ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਉਹ ਸਦਾ ਲਈ ਉਸ ਦੇ ਚਾਨਣ ਵਿੱਚ ਜੀਉਣਗੇ

ਜ਼ਿਆਦਾਤਰ ਲੋਕਾਂ ਦੇ ਪਰਮੇਸ਼ੁਰ ਵਿੱਚ ਵਿਸ਼ਵਾਸ ਦਾ ਅਸਲੀ ਨਿਚੋੜ ਧਾਰਮਿਕ ਵਿਸ਼ਵਾਸ ਹੁੰਦਾ ਹੈ: ਉਹ ਪਰਮੇਸ਼ੁਰ ਨੂੰ ਪਿਆਰ ਕਰਨ ਵਿੱਚ ਅਸਮਰਥ ਹੁੰਦੇ ਹਨ ਅਤੇ ਸਿਰਫ਼ ਇੱਕ ਮਸ਼ੀਨੀ ਮਨੁੱਖ ਦੇ ਵਾਂਗ ਹੀ ਪਰਮੇਸ਼ੁਰ ਦੇ ਰਾਹ ’ਤੇ ਚੱਲ ਸਕਦੇ ਹਨ, ਉਹ ਸੱਚਮੁੱਚ ਪਰਮੇਸ਼ੁਰ ਲਈ ਤਾਂਘ ਰੱਖਣ ਜਾਂ ਉਸ ਨੂੰ ਬੇਅੰਤ ਪਸੰਦ ਕਰਨ ਦੇ ਅਯੋਗ ਹੁੰਦੇ ਹਨ। ਉਹ ਸਿਰਫ਼ ਚੁੱਪਚਾਪ ਉਸ ਦੇ ਰਾਹ ’ਤੇ ਚੱਲਦੇ ਹਨ। ਬਹੁਤ ਸਾਰੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਪਰ ਬਹੁਤ ਘੱਟ ਅਜਿਹੇ ਹੁੰਦੇ ਹਨ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ; ਉਹ ਸਿਰਫ਼ ਪਰਮੇਸ਼ੁਰ ਲਈ “ਸ਼ਰਧਾ” ਰੱਖਦੇ ਹਨ ਕਿਉਂਕਿ ਉਹ ਤਬਾਹੀ ਤੋਂ ਡਰਦੇ ਹਨ, ਜਾਂ ਫੇਰ ਉਹ ਪਰਮੇਸ਼ੁਰ ਦੀ “ਪ੍ਰਸ਼ੰਸਾ” ਕਰਦੇ ਹਨ ਕਿਉਂਕਿ ਉਹ ਉੱਤਮ ਅਤੇ ਪਰਤਾਪੀ ਹੈ—ਪਰ ਉਨ੍ਹਾਂ ਦੀ ਸ਼ਰਧਾ ਅਤੇ ਪ੍ਰਸ਼ੰਸਾ ਵਿੱਚ, ਕੋਈ ਪਿਆਰ ਜਾਂ ਸੱਚੀ ਤਾਂਘ ਨਹੀਂ ਹੈ। ਆਪਣੇ ਅਨੁਭਵਾਂ ਵਿੱਚ ਉਹ ਸੱਚਾਈ ਦੇ ਬੇਲੋੜੇ ਵਿਸਤਾਰ, ਜਾਂ ਫੇਰ ਕੁਝ ਮਾਮੂਲੀ ਜਿਹੇ ਰਹੱਸ ਭਾਲਦੇ ਹਨ। ਬਹੁਤੇ ਲੋਕ ਪਰਾਈ ਅੱਗ ਵਿੱਚ ਹੱਥ ਸੇਕਣ ਦੀ ਕੋਸ਼ਿਸ਼ ਕਰਦਿਆਂ, ਸਿਰਫ਼ ਉਸ ਦੇ ਰਾਹ ’ਤੇ ਹੀ ਚੱਲਦੇ ਹਨ; ਉਹ ਸੱਚਾਈ ਦੀ ਭਾਲ ਨਹੀਂ ਕਰਦੇ, ਨਾ ਹੀ ਉਹ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਨ ਲਈ ਸੱਚਮੁੱਚ ਪਰਮੇਸ਼ੁਰ ਦਾ ਆਗਿਆ ਪਾਲਣ ਕਰਦੇ ਹਨ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਲੋਕਾਂ ਦਾ ਜੀਵਨ ਅਰਥਹੀਣ ਹੁੰਦਾ ਹੈ, ਇਸ ਦਾ ਕੋਈ ਮੁੱਲ ਨਹੀਂ ਹੁੰਦਾ, ਅਤੇ ਇਸ ਵਿੱਚ ਉਨ੍ਹਾਂ ਦੇ ਆਪਣੇ ਨਿੱਜੀ ਸੁਆਰਥ ਅਤੇ ਟੀਚੇ ਹੁੰਦੇ ਹਨ; ਉਹ ਪਰਮੇਸ਼ੁਰ ਨੂੰ ਪਿਆਰ ਕਰਨ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ, ਸਗੋਂ ਅਸੀਸ ਪ੍ਰਾਪਤ ਕਰਨ ਲਈ ਕਰਦੇ ਹਨ। ਬਹੁਤ ਸਾਰੇ ਲੋਕ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ; ਉਹ ਜੋ ਵੀ ਚਾਹੁੰਦੇ ਹਨ ਉਹੀ ਕਰਦੇ ਹਨ ਅਤੇ ਕਦੇ ਵੀ ਪਰਮੇਸ਼ੁਰ ਦੇ ਹਿੱਤਾਂ ਵੱਲ ਧਿਆਨ ਨਹੀਂ ਦਿੰਦੇ, ਜਾਂ ਇਸ ਵੱਲ ਕਿ ਕੀ ਉਹ ਜੋ ਵੀ ਕਰਦੇ ਹਨ ਉਹ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਹੈ। ਅਜਿਹੇ ਲੋਕ, ਪਰਮੇਸ਼ੁਰ ਦੇ ਲਈ ਪਿਆਰ ਦੀ ਤਾਂ ਗੱਲ ਹੀ ਛੱਡੋ, ਸੱਚੇ ਵਿਸ਼ਵਾਸ ਨੂੰ ਵੀ ਪ੍ਰਾਪਤ ਨਹੀਂ ਕਰ ਸਕਦੇ। ਪਰਮੇਸ਼ੁਰ ਦਾ ਮੂਲ-ਤੱਤ ਸਿਰਫ਼ ਇਹ ਨਹੀਂ ਹੈ ਕਿ ਮਨੁੱਖ ਉਸ ਵਿੱਚ ਵਿਸ਼ਵਾਸ ਕਰੇ; ਇਸ ਤੋਂ ਇਲਾਵਾ, ਇਹ ਵੀ ਹੈ ਕਿ ਮਨੁੱਖ ਉਸ ਨੂੰ ਪਿਆਰ ਕਰੇ। ਪਰ ਜੋ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਵਿੱਚੋਂ ਬਹੁਤ ਸਾਰੇ ਇਸ “ਭੇਤ” ਨੂੰ ਲੱਭਣ ਵਿੱਚ ਅਸਮਰਥ ਹੁੰਦੇ ਹਨ। ਲੋਕ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਹਿੰਮਤ ਨਹੀਂ ਕਰਦੇ, ਨਾ ਹੀ ਉਹ ਉਸ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਕਦੇ ਇਹ ਨਹੀਂ ਪਤਾ ਲੱਗਾ ਹੈ ਕਿ ਪਰਮੇਸ਼ੁਰ ਬਾਰੇ ਪਿਆਰ ਕਰਨਯੋਗ ਐਨਾ ਕੁਝ ਹੈ; ਉਨ੍ਹਾਂ ਨੂੰ ਕਦੇ ਇਹ ਨਹੀਂ ਪਤਾ ਲੱਗਾ ਹੈ ਕਿ ਪਰਮੇਸ਼ੁਰ ਉਹ ਪਰਮੇਸ਼ੁਰ ਹੈ ਜੋ ਮਨੁੱਖ ਨੂੰ ਪਿਆਰ ਕਰਦਾ ਹੈ, ਅਤੇ ਇਹ ਕਿ ਉਹ ਉਹੀ ਪਰਮੇਸ਼ੁਰ ਹੈ ਜਿਸ ਨੂੰ ਮਨੁੱਖ ਨੇ ਪਿਆਰ ਕਰਨਾ ਹੈ। ਪਰਮੇਸ਼ੁਰ ਦੇ ਪਿਆਰ ਦੀ ਮਨੋਹਰਤਾ ਉਸ ਦੇ ਕੰਮ ਵਿੱਚ ਪਰਗਟ ਹੁੰਦੀ ਹੈ: ਜਦੋਂ ਲੋਕ ਉਸਦੇ ਕੰਮ ਦਾ ਅਨੁਭਵ ਕਰਦੇ ਹਨ ਸਿਰਫ਼ ਉਦੋਂ ਹੀ ਉਹ ਪਰਮੇਸ਼ੁਰ ਦੀ ਮਨੋਹਰਤਾ ਨੂੰ ਜਾਣ ਸਕਦੇ ਹਨ; ਸਿਰਫ਼ ਆਪਣੇ ਅਸਲ ਅਨੁਭਵਾਂ ਵਿੱਚ ਹੀ ਉਹ ਪਰਮੇਸ਼ੁਰ ਦੀ ਮਨੋਹਰਤਾ ਦੀ ਕਦਰ ਪਾ ਸਕਦੇ ਹਨ; ਅਤੇ ਅਸਲ ਜੀਵਨ ਵਿੱਚ ਇਸ ਨੂੰ ਵੇਖੇ ਬਗੈਰ, ਕੋਈ ਵੀ ਪਰਮੇਸ਼ੁਰ ਦੀ ਮਨੋਹਰਤਾ ਨੂੰ ਨਹੀਂ ਜਾਣ ਸਕਦਾ। ਪਰਮੇਸ਼ੁਰ ਬਾਰੇ ਪਿਆਰ ਕਰਨ ਲਈ ਐਨਾ ਕੁਝ ਹੈ, ਪਰ ਅਸਲ ਵਿੱਚ ਉਸ ਨਾਲ ਜੁੜੇ ਬਗੈਰ ਲੋਕ ਇਸ ਬਾਰੇ ਪਤਾ ਲਗਾਉਣ ਵਿੱਚ ਅਸਮਰਥ ਰਹਿੰਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਜੇ ਪਰਮੇਸ਼ੁਰ ਦੇਹਧਾਰੀ ਨਾ ਬਣਦਾ, ਤਾਂ ਲੋਕ ਅਸਲ ਵਿੱਚ ਉਸ ਨਾਲ ਜੁੜਨ ਵਿੱਚ ਅਸਮਰਥ ਹੁੰਦੇ, ਅਤੇ ਜੇ ਉਹ ਅਸਲ ਵਿੱਚ ਉਸ ਨਾਲ ਜੁੜਨ ਵਿੱਚ ਅਯੋਗ ਹੁੰਦੇ, ਤਾਂ ਉਹ ਉਸਦੇ ਕੰਮ ਦਾ ਵੀ ਅਨੁਭਵ ਕਰਨ ਦੇ ਅਯੋਗ ਹੁੰਦੇ—ਅਤੇ ਇਸ ਲਈ ਪਰਮੇਸ਼ੁਰ ਦੇ ਲਈ ਉਨ੍ਹਾਂ ਦਾ ਪਿਆਰ ਅਤਿਅੰਤ ਫ਼ਰੇਬ ਅਤੇ ਕਲਪਨਾ ਨਾਲ ਦਾਗੀ ਹੁੰਦਾ। ਸਵਰਗ ਵਿਚਲੇ ਪਰਮੇਸ਼ੁਰ ਦੇ ਲਈ ਪਿਆਰ ਧਰਤੀ ਉੱਤੇ ਪਰਮੇਸ਼ੁਰ ਦੇ ਲਈ ਪਿਆਰ ਜਿੰਨਾ ਅਸਲੀ ਨਹੀਂ ਹੁੰਦਾ, ਕਿਉਂਕਿ ਸਵਰਗ ਵਿਚਲੇ ਪਰਮੇਸ਼ੁਰ ਬਾਰੇ ਲੋਕਾਂ ਦਾ ਗਿਆਨ ਉਨ੍ਹਾਂ ਦੀ ਕਲਪਨਾ ਉੱਤੇ ਆਧਾਰਿਤ ਹੁੰਦਾ ਹੈ, ਨਾ ਕਿ ਉਸ ’ਤੇ ਜੋ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੁੰਦਾ ਹੈ ਅਤੇ ਜੋ ਉਨ੍ਹਾਂ ਨੇ ਨਿੱਜੀ ਤੌਰ ’ਤੇ ਅਨੁਭਵ ਕੀਤਾ ਹੁੰਦਾ ਹੈ। ਜਦੋਂ ਪਰਮੇਸ਼ੁਰ ਧਰਤੀ ਉੱਤੇ ਆਉਂਦਾ ਹੈ, ਲੋਕ ਉਸਦੇ ਅਸਲ ਕੰਮਾਂ ਅਤੇ ਉਸ ਦੀ ਮਨੋਹਰਤਾ ਨੂੰ ਵੇਖਣ ਦੇ ਯੋਗ ਹੁੰਦੇ ਹਨ, ਅਤੇ ਉਹ ਉਸ ਦੀ ਹਕੀਕੀ ਅਤੇ ਸਧਾਰਣ ਅਵਸਥਾ ਦਾ ਹਰ ਪੱਖ ਦੇਖ ਸਕਦੇ ਹਨ, ਇਹ ਸਭ ਕੁਝ ਸਵਰਗ ਵਿਚਲੇ ਪਰਮੇਸ਼ੁਰ ਬਾਰੇ ਗਿਆਨ ਨਾਲੋਂ ਹਜ਼ਾਰਾਂ ਗੁਣਾ ਵਧੇਰੇ ਅਸਲ ਹੁੰਦਾ ਹੈ। ਭਾਵੇਂ ਲੋਕ ਸਵਰਗ ਵਿਚਲੇ ਪਰਮੇਸ਼ੁਰ ਨੂੰ ਕਿੰਨਾ ਵੀ ਪਿਆਰ ਕਰਦੇ ਹੋਣ, ਇਸ ਪਿਆਰ ਵਿੱਚ ਕੋਈ ਵੀ ਸੱਚਾਈ ਨਹੀਂ ਹੁੰਦੀ, ਅਤੇ ਇਹ ਮਨੁੱਖੀ ਖਿਆਲਾਂ ਨਾਲ ਭਰਪੂਰ ਹੁੰਦਾ ਹੈ। ਭਾਵੇਂ ਧਰਤੀ ਉੱਤਲੇ ਪਰਮੇਸ਼ੁਰ ਦੇ ਲਈ ਉਹਨਾਂ ਦਾ ਪਿਆਰ ਕਿੰਨਾ ਵੀ ਥੋੜ੍ਹਾ ਹੋਵੇ, ਇਹ ਪਿਆਰ ਸੱਚਾ ਹੁੰਦਾ ਹੈ; ਭਾਵੇਂ ਇਹ ਬਹੁਤ ਹੀ ਥੋੜ੍ਹਾ ਹੁੰਦਾ ਹੈ, ਪਰ ਫੇਰ ਵੀ ਸੱਚਾ ਹੁੰਦਾ ਹੈ। ਪਰਮੇਸ਼ੁਰ ਲੋਕਾਂ ਨੂੰ ਆਪਣੇ ਅਸਲ ਕੰਮ ਦੇ ਰਾਹੀਂ ਆਪਣੇ ਆਪ ਤੋਂ ਜਾਣੂ ਕਰਵਾਉਂਦਾ ਹੈ, ਅਤੇ ਇਸ ਗਿਆਨ ਰਾਹੀਂ ਉਹ ਉਨ੍ਹਾਂ ਦਾ ਪਿਆਰ ਪ੍ਰਾਪਤ ਕਰਦਾ ਹੈ। ਇਹ ਪਤਰਸ ਵਾਂਗ ਹੈ: ਜੇ ਉਹ ਯਿਸੂ ਦੇ ਨਾਲ ਨਾ ਰਿਹਾ ਹੁੰਦਾ, ਤਾਂ ਉਸਦੇ ਲਈ ਯਿਸੂ ਨੂੰ ਪਿਆਰ ਕਰਨਾ ਅਸੰਭਵ ਹੁੰਦਾ। ਇਸੇ ਤਰ੍ਹਾਂ ਹੀ, ਯਿਸੂ ਪ੍ਰਤੀ ਉਸ ਦੀ ਵਫ਼ਾਦਾਰੀ ਵੀ ਯਿਸੂ ਨਾਲ ਉਸ ਦੇ ਜੁੜਨ ਕਰਕੇ ਹੀ ਬਣੀ ਸੀ। ਇਸੇ ਉਦੇਸ਼ ਲਈ ਕਿ ਮਨੁੱਖ ਉਸ ਨੂੰ ਪਿਆਰ ਕਰੇ, ਪਰਮੇਸ਼ੁਰ ਮਨੁੱਖਾਂ ਦੇ ਦਰਮਿਆਨ ਆਇਆ ਹੈ ਅਤੇ ਮਨੁੱਖ ਦੇ ਨਾਲ ਰਹਿੰਦਾ ਹੈ, ਅਤੇ ਉਹ ਜੋ ਕੁਝ ਵੀ ਮਨੁੱਖ ਨੂੰ ਦਿਖਾਉਂਦਾ ਅਤੇ ਅਨੁਭਵ ਕਰਾਉਂਦਾ ਹੈ, ਉਹ ਪਰਮੇਸ਼ੁਰ ਦੀ ਸੱਚਾਈ ਹੀ ਹੈ।

ਪਰਮੇਸ਼ੁਰ ਲੋਕਾਂ ਨੂੰ ਸਿੱਧ ਬਣਾਉਣ ਲਈ ਸੱਚਾਈ ਅਤੇ ਤੱਥਾਂ ਦੀ ਆਮਦ ਦੀ ਵਰਤੋਂ ਕਰਦਾ ਹੈ; ਪਰਮੇਸ਼ੁਰ ਦੇ ਵਚਨ ਲੋਕਾਂ ਨੂੰ ਸੰਪੂਰਣ ਬਣਾਉਣ ਦੇ ਉਸ ਦੇ ਕੰਮ ਦਾ ਇੱਕ ਹਿੱਸਾ ਪੂਰਾ ਕਰਦੇ ਹਨ, ਅਤੇ ਇਹ ਰਾਹਨੁਮਾਈ ਅਤੇ ਰਾਹ ਨੂੰ ਖੋਲ੍ਹਣ ਦਾ ਕੰਮ ਹੈ। ਕਹਿਣ ਤੋਂ ਭਾਵ ਹੈ, ਤੈਨੂੰ ਜ਼ਰੂਰ ਪਰਮੇਸ਼ੁਰ ਦੇ ਵਚਨਾਂ ਉੱਤੇ ਅਮਲ ਕਰਨ ਦਾ ਰਾਹ ਅਤੇ ਦਰਸ਼ਣਾਂ ਦਾ ਗਿਆਨ ਲੱਭਣਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਨੂੰ ਸਮਝ ਕੇ, ਮਨੁੱਖ ਨੂੰ ਉਸਦੇ ਅਸਲੀ ਅਮਲ ਵਿੱਚ ਇੱਕ ਰਾਹ ਮਿਲੇਗਾ ਅਤੇ ਦਰਸ਼ਣ ਪ੍ਰਾਪਤ ਕਰੇਗਾ, ਅਤੇ ਉਹ ਪਰਮੇਸ਼ੁਰ ਦੇ ਵਚਨਾਂ ਰਾਹੀਂ ਅੰਦਰੂਨੀ ਚਾਨਣ ਪ੍ਰਾਪਤ ਕਰਨ ਦੇ ਯੋਗ ਹੋ ਸਕੇਗਾ; ਉਹ ਇਹ ਸਮਝ ਸਕੇਗਾ ਕਿ ਇਹ ਚੀਜ਼ਾਂ ਪਰਮੇਸ਼ੁਰ ਤੋਂ ਆਈਆਂ ਹਨ ਅਤੇ ਇਹਨਾਂ ਨੂੰ ਵਧੇਰੇ ਨਿਖੇੜ ਕੇ ਸਮਝ ਸਕੇਗਾ। ਸਮਝਣ ਤੋਂ ਬਾਅਦ, ਜ਼ਰੂਰੀ ਹੈ ਕਿ ਮਨੁੱਖ ਤੁਰੰਤ ਇਸ ਅਸਲੀਅਤ ਵਿੱਚ ਪ੍ਰਵੇਸ਼ ਕਰੇ ਅਤੇ ਆਪਣੇ ਅਸਲ ਜੀਵਨ ਵਿੱਚ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਲਈ ਪਰਮੇਸ਼ੁਰ ਦੇ ਵਚਨਾਂ ਦੀ ਵਰਤੋਂ ਜ਼ਰੂਰ ਕਰੇ। ਪਰਮੇਸ਼ੁਰ ਹਰ ਚੀਜ਼ ਵਿੱਚ ਤੇਰੀ ਅਗਵਾਈ ਕਰੇਗਾ ਅਤੇ ਤੈਨੂੰ ਅਮਲ ਕਰਨ ਦਾ ਇੱਕ ਰਾਹ ਪ੍ਰਦਾਨ ਕਰੇਗਾ, ਅਤੇ ਤੈਨੂੰ ਇੰਝ ਮਹਿਸੂਸ ਕਰਾਏਗਾ ਕਿ ਉਹ ਖਾਸ ਤੌਰ ’ਤੇ ਪਿਆਰਾ ਹੈ, ਅਤੇ ਤੈਨੂੰ ਇਹ ਵੇਖਣ ਦੇਵੇਗਾ ਕਿ ਤੇਰੇ ਉੱਤੇ ਪਰਮੇਸ਼ੁਰ ਦੇ ਕੰਮ ਦੇ ਹਰ ਕਦਮ ਦਾ ਉਦੇਸ਼ ਤੈਨੂੰ ਸਿੱਧ ਬਣਾਉਣਾ ਹੈ। ਜੇ ਤੂੰ ਪਰਮੇਸ਼ੁਰ ਦੇ ਪਿਆਰ ਨੂੰ ਵੇਖਣਾ ਚਾਹੁੰਦਾ ਹੈਂ, ਜੇ ਤੂੰ ਸੱਚਮੁੱਚ ਪਰਮੇਸ਼ੁਰ ਦੇ ਪਿਆਰ ਦਾ ਅਨੁਭਵ ਕਰਨਾ ਚਾਹੁੰਦਾ ਹੈਂ, ਤਾਂ ਤੈਨੂੰ ਸੱਚਾਈ ਦੀ ਡੂੰਘਾਈ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ, ਤੈਨੂੰ ਅਸਲ ਜੀਵਨ ਦੀ ਡੂੰਘਾਈ ਵਿੱਚ ਜ਼ਰੂਰ ਜਾ ਕੇ ਦੇਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਜੋ ਕੁਝ ਵੀ ਕਰਦਾ ਹੈ ਉਹ ਪਿਆਰ ਅਤੇ ਮੁਕਤੀ ਹੈ, ਕਿ ਉਹ ਜੋ ਕੁਝ ਵੀ ਕਰਦਾ ਹੈ, ਲੋਕਾਂ ਨੂੰ ਅਪਵਿੱਤਰ ਚੀਜ਼ਾਂ ਨੂੰ ਪਿੱਛੇ ਛੱਡ ਸਕਣ ਦੇ ਯੋਗ ਬਣਾਉਣ ਲਈ, ਅਤੇ ਮਨੁੱਖ ਦੇ ਅੰਦਰਲੀਆਂ ਉਹਨਾਂ ਚੀਜ਼ਾਂ ਨੂੰ ਸ਼ੁੱਧ ਕਰਨ ਲਈ ਕਰਦਾ ਹੈ ਜੋ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਅਯੋਗ ਹੁੰਦੀਆਂ ਹਨ। ਪਰਮੇਸ਼ੁਰ ਮਨੁੱਖ ਨੂੰ ਪ੍ਰਦਾਨ ਕਰਨ ਲਈ ਵਚਨਾਂ ਦੀ ਵਰਤੋਂ ਕਰਦਾ ਹੈ; ਉਹ ਲੋਕਾਂ ਲਈ ਅਨੁਭਵ ਕਰਨ ਵਾਸਤੇ ਅਸਲ ਜੀਵਨ ਦੇ ਹਾਲਾਤਾਂ ਦਾ ਪ੍ਰਬੰਧ ਕਰਦਾ ਹੈ, ਅਤੇ ਜੇ ਲੋਕ ਪਰਮੇਸ਼ੁਰ ਦੇ ਬਹੁਤ ਸਾਰੇ ਵਚਨਾਂ ਨੂੰ ਖਾਂਦੇ ਅਤੇ ਪੀਂਦੇ ਹਨ, ਉਦੋਂ ਜਦੋਂ ਉਹ ਅਸਲ ਵਿੱਚ ਉਨ੍ਹਾਂ ਨੂੰ ਅਮਲ ਵਿੱਚ ਲਿਆਉਂਦੇ ਹਨ, ਉਹ ਪਰਮੇਸ਼ੁਰ ਦੇ ਬਹੁਤ ਸਾਰੇ ਵਚਨਾਂ ਦੀ ਵਰਤੋਂ ਕਰਦਿਆਂ ਆਪਣੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹਨ। ਕਹਿਣ ਦਾ ਭਾਵ ਇਹ ਹੈ, ਅਸਲੀਅਤ ਦੀ ਡੂੰਘਾਈ ਵਿੱਚ ਜਾਣ ਲਈ ਤੇਰੇ ਕੋਲ ਪਰਮੇਸ਼ੁਰ ਦੇ ਵਚਨ ਹੋਣੇ ਜ਼ਰੂਰੀ ਹਨ; ਜੇ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਨਹੀਂ ਹੈਂ ਅਤੇ ਤੇਰੇ ਉੱਪਰ ਪਰਮੇਸ਼ੁਰ ਦਾ ਕੰਮ ਨਹੀਂ ਕੀਤਾ ਗਿਆ ਹੈ, ਤਾਂ ਤੇਰੇ ਕੋਲ ਅਸਲ ਜੀਵਨ ਵਿੱਚ ਕੋਈ ਰਾਹ ਨਹੀਂ ਹੋਵੇਗਾ। ਜੇ ਤੂੰ ਕਦੇ ਵੀ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦਾ ਜਾਂ ਪੀਂਦਾ ਨਹੀਂ ਹੈਂ, ਤਾਂ ਜਦੋਂ ਤੇਰੇ ਨਾਲ ਕੁਝ ਵਾਪਰੇਗਾ ਤਾਂ ਤੂੰ ਬੌਂਦਲ ਜਾਵੇਂਗਾ। ਤੈਨੂੰ ਸਿਰਫ਼ ਇਹ ਪਤਾ ਹੈ ਕਿ ਤੈਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ, ਪਰ ਤੂੰ ਕਿਸੇ ਤਰ੍ਹਾਂ ਦਾ ਵਖਰੇਵਾਂ ਕਰਨ ਤੋਂ ਅਸਮਰਥ ਹੈਂ ਅਤੇ ਤੇਰੇ ਕੋਲ ਅਮਲ ਦਾ ਕੋਈ ਰਾਹ ਨਹੀਂ ਹੈ; ਤੂੰ ਘਾਬਰਿਆ ਹੋਇਆ ਅਤੇ ਡੌਰ-ਭੌਰ ਹੈਂ, ਅਤੇ ਕਈ ਵਾਰ ਤੂੰ ਇਹ ਵੀ ਮੰਨਦਾ ਹੈਂ ਕਿ ਸਰੀਰ ਨੂੰ ਸੰਤੁਸ਼ਟ ਕਰ ਕੇ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਰਿਹਾ ਹੈਂ—ਇਹ ਸਭ ਕੁਝ ਪਰਮੇਸ਼ੁਰ ਦੇ ਵਚਨਾਂ ਨੂੰ ਨਾ ਖਾਣ ਅਤੇ ਪੀਣ ਦਾ ਹੀ ਨਤੀਜਾ ਹੈ। ਕਹਿਣ ਤੋਂ ਭਾਵ ਇਹ ਹੈ, ਜੇ ਤੂੰ ਪਰਮੇਸ਼ੁਰ ਦੇ ਵਚਨਾਂ ਦੀ ਸਹਾਇਤਾ ਤੋਂ ਬਗੈਰ ਹੈਂ ਅਤੇ ਸੱਚਾਈ ਨੂੰ ਸਿਰਫ਼ ਅੰਨ੍ਹੇਵਾਹ ਟਟੋਲਦਾ ਹੈਂ, ਤਾਂ ਤੂੰ ਬੁਨਿਆਦੀ ਤੌਰ ’ਤੇ ਅਮਲ ਦਾ ਰਾਹ ਲੱਭਣ ਵਿੱਚ ਅਸਮਰਥ ਹੈਂ। ਇਸ ਤਰ੍ਹਾਂ ਦੇ ਲੋਕ ਭੋਲੇ ਭਾਅ ਇਹ ਸਮਝਦੇ ਹੀ ਨਹੀਂ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਮਤਲਬ ਕੀ ਹੁੰਦਾ ਹੈ, ਇਹ ਸਮਝਣਾ ਤਾਂ ਦੂਰ ਦੀ ਗੱਲ ਹੈ ਕਿ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ। ਜੇ, ਤੂੰ ਅਕਸਰ ਪਰਮੇਸ਼ੁਰ ਦੇ ਵਚਨਾਂ ਦੇ ਅੰਦਰੂਨੀ ਚਾਨਣ ਅਤੇ ਅਗਵਾਈ ਦੀ ਵਰਤੋਂ ਕਰਦੇ ਹੋਏ, ਪ੍ਰਾਰਥਨਾ ਕਰਦਾ ਹੈਂ, ਅਤੇ ਪੜਚੋਲ, ਅਤੇ ਭਾਲ ਕਰਦਾ ਹੈਂ, ਅਤੇ ਇਸ ਦੇ ਰਾਹੀਂ ਤੈਨੂੰ ਇਹ ਪਤਾ ਲੱਗਦਾ ਹੈ ਕਿ ਤੈਨੂੰ ਕਿਸ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ, ਪਵਿੱਤਰ ਆਤਮਾ ਦੇ ਕੰਮ ਲਈ ਮੌਕੇ ਲੱਭਦਾ ਹੈਂ, ਸੱਚਮੁੱਚ ਪਰਮੇਸ਼ੁਰ ਦਾ ਸਾਥ ਦਿੰਦਾ ਹੈਂ, ਅਤੇ ਘਾਬਰਿਆ ਹੋਇਆ ਅਤੇ ਡੌਰ-ਭੌਰ ਨਹੀਂ ਹੈਂ, ਤਾਂ ਤੇਰੇ ਕੋਲ ਅਸਲ ਜੀਵਨ ਵਿੱਚ ਇੱਕ ਰਾਹ ਹੋਵੇਗਾ, ਅਤੇ ਤੂੰ ਸੱਚਮੁੱਚ ਪਰਮੇਸ਼ੁਰ ਨੂੰ ਸੰਤੁਸ਼ਟ ਕਰੇਂਗਾ। ਜਦੋਂ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਲਵੇਂਗਾ, ਤਾਂ ਤੇਰੇ ਅੰਦਰ ਪਰਮੇਸ਼ੁਰ ਦੀ ਰਾਹਨੁਮਾਈ ਹੋਵੇਗੀ, ਅਤੇ ਤੈਨੂੰ ਖਾਸ ਤੌਰ ’ਤੇ ਪਰਮੇਸ਼ੁਰ ਦੀ ਅਸੀਸ ਮਿਲੇਗੀ, ਜੋ ਤੈਨੂੰ ਖੁਸ਼ੀ ਦੀ ਭਾਵਨਾ ਪ੍ਰਦਾਨ ਕਰੇਗੀ: ਤੂੰ ਖਾਸ ਤੌਰ ’ਤੇ ਮਾਣਮੱਤਾ ਮਹਿਸੂਸ ਕਰੇਂਗਾ ਕਿ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਲਿਆ ਹੈ, ਤੂੰ ਅੰਦਰੋਂ ਖਾਸ ਤੌਰ ’ਤੇ ਪ੍ਰਸੰਨਚਿਤ ਮਹਿਸੂਸ ਕਰੇਂਗਾ, ਅਤੇ ਤੂੰ ਆਪਣੇ ਮਨ ਵਿੱਚ ਸਪਸ਼ਟ ਅਤੇ ਸ਼ਾਂਤਮਈ ਹੋਵੇਂਗਾ। ਤੇਰੀ ਅੰਤਰ-ਆਤਮਾ ਨੂੰ ਤਸੱਲੀ ਮਿਲੇਗੀ ਅਤੇ ਇਹ ਦੋਸ਼ਾਂ ਤੋਂ ਮੁਕਤ ਹੋਵੇਗੀ, ਅਤੇ ਜਦੋਂ ਤੂੰ ਆਪਣੇ ਭੈਣਾਂ-ਭਰਾਵਾਂ ਨੂੰ ਵੇਖੇਂਗਾ ਤਾਂ ਤੂੰ ਅੰਦਰੋਂ ਸੁਖਾਵਾਂ ਮਹਿਸੂਸ ਕਰੇਂਗਾ। ਪਰਮੇਸ਼ੁਰ ਦੇ ਪਿਆਰ ਦਾ ਅਨੰਦ ਮਾਣਨ ਦਾ ਇਹੀ ਮਤਲਬ ਹੈ, ਅਤੇ ਪਰਮੇਸ਼ੁਰ ਦਾ ਸੱਚਮੁੱਚ ਅਨੰਦ ਮਾਣਨ ਦਾ ਮਤਲਬ ਸਿਰਫ਼ ਇਹੀ ਹੈ। ਪਰਮੇਸ਼ੁਰ ਦੇ ਪਿਆਰ ਦਾ ਅਨੰਦ ਲੋਕ ਅਨੁਭਵ ਰਾਹੀਂ ਹਾਸਲ ਕਰਦੇ ਹਨ: ਮੁਸ਼ਕਲਾਂ ਦਾ ਅਨੁਭਵ ਕਰਦਿਆਂ, ਅਤੇ ਸੱਚਾਈ ਨੂੰ ਅਮਲ ਵਿੱਚ ਲਿਆਉਣ ਦਾ ਅਨੁਭਵ ਕਰਦਿਆਂ, ਉਹ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਹਨ। ਜੇ ਤੂੰ ਸਿਰਫ਼ ਇਹ ਕਹਿੰਦਾ ਹੈਂ ਕਿ ਪਰਮੇਸ਼ੁਰ ਤੈਨੂੰ ਸੱਚਮੁੱਚ ਪਿਆਰ ਕਰਦਾ ਹੈ, ਕਿ ਪਰਮੇਸ਼ੁਰ ਨੇ ਲੋਕਾਂ ਦੀ ਖਾਤਰ ਸੱਚਮੁੱਚ ਬਹੁਤ ਭਾਰੀ ਕੀਮਤ ਚੁਕਾਈ ਹੈ, ਕਿ ਉਸਨੇ ਸਬਰ ਅਤੇ ਦਿਆਲਤਾ ਨਾਲ ਬਹੁਤ ਸਾਰੇ ਵਚਨਾਂ ਦਾ ਉਚਾਰਣ ਕੀਤਾ ਹੈ ਅਤੇ ਹਮੇਸ਼ਾ ਲੋਕਾਂ ਨੂੰ ਬਚਾਉਂਦਾ ਹੈ, ਤੇਰਾ ਇਨ੍ਹਾਂ ਸ਼ਬਦਾਂ ਨੂੰ ਕਹਿਣਾ ਪਰਮੇਸ਼ੁਰ ਦਾ ਅਨੰਦ ਮਾਣਨ ਦਾ ਸਿਰਫ਼ ਇੱਕ ਪਾਸਾ ਹੈ। ਫੇਰ ਵੀ, ਵਡੇਰਾ ਅਨੰਦ—ਅਸਲ ਅਨੰਦ—ਉਦੋਂ ਮਿਲਦਾ ਹੈ ਜਦੋਂ ਲੋਕ ਸੱਚਾਈ ਨੂੰ ਆਪਣੇ ਅਸਲ ਜੀਵਨ ਵਿੱਚ ਅਮਲ ਵਿੱਚ ਲਿਆਉਂਦੇ ਹਨ, ਜਿਸ ਤੋਂ ਬਾਅਦ ਉਹ ਆਪਣੇ ਮਨਾਂ ਵਿੱਚ ਸ਼ਾਂਤਮਈ ਅਤੇ ਸਪਸ਼ਟ ਹੋ ਜਾਂਦੇ ਹਨ। ਉਹ ਅੰਦਰੋਂ ਬਹੁਤ ਪ੍ਰੇਰਿਤ ਮਹਿਸੂਸ ਕਰਦੇ ਹਨ ਅਤੇ ਇਹ ਮਹਿਸੂਸ ਕਰਦੇ ਹਨ ਕਿ ਪਰਮੇਸ਼ੁਰ ਸਭ ਤੋਂ ਵੱਧ ਪਿਆਰਾ ਹੈ। ਤੈਨੂੰ ਮਹਿਸੂਸ ਹੋਵੇਗਾ ਕਿ ਤੂੰ ਜੋ ਕੀਮਤ ਚੁਕਾਈ ਹੈ ਉਹ ਇੱਕ ਵਧੀਆ ਸੌਦਾ ਹੈ। ਆਪਣੀਆਂ ਕੋਸ਼ਿਸ਼ਾਂ ਵਿੱਚ ਇੱਕ ਬਹੁਤ ਵੱਡੀ ਕੀਮਤ ਚੁਕਾਉਣ ਤੋਂ ਬਾਅਦ, ਤੂੰ ਖਾਸ ਤੌਰ ’ਤੇ ਅੰਦਰੋਂ ਪ੍ਰਸੰਨਚਿਤ ਹੋਵੇਂਗਾ: ਤੈਨੂੰ ਮਹਿਸੂਸ ਹੋਵੇਗਾ ਕਿ ਤੂੰ ਸੱਚਮੁੱਚ ਪਰਮੇਸ਼ੁਰ ਦੇ ਪਿਆਰ ਦਾ ਅਨੰਦ ਮਾਣ ਰਿਹਾ ਹੈਂ ਅਤੇ ਤੈਨੂੰ ਇਹ ਸਮਝ ਆਵੇਗੀ ਕਿ ਪਰਮੇਸ਼ੁਰ ਨੇ ਲੋਕਾਂ ਵਿੱਚ ਮੁਕਤੀ ਦਾ ਕੰਮ ਕੀਤਾ ਹੈ, ਕਿ ਉਸ ਦੁਆਰਾ ਲੋਕਾਂ ਨੂੰ ਤਾਉਣ ਦਾ ਉਦੇਸ਼ ਉਹਨਾਂ ਨੂੰ ਸ਼ੁੱਧ ਕਰਨਾ ਹੈ, ਅਤੇ ਇਹ ਕਿ ਪਰਮੇਸ਼ੁਰ ਲੋਕਾਂ ਨੂੰ ਇਹ ਪਰਖਣ ਲਈ ਅਜ਼ਮਾਉਂਦਾ ਹੈ ਕਿ ਕੀ ਉਹ ਸੱਚਮੁੱਚ ਉਸਨੂੰ ਪਿਆਰ ਕਰਦੇ ਹਨ। ਜੇ ਤੂੰ ਹਮੇਸ਼ਾ ਇਸ ਢੰਗ ਨਾਲ ਸੱਚ ਨੂੰ ਅਮਲ ਵਿੱਚ ਲਿਆਉਂਦਾ ਹੈਂ, ਤਾਂ ਤੇਰੇ ਅੰਦਰ ਸਹਿਜੇ-ਸਹਿਜੇ ਪਰਮੇਸ਼ੁਰ ਦੇ ਬਹੁਤ ਸਾਰੇ ਕੰਮ ਦਾ ਸਪਸ਼ਟ ਗਿਆਨ ਵਿਕਸਿਤ ਹੋਵੇਗਾ, ਅਤੇ ਉਸ ਸਮੇਂ ਤੈਨੂੰ ਮਹਿਸੂਸ ਹੋਵੇਗਾ ਕਿ ਪਰਮੇਸ਼ੁਰ ਦੇ ਵਚਨ ਤੇਰੇ ਸਾਹਮਣੇ ਪੂਰੀ ਤਰ੍ਹਾਂ ਨਾਲ ਸਪਸ਼ਟ ਹਨ। ਜੇ ਤੂੰ ਬਹੁਤ ਸਾਰੀਆਂ ਸੱਚਾਈਆਂ ਨੂੰ ਸਪਸ਼ਟ ਤੌਰ ’ਤੇ ਸਮਝ ਸਕਦਾ ਹੈਂ, ਤਾਂ ਤੈਨੂੰ ਮਹਿਸੂਸ ਹੋਵੇਗਾ ਕਿ ਸਾਰੀਆਂ ਗੱਲਾਂ ਨੂੰ ਅਮਲ ਵਿੱਚ ਲਿਆਉਣਾ ਅਸਾਨ ਹੈ, ਕਿ ਤੂੰ ਕਿਸੇ ਵੀ ਮੁੱਦੇ ’ਤੇ ਕਾਬੂ ਪਾ ਸਕਦਾ ਹੈਂ ਅਤੇ ਕਿਸੇ ਵੀ ਪ੍ਰਲੋਭਨ ’ਤੇ ਕਾਬੂ ਪਾ ਸਕਦਾ ਹੈਂ, ਅਤੇ ਤੂੰ ਦੇਖੇਂਗਾ ਕਿ ਤੇਰੇ ਲਈ ਕੁਝ ਵੀ ਮੁਸ਼ਕਲ ਨਹੀਂ ਹੈ, ਜੋ ਤੈਨੂੰ ਵੱਡੀ ਹੱਦ ਤੱਕ ਮੁਕਤ ਅਤੇ ਆਜ਼ਾਦ ਕਰੇਗਾ। ਇਸ ਪਲ ਵਿੱਚ, ਤੂੰ ਪਰਮੇਸ਼ਰ ਲਈ ਪਿਆਰ ਦਾ ਅਨੰਦ ਮਾਣ ਰਿਹਾ ਹੋਵੇਂਗਾ, ਅਤੇ ਤੈਨੂੰ ਪਰਮੇਸ਼ੁਰ ਦਾ ਸੱਚਾ ਪਿਆਰ ਮਿਲ ਚੁੱਕਾ ਹੋਵੇਗਾ। ਪਰਮੇਸ਼ੁਰ ਉਨ੍ਹਾਂ ਨੂੰ ਅਸੀਸਾਂ ਦਿੰਦਾ ਹੈ ਜਿਨ੍ਹਾਂ ਕੋਲ ਦਰਸ਼ਣ ਹੁੰਦੇ ਹਨ, ਜਿਨ੍ਹਾਂ ਕੋਲ ਸੱਚਾਈ ਹੁੰਦੀ ਹੈ, ਜਿਨ੍ਹਾਂ ਕੋਲ ਗਿਆਨ ਹੁੰਦਾ ਹੈ, ਅਤੇ ਜੋ ਉਸ ਨੂੰ ਸੱਚਮੁੱਚ ਪਿਆਰ ਕਰਦੇ ਹਨ। ਜੇ ਲੋਕ ਪਰਮੇਸ਼ੁਰ ਦੇ ਪਿਆਰ ਨੂੰ ਵੇਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਅਸਲ ਜੀਵਨ ਵਿੱਚ ਸੱਚਾਈ ਨੂੰ ਅਮਲ ਵਿੱਚ ਜ਼ਰੂਰ ਲਿਆਉਣਾ ਚਾਹੀਦਾ ਹੈ, ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਲਈ ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ ਦੁਖ ਸਹਿਣ ਅਤੇ ਉਹ ਤਿਆਗਣ ਲਈ ਤਿਆਰ ਹੋਣਾ ਚਾਹੀਦਾ ਹੈ ਜਿਸਨੂੰ ਉਹ ਪਿਆਰ ਕਰਦੇ ਹਨ, ਅਤੇ ਆਪਣੀਆਂ ਅੱਖਾਂ ਵਿੱਚ ਹੰਝੂ ਹੋਣ ਦੇ ਬਾਵਜੂਦ ਵੀ ਉਹ ਪਰਮੇਸ਼ੁਰ ਦੇ ਮਨ ਨੂੰ ਸੰਤੁਸ਼ਟ ਕਰਨ ਦੇ ਯੋਗ ਜ਼ਰੂਰ ਹੋਣੇ ਚਾਹੀਦੇ ਹਨ। ਇਸ ਤਰੀਕੇ ਨਾਲ, ਪਰਮੇਸ਼ੁਰ ਤੈਨੂੰ ਯਕੀਨਨ ਅਸੀਸ ਦੇਵੇਗਾ, ਅਤੇ ਜੇ ਤੂੰ ਇਹੋ ਜਿਹੀਆਂ ਮੁਸ਼ਕਲਾਂ ਨੂੰ ਸਹਿਣ ਕਰਦਾ ਹੈਂ, ਤਾਂ ਇਸ ਤੋਂ ਬਾਅਦ ਪਵਿੱਤਰ ਆਤਮਾ ਕੰਮ ਕਰੇਗਾ। ਅਸਲ ਜੀਵਨ ਰਾਹੀਂ, ਅਤੇ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਕਰਕੇ, ਲੋਕ ਪਰਮੇਸ਼ੁਰ ਦੀ ਮਨੋਹਰਤਾ ਨੂੰ ਵੇਖਣ ਦੇ ਯੋਗ ਹੁੰਦੇ ਹਨ, ਅਤੇ ਜੇ ਉਨ੍ਹਾਂ ਨੇ ਪਰਮੇਸ਼ੁਰ ਦੇ ਪਿਆਰ ਦਾ ਸੁਆਦ ਚੱਖਿਆ ਹੈ ਸਿਰਫ਼ ਤਾਂ ਹੀ ਉਹ ਉਸ ਨੂੰ ਸੱਚਮੁੱਚ ਪਿਆਰ ਕਰ ਸਕਦੇ ਹਨ।

ਤੂੰ ਸੱਚਾਈ ਨੂੰ ਜਿੰਨਾ ਜ਼ਿਆਦਾ ਅਮਲ ਵਿੱਚ ਲਿਆਉਂਦਾ ਹੈਂ, ਤੂੰ ਓਨਾ ਹੀ ਜ਼ਿਆਦਾ ਸੱਚਾਈ ਨੂੰ ਧਾਰਨ ਕਰਦਾ ਹੈਂ; ਤੂੰ ਸੱਚਾਈ ਨੂੰ ਜਿੰਨਾ ਜ਼ਿਆਦਾ ਅਮਲ ਵਿੱਚ ਲਿਆਉਂਦਾ ਹੈਂ, ਤੇਰੇ ਕੋਲ ਪਰਮੇਸ਼ੁਰ ਦਾ ਪਿਆਰ ਓਨਾ ਹੀ ਜ਼ਿਆਦਾ ਹੁੰਦਾ ਹੈ; ਅਤੇ ਤੂੰ ਸੱਚਾਈ ਨੂੰ ਜਿੰਨਾ ਜ਼ਿਆਦਾ ਅਮਲ ਵਿੱਚ ਲਿਆਉਂਦਾ ਹੈਂ, ਤੈਨੂੰ ਪਰਮੇਸ਼ੁਰ ਦੁਆਰਾ ਓਨੀ ਹੀ ਜ਼ਿਆਦਾ ਅਸੀਸ ਮਿਲਦੀ ਹੈ। ਜੇ ਤੂੰ ਹਮੇਸ਼ਾ ਇਸ ਢੰਗ ਨਾਲ ਅਮਲ ਕਰਦਾ ਹੈਂ, ਤਾਂ ਤੇਰੇ ਲਈ ਪਰਮੇਸ਼ੁਰ ਦਾ ਪਿਆਰ ਤੈਨੂੰ ਸਹਿਜੇ-ਸਹਿਜੇ ਬਿਲਕੁਲ ਉਸੇ ਤਰ੍ਹਾਂ ਵੇਖਣ ਦੇ ਯੋਗ ਬਣਾ ਦੇਵੇਗਾ, ਜਿਵੇਂ ਪਤਰਸ ਨੇ ਪਰਮੇਸ਼ੁਰ ਨੂੰ ਜਾਣਿਆ: ਪਤਰਸ ਨੇ ਕਿਹਾ ਕਿ ਪਰਮੇਸ਼ੁਰ ਕੋਲ ਨਾ ਸਿਰਫ਼ ਅਕਾਸ਼, ਧਰਤੀ ਅਤੇ ਸਭ ਵਸਤਾਂ ਨੂੰ ਸਿਰਜਣ ਦੀ ਬੁੱਧ ਹੈ, ਪਰ, ਇਸ ਤੋਂ ਇਲਾਵਾ, ਇਹ ਕਿ ਉਸ ਕੋਲ ਲੋਕਾਂ ਵਿੱਚ ਅਸਲ ਕੰਮ ਕਰਨ ਦੀ ਵੀ ਬੁੱਧ ਹੈ। ਪਤਰਸ ਨੇ ਕਿਹਾ ਕਿ ਪਰਮੇਸ਼ੁਰ ਨਾ ਸਿਰਫ਼ ਅਕਾਸ਼, ਧਰਤੀ ਅਤੇ ਸਭ ਵਸਤਾਂ ਨੂੰ ਸਿਰਜਣ ਕਰਕੇ ਲੋਕਾਂ ਦੇ ਪਿਆਰ ਦੇ ਯੋਗ ਹੈ, ਸਗੋਂ, ਇਸ ਤੋਂ ਇਲਾਵਾ, ਮਨੁੱਖ ਦੀ ਸਿਰਜਣਾ ਕਰਨ, ਮਨੁੱਖ ਨੂੰ ਬਚਾਉਣ, ਮਨੁੱਖ ਨੂੰ ਸਿੱਧ ਬਣਾਉਣ, ਅਤੇ ਆਪਣੇ ਪਿਆਰ ਨੂੰ ਮਨੁੱਖ ਦੇ ਹਵਾਲੇ ਕਰਨ ਦੀ ਉਸ ਦੀ ਯੋਗਤਾ ਕਰਕੇ ਵੀ ਹੈ। ਇਸ ਤਰ੍ਹਾਂ, ਪਤਰਸ ਨੇ ਇਹ ਵੀ ਕਿਹਾ ਕਿ ਪਰਮੇਸ਼ੁਰ ਦੇ ਵਿੱਚ ਅਜਿਹਾ ਬਹੁਤ ਕੁਝ ਹੈ ਜੋ ਮਨੁੱਖ ਦੇ ਪਿਆਰ ਦੇ ਯੋਗ ਹੈ। ਪਤਰਸ ਨੇ ਯਿਸੂ ਨੂੰ ਕਿਹਾ: “ਕੀ ਅਕਾਸ਼, ਧਰਤੀ ਅਤੇ ਸਭ ਵਸਤਾਂ ਨੂੰ ਸਿਰਜਣਾ ਹੀ ਇੱਕਮਾਤਰ ਕਾਰਨ ਹੈ ਜਿਸ ਕਰਕੇ ਤੂੰ ਲੋਕਾਂ ਦੇ ਪਿਆਰ ਦਾ ਹੱਕਦਾਰ ਹੈਂ? ਤੇਰੇ ਵਿੱਚ ਹੋਰ ਬਹੁਤ ਕੁਝ ਹੈ ਜੋ ਪਿਆਰ ਕਰਨਯੋਗ ਹੈ। ਤੂੰ ਅਸਲ ਜੀਵਨ ਵਿੱਚ ਕੰਮ ਕਰਦਾ ਅਤੇ ਮਨਾਂ ’ਤੇ ਪ੍ਰਭਾਵ ਪਾਉਂਦਾ ਹੈਂ, ਤੇਰਾ ਆਤਮਾ ਮੈਨੂੰ ਅੰਦਰ ਤੱਕ ਛੂੰਹਦਾ ਹੈ, ਤੂੰ ਮੈਨੂੰ ਤਾੜਨਾ ਦਿੰਦਾ ਹੈਂ, ਤੂੰ ਮੈਨੂੰ ਝਿੜਕਦਾ ਹੈਂ—ਇਹ ਚੀਜ਼ਾਂ ਲੋਕਾਂ ਦੇ ਪਿਆਰ ਦੇ ਹੋਰ ਵੀ ਵੱਧ ਯੋਗ ਹਨ।” ਜੇ ਤੂੰ ਪਰਮੇਸ਼ੁਰ ਦੇ ਪਿਆਰ ਨੂੰ ਵੇਖਣਾ ਅਤੇ ਅਨੁਭਵ ਕਰਨਾ ਚਾਹੁੰਦਾ ਹੈਂ, ਤਾਂ ਤੈਨੂੰ ਲਾਜ਼ਮੀ ਤੌਰ ’ਤੇ ਅਸਲ ਜੀਵਨ ਵਿੱਚ ਪੜਤਾਲ ਅਤੇ ਭਾਲ ਕਰਨੀ ਪਵੇਗੀ ਅਤੇ ਆਪਣੇ ਸਰੀਰ ਨੂੰ ਇੱਕ ਪਾਸੇ ਰੱਖਣ ਲਈ ਜ਼ਰੂਰ ਤਿਆਰ ਹੋਣਾ ਪਵੇਗਾ। ਤੈਨੂੰ ਇਹ ਨਿਸ਼ਚਾ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਤੂੰ ਇੱਕ ਅਜਿਹੇ ਨਿਸ਼ਚੇ ਵਾਲਾ ਵਿਅਕਤੀ ਹੋਵੇਂ ਜੋ ਆਲਸ ਜਾਂ ਸਰੀਰਕ ਅਨੰਦ ਦੀਆਂ ਚੀਜ਼ਾਂ ਦਾ ਲਾਲਚ ਕੀਤੇ ਬਗੈਰ, ਸਰੀਰ ਲਈ ਨਹੀਂ ਬਲਕਿ ਪਰਮੇਸ਼ੁਰ ਦੇ ਲਈ ਜੀਉਂਦੇ ਹੋਏ, ਹਰ ਚੀਜ਼ ਵਿੱਚ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਦੇ ਯੋਗ ਹੈ। ਕਈ ਵਾਰ ਸ਼ਾਇਦ ਅਜਿਹਾ ਹੋ ਸਕਦਾ ਹੈ ਜਦੋਂ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਨਹੀਂ ਕਰਦਾ ਹੈਂ। ਅਜਿਹਾ ਇਸ ਕਰਕੇ ਹੈ ਕਿਉਂਕਿ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਨਹੀਂ ਸਮਝਦਾ; ਅਗਲੀ ਵਾਰ, ਹਾਲਾਂਕਿ ਇਸ ਵਿੱਚ ਵਧੇਰੇ ਮਿਹਨਤ ਕਰਨੀ ਪਵੇਗੀ, ਪਰ ਇਹ ਜ਼ਰੂਰੀ ਹੈ ਕਿ ਤੂੰ ਸਰੀਰ ਨੂੰ ਨਹੀਂ ਬਲਕਿ ਉਸ ਨੂੰ ਸੰਤੁਸ਼ਟ ਕਰੇਂ। ਜਦੋਂ ਤੂੰ ਇਸ ਢੰਗ ਨਾਲ ਅਨੁਭਵ ਕਰੇਂਗਾ, ਤਾਂ ਤੂੰ ਪਰਮੇਸ਼ੁਰ ਨੂੰ ਜਾਣ ਚੁੱਕਾ ਹੋਵੇਂਗਾ। ਤੈਨੂੰ ਵਿਖਾਈ ਦੇਵੇਗਾ ਕਿ ਪਰਮੇਸ਼ੁਰ ਅਕਾਸ਼, ਧਰਤੀ ਅਤੇ ਸਭ ਵਸਤਾਂ ਦੀ ਸਿਰਜਣਾ ਕਰ ਸਕਦਾ ਹੈ, ਕਿ ਉਹ ਦੇਹਧਾਰੀ ਬਣ ਗਿਆ ਹੈ ਤਾਂ ਜੋ ਲੋਕ ਅਸਲ ਵਿੱਚ ਉਸ ਨੂੰ ਵੇਖ ਸਕਣ ਅਤੇ ਅਸਲ ਵਿੱਚ ਉਸ ਨਾਲ ਜੁੜ ਸਕਣ; ਤੈਨੂੰ ਵਿਖਾਈ ਦੇਵੇਗਾ ਕਿ ਉਹ ਮਨੁੱਖਾਂ ਵਿਚਕਾਰ ਤੁਰਨ ਦੇ ਯੋਗ ਹੈ, ਅਤੇ ਇਹ ਕਿ ਉਸ ਦਾ ਆਤਮਾ ਲੋਕਾਂ ਨੂੰ ਅਸਲ ਜੀਵਨ ਵਿੱਚ ਸਿੱਧ ਬਣਾ ਸਕਦਾ ਹੈ, ਤਾਂ ਜੋ ਉਹ ਉਸ ਦੀ ਮਨੋਹਰਤਾ ਨੂੰ ਵੇਖ ਸਕਣ ਅਤੇ ਉਸ ਦੀ ਤਾੜਨਾ, ਉਸ ਦੇ ਸੁਧਾਰ, ਅਤੇ ਉਸ ਦੀਆਂ ਅਸੀਸਾਂ ਦਾ ਅਨੁਭਵ ਕਰ ਸਕਣ। ਜੇ ਤੂੰ ਹਮੇਸ਼ਾ ਇਸੇ ਢੰਗ ਨਾਲ ਅਨੁਭਵ ਕਰੇਂਗਾ, ਤਾਂ ਅਸਲ ਜੀਵਨ ਵਿੱਚ ਤੂੰ ਪਰਮੇਸ਼ੁਰ ਤੋਂ ਅੱਡ ਨਾ ਹੋਣ ਯੋਗ ਹੋਵੇਂਗਾ, ਅਤੇ ਜੇ ਇੱਕ ਦਿਨ ਪਰਮੇਸ਼ੁਰ ਨਾਲ ਤੇਰਾ ਸੰਬੰਧ ਸੁਭਾਵਕ ਨਹੀਂ ਰਹਿ ਜਾਂਦਾ, ਤਾਂ ਤੂੰ ਨਿੰਦਿਆ ਝੱਲਣ ਅਤੇ ਪਛਤਾਵਾ ਮਹਿਸੂਸ ਕਰਨ ਦੇ ਯੋਗ ਹੋਵੇਂਗਾ। ਜਦੋਂ ਪਰਮੇਸ਼ੁਰ ਨਾਲ ਤੇਰਾ ਸੰਬੰਧ ਸੁਭਾਵਕ ਹੋਵੇਗਾ, ਤਾਂ ਤੂੰ ਕਦੇ ਵੀ ਪਰਮੇਸ਼ੁਰ ਨੂੰ ਛੱਡਣਾ ਨਹੀਂ ਚਾਹੇਂਗਾ, ਅਤੇ ਜੇ ਇੱਕ ਦਿਨ ਪਰਮੇਸ਼ੁਰ ਕਹਿੰਦਾ ਹੈ ਕਿ ਉਹ ਤੈਨੂੰ ਛੱਡ ਜਾਵੇਗਾ, ਤਾਂ ਤੂੰ ਡਰ ਜਾਵੇਂਗਾ ਅਤੇ ਇਹ ਕਹੇਂਗਾ ਕਿ ਤੂੰ ਪਰਮੇਸ਼ੁਰ ਦੁਆਰਾ ਛੱਡ ਕੇ ਚਲੇ ਜਾਣ ਦੀ ਬਜਾਏ ਮਰ ਜਾਵੇਂਗਾ। ਜਿਉਂ ਹੀ ਤੇਰੇ ਕੋਲ ਇਹ ਭਾਵਨਾਵਾਂ ਹੋਣਗੀਆਂ, ਤੂੰ ਮਹਿਸੂਸ ਕਰੇਂਗਾ ਕਿ ਤੂੰ ਪਰਮੇਸ਼ੁਰ ਨੂੰ ਛੱਡਣ ਵਿੱਚ ਅਸਮਰਥ ਹੈਂ, ਅਤੇ ਇਸ ਤਰੀਕੇ ਨਾਲ, ਤੇਰੀ ਇੱਕ ਬੁਨਿਆਦ ਹੋਵੇਗੀ, ਅਤੇ ਤੂੰ ਸੱਚਮੁੱਚ ਪਰਮੇਸ਼ੁਰ ਦੇ ਪਿਆਰ ਦਾ ਅਨੰਦ ਮਾਣੇਂਗਾ।

ਲੋਕ ਅਕਸਰ ਗੱਲ ਕਰਦੇ ਹਨ ਕਿ ਉਹਨਾਂ ਨੇ ਪਰਮੇਸ਼ੁਰ ਨੂੰ ਆਪਣਾ ਜੀਵਨ ਬਣਨ ਦਿੱਤਾ ਹੈ, ਪਰ ਉਨ੍ਹਾਂ ਦਾ ਅਨੁਭਵ ਅਜੇ ਵੀ ਉਸ ਦਰਜੇ ਤੱਕ ਨਹੀਂ ਪਹੁੰਚਿਆ ਹੈ। ਤੂੰ ਸਿਰਫ਼ ਇਹ ਕਹਿ ਰਿਹਾ ਹੈਂ ਕਿ ਪਰਮੇਸ਼ੁਰ ਤੇਰਾ ਜੀਵਨ ਹੈ, ਕਿ ਉਹ ਹਰ ਰੋਜ਼ ਤੇਰੀ ਅਗਵਾਈ ਕਰਦਾ ਹੈ, ਕਿ ਤੂੰ ਹਰ ਰੋਜ਼ ਉਸ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਹੈਂ, ਅਤੇ ਇਹ ਕਿ ਤੂੰ ਹਰ ਰੋਜ਼ ਉਸ ਅੱਗੇ ਪ੍ਰਾਰਥਨਾ ਕਰਦਾ ਹੈਂ, ਇੰਝ ਉਹ ਤੇਰਾ ਜੀਵਨ ਬਣ ਗਿਆ ਹੈ। ਜੋ ਇਹ ਗੱਲ ਕਹਿੰਦੇ ਹਨ ਉਹਨਾਂ ਦਾ ਗਿਆਨ ਬੜਾ ਸਤਹੀ ਹੁੰਦਾ ਹੈ। ਬਹੁਤ ਸਾਰੇ ਲੋਕਾਂ ਦੀ ਕੋਈ ਬੁਨਿਆਦ ਨਹੀਂ ਹੁੰਦੀ; ਪਰਮੇਸ਼ੁਰ ਦੇ ਵਚਨ ਉਨ੍ਹਾਂ ਵਿੱਚ ਬੀਜੇ ਜਾ ਚੁੱਕੇ ਹਨ, ਪਰ ਉਨ੍ਹਾਂ ਨੇ ਅਜੇ ਪੁੰਗਰਨਾ ਹੈ, ਉਨ੍ਹਾਂ ਨੂੰ ਕੋਈ ਫਲ ਲੱਗਣਾ ਤਾਂ ਅਜੇ ਦੂਰ ਦੀ ਗੱਲ ਹੈ। ਅੱਜ, ਤੂੰ ਕਿਸ ਹੱਦ ਤੱਕ ਅਨੁਭਵ ਕੀਤਾ ਹੈ? ਸਿਰਫ਼ ਹੁਣ, ਜਦੋਂ ਪਰਮੇਸ਼ੁਰ ਨੇ ਤੈਨੂੰ ਇੱਥੇ ਤੱਕ ਆਉਣ ਲਈ ਮਜਬੂਰ ਕਰ ਦਿੱਤਾ ਹੈ, ਕੀ ਤੂੰ ਇਹ ਮਹਿਸੂਸ ਕਰਦਾ ਹੈਂ ਕਿ ਤੂੰ ਪਰਮੇਸ਼ੁਰ ਨੂੰ ਛੱਡ ਨਹੀਂ ਸਕਦਾ। ਇੱਕ ਦਿਨ, ਜਦੋਂ ਤੇਰਾ ਅਨੁਭਵ ਕਿਸੇ ਵਿਸ਼ੇਸ਼ ਦਰਜੇ ਤੱਕ ਪਹੁੰਚ ਚੁੱਕਾ ਹੋਵੇਗਾ, ਜੇ ਪਰਮੇਸ਼ੁਰ ਤੈਨੂੰ ਛੱਡ ਕੇ ਜਾਣ ਦੇਵੇ, ਤਾਂ ਤੂੰ ਅਜਿਹਾ ਕਰਨ ਦੇ ਯੋਗ ਨਹੀਂ ਹੋਵੇਂਗਾ। ਤੂੰ ਹਮੇਸ਼ਾ ਇਹ ਮਹਿਸੂਸ ਕਰੇਂਗਾ ਕਿ ਤੂੰ ਆਪਣੇ ਅੰਦਰ ਪਰਮੇਸ਼ੁਰ ਤੋਂ ਬਿਨਾ ਨਹੀਂ ਰਹਿ ਸਕਦਾ; ਤੂੰ ਪਤੀ, ਪਤਨੀ, ਜਾਂ ਬੱਚਿਆਂ ਤੋਂ ਬਗੈਰ, ਪਰਿਵਾਰ ਤੋਂ ਬਗੈਰ, ਮਾਤਾ ਜਾਂ ਪਿਤਾ ਤੋਂ ਬਗੈਰ, ਸਰੀਰ ਦੇ ਅਨੰਦ ਤੋਂ ਬਗੈਰ ਤਾਂ ਰਹਿ ਸਕਦਾ ਹੈਂ, ਪਰ ਤੂੰ ਪਰਮੇਸ਼ੁਰ ਤੋਂ ਬਗੈਰ ਨਹੀਂ ਰਹਿ ਸਕਦਾ। ਪਰਮੇਸ਼ੁਰ ਤੋਂ ਬਗੈਰ ਰਹਿਣਾ ਆਪਣਾ ਜੀਵਨ ਗੁਆ ਦੇਣ ਵਰਗਾ ਹੋਵੇਗਾ; ਤੂੰ ਪਰਮੇਸ਼ੁਰ ਦੇ ਬਗੈਰ ਜੀਅ ਨਹੀਂ ਸਕੇਂਗਾ। ਜਦੋਂ ਤੂੰ ਇਸ ਪੱਧਰ ਤੱਕ ਅਨੁਭਵ ਕਰ ਚੁੱਕਾ ਹੋਵੇਂਗਾ, ਤਾਂ ਤੂੰ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਵਿੱਚ ਸਫ਼ਲ ਹੋ ਚੁੱਕਾ ਹੋਵੇਂਗਾ, ਅਤੇ ਇਸ ਤਰ੍ਹਾਂ, ਪਰਮੇਸ਼ੁਰ ਤੇਰਾ ਜੀਵਨ ਬਣ ਚੁੱਕਾ ਹੋਵੇਗਾ, ਉਹ ਤੇਰੀ ਹੋਂਦ ਦੀ ਨੀਂਹ ਬਣ ਚੁੱਕਾ ਹੋਵੇਗਾ। ਤੂੰ ਫੇਰ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਛੱਡ ਸਕੇਂਗਾ। ਜਦੋਂ ਤੈਨੂੰ ਇਸ ਹੱਦ ਤੱਕ ਅਨੁਭਵ ਹੋ ਜਾਵੇਗਾ, ਤਾਂ ਤੂੰ ਸੱਚਮੁੱਚ ਪਰਮੇਸ਼ੁਰ ਦੇ ਪਿਆਰ ਦਾ ਅਨੰਦ ਮਾਣਿਆ ਹੋਵੇਗਾ, ਅਤੇ ਜਦੋਂ ਤੇਰਾ ਪਰਮੇਸ਼ੁਰ ਨਾਲ ਐਨਾ ਨੇੜਤਾ ਵਾਲਾ ਸੰਬੰਧ ਹੋਵੇਗਾ, ਤਾਂ ਉਹ ਤੇਰਾ ਜੀਵਨ, ਤੇਰਾ ਪਿਆਰ ਹੋਵੇਗਾ, ਅਤੇ ਉਸ ਸਮੇਂ ਤੂੰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਂਗਾ ਅਤੇ ਕਹੇਂਗਾ: “ਹੇ ਪਰਮੇਸ਼ੁਰ! ਮੈਂ ਤੈਨੂੰ ਨਹੀਂ ਛੱਡ ਸਕਦਾ। ਤੂੰ ਮੇਰਾ ਜੀਵਨ ਹੈਂ। ਮੈਂ ਹਰ ਚੀਜ਼ ਤੋਂ ਬਿਨਾ ਰਹਿ ਸਕਦਾ ਹਾਂ—ਪਰ ਤੇਰੇ ਬਿਨਾਂ, ਮੈਂ ਜੀਉਂਦਾ ਨਹੀਂ ਰਹਿ ਸਕਦਾ।” ਇਹ ਲੋਕਾਂ ਦਾ ਅਸਲ ਰੁਤਬਾ ਹੈ; ਇਹੀ ਅਸਲ ਜੀਵਨ ਹੈ। ਕੁਝ ਲੋਕਾਂ ਨੂੰ ਇੱਥੇ ਤੱਕ ਆਉਣ ਲਈ ਮਜਬੂਰ ਕੀਤਾ ਗਿਆ ਹੈ ਜਿੱਥੇ ਉਹ ਅੱਜ ਹਨ: ਉਨ੍ਹਾਂ ਨੂੰ ਅੱਗੇ ਚੱਲਣਾ ਪੈਂਦਾ ਹੈ ਭਾਵੇਂ ਉਹ ਚਾਹੁਣ ਜਾਂ ਨਾ, ਅਤੇ ਉਹ ਹਮੇਸ਼ਾ ਇੰਝ ਮਹਿਸੂਸ ਕਰਦੇ ਹਨ ਜਿਵੇਂ ਇੱਕ ਪਾਸੇ ਖੱਡਾ ਹੋਵੇ ਤੇ ਦੂਜੇ ਪਾਸੇ ਖਾਈ। ਤੈਨੂੰ ਅਜਿਹਾ ਅਨੁਭਵ ਕਰਨਾ ਲਾਜ਼ਮੀ ਹੈ ਕਿ ਜਿਵੇਂ ਪਰਮੇਸ਼ੁਰ ਹੀ ਤੇਰਾ ਜੀਵਨ ਹੈ, ਇਸ ਹੱਦ ਤੱਕ ਕਿ ਜੇ ਪਰਮੇਸ਼ੁਰ ਨੂੰ ਤੇਰੇ ਮਨ ਤੋਂ ਦੂਰ ਕਰ ਦਿੱਤਾ ਜਾਵੇ, ਤਾਂ ਇਹ ਆਪਣਾ ਜੀਵਨ ਗੁਆ ਦੇਣ ਵਰਗਾ ਹੋਵੇਗਾ; ਪਰਮੇਸ਼ੁਰ ਹੀ ਜ਼ਰੂਰ ਤੇਰਾ ਜੀਵਨ ਹੋਣਾ ਚਾਹੀਦਾ ਹੈ, ਅਤੇ ਤੂੰ ਉਸ ਨੂੰ ਛੱਡਣ ਵਿੱਚ ਲਾਜ਼ਮੀ ਤੌਰ ’ਤੇ ਅਸਮਰਥ ਹੋਣਾ ਚਾਹੀਦਾ ਹੈਂ। ਇਸ ਤਰੀਕੇ ਨਾਲ, ਤੂੰ ਅਸਲ ਵਿੱਚ ਪਰਮੇਸ਼ੁਰ ਨੂੰ ਅਨੁਭਵ ਕੀਤਾ ਹੋਵੇਗਾ, ਅਤੇ ਇਸ ਸਮੇਂ, ਜਦੋਂ ਤੂੰ ਪਰਮੇਸ਼ੁਰ ਨੂੰ ਪਿਆਰ ਕਰੇਂਗਾ, ਤਾਂ ਤੂੰ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰੇਂਗਾ, ਅਤੇ ਇਹ ਇੱਕ ਅਨੋਖਾ, ਸ਼ੁੱਧ ਪਿਆਰ ਹੋਵੇਗਾ। ਇੱਕ ਦਿਨ, ਜਦੋਂ ਤੇਰੇ ਅਨੁਭਵ ਅਜਿਹੇ ਹੋਣਗੇ ਕਿ ਤੇਰਾ ਜੀਵਨ ਇੱਕ ਅਜਿਹੇ ਮੁਕਾਮ ’ਤੇ ਪਹੁੰਚ ਜਾਵੇਗਾ, ਜਦੋਂ ਤੂੰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਂਗਾ, ਅਤੇ ਪਰਮੇਸ਼ੁਰ ਦੇ ਵਚਨਾਂ ਨੂੰ ਖਾਵੇਂਗਾ ਅਤੇ ਪੀਵੇਂਗਾ, ਤਾਂ ਤੂੰ ਪਰਮੇਸ਼ੁਰ ਨੂੰ ਅੰਦਰੋਂ ਛੱਡ ਸਕਣ ਵਿੱਚ ਅਸਮਰਥ ਹੋਵੇਂਗਾ, ਅਤੇ ਨਾ ਹੀ ਤੂੰ ਉਸ ਨੂੰ ਚਾਹ ਕੇ ਵੀ ਭੁੱਲ ਸਕੇਂਗਾ। ਪਰਮੇਸ਼ੁਰ ਤੇਰਾ ਜੀਵਨ ਬਣ ਚੁੱਕਾ ਹੋਵੇਗਾ; ਤੂੰ ਦੁਨੀਆਂ ਨੂੰ ਭੁੱਲ ਸਕਦਾ ਹੈਂ, ਤੂੰ ਆਪਣੀ ਪਤਨੀ, ਪਤੀ, ਜਾਂ ਬੱਚਿਆਂ ਨੂੰ ਭੁੱਲ ਸਕਦਾ ਹੈਂ, ਪਰ ਤੈਨੂੰ ਪਰਮੇਸ਼ੁਰ ਨੂੰ ਭੁੱਲਣਾ ਮੁਸ਼ਕਲ ਹੋਵੇਗਾ—ਅਜਿਹਾ ਕਰਨਾ ਅਸੰਭਵ ਹੋਵੇਗਾ, ਇਹ ਤੇਰਾ ਸੱਚਾ ਜੀਵਨ ਅਤੇ ਪਰਮੇਸ਼ੁਰ ਲਈ ਤੇਰਾ ਸੱਚਾ ਪਿਆਰ ਹੈ। ਜਦੋਂ ਲੋਕਾਂ ਦਾ ਪਰਮੇਸ਼ੁਰ ਲਈ ਪਿਆਰ ਕਿਸੇ ਖਾਸ ਦਰਜੇ ’ਤੇ ਪਹੁੰਚ ਚੁੱਕਾ ਹੋਵੇ, ਤਾਂ ਕਿਸੇ ਵੀ ਹੋਰ ਚੀਜ਼ ਦੇ ਲਈ ਉਹਨਾਂ ਦਾ ਪਿਆਰ ਪਰਮੇਸ਼ੁਰ ਲਈ ਉਹਨਾਂ ਦੇ ਪਿਆਰ ਦੇ ਬਰਾਬਰ ਨਹੀਂ ਹੁੰਦਾ; ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਪਹਿਲਾਂ ਆਉਂਦਾ ਹੈ। ਇਸ ਤਰੀਕੇ ਨਾਲ ਤੁਸੀਂ ਹੋਰ ਸਭ ਕੁਝ ਛੱਡਣ ਦੇ ਯੋਗ ਹੁੰਦੇ ਹੋ, ਅਤੇ ਪਰਮੇਸ਼ੁਰ ਦੁਆਰਾ ਹਰ ਤਰ੍ਹਾਂ ਨਾਲ ਸੁਧਾਰੇ ਜਾਣ ਅਤੇ ਛੰਗਾਈ ਨੂੰ ਸਵੀਕਾਰ ਕਰਨ ਲਈ ਤਿਆਰ ਹੁੰਦੇ ਹੋ। ਜਦੋਂ ਤੂੰ ਉਸ ਪੱਧਰ ਤੱਕ ਪਰਮੇਸ਼ੁਰ ਦੇ ਲਈ ਪਿਆਰ ਪ੍ਰਾਪਤ ਕਰ ਲਿਆ ਹੋਵੇ ਜੋ ਬਾਕੀ ਸਭ ਕੁਝ ਨੂੰ ਪਛਾੜ ਦਿੰਦਾ ਹੈ, ਤਾਂ ਤੂੰ ਅਸਲੀਅਤ ਵਿੱਚ ਅਤੇ ਪਰਮੇਸ਼ੁਰ ਦੇ ਪਿਆਰ ਵਿੱਚ ਜੀਵੇਂਗਾ।

ਜਿਉਂ ਹੀ ਪਰਮੇਸ਼ੁਰ ਲੋਕਾਂ ਦੇ ਅੰਦਰ ਜੀਵਨ ਬਣ ਜਾਂਦਾ ਹੈ, ਲੋਕ ਪਰਮੇਸ਼ੁਰ ਨੂੰ ਛੱਡਣ ਦੇ ਅਯੋਗ ਹੋ ਜਾਂਦੇ ਹਨ। ਕੀ ਇਹ ਪਰਮੇਸ਼ੁਰ ਦਾ ਕੰਮ ਨਹੀਂ ਹੈ? ਇਸ ਤੋਂ ਵੱਡੀ ਗਵਾਹੀ ਹੋਰ ਕੋਈ ਨਹੀਂ! ਪਰਮੇਸ਼ੁਰ ਨੇ ਇੱਕ ਖਾਸ ਹੱਦ ਤੱਕ ਕੰਮ ਕੀਤਾ ਹੈ; ਉਸਨੇ ਲੋਕਾਂ ਤੋਂ ਸੇਵਾ ਕਰਨ, ਤਾੜਨਾ ਭੋਗਣ ਜਾਂ ਮਰਨ ਦੀ ਮੰਗ ਕੀਤੀ ਹੈ, ਅਤੇ ਲੋਕ ਪਿੱਛੇ ਨਹੀਂ ਹਟੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਜਿੱਤ ਲਿਆ ਹੈ। ਜਿਹਨਾਂ ਲੋਕਾਂ ਵਿੱਚ ਸੱਚਾਈ ਹੈ ਉਹ, ਉਹ ਹਨ ਜੋ ਆਪਣੇ ਅਸਲ ਅਨੁਭਵਾਂ ਵਿੱਚ, ਕਦੇ ਵੀ ਪਿੱਛੇ ਹਟੇ ਬਗੈਰ, ਆਪਣੀ ਗਵਾਹੀ ’ਤੇ ਦ੍ਰਿੜ ਰਹਿ ਸਕਦੇ ਹਨ, ਆਪਣੀ ਸਥਿਤੀ ’ਤੇ ਕਾਇਮ ਰਹਿ ਸਕਦੇ ਹਨ, ਪਰਮੇਸ਼ੁਰ ਦੇ ਹੱਕ ਵਿੱਚ ਖੜ੍ਹੇ ਹੋ ਸਕਦੇ ਹਨ, ਅਤੇ ਉਨ੍ਹਾਂ ਲੋਕਾਂ ਨਾਲ ਇੱਕ ਸਧਾਰਣ ਸੰਬੰਧ ਰੱਖ ਸਕਦੇ ਹਨ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਜੋ ਜਦੋਂ ਉਹਨਾਂ ਨਾਲ ਕੁਝ ਵਾਪਰਦਾ ਹੈ, ਤਾਂ ਪਰਮੇਸ਼ੁਰ ਦਾ ਪੂਰੀ ਤਰ੍ਹਾਂ ਨਾਲ ਆਗਿਆ ਪਾਲਣ ਕਰਨ ਦੇ ਯੋਗ ਹੁੰਦੇ ਹਨ, ਅਤੇ ਮੌਤ ਤੱਕ ਪਰਮੇਸ਼ੁਰ ਦਾ ਆਗਿਆ ਪਾਲਣ ਕਰ ਸਕਦੇ ਹਨ। ਅਸਲ ਜੀਵਨ ਵਿੱਚ ਤੇਰਾ ਅਮਲ ਅਤੇ ਪਰਕਾਸ਼ਨ ਪਰਮੇਸ਼ੁਰ ਦੀ ਗਵਾਹੀ ਹਨ, ਉਹ ਮਨੁੱਖ ਵੱਲੋਂ ਵਿਹਾਰ ਵਿੱਚ ਵਿਖਾਉਣਾ ਹਨ ਅਤੇ ਪਰਮੇਸ਼ੁਰ ਦੀ ਗਵਾਹੀ ਹਨ, ਅਤੇ ਇਹ ਸੱਚਮੁੱਚ ਪਰਮੇਸ਼ੁਰ ਦੇ ਪਿਆਰ ਦਾ ਅਨੰਦ ਮਾਣਨਾ ਹੈ; ਜਦੋਂ ਤੂੰ ਇਸ ਪੱਧਰ ਤੱਕ ਅਨੁਭਵ ਕਰ ਚੁੱਕਾ ਹੋਵੇਂਗਾ, ਤਾਂ ਇਸ ਦਾ ਉਚਿਤ ਅਸਰ ਹਾਸਲ ਹੋ ਚੁੱਕਾ ਹੋਵੇਗਾ। ਤੇਰੇ ਅੰਦਰ ਇਹ ਹੈ ਕਿ ਤੂੰ ਅਸਲ ਵਿੱਚ ਆਪਣੇ ਜੀਉਣ ਤੋਂ ਪਰਗਟ ਕਰੇਂ ਅਤੇ ਤੇਰੇ ਹਰ ਕੰਮ ਨੂੰ ਦੂਜਿਆਂ ਦੁਆਰਾ ਪ੍ਰਸ਼ੰਸਾ ਨਾਲ ਵੇਖਿਆ ਜਾਂਦਾ ਹੈ। ਤੇਰਾ ਪਹਿਰਾਵਾ ਅਤੇ ਬਾਹਰੀ ਦਿੱਖ ਬਹੁਤ ਹੀ ਸਧਾਰਣ ਹਨ, ਪਰ ਤੂੰ ਬੇਹੱਦ ਪਵਿੱਤਰਤਾ ਵਾਲਾ ਜੀਵਨ ਵਿਹਾਰ ਵਿੱਚ ਵਿਖਾਉਂਦਾ ਹੈਂ, ਅਤੇ ਜਦੋਂ ਤੂੰ ਪਰਮੇਸ਼ੁਰ ਦੇ ਵਚਨਾਂ ਦੀਆਂ ਗੱਲਾਂ ਕਰਦਾ ਹੈਂ, ਤਾਂ ਤੈਨੂੰ ਉਸ ਦੁਆਰਾ ਅਗਵਾਈ ਅਤੇ ਚਾਨਣ ਮਿਲਦਾ ਹੈ। ਤੂੰ ਆਪਣੇ ਸ਼ਬਦਾਂ ਰਾਹੀਂ ਪਰਮੇਸ਼ੁਰ ਦੀ ਇੱਛਾ ਨੂੰ ਬੋਲਣ, ਅਸਲੀਅਤ ਦੀਆਂ ਗੱਲਾਂ ਕਰਨ ਦੇ ਯੋਗ ਹੈਂ, ਅਤੇ ਤੂੰ ਆਤਮਾ ਵਿੱਚ ਸੇਵਾ ਕਰਨ ਬਾਰੇ ਬਹੁਤ ਕੁਝ ਸਮਝਦਾ ਹੈਂ। ਤੂੰ ਆਪਣੀ ਬੋਲੀ ਵਿੱਚ ਸਪਸ਼ਟ ਹੈਂ, ਤੂੰ ਭਲਾਮਾਣਸ ਅਤੇ ਈਮਾਨਦਾਰ ਹੈਂ, ਅਤੇ ਝਗੜਾਲੂ ਨਹੀਂ ਹੈਂ ਅਤੇ ਸੱਭਿਅਕ ਹੈਂ, ਪਰਮੇਸ਼ੁਰ ਦੇ ਪ੍ਰਬੰਧਾਂ ਦਾ ਪਾਲਣ ਕਰਨ ਦੇ ਯੋਗ ਹੈਂ ਅਤੇ ਜਦੋਂ ਤੇਰੇ ਨਾਲ ਕੁਝ ਵਾਪਰਦਾ ਹੈ ਤਾਂ ਤੂੰ ਆਪਣੀ ਗਵਾਹੀ ਵਿੱਚ ਦ੍ਰਿੜ੍ਹ ਰਹਿੰਦਾ ਹੈਂ ਅਤੇ ਭਾਵੇਂ ਤੂੰ ਕਿਸੇ ਵੀ ਮਾਮਲੇ ਨਾਲ ਨਜਿੱਠ ਰਿਹਾ ਹੋਵੇਂ, ਤੂੰ ਸ਼ਾਂਤ ਅਤੇ ਅਡੋਲ ਰਹਿੰਦਾ ਹੈਂ। ਇਸ ਕਿਸਮ ਦੇ ਵਿਅਕਤੀ ਨੇ ਸੱਚਮੁੱਚ ਪਰਮੇਸ਼ੁਰ ਦਾ ਪਿਆਰ ਵੇਖਿਆ ਹੁੰਦਾ ਹੈ। ਕੁਝ ਲੋਕ ਅਜੇ ਵੀ ਜਵਾਨ ਹਨ, ਪਰ ਉਹ ਅਧੇੜ ਉਮਰ ਦੇ ਕਿਸੇ ਵਿਅਕਤੀ ਵਾਂਗ ਵਿਹਾਰ ਕਰਦੇ ਹਨ; ਉਹ ਸਿਆਣੇ ਹਨ, ਉਨ੍ਹਾਂ ਅੰਦਰ ਸੱਚਾਈ ਹੈ, ਅਤੇ ਦੂਜਿਆਂ ਦੁਆਰਾ ਸਰਾਹੇ ਜਾਂਦੇ ਹਨ—ਅਤੇ ਇਹੀ ਉਹ ਲੋਕ ਹਨ ਜਿਨ੍ਹਾਂ ਕੋਲ ਗਵਾਹੀ ਹੈ ਅਤੇ ਜੋ ਪਰਮੇਸ਼ੁਰ ਦਾ ਪ੍ਰਗਟਾਵਾ ਹਨ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਉਨ੍ਹਾਂ ਨੇ ਇੱਕ ਨਿਸ਼ਚਤ ਹੱਦ ਤੱਕ ਅਨੁਭਵ ਕਰ ਲਿਆ ਹੋਵੇਗਾ, ਤਾਂ ਉਨ੍ਹਾਂ ਦੇ ਅੰਦਰ ਪਰਮੇਸ਼ੁਰ ਪ੍ਰਤੀ ਇੱਕ ਸੋਝੀ ਹੋਵੇਗੀ, ਅਤੇ ਉਨ੍ਹਾਂ ਦਾ ਬਾਹਰਲਾ ਸੁਭਾਅ ਵੀ ਸਥਿਰ ਹੋ ਜਾਵੇਗਾ। ਬਹੁਤ ਸਾਰੇ ਲੋਕ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਅਤੇ ਆਪਣੀ ਗਵਾਹੀ ’ਤੇ ਕਾਇਮ ਨਹੀਂ ਰਹਿੰਦੇ। ਅਜਿਹੇ ਲੋਕਾਂ ਵਿੱਚ ਪਰਮੇਸ਼ੁਰ ਲਈ ਕੋਈ ਪਿਆਰ ਨਹੀਂ ਹੁੰਦਾ, ਜਾਂ ਪਰਮੇਸ਼ੁਰ ਲਈ ਗਵਾਹੀ ਨਹੀਂ ਹੁੰਦੀ, ਅਤੇ ਇਹੀ ਉਹ ਲੋਕ ਹੁੰਦੇ ਹਨ ਜੋ ਪਰਮੇਸ਼ੁਰ ਦੁਆਰਾ ਸਭ ਤੋਂ ਵੱਧ ਘਿਰਣਾਯੋਗ ਹੁੰਦੇ ਹਨ। ਉਹ ਇਕੱਠਾਂ ਵਿੱਚ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਦੇ ਹਨ, ਪਰ ਵਿਹਾਰ ਵਿੱਚ ਉਹ ਸ਼ਤਾਨ ਨੂੰ ਜੀਉਂਦੇ ਹਨ, ਅਤੇ ਇਹ ਪਰਮੇਸ਼ੁਰ ਦਾ ਅਪਮਾਨ ਕਰਨਾ, ਪਰਮੇਸ਼ੁਰ ਨੂੰ ਨਿੰਦਣਾ, ਅਤੇ ਪਰਮੇਸ਼ੁਰ ਦੀ ਬੇਅਦਬੀ ਕਰਨਾ ਹੈ। ਅਜਿਹੇ ਲੋਕਾਂ ਵਿੱਚ, ਪਰਮੇਸ਼ੁਰ ਲਈ ਪਿਆਰ ਦੀ ਕੋਈ ਵੀ ਨਿਸ਼ਾਨੀ ਨਹੀਂ ਹੁੰਦੀ, ਅਤੇ ਉਨ੍ਹਾਂ ਉੱਪਰ ਪਵਿੱਤਰ ਆਤਮਾ ਦਾ ਬਿਲਕੁਲ ਵੀ ਕੋਈ ਕੰਮ ਨਹੀਂ ਹੁੰਦਾ। ਇਸ ਲਈ, ਲੋਕਾਂ ਦੇ ਸ਼ਬਦ ਅਤੇ ਕੰਮ ਸ਼ਤਾਨ ਨੂੰ ਦਰਸਾਉਂਦੇ ਹਨ। ਜੇ ਤੇਰਾ ਮਨ ਪਰਮੇਸ਼ੁਰ ਦੇ ਸਨਮੁਖ ਹਮੇਸ਼ਾ ਸ਼ਾਂਤਮਈ ਹੁੰਦਾ ਹੈ, ਅਤੇ ਤੂੰ ਹਮੇਸ਼ਾ ਆਪਣੇ ਆਲੇ-ਦੁਆਲੇ ਦੇ ਲੋਕਾਂ ਅਤੇ ਚੀਜ਼ਾਂ ਵੱਲ, ਅਤੇ ਇਸ ਗੱਲ ਵੱਲ ਧਿਆਨ ਦਿੰਦਾ ਹੈਂ ਕਿ ਤੇਰੇ ਆਲੇ-ਦੁਆਲੇ ਕੀ ਵਾਪਰ ਰਿਹਾ ਹੈ, ਅਤੇ ਜੇ ਤੂੰ ਪਰਮੇਸ਼ੁਰ ਦੀ ਜ਼ਿੰਮੇਵਾਰੀ ਪ੍ਰਤੀ ਸਚੇਤ ਹੈਂ, ਅਤੇ ਤੇਰੇ ਕੋਲ ਹਮੇਸ਼ਾ ਇੱਕ ਅਜਿਹਾ ਮਨ ਹੈ ਜੋ ਪਰਮੇਸ਼ੁਰ ਲਈ ਸ਼ਰਧਾ ਰੱਖਦਾ ਹੈ, ਤਾਂ ਪਰਮੇਸ਼ੁਰ ਅਕਸਰ ਤੈਨੂੰ ਅੰਦਰੋਂ ਪ੍ਰਕਾਸ਼ਮਾਨ ਕਰੇਗਾ। ਕਲੀਸਿਯਾ ਵਿੱਚ ਕੁਝ ਲੋਕ ਹੁੰਦੇ ਹਨ ਜੋ “ਨਿਗਰਾਨ” ਹੁੰਦੇ ਹਨ: ਉਹ ਦੂਜਿਆਂ ਦੀਆਂ ਗਲਤੀਆਂ ਨੂੰ ਵੇਖਣਾ ਸ਼ੁਰੂ ਕਰਦੇ ਹਨ ਅਤੇ ਫੇਰ ਉਨ੍ਹਾਂ ਦੀ ਨਕਲ ਕਰਦੇ ਅਤੇ ਉਨ੍ਹਾਂ ਦੀ ਰਾਹ ’ਤੇ ਚੱਲਦੇ ਹਨ। ਉਹ ਵਖਰੇਵਾਂ ਕਰਨ ਵਿੱਚ ਅਸਮਰਥ ਹੁੰਦੇ ਹਨ, ਉਹ ਪਾਪ ਨੂੰ ਨਫ਼ਰਤ ਨਹੀਂ ਕਰਦੇ ਅਤੇ ਸ਼ਤਾਨ ਦੀਆਂ ਚੀਜ਼ਾਂ ਤੋਂ ਘਿਰਣਾ ਨਹੀਂ ਕਰਦੇ ਜਾਂ ਗਿਲਾਨੀ ਮਹਿਸੂਸ ਨਹੀਂ ਕਰਦੇ। ਅਜਿਹੇ ਲੋਕ ਸ਼ਤਾਨ ਦੀਆਂ ਚੀਜ਼ਾਂ ਨਾਲ ਭਰੇ ਹੁੰਦੇ ਹਨ, ਅਤੇ ਆਖਰਕਾਰ ਉਹਨਾਂ ਨੂੰ ਪਰਮੇਸ਼ੁਰ ਦੁਆਰਾ ਬਿਲਕੁਲ ਤਿਆਗ ਦਿੱਤਾ ਜਾਵੇਗਾ। ਤੇਰਾ ਮਨ ਪਰਮੇਸ਼ੁਰ ਅੱਗੇ ਹਮੇਸ਼ਾ ਸ਼ਰਧਾ ਭਰਿਆ ਹੋਣਾ ਚਾਹੀਦਾ ਹੈ, ਤੈਨੂੰ ਆਪਣੇ ਸ਼ਬਦਾਂ ਅਤੇ ਕੰਮਾਂ ਵਿੱਚ ਸੰਜਮੀ ਹੋਣਾ ਚਾਹੀਦਾ ਹੈ ਅਤੇ ਕਦੇ ਵੀ ਪਰਮੇਸ਼ੁਰ ਦਾ ਵਿਰੋਧ ਜਾਂ ਉਸ ਨੂੰ ਨਾਰਾਜ਼ ਕਰਨ ਦੀ ਇੱਛਾ ਨਹੀਂ ਹੋਣੀ ਚਾਹੀਦੀ। ਤੈਨੂੰ ਇਸ ਦੇ ਲਈ ਕਦੇ ਵੀ ਤਿਆਰ ਨਹੀਂ ਹੋਣਾ ਚਾਹੀਦਾ ਕਿ ਤੇਰੇ ਉੱਪਰ ਕੀਤਾ ਪਰਮੇਸ਼ੁਰ ਦਾ ਕੰਮ ਵਿਅਰਥ ਚਲਾ ਜਾਵੇ, ਜਾਂ ਉਹਨਾਂ ਸਾਰੀਆਂ ਮੁਸ਼ਕਲਾਂ ਨੂੰ, ਜਿਹੜੀਆਂ ਤੂੰ ਸਹਿਣ ਕੀਤੀਆਂ ਹਨ ਅਤੇ ਉਹ ਸਭ ਕੁਝ ਜੋ ਤੂੰ ਅਮਲ ਵਿੱਚ ਲਿਆਇਆ ਹੈਂ, ਕਦੇ ਅਸਫ਼ਲ ਨਹੀਂ ਹੋਣ ਦੇਣਾ ਚਾਹੀਦਾ। ਤੈਨੂੰ ਹੋਰ ਸਖਤ ਮਿਹਨਤ ਕਰਨ ਅਤੇ ਅਗਲੇਰੇ ਰਾਹ ’ਤੇ ਪਰਮੇਸ਼ੁਰ ਨੂੰ ਵਧੇਰੇ ਪਿਆਰ ਕਰਨ ਲਈ ਜ਼ਰੂਰ ਇੱਛੁਕ ਹੋਣਾ ਚਾਹੀਦਾ ਹੈ। ਇਹ ਉਹ ਲੋਕ ਹਨ ਜਿਨ੍ਹਾਂ ਦਾ ਦਰਸ਼ਣ ਉਹਨਾਂ ਦੀ ਨੀਂਹ ਵਾਂਗ ਹੁੰਦਾ ਹੈ। ਇਹੀ ਉਹ ਲੋਕ ਹਨ ਜੋ ਤਰੱਕੀ ਦੀ ਭਾਲ ਕਰਦੇ ਹਨ।

ਜੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਅਜਿਹੇ ਮਨ ਦੇ ਨਾਲ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਕਰਦੇ ਹਨ ਜਿਸ ਵਿੱਚ ਪਰਮੇਸ਼ੁਰ ਪ੍ਰਤੀ ਸ਼ਰਧਾ ਹੈ, ਤਾਂ ਅਜਿਹੇ ਲੋਕਾਂ ਵਿੱਚ ਪਰਮੇਸ਼ੁਰ ਦੀ ਮੁਕਤੀ ਅਤੇ ਪਰਮੇਸ਼ੁਰ ਦੇ ਪਿਆਰ ਨੂੰ ਵੇਖਿਆ ਜਾ ਸਕਦਾ ਹੈ। ਇਹ ਲੋਕ ਪਰਮੇਸ਼ੁਰ ਦੀ ਗਵਾਹੀ ਦੇਣ ਦੇ ਯੋਗ ਹੁੰਦੇ ਹਨ; ਉਹ ਸੱਚਾਈ ਨੂੰ ਵਿਹਾਰ ਵਿੱਚ ਜੀਉਂਦੇ ਹਨ, ਅਤੇ ਜਿਸ ਦੀ ਉਹ ਗਵਾਹੀ ਦਿੰਦੇ ਹਨ ਉਹ ਵੀ ਸੱਚਾਈ ਹੀ ਹੁੰਦੀ ਹੈ, ਅਰਥਾਤ ਪਰਮੇਸ਼ੁਰ ਕੀ ਹੈ ਅਤੇ ਪਰਮੇਸ਼ੁਰ ਦਾ ਸੁਭਾਅ। ਉਹ ਪਰਮੇਸ਼ੁਰ ਦੇ ਦੇ ਪਿਆਰ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੇ ਪਰਮੇਸ਼ੁਰ ਦੇ ਪਿਆਰ ਨੂੰ ਵੇਖਿਆ ਹੁੰਦਾ ਹੈ। ਜੇ ਲੋਕ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ ਪਰਮੇਸ਼ੁਰ ਦੀ ਮਨੋਹਰਤਾ ਦਾ ਸੁਆਦ ਚੱਖਣਾ ਅਤੇ ਪਰਮੇਸ਼ੁਰ ਦੀ ਮਨੋਹਰਤਾ ਨੂੰ ਵੇਖਣਾ ਚਾਹੀਦਾ ਹੈ; ਸਿਰਫ਼ ਉਦੋਂ ਹੀ ਉਹਨਾਂ ਵਿੱਚ ਇੱਕ ਅਜਿਹਾ ਮਨ ਜਾਗ ਸਕਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ, ਇੱਕ ਅਜਿਹਾ ਮਨ ਜੋ ਲੋਕਾਂ ਨੂੰ ਪਰਮੇਸ਼ੁਰ ਲਈ ਵਫ਼ਾਦਾਰੀ ਨਾਲ ਆਪਣੇ ਆਪ ਨੂੰ ਸੌਂਪ ਦੇਣ ਲਈ ਪ੍ਰੇਰਦਾ ਹੈ। ਪਰਮੇਸ਼ੁਰ ਲੋਕਾਂ ਨੂੰ ਵਚਨਾਂ ਅਤੇ ਪ੍ਰਗਟਾਵਿਆਂ ਰਾਹੀਂ ਜਾਂ ਉਨ੍ਹਾਂ ਦੀ ਕਲਪਨਾ ਰਾਹੀਂ ਉਸ ਨਾਲ ਪਿਆਰ ਨਹੀਂ ਕਰਵਾਉਂਦਾ, ਅਤੇ ਉਹ ਲੋਕਾਂ ਨੂੰ ਉਸ ਨਾਲ ਪਿਆਰ ਕਰਨ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਏ, ਉਹ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਉਸ ਨੂੰ ਪਿਆਰ ਕਰਨ ਦਿੰਦਾ ਹੈ, ਅਤੇ ਉਹ ਉਨ੍ਹਾਂ ਨੂੰ ਉਸਦੇ ਕੰਮ ਅਤੇ ਬਾਣੀਆਂ ਵਿੱਚ ਉਸ ਦੀ ਮਨੋਹਰਤਾ ਵੇਖਣ ਦਿੰਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਵਿੱਚ ਪਰਮੇਸ਼ੁਰ ਦੇ ਲਈ ਪਿਆਰ ਪੈਦਾ ਹੁੰਦਾ ਹੈ। ਸਿਰਫ਼ ਇਸ ਤਰੀਕੇ ਨਾਲ ਹੀ ਲੋਕ ਸੱਚਮੁੱਚ ਪਰਮੇਸ਼ੁਰ ਦੀ ਗਵਾਹੀ ਦੇ ਸਕਦੇ ਹਨ। ਲੋਕ ਪਰਮੇਸ਼ੁਰ ਨੂੰ ਇਸ ਕਰਕੇ ਪਿਆਰ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਦੂਜਿਆਂ ਦੁਆਰਾ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ, ਅਤੇ ਨਾ ਹੀ ਇਹ ਪਲ ਭਰ ਦੀ ਕੋਈ ਭਾਵਾਤਮਕ ਮਾਨਸਿਕ ਪ੍ਰੇਰਣਾ ਹੁੰਦੀ ਹੈ। ਉਹ ਪਰਮੇਸ਼ੁਰ ਨੂੰ ਇਸ ਲਈ ਪਿਆਰ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਉਸ ਦੀ ਮਨੋਹਰਤਾ ਨੂੰ ਵੇਖਿਆ ਹੈ, ਉਨ੍ਹਾਂ ਨੇ ਵੇਖਿਆ ਹੈ ਕਿ ਉਸ ਵਿੱਚ ਅਜਿਹਾ ਬਹੁਤ ਕੁਝ ਹੈ ਜੋ ਲੋਕਾਂ ਦੇ ਪਿਆਰ ਦੇ ਯੋਗ ਹੈ, ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਮੁਕਤੀ, ਬੁੱਧ ਅਤੇ ਅਚਰਜ ਕੰਮ ਵੇਖੇ ਹਨਅਤੇ ਨਤੀਜੇ ਵਜੋਂ, ਉਹ ਸੱਚਮੁੱਚ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ ਅਤੇ ਸੱਚਮੁੱਚ ਉਸ ਦੇ ਲਈ ਤਰਸਦੇ ਹਨ, ਅਤੇ ਉਨ੍ਹਾਂ ਅੰਦਰ ਇੱਕ ਅਜਿਹਾ ਜੋਸ਼ ਪੈਦਾ ਹੁੰਦਾ ਹੈ ਕਿ ਉਹ ਪਰਮੇਸ਼ੁਰ ਨੂੰ ਪ੍ਰਾਪਤ ਕੀਤੇ ਬਗੈਰ ਜੀਅ ਨਹੀਂ ਸਕਦੇ। ਜੋ ਲੋਕ ਸੱਚਮੁੱਚ ਪਰਮੇਸ਼ੁਰ ਦੀ ਗਵਾਹੀ ਦਿੰਦੇ ਹਨ, ਉਹ ਉਸ ਦੇ ਲਈ ਇੱਕ ਜ਼ਬਰਦਸਤ ਗਵਾਹੀ ਦੇਣ ਦੇ ਯੋਗ ਇਸ ਕਰਕੇ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਗਵਾਹੀ ਪਰਮੇਸ਼ੁਰ ਦੇ ਸੱਚੇ ਗਿਆਨ ਅਤੇ ਉਸ ਪ੍ਰਤੀ ਸੱਚੀ ਲਾਲਸਾ ਦੀ ਨੀਂਹ ’ਤੇ ਟਿਕੀ ਹੁੰਦੀ ਹੈ। ਅਜਿਹੀ ਗਵਾਹੀ ਕਿਸੇ ਭਾਵਨਾਤਮਕ ਮਾਨਸਿਕ ਪ੍ਰੇਰਣਾ ਦੇ ਅਨੁਸਾਰ ਨਹੀਂ ਦਿੱਤੀ ਜਾਂਦੀ, ਬਲਕਿ ਪਰਮੇਸ਼ੁਰ ਅਤੇ ਉਸਦੇ ਸੁਭਾਅ ਬਾਰੇ ਉਨ੍ਹਾਂ ਦੇ ਗਿਆਨ ਦੇ ਅਨੁਸਾਰ ਹੁੰਦੀ ਹੈ। ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਹੈ, ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਯਕੀਨਨ ਪਰਮੇਸ਼ੁਰ ਦੀ ਗਵਾਹੀ ਜ਼ਰੂਰ ਦੇਣੀ ਚਾਹੀਦੀ ਹੈ ਅਤੇ ਜੋ ਲੋਕ ਪਰਮੇਸ਼ੁਰ ਦੀ ਲਾਲਸਾ ਰੱਖਦੇ ਹਨ, ਉਹਨਾਂ ਸਾਰਿਆਂ ਨੂੰ ਪਰਮੇਸ਼ੁਰ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ, ਅਤੇ ਪਰਮੇਸ਼ੁਰ ਦੀ ਮਨੋਹਰਤਾ ਅਤੇ ਉਸਦੀ ਅਸਲੀਅਤ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਲੋਕਾਂ ਦੇ ਪਰਮੇਸ਼ੁਰ ਲਈ ਪਿਆਰ ਵਾਂਗ, ਉਨ੍ਹਾਂ ਦੀ ਗਵਾਹੀ ਵੀ ਸੁਭਾਵਕ ਹੀ ਹੁੰਦੀ ਹੈ; ਇਹ ਸੱਚੀ ਹੁੰਦੀ ਹੈ ਅਤੇ ਇਸਦੀ ਅਸਲ ਸਾਰਥਕਤਾ ਅਤੇ ਮਹੱਤਤਾ ਹੁੰਦੀ ਹੈ। ਇਹ ਨਕਾਰਾਤਮਕ ਜਾਂ ਖੋਖਲੀ ਅਤੇ ਅਰਥਹੀਣ ਨਹੀਂ ਹੁੰਦੀ। ਜੋ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਸਿਰਫ਼ ਉਹਨਾਂ ਦੇ ਜੀਵਨ ਵਿੱਚ ਹੀ ਸਭ ਤੋਂ ਵੱਧ ਮਹੱਤਵ ਅਤੇ ਅਰਥ ਇਸ ਕਰਕੇ ਹੁੰਦੇ ਹਨ, ਸਿਰਫ਼ ਉਹੀ ਪਰਮੇਸ਼ੁਰ ਵਿੱਚ ਸੱਚਮੁੱਚ ਵਿਸ਼ਵਾਸ ਇਸ ਕਰਕੇ ਕਰਦੇ ਹਨ, ਕਿਉਂਕਿ ਇਹ ਲੋਕ ਪਰਮੇਸ਼ੁਰ ਦੇ ਚਾਨਣ ਵਿੱਚ ਜੀਉਣ ਦੇ ਯੋਗ ਹੁੰਦੇ ਹਨ ਅਤੇ ਪਰਮੇਸ਼ੁਰ ਦੇ ਕੰਮ ਅਤੇ ਪ੍ਰਬੰਧਨ ਲਈ ਜੀਉਣ ਦੇ ਯੋਗ ਹੁੰਦੇ ਹਨ। ਅਜਿਹਾ ਇਸ ਕਰਕੇ ਹੈ ਕਿਉਂਕਿ ਉਹ ਹਨੇਰੇ ਵਿੱਚ ਨਹੀਂ ਜੀਉਂਦੇ, ਬਲਕਿ ਚਾਨਣ ਵਿੱਚ ਜੀਉਂਦੇ ਹਨ; ਉਹ ਅਰਥਹੀਣ ਜੀਵਨ ਨਹੀਂ ਜੀਉਂਦੇ, ਸਗੋਂ ਅਜਿਹੇ ਜੀਵਨ ਜੀਉਂਦੇ ਹਨ ਜਿਹਨਾਂ ਨੂੰ ਪਰਮੇਸ਼ੁਰ ਦੀ ਅਸੀਸ ਪ੍ਰਾਪਤ ਹੁੰਦੀ ਹੈ। ਸਿਰਫ਼ ਉਹੀ ਲੋਕ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਪਰਮੇਸ਼ੁਰ ਦੀ ਗਵਾਹੀ ਦੇਣ ਯੋਗ ਹੁੰਦੇ ਹਨ, ਸਿਰਫ਼ ਉਹੀ ਪਰਮੇਸ਼ੁਰ ਦੇ ਗਵਾਹ ਹੁੰਦੇ ਹਨ, ਸਿਰਫ਼ ਉਹਨਾਂ ਨੂੰ ਹੀ ਪਰਮੇਸ਼ੁਰ ਦੀ ਅਸੀਸ ਪ੍ਰਾਪਤ ਹੁੰਦੀ ਹੈ, ਅਤੇ ਸਿਰਫ਼ ਉਹੀ ਪਰਮੇਸ਼ੁਰ ਦੇ ਵਾਇਦਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਉਹ ਪਰਮੇਸ਼ੁਰ ਦੇ ਨਜ਼ਦੀਕੀ ਹੁੰਦੇ ਹਨ; ਉਹਨਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ, ਅਤੇ ਉਹ ਪਰਮੇਸ਼ੁਰ ਨਾਲ ਮਿਲ ਕੇ ਅਸੀਸਾਂ ਦਾ ਆਨੰਦ ਮਾਣ ਸਕਦੇ ਹਨ। ਸਿਰਫ਼ ਇਸ ਤਰ੍ਹਾਂ ਦੇ ਲੋਕ ਹੀ ਸਦਾਕਾਲ ਤਕ ਜੀਉਣਗੇ, ਅਤੇ ਸਿਰਫ਼ ਉਹੀ ਹਮੇਸ਼ਾ ਲਈ ਪਰਮੇਸ਼ੁਰ ਦੀ ਦੇਖਭਾਲ ਅਤੇ ਸੁਰੱਖਿਆ ਹੇਠ ਜੀਉਣਗੇ। ਪਰਮੇਸ਼ੁਰ ਇਸ ਕਰਕੇ ਹੈ ਕਿ ਲੋਕ ਉਸ ਨੂੰ ਪਿਆਰ ਕਰਨ, ਅਤੇ ਉਹ ਸਾਰੇ ਲੋਕਾਂ ਦੇ ਪਿਆਰ ਦੇ ਯੋਗ ਹੈ, ਪਰ ਸਾਰੇ ਲੋਕ ਪਰਮੇਸ਼ੁਰ ਨੂੰ ਪਿਆਰ ਕਰਨ ਦੇ ਸਮਰੱਥ ਨਹੀਂ ਹਨ, ਅਤੇ ਨਾ ਹੀ ਸਾਰੇ ਲੋਕ ਪਰਮੇਸ਼ੁਰ ਦੀ ਗਵਾਹੀ ਦੇ ਸਕਦੇ ਹਨ ਅਤੇ ਪਰਮੇਸ਼ੁਰ ਨਾਲ ਰਾਜ ਸੰਭਾਲ ਸਕਦੇ ਹਨ। ਜੋ ਲੋਕ ਪਰਮੇਸ਼ੁਰ ਨੂੰ ਸੱਚਮੁੱਚ ਪਿਆਰ ਕਰਦੇ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਗਵਾਹੀ ਦੇਣ ਅਤੇ ਆਪਣੇ ਸਾਰੇ ਯਤਨਾਂ ਨੂੰ ਪਰਮੇਸ਼ੁਰ ਦੇ ਕੰਮ ਵਿੱਚ ਸਮਰਪਿਤ ਕਰਨ ਦੇ ਯੋਗ ਹੁੰਦੇ ਹਨ, ਉਹ ਕਿਸੇ ਦੁਆਰਾ ਵੀ ਵਿਰੋਧ ਕਰਨ ਦੀ ਹਿੰਮਤ ਕੀਤੇ ਬਗੈਰ ਅਕਾਸ਼ ਹੇਠਾਂ ਕਿਤੇ ਵੀ ਤੁਰ-ਫਿਰ ਸਕਦੇ ਹਨ, ਅਤੇ ਉਹ ਧਰਤੀ ਉੱਤੇ ਸ਼ਕਤੀ ਦੀ ਵਰਤੋਂ ਕਰ ਸਕਦੇ ਹਨ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ’ਤੇ ਰਾਜ ਕਰ ਸਕਦੇ ਹਨ। ਇਹ ਲੋਕ ਸੰਸਾਰ ਭਰ ਤੋਂ ਇਕੱਠੇ ਹੋਏ ਹਨ। ਉਹ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਹਨ ਅਤੇ ਇਹਨਾਂ ਦੇ ਚਮੜੀ ਦੇ ਰੰਗ ਵੱਖੋ-ਵੱਖਰੇ ਹਨ, ਪਰ ਉਨ੍ਹਾਂ ਦੀ ਹੋਂਦ ਦਾ ਅਰਥ ਇੱਕੋ ਹੈ; ਉਨ੍ਹਾਂ ਸਾਰਿਆਂ ਕੋਲ ਅਜਿਹਾ ਮਨ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ, ਉਹ ਸਾਰੇ ਇੱਕੋ ਜਿਹੀ ਗਵਾਹੀ ਦਿੰਦੇ ਹਨ, ਅਤੇ ਉਹਨਾਂ ਦਾ ਇੱਕੋ ਜਿਹਾ ਨਿਸ਼ਚਾ, ਅਤੇ ਇੱਕੋ ਜਿਹੀ ਇੱਛਾ ਹੈ। ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਉਹ ਪੂਰੀ ਦੁਨੀਆ ਵਿੱਚ ਸੁਤੰਤਰ ਤੌਰ ’ਤੇ ਚੱਲ ਸਕਦੇ ਹਨ, ਅਤੇ ਜੋ ਪਰਮੇਸ਼ੁਰ ਦੀ ਗਵਾਹੀ ਦਿੰਦੇ ਹਨ ਉਹ ਸਾਰੇ ਬ੍ਰਹਿਮੰਡ ਵਿੱਚ ਨਿਸ਼ਚਿੰਤ ਯਾਤਰਾ ਕਰ ਸਕਦੇ ਹਨ। ਇਹ ਲੋਕ ਪਰਮੇਸ਼ੁਰ ਦੇ ਪਿਆਰੇ ਹੁੰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਦੀ ਅਸੀਸ ਪ੍ਰਾਪਤ ਹੁੰਦੀ ਹੈ, ਅਤੇ ਉਹ ਸਦਾ ਲਈ ਉਸ ਦੇ ਚਾਨਣ ਵਿੱਚ ਜੀਉਣਗੇ।

ਪਿਛਲਾ: ਪਤਰਸ ਨੇ ਯਿਸੂ ਨੂੰ ਕਿਵੇਂ ਜਾਣਿਆ

ਅਗਲਾ: ਪਵਿੱਤਰ ਆਤਮਾ ਦਾ ਕੰਮ ਅਤੇ ਸ਼ਤਾਨ ਦਾ ਕੰਮ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ