ਖੁਸ਼ਖ਼ਬਰੀ ਦੇ ਪ੍ਰਸਾਰ ਦਾ ਕੰਮ ਮਨੁੱਖ ਨੂੰ ਬਚਾਉਣ ਦਾ ਕੰਮ ਵੀ ਹੈ

ਸਾਰੇ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਧਰਤੀ ਉੱਤੇ ਮੇਰੇ ਕੰਮ ਦੇ ਉਦੇਸ਼ ਕੀ ਹਨ, ਅਰਥਾਤ, ਮੈਂ ਆਖ਼ਰਕਾਰ ਕੀ ਪ੍ਰਾਪਤ ਕਰਨਾ ਚਾਹੁੰਦਾ ਹਾਂ ਅਤੇ ਇਸ ਤੋਂ ਪਹਿਲਾਂ ਕਿ ਮੈਂ ਉਸ ਕੰਮ ਨੂੰ ਪੂਰਾ ਕਰ ਸਕਾਂ ਮੈਨੂੰ ਕਿਹੜੇ ਪੱਧਰ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਜੇਕਰ, ਅੱਜ ਤੱਕ ਮੇਰੇ ਨਾਲ ਚੱਲਣ ਤੋਂ ਬਾਅਦ ਵੀ, ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਮੇਰਾ ਕੰਮ ਕਿਸ ਵਿਸ਼ੇ ਵਿੱਚ ਹੈ, ਤਾਂ ਕੀ ਉਨ੍ਹਾਂ ਦਾ ਮੇਰੇ ਨਾਲ ਚੱਲਣਾ ਵਿਅਰਥ ਨਹੀਂ ਗਿਆ? ਜੇਕਰ ਲੋਕ ਮੇਰੇ ਪਿੱਛੇ ਚੱਲਦੇ ਹਨ, ਤਾਂ ਉਨ੍ਹਾਂ ਨੂੰ ਮੇਰੀ ਇੱਛਾ ਦਾ ਪਤਾ ਹੋਣਾ ਚਾਹੀਦਾ ਹੈ। ਮੈਂ ਹਜ਼ਾਰਾਂ ਸਾਲਾਂ ਤੋਂ ਧਰਤੀ ਤੇ ਕੰਮ ਕਰ ਰਿਹਾ ਹਾਂ ਅਤੇ ਅੱਜ ਤੱਕ ਇਸ ਤਰ੍ਹਾਂ ਮੈਂ ਲਗਾਤਾਰ ਆਪਣੇ ਕੰਮ ਨੂੰ ਜਾਰੀ ਰੱਖਿਆ ਹੋਇਆ ਹੈ। ਹਾਲਾਂਕਿ ਮੇਰੇ ਕੰਮ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਸ਼ਾਮਲ ਹਨ, ਪਰ ਇਸ ਦਾ ਉਦੇਸ਼ ਉਹੀ ਰਹਿੰਦਾ ਹੈ; ਹਾਲਾਂਕਿ, ਮੈਂ ਮਨੁੱਖ ਦੇ ਪ੍ਰਤੀ ਨਿਆਂ ਅਤੇ ਤਾੜਨਾ ਦੇ ਨਾਲ ਭਰਿਆ ਹੋਇਆ ਹਾਂ, ਉਦਾਹਰਣ ਦੇ ਲਈ, ਜੋ ਮੈਂ ਕਰਦਾ ਹਾਂ ਉਹ ਹਾਲੇ ਵੀ ਉਸ ਨੂੰ ਬਚਾਉਣ, ਆਪਣੀ ਖੁਸ਼ਖਬਰੀ ਨੂੰ ਹੋਰ ਬਿਹਤਰ ਢੰਗ ਨਾਲ ਫੈਲਾਉਣ ਅਤੇ ਇੱਕ ਵਾਰ ਮਨੁੱਖ ਦੇ ਸੰਪੂਰਨ ਹੋ ਜਾਣ ਤੋਂ ਬਾਅਦ ਆਪਣੇ ਕੰਮ ਨੂੰ ਸਾਰੀਆਂ ਗੈਰ ਕੌਮਾਂ ਵਿੱਚ ਹੋਰ ਜ਼ਿਆਦਾ ਵਧਾਉਣ ਦੇ ਲਈ ਕਰਦਾ ਹਾਂ। ਇਸ ਲਈ ਅੱਜ, ਇੱਕ ਅਜਿਹੇ ਸਮੇਂ ਵਿੱਚ ਜਦੋਂ ਬਹੁਤ ਸਾਰੇ ਲੋਕ ਲੰਬੇ ਸਮੇਂ ਤੋਂ ਨਿਰਾਸ਼ਾ ਵਿੱਚ ਡੁੱਬੇ ਹੋਏ ਹਨ, ਮੈਂ ਹੁਣ ਵੀ ਨਿਰੰਤਰ ਆਪਣੇ ਕੰਮ ਨੂੰ ਜਾਰੀ ਰੱਖਦਾ ਹਾਂ, ਮੈਂ ਉਸ ਕੰਮ ਨੂੰ ਕਰਦਾ ਰਹਿੰਦਾ ਹਾਂ ਜੋ ਮਨੁੱਖ ਦਾ ਨਿਆਂ ਕਰਨ ਅਤੇ ਉਸ ਨੂੰ ਤਾੜਨਾ ਦੇਣ ਦੇ ਲਈ ਮੈਨੂੰ ਕਰਨਾ ਜ਼ਰੂਰੀ ਹੈ। ਇਸ ਤੱਥ ਦੇ ਬਾਵਜੂਦ ਕਿ ਮਨੁੱਖ ਉਸ ਤੋਂ ਅੱਕ ਚੁੱਕਾ ਹੈ ਜੋ ਮੈਂ ਕਹਿੰਦਾ ਹਾਂ ਅਤੇ ਉਸ ਨੂੰ ਮੇਰੇ ਕੰਮ ਨਾਲ ਵਾਸਤਾ ਰੱਖਣ ਦੀ ਬਿਲਕੁਲ ਇੱਛਾ ਨਹੀਂ ਹੈ, ਤਾਂ ਵੀ ਮੈਂ ਆਪਣੇ ਫਰਜ਼ ਨੂੰ ਨਿਭਾ ਰਿਹਾ ਹਾਂ, ਕਿਉਂਕਿ ਮੇਰੇ ਕੰਮ ਦਾ ਉਦੇਸ਼ ਨਹੀਂ ਬਦਲਦਾ ਹੈ ਅਤੇ ਮੇਰੀ ਮੂਲ ਯੋਜਨਾ ਅਟੱਲ ਰਹੇਗੀ। ਮੇਰੇ ਨਿਆਂ ਦਾ ਉਦੇਸ਼ ਮਨੁੱਖ ਨੂੰ ਬਿਹਤਰ ਤਰੀਕੇ ਦੇ ਨਾਲ ਮੇਰੀ ਗੱਲ ਮੰਨਣ ਦੇ ਯੋਗ ਬਣਾਉਣਾ ਹੈ ਅਤੇ ਮੇਰੀ ਤਾੜਨਾ ਦੇਣ ਦਾ ਕੰਮ ਮਨੁੱਖ ਨੂੰ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਬਦਲਣਾ ਹੈ। ਹਾਲਾਂਕਿ ਮੈਂ ਜੋ ਕੁਝ ਕਰਦਾ ਹਾਂ ਉਹ ਮੇਰੇ ਪ੍ਰਬੰਧਨ ਦੇ ਲਈ ਹੈ, ਮੈਂ ਕਦੀ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ ਜੋ ਮਨੁੱਖ ਦੇ ਲਾਭ ਲਈ ਨਾ ਹੋਵੇ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਇਸਰਾਏਲ ਤੋਂ ਇਲਾਵਾ ਸਾਰੀਆਂ ਕੌਮਾਂ ਨੂੰ ਵੀ ਇਸਰਾਏਲੀਆਂ ਦੇ ਵਾਂਗ ਹੀ ਆਗਿਆਕਾਰੀ ਬਣਾਵਾਂ, ਤਾਂ ਕਿ ਉਹ ਅਸਲ ਮਨੁੱਖ ਬਣ ਸਕਣ, ਤਾਂ ਜੋ ਮੈਂ ਇਸਰਾਏਲ ਤੋਂ ਬਾਹਰ ਦੀ ਧਰਤੀ ਵਿੱਚ ਪੈਰ ਰੱਖ ਸਕਾਂ। ਇਹ ਮੇਰਾ ਪ੍ਰਬੰਧਨ ਹੈ; ਇਹ ਉਹ ਕੰਮ ਹੈ ਜਿਸ ਨੂੰ ਮੈਂ ਗੈਰ ਯਹੂਦੀ ਕੌਮਾਂ ਵਿੱਚ ਪੂਰਾ ਕਰ ਰਿਹਾ ਹਾਂ। ਹੁਣ ਵੀ, ਬਹੁਤ ਸਾਰੇ ਲੋਕ ਮੇਰੇ ਪ੍ਰਬੰਧਨ ਨੂੰ ਨਹੀਂ ਸਮਝਦੇ ਹਨ, ਕਿਉਂਕਿ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਨ੍ਹਾਂ ਨੂੰ ਸਿਰਫ ਆਪਣੇ ਭਵਿੱਖ ਅਤੇ ਆਪਣੀਆਂ ਮੰਜ਼ਿਲਾਂ ਦੀ ਪਰਵਾਹ ਹੈ। ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਕੀ ਕਹਿੰਦਾ ਹਾਂ, ਉਹ ਉਸ ਕੰਮ ਦੇ ਪ੍ਰਤੀ ਲਾਪਰਵਾਹ ਰਹਿੰਦੇ ਹਨ ਜੋ ਮੈਂ ਕਰਦਾ ਹਾਂ, ਇਸ ਦੀ ਬਜਾਇ ਉਹ ਸਿਰਫ ਆਪਣੇ ਕੱਲ੍ਹ ਦੀਆਂ ਮੰਜ਼ਿਲਾਂ ’ਤੇ ਵਿਸ਼ੇਸ਼ ਤੌਰ ਤੇ ਧਿਆਨ ਕੇਂਦਰਿਤ ਕਰਦੇ ਹਨ। ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ, ਤਾਂ ਮੇਰਾ ਕੰਮ ਕਿਵੇਂ ਫੈਲ ਸਕਦਾ ਹੈ? ਮੇਰੀ ਖੁਸ਼ਖ਼ਬਰੀ ਕਿਵੇਂ ਸਾਰੇ ਸੰਸਾਰ ਵਿੱਚ ਫੈਲ ਸਕਦੀ ਹੈ? ਇਸ ਗੱਲ ਨੂੰ ਜਾਣ ਲਵੋ ਕਿ ਜਦੋਂ ਮੇਰਾ ਕੰਮ ਫੈਲਦਾ ਹੈ, ਤਾਂ ਮੈਂ ਤੁਹਾਨੂੰ ਖਿੰਡਾ ਦਿਆਂਗਾ ਅਤੇ ਤੁਹਾਨੂੰ ਤਿੱਤਰ-ਬਿੱਤਰ ਕਰ ਦਿਆਂਗਾ ਜਿਵੇਂ ਯਹੋਵਾਹ ਨੇ ਇਸਰਾਏਲ ਦੇ ਹਰ ਇੱਕ ਗੋਤ ਨੂੰ ਖਿੰਡਾਇਆ ਸੀ। ਇਹ ਸਭ ਇਸ ਲਈ ਕੀਤਾ ਜਾਵੇਗਾ ਤਾਂ ਕਿ ਮੇਰੀ ਖੁਸ਼ਖ਼ਬਰੀ ਸਾਰੀ ਦੁਨੀਆਂ ਵਿੱਚ ਫੈਲ ਜਾਵੇ, ਤਾਂ ਕਿ ਮੇਰਾ ਕੰਮ ਗੈਰ ਯਹੂਦੀ ਕੌਮਾਂ ਤੱਕ ਫੈਲ ਸਕੇ, ਤਾਂ ਕਿ ਮੇਰਾ ਨਾਮ ਬਾਲਗਾਂ ਅਤੇ ਬੱਚਿਆਂ ਦੋਵਾਂ ਦੁਆਰਾ ਸਮਾਨ ਰੂਪ ਵਿੱਚ ਮਹਿਮਾ ਪਾਏ ਅਤੇ ਮੇਰਾ ਪਵਿੱਤਰ ਨਾਮ ਸਾਰੇ ਗੋਤਾਂ ਅਤੇ ਕੌਮਾਂ ਦੇ ਲੋਕਾਂ ਦੇ ਮੂੰਹੋਂ ਉੱਚਾ ਕੀਤਾ ਜਾਵੇ। ਇਹ ਇਸ ਲਈ ਹੈ ਕਿ ਇਸ ਆਖਰੀ ਯੁੱਗ ਵਿੱਚ, ਮੇਰਾ ਨਾਮ ਗੈਰ ਕੌਮਾਂ ਵਿੱਚ ਉੱਚਾ ਕੀਤਾ ਜਾ ਸਕੇ, ਤਾਂ ਕਿ ਮੇਰੇ ਕੰਮ ਗੈਰ ਯਹੂਦੀਆਂ ਦੇ ਦੁਆਰਾ ਵੇਖੇ ਜਾ ਸਕਣ ਅਤੇ ਉਹ ਮੇਰੇ ਕੰਮਾਂ ਦੇ ਕਾਰਣ ਮੈਨੂੰ ਸਰਬ ਸ਼ਕਤੀਮਾਨ ਕਹਿਣ ਅਤੇ ਇਸ ਤਰ੍ਹਾਂ ਮੇਰੇ ਵਚਨ ਛੇਤੀ ਪੂਰੇ ਹੋ ਸਕਣ। ਮੈਂ ਸਾਰੇ ਲੋਕਾਂ ਨੂੰ ਇਹ ਦੱਸ ਦਿਆਂਗਾ ਕਿ ਮੈਂ ਸਿਰਫ ਇਸਰਾਏਲੀਆਂ ਦਾ ਹੀ ਨਹੀਂ, ਸਗੋਂ ਗੈਰ ਜਾਤੀਆਂ ਦਾ ਵੀ ਪਰਮੇਸ਼ੁਰ ਹਾਂ, ਇੱਥੋਂ ਤੱਕ ਕਿ ਉਨ੍ਹਾਂ ਦਾ ਵੀ ਜਿਨ੍ਹਾਂ ਨੂੰ ਮੈਂ ਸਰਾਪ ਦਿੱਤਾ ਹੈ। ਮੈਂ ਸਾਰੇ ਲੋਕਾਂ ਨੂੰ ਵਿਖਾਵਾਂਗਾ ਕਿ ਮੈਂ ਸਾਰੀ ਸ੍ਰਿਸ਼ਟੀ ਦਾ ਪਰਮੇਸ਼ੁਰ ਹਾਂ। ਇਹ ਮੇਰਾ ਸਭ ਤੋਂ ਵੱਡਾ ਕੰਮ ਹੈ, ਅੰਤ ਦੇ ਦਿਨਾਂ ਲਈ ਮੇਰੇ ਕੰਮ ਦੀ ਯੋਜਨਾ ਦਾ ਉਦੇਸ਼ ਅਤੇ ਇਕਮਾਤਰ ਕੰਮ ਜੋ ਅੰਤ ਦੇ ਦਿਨਾਂ ਵਿੱਚ ਪੂਰਾ ਹੋਣਾ ਹੈ।

ਸਿਰਫ ਅੰਤ ਦੇ ਦਿਨਾਂ ਦੇ ਦੌਰਾਨ ਅਜਿਹਾ ਹੋ ਰਿਹਾ ਹੈ ਕਿ ਜਿਸ ਕੰਮ ਦਾ ਪ੍ਰਬੰਧ ਮੈਂ ਹਜ਼ਾਰਾਂ ਸਾਲਾਂ ਤੋਂ ਕਰ ਰਿਹਾ ਹਾਂ ਉਹ ਪੂਰੀ ਤਰ੍ਹਾਂ ਦੇ ਨਾਲ ਮਨੁੱਖ ਦੇ ਸਾਹਮਣੇ ਪਰਗਟ ਕੀਤਾ ਗਿਆ ਹੈ। ਇਹ ਸਿਰਫ ਹੁਣ ਹੈ ਕਿ ਮੈਂ ਮਨੁੱਖ ਦੇ ਉੱਤੇ ਆਪਣੇ ਪੂਰੇ ਪ੍ਰਬੰਧਨ ਦਾ ਪੂਰਾ ਭੇਤ ਪਰਗਟ ਕੀਤਾ ਹੈ ਅਤੇ ਮਨੁੱਖ ਨੇ ਮੇਰੇ ਕੰਮ ਦਾ ਉਦੇਸ਼ ਸਿੱਖ ਲਿਆ ਹੈ ਅਤੇ, ਇਸ ਤੋਂ ਵੀ ਵੱਧ ਕੇ, ਉਹ ਮੇਰੇ ਸਾਰੇ ਭੇਤਾਂ ਨੂੰ ਸਮਝ ਗਿਆ ਹੈ। ਮੈਂ ਮਨੁੱਖ ਨੂੰ ਪਹਿਲਾਂ ਤੋਂ ਹੀ ਉਸ ਮੰਜ਼ਿਲ ਦੇ ਵਿਸ਼ੇ ਵਿੱਚ ਸਭ ਕੁਝ ਦੱਸ ਦਿੱਤਾ ਹੈ ਜਿਸ ਦੇ ਨਾਲ ਉਸ ਦਾ ਸੰਬੰਧ ਹੈ। ਮੈਂ ਪਹਿਲਾਂ ਤੋਂ ਹੀ ਆਪਣੇ ਸਾਰੇ ਭੇਤਾਂ ਨੂੰ ਮਨੁੱਖ ਦੇ ਉੱਤੇ ਖੋਲ੍ਹ ਦਿੱਤਾ ਹੈ, ਉਨ੍ਹਾਂ ਭੇਤਾਂ ਨੂੰ ਜੋ 5,900 ਸਾਲਾਂ ਤੋਂ ਗੁਪਤ ਸਨ। ਯਹੋਵਾਹ ਕੌਣ ਹੈ? ਮਸੀਹਾ ਕੌਣ ਹੈ? ਯਿਸੂ ਕੌਣ ਹੈ? ਤੁਹਾਨੂੰ ਇਹ ਸਭ ਪਤਾ ਹੋਣਾ ਚਾਹੀਦਾ ਹੈ। ਇਨ੍ਹਾਂ ਨਾਵਾਂ ਅਨੁਸਾਰ ਮੇਰੇ ਕੰਮ ਵਿੱਚ ਤਬਦੀਲੀ ਹੁੰਦੀ ਹੈ। ਕੀ ਤੁਸੀਂ ਇਸ ਗੱਲ ਨੂੰ ਸਮਝ ਗਏ ਹੋ? ਮੇਰੇ ਪਵਿੱਤਰ ਨਾਮ ਦਾ ਪ੍ਰਚਾਰ ਕਿਵੇਂ ਕੀਤਾ ਜਾਣਾ ਚਾਹੀਦਾ ਹੈ? ਮੇਰਾ ਨਾਮ ਉਨ੍ਹਾਂ ਕੌਮਾਂ ਵਿੱਚੋਂ ਹਰ ਉਸ ਕੌਮ ਵਿੱਚ ਕਿਵੇਂ ਫੈਲਣਾ ਚਾਹੀਦਾ ਹੈ ਜਿਸ ਨੇ ਮੈਨੂੰ ਮੇਰੇ ਕਿਸੇ ਵੀ ਨਾਮ ਤੋਂ ਪੁਕਾਰਿਆ ਹੈ? ਮੇਰਾ ਕੰਮ ਫੈਲ ਰਿਹਾ ਹੈ ਅਤੇ ਮੈਂ ਇਸ ਨੂੰ ਪੂਰੇ ਦਾ ਪੂਰਾ ਹਰ ਇੱਕ ਦੇਸ਼ ਵਿੱਚ ਫੈਲਾਵਾਂਗਾ। ਕਿਉਂਕਿ ਮੇਰਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ, ਇਸ ਲਈ ਮੈਂ ਤੁਹਾਨੂੰ ਖਿੰਡਾ ਦਿਆਂਗਾ ਜਿਵੇਂ ਯਹੋਵਾਹ ਨੇ ਇਸਰਾਏਲ ਵਿੱਚ ਦਾਊਦ ਦੇ ਘਰਾਣੇ ਦੇ ਅਯਾਲੀਆਂ ਨੂੰ ਖਿੰਡਾ ਦਿੱਤਾ ਸੀ, ਤਾਂ ਕਿ ਤੁਸੀਂ ਹਰ ਕੌਮ ਵਿੱਚ ਫੈਲ ਜਾਓ। ਕਿਉਂਕਿ ਅੰਤ ਦੇ ਦਿਨਾਂ ਵਿੱਚ, ਮੈਂ ਸਾਰੀਆਂ ਕੌਮਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡ ਦਿਆਂਗਾ ਅਤੇ ਉਨ੍ਹਾਂ ਦੇ ਲੋਕਾਂ ਨੂੰ ਨਵੇਂ ਸਿਰਿਓਂ ਤਿਤਰ-ਬਿਤਰ ਕਰਾਂਗਾ। ਜਦੋਂ ਮੈਂ ਦੁਬਾਰਾ ਵਾਪਸ ਆਵਾਂਗਾ, ਤਾਂ ਕੌਮਾਂ ਪਹਿਲਾਂ ਤੋਂ ਹੀ ਮੇਰੀਆਂ ਬਲਦੀਆਂ ਹੋਈਆਂ ਅੱਗ ਦੀਆਂ ਲਾਟਾਂ ਦੁਆਰਾ ਠਹਿਰਾਈਆਂ ਗਈਆਂ ਹੱਦਾਂ ਵਿੱਚ ਵੰਡੀਆਂ ਗਈਆਂ ਹੋਣਗੀਆਂ। ਉਸ ਸਮੇਂ, ਮੈਂ ਆਪਣੇ ਆਪ ਨੂੰ ਮਨੁੱਖ ਦੇ ਉੱਤੇ ਤਪਦੀ ਧੁੱਪ ਦੇ ਵਾਂਗ ਨਵੇਂ ਸਿਰੇ ਤੋਂ ਪਰਗਟ ਕਰਾਂਗਾ, ਉਨ੍ਹਾਂ ਉੱਤੇ ਆਪਣੇ ਆਪ ਨੂੰ ਸਪਸ਼ਟ ਤੌਰ ਤੇ ਉਸ ਪਵਿੱਤਰ ਪੁਰਖ ਦੇ ਰੂਪ ਵਿੱਚ ਵਿਖਾਉਂਦੇ ਹੋਏ ਜਿਸ ਨੂੰ ਉਨ੍ਹਾਂ ਨੇ ਕਦੀ ਵੀ ਨਹੀਂ ਵੇਖਿਆ ਹੈ, ਬਹੁ-ਜਾਤੀ ਕੌਮਾਂ ਵਿੱਚ ਚੱਲਦੇ ਹੋਏ, ਜਿਵੇਂ ਮੈਂ, ਯਹੋਵਾਹ, ਇੱਕ ਸਮੇਂ ਯਹੂਦੀ ਗੋਤਾਂ ਦੇ ਵਿਚਕਾਰ ਚੱਲਿਆ ਸੀ। ਉਸ ਸਮੇਂ ਤੋਂ, ਮੈਂ ਧਰਤੀ ਉੱਤੇ ਮਨੁੱਖ ਦੇ ਜੀਵਨ ਵਿੱਚ ਉਸ ਦੀ ਅਗਵਾਈ ਕਰਾਂਗਾ। ਉੱਥੇ ਉਹ ਨਿਸ਼ਚਤ ਤੌਰ ਤੇ ਮੇਰੀ ਮਹਿਮਾ ਨੂੰ ਅਤੇ ਹਵਾ ਵਿੱਚ ਇੱਕ ਬੱਦਲ ਦੇ ਥੰਮ੍ਹ ਨੂੰ ਵੀ ਵੇਖਣਗੇ ਜਿਹੜਾ ਉਨ੍ਹਾਂ ਦੇ ਜੀਵਨਾਂ ਵਿੱਚ ਉਨ੍ਹਾਂ ਦੀ ਅਗਵਾਈ ਕਰੇਗਾ, ਕਿਉਂਕਿ ਮੈਂ ਆਪਣੇ ਆਪ ਨੂੰ ਪਵਿੱਤਰ ਸਥਾਨਾਂ ਵਿੱਚ ਵਿਖਾਵਾਂਗਾ। ਮਨੁੱਖ ਮੇਰੀ ਧਾਰਮਿਕਤਾ ਦੇ ਦਿਨ ਨੂੰ ਅਤੇ ਮੇਰੇ ਤੇਜਮਈ ਪ੍ਰਗਟਾਵੇ ਨੂੰ ਵੀ ਵੇਖਣਗੇ। ਇਹ ਉਸ ਸਮੇਂ ਹੋਵੇਗਾ ਜਦੋਂ ਮੈਂ ਸਾਰੀ ਧਰਤੀ ਉੱਤੇ ਰਾਜ ਕਰਾਂਗਾ ਅਤੇ ਆਪਣੇ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਵਿੱਚ ਲਿਆਵਾਂਗਾ। ਧਰਤੀ ’ਤੇ ਹਰ ਜਗ੍ਹਾ ਲੋਕ ਸਿਰ ਝੁਕਾਉਣਗੇ ਅਤੇ ਮੇਰਾ ਤੰਬੂ ਮਨੁੱਖਾਂ ਦੇ ਵਿਚਕਾਰ, ਉਸ ਕਾਰਜ ਦੀ ਚੱਟਾਨ ’ਤੇ ਜੋ ਮੈਂ ਅੱਜ ਕਰ ਰਿਹਾ ਹਾਂ, ਦ੍ਰਿੜ੍ਹਤਾ ਨਾਲ ਖੜ੍ਹਾ ਕੀਤਾ ਜਾਵੇਗਾ। ਹੈਕਲ ਵਿੱਚ ਵੀ, ਲੋਕ ਮੇਰੀ ਸੇਵਾ ਕਰਨਗੇ। ਜਗਵੇਦੀ, ਜੋ ਗੰਦੀਆਂ ਅਤੇ ਘਿਣਾਉਣੀਆਂ ਚੀਜ਼ਾਂ ਨਾਲ ਭਰੀ ਹੋਈ ਹੈ, ਮੈਂ ਉਸ ਦੇ ਟੁਕੜੇ ਟੁਕੜੇ ਕਰ ਦਿਆਂਗਾ ਅਤੇ ਇੱਕ ਨਵੀਂ ਜਗਵੇਦੀ ਤਿਆਰ ਕਰਾਂਗਾ। ਪਵਿੱਤਰ ਜਗਵੇਦੀ ਉੱਤੇ ਨਵਜੰਮੇ ਲੇਲਿਆਂ ਅਤੇ ਵੱਛਿਆਂ ਦਾ ਢੇਰ ਲਗਾਇਆ ਜਾਵੇਗਾ। ਮੈਂ ਅੱਜ ਦੀ ਹੈਕਲ ਨੂੰ ਭੰਨ ਸੁੱਟਾਂਗਾ ਅਤੇ ਇੱਕ ਨਵੀਂ ਹੈਕਲ ਬਣਾਵਾਂਗਾ। ਉਹ ਹੈਕਲ ਜੋ ਹੁਣ ਖੜ੍ਹੀ ਹੈ, ਉਹ ਘਿਣਾਉਣੇ ਲੋਕਾਂ ਦੇ ਨਾਲ ਭਰੀ ਹੋਈ ਹੈ, ਉਹ ਢਹਿ ਜਾਵੇਗੀ ਅਤੇ ਜੋ ਮੈਂ ਬਣਾਵਾਂਗਾ ਉਹ ਮੇਰੇ ਵਫ਼ਾਦਾਰ ਦਾਸਾਂ ਦੇ ਨਾਲ ਭਰੀ ਹੋਵੇਗੀ। ਉਹ ਇੱਕ ਵਾਰ ਫਿਰ ਤੋਂ ਖੜ੍ਹੇ ਹੋਣਗੇ ਅਤੇ ਮੇਰੀ ਹੈਕਲ ਦੀ ਮਹਿਮਾ ਦੇ ਲਈ ਮੇਰੀ ਸੇਵਾ ਕਰਨਗੇ। ਤੁਸੀਂ ਨਿਸ਼ਚਤ ਤੌਰ ਤੇ ਉਸ ਦਿਨ ਨੂੰ ਵੇਖੋਗੇ ਜਿਸ ਵਿੱਚ ਮੈਨੂੰ ਵੱਡੀ ਮਹਿਮਾ ਪ੍ਰਾਪਤ ਹੋਵੇਗੀ ਅਤੇ ਤੁਸੀਂ ਨਿਸ਼ਚਤ ਤੌਰ ਤੇ ਉਸ ਦਿਨ ਨੂੰ ਵੀ ਵੇਖੋਗੇ ਜਦੋਂ ਮੈਂ ਹੈਕਲ ਨੂੰ ਢਾਹ ਕੇ ਇੱਕ ਨਵੀਂ ਹੈਕਲ ਬਣਾਵਾਂਗਾ। ਇਸ ਤੋਂ ਇਲਾਵਾ, ਨਿਸ਼ਚਤ ਤੌਰ ਤੇ ਤੁਸੀਂ ਮਨੁੱਖਾਂ ਦੀ ਦੁਨੀਆਂ ਵਿੱਚ ਮੇਰੇ ਤੰਬੂ ਦੇ ਆਉਣ ਦੇ ਦਿਨ ਨੂੰ ਵੀ ਵੇਖੋਗੇ। ਜਿਵੇਂ ਜਿਵੇਂ ਮੈਂ ਹੈਕਲ ਨੂੰ ਤੋੜਦਾ ਜਾਵਾਂਗਾ, ਤਿਵੇਂ ਤਿਵੇਂ ਮਨੁੱਖਾਂ ਦੀ ਦੁਨੀਆਂ ਵਿੱਚ ਆਪਣੇ ਤੰਬੂ ਨੂੰ ਲਿਆਉਂਦਾ ਜਾਵਾਂਗਾ, ਜਿਵੇਂ ਉਹ ਮੈਨੂੰ ਆਉਂਦਾ ਹੋਇਆ ਵੇਖਣਗੇ। ਸਾਰੀਆਂ ਕੌਮਾਂ ਨੂੰ ਕੁਚਲਣ ਤੋਂ ਬਾਅਦ, ਮੈਂ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਇਕੱਠਾ ਕਰਾਂਗਾ, ਆਪਣੇ ਤੰਬੂ ਨੂੰ ਬਣਾਵਾਂਗਾ ਅਤੇ ਆਪਣੀ ਜਗਵੇਦੀ ਨੂੰ ਸਥਾਪਤ ਕਰਾਂਗਾ, ਤਾਂ ਕਿ ਸਾਰੇ ਮੇਰੇ ਲਈ ਭੇਟ ਚੜ੍ਹਾ ਸਕਣ, ਮੇਰੀ ਹੈਕਲ ਦੇ ਅੰਦਰ ਮੇਰੀ ਸੇਵਾ ਕਰ ਸਕਣ ਅਤੇ ਗੈਰ ਕੌਮਾਂ ਵਿੱਚ ਮੇਰੇ ਕੰਮ ਲਈ ਆਪਣੇ ਆਪ ਨੂੰ ਵਫਾਦਾਰੀ ਨਾਲ ਸਮਰਪਿਤ ਕਰ ਸਕਣ। ਉਹ ਵਰਤਮਾਨ ਸਮੇਂ ਦੇ ਇਸਰਾਏਲੀਆਂ ਦੇ ਸਮਾਨ ਹੋਣਗੇ, ਜਾਜਕਾਈ ਪੁਸ਼ਾਕ ਅਤੇ ਤਾਜ ਪਹਿਨੇ ਹੋਏ ਹੋਣਗੇ, ਮੇਰੀ, ਯਹੋਵਾਹ ਦੀ ਮਹਿਮਾ, ਉਨ੍ਹਾਂ ਦੇ ਵਿਚਕਾਰ ਹੋਵੇਗੀ ਅਤੇ ਮੇਰੀ ਮਹਿਮਾ ਉਨ੍ਹਾਂ ਦੇ ਉੱਤੇ ਛਾਈ ਰਹੇਗੀ ਅਤੇ ਉਨ੍ਹਾਂ ਦੇ ਨਾਲ ਬਣੀ ਰਹੇਗੀ। ਗੈਰ ਕੌਮਾਂ ਦੇ ਵਿਚਕਾਰ ਵੀ ਮੇਰੇ ਕੰਮ ਨੂੰ ਇਸੇ ਤਰ੍ਹਾਂ ਕੀਤਾ ਜਾਵੇਗਾ। ਜਿਵੇਂ ਇਸਰਾਏਲ ਦੇ ਵਿੱਚ ਮੇਰਾ ਕੰਮ ਸੀ, ਉਸੇ ਤਰ੍ਹਾਂ ਗੈਰ ਕੌਮਾਂ ਦੇ ਵਿਚਕਾਰ ਹੋਵੇਗਾ, ਕਿਉਂਕਿ ਮੈਂ ਇਸਰਾਏਲ ਵਿੱਚ ਆਪਣੇ ਕੰਮ ਨੂੰ ਵਧਾਵਾਂਗਾ ਅਤੇ ਇਸ ਨੂੰ ਗੈਰ ਕੌਮਾਂ ਤੱਕ ਫੈਲਾਵਾਂਗਾ।

ਹੁਣ ਉਹ ਸਮਾਂ ਹੈ ਜਦੋਂ ਮੇਰਾ ਆਤਮਾ ਮਹਾਨ ਕੰਮ ਕਰਦਾ ਹੈ ਅਤੇ ਉਹ ਸਮਾਂ ਹੈ ਜਦੋਂ ਮੈਂ ਗੈਰ ਕੌਮਾਂ ਦੇ ਵਿਚਕਾਰ ਆਪਣਾ ਕੰਮ ਸ਼ੁਰੂ ਕਰਦਾ ਹਾਂ। ਇਸ ਤੋਂ ਵੀ ਵਧ ਕੇ, ਇਹ ਉਹ ਸਮਾਂ ਹੈ ਜਦੋਂ ਮੈਂ ਸਾਰੇ ਰਚੇ ਹੋਏ ਪ੍ਰਾਣੀਆਂ ਨੂੰ ਸ਼੍ਰੇਣੀਆਂ ਵਿੱਚ ਵੰਡਦਾ ਹਾਂ ਅਤੇ ਹਰੇਕ ਨੂੰ ਉਸ ਦੀ ਢੁਕਵੀਂ ਸ਼੍ਰੇਣੀ ਵਿੱਚ ਰੱਖਦਾ ਹਾਂ, ਤਾਂ ਕਿ ਮੇਰਾ ਕੰਮ ਹੋਰ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਅੱਗੇ ਵਧ ਸਕੇ। ਅਤੇ ਇਸ ਲਈ, ਮੈਂ ਤੁਹਾਡੇ ਕੋਲੋਂ ਜੋ ਮੰਗ ਕਰਦਾ ਹਾਂ ਉਹ ਇਹ ਹੈ ਕਿ ਤੂੰ ਪੂਰਨ ਤੌਰ ਤੇ ਆਪਣੇ ਆਪ ਨੂੰ ਮੇਰੇ ਸਾਰੇ ਕੰਮ ਦੇ ਲਈ ਸਮਰਪਿਤ ਕਰ ਦੇ ਅਤੇ ਇਸ ਤੋਂ ਵੀ ਵੱਧ ਇਹ ਕਿ ਤੂੰ ਸਪਸ਼ਟ ਤੌਰ ਤੇ ਵਿਚਾਰ ਕਰ ਅਤੇ ਮੇਰੇ ਦੁਆਰਾ ਤੇਰੇ ਵਿੱਚ ਕੀਤੇ ਗਏ ਸਾਰੇ ਕੰਮਾਂ ਨੂੰ ਪੱਕਾ ਕਰ ਅਤੇ ਆਪਣੀ ਪੂਰੀ ਸ਼ਕਤੀ ਮੇਰੇ ਕੰਮ ਵਿੱਚ ਲਗਾ ਤਾਂ ਕਿ ਇਹ ਹੋਰ ਪ੍ਰਭਾਵਸ਼ਾਲੀ ਹੋ ਸਕੇ। ਇਹੀ ਉਹ ਗੱਲ ਹੈ ਜੋ ਤੈਨੂੰ ਸਮਝਣੀ ਚਾਹੀਦੀ ਹੈ। ਆਪਸ ਵਿੱਚ ਲੜਨ ਅਤੇ ਪਿੱਛੇ ਮੁੜਣ ਦਾ ਰਾਹ ਖੋਜਣ ਤੋਂ ਜਾਂ ਸਰੀਰਕ ਸੁੱਖ ਦੀ ਭਾਲ ਕਰਨਾ ਛੱਡ ਦੇ, ਜੋ ਮੇਰੇ ਕੰਮ ਅਤੇ ਤੇਰੇ ਸ਼ਾਨਦਾਰ ਭਵਿੱਖ ਵਿੱਚ ਦੇਰੀ ਕਰਨਗੇ। ਤੇਰੀ ਸੁਰੱਖਿਆ ਤਾਂ ਕੀ ਕਰਨੀ ਹੈ, ਸਗੋਂ ਇਸ ਤਰ੍ਹਾਂ ਕਰਨ ਨਾਲ ਤੇਰੇ ਉੱਤੇ ਵਿਨਾਸ਼ ਆ ਪਵੇਗਾ। ਕੀ ਇਹ ਤੇਰੇ ਲਈ ਮੂਰਖਤਾ ਨਹੀਂ ਹੋਵੇਗੀ? ਅੱਜ ਜਿਹੜੀ ਚੀਜ਼ ਦਾ ਤੂੰ ਬੜਾ ਲੋਭੀ ਬਣ ਕੇ ਅਨੰਦ ਲੈਂਦਾ ਹੈਂ ਉਹੀ ਤੇਰੇ ਭਵਿੱਖ ਨੂੰ ਵਿਗਾੜ ਰਹੀ ਹੈ, ਜਦ ਕਿ ਅੱਜ ਜਿਹੜਾ ਦਰਦ ਤੂੰ ਝੱਲ ਰਿਹਾ ਹੈਂ ਉਹੀ ਉਹ ਚੀਜ਼ ਹੈ ਜੋ ਤੇਰੀ ਸੁਰੱਖਿਆ ਕਰ ਰਹੀ ਹੈ। ਤੈਨੂੰ ਸਪਸ਼ਟ ਤੌਰ ਤੇ ਇਨ੍ਹਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ, ਤਾਂ ਕਿ ਤੂੰ ਪ੍ਰ੍ਲੋਭਨਾਂ ਦਾ ਸ਼ਿਕਾਰ ਹੋਣ ਤੋਂ ਬਚ ਸਕੇਂ, ਜਿਸ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣਾ ਅਤੇ ਸੰਘਣੀ ਧੁੰਦ ਵਿੱਚ ਫਸ ਕੇ ਸੂਰਜ ਦੀ ਰੌਸ਼ਨੀ ਨੂੰ ਖੋਜਣਾ ਤੇਰੇ ਲਈ ਮੁਸ਼ਕਲ ਹੋਵੇਗਾ। ਜਦੋਂ ਧੁੰਦ ਮਿਟ ਜਾਵੇਗੀ ਤਾਂ ਤੂੰ ਆਪਣੇ ਆਪ ਨੂੰ ਮਹਾਨ ਦਿਨ ਦੇ ਨਿਆਂ ਦੇ ਵਿਚਕਾਰ ਪਾਵੇਂਗਾ। ਉਸ ਸਮੇਂ, ਮੇਰਾ ਦਿਨ ਮਨੁੱਖਜਾਤੀ ਦੇ ਨੇੜੇ ਆਉਂਦਾ ਜਾ ਰਿਹਾ ਹੋਵੇਗਾ। ਤੂੰ ਮੇਰੇ ਨਿਆਂ ਤੋਂ ਕਿਵੇਂ ਬਚੇਂਗਾ? ਤੂੰ ਸੂਰਜ ਦੀ ਤਪਦੀ ਗਰਮੀ ਨੂੰ ਕਿਵੇਂ ਸਹਿ ਸਕੇਂਗਾ? ਜਦੋਂ ਮੈਂ ਇਨਸਾਨ ਨੂੰ ਆਪਣੀ ਭਰਪੂਰੀ ਦਿੰਦਾ ਹਾਂ, ਤਾਂ ਉਹ ਇਸ ਨੂੰ ਆਪਣੀਆਂ ਬਾਹਾਂ ਵਿੱਚ ਸਮੇਟ ਕੇ ਇਸ ਦਾ ਅਨੰਦ ਨਹੀਂ ਮਾਣਦਾ, ਬਲਕਿ ਇਸ ਨੂੰ ਇੱਕ ਅਜਿਹੇ ਸਥਾਨ ’ਤੇ ਰੱਖ ਦਿੰਦਾ ਹੈ ਜਿੱਥੇ ਕਿਸੇ ਦਾ ਵੀ ਧਿਆਨ ਇਸ ਦੇ ਵੱਲ ਨਹੀਂ ਜਾਂਦਾ। ਜਦੋਂ ਮਨੁੱਖ ਦੇ ਉੱਤੇ ਮੇਰਾ ਦਿਨ ਉੱਤਰੇਗਾ, ਤਾਂ ਉਹ ਮੇਰੀ ਭਰਪੂਰੀ ਨੂੰ, ਜਾਂ ਸੱਚਾਈ ਦੇ ਉਨ੍ਹਾਂ ਕਠੋਰ ਸ਼ਬਦਾਂ ਨੂੰ ਜੋ ਮੈਂ ਬਹੁਤ ਪਹਿਲਾਂ ਉਸ ਨੂੰ ਕਹੇ ਸਨ ਖੋਜ ਨਹੀਂ ਸਕੇਗਾ। ਉਹ ਰੋਂਦਾ ਅਤੇ ਚੀਕਾਂ ਮਾਰਦਾ ਰਹੇਗਾ, ਕਿਉਂਕਿ ਉਸ ਨੇ ਚਾਨਣ ਦੀ ਚਮਕ ਨੂੰ ਗੁਆ ਲਿਆ ਹੈ ਅਤੇ ਹਨੇਰੇ ਵਿੱਚ ਜਾ ਪਿਆ ਹੈ। ਅੱਜ ਤੁਸੀਂ ਜੋ ਵੇਖ ਰਹੇ ਹੋ ਉਹ ਮੇਰੇ ਮੂੰਹ ਦੀ ਤਿੱਖੀ ਤਲਵਾਰ ਹੈ। ਤੁਸੀਂ ਮੇਰੇ ਹੱਥ ਵਿੱਚ ਡੰਡਾ ਜਾਂ ਉਹ ਅੱਗ ਨਹੀਂ ਵੇਖੀ ਜਿਸ ਦੇ ਨਾਲ ਮੈਂ ਮਨੁੱਖ ਨੂੰ ਭਸਮ ਕਰ ਸੁੱਟਦਾ ਹਾਂ ਅਤੇ ਇਸੇ ਲਈ ਤੁਸੀਂ ਹੁਣ ਵੀ ਮੇਰੀ ਹਜ਼ੂਰੀ ਵਿੱਚ ਹੰਕਾਰੀ ਅਤੇ ਬੇਲਗਾਮ ਹੋ। ਇਸੇ ਕਾਰਣ ਤੁਸੀਂ ਹੁਣ ਵੀ ਮੇਰੇ ਘਰ ਵਿੱਚ ਮੇਰੇ ਨਾਲ ਲੜਦੇ, ਆਪਣੀ ਮਨੁੱਖੀ ਜੀਭ ਦੇ ਨਾਲ ਉਸ ਬਾਰੇ ਵਿਵਾਦ ਕਰਦੇ ਹੋ ਜੋ ਮੈਂ ਆਪਣੇ ਮੂੰਹ ਤੋਂ ਬੋਲਿਆ ਹੈ। ਮਨੁੱਖ ਮੇਰੇ ਤੋਂ ਡਰਦਾ ਨਹੀਂ ਹੈ ਅਤੇ ਭਾਵੇਂ ਉਹ ਅੱਜ ਵੀ ਮੇਰੇ ਨਾਲ ਦੁਸ਼ਮਣੀ ਵਿੱਚ ਕਾਇਮ ਰਹਿੰਦਾ ਹੈ, ਪਰ ਉਹ ਬਿਲਕੁਲ ਡਰਦਾ ਨਹੀਂ ਹੈ। ਤੁਹਾਡੇ ਮੂੰਹਾਂ ਦੇ ਅੰਦਰ ਅਧਰਮੀ ਜੀਭ ਅਤੇ ਦੰਦ ਹਨ। ਤੁਹਾਡੇ ਸ਼ਬਦ ਅਤੇ ਕੰਮ ਉਸ ਸੱਪ ਦੇ ਵਾਂਗ ਹਨ ਜਿਸ ਨੇ ਹੱਵਾਹ ਨੂੰ ਪਾਪ ਕਰਨ ਦੇ ਲਈ ਭਰਮਾਇਆ ਸੀ। ਤੁਸੀਂ ਇੱਕ ਦੂਜੇ ਤੋਂ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ਦੀ ਮੰਗ ਕਰਦੇ ਹੋ ਅਤੇ ਤੁਸੀਂ ਮੇਰੀ ਹਜ਼ੂਰੀ ਵਿੱਚ ਅਹੁਦੇ, ਪ੍ਰਸਿੱਧੀ ਅਤੇ ਆਪਣੇ ਲਾਭ ਦੇ ਲਈ ਜੱਦੋ-ਜਹਿਦ ਕਰਦੇ ਹੋ, ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਗੁਪਤ ਵਿੱਚ ਤੁਹਾਡੀ ਕਥਨੀ ਅਤੇ ਕਰਨੀ ਨੂੰ ਵੇਖ ਰਿਹਾ ਹਾਂ। ਇੱਥੋਂ ਤੱਕ ਕਿ ਮੇਰੀ ਹਜ਼ੂਰੀ ਵਿੱਚ ਆਉਣ ਤੋਂ ਪਹਿਲਾਂ ਹੀ, ਮੈਂ ਤੁਹਾਡੇ ਦਿਲਾਂ ਦੀ ਗਹਿਰਾਈ ਨੂੰ ਆਵਾਜ਼ ਦਿੱਤੀ ਹੈ। ਮਨੁੱਖ ਹਮੇਸ਼ਾ ਮੇਰੇ ਹੱਥ ਦੀ ਪਕੜ ਤੋਂ ਅਤੇ ਮੇਰੀਆਂ ਅੱਖਾਂ ਦੀ ਨਿਗਰਾਨੀ ਤੋਂ ਬਚਣਾ ਚਾਹੁੰਦਾ ਹੈ, ਪਰ ਮੈਂ ਕਦੀ ਵੀ ਉਸ ਦੀ ਕਥਨੀ ਅਤੇ ਕਰਨੀ ਤੋਂ ਅੱਖਾਂ ਨਹੀਂ ਹਟਾਈਆਂ। ਇਸ ਦੀ ਬਜਾਇ, ਮੈਂ ਜਾਣਬੁੱਝ ਕੇ ਉਸ ਦੀ ਕਥਨੀ ਅਤੇ ਕਰਨੀ ਆਪਣੀ ਨਜ਼ਰ ਵਿੱਚ ਆਉਣ ਦਿੰਦਾ ਹਾਂ, ਤਾਂ ਕਿ ਮੈਂ ਮਨੁੱਖ ਦੇ ਅਧਰਮ ਨੂੰ ਝਿੜਕ ਸਕਾਂ ਅਤੇ ਉਸ ਦੇ ਆਕੀਪੁਣੇ ਨੂੰ ਦੰਡ ਦੇ ਸਕਾਂ। ਇਸ ਪ੍ਰਕਾਰ ਮਨੁੱਖ ਦੀਆਂ ਗੁਪਤ ਗੱਲਾਂ ਅਤੇ ਕੰਮ ਹਮੇਸ਼ਾ ਮੇਰੇ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਰਹਿੰਦੇ ਹਨ ਅਤੇ ਮੇਰਾ ਨਿਆਂ ਕਦੇ ਵੀ ਉਸ ਤੋਂ ਦੂਰ ਨਹੀਂ ਹੋਇਆ ਹੈ, ਕਿਉਂਕਿ ਉਸ ਦਾ ਆਕੀਪੁਣਾ ਬਹੁਤ ਹੀ ਜ਼ਿਆਦਾ ਹੈ। ਮੇਰਾ ਕੰਮ ਮਨੁੱਖ ਦੇ ਸਾਰੇ ਕੰਮਾਂ ਅਤੇ ਸ਼ਬਦਾਂ ਨੂੰ ਸਾੜਨਾ ਅਤੇ ਸ਼ੁੱਧ ਕਰਨਾ ਹੈ ਜੋ ਮੇਰੇ ਆਤਮਾ ਦੀ ਮੌਜੂਦਗੀ ਵਿੱਚ ਕੀਤੇ ਗਏ ਸਨ। ਇਸ ਤਰੀਕੇ ਨਾਲ,[ੳ] ਜਦੋਂ ਮੈਂ ਇਸ ਧਰਤੀ ਨੂੰ ਛੱਡ ਕੇ ਜਾਵਾਂਗਾ, ਤਾਂ ਵੀ ਲੋਕ ਮੇਰੇ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖਣਗੇ ਅਤੇ ਮੇਰੇ ਪਵਿੱਤਰ ਸੇਵਕਾਂ ਦੇ ਵਾਂਗ ਮੇਰੇ ਕੰਮ ਨੂੰ ਕਰਦਿਆਂ ਮੇਰੀ ਸੇਵਾ ਵਿੱਚ ਲੱਗੇ ਰਹਿਣਗੇ, ਜਿਸ ਨਾਲ ਧਰਤੀ ਉੱਤੇ ਮੇਰਾ ਕੰਮ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਇਹ ਪੂਰਾ ਨਾ ਹੋ ਜਾਵੇ।

ਪਗ ਟਿੱਪਣੀਆਂ:

ੳ. ਮੂਲ ਲਿਖਤ ਵਿੱਚ “ਇਸ ਤਰੀਕੇ ਨਾਲ” ਵਾਕ ਨਹੀਂ ਹੈ।

ਪਿਛਲਾ: ਮੁਕਤੀਦਾਤਾ ਪਹਿਲਾਂ ਹੀ “ਚਿੱਟੇ ਬੱਦਲ” ਉੱਤੇ ਸਵਾਰ ਹੋ ਕੇ ਵਾਪਸ ਆ ਚੁੱਕਿਆ ਹੈ

ਅਗਲਾ: ਸ਼ਰਾ ਦੇ ਯੁਗ ਵਿਚਲਾ ਕੰਮ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ