ਅਧਿਆਇ 17

ਕਲੀਸਿਯਾ ਉਸਾਰੀ ਦੇ ਅਧੀਨ ਹੈ, ਅਤੇ ਸ਼ਤਾਨ ਇਸ ਨੂੰ ਢਾਹੁਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ। ਇਹ ਮੇਰੀ ਉਸਾਰੀ ਨੂੰ ਹਰ ਸੰਭਵ ਤਰੀਕੇ ਨਾਲ ਢਾਹੁਣਾ ਚਾਹੁੰਦਾ ਹੈ; ਇਸ ਕਰਕੇ, ਕਲੀਸਿਯਾ ਨੂੰ ਛੇਤੀ ਸ਼ੁੱਧ ਕਰਨਾ ਪਵੇਗਾ। ਬੁਰਾਈ ਦੀ ਰੱਤੀ ਭਰ ਰਹਿੰਦ-ਖੂੰਹਦ ਵੀ ਨਾ ਰਹਿ ਜਾਵੇ; ਕਲੀਸਿਯਾ ਨੂੰ ਇਸ ਤਰ੍ਹਾਂ ਸ਼ੁੱਧ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਬੇਦਾਗ ਹੋ ਜਾਵੇ ਅਤੇ ਅਤੀਤ ਵਾਂਗ ਸ਼ੁੱਧ ਰਹੇ। ਤੁਹਾਨੂੰ ਹਰ ਵੇਲੇ ਜਾਗਦੇ ਅਤੇ ਉਡੀਕਦੇ ਰਹਿਣਾ ਪਵੇਗਾ, ਅਤੇ ਤੁਹਾਨੂੰ ਮੇਰੇ ਅੱਗੇ ਹੋਰ ਪ੍ਰਾਰਥਨਾ ਕਰਨੀ ਪਵੇਗੀ। ਤੁਹਾਨੂੰ ਸ਼ਤਾਨ ਦੀਆਂ ਵੱਖ-ਵੱਖ ਸਾਜਸ਼ਾਂ ਅਤੇ ਮੱਕਾਰ ਚਾਲਾਂ ਨੂੰ ਪਛਾਣਨਾ ਪਵੇਗਾ, ਆਤਮਾਵਾਂ ਨੂੰ ਪਛਾਣਨਾ ਪਵੇਗਾ, ਲੋਕਾਂ ਨੂੰ ਜਾਣਨਾ ਪਵੇਗਾ, ਅਤੇ ਹਰ ਤਰ੍ਹਾਂ ਦੇ ਲੋਕਾਂ, ਘਟਨਾਵਾਂ ਅਤੇ ਚੀਜ਼ਾਂ ਨੂੰ ਸਮਝਣ ਦੇ ਯੋਗ ਹੋਣਾ ਪਵੇਗਾ; ਤੁਹਾਨੂੰ ਮੇਰੇ ਵਚਨਾਂ ਨੂੰ ਹੋਰ ਵੀ ਵਧੇਰੇ ਖਾਣਾ ਅਤੇ ਪੀਣਾ ਪਵੇਗਾ ਅਤੇ, ਸਭ ਤੋਂ ਮਹੱਤਵਪੂਰਣ ਗੱਲ ਇਹ ਕਿ ਤੁਹਾਨੂੰ ਉਨ੍ਹਾਂ ਨੂੰ ਆਪਣੇ ਆਪ ਖਾਣ ਅਤੇ ਪੀਣ ਦੇ ਯੋਗ ਹੋਣਾ ਪਵੇਗਾ। ਆਪਣੇ ਆਪ ਨੂੰ ਸਾਰੀ ਸੱਚਾਈ ਨਾਲ ਤਿਆਰ ਕਰੋ, ਅਤੇ ਮੇਰੇ ਸਾਹਮਣੇ ਆਓ ਤਾਂ ਜੋ ਮੈਂ ਤੁਹਾਡੀਆਂ ਆਤਮਕ ਅੱਖਾਂ ਨੂੰ ਖੋਲ੍ਹ ਸਕਾਂ ਅਤੇ ਤੁਹਾਨੂੰ ਆਤਮਾ ਦੇ ਅੰਦਰ ਪਏ ਸਾਰੇ ਰਹੱਸਾਂ ਨੂੰ ਵੇਖਣ ਯੋਗ ਬਣਾ ਸਕਾਂ…। ਜਦੋਂ ਕਲੀਸਿਯਾ ਆਪਣੀ ਉਸਾਰੀ ਦੇ ਪੜਾਅ ਵਿੱਚ ਪ੍ਰਵੇਸ਼ ਕਰਦੀ ਹੈ, ਤਾਂ ਸੰਤ ਯੁੱਧ ਲਈ ਕੂਚ ਕਰਦੇ ਹਨ। ਸ਼ਤਾਨ ਦੇ ਕਈ ਘਿਣਾਉਣੇ ਲੱਛਣ ਤੁਹਾਡੇ ਸਾਹਮਣੇ ਰੱਖੇ ਗਏ ਹਨ: ਕੀ ਤੁਸੀਂ ਰੁਕਦੇ ਅਤੇ ਕਦਮ ਪਿਛਾਂਹ ਹਟਾਉਂਦੇ ਹੋ, ਜਾਂ ਕੀ ਮੇਰੇ ’ਤੇ ਵਸਾਹ ਕਰਦੇ ਹੋਏ, ਉੱਠ ਖੜ੍ਹੇ ਹੁੰਦੇ ਹੋ ਅਤੇ ਅੱਗੇ ਵਧਦੇ ਰਹਿੰਦੇ ਹੋ? ਭਾਵਨਾਵਾਂ ਦੀ ਪਰਵਾਹ ਕੀਤੇ ਬਗੈਰ, ਸ਼ਤਾਨ ਦੇ ਭ੍ਰਿਸ਼ਟ ਅਤੇ ਬਦਸੂਰਤ ਲੱਛਣਾਂ ਨੂੰ ਚੰਗੀ ਤਰ੍ਹਾਂ ਬੇਨਕਾਬ ਕਰੋ, ਅਤੇ ਕੋਈ ਦਯਾ ਨਾ ਦਿਖਾਓ! ਸ਼ਤਾਨ ਨਾਲ ਉਸਦੀ ਮੌਤ ਤਕ ਲੜੋ! ਮੈਂ ਤੁਹਾਡਾ ਸਹਾਰਾ ਹਾਂ, ਅਤੇ ਤੁਹਾਡੇ ਅੰਦਰ ਬਾਲਕ ਦੀ ਆਤਮਾ ਹੋਣੀ ਜ਼ਰੂਰੀ ਹੈ! ਸ਼ਤਾਨ ਆਪਣੀ ਮੌਤ ਦੇ ਅੰਤਮ ਕਸ਼ਟ ਵਿੱਚ ਧਾਵਾ ਬੋਲ ਰਿਹਾ ਹੈ, ਪਰ ਇਹ ਫਿਰ ਵੀ ਮੇਰੇ ਨਿਆਂ ਤੋਂ ਬਚ ਨਹੀਂ ਸਕੇਗਾ। ਸ਼ਤਾਨ ਮੇਰੇ ਪੈਰਾਂ ਹੇਠ ਹੈ ਅਤੇ ਇਹ ਤੁਹਾਡੇ ਪੈਰਾਂ ਹੇਠ ਵੀ ਲਤਾੜਿਆ ਜਾ ਰਿਹਾ ਹੈ—ਇਹ ਇੱਕ ਤੱਥ ਹੈ!

ਉਹ ਸਾਰੇ ਧਾਰਮਿਕ ਵਿਘਨ ਪਾਉਣ ਵਾਲੇ, ਅਤੇ ਉਹ ਜੋ ਕਲੀਸਿਯਾ ਦੀ ਉਸਾਰੀ ਨੂੰ ਢਾਹ ਲਾਉਂਦੇ ਹਨ, ਉਨ੍ਹਾਂ ਨੂੰ ਰੱਤੀ ਭਰ ਵੀ ਸਹਿਣਸ਼ੀਲਤਾ ਨਹੀਂ ਦਿਖਾਈ ਜਾ ਸਕਦੀ, ਸਗੋਂ ਉਨ੍ਹਾਂ ਦਾ ਤੁਰੰਤ ਨਿਆਂ ਕੀਤਾ ਜਾਵੇਗਾ; ਸ਼ਤਾਨ ਨੂੰ ਉਜਾਗਰ ਕੀਤਾ ਜਾਵੇਗਾ, ਲਤਾੜਿਆ ਜਾਵੇਗਾ, ਉੱਕਾ ਹੀ ਨਸ਼ਟ ਕਰ ਦਿੱਤਾ ਜਾਵੇਗਾ, ਅਤੇ ਉਸ ਕੋਲ ਲੁਕਣ ਲਈ ਕੋਈ ਥਾਂ ਨਹੀਂ ਬਚੇਗੀ। ਹਰ ਕਿਸਮ ਦੇ ਭੂਤ ਅਤੇ ਭੂਤਨੇ ਯਕੀਨਨ ਮੇਰੇ ਅੱਗੇ ਆਪਣੇ ਅਸਲੀ ਰੂਪ ਪਰਗਟ ਕਰਨਗੇ, ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਉਸ ਅਥਾਹ-ਕੁੰਡ ਵਿੱਚ ਸੁੱਟ ਦਿਆਂਗਾ ਜਿੱਥੋਂ ਉਹ ਕਦੇ ਵੀ ਮੁਕਤ ਨਹੀਂ ਹੋਣਗੇ; ਉਹ ਸਾਰੇ ਸਾਡੇ ਪੈਰਾਂ ਹੇਠ ਹੋਣਗੇ। ਜੇ ਤੁਸੀਂ ਸੱਚ ਲਈ ਚੰਗੀ ਲੜਾਈ ਲੜਨਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ, ਇਹ ਜ਼ਰੂਰੀ ਹੈ ਕਿ ਤੁਸੀਂ ਸ਼ਤਾਨ ਨੂੰ ਕੰਮ ਕਰਨ ਦਾ ਕੋਈ ਮੌਕਾ ਨਾ ਦਿਓ—ਇਸ ਉਦੇਸ਼ ਦੇ ਲਈ, ਤੁਹਾਨੂੰ ਇੱਕ ਮਨ ਹੋਣ ਦੀ ਲੋੜ ਪਵੇਗੀ ਅਤੇ ਤਾਲਮੇਲ ਨਾਲ ਸੇਵਾ ਕਰਨ ਯੋਗ ਹੋਣਾ ਪਵੇਗਾ, ਆਪਣੀਆਂ ਸਾਰੀਆਂ ਧਾਰਣਾਵਾਂ, ਵਿਚਾਰਾਂ, ਅਤੇ ਕੰਮ ਕਰਨ ਦੇ ਤਰੀਕਿਆਂ ਨੂੰ ਤਿਆਗਣਾ ਪਵੇਗਾ, ਮੇਰੇ ਅੰਦਰ ਆਪਣੇ ਹਿਰਦੇ ਨੂੰ ਸ਼ਾਂਤ ਕਰਨਾ ਪਵੇਗਾ, ਪਵਿੱਤਰ ਆਤਮਾ ਦੀ ਆਵਾਜ਼ ’ਤੇ ਧਿਆਨ ਲਾਉਣਾ ਪਵੇਗਾ, ਪਵਿੱਤਰ ਆਤਮਾ ਦੇ ਕੰਮ ਪ੍ਰਤੀ ਇਕਾਗਰ ਹੋਣਾ ਪਵੇਗਾ, ਅਤੇ ਪਰਮੇਸ਼ੁਰ ਦੇ ਵਚਨਾਂ ਦਾ ਵਿਸਤਾਰ ਨਾਲ ਅਨੁਭਵ ਕਰਨਾ ਪਵੇਗਾ। ਤੁਹਾਡਾ ਇੱਕੋ-ਇੱਕ ਇਰਾਦਾ ਹੋਣਾ ਚਾਹੀਦਾ ਹੈ, ਜੋ ਇਹ ਹੈ ਕਿ ਮੇਰੀ ਇੱਛਾ ਪੂਰੀ ਹੋਵੇ। ਇਸ ਤੋਂ ਇਲਾਵਾ ਤੁਹਾਡਾ ਕੋਈ ਹੋਰ ਇਰਾਦਾ ਨਹੀਂ ਹੋਣਾ ਚਾਹੀਦਾ। ਤੁਹਾਨੂੰ ਆਪਣੇ ਪੂਰੇ ਹਿਰਦੇ ਨਾਲ ਮੇਰੇ ਵੱਲ ਵੇਖਣਾ ਪਵੇਗਾ, ਮੇਰੇ ਕੰਮਾਂ ਅਤੇ ਕੰਮ ਦੇ ਤਰੀਕੇ ਨੂੰ ਨੇੜਿਓਂ ਵੇਖਣਾ ਪਵੇਗਾ, ਅਤੇ ਬਿਲਕੁਲ ਵੀ ਲਾਪਰਵਾਹ ਨਾ ਹੋਵੋ। ਜ਼ਰੂਰੀ ਹੈ ਕਿ ਤੁਹਾਡੀ ਆਤਮਾ ਤੇਜ਼ ਹੋਵੇ, ਤੁਹਾਡੀਆਂ ਅੱਖਾਂ ਖੁੱਲ੍ਹੀਆਂ ਹੋਣ। ਆਮ ਤੌਰ ’ਤੇ, ਜਦੋਂ ਉਨ੍ਹਾਂ ਦੀ ਗੱਲ ਆਉਂਦੀ ਹੈ ਜਿਨ੍ਹਾਂ ਦੇ ਇਰਾਦੇ ਅਤੇ ਉਦੇਸ਼ ਸਹੀ ਨਹੀਂ ਹੁੰਦੇ, ਅਤੇ ਨਾਲ ਹੀ ਉਹ ਜਿਹਨਾਂ ਨੂੰ ਇਹ ਪਸੰਦ ਹੁੰਦਾ ਹੈ ਕਿ ਦੂਜੇ ਉਹਨਾਂ ਨੂੰ ਵੇਖਣ, ਜੋ ਚੀਜ਼ਾਂ ਕਰਨ ਲਈ ਉਤਾਵਲੇ ਹੁੰਦੇ ਹਨ, ਜਿਹਨਾਂ ਦਾ ਰੁਝਾਨ ਵਿਘਨ ਪੈਦਾ ਕਰਨ ਵਿੱਚ ਹੁੰਦਾ ਹੈ, ਜੋ ਧਾਰਮਿਕ ਸਿਧਾਂਤ ਨੂੰ ਹੱਲਾਸ਼ੇਰੀ ਦੇਣ ਵਿੱਚ ਚੰਗੇ ਹੁੰਦੇ ਹਨ, ਜੋ ਸ਼ਤਾਨ ਦੇ ਝੋਲੀ-ਚੁੱਕ ਹਨ, ਅਤੇ ਵਗੈਰਾ-ਵਗੈਰਾ—ਜਦੋਂ ਇਹ ਲੋਕ ਖੜ੍ਹੇ ਹੁੰਦੇ ਹਨ, ਉਹ ਕਲੀਸਿਯਾ ਲਈ ਮੁਸ਼ਕਲਾਂ ਬਣ ਜਾਂਦੇ ਹਨ, ਅਤੇ ਇਸ ਨਾਲ ਉਨ੍ਹਾਂ ਦੇ ਭਰਾਵਾਂ ਅਤੇ ਭੈਣਾਂ ਦੁਆਰਾ ਪਰਮੇਸ਼ੁਰ ਦੇ ਵਚਨਾਂ ਨੂੰ ਖਾਣਾ-ਪੀਣਾ ਵਿਅਰਥ ਹੋ ਜਾਂਦਾ ਹੈ। ਜਦੋਂ ਤੁਸੀਂ ਅਜਿਹੇ ਲੋਕਾਂ ਦੀ ਬਹਾਨੇਬਾਜ਼ੀ ਦਾ ਸਾਹਮਣਾ ਕਰਦੇ ਹੋ, ਤਾਂ ਉਨ੍ਹਾਂ ’ਤੇ ਫ਼ੌਰਨ ਪਾਬੰਦੀ ਲਾ ਦਿਓ। ਜੇ ਵਾਰ-ਵਾਰ ਨਸੀਹਤਾਂ ਦੇਣ ਦੇ ਬਾਵਜੂਦ ਉਹ ਨਹੀਂ ਬਦਲਦੇ, ਤਾਂ ਉਹ ਨੁਕਸਾਨ ਉਠਾਉਣਗੇ। ਜੋ ਲੋਕ ਆਪਣੇ ਤੌਰ-ਤਰੀਕਿਆਂ ’ਤੇ ਜ਼ਿੱਦ ਨਾਲ ਅੜੇ ਰਹਿੰਦੇ ਹਨ, ਜੇ ਉਹ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਣੇ ਪਾਪਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ, ਕਲੀਸਿਯਾ ਨੂੰ ਉਨ੍ਹਾਂ ਨੂੰ ਫ਼ੌਰਨ ਬਾਹਰ ਕੱਢ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਪੈਂਤੜੇਬਾਜ਼ੀ ਲਈ ਕੋਈ ਜਗ੍ਹਾ ਨਹੀਂ ਛੱਡਣੀ ਚਾਹੀਦੀ। ਥੋੜ੍ਹਾ ਜਿਹਾ ਬਚਾਉਣ ਦੀ ਕੋਸ਼ਿਸ਼ ਵਿੱਚ ਬਹੁਤ ਕੁਝ ਨਾ ਗੁਆਓ; ਆਪਣੀ ਨਜ਼ਰ ਵੱਡੇ ਉਦੇਸ਼ ’ਤੇ ਰੱਖੋ।

ਤੁਹਾਡੀਆਂ ਆਤਮਕ ਅੱਖਾਂ ਨੂੰ ਹੁਣ ਖੋਲ੍ਹਣਾ ਪਵੇਗਾ, ਅਤੇ ਕਲੀਸਿਯਾ ਵਿੱਚ ਅਨੇਕਾਂ ਤਰ੍ਹਾਂ ਦੇ ਲੋਕਾਂ ਨੂੰ ਪਛਾਣਨ ਦੇ ਯੋਗ ਹੋਣਾ ਪਵੇਗਾ:

ਆਤਮਕ ਗੱਲਾਂ ਨੂੰ ਕਿਹੋ ਜਿਹੇ ਲੋਕ ਸਮਝਦੇ ਹਨ ਅਤੇ ਆਤਮਾ ਨੂੰ ਜਾਣਦੇ ਹਨ?

ਕਿਹੋ ਜਿਹੇ ਲੋਕ ਆਤਮਕ ਗੱਲਾਂ ਨੂੰ ਨਹੀਂ ਸਮਝਦੇ?

ਕਿਹੋ ਜਿਹੇ ਲੋਕਾਂ ਵਿੱਚ ਦੁਸ਼ਟ ਆਤਮਾ ਹੈ?

ਕਿਹੋ ਜਿਹੇ ਲੋਕਾਂ ਅੰਦਰ ਸ਼ਤਾਨ ਦਾ ਕੰਮ ਹੈ?

ਕਿਹੋ ਜਿਹੇ ਲੋਕਾਂ ਵਿੱਚ ਰੁਕਾਵਟਾਂ ਪੈਦਾ ਕਰਨ ਦਾ ਰੁਝਾਨ ਹੈ?

ਕਿਹੋ ਜਿਹੇ ਲੋਕਾਂ ਅੰਦਰ ਪਵਿੱਤਰ ਆਤਮਾ ਦਾ ਕੰਮ ਹੈ?

ਕਿਹੋ ਜਿਹੇ ਲੋਕ ਪਰਮੇਸ਼ੁਰ ਦੇ ਬੋਝ ਬਾਰੇ ਵਿਚਾਰ ਕਰਦੇ ਹਨ?

ਕਿਹੋ ਜਿਹੇ ਲੋਕ ਮੇਰੀ ਇੱਛਾ ਪੂਰੀ ਕਰ ਸਕਦੇ ਹਨ?

ਮੇਰੇ ਵਫ਼ਾਦਾਰ ਗਵਾਹ ਕੌਣ ਹਨ?

ਇਹ ਜਾਣ ਲਓ ਕਿ ਅੱਜ ਦਾ ਸਭ ਤੋਂ ਉੱਚਾ ਦਰਸ਼ਣ ਉਹ ਅੰਦਰੂਨੀ ਚਾਨਣ ਹੈ ਜੋ ਪਵਿੱਤਰ ਆਤਮਾ ਕਲੀਸਿਯਾਵਾਂ ਵਿੱਚ ਲਿਆਉਂਦਾ ਹੈ। ਇਨ੍ਹਾਂ ਚੀਜ਼ਾਂ ਬਾਰੇ ਭੰਬਲਭੂਸੇ ਵਿੱਚ ਨਾ ਪਓ; ਸਗੋਂ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਮਾਂ ਕੱਢੋ—ਇਹ ਤੁਹਾਡੇ ਜੀਵਨ ਦੀ ਤਰੱਕੀ ਲਈ ਬਹੁਤ ਮਹੱਤਵਪੂਰਣ ਹੈ! ਜੇ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਸਮਝਦੇ ਜੋ ਤੁਹਾਡੀਆਂ ਅੱਖਾਂ ਦੇ ਐਨ ਸਾਹਮਣੇ ਹਨ, ਤਦ ਤੁਸੀਂ ਅੱਗੇ ਦੇ ਰਾਹ ’ਤੇ ਨਹੀਂ ਚੱਲ ਸਕੋਗੇ; ਤੁਸੀਂ ਲਗਾਤਾਰ ਪ੍ਰਲੋਭਨ ਅਤੇ ਗੁਲਾਮੀ ਵਿੱਚ ਫਸਣ ਦੇ ਖਤਰੇ ਵਿੱਚ ਹੋਵੋਗੇ, ਅਤੇ ਤੁਹਾਨੂੰ ਨਿਗਲਿਆ ਜਾ ਸਕਦਾ ਹੈ। ਹੁਣ ਕਰਨ ਵਾਲੇ ਮੁੱਖ ਕੰਮ ਹਨ ਆਪਣੇ ਹਿਰਦੇ ਵਿੱਚ ਮੇਰੇ ਨੇੜੇ ਆਉਣ ਦੇ ਯੋਗ ਬਣਨ ’ਤੇ ਧਿਆਨ ਕੇਂਦਰਤ ਕਰਨਾ ਅਤੇ ਮੇਰੇ ਨਾਲ ਵਧੇਰੇ ਗੱਲਬਾਤ ਕਰਨਾ। ਤੇਰੇ ਅੰਦਰ ਜਿਸ ਵੀ ਚੀਜ਼ ਦੀ ਘਾਟ ਹੈ ਜਾਂ ਤੂੰ ਜਿਸਦੀ ਭਾਲ ਵਿੱਚ ਹੈਂ, ਉਸਨੂੰ ਅਜਿਹੀ ਹੀ ਨੇੜਤਾ ਅਤੇ ਗੱਲਬਾਤ ਨਾਲ ਤੇਰੇ ਵਿੱਚ ਸੰਪੂਰਨ ਕੀਤਾ ਜਾਵੇਗਾ। ਤੈਨੂੰ ਯਕੀਨਨ ਜੀਵਨ ਪ੍ਰਦਾਨ ਕੀਤਾ ਜਾਵੇਗਾ, ਅਤੇ ਤੈਨੂੰ ਨਵਾਂ ਅੰਦਰੂਨੀ ਚਾਨਣ ਮਿਲੇਗਾ। ਮੈਂ ਕਦੇ ਇਹ ਨਹੀਂ ਵੇਖਦਾ ਕਿ ਤੂੰ ਅਤੀਤ ਵਿੱਚ ਕਿੰਨਾ ਅਗਿਆਨੀ ਸੀ, ਅਤੇ ਨਾ ਹੀ ਮੈਂ ਤੇਰੇ ਪਿਛਲੇ ਅਪਰਾਧਾਂ ਨੂੰ ਲੈ ਕੇ ਆਪਣੇ ਮਨ ਵਿੱਚ ਅਟਕਦਾ ਹਾਂ। ਮੈਂ ਵੇਖਦਾ ਹਾਂ ਕਿ ਤੂੰ ਮੈਨੂੰ ਕਿਵੇਂ ਪਿਆਰ ਕਰਦਾ ਹੈਂ: ਕੀ ਤੂੰ ਮੈਨੂੰ ਕਿਸੇ ਵੀ ਹੋਰ ਚੀਜ਼ ਨਾਲੋਂ ਜ਼ਿਆਦਾ ਪਿਆਰ ਕਰ ਸਕਦਾ ਹੈਂ? ਮੈਂ ਇਹ ਵੇਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕੀ ਤੂੰ ਪਿੱਛੇ ਮੁੜ ਸਕਦਾ ਹੈਂ ਅਤੇ ਆਪਣੀ ਅਗਿਆਨਤਾ ਨੂੰ ਦੂਰ ਕਰਨ ਲਈ ਮੇਰੇ ’ਤੇ ਨਿਰਭਰ ਕਰ ਸਕਦਾ ਹੈਂ। ਕੁਝ ਲੋਕ ਮੇਰਾ ਵਿਰੋਧ ਕਰਦੇ ਹਨ, ਖੁੱਲ੍ਹ ਕੇ ਮੇਰਾ ਵਿਰੋਧ ਕਰਦੇ ਹਨ, ਅਤੇ ਹੋਰਨਾਂ ਲਈ ਰਾਇ ਕਾਇਮ ਕਰਦੇ ਹਨ; ਉਹ ਮੇਰੇ ਵਚਨਾਂ ਨੂੰ ਨਹੀਂ ਜਾਣਦੇ, ਅਤੇ ਉਨ੍ਹਾਂ ਲਈ ਮੇਰਾ ਮੁੱਖ ਲੱਭਣ ਦੀ ਸੰਭਾਵਨਾ ਹੋਰ ਵੀ ਥੋੜ੍ਹੀ ਹੈ। ਉਹ ਸਾਰੇ ਲੋਕ ਜੋ ਮੇਰੇ ਸਨਮੁੱਖ ਸੱਚੇ ਦਿਲੋਂ ਮੇਰੀ ਭਾਲ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹਨ—ਮੈਂ ਤੁਹਾਨੂੰ ਪ੍ਰਕਾਸ਼ਮਾਨ ਕਰਾਂਗਾ, ਤੁਹਾਨੂੰ ਉਜਾਗਰ ਕਰਾਂਗਾ, ਤੁਹਾਨੂੰ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਵੇਖਣ ਅਤੇ ਮੇਰੀ ਇੱਛਾ ਨੂੰ ਸਾਖਿਆਤ ਸਮਝਣ ਦੇਵਾਂਗਾ। ਮੇਰਾ ਹਿਰਦਾ ਯਕੀਨਨ ਤੁਹਾਡੇ ਉੱਤੇ ਪਰਗਟ ਹੋਵੇਗਾ, ਤਾਂ ਜੋ ਤੁਸੀਂ ਸਮਝ ਸਕੋ। ਮੈਂ ਤੁਹਾਡੇ ਅੰਦਰ ਜੋ ਪ੍ਰਕਾਸ਼ਮਾਨ ਕਰਾਂਗਾ, ਤੁਹਾਨੂੰ ਮੇਰੇ ਵਚਨਾਂ ਦੇ ਅਨੁਸਾਰ ਉਸਦਾ ਵਿਹਾਰ ਕਰਨਾ ਪਵੇਗਾ; ਨਹੀਂ ਤਾਂ, ਤੁਹਾਡਾ ਨਿਆਂ ਕੀਤਾ ਜਾਵੇਗਾ। ਮੇਰੀ ਇੱਛਾ ਦਾ ਪਾਲਣ ਕਰੋਗੇ, ਤਾਂ ਤੁਸੀਂ ਆਪਣੇ ਰਾਹ ਤੋਂ ਨਹੀਂ ਭਟਕੋਗੇ।

ਉਨ੍ਹਾਂ ਸਾਰਿਆਂ ਲਈ ਜੋ ਮੇਰੇ ਵਚਨਾਂ ਵਿੱਚ ਪ੍ਰਵੇਸ਼ ਕਰਨ ਦੀ ਤਾਂਘ ਰੱਖਦੇ ਹਨ, ਉਨ੍ਹਾਂ ਉੱਤੇ ਕਿਰਪਾ ਅਤੇ ਅਸੀਸਾਂ ਦੁਗਣੀਆਂ ਹੋ ਜਾਣਗੀਆਂ, ਉਹ ਹਰ ਰੋਜ਼ ਨਵਾਂ ਅੰਦਰੂਨੀ ਚਾਨਣ ਅਤੇ ਅੰਤਰ ਦ੍ਰਿਸ਼ਟੀ ਪ੍ਰਾਪਤ ਕਰਨਗੇ, ਅਤੇ ਉਹ ਹਰ ਰੋਜ਼ ਮੇਰੇ ਵਚਨਾਂ ਨੂੰ ਖਾਣ ਅਤੇ ਪੀਣ ਵਿੱਚ ਵਧੇਰੇ ਤਾਜ਼ਗੀ ਮਹਿਸੂਸ ਕਰਨਗੇ। ਉਹ ਇਸ ਨੂੰ ਆਪਣੇ ਮੂੰਹ ਨਾਲ ਚੱਖਣਗੇ: ਇਹ ਕਿੰਨਾ ਮਿੱਠਾ ਹੈ! … ਤੁਹਾਨੂੰ ਸਾਵਧਾਨ ਰਹਿਣਾ ਪਵੇਗਾ, ਅਤੇ ਜਦੋਂ ਤੁਸੀਂ ਕੁਝ ਅੰਤਰ ਦ੍ਰਿਸ਼ਟੀ ਅਤੇ ਮਿਠਾਸ ਦਾ ਸੁਆਦ ਹਾਸਲ ਕਰ ਲਿਆ ਹੋਵੇ ਤਾਂ ਤੁਹਾਨੂੰ ਸੰਤੁਸ਼ਟ ਨਹੀਂ ਹੋਣਾ ਚਾਹੀਦਾ; ਅਹਿਮ ਗੱਲ ਇਹ ਹੈ ਕਿ ਅੱਗੇ ਦੀ ਭਾਲ ਜਾਰੀ ਰੱਖੀ ਜਾਵੇ! ਕੁਝ ਲੋਕਾਂ ਦਾ ਸੋਚਣਾ ਇਹ ਹੈ ਕਿ ਪਵਿੱਤਰ ਆਤਮਾ ਦਾ ਕੰਮ ਸੱਚਮੁੱਚ ਅਚਰਜ ਅਤੇ ਅਸਲੀ ਹੈ—ਇਹ ਸੱਚਮੁੱਚ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਸ਼ਖਸੀਅਤ ਹੀ ਹੈ ਜੋ ਖੁੱਲ੍ਹੇ ਰੂਪ ਵਿੱਚ ਪਰਗਟ ਕੀਤੀ ਜਾ ਰਹੀ ਹੈ, ਅਤੇ ਅੱਗੇ ਹੋਰ ਵੀ ਮਹਾਨ ਨਿਸ਼ਾਨ ਅਤੇ ਅਚਰਜ ਪਏ ਹਨ। ਹਰ ਵੇਲੇ ਚੌਕਸ ਅਤੇ ਜਾਗਦੇ ਰਹੋ, ਆਪਣੀ ਨਿਗਾਹ ਸਰੋਤ ’ਤੇ ਟਿਕਾਈ ਰੱਖੋ, ਮੇਰੇ ਅੱਗੇ ਸ਼ਾਂਤ ਰਹੋ, ਧਿਆਨ ਰੱਖੋ ਅਤੇ ਗਹੁ ਨਾਲ ਸੁਣੋ, ਅਤੇ ਮੇਰੇ ਵਚਨਾਂ ਬਾਰੇ ਨਿਸ਼ਚਿਤ ਰਹੋ। ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ; ਜੇ ਤੁਸੀਂ ਜ਼ਰਾ ਜਿੰਨਾ ਵੀ ਸ਼ੱਕ ਕਰਦੇ ਹੋ, ਤਾਂ ਮੈਨੂੰ ਡਰ ਹੈ ਕਿ ਤੁਹਾਨੂੰ ਗੇਟ ਤੋਂ ਬਾਹਰ ਸੁੱਟ ਦਿੱਤਾ ਜਾਵੇਗਾ। ਸਪਸ਼ਟ ਸਮਝ ਰੱਖੋ, ਠੋਸ ਜ਼ਮੀਨ ’ਤੇ ਖੜ੍ਹੇ ਹੋਵੋ, ਜੀਵਨ ਦੇ ਇਸ ਸੋਤੇ ਦਾ ਪਾਲਣ ਕਰੋ, ਅਤੇ ਇਹ ਜਿੱਧਰ ਨੂੰ ਵੀ ਵਗੇ ਇਸਦਾ ਅਨੁਸਰਣ ਕਰੋ; ਤੁਹਾਨੂੰ ਕਿਸੇ ਵੀ ਮਨੁੱਖੀ ਝਿਜਕ ਨੂੰ ਆਪਣੇ ਅੰਦਰ ਸਮਾਉਣ ਨਹੀਂ ਦੇਣਾ ਹੈ। ਬਸ ਖਾਓ, ਪੀਓ ਅਤੇ ਉਸਤਤ ਕਰੋ; ਸ਼ੁੱਧ ਹਿਰਦੇ ਨਾਲ ਭਾਲੋ, ਅਤੇ ਕਦੇ ਹੌਂਸਲਾ ਨਾ ਹਾਰੋ। ਤੁਹਾਨੂੰ ਜੋ ਕੁਝ ਵੀ ਸਮਝ ਨਹੀਂ ਆਉਂਦਾ ਹੈ ਉਸਨੂੰ ਅਕਸਰ ਮੇਰੇ ਸਾਹਮਣੇ ਲਿਆਓ, ਅਤੇ ਨਿਸ਼ਚਿਤ ਤੌਰ ’ਤੇ ਕਿਸੇ ਵੀ ਤਰ੍ਹਾਂ ਦੇ ਸ਼ੰਕੇ ਨਾ ਰੱਖੋ, ਤਾਂ ਜੋ ਤੁਸੀਂ ਵੱਡੇ ਨੁਕਸਾਨਾਂ ਤੋਂ ਬਚ ਸਕੋ। ਲੱਗੇ ਰਹੋ! ਲੱਗੇ ਰਹੋ! ਨੇੜੇ ਰਹੋ! ਆਪਣੇ ਆਪ ਨੂੰ ਆਪਣੀਆਂ ਰੁਕਾਵਟਾਂ ਤੋਂ ਮੁਕਤ ਕਰੋ, ਅਤੇ ਦੁਰਾਚਾਰੀ ਨਾ ਬਣੋ। ਅੱਗੇ ਵਧੋ ਅਤੇ ਪੂਰੇ ਦਿਲ ਨਾਲ ਪਿੱਛਾ ਕਰੋ, ਅਤੇ ਪਿੱਛੇ ਨਾ ਹਟੋ। ਤੁਹਾਨੂੰ ਹਰ ਸਮੇਂ ਆਪਣੇ ਹਿਰਦੇ ਨੂੰ ਅਰਪਣ ਕਰਨਾ ਚਾਹੀਦਾ ਹੈ ਅਤੇ ਇੱਕ ਵੀ ਪਲ ਕਦੇ ਗੁਆਉਣਾ ਨਹੀਂ ਚਾਹੀਦਾ। ਪਵਿੱਤਰ ਆਤਮਾ ਕੋਲ ਕਰਨ ਲਈ ਲਗਾਤਾਰ ਨਵਾਂ ਕੰਮ ਹੁੰਦਾ ਹੈ, ਹਰ ਰੋਜ਼ ਨਵੀਆਂ ਚੀਜ਼ਾਂ ਕਰਦਾ ਹੈ, ਅਤੇ ਹਰ ਰੋਜ਼ ਨਵੇਂ ਅੰਦਰੂਨੀ ਚਾਨਣ ਵੀ ਹੁੰਦੇ ਹਨ; ਪਹਾੜ ਉੱਤੇ ਰੂਪ ਦਾ ਬਦਲਣਾ, ਪਰਮੇਸ਼ੁਰ ਦਾ ਪਵਿੱਤਰ ਆਤਮਕ ਸਰੀਰ ਪਰਗਟ ਹੋਇਆ ਹੈ! ਧਾਰਮਿਕਤਾ ਦਾ ਸੂਰਜ ਚਾਨਣ ਦਿੰਦਾ ਹੈ ਅਤੇ ਚਮਕਦਾ ਹੈ; ਸਾਰੀਆਂ ਕੌਮਾਂ ਅਤੇ ਸਾਰੇ ਲੋਕਾਂ ਨੇ ਤੇਰੇ ਮਹਿਮਾਮਈ ਮੁੱਖ ਨੂੰ ਵੇਖਿਆ ਹੈ। ਮੇਰਾ ਚਾਨਣ ਉਨ੍ਹਾਂ ਸਾਰਿਆਂ ’ਤੇ ਚਮਕੇਗਾ ਜੋ ਮੇਰੇ ਅੱਗੇ ਆਉਂਦੇ ਹਨ। ਮੇਰੇ ਵਚਨ ਚਾਨਣ ਹਨ, ਜੋ ਤੇਰੀ ਅੱਗੇ ਵੱਲ ਰਾਹਨੁਮਾਈ ਕਰਦੇ ਹਨ। ਜਦੋਂ ਤੂੰ ਚੱਲੇਂਗਾ ਤਾਂ ਤੂੰ ਖੱਬੇ ਜਾਂ ਸੱਜੇ ਨਹੀਂ ਮੁੜੇਂਗਾ, ਸਗੋਂ ਮੇਰੀ ਰੌਸ਼ਨੀ ਦੇ ਅੰਦਰ ਚੱਲੇਂਗਾ, ਅਤੇ ਤੇਰੀ ਦੌੜ ਫਲਹੀਣ ਮਿਹਨਤ ਨਹੀਂ ਹੋਵੇਗੀ। ਤੈਨੂੰ ਪਵਿੱਤਰ ਆਤਮਾ ਦੇ ਕੰਮ ਨੂੰ ਸਪਸ਼ਟ ਰੂਪ ਵਿੱਚ ਵੇਖਣਾ ਜ਼ਰੂਰੀ ਹੈ; ਮੇਰੀ ਇੱਛਾ ਉਸੇ ਦੇ ਅੰਦਰ ਹੈ। ਸਾਰੇ ਰਹੱਸ ਛੁਪੇ ਹੋਏ ਹਨ, ਪਰ ਉਹ ਹੌਲੀ ਹੌਲੀ ਤੇਰੇ ਉੱਤੇ ਪਰਗਟ ਕੀਤੇ ਜਾਣਗੇ। ਮੇਰੇ ਵਚਨਾਂ ਨੂੰ ਹਰ ਸਮੇਂ ਯਾਦ ਰੱਖ, ਅਤੇ ਮੇਰੇ ਨਾਲ ਵਧੇਰੇ ਗੱਲਬਾਤ ਕਰਨ ਲਈ ਮੇਰੇ ਸਾਹਮਣੇ ਆ। ਪਵਿੱਤਰ ਆਤਮਾ ਦਾ ਕੰਮ ਅੱਗੇ ਵਧਦਾ ਹੈ। ਮੇਰੀਆਂ ਪੈੜਾਂ ’ਤੇ ਚੱਲ; ਅੱਗੇ ਮਹਾਨ ਅਚਰਜ ਪਏ ਹਨ, ਅਤੇ ਇਹ ਇੱਕ-ਇੱਕ ਕਰਕੇ ਤੇਰੇ ਉੱਤੇ ਪਰਗਟ ਕੀਤੇ ਜਾਣਗੇ। ਜੋ ਲੋਕ ਪਰਵਾਹ ਕਰਦੇ ਹਨ, ਜੋ ਉਡੀਕ ਕਰਦੇ ਹਨ, ਅਤੇ ਜੋ ਜਾਗਦੇ ਹਨ, ਸਿਰਫ਼ ਉਹੀ ਉਨ੍ਹਾਂ ਨੂੰ ਵੇਖ ਸਕਣਗੇ। ਇਹ ਯਕੀਨੀ ਬਣਾਓ ਕਿ ਕਮਜ਼ੋਰ ਨਾ ਪੈ ਜਾਇਓ। ਪਰਮੇਸ਼ੁਰ ਦੀ ਪ੍ਰਬੰਧਨ ਯੋਜਨਾ ਆਪਣੇ ਅੰਤਮ ਪੜਾਅ ’ਤੇ ਪਹੁੰਚ ਰਹੀ ਹੈ; ਕਲੀਸਿਯਾ ਦੀ ਉਸਾਰੀ ਸਫ਼ਲ ਹੋਵੇਗੀ, ਜੇਤੂਆਂ ਦੀ ਗਿਣਤੀ ਪਹਿਲਾਂ ਹੀ ਤੈਅ ਹੈ, ਜੇਤੂ ਬਾਲਕ ਨੂੰ ਬਣਾਇਆ ਜਾਵੇਗਾ, ਅਤੇ ਉਹ ਮੇਰੇ ਨਾਲ ਰਾਜ ਵਿੱਚ ਦਾਖਲ ਹੋਣਗੇ, ਮੇਰੇ ਨਾਲ ਰਾਜ ਕਰਨਗੇ, ਲੋਹੇ ਦੇ ਡੰਡੇ ਨਾਲ ਸਾਰੀਆਂ ਕੌਮਾਂ ਉੱਤੇ ਹਕੂਮਤ ਕਰਨਗੇ, ਅਤੇ ਇਕੱਠੇ ਮਹਿਮਾ ਵਿੱਚ ਰਹਿਣਗੇ!

ਪਿਛਲਾ: ਅਧਿਆਇ 15

ਅਗਲਾ: ਅਧਿਆਇ 20

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ