ਪਰਮੇਸ਼ੁਰ ਦੇ ਕੰਮ ਦਾ ਦਰਸ਼ਣ (1)

ਯੂਹੰਨਾ ਨੇ ਯਿਸੂ ਲਈ ਸੱਤ ਸਾਲ ਤਕ ਕੰਮ ਕੀਤਾ, ਅਤੇ ਉਸ ਨੇ ਯਿਸੂ ਦੇ ਆਉਣ ਤੋਂ ਪਹਿਲਾਂ ਹੀ ਰਾਹ ਪੱਧਰਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ, ਯੂਹੰਨਾ ਦੁਆਰਾ ਪਰਚਾਰ ਕੀਤੀ ਗਈ ਸਵਰਗ ਦੇ ਰਾਜ ਦੀ ਇੰਜੀਲ ਨੂੰ ਪੂਰੀ ਧਰਤੀ ’ਤੇ ਸੁਣਿਆ ਗਿਆ, ਇਸ ਤਰ੍ਹਾਂ ਇਹ ਪੂਰੇ ਯਹੂਦਿਯਾ ਵਿੱਚ ਫੈਲ ਗਿਆ, ਅਤੇ ਸਭ ਨੇ ਉਸ ਨੂੰ ਨਬੀ ਕਹਿ ਕੇ ਸੱਦਿਆ। ਉਸ ਸਮੇਂ, ਰਾਜਾ ਹੇਰੋਦੇਸ ਯੂਹੰਨਾ ਨੂੰ ਮਾਰ ਦੇਣਾ ਚਾਹੁੰਦਾ ਸੀ, ਪਰ ਉਸ ਨੇ ਹਿੰਮਤ ਨਹੀਂ ਕੀਤੀ, ਕਿਉਂਕਿ ਲੋਕ ਯੂਹੰਨਾ ਦਾ ਬਹੁਤ ਸਨਮਾਨ ਕਰਦੇ ਸਨ, ਅਤੇ ਹੇਰੋਦੇਸ ਨੂੰ ਡਰ ਸੀ ਕਿ ਜੇ ਉਸ ਨੇ ਯੂਹੰਨਾ ਨੂੰ ਮਾਰ ਦਿੱਤਾ ਤਾਂ ਉਹ ਉਸ ਵਿਰੁੱਧ ਬਗਾਵਤ ਕਰ ਦੇਣਗੇ। ਯੂਹੰਨਾ ਦੁਆਰਾ ਕੀਤਾ ਗਿਆ ਕੰਮ ਆਮ ਲੋਕਾਂ ਦਰਮਿਆਨ ਜੜ੍ਹਾਂ ਫੜ ਚੁੱਕਿਆ ਸੀ, ਅਤੇ ਉਸ ਨੇ ਯਹੂਦੀਆਂ ਨੂੰ ਵਿਸ਼ਵਾਸੀ ਬਣਾ ਦਿੱਤਾ ਸੀ। ਸੱਤ ਸਾਲ ਲਈ ਉਸ ਨੇ ਯਿਸੂ ਲਈ ਰਾਹ ਪੱਧਰਾ ਕੀਤਾ, ਠੀਕ ਉਸ ਸਮੇਂ ਤਕ ਜਦੋਂ ਯਿਸੂ ਨੇ ਆਪਣੀ ਸੇਵਕਾਈ ਕਰਨੀ ਸ਼ੁਰੂ ਕੀਤੀ। ਇਸ ਵਜ੍ਹਾ ਕਰਕੇ, ਯੂਹੰਨਾ ਨਬੀਆਂ ਵਿੱਚ ਸਭ ਤੋਂ ਮਹਾਨ ਸੀ। ਯੂਹੰਨਾ ਨੂੰ ਕੈਦ ਵਿੱਚ ਪਾਏ ਜਾਣ ਤੋਂ ਬਾਅਦ ਹੀ ਯਿਸੂ ਨੇ ਆਪਣਾ ਅਧਿਕਾਰਿਤ ਕੰਮ ਸ਼ੁਰੂ ਕੀਤਾ। ਯੂਹੰਨਾ ਤੋਂ ਪਹਿਲਾਂ, ਕਦੇ ਕੋਈ ਅਜਿਹਾ ਨਬੀ ਨਹੀਂ ਹੋਇਆ ਜਿਸ ਨੇ ਪਰਮੇਸ਼ੁਰ ਲਈ ਰਾਹ ਪੱਧਰਾ ਕੀਤਾ ਹੋਏ, ਕਿਉਂਕਿ ਯਿਸੂ ਤੋਂ ਪਹਿਲਾਂ, ਪਰਮੇਸ਼ੁਰ ਨੇ ਕਦੇ ਦੇਹਧਾਰਣ ਨਹੀਂ ਕੀਤਾ ਸੀ। ਇਸ ਲਈ, ਯੂਹੰਨਾ ਤਕ ਹੋਏ ਸਾਰੇ ਨਬੀਆਂ ਵਿੱਚੋਂ, ਸਿਰਫ਼ ਉਸ ਨੇ ਹੀ ਪਰਮੇਸ਼ੁਰ ਦੇ ਦੇਹਧਾਰਣ ਲਈ ਰਾਹ ਪੱਧਰਾ ਕੀਤਾ, ਅਤੇ ਇਸ ਤਰ੍ਹਾਂ, ਯੂਹੰਨਾ ਪੁਰਾਣੇ ਅਤੇ ਨਵੇਂ ਨੇਮ ਦਾ ਸਭ ਤੋਂ ਮਹਾਨ ਨਬੀ ਬਣ ਗਿਆ। ਯੂਹੰਨਾ ਨੇ ਯਿਸੂ ਦੇ ਬਪਤਿਸਮਾ ਦੇ ਸੱਤ ਸਾਲ ਪਹਿਲਾਂ ਹੀ ਸਵਰਗ ਦੇ ਰਾਜ ਦੀ ਖੁਸ਼ਖ਼ਬਰੀ ਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ ਸੀ। ਲੋਕਾਂ ਨੂੰ ਉਸ ਦਾ ਕੀਤਾ ਗਿਆ ਕੰਮ, ਯਿਸੂ ਦੁਆਰਾ ਬਾਅਦ ਵਿੱਚ ਕੀਤੇ ਗਏ ਕੰਮ ਤੋਂ ਵੱਧ ਕੇ ਜਾਪਦਾ ਸੀ, ਪਰ ਫਿਰ ਵੀ, ਉਹ ਸੀ ਤਾਂ ਇੱਕ ਨਬੀ ਹੀ। ਉਸ ਨੇ ਹੈਕਲ ਵਿੱਚ ਨਹੀਂ, ਸਗੋਂ ਇਸ ਦੇ ਬਾਹਰ ਕਸਬਿਆਂ ਅਤੇ ਪਿੰਡਾਂ ਵਿੱਚ ਕੰਮ ਕੀਤਾ ਅਤੇ ਮੁਨਾਦੀ ਕੀਤੀ। ਉਸ ਨੇ ਇਹ, ਨਿਸ਼ਚਿਤ ਤੌਰ ਤੇ ਯਹੂਦੀ ਕੌਮ ਦੇ ਲੋਕਾਂ ਦਰਮਿਆਨ ਕੀਤਾ, ਵਿਸ਼ੇਸ਼ ਤੌਰ ਤੇ ਉਨ੍ਹਾਂ ਦਰਮਿਆਨ ਜੋ ਕੰਗਾਲ ਸਨ। ਸ਼ਾਇਦ ਹੀ ਕਦੇ ਯੂਹੰਨਾ, ਸਮਾਜ ਦੇ ਉੱਚੇ ਤਬਕਿਆਂ ਦੇ ਸੰਪਰਕ ਵਿੱਚ ਆਇਆ ਹੋਏ, ਉਹ ਸਿਰਫ਼ ਯਹੂਦਿਯਾ ਦੇ ਆਮ ਲੋਕਾਂ ਦਰਮਿਆਨ ਖੁਸ਼ਖ਼ਬਰੀ ਫੈਲਾਉਂਦਾ ਰਿਹਾ। ਉਸ ਨੇ ਅਜਿਹਾ ਪ੍ਰਭੂ ਯਿਸੂ ਲਈ ਸਹੀ ਲੋਕਾਂ ਨੂੰ ਤਿਆਰ ਕਰਨ, ਅਤੇ ਉਸ ਦੇ ਲਈ ਢੁਕਵੇਂ ਸਥਾਨ ਤਿਆਰ ਕਰਨ ਵਾਸਤੇ ਕੀਤਾ ਜਿੱਥੇ ਉਹ ਕੰਮ ਕਰ ਸਕੇ। ਰਾਹ ਪੱਧਰਾ ਕਰਨ ਲਈ ਯੂਹੰਨਾ ਵਰਗੇ ਨਬੀ ਦੇ ਹੋਣ ਕਰਕੇ, ਪ੍ਰਭੂ ਯਿਸੂ ਆਉਂਦਿਆਂ ਹੀ ਸਿੱਧਾ ਆਪਣੇ ਸਲੀਬ ਦੇ ਰਾਹ ’ਤੇ ਚੱਲਣ ਦੇ ਯੋਗ ਹੋਇਆ। ਜਦੋਂ ਪਰਮੇਸ਼ੁਰ ਨੇ ਆਪਣਾ ਕੰਮ ਕਰਨ ਲਈ ਦੇਹਧਾਰਣ ਕੀਤਾ, ਤਾਂ ਉਸ ਨੂੰ ਲੋਕਾਂ ਨੂੰ ਚੁਣਨ ਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ, ਅਤੇ ਨਾ ਹੀ ਵਿਅਕਤੀਗਤ ਰੂਪ ਵਿੱਚ ਲੋਕਾਂ ਦੀ, ਜਾਂ ਕੰਮ ਕਰਨ ਦੇ ਸਥਾਨ ਦੀ ਤਲਾਸ਼ ਕਰਨ ਦੀ ਜ਼ਰੂਰਤ ਸੀ। ਜਦੋਂ ਉਹ ਆਇਆ ਤਾਂ ਉਸ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ; ਉਸ ਦੇ ਆਉਣ ਤੋਂ ਪਹਿਲਾਂ ਹੀ ਇੱਕ ਸਹੀ ਵਿਅਕਤੀ ਨੇ ਉਸ ਦੇ ਲਈ ਅਜਿਹੀਆਂ ਚੀਜ਼ਾਂ ਤਿਆਰ ਕਰ ਦਿੱਤੀਆਂ ਸਨ। ਯੂਹੰਨਾ ਨੇ ਯਿਸੂ ਦੁਆਰਾ ਉਸ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣਾ ਕੰਮ ਪੂਰਾ ਕਰ ਲਿਆ ਸੀ, ਇਸ ਲਈ ਜਦੋਂ ਦੇਹਧਾਰੀ ਪਰਮੇਸ਼ੁਰ ਆਪਣਾ ਕੰਮ ਕਰਨ ਲਈ ਪਹੁੰਚਿਆ, ਤਾਂ ਉਸ ਨੇ ਸਿੱਧਿਆਂ ਉਨ੍ਹਾਂ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਲੰਮੇ ਸਮੇਂ ਤੋਂ ਉਸ ਦੀ ਉਡੀਕ ਕਰ ਰਹੇ ਸਨ। ਯਿਸੂ ਮਨੁੱਖ ਨੂੰ ਸੁਧਾਰਣ ਦਾ ਕੰਮ ਕਰਨ ਨਹੀਂ ਆਇਆ ਸੀ। ਉਹ ਸਿਰਫ਼ ਸੇਵਕਾਈ ਕਰਨ ਆਇਆ ਸੀ ਜਿਸ ਨੂੰ ਕਰਨਾ ਉਸ ਦਾ ਕੰਮ ਸੀ; ਬਾਕੀ ਸਭ ਨਾਲ ਉਸ ਦਾ ਕੋਈ ਸੰਬੰਧ ਨਹੀਂ ਸੀ। ਜਦੋਂ ਯੂਹੰਨਾ ਆਇਆ, ਤਾਂ ਉਸ ਨੇ ਹੈਕਲ ਵਿੱਚੋਂ ਅਤੇ ਯਹੂਦੀਆਂ ਵਿੱਚੋਂ ਸਵਰਗ ਦੇ ਰਾਜ ਦੀ ਖੁਸ਼ਖ਼ਬਰੀ ਸਵੀਕਾਰ ਕਰਨ ਵਾਲੇ ਲੋਕਾਂ ਦੇ ਇੱਕ ਸਮੂਹ ਨੂੰ ਬਾਹਰ ਲਿਆਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ, ਤਾਂ ਕਿ ਉਹ ਪ੍ਰਭੂ ਯਿਸੂ ਦੇ ਕੰਮ ਦੇ ਟੀਚੇ ਬਣ ਸਕਣ। ਯੂਹੰਨਾ ਨੇ ਸੱਤ ਸਾਲ ਤਕ ਕੰਮ ਕੀਤਾ, ਅਰਥਾਤ ਉਸ ਨੇ ਸੱਤ ਸਾਲ ਤਕ ਖੁਸ਼ਖ਼ਬਰੀ ਫੈਲਾਈ। ਆਪਣੇ ਕੰਮ ਦੌਰਾਨ, ਯੂਹੰਨਾ ਨੇ ਬਹੁਤੇ ਚਮਤਕਾਰ ਨਹੀਂ ਕੀਤੇ, ਕਿਉਂਕਿ ਉਸ ਦਾ ਕੰਮ ਰਾਹ ਪੱਧਰਾ ਕਰਨਾ ਸੀ; ਉਸ ਦਾ ਕੰਮ ਤਿਆਰੀ ਕਰਨ ਦਾ ਕੰਮ ਸੀ। ਹੋਰ ਸਾਰੇ ਕੰਮ, ਉਹ ਕੰਮ ਜੋ ਯਿਸੂ ਕਰਨ ਵਾਲਾ ਸੀ, ਉਨ੍ਹਾਂ ਨਾਲ ਉਸ ਦਾ ਕੋਈ ਵਾਸਤਾ ਨਹੀਂ ਸੀ; ਉਸ ਨੇ ਸਿਰਫ਼ ਮਨੁੱਖ ਨੂੰ ਆਪਣੇ ਪਾਪ ਸਵੀਕਾਰ ਕਰਨ ਅਤੇ ਪ੍ਰਾਸਚਿਤ ਕਰਨ ਲਈ ਕਿਹਾ, ਲੋਕਾਂ ਨੂੰ ਬਪਤਿਸਮਾ ਦਿੱਤਾ, ਤਾਂ ਕਿ ਉਹ ਬਚਾਏ ਜਾ ਸਕਣ। ਹਾਲਾਂਕਿ ਉਸ ਨੇ ਨਵਾਂ ਕੰਮ ਕੀਤਾ, ਅਤੇ ਇੱਕ ਅਜਿਹਾ ਮਾਰਗ ਖੋਲ੍ਹਿਆ ਜਿਸ ਉੱਪਰ ਮਨੁੱਖ ਪਹਿਲਾਂ ਕਦੇ ਨਹੀਂ ਚੱਲਿਆ ਸੀ, ਫਿਰ ਵੀ ਉਸ ਨੇ ਯਿਸੂ ਲਈ ਕੇਵਲ ਰਾਹ ਪੱਧਰਾ ਕੀਤਾ। ਉਹ ਸਿਰਫ਼ ਇੱਕ ਨਬੀ ਹੀ ਸੀ ਜਿਸ ਨੇ ਤਿਆਰੀ ਦਾ ਕੰਮ ਕੀਤਾ, ਅਤੇ ਉਹ ਯਿਸੂ ਦਾ ਕੰਮ ਕਰਨ ਵਿੱਚ ਅਸਮਰਥ ਸੀ। ਹਾਲਾਂਕਿ ਯਿਸੂ ਸਵਰਗ ਦੇ ਰਾਜ ਦੀ ਖੁਸ਼ਖ਼ਬਰੀ ਦਾ ਪਰਚਾਰ ਕਰਨ ਵਾਲਾ ਪਹਿਲਾ ਵਿਅਕਤੀ ਨਹੀਂ ਸੀ, ਅਤੇ ਭਾਵੇਂ ਉਹ ਉਸ ਰਾਹ ’ਤੇ ਚੱਲਦਾ ਰਿਹਾ ਜਿਸ ਉੱਪਰ ਯੂਹੰਨਾ ਚੱਲਿਆ ਸੀ, ਫਿਰ ਵੀ ਅਜਿਹਾ ਕੋਈ ਨਹੀਂ ਸੀ ਜੋ ਉਸ ਦਾ ਕੰਮ ਕਰ ਸਕੇ, ਅਤੇ ਇਹ ਯੂਹੰਨਾ ਦੇ ਕੰਮ ਤੋਂ ਵੱਧ ਕੇ ਸੀ। ਯਿਸੂ ਆਪਣਾ ਖੁਦ ਦਾ ਰਾਹ ਤਿਆਰ ਨਹੀਂ ਕਰ ਸਕਦਾ ਸੀ; ਉਸ ਦਾ ਕੰਮ ਸਿੱਧਿਆਂ ਪਰਮੇਸ਼ੁਰ ਦੀ ਤਰਫ਼ੋਂ ਕੀਤਾ ਗਿਆ ਸੀ। ਅਤੇ ਇਸ ਲਈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਯੂਹੰਨਾ ਨੇ ਕਿੰਨੇ ਸਾਲ ਕੰਮ ਕੀਤਾ, ਉਹ ਫਿਰ ਵੀ ਇੱਕ ਨਬੀ ਸੀ, ਅਤੇ ਫਿਰ ਵੀ ਉਹ ਵਿਅਕਤੀ ਸੀ ਜਿਸ ਨੇ ਰਾਹ ਪੱਧਰਾ ਕੀਤਾ। ਯਿਸੂ ਦੁਆਰਾ ਕੀਤਾ ਗਿਆ ਤਿੰਨ ਸਾਲ ਦਾ ਕੰਮ ਯੂਹੰਨਾ ਦੇ ਸੱਤ ਸਾਲ ਦੇ ਕੰਮ ਤੋਂ ਵੱਧ ਕੇ ਸੀ, ਕਿਉਂਕਿ ਯਿਸੂ ਦੇ ਕੰਮ ਦਾ ਸਾਰ ਸਮਾਨ ਨਹੀਂ ਸੀ। ਜਦੋਂ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਜੋ ਕਿ ਯੂਹੰਨਾ ਦਾ ਕੰਮ ਖਤਮ ਹੋਣ ਦਾ ਵੀ ਸਮਾਂ ਸੀ, ਯੂਹੰਨਾ ਨੇ ਪ੍ਰਭੂ ਯਿਸੂ ਦੁਆਰਾ ਇਸਤੇਮਾਲ ਕੀਤੇ ਜਾਣ ਲਈ ਕਾਫ਼ੀ ਲੋਕਾਂ ਅਤੇ ਥਾਂਵਾਂ ਨੂੰ ਤਿਆਰ ਕਰ ਦਿੱਤਾ ਸੀ, ਅਤੇ ਉਹ ਪ੍ਰਭੂ ਯਿਸੂ ਲਈ ਤਿੰਨ ਸਾਲ ਦੇ ਕੰਮ ਨੂੰ ਸ਼ੁਰੂ ਕਰਨ ਲਈ ਕਾਫ਼ੀ ਸਨ। ਅਤੇ ਇਸ ਲਈ, ਜਿਵੇਂ ਹੀ ਯੂਹੰਨਾ ਦਾ ਕੰਮ ਖਤਮ ਹੋਇਆ, ਪ੍ਰਭੂ ਯਿਸੂ ਨੇ ਅਧਿਕਾਰਿਤ ਰੂਪ ਵਿੱਚ ਆਪਣਾ ਖੁਦ ਦਾ ਕੰਮ ਸ਼ੁਰੂ ਕਰ ਦਿੱਤਾ, ਅਤੇ ਯੂਹੰਨਾ ਦੁਆਰਾ ਕਹੇ ਗਏ ਸ਼ਬਦਾਂ ਨੂੰ ਤਜ ਦਿੱਤਾ ਗਿਆ। ਕਿਉਂਕਿ ਯੂਹੰਨਾ ਦੁਆਰਾ ਕੀਤਾ ਗਿਆ ਕੰਮ ਸਿਰਫ਼ ਤਬਦੀਲੀ ਖਾਤਰ ਸੀ, ਅਤੇ ਉਸ ਦੇ ਸ਼ਬਦ ਜੀਵਨ ਦੇ ਵਚਨ ਨਹੀਂ ਸਨ ਜੋ ਮਨੁੱਖ ਨੂੰ ਨਵੇਂ ਵਾਧੇ ਵੱਲ ਲੈ ਜਾਂਦੇ; ਆਖਰਕਾਰ, ਉਸ ਦੇ ਸ਼ਬਦ ਸਿਰਫ਼ ਆਰਜੀ ਵਰਤੋਂ ਲਈ ਸਨ।

ਜੋ ਕੰਮ ਯਿਸੂ ਨੇ ਕੀਤਾ ਉਹ ਅਲੌਕਿਕ ਨਹੀਂ ਸੀ; ਉਸ ਵਿੱਚ ਇੱਕ ਪ੍ਰਕਿਰਿਆ ਸੀ, ਅਤੇ ਇਹ ਸਭ ਕੁਝ ਚੀਜ਼ਾਂ ਦੇ ਸਧਾਰਣ ਨਿਯਮਾਂ ਅਨੁਸਾਰ ਵਧਿਆ। ਆਪਣੇ ਜੀਵਨ ਦੇ ਅੰਤਮ ਛੇ ਮਹੀਨੇ ਤਕ, ਯਿਸੂ ਪੱਕੇ ਤੌਰ ਤੇ ਜਾਣਦਾ ਸੀ ਕਿ ਉਹ ਸਲੀਬ ’ਤੇ ਚੜ੍ਹਾਏ ਜਾਣ ਲਈ ਆਇਆ ਸੀ। ਸਲੀਬ ’ਤੇ ਚੜ੍ਹਾਏ ਜਾਣ ਤੋਂ ਪਹਿਲਾਂ, ਯਿਸੂ ਨੇ ਲਗਾਤਾਰ ਪਿਤਾ ਪਰਮੇਸ਼ੁਰ ਕੋਲ ਪ੍ਰਾਰਥਨਾ ਕੀਤੀ, ਉਂਝ ਹੀ ਜਿਵੇਂ ਉਸ ਨੇ ਗਥਸਮਨੀ ਦੇ ਬਾਗ਼ ਵਿੱਚ ਤਿੰਨ ਵਾਰ ਪ੍ਰਾਰਥਨਾ ਕੀਤੀ ਸੀ। ਬਪਤਿਸਮਾ ਲੈਣ ਤੋਂ ਬਾਅਦ, ਯਿਸੂ ਨੇ ਸਾਢੇ ਤਿੰਨ ਸਾਲ ਤਕ ਆਪਣਾ ਸੇਵਕਾਈ ਦਾ ਕੰਮ ਕੀਤਾ, ਅਤੇ ਉਸ ਦਾ ਅਧਿਕਾਰਿਤ ਕੰਮ ਢਾਈ ਸਾਲ ਤਕ ਚੱਲਿਆ। ਪਹਿਲੇ ਸਾਲ ਦੌਰਾਨ, ਸ਼ਤਾਨ ਵੱਲੋਂ ਉਸ ਉੱਪਰ ਦੋਸ਼ ਲਾਇਆ ਗਿਆ, ਮਨੁੱਖ ਦੁਆਰਾ ਪਰੇਸ਼ਾਨ ਕੀਤਾ ਗਿਆ, ਅਤੇ ਉਸ ਨੂੰ ਇਨਸਾਨੀ ਪ੍ਰਲੋਭਨ ਦਿੱਤੇ ਗਏ। ਉਸ ਨੇ ਆਪਣੇ ਕੰਮ ਨੂੰ ਕਰਨ ਦੌਰਾਨ ਕਈ ਪ੍ਰਲੋਭਨਾਂ ’ਤੇ ਜਿੱਤ ਪਾਈ। ਅੰਤਮ ਛੇ ਮਹੀਨਿਆਂ ਵਿੱਚ, ਜਦੋਂ ਯਿਸੂ ਨੂੰ ਛੇਤੀ ਹੀ ਸਲੀਬ ’ਤੇ ਚੜ੍ਹਾਇਆ ਜਾਣਾ ਸੀ, ਤਾਂ ਪਤਰਸ ਦੇ ਮੂੰਹ ਤੋਂ ਇਹ ਸ਼ਬਦ ਨਿਕਲੇ ਕਿ ਯਿਸੂ ਜੀਉਂਦੇ ਪਰਮੇਸ਼ੁਰ ਦਾ ਪੁੱਤਰ ਹੈ, ਕਿ ਉਹ ਮਸੀਹ ਹੈ। ਉਸ ਤੋਂ ਬਾਅਦ ਹੀ ਉਸ ਦੇ ਕੰਮ ਬਾਰੇ ਸਾਰਿਆਂ ਨੇ ਜਾਣਿਆ, ਸਿਰਫ਼ ਤਾਂ ਹੀ ਉਸ ਦੀ ਪਛਾਣ ਜਨਤਕ ਰੂਪ ਵਿੱਚ ਪਰਗਟ ਹੋਈ। ਉਸ ਤੋਂ ਬਾਅਦ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਸ ਨੂੰ ਮਨੁੱਖ ਖਾਤਰ ਸਲੀਬ ’ਤੇ ਚੜ੍ਹਾਇਆ ਜਾਣਾ ਸੀ, ਅਤੇ ਉਹ ਤਿੰਨ ਦਿਨ ਬਾਅਦ ਫਿਰ ਤੋਂ ਜੀ ਉੱਠੇਗਾ; ਕਿ ਉਹ ਛੁਟਕਾਰੇ ਦਾ ਕੰਮ ਕਰਨ ਲਈ ਆਇਆ ਸੀ, ਅਤੇ ਮੁਕਤੀਦਾਤਾ ਸੀ। ਸਿਰਫ਼ ਆਖਰੀ ਛੇ ਮਹੀਨਿਆਂ ਵਿੱਚ ਹੀ ਉਸ ਨੇ ਆਪਣੀ ਪਛਾਣ ਅਤੇ ਆਪਣੇ ਉਸ ਕੰਮ ਨੂੰ ਪਰਗਟ ਕੀਤਾ, ਜਿਸ ਨੂੰ ਕਰਨ ਦਾ ਉਸ ਦਾ ਇਰਾਦਾ ਸੀ। ਇਹ ਪਰਮੇਸ਼ੁਰ ਦਾ ਸਮਾਂ ਵੀ ਸੀ, ਅਤੇ ਕੰਮ ਨੂੰ ਇਸੇ ਤਰ੍ਹਾਂ ਹੀ ਕੀਤਾ ਜਾਣਾ ਸੀ। ਉਸ ਸਮੇਂ, ਯਿਸੂ ਦੇ ਕੰਮ ਦਾ ਕੁਝ ਹਿੱਸਾ ਪੁਰਾਣੇ ਨੇਮ ਦੇ ਅਨੁਸਾਰ ਸੀ, ਅਤੇ ਨਾਲ ਹੀ ਮੂਸਾ ਦੇ ਕਨੂੰਨਾਂ ਅਤੇ ਸ਼ਰਾ ਦੇ ਯੁਗ ਵਿੱਚ ਯਹੋਵਾਹ ਦੇ ਵਚਨਾਂ ਦੇ ਅਨੁਸਾਰ ਵੀ ਸੀ। ਇਨ੍ਹਾਂ ਸਭ ਚੀਜ਼ਾਂ ਦਾ ਯਿਸੂ ਨੇ ਆਪਣੇ ਕੰਮ ਦੇ ਹਿੱਸੇ ਵਜੋਂ ਇਸਤੇਮਾਲ ਕੀਤਾ। ਉਸ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਅਤੇ ਉਨ੍ਹਾਂ ਨੂੰ ਸਮਾਜਾਂ ਵਿੱਚ ਸਿੱਖਿਆ ਦਿੱਤੀ, ਅਤੇ ਉਸ ਨੇ ਨਬੀਆਂ ਦੁਆਰਾ ਪੁਰਾਣੇ ਨੇਮ ਵਿੱਚ ਕੀਤੀਆਂ ਗਈਆਂ ਭਵਿੱਖਬਾਣੀਆਂ ਦਾ ਇਸਤੇਮਾਲ ਕਰਕੇ ਉਨ੍ਹਾਂ ਫ਼ਰੀਸੀਆਂ ਨੂੰ ਫਿਟਕਾਰਿਆ ਜੋ ਉਸ ਦੇ ਨਾਲ ਦੁਸ਼ਮਣੀ ਰੱਖਦੇ ਸਨ, ਅਤੇ ਉਨ੍ਹਾਂ ਦੀ ਅਣਆਗਿਆਕਾਰਤਾ ਨੂੰ ਪਰਗਟ ਕਰਨ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਨਿੰਦਾ ਕਰਨ ਲਈ ਪਵਿੱਤਰ ਲਿਖਤਾਂ ਵਿੱਚੋਂ ਵਚਨਾਂ ਦਾ ਇਸਤੇਮਾਲ ਕੀਤਾ। ਕਿਉਂਕਿ ਯਿਸੂ ਨੇ ਜੋ ਕੀਤਾ ਉਸ ਨੂੰ ਉਹ ਤੁੱਛ ਮੰਨਦੇ ਸੀ; ਖਾਸ ਤੌਰ ਤੇ, ਯਿਸੂ ਦੇ ਬਹੁਤੇ ਕੰਮ ਪਵਿੱਤਰ ਲਿਖਤਾਂ ਦੇ ਨਿਯਮਾਂ ਅਨੁਸਾਰ ਨਹੀਂ ਕੀਤੇ ਗਏ ਸਨ, ਅਤੇ, ਇਸ ਤੋਂ ਇਲਾਵਾ, ਜੋ ਉਸ ਨੇ ਸਿਖਾਇਆ ਉਹ ਉਨ੍ਹਾਂ ਦੇ ਸ਼ਬਦਾਂ ਤੋਂ ਵੱਧ ਕੇ ਸੀ, ਅਤੇ ਪਵਿੱਤਰ ਲਿਖਤਾਂ ਵਿੱਚ ਨਬੀਆਂ ਦੀਆਂ ਭਵਿੱਖਬਾਣੀਆਂ ਤੋਂ ਵੀ ਕਿਤੇ ਵੱਧ ਕੇ ਸੀ। ਯਿਸੂ ਦਾ ਕੰਮ ਸਿਰਫ਼ ਮਨੁੱਖ ਦੇ ਛੁਟਕਾਰੇ ਅਤੇ ਸਲੀਬ ’ਤੇ ਚੜ੍ਹਾਏ ਜਾਣ ਲਈ ਸੀ, ਅਤੇ ਇਸ ਤਰ੍ਹਾਂ, ਕਿਸੇ ਵੀ ਵਿਅਕਤੀ ਨੂੰ ਜਿੱਤਣ ਲਈ ਉਸ ਨੂੰ ਜ਼ਿਆਦਾ ਵਚਨ ਕਹਿਣ ਦੀ ਲੋੜ ਨਹੀਂ ਸੀ। ਉਸ ਨੇ ਮਨੁੱਖ ਨੂੰ ਜੋ ਕੁਝ ਵੀ ਸਿਖਾਇਆ, ਉਸ ਵਿੱਚੋਂ ਕਾਫ਼ੀ ਕੁਝ ਪਵਿੱਤਰ ਲਿਖਤਾਂ ਦੇ ਵਚਨਾਂ ਤੋਂ ਲਿਆ ਗਿਆ ਸੀ, ਅਤੇ ਭਾਵੇਂ ਉਸ ਦਾ ਕੰਮ ਪਵਿੱਤਰ ਲਿਖਤਾਂ ਤੋਂ ਅੱਗੇ ਨਹੀਂ ਵਧਿਆ, ਫਿਰ ਵੀ ਉਹ ਸਲੀਬ ’ਤੇ ਚੜ੍ਹਾਏ ਜਾਣ ਦੇ ਕੰਮ ਨੂੰ ਪੂਰਾ ਕਰ ਸਕਿਆ। ਉਸ ਦਾ ਕੰਮ ਸਿਰਫ਼ ਵਚਨ ਦਾ ਕੰਮ ਨਹੀਂ ਸੀ, ਨਾ ਹੀ ਮਨੁੱਖਜਾਤੀ ’ਤੇ ਜਿੱਤ ਪ੍ਰਾਪਤ ਕਰਨ ਲਈ ਕੀਤਾ ਗਿਆ ਕੰਮ ਸੀ, ਸਗੋਂ ਮਨੁੱਖਜਾਤੀ ਦੇ ਛੁਟਕਾਰੇ ਲਈ ਕੀਤਾ ਗਿਆ ਕੰਮ ਸੀ। ਉਸ ਨੇ ਮਨੁੱਖਜਾਤੀ ਲਈ ਬਸ ਪਾਪਬਲੀ ਦਾ ਕੰਮ ਕੀਤਾ, ਅਤੇ ਮਨੁੱਖਜਾਤੀ ਲਈ ਵਚਨ ਦੇ ਸ੍ਰੋਤ ਦਾ ਕੰਮ ਨਹੀਂ ਕੀਤਾ। ਉਸ ਨੇ ਪਰਾਈਆਂ-ਕੌਮਾਂ ਦਾ ਕੰਮ ਨਹੀਂ ਕੀਤਾ, ਜੋ ਕਿ ਮਨੁੱਖ ਨੂੰ ਜਿੱਤਣ ਦਾ ਕੰਮ ਸੀ, ਸਗੋਂ ਸਲੀਬ ’ਤੇ ਚੜ੍ਹਨ ਦਾ ਕੰਮ ਕੀਤਾ, ਉਹ ਕੰਮ ਜੋ ਉਨ੍ਹਾਂ ਲੋਕਾਂ ਦਰਮਿਆਨ ਕੀਤਾ ਗਿਆ ਸੀ ਜੋ ਇੱਕ ਪਰਮੇਸ਼ੁਰ ਦੇ ਹੋਣ ਵਿੱਚ ਵਿਸ਼ਵਾਸ ਕਰਦੇ ਸਨ। ਹਾਲਾਂਕਿ ਉਸ ਦਾ ਕੰਮ ਪਵਿੱਤਰ ਲਿਖਤਾਂ ਦੀ ਬੁਨਿਆਦ ’ਤੇ ਕੀਤਾ ਗਿਆ ਸੀ, ਅਤੇ ਹਾਲਾਂਕਿ ਉਸ ਨੇ ਪੁਰਾਣੇ ਨਬੀਆਂ ਦੀਆਂ ਭਵਿੱਖਬਾਣੀਆਂ ਦਾ ਇਸਤੇਮਾਲ ਫ਼ਰੀਸੀਆਂ ਦੀ ਨਿੰਦਾ ਕਰਨ ਲਈ ਕੀਤਾ ਸੀ, ਪਰ ਇਹ ਸਲੀਬ ’ਤੇ ਚੜ੍ਹਾਏ ਜਾਣ ਦੇ ਕੰਮ ਨੂੰ ਪੂਰਾ ਕਰਨ ਲਈ ਕਾਫ਼ੀ ਸੀ। ਜੇ ਅੱਜ ਦਾ ਕੰਮ ਵੀ ਪਵਿੱਤਰ ਲਿਖਤਾਂ ਵਿੱਚ ਪੁਰਾਣੇ ਨਬੀਆਂ ਦੀਆਂ ਭਵਿੱਖਬਾਣੀਆਂ ਦੀ ਬੁਨਿਆਦ ’ਤੇ ਕੀਤਾ ਜਾਂਦਾ, ਤਾਂ ਤੁਹਾਨੂੰ ਜਿੱਤਣਾ ਅਸੰਭਵ ਹੁੰਦਾ, ਕਿਉਂਕਿ ਪੁਰਾਣੇ ਨੇਮ ਵਿੱਚ ਤੁਹਾਡੇ ਚੀਨੀ ਲੋਕਾਂ ਦੀ ਕੋਈ ਅਵੱਗਿਆ ਅਤੇ ਪਾਪ ਦਰਜ ਨਹੀਂ ਹਨ, ਅਤੇ ਤੁਹਾਡੇ ਪਾਪਾਂ ਦਾ ਕੋਈ ਇਤਿਹਾਸ ਨਹੀਂ ਹੈ। ਇਸ ਲਈ, ਜੇ ਇਹ ਕੰਮ ਬਾਈਬਲ ਵਿੱਚ ਅਜੇ ਵੀ ਹੁੰਦਾ, ਤਾਂ ਤੁਸੀਂ ਕਦੇ ਨਾ ਮੰਨਦੇ। ਬਾਈਬਲ ਵਿੱਚ ਇਸਰਾਏਲੀਆਂ ਦਾ ਸੀਮਿਤ ਇਤਿਹਾਸ ਦਰਜ ਹੈ, ਜੋ ਕਿ ਇਹ ਪੱਕਾ ਕਰਨ ਵਿੱਚ ਅਸਮਰਥ ਹੈ ਕਿ ਤੁਸੀਂ ਲੋਕ ਬੁਰੇ ਹੋ ਜਾਂ ਚੰਗੇ, ਜਾਂ ਇਹ ਤੁਹਾਡਾ ਨਿਆਂ ਕਰਨ ਵਿੱਚ ਅਸਮਰਥ ਹੈ। ਕਲਪਨਾ ਕਰੋ ਕਿ ਜੇ ਮੈਂ ਤੁਹਾਡਾ ਨਿਆਂ ਇਸਰਾਏਲੀਆਂ ਦੇ ਇਤਿਹਾਸ ਦੇ ਅਨੁਸਾਰ ਕਰਨਾ ਹੁੰਦਾ—ਤਾਂ ਕੀ ਤੁਸੀਂ ਮੇਰੇ ਪਿੱਛੇ ਉਂਝ ਹੀ ਚੱਲਦੇ ਜਿਵੇਂ ਅੱਜ ਚੱਲਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੰਨੇ ਜ਼ਿੱਦੀ ਹੋ? ਜੇ ਇਸ ਪੜਾਅ ਦੌਰਾਨ ਕੋਈ ਵਚਨ ਨਾ ਬੋਲੇ ਜਾਂਦੇ, ਤਾਂ ਜਿੱਤ ਦਾ ਕੰਮ ਪੂਰਾ ਕਰਨਾ ਅਸੰਭਵ ਹੁੰਦਾ। ਕਿਉਂਕਿ ਮੈਂ ਸਲੀਬ ’ਤੇ ਚੜ੍ਹਾਏ ਜਾਣ ਲਈ ਨਹੀਂ ਆਇਆ ਹਾਂ, ਮੇਰੇ ਲਈ ਉਨ੍ਹਾਂ ਵਚਨਾਂ ਨੂੰ ਬੋਲਣਾ ਜ਼ਰੂਰੀ ਹੈ ਜੋ ਬਾਈਬਲ ਤੋਂ ਅਲੱਗ ਹਨ, ਤਾਂ ਕਿ ਤੁਹਾਨੂੰ ਜਿੱਤਿਆ ਜਾ ਸਕੇ। ਯਿਸੂ ਦੁਆਰਾ ਕੀਤਾ ਗਿਆ ਕੰਮ ਪੁਰਾਣੇ ਨੇਮ ਤੋਂ ਸਿਰਫ਼ ਇੱਕ ਪੜਾਅ ਅੱਗੇ ਸੀ; ਇਹ ਇੱਕ ਯੁੱਗ ਨੂੰ ਸ਼ੁਰੂ ਕਰਨ, ਅਤੇ ਉਸ ਯੁੱਗ ਦੀ ਅਗਵਾਈ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ। ਉਸ ਨੇ ਕਿਉਂ ਕਿਹਾ, “ਇਹ ਨਾ ਸਮਝੋ ਭਈ ਮੈਂ ਤੁਰੇਤ ਯਾ ਨਬੀਆਂ ਨੂੰ ਖੰਡਣ ਆਇਆ ਹਾਂ। ਮੈਂ ਖੰਡਣ ਨਹੀਂ ਸਗੋਂ ਪੂਰਿਆਂ ਕਰਨ ਨੂੰ ਆਇਆ ਹਾਂ”? ਫਿਰ ਵੀ ਉਸ ਦੇ ਕੰਮ ਵਿੱਚ ਬਹੁਤ ਕੁਝ ਅਜਿਹਾ ਸੀ ਜੋ ਪੁਰਾਣੇ ਨੇਮ ਦੇ ਇਸਰਾਏਲੀਆਂ ਦੁਆਰਾ ਪਾਲਣ ਕੀਤੇ ਜਾਂਦੇ ਕਨੂੰਨਾਂ ਅਤੇ ਹੁਕਮਾਂ ਤੋਂ ਅਲੱਗ ਸੀ। ਇਸ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਵਿੱਚ ਕਈ ਵਿਹਾਰਕ ਚੀਜ਼ਾਂ ਸ਼ਾਮਲ ਸਨ: ਉਸ ਦਾ ਕੰਮ ਜ਼ਿਆਦਾ ਵਿਹਾਰਕ ਅਤੇ ਅਸਲੀ ਸੀ, ਅਤੇ, ਇਸ ਤੋਂ ਇਲਾਵਾ, ਇਹ ਵਧੇਰੇ ਸਜੀਵ ਸੀ, ਅਤੇ ਇਹ ਨਿਯਮਾਂ ਦਾ ਅੰਨ੍ਹਾ ਪਾਲਣ ਨਹੀਂ ਸੀ। ਕੀ ਇਸਰਾਏਲੀ ਸਬਤ ਦਾ ਪਾਲਣ ਨਹੀਂ ਕਰਦੇ ਸਨ? ਜਦੋਂ ਯਿਸੂ ਆਇਆ, ਤਾਂ ਉਸ ਨੇ ਸਬਤ ਦਾ ਪਾਲਣ ਨਹੀਂ ਕੀਤਾ, ਕਿਉਂਕਿ ਉਸ ਨੇ ਕਿਹਾ ਸੀ ਕਿ ਮਨੁੱਖ ਦਾ ਪੁੱਤਰ ਸਬਤ ਦਾ ਪ੍ਰਭੂ ਹੈ, ਅਤੇ ਜਦੋਂ ਸਬਤ ਦਾ ਪ੍ਰਭੂ ਆਇਆ, ਤਾਂ ਉਹ ਜਿਵੇਂ ਚਾਹੁੰਦਾ, ਉਂਝ ਹੀ ਕਰਨਾ ਸੀ। ਉਹ ਪੁਰਾਣੇ ਨੇਮ ਦੇ ਕਨੂੰਨਾਂ ਨੂੰ ਪੂਰਾ ਕਰਨ ਅਤੇ ਕਨੂੰਨਾਂ ਨੂੰ ਬਦਲਣ ਲਈ ਆਇਆ ਸੀ। ਅੱਜ ਜੋ ਕੁਝ ਕੀਤਾ ਜਾਂਦਾ ਹੈ ਉਹ ਵਰਤਮਾਨ ’ਤੇ ਅਧਾਰਤ ਹੈ, ਫਿਰ ਵੀ ਇਹ ਹੁਣ ਵੀ ਸ਼ਰਾ ਦੇ ਯੁਗ ਵਿੱਚ ਕੀਤੇ ਗਏ ਯਹੋਵਾਹ ਦੇ ਕੰਮ ਦੇ ਆਧਾਰ ਤੇ ਟਿਕਿਆ ਹੋਇਆ ਹੈ, ਅਤੇ ਇਹ ਇਸ ਦਾਇਰੇ ਦਾ ਉਲੰਘਣ ਨਹੀਂ ਕਰਦਾ। ਉਦਾਹਰਣ ਵਜੋਂ—ਆਪਣੀ ਜ਼ਬਾਨ ਸੰਭਾਲਣਾ, ਵਿਭਚਾਰ ਨਾ ਕਰਨਾ, ਕੀ ਇਹ ਪੁਰਾਣੇ ਨੇਮ ਦੇ ਕਨੂੰਨ ਨਹੀਂ ਹਨ? ਅੱਜ, ਤੁਹਾਡੇ ਤੋਂ ਜਿਸ ਦੀ ਮੰਗ ਕੀਤੀ ਜਾਂਦੀ ਹੈ ਉਹ ਸਿਰਫ਼ ਇਨ੍ਹਾਂ ਦਸ ਹੁਕਮਾਂ ਤਕ ਸੀਮਿਤ ਨਹੀਂ ਹੈ, ਸਗੋਂ ਇਸ ਵਿੱਚ ਅਜਿਹੇ ਹੁਕਮ ਅਤੇ ਕਨੂੰਨ ਸ਼ਾਮਲ ਹਨ ਜੋ ਪਹਿਲਾਂ ਆਏ ਹੁਕਮਾਂ ਅਤੇ ਕਨੂੰਨਾਂ ਦੇ ਮੁਕਾਬਲੇ ਵਧੇਰੇ ਉੱਚੇ ਹਨ। ਫਿਰ ਵੀ ਇਸ ਦਾ ਇਹ ਮਤਲਬ ਨਹੀਂ ਹੈ ਕਿ ਜੋ ਕੁਝ ਪਹਿਲਾਂ ਆਇਆ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ, ਕਿਉਂਕਿ ਪਰਮੇਸ਼ੁਰ ਦੇ ਕੰਮ ਦਾ ਹਰੇਕ ਪੜਾਅ, ਪਿਛਲੇ ਪੜਾਅ ਦੀ ਨੀਂਹ ’ਤੇ ਰੱਖਿਆ ਜਾਂਦਾ ਹੈ। ਜਿੱਥੇ ਤਕ ਉਨ੍ਹਾਂ ਚੀਜ਼ਾਂ ਦਾ ਸੰਬੰਧ ਹੈ ਜਿਨ੍ਹਾਂ ਦੀ ਯਹੋਵਾਹ ਨੇ ਇਸਰਾਏਲ ਨਾਲ ਜਾਣ-ਪਛਾਣ ਕਰਾਈ, ਜਿਵੇਂ ਕਿ ਲੋਕਾਂ ਲਈ ਇਹ ਨਿਯਮ ਠਹਿਰਾਉਣਾ ਕਿ ਉਹ ਬਲੀਦਾਨ ਦੇਣ, ਆਪਣੇ ਮਾਪਿਆਂ ਦਾ ਆਦਰ ਕਰਨ, ਮੂਰਤੀਆਂ ਦੀ ਪੂਜਾ ਨਾ ਕਰਨ, ਦੂਜਿਆਂ ’ਤੇ ਵਾਰ ਨਾ ਕਰਨ ਜਾਂ ਸਰਾਪ ਨਾ ਦੇਣ, ਵਿਭਚਾਰ ਨਾ ਕਰਨ, ਤੰਬਾਕੂਨੋਸ਼ੀ ਨਾ ਕਰਨ ਜਾਂ ਸ਼ਰਾਬ ਨਾ ਪੀਣ, ਮਰੀਆਂ ਹੋਈਆਂ ਚੀਜ਼ਾਂ ਨਾ ਖਾਣ ਜਾਂ ਲਹੂ ਨਾ ਪੀਣ—ਕੀ ਅੱਜ ਵੀ ਤੁਹਾਡੇ ਵਿਹਾਰ ਦੀ ਬੁਨਿਆਦ ਇਸੇ ਤੋਂ ਨਹੀਂ ਬਣਦੀ? ਅਤੀਤ ਦੀ ਨੀਂਹ ’ਤੇ ਹੀ ਅੱਜ ਦੇ ਦਿਨ ਤਕ ਕੰਮ ਪੂਰਾ ਹੁੰਦਾ ਆਇਆ ਹੈ। ਹਾਲਾਂਕਿ, ਅਤੀਤ ਦੇ ਕਨੂੰਨਾਂ ਦਾ ਹੁਣ ਹੋਰ ਜ਼ਿਕਰ ਨਹੀਂ ਕੀਤਾ ਜਾਂਦਾ ਅਤੇ ਤੇਰੇ ਤੋਂ ਕਈ ਨਵੀਆਂ ਮੰਗਾਂ ਕੀਤੀਆਂ ਗਈਆਂ ਹਨ, ਫਿਰ ਵੀ ਇਨ੍ਹਾਂ ਕਨੂੰਨਾਂ ਦੇ ਖਤਮ ਹੋਣ ਦੀ ਤਾਂ ਗੱਲ ਦੂਰ ਹੈ, ਸਗੋਂ ਇਨ੍ਹਾਂ ਨੂੰ ਹੋਰ ਉੱਚਾ ਦਰਜਾ ਦਿੱਤਾ ਗਿਆ ਹੈ। ਇਹ ਕਹਿਣਾ ਕਿ ਉਨ੍ਹਾਂ ਨੂੰ ਖਤਮ ਕਰ ਦਿੱਤਾ ਗਿਆ ਹੈ, ਦਾ ਮਤਲਬ ਹੈ ਕਿ ਪਿਛਲਾ ਯੁਗ ਪੁਰਾਣਾ ਹੋ ਗਿਆ ਹੈ, ਜਦ ਕਿ ਕੁਝ ਅਜਿਹੇ ਹੁਕਮ ਹਨ ਜਿਨ੍ਹਾਂ ਦਾ ਤੈਨੂੰ ਅਨੰਤਕਾਲ ਤਕ ਆਦਰ ਕਰਨਾ ਚਾਹੀਦਾ ਹੈ। ਅਤੀਤ ਦੇ ਹੁਕਮਾਂ ਨੂੰ ਪਹਿਲਾਂ ਹੀ ਅਮਲ ਵਿੱਚ ਲਿਆਂਦਾ ਗਿਆ ਹੈ, ਉਹ ਪਹਿਲਾਂ ਹੀ ਮਨੁੱਖ ਦੀ ਹੋਂਦ ਬਣ ਚੁੱਕੇ ਹਨ, ਅਤੇ “ਤੰਬਾਕੂਨੋਸ਼ੀ ਨਾ ਕਰੋ,” ਅਤੇ “ਸ਼ਰਾਬ ਨਾ ਪੀਓ,” ਆਦਿ ’ਤੇ ਵਿਸ਼ੇਸ਼ ਜ਼ੋਰ ਦੇਣ ਦੀ ਲੋੜ ਨਹੀਂ ਹੈ। ਇਸ ਬੁਨਿਆਦ ’ਤੇ, ਤੁਹਾਡੀਆਂ ਅੱਜ ਦੀਆਂ ਜ਼ਰੂਰਤਾਂ ਅਨੁਸਾਰ, ਤੁਹਾਡੇ ਰੁਤਬੇ ਅਨੁਸਾਰ, ਅਤੇ ਤੁਹਾਡੇ ਅੱਜ ਦੇ ਕੰਮ ਅਨੁਸਾਰ, ਨਵੇਂ ਹੁਕਮ ਨਿਰਧਾਰਤ ਕੀਤੇ ਗਏ ਹਨ। ਨਵੇਂ ਯੁਗ ਲਈ ਹੁਕਮਾਂ ਦਾ ਨਿਰਧਾਰਣ ਕਰਨ ਦਾ ਮਤਲਬ ਪੁਰਾਣੇ ਯੁਗ ਦੀਆਂ ਧਾਰਣਾਵਾਂ ਨੂੰ ਖਤਮ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਇਸੇ ਆਧਾਰ ਤੇ ਹੋਰ ਉੱਚਾ ਚੁੱਕ ਕੇ, ਮਨੁੱਖ ਦੇ ਕੰਮਾਂ ਨੂੰ ਹੋਰ ਜ਼ਿਆਦਾ ਮੁਕੰਮਲ ਅਤੇ ਅਸਲੀਅਤ ਦੇ ਅਨੁਰੂਪ ਬਣਾਉਣਾ ਹੈ। ਜੇ ਅੱਜ, ਤੁਸੀਂ ਸਿਰਫ਼ ਹੁਕਮਾਂ ਦਾ ਪਾਲਣ ਕਰਨਾ ਹੁੰਦਾ ਅਤੇ ਇਸਰਾਏਲੀਆਂ ਵਾਂਗ, ਪੁਰਾਣੇ ਨੇਮ ਦੇ ਕਨੂੰਨਾਂ ਦਾ ਪਾਲਣ ਕਰਨਾ ਹੁੰਦਾ, ਅਤੇ ਜੇ, ਤੁਹਾਨੂੰ ਯਹੋਵਾਹ ਦੁਆਰਾ ਨਿਰਧਾਰਤ ਕਨੂੰਨਾਂ ਨੂੰ ਯਾਦ ਰੱਖਣਾ ਹੁੰਦਾ, ਤਾਂ ਵੀ ਤੁਹਾਡੇ ਲੋਕਾਂ ਦੇ ਬਦਲ ਸਕਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਜੇ ਤੁਸੀਂ ਸਿਰਫ਼ ਕੁਝ ਸੀਮਿਤ ਹੁਕਮਾਂ ਦਾ ਪਾਲਣ ਕਰਨਾ ਹੁੰਦਾ ਜਾਂ ਅਣਗਿਣਤ ਕਨੂੰਨਾਂ ਨੂੰ ਯਾਦ ਕਰਨਾ ਹੁੰਦਾ, ਤਾਂ ਤੁਹਾਡਾ ਪੁਰਾਣਾ ਸੁਭਾਅ ਗਹਿਰਾਈ ਵਿੱਚ ਜੰਮਿਆ ਰਹਿੰਦਾ, ਅਤੇ ਇਸ ਨੂੰ ਜੜ੍ਹੋਂ ਪੁੱਟਣ ਦਾ ਕੋਈ ਤਰੀਕਾ ਨਾ ਹੁੰਦਾ। ਇਸ ਤਰ੍ਹਾਂ ਤੁਸੀਂ ਹੋਰ ਵੀ ਭ੍ਰਿਸ਼ਟ ਹੋ ਜਾਂਦੇ, ਅਤੇ ਤੁਹਾਡੇ ਵਿੱਚੋਂ ਕੋਈ ਵੀ ਆਗਿਆਕਾਰੀ ਨਾ ਬਣਦਾ। ਕਹਿਣ ਦਾ ਅਰਥ ਹੈ ਕਿ ਕੁਝ ਸਰਲ ਹੁਕਮ ਜਾਂ ਅਣਗਿਣਤ ਕਨੂੰਨ ਯਹੋਵਾਹ ਦੇ ਕੰਮਾਂ ਨੂੰ ਜਾਣਨ ਵਿੱਚ ਤੁਹਾਡੀ ਮਦਦ ਕਰਨ ਵਿੱਚ ਅਸਮਰਥ ਹਨ। ਤੁਸੀਂ ਇਸਰਾਏਲੀਆਂ ਵਰਗੇ ਨਹੀਂ ਹੋ: ਕਨੂੰਨਾਂ ਦਾ ਪਾਲਣ ਕਰਨ ਅਤੇ ਹੁਕਮਾਂ ਨੂੰ ਯਾਦ ਕਰਨ ਨਾਲ ਉਹ ਯਹੋਵਾਹ ਦੇ ਕੰਮਾਂ ਨੂੰ ਦੇਖਣ ਦੇ ਯੋਗ ਹੋਏ ਅਤੇ ਸਿਰਫ਼ ਉਸੇ ਦੀ ਉਪਾਸਨਾ ਕਰ ਸਕੇ। ਪਰ ਤੁਸੀਂ ਲੋਕ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ, ਅਤੇ ਪੁਰਾਣੇ ਨੇਮ ਦੇ ਕੁਝ ਹੁਕਮ ਨਾ ਸਿਰਫ਼ ਤੁਹਾਨੂੰ ਆਪਣਾ ਦਿਲ ਦੇਣ ਵਿੱਚ ਮਦਦ ਕਰਨ ਵਿੱਚ, ਜਾਂ ਤੁਹਾਡੀ ਰਾਖੀ ਕਰਨ ਵਿੱਚ ਅਸਮਰਥ ਹਨ, ਸਗੋਂ ਇਹ ਤੁਹਾਨੂੰ ਢਿੱਲੇ ਬਣਾ ਦੇਣਗੇ, ਅਤੇ ਤੁਹਾਨੂੰ ਪਤਾਲ ਵਿੱਚ ਪਹੁੰਚਾ ਦੇਣਗੇ। ਕਿਉਂਕਿ ਮੇਰਾ ਕੰਮ ਜਿੱਤ ਦਾ ਕੰਮ ਹੈ, ਅਤੇ ਤੁਹਾਡੀ ਅਵੱਗਿਆ ਅਤੇ ਪੁਰਾਣੀ ਫ਼ਿਤਰਤ ਉੱਤੇ ਕੇਂਦਰਤ ਹੈ। ਯਹੋਵਾਹ ਅਤੇ ਯਿਸੂ ਦੇ ਦਯਾ ਭਰੇ ਵਚਨ, ਨਿਆਂ ਦੇ ਗੰਭੀਰ ਵਚਨਾਂ ਦੇ ਸਾਹਮਣੇ ਘੱਟ ਪੈਂਦੇ ਹਨ। ਅਜਿਹੇ ਸਖਤ ਸ਼ਬਦਾਂ ਦੇ ਬਿਨਾਂ ਤੁਹਾਡੇ ਜਿਹੇ “ਮਾਹਿਰਾਂ” ’ਤੇ ਜਿੱਤ ਪ੍ਰਾਪਤ ਕਰਨਾ ਅਸੰਭਵ ਹੋ ਜਾਏਗਾ, ਜੋ ਕਿ ਹਜ਼ਾਰਾਂ ਸਾਲਾਂ ਤੋਂ ਅਵੱਗਿਆਕਾਰੀ ਰਹੇ ਹਨ। ਪੁਰਾਣੇ ਨੇਮ ਦੇ ਕਨੂੰਨਾਂ ਨੇ ਬਹੁਤ ਪਹਿਲਾਂ ਤੁਹਾਡੇ ’ਤੇ ਆਪਣੀ ਸ਼ਕਤੀ ਗੁਆ ਲਈ ਸੀ, ਅਤੇ ਅੱਜ ਦਾ ਨਿਆਂ ਪੁਰਾਣੇ ਕਨੂੰਨਾਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਕਠੋਰ ਹੈ। ਤੁਹਾਡੇ ਲਈ ਨਿਆਂ ਸਭ ਤੋਂ ਢੁਕਵਾਂ ਹੈ, ਕਨੂੰਨਾਂ ਦੀਆਂ ਤੁੱਛ ਪਾਬੰਦੀਆਂ ਨਹੀਂ, ਕਿਉਂਕਿ ਤੁਸੀਂ ਲੋਕ ਬਿਲਕੁਲ ਅਰੰਭ ਵਾਲੀ ਮਨੁੱਖਜਾਤੀ ਨਹੀਂ ਹੋ, ਸਗੋਂ ਉਹ ਹੋ ਜਿਸ ਨੂੰ ਹਜ਼ਾਰਾਂ ਸਾਲਾਂ ਤੋਂ ਭ੍ਰਿਸ਼ਟ ਕੀਤਾ ਗਿਆ ਹੈ। ਅੱਜ ਮਨੁੱਖ ਦੁਆਰਾ ਜੋ ਪ੍ਰਾਪਤ ਕਰਨਾ ਜ਼ਰੂਰੀ ਹੈ, ਉਹ ਮਨੁੱਖ ਦੀ ਅੱਜ ਦੀ ਅਸਲ ਅਵਸਥਾ ਦੇ ਅਨੁਸਾਰ ਹੈ, ਵਰਤਮਾਨ-ਸਮੇਂ ਦੇ ਮਨੁੱਖ ਦੀ ਸਮਰੱਥਾ ਅਤੇ ਅਸਲ ਰੁਤਬੇ ਅਨੁਸਾਰ ਹੈ, ਅਤੇ ਇਸ ਦੇ ਲਈ ਜ਼ਰੂਰੀ ਨਹੀਂ ਕਿ ਤੂੰ ਨਿਯਮਾਂ ਦੀ ਪਾਲਣਾ ਕਰੇਂ। ਅਜਿਹਾ ਇਸ ਲਈ ਹੈ ਤਾਂ ਕਿ ਤੇਰੀ ਪੁਰਾਣੀ ਫ਼ਿਤਰਤ ਵਿੱਚ ਤਬਦੀਲੀ ਹਾਸਲ ਕੀਤੀ ਜਾ ਸਕੇ, ਅਤੇ ਤਾਂ ਕਿ ਤੂੰ ਆਪਣੀਆਂ ਧਾਰਣਾਵਾਂ ਨੂੰ ਤਜ ਸਕੇਂ। ਕੀ ਤੈਨੂੰ ਲੱਗਦਾ ਹੈ ਕਿ ਹੁਕਮ ਨਿਯਮ ਹਨ? ਇਹ ਕਿਹਾ ਜਾ ਸਕਦਾ ਹੈ ਕਿ, ਇਹ ਇਨਸਾਨ ਦੀਆਂ ਆਮ ਜ਼ਰੂਰਤਾਂ ਹਨ। ਉਹ ਅਜਿਹੇ ਨਿਯਮ ਨਹੀਂ ਹਨ ਜਿਨ੍ਹਾਂ ਦੀ ਪਾਲਣਾ ਕਰਨਾ ਤੇਰੇ ਲਈ ਜ਼ਰੂਰੀ ਹੈ। ਉਦਾਹਰਣ ਵਜੋਂ, ਤੰਬਾਕੂਨੋਸ਼ੀ ਤੋਂ ਵਰਜਣ ਨੂੰ ਲਓ—ਕੀ ਇਹ ਨਿਯਮ ਹੈ? ਇਹ ਨਿਯਮ ਨਹੀਂ ਹੈ! ਇਸ ਦੀ ਸਧਾਰਣ ਮਨੁੱਖਜਾਤੀ ਨੂੰ ਲੋੜ ਹੈ; ਇਹ ਨਿਯਮ ਨਹੀਂ ਹੈ, ਸਗੋਂ ਕੁਝ ਅਜਿਹਾ ਹੈ ਜੋ ਸਮੁੱਚੀ ਮਨੁੱਖਜਾਤੀ ਲਈ ਤੈਅ ਕੀਤਾ ਗਿਆ ਹੈ। ਅੱਜ, ਨਿਰਧਾਰਤ ਕੀਤੇ ਗਏ ਦਰਜ਼ਨ ਦੇ ਕਰੀਬ ਹੁਕਮ ਵੀ ਨਿਯਮ ਨਹੀਂ ਹਨ; ਸਗੋਂ ਇਹ ਉਹੀ ਹਨ ਜੋ ਸਧਾਰਣ ਮਨੁੱਖਤਾ ਨੂੰ ਹਾਸਲ ਕਰਨ ਲਈ ਜ਼ਰੂਰੀ ਹਨ। ਅਤੀਤ ਵਿੱਚ ਲੋਕਾਂ ਕੋਲ ਅਜਿਹੀਆਂ ਚੀਜ਼ਾਂ ਨਹੀਂ ਸਨ ਜਾਂ ਉਨ੍ਹਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਸੀ, ਅਤੇ ਇਸ ਲਈ ਲੋਕਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਅੱਜ ਇਨ੍ਹਾਂ ਨੂੰ ਪ੍ਰਾਪਤ ਕਰਨ, ਅਤੇ ਅਜਿਹੀਆਂ ਚੀਜ਼ਾਂ ਦੀ ਗਿਣਤੀ ਨਿਯਮਾਂ ਵਿੱਚ ਨਹੀਂ ਕੀਤੀ ਜਾਂਦੀ। ਕਨੂੰਨ ਅਤੇ ਨਿਯਮ ਇੱਕੋ ਜਿਹੇ ਨਹੀਂ ਹਨ। ਉਹ ਨਿਯਮ ਜਿਨ੍ਹਾਂ ਬਾਰੇ ਮੈਂ ਬੋਲਦਾ ਹਾਂ ਉਹ, ਰਸਮਾਂ, ਰੀਤਾਂ ਜਾਂ ਮਨੁੱਖ ਦੇ ਤਰੁੱਟੀਪੂਰਣ ਅਤੇ ਗ਼ਲਤ ਵਿਆਹਰਾਂ ਦੇ ਸੰਦਰਭ ਵਿੱਚ ਹੈ; ਇਹ ਉਹ ਨਿਯਮ ਅਤੇ ਕਾਨੂੰਨ ਹਨ ਜੋ ਮਨੁੱਖ ਦੇ ਕਿਸੇ ਕੰਮ ਦੇ ਨਹੀਂ ਹਨ, ਉਨ੍ਹਾਂ ਨੂੰ ਇਸ ਤੋਂ ਕੋਈ ਲਾਭ ਨਹੀਂ ਹੈ; ਅਤੇ ਉਹ ਅਜਿਹੀ ਕਾਰਜ ਵਿਧੀ ਅਪਣਾਉਂਦੇ ਹਨ ਜਿਸ ਦਾ ਕੋਈ ਅਰਥ ਨਹੀਂ ਹੁੰਦਾ। ਇਹ ਨਿਯਮਾਂ ਦਾ ਨਿਚੋੜ ਹੈ, ਅਤੇ ਅਜਿਹੇ ਨਿਯਮਾਂ ਨੂੰ ਤਿਆਗ ਦੇਣਾ ਚਾਹੀਦਾ ਹੈ, ਕਿਉਂਕਿ ਇਹ ਮਨੁੱਖ ਨੂੰ ਕੋਈ ਲਾਭ ਨਹੀਂ ਪਹੁੰਚਾਉਂਦੇ। ਕਹਿਣ ਦਾ ਭਾਵ ਹੈ ਕਿ ਜੋ ਮਨੁੱਖ ਲਈ ਲਾਹੇਵੰਦ ਹੈ ਉਸ ਨੂੰ ਅਮਲ ਵਿੱਚ ਲਿਆਉਣਾ ਜ਼ਰੂਰੀ ਹੈ।

ਪਿਛਲਾ: ਸਭ ਲੋਕ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ, ਉਹੀ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ

ਅਗਲਾ: ਪਰਮੇਸ਼ੁਰ ਦੇ ਕੰਮ ਦਾ ਦਰਸ਼ਣ (2)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ