ਕੀ ਤੂੰ ਜਾਣਦਾ ਹੈਂ? ਪਰਮੇਸ਼ੁਰ ਨੇ ਮਨੁੱਖਾਂ ਦਰਮਿਆਨ ਮਹਾਨ ਕਾਰਜ ਕੀਤਾ ਹੈ

ਪੁਰਾਣਾ ਯੁੱਗ ਬੀਤ ਗਿਆ ਹੈ, ਅਤੇ ਨਵਾਂ ਯੁੱਗ ਆ ਗਿਆ ਹੈ। ਸਾਲ ਦਰ ਸਾਲ ਅਤੇ ਦਿਨ ਪ੍ਰਤੀ ਦਿਨ, ਪਰਮੇਸ਼ੁਰ ਨੇ ਬਹੁਤ ਕੰਮ ਕੀਤਾ ਹੈ। ਉਹ ਸੰਸਾਰ ਵਿੱਚ ਆਇਆ ਅਤੇ ਫਿਰ ਚਲਾ ਗਿਆ। ਇਹ ਚੱਕਰ ਕਈ ਪੀੜ੍ਹੀਆਂ ਤਕ ਆਪਣੇ ਆਪ ਨੂੰ ਦੁਹਰਾਉਂਦਾ ਰਿਹਾ ਹੈ। ਅੱਜ, ਪਰਮੇਸ਼ੁਰ ਦੁਆਰਾ ਪਹਿਲਾਂ ਵਾਂਗ ਹੀ ਉਹ ਕੰਮ ਕਰਨਾ ਜਾਰੀ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ, ਕੰਮ ਜੋ ਉਸ ਨੇ ਅਜੇ ਪੂਰਾ ਕਰਨਾ ਹੈ, ਕਿਉਂਕਿ ਇਸ ਦਿਨ ਤਕ ਉਸ ਨੇ ਅਜੇ ਆਰਾਮ ਨਹੀਂ ਕੀਤਾ ਹੈ। ਸਿਰਜਣਾ ਦੇ ਸਮੇਂ ਤੋਂ ਇਸ ਦਿਨ ਤਕ, ਪਰਮੇਸ਼ੁਰ ਨੇ ਬਹੁਤ ਕੰਮ ਕੀਤਾ ਹੈ। ਪਰ ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਪਹਿਲਾਂ ਦੇ ਮੁਕਾਬਲੇ ਅੱਜ ਜ਼ਿਆਦਾ ਕੰਮ ਕਰਦਾ ਹੈ, ਅਤੇ ਉਸ ਦੇ ਕੰਮ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਬਹੁਤ ਵੱਡਾ ਹੈ? ਇਸੇ ਲਈ ਮੈਂ ਕਹਿੰਦਾ ਹਾਂ ਕਿ ਪਰਮੇਸ਼ੁਰ ਨੇ ਮਨੁੱਖਾਂ ਦਰਮਿਆਨ ਮਹਾਨ ਕਾਰਜ ਕੀਤਾ ਹੈ। ਪਰਮੇਸ਼ੁਰ ਦਾ ਕੰਮ ਬਹੁਤ ਮਹੱਤਵਪੂਰਣ ਹੈ, ਭਾਵੇਂ ਇਹ ਮਨੁੱਖ ਪ੍ਰਤੀ ਹੋਵੇ ਜਾਂ ਪਰਮੇਸ਼ੁਰ ਪ੍ਰਤੀ, ਉਸ ਦਾ ਹਰੇਕ ਕੰਮ ਮਨੁੱਖ ਨਾਲ ਸੰਬੰਧਤ ਹੁੰਦਾ ਹੈ।

ਕਿਉਂਕਿ ਪਰਮੇਸ਼ੁਰ ਦਾ ਕੰਮ ਨਾ ਤਾਂ ਦੇਖਿਆ ਜਾ ਸਕਦਾ ਹੈ ਅਤੇ ਨਾ ਹੀ ਸਮਝਿਆ ਜਾ ਸਕਦਾ ਹੈ-ਸੰਸਾਰ ਵੱਲੋਂ ਦੇਖੇ ਜਾਣਾ ਤਾਂ ਦੂਰ ਦੀ ਗੱਲ ਰਹੀ – ਤਾਂ ਇਹ ਕੁਝ ਵੱਡਾ ਕਿਵੇਂ ਹੋ ਸਕਦਾ ਹੈ? ਬਸ ਕਿਸ ਕਿਸਮ ਦੇ ਕੰਮ ਨੂੰ ਮਹਾਨ ਮੰਨਿਆ ਜਾਏਗਾ? ਨਿਸ਼ਚਿਤ ਤੌਰ ਤੇ, ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਪਰਮੇਸ਼ੁਰ ਜੋ ਵੀ ਕੰਮ ਕਰਦਾ ਹੈ, ਇਸ ਨੂੰ ਮਹਾਨ ਮੰਨਿਆ ਜਾ ਸਕਦਾ ਹੈ, ਪਰ ਮੈਂ ਉਸ ਕੰਮ ਬਾਰੇ ਅਜਿਹਾ ਕਿਉਂ ਕਹਿ ਰਿਹਾ ਹਾਂ ਜੋ ਪਰਮੇਸ਼ੁਰ ਅੱਜ ਕਰਦਾ ਹੈ? ਜਦੋਂ ਮੈਂ ਕਹਿੰਦਾ ਹਾਂ ਕਿ ਪਰਮੇਸ਼ੁਰ ਨੇ ਮਹਾਨ ਕੰਮ ਕੀਤਾ ਹੈ, ਤਾਂ ਇਸ ਵਿੱਚ ਬੇਸ਼ਕ ਕਈ ਭੇਤ ਸ਼ਾਮਲ ਹਨ ਜਿਨ੍ਹਾਂ ਬਾਰੇ ਮਨੁੱਖ ਨੇ ਅਜੇ ਸਮਝਿਆ ਨਹੀਂ ਹੈ। ਆਓ ਹੁਣ ਇਨ੍ਹਾਂ ਬਾਰੇ ਗੱਲ ਕਰਦੇ ਹਾਂ।

ਯਿਸੂ ਦਾ ਜਨਮ ਇੱਕ ਖੁਰਲੀ ਵਿੱਚ ਹੋਇਆ ਸੀ ਇੱਕ ਅਜਿਹੇ ਯੁੱਗ ਵਿੱਚ ਜੋ ਉਸ ਦੀ ਹੋਂਦ ਨੂੰ ਸਹਿਣ ਨਹੀਂ ਕਰ ਸਕਿਆ, ਪਰ ਤਾਂ ਵੀ, ਦੁਨੀਆ ਉਸ ਦੇ ਰਾਹ ਵਿੱਚ ਨਹੀਂ ਆ ਸਕੀ, ਅਤੇ ਉਹ ਪਰਮੇਸ਼ੁਰ ਦੀ ਦੇਖਭਾਲ ਹੇਠ ਤੇਤੀ ਸਾਲ ਤਕ ਮਨੁੱਖਾਂ ਦਰਮਿਆਨ ਰਿਹਾ। ਜੀਵਨ ਦੇ ਇਨ੍ਹਾਂ ਕਈ ਸਾਲਾਂ ਵਿੱਚ, ਉਸਨੇ ਸੰਸਾਰ ਦੀ ਤਲਖੀ ਦੇਖੀ ਅਤੇ ਧਰਤੀ ’ਤੇ ਦੁਖ ਭਰੇ ਜੀਵਨ ਦਾ ਅਨੁਭਵ ਕੀਤਾ। ਉਸਨੇ ਸਮੁੱਚੀ ਮਨੁੱਖਜਾਤੀ ਦੀ ਮੁਕਤੀ ਲਈ ਸਲੀਬ ’ਤੇ ਚੜ੍ਹਾਏ ਜਾਣ ਦਾ ਵੱਡਾ ਬੋਝ ਆਪਣੇ ਮੋਢਿਆਂ ’ਤੇ ਚੁੱਕਿਆ। ਉਸ ਨੇ ਉਨ੍ਹਾਂ ਸਾਰੇ ਪਾਪੀਆਂ ਨੂੰ ਮੁਕਤ ਕੀਤਾ ਜੋ ਸ਼ਤਾਨ ਦੇ ਪ੍ਰਭਾਵ ਹੇਠ ਸਨ, ਅਤੇ ਆਖਰਕਾਰ, ਉਸ ਦੀ ਪੁਨਰਜੀਵਿਤ ਦੇਹ ਉਸ ਦੇ ਵਿਸ਼ਰਾਮ ਸਥਾਨ ’ਤੇ ਵਾਪਿਸ ਆਈ। ਹੁਣ ਪਰਮੇਸ਼ੁਰ ਦਾ ਨਵਾਂ ਕੰਮ ਸ਼ੁਰੂ ਹੋ ਗਿਆ ਹੈ, ਅਤੇ ਇਹ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੈ। ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਘਰ ਲਿਆਉਂਦਾ ਹੈ ਜਿਨ੍ਹਾਂ ਨੂੰ ਉਸ ਦੇ ਮੁਕਤੀ ਦੇ ਨਵੇਂ ਕੰਮ ਨੂੰ ਸ਼ੁਰੂ ਕਰਨ ਲਈ ਮਾਫ਼ ਕੀਤਾ ਗਿਆ ਹੈ। ਇਸ ਵਾਰ, ਮੁਕਤੀ ਦਾ ਕੰਮ ਬੀਤੇ ਸਮਿਆਂ ਦੇ ਮੁਕਾਬਲੇ ਵਧੇਰੇ ਸੰਪੂਰਣ ਹੈ। ਇਹ ਮਨੁੱਖ ਵਿੱਚ ਕੰਮ ਕਰਦਾ ਪਵਿੱਤਰ ਆਤਮਾ ਨਹੀਂ ਹੋਏਗਾ ਜਿਹੜਾ ਉਸ ਦੇ ਆਪਣੇ ਆਪ ਹੀ ਤਬਦੀਲ ਹੋਣ ਦਾ ਕਾਰਣ ਬਣੇ ਅਤੇ ਨਾ ਹੀ ਇਹ ਮਨੁੱਖਾਂ ਦਰਮਿਆਨ ਇਸ ਕੰਮ ਨੂੰ ਕਰਨ ਲਈ ਪਰਗਟ ਹੋਣ ਵਾਲਾ ਯਿਸੂ ਦਾ ਸਰੀਰ ਹੋਏਗਾ, ਅਤੇ ਇਹ ਦੂਜੇ ਤਰੀਕਿਆਂ ਰਾਹੀਂ ਕੀਤਾ ਜਾਣ ਵਾਲਾ ਕੰਮ ਤਾਂ ਬਿਲਕੁਲ ਨਹੀਂ ਹੋਏਗਾ। ਸਗੋਂ, ਇਹ ਕੰਮ ਕਰਨ ਵਾਲਾ ਅਤੇ ਇਸ ਨੂੰ ਖੁਦ ਨਿਰਦੇਸ਼ਿਤ ਕਰਨ ਵਾਲਾ ਦੇਹਧਾਰੀ ਪਰਮੇਸ਼ੁਰ ਹੋਏਗਾ। ਉਹ ਮਨੁੱਖ ਨੂੰ ਨਵੇਂ ਕੰਮ ਵੱਲ ਲਿਜਾਣ ਲਈ ਇਸ ਨੂੰ ਇਸ ਤਰ੍ਹਾਂ ਕਰਦਾ ਹੈ। ਕੀ ਇਹ ਵੱਡੀ ਗੱਲ ਨਹੀਂ ਹੈ? ਪਰਮੇਸ਼ੁਰ ਮਨੁੱਖਤਾ ਦੇ ਇੱਕ ਹਿੱਸੇ ਰਾਹੀਂ ਜਾਂ ਭਵਿੱਖਬਾਣੀਆਂ ਦੇ ਸਾਧਨਾਂ ਰਾਹੀਂ ਇਹ ਕੰਮ ਨਹੀਂ ਕਰਦਾ; ਸਗੋਂ ਪਰਮੇਸ਼ੁਰ ਇਸ ਨੂੰ ਆਪਣੇ ਆਪ ਕਰਦਾ ਹੈ। ਕੁਝ ਲੋਕ ਕਹਿ ਸਕਦੇ ਹਨ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਅਤੇ ਇਹ ਵੀ ਕਿ ਇਸ ਨਾਲ ਮਨੁੱਖ ਨੂੰ ਪਰਮ ਆਨੰਦ ਨਹੀਂ ਮਿਲ ਸਕਦਾ। ਪਰ ਮੈਂ ਤੈਨੂੰ ਕਹਾਂਗਾ ਕਿ ਪਰਮੇਸ਼ੁਰ ਦਾ ਕੰਮ ਸਿਰਫ਼ ਇੰਨਾ ਹੀ ਨਹੀਂ, ਸਗੋਂ ਕੁਝ ਬਹੁਤ ਵੱਡਾ ਅਤੇ ਹੋਰ ਬਹੁਤ ਕੁਝ ਹੈ।

ਇਸ ਵਾਰ, ਪਰਮੇਸ਼ੁਰ ਕੰਮ ਕਰਨ ਲਈ ਕਿਸੇ ਰੂਹਾਨੀ ਦੇਹ ਵਿੱਚ ਨਹੀਂ ਆਇਆ ਹੈ, ਸਗੋਂ ਬਹੁਤ ਹੀ ਸਾਧਾਰਣ ਮਨੁੱਖ ਵਜੋਂ ਆਇਆ ਹੈ। ਇਸ ਤੋਂ ਇਲਾਵਾ, ਇਹ ਨਾ ਸਿਰਫ਼ ਪਰਮੇਸ਼ੁਰ ਦਾ ਦੂਜਾ ਦੇਹਧਾਰੀ ਰੂਪ ਹੈ, ਇਹ ਉਹ ਸਰੀਰ ਵੀ ਹੈ ਜਿਸ ਰਾਹੀਂ ਪਰਮੇਸ਼ੁਰ ਦੇਹ ਵਿੱਚ ਪਰਤਿਆ ਹੈ। ਇਹ ਬੇਹੱਦ ਸਾਧਾਰਣ ਵਿਅਕਤੀ ਹੈ। ਤੈਨੂੰ ਉਸ ਵਿੱਚ ਦੂਜਿਆਂ ਤੋਂ ਵੱਖਰਾ ਦਿਖਾਈ ਦੇਣ ਵਰਗਾ ਕੁਝ ਨਜ਼ਰ ਨਹੀਂ ਆ ਸਕਦਾ, ਪਰ ਤੈਨੂੰ ਉਸ ਕੋਲੋਂ ਪਹਿਲਾਂ ਅਣਸੁਣੀਆਂ ਸੱਚਾਈਆਂ ਪ੍ਰਾਪਤ ਕਰਨ ਦਾ ਲਾਭ ਮਿਲ ਸਕਦਾ ਹੈਂ। ਇਹ ਸਾਧਾਰਣ ਵਿਅਕਤੀ ਉਹ ਹੈ ਜਿਸ ਵਿੱਚ ਪਰਮੇਸ਼ੁਰ ਦੇ ਸੱਚਾਈ ਦੇ ਸਾਰੇ ਵਚਨ ਸ਼ਾਮਲ ਹਨ, ਉਹ ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਕੰਮ ਕਰਦਾ ਹੈ, ਅਤੇ ਪਰਮੇਸ਼ੁਰ ਦੀ ਸਮੁੱਚੀ ਅਵਸਥਾ ਦਾ ਮਨੁੱਖ ਦੇ ਸਮਝਣ ਲਈ ਪ੍ਰਗਟਾਵਾ ਕਰਦਾ ਹੈ। ਕੀ ਤੈਨੂੰ ਸਵਰਗ ਵਿੱਚ ਪਰਮੇਸ਼ੁਰ ਨੂੰ ਦੇਖਣ ਦੀ ਬਹੁਤ ਜ਼ਿਆਦਾ ਇੱਛਾ ਨਹੀਂ ਹੈ? ਕੀ ਤੇਰੀ ਸਵਰਗ ਵਿੱਚ ਪਰਮੇਸ਼ੁਰ ਨੂੰ ਸਮਝਣ ਦੀ ਬਹੁਤ ਜ਼ਿਆਦਾ ਇੱਛਾ ਨਹੀਂ ਹੈ? ਕੀ ਤੇਰੀ ਮਨੁੱਖਜਾਤੀ ਦੀ ਮੰਜ਼ਿਲ ਨੂੰ ਦੇਖਣ ਦੀ ਬਹੁਤ ਜ਼ਿਆਦਾ ਇੱਛਾ ਨਹੀਂ ਹੈ? ਉਹ ਤੈਨੂੰ ਇਹ ਸਾਰੇ ਭੇਤ ਦੱਸੇਗਾ-ਭੇਤ ਜਿਹੜੇ ਕੋਈ ਵੀ ਮਨੁੱਖ ਤੈਨੂੰ ਦੱਸਣ ਦੇ ਸਮਰੱਥ ਨਹੀਂ ਹੈ, ਅਤੇ ਉਹ ਤੈਨੂੰ ਉਨ੍ਹਾਂ ਸੱਚਾਈਆਂ ਬਾਰੇ ਵੀ ਦੱਸੇਗਾ ਜੋ ਤੈਨੂੰ ਸਮਝ ਨਹੀਂ ਆਉਂਦੀਆਂ। ਉਹ ਰਾਜ ਵਿੱਚ ਦਾਖਲ ਹੋਣ ਦਾ ਤੇਰਾ ਦਰਵਾਜਾ ਹੈ, ਅਤੇ ਨਵੇਂ ਯੁੱਗ ਵਿੱਚ ਤੇਰਾ ਰਹਿਨੁਮਾ ਹੈ। ਅਜਿਹੇ ਸਾਧਾਰਣ ਮਨੁੱਖ ਕੋਲ ਕਈ ਭੇਤ ਹਨ ਜਿਹੜੇ ਕਲਪਨਾ ਤੋਂ ਪਰੇ ਹਨ। ਉਸ ਦੇ ਕੰਮ ਤੇਰੇ ਲਈ ਭੇਤ ਭਰੇ ਹੋ ਸਕਦੇ ਹਨ, ਪਰ ਉਸ ਦੁਆਰਾ ਕੀਤੇ ਜਾਣ ਵਾਲੇ ਕੰਮ ਦਾ ਸਮੁੱਚਾ ਟੀਚਾ ਤੈਨੂੰ ਇਹ ਦੇਖਣ ਦੀ ਆਗਿਆ ਦੇਣ ਲਈ ਕਾਫੀ ਹੈ ਕਿ ਉਹ, ਜਿਵੇਂ ਕਿ ਲੋਕ ਮੰਨਦੇ ਹਨ, ਕੋਈ ਸਾਧਾਰਣ ਵਿਅਕਤੀ ਨਹੀਂ ਹੈ। ਕਿਉਂਕਿ ਉਹ ਪਰਮੇਸ਼ੁਰ ਦੀ ਇੱਛਾ ਅਤੇ ਅੰਤ ਦੇ ਦਿਨਾਂ ਵਿੱਚ ਮਨੁੱਖਜਾਤੀ ਪ੍ਰਤੀ ਪਰਮੇਸ਼ੁਰ ਵੱਲੋਂ ਦਿਖਾਈ ਜਾਣ ਵਾਲੀ ਚਿੰਤਾ ਦਾ ਪ੍ਰਤੀਕ ਹੈ। ਭਾਵੇਂ ਤੂੰ ਉਸ ਦੇ ਵਚਨਾਂ ਨੂੰ ਸੁਣ ਨਹੀਂ ਸਕਦਾ ਜਿਨ੍ਹਾਂ ਨਾਲ ਅਕਾਸ਼ ਅਤੇ ਧਰਤੀ ਹਿੱਲਦੇ ਜਾਪਦੇ ਹਨ ਜਾਂ ਤੂੰ ਉਸ ਦੀਆਂ ਬਲਦੀਆਂ ਲਾਟਾਂ ਵਰਗੀਆਂ ਅੱਖਾਂ ਨਹੀਂ ਦੇਖ ਸਕਦਾ, ਅਤੇ ਭਾਵੇਂ ਤੂੰ ਉਸ ਦੇ ਲੋਹੇ ਦੇ ਡੰਡੇ ਦੀ ਤਾੜਨਾ ਨੂੰ ਮਹਿਸੂਸ ਨਹੀਂ ਕਰ ਸਕਦਾ, ਫਿਰ ਵੀ ਤੂੰ ਉਸ ਦੇ ਵਚਨਾਂ ਤੋਂ ਇਹ ਸੁਣ ਸਕਦਾ ਹੈਂ ਕਿ ਪਰਮੇਸ਼ੁਰ ਕ੍ਰੋਧ ਵਿੱਚ ਹੈ ਅਤੇ ਜਾਣ ਸਕਦਾ ਹੈਂ ਕਿ ਪਰਮੇਸ਼ੁਰ ਮਨੁੱਖਜਾਤੀ ਲਈ ਦਯਾ ਵਿਖਾ ਰਿਹਾ ਹੈ; ਤੂੰ ਪਰਮੇਸ਼ਰ ਦੀ ਧਰਮੀ ਅਵਸਥਾ ਅਤੇ ਉਸ ਦੀ ਬੁੱਧ ਨੂੰ ਦੇਖ ਸਕਦਾ ਹੈਂ, ਅਤੇ, ਇਸ ਤੋਂ ਇਲਾਵਾ ਸਮੁੱਚੀ ਮਨੁੱਖਜਾਤੀ ਲਈ ਪਰਮੇਸ਼ੁਰ ਦੀ ਚਿੰਤਾ ਨੂੰ ਸਮਝ ਸਕਦਾ ਹੈਂ। ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਕੰਮ ਮਨੁੱਖ ਨੂੰ ਅਕਾਸ਼ ਦੇ ਪਰਮੇਸ਼ੁਰ ਨੂੰ ਧਰਤੀ ’ਤੇ ਇਨਸਾਨਾਂ ਦਰਮਿਆਨ ਵਿਚਰਦੇ ਹੋਏ ਦੇਖਣ ਦੀ ਅਨੁਮਤੀ ਦੇਣਾ ਅਤੇ ਇਨਸਾਨ ਨੂੰ ਪਰਮੇਸ਼ੁਰ ਨੂੰ ਜਾਣਨ, ਉਸ ਦੀ ਆਗਿਆਕਾਰੀ ਕਰਨ, ਸਤਿਕਾਰ ਕਰਨ ਅਤੇ ਪਿਆਰ ਕਰਨ ਦੇ ਸਮਰੱਥ ਬਣਾਉਣਾ ਹੈ। ਇਸੇ ਲਈ ਉਹ ਦੂਜੀ ਵਾਰ ਦੇਹਧਾਰੀ ਰੂਪ ਵਿੱਚ ਪਰਤਿਆ ਹੈ। ਹਾਲਾਂਕਿ ਅੱਜ ਮਨੁੱਖ ਜੋ ਦੇਖ ਰਿਹਾ ਹੈ ਉਹ, ਉਹ ਪਰਮੇਸ਼ੁਰ ਹੈ ਜੋ ਇਨਸਾਨ ਵਰਗਾ ਹੀ ਹੈ, ਇੱਕ ਨੱਕ ਅਤੇ ਦੋ ਅੱਖਾਂ ਵਾਲਾ ਪਰਮੇਸ਼ੁਰ, ਅਤੇ ਇੱਕ ਸਾਧਾਰਣ ਪਰਮੇਸ਼ੁਰ, ਪਰ ਅੰਤ ਵਿੱਚ ਪਰਮੇਸ਼ੁਰ ਤੁਹਾਨੂੰ ਦਿਖਾਏਗਾ ਕਿ ਜੇ ਇਸ ਵਿਅਕਤੀ ਦੀ ਹੋਂਦ ਨਾ ਹੁੰਦੀ ਤਾਂ ਸਵਰਗ ਅਤੇ ਧਰਤੀ ਵਿੱਚ ਜ਼ਬਰਦਸਤ ਤਬਦੀਲੀ ਆ ਗਈ ਹੁੰਦੀ; ਜੇ ਇਹ ਵਿਅਕਤੀ ਨਾ ਹੁੰਦਾ ਤਾਂ ਅਕਾਸ਼ ਫਿੱਕਾ ਪੈ ਜਾਂਦਾ, ਧਰਤੀ ਤੇ ਹਨੇਰਗਰਦੀ ਫੈਲ ਜਾਂਦੀ; ਅਤੇ ਸਮੁੱਚੀ ਮਨੁੱਖਜਾਤੀ ਅਕਾਲ ਅਤੇ ਮਹਾਂਮਾਰੀਆਂ ਦਰਮਿਆਨ ਜੀਅ ਰਹੀ ਹੁੰਦੀ। ਉਹ ਤੁਹਾਨੂੰ ਦਿਖਾਏਗਾ ਕਿ ਜੇ ਦੇਹਧਾਰੀ ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਤੁਹਾਨੂੰ ਬਚਾਉਣ ਲਈ ਨਾ ਆਇਆ ਹੁੰਦਾ, ਤਾਂ ਪਰਮੇਸ਼ੁਰ ਨੇ ਬਹੁਤ ਸਮਾਂ ਪਹਿਲਾਂ ਸਮੁੱਚੀ ਮਨੁੱਖਜਾਤੀ ਦਾ ਨਰਕ ਵਿੱਚ ਨਾਸ਼ ਕਰ ਦਿੱਤਾ ਹੁੰਦਾ; ਜੇ ਇਹ ਦੇਹਧਾਰੀ ਰੂਪ ਨਾ ਹੁੰਦਾ, ਤਾਂ ਤੁਸੀਂ ਹਮੇਸ਼ਾਂ ਲਈ ਕੱਟੜ ਪਾਪੀ ਬਣ ਗਏ ਹੁੰਦੇ, ਅਤੇ ਸਦਾ ਲਈ ਲਾਸ਼ਾਂ ਵਾਂਗ ਹੋ ਜਾਂਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੇ ਇਹ ਦੇਹਧਾਰੀ ਰੂਪ ਨਾ ਹੁੰਦਾ ਤਾਂ, ਸਾਰੀ ਮਨੁੱਖਜਾਤੀ ਨੂੰ ਇੱਕ ਨਿਸ਼ਚਿਤ ਬਿਪਤਾ ਦਾ ਸਾਹਮਣਾ ਕਰਨਾ ਪੈਂਦਾ ਅਤੇ ਇਸ ਦਾ ਹੋਰ ਵੀ ਗੰਭੀਰ ਸਜ਼ਾ ਤੋਂ ਬਚਣਾ ਅਸੰਭਵ ਹੁੰਦਾ ਜੋ ਕਿ ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਮਨੁੱਖਜਾਤੀ ਨੂੰ ਦਿੰਦਾ ਹੈ। ਜੇ ਇਸ ਸਾਧਾਰਣ ਵਿਅਕਤੀ ਨੇ ਜਨਮ ਨਾ ਲਿਆ ਹੁੰਦਾ, ਤੁਸੀਂ ਸਭ ਅਜਿਹੀ ਸਥਿਤੀ ਵਿੱਚ ਹੁੰਦੇ ਜਿੱਥੇ ਤੁਸੀਂ ਜੀਵਨ ਲਈ ਭੀਖ ਮੰਗਦੇ ਪਰ ਜੀਉਣ ਦੇ ਕਾਬਿਲ ਨਾ ਹੁੰਦੇ ਅਤੇ ਮੌਤ ਲਈ ਦੁਆ ਕਰਦੇ ਪਰ ਮਰ ਨਾ ਸਕਦੇ, ਜੇ ਇਹ ਦੇਹਧਾਰੀ ਰੂਪ ਨਾ ਹੁੰਦਾ, ਤਾਂ ਤੁਸੀਂ ਸੱਚਾਈ ਨੂੰ ਪ੍ਰਾਪਤ ਕਰਨ ਦੇ ਯੋਗ ਨਾ ਹੁੰਦੇ ਅਤੇ ਅੱਜ ਪਰਮੇਸ਼ੁਰ ਦੇ ਸਿੰਘਾਸਣ ਸਾਹਮਣੇ ਨਾ ਆਉਂਦੇ, ਸਗੋਂ ਇਸ ਦੀ ਬਜਾਇ, ਤੁਹਾਨੂੰ ਆਪਣੇ ਘੋਰ ਪਾਪਾਂ ਕਰਕੇ ਪਰਮੇਸ਼ੁਰ ਤੋਂ ਸਜ਼ਾ ਮਿਲੀ ਹੁੰਦੀ। ਕੀ ਤੁਹਾਨੂੰ ਪਤਾ ਹੈ ਜੇ ਪਰਮੇਸ਼ੁਰ ਦੇਹ ਵਿੱਚ ਨਾ ਪਰਤਿਆ ਹੁੰਦਾ ਤਾਂ ਕਿਸੇ ਕੋਲ ਵੀ ਮੁਕਤੀ ਦਾ ਮੌਕਾ ਨਾ ਹੁੰਦਾ; ਜੇ ਇਹ ਇਸ ਦੇਹਧਾਰੀ ਰੂਪ ਵਜੋਂ ਨਾ ਆਇਆ ਹੁੰਦਾ, ਪਰਮੇਸ਼ੁਰ ਨੇ ਬਹੁਤ ਪਹਿਲਾਂ ਇਸ ਪੁਰਾਣੇ ਯੁੱਗ ਦਾ ਅੰਤ ਕਰ ਦਿੱਤਾ ਹੁੰਦਾ? ਅਜਿਹਾ ਹੋਣ ਦੇ ਨਾਤੇ, ਕੀ ਤੁਸੀਂ ਅਜੇ ਵੀ ਪਰਮੇਸ਼ੁਰ ਦੇ ਦੂਜੇ ਦੇਹਧਾਰੀ ਰੂਪ ਨੂੰ ਨਕਾਰ ਸਕਦੇ ਹੋ? ਕਿਉਂਕਿ ਤੁਸੀਂ ਇਸ ਸਧਾਰਣ ਮਨੁੱਖ ਤੋਂ ਕਈ ਸਾਰੇ ਲਾਭ ਲੈ ਸਕਦੇ ਹੋ, ਤਾਂ ਤੁਸੀਂ ਖੁਸ਼ੀ ਖੁਸ਼ੀ ਇਸ ਨੂੰ ਸਵੀਕਾਰ ਕਿਉਂ ਨਹੀਂ ਕਰੋਗੇ?

ਪਰਮੇਸ਼ੁਰ ਦਾ ਕੰਮ ਕੁਝ ਅਜਿਹਾ ਹੈ ਜਿਸ ਨੂੰ ਤੂੰ ਸਮਝ ਨਹੀਂ ਸਕਦਾ। ਜੇ ਤੂੰ ਨਾਂ ਤਾਂ ਪੂਰੀ ਤਰ੍ਹਾਂ ਨਾਲ ਇਹ ਸਮਝ ਸਕਦਾ ਹੈਂ ਕਿ ਤੇਰੀ ਚੋਣ ਸਹੀ ਹੈ ਜਾਂ ਨਹੀਂ, ਅਤੇ ਨਾਂ ਹੀ ਇਹ ਜਾਣ ਸਕਦਾ ਹੈਂ ਕਿ ਪਰਮੇਸ਼ੁਰ ਦਾ ਕੰਮ ਸਫਲ ਹੋ ਸਕਦਾ ਹੈ ਜਾਂ ਨਹੀਂ, ਤਾਂ ਤੂੰ ਆਪਣੀ ਕਿਸਮਤ ਕਿਉਂ ਨਹੀਂ ਅਜਮਾਉਂਦਾ ਅਤੇ ਵੇਖਦਾ ਕਿ ਇਹ ਆਮ ਵਿਅਕਤੀ ਤੇਰੇ ਲਈ ਮਦਦਗਾਰ ਹੋ ਸਕਦਾ ਹੈ, ਅਤੇ ਕੀ ਪਰਮੇਸ਼ੁਰ ਨੇ ਅਸਲ ਵਿੱਚ ਮਹਾਨ ਕੰਮ ਕੀਤਾ ਹੈ? ਪਰ, ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਨੂਹ ਦੇ ਸਮੇਂ ਵਿੱਚ, ਮਨੁੱਖ ਸਿਰਫ਼ ਖਾਣ ਪੀਣ ਅਤੇ ਵਿਆਹ ਕਰਨ ਵਿੱਚ ਇਸ ਹੱਦ ਤਕ ਰੁਝਿਆ ਹੋਇਆ ਸੀ ਕਿ ਪਰਮੇਸ਼ੁਰ ਲਈ ਇਹ ਦੇਖਣਾ ਅਸਹਿ ਸੀ, ਇਸ ਲਈ ਉਸਨੇ ਮਨੁੱਖਜਾਤੀ ਨੂੰ ਨਸ਼ਟ ਕਰਨ ਲਈ ਵੱਡੀ ਜਲ ਪਰਲੋ ਧਰਤੀ ’ਤੇ ਭੇਜੀ, ਇਸ ਵਿੱਚ ਸਿਰਫ਼ ਨੂਹ ਦੇ ਅੱਠ ਲੋਕਾਂ ਦੇ ਪਰਿਵਾਰ ਅਤੇ ਹਰ ਕਿਸਮ ਦੇ ਪੰਛੀਆਂ ਅਤੇ ਜਾਨਵਰਾਂ ਨੂੰ ਬਚਾ ਲਿਆ ਗਿਆ। ਹਾਲਾਂਕਿ, ਅੰਤ ਦੇ ਦਿਨਾਂ ਵਿੱਚ, ਪਰਮੇਸ਼ੁਰ ਦੁਆਰਾ ਬਚਾਏ ਜਾਣ ਵਾਲੇ ਲੋਕ ਉਹ ਸਾਰੇ ਹਨ ਜੋ ਅੰਤ ਤਕ ਉਸ ਦੇ ਵਫ਼ਾਦਾਰ ਰਹੇ ਹਨ। ਹਾਲਾਂਕਿ ਦੋਵੇਂ ਯੁੱਗ ਬਹੁਤ ਜ਼ਿਆਦਾ ਭ੍ਰਿਸ਼ਟਤਾ ਦਾ ਸਮਾਂ ਸਨ ਜੋ ਪਰਮੇਸ਼ੁਰ ਲਈ ਦੇਖਣਾ ਅਸਹਿ ਸੀ, ਅਤੇ ਦੋਹਾਂ ਯੁਗਾਂ ਦੀ ਮਨੁੱਖਜਾਤੀ ਇੰਨੀ ਭ੍ਰਿਸ਼ਟ ਗਈ ਸੀ ਕਿ ਉਨ੍ਹਾਂ ਪਰਮੇਸ਼ੁਰ ਨੂੰ ਆਪਣਾ ਪ੍ਰਭੂ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਪਰਮੇਸ਼ੁਰ ਨੇ ਸਿਰਫ਼ ਨੂਹ ਦੇ ਸਮੇਂ ਵਿੱਚ ਲੋਕਾਂ ਦਾ ਵਿਨਾਸ਼ ਕੀਤਾ। ਦੋਹਾਂ ਯੁਗਾਂ ਦੀ ਮਨੁੱਖਜਾਤੀ ਨੇ ਪਰਮੇਸ਼ੁਰ ਨੂੰ ਬਹੁਤ ਤਕਲੀਫ਼ ਦਿੱਤੀ ਹੈ, ਫਿਰ ਵੀ ਪਰਮੇਸ਼ੁਰ ਨੇ ਹੁਣ ਤਕ ਅੰਤ ਦੇ ਦਿਨਾਂ ਦੇ ਮਨੁੱਖਾਂ ਨਾਲ ਧੀਰਜ ਬਣਾਈ ਰੱਖਿਆ ਹੈ। ਅਜਿਹਾ ਕਿਉਂ? ਕੀ ਤੁਹਾਨੂੰ ਕਦੇ ਇਸ ਗੱਲ ਦੀ ਹੈਰਾਨੀ ਨਹੀਂ ਹੋਈ ਕਿ ਕਿਉਂ? ਜੇ ਤੁਸੀਂ ਸੱਚਮੁੱਚ ਇਹ ਨਹੀਂ ਜਾਣਦੇ, ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਲੋਕਾਂ ’ਤੇ ਕਿਰਪਾ ਰੱਖ ਰਿਹਾ ਹੈ ਇਸਦਾ ਕਾਰਣ ਇਹ ਨਹੀਂ ਹੈ ਕਿ ਉਹ ਨੂਹ ਦੇ ਸਮੇਂ ਦੇ ਲੋਕਾਂ ਦੇ ਮੁਕਾਬਲੇ ਘੱਟ ਭ੍ਰਿਸ਼ਟ ਹਨ, ਜਾਂ ਉਨ੍ਹਾਂ ਨੇ ਪਰਮੇਸ਼ੁਰ ਅੱਗੇ ਪਛਤਾਵੇ ਦਾ ਪ੍ਰਗਟਾਵਾ ਕੀਤਾ ਹੈ, ਇਹ ਸੋਚਣਾ ਤਾਂ ਦੂਰ ਦੀ ਗੱਲ ਰਹੀ ਕਿ ਅੰਤਿਮ ਦਿਨਾਂ ਵਿੱਚ ਤਕਨਾਲੋਜੀ ਇੰਨੀ ਜ਼ਿਆਦਾ ਆਧੁਨਿਕ ਹੋ ਚੁੱਕੀ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਨਸ਼ਟ ਕਰਨ ਵਿੱਚ ਅਸਮਰਥ ਹੈ। ਸਗੋਂ, ਇਹ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਕੋਲ ਅੰਤ ਦੇ ਦਿਨਾਂ ਵਿੱਚ ਲੋਕਾਂ ਦੇ ਸਮੂਹ ਵਿੱਚ ਕਰਨ ਲਈ ਕੰਮ ਹੈ, ਅਤੇ ਇਹ ਵੀ ਕਿ ਪਰਮੇਸ਼ੁਰ ਆਪਣੇ ਦੇਹਧਾਰੀ ਰੂਪ ਵਿੱਚ ਆਪਣੇ ਆਪ ਹੀ ਇਹ ਕੰਮ ਕਰਨਾ ਚਾਹੁੰਦਾ ਹੈ। ਇਸ ਦੇ ਇਲਾਵਾ, ਪਰਮੇਸ਼ੁਰ ਇਸ ਸਮੂਹ ਦੇ ਇੱਕ ਭਾਗ ਨੂੰ ਆਪਣੀ ਮੁਕਤੀ ਦੇ ਸਾਧਨ ਅਤੇ ਉਸ ਦੀ ਪ੍ਰਬੰਧਨ ਦੀ ਯੋਜਨਾ ਦੇ ਫਲ ਬਣਨ ਵਜੋਂ ਚੁਣਨਾ ਚਾਹੁੰਦਾ ਹੈ, ਅਤੇ ਇਨ੍ਹਾਂ ਲੋਕਾਂ ਨੂੰ ਅਗਲੇ ਯੁੱਗ ਵਿੱਚ ਲਿਆਉਣਾ ਚਾਹੁੰਦਾ ਹੈ। ਇਸ ਲਈ, ਭਾਵੇਂ ਕੁਝ ਵੀ ਹੋਏ, ਪਰਮੇਸ਼ੁਰ ਦੁਆਰਾ ਅਦਾ ਕੀਤੀ ਗਈ ਇਹ ਕੀਮਤ ਸਮੁੱਚੇ ਤੌਰ ’ਤੇ ਉਸ ਕੰਮ ਦੀ ਤਿਆਰੀ ਲਈ ਹੈ ਜੋ ਉਸ ਦਾ ਦੇਹਧਾਰੀ ਅਵਤਾਰ ਅੰਤ ਦੇ ਦਿਨਾਂ ਵਿੱਚ ਕਰੇਗਾ। ਇਹ ਤੱਥ ਕਿ ਤੁਸੀਂ ਅੱਜ ਦੇ ਦਿਨ ਤਕ ਪਹੁੰਚੇ ਹੋ, ਇਹ ਇਸੇ ਦੇਹ ਦੀ ਬਦੌਲਤ ਹੈ। ਪਰਮੇਸ਼ੁਰ ਦੇਹ ਵਿੱਚ ਰਹਿੰਦਾ ਹੈ, ਇਸੇ ਕਾਰਣ ਤੁਹਾਡੇ ਕੋਲ ਬਚਣ ਦਾ ਮੌਕਾ ਹੈ। ਇਹ ਸਾਰੀ ਖੁਸ਼ਕਿਸਮਤੀ ਇਸ ਆਮ ਵਿਅਕਤੀ ਦੇ ਕਾਰਣ ਪ੍ਰਾਪਤ ਹੋਈ ਹੈ। ਸਿਰਫ਼ ਇਹ ਨਹੀਂ, ਸਗੋਂ ਅੰਤ ਵਿੱਚ, ਹਰੇਕ ਕੌਮ ਇਸ ਆਮ ਵਿਅਕਤੀ ਦੀ ਉਪਾਸਨਾ ਕਰੇਗੀ, ਨਾਲ ਹੀ ਨਾਲ ਇਸ ਸਾਧਾਰਣ ਵਿਅਕਤੀ ਦਾ ਧੰਨਵਾਦ ਕਰੇਗੀ ਅਤੇ ਉਸ ਦੀ ਆਗਿਆ ਦਾ ਪਾਲਣ ਕਰੇਗੀ, ਕਿਉਂਕਿ ਇਹੀ ਸੱਚਾਈ ਹੈ, ਜ਼ਿੰਦਗੀ ਹੈ, ਅਤੇ ਉਸ ਦੁਆਰਾ ਲਿਆਂਦਾ ਗਿਆ ਉਹ ਰਾਹ ਹੈ ਜਿਸਨੇ ਮਨੁੱਖਜਾਤੀ ਨੂੰ ਬਚਾਇਆ ਹੈ, ਇਨਸਾਨ ਅਤੇ ਪਰਮੇਸ਼ੁਰ ਵਿਚਕਾਰ ਟਕਰਾਅ ਨੂੰ ਸੁਲਝਾਇਆ ਹੈ, ਉਨ੍ਹਾਂ ਦਰਮਿਆਨ ਦੂਰੀ ਨੂੰ ਘੱਟ ਕੀਤਾ ਹੈ, ਅਤੇ ਪਰਮੇਸ਼ੁਰ ਅਤੇ ਇਨਸਾਨ ਦੇ ਵਿਚਾਰਾਂ ਵਿਚਕਾਰ ਸੰਪਰਕ ਸਥਾਪਿਤ ਕੀਤਾ ਹੈ। ਇਹ ਉਹ ਵੀ ਹੈ ਜਿਸਨੇ ਪਰਮੇਸ਼ੁਰ ਲਈ ਹੋਰ ਵੀ ਜ਼ਿਆਦਾ ਮਹਿਮਾ ਪ੍ਰਾਪਤ ਕੀਤੀ ਹੈ। ਕੀ ਅਜਿਹਾ ਆਮ ਇਨਸਾਨ ਤੇਰੇ ਵਿਸ਼ਵਾਸ ਅਤੇ ਸ਼ਰਧਾ ਦੇ ਯੋਗ ਨਹੀਂ ਹੈ? ਕੀ ਅਜਿਹੇ ਸਾਧਾਰਣ ਦੇਹਧਾਰੀ ਨੂੰ ਮਸੀਹ ਨਹੀਂ ਕਿਹਾ ਜਾ ਸਕਦਾ? ਕੀ ਅਜਿਹਾ ਆਮ ਇਨਸਾਨ ਮਨੁੱਖਾਂ ਦਰਮਿਆਨ ਪਰਮੇਸ਼ੁਰ ਦਾ ਪ੍ਰਗਟਾਵਾ ਨਹੀਂ ਬਣ ਸਕਦਾ? ਕੀ ਅਜਿਹਾ ਵਿਅਕਤੀ, ਜਿਸਨੇ ਮਨੁੱਖਜਾਤੀ ਨੂੰ ਤਬਾਹੀ ਤੋਂ ਬਚਾਇਆ ਹੈ, ਤੁਹਾਡੇ ਪਿਆਰ ਅਤੇ ਤੁਹਾਡੀ ਉਸ ਉੱਪਰ ਵਿਸ਼ਵਾਸ ਕਰਨ ਦੀ ਇੱਛਾ ਦਾ ਹੱਕਦਾਰ ਨਹੀਂ ਹੈ? ਜੇ ਤੁਸੀਂ ਉਸ ਦੇ ਮੁਹੋਂ ਨਿਕਲੇ ਸੱਚੇ ਵਚਨਾਂ ਨੂੰ ਨਕਾਰਦੇ ਹੋ ਅਤੇ ਤੁਹਾਡੇ ਦਰਮਿਆਨ ਉਸ ਦੀ ਹੋਂਦ ਤੋਂ ਨਫ਼ਰਤ ਕਰਦੇ ਹੋ, ਤਾਂ ਅੰਤ ਵਿੱਚ ਤੁਹਾਡਾ ਕੀ ਬਣੇਗਾ?

ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਸਾਰਾ ਕੰਮ ਇਸ ਸਧਾਰਣ ਵਿਅਕਤੀ ਰਾਹੀਂ ਕੀਤਾ ਜਾਣਾ ਹੈ। ਉਹ ਤੈਨੂੰ ਸਭ ਕੁਝ ਬਖਸ਼ੇਗਾ, ਅਤੇ ਇਸ ਦੇ ਇਲਾਵਾ, ਉਹ ਤੇਰੇ ਨਾਲ ਸੰਬੰਧਤ ਹਰ ਫੈਸਲਾ ਕਰਨ ਦੇ ਵੀ ਸਮਰੱਥ ਹੋਏਗਾ। ਕੀ ਅਜਿਹਾ ਵਿਅਕਤੀ ਉਹ ਬਣ ਸਕਦਾ ਹੈ ਜੋ ਤੁਸੀਂ ਮੰਨਦੇ ਹੋ ਕਿ ਉਹ ਬਣੇ: ਇੰਨਾ ਸਾਧਾਰਣ ਵਿਅਕਤੀ ਜੋ ਜ਼ਿਕਰ ਦੇ ਵੀ ਕਾਬਿਲ ਨਹੀਂ ਹੈ? ਕੀ ਉਸ ਦੀ ਸੱਚਾਈ ਤੁਹਾਨੂੰ ਪੂਰੀ ਤਰ੍ਹਾਂ ਨਾਲ ਯਕੀਨ ਦੁਆਉਣ ਲਈ ਕਾਫੀ ਨਹੀਂ ਹੈ? ਕੀ ਉਸ ਦੇ ਕਾਰਜਾਂ ਦੀ ਸਾਖੀ ਤੁਹਾਨੂੰ ਪੂਰੀ ਤਰ੍ਹਾਂ ਨਾਲ ਯਕੀਨ ਦੁਆਉਣ ਲਈ ਕਾਫੀ ਨਹੀਂ ਹੈ? ਜਾਂ ਕੀ ਉਹ ਰਾਹ ਜਿਸ ਉੱਪਰ ਉਹ ਤੁਹਾਨੂੰ ਲਿਜਾ ਰਿਹਾ ਹੈ ਤੁਹਾਡੇ ਚੱਲਣ ਦੇ ਯੋਗ ਨਹੀਂ ਹੈ? ਸਭ ਕੁਝ ਕਹਿਣ ਅਤੇ ਕਰਨ ਤੋਂ ਬਾਅਦ, ਤੁਹਾਡੇ ਕੋਲ ਉਸ ਨਾਲ ਘਿਰਣਾ ਕਰਨ, ਉਸ ਨੂੰ ਆਪਣੇ ਤੋਂ ਦੂਰ ਕਰਨ ਅਤੇ ਉਸ ਤੋਂ ਦੂਰ ਰਹਿਣ ਦਾ ਕੀ ਕਾਰਣ ਹੈ? ਇਹੀ ਉਹ ਵਿਅਕਤੀ ਹੈ ਜੋ ਸੱਚਾਈ ਨੂੰ ਪਰਗਟ ਕਰਦਾ ਹੈ, ਇਹੀ ਉਹ ਵਿਅਕਤੀ ਹੈ ਜੋ ਸੱਚਾਈ ਮੁਹੱਈਆ ਕਰਦਾ ਹੈ, ਅਤੇ ਇਹੀ ਉਹ ਵਿਅਕਤੀ ਹੈ ਜੋ ਤੁਹਾਨੂੰ ਪੈਰੋਕਾਰ ਬਣਨ ਲਈ ਰਾਹ ਪ੍ਰਦਾਨ ਕਰਦਾ ਹੈ। ਕੀ ਇਹ ਹੋ ਸਕਦਾ ਹੈ ਕਿ ਤੁਸੀਂ ਅਜੇ ਵੀ ਇਨ੍ਹਾਂ ਸੱਚਾਈਆਂ ਅੰਦਰ ਪਰਮੇਸ਼ੁਰ ਦੇ ਕੰਮ ਦੀਆਂ ਨਿਸ਼ਾਨੀਆਂ ਲੱਭਣ ਵਿੱਚ ਅਸਮਰਥ ਹੋ? ਯਿਸੂ ਦੇ ਕੰਮ ਦੇ ਬਿਨਾਂ, ਮਨੁੱਖਜਾਤੀ ਸਲੀਬ ਤੋਂ ਹੇਠਾਂ ਨਹੀਂ ਆ ਸਕਦੀ ਸੀ, ਪਰ ਅੱਜ ਦੇ ਦੇਹਧਾਰੀ ਰੂਪ ਤੋਂ ਬਿਨਾਂ, ਉਹ ਲੋਕ ਜੋ ਸਲੀਬ ਤੋਂ ਹੇਠਾਂ ਆਏ ਹਨ ਕਦੇ ਵੀ ਪਰਮੇਸ਼ੁਰ ਦੀ ਪ੍ਰਵਾਨਗੀ ਹਾਸਿਲ ਨਹੀਂ ਕਰ ਸਕਦੇ ਸਨ ਜਾਂ ਨਵੇਂ ਯੁੱਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਸਨ। ਇਸ ਸਾਧਾਰਣ ਵਿਅਕਤੀ ਦੀ ਆਮਦ ਤੋਂ ਬਿਨਾਂ, ਤੁਹਾਨੂੰ ਕਦੇ ਵੀ ਪਰਮੇਸ਼ੁਰ ਦਾ ਸੱਚਾ ਸਰੂਪ ਦੇਖਣ ਦਾ ਮੌਕਾ ਨਾ ਮਿਲਦਾ ਅਤੇ ਨਾ ਹੀ ਤੁਸੀਂ ਇਸ ਦੇ ਯੋਗ ਹੁੰਦੇ, ਕਿਉਂਕਿ ਤੁਸੀਂ ਸਾਰੇ ਉਨ੍ਹਾਂ ਵਸਤਾਂ ਵਾਂਗ ਹੋ ਜੋ ਬਹੁਤ ਪਹਿਲਾਂ ਨਸ਼ਟ ਹੋ ਜਾਣੀਆਂ ਚਾਹੀਦੀਆਂ ਸਨ। ਪਰਮੇਸ਼ੁਰ ਦੇ ਦੂਜੇ ਦੇਹਧਾਰੀ ਰੂਪ ਦੇ ਆਉਣ ਨਾਲ, ਪਰਮੇਸ਼ੁਰ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ, ਅਤੇ ਤੁਹਾਡੇ ’ਤੇ ਦਯਾ ਦਿਖਾਈ ਹੈ। ਇਸ ਦੇ ਬਾਵਜੂਦ, ਅੰਤ ਵਿੱਚ ਮੈਂ ਤੁਹਾਨੂੰ ਇਨ੍ਹਾਂ ਸ਼ਬਦਾਂ ਦੇ ਨਾਲ ਛੱਡਣਾ ਚਾਹਾਂਗਾ; ਇਹ ਸਧਾਰਣ ਮਨੁੱਖ ਜੋ ਦੇਹਧਾਰੀ ਪਰਮੇਸ਼ੁਰ ਹੈ, ਤੁਹਾਡੇ ਲਈ ਬੇਹੱਦ ਮਹੱਤਵਪੂਰਣ ਹੈ। ਇਹ ਉਹ ਮਹਾਨ ਕਾਰਜ ਹੈ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਮਨੁੱਖਾਂ ਦਰਮਿਆਨ ਕੀਤਾ ਹੈ।

ਪਿਛਲਾ: ਮਸੀਹ ਨਿਆਂ ਦੇ ਕੰਮ ਨੂੰ ਸੱਚਾਈ ਦੁਆਰਾ ਕਰਦਾ ਹੈ

ਅਗਲਾ: ਸਿਰਫ਼ ਆਖਰੀ ਦਿਨਾਂ ਦਾ ਮਸੀਹ ਹੀ ਮਨੁੱਖ ਨੂੰ ਸਦੀਵੀ ਜ਼ਿੰਦਗੀ ਦਾ ਰਾਹ ਦੇ ਸਕਦਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ