ਮਸੀਹ ਨਿਆਂ ਦੇ ਕੰਮ ਨੂੰ ਸੱਚਾਈ ਦੁਆਰਾ ਕਰਦਾ ਹੈ
ਅੰਤ ਦੇ ਦਿਨਾਂ ਦਾ ਕੰਮ ਇਹ ਹੈ ਕਿ ਸਭ ਨੂੰ ਉਨ੍ਹਾਂ ਦੀਆਂ ਕਿਸਮਾਂ ਦੇ ਅਨੁਸਾਰ ਅਲੱਗ ਕੀਤਾ ਜਾਵੇ, ਅਤੇ ਪਰਮੇਸ਼ੁਰ ਦੇ ਪ੍ਰਬੰਧਨ ਦੀ ਯੋਜਨਾ ਨੂੰ ਸਿਰੇ ਚਾੜ੍ਹਿਆ ਜਾਵੇ, ਕਿਉਂਕਿ ਸਮਾਂ ਨੇੜੇ ਹੈ ਅਤੇ ਪਰਮੇਸ਼ੁਰ ਦਾ ਦਿਨ ਆਣ ਪਹੁੰਚਿਆ ਹੈ। ਪਰਮੇਸ਼ੁਰ ਉਨ੍ਹਾਂ ਸਭਨਾਂ ਨੂੰ ਜਿਹੜੇ ਉਸ ਦੇ ਰਾਜ ਵਿੱਚ ਪ੍ਰਵੇਸ਼ ਕਰਦੇ ਹਨ ਅਰਥਾਤ ਉਨ੍ਹਾਂ ਸਭਨਾਂ ਨੂੰ ਜਿਹੜੇ ਅੰਤ ਤਕ ਉਸ ਦੇ ਪ੍ਰਤੀ ਵਫ਼ਾਦਾਰ ਹਨ, ਆਪਣੇ ਖੁਦ ਦੇ ਯੁਗ ਵਿੱਚ ਲਿਆਉਣ ਜਾ ਰਿਹਾ ਹੈ। ਪਰ ਤਾਂ ਵੀ ਪਰਮੇਸ਼ੁਰ ਦੇ ਯੁਗ ਦੇ ਆਉਣ ਤੋਂ ਪਹਿਲਾਂ, ਪਰਮੇਸ਼ੁਰ ਦਾ ਕੰਮ ਮਨੁੱਖ ਦੀਆਂ ਕਰਤੂਤਾਂ ਨੂੰ ਵੇਖਦੇ ਰਹਿਣਾ ਨਹੀਂ ਹੈ, ਜਾਂ ਮਨੁੱਖ ਦੀ ਜ਼ਿੰਦਗੀ ਦੀ ਜਾਂਚ-ਪੜਤਾਲ ਕਰਦੇ ਰਹਿਣਾ ਨਹੀਂ ਹੈ, ਸਗੋਂ ਉਸ ਦਾ ਕੰਮ ਹੈ ਮਨੁੱਖ ਦੀ ਅਣਆਗਿਆਕਾਰੀ ਦਾ ਨਿਆਂ ਕਰਨਾ, ਕਿਉਂਕਿ ਪਰਮੇਸ਼ੁਰ ਉਸ ਦੇ ਸਿੰਘਾਸਣ ਦੇ ਸਾਹਮਣੇ ਆਉਣ ਵਾਲੇ ਸਭਨਾਂ ਲੋਕਾਂ ਨੂੰ ਪਵਿੱਤਰ ਕਰੇਗਾ। ਉਹ ਸਭ ਜਿਹੜੇ ਅੱਜ ਤਕ ਪਰਮੇਸ਼ੁਰ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਆਏ ਹਨ, ਇਹ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਆਉਂਦੇ ਹਨ, ਅਤੇ ਅਜਿਹਾ ਹੋਣ ਕਰਕੇ, ਉਹ ਹਰੇਕ ਵਿਅਕਤੀ ਜਿਹੜਾ ਪਰਮੇਸ਼ੁਰ ਦੇ ਕੰਮ ਨੂੰ ਜੋ ਕਿ ਆਪਣੇ ਆਖਰੀ ਪੜਾਅ ਵਿੱਚ ਹੈ, ਕਬੂਲ ਕਰਦਾ ਹੈ ਉਹ ਪਰਮੇਸ਼ੁਰ ਵੱਲੋਂ ਕੀਤੀ ਜਾਣ ਵਾਲੀ ਸ਼ੁੱਧਤਾ ਦਾ ਪਾਤਰ ਹੈ। ਦੂਜੇ ਸ਼ਬਦਾਂ ਵਿੱਚ, ਜਿਹੜਾ ਵੀ ਪਰਮੇਸ਼ੁਰ ਦੇ ਕੰਮ ਨੂੰ ਜੋ ਕਿ ਆਪਣੇ ਆਖਰੀ ਪੜਾਅ ਵਿੱਚ ਹੈ, ਸਵੀਕਾਰ ਕਰਦਾ ਹੈ ਉਹ ਪਰਮੇਸ਼ੁਰ ਦੇ ਨਿਆਂ ਦਾ ਪਾਤਰ ਹੈ।
ਉਹ ਨਿਆਂ ਜਿਹੜਾ ਕਿ ਪਰਮੇਸ਼ੁਰ ਦੇ ਘਰ ਤੋਂ ਸ਼ੁਰੂ ਹੋਣਾ ਹੈ ਅਤੇ ਜਿਸ ਦੇ ਬਾਰੇ ਬੀਤੇ ਸਮਿਆਂ ਵਿੱਚ ਦੱਸਿਆ ਗਿਆ ਹੈ, ਉਹ “ਨਿਆਂ” ਉਸ ਨਿਆਂ ਨੂੰ ਦਰਸਾਉਂਦਾ ਹੈ ਜੋ ਅੱਜ ਪਰਮੇਸ਼ੁਰ ਉਨ੍ਹਾਂ ਉੱਤੇ ਲਿਆਉਂਦਾ ਹੈ ਜਿਹੜੇ ਅੰਤ ਦੇ ਦਿਨਾਂ ਵਿੱਚ ਉਸ ਦੇ ਸਿੰਘਾਸਣ ਦੇ ਸਾਹਮਣੇ ਆਉਂਦੇ ਹਨ। ਸ਼ਾਇਦ ਅਜਿਹੇ ਲੋਕ ਵੀ ਹਨ ਜਿਹੜੇ ਇਸ ਤਰ੍ਹਾਂ ਦੀਆਂ ਅਲੌਕਿਕ ਕਲਪਨਾਵਾਂ ਬਾਰੇ ਇਹ ਵਿਸ਼ਵਾਸ ਕਰਦੇ ਹਨ ਕਿ ਜਦੋਂ ਅੰਤ ਦੇ ਦਿਨ ਆ ਪਹੁੰਚਣਗੇ ਤਾਂ ਪਰਮੇਸ਼ੁਰ ਅਕਾਸ਼ਾਂ ਵਿੱਚ ਇੱਕ ਵੱਡਾ ਸਾਰਾ ਮੇਜ਼ ਲਗਾਵੇਗਾ ਜਿਸ ਉੱਤੇ ਇੱਕ ਚਿੱਟਾ ਕੱਪੜਾ ਵਿਛਾਇਆ ਜਾਵੇਗਾ, ਅਤੇ ਫਿਰ ਪਰਮੇਸ਼ੁਰ ਇੱਕ ਚਿੱਟੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ ਜਦ ਕਿ ਸਭ ਲੋਕ ਉਸ ਦੇ ਸਾਹਮਣੇ ਜ਼ਮੀਨ ਉੱਤੇ ਗੋਡਿਆਂ ਭਾਰ ਝੁਕੇ ਹੋਣਗੇ ਅਤੇ ਉਹ ਹਰੇਕ ਵਿਅਕਤੀ ਦੇ ਪਾਪਾਂ ਨੂੰ ਪਰਗਟ ਕਰਦਾ ਹੋਇਆ ਇਹ ਫੈਸਲਾ ਕਰੇਗਾ ਕਿ ਉਨ੍ਹਾਂ ਨੂੰ ਉਤਾਂਹ ਸਵਰਗ ਵਿੱਚ ਭੇਜਿਆ ਜਾਣਾ ਹੈ ਜਾਂ ਹੇਠਾਂ ਅੱਗ ਅਤੇ ਗੰਧਕ ਦੀ ਝੀਲ ਵਿੱਚ। ਮਨੁੱਖ ਭਾਵੇਂ ਜੋ ਵੀ ਕਲਪਨਾ ਕਰੇ, ਇਸ ਨਾਲ ਪਰਮੇਸ਼ੁਰ ਦੇ ਕੰਮ ਦੀ ਅਸਲੀਅਤ ਨਹੀਂ ਬਦਲ ਸਕਦੀ। ਮਨੁੱਖ ਦੀਆਂ ਕਲਪਨਾਵਾਂ ਦਾ ਕੁਝ ਮਤਲਬ ਨਹੀਂ ਹੈ, ਇਹ ਕੇਵਲ ਮਨੁੱਖ ਦੇ ਖਿਆਲੀ ਪੁਲਾਓ ਹਨ; ਇਹ ਮਨੁੱਖ ਦੇ ਦਿਮਾਗ ਦੀ ਉਪਜ ਹਨ ਅਤੇ ਜੋ ਮਨੁੱਖ ਨੇ ਵੇਖਿਆ ਜਾਂ ਸੁਣਿਆ ਹੁੰਦਾ ਹੈ ਉਸ ਤੋਂ ਜੁੜ ਕੇ ਬਣਦੇ ਹਨ। ਇਸੇ ਲਈ ਮੈਂ ਕਹਿੰਦਾ ਹਾਂ ਕਿ ਬਣਾਈਆਂ ਜਾਣ ਵਾਲੀਆਂ ਤਸਵੀਰਾਂ ਭਾਵੇਂ ਕਿੰਨੀਆਂ ਵੀ ਸ਼ਾਨਦਾਰ ਹੋਣ ਉਹ ਕੇਵਲ ਚਿਤਰਨ ਹੀ ਹੁੰਦੀਆਂ ਹਨ, ਅਤੇ ਪਰਮੇਸ਼ੁਰ ਦੇ ਕੰਮ ਦੀ ਜੋ ਯੋਜਨਾ ਹੈ ਉਸ ਦੀ ਜਗ੍ਹਾ ਨਹੀਂ ਲੈ ਸਕਦੀਆਂ। ਸੱਚਾਈ ਇਹ ਹੈ ਕਿ ਮਨੁੱਖ ਸ਼ਤਾਨ ਵੱਲੋਂ ਭ੍ਰਿਸ਼ਟ ਕੀਤਾ ਗਿਆ ਹੈ, ਅਤੇ ਇਸ ਲਈ ਉਹ ਪਰਮੇਸ਼ੁਰ ਦੇ ਵਿਚਾਰਾਂ ਦਾ ਭੇਤ ਕਿਵੇਂ ਪਾ ਸਕਦਾ ਹੈ? ਮਨੁੱਖ ਪਰਮੇਸ਼ੁਰ ਦੇ ਨਿਆਂ ਦੇ ਕੰਮ ਨੂੰ ਇੱਕ ਬੜੀ ਸ਼ਾਨਦਾਰ ਗੱਲ ਸਮਝਦਾ ਹੈ। ਉਸ ਦਾ ਮੰਨਣਾ ਹੈ ਕਿ, ਕਿਉਂਕਿ ਨਿਆਂ ਦੇ ਕੰਮ ਨੂੰ ਕਰਨ ਵਾਲਾ ਪਰਮੇਸ਼ੁਰ ਖੁਦ ਹੈ, ਇਸ ਲਈ ਇਹ ਕੰਮ ਜ਼ਰੂਰ ਬਹੁਤ ਵੱਡੇ ਪੱਧਰ ’ਤੇ ਹੋਵੇਗਾ, ਅਤੇ ਨਾਸਵਾਨ ਮਨੁੱਖਾਂ ਦੀ ਸਮਝ ਤੋਂ ਬਾਹਰ ਹੋਵੇਗਾ, ਅਤੇ ਇਸ ਦੀ ਗੂੰਜ ਅਕਾਸ਼ਾਂ ਵਿੱਚ ਸੁਣਾਈ ਦੇਵੇਗੀ ਤੇ ਇਹ ਧਰਤੀ ਨੂੰ ਹਿਲਾ ਕੇ ਰੱਖ ਦੇਵੇਗਾ; ਜੇ ਅਜਿਹਾ ਨਹੀਂ ਹੈ ਤਾਂ ਇਹ ਪਰਮੇਸ਼ੁਰ ਵੱਲੋਂ ਕੀਤਾ ਜਾਣ ਵਾਲਾ ਨਿਆਂ ਦਾ ਕੰਮ ਕਿਵੇਂ ਹੋ ਸਕਦਾ ਹੈ? ਉਸ ਦਾ ਮੰਨਣਾ ਹੈ ਕਿ, ਕਿਉਂਕਿ ਇਹ ਨਿਆਂ ਦਾ ਕੰਮ ਹੈ, ਤਾਂ ਪਰਮੇਸ਼ੁਰ ਇਸ ਕੰਮ ਨੂੰ ਕਰਦੇ ਹੋਏ ਆਪਣੇ ਖਾਸ ਰੋਅਬ ਅਤੇ ਪੂਰੇ ਜਲਾਲ ਵਿੱਚ ਹੋਵੇਗਾ, ਅਤੇ ਜਿਨ੍ਹਾਂ ਦਾ ਨਿਆਂ ਹੋ ਰਿਹਾ ਹੋਵੇਗਾ ਉਹ ਹੰਝੂ ਵਹਾਉਂਦੇ ਹੋਏ ਦੁਹਾਈਆਂ ਦਿੰਦੇ ਹੋਣਗੇ ਅਤੇ ਗੋਡਿਆਂ ਭਾਰ ਡਿੱਗ ਕੇ ਰਹਿਮ ਦੀ ਭੀਖ ਮੰਗਦੇ ਹੋਣਗੇ। ਇਸ ਤਰ੍ਹਾਂ ਦਾ ਦ੍ਰਿਸ਼ ਸੱਚਮੁੱਚ ਸ਼ਾਨਦਾਰ ਅਤੇ ਬੇਹੱਦ ਉਤਸ਼ਾਹਪੂਰਣ ਹੋਵੇਗਾ...। ਹਰ ਕੋਈ ਇਹੀ ਕਲਪਨਾ ਕਰਦਾ ਹੈ ਕਿ ਪਰਮੇਸ਼ੁਰ ਦਾ ਨਿਆਂ ਦਾ ਕੰਮ ਚਮਤਕਾਰੀ ਹੋਵੇਗਾ। ਪਰ ਤਾਂ ਵੀ, ਕੀ ਤੂੰ ਜਾਣਦਾ ਹੈਂ ਕਿ ਐਸੇ ਸਮੇਂ ਤੇ ਜਦੋਂ ਪਰਮੇਸ਼ੁਰ ਨੇ ਮਨੁੱਖਾਂ ਵਿਚਕਾਰ ਆਪਣੇ ਨਿਆਂ ਦੇ ਕੰਮ ਨੂੰ ਬੜੀ ਦੇਰ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ ਹੈ, ਤੂੰ ਅਜੇ ਵੀ ਅਰਾਮ ਨਾਲ ਆਲਸੀ ਹੋ ਕੇ ਸੁੱਤਾ ਹੋਇਆ ਹੈਂ? ਕੀ ਤੈਨੂੰ ਨਹੀਂ ਲੱਗਦਾ ਕਿ ਜਦੋਂ ਪਰਮੇਸ਼ੁਰ ਦੇ ਨਿਆਂ ਦਾ ਕੰਮ ਰਸਮੀ ਤੌਰ ਤੇ ਸ਼ੁਰੂ ਹੋ ਚੁੱਕਾ ਹੈ, ਤਾਂ ਪਰਮੇਸ਼ੁਰ ਨੇ ਪਹਿਲਾਂ ਹੀ ਨਵਾਂ ਅਕਾਸ਼ ਅਤੇ ਨਵੀਂ ਧਰਤੀ ਬਣਾ ਲਏ ਹਨ? ਸ਼ਾਇਦ ਉਸ ਸਮੇਂ ਤੈਨੂੰ ਜੀਵਨ ਦੇ ਅਸਲ ਅਰਥ ਦੀ ਸਮਝ ਹਾਲੇ ਆਈ ਹੀ ਹੋਵੇਗੀ, ਪਰ ਪਰਮੇਸ਼ੁਰ ਦੀ ਬੇਰਹਿਮ ਸਜ਼ਾ ਦਾ ਕੰਮ ਤੈਨੂੰ, ਜਿਹੜਾ ਹਾਲੇ ਵੀ ਗੂੜ੍ਹੀ ਨੀਂਦ ਸੁੱਤਾ ਪਿਆ ਹੋਵੇਂਗਾ, ਨਰਕ ਵਿੱਚ ਪਹੁੰਚਾ ਦੇਵੇਗਾ। ਤੇ ਕੇਵਲ ਤਦ ਅਚਾਨਕ ਤੈਨੂੰ ਅਹਿਸਾਸ ਹੋਵੇਗਾ ਕਿ ਪਰਮੇਸ਼ੁਰ ਦੇ ਨਿਆਂ ਦਾ ਕੰਮ ਤਾਂ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ।
ਆ, ਆਪਣੇ ਕੀਮਤੀ ਸਮੇਂ ਨੂੰ ਵਿਅਰਥ ਨਾ ਗੁਆਈਏ ਅਤੇ ਅੱਗੇ ਤੋਂ ਇਨ੍ਹਾਂ ਫਾਲਤੂ ਅਤੇ ਘਿਰਣਾਯੋਗ ਵਿਸ਼ਿਆਂ ਬਾਰੇ ਗੱਲ ਕਰਨਾ ਛੱਡ ਦੇਈਏ। ਇਸ ਦੀ ਬਜਾਏ ਆ ਗੱਲ ਕਰੀਏ ਕਿ ਨਿਆਂ ਵਿੱਚ ਕੀ-ਕੀ ਹੋਵੇਗਾ। “ਨਿਆਂ” ਸ਼ਬਦ ਨੂੰ ਸੁਣਦਿਆਂ ਹੀ ਸੰਭਵ ਤੌਰ ਤੇ ਤੇਰੇ ਮਨ ਵਿੱਚ ਉਹ ਸ਼ਬਦ ਆਉਣਗੇ ਜਿਹੜੇ ਯਹੋਵਾਹ ਨੇ ਸਥਾਨਾਂ (ਸ਼ਹਿਰਾਂ ਜਾ ਨਗਰਾਂ) ਨੂੰ ਕਹੇ ਅਤੇ ਯਿਸੂ ਦੇ ਉਹ ਸ਼ਬਦ ਆਉਣਗੇ ਜਿਹੜੇ ਉਸ ਨੇ ਫ਼ਰੀਸੀਆਂ ਨੂੰ ਝਿੜਕਦੇ ਹੋਏ ਕਹੇ। ਇਨ੍ਹਾਂ ਸ਼ਬਦਾਂ ਵਿੱਚ ਜੋ ਕਠੋਰਤਾ ਹੈ ਉਸ ਦੇ ਬਾਵਜੂਦ, ਇਹ ਸ਼ਬਦ ਪਰਮੇਸ਼ੁਰ ਵੱਲੋਂ ਮਨੁੱਖ ਦਾ ਨਿਆਂ ਨਹੀਂ ਸਨ; ਉਹ ਤਾਂ ਕੇਵਲ ਵੱਖ-ਵੱਖ ਹਲਾਤਾਂ ਵਿੱਚ ਅਰਥਾਤ ਵੱਖ-ਵੱਖ ਸੰਦਰਭਾਂ ਵਿੱਚ ਪਰਮੇਸ਼ੁਰ ਵੱਲੋਂ ਕਹੇ ਗਏ ਸ਼ਬਦ ਸਨ। ਇਹ ਸ਼ਬਦ ਉਨ੍ਹਾਂ ਸ਼ਬਦਾਂ ਤੋਂ ਭਿੰਨ ਹਨ ਜਿਹੜੇ ਮਸੀਹ ਅੰਤ ਦੇ ਦਿਨਾਂ ਵਿੱਚ ਮਨੁੱਖ ਦਾ ਨਿਆਂ ਕਰਨ ਸਮੇਂ ਬੋਲੇਗਾ। ਅੰਤ ਦੇ ਦਿਨਾਂ ਵਿੱਚ, ਮਸੀਹ ਮਨੁੱਖ ਨੂੰ ਸਿਖਾਉਣ ਲਈ, ਮਨੁੱਖ ਦੀ ਅਸਲੀਅਤ ਨੂੰ ਸਾਹਮਣੇ ਲਿਆਉਣ ਲਈ ਅਤੇ ਮਨੁੱਖ ਦੀ ਕਥਨੀ ਅਤੇ ਕਰਨੀ ਨੂੰ ਵੱਖਰਾ ਕਰਨ ਲਈ ਵੱਖ-ਵੱਖ ਪ੍ਰਕਾਰ ਦੀਆਂ ਸੱਚਾਈਆਂ ਦਾ ਇਸਤੇਮਾਲ ਕਰੇਗਾ। ਇਨ੍ਹਾਂ ਸ਼ਬਦਾਂ ਵਿੱਚ ਕਈ ਪ੍ਰਕਾਰ ਦੀਆਂ ਸੱਚਾਈਆਂ ਹਨ, ਜਿਵੇਂ ਕਿ ਮਨੁੱਖ ਦਾ ਫਰਜ਼, ਮਨੁੱਖ ਨੂੰ ਕਿਵੇਂ ਪਰਮੇਸ਼ੁਰ ਦਾ ਆਗਿਆਕਾਰ ਹੋਣਾ ਚਾਹੀਦਾ ਹੈ, ਮਨੁੱਖ ਨੂੰ ਕਿਵੇਂ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ, ਮਨੁੱਖ ਨੂੰ ਕਿਵੇਂ ਆਮ ਇਨਸਾਨੀਅਤ ਦਾ ਜੀਵਨ ਜੀਉਣਾ ਚਾਹੀਦਾ ਹੈ, ਅਤੇ ਨਾਲ ਹੀ ਪਰਮੇਸ਼ੁਰ ਦੇ ਬੁੱਧ ਅਤੇ ਸੁਭਾਅ ਨੂੰ ਵੀ ਪਰਗਟ ਕਰਨਾ ਚਾਹੀਦਾ ਹੈ, ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ। ਇਹ ਸ਼ਬਦ ਸਿੱਧੇ ਮਨੁੱਖ ਦੇ ਮੂਲ-ਤੱਤ ਅਤੇ ਉਸੇ ਦੇ ਭ੍ਰਿਸ਼ਟ ਸੁਭਾਅ ਉੱਤੇ ਨਿਸ਼ਾਨਾ ਬੰਨ੍ਹ ਕੇ ਬੋਲੇ ਗਏ ਹਨ। ਖਾਸ ਤੌਰ ਤੇ, ਜਿਹੜੀਆਂ ਗੱਲਾਂ ਇਸ ਚੀਜ਼ ਨੂੰ ਉਜਾਗਰ ਕਰਦੀਆਂ ਹਨ ਕਿ ਕਿਵੇਂ ਮਨੁੱਖ ਪਰਮੇਸ਼ੁਰ ਦਾ ਤਿਰਸਕਾਰ ਕਰਦਾ ਹੈ, ਉਹ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਹੀਆਂ ਜਾਂਦੀਆਂ ਹਨ ਕਿ ਮਨੁੱਖ ਕਿਵੇਂ ਸ਼ਤਾਨ ਦਾ ਪ੍ਰਤੱਖ ਰੂਪ ਅਤੇ ਪਰਮੇਸ਼ੁਰ ਦੇ ਖਿਲਾਫ ਇੱਕ ਦੁਸ਼ਮਣ ਸ਼ਕਤੀ ਹੈ। ਆਪਣੇ ਨਿਆਂ ਦੇ ਕੰਮ ਨੂੰ ਕਰਦਿਆਂ ਪਰਮੇਸ਼ੁਰ ਕੁਝ ਕੁ ਗੱਲਾਂ ਕਹਿ ਕੇ ਕੇਵਲ ਮਨੁੱਖ ਦੇ ਸੁਭਾਅ ਨੂੰ ਸਪਸ਼ਟ ਹੀ ਨਹੀਂ ਕਰਦਾ; ਉਹ ਇਸ ਨੂੰ ਉਜਾਗਰ ਕਰਦਾ ਹੈ, ਇਸ ਨਾਲ ਨਜਿੱਠਦਾ ਹੈ ਅਤੇ ਲੰਮਾ ਸਮਾਂ ਇਸ ਦੀ ਛੰਗਾਈ ਕਰਦਾ ਹੈ। ਉਜਾਗਰ ਕਰਨ ਦੇ, ਨਜਿੱਠਣ ਦੇ ਅਤੇ ਛੰਗਾਈ ਕਰਨ ਦੇ ਇਨ੍ਹਾਂ ਢੰਗਾਂ ਦੀ ਜਗ੍ਹਾ ਸਧਾਰਣ ਸ਼ਬਦ ਨਹੀਂ ਲੈ ਸਕਦੇ, ਪਰ ਉਹ ਸੱਚਾਈ ਇਨ੍ਹਾਂ ਦੀ ਜਗ੍ਹਾ ਲੈ ਸਕਦੀ ਹੈ ਜਿਸ ਤੋਂ ਮਨੁੱਖ ਪੂਰੀ ਤਰ੍ਹਾਂ ਵਾਂਝਾ ਹੈ। ਕੇਵਲ ਇਸ ਤਰ੍ਹਾਂ ਦੇ ਢੰਗਾਂ ਨੂੰ ਹੀ ਨਿਆਂ ਕਿਹਾ ਜਾ ਸਕਦਾ ਹੈ; ਕੇਵਲ ਇਸ ਤਰ੍ਹਾਂ ਦੇ ਨਿਆਂ ਦੇ ਦੁਆਰਾ ਹੀ ਮਨੁੱਖ ਨੂੰ ਵੱਸ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਕਾਇਲ ਕੀਤਾ ਜਾ ਸਕਦਾ ਹੈ ਕਿ ਉਹ ਪਰਮੇਸ਼ੁਰ ਦੇ ਅਧੀਨ ਹੋਵੇ, ਅਤੇ ਇਸ ਤੋਂ ਵੀ ਵਧ ਕੇ, ਪਰਮੇਸ਼ੁਰ ਬਾਰੇ ਸੱਚਾ ਗਿਆਨ ਹਾਸਲ ਕਰੇ। ਨਿਆਂ ਦਾ ਕੰਮ ਇਹ ਕਰਦਾ ਹੈ ਕਿ ਇਹ ਪਰਮੇਸ਼ੁਰ ਦੇ ਅਸਲੀ ਰੂਪ ਬਾਰੇ ਮਨੁੱਖ ਦੀ ਜੋ ਸਮਝ ਹੈ ਉਸ ਨੂੰ ਅਤੇ ਮਨੁੱਖ ਦੇ ਆਪਣੇ ਆਕੀ ਸੁਭਾਅ ਨੂੰ ਸਾਹਮਣੇ ਲਿਆਉਂਦਾ ਹੈ। ਨਿਆਂ ਦਾ ਕੰਮ ਮਨੁੱਖ ਨੂੰ ਪਰਮੇਸ਼ੁਰ ਦੀ ਇੱਛਾ ਬਾਰੇ, ਪਰਮੇਸ਼ੁਰ ਦੇ ਕੰਮ ਦੇ ਉਦੇਸ਼ ਬਾਰੇ ਅਤੇ ਉਨ੍ਹਾਂ ਭੇਤਾਂ ਬਾਰੇ ਜਿਹੜੇ ਉਸ ਦੀ ਸਮਝ ਤੋਂ ਬਾਹਰ ਹਨ, ਵਧੀਕ ਸਮਝ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਇਹ ਮਨੁੱਖ ਨੂੰ ਉਸ ਦੀ ਭ੍ਰਿਸ਼ਟੀ ਹੋਈ ਅਸਲੀਅਤ ਨੂੰ ਅਤੇ ਉਸ ਦੀ ਭ੍ਰਿਸ਼ਟਤਾ ਦੀ ਜੜ੍ਹ ਨੂੰ, ਤੇ ਇਸ ਦੇ ਨਾਲ-ਨਾਲ ਮਨੁੱਖ ਦੇ ਘਿਣਾਉਣੇਪਣ ਨੂੰ ਜਾਣਨ ਅਤੇ ਪਛਾਣਨ ਦੇ ਵੀ ਯੋਗ ਬਣਾਉਂਦਾ ਹੈ। ਨਿਆਂ ਦਾ ਕੰਮ ਹੀ ਇਨ੍ਹਾਂ ਸਾਰੇ ਨਤੀਜਿਆਂ ਨੂੰ ਸਾਹਮਣੇ ਲਿਆਉਂਦਾ ਹੈ, ਕਿਉਂਕਿ ਇਸ ਕੰਮ ਦਾ ਸਾਰ ਦਰਅਸਲ ਪਰਮੇਸ਼ੁਰ ਦੀ ਸੱਚਾਈ, ਅਤੇ ਰਾਹ ਅਤੇ ਜੀਵਨ ਨੂੰ ਉਨ੍ਹਾਂ ਸਭਨਾਂ ਦੇ ਸਾਹਮਣੇ ਰੱਖਣਾ ਹੈ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹਨ। ਇਹ ਕੰਮ ਪਰਮੇਸ਼ੁਰ ਵੱਲੋਂ ਕੀਤੇ ਜਾਣ ਵਾਲੇ ਨਿਆਂ ਦਾ ਕੰਮ ਹੈ। ਜੇਕਰ ਤੂੰ ਇਨ੍ਹਾਂ ਸੱਚਾਈਆਂ ਨੂੰ ਮਹੱਤਵਪੂਰਣ ਨਹੀਂ ਸਮਝਦਾ, ਜੇ ਤੇਰੇ ਮਨ ਵਿੱਚ ਬਸ ਇਹੋ ਆਉਂਦਾ ਹੈ ਕਿ ਇਨ੍ਹਾਂ ਨੂੰ ਅਣਦੇਖਾ ਹੀ ਕਰਨਾ ਹੈ, ਜਾਂ ਕਿਵੇਂ ਬਚਣ ਦਾ ਕੋਈ ਅਜਿਹਾ ਰਾਹ ਲੱਭਣਾ ਹੈ ਜਿਸ ਵਿੱਚ ਇਹ ਸੱਚਾਈਆਂ ਸ਼ਾਮਲ ਹੀ ਨਾ ਹੋਣ, ਤਾਂ ਮੈਂ ਕਹਿਣਾ ਚਾਹਾਂਗਾ ਕਿ ਤੂੰ ਇੱਕ ਘੋਰ ਪਾਪੀ ਹੈਂ। ਜੇਕਰ ਤੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦਾ ਹੈਂ ਅਤੇ ਫਿਰ ਵੀ ਪਰਮੇਸ਼ੁਰ ਦੀ ਸੱਚਾਈ ਜਾਂ ਉਸ ਦੀ ਇੱਛਾ ਦੇ ਖੋਜੀ ਨਹੀਂ ਹੈਂ, ਅਤੇ ਨਾ ਉਸ ਢੰਗ ਜਾਂ ਤਰੀਕੇ ਨੂੰ ਪਸੰਦ ਕਰਦਾ ਹੈਂ ਜਿਹੜਾ ਤੁਹਾਨੂੰ ਪਰਮੇਸ਼ੁਰ ਦੇ ਨੇੜੇ ਲਿਆਉਂਦਾ ਹੈ, ਤਾਂ ਮੈਂ ਕਹਿੰਦਾ ਹਾਂ ਕਿ ਤੂੰ ਉਹ ਵਿਅਕਤੀ ਹੈਂ ਜਿਹੜਾ ਨਿਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਤੂੰ ਇੱਕ ਕਠਪੁਤਲੀ ਅਤੇ ਅਜਿਹਾ ਦਗਾਬਾਜ਼ ਹੈਂ ਜਿਹੜਾ ਉਸ ਵੱਡੇ ਚਿੱਟੇ ਸਿੰਘਾਸਣ ਤੋਂ ਬਚ ਕੇ ਭੱਜਦਾ ਹੈ। ਪਰਮੇਸ਼ੁਰ ਉਸ ਦੀ ਨਜ਼ਰ ਤੋਂ ਬਚ ਕੇ ਨਿੱਕਲਣ ਵਾਲੇ ਕਿਸੇ ਆਕੀ ਵਿਅਕਤੀ ਨੂੰ ਨਹੀਂ ਛੱਡੇਗਾ, ਬਲਕਿ ਅਜਿਹੇ ਵਿਅਕਤੀਆਂ ਨੂੰ ਹੋਰ ਵੀ ਜ਼ਿਆਦਾ ਸਖ਼ਤ ਸਜ਼ਾ ਮਿਲੇਗੀ। ਜਿਹੜੇ ਲੋਕ ਨਿਆਂ ਦੇ ਲਈ ਪਰਮੇਸ਼ੁਰ ਦੇ ਸਨਮੁੱਖ ਆਉਂਦੇ ਹਨ, ਅਤੇ ਇਸ ਤੋਂ ਵੀ ਵੱਡੀ ਗੱਲ ਕਿ ਸ਼ੁੱਧ ਹੋ ਚੁੱਕੇ ਹਨ, ਉਹ ਸਦਾਕਾਲ ਤੱਕ ਪਰਮੇਸ਼ੁਰ ਦੇ ਰਾਜ ਵਿੱਚ ਜੀਉਣਗੇ। ਨਿਸ਼ਚਿਤ ਤੌਰ ਤੇ, ਇਹ ਇੱਕ ਅਜਿਹੀ ਗੱਲ ਹੈ ਜਿਸ ਦਾ ਸੰਬੰਧ ਭਵਿੱਖ ਨਾਲ ਹੈ।
ਨਿਆਂ ਦਾ ਕੰਮ ਪਰਮੇਸ਼ੁਰ ਦਾ ਆਪਣਾ ਕੰਮ ਹੈ, ਇਸ ਲਈ ਪਰਮੇਸ਼ੁਰ ਵੱਲੋਂ ਇਸ ਨੂੰ ਖੁਦ ਕਰਨਾ ਸੁਭਾਵਕ ਹੈ; ਉਸ ਦੇ ਥਾਂ ਮਨੁੱਖ ਇਸ ਨੂੰ ਨਹੀਂ ਕਰ ਸਕਦਾ। ਹੁਣ ਕਿਉਂਕਿ ਨਿਆਂ ਉਹ ਸੱਚਾਈ ਹੈ ਜਿਸ ਦਾ ਇਸਤੇਮਾਲ ਪਰਮੇਸ਼ੁਰ ਮਨੁੱਖਜਾਤੀ ਨੂੰ ਜਿੱਤਣ ਲਈ ਕਰਦਾ ਹੈ, ਇਸ ਲਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪਰਮੇਸ਼ੁਰ ਮਨੁੱਖਾਂ ਵਿਚਕਾਰ ਆਪਣੇ ਕੰਮ ਨੂੰ ਕਰਨ ਲਈ ਅਜੇ ਵੀ ਦੇਹਧਾਰੀ ਰੂਪ ਵਿੱਚ ਪਰਗਟ ਹੋਵੇਗਾ। ਕਹਿਣ ਦਾ ਭਾਵ ਹੈ ਕਿ ਅੰਤ ਦੇ ਦਿਨਾਂ ਵਿੱਚ, ਮਸੀਹ ਸਾਰੀ ਦੁਨੀਆ ਦੇ ਲੋਕਾਂ ਨੂੰ ਉਪਦੇਸ਼ ਦੇਣ ਲਈ ਸੱਚਾਈ ਦਾ ਇਸਤੇਮਾਲ ਕਰੇਗਾ ਅਤੇ ਸਾਰੀਆਂ ਸੱਚਾਈਆਂ ਨੂੰ ਉਨ੍ਹਾਂ ਉੱਤੇ ਪਰਗਟ ਕਰੇਗਾ। ਪਰਮੇਸ਼ੁਰ ਦੇ ਨਿਆਂ ਦਾ ਕੰਮ ਇਹੋ ਹੈ। ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਦੂਜੀ ਵਾਰ ਦੇਹਧਾਰੀ ਹੋਣ ਦੀ ਗੱਲ ਨੂੰ ਸੁਣ ਕੇ ਬੇਚੈਨ ਹੋ ਜਾਂਦੇ ਹਨ, ਕਿਉਂਕਿ ਲੋਕਾਂ ਨੂੰ ਇਸ ਗੱਲ ’ਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ ਕਿ ਪਰਮੇਸ਼ੁਰ ਨਿਆਂ ਦੇ ਕੰਮ ਨੂੰ ਕਰਨ ਲਈ ਸਰੀਰਕ ਰੂਪ ਧਾਰਣ ਕਰੇਗਾ। ਤਾਂ ਵੀ, ਮੈਂ ਤੈਨੂੰ ਦੱਸਣਾ ਚਾਹਾਂਗਾ ਕਿ ਪਰਮੇਸ਼ੁਰ ਦੇ ਕੰਮ ਦੀ ਪਹੁੰਚ ਅਕਸਰ ਮਨੁੱਖ ਦੀਆਂ ਉਮੀਦਾਂ ਤੋਂ ਕਿਤੇ ਅੱਗੇ ਤੱਕ ਹੁੰਦੀ ਹੈ, ਅਤੇ ਮਨੁੱਖ ਦੇ ਦਿਮਾਗ ਲਈ ਇਸ ਨੂੰ ਗ੍ਰਹਿਣ ਕਰਨਾ ਔਖਾ ਹੁੰਦਾ ਹੈ। ਕਿਉਂਕਿ ਲੋਕ ਧਰਤੀ ਉੱਤੇ ਕੇਵਲ ਕੀੜਿਆਂ ਵਾਂਗ ਹਨ, ਜਦਕਿ ਪਰਮੇਸ਼ੁਰ ਉਹ ਸਰਬਉੱਚ ਸ਼ਕਤੀ ਹੈ ਜੋ ਇਸ ਬ੍ਰਹਿਮੰਡ ਦੇ ਕਣ-ਕਣ ਵਿੱਚ ਮੌਜੂਦ ਹੈ; ਮਨੁੱਖ ਦਾ ਮਨ ਉਸ ਛੱਪੜ ਵਾਂਗ ਹੈ ਜਿਸ ਵਿੱਚ ਕੇਵਲ ਕੀੜੇ ਪਲਦੇ ਹਨ, ਜਦ ਕਿ ਉਹ ਕੰਮ ਜਿਹੜਾ ਪਰਮੇਸ਼ੁਰ ਦੇ ਵਿਚਾਰਾਂ ਦੁਆਰਾ ਨਿਰਦੇਸ਼ਿਤ ਹੈ, ਉਸ ਕੰਮ ਦਾ ਹਰੇਕ ਪੜਾਅ ਪਰਮੇਸ਼ੁਰ ਦੀ ਬੁੱਧ ਦਾ ਨਤੀਜਾ ਹੈ। ਲੋਕ ਹਰ ਸਮੇਂ ਪਰਮੇਸ਼ੁਰ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਬਾਰੇ ਮੈਂ ਇਹੋ ਕਹਿੰਦਾ ਹਾਂ ਕਿ ਸਾਫ਼ ਹੈ ਜੋ ਅੰਤ ਵਿੱਚ ਹਾਰ ਕਿਸ ਦੀ ਹੋਵੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਹਿਦਾਇਤ ਕਰਨਾ ਚਾਹਾਂਗਾ ਕਿ ਆਪਣੇ ਆਪ ਨੂੰ ਸੋਨੇ ਨਾਲੋਂ ਜ਼ਿਆਦਾ ਕੀਮਤੀ ਨਾ ਸਮਝੋ। ਜੇ ਦੂਜੇ ਪਰਮੇਸ਼ੁਰ ਦੇ ਨਿਆਂ ਨੂੰ ਕਬੂਲ ਕਰ ਸਕਦੇ ਹਨ, ਤਾਂ ਤੂੰ ਕਿਉਂ ਨਹੀਂ? ਤੇਰਾ ਰੁਤਬਾ ਦੂਜਿਆਂ ਨਾਲੋਂ ਕਿੰਨਾ ਕੁ ਉੱਚਾ ਹੈ? ਜੇ ਦੂਜੇ ਸੱਚਾਈ ਦੇ ਸਾਹਮਣੇ ਆਪਣੇ ਸਿਰ ਝੁਕਾ ਸਕਦੇ ਹਨ, ਤਾਂ ਤੂੰ ਕਿਉਂ ਨਹੀਂ? ਪਰਮੇਸ਼ੁਰ ਦੇ ਕੰਮ ਦੀ ਜੋ ਗਤੀ ਹੈ ਉਹ ਬੇ-ਰੋਕ ਹੈ। ਉਹ ਕੇਵਲ ਤੇਰੇ ਦੁਆਰਾ ਦਿੱਤੇ ਗਏ “ਸਹਿਯੋਗ” ਦੇ ਕਾਰਨ ਨਿਆਂ ਦੇ ਕੰਮ ਨੂੰ ਦੁਹਰਾਏਗਾ ਨਹੀਂ, ਅਤੇ ਤੂੰ ਇਸ ਤਰ੍ਹਾਂ ਦੇ ਚੰਗੇ ਮੌਕੇ ਨੂੰ ਹੱਥੋਂ ਜਾਣ ਦੇਣ ਦੇ ਕਾਰਨ ਬਹੁਤ ਪਛਤਾਵੇਂਗਾ। ਜੇ ਤੈਨੂੰ ਮੇਰੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਹੈ, ਤਾਂ ਬਸ ਉਡੀਕ ਕਰ ਅਕਾਸ਼ ਵਿੱਚ ਉਸ ਵੱਡੇ ਚਿੱਟੇ ਸਿੰਘਾਸਣ ਵੱਲੋਂ ਤੇਰੇ ਨਿਆਂ ਦਾ ਫੈਸਲਾ ਸੁਣਾਉਣ ਦੀ! ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰੇ ਇਸਰਾਏਲੀਆਂ ਨੇ ਯਿਸੂ ਦਾ ਤਿਰਸਕਾਰ ਕੀਤਾ ਅਤੇ ਉਸ ਦਾ ਇਨਕਾਰ ਕੀਤਾ, ਅਤੇ ਫਿਰ ਵੀ ਮਨੁੱਖਜਾਤੀ ਲਈ ਯਿਸੂ ਦੇ ਛੁਟਕਾਰੇ ਦੀ ਸੱਚਾਈ ਸਾਰੇ ਸੰਸਾਰ ਵਿੱਚ ਅਤੇ ਧਰਤੀ ਦੇ ਕੋਨੇ-ਕੋਨੇ ਤੱਕ ਪਹੁੰਚਾਈ ਗਈ। ਕੀ ਇਹ ਉਹ ਸੱਚਾਈ ਨਹੀਂ ਹੈ ਜਿਹੜੀ ਪਰਮੇਸ਼ੁਰ ਨੇ ਬਹੁਤ ਚਿਰ ਪਹਿਲਾਂ ਸਥਾਪਿਤ ਕੀਤੀ? ਜੇਕਰ ਤੂੰ ਅਜੇ ਵੀ ਇਹ ਉਡੀਕ ਕਰ ਰਿਹਾ ਹੈਂ ਕਿ ਯਿਸੂ ਤੈਨੂੰ ਸਵਰਗ ਤੱਕ ਲੈ ਕੇ ਜਾਵੇ, ਤਾਂ ਮੈਂ ਕਹਿੰਦਾ ਹਾਂ ਕਿ ਤੂੰ ਨਕਾਰਾ ਲੱਕੜ ਦੇ ਇੱਕ ਸਖ਼ਤ ਟੋਟੇ ਵਾਂਗ ਹੈਂ।[ੳ] ਯਿਸੂ ਤੇਰੇ ਵਰਗੇ ਝੂਠੇ ਵਿਸ਼ਵਾਸੀ ਨੂੰ ਜਿਹੜਾ ਸੱਚਾਈ ਦੇ ਪ੍ਰਤੀ ਵਫ਼ਾਦਾਰ ਨਹੀਂ ਹੈ ਅਤੇ ਕੇਵਲ ਬਰਕਤਾਂ ਭਾਲਦਾ ਹੈ, ਸਵੀਕਾਰ ਨਹੀਂ ਕਰੇਗਾ। ਇਸ ਦੇ ਉਲਟ, ਉਹ ਤੈਨੂੰ ਅੱਗ ਦੀ ਝੀਲ ਵਿੱਚ ਸੁੱਟਣ ਲੱਗਿਆਂ ਜ਼ਰਾ ਵੀ ਦਇਆ ਨਹੀਂ ਵਿਖਾਏਗਾ ਕਿ ਤੂੰ ਹਜ਼ਾਰਾਂ-ਹਜ਼ਾਰ ਸਾਲਾਂ ਤੱਕ ਉੱਥੇ ਸੜਦਾ ਰਹੇਂ।
ਕੀ ਹੁਣ ਤੇਰੀ ਸਮਝ ਆ ਗਿਆ ਹੈ ਕਿ ਨਿਆਂ ਕੀ ਹੈ ਅਤੇ ਸੱਚਾਈ ਕੀ ਹੈ? ਜੇ ਸਮਝ ਆ ਗਿਆ ਹੈ ਤਾਂ ਮੈਂ ਤੈਨੂੰ ਹਿਦਾਇਤ ਕਰਦਾ ਹਾਂ ਕਿ ਆਗਿਆਕਾਰੀ ਬਣ ਕੇ ਆਪਣੇ ਆਪ ਨੂੰ ਨਿਆਂ ਲਈ ਸੌਂਪ ਦੇ, ਨਹੀਂ ਤਾਂ ਤੈਨੂੰ ਪਰਮੇਸ਼ੁਰ ਕੋਲੋਂ ਪ੍ਰਸ਼ੰਸਾ ਪਾਉਣ ਦਾ ਜਾਂ ਉਸ ਵੱਲੋਂ ਆਪਣੇ ਰਾਜ ਵਿੱਚ ਲਿਜਾਣ ਦਾ ਮੌਕਾ ਕਦੇ ਨਹੀਂ ਮਿਲੇਗਾ। ਉਹ ਜਿਹੜੇ ਕੇਵਲ ਨਿਆਂ ਨੂੰ ਕਬੂਲ ਕਰਦੇ ਹਨ ਪਰ ਕਦੇ ਸ਼ੁੱਧ ਨਹੀਂ ਕੀਤੇ ਜਾ ਸਕਦੇ, ਅਰਥਾਤ ਉਹ ਜਿਹੜੇ ਨਿਆਂ ਦੇ ਕੰਮ ਦੇ ਦੌਰਾਨ ਭੱਜ ਜਾਂਦੇ ਹਨ, ਉਹ ਹਮੇਸ਼ਾ ਲਈ ਪਰਮੇਸ਼ੁਰ ਦੀ ਘਿਰਣਾ ਅਤੇ ਤਿਰਸਕਾਰ ਦੇ ਪਾਤਰ ਹੋਣਗੇ। ਉਨ੍ਹਾਂ ਦੇ ਪਾਪ ਫਰੀਸੀਆਂ ਨਾਲੋਂ ਵੀ ਕਿਤੇ ਵਧੀਕ ਹਨ ਅਤੇ ਕਿਤੇ ਜ਼ਿਆਦਾ ਗੰਭੀਰ ਹਨ, ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨਾਲ ਧੋਖਾ ਕੀਤਾ ਹੈ ਅਤੇ ਪਰਮੇਸ਼ੁਰ ਤੋਂ ਆਕੀ ਹਨ। ਅਜਿਹੇ ਲੋਕ ਜਿਹੜੇ ਸੇਵਾ ਕਰਨ ਦੇ ਵੀ ਲਾਇਕ ਨਹੀਂ ਹਨ ਉਹ ਜ਼ਿਆਦਾ ਕਠੋਰ ਸਜ਼ਾ ਪਾਉਣਗੇ, ਅਜਿਹੀ ਸਜ਼ਾ ਜਿਹੜੀ ਸਭ ਤੋਂ ਵਧ ਕੇ, ਸਦਾਕਾਲ ਦੀ ਸਜ਼ਾ ਹੈ। ਪਰਮੇਸ਼ੁਰ ਕਿਸੇ ਵੀ ਅਜਿਹੇ ਧੋਖੇਬਾਜ਼ ਨੂੰ ਨਹੀਂ ਛੱਡੇਗਾ ਜਿਸ ਨੇ ਇੱਕ ਸਮੇਂ ਆਪਣੇ ਸ਼ਬਦਾਂ ਰਾਹੀਂ ਵਫ਼ਾਦਾਰੀ ਵਿਖਾਈ, ਪਰ ਫਿਰ ਉਸ ਨੂੰ ਧੋਖਾ ਦਿੱਤਾ। ਇਸ ਤਰ੍ਹਾਂ ਦੇ ਲੋਕ ਦੇਹ, ਪ੍ਰਾਣ ਅਤੇ ਆਤਮਾ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੇ ਰਾਹੀਂ ਆਪਣਾ ਫਲ ਭੋਗਣਗੇ। ਕੀ ਇਹ ਪਰਮੇਸ਼ੁਰ ਦੇ ਇਰਾਦੇ ਦਾ ਬਿਲਕੁਲ ਸਟੀਕ ਪ੍ਰਗਟਾਵਾ ਨਹੀਂ ਹੈ? ਕੀ ਮਨੁੱਖ ਦਾ ਨਿਆਂ ਕਰਨ ਅਤੇ ਆਪਣੇ ਆਪ ਨੂੰ ਪਰਗਟ ਕਰਨ ਪਿੱਛੇ ਪਰਮੇਸ਼ੁਰ ਦਾ ਇਹੋ ਮਕਸਦ ਨਹੀਂ ਹੈ? ਪਰਮੇਸ਼ੁਰ ਉਨ੍ਹਾਂ ਸਭਨਾਂ ਨੂੰ ਜਿਹੜੇ ਨਿਆਂ ਦੇ ਸਮੇਂ ਦੇ ਦੌਰਾਨ ਹਰ ਪ੍ਰਕਾਰ ਦੇ ਦੁਸ਼ਟਤਾ ਦੇ ਕੰਮ ਕਰਦੇ ਹਨ ਇੱਕ ਐਸੀ ਜਗ੍ਹਾ ਭੇਜਦਾ ਹੈ ਜਿਹੜੀ ਦੁਸ਼ਟ ਆਤਮਾਵਾਂ ਨਾਲ ਭਰੀ ਹੋਈ ਹੈ, ਅਤੇ ਉਹ ਇਨ੍ਹਾਂ ਦੁਸ਼ਟ ਆਤਮਾਵਾਂ ਨੂੰ ਉਨ੍ਹਾਂ ਦੇ ਸਰੀਰਾਂ ਨੂੰ ਜਿਵੇਂ ਉਹ ਚਾਹੁਣ ਨਾਸ ਕਰਨ ਦਿੰਦਾ ਹੈ, ਅਤੇ ਉਨ੍ਹਾਂ ਲੋਕਾਂ ਦੇ ਸਰੀਰਾਂ ਤੋਂ ਲੋਥਾਂ ਵਰਗੀ ਬਦਬੂ ਆਉਂਦੀ ਹੈ। ਇਹੋ ਉਨ੍ਹਾਂ ਦਾ ਢੁਕਵਾਂ ਇਨਾਮ ਹੈ। ਪਰਮੇਸ਼ੁਰ ਉਨ੍ਹਾਂ ਧੋਖੇਬਾਜ਼ ਨਕਲੀ ਵਿਸ਼ਵਾਸੀਆਂ, ਝੂਠੇ ਰਸੂਲਾਂ ਅਤੇ ਝੂਠੇ ਕਾਮਿਆਂ ਦੇ ਹਰੇਕ ਪਾਪ ਨੂੰ ਉਨ੍ਹਾਂ ਦੇ ਵਹੀ-ਖਾਤਿਆਂ ਵਿੱਚ ਲਿਖਦਾ ਹੈ; ਅਤੇ ਫਿਰ ਸਹੀ ਸਮਾਂ ਆਉਣ ਤੇ ਉਹ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਦੇ ਵਿਚਕਾਰ ਸੁੱਟ ਦਿੰਦਾ ਹੈ ਤੇ ਉਨ੍ਹਾਂ ਅਸ਼ੁੱਧ ਆਤਮਾਵਾਂ ਨੂੰ ਮਰਜ਼ੀ ਮੁਤਾਬਕ ਉਨ੍ਹਾਂ ਦੇ ਸਮੁੱਚੇ ਸਰੀਰਾਂ ਨੂੰ ਭ੍ਰਿਸ਼ਟ ਕਰਨ ਦਿੰਦਾ ਹੈ, ਤਾਂਕਿ ਉਹ ਦੁਬਾਰਾ ਕਦੇ ਜਨਮ ਨਾ ਲੈਣ ਅਤੇ ਦੁਬਾਰਾ ਕਦੇ ਰੌਸ਼ਨੀ ਨਾ ਵੇਖਣ। ਉਹ ਪਖੰਡੀ ਜਿਹੜੇ ਕੁਝ ਸਮੇਂ ਲਈ ਸੇਵਾ ਕਰਦੇ ਹਨ, ਪਰ ਅੰਤ ਤਕ ਵਫ਼ਾਦਾਰ ਰਹਿਣ ਵਿੱਚ ਅਸਮਰਥ ਹਨ, ਪਰਮੇਸ਼ੁਰ ਉਨ੍ਹਾਂ ਦੀ ਗਿਣਤੀ ਦੁਸ਼ਟਾਂ ਨਾਲ ਕਰਦਾ ਹੈ, ਤਾਂਕਿ ਉਹ ਦੁਸ਼ਟਾਂ ਦੀ ਮੱਤ ਉੱਤੇ ਚੱਲਣ ਅਤੇ ਉਨ੍ਹਾਂ ਦੇ ਖਰੂਦ ਮਚਾਉਣ ਵਾਲੇ ਹਜੂਮ ਦਾ ਹਿੱਸਾ ਬਣਨ; ਅਤੇ ਅੰਤ ਵਿੱਚ, ਪਰਮੇਸ਼ੁਰ ਉਨ੍ਹਾਂ ਨੂੰ ਮੂਲੋਂ ਨਾਸ ਕਰ ਸੁੱਟੇਗਾ। ਪਰਮੇਸ਼ੁਰ ਉਨ੍ਹਾਂ ਨੂੰ ਜਿਹੜੇ ਕਦੇ ਵੀ ਮਸੀਹ ਦੇ ਪ੍ਰਤੀ ਵਫ਼ਾਦਾਰ ਨਹੀਂ ਰਹੇ ਜਾਂ ਆਪਣੀ ਜ਼ਰਾ ਵੀ ਤਾਕਤ ਉਸ ਦੇ ਲਈ ਇਸਤੇਮਾਲ ਨਹੀਂ ਕੀਤੀ, ਪਰੇ ਕਰ ਦਿੰਦਾ ਹੈ ਅਤੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦਾ, ਅਤੇ ਯੁਗ ਦੇ ਬਦਲਦਿਆਂ ਹੀ ਉਹ ਉਨ੍ਹਾਂ ਸਭਨਾਂ ਨੂੰ ਮੂਲੋਂ ਨਾਸ ਕਰ ਦੇਵੇਗਾ। ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਗੱਲ ਤਾਂ ਬੜੀ ਦੂਰ ਹੈ, ਅੱਗੇ ਤੋਂ ਧਰਤੀ ਉੱਤੇ ਉਨ੍ਹਾਂ ਦੀ ਹੋਂਦ ਤਕ ਨਹੀਂ ਰਹੇਗੀ। ਜਿਹੜੇ ਲੋਕ ਕਦੇ ਵੀ ਪਰਮੇਸ਼ੁਰ ਦੇ ਪ੍ਰਤੀ ਇਮਾਨਦਾਰ ਨਹੀਂ ਰਹੇ, ਪਰ ਹਲਾਤਾਂ ਕਰਕੇ ਉਸ ਨਾਲ ਸਰੋਕਾਰ ਰੱਖਣ ਲਈ ਮਜ਼ਬੂਰ ਹਨ, ਉਨ੍ਹਾਂ ਦੀ ਗਿਣਤੀ ਉਨ੍ਹਾਂ ਨਾਲ ਹੁੰਦੀ ਹੈ ਜਿਹੜੇ ਉਸ ਦੇ ਲੋਕਾਂ ਦੀ ਸੇਵਾ ਕਰਦੇ ਹਨ। ਅਜਿਹੇ ਬਹੁਤ ਥੋੜ੍ਹੇ ਜਿਹੇ ਲੋਕ ਹੀ ਬਚ ਸਕਣਗੇ, ਜਦ ਕਿ ਬਹੁਤੇ ਲੋਕ ਉਨ੍ਹਾਂ ਲੋਕਾਂ ਦੇ ਨਾਲ ਨਾਸ ਹੋ ਜਾਣਗੇ ਜਿਹੜੇ ਸੇਵਾ ਵੀ ਕਰਨ ਦੇ ਯੋਗ ਨਹੀਂ ਹਨ। ਆਖਰਕਾਰ, ਪਰਮੇਸ਼ੁਰ ਉਨ੍ਹਾਂ ਸਭਨਾਂ ਨੂੰ ਜਿਹੜੇ ਪਰਮੇਸ਼ੁਰ ਦੇ ਨਾਲ ਇੱਕ ਮਨ ਹਨ, ਪਰਮੇਸ਼ੁਰ ਦੇ ਲੋਕਾਂ ਨੂੰ ਅਤੇ ਉਸ ਦੇ ਪੁੱਤਰਾਂ ਨੂੰ, ਅਤੇ ਉਨ੍ਹਾਂ ਨੂੰ ਜਿਹੜੇ ਜਾਜਕ ਹੋਣ ਲਈ ਪਰਮੇਸ਼ੁਰ ਵੱਲੋਂ ਪਹਿਲਾਂ ਤੋਂ ਠਹਿਰਾਏ ਹੋਏ ਹਨ, ਆਪਣੇ ਰਾਜ ਵਿੱਚ ਲੈ ਆਵੇਗਾ। ਉਹ ਪਰਮੇਸ਼ੁਰ ਦੇ ਕੰਮ ਦਾ ਨਤੀਜਾ ਹੋਣਗੇ। ਜਿਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਠਹਿਰਾਈਆਂ ਗਈਆਂ ਸ਼੍ਰੇਣੀਆਂ ਵਿੱਚੋਂ ਕਿਸੇ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ, ਉਹ ਗੈਰ-ਵਿਸ਼ਵਾਸੀਆਂ ਦੇ ਨਾਲ ਗਿਣੇ ਜਾਣਗੇ ਅਤੇ ਤੁਸੀਂ ਆਪੇ ਕਲਪਨਾ ਕਰ ਸਕਦੇ ਹੋ ਕਿ ਉਨ੍ਹਾਂ ਦਾ ਅੰਤ ਕੀ ਹੋਵੇਗਾ। ਮੈਂ ਜੋ ਤੁਹਾਨੂੰ ਕਹਿਣਾ ਸੀ ਉਹ ਕਹਿ ਚੁੱਕਿਆ ਹਾਂ; ਜਿਹੜਾ ਵੀ ਰਾਹ ਤੁਸੀਂ ਚੁਣੋਗੇ ਉਹ ਤੁਹਾਡੀ ਆਪਣੀ ਚੋਣ ਹੋਵੇਗਾ। ਪਰ ਤੁਹਾਨੂੰ ਇੱਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ: ਪਰਮੇਸ਼ੁਰ ਦਾ ਕੰਮ ਅਜਿਹੇ ਕਿਸੇ ਵਿਅਕਤੀ ਦੀ ਉਡੀਕ ਨਹੀਂ ਕਰਦਾ ਜਿਹੜਾ ਉਸ ਦੇ ਕਦਮ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਦਾ, ਅਤੇ ਪਰਮੇਸ਼ੁਰ ਦਾ ਧਰਮੀ ਸੁਭਾਅ ਕਿਸੇ ਵਿਅਕਤੀ ਲਈ ਕੋਈ ਰਹਿਮ ਨਹੀਂ ਵਿਖਾਉਂਦਾ।
ਟਿੱਪਣੀ:
ੳ. ਸੁੱਕੀ ਹੋਈ ਲੱਕੜ ਦਾ ਟੁਕੜਾ: ਇੱਕ ਚੀਨੀ ਕਹਾਵਤ, ਜਿਸ ਦਾ ਅਰਥ ਹੈ “ਨਕਾਰਾ।”