ਪਰਮੇਸ਼ੁਰ ਨਾਲ ਸੁਭਾਵਕ ਰਿਸ਼ਤਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ

ਜਿਸ ਤਰ੍ਹਾਂ ਨਾਲ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਪਰਮੇਸ਼ੁਰ ਨੂੰ ਸੰਤੁਸ਼ਟ ਕਰਦੇ ਹਨ, ਉਹ ਹੈ ਆਪਣੇ ਦਿਲ ਨਾਲ ਪਰਮੇਸ਼ੁਰ ਦੀ ਆਤਮਾ ਨੂੰ ਛੂਹਣਾ ਅਤੇ ਇਸ ਰਾਹੀਂ ਉਸ ਦੀ ਸੰਤੁਸ਼ਟੀ ਪ੍ਰਾਪਤ ਕਰਨਾ, ਅਤੇ ਆਪਣੇ ਦਿਲ ਨੂੰ ਪਰਮੇਸ਼ੁਰ ਦੇ ਵਚਨਾਂ ਨਾਲ ਜੋੜ ਕੇ ਪਰਮੇਸ਼ੁਰ ਦੀ ਆਤਮਾ ਦੁਆਰਾ ਪ੍ਰੇਰਿਤ ਹੋਣਾ। ਜੇਕਰ ਤੁਸੀਂ ਸੁਭਾਵਕ ਆਤਮਕ ਜੀਵਨ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਪਰਮੇਸ਼ੁਰ ਨਾਲ ਸੁਭਾਵਕ ਸੰਬੰਧ ਸਥਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣਾ ਦਿਲ ਉਸ ਨੂੰ ਦੇਣਾ ਪਵੇਗਾ। ਕੇਵਲ ਉਸ ਅੱਗੇ ਆਪਣੇ ਦਿਲ ਨੂੰ ਸ਼ਾਂਤ ਕਰਨ ਅਤੇ ਆਪਣਾ ਪੂਰਾ ਦਿਲ ਉਸ ਨੂੰ ਅਰਪਣ ਕਰਨ ਉਪਰੰਤ ਹੀ ਤੁਸੀਂ ਹੌਲੀ-ਹੌਲੀ ਇੱਕ ਸੁਭਾਵਕ ਆਤਮਕ ਜੀਵਨ ਵਿਕਸਿਤ ਕਰ ਸਕੋਗੇ। ਜੇ ਲੋਕ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦਿਆਂ ਉਸ ਨੂੰ ਆਪਣਾ ਦਿਲ ਨਹੀਂ ਦਿੰਦੇ ਅਤੇ ਜੇ ਉਨ੍ਹਾਂ ਦਾ ਦਿਲ ਉਸ ਦੇ ਨਾਲ ਨਹੀਂ ਜੁੜਿਆ ਹੈ ਅਤੇ ਉਹ ਉਸ ਦੇ ਬੋਝ ਨੂੰ ਆਪਣਾ ਨਹੀਂ ਮੰਨਦੇ, ਤਾਂ ਉਹ ਸਭ ਕੁਝ ਜੋ ਉਹ ਕਰਦੇ ਹਨ ਪਰਮੇਸ਼ੁਰ ਨੂੰ ਧੋਖਾ ਦੇਣ ਦੀ ਕਿਰਿਆ ਹੈ, ਅਜਿਹੀ ਕਿਰਿਆ ਜੋ ਧਾਰਮਿਕ ਲੋਕਾਂ ਦਾ ਆਮ ਕਿਰਦਾਰ ਹੈ, ਅਤੇ ਉਹ ਪਰਮੇਸ਼ੁਰ ਤੋਂ ਪ੍ਰਸ਼ੰਸਾ ਪ੍ਰਾਪਤ ਨਹੀਂ ਕਰ ਸਕਦੇ। ਪਰਮੇਸ਼ੁਰ ਨੂੰ ਇਸ ਤਰ੍ਹਾਂ ਦੇ ਵਿਅਕਤੀ ਤੋਂ ਕੁਝ ਵੀ ਹਾਸਲ ਨਹੀਂ ਹੋ ਸਕਦਾ; ਇਸ ਕਿਸਮ ਦਾ ਵਿਅਕਤੀ ਕੇਵਲ ਪਰਮੇਸ਼ੁਰ ਦੇ ਕੰਮ ਦੇ ਵਰਕ ਵਜੋਂ ਹੀ ਕਾਰਜ ਕਰਦਾ ਹੈ, ਬਿਲਕੁਲ ਪਰਮੇਸ਼ੁਰ ਦੇ ਘਰ ਦੀ ਕਿਸੇ ਸਜਾਵਟੀ, ਬੇਲੋੜੀ ਅਤੇ ਬੇਕਾਰ ਵਸਤੂ ਵਾਂਗ। ਪਰਮੇਸ਼ੁਰ ਇਸ ਕਿਸਮ ਦੇ ਵਿਅਕਤੀ ਦੀ ਕੋਈ ਵਰਤੋਂ ਨਹੀਂ ਕਰਦਾ। ਅਜਿਹੇ ਵਿਅਕਤੀ ਵਿੱਚ, ਨਾ ਕੇਵਲ ਪਵਿੱਤਰ ਆਤਮਾ ਦੇ ਕੰਮ ਲਈ ਕੋਈ ਮੌਕਾ ਨਹੀਂ ਹੁੰਦਾ, ਬਲਕਿ ਉਸ ਦੇ ਸੰਪੂਰਣ ਕੀਤੇ ਜਾਣ ਦਾ ਵੀ ਕੋਈ ਲਾਭ ਨਹੀਂ ਹੁੰਦਾ। ਇਸ ਕਿਸਮ ਦਾ ਵਿਅਕਤੀ, ਸੱਚਮੁੱਚ ਇਕ ਤੁਰਦੀ ਫਿਰਦੀ ਲਾਸ਼ ਹੈ। ਅਜਿਹੇ ਲੋਕਾਂ ਕੋਲ ਅਜਿਹਾ ਕੁਝ ਵੀ ਨਹੀਂ ਹੈ ਜੋ ਪਵਿੱਤਰ ਆਤਮਾ ਦੁਆਰਾ ਵਰਤਿਆ ਜਾ ਸਕੇ, ਪਰ ਇਸ ਦੇ ਉਲਟ, ਉਨ੍ਹਾਂ ਸਾਰਿਆਂ ਨੂੰ ਸ਼ਤਾਨ ਦੁਆਰਾ ਹਥ‌ਿਆਇਆ ਗਿਆ ਅਤੇ ਬੁਰੀ ਤਰ੍ਹਾਂ ਭ੍ਰਿਸ਼ਟ ਕਰ ਦਿੱਤਾ ਗਿਆ ਹੈ। ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਬਾਹਰ ਕੱਢ ਕੇ ਸੁੱਟ ਦੇਵੇਗਾ। ਇਸ ਸਮੇਂ ਲੋਕਾਂ ਨੂੰ ਇਸਤੇਮਾਲ ਕਰਦਿਆਂ ਪਵਿੱਤਰ ਆਤਮਾ ਨਾ ਕੇਵਲ ਉਨ੍ਹਾਂ ਹਿੱਸਿਆਂ ਨੂੰ ਹੀ ਵਰਤੋਂ ਵਿੱਚ ਲਿਆਉਂਦਾ ਹੈ ਜੋ ਕੰਮ ਕਰਨ ਲਈ ਉਚਿਤ ਹਨ, ਸਗੋਂ ਉਹ ਉਨ੍ਹਾਂ ਦੇ ਅਣਚਾਹੇ ਹਿੱਸਿਆਂ ਨੂੰ ਸੰਪੂਰਣ ਵੀ ਕਰਦਾ ਹੈ ਅਤੇ ਉਨ੍ਹਾਂ ਨੂੰ ਬਦਲਦਾ ਵੀ ਹੈ। ਜੇਕਰ ਤੇਰਾ ਦਿਲ ਪਰਮੇਸ਼ੁਰ ਨੂੰ ਅਰਪਣ ਕੀਤਾ ਜਾ ਸਕਦਾ ਹੈ ਅਤੇ ਉਸ ਅੱਗੇ ਸ਼ਾਂਤ ਰਹਿ ਸਕਦਾ ਹੈ, ਤਾਂ ਤੈਨੂੰ ਪਵਿੱਤਰ ਆਤਮਾ ਦੁਆਰਾ ਪ੍ਰਕਾਸ਼ਮਾਨ ਕੀਤੇ ਜਾਣ ਅਤੇ ਗਿਆਨ ਪ੍ਰਾਪਤ ਕਰਨ ਲਈ, ਅਤੇ ਇੱਥੋਂ ਤਕ ਕਿ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤੇ ਜਾਣ ਦਾ ਮੌਕਾ ਅਤੇ ਯੋਗਤਾ ਵੀ ਪ੍ਰਾਪਤ ਹੋਵੇਗੀ। ਇਸ ਤੋਂ ਵੀ ਵੱਧ, ਤੈਨੂੰ ਪਵਿੱਤਰ ਆਤਮਾ ਦੁਆਰਾ ਤੇਰੀਆਂ ਕਮੀਆਂ ਨੂੰ ਸੁਧਾਰਨ ਦਾ ਮੌਕਾ ਵੀ ਪ੍ਰਾਪਤ ਹੋਵੇਗਾ। ਜਦੋਂ ਤੂੰ ਪਰਮੇਸ਼ੁਰ ਨੂੰ ਆਪਣਾ ਦਿਲ ਦਿੰਦਾ ਹੈਂ, ਤਾਂ ਸਕਰਾਤਮਕ ਪੱਖੋਂ, ਤੂੰ ਗਹਿਰਾ ਪ੍ਰਵੇਸ਼ ਅਤੇ ਸੋਝੀ ਦੇ ਉੱਚ ਪੱਧਰ ਨੂੰ ਪ੍ਰਾਪਤ ਕਰ ਸਕਦਾ ਹੈਂ; ਨਕਾਰਾਤਮਕ ਪੱਖੋਂ, ਤੈਨੂੰ ਤੇਰੇ ਨੁਕਸਾਂ ਅਤੇ ਕਮੀਆਂ ਦੀ ਵਧੇਰੇ ਸਮਝ ਆ ਜਾਵੇਗੀ, ਤੂੰ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਵਧੇਰੇ ਉਤਸੁਕ ਹੋਵੇਂਗਾ, ਅਤੇ ਤੂੰ ਸੁਸਤ ਨਹੀਂ ਹੋਵੇਂਗਾ, ਸਗੋਂ ਸਰਗਰਮੀ ਨਾਲ ਪ੍ਰਵੇਸ਼ ਕਰੇਂਗਾ। ਇਸ ਤਰ੍ਹਾਂ, ਤੂੰ ਇੱਕ ਸਹੀ ਵਿਅਕਤੀ ਬਣ ਜਾਵੇਂਗਾ। ਇਹ ਮੰਨਦੇ ਹੋਏ ਕਿ ਤੇਰਾ ਦਿਲ ਪਰਮੇਸ਼ੁਰ ਅੱਗੇ ਸ਼ਾਂਤ ਰਹਿਣ ਦੇ ਯੋਗ ਹੈ, ਕੀ ਪਵਿੱਤਰ ਆਤਮਾ ਦੁਆਰਾ ਤੈਨੂੰ ਪ੍ਰਸ਼ੰਸਾ ਮਿਲਦੀ ਹੈ ਜਾਂ ਨਹੀਂ, ਅਤੇ ਕੀ ਤੂੰ ਪਰਮੇਸ਼ੁਰ ਨੂੰ ਖੁਸ਼ ਕਰ ਸਕਦਾ ਹੈਂ ਜਾਂ ਨਹੀਂ, ਦੀ ਕੁੰਜੀ ਇਹ ਹੈ ਕਿ ਕੀ ਤੂੰ ਸਰਗਰਮੀ ਨਾਲ ਅੰਦਰ ਪ੍ਰਵੇਸ਼ ਕਰ ਸਕਦਾ ਹੈਂ। ਜਦੋਂ ਪਵਿੱਤਰ ਆਤਮਾ ਕਿਸੇ ਵਿਅਕਤੀ ਨੂੰ ਪ੍ਰਕਾਸ਼ਮਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਇਸਤੇਮਾਲ ਕਰਦਾ ਹੈ, ਇਹ ਉਨ੍ਹਾਂ ਨੂੰ ਕਦੇ ਨਾਕਾਰਾਤਮਕ ਨਹੀਂ ਬਣਾਉਂਦਾ ਬਲਕਿ ਹਮੇਸ਼ਾ ਸਰਗਰਮੀ ਨਾਲ ਅੱਗੇ ਵਧਾਉਂਦਾ ਹੈ। ਭਾਵੇਂ ਕਿ ਇਸ ਵਿਅਕਤੀ ਵਿੱਚ ਕਮਜ਼ੋਰੀਆਂ ਵੀ ਹੋਣ, ਉਹ ਉਨ੍ਹਾਂ ਕਮਜ਼ੋਰੀਆਂ ਨੂੰ ਆਪਣੇ ਜੀਵਨ ਜੀਉਣ ਦੇ ਢੰਗ ਦੀ ਬੁਨਿਆਦ ਬਣਾਉਣ ਤੋਂ ਬਚ ਸਕਦੇ ਹਨ। ਉਹ ਆਪਣੇ ਜੀਵਨ ਦੇ ਵਿਕਾਸ ਵਿੱਚ ਦੇਰੀ ਤੋਂ ਬਚ ਸਕਦੇ ਹਨ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੀ ਨਿਰੰਤਰ ਕੋਸ਼ਿਸ਼ ਵਿੱਚ ਲੱਗੇ ਰਹਿ ਸਕਦੇ ਹਨ। ਇਹ ਇਕ ਮਿਆਰ ਹੈ। ਜੇ ਤੂੰ ਇਸ ਨੂੰ ਪ੍ਰਾਪਤ ਕਰ ਸਕਦਾ ਹੈਂ, ਇਹ ਇਸ ਗੱਲ ਦਾ ਪੁਖ਼ਤਾ ਪ੍ਰਮਾਣ ਹੈ ਕਿ ਤੂੰ ਪਵਿੱਤਰ ਆਤਮਾ ਦੀ ਮੌਜੂਦਗੀ ਪ੍ਰਾਪਤ ਕਰ ਲਈ ਹੈ। ਜੇ ਕੋਈ ਵਿਅਕਤੀ ਹਮੇਸ਼ਾ ਨਕਾਰਾਤਮਕ ਰਹਿੰਦਾ ਹੈ, ਅਤੇ ਜੇ ਗਿਆਨ ਪ੍ਰਾਪਤ ਕਰਨ ਅਤੇ ਆਪਣੇ ਆਪ ਨੂੰ ਜਾਣਨ ਦੇ ਬਾਅਦ ਵੀ, ਉਹ ਨਕਾਰਾਤਮਕ ਅਤੇ ਕਿਰਿਆਹੀਣ ਰਹਿੰਦਾ ਹੈ ਅਤੇ ਖੜ੍ਹੇ ਹੋਣ ਅਤੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਵਿੱਚ ਅਸਮਰਥ ਰਹਿੰਦਾ ਹੈ, ਤਾਂ ਇਸ ਕਿਸਮ ਦਾ ਵਿਅਕਤੀ ਕੇਵਲ ਪਰਮੇਸ਼ੁਰ ਦੀ ਕਿਰਪਾ ਨੂੰ ਹੀ ਪ੍ਰਾਪਤ ਕਰਦਾ ਹੈ, ਪਰ ਪਵਿੱਤਰ ਆਤਮਾ ਉਸ ਦੇ ਨਾਲ ਨਹੀਂ ਹੁੰਦਾ। ਜਦੋਂ ਕੋਈ ਵਿਅਕਤੀ ਨਕਾਰਾਤਮਕ ਹੁੰਦਾ ਹੈ, ਇਸ ਦਾ ਅਰਥ ਇਹ ਹੈ ਕਿ ਉਸ ਦਾ ਦਾ ਦਿਲ ਪਰਮੇਸ਼ੁਰ ਵੱਲ ਨਹੀਂ ਮੁੜਿਆ ਅਤੇ ਉਸ ਦੀ ਆਤਮਾ ਪਰਮੇਸ਼ੁਰ ਦੇ ਆਤਮਾ ਦੁਆਰਾ ਪ੍ਰੇਰਿਤ ਨਹੀਂ ਕੀਤੀ ਗਈ ਹੈ। ਇਹ ਸਭ ਨੂੰ ਸਮਝਣਾ ਚਾਹੀਦਾ ਹੈ।

ਇਹ ਅਨੁਭਵ ਤੋਂ ਦੇਖਿਆ ਜਾ ਸਕਦਾ ਹੈ ਕਿ ਸਭ ਤੋਂ ਮਹੱਤਵਪੂਰਨ ਮੁੱਦਿਆਂ ਵਿੱਚੋਂ ਇੱਕ ਪਰਮੇਸ਼ੁਰ ਅੱਗੇ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ। ਇਹ ਇੱਕ ਅਜਿਹਾ ਮੁੱਦਾ ਹੈ ਜੋ ਲੋਕਾਂ ਦੇ ਆਤਮਕ ਜੀਵਨ ਅਤੇ ਉਨ੍ਹਾਂ ਦੇ ਜੀਵਨ ਵਿੱਚ ਉਨ੍ਹਾਂ ਦੇ ਵਿਕਾਸ ਨਾਲ ਸੰਬੰਧਤ ਹੈ। ਜੇਕਰ ਤੇਰਾ ਮਨ ਪਰਮੇਸ਼ੁਰ ਅੱਗੇ ਸ਼ਾਂਤ ਹੈ, ਕੇਵਲ ਤਾਂ ਹੀ ਤੇਰੀ ਸਚਾਈ ਦੀ ਤਲਾਸ਼ ਅਤੇ ਤੇਰੇ ਸੁਭਾਅ ਵਿਚ ਤਬਦੀਲੀਆਂ ਦੀ ਤੇਰੀ ਤਲਾਸ਼ ਨੂੰ ਫਲ ਲੱਗੇਗਾ। ਕਿਉਂਕਿ ਤੂੰ ਪਰਮੇਸ਼ੁਰ ਦੇ ਅੱਗੇ ਇੱਕ ਬੋਝ ਨਾਲ ਆਉਂਦਾ ਹੈਂ, ਅਤੇ ਕਿਉਂਕਿ ਤੂੰ ਹਮੇਸ਼ਾ ਇਹ ਮਹਿਸੂਸ ਕਰਦਾ ਹੈਂ ਕਿ ਤੇਰੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ, ਇਹ ਕਿ ਤੈਨੂੰ ਬਹੁਤ ਸਾਰੀਆਂ ਸਚਾਈਆਂ ਜਾਣਨ ਦੀ ਲੋੜ ਹੈ, ਬਹੁਤ ਸਾਰੀ ਅਸਲੀਅਤ ਹੈ ਜਿਸ ਦਾ ਤੈਨੂੰ ਅਨੁਭਵ ਕਰਨ ਦੀ ਜ਼ਰੂਰਤ ਹੈ, ਅਤੇ ਇਹ ਕਿ ਤੈਨੂੰ ਪਰਮੇਸ਼ੁਰ ਦੀ ਇੱਛਾ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ-ਇਹ ਗੱਲਾਂ ਹਮੇਸ਼ਾ ਤੇਰੇ ਮਨ ਵਿੱਚ ਹੁੰਦੀਆਂ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਕਿ ਉਹ ਤੈਨੂੰ ਏਨੇ ਜ਼ੋਰ ਨਾਲ ਦਬਾ ਰਹੀਆਂ ਹਨ ਕਿ ਤੂੰ ਸਾਹ ਲੈਣ ਵਿੱਚ ਵੀ ਅਸਮਰਥ ਹੈਂ, ਅਤੇ ਇਸ ਤਰ੍ਹਾਂ ਤੂੰ ਦਿਲ ਉੱਤੇ ਭਾਰ ਮਹਿਸੂਸ ਕਰਦਾ ਹੈਂ (ਭਾਵੇਂ ਕਿ ਤੂੰ ਇੱਕ ਨਕਾਰਾਤਮਕ ਸਥਿਤੀ ਵਿੱਚ ਨਹੀਂ ਹੈਂ)। ਕੇਵਲ ਇਸ ਤਰਾਂ ਦੇ ਲੋਕ ਹੀ ਪਰਮੇਸ਼ੁਰ ਦੇ ਵਚਨਾਂ ਦੇ ਚਾਨਣ ਨੂੰ ਸਵੀਕਾਰ ਕਰਨ ਅਤੇ ਪਰਮੇਸ਼ੁਰ ਦੇ ਆਤਮਾ ਦੁਆਰਾ ਪ੍ਰੇਰਿਤ ਹੋਣ ਦੇ ਯੋਗ ਹੁੰਦੇ ਹਨ। ਉਹ ਆਪਣੇ ਬੋਝ ਦੇ ਕਾਰਣ, ਆਪਣੇ ਭਾਰੀ ਮਨ ਦੇ ਕਾਰਣ, ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸ ਕੀਮਤ ਦੇ ਕਾਰਣ ਜਿਹੜੀ ਉਨ੍ਹਾਂ ਨੇ ਚੁਕਾਈ ਹੈ ਅਤੇ ਉਸ ਕਸ਼ਟ ਦੇ ਕਾਰਣ ਜਿਹੜਾ ਉਨ੍ਹਾਂ ਨੇ ਪਰਮੇਸ਼ੁਰ ਦੇ ਸਨਮੁੱਖ ਝੱਲਿਆ ਹੈ, ਉਸ ਦੇ ਗਿਆਨ ਅਤੇ ਪਰਕਾਸ਼ ਨੂੰ ਪ੍ਰਾਪਤ ਕਰਦੇ ਹਨ। ਕਿਉਂਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤੀ ਵਿਹਾਰ ਨਹੀਂ ਕਰਦਾ। ਉਹ ਲੋਕਾਂ ਨਾਲ ਆਪਣੇ ਵਿਹਾਰ ਵਿੱਚ ਹਮੇਸ਼ਾ ਨਿਰਪੱਖ ਹੁੰਦਾ ਹੈ, ਪਰ ਉਹ ਲੋਕਾਂ ਨੂੰ ਮਨਮਾਨੀ ਨਾਲ ਜਾਂ ਬਿਨਾਂ ਸ਼ਰਤ ਵੀ ਨਹੀਂ ਦਿੰਦਾ। ਇਹ ਉਸ ਦੇ ਧਰਮੀ ਸੁਭਾਅ ਦਾ ਇੱਕ ਪਹਿਲੂ ਹੈ। ਅਸਲ ਜ਼ਿੰਦਗੀ ਵਿਚ, ਬਹੁਤੇ ਲੋਕਾਂ ਨੇ ਅਜੇ ਇਸ ਦਾਇਰੇ ਵਿੱਚ ਪ੍ਰਵੇਸ਼ ਕਰਨਾ ਹੈ। ਘੱਟੋ ਘੱਟ, ਉਨ੍ਹਾਂ ਦਾ ਦਿਲ ਅਜੇ ਵੀ ਪੂਰੀ ਤਰ੍ਹਾਂ ਪਰਮੇਸ਼ੁਰ ਵੱਲ ਮੁੜਨਾ ਹੈ, ਅਤੇ ਇਸ ਤਰ੍ਹਾਂ ਉਨ੍ਹਾਂ ਦੇ ਜੀਵਨ ਦੇ ਨਜ਼ਰੀਏ ਵਿੱਚ ਅਜੇ ਵੀ ਕੋਈ ਵੱਡੀ ਤਬਦੀਲੀ ਨਹੀਂ ਆਈ ਹੈ। ਇਹ ਇਸ ਲਈ ਹੈ ਕਿਉਂਕਿ ਉਹ ਕੇਵਲ ਪਰਮੇਸ਼ੁਰ ਦੀ ਕਿਰਪਾ ਵਿਚ ਜੀਉਂਦੇ ਹਨ ਅਤੇ ਉਨ੍ਹਾਂ ਅਜੇ ਪਵਿੱਤਰ ਆਤਮਾ ਦਾ ਕੰਮ ਪ੍ਰਾਪਤ ਕਰਨਾ ਹੈ। ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤੇ ਜਾਣ ਲਈ ਜਿਹੜੀ ਸ਼ਰਤ ਲੋਕਾਂ ਨੂੰ ਪੂਰੀ ਕਰਨੀ ਲਾਜ਼ਮੀ ਹੈ ਉਹ ਇਸ ਪ੍ਰਕਾਰ ਹੈ: ਉਨ੍ਹਾਂ ਦਾ ਦਿਲ ਪਰਮੇਸ਼ੁਰ ਵੱਲ ਮੁੜਦਾ ਹੈ, ਉਹ ਪਰਮੇਸ਼ੁਰ ਦੇ ਵਚਨਾਂ ਦੇ ਬੋਝ ਨੂੰ ਲੈ ਕੇ ਚੱਲਦੇ ਹਨ, ਉਹ ਦਿਲ ਵਿੱਚ ਤਾਂਘ ਰੱਖਦੇ ਹਨ, ਅਤੇ ਉਨ੍ਹਾਂ ਦੇ ਅੰਦਰ ਸਚਾਈ ਨੂੰ ਖੋਜਣ ਦਾ ਸੰਕਲਪ ਹੈ। ਕੇਵਲ ਇਸ ਤਰਾਂ ਦੇ ਲੋਕ ਹੀ ਪਵਿੱਤਰ ਆਤਮਾ ਦਾ ਕੰਮ ਪ੍ਰਾਪਤ ਕਰ ਸਕਦੇ ਹਨ ਅਤੇ ਉਹ ਅਕਸਰ ਪ੍ਰਕਾਸ਼ ਅਤੇ ਗਿਆਨ ਨੂੰ ਪ੍ਰਾਪਤ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਇਸਤੇਮਾਲ ਕਰਦਾ ਹੈ, ਉਹ ਬਾਹਰ ਤੋਂ ਤਰਕਹੀਣ ਅਤੇ ਦੂਜਿਆਂ ਨਾਲ ਸੁਭਾਵਕ ਸੰਬੰਧ ਨਾ ਰੱਖਣ ਵਾਲੇ ਜਾਪਦੇ ਹਨ, ਭਾਵੇਂ ਉਹ ਸਲੀਕੇ ਨਾਲ ਬੋਲਦੇ ਹਨ, ਲਾਪਰਵਾਹੀ ਨਾਲ ਨਹੀਂ ਬੋਲਦੇ, ਅਤੇ ਪਰਮੇਸ਼ੁਰ ਅੱਗੇ ਹਮੇਸ਼ਾ ਸ਼ਾਂਤਮਨ ਰਹਿ ਸਕਦੇ ਹਨ। ਇਹ ਬਿਲਕੁਲ ਉਸੇ ਤਰ੍ਹਾਂ ਦਾ ਵਿਅਕਤੀ ਹੈ ਜੋ ਪਵਿੱਤਰ ਆਤਮਾ ਦੁਆਰਾ ਇਸਤੇਮਾਲ ਕੀਤੇ ਜਾਣ ਲਈ ਉਚਿਤ ਹੈ। ਇਹ “ਤਰਕਹੀਣ” ਵਿਅਕਤੀ ਜਿਸ ਬਾਰੇ ਪਰਮੇਸ਼ੁਰ ਗੱਲ ਕਰਦਾ ਹੈ, ਅਜਿਹੇ ਵਿਅਕਤੀ ਦੂਜਿਆਂ ਨਾਲ ਸੁਭਾਵਕ ਸੰਬੰਧ ਰੱਖਣ ਵਾਲੇ ਨਹੀਂ ਜਾਪਦੇ, ਉਹ ਬਾਹਰੀ ਪਿਆਰ ਜਾਂ ਬਾਹਰੀ ਰੀਤੀ-ਰਿਵਾਜ਼ਾਂ ਨੂੰ ਕੋਈ ਖਾਸ ਮਹੱਤਵ ਨਹੀਂ ਦਿੰਦੇ, ਪਰ ਜਦੋਂ ਉਹ ਆਤਮਕ ਮਸਲਿਆਂ ਬਾਰੇ ਗੱਲਬਾਤ ਕਰਦੇ ਹਨ ਤਾਂ ਉਹ ਆਪਣਾ ਦਿਲ ਖੋਲ੍ਹਣ ਦੇ ਅਤੇ ਨਿਸਵਾਰਥ ਦੂਜਿਆਂ ਨੂੰ ਉਹ ਪਰਕਾਸ਼ ਅਤੇ ਗਿਆਨ ਪ੍ਰਦਾਨ ਕਰਨ ਦੇ ਸਮਰੱਥ ਹੁੰਦੇ ਹਨ ਜੋ ਉਨ੍ਹਾਂ ਨੇ ਪਰਮੇਸ਼ੁਰ ਅੱਗੇ ਆਪਣੇ ਅਸਲ ਅਨੁਭਵ ਤੋਂ ਪ੍ਰਾਪਤ ਕੀਤਾ ਹੁੰਦਾ ਹੈ। ਇਸ ਤਰ੍ਹਾਂ ਉਹ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਦੇ ਹਨ। ਜਦ ਬਾਕੀ ਸਾਰੇ ਉਨ੍ਹਾਂ ਦੀ ਨਿੰਦਿਆ ਕਰ ਰਹੇ ਹੁੰਦੇ ਹਨ ਅਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹੁੰਦੇ ਹਨ, ਤਾਂ ਉਹ ਬਾਹਰੀ ਲੋਕਾਂ, ਮਸਲਿਆਂ ਜਾਂ ਚੀਜ਼ਾਂ ਦੁਆਰਾ ਨਿਯੰਤਰਿਤ ਕੀਤੇ ਜਾਣ ਤੋਂ ਬਚਣ ਵਿਚ ਸਮਰੱਥ ਹੁੰਦੇ ਹਨ ਅਤੇ ਫਿਰ ਵੀ ਪਰਮੇਸ਼ੁਰ ਅੱਗੇ ਸ਼ਾਂਤ ਰਹਿ ਸਕਦੇ ਹਨ। ਅਜਿਹੇ ਵਿਅਕਤੀ ਦੀ ਆਪਣੀ ਹੀ ਵਿਲੱਖਣ ਅੰਤਰ-ਦ੍ਰਿਸ਼ਟੀ ਹੁੰਦੀ ਹੈ। ਭਾਵੇਂ ਦੂਜੇ ਲੋਕ ਕੁਝ ਵੀ ਕਰਨ, ਉਨ੍ਹਾਂ ਦਾ ਦਿਲ ਪਰਮੇਸ਼ੁਰ ਤੋਂ ਕਦੇ ਪਰੇ ਨਹੀਂ ਹੁੰਦਾl ਜਦੋਂ ਦੂਜੇ ਲੋਕ ਮੌਜ-ਮਸਤੀ ਅਤੇ ਹਾਸੇ ਮਜ਼ਾਕ ਵਿੱਚ ਲੱਗੇ ਹੁੰਦੇ ਹਨ ਤਾਂ ਉਸ ਸਮੇਂ ਵੀ ਉਨ੍ਹਾਂ ਦਾ ਦਿਲ ਪਰਮੇਸ਼ੁਰ ਦੇ ਸਨਮੁੱਖ ਰਹਿੰਦਾ ਹੋਇਆ ਉਸ ਦੇ ਵਚਨ ’ਤੇ ਵਿਚਾਰ ਕਰਦਾ ਹੈ ਜਾਂ ਉਹ ਚੁੱਪਚਾਪ ਆਪਣੇ ਦਿਲ ਵਿੱਚ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹੋਏ ਪਰਮੇਸ਼ੁਰ ਦੇ ਇਰਾਦਿਆਂ ਨੂੰ ਖੋਜਣ ਵਿੱਚ ਲੱਗੇ ਰਹਿੰਦੇ ਹਨ। ਉਹ ਦੂਜੇ ਲੋਕਾਂ ਨਾਲ ਸੁਭਾਵਕ ਸੰਬੰਧ ਕਾਇਮ ਰੱਖਣ ਨੂੰ ਕਦੇ ਵੀ ਕੋਈ ਮਹੱਤਵ ਨਹੀਂ ਦਿੰਦੇ। ਅਜਿਹਾ ਵਿਅਕਤੀ ਜੀਵਨ ਜੀਉਣ ਦਾ ਕੋਈ ਫ਼ਲਸਫਾ ਨਹੀਂ ਰੱਖਦਾ। ਬਾਹਰੋਂ, ਇਹ ਵਿਅਕਤੀ ਜ਼ਿੰਦਾਦਿਲ, ਪਿਆਰਾ ਅਤੇ ਭੋਲਾ-ਭਾਲਾ ਹੁੰਦਾ ਹੈ, ਪਰ ਸ਼ਾਂਤੀ ਦਾ ਅਹਿਸਾਸ ਵੀ ਰੱਖਦਾ ਹੈ। ਪਰਮੇਸ਼ੁਰ ਇਸ ਕਿਸਮ ਦੇ ਵਿਅਕਤੀ ਨੂੰ ਹੀ ਇਸਤੇਮਾਲ ਕਰਦਾ ਹੈ। ਜੀਵਨ ਜਿਉਣ ਦਾ ਫ਼ਲਸਫਾ ਜਾਂ “ਆਮ ਤਰਕ”ਵਰਗੀਆਂ ਗੱਲਾਂ ਇਸ ਕਿਸਮ ਦੇ ਵਿਅਕਤੀ ਵਿੱਚ ਕੰਮ ਨਹੀਂ ਕਰਦੀਆਂ; ਇਹ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਨੇ ਆਪਣਾ ਪੂਰਾ ਦਿਲ ਪਰਮੇਸ਼ੁਰ ਦੇ ਵਚਨ ਨੂੰ ਸਮਰਪਿਤ ਕਰ ਦਿੱਤਾ ਹੈ, ਅਤੇ ਉਸ ਦੇ ਦਿਲ ਵਿਚ ਕੇਵਲ ਪਰਮੇਸ਼ੁਰ ਹੀ ਵੱਸਦਾ ਪ੍ਰਤੀਤ ਹੁੰਦਾ ਹੈ। ਅਜਿਹੇ ਵਿਅਕਤੀ ਨੂੰ ਹੀ ਪਰਮੇਸ਼ੁਰ “ਤਰਕ ਰਹਿਤ” ਵਿਅਕਤੀ ਕਹਿੰਦਾ ਹੈ, ਅਤੇ ਬਿਲਕੁਲ ਇਸ ਕਿਸਮ ਦੇ ਵਿਅਕਤੀ ਨੂੰ ਹੀ ਪਰਮੇਸ਼ੁਰ ਇਸਤੇਮਾਲ ਕਰਦਾ ਹੈ। ਜਿਸ ਵਿਅਕਤੀ ਨੂੰ ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ ਉਸ ਦੀ ਇਹ ਨਿਸ਼ਾਨੀ ਹੁੰਦੀ ਹੈ: ਸਮਾਂ ਜਾਂ ਸਥਾਨ ਭਾਵੇਂ ਕੋਈ ਵੀ ਹੋਵੇ, ਉਨ੍ਹਾਂ ਦਾ ਦਿਲ ਹਮੇਸ਼ਾ ਪਰਮੇਸ਼ੁਰ ਦੇ ਸਨਮੁੱਖ ਰਹਿੰਦਾ ਹੈ, ਅਤੇ ਦੂਜੇ ਭਾਵੇਂ ਕਿੰਨੇ ਵੀ ਦੁਰਾਚਾਰੀ ਹੋਣ, ਹਵਸ ਅਤੇ ਸਰੀਰਕ ਲਾਲਸਾਵਾਂ ਵਿੱਚ ਭਾਵੇਂ ਕਿੰਨੇ ਵੀ ਗ੍ਰਸਤ ਹੋਣ, ਇਸ ਵਿਅਕਤੀ ਦਾ ਦਿਲ ਕਦੀ ਪਰਮੇਸ਼ੁਰ ਨੂੰ ਨਹੀਂ ਛੱਡਦਾ ਅਤੇ ਅਜਿਹਾ ਵਿਅਕਤੀ ਭੀੜ ਦਾ ਹਿੱਸਾ ਨਹੀਂ ਬਣਦਾ। ਕੇਵਲ ਇਸ ਕਿਸਮ ਦਾ ਵਿਅਕਤੀ ਹੀ ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤੇ ਜਾਣ ਲਈ ਢੁਕਵਾਂ ਹੈ, ਅਤੇ ਕੇਵਲ ਇਸ ਕਿਸਮ ਦਾ ਵਿਅਕਤੀ ਹੀ ਪਵਿੱਤਰ ਆਤਮਾ ਦੁਆਰਾ ਸੰਪੂਰਣ ਕੀਤਾ ਜਾਂਦਾ ਹੈ। ਜੇਕਰ ਤੂੰ ਇਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਵਿੱਚ ਅਸਮਰਥ ਹੈਂ, ਤਾਂ ਤੂੰ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਣ ਅਤੇ ਪਵਿੱਤਰ ਆਤਮਾ ਦੁਆਰਾ ਸੰਪੂਰਣ ਕੀਤੇ ਜਾਣ ਦੇ ਯੋਗ ਨਹੀਂ ਹੈਂ।

ਜੇਕਰ ਤੂੰ ਪਰਮੇਸ਼ੁਰ ਨਾਲ ਸੁਭਾਵਕ ਸੰਬੰਧ ਰੱਖਣਾ ਚਾਹੁੰਦਾ ਹੈਂ, ਤਾਂ ਤੇਰਾ ਦਿਲ ਲਾਜ਼ਮੀ ਤੌਰ ’ਤੇ ਪਰਮੇਸ਼ੁਰ ਵੱਲ ਮੁੜਨਾ ਚਾਹੀਦਾ ਹੈ। ਇਸ ਨੂੰ ਬੁਨਿਆਦ ਮੰਨਦੇ ਹੋਏ, ਤੇਰੇ ਦੂਜੇ ਲੋਕਾਂ ਨਾਲ ਵੀ ਸੁਭਾਵਕ ਸੰਬੰਧ ਹੋਣਗੇ। ਜੇਕਰ ਤੇਰਾ ਪਰਮੇਸ਼ੁਰ ਨਾਲ ਸੁਭਾਵਕ ਸੰਬੰਧ ਨਹੀਂ ਹੈ, ਤਾਂ ਫਿਰ ਭਾਵੇਂ ਤੂੰ ਹੋਰਨਾਂ ਲੋਕਾਂ ਨਾਲ ਆਪਣੇ ਸੰਬੰਧ ਕਾਇਮ ਰੱਖਣ ਲਈ ਜੋ ਮਰਜ਼ੀ ਕਰੀ ਜਾਵੇਂ, ਜਿੰਨੀ ਮਰਜ਼ੀ ਮਿਹਨਤ ਕਰੀ ਜਾਵੇਂ ਜਾਂ ਜਿੰਨੀ ਮਰਜ਼ੀ ਊਰਜਾ ਖਰਚ ਕਰੇਂ, ਇਸ ਸਭ ਦਾ ਸਰੋਕਾਰ ਕੇਵਲ ਜੀਉਣ ਦੇ ਮਨੁੱਖੀ ਫਲਸਫ਼ੇ ਨਾਲ ਹੀ ਰਹੇਗਾ। ਤੂੰ ਦੂਜੇ ਲੋਕਾਂ ਦਰਮਿਆਨ ਆਪਣਾ ਰੁਤਬਾ ਮਨੁੱਖੀ ਦ੍ਰਿਸ਼ਟੀਕੋਣ ਅਤੇ ਮਨੁੱਖੀ ਫਲਸਫ਼ੇ ਰਾਹੀਂ ਹੀ ਕਾਇਮ ਰੱਖ ਰਿਹਾ ਹੈਂ ਤਾਂ ਜੋ ਲੋਕ ਤੇਰੀ ਸਿਫ਼ਤ ਕਰਨ, ਪਰ ਤੂੰ ਲੋਕਾਂ ਨਾਲ ਸੁਭਾਵਕ ਸੰਬੰਧ ਸਥਾਪਤ ਕਰਨ ਲਈ ਪਰਮੇਸ਼ੁਰ ਦੇ ਵਚਨ ਦੀ ਪਾਲਣਾ ਨਹੀਂ ਕਰ ਰਿਹਾ। ਜੇਕਰ ਤੂੰ ਲੋਕਾਂ ਨਾਲ ਆਪਣੇ ਸੰਬੰਧਾਂ ’ਤੇ ਕੇਂਦਰਿਤ ਨਹੀਂ ਰਹਿੰਦਾ ਸਗੋਂ ਪਰਮੇਸ਼ੁਰ ਨਾਲ ਸੁਭਾਵਕ ਸੰਬੰਧ ਬਣਾਈ ਰੱਖਦਾ ਹੈਂ, ਜੇ ਤੂੰ ਪਰਮੇਸ਼ੁਰ ਨੂੰ ਆਪਣਾ ਦਿਲ ਦੇਣ ਲਈ ਤਿਆਰ ਹੈਂ ਅਤੇ ਉਸ ਦੀ ਆਗਿਆ ਵਿੱਚ ਰਹਿਣਾ ਸਿੱਖ ਜਾਂਦਾ ਹੈਂ, ਤਾਂ ਆਪਣੇ ਆਪ ਹੀ ਸਾਰੇ ਲੋਕਾਂ ਨਾਲ ਤੇਰੇ ਸੰਬੰਧ ਸੁਭਾਵਕ ਬਣ ਜਾਣਗੇ। ਇਸ ਤਰ੍ਹਾਂ, ਇਹ ਸੰਬੰਧ ਸਰੀਰ ਵਿੱਚ ਸਥਾਪਤ ਨਹੀਂ ਹੁੰਦੇ, ਪਰ ਪਰਮੇਸ਼ੁਰ ਦੇ ਪਿਆਰ ਦੀ ਬੁਨਿਆਦ ’ਤੇ ਬਣਦੇ ਹਨ। ਇਸ ਵਿੱਚ ਸਰੀਰਕ ਤੌਰ ਤੇ ਨਾਮਾਤਰ ਗੱਲਬਾਤ ਹੁੰਦੀ ਹੈ, ਪਰ ਆਤਮਕ ਤੌਰ ਤੇ ਆਪਸੀ ਭਾਈਚਾਰਾ, ਆਪਸੀ ਪਿਆਰ, ਆਪਸੀ ਦਿਲਾਸਾ ਅਤੇ ਇੱਕ ਦੂਜੇ ਲਈ ਪ੍ਰਬੰਧ ਹੁੰਦਾ ਹੈ। ਇਹ ਸਭ ਇੱਕ ਅਜਿਹੇ ਦਿਲ ਦੀ ਬੁਨਿਆਦ ’ਤੇ ਕੀਤਾ ਜਾਂਦਾ ਹੈ ਜੋ ਪਰਮੇਸ਼ੁਰ ਨੂੰ ਸੰਤੁਸ਼ਟ ਕਰਦਾ ਹੈ। ਇਹ ਸੰਬੰਧ ਜੀਉਣ ਦੇ ਮਨੁੱਖੀ ਫ਼ਲਸਫ਼ੇ ’ਤੇ ਅਧਾਰਤ ਨਹੀਂ ਹੁੰਦੇ, ਬਲਕਿ ਸੁਭਾਵਕ ਹੀ ਪਰਮੇਸ਼ੁਰ ਦੇ ਬੋਝ ਨੂੰ ਲੈ ਕੇ ਚੱਲਦਿਆਂ ਬਣਦੇ ਹਨ। ਇਸ ਦੇ ਲਈ ਮਨੁੱਖੀ ਯਤਨਾਂ ਦੀ ਲੋੜ ਨਹੀਂ ਹੁੰਦੀ। ਤੁਹਾਨੂੰ ਕੇਵਲ ਪਰਮੇਸ਼ੁਰ ਦੇ ਵਚਨ ਦੇ ਸਿਧਾਂਤਾਂ ਅਨੁਸਾਰ ਚੱਲਣ ਦੀ ਜ਼ਰੂਰਤ ਹੈ। ਕੀ ਤੂੰ ਪਰਮੇਸ਼ੁਰ ਦੀ ਇੱਛਾ ਬਾਰੇ ਵਿਚਾਰ ਕਰਨ ਲਈ ਤਿਆਰ ਹੈਂ? ਕੀ ਤੂੰ ਇਕ ਅਜਿਹਾ ਵਿਅਕਤੀ ਬਣਨ ਲਈ ਤਿਆਰ ਹੈਂ ਜੋ ਪਰਮੇਸ਼ੁਰ ਅੱਗੇ “ਬਿਨਾ ਤਰਕ” ਵਾਲਾ ਹੋਵੇ? ਕੀ ਤੂੰ ਪੂਰੀ ਤਰ੍ਹਾਂ ਆਪਣੇ ਦਿਲ ਨੂੰ ਪਰਮੇਸ਼ੁਰ ਨੂੰ ਦੇਣ ਅਤੇ ਲੋਕਾਂ ਵਿਚ ਆਪਣੀ ਸਥਿਤੀ ਨੂੰ ਨਜ਼ਰ ਅੰਦਾਜ਼ ਕਰਨ ਲਈ ਤਿਆਰ ਹੈਂ? ਉਨ੍ਹਾਂ ਸਾਰੇ ਲੋਕਾਂ ਵਿਚੋਂ ਜਿਨ੍ਹਾਂ ਨਾਲ ਤੇਰਾ ਸੰਪਰਕ ਹੈ, ਕਿਨ੍ਹਾਂ ਨਾਲ ਤੇਰੇ ਸਭ ਤੋਂ ਚੰਗੇ ਸੰਬੰਧ ਹਨ? ਤੇਰੇ ਕਿਸ ਨਾਲ ਸਭ ਤੋਂ ਭੈੜੇ ਸੰਬੰਧ ਹਨ? ਕੀ ਲੋਕਾਂ ਨਾਲ ਤੇਰੇ ਸੰਬੰਧ ਸੁਭਾਵਕ ਹਨ? ਕੀ ਤੂੰ ਸਾਰੇ ਲੋਕਾਂ ਨਾਲ ਇਕੋ ਜਿਹਾ ਵਰਤਾਓ ਕਰਦਾ ਹੈਂ? ਕੀ ਤੇਰੇ ਦੂਜੇ ਲੋਕਾਂ ਨਾਲ ਸੰਬੰਧ ਜੀਉਣ ਦੇ ਤੇਰੇ ਆਪਣੇ ਫਲਸਫ਼ੇ ਅਨੁਸਾਰ ਹਨ, ਜਾਂ ਕੀ ਉਹ ਪਰਮੇਸ਼ੁਰ ਦੇ ਪਿਆਰ ਦੀ ਬੁਨਿਆਦ ’ਤੇ ਬਣੇ ਹੋਏ ਹਨ? ਜਦ ਕੋਈ ਵਿਅਕਤੀ ਆਪਣਾ ਦਿਲ ਪਰਮੇਸ਼ੁਰ ਨੂੰ ਨਹੀਂ ਦਿੰਦਾ, ਤਦ ਉਸ ਦੀ ਆਤਮਾ ਗੁੰਝਲਦਾਰ, ਸੁੰਨ ਅਤੇ ਬੇਹੋਸ਼ ਹੋ ਜਾਂਦੀ ਹੈ। ਇਸ ਕਿਸਮ ਦਾ ਵਿਅਕਤੀ ਕਦੇ ਵੀ ਪਰਮੇਸ਼ੁਰ ਦੇ ਵਚਨਾਂ ਨੂੰ ਨਹੀਂ ਸਮਝੇਗਾ ਅਤੇ ਪਰਮੇਸ਼ੁਰ ਨਾਲ ਕਦੇ ਸੁਭਾਵਕ ਸੰਬੰਧ ਨਹੀਂ ਰੱਖ ਸਕੇਗਾ; ਇਸ ਕਿਸਮ ਦੇ ਵਿਅਕਤੀ ਦਾ ਸੁਭਾਅ ਕਦੇ ਨਹੀਂ ਬਦਲਿਆ ਜਾ ਸਕੇਗਾ। ਕਿਸੇ ਦੇ ਸੁਭਾਅ ਨੂੰ ਬਦਲਣਾ ਉਸ ਦਾ ਦਿਲ ਪੂਰੀ ਤਰਾਂ ਪਰਮੇਸ਼ੁਰ ਨੂੰ ਦੇਣ ਅਤੇ ਪਰਮੇਸ਼ੁਰ ਦੇ ਵਚਨਾਂ ਤੋਂ ਗਿਆਨ ਅਤੇ ਪ੍ਰਕਾਸ਼ ਪ੍ਰਾਪਤ ਕਰਨ ਦੀ ਪ੍ਰਕਿਰਿਆ ਹੈ। ਪਰਮੇਸ਼ੁਰ ਦਾ ਕੰਮ ਵਿਅਕਤੀ ਨੂੰ ਸਰਗਰਮੀ ਨਾਲ ਪ੍ਰਵੇਸ਼ ਕਰਨ ਦੀ ਅਨੁਮਤੀ ਦੇ ਸਕਦਾ ਹੈ, ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਨਕਾਰਾਤਮਕ ਪਹਿਲੂਆਂ ਤੋਂ ਜਾਣੂ ਹੋਣ ਤੋਂ ਬਾਅਦ ਇਨ੍ਹਾਂ ਨੂੰ ਆਪਣੇ ਅੰਦਰੋਂ ਕੱਢ ਸੁੱਟਣ ਦੇ ਯੋਗ ਬਣਾ ਸਕਦਾ ਹੈ। ਜਦ ਤੂੰ ਆਪਣਾ ਦਿਲ ਪਰਮੇਸ਼ੁਰ ਨੂੰ ਦੇਣ ਦੀ ਸਥਿਤੀ ਵਿੱਚ ਪਹੁੰਚ ਜਾਂਦਾ ਹੈਂ, ਤਾਂ ਤੂੰ ਆਪਣੀ ਆਤਮਾ ਅੰਦਰ ਹੋਣ ਵਾਲੀ ਹਲਕੀ ਜਿਹੀ ਹਲਚਲ ਨੂੰ ਵੀ ਸਮਝ ਸਕੇਂਗਾ ਅਤੇ ਪਰਮੇਸ਼ੁਰ ਤੋਂ ਪ੍ਰਾਪਤ ਹੋਣ ਵਾਲੇ ਹਰ ਗਿਆਨ ਅਤੇ ਚਾਨਣ ਨੂੰ ਜਾਣ ਜਾਵੇਂਗਾ। ਇਸ ਨੂੰ ਫੜੀ ਰੱਖ, ਅਤੇ ਤੂੰ ਹੌਲੀ-ਹੌਲੀ ਪਵਿੱਤਰ ਆਤਮਾ ਦੁਆਰਾ ਸੰਪੂਰਣ ਕੀਤੇ ਜਾਣ ਦੇ ਰਸਤੇ ’ਤੇ ਪ੍ਰਵੇਸ਼ ਕਰ ਜਾਵੇਂਗਾ। ਜਿੰਨਾ ਵਧੇਰੇ ਤੇਰਾ ਮਨ ਪਰਮੇਸ਼ੁਰ ਅੱਗੇ ਸ਼ਾਂਤ ਹੋ ਸਕੇਗਾ, ਓਨੀ ਹੀ ਵੱਧ ਤੇਰੀ ਆਤਮਾ ਸੰਵੇਦਨਸ਼ੀਲ ਅਤੇ ਕੋਮਲ ਹੋਵੇਗੀ, ਅਤੇ ਤੇਰੀ ਆਤਮਾ ਪਵਿੱਤਰ ਆਤਮਾ ਦੇ ਕੰਮ ਕਰਨ ਦੇ ਤਰੀਕੇ ਨੂੰ ਹੋਰ ਜ਼ਿਆਦਾ ਸਮਝ ਸਕੇਗੀ ਅਤੇ ਤੇਰਾ ਪਰਮੇਸ਼ੁਰ ਨਾਲ ਸਬੰਧ ਹੋਰ ਵੀ ਸੁਭਾਵਕ ਬਣ ਜਾਵੇਗਾ। ਲੋਕਾਂ ਵਿਚਕਾਰ ਸੁਭਾਵਕ ਸੰਬੰਧ ਉਨ੍ਹਾਂ ਵੱਲੋਂ ਆਪਣਾ ਦਿਲ ਪਰਮੇਸ਼ੁਰ ਨੂੰ ਦੇਣ ਦੀ ਬੁਨਿਆਦ ’ਤੇ ਸਥਾਪਿਤ ਹੁੰਦਾ ਹੈ, ਨਾ ਕਿ ਮਨੁੱਖੀ ਯਤਨ ਦੁਆਰਾ। ਦਿਲਾਂ ਵਿਚ ਪਰਮੇਸ਼ੁਰ ਤੋਂ ਬਿਨਾਂ, ਲੋਕਾਂ ਦੇ ਆਪਸੀ ਆਪਸੀ ਸੰਬੰਧ ਕੇਵਲ ਸਰੀਰ ਦੇ ਰਿਸ਼ਤੇ ਹੁੰਦੇ ਹਨ। ਉਹ ਸੁਭਾਵਕ ਨਹੀਂ ਹੁੰਦੇ, ਬਲਕਿ, ਕਾਮ-ਵਾਸਨਾ ਅੱਗੇ ਹਾਰ ਜਾਣਾ ਹੁੰਦੇ ਹਨ। ਇਹ ਅਜਿਹੇ ਰਿਸ਼ਤੇ ਹੁੰਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ, ਜਿਨ੍ਹਾਂ ਨੂੰ ਉਹ ਘਿਰਣਾ ਕਰਦਾ ਹੈ। ਜੇ ਤੂੰ ਕਹਿੰਦਾ ਹੈਂ ਕਿ ਤੇਰੀ ਆਤਮਾ ਪ੍ਰੇਰਿਤ ਹੋ ਚੁੱਕੀ ਹੈ, ਪਰ ਤੂੰ ਹਮੇਸ਼ਾ ਉਨ੍ਹਾਂ ਲੋਕਾਂ ਨਾਲ ਸੰਗਤ ਰੱਖਣਾ ਚਾਹੁੰਦਾ ਹੈਂ ਜਿਨ੍ਹਾਂ ਨੂੰ ਤੂੰ ਪਸੰਦ ਕਰਦਾ ਹੈਂ, ਜਿਨ੍ਹਾਂ ਬਾਰੇ ਤੂੰ ਉੱਚੇ ਵਿਚਾਰ ਰੱਖਦਾ ਹੈਂ, ਅਤੇ ਜੇਕਰ ਕੋਈ ਦੂਜਾ ਵਿਅਕਤੀ ਪਰਮੇਸ਼ੁਰ ਦਾ ਖੋਜੀ ਹੈ ਪਰ ਤੂੰ ਉਸ ਨੂੰ ਪਸੰਦ ਨਹੀਂ ਕਰਦਾ, ਇੱਥੋਂ ਤੱਕ ਕਿ ਉਨ੍ਹਾਂ ਵਿਰੁੱਧ ਪੱਖਪਾਤ ਕਰਦਾ ਹੈਂ ਅਤੇ ਉਨ੍ਹਾਂ ਨਾਲ ਮੇਲਜੋਲ ਨਹੀਂ ਰੱਖਦਾ, ਇਹ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਤੂੰ ਆਪਣੇ ਜਜ਼ਬਾਤਾਂ ਦਾ ਗੁਲਾਮ ਹੈਂ ਅਤੇ ਤੇਰਾ ਪਰਮੇਸ਼ੁਰ ਨਾਲ ਸੰਬੰਧ ਸੁਭਾਵਕ ਬਿਲਕੁਲ ਨਹੀਂ ਹੈ। ਤੂੰ ਕੇਵਲ ਪਰਮੇਸ਼ੁਰ ਨੂੰ ਧੋਖਾ ਦੇਣ ਅਤੇ ਆਪਣੀ ਬਦਸੂਰਤੀ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ। ਭਾਵੇਂ ਤੂੰ ਆਪਣਾ ਗਿਆਨ ਵੀ ਸਾਂਝਾ ਕਰ ਹੈਂ, ਪਰ ਗਲਤ ਇਰਾਦੇ ਰੱਖਦਾ ਹੈਂ, ਤਾਂ ਤੂੰ ਜੋ ਵੀ ਕਰਦਾ ਹੈਂ ਉਹ ਕੇਵਲ ਮਨੁੱਖੀ ਮਿਆਰਾਂ ਮੁਤਾਬਕ ਸਹੀ ਹੋ ਸਕਦਾ ਹੈ। ਪਰਮੇਸ਼ੁਰ ਤੇਰੀ ਸਿਫ਼ਤ ਨਹੀਂ ਕਰੇਗਾ-ਤੂੰ ਸਰੀਰ ਅਨੁਸਾਰ ਕਾਰਜ ਕਰ ਰਿਹਾ ਹੈਂ, ਪਰਮੇਸ਼ੁਰ ਦੇ ਬੋਝ ਅਨੁਸਾਰ ਨਹੀਂ। ਜੇ ਤੂੰ ਪਰਮੇਸ਼ੁਰ ਸਾਹਮਣੇ ਆਪਣੇ ਦਿਲਾਂ ਨੂੰ ਸ਼ਾਂਤ ਕਰ ਸਕਦਾ ਹੈਂ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਸੁਭਾਵਕ ਮੇਲਜੋਲ ਰੱਖ ਸਕਦਾ ਹੈਂ ਜਿਹੜੇ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਤਾਂ ਹੀ ਤੂੰ ਪਰਮੇਸ਼ੁਰ ਵੱਲੋਂ ਇਸਤੇਮਾਲ ਕੀਤੇ ਜਾਣ ਦੇ ਯੋਗ ਹੈਂ। ਇਸ ਪ੍ਰਕਾਰ, ਦੂਜਿਆਂ ਨਾਲ ਭਾਵੇਂ ਤੂੰ ਕਿਸੇ ਵੀ ਤਰ੍ਹਾਂ ਜੁੜਿਆ ਹੋਵੇਂ, ਇਹ ਜੀਉਣ ਦੇ ਕਿਸੇ ਫ਼ਲਸਫ਼ੇ ਦੇ ਅਨੁਸਾਰ ਨਹੀਂ ਹੋਵੇਗਾ, ਸਗੋਂ, ਇਹ ਜੀਉਣਾ ਪਰਮੇਸ਼ੁਰ ਦੇ ਸਨਮੁੱਖ ਹੋਵੇਗਾ ਅਤੇ ਇਸ ਢੰਗ ਦਾ ਹੋਵੇਗਾ ਜਿਸ ਵਿੱਚ ਉਸ ਦੇ ਬੋਝ ਲਈ ਪਰਵਾਹ ਹੈ। ਤੁਹਾਡੇ ਵਿੱਚੋਂ ਅਜਿਹੇ ਕਿੰਨੇ ਲੋਕ ਹਨ? ਕੀ ਦੂਜਿਆਂ ਨਾਲ ਤੁਹਾਡੇ ਸੰਬੰਧ ਸੱਚਮੁੱਚ ਸੁਭਾਵਕ ਹਨ? ਉਹ ਕਿਸ ਨੀਂਹ ਤੇ ਬਣੇ ਹਨ? ਤੁਹਾਡੇ ਅੰਦਰ ਜੀਉਣ ਦੇ ਕਿੰਨੇ ਫਲਸਫੇ ਹਨ? ਕੀ ਉਨ੍ਹਾਂ ਨੂੰ ਤਿਆਗ ਦਿੱਤਾ ਗਿਆ ਹੈ? ਜੇਕਰ ਤੇਰਾ ਦਿਲ ਪੂਰੀ ਤਰ੍ਹਾਂ ਪਰਮੇਸ਼ੁਰ ਵੱਲ ਨਹੀਂ ਮੁੜ ਸਕਦਾ, ਤਾਂ ਤੂੰ ਪਰਮੇਸ਼ੁਰ ਦਾ ਨਹੀਂ ਹੈਂ-ਤੂੰ ਸ਼ਤਾਨ ਤੋਂ ਆਇਆ ਹੈਂ, ਅਤੇ ਅੰਤ ਵਿਚ ਤੈਨੂੰ ਸ਼ਤਾਨ ਕੋਲ ਹੀ ਵਾਪਸ ਭੇਜ ਦਿੱਤਾ ਜਾਵੇਗਾ। ਤੂੰ ਪਰਮੇਸ਼ੁਰ ਦੇ ਲੋਕਾਂ ਵਿੱਚ ਗਿਣੇ ਜਾਣ ਦੇ ਯੋਗ ਨਹੀਂ ਹੈਂ। ਤੈਨੂੰ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਧਿਆਨਪੂਰਵਕ ਵਿਚਾਰ ਕਰਨ ਦੀ ਲੋੜ ਹੈl

ਪਿਛਲਾ: ਪਰਮੇਸ਼ੁਰ ਉੱਤੇ ਤੁਹਾਡਾ ਜੋ ਵਿਸ਼ਵਾਸ ਹੈ ਉਸ ਵਿੱਚ ਤੁਹਾਨੂੰ ਪਰਮੇਸ਼ੁਰ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ

ਅਗਲਾ: ਇੱਕ ਸਧਾਰਣ ਆਤਮਕ ਜੀਵਨ ਲੋਕਾਂ ਨੂੰ ਸਹੀ ਰਸਤੇ ਤੇ ਲੈ ਜਾਂਦਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ