ਖੁਦ, ਵਿਲੱਖਣ ਪਰਮੇਸ਼ੁਰ III

ਪਰਮੇਸ਼ੁਰ ਦਾ ਅਧਿਕਾਰ (II)

ਅੱਜ ਅਸੀਂ “ਖੁਦ ਵਿਲੱਖਣ ਪਰਮੇਸ਼ੁਰ” ਦੇ ਵਿਸ਼ੇ ’ਤੇ ਆਪਣੀ ਸੰਗਤੀ ਨੂੰ ਜਾਰੀ ਰੱਖਾਂਗੇ। ਅਸੀਂ ਪਹਿਲਾਂ ਹੀ ਇਸ ਵਿਸ਼ੇ ’ਤੇ ਦੋ ਸੰਗਤੀਆਂ ਕਰ ਚੁੱਕੇ ਹਾਂ, ਪਹਿਲੀ ਪਰਮੇਸ਼ੁਰ ਦੇ ਅਧਿਕਾਰ ਬਾਰੇ ਅਤੇ ਦੂਜੀ ਪਰਮੇਸ਼ੁਰ ਦੇ ਧਰਮੀ ਸੁਭਾਅ ਬਾਰੇ। ਇਨ੍ਹਾਂ ਦੋਵਾਂ ਸੰਗਤੀਆਂ ਨੂੰ ਸੁਣਨ ਤੋਂ ਬਾਅਦ, ਕੀ ਤੁਸੀਂ ਪਰਮੇਸ਼ੁਰ ਦੀ ਪਛਾਣ, ਰੁਤਬੇ ਅਤੇ ਤੱਤ ਬਾਰੇ ਨਵੀਂ ਸਮਝ ਪ੍ਰਾਪਤ ਕੀਤੀ ਹੈ? ਕੀ ਇਨ੍ਹਾਂ ਸੋਝੀਆਂ ਨੇ ਤੁਹਾਨੂੰ ਵਧੇਰੇ ਮੌਲਿਕ ਗਿਆਨ ਅਤੇ ਪਰਮੇਸ਼ੁਰ ਦੀ ਹੋਂਦ ਦੀ ਸੱਚਾਈ ਦੀ ਨਿਸ਼ਚਿਤਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ? ਅੱਜ ਮੇਰੀ ਯੋਜਨਾ “ਪਰਮੇਸ਼ੁਰ ਦੇ ਅਧਿਕਾਰ” ਦੇ ਵਿਸ਼ੇ ’ਤੇ ਵਿਸਤਾਰ ਸਹਿਤ ਵਿਆਖਿਆ ਕਰਨ ਦੀ ਹੈ।

ਵਿਸ਼ਾਲ ਅਤੇ ਸੂਖਮ-ਦ੍ਰਿਸ਼ਟੀਕੋਣਾਂ ਤੋਂ ਪਰਮੇਸ਼ੁਰ ਦੇ ਅਧਿਕਾਰ ਨੂੰ ਸਮਝਣਾ

ਪਰਮੇਸ਼ੁਰ ਦਾ ਅਧਿਕਾਰ ਵਿਲੱਖਣ ਹੈ। ਇਹ ਖੁਦ ਪਰਮੇਸ਼ੁਰ ਦੀ ਪਛਾਣ ਦਾ ਵਿਲੱਖਣ ਪ੍ਰਗਟਾਵਾ ਅਤੇ ਵਿਸ਼ੇਸ਼ ਨਿਚੋੜ ਹੈ, ਜਿਵੇਂ ਕਿ ਇਹ ਕਿਸੇ ਸਿਰਜੇ ਹੋਏ ਜਾਂ ਨਾ ਸਿਰਜੇ ਹੋਏ ਪ੍ਰਾਣੀ ਦੇ ਕੋਲ ਨਹੀਂ ਹੈ; ਸਿਰਫ਼ ਸਿਰਜਣਹਾਰ ਕੋਲ ਹੀ ਇਸ ਕਿਸਮ ਦਾ ਅਧਿਕਾਰ ਹੈ। ਕਹਿਣ ਦਾ ਭਾਵ ਇਹ ਹੈ ਕਿ ਸਿਰਫ਼ ਸਿਰਜਣਹਾਰ—ਵਿਲੱਖਣ ਪਰਮੇਸ਼ੁਰ—ਨੂੰ ਹੀ ਇਸ ਤਰੀਕੇ ਨਾਲ ਪ੍ਰਗਟਾਇਆ ਜਾਂਦਾ ਹੈ ਅਤੇ ਉਸ ਕੋਲ ਹੀ ਇਹ ਠੋਸ ਗੁਣ ਹੈ। ਤਾਂ, ਸਾਨੂੰ ਪਰਮੇਸ਼ੁਰ ਦੇ ਅਧਿਕਾਰ ਬਾਰੇ ਕਿਉਂ ਗੱਲ ਕਰਨੀ ਚਾਹੀਦੀ ਹੈ? ਖੁਦ ਪਰਮੇਸ਼ੁਰ ਦਾ ਅਧਿਕਾਰ ਉਸ “ਅਧਿਕਾਰ” ਨਾਲੋਂ ਕਿਵੇਂ ਵੱਖਰਾ ਹੈ ਜਿਵੇਂ ਮਨੁੱਖ ਇਸ ਬਾਰੇ ਆਪਣੇ ਮਨ ਵਿੱਚ ਸੋਚਦਾ ਹੈ? ਇਸ ਵਿੱਚ ਕੀ ਖਾਸ ਹੈ? ਇੱਥੇ ਇਸ ਬਾਰੇ ਗੱਲ ਕਰਨਾ ਵਿਸ਼ੇਸ਼ ਤੌਰ ’ਤੇ ਮਹੱਤਵਪੂਰਣ ਕਿਉਂ ਹੈ? ਤੁਹਾਡੇ ਵਿੱਚੋਂ ਹਰੇਕ ਨੂੰ ਧਿਆਨ ਨਾਲ ਇਸ ਮੁੱਦੇ ’ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ। ਬਹੁਤੇ ਲੋਕਾਂ ਲਈ, “ਪਰਮੇਸ਼ੁਰ ਦਾ ਅਧਿਕਾਰ” ਇੱਕ ਅਸਪਸ਼ਟ ਜਿਹਾ ਖਿਆਲ ਹੈ, ਜਿਸ ਨੂੰ ਸਮਝਣ ਲਈ ਬਹੁਤ ਜਤਨ ਕਰਨ ਦੀ ਲੋੜ ਹੁੰਦੀ ਹੈ, ਅਤੇ ਇਸ ਬਾਰੇ ਕਿਸੇ ਵੀ ਵਿਚਾਰ-ਵਟਾਂਦਰੇ ਦੇ ਖਿਆਲੀ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ, ਮਨੁੱਖ ਪਰਮੇਸ਼ੁਰ ਦੇ ਅਧਿਕਾਰ ਬਾਰੇ ਜੋ ਗਿਆਨ ਹਾਸਲ ਕਰਨ ਦੇ ਸਮਰੱਥ ਹੈ ਉਸ ਗਿਆਨ ਅਤੇ ਪਰਮੇਸ਼ੁਰ ਦੇ ਅਧਿਕਾਰ ਦੇ ਅਸਲੀ ਅਰਥ ਵਿਚਾਲੇ ਹਮੇਸ਼ਾ ਹੀ ਇੱਕ ਫ਼ਾਸਲਾ ਹੋਵੇਗਾ। ਇਸ ਫ਼ਾਸਲੇ ਨੂੰ ਪੂਰਨ ਲਈ, ਹਰੇਕ ਵਿਅਕਤੀ ਨੂੰ ਹੌਲੀ-ਹੌਲੀ ਲੋਕਾਂ, ਘਟਨਾਵਾਂ, ਵਸਤਾਂ ਅਤੇ ਉਨ੍ਹਾਂ ਵੱਖ-ਵੱਖ ਵਰਤਾਰਿਆਂ ਦੁਆਰਾ ਪਰਮੇਸ਼ੁਰ ਦੇ ਅਧਿਕਾਰ ਨੂੰ ਜ਼ਰੂਰ ਜਾਣਨਾ ਚਾਹੀਦਾ ਹੈ ਜੋ ਮਨੁੱਖਾਂ ਦੀ ਪਹੁੰਚ ਵਿੱਚ ਹਨ, ਅਤੇ ਉਨ੍ਹਾਂ ਦੇ ਅਸਲ ਜੀਵਨ ਵਿੱਚ ਸਮਝਣ ਦੀ ਸਮਰੱਥਾ ਦੇ ਅੰਦਰ ਹਨ। ਹਾਲਾਂਕਿ “ਪਰਮੇਸ਼ੁਰ ਦਾ ਅਧਿਕਾਰ” ਕਥਨ ਅਥਾਹ ਜਾਪ ਸਕਦਾ ਹੈ, ਪਰ ਪਰਮੇਸ਼ੁਰ ਦਾ ਅਧਿਕਾਰ ਬਿਲਕੁਲ ਵੀ ਖਿਆਲੀ ਨਹੀਂ ਹੈ। ਉਹ ਮਨੁੱਖ ਦੇ ਜੀਵਨ ਦੇ ਹਰ ਮਿੰਟ ਵਿੱਚ ਮਨੁੱਖ ਨਾਲ ਮੌਜੂਦ ਹੁੰਦਾ ਹੈ, ਹਰ ਦਿਨ ਉਸ ਦੀ ਅਗਵਾਈ ਕਰਦਾ ਹੈ। ਇਸ ਲਈ, ਅਸਲ ਜੀਵਨ ਵਿੱਚ, ਹਰ ਵਿਅਕਤੀ ਲਾਜ਼ਮੀ ਤੌਰ ’ਤੇ ਪਰਮੇਸ਼ੁਰ ਦੇ ਅਧਿਕਾਰ ਦੇ ਸਭ ਤੋਂ ਪ੍ਰਤੱਖ ਪਹਿਲੂ ਨੂੰ ਦੇਖੇਗਾ ਅਤੇ ਇਸ ਦਾ ਅਨੁਭਵ ਕਰੇਗਾ। ਇਹ ਪ੍ਰਤੱਖ ਪਹਿਲੂ ਇਸ ਗੱਲ ਦਾ ਉਚਿਤ ਪ੍ਰਮਾਣ ਹੈ ਕਿ ਪਰਮੇਸ਼ੁਰ ਦਾ ਅਧਿਕਾਰ ਸੱਚਮੁੱਚ ਮੌਜੂਦ ਹੈ, ਅਤੇ ਇਹ ਵਿਅਕਤੀ ਨੂੰ ਇਸ ਤੱਥ ਨੂੰ ਪੂਰੀ ਤਰ੍ਹਾਂ ਨਾਲ ਪਛਾਣਨ ਅਤੇ ਸਮਝਣ ਦਿੰਦਾ ਹੈ ਕਿ ਪਰਮੇਸ਼ੁਰ ਕੋਲ ਅਜਿਹਾ ਅਧਿਕਾਰ ਹੈ।

ਪਰਮੇਸ਼ੁਰ ਨੇ ਸਭ ਕੁਝ ਸਿਰਜਿਆ, ਅਤੇ ਇਸ ਨੂੰ ਸਿਰਜਣ ਤੋਂ ਬਾਅਦ, ਹਰ ਵਸਤੂ ’ਤੇ ਉਸ ਦਾ ਇਖਤਿਆਰ ਹੈ। ਹਰ ਵਸਤੂ ਉੱਤੇ ਇਖਤਿਆਰ ਹੋਣ ਤੋਂ ਇਲਾਵਾ, ਹਰ ਵਸਤੂ ਉੱਪਰ ਉਸ ਦਾ ਨਿਯੰਤ੍ਰਣ ਹੈ। ਇਸ ਵਿਚਾਰ ਦਾ ਕੀ ਅਰਥ ਹੈ ਕਿ “ਹਰ ਵਸਤੂ ਉੱਪਰ ਪਰਮੇਸ਼ੁਰ ਦਾ ਨਿਯੰਤ੍ਰਣ ਹੈ”? ਇਸ ਦੀ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ? ਇਹ ਅਸਲ ਜੀਵਨ ’ਤੇ ਕਿਵੇਂ ਲਾਗੂ ਹੁੰਦਾ ਹੈ? ਹਰ ਵਸਤੂ ਉੱਪਰ ਪਰਮੇਸ਼ੁਰ ਦਾ ਨਿਯੰਤ੍ਰਣ ਹੈ, ਇਸ ਤੱਥ ਨੂੰ ਸਮਝਣ ਨਾਲ ਉਸ ਦੇ ਅਧਿਕਾਰ ਦੀ ਸਮਝ ਕਿਵੇਂ ਆਉਂਦੀ ਹੈ? “ਹਰ ਵਸਤੂ ਉੱਪਰ ਪਰਮੇਸ਼ੁਰ ਦਾ ਨਿਯੰਤ੍ਰਣ ਹੈ,” ਇਸ ਕਥਨ ਤੋਂ ਹੀ, ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਜਿਸ ’ਤੇ ਨਿਯੰਤ੍ਰਣ ਹੈ ਉਹ ਗ੍ਰਹਿਆਂ ਦਾ ਕੋਈ ਹਿੱਸਾ ਜਾਂ ਸ੍ਰਿਸ਼ਟੀ ਦਾ ਕੋਈ ਹਿੱਸਾ ਨਹੀਂ, ਮਨੁੱਖਜਾਤੀ ਦਾ ਕੋਈ ਹਿੱਸਾ ਤਾਂ ਬਿਲਕੁਲ ਵੀ ਨਹੀਂ, ਸਗੋਂ ਸਭ ਕੁਝ ਹੈ: ਵਿਸ਼ਾਲ ਤੋਂ ਲੈ ਕੇ ਅਤਿਅੰਤ ਸੂਖਮ ਤਕ, ਦ੍ਰਿਸ਼ਮਾਨ ਤੋਂ ਲੈ ਕੇ ਅਦਿੱਖ ਤਕ, ਬ੍ਰਹਿਮੰਡ ਦੇ ਤਾਰਿਆਂ ਤੋਂ ਲੈ ਕੇ ਧਰਤੀ ਦੀਆਂ ਜੀਵਤ ਚੀਜ਼ਾਂ ਤਕ, ਅਤੇ ਇਸ ਦੇ ਨਾਲ ਹੀ ਅਤਿਅੰਤ ਸੂਖਮ ਜੀਵ ਜਿਨ੍ਹਾਂ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਅਤੇ ਉਹ ਜੀਵ ਜੋ ਹੋਰਨਾਂ ਰੂਪਾਂ ਵਿੱਚ ਮੌਜੂਦ ਹਨ। ਇਹ ਉਸ “ਹਰ ਵਸਤੂ” ਦੀ ਸਹੀ ਪਰਿਭਾਸ਼ਾ ਹੈ ਜਿਸ ’ਤੇ ਪਰਮੇਸ਼ੁਰ “ਦਾ ਨਿਯੰਤ੍ਰਣ” ਹੈ; ਇਹ ਉਸ ਦੇ ਅਧਿਕਾਰ ਦਾ ਕਾਰਜ-ਖੇਤਰ ਹੈ, ਉਸ ਦੀ ਪ੍ਰਭੁਤਾ ਅਤੇ ਨਿਯਮ ਦਾ ਫੈਲਾਅ ਹੈ।

ਇਸ ਮਨੁੱਖਤਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਬ੍ਰਹਿਮੰਡ—ਅਕਾਸ਼ ਵਿਚਲੇ ਸਾਰੇ ਗ੍ਰਹਿ ਅਤੇ ਸਾਰੇ ਸਿਤਾਰੇ—ਪਹਿਲਾਂ ਤੋਂ ਮੌਜੂਦ ਸੀ। ਵਿਸ਼ਾਲ ਪੱਧਰ ’ਤੇ, ਇਹ ਅਕਾਸ਼ੀ ਪਿੰਡ ਆਪਣੀ ਸਮੁੱਚੀ ਹੋਂਦ ਲਈ, ਪਰਮੇਸ਼ੁਰ ਦੇ ਨਿਯੰਤ੍ਰਣ ਹੇਠ, ਭਾਵੇਂ ਕਿੰਨੇ ਵੀ ਸਾਲ ਹੋ ਚੁੱਕੇ ਹਨ, ਨਿਯਮਤ ਰੂਪ ਵਿੱਚ ਚੱਕਰ ਲਗਾਉਂਦੇ ਰਹੇ ਹਨ। ਕਿਹੜਾ ਗ੍ਰਹਿ ਕਿਸ ਖਾਸ ਸਮੇਂ ’ਤੇ ਕਿੱਥੇ ਜਾਂਦਾ ਹੈ; ਕਿਹੜਾ ਗ੍ਰਹਿ ਕਿਹੜਾ ਕੰਮ ਕਰਦਾ ਹੈ, ਅਤੇ ਕਦੋਂ ਕਰਦਾ ਹੈ; ਕਿਹੜਾ ਗ੍ਰਹਿ ਕਿਹੜੇ ਗ੍ਰਹਿ ਚੱਕਰ ਵਿੱਚ ਘੁੰਮਦਾ ਹੈ, ਅਤੇ ਇਹ ਕਦੋਂ ਅਲੋਪ ਹੋ ਜਾਂਦਾ ਹੈ ਜਾਂ ਬਦਲਿਆ ਜਾਂਦਾ ਹੈ—ਇਹ ਸਭ ਗੱਲਾਂ ਕਿਸੇ ਮਾੜੀ ਜਿਹੀ ਵੀ ਗਲਤੀ ਦੇ ਬਗੈਰ ਚਲਦੀਆਂ ਰਹਿੰਦੀਆਂ ਹਨ। ਗ੍ਰਹਿਆਂ ਦੀ ਸਥਿਤੀ ਅਤੇ ਉਨ੍ਹਾਂ ਵਿਚਾਲੇ ਦੂਰੀਆਂ ਦੀ ਨਿਸ਼ਚਿਤ ਰੂਪ-ਰੇਖਾ ਦੀ ਪਾਲਣਾ ਕਰਦੀਆਂ ਹਨ, ਤੇ ਜਿਨ੍ਹਾਂ ਸਾਰਿਆਂ ਨੂੰ ਸਪਸ਼ਟ ਅੰਕੜਿਆਂ ਦੁਆਰਾ ਦਰਸਾਇਆ ਜਾ ਸਕਦਾ ਹੈ; ਜਿਨ੍ਹਾਂ ਰਸਤਿਆਂ ਦੇ ਨਾਲ-ਨਾਲ ਉਹ ਯਾਤਰਾ ਕਰਦੇ ਹਨ, ਉਨ੍ਹਾਂ ਦੇ ਗ੍ਰਹਿ-ਚੱਕਰਾਂ ਦੀ ਗਤੀ ਅਤੇ ਰੂਪ-ਰੇਖਾ, ਉਹ ਸਮੇਂ ਜਦੋਂ ਉਹ ਵੱਖ-ਵੱਖ ਸਥਿਤੀਆਂ ਵਿੱਚ ਹੁੰਦੇ ਹਨ—ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਨਿਯਮਾਂ ਦੁਆਰਾ ਸਪਸ਼ਟ ਰੂਪ ਵਿੱਚ ਮਾਪਿਆ ਅਤੇ ਦਰਸਾਇਆ ਜਾ ਸਕਦਾ ਹੈ। ਅਨੰਤਕਾਲ ਤੋਂ ਗ੍ਰਹਿਆਂ ਨੇ ਮਾੜਾ ਜਿੰਨਾ ਵੀ ਭਟਕੇ ਬਗੈਰ, ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਹੈ। ਕੋਈ ਵੀ ਸ਼ਕਤੀ ਉਨ੍ਹਾਂ ਗ੍ਰਹਿ-ਚੱਕਰਾਂ ਜਾਂ ਰੂਪ-ਰੇਖਾਵਾਂ ਨੂੰ ਬਦਲ ਨਹੀਂ ਸਕਦੀ ਜਾਂ ਉਨ੍ਹਾਂ ਵਿੱਚ ਵਿਘਨ ਨਹੀਂ ਪਾ ਸਕਦੀ, ਜਿਨ੍ਹਾਂ ਦਾ ਉਹ ਪਾਲਣ ਕਰਦੇ ਹਨ। ਕਿਉਂਕਿ ਜੋ ਵਿਸ਼ੇਸ਼ ਨਿਯਮ ਉਨ੍ਹਾਂ ਦੀ ਗਤੀ ਦਾ ਸੰਚਾਲਨ ਕਰਦੇ ਹਨ ਅਤੇ ਜੋ ਸਪਸ਼ਟ ਅੰਕੜੇ ਉਨ੍ਹਾਂ ਦਾ ਵਰਣਨ ਕਰਦੇ ਹਨ, ਸਿਰਜਣਹਾਰ ਦੇ ਅਧਿਕਾਰ ਦੁਆਰਾ ਪਹਿਲਾਂ ਤੋਂ ਹੀ ਮਿੱਥ ਦਿੱਤੇ ਗਏ ਹਨ, ਉਹ ਸਿਰਜਣਹਾਰ ਦੀ ਪ੍ਰਭੁਤਾ ਅਤੇ ਨਿਯੰਤ੍ਰਣ ਹੇਠ ਆਪਣੇ ਖੁਦ ਦੀ ਮਰਜ਼ੀ ਨਾਲ ਇਨ੍ਹਾਂ ਨਿਯਮਾਂ ਦਾ ਪਾਲਣ ਕਰਦੇ ਹਨ। ਵਿਸ਼ਾਲ ਪੱਧਰ ’ਤੇ, ਮਨੁੱਖ ਲਈ ਕੁਝ ਰੂਪ-ਰੇਖਾ, ਕੁਝ ਅੰਕੜਿਆਂ ਅਤੇ ਕੁਝ ਅਜੀਬ ਜਿਹੇ ਅਤੇ ਨਾ-ਵਿਆਖਿਆਉਣਯੋਗ ਨਿਯਮਾਂ ਜਾਂ ਵਰਤਾਰਿਆਂ ਦਾ ਪਤਾ ਲਗਾਉਣਾ ਔਖਾ ਨਹੀਂ ਹੈ। ਹਾਲਾਂਕਿ ਮਨੁੱਖਤਾ ਇਹ ਨਹੀਂ ਮੰਨਦੀ ਕਿ ਪਰਮੇਸ਼ੁਰ ਦੀ ਹੋਂਦ ਹੈ ਅਤੇ ਨਾ ਹੀ ਇਸ ਤੱਥ ਨੂੰ ਸਵੀਕਾਰ ਕਰਦੀ ਹੈ ਕਿ ਸਿਰਜਣਹਾਰ ਨੇ ਹਰ ਵਸਤੂ ਨੂੰ ਬਣਾਇਆ ਹੈ ਅਤੇ ਹਰ ਵਸਤੂ ਉੱਤੇ ਉਸ ਦਾ ਇਖਤਿਆਰ ਹੈ, ਅਤੇ ਇਸ ਤੋਂ ਇਲਾਵਾ, ਸਿਰਜਣਹਾਰ ਦੇ ਅਧਿਕਾਰ ਦੀ ਹੋਂਦ ਨੂੰ ਵੀ ਨਹੀਂ ਮਾਨਤਾ ਨਹੀਂ ਦਿੰਦੀ। ਫਿਰ ਵੀ ਮਨੁੱਖੀ ਵਿਗਿਆਨੀ, ਖਗੋਲ-ਵਿਗਿਆਨੀ ਅਤੇ ਭੌਤਿਕ ਵਿਗਿਆਨੀ ਲਗਾਤਾਰ ਹੋਰ ਜ਼ਿਆਦਾ ਪਤਾ ਲਗਾਉਂਦੇ ਜਾ ਰਹੇ ਹਨ ਕਿ ਜਗਤ ਵਿਚਲੀਆਂ ਸਭ ਵਸਤਾਂ ਦੀ ਹੋਂਦ, ਅਤੇ ਉਨ੍ਹਾਂ ਦੀ ਚਾਲ ਨੂੰ ਨਿਰਧਾਰਤ ਕਰਨ ਵਾਲੇ ਸਿਧਾਂਤ ਅਤੇ ਰੂਪ-ਰੇਖਾ, ਸਭ ਇੱਕ ਵਿਸ਼ਾਲ ਅਤੇ ਅਦਿੱਖ ਪ੍ਰਕਾਸ਼ਹੀਣ ਊਰਜਾ ਦੁਆਰਾ ਸੰਚਾਲਤ ਅਤੇ ਨਿਯੰਤ੍ਰਿਤ ਕੀਤੇ ਜਾਂਦੇ ਹਨ। ਇਹ ਤੱਥ ਮਨੁੱਖ ਨੂੰ ਇਸ ਗੱਲ ਦਾ ਸਾਹਮਣਾ ਕਰਨ ਅਤੇ ਮੰਨਣ ਲਈ ਮਜਬੂਰ ਕਰਦਾ ਹੈ ਕਿ ਚਾਲ ਦੀਆਂ ਇਨ੍ਹਾਂ ਰੂਪ-ਰੇਖਾਵਾਂ ਦੇ ਦਰਮਿਆਨ, ਹਰ ਚੀਜ਼ ਦਾ ਪ੍ਰਬੰਧ ਕਰਨ ਵਾਲਾ ਇੱਕ ਸ਼ਕਤੀਸ਼ਾਲੀ ਪੁਰਖ ਮੌਜੂਦ ਹੈ। ਉਸ ਦੀ ਸ਼ਕਤੀ ਅਸਾਧਾਰਣ ਹੈ, ਅਤੇ ਹਾਲਾਂਕਿ ਕੋਈ ਵੀ ਉਸ ਦਾ ਅਸਲ ਚਿਹਰਾ ਨਹੀਂ ਦੇਖ ਸਕਦਾ, ਉਹ ਹਰ ਪਲ ਹਰ ਵਸਤੂ ਦਾ ਸੰਚਾਲਨ ਅਤੇ ਨਿਯੰਤ੍ਰਣ ਕਰਦਾ ਹੈ। ਕੋਈ ਮਨੁੱਖ ਜਾਂ ਤਾਕਤ ਉਸ ਦੀ ਪ੍ਰਭੁਤਾ ਤੋਂ ਪਾਰ ਨਹੀਂ ਪਹੁੰਚ ਸਕਦੀ। ਇਸ ਤੱਥ ਦਾ ਸਾਹਮਣਾ ਕਰਦਿਆਂ, ਮਨੁੱਖ ਨੂੰ ਇਹ ਜ਼ਰੂਰ ਮੰਨਣਾ ਚਾਹੀਦਾ ਹੈ ਕਿ ਸਾਰੀਆਂ ਵਸਤਾਂ ਦੀ ਹੋਂਦ ਦਾ ਸੰਚਾਲਨ ਕਰਨ ਵਾਲੇ ਨਿਯਮਾਂ ਨੂੰ ਮਨੁੱਖ ਦੁਆਰਾ ਨਿਯੰਤ੍ਰਿਤ ਨਹੀਂ ਕੀਤਾ ਜਾ ਸਕਦਾ, ਕਿਸੇ ਦੁਆਰਾ ਬਦਲਿਆ ਨਹੀਂ ਜਾ ਸਕਦਾ; ਊਸ ਨੂੰ ਇਹ ਵੀ ਮੰਨਣਾ ਪਵੇਗਾ ਕਿ ਮਨੁੱਖ ਇਨ੍ਹਾਂ ਨਿਯਮਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ, ਅਤੇ ਇਹ ਕੁਦਰਤੀ ਤੌਰ ’ਤੇ ਵਾਪਰਨ ਵਾਲੇ ਨਹੀਂ ਹਨ, ਬਲਕਿ ਇੱਕ ਸਰਬ-ਸ੍ਰੇਸ਼ਠ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ। ਇਹ ਸਭ ਪਰਮੇਸ਼ੁਰ ਦੇ ਅਧਿਕਾਰ ਦੇ ਪ੍ਰਗਟਾਵੇ ਹਨ ਜਿਨ੍ਹਾਂ ਨੂੰ ਮਨੁੱਖਜਾਤੀ ਵਿਸ਼ਾਲ ਪੱਧਰ ’ਤੇ ਮਹਿਸੂਸ ਸਕਦੀ ਹੈ।

ਸੂਖਮ ਪੱਧਰ ’ਤੇ, ਉਹ ਸਾਰੇ ਪਹਾੜ, ਨਦੀਆਂ, ਝੀਲਾਂ, ਸਮੁੰਦਰ ਅਤੇ ਜ਼ਮੀਨ ਦੇ ਟੁਕੜੇ ਜਿਨ੍ਹਾਂ ਨੂੰ ਮਨੁੱਖ ਧਰਤੀ ’ਤੇ ਦੇਖ ਸਕਦਾ ਹੈ, ਉਹ ਸਾਰੇ ਮੌਸਮ ਜਿਨ੍ਹਾਂ ਦਾ ਉਹ ਅਨੁਭਵ ਕਰਦਾ ਹੈ, ਪੌਦਿਆਂ, ਜਾਨਵਰਾਂ, ਅਤਿਅੰਤ ਸੂਖਮ ਜੀਵਾਂ, ਅਤੇ ਮਨੁੱਖਾਂ ਸਮੇਤ ਉਹ ਸਾਰੀਆਂ ਵਸਤਾਂ ਜਿਹੜੀਆਂ ਧਰਤੀ ਉੱਤੇ ਵਾਸ ਕਰਦੀਆਂ ਹਨ, ਪਰਮੇਸ਼ੁਰ ਦੀ ਪ੍ਰਭੁਤਾ ਅਤੇ ਨਿਯੰਤ੍ਰਣ ਦੇ ਹੇਠ ਹਨ। ਪਰਮੇਸ਼ੁਰ ਦੀ ਪ੍ਰਭੁਤਾ ਅਤੇ ਨਿਯੰਤ੍ਰਣ ਦੇ ਅਧੀਨ, ਸਭ ਵਸਤਾਂ ਉਸ ਦੇ ਵਿਚਾਰਾਂ ਦੇ ਅਨੁਸਾਰ ਹੋਂਦ ਵਿੱਚ ਆਉਂਦੀਆਂ ਹਨ ਜਾਂ ਅਲੋਪ ਹੋ ਜਾਂਦੀਆਂ ਹਨ; ਨਿਯਮ ਬਣਦੇ ਹਨ ਜੋ ਉਨ੍ਹਾਂ ਦੀ ਹੋਂਦ ਦਾ ਸੰਚਾਲਨ ਕਰਦੇ ਹਨ, ਅਤੇ ਉਹ ਇਨ੍ਹਾਂ ਦਾ ਪਾਲਣ ਕਰਦੇ ਹੋਏ ਵਧਦੀਆਂ ਹਨ ਅਤੇ ਨਸਲ ਵਿੱਚ ਵਾਧਾ ਕਰਦੀਆਂ ਹਨ। ਕੋਈ ਵੀ ਮਨੁੱਖ ਜਾਂ ਵਸਤੂ ਇਨ੍ਹਾਂ ਨਿਯਮਾਂ ਤੋਂ ਉੱਪਰ ਨਹੀਂ ਹੈ। ਅਜਿਹਾ ਕਿਉਂ ਹੈ? ਇੱਕਮਾਤਰ ਜਵਾਬ ਇਹ ਹੈ: ਇਹ ਪਰਮੇਸ਼ੁਰ ਦੇ ਅਧਿਕਾਰ ਕਰਕੇ ਹੈ। ਜਾਂ, ਇਸ ਨੂੰ ਦੂਜੇ ਢੰਗ ਨਾਲ ਕਿਹਾ ਜਾਵੇ ਤਾਂ, ਇਹ ਪਰਮੇਸ਼ੁਰ ਦੇ ਵਿਚਾਰਾਂ ਅਤੇ ਪਰਮੇਸ਼ੁਰ ਦੇ ਵਚਨਾਂ ਕਰਕੇ ਹੈ; ਖੁਦ ਪਰਮੇਸ਼ੁਰ ਦੇ ਆਪਣੇ ਕੰਮਾਂ ਕਰਕੇ ਹੈ। ਇਸ ਦਾ ਅਰਥ ਹੈ ਕਿ ਇਹ ਪਰਮੇਸ਼ੁਰ ਦਾ ਅਧਿਕਾਰ ਹੈ ਅਤੇ ਪਰਮੇਸ਼ੁਰ ਦਾ ਮਨ ਹੈ ਜੋ ਇਨ੍ਹਾਂ ਨਿਯਮਾਂ ਨੂੰ ਜਨਮ ਦਿੰਦਾ ਹੈ, ਜੋ ਉਸ ਦੇ ਵਿਚਾਰਾਂ ਅਨੁਸਾਰ ਜਗ੍ਹਾ ਬਦਲਦੇ ਅਤੇ ਤਬਦੀਲ ਹੁੰਦੇ ਹਨ, ਅਤੇ ਬਦਲਾਅ ਅਤੇ ਤਬਦੀਲੀਆਂ ਸਭ ਉਸੇ ਦੀ ਯੋਜਨਾ ਦੀ ਖਾਤਰ ਵਾਪਰਦੀਆਂ ਜਾਂ ਖਤਮ ਹੋ ਜਾਂਦੀਆਂ ਹਨ। ਉਦਾਹਰਣ ਵਜੋਂ, ਮਹਾਂਮਾਰੀਆਂ ਲੈ ਲਓ। ਉਹ ਬਿਨਾ ਕਿਸੇ ਚਿਤਾਵਨੀ ਦੇ ਫ਼ੈਲਦੀਆਂ ਹਨ। ਕਿਸੇ ਨੂੰ ਉਨ੍ਹਾਂ ਦੇ ਅਰੰਭ ਬਾਰੇ ਜਾਂ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਉਂ ਵਾਪਰਦੀਆਂ ਹਨ, ਅਤੇ ਜਦੋਂ ਵੀ ਕੋਈ ਮਹਾਂਮਾਰੀ ਕਿਸੇ ਨਿਸ਼ਚਤ ਜਗ੍ਹਾ ’ਤੇ ਪਹੁੰਚ ਜਾਂਦੀ ਹੈ, ਤਾਂ ਜਿਹੜੇ ਦੁਰਭਾਗੇ ਹਨ, ਉਹ ਇਸ ਬਿਪਤਾ ਤੋਂ ਨਹੀਂ ਬਚ ਸਕਦੇ। ਮਨੁੱਖੀ ਵਿਗਿਆਨ ਇਹ ਸਮਝਦਾ ਹੈ ਕਿ ਮਹਾਂਮਾਰੀਆਂ ਭਿਆਨਕ ਜਾਂ ਨੁਕਸਾਨਦੇਹ ਰੋਗਾਣੂਆਂ ਦੇ ਫੈਲਣ ਤੋਂ ਪੈਦਾ ਹੁੰਦੀਆਂ ਹਨ, ਅਤੇ ਉਨ੍ਹਾਂ ਦੀ ਰਫ਼ਤਾਰ, ਦਾਇਰੇ ਅਤੇ ਫ਼ੈਲਣ ਦੇ ਤਰੀਕੇ ਬਾਰੇ ਮਨੁੱਖੀ ਵਿਗਿਆਨ ਦੁਆਰਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਾਂ ਉਨ੍ਹਾਂ ਨੂੰ ਨਿਯੰਤ੍ਰਿਤ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਲੋਕ ਹਰ ਸੰਭਵ ਤਰੀਕੇ ਨਾਲ ਮਹਾਂਮਾਰੀ ਤੋਂ ਦੂਰ ਰਹਿਣ ਦਾ ਜਤਨ ਕਰਦੇ ਹਨ, ਪਰ ਉਹ ਇਸ ਚੀਜ਼ ’ਤੇ ਕਾਬੂ ਨਹੀਂ ਪਾ ਸਕਦੇ ਕਿ ਜਦੋਂ ਮਹਾਂਮਾਰੀ ਫ਼ੈਲਦੀ ਹੈ ਤਾਂ ਉਸ ਤੋਂ ਕਿਹੜੇ ਲੋਕ ਜਾਂ ਜਾਨਵਰ ਲਾਜ਼ਮੀ ਤੌਰ ’ਤੇ ਪ੍ਰਭਾਵਿਤ ਹੋਣਗੇ। ਸਿਰਫ਼ ਇੱਕੋ ਚੀਜ਼ ਜੋ ਇਨਸਾਨ ਕਰ ਸਕਦੇ ਹਨ ਉਹ ਹੈ ਉਨ੍ਹਾਂ ਨੂੰ ਰੋਕਣ, ਉਨ੍ਹਾਂ ਦਾ ਸਾਹਮਣਾ ਕਰਨ, ਅਤੇ ਉਨ੍ਹਾਂ ਬਾਰੇ ਖੋਜ ਕਰਨ ਦੀ ਕੋਸ਼ਿਸ਼ ਕਰਨਾ। ਪਰ ਕੋਈ ਵੀ ਉਨ੍ਹਾਂ ਅਸਲ ਕਾਰਨਾਂ ਬਾਰੇ ਨਹੀਂ ਜਾਣਦਾ ਜੋ ਕਿਸੇ ਵੀ ਖਾਸ ਮਹਾਂਮਾਰੀ ਦੇ ਅਰੰਭ ਜਾਂ ਅੰਤ ਦੀ ਵਿਆਖਿਆ ਕਰਦੇ ਹਨ, ਅਤੇ ਕੋਈ ਵੀ ਉਨ੍ਹਾਂ ਨੂੰ ਨਿਯੰਤ੍ਰਣ ਨਹੀਂ ਕਰ ਸਕਦਾ। ਇੱਕ ਮਹਾਂਮਾਰੀ ਦੇ ਵਧਣ ਅਤੇ ਫੈਲਣ ਦਾ ਸਾਹਮਣਾ ਕਰਦਿਆਂ, ਮਨੁੱਖਾਂ ਦੁਆਰਾ ਸਭ ਤੋਂ ਪਹਿਲਾਂ ਚੁੱਕਿਆ ਜਾਣ ਵਾਲਾ ਕਦਮ ਹੁੰਦਾ ਹੈ ਇੱਕ ਟੀਕਾ ਵਿਕਸਤ ਕਰਨਾ, ਪਰ ਅਕਸਰ ਇਹ ਮਹਾਂਮਾਰੀ ਟੀਕੇ ਦੇ ਤਿਆਰ ਹੋਣ ਤੋਂ ਪਹਿਲਾਂ ਆਪਣੇ ਆਪ ਹੀ ਹੌਲੀ-ਹੌਲੀ ਗਾਇਬ ਹੋ ਜਾਂਦੀ ਹੈ। ਮਹਾਂਮਾਰੀਆਂ ਕਿਉਂ ਗਾਇਬ ਹੋ ਜਾਂਦੀਆਂ ਹਨ? ਕਈ ਕਹਿੰਦੇ ਹਨ ਕਿ ਕੀਟਾਣੂਆਂ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ, ਜਦਕਿ ਦੂਸਰੇ ਕਹਿੰਦੇ ਹਨ ਕਿ ਉਹ ਮੌਸਮਾਂ ਦੇ ਬਦਲਣ ਕਾਰਨ ਖਤਮ ਹੋ ਜਾਂਦੀਆਂ ਹਨ…। ਕੀ ਇਹ ਬੇਕਾਬੂ ਅਟਕਲਾਂ ਤਰਕਸੰਗਤ ਹਨ, ਇਸ ਬਾਰੇ ਵਿਗਿਆਨ ਕੋਈ ਸਪਸ਼ਟੀਕਰਨ ਨਹੀਂ ਦੇ ਸਕਦਾ ਅਤੇ ਨਾ ਹੀ ਕੋਈ ਸਪਸ਼ਟ ਜਵਾਬ ਦੇ ਸਕਦਾ ਹੈ। ਇਹ ਜ਼ਰੂਰੀ ਹੈ ਕਿ ਮਨੁੱਖਤਾ ਨਾ ਸਿਰਫ਼ ਇਨ੍ਹਾਂ ਅਟਕਲਾਂ ਨੂੰ ਗੰਭੀਰਤਾ ਨਾਲ ਲਵੇ, ਬਲਕਿ ਮਨੁੱਖਜਾਤੀ ਦੀ ਮਹਾਂਮਾਰੀ ਬਾਰੇ ਸਮਝ ਦੀ ਘਾਟ ਅਤੇ ਡਰ ਨੂੰ ਵੀ ਗੰਭੀਰਤਾ ਨਾਲ ਲਵੇ। ਅੰਤਮ ਵਿਸ਼ਲੇਸ਼ਣ ਵਿੱਚ, ਕੋਈ ਵੀ ਨਹੀਂ ਜਾਣਦਾ, ਮਹਾਂਮਾਰੀਆਂ ਕਿਉਂ ਸ਼ੁਰੂ ਹੁੰਦੀਆਂ ਹਨ ਜਾਂ ਕਿਉਂ ਖਤਮ ਹੁੰਦੀਆਂ ਹਨ। ਕਿਉਂਕਿ ਮਨੁੱਖਤਾ ਦੀ ਨਿਹਚਾ ਸਿਰਫ਼ ਵਿਗਿਆਨ ਵਿੱਚ ਹੈ, ਸਿਰਫ਼ ਇਸੇ ਉੱਤੇ ਹੀ ਪੂਰੀ ਤਰ੍ਹਾਂ ਨਿਰਭਰ ਹੈ, ਅਤੇ ਸਿਰਜਣਹਾਰ ਦੇ ਅਧਿਕਾਰ ਨੂੰ ਨਹੀਂ ਮੰਨਦੀ ਜਾਂ ਉਸ ਦੀ ਪ੍ਰਭੁਤਾ ਨੂੰ ਸਵੀਕਾਰ ਨਹੀਂ ਕਰਦੀ, ਇਸ ਲਈ ਉਨ੍ਹਾਂ ਨੂੰ ਕਦੇ ਵੀ ਕੋਈ ਜਵਾਬ ਨਹੀਂ ਮਿਲੇਗਾ।

ਪਰਮੇਸ਼ੁਰ ਦੀ ਪ੍ਰਭੁਤਾ ਹੇਠ, ਸਭ ਵਸਤਾਂ ਉਸ ਦੇ ਅਧਿਕਾਰ ਅਤੇ ਉਸ ਦੇ ਪ੍ਰਬੰਧਨ ਦੇ ਕਾਰਨ ਆਪਣੇ ਆਪ ਤੋਂ ਉਤਪੰਨ ਹੁੰਦੀਆਂ ਹਨ, ਹੋਂਦ ਵਿੱਚ ਹੁੰਦੀਆਂ ਹਨ ਅਤੇ ਨਸ਼ਟ ਹੋ ਜਾਂਦੀਆਂ ਹਨ। ਕੁਝ ਵਸਤਾਂ ਚੁੱਪਚਾਪ ਆਉਂਦੀਆਂ ਅਤੇ ਚਲੀਆਂ ਜਾਦੀਆਂ ਹਨ, ਅਤੇ ਮਨੁੱਖ ਇਹ ਨਹੀਂ ਦੱਸ ਸਕਦਾ ਕਿ ਉਹ ਕਿੱਥੋਂ ਆਈਆਂ ਸਨ ਜਾਂ ਉਨ੍ਹਾਂ ਦੇ ਤੌਰ-ਤਰੀਕਿਆਂ ਨੂੰ ਨਹੀਂ ਸਮਝ ਸਕਦਾ, ਉਨ੍ਹਾਂ ਕਾਰਨਾਂ ਨੂੰ ਸਮਝਣਾ ਤਾਂ ਦੂਰ ਦੀ ਗੱਲ ਹੈ ਕਿ ਉਹ ਕਿਉਂ ਆਉਂਦੀਆਂ ਅਤੇ ਜਾਂਦੀਆਂ ਹਨ। ਹਾਲਾਂਕਿ ਉਹ ਸਭ ਕੁਝ ਜੋ ਸਭ ਵਸਤਾਂ ਵਿੱਚ ਵਾਪਰਦਾ ਹੈ, ਮਨੁੱਖ ਆਪਣੀਆਂ ਅੱਖਾਂ ਨਾਲ ਵੇਖ ਸਕਦਾ ਹੈ, ਅਤੇ ਆਪਣਿਆਂ ਕੰਨਾਂ ਨਾਲ ਇਸ ਨੂੰ ਸੁਣ ਸਕਦਾ ਹੈ, ਅਤੇ ਆਪਣੇ ਸਰੀਰ ਨਾਲ ਇਸ ਦਾ ਅਨੁਭਵ ਕਰ ਸਕਦਾ ਹੈ; ਹਾਲਾਂਕਿ ਇਸ ਸਭ ਦਾ ਮਨੁੱਖ ਉੱਤੇ ਕੁਝ ਅਸਰ ਪੈਂਦਾ ਹੈ, ਅਤੇ ਹਾਲਾਂਕਿ ਮਨੁੱਖ ਅਚੇਤਨ ਤੌਰ ’ਤੇ ਵੱਖ-ਵੱਖ ਵਰਤਾਰਿਆਂ ਦੀ ਪਰਸਪਰ ਅਸਧਾਰਣਤਾ, ਨਿਯਮਤਤਾ ਜਾਂ ਇੱਥੋਂ ਤਕ ਕਿ ਵਚਿੱਤਰਤਾ ਨੂੰ ਸਮਝ ਲੈਂਦਾ ਹੈ, ਫਿਰ ਵੀ ਉਹ ਇਸ ਬਾਰੇ ਕੁਝ ਨਹੀਂ ਜਾਣਦਾ ਕਿ ਉਨ੍ਹਾਂ ਦੇ ਪਿੱਛੇ ਕੀ ਹੈ, ਜੋ ਕਿ ਸਿਰਜਣਹਾਰ ਦੀ ਇੱਛਾ ਅਤੇ ਮਨ ਹੈ। ਇਨ੍ਹਾਂ ਵਰਤਾਰਿਆਂ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਹਨ, ਬਹੁਤ ਸਾਰੀਆਂ ਲੁਕੀਆਂ ਹੋਈਆਂ ਸੱਚਾਈਆਂ ਹਨ। ਕਿਉਂਕਿ ਮਨੁੱਖ ਸਿਰਜਣਹਾਰ ਤੋਂ ਬਹੁਤ ਭਟਕ ਗਿਆ ਹੈ ਅਤੇ ਕਿਉਂਕਿ ਉਹ ਇਸ ਤੱਥ ਨੂੰ ਸਵੀਕਾਰ ਨਹੀਂ ਕਰਦਾ ਕਿ ਸਿਰਜਣਹਾਰ ਦਾ ਅਧਿਕਾਰ ਸਭ ਚੀਜ਼ਾਂ ਦਾ ਸੰਚਾਲਨ ਕਰਦਾ ਹੈ, ਉਹ ਕਦੇ ਵੀ ਉਸ ਸਭ ਨੂੰ ਜਾਣ ਅਤੇ ਸਮਝ ਨਹੀਂ ਸਕੇਗਾ ਜੋ ਸਿਰਜਣਹਾਰ ਦੇ ਅਧਿਕਾਰ ਦੀ ਪ੍ਰਭੁਤਾ ਹੇਠ ਵਾਪਰਦਾ ਹੈ। ਆਮ ਤੌਰ ’ਤੇ, ਪਰਮੇਸ਼ੁਰ ਦਾ ਨਿਯੰਤ੍ਰਣ ਅਤੇ ਪ੍ਰਭੁਤਾ ਮਨੁੱਖੀ ਕਲਪਨਾ, ਮਨੁੱਖੀ ਗਿਆਨ, ਮਨੁੱਖੀ ਸਮਝ, ਅਤੇ ਜੋ ਕੁਝ ਵੀ ਮਨੁੱਖੀ ਵਿਗਿਆਨ ਪ੍ਰਾਪਤ ਕਰ ਸਕਦਾ ਹੈ, ਉਸ ਦੀਆਂ ਹੱਦਾਂ ਤੋਂ ਪਾਰ ਹੈ; ਇਹ ਸਿਰਜੀ ਗਈ ਮਨੁੱਖਤਾ ਦੇ ਗਿਆਨ ਖੇਤਰ ਤੋਂ ਪਰ੍ਹੇ ਹੈ। ਕੁਝ ਲੋਕ ਕਹਿੰਦੇ ਹਨ, “ਕਿਉਕਿ ਤੂੰ ਖੁਦ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਨਹੀਂ ਵੇਖਿਆ ਹੈ, ਤਾਂ ਤੂੰ ਕਿਵੇਂ ਵਿਸ਼ਵਾਸ ਕਰ ਸਕਦਾ ਹੈਂ ਕਿ ਸਭ ਕੁਝ ਉਸ ਦੇ ਅਧਿਕਾਰ ਹੇਠ ਹੈ?” ਵਿਸ਼ਵਾਸ ਹਮੇਸ਼ਾ ਵੇਖਣ ਨਾਲ ਨਹੀਂ ਹੁੰਦਾ, ਅਤੇ ਨਾ ਹੀ ਇਹ ਹਮੇਸ਼ਾ ਪਛਾਣਨ ਅਤੇ ਸਮਝਣ ਨਾਲ ਹੁੰਦਾ ਹੈ। ਤਾਂ ਫਿਰ, ਵਿਸ਼ਵਾਸ ਕਿੱਥੋਂ ਆਉਂਦਾ ਹੈ? ਮੈਂ ਯਕੀਨੀ ਤੌਰ ’ਤੇ ਕਹਿ ਸਕਦਾ ਹਾਂ, “ਵਿਸ਼ਵਾਸ ਵਸਤਾਂ ਦੇ ਮੂਲ ਕਾਰਨਾਂ ਅਤੇ ਸੱਚਾਈ ਬਾਰੇ ਲੋਕਾਂ ਦੀ ਸਮਝ ਅਤੇ ਉਨ੍ਹਾਂ ਦੇ ਅਨੁਭਵ ਦੇ ਦਰਜੇ ਅਤੇ ਡੂੰਘਾਈ ਤੋਂ ਆਉਂਦਾ ਹੈ।” ਜੇ ਤੂੰ ਮੰਨਦਾ ਹੈਂ ਕਿ ਪਰਮੇਸ਼ੁਰ ਦੀ ਹੋਂਦ ਹੈ, ਪਰ ਤੂੰ ਹਰ ਵਸਤੂ ਉੱਤੇ ਪਰਮੇਸ਼ੁਰ ਦੇ ਨਿਯੰਤ੍ਰਣ ਅਤੇ ਪਰਮੇਸ਼ੁਰ ਦੇ ਪ੍ਰਭੁਤਾ ਦੇ ਤੱਥ ਨੂੰ ਸਮਝਣਾ ਦੀ ਦੂਰ ਦੀ ਗੱਲ, ਸਵੀਕਾਰ ਵੀ ਨਹੀਂ ਸਕਦਾ, ਤਾਂ ਤੂੰ ਆਪਣੇ ਮਨ ਵਿੱਚ ਇਹ ਕਦੇ ਵੀ ਸਵੀਕਾਰ ਨਹੀਂ ਕਰੇਂਗਾ ਕਿ ਪਰਮੇਸ਼ੁਰ ਦਾ ਇਹੋ ਜਿਹਾ ਅਧਿਕਾਰ ਹੈ ਅਤੇ ਇਹ ਕਿ ਪਰਮੇਸ਼ੁਰ ਦਾ ਅਧਿਕਾਰ ਵਿਲੱਖਣ ਹੈ। ਤੂੰ ਕਦੇ ਵੀ ਸਿਰਜਣਹਾਰ ਨੂੰ ਸੱਚਮੁੱਚ ਆਪਣਾ ਪ੍ਰਭੂ ਅਤੇ ਆਪਣਾ ਪਰਮੇਸ਼ੁਰ ਸਵੀਕਾਰ ਨਹੀਂ ਕਰੇਂਗਾ।

ਮਨੁੱਖਤਾ ਦਾ ਨਸੀਬ ਅਤੇ ਬ੍ਰਹਿਮੰਡ ਦਾ ਨਸੀਬ ਸਿਰਜਣਹਾਰ ਦੀ ਪ੍ਰਭੁਤਾ ਤੋਂ ਅਟੁੱਟ ਹਨ

ਤੁਸੀਂ ਸਾਰੇ ਬਾਲਗ ਹੋ। ਤੁਹਾਡੇ ਵਿਚੋਂ ਕੁਝ ਅੱਧਖੜ ਉਮਰ ਦੇ ਹਨ; ਕੁਝ ਬਿਰਧ ਅਵਸਥਾ ਵਿੱਚ ਦਾਖਲ ਹੋਏ ਹਨ। ਤੁਸੀਂ ਸਭ ਪਰਮੇਸ਼ੁਰ ਵਿੱਚ ਵਿਸ਼ਵਾਸ ਨਾ ਕਰਨ ਤੋਂ ਲੈ ਕੇ ਉਸ ਵਿੱਚ ਵਿਸ਼ਵਾਸ ਕਰਨ ਤਕ, ਅਤੇ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰਨ ਤੋਂ ਲੈ ਕੇ ਉਸ ਦੇ ਵਚਨ ਨੂੰ ਸਵੀਕਾਰ ਕਰਨ ਅਤੇ ਉਸ ਦੇ ਕੰਮ ਦਾ ਅਨੁਭਵ ਕਰਨ ਵੱਲ ਨੂੰ ਗਏ ਹੋ। ਤੁਹਾਨੂੰ ਪਰਮੇਸ਼ੁਰ ਦੀ ਪ੍ਰਭੁਤਾ ਬਾਰੇ ਕਿੰਨਾ ਕੁ ਗਿਆਨ ਹੈ? ਤੁਸੀਂ ਮਨੁੱਖੀ ਨਸੀਬ ਬਾਰੇ ਕੀ ਸੋਝੀ ਪ੍ਰਾਪਤ ਕੀਤੀ ਹੈ? ਕੀ ਕੋਈ ਵਿਅਕਤੀ ਜੀਵਨ ਵਿੱਚ ਆਪਣੀ ਇੱਛਾ ਮੁਤਾਬਕ ਸਭ ਕੁਝ ਹਾਸਲ ਕਰ ਸਕਦਾ ਹੈ? ਤੁਹਾਡੀ ਹੋਂਦ ਦੇ ਕੁਝ ਦਹਾਕਿਆਂ ਦੌਰਾਨ ਤੁਸੀਂ ਅਜਿਹੀਆਂ ਕਿੰਨੀਆਂ ਵਸਤਾਂ ਨੂੰ ਜਿਵੇਂ ਤੁਸੀਂ ਚਾਹਿਆ ਸੀ ਉਵੇਂ ਹਾਸਲ ਕਰ ਸਕੇ ਹੋ? ਕਿੰਨੀਆਂ ਅਜਿਹੀਆਂ ਗੱਲਾਂ ਹੋਈਆਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਕਦੇ ਪਹਿਲਾਂ ਤੋਂ ਅੰਦਾਜ਼ਾ ਵੀ ਨਹੀਂ ਸੀ? ਕਿੰਨੀਆਂ ਚੀਜ਼ਾਂ ਖੁਸ਼ਨੁਮਾ ਤੋਹਫ਼ੇ ਵਾਂਗ ਆਉਂਦੀਆਂ ਹਨ? ਲੋਕ ਅਜੇ ਵੀ ਕਿੰਨੀਆਂ ਚੀਜ਼ਾਂ ਦੀ ਇਸ ਉਮੀਦ ਵਿੱਚ ਉਡੀਕ ਕਰਦੇ ਹਨ ਕਿ ਉਨ੍ਹਾਂ ਦਾ ਫ਼ਲ ਮਿਲੇਗਾ—ਬੇਖਬਰੀ ਵਿੱਚ ਸਹੀ ਪਲ ਦੀ ਉਡੀਕ ਕਰਦੇ ਹੋਏ, ਸਵਰਗ ਦੀ ਇੱਛਾ ਦੀ ਉਡੀਕ ਕਰਦੇ ਹੋਏ? ਕਿੰਨੀਆਂ ਗੱਲਾਂ ਲੋਕਾਂ ਨੂੰ ਬੇਵੱਸ ਅਤੇ ਮਾਯੂਸ ਮਹਿਸੂਸ ਕਰਾਉਂਦੀਆਂ ਹਨ? ਹਰ ਕੋਈ ਆਪਣੇ ਨਸੀਬ ਬਾਰੇ ਉਮੀਦਾਂ ਨਾਲ ਭਰਪੂਰ ਹੁੰਦਾ ਹੈ, ਇਹ ਉਮੀਦ ਕਰਦੇ ਹੋਏ ਕਿ ਉਸ ਦੇ ਜੀਵਨ ਵਿੱਚ ਹਰ ਚੀਜ਼ ਉਸ ਦੀ ਮਰਜ਼ੀ ਅਨੁਸਾਰ ਹੋਵੇਗੀ, ਕਿ ਉਸ ਕੋਲ ਭੋਜਨ ਜਾਂ ਕਪੜਿਆਂ ਦੀ ਕਮੀ ਨਹੀਂ ਹੋਵੇਗੀ, ਕਿ ਉਸ ਦੀ ਧਨ-ਦੌਲਤ ਸ਼ਾਨਦਾਰ ਢੰਗ ਨਾਲ ਵਧੇਗੀ। ਕੋਈ ਵੀ ਅਜਿਹਾ ਜੀਵਨ ਨਹੀਂ ਚਾਹੁੰਦਾ ਜੋ ਗਰੀਬ ਅਤੇ ਦੱਬਿਆ-ਕੁਚਲਿਆ, ਮੁਸੀਬਤਾਂ ਭਰਿਆ ਹੋਵੇ ਅਤੇ ਬਰਬਾਦੀਆਂ ਨਾਲ ਘਿਰਿਆ ਹੋਵੇ। ਪਰ ਲੋਕ ਇਨ੍ਹਾਂ ਗੱਲਾਂ ਬਾਰੇ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾ ਸਕਦੇ ਜਾਂ ਇਨ੍ਹਾਂ ਉੱਪਰ ਨਿਯੰਤ੍ਰਣ ਨਹੀਂ ਕਰ ਸਕਦੇ। ਸ਼ਾਇਦ ਕੁਝ ਲੋਕਾਂ ਲਈ, ਬੀਤਿਆ ਸਮਾਂ ਅਨੁਭਵਾਂ ਦਾ ਸਿਰਫ਼ ਇੱਕ ਬੇਤਰਤੀਬਾ ਢੇਰ ਹੁੰਦਾ ਹੈ; ਉਹ ਕਦੇ ਨਹੀਂ ਸਿੱਖਦੇ ਕਿ ਸਵਰਗ ਦੀ ਇੱਛਾ ਕੀ ਹੈ, ਅਤੇ ਨਾ ਹੀ ਉਹ ਪਰਵਾਹ ਕਰਦੇ ਹਨ ਕਿ ਇਹ ਹੁੰਦਾ ਕੀ ਹੈ। ਉਹ ਜਾਨਵਰਾਂ ਵਾਂਗ ਦਿਨ-ਬ-ਦਿਨ, ਬਗੈਰ ਸੋਚੇ-ਸਮਝੇ ਆਪਣਾ ਜੀਵਨ ਜੀਉਂਦੇ ਹਨ, ਮਨੁੱਖਤਾ ਦੇ ਨਸੀਬ ਬਾਰੇ ਜਾਂ ਇਸ ਗੱਲ ਦੀ ਪਰਵਾਹ ਕੀਤੇ ਬਗੈਰ ਕਿ ਮਨੁੱਖ ਕਿਉਂ ਜੀਉਂਦਾ ਹੈ ਜਾਂ ਉਸ ਨੂੰ ਕਿਵੇਂ ਜੀਉਣਾ ਚਾਹੀਦਾ ਹੈ। ਅਜਿਹੇ ਲੋਕ ਮਨੁੱਖੀ ਨਸੀਬ ਦੀ ਕਿਸੇ ਵੀ ਤਰ੍ਹਾਂ ਦੀ ਸਮਝ ਦੇ ਬਗੈਰ ਬੁਢਾਪੇ ਵਿੱਚ ਪਹੁੰਚ ਜਾਂਦੇ ਹਨ, ਅਤੇ ਮੌਤ ਦੇ ਸਮੇਂ ਤਕ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਸਮਝ ਨਹੀਂ ਹੁੰਦੀ ਕਿ ਜੀਵਨ ਕੀ ਹੈ। ਅਜਿਹੇ ਲੋਕ ਮਰੇ ਹੋਏ ਹੁੰਦੇ ਹਨ; ਉਹ ਆਤਮਾ ਤੋਂ ਰਹਿਤ ਜੀਵ ਹੁੰਦੇ ਹਨ; ਉਹ ਜਾਨਵਰ ਹੁੰਦੇ ਹਨ। ਹਾਲਾਂਕਿ ਲੋਕ ਸ੍ਰਿਸ਼ਟੀ ਦੇ ਅੰਦਰ ਰਹਿੰਦੇ ਹਨ ਅਤੇ ਅਜਿਹੇ ਬਹੁਤ ਸਾਰੇ ਤਰੀਕਿਆਂ ਨਾਲ ਅਨੰਦ ਮਾਣਦੇ ਹਨ ਜਿਨ੍ਹਾਂ ਵਿੱਚ ਸੰਸਾਰ ਉਨ੍ਹਾਂ ਦੀਆਂ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਅਤੇ ਹਾਲਾਂਕਿ ਉਹ ਇਸ ਭੌਤਿਕ ਸੰਸਾਰ ਨੂੰ ਨਿਰੰਤਰ ਤਰੱਕੀ ਕਰਦੇ ਹੋਏ ਵੇਖਦੇ ਹਨ, ਫਿਰ ਵੀ ਉਨ੍ਹਾਂ ਦਾ ਆਪਣਾ ਅਨੁਭਵ—ਉਨ੍ਹਾਂ ਦੇ ਮਨ ਅਤੇ ਉਨ੍ਹਾਂ ਦੀਆਂ ਆਤਮਾਵਾਂ ਕੀ ਮਹਿਸੂਸ ਅਤੇ ਅਨੁਭਵ ਕਰਦੀਆਂ ਹਨ—ਇਸ ਦਾ ਭੌਤਿਕ ਵਸਤਾਂ ਨਾਲ ਕੋਈ ਲੈਣ-ਦੇਣ ਨਹੀਂ ਹੁੰਦਾ, ਅਤੇ ਕੋਈ ਵੀ ਵਸਤੂ ਕਿਸੇ ਅਨੁਭਵ ਦੀ ਥਾਂ ਨਹੀਂ ਲੈ ਸਕਦੀ। ਅਨੁਭਵ ਕਿਸੇ ਵਿਅਕਤੀ ਦੇ ਮਨ ਦੀ ਡੂੰਘਾਈ ਵਿਚਲੀ ਮਾਨਤਾ ਹੈ, ਅਜਿਹੀ ਚੀਜ਼ ਜਿਸ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ। ਇਹ ਮਾਨਤਾ ਮਨੁੱਖੀ ਜੀਵਨ ਅਤੇ ਮਨੁੱਖੀ ਨਸੀਬ ਬਾਰੇ ਕਿਸੇ ਵਿਅਕਤੀ ਦੀ ਸਮਝ, ਅਤੇ ਉਸ ਦੀ ਗ੍ਰਹਿਣ ਕਰਨ ਦੀ ਸ਼ਕਤੀ ਵਿੱਚ ਹੁੰਦੀ ਹੈ। ਅਤੇ ਇਹ ਅਕਸਰ ਵਿਅਕਤੀ ਨੂੰ ਇਸ ਸ਼ੰਕੇ ਵੱਲ ਲੈ ਜਾਂਦੀ ਹੈ ਕਿ ਇੱਕ ਅਣਡਿੱਠਾ ਮਾਲਕ ਮਨੁੱਖ ਲਈ ਸਭ ਵਸਤਾਂ ਦਾ ਪ੍ਰਬੰਧ ਕਰ ਰਿਹਾ ਹੈ। ਇਸ ਸਭ ਦੇ ਦਰਮਿਆਨ, ਕਿਸੇ ਵਿਅਕਤੀ ਨੂੰ ਨਸੀਬ ਦੇ ਪ੍ਰਬੰਧਾਂ ਅਤੇ ਯੋਜਨਾਵਾਂ ਨੂੰ ਸਵੀਕਾਰ ਕਰਨਾ ਹੀ ਪਵੇਗਾ; ਉਸ ਨੂੰ ਉਸ ਅਗਲੇਰੇ ਰਾਹ ਨੂੰ ਸਵੀਕਾਰ ਕਰਨਾ ਹੀ ਪਵੇਗਾ ਜੋ ਸਿਰਜਣਹਾਰ ਨੇ ਤਿਆਰ ਕੀਤਾ ਹੈ, ਕਿਸੇ ਵਿਅਕਤੀ ਦੇ ਨਸੀਬ ਉੱਤੇ ਸਿਰਜਣਹਾਰ ਦੀ ਪ੍ਰਭੁਤਾ। ਇਹ ਇੱਕ ਨਿਰਵਿਰੋਧ ਤੱਥ ਹੈ। ਨਸੀਬ ਬਾਰੇ ਕਿਸੇ ਵਿਅਕਤੀ ਦੀ ਸੋਝੀ ਅਤੇ ਰਵੱਈਆ ਜਿਵੇਂ ਦਾ ਵੀ ਹੋਵੇ, ਕੋਈ ਵੀ ਇਸ ਤੱਥ ਨੂੰ ਨਹੀਂ ਬਦਲ ਸਕਦਾ।

ਤੁਸੀਂ ਹਰ ਰੋਜ਼ ਕਿੱਥੇ ਜਾਓਗੇ, ਤੁਸੀਂ ਕੀ ਕਰੋਗੇ, ਤੁਹਾਡਾ ਕਿਸ ਵਿਅਕਤੀ ਜਾਂ ਵਸਤੂ ਨਾਲ ਸਾਹਮਣਾ ਹੋਵੇਗਾ, ਤੁਸੀਂ ਕੀ ਕਹੋਗੇ, ਤੁਹਾਡੇ ਨਾਲ ਕੀ ਹੋਵੇਗਾ—ਕੀ ਇਨ੍ਹਾਂ ਵਿੱਚੋਂ ਕਿਸੇ ਬਾਰੇ ਵੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ? ਲੋਕ ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਅੰਦਾਜ਼ਾ ਨਹੀਂ ਲਗਾ ਸਕਦੇ, ਇਹ ਨਿਯੰਤ੍ਰਣ ਕਰਨਾ ਤਾਂ ਦੂਰ ਦੀ ਗੱਲ ਹੈ ਕਿ ਇਹ ਸਥਿਤੀਆਂ ਕਿਵੇਂ ਵਿਕਸਤ ਹੋਣਗੀਆਂ। ਜੀਵਨ ਵਿੱਚ, ਇਹ ਅਣਕਿਆਸੀਆਂ ਘਟਨਾਵਾਂ ਹਰ ਸਮੇਂ ਵਾਪਰਦੀਆਂ ਹਨ; ਉਹ ਰੋਜ਼ ਵਾਪਰਨ ਵਾਲੇ ਵਰਤਾਰੇ ਹਨ। ਇਹ ਰੋਜ਼ ਦੇ ਉਤਾਰ-ਚੜ੍ਹਾਅ ਅਤੇ ਜਿਸ ਢੰਗ ਨਾਲ ਇਹ ਪ੍ਰਗਟ ਹੁੰਦੇ ਹਨ, ਜਾਂ ਇਨ੍ਹਾਂ ਦੇ ਤੌਰ-ਤਰੀਕੇ, ਇਹ ਮਨੁੱਖਤਾ ਲਈ ਨਿਰੰਤਰ ਚਿਤਾਵਨੀਆਂ ਹਨ ਕਿ ਕੁਝ ਵੀ ਐਵੇਂ ਹੀ ਨਹੀਂ ਵਾਪਰਦਾ, ਕਿ ਹਰੇਕ ਘਟਨਾ ਦੇ ਵਾਪਰਨ ਦੀ ਪ੍ਰਕਿਰਿਆ, ਹਰੇਕ ਘਟਨਾ ਦੀ ਅਟੱਲ ਪ੍ਰਕਿਰਤੀ ਵਿੱਚ ਮਨੁੱਖੀ ਇੱਛਾ ਨਾਲ ਬਦਲਾਅ ਨਹੀਂ ਕੀਤਾ ਜਾ ਸਕਦਾ। ਹਰ ਘਟਨਾ ਸਿਰਜਣਹਾਰ ਦੁਆਰਾ ਮਨੁੱਖਜਾਤੀ ਲਈ ਇੱਕ ਸਿੱਖਿਆ ਲਿਆਉਂਦੀ ਹੈ, ਅਤੇ ਇਹ ਸੁਨੇਹਾ ਵੀ ਭੇਜਦੀ ਹੈ ਕਿ ਇਨਸਾਨ ਆਪਣੇ ਨਸੀਬ ਨੂੰ ਨਿਯੰਤ੍ਰਿਤ ਨਹੀਂ ਕਰ ਸਕਦੇ। ਹਰ ਘਟਨਾ ਮਨੁੱਖਤਾ ਦੀ ਆਪਣੇ ਨਸੀਬ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਬੇਕਾਬੂ, ਬੇਲੋੜੀ ਲਾਲਸਾ ਅਤੇ ਇੱਛਾ ਦਾ ਖੰਡਨ ਹੈ। ਇਹ ਮਨੁੱਖਤਾ ਦੇ ਚਿਹਰੇ ’ਤੇ ਇੱਕ ਤੋਂ ਬਾਅਦ ਇੱਕ, ਜ਼ੋਰਦਾਰ ਥੱਪੜ ਵਾਂਗ ਹੈ, ਜੋ ਲੋਕਾਂ ਨੂੰ ਇਸ ਗੱਲ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰਦੀ ਹੈ ਕਿ ਅੰਤ ਵਿੱਚ, ਉਨ੍ਹਾਂ ਦੇ ਨਸੀਬ ਦਾ ਸੰਚਾਲਨ ਅਤੇ ਨਿਯੰਤ੍ਰਣ ਕੌਣ ਕਰਦਾ ਹੈ। ਅਤੇ ਜਦੋਂ ਉਨ੍ਹਾਂ ਦੀਆਂ ਲਾਲਸਾਵਾਂ ਅਤੇ ਇੱਛਾਵਾਂ ਵਾਰ-ਵਾਰ ਅਸਫ਼ਲ ਅਤੇ ਚਕਨਾਚੂਰ ਹੁੰਦੀਆਂ ਹਨ, ਤਾਂ ਇਨਸਾਨ ਕੁਦਰਤੀ ਤੌਰ ’ਤੇ ਅਚੇਤਨ ਰੂਪ ਵਿੱਚ, ਜੋ ਵੀ ਉਨ੍ਹਾਂ ਦੇ ਨਸੀਬ ਵਿੱਚ ਹੈ ਉਸ ਨੂੰ ਸਵੀਕਾਰ ਕਰਨ ਲਗਦੇ ਹਨ—ਸਵਰਗ ਦੀ ਇੱਛਾ ਅਤੇ ਸਿਰਜਣਹਾਰ ਦੀ ਪ੍ਰਭੁਤਾ ਦੀ ਅਸਲੀਅਤ ਦੀ ਸਵੀਕ੍ਰਿਤੀ। ਇਨ੍ਹਾਂ ਰੋਜ਼ਮਰ੍ਹਾ ਦੇ ਉਤਾਰ-ਚੜ੍ਹਾਵਾਂ ਤੋਂ ਲੈ ਕੇ ਸਮੁੱਚੇ ਮਨੁੱਖੀ ਜੀਵਨ ਦੇ ਨਸੀਬਾਂ ਤਕ, ਅਜਿਹਾ ਕੁਝ ਵੀ ਨਹੀਂ ਹੈ ਜਿਹੜਾ ਸਿਰਜਣਹਾਰ ਦੀਆਂ ਯੋਜਨਾਵਾਂ ਅਤੇ ਉਸ ਦੀ ਪ੍ਰਭੁਤਾ ਨੂੰ ਪਰਗਟ ਨਹੀਂ ਕਰਦਾ; ਅਜਿਹਾ ਕੁਝ ਵੀ ਨਹੀਂ ਜੋ ਇਹ ਸੰਦੇਸ਼ ਨਾ ਭੇਜਦਾ ਹੋਵੇ ਕਿ “ਸਿਰਜਣਹਾਰ ਦੇ ਅਧਿਕਾਰ ਤੋਂ ਪਾਰ ਨਹੀਂ ਜਾਇਆ ਜਾ ਸਕਦਾ,” ਜੋ ਇਸ ਸਦੀਵੀ ਸੱਚ ਨੂੰ ਨਹੀਂ ਦਰਸਾਉਂਦਾ ਕਿ “ਸਿਰਜਣਹਾਰ ਦਾ ਅਧਿਕਾਰ ਸਰਬ-ਉੱਚ ਹੈ।”

ਮਨੁੱਖਤਾ ਅਤੇ ਬ੍ਰਹਿਮੰਡ ਦੇ ਨਸੀਬ ਸਿਰਜਣਹਾਰ ਦੀ ਪ੍ਰਭੁਤਾ ਨਾਲ ਗੂੜ੍ਹੇ ਰੂਪ ਵਿੱਚ ਜੁੜੇ ਹੋਏ ਹਨ, ਸਿਰਜਣਹਾਰ ਦੇ ਨਿਯੋਜਨਾਂ ਨਾਲ ਅਟੁੱਟ ਰੂਪ ਵਿੱਚ ਜੁੜੇ ਹੋਏ ਹਨ; ਆਖਰਕਾਰ, ਉਹ ਸਿਰਜਣਹਾਰ ਦੇ ਅਧਿਕਾਰ ਤੋਂ ਅਟੁੱਟ ਹਨ। ਸਭ ਵਸਤਾਂ ਦੇ ਨਿਯਮਾਂ ਵਿੱਚ, ਮਨੁੱਖ ਨੂੰ ਸਿਰਜਣਹਾਰ ਦੇ ਨਿਯੋਜਨਾਂ ਅਤੇ ਉਸ ਦੀ ਪ੍ਰਭੁਤਾ ਦੀ ਸਮਝ ਆਉਂਦੀ ਹੈ; ਸਭ ਵਸਤਾਂ ਦੇ ਜੀਉਂਦੇ ਰਹਿਣ ਦੇ ਨਿਯਮਾਂ ਵਿੱਚ, ਉਸ ਨੂੰ ਸਿਰਜਣਹਾਰ ਦੇ ਸੰਚਾਲਨ ਦੀ ਸਮਝ ਲਗਦੀ ਹੈ; ਸਭ ਵਸਤਾਂ ਦੇ ਨਸੀਬ ਵਿੱਚ, ਉਹ ਉਨ੍ਹਾਂ ਤਰੀਕਿਆਂ ਦਾ ਅੰਦਾਜ਼ਾ ਲਗਾਉਂਦਾ ਹੈ ਜਿਨ੍ਹਾਂ ਨਾਲ ਸਿਰਜਣਹਾਰ ਉਨ੍ਹਾਂ ਵਸਤਾਂ ’ਤੇ ਆਪਣੀ ਪ੍ਰਭੁਤਾ ਅਤੇ ਨਿਯੰਤ੍ਰਣ ਦੀ ਵਰਤੋਂ ਕਰਦਾ ਹੈ; ਅਤੇ ਇਨਸਾਨਾਂ ਅਤੇ ਸਭ ਚੀਜ਼ਾਂ ਦੇ ਜੀਵਨ ਚੱਕਰ ਵਿੱਚ, ਮਨੁੱਖ ਸਭ ਵਸਤਾਂ ਅਤੇ ਜੀਵ-ਜੰਤੂਆਂ ਲਈ ਸਿਰਜਣਹਾਰ ਦੇ ਨਿਯੋਜਨਾਂ ਅਤੇ ਪ੍ਰਬੰਧਾਂ ਦਾ ਅਸਲ ਅਨੁਭਵ ਕਰਦਾ ਹੈ, ਤਾਂ ਕਿ ਇਹ ਵੇਖੇ ਕਿ ਉਹ ਨਿਯੋਜਨ ਅਤੇ ਪ੍ਰਬੰਧ ਕਿਸ ਤਰ੍ਹਾਂ ਧਰਤੀ ਦੇ ਸਾਰੇ ਕਾਨੂੰਨਾਂ, ਨਿਯਮਾਂ ਅਤੇ ਸੰਸਥਾਵਾਂ, ਦੂਜੀਆਂ ਸਾਰੀਆਂ ਸ਼ਕਤੀਆਂ ਅਤੇ ਤਾਕਤਾਂ ਦੀ ਜਗ੍ਹਾ ਲੈ ਲੈਂਦੇ ਹਨ। ਨਤੀਜੇ ਵਜੋਂ, ਮਨੁੱਖਤਾ ਇਹ ਮੰਨਣ ਲਈ ਮਜਬੂਰ ਹੁੰਦੀ ਹੈ ਕਿ ਸਿਰਜਣਹਾਰ ਦੀ ਪ੍ਰਭੁਤਾ ਦੀ ਕਿਸੇ ਵੀ ਸਿਰਜੇ ਹੋਏ ਜੀਵ ਦੁਆਰਾ ਉਲੰਘਣਾ ਨਹੀਂ ਕੀਤੀ ਜਾ ਸਕਦੀ, ਕਿ ਕੋਈ ਵੀ ਤਾਕਤ ਸਿਰਜਣਹਾਰ ਦੁਆਰਾ ਪਹਿਲਾਂ ਤੋਂ ਮਿੱਥੀਆਂ ਹੋਈਆਂ ਘਟਨਾਵਾਂ ਅਤੇ ਵਸਤਾਂ ਦੀ ਜਗ੍ਹਾ ਨਹੀਂ ਲੈ ਸਕਦੀ ਜਾਂ ਉਨ੍ਹਾਂ ਨੂੰ ਬਦਲ ਨਹੀਂ ਸਕਦੀ। ਇਹ ਇਨ੍ਹਾਂ ਈਸ਼ਵਰੀ ਨਿਯਮਾਂ ਅਤੇ ਨਿਯਮਾਂ ਦੇ ਤਹਿਤ ਹੀ ਹੈ ਕਿ ਮਨੁੱਖ ਅਤੇ ਸਾਰੀਆਂ ਵਸਤਾਂ ਪੀੜ੍ਹੀ-ਦਰ-ਪੀੜ੍ਹੀ ਜੀਉਂਦੇ ਅਤੇ ਪ੍ਰਸਾਰ ਕਰਦੇ ਹਨ। ਕੀ ਇਹ ਸਿਰਜਣਹਾਰ ਦੇ ਅਧਿਕਾਰ ਦਾ ਸੱਚਾ ਪ੍ਰਤੱਖ ਰੂਪ ਨਹੀਂ ਹੈ? ਹਾਲਾਂਕਿ ਮਨੁੱਖ, ਅਸਲੀ ਨਿਯਮਾਂ ਵਿੱਚ, ਸਾਰੀਆਂ ਘਟਨਾਵਾਂ ਅਤੇ ਸਾਰੀਆਂ ਵਸਤਾਂ ਵਿੱਚ ਸਿਰਜਣਹਾਰ ਦੀ ਪ੍ਰਭੁਤਾ ਅਤੇ ਉਸ ਦੇ ਵਿਧਾਨ ਨੂੰ ਵੇਖਦਾ ਹੈ, ਪਰ ਕਿੰਨੇ ਲੋਕ ਬ੍ਰਹਿਮੰਡ ਉੱਤੇ ਸਿਰਜਣਹਾਰ ਦੀ ਪ੍ਰਭੁਤਾ ਦੇ ਸਿਧਾਂਤ ਨੂੰ ਸਮਝਣ ਦੇ ਯੋਗ ਹੁੰਦੇ ਹਨ? ਕਿੰਨੇ ਲੋਕ ਸੱਚਮੁੱਚ ਆਪਣੇ ਖੁਦ ਦੇ ਨਸੀਬ ਉੱਤੇ ਅਤੇ ਇਸ ਦੇ ਪ੍ਰਬੰਧ ਉੱਤੇ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣ, ਪਛਾਣ, ਅਤੇ ਸਵੀਕਾਰ ਕਰ ਸਕਦੇ ਹਨ ਅਤੇ ਇਸ ਦੇ ਅਧੀਨ ਹੋ ਸਕਦੇ ਹਨ। ਸਭ ਵਸਤਾਂ ਉੱਪਰ ਸਿਰਜਣਹਾਰ ਦੀ ਪ੍ਰਭੁਤਾ ਦੇ ਤੱਥ ’ਤੇ ਵਿਸ਼ਵਾਸ ਕਰਨ ਤੋਂ ਬਾਅਦ, ਕੌਣ ਸੱਚਮੁੱਚ ਇਸ ਗੱਲ ’ਤੇ ਵਿਸ਼ਵਾਸ ਕਰੇਗਾ ਅਤੇ ਇਸ ਨੂੰ ਸਵੀਕਾਰ ਕਰੇਗਾ ਕਿ ਮਨੁੱਖਾਂ ਦੇ ਜੀਵਨ ਦੇ ਨਸੀਬ ਨੂੰ ਵੀ ਸਿਰਜਣਹਾਰ ਨਿਰਧਾਰਤ ਕਰਦਾ ਹੈ? ਕੌਣ ਸੱਚਮੁੱਚ ਇਸ ਤੱਥ ਨੂੰ ਸਮਝ ਸਕਦਾ ਹੈ ਕਿ ਮਨੁੱਖ ਦਾ ਨਸੀਬ ਸਿਰਜਣਹਾਰ ਦੀ ਹਥੇਲੀ ਵਿੱਚ ਟਿਕਿਆ ਹੋਇਆ ਹੈ? ਜਦੋਂ ਇਸ ਤੱਥ ਨਾਲ ਸਾਹਮਣਾ ਹੁੰਦਾ ਹੈ ਕਿ ਉਹ ਮਨੁੱਖਤਾ ਦੇ ਨਸੀਬ ਦਾ ਸੰਚਾਲਨ ਅਤੇ ਨਿਯੰਤ੍ਰਣ ਕਰਦਾ ਹੈ, ਤਾਂ ਮਨੁੱਖਤਾ ਨੂੰ ਸਿਰਜਣਹਾਰ ਦੀ ਪ੍ਰਭੁਤਾ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਅਪਣਾਉਣਾ ਚਾਹੀਦਾ ਹੈ? ਇਹ ਇੱਕ ਅਜਿਹਾ ਫ਼ੈਸਲਾ ਹੈ ਜੋ ਇਸ ਸਮੇਂ ਇਸ ਤੱਥ ਦਾ ਸਾਹਮਣਾ ਕਰ ਰਹੇ ਹਰ ਇਨਸਾਨ ਨੂੰ ਆਪਣੇ ਲਈ ਕਰਨਾ ਹੀ ਪੈਣਾ ਹੈ।

ਮਨੁੱਖੀ ਜੀਵਨ ਦੇ ਛੇ ਮਹੱਤਵਪੂਰਣ ਪੜਾਅ

ਹਰੇਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਸਿਲਸਿਲੇਵਾਰ ਮਹੱਤਵਪੂਰਣ ਪੜਾਵਾਂ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ। ਇਹ ਸਭ ਤੋਂ ਵਧੀਕ ਬੁਨਿਆਦੀ ਅਤੇ ਸਭ ਤੋਂ ਵਧੀਕ ਮਹੱਤਵਪੂਰਣ ਕਦਮ ਹਨ ਜੋ ਹਰੇਕ ਵਿਅਕਤੀ ਦੇ ਜੀਵਨ ਦੇ ਨਸੀਬ ਨੂੰ ਨਿਰਧਾਰਤ ਕਰਦੇ ਹਨ। ਇਸ ਲੇਖ ਦਾ ਇੱਥੋਂ ਅਗਲਾ ਹਿੱਸਾ ਇਨ੍ਹਾਂ ਨਿਰਣਾਇਕ ਪੜਾਵਾਂ ਦਾ ਸੰਖੇਪ ਵਿੱਚ ਦਿੱਤਾ ਗਿਆ ਵੇਰਵਾ ਹੈ, ਜਿਨ੍ਹਾਂ ਵਿੱਚੋਂ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਹੋ ਕੇ ਲੰਘਣਾ ਪੈਂਦਾ ਹੈ।

ਪਹਿਲਾ ਪੜਾਅ: ਜਨਮ

ਇੱਕ ਵਿਅਕਤੀ ਦਾ ਜਨਮ-ਸਥਾਨ, ਜਿਸ ਪਰਿਵਾਰ ਵਿੱਚ ਉਹ ਪੈਦਾ ਹੋਇਆ ਹੈ, ਉਹ ਇਸਤਰੀ ਹੈ ਜਾਂ ਪੁਰਸ਼, ਉਸ ਦੀ ਸਰੀਰਕ ਦਿੱਖ, ਅਤੇ ਜਨਮ ਦਾ ਸਮਾਂ—ਇਹ ਸਭ ਇੱਕ ਵਿਅਕਤੀ ਦੇ ਜੀਵਨ ਦੇ ਪਹਿਲੇ ਪੜਾਅ ਦੇ ਵੇਰਵੇ ਹਨ।

ਇਸ ਪੜਾਅ ਦੇ ਇਨ੍ਹਾਂ ਖਾਸ ਵੇਰਵਿਆਂ ਦੀ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਚੋਣ ਨਹੀਂ ਕਰ ਸਕਦਾ; ਇਹ ਸਭ ਸਿਰਜਣਹਾਰ ਵੱਲੋਂ ਬਹੁਤ ਪਹਿਲਾਂ ਹੀ ਮਿੱਥ ਦਿੱਤੇ ਗਏ ਹਨ। ਇਨ੍ਹਾਂ ਉੱਤੇ ਬਾਹਰੀ ਹਾਲਾਤਾਂ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ, ਅਤੇ ਨਾ ਹੀ ਕੋਈ ਮਨੁੱਖੀ ਕਾਰਕ ਇਨ੍ਹਾਂ ਤੱਥਾਂ ਵਿੱਚ ਕੋਈ ਬਦਲਾਅ ਕਰ ਸਕਦੇ ਹਨ, ਜਿਨ੍ਹਾਂ ਨੂੰ ਸਿਰਜਣਹਾਰ ਨੇ ਪਹਿਲਾਂ ਹੀ ਮਿੱਥ ਦਿੱਤਾ ਹੈ। ਜਦ ਇੱਕ ਵਿਅਕਤੀ ਦਾ ਜਨਮ ਹੋ ਜਾਂਦਾ ਹੈ ਤਾਂ ਇਸ ਦਾ ਅਰਥ ਹੈ ਕਿ ਸਿਰਜਣਹਾਰ ਨੇ ਉਸ ਵਿਅਕਤੀ ਲਈ ਜੋ ਨਸੀਬ ਨਿਰਧਾਰਤ ਕੀਤਾ ਹੈ, ਉਸ ਦਾ ਉਸ ਨੇ ਪਹਿਲਾ ਕਦਮ ਪੂਰਾ ਕਰ ਦਿੱਤਾ ਹੈ। ਕਿਉਂਕਿ ਉਸ ਨੇ ਇਹ ਸਾਰੇ ਵੇਰਵੇ ਬਹੁਤ ਪਹਿਲਾਂ ਤੋਂ ਹੀ ਮਿੱਥ ਦਿੱਤੇ ਹੋਏ ਹਨ, ਇਸ ਕਰਕੇ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਬਦਲਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ। ਜਨਮ ਤੋਂ ਬਾਅਦ ਉਸ ਵਿਅਕਤੀ ਦਾ ਨਸੀਬ ਭਾਵੇਂ ਕਿਹੋ ਜਿਹਾ ਵੀ ਹੋਵੇ, ਉਸ ਦੇ ਜਨਮ ਦੇ ਹਾਲਾਤ ਪਹਿਲਾਂ ਤੋਂ ਮਿੱਥੇ ਜਾ ਚੁੱਕੇ ਹਨ, ਅਤੇ ਉਹ ਜਿਵੇਂ ਹਨ ਉਵੇਂ ਹੀ ਰਹਿੰਦੇ ਹਨ; ਉਨ੍ਹਾਂ ਉੱਤੇ ਨਾ ਤਾਂ ਉਸ ਵਿਅਕਤੀ ਦੇ ਜੀਵਨ ਦੇ ਨਸੀਬ ਦਾ ਕੋਈ ਅਸਰ ਪੈਂਦਾ ਹੈ, ਅਤੇ ਨਾ ਹੀ ਉਹ ਉਸ ਵਿਅਕਤੀ ਦੇ ਜੀਵਨ ਦੇ ਨਸੀਬ ਉੱਤੇ ਸਿਰਜਣਹਾਰ ਦੀ ਪ੍ਰਭੁਤਾ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਕਰਦੇ ਹਨ।

1. ਸਿਰਜਣਹਾਰ ਦੀਆਂ ਯੋਜਨਾਵਾਂ ਵਿੱਚੋਂ ਇੱਕ ਨਵੇਂ ਜੀਵਨ ਦਾ ਜਨਮ ਹੁੰਦਾ ਹੈ

ਕੋਈ ਵਿਅਕਤੀ ਆਪਣੇ ਪਹਿਲੇ ਪੜਾਅ ਅਰਥਾਤ ਉਸ ਦਾ ਜਨਮ-ਸਥਾਨ, ਉਸ ਦਾ ਪਰਿਵਾਰ, ਉਹ ਇਸਤਰੀ ਹੈ ਜਾਂ ਪੁਰਸ਼, ਉਸ ਦੀ ਸਰੀਰਕ ਦਿੱਖ, ਉਸ ਦੇ ਜਨਮ ਦਾ ਸਮਾਂ, ਦੇ ਵੇਰਵਿਆਂ ਵਿੱਚੋਂ ਕਿਸ ਦੀ ਚੋਣ ਕਰਨ ਦੇ ਸਮਰੱਥ ਹੈ? ਇਹ ਸਪਸ਼ਟ ਹੀ ਹੈ ਕਿ ਇੱਕ ਵਿਅਕਤੀ ਦੇ ਜਨਮ ਵਿੱਚ ਉਸ ਦਾ ਆਪਣਾ ਕੋਈ ਹੱਥ ਨਹੀਂ ਹੁੰਦਾ। ਉਸ ਦੇ ਜਨਮ ਦੇ ਸਥਾਨ, ਉਸ ਦੇ ਜਨਮ ਦੇ ਸਮੇਂ, ਉਸ ਦੇ ਪਰਿਵਾਰ, ਉਸ ਦੇ ਸਰੀਰਕ ਰੂਪ ਵਿੱਚ ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਚਲਦੀ; ਜਿਸ ਕੁਲ ਦੇ ਜਿਸ ਪਰਿਵਾਰ ਵਿੱਚ ਉਹ ਜਨਮ ਲੈਂਦਾ ਹੈ ਉਸ ਦਾ ਮੈਂਬਰ ਬਣਨ ਵਿੱਚ ਉਸ ਦੀ ਕੋਈ ਮਰਜ਼ੀ ਨਹੀਂ ਚਲਦੀ। ਆਪਣੇ ਜੀਵਨ ਦੇ ਇਸ ਪਹਿਲੇ ਪੜਾਅ ਵਿੱਚ ਉਸ ਦੀ ਆਪਣੀ ਕੋਈ ਚੋਣ ਨਹੀਂ ਹੁੰਦੀ, ਸਗੋਂ ਉਹ ਸਿਰਜਣਹਾਰ ਦੀ ਯੋਜਨਾ ਅਨੁਸਾਰ ਮਿੱਥੇ ਗਏ ਹਾਲਾਤਾਂ ਵਿੱਚ, ਇੱਕ ਖਾਸ ਪਰਿਵਾਰ ਵਿੱਚ, ਇੱਕ ਖਾਸ ਲਿੰਗ ਅਤੇ ਸਰੀਰਕ ਦਿੱਖ ਦੇ ਨਾਲ, ਅਤੇ ਇੱਕ ਖਾਸ ਸਮੇਂ ’ਤੇ ਪੈਦਾ ਹੁੰਦਾ ਹੈ, ਜੋ ਉਸ ਵਿਅਕਤੀ ਦੇ ਜੀਵਨ ਦੀ ਯਾਤਰਾ ਨਾਲ ਬਹੁਤ ਗੂੜ੍ਹੀ ਰੀਤੀ ਨਾਲ ਜੁੜਿਆ ਹੋਇਆ ਹੈ। ਇਸ ਮਹੱਤਵਪੂਰਣ ਪੜਾਅ ’ਤੇ ਕੋਈ ਵਿਅਕਤੀ ਕੀ ਕਰ ਸਕਦਾ ਹੈ? ਜੋ ਕੁਝ ਹੁਣ ਤੱਕ ਆਖਿਆ ਗਿਆ ਹੈ, ਉਸ ਦਾ ਸਾਰ ਇਹੋ ਹੈ ਕਿ ਆਪਣੇ ਜਨਮ ਦੇ ਵੇਰਵਿਆਂ ਵਿੱਚੋਂ ਕਿਸੇ ਇੱਕ ਦੀ ਵੀ ਚੋਣ ਉਹ ਆਪ ਨਹੀਂ ਕਰ ਸਕਦਾ। ਜੇਕਰ ਇਹ ਸਿਰਜਣਹਾਰ ਵੱਲੋਂ ਪਹਿਲਾਂ ਤੋਂ ਮਿੱਥੇ ਗਏ ਵੇਰਵਿਆਂ ਅਤੇ ਉਸ ਦੇ ਮਾਰਗਦਰਸ਼ਨ ਸਦਕਾ ਨਾ ਹੁੰਦਾ, ਤਾਂ ਸੰਸਾਰ ਵਿੱਚ ਨਵੇਂ ਜਨਮੇ ਜੀਵਨ ਨੂੰ ਇਹ ਨਾ ਪਤਾ ਹੁੰਦਾ ਕਿ ਉਹ ਕਿੱਥੇ ਜਾਵੇ ਜਾਂ ਕਿੱਥੇ ਰਹੇ, ਉਸ ਦੇ ਕੋਈ ਰਿਸ਼ਤੇ ਨਾ ਹੁੰਦੇ, ਉਸ ਦਾ ਕੋਈ ਟਿਕਾਣਾ ਅਤੇ ਕੋਈ ਅਸਲ ਘਰ ਨਾ ਹੁੰਦਾ। ਪਰ ਸਿਰਜਣਹਾਰ ਦੇ ਵਿਸਤ੍ਰਿਤ ਪ੍ਰਬੰਧ ਸਦਕਾ, ਇਸ ਨਵੇਂ ਜਨਮੇ ਜੀਵਨ ਨੂੰ ਰਹਿਣ ਲਈ ਇੱਕ ਘਰ ਮਿਲਦਾ ਹੈ, ਮਾਪੇ ਮਿਲਦੇ ਹਨ, ਕਿਸੇ ਦਾ ਹੋਣ ਲਈ ਥਾਂ ਮਿਲਦਾ ਹੈ ਅਤੇ ਰਿਸ਼ਤੇਦਾਰ ਮਿਲਦੇ ਹਨ, ਅਤੇ ਇਸ ਤਰ੍ਹਾਂ ਉਹ ਜੀਵਨ ਆਪਣੀ ਯਾਤਰਾ ਦਾ ਅਰੰਭ ਕਰਦਾ ਹੈ। ਇਸ ਸਾਰੀ ਪ੍ਰਕਿਰਿਆ ਦੇ ਦੌਰਾਨ ਇਸ ਨਵੇਂ ਜੀਵਨ ਨੂੰ ਨੇਪਰੇ ਚਾੜ੍ਹਣ ਦਾ ਕੰਮ ਸਿਰਜਣਹਾਰ ਦੀਆਂ ਯੋਜਨਾਵਾਂ ਅਨੁਸਾਰ ਹੁੰਦਾ ਹੈ ਅਤੇ ਉਸ ਨੂੰ ਜੋ ਕੁਝ ਵੀ ਪ੍ਰਾਪਤ ਹੋਵੇਗਾ ਉਹ ਸਿਰਜਣਹਾਰ ਵੱਲੋਂ ਹੀ ਉਸ ਨੂੰ ਬਖਸ਼ਿਆ ਜਾਂਦਾ ਹੈ। ਇੱਕ ਅਜਿਹੀ ਦੇਹੀ ਤੋਂ, ਜਿਸ ਦੇ ਕੋਲ ਆਪਣਾ ਕਹਿਣ ਲਈ ਕੁਝ ਵੀ ਨਹੀਂ ਹੈ, ਇਹ ਹੌਲੀ-ਹੌਲੀ ਮਾਸ ਅਤੇ ਲਹੂ ਦਾ ਰੂਪ ਲੈ ਕੇ ਪ੍ਰਤੱਖ ਅਤੇ ਅਸਲ ਮਨੁੱਖ ਬਣ ਜਾਂਦਾ ਹੈ, ਜੋ ਪਰਮੇਸ਼ੁਰ ਦੀ ਆਪਣੀ ਸਰਿਸ਼ਟ ਹੈ, ਜੋ ਹੁਣ ਸੋਚ ਸਕਦਾ ਹੈ, ਸਾਹ ਲੈ ਸਕਦਾ ਹੈ, ਅਤੇ ਸਰਦੀ-ਗਰਮੀ ਨੂੰ ਮਹਿਸੂਸ ਕਰ ਸਕਦਾ ਹੈ; ਜੋ ਇਸ ਭੌਤਿਕ ਸੰਸਾਰ ਵਿੱਚ ਸਿਰਜੇ ਗਏ ਹਰੇਕ ਪ੍ਰਾਣੀ ਦਿਆਂ ਸਾਰਿਆਂ ਕੰਮਾਂ-ਕਾਰਾਂ ਵਿੱਚ ਹਿੱਸਾ ਲੈ ਸਕਦਾ ਹੈ; ਅਤੇ ਜੋ ਉਨ੍ਹਾਂ ਸਭਨਾਂ ਗੱਲਾਂ ਦਾ ਅਨੁਭਵ ਕਰ ਸਕਦਾ ਹੈ ਜਿਨ੍ਹਾਂ ਦਾ ਸਾਹਮਣਾ ਇੱਕ ਸਿਰਜੇ ਗਏ ਮਨੁੱਖ ਨੂੰ ਇਸ ਜੀਵਨ ਵਿੱਚ ਕਰਨਾ ਹੀ ਪੈਂਦਾ ਹੈ। ਸਿਰਜਣਹਾਰ ਵੱਲੋਂ ਇੱਕ ਵਿਅਕਤੀ ਦੇ ਜਨਮ ਨੂੰ ਪਹਿਲਾਂ ਤੋਂ ਮਿੱਥੇ ਜਾਣ ਦਾ ਅਰਥ ਇਹ ਹੈ ਕਿ ਉਹ ਉਸ ਵਿਅਕਤੀ ਨੂੰ ਉਹ ਸਭ ਵੀ ਬਖ਼ਸ਼ੇਗਾ, ਜੋ ਉਸ ਦੇ ਜੀਉਂਦੇ ਰਹਿਣ ਲਈ ਲੋੜੀਂਦਾ ਹੈ; ਅਤੇ ਇਸੇ ਤਰ੍ਹਾਂ, ਇੱਕ ਵਿਅਕਤੀ ਦੇ ਜਨਮ ਲੈ ਲੈਣ ਦਾ ਭਾਵ ਇਹ ਹੈ ਕਿ ਉਸ ਨੂੰ ਆਪਣੇ ਜੀਉਂਦੇ ਰਹਿਣ ਲਈ ਸਾਰੀਆਂ ਲੋੜੀਂਦੀਆਂ ਵਸਤਾਂ ਆਪਣੇ ਸਿਰਜਣਹਾਰ ਕੋਲੋਂ ਹੀ ਪ੍ਰਾਪਤ ਹੋਣਗੀਆਂ, ਅਤੇ ਫਿਰ ਉਸ ਤੋਂ ਅੱਗੇ ਉਹ ਕਿਸੇ ਹੋਰ ਰੂਪ ਵਿੱਚ ਜੀਉਣਗੇ ਜੋ ਸਿਰਜਣਹਾਰ ਵੱਲੋਂ ਪ੍ਰਦਾਨ ਕੀਤਾ ਜਾਵੇਗਾ ਅਤੇ ਸਿਰਜਣਹਾਰ ਦੀ ਪ੍ਰਭੁਤਾ ਹੇਠ ਰਹੇਗਾ।

2. ਕਿਉਂ ਵੱਖ-ਵੱਖ ਮਨੁੱਖ ਭਿੰਨ-ਭਿੰਨ ਹਾਲਾਤਾਂ ਵਿੱਚ ਪੈਦਾ ਹੁੰਦੇ ਹਨ

ਲੋਕਾਂ ਨੂੰ ਅਕਸਰ ਇਹ ਕਲਪਨਾ ਕਰਨਾ ਚੰਗਾ ਲੱਗਦਾ ਹੈ ਕਿ ਜੇਕਰ ਉਨ੍ਹਾਂ ਦਾ ਦੁਬਾਰਾ ਜਨਮ ਹੋਵੇ ਤਾਂ ਕਿਸੇ ਸ਼ਾਹੀ ਖਾਨਦਾਨ ਵਿੱਚ ਹੋਵੇ; ਇਸਤਰੀਆਂ ਕਲਪਨਾ ਕਰਦੀਆਂ ਹਨ ਕਿ ਉਹ ਰਾਜਕੁਮਾਰੀਆਂ ਵਰਗੀਆਂ ਦਿਸਣ ਅਤੇ ਸਭ ਲੋਕ ਉਨ੍ਹਾਂ ਦੇ ਦੀਵਾਨੇ ਹੋਣ, ਅਤੇ ਪੁਰਸ਼ ਕਲਪਨਾ ਕਰਦੇ ਹਨ ਕਿ ਉਹ ਰਾਜਕੁਮਾਰਾਂ ਵਰਗੇ ਹੋਣ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਕੋਈ ਥੁੜ੍ਹ ਨਾ ਹੋਵੇ, ਅਤੇ ਸਾਰਾ ਸੰਸਾਰ ਉਨ੍ਹਾਂ ਦੀ ਸੇਵਾ ਲਈ ਉਨ੍ਹਾਂ ਦੇ ਅੱਗੇ-ਪਿੱਛੇ ਫਿਰਦਾ ਹੋਵੇ। ਅਜਿਹੇ ਲੋਕ ਵੀ ਹਨ ਜਿਹੜੇ ਆਪਣੇ ਜਨਮ ਨੂੰ ਲੈ ਕੇ ਅਕਸਰ ਭਰਮ ਵਿੱਚ ਪਏ ਰਹਿੰਦੇ ਹਨ ਅਤੇ ਇਸ ਬਾਰੇ ਬਹੁਤ ਨਾਖੁਸ਼ ਰਹਿੰਦੇ ਹਨ, ਆਪਣੇ ਪਰਿਵਾਰ, ਆਪਣੀ ਸਰੀਰਕ ਦਿੱਖ, ਪੁਰਸ਼ ਹਨ ਜਾਂ ਇਸਤਰੀ, ਇੱਥੋਂ ਤਕ ਕਿ ਆਪਣੇ ਜਨਮ ਦੇ ਸਮੇਂ ਨੂੰ ਵੀ ਕੋਸਦੇ ਰਹਿੰਦੇ ਹਨ। ਪਰ ਲੋਕ ਇਹ ਕਦੇ ਵੀ ਨਹੀਂ ਸਮਝਦੇ ਕਿ ਕਿਸੇ ਖਾਸ ਪਰਿਵਾਰ ਵਿੱਚ ਉਨ੍ਹਾਂ ਦਾ ਜਨਮ ਕਿਉਂ ਹੋਇਆ ਸੀ ਜਾਂ ਉਨ੍ਹਾਂ ਦੀ ਸਰੀਰਕ ਦਿੱਖ ਇਸ ਤਰ੍ਹਾਂ ਦੀ ਕਿਉਂ ਹੈ। ਉਹ ਇਹ ਨਹੀਂ ਜਾਣਦੇ ਕਿ ਭਾਵੇਂ ਉਹ ਕਿਤੇ ਵੀ ਪੈਦਾ ਹੋਏ ਹੋਣ ਜਾਂ ਕਿਹੋ ਜਿਹੇ ਵੀ ਦਿਸਦੇ ਹੋਣ, ਉਨ੍ਹਾਂ ਨੂੰ ਸਿਰਜਣਹਾਰ ਦੇ ਪ੍ਰਬੰਧ ਦੀ ਯੋਜਨਾ ਦੇ ਵੱਖਰੇ-ਵੱਖਰੇ ਉਦੇਸ਼ਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਣੀਆਂ ਹਨ, ਅਤੇ ਇਹ ਮਕਸਦ ਕਦੇ ਨਹੀਂ ਬਦਲੇਗਾ। ਸਿਰਜਣਹਾਰ ਦੀਆਂ ਨਜ਼ਰਾਂ ਵਿੱਚ ਇੱਕ ਵਿਅਕਤੀ ਦਾ ਜਨਮ-ਸਥਾਨ, ਉਹ ਇਸਤਰੀ ਹੈ ਜਾਂ ਪੁਰਸ਼, ਅਤੇ ਉਸ ਦੀ ਸਰੀਰਕ ਦਿੱਖ, ਸਭ ਅਸਥਾਈ ਗੱਲਾਂ ਹਨ। ਇਹ ਤਾਂ ਸਾਰੀ ਮਨੁੱਖਜਾਤੀ ਲਈ ਉਸ ਦੇ ਪ੍ਰਬੰਧ ਦੇ ਹਰੇਕ ਪੜਾਅ ਵਿੱਚ ਨਿੱਕੇ-ਨਿੱਕੇ ਬਿੰਦੂ ਅਤੇ ਛੋਟੇ-ਛੋਟੇ ਚਿੰਨ੍ਹ ਹਨ। ਅਤੇ ਇੱਕ ਵਿਅਕਤੀ ਦੀ ਅਸਲ ਮੰਜ਼ਿਲ ਅਤੇ ਨਤੀਜਾ ਕਿਸੇ ਵੀ ਤਰ੍ਹਾਂ ਉਨ੍ਹਾਂ ਦੇ ਜਨਮ ਤੋਂ ਨਿਰਧਾਰਤ ਨਹੀਂ ਹੁੰਦਾ, ਸਗੋਂ ਉਨ੍ਹਾਂ ਦੁਆਰਾ ਆਪਣੇ ਜੀਵਨ ਵਿੱਚ ਪੂਰੇ ਕੀਤੇ ਜਾਣ ਵਾਲੇ ਉਦੇਸ਼, ਅਤੇ ਸਿਰਜਣਹਾਰ ਦੇ ਪ੍ਰਬੰਧ ਦੀ ਯੋਜਨਾ ਪੂਰੀ ਹੋਣ ’ਤੇ ਉਸ ਵੱਲੋਂ ਉਨ੍ਹਾਂ ਉੱਤੇ ਐਲਾਨ ਕੀਤੇ ਗਏ ਨਿਆਂ ਤੋਂ ਹੁੰਦਾ ਹੈ।

ਅਜਿਹਾ ਆਖਿਆ ਜਾਂਦਾ ਹੈ ਕਿ ਹਰੇਕ ਨਤੀਜੇ ਦਾ ਇੱਕ ਕਾਰਨ ਹੁੰਦਾ ਹੈ, ਅਤੇ ਕੋਈ ਵੀ ਕਾਰਨ ਬਿਨਾ ਨਤੀਜੇ ਦੇ ਨਹੀਂ ਹੁੰਦਾ। ਇਸ ਕਰਕੇ ਇੱਕ ਵਿਅਕਤੀ ਦਾ ਜਨਮ ਪੱਕੇ ਤੌਰ ’ਤੇ ਉਸ ਦੇ ਮੌਜੂਦਾ ਜੀਵਨ ਦੇ ਨਾਲ ਅਤੇ ਪਿਛਲੇ ਜੀਵਨ ਦੇ ਨਾਲ ਬੱਝਿਆ ਹੁੰਦਾ ਹੈ। ਜੇਕਰ ਮੌਤ ਇੱਕ ਵਿਅਕਤੀ ਦੇ ਮੌਜੂਦਾ ਜੀਵਨ-ਚੱਕਰ ਦਾ ਅੰਤ ਕਰ ਦਿੰਦੀ ਹੈ, ਤਾਂ ਇੱਕ ਵਿਅਕਤੀ ਦਾ ਜਨਮ ਇੱਕ ਨਵੇਂ ਚੱਕਰ ਦਾ ਅਰੰਭ ਕਰਦਾ ਹੈ; ਜੇਕਰ ਇੱਕ ਪੁਰਾਣਾ ਚੱਕਰ ਇੱਕ ਵਿਅਕਤੀ ਦੇ ਪਿਛਲੇ ਜੀਵਨ ਨੂੰ ਦਰਸਾਉਂਦਾ ਹੈ, ਤਾਂ ਨਵਾਂ ਚੱਕਰ ਸੁਭਾਵਕ ਤੌਰ ’ਤੇ ਉਨ੍ਹਾਂ ਦੇ ਮੌਜੂਦਾ ਜੀਵਨ ਨੂੰ ਦਰਸਾਉਂਦਾ ਹੈ। ਕਿਉਂਕਿ ਇੱਕ ਵਿਅਕਤੀ ਦਾ ਜਨਮ ਉਸ ਦੇ ਪਿਛਲੇ ਜੀਵਨ ਦੇ ਨਾਲ ਅਤੇ ਮੌਜੂਦਾ ਜੀਵਨ ਦੇ ਨਾਲ ਜੁੜਿਆ ਹੁੰਦਾ ਹੈ, ਤਾਂ ਇਸ ਦਾ ਮਤਲਬ ਇਹ ਹੈ ਕਿ ਇੱਕ ਵਿਅਕਤੀ ਦੇ ਜਨਮ ਨਾਲ ਜੁੜੇ ਕਾਰਕ, ਜਿਵੇਂ ਕਿ ਉਸ ਦਾ ਜਨਮ-ਸਥਾਨ, ਪਰਿਵਾਰ, ਲਿੰਗ, ਸਰੀਰਕ ਰੂਪ, ਅਤੇ ਹੋਰ ਸਭ ਕੁਝ ਨਿਸ਼ਚਿਤ ਤੌਰ ’ਤੇ ਉਸ ਵਿਅਕਤੀ ਦੇ ਪਿਛਲੇ ਜੀਵਨ ਅਤੇ ਮੌਜੂਦਾ ਜੀਵਨ ਦੇ ਨਾਲ ਸੰਬੰਧਤ ਹੁੰਦੇ ਹਨ। ਇਸ ਦਾ ਅਰਥ ਇਹ ਹੈ ਕਿ ਇੱਕ ਵਿਅਕਤੀ ਦਾ ਜਨਮ ਨਾ ਸਿਰਫ਼ ਉਸ ਦੇ ਪਿਛਲੇ ਜੀਵਨ ਤੋਂ ਪ੍ਰਭਾਵਿਤ ਹੁੰਦਾ ਹੈ, ਸਗੋਂ ਉਸ ਦੇ ਮੌਜੂਦਾ ਜੀਵਨ ਦੇ ਨਸੀਬ ਤੋਂ ਵੀ ਨਿਰਧਾਰਤ ਹੁੰਦਾ ਹੈ, ਜਿਸ ਤੋਂ ਉਸ ਦੇ ਜਨਮ ਦੇ ਵੱਖ-ਵੱਖ ਹਾਲਾਤ ਵੀ ਨਿਰਧਾਰਤ ਹੁੰਦੇ ਹਨ: ਕੁਝ ਲੋਕਾਂ ਦਾ ਜਨਮ ਗਰੀਬ ਪਰਿਵਾਰਾਂ ਵਿੱਚ ਹੁੰਦਾ ਹੈ, ਅਤੇ ਕੁਝ ਦਾ ਅਮੀਰ ਪਰਿਵਾਰਾਂ ਵਿੱਚ। ਕੁਝ ਲੋਕ ਜਨਤਾ ਦਾ ਹਿੱਸਾ ਬਣਦੇ ਹਨ, ਅਤੇ ਕੁਝ ਸ਼ਾਹੀ ਖਾਨਦਾਨਾਂ ਦਾ। ਕੁਝ ਦਾ ਜਨਮ ਦੱਖਣ ਵਿੱਚ ਹੁੰਦਾ ਹੈ ਅਤੇ ਕੁਝ ਦਾ ਉੱਤਰ ਵਿੱਚ। ਕੁਝ ਦਾ ਜਨਮ ਮਾਰੂਥਲ ਵਿੱਚ ਹੁੰਦਾ ਹੈ ਅਤੇ ਕੁਝ ਦਾ ਹਰਿਆਲੇ ਖੇਤਰਾਂ ਵਿੱਚ। ਕੁਝ ਲੋਕਾਂ ਦੇ ਜਨਮ ਵੇਲੇ ਖੁਸ਼ੀਆਂ, ਹਾਸੇ, ਅਤੇ ਜਸ਼ਨ ਹੁੰਦੇ ਹਨ; ਅਤੇ ਕੁਝ ਦੇ ਜਨਮ ਵੇਲੇ ਹੰਝੂ, ਬਿਪਤਾ, ਅਤੇ ਸੰਤਾਪ ਹੁੰਦਾ ਹੈ। ਕੁਝ ਨੂੰ ਜਨਮ ਤੋਂ ਬਾਅਦ ਬੇਸ਼ਕੀਮਤੀ ਮੰਨਿਆ ਜਾਂਦਾ ਹੈ, ਅਤੇ ਕੁਝ ਨੂੰ ਕੂੜੇ ਵਾਂਗ ਸੁੱਟ ਦਿੱਤਾ ਜਾਂਦਾ ਹੈ। ਕੁਝ ਦਾ ਜਨਮ ਸੋਹਣੇ-ਸੁਣੱਖੇ ਨੈਣ-ਨਕਸ਼ਾਂ ਦੇ ਨਾਲ ਹੁੰਦਾ ਹੈ, ਅਤੇ ਕੁਝ ਦਾ ਵਿੰਗੇ-ਟੇਢੇ ਅੰਗਾਂ ਨਾਲ। ਕੁਝ ਵੇਖਣ ਵਿੱਚ ਸੋਹਣੇ ਹੁੰਦੇ ਹਨ ਅਤੇ ਕੁਝ ਭੈੜੇ। ਕੁਝ ਦਾ ਜਨਮ ਅੱਧੀ ਰਾਤ ਨੂੰ ਹੁੰਦਾ ਹੈ ਅਤੇ ਕੁਝ ਦਾ ਸਿਖਰ ਦੁਪਹਿਰੇ… ਸਭਨਾਂ ਤਰ੍ਹਾਂ ਦੇ ਲੋਕਾਂ ਦਾ ਜਨਮ ਸਿਰਜਣਹਾਰ ਵੱਲੋਂ ਉਨ੍ਹਾਂ ਲਈ ਨਿਰਧਾਰਤ ਕੀਤੇ ਗਏ ਨਸੀਬ ਤੋਂ ਨਿਰਧਾਰਤ ਹੁੰਦਾ ਹੈ; ਉਨ੍ਹਾਂ ਦਾ ਜਨਮ ਉਨ੍ਹਾਂ ਦੇ ਮੌਜੂਦਾ ਜੀਵਨ ਵਿੱਚ ਉਨ੍ਹਾਂ ਦੇ ਨਸੀਬ ਨੂੰ ਨਿਰਧਾਰਤ ਕਰਨ ਦੇ ਨਾਲ-ਨਾਲ ਇਹ ਵੀ ਨਿਰਧਾਰਤ ਕਰਦਾ ਹੈ ਕਿ ਉਹ ਕਿਹੜੀ ਭੂਮਿਕਾ ਨਿਭਾਉਣਗੇ ਅਤੇ ਕਿਹੜੇ ਉਦੇਸ਼ ਨੂੰ ਪੂਰਾ ਕਰਨਗੇ। ਇਹ ਸਭ ਸਿਰਜਣਹਾਰ ਦੀ ਪ੍ਰਭੁਤਾ ਦੇ ਵੱਸ ਹੈ, ਉਸੇ ਵੱਲੋਂ ਪਹਿਲਾਂ ਤੋਂ ਮਿੱਥਿਆ ਜਾਂਦਾ ਹੈ; ਕੋਈ ਵੀ ਆਪਣੇ ਪਹਿਲਾਂ ਤੋਂ ਮਿੱਥੇ ਗਏ ਭਾਗ ਤੋਂ ਬਚ ਨਹੀਂ ਸਕਦਾ, ਕੋਈ ਵੀ ਆਪਣੇ ਜਨਮ ਨੂੰ ਬਦਲ ਨਹੀਂ ਸਕਦਾ, ਅਤੇ ਕੋਈ ਵੀ ਆਪਣੇ ਨਸੀਬ ਨੂੰ ਚੁਣ ਨਹੀਂ ਸਕਦਾ।

ਦੂਜਾ ਪੜਾਅ: ਵੱਡੇ ਹੋਣਾ

ਜਿਸ ਤਰ੍ਹਾਂ ਦੇ ਪਰਿਵਾਰ ਵਿੱਚ ਲੋਕਾਂ ਦਾ ਜਨਮ ਹੁੰਦਾ ਹੈ, ਉਸ ਦੇ ਅਧਾਰ ’ਤੇ ਉਹ ਵੱਖ-ਵੱਖ ਤਰ੍ਹਾਂ ਦੇ ਘਰੇਲੂ ਮਾਹੌਲ ਵਿੱਚ ਵੱਡੇ ਹੁੰਦੇ ਹਨ ਅਤੇ ਆਪਣੇ ਮਾਪਿਆਂ ਤੋਂ ਵੱਖ-ਵੱਖ ਤਰ੍ਹਾਂ ਦੇ ਸਬਕ ਸਿੱਖਦੇ ਹਨ। ਇਹ ਸਾਰੇ ਕਾਰਕ ਨਿਰਧਾਰਤ ਕਰਦੇ ਹਨ ਕਿ ਇੱਕ ਵਿਅਕਤੀ ਕਿਨ੍ਹਾਂ ਹਾਲਾਤਾਂ ਵਿੱਚ ਸਿਆਣਾ ਹੋਵੇਗਾ, ਅਤੇ ਵੱਡੇ ਹੋਣਾ ਇੱਕ ਵਿਅਕਤੀ ਦੇ ਜੀਵਨ ਦੇ ਦੂਜੇ ਮਹੱਤਵਪੂਰਣ ਪੜਾਅ ਨੂੰ ਦਰਸਾਉਂਦਾ ਹੈ। ਇਹ ਕਹਿਣ ਦੀ ਲੋੜ ਨਹੀਂ ਹੈ ਕਿ ਇਸ ਪੜਾਅ ’ਤੇ ਵੀ ਲੋਕਾਂ ਕੋਲ ਆਪਣੀ ਕੋਈ ਚੋਣ ਨਹੀਂ ਹੁੰਦੀ। ਇਹ ਪਹਿਲਾਂ ਤੋਂ ਹੀ ਮਿੱਥਿਆ ਹੋਇਆ ਅਤੇ ਨਿਰਧਾਰਤ ਹੁੰਦਾ ਹੈ।

1. ਸਿਰਜਣਹਾਰ ਨੇ ਹਰੇਕ ਵਿਅਕਤੀ ਦੇ ਸਿਆਣੇ ਹੋਣ ਲਈ ਹਾਲਾਤ ਨਿਰਧਾਰਤ ਕੀਤੇ ਹੋਏ ਹਨ

ਇੱਕ ਵਿਅਕਤੀ ਉਨ੍ਹਾਂ ਲੋਕਾਂ, ਘਟਨਾਵਾਂ, ਜਾਂ ਵਸਤਾਂ ਦੀ ਚੋਣ ਨਹੀਂ ਕਰ ਸਕਦਾ ਜਿਹੜੀਆਂ ਉਸ ਨੂੰ ਵੱਡੇ ਹੁੰਦੇ ਹੋਏ ਸਿਆਣਾ ਬਣਾਉਂਦੀਆਂ ਹਨ ਅਤੇ ਪ੍ਰਭਾਵਿਤ ਕਰਦੀਆਂ ਹਨ। ਕੋਈ ਵੀ ਇਹ ਚੋਣ ਨਹੀਂ ਕਰ ਸਕਦਾ ਕਿ ਉਹ ਕਿਹੜਾ ਗਿਆਨ ਜਾਂ ਹੁਨਰ ਪ੍ਰਾਪਤ ਕਰੇਗਾ ਅਤੇ ਕਿਹੜੀਆਂ ਆਦਤਾਂ ਵਿਕਸਿਤ ਕਰੇਗਾ। ਕੋਈ ਇਸ ਬਾਰੇ ਆਪਣੀ ਗੱਲ ਸਾਹਮਣੇ ਨਹੀਂ ਰੱਖ ਸਕਦਾ ਕਿ ਉਸ ਦੇ ਮਾਪੇ ਅਤੇ ਰਿਸ਼ਤੇਦਾਰ ਕੌਣ ਹੋਣਗੇ, ਉਹ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਵੱਡਾ ਹੋਵੇਗਾ; ਲੋਕਾਂ, ਘਟਨਾਵਾਂ, ਅਤੇ ਉਸ ਦੇ ਚੁਫੇਰੇ ਦੀਆਂ ਵਸਤਾਂ ਦੇ ਨਾਲ ਉਸ ਦੇ ਸੰਬੰਧ, ਅਤੇ ਉਸ ਦੇ ਵਿਕਾਸ ਉੱਤੇ ਪੈਣ ਵਾਲੇ ਉਨ੍ਹਾਂ ਦੇ ਪ੍ਰਭਾਵ, ਉਸ ਦੇ ਨਿਯੰਤ੍ਰਣ ਤੋਂ ਬਾਹਰ ਹਨ। ਤਾਂ ਫਿਰ ਇਨ੍ਹਾਂ ਗੱਲਾਂ ਦਾ ਫੈਸਲਾ ਕੌਣ ਕਰਦਾ ਹੈ? ਇਨ੍ਹਾਂ ਦੀ ਵਿਵਸਥਾ ਕੌਣ ਕਰਦਾ ਹੈ? ਕਿਉਂਕਿ ਇਸ ਮਸਲੇ ਵਿੱਚ ਲੋਕਾਂ ਦੇ ਕੋਲ ਆਪਣੀ ਕੋਈ ਚੋਣ ਨਹੀਂ ਹੈ, ਕਿਉਂਕਿ ਇਨ੍ਹਾਂ ਵਸਤਾਂ ਦੇ ਸੰਬੰਧ ਵਿੱਚ ਉਹ ਆਪਣੇ ਆਪ ਲਈ ਕੋਈ ਫੈਸਲਾ ਨਹੀਂ ਕਰ ਸਕਦੇ, ਅਤੇ ਕਿਉਂਕਿ ਇਹ ਤਾਂ ਸਪਸ਼ਟ ਹੀ ਹੈ ਕਿ ਇਹ ਸਭ ਸੁਭਾਵਕ ਤੌਰ ’ਤੇ ਆਪਣੇ ਆਪ ਨਹੀਂ ਹੋ ਸਕਦਾ, ਤਾਂ ਫਿਰ ਇਹ ਆਖਣ ਦੀ ਤਾਂ ਲੋੜ ਹੀ ਨਹੀਂ ਹੈ ਕਿ ਇਨ੍ਹਾਂ ਸਭਨਾਂ ਲੋਕਾਂ, ਘਟਨਾਵਾਂ, ਅਤੇ ਵਸਤਾਂ ਦਾ ਪ੍ਰਬੰਧ ਸਿਰਜਣਹਾਰ ਦੇ ਹੱਥਾਂ ਵਿੱਚ ਹੀ ਹੈ। ਹਾਂ, ਜਿਵੇਂ-ਜਿਵੇਂ ਸਿਰਜਣਹਾਰ ਹਰੇਕ ਵਿਅਕਤੀ ਦੇ ਜਨਮ ਦੇ ਖਾਸ ਹਾਲਾਤਾਂ ਦਾ ਪ੍ਰਬੰਧ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਖਾਸ ਹਾਲਾਤਾਂ ਦਾ ਪ੍ਰਬੰਧ ਵੀ ਕਰਦਾ ਹੈ, ਜਿਨ੍ਹਾਂ ਵਿੱਚ ਇੱਕ ਵਿਅਕਤੀ ਵੱਡਾ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਦਾ ਜਨਮ ਉਸ ਦੇ ਚੁਫੇਰੇ ਦੇ ਲੋਕਾਂ, ਘਟਨਾਵਾਂ, ਅਤੇ ਵਸਤਾਂ ਵਿੱਚ ਬਦਲਾਓ ਲੈ ਕੇ ਆਉਂਦਾ ਹੈ, ਤਾਂ ਫਿਰ ਇਹ ਸੁਭਾਵਕ ਹੀ ਹੈ ਕਿ ਉਸ ਦਾ ਵਾਧਾ ਅਤੇ ਵਿਕਾਸ ਵੀ ਉਨ੍ਹਾਂ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ। ਉਦਾਹਰਣ ਵਜੋਂ, ਕੁਝ ਲੋਕ ਗਰੀਬ ਪਰਿਵਾਰਾਂ ਵਿੱਚ ਪੈਦਾ ਹੁੰਦੇ ਹਨ, ਪਰ ਉਹ ਦੌਲਤ ਵਿੱਚ ਖੇਡਦੇ ਹੋਏ ਵੱਡੇ ਹੁੰਦੇ ਹਨ; ਕੁਝ ਲੋਕ ਧਨਾਢ ਪਰਿਵਾਰਾਂ ਵਿੱਚ ਪੈਦਾ ਹੁੰਦੇ ਹਨ, ਪਰ ਆਪਣੇ ਪਰਿਵਾਰਾਂ ਦੀ ਦੌਲਤ ਸੁਆਹ ਕਰਦੇ ਹੋਏ ਐਸੀ ਦਸ਼ਾ ਵਿੱਚ ਆ ਜਾਂਦੇ ਹਨ ਕਿ ਜਿਵੇਂ ਉਹ ਪੈਦਾ ਹੀ ਗਰੀਬ ਹਾਲਾਤਾਂ ਵਿੱਚ ਹੋਏ ਸਨ। ਕਿਸੇ ਦਾ ਵੀ ਜਨਮ ਮਿੱਥੇ ਹੋਏ ਨਿਯਮਾਂ ਦੁਆਰਾ ਨਿਯੰਤ੍ਰਿਤ ਨਹੀਂ ਹੁੰਦਾ ਅਤੇ ਨਾ ਹੀ ਕੋਈ ਅਟੱਲ, ਮਿੱਥੇ ਹੋਏ ਹਾਲਾਤਾਂ ਵਿੱਚ ਵੱਡਾ ਹੁੰਦਾ ਹੈ। ਇਹ ਅਜਿਹੀਆਂ ਗੱਲਾਂ ਨਹੀਂ ਹਨ, ਜਿਨ੍ਹਾਂ ਬਾਰੇ ਇੱਕ ਵਿਅਕਤੀ ਕਲਪਨਾ ਕਰ ਸਕਦਾ ਹੈ ਜਾਂ ਜਿਨ੍ਹਾਂ ਉੱਤੇ ਉਹ ਨਿਯੰਤ੍ਰਣ ਕਰ ਸਕਦਾ ਹੈ; ਇਹ ਸਭ ਉਸ ਦੇ ਨਸੀਬ ਦਾ ਨਤੀਜਾ ਹਨ, ਅਤੇ ਉਸ ਦੇ ਨਸੀਬ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਹਾਂ, ਮੂਲ ਰੂਪ ਵਿੱਚ ਇਹ ਸਭ ਗੱਲਾਂ ਉਸ ਨਸੀਬ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ, ਜਿਸ ਨੂੰ ਸਿਰਜਣਹਾਰ ਨੇ ਹਰੇਕ ਵਿਅਕਤੀ ਲਈ ਪਹਿਲਾਂ ਤੋਂ ਹੀ ਮਿੱਥ ਦਿੱਤਾ ਹੈ; ਇਹ ਗੱਲਾਂ ਉਸ ਵਿਅਕਤੀ ਦੇ ਨਸੀਬ ਉੱਤੇ ਸਿਰਜਣਹਾਰ ਦੀ ਪ੍ਰਭੁਤਾ ਅਤੇ ਇਸ ਦੇ ਲਈ ਉਸ ਦੀ ਯੋਜਨਾ ਦੁਆਰਾ ਨਿਰਧਾਰਤ ਹੁੰਦੀਆਂ ਹਨ।

2. ਲੋਕ ਜਿਨ੍ਹਾਂ ਭਿੰਨ-ਭਿੰਨ ਹਾਲਾਤਾਂ ਹੇਠ ਵੱਡੇ ਹੁੰਦੇ ਹਨ ਉਹ ਵੱਖ-ਵੱਖ ਭੂਮਿਕਾਵਾਂ ਨੂੰ ਜਨਮ ਦਿੰਦੇ ਹਨ

ਇੱਕ ਵਿਅਕਤੀ ਦੇ ਜਨਮ ਵੇਲੇ ਦੇ ਹਾਲਾਤ ਉਸ ਬੁਨਿਆਦੀ ਮਾਹੌਲ ਅਤੇ ਹਾਲਾਤਾਂ ਨੂੰ ਸਥਾਪਿਤ ਕਰਦੇ ਹਨ ਜਿਨ੍ਹਾਂ ਵਿੱਚ ਉਹ ਵੱਡਾ ਹੁੰਦਾ ਹੈ, ਅਤੇ ਇਸੇ ਤਰ੍ਹਾਂ ਜਿਨ੍ਹਾਂ ਹਾਲਾਤਾਂ ਵਿੱਚ ਇੱਕ ਵਿਅਕਤੀ ਵੱਡਾ ਹੁੰਦਾ ਹੈ ਉਹ ਉਸ ਦੇ ਜਨਮ ਦੇ ਹਾਲਾਤਾਂ ਦਾ ਨਤੀਜਾ ਹੁੰਦੇ ਹਨ। ਇਸ ਵੇਲੇ ਦੇ ਦੌਰਾਨ, ਉਹ ਵਿਅਕਤੀ ਭਾਸ਼ਾ ਸਿੱਖਣਾ ਅਰੰਭ ਕਰਦਾ ਹੈ ਅਤੇ ਉਸ ਦਾ ਦਿਮਾਗ ਅਨੇਕਾਂ ਨਵੀਂਆਂ ਗੱਲਾਂ ਨੂੰ ਵੇਖਣਾ ਅਤੇ ਜਮ੍ਹਾ ਕਰਨਾ ਅਰੰਭ ਕਰਦਾ ਹੈ, ਜੋ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਦੌਰਾਨ ਉਹ ਵਿਅਕਤੀ ਵੱਡਾ ਹੁੰਦਾ ਰਹਿੰਦਾ ਹੈ। ਜਿਨ੍ਹਾਂ ਗੱਲਾਂ ਨੂੰ ਉਹ ਵਿਅਕਤੀ ਆਪਣਿਆਂ ਕੰਨਾਂ ਨਾਲ ਸੁਣਦਾ ਹੈ, ਆਪਣੀਆਂ ਅੱਖਾਂ ਨਾਲ ਵੇਖਦਾ ਹੈ, ਅਤੇ ਆਪਣੇ ਦਿਮਾਗ ਰਾਹੀਂ ਆਪਣੇ ਅੰਦਰ ਜਮ੍ਹਾ ਕਰਦਾ ਹੈ, ਉਹ ਸਭ ਉਸ ਵਿਅਕਤੀ ਦੇ ਅੰਦਰੂਨੀ ਸੰਸਾਰ ਨੂੰ ਭਰ ਦਿੰਦੀਆਂ ਅਤੇ ਸਜੀਵ ਕਰ ਦਿੰਦੀਆਂ ਹਨ। ਇੱਕ ਵਿਅਕਤੀ ਜਿਨ੍ਹਾਂ ਲੋਕਾਂ, ਘਟਨਾਵਾਂ ਅਤੇ ਵਸਤਾਂ ਦੇ ਸੰਪਰਕ ਵਿੱਚ ਆਉਂਦਾ ਹੈ; ਜਿਹੜੀ ਸਧਾਰਨ ਸੂਝ-ਬੂਝ, ਗਿਆਨ ਅਤੇ ਹੁਨਰ ਪ੍ਰਾਪਤ ਕਰਦਾ ਹੈ; ਅਤੇ ਸੋਚ ਦਾ ਜੋ ਤਰੀਕਾ ਉਸ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਦੇ ਦੁਆਰਾ ਉਹ ਸਿਖਲਾਈ ਜਾਂ ਸਿੱਖਿਆ ਪ੍ਰਾਪਤ ਕਰਦਾ ਹੈ, ਉਹ ਸਭ ਉਸ ਵਿਅਕਤੀ ਦੇ ਜੀਵਨ ਦੇ ਨਸੀਬ ਦੀ ਅਗਵਾਈ ਕਰਦਾ ਅਤੇ ਉਸ ਨੂੰ ਪ੍ਰਭਾਵਿਤ ਕਰਦਾ ਹੈ। ਵੱਡੇ ਹੁੰਦਿਆਂ ਇੱਕ ਵਿਅਕਤੀ ਦੁਆਰਾ ਸਿੱਖੀ ਜਾਣ ਵਾਲੀ ਭਾਸ਼ਾ ਨੂੰ ਅਤੇ ਉਸ ਦੀ ਸੋਚ ਦੇ ਤਰੀਕੇ ਨੂੰ ਉਸ ਮਾਹੌਲ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਜਿਸ ਵਿੱਚ ਉਹ ਆਪਣੀ ਜੁਆਨੀ ਬਤੀਤ ਕਰਦਾ ਹੈ, ਅਤੇ ਉਸ ਦੇ ਮਾਪੇ ਅਤੇ ਭੈਣ-ਭਰਾ, ਅਤੇ ਬਾਕੀ ਦੇ ਲੋਕ, ਘਟਨਾਵਾਂ ਅਤੇ ਉਸ ਦੇ ਚੁਫੇਰੇ ਦੀਆਂ ਹੋਰ ਵਸਤਾਂ ਰਲ ਕੇ ਉਸ ਮਾਹੌਲ ਨੂੰ ਤਿਆਰ ਕਰਦੀਆਂ ਹਨ। ਇਸ ਕਰਕੇ ਇੱਕ ਵਿਅਕਤੀ ਦੇ ਵਿਕਾਸ ਦੀ ਯਾਤਰਾ ਉਸ ਮਾਹੌਲ ਦੁਆਰਾ ਨਿਰਧਾਰਤ ਹੁੰਦੀ ਹੈ ਜਿਸ ਵਿੱਚ ਉਹ ਵੱਡਾ ਹੁੰਦਾ ਹੈ ਅਤੇ ਇਹ ਉਨ੍ਹਾਂ ਲੋਕਾਂ ਘਟਨਾਵਾਂ ਅਤੇ ਹੋਰਨਾਂ ਵਸਤਾਂ ਉੱਤੇ ਵੀ ਨਿਰਭਰ ਕਰਦੀ ਹੈ ਜਿਨ੍ਹਾਂ ਦੇ ਸੰਪਰਕ ਵਿੱਚ ਉਹ ਉਸ ਸਮੇਂ ਦੇ ਦੌਰਾਨ ਆਉਂਦਾ ਹੈ। ਕਿਉਂਕਿ ਉਹ ਹਾਲਾਤ, ਜਿਸ ਵਿੱਚ ਇੱਕ ਵਿਅਕਤੀ ਵੱਡਾ ਹੁੰਦਾ ਹੈ, ਬਹੁਤ ਪਹਿਲਾਂ ਤੋਂ ਹੀ ਮਿੱਥੇ ਹੋਏ ਹਨ, ਇਸ ਕਰਕੇ ਇਸ ਪ੍ਰਕਿਰਿਆ ਦੇ ਦੌਰਾਨ ਜਿਸ ਮਾਹੌਲ ਵਿੱਚ ਉਹ ਵਿਅਕਤੀ ਵੱਡਾ ਹੁੰਦਾ ਹੈ, ਉਹ ਵੀ ਸੁਭਾਵਕ ਤੌਰ ’ਤੇ ਪਹਿਲਾਂ ਤੋਂ ਹੀ ਮਿੱਥਿਆ ਹੋਇਆ ਹੈ। ਇਨ੍ਹਾਂ ਦਾ ਫੈਸਲਾ ਉਸ ਵਿਅਕਤੀ ਦੀਆਂ ਚੋਣਾਂ ਅਤੇ ਪਸੰਦ ਉੱਤੇ ਨਹੀਂ, ਸਗੋਂ ਸਿਰਜਣਹਾਰ ਦੀ ਯੋਜਨਾ ਉੱਤੇ ਨਿਰਭਰ ਕਰਦਾ ਹੈ, ਸਿਰਜਣਹਾਰ ਦੇ ਸੋਚੇ-ਸਮਝੇ ਪ੍ਰਬੰਧ ਅਨੁਸਾਰ ਅਤੇ ਉਸ ਵਿਅਕਤੀ ਦੇ ਜੀਵਨ ਦੇ ਨਸੀਬ ਉੱਤੇ ਸਿਰਜਣਹਾਰ ਦੀ ਪ੍ਰਭੁਤਾ ਦੁਆਰਾ ਨਿਰਧਾਰਤ ਹੁੰਦਾ ਹੈ। ਇਸ ਕਰਕੇ ਵੱਡਾ ਹੋਣ ਦੀ ਯਾਤਰਾ ਵਿੱਚ ਇੱਕ ਵਿਅਕਤੀ ਦੀ ਜਿਨ੍ਹਾਂ ਲੋਕਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਅਤੇ ਜਿਨ੍ਹਾਂ ਵਸਤਾਂ ਦੇ ਸੰਪਰਕ ਵਿੱਚ ਉਹ ਆਉਂਦਾ ਹੈ, ਉਹ ਸਭ ਸੁਭਾਵਕ ਤੌਰ ’ਤੇ ਹੀ ਸਿਰਜਣਹਾਰ ਦੀ ਯੋਜਨਾ ਅਤੇ ਪ੍ਰਬੰਧ ਨਾਲ ਜੁੜੇ ਹੁੰਦੇ ਹਨ। ਇਸ ਤਰ੍ਹਾਂ ਦੇ ਪੇਚੀਦਾ ਆਪਸੀ ਸੰਬੰਧਾਂ ਨੂੰ ਲੋਕ ਦੇਖ ਨਹੀਂ ਪਾਉਂਦੇ, ਅਤੇ ਨਾ ਉਹ ਇਨ੍ਹਾਂ ਉੱਤੇ ਕੋਈ ਨਿਯੰਤ੍ਰਣ ਰੱਖ ਪਾਉਂਦੇ ਹਨ ਤੇ ਨਾ ਹੀ ਇਨ੍ਹਾਂ ਨੂੰ ਸਮਝ ਪਾਉਂਦੇ ਹਨ। ਬਹੁਤ ਸਾਰੀਆਂ ਵੱਖ-ਵੱਖ ਗੱਲਾਂ ਅਤੇ ਲੋਕ ਉਸ ਮਾਹੌਲ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਵਿੱਚ ਇੱਕ ਵਿਅਕਤੀ ਵੱਡਾ ਹੁੰਦਾ ਹੈ, ਅਤੇ ਕੋਈ ਵੀ ਮਨੁੱਖ ਇਸ ਯੋਗ ਨਹੀਂ ਹੈ ਕਿ ਉਹ ਸੰਬੰਧਾਂ ਦੇ ਐਨੇ ਵੱਡੇ ਜਾਲ ਨੂੰ ਬੁਣ ਸਕੇ ਜਾਂ ਉਸ ਦਾ ਪ੍ਰਬੰਧ ਕਰ ਸਕੇ। ਸਿਰਜਣਹਾਰ ਤੋਂ ਇਲਾਵਾ ਨਾ ਤਾਂ ਕੋਈ ਵਿਅਕਤੀ ਅਤੇ ਨਾ ਹੀ ਕੋਈ ਵਸਤੂ ਸਭਨਾਂ ਲੋਕਾਂ ਦੇ ਸਰੀਰਕ ਰੂਪ, ਵਸਤਾਂ ਅਤੇ ਘਟਨਾਵਾਂ ਨੂੰ ਨਿਯੰਤ੍ਰਿਤ ਕਰ ਸਕਦੀ ਹੈ, ਨਾ ਹੀ ਉਹ ਉਨ੍ਹਾਂ ਦਾ ਪ੍ਰਬੰਧ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਲੁਪਤ ਹੋ ਜਾਣ ਨੂੰ ਨਿਯੰਤ੍ਰਿਤ ਕਰ ਸਕਦੇ ਹਨ, ਅਤੇ ਇਹ ਸੰਬੰਧਾਂ ਦਾ ਐਨਾ ਵਿਸ਼ਾਲ ਜਾਲ ਹੈ ਜੋ ਇੱਕ ਵਿਅਕਤੀ ਦੇ ਵਿਕਾਸ ਨੂੰ ਉਸ ਤਰ੍ਹਾਂ ਆਕਾਰ ਦਿੰਦਾ ਹੈ, ਜਿਸ ਤਰ੍ਹਾਂ ਸਿਰਜਣਹਾਰ ਵੱਲੋਂ ਪਹਿਲਾਂ ਤੋਂ ਮਿੱਥਿਆ ਗਿਆ ਹੈ ਅਤੇ ਨਾਲ ਹੀ ਉਸ ਵੱਖਰੇ-ਵੱਖਰੇ ਮਾਹੌਲ ਦਾ ਨਿਰਮਾਣ ਕਰਦਾ ਹੈ ਜਿਸ ਵਿੱਚ ਲੋਕ ਵੱਡੇ ਹੁੰਦੇ ਹਨ। ਇਹੋ ਹੈ ਜੋ ਸਿਰਜਣਹਾਰ ਦੇ ਪ੍ਰਬੰਧ ਦੇ ਕੰਮ ਲਈ ਲੋੜੀਂਦੀਆਂ ਵੱਖ-ਵੱਖ ਭੂਮਿਕਾਵਾਂ ਤਿਆਰ ਕਰਦਾ ਹੈ ਅਤੇ ਲੋਕਾਂ ਦੇ ਲਈ ਮਜ਼ਬੂਤ ਅਤੇ ਠੋਸ ਨੀਂਹ ਤਿਆਰ ਕਰਦਾ ਹੈ ਤਾਂ ਜੋ ਉਹ ਆਪਣੇ ਉਦੇਸ਼ ਨੂੰ ਸਫਲਤਾ ਪੂਰਵਕ ਪੂਰਾ ਕਰ ਸਕਣ।

ਤੀਜਾ ਪੜਾਅ: ਆਤਮ-ਨਿਰਭਰਤਾ

ਇੱਕ ਵਿਅਕਤੀ ਬਚਪਨ ਅਤੇ ਅੱਲ੍ਹੜਪੁਣੇ ਦੀ ਅਵਸਥਾ ਨੂੰ ਪਾਰ ਕਰ ਲੈਣ ਤੋਂ ਬਾਅਦ ਅਤੇ ਹੌਲੀ-ਹੌਲੀ ਪਰ ਯਕੀਨੀ ਤੌਰ ’ਤੇ ਪਰਿਪੱਕਤਾ ਵਿੱਚ ਪੁੱਜਦਾ ਹੈ, ਅਤੇ ਅਗਲਾ ਕਦਮ ਇਹ ਹੁੰਦਾ ਹੈ ਕਿ ਉਹ ਆਪਣੀ ਜੁਆਨੀ ਤੋਂ ਪੂਰੀ ਤਰ੍ਹਾਂ ਅਗਾਂਹ ਲੰਘ ਜਾਵੇ, ਆਪਣੇ ਮਾਪਿਆਂ ਨੂੰ ਅਲਵਿਦਾ ਕਹੇ, ਅਤੇ ਇੱਕ ਆਤਮ-ਨਿਰਭਰ ਸਿਆਣੇ ਵਿਅਕਤੀ ਵਜੋਂ ਆਪਣੇ ਅੱਗੇ ਪਏ ਰਾਹ ਉੱਤੇ ਤੁਰ ਪਵੇ। ਇਸ ਪੜਾਅ ’ਤੇ ਪੁੱਜ ਕੇ ਉਸ ਦਾ ਸਾਹਮਣਾ ਉਨ੍ਹਾਂ ਲੋਕਾਂ, ਘਟਨਾਵਾਂ, ਅਤੇ ਵਸਤਾਂ ਨਾਲ ਹੁੰਦਾ ਹੈ, ਜਿਨ੍ਹਾਂ ਦਾ ਸਾਹਮਣਾ ਇੱਕ ਸਿਆਣੇ ਵਿਅਕਤੀ ਨੂੰ ਕਰਨਾ ਹੀ ਪੈਂਦਾ ਹੈ, ਅਤੇ ਨਾਲ ਹੀ ਉਸ ਦੇ ਨਸੀਬ ਦੇ ਸਭਨਾਂ ਪਹਿਲੂਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਛੇਤੀ ਹੀ ਉਸ ਦੇ ਸਾਹਮਣੇ ਪਰਗਟ ਹੋ ਜਾਣਗੇ। ਇਹ ਉਹ ਤੀਜਾ ਪੜਾਅ ਹੈ ਜਿਸ ਵਿੱਚੋਂ ਇੱਕ ਵਿਅਕਤੀ ਨੂੰ ਲੰਘਣਾ ਹੀ ਪੈਂਦਾ ਹੈ।

1. ਆਤਮ-ਨਿਰਭਰ ਬਣਨ ਤੋਂ ਬਾਅਦ ਇੱਕ ਵਿਅਕਤੀ ਸਿਰਜਣਹਾਰ ਦੀ ਪ੍ਰਭੁਤਾ ਦਾ ਅਨੁਭਵ ਕਰਨਾ ਅਰੰਭ ਕਰਦਾ ਹੈ

ਜੇਕਰ ਇੱਕ ਵਿਅਕਤੀ ਦਾ ਜਨਮ ਅਤੇ ਵੱਡੇ ਹੋਣ ਦੀ ਅਵਸਥਾ ਉਸ ਦੀ ਜੀਵਨ ਯਾਤਰਾ ਲਈ “ਤਿਆਰੀ ਦਾ ਸਮਾਂ”, ਉਸ ਦੇ ਨਸੀਬ ਦਾ ਨੀਂਹ ਪੱਥਰ ਰੱਖੇ ਜਾਣ ਦਾ ਸਮਾਂ ਹੈ, ਤਾਂ ਫਿਰ ਉਸ ਦਾ ਆਤਮ-ਨਿਰਭਰ ਹੋਣਾ ਉਸ ਦੇ ਜੀਵਨ ਦੇ ਨਸੀਬ ਦਾ ਪਹਿਲਾ ਅਧਿਆਇ ਹੈ। ਜੇਕਰ ਇੱਕ ਵਿਅਕਤੀ ਦਾ ਜਨਮ ਅਤੇ ਵੱਡੇ ਹੋਣ ਦੀ ਅਵਸਥਾ ਉਹ ਦੌਲਤ ਹੈ ਜਿਸ ਨੂੰ ਉਹ ਆਪਣੇ ਜੀਵਨ ਦੇ ਨਸੀਬ ਲਈ ਇਕੱਠਾ ਕਰਦਾ ਹੈ, ਤਾਂ ਫਿਰ ਉਸ ਦਾ ਆਤਮ-ਨਿਰਭਰ ਹੋਣਾ ਉਸ ਦੌਲਤ ਨੂੰ ਖਰਚ ਕਰਨ ਜਾਂ ਫਿਰ ਉਸ ਵਿੱਚ ਵਾਧਾ ਕਰਨ ਦਾ ਅਰੰਭ ਹੈ। ਜਦ ਇੱਕ ਵਿਅਕਤੀ ਆਪਣੇ ਮਾਪਿਆਂ ਤੋਂ ਵੱਖਰਾ ਹੋ ਜਾਂਦਾ ਹੈ ਅਤੇ ਆਤਮ-ਨਿਰਭਰ ਹੋ ਜਾਂਦਾ ਹੈ, ਤਦ ਉਸ ਦੇ ਸਾਹਮਣੇ ਆਉਣ ਵਾਲੇ ਸਮਾਜਕ ਹਾਲਾਤ ਅਤੇ ਉਸ ਦੁਆਰਾ ਚੁਣਿਆ ਜਾਣ ਵਾਲਾ ਕੰਮ ਜਾਂ ਕਾਰੋਬਾਰ, ਦੋਵੇਂ ਹੀ ਉਸ ਦੇ ਨਸੀਬ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ ਅਤੇ ਉਸ ਦੇ ਮਾਪਿਆਂ ਦੇ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੁੰਦਾ। ਕੁਝ ਲੋਕ ਕਾਲਜ ਵਿੱਚ ਕੋਈ ਉੱਘਾ ਵਿਸ਼ਾ ਚੁਣਦੇ ਹਨ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੀ ਮਨਪਸੰਦ ਨੌਕਰੀ ਮਿਲ ਜਾਂਦੀ ਹੈ, ਅਤੇ ਉਹ ਆਪਣੀ ਜੀਵਨ ਯਾਤਰਾ ਦੀ ਪਹਿਲੀ ਸਫਲ ਪੁਲਾਂਘ ਪੁੱਟਦੇ ਹਨ। ਕੁਝ ਲੋਕ ਵੱਖਰੇ-ਵੱਖਰੇ ਹੁਨਰ ਸਿੱਖ ਕੇ ਉਨ੍ਹਾਂ ਵਿੱਚ ਮਾਹਿਰ ਹੋ ਜਾਂਦੇ ਹਨ, ਪਰ ਫਿਰ ਉਨ੍ਹਾਂ ਨੂੰ ਆਪਣੀ ਮਨਪਸੰਦ ਨੌਕਰੀ ਕਦੇ ਨਹੀਂ ਮਿਲਦੀ ਜਾਂ ਉਹ ਆਪਣਾ ਬਣਦਾ ਸਥਾਨ ਹਾਸਲ ਨਹੀਂ ਕਰ ਪਾਉਂਦੇ, ਰੁਜ਼ਗਾਰ ਮਿਲਣਾ ਤਾਂ ਬੜੀ ਦੂਰ ਦੀ ਗੱਲ ਰਹੀ; ਉਨ੍ਹਾਂ ਦੀ ਜੀਵਨ ਯਾਤਰਾ ਦੇ ਅਰੰਭ ਵਿੱਚ ਹੀ, ਉਹ ਪਾਉਂਦੇ ਹਨ ਕਿ ਹਰੇਕ ਮੋੜ ’ਤੇ ਉਨ੍ਹਾਂ ਨੂੰ ਥਪੇੜੇ ਪੈ ਰਹੇ ਹਨ, ਮੁਸੀਬਤਾਂ ਆ ਰਹੀਆਂ ਹਨ, ਉਨ੍ਹਾਂ ਦੀਆਂ ਉਮੀਦਾਂ ਧੁੰਦਲੀਆਂ ਪੈ ਰਹੀਆਂ ਹਨ ਅਤੇ ਉਨ੍ਹਾਂ ਦਾ ਜੀਵਨ ਅਨਿਸ਼ਚਿਤ ਹੋ ਰਿਹਾ ਹੈ। ਕੁਝ ਲੋਕ ਬੜੀ ਮਿਹਨਤ ਨਾਲ ਪੜ੍ਹਾਈ ਕਰਦੇ ਹਨ, ਪਰ ਫਿਰ ਵੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਸਾਰੇ ਮੌਕੇ ਉਨ੍ਹਾਂ ਦੇ ਹੱਥੋਂ ਨਿੱਕਲ ਜਾਂਦੇ ਹਨ; ਅਜਿਹਾ ਜਾਪਦਾ ਹੈ ਕਿ ਉਨ੍ਹਾਂ ਦੇ ਨਸੀਬ ਵਿੱਚ ਸਫਲਤਾ ਲਿਖੀ ਹੀ ਨਹੀਂ ਹੈ, ਉਨ੍ਹਾਂ ਦੀ ਜੀਵਨ ਯਾਤਰਾ ਦੀ ਪਹਿਲੀ ਰੀਝ ਹੀ ਖੇਰੂੰ-ਖੇਰੂੰ ਹੋ ਜਾਂਦੀ ਹੈ। ਇਸ ਤੋਂ ਅਣਜਾਣ, ਕਿ ਅਗਲਾ ਰਾਹ ਸੌਖਾ ਹੋਵੇਗਾ ਜਾਂ ਔਖਾ, ਪਹਿਲੀ ਵਾਰ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਮਨੁੱਖੀ ਨਸੀਬ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਬਹੁਤ ਜ਼ਿਆਦਾ ਹਨ, ਅਤੇ ਇਸ ਕਰਕੇ ਉਹ ਆਪਣੇ ਜੀਵਨ ਵਿੱਚ ਉਮੀਦ ਅਤੇ ਡਰ ਨਾਲ ਅੱਗੇ ਵਧਦੇ ਹਨ। ਕੁਝ ਲੋਕ ਬਹੁਤੀ ਪੜ੍ਹਾਈ-ਲਿਖਾਈ ਨਾ ਕਰਨ ਦੇ ਬਾਵਜੂਦ ਵੀ ਕਿਤਾਬਾਂ ਲਿਖਦੇ ਹਨ ਅਤੇ ਬਹੁਤ ਪ੍ਰਸਿੱਧ ਹੋ ਜਾਂਦੇ ਹਨ; ਕੁਝ ਲੋਕ ਚਿੱਟੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਕਾਰੋਬਾਰ ਵਿੱਚ ਪੈਸਾ ਕਮਾਉਂਦੇ ਹਨ ਅਤੇ ਆਪਣਾ ਗੁਜ਼ਾਰਾ ਕਰਦੇ ਹਨ… ਇੱਕ ਵਿਅਕਤੀ ਕਿਹੜਾ ਪੇਸ਼ਾ ਚੁਣਦਾ ਹੈ, ਇੱਕ ਵਿਅਕਤੀ ਆਪਣਾ ਗੁਜ਼ਾਰਾ ਕਿਵੇਂ ਕਰਦਾ ਹੈ: ਕੀ ਲੋਕਾਂ ਦਾ ਇਸ ਉੱਤੇ ਕੋਈ ਨਿਯੰਤ੍ਰਣ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਉਹ ਸਹੀ ਚੋਣ ਕਰਨ ਜਾਂ ਗਲਤ ਚੋਣ ਕਰਨ? ਕੀ ਇਹ ਗੱਲਾਂ ਲੋਕਾਂ ਦੀਆਂ ਇੱਛਾਵਾਂ ਅਤੇ ਫੈਸਲਿਆਂ ਅਨੁਸਾਰ ਹੁੰਦੀਆਂ ਹਨ? ਜ਼ਿਆਦਾਤਰ ਲੋਕਾਂ ਦੀਆਂ ਇਹ ਖਾਹਸ਼ਾਂ ਹੁੰਦੀਆਂ ਹਨ: ਘੱਟ ਕੰਮ ਕਰੀਏ ਅਤੇ ਬਹੁਤਾ ਪੈਸਾ ਕਮਾਈਏ, ਧੁੱਪ ਅਤੇ ਮੀਂਹ ਵਿੱਚ ਮਿਹਨਤ ਨਾ ਕਰੀਏ, ਚੰਗੇ ਕੱਪੜੇ ਪਾਈਏ, ਹਰ ਥਾਂ ਚਮਕਦੇ ਅਤੇ ਲਿਸ਼ਕਦੇ ਰਹੀਏ, ਦੂਜਿਆਂ ਤੋਂ ਉੱਚਾ ਉੱਠੀਏ, ਅਤੇ ਆਪਣੇ ਪੁਰਖਿਆਂ ਦਾ ਨਾਮ ਰੌਸ਼ਨ ਕਰੀਏ। ਲੋਕ ਸਿੱਧਤਾ ਦੀ ਆਸ ਲਾਉਂਦੇ ਹਨ, ਪਰ ਜਦ ਉਹ ਆਪਣੀ ਜੀਵਨ-ਯਾਤਰਾ ਵਿੱਚ ਪਹਿਲੇ ਕਦਮ ਚੁੱਕਦੇ ਹਨ, ਤਾਂ ਹੌਲੀ-ਹੌਲੀ ਸਿਆਣ ਜਾਂਦੇ ਹਨ ਕਿ ਮਨੁੱਖੀ ਨਸੀਬ ਕਿੰਨੀਆਂ ਖ਼ਾਮੀਆਂ ਨਾਲ ਭਰਿਆ ਹੋਇਆ ਹੈ, ਅਤੇ ਪਹਿਲੀ ਵਾਰ ਉਹ ਇਸ ਤੱਥ ਨੂੰ ਸਮਝ ਪਾਉਂਦੇ ਹਨ ਕਿ ਭਾਵੇਂ ਕੋਈ ਆਪਣੇ ਭਵਿੱਖ ਲਈ ਉੱਚੀਆਂ ਯੋਜਨਾਵਾਂ ਬਣਾ ਲਵੇ ਅਤੇ ਭਾਵੇਂ ਕੋਈ ਦਿਲੇਰੀ ਭਰੀਆਂ ਕਲਪਨਾਵਾਂ ਘੜ੍ਹੇ, ਤਾਂ ਵੀ ਆਪਣੇ ਸੁਫਨਿਆਂ ਨੂੰ ਅਸਲ ਰੂਪ ਦੇਣ ਦੀ ਕਾਬਲੀਅਤ ਜਾਂ ਤਾਕਤ ਕਿਸੇ ਕੋਲ ਵੀ ਨਹੀਂ ਹੈ, ਅਤੇ ਕੋਈ ਵੀ ਆਪਣੇ ਭਵਿੱਖ ਨੂੰ ਨਿਯੰਤ੍ਰਿਤ ਕਰਨ ਦੀ ਹਾਲਤ ਵਿੱਚ ਨਹੀਂ ਹੈ। ਇੱਕ ਵਿਅਕਤੀ ਦੇ ਸੁਫਨਿਆਂ ਅਤੇ ਉਸ ਦੇ ਸਾਹਮਣੇ ਆਉਣ ਵਾਲੀ ਹਕੀਕਤ ਵਿੱਚ ਕੁਝ ਫਾਸਲਾ ਹਮੇਸ਼ਾ ਹੀ ਰਹਿੰਦਾ ਹੈ; ਸਭ ਕੁਝ ਉਵੇਂ ਨਹੀਂ ਹੁੰਦਾ ਹੈ ਜਿਵੇਂ ਇੱਕ ਵਿਅਕਤੀ ਚਾਹੁੰਦਾ ਹੈ, ਅਤੇ ਅਜਿਹੀਆਂ ਹਕੀਕਤਾਂ ਦਾ ਸਾਹਮਣਾ ਕਰਦਿਆਂ, ਲੋਕ ਕਦੇ ਵੀ ਤਸੱਲੀ ਜਾਂ ਸੰਤੋਸ਼ ਪ੍ਰਾਪਤ ਨਹੀਂ ਕਰ ਸਕਦੇ। ਕੁਝ ਲੋਕ ਆਪਣੀ ਜੀਵਿਕਾ ਅਤੇ ਭਵਿੱਖ ਲਈ ਕਿਸੇ ਵੀ ਸੰਭਾਵਤ ਹੱਦ ਤਕ ਜਾ ਸਕਦੇ ਹਨ, ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਅਤੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੰਦੇ ਹਨ, ਤਾਂ ਜੋ ਆਪਣੇ ਨਸੀਬ ਨੂੰ ਬਦਲ ਸਕਣ। ਪਰ ਅੰਤ ਵਿੱਚ, ਭਾਵੇਂ ਉਹ ਆਪਣੀ ਸਖ਼ਤ ਮਿਹਨਤ ਨਾਲ ਸੁਫਨੇ ਅਤੇ ਆਪਣੀਆਂ ਖਾਹਸ਼ਾਂ ਪੂਰੀਆਂ ਹੀ ਕਿਉਂ ਨਾ ਕਰ ਲੈਣ, ਤਾਂ ਵੀ ਉਹ ਆਪਣੇ ਨਸੀਬ ਨੂੰ ਨਹੀਂ ਬਦਲ ਸਕਦੇ, ਅਤੇ ਭਾਵੇਂ ਕਿੰਨੇ ਵੀ ਦ੍ਰਿੜ੍ਹ ਨਿਸ਼ਚੇ ਦੇ ਨਾਲ ਉਹ ਜਤਨ ਕਿਉਂ ਨਾ ਕਰਨ, ਉਹ ਆਪਣੇ ਉਸ ਭਾਗ ਤੋਂ ਵੱਧ ਪ੍ਰਾਪਤ ਨਹੀਂ ਕਰ ਸਕਦੇ ਜਿਹੜਾ ਉਨ੍ਹਾਂ ਦੇ ਨਸੀਬ ਨੇ ਨਿਰਧਾਰਤ ਕਰ ਦਿੱਤਾ ਹੈ। ਕਾਬਲੀਅਤ, ਬੁੱਧੀ, ਅਤੇ ਇੱਛਾ-ਸ਼ਕਤੀ ਵਿੱਚ ਪਾਈ ਜਾਣ ਵਾਲੀ ਭਿੰਨਤਾ ਦੇ ਬਾਵਜੂਦ ਸਾਰੇ ਲੋਕ ਨਸੀਬ ਦੇ ਸਾਹਮਣੇ ਇੱਕ ਬਰਾਬਰ ਹਨ, ਜੋ ਛੋਟੇ ਅਤੇ ਵੱਡੇ, ਉੱਚੇ ਅਤੇ ਨੀਵੇਂ, ਰਾਜਾ ਅਤੇ ਰੰਕ ਵਿਚਕਾਰ ਕੋਈ ਫਰਕ ਨਹੀਂ ਕਰਦਾ। ਇੱਕ ਵਿਅਕਤੀ ਕਿਹੜਾ ਪੇਸ਼ਾ ਅਪਣਾਉਂਦਾ ਹੈ, ਜੀਵਿਕਾ ਚਲਾਉਣ ਲਈ ਕੀ ਕਰਦਾ ਹੈ, ਅਤੇ ਆਪਣੇ ਜੀਵਨ ਵਿੱਚ ਕਿੰਨੀ ਦੌਲਤ ਇਕੱਠੀ ਕਰਦਾ ਹੈ, ਉਸ ਦਾ ਫੈਸਲਾ ਉਸ ਦੇ ਮਾਪਿਆਂ, ਉਸ ਦੇ ਹੁਨਰ, ਉਸ ਦੀ ਮਿਹਨਤ ਜਾਂ ਉਸ ਦੇ ਮਨਸੂਬਿਆਂ ਦੇ ਅਧਾਰ ’ਤੇ ਨਹੀਂ ਹੁੰਦਾ, ਸਗੋਂ ਇਹ ਸਭ ਤਾਂ ਸਿਰਜਣਹਾਰ ਦੁਆਰਾ ਪਹਿਲਾਂ ਤੋਂ ਮਿੱਥ ਦਿੱਤਾ ਗਿਆ ਹੈ।

2. ਆਪਣੇ ਮਾਪਿਆਂ ਨੂੰ ਛੱਡ ਕੇ ਜਾਣਾ ਅਤੇ ਜੀਵਨ ਦੇ ਮੰਚ ਉੱਤੇ ਈਮਾਨਦਾਰੀ ਨਾਲ ਆਪਣੀ ਭੂਮਿਕਾ ਨਿਭਾਉਣਾ ਸ਼ੁਰੂ ਕਰਨਾ

ਜਦ ਇੱਕ ਵਿਅਕਤੀ ਪਰਿਪੱਕ ਹੋ ਜਾਂਦਾ ਹੈ, ਤਾਂ ਉਹ ਆਪਣੇ ਮਾਪਿਆਂ ਨੂੰ ਛੱਡ ਕੇ ਜਾਣ ਦੇ ਕਾਬਲ ਹੋ ਜਾਂਦਾ ਹੈ ਅਤੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਜਾਂਦਾ ਹੈ, ਅਤੇ ਇਸ ਪੜਾਅ ’ਤੇ ਆਣ ਕੇ ਹੀ ਉਹ ਆਪਣੀ ਅਸਲ ਭੂਮਿਕਾ ਅਦਾ ਕਰਨਾ ਅਰੰਭ ਕਰਦਾ ਹੈ, ਧੁੰਦ ਮਿਟ ਜਾਂਦੀ ਹੈ ਅਤੇ ਉਸ ਦੇ ਜੀਵਨ ਦਾ ਉਦੇਸ਼ ਹੌਲੀ-ਹੌਲੀ ਸਪਸ਼ਟ ਹੋ ਜਾਂਦਾ ਹੈ। ਥੋੜ੍ਹਾ ਬਹੁਤ ਉਹ ਅਜੇ ਵੀ ਆਪਣੇ ਮਾਪਿਆਂ ਨਾਲ ਜੁੜਿਆ ਰਹਿੰਦਾ ਹੈ, ਪਰ ਕਿਉਂਕਿ ਉਸ ਦੇ ਜੀਵਨ ਦੇ ਉਦੇਸ਼ ਦਾ ਅਤੇ ਉਸ ਭੂਮਿਕਾ ਦਾ ਜੋ ਉਸ ਨੇ ਆਪਣੇ ਜੀਵਨ ਵਿੱਚ ਨਿਭਾਉਣੀ ਹੈ, ਉਸ ਦੇ ਮਾਪਿਆਂ ਨਾਲ ਕੋਈ ਸੰਬੰਧ ਨਹੀਂ ਹੁੰਦਾ, ਇਸ ਲਈ ਅਸਲ ਵਿੱਚ ਜਿਵੇਂ-ਜਿਵੇਂ ਵਿਅਕਤੀ ਆਤਮ-ਨਿਰਭਰ ਹੁੰਦਾ ਜਾਂਦਾ ਹੈ, ਉਵੇਂ-ਉਵੇਂ ਇਹ ਗੂੜ੍ਹਾ ਨਾਤਾ ਟੁੱਟਦਾ ਜਾਂਦਾ ਹੈ। ਜੇਕਰ ਸਰੀਰਕ ਸੰਬੰਧਾਂ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਲੋਕ ਅਚੇਤਨ ਤੌਰ ਤੇ ਆਪਣੇ ਮਾਪਿਆਂ ਉੱਤੇ ਨਿਰਭਰ ਰਹਿੰਦੇ ਹਨ, ਪਰ ਜੇਕਰ ਅਸਲੀਅਤ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਹੋ ਜਾਣ ਤੋਂ ਬਾਅਦ, ਉਨ੍ਹਾਂ ਦਾ ਜੀਵਨ ਉਨ੍ਹਾਂ ਦੇ ਮਾਪਿਆਂ ਤੋਂ ਪੂਰੀ ਤਰ੍ਹਾਂ ਜੁਦਾ ਹੁੰਦਾ ਹੈ ਅਤੇ ਉਹ ਉਨ੍ਹਾਂ ਭੂਮਿਕਾਵਾਂ ਨੂੰ ਨਿਭਾਉਣ ਵਿੱਚ ਲੱਗ ਜਾਂਦੇ ਹਨ ਜਿਹੜੀਆਂ ਉਹ ਆਤਮ-ਨਿਰਭਰ ਹੋ ਕੇ ਪ੍ਰਾਪਤ ਕਰਦੇ ਹਨ। ਜਨਮ ਅਤੇ ਬੱਚੇ ਜਣਨ ਤੋਂ ਇਲਾਵਾ, ਮਾਪਿਆਂ ਦੀ ਆਪਣੇ ਬੱਚਿਆਂ ਦੇ ਜੀਵਨ ਵਿੱਚ ਜ਼ਿੰਮੇਵਾਰੀ ਸਿਰਫ਼ ਐਨੀ ਹੀ ਹੈ ਕਿ ਉਹ ਉਨ੍ਹਾਂ ਦੇ ਵਾਧੇ ਲਈ ਇੱਕ ਢੁਕਵਾਂ ਮਾਹੌਲ ਪ੍ਰਦਾਨ ਕਰਨ, ਸਿਰਫ਼ ਇਸ ਕਰਕੇ ਭਈ ਉਹ ਆਪਣੇ ਜੀਵਨ ਦੇ ਲਈ ਸਿਰਜਣਹਾਰ ਵੱਲੋਂ ਨਿਰਧਾਰਤ ਕੀਤੇ ਗਏ ਨਸੀਬ ਤੱਕ ਪੁੱਜ ਸਕਣ। ਇਸ ਉੱਤੇ ਕਿਸੇ ਦਾ ਵੀ ਨਿਯੰਤ੍ਰਣ ਨਹੀਂ ਹੈ ਕਿ ਇੱਕ ਵਿਅਕਤੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ; ਇਹ ਬਹੁਤ ਪਹਿਲਾਂ ਹੀ ਮਿੱਥ ਦਿੱਤਾ ਗਿਆ ਹੈ, ਅਤੇ ਇੱਥੋਂ ਤਕ ਕਿ ਕਿਸੇ ਦੇ ਮਾਪੇ ਵੀ ਉਸ ਦੇ ਨਸੀਬ ਨੂੰ ਨਹੀਂ ਬਦਲ ਸਕਦੇ। ਜਿੱਥੇ ਤਕ ਨਸੀਬ ਦਾ ਸਵਾਲ ਹੈ, ਹਰ ਕੋਈ ਆਤਮ-ਨਿਰਭਰ ਹੈ, ਅਤੇ ਹਰੇਕ ਦਾ ਆਪਣਾ-ਆਪਣਾ ਨਸੀਬ ਹੈ। ਸੋ, ਕਿਸੇ ਦੇ ਵੀ ਮਾਪੇ ਨਾ ਤਾਂ ਉਸ ਦੇ ਜੀਵਨ ਦੇ ਨਸੀਬ ਨੂੰ ਟਾਲ ਸਕਦੇ ਹਨ, ਅਤੇ ਨਾ ਹੀ ਉਸ ਦੁਆਰਾ ਆਪਣੇ ਜੀਵਨ ਵਿੱਚ ਨਿਭਾਉਣ ਵਾਲੀ ਭੂਮਿਕਾ ਉੱਤੇ ਕੋਈ ਪ੍ਰਭਾਵ ਪਾ ਸਕਦੇ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਜਿਸ ਪਰਿਵਾਰ ਵਿੱਚ ਇੱਕ ਵਿਅਕਤੀ ਦਾ ਪੈਦਾ ਹੋਣਾ ਮਿੱਥਿਆ ਗਿਆ ਹੈ ਅਤੇ ਜਿਸ ਮਾਹੌਲ ਵਿੱਚ ਉਹ ਵੱਡਾ ਹੁੰਦਾ ਹੈ, ਉਸ ਦੇ ਜੀਵਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਪਹਿਲਾਂ ਤੋਂ ਨਿਰਧਾਰਤ ਹਾਲਾਤਾਂ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਉਹ ਨਾ ਤਾਂ ਉਸ ਵਿਅਕਤੀ ਦੇ ਜੀਵਨ ਦੇ ਨਸੀਬ ਨੂੰ ਕਿਸੇ ਵੀ ਤਰ੍ਹਾਂ ਨਾਲ ਨਿਰਧਾਰਤ ਕਰਦੇ ਹਨ ਅਤੇ ਨਾ ਹੀ ਉਸ ਤਕਦੀਰ ਨੂੰ ਨਿਰਧਾਰਤ ਕਰਦੇ ਹਨ ਜਿਸ ਵਿੱਚ ਰਹਿ ਕੇ ਉਹ ਆਪਣੇ ਉਦੇਸ਼ ਨੂੰ ਪੂਰਾ ਕਰਦਾ ਹੈ। ਅਤੇ ਇਸ ਕਰਕੇ, ਇੱਕ ਵਿਅਕਤੀ ਦੇ ਮਾਪੇ ਉਸ ਦੇ ਜੀਵਨ ਦੇ ਉਦੇਸ਼ ਨੂੰ ਪੂਰਾ ਕਰਨ ਵਿੱਚ ਉਸ ਦੀ ਕੋਈ ਮਦਦ ਨਹੀਂ ਕਰ ਸਕਦੇ, ਅਤੇ ਇਸੇ ਤਰ੍ਹਾਂ, ਇੱਕ ਵਿਅਕਤੀ ਦੇ ਰਿਸ਼ਤੇਦਾਰ ਵੀ ਉਸ ਦੇ ਜੀਵਨ ਵਿੱਚ ਉਸ ਦੀ ਭੂਮਿਕਾ ਨਿਭਾਉਣ ਵਿੱਚ ਉਸ ਦੀ ਕੋਈ ਮਦਦ ਨਹੀਂ ਕਰ ਸਕਦੇ। ਇੱਕ ਵਿਅਕਤੀ ਆਪਣੇ ਉਦੇਸ਼ ਨੂੰ ਕਿਵੇਂ ਪੂਰਾ ਕਰਦਾ ਹੈ ਅਤੇ ਕਿਸ ਤਰ੍ਹਾਂ ਦੇ ਮਾਹੌਲ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ, ਇਹ ਪੂਰੀ ਤਰ੍ਹਾਂ ਉਸ ਦੇ ਜੀਵਨ ਦੇ ਨਸੀਬ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਬਾਹਰੀ ਹਾਲਾਤ-ਵਿਅਕਤੀ ਦੇ ਉਦੇਸ਼ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ, ਜੋ ਕਿ ਸਿਰਜਣਹਾਰ ਦੁਆਰਾ ਪਹਿਲਾਂ ਤੋਂ ਹੀ ਮਿੱਥਿਆ ਜਾ ਚੁੱਕਾ ਹੈ। ਸਾਰੇ ਲੋਕ ਜਿਸ ਮਾਹੌਲ ਵਿੱਚ ਵੱਡੇ ਹੁੰਦੇ ਹਨ, ਉਸੇ ਮਾਹੌਲ ਵਿੱਚ ਉਹ ਪਰਿਪੱਕ ਵੀ ਹੁੰਦੇ ਹਨ; ਫਿਰ ਹੌਲੀ-ਹੌਲੀ, ਕਦਮ-ਦਰ-ਕਦਮ ਉਹ ਆਪਣੇ ਜੀਵਨ ਦੇ ਰਾਹਾਂ ਉੱਤੇ ਤੁਰ ਪੈਂਦੇ ਹਨ ਅਤੇ ਸਿਰਜਣਹਾਰ ਦੁਆਰਾ ਉਨ੍ਹਾਂ ਦੇ ਲਈ ਨਿਯੋਜਿਤ ਨਸੀਬਾਂ ਨੂੰ ਪੂਰਾ ਕਰਦੇ ਹਨ। ਸੁਭਾਵਕ ਤੌਰ ’ਤੇ, ਨਾ ਚਾਹੁੰਦੇ ਹੋਏ ਵੀ, ਉਹ ਮਨੁੱਖਜਾਤੀ ਦੇ ਵਿਸ਼ਾਲ ਸਾਗਰ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਜੀਵਨ ਵਿੱਚ ਆਪਣੀਆਂ ਭੂਮਿਕਾਵਾਂ ਨੂੰ ਗ੍ਰਹਿਣ ਕਰਦੇ ਹਨ, ਜਿੱਥੇ ਉਹ ਸਿਰਜੇ ਹੋਏ ਪ੍ਰਾਣੀਆਂ ਵਾਂਗ ਸਿਰਜਣਹਾਰ ਵੱਲੋਂ ਮਿੱਥੇ ਅਨੁਸਾਰ, ਉਸ ਦੀ ਪ੍ਰਭੁਤਾ ਦੀ ਖਾਤਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗ ਪੈਂਦੇ ਹਨ।

ਚੌਥਾ ਪੜਾਅ: ਵਿਆਹ

ਜਿਵੇਂ-ਜਿਵੇਂ ਇੱਕ ਵਿਅਕਤੀ ਵੱਡਾ ਅਤੇ ਪਰਿਪੱਕ ਹੁੰਦਾ ਜਾਂਦਾ ਹੈ, ਉਹ ਆਪਣੇ ਮਾਪਿਆਂ ਤੋਂ ਅਤੇ ਉਸ ਮਾਹੌਲ ਤੋਂ, ਜਿਸ ਵਿੱਚ ਉਹ ਪੈਦਾ ਅਤੇ ਵੱਡਾ ਹੋਇਆ ਸੀ, ਹੋਰ ਵੀ ਦੂਰ ਹੁੰਦਾ ਜਾਂਦਾ ਹੈ, ਅਤੇ ਆਪਣੇ ਜੀਵਨ ਦੀ ਦਿਸ਼ਾ ਦੀ ਭਾਲ ਕਰਨਾ ਅਤੇ ਆਪਣੇ ਜੀਵਨ ਦੇ ਟੀਚਿਆਂ ਦੇ ਮਗਰ ਉਸ ਤਰੀਕੇ ਨਾਲ ਜਾਣਾ ਅਰੰਭ ਕਰਦਾ ਹੈ ਜਿਹੜਾ ਉਸ ਦੇ ਮਾਪਿਆਂ ਤੋਂ ਵੱਖਰਾ ਹੁੰਦਾ ਹੈ। ਇਸ ਸਮੇਂ ਦੇ ਦੌਰਾਨ, ਉਸ ਨੂੰ ਆਪਣੇ ਮਾਪਿਆਂ ਦੀ ਹੁਣ ਕੋਈ ਲੋੜ ਨਹੀਂ ਰਹਿ ਜਾਂਦੀ, ਸਗੋਂ ਉਸ ਨੂੰ ਅਜਿਹੇ ਇੱਕ ਸਾਥੀ ਦੀ ਲੋੜ ਹੁੰਦੀ ਹੈ ਜਿਸ ਦੇ ਨਾਲ ਉਹ ਆਪਣੀ ਸਾਰੀ ਉਮਰ ਗੁਜ਼ਾਰ ਸਕੇ, ਅਰਥਾਤ ਉਸ ਦਾ ਜੀਵਨਸਾਥੀ, ਅਜਿਹਾ ਵਿਅਕਤੀ ਜਿਸ ਦੇ ਨਾਲ ਉਸ ਦਾ ਨਸੀਬ ਬੜੀ ਗਹਿਰਾਈ ਨਾਲ ਬੱਝਾ ਹੋਇਆ ਹੁੰਦਾ ਹੈ। ਸੋ, ਆਤਮ-ਨਿਰਭਰ ਹੋਣ ਤੋਂ ਬਾਅਦ ਜੀਵਨ ਦਾ ਅਗਲਾ ਮਹੱਤਵਪੂਰਣ ਘਟਨਾਕ੍ਰਮ ਵਿਆਹ ਹੁੰਦਾ ਹੈ, ਅਰਥਾਤ ਚੌਥਾ ਪੜਾਅ ਜਿਸ ਵਿੱਚੋਂ ਇੱਕ ਵਿਅਕਤੀ ਨੂੰ ਲੰਘਣਾ ਪੈਂਦਾ ਹੈ।

1. ਵਿਅਕਤੀਗਤ ਚੋਣ ਵਿਆਹ ਵਿੱਚ ਕੋਈ ਮਾਅਨੇ ਨਹੀਂ ਰੱਖਦੀ

ਵਿਆਹ ਇੱਕ ਵਿਅਕਤੀ ਦੇ ਜੀਵਨ ਦਾ ਇੱਕ ਮਹੱਤਵਪੂਰਣ ਘਟਨਾਕ੍ਰਮ ਹੈ; ਇਹ ਉਹ ਸਮਾਂ ਹੁੰਦਾ ਹੈ ਜਦ ਇੱਕ ਵਿਅਕਤੀ ਸੱਚਮੁੱਚ ਭਿੰਨ-ਭਿੰਨ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਚੁੱਕਣਾ ਅਰੰਭ ਕਰ ਦਿੰਦਾ ਹੈ, ਅਤੇ ਹੌਲੀ-ਹੌਲੀ ਵੱਖ-ਵੱਖ ਤਰ੍ਹਾਂ ਦੇ ਉਦੇਸ਼ ਪੂਰੇ ਕਰਨੇ ਅਰੰਭ ਕਰ ਦਿੰਦਾ ਹੈ। ਆਪ ਵਿਆਹ ਦਾ ਅਨੁਭਵ ਕਰਨ ਤੋਂ ਪਹਿਲਾਂ ਲੋਕਾਂ ਦੇ ਅੰਦਰ ਵਿਆਹ ਬਾਰੇ ਬਹੁਤ ਸਾਰੀਆਂ ਕਲਪਨਾਵਾਂ ਹੁੰਦੀਆਂ ਹਨ, ਅਤੇ ਇਹ ਸਾਰੀਆਂ ਕਲਪਨਾਵਾਂ ਬਹੁਤ ਸੋਹਣੀਆਂ ਹੁੰਦੀਆਂ ਹਨ। ਔਰਤਾਂ ਕਲਪਨਾ ਕਰਦੀਆਂ ਹਨ ਕਿ ਉਨ੍ਹਾਂ ਦਾ ਜੀਵਨ-ਸਾਥੀ ਸੋਹਣਾ-ਸੁਣੱਖਾ ਰਾਜਕੁਮਾਰ ਹੋਵੇਗਾ, ਅਤੇ ਪੁਰਸ਼ ਕਲਪਨਾ ਕਰਦੇ ਹਨ ਕਿ ਉਨ੍ਹਾਂ ਦਾ ਵਿਆਹ ਕਿਸੇ ਰਾਜਕੁਮਾਰੀ ਨਾਲ ਹੋਵੇਗਾ। ਇਹ ਕਲਪਨਾਵਾਂ ਦਰਸਾਉਂਦੀਆਂ ਹਨ ਕਿ ਹਰੇਕ ਵਿਅਕਤੀ ਦੀਆਂ ਵਿਆਹ ਸੰਬੰਧੀ ਕੁਝ ਮੰਗਾਂ, ਕੁਝ ਨਿਰਧਾਰਤ ਸ਼ਰਤਾਂ ਅਤੇ ਮਾਪਦੰਡ ਹੁੰਦੇ ਹਨ। ਹਾਲਾਂਕਿ ਇਸ ਦੁਸ਼ਟ ਯੁੱਗ ਵਿੱਚ ਲੋਕਾਂ ਨੂੰ ਵਿਆਹ ਬਾਰੇ ਵਿਗਾੜੇ ਹੋਏ ਸੰਦੇਸ਼ ਸੁਣਨ ਨੂੰ ਮਿਲਦੇ ਹਨ, ਜਿਹੜੇ ਹੋਰ ਵਾਧੂ ਮੰਗਾਂ ਖੜ੍ਹੀਆਂ ਕਰਦੇ ਹਨ ਅਤੇ ਲੋਕਾਂ ਉੱਤੇ ਵਾਧੂ ਦਾ ਭਾਰ ਪਾਉਂਦੇ ਅਤੇ ਉਨ੍ਹਾਂ ਅੰਦਰ ਅਜੀਬੋ-ਗਰੀਬ ਰਵੱਈਏ ਪੈਦਾ ਕਰਦੇ ਹਨ, ਤਾਂ ਵੀ ਵਿਆਹ ਦਾ ਅਨੁਭਵ ਕਰ ਚੁੱਕਾ ਹਰੇਕ ਵਿਅਕਤੀ ਜਾਣਦਾ ਹੈ ਕਿ ਇਸ ਬਾਰੇ ਕਿਸੇ ਦੀ ਸਮਝ ਭਾਵੇਂ ਕੁਝ ਵੀ ਹੋਵੇ, ਇਸ ਬਾਰੇ ਕਿਸੇ ਦਾ ਭਾਵੇਂ ਕੋਈ ਵੀ ਰਵੱਈਆ ਕਿਉਂ ਨਾ ਹੋਵੇ, ਤਾਂ ਵੀ ਵਿਆਹ ਕਿਸੇ ਦੀ ਆਪਣੀ ਚੋਣ ਦਾ ਮਸਲਾ ਨਹੀਂ ਹੈ।

ਇੱਕ ਵਿਅਕਤੀ ਦੀ ਆਪਣੇ ਜੀਵਨ ਵਿੱਚ ਅਨੇਕ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ, ਪਰ ਕੋਈ ਨਹੀਂ ਜਾਣਦਾ ਕਿ ਕੌਣ ਉਸ ਦਾ ਜੀਵਨਸਾਥੀ ਬਣੇਗਾ। ਹਾਲਾਂਕਿ ਵਿਆਹ ਬਾਰੇ ਹਰੇਕ ਦੀ ਆਪਣੀ ਸੋਚ ਅਤੇ ਵਿਅਕਤੀਗਤ ਨਜ਼ਰੀਆ ਹੁੰਦਾ ਹੈ, ਤਾਂ ਵੀ ਇਹ ਗੱਲ ਪਹਿਲਾਂ ਤੋਂ ਕੋਈ ਨਹੀਂ ਜਾਣ ਸਕਦਾ ਕਿ ਉਸ ਦਾ ਸੱਚਾ ਅਤੇ ਇੱਕਮਾਤਰ ਜੀਵਨਸਾਥੀ ਕੌਣ ਹੋਵੇਗਾ, ਅਤੇ ਇਸ ਮਸਲੇ ਬਾਰੇ ਉਸ ਦੇ ਵਿਅਕਤੀਗਤ ਵਿਚਾਰ ਕੋਈ ਮਾਅਨੇ ਨਹੀਂ ਰੱਖਦੇ। ਉਸ ਵਿਅਕਤੀ ਨੂੰ ਮਿਲਣ ਤੋਂ ਬਾਅਦ, ਜਿਸ ਨੂੰ ਤੂੰ ਪਸੰਦ ਕਰਦਾ ਹੈਂ, ਤੂੰ ਉਸ ਨੂੰ ਰਾਜ਼ੀ ਕਰਨ ਦਾ ਜਤਨ ਕਰ ਸਕਦਾ ਹੈਂ; ਪਰ ਕੀ ਉਸ ਦੀ ਤੇਰੇ ਵਿੱਚ ਕੋਈ ਦਿਲਚਸਪੀ ਹੋਵੇਗੀ, ਕੀ ਉਹ ਤੇਰਾ ਜੀਵਨਸਾਥੀ ਬਣ ਸਕੇਗਾ—ਇਸ ਦਾ ਫੈਸਲਾ ਤੇਰੇ ਹੱਥ ਵਿੱਚ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਜਿਸ ਵਿਅਕਤੀ ਨੂੰ ਤੂੰ ਪਸੰਦ ਕਰਦਾ ਹੈਂ, ਉਹ ਤੇਰਾ ਜੀਵਨਸਾਥੀ ਬਣ ਜਾਵੇਗਾ; ਅਤੇ ਨਾਲ ਹੀ, ਜਿਸ ਦੀ ਤੂੰ ਉਮੀਦ ਵੀ ਨਹੀਂ ਕੀਤੀ ਸੀ ਸ਼ਾਇਦ ਉਹ ਚੁੱਪਚਾਪ ਤੇਰੇ ਜੀਵਨ ਵਿੱਚ ਆ ਜਾਵੇ ਅਤੇ ਤੇਰਾ ਜੀਵਨਸਾਥੀ ਬਣ ਜਾਵੇ, ਤੇਰੇ ਨਸੀਬ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਬਣ ਜਾਵੇ, ਤੇਰਾ ਪਤੀ ਜਾਂ ਪਤਨੀ ਬਣ ਜਾਵੇ, ਜਿਸ ਦੇ ਨਾਲ ਤੇਰਾ ਨਸੀਬ ਗਹਿਰਾਈ ਨਾਲ ਬੱਝਾ ਹੋਇਆ ਹੈ। ਅਤੇ ਇਸ ਕਰਕੇ, ਭਾਵੇਂ ਸੰਸਾਰ ਵਿੱਚ ਕਰੋੜਾਂ ਵਿਆਹ ਹੁੰਦੇ ਹਨ, ਤਾਂ ਵੀ ਉਨ੍ਹਾਂ ਵਿੱਚੋਂ ਹਰੇਕ ਦੂਜੇ ਨਾਲੋਂ ਭਿੰਨ ਹੈ: ਬਹੁਤ ਸਾਰੇ ਵਿਆਹ ਨੇਪਰੇ ਨਹੀਂ ਚੜ੍ਹਦੇ, ਅਤੇ ਬਹੁਤ ਸਾਰੇ ਵਿਆਹ ਖੁਸ਼ੀਆਂ ਭਰੇ ਹੁੰਦੇ ਹਨ; ਬਹੁਤ ਸਾਰੇ ਵਿਆਹ ਬੇਮੇਲ ਹੁੰਦੇ ਹਨ; ਬਹੁਤ ਸਾਰੇ ਇੱਕਦਮ ਵਧੀਆ ਜੋੜੇ ਹੁੰਦੇ ਹਨ, ਬਹੁਤ ਸਾਰੇ ਇੱਕ ਬਰਾਬਰ ਸਮਾਜਕ ਰੁਤਬੇ ਵਾਲੇ ਹੁੰਦੇ ਹਨ; ਬਹੁਤ ਸਾਰੇ ਖੁਸ਼ ਅਤੇ ਸੁਖੀ ਹੁੰਦੇ ਹਨ, ਬਹੁਤ ਸਾਰੇ ਗਮਗੀਨ ਅਤੇ ਦੁਖੀ ਹੁੰਦੇ ਹਨ; ਬਹੁਤ ਸਾਰੇ ਦੂਜਿਆਂ ਦੀ ਈਰਖਾ ਦਾ ਕਾਰਨ ਬਣਦੇ ਹਨ, ਬਹੁਤ ਸਾਰੇ ਗਲਤਫ਼ਹਿਮੀ ਅਤੇ ਨੁਕਤਾਚੀਨੀ ਦਾ ਸ਼ਿਕਾਰ ਹੋ ਜਾਂਦੇ ਹਨ; ਬਹੁਤ ਸਾਰੇ ਅਨੰਦ ਨਾਲ ਭਰੇ ਰਹਿੰਦੇ ਹਨ, ਬਹੁਤ ਸਾਰੇ ਹੰਝੂਆਂ ਅਤੇ ਨਿਰਾਸ਼ਾ ਨਾਲ ਭਰੇ ਰਹਿੰਦੇ ਹਨ… ਇਨ੍ਹਾਂ ਅਣਗਿਣਤ ਤਰ੍ਹਾਂ ਦੇ ਵਿਆਹਾਂ ਦੇ ਰਾਹੀਂ ਮਨੁੱਖ ਵਿਆਹੁਤਾ ਸੰਬੰਧ ਦੇ ਪ੍ਰਤੀ ਵਫ਼ਾਦਾਰੀ ਅਤੇ ਜੀਵਨਭਰ ਦੀ ਵਚਨਬੱਧਤਾ ਦਰਸਾਉਂਦੇ ਹਨ; ਉਹ ਪ੍ਰੇਮ, ਲਗਾਅ, ਅਤੇ ਕਦੇ ਨਾ ਜੁਦਾ ਹੋਣ ਨੂੰ, ਜਾਂ ਫਿਰ ਤਲਾਕ ਅਤੇ ਇੱਕ ਦੂਜੇ ਨੂੰ ਨਾ ਸਮਝ ਪਾਉਣ ਨੂੰ ਦਰਸਾਉਂਦੇ ਹਨ। ਕੁਝ ਲੋਕ ਆਪਣੇ ਵਿਆਹੁਤਾ ਸੰਬੰਧ ਵਿੱਚ ਧੋਖਾ ਕਰਦੇ ਹਨ ਅਤੇ ਕੁਝ ਤਾਂ ਇਸ ਨੂੰ ਨਫ਼ਰਤ ਵੀ ਕਰਨ ਲਗਦੇ ਹਨ। ਭਾਵੇਂ ਵਿਆਹ ਕਿਸੇ ਦੇ ਜੀਵਨ ਵਿੱਚ ਖੁਸ਼ੀ ਲੈ ਕੇ ਆਵੇ ਜਾਂ ਦਰਦ, ਵਿਆਹ ਵਿੱਚ ਹਰੇਕ ਦਾ ਉਦੇਸ਼ ਸਿਰਜਣਹਾਰ ਵੱਲੋਂ ਮਿੱਥਿਆ ਜਾ ਚੁੱਕਾ ਹੈ ਅਤੇ ਇਹ ਨਹੀਂ ਬਦਲੇਗਾ; ਇਹ ਅਜਿਹਾ ਉਦੇਸ਼ ਹੈ ਜਿਸ ਨੂੰ ਪੂਰਾ ਕਰਨਾ ਹਰੇਕ ਦੇ ਲਈ ਲੋੜੀਂਦਾ ਹੈ। ਵਿਆਹ ਦੇ ਸੰਬੰਧ ਵਿੱਚ ਕਿਸੇ ਦੇ ਨਸੀਬ ਨੂੰ ਬਦਲਿਆ ਨਹੀਂ ਜਾ ਸਕਦਾ, ਅਤੇ ਇਹ ਬਹੁਤ ਪਹਿਲਾਂ ਤੋਂ ਹੀ ਸਿਰਜਣਹਾਰ ਦੁਆਰਾ ਮਿੱਥਿਆ ਜਾ ਚੁੱਕਾ ਹੈ।

2. ਵਿਆਹ ਦੋਹਾਂ ਸਾਥੀਆਂ ਦੇ ਨਸੀਬ ਦਾ ਨਤੀਜਾ ਹੁੰਦਾ ਹੈ

ਇੱਕ ਵਿਅਕਤੀ ਦੇ ਜੀਵਨ ਵਿੱਚ ਵਿਆਹ ਇੱਕ ਮਹੱਤਵਪੂਰਣ ਪੜਾਅ ਹੁੰਦਾ ਹੈ। ਇਹ ਇੱਕ ਵਿਅਕਤੀ ਦੇ ਨਸੀਬ ਦਾ ਨਤੀਜਾ ਅਤੇ ਉਸ ਦੇ ਨਸੀਬ ਦੀ ਇੱਕ ਮਹੱਤਵਪੂਰਣ ਕੜੀ ਹੁੰਦੀ ਹੈ; ਇਹ ਕਿਸੇ ਵਿਅਕਤੀ ਦੀ ਇੱਛਾ ਜਾਂ ਖਾਹਸ਼ ਉੱਤੇ ਅਧਾਰਿਤ ਨਹੀਂ ਹੁੰਦਾ, ਅਤੇ ਨਾ ਹੀ ਇਹ ਕਿਸੇ ਬਾਹਰੀ ਕਾਰਕ ਤੋਂ ਪ੍ਰਭਾਵਿਤ ਹੁੰਦਾ ਹੈ, ਸਗੋਂ ਪੂਰੀ ਤਰ੍ਹਾਂ ਦੋਹਾਂ ਸਾਥੀਆਂ ਦੇ ਨਸੀਬ ਦੁਆਰਾ, ਸਿਰਜਣਹਾਰ ਦੇ ਪ੍ਰਬੰਧ ਦੁਆਰਾ ਅਤੇ ਦੋਹਾਂ ਸਾਥੀਆਂ ਦੇ ਪਹਿਲਾਂ ਤੋਂ ਠਹਿਰਾਏ ਗਏ ਨਸੀਬ ਦੁਆਰਾ ਨਿਰਧਾਰਤ ਹੁੰਦਾ ਹੈ। ਵਿਆਹ ਦਾ ਬਾਹਰੀ ਉਦੇਸ਼ ਮਨੁੱਖਜਾਤੀ ਦੀ ਹੋਂਦ ਨੂੰ ਕਾਇਮ ਰੱਖਣਾ ਹੈ, ਪਰ ਸੱਚਾਈ ਇਹ ਹੈ ਕਿ ਵਿਆਹ ਤਾਂ ਸਿਰਫ਼ ਇੱਕ ਰੀਤ ਹੈ ਜਿਸ ਦੀ ਪਾਲਣਾ ਇੱਕ ਵਿਅਕਤੀ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਕਰਦਾ ਹੈ। ਵਿਆਹੁਤਾ ਸੰਬੰਧ ਵਿੱਚ ਲੋਕ ਸਿਰਫ਼ ਅਗਲੀ ਪੀੜ੍ਹੀ ਨੂੰ ਪੈਦਾ ਕਰਕੇ ਉਸ ਦੇ ਪਾਲਣ-ਪੋਸ਼ਣ ਦਾ ਕੰਮ ਹੀ ਨਹੀਂ ਕਰਦੇ; ਸਗੋਂ ਉਹ ਵਿਆਹੁਤਾ ਸੰਬੰਧ ਨੂੰ ਕਾਇਮ ਰੱਖਣ ਲਈ ਲੋੜੀਂਦੀਆਂ ਸਾਰੀਆਂ ਭੂਮਿਕਾਵਾਂ ਨੂੰ ਅਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਭੂਮਿਕਾਵਾਂ ਨੂੰ ਵੀ ਨਿਭਾਉਂਦੇ ਹਨ। ਕਿਉਂਕਿ ਇੱਕ ਵਿਅਕਤੀ ਦਾ ਜਨਮ ਉਸ ਦੇ ਚੁਫੇਰੇ ਦੇ ਲੋਕਾਂ, ਘਟਨਾਵਾਂ, ਅਤੇ ਵਸਤਾਂ ਵਿੱਚ ਆਉਣ ਵਾਲੇ ਬਦਲਾਵਾਂ ਨੂੰ ਪ੍ਰਭਾਵਿਤ ਕਰਦਾ ਹੈ, ਇਸ ਕਰਕੇ ਵਿਅਕਤੀ ਦਾ ਵਿਆਹ ਵੀ ਇਨ੍ਹਾਂ ਲੋਕਾਂ, ਘਟਨਾਵਾਂ, ਅਤੇ ਵਸਤਾਂ ਨੂੰ ਨਿਸ਼ਚਿਤ ਤੌਰ ’ਤੇ ਪ੍ਰਭਾਵਿਤ ਕਰਦਾ ਹੈ, ਅਤੇ ਇਸ ਤੋਂ ਇਲਾਵਾ, ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਬਦਲ ਵੀ ਦਿੰਦਾ ਹੈ।

ਜਦ ਇੱਕ ਵਿਅਕਤੀ ਆਤਮ-ਨਿਰਭਰ ਹੋ ਜਾਂਦਾ ਹੈ, ਤਾਂ ਉਹ ਆਪਣੀ ਜੀਵਨ-ਯਾਤਰਾ ਅਰੰਭ ਕਰਦਾ ਹੈ ਜੋ ਉਸ ਨੂੰ ਕਦਮ-ਦਰ-ਕਦਮ ਉਨ੍ਹਾਂ ਲੋਕਾਂ, ਘਟਨਾਵਾਂ ਅਤੇ ਵਸਤਾਂ ਵੱਲ ਲੈ ਜਾਂਦੀ ਹੈ ਜਿਹੜੀਆਂ ਉਸ ਦੇ ਵਿਆਹ ਦੇ ਨਾਲ ਜੁੜੀਆਂ ਹੁੰਦੀਆਂ ਹਨ। ਨਾਲ ਹੀ, ਵਿਆਹ ਵਿੱਚ ਉਸ ਦਾ ਸਾਥੀ ਬਣਨ ਵਾਲਾ ਵਿਅਕਤੀ ਵੀ ਕਦਮ-ਦਰ-ਕਦਮ ਉਨ੍ਹਾਂ ਹੀ ਲੋਕਾਂ, ਘਟਨਾਵਾਂ ਅਤੇ ਵਸਤਾਂ ਵੱਲ ਵਧ ਰਿਹਾ ਹੁੰਦਾ ਹੈ। ਸਿਰਜਣਹਾਰ ਦੀ ਪ੍ਰਭੁਤਾ ਹੇਠ, ਦੋ ਵਿਅਕਤੀ, ਜਿਨ੍ਹਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੁੰਦਾ, ਪਰ ਉਨ੍ਹਾਂ ਦੇ ਨਸੀਬ ਆਪਸ ਵਿੱਚ ਜੁੜੇ ਹੁੰਦੇ ਹਨ, ਆਖਿਰਕਾਰ ਵਿਆਹ ਕਰ ਲੈਂਦੇ ਹਨ ਅਤੇ ਅਚਰਜ ਰੀਤੀ ਨਾਲ ਇੱਕ ਪਰਿਵਾਰ ਬਣ ਜਾਂਦੇ ਹਨ: “ਦੋ ਟਿੱਡੀਆਂ ਇੱਕੋ ਰੱਸੀ ਨਾਲ ਚਿੰਬੜ ਜਾਂਦੀਆਂ ਹਨ।” ਸੋ, ਜਦ ਇੱਕ ਵਿਅਕਤੀ ਵਿਆਹ ਕਰਦਾ ਹੈ ਤਾਂ ਉਸ ਦੀ ਜੀਵਨ-ਯਾਤਰਾ ਉਸ ਦੇ ਜੀਵਨਸਾਥੀ ਨੂੰ ਛੂੰਹਦੀ ਅਤੇ ਪ੍ਰਭਾਵਿਤ ਕਰਦੀ ਹੈ, ਅਤੇ ਇਸੇ ਤਰ੍ਹਾਂ ਉਸ ਦੇ ਜੀਵਨਸਾਥੀ ਦੀ ਜੀਵਨ-ਯਾਤਰਾ ਇਸ ਨੂੰ ਛੂੰਹਦੀ ਅਤੇ ਪ੍ਰਭਾਵਿਤ ਕਰਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਮਨੁੱਖਾਂ ਦੇ ਨਸੀਬ ਆਪਸ ਵਿੱਚ ਜੁੜੇ ਹੋਏ ਹਨ, ਅਤੇ ਕੋਈ ਵੀ ਵਿਅਕਤੀ ਆਪਣੇ ਜੀਵਨ ਦੇ ਉਦੇਸ਼ ਨੂੰ ਜਾਂ ਆਪਣੀ ਭੂਮਿਕਾ ਨੂੰ ਦੂਜਿਆਂ ਤੋਂ ਅਲਹਿਦਾ ਹੋ ਕੇ ਪੂਰਾ ਨਹੀਂ ਕਰ ਸਕਦਾ। ਇੱਕ ਵਿਅਕਤੀ ਦੇ ਜਨਮ ਦਾ ਅਸਰ ਰਿਸ਼ਤਿਆਂ ਦੀ ਇੱਕ ਲੰਮੀ ਲੜੀ ਉੱਤੇ ਪੈਂਦਾ ਹੈ; ਵੱਡੇ ਹੋਣ ਵੇਲੇ ਵੀ ਰਿਸ਼ਤਿਆਂ ਦੀ ਇੱਕ ਪੇਚੀਦਾ ਲੜੀ ਹੁੰਦੀ ਹੈ; ਅਤੇ ਇਸੇ ਤਰ੍ਹਾਂ, ਵਿਆਹ ਦਾ ਵਜੂਦ ਅਤੇ ਕਾਇਮ ਰਹਿਣਾ ਮਨੁੱਖੀ ਰਿਸ਼ਤਿਆਂ ਦੇ ਇੱਕ ਪੇਚੀਦਾ ਤਾਣੇ-ਬਾਣੇ ਉੱਤੇ ਨਿਰਭਰ ਕਰਦਾ ਹੈ, ਜਿਸ ਵਿੱਚ ਇਸ ਤਾਣੇ-ਬਾਣੇ ਦਾ ਹਰੇਕ ਮੈਂਬਰ ਸ਼ਾਮਲ ਹੁੰਦਾ ਹੈ ਅਤੇ ਇਸ ਵਿੱਚ ਸ਼ਾਮਲ ਹਰੇਕ ਵਿਅਕਤੀ ਦੇ ਨਸੀਬ ਨੂੰ ਪ੍ਰਭਾਵਿਤ ਕਰਦਾ ਹੈ। ਵਿਆਹ, ਦੋਹਾਂ ਜਣਿਆਂ ਦੇ ਪਰਿਵਾਰਾਂ ਦਾ, ਉਨ੍ਹਾਂ ਹਾਲਾਤਾਂ ਦਾ ਜਿਨ੍ਹਾਂ ਵਿੱਚ ਉਹ ਵੱਡੇ ਹੋਏ ਹਨ, ਉਨ੍ਹਾਂ ਦੀ ਸਰੀਰਕ ਦਿੱਖ ਦਾ, ਉਨ੍ਹਾਂ ਦੇ ਹੁਨਰ ਦਾ, ਜਾਂ ਕਿਸੇ ਹੋਰ ਕਾਰਕ ਦਾ ਨਤੀਜਾ ਨਹੀਂ ਹੈ; ਸਗੋਂ ਇਹ ਤਾਂ ਇੱਕ ਸਾਂਝੇ ਉਦੇਸ਼ ਅਤੇ ਆਪਸ ਵਿੱਚ ਜੁੜੇ ਹੋਏ ਨਸੀਬ ਦਾ ਨਤੀਜਾ ਹੈ। ਵਿਆਹ ਦਾ ਅਰੰਭ ਇਹੋ ਹੈ, ਜੋ ਉਸ ਮਨੁੱਖੀ ਨਸੀਬ ਦਾ ਨਤੀਜਾ ਹੈ ਜਿਸ ਦੀ ਯੋਜਨਾ ਅਤੇ ਜਿਸ ਦਾ ਪ੍ਰਬੰਧ ਸਿਰਜਣਹਾਰ ਵੱਲੋਂ ਕੀਤਾ ਗਿਆ ਹੈ।

ਪੰਜਵਾਂ ਪੜਾਅ: ਸੰਤਾਨ

ਵਿਆਹ ਕਰਾਉਣ ਤੋਂ ਬਾਅਦ, ਇੱਕ ਵਿਅਕਤੀ ਅਗਲੀ ਪੀੜ੍ਹੀ ਦਾ ਪਾਲਣ-ਪੋਸ਼ਣ ਸ਼ੁਰੂ ਕਰਦਾ ਹੈ। ਇੱਕ ਵਿਅਕਤੀ ਦੇ ਕਿੰਨੇ ਬਾਲ-ਬੱਚੇ ਹੋਣਗੇ ਅਤੇ ਕਿਹੋ ਜਿਹੇ ਹੋਣਗੇ, ਇਹ ਉਸ ਦੇ ਵੱਸ ਵਿੱਚ ਨਹੀਂ ਹੁੰਦਾ; ਇਹ ਵੀ ਸਿਰਜਣਹਾਰ ਦੁਆਰਾ ਪਹਿਲਾਂ ਤੋਂ ਮਿੱਥੇ ਹੋਏ, ਕਿਸੇ ਵਿਅਕਤੀ ਦੇ ਨਸੀਬ ਦੁਆਰਾ ਹੀ ਨਿਰਧਾਰਤ ਹੁੰਦਾ ਹੈ। ਇਹ ਪੰਜਵਾਂ ਪੜਾਅ ਹੈ ਜਿਸ ਵਿੱਚੋਂ ਕਿਸੇ ਵਿਅਕਤੀ ਨੂੰ ਲੰਘਣਾ ਹੀ ਪੈਂਦਾ ਹੈ।

ਜੇ ਕੋਈ ਵਿਅਕਤੀ ਕਿਸੇ ਦੀ ਸੰਤਾਨ ਦੀ ਭੂਮਿਕਾ ਨਿਭਾਉਣ ਲਈ ਪੈਦਾ ਹੁੰਦਾ ਹੈ, ਤਾਂ ਕੋਈ ਕਿਸੇ ਦੇ ਮਾਤਾ ਜਾਂ ਪਿਤਾ ਦੀ ਭੂਮਿਕਾ ਨਿਭਾਉਣ ਲਈ ਅਗਲੀ ਪੀੜ੍ਹੀ ਦਾ ਪਾਲਣ-ਪੋਸ਼ਣ ਕਰਦਾ ਹੈ। ਭੂਮਿਕਾਵਾਂ ਵਿੱਚ ਇਹ ਤਬਦੀਲੀ ਵਿਅਕਤੀ ਨੂੰ ਜੀਵਨ ਦੇ ਵੱਖ-ਵੱਖ ਪੜਾਵਾਂ ਦਾ ਵੱਖ-ਵੱਖ ਨਜ਼ਰੀਏ ਤੋਂ ਅਨੁਭਵ ਕਰਾਉਂਦੀ ਹੈ। ਇਹ ਵਿਅਕਤੀ ਨੂੰ ਜੀਵਨ ਦੇ ਵੱਖ-ਵੱਖ ਤਰ੍ਹਾਂ ਦੇ ਅਨੁਭਵ ਵੀ ਦਿੰਦੀ ਹੈ ਜਿਨ੍ਹਾਂ ਰਾਹੀਂ ਵਿਅਕਤੀ ਨੂੰ ਸਿਰਜਣਹਾਰ ਦੀ ਪ੍ਰਭੁਤਾ ਬਾਰੇ ਪਤਾ ਲੱਗਦਾ ਹੈ, ਜੋ ਹਮੇਸ਼ਾ ਇਕੋ ਤਰੀਕੇ ਨਾਲ ਲਾਗੂ ਹੁੰਦੀ ਹੈ, ਅਤੇ ਜਿਸ ਦੇ ਰਾਹੀਂ ਕੋਈ ਵਿਅਕਤੀ ਇਸ ਤੱਥ ਦਾ ਸਾਹਮਣਾ ਕਰਦਾ ਹੈ ਕਿ ਕੋਈ ਵੀ ਸਿਰਜਣਹਾਰ ਦੇ ਪਹਿਲਾਂ ਤੋਂ ਮਿੱਥੇ ਹੋਏ ਤੋਂ ਪਾਰ ਨਹੀਂ ਜਾ ਸਕਦਾ ਅਤੇ ਨਾ ਹੀ ਬਦਲ ਸਕਦਾ ਹੈ।

1. ਕਿਸੇ ਵਿਅਕਤੀ ਦੇ ਹੱਥ ਵਿੱਚ ਨਹੀਂ ਹੁੰਦਾ ਕਿ ਉਸ ਦੀ ਸੰਤਾਨ ਦਾ ਕੀ ਬਣੇਗਾ

ਜਨਮ, ਵੱਡੇ ਹੋਣਾ ਅਤੇ ਵਿਆਹ ਇਹ ਸਾਰੇ ਹੀ ਵੱਖ-ਵੱਖ ਕਿਸਮ ਦੀ ਅਤੇ ਵੱਖੋ-ਵੱਖ ਦਰਜੇ ਦੀ ਨਿਰਾਸ਼ਾ ਲਿਆਉਂਦੇ ਹਨ। ਕੁਝ ਲੋਕ ਆਪਣੇ ਪਰਿਵਾਰਾਂ ਜਾਂ ਆਪਣੀ ਸਰੀਰਕ ਦਿੱਖ ਤੋਂ ਅਸੰਤੁਸ਼ਟ ਹੁੰਦੇ ਹਨ; ਕੁਝ ਆਪਣੇ ਮਾਪਿਆਂ ਨੂੰ ਨਾਪਸੰਦ ਕਰਦੇ ਹਨ; ਕੁਝ ਨੂੰ ਉਸ ਮਾਹੌਲ ਤੋਂ ਨਾਰਾਜ਼ਗੀ ਜਾਂ ਸ਼ਿਕਾਇਤਾਂ ਹੁੰਦੀਆਂ ਹਨ ਜਿਸ ਵਿੱਚ ਉਹ ਵੱਡੇ ਹੋਏ ਸਨ। ਅਤੇ ਬਹੁਤੇ ਲੋਕਾਂ ਲਈ, ਇਨ੍ਹਾਂ ਸਭ ਨਿਰਾਸ਼ਾਵਾਂ ਵਿੱਚੋਂ, ਵਿਆਹ ਸਭ ਤੋਂ ਵੱਧ ਅਸੰਤੋਖਜਨਕ ਹੈ। ਭਾਵੇਂ ਕਿਸੇ ਵਿਅਕਤੀ ਨੂੰ ਆਪਣੇ ਜਨਮ, ਪਰਿਪੱਕਤਾ ਜਾਂ ਵਿਆਹ ਤੋਂ ਕਿੰਨਾ ਵੀ ਅਸੰਤੋਖ ਹੋਵੇ, ਇਨ੍ਹਾਂ ਪੜਾਵਾਂ ਵਿੱਚੋਂ ਲੰਘੇ ਹਰ ਵਿਅਕਤੀ ਨੂੰ ਇਹ ਪਤਾ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਇਹ ਚੋਣ ਨਹੀਂ ਕਰ ਸਕਦਾ ਕਿ ਉਹ ਕਿੱਥੇ ਅਤੇ ਕਦੋਂ ਪੈਦਾ ਹੋਵੇਗਾ, ਉਹ ਕਿਹੋ ਜਿਹਾ ਦਿਖਾਈ ਦੇਵੇਗਾ, ਉਸ ਦੇ ਮਾਪੇ ਕੌਣ ਹਨ, ਅਤੇ ਉਸ ਦਾ ਜੀਵਨ ਸਾਥੀ ਕੌਣ ਹੈ, ਪਰ ਬਸ ਸਵਰਗ ਦੀ ਇੱਛਾ ਨੂੰ ਸਵੀਕਾਰ ਕਰਨਾ ਹੀ ਪੈਂਦਾ ਹੈ। ਫਿਰ ਵੀ ਜਦੋਂ ਲੋਕਾਂ ਲਈ ਅਗਲੀ ਪੀੜ੍ਹੀ ਨੂੰ ਪਾਲਣ ਦਾ ਸਮਾਂ ਆਉਂਦਾ ਹੈ, ਤਾਂ ਉਹ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਜਿਨ੍ਹਾਂ ਨੂੰ ਉਹ ਆਪਣੇ ਜੀਵਨ ਦੇ ਪਹਿਲੇ ਅੱਧ ਵਿੱਚ ਪੂਰਾ ਕਰਨ ਵਿੱਚ ਅਸਫ਼ਲ ਰਹੇ, ਆਪਣੇ ਵੰਸ਼ਜਾਂ ਨੂੰ ਦੱਸਦੇ ਹਨ ਇਸ ਉਮੀਦ ਵਿੱਚ ਕਿ ਉਨ੍ਹਾਂ ਦੀ ਸੰਤਾਨ ਉਨ੍ਹਾਂ ਦੇ ਆਪਣੇ ਜੀਵਨ ਦੇ ਪਹਿਲੇ ਅੱਧ ਦੀਆਂ ਸਾਰੀਆਂ ਨਿਰਾਸ਼ਾਵਾਂ ਦੀ ਭਰਪਾਈ ਕਰੇਗੀ। ਇਸ ਲਈ ਲੋਕ ਆਪਣੇ ਬੱਚਿਆਂ ਬਾਰੇ ਹਰ ਕਿਸਮ ਦੀਆਂ ਕਲਪਨਾਵਾਂ ਵਿੱਚ ਉਲਝ ਜਾਂਦੇ ਹਨ: ਕਿ ਉਨ੍ਹਾਂ ਦੀਆਂ ਧੀਆਂ ਵੱਡੀਆਂ ਹੋ ਕੇ ਬੇਹੱਦ ਸੁੰਦਰ ਹੋਣਗੀਆਂ, ਉਨ੍ਹਾਂ ਦੇ ਪੁੱਤਰ ਸੋਹਣੇ ਭਲੇਮਾਣਸ ਬਣਨਗੇ; ਕਿ ਉਨ੍ਹਾਂ ਦੀਆਂ ਧੀਆਂ ਸੁਚੱਜੀਆਂ ਅਤੇ ਪ੍ਰਤਿਭਾਸ਼ਾਲੀ ਹੋਣਗੀਆਂ ਅਤੇ ਉਨ੍ਹਾਂ ਦੇ ਪੁੱਤਰ ਹੁਸ਼ਿਆਰ ਵਿਦਿਆਰਥੀ ਅਤੇ ਪ੍ਰਸਿੱਧ ਖਿਡਾਰੀ ਹੋਣਗੇ; ਕਿ ਉਨ੍ਹਾਂ ਦੀਆਂ ਧੀਆਂ ਕੋਮਲ, ਗੁਣਵਾਨ ਅਤੇ ਸਮਝਦਾਰ ਹੋਣਗੀਆਂ, ਅਤੇ ਉਨ੍ਹਾਂ ਦੇ ਪੁੱਤਰ ਬੁੱਧੀਮਾਨ, ਯੋਗ ਅਤੇ ਸੰਵੇਦਨਸ਼ੀਲ ਹੋਣਗੇ। ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਸੰਤਾਨ, ਭਾਵੇਂ ਉਹ ਧੀਆਂ ਹੋਣ ਜਾਂ ਪੁੱਤਰ, ਆਪਣੇ ਬਜ਼ੁਰਗਾਂ ਦਾ ਆਦਰ ਕਰੇਗੀ, ਆਪਣੇ ਮਾਪਿਆਂ ਦਾ ਲਿਹਾਜ਼ ਰੱਖਣ ਵਾਲੀ ਹੋਵੇਗੀ, ਅਤੇ ਹਰ ਕੋਈ ਉਨ੍ਹਾਂ ਨੂੰ ਪਿਆਰ ਕਰੇਗਾ ਅਤੇ ਉਨ੍ਹਾਂ ਦੀ ਸਿਫ਼ਤ ਕਰੇਗਾ… ਇਸ ਬਿੰਦੂ ’ਤੇ ਲੋਕਾਂ ਦੇ ਮਨਾਂ ਵਿੱਚ ਜੀਵਨ ਦੀਆਂ ਉਮੀਦਾਂ ਫਿਰ ਜਾਗ ਉਠਦੀਆਂ ਹਨ, ਅਤੇ ਨਵੇਂ ਜੋਸ਼ ਭੜਕ ਉਠਦੇ ਹਨ। ਲੋਕਾਂ ਨੂੰ ਪਤਾ ਹੁੰਦਾ ਹੈ ਕਿ ਉਹ ਇਸ ਜੀਵਨ ਵਿੱਚ ਕਮਜ਼ੋਰ ਅਤੇ ਨਾਉਮੀਦ ਹਨ, ਕਿ ਉਨ੍ਹਾਂ ਕੋਲ ਭੀੜ ਤੋਂ ਅਲੱਗ ਦਿਸਣ ਦਾ ਹੋਰ ਮੌਕਾ ਜਾਂ ਹੋਰ ਉਮੀਦ ਨਹੀਂ ਹੋਵੇਗੀ, ਅਤੇ ਇਹ ਕਿ ਉਨ੍ਹਾਂ ਕੋਲ ਆਪਣੇ ਨਸੀਬਾਂ ਨੂੰ ਸਵੀਕਾਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਅਤੇ ਇਸ ਲਈ, ਉਹ ਆਪਣੀਆਂ ਅਧੂਰੀਆਂ ਇੱਛਾਵਾਂ ਅਤੇ ਆਦਰਸ਼ਾਂ ਨੂੰ ਅਗਲੀ ਪੀੜ੍ਹੀ ਅੱਗੇ ਪੇਸ਼ ਕਰਦੇ ਹਨ, ਇਹ ਉਮੀਦ ਕਰਦੇ ਹੋਏ ਕਿ ਉਨ੍ਹਾਂ ਦੀ ਸੰਤਾਨ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੀ ਹੈ; ਕਿ ਉਨ੍ਹਾਂ ਦੀਆਂ ਧੀਆਂ ਅਤੇ ਪੁੱਤਰ ਪਰਿਵਾਰ ਦੇ ਨਾਮ ਨੂੰ ਚਾਰ ਚੰਨ ਲਾਉਣਗੇ, ਮਹੱਤਵਪੂਰਣ, ਅਮੀਰ ਜਾਂ ਮਸ਼ਹੂਰ ਵਿਅਕਤੀ ਬਣਨਗੇ। ਸੰਖੇਪ ਵਿੱਚ, ਉਹ ਆਪਣੇ ਬੱਚਿਆਂ ਦੀ ਕਿਸਮਤ ਨੂੰ ਉਚਾਈਆਂ ’ਤੇ ਵੇਖਣਾ ਚਾਹੁੰਦੇ ਹਨ। ਲੋਕਾਂ ਦੀਆਂ ਯੋਜਨਾਵਾਂ ਅਤੇ ਕਲਪਨਾਵਾਂ ਸੰਪੂਰਨ ਹੁੰਦੀਆਂ ਹਨ; ਕੀ ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਜਿੰਨੇ ਬੱਚੇ ਹਨ, ਉਨ੍ਹਾਂ ਦੀ ਦਿੱਖ, ਯੋਗਤਾਵਾਂ, ਵਗੈਰਾ-ਵਗੈਰਾ ਬਾਰੇ ਫ਼ੈਸਲਾ ਉਹ ਨਹੀਂ ਕਰਦੇ, ਕਿ ਉਨ੍ਹਾਂ ਦੇ ਬੱਚਿਆਂ ਦੇ ਨਸੀਬ ਦਾ ਜ਼ਰਾ ਜਿੰਨਾ ਵੀ ਹਿੱਸਾ ਵੀ ਉਨ੍ਹਾਂ ਦੇ ਹੱਥ ਵਿੱਚ ਨਹੀਂਹੈ? ਮਨੁੱਖ ਆਪਣੇ ਨਸੀਬ ਦੇ ਮਾਲਕ ਨਹੀਂ ਹਨ, ਫਿਰ ਵੀ ਉਹ ਨਵੀਂ ਪੀੜ੍ਹੀ ਦੇ ਨਸੀਬ ਬਦਲਣ ਦੀ ਉਮੀਦ ਕਰਦੇ ਹਨ; ਉਹ ਆਪਣੇ ਨਸੀਬ ਨੂੰ ਬਚਾਉਣ ਵਿੱਚ ਅਸਮਰੱਥ ਹੁੰਦੇ ਹਨ, ਫਿਰ ਵੀ ਉਹ ਆਪਣੇ ਪੁੱਤਰਾਂ ਅਤੇ ਧੀਆਂ ਦੇ ਨਸੀਬ ਉੱਪਰ ਨਿਯੰਤ੍ਰਣ ਕਰਨ ਦਾ ਜਤਨ ਕਰਦੇ ਹਨ। ਕੀ ਉਹ ਆਪਣੇ ਆਪ ਨੂੰ ਅਸਲੀਅਤ ਤੋਂ ਜ਼ਿਆਦਾ ਹੀ ਨਹੀਂ ਸਮਝ ਰਹੇ? ਕੀ ਇਹ ਮਨੁੱਖੀ ਮੂਰਖਤਾ ਅਤੇ ਅਗਿਆਨਤਾ ਨਹੀਂ ਹੈ? ਲੋਕ ਆਪਣੀ ਸੰਤਾਨ ਦੀ ਖਾਤਰ ਕਿਸੇ ਵੀ ਹੱਦ ਤਕ ਜਾਣਗੇ, ਪਰ ਅੰਤ ਵਿੱਚ, ਇੱਕ ਵਿਅਕਤੀ ਦੀਆਂ ਯੋਜਨਾਵਾਂ ਅਤੇ ਇੱਛਾਵਾਂ ਇਹ ਨਿਰਧਾਰਤ ਨਹੀਂ ਕਰ ਸਕਦੀਆਂ ਕਿ ਉਸ ਦੇ ਬੱਚੇ ਕਿੰਨੇ ਹੋਣਗੇ ਜਾਂ ਉਹ ਬੱਚੇ ਕਿਹੋ ਜਿਹੇ ਹੋਣਗੇ। ਕੁਝ ਲੋਕ ਅਤਿਅੰਤ ਗਰੀਬ ਹੁੰਦੇ ਹਨ ਪਰ ਬਹੁਤ ਸਾਰੇ ਬੱਚੇ ਪੈਦਾ ਕਰਦੇ ਹਨ; ਕੁਝ ਲੋਕ ਅਮੀਰ ਹੁੰਦੇ ਹਨ ਪਰ ਉਨ੍ਹਾਂ ਕੋਲ ਇੱਕ ਵੀ ਬੱਚਾ ਨਹੀਂ ਹੁੰਦਾ। ਕਈਆਂ ਨੂੰ ਇੱਕ ਧੀ ਚਾਹੀਦੀ ਹੁੰਦੀ ਹੈ, ਪਰ ਉਹ ਇੱਛਾ ਪੂਰੀ ਨਹੀਂ ਹੁੰਦੀ; ਕਈਆਂ ਨੂੰ ਪੁੱਤਰ ਦੀ ਚਾਹ ਹੁੰਦੀ ਹੈ ਪਰ ਮੁੰਡਾ ਪੈਦਾ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਕੁਝ ਲੋਕਾਂ ਲਈ, ਬੱਚੇ ਇੱਕ ਅਸੀਸ ਹੁੰਦੇ ਹਨ; ਦੂਜਿਆਂ ਲਈ, ਉਹ ਇੱਕ ਸਰਾਪ ਹੁੰਦੇ ਹਨ। ਕੁਝ ਜੋੜੇ ਬੁੱਧੀਮਾਨ ਹੁੰਦੇ ਹਨ, ਫਿਰ ਵੀ ਮੰਦਬੁੱਧੀ ਬੱਚਿਆਂ ਨੂੰ ਜਨਮ ਦਿੰਦੇ ਹਨ; ਕੁਝ ਮਾਪੇ ਮਿਹਨਤੀ ਅਤੇ ਇਮਾਨਦਾਰ ਹੁੰਦੇ ਹਨ, ਫਿਰ ਵੀ ਜਿਨ੍ਹਾਂ ਬੱਚਿਆਂ ਨੂੰ ਉਹ ਪਾਲਦੇ ਹਨ ਉਹ ਆਲਸੀ ਹੁੰਦੇ ਹਨ। ਕੁਝ ਮਾਪੇ ਦਿਆਲੂ ਅਤੇ ਨੇਕ ਹੁੰਦੇ ਹਨ ਪਰ ਉਨ੍ਹਾਂ ਦੇ ਬੱਚੇ ਚਾਲਬਾਜ਼ ਅਤੇ ਦੁਸ਼ਟ ਨਿਕਲਦੇ ਹਨ। ਕੁਝ ਮਾਪੇ ਸਿਹਤਮੰਦ ਦਿਮਾਗ ਅਤੇ ਸਰੀਰ ਦੇ ਹੁੰਦੇ ਹਨ ਪਰ ਅਪਾਹਜ ਬੱਚਿਆਂ ਨੂੰ ਜਨਮ ਦਿੰਦੇ ਹਨ। ਕੁਝ ਮਾਪੇ ਸਧਾਰਣ ਅਤੇ ਅਸਫ਼ਲ ਹੁੰਦੇ ਹਨ ਪਰ ਉਨ੍ਹਾਂ ਦੇ ਬੱਚੇ ਵੱਡੀਆਂ ਪ੍ਰਾਪਤੀਆਂ ਹਾਸਲ ਕਰਦੇ ਹਨ। ਕੁਝ ਮਾਪੇ ਨੀਵੇਂ ਦਰਜੇ ਦੇ ਹੁੰਦੇ ਹਨ ਪਰ ਉਨ੍ਹਾਂ ਦੇ ਬੱਚੇ ਪ੍ਰਸਿੱਧੀ ਕਮਾਉਂਦੇ ਹਨ। …

2. ਅਗਲੀ ਪੀੜ੍ਹੀ ਨੂੰ ਪਾਲਣ ਤੋਂ ਬਾਅਦ, ਲੋਕਾਂ ਨੂੰ ਨਸੀਬ ਬਾਰੇ ਨਵੀਂ ਸਮਝ ਪ੍ਰਾਪਤ ਹੁੰਦੀ ਹੈ

ਜ਼ਿਆਦਾਤਰ ਲੋਕ ਤੀਹ ਸਾਲ ਦੀ ਉਮਰ ਦੇ ਆਸ-ਪਾਸ ਵਿਆਹੁਤਾ ਜੀਵਨ ਵਿੱਚ ਦਾਖਲ ਹੁੰਦੇ ਹਨ, ਇੱਕ ਅਜਿਹਾ ਸਮਾਂ ਜਦੋਂ ਵਿਅਕਤੀ ਨੂੰ ਅਜੇ ਤੱਕ ਮਨੁੱਖੀ ਨਸੀਬ ਦੀ ਕੋਈ ਸਮਝ ਨਹੀਂ ਹੁੰਦੀ। ਪਰ ਜਦੋਂ ਲੋਕ ਬੱਚਿਆਂ ਨੂੰ ਪਾਲਣਾ ਸ਼ੁਰੂ ਕਰਦੇ ਹਨ, ਅਤੇ ਜਿਵੇਂ-ਜਿਵੇਂ ਉਨ੍ਹਾਂ ਦੀ ਸੰਤਾਨ ਵੱਡੀ ਹੁੰਦੀ ਹੈ, ਉਹ ਨਵੀਂ ਪੀੜ੍ਹੀ ਨੂੰ ਪਿਛਲੀ ਪੀੜ੍ਹੀ ਦੇ ਜੀਵਨ ਅਤੇ ਸਾਰੇ ਅਨੁਭਵਾਂ ਨੂੰ ਦੁਹਰਾਉਂਦੇ ਹੋਏ ਦੇਖਦੇ ਹਨ, ਅਤੇ ਉਨ੍ਹਾਂ ਵਿੱਚ ਆਪਣੇ ਪਿਛਲੇ ਸਮੇਂ ਦੀ ਝਲਕ ਦੇਖਦੇ ਹੋਏ, ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਬਿਲਕੁਲ ਉਨ੍ਹਾਂ ਦੇ ਆਪਣੇ ਅਨੁਭਵ ਵਾਂਗ ਹੀ, ਨਵੀਂ ਪੀੜ੍ਹੀ ਜਿਸ ਰਾਹ ’ਤੇ ਚੱਲਦੀ ਹੈ, ਉਸ ਦੀ ਯੋਜਨਾ ਨਹੀਂ ਬਣਾਈ ਜਾ ਸਕਦੀ ਅਤੇ ਨਾ ਹੀ ਉਸ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਤੱਥ ਦਾ ਸਾਹਮਣਾ ਕਰਦਿਆਂ, ਉਨ੍ਹਾਂ ਕੋਲ ਇਹ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ ਕਿ ਹਰ ਵਿਅਕਤੀ ਦਾ ਨਸੀਬ ਪਹਿਲਾਂ ਤੋਂ ਮਿੱਥਿਆ ਹੁੰਦਾ ਹੈ, ਅਤੇ ਇਸ ਨੂੰ ਬਿਲਕੁਲ ਮਹਿਸੂਸ ਕੀਤੇ ਬਗੈਰ, ਉਹ ਹੌਲੀ-ਹੌਲੀ ਆਪਣੀਆਂ ਇੱਛਾਵਾਂ ਨੂੰ ਪਾਸੇ ਕਰ ਦਿੰਦੇ ਹਨ, ਅਤੇ ਉਨ੍ਹਾਂ ਦੇ ਮਨਾਂ ਵਿਚਲੇ ਜੋਸ਼ ਫੜਫੜਾ ਕੇ ਬੁੱਝ ਜਾਂਦੇ ਹਨ...। ਇਸ ਸਮੇਂ ਦੌਰਾਨ ਲੋਕ, ਜੀਵਨ ਦੇ ਨਿਰਣਾਇਕ ਪੜਾਵਾਂ ਵਿੱਚੋਂ ਅਸਲ ਵਿੱਚ ਲੰਘ ਚੁੱਕੇ ਹੁੰਦੇ ਹਨ ਅਤੇ ਉਨ੍ਹਾਂ ਜੀਵਨ ਦੀ ਇੱਕ ਨਵੀਂ ਸਮਝ ਪ੍ਰਾਪਤ ਕਰ ਲਈ ਹੁੰਦੀ ਹੈ, ਇੱਕ ਨਵਾਂ ਰਵੱਈਆ ਅਪਣਾ ਲਿਆ ਹੁੰਦਾ ਹੈ। ਇਸ ਉਮਰ ਦਾ ਵਿਅਕਤੀ ਭਵਿੱਖ ਤੋਂ ਕਿੰਨੀ ਕੁ ਉਮੀਦ ਕਰ ਸਕਦਾ ਹੈ ਅਤੇ ਉਸ ਕੋਲ ਕਿਹੜੀਆਂ ਸੰਭਾਵਨਾਵਾਂ ਦੀ ਉਮੀਦ ਹੁੰਦੀ ਹੈ? ਕਿਹੜੀ ਪੰਜਾਹ ਸਾਲਾਂ ਦੀ ਔਰਤ ਅਜੇ ਵੀ ਸੋਹਣੇ ਰਾਜਕੁਮਾਰ ਦਾ ਸੁਫ਼ਨਾ ਵੇਖ ਰਹੀ ਹੈ? ਕਿਹੜਾ ਪੰਜਾਹ-ਸਾਲਾ ਆਦਮੀ ਅਜੇ ਵੀ ਆਪਣੀ ਰਾਜਕੁਮਾਰੀ ਨੂੰ ਲੱਭ ਰਿਹਾ ਹੈ? ਕਿਹੜੀ ਅੱਧਖੜ ਉਮਰ ਦੀ ਔਰਤ ਅਜੇ ਵੀ ਬਦਸੂਰਤ ਬੱਤਖ ਤੋਂ ਹੰਸਣੀ ਬਣਨ ਦੀ ਉਮੀਦ ਕਰ ਰਹੀ ਹੈ? ਕੀ ਜ਼ਿਆਦਾਤਰ ਵਡੇਰੀ ਉਮਰ ਦੇ ਮਰਦਾਂ ਵਿੱਚ ਆਪਣੇ ਕਿੱਤੇ ਪ੍ਰਤੀ ਨੌਜਵਾਨਾਂ ਵਾਲਾ ਹੀ ਜੋਸ਼ ਹੁੰਦਾ ਹੈ? ਸੰਖੇਪ ਵਿੱਚ, ਭਾਵੇਂ ਕੋਈ ਆਦਮੀ ਹੋਵੇ ਜਾਂ ਕੋਈ ਔਰਤ, ਜੋ ਵੀ ਇਸ ਉਮਰ ਤਕ ਜੀਉਂਦਾ ਹੈ, ਸੰਭਾਵਤ ਤੌਰ ’ਤੇ ਉਸ ਦਾ ਵਿਆਹ, ਪਰਿਵਾਰ, ਅਤੇ ਬੱਚਿਆਂ ਪ੍ਰਤੀ ਮੁਕਾਬਲਤਨ ਇੱਕ ਤਰਕਸੰਗਤ, ਵਿਹਾਰਕ ਰਵੱਈਆ ਹੁੰਦਾ ਹੈ। ਅਜਿਹੇ ਵਿਅਕਤੀ ਕੋਲ ਖਾਸ ਤੌਰ ’ਤੇ ਕੋਈ ਵਿਕਲਪ ਨਹੀਂ ਬਚਿਆ ਹੁੰਦਾ, ਨਸੀਬ ਨੂੰ ਚੁਣੌਤੀ ਦੇਣ ਦੀ ਕੋਈ ਇੱਛਾ ਨਹੀਂ ਹੁੰਦੀ। ਜਿੱਥੋਂ ਤਕ ਮਨੁੱਖੀ ਅਨੁਭਵ ਦਾ ਪ੍ਰਸ਼ਨ ਹੈ, ਜਿਉਂ ਹੀ ਕੋਈ ਵਿਅਕਤੀ ਇਸ ਉਮਰ ਤਕ ਪਹੁੰਚਦਾ ਹੈ, ਉਸ ਦੇ ਅੰਦਰ ਸੁਭਾਵਕ ਰੂਪ ਵਿੱਚ ਇੱਕ ਖਾਸ ਰਵੱਈਆ ਪੈਦਾ ਹੋ ਜਾਂਦਾ ਹੈ: “ਵਿਅਕਤੀ ਨੂੰ ਨਸੀਬ ਨੂੰ ਸਵੀਕਾਰ ਕਰਨਾ ਹੀ ਪੈਂਦਾ ਹੈ; ਕਿਸੇ ਵਿਅਕਤੀ ਦੇ ਬੱਚਿਆਂ ਦਾ ਆਪਣਾ ਨਸੀਬ ਹੁੰਦਾ ਹੈ; ਇਨਸਾਨ ਦਾ ਨਸੀਬ ਸਵਰਗ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ।” ਬਹੁਤ ਸਾਰੇ ਲੋਕ ਜੋ ਸੱਚਾਈ ਨੂੰ ਨਹੀਂ ਸਮਝਦੇ, ਇਸ ਸੰਸਾਰ ਦੇ ਸਭ ਉਤਾਰ-ਚੜ੍ਹਾਅ, ਨਿਰਾਸ਼ਾਵਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰ ਚੁੱਕੇ ਹੋਣ ਤੋਂ ਬਾਅਦ, ਮਨੁੱਖੀ ਜੀਵਨ ਬਾਰੇ ਆਪਣੀ ਸੋਝੀ ਦਾ ਸਾਰ ਇਨ੍ਹਾਂ ਦੋ ਸ਼ਬਦਾਂ ਵਿੱਚ ਦੱਸਣਗੇ: “ਇਹੀ ਨਸੀਬ ਹੈ!” ਹਾਲਾਂਕਿ ਇਹ ਸ਼ਬਦ ਸੰਸਾਰਕ ਲੋਕਾਂ ਦੀ ਮਨੁੱਖੀ ਨਸੀਬ ਬਾਰੇ ਸਮਝ ਅਤੇ ਜਿਸ ਨਤੀਜੇ ’ਤੇ ਉਹ ਪਹੁੰਚੇ ਹਨ, ਉਸ ਬਾਰੇ ਸਮਝ ਦਾ ਨਿਚੋੜ ਹਨ, ਅਤੇ ਹਾਲਾਂਕਿ ਇਹ ਮਨੁੱਖਤਾ ਦੀ ਬੇਵੱਸੀ ਨੂੰ ਵਿਖਾਉਂਦਾ ਹੈ ਅਤੇ ਇਸ ਨੂੰ ਚੁਭਵਾਂ ਅਤੇ ਸਟੀਕ ਹੋਣ ਵਜੋਂ ਵਰਣਨ ਕੀਤਾ ਜਾ ਸਕਦਾ ਹੈ, ਇਹ ਸਿਰਜਣਹਾਰ ਦੀ ਪ੍ਰਭੁਤਾ ਦੀ ਸਮਝ ਤੋਂ ਬਹੁਤ ਭਿੰਨ ਹੈ, ਅਤੇ ਇਹ ਸਿਰਜਣਹਾਰ ਦੇ ਅਧਿਕਾਰ ਸੰਬੰਧੀ ਗਿਆਨ ਦਾ ਬਦਲ ਬਿਲਕੁਲ ਨਹੀਂ ਹੈ।

3. ਨਸੀਬ ਵਿੱਚ ਵਿਸ਼ਵਾਸ ਕਰਨਾ ਸਿਰਜਣਹਾਰ ਦੀ ਪ੍ਰਭੁਤਾ ਸੰਬੰਧੀ ਗਿਆਨ ਦਾ ਬਦਲ ਨਹੀਂ ਹੈ

ਇੰਨੇ ਸਾਲਾਂ ਤੋਂ ਪਰਮੇਸ਼ੁਰ ਦੇ ਪਿੱਛੇ ਚੱਲਣ ਤੋਂ ਬਾਅਦ, ਕੀ ਨਸੀਬ ਬਾਰੇ ਤੁਹਾਡੇ ਅਤੇ ਸੰਸਾਰਕ ਲੋਕਾਂ ਦੇ ਗਿਆਨ ਵਿਚਾਲੇ ਕੋਈ ਠੋਸ ਅੰਤਰ ਹੈ? ਕੀ ਤੁਸੀਂ ਸਿਰਜਣਹਾਰ ਦੁਆਰਾ ਮਿੱਥੇ ਜਾਣ ਨੂੰ ਸੱਚਮੁੱਚ ਸਮਝ ਲਿਆ ਹੈ ਅਤੇ ਸੱਚਮੁੱਚ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣ ਲਿਆ ਹੈ? ਕੁਝ ਲੋਕਾਂ ਨੂੰ “ਇਹੀ ਨਸੀਬ ਹੈ” ਸ਼ਬਦਾਂ ਦੀ ਗੂੜ੍ਹੀ ਅਤੇ ਡੂੰਘੀ ਸਮਝ ਹੁੰਦੀ ਹੈ, ਫਿਰ ਵੀ ਉਹ ਪਰਮੇਸ਼ੁਰ ਦੀ ਪ੍ਰਭੁਤਾ ਵਿੱਚ ਮਾੜਾ ਜਿਹਾ ਵਿਸ਼ਵਾਸ ਵੀ ਨਹੀਂ ਕਰਦੇ; ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਮਨੁੱਖੀ ਨਸੀਬ ਦਾ ਪ੍ਰਬੰਧ ਅਤੇ ਨਿਯੋਜਨ ਪਰਮੇਸ਼ੁਰ ਦੁਆਰਾ ਕੀਤਾ ਜਾਂਦਾ ਹੈ, ਅਤੇ ਉਹ ਪਰਮੇਸ਼ੁਰ ਦੀ ਪ੍ਰਭੁਤਾ ਦੇ ਅਧੀਨ ਹੋਣ ਦੇ ਇੱਛੁਕ ਨਹੀਂ ਹੁੰਦੇ। ਅਜਿਹੇ ਲੋਕ ਜਿਵੇਂ ਸਮੁੰਦਰ ਵਿੱਚ, ਲਹਿਰਾਂ ਦੁਆਰਾ ਥਪੇੜੇ ਖਾਂਦੇ ਹੋਏ ਦਿਸ਼ਾਹੀਣ, ਪਾਣੀ ਦੇ ਵਹਾਅ ਨਾਲ ਵਹਿੰਦੇ ਹੋਏ ਜਾਪਦੇ ਹਨ, ਜਿਨ੍ਹਾਂ ਕੋਲ ਚੁੱਪਚਾਪ ਉਡੀਕ ਕਰਨ ਅਤੇ ਆਪਣੇ ਆਪ ਨੂੰ ਨਸੀਬ ਦੇ ਸਹਾਰੇ ਛੱਡ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ। ਫਿਰ ਵੀ ਉਹ ਇਹ ਸਵੀਕਾਰ ਨਹੀਂ ਕਰਦੇ ਕਿ ਮਨੁੱਖੀ ਨਸੀਬ ਪਰਮੇਸ਼ੁਰ ਦੀ ਪ੍ਰਭੁਤਾ ਦੇ ਅਧੀਨ ਹੈ; ਉਹ ਆਪਣੀ ਪਹਿਲਕਦਮੀ ਨਾਲ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਨਹੀਂ ਜਾਣ ਸਕਦੇ ਅਤੇ ਇਸ ਤਰ੍ਹਾਂ ਪਰਮੇਸ਼ੁਰ ਦੇ ਅਧਿਕਾਰ ਦਾ ਗਿਆਨ ਪ੍ਰਾਪਤ ਨਹੀਂ ਕਰ ਸਕਦੇ, ਪਰਮੇਸ਼ੁਰ ਦੇ ਨਿਯੋਜਨਾਂ ਅਤੇ ਪ੍ਰਬੰਧਾਂ ਦੇ ਅਧੀਨ ਨਹੀਂ ਹੋ ਸਕਦੇ, ਨਸੀਬ ਦਾ ਵਿਰੋਧ ਕਰਨਾ ਬੰਦ ਨਹੀਂ ਕਰ ਸਕਦੇ, ਅਤੇ ਪਰਮੇਸ਼ੁਰ ਦੀ ਦੇਖਭਾਲ, ਸੁਰੱਖਿਆ ਅਤੇ ਮਾਰਗਦਰਸ਼ਨ ਹੇਠ ਨਹੀਂ ਜੀਅ ਸਕਦੇ। ਦੂਜੇ ਸ਼ਬਦਾਂ ਵਿੱਚ, ਨਸੀਬ ਨੂੰ ਸਵੀਕਾਰ ਕਰਨਾ ਸਿਰਜਣਹਾਰ ਦੀ ਪ੍ਰਭੁਤਾ ਦੇ ਅਧੀਨ ਹੋਣ ਵਰਗਾ ਨਹੀਂ ਹੈ; ਨਸੀਬ ਵਿੱਚ ਵਿਸ਼ਵਾਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਕੋਈ ਵਿਅਕਤੀ ਸਿਰਜਣਹਾਰ ਦੀ ਪ੍ਰਭੁਤਾ ਨੂੰ ਸਵੀਕਾਰਦਾ, ਮੰਨਦਾ ਅਤੇ ਜਾਣਦਾ ਹੈ; ਨਸੀਬ ਵਿੱਚ ਵਿਸ਼ਵਾਸ ਕਰਨਾ ਸਿਰਫ਼ ਇਸ ਦੀ ਸੱਚਾਈ ਅਤੇ ਇਸ ਦੇ ਸਤਹੀ ਪ੍ਰਗਟਾਵਿਆਂ ਨੂੰ ਮਾਨਤਾ ਦੇਣਾ ਹੀ ਹੈ। ਇਹ, ਇਸ ਨੂੰ ਜਾਣਨ ਤੋਂ ਵੱਖਰਾ ਹੈ ਕਿ ਸਿਰਜਣਹਾਰ ਮਨੁੱਖਤਾ ਦੇ ਨਸੀਬ ਨੂੰ ਕਿਵੇਂ ਨਿਯਮਤ ਕਰਦਾ ਹੈ, ਇਹ ਮੰਨਣ ਤੋਂ ਵੱਖਰਾ ਹੈ ਕਿ ਸਭ ਵਸਤਾਂ ਦੇ ਨਸੀਬ ਉੱਪਰ ਇਖਤਿਆਰ ਦਾ ਸ੍ਰੋਤ ਸਿਰਜਣਹਾਰ ਹੈ, ਅਤੇ ਨਿਸ਼ਚਤ ਤੌਰ ’ਤੇ ਮਨੁੱਖਤਾ ਦੇ ਨਸੀਬ ਲਈ ਸਿਰਜਣਹਾਰ ਦੇ ਨਿਯੋਜਨਾਂ ਅਤੇ ਪ੍ਰਬੰਧਾਂ ਪ੍ਰਤੀ ਅਧੀਨ ਹੋਣ ਤੋਂ ਤਾਂ ਬਹੁਤ ਦੂਰ ਹੈ। ਜੇ ਕੋਈ ਵਿਅਕਤੀ ਸਿਰਫ਼ ਨਸੀਬ ਵਿੱਚ ਵਿਸ਼ਵਾਸ ਕਰਦਾ ਹੈ—ਭਾਵੇਂ ਕਿ ਉਹ ਇਸ ਬਾਰੇ ਬੜੇ ਡੂੰਘੇ ਜਜ਼ਬਾਤ ਰੱਖਦੇ ਹਨ—ਪਰ ਇਸ ਦੇ ਦੁਆਰਾ ਉਹ ਮਨੁੱਖਤਾ ਦੇ ਨਸੀਬ ਉੱਤੇ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣਨ ਅਤੇ ਮੰਨਣ, ਇਸ ਦੇ ਅਧੀਨ ਹੋਣ ਅਤੇ ਇਸ ਨੂੰ ਸਵੀਕਾਰ ਕਰਨ ਵਿੱਚ ਅਸਮਰੱਥ ਹਨ, ਤਾਂ ਉਨ੍ਹਾਂ ਦਾ ਜੀਵਨ ਇੱਕ ਦੁਖਾਂਤ ਹੀ ਹੋਵੇਗਾ, ਇੱਕ ਵਿਅਰਥ ਬਿਤਾਇਆ, ਬੇਕਾਰ ਜੀਵਨ; ਉਹ ਅਜੇ ਵੀ ਸਿਰਜਣਹਾਰ ਦੇ ਅਧਿਕਾਰ ਦੇ ਅਧੀਨ ਹੋਣ, ਸਹੀ ਅਰਥਾਂ ਵਿੱਚ ਇੱਕ ਸਿਰਜੇ ਹੋਏ ਪ੍ਰਾਣੀ ਬਣਨ, ਅਤੇ ਸਿਰਜਣਹਾਰ ਦੀ ਪ੍ਰਵਾਨਗੀ ਦਾ ਅਨੰਦ ਮਾਣਨਵਿੱਚ ਅਸਮਰੱਥ ਹੋਣਗੇ। ਜੋ ਵਿਅਕਤੀ ਸੱਚਮੁੱਚ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣਦਾ ਹੈ ਅਤੇ ਉਸ ਦਾ ਅਨੁਭਵ ਕਰਦਾ ਹੈ, ਉਹ ਇੱਕ ਸਰਗਰਮ ਅਵਸਥਾ ਵਿੱਚ ਹੋਣਾ ਚਾਹੀਦਾ ਹੈ, ਨਾ ਕਿ ਸੁਸਤ ਜਾਂ ਬੇਵੱਸ ਅਵਸਥਾ ਵਿੱਚ। ਹਾਲਾਂਕਿ ਅਜਿਹਾ ਵਿਅਕਤੀ ਇਹ ਸਵੀਕਾਰ ਕਰੇਗਾ ਕਿ ਹਰ ਚੀਜ਼ ਦਾ ਨਸੀਬ ਤੈਅ ਹੈ, ਪਰ ਉਸ ਕੋਲ ਜੀਵਨ ਅਤੇ ਨਸੀਬ ਦੀ ਸਹੀ ਪਰਿਭਾਸ਼ਾ ਹੋਣੀ ਚਾਹੀਦੀ ਹੈ: ਹਰ ਜੀਵਨ ਸਿਰਜਣਹਾਰ ਦੀ ਪ੍ਰਭੁਤਾ ਦੇ ਅਧੀਨ ਹੈ। ਜਦੋਂ ਕੋਈ ਵਿਅਕਤੀ ਉਸ ਵੱਲੋਂ ਤੈਅ ਕੀਤੇ ਪੈਂਡੇ ’ਤੇ ਨਜ਼ਰ ਮਾਰਦਾ ਹੈ, ਜਦੋਂ ਆਪਣੀ ਯਾਤਰਾ ਦੇ ਹਰ ਪੜਾਅ ਨੂੰ ਯਾਦ ਕਰਦਾ ਹੈ, ਉਹ ਵੇਖਦਾ ਹੈ ਕਿ ਭਾਵੇਂ ਉਸ ਦੀ ਯਾਤਰਾ ਮੁਸ਼ਕਲ ਸੀ ਜਾਂ ਨਿਰਵਿਘਨ, ਪਰਮੇਸ਼ੁਰ ਹਰ ਕਦਮ ’ਤੇ ਉਸ ਦੇ ਰਾਹ ਦੀ ਅਗਵਾਈ ਕਰ ਰਿਹਾ ਸੀ, ਇਸ ਨੂੰ ਨਿਯੋਜਿਤ ਕਰ ਰਿਹਾ ਸੀ। ਇਹ ਪਰਮੇਸ਼ੁਰ ਦੇ ਸੁਚੱਜੇ ਪ੍ਰਬੰਧ ਸਨ, ਉਸ ਦੀ ਸਾਵਧਾਨੀਪੂਰਵਕ ਯੋਜਨਾਬੰਦੀ ਸੀ, ਜਿਸ ਨੇ ਅੱਜ ਤਕ ਵਿਅਕਤੀ ਦੀ ਅਣਜਾਣੇ ਵਿੱਚ ਰਾਹਨੁਮਾਈ ਕੀਤੀ। ਸਿਰਜਣਹਾਰ ਦੀ ਪ੍ਰਭੁਤਾ ਨੂੰ ਸਵੀਕਾਰ ਕਰਨ ਦੇ ਯੋਗ ਹੋਣਾ, ਉਸ ਦੀ ਮੁਕਤੀ ਪ੍ਰਾਪਤ ਕਰਨਾ—ਕਿੰਨੀ ਸ਼ਾਨਦਾਰ ਕਿਸਮਤ ਹੈ! ਜੇ ਕੋਈ ਵਿਅਕਤੀ ਨਸੀਬ ਪ੍ਰਤੀ ਨਾਂਹ-ਪੱਖੀ ਰਵੱਈਆ ਰੱਖਦਾ ਹੈ, ਤਾਂ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਹ ਉਸ ਹਰ ਗੱਲ ਦਾ ਵਿਰੋਧ ਕਰ ਰਿਹਾ ਹੈ ਜਿਸ ਦਾ ਪ੍ਰਬੰਧ ਪਰਮੇਸ਼ੁਰ ਨੇ ਉਸ ਲਈ ਕੀਤਾ ਹੈ, ਕਿ ਉਸ ਦਾ ਰਵੱਈਆ ਅਧੀਨਗੀ ਵਾਲਾ ਨਹੀਂ ਹੈ। ਜੇ ਕੋਈ ਵਿਅਕਤੀ ਮਨੁੱਖੀ ਨਸੀਬ ਉੱਪਰ ਪਰਮੇਸ਼ੁਰ ਦੀ ਪ੍ਰਭੁਤਾ ਪ੍ਰਤੀ ਹਾਂ-ਪੱਖੀ ਰਵੱਈਆ ਰੱਖਦਾ ਹੈ, ਤਾਂ ਫਿਰ ਜਦੋਂ ਕੋਈ ਪਿੱਛੇ ਮੁੜ ਕੇ ਆਪਣੀ ਯਾਤਰਾ ਵੱਲ ਦੇਖਦਾ ਹੈ, ਜਦੋਂ ਕੋਈ ਸੱਚਮੁੱਚ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਦਾ ਹੈ, ਤਾਂ ਉਸ ਦੇ ਅੰਦਰ ਪਰਮੇਸ਼ੁਰ ਦੁਆਰਾ ਪ੍ਰਬੰਧ ਕੀਤੀ ਗਈ ਹਰ ਚੀਜ਼ ਪ੍ਰਤੀ ਹੋਰ ਵੀ ਸੱਚੇ ਦਿਲੋਂ ਅਧੀਨ ਹੋਣ ਦੀ ਇੱਛਾ ਹੋਵੇਗੀ, ਪਰਮੇਸ਼ੁਰ ਨੂੰ ਉਸ ਦੇ ਨਸੀਬ ਦਾ ਨਿਯੋਜਨ ਕਰਨ ਦੇਣ ਅਤੇ ਪਰਮੇਸ਼ੁਰ ਵਿਰੁੱਧ ਆਕੀ ਹੋਣਾ ਬੰਦ ਕਰਨ ਲਈ ਵਧੇਰੇ ਪੱਕਾ ਇਰਾਦਾ ਅਤੇ ਭਰੋਸਾ ਉਸ ਦੇ ਅੰਦਰ ਹੋਵੇਗਾ। ਕਿਉਂਕਿ ਇੱਕ ਵਿਅਕਤੀ ਦੇਖਦਾ ਹੈ ਕਿ ਜਦੋਂ ਕੋਈ ਨਸੀਬ ਨੂੰ ਸਮਝ ਨਹੀਂ ਸਕਦਾ, ਜਦੋਂ ਕੋਈ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਸਮਝ ਨਹੀਂ ਸਕਦਾ, ਜਦੋਂ ਕੋਈ ਜਾਣਬੁੱਝ ਕੇ, ਧੁੰਦ ਵਿੱਚੋਂ ਡਗਮਗਾਉਂਦੇ ਤੇ ਲੜਖੜਾਉਂਦੇ ਹੋਏ ਆਪਣੇ ਅਗਲੇਰੇ ਰਾਹ ਨੂੰ ਟਟੋਲਦਾ ਹੈ, ਤਾਂ ਯਾਤਰਾ ਬਹੁਤ ਔਖੀ, ਬਹੁਤ ਦੁਖਦਾਈ ਹੁੰਦੀ ਹੈ। ਇਸ ਲਈ ਜਦੋਂ ਲੋਕ ਮਨੁੱਖੀ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਪਛਾਣਦੇ ਹਨ, ਚਲਾਕ ਲੋਕ ਇਸ ਨੂੰ ਜਾਣਨ ਅਤੇ ਸਵੀਕਾਰ ਕਰਨ ਦਾ, ਉਨ੍ਹਾਂ ਦੁਖਦਾਈ ਦਿਨਾਂ ਨੂੰ ਅਲਵਿਦਾ ਕਹਿਣ ਦਾ ਜਦੋਂ ਉਨ੍ਹਾਂ ਨੇ ਆਪਣੇ ਦੋ ਹੱਥਾਂ ਨਾਲ ਇੱਕ ਚੰਗਾ ਜੀਵਨ ਉਸਾਰਨ ਦੀ ਕੋਸ਼ਿਸ਼ ਕੀਤੀ, ਅਤੇ ਨਸੀਬ ਨਾਲ ਜੂਝਣ ਅਤੇ ਆਪਣੇ ਹੀ ਤਰੀਕੇ ਨਾਲ ਆਪਣੇ ਕਥਿਤ “ਜੀਵਨ ਦੇ ਟੀਚਿਆਂ” ਦੇ ਪਿੱਛੇ ਦੌੜਨਾ ਛੱਡਣ ਦਾ ਫੈਸਲਾ ਕੀਤਾl ਜਦੋਂ ਕਿਸੇ ਵਿਅਕਤੀ ਕੋਲ ਪਰਮੇਸ਼ੁਰ ਨਹੀਂ ਹੁੰਦਾ, ਜਦੋਂ ਕੋਈ ਉਸ ਨੂੰ ਵੇਖ ਨਹੀਂ ਸਕਦਾ, ਜਦੋਂ ਕੋਈ ਸਪਸ਼ਟ ਤੌਰ ’ਤੇ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਪਛਾਣ ਨਹੀਂ ਸਕਦਾ, ਤਾਂ ਹਰ ਦਿਨ ਅਰਥਹੀਣ, ਬੇਕਾਰ, ਅਤੇ ਮੰਦਭਾਗਾ ਹੁੰਦਾ ਹੈ। ਕੋਈ ਜਿੱਥੇ ਵੀ ਹੈ, ਕਿਸੇ ਦਾ ਜੋ ਵੀ ਕੰਮ ਹੈ, ਉਸ ਦਾ ਰੋਜ਼ੀ-ਰੋਟੀ ਦਾ ਸਾਧਨ ਅਤੇ ਆਪਣੇ ਟੀਚਿਆਂ ਦੀ ਪੈਰਵੀ ਉਸ ਦੇ ਲਈ ਬੇਹੱਦ ਦੁੱਖ ਅਤੇ ਮੁਸੀਬਤ ਤੋਂ ਬਿਨਾ ਹੋਰ ਕੁਝ ਵੀ ਨਹੀਂ ਲਿਆਉਂਦੇ, ਇਸ ਹੱਦ ਤਕ ਕਿ ਵਿਅਕਤੀ ਆਪਣੇ ਪਿਛਲੇ ਸਮੇਂ ਵੱਲ ਝਾਤੀ ਮਾਰਨਾ ਸਹਿਣ ਨਹੀਂ ਕਰ ਸਕਦਾ। ਜਦੋਂ ਕੋਈ ਵਿਅਕਤੀ ਸਿਰਜਣਹਾਰ ਦੀ ਪ੍ਰਭੁਤਾ ਨੂੰ ਸਵੀਕਾਰ ਲੈਂਦਾ ਹੈ, ਉਸ ਦੇ ਨਿਯੋਜਨਾਂ ਅਤੇ ਪ੍ਰਬੰਧਾਂ ਦੇ ਅਧੀਨ ਹੋ ਜਾਂਦਾ ਹੈ, ਅਤੇ ਸੱਚੇ ਮਨੁੱਖੀ ਜੀਵਨ ਦੀ ਭਾਲ ਕਰਦਾ ਹੈ, ਸਿਰਫ਼ ਉਦੋਂ ਹੀ ਉਹ ਹੌਲੀ-ਹੌਲੀ ਸਾਰੇ ਦੁੱਖ ਅਤੇ ਮੁਸੀਬਤ ਤੋਂ ਮੁਕਤ ਹੋਣ ਲੱਗਦਾ ਹੈ ਅਤੇ ਜੀਵਨ ਦੇ ਸਾਰੇ ਖਾਲੀਪਣ ਤੋਂ ਛੁਟਕਾਰਾ ਪਾਉਣ ਲੱਗਦਾ ਹੈ।

4. ਜੋ ਸਿਰਜਣਹਾਰ ਦੀ ਪ੍ਰਭੁਤਾ ਦੇ ਅਧੀਨ ਹੁੰਦੇ ਹਨ ਸਿਰਫ਼ ਉਹੀ ਸੱਚੀ ਆਜ਼ਾਦੀ ਹਾਸਲ ਕਰ ਸਕਦੇ ਹਨ

ਕਿਉਂਕਿ ਲੋਕ ਪਰਮੇਸ਼ੁਰ ਦੇ ਨਿਯੋਜਨਾਂ ਅਤੇ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਨਹੀਂ ਪਛਾਣਦੇ, ਉਹ ਹਮੇਸ਼ਾ ਅਵੱਗਿਆਕਾਰੀ ਅਤੇ ਬਾਗੀ ਰਵੱਈਏ ਨਾਲ ਨਸੀਬ ਦਾ ਸਾਹਮਣਾ ਕਰਦੇ ਹਨ, ਅਤੇ ਬੇਕਾਰ ਵਿੱਚ ਆਪਣੇ ਮੌਜੂਦਾ ਹਾਲਾਤ ਨੂੰ ਬਦਲਣ ਅਤੇ ਆਪਣੇ ਨਸੀਬ ਨੂੰ ਬਦਲਣ ਦੀ ਉਮੀਦ ਕਰਦੇ ਹੋਏ, ਹਮੇਸ਼ਾ ਪਰਮੇਸ਼ੁਰ ਦੇ ਅਧਿਕਾਰ ਅਤੇ ਪ੍ਰਭੁਤਾ ਅਤੇ ਉਨ੍ਹਾਂ ਵਸਤਾਂ ਨੂੰ ਤਿਆਗਣਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਨਸੀਬ ਵਿੱਚ ਹਨ। ਪਰ ਉਹ ਕਦੇ ਵੀ ਸਫ਼ਲ ਨਹੀਂ ਹੋ ਸਕਦੇ ਅਤੇ ਹਰ ਮੋੜ ’ਤੇ ਖਦੇੜੇ ਜਾਂਦੇ ਹਨ। ਇਹ ਸੰਘਰਸ਼, ਜੋ ਇੱਕ ਵਿਅਕਤੀ ਦੀ ਆਤਮਾ ਦੀ ਡੂੰਘਾਈ ਵਿੱਚ ਹੁੰਦਾ ਹੈ, ਅਜਿਹਾ ਡੂੰਘਾ ਦਰਦ ਲਿਆਉਂਦਾ ਹੈ ਜੋ ਉਸ ਵਿਅਕਤੀ ਦੇ ਹੱਡਾਂ ਵਿੱਚ ਉੱਕਰਿਆ ਜਾਂਦਾ ਹੈ, ਜਦੋਂ ਉਹ ਹਮੇਸ਼ਾ ਆਪਣੇ ਜੀਵਨ ਨੂੰ ਅਜਾਈਂ ਗੁਆਉਂਦਾ ਹੈ। ਇਸ ਦਰਦ ਦਾ ਕਾਰਨ ਕੀ ਹੈ? ਕੀ ਇਹ ਪਰਮੇਸ਼ੁਰ ਦੀ ਪ੍ਰਭੁਤਾ ਦੇ ਕਾਰਨ ਹੈ, ਜਾਂ ਕਿਉਂਕਿ ਕੋਈ ਵਿਅਕਤੀ ਬਦਨਸੀਬ ਪੈਦਾ ਹੋਇਆ ਸੀ? ਜ਼ਾਹਰ ਹੈ, ਇਨ੍ਹਾਂ ਵਿੱਚੋਂ ਕੋਈ ਵੀ ਸੱਚ ਨਹੀਂ ਹੈ। ਅਸਲ ਵਿੱਚ, ਇਹ ਲੋਕਾਂ ਵੱਲੋਂ ਅਪਣਾਏ ਜਾਂਦੇ ਰਾਹ ਅਤੇ ਉਨ੍ਹਾਂ ਤਰੀਕਿਆਂ ਕਰਕੇ ਹੁੰਦਾ ਹੈ ਜਿਨ੍ਹਾਂ ਨਾਲ ਉਹ ਆਪਣੇ ਜੀਵਨ ਜੀਉਣ ਦਾ ਫ਼ੈਸਲਾ ਕਰਦੇ ਹਨ। ਕੁਝ ਲੋਕਾਂ ਨੂੰ ਸ਼ਾਇਦ ਇਨ੍ਹਾਂ ਗੱਲਾਂ ਦਾ ਅਹਿਸਾਸ ਨਾ ਹੋਇਆ ਹੋਵੇ। ਪਰ ਜਦੋਂ ਤੂੰ ਸੱਚਮੁੱਚ ਜਾਣ ਲੈਂਦਾ ਹੈਂ, ਜਦੋਂ ਤੂੰ ਸੱਚਮੁੱਚ ਇਹ ਪਛਾਣਨ ਲੱਗਦਾ ਹੈਂ ਕਿ ਮਨੁੱਖੀ ਨਸੀਬ ਉੱਪਰ ਪਰਮੇਸ਼ੁਰ ਦੀ ਪ੍ਰਭੁਤਾ ਹੈ, ਜਦੋਂ ਤੂੰ ਸੱਚਮੁੱਚ ਇਹ ਸਮਝ ਲੈਂਦਾ ਹੈਂ ਕਿ ਪਰਮੇਸ਼ੁਰ ਵੱਲੋਂ ਤੇਰੇ ਲਈ ਬਣਾਈ ਹਰ ਯੋਜਨਾ ਅਤੇ ਤੇਰੇ ਲਈ ਕੀਤਾ ਹਰ ਫ਼ੈਸਲਾ ਵੱਡੇ ਲਾਭ ਅਤੇ ਸੁਰੱਖਿਆ ਲਈ ਹੈ, ਤਾਂ ਤੂੰ ਮਹਿਸੂਸ ਕਰਦਾ ਹੈਂ ਕਿ ਤੇਰਾ ਦਰਦ ਹਲਕਾ ਹੋਣ ਲੱਗਦਾ ਹੈ, ਅਤੇ ਤੇਰੀ ਸਮੁੱਚੀ ਹੋਂਦ ਆਰਾਮਦਾਇਕ, ਸੁਤੰਤਰ, ਅਤੇ ਮੁਕਤ ਹੋ ਜਾਂਦੀ ਹੈ। ਬਹੁਗਿਣਤੀ ਲੋਕਾਂ ਦੀਆਂ ਅਵਸਥਾਵਾਂ ਤੋਂ ਪਰਖਦੇ ਹੋਏ, ਉਹ ਨਿਰਪੱਖ ਰੂਪ ਵਿੱਚ ਮਨੁੱਖੀ ਨਸੀਬ ਉੱਤੇ ਸਿਰਜਣਹਾਰ ਦੀ ਪ੍ਰਭੁਤਾ ਦੇ ਵਿਹਾਰਕ ਮਹੱਤਵ ਅਤੇ ਅਰਥਾਂ ਨੂੰ ਸੱਚਮੁੱਚ ਸਵੀਕਾਰ ਨਹੀਂ ਕਰ ਸਕਦੇ, ਭਾਵੇਂ ਕਿ ਵਿਅਕਤੀਗਤ ਪੱਧਰ ’ਤੇ ਉਹ ਪਹਿਲਾਂ ਵਾਂਗ ਜੀਉਂਦੇ ਨਹੀਂ ਰਹਿਣਾ ਚਾਹੁੰਦੇ ਅਤੇ ਆਪਣੇ ਦਰਦ ਤੋਂ ਰਾਹਤ ਚਾਹੁੰਦੇ ਹਨ; ਨਿਰਪੱਖ ਰੂਪ ਵਿੱਚ, ਉਹ ਸੱਚਮੁੱਚ ਸਿਰਜਣਹਾਰ ਦੀ ਪ੍ਰਭੁਤਾ ਨੂੰ ਸਵੀਕਾਰ ਨਹੀਂ ਕਰ ਸਕਦੇ ਅਤੇ ਇਸ ਦੇ ਅਧੀਨ ਨਹੀਂ ਹੋ ਸਕਦੇ, ਸਿਰਜਣਹਾਰ ਦੇ ਨਿਯੋਜਨਾਂ ਅਤੇ ਪ੍ਰਬੰਧਾਂ ਨੂੰ ਕਿਵੇਂ ਭਾਲਣਾ ਅਤੇ ਸਵੀਕਾਰ ਕਰਨਾ ਹੈ, ਇਹ ਤਾਂ ਦੂਰ ਦੀ ਗੱਲ ਹੈ। ਇਸ ਲਈ, ਜੇ ਲੋਕ ਇਸ ਸੱਚਾਈ ਨੂੰ ਸੱਚਮੁੱਚ ਸਵੀਕਾਰ ਨਹੀਂ ਕਰ ਸਕਦੇ ਕਿ ਮਨੁੱਖੀ ਨਸੀਬ ਅਤੇ ਸਾਰੇ ਮਨੁੱਖੀ ਮਾਮਲਿਆਂ ’ਤੇ ਸਿਰਜਣਹਾਰ ਦੀ ਪ੍ਰਭੁਤਾ ਹੈ, ਜੇ ਉਹ ਸੱਚਮੁੱਚ ਸਿਰਜਣਹਾਰ ਦੇ ਇਖਤਿਆਰ ਦੇ ਅਧੀਨ ਨਹੀਂ ਹੋ ਸਕਦੇ, ਤਾਂ ਉਨ੍ਹਾਂ ਲਈ ਇਸ ਖਿਆਲ ਦੁਆਰਾ ਪ੍ਰੇਰਿਤ ਹੋਣਾ ਜਾਂ ਇਸ ਦੀ ਗ੍ਰਿਫ਼ਤ ਵਿੱਚ ਆਉਣਾ ਔਖਾ ਨਹੀਂ ਹੋਵੇਗਾ ਕਿ “ਵਿਅਕਤੀ ਦਾ ਨਸੀਬ ਉਸ ਦੇ ਆਪਣੇ ਹੱਥ ਵਿੱਚ ਹੁੰਦਾ ਹੈ।” ਉਨ੍ਹਾਂ ਲਈ ਨਸੀਬ ਅਤੇ ਸਿਰਜਣਹਾਰ ਦੇ ਅਧਿਕਾਰ ਨਾਲ ਆਪਣੇ ਜ਼ਬਰਦਸਤ ਸੰਘਰਸ਼ ਦੇ ਦਰਦ ਤੋਂ ਪਿੱਛਾ ਛੁਡਾਉਣਾ ਮੁਸ਼ਕਲ ਹੋਵੇਗਾ, ਅਤੇ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਉਨ੍ਹਾਂ ਲਈ ਸੱਚਮੁੱਚ ਮੁਕਤ ਅਤੇ ਸੁਤੰਤਰ ਹੋਣਾ ਅਤੇ ਅਜਿਹੇ ਲੋਕ ਬਣਨਾ ਮੁਸ਼ਕਲ ਹੋਵੇਗਾ ਜੋ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ। ਪਰ ਇਸ ਅਵਸਥਾ ਤੋਂ ਆਪਣੇ ਆਪ ਨੂੰ ਆਜ਼ਾਦ ਕਰਾਉਣ ਦਾ ਇੱਕ ਬਹੁਤ ਹੀ ਸੌਖਾ ਢੰਗ ਹੈ, ਜੋ ਹੈ ਆਪਣੇ ਜੀਵਨ ਦੇ ਪੁਰਾਣੇ ਢੰਗ ਨੂੰ ਵਿਦਾਈ ਦੇਣਾ; ਜੀਵਨ ਦੇ ਪਹਿਲੇ ਟੀਚਿਆਂ ਨੂੰ ਅਲਵਿਦਾ ਕਹਿਣਾ; ਪਹਿਲੀ ਜੀਵਨ ਸ਼ੈਲੀ, ਜੀਵਨ ਦੇ ਨਜ਼ਰੀਏ, ਕੰਮ-ਕਾਜ, ਇੱਛਾਵਾਂ ਅਤੇ ਆਦਰਸ਼ਾਂ ਦਾ ਸਾਰ ਕੱਢਣਾ ਅਤੇ ਵਿਸ਼ਲੇਸ਼ਣ ਕਰਨਾ; ਅਤੇ ਫਿਰ ਉਨ੍ਹਾਂ ਦੀ ਤੁਲਨਾ ਪਰਮੇਸ਼ੁਰ ਦੀ ਇੱਛਾ ਅਤੇ ਮਨੁੱਖ ਦੀਆਂ ਮੰਗਾਂ ਨਾਲ ਕਰਨਾ ਅਤੇ ਵੇਖਣਾ ਕਿ ਕੀ ਉਨ੍ਹਾਂ ਵਿੱਚੋਂ ਕੋਈ ਵੀ ਪਰਮੇਸ਼ੁਰ ਦੀ ਇੱਛਾ ਅਤੇ ਮੰਗਾਂ ਦੇ ਅਨੁਕੂਲ ਹੈ, ਕੀ ਉਨ੍ਹਾਂ ਵਿੱਚੋਂ ਕੋਈ ਵੀ ਜੀਵਨ ਦੀਆਂ ਸਹੀ ਕਦਰਾਂ-ਕੀਮਤਾਂ ਪ੍ਰਦਾਨ ਕਰਦਾ ਹੈ, ਵਿਅਕਤੀ ਨੂੰ ਸੱਚਾਈ ਦੀ ਵਧੇਰੇ ਸਮਝ ਵੱਲ ਲਿਜਾਉਂਦਾ ਹੈ, ਅਤੇ ਵਿਅਕਤੀ ਨੂੰ ਮਨੁੱਖਤਾ ਦੇ ਨਾਲ ਅਤੇ ਮਨੁੱਖ ਦੇ ਸਮਾਨ ਜੀਉਣ ਦਿੰਦਾ ਹੈ। ਜਦੋਂ ਤੂੰ ਵਾਰ-ਵਾਰ ਉਨ੍ਹਾਂ ਟੀਚਿਆਂ ਜਿਨ੍ਹਾਂ ਦੀ ਲੋਕ ਜੀਵਨ ਵਿੱਚ ਪੈਰਵੀ ਕਰਦੇ ਹਨ ਅਤੇ ਉਨ੍ਹਾਂ ਦੇ ਜੀਉਣ ਦੇ ਅਣਗਿਣਤ ਤਰੀਕਿਆਂ ਦੀ ਪੜਤਾਲ ਅਤੇ ਧਿਆਨ ਨਾਲ ਵਿਸ਼ਲੇਸ਼ਣ ਕਰਦਾ ਹੈਂ, ਤਾਂ ਤੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਅਜਿਹਾ ਨਹੀਂ ਮਿਲੇਗਾ ਜੋ ਸਿਰਜਣਹਾਰ ਦੇ ਅਸਲ ਮਨੋਰਥ ਦੇ ਅਨੁਸਾਰ ਹੋਵੇ, ਜਿਸ ਨਾਲ ਉਸ ਨੇ ਮਨੁੱਖਤਾ ਬਣਾਈ ਹੈ। ਇਹ ਸਭ ਲੋਕਾਂ ਨੂੰ ਸਿਰਜਣਹਾਰ ਦੀ ਪ੍ਰਭੁਤਾ ਅਤੇ ਦੇਖਭਾਲ ਤੋਂ ਦੂਰ ਕਰਦੇ ਹਨ; ਇਹ ਸਭ ਉਹ ਜਾਲ ਹਨ ਜੋ ਲੋਕਾਂ ਦੇ ਭ੍ਰਿਸ਼ਟ ਹੋਣ ਦਾ ਕਾਰਨ ਬਣਦੇ ਹਨ ਅਤੇ ਜੋ ਉਨ੍ਹਾਂ ਨੂੰ ਨਰਕ ਵੱਲ ਲੈ ਜਾਂਦੇ ਹਨ। ਜਦੋਂ ਤੂੰ ਇਸ ਨੂੰ ਸਵੀਕਾਰ ਕਰ ਲੈਂਦਾ ਹੈਂ, ਤਾਂ ਤੇਰਾ ਕੰਮ ਆਪਣੇ ਜੀਵਨ ਦੇ ਪੁਰਾਣੇ ਨਜ਼ਰੀਏ ਨੂੰ ਪਾਸੇ ਰੱਖਣਾ ਤੇ ਵੱਖੋ-ਵੱਖਰੇ ਜਾਲਾਂ ਤੋਂ ਦੂਰ ਰਹਿਣ ਦਾ ਹੁੰਦਾ ਹੈ, ਪਰਮੇਸ਼ੁਰ ਨੂੰ ਤੇਰੇ ਜੀਵਨ ਦਾ ਜ਼ਿੰਮਾ ਸੰਭਾਲਣ ਦੇ ਅਤੇ ਤੇਰੇ ਲਈ ਪ੍ਰਬੰਧ ਕਰਨ ਦੇ; ਇਹ ਸਿਰਫ਼ ਪਰਮੇਸ਼ੁਰ ਦੇ ਨਿਯੋਜਨਾਂ ਅਤੇ ਮਾਰਗਦਰਸ਼ਨ ਪ੍ਰਤੀ ਅਧੀਨ ਹੋਣ ਦੀ ਕੋਸ਼ਿਸ਼ ਕਰਨ ਲਈ ਹੈ, ਵਿਅਕਤੀਗਤ ਚੋਣ ਦੇ ਬਗੈਰ ਜੀਣ ਲਈ ਅਤੇ ਇੱਕ ਅਜਿਹਾ ਵਿਅਕਤੀ ਬਣਨ ਲਈ ਹੈ ਜੋ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ। ਇਹ ਅਸਾਨ ਜਾਪਦਾ ਹੈ, ਪਰ ਕਰਨਾ ਮੁਸ਼ਕਲ ਹੈ। ਕੁਝ ਲੋਕ ਇਸ ਦਾ ਦਰਦ ਸਹਿ ਸਕਦੇ ਹਨ, ਪਰ ਦੂਸਰੇ ਨਹੀਂ। ਕੁਝ ਪਾਲਣਾ ਕਰਨ ਦੇ ਇੱਛੁਕ ਹੁੰਦੇ ਹਨ, ਪਰ ਦੂਸਰੇ ਨਹੀਂ। ਜੋ ਲੋਕ ਇੱਛੁਕ ਨਹੀਂ ਹੁੰਦੇ ਉਨ੍ਹਾਂ ਵਿੱਚ ਅਜਿਹਾ ਕਰਨ ਦੀ ਇੱਛਾ ਅਤੇ ਸੰਕਲਪ ਦੀ ਘਾਟ ਹੁੰਦੀ ਹੈ; ਉਹ ਪਰਮੇਸ਼ੁਰ ਦੀ ਪ੍ਰਭੁਤਾ ਤੋਂ ਸਪੱਸ਼ਟ ਤੌਰ ’ਤੇ ਜਾਣੂ ਹੁੰਦੇ ਹਨ, ਉਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਇਹ ਪਰਮੇਸ਼ੁਰ ਹੈ ਜੋ ਮਨੁੱਖੀ ਨਸੀਬ ਦੀ ਯੋਜਨਾ ਬਣਾਉਂਦਾ ਹੈ ਅਤੇ ਪ੍ਰਬੰਧ ਕਰਦਾ ਹੈ, ਅਤੇ ਫਿਰ ਵੀ ਉਹ ਪਰਮੇਸ਼ੁਰ ਦੀ ਹਥੇਲੀ ਵਿੱਚ ਆਪਣੇ ਨਸੀਬ ਸੌਂਪ ਦੇਣ ਅਤੇ ਪਰਮੇਸ਼ੁਰ ਦੀ ਪ੍ਰਭੁਤਾ ਦੇ ਅਧੀਨ ਹੋਣ ਵਿੱਚ ਜੂਝਦੇ ਹਨ ਅਤੇ ਅਸੰਤੁਸ਼ਟ ਰਹਿੰਦੇ ਹਨ; ਇਸ ਤੋਂ ਇਲਾਵਾ, ਉਹ ਪਰਮੇਸ਼ੁਰ ਦੇ ਨਿਯੋਜਨਾਂ ਅਤੇ ਪ੍ਰਬੰਧਾਂ ਦਾ ਵਿਰੋਧ ਕਰਦੇ ਹਨ। ਇਸ ਲਈ ਕੁਝ ਲੋਕ ਹਮੇਸ਼ਾ ਅਜਿਹੇ ਹੋਣਗੇ ਜੋ ਖੁਦ ਵੇਖਣਾ ਚਾਹੁੰਦੇ ਹਨ ਕਿ ਉਹ ਕਿਸ ਕਾਬਲ ਹਨ; ਉਹ ਆਪਣੇ ਦੋਵੇਂ ਹੱਥਾਂ ਨਾਲ ਆਪਣੇ ਨਸੀਬ ਬਦਲਣਾ ਚਾਹੁੰਦੇ ਹਨ, ਜਾਂ ਆਪਣੀ ਖੁਦ ਦੀ ਸ਼ਕਤੀ ਨਾਲ ਖੁਸ਼ੀ ਹਾਸਲ ਕਰਨਾ ਚਾਹੁੰਦੇ ਹਨ, ਇਹ ਦੇਖਣ ਲਈ ਕਿ ਕੀ ਉਹ ਪਰਮੇਸ਼ੁਰ ਦੇ ਅਧਿਕਾਰ ਦੀਆਂ ਸੀਮਾਵਾਂ ਨੂੰ ਪਾਰ ਕਰ ਸਕਦੇ ਹਨ ਅਤੇ ਪਰਮੇਸ਼ੁਰ ਦੀ ਪ੍ਰਭੁਤਾ ਤੋਂ ਉੱਪਰ ਉੱਠ ਸਕਦੇ ਹਨ। ਮਨੁੱਖ ਦਾ ਦੁਖਾਂਤ ਇਹ ਨਹੀਂ ਹੈ ਕਿ ਉਹ ਖੁਸ਼ਹਾਲ ਜੀਵਨ ਦੀ ਭਾਲ ਕਰਦਾ ਹੈ, ਇਹ ਨਹੀਂ ਹੈ ਕਿ ਉਹ ਪ੍ਰਸਿੱਧੀ ਅਤੇ ਖੁਸ਼ਕਿਸਮਤੀ ਦੇ ਪਿੱਛੇ ਭੱਜਦਾ ਹੈ ਜਾਂ ਧੁੰਦ ਵਿੱਚੋਂ ਆਪਣੇ ਨਸੀਬ ਨਾਲ ਸੰਘਰਸ਼ ਕਰਦਾ ਹੈ, ਪਰ ਇਹ ਹੈ ਕਿ ਉਸ ਦੁਆਰਾ ਸਿਰਜਣਹਾਰ ਦੀ ਹੋਂਦ ਨੂੰ ਵੇਖ ਲੈਣ ਤੋਂ ਬਾਅਦ ਵੀ, ਇਹ ਸੱਚਾਈ ਨੂੰ ਜਾਣ ਲੈਣ ਤੋਂ ਬਾਅਦ ਕਿ ਮਨੁੱਖੀ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਹੈ, ਉਹ ਅਜੇ ਵੀ ਆਪਣੇ ਤਰੀਕਿਆਂ ਨੂੰ ਬਦਲ ਨਹੀਂ ਸਕਦਾ, ਇਸ ਦਲਦਲ ਵਿੱਚੋਂ ਆਪਣੇ ਪੈਰਾਂ ਨੂੰ ਬਾਹਰ ਨਹੀਂ ਕੱਢ ਸਕਦਾ, ਪਰ ਕਠੋਰ ਦਿਲ ਨਾਲ ਆਪਣੀਆਂ ਗਲਤੀਆਂ ’ਤੇ ਕਾਇਮ ਰਹਿੰਦਾ ਹੈ। ਇਸ ਦੀ ਬਜਾਏ ਉਹ ਚਿੱਕੜ ਵਿੱਚ ਧੱਸਦਾ ਰਹਿੰਦਾ ਹੈ, ਸਿਰਜਣਹਾਰ ਦੀ ਪ੍ਰਭੁਤਾ ਦੇ ਵਿਰੁੱਧ ਅੜਿੱਕਾ ਬੰਨ੍ਹਦਾ ਰਹਿੰਦਾ ਹੈ, ਪਛਤਾਵੇ ਦਾ ਇੱਕ ਵੀ ਅੱਥਰੂ ਵਗਾਏ ਬਗੈਰ, ਦੁਖਾਵੇਂ ਅੰਤ ਤਕ ਇਸ ਦਾ ਵਿਰੋਧ ਕਰਦਾ ਰਹਿੰਦਾ ਹੈ। ਜਦੋਂ ਉਹ ਥੱਕ-ਟੁੱਟ ਕੇ ਲਹੂ-ਲੁਹਾਨ ਹੋ ਜਾਂਦਾ ਹੈ, ਸਿਰਫ਼ ਉਸ ਤੋਂ ਬਾਅਦ ਹੀ ਹਾਰ ਮੰਨ ਕੇ ਵਾਪਸ ਜਾਣ ਦਾ ਫ਼ੈਸਲਾ ਕਰਦਾ ਹੈ। ਇਹ ਅਸਲ ਮਨੁੱਖੀ ਸੋਗ ਹੈ। ਇਸ ਲਈ ਮੈਂ ਕਹਿੰਦਾ ਹਾਂ, ਕਿ ਜਿਹੜੇ ਲੋਕ ਅਧੀਨ ਹੋਣ ਦੀ ਚੋਣ ਕਰਦੇ ਹਨ ਉਹ ਬੁੱਧੀਮਾਨ ਹੁੰਦੇ ਹਨ, ਅਤੇ ਜਿਹੜੇ ਸੰਘਰਸ਼ ਕਰਨ ਅਤੇ ਭੱਜਣ ਦੀ ਚੋਣ ਕਰਦੇ ਹਨ ਉਹ ਅਸਲ ਵਿੱਚ ਮੂਰਖ ਹੁੰਦੇ ਹਨ।

ਛੇਵਾਂ ਪੜਾਅ: ਮੌਤ

ਬਹੁਤ ਸਾਰੀ ਚਹਿਲ-ਪਹਿਲ, ਬਹੁਤ ਸਾਰੀਆਂ ਮੁਸੀਬਤਾਂ ਅਤੇ ਨਿਰਾਸ਼ਾ ਤੋਂ ਬਾਅਦ, ਬਹੁਤ ਸਾਰੀਆਂ ਖੁਸ਼ੀਆਂ ਅਤੇ ਦੁੱਖਾਂ ਅਤੇ ਉਤਾਰ-ਚੜਾਅ ਤੋਂ ਬਾਅਦ, ਬਹੁਤ ਸਾਰੇ ਅਭੁੱਲ ਸਾਲਾਂ ਤੋਂ ਬਾਅਦ, ਮੌਸਮਾਂ ਨੂੰ ਵਾਰ-ਵਾਰ ਬਦਲਦੇ ਵੇਖਣ ਤੋਂ ਬਾਅਦ, ਇੱਕ ਵਿਅਕਤੀ ਜੀਵਨ ਦੇ ਨਿਰਣਾਇਕ ਪੜਾਵਾਂ ਨੂੰ ਬਿਨਾ ਧਿਆਨ ਦਿੱਤੇ ਹੀ ਬਿਤਾ ਚੁੱਕਾ ਹੁੰਦਾ ਹੈ ਅਤੇ ਪਲਕ ਝਪਕਦਿਆਂ ਹੀ, ਉਹ ਆਪਣੇ ਆਪ ਨੂੰ ਆਪਣੇ ਜੀਵਨ ਦੇ ਢਲਦੇ ਸਾਲਾਂ ਵਿੱਚ ਪਾਉਂਦਾ ਹੈ। ਸਮੇਂ ਦੀ ਛਾਪ ਦਾ ਠੱਪਾ ਉਸ ਦੇ ਸਰੀਰ ਦੇ ਹਰ ਹਿੱਸੇ ’ਤੇ ਲੱਗਾ ਹੁੰਦਾ ਹੈ: ਵਿਅਕਤੀ ਹੁਣ ਸਿੱਧਾ ਖੜ੍ਹਾ ਨਹੀਂ ਰਹਿ ਸਕਦਾ, ਉਸ ਦੇ ਵਾਲ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ, ਕਿਸੇ ਸਮੇਂ ਉੱਜਲੀਆਂ ਅਤੇ ਚਮਕਦਾਰ ਰਹੀਆਂ ਅੱਖਾਂ ਧੁੰਦਲੀਆਂ ਅਤੇ ਉਦਾਸ ਪੈ ਜਾਂਦੀਆਂ ਹਨ, ਅਤੇ ਨਿਰਮਲ, ਕੋਮਲ ਚਮੜੀ ’ਤੇ ਝੁਰੜੀਆਂ ਅਤੇ ਦਾਗ ਪੈ ਜਾਂਦੇ ਹਨ। ਉਸ ਦੀ ਸੁਣਨ ਸ਼ਕਤੀ ਕਮਜ਼ੋਰ ਪੈ ਜਾਂਦੀ ਹੈ, ਉਸ ਦੇ ਦੰਦ ਢਿੱਲੇ ਹੋ ਕੇ ਟੁੱਟ ਜਾਂਦੇ ਹਨ, ਉਸ ਦੀਆਂ ਪ੍ਰਤੀਕ੍ਰਿਆਵਾਂ ਸੁਸਤ ਹੋ ਜਾਂਦੀਆਂ ਹਨ, ਉਸ ਦੀਆਂ ਹਰਕਤਾਂ ਢਿੱਲੀਆਂ ਪੈ ਜਾਂਦੀਆਂ ਹਨ… ਇਸ ਬਿੰਦੂ ’ਤੇ, ਉਹ ਵਿਅਕਤੀ ਆਪਣੀ ਜਵਾਨੀ ਦੇ ਜੋਸ਼ ਭਰਪੂਰ ਸਾਲਾਂ ਨੂੰ ਅੰਤਮ ਵਿਦਾਇਗੀ ਦੇ ਚੁੱਕਾ ਹੁੰਦਾ ਹੈ ਅਤੇ ਆਪਣੇ ਜੀਵਨ ਦੇ ਢਲਦੇ ਸਾਲਾਂ ਵਿੱਚ ਦਾਖਲ ਹੋ ਚੁੱਕਾ ਹੁੰਦਾ ਹੈ: ਬੁਢਾਪਾ। ਇਸ ਤੋਂ ਬਾਅਦ, ਉਸ ਦਾ ਸਾਹਮਣਾ ਮੌਤ ਨਾਲ ਹੋਵੇਗਾ, ਮਨੁੱਖੀ ਜੀਵਨ ਦਾ ਆਖਰੀ ਪੜਾਅ।

1. ਸਿਰਫ਼ ਸਿਰਜਣਹਾਰ ਹੀ ਮਨੁੱਖ ’ਤੇ ਜੀਵਨ ਅਤੇ ਮੌਤ ਦੀ ਤਾਕਤ ਰੱਖਦਾ ਹੈ

ਜੇ ਕਿਸੇ ਦਾ ਜਨਮ ਉਸ ਦੇ ਪਿਛਲੇ ਜੀਵਨ ਦੁਆਰਾ ਨਿਯਤ ਹੋਇਆ ਸੀ, ਤਾਂ ਉਸ ਦੀ ਮੌਤ ਉਸ ਦੀ ਕਿਸਮਤ ਦੇ ਅੰਤ ਨੂੰ ਦਰਸਾਉਂਦੀ ਹੈ। ਜੇ ਕਿਸੇ ਦਾ ਜਨਮ ਇਸ ਜੀਵਨ ਵਿੱਚ ਉਸ ਦੇ ਉਦੇਸ਼ ਦੀ ਸ਼ੁਰੂਆਤ ਹੈ, ਤਾਂ ਉਸ ਦੀ ਮੌਤ ਉਸ ਉਦੇਸ਼ ਦੇ ਅੰਤ ਨੂੰ ਦਰਸਾਉਂਦੀ ਹੈ। ਕਿਉਂਕਿ ਸਿਰਜਣਹਾਰ ਨੇ ਵਿਅਕਤੀ ਦੇ ਜਨਮ ਲਈ ਖਾਸ ਤਰ੍ਹਾਂ ਦੇ ਹਾਲਾਤ ਨਿਰਧਾਰਤ ਕੀਤੇ ਹਨ, ਤਾਂ ਇਹ ਸਪਸ਼ਟ ਹੈ ਕਿ ਉਸ ਨੇ ਉਸ ਦੀ ਮੌਤ ਲਈ ਵੀ ਖਾਸ ਤਰ੍ਹਾਂ ਦੇ ਹਾਲਾਤ ਦਾ ਪ੍ਰਬੰਧ ਕੀਤਾ ਹੈ। ਦੂਜੇ ਸ਼ਬਦਾਂ ਵਿੱਚ, ਕੋਈ ਵੀ ਸੰਜੋਗਵੱਸ ਪੈਦਾ ਨਹੀਂ ਹੁੰਦਾ, ਕਿਸੇ ਦੀ ਮੌਤ ਅਚਾਨਕ ਨਹੀਂ ਆਉਂਦੀ ਅਤੇ ਜਨਮ ਅਤੇ ਮੌਤ ਦੋਵੇਂ ਜ਼ਰੂਰੀ ਤੌਰ ’ਤੇ ਉਸ ਦੇ ਪਿਛਲੇ ਅਤੇ ਮੌਜੂਦਾ ਜੀਵਨ ਨਾਲ ਜੁੜੇ ਹੁੰਦੇ ਹਨ। ਵਿਅਕਤੀ ਦੇ ਜਨਮ ਅਤੇ ਮੌਤ ਦੇ ਹਾਲਾਤ ਸਿਰਜਣਹਾਰ ਦੁਆਰਾ ਪਹਿਲਾਂ ਤੋਂ ਮਿੱਥੇ ਹੋਏ ਹੁੰਦੇ ਹਨ; ਇਹ ਉਸ ਵਿਅਕਤੀ ਦਾ ਨਸੀਬ ਹੈ, ਵਿਅਕਤੀ ਦੀ ਕਿਸਮਤ। ਕਿਉਂਕਿ ਵਿਅਕਤੀ ਦੇ ਜਨਮ ਦੀਆਂ ਬਹੁਤ ਸਾਰੀਆਂ ਵਿਆਖਿਆਵਾਂ ਹੁੰਦੀਆਂ ਹਨ, ਇਹ ਵੀ ਸੱਚ ਹੈ ਕਿ ਵਿਅਕਤੀ ਦੀ ਮੌਤ, ਕੁਦਰਤੀ ਤੌਰ ’ਤੇ ਆਪਣੇ ਖਾਸ ਕਿਸਮ ਦੇ ਹਾਲਾਤ ਵਿੱਚ ਹੋਵੇਗੀ। ਲੋਕਾਂ ਦੀ ਉਮਰ ਅਤੇ ਉਨ੍ਹਾਂ ਦੀ ਮੌਤ ਅਤੇ ਸਮਿਆਂ ਦੇ ਵੱਖੋ-ਵੱਖ ਹੋਣ ਦਾ ਇਹੀ ਕਾਰਨ ਹੁੰਦਾ ਹੈ। ਕੁਝ ਲੋਕ ਮਜ਼ਬੂਤ ਅਤੇ ਤੰਦਰੁਸਤ ਹੁੰਦੇ ਹਨ, ਫਿਰ ਵੀ ਜਵਾਨ ਮਰ ਜਾਂਦੇ ਹਨ; ਦੂਸਰੇ ਕਮਜ਼ੋਰ ਅਤੇ ਬਿਮਾਰ ਹੁੰਦੇ ਹਨ, ਫਿਰ ਵੀ ਬੁਢਾਪੇ ਤਕ ਜੀਉਂਦੇ ਹਨ ਅਤੇ ਸ਼ਾਂਤੀ ਨਾਲ ਗੁਜ਼ਰ ਜਾਂਦੇ ਹਨ। ਕੁਝ ਗੈਰ-ਕੁਦਰਤੀ ਕਾਰਨਾਂ ਕਰਕੇ ਮਰ ਜਾਂਦੇ ਹਨ, ਜਦਕਿ ਦੂਸਰੇ ਕੁਦਰਤੀ ਤੌਰ ’ਤੇ ਮਰਦੇ ਹਨ। ਕੁਝ ਘਰ ਤੋਂ ਬਹੁਤ ਦੂਰ ਆਪਣਾ ਜੀਵਨ ਖਤਮ ਕਰਦੇ ਹਨ, ਜਦਕਿ ਕੁਝ ਆਪਣੇ ਅੰਤ ਸਮੇਂ ਆਪਣੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਆਖਰੀ ਵਾਰ ਅੱਖਾਂ ਬੰਦ ਕਰਦੇ ਹਨ। ਕੁਝ ਲੋਕ ਅਸਮਾਨ ਵਿੱਚ ਮਰਦੇ ਹਨ, ਜਦਕਿ ਕੁਝ ਧਰਤੀ ਦੇ ਹੇਠਾਂ ਮਰ ਜਾਂਦੇ ਹਨ। ਕੁਝ ਪਾਣੀ ਵਿੱਚ ਡੁੱਬ ਕੇ ਮਰਦੇ ਹਨ, ਜਦਕਿ ਦੂਸਰੇ ਲੋਕ ਆਫ਼ਤਾਂ ਵਿੱਚ ਮਰ ਜਾਂਦੇ ਹਨ। ਕੁਝ ਸਵੇਰ ਵੇਲੇ ਮਰਦੇ ਹਨ, ਜਦਕਿ ਦੂਸਰੇ ਰਾਤ ਨੂੰ… । ਹਰ ਕੋਈ ਇੱਕ ਸ਼ਾਨਦਾਰ ਜਨਮ, ਇੱਕ ਰੌਸ਼ਨ ਜੀਵਨ, ਅਤੇ ਇੱਕ ਸ਼ਾਨਦਾਰ ਮੌਤ ਚਾਹੁੰਦਾ ਹੈ, ਪਰ ਕੋਈ ਵੀ ਆਪਣੇ ਨਸੀਬ ਨੂੰ ਟੱਪ ਨਹੀਂ ਸਕਦਾ, ਕੋਈ ਵੀ ਸਿਰਜਣਹਾਰ ਦੀ ਪ੍ਰਭੁਤਾ ਤੋਂ ਬੱਚ ਨਹੀਂ ਸਕਦਾ। ਇਹ ਮਨੁੱਖੀ ਨਸੀਬ ਹੈ। ਮਨੁੱਖ ਆਪਣੇ ਭਵਿੱਖ ਲਈ ਹਰ ਤਰਾਂ ਦੀਆਂ ਯੋਜਨਾਵਾਂ ਬਣਾ ਸਕਦਾ ਹੈ, ਪਰ ਕੋਈ ਵੀ ਆਪਣੇ ਜਨਮ ਅਤੇ ਸੰਸਾਰ ਤੋਂ ਉਸ ਦੇ ਵਿਦਾ ਹੋਣ ਦੇ ਢੰਗ ਅਤੇ ਸਮੇਂ ਦੀ ਯੋਜਨਾ ਨਹੀਂ ਬਣਾ ਸਕਦਾ। ਹਾਲਾਂਕਿ ਲੋਕ ਮੌਤ ਦੇ ਆਉਣ ਤੋਂ ਬਚਣ ਅਤੇ ਇਸ ਦਾ ਵਿਰੋਧ ਕਰਨ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ, ਫਿਰ ਵੀ, ਉਨ੍ਹਾਂ ਦੇ ਬਿਨ ਜਾਣੇ ਮੌਤ ਚੁੱਪਚਾਪ ਨੇੜੇ ਆ ਜਾਂਦੀ ਹੈ। ਕੋਈ ਵੀ ਨਹੀਂ ਜਾਣਦਾ ਕਿ ਉਸ ਦਾ ਅੰਤ ਕਦੋਂ ਜਾਂ ਕਿਵੇਂ ਹੋਵੇਗਾ, ਇਸ ਬਾਰੇ ਤਾਂ ਬਿਲਕੁਲ ਵੀ ਨਹੀਂ ਕਿ ਇਹ ਕਿੱਥੇ ਹੋਵੇਗਾ। ਸਪਸ਼ਟ ਹੈ ਕਿ ਇਹ ਮਨੁੱਖਤਾ ਨਹੀਂ ਹੈ ਜਿਸ ਕੋਲ ਜੀਵਨ ਅਤੇ ਮੌਤ ਦੀ ਤਾਕਤ ਹੈ, ਅਤੇ ਨਾ ਹੀ ਕੁਦਰਤੀ ਸੰਸਾਰ ਵਿੱਚ ਕਿਸੇ ਜੀਵ ਕੋਲ, ਬਲਕਿ ਉਸ ਸਿਰਜਣਹਾਰ ਕੋਲ ਹੈ, ਜਿਸ ਦਾ ਅਧਿਕਾਰ ਵਿਲੱਖਣ ਹੈ। ਮਨੁੱਖਜਾਤੀ ਦਾ ਜੀਵਨ ਅਤੇ ਮੌਤ ਕੁਦਰਤੀ ਸੰਸਾਰ ਦੇ ਕਿਸੇ ਨਿਯਮ ਦੀ ਉਪਜ ਨਹੀਂ ਹਨ, ਬਲਕਿ ਸਿਰਜਣਹਾਰ ਦੇ ਅਧਿਕਾਰ ਦੀ ਪ੍ਰਭੁਤਾ ਦਾ ਨਤੀਜਾ ਹਨ।

2. ਜਿਹੜਾ ਵਿਅਕਤੀ ਸਿਰਜਣਹਾਰ ਦੀ ਪ੍ਰਭੁਤਾ ਨੂੰ ਨਹੀਂ ਜਾਣਦਾ ਉਸ ਨੂੰ ਮੌਤ ਦਾ ਡਰ ਸਤਾਏਗਾ

ਜਦੋਂ ਕੋਈ ਬੁਢਾਪੇ ਵਿੱਚ ਦਾਖਲ ਹੁੰਦਾ ਹੈ, ਤਾਂ ਉਸ ਨੂੰ ਜਿਸ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਜਾਂ ਜੀਵਨ ਵਿੱਚ ਆਪਣੇ ਉੱਚੇ ਮਨਸੂਬਿਆਂ ਨੂੰ ਸਥਾਪਤ ਕਰਨਾ ਨਹੀਂ, ਸਗੋਂ ਇਹ ਹੈ ਕਿ ਕਿਸੇ ਦੇ ਜੀਵਨ ਨੂੰ ਅਲਵਿਦਾ ਕਿਵੇਂ ਕੀਤਾ ਜਾਵੇ, ਕਿਸੇ ਦੇ ਜੀਵਨ ਦੇ ਅੰਤ ਦਾ ਸਾਹਮਣਾ ਕਿਵੇਂ ਕੀਤਾ ਜਾਵੇ, ਕਿਸੇ ਦੇ ਜੀਵਨ ਦੇ ਅੰਤ ’ਤੇ ਵਿਰਾਮ ਕਿਵੇਂ ਲਗਾਇਆ ਜਾਵੇ। ਭਾਵੇਂ ਦੇਖਣ ਵਿੱਚ ਇਹ ਜਾਪਦਾ ਹੈ ਕਿ ਲੋਕ ਮੌਤ ਵੱਲ ਬਹੁਤ ਘੱਟ ਧਿਆਨ ਦਿੰਦੇ ਹਨ, ਪਰ ਕੋਈ ਵੀ ਇਸ ਵਿਸ਼ੇ ਦੀ ਪੜਚੋਲ ਕਰਨ ਤੋਂ ਬਚ ਨਹੀਂ ਸਕਦਾ, ਕਿਉਂਕਿ ਕੋਈ ਨਹੀਂ ਜਾਣਦਾ ਕਿ ਕੀ ਮੌਤ ਤੋਂ ਪਾਰ ਦੂਰ ਕੋਈ ਹੋਰ ਸੰਸਾਰ ਹੈ, ਅਜਿਹਾ ਸੰਸਾਰ ਜਿਸ ਨੂੰ ਮਨੁੱਖ ਸਮਝ ਜਾਂ ਮਹਿਸੂਸ ਨਹੀਂ ਕਰ ਸਕਦਾ, ਜਿਸ ਬਾਰੇ ਉਹ ਕੁਝ ਨਹੀਂ ਜਾਣਦਾ। ਇਸ ਕਰਕੇ ਲੋਕ ਮੌਤ ਦਾ ਸਾਹਮਣਾ ਕਰਨ ਤੋਂ ਡਰਦੇ ਹਨ, ਇਸ ਦੇ ਨਾਲ ਵਾਹ ਪੈਣ ਤੋਂ ਉਸੇ ਤਰ੍ਹਾਂ ਡਰਦੇ ਹਨ ਜਿਵੇਂ ਉਨ੍ਹਾਂ ਨੂੰ ਡਰਨਾ ਚਾਹੀਦਾ ਹੈ; ਇਸ ਦੀ ਬਜਾਏ, ਉਹ ਇਸ ਵਿਸ਼ੇ ਤੋਂ ਬਚਣ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ। ਅਤੇ ਇਸ ਕਰਕੇ ਹਰ ਵਿਅਕਤੀ ਵਿੱਚ ਮੌਤ ਦਾ ਡਰ ਭਰ ਜਾਂਦਾ ਹੈ, ਅਤੇ ਜੀਵਨ ਦੇ ਇਸ ਅਟੱਲ ਤੱਥ ਬਾਰੇ ਰਹੱਸ ਦਾ ਇੱਕ ਪਰਦਾ ਜੁੜ ਜਾਂਦਾ ਹੈ, ਜੋ ਹਰ ਵਿਅਕਤੀ ਦੇ ਦਿਲ ’ਤੇ ਨਿਰੰਤਰ ਇੱਕ ਪਰਛਾਵਾਂ ਪਾਉਂਦਾ ਹੈ।

ਜਦੋਂ ਕਿਸੇ ਵਿਅਕਤੀ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦਾ ਸਰੀਰ ਵਿਗੜਦਾ ਜਾ ਰਿਹਾ ਹੈ, ਜਦੋਂ ਕਿਸੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਮੌਤ ਦੇ ਨੇੜੇ ਪਹੁੰਚ ਰਿਹਾ ਹੈ, ਤਾਂ ਉਸ ਨੂੰ ਇੱਕ ਅਸਪਸ਼ਟ ਜਿਹਾ, ਅਕਹਿ ਡਰ ਮਹਿਸੂਸ ਹੁੰਦਾ ਹੈ। ਮੌਤ ਦਾ ਡਰ ਵਿਅਕਤੀ ਨੂੰ ਹੋਰ ਵੀ ਇਕੱਲਾ ਅਤੇ ਵਧੇਰੇ ਬੇਵੱਸ ਮਹਿਸੂਸ ਕਰਾਉਂਦਾ ਹੈ, ਅਤੇ ਇਸ ਸਮੇਂ ਉਹ ਆਪਣੇ ਆਪ ਨੂੰ ਪੁੱਛਦਾ ਹੈ: ਆਦਮੀ ਕਿੱਥੋਂ ਆਇਆ? ਆਦਮੀ ਕਿੱਥੇ ਜਾ ਰਿਹਾ ਹੈ? ਕੀ ਮਨੁੱਖ ਇਸ ਤਰ੍ਹਾਂ ਮਰਦਾ ਹੈ, ਜਿਵੇਂ ਕਿ ਉਸ ਦਾ ਜੀਵਨ ਉਸ ਕੋਲੋਂ ਤੇਜ਼ੀ ਨਾਲ ਲੰਘ ਗਿਆ ਹੋਵੇ? ਕੀ ਇਹ ਉਹ ਸਮਾਂ ਹੈ ਜੋ ਮਨੁੱਖ ਦੇ ਜੀਵਨ ਦੇ ਅੰਤ ਨੂੰ ਦਰਸਾਉਂਦਾ ਹੈ? ਅੰਤ ਵਿੱਚ, ਜੀਵਨ ਦਾ ਕੀ ਅਰਥ ਹੈ? ਆਖਰਕਾਰ ਜੀਵਨ ਦਾ ਕੀ ਮੁੱਲ ਹੈ? ਕੀ ਇਸ ਤੋਂ ਭਾਵ ਪ੍ਰਸਿੱਧੀ ਅਤੇ ਖੁਸ਼ਕਿਸਮਤੀ ਹੈ? ਕੀ ਇਸ ਦਾ ਅਰਥ ਪਰਿਵਾਰ ਪਾਲਣਾ ਹੈ? … ਭਾਵੇਂ ਕਿਸੇ ਨੇ ਇਨ੍ਹਾਂ ਖਾਸ ਪ੍ਰਸ਼ਨਾਂ ਬਾਰੇ ਸੋਚਿਆ ਹੋਵੇ ਜਾਂ ਨਹੀਂ, ਭਾਵੇਂ ਕੋਈ ਵਿਅਕਤੀ ਮੌਤ ਤੋਂ ਕਿੰਨਾ ਅਤਿਅੰਤ ਕਿਉਂ ਨਾ ਡਰਦਾ ਹੋਵੇ, ਹਰ ਵਿਅਕਤੀ ਦੇ ਦਿਲ ਦੀ ਡੂੰਘਾਈ ਵਿੱਚ, ਹਮੇਸ਼ਾ ਰਹੱਸਾਂ ਨੂੰ ਫ਼ਰੋਲਣ ਦੀ ਇੱਛਾ ਹੁੰਦੀ ਹੈ, ਜੀਵਨ ਬਾਰੇ ਨਾਸਮਝੀ ਦੀ ਭਾਵਨਾ ਹੁੰਦੀ ਹੈ, ਅਤੇ ਇਨ੍ਹਾਂ ਨਾਲ ਰਲੀ ਹੁੰਦੀ ਹੈ ਸੰਸਾਰ ਬਾਰੇ ਭਾਵਨਾਤਮਕਤਾ ਅਤੇ ਛੱਡ ਕੇ ਜਾਣ ਦੀ ਝਿਜਕ। ਸ਼ਾਇਦ ਕੋਈ ਸਪਸ਼ਟ ਤੌਰ ’ਤੇ ਬਿਆਨ ਨਹੀਂ ਕਰ ਸਕਦਾ ਕਿ ਉਹ ਕੀ ਹੈ ਜਿਸ ਤੋਂ ਮਨੁੱਖ ਡਰਦਾ ਹੈ, ਉਹ ਕੀ ਹੈ ਜੋ ਮਨੁੱਖ ਭਾਲਦਾ ਹੈ, ਉਹ ਕੀ ਹੈ ਜਿਸ ਬਾਰੇ ਉਹ ਭਾਵੁਕ ਹੈ ਅਤੇ ਜਿਸ ਨੂੰ ਪਿੱਛੇ ਛੱਡ ਕੇ ਜਾਣ ਤੋਂ ਝਿਜਕਦਾ ਹੈ ...

ਕਿਉਂਕਿ ਲੋਕ ਮੌਤ ਤੋਂ ਡਰਦੇ ਹਨ, ਇਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਚਿੰਤਾਵਾਂ ਹੁੰਦੀਆਂ ਹਨ; ਕਿਉਂਕਿ ਉਹ ਮੌਤ ਤੋਂ ਡਰਦੇ ਹਨ, ਲੋਕਾਂ ਕੋਲ ਬਹੁਤ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਉਹ ਛੱਡ ਨਹੀਂ ਸਕਦੇ। ਜਦੋਂ ਉਹ ਮਰਨ ਵਾਲੇ ਹੁੰਦੇ ਹਨ, ਕੁਝ ਲੋਕ ਕਿਸੇ ਨਾ ਕਿਸੇ ਚੀਜ਼ ਬਾਰੇ ਝੁੰਜਲਾ ਉੱਠਦੇ ਹਨ; ਉਨ੍ਹਾਂ ਨੂੰ ਆਪਣੇ ਬੱਚਿਆਂ, ਆਪਣੇ ਰਿਸ਼ਤੇਦਾਰਾਂ, ਆਪਣੀ ਦੌਲਤ ਬਾਰੇ ਚਿੰਤਾ ਹੁੰਦੀ ਹੈ, ਜਿਵੇਂ ਕਿ ਚਿੰਤਾ ਕਰਕੇ ਉਹ ਆਪਣੇ ਦੁੱਖਾਂ ਅਤੇ ਉਸ ਡਰ ਨੂੰ ਮਿਟਾ ਸਕਦੇ ਹਨ ਜੋ ਮੌਤ ਆਪਣੇ ਨਾਲ ਲਿਆਉਂਦੀ ਹੈ, ਜਿਵੇਂ ਕਿ ਜੀਉਣ ਨਾਲ ਇੱਕ ਕਿਸਮ ਦੀ ਨੇੜਤਾ ਬਣਾਈ ਰੱਖਣ ਨਾਲ ਉਹ ਉਸ ਬੇਵੱਸੀ ਅਤੇ ਇਕੱਲਤਾ ਤੋਂ ਬੱਚ ਸਕਦੇ ਹਨ ਜੋ ਮੌਤ ਦੇ ਨਾਲ ਆਉਂਦੇ ਹਨ। ਮਨੁੱਖੀ ਦਿਲ ਦੀਆਂ ਡੂੰਘਾਈਆਂ ਵਿੱਚ ਇੱਕ ਅਸਪਸ਼ਟ ਜਿਹਾ ਡਰ ਹੁੰਦਾ ਹੈ, ਆਪਣੇ ਰਿਸ਼ਤੇਦਾਰਾਂ ਤੋਂ ਵਿਛੜ ਜਾਣ ਦਾ ਡਰ, ਨੀਲੇ ਅਸਮਾਨ ਵੱਲ ਮੁੜ ਕਦੇ ਨਾ ਦੇਖ ਸਕਣ ਦਾ ਡਰ, ਭੌਤਿਕ ਸੰਸਾਰ ਨੂੰ ਫਿਰ ਕਦੇ ਨਾ ਦੇਖਣ ਦਾ ਡਰ। ਆਪਣੇ ਰਿਸ਼ਤੇਦਾਰਾਂ ਦੀ ਸੰਗਤ ਦੀ ਆਦੀ, ਕੱਲਮਕੱਲੀ ਆਤਮਾ, ਇਕੱਲਿਆਂ, ਇੱਕ ਅਣਜਾਣ ਅਤੇ ਓਪਰੇ ਸੰਸਾਰ ਵਿੱਚ ਜਾਣ ਲਈ ਆਪਣੀ ਪਕੜ ਨੂੰ ਛੱਡਣ ਅਤੇ ਵਿਦਾ ਹੋਣ ਤੋਂ ਝਿਜਕਦੀ ਹੈ।

3. ਪ੍ਰਸਿੱਧੀ ਅਤੇ ਖੁਸ਼ਕਿਸਮਤੀ ਦੀ ਭਾਲ ਕਰਦਿਆਂ ਬਿਤਾਇਆ ਜੀਵਨ ਮੌਤ ਦੇ ਸਾਹਮਣੇ ਘਬਰਾ ਜਾਂਦਾ ਹੈ

ਸਿਰਜਣਹਾਰ ਦੀ ਪ੍ਰਭੁਤਾ ਅਤੇ ਪਹਿਲਾਂ ਤੋਂ ਮਿੱਥੇ ਭਾਗ ਕਾਰਨ, ਜਿਸ ਕੱਲਮਕੱਲੀ ਆਤਮਾ ਕੋਲ ਸ਼ੁਰੂ ਵਿੱਚ ਕੁਝ ਵੀ ਨਹੀਂ ਸੀ ਉਸ ਨੂੰ ਮਾਪੇ ਅਤੇ ਪਰਿਵਾਰ ਮਿਲ ਜਾਂਦਾ ਹੈ, ਮਨੁੱਖਜਾਤੀ ਦਾ ਇੱਕ ਜੀਅ ਬਣਨ ਦਾ ਮੌਕਾ ਮਿਲਦਾ ਹੈ, ਮਨੁੱਖੀ ਜੀਵਨ ਦਾ ਅਨੁਭਵ ਕਰਨ ਅਤੇ ਸੰਸਾਰ ਨੂੰ ਵੇਖਣ ਦਾ ਮੌਕਾ ਮਿਲਦਾ ਹੈ। ਇਸ ਆਤਮਾ ਨੂੰ ਸਿਰਜਣਹਾਰ ਦੀ ਪ੍ਰਭੁਤਾ ਦਾ ਅਨੁਭਵ ਕਰਨ, ਸਿਰਜਣਹਾਰ ਦੀ ਸਿਰਜਣਾ ਦੀ ਅਦਭੁਤਤਾ ਨੂੰ ਜਾਣਨ ਅਤੇ ਇਸ ਤੋਂ ਇਲਾਵਾ, ਸਿਰਜਣਹਾਰ ਦੇ ਅਧਿਕਾਰ ਨੂੰ ਜਾਣਨ ਅਤੇ ਇਸ ਦੇ ਅਧੀਨ ਹੋਣ ਦਾ ਮੌਕਾ ਵੀ ਮਿਲਦਾ ਹੈ। ਫਿਰ ਵੀ ਬਹੁਤੇ ਲੋਕ ਇਸ ਦੁਰਲੱਭ ਅਤੇ ਛਿਣਭੰਗਰ ਮੌਕੇ ਨੂੰ ਅਸਲ ਵਿੱਚ ਸੰਭਾਲ ਨਹੀਂ ਪਾਉਂਦੇ। ਇੱਕ ਵਿਅਕਤੀ ਨਸੀਬ ਨਾਲ ਲੜਨ ਲਈ ਜੀਵਨ ਭਰ ਦੀ ਊਰਜਾ ਖਰਚ ਕਰ ਦਿੰਦਾ ਹੈ, ਆਪਣੇ ਪਰਿਵਾਰ ਨੂੰ ਪਾਲਣ ਦੀ ਕੋਸ਼ਿਸ਼ ਕਰਦਿਆਂ ਅਤੇ ਦੌਲਤ ਅਤੇ ਰੁਤਬੇ ਦੇ ਵਿਚਾਲੇ ਦੀ ਦੌੜ ਵਿੱਚ ਆਪਣਾ ਸਾਰਾ ਸਮਾਂ ਭੱਜ-ਦੌੜ ਵਿੱਚ ਬਿਤਾ ਦਿੰਦਾ ਹੈ। ਉਹ ਚੀਜ਼ਾਂ ਜਿਹੜੀਆਂ ਲੋਕਾਂ ਲਈ ਅਨਮੋਲ ਹੁੰਦੀਆਂ ਹਨ ਉਹ ਹਨ ਪਰਿਵਾਰ, ਪੈਸਾ ਅਤੇ ਪ੍ਰਸਿੱਧੀ, ਅਤੇ ਉਹ ਇਨ੍ਹਾਂ ਨੂੰ ਜੀਵਨ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਵਜੋਂ ਵੇਖਦੇ ਹਨ। ਸਭ ਲੋਕ ਆਪਣੇ ਨਸੀਬ ਬਾਰੇ ਸ਼ਿਕਾਇਤ ਕਰਦੇ ਹਨ, ਪਰ ਫਿਰ ਵੀ ਉਹ ਉਨ੍ਹਾਂ ਮਸਲਿਆਂ ਨੂੰ ਆਪਣੇ ਮਨ ਵਿੱਚ ਕਿਤੇ ਪਿੱਛੇ ਧੱਕ ਦਿੰਦੇ ਹਨ ਜਿਨ੍ਹਾਂ ਦੀ ਪੜਤਾਲ ਕਰਨਾ ਅਤੇ ਜਿਨ੍ਹਾਂ ਨੂੰ ਸਮਝਣਾ ਸਭ ਤੋਂ ਜ਼ਰੂਰੀ ਹੈ: ਅਰਥਾਤ ਮਨੁੱਖ ਕਿਉਂ ਜੀਉਂਦਾ ਹੈ, ਮਨੁੱਖ ਨੂੰ ਕਿਵੇਂ ਜੀਉਣਾ ਚਾਹੀਦਾ ਹੈ, ਜੀਵਨ ਦਾ ਮਹੱਤਵ ਅਤੇ ਅਰਥ ਕੀ ਹੈ। ਉਹ ਆਪਣਾ ਸਾਰਾ ਜੀਵਨ ਪ੍ਰਸਿੱਧੀ ਅਤੇ ਖੁਸ਼ਕਿਸਮਤੀ ਦੀ ਭਾਲ ਵਿੱਚ ਬਿਤਾ ਦਿੰਦੇ ਹਨ, ਭਾਵੇਂ ਇਹ ਜਿੰਨਾ ਵੀ ਲੰਮਾ ਚੱਲ ਸਕੇ, ਜਦੋਂ ਤਕ ਉਨ੍ਹਾਂ ਦੀ ਜਵਾਨੀ ਹੱਥੋਂ ਖਿਸਕ ਨਹੀਂ ਜਾਂਦੀ ਅਤੇ ਉਹ ਬੁੱਢੇ ਅਤੇ ਝੁਰੜੀਆਂ ਵਾਲੇ ਨਹੀਂ ਬਣ ਜਾਂਦੇ। ਉਹ ਇਸ ਢੰਗ ਨਾਲ ਉਦੋਂ ਤਕ ਜੀਉਂਦੇ ਹਨ ਜਦ ਤੱਕ ਉਹ ਇਹ ਨਹੀਂ ਵੇਖ ਲੈਂਦੇ ਕਿ ਪ੍ਰਸਿੱਧੀ ਅਤੇ ਖੁਸ਼ਕਿਸਮਤੀ ਉਨ੍ਹਾਂ ਦੇ ਬਿਰਧ ਅਵਸਥਾ ਵੱਲ ਢਿਲਕਣ ਨੂੰ ਰੋਕ ਨਹੀਂ ਸਕਦੇ, ਕਿ ਪੈਸਾ ਦਿਲ ਦੇ ਖਾਲੀਪਣ ਨੂੰ ਨਹੀਂ ਭਰ ਸਕਦਾ, ਕਿ ਕੋਈ ਵੀ ਜਨਮ, ਬੁਢਾਪੇ, ਬਿਮਾਰੀ ਅਤੇ ਮੌਤ ਦੇ ਨਿਯਮਾਂ ਤੋਂ ਮੁਕਤ ਨਹੀਂ ਹੈ, ਕਿ ਕੋਈ ਵੀ ਇਸ ਤੋਂ ਨਹੀਂ ਬਚ ਸਕਦਾ ਜੋ ਉਸ ਦੇ ਨਸੀਬ ਵਿੱਚ ਲਿਖਿਆ ਹੋਇਆ ਹੈ। ਜਦੋਂ ਉਹ ਜੀਵਨ ਦੇ ਅੰਤਮ ਪੜਾਅ ਦਾ ਟਾਕਰਾ ਕਰਨ ਲਈ ਮਜਬੂਰ ਹੁੰਦੇ ਹਨ ਸਿਰਫ਼ ਉਦੋਂ ਹੀ ਉਨ੍ਹਾਂ ਨੂੰ ਸੱਚਮੁੱਚ ਇਹ ਸਮਝ ਆਉਂਦੀ ਹੈ ਕਿ ਭਾਵੇਂ ਕੋਈ ਵਿਸ਼ਾਲ ਧਨ-ਦੌਲਤ ਅਤੇ ਵੱਡੀ ਸੰਪਤੀ ਦਾ ਮਾਲਕ ਹੋਵੇ, ਭਾਵੇਂ ਕਿਸੇ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣ ਅਤੇ ਉੱਚ ਦਰਜੇ ਦਾ ਹੋਵੇ, ਫਿਰ ਵੀ ਉਹ ਮੌਤ ਤੋਂ ਨਹੀਂ ਬਚ ਸਕਦਾ ਅਤੇ ਉਸ ਨੂੰ ਆਪਣੀ ਅਸਲ ਸਥਿਤੀ ਵਿੱਚ ਵਾਪਸ ਜਾਣਾ ਹੀ ਪਵੇਗਾ: ਇੱਕ ਇਕੱਲੀ ਆਤਮਾ, ਜੋ ਬਿਲਕੁਲ ਸੱਖਣੀ ਹੈ। ਜਦੋਂ ਲੋਕਾਂ ਦੇ ਮਾਪੇ ਹੁੰਦੇ ਹਨ, ਉਹ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਦੇ ਮਾਪੇ ਸਭ ਕੁਝ ਹਨ; ਜਦੋਂ ਲੋਕਾਂ ਕੋਲ ਜਾਇਦਾਦ ਹੁੰਦੀ ਹੈ, ਉਹ ਸੋਚਦੇ ਹਨ ਕਿ ਪੈਸਾ ਇੱਕ ਵਿਅਕਤੀ ਦਾ ਮੁੱਖ ਸਹਾਰਾ ਹੈ, ਇਹ ਉਹ ਸਾਧਨ ਹੈ ਜਿਸ ਦੁਆਰਾ ਵਿਅਕਤੀ ਜੀਉਂਦਾ ਹੈ; ਜਦੋਂ ਲੋਕਾਂ ਕੋਲ ਰੁਤਬਾ ਹੁੰਦਾ ਹੈ, ਉਹ ਇਸ ਨਾਲ ਚਿੰਬੜੇ ਰਹਿੰਦੇ ਹਨ ਅਤੇ ਇਸ ਦੀ ਖਾਤਰ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹਨ। ਜਦੋਂ ਲੋਕ ਇਸ ਸੰਸਾਰ ਨੂੰ ਛੱਡਣ ਵਾਲੇ ਹੁੰਦੇ ਹਨ, ਸਿਰਫ਼ ਉਦੋਂ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਦੇ ਪਿੱਛੇ ਭੱਜਣ ਵਿੱਚ ਉਨ੍ਹਾਂ ਨੇ ਆਪਣਾ ਜੀਵਨ ਬਿਤਾਇਆ, ਉਹ ਸਿਰਫ਼ ਛਿਣਭੰਗਰ ਦੇ ਬੱਦਲਾਂ ਦੇ ਸਿਵਾਏ ਹੋਰ ਕੁਝ ਵੀ ਨਹੀਂ ਹਨ, ਜਿਨ੍ਹਾਂ ਵਿੱਚੋਂ ਉਹ ਕਿਸੇ ਨੂੰ ਵੀ ਫੜੀ ਨਹੀਂ ਰੱਖ ਸਕਦੇ, ਜਿਨ੍ਹਾਂ ਵਿੱਚੋਂ ਉਹ ਕਿਸੇ ਨੂੰ ਵੀ ਆਪਣੇ ਨਾਲ ਨਹੀਂ ਲਿਜਾ ਸਕਦੇ, ਜਿਨ੍ਹਾਂ ਵਿੱਚੋਂ ਕੋਈ ਵੀ ਉਨ੍ਹਾਂ ਨੂੰ ਮੌਤ ਤੋਂ ਨਹੀਂ ਛੁਡਾ ਸਕਦੀ, ਇਹ ਤਾਂ ਬਿਲਕੁਲ ਵੀ ਨਹੀਂ ਕਿ ਇਨ੍ਹਾਂ ਵਿੱਚੋਂ ਕੋਈ ਚੀਜ਼ ਕਿਸੇ ਵਿਅਕਤੀ ਨੂੰ ਬਚਾ ਲਵੇ ਅਤੇ ਉਸ ਨੂੰ ਮੌਤ ਤੋਂ ਪਾਰ ਕਰਾ ਸਕੇ। ਕੋਈ ਵਿਅਕਤੀ ਭੌਤਿਕ ਸੰਸਾਰ ਵਿੱਚ ਜੋ ਪ੍ਰਸਿੱਧੀ ਅਤੇ ਖੁਸ਼ਕਿਸਮਤੀ ਪ੍ਰਾਪਤ ਕਰਦਾ ਹੈ ਉਹ ਅਸਥਾਈ ਸੰਤੁਸ਼ਟੀ, ਅਸਥਾਈ ਖੁਸ਼ੀ, ਅਰਾਮ ਦਾ ਇੱਕ ਝੂਠਾ ਅਹਿਸਾਸ ਦਿੰਦੀ ਹੈ; ਇਸ ਪ੍ਰਕਿਰਿਆ ਵਿੱਚ, ਉਹ ਉਸ ਦੇ ਰਸਤਾ ਭੁੱਲ ਜਾਣ ਦਾ ਕਾਰਨ ਬਣਦੀਆਂ ਹਨ। ਅਤੇ ਇਸ ਤਰ੍ਹਾਂ ਲੋਕ, ਜਦੋਂ ਮਨੁੱਖਤਾ ਦੇ ਵਿਸ਼ਾਲ ਸਮੁੰਦਰ ਵਿੱਚ ਛਟਪਟਾਉਂਦੇ ਹਨ, ਮਨ ਵਿੱਚ ਸ਼ਾਂਤੀ, ਆਰਾਮ ਅਤੇ ਦਿਲ ਦੇ ਸਕੂਨ ਦੀ ਲਾਲਸਾ ਕਰਦੇ ਹਨ, ਤਾਂ ਇੱਕ ਤੋਂ ਬਾਅਦ ਇੱਕ ਲਹਿਰਾਂ ਦੀ ਚਪੇਟ ਵਿੱਚ ਘਿਰ ਜਾਂਦੇ ਹਨ। ਜਦੋਂ ਲੋਕਾਂ ਨੇ ਅਜੇ ਉਨ੍ਹਾਂ ਪ੍ਰਸ਼ਨਾਂ ਦਾ ਹੱਲ ਲੱਭਣਾ ਹੁੰਦਾ ਹੈ ਜਿਨ੍ਹਾਂ ਨੂੰ ਸਮਝਣਾ ਬਹੁਤ ਮਹੱਤਵਪੂਰਣ ਹੈ—ਉਹ ਕਿੱਥੋਂ ਆਉਂਦੇ ਹਨ, ਉਹ ਕਿਉਂ ਜੀਉਂਦੇ ਹਨ, ਉਹ ਕਿੱਥੇ ਜਾ ਰਹੇ ਹਨ, ਅਤੇ ਵਗੈਰਾ-ਵਗੈਰਾ—ਉਹ ਪ੍ਰਸਿੱਧੀ ਅਤੇ ਖੁਸ਼ਕਿਸਮਤੀ ਦੁਆਰਾ ਭਟਕ ਜਾਂਦੇ ਹਨ, ਉਨ੍ਹਾਂ ਦੁਆਰਾ ਗੁਮਰਾਹ ਅਤੇ ਨਿਯੰਤ੍ਰਿਤ ਕੀਤੇ ਜਾਂਦੇ ਹਨ ਅਤੇ ਅਟੱਲ ਰੂਪ ਵਿੱਚ ਗੁੰਮ ਜਾਂਦੇ ਹਨ। ਸਮਾਂ ਉੱਡ ਜਾਂਦਾ ਹੈ; ਅੱਖ ਝਪਕਦਿਆਂ ਸਾਲ ਲੰਘ ਜਾਂਦੇ ਹਨ, ਅਤੇ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਇਹ ਅਹਿਸਾਸ ਹੋਵੇ, ਵਿਅਕਤੀ ਆਪਣੇ ਜੀਵਨ ਦੇ ਸਭ ਤੋਂ ਵਧੀਆ ਸਾਲਾਂ ਨੂੰ ਵਿਦਾਇਗੀ ਦੇ ਚੁੱਕਾ ਹੁੰਦਾ ਹੈ। ਜਦੋਂ ਕੋਈ ਛੇਤੀ ਹੀ ਸੰਸਾਰ ਤੋਂ ਵਿਦਾ ਹੋਣ ਵਾਲਾ ਹੁੰਦਾ ਹੈ, ਤਾਂ ਉਹ ਹੌਲੀ-ਹੌਲੀ ਇਸ ਅਹਿਸਾਸ ’ਤੇ ਪਹੁੰਚਦਾ ਹੈ ਕਿ ਦੁਨੀਆ ਦੀ ਹਰ ਚੀਜ਼ ਉਸ ਤੋਂ ਦੂਰ ਹੁੰਦੀ ਜਾ ਰਹੀ ਹੈ, ਕਿ ਉਹ ਉਨ੍ਹਾਂ ਚੀਜ਼ਾਂ ਉੱਤੇ ਹੁਣ ਪਕੜ ਨਹੀਂ ਰੱਖ ਸਕਦਾ ਜੋ ਅਸਲ ਵਿੱਚ ਉਸ ਦੀਆਂ ਸਨ; ਤਦ ਉਸ ਨੂੰ ਸੱਚਮੁੱਚ ਮਹਿਸੂਸ ਹੁੰਦਾ ਹੈ ਕਿ ਉਹ ਰੋਂਦੇ-ਕੁਰਲਾਉਂਦੇ ਇੱਕ ਨਿਆਣੇ ਵਰਗਾ ਹੈ ਜੋ ਹੁਣੇ-ਹੁਣੇ ਸੰਸਾਰ ਵਿੱਚ ਆਇਆ ਹੈ, ਜਿਸ ਦਾ ਆਪਣਾ ਕੁਝ ਵੀ ਨਹੀਂ ਹੈ। ਇਸ ਸਮੇਂ, ਉਹ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਉਸ ਨੇ ਜੀਵਨ ਵਿੱਚ ਕੀ ਕੀਤਾ ਹੈ, ਜੀਉਂਦੇ ਹੋਣ ਦਾ ਮਹੱਤਵ ਕੀ ਹੈ, ਇਸ ਦਾ ਕੀ ਅਰਥ ਹੈ, ਉਹ ਸੰਸਾਰ ਵਿੱਚ ਕਿਉਂ ਆਇਆ ਸੀ। ਅਤੇ ਬਿਲਕੁਲ ਇਸ ਸਮੇਂ ਉਹ ਲਗਾਤਾਰ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਅਸਲ ਵਿੱਚ ਅਗਲਾ ਜੀਵਨ ਹੈ, ਕੀ ਸਵਰਗ ਅਸਲ ਵਿੱਚ ਮੌਜੂਦ ਹੈ, ਕੀ ਅਸਲ ਵਿੱਚ ਸਜ਼ਾ ਹੁੰਦੀ ਹੈ...। ਕੋਈ ਵਿਅਕਤੀ ਜਿੰਨਾ ਮੌਤ ਦੇ ਨੇੜੇ ਆਉਂਦਾ ਹੈ, ਉੱਨਾ ਹੀ ਵੱਧ ਇਹ ਸਮਝਣਾ ਚਾਹੁੰਦਾ ਹੈ ਕਿ ਜੀਵਨ ਅਸਲ ਵਿੱਚ ਕੀ ਹੈ; ਕੋਈ ਜਿੰਨਾ ਮੌਤ ਦੇ ਨੇੜੇ ਆਉਂਦਾ ਹੈ, ਉਸ ਦਾ ਦਿਲ ਉੱਨਾ ਹੀ ਖਾਲੀ ਜਾਪਦਾ ਹੈ; ਕੋਈ ਜਿੰਨਾ ਮੌਤ ਦੇ ਨੇੜੇ ਆਉਂਦਾ ਹੈ, ਉੱਨਾ ਹੀ ਵੱਧ ਲਾਚਾਰ ਮਹਿਸੂਸ ਕਰਦਾ ਹੈ; ਅਤੇ ਇਸ ਤਰ੍ਹਾਂ ਉਸ ਦਾ ਮੌਤ ਦਾ ਡਰ ਦਿਨੋ ਦਿਨ ਵਧਦਾ ਜਾਂਦਾ ਹੈ। ਜਦੋਂ ਲੋਕ ਮੌਤ ਦੇ ਨਜ਼ਦੀਕ ਪਹੁੰਚਦੇ ਹਨ ਤਾਂ ਉਨ੍ਹਾਂ ਵਿੱਚ ਅਜਿਹੀਆਂ ਭਾਵਨਾਵਾਂ ਜ਼ਾਹਰ ਹੋਣ ਦੇ ਦੋ ਕਾਰਨ ਹੁੰਦੇ ਹਨ: ਪਹਿਲਾ, ਉਹ ਉਸ ਪ੍ਰਸਿੱਧੀ ਅਤੇ ਦੌਲਤ ਨੂੰ ਗੁਆਉਣ ਵਾਲੇ ਹਨ ਜਿਸ ਉੱਤੇ ਉਨ੍ਹਾਂ ਦਾ ਜੀਵਨ ਨਿਰਭਰ ਰਿਹਾ ਹੈ, ਉਹ ਸਭ ਕੁਝ ਨੂੰ ਪਿੱਛੇ ਛੱਡ ਕੇ ਜਾਣ ਵਾਲੇ ਹਨ ਜਿਸ ਨੂੰ ਅੱਖਾਂ ਇਸ ਸੰਸਾਰ ਵਿੱਚ ਵੇਖਦੀਆਂ ਹਨ; ਅਤੇ ਦੂਜਾ, ਉਹ ਬਿਲਕੁਲ ਇਕੱਲੇ, ਇੱਕ ਅਣਜਾਣ ਸੰਸਾਰ ਦਾ ਸਾਹਮਣਾ ਕਰਨ ਵਾਲੇ ਹਨ, ਇੱਕ ਰਹੱਸਮਈ, ਅਣਜਾਣ ਖੇਤਰ ਜਿੱਥੇ ਉਹ ਪੈਰ ਰੱਖਣ ਤੋਂ ਡਰਦੇ ਹਨ, ਜਿੱਥੇ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੈ ਅਤੇ ਨਾ ਹੀ ਸਹਾਇਤਾ ਦਾ ਕੋਈ ਸਾਧਨ ਹੈ। ਇਨ੍ਹਾਂ ਦੋ ਕਾਰਨਾਂ ਕਰਕੇ, ਮੌਤ ਦਾ ਸਾਹਮਣਾ ਕਰਨ ਵਾਲਾ ਹਰ ਵਿਅਕਤੀ ਬੇਚੈਨੀ, ਘਬਰਾਹਟ ਅਤੇ ਬੇਵੱਸੀ ਦੀ ਅਜਿਹੀ ਭਾਵਨਾ ਮਹਿਸੂਸ ਕਰਦਾ ਹੈ ਜਿਸ ਬਾਰੇ ਉਸ ਨੂੰ ਪਹਿਲਾਂ ਕਦੇ ਨਹੀਂ ਪਤਾ ਸੀ। ਜਦੋਂ ਕੋਈ ਅਸਲ ਵਿੱਚ ਇਸ ਸਮੇਂ ਤੱਕ ਪਹੁੰਚ ਗਿਆ ਹੋਵੇ ਸਿਰਫ਼ ਉਦੋਂ ਹੀ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜਦੋਂ ਕੋਈ ਇਸ ਧਰਤੀ ’ਤੇ ਪੈਰ ਰੱਖਦਾ ਹੈ, ਤਾਂ ਸਭ ਤੋਂ ਪਹਿਲੀ ਚੀਜ਼ ਜੋ ਉਸ ਨੂੰ ਸਮਝਣੀ ਚਾਹੀਦੀ ਹੈ ਉਹ ਇਹ ਕਿ ਮਨੁੱਖ ਕਿੱਥੋਂ ਆਉਂਦੇ ਹਨ, ਲੋਕ ਕਿਉਂ ਜੀਉਂਦੇ ਹਨ, ਮਨੁੱਖੀ ਨਸੀਬ ਨੂੰ ਕੌਣ ਚਲਾਉਂਦਾ ਹੈ, ਅਤੇ ਮਨੁੱਖੀ ਹੋਂਦ ਦਾ ਪ੍ਰਬੰਧ ਕੌਣ ਚਲਾਉਂਦਾ ਹੈ ਅਤੇ ਇਸ ਉੱਪਰ ਕਿਸ ਦੀ ਪ੍ਰਭੁਤਾ ਹੈ। ਇਹ ਗਿਆਨ ਹੀ ਉਹ ਸੱਚਾ ਮਾਧਿਅਮ ਹੈ ਜਿਸ ਦੁਆਰਾ ਕੋਈ ਵਿਅਕਤੀ ਜੀਉਂਦਾ ਹੈ, ਮਨੁੱਖ ਦੇ ਜੀਉਂਦੇ ਰਹਿਣ ਲਈ ਜ਼ਰੂਰੀ ਅਧਾਰ—ਇਹ ਸਿੱਖਣਾ ਨਹੀਂ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚਲਾਉਣਾ ਹੈ ਜਾਂ ਪ੍ਰਸਿੱਧੀ ਅਤੇ ਦੌਲਤ ਕਿਵੇਂ ਹਾਸਲ ਕਰਨੀ ਹੈ, ਇਹ ਸਿੱਖਣਾ ਨਹੀਂ ਕਿ ਭੀੜ ਤੋਂ ਅਲੱਗ ਕਿਵੇਂ ਦਿਖਾਈ ਦੇਣਾ ਹੈ ਜਾਂ ਹੋਰ ਖੁਸ਼ਹਾਲ ਜੀਵਨ ਕਿਵੇਂ ਜੀਉਣਾ ਹੈ, ਇਹ ਸਿੱਖਣਾ ਤਾਂ ਬਿਲਕੁਲ ਵੀ ਨਹੀਂ ਕਿ ਦੂਜਿਆਂ ਤੋਂ ਕਿਵੇਂ ਉੱਤਮ ਬਣਨਾ ਹੈ ਅਤੇ ਸਫ਼ਲਤਾਪੂਰਵਕ ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ। ਹਾਲਾਂਕਿ ਜੀਉਂਦੇ ਰਹਿਣ ਲਈ ਵੱਖੋ-ਵੱਖਰੇ ਹੁਨਰ ਜਿਨ੍ਹਾਂ ’ਤੇ ਮੁਹਾਰਤ ਹਾਸਲ ਕਰਨ ਵਿੱਚ ਲੋਕ ਆਪਣਾ ਜੀਵਨ ਬਿਤਾਉਂਦੇ ਹਨ ਭਰਪੂਰ ਭੌਤਿਕ ਸੁੱਖ-ਸਹੂਲਤਾਂ ਪ੍ਰਦਾਨ ਕਰ ਸਕਦੇ ਹਨ, ਪਰ ਉਹ ਕਦੇ ਵੀ ਕਿਸੇ ਦੇ ਦਿਲ ਨੂੰ ਸੱਚੀ ਸ਼ਾਂਤੀ ਅਤੇ ਤਸੱਲੀ ਨਹੀਂ ਪ੍ਰਦਾਨ ਕਰਦੇ, ਬਲਕਿ ਨਿਰੰਤਰ ਲੋਕਾਂ ਦੀ ਦਿਸ਼ਾ ਭਟਕਾਉਂਦੇ ਹਨ, ਆਪਣੇ ਆਪ ਨੂੰ ਨਿਯੰਤ੍ਰਿਤ ਕਰਨ ਵਿੱਚ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਕਰਦੇ ਹਨ ਅਤੇ ਜੀਵਨ ਦੇ ਅਰਥ ਨੂੰ ਸਮਝਣ ਦੇ ਹਰ ਮੌਕੇ ਤੋਂ ਖੁੰਝਾ ਦਿੰਦੇ ਹਨ; ਜੀਉਂਦੇ ਰਹਿਣ ਦੇ ਇਹ ਹੁਨਰ ਇਸ ਬਾਰੇ ਉਤਸੁਕਤਾ ਦਾ ਅਜਿਹਾ ਅਦਿੱਖ ਪ੍ਰਭਾਵ ਪੈਦਾ ਕਰਦੇ ਹਨ ਕਿ ਮੌਤ ਦਾ ਸਹੀ ਢੰਗ ਨਾਲ ਸਾਹਮਣਾ ਕਿਵੇਂ ਕਰਨਾ ਹੈ। ਲੋਕਾਂ ਦੇ ਜੀਵਨ ਇਸ ਤਰ੍ਹਾਂ ਬਰਬਾਦ ਹੋ ਜਾਂਦੇ ਹਨ। ਸਿਰਜਣਹਾਰ ਸਾਰਿਆਂ ਨਾਲ ਇੱਕੋ ਜਿਹਾ ਪੇਸ਼ ਆਉਂਦਾ ਹੈ, ਸਾਰਿਆਂ ਨੂੰ ਉਸ ਦੀ ਪ੍ਰਭੁਤਾ ਦਾ ਅਨੁਭਵ ਕਰਨ ਅਤੇ ਜਾਣਨ ਦੇ ਜੀਵਨ ਭਰ ਦੇ ਮੌਕੇ ਪ੍ਰਦਾਨ ਕਰਦਾ ਹੈ, ਫਿਰ ਵੀ ਜਦੋਂ ਮੌਤ ਨੇੜੇ ਆਉਂਦੀ ਹੈ, ਜਦੋਂ ਇਸ ਦਾ ਪਰਛਾਵਾਂ ਮੰਡਰਾਉਂਦਾ ਹੈ, ਸਿਰਫ਼ ਉਦੋਂ ਹੀ ਵਿਅਕਤੀ ਚਾਨਣ ਵੇਖਣਾ ਸ਼ੁਰੂ ਕਰਦਾ ਹੈ—ਅਤੇ ਫਿਰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ!

ਪੈਸੇ ਅਤੇ ਪ੍ਰਸਿੱਧੀ ਦਾ ਪਿੱਛਾ ਕਰਦੇ ਲੋਕ ਆਪਣਾ ਜੀਵਨ ਬਿਤਾਉਂਦੇ ਹਨ; ਉਹ ਇਨ੍ਹਾਂ ਤਿਣਕਿਆਂ ਦਾ ਸਹਾਰਾ ਲੈਂਦੇ ਹਨ, ਇਹ ਸੋਚਦੇ ਹੋਏ ਕਿ ਉਹ ਉਨ੍ਹਾਂ ਦਾ ਇੱਕਮਾਤਰ ਸਹਾਰਾ ਹਨ, ਜਿਵੇਂ ਕਿ ਉਨ੍ਹਾਂ ਦੇ ਸਹਾਰੇ ਉਹ ਜੀਅ ਸਕਦੇ ਹਨ, ਮੌਤ ਤੋਂ ਮੁਕਤ ਹੋ ਸਕਦੇ ਹਨ। ਪਰ ਜਦੋਂ ਉਹ ਮਰਨ ਵਾਲੇ ਹੁੰਦੇ ਹਨ, ਸਿਰਫ਼ ਉਦੋਂ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਚੀਜ਼ਾਂ ਉਨ੍ਹਾਂ ਤੋਂ ਕਿੰਨੀ ਦੂਰ ਹਨ, ਮੌਤ ਦੇ ਸਾਹਮਣੇ ਉਹ ਕਿੰਨੇ ਕਮਜ਼ੋਰ ਹਨ, ਉਹ ਕਿੰਨੀ ਅਸਾਨੀ ਨਾਲ ਚਕਨਾਚੂਰ ਹੋ ਜਾਂਦੇ ਹਨ, ਉਹ ਕਿੰਨੇ ਇਕੱਲੇ ਅਤੇ ਬੇਵੱਸ ਹਨ, ਉਨ੍ਹਾਂ ਕੋਲ ਕੋਈ ਅਜਿਹੀ ਥਾਂ ਨਹੀਂ ਹੈ ਜਿੱਥੇ ਉਹ ਜਾ ਸਕਣ। ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਪੈਸੇ ਜਾਂ ਪ੍ਰਸਿੱਧੀ ਨਾਲ ਜੀਵਨ ਨਹੀਂ ਖਰੀਦਿਆ ਜਾ ਸਕਦਾ, ਕਿ ਭਾਵੇਂ ਕੋਈ ਵਿਅਕਤੀ ਕਿੰਨਾ ਵੀ ਦੌਲਤਮੰਦ ਕਿਉਂ ਨਾ ਹੋਵੇ, ਭਾਵੇਂ ਉਸ ਦੀ ਸਥਿਤੀ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ, ਮੌਤ ਦੇ ਸਾਹਮਣੇ ਸਭ ਇੱਕੋ ਜਿਹੇ ਨਿਮਾਣੇ ਅਤੇ ਮਾਮੂਲੀ ਹਨ। ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਪੈਸਾ ਜੀਵਨ ਨਹੀਂ ਖਰੀਦ ਸਕਦਾ, ਕਿ ਪ੍ਰਸਿੱਧੀ ਮੌਤ ਨੂੰ ਨਹੀਂ ਮਿਟਾ ਸਕਦੀ, ਕਿ ਨਾ ਤਾਂ ਪੈਸਾ ਅਤੇ ਨਾ ਪ੍ਰਸਿੱਧੀ ਕਿਸੇ ਵਿਅਕਤੀ ਦੇ ਜੀਵਨ ਨੂੰ ਇੱਕ ਮਿੰਟ, ਜਾਂ ਇੱਕ ਸਕਿੰਟ ਲਈ ਵੀ ਵਧਾ ਸਕਦੀ ਹੈ। ਲੋਕ ਜਿੰਨਾ ਜ਼ਿਆਦਾ ਇਸ ਤਰ੍ਹਾਂ ਮਹਿਸੂਸ ਕਰਦੇ ਹਨ, ਉੱਨਾ ਹੀ ਉਹ ਜੀਉਂਦੇ ਰਹਿਣ ਲਈ ਤਰਸਦੇ ਹਨ; ਲੋਕ ਜਿੰਨਾ ਜ਼ਿਆਦਾ ਇਸ ਤਰ੍ਹਾਂ ਮਹਿਸੂਸ ਕਰਦੇ ਹਨ, ਉੱਨਾ ਹੀ ਉਹ ਮੌਤ ਦੇ ਨੇੜੇ ਆਉਣ ਤੋਂ ਡਰਦੇ ਹਨ। ਸਿਰਫ਼ ਇਸ ਸਮੇਂ ਹੀ ਉਨ੍ਹਾਂ ਨੂੰ ਸੱਚਮੁੱਚ ਇਹ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਜੀਵਨ ਉਨ੍ਹਾਂ ਦੇ ਨਹੀਂ ਹਨ, ਉਨ੍ਹਾਂ ਦੇ ਨਿਯੰਤ੍ਰਣ ਵਿੱਚ ਨਹੀਂ ਹਨ, ਅਤੇ ਇਹ ਕਿ ਕਿਸੇ ਵਿਅਕਤੀ ਦੀ ਇਸ ਵਿੱਚ ਕੋਈ ਵਾਹ ਨਹੀਂ ਚੱਲਦੀ ਕਿ ਕੋਈ ਜੀਉਂਦਾ ਹੈ ਜਾਂ ਮਰਦਾ ਹੈ—ਕਿ ਇਹ ਸਭ ਕੁਝ ਵਿਅਕਤੀ ਦੇ ਨਿਯੰਤ੍ਰਣ ਤੋਂ ਬਾਹਰ ਹੈ।

4. ਸਿਰਜਣਹਾਰ ਦੇ ਅਧਿਕਾਰ ਹੇਠ ਆਓ ਅਤੇ ਸ਼ਾਂਤ-ਮਨ ਹੋ ਕੇ ਮੌਤ ਦਾ ਸਾਹਮਣਾ ਕਰੋ

ਜਿਸ ਪਲ ਕਿਸੇ ਵਿਅਕਤੀ ਦਾ ਜਨਮ ਹੁੰਦਾ ਹੈ, ਇੱਕ ਕੱਲਮਕੱਲੀ ਆਤਮਾ ਧਰਤੀ ’ਤੇ ਆਪਣੇ ਜੀਵਨ ਦੇ ਅਨੁਭਵ, ਸਿਰਜਣਹਾਰ ਦੇ ਅਧਿਕਾਰ ਦੇ ਅਨੁਭਵ ਦੀ ਸ਼ੁਰੂਆਤ ਕਰਦੀ ਹੈ ਜਿਸ ਦਾ ਪ੍ਰਬੰਧ ਸਿਰਜਣਹਾਰ ਨੇ ਇਸੇ ਦੇ ਲਈ ਕੀਤਾ ਹੈ। ਇਹ ਕਹਿਣ ਦੀ ਜ਼ਰੂਰਤ ਨਹੀਂ, ਵਿਅਕਤੀ ਲਈ—ਆਤਮਾ ਲਈ ਸਿਰਜਣਹਾਰ ਦੀ ਪ੍ਰਭੁਤਾ ਬਾਰੇ ਗਿਆਨ ਪ੍ਰਾਪਤ ਕਰਨ, ਉਸ ਦੇ ਅਧਿਕਾਰ ਨੂੰ ਜਾਣਨ ਅਤੇ ਨਿੱਜੀ ਤੌਰ ’ਤੇ ਇਸ ਦਾ ਅਨੁਭਵ ਕਰਨ ਦਾ ਇਹ ਇੱਕ ਉੱਤਮ ਮੌਕਾ ਹੈ। ਲੋਕ ਆਪਣਾ ਜੀਵਨ ਸਿਰਜਣਹਾਰ ਦੁਆਰਾ ਨਿਰਧਾਰਤ ਨਸੀਬ ਦੇ ਨਿਯਮਾਂ ਦੇ ਅੰਦਰ ਜੀਉਂਦੇ ਹਨ ਅਤੇ ਕਿਸੇ ਵੀ ਵਿਚਾਰਸ਼ੀਲ ਵਿਅਕਤੀ, ਜਿਸ ਦਾ ਜ਼ਮੀਰ ਹੈ, ਲਈ ਆਪਣੇ ਜੀਵਨ ਦੇ ਦਹਾਕਿਆਂ ਦੌਰਾਨ ਸਿਰਜਣਹਾਰ ਦੀ ਪ੍ਰਭੁਤਾ ਨਾਲ ਸਮਝੌਤਾ ਕਰਨਾ ਅਤੇ ਉਸ ਦੇ ਅਧਿਕਾਰ ਨੂੰ ਜਾਣਨਾ ਮੁਸ਼ਕਲ ਗੱਲ ਨਹੀਂ ਹੈ। ਇਸ ਲਈ, ਹਰ ਵਿਅਕਤੀ ਲਈ ਆਪਣੇ ਜੀਵਨ ਦੇ ਕਈ ਦਹਾਕਿਆਂ ਦੇ ਅਨੁਭਵਾਂ ਰਾਹੀਂ ਇਹ ਸਵੀਕਾਰ ਕਰਨਾ ਬਹੁਤ ਅਸਾਨ ਹੋਣਾ ਚਾਹੀਦਾ ਹੈ ਕਿ ਸਾਰੇ ਮਨੁੱਖਾਂ ਦੇ ਨਸੀਬ ਪਹਿਲਾਂ ਤੋਂ ਮਿੱਥੇ ਹੋਏ ਹਨ, ਅਤੇ ਇਸ ਨੂੰ ਸਮਝਣਾ ਜਾਂ ਸੰਖੇਪ ਵਿੱਚ ਬਿਆਨ ਕਰਨਾ ਸੌਖਾ ਹੋਣਾ ਚਾਹੀਦਾ ਹੈ ਕਿ ਜੀਉਂਦੇ ਹੋਣ ਦਾ ਕੀ ਅਰਥ ਹੈ। ਜਦੋਂ ਕੋਈ ਵਿਅਕਤੀ ਜੀਵਨ ਦੇ ਇਹ ਸਬਕ ਅਪਣਾ ਲੈਂਦਾ ਹੈ, ਤਾਂ ਉਸ ਨੂੰ ਹੌਲੀ-ਹੌਲੀ ਇਹ ਸਮਝ ਆਉਣ ਲਗਦੀ ਹੈ ਕਿ ਜੀਵਨ ਕਿੱਥੋਂ ਆਉਂਦਾ ਹੈ, ਇਹ ਸਮਝਣ ਲਈ ਕਿ ਦਿਲ ਨੂੰ ਅਸਲ ਵਿੱਚ ਕੀ ਚਾਹੀਦਾ ਹੈ, ਕਿਹੜੀ ਚੀਜ਼ ਜੀਵਨ ਦੇ ਸੱਚੇ ਮਾਰਗ ਵੱਲ ਲਿਜਾਏਗੀ ਅਤੇ ਮਨੁੱਖੀ ਜੀਵਨ ਦਾ ਉਦੇਸ਼ ਅਤੇ ਟੀਚਾ ਕੀ ਹੋਣਾ ਚਾਹੀਦਾ ਹੈ। ਵਿਅਕਤੀ ਹੌਲੀ-ਹੌਲੀ ਇਹ ਸਵੀਕਾਰ ਕਰੇਗਾ ਕਿ ਜੇ ਕੋਈ ਸਿਰਜਣਹਾਰ ਦੀ ਉਪਾਸਨਾ ਨਹੀਂ ਕਰਦਾ ਹੈ, ਜੇ ਕੋਈ ਉਸ ਦੇ ਇਖਤਿਆਰ ਹੇਠ ਨਹੀਂ ਆਉਂਦਾ ਹੈ, ਤਾਂ ਜਦੋਂ ਮੌਤ ਦਾ ਸਾਹਮਣਾ ਕਰਨ ਦਾ ਸਮਾਂ ਆਵੇਗਾ—ਜਦ ਕਿਸੇ ਦੀ ਆਤਮਾ ਇੱਕ ਵਾਰ ਫਿਰ ਸਿਰਜਣਹਾਰ ਦਾ ਸਾਹਮਣਾ ਕਰਨ ਵਾਲੀ ਹੋਵੇਗੀ—ਤਾਂ ਉਸ ਦਾ ਦਿਲ ਬੇਅੰਤ ਡਰ ਅਤੇ ਬੇਚੈਨੀ ਨਾਲ ਭਰਿਆ ਹੋਵੇਗਾ। ਜੇ ਕੋਈ ਵਿਅਕਤੀ ਕਈ ਦਹਾਕਿਆਂ ਤੋਂ ਸੰਸਾਰ ਵਿੱਚ ਰਿਹਾ ਹੈ ਪਰ ਅਜੇ ਤੱਕ ਇਹ ਨਹੀਂ ਸਮਝਿਆ ਹੈ ਕਿ ਮਨੁੱਖੀ ਜੀਵਨ ਕਿੱਥੋਂ ਆਇਆ ਹੈ ਅਤੇ ਨਾ ਹੀ ਇਹ ਸਵੀਕਾਰ ਕੀਤਾ ਹੈ ਕਿ ਮਨੁੱਖੀ ਨਸੀਬ ਕਿਸ ਦੀ ਹਥੇਲੀ ਉੱਤੇ ਟਿਕਿਆ ਹੋਇਆ ਹੈ, ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹ ਸ਼ਾਂਤੀ ਨਾਲ ਮੌਤ ਦਾ ਸਾਹਮਣਾ ਨਹੀਂ ਕਰ ਸਕੇਗਾ। ਇੱਕ ਵਿਅਕਤੀ ਜਿਸ ਨੇ ਮਨੁੱਖੀ ਜੀਵਨ ਦੇ ਆਪਣੇ ਦਹਾਕਿਆਂ ਦੇ ਅਨੁਭਵ ਵਿੱਚ ਸਿਰਜਣਹਾਰ ਦੀ ਪ੍ਰਭੁਤਾ ਦਾ ਗਿਆਨ ਪ੍ਰਾਪਤ ਕੀਤਾ ਹੈ, ਅਜਿਹਾ ਵਿਅਕਤੀ ਹੈ ਜਿਸ ਕੋਲ ਜੀਵਨ ਦੇ ਅਰਥ ਅਤੇ ਮਹੱਤਵ ਦੀ ਸਹੀ ਕਦਰ ਹੈ। ਅਜਿਹੇ ਵਿਅਕਤੀ ਨੂੰ ਸਿਰਜਣਹਾਰ ਦੀ ਪ੍ਰਭੁਤਾ ਦੇ ਅਸਲ ਅਨੁਭਵ ਅਤੇ ਸਮਝ ਦੇ ਨਾਲ, ਜੀਵਨ ਦੇ ਉਦੇਸ਼ ਦਾ ਡੂੰਘਾ ਗਿਆਨ ਹੁੰਦਾ ਹੈ ਅਤੇ ਇਸ ਤੋਂ ਵੀ ਪਰੇ, ਉਹ ਸਿਰਜਣਹਾਰ ਦੇ ਅਧਿਕਾਰ ਪ੍ਰਤੀ ਅਧੀਨ ਹੋਣ ਦੇ ਯੋਗ ਹੁੰਦਾ ਹੈ। ਅਜਿਹਾ ਵਿਅਕਤੀ ਮਨੁੱਖਜਾਤੀ ਦੀ ਪਰਮੇਸ਼ੁਰ ਦੀ ਸਿਰਜਣਾ ਦੇ ਅਰਥ ਨੂੰ ਸਮਝਦਾ ਹੈ, ਉਹ ਇਹ ਸਮਝਦਾ ਹੈ ਕਿ ਮਨੁੱਖ ਨੂੰ ਸਿਰਜਣਹਾਰ ਦੀ ਉਪਾਸਨਾ ਕਰਨੀ ਚਾਹੀਦੀ ਹੈ, ਕਿ ਹਰ ਚੀਜ਼ ਜੋ ਮਨੁੱਖ ਕੋਲ ਹੈ ਉਹ ਸਿਰਜਣਹਾਰ ਤੋਂ ਮਿਲੀ ਹੈ ਅਤੇ ਨੇੜਲੇ ਭਵਿੱਖ ਵਿੱਚ ਕਿਸੇ ਦਿਨ ਉਸ ਕੋਲ ਵਾਪਸ ਚਲੀ ਜਾਵੇਗੀ। ਇਹੋ ਜਿਹਾ ਵਿਅਕਤੀ ਇਹ ਸਮਝਦਾ ਹੈ ਕਿ ਸਿਰਜਣਹਾਰ ਮਨੁੱਖ ਦੇ ਜਨਮ ਦਾ ਪ੍ਰਬੰਧ ਕਰਦਾ ਹੈ ਅਤੇ ਮਨੁੱਖ ਦੀ ਮੌਤ ਉੱਤੇ ਉਸ ਦੀ ਪ੍ਰਭੁਤਾ ਹੁੰਦੀ ਹੈ, ਅਤੇ ਇਹ ਕਿ ਜੀਵਨ ਤੇ ਮੌਤ ਦੋਵੇਂ ਸਿਰਜਣਹਾਰ ਦੇ ਅਧਿਕਾਰ ਦੁਆਰਾ ਪਹਿਲਾਂ ਤੋਂ ਮਿੱਥੇ ਜਾਂਦੇ ਹਨ। ਇਸ ਲਈ, ਜਦੋਂ ਕੋਈ ਵਿਅਕਤੀ ਇਨ੍ਹਾਂ ਚੀਜ਼ਾਂ ਨੂੰ ਸੱਚਮੁੱਚ ਸਮਝ ਲਵੇਗਾ, ਤਾਂ ਉਹ ਕੁਦਰਤੀ ਤੌਰ ’ਤੇ ਮੌਤ ਦਾ ਸਾਹਮਣਾ ਸ਼ਾਂਤੀ ਨਾਲ ਕਰ ਸਕੇਗਾ, ਸ਼ਾਂਤੀ ਨਾਲ ਆਪਣੀਆਂ ਸਾਰੀਆਂ ਦੁਨਿਆਵੀ ਚੀਜ਼ਾਂ ਨੂੰ ਇੱਕ ਪਾਸੇ ਰੱਖ ਸਕੇਗਾ, ਅਤੇ ਉਸ ਤੋਂ ਬਾਅਦ ਜੋ ਕੁਝ ਵੀ ਹੁੰਦਾ ਹੈ ਉਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਵੇਗਾ ਅਤੇ ਉਸ ਦੇ ਅਧੀਨ ਹੋ ਜਾਵੇਗਾ ਅਤੇ ਸਿਰਜਣਹਾਰ ਦੁਆਰਾ ਪ੍ਰਬੰਧ ਕੀਤੇ ਹੋਏ ਜੀਵਨ ਦੇ ਆਖਰੀ ਪੜਾਅ ਤੋਂ ਅੰਨ੍ਹੇਵਾਹ ਡਰਨ ਅਤੇ ਇਸ ਨਾਲ ਲੜਨ ਦੀ ਬਜਾਏ, ਜਿਵੇਂ ਹੈ ਉਸੇ ਰੂਪ ਵਿੱਚ ਇਸ ਦਾ ਸਵਾਗਤ ਕਰੇਗਾ। ਜੇ ਕੋਈ ਜੀਵਨ ਨੂੰ ਸਿਰਜਣਹਾਰ ਦੀ ਪ੍ਰਭੁਤਾ ਦਾ ਅਨੁਭਵ ਕਰਨ ਅਤੇ ਉਸ ਦੇ ਅਧਿਕਾਰ ਨੂੰ ਜਾਣਨ ਦੇ ਮੌਕੇ ਵਜੋਂ ਦੇਖਦਾ ਹੈ, ਜੇ ਕੋਈ ਜੀਵਨ ਨੂੰ ਸਿਰਜੇ ਹੋਏ ਮਨੁੱਖ ਦੇ ਤੌਰ ’ਤੇ ਆਪਣਾ ਫਰਜ਼ ਨਿਭਾਉਣ ਅਤੇ ਆਪਣਾ ਉਦੇਸ਼ ਪੂਰਾ ਕਰਨ ਦੇ ਦੁਰਲੱਭ ਮੌਕੇ ਵਾਂਗ ਦੇਖਦਾ ਹੈ, ਤਾਂ ਉਸ ਦਾ ਜੀਵਨ ਪ੍ਰਤੀ ਨਜ਼ਰੀਆ ਯਕੀਨਨ ਸਹੀ ਹੋਵੇਗਾ, ਉਹ ਨਿਰਸੰਦੇਹ ਸਿਰਜਣਹਾਰ ਦੁਆਰਾ ਅਸੀਸ ਅਤੇ ਮਾਰਗਦਰਸ਼ਨ ਪ੍ਰਾਪਤ ਜੀਵਨ ਬਤੀਤ ਕਰੇਗਾ, ਨਿਰਸੰਦੇਹ ਸਿਰਜਣਹਾਰ ਦੇ ਪ੍ਰਕਾਸ਼ ਵਿੱਚ ਚੱਲੇਗਾ, ਨਿਰਸੰਦੇਹ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣੇਗਾ, ਨਿਰਸੰਦੇਹ ਉਸ ਦੇ ਇਖਤਿਆਰ ਹੇਠ ਆ ਜਾਵੇਗਾ, ਅਤੇ ਨਿਰਸੰਦੇਹ ਉਸ ਦੇ ਚਮਤਕਾਰੀ ਕੰਮਾਂ ਦਾ ਗਵਾਹ, ਉਸ ਦੇ ਅਧਿਕਾਰ ਦਾ ਇੱਕ ਗਵਾਹ ਬਣ ਜਾਵੇਗਾ। ਇਹ ਕਹਿਣ ਦੀ ਲੋੜ ਨਹੀਂ ਹੈ ਕਿ ਅਜਿਹੇ ਵਿਅਕਤੀ ਨੂੰ ਸਿਰਜਣਹਾਰ ਜ਼ਰੂਰ ਪਿਆਰ ਅਤੇ ਸਵੀਕਾਰ ਕਰੇਗਾ, ਅਤੇ ਸਿਰਫ਼ ਅਜਿਹਾ ਵਿਅਕਤੀ ਹੀ ਮੌਤ ਪ੍ਰਤੀ ਸ਼ਾਂਤ ਰਵੱਈਆ ਰੱਖ ਸਕਦਾ ਹੈ ਅਤੇ ਜੀਵਨ ਦੇ ਅੰਤਮ ਪੜਾਅ ਦਾ ਖੁਸ਼ੀ ਨਾਲ ਸਵਾਗਤ ਕਰ ਸਕਦਾ ਹੈ। ਇੱਕ ਵਿਅਕਤੀ ਜਿਸ ਨੇ ਸਪੱਸ਼ਟ ਤੌਰ ’ਤੇ ਮੌਤ ਪ੍ਰਤੀ ਇਸ ਕਿਸਮ ਦਾ ਰਵੱਈਆ ਅਪਣਾਇਆ ਸੀ ਉਹ ਹੈ ਅੱਯੂਬ। ਅੱਯੂਬ ਜੀਵਨ ਦੇ ਅੰਤਮ ਪੜਾਅ ਨੂੰ ਖੁਸ਼ੀ ਨਾਲ ਸਵੀਕਾਰ ਕਰਨ ਦੀ ਸਥਿਤੀ ਵਿੱਚ ਸੀ ਅਤੇ ਆਪਣੀ ਜੀਵਨ ਯਾਤਰਾ ਨੂੰ ਇੱਕ ਨਿਰਵਿਘਨ ਅੰਤ ਤੱਕ ਲਿਆਉਣ ਅਤੇ ਜੀਵਨ ਵਿੱਚ ਆਪਣੇ ਉਦੇਸ਼ ਨੂੰ ਪੂਰਾ ਕਰਨ ਤੋਂ ਬਾਅਦ, ਉਹ ਸਿਰਜਣਹਾਰ ਦੇ ਨਾਲ ਰਹਿਣ ਲਈ ਵਾਪਸ ਪਰਤ ਗਿਆ।

5. ਜੀਵਨ ਵਿੱਚ ਅੱਯੂਬ ਦੀ ਭੱਜ-ਦੌੜ ਅਤੇ ਲਾਭ ਉਸ ਨੂੰ ਸ਼ਾਂਤੀ ਨਾਲ ਮੌਤ ਦਾ ਸਾਹਮਣਾ ਕਰਨ ਦੀ ਇਜਾਜ਼ਤ ਦਿੰਦੇ ਹਨ

ਪਵਿੱਤਰ ਲਿਖਤਾਂ ਵਿੱਚ ਅੱਯੂਬ ਬਾਰੇ ਲਿਖਿਆ ਗਿਆ ਹੈ: “ਤਾਂ ਅੱਯੂਬ ਬੁੱਢਾ ਤੇ ਸਮਾਪੂਰ ਹੋ ਕੇ ਚਲਾਣਾ ਕਰ ਗਿਆ” (ਅੱਯੂਬ 42:17)। ਇਸ ਦਾ ਅਰਥ ਇਹ ਹੈ ਕਿ ਜਦੋਂ ਅੱਯੂਬ ਦਾ ਦਿਹਾਂਤ ਹੋਇਆ, ਉਸ ਨੂੰ ਕੋਈ ਪਛਤਾਵਾ ਨਹੀਂ ਸੀ ਅਤੇ ਉਸ ਨੂੰ ਕੋਈ ਦਰਦ ਨਹੀਂ ਮਹਿਸੂਸ ਹੋਇਆ, ਸਗੋਂ ਕੁਦਰਤੀ ਤੌਰ ’ਤੇ ਇਸ ਸੰਸਾਰ ਤੋਂ ਵਿਦਾ ਹੋ ਗਿਆ। ਜਿਵੇਂ ਕਿ ਹਰ ਕੋਈ ਜਾਣਦਾ ਹੈ, ਅੱਯੂਬ ਇੱਕ ਅਜਿਹਾ ਆਦਮੀ ਸੀ ਜੋ ਆਪਣੇ ਜੀਵਨ ਵਿੱਚ ਪਰਮੇਸ਼ੁਰ ਦਾ ਭੈ ਮੰਨਦਾ ਸੀ ਅਤੇ ਬੁਰਾਈ ਤੋਂ ਦੂਰ ਰਹਿੰਦਾ ਸੀ। ਉਸ ਦੇ ਕੰਮਾਂ ਨੂੰ ਪਰਮੇਸ਼ੁਰ ਦੁਆਰਾ ਸਰਾਹਿਆ ਗਿਆ ਅਤੇ ਦੂਜਿਆਂ ਦੁਆਰਾ ਯਾਦਗਾਰੀ ਬਣਾਇਆ ਗਿਆ, ਅਤੇ ਇਹ ਕਿਹਾ ਜਾ ਸਕਦਾ ਹੈ ਕਿ ਉਸ ਦੇ ਜੀਵਨ ਦੀ ਸ੍ਰੇਸ਼ਠਤਾ ਅਤੇ ਉੱਤਮਤਾ ਹੋਰ ਸਭਨਾਂ ਦੇ ਜੀਵਨ ਨਾਲੋਂ ਜ਼ਿਆਦਾ ਸੀ। ਅੱਯੂਬ ਨੇ ਪਰਮੇਸ਼ੁਰ ਦੀਆਂ ਅਸੀਸਾਂ ਦਾ ਅਨੰਦ ਮਾਣਿਆ ਅਤੇ ਪਰਮੇਸ਼ੁਰ ਦੁਆਰਾ ਧਰਤੀ ਉੱਪਰ ਉਸ ਨੂੰ ਧਰਮੀ ਕਿਹਾ ਗਿਆ, ਅਤੇ ਉਸ ਨੂੰ ਪਰਮੇਸ਼ੁਰ ਦੁਆਰਾ ਵੀ ਪਰਖਿਆ ਗਿਆ ਅਤੇ ਸ਼ਤਾਨ ਦੁਆਰਾ ਵੀ। ਉਹ ਪਰਮੇਸ਼ੁਰ ਲਈ ਗਵਾਹੀ ਉੱਤੇ ਕਾਇਮ ਰਿਹਾ ਅਤੇ ਉਸ ਦੁਆਰਾ ਉਸ ਨੂੰ ਧਰਮੀ ਵਿਅਕਤੀ ਸੱਦੇ ਜਾਣ ਦਾ ਹੱਕਦਾਰ ਸੀ। ਪਰਮੇਸ਼ੁਰ ਦੁਆਰਾ ਪਰਖੇ ਜਾਣ ਦੇ ਦਹਾਕਿਆਂ ਬਾਅਦ ਵੀ, ਉਸ ਨੇ ਅਜਿਹਾ ਜੀਵਨ ਬਤੀਤ ਕੀਤਾ ਜੋ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਬਹੁਮੁੱਲਾ, ਸਾਰਥਕ, ਸੰਤੁਲਤ ਅਤੇ ਸ਼ਾਂਤਮਈ ਸੀ। ਉਸ ਦੇ ਧਰਮੀ ਕੰਮਾਂ ਕਰਕੇ, ਪਰਮੇਸ਼ੁਰ ਉਸ ਦੇ ਅੱਗੇ ਪਰਗਟ ਹੋਇਆ ਅਤੇ ਸਿੱਧੇ ਤੌਰ ’ਤੇ ਉਸ ਨਾਲ ਗੱਲ ਕੀਤੀ। ਇਸ ਲਈ, ਉਸ ਨੂੰ ਪਰਖੇ ਜਾਣ ਤੋਂ ਬਾਅਦ ਦੇ ਸਾਲਾਂ ਵਿੱਚ, ਅੱਯੂਬ ਨੇ ਵਧੇਰੇ ਪਕਿਆਈ ਨਾਲ ਜੀਵਨ ਦੇ ਮਹੱਤਵ ਨੂੰ ਸਮਝਿਆ, ਸਿਰਜਣਹਾਰ ਦੀ ਪ੍ਰਭੁਤਾ ਦੀ ਵਧੇਰੇ ਡੂੰਘੀ ਸਮਝ ਪ੍ਰਾਪਤ ਕੀਤੀ, ਅਤੇ ਇਸ ਬਾਰੇ ਵਧੇਰੇ ਸਹੀ ਅਤੇ ਨਿਸ਼ਚਤ ਗਿਆਨ ਪ੍ਰਾਪਤ ਕੀਤਾ ਕਿ ਕਿਵੇਂ ਸਿਰਜਣਹਾਰ ਆਪਣੀਆਂ ਅਸੀਸਾਂ ਦਿੰਦਾ ਅਤੇ ਵਾਪਸ ਲੈ ਲੈਂਦਾ ਹੈ। ਅੱਯੂਬ ਦੀ ਪੋਥੀ ਵਿੱਚ ਲਿਖਿਆ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਵੀ ਕਿਤੇ ਵੱਧ ਬਰਕਤਾਂ ਬਖਸ਼ੀਆਂ, ਅਤੇ ਅੱਯੂਬ ਨੂੰ ਸਿਰਜਣਹਾਰ ਦੀ ਪ੍ਰਭੁਤਾ ਬਾਰੇ ਜਾਣਨ ਅਤੇ ਸ਼ਾਂਤੀ ਨਾਲ ਮੌਤ ਦਾ ਸਾਹਮਣਾ ਕਰਨ ਲਈ ਹੋਰ ਵੀ ਬਿਹਤਰ ਸਥਿਤੀ ਵਿੱਚ ਲਿਆਂਦਾ। ਇਸ ਲਈ ਅੱਯੂਬ, ਜਦੋਂ ਉਹ ਬੁੱਢਾ ਹੋ ਗਿਆ ਅਤੇ ਮੌਤ ਦਾ ਸਾਹਮਣਾ ਕੀਤਾ, ਤਾਂ ਯਕੀਨਨ ਆਪਣੀ ਜਾਇਦਾਦ ਬਾਰੇ ਚਿੰਤਤ ਨਹੀਂ ਹੋਇਆ ਹੋਵੇਗਾ। ਉਸ ਨੂੰ ਕੋਈ ਚਿੰਤਾ ਨਹੀਂ ਸੀ, ਪਛਤਾਉਣ ਲਈ ਕੁਝ ਵੀ ਨਹੀਂ ਸੀ, ਅਤੇ ਬੇਸ਼ੱਕ ਮੌਤ ਤੋਂ ਨਹੀਂ ਡਰਦਾ ਸੀ, ਕਿਉਂਕਿ ਉਸ ਨੇ ਆਪਣਾ ਸਾਰਾ ਜੀਵਨ ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਣ ਦੇ ਰਾਹ ’ਤੇ ਚਲਦੇ ਹੋਏ ਬਿਤਾਇਆ। ਉਸ ਕੋਲ ਆਪਣੇ ਅੰਤ ਬਾਰੇ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਸੀ। ਅੱਜ ਕਿੰਨੇ ਕੁ ਲੋਕ ਉਨ੍ਹਾਂ ਸਾਰੇ ਤਰੀਕਿਆਂ ਨਾਲ ਵਿਹਾਰ ਕਰ ਸਕਦੇ ਸਨ ਜਿਵੇਂ ਅੱਯੂਬ ਨੇ ਆਪਣੀ ਮੌਤ ਦਾ ਸਾਹਮਣਾ ਕਰਨ ਸਮੇਂ ਕੀਤਾ? ਕੋਈ ਵੀ ਅਜਿਹੇ ਸਰਲ ਬਾਹਰੀ ਵਰਤਾਅ ਨੂੰ ਕਾਇਮ ਰੱਖਣ ਦੇ ਯੋਗ ਕਿਉਂ ਨਹੀਂ ਹੈ? ਇਸ ਦਾ ਸਿਰਫ਼ ਇੱਕੋ ਕਾਰਨ ਹੈ: ਅੱਯੂਬ ਨੇ ਆਪਣਾ ਜੀਵਨ ਵਿਸ਼ਵਾਸ, ਮਾਨਤਾ ਅਤੇ ਪਰਮੇਸ਼ੁਰ ਦੀ ਪ੍ਰਭੁਤਾ ਦੇ ਅਧੀਨ ਹੋਣ ਦੀ ਵਿਅਕਤੀਗਤ ਭਾਲ ਵਿੱਚ ਬਤੀਤ ਕੀਤਾ ਅਤੇ ਇਹ ਉਸ ਦਾ ਵਿਸ਼ਵਾਸ, ਮਾਨਤਾ ਅਤੇ ਅਧੀਨਗੀ ਹੀ ਸੀ ਜਿਸ ਕਰਕੇ ਉਹ ਜੀਵਨ ਦੇ ਮਹੱਤਵਪੂਰਣ ਪੜਾਵਾਂ ਵਿੱਚੋਂ ਲੰਘਿਆ, ਆਪਣੇ ਜੀਵਨ ਦੇ ਆਖਰੀ ਵਰ੍ਹਿਆਂ ਨੂੰ ਵਿਹਾਰ ਵਿੱਚ ਦਿਖਾਇਆ, ਅਤੇ ਆਪਣੇ ਜੀਵਨ ਦੇ ਅੰਤਮ ਪੜਾਅ ਦਾ ਸਵਾਗਤ ਕੀਤਾ। ਅੱਯੂਬ ਨੇ ਭਾਵੇਂ ਜੋ ਵੀ ਅਨੁਭਵ ਕੀਤਾ, ਜੀਵਨ ਵਿੱਚ ਉਸ ਦੀ ਭਾਲ ਅਤੇ ਟੀਚੇ ਦੁਖਦਾਈ ਨਹੀਂ, ਸਗੋਂ ਖੁਸ਼ੀ ਵਾਲੇ ਸਨ। ਉਹ ਨਾ ਸਿਰਫ਼ ਸਿਰਜਣਹਾਰ ਦੁਆਰਾ ਉਸ ਨੂੰ ਬਖਸ਼ੀਆਂ ਅਸੀਸਾਂ ਜਾਂ ਪ੍ਰਸ਼ੰਸਾ ਕਰਕੇ ਖੁਸ਼ ਸੀ, ਪਰ ਇਸ ਤੋਂ ਵੀ ਵੱਧ ਮਹੱਤਵਪੂਰਣ ਰੂਪ ਵਿੱਚ ਆਪਣੇ ਕੰਮਾਂ ਅਤੇ ਜੀਵਨ ਦੇ ਟੀਚਿਆਂ ਦੇ ਕਾਰਨ ਖੁਸ਼ ਸੀ, ਪਰਮੇਸ਼ੁਰ ਦਾ ਭੈ ਮੰਨਣ ਅਤੇ ਬੁਰਾਈ ਨੂੰ ਤਿਆਗਦੇ ਹੋਏ ਸਿਰਜਣਹਾਰ ਦੀ ਪ੍ਰਭੁਤਾ ਬਾਰੇ ਉਸ ਦੇ ਵਧਦੇ ਗਿਆਨ ਅਤੇ ਜੋ ਸੱਚੀ ਸਮਝ ਉਸ ਨੇ ਹਾਸਲ ਕੀਤੀ ਉਸ ਕਰਕੇ ਖੁਸ਼ ਸੀ, ਅਤੇ ਇਸ ਤੋਂ ਇਲਾਵਾ, ਸਿਰਜਣਹਾਰ ਦੀ ਪ੍ਰਭੁਤਾ ਦੇ ਅਧੀਨ ਵਿਅਕਤੀ ਵਜੋਂ ਪਰਮੇਸ਼ੁਰ ਦੇ ਅਚਰਜ ਕੰਮਾਂ ਦੇ ਆਪਣੇ ਨਿੱਜੀ ਅਨੁਭਵ ਦੇ ਕਾਰਨ ਅਤੇ ਮਨੁੱਖ ਅਤੇ ਪਰਮੇਸ਼ੁਰ ਦੀ ਇਕੱਠੀ ਹੋਂਦ ਦੇ ਕੋਮਲ ਪਰ ਅਭੁੱਲ ਅਨੁਭਵਾਂ ਅਤੇ ਯਾਦਾਂ, ਜਾਣ-ਪਛਾਣ ਅਤੇ ਆਪਸੀ ਸਮਝ ਦੇ ਕਾਰਨ ਖੁਸ਼ ਸੀ। ਅੱਯੂਬ ਉਸ ਦਿਲਾਸੇ ਅਤੇ ਅਨੰਦ ਕਰਕੇ ਖੁਸ਼ ਸੀ ਜੋ ਉਸ ਨੂੰ ਸਿਰਜਣਹਾਰ ਦੀ ਇੱਛਾ ਨੂੰ ਜਾਣਨ ਤੋਂ ਮਿਲਿਆ ਸੀ, ਅਤੇ ਉਸ ਸ਼ਰਧਾ ਕਰਕੇ ਜੋ ਇਹ ਵੇਖਣ ਤੋਂ ਬਾਅਦ ਪੈਦਾ ਹੋਈ ਕਿ ਪਰਮੇਸ਼ੁਰ ਮਹਾਨ, ਅਚਰਜ, ਪਿਆਰਾ ਅਤੇ ਵਫ਼ਾਦਾਰ ਹੈ। ਅੱਯੂਬ ਬਿਨਾ ਕਿਸੇ ਦੁੱਖ ਦੇ ਮੌਤ ਦਾ ਸਾਹਮਣਾ ਕਰਨ ਦੇ ਸਮਰੱਥ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਮਰ ਕੇ ਉਹ ਸਿਰਜਣਹਾਰ ਕੋਲ ਵਾਪਸ ਚਲਾ ਜਾਵੇਗਾ। ਜੀਵਨ ਵਿੱਚ ਉਸ ਦੇ ਇਹ ਕੰਮ ਅਤੇ ਲਾਭ ਸਨ ਜਿਨ੍ਹਾਂ ਨੇ ਉਸ ਨੂੰ ਸ਼ਾਂਤਮਈ ਢੰਗ ਨਾਲ ਮੌਤ ਦਾ ਸਾਹਮਣਾ ਕਰਨ ਦਿੱਤਾ, ਸਿਰਜਣਹਾਰ ਦੁਆਰਾ ਸ਼ਾਂਤਮਈ ਢੰਗ ਨਾਲ ਉਸ ਦਾ ਜੀਵਨ ਵਾਪਸ ਲੈ ਲੈਣ ਦੀ ਸੰਭਾਵਨਾ ਦਾ ਸਾਹਮਣਾ ਕਰਨ ਦਿੱਤਾ, ਅਤੇ ਇਸ ਤੋਂ ਇਲਾਵਾ ਉਸ ਨੂੰ ਸਿਰਜਣਹਾਰ ਦੇ ਅੱਗੇ ਨਿਰਲੇਪ ਅਤੇ ਦੇਖਭਾਲ ਤੋਂ ਮੁਕਤ ਰਹਿਣ ਦਿੱਤਾ। ਕੀ ਲੋਕ ਅੱਜ-ਕੱਲ੍ਹ ਉਸ ਕਿਸਮ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਨ ਜੋ ਅੱਯੂਬ ਕੋਲ ਸੀ? ਕੀ ਤੁਹਾਡੇ ਕੋਲ ਅਜਿਹਾ ਕਰਨ ਲਈ ਲੋੜੀਂਦੀਆਂ ਸਥਿਤੀਆਂ ਹਨ? ਕਿਉਂਕਿ ਅੱਜ-ਕੱਲ੍ਹ ਲੋਕਾਂ ਕੋਲ ਇਹੋ ਜਿਹੀਆਂ ਸਥਿਤੀਆਂ ਤਾਂ ਹਨ, ਪਰ ਫਿਰ ਉਹ ਅੱਯੂਬ ਵਾਂਗ ਖ਼ੁਸ਼ੀ ਨਾਲ ਕਿਉਂ ਨਹੀਂ ਜੀਅ ਸਕਦੇ? ਉਹ ਮੌਤ ਦੇ ਡਰ ਦੇ ਦੁੱਖ ਤੋਂ ਕਿਉਂ ਨਹੀਂ ਬਚ ਸਕਦੇ? ਮੌਤ ਦਾ ਸਾਹਮਣਾ ਕਰਦੇ ਸਮੇਂ, ਕੁਝ ਲੋਕਾਂ ਦਾ ਪਿਸ਼ਾਬ ਨਿਕਲ ਜਾਂਦਾ ਹੈ; ਦੂਸਰੇ ਕੰਬ ਜਾਂਦੇ ਹਨ, ਬੇਹੋਸ਼ ਹੋ ਜਾਂਦੇ ਹਨ, ਅਤੇ ਸਵਰਗ ਅਤੇ ਆਦਮੀ ਦੀ ਇੱਕੋ ਤਰੀਕੇ ਨਾਲ ਨਿੰਦਾ ਕਰਦੇ ਹਨ; ਇੱਥੋਂ ਤੱਕ ਕਿ ਕੁਝ ਰੋਂਦੇ ਅਤੇ ਵਿਰਲਾਪ ਕਰਦੇ ਹਨ। ਇਹ ਕਿਸੇ ਵੀ ਤਰ੍ਹਾਂ ਕੁਦਰਤੀ ਪ੍ਰਤੀਕਰਮ ਨਹੀਂ ਹੁੰਦੇ ਜੋ ਮੌਤ ਦੇ ਨੇੜੇ ਆਉਣ ਸਮੇਂ ਅਚਾਨਕ ਵਾਪਰਦੇ ਹਨ। ਲੋਕ ਇਨ੍ਹਾਂ ਸ਼ਰਮਨਾਕ ਢੰਗਾਂ ਨਾਲ ਮੁੱਖ ਤੌਰ ’ਤੇ ਇਸ ਲਈ ਵਿਹਾਰ ਕਰਦੇ ਹਨ, ਕਿਉਂਕਿ ਉਨ੍ਹਾਂ ਦੇ ਦਿਲਾਂ ਵਿੱਚ ਮੌਤ ਦਾ ਡੂੰਘਾ ਡਰ ਹੁੰਦਾ ਹੈ, ਕਿਉਂਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਉਸ ਦੇ ਪ੍ਰਬੰਧਾਂ ਦਾ ਸਪਸ਼ਟ ਗਿਆਨ ਅਤੇ ਕਦਰ ਨਹੀਂ ਹੁੰਦੀ, ਇਨ੍ਹਾਂ ਦੇ ਪ੍ਰਤੀ ਸੱਚੇ ਮਨੋਂ ਅਧੀਨ ਹੋਣਾ ਤਾਂ ਦੂਰ ਦੀ ਗੱਲ ਹੈ। ਲੋਕ ਇਸ ਢੰਗ ਨਾਲ ਪ੍ਰਤੀਕਰਮ ਇਸ ਲਈ ਦਿੰਦੇ ਹਨ ਕਿਉਂਕਿ ਉਹ ਹਰ ਚੀਜ਼ ਦਾ ਪ੍ਰਬੰਧ ਅਤੇ ਸੰਚਾਲਨ ਆਪਣੇ ਆਪ ਕਰਨ, ਆਪਣੇ ਨਸੀਬ, ਆਪਣੇ ਜੀਵਨ ਅਤੇ ਮੌਤ ਦਾ ਨਿਯੰਤ੍ਰਣ ਖੁਦ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਚਾਹੁੰਦੇ। ਇਸ ਲਈ, ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ, ਕਿ ਲੋਕ ਮੌਤ ਦੇ ਡਰ ਤੋਂ ਕਦੇ ਨਹੀਂ ਬਚ ਸਕਦੇ।

6. ਸਿਰਫ਼ ਸਿਰਜਣਹਾਰ ਦੀ ਪ੍ਰਭੁਤਾ ਨੂੰ ਸਵੀਕਾਰਨ ਨਾਲ ਹੀ ਵਿਅਕਤੀ ਉਸ ਦੇ ਕੋਲ ਵਾਪਸ ਜਾ ਸਕਦਾ ਹੈ

ਜਦੋਂ ਕਿਸੇ ਨੂੰ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਉਸ ਦੇ ਪ੍ਰਬੰਧਾਂ ਦਾ ਸਪਸ਼ਟ ਗਿਆਨ ਅਤੇ ਅਨੁਭਵ ਨਹੀਂ ਹੁੰਦਾ, ਤਾਂ ਉਸ ਦਾ ਨਸੀਬ ਅਤੇ ਮੌਤ ਬਾਰੇ ਗਿਆਨ ਜ਼ਰੂਰ ਬੇਤੁਕਾ ਹੋਵੇਗਾl ਲੋਕ ਸਪੱਸ਼ਟ ਰੂਪ ਵਿੱਚ ਨਹੀਂ ਵੇਖ ਸਕਦੇ ਕਿ ਹਰ ਚੀਜ਼ ਪਰਮੇਸ਼ੁਰ ਦੀ ਹਥੇਲੀ ਵਿੱਚ ਟਿਕੀ ਹੋਈ ਹੈ, ਇਹ ਨਹੀਂ ਸਮਝਦੇ ਕਿ ਹਰ ਚੀਜ਼ ਪਰਮੇਸ਼ੁਰ ਦੇ ਨਿਯੰਤ੍ਰਣ ਅਤੇ ਪ੍ਰਭੁਤਾ ਦੇ ਅਧੀਨ ਹੈ, ਇਹ ਨਹੀਂ ਮੰਨਦੇ ਕਿ ਮਨੁੱਖ ਅਜਿਹੀ ਪ੍ਰਭੁਤਾ ਨੂੰ ਛੱਡ ਜਾਂ ਇਸ ਤੋਂ ਬਚ ਨਹੀਂ ਸਕਦਾ। ਇਸ ਕਰਕੇ, ਜਦੋਂ ਉਨ੍ਹਾਂ ਦਾ ਮੌਤ ਦਾ ਸਾਹਮਣਾ ਕਰਨ ਦਾ ਸਮਾਂ ਆਉਂਦਾ ਹੈ, ਤਾਂ ਉਨ੍ਹਾਂ ਦੇ ਆਖਰੀ ਸ਼ਬਦਾਂ, ਚਿੰਤਾਵਾਂ ਅਤੇ ਪਛਤਾਵਿਆਂ ਦਾ ਕੋਈ ਅੰਤ ਨਹੀਂ ਹੁੰਦਾ। ਉਹ ਬਹੁਤ ਸਾਰੇ ਬੋਝ, ਬਹੁਤ ਸਾਰੀ ਝਿਜਕ, ਬਹੁਤ ਸਾਰੀ ਉਲਝਣ ਨਾਲ ਲੱਦੇ ਹੁੰਦੇ ਹਨ। ਇਸ ਕਾਰਨ ਉਹ ਮੌਤ ਤੋਂ ਡਰਦੇ ਹਨ। ਇਸ ਸੰਸਾਰ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਜਨਮ ਜ਼ਰੂਰੀ ਹੈ ਅਤੇ ਮੌਤ ਅਟੱਲ ਹੈ; ਕੋਈ ਵੀ ਇਸ ਘਟਨਾਕ੍ਰਮ ਤੋਂ ਪਾਰ ਨਹੀਂ ਜਾ ਸਕਦਾ। ਜੇ ਕੋਈ ਇਸ ਸੰਸਾਰ ਤੋਂ ਬਗੈਰ ਕਿਸੇ ਕਸ਼ਟ ਦੇ ਵਿਦਾ ਹੋਣਾ ਚਾਹੁੰਦਾ ਹੈ, ਜੇ ਕੋਈ ਜੀਵਨ ਦੇ ਅੰਤਮ ਪੜਾਅ ਦਾ ਸਾਹਮਣਾ ਬਿਨਾ ਕਿਸੇ ਝਿਜਕ ਜਾਂ ਚਿੰਤਾ ਦੇ ਕਰਨਾ ਚਾਹੁੰਦਾ ਹੈ, ਤਾਂ ਇਸ ਦਾ ਇੱਕੋ-ਇੱਕ ਰਸਤਾ ਹੈ ਕੋਈ ਪਛਤਾਵਾ ਨਾ ਛੱਡਣਾ। ਅਤੇ ਪਛਤਾਵਾ ਕੀਤੇ ਬਿਨਾ ਵਿਦਾ ਹੋਣ ਦਾ ਸਿਰਫ਼ ਇਕੋ-ਇੱਕ ਤਰੀਕਾ ਹੈ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣਨਾ, ਉਸ ਦੇ ਅਧਿਕਾਰ ਨੂੰ ਜਾਣਨਾ ਅਤੇ ਇਨ੍ਹਾਂ ਦੇ ਅਧੀਨ ਹੋਣਾ। ਸਿਰਫ਼ ਇਸ ਤਰੀਕੇ ਨਾਲ ਹੀ ਕੋਈ ਵਿਅਕਤੀ ਮਨੁੱਖੀ ਝੰਜਟਾਂ ਤੋਂ, ਬੁਰਾਈ ਤੋਂ, ਸ਼ਤਾਨ ਦੀ ਗੁਲਾਮੀ ਤੋਂ ਦੂਰ ਰਹਿ ਸਕਦਾ ਹੈ, ਅਤੇ ਸਿਰਫ਼ ਇਸ ਤਰੀਕੇ ਨਾਲ ਹੀ ਕੋਈ ਅੱਯੂਬ ਵਰਗਾ ਜੀਵਨ ਜੀਅ ਸਕਦਾ ਹੈ, ਇੱਕ ਅਜਿਹਾ ਜੀਵਨ ਜੋ ਸਿਰਜਣਹਾਰ ਦੁਆਰਾ ਮਾਰਗਦਰਸ਼ਨ ਅਤੇ ਬਰਕਤ ਪ੍ਰਾਪਤ ਇੱਕ ਸੁਤੰਤਰ ਅਤੇ ਮੁਕਤ ਜੀਵਨ ਹੁੰਦਾ ਹੈ, ਕਦਰ ਅਤੇ ਅਰਥ ਭਰਪੂਰ ਜੀਵਨ, ਅਜਿਹਾ ਜੀਵਨ ਜੋ ਇਮਾਨਦਾਰ ਅਤੇ ਖੁੱਲ੍ਹੇ ਦਿਲ ਵਾਲਾ ਹੈ। ਸਿਰਫ਼ ਇਸ ਤਰੀਕੇ ਨਾਲ ਹੀ ਕੋਈ ਵਿਅਕਤੀ ਅੱਯੂਬ ਵਾਂਗ, ਸਿਰਜਣਹਾਰ ਦੀਆਂ ਅਜ਼ਮਾਇਸ਼ਾਂ ਅਤੇ ਵਿਹੂਣਤਾ ਦੇ ਪ੍ਰਤੀ, ਸਿਰਜਣਹਾਰ ਦੇ ਨਿਯੋਜਨਾਂ ਅਤੇ ਪ੍ਰਬੰਧਾਂ ਦੇ ਅਧੀਨ ਹੋ ਸਕਦਾ ਹੈ। ਸਿਰਫ਼ ਇਸ ਤਰੀਕੇ ਨਾਲ ਹੀ ਕੋਈ ਵਿਅਕਤੀ ਆਪਣਾ ਸਾਰਾ ਜੀਵਨ ਸਿਰਜਣਹਾਰ ਦੀ ਭਗਤੀ ਕਰ ਸਕਦਾ ਹੈ ਅਤੇ ਉਸ ਦੀ ਪ੍ਰਸ਼ੰਸਾ ਪ੍ਰਾਪਤ ਕਰ ਸਕਦਾ ਹੈ ਜਿਵੇਂ ਕਿ ਅੱਯੂਬ ਨੇ ਕੀਤੀ ਸੀ, ਅਤੇ ਉਸ ਦੀ ਆਵਾਜ਼ ਸੁਣ ਸਕਦਾ ਹੈ, ਉਸ ਨੂੰ ਪਰਗਟ ਹੁੰਦੇ ਵੇਖ ਸਕਦਾ ਹੈ। ਸਿਰਫ਼ ਇਸ ਤਰੀਕੇ ਨਾਲ ਹੀ ਕੋਈ ਵਿਅਕਤੀ ਖੁਸ਼ੀ ਨਾਲ ਬਗੈਰ ਕਿਸੇ ਦਰਦ, ਬਗੈਰ ਕਿਸੇ ਚਿੰਤਾ, ਬਗੈਰ ਕਿਸੇ ਪਛਤਾਵੇ ਦੇ ਜੀਅ ਅਤੇ ਮਰ ਸਕਦਾ ਹੈ, ਜਿਵੇਂ ਅੱਯੂਬ ਨੇ ਕੀਤਾ ਸੀ। ਸਿਰਫ਼ ਇਸ ਤਰੀਕੇ ਨਾਲ ਹੀ ਕੋਈ ਵਿਅਕਤੀ ਅੱਯੂਬ ਵਾਂਗ ਚਾਨਣ ਵਿੱਚ ਰਹਿ ਸਕਦਾ ਹੈ, ਚਾਨਣ ਵਿੱਚ ਆਪਣੇ ਜੀਵਨ ਦੇ ਪੜਾਵਾਂ ਵਿੱਚੋਂ ਲੰਘ ਸਕਦਾ ਹੈ, ਆਪਣੀ ਯਾਤਰਾ ਨੂੰ ਚਾਨਣ ਵਿੱਚ ਨਿਰਵਿਘਨ ਪੂਰਾ ਕਰ ਸਕਦਾ ਹੈ, ਆਪਣੇ ਉਦੇਸ਼ ਨੂੰ—ਇੱਕ ਸਿਰਜੇ ਹੋਏ ਜੀਵ ਵਜੋਂ, ਸਿਰਜਣਹਾਰ ਦੀ ਪ੍ਰਭੁਤਾ ਦਾ ਅਨੁਭਵ ਕਰਨ, ਉਸ ਬਾਰੇ ਸਿੱਖਣ ਅਤੇ ਜਾਣਨ—ਅਤੇ ਚਾਨਣ ਵਿੱਚ ਗੁਜ਼ਰ ਜਾਣ, ਅਤੇ ਅੱਗੇ ਚੱਲ ਕੇ ਇੱਕ ਸਿਰਜੇ ਹੋਏ ਪ੍ਰਾਣੀ ਵਜੋਂ ਸਦਾ ਲਈ ਸਿਰਜਣਹਾਰ ਦੇ ਇੱਕ ਪਾਸੇ ਖੜ੍ਹੇ ਹੋਣ, ਉਸ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਦੇ ਆਪਣੇ ਉਦੇਸ਼ ਨੂੰ ਸਫ਼ਲਤਾਪੂਰਵਕ ਪੂਰਾ ਕਰ ਸਕਦਾ ਹੈ।

ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣਨ ਦੇ ਮੌਕੇ ਨੂੰ ਖੁੰਝਾਓ ਨਾ

ਉੱਪਰ ਦੱਸੇ ਗਏ ਛੇ ਪੜਾਅ ਸਿਰਜਣਹਾਰ ਦੁਆਰਾ ਤਿਆਰ ਕੀਤੀਆਂ ਗਈਆਂ ਮਹੱਤਵਪੂਰਣ ਅਵਸਥਾਵਾਂ ਹਨ, ਜਿਨ੍ਹਾਂ ਵਿੱਚੋਂ ਹਰ ਆਮ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਲੰਘਣਾ ਜ਼ਰੂਰੀ ਹੈ। ਮਨੁੱਖੀ ਨਜ਼ਰੀਏ ਤੋਂ, ਇਨ੍ਹਾਂ ਪੜਾਵਾਂ ਵਿਚੋਂ ਹਰ ਇੱਕ ਪੜਾਅ ਅਸਲ ਹੈ, ਕਿਸੇ ਤੋਂ ਵੀ ਬਚਿਆ ਨਹੀਂ ਜਾ ਸਕਦਾ, ਅਤੇ ਸਾਰਿਆਂ ਦਾ ਹੀ ਸਿਰਜਣਹਾਰ ਵੱਲੋਂ ਪਹਿਲਾਂ ਤੋਂ ਮਿੱਥਣ ਅਤੇ ਪ੍ਰਭੁਤਾ ਨਾਲ ਸਬੰਧ ਹੈ। ਇਸ ਲਈ, ਕਿਸੇ ਮਨੁੱਖ ਲਈ, ਇਨ੍ਹਾਂ ਵਿਚੋਂ ਹਰ ਇੱਕ ਪੜਾਅ ਇੱਕ ਮਹੱਤਵਪੂਰਣ ਨਾਕਾ ਹੈ, ਅਤੇ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਗੰਭੀਰ ਪ੍ਰਸ਼ਨ ਹੈ ਕਿ ਉਨ੍ਹਾਂ ਵਿਚੋਂ ਹਰੇਕ ਵਿੱਚੋਂ ਸਫਲਤਾਪੂਰਵਕ ਕਿਵੇਂ ਲੰਘਣਾ ਹੈ।

ਉਹ ਕਈ ਦਹਾਕੇ ਜਿਨ੍ਹਾਂ ਤੋਂ ਮਿਲ ਕੇ ਮਨੁੱਖੀ ਜੀਵਨ ਬਣਦਾ ਹੈ, ਨਾ ਤਾਂ ਲੰਬੇ ਹੁੰਦੇ ਹਨ ਅਤੇ ਨਾ ਹੀ ਛੋਟੇ। ਜਨਮ ਤੋਂ ਲੈ ਕੇ ਵੀਹਵੇਂ ਸਾਲ ਤਕ ਦੇ ਵੀਹ ਸਾਲ ਪਲਕ ਝਪਕਦਿਆਂ ਹੀ ਲੰਘ ਜਾਂਦੇ ਹਨ, ਅਤੇ ਹਾਲਾਂਕਿ ਜੀਵਨ ਦੇ ਇਸ ਸਮੇਂ ਇੱਕ ਵਿਅਕਤੀ ਨੂੰ ਬਾਲਗ ਮੰਨਿਆ ਜਾਂਦਾ ਹੈ, ਪਰ ਇਸ ਉਮਰ ਸਮੂਹ ਵਿਚਲੇ ਲੋਕ ਮਨੁੱਖੀ ਜੀਵਨ ਅਤੇ ਮਨੁੱਖ ਨਸੀਬ ਬਾਰੇ ਤਕਰੀਬਨ ਕੁਝ ਵੀ ਨਹੀਂ ਜਾਣਦੇ ਹੁੰਦੇ। ਜਿਉਂ-ਜਿਉਂ ਉਨ੍ਹਾਂ ਨੂੰ ਵਧੇਰੇ ਅਨੁਭਵ ਪ੍ਰਾਪਤ ਹੁੰਦਾ ਹੈ, ਉਹ ਹੌਲੀ-ਹੌਲੀ ਉਮਰ ਦੇ ਅੱਧ ਵਿਚਾਲੇ ਪਹੁੰਚ ਜਾਂਦੇ ਹਨ। ਆਪਣੇ ਤੀਹਵਿਆਂ ਅਤੇ ਚਾਲ੍ਹੀਵਿਆਂ ਵਿੱਚ ਲੋਕ ਜੀਵਨ ਅਤੇ ਨਸੀਬ ਦਾ ਇੱਕ ਅੱਧਕੱਚਾ ਅਨੁਭਵ ਹਾਸਲ ਕਰਦੇ ਹਨ, ਪਰ ਇਨ੍ਹਾਂ ਚੀਜ਼ਾਂ ਬਾਰੇ ਉਨ੍ਹਾਂ ਦੇ ਖਿਆਲ ਅਜੇ ਵੀ ਬੜੇ ਅਸਪਸ਼ਟ ਹੁੰਦੇ ਹਨ। ਚਾਲੀ ਸਾਲ ਦੀ ਉਮਰ ਤਕ ਪਹੁੰਚ ਕੇ ਕੁਝ ਲੋਕ ਮਨੁੱਖਜਾਤੀ ਅਤੇ ਬ੍ਰਹਿਮੰਡ ਬਾਰੇ ਸਮਝਣਾ ਸ਼ੁਰੂ ਕਰਦੇ ਹਨ, ਜਿਸ ਨੂੰ ਪਰਮੇਸ਼ੁਰ ਨੇ ਸਿਰਜਿਆ ਹੈ ਅਤੇ ਸਮਝਣ ਲਗਦੇ ਹਨ ਕਿ ਮਨੁੱਖੀ ਜੀਵਨ ਕਿਸ ਬਾਰੇ ਹੈ, ਮਨੁੱਖੀ ਨਸੀਬ ਅਸਲ ਵਿੱਚ ਕੀ ਹੈ। ਹਾਲਾਂਕਿ ਕੁਝ ਲੋਕ, ਲੰਬੇ ਸਮੇਂ ਤੋਂ ਪਰਮੇਸ਼ੁਰ ਦਾ ਅਨੁਸਰਣ ਕਰਦੇ ਆ ਰਹੇ ਹੁੰਦੇ ਹਨ ਅਤੇ ਹੁਣ ਉਹ ਅਧੇੜ ਉਮਰ ਦੇ ਹਨ, ਪਰ ਫਿਰ ਵੀ ਉਨ੍ਹਾਂ ਕੋਲ ਪਰਮੇਸ਼ੁਰ ਦੀ ਪ੍ਰਭੁਤਾ ਬਾਰੇ ਸਹੀ ਗਿਆਨ ਅਤੇ ਪਰਿਭਾਸ਼ਾ ਨਹੀਂ ਹੁੰਦੀ, ਸੱਚੀ ਅਧੀਨਗੀ ਤਾਂ ਬਹੁਤ ਦੂਰ ਦੀ ਗੱਲ ਹੈ। ਕੁਝ ਲੋਕ ਬਰਕਤਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰਦੇ, ਅਤੇ ਹਾਲਾਂਕਿ ਉਹ ਬਹੁਤ ਸਾਲਾਂ ਤੋਂ ਜੀਅ ਰਹੇ ਹੁੰਦੇ ਹਨ, ਪਰ ਉਹ ਮਨੁੱਖੀ ਨਸੀਬ ਉੱਤੇ ਸਿਰਜਣਹਾਰ ਦੀ ਪ੍ਰਭੁਤਾ ਦੀ ਸੱਚਾਈ ਬਾਰੇ ਜ਼ਰਾ ਜਿੰਨਾ ਵੀ ਨਹੀਂ ਜਾਣਦੇ ਜਾਂ ਸਮਝਦੇ, ਅਤੇ ਨਾ ਹੀ ਉਨ੍ਹਾਂ ਨੇ ਪਰਮੇਸ਼ੁਰ ਦੇ ਨਿਯੋਜਨਾਂ ਅਤੇ ਪ੍ਰਬੰਧਾਂ ਪ੍ਰਤੀ ਅਧੀਨ ਹੋਣ ਦੇ ਵਿਹਾਰਕ ਸਬਕ ਵਿੱਚ ਛੋਟਾ ਜਿਹਾ ਵੀ ਕਦਮ ਪੁੱਟਿਆ ਹੁੰਦਾ ਹੈ। ਅਜਿਹੇ ਲੋਕ ਪੂਰੀ ਤਰ੍ਹਾਂ ਨਾਲ ਮੂਰਖ ਹੁੰਦੇ ਹਨ ਅਤੇ ਉਹ ਵਿਅਰਥ ਵਿੱਚ ਜੀਵਨ ਜੀਉਂਦੇ ਹਨ।

ਜੇ ਮਨੁੱਖੀ ਜੀਵਨ ਦੀਆਂ ਮਿਆਦਾਂ ਨੂੰ ਲੋਕਾਂ ਦੇ ਜੀਵਨ ਦੇ ਅਨੁਭਵ ਅਤੇ ਮਨੁੱਖੀ ਨਸੀਬ ਦੇ ਗਿਆਨ ਦੇ ਅਨੁਸਾਰ ਵੰਡਿਆ ਜਾਵੇ, ਤਾਂ ਉਨ੍ਹਾਂ ਨੂੰ ਮੋਟੇ ਤੌਰ ’ਤੇ ਤਿੰਨ ਅਵਸਥਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਅਵਸਥਾ ਜਵਾਨੀ ਹੈ, ਜੋ ਕਿ ਜਨਮ ਅਤੇ ਉਮਰ ਦੇ ਅੱਧ ਵਿਚਾਲੇ ਤਕ ਦੇ ਸਾਲਾਂ ਦਰਮਿਆਨ ਹੁੰਦੀ ਹੈ, ਜਾਂ ਜਨਮ ਤੋਂ ਲੈ ਕੇ ਤੀਹ ਸਾਲ ਦੀ ਉਮਰ ਤਕ। ਦੂਜੀ ਅਵਸਥਾ ਪਰਿਪੱਕਤਾ ਹੈ, ਉਮਰ ਦੇ ਅੱਧ ਵਿਚਾਲੇ ਤੋਂ ਲੈ ਕੇ ਬੁਢਾਪੇ ਤੱਕ, ਜਾਂ ਤੀਹ ਤੋਂ ਸੱਠ ਸਾਲ ਦੀ ਉਮਰ। ਅਤੇ ਤੀਸਰੀ ਅਵਸਥਾ ਕਿਸੇ ਵਿਅਕਤੀ ਦੀ ਪਰਿਪੱਕਤਾ ਦੀ ਅਵਧੀ ਹੁੰਦੀ ਹੈ, ਜੋ ਸੱਠਵਿਆਂ ਤੋਂ ਸ਼ੁਰੂ ਹੁੰਦੇ ਹੋਏ, ਬੁਢਾਪੇ ਦੀ ਸ਼ੁਰੂਆਤ ਤੋਂ ਲੈ ਕੇ ਉਦੋਂ ਤਕ ਚਲਦੀ ਹੈ ਜਦੋਂ ਤਕ ਕੋਈ ਵਿਅਕਤੀ ਸੰਸਾਰ ਤੋਂ ਵਿਦਾ ਨਹੀਂ ਹੋ ਜਾਂਦਾ। ਦੂਜੇ ਸ਼ਬਦਾਂ ਵਿੱਚ, ਜਨਮ ਤੋਂ ਲੈ ਕੇ ਉਮਰ ਦੇ ਅੱਧ ਤਕ ਜ਼ਿਆਦਾਤਰ ਲੋਕਾਂ ਦਾ ਨਸੀਬ ਅਤੇ ਜੀਵਨ ਬਾਰੇ ਗਿਆਨ ਦੂਜਿਆਂ ਦੇ ਖਿਆਲਾਂ ਦੀ ਨਕਲ ਕਰਨ ਤਕ ਸੀਮਤ ਹੁੰਦਾ ਹੈ, ਅਤੇ ਇਸ ਵਿੱਚ ਲਗਭਗ ਕੋਈ ਅਸਲ, ਵਿਹਾਰਕ ਤੱਤ ਨਹੀਂ ਹੁੰਦਾ। ਇਸ ਮਿਆਦ ਦੇ ਦੌਰਾਨ, ਇੱਕ ਵਿਅਕਤੀ ਦਾ ਜੀਵਨ ਪ੍ਰਤੀ ਨਜ਼ਰੀਆ ਅਤੇ ਉਹ ਸੰਸਾਰ ਵਿੱਚ ਕਿਵੇਂ ਆਪਣਾ ਰਸਤਾ ਬਣਾਉਂਦਾ ਹੈ ਕਾਫ਼ੀ ਸਤਹੀ ਅਤੇ ਸਰਲ ਹੁੰਦਾ ਹੈ। ਇਹ ਉਸ ਦੀ ਅੱਲ੍ਹੜ ਅਵਧੀ ਹੁੰਦੀ ਹੈ। ਜੀਵਨ ਦੀਆਂ ਸਾਰੀਆਂ ਖੁਸ਼ੀਆਂ ਅਤੇ ਦੁੱਖਾਂ ਨੂੰ ਚੱਖਣ ਦੇ ਬਾਅਦ ਹੀ ਉਸ ਨੂੰ ਨਸੀਬ ਦੀ ਅਸਲ ਸਮਝ ਪ੍ਰਾਪਤ ਹੁੰਦੀ ਹੈ, ਅਤੇ—ਅਚੇਤਨ ਰੂਪ ਵਿੱਚ, ਆਪਣੇ ਦਿਲ ਦੀਆਂ ਡੂੰਘਾਈਆਂ ਵਿੱਚ—ਹੌਲੀ-ਹੌਲੀ ਨਸੀਬ ਦੀ ਅਟੱਲਤਾ ਦੀ ਕਦਰ ਕਰਨ ਲੱਗਦਾ ਹੈ, ਅਤੇ ਹੌਲੀ-ਹੌਲੀ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮਨੁੱਖ ਦੇ ਨਸੀਬ ਉੱਪਰ ਸਿਰਜਣਹਾਰ ਦੀ ਪ੍ਰਭੁਤਾ ਸੱਚਮੁੱਚ ਹੁੰਦੀ ਹੈ। ਇਹ ਉਸ ਵਿਅਕਤੀ ਦੀ ਪਰਿਪੱਕਤਾ ਦੀ ਮਿਆਦ ਹੁੰਦੀ ਹੈ। ਕੋਈ ਵਿਅਕਤੀ ਆਪਣੀ ਪਰਿਪੱਕਤਾ ਦੀ ਮਿਆਦ ਵਿੱਚ ਉਦੋਂ ਦਾਖਲ ਹੁੰਦਾ ਹੈ ਜਦੋਂ ਉਸ ਨੇ ਨਸੀਬ ਨਾਲ ਸੰਘਰਸ਼ ਕਰਨਾ ਬੰਦ ਕਰ ਦਿੱਤਾ ਹੋਵੇ, ਅਤੇ ਜਦੋਂ ਉਹ ਝੰਜਟ ਵਿੱਚ ਫਸਣ ਲਈ ਹੁਣ ਹੋਰ ਤਿਆਰ ਨਹੀਂ ਹੁੰਦਾ ਅਤੇ ਇਸ ਦੀ ਬਜਾਏ, ਉਸ ਨੂੰ ਜੀਵਨ ਵਿੱਚ ਆਪਣੇ ਨਸੀਬ ਬਾਰੇ ਪਤਾ ਹੁੰਦਾ ਹੈ, ਸਵਰਗ ਦੀ ਇੱਛਾ ਦੇ ਅਧੀਨ ਹੁੰਦਾ ਹੈ, ਜੀਵਨ ਵਿੱਚ ਆਪਣੀਆਂ ਪ੍ਰਾਪਤੀਆਂ ਅਤੇ ਗਲਤੀਆਂ ਦਾ ਸਾਰ ਬਣਾਉਂਦਾ ਹੈ, ਅਤੇ ਆਪਣੇ ਜੀਵਨ ਬਾਰੇ ਸਿਰਜਣਹਾਰ ਦੇ ਨਿਆਂ ਦੀ ਉਡੀਕ ਕਰਦਾ ਹੈ। ਇਨ੍ਹਾਂ ਤਿੰਨਾਂ ਮਿਆਦਾਂ ਦੇ ਦੌਰਾਨ ਲੋਕਾਂ ਨੂੰ ਪ੍ਰਾਪਤ ਹੋਣ ਵਾਲੇ ਵੱਖੋ-ਵੱਖਰੇ ਅਨੁਭਵਾਂ ਅਤੇ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖਦਿਆਂ, ਆਮ ਹਾਲਾਤ ਵਿੱਚ, ਕਿਸੇ ਵਿਅਕਤੀ ਦੁਆਰਾ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣਨ ਦੀ ਸਮਾਂ ਅਵਧੀ ਬਹੁਤ ਵੱਡੀ ਨਹੀਂ ਹੁੰਦੀ। ਜੇ ਕੋਈ ਸੱਠ ਵਰ੍ਹਿਆਂ ਤਕ ਜੀਵਨ ਜੀਉਂਦਾ ਹੈ, ਤਾਂ ਉਸ ਕੋਲ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਜਾਣਨ ਲਈ ਸਿਰਫ਼ ਤਕਰੀਬਨ ਤੀਹ ਕੁ ਸਾਲ ਦਾ ਸਮਾਂ ਹੁੰਦਾ ਹੈ; ਜੇ ਕਿਸੇ ਨੂੰ ਵਧੇਰੇ ਲੰਮਾ ਸਮਾਂ ਚਾਹੀਦਾ ਹੈ, ਇਹ ਤਾਂ ਹੀ ਸੰਭਵ ਹੁੰਦਾ ਹੈ ਜੇ ਉਸ ਦਾ ਜੀਵਨ ਵਧੇਰੇ ਲੰਬਾ ਚਲਦਾ ਹੈ, ਜੇਕਰ ਕੋਈ ਇੱਕ ਸਦੀ ਤਕ ਜੀਉਣ ਦੇ ਯੋਗ ਹੁੰਦਾ ਹੈ। ਇਸ ਲਈ ਮੈਂ ਕਹਿੰਦਾ ਹਾਂ, ਮਨੁੱਖੀ ਹੋਂਦ ਦੇ ਆਮ ਨਿਯਮਾਂ ਦੇ ਅਨੁਸਾਰ, ਹਾਲਾਂਕਿ ਕਿਸੇ ਵਿਅਕਤੀ ਦਾ ਸਾਹਮਣਾ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣਨ ਦੇ ਵਿਸ਼ੇ ਤੋਂ ਲੈ ਕੇ ਉਸ ਦੁਆਰਾ ਪ੍ਰਭੁਤਾ ਦੇ ਤੱਥ ਨੂੰ ਪਛਾਣਨ ਯੋਗ ਹੋਣ ਤੱਕ ਅਤੇ ਫਿਰ ਉਸ ਬਿੰਦੂ ਤੋਂ ਲੈ ਕੇ ਵਿਅਕਤੀ ਦੁਆਰਾ ਇਸ ਦੇ ਅਧੀਨ ਹੋਣ ਯੋਗ ਬਣਨ ਤੱਕ ਇੱਕ ਬਹੁਤ ਲੰਬੀ ਪ੍ਰਕਿਰਿਆ ਹੈ, ਜੇ ਕੋਈ ਅਸਲ ਵਿੱਚ ਸਾਲਾਂ ਦੀ ਗਿਣਤੀ ਕਰੇ ਤਾਂ ਤੀਹ ਜਾਂ ਚਾਲੀ ਤੋਂ ਵਧੇਰੇ ਨਹੀਂ ਹੁੰਦੇ ਹਨ ਜਿਸ ਦੌਰਾਨ ਇੱਕ ਵਿਅਕਤੀ ਕੋਲ ਇਹ ਇਨਾਮ ਪ੍ਰਾਪਤ ਕਰਨ ਦਾ ਮੌਕਾ ਹੁੰਦਾ ਹੈ। ਅਤੇ ਅਕਸਰ, ਲੋਕ ਆਪਣੀਆਂ ਇੱਛਾਵਾਂ ਦੁਆਰਾ ਅਤੇ ਬਰਕਤਾਂ ਪ੍ਰਾਪਤ ਕਰਨ ਦੀਆਂ ਆਪਣੀਆਂ ਲਾਲਸਾਵਾਂ ਦੁਆਰਾ ਬਹਿਕ ਜਾਂਦੇ ਹਨ, ਇਸ ਲਈ ਉਹ ਸਿਆਣ ਨਹੀਂ ਸਕਦੇ ਕਿ ਮਨੁੱਖੀ ਜੀਵਨ ਦਾ ਤੱਤ ਕਿਸ ਚੀਜ਼ ਵਿੱਚ ਹੈ ਅਤੇ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣਨ ਦੀ ਮਹੱਤਤਾ ਨੂੰ ਨਹੀਂ ਸਮਝ ਸਕਦੇ। ਅਜਿਹੇ ਲੋਕ ਮਨੁੱਖੀ ਜੀਵਨ ਅਤੇ ਸਿਰਜਣਹਾਰ ਦੀ ਪ੍ਰਭੁਤਾ ਦਾ ਅਨੁਭਵ ਕਰਨ ਲਈ ਮਨੁੱਖੀ ਸੰਸਾਰ ਵਿੱਚ ਪ੍ਰਵੇਸ਼ ਕਰਨ ਦੇ ਇਸ ਅਨਮੋਲ ਮੌਕੇ ਦੀ ਕਦਰ ਨਹੀਂ ਕਰਦੇ, ਅਤੇ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਸਿਰਜਣਹਾਰ ਦਾ ਨਿੱਜੀ ਮਾਰਗਦਰਸ਼ਨ ਪ੍ਰਾਪਤ ਕਰਨਾ ਇੱਕ ਸਿਰਜੇ ਹੋਏ ਜੀਵ ਲਈ ਕਿੰਨਾ ਅਨਮੋਲ ਹੈ। ਇਸ ਲਈ ਮੈਂ ਕਹਿੰਦਾ ਹਾਂ, ਜੋ ਲੋਕ ਚਾਹੁੰਦੇ ਹਨ ਕਿ ਪਰਮੇਸ਼ੁਰ ਦਾ ਕੰਮ ਜਲਦੀ ਖਤਮ ਹੋ ਜਾਵੇ, ਜੋ ਚਾਹੁੰਦੇ ਹਨ ਕਿ ਪਰਮੇਸ਼ੁਰ ਜਲਦੀ ਤੋਂ ਜਲਦੀ ਮਨੁੱਖ ਦੇ ਅੰਤ ਦਾ ਪ੍ਰਬੰਧ ਕਰੇ ਤਾਂ ਜੋ ਉਹ ਤੁਰੰਤ ਉਸ ਨੂੰ ਅਸਲ ਵਿੱਚ ਵੇਖ ਸਕਣ ਅਤੇ ਜਿੰਨੀ ਜਲਦੀ ਸੰਭਵ ਹੋ ਸਕੇ ਬਰਕਤਾਂ ਪ੍ਰਾਪਤ ਕਰ ਸਕਣ—ਤਾਂ ਉਹ ਸਭ ਤੋਂ ਮਾੜੀ ਕਿਸਮ ਦੀ ਅਣਆਗਿਆਕਾਰੀ ਦੇ ਦੋਸ਼ੀ ਹਨ ਅਤੇ ਉਹ ਅਤਿਅੰਤ ਮੂਰਖ ਹਨ। ਇਸ ਦੌਰਾਨ, ਮਨੁੱਖਾਂ ਵਿੱਚੋਂ ਬੁੱਧੀਮਾਨ, ਜਿਨ੍ਹਾਂ ਕੋਲ ਅਤਿਅੰਤ ਮਾਨਸਿਕ ਤੀਖਣਤਾ ਹੈ, ਇਹ ਉਹ ਲੋਕ ਹਨ ਜੋ ਆਪਣੇ ਸੀਮਤ ਸਮੇਂ ਦੌਰਾਨ ਸਿਰਜਣਹਾਰ ਦੀ ਪ੍ਰਭੁਤਾ ਨੂੰ ਜਾਣਨ ਦੇ ਇਸ ਅਨੌਖੇ ਮੌਕੇ ਨੂੰ ਕਾਬੂ ਕਰਨ ਦੀ ਇੱਛਾ ਰੱਖਦੇ ਹਨ। ਇਹ ਦੋ ਵੱਖ-ਵੱਖ ਇੱਛਾਵਾਂ ਦੋ ਅਤਿਅੰਤ ਵੱਖੋ-ਵੱਖਰੇ ਪਹਿਲੂਆਂ ਅਤੇ ਕੰਮਾਂ ਨੂੰ ਉਜਾਗਰ ਕਰਦੀਆਂ ਹਨ: ਜਿਹੜੇ ਅਸੀਸਾਂ ਭਾਲਦੇ ਹਨ ਉਹ ਸੁਆਰਥੀ ਅਤੇ ਨੀਚ ਹੁੰਦੇ ਹਨ ਅਤੇ ਪਰਮੇਸ਼ੁਰ ਦੀ ਇੱਛਾ ਲਈ ਕੋਈ ਪ੍ਰਵਾਹ ਨਹੀਂ ਦਿਖਾਉਂਦੇ, ਕਦੇ ਵੀ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਕਦੇ ਵੀ ਇਸ ਦੇ ਅਧੀਨ ਆਉਣ ਦੀ ਇੱਛਾ ਨਹੀਂ ਰੱਖਦੇ, ਸਗੋਂ ਉਹ ਆਪਣੀ ਮਰਜ਼ੀ ਅਨੁਸਾਰ ਜੀਉਣਾ ਚਾਹੁੰਦੇ ਹਨ। ਉਹ ਪੱਕੇ ਪਤਿਤ ਹਨ, ਅਤੇ ਇਹੀ ਲੋਕਾਂ ਦੀ ਉਹ ਸ਼੍ਰੇਣੀ ਹੈ ਜਿਸ ਦਾ ਨਾਸ ਕੀਤਾ ਜਾਵੇਗਾ। ਜੋ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹਨ ਉਹ ਆਪਣੀਆਂ ਇੱਛਾਵਾਂ ਨੂੰ ਇੱਕ ਪਾਸੇ ਰੱਖਣ ਦੇ ਯੋਗ ਹੁੰਦੇ ਹਨ, ਪਰਮੇਸ਼ੁਰ ਦੀ ਪ੍ਰਭੁਤਾ ਅਤੇ ਪਰਮੇਸ਼ੁਰ ਦੇ ਪ੍ਰਬੰਧ ਦੇ ਅਧੀਨ ਹੋਣ ਦੇ ਇੱਛੁਕ ਹੁੰਦੇ ਹਨ, ਅਤੇ ਉਹ ਅਜਿਹੇ ਲੋਕ ਬਣਨ ਦੀ ਕੋਸ਼ਿਸ਼ ਕਰਦੇ ਹਨ ਜੋ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਹੁੰਦੇ ਹਨ ਅਤੇ ਜੋ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਦੇ ਹਨ। ਅਜਿਹੇ ਲੋਕ ਚਾਨਣ ਵਿੱਚ ਜੀਉਂਦੇ ਹਨ ਅਤੇ ਪਰਮੇਸ਼ੁਰ ਦੀਆਂ ਅਸੀਸਾਂ ਹੇਠ ਰਹਿੰਦੇ ਹਨ, ਅਤੇ ਯਕੀਨਨ ਹੀ ਪਰਮੇਸ਼ੁਰ ਦੁਆਰਾ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਵੇਗੀ। ਭਾਵੇਂ ਕੁਝ ਵੀ ਹੋਵੇ, ਇਸ ਵਿੱਚ ਮਨੁੱਖ ਦਾ ਕੋਈ ਹੱਥ ਨਹੀਂ ਕਿ ਪਰਮੇਸ਼ੁਰ ਦਾ ਕੰਮ ਕਿੰਨਾ ਸਮਾਂ ਲਵੇਗਾ। ਬਿਹਤਰ ਹੈ ਕਿ ਲੋਕ ਆਪਣੇ ਆਪ ਨੂੰ ਪਰਮੇਸ਼ੁਰ ਦੀ ਦਇਆ ’ਤੇ ਛੱਡ ਦੇਣ ਅਤੇ ਉਸ ਦੀ ਪ੍ਰਭੁਤਾ ਦੇ ਅਧੀਨ ਹੋ ਜਾਣ। ਜੇ ਤੂੰ ਆਪਣੇ ਆਪ ਨੂੰ ਉਸ ਦੀ ਦਇਆ ’ਤੇ ਨਹੀਂ ਛੱਡਦਾ, ਤਾਂ ਤੂੰ ਕੀ ਕਰ ਸਕਦਾ ਹੈਂ? ਕੀ ਨਤੀਜੇ ਵਜੋਂ ਪਰਮੇਸ਼ੁਰ ਨੂੰ ਕੋਈ ਨੁਕਸਾਨ ਹੋਵੇਗਾ? ਜੇ ਤੂੰ ਆਪਣੇ ਆਪ ਨੂੰ ਉਸ ਦੀ ਦਇਆ ’ਤੇ ਨਹੀਂ ਛੱਡਦਾ, ਸਗੋਂ ਇਸ ਦੀ ਬਜਾਏ ਆਪਣੇ ਆਪ ਜੁੰਮੇਵਾਰੀ ਲੈਣ ਦੀ ਕੋਸ਼ਿਸ਼ ਕਰਦਾ ਹੈਂ, ਤਾਂ ਤੂੰ ਇੱਕ ਮੂਰਖਤਾ ਭਰੀ ਚੋਣ ਕਰ ਰਿਹਾ ਹੈਂ ਅਤੇ ਆਖਰਕਾਰ ਸਿਰਫ਼ ਤੂੰ ਹੀ ਨੁਕਸਾਨ ਉਠਾਏਂਗਾ। ਜੇ ਲੋਕ ਜਿੰਨੀ ਜਲਦੀ ਸੰਭਵ ਹੋ ਸਕੇ ਪਰਮੇਸ਼ੁਰ ਨਾਲ ਸਹਿਯੋਗ ਕਰਦੇ ਹਨ, ਜੇ ਉਹ ਉਸ ਦੇ ਨਿਯੋਜਨਾਂ ਨੂੰ ਜਲਦੀ ਨਾਲ ਸਵੀਕਾਰ ਕਰਦੇ ਹਨ, ਉਸ ਦੇ ਅਧਿਕਾਰ ਨੂੰ ਜਾਣਦੇ ਹਨ, ਅਤੇ ਉਸ ਸਭ ਨੂੰ ਸਮਝਦੇ ਹਨ ਜੋ ਉਸ ਨੇ ਉਨ੍ਹਾਂ ਲਈ ਕੀਤਾ ਹੈ, ਸਿਰਫ਼ ਤਾਂ ਹੀ ਉਨ੍ਹਾਂ ਕੋਲ ਉਮੀਦ ਹੋਵੇਗੀ। ਸਿਰਫ਼ ਇਸ ਤਰੀਕੇ ਨਾਲ ਉਨ੍ਹਾਂ ਦੇ ਜੀਵਨ ਵਿਅਰਥ ਵਿੱਚ ਨਹੀਂ ਬੀਤ ਜਾਣਗੇ, ਅਤੇ ਉਨ੍ਹਾਂ ਨੂੰ ਮੁਕਤੀ ਹਾਸਲ ਹੋਵੇਗੀ।

ਕੋਈ ਵੀ ਇਸ ਤੱਥ ਨੂੰ ਨਹੀਂ ਬਦਲ ਸਕਦਾ ਕਿ ਮਨੁੱਖੀ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਹੈ

ਜੋ ਕੁਝ ਮੈਂ ਹੁਣੇ ਕਿਹਾ ਹੈ ਉਸ ਨੂੰ ਸੁਣਨ ਤੋਂ ਬਾਅਦ, ਕੀ ਨਸੀਬ ਬਾਰੇ ਤੁਹਾਡਾ ਖਿਆਲ ਬਦਲ ਗਿਆ ਹੈ? ਤੁਸੀਂ ਮਨੁੱਖ ਦੇ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਦੇ ਤੱਥ ਨੂੰ ਕਿਵੇਂ ਸਮਝਦੇ ਹੋ? ਸਪਸ਼ਟ ਰੂਪ ਵਿੱਚ ਕਿਹਾ ਜਾਵੇ ਤਾਂ ਪਰਮੇਸ਼ੁਰ ਦੇ ਅਧਿਕਾਰ ਅਧੀਨ, ਹਰ ਵਿਅਕਤੀ ਸਕਾਰਾਤਮਕ ਜਾਂ ਨਕਾਰਾਤਮਕ ਰੂਪ ਵਿੱਚ ਉਸ ਦੀ ਪ੍ਰਭੁਤਾ ਅਤੇ ਉਸ ਦੇ ਪ੍ਰਬੰਧਾਂ ਨੂੰ ਸਵੀਕਾਰ ਕਰਦਾ ਹੈ, ਅਤੇ ਭਾਵੇਂ ਕੋਈ ਵਿਅਕਤੀ ਆਪਣੇ ਜੀਵਨ ਵਿੱਚ ਕਿੰਨਾ ਵੀ ਸੰਘਰਸ਼ ਕਰੇ, ਭਾਵੇਂ ਕੋਈ ਕਿੰਨੇ ਵੀ ਵਿੰਗੇ-ਟੇਢੇ ਰਾਹਾਂ ’ਤੇ ਚੱਲੇ, ਅੰਤ ਵਿੱਚ ਉਹ ਨਸੀਬ ਦੇ ਉਸ ਚੱਕਰ ਵਿੱਚ ਹੀ ਵਾਪਸ ਆਵੇਗਾ ਜਿਸ ਨੂੰ ਸਿਰਜਣਹਾਰ ਨੇ ਉਸ ਦੇ ਲਈ ਖਿੱਚਿਆ ਹੈ। ਇਹ ਸਿਰਜਣਹਾਰ ਦੇ ਅਧਿਕਾਰ ਦੀ ਦੁਰਗਮਤਾ ਅਤੇ ਉਹ ਢੰਗ ਹੈ ਜਿਸ ਨਾਲ ਉਸ ਦਾ ਅਧਿਕਾਰ ਬ੍ਰਹਿਮੰਡ ਨੂੰ ਨਿਯੰਤ੍ਰਿਤ ਅਤੇ ਸੰਚਾਲਤ ਕਰਦਾ ਹੈ। ਇਹੀ ਉਹ ਦੁਰਗਮਤਾ ਹੈ, ਇਹੀ ਉਹ ਨਿਯੰਤ੍ਰਣ ਅਤੇ ਸੰਚਾਲਨ ਹੈ, ਜੋ ਉਨ੍ਹਾਂ ਨਿਯਮਾਂ ਲਈ ਜ਼ਿੰਮੇਵਾਰ ਹੈ ਜੋ ਸਾਰੀਆਂ ਵਸਤਾਂ ਦੇ ਜੀਵਨ ਨੂੰ ਨਿਰਧਾਰਤ ਕਰਦੇ ਹਨ, ਜੋ ਮਨੁੱਖਾਂ ਨੂੰ ਬਿਨਾ ਕਿਸੇ ਦਖਲ ਦੇ ਬਾਰ-ਬਾਰ ਜਨਮ ਲੈਣ ਦਿੰਦੇ ਹਨ, ਜੋ ਸੰਸਾਰ ਨੂੰ ਨਿਯਮਤ ਰੂਪ ਵਿੱਚ ਬਦਲਦੇ ਹਨ ਅਤੇ ਦਿਨ ਪ੍ਰਤੀ ਦਿਨ, ਸਾਲਾਂ ਬੱਧੀਂ ਅੱਗੇ ਵਧਾਉਂਦੇ ਹਨ। ਤੁਸੀਂ ਇਨ੍ਹਾਂ ਸਾਰੇ ਤੱਥਾਂ ਨੂੰ ਵੇਖਿਆ ਹੈ ਅਤੇ ਭਾਵੇਂ ਸਤਹੀ ਤੌਰ ’ਤੇ ਜਾਂ ਡੂੰਘਾਈ ਵਿੱਚ, ਤੁਸੀਂ ਉਨ੍ਹਾਂ ਨੂੰ ਸਮਝਦੇ ਹੋ, ਅਤੇ ਤੁਹਾਡੀ ਸਮਝ ਦੀ ਡੂੰਘਾਈ ਤੁਹਾਡੇ ਅਨੁਭਵ ਅਤੇ ਸੱਚਾਈ ਦੇ ਗਿਆਨ, ਅਤੇ ਪਰਮੇਸ਼ੁਰ ਬਾਰੇ ਤੁਹਾਡੇ ਗਿਆਨ ’ਤੇ ਨਿਰਭਰ ਕਰਦੀ ਹੈ। ਤੂੰ ਸੱਚਾਈ ਦੀ ਅਸਲੀਅਤ ਬਾਰੇ ਕਿੰਨੀ ਕੁ ਚੰਗੀ ਤਰ੍ਹਾਂ ਜਾਣਦਾ ਹੈਂ, ਤੂੰ ਪਰਮੇਸ਼ੁਰ ਦੇ ਵਚਨਾਂ ਦਾ ਕਿੰਨਾ ਕੁ ਅਨੁਭਵ ਕੀਤਾ ਹੈ, ਤੂੰ ਪਰਮੇਸ਼ੁਰ ਦੇ ਤੱਤ ਅਤੇ ਸੁਭਾਅ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦਾ ਹੈਂ—ਇਹ ਸਭ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਪ੍ਰਬੰਧਾਂ ਬਾਰੇ ਤੇਰੀ ਸਮਝ ਦੀ ਡੂੰਘਾਈ ਨੂੰ ਦਰਸਾਉਂਦੇ ਹਨ। ਕੀ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਪ੍ਰਬੰਧਾਂ ਦੀ ਹੋਂਦ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਮਨੁੱਖ ਉਨ੍ਹਾਂ ਦੇ ਅਧੀਨ ਹੁੰਦੇ ਹਨ? ਕੀ ਇਹ ਤੱਥ ਕਿ ਪਰਮੇਸ਼ੁਰ ਕੋਲ ਇਹ ਅਧਿਕਾਰ ਹੈ, ਇਸ ਗੱਲ ਤੋਂ ਨਿਰਧਾਰਤ ਹੁੰਦਾ ਹੈ ਕਿ ਕੀ ਮਨੁੱਖਤਾ ਇਸ ਦੇ ਅਧੀਨ ਹੁੰਦੀ ਹੈ? ਹਾਲਾਤ ਭਾਵੇਂ ਜੋ ਵੀ ਹੋਣ ਪਰਮੇਸ਼ੁਰ ਦਾ ਅਧਿਕਾਰ ਹੋਂਦ ਵਿੱਚ ਹੈ। ਸਾਰੀਆਂ ਸਥਿਤੀਆਂ ਵਿੱਚ, ਪਰਮੇਸ਼ੁਰ ਹਰ ਮਨੁੱਖ ਦੇ ਨਸੀਬ ਅਤੇ ਸਾਰੀਆਂ ਵਸਤਾਂ ਨੂੰ ਆਪਣੇ ਵਿਚਾਰਾਂ ਅਤੇ ਆਪਣੀਆਂ ਇੱਛਾਵਾਂ ਦੇ ਅਨੁਸਾਰ ਨਿਰਧਾਰਤ ਕਰਦਾ ਅਤੇ ਉਨ੍ਹਾਂ ਦਾ ਪ੍ਰਬੰਧ ਕਰਦਾ ਹੈ। ਇਹ ਮਨੁੱਖੀ ਤਬਦੀਲੀ ਦੇ ਨਤੀਜੇ ਵਜੋਂ ਨਹੀਂ ਬਦਲੇਗਾ; ਇਹ ਮਨੁੱਖ ਦੀ ਇੱਛਾ ਤੋਂ ਸੁਤੰਤਰ ਹੈ, ਸਮੇਂ, ਸਥਾਨ, ਅਤੇ ਭੂਗੋਲ ਵਿੱਚ ਕਿਸੇ ਕਿਸਮ ਦੀ ਤਬਦੀਲੀ ਨਾਲ ਨਹੀਂ ਬਦਲਿਆ ਜਾ ਸਕਦਾ, ਕਿਉਂਕਿ ਪਰਮੇਸ਼ੁਰ ਦਾ ਅਧਿਕਾਰ ਹੀ ਉਸ ਦਾ ਅਸਲ ਤੱਤ ਹੈ। ਕੀ ਮਨੁੱਖ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਜਾਣਨ ਅਤੇ ਸਵੀਕਾਰ ਕਰਨ ਦੇ ਯੋਗ ਹੈ, ਅਤੇ ਕੀ ਮਨੁੱਖ ਇਸ ਦੇ ਅਧੀਨ ਹੋਣ ਯੋਗ ਹੈ—ਇਨ੍ਹਾਂ ਵਿਚਾਰਾਂ ਵਿੱਚੋਂ ਕੋਈ ਵੀ ਮਨੁੱਖੀ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਦੇ ਤੱਥ ਵਿੱਚ ਮਾੜਾ ਜਿੰਨਾ ਵੀ ਬਦਲਾਅ ਨਹੀਂ ਕਰਦਾ। ਕਹਿਣ ਦਾ ਭਾਵ ਇਹ ਹੈ, ਭਾਵੇਂ ਮਨੁੱਖ ਪਰਮੇਸ਼ੁਰ ਦੀ ਪ੍ਰਭੁਤਾ ਪ੍ਰਤੀ ਜਿਵੇਂ ਦਾ ਰਵੱਈਆ ਅਪਣਾਉਂਦਾ ਹੈ, ਇਹ ਬਸ ਇਸ ਤੱਥ ਨੂੰ ਨਹੀਂ ਬਦਲ ਸਕਦਾ ਕਿ ਮਨੁੱਖੀ ਨਸੀਬ ਅਤੇ ਸਾਰੀਆਂ ਵਸਤਾਂ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਹੈ। ਭਾਵੇਂ ਤੂੰ ਪਰਮੇਸ਼ੁਰ ਦੀ ਪ੍ਰਭੁਤਾ ਦੇ ਅਧੀਨ ਨਹੀਂ ਹੁੰਦਾ ਹੈਂ, ਤਾਂ ਵੀ ਉਹ ਅਜੇ ਵੀ ਤੇਰੇ ਨਸੀਬ ਦਾ ਨਿਯੰਤ੍ਰਣ ਕਰਦਾ ਹੈ; ਭਾਵੇਂ ਤੂੰ ਉਸ ਦੀ ਪ੍ਰਭੁਤਾ ਨੂੰ ਨਹੀਂ ਜਾਣ ਸਕਦਾ, ਪਰ ਉਸ ਦਾ ਅਧਿਕਾਰ ਅਜੇ ਵੀ ਮੌਜੂਦ ਹੈ। ਪਰਮੇਸ਼ੁਰ ਦਾ ਅਧਿਕਾਰ ਅਤੇ ਮਨੁੱਖ ਦੇ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਦਾ ਤੱਥ ਮਨੁੱਖੀ ਇੱਛਾ ਤੋਂ ਸੁਤੰਤਰ ਹਨ, ਅਤੇ ਮਨੁੱਖ ਦੀਆਂ ਤਰਜੀਹਾਂ ਅਤੇ ਚੋਣਾਂ ਦੇ ਅਨੁਸਾਰ ਬਦਲਦੇ ਨਹੀਂ। ਪਰਮੇਸ਼ੁਰ ਦਾ ਅਧਿਕਾਰ ਹਰ ਜਗ੍ਹਾ, ਹਰ ਘੰਟੇ, ਹਰ ਪਲ ’ਤੇ ਹੈ। ਸਵਰਗ ਅਤੇ ਧਰਤੀ ਮਿਟ ਜਾਣਗੇ, ਪਰ ਉਸ ਦਾ ਅਧਿਕਾਰ ਕਦੇ ਵੀ ਨਹੀਂ ਮਿਟੇਗਾ, ਕਿਉਂਕਿ ਉਹ ਖੁਦ ਪਰਮੇਸ਼ੁਰ ਹੈ, ਉਸ ਕੋਲ ਵਿਲੱਖਣ ਅਧਿਕਾਰ ਹੈ, ਅਤੇ ਉਸ ਦਾ ਅਧਿਕਾਰ ਲੋਕਾਂ, ਘਟਨਾਵਾਂ ਜਾਂ ਵਸਤਾਂ ਦੁਆਰਾ, ਪੁਲਾੜ ਦੁਆਰਾ ਜਾਂ ਭੂਗੋਲ ਦੁਆਰਾ ਪਾਬੰਦ ਜਾਂ ਸੀਮਤ ਨਹੀਂ ਹੈ। ਪਰਮੇਸ਼ੁਰ ਹਰ ਸਮੇਂ, ਆਪਣੇ ਅਧਿਕਾਰ ਦਾ ਇਸਤੇਮਾਲ ਕਰਦਾ ਹੈ, ਆਪਣੀ ਸ਼ਕਤੀ ਦਿਖਾਉਂਦਾ ਹੈ, ਆਪਣਾ ਪ੍ਰਬੰਧਨ ਕਾਰਜ ਜਾਰੀ ਰੱਖਦਾ ਹੈ ਜਿਵੇਂ ਕਿ ਉਸ ਨੇ ਹਮੇਸ਼ਾ; ਅਤੇ ਹਰ ਸਮੇਂ ਕੀਤਾ ਹੈ। ਉਹ ਸਭ ਵਸਤਾਂ ’ਤੇ ਰਾਜ ਕਰਦਾ ਹੈ, ਸਭ ਵਸਤਾਂ ਲਈ ਪੂਰਤੀ ਕਰਦਾ ਹੈ, ਸਭ ਵਸਤਾਂ ਦਾ ਨਿਯੋਜਨ ਕਰਦਾ ਹੈ—ਜਿਵੇਂ ਕਿ ਉਸ ਨੇ ਹਮੇਸ਼ਾ ਕੀਤਾ ਹੈ। ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ। ਇਹ ਤੱਥ ਹੈ; ਇਹ ਪ੍ਰਾਚੀਨ ਸਮਿਆਂ ਤੋਂ ਅਟੱਲ ਸੱਚਾਈ ਹੈ!

ਜੋ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਹੋਣਾ ਚਾਹੁੰਦਾ ਹੈ ਉਸ ਦੇ ਲਈ ਉਚਿਤ ਰਵੱਈਆ ਅਤੇ ਅਮਲ

ਮਨੁੱਖ ਨੂੰ ਹੁਣ ਕਿਸ ਰਵੱਈਏ ਦੇ ਨਾਲ ਪਰਮੇਸ਼ੁਰ ਦੇ ਅਧਿਕਾਰ ਅਤੇ ਮਨੁੱਖ ਦੇ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਦੇ ਤੱਥ ਬਾਰੇ ਜਾਣਨਾ ਅਤੇ ਸਮਝਣਾ ਚਾਹੀਦਾ ਹੈ? ਇਹ ਇੱਕ ਅਸਲ ਸਮੱਸਿਆ ਹੈ ਜੋ ਹਰ ਵਿਅਕਤੀ ਦੇ ਸਾਹਮਣੇ ਖੜ੍ਹੀ ਹੁੰਦੀ ਹੈ। ਅਸਲ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਸਮੇਂ, ਤੈਨੂੰ ਪਰਮੇਸ਼ੁਰ ਦੇ ਅਧਿਕਾਰ ਅਤੇ ਉਸ ਦੀ ਪ੍ਰਭੁਤਾ ਨੂੰ ਕਿਵੇਂ ਜਾਣਨਾ ਅਤੇ ਸਮਝਣਾ ਚਾਹੀਦਾ ਹੈ? ਜਦੋਂ ਤੂੰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈਂ ਅਤੇ ਇਹ ਨਹੀਂ ਜਾਣਦਾ ਕਿ ਉਨ੍ਹਾਂ ਨੂੰ ਕਿਵੇਂ ਸਮਝਣਾ, ਸੰਭਾਲਣਾ ਅਤੇ ਉਨ੍ਹਾਂ ਦਾ ਅਨੁਭਵ ਕਰਨਾ ਹੈ, ਤਾਂ ਤੈਨੂੰ ਅਧੀਨ ਹੋਣ ਦੇ ਆਪਣੇ ਇਰਾਦੇ, ਅਧੀਨ ਹੋਣ ਦੀ ਆਪਣੀ ਇੱਛਾ ਨੂੰ ਦਰਸਾਉਣ, ਪਰਮੇਸ਼ੁਰ ਦੀ ਪ੍ਰਭੁਤਾ ਅਤੇ ਪ੍ਰਬੰਧਾਂ ਪ੍ਰਤੀ ਤੇਰੀ ਅਧੀਨਗੀ ਦੀ ਸੱਚਾਈ ਪ੍ਰਤੀ ਕਿਹੜਾ ਰਵੱਈਆ ਅਪਣਾਉਣਾ ਚਾਹੀਦਾ ਹੈ? ਸਭ ਤੋਂ ਪਹਿਲਾਂ ਤੈਨੂੰ ਉਡੀਕ ਕਰਨੀ ਸਿੱਖਣੀ ਪਵੇਗੀ; ਉਸ ਤੋਂ ਬਾਅਦ ਤੈਨੂੰ ਭਾਲਣਾ ਸਿੱਖਣਾ ਪਵੇਗਾ; ਫਿਰ ਤੈਨੂੰ ਅਧੀਨ ਹੋਣਾ ਸਿੱਖਣਾ ਪਵੇਗਾ। “ਉਡੀਕ ਕਰਨ” ਦਾ ਅਰਥ ਹੈ ਪਰਮੇਸ਼ੁਰ ਦੇ ਸਮੇਂ ਦੀ ਉਡੀਕ ਕਰਨਾ, ਲੋਕਾਂ, ਘਟਨਾਵਾਂ ਅਤੇ ਉਨ੍ਹਾਂ ਵਸਤਾਂ ਦੀ ਉਡੀਕ ਕਰਨਾ ਜਿਨ੍ਹਾਂ ਦਾ ਪ੍ਰਬੰਧ ਉਸ ਨੇ ਤੇਰੇ ਲਈ ਕੀਤਾ ਹੈ, ਉਸ ਦੀ ਇੱਛਾ ਦੇ ਹੌਲੀ-ਹੌਲੀ ਤੇਰੇ ਅੱਗੇ ਪ੍ਰਗਟ ਹੋਣ ਦੀ ਉਡੀਕ ਕਰਨਾ। “ਭਾਲ ਕਰਨ” ਦਾ ਅਰਥ ਹੈ ਲੋਕਾਂ, ਘਟਨਾਵਾਂ ਅਤੇ ਜਿਨ੍ਹਾਂ ਵਸਤਾਂ ਦਾ ਪ੍ਰਬੰਧ ਉਸ ਨੇ ਤੁਹਾਡੇ ਲਈ ਕੀਤਾ ਹੈ, ਉਨ੍ਹਾਂ ਦੇ ਰਾਹੀਂ ਪਰਮੇਸ਼ੁਰ ਦੇ ਵਿਚਾਰਸ਼ੀਲ ਇਰਾਦਿਆਂ ਨੂੰ ਵੇਖਣਾ ਅਤੇ ਸਮਝਣਾ, ਉਨ੍ਹਾਂ ਦੁਆਰਾ ਸੱਚਾਈ ਨੂੰ ਸਮਝਣਾ, ਇਹ ਸਮਝਣਾ ਕਿ ਮਨੁੱਖਾਂ ਲਈ ਕੀ ਹਾਸਲ ਕਰਨਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਕਿਹੜੇ ਤਰੀਕਿਆਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ, ਇਹ ਸਮਝਣਾ ਕਿ ਪਰਮੇਸ਼ੁਰ ਮਨੁੱਖਾਂ ਵਿੱਚ ਕਿਹੜੇ ਨਤੀਜੇ ਹਾਸਲ ਕਰਨਾ ਚਾਹੁੰਦਾ ਹੈ ਅਤੇ ਉਨ੍ਹਾਂ ਵਿੱਚ ਕਿਹੜੀਆਂ ਪ੍ਰਾਪਤੀਆਂ ਹਾਸਲ ਕਰਨਾ ਚਾਹੁੰਦਾ ਹੈ। “ਅਧੀਨ ਹੋਣ” ਦਾ ਅਰਥ, ਬੇਸ਼ੱਕ, ਲੋਕਾਂ, ਘਟਨਾਵਾਂ ਅਤੇ ਉਨ੍ਹਾਂ ਵਸਤਾਂ ਨੂੰ ਸਵੀਕਾਰਨਾ ਹੈ ਜੋ ਪਰਮੇਸ਼ੁਰ ਨੇ ਨਿਯੋਜਤ ਕੀਤੀਆਂ ਹਨ, ਇਸ ਦੇ ਨਾਲ ਹੀ ਉਸ ਦੀ ਪ੍ਰਭੁਤਾ ਨੂੰ ਸਵੀਕਾਰ ਕਰਨਾ, ਅਤੇ ਇਸ ਦੇ ਰਾਹੀਂ ਇਹ ਜਾਣਨਾ ਹੈ ਕਿ ਸਿਰਜਣਹਾਰ ਕਿਸ ਤਰ੍ਹਾਂ ਮਨੁੱਖ ਦੇ ਨਸੀਬ ਦਾ ਸੰਚਾਲਨ ਕਰਦਾ ਹੈ, ਉਹ ਮਨੁੱਖ ਨੂੰ ਆਪਣਾ ਜੀਵਨ ਕਿਵੇਂ ਦਿੰਦਾ ਹੈ, ਉਹ ਮਨੁੱਖ ਦੇ ਅੰਦਰ ਸੱਚਾਈ ਦਾ ਕੰਮ ਕਿਵੇਂ ਕਰਦਾ ਹੈ। ਪਰਮੇਸ਼ੁਰ ਦੇ ਪ੍ਰਬੰਧਾਂ ਅਤੇ ਪ੍ਰਭੁਤਾ ਦੇ ਅਧੀਨ ਸਾਰੀਆਂ ਚੀਜ਼ਾਂ ਕੁਦਰਤੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ, ਅਤੇ ਜੇ ਤੂੰ ਪਰਮੇਸ਼ੁਰ ਨੂੰ ਤੇਰੇ ਲਈ ਸਭ ਕੁਝ ਦਾ ਪ੍ਰਬੰਧ ਕਰਨ ਅਤੇ ਸੰਚਾਲਨ ਕਰਨ ਦੇਣ ਦਾ ਸੰਕਲਪ ਕਰਦਾ ਹੈਂ, ਤਾਂ ਤੈਨੂੰ ਉਡੀਕ ਕਰਨੀ ਸਿੱਖਣੀ ਚਾਹੀਦੀ ਹੈ, ਤੈਨੂੰ ਭਾਲਣਾ ਸਿੱਖਣਾ ਚਾਹੀਦਾ ਹੈ, ਅਤੇ ਤੈਨੂੰ ਅਧੀਨ ਹੋਣਾ ਸਿੱਖਣਾ ਚਾਹੀਦਾ ਹੈ। ਇਹ ਉਹ ਰਵੱਈਆ ਹੈ ਜਿਹੜਾ ਹਰ ਉਸ ਵਿਅਕਤੀ ਨੂੰ ਲਾਜ਼ਮੀ ਤੌਰ ’ਤੇ ਅਪਣਾਉਣਾ ਚਾਹੀਦਾ ਹੈ, ਜੋ ਪਰਮੇਸ਼ੁਰ ਦੇ ਅਧਿਕਾਰ ਪ੍ਰਤੀ ਅਧੀਨ ਹੋਣਾ ਚਾਹੁੰਦਾ ਹੈ, ਇਹ ਉਹ ਮੁੱਢਲਾ ਗੁਣ ਹੈ ਜੋ ਹਰ ਉਸ ਵਿਅਕਤੀ ਵਿੱਚ ਹੋਣਾ ਜ਼ਰੂਰੀ ਹੈ ਜੋ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਪ੍ਰਬੰਧਾਂ ਨੂੰ ਸਵੀਕਾਰ ਕਰਨਾ ਚਾਹੁੰਦਾ ਹੈ। ਅਜਿਹਾ ਰਵੱਈਆ ਰੱਖਣ ਲਈ, ਅਜਿਹਾ ਗੁਣ ਰੱਖਣ ਲਈ, ਤੇਰੇ ਲਈ ਵਧੇਰੇ ਮਿਹਨਤ ਕਰਨੀ ਜ਼ਰੂਰੀ ਹੈ। ਇਹੀ ਇਕੋ-ਇੱਕ ਰਸਤਾ ਹੈ ਜਿਸ ਨਾਲ ਤੂੰ ਅਸਲ ਸੱਚਾਈ ਵਿੱਚ ਪ੍ਰਵੇਸ਼ ਕਰ ਸਕਦਾ ਹੈਂ।

ਪਰਮੇਸ਼ੁਰ ਨੂੰ ਆਪਣਾ ਵਿਲੱਖਣ ਮਾਲਕ ਸਵੀਕਾਰ ਕਰਨਾ ਮੁਕਤੀ ਪ੍ਰਾਪਤ ਕਰਨ ਵੱਲ ਪਹਿਲਾ ਕਦਮ ਹੈ

ਪਰਮੇਸ਼ੁਰ ਦੇ ਅਧਿਕਾਰ ਸਬੰਧੀ ਸੱਚਾਈਆਂ ਉਹ ਸੱਚਾਈਆਂ ਹਨ ਜਿਨ੍ਹਾਂ ਨੂੰ ਹਰੇਕ ਵਿਅਕਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਆਪਣੇ ਦਿਲ ਨਾਲ ਉਨ੍ਹਾਂ ਦਾ ਅਨੁਭਵ ਕਰਨਾ ਅਤੇ ਸਮਝਣਾ ਜ਼ਰੂਰ ਚਾਹੀਦਾ ਹੈ; ਕਿਉਂਕਿ ਇਨ੍ਹਾਂ ਸਚਾਈਆਂ ਦਾ ਹਰੇਕ ਵਿਅਕਤੀ ਦੇ ਜੀਵਨ ’ਤੇ, ਹਰੇਕ ਵਿਅਕਤੀ ਦੇ ਅਤੀਤ, ਵਰਤਮਾਨ, ਅਤੇ ਭਵਿੱਖ ’ਤੇ ਅਸਰ ਪੈਂਦਾ ਹੈ; ਉਨ੍ਹਾਂ ਮਹੱਤਵਪੂਰਣ ਪੜਾਵਾਂ ’ਤੇ ਅਸਰ ਪੈਂਦਾ ਹੈ ਜਿਨ੍ਹਾਂ ਰਾਹੀਂ ਹਰੇਕ ਵਿਅਕਤੀ ਨੂੰ ਜੀਵਨ ਵਿੱਚ ਲੰਘਣਾ ਜ਼ਰੂਰੀ ਹੁੰਦਾ ਹੈ; ਮਨੁੱਖ ਦੇ ਪਰਮੇਸ਼ੁਰ ਦੀ ਪ੍ਰਭੁਤਾ ਬਾਰੇ ਗਿਆਨ ਅਤੇ ਉਸ ਰਵੱਈਏ ’ਤੇ ਪੈਂਦਾ ਹੈ ਜਿਸ ਦੇ ਨਾਲ ਕਿਸੇ ਵਿਅਕਤੀ ਨੂੰ ਪਰਮੇਸ਼ੁਰ ਦੇ ਅਧਿਕਾਰ ਦਾ ਸਾਹਮਣਾ ਕਰਨਾ ਚਾਹੀਦਾ ਹੈ; ਅਤੇ ਕੁਦਰਤੀ ਤੌਰ ’ਤੇ, ਹਰ ਵਿਅਕਤੀ ਦੀ ਅੰਤਮ ਮੰਜ਼ਿਲ ’ਤੇ ਪੈਂਦਾ ਹੈ। ਇਸ ਲਈ, ਉਨ੍ਹਾਂ ਨੂੰ ਜਾਣਨ ਅਤੇ ਸਮਝਣ ਵਿੱਚ ਉਮਰ ਭਰ ਦੀ ਤਾਕਤ ਲੱਗ ਜਾਂਦੀ ਹੈ। ਜਦੋਂ ਤੂੰ ਪਰਮੇਸ਼ੁਰ ਦੇ ਅਧਿਕਾਰ ਵੱਲ ਚੰਗੀ ਤਰ੍ਹਾਂ ਦੇਖੇਂਗਾ, ਜਦੋਂ ਤੂੰ ਉਸ ਦੇ ਅਧਿਕਾਰ ਨੂੰ ਸਵੀਕਾਰ ਕਰੇਂਗਾ, ਤਾਂ ਤੈਨੂੰ ਹੌਲੀ-ਹੌਲੀ ਪਰਮੇਸ਼ੁਰ ਦੇ ਅਧਿਕਾਰ ਦੀ ਹੋਂਦ ਦੀ ਸੱਚਾਈ ਦਾ ਅਹਿਸਾਸ ਹੋਵੇਗਾ ਅਤੇ ਇਸ ਦੀ ਸਮਝ ਆਵੇਗੀ। ਪਰ ਜੇ ਤੂੰ ਕਦੇ ਵੀ ਪਰਮੇਸ਼ੁਰ ਦੇ ਅਧਿਕਾਰ ਨੂੰ ਨਹੀਂ ਮੰਨਦਾ ਅਤੇ ਕਦੇ ਵੀ ਉਸ ਦੀ ਪ੍ਰਭੁਤਾ ਨੂੰ ਸਵੀਕਾਰ ਨਹੀਂ ਕਰਦਾ ਹੈਂ, ਫਿਰ ਭਾਵੇਂ ਤੂੰ ਜਿੰਨੇ ਮਰਜ਼ੀ ਸਾਲਾਂ ਤਕ ਜੀਵੇਂ, ਤੈਨੂੰ ਪਰਮੇਸ਼ੁਰ ਦੀ ਪ੍ਰਭੁਤਾ ਦਾ ਥੋੜ੍ਹਾ ਜਿਹਾ ਗਿਆਨ ਵੀ ਪ੍ਰਾਪਤ ਨਹੀਂ ਹੋਵੇਗਾ। ਜੇ ਤੂੰ ਸੱਚਮੁੱਚ ਪਰਮੇਸ਼ੁਰ ਦੇ ਅਧਿਕਾਰ ਨੂੰ ਨਹੀਂ ਜਾਣਦਾ ਅਤੇ ਸਮਝਦਾ, ਤਾਂ ਫਿਰ ਜਦੋਂ ਤੂੰ ਸੜਕ ਦੇ ਅੰਤ ’ਤੇ ਪਹੁੰਚ ਜਾਵੇਂਗਾ, ਉਦੋਂ ਭਾਵੇਂ ਤੂੰ ਦਹਾਕਿਆਂ ਬੱਧੀ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਹੋਵੇ, ਤੇਰੇ ਕੋਲ ਫਿਰ ਵੀ ਆਪਣੇ ਜੀਵਨ ਵਿੱਚ ਦਿਖਾਉਣ ਲਈ ਕੁਝ ਵੀ ਨਹੀਂ ਹੋਵੇਗਾ, ਅਤੇ ਕੁਦਰਤੀ ਤੌਰ ’ਤੇ ਤੇਰੇ ਕੋਲ ਮਨੁੱਖੀ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਦਾ ਜ਼ਰਾ ਜਿੰਨਾ ਵੀ ਗਿਆਨ ਨਹੀਂ ਹੋਵੇਗਾ। ਕੀ ਇਹ ਬਹੁਤ ਦੁੱਖ ਵਾਲੀ ਗੱਲ ਨਹੀਂ ਹੈ? ਇਸ ਲਈ, ਭਾਵੇਂ ਤੂੰ ਜੀਵਨ ਵਿੱਚ ਜਿੰਨਾ ਵੀ ਦੂਰ ਚਲਿਆ ਗਿਆ ਹੋਵੇਂ, ਭਾਵੇਂ ਹੁਣ ਤੇਰੀ ਉਮਰ ਜਿੰਨੀ ਮਰਜ਼ੀ ਹੋਵੇ, ਭਾਵੇਂ ਤੇਰੀ ਬਾਕੀ ਦੀ ਯਾਤਰਾ ਜਿੰਨੀ ਮਰਜ਼ੀ ਲੰਮੀ ਹੋਵੇ, ਸਭ ਤੋਂ ਪਹਿਲਾਂ ਤੈਨੂੰ ਪਰਮੇਸ਼ੁਰ ਦੇ ਅਧਿਕਾਰ ਨੂੰ ਪਛਾਣਨਾ ਪਵੇਗਾ ਅਤੇ ਇਸ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ, ਅਤੇ ਇਸ ਤੱਥ ਨੂੰ ਸਵੀਕਾਰ ਕਰਨਾ ਪਵੇਗਾ ਕਿ ਪਰਮੇਸ਼ੁਰ ਤੇਰਾ ਵਿਲੱਖਣ ਮਾਲਕ ਹੈ। ਮਨੁੱਖੀ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਬਾਰੇ ਇਨ੍ਹਾਂ ਸੱਚਾਈਆਂ ਦਾ ਸਪਸ਼ਟ, ਸਹੀ ਗਿਆਨ ਅਤੇ ਸਮਝ ਪ੍ਰਾਪਤ ਕਰਨਾ ਹਰੇਕ ਦੇ ਲਈ ਇੱਕ ਜ਼ਰੂਰੀ ਸਬਕ ਹੈ; ਇਹ ਮਨੁੱਖੀ ਜੀਵਨ ਨੂੰ ਜਾਣਨ ਅਤੇ ਸੱਚਾਈ ਹਾਸਲ ਕਰਨ ਦੀ ਕੁੰਜੀ ਹੈ। ਅਜਿਹਾ ਹੁੰਦਾ ਹੈ ਪਰਮੇਸ਼ੁਰ ਨੂੰ ਜਾਣਨ ਵਾਲਾ ਜੀਵਨ, ਅਧਿਐਨ ਦੀ ਇਸ ਦੀ ਮੁੱਢਲੀ ਪ੍ਰਕਿਰਿਆ, ਜਿਸ ਦਾ ਸਾਹਮਣਾ ਹਰੇਕ ਨੂੰ ਹਰ ਰੋਜ਼ ਕਰਨਾ ਜ਼ਰੂਰੀ ਹੈ, ਜਿਸ ਤੋਂ ਕੋਈ ਵੀ ਬਚ ਨਹੀਂ ਸਕਦਾ। ਜੇ ਕੋਈ ਇਸ ਟੀਚੇ ’ਤੇ ਪਹੁੰਚਣ ਲਈ ਛੋਟਾ ਜਾਂ ਸੌਖਾ ਰਾਹ ਲੈਣਾ ਚਾਹੁੰਦਾ ਹੈ, ਤਾਂ ਮੈਂ ਤੈਨੂੰ ਹੁਣੇ ਹੀ ਦੱਸ ਦਿੰਦਾ ਹਾਂ, ਇਹ ਅਸੰਭਵ ਹੈ! ਜੇ ਤੂੰ ਪਰਮੇਸ਼ੁਰ ਦੀ ਪ੍ਰਭੁਤਾ ਤੋਂ ਬਚਣਾ ਚਾਹੁੰਦਾ ਹੈਂ, ਤਾਂ ਇਹ ਬਿਲਕੁਲ ਵੀ ਸੰਭਵ ਨਹੀਂ ਹੈ! ਪਰਮੇਸ਼ੁਰ ਮਨੁੱਖ ਦਾ ਇਕਲੌਤਾ ਪ੍ਰਭੂ ਹੈ, ਪਰਮੇਸ਼ੁਰ ਹੀ ਮਨੁੱਖੀ ਨਸੀਬ ਦਾ ਇਕਲੌਤਾ ਮਾਲਕ ਹੈ, ਅਤੇ ਇਸ ਲਈ ਮਨੁੱਖ ਵਾਸਤੇ ਆਪਣੇ ਨਸੀਬ ਨੂੰ ਨਿਰਧਾਰਤ ਕਰਨਾ ਅਸੰਭਵ ਹੈ, ਉਸ ਦੇ ਲਈ ਇਸ ਤੋਂ ਬਾਹਰ ਪੈਰ ਪੁੱਟਣਾ ਅਸੰਭਵ ਹੈ। ਭਾਵੇਂ ਕਿਸੇ ਵਿਅਕਤੀ ਦੀਆਂ ਯੋਗਤਾਵਾਂ ਕਿੰਨੀਆਂ ਵੀ ਮਹਾਨ ਹੋਣ, ਉਹ—ਦੂਜਿਆਂ ਦੇ ਨਸੀਬ ਦਾਨਿਯੋਜਨ, ਪ੍ਰਬੰਧ, ਨਿਯੰਤ੍ਰਣ ਕਰਨਾ ਜਾਂ ਇਸ ਨੂੰ ਬਦਲਣਾ ਤਾਂ ਛੱਡੋ—ਉਸ ਨੂੰ ਪ੍ਰਭਾਵਤ ਵੀ ਨਹੀਂ ਕਰ ਸਕਦਾ। ਸਿਰਫ਼ ਖੁਦ, ਵਿਲੱਖਣ ਪਰਮੇਸ਼ੁਰ, ਹੀ ਮਨੁੱਖ ਲਈ ਸਭ ਵਸਤਾਂ ਦਾ ਨਿਰਦੇਸ਼ਨ ਕਰਦਾ ਹੈ, ਕਿਉਂਕਿ ਸਿਰਫ਼ ਉਸ ਨੂੰ ਹੀ ਉਹ ਵਿਲੱਖਣ ਅਧਿਕਾਰ ਪ੍ਰਾਪਤ ਹੈ ਜਿਸ ਦੀ ਮਨੁੱਖੀ ਨਸੀਬ ਉੱਤੇ ਪ੍ਰਭੁਤਾ ਹੈ, ਅਤੇ ਇਸ ਲਈ ਸਿਰਫ਼ ਸਿਰਜਣਹਾਰ ਹੀ ਮਨੁੱਖ ਦਾ ਵਿਲੱਖਣ ਮਾਲਕ ਹੈ। ਪਰਮੇਸ਼ੁਰ ਦੇ ਅਧਿਕਾਰ ਦੀ ਪ੍ਰਭੁਤਾ ਨਾ ਸਿਰਫ਼ ਸਿਰਜੀ ਹੋਈ ਮਨੁੱਖਤਾ ਉੱਤੇ ਹੈ, ਸਗੋਂ ਸਿਰਜੇ ਨਾ ਹੋਏ ਪ੍ਰਾਣੀਆਂ ਉੱਤੇ ਵੀ ਹੈ, ਜਿਨ੍ਹਾਂ ਨੂੰ ਕੋਈ ਵੀ ਮਨੁੱਖ ਨਹੀਂ ਦੇਖ ਸਕਦਾ, ਤਾਰਿਆਂ ਉੱਤੇ ਅਤੇ ਬ੍ਰਹਿਮੰਡ ਉੱਤੇ ਵੀ ਹੈ। ਇਹ ਇੱਕ ਨਿਰਵਿਵਾਦ ਤੱਥ ਹੈ, ਇੱਕ ਅਜਿਹਾ ਤੱਥ ਜੋ ਅਸਲ ਵਿੱਚ ਮੌਜੂਦ ਹੈ, ਜਿਸ ਨੂੰ ਕੋਈ ਵਿਅਕਤੀ ਜਾਂ ਵਸਤੂ ਨਹੀਂ ਬਦਲ ਸਕਦੀ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਅਜੇ ਵੀ ਵਰਤਮਾਨ ਹਾਲਾਤ ਤੋਂ ਅਸੰਤੁਸ਼ਟ ਹੈ, ਇਹ ਵਿਸ਼ਵਾਸ ਕਰਦਾ ਹੈ ਕਿ ਤੁਹਾਡੇ ਕੋਲ ਕੋਈ ਖਾਸ ਹੁਨਰ ਜਾਂ ਯੋਗਤਾ ਹੈ, ਅਤੇ ਅਜੇ ਵੀ ਸੋਚ ਰਿਹਾ ਹੈ ਕਿ ਨਸੀਬ ਦੇ ਪਲਟ-ਫੇਰ ਨਾਲ ਤੁਸੀਂ ਆਪਣੇ ਮੌਜੂਦਾ ਹਾਲਾਤ ਨੂੰ ਬਦਲ ਸਕਦੇ ਹੋ ਜਾਂ ਉਨ੍ਹਾਂ ਤੋਂ ਬਚ ਸਕਦੇ ਹੋ; ਜੇ ਤੁਸੀਂ ਮਨੁੱਖੀ ਕੋਸ਼ਿਸ਼ਾਂ ਦੇ ਸਦਕਾ ਆਪਣੀ ਨਸੀਬ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ, ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਆਪਣੇ ਸਾਥੀਆਂ ਨਾਲੋਂ ਵੱਖਰਾ ਰੱਖਦੇ ਹੋ ਅਤੇ ਪ੍ਰਸਿੱਧੀ ਅਤੇ ਖੁਸ਼ਕਿਸਮਤੀ ਹਾਸਲ ਕਰ ਲੈਂਦੇ ਹੋ; ਤਾਂ ਫਿਰ ਮੈਂ ਤੁਹਾਨੂੰ ਕਹਿੰਦਾ ਹਾਂ, ਤੂੰ ਆਪਣੇ ਲਈ ਚੀਜ਼ਾਂ ਨੂੰ ਮੁਸ਼ਕਲ ਬਣਾ ਰਿਹਾ ਹੈਂ, ਤੂੰ ਸਿਰਫ਼ ਮੁਸੀਬਤ ਨੂੰ ਸੱਦਾ ਦੇ ਰਿਹਾ ਹੈਂ, ਤੂੰ ਆਪਣੀ ਹੀ ਕਬਰ ਖੋਦ ਰਿਹਾ ਹੈਂ! ਇੱਕ ਦਿਨ ਕਦੇ ਨਾ ਕਦੇ, ਤੈਨੂੰ ਇਹ ਪਤਾ ਲੱਗੇਗਾ ਕਿ ਤੂੰ ਗਲਤ ਚੋਣ ਕੀਤੀ ਹੈ ਅਤੇ ਤੇਰੀਆਂ ਕੋਸ਼ਿਸ਼ਾਂ ਬੇਕਾਰ ਹੋ ਗਈਆਂ ਹਨ। ਨਸੀਬ ਨਾਲ ਸੰਘਰਸ਼ ਕਰਨ ਦੀ ਤੇਰੀ ਲਾਲਸਾ, ਤੇਰੀ ਇੱਛਾ, ਅਤੇ ਤੇਰਾ ਆਪਣਾ ਗੰਭੀਰ ਘਿਰਣਾ ਵਾਲਾ ਵਤੀਰਾ ਤੈਨੂੰ ਅਜਿਹੇ ਰਾਹ ਲੈ ਜਾਵੇਗਾ ਜਿੱਥੋਂ ਵਾਪਸੀ ਸੰਭਵ ਨਹੀਂ ਹੋਵੇਗੀ, ਅਤੇ ਇਸ ਦੇ ਲਈ ਤੈਨੂੰ ਇੱਕ ਦੁਖਾਵੀਂ ਕੀਮਤ ਚੁਕਾਉਣੀ ਪਵੇਗੀ। ਹਾਲਾਂਕਿ ਇਸ ਸਮੇਂ ਤੈਨੂੰ ਨਤੀਜਿਆਂ ਦੀ ਗੰਭੀਰਤਾ ਵਿਖਾਈ ਨਹੀ ਦਿੰਦੀ, ਜਿਵੇਂ-ਜਿਵੇਂ ਤੂੰ ਇਸ ਸੱਚਾਈ ਦਾ ਲਗਾਤਾਰ ਅਨੁਭਵ ਕਰੇਂਗਾ ਅਤੇ ਹੋਰ ਡੂੰਘਾਈ ਨਾਲ ਇਸ ਗੱਲ ਦੀ ਕਦਰ ਕਰੇਂਗਾ ਕਿ ਪਰਮੇਸ਼ੁਰ ਮਨੁੱਖੀ ਨਸੀਬ ਦਾ ਮਾਲਕ ਹੈ, ਤਾਂ ਇਸ ਦਾ ਅਹਿਸਾਸ ਤੈਨੂੰ ਹੌਲੀ ਹੌਲੀ ਹੋਵੇਗਾ ਕਿ ਮੈਂ ਅੱਜ ਕੀ ਕਹਿੰਦਾ ਹਾਂ ਅਤੇ ਇਸ ਦੇ ਅਸਲ ਪ੍ਰਭਾਵ ਕੀ ਹੋਣਗੇ। ਕੀ ਤੇਰੇ ਕੋਲ ਸੱਚਮੁੱਚ ਇੱਕ ਦਿਲ ਅਤੇ ਇੱਕ ਆਤਮਾ ਹੈ ਅਤੇ ਕੀ ਤੂੰ ਸੱਚਾਈ ਨੂੰ ਪਿਆਰ ਕਰਨ ਵਾਲਾ ਕੋਈ ਵਿਅਕਤੀ ਹੈਂ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੂੰ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਸੱਚਾਈ ਦੇ ਪ੍ਰਤੀ ਕਿਹੋ ਜਿਹਾ ਰਵੱਈਆ ਅਪਣਾਉਂਦਾ ਹੈਂ। ਕੁਦਰਤੀ ਤੌਰ ’ਤੇ, ਇਹ ਨਿਰਧਾਰਤ ਕਰਦਾ ਹੈ ਕਿ ਕੀ ਤੂੰ ਪਰਮੇਸ਼ੁਰ ਦੇ ਅਧਿਕਾਰ ਨੂੰ ਸੱਚਮੁੱਚ ਜਾਣ ਅਤੇ ਸਮਝ ਸਕਦਾ ਹੈਂ। ਜੇ ਤੂੰ ਆਪਣੇ ਜੀਵਨ ਵਿੱਚ ਕਦੇ ਵੀ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਉਸ ਦੇ ਪ੍ਰਬੰਧਾਂ ਨੂੰ ਮਹਿਸੂਸ ਨਹੀਂ ਕੀਤਾ ਹੈ, ਪਰਮੇਸ਼ੁਰ ਦੇ ਅਧਿਕਾਰ ਨੂੰ ਮੰਨਣਾ ਅਤੇ ਸਵੀਕਾਰਨਾ ਤਾਂ ਦੂਰ ਦੀ ਗੱਲ ਹੈ, ਤਾਂ ਤੂੰ ਬਿਲਕੁਲ ਬੇਕਾਰ ਹੋਵੇਂਗਾ, ਅਤੇ ਤੂੰ ਜੋ ਰਾਹ ਅਪਣਾਇਆ ਹੈ ਅਤੇ ਤੂੰ ਜੋ ਚੋਣ ਕੀਤੀ ਹੈ, ਉਸ ਦੇ ਕਾਰਨ ਬਿਨਾ ਸ਼ੱਕ ਪਰਮੇਸ਼ੁਰ ਦੀ ਘਿਰਣਾ ਅਤੇ ਤਿਰਸਕਾਰ ਦਾ ਪਾਤਰ ਹੋਵੇਂਗਾ। ਪਰ ਜਿਹੜੇ ਲੋਕ ਪਰਮੇਸ਼ੁਰ ਦੇ ਕੰਮ ਵਿੱਚ ਉਸ ਦੇ ਪਰਤਾਵੇ ਨੂੰ ਸਵੀਕਾਰ ਕਰ ਸਕਦੇ ਹਨ, ਉਸ ਦੀ ਪ੍ਰਭੁਤਾ ਨੂੰ ਸਵੀਕਾਰ ਕਰ ਸਕਦੇ ਹਨ, ਉਸ ਦੇ ਅਧਿਕਾਰ ਦੇ ਅਧੀਨ ਹੁੰਦੇ ਹਨ ਅਤੇ ਹੌਲੀ-ਹੌਲੀ ਉਸ ਦੇ ਵਚਨਾਂ ਦਾ ਅਸਲ ਅਨੁਭਵ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਦੇ ਅਧਿਕਾਰ ਦਾ ਅਸਲ ਗਿਆਨ, ਉਸ ਦੀ ਪ੍ਰਭੁਤਾ ਦੀ ਅਸਲ ਸਮਝ ਪ੍ਰਾਪਤ ਹੋ ਚੁੱਕੀ ਹੋਵੇਗੀ; ਉਹ ਸੱਚਮੁੱਚ ਸਿਰਜਣਹਾਰ ਦੇ ਅਧੀਨ ਵਿਅਕਤੀ ਬਣ ਚੁੱਕੇ ਹੋਣਗੇ। ਸਿਰਫ਼ ਅਜਿਹੇ ਲੋਕ ਹੀ ਸੱਚਮੁੱਚ ਬਚਾਏ ਗਏ ਹੋਣਗੇ। ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਜਾਣ ਲਿਆ ਹੈ, ਕਿਉਂਕਿ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ, ਮਨੁੱਖੀ ਨਸੀਬ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਦੇ ਤੱਥ ਦੀ ਉਨ੍ਹਾਂ ਦੀ ਕਦਰ, ਇਸ ਦੇ ਪ੍ਰਤੀ ਉਨ੍ਹਾਂ ਦੀ ਅਧੀਨਗੀ ਅਸਲ ਅਤੇ ਸਹੀ ਹੈ। ਜਦੋਂ ਉਹ ਮੌਤ ਦਾ ਸਾਹਮਣਾ ਕਰਨਗੇ, ਤਾਂ ਉਨ੍ਹਾਂ ਕੋਲ ਅੱਯੂਬ ਵਾਂਗ ਮੌਤ ਤੋਂ ਨਿਡਰ ਇੱਕ ਮਨ ਹੋਵੇਗਾ, ਅਤੇ ਉਹ ਹਰ ਚੀਜ਼ ਵਿੱਚ ਪਰਮੇਸ਼ੁਰ ਦੇ ਨਿਯੋਜਨ ਅਤੇ ਪ੍ਰਬੰਧਾਂ ਦੇ ਅਧੀਨ ਹੋਣਗੇ, ਉਨ੍ਹਾਂ ਦੀ ਕੋਈ ਵਿਅਕਤੀਗਤ ਚੋਣ ਨਹੀਂ ਹੋਵੇਗੀ, ਕੋਈ ਵਿਅਕਤੀਗਤ ਇੱਛਾ ਨਹੀਂ ਹੋਵੇਗੀ। ਸਿਰਫ਼ ਅਜਿਹਾ ਵਿਅਕਤੀ ਹੀ ਇੱਕ ਸੱਚੇ, ਸਿਰਜੇ ਹੋਏ ਮਨੁੱਖ ਦੇ ਰੂਪ ਵਿੱਚ ਸਿਰਜਣਹਾਰ ਦੇ ਕੋਲ ਵਾਪਸ ਜਾ ਸਕੇਗਾ।

17 ਦਸੰਬਰ, 2013

ਪਿਛਲਾ: ਪਰਮੇਸ਼ੁਰ ਦਾ ਕੰਮ, ਪਰਮੇਸ਼ੁਰ ਦਾ ਸੁਭਾਅ, ਅਤੇ ਖੁਦ ਪਰਮੇਸ਼ੁਰ I

ਅਗਲਾ: ਖੁਦ, ਵਿਲੱਖਣ ਪਰਮੇਸ਼ੁਰ VII

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ