ਦੇਹਧਾਰਣ ਦਾ ਰਹੱਸ (3)

ਜਦੋਂ ਪਰਮੇਸ਼ੁਰ ਆਪਣਾ ਕੰਮ ਪੂਰਾ ਕਰਦਾ ਹੈ, ਉਹ ਕਿਸੇ ਨਿਰਮਾਣ ਜਾਂ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਨਹੀਂ ਆਉਂਦਾ, ਸਗੋਂ ਆਪਣੀ ਸੇਵਕਾਈ ਨੂੰ ਪੂਰਾ ਕਰਨ ਲਈ ਆਉਂਦਾ ਹੈ। ਹਰ ਵਾਰ ਜਦੋਂ ਵੀ ਉਹ ਸਰੀਰ ਧਾਰਨ ਕਰਦਾ ਹੈ, ਤਾਂ ਇਸ ਦਾ ਉਦੇਸ਼ ਸਿਰਫ਼ ਕੰਮ ਦੇ ਕਿਸੇ ਪੜਾਅ ਨੂੰ ਸਿਰੇ ਚੜ੍ਹਾਉਣਾ ਅਤੇ ਇੱਕ ਨਵੇਂ ਯੁਗ ਦਾ ਅਰੰਭ ਕਰਨਾ ਹੁੰਦਾ ਹੈ। ਹੁਣ ਰਾਜ ਦਾ ਯੁਗ ਆ ਚੁੱਕਿਆ ਹੈ, ਅਤੇ ਰਾਜ ਲਈ ਸਿੱਖਿਆ ਵੀ। ਕੰਮ ਦਾ ਇਹ ਪੜਾਅ ਮਨੁੱਖ ਦਾ ਕੰਮ ਨਹੀਂ ਹੈ, ਅਤੇ ਇਹ ਮਨੁੱਖ ਉੱਤੇ ਕਿਸੇ ਖਾਸ ਹੱਦ ਤਕ ਮਿਹਨਤ ਕਰਨ ਲਈ ਨਹੀਂ, ਸਗੋਂ ਸਿਰਫ਼ ਪਰਮੇਸ਼ੁਰ ਦੇ ਕੰਮ ਦੇ ਇੱਕ ਹਿੱਸੇ ਨੂੰ ਸੰਪੂਰਨ ਕਰਨ ਲਈ ਹੈ। ਪਰਮੇਸ਼ੁਰ ਜੋ ਕਰਦਾ ਹੈ ਉਹ ਮਨੁੱਖ ਦਾ ਕੰਮ ਨਹੀਂ ਹੈ, ਇਹ ਧਰਤੀ ਨੂੰ ਛੱਡ ਕੇ ਜਾਣ ਤੋਂ ਪਹਿਲਾਂ ਮਨੁੱਖ ਉੱਤੇ ਮਿਹਨਤ ਕਰਨ ਵਿੱਚ ਕੋਈ ਖਾਸ ਨਤੀਜਾ ਪ੍ਰਾਪਤ ਕਰਨ ਲਈ ਨਹੀਂ ਹੈ; ਇਹ ਉਸ ਦੀ ਸੇਵਕਾਈ ਨੂੰ ਪੂਰਾ ਕਰਨ ਅਤੇ ਉਸ ਕੰਮ ਨੂੰ ਪੂਰਾ ਕਰਨ ਲਈ ਹੈ ਜੋ ਉਸ ਲਈ ਕਰਨਾ ਜ਼ਰੂਰੀ ਹੈ, ਜੋ ਕਿ ਧਰਤੀ ਉੱਤੇ ਆਪਣੇ ਕੰਮ ਦੇ ਲਈ ਉਚਿਤ ਪ੍ਰਬੰਧ ਕਰਨਾ, ਅਤੇ ਇੰਝ ਵਡਿਆਈ ਪ੍ਰਾਪਤ ਕਰਨਾ ਹੈ। ਦੇਹਧਾਰੀ ਪਰਮੇਸ਼ੁਰ ਦਾ ਕੰਮ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤੇ ਜਾਂਦੇ ਲੋਕਾਂ ਦੇ ਕੰਮ ਤੋਂ ਅਲੱਗ ਹੈ। ਜਦੋਂ ਪਰਮੇਸ਼ੁਰ ਆਪਣਾ ਕੰਮ ਕਰਨ ਲਈ ਧਰਤੀ ਉੱਤੇ ਆਉਂਦਾ ਹੈ, ਤਾਂ ਉਸ ਨੂੰ ਸਿਰਫ਼ ਆਪਣੀ ਸੇਵਕਾਈ ਨੂੰ ਪੂਰਾ ਕਰਨ ਦੀ ਪਰਵਾਹ ਹੁੰਦੀ ਹੈ। ਜਿੱਥੋਂ ਤਕ ਹੋਰਨਾਂ ਸਾਰੇ ਮਾਮਲਿਆਂ ਦਾ ਸੰਬੰਧ ਹੈ ਜੋ ਉਸ ਦੀ ਸੇਵਕਾਈ ਨਾਲ ਨਹੀਂ ਜੁੜੇ ਹੋਏ, ਤਾਂ ਉਹ ਉਨ੍ਹਾਂ ਵਿੱਚ ਤਕਰੀਬਨ ਕੋਈ ਹਿੱਸਾ ਨਹੀਂ ਲੈਂਦਾ, ਇਸ ਹੱਦ ਤਕ ਕਿ ਨਜ਼ਰਅੰਦਾਜ਼ ਹੀ ਕਰ ਦਿੰਦਾ ਹੈ। ਉਹ ਬਸ ਉਹੀ ਕੰਮ ਕਰਦਾ ਹੈ ਜੋ ਉਸ ਲਈ ਕਰਨਾ ਜ਼ਰੂਰੀ ਹੈ, ਅਤੇ ਉਸ ਕੰਮ ਬਾਰੇ ਤਾਂ ਰੱਤੀ ਭਰ ਵੀ ਪਰਵਾਹ ਨਹੀਂ ਕਰਦਾ ਜੋ ਮਨੁੱਖ ਨੂੰ ਕਰਨਾ ਚਾਹੀਦਾ ਹੈ। ਉਹ ਜੋ ਕੰਮ ਕਰਦਾ ਹੈ ਉਹ ਮਹਿਜ਼ ਉਸ ਯੁਗ ਨਾਲ ਸੰਬੰਧਤ ਹੁੰਦਾ ਹੈ ਜਿਸ ਵਿੱਚ ਉਹ ਹੈ ਅਤੇ ਉਸ ਸੇਵਕਾਈ ਨਾਲ ਸੰਬੰਧਤ ਹੁੰਦਾ ਹੈ ਜੋ ਉਸ ਨੂੰ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ, ਜਿਵੇਂ ਕਿ ਹੋਰ ਸਭ ਮਾਮਲੇ ਉਸ ਦੇ ਕਾਰਜ-ਖੇਤਰ ਵਿੱਚ ਆਉਂਦੇ ਹੀ ਨਾ ਹੋਣ। ਉਹ ਆਪਣੇ ਆਪ ਲਈ ਮਨੁੱਖਜਾਤੀ ਦਰਮਿਆਨ ਇੱਕ ਮਨੁੱਖ ਵਜੋਂ ਰਹਿਣ ਬਾਰੇ ਵਧੇਰੇ ਮੁਢਲਾ ਗਿਆਨ ਨਹੀਂ ਜੁਟਾਉਂਦਾ, ਨਾ ਹੀ ਉਹ ਵਧੇਰੇ ਸਮਾਜਕ ਹੁਨਰ ਸਿਖਦਾ ਹੈ, ਜਾਂ ਆਪਣੇ ਆਪ ਨੂੰ ਕਿਸੇ ਵੀ ਅਜਿਹੀ ਚੀਜ਼ ਨਾਲ ਤਿਆਰ ਕਰਦਾ ਹੈ ਜਿਸ ਨੂੰ ਮਨੁੱਖ ਸਮਝਦਾ ਹੋਵੇ। ਇਸ ਸਭ ਦੀ ਪਰਮੇਸ਼ੁਰ ਨੂੰ ਬਿਲਕੁਲ ਕੋਈ ਪਰਵਾਹ ਨਹੀਂ ਕਿ ਮਨੁੱਖ ਕੋਲ ਕੀ ਕੁਝ ਹੋਣਾ ਜ਼ਰੂਰੀ ਹੈ, ਅਤੇ ਉਹ ਸਿਰਫ਼ ਉਹੀ ਕੰਮ ਕਰਦਾ ਹੈ ਜੋ ਉਸ ਦਾ ਫਰਜ਼ ਹੈ। ਅਤੇ ਇਸ ਤਰ੍ਹਾਂ, ਜਿਵੇਂ ਕਿ ਮਨੁੱਖ ਇਸ ਨੂੰ ਵੇਖਦਾ ਹੈ, ਦੇਹਧਾਰੀ ਪਰਮੇਸ਼ੁਰ ਵਿੱਚ ਇੰਨੀ ਕਮੀ ਹੈ ਕਿ ਉਹ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦਾ ਜਿਹੜੀਆਂ ਮਨੁੱਖ ਕੋਲ ਹੋਣੀਆਂ ਚਾਹੀਦੀਆਂ ਹਨ, ਅਤੇ ਪਰਮੇਸ਼ੁਰ ਨੂੰ ਅਜਿਹੇ ਮਾਮਲਿਆਂ ਦੀ ਕੋਈ ਸਮਝ ਨਹੀਂ ਹੈ। ਜੀਵਨ ਬਾਰੇ ਆਮ ਗਿਆਨ, ਦੇ ਨਾਲ ਹੀ ਵਿਅਕਤੀਗਤ ਵਿਹਾਰ ਅਤੇ ਦੂਜਿਆਂ ਨਾਲ ਗੱਲਬਾਤ ਨੂੰ ਨਿਯਮਿਤ ਕਰਨ ਵਾਲੇ ਸਿਧਾਂਤਾਂ ਵਰਗੀਆਂ ਗੱਲਾਂ ਦਾ ਪਰਮੇਸ਼ੁਰ ਨਾਲ ਕੋਈ ਸੰਬੰਧ ਨਹੀਂ ਪ੍ਰਤੀਤ ਹੁੰਦਾ। ਪਰ ਤੂੰ ਦੇਹਧਾਰੀ ਪਰਮੇਸ਼ੁਰ ਤੋਂ ਮਾੜੀ ਜਿਹੀ ਵੀ ਅਸਧਾਰਣਤਾ ਦਾ ਉੱਕਾ ਹੀ ਅਹਿਸਾਸ ਨਹੀਂ ਕਰ ਸਕਦਾ। ਕਹਿਣ ਦਾ ਭਾਵ ਇਹ ਹੈ ਕਿ, ਉਸ ਦਾ ਮਨੁੱਖੀ ਸੁਭਾਅ ਸਿਰਫ਼ ਇੱਕ ਸਧਾਰਣ ਵਿਅਕਤੀ ਵਜੋਂ ਉਸ ਦੇ ਜੀਵਨ ਅਤੇ ਉਸ ਦੇ ਦਿਮਾਗ ਦੀ ਸਧਾਰਣ ਤਰਕ ਸ਼ਕਤੀ ਨੂੰ ਬਣਾਈ ਰੱਖਦਾ ਹੈ, ਉਸ ਨੂੰ ਸਹੀ ਅਤੇ ਗਲਤ ਵਿਚਾਲੇ ਫ਼ਰਕ ਸਮਝਣ ਦੀ ਯੋਗਤਾ ਦਿੰਦਾ ਹੈ। ਹਾਲਾਂਕਿ, ਉਸ ਨੂੰ ਹੋਰ ਕੁਝ ਵੀ ਪ੍ਰਦਾਨ ਨਹੀਂ ਕੀਤਾ ਜਾਂਦਾ, ਉਹ ਸਭ ਕੁਝ ਜੋ ਸਿਰਫ਼ ਕਿਸੇ ਮਨੁੱਖ (ਸਿਰਜੇ ਹੋਏ ਪ੍ਰਾਣੀਆਂ) ਕੋਲ ਹੋਣਾ ਚਾਹੀਦਾ ਹੈ। ਪਰਮੇਸ਼ੁਰ ਸਿਰਫ਼ ਆਪਣੀ ਖੁਦ ਦੀ ਸੇਵਕਾਈ ਨੂੰ ਪੂਰਾ ਕਰਨ ਲਈ ਸਰੀਰ ਧਾਰਨ ਕਰਦਾ ਹੈ। ਉਸ ਦੇ ਕੰਮ ਦਾ ਉਦੇਸ਼ ਇੱਕ ਸਮੁੱਚਾ ਯੁਗ ਹੁੰਦਾ ਹੈ, ਕੋਈ ਇੱਕ ਵਿਅਕਤੀ ਜਾਂ ਸਥਾਨ ਨਹੀਂ, ਬਲਕਿ ਸਮੁੱਚਾ ਬ੍ਰਹਿਮੰਡ। ਇਹ ਉਸ ਦੇ ਕੰਮ ਦੀ ਦਿਸ਼ਾ ਹੈ ਅਤੇ ਉਹ ਸਿਧਾਂਤ ਜਿਸ ਨਾਲ ਉਹ ਕੰਮ ਕਰਦਾ ਹੈ। ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ, ਅਤੇ ਮਨੁੱਖ ਕੋਲ ਇਸ ਵਿੱਚ ਸ਼ਾਮਲ ਹੋਣ ਦਾ ਕੋਈ ਤਰੀਕਾ ਨਹੀਂ ਹੈ। ਹਰ ਵਾਰ ਜਦੋਂ ਵੀ ਪਰਮੇਸ਼ੁਰ ਸਰੀਰ ਧਾਰਨ ਕਰਦਾ ਹੈ, ਉਹ ਆਪਣੇ ਨਾਲ ਉਸ ਯੁਗ ਦਾ ਕੰਮ ਲਿਆਉਂਦਾ ਹੈ, ਅਤੇ ਉਸ ਦਾ ਵੀਹ, ਤੀਹ, ਚਾਲੀ, ਜਾਂ ਸੱਤਰ ਜਾਂ ਅੱਸੀ ਸਾਲਾਂ ਤਕ ਮਨੁੱਖ ਦੇ ਨਾਲ ਰਹਿਣ ਦਾ ਕੋਈ ਇਰਾਦਾ ਨਹੀਂ ਹੁੰਦਾ ਤਾਂ ਕਿ ਮਨੁੱਖ ਬਿਹਤਰ ਤਰੀਕੇ ਨਾਲ ਉਸ ਨੂੰ ਸਮਝ ਸਕੇ ਅਤੇ ਉਸ ਬਾਰੇ ਅੰਤਰਦ੍ਰਿਸ਼ਟੀ ਹਾਸਲ ਕਰ ਸਕੇ। ਇਸ ਦੀ ਕੋਈ ਲੋੜ ਨਹੀਂ ਹੈ! ਅਜਿਹਾ ਕਰਨ ਨਾਲ ਪਰਮੇਸ਼ੁਰ ਦੇ ਮੂਲ ਸੁਭਾਅ ਬਾਰੇ ਮਨੁੱਖ ਦਾ ਗਿਆਨ ਹੋਰ ਡੂੰਘਾ ਨਹੀਂ ਹੋਵੇਗਾ; ਇਸ ਦੀ ਬਜਾਏ, ਇਸ ਨਾਲ ਸਿਰਫ਼ ਉਸ ਦੀਆਂ ਧਾਰਣਾਵਾਂ ਵਿੱਚ ਵਾਧਾ ਹੀ ਹੋਵੇਗਾ ਅਤੇ ਉਸ ਦੀਆਂ ਧਾਰਣਾਵਾਂ ਤੇ ਵਿਚਾਰ ਰੂੜ੍ਹੀਵਾਦੀ ਬਣ ਜਾਣਗੇ। ਇਸ ਲਈ ਤੁਹਾਡੇ ਲਈ ਇਹੀ ਉਚਿਤ ਹੈ ਕਿ ਤੁਸੀਂ ਇਹ ਸਮਝੋ ਕਿ ਅਸਲ ਵਿੱਚ ਦੇਹਧਾਰੀ ਪਰਮੇਸ਼ੁਰ ਦਾ ਕੰਮ ਕੀ ਹੈ। ਯਕੀਨਨ ਤੁਸੀਂ ਉਨ੍ਹਾਂ ਸ਼ਬਦਾਂ ਨੂੰ ਸਮਝਣ ਵਿੱਚ ਅਸਫ਼ਲ ਨਹੀਂ ਹੋ ਸਕਦੇ ਜੋ ਮੈਂ ਤੁਹਾਨੂੰ ਬੋਲੇ ਸੀ: “ਮੈਂ ਇੱਕ ਸਧਾਰਣ ਮਨੁੱਖ ਦੇ ਜੀਵਨ ਦਾ ਅਨੁਭਵ ਕਰਨ ਲਈ ਨਹੀਂ ਆਇਆ ਹਾਂ?” ਕੀ ਤੁਸੀਂ ਉਹ ਸ਼ਬਦ ਭੁੱਲ ਗਏ ਹੋ: “ਪਰਮੇਸ਼ੁਰ ਧਰਤੀ ਉੱਤੇ ਕਿਸੇ ਸਧਾਰਣ ਮਨੁੱਖ ਦਾ ਜੀਵਨ ਜੀਉਣ ਲਈ ਨਹੀਂ ਆਉਂਦਾ ਹੈ”? ਤੁਸੀਂ ਸਰੀਰ ਧਾਰਨ ਕਰਨ ਦੇ ਪਰਮੇਸ਼ੁਰ ਦੇ ਉਦੇਸ਼ ਨੂੰ ਨਹੀਂ ਸਮਝਦੇ ਹੋ, ਅਤੇ ਨਾ ਹੀ ਤੁਹਾਨੂੰ ਇਸ ਦਾ ਅਰਥ ਪਤਾ ਹੈ “ਪਰਮੇਸ਼ੁਰ ਇੱਕ ਸਿਰਜੇ ਹੋਈ ਪ੍ਰਾਣੀ ਦੇ ਜੀਵਨ ਦਾ ਅਨੁਭਵ ਕਰਨ ਦੇ ਮਨੋਰਥ ਨਾਲ ਧਰਤੀ ਉੱਤੇ ਕਿਵੇਂ ਆ ਸਕਦਾ ਹੈ?” ਪਰਮੇਸ਼ੁਰ ਮਹਿਜ਼ ਆਪਣੇ ਕੰਮ ਨੂੰ ਪੂਰਾ ਕਰਨ ਲਈ ਧਰਤੀ ਉੱਤੇ ਆਉਂਦਾ ਹੈ, ਅਤੇ ਇਸ ਲਈ ਧਰਤੀ ਉੱਤੇ ਉਸ ਦਾ ਕੰਮ ਥੋੜ੍ਹੇ ਚਿਰ ਦਾ ਹੁੰਦਾ ਹੈ। ਉਹ ਧਰਤੀ ਉੱਤੇ ਇਸ ਕਰਕੇ ਨਹੀਂ ਆਉਂਦਾ ਕਿ ਪਰਮੇਸ਼ੁਰ ਦਾ ਆਤਮਾ ਉਸ ਦੇ ਮਾਸ ਤੋਂ ਬਣੇ ਸਰੀਰ ਨੂੰ ਸੁਆਰ ਕੇ ਇੱਕ ਅਜਿਹਾ ਉੱਤਮ ਮਨੁੱਖ ਬਣਾ ਦੇਵੇ ਜੋ ਕਲੀਸਿਯਾ ਦੀ ਅਗਵਾਈ ਕਰੇਗਾ। ਜਦੋਂ ਪਰਮੇਸ਼ੁਰ ਧਰਤੀ ’ਤੇ ਆਉਂਦਾ ਹੈ, ਤਾਂ ਇਹ ਵਚਨ ਹੈ ਜੋ ਸਰੀਰ ਧਾਰਨ ਕਰਦਾ ਹੈ; ਹਾਲਾਂਕਿ, ਮਨੁੱਖ ਨੂੰ ਉਸ ਦੇ ਕੰਮ ਬਾਰੇ ਨਹੀਂ ਪਤਾ ਹੁੰਦਾ ਅਤੇ ਜ਼ਬਰਦਸਤੀ ਚੀਜ਼ਾਂ ਉਸ ਦੇ ਮੱਥੇ ਮੜ੍ਹਦਾ ਹੈ। ਪਰ ਤੁਹਾਨੂੰ ਸਾਰਿਆਂ ਨੂੰ ਇਸ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ “ਦੇਹਧਾਰੀ ਹੋਇਆ ਵਚਨ” ਹੈ, ਨਾ ਕਿ ਮਾਸ ਤੋਂ ਬਣਿਆ ਕੋਈ ਸਰੀਰ ਜਿਸ ਨੂੰ ਪਰਮੇਸ਼ੁਰ ਦੇ ਆਤਮਾ ਦੁਆਰਾ ਸੁਆਰਿਆ ਗਿਆ ਹੈ ਤਾਂ ਜੋ ਉਹ ਕੁਝ ਚਿਰ ਲਈ ਪਰਮੇਸ਼ੁਰ ਦੀ ਭੂਮਿਕਾ ਨਿਭਾ ਸਕੇ। ਖੁਦ ਪਰਮੇਸ਼ੁਰ ਸੁਆਰੇ ਹੋਏ ਰੂਪ ਦੀ ਉਪਜ ਨਹੀਂ ਹੈ, ਸਗੋਂ ਦੇਹਧਾਰੀ ਹੋਇਆ ਵਚਨ ਹੈ, ਅਤੇ ਅੱਜ ਉਹ ਅਧਿਕਾਰਤ ਤੌਰ ਤੇ ਤੁਹਾਡੇ ਦਰਮਿਆਨ ਕੰਮ ਕਰਦਾ ਹੈ। ਤੁਸੀਂ ਸਾਰੇ ਜਾਣਦੇ ਹੋ, ਅਤੇ ਮੰਨਦੇ ਹੋ ਕਿ, ਪਰਮੇਸ਼ੁਰ ਦਾ ਦੇਹਧਾਰਣ ਤੱਥਾਂ ’ਤੇ ਅਧਾਰਤ ਇੱਕ ਸੱਚ ਹੈ, ਤਾਂ ਵੀ ਤੁਸੀਂ ਇਸ ਤਰ੍ਹਾਂ ਪੇਸ਼ ਆਉਂਦੇ ਹੋ ਜਿਵੇਂ ਤੁਸੀਂ ਇਸ ਨੂੰ ਸਮਝਦੇ ਹੋ। ਦੇਹਧਾਰੀ ਪਰਮੇਸ਼ੁਰ ਦੇ ਕੰਮ ਤੋਂ ਲੈ ਕੇ ਉਸ ਦੇ ਦੇਹਧਾਰਣ ਦੀ ਅਹਿਮੀਅਤ ਅਤੇ ਤੱਤ ਤਕ, ਤੁਸੀਂ ਇਨ੍ਹਾਂ ਨੂੰ ਰੱਤੀ ਭਰ ਵੀ ਸਮਝਣ ਵਿੱਚ ਸਮਰੱਥ ਨਹੀਂ ਹੋ ਅਤੇ ਵਚਨਾਂ ਨੂੰ ਯਾਦਦਾਸ਼ਤ ਤੋਂ ਫ਼ਰਾਟੇਦਾਰ ਤਰੀਕੇ ਨਾਲ ਗਾਉਣ ਵਿੱਚ ਸਿਰਫ਼ ਹੋਰਨਾਂ ਦੇ ਪਿੱਛੇ ਚੱਲਦੇ ਹੋ। ਕੀ ਤੁਹਾਨੂੰ ਲੱਗਦਾ ਹੈ ਕਿ ਦੇਹਧਾਰੀ ਪਰਮੇਸ਼ੁਰ ਤੁਹਾਡੀ ਕਲਪਨਾ ਵਰਗਾ ਹੀ ਹੈ?

ਪਰਮੇਸ਼ੁਰ ਮਹਿਜ਼ ਯੁਗ ਦੀ ਅਗਵਾਈ ਕਰਨ ਅਤੇ ਨਵੇਂ ਕੰਮ ਨੂੰ ਚਾਲੂ ਕਰਨ ਲਈ ਸਰੀਰ ਧਾਰਨ ਕਰਦਾ ਹੈ। ਤੁਹਾਡੇ ਲਈ ਇਸ ਗੱਲ ਨੂੰ ਸਮਝਣਾ ਜਰੂਰੀ ਹੈ। ਇਹ ਮਨੁੱਖ ਦੇ ਕੰਮ ਨਾਲੋਂ ਬਹੁਤ ਵੱਖਰਾ ਹੈ, ਅਤੇ ਦੋਹਾਂ ਦਾ ਜ਼ਿਕਰ ਇੱਕੋ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਕਿ ਮਨੁੱਖ ਨੂੰ ਕੰਮ ਕਰਨ ਲਈ ਇਸਤੇਮਾਲ ਕੀਤਾ ਜਾ ਸਕੇ, ਉਸ ਨੂੰ ਲੰਬੇ ਅਰਸੇ ਤਕ ਸੁਆਰੇ ਜਾਣ ਅਤੇ ਸੰਪੂਰਣ ਬਣਾਏ ਜਾਣ ਦੀ ਲੋੜ ਹੁੰਦੀ ਹੈ, ਅਤੇ ਜਿਸ ਕਿਸਮ ਦੇ ਮਨੁੱਖੀ ਸੁਭਾਅ ਦੀ ਲੋੜ ਹੁੰਦੀ ਹੈ ਉਹ ਖਾਸ ਤੌਰ ਤੇ ਉੱਚੇ ਪੱਧਰ ਦਾ ਹੁੰਦਾ ਹੈ। ਮਨੁੱਖ ਨੂੰ ਨਾ ਸਿਰਫ਼ ਸਧਾਰਣ ਮਨੁੱਖੀ ਸੁਭਾਅ ਦੇ ਅਹਿਸਾਸ ਨੂੰ ਕਾਇਮ ਰੱਖਣ ਦੇ ਯੋਗ ਹੋਣਾ ਪਵੇਗਾ, ਸਗੋਂ ਉਸ ਨੂੰ ਦੂਜਿਆਂ ਦੇ ਸੰਬੰਧ ਵਿੱਚ ਆਪਣੇ ਵਿਹਾਰ ਨੂੰ ਨਿਯੰਤਰਿਤ ਕਰਨ ਵਾਲੇ ਬਹੁਤ ਸਾਰੇ ਸਿਧਾਂਤਾਂ ਅਤੇ ਨਿਯਮਾਂ ਨੂੰ ਹੋਰ ਜ਼ਿਆਦਾ ਸਮਝਣਾ ਪਵੇਗਾ, ਅਤੇ ਇਸ ਤੋਂ ਇਲਾਵਾ ਉਸ ਨੂੰ ਮਨੁੱਖ ਦੀ ਬੁੱਧੀ ਅਤੇ ਨੈਤਿਕ ਗਿਆਨ ਬਾਰੇ ਹੋਰ ਵੀ ਵੱਧ ਅਧਿਐਨ ਕਰਨ ਲਈ ਵਚਨਬੱਧ ਹੋਣਾ ਪਵੇਗਾ। ਇਹ ਉਹ ਹੈ ਜੋ ਮਨੁੱਖ ਨੂੰ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਦੇਹਧਾਰੀ ਹੋਏ ਪਰਮੇਸ਼ੁਰ ਲਈ ਅਜਿਹਾ ਨਹੀਂ ਹੈ, ਕਿਉਂਕਿ ਉਸ ਦਾ ਕੰਮ ਨਾ ਤਾਂ ਮਨੁੱਖ ਦੀ ਨੁਮਾਇੰਦਗੀ ਕਰਦਾ ਹੈ ਅਤੇ ਨਾ ਹੀ ਇਹ ਮਨੁੱਖ ਦਾ ਕੰਮ ਹੈ; ਇਸ ਦੀ ਬਜਾਏ, ਇਹ ਪਰਮੇਸ਼ੁਰ ਦੀ ਹੋਂਦ ਦਾ ਸਿੱਧਾ ਪ੍ਰਗਟਾਵਾ ਹੈ ਅਤੇ ਉਸ ਕੰਮ ਦਾ ਸਿੱਧਾ ਪਾਲਣ ਹੈ ਜੋ ਉਸ ਲਈ ਕਰਨਾ ਜ਼ਰੂਰੀ ਹੈ। (ਕੁਦਰਤੀ ਤੌਰ ਤੇ, ਉਸ ਦਾ ਕੰਮ ਢੁਕਵੇਂ ਸਮੇਂ ’ਤੇ ਪੂਰਾ ਕੀਤਾ ਜਾਂਦਾ ਹੈ, ਨਾ ਕਿ ਕਦੇ-ਕਦਾਈਂ ਜਾਂ ਐਵੇਂ ਬੇਤਰਤੀਬੇ ਢੰਗ ਨਾਲ, ਅਤੇ ਇਹ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਸ ਦੀ ਸੇਵਕਾਈ ਨੂੰ ਪੂਰਾ ਕਰਨ ਦਾ ਸਮਾਂ ਹੁੰਦਾ ਹੈ।) ਉਹ ਮਨੁੱਖ ਦੇ ਜੀਵਨ ਜਾਂ ਮਨੁੱਖ ਦੇ ਕੰਮ ਵਿੱਚ ਹਿੱਸਾ ਨਹੀਂ ਲੈਂਦਾ, ਭਾਵ, ਉਸ ਦੇ ਮਨੁੱਖੀ ਸੁਭਾਅ ਨੂੰ ਇਨ੍ਹਾਂ ਵਿੱਚੋਂ ਕੁਝ ਵੀ ਪ੍ਰਦਾਨ ਨਹੀਂ ਕੀਤਾ ਜਾਂਦਾ (ਭਾਵੇਂ ਇਹ ਉਸ ਦੇ ਕੰਮ ਨੂੰ ਪ੍ਰਭਾਵਤ ਨਹੀਂ ਕਰਦਾ ਹੈ)। ਉਹ ਸਿਰਫ਼ ਆਪਣੀ ਸੇਵਕਾਈ ਨੂੰ ਉਦੋਂ ਪੂਰਾ ਕਰਦਾ ਹੈ ਜਦੋਂ ਉਸ ਲਈ ਅਜਿਹਾ ਕਰਨ ਦਾ ਸਮਾਂ ਹੁੰਦਾ ਹੈ; ਉਸ ਦਾ ਰੁਤਬਾ ਭਾਵੇਂ ਜੋ ਵੀ ਹੋਵੇ, ਉਹ ਬਸ ਉਸ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਾ ਹੈ ਜੋ ਉਸ ਲਈ ਕਰਨਾ ਜ਼ਰੂਰੀ ਹੈ। ਮਨੁੱਖ ਨੂੰ ਉਸ ਬਾਰੇ ਜੋ ਵੀ ਪਤਾ ਹੋਵੇ ਅਤੇ ਮਨੁੱਖ ਦੀ ਉਸ ਦੇ ਬਾਰੇ ਜੋ ਵੀ ਰਾਏ ਹੋਵੇ, ਪਰਮੇਸ਼ੁਰ ਦਾ ਕੰਮ ਸਮੁੱਚੇ ਰੂਪ ਵਿੱਚ ਅਡੋਲ ਰਹਿੰਦਾ ਹੈ। ਉਦਾਹਰਣ ਵਜੋਂ, ਜਦੋਂ ਯਿਸੂ ਨੇ ਆਪਣਾ ਕੰਮ ਪੂਰਾ ਕੀਤਾ, ਕਿਸੇ ਨੂੰ ਵੀ ਅਸਲ ਵਿੱਚ ਇਹ ਨਹੀਂ ਪਤਾ ਸੀ ਕਿ ਉਹ ਕੌਣ ਹੈ, ਪਰ ਉਹ ਬਸ ਆਪਣੇ ਕੰਮ ਵਿੱਚ ਤੇਜ਼ੀ ਨਾਲ ਅੱਗੇ ਵਧਿਆ। ਇਸ ਵਿੱਚੋਂ ਕਿਸੇ ਨੇ ਵੀ ਉਸ ਨੂੰ ਉਹ ਕੰਮ ਕਰਨ ਵਿੱਚ ਰੁਕਾਵਟ ਨਹੀਂ ਪਾਈ ਜੋ ਉਸ ਲਈ ਕਰਨਾ ਜ਼ਰੂਰੀ ਸੀ। ਇਸ ਲਈ, ਪਹਿਲਾਂ-ਪਹਿਲ ਉਸ ਨੇ ਆਪਣੀ ਖੁਦ ਦੀ ਪਛਾਣ ਦਾ ਇਕਰਾਰ ਜਾਂ ਐਲਾਨ ਨਹੀਂ ਕੀਤਾ, ਅਤੇ ਮਹਿਜ਼ ਮਨੁੱਖ ਨੂੰ ਆਪਣੇ ਪਿੱਛੇ ਚੱਲਣ ਲਈ ਕਿਹਾ। ਕੁਦਰਤੀ ਤੌਰ ਤੇ ਇਹ ਨਾ ਸਿਰਫ਼ ਪਰਮੇਸ਼ੁਰ ਦੀ ਨਿਮਰਤਾ ਸੀ, ਬਲਕਿ ਉਹ ਢੰਗ ਵੀ ਸੀ ਜਿਸ ਨਾਲ ਪਰਮੇਸ਼ੁਰ ਸਰੀਰ ਵਿੱਚ ਕੰਮ ਕਰਦਾ ਸੀ। ਉਹ ਸਿਰਫ਼ ਇਸੇ ਤਰ੍ਹਾਂ ਹੀ ਕੰਮ ਕਰ ਸਕਦਾ ਸੀ ਕਿਉਂਕਿ ਮਨੁੱਖ ਲਈ ਉਸ ਨੂੰ ਸਧਾਰਣ ਨਜ਼ਰ ਨਾਲ ਪਛਾਣਨ ਦਾ ਕੋਈ ਰਾਹ ਨਹੀਂ ਸੀ। ਅਤੇ ਭਾਵੇਂ ਮਨੁੱਖ ਨੇ ਉਸ ਨੂੰ ਜੇ ਪਛਾਣ ਵੀ ਲਿਆ ਹੁੰਦਾ, ਤਾਂ ਵੀ ਉਹ ਉਸ ਦੇ ਕੰਮ ਵਿੱਚ ਸਹਾਇਤਾ ਕਰਨ ਦੇ ਯੋਗ ਨਾ ਹੁੰਦਾ। ਇਸ ਤੋਂ ਇਲਾਵਾ, ਉਸ ਨੇ ਇਸ ਕਰਕੇ ਸਰੀਰ ਧਾਰਨ ਨਹੀਂ ਕੀਤਾ ਸੀ ਕਿ ਮਨੁੱਖ ਨੂੰ ਉਸ ਦੇ ਸਰੀਰ ਬਾਰੇ ਪਤਾ ਲੱਗ ਸਕੇ, ਸਗੋਂ ਇਹ ਕੰਮ ਨੂੰ ਅਤੇ ਆਪਣੀ ਸੇਵਕਾਈ ਨੂੰ ਪੂਰਾ ਕਰਨ ਲਈ ਸੀ। ਇਸ ਕਰਕੇ, ਉਸ ਨੇ ਆਪਣੀ ਪਛਾਣ ਨੂੰ ਜਗ ਜ਼ਾਹਰ ਕਰਨ ਨੂੰ ਕੋਈ ਮਹੱਤਵ ਨਹੀਂ ਦਿੱਤਾ। ਜਦੋਂ ਉਸ ਨੇ ਉਹ ਸਾਰਾ ਕੰਮ ਪੂਰਾ ਕਰ ਲਿਆ ਸੀ ਜੋ ਉਸ ਲਈ ਕਰਨਾ ਜ਼ਰੂਰੀ ਸੀ, ਤਾਂ ਉਸ ਦੀ ਸਾਰੀ ਪਛਾਣ ਅਤੇ ਰੁਤਬਾ ਕੁਦਰਤੀ ਤੌਰ ਤੇ ਮਨੁੱਖ ਅੱਗੇ ਸਪਸ਼ਟ ਹੋ ਗਏ। ਦੇਹਧਾਰੀ ਹੋਇਆ ਪਰਮੇਸ਼ੁਰ ਸ਼ਾਂਤ ਰਹਿੰਦਾ ਹੈ ਅਤੇ ਕਦੇ ਕੋਈ ਐਲਾਨ ਨਹੀਂ ਕਰਦਾ। ਉਹ ਨਾ ਤਾਂ ਮਨੁੱਖ ਵੱਲ ਧਿਆਨ ਦਿੰਦਾ ਹੈ ਅਤੇ ਨਾ ਹੀ ਇਸ ਵੱਲ ਕਿ ਮਨੁੱਖ ਉਸ ਦੇ ਪਿੱਛੇ ਚੱਲਣ ਵਿੱਚ ਕਿਵੇਂ ਅੱਗੇ ਵੱਧ ਰਿਹਾ ਹੈ, ਉਹ ਬਸ ਆਪਣੀ ਸੇਵਕਾਈ ਨੂੰ ਪੂਰਾ ਕਰਨ ਅਤੇ ਜੋ ਕੰਮ ਉਸ ਲਈ ਕਰਨਾ ਜ਼ਰੂਰੀ ਹੈ, ਉਸ ਨੂੰ ਪੂਰਾ ਕਰਨ ਵਿੱਚ ਤੇਜ਼ੀ ਨਾਲ ਅੱਗੇ ਵਧਦਾ ਹੈ। ਕੋਈ ਵੀ ਉਸ ਦੇ ਕੰਮ ਦੇ ਰਾਹ ਵਿੱਚ ਖੜ੍ਹਾ ਨਹੀਂ ਹੋ ਸਕਦਾ। ਜਦੋਂ ਉਸ ਦੇ ਕੰਮ ਨੂੰ ਸਮਾਪਤ ਕਰਨ ਦਾ ਸਮਾਂ ਆਵੇਗਾ, ਇਹ ਬੇਸ਼ੱਕ ਸਮਾਪਤ ਹੋ ਜਾਵੇਗਾ ਅਤੇ ਇਸ ਦਾ ਅੰਤ ਕੀਤਾ ਜਾਵੇਗਾ, ਅਤੇ ਕੋਈ ਵੀ ਇਸ ਦੇ ਉਲਟ ਹੁਕਮ ਨਹੀਂ ਦੇ ਸਕੇਗਾ। ਜਦੋਂ ਉਹ ਆਪਣੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਮਨੁੱਖ ਤੋਂ ਵਿਦਾ ਹੋ ਜਾਵੇਗਾ ਸਿਰਫ਼ ਉਸ ਤੋਂ ਬਾਅਦ ਹੀ ਮਨੁੱਖ ਉਸ ਕੰਮ ਨੂੰ ਸਮਝੇਗਾ ਜੋ ਉਹ ਕਰਦਾ ਹੈ, ਹਾਲਾਂਕਿ ਅਜੇ ਵੀ ਪੂਰੀ ਤਰ੍ਹਾਂ ਸਪਸ਼ਟ ਰੂਪ ਵਿੱਚ ਨਹੀਂ। ਅਤੇ ਮਨੁੱਖ ਨੂੰ ਉਸ ਮਨੋਰਥ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਲੰਮਾ ਸਮਾਂ ਲੱਗੇਗਾ ਜਿਸ ਨਾਲ ਪਰਮੇਸ਼ੁਰ ਨੇ ਪਹਿਲਾਂ ਆਪਣਾ ਕੰਮ ਕੀਤਾ ਸੀ। ਦੂਜੇ ਸ਼ਬਦਾਂ ਵਿੱਚ, ਦੇਹਧਾਰੀ ਪਰਮੇਸ਼ੁਰ ਦੇ ਯੁਗ ਦਾ ਕੰਮ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਭਾਗ ਵਿੱਚ ਉਹ ਕੰਮ ਸ਼ਾਮਲ ਹੁੰਦਾ ਹੈ ਜੋ ਖੁਦ ਪਰਮੇਸ਼ੁਰ ਦਾ ਦੇਹਧਾਰੀ ਰੂਪ ਕਰਦਾ ਹੈ ਅਤੇ ਉਹ ਵਚਨ ਜੋ ਖੁਦ ਪਰਮੇਸ਼ੁਰ ਦਾ ਦੇਹਧਾਰੀ ਰੂਪ ਬੋਲਦਾ ਹੈ। ਇੱਕ ਵਾਰ ਜਦ ਉਸ ਦੇ ਸਰੀਰ ਦੀ ਸੇਵਕਾਈ ਭਲੀ-ਭਾਂਤ ਮੁਕੰਮਲ ਹੋ ਜਾਂਦੀ ਹੈ, ਤਾਂ ਕੰਮ ਦਾ ਦੂਜਾ ਹਿੱਸਾ ਉਨ੍ਹਾਂ ਦੁਆਰਾ ਪੂਰਾ ਕੀਤਾ ਜਾਣਾ ਰਹਿ ਜਾਂਦਾ ਹੈ ਜੋ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤੇ ਜਾਂਦੇ ਹਨ। ਇਹੀ ਉਹ ਸਮਾਂ ਹੈ ਜਦੋਂ ਮਨੁੱਖ ਨੂੰ ਆਪਣਾ ਕਾਰਜ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਰਾਹ ਖੋਲ੍ਹ ਦਿੱਤਾ ਹੈ, ਅਤੇ ਇਸ ਉੱਪਰ ਮਨੁੱਖ ਦੁਆਰਾ ਖੁਦ ਚੱਲਣ ਦੀ ਲੋੜ ਹੈ। ਕਹਿਣ ਦਾ ਭਾਵ ਇਹ ਹੈ ਕਿ, ਦੇਹਧਾਰੀ ਹੋਇਆ ਪਰਮੇਸ਼ੁਰ ਕੰਮ ਦੇ ਇੱਕ ਹਿੱਸੇ ਨੂੰ ਪੂਰਾ ਕਰਦਾ ਹੈ, ਅਤੇ ਫਿਰ ਪਵਿੱਤਰ ਆਤਮਾ ਅਤੇ ਜੋ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤੇ ਜਾਂਦੇ ਹਨ ਉਹ ਇਸ ਕੰਮ ਦਾ ਜ਼ਿੰਮਾ ਸੰਭਾਲਣਗੇ। ਇਸ ਲਈ, ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੇਹਧਾਰੀ ਹੋਏ ਪਰਮੇਸ਼ੁਰ ਦੁਆਰਾ ਮੁੱਖ ਤੌਰ ਤੇ ਕੀਤੇ ਜਾਣ ਵਾਲੇ ਕੰਮ ਦੇ ਇਸ ਪੜਾਅ ਵਿੱਚ ਕੀ ਕੁਝ ਜ਼ਰੂਰੀ ਹੈ, ਅਤੇ ਉਸ ਨੂੰ ਇਹ ਵੀ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਦੇਹਧਾਰੀ ਹੋਏ ਪਰਮੇਸ਼ੁਰ ਦੀ ਅਹਿਮੀਅਤ ਕੀ ਹੈ ਅਤੇ ਉਹ ਕਿਹੜਾ ਕੰਮ ਹੈ ਜੋ ਉਸ ਲਈ ਕਰਨਾ ਜ਼ਰੂਰੀ ਹੈ, ਅਤੇ ਉਸ ਨੂੰ ਮਨੁੱਖ ਤੋਂ ਕੀਤੀਆਂ ਮੰਗਾਂ ਦੇ ਬਦਲੇ ਵਿੱਚ ਪਰਮੇਸ਼ੁਰ ਤੋਂ ਮੰਗਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਵਿੱਚ ਹੀ ਮਨੁੱਖ ਦੀ ਗਲਤੀ, ਉਸ ਦੀ ਧਾਰਣਾ, ਅਤੇ ਇਸ ਤੋਂ ਵੀ ਵੱਧ ਕੇ, ਉਸ ਦੀ ਅਣਆਗਿਆਕਾਰੀ ਹੈ।

ਪਰਮੇਸ਼ੁਰ ਦੇ ਸਰੀਰ ਧਾਰਨ ਦਾ ਮਨੋਰਥ ਇਹ ਨਹੀਂ ਹੁੰਦਾ ਕਿ ਉਹ ਮਨੁੱਖ ਨੂੰ ਉਸ ਦੇ ਸਰੀਰ ਨੂੰ ਜਾਣਨ ਦੀ ਆਗਿਆ ਦੇ ਸਕੇ, ਜਾਂ ਮਨੁੱਖ ਨੂੰ ਪਰਮੇਸ਼ੁਰ ਦੇ ਸਰੀਰ ਅਤੇ ਮਨੁੱਖ ਦੇ ਸਰੀਰ ਵਿਚਾਲੇ ਫ਼ਰਕ ਸਮਝਣ ਦੀ ਆਗਿਆ ਦੇ ਸਕੇ; ਨਾ ਹੀ ਪਰਮੇਸ਼ੁਰ ਮਨੁੱਖ ਦੀ ਸਮਝ ਸ਼ਕਤੀ ਨੂੰ ਸਿਖਾਉਣ ਲਈ ਸਰੀਰ ਧਾਰਨ ਕਰਦਾ ਹੈ, ਅਤੇ ਇਸ ਮਨੋਰਥ ਨਾਲ ਤਾਂ ਬਿਲਕੁਲ ਵੀ ਅਜਿਹਾ ਨਹੀਂ ਕਰਦਾ ਕਿ ਉਹ ਮਨੁੱਖ ਨੂੰ ਪਰਮੇਸ਼ੁਰ ਦੇ ਦੇਹਧਾਰੀ ਰੂਪ ਦੀ ਉਪਾਸਨਾ ਕਰਨ ਦੀ ਆਗਿਆ ਦੇ ਸਕੇ, ਅਤੇ ਇੰਝ ਸ਼ਾਨਦਾਰ ਮਹਿਮਾ ਹਾਸਲ ਕਰੇ। ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਪਰਮੇਸ਼ੁਰ ਦੇ ਸਰੀਰ ਧਾਰਨ ਕਰਨ ਦਾ ਅਸਲ ਮਨੋਰਥ ਨਹੀਂ ਹੈ। ਨਾ ਹੀ ਪਰਮੇਸ਼ੁਰ ਮਨੁੱਖ ਦੀ ਨਿੰਦਾ ਕਰਨ, ਜਾਂ ਜਾਣ-ਬੁੱਝ ਕੇ ਮਨੁੱਖ ਨੂੰ ਉਜਾਗਰ ਕਰਨ, ਜਾਂ ਉਸ ਦੇ ਲਈ ਚੀਜ਼ਾਂ ਨੂੰ ਔਖਾ ਬਣਾਉਣ ਲਈ ਸਰੀਰ ਧਾਰਨ ਕਰਦਾ ਹੈ। ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਪਰਮੇਸ਼ੁਰ ਦਾ ਅਸਲ ਮਨੋਰਥ ਨਹੀਂ ਹੈ। ਪਰਮੇਸ਼ੁਰ ਹਰ ਵਾਰ ਜਦੋਂ ਵੀ ਸਰੀਰ ਧਾਰਨ ਕਰਦਾ ਹੈ ਤਾਂ, ਇਹ ਕੰਮ ਦਾ ਅਜਿਹਾ ਰੂਪ ਹੁੰਦਾ ਹੈ ਜੋ ਅਟੱਲ ਹੈ। ਇਹ ਉਸ ਦੇ ਹੋਰ ਵੀ ਵੱਡੇ ਕੰਮ ਅਤੇ ਉਸ ਦੇ ਹੋਰ ਵੀ ਵੱਡੇ ਪ੍ਰਬੰਧਨ ਦੀ ਖਾਤਰ ਹੀ ਹੈ ਕਿ ਉਹ ਉਸੇ ਤਰ੍ਹਾਂ ਵਿਹਾਰ ਕਰਦਾ ਹੈ ਜਿਵੇਂ ਉਹ ਕਰਦਾ ਹੈ, ਨਾ ਕਿ ਉਨ੍ਹਾਂ ਕਾਰਨਾਂ ਕਰਕੇ ਜਿਨ੍ਹਾਂ ਦੀ ਮਨੁੱਖ ਕਲਪਨਾ ਕਰਦਾ ਹੈ। ਪਰਮੇਸ਼ੁਰ ਧਰਤੀ ’ਤੇ ਸਿਰਫ਼ ਉਦੋਂ ਆਉਂਦਾ ਹੈ ਜਦੋਂ ਉਸ ਦੇ ਕੰਮ ਦੀ ਲੋੜ ਹੁੰਦੀ ਹੈ, ਅਤੇ ਸਿਰਫ਼ ਜਦੋਂ ਇਹ ਜ਼ਰੂਰੀ ਹੁੰਦਾ ਹੈ। ਉਹ ਧਰਤੀ ਉੱਪਰ ਸਿਰਫ਼ ਘੁੰਮਣ-ਫਿਰਨ ਦੇ ਮਨੋਰਥ ਨਾਲ ਨਹੀਂ ਆਉਂਦਾ, ਬਲਕਿ ਉਹ ਕੰਮ ਪੂਰਾ ਕਰਨ ਲਈ ਆਉਂਦਾ ਹੈ ਜੋ ਉਸ ਲਈ ਕਰਨਾ ਜ਼ਰੂਰੀ ਹੈ। ਨਹੀਂ ਤਾਂ ਉਹ ਇਸ ਕੰਮ ਨੂੰ ਪੂਰਾ ਕਰਨ ਲਈ ਇੰਨਾ ਭਾਰੀ ਬੋਝ ਅਤੇ ਅਜਿਹੇ ਵੱਡੇ ਜੋਖਮ ਕਿਉਂ ਲਵੇਗਾ? ਪਰਮੇਸ਼ੁਰ ਸਿਰਫ਼ ਉਦੋਂ ਹੀ ਸਰੀਰ ਧਾਰਨ ਕਰਦਾ ਹੈ ਜਦੋਂ ਉਸ ਨੂੰ ਕਰਨਾ ਪੈਂਦਾ ਹੈ, ਅਤੇ ਇਸ ਦੀ ਹਮੇਸ਼ਾ ਅਨੋਖੀ ਅਹਿਮੀਅਤ ਹੁੰਦੀ ਹੈ। ਜੇ ਇਹ ਸਿਰਫ਼ ਲੋਕਾਂ ਨੂੰ ਉਸ ਵੱਲ ਵੇਖਣ ਦੀ ਆਗਿਆ ਦੇਣ ਅਤੇ ਉਨ੍ਹਾਂ ਦੇ ਮਾਨਸਿਕ ਗਿਆਨ ਦਾ ਵਿਸਤਾਰ ਕਰਨ ਦੀ ਖਾਤਰ ਹੁੰਦਾ, ਤਾਂ ਉਹ ਪੂਰੇ ਨਿਸ਼ਚੇ ਨਾਲ, ਲੋਕਾਂ ਦਰਮਿਆਨ ਕਦੇ ਵੀ ਇੰਨੇ ਸਰਸਰੀ ਢੰਗ ਨਾਲ ਨਾ ਆਉਂਦਾ। ਉਹ ਧਰਤੀ ਉੱਪਰ ਆਪਣੇ ਪ੍ਰਬੰਧਨ ਅਤੇ ਆਪਣੇ ਹੋਰ ਵੱਡੇ ਕੰਮ ਦੀ ਖਾਤਰ ਆਉਂਦਾ ਹੈ, ਅਤੇ ਇਸ ਲਈ ਤਾਂ ਕਿ ਉਹ ਵਧੇਰੇ ਮਨੁੱਖਜਾਤੀ ਨੂੰ ਪ੍ਰਾਪਤ ਕਰ ਸਕੇ। ਉਹ ਯੁਗ ਦੀ ਨੁਮਾਇੰਦਗੀ ਕਰਨ ਲਈ ਆਉਂਦਾ ਹੈ, ਉਹ ਸ਼ਤਾਨ ਨੂੰ ਹਰਾਉਣ ਲਈ ਆਉਂਦਾ ਹੈ, ਅਤੇ ਸ਼ਤਾਨ ਨੂੰ ਹਰਾਉਣ ਲਈ ਉਹ ਖੁਦ ਨੂੰ ਸਰੀਰ ਦੇ ਕਪੜੇ ਪਹਿਨਾਉਂਦਾ ਹੈ। ਇਸ ਤੋਂ ਵੀ ਵੱਧ ਕੇ, ਉਹ ਸਮੁੱਚੀ ਮਨੁੱਖਜਾਤੀ ਨੂੰ ਉਨ੍ਹਾਂ ਦੇ ਜੀਵਨ ਜੀਉਣ ਵਿੱਚ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਲਈ ਆਉਂਦਾ ਹੈ। ਇਹ ਸਭ ਕੁਝ ਉਸ ਦੇ ਪ੍ਰਬੰਧਨ ਨਾਲ ਸੰਬੰਧਤ ਹੈ, ਅਤੇ ਇਸ ਦਾ ਸੰਬੰਧ ਸਮੁੱਚੇ ਬ੍ਰਹਿਮੰਡ ਦੇ ਕੰਮ ਨਾਲ ਹੈ। ਜੇ ਪਰਮੇਸ਼ੁਰ ਨੇ ਮਹਿਜ਼ ਇਸ ਲਈ ਸਰੀਰ ਧਾਰਨ ਕੀਤਾ ਹੁੰਦਾ ਕਿ ਉਹ ਮਨੁੱਖ ਨੂੰ ਉਸ ਦੇ ਸਰੀਰ ਬਾਰੇ ਜਾਣਨ ਦੀ ਆਗਿਆ ਦੇ ਸਕੇ ਅਤੇ ਲੋਕਾਂ ਦੀਆਂ ਅੱਖਾਂ ਖੋਲ੍ਹ ਸਕੇ, ਤਾਂ ਫਿਰ ਉਸ ਨੇ ਹਰ ਕੌਮ ਦੀ ਯਾਤਰਾ ਕਿਉਂ ਨਹੀਂ ਕੀਤੀ? ਕੀ ਇਹ ਬੇਹੱਦ ਹੀ ਸੌਖੀ ਗੱਲ ਨਹੀਂ ਹੋਣੀ ਸੀ? ਪਰ ਉਸ ਨੇ ਅਜਿਹਾ ਨਹੀਂ ਕੀਤਾ, ਇਸ ਦੀ ਬਜਾਏ ਉਸ ਨੇ ਸਥਾਪਤ ਹੋਣ ਲਈ ਇੱਕ ਢੁਕਵਾਂ ਸਥਾਨ ਚੁਣਿਆ ਤਾਂ ਜੋ ਉਹ ਉਸ ਕੰਮ ਨੂੰ ਸ਼ੁਰੂ ਕਰ ਸਕੇ ਜੋ ਉਸ ਲਈ ਕਰਨਾ ਜ਼ਰੂਰੀ ਹੈ। ਸਿਰਫ਼ ਇਸ ਇਕੱਲੇ ਸਰੀਰ ਦੀ ਅਹਿਮੀਅਤ ਹੀ ਬਥੇਰੀ ਹੈ। ਉਹ ਇੱਕ ਸਮੁੱਚੇ ਯੁਗ ਦੀ ਨੁਮਾਇੰਦਗੀ ਕਰਦਾ ਹੈ, ਅਤੇ ਇੱਕ ਸਮੁੱਚੇ ਯੁਗ ਦਾ ਕੰਮ ਵੀ ਪੂਰਾ ਕਰਦਾ ਹੈ; ਉਹ ਪੁਰਾਣੇ ਯੁਗ ਦਾ ਅੰਤ ਵੀ ਕਰਦਾ ਹੈ ਅਤੇ ਨਵੇਂ ਯੁਗ ਦਾ ਅਰੰਭ ਵੀ ਕਰਦਾ ਹੈ। ਇਹ ਸਭ ਕੁਝ ਇੱਕ ਮਹੱਤਵਪੂਰਣ ਚੀਜ਼ ਹੈ ਜਿਸ ਦਾ ਸੰਬੰਧ ਪਰਮੇਸ਼ੁਰ ਦੇ ਪ੍ਰਬੰਧਨ ਨਾਲ ਹੈ, ਅਤੇ ਇਹ ਸਭ ਕੰਮ ਦੇ ਉਸ ਇੱਕ ਪੜਾਅ ਦੀ ਅਹਿਮੀਅਤ ਹੈ ਜਿਸ ਨੂੰ ਪੂਰਾ ਕਰਨ ਲਈ ਪਰਮੇਸ਼ੁਰ ਧਰਤੀ ਉੱਤੇ ਆਉਂਦਾ ਹੈ। ਜਦੋਂ ਯਿਸੂ ਧਰਤੀ ’ਤੇ ਆਇਆ, ਤਾਂ ਉਸ ਨੇ ਸਿਰਫ਼ ਕੁਝ ਵਚਨ ਬੋਲੇ ਅਤੇ ਕੁਝ ਕੰਮ ਪੂਰਾ ਕੀਤਾ; ਉਸ ਨੇ ਮਨੁੱਖ ਦੇ ਜੀਵਨ ਨਾਲ ਆਪਣਾ ਕੋਈ ਵਾਸਤਾ ਨਹੀਂ ਰੱਖਿਆ, ਅਤੇ ਜਿਉਂ ਹੀ ਉਸ ਦਾ ਕੰਮ ਸੰਪੂਰਨ ਹੋਇਆ ਉਹ ਚਲਾ ਗਿਆ। ਅੱਜ, ਜਦੋਂ ਮੈਂ ਬੋਲਣਾ ਬੰਦ ਕਰ ਦਿਆਂਗਾ ਤੇ ਤੁਹਾਨੂੰ ਆਪਣੇ ਵਚਨ ਪਹੁੰਚਾ ਚੁੱਕਾ ਹੋਵਾਂਗਾ, ਅਤੇ ਜਦੋਂ ਤੁਸੀਂ ਸਭ ਕੁਝ ਸਮਝ ਚੁੱਕੇ ਹੋਵੋਗੇ, ਮੇਰੇ ਕੰਮ ਦਾ ਇਹ ਕਦਮ ਸਮਾਪਤ ਹੋ ਚੁੱਕਾ ਹੋਵੇਗਾ, ਭਾਵੇਂ ਤੁਹਾਡਾ ਜੀਵਨ ਜਿਹੋ ਜਿਹਾ ਵੀ ਹੋਵੇ। ਭਵਿੱਖ ਵਿੱਚ ਕੁਝ ਅਜਿਹੇ ਲੋਕਾਂ ਦਾ ਹੋਣਾ ਜ਼ਰੂਰੀ ਹੈ ਜੋ ਮੇਰੇ ਕੰਮ ਦੇ ਇਸ ਕਦਮ ਨੂੰ ਜਾਰੀ ਰੱਖ ਸਕਣ ਅਤੇ ਇਨ੍ਹਾਂ ਵਚਨਾਂ ਦੇ ਅਨੁਸਾਰ ਧਰਤੀ ਉੱਪਰ ਕੰਮ ਨੂੰ ਜਾਰੀ ਰੱਖਣ; ਉਸ ਸਮੇਂ, ਮਨੁੱਖ ਦਾ ਕੰਮ ਅਤੇ ਮਨੁੱਖ ਦਾ ਨਿਰਮਾਣ ਸ਼ੁਰੂ ਹੋਵੇਗਾ। ਪਰ, ਇਸ ਸਮੇਂ, ਪਰਮੇਸ਼ੁਰ ਸਿਰਫ਼ ਆਪਣੀ ਸੇਵਕਾਈ ਨੂੰ ਪੂਰਾ ਕਰਨ ਅਤੇ ਆਪਣੇ ਕੰਮ ਦੇ ਇੱਕ ਕਦਮ ਨੂੰ ਪੂਰਾ ਕਰਨ ਲਈ ਆਪਣਾ ਕੰਮ ਕਰਦਾ ਹੈ। ਪਰਮੇਸ਼ੁਰ ਉਸ ਤਰ੍ਹਾਂ ਕੰਮ ਨਹੀਂ ਕਰਦਾ ਜਿਵੇਂ ਮਨੁੱਖ ਕਰਦਾ ਹੈ। ਮਨੁੱਖ ਸਭਾਵਾਂ ਅਤੇ ਚਰਚਾ-ਮੰਚਾਂ ਨੂੰ ਪਸੰਦ ਕਰਦਾ ਹੈ, ਅਤੇ ਰੀਤਾਂ ਨੂੰ ਮਹੱਤਵ ਦਿੰਦਾ ਹੈ, ਜਦਕਿ ਪਰਮੇਸ਼ੁਰ ਅਸਲ ਵਿੱਚ ਸਭ ਤੋਂ ਵੱਧ ਜਿਸ ਤੋਂ ਨਫ਼ਰਤ ਕਰਦਾ ਹੈ ਉਹ ਹਨ ਮਨੁੱਖ ਦੀਆਂ ਸਭਾਵਾਂ ਅਤੇ ਮਿਲਣੀਆਂ (ਮੀਟਿੰਗਾਂ)। ਪਰਮੇਸ਼ੁਰ ਮਨੁੱਖ ਨਾਲ ਗੱਲਬਾਤ ਕਰਦਾ ਹੈ ਅਤੇ ਮਨੁੱਖ ਨਾਲ ਬਗੈਰ ਕਿਸੇ ਉਚੇਚ ਦੇ ਬੋਲਦਾ ਹੈ; ਇਹ ਪਰਮੇਸ਼ੁਰ ਦਾ ਕੰਮ ਹੈ, ਜੋ ਬੇਹੱਦ ਹੀ ਅਜ਼ਾਦ ਹੈ ਅਤੇ ਤੁਹਾਨੂੰ ਵੀ ਮੁਕਤ ਕਰਦਾ ਹੈ। ਹਾਲਾਂਕਿ, ਮੈਂ ਤੁਹਾਡੇ ਨਾਲ ਸਭਾਵਾਂ ਕਰਨ ਤੋਂ ਨਿਹਾਇਤ ਨਫ਼ਰਤ ਕਰਦਾ ਹਾਂ, ਅਤੇ ਮੈਂ ਤੁਹਾਡੇ ਵਾਂਗ ਸਖਤ ਨਿਯੰਤ੍ਰਣ ਵਾਲੇ ਜੀਵਨ ਦਾ ਆਦੀ ਹੋਣ ਦੇ ਅਯੋਗ ਹਾਂ। ਮੈਂ ਸਭ ਤੋਂ ਵੱਧ ਨਿਯਮਾਂ ਨਾਲ ਨਫ਼ਰਤ ਕਰਦਾ ਹਾਂ; ਉਹ ਮਨੁੱਖ ’ਤੇ ਇਸ ਹੱਦ ਤਕ ਦਬਾਅ ਪਾਉਂਦੇ ਹਨ ਕਿ ਉਹ ਕੋਈ ਹਰਕਤ ਕਰਨ ਤੋਂ ਵੀ ਡਰਦਾ ਹੈ, ਬੋਲਣ ਤੋਂ ਡਰਦਾ ਹੈ, ਤੇ ਗਾਉਣ ਤੋਂ ਡਰਦਾ ਹੈ, ਉਸ ਦੀਆਂ ਅੱਖਾਂ ਸਿੱਧਾ ਤੁਹਾਨੂੰ ਘੂਰ ਰਹੀਆਂ ਹੁੰਦੀਆਂ ਹਨ। ਮੈਨੂੰ ਤੁਹਾਡੇ ਸਭਾਵਾਂ ਕਰਨ ਦੇ ਤਰੀਕੇ ਤੋਂ ਨਿਹਾਇਤ ਨਫ਼ਰਤ ਹੈ ਅਤੇ ਮੈਂ ਵੱਡੀਆਂ ਸਭਾਵਾਂ ਨੂੰ ਨਿਹਾਇਤ ਨਫ਼ਰਤ ਕਰਦਾ ਹਾਂ। ਮੈਂ ਤੁਹਾਡੇ ਨਾਲ ਇਸ ਤਰ੍ਹਾਂ ਸਭਾਵਾਂ ਕਰਨ ਤੋਂ ਉੱਕਾ ਹੀ ਇਨਕਾਰ ਕਰ ਦਿੰਦਾ ਹਾਂ, ਕਿਉਂਕਿ ਜੀਉਣ ਦਾ ਇਹ ਤਰੀਕਾ ਕਿਸੇ ਵਿਅਕਤੀ ਨੂੰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਮਹਿਸੂਸ ਕਰਾਉਂਦਾ ਹੈ ਅਤੇ ਤੁਸੀਂ ਬਹੁਤ ਜ਼ਿਆਦਾ ਰੀਤਾਂ ਤੇ ਬਹੁਤ ਸਾਰੇ ਨਿਯਮਾਂ ਦਾ ਪਾਲਣਾ ਕਰਦੇ ਹੋ। ਜੇ ਤੁਹਾਨੂੰ ਅਗਵਾਈ ਕਰਨ ਦੀ ਆਗਿਆ ਦਿੱਤੀ ਜਾਂਦੀ ਤਾਂ ਤੁਸੀਂ ਸਭ ਲੋਕਾਂ ਦੀ ਅਗਵਾਈ ਪੂਰੇ ਨਿਯਮਾਂ ਦੇ ਦਾਇਰੇ ਵਿੱਚ ਕਰਦੇ, ਅਤੇ ਉਨ੍ਹਾਂ ਕੋਲ ਤੁਹਾਡੀ ਅਗਵਾਈ ਹੇਠ ਨਿਯਮਾਂ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਾ ਹੁੰਦਾ; ਇਸ ਦੀ ਬਜਾਏ ਧਰਮ ਦਾ ਮਾਹੌਲ ਮਹਿਜ਼ ਹੋਰ ਵੀ ਵੱਧ ਗੰਭੀਰ ਬਣ ਜਾਂਦਾ, ਅਤੇ ਮਨੁੱਖ ਦੇ ਦਸਤੂਰ ਸਿਰਫ਼ ਵਧਦੇ ਹੀ ਰਹਿੰਦੇ। ਕੁਝ ਲੋਕ ਜਦੋਂ ਸਭਾ ਕਰਦੇ ਹਨ ਤਾਂ ਪ੍ਰਚਾਰ ਕਰਦੇ ਅਤੇ ਬੋਲਦੇ ਰਹਿੰਦੇ ਹਨ ਤੇ ਉਹ ਕਦੇ ਵੀ ਥੱਕੇ ਹੋਏ ਮਹਿਸੂਸ ਨਹੀਂ ਕਰਦੇ, ਅਤੇ ਕੁਝ ਬਿਨਾ ਰੁਕੇ ਦਰਜਨਾਂ ਦਿਨਾਂ ਤਕ ਪ੍ਰਚਾਰ ਕਰਦੇ ਰਹਿ ਸਕਦੇ ਹਨ। ਇਨ੍ਹਾਂ ਸਾਰਿਆਂ ਨੂੰ ਮਨੁੱਖ ਦੀਆਂ ਵੱਡੀਆਂ ਸਭਾਵਾਂ ਅਤੇ ਮੀਟਿੰਗਾਂ ਮੰਨਿਆ ਜਾਂਦਾ ਹੈ; ਉਨ੍ਹਾਂ ਦਾ ਖਾਣ-ਪੀਣ, ਅਨੰਦ ਲੈਣ ਜਾਂ ਆਤਮਾ ਨੂੰ ਅਜ਼ਾਦ ਕੀਤੇ ਜਾਣ ਵਾਲੇ ਜੀਵਨ ਨਾਲ ਕੋਈ ਲੈਣ-ਦੇਣ ਨਹੀਂ ਹੁੰਦਾ। ਇਹ ਸਭ ਮੀਟਿੰਗਾਂ ਹੁੰਦੀਆਂ ਹਨ! ਤੁਹਾਡੀਆਂ ਸਹਿਕਰਮੀ ਮੀਟਿੰਗਾਂ, ਇਸ ਦੇ ਨਾਲ ਹੀ ਵੱਡੀਆਂ ਤੇ ਛੋਟੀਆਂ ਸਭਾਵਾਂ, ਇਹ ਸਭ ਮੇਰੇ ਲਈ ਘਿਣਾਉਣੀਆਂ ਹਨ, ਅਤੇ ਮੈਨੂੰ ਉਨ੍ਹਾਂ ਵਿੱਚ ਕਦੇ ਕੋਈ ਦਿਲਚਸਪੀ ਨਹੀਂ ਮਹਿਸੂਸ ਹੋਈ। ਇਹ ਉਹ ਸਿਧਾਂਤ ਹੈ ਜਿਸ ਨਾਲ ਮੈਂ ਕੰਮ ਕਰਦਾ ਹਾਂ: ਮੈਂ ਸਭਾਵਾਂ ਦੇ ਦੌਰਾਨ ਪ੍ਰਚਾਰ ਕਰਨ ਦਾ ਇੱਛੁਕ ਨਹੀਂ ਹਾਂ, ਅਤੇ ਨਾ ਹੀ ਮੈਂ ਕਿਸੇ ਵੱਡੇ ਜਨਤਕ ਇਕੱਠ (ਅਸੈਂਬਲੀ) ਵਿੱਚ ਕੋਈ ਐਲਾਨ ਕਰਨਾ ਚਾਹੁੰਦਾ ਹਾਂ, ਅਤੇ ਅਜਿਹਾ ਤਾਂ ਬਿਲਕੁਲ ਵੀ ਨਹੀਂ ਕਿ ਮੈਂ ਕਿਸੇ ਵਿਸ਼ੇਸ਼ ਕਾਨਫਰੰਸ ਵਿੱਚ ਕੁਝ ਦਿਨਾਂ ਲਈ ਤੁਹਾਨੂੰ ਸਾਰਿਆਂ ਨੂੰ ਸੱਦਾ ਦੇਵਾਂ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਤੁਹਾਨੂੰ ਸਭ ਨੂੰ ਤਮੀਜ਼ ਅਤੇ ਸਲੀਕੇ ਨਾਲ, ਕਿਸੇ ਇਕੱਠ ਵਿੱਚ, ਬੈਠਣਾ ਚਾਹੀਦਾ ਹੈ; ਮੈਨੂੰ ਤੁਹਾਨੂੰ ਕਿਸੇ ਵੀ ਨਿਰਧਾਰਤ ਰੀਤ ਦੀਆਂ ਹੱਦਾਂ ਦੇ ਅੰਦਰ ਜੀਉਂਦੇ ਦੇਖਣ ਤੋਂ ਨਫ਼ਰਤ ਹੁੰਦੀ ਹੈ, ਅਤੇ ਇਸ ਤੋਂ ਵੀ ਵੱਧ ਕੇ, ਮੈਂ ਤੁਹਾਡੀ ਅਜਿਹੀ ਕਿਸੇ ਵੀ ਰੀਤ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੰਦਾ ਹਾਂ। ਤੁਸੀਂ ਜਿੰਨਾ ਜ਼ਿਆਦਾ ਇਹ ਕਰਦੇ ਹੋ, ਮੈਨੂੰ ਇਹ ਉੰਨਾ ਹੀ ਨਫ਼ਰਤਯੋਗ ਲੱਗਦਾ ਹੈ। ਮੈਨੂੰ ਤੁਹਾਡੀਆਂ ਇਨ੍ਹਾਂ ਰੀਤਾਂ ਅਤੇ ਤੁਹਾਡੇ ਨਿਯਮਾਂ ਵਿੱਚ ਥੋੜ੍ਹੀ ਜਿਹੀ ਵੀ ਦਿਲਚਸਪੀ ਨਹੀਂ ਹੈ, ਭਾਵੇਂ ਤੁਸੀਂ ਉਨ੍ਹਾਂ ਨੂੰ ਕਿੰਨੇ ਚੰਗੇ ਢੰਗ ਨਾਲ ਕਿਉਂ ਨਾ ਕਰਦੇ ਹੋਵੋ, ਮੈਨੂੰ ਇਹ ਸਭ ਘਿਰਣਾਯੋਗ ਲੱਗਦੇ ਹਨ। ਅਜਿਹਾ ਨਹੀਂ ਹੈ ਕਿ ਤੁਹਾਡੇ ਪ੍ਰਬੰਧ ਢੁਕਵੇਂ ਨਹੀਂ ਹਨ ਜਾਂ ਤੁਸੀਂ ਅਤਿਅੰਤ ਨੀਚ ਹੋ, ਇੰਨਾ ਹੈ ਕਿ ਮੈਂ ਤੁਹਾਡੇ ਜੀਉਣ ਦੇ ਤਰੀਕੇ ਤੋਂ ਨਫ਼ਰਤ ਕਰਦਾ ਹਾਂ, ਅਤੇ ਇਸ ਤੋਂ ਵੀ ਵੱਧ ਕੇ, ਮੈਂ ਇਸ ਦੇ ਆਦੀ ਬਣਨ ਦੇ ਯੋਗ ਨਹੀਂ ਹਾਂ। ਮੈਂ ਜੋ ਕੰਮ ਕਰਨਾ ਚਾਹੁੰਦਾ ਹਾਂ ਤੁਸੀਂ ਉਸ ਬਾਰੇ ਰੱਤੀ ਭਰ ਵੀ ਨਹੀਂ ਸਮਝਦੇ ਹੋ। ਉਸ ਸਮੇਂ ਜਦੋਂ ਯਿਸੂ ਨੇ ਆਪਣਾ ਕੰਮ ਕੀਤਾ ਸੀ ਤਾਂ, ਕਿਸੇ ਜਗ੍ਹਾ ’ਤੇ ਉਪਦੇਸ਼ ਦੇਣ ਤੋਂ ਬਾਅਦ, ਉਹ ਆਪਣੇ ਚੇਲਿਆਂ ਨੂੰ ਸ਼ਹਿਰ ਤੋਂ ਬਾਹਰ ਲੈ ਜਾਂਦਾ ਅਤੇ ਉਨ੍ਹਾਂ ਨਾਲ ਉਨ੍ਹਾਂ ਸੱਚੇ ਰਾਹਾਂ ਬਾਰੇ ਗੱਲ ਕਰਿਆ ਕਰਦਾ ਜਿਨ੍ਹਾਂ ਨੂੰ ਸਮਝਣਾ ਉਨ੍ਹਾਂ ਦਾ ਫ਼ਰਜ਼ ਸੀ। ਉਹ ਅਕਸਰ ਇਸੇ ਤਰ੍ਹਾਂ ਹੀ ਕੰਮ ਕਰਦਾ ਸੀ। ਭੀੜ ਵਿੱਚ ਉਸ ਦਾ ਕੰਮ ਵਿਰਲਾ ਹੀ ਹੁੰਦਾ ਸੀ। ਤੁਸੀਂ ਉਸ ਤੋਂ ਜੋ ਚਾਹੁੰਦੇ ਹੋ, ਉਸ ਮੁਤਾਬਕ ਦੇਹਧਾਰੀ ਹੋਏ ਪਰਮੇਸ਼ੁਰ ਦਾ ਜੀਵਨ ਕਿਸੇ ਸਧਾਰਣ ਮਨੁੱਖ ਦੇ ਜੀਵਨ ਵਾਂਗ ਨਹੀਂ ਹੋਣਾ ਚਾਹੀਦਾ; ਉਸ ਨੂੰ ਆਪਣਾ ਕੰਮ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ, ਅਤੇ, ਭਾਵੇਂ ਉਹ ਬੈਠਾ ਹੋਵੇ, ਖੜ੍ਹਾ ਹੋਵੇ ਜਾਂ ਤੁਰ ਰਿਹਾ ਹੋਵੇ, ਉਸ ਨੂੰ ਬੋਲਣਾ ਹੀ ਚਾਹੀਦਾ ਹੈ। ਉਸ ਨੂੰ ਹਰ ਸਮੇਂ ਕੰਮ ਹੀ ਕਰਨਾ ਚਾਹੀਦਾ ਹੈ ਅਤੇ ਉਹ ਆਪਣੇ ਕੰਮ ਦੇ ਨਿਰੰਤਰ “ਗੇੜ” ਵਿੱਚ ਕਦੇ ਰੁਕ ਨਹੀਂ ਸਕਦਾ, ਨਹੀਂ ਤਾਂ ਉਹ ਆਪਣੇ ਫ਼ਰਜ਼ਾਂ ਵਿੱਚ ਲਾਪਰਵਾਹੀ ਕਰ ਰਿਹਾ ਹੋਵੇਗਾ। ਕੀ ਮਨੁੱਖ ਦੀਆਂ ਇਹ ਮੰਗਾਂ ਮਨੁੱਖੀ ਅਹਿਸਾਸ ਲਈ ਉਚਿਤ ਹਨ? ਤੁਹਾਡੀ ਨੇਕ ਨੀਅਤ ਕਿੱਥੇ ਹੈ? ਕੀ ਤੁਸੀਂ ਬਹੁਤਾ ਜ਼ਿਆਦਾ ਹੀ ਨਹੀਂ ਮੰਗਦੇ ਹੋ? ਕੀ ਮੈਨੂੰ ਕੰਮ ਕਰਦੇ ਸਮੇਂ ਤੁਹਾਡੇ ਦੁਆਰਾ ਪੜਤਾਲ ਕੀਤੇ ਜਾਣ ਦੀ ਲੋੜ ਹੈ? ਕੀ ਮੈਨੂੰ ਆਪਣੀ ਸੇਵਕਾਈ ਪੂਰੀ ਕਰਦੇ ਸਮੇਂ ਤੁਹਾਡੇ ਦੁਆਰਾ ਨਿਗਰਾਨੀ ਦੀ ਲੋੜ ਹੈ? ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ ਅਤੇ ਮੈਨੂੰ ਇਹ ਕਦੋਂ ਕਰਨਾ ਚਾਹੀਦਾ ਹੈ; ਹੋਰਨਾਂ ਨੂੰ ਦਖਲ ਦੇਣ ਦੀ ਲੋੜ ਨਹੀਂ ਹੈ। ਤੈਨੂੰ ਸ਼ਾਇਦ ਇਹ ਜਾਪਦਾ ਹੋਵੇ ਕਿ ਜਿਵੇਂ ਮੈਂ ਬਹੁਤਾ ਕੰਮ ਨਹੀਂ ਕੀਤਾ ਹੈ, ਪਰ ਉਦੋਂ ਤਕ ਮੇਰਾ ਕੰਮ ਅੰਤ ਦੇ ਨੇੜੇ ਹੁੰਦਾ ਹੈ। ਉਦਾਹਰਣ ਲਈ ਚਾਰ ਇੰਜੀਲਾਂ ਵਿੱਚ ਯਿਸੂ ਦੇ ਵਚਨਾਂ ਨੂੰ ਵੇਖ: ਕੀ ਉਹ ਵੀ ਸੀਮਤ ਨਹੀਂ ਸਨ? ਉਸ ਸਮੇਂ, ਜਦੋਂ ਯਿਸੂ ਨੇ ਸਮਾਜ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਉਪਦੇਸ਼ ਦਾ ਪ੍ਰਚਾਰ ਕੀਤਾ ਸੀ, ਤਾਂ ਉਸ ਨੇ ਖਤਮ ਕਰਨ ਵਿੱਚ ਕੁਝ ਕੁ ਮਿੰਟਾਂ ਤੋਂ ਵੱਧ ਦਾ ਸਮਾਂ ਨਹੀਂ ਲਿਆ ਸੀ, ਅਤੇ ਜਦੋਂ ਉਹ ਬੋਲ ਚੁੱਕਾ ਸੀ, ਉਹ ਆਪਣੇ ਚੇਲਿਆਂ ਨੂੰ ਕਿਸ਼ਤੀ ਤੇ ਲੈ ਗਿਆ ਅਤੇ ਬਿਨਾ ਕੁਝ ਸਪਸ਼ਟੀਕਰਨ ਦੇ ਉੱਥੋਂ ਚਲਿਆ ਗਿਆ। ਸਮਾਜ ਵਿਚਲੇ ਲੋਕਾਂ ਨੇ ਵੱਧ ਤੋਂ ਵੱਧ, ਇਸ ਬਾਰੇ ਆਪਸ ਵਿੱਚ ਚਰਚਾ ਕੀਤੀ, ਪਰ ਯਿਸੂ ਨੂੰ ਇਸ ਨਾਲ ਕੋਈ ਲੈਣ-ਦੇਣ ਨਹੀਂ ਸੀ। ਪਰਮੇਸ਼ੁਰ ਸਿਰਫ਼ ਉਹੀ ਕੰਮ ਕਰਦਾ ਹੈ ਜੋ ਉਸ ਲਈ ਕਰਨਾ ਜ਼ਰੂਰੀ ਹੈ, ਅਤੇ ਇਸ ਤੋਂ ਵੱਧ ਅਤੇ ਇਸ ਤੋਂ ਉੱਪਰ ਹੋਰ ਕੁਝ ਵੀ ਨਹੀਂ। ਹੁਣ, ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਮੈਂ ਦਿਨ ਵਿੱਚ ਘੱਟੋ-ਘੱਟ ਘੰਟਿਆਂ ਬੱਧੀਂ, ਬਹੁਤ ਕੁਝ ਬੋਲਾਂ ਅਤੇ ਬਹੁਤ ਸਾਰੀਆਂ ਗੱਲਾਂ ਕਰਾਂ। ਜਿਵੇਂ ਕਿ ਤੁਸੀਂ ਦੇਖਦੇ ਹੋ, ਪਰਮੇਸ਼ੁਰ ਜਦੋਂ ਤਕ ਬੋਲਦਾ ਨਹੀਂ, ਉਹ ਪਰਮੇਸ਼ੁਰ ਹੋਣੋਂ ਹੱਟ ਜਾਂਦਾ ਹੈ, ਅਤੇ ਸਿਰਫ਼ ਉਹ ਪੁਰਖ ਜੋ ਬੋਲਦਾ ਹੈ ਪਰਮੇਸ਼ੁਰ ਹੈ। ਤੁਸੀਂ ਸਾਰੇ ਅੰਨ੍ਹੇ ਹੋ! ਸਾਰੇ ਉਜੱਡ ਹੋ! ਤੁਸੀਂ ਸਾਰੇ ਅਗਿਆਨੀ ਜਿਨਸਾਂ ਹੋ ਜਿਨ੍ਹਾਂ ਕੋਲ ਕੋਈ ਅਹਿਸਾਸ ਨਹੀਂ ਹੈ! ਤੁਹਾਡੀਆਂ ਬਹੁਤ ਸਾਰੀਆਂ ਧਾਰਣਾਵਾਂ ਹਨ। ਤੁਹਾਡੀਆਂ ਮੰਗਾਂ ਹੱਦੋਂ ਕਿਤੇ ਵੱਧ ਹਨ! ਤੁਸੀਂ ਜ਼ਾਲਮ ਹੋ! ਤੁਸੀਂ ਰੱਤੀ ਭਰ ਵੀ ਨਹੀਂ ਸਮਝਦੇ ਕਿ ਪਰਮੇਸ਼ੁਰ ਕੀ ਹੈ! ਤੁਸੀਂ ਵਿਸ਼ਵਾਸ ਕਰਦੇ ਹੋ ਕਿ ਸਾਰੇ ਬੁਲਾਰੇ ਅਤੇ ਭਾਸ਼ਣਕਾਰ ਪਰਮੇਸ਼ੁਰ ਹਨ, ਅਤੇ ਜੋ ਕੋਈ ਵੀ ਤੁਹਾਨੂੰ ਵਚਨਾਂ ਦੀ ਪੂਰਤੀ ਕਰਨ ਦਾ ਇੱਛੁਕ ਹੈ ਉਹ ਤੁਹਾਡਾ ਪਿਤਾ ਹੈ। ਮੈਨੂੰ ਦੱਸੋ, ਕੀ ਆਪਣੇ “ਸੁਘੜ” ਗੁਣਾਂ ਅਤੇ “ਅਸਧਾਰਣ” ਦਿੱਖ ਦੇ ਨਾਲ, ਤੁਹਾਡੇ ਸਾਰਿਆਂ ਵਿੱਚ, ਕੀ ਅਜੇ ਤਕ ਮਾੜਾ ਜਿੰਨਾ ਵੀ ਅਹਿਸਾਸ ਹੈ? ਕੀ ਤੁਸੀਂ ਅਜੇ ਸਵਰਗਸੂਰਜ ਬਾਰੇ ਜਾਣਦੇ ਹੋ! ਤੁਹਾਡੇ ਵਿਚੋਂ ਹਰ ਕੋਈ ਲਾਲਚੀ ਅਤੇ ਭ੍ਰਿਸ਼ਟ ਅਧਿਕਾਰੀ ਵਰਗਾ ਹੈ, ਤਾਂ ਤੁਹਾਨੂੰ ਅਹਿਸਾਸ ਕਿਵੇਂ ਦਿਖਾਈ ਦੇ ਸਕਦਾ ਹੈ? ਤੁਸੀਂ ਸਹੀ ਅਤੇ ਗਲਤ ਵਿਚਾਲੇ ਫ਼ਰਕ ਕਿਵੇਂ ਪਛਾਣ ਸਕਦੇ ਹੋ? ਮੈਂ ਤੁਹਾਨੂੰ ਬਹੁਤ ਕੁਝ ਬਖਸ਼ਿਆ ਹੈ, ਪਰ ਤੁਹਾਡੇ ਵਿੱਚੋਂ ਕਿੰਨਿਆਂ ਨੇ ਇਸ ਦਾ ਮੁੱਲ ਪਾਇਆ ਹੈ? ਕੌਣ ਇਸ ਦੇ ਨਾਲ ਪੂਰੀ ਤਰ੍ਹਾਂ ਸੰਪੰਨ ਹੈ? ਤੁਹਾਨੂੰ ਇਹ ਨਹੀਂ ਪਤਾ ਕਿ ਜਿਸ ਰਾਹ ਤੁਸੀਂ ਅੱਜ ਚੱਲਦੇ ਹੋ, ਉਹ ਰਾਹ ਕਿਸ ਨੇ ਖੋਲ੍ਹਿਆ ਸੀ, ਇਸ ਲਈ ਤੁਸੀਂ ਮੈਥੋਂ ਇਹ ਊਟ-ਪਟਾਂਗ ਤੇ ਬੇਤੁਕੀਆਂ ਮੰਗਾਂ ਕਰਦਿਆਂ, ਮੈਥੋਂ ਮੰਗਣਾ ਜਾਰੀ ਰੱਖਦੇ ਹੋ। ਕੀ ਤੁਸੀਂ ਸ਼ਰਮ ਨਾਲ ਪਾਣੀ-ਪਾਣੀ (ਲਾਲ) ਨਹੀਂ ਹੋ ਰਹੇ? ਕੀ ਮੈਂ ਕਾਫ਼ੀ ਕੁਝ ਨਹੀਂ ਬੋਲਿਆ ਹੈ? ਕੀ ਮੈਂ ਬਥੇਰਾ ਕੁਝ ਨਹੀਂ ਕੀਤਾ ਹੈ? ਤੁਹਾਡੇ ਵਿੱਚੋਂ ਕੌਣ ਮੇਰੇ ਵਚਨਾਂ ਨੂੰ ਸੱਚਮੁੱਚ ਇੱਕ ਖਜ਼ਾਨੇ ਵਾਂਗ ਸੰਜੋਅ ਕੇ ਰੱਖਦਾ ਹੈ? ਜਦੋਂ ਤੁਸੀਂ ਮੇਰੀ ਹਜ਼ੂਰੀ ਵਿੱਚ ਹੁੰਦੇ ਹੋ ਤਾਂ ਮੇਰੀ ਚਾਪਲੂਸੀ ਕਰਦੇ ਹੋ, ਪਰ ਜਦੋਂ ਨਹੀਂ ਹੁੰਦੇ ਤਾਂ ਤੁਸੀਂ ਝੂਠ ਬੋਲਦੇ ਤੇ ਧੋਖਾ ਦਿੰਦੇ ਹੋ! ਤੁਹਾਡੀਆਂ ਹਰਕਤਾਂ ਬੜੀਆਂ ਹੀ ਨੀਚ ਹਨ, ਅਤੇ ਉਹ ਮੇਰੀ ਬਗਾਵਤ ਕਰਦੀਆਂ ਹਨ! ਮੈਨੂੰ ਪਤਾ ਹੈ ਕਿ ਤੁਹਾਡਾ ਮੈਨੂੰ ਬੋਲਣ ਲਈ ਕਹਿਣ ਪਿੱਛੇ ਇਸ ਤੋਂ ਇਲਾਵਾ ਕੋਈ ਹੋਰ ਕਾਰਨ ਨਹੀਂ ਹੁੰਦਾ ਕਿ ਤੁਸੀਂ ਆਪਣੀਆਂ ਅੱਖਾਂ ਨੂੰ ਤ੍ਰਿਪਤ ਕਰ ਸਕੋ ਅਤੇ ਆਪਣੇ ਮਾਨਸਿਕ ਗਿਆਨ ਦਾ ਹੋਰ ਵਿਸਤਾਰ ਕਰ ਸਕੋ, ਆਪਣੇ ਜੀਵਨ ਦੀ ਕਾਇਆ-ਕਲਪ ਕਰਨ ਖਾਤਰ ਨਹੀਂ। ਮੈਂ ਤੁਹਾਨੂੰ ਬਹੁਤ ਕੁਝ ਬੋਲ ਚੁੱਕਾ ਹਾਂ। ਤੁਹਾਡੇ ਜੀਵਨ ਲੰਮਾ ਅਰਸਾ ਪਹਿਲਾਂ ਬਦਲ ਜਾਣੇ ਚਾਹੀਦੇ ਸੀ, ਤਾਂ ਫਿਰ ਤੁਸੀਂ ਅਜੇ ਤਕ ਵੀ ਗਿਰਾਵਟ ਨਾਲ ਮੁੜ ਆਪਣੀਆਂ ਪੁਰਾਣੀਆਂ ਅਵਸਥਾਵਾਂ ਵਿੱਚ ਕਿਉਂ ਪਹੁੰਚਦੇ ਰਹਿੰਦੇ ਹੋ? ਕੀ ਇਹ ਹੋ ਸਕਦਾ ਹੈ ਕਿ ਮੇਰੇ ਵਚਨ ਤੁਹਾਡੇ ਤੋਂ ਖੋਹ ਲਏ ਗਏ ਹਨ ਅਤੇ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਨਹੀਂ ਕੀਤਾ? ਸੱਚ ਤਾਂ ਇਹ ਹੈ ਕਿ, ਮੈਂ ਤੁਹਾਡੇ ਵਰਗੇ ਭ੍ਰਿਸ਼ਟਿਆਂ ਹੋਇਆਂ ਨੂੰ ਹੁਣ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ—ਇਹ ਵਿਅਰਥ ਹੋਵੇਗਾ! ਮੇਰੀ ਇੰਨਾ ਜ਼ਿਆਦਾ ਵਿਅਰਥ ਕੰਮ ਕਰਨ ਦੀ ਕੋਈ ਇੱਛਾ ਨਹੀਂ ਹੈ! ਤੁਸੀਂ ਸਿਰਫ਼ ਆਪਣੇ ਮਾਨਸਿਕ ਗਿਆਨ ਨੂੰ ਵਧਾਉਣਾ ਜਾਂ ਆਪਣੀਆਂ ਅੱਖਾਂ ਨੂੰ ਤ੍ਰਿਪਤ ਕਰਨਾ ਚਾਹੁੰਦੇ ਹੋ, ਨਾ ਕਿ ਜੀਵਨ ਨੂੰ ਪ੍ਰਾਪਤ ਕਰਨਾ! ਤੁਸੀਂ ਸਭ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ! ਮੈਂ ਤੁਹਾਨੂੰ ਪੁੱਛਦਾ ਹਾਂ, ਕਿ ਮੈਂ ਤੁਹਾਡੇ ਨਾਲ ਜੋ ਆਹਮੋ-ਸਾਹਮਣੇ ਗੱਲਾਂ ਕੀਤੀਆਂ ਹਨ ਉਨ੍ਹਾਂ ਵਿੱਚੋਂ ਤੁਸੀਂ ਕਿੰਨਾ ਕੁ ਅਮਲ ਵਿੱਚ ਲਿਆਂਦਾ ਹੈ? ਤੁਸੀਂ ਸਿਰਫ਼ ਦੂਜਿਆਂ ਨੂੰ ਭਰਮਾਉਣ ਦੀਆਂ ਚਾਲਾਂ ਖੇਡਦੇ ਹੋ! ਮੈਂ ਤੁਹਾਡੇ ਵਿੱਚੋਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਦਰਸ਼ਕਾਂ ਵਜੋਂ ਵੇਖਣਾ ਪਸੰਦ ਕਰਦੇ ਹਨ, ਅਤੇ ਮੈਨੂੰ ਤੁਹਾਡੀ ਉਤਸੁਕਤਾ ਅਤਿਅੰਤ ਘਿਣਾਉਣੀ ਲੱਗਦੀ ਹੈ। ਜੇ ਤੁਸੀਂ ਇੱਥੇ ਸੱਚੇ ਰਾਹ ਦੀ ਭਾਲ ਕਰਨ ਜਾਂ ਸੱਚਾਈ ਲਈ ਤ੍ਰੇਹ ਵਾਸਤੇ ਨਹੀਂ ਹੋ, ਤਾਂ ਤੁਸੀਂ ਮੇਰੀ ਨਫ਼ਰਤ ਦੇ ਪਾਤਰ ਹੋ! ਮੈਨੂੰ ਪਤਾ ਹੈ ਕਿ ਤੁਸੀਂ ਸਿਰਫ਼ ਆਪਣੀ ਉਤਸੁਕਤਾ ਨੂੰ ਪੂਰਾ ਕਰਨ ਲਈ ਜਾਂ ਆਪਣੀ ਕਿਸੇ ਹੋਰ ਲਾਲਚੀ ਇੱਛਾ ਨੂੰ ਪੂਰਾ ਕਰਨ ਲਈ ਮੈਨੂੰ ਬੋਲਦਿਆਂ ਸੁਣਦੇ ਹੋ। ਤੁਹਾਡਾ ਸੱਚਾਈ ਦੀ ਹੋਂਦ ਨੂੰ ਲੱਭਣ, ਜਾਂ ਜੀਵਨ ਵਿੱਚ ਪ੍ਰਵੇਸ਼ ਕਰਨ ਦੇ ਸਹੀ ਮਾਰਗ ਦੀ ਖੋਜ ਕਰਨ ਬਾਰੇ ਕੋਈ ਵਿਚਾਰ ਨਹੀਂ ਹੈ, ਇਹ ਮੰਗਾਂ ਤੁਹਾਡੇ ਵਿੱਚ ਉੱਕਾ ਹੀ ਮੌਜੂਦ ਨਹੀਂ ਹਨ। ਤੁਸੀਂ ਸਿਰਫ਼ ਪਰਮੇਸ਼ੁਰ ਨਾਲ ਇੱਕ ਖਿਡੌਣੇ ਵਾਂਗ ਵਤੀਰਾ ਕਰਦੇ ਹੋ ਜਿਸ ਦਾ ਤੁਸੀਂ ਅਧਿਐਨ ਤੇ ਪ੍ਰਸ਼ੰਸਾ ਕਰਦੇ ਹੋ। ਤੁਹਾਡੇ ਕੋਲ ਜੀਵਨ ਦੀ ਭਾਲ ਕਰਨ ਦਾ ਜਨੂੰਨ ਬਹੁਤ ਹੀ ਘੱਟ ਹੈ, ਪਰ ਉਤਸੁਕ ਹੋਣ ਦੀ ਇੱਛਾ ਵਾਧੂ ਹੈ! ਅਜਿਹੇ ਲੋਕਾਂ ਨੂੰ ਜੀਵਨ ਦੇ ਸੱਚੇ ਰਾਹ ਦੀ ਵਿਆਖਿਆ ਕਰਨਾ ਹਵਾ ਨਾਲ ’ਚ ਗੱਲਾਂ ਕਰਨ ਵਾਂਗ ਹੁੰਦਾ ਹੈ; ਮੈਂ ਵੀ ਸ਼ਾਇਦ ਬਿਲਕੁਲ ਬੋਲਾਂ ਹੀ ਨਾ! ਮੈਂ ਤੁਹਾਨੂੰ ਦੱਸਾਂ: ਜੇ ਤੁਸੀਂ ਸਿਰਫ਼ ਆਪਣੇ ਦਿਲ ਵਿਚਲੇ ਖਾਲੀਪਣ ਨੂੰ ਭਰਨ ਦੀ ਉਮੀਦ ਕਰ ਰਹੇ ਹੋ, ਤਾਂ ਬਹੁਤ ਚੰਗਾ ਹੋਵੇਗਾ ਕਿ ਤੁਸੀਂ ਮੇਰੇ ਕੋਲ ਨਾ ਹੀ ਆਓ! ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਜੀਵਨ ਨੂੰ ਪ੍ਰਾਪਤ ਕਰਨ ਨੂੰ ਅਹਿਮੀਅਤ ਦਿਓ। ਆਪਣੇ ਆਪ ਨੂੰ ਧੋਖਾ ਨਾ ਦਿਓ! ਚੰਗਾ ਹੋਵੇਗਾ ਕਿ ਆਪਣੀ ਉਤਸੁਕਤਾ ਨੂੰ ਜੀਵਨ ਦੀ ਆਪਣੀ ਖੋਜ ਦੇ ਅਧਾਰ ਵਜੋਂ ਨਾ ਮੰਨੋ ਅਤੇ ਨਾ ਹੀ ਇਸ ਨੂੰ ਤੁਹਾਡੇ ਨਾਲ ਬੋਲਣ ਲਈ ਮੈਨੂੰ ਕਹਿਣ ਦੇ ਬਹਾਨੇ ਵਜੋਂ ਵਰਤੋ। ਇਹ ਸਭ ਉਹ ਚਾਲਾਂ ਹਨ ਜਿਨ੍ਹਾਂ ਵਿੱਚ ਤੁਸੀਂ ਬਹੁਤ ਹੀ ਮਾਹਰ ਹੋ! ਮੈਂ ਤੈਨੂੰ ਫਿਰ ਪੁੱਛਦਾ ਹਾਂ: ਮੈਂ ਤੈਨੂੰ ਜਿਸ ਵਿੱਚ ਪ੍ਰਵੇਸ਼ ਕਰਨ ਲਈ ਕਹਿੰਦਾ ਹਾਂ, ਤੂੰ ਉਸ ਵਿੱਚੋਂ ਅਸਲ ਵਿੱਚ ਕਿੰਨੇ ਕੁ ਵਿੱਚ ਪ੍ਰਵੇਸ਼ ਕੀਤਾ ਹੈ? ਕੀ ਤੂੰ ਉਹ ਸਭ ਕੁਝ ਸਮਝ ਲਿਆ ਹੈ ਜੋ ਮੈਂ ਤੈਨੂੰ ਬੋਲਿਆ ਹੈ? ਕੀ ਤੂੰ ਉਸ ਸਭ ਨੂੰ ਅਮਲ ਵਿੱਚ ਲਿਆਉਣ ਵਿੱਚ ਕਾਮਯਾਬ ਹੋਇਆ ਹੈਂ ਜੋ ਮੈਂ ਤੈਨੂੰ ਬੋਲਿਆ ਹੈ?

ਹਰ ਯੁਗ ਦਾ ਕੰਮ ਖੁਦ ਪਰਮੇਸ਼ੁਰ ਦੁਆਰਾ ਅਰੰਭ ਕੀਤਾ ਜਾਂਦਾ ਹੈ, ਪਰ ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ, ਪਰਮੇਸ਼ੁਰ ਭਾਵੇਂ ਜਿਸ ਵੀ ਢੰਗ ਨਾਲ ਕੰਮ ਕਰਦਾ ਹੋਵੇ, ਪਰ ਉਹ ਕੋਈ ਅੰਦੋਲਨ ਦੀ ਸ਼ੁਰੂਆਤ ਕਰਨ, ਜਾਂ ਵਿਸ਼ੇਸ਼ ਕਾਨਫ਼ਰੰਸਾਂ ਕਰਨ, ਜਾਂ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਸੰਸਥਾ ਸਥਾਪਤ ਕਰਨ ਲਈ ਨਹੀਂ ਆਉਂਦਾ। ਉਹ ਮਹਿਜ਼ ਉਸ ਕੰਮ ਨੂੰ ਪੂਰਾ ਕਰਨ ਲਈ ਆਉਂਦਾ ਹੈ ਜੋ ਉਸ ਦੇ ਲਈ ਕਰਨਾ ਜ਼ਰੂਰੀ ਹੈ। ਉਸ ਦਾ ਕੰਮ ਕਿਸੇ ਵੀ ਮਨੁੱਖ ਦੀਆਂ ਪਾਬੰਦੀਆਂ ਨਹੀਂ ਝੱਲਦਾ। ਉਹ ਆਪਣਾ ਕੰਮ ਜਿਵੇਂ ਚਾਹੇ ਉਵੇਂ ਕਰਦਾ ਹੈ; ਕੋਈ ਫ਼ਰਕ ਨਹੀਂ ਪੈਂਦਾ ਕਿ ਮਨੁੱਖ ਇਸ ਦੇ ਬਾਰੇ ਕੀ ਸੋਚਦਾ ਜਾਂ ਜਾਣਦਾ ਹੈ, ਉਸ ਦਾ ਵਾਸਤਾ ਸਿਰਫ਼ ਆਪਣੇ ਕੰਮ ਨੂੰ ਪੂਰਾ ਕਰਨ ਨਾਲ ਹੁੰਦਾ ਹੈ। ਸੰਸਾਰ ਦੀ ਸਿਰਜਣਾ ਤੋਂ ਲੈ ਕੇ ਹੁਣ ਤਕ, ਕੰਮ ਦੇ ਤਿੰਨ ਪੜਾਅ ਪਹਿਲਾਂ ਹੀ ਹੋ ਚੁੱਕੇ ਹਨ: ਯਹੋਵਾਹ ਤੋਂ ਲੈ ਕੇ ਯਿਸੂ ਤਕ, ਅਤੇ ਸ਼ਰਾ ਦੇ ਯੁਗ ਤੋਂ ਲੈ ਕੇ ਕਿਰਪਾ ਦੇ ਯੁਗ ਤਕ, ਪਰਮੇਸ਼ੁਰ ਨੇ ਕਦੇ ਵੀ ਮਨੁੱਖ ਲਈ ਕਿਸੇ ਖਾਸ ਕਾਨਫ਼ਰੰਸ ਦਾ ਆਯੋਜਨ ਨਹੀਂ ਕੀਤਾ, ਅਤੇ ਨਾ ਹੀ ਉਸ ਨੇ ਕਦੇ ਸਾਰੀ ਮਨੁੱਖਜਾਤੀ ਨੂੰ ਇਕੱਠਿਆਂ ਇਕੱਤਰ ਕੀਤਾ ਹੈ ਤਾਂ ਜੋ ਉਹ ਕੋਈ ਵਿਸ਼ੇਸ਼ ਵਿਸ਼ਵ ਵਿਆਪੀ ਕੰਮਕਾਜੀ ਕਾਨਫ਼ਰੰਸ ਬੁਲਾ ਸਕੇ ਅਤੇ ਇੰਝ ਆਪਣੇ ਕੰਮ ਦੇ ਖੇਤਰ ਨੂੰ ਵਧਾ ਸਕੇ। ਉਹ ਜੋ ਕੁਝ ਵੀ ਕਰਦਾ ਹੈ, ਸਭ ਇੱਕ ਢੁਕਵੇ ਸਮੇਂ ਅਤੇ ਇੱਕ ਢੁਕਵੇਂ ਸਥਾਨ ’ਤੇ ਸਮੁੱਚੇ ਯੁਗ ਦੇ ਅਰੰਭਕ ਕੰਮ ਨੂੰ ਪੂਰਾ ਕਰਨ ਲਈ ਕਰਦਾ ਹੈ, ਅਤੇ ਇੰਝ ਯੁਗ ਦੀ ਸ਼ੁਰੂਆਤ ਕਰਦਾ ਹੈ ਅਤੇ ਮਨੁੱਖੀ ਨਸਲ ਦੀ ਇਸ ਵਿੱਚ ਅਗਵਾਈ ਕਰਦਾ ਹੈ ਕਿ ਆਪਣਾ ਜੀਵਨ ਕਿਵੇਂ ਜੀਉਣਾ ਹੈ। ਵਿਸ਼ੇਸ਼ ਕਾਨਫ਼ਰੰਸਾਂ ਮਨੁੱਖ ਦੀਆਂ ਸਭਾਵਾਂ ਹੁੰਦੀਆਂ ਹਨ; ਛੁੱਟੀਆਂ ਮਨਾਉਣ ਲਈ ਲੋਕਾਂ ਨੂੰ ਇਕੱਠਿਆਂ ਕਰਨਾ ਮਨੁੱਖ ਦਾ ਕੰਮ ਹੈ। ਪਰਮੇਸ਼ੁਰ ਛੁੱਟੀਆਂ ਨਹੀਂ ਮਨਾਉਂਦਾ ਅਤੇ, ਇਸ ਤੋਂ ਇਲਾਵਾ, ਉਹ ਇਸ ਨੂੰ ਘਿਰਣਾਯੋਗ ਮੰਨਦਾ ਹੈ; ਉਹ ਵਿਸ਼ੇਸ਼ ਕਾਨਫ਼ਰੰਸਾਂ ਦਾ ਆਯੋਜਨ ਨਹੀਂ ਕਰਦਾ ਅਤੇ, ਇਸ ਤੋਂ ਇਲਾਵਾ, ਉਹ ਇਨ੍ਹਾਂ ਨੂੰ ਘਿਰਣਾਯੋਗ ਸਮਝਦਾ ਹੈ। ਹੁਣ ਤੈਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸਲ ਵਿੱਚ ਉਹ ਕਿਹੜਾ ਕੰਮ ਹੈ ਜਿਹੜਾ ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤਾ ਜਾਂਦਾ ਹੈ!

ਪਿਛਲਾ: ਦੇਹਧਾਰਣ ਦਾ ਰਹੱਸ (2)

ਅਗਲਾ: ਦੋ ਦੇਹਧਾਰਣ ਪੂਰਾ ਕਰਦੇ ਹਨ ਦੇਹਧਾਰਣ ਦਾ ਮਹੱਤਵ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ