ਦੋ ਦੇਹਧਾਰਣ ਪੂਰਾ ਕਰਦੇ ਹਨ ਦੇਹਧਾਰਣ ਦਾ ਮਹੱਤਵ

ਪਰਮੇਸ਼ੁਰ ਦੁਆਰਾ ਕੀਤੇ ਗਏ ਕੰਮ ਦੇ ਹਰੇਕ ਪੜਾਅ ਦਾ ਆਪਣਾ ਹੀ ਵਿਹਾਰਕ ਮਹੱਤਵ ਹੈ। ਉਦੋਂ, ਜਦੋਂ ਯਿਸੂ ਆਇਆ, ਉਹ ਮਰਦ ਸੀ, ਅਤੇ ਪਰਮੇਸ਼ੁਰ ਜਦੋਂ ਇਸ ਵਾਰ ਆਇਆ ਹੈ, ਤਾਂ ਉਹ ਇਸਤ੍ਰੀ ਹੈ। ਇਸ ਤੋਂ, ਤੂੰ ਦੇਖ ਸਕਦਾ ਹੈਂ ਕਿ ਪਰਮੇਸ਼ੁਰ ਨੇ ਆਪਣੇ ਕੰਮ ਲਈ ਮਰਦ ਅਤੇ ਇਸਤ੍ਰੀ ਦੋਹਾਂ ਨੂੰ ਸਿਰਜਿਆ, ਅਤੇ ਉਸ ਦੇ ਲਈ ਲਿੰਗ ਦਾ ਕੋਈ ਭੇਦਭਾਵ ਨਹੀਂ ਹੈ। ਜਦੋਂ ਉਸ ਦਾ ਆਤਮਾ ਆਉਂਦਾ ਹੈ, ਉਹ ਆਪਣੀ ਇੱਛਾ ਅਨੁਸਾਰ ਕਿਸੇ ਵੀ ਦੇਹ ਨੂੰ ਧਾਰਣ ਕਰ ਸਕਦਾ ਹੈ, ਅਤੇ ਉਹ ਦੇਹ ਉਸ ਦੀ ਨੁਮਾਇੰਦਗੀ ਕਰ ਸਕਦੀ ਹੈ; ਭਾਵੇਂ ਉਹ ਮਰਦ ਹੋਏ ਜਾਂ ਇਸਤ੍ਰੀ, ਇਹ ਉਦੋਂ ਤਕ ਪਰਮੇਸ਼ੁਰ ਦੀ ਨੁਮਾਇੰਦਗੀ ਕਰ ਸਕਦੇ ਹਨ ਜਦੋਂ ਤਕ ਇਹ ਉਸ ਦਾ ਦੇਹਧਾਰੀ ਰੂਪ ਹੈ। ਜੇ ਯਿਸੂ ਜਦੋਂ ਆਇਆ ਸੀ, ਤਾਂ ਇਸਤ੍ਰੀ ਦੇ ਰੂਪ ਵਿੱਚ ਪਰਗਟ ਹੋਇਆ ਹੁੰਦਾ, ਦੂਜੇ ਸ਼ਬਦਾਂ ਵਿੱਚ, ਜੇ ਪਵਿੱਤਰ ਆਤਮਾ ਦੁਆਰਾ ਇੱਕ ਬਾਲੜੀ ਨੂੰ, ਨਾ ਕਿ ਬਾਲਕ ਨੂੰ, ਧਾਰਣ ਕੀਤਾ ਗਿਆ ਹੁੰਦਾ, ਤਾਂ ਵੀ ਕੰਮ ਦਾ ਉਹ ਪੜਾਅ ਉਸੇ ਤਰ੍ਹਾਂ ਹੀ ਮੁਕੰਮਲ ਕੀਤਾ ਗਿਆ ਹੁੰਦਾ। ਜੇ ਅਜਿਹੀ ਗੱਲ ਰਹੀ ਹੁੰਦੀ, ਤਾਂ ਵਰਤਮਾਨ ਪੜਾਅ ਦਾ ਕੰਮ ਇਸ ਦੀ ਬਜਾਏ ਇੱਕ ਮਰਦ ਦੁਆਰਾ ਮੁਕੰਮਲ ਕਰਨਾ ਪੈਂਦਾ, ਪਰ ਕੰਮ ਇੱਕੋ ਜਿਹਾ ਹੀ ਪੂਰਾ ਕੀਤਾ ਜਾਂਦਾ। ਹਰੇਕ ਪੜਾਅ ਵਿੱਚ ਕੀਤਾ ਗਿਆ ਕੰਮ ਬਰਾਬਰ ਰੂਪ ਵਿੱਚ ਮਹੱਤਵਪੂਰਣ ਹੈ; ਕੰਮ ਦੇ ਕਿਸੇ ਵੀ ਪੜਾਅ ਨੂੰ ਦੁਹਰਾਇਆ ਨਹੀਂ ਗਿਆ ਹੈ, ਨਾ ਹੀ ਇਸ ਦਾ ਦੂਜੇ ਨਾਲ ਕੋਈ ਵਿਰੋਧ ਹੈ। ਜਿਸ ਸਮੇਂ, ਯਿਸੂ ਆਪਣਾ ਕੰਮ ਕਰ ਰਿਹਾ ਸੀ, ਉਸ ਨੂੰ ਇਕਲੌਤਾ ਪੁੱਤਰ ਕਿਹਾ ਗਿਆ, ਅਤੇ “ਪੁੱਤਰ” ਤੋਂ ਭਾਵ ਮਰਦ ਲਿੰਗ ਹੈ। ਤਾਂ ਇਸ ਮੌਜੂਦਾ ਪੜਾਅ ਵਿੱਚ ਇਕਲੌਤੇ ਪੁੱਤਰ ਦਾ ਜ਼ਿਕਰ ਕਿਉਂ ਨਹੀਂ ਹੈ? ਕਿਉਂਕਿ ਕੰਮ ਦੀਆਂ ਜ਼ਰੂਰਤਾਂ ਨੇ ਲਿੰਗ ਬਦਲਣ ਨੂੰ ਜ਼ਰੂਰੀ ਬਣਾ ਦਿੱਤਾ ਜੋ ਕਿ ਯਿਸੂ ਦੇ ਲਿੰਗ ਤੋਂ ਵੱਖਰਾ ਹੋਏ। ਪਰਮੇਸ਼ੁਰ ਦੇ ਲਈ ਲਿੰਗ ਦਾ ਕੋਈ ਭੇਦ ਨਹੀਂ ਹੈ। ਉਹ ਆਪਣੀ ਇੱਛਾ ਅਨੁਸਾਰ ਆਪਣਾ ਕੰਮ ਕਰਦਾ ਹੈ, ਅਤੇ ਆਪਣਾ ਕੰਮ ਕਰਨ ਵਿੱਚ ਉਸ ਉੱਪਰ ਕੋਈ ਪਾਬੰਦੀਆਂ ਨਹੀਂ ਹਨ, ਸਗੋਂ ਉਹ ਖਾਸ ਤੌਰ ’ਤੇ ਆਜ਼ਾਦ ਹੈ। ਫਿਰ ਵੀ ਕੰਮ ਦੇ ਹਰੇਕ ਪੜਾਅ ਦਾ ਆਪਣਾ ਵਿਹਾਰਕ ਮਹੱਤਵ ਹੈ। ਪਰਮੇਸ਼ੁਰ ਨੇ ਦੋ ਵਾਰ ਸਰੀਰ ਧਾਰਨ ਕੀਤਾ, ਅਤੇ ਇਹ ਸਪਸ਼ਟ ਹੈ ਕਿ ਅੰਤ ਦੇ ਦਿਨਾਂ ਦੌਰਾਨ ਉਸ ਦਾ ਦੇਹਧਾਰਣ ਆਖਰੀ ਵਾਰ ਹੈ। ਉਹ ਆਪਣੇ ਸਾਰੇ ਕੰਮਾਂ ਬਾਰੇ ਦੱਸਣ ਲਈ ਆਇਆ ਹੈ। ਜੇ ਉਹ ਇਸ ਪੜਾਅ ’ਤੇ ਖੁਦ ਕੰਮ ਕਰਨ ਲਈ ਦੇਹ ਧਾਰਣ ਨਾ ਕਰਦਾ ਜਿਸ ਨੂੰ ਮਨੁੱਖ ਦੇਖੇ, ਤਾਂ ਮਨੁੱਖ ਹਮੇਸ਼ਾ ਲਈ ਇਹ ਧਾਰਣਾ ਬਣਾਈ ਰੱਖਦਾ ਕਿ ਪਰਮੇਸ਼ੁਰ ਸਿਰਫ਼ ਇੱਕ ਮਰਦ ਹੈ, ਇਸਤ੍ਰੀ ਨਹੀਂ। ਇਸ ਤੋਂ ਪਹਿਲਾਂ, ਸਾਰੀ ਮਨੁੱਖਜਾਤੀ ਵਿਸ਼ਵਾਸ ਕਰਦੀ ਸੀ ਕਿ ਪਰਮੇਸ਼ੁਰ ਸਿਰਫ਼ ਮਰਦ ਹੋ ਸਕਦਾ ਹੈ ਅਤੇ ਇੱਕ ਇਸਤ੍ਰੀ ਨੂੰ ਪਰਮੇਸ਼ੁਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਾਰੀ ਮਨੁੱਖਜਾਤੀ ਮਰਦਾਂ ਨੂੰ ਇਸਤ੍ਰੀਆਂ ਉੱਪਰ ਅਧਿਕਾਰ ਰੱਖਣ ਵਾਲੇ ਵਜੋਂ ਮੰਨਦੀ ਸੀ। ਉਹਨਾਂ ਦਾ ਮੰਨਣਾ ਸੀ ਕਿ ਕੋਈ ਵੀ ਇਸਤ੍ਰੀ ਅਧਿਕਾਰ ਧਾਰਣ ਨਹੀਂ ਕਰ ਸਕਦੀ, ਸਿਰਫ਼ ਮਰਦ ਅਜਿਹਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਇੱਥੋਂ ਤਕ ਵੀ ਕਿਹਾ ਕਿ ਮਰਦ ਇਸਤ੍ਰੀ ਦਾ ਮਾਲਕ ਸੀ ਅਤੇ ਇਹ ਵੀ ਕਿ ਇਸਤ੍ਰੀ ਨੂੰ ਮਰਦ ਦੀ ਆਗਿਆਕਾਰੀ ਕਰਨੀ ਹੋਏਗੀ ਅਤੇ ਉਹ ਉਸ ਤੋਂ ਬਿਹਤਰ ਨਹੀਂ ਹੋ ਸਕਦੀ। ਬੀਤੇ ਸਮਿਆਂ ਵਿੱਚ, ਜਦੋਂ ਇਹ ਕਿਹਾ ਗਿਆ ਸੀ ਕਿ ਮਰਦ ਇਸਤ੍ਰੀ ਦਾ ਮਾਲਕ ਹੈ, ਇਸ ਦਾ ਸੰਕੇਤ ਆਦਮ ਅਤੇ ਹੱਵਾਹ ਵੱਲ ਸੀ, ਜੋ ਕਿ ਸੱਪ ਦੁਆਰਾ ਭਰਮਾਏ ਗਏ ਸਨ—ਮਰਦ ਅਤੇ ਇਸਤ੍ਰੀ ਵੱਲ ਨਹੀਂ ਜੋ ਕਿ ਸ਼ੁਰੂ ਵਿੱਚ ਯਹੋਵਾਹ ਦੁਆਰਾ ਸਿਰਜੇ ਗਏ ਸਨ। ਬੇਸ਼ੱਕ, ਇੱਕ ਇਸਤ੍ਰੀ ਨੂੰ ਆਪਣੇ ਪਤੀ ਦੀ ਆਗਿਆਕਾਰੀ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ, ਅਤੇ ਇੱਕ ਪਤੀ ਨੂੰ ਆਪਣੇ ਪਰਿਵਾਰ ਦਾ ਭਰਨ-ਪੋਸ਼ਣ ਕਰਨਾ ਅਤੇ ਸਹਾਰਾ ਦੇਣਾ ਜ਼ਰੂਰ ਸਿੱਖਣਾ ਚਾਹੀਦਾ ਹੈ। ਇਹ ਯਹੋਵਾਹ ਦੁਆਰਾ ਨਿਰਧਾਰਤ ਕੀਤੇ ਗਏ ਕਾਨੂੰਨ ਅਤੇ ਹੁਕਮ ਹਨ ਜਿਹਨਾਂ ਦੀ ਮਨੁੱਖਜਾਤੀ ਵੱਲੋਂ ਧਰਤੀ ’ਤੇ ਉਹਨਾਂ ਦੇ ਜੀਵਨ ਦੌਰਾਨ ਪਾਲਣਾ ਕਰਨੀ ਜ਼ਰੂਰੀ ਹੈ। ਯਹੋਵਾਹ ਨੇ ਇਸਤ੍ਰੀ ਨੂੰ ਕਿਹਾ, “ਪੀੜ ਨਾਲ ਤੂੰ ਬੱਚੇ ਜਣੇਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਏਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ।” ਉਸ ਨੇ ਇਸ ਤਰ੍ਹਾਂ ਸਿਰਫ਼ ਇਸ ਲਈ ਕਿਹਾ ਤਾਂ ਕਿ ਮਨੁੱਖਜਾਤੀ (ਭਾਵ, ਮਰਦ ਅਤੇ ਇਸਤ੍ਰੀ ਦੋਵੇਂ) ਯਹੋਵਾਹ ਦੇ ਇਖਤਿਆਰ ਦੇ ਅਧੀਨ ਸਧਾਰਣ ਜੀਵਨ ਜੀ ਸਕੇ, ਅਤੇ ਤਾਂ ਕਿ ਮਨੁੱਖਜਾਤੀ ਦੇ ਜੀਵਨ ਦਾ ਢਾਂਚਾ ਹੋ ਸਕੇ ਅਤੇ ਉਸ ਦਾ ਜੀਵਨ ਕ੍ਰਮ ਨਿਯਮਿਤ ਰਹੇ। ਇਸ ਲਈ, ਯਹੋਵਾਹ ਨੇ ਮਰਦ ਅਤੇ ਇਸਤ੍ਰੀ ਨੂੰ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ, ਇਸ ਬਾਰੇ ਢੁਕਵੇਂ ਨਿਯਮ ਬਣਾਏ, ਪਰ ਇਹ ਸਿਰਫ਼ ਧਰਤੀ ’ਤੇ ਰਹਿੰਦੇ ਸਾਰੇ ਸਿਰਜੇ ਹੋਏ ਪ੍ਰਾਣੀਆਂ ਦੇ ਸੰਦਰਭ ਵਿੱਚ ਸੀ, ਅਤੇ ਇਸ ਦਾ ਪਰਮੇਸ਼ੁਰ ਦੇ ਦੇਹਧਾਰੀ ਰੂਪ ਨਾਲ ਕੋਈ ਸੰਬੰਧ ਨਹੀਂ ਸੀ। ਪਰਮੇਸ਼ੁਰ ਉਸ ਦੇ ਆਪਣੇ ਸਿਰਜੇ ਹੋਏ ਪ੍ਰਾਣੀਆਂ ਵਰਗਾ ਕਿਵੇਂ ਹੋ ਸਕਦਾ ਸੀ? ਉਸ ਦੇ ਵਚਨ ਸਿਰਫ਼ ਉਸ ਦੁਆਰਾ ਸਿਰਜਣਾ ਕੀਤੀ ਗਈ ਮਨੁੱਖਜਾਤੀ ਲਈ ਹੀ ਸਨ; ਉਸ ਨੇ ਮਰਦ ਅਤੇ ਇਸਤ੍ਰੀ ਲਈ ਨਿਯਮ ਕਾਇਮ ਕੀਤੇ ਗਏ ਸਨ ਤਾਂ ਕਿ ਮਨੁੱਖਜਾਤੀ ਸਧਾਰਣ ਜੀਵਨ ਜੀ ਸਕੇ। ਅਰੰਭ ਵਿੱਚ, ਜਦੋਂ ਯਹੋਵਾਹ ਨੇ ਮਨੁੱਖਜਾਤੀ ਦੀ ਸਿਰਜਣਾ ਕੀਤੀ, ਉਸ ਨੇ ਦੋ ਕਿਸਮ ਦੇ ਮਨੁੱਖ ਬਣਾਏ, ਮਰਦ ਅਤੇ ਇਸਤ੍ਰੀ ਦੋਵੇਂ; ਅਤੇ ਇਸ ਲਈ ਉਸ ਦੇ ਦੇਹਧਾਰੀ ਰੂਪਾਂ ਦਾ ਮਰਦ ਅਤੇ ਇਸਤ੍ਰੀ ਦੋਹਾਂ ਲਈ ਭੇਦ ਕੀਤਾ ਗਿਆ। ਉਸ ਨੇ ਉਨ੍ਹਾਂ ਵਚਨਾਂ ਦੇ ਆਧਾਰ ’ਤੇ ਆਪਣਾ ਕੰਮ ਨਿਰਧਾਰਤ ਨਹੀਂ ਕੀਤਾ ਜੋ ਉਸ ਨੇ ਆਦਮ ਅਤੇ ਹੱਵਾਹ ਨੂੰ ਕਹੇ ਸਨ। ਉਹ ਦੋ ਵਾਰ ਜਦੋਂ ਉਸ ਨੇ ਸਰੀਰ ਧਾਰਨ ਕੀਤਾ ਇਸ ਦਾ ਸਮਾਂ ਸਮੁੱਚੇ ਤੌਰ ’ਤੇ ਉਸ ਦੀ ਉਸ ਸਮੇਂ ਦੀ ਸੋਚ ਅਨੁਸਾਰ ਤੈਅ ਕੀਤਾ ਗਿਆ ਸੀ, ਜਦੋਂ ਉਸ ਨੇ ਪਹਿਲੀ ਵਾਰ ਮਨੁੱਖਜਾਤੀ ਦੀ ਸਿਰਜਣਾ ਕੀਤੀ ਸੀ; ਅਰਥਾਤ, ਉਸ ਨੇ ਆਪਣੇ ਦੋ ਦੇਹਧਾਰੀ ਰੂਪਾਂ ਦਾ ਕੰਮ ਮਰਦ ਅਤੇ ਇਸਤ੍ਰੀ ਦੇ ਆਧਾਰ ’ਤੇ ਉਨ੍ਹਾਂ ਦੇ ਭ੍ਰਿਸ਼ਟ ਹੋਣ ਤੋਂ ਪਹਿਲਾਂ ਪੂਰਾ ਕੀਤਾ ਹੈ। ਜੇ ਮਨੁੱਖਜਾਤੀ ਉਨ੍ਹਾਂ ਵਚਨਾਂ ਨੂੰ ਜੋ ਯਹੋਵਾਹ ਦੁਆਰਾ ਆਦਮ ਅਤੇ ਹੱਵਾਹ ਨੂੰ ਕਹੇ ਗਏ ਸਨ ਜਿਨ੍ਹਾਂ ਨੂੰ ਸੱਪ ਵੱਲੋਂ ਭਰਮਾਇਆ ਗਿਆ ਸੀ, ਪਰਮੇਸ਼ੁਰ ਦੇ ਦੇਹਧਾਰਣ ਦੇ ਕੰਮ ’ਤੇ ਲਾਗੂ ਕਰਦੀ ਹੈ, ਤਾਂ ਕੀ ਯਿਸੂ ਨੂੰ ਆਪਣੀ ਪਤਨੀ ਨੂੰ ਉਂਝ ਦਾ ਪਿਆਰ ਨਾ ਕਰਨਾ ਪੈਂਦਾ ਜਿਵੇਂ ਕਿ ਉਸ ਨੂੰ ਕਰਨਾ ਚਾਹੀਦਾ ਸੀ? ਇਸ ਤਰ੍ਹਾਂ, ਕੀ ਪਰਮੇਸ਼ੁਰ ਤਾਂ ਵੀ ਪਰਮੇਸ਼ੁਰ ਰਹਿੰਦਾ? ਜੇ ਅਜਿਹਾ ਹੁੰਦਾ, ਤਾਂ ਕੀ ਉਹ ਅਜੇ ਵੀ ਆਪਣਾ ਕੰਮ ਪੂਰਾ ਕਰਨ ਦੇ ਯੋਗ ਹੁੰਦਾ? ਜੇ ਦੇਹਧਾਰੀ ਪਰਮੇਸ਼ੁਰ ਦਾ ਇਸਤ੍ਰੀ ਬਣਨਾ ਗ਼ਲਤ ਹੁੰਦਾ, ਤਾਂ ਕੀ ਪਰਮੇਸ਼ੁਰ ਦੁਆਰਾ ਇਸਤ੍ਰੀ ਦੀ ਸਿਰਜਣਾ ਕਰਨਾ ਵੀ ਬਹੁਤ ਵੱਡੀ ਗਲਤੀ ਨਾ ਰਹੀ ਹੁੰਦੀ? ਜੇ ਲੋਕ ਅਜੇ ਵੀ ਮੰਨਦੇ ਹਨ ਕਿ ਪਰਮੇਸ਼ੁਰ ਦਾ ਇਸਤ੍ਰੀ ਵਜੋਂ ਦੇਹਧਾਰਣ ਕਰਨਾ ਗ਼ਲਤ ਹੋਏਗਾ, ਤਾਂ ਕੀ ਯਿਸੂ, ਜਿਸ ਨੇ ਵਿਆਹ ਨਹੀਂ ਕੀਤਾ ਅਤੇ ਇਸ ਲਈ ਆਪਣੀ ਪਤਨੀ ਨੂੰ ਪਿਆਰ ਨਹੀਂ ਕਰ ਸਕਿਆ, ਦੀ ਵੀ ਉੰਨੀ ਤਰੁੱਟੀ ਨਾ ਹੁੰਦੀ ਜਿੰਨੀ ਕਿ ਵਰਤਮਾਨ ਦੇਹਧਾਰਣ ਦੀ ਹੈ? ਕਿਉਂਕਿ ਤੂੰ ਯਹੋਵਾਹ ਦੁਆਰਾ ਹੱਵਾਹ ਨੂੰ ਕਹੇ ਗਏ ਵਚਨਾਂ ਦੀ ਵਰਤੋਂ ਪਰਮੇਸ਼ੁਰ ਦੇ ਵਰਤਮਾਨ ਦੇਹਧਾਰਣ ਦੀ ਸੱਚਾਈ ਨੂੰ ਮਾਪਣ ਲਈ ਕਰਦਾ ਹੈਂ, ਤਾਂ ਤੈਨੂੰ ਕਿਰਪਾ ਦੇ ਯੁਗ ਵਿੱਚ ਸਰੀਰ ਧਾਰਨ ਕਰਨ ਵਾਲੇ ਯਿਸੂ ਦੇ ਸੰਬੰਧ ਵਿੱਚ ਰਾਏ ਬਣਾਉਣ ਲਈ ਯਹੋਵਾਹ ਦੇ ਆਦਮ ਨੂੰ ਕਹੇ ਵਚਨਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕੀ ਇਹ ਇੱਕੋ ਨਹੀਂ ਹਨ? ਕਿਉਂਕਿ ਤੂੰ ਪ੍ਰਭੂ ਯਿਸੂ ਬਾਰੇ ਉਸ ਮਰਦ ਦੇ ਹਿਸਾਬ ਨਾਲ ਰਾਏ ਬਣਾਉਂਦਾ ਹੈਂ ਜਿਸ ਨੂੰ ਸੱਪ ਦੁਆਰਾ ਭਰਮਾਇਆ ਨਹੀਂ ਗਿਆ ਸੀ, ਤਾਂ ਤੂੰ ਅੱਜ ਦੇ ਦੇਹਧਾਰਣ ਦੀ ਸੱਚਾਈ ਬਾਰੇ ਉਸ ਇਸਤ੍ਰੀ ਦੇ ਹਿਸਾਬ ਨਾਲ ਰਾਏ ਨਹੀਂ ਬਣਾ ਸਕਦਾ ਜਿਸ ਨੂੰ ਸੱਪ ਦੁਆਰਾ ਭਰਮਾਇਆ ਗਿਆ ਸੀ। ਇਹ ਅਣਉਚਿਤ ਹੋਏਗਾ! ਪਰਮੇਸ਼ੁਰ ਬਾਰੇ ਇਸ ਤਰ੍ਹਾਂ ਦੀ ਰਾਏ ਬਣਾਉਣਾ ਤੇਰੇ ਅੰਦਰ ਤਰਕ ਸ਼ਕਤੀ ਦੀ ਕਮੀ ਨੂੰ ਸਾਬਿਤ ਕਰਦਾ ਹੈ। ਜਦੋਂ ਯਹੋਵਾਹ ਨੇ ਦੋ ਵਾਰ ਸਰੀਰ ਧਾਰਨ ਕੀਤਾ, ਤਾਂ ਉਸ ਦੇ ਦੇਹਧਾਰਣ ਦਾ ਲਿੰਗ ਮਰਦ ਅਤੇ ਇਸਤ੍ਰੀ ਨਾਲ ਸੰਬੰਧਤ ਸੀ ਜਿਨ੍ਹਾਂ ਨੂੰ ਸੱਪ ਦੁਆਰਾ ਨਹੀਂ ਭਰਮਾਇਆ ਗਿਆ ਸੀ; ਉਸ ਨੇ ਦੋ ਵਾਰ ਅਜਿਹੇ ਮਰਦ ਅਤੇ ਇਸਤ੍ਰੀ ਦੇ ਅਨੁਸਾਰ ਸਰੀਰ ਧਾਰਨ ਕੀਤਾ ਜਿਨ੍ਹਾਂ ਨੂੰ ਸੱਪ ਦੁਆਰਾ ਭਰਮਾਇਆ ਨਹੀਂ ਗਿਆ ਸੀ। ਅਜਿਹਾ ਨਾ ਸੋਚੋ ਕਿ ਯਿਸੂ ਦਾ ਪੁਰਸ਼ਾਰਥ ਆਦਮ ਵਰਗਾ ਹੀ ਸੀ ਜਿਸ ਨੂੰ ਸੱਪ ਦੁਆਰਾ ਭਰਮਾਇਆ ਗਿਆ ਸੀ। ਦੋਵੇਂ ਪੂਰੀ ਤਰ੍ਹਾਂ ਨਾਲ ਅਸੰਬੰਧਤ ਹਨ, ਅਤੇ ਵੱਖ-ਵੱਖ ਫ਼ਿਤਰਤ ਵਾਲੇ ਮਰਦ ਹਨ। ਯਕੀਨਨ ਅਜਿਹਾ ਨਹੀਂ ਹੋ ਸਕਦਾ ਕਿ ਯਿਸੂ ਦਾ ਪੁਰਸ਼ਾਰਥ ਇਹ ਸਾਬਿਤ ਕਰੇ ਕਿ ਉਹ ਸਿਰਫ਼ ਸਾਰੀਆਂ ਇਸਤ੍ਰੀਆਂ ਦਾ ਮਾਲਕ ਹੈ ਸਾਰੇ ਮਰਦਾਂ ਦਾ ਨਹੀਂ? ਕੀ ਉਹ ਸਾਰੇ ਯਹੂਦੀਆਂ (ਮਰਦਾਂ ਅਤੇ ਇਸਤ੍ਰੀਆਂ ਸਮੇਤ) ਦਾ ਰਾਜਾ ਨਹੀਂ ਹੈ? ਉਹ ਪਰਮੇਸ਼ੁਰ ਖੁਦ ਹੈ, ਉਹ ਨਾ ਸਿਰਫ਼ ਇਸਤ੍ਰੀ ਦਾ ਮਾਲਕ ਹੈ ਸਗੋਂ ਮਰਦ ਦਾ ਵੀ ਮਾਲਕ ਹੈ। ਉਹ ਸਾਰੇ ਪ੍ਰਾਣੀਆਂ ਦਾ ਪ੍ਰਭੂ ਅਤੇ ਸਾਰੇ ਪ੍ਰਾਣੀਆਂ ਦਾ ਮਾਲਕ ਹੈ। ਤੂੰ ਯਿਸੂ ਦੇ ਪੁਰਸ਼ਾਰਥ ਨੂੰ ਇਸਤ੍ਰੀ ਦੇ ਮਾਲਕ ਦਾ ਪ੍ਰਤੀਕ ਹੋਣਾ ਕਿਵੇਂ ਤੈਅ ਕਰ ਸਕਦਾ ਹੈਂ? ਕੀ ਇਹ ਈਸ਼ਨਿੰਦਾ ਨਹੀਂ ਹੋਏਗੀ? ਯਿਸੂ ਇੱਕ ਮਰਦ ਹੈ ਜਿਸ ਨੂੰ ਭ੍ਰਿਸ਼ਟ ਨਹੀਂ ਕੀਤਾ ਗਿਆ ਹੈ। ਉਹ ਪਰਮੇਸ਼ੁਰ ਹੈ; ਉਹ ਮਸੀਹ ਹੈ; ਉਹ ਪ੍ਰਭੂ ਹੈ। ਉਹ ਆਦਮ ਵਰਗਾ ਮਰਦ ਕਿਵੇਂ ਹੋ ਸਕਦਾ ਹੈ ਜੋ ਭ੍ਰਿਸ਼ਟ ਹੋ ਗਿਆ ਸੀ? ਯਿਸੂ ਪਰਮੇਸ਼ੁਰ ਦੇ ਅਤਿ ਪਵਿੱਤਰ ਆਤਮਾ ਦੁਆਰਾ ਧਾਰਣ ਕੀਤੀ ਗਈ ਦੇਹ ਹੈ। ਤੂੰ ਕਿਵੇਂ ਕਹਿ ਸਕਦਾ ਹੈਂ ਕਿ ਉਹ ਅਜਿਹਾ ਪਰਮੇਸ਼ੁਰ ਹੈ ਜਿਸ ਨੇ ਆਦਮ ਦਾ ਪੁਰਸ਼ਾਰਥ ਧਾਰਣ ਕੀਤਾ ਹੋਇਆ ਹੈ? ਉਸ ਸਥਿਤੀ ਵਿੱਚ, ਕੀ ਪਰਮੇਸ਼ੁਰ ਦਾ ਸਾਰਾ ਕੰਮ ਗ਼ਲਤ ਨਾ ਹੋ ਗਿਆ ਹੁੰਦਾ? ਕੀ ਯਹੋਵਾਹ ਯਿਸੂ ਦੇ ਅੰਦਰ ਆਦਮ ਦੇ ਪੁਰਸ਼ਾਰਥ ਨੂੰ ਸ਼ਾਮਲ ਕਰ ਸਕਦਾ ਸੀ ਜਿਸ ਨੂੰ ਸੱਪ ਦੁਆਰਾ ਭਰਮਾਇਆ ਗਿਆ ਸੀ? ਕੀ ਵਰਤਮਾਨ ਸਮੇਂ ਦਾ ਦੇਹਧਾਰਣ ਦੇਹਧਾਰੀ ਪਰਮੇਸ਼ੁਰ ਦੇ ਕੰਮ ਦਾ ਦੂਜਾ ਉਦਾਹਰਣ ਨਹੀਂ ਹੈ, ਜੋ ਕਿ ਲਿੰਗ ਵਿੱਚ ਯਿਸੂ ਤੋਂ ਭਿੰਨ ਪਰ ਫ਼ਿਤਰਤ ਵਿੱਚ ਯਿਸੂ ਦੇ ਹੀ ਸਮਾਨ ਹੈ? ਕੀ ਤੂੰ ਅਜੇ ਵੀ ਇਹ ਕਹਿਣ ਦੀ ਹਿੰਮਤ ਕਰਦਾ ਹੈਂ ਕਿ ਦੇਹਧਾਰੀ ਪਰਮੇਸ਼ੁਰ ਇਸਤ੍ਰੀ ਨਹੀਂ ਹੋ ਸਕਦਾ, ਕਿਉਂਕਿ ਇਸਤ੍ਰੀ ਹੀ ਸੀ ਜੋ ਸਭ ਤੋਂ ਪਹਿਲਾਂ ਸੱਪ ਦੁਆਰਾ ਭਰਮਾਈ ਗਈ ਸੀ? ਕੀ ਤੂੰ ਅਜੇ ਵੀ ਇਹ ਕਹਿਣ ਦੀ ਹਿੰਮਤ ਕਰਦਾ ਹੈਂ ਕਿ ਇਸਤ੍ਰੀ ਸਭ ਤੋਂ ਜ਼ਿਆਦਾ ਮਲੀਨ ਹੈ ਅਤੇ ਮਨੁੱਖਜਾਤੀ ਦੀ ਭ੍ਰਿਸ਼ਟਤਾ ਦਾ ਮੂਲ ਹੈ, ਇਸ ਲਈ ਪਰਮੇਸ਼ੁਰ ਸੰਭਵ ਤੌਰ ਤੇ ਇੱਕ ਇਸਤ੍ਰੀ ਦੇ ਰੂਪ ਵਿੱਚ ਦੇਹ ਧਾਰਣ ਨਹੀਂ ਕਰ ਸਕਦਾ? ਕੀ ਤੂੰ ਅਜੇ ਵੀ ਇਹ ਕਹਿਣਾ ਜਾਰੀ ਰੱਖਣ ਦੀ ਹਿੰਮਤ ਕਰਦਾ ਹੈਂ ਕਿ “ਇਸਤ੍ਰੀ ਹਮੇਸ਼ਾਂ ਮਰਦ ਦੀ ਆਗਿਆਕਾਰੀ ਕਰੇਗੀ ਅਤੇ ਕਦੇ ਵੀ ਪਰਮੇਸ਼ੁਰ ਨੂੰ ਪਰਗਟ ਨਹੀਂ ਕਰ ਸਕਦੀ ਜਾਂ ਪ੍ਰਤੱਖ ਰੂਪ ਵਿੱਚ ਪਰਮੇਸ਼ੁਰ ਦੀ ਨੁਮਾਇੰਦਗੀ ਨਹੀਂ ਕਰ ਸਕਦੀ?” ਅਤੀਤ ਵਿੱਚ ਤੂੰ ਨਹੀਂ ਸਮਝਿਆ, ਪਰ ਕੀ ਤੂੰ ਹੁਣ ਵੀ ਪਰਮੇਸ਼ੁਰ ਦੇ ਕੰਮ ਦੀ, ਖਾਸ ਕਰਕੇ ਪਰਮੇਸ਼ੁਰ ਦੇ ਦੇਹਧਾਰੀ ਦੀ ਈਸ਼ਨਿੰਦਾ ਕਰਨੀ ਜਾਰੀ ਰੱਖ ਸਕਦਾ ਹੈਂ? ਜੇ ਅਜੇ ਵੀ ਤੈਨੂੰ ਇਹ ਸਪਸ਼ਟ ਨਹੀਂ ਹੋਇਆ, ਤਾਂ ਆਪਣੀ ਜ਼ਬਾਨ ਤੇ ਲਗਾਮ ਲਗਾ ਕੇ ਰੱਖਣਾ ਸਭ ਤੋਂ ਵਧੀਆ ਰਹੇਗਾ, ਅਜਿਹਾ ਨਾ ਹੋਵੇ ਕਿ ਤੇਰੀ ਮੂਰਖਤਾ ਅਤੇ ਅਗਿਆਨਤਾ ਪਰਗਟ ਹੋ ਜਾਵੇ ਅਤੇ ਤੇਰੀ ਕਰੂਪਤਾ ਉਜਾਗਰ ਹੋ ਜਾਵੇ। ਇਹ ਨਾ ਸੋਚ ਕਿ ਤੂੰ ਸਭ ਕੁਝ ਸਮਝਦਾ ਹੈਂ। ਮੈਂ ਤੈਨੂੰ ਦੱਸ ਦਿਆਂ ਕਿ ਤੂੰ ਜੋ ਕੁਝ ਵੀ ਦੇਖਿਆ ਅਤੇ ਅਨੁਭਵ ਕੀਤਾ ਹੈ ਉਹ ਮੇਰੀ ਪ੍ਰਬੰਧਨ ਯੋਜਨਾ ਦੇ ਇੱਕ ਹਜ਼ਾਰਵੇਂ ਹਿੱਸੇ ਨੂੰ ਵੀ ਸਮਝਣ ਲਈ ਕਾਫ਼ੀ ਨਹੀਂ ਹੈ। ਤਾਂ ਤੂੰ ਇੰਨਾ ਹੰਕਾਰ ਨਾਲ ਕਿਉਂ ਪੇਸ਼ ਆਉਂਦਾ ਹੈਂ? ਤੇਰੀ ਇਹ ਮਾਮੂਲੀ ਜਿਹੀ ਪ੍ਰਤਿਭਾ ਅਤੇ ਬਹੁਤ ਘੱਟ ਗਿਆਨ ਯਿਸੂ ਦੇ ਕੰਮ ਦੇ ਇੱਕ ਪਲ ਲਈ ਵੀ ਵਰਤੇ ਜਾਣ ਲਈ ਨਾਕਾਫ਼ੀ ਹੈ! ਅਸਲ ਵਿੱਚ ਤੇਰੇ ਕੋਲ ਕਿੰਨਾ ਅਨੁਭਵ ਹੈ? ਤੂੰ ਆਪਣੇ ਜੀਵਨ ਵਿੱਚ ਜੋ ਕੁਝ ਵੀ ਦੇਖਿਆ ਅਤੇ ਜੋ ਕੁਝ ਵੀ ਸੁਣਿਆ ਹੈ ਅਤੇ ਜਿਸ ਦੀ ਤੂੰ ਕਲਪਨਾ ਕੀਤੀ ਹੈ, ਉਹ ਮੇਰੇ ਇੱਕ ਪਲ ਦੇ ਕੰਮ ਤੋਂ ਵੀ ਘੱਟ ਹੈ! ਤੇਰੇ ਲਈ ਇਹੀ ਠੀਕ ਰਹੇਗਾ ਕਿ ਤੂੰ ਨੁਕਤਾਚੀਨੀ ਨਾ ਕਰ ਅਤੇ ਗਲਤੀਆਂ ਨਾ ਲੱਭ! ਤੂੰ ਜਿੰਨਾ ਚਾਹੇਂ ਘਮੰਡੀ ਹੋ ਸਕਦਾ ਹੈਂ, ਪਰ ਫਿਰ ਵੀ ਤੂੰ ਇੱਕ ਕੀੜੀ ਦੇ ਬਰਾਬਰ ਦਾ ਪ੍ਰਾਣੀ ਵੀ ਨਹੀਂ ਹੈਂ! ਤੇਰੇ ਪੇਟ ਵਿੱਚ ਜੋ ਕੁਝ ਵੀ ਹੈ ਉਹ ਕੀੜੀ ਦੇ ਪੇਟ ਵਿੱਚ ਜੋ ਕੁਝ ਹੈ ਉਸ ਤੋਂ ਵੀ ਬਹੁਤ ਘੱਟ ਹੈ! ਇਹ ਨਾ ਸੋਚ ਕਿ, ਕਿਉਂਕਿ ਤੂੰ ਕੁਝ ਅਨੁਭਵ ਅਤੇ ਵਰਿਸ਼ਠਤਾ ਪ੍ਰਾਪਤ ਕਰ ਲਈ ਹੈ, ਇਸ ਲਈ ਤੂੰ ਬੇਮੁਹਾਰੇ ਢੰਗ ਨਾਲ ਇਸ਼ਾਰੇ ਕਰਦੇ ਹੋਏ ਵੱਡੀਆਂ-ਵੱਡੀਆਂ ਗੱਲਾਂ ਕਰ ਸਕਦਾ ਹੈਂ? ਕੀ ਤੇਰਾ ਅਨੁਭਵ ਅਤੇ ਵਰਿਸ਼ਠਤਾ ਮੇਰੇ ਕਹੇ ਗਏ ਵਚਨਾਂ ਦੇ ਫਲਸਰੂਪ ਨਹੀਂ ਹੈ? ਕੀ ਤੂੰ ਮੰਨਦਾ ਹੈਂ ਕਿ ਉਹ ਤੇਰੀ ਆਪਣੀ ਮਿਹਨਤ ਅਤੇ ਸਖ਼ਤ ਘਾਲਣਾ ਦਾ ਨਤੀਜਾ ਹੈ? ਅੱਜ, ਤੂੰ ਮੇਰੇ ਦੇਹਧਾਰਣ ਨੂੰ ਦੇਖਦਾ ਹੈਂ ਅਤੇ ਸਿਰਫ਼ ਇਸ ਦੇ ਨਤੀਜੇ ਵਜੋਂ ਤੇਰੇ ਅੰਦਰ ਧਾਰਣਾਵਾਂ ਦੀ ਇੰਨੀ ਭਰਮਾਰ ਹੈ, ਅਤੇ ਜਿਸ ਨਾਲ ਵਿਚਾਰਾਂ ਦਾ ਕੋਈ ਅੰਤ ਹੀ ਨਹੀਂ ਹੈ। ਜੇ ਮੇਰਾ ਦੇਹਧਾਰਣ ਨਾ ਹੁੰਦਾ, ਤਾਂ ਤੇਰੇ ਅੰਦਰ ਭਾਵੇਂ ਕਿੰਨੀਆਂ ਵੀ ਅਸਧਾਰਣ ਪ੍ਰਤਿਭਾਵਾਂ ਹੁੰਦੀਆਂ, ਤੇਰੇ ਅੰਦਰ ਇੰਨੀਆਂ ਧਾਰਣਾਵਾਂ ਨਾ ਹੁੰਦੀਆਂ; ਕੀ ਤੇਰੇ ਵਿਚਾਰ ਇਨ੍ਹਾਂ ਤੋਂ ਨਹੀਂ ਉਭਰੇ ਹਨ? ਜੇ ਯਿਸੂ ਨੇ ਪਹਿਲੀ ਵਾਰ ਦੇਹ ਧਾਰਣ ਨਾ ਕੀਤੀ ਹੁੰਦੀ, ਤਾਂ ਕੀ ਤੈਨੂੰ ਦੇਹਧਾਰਣ ਬਾਰੇ ਕੁਝ ਪਤਾ ਵੀ ਹੁੰਦਾ? ਕੀ ਇਹ ਪਹਿਲੇ ਦੇਹਧਾਰਣ ਕਰਕੇ ਨਹੀਂ ਹੈ ਜਿਸ ਨੇ ਤੈਨੂੰ ਗਿਆਨ ਦਿੱਤਾ ਕਿ ਤੂੰ ਢੀਠਤਾ ਨਾਲ ਦੂਜੇ ਦੇਹਧਾਰਣ ਬਾਰੇ ਰਾਇ ਬਣਾਉਣ ਦੀ ਕੋਸ਼ਿਸ਼ ਕਰਦਾ ਹੈਂ? ਤੂੰ ਇੱਕ ਆਗਿਆਕਾਰੀ ਪੈਰੋਕਾਰ ਬਣਨ ਦੀ ਬਜਾਏ, ਇਸ ਦਾ ਅਧਿਐਨ ਕਿਉਂ ਕਰ ਰਿਹਾ ਹੈਂ? ਜਦੋਂ ਤੂੰ ਇਸ ਵਰਗ ਵਿੱਚ ਪ੍ਰਵੇਸ਼ ਕਰ ਲਿਆ ਹੈ ਅਤੇ ਦੇਹਧਾਰੀ ਪਰਮੇਸ਼ੁਰ ਸਾਹਮਣੇ ਆ ਗਿਆ ਹੈਂ, ਤਾਂ ਕੀ ਉਹ ਤੈਨੂੰ ਉਸ ਦੀ ਘੋਖ ਕਰਨ ਦੀ ਆਗਿਆ ਦੇਵੇਗਾ? ਤੂੰ ਆਪਣੇ ਪਰਿਵਾਰ ਦੇ ਇਤਿਹਾਸ ਦੀ ਖੋਜ ਕਰ ਸਕਦਾ ਹੈਂ, ਪਰ ਜੇ ਤੂੰ ਪਰਮੇਸ਼ੁਰ ਦੇ “ਪਰਿਵਾਰ ਦੇ ਇਤਿਹਾਸ” ਦੀ ਖੋਜ ਕਰਦਾ ਹੈਂ, ਤਾਂ ਕੀ ਅੱਜ ਦਾ ਪਰਮੇਸ਼ੁਰ ਤੈਨੂੰ ਅਜਿਹਾ ਕਰਨ ਦੀ ਇਜਾਜ਼ਤ ਦਏਗਾ? ਕੀ ਤੂੰ ਅੰਨ੍ਹਾ ਨਹੀਂ ਹੈਂ? ਕੀ ਤੂੰ ਆਪਣੇ ਆਪ ’ਤੇ ਅਪਮਾਨ ਨਹੀਂ ਲਿਆਉਂਦਾ ਹੈਂ?

ਜੇ ਸਿਰਫ਼ ਯਿਸੂ ਦਾ ਹੀ ਕੰਮ ਕੀਤਾ ਗਿਆ ਹੁੰਦਾ, ਅਤੇ ਅੰਤ ਦੇ ਦਿਨਾਂ ਦੇ ਇਸ ਪੜਾਅ ਵਿੱਚ ਕੰਮ ਦੁਆਰਾ ਪੂਰਕ ਨਾ ਹੁੰਦਾ, ਤਾਂ ਮਨੁੱਖ ਹਮੇਸ਼ਾਂ ਇਸੇ ਧਾਰਣਾ ਨਾਲ ਚਿੰਬੜਿਆ ਰਹਿੰਦਾ ਕਿ ਸਿਰਫ਼ ਯਿਸੂ ਹੀ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਹੈ, ਅਰਥਾਤ ਪਰਮੇਸ਼ੁਰ ਦਾ ਸਿਰਫ਼ ਇੱਕ ਹੀ ਪੁੱਤਰ ਹੈ, ਅਤੇ ਉਸ ਮਗਰੋਂ ਕੋਈ ਵੀ ਜੋ ਕਿਸੇ ਦੂਜੇ ਨਾਂਅ ਨਾਲ ਆਉਂਦਾ ਹੈ ਪਰਮੇਸ਼ੁਰ ਦਾ ਇੱਕਮਾਤਰ ਪੁੱਤਰ ਨਹੀਂ ਹੋਏਗਾ, ਪਰਮੇਸ਼ੁਰ ਖੁਦ ਤਾਂ ਬਿਲਕੁਲ ਨਹੀਂ ਹੋਏਗਾ। ਮਨੁੱਖ ਦੀ ਧਾਰਣਾ ਇਹ ਹੈ ਕਿ ਉਹ ਜੋ ਪਾਪ ਬਲੀ ਦੇ ਰੂਪ ਵਿੱਚ ਸੇਵਾ ਕਰਦਾ ਹੈ ਜਾਂ ਜੋ ਪਰਮੇਸ਼ੁਰ ਵੱਲੋਂ ਅਧਿਕਾਰ ਗ੍ਰਹਿਣ ਕਰਦਾ ਹੈ ਅਤੇ ਸਮੁੱਚੀ ਮਨੁੱਖਜਾਤੀ ਨੂੰ ਛੁਟਕਾਰਾ ਦੁਆਉਂਦਾ ਹੈ, ਉਹੀ ਪਰਮੇਸ਼ੁਰ ਦਾ ਇਕਮਾਤਰ ਪੁੱਤਰ ਹੈ। ਕੁਝ ਅਜਿਹੇ ਹਨ ਜੋ ਮੰਨਦੇ ਹਨ ਕਿ ਜਦੋਂ ਤਕ ਉਹ ਆਉਣ ਵਾਲਾ ਇੱਕ ਮਰਦ ਹੈ, ਉਸ ਨੂੰ ਪਰਮੇਸ਼ੁਰ ਦਾ ਇੱਕਮਾਤਰ ਪੁੱਤਰ ਅਤੇ ਪਰਮੇਸ਼ੁਰ ਦਾ ਨੁਮਾਇੰਦਾ ਸਮਝਿਆ ਜਾ ਸਕਦਾ ਹੈ। ਇੱਥੋਂ ਤਕ ਕਿ ਕੁਝ ਅਜਿਹੇ ਵੀ ਹਨ ਜੋ ਕਹਿੰਦੇ ਹਨ ਕਿ ਯਿਸੂ ਯਹੋਵਾਹ ਦਾ ਪੁੱਤਰ ਹੈ, ਉਸ ਦਾ ਇੱਕਮਾਤਰ ਪੁੱਤਰ। ਕੀ ਅਜਿਹੀਆਂ ਧਾਰਣਾਵਾਂ ਹੱਦ ਤੋਂ ਵੱਧ ਨਹੀਂ ਹਨ? ਜੇ ਕੰਮ ਦਾ ਇਹ ਪੜਾਅ ਅੰਤ ਦੇ ਯੁਗ ਵਿੱਚ ਨਾ ਕੀਤਾ ਗਿਆ ਹੁੰਦਾ, ਤਾਂ ਜਦੋਂ ਪਰਮੇਸ਼ੁਰ ਦੀ ਗੱਲ ਆਉਂਦੀ ਤਾਂ ਸਮੁੱਚੀ ਮਨੁੱਖਜਾਤੀ ਇੱਕ ਗੂੜ੍ਹੇ ਪਰਛਾਵੇਂ ਹੇਠਾਂ ਢੱਕੀ ਗਈ ਹੁੰਦੀ। ਜੇ ਅਜਿਹਾ ਹੋਇਆ ਹੁੰਦਾ, ਤਾਂ ਮਰਦ ਆਪਣੇ ਆਪ ਨੂੰ ਇਸਤ੍ਰੀ ਦੇ ਮੁਕਾਬਲੇ ਜ਼ਿਆਦਾ ਉੱਚਾ ਸੋਚਦਾ, ਅਤੇ ਇਸਤ੍ਰੀਆਂ ਕਦੇ ਵੀ ਆਪਣਾ ਸਿਰ ਚੁੱਕਣ ਦੇ ਸਮਰੱਥ ਨਾ ਹੁੰਦੀਆਂ, ਅਜਿਹੀ ਸਥਿਤੀ ਵਿੱਚ ਕੋਈ ਇੱਕ ਵੀ ਇਸਤ੍ਰੀ ਬਚਾਈ ਨਾ ਜਾ ਸਕੀ ਹੁੰਦੀ। ਲੋਕ ਹਮੇਸ਼ਾਂ ਇਹ ਮੰਨਦੇ ਹਨ ਕਿ ਪਰਮੇਸ਼ੁਰ ਮਰਦ ਹੈ, ਅਤੇ ਇਸ ਤੋਂ ਇਲਾਵਾ ਉਸ ਨੇ ਹਮੇਸ਼ਾਂ ਇਸਤ੍ਰੀ ਨਾਲ ਘਿਰਣਾ ਕੀਤੀ ਹੈ ਅਤੇ ਉਸ ਨੂੰ ਮੁਕਤੀ ਨਹੀਂ ਪ੍ਰਦਾਨ ਕਰੇਗਾ। ਜੇ ਅਜਿਹਾ ਹੁੰਦਾ, ਤਾਂ ਕੀ ਇਹ ਸੱਚ ਨਾ ਹੁੰਦਾ ਕਿ ਸਾਰੀਆਂ ਇਸਤ੍ਰੀਆਂ ਨੂੰ, ਜੋ ਯਹੋਵਾਹ ਦੁਆਰਾ ਸਿਰਜੀਆਂ ਗਈਆਂ ਸਨ ਅਤੇ ਜੋ ਭ੍ਰਿਸ਼ਟ ਵੀ ਸਨ, ਕਦੇ ਵੀ ਬਚਾਏ ਜਾਣ ਦਾ ਮੌਕਾ ਨਾ ਮਿਲਿਆ ਹੁੰਦਾ? ਤਾਂ ਫਿਰ ਕੀ ਯਹੋਵਾਹ ਲਈ ਇਸਤ੍ਰੀ ਦੀ ਸਿਰਜਣਾ ਕਰਨਾ, ਅਰਥਾਤ, ਹੱਵਾਹ ਦੀ ਸਿਰਜਣਾ ਕਰਨਾ, ਵਿਅਰਥ ਨਾ ਹੁੰਦਾ? ਤਾਂ ਕਿ ਇਸਤ੍ਰੀ ਦਾ ਸਦਾ ਲਈ ਨਾਸ ਨਾ ਹੋ ਜਾਂਦਾ? ਇਸ ਲਈ, ਅੰਤ ਦੇ ਦਿਨਾਂ ਵਿੱਚ ਕੰਮ ਦਾ ਇਹ ਪੜਾਅ ਸਮੁੱਚੀ ਮਨੁੱਖਜਾਤੀ ਨੂੰ ਬਚਾਉਣ ਲਈ ਕੀਤਾ ਜਾਣਾ ਹੈ, ਨਾ ਕਿ ਸਿਰਫ਼ ਇਸਤ੍ਰੀ ਨੂੰ। ਜੇ ਕੋਈ ਇਹ ਸੋਚਦਾ ਹੈ ਕਿ ਜੇ ਪਰਮੇਸ਼ੁਰ ਨੇ ਇਸਤ੍ਰੀ ਦੇ ਰੂਪ ਵਿੱਚ ਦੇਹਧਾਰਣ ਕੀਤਾ, ਤਾਂ ਉਹ ਸਿਰਫ਼ ਇਸਤ੍ਰੀਆਂ ਨੂੰ ਬਚਾਉਣ ਖਾਤਰ ਹੋਏਗਾ, ਤਾਂ ਉਹ ਵਿਅਕਤੀ ਸੱਚਮੁੱਚ ਮੂਰਖ ਹੋਏਗਾ!

ਅੱਜ ਦੇ ਕੰਮ ਨੇ ਕਿਰਪਾ ਦੇ ਯੁਗ ਦੇ ਕੰਮ ਨੂੰ ਅੱਗੇ ਵਧਾਇਆ ਹੈ; ਅਰਥਾਤ, ਸਮੁੱਚੀ ਛੇ-ਹਜ਼ਾਰ-ਸਾਲ ਦੀ ਪ੍ਰਬੰਧਨ ਯੋਜਨਾ ਦਾ ਕੰਮ ਅੱਗੇ ਵਧਿਆ ਹੈ। ਹਾਲਾਂਕਿ ਕਿਰਪਾ ਦਾ ਯੁਗ ਖਤਮ ਹੋ ਗਿਆ ਹੈ, ਪਰ ਪਰਮੇਸ਼ੁਰ ਦੇ ਕੰਮ ਵਿੱਚ ਪ੍ਰਗਤੀ ਹੋਈ ਹੈ। ਮੈਂ ਵਾਰ-ਵਾਰ ਕਿਉਂ ਕਹਿੰਦਾ ਹਾਂ ਕਿ ਕੰਮ ਦਾ ਇਹ ਪੜਾਅ ਕਿਰਪਾ ਦੇ ਯੁਗ ਅਤੇ ਸ਼ਰਾ ਦੇ ਯੁਗ ’ਤੇ ਅਧਾਰਤ ਹੈ? ਕਿਉਂਕਿ ਅੱਜ ਦੇ ਦਿਨ ਦਾ ਕੰਮ ਕਿਰਪਾ ਦੇ ਯੁਗ ਵਿੱਚ ਕੀਤੇ ਗਏ ਕੰਮ ਦੀ ਨਿਰੰਤਰਤਾ, ਅਤੇ ਸ਼ਰਾ ਦੇ ਯੁਗ ਵਿੱਚ ਕੀਤੇ ਗਏ ਕੰਮ ਦੀ ਪ੍ਰਗਤੀ ਹੈ। ਤਿੰਨ ਪੜਾਅ ਆਪਸ ਵਿੱਚ ਮਜ਼ਬੂਤੀ ਨਾਲ ਜੁੜੇ ਹੋਏ ਹਨ ਅਤੇ ਲੜੀ ਦੀ ਹਰ ਕੜੀ ਅਗਲੀ ਕੜੀ ਨਾਲ ਨੇੜਿਓਂ ਜੁੜੀ ਹੋਈ ਹੈ। ਮੈਂ ਇਹ ਵੀ ਕਿਉਂ ਕਹਿੰਦਾ ਹਾਂ ਕਿ ਕੰਮ ਦਾ ਇਹ ਪੜਾਅ ਯਿਸੂ ਦੁਆਰਾ ਕੀਤੇ ਗਏ ਕੰਮ ’ਤੇ ਅਧਾਰਤ ਹੈ? ਮੰਨ ਲਓ ਕਿ ਜੇ ਇਹ ਪੜਾਅ ਯਿਸੂ ਦੁਆਰਾ ਕੀਤੇ ਗਏ ਕੰਮ ’ਤੇ ਅਧਾਰਤ ਨਾ ਹੁੰਦਾ, ਤਾਂ ਇਸ ਪੜਾਅ ਵਿੱਚ ਇੱਕ ਹੋਰ ਸਲੀਬ ’ਤੇ ਚੜ੍ਹਨਾ ਪਏਗਾ, ਅਤੇ ਪਿਛਲੇ ਪੜਾਅ ਦਾ ਛੁਟਕਾਰੇ ਦਾ ਕੰਮ ਫਿਰ ਤੋਂ ਕਰਨਾ ਪਏਗਾ। ਇਹ ਅਰਥਹੀਣ ਹੁੰਦਾ। ਇਸ ਲਈ, ਅਜਿਹਾ ਨਹੀਂ ਹੈ ਕਿ ਕੰਮ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਸਗੋਂ ਇਹ ਕਿ ਯੁਗ ਅੱਗੇ ਵੱਧ ਗਿਆ ਹੈ ਅਤੇ ਕੰਮ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਉੱਚਾ ਕਰ ਦਿੱਤਾ ਗਿਆ ਹੈ। ਇਹ ਕਿਹਾ ਜਾ ਸਕਦਾ ਹੈ ਕਿ ਕੰਮ ਦਾ ਇਹ ਪੜਾਅ ਸ਼ਰਾ ਦੇ ਯੁਗ ਦੀ ਬੁਨਿਆਦ ਅਤੇ ਯਿਸੂ ਦੇ ਕੰਮ ਦੀ ਚਟਾਨ ’ਤੇ ਉਸਾਰਿਆ ਗਿਆ ਹੈ। ਪਰਮੇਸ਼ੁਰ ਦਾ ਕੰਮ ਪੜਾਅ-ਦਰ-ਪੜਾਅ ਬਣਾਇਆ ਜਾਂਦਾ ਹੈ ਅਤੇ ਇਹ ਪੜਾਅ ਕੋਈ ਨਵੀਂ ਸ਼ੁਰੂਆਤ ਨਹੀਂ ਹੈ। ਸਿਰਫ਼ ਤਿੰਨਾਂ ਪੜਾਵਾਂ ਦੇ ਕੰਮ ਦੇ ਸੁਮੇਲ ਨੂੰ ਹੀ ਛੇ-ਹਜ਼ਾਰ-ਸਾਲ ਦੀ ਪ੍ਰਬੰਧਨ ਯੋਜਨਾ ਸਮਝਿਆ ਜਾ ਸਕਦਾ ਹੈ। ਇਸ ਪੜਾਅ ਦਾ ਕੰਮ ਕਿਰਪਾ ਦੇ ਯੁਗ ਦੀ ਨੀਂਹ ’ਤੇ ਕੀਤਾ ਜਾਂਦਾ ਹੈ। ਜੇ ਕੰਮ ਦੇ ਇਹ ਦੋ ਪੜਾਅ ਜੁੜੇ ਹੋਏ ਨਹੀਂ ਸਨ, ਤਾਂ ਇਸ ਪੜਾਅ ਵਿੱਚ ਸਲੀਬ ’ਤੇ ਚੜ੍ਹਨ ਨੂੰ ਦੁਹਰਾਇਆ ਕਿਉਂ ਨਹੀਂ ਜਾਂਦਾ ਹੈ? ਮੈਂ ਮਨੁੱਖ ਦੇ ਪਾਪਾਂ ਨੂੰ ਸਹਿਣ ਕਿਉਂ ਨਹੀਂ ਕਰਦਾ, ਇਸ ਦੀ ਬਜਾਏ ਸਿੱਧੇ ਉਹਨਾਂ ਦਾ ਨਿਆਂ ਕਰਨ ਅਤੇ ਤਾੜਨਾ ਦੇਣ ਕਿਉਂ ਆਉਂਦਾ ਹਾਂ? ਜੇ ਮਨੁੱਖ ਦਾ ਨਿਆਂ ਕਰਨ ਅਤੇ ਉਸ ਨੂੰ ਤਾੜਨਾ ਦੇਣ ਦਾ ਮੇਰਾ ਕੰਮ ਅਤੇ ਪਵਿੱਤਰ ਆਤਮਾ ਦੁਆਰਾ ਧਾਰਣ ਕੀਤੇ ਬਗੈਰ ਹੁਣ ਮੇਰੇ ਆਗਮਨ ਤੋਂ ਬਾਅਦ ਸਲੀਬ ’ਤੇ ਚੜ੍ਹਨ ਦਾ ਕੰਮ ਨਾ ਹੁੰਦਾ, ਤਾਂ ਮੈਂ ਮਨੁੱਖ ਦਾ ਨਿਆਂ ਕਰਨ ਅਤੇ ਉਸ ਨੂੰ ਤਾੜਨਾ ਦੇਣ ਦੇ ਯੋਗ ਨਾ ਹੁੰਦਾ। ਇਹ ਅਸਲ ਵਿੱਚ ਇਸ ਲਈ ਹੈ ਕਿਉਂਕਿ ਮੈਂ ਯਿਸੂ ਨਾਲ ਇੱਕ ਹਾਂ ਜੋ ਕਿ ਪ੍ਰਤੱਖ ਰੂਪ ਵਿੱਚ ਮਨੁੱਖ ਨੂੰ ਤਾੜਨਾ ਦੇਣ ਅਤੇ ਨਿਆਂ ਕਰਨ ਲਈ ਆਉਂਦਾ ਹੈ। ਕੰਮ ਦਾ ਇਹ ਪੜਾਅ ਪੂਰੀ ਤਰ੍ਹਾਂ ਨਾਲ ਪਿਛਲੇ ਪੜਾਅ ਦੇ ਕੰਮ ’ਤੇ ਆਧਾਰਤ ਹੈ। ਇਸੇ ਲਈ ਸਿਰਫ਼ ਅਜਿਹਾ ਕੰਮ ਹੀ ਕਦਮ-ਦਰ-ਕਦਮ, ਮਨੁੱਖ ਨੂੰ ਮੁਕਤੀ ਤਕ ਲਿਜਾ ਸਕਦਾ ਹੈ। ਯਿਸੂ ਅਤੇ ਮੈਂ ਇੱਕ ਹੀ ਆਤਮਾ ਤੋਂ ਆਉਂਦੇ ਹਾਂ। ਹਾਲਾਂਕਿ ਸਾਡੀਆਂ ਦੇਹਾਂ ਦਾ ਕੋਈ ਸੰਬੰਧ ਨਹੀਂ ਹੈ, ਪਰ ਸਾਡੇ ਆਤਮਾ ਇੱਕ ਹੀ ਹਨ; ਇੱਥੋਂ ਤਕ ਕਿ ਅਸੀਂ ਜੋ ਕਰਦੇ ਹਾਂ ਉਸ ਦੀ ਸਮੱਗਰੀ ਅਤੇ ਕੰਮ ਜੋ ਅਸੀਂ ਲੈਂਦੇ ਹਾਂ, ਵੀ ਇੱਕੋ ਜਿਹੇ ਨਹੀਂ ਹਨ, ਪਰ ਸਾਰ ਦੇ ਰੂਪ ਵਿੱਚ ਅਸੀਂ ਸਮਾਨ ਹਾਂ; ਸਾਡੀਆਂ ਦੇਹਾਂ ਵੱਖ-ਵੱਖ ਰੂਪ ਧਾਰਣ ਕਰਦੀਆਂ ਹਨ, ਅਜਿਹਾ ਯੁਗ ਵਿੱਚ ਤਬਦੀਲੀ ਅਤੇ ਸਾਡੇ ਕੰਮ ਦੀਆਂ ਵੱਖਰੀਆਂ ਜ਼ਰੂਰਤਾਂ ਕਾਰਣ ਹੈ; ਸਾਡੇ ਕਾਰਜ ਇੱਕੋ ਜਿਹੇ ਨਹੀਂ ਹਨ, ਇਸ ਲਈ ਜੋ ਕੰਮ ਅਸੀਂ ਸਾਹਮਣੇ ਲਿਆਉਂਦੇ ਹਾਂ ਅਤੇ ਜਿਸ ਸੁਭਾਅ ਨੂੰ ਅਸੀਂ ਮਨੁੱਖ ’ਤੇ ਪਰਗਟ ਕਰਦੇ ਹਾਂ ਉਹ ਵੀ ਵੱਖਰੇ ਹਨ। ਇਹੀ ਕਾਰਣ ਹੈ ਅੱਜ ਮਨੁੱਖ ਜੋ ਦੇਖਦਾ ਅਤੇ ਸਮਝਦਾ ਹੈ ਉਹ ਅਤੀਤ ਵਰਗਾ ਨਹੀਂ ਹੈ, ਜੋ ਕਿ ਯੁਗ ਵਿੱਚ ਤਬਦੀਲੀ ਦੇ ਕਾਰਣ ਹੈ। ਹਾਲਾਂਕਿ ਉਹਨਾਂ ਦੀਆਂ ਦੇਹਾਂ ਦੇ ਲਿੰਗ ਅਤੇ ਰੂਪ ਵੱਖ-ਵੱਖ ਹਨ, ਅਤੇ ਇਹ ਵੀ ਕਿ ਉਹ ਇੱਕ ਹੀ ਪਰਿਵਾਰ ਵਿੱਚ ਨਹੀਂ ਜੰਮੇ ਸਨ, ਇੱਕੋ ਸਮੇਂ ਦੌਰਾਨ ਤਾਂ ਬਿਲਕੁਲ ਨਹੀਂ, ਫਿਰ ਵੀ ਉਹਨਾਂ ਦੇ ਆਤਮਾ ਇੱਕ ਹਨ। ਭਾਵੇਂ ਉਹਨਾਂ ਦੀਆਂ ਦੇਹਾਂ ਨਾ ਤਾਂ ਖੂਨ ਦਾ ਅਤੇ ਨਾ ਹੀ ਦੇਹ ਦਾ ਕੋਈ ਸੰਬੰਧ ਸਾਂਝਾ ਕਰਦੀਆਂ ਹਨ, ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਵੱਖ-ਵੱਖ ਸਮਿਆਂ ਵਿੱਚ ਆਏ ਪਰਮੇਸ਼ੁਰ ਦੇ ਦੇਹਧਾਰਣ ਹਨ। ਉਹ ਪਰਮੇਸ਼ੁਰ ਦੇ ਦੇਹਧਾਰੀ ਰੂਪ ਹਨ ਇਹ ਇੱਕ ਅਖੰਡ ਸੱਚਾਈ ਹੈ, ਭਾਵੇਂ ਉਹ ਇੱਕੋ ਵੰਸ਼ ਵਿੱਚੋਂ ਨਹੀਂ ਹਨ ਅਤੇ ਸਧਾਰਣ ਮਨੁੱਖੀ ਭਾਸ਼ਾ (ਇੱਕ ਮਰਦ ਸੀ ਜਿਸ ਨੇ ਯਹੂਦੀਆਂ ਦੀ ਭਾਸ਼ਾ ਬੋਲੀ ਅਤੇ ਦੂਜੀ ਇਸਤ੍ਰੀ ਹੈ ਜੋ ਸਿਰਫ਼ ਚੀਨੀ ਭਾਸ਼ਾ ਬੋਲਦੀ ਹੈ) ਸਾਂਝੀ ਨਹੀਂ ਕਰਦੇ ਹਨ। ਇਹਨਾਂ ਕਾਰਣਾਂ ਕਰਕੇ ਜੋ ਕੰਮ ਕਰਨਾ ਉਨ੍ਹਾਂ ਦਾ ਫ਼ਰਜ਼ ਹੁੰਦਾ ਹੈ ਉਸ ਨੂੰ ਉਹ ਵੱਖ-ਵੱਖ ਕੌਮਾਂਵਿੱਚ, ਅਤੇ ਸਮੇਂ ਦੀ ਵੀ ਵੱਖ-ਵੱਖ ਅਵਧੀ ਵਿੱਚ ਕਰਦੇ ਹਨ। ਇਸ ਤੱਥ ਦੇ ਬਾਵਜੂਦ ਵੀ ਕਿ ਉਹ ਇੱਕ ਹੀ ਆਤਮਾ ਹਨ, ਉਹਨਾਂ ਦਾ ਸਾਰ ਇੱਕ ਹੀ ਹੈ, ਉਹਨਾਂ ਦੀਆਂ ਦੇਹਾਂ ਦੀ ਬਾਹਰੀ ਪਰਤ ਵਿੱਚ ਬਿਲਕੁਲ ਵੀ ਸਮਾਨਤਾਵਾਂ ਨਹੀਂ ਹਨ। ਉਹ ਸਿਰਫ਼ ਸਮਾਨ ਮਨੁੱਖਜਾਤੀ ਨੂੰ ਸਾਂਝਾ ਕਰਦੇ ਹਨ, ਪਰ ਜਿੱਥੇ ਤਕ ਉਹਨਾਂ ਦੀਆਂ ਦੇਹਾਂ ਦੀ ਬਾਹਰੀ ਦਿੱਖ ਅਤੇ ਉਹਨਾਂ ਦੇ ਜਨਮ ਦੇ ਹਾਲਾਤ ਦਾ ਸੰਬੰਧ ਹੈ, ਉਹ ਇੱਕੋ ਜਿਹੇ ਨਹੀਂ ਹਨ। ਇਨ੍ਹਾਂ ਦਾ ਉਨ੍ਹਾਂ ਦੇ ਆਪੋ-ਆਪਣੇ ਕੰਮ ਜਾਂ ਮਨੁੱਖ ਕੋਲ ਉਨ੍ਹਾਂ ਬਾਰੇ ਜੋ ਗਿਆਨ ਹੈ ਉਸ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੈ, ਕਿਉਂਕਿ, ਆਖਰਕਾਰ, ਉਹ ਇੱਕ ਹੀ ਆਤਮਾ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਅਲੱਗ ਨਹੀਂ ਕਰ ਸਕਦਾ। ਹਾਲਾਂਕਿ ਉਨ੍ਹਾਂ ਦਾ ਕੋਈ ਰੱਤ-ਸੰਬੰਧ ਨਹੀਂ ਹੈ, ਪਰ ਉਨ੍ਹਾਂ ਦੀ ਸੰਪੂਰਨ ਹੋਂਦ ਉਨ੍ਹਾਂ ਦੇ ਆਤਮਾਵਾਂ ਦੁਆਰਾ ਨਿਰਦੇਸ਼ਿਤ ਹੁੰਦੀ ਹੈ, ਜੋ ਉਨ੍ਹਾਂ ਨੂੰ ਵੱਖ-ਵੱਖ ਸਮੇਂ ਵਿੱਚ ਵੱਖ-ਵੱਖ ਕੰਮ ਦਿੰਦੇ ਹਨ ਅਤੇ ਉਨ੍ਹਾਂ ਦੀ ਦੇਹ ਨੂੰ ਵੱਖ-ਵੱਖ ਰੱਤ-ਸੰਬੰਧਾਂ ਨਾਲ ਜੋੜਦੇ ਹਨ। ਯਹੋਵਾਹ ਦਾ ਆਤਮਾ ਯਿਸੂ ਦੇ ਆਤਮਾ ਦਾ ਪਿਤਾ ਨਹੀਂ ਹੈ, ਅਤੇ ਯਿਸੂ ਦਾ ਆਤਮਾ ਯਹੋਵਾਹ ਦੇ ਆਤਮਾ ਦਾ ਪੁੱਤਰ ਨਹੀਂ ਹੈ: ਉਹ ਇੱਕ ਅਤੇ ਸਮਾਨ ਆਤਮਾ ਹਨ। ਇਸੇ ਤਰ੍ਹਾਂ, ਅੱਜ ਦਾ ਦੇਹਧਾਰੀ ਪਰਮੇਸ਼ੁਰ ਅਤੇ ਯਿਸੂ ਰੱਤ-ਸੰਬੰਧਾਂ ਨਾਲ ਨਹੀਂ ਜੁੜੇ ਹੋਏ, ਪਰ ਉਹ ਇੱਕ ਹੀ ਹਨ, ਕਿਉਂਕਿ ਉਨ੍ਹਾਂ ਦਾ ਆਤਮਾ ਇੱਕ ਹੈ। ਪਰਮੇਸ਼ੁਰ ਦਯਾ ਅਤੇ ਕਿਰਪਾ ਦਾ, ਅਤੇ ਨਾਲ ਹੀ ਧਰਮੀ ਨਿਆਂ ਦਾ ਅਤੇ ਮਨੁੱਖ ਨੂੰ ਤਾੜਨਾ ਦੇਣ ਦਾ, ਅਤੇ ਮਨੁੱਖ ’ਤੇ ਸਰਾਪ ਲਿਆਉਣ ਦਾ ਕੰਮ ਕਰ ਸਕਦਾ ਹੈ, ਅਤੇ ਅੰਤ ਵਿੱਚ ਉਹ ਸੰਸਾਰ ਦਾ ਨਾਸ ਕਰਨ ਅਤੇ ਦੁਸ਼ਟਾਂ ਨੂੰ ਸਜ਼ਾ ਦੇਣ ਦਾ ਕੰਮ ਕਰ ਸਕਦਾ ਹੈ। ਕੀ ਉਹ ਇਹ ਸਭ ਆਪਣੇ ਆਪ ਨਹੀਂ ਕਰਦਾ ਹੈ? ਕੀ ਇਹ ਪਰਮੇਸ਼ੁਰ ਦਾ ਸਰਬ ਸ਼ਕਤੀਸ਼ਾਲੀ ਹੋਣਾ ਨਹੀਂ ਹੈ? ਉਹ ਮਨੁੱਖ ਲਈ ਕਾਨੂੰਨ ਲਾਗੂ ਕਰਨ ਅਤੇ ਆਪਣੇ ਆਦੇਸ਼ ਜਾਰੀ ਕਰਨ ਦੇ ਸਮਰੱਥ ਹੈ, ਅਤੇ ਉਹ ਅਰੰਭਕ ਇਸਰਾਏਲੀਆਂ ਦੀ ਧਰਤੀ ’ਤੇ ਉਨ੍ਹਾਂ ਦੇ ਜੀਵਨ ਜੀਉਣ ਵਿੱਚ ਅਗਵਾਈ ਵੀ ਕਰ ਸਕਿਆ ਸੀ, ਅਤੇ ਮੰਦਰ ਅਤੇ ਵੇਦੀਆਂ ਬਣਾਉਣ, ਸਾਰੇ ਇਸਰਾਏਲੀਆਂ ਨੂੰ ਆਪਣੇ ਇਖਤਿਆਰ ਦੇ ਅਧੀਨ ਰੱਖਣ ਵਿੱਚ ਉਨ੍ਹਾਂ ਦੀ ਰਹਿਨੁਮਾਈ ਵੀ ਕਰ ਸਕਿਆ ਸੀ। ਆਪਣੇ ਅਧਿਕਾਰ ਕਾਰਣ, ਉਹ ਇਸਰਾਏਲ ਦੇ ਲੋਕਾਂ ਨਾਲ ਦੋ ਹਜ਼ਾਰ ਸਾਲ ਤਕ ਧਰਤੀ ’ਤੇ ਰਿਹਾ। ਇਸਰਾਏਲੀਆਂ ਨੇ ਉਸ ਖ਼ਿਲਾਫ਼ ਬਗਾਵਤ ਦੀ ਹਿੰਮਤ ਨਹੀਂ ਕੀਤੀ; ਸਾਰੇ ਯਹੋਵਾਹ ਦਾ ਸਤਿਕਾਰ ਕਰਦੇ ਸਨ ਅਤੇ ਉਸ ਦੀਆਂ ਆਗਿਆਵਾਂ ਦੀ ਪਾਲਣਾ ਕਰਦੇ ਸਨ। ਇਹ ਸਾਰਾ ਕੰਮ ਉਸ ਦੇ ਅਧਿਕਾਰ ਅਤੇ ਸਰਬ ਸ਼ਕਤੀਸ਼ਾਲੀ ਹੋਣ ਦੀ ਵਜ੍ਹਾ ਨਾਲ ਹੀ ਕੀਤਾ ਜਾਂਦਾ ਸੀ। ਫਿਰ, ਕਿਰਪਾ ਦੇ ਯੁਗ ਵਿੱਚ, ਯਿਸੂ ਸਮੁੱਚੀ ਪਤਿਤ ਮਨੁੱਖਜਾਤੀ (ਸਿਰਫ਼ ਇਸਰਾਏਲੀਆਂ ਨੂੰ ਨਹੀਂ) ਨੂੰ ਛੁਟਕਾਰਾ ਦੁਆਉਣ ਲਈ ਆਇਆ। ਉਸ ਨੇ ਮਨੁੱਖ ਪ੍ਰਤੀ ਦਯਾ ਅਤੇ ਕਿਰਪਾ ਦਿਖਾਈ। ਮਨੁੱਖ ਨੇ ਕਿਰਪਾ ਦੇ ਯੁਗ ਵਿੱਚ ਜਿਸ ਯਿਸੂ ਨੂੰ ਦੇਖਿਆ ਉਹ ਕਿਰਪਾ ਨਾਲ ਭਰਪੂਰ ਅਤੇ ਮਨੁੱਖ ਪ੍ਰਤੀ ਹਮੇਸ਼ਾਂ ਹੀ ਪਿਆਰ ਭਰਿਆ ਸੀ, ਕਿਉਂਕਿ ਉਹ ਮਨੁੱਖਤਾ ਨੂੰ ਪਾਪ ਤੋਂ ਬਚਾਉਣ ਲਈ ਆਇਆ ਸੀ। ਜਦੋਂ ਤਕ ਉਸ ਦੇ ਸੂਲੀ ’ਤੇ ਚੜ੍ਹਾਏ ਜਾਣ ਨੇ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਨਾਲ ਪਾਪ ਤੋਂ ਛੁਟਕਾਰਾ ਨਹੀਂ ਦੁਆ ਦਿੱਤਾ ਉਦੋਂ ਤਕ ਉਹ ਮਨੁੱਖਾਂ ਦੇ ਪਾਪ ਮਾਫ਼ ਕਰਨ ਦੇ ਯੋਗ ਸੀ । ਇਸ ਸਮੇਂ ਦੌਰਾਨ, ਪਰਮੇਸ਼ੁਰ ਮਨੁੱਖ ਸਾਹਮਣੇ ਦਯਾ ਅਤੇ ਕਿਰਪਾ ਦੇ ਨਾਲ ਪਰਗਟ ਹੋਇਆ; ਅਰਥਾਤ ਉਹ ਮਨੁੱਖ ਲਈ ਇੱਕ ਪਾਪ ਬਲੀ ਬਣਿਆ ਅਤੇ ਮਨੁੱਖ ਦੇ ਪਾਪਾਂ ਲਈ ਸਲੀਬ ਤੇ ਚੜ੍ਹਾਇਆ ਗਿਆ, ਤਾਂ ਕਿ ਉਨ੍ਹਾਂ ਨੂੰ ਹਮੇਸ਼ਾਂ ਲਈ ਮਾਫ਼ ਕੀਤਾ ਜਾ ਸਕੇ। ਉਹ ਦਿਆਲੂ, ਦਇਆਵਾਨ, ਧੀਰਜ ਵਾਲਾ ਅਤੇ ਪ੍ਰੇਮਪੂਰਣ ਸੀ। ਅਤੇ ਉਹ ਸਾਰੇ ਜੋ ਕਿਰਪਾ ਦੇ ਯੁਗ ਵਿੱਚ ਯਿਸੂ ਦੇ ਪਿੱਛੇ ਚਲੇ ਸਨ ਉਨ੍ਹਾਂ ਨੇ ਵੀ ਸਾਰੀਆਂ ਚੀਜ਼ਾਂ ਵਿੱਚ ਧੀਰਜਵਾਨ ਅਤੇ ਪ੍ਰੇਮਪੂਰਣ ਬਣਨ ਦੀ ਇੱਛਾ ਕੀਤੀ। ਉਨ੍ਹਾਂ ਨੇ ਲੰਮੇ ਸਮੇਂ ਤਕ ਤਕਲੀਫ਼ਾਂ ਝੱਲੀਆਂ, ਇੱਥੋਂ ਤਕ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ, ਫਿਟਕਾਰਿਆ ਗਿਆ ਜਾਂ ਉਨ੍ਹਾਂ ਨੂੰ ਪੱਥਰ ਮਾਰੇ ਗਏ, ਤਾਂ ਵੀ ਉਹ ਕਦੇ ਵਾਪਸ ਨਹੀਂ ਲੜੇ। ਪਰ ਇਸ ਅੰਤਮ ਪੜਾਅ ਵਿੱਚ ਅਜਿਹਾ ਨਹੀਂ ਹੋ ਸਕਦਾ। ਯਿਸੂ ਅਤੇ ਯਹੋਵਾਹ ਦਾ ਕੰਮ ਪੂਰੀ ਤਰ੍ਹਾਂ ਨਾਲ ਇੱਕੋ ਜਿਹਾ ਨਹੀਂ ਸੀ ਹਾਲਾਂਕਿ ਦੋਹਾਂ ਦਾ ਆਤਮਾ ਇੱਕ ਸੀ। ਯਹੋਵਾਹ ਦੇ ਕੰਮ ਨੇ ਯੁਗ ਦਾ ਅੰਤ ਨਹੀਂ ਕੀਤਾ, ਸਗੋਂ ਯੁਗ ਦੀ ਰਹਿਨੁਮਾਈ ਕੀਤੀ ਅਤੇ ਧਰਤੀ ’ਤੇ ਮਨੁੱਖਜਾਤੀ ਦੇ ਜੀਵਨ ਦੀ ਸ਼ੁਰੂਆਤ ਕੀਤੀ, ਅਤੇ ਅੱਜ ਦਾ ਕੰਮ ਪਰਾਈਆਂ-ਕੌਮਾਂ ਵਿੱਚ ਬੇਹੱਦ ਭ੍ਰਿਸ਼ਟ ਹੋ ਚੁੱਕੇ ਮਨੁੱਖਾਂ ਨੂੰ ਜਿੱਤਣਾ, ਅਤੇ ਨਾ ਸਿਰਫ਼ ਚੀਨ ਵਿੱਚ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਸਗੋਂ ਸਾਰੇ ਸੰਸਾਰ ਅਤੇ ਸਾਰੀ ਮਨੁੱਖਜਾਤੀ ਦੀ ਅਗਵਾਈ ਕਰਨਾ ਹੈ। ਤੈਨੂੰ ਸ਼ਾਇਦ ਲਗਦਾ ਹੈ ਕਿ ਇਹ ਕੰਮ ਸਿਰਫ਼ ਚੀਨ ਵਿੱਚ ਹੋ ਰਿਹਾ ਹੈ, ਪਰ ਅਸਲ ਵਿੱਚ ਇਹ ਪਹਿਲਾਂ ਹੀ ਵਿਦੇਸ਼ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ। ਅਜਿਹਾ ਕਿਉਂ ਹੈ ਕਿ ਚੀਨ ਤੋਂ ਬਾਹਰ ਦੇ ਲੋਕ ਵਾਰ-ਵਾਰ ਸੱਚੇ ਰਾਹ ਦੀ ਖੋਜ ਕਰਦੇ ਹਨ? ਅਜਿਹਾ ਇਸ ਲਈ ਹੈ ਕਿਉਂਕਿ ਆਤਮਾ ਨੇ ਆਪਣਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ, ਅਤੇ ਅੱਜ ਕਹੇ ਗਏ ਵਚਨ ਪੂਰੇ ਸੰਸਾਰ ਦੇ ਲੋਕਾਂ ਵੱਲ ਨਿਰਦੇਸ਼ਿਤ ਹਨ। ਇਸ ਦੇ ਨਾਲ, ਅੱਧਾ ਕੰਮ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ। ਸੰਸਾਰ ਦੀ ਸਿਰਜਣਾ ਤੋਂ ਲੈ ਕੇ ਹੁਣ ਤਕ, ਪਰਮੇਸ਼ੁਰ ਦੇ ਆਤਮਾ ਨੇ ਇੰਨਾ ਮਹਾਨ ਕੰਮ ਸ਼ੁਰੂ ਕੀਤਾ ਹੈ, ਅਤੇ ਇਸ ਤੋਂ ਇਲਾਵਾ ਵੱਖ-ਵੱਖ ਯੁਗਾਂ ਦੌਰਾਨ, ਅਤੇ ਵੱਖ-ਵੱਖ ਕੌਮਾਂ ਦਰਮਿਆਨ ਵੱਖ-ਵੱਖ ਕੰਮ ਕੀਤੇ ਹਨ। ਹਰੇਕ ਯੁਗ ਦੇ ਲੋਕ ਉਸ ਦੇ ਵੱਖਰੇ ਸੁਭਾਅ ਨੂੰ ਦੇਖਦੇ ਹਨ, ਜੋ ਉਸ ਦੁਆਰਾ ਕੀਤੇ ਜਾਂਦੇ ਵੱਖਰੇ ਕੰਮ ਰਾਹੀਂ ਕੁਦਰਤੀ ਤੌਰ ’ਤੇ ਪਰਗਟ ਹੁੰਦਾ ਹੈ। ਉਹ ਦਯਾ ਅਤੇ ਕਿਰਪਾ ਨਾਲ ਭਰਪੂਰ ਪਰਮੇਸ਼ੁਰ ਹੈ; ਉਹ ਮਨੁੱਖ ਲਈ ਪਾਪ ਬਲੀ ਹੈ ਅਤੇ ਉਸ ਦੀ ਚਰਵਾਹੀ ਕਰਨ ਵਾਲਾ ਹੈ; ਪਰ ਉਹ ਮਨੁੱਖ ਦਾ ਨਿਆਂ, ਤਾੜਨਾ ਅਤੇ ਸਰਾਪ ਵੀ ਹੈ। ਉਹ ਧਰਤੀ ’ਤੇ ਦੋ ਹਜ਼ਾਰ ਸਾਲ ਤਕ ਜੀਵਨ ਜੀਉਣ ਲਈ ਮਨੁੱਖ ਦੀ ਅਗਵਾਈ ਕਰ ਸਕਿਆ ਅਤੇ ਭ੍ਰਿਸ਼ਟ ਮਨੁੱਖਜਾਤੀ ਨੂੰ ਪਾਪ ਤੋਂ ਛੁਟਕਾਰਾ ਵੀ ਦੁਆ ਸਕਿਆ ਸੀ। ਅੱਜ, ਉਹ ਮਨੁੱਖਜਾਤੀ ਨੂੰ ਜਿੱਤਣ ਦੇ ਵੀ ਸਮਰੱਥ ਹੈ, ਜੋ ਉਸ ਨੂੰ ਨਹੀਂ ਜਾਣਦੀ ਹੈ, ਅਤੇ ਉਸ ਨੂੰ ਆਪਣੇ ਇਖਤਿਆਰ ਦੇ ਅਧੀਨ ਝੁਕਾਉਣਦੇ ਸਮਰੱਥ ਹੈ, ਤਾਂ ਕਿ ਸਾਰੇ ਪੂਰੀ ਤਰ੍ਹਾਂ ਨਾਲ ਉਸ ਅੱਗੇ ਅਧੀਨ ਹੋ ਜਾਣ। ਅੰਤ ਵਿੱਚ, ਉਹ ਸੰਸਾਰ ਭਰ ਵਿੱਚ ਮਨੁੱਖਾਂ ਅੰਦਰ ਜੋ ਕੁਝ ਵੀ ਮਲੀਨ ਅਤੇ ਅਧਰਮੀ ਹੈ ਉਸ ਨੂੰ ਸਾੜ ਕੇ ਦੂਰ ਕਰ ਦਏਗਾ, ਤਾਂ ਕਿ ਉਨ੍ਹਾਂ ਨੂੰ ਦਿਖਾਏ ਕਿ ਨਾ ਸਿਰਫ਼ ਉਹ ਦਇਆਵਾਨ ਅਤੇ ਪ੍ਰੇਮਪੂਰਣ ਪਰਮੇਸ਼ੁਰ ਹੈ, ਨਾ ਸਿਰਫ਼ ਬੁੱਧ ਅਤੇ ਅਚਰਜਾਂ ਦਾ ਪਰਮੇਸ਼ੁਰ ਹੈ, ਨਾ ਸਿਰਫ਼ ਪਵਿੱਤਰ ਪਰਮੇਸ਼ੁਰ ਹੈ, ਸਗੋਂ ਇਸ ਤੋਂ ਜ਼ਿਆਦਾ, ਉਹ ਇੱਕ ਅਜਿਹਾ ਪਰਮੇਸ਼ੁਰ ਹੈ ਜੋ ਮਨੁੱਖ ਦਾ ਨਿਆਂ ਕਰਦਾ ਹੈ। ਮਨੁੱਖਜਾਤੀ ਦਰਮਿਆਨ ਬੁਰਿਆਂ ਲਈ, ਉਹ ਸੜਨ, ਨਿਆਂ, ਅਤੇ ਸਜ਼ਾ ਹੈ; ਜਿਨ੍ਹਾਂ ਨੂੰ ਸੰਪੂਰਣ ਕੀਤਾ ਜਾਣਾ ਹੈ ਉਨ੍ਹਾਂ ਲਈ, ਉਹ ਸੰਤਾਪ, ਤਾਉਣਾ, ਅਤੇ ਪਰਤਾਵੇ, ਅਤੇ ਨਾਲ ਹੀ ਆਰਾਮ, ਪਰਵਰਿਸ਼, ਵਚਨਾਂ ਦਾ ਪ੍ਰਬੰਧ, ਨਜਿੱਠਣਾ, ਅਤੇ ਛੰਗਾਈ ਹੈ। ਅਤੇ ਉਹ ਜਿਨ੍ਹਾਂ ਨੂੰ ਮਿਟਾ ਦਿੱਤਾ ਜਾਂਦਾ ਹੈ, ਉਨ੍ਹਾਂ ਲਈ, ਉਹ ਸਜ਼ਾ ਅਤੇ ਬਦਲਾ ਵੀ ਹੈ। ਮੈਨੂੰ ਦੱਸ, ਕੀ ਪਰਮੇਸ਼ੁਰ ਸਰਬਸ਼ਕਤੀਮਾਨ ਨਹੀਂ ਹੈ? ਉਹ ਸਾਰੇ ਕੰਮ ਕਰਨ ਦੇ ਸਮਰੱਥ ਹੈ, ਨਾ ਸਿਰਫ਼ ਸਲੀਬ ’ਤੇ ਚੜ੍ਹਾਏ ਜਾਣ ਦੇ, ਜਿਵੇਂ ਕਿ ਤੂੰ ਕਲਪਨਾ ਕੀਤੀ ਹੈ। ਤੂੰ ਪਰਮੇਸ਼ੁਰ ਨੂੰ ਬਹੁਤ ਤੁੱਛ ਸਮਝਦਾ ਹੈਂ! ਕੀ ਤੈਨੂੰ ਲੱਗਦਾ ਹੈ ਕਿ ਉਹ ਬਸ ਸਲੀਬ ਤੇ ਚੜ੍ਹ ਕੇ ਸਮੁੱਚੀ ਮਨੁੱਖਜਾਤੀ ਨੂੰ ਛੁਟਕਾਰਾ ਦੁਆ ਸਕਦਾ ਹੈ, ਅਤੇ ਬਸ ਇੰਨਾ ਹੀ? ਅਤੇ ਉਸ ਮਗਰੋਂ, ਤੂੰ ਜੀਵਨ ਦੇ ਰੁੱਖ ਦਾ ਫਲ ਖਾਣ ਅਤੇ ਜੀਵਨ ਦੀ ਨਦੀ ਤੋਂ ਪਾਣੀ ਪੀਣ ਲਈ ਸਵਰਗ ਤਕ ਉਸ ਦਾ ਪਿੱਛਾ ਕਰੇਂਗਾ?... ਕੀ ਇਹ ਇੰਨਾ ਆਸਾਨ ਹੋ ਸਕਦਾ ਹੈ? ਮੈਨੂੰ ਦੱਸ ਤੂੰ ਕੀ ਹਾਸਲ ਕੀਤਾ ਹੈ? ਕੀ ਤੇਰੇ ਵਿੱਚ ਯਿਸੂ ਦਾ ਜੀਵਨ ਹੈ? ਅਸਲ ਵਿੱਚ, ਉਸ ਨੇ ਤੈਨੂੰ ਛੁਟਕਾਰਾ ਦੁਆਇਆ ਸੀ, ਪਰ ਸਲੀਬ ਤੇ ਚੜ੍ਹਨਾ ਖੁਦ ਯਿਸੂ ਦਾ ਕੰਮ ਸੀ। ਇੱਕ ਮਨੁੱਖ ਦੇ ਰੂਪ ਵਿੱਚ ਤੂੰ ਕੀ ਫ਼ਰਜ਼ ਨਿਭਾਇਆ ਹੈ? ਤੇਰੇ ਅੰਦਰ ਸਿਰਫ਼ ਦਿਖਾਵੇ ਦੀ ਧਾਰਮਿਕਤਾ ਹੈ, ਪਰ ਤੂੰ ਉਸ ਦਾ ਰਾਹ ਨਹੀਂ ਸਮਝਦਾ। ਕੀ ਇਹ ਤਰ੍ਹਾਂ ਤੂੰ ਉਸ ਨੂੰ ਜ਼ਾਹਿਰ ਕਰਦਾ ਹੈਂ? ਜੇ ਤੂੰ ਪਰਮੇਸ਼ੁਰ ਦਾ ਜੀਵਨ ਪ੍ਰਾਪਤ ਨਹੀਂ ਕੀਤਾ ਹੈ ਜਾਂ ਉਸ ਦੇ ਧਰਮੀ ਸੁਭਾਅ ਦੀ ਸੰਪੂਰਣਤਾ ਨੂੰ ਨਹੀਂ ਦੇਖਿਆ ਹੈ, ਤਾਂ ਤੂੰ ਅਜਿਹਾ ਵਿਅਕਤੀ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਜਿਸ ਵਿੱਚ ਜੀਵਨ ਹੈ, ਅਤੇ ਤੂੰ ਸਵਰਗ ਦੇ ਰਾਜ ਦੇ ਦਰਵਾਜ਼ੇ ਰਾਹੀਂ ਲੰਘਣ ਦੇ ਯੋਗ ਨਹੀਂ ਹੈਂ।

ਪਰਮੇਸ਼ੁਰ ਨਾ ਸਿਰਫ਼ ਇੱਕ ਆਤਮਾ ਹੈ, ਸਗੋਂ ਦੇਹਧਾਰਣ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ, ਉਹ ਮਹਿਮਾ ਦਾ ਇੱਕ ਦੇਹ ਹੈ। ਯਿਸੂ ਨੂੰ, ਹਾਲਾਂਕਿ ਤੁਸੀਂ ਨਹੀਂ ਦੇਖਿਆ ਹੈ, ਉਸ ਦੀ ਗਵਾਹੀ ਇਸਰਾਏਲੀਆਂ—ਉਸ ਸਮੇਂ ਦੇ ਯਹੂਦੀਆਂ ਦੁਆਰਾ ਦਿੱਤੀ ਗਈ ਸੀ। ਪਹਿਲਾਂ ਉਹ ਇੱਕ ਦੇਹ ਸੀ, ਪਰ ਸਲੀਬ ਤੇ ਚੜ੍ਹਾਏ ਜਾਣ ਤੋਂ ਬਾਅਦ ਉਹ ਮਹਿਮਾਵਾਨ ਦੇਹ ਬਣ ਗਿਆ। ਉਹ ਵਿਆਪਕ ਆਤਮਾ ਹੈ ਅਤੇ ਹਰ ਥਾਂ ’ਤੇ ਕੰਮ ਕਰ ਸਕਦਾ ਹੈ। ਉਹ ਯਹੋਵਾਹ, ਜਾਂ ਯਿਸੂ, ਜਾਂ ਮਸੀਹਾ ਹੋ ਸਕਦਾ ਹੈ; ਅੰਤ ਵਿੱਚ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਵੀ ਬਣ ਸਕਦਾ ਹੈ। ਉਹ ਧਾਰਮਿਕਤਾ, ਨਿਆਂ, ਅਤੇ ਤਾੜਨਾ ਹੈ; ਉਹ ਸਰਾਪ ਅਤੇ ਕ੍ਰੋਧ ਹੈ; ਪਰ ਉਹ ਦਯਾ ਅਤੇ ਕਿਰਪਾ ਵੀ ਹੈ। ਉਸ ਦੁਆਰਾ ਕੀਤਾ ਗਿਆ ਸਾਰਾ ਕੰਮ ਉਸ ਦੀ ਨੁਮਾਇੰਦਗੀ ਕਰ ਸਕਦਾ ਹੈ। ਤੂੰ ਕੀ ਕਹਿੰਦਾ ਹੈਂ ਉਹ ਕਿਸ ਕਿਸਮ ਦਾ ਪਰਮੇਸ਼ੁਰ ਹੈ? ਤੂੰ ਵਿਆਖਿਆ ਨਹੀਂ ਕਰ ਸਕਦਾ। ਜੇ ਤੂੰ ਸੱਚਮੁੱਚ ਵਿਆਖਿਆ ਨਹੀਂ ਕਰ ਸਕਦਾ, ਤਾਂ ਤੈਨੂੰ ਪਰਮੇਸ਼ੁਰ ਬਾਰੇ ਸਿੱਟੇ ਨਹੀਂ ਕੱਢਣੇ ਚਾਹੀਦੇ। ਇਹ ਸਿੱਟਾ ਨਾ ਕੱਢ ਕਿ ਪਰਮੇਸ਼ੁਰ ਸਦਾ ਲਈ ਦਯਾ ਅਤੇ ਕਿਰਪਾ ਦਾ ਪਰਮੇਸ਼ੁਰ ਹੈ, ਸਿਰਫ਼ ਇਸ ਲਈ ਕਿ ਉਸ ਨੇ ਇੱਕ ਪੜਾਅ ਵਿੱਚ ਛੁਟਕਾਰੇ ਦਾ ਕੰਮ ਕੀਤਾ ਸੀ। ਕੀ ਤੂੰ ਨਿਸ਼ਚਿਤ ਹੋ ਸਕਦਾ ਹੈਂ ਕਿ ਉਹ ਸਿਰਫ਼ ਦਯਾ ਅਤੇ ਪ੍ਰੇਮਪੂਰਣ ਪਰਮੇਸ਼ੁਰ ਹੈ? ਜੇ ਉਹ ਸਿਰਫ਼ ਦਯਾਵਾਨ ਅਤੇ ਪ੍ਰੇਮਪੂਰਣ ਪਰਮੇਸ਼ੁਰ ਹੈ, ਤਾਂ ਉਹ ਅੰਤ ਦੇ ਦਿਨਾਂ ਵਿੱਚ ਯੁਗ ਦਾ ਅੰਤ ਕਿਉਂ ਕਰੇਗਾ? ਉਹ ਬਹੁਤ ਸਾਰੀਆਂ ਆਫ਼ਤਾਂ ਕਿਉਂ ਹੇਠਾਂ ਭੇਜੇਗਾ? ਲੋਕਾਂ ਦੀਆਂ ਧਾਰਣਾਵਾਂ ਅਤੇ ਵਿਚਾਰਾਂ ਅਨੁਸਾਰ, ਪਰਮੇਸ਼ੁਰ ਨੂੰ ਬਿਲਕੁਲ ਅੰਤ ਤਕ ਦਿਆਲੂ ਅਤੇ ਪ੍ਰੇਮਪੂਰਣ ਰਹਿਣਾ ਚਾਹੀਦਾ ਹੈ, ਤਾਂ ਕਿ ਮਨੁੱਖਜਾਤੀ ਦੇ ਆਖਰੀ ਜੀਅ ਤਕ ਨੂੰ ਬਚਾਇਆ ਜਾ ਸਕੇ। ਪਰ ਅੰਤ ਦੇ ਦਿਨਾਂ ਵਿੱਚ, ਇਸ ਦੁਸ਼ਟ ਮਨੁੱਖਜਾਤੀ, ਜੋ ਪਰਮੇਸ਼ੁਰ ਨੂੰ ਆਪਣਾ ਦੁਸ਼ਮਣ ਸਮਝਦੀ ਹੈ, ਦਾ ਨਾਸ ਕਰਨ ਲਈ, ਉਹ ਭੂਚਾਲ, ਮਹਾਂਮਾਰੀ, ਅਤੇ ਸੋਕੇ ਵਰਗੀਆਂ ਵੱਡੀਆਂ ਆਫ਼ਤਾਂ ਕਿਉਂ ਭੇਜਦਾ ਹੈ? ਉਹ ਮਨੁੱਖ ਨੂੰ ਇਨ੍ਹਾਂ ਆਫ਼ਤਾਂ ਨੂੰ ਝੱਲਣ ਕਿਉਂ ਦਿੰਦਾ ਹੈ। ਤੁਹਾਡੇ ਵਿੱਚੋਂ ਕੋਈ ਵੀ ਇਹ ਕਹਿਣ ਦੀ ਹਿੰਮਤ ਨਹੀਂ ਰੱਖਦਾ ਕਿ ਉਹ ਕਿਸ ਕਿਸਮ ਦਾ ਪਰਮੇਸ਼ੁਰ ਹੈ, ਅਤੇ ਨਾ ਹੀ ਕੋਈ ਇਸ ਗੱਲ ਦੀ ਵਿਆਖਿਆ ਕਰ ਸਕਦਾ ਹੈ। ਕੀ ਤੂੰ ਯਕੀਨ ਨਾਲ ਕਹਿ ਸਕਦਾ ਹੈਂ ਕਿ ਉਹ ਆਤਮਾ ਹੈ। ਕੀ ਤੂੰ ਇਹ ਕਹਿਣ ਦੀ ਹਿੰਮਤ ਰੱਖਦਾ ਹੈਂ ਕਿ ਉਹ ਕੋਈ ਹੋਰ ਨਹੀਂ, ਸਗੋਂ ਯਿਸੂ ਦੀ ਦੇਹ ਹੈ? ਅਤੇ ਕੀ ਤੂੰ ਇਹ ਕਹਿਣ ਦੀ ਹਿੰਮਤ ਰੱਖਦਾ ਹੈਂ ਕਿ ਉਹ ਇੱਕ ਅਜਿਹਾ ਪਰਮੇਸ਼ੁਰ ਹੈ ਜਿਸ ਨੂੰ ਮਨੁੱਖ ਲਈ ਹਮੇਸ਼ਾਂ ਸਲੀਬ ਤੇ ਚੜ੍ਹਾਇਆ ਜਾਏਗਾ?

ਪਿਛਲਾ: ਦੇਹਧਾਰਣ ਦਾ ਰਹੱਸ (4)

ਅਗਲਾ: ਕੀ ਤ੍ਰਿਏਕ ਦੀ ਹੋਂਦ ਹੈ?

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ