ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣਾ ਬਹੁਤ ਜ਼ਰੂਰੀ ਹੈ
ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਹਾਸਲ ਕਰੋ, ਪਰ ਨਾ ਤਾਂ ਤੁਹਾਡੇ ਸਾਰੇ ਕਾਰਜ ਅਤੇ ਨਾ ਹੀ ਤੁਹਾਡੇ ਜੀਵਨ ਦੀ ਹਰ ਗੱਲ ਉਸ ਨੂੰ ਪੂਰਾ ਕਰਨ ਦੇ ਯੋਗ ਹੈ ਜੋ ਮੈਂ ਤੁਹਾਡੇ ਤੋਂ ਚਾਹੁੰਦਾ ਹਾਂ, ਇਸ ਲਈ ਸਿੱਧਾ ਮੁੱਦੇ ’ਤੇ ਆਉਣ ਅਤੇ ਤੁਹਾਨੂੰ ਆਪਣੀ ਇੱਛਾ ਬਾਰੇ ਸਮਝਾਉਣ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ। ਇਹ ਮੰਨਦੇ ਹੋਏ ਕਿ ਤੁਹਾਡੀ ਸਮਝਣ ਦੀ ਸ਼ਕਤੀ ਘੱਟ ਹੈ ਅਤੇ ਇਸੇ ਤਰ੍ਹਾਂ ਤੁਹਾਡੀ ਕਦਰ ਕਰਨ ਦੀ ਯੋਗਤਾ ਵੀ ਘੱਟ ਹੈ, ਤੁਸੀਂ ਮੇਰੇ ਸੁਭਾਅ ਅਤੇ ਮੂਲ-ਤੱਤ ਤੋਂ ਲਗਭਗ ਬਿਲਕੁਲ ਹੀ ਅਣਜਾਣ ਹੋ—ਅਤੇ ਇਉਂ ਇਹ ਅਤਿਅੰਤ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਬਾਰੇ ਦੱਸਾਂ। ਭਾਵੇਂ ਤੂੰ ਪਹਿਲਾਂ ਜਿੰਨਾ ਵੀ ਸਮਝਿਆ ਸੀ, ਇਹ ਪਰਵਾਹ ਕੀਤੇ ਬਗੈਰ ਕਿ ਕੀ ਤੂੰ ਇਨ੍ਹਾਂ ਮੁੱਦਿਆਂ ਨੂੰ ਸਮਝਣਾ ਚਾਹੁੰਦਾ ਹੈ, ਮੈਨੂੰ ਫੇਰ ਵੀ ਵਿਸਥਾਰ ਵਿੱਚ ਤੈਨੂੰ ਉਨ੍ਹਾਂ ਬਾਰੇ ਸਮਝਾਉਣਾ ਪਵੇਗਾ। ਇਹ ਮੁੱਦੇ ਤੇਰੇ ਲਈ ਪੂਰੀ ਤਰ੍ਹਾਂ ਨਾਲ ਓਪਰੇ ਨਹੀਂ ਹਨ, ਫੇਰ ਵੀ ਤੇਰੇ ਅੰਦਰ ਉਨ੍ਹਾਂ ਵਿਚਲੇ ਅਰਥ ਬਾਰੇ ਬਹੁਤੀ ਸਮਝ ਅਤੇ ਬਹੁਤੀ ਜਾਣਕਾਰੀ ਦੀ ਕਮੀ ਹੈ। ਤੁਹਾਡੇ ਵਿੱਚੋਂ ਬਹੁਤਿਆਂ ਕੋਲ ਸਿਰਫ਼ ਥੋੜ੍ਹੀ ਅਸਪਸ਼ਟ ਜਿਹੀ ਸਮਝ ਹੀ ਹੈ, ਅਤੇ ਇਸ ਬਾਰੇ ਅੱਧ-ਪਚੱਧੀ ਅਤੇ ਅਧੂਰੀ ਜਾਣਕਾਰੀ ਹੀ ਰੱਖਦੇ ਹੋ। ਸੱਚਾਈ ਨੂੰ ਬਿਹਤਰ ਢੰਗ ਨਾਲ ਅਮਲ ਵਿੱਚ ਲਿਆਉਣ—ਮੇਰੇ ਵਚਨਾਂ ਨੂੰ ਬਿਹਤਰ ਢੰਗ ਨਾਲ ਅਮਲ ਵਿੱਚ ਲਿਆਉਣ ਵਿੱਚ ਤੁਹਾਡੀ ਮਦਦ ਕਰਨ ਵਾਸਤੇ—ਮੈਨੂੰ ਲੱਗਦਾ ਹੈ ਕਿ ਇਹ ਉਹ ਮੁੱਦੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਮੁੱਖ ਤੌਰ ਤੇ ਜਾਣੂ ਹੋਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਹੁੰਦਾ, ਤਾਂ ਤੁਹਾਡੀ ਨਿਹਚਾ ਅਸਪਸ਼ਟ, ਪਖੰਡੀ, ਅਤੇ ਧਰਮ ਦੇ ਦਿਖਾਵੇ ਦੇ ਚਿੰਨ੍ਹਾਂ ਨਾਲ ਭਰਿਆ ਰਹੇਗਾ। ਜੇ ਤੂੰ ਪਰਮੇਸ਼ੁਰ ਦੇ ਸੁਭਾਅ ਨੂੰ ਨਹੀਂ ਸਮਝਦਾ ਹੈਂ, ਤਾਂ ਤੇਰੇ ਲਈ ਉਹ ਕੰਮ ਕਰਨਾ ਅਸੰਭਵ ਹੋਵੇਗਾ ਜੋ ਤੈਨੂੰ ਉਸ ਦੇ ਲਈ ਕਰਨਾ ਚਾਹੀਦਾ ਹੈ। ਜੇ ਤੂੰ ਪਰਮੇਸ਼ੁਰ ਦੇ ਮੂਲ-ਤੱਤ ਬਾਰੇ ਨਹੀਂ ਜਾਣਦਾ ਹੈਂ, ਤਾਂ ਤੇਰੇ ਲਈ ਉਸ ਦੇ ਪ੍ਰਤੀ ਸ਼ਰਧਾ ਅਤੇ ਡਰ ਰੱਖਣਾ ਅਸੰਭਵ ਹੋਵੇਗਾ; ਇਸ ਦੀ ਬਜਾਏ, ਤੇਰੇ ਮਨ ਵਿੱਚ ਸਿਰਫ਼ ਲਾਪਰਵਾਹੀ ਭਰੀ ਬੇਰੁਖੀ ਅਤੇ ਟਾਲ-ਮਟੋਲ, ਅਤੇ ਇਸ ਦੇ ਨਾਲ-ਨਾਲ, ਅਸਾਧ ਕੁਫ਼ਰ ਵੀ ਹੋਵੇਗਾ। ਹਾਲਾਂਕਿ ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣਾ ਸੱਚਮੁੱਚ ਜ਼ਰੂਰੀ ਹੈ, ਅਤੇ ਪਰਮੇਸ਼ੁਰ ਦੇ ਮੂਲ-ਤੱਤ ਬਾਰੇ ਜਾਣਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਪਰ ਕਿਸੇ ਨੇ ਵੀ ਕਦੇ ਇਨ੍ਹਾਂ ਮੁੱਦਿਆਂ ਦੀ ਚੰਗੀ ਤਰ੍ਹਾਂ ਜਾਂਚ ਜਾਂ ਛਾਣਬੀਣ ਨਹੀਂ ਕੀਤੀ ਹੈ। ਇਹ ਸਪਸ਼ਟ ਹੈ ਕਿ ਤੁਸੀਂ ਉਨ੍ਹਾਂ ਸਾਰੇ ਪ੍ਰਬੰਧਕੀ ਨਿਯਮਾਂ ਨੂੰ ਖਾਰਜ ਕਰ ਦਿੱਤਾ ਹੈ ਜੋ ਮੈਂ ਜਾਰੀ ਕੀਤੇ ਹਨ। ਜੇ ਤੁਸੀਂ ਪਰਮੇਸ਼ੁਰ ਦੇ ਸੁਭਾਅ ਨੂੰ ਨਹੀਂ ਸਮਝਦੇ ਹੋ, ਤਾਂ ਇਸ ਦੀ ਬਹੁਤ ਸੰਭਾਵਨਾ ਹੋਵੇਗੀ ਕਿ ਤੁਸੀਂ ਉਸ ਦੇ ਸੁਭਾਅ ਨੂੰ ਠੇਸ ਪਹੁੰਚਾਉਗੇ। ਉਸ ਦੇ ਸੁਭਾਅ ਨੂੰ ਠੇਸ ਪਹੁੰਚਾਉਣਾ ਖੁਦ ਪਰਮੇਸ਼ੁਰ ਦੇ ਕਰੋਪ ਨੂੰ ਭੜਕਾਉਣ ਦੇ ਬਰਾਬਰ ਹੈ, ਉਸ ਸਥਿਤੀ ਵਿੱਚ ਤੇਰੇ ਕਾਰਜਾਂ ਦਾ ਅੰਤਮ ਨਤੀਜਾ ਪ੍ਰਬੰਧਕੀ ਨਿਯਮਾਂ ਦੀ ਉਲੰਘਣਾ ਹੋਵੇਗਾ। ਹੁਣ ਤੈਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਜਦੋਂ ਤੂੰ ਪਰਮੇਸ਼ੁਰ ਦੇ ਮੂਲ-ਤੱਤ ਬਾਰੇ ਜਾਣ ਲੈਂਦਾ ਹੈਂ, ਤਾਂ ਤੂੰ ਉਸ ਦੇ ਸੁਭਾਅ ਨੂੰ ਵੀ ਸਮਝ ਸਕਦਾ ਹੈਂ—ਅਤੇ ਜਦੋਂ ਤੂੰ ਉਸ ਦੇ ਸੁਭਾਅ ਨੂੰ ਸਮਝ ਲਵੇਂਗਾ, ਤਾਂ ਤੂੰ ਪ੍ਰਬੰਧਕੀ ਨਿਯਮਾਂ ਨੂੰ ਵੀ ਸਮਝ ਚੁੱਕਾ ਹੋਵੇਂਗਾ। ਇਹ ਕਹਿਣ ਦੀ ਲੋੜ ਨਹੀਂ, ਕਿ ਪ੍ਰਬੰਧਕੀ ਨਿਯਮਾਂ ਵਿੱਚ ਜੋ ਕੁਝ ਵੀ ਮੌਜੂਦ ਹੈ ਉਸ ਦੇ ਬਹੁਤੇ ਹਿੱਸੇ ਵਿੱਚ ਪਰਮੇਸ਼ੁਰ ਦੇ ਸੁਭਾਅ ਬਾਰੇ ਵੀ ਸੰਖੇਪ ਰੂਪ ਵਿੱਚ ਗੱਲ ਕੀਤੀ ਗਈ ਹੈ, ਪਰ ਉਸ ਦੇ ਪੂਰੇ ਸੁਭਾਅ ਨੂੰ ਪ੍ਰਬੰਧਕੀ ਨਿਯਮਾਂ ਵਿੱਚ ਨਹੀਂ ਪ੍ਰਗਟਾਇਆ ਗਿਆ ਹੈ; ਇਸ ਕਰਕੇ, ਤੁਹਾਡੇ ਲਈ ਪਰਮੇਸ਼ੁਰ ਦੇ ਸੁਭਾਅ ਬਾਰੇ ਆਪਣੀ ਸਮਝ ਨੂੰ ਵਿਕਸਤ ਕਰਨ ਲਈ ਇੱਕ ਕਦਮ ਹੋਰ ਅੱਗੇ ਜਾਣਾ ਜ਼ਰੂਰੀ ਹੈ।
ਮੈਂ ਤੁਹਾਡੇ ਨਾਲ ਅੱਜ ਇੱਕ ਆਮ ਗੱਲਬਾਤ ਵਾਂਗ ਗੱਲ ਨਹੀਂ ਕਰ ਰਿਹਾ ਹਾਂ, ਇਸ ਲਈ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਮੇਰੇ ਵਚਨਾਂ ਨੂੰ ਧਿਆਨ ਨਾਲ ਸੁਣੋ ਅਤੇ, ਇਸ ਤੋਂ ਇਲਾਵਾ, ਉਨ੍ਹਾਂ ’ਤੇ ਡੂੰਘਾਈ ਨਾਲ ਚਿੰਤਨ ਕਰੋ। ਇਸ ਤੋਂ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਮੈਂ ਜਿਹੜੇ ਵਚਨ ਬੋਲੇ ਹਨ ਤੁਸੀਂ ਉਨ੍ਹਾਂ ਪ੍ਰਤੀ ਬਹੁਤ ਹੀ ਥੋੜ੍ਹਾ ਜਤਨ ਕੀਤਾ ਹੈ। ਤੁਸੀਂ ਪਰਮੇਸ਼ੁਰ ਦੇ ਸੁਭਾਅ ਬਾਰੇ ਵਿਚਾਰ ਕਰਨ ਲਈ ਹੋਰ ਵੀ ਘੱਟ ਇੱਛੁਕ ਹੋ; ਸ਼ਾਇਦ ਹੀ ਕੋਈ ਕਦੇ ਇਸ ਬਾਰੇ ਜਤਨ ਕਰਦਾ ਹੈ। ਇਸੇ ਕਾਰਨ ਮੈਂ ਕਹਿੰਦਾ ਹਾਂ ਕਿ ਤੁਹਾਡੀ ਨਿਹਚਾ ਸ਼ਬਦਾਂ ਦੇ ਅਡੰਬਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਹੁਣ ਵੀ, ਤੁਹਾਡੇ ਵਿੱਚੋਂ ਕਿਸੇ ਇੱਕ ਨੇ ਵੀ ਆਪਣੀ ਸਭ ਤੋਂ ਮਹੱਤਵਪੂਰਣ ਕਮਜ਼ੋਰੀ ਲਈ ਕੋਈ ਵੀ ਗੰਭੀਰ ਉਪਰਾਲਾ ਨਹੀਂ ਕੀਤਾ ਹੈ। ਤੁਸੀਂ ਮੇਰੀਆਂ ਉਨ੍ਹਾਂ ਜੀਅ-ਤੋੜ ਕੋਸ਼ਿਸ਼ਾਂ ਤੋਂ ਬਾਅਦ ਮੈਨੂੰ ਨਿਰਾਸ਼ ਕੀਤਾ ਹੈ ਜੋ ਮੈਂ ਤੁਹਾਡੇ ਲਈ ਕੀਤੀਆਂ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦੇ ਪ੍ਰਤੀ ਕੋਈ ਸਤਿਕਾਰ ਨਹੀਂ ਹੈ ਅਤੇ ਤੁਹਾਡੇ ਜੀਵਨ ਸੱਚਾਈ ਤੋਂ ਵਾਂਝੇ ਹਨ। ਅਜਿਹੇ ਲੋਕਾਂ ਨੂੰ ਸੰਤ ਕਿਵੇਂ ਮੰਨਿਆ ਜਾ ਸਕਦਾ ਹੈ? ਸਵਰਗ ਦਾ ਨਿਯਮ ਅਜਿਹੀ ਕਿਸੇ ਚੀਜ਼ ਨੂੰ ਸਹਿਣ ਨਹੀਂ ਕਰੇਗਾ! ਕਿਉਂਕਿ ਤੁਹਾਡੇ ਕੋਲ ਇਸ ਬਾਰੇ ਬਹੁਤ ਹੀ ਥੋੜ੍ਹੀ ਸਮਝ ਹੈ, ਇਸ ਲਈ ਮੇਰੇ ਕੋਲ ਹੋਰ ਜ਼ਿਆਦਾ ਸਾਹ ਖਰਚਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।
ਪਰਮੇਸ਼ੁਰ ਦਾ ਸੁਭਾਅ ਇੱਕ ਅਜਿਹਾ ਵਿਸ਼ਾ ਹੈ ਜੋ ਸਭ ਨੂੰ ਬਹੁਤ ਹੀ ਕਾਲਪਨਿਕ ਜਾਂ ਵਿਚਾਰਾਤਮਕ ਜਿਹਾ ਜਾਪਦਾ ਹੈ ਅਤੇ, ਇਸ ਤੋਂ ਇਲਾਵਾ, ਕਿਸੇ ਲਈ ਵੀ ਇਸ ਨੂੰ ਸਵੀਕਾਰ ਕਰਨਾ ਸੌਖਾ ਨਹੀਂ ਹੈ, ਕਿਉਂਕਿ ਪਰਮੇਸ਼ੁਰ ਦਾ ਸੁਭਾਅ ਮਨੁੱਖ ਦੀ ਸ਼ਖਸੀਅਤ ਤੋਂ ਵੱਖਰਾ ਹੈ। ਪਰਮੇਸ਼ੁਰ ਕੋਲ ਵੀ ਅਨੰਦ, ਗੁੱਸਾ, ਦੁੱਖ, ਅਤੇ ਖੁਸ਼ੀ ਦੀਆਂ ਆਪਣੀਆਂ ਭਾਵਨਾਵਾਂ ਹਨ, ਪਰ ਇਹ ਮਨੁੱਖ ਦੀਆਂ ਭਾਵਨਾਵਾਂ ਨਾਲੋਂ ਵੱਖਰੀਆਂ ਹਨ। ਪਰਮੇਸ਼ੁਰ, ਪਰਮੇਸ਼ੁਰ ਹੈ ਅਤੇ ਉਸ ਦੇ ਕੋਲ ਜੋ ਹੈ ਸੋ ਹੈ। ਉਹ ਜੋ ਕੁਝ ਵੀ ਪ੍ਰਗਟਾਉਂਦਾ ਹੈ ਅਤੇ ਉਜਾਗਰ ਕਰਦਾ ਹੈ, ਉਹ ਉਸ ਦੇ ਮੂਲ-ਤੱਤ ਅਤੇ ਉਸ ਦੀ ਪਛਾਣ ਨੂੰ ਦਰਸਾਉਂਦੇ ਹਨ। ਜੋ ਉਹ ਹੈ ਅਤੇ ਜੋ ਉਸ ਦੇ ਕੋਲ ਹੈ, ਅਤੇ ਇਸ ਦੇ ਨਾਲ ਹੀ ਉਸ ਦਾ ਮੂਲ-ਤੱਤ ਅਤੇ ਪਛਾਣ, ਉਹ ਚੀਜ਼ਾਂ ਹਨ ਜਿਹਨਾਂ ਨੂੰ ਕਿਸੇ ਵੀ ਮਨੁੱਖ ਦੁਆਰਾ ਬਦਲਿਆ ਨਹੀਂ ਜਾ ਸਕਦਾ। ਉਸ ਦੇ ਸੁਭਾਅ ਵਿੱਚ ਮਨੁੱਖਜਾਤੀ ਲਈ ਉਸ ਦਾ ਪਿਆਰ, ਮਨੁੱਖਜਾਤੀ ਲਈ ਦਿਲਾਸਾ, ਮਨੁੱਖਜਾਤੀ ਪ੍ਰਤੀ ਨਫ਼ਰਤ, ਅਤੇ ਸਭ ਤੋਂ ਵੱਧ, ਮਨੁੱਖਜਾਤੀ ਦੀ ਸੰਪੂਰਨ ਸਮਝ ਸ਼ਾਮਲ ਹੈ। ਪਰ, ਹੋ ਸਕਦਾ ਹੈ ਕਿ ਮਨੁੱਖ ਦੀ ਸ਼ਖਸੀਅਤ ਆਸ਼ਾਵਾਦੀ ਹੋਵੇ, ਉਤਸ਼ਾਹਪੂਰਣ ਹੋਵੇ, ਜਾਂ ਸੰਵੇਦਨਹੀਣ ਹੋਵੇ। ਪਰਮੇਸ਼ੁਰ ਦਾ ਸੁਭਾਅ ਅਜਿਹਾ ਹੈ ਜੋ ਸਭ ਵਸਤਾਂ ਅਤੇ ਪ੍ਰਾਣੀਆਂ ਉੱਪਰ ਰਾਜ ਕਰਨ ਵਾਲੇ ਦਾ ਸੁਭਾਅ ਹੈ, ਇਹ ਸਾਰੀ ਸ੍ਰਿਸ਼ਟੀ ਦੇ ਮਾਲਕ ਦਾ ਸੁਭਾਅ ਹੈ। ਉਸ ਦਾ ਸੁਭਾਅ ਸਤਿਕਾਰ, ਸ਼ਕਤੀ, ਉੱਤਮਤਾ, ਮਹਾਨਤਾ ਅਤੇ ਸਭ ਤੋਂ ਵੱਧ, ਸਰਬਉੱਚਤਾ ਨੂੰ ਦਰਸਾਉਂਦਾ ਹੈ। ਉਸ ਦਾ ਸੁਭਾਅ ਅਧਿਕਾਰ ਦਾ ਪ੍ਰਤੀਕ ਹੈ, ਉਸ ਸਭ ਦਾ ਪ੍ਰਤੀਕ ਹੈ ਜੋ ਧਰਮੀ ਹੈ, ਉਸ ਸਭ ਦਾ ਪ੍ਰਤੀਕ ਹੈ ਜੋ ਸੁੰਦਰ ਅਤੇ ਚੰਗਾ ਹੈ। ਇਸ ਤੋਂ ਵੀ ਵੱਧ, ਇਹ ਉਸ ਪਰਮੇਸ਼ੁਰ ਦਾ ਪ੍ਰਤੀਕ ਹੈ ਜਿਸ ਉੱਤੇ ਹਨੇਰਾ ਜਿੱਤ ਨਹੀਂ ਪਾ ਸਕਦਾ ਜਾਂ ਜਿਸ ਉੱਤੇ ਕੋਈ ਦੁਸ਼ਮਣ ਹਮਲਾ ਨਹੀਂ ਕਰ ਸਕਦਾ ਅਤੇ ਇਸ ਦੇ ਨਾਲ ਹੀ ਇਹ ਉਸ ਪਰਮੇਸ਼ੁਰ ਦਾ ਪ੍ਰਤੀਕ ਹੈ ਜਿਸ ਨੂੰ ਕਿਸੇ ਵੀ ਸਿਰਜੇ ਹੋਏ ਪ੍ਰਾਣੀ ਦੁਆਰਾ ਠੇਸ ਨਹੀਂ ਪਹੁੰਚਾਈ ਜਾ ਸਕਦੀ (ਨਾ ਹੀ ਉਹ ਠੇਸ ਪਹੁੰਚਾਏ ਜਾਣਾ ਸਹਿਣ ਕਰੇਗਾ)। ਉਸ ਦਾ ਸੁਭਾਅ ਸਰਬ-ਉੱਚ ਸ਼ਕਤੀ ਦਾ ਪ੍ਰਤੀਕ ਹੈ। ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਵਿੱਚ ਉਸ ਦੇ ਕੰਮ ਜਾਂ ਉਸ ਦੇ ਸੁਭਾਅ ਵਿੱਚ ਵਿਘਨ ਪਾਉਣ ਦੀ ਯੋਗਤਾ ਜਾਂ ਸੰਭਾਵਨਾ ਨਹੀਂ ਹੈ। ਪਰ ਮਨੁੱਖ ਦੀ ਸ਼ਖਸੀਅਤ ਜਾਨਵਰ ਤੋਂ ਉਸ ਦੀ ਥੋੜ੍ਹੀ ਜਿਹੀ ਉੱਤਮਤਾ ਦੇ ਪ੍ਰਤੀਕ ਮਾਤਰ ਤੋਂ ਇਲਾਵਾ ਕੁਝ ਵੀ ਨਹੀਂ ਹੈ। ਮਨੁੱਖ ਦਾ ਆਪਣੇ ਆਪ ਵਿੱਚ ਅਤੇ ਆਪਣਾ ਕੋਈ ਅਧਿਕਾਰ ਨਹੀਂ ਹੈ, ਕੋਈ ਵਿਅਕਤੀਗਤ ਸੁਤੰਤਰਤਾ ਨਹੀਂ ਹੈ, ਅਤੇ ਨਾ ਹੀ ਉਸ ਵਿੱਚ ਆਪਣੇ ਆਪ ਤੋਂ ਉੱਚਾ ਉੱਠਣ ਦੀ ਕੋਈ ਕਾਬਲੀਅਤ ਹੈ, ਸਗੋਂ ਅਸਲ ਵਿੱਚ ਉਹ ਅਜਿਹਾ ਹੈ ਜੋ ਹਰ ਤਰ੍ਹਾਂ ਦੇ ਲੋਕਾਂ, ਘਟਨਾਵਾਂ, ਅਤੇ ਵਸਤਾਂ ਦੇ ਨਿਯੰਤ੍ਰਣ ਹੇਠ ਸਹਿਮ ਜਾਂਦਾ ਹੈ। ਪਰਮੇਸ਼ੁਰ ਦਾ ਅਨੰਦ ਹਨੇਰੇ ਅਤੇ ਬੁਰਾਈ ਦੇ ਮਿਟ ਜਾਣ ਕਾਰਨ, ਧਾਰਮਿਕਤਾ ਅਤੇ ਚਾਨਣ ਦੀ ਹੋਂਦ ਅਤੇ ਪ੍ਰਗਟਾਅ ਕਰਕੇ ਹੈ। ਉਸ ਨੂੰ ਮਨੁੱਖਜਾਤੀ ਲਈ ਚਾਨਣ ਅਤੇ ਚੰਗਾ ਜੀਵਨ ਲਿਆਉਣ ਵਿੱਚ ਖੁਸ਼ੀ ਮਿਲਦੀ ਹੈ; ਉਸ ਦਾ ਅਨੰਦ ਇੱਕ ਧਰਮੀ ਅਨੰਦ ਹੈ, ਉਸ ਸਭ ਦੀ ਹੋਂਦ ਦਾ ਪ੍ਰਤੀਕ ਹੈ ਜੋ ਸਕਾਰਾਤਮਕ ਹੈ ਅਤੇ, ਇਸ ਤੋਂ ਵੀ ਵਧ ਕੇ, ਪਵਿੱਤਰਤਾ ਦਾ ਪ੍ਰਤੀਕ ਹੈ। ਪਰਮੇਸ਼ੁਰ ਦਾ ਕ੍ਰੋਧ ਉਸ ਨੁਕਸਾਨ ਦੇ ਕਾਰਨ ਹੈ ਜੋ ਅਨਿਆਂ ਦੀ ਮੌਜੂਦਗੀ ਅਤੇ ਦਖਲਅੰਦਾਜ਼ੀ ਉਸ ਦੀ ਮਨੁੱਖਜਾਤੀ ਨੂੰ ਪਹੁੰਚਾਉਂਦੇ ਹਨ, ਉਸ ਦਾ ਕ੍ਰੋਧ ਬੁਰਾਈ ਅਤੇ ਹਨੇਰੇ ਦੀ ਮੌਜੂਦਗੀ ਕਰਕੇ ਹੈ, ਉਨ੍ਹਾਂ ਵਸਤਾਂ ਦੀ ਮੌਜੂਦਗੀ ਕਰਕੇ ਹੈ ਜੋ ਸੱਚਾਈ ਨੂੰ ਬਾਹਰ ਕੱਢ ਕੇ ਉਸ ਦੀ ਜਗ੍ਹਾ ਆਪ ਲੈ ਲੈਂਦੀਆਂ ਹਨ, ਅਤੇ ਇਸ ਤੋਂ ਵੀ ਕਿਤੇ ਵੱਧ, ਉਨ੍ਹਾਂ ਵਸਤਾਂ ਦੀ ਮੌਜੂਦਗੀ ਕਰਕੇ ਹੈ ਜੋ ਚੰਗੇ ਅਤੇ ਸੋਹਣੇ ਦਾ ਵਿਰੋਧ ਕਰਦੀਆਂ ਹਨ। ਉਸ ਦਾ ਕ੍ਰੋਧ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਰੀਆਂ ਨਕਾਰਾਤਮਕ ਚੀਜ਼ਾਂ ਹੁਣ ਹੋਂਦ ਵਿੱਚ ਨਹੀਂ ਹਨ, ਅਤੇ ਇਸ ਤੋਂ ਵੀ ਵਧ ਕੇ, ਇਹ ਉਸ ਦੀ ਪਵਿੱਤਰਤਾ ਦਾ ਪ੍ਰਤੀਕ ਹੈ। ਉਸ ਦਾ ਦੁੱਖ ਮਨੁੱਖਜਾਤੀ ਦੇ ਕਾਰਨ ਹੈ, ਜਿਸ ਤੋਂ ਉਸ ਨੂੰ ਉਮੀਦਾਂ ਤਾਂ ਹਨ ਪਰ ਜੋ ਹਨੇਰੇ ਵਿੱਚ ਡਿੱਗ ਚੁੱਕੀ ਹੈ, ਕਿਉਂਕਿ ਉਹ ਮਨੁੱਖ ਉੱਤੇ ਜੋ ਕੰਮ ਕਰਦਾ ਹੈ ਉਹ ਉਸ ਦੀਆਂ ਉਮੀਦਾਂ ’ਤੇ ਪੂਰਾ ਨਹੀਂ ਉੱਤਰਦਾ, ਅਤੇ ਕਿਉਂਕਿ ਜਿਸ ਮਨੁੱਖਜਾਤੀ ਨੂੰ ਉਹ ਪਿਆਰ ਕਰਦਾ ਹੈ ਉਹ ਸਾਰੀ ਚਾਨਣ ਵਿੱਚ ਨਹੀਂ ਰਹਿ ਸਕਦੀ ਹੈ। ਉਹ ਨਿਰਦੋਸ਼ ਮਨੁੱਖਜਾਤੀ ਦੇ ਲਈ, ਇਮਾਨਦਾਰ ਪਰ ਅਗਿਆਨੀ ਮਨੁੱਖ ਦੇ ਲਈ, ਅਤੇ ਉਸ ਮਨੁੱਖ ਦੇ ਲਈ ਦੁੱਖ ਮਹਿਸੂਸ ਕਰਦਾ ਹੈ ਜੋ ਚੰਗਾ ਤਾਂ ਹੈ ਪਰ ਜਿਸ ਵਿੱਚ ਵਿਚਾਰਾਂ ਦੀ ਘਾਟ ਹੈ। ਉਸ ਦਾ ਦੁੱਖ ਉਸ ਦੀ ਭਲਿਆਈ ਦਾ ਅਤੇ ਉਸ ਦੀ ਦਯਾ ਦਾ ਪ੍ਰਤੀਕ ਹੈ, ਸੁੰਦਰਤਾ ਅਤੇ ਦਿਆਲਤਾ ਦਾ ਪ੍ਰਤੀਕ ਹੈ। ਉਸ ਦੀ ਖੁਸ਼ੀ, ਬੇਸ਼ੱਕ, ਆਪਣੇ ਦੁਸ਼ਮਣਾਂ ਨੂੰ ਹਰਾ ਦੇਣ ਅਤੇ ਮਨੁੱਖ ਦੀ ਸੱਚਾ ਨਿਹਚਾ ਪ੍ਰਾਪਤ ਕਰਨ ਤੋਂ ਆਉਂਦੀ ਹੈ। ਇਸ ਤੋਂ ਵੀ ਮਹੱਤਵਪੂਰਣ, ਇਹ ਖੁਸ਼ੀ ਸਾਰੀਆਂ ਦੁਸ਼ਮਣ ਸ਼ਕਤੀਆਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਦਾ ਨਾਸ ਕਰਨ ਤੋਂ ਮਿਲਦੀ ਹੈ, ਅਤੇ ਇਸ ਕਰਕੇ ਮਿਲਦੀ ਹੈ ਕਿਉਂਕਿ ਮਨੁੱਖਜਾਤੀ ਨੂੰ ਇੱਕ ਚੰਗਾ ਅਤੇ ਸ਼ਾਂਤੀਪੂਰਣ ਜੀਵਨ ਪ੍ਰਾਪਤ ਹੁੰਦਾ ਹੈ। ਪਰਮੇਸ਼ੁਰ ਦੀ ਖੁਸ਼ੀ ਮਨੁੱਖ ਦੀ ਖੁਸ਼ੀ ਵਰਗੀ ਨਹੀਂ ਹੈ; ਇਸ ਦੀ ਬਜਾਏ, ਇਹ ਚੰਗੇ ਫਲ ਇਕੱਠੇ ਕਰਨ ਦਾ ਅਹਿਸਾਸ ਹੈ, ਅਨੰਦ ਨਾਲੋਂ ਵੀ ਕਿਤੇ ਵਧੀਆ ਇੱਕ ਅਹਿਸਾਸ ਹੈ। ਉਸ ਦੀ ਖੁਸ਼ੀ ਇਸ ਸਮੇਂ ਤੋਂ ਬਾਅਦ ਦੁੱਖ-ਤਕਲੀਫ਼ਾਂ ਤੋਂ ਮੁਕਤ ਹੋ ਰਹੀ ਮਨੁੱਖਜਾਤੀ ਦਾ ਪ੍ਰਤੀਕ ਹੈ, ਅਤੇ ਚਾਨਣ ਦੇ ਸੰਸਾਰ ਵਿੱਚ ਪ੍ਰਵੇਸ਼ ਕਰ ਰਹੀ ਮਨੁੱਖਜਾਤੀ ਦਾ ਪ੍ਰਤੀਕ ਹੈ। ਦੂਜੇ ਪਾਸੇ, ਮਨੁੱਖਜਾਤੀ ਦੀਆਂ ਸਭ ਭਾਵਨਾਵਾਂ ਉਸ ਦੇ ਆਪਣੇ ਹਿੱਤਾਂ ਲਈ ਪੈਦਾ ਹੁੰਦੀਆਂ ਹਨ, ਧਾਰਮਿਕਤਾ, ਚਾਨਣ ਜਾਂ ਇਸ ਦੇ ਲਈ ਨਹੀਂ ਕਿ ਸੁੰਦਰ ਕੀ ਹੈ, ਅਤੇ ਸਵਰਗ ਦੁਆਰਾ ਬਖਸ਼ੀ ਗਈ ਕਿਰਪਾ ਲਈ ਤਾਂ ਬਿਲਕੁਲ ਵੀ ਨਹੀਂ। ਮਨੁੱਖਜਾਤੀ ਦੀਆਂ ਭਾਵਨਾਵਾਂ ਸੁਆਰਥੀ ਹਨ ਅਤੇ ਹਨੇਰੇ ਦੇ ਸੰਸਾਰ ਨਾਲ ਸੰਬੰਧਤ ਹਨ। ਇਹ ਪਰਮੇਸ਼ੁਰ ਦੀ ਯੋਜਨਾ ਲਈ ਤਾਂ ਛੱਡੋ, ਉਸ ਦੀ ਇੱਛਾ ਦੀ ਖਾਤਰ ਵੀ ਮੌਜੂਦ ਨਹੀਂ ਹਨ, ਅਤੇ ਇਸ ਲਈ ਮਨੁੱਖ ਅਤੇ ਪਰਮੇਸ਼ੁਰ ਬਾਰੇ ਕਦੇ ਵੀ ਇਕੱਠੇ ਗੱਲ ਨਹੀਂ ਕੀਤੀ ਜਾ ਸਕਦੀ। ਪਰਮੇਸ਼ੁਰ ਹਮੇਸ਼ਾ ਸਰਬ-ਉੱਚ ਅਤੇ ਹਮੇਸ਼ਾ ਸਤਿਕਾਰਯੋਗ ਹੈ, ਜਦੋਂ ਕਿ ਮਨੁੱਖ ਹਮੇਸ਼ਾ ਨੀਚ, ਹਮੇਸ਼ਾ ਨਖਿੱਧ ਹੈ। ਇਹ ਇਸ ਕਰਕੇ ਹੈ ਕਿਉਂਕਿ ਪਰਮੇਸ਼ੁਰ ਹਮੇਸ਼ਾ ਕੁਰਬਾਨੀਆਂ ਦਿੰਦਾ ਰਹਿੰਦਾ ਹੈ ਅਤੇ ਮਨੁੱਖਜਾਤੀ ਲਈ ਆਪਣੇ ਆਪ ਨੂੰ ਸਮਰਪਤ ਕਰਦਾ ਰਹਿੰਦਾ ਹੈ; ਪਰ, ਮਨੁੱਖ ਹਮੇਸ਼ਾ ਲੈਂਦਾ ਹੈ ਅਤੇ ਸਿਰਫ਼ ਆਪਣੇ ਲਈ ਹੀ ਕੋਸ਼ਿਸ਼ ਕਰਦਾ ਹੈ। ਪਰਮੇਸ਼ੁਰ ਮਨੁੱਖਜਾਤੀ ਦੇ ਜੀਉਂਦੇ ਰਹਿਣ ਲਈ ਹਮੇਸ਼ਾ ਦੁੱਖ ਝੱਲਦਾ ਰਹਿੰਦਾ ਹੈ, ਫੇਰ ਵੀ ਮਨੁੱਖ ਚਾਨਣ ਦੀ ਖਾਤਰ ਜਾਂ ਧਾਰਮਿਕਤਾ ਲਈ ਕਦੇ ਵੀ ਕੋਈ ਯੋਗਦਾਨ ਨਹੀਂ ਪਾਉਂਦਾ। ਭਾਵੇਂ ਮਨੁੱਖ ਕੁਝ ਸਮੇਂ ਲਈ ਕੋਈ ਕੋਸ਼ਿਸ਼ ਕਰਦਾ ਵੀ ਹੈ, ਪਰ ਇਹ ਐਨੀ ਕਮਜ਼ੋਰ ਹੁੰਦੀ ਹੈ ਕਿ ਇੱਕ ਝਟਕਾ ਵੀ ਨਹੀਂ ਸਹਿ ਸਕਦੀ, ਕਿਉਂਕਿ ਮਨੁੱਖ ਦੀ ਕੋਸ਼ਿਸ਼ ਹਮੇਸ਼ਾ ਆਪਣੇ ਲਈ ਹੁੰਦੀ ਹੈ ਨਾ ਕਿ ਦੂਜਿਆਂ ਲਈ। ਮਨੁੱਖ ਹਮੇਸ਼ਾ ਸੁਆਰਥੀ ਹੁੰਦਾ ਹੈ, ਜਦੋਂ ਕਿ ਪਰਮੇਸ਼ੁਰ ਹਮੇਸ਼ਾ ਸੁਆਰਥਹੀਣ ਹੁੰਦਾ ਹੈ। ਪਰਮੇਸ਼ੁਰ ਉਸ ਸਭ ਦਾ ਮੁੱਢ ਹੈ ਜੋ ਧਰਮੀ, ਚੰਗਾ ਅਤੇ ਸੁੰਦਰ ਹੈ, ਜਦੋਂ ਕਿ ਮਨੁੱਖ ਉਹ ਹੈ ਜੋ ਸਾਰੇ ਭੱਦੇਪਣ ਅਤੇ ਬੁਰਿਆਈ ਵਿੱਚ ਸਫ਼ਲ ਹੁੰਦਾ ਹੈ ਅਤੇ ਇਸ ਨੂੰ ਪਰਗਟ ਕਰਦਾ ਹੈ। ਪਰਮੇਸ਼ੁਰ ਧਾਰਮਿਕਤਾ ਅਤੇ ਸੁੰਦਰਤਾ ਦੇ ਆਪਣੇ ਮੂਲ-ਤੱਤ ਨੂੰ ਕਦੇ ਵੀ ਨਹੀਂ ਬਦਲੇਗਾ, ਫੇਰ ਵੀ ਮਨੁੱਖ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਿਤੀ ਵਿੱਚ, ਧਾਰਮਿਕਤਾ ਨਾਲ ਵਿਸ਼ਵਾਸਘਾਤ ਕਰਨ ਅਤੇ ਪਰਮੇਸ਼ੁਰ ਤੋਂ ਦੂਰ ਭਟਕਣ ਦੇ ਪੂਰੀ ਤਰ੍ਹਾਂ ਸਮਰੱਥ ਹੈ।
ਮੇਰੇ ਦੁਆਰਾ ਬੋਲੇ ਗਏ ਹਰ ਵਾਕ ਵਿੱਚ ਪਰਮੇਸ਼ੁਰ ਦਾ ਸੁਭਾਅ ਮੌਜੂਦ ਹੈ। ਮੇਰੇ ਵਚਨਾਂ ਉੱਤੇ ਧਿਆਨਪੂਰਵਕ ਵਿਚਾਰ ਕਰਨ ਨਾਲ ਤੁਹਾਡਾ ਭਲਾ ਹੋਵੇਗਾ, ਅਤੇ ਤੁਹਾਨੂੰ ਉਨ੍ਹਾਂ ਤੋਂ ਯਕੀਨਨ ਬਹੁਤ ਜ਼ਿਆਦਾ ਲਾਭ ਮਿਲੇਗਾ। ਪਰਮੇਸ਼ੁਰ ਦੇ ਮੂਲ-ਤੱਤ ਨੂੰ ਸਮਝਣਾ ਬਹੁਤ ਮੁਸ਼ਕਲ ਹੈ, ਪਰ ਮੈਨੂੰ ਭਰੋਸਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਸੁਭਾਅ ਬਾਰੇ ਘੱਟੋ-ਘੱਟ ਥੋੜ੍ਹਾ-ਬਹੁਤ ਤਾਂ ਪਤਾ ਹੈ। ਤਾਂ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਅਜਿਹਾ ਬਹੁਤ ਕੁਝ ਕਰਕੇ ਦਿਖਾਓਗੇ ਜੋ ਪਰਮੇਸ਼ੁਰ ਦੇ ਸੁਭਾਅ ਨੂੰ ਠੇਸ ਨਹੀਂ ਪਹੁੰਚਾਉਂਦਾ। ਉਦੋਂ ਹੀ ਮੈਨੂੰ ਯਕੀਨ ਹੋਵੇਗਾ। ਉਦਾਹਰਣ ਦੇ ਲਈ, ਹਰ ਸਮੇਂ ਪਰਮੇਸ਼ੁਰ ਨੂੰ ਆਪਣੇ ਹਿਰਦੇ ਵਿੱਚ ਰੱਖ। ਜਦੋਂ ਤੂੰ ਵਿਹਾਰ ਕਰਦਾ ਹੈਂ, ਤਾਂ ਉਸ ਦੇ ਵਚਨਾਂ ਦੇ ਅਨੁਸਾਰ ਕਰ। ਸਭ ਵਸਤਾਂ ਵਿੱਚ ਉਸ ਦੇ ਇਰਾਦਿਆਂ ਨੂੰ ਭਾਲ, ਅਤੇ ਅਜਿਹਾ ਕੁਝ ਵੀ ਕਰਨ ਤੋਂ ਪਰਹੇਜ਼ ਕਰ ਜੋ ਪਰਮੇਸ਼ੁਰ ਦਾ ਨਿਰਾਦਰ ਅਤੇ ਬੇਅਦਬੀ ਕਰਦਾ ਹੈ। ਆਪਣੇ ਹਿਰਦੇ ਵਿੱਚ ਭਵਿੱਖ ਦੇ ਸੁੰਨੇਪਣ ਨੂੰ ਭਰਨ ਲਈ ਪਰਮੇਸ਼ੁਰ ਨੂੰ ਆਪਣੇ ਮਨ ਦੇ ਪਿਛਲੇ ਹਿੱਸੇ ਵਿੱਚ ਤਾਂ ਬਿਲਕੁਲ ਵੀ ਨਾ ਰੱਖ। ਜੇ ਤੂੰ ਅਜਿਹਾ ਕਰੇਂਗਾ, ਤਾਂ ਤੂੰ ਪਰਮੇਸ਼ੁਰ ਦੇ ਸੁਭਾਅ ਨੂੰ ਠੇਸ ਪਹੁੰਚਾਏਂਗਾ। ਫੇਰ ਤੋਂ, ਮੰਨ ਲਿਆ ਕਿ ਤੂੰ ਆਪਣੇ ਸਾਰੇ ਜੀਵਨ ਦੌਰਾਨ ਕਦੇ ਵੀ ਪਰਮੇਸ਼ੁਰ ਲਈ ਬੇਅਦਬੀ ਭਰੀਆਂ ਟਿੱਪਣੀਆਂ ਜਾਂ ਸ਼ਿਕਾਇਤਾਂ ਨਹੀਂ ਕੀਤੀਆਂ, ਅਤੇ ਇਸ ਤੋਂ ਇਲਾਵਾ, ਇਹ ਵੀ ਮੰਨ ਲਿਆ ਕਿ ਤੂੰ ਉਹ ਸਭ ਕੁਝ ਸਹੀ ਤਰੀਕੇ ਨਾਲ ਨਿਭਾਉਣ ਦੇ ਯੋਗ ਹੈਂ ਜੋ ਤੈਨੂੰ ਪਰਮੇਸ਼ੁਰ ਵੱਲੋਂ ਸੌਂਪਿਆ ਗਿਆ ਹੈ ਅਤੇ ਨਾਲ ਹੀ ਤੂੰ ਆਪਣੇ ਪੂਰੇ ਜੀਵਨ ਦੌਰਾਨ ਉਸ ਦੇ ਵਚਨਾਂ ਪ੍ਰਤੀ ਅਧੀਨ ਹੋਣ ਦੇ ਵੀ ਯੋਗ ਹੈਂ, ਤਾਂ ਤੂੰ ਪ੍ਰਬੰਧਕੀ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਚ ਗਿਆ ਹੋਵੇਂਗਾ। ਉਦਾਹਰਣ ਦੇ ਲਈ, ਜੇ ਤੂੰ ਕਦੇ ਇਹ ਕਿਹਾ ਹੈ, “ਮੈਨੂੰ ਕਿਉਂ ਨਹੀਂ ਲੱਗਦਾ ਕਿ ਉਹ ਪਰਮੇਸ਼ੁਰ ਹੈ?” “ਮੈਂ ਸੋਚਦਾ ਹਾਂ ਕਿ ਇਹ ਵਚਨ ਪਵਿੱਤਰ ਆਤਮਾ ਦੇ ਥੋੜ੍ਹੇ ਅੰਦਰੂਨੀ ਚਾਨਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹਨ,” “ਮੇਰੀ ਰਾਇ ਵਿੱਚ, ਪਰਮੇਸ਼ੁਰ ਜੋ ਕੁਝ ਵੀ ਕਰਦਾ ਹੈ, ਜ਼ਰੂਰੀ ਨਹੀਂ ਕਿ ਉਹ ਸਭ ਠੀਕ ਹੋਵੇ,” “ਪਰਮੇਸ਼ੁਰ ਦੀ ਮਨੁੱਖਤਾ ਮੇਰੇ ਨਾਲੋਂ ਉੱਤਮ ਨਹੀਂ ਹੈ,” “ਪਰਮੇਸ਼ੁਰ ਦੇ ਵਚਨ ਬਸ ਵਿਸ਼ਵਾਸ ਕਰਨਯੋਗ ਨਹੀਂ ਹਨ,” ਜਾਂ ਅਜਿਹੀਆਂ ਹੋਰ ਨੁਕਤਾਚੀਨੀ ਭਰੀਆਂ ਟਿੱਪਣੀਆਂ ਕੀਤੀਆਂ ਹਨ, ਤਾਂ ਫੇਰ ਤੈਨੂੰ ਮੇਰੀ ਜ਼ੋਰਦਾਰ ਨਸੀਹਤ ਹੈ ਕਿ ਤੂੰ ਆਪਣੇ ਪਾਪਾਂ ਦਾ ਇਕਰਾਰ ਅਤੇ ਤੌਬਾ ਹੋਰ ਜ਼ਿਆਦਾ ਕਰਿਆ ਕਰ। ਨਹੀਂ ਤਾਂ, ਤੈਨੂੰ ਕਦੇ ਮੁਆਫ਼ੀ ਦਾ ਮੌਕਾ ਨਹੀਂ ਮਿਲੇਗਾ, ਕਿਉਂਕਿ ਤੂੰ ਕਿਸੇ ਮਨੁੱਖ ਨੂੰ ਨਹੀਂ, ਸਗੋਂ ਖੁਦ ਪਰਮੇਸ਼ੁਰ ਨੂੰ ਠੇਸ ਪਹੁੰਚਾਉਂਦਾ ਹੈਂ। ਹੋ ਸਕਦਾ ਹੈ ਤੂੰ ਇਹ ਮੰਨਦਾ ਹੋਵੇਂ ਕਿ ਤੂੰ ਤੂੰ ਕਿਸੇ ਮਨੁੱਖ ਦਾ ਨਿਆਂ ਕਰ ਰਿਹਾ ਹੈਂ, ਪਰ ਪਰਮੇਸ਼ੁਰ ਦਾ ਆਤਮਾ ਇਸ ਨੂੰ ਇੱਦਾਂ ਨਹੀਂ ਮੰਨਦਾ। ਤੇਰੇ ਵੱਲੋਂ ਉਸ ਦੇ ਦੇਹਧਾਰੀ ਰੂਪ ਦਾ ਨਿਰਾਦਰ ਉਸ ਦਾ ਨਿਰਾਦਰ ਕਰਨ ਦੇ ਬਰਾਬਰ ਹੈ। ਜੇ ਅਜਿਹਾ ਹੈ ਤਾਂ, ਕੀ ਤੂੰ ਪਰਮੇਸ਼ੁਰ ਦੇ ਸੁਭਾਅ ਨੂੰ ਠੇਸ ਨਹੀਂ ਪਹੁੰਚਾਈ ਹੈ? ਇਹ ਜ਼ਰੂਰ ਯਾਦ ਰੱਖ ਕਿ ਪਰਮੇਸ਼ੁਰ ਦੇ ਆਤਮਾ ਦੁਆਰਾ ਜੋ ਕੁਝ ਵੀ ਕੀਤਾ ਜਾਂਦਾ ਹੈ ਉਹ ਦੇਹਧਾਰੀ ਰੂਪ ਵਿੱਚ ਉਸ ਦੇ ਕੰਮ ਦੀ ਰਾਖੀ ਲਈ ਅਤੇ ਇਸ ਕਰਕੇ ਕੀਤਾ ਜਾਂਦਾ ਹੈ ਕਿ ਇਹ ਕੰਮ ਚੰਗੀ ਤਰ੍ਹਾਂ ਪੂਰਾ ਹੋ ਸਕੇ। ਜੇ ਤੂੰ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈਂ, ਤਾਂ ਮੈਂ ਇਹ ਕਹਿੰਦਾ ਹਾਂ ਕਿ ਤੂੰ ਅਜਿਹਾ ਵਿਅਕਤੀ ਹੈਂ ਜੋ ਕਦੇ ਵੀ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਵਿੱਚ ਸਫ਼ਲ ਨਹੀਂ ਹੋ ਸਕੇਗਾ। ਕਿਉਂਕਿ ਤੂੰ ਪਰਮੇਸ਼ੁਰ ਦੇ ਕ੍ਰੋਧ ਨੂੰ ਭੜਕਾਇਆ ਹੈ, ਅਤੇ ਇਸ ਲਈ ਉਹ ਤੈਨੂੰ ਸਬਕ ਸਿਖਾਉਣ ਲਈ ਢੁੱਕਵੀਂ ਸਜ਼ਾ ਦੀ ਵਰਤੋਂ ਕਰੇਗਾ।
ਪਰਮੇਸ਼ੁਰ ਦੇ ਮੂਲ-ਤੱਤ ਬਾਰੇ ਜਾਣਨਾ ਕੋਈ ਮਾਮੂਲੀ ਗੱਲ ਨਹੀਂ ਹੈ। ਤੈਨੂੰ ਉਸ ਦੇ ਸੁਭਾਅ ਨੂੰ ਸਮਝਣਾ ਪਵੇਗਾ। ਇਸ ਤਰੀਕੇ ਨਾਲ, ਤੂੰ ਸਹਿਜੇ-ਸਹਿਜੇ ਅਤੇ ਅਣਜਾਣੇ ਵਿੱਚ ਹੀ, ਪਰਮੇਸ਼ੁਰ ਦੇ ਮੂਲ-ਤੱਤ ਨੂੰ ਜਾਣ ਲਵੇਂਗਾ। ਜਦੋਂ ਤੂੰ ਇਸ ਗਿਆਨ ਵਿੱਚ ਪ੍ਰਵੇਸ਼ ਕਰ ਚੁੱਕਾ ਹੋਵੇਂਗਾ, ਤਾਂ ਤੂੰ ਆਪਣੇ ਆਪ ਨੂੰ ਇੱਕ ਉਚੇਰੀ ਅਤੇ ਵਧੇਰੇ ਸੁੰਦਰ ਅਵਸਥਾ ਵਿੱਚ ਦਾਖਲ ਹੁੰਦੇ ਦੇਖੇਂਗਾ। ਅੰਤ ਵਿੱਚ, ਤੂੰ ਆਪਣੀ ਘਿਣਾਉਣੀ ਆਤਮਾ ਕਰਕੇ ਸ਼ਰਮਿੰਦਾ ਮਹਿਸੂਸ ਕਰੇਂਗਾ, ਅਤੇ ਇਸ ਤੋਂ ਇਲਾਵਾ, ਇੰਝ ਮਹਿਸੂਸ ਕਰੇਂਗਾ ਕਿ ਤੇਰੇ ਕੋਲ ਆਪਣੀ ਸ਼ਰਮ ਤੋਂ ਲੁਕਣ ਲਈ ਕੋਈ ਜਗ੍ਹਾ ਨਹੀਂ ਹੈ। ਉਸ ਸਮੇਂ, ਤੇਰੇ ਅੰਦਰ ਪਰਮੇਸ਼ੁਰ ਦੇ ਸੁਭਾਅ ਨੂੰ ਠੇਸ ਪਹੁੰਚਾਉਣ ਵਾਲਾ ਵਿਹਾਰ ਨਿਰੰਤਰ ਘੱਟ ਹੋਵੇਗਾ, ਤੇਰਾ ਹਿਰਦਾ ਪਰਮੇਸ਼ੁਰ ਦੇ ਹਿਰਦੇ ਦੇ ਨਿਰੰਤਰ ਹੋਰ ਜ਼ਿਆਦਾ ਨੇੜੇ ਆਉਂਦਾ ਜਾਵੇਗਾ, ਅਤੇ ਤੇਰੇ ਹਿਰਦੇ ਵਿੱਚ ਉਸ ਦੇ ਲਈ ਪ੍ਰੇਮ ਹੌਲੀ-ਹੌਲੀ ਵਧਦਾ ਜਾਵੇਗਾ। ਇਹ ਮਨੁੱਖਜਾਤੀ ਦੁਆਰਾ ਇੱਕ ਸੁੰਦਰ ਅਵਸਥਾ ਵਿੱਚ ਪ੍ਰਵੇਸ਼ ਕਰਨ ਦੀ ਨਿਸ਼ਾਨੀ ਹੈ। ਪਰ ਅਜੇ ਤੱਕ, ਤੁਸੀਂ ਇਸ ਨੂੰ ਹਾਸਲ ਨਹੀਂ ਕੀਤਾ ਹੈ। ਜਿਸ ਤਰ੍ਹਾਂ ਨਾਲ ਤੁਸੀਂ ਸਾਰੇ ਆਪਣੀ ਕਿਸਮਤ ਦੀ ਖਾਤਰ ਭੱਜ-ਦੌੜ ਕਰਨ ਵਿੱਚ ਲੱਗੇ ਰਹਿੰਦੇ ਹੋ, ਪਰਮੇਸ਼ੁਰ ਦੇ ਮੂਲ-ਤੱਤ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਵਿੱਚ ਦਿਲਚਸਪੀ ਹੀ ਕਿਸ ਦੀ ਹੈ? ਜੇ ਇਹ ਇਸੇ ਤਰ੍ਹਾਂ ਚੱਲਦਾ ਰਿਹਾ, ਤਾਂ ਤੁਸੀਂ ਅਣਜਾਣੇ ਵਿੱਚ ਹੀ ਪ੍ਰਬੰਧਕੀ ਨਿਯਮਾਂ ਦਾ ਉਲੰਘਣ ਕਰ ਬੈਠੋਗੇ, ਕਿਉਂਕਿ ਤੁਸੀਂ ਪਰਮੇਸ਼ੁਰ ਦੇ ਸੁਭਾਅ ਨੂੰ ਨਾ-ਮਾਤਰ ਹੀ ਸਮਝਦੇ ਹੋ। ਤਾਂ, ਜੋ ਤੁਸੀਂ ਹੁਣ ਕਰਦੇ ਹੋ, ਕੀ ਉਹ ਪਰਮੇਸ਼ੁਰ ਦੇ ਸੁਭਾਅ ਦੇ ਵਿਰੁੱਧ ਤੁਹਾਡੇ ਅਪਰਾਧਾਂ ਦੀ ਨੀਂਹ ਨਹੀਂ ਰੱਖ ਰਿਹਾ ਹੈ? ਮੈਂ ਜੋ ਤੁਹਾਨੂੰ ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣ ਲਈ ਕਹਿੰਦਾ ਹਾਂ ਤਾਂ ਉਹ ਮੇਰੇ ਕੰਮ ਤੋਂ ਉਲਟ ਨਹੀਂ ਹੈ। ਕਿਉਂਕਿ ਜੇ ਤੁਸੀਂ ਅਕਸਰ ਹੀ ਪ੍ਰਬੰਧਕੀ ਨਿਯਮਾਂ ਦੀ ਉਲੰਘਣਾ ਕਰਦੇ ਹੋ, ਤਾਂ ਤੁਹਾਡੇ ਵਿੱਚੋਂ ਕੌਣ ਸਜ਼ਾ ਤੋਂ ਬਚੇਗਾ? ਕੀ ਫੇਰ ਮੇਰਾ ਕੰਮ ਪੂਰੀ ਤਰ੍ਹਾਂ ਨਾਲ ਵਿਅਰਥ ਨਹੀਂ ਚਲਾ ਜਾਵੇਗਾ? ਇਸ ਲਈ, ਮੈਂ ਅਜੇ ਵੀ ਕਹਿੰਦਾ ਹਾਂ ਕਿ ਆਪਣੇ ਖੁਦ ਦੇ ਆਚਰਣ ਦੀ ਪੜਤਾਲ ਕਰਨ ਦੇ ਨਾਲ-ਨਾਲ, ਤੁਸੀਂ ਜੋ ਕਦਮ ਚੁੱਕਦੇ ਹੋ ਉਨ੍ਹਾਂ ਵਿੱਚ ਸਾਵਧਾਨ ਰਹੋ। ਇਹ ਉਹ ਉਚੇਰੀ ਮੰਗ ਹੈ ਜੋ ਮੈਂ ਤੁਹਾਡੇ ਤੋਂ ਕਰਦਾ ਹਾਂ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸ ਬਾਰੇ ਧਿਆਨ ਨਾਲ ਵਿਚਾਰ ਕਰੋਗੇ ਅਤੇ ਇਸ ਨੂੰ ਸੰਜੀਦਗੀ ਨਾਲ ਮੰਨੋਗੇ। ਜੇ ਅਜਿਹਾ ਕੋਈ ਦਿਨ ਆਉਂਦਾ ਹੈ ਜਦੋਂ ਤੁਹਾਡੇ ਕੰਮ ਨੇ ਮੇਰੇ ਪ੍ਰਚੰਡ ਕ੍ਰੋਧ ਨੂੰ ਭੜਕਾ ਦਿੱਤਾ, ਤਾਂ ਇਸ ਦੇ ਨਤੀਜੇ ਸਿਰਫ਼ ਤੁਹਾਨੂੰ ਹੀ ਭੁਗਤਣੇ ਪੈਣਗੇ, ਅਤੇ ਤੁਹਾਡੀ ਜਗ੍ਹਾ ਸਜ਼ਾ ਭੁਗਤਣ ਵਾਲਾ ਹੋਰ ਕੋਈ ਨਹੀਂ ਹੋਵੇਗਾ।