ ਵੀ ਮਨੁੱਖ ਆਪਣੇ ਰਾਹ ਉੱਤੇ ਤੁਰਿਆ ਜਾਂਦਾ ਹੈ, ਪਰਮੇਸ਼ੁਰ ਤੋਂ ਦੂਰ ਹੀ ਰਹਿੰਦਾ ਹੈ, ਪਰਮੇਸ਼ੁਰ ਦੀ ਕਿਰਪਾ ਅਤੇ ਦੇਖਭਾਲ ਤੋਂ ਖੁੰਝਿਆ ਰਹਿੰਦਾ ਹੈ ਅਤੇ ਉਸ ਦੀ ਸਚਾਈ ਤੋਂ ਕੰਨੀ ਕਤਰਾਉਂਦਾ ਰਹਿੰਦਾ ਹੈ, ਆਪਣੇ ਆਪ ਨੂੰ ਪਰਮੇਸ਼ੁਰ ਦੇ ਵੈਰੀ ਸ਼ਤਾਨ ਨੂੰ ਵੇਚਣਾ ਪਸੰਦ ਕਰਦਾ ਹੈ। ਅਤੇ ਕਿਸ ਨੇ ਇਸ ਬਾਰੇ ਵਿਚਾਰ ਕੀਤਾ ਹੈ ਕਿ ਜੇਕਰ ਮਨੁੱਖ ਆਪਣੀ ਇਸ ਜ਼ਿਦ ਉੱਤੇ ਅੜਿਆ ਰਿਹਾ, ਤਾਂ ਪਰਮੇਸ਼ੁਰ ਇਸ ਮਨੁੱਖਜਾਤੀ ਦੇ ਨਾਲ ਕਿਹੋ ਜਿਹਾ ਵਿਹਾਰ ਕਰੇਗਾ, ਜਿਸ ਨੇ ਉਸ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ ਅਤੇ ਮੁੜ ਕੇ ਵੀ ਨਹੀਂ ਵੇਖਿਆ? ਕੋਈ ਵੀ ਨਹੀਂ ਜਾਣਦਾ ਕਿ ਪਰਮੇਸ਼ੁਰ ਵੱਲੋਂ ਬਾਰ-ਬਾਰ ਚੇਤੇ ਕਰਾਉਂਦੇ ਅਤੇ ਉਪਦੇਸ਼ ਦਿੰਦੇ ਰਹਿਣ ਦਾ ਕਾਰਣ ਇਹ ਹੈ ਕਿ ਉਸ ਨੇ ਆਪਣੇ ਹੱਥਾਂ ਵਿੱਚ ਅਜਿਹੀ ਇੱਕ ਬਿਪਤਾ ਤਿਆਰ ਕਰਕੇ ਰੱਖੀ ਹੋਈ ਹੈ ਜਿਹੜੀ ਪਹਿਲਾਂ ਕਦੇ ਵੀ ਨਹੀਂ ਵਾਪਰੀ, ਅਜਿਹੀ ਜੋ ਮਨੁੱਖ ਦੇ ਸਰੀਰ ਅਤੇ ਆਤਮਾ ਦੇ ਸਹਿਣ ਤੋਂ ਬਾਹਰ ਹੋਵੇਗੀ। ਇਹ ਬਿਪਤਾ ਸਿਰਫ਼ ਸਰੀਰ ਨੂੰ ਦਿੱਤੀ ਗਈ ਸਜ਼ਾ ਹੀ ਨਹੀਂ ਹੈ, ਸਗੋਂ ਆਤਮਾ ਦੀ ਸਜ਼ਾ ਵੀ ਹੈ। ਤੁਹਾਨੂੰ ਇਹ ਜਾਣਨ ਦੀ ਲੋੜ ਹੈ: ਜਦ ਪਰਮੇਸ਼ੁਰ ਦੀ ਯੋਜਨਾ ਨੂੰ ਅਣਦੇਖਾ ਕਰ ਦਿੱਤਾ ਜਾਂਦਾ ਹੈ ਅਤੇ ਉਸ ਵੱਲੋਂ ਬਾਰ-ਬਾਰ ਚੇਤੇ ਕਰਾਏ ਜਾਣ ਅਤੇ ਉਪਦੇਸ਼ ਦਿੱਤੇ ਜਾਣ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਜਾਂਦਾ, ਤਦ ਉਹ ਕਿਹੋ ਜਿਹਾ ਕਹਿਰ ਵਰ੍ਹਾਏਗਾ? ਅਜਿਹਾ ਨਾ ਤਾਂ ਕਿਸੇ ਸਿਰਜੇ ਗਏ ਪ੍ਰਾਣੀ ਨੇ ਕਦੇ ਅਨੁਭਵ ਕੀਤਾ ਹੈ ਅਤੇ ਨਾ ਹੀ ਕਦੇ ਸੁਣਿਆ ਹੈ। ਅਤੇ ਇਸੇ ਕਰਕੇ ਮੈਂ ਆਖਦਾ ਹਾਂ ਕਿ ਅਜਿਹੀ ਬਿਪਤਾ ਦੀ ਕੋਈ ਮਿਸਾਲ ਨਹੀਂ ਹੈ ਅਤੇ ਨਾ ਹੀ ਇਹ ਕਦੇ ਦੁਹਰਾਈ ਜਾਵੇਗੀ। ਕਿਉਂਕਿ ਪਰਮੇਸ਼ੁਰ ਦੀ ਯੋਜਨਾ ਮਨੁੱਖਜਾਤੀ ਨੂੰ ਇੱਕੋ ਵਾਰੀ ਸਿਰਜਣ ਦੀ ਅਤੇ ਇੱਕੋ ਵਾਰੀ ਬਚਾਉਣ ਦੀ ਹੈ। ਇਹ ਪਹਿਲੀ ਵਾਰ ਹੈ ਅਤੇ ਇਹ ਆਖਰੀ ਵਾਰ ਵੀ ਹੈ। ਇਸ ਕਰਕੇ ਇਸ ਵਾਰ ਮਨੁੱਖਜਾਤੀ ਨੂੰ ਬਚਾਉਣ ਲਈ ਪਰਮੇਸ਼ੁਰ ਵੱਲੋਂ ਮਿੱਥੇ ਗਏ ਗੰਭੀਰ ਮਨੋਰਥਾਂ ਅਤੇ ਦਿਲੀ ਉਮੀਦ ਨੂੰ ਕੋਈ ਵੀ ਨਹੀਂ ਸਮਝ ਸਕਦਾ।

ਪਰਮੇਸ਼ੁਰ ਨੇ ਇਸ ਸੰਸਾਰ ਦੀ ਰਚਨਾ ਕੀਤੀ ਅਤੇ ਇਸ ਵਿੱਚ ਮਨੁੱਖ ਨੂੰ, ਇੱਕ ਜੀਉਂਦੇ ਪ੍ਰਾਣੀ ਨੂੰ ਜਿਸ ਨੂੰ ਉਸ ਨੇ ਜੀਵਨ ਬਖ਼ਸ਼ਿਆ ਸੀ, ਲੈ ਕੇ ਆਇਆ। ਫਿਰ, ਮਨੁੱਖ ਦੇ ਮਾਪੇ ਅਤੇ ਰਿਸ਼ਤੇਦਾਰ ਬਣ ਗਏ ਅਤੇ ਉਹ ਇਕੱਲਾ ਨਹੀਂ ਰਹਿ ਗਿਆ। ਜਦੋਂ ਤੋਂ ਮਨੁੱਖ ਨੇ ਆਪਣੀਆਂ ਅੱਖਾਂ ਇਸ ਭੌਤਿਕ ਸੰਸਾਰ ਉੱਤੇ ਪਾਈਆਂ, ਉਦੋਂ ਤੋਂ ਹੀ ਉਸ ਲਈ ਠਹਿਰਾ ਦਿੱਤਾ ਗਿਆ ਸੀ ਕਿ ਉਹ ਪਰਮੇਸ਼ੁਰ ਦੇ ਪ੍ਰਬੰਧ ਦੀਆਂ ਹੱਦਾਂ ਦੇ ਅੰਦਰ ਹੀ ਜੀਵੇਗਾ। ਪਰਮੇਸ਼ੁਰ ਵੱਲੋਂ ਆਏ ਜੀਵਨ ਦੇ ਸਾਹ ਨੇ ਹਰੇਕ ਜੀਉਂਦੇ ਪ੍ਰਾਣੀ ਨੂੰ ਸਿਆਣੇ ਹੋਣ ਦੀ ਸਮਰੱਥਾ ਬਖ਼ਸ਼ੀ। ਇਸ ਪ੍ਰਕਿਰਿਆ ਦੇ ਦੌਰਾਨ ਕੋਈ ਵੀ ਇਹ ਵਿਚਾਰ ਨਹੀਂ ਕਰਦਾ ਕਿ ਮਨੁੱਖ ਪਰਮੇਸ਼ੁਰ ਦੀ ਦੇਖਭਾਲ ਹੇਠ ਵੱਡਾ ਹੋ ਰਿਹਾ ਹੈ; ਸਗੋਂ ਉਹ ਇਹ ਸੋਚਦੇ ਹਨ ਕਿ ਮਨੁੱਖ ਆਪਣੇ ਮਾਪਿਆਂ ਦੀ ਪ੍ਰੇਮ ਭਰੀ ਦੇਖਭਾਲ ਹੇਠ ਵੱਡਾ ਹੋ ਰਿਹਾ ਹੈ, ਅਤੇ ਇਹ ਉਸ ਦੇ ਆਪਣੇ ਜੀਵਨ ਦੀ ਸੁਭਾਵਕ ਪ੍ਰਕਿਰਿਆ ਹੈ ਜੋ ਉਸ ਨੂੰ ਵੱਡੇ ਹੋਣ ਵਿੱਚ ਮਦਦ ਕਰ ਰਹੀ ਹੈ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਮਨੁੱਖ ਜਾਣਦਾ ਹੀ ਨਹੀਂ ਹੈ ਕਿ ਉਸ ਨੂੰ ਜੀਵਨ ਕਿਸ ਨੇ ਬਖ਼ਸ਼ਿਆ ਹੈ, ਜਾਂ ਇਹ ਕਿੱਥੋਂ ਆਇਆ ਹੈ, ਅਤੇ ਇਸ ਬਾਰੇ ਤਾਂ ਉਹ ਬਿਲਕੁਲ ਵੀ ਨਹੀਂ ਜਾਣਦਾ ਕਿ ਜੀਵਨ ਦੀ ਸੁਭਾਵਕ ਪ੍ਰਕਿਰਿਆ ਕਿਵੇਂ ਚਮਤਕਾਰ ਕਰਦੀ ਹੈ। ਉਹ ਤਾਂ ਸਿਰਫ਼ ਇਹੋ ਜਾਣਦਾ ਹੈ ਕਿ ਭੋਜਨ ਹੀ ਉਹ ਅਧਾਰ ਹੈ, ਜਿਸ ’ਤੇ ਉਸ ਦਾ ਜੀਵਨ ਚਲਦਾ ਹੈ, ਕਿ ਡਟੇ ਰਹਿਣਾ ਹੀ ਉਸ ਦੀ ਹੋਂਦ ਦਾ ਮੁੱਢ ਹੈ, ਅਤੇ ਉਸ ਦੇ ਮਨ ਵਿਚਲੀਆਂ ਮਾਨਤਾਵਾਂ ਉਹ ਦੌਲਤ ਹਨ ਜਿਸ ਉੱਤੇ ਉਸ ਦਾ ਜੀਉਂਦੇ ਰਹਿਣਾ ਨਿਰਭਰ ਕਰਦਾ ਹੈ। ਪਰਮੇਸ਼ੁਰ ਦੀ ਕਿਰਪਾ ਅਤੇ ਪ੍ਰਯੋਜਨ ਤੋਂ ਮਨੁੱਖ ਪੂਰੀ ਤਰ੍ਹਾਂ ਬੇਖ਼ਬਰ ਹੈ, ਅਤੇ ਇਸ ਤਰ੍ਹਾਂ ਉਹ ਪਰਮੇਸ਼ੁਰ ਦੁਆਰਾ ਉਸ ਨੂੰ ਬਖ਼ਸ਼ੇ ਗਏ ਜੀਵਨ ਨੂੰ ਵਿਅਰਥ ਗੁਆ ਸੁੱਟਦਾ ਹੈ... ਇਸ ਮਨੁੱਖਜਾਤੀ ਵਿੱਚੋਂ, ਜਿਸ ਦੀ ਪਰਮੇਸ਼ੁਰ ਦਿਨ-ਰਾਤ ਦੇਖਭਾਲ ਕਰਦਾ ਹੈ, ਇੱਕ ਵੀ ਜਨ ਉਸ ਦੀ ਅਰਾਧਨਾ ਕਰਨ ਦੀ ਪਹਿਲ ਨਹੀਂ ਕਰਦਾ। ਪਰਮੇਸ਼ੁਰ ਆਪਣੀ ਯੋਜਨਾ ਅਨੁਸਾਰ ਮਨੁੱਖ ਉੱਤੇ, ਜਿਸ ਤੋਂ ਉਹ ਕੋਈ ਵੀ ਉਮੀਦ ਨਹੀਂ ਲਗਾਉਂਦਾ, ਮਿਹਨਤ ਕਰਦਾ ਰਹਿੰਦਾ ਹੈ। ਅਜਿਹਾ ਉਹ ਇਸ ਆਸ ਵਿੱਚ ਕਰਦਾ ਹੈ ਕਿ ਇੱਕ ਦਿਨ ਮਨੁੱਖ ਆਪਣੇ ਸੁਪਨੇ ਵਿੱਚੋਂ ਜਾਗ ਜਾਵੇਗਾ ਅਤੇ ਜੀਵਨ ਦੇ ਮੁੱਲ ਅਤੇ ਅਰਥ ਨੂੰ, ਪਰਮੇਸ਼ੁਰ ਵੱਲੋਂ ਉਸ ਨੂੰ ਦਿੱਤੇ ਗਏ ਸਭ ਕੁਝ ਲਈ ਅਦਾ ਕੀਤੀ ਗਈ ਕੀਮਤ ਨੂੰ, ਅਤੇ ਮਨੁੱਖ ਦੇ ਉਸ ਕੋਲ ਵਾਪਸ ਆ ਜਾਣ ਲਈ ਪਰਮੇਸ਼ੁਰ ਵੱਲੋਂ ਕੀਤੀ ਜਾ ਰਹੀ ਬੇਤਾਬ ਫ਼ਿਕਰਮੰਦੀ ਨੂੰ ਅਚਾਣਕ ਹੀ ਸਿਆਣ ਜਾਵੇਗਾ। ਮਨੁੱਖ ਦੇ ਜੀਵਨ ਦੇ ਮੁੱਢ ਅਤੇ ਨਿਰੰਤਰਤਾ ਦਾ ਸੰਚਾਲਨ ਕਰਨ ਵਾਲੇ ਭੇਤਾਂ ਬਾਰੇ ਕਦੇ ਕਿਸੇ ਨੇ ਗੌਰ ਨਹੀਂ ਕੀਤਾ ਹੈ। ਸਿਰਫ਼ ਪਰਮੇਸ਼ੁਰ, ਜੋ ਇਨ੍ਹਾਂ ਸਭਨਾਂ ਗੱਲਾਂ ਨੂੰ ਸਮਝਦਾ ਹੈ, ਚੁਪਚਾਪ ਉਹ ਦੁਖ ਅਤੇ ਕਸ਼ਟ ਸਹਿੰਦਾ ਰਹਿੰਦਾ ਹੈ, ਜਿਹੜੇ ਮਨੁੱਖ ਉਸ ਨੂੰ ਪਹੁੰਚਾਉਂਦਾ ਹੈ, ਜੋ ਪਰਮੇਸ਼ੁਰ ਕੋਲੋਂ ਸਭ ਕੁਝ ਪ੍ਰਾਪਤ ਕਰਕੇ ਵੀ ਉਸ ਦਾ ਧੰਨਵਾਦੀ ਨਹੀਂ ਹੁੰਦਾ। ਮਨੁੱਖ ਉਨ੍ਹਾਂ ਸਭਨਾਂ ਵਸਤਾਂ ਨੂੰ ਬੜੇ ਹੀ ਹਲਕੇ ਰੂਪ ਵਿੱਚ ਲੈਂਦਾ ਹੈ, ਜਿਹੜੀਆਂ ਜੀਵਨ ਉਸ ਦੇ ਲਈ ਲਿਆਉਂਦਾ ਹੈ, ਅਤੇ ਇਸੇ ਕਰਕੇ, “ਇਸ ਵਿੱਚ ਕੋਈ ਸ਼ੱਕ ਨਹੀਂ” ਕਿ ਮਨੁੱਖ ਨੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਹੈ, ਮਨੁੱਖ ਨੇ ਉਸ ਨੂੰ ਵਿਸਾਰ ਦਿੱਤਾ ਹੈ, ਅਤੇ ਮਨੁੱਖ ਨੇ ਉਸ ਦਾ ਨਾਜਾਇਜ਼ ਫਾਇਦਾ ਚੁੱਕਿਆ ਹੈ। ਕੀ ਇਹ ਸੱਚ ਹੈ ਕਿ ਪਰਮੇਸ਼ੁਰ ਦੀ ਯੋਜਨਾ ਸੱਚਮੁੱਚ ਐਨੀ ਮਹੱਤਵਪੂਰਣ ਹੈ? ਕੀ ਇਹ ਸੱਚ ਹੈ ਕਿ ਮਨੁੱਖ, ਇਹ ਜੀਉਂਦਾ ਪ੍ਰਾਣੀ ਜਿਹੜਾ ਪਰਮੇਸ਼ੁਰ ਦੇ ਹੱਥ ਦੀ ਰਚਨਾ ਹੈ, ਸੱਚਮੁੱਚ ਐਨਾ ਮਹੱਤਵਪੂਰਣ ਹੈ? ਇਹ ਤਾਂ ਪੱਕਾ ਹੈ ਕਿ ਪਰਮੇਸ਼ੁਰ ਦੀ ਯੋਜਨਾ ਮਹੱਤਵਪੂਰਣ ਹੈ; ਪਰ ਫਿਰ ਵੀ, ਪਰਮੇਸ਼ੁਰ ਦੇ ਹੱਥ ਦੁਆਰਾ ਰਚਿਆ ਗਿਆ ਇਹ ਜੀਉਂਦਾ ਪ੍ਰਾਣੀ ਉਸ ਦੀ ਯੋਜਨਾ ਖਾਤਰ ਹੀ ਹੋਂਦ ਵਿੱਚ ਹੈ। ਇਸ ਕਰਕੇ, ਇਸ ਮਨੁੱਖਜਾਤੀ ਦੇ ਲਈ ਨਫ਼ਰਤ ਦੇ ਕਾਰਨ ਪਰਮੇਸ਼ੁਰ ਆਪਣੀ ਯੋਜਨਾ ਨੂੰ ਵਿਅਰਥ ਨਹੀਂ ਜਾਣ ਦੇ ਸਕਦਾ। ਆਪਣੀ ਯੋਜਨਾ ਦੀ ਖਾਤਰ ਅਤੇ ਉਸ ਵੱਲੋਂ ਫੂਕੇ ਗਏ ਸਾਹ ਦੀ ਖਾਤਰ ਪਰਮੇਸ਼ੁਰ ਸਾਰੇ ਕਸ਼ਟ ਸਹਿਣ ਕਰ ਲੈਂਦਾ ਹੈ, ਮਨੁੱਖ ਦੇ ਸਰੀਰ ਦੀ ਖਾਤਰ ਨਹੀਂ ਪਰ ਮਨੁੱਖ ਦੇ ਜੀਵਨ ਦੀ ਖਾਤਰ। ਅਜਿਹਾ ਉਹ ਮਨੁੱਖ ਦਾ ਸਰੀਰ ਵਾਪਸ ਪ੍ਰਾਪਤ ਕਰਨ ਲਈ ਨਹੀਂ, ਪਰ ਉਹ ਸਾਹ ਵਾਪਸ ਪ੍ਰਾਪਤ ਕਰਨ ਲਈ ਕਰਦਾ ਹੈ, ਜੋ ਉਸ ਨੇ ਆਪ ਉਸ ਵਿੱਚ ਫੂਕਿਆ ਸੀ। ਉਸ ਦੀ ਯੋਜਨਾ ਇਹੋ ਹੈ।

ਜਿੰਨੇ ਲੋਕ ਇਸ ਸੰਸਾਰ ਵਿੱਚ ਆਉਂਦੇ ਹਨ ਉਨ੍ਹਾਂ ਸਭਨਾਂ ਨੂੰ ਜੀਵਨ ਅਤੇ ਮੌਤ ਵਿੱਚੋਂ ਲੰਘਣਾ ਪੈਂਦਾ ਹੈ, ਅਤੇ ਉਨ੍ਹਾਂ ਵਿੱਚੋਂ ਜਿਆਦਾਤਰ ਮੌਤ ਅਤੇ ਪੁਨਰ ਜਨਮ ਦੇ ਚੱਕਰ ਵਿੱਚੋਂ ਲੰਘ ਚੁੱਕੇ ਹਨ। ਜਿਹੜੇ ਜੀਉਂਦੇ ਹਨ ਉਹ ਛੇਤੀ ਹੀ ਮਰ ਜਾਣਗੇ ਅਤੇ ਜਿਹੜੇ ਮਰ ਚੁੱਕੇ ਹਨ ਉਹ ਛੇਤੀ ਹੀ ਵਾਪਸ ਆ ਜਾਣਗੇ। ਇਹ ਸਭ ਪਰਮੇਸ਼ੁਰ ਦੁਆਰਾ ਹਰੇਕ ਜੀਉਂਦੇ ਪ੍ਰਾਣੀ ਲਈ ਠਹਿਰਾਇਆ ਗਿਆ ਜੀਵਨ ਦਾ ਕ੍ਰਮ ਹੈ। ਫਿਰ ਵੀ, ਇਹ ਕ੍ਰਮ ਅਤੇ ਇਹ ਚੱਕਰ ਹੀ ਉਹ ਸੱਚਾਈਆਂ ਹਨ, ਜਿਨ੍ਹਾਂ ਬਾਰੇ ਪਰਮੇਸ਼ੁਰ ਚਾਹੁੰਦਾ ਹੈ ਕਿ ਮਨੁੱਖ ਉਨ੍ਹਾਂ ਨੂੰ ਵੇਖੇ: ਕਿ ਪਰਮੇਸ਼ੁਰ ਵੱਲੋਂ ਮਨੁੱਖ ਨੂੰ ਬਖ਼ਸ਼ਿਆ ਗਿਆ ਜੀਵਨ ਅਸੀਮ ਹੈ, ਭੌਤਿਕਤਾ, ਸਮੇਂ ਜਾਂ ਸਥਾਨ ਦਿਆਂ ਬੰਧਨਾਂ ਤੋਂ ਮੁਕਤ ਹੈ। ਪਰਮੇਸ਼ੁਰ ਦੁਆਰਾ ਮਨੁੱਖ ਨੂੰ ਬਖ਼ਸ਼ੇ ਗਏ ਜੀਵਨ ਦਾ ਭੇਤ ਇਹੋ ਹੈ ਅਤੇ ਇਸ ਗੱਲ ਦਾ ਪ੍ਰਮਾਣ ਵੀ ਹੈ ਕਿ ਜੀਵਨ ਉਸੇ ਕੋਲੋਂ ਆਇਆ ਹੈ। ਭਾਵੇਂ ਕਈ ਲੋਕ ਇਹ ਵਿਸ਼ਵਾਸ ਨਾ ਕਰਨ ਕਿ ਜੀਵਨ ਪਰਮੇਸ਼ੁਰ ਕੋਲੋਂ ਆਇਆ ਹੈ, ਤਾਂ ਵੀ ਮਨੁੱਖ ਉਨ੍ਹਾਂ ਸਭਨਾਂ ਵਸਤਾਂ ਦਾ ਅਨੰਦ ਜ਼ਰੂਰ ਮਾਣਦਾ ਰਹਿੰਦਾ ਹੈ ਜਿਹੜੀਆਂ ਪਰਮੇਸ਼ੁਰ ਕੋਲੋਂ ਆਉਂਦੀਆਂ ਹਨ, ਫਿਰ ਭਾਵੇਂ ਉਹ ਉਸ ਦੇ ਵਜੂਦ ’ਤੇ ਵਿਸ਼ਵਾਸ ਕਰੇ ਜਾਂ ਉਸ ਨੂੰ ਰੱਦ ਦੇਵੇ। ਜੇਕਰ ਕਿਸੇ ਦਿਨ ਪਰਮੇਸ਼ੁਰ ਅਚਾਣਕ ਆਪਣਾ ਮਨ ਬਦਲ ਲਵੇ ਅਤੇ ਉਹ ਸਭ ਵਾਪਸ ਲੈ ਲਵੇ ਜੋ ਇਸ ਸੰਸਾਰ ਵਿੱਚ ਮੌਜੂਦ ਹੈ ਅਤੇ ਉਹ ਜੀਵਨ ਵੀ ਵਾਪਸ ਲੈ ਲਵੇ ਜੋ ਉਸ ਨੇ ਦਿੱਤਾ ਹੈ, ਤਦ ਸਭ ਕੁਝ ਖਤਮ ਹੋ ਜਾਵੇਗਾ। ਪਰਮੇਸ਼ੁਰ ਸਭ ਜੀਉਂਦੀਆਂ ਅਤੇ ਬੇਜਾਨ ਵਸਤਾਂ ਮੁਹੱਈਆ ਕਰਨ ਲਈ ਆਪਣੇ ਜੀਵਨ ਦੀ ਵਰਤੋਂ ਕਰਦਾ ਹੈ, ਅਤੇ ਆਪਣੀ ਸ਼ਕਤੀ ਅਤੇ ਅਧਿਕਾਰ ਦੀ ਵਰਤੋਂ ਕਰਕੇ ਸਭਨਾਂ ਨੂੰ ਸਹੀ ਕ੍ਰਮ ਵਿੱਚ ਰੱਖਦਾ ਹੈ। ਇਹ ਅਜਿਹੀ ਸੱਚਾਈ ਹੈ ਜਿਹੜੀ ਨਾ ਤਾਂ ਕਿਸੇ ਦੇ ਚਿੱਤ ਵਿੱਚ ਆ ਸਕਦੀ ਹੈ ਅਤੇ ਨਾ ਹੀ ਕੋਈ ਇਸ ਨੂੰ ਸਮਝ ਸਕਦਾ ਹੈ, ਅਤੇ ਇਹ ਸਮਝ ਤੋਂ ਪਰੇ ਸੱਚਾਈਆਂ ਹੀ ਪਰਮੇਸ਼ੁਰ ਦੀ ਜੀਵਨ-ਸ਼ਕਤੀ ਦਾ ਪ੍ਰਗਟਾਵਾ ਅਤੇ ਕਰਾਰਨਾਮਾ ਹਨ। ਹੁਣ ਮੈਂ ਤੁਹਾਨੂੰ ਇੱਕ ਭੇਤ ਦੱਸਣਾ ਚਾਹੁੰਦਾ ਹਾਂ: ਪਰਮੇਸ਼ੁਰ ਦੇ ਜੀਵਨ ਦੀ ਮਹਾਨਤਾ ਅਤੇ ਉਸ ਦੇ ਜੀਵਨ ਦੀ ਸਮਰੱਥਾ ਕਿਸੇ ਵੀ ਪ੍ਰਾਣੀ ਲਈ ਅਥਾਹ ਹਨ। ਹੁਣ ਵੀ ਇਹ ਉਵੇਂ ਹੀ ਹੈ, ਜਿਵੇਂ ਇਹ ਅਤੀਤ ਵਿੱਚ ਸੀ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਅਜਿਹਾ ਹੀ ਰਹੇਗਾ। ਦੂਜਾ ਭੇਤ ਜਿਹੜਾ ਮੈਂ ਦੱਸਾਂਗਾ ਉਹ ਇਹ ਹੈ: ਸਭਨਾਂ ਪ੍ਰਾਣੀਆਂ ਲਈ ਜੀਵਨ ਦਾ ਸ੍ਰੋਤ ਪਰਮੇਸ਼ੁਰ ਕੋਲੋਂ ਆਉਂਦਾ ਹੈ, ਫਿਰ ਭਾਵੇਂ ਉਹ ਰੂਪ ਜਾਂ ਆਕਾਰ ਵਿੱਚ ਕਿੰਨੇ ਵੀ ਭਿੰਨ ਕਿਉਂ ਨਾ ਹੋਣ। ਤੁਸੀਂ ਭਾਵੇਂ ਜਿਹੋ ਜਿਹੇ ਵੀ ਪ੍ਰਾਣੀ ਹੋ, ਤੁਸੀਂ ਪਰਮੇਸ਼ੁਰ ਵੱਲੋਂ ਠਹਿਰਾਈ ਗਈ ਜੀਵਨ ਦੀ ਦਿਸ਼ਾ ਦਾ ਵਿਰੋਧ ਨਹੀਂ ਕਰ ਸਕਦੇ। ਭਾਵੇਂ ਜੋ ਵੀ ਹੋਵੇ, ਮੇਰੀ ਇੱਛਾ ਇਹ ਹੈ ਕਿ ਮਨੁੱਖ ਇਸ ਗੱਲ ਨੂੰ ਸਮਝ ਲਵੇ: ਪਰਮੇਸ਼ੁਰ ਦੀ ਦੇਖਭਾਲ, ਰੱਖਿਆ, ਅਤੇ ਪ੍ਰਬੰਧ ਤੋਂ ਬਿਨਾ ਮਨੁੱਖ ਉਹ ਸਭ ਪ੍ਰਾਪਤ ਨਹੀਂ ਕਰ ਸਕਦਾ ਜੋ ਉਸ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ, ਫਿਰ ਭਾਵੇਂ ਉਹ ਇਸ ਦੇ ਲਈ ਕਿੰਨੀ ਵੀ ਇਮਾਨਦਾਰੀ ਨਾਲ ਕੋਸ਼ਿਸ਼ ਜਾਂ ਸਖ਼ਤ ਮਿਹਨਤ ਹੀ ਕਿਉਂ ਨਾ ਕਰੇ। ਪਰਮੇਸ਼ੁਰ ਵੱਲੋਂ ਜੀਵਨ ਦੀ ਪੂਰਤੀ ਤੋਂ ਬਿਨਾ ਮਨੁੱਖ ਜੀਵਨ ਜੀਉਣ ਦੇ ਮੁੱਲ ਦੇ ਅਹਿਸਾਸ ਨੂੰ ਅਤੇ ਜੀਵਨ ਦੇ ਅਰਥ ਦੇ ਅਹਿਸਾਸ ਨੂੰ ਗੁਆ ਦਿੰਦਾ ਹੈ। ਪਰਮੇਸ਼ੁਰ ਮਨੁੱਖ ਨੂੰ, ਜੋ ਉਸ ਦੇ ਜੀਵਨ ਦੇ ਮੁੱਲ ਨੂੰ ਬਿਨਾਂ ਵਜ੍ਹਾ ਵਿਅਰਥ ਕਰ ਦਿੰਦਾ ਹੈ, ਐਨਾ ਬੇਫਿਕਰਾ ਕਿਵੇਂ ਹੋਣ ਦੇ ਸਕਦਾ ਹੈ? ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ: ਇਹ ਨਾ ਭੁੱਲਿਓ ਕਿ ਤੁਹਾਡੇ ਜੀਵਨ ਦਾ ਸ੍ਰੋਤ ਪਰਮੇਸ਼ੁਰ ਹੈ। ਜੇਕਰ ਮਨੁੱਖ ਉਸ ਸਭ ਕੁਝ ਨੂੰ ਸੰਭਾਲਣ ਵਿੱਚ ਅਸਫਲ ਹੋ ਜਾਂਦਾ ਹੈ, ਜੋ ਪਰਮੇਸ਼ੁਰ ਨੇ ਬਖ਼ਸ਼ਿਆ ਹੈ, ਤਾਂ ਨਾ ਸਿਰਫ਼ ਪਰਮੇਸ਼ੁਰ ਉਹ ਸਭ ਵਾਪਸ ਲੈ ਲਵੇਗਾ ਜੋ ਉਸ ਨੇ ਅਰੰਭ ਤੋਂ ਦਿੱਤਾ ਹੈ, ਸਗੋਂ ਉਹ ਮਨੁੱਖ ਤੋਂ ਮੁਆਵਜ਼ੇ ਵਜੋਂ ਉਸ ਸਭ ਦਾ ਜੋ ਉਸ ਨੇ ਮਨੁੱਖ ਨੂੰ ਦਿੱਤਾ ਹੈ, ਦੁਗਣਾ ਮੁੱਲ ਵੀ ਵਸੂਲ ਕਰੇਗਾ।

26 ਮਈ, 2003

ਪਿਛਲਾ: ਤੁਹਾਨੂੰ ਆਪਣੇ ਕੰਮਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ

ਅਗਲਾ: ਸਰਬਸ਼ਕਤੀਮਾਨ ਦਾ ਵਿਰਲਾਪ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ