ਇੱਕ ਸਧਾਰਣ ਆਤਮਕ ਜੀਵਨ ਲੋਕਾਂ ਨੂੰ ਸਹੀ ਰਸਤੇ ਤੇ ਲੈ ਜਾਂਦਾ ਹੈ

ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਰਸਤੇ ਉੱਤੇ ਹਾਲੇ ਕੇਵਲ ਥੋੜ੍ਹਾ ਜਿਹਾ ਹੀ ਤੁਰੇ ਹੋ, ਅਤੇ ਤੁਸੀਂ ਅਜੇ ਸਹੀ ਰਸਤੇ ਤੇ ਪ੍ਰਵੇਸ਼ ਕਰਨਾ ਹੈ, ਇਸ ਲਈ ਤੁਸੀਂ ਹਾਲੇ ਪਰਮੇਸ਼ੁਰ ਦੇ ਮਿਆਰਾਂ ਤੇ ਪੂਰੇ ਉੱਤਰਨ ਤੋਂ ਬਹੁਤ ਦੂਰ ਹੋ। ਅਜੇ, ਉਸ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਤੁਹਾਡਾ ਰੁਤਬਾ ਕਾਫ਼ੀ ਨਹੀਂ ਹੈ। ਤੁਹਾਡੀ ਯੋਗਤਾ ਅਤੇ ਤੁਹਾਡੇ ਭ੍ਰਿਸ਼ਟ ਸੁਭਾਅ ਕਾਰਨ, ਤੁਸੀਂ ਹਮੇਸ਼ਾ ਪਰਮੇਸ਼ੁਰ ਦੇ ਕਾਰਜ ਨੂੰ ਲਾਪਰਵਾਹੀ ਨਾਲ ਲੈਂਦੇ ਹੋ; ਤੁਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਹ ਤੁਹਾਡੀ ਸਭ ਤੋਂ ਵੱਡੀ ਖਾਮੀ ਹੈ। ਯਕੀਨਨ ਹੀ ਅਜਿਹਾ ਕੋਈ ਨਹੀਂ ਜੋ ਪਵਿੱਤਰ ਆਤਮਾ ਦੇ ਮਾਰਗ ਬਾਰੇ ਅਨੁਮਾਨ ਲਗਾ ਸਕਦਾ ਹੋਵੇ; ਤੁਹਾਡੇ ਵਿਚੋਂ ਬਹੁਤ ਸਾਰੇ ਤਾਂ ਇਸ ਨੂੰ ਸਮਝ ਹੀ ਨਹੀਂ ਪਾਉਂਦੇ ਅਤੇ ਇਸ ਨੂੰ ਸਪਸ਼ਟ ਰੂਪ ਵਿੱਚ ਨਹੀਂ ਦੇਖ ਸਕਦੇ। ਇਸ ਤੋਂ ਇਲਾਵਾ, ਤੁਹਾਡੇ ਵਿਚੋਂ ਬਹੁਤ ਸਾਰੇ ਇਸ ਮਸਲੇ ਵੱਲ ਕੋਈ ਧਿਆਨ ਹੀ ਨਹੀਂ ਦਿੰਦੇ, ਇਸ ਨੂੰ ਦਿਲ ਵਿੱਚ ਬਿਠਾਉਣਾ ਤਾਂ ਦੂਰ ਦੀ ਗੱਲ ਹੈ। ਜੇਕਰ ਪਵਿੱਤਰ ਆਤਮਾ ਦੇ ਕਾਰਜ ਤੋਂ ਅਣਜਾਣ, ਤੁਸੀਂ ਇਸ ਤਰ੍ਹਾਂ ਹੀ ਚੱਲਦੇ ਰਹਿੰਦੇ ਹੋ ਤਾਂ ਪਰਮੇਸ਼ੁਰ ਵਿੱਚ ਵਿਸ਼ਵਾਸੀ ਵਜੋਂ ਜੋ ਰਾਹ ਤੁਸੀਂ ਅਖਤਿਆਰ ਕਰਦੇ ਹੋ, ਉਹ ਬਿਲਕੁਲ ਵਿਅਰਥ ਹੋਵੇਗਾ। ਇਹ ਇਸ ਕਾਰਨ ਹੈ ਕਿਉਂਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਲਈ ਆਪਣੀ ਸਮਰੱਥਾ ਅਨੁਸਾਰ ਕਾਰਜ ਨਹੀਂ ਕਰਦੇ ਅਤੇ ਤੁਸੀਂ ਪਰਮੇਸ਼ੁਰ ਨਾਲ ਚੰਗੀ ਤਰ੍ਹਾਂ ਸਹਿਯੋਗ ਨਹੀਂ ਕਰਦੇ। ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਤੇ ਕੰਮ ਨਹੀਂ ਕੀਤਾ, ਜਾਂ ਪਵਿੱਤਰ ਆਤਮਾ ਨੇ ਤੁਹਾਨੂੰ ਪ੍ਰੇਰਿਤ ਨਹੀਂ ਕੀਤਾ। ਇਹ ਇਸ ਲਈ ਹੈ ਕਿ ਤੁਸੀਂ ਇੰਨੇ ਲਾਪਰਵਾਹ ਹੋ ਕਿ ਪਵਿੱਤਰ ਆਤਮਾ ਦੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਤੁਹਾਨੂੰ ਇਸ ਸਥਿਤੀ ਨੂੰ ਤੁਰੰਤ ਪਲਟਣਾ ਪਵੇਗਾ ਅਤੇ ਉਸ ਰਾਹ ਤੇ ਚੱਲਣਾ ਪਵੇਗਾ ਜਿਸ ’ਤੇ ਪਵਿੱਤਰ ਆਤਮਾ ਲੋਕਾਂ ਦੀ ਅਗਵਾਈ ਕਰਦਾ ਹੈ। ਇਹ ਅੱਜ ਦਾ ਮੁੱਖ ਵਿਸ਼ਾ ਹੈ। “ਪਵਿੱਤਰ ਆਤਮਾ ਜਿਸ ਰਾਹ ’ਤੇ ਅਗਵਾਈ ਕਰਦਾ ਹੈ” ਦਾ ਭਾਵ ਹੈ ਆਤਮਕ ਗਿਆਨ ਪ੍ਰਾਪਤ ਕਰਨਾ; ਪਰਮੇਸ਼ੁਰ ਦੇ ਵਚਨ ਦਾ ਗਿਆਨ ਹੋਣਾ; ਅੱਗੇ ਦੇ ਰਸਤੇ ਬਾਰੇ ਸਪੱਸ਼ਟਤਾ ਪ੍ਰਾਪਤ ਕਰਨਾ; ਕਦਮ ਦਰ ਕਦਮ ਸੱਚਾਈ ਵਿਚ ਦਾਖਲ ਹੋਣਾ; ਅਤੇ ਪਰਮੇਸ਼ੁਰ ਬਾਰੇ ਵਧੇਰੇ ਗਿਆਨ ਦੀ ਪ੍ਰਾਪਤੀ ਹੋਣਾ। ਜਿਸ ਰਸਤੇ ਉੱਪਰ ਚੱਲਣ ਲਈ ਪਵਿੱਤਰ ਆਤਮਾ ਵੱਲੋਂ ਲੋਕਾਂ ਨੂੰ ਅਗਵਾਈ ਮਿਲਦੀ ਹੈ ਉਹ ਮੁੱਖ ਤੌਰ ਤੇ ਪਰਮੇਸ਼ੁਰ ਦੇ ਵਚਨ ਦੀ ਸਪਸ਼ਟ ਸਮਝ ਵੱਲ ਵਧਦਾ ਹੈ, ਭਟਕਾਉਣ ਵਾਲੀਆਂ ਗੱਲਾਂ ਅਤੇ ਭੁਲੇਖਿਆਂ ਤੋਂ ਮੁਕਤ, ਅਤੇ ਜੋ ਇਸ ਤੇ ਚੱਲਦੇ ਹਨ, ਉਹ ਸਿੱਧੇ ਇਸ ’ਤੇ ਹੀ ਚੱਲਦੇ ਹਨ। ਇਸ ਨੂੰ ਪ੍ਰਾਪਤ ਕਰਨ ਲਈ, ਤੁਹਾਨੂੰ ਪਰਮੇਸ਼ੁਰ ਨਾਲ ਇਕਸੁਰਤਾ ਵਿੱਚ ਕੰਮ ਕਰਨ ਦੀ, ਅਮਲ ਕਰਨ ਦਾ ਸਹੀ ਰਸਤਾ ਲੱਭਣ ਦੀ, ਅਤੇ ਪਵਿੱਤਰ ਆਤਮਾ ਦੀ ਅਗਵਾਈ ਵਾਲੇ ਰਸਤੇ ਤੇ ਚੱਲਣ ਦੀ ਜ਼ਰੂਰਤ ਹੋਵੇਗੀ। ਇਸ ਵਿਚ ਮਨੁੱਖ ਵੱਲੋਂ ਸਹਿਯੋਗ ਸ਼ਾਮਲ ਹੁੰਦਾ ਹੈ, ਅਰਥਾਤ ਕਿ ਪਰਮੇਸ਼ੁਰ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ, ਅਤੇ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਸਹੀ ਮਾਰਗ ’ਤੇ ਦਾਖਲ ਹੋਣ ਲਈ ਤੁਹਾਨੂੰ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ।

ਹੋ ਸਕਦਾ ਹੈ ਪਵਿੱਤਰ ਆਤਮਾ ਦੀ ਅਗਵਾਈ ਵਾਲੇ ਰਸਤੇ ਉੱਤੇ ਕਦਮ ਰੱਖਣਾ ਗੁੰਝਲਦਾਰ ਜਾਪੇ, ਪਰ ਜਦ ਤੈਨੂੰ ਅਮਲ ਕਰਨ ਦਾ ਰਸਤਾ ਸਪਸ਼ਟ ਹੋ ਜਾਵੇਗਾ, ਤਾਂ ਇਹ ਤੈਨੂੰ ਬਹੁਤ ਸੌਖਾ ਲੱਗੇਗਾ। ਸੱਚ ਤਾਂ ਇਹ ਹੈ ਕਿ ਲੋਕ ਉਸ ਸਭ ਕੁਝ ਦੇ ਸਮਰੱਥ ਹਨ ਜੋ ਪਰਮੇਸ਼ੁਰ ਉਨ੍ਹਾਂ ਤੋਂ ਚਾਹੁੰਦਾ ਹੈ-ਇਹ ਕੋਈ ਅਜਿਹੀ ਗੱਲ ਨਹੀਂ ਹੈ ਜਿਵੇਂ ਉਹ ਸੂਰਾਂ ਨੂੰ ਉੱਡਣਾ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪਰਮੇਸ਼ੁਰ ਸਾਰੀਆਂ ਸਥਿਤੀਆਂ ਵਿੱਚ, ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਨਿਪਟਾਰਾ ਕਰਨਾ ਚਾਹੁੰਦਾ ਹੈ। ਤੁਹਾਨੂੰ ਸਭ ਨੂੰ ਇਹ ਸਮਝਣਾ ਚਾਹੀਦਾ ਹੈ; ਪਰਮੇਸ਼ੁਰ ਨੂੰ ਗਲਤ ਨਾ ਸਮਝੋ। ਪਵਿੱਤਰ ਆਤਮਾ ਵਾਲੇ ਰਸਤੇ ’ਤੇ ਲੋਕਾਂ ਦੀ ਅਗਵਾਈ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਹੀ ਕੀਤੀ ਜਾਂਦੀ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਤੁਹਾਨੂੰ ਆਪਣਾ ਦਿਲ ਪਰਮੇਸ਼ੁਰ ਨੂੰ ਦੇਣਾ ਪਵੇਗਾ। ਇਹ ਪਵਿੱਤਰ ਆਤਮਾ ਵਾਲੇ ਰਸਤੇ ’ਤੇ ਚੱਲਣ ਲਈ ਮੁਢਲੀ ਸ਼ਰਤ ਹੈ। ਸਹੀ ਮਾਰਗ ’ਤੇ ਦਾਖਲ ਹੋਣ ਲਈ ਤੁਹਾਨੂੰ ਇਹ ਜ਼ਰੂਰ ਕਰਨਾ ਪਵੇਗਾ। ਕੋਈ ਵਿਅਕਤੀ ਚੇਤੰਨ ਤੌਰ ਤੇ ਆਪਣਾ ਦਿਲ ਪਰਮੇਸ਼ੁਰ ਨੂੰ ਦੇਣ ਦਾ ਕੰਮ ਕਿਵੇਂ ਕਰਦਾ ਹੈ? ਤੁਹਾਡੇ ਰੋਜ਼ਾਨਾ ਜੀਵਨ ਵਿੱਚ, ਜਦ ਤੁਸੀਂ ਪਰਮੇਸ਼ੁਰ ਦੇ ਕਾਰਜ ਦਾ ਅਨੁਭਵ ਕਰਦੇ ਹੋ ਅਤੇ ਉਸ ਅੱਗੇ ਪ੍ਰਾਰਥਨਾ ਕਰਦੇ ਹੋ, ਤਾਂ ਇਹ ਤੁਸੀਂ ਲਾਪਰਵਾਹੀ ਨਾਲ ਕਰਦੇ ਹੋ-ਤੁਸੀਂ ਕੰਮ ਕਰਦੇ ਸਮੇਂ ਹੀ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹੋ। ਕੀ ਇਸ ਨੂੰ ਪਰਮੇਸ਼ੁਰ ਨੂੰ ਆਪਣਾ ਦਿਲ ਦੇਣਾ ਕਿਹਾ ਜਾ ਸਕਦਾ ਹੈ? ਤੁਸੀਂ ਘਰੇਲੂ ਮਸਲਿਆਂ ਜਾਂ ਸਰੀਰਕ ਮਸਲਿਆਂ ਬਾਰੇ ਸੋਚ ਰਹੇ ਹੁੰਦੇ ਹੋ; ਤੁਸੀਂ ਹਮੇਸ਼ਾ ਦੁਚਿੱਤੀ ਵਿੱਚ ਰਹਿੰਦੇ ਹੋ। ਕੀ ਇਸ ਨੂੰ ਪਰਮੇਸ਼ੁਰ ਦੀ ਹਜ਼ੂਰੀ ਵਿਚ ਆਪਣੇ ਮਨ ਨੂੰ ਸ਼ਾਂਤ ਕਰਨਾ ਮੰਨਿਆ ਜਾ ਸਕਦਾ ਹੈ? ਇਹ ਇਸ ਲਈ ਹੈ ਕਿਉਂਕਿ ਤੇਰਾ ਮਨ ਹਮੇਸ਼ਾ ਬਾਹਰੀ ਮਾਮਲਿਆਂ ’ਤੇ ਟਿਕਿਆ ਰਹਿੰਦਾ ਹੈ, ਅਤੇ ਵਾਪਸ ਪਰਮੇਸ਼ੁਰ ਦੇ ਸਾਹਮਣੇ ਨਹੀਂ ਆਉਂਦਾ। ਜੇ ਤੂੰ ਪਰਮੇਸ਼ੁਰ ਦੇ ਅੱਗੇ ਸੱਚਮੁੱਚ ਆਪਣੇ ਮਨ ਨੂੰ ਸ਼ਾਂਤ ਰੱਖਦਾ ਹੈਂ, ਤਾਂ ਤੈਨੂੰ ਸਚੇਤ ਸਹਿਯੋਗ ਦਾ ਕੰਮ ਕਰਨਾ ਪਵੇਗਾ। ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਵਿੱਚੋਂ ਹਰ ਇੱਕ ਨੂੰ ਨਿੱਜੀ ਅਰਾਧਨਾ-ਪ੍ਰਾਰਥਨਾ ਲਈ ਵੱਖਰਾ ਸਮਾਂ ਰੱਖਣਾ ਚਾਹੀਦਾ ਹੈ, ਅਜਿਹਾ ਸਮਾਂ ਜਦ ਤੁਸੀਂ ਸਭ ਲੋਕਾਂ, ਰੁਝੇਵਿਆਂ ਅਤੇ ਚੀਜ਼ਾਂ ਨੂੰ ਪਾਸੇ ਰੱਖਦੇ ਹੋਏ ਆਪਣੇ ਦਿਲ ਨੂੰ ਟਿਕਾਉਂਦੇ ਹੋ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਅੱਗੇ ਸ਼ਾਂਤ ਕਰਦੇ ਹੋ। ਹਰ ਇੱਕ ਨੂੰ ਨਿੱਜੀ ਅਰਾਧਨਾ-ਪ੍ਰਾਰਥਨਾ ਦੇ ਸਮੇਂ ਦੇ ਵੇਰਵਿਆਂ ਨੂੰ ਲਿਖਣਾ ਚਾਹੀਦਾ ਹੈ, ਅਰਥਾਤ ਪਰਮੇਸ਼ੁਰ ਦੇ ਵਚਨ ਬਾਰੇ ਉਨ੍ਹਾਂ ਨੂੰ ਕੀ ਗਿਆਨ ਹਾਸਲ ਹੋਇਆ ਅਤੇ ਉਨ੍ਹਾਂ ਦੀ ਆਤਮਾ ਕਿਵੇਂ ਪ੍ਰੇਰਿਤ ਹੋਈ; ਚਾਹੇ ਇਹ ਵੇਰਵੇ ਡੂੰਘੇ ਜਾਂ ਸਤਹੀ ਹੋਣ, ਇਨ੍ਹਾਂ ਨੂੰ ਲਿਖ ਕੇ ਰੱਖਣਾ ਚਾਹੀਦਾ ਹੈ; ਹਰ ਇੱਕ ਨੂੰ ਪਰਮੇਸ਼ੁਰ ਅੱਗੇ ਸਚੇਤ ਤੌਰ ਤੇ ਆਪਣੇ ਮਨ ਨੂੰ ਸ਼ਾਂਤ ਕਰਨਾ ਚਾਹੀਦਾ ਹੈ। ਜੇ ਤੂੰ ਹਰ ਰੋਜ਼ ਇਕ ਜਾਂ ਦੋ ਘੰਟੇ ਸੱਚੇ ਆਤਮਕ ਜੀਵਨ ਨੂੰ ਸਮਰਪਿਤ ਕਰ ਸਕੇਂ, ਤਾਂ ਤੇਰਾ ਉਹ ਦਿਨ ਖੁਸ਼ਹਾਲ ਰਹੇਗਾ ਅਤੇ ਤੇਰਾ ਮਨ ਖਿੜਿਆ ਹੋਇਆ ਅਤੇ ਸਪਸ਼ਟ ਰਹੇਗਾ। ਜੇਕਰ ਤੂੰ ਹਰ ਰੋਜ਼ ਇਸ ਤਰ੍ਹਾਂ ਦੇ ਆਤਮਕ ਜੀਵਨ ਨੂੰ ਜੀਉਂਦਾ ਹੈਂ, ਤਾਂ ਤੇਰਾ ਦਿਲ ਵਾਪਸ ਪਰਮੇਸ਼ੁਰ ਦਾ ਹੋ ਜਾਣ ਦੇ ਵਧੇਰੇ ਯੋਗ ਹੋਵੇਗਾ, ਤੇਰੀ ਆਤਮਾ ਮਜ਼ਬੂਤ ਤੋਂ ਮਜ਼ਬੂਤ ਹੁੰਦੀ ਜਾਏਗੀ, ਤੇਰੀ ਹਾਲਤ ਵਿਚ ਨਿਰੰਤਰ ਸੁਧਾਰ ਹੋਵੇਗਾ, ਤੂੰ ਪਵਿੱਤਰ ਆਤਮਾ ਵਾਲੇ ਰਸਤੇ ’ਤੇ ਚੱਲਣ ਦੇ ਵਧੇਰੇ ਸਮਰੱਥ ਹੋ ਜਾਵੇਂਗਾ, ਅਤੇ ਪਰਮੇਸ਼ੁਰ ਤੇਰੇ ਉੱਤੇ ਹੋਰ ਵੱਡੀਆਂ ਬਰਕਤਾਂ ਉਂਡੇਲੇਗਾ। ਤੁਹਾਡੇ ਆਤਮਕ ਜੀਵਨ ਦਾ ਉਦੇਸ਼ ਸਚੇਤ ਹੋ ਕੇ ਪਵਿੱਤਰ ਆਤਮਾ ਦੀ ਹਜ਼ੂਰੀ ਨੂੰ ਪ੍ਰਾਪਤ ਕਰਨਾ ਹੈ। ਇਹ ਨਿਯਮਾਂ ਦੇ ਜਾਂ ਧਾਰਮਿਕ ਰਸਮਾਂ ਦੇ ਪਾਲਣ ਲਈ ਨਹੀਂ ਹੈ, ਸਗੋਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਅਨੁਸ਼ਾਸਿਤ ਕਰਨ ਲਈ ਹੈ-ਮਨੁੱਖ ਨੂੰ ਇਹੀ ਕਰਨਾ ਚਾਹੀਦਾ ਹੈ, ਸੋ ਤੁਹਾਨੂੰ ਇਹ ਪੂਰੀ ਕੋਸ਼ਿਸ਼ ਨਾਲ ਕਰਨਾ ਚਾਹੀਦਾ ਹੈ। ਜਿੰਨਾ ਵਧੇਰੇ ਤੇਰਾ ਸਹਿਯੋਗ ਹੋਵੇਗਾ ਅਤੇ ਜਿੰਨਾ ਵਧੀਕ ਤੂੰ ਯਤਨ ਕਰੇਂਗਾ, ਓਨਾ ਹੀ ਵਧੇਰੇ ਤੇਰਾ ਦਿਲ ਪਰਮੇਸ਼ੁਰ ਵੱਲ ਨੂੰ ਵਾਪਸ ਮੁੜ ਸਕੇਗਾ ਅਤੇ ਓਨਾ ਹੀ ਤੂੰ ਪਰਮੇਸ਼ੁਰ ਅੱਗੇ ਆਪਣੇ ਮਨ ਨੂੰ ਸ਼ਾਂਤ ਰੱਖ ਸਕੇਂਗਾ। ਇੱਕ ਨਿਸ਼ਚਤ ਮੁਕਾਮ ਤੇ, ਪਰਮੇਸ਼ੁਰ ਤੇਰੇ ਦਿਲ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲਵੇਗਾ। ਕੋਈ ਵੀ ਤੇਰੇ ਦਿਲ ਨੂੰ ਹਿਲਾ ਨਹੀਂ ਸਕੇਗਾ ਜਾਂ ਇਸ ’ਤੇ ਕਬਜ਼ਾ ਨਹੀਂ ਕਰ ਸਕੇਗਾ, ਅਤੇ ਤੂੰ ਪੂਰੀ ਤਰ੍ਹਾਂ ਪਰਮੇਸ਼ੁਰ ਦਾ ਹੋ ਜਾਵੇਂਗਾ। ਜੇਕਰ ਤੂੰ ਇਸ ਰਾਹ ’ਤੇ ਚੱਲਦਾ ਹੈਂ, ਤਾਂ ਪਰਮੇਸ਼ੁਰ ਦਾ ਵਚਨ ਤੇਰੇ ਉੱਤੇ ਹਰ ਸਮੇਂ ਆਪਣੇ ਆਪ ਨੂੰ ਪਰਗਟ ਕਰੇਗਾ ਅਤੇ ਤੈਨੂੰ ਉਨ੍ਹਾਂ ਚੀਜ਼ਾਂ ਬਾਰੇ ਸੋਝੀ ਦੇਵੇਗਾ ਜੋ ਤੂੰ ਨਹੀਂ ਸਮਝਦਾ-ਇਹ ਸਭ ਤੇਰੇ ਸਹਿਯੋਗ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਪਰਮੇਸ਼ੁਰ ਹਮੇਸ਼ਾ ਕਹਿੰਦਾ ਹੈ, “ਸਾਰੇ ਜੋ ਮੇਰੇ ਨਾਲ ਇਕਸੁਰ ਹੋ ਕੇ ਚੱਲਦੇ ਹਨ, ਮੈਂ ਉਨ੍ਹਾਂ ਨੂੰ ਦੋਹਰਾ ਇਨਾਮ ਦੇਵਾਂਗਾ।” ਲਾਜ਼ਮੀ ਤੌਰ ’ਤੇ ਤੁਹਾਨੂੰ ਇਹ ਮਾਰਗ ਸਾਫ ਦਿਖਾਈ ਦੇਣਾ ਚਾਹੀਦਾ ਹੈ। ਜੇ ਤੁਸੀਂ ਸਹੀ ਰਸਤੇ ’ਤੇ ਚੱਲਣਾ ਚਾਹੁੰਦੇ ਹੋ, ਤਾਂ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਲਈ ਤੁਹਾਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਤੁਸੀਂ ਕਰ ਸਕਦੇ ਹੋ। ਤੁਹਾਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਤੁਸੀਂ ਆਤਮਕ ਜੀਵਨ ਪ੍ਰਾਪਤ ਕਰਨ ਲਈ ਕਰ ਸਕਦੇ ਹੋ। ਹੋ ਸਕਦਾ ਹੈ, ਸ਼ੁਰੂ ਵਿੱਚ ਤੂੰ ਇਸ ਤਲਾਸ਼ ਵਿੱਚ ਬਹੁਤ ਵਧੀਆ ਨਤੀਜੇ ਪ੍ਰਾਪਤ ਨਾ ਕਰ ਸਕੇਂ, ਪਰ ਤੈਨੂੰ ਆਪਣੇ ਆਪ ਨੂੰ ਪਿੱਛੇ ਨਹੀਂ ਹਟਣ ਦੇਣਾ ਚਾਹੀਦਾ ਜਾਂ ਨਾਕਾਰਾਤਮਕਤਾ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੀਦਾ-ਤੈਨੂੰ ਲਾਜ਼ਮੀ ਤੌਰ ਤੇ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ! ਜਿੰਨਾ ਵਧੇਰੇ ਤੂੰ ਆਤਮਕ ਜੀਵਨ ਜੀਵੇਂਗਾ, ਓਨਾ ਹੀ ਵਧੇਰੇ ਤੇਰਾ ਦਿਲ ਪਰਮੇਸ਼ੁਰ ਦੇ ਵਚਨਾਂ ਨਾਲ ਭਰਪੂਰ ਹੋਵੇਗਾ, ਹਮੇਸ਼ਾ ਇਨ੍ਹਾਂ ਮਸਲਿਆਂ ਉੱਤੇ ਧਿਆਨ ਦੇਵੇਗਾ ਅਤੇ ਹਮੇਸ਼ਾ ਇਸ ਭਾਰ ਨੂੰ ਚੁੱਕੇਗਾ। ਉਸ ਤੋਂ ਬਾਅਦ, ਆਪਣੇ ਆਤਮਕ ਜੀਵਨ ਦੁਆਰਾ ਆਪਣੇ ਅੰਦਰਲੇ ਸੱਚ ਨੂੰ ਪਰਮੇਸ਼ੁਰ ਅੱਗੇ ਪਰਗਟ ਕਰ; ਉਸ ਨੂੰ ਦੱਸ ਕਿ ਤੂੰ ਕੀ ਕਰਨ ਲਈ ਤਿਆਰ ਹੈਂ, ਤੂੰ ਕੀ ਸੋਚ ਰਿਹਾ ਹੈਂ ਅਤੇ ਉਸਦੇ ਵਚਨ ਬਾਰੇ ਤੇਰੀ ਕੀ ਸਮਝ ਅਤੇ ਕੀ ਦ੍ਰਿਸ਼ਟੀਕੋਣ ਹੈ। ਕੁਝ ਵੀ ਨਾ ਲੁਕਾ, ਭੋਰਾ ਵੀ ਨਹੀਂ! ਆਪਣੇ ਦਿਲ ਅੰਦਰ ਵਚਨਾਂ ਨੂੰ ਬੋਲਣ ਦਾ ਅਭਿਆਸ ਕਰ ਅਤੇ ਪਰਮੇਸ਼ੁਰ ਅੱਗੇ ਆਪਣੀਆਂ ਸੱਚੀਆਂ ਭਾਵਨਾਵਾਂ ਪਰਗਟ ਕਰ; ਜੇਕਰ ਤੇਰੇ ਦਿਲ ਵਿਚ ਕੁਝ ਹੈ, ਤਾਂ ਇਸਨੂੰ ਹਰ ਹਾਲਤ ਵਿੱਚ ਦੱਸ। ਜਿੰਨਾ ਵਧੇਰੇ ਤੂੰ ਇਸ ਤਰੀਕੇ ਨਾਲ ਬੋਲੇਂਗਾ, ਓਨਾ ਹੀ ਵਧੇਰੇ ਤੂੰ ਪਰਮੇਸ਼ੁਰ ਦੀ ਖੂਬਸੂਰਤੀ ਨੂੰ ਮਹਿਸੂਸ ਕਰੇਂਗਾ, ਅਤੇ ਪਰਮੇਸ਼ੁਰ ਤੇਰੇ ਦਿਲ ਨੂੰ ਓਨਾ ਵਧੀਕ ਖਿੱਚ ਪਾਵੇਗਾ। ਜਦੋਂ ਇਸ ਤਰ੍ਹਾਂ ਹੋਵੇਗਾ, ਤਾਂ ਤੂੰ ਮਹਿਸੂਸ ਕਰੇਂਗਾ ਕਿ ਪਰਮੇਸ਼ੁਰ ਤੇਰੇ ਲਈ ਸਭ ਤੋਂ ਵੱਧ ਪਿਆਰਾ ਹੈ। ਤੂੰ ਕਦੇ ਵੀ ਪਰਮੇਸ਼ੁਰ ਕੋਲੋਂ ਪਰੇ ਨਹੀਂ ਹੋਵੇਂਗਾ, ਭਾਵੇਂ ਕੁਝ ਵੀ ਹੋ ਜਾਵੇ। ਜੇ ਤੂੰ ਰੋਜ਼ਾਨਾ ਇਸ ਤਰ੍ਹਾਂ ਅਰਾਧਨਾ-ਪ੍ਰਾਰਥਨਾ ਕਰਨ ਦਾ ਅਭਿਆਸ ਕਰੇਂਗਾ ਅਤੇ ਇਸ ਨੂੰ ਆਪਣੇ ਮਨ ਵਿੱਚੋਂ ਬਾਹਰ ਨਹੀਂ ਕੱਢੇਂਗਾ, ਸਗੋਂ ਇਸ ਨੂੰ ਆਪਣੇ ਜੀਵਨ ਵਿਚ ਬੇਹੱਦ ਮਹੱਤਵਪੂਰਣ ਗੱਲ ਸਮਝੇਂਗਾ, ਤਾਂ ਪਰਮੇਸ਼ੁਰ ਦਾ ਵਚਨ ਤੇਰੇ ਦਿਲ ਵਿੱਚ ਵੱਸ ਜਾਵੇਗਾ। ਪਵਿੱਤਰ ਆਤਮਾ ਵੱਲੋਂ ਛੂਹੇ ਜਾਣ ਦਾ ਇਹੀ ਮਤਲਬ ਹੈ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਪਰਮੇਸ਼ੁਰ ਹਮੇਸ਼ਾ ਹੀ ਤੇਰੇ ਦਿਲ ਉੱਤੇ ਕਾਬਜ਼ ਰਿਹਾ ਹੋਵੇ, ਜਿਵੇਂ ਕਿ ਜਿਸ ਚੀਜ਼ ਨੂੰ ਤੂੰ ਪਿਆਰ ਕਰਦਾ ਹੈਂ ਉਹ ਹਮੇਸ਼ਾ ਤੇਰੇ ਦਿਲ ਵਿਚ ਹੈ। ਕੋਈ ਵੀ ਇਸਨੂੰ ਤੇਰੇ ਤੋਂ ਖੋਹ ਨਹੀਂ ਸਕਦਾ। ਜਦੋਂ ਇਸ ਤਰ੍ਹਾਂ ਹੋਵੇਗਾ, ਤਾਂ ਪਰਮੇਸ਼ੁਰ ਸੱਚਮੁੱਚ ਤੇਰੇ ਅੰਦਰ ਵੱਸੇਗਾ ਅਤੇ ਤੇਰੇ ਦਿਲ ਵਿੱਚ ਉਸ ਦਾ ਇੱਕ ਸਥਾਨ ਹੋਵੇਗਾ।

ਪਿਛਲਾ: ਪਰਮੇਸ਼ੁਰ ਨਾਲ ਸੁਭਾਵਕ ਰਿਸ਼ਤਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ

ਅਗਲਾ: ਜਿਹੜੇ ਸੰਪੂਰਣ ਕੀਤੇ ਜਾ ਚੁੱਕੇ ਹਨ ਉਨ੍ਹਾਂ ਨਾਲ ਵਾਇਦੇ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ